Welcome to Seerat.ca

ਮੈਂ ਕਿ ਜੋ ਅਮਿਤੋਜ ਨਹੀਂ ਹਾਂ

 

- ਸੁਰਜੀਤ ਪਾਤਰ

ਸੁਖਸਾਗਰ ਦੀਆਂ ਲਹਿਰਾਂ ਚ

 

- ਇਕਬਾਲ ਰਾਮੂਵਾਲੀਆ

ਸ਼ਹੀਦੀ ਦਾ ਰੁਮਾਂਸ

 

- ਅਮਰਜੀਤ ਚੰਦਨ

ਸੈਂਚਰੀ ਲਾਗੇ ਢੁੱਕਾ ਕੰਵਲ

 

- ਪ੍ਰਿੰ. ਸਰਵਣ ਸਿੰਘ

ਵਗਦੀ ਏ ਰਾਵੀ

 

- ਵਰਿਆਮ ਸਿੰਘ ਸੰਧੂ

ਜੱਟ ਕੀ ਜਾਣੇ ਲੌਗਾਂ ਦਾ ਭਾਅ

 

- ਬਲਵਿੰਦਰ ਕੌਰ ਬਰਾੜ

ਕਲਾਕਾਰ ਤੋਂ ਸਿਆਸੀ ਆਗੂ ਬਣਨ ਜਾ ਰਹੇ ਭਗਵੰਤ ਮਾਨ ਦੇ ਨਾਮ ਇੱਕ ਖੁੱਲੀ ਚਿੱਠੀ

 

- ਹਰਮੰਦਰ ਕੰਗ

ਤਿੰਨ ਦੋ ਪੰਜ

 

- ਅਮਰੀਕ ਸਿੰਘ ਕੰਡਾ

ਸੋ ਹੱਥ ਰੱਸਾ - ਸਿਰੇ ਤੇ ਗੰਢ

 

- ਸੁਰਿੰਦਰ ਸਪੇਰਾ

ਫੁੱਲਾਂ ਵਾਂਗ ਭਾਰੀ ਕਵਿਤਾ
(ਗੁਰਦਾਸ ਮਿਨਹਾਸ ਦੇ ਛਪ ਰਹੇ ਵਿਅੰਗਨਾਮੇ ਬਾਰੇ)

 

- ਵਰਿਆਮ ਸਿੰਘ ਸੰਧੂ

ਡਾ : ਮਹਿੰਦਰ ਸਿੰਘ ਰੰਧਾਵਾ : ਕਲਾਕਾਰਾਂ ਅਤੇ ਕਿਸਾਨਾਂ ਦਾ ਮਸੀਹਾ

 

- ਗੁਰਮੀਤ ਸਿੰਘ ਬਿਰਦੀ

ਲਾਲ ਚੰਦ ਯਮਲਾ ਜੱਟ-ਜੀਵਨ ਤੇ ਕਲਾ

 

- ਬਲਜੀਤ ਖੇਲਾ

ਯਾਦਾਂ ਦੇ ਬਾਲ-ਝਰੋਖੇ ਚੋਂ ਕਿਸ਼ਤ -1
ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨ ਸੰਧੂ

ਭ੍ਰਿਗੂ ਰਿਸ਼ੀ

 

- ਬਲਵੰਤ ਗਾਰਗੀ

ਸ਼ਬਦਾਂ ਦੇ ਸੁਹਜ ਅਤੇ ਸੁਰਾਂ ਦੀ ਕੋਮਲਤਾ ਦਾ ਮਾਲਕ
ਸੁਖਵੀਰ ਸੁਖ

 

- ਗੋਰਵ ਢਿਲੋਂ

ਪੰਜਾਬੀ ਫਿ਼ਲਮਾਂ ਦੇ ਐਕਟਰ ਤੇ ਡਾਇਰੈਕਟਰ ਹਰਪਾਲ ਸਿੰਘ ਦਾ ਕਨੇਡਾ ਪਹੁੰਚਣ ਤੇ ਸਨਮਾਨ

 


ਸੈਂਚਰੀ ਲਾਗੇ ਢੁੱਕਾ ਕੰਵਲ

- ਪ੍ਰਿੰ. ਸਰਵਣ ਸਿੰਘ

 

ਨਾਵਲਕਾਰ ਜਸਵੰਤ ਸਿੰਘ ਕੰਵਲ ਸੈਂਚਰੀ ਮਾਰਨ ਦੇ ਲਾਗੇ ਹੈ। ਉਹਨੂੰ ਲਿਖਦਿਆਂ ਪੌਣੀ ਸਦੀ ਹੋ ਗਈ ਹੈ ਤੇ ਉਹ ਅਜੇ ਵੀ ਲਿਖੀ ਜਾ ਰਿਹੈ। ਮੈਂ ਉਸ ਨੂੰ ਉਠਦਾ ਬੈਠਦਾ, ਪੜ੍ਹਦਾ ਲਿਖਦਾ, ਬੋਲਦਾ ਚਲਦਾ, ਹਸਦਾ ਖੇਡਦਾ ਤੇ ਦੁੱਖ ਦਰਦ ਵਿਚ ਹੰਝੂ ਵਹਾਉਂਦਾ ਵੇਖਦਾ ਰਿਹਾਂ। ਉਹਨੂੰ ਕਈ ਰੰਗਾਂ ਤੇ ਰੌਆਂ ਵਿਚ ਵਿਚਰਦੇ ਵੇਖਿਐ। ਕਦੇ ਖੇੜੇ ਚ ਖਿੜਦਾ, ਕਦੇ ਉਦਾਸੀ ਚ ਝੂਰਦਾ। 1967 ਵਿਚ ਉਹਨੇ ਮੈਨੂੰ ਦਿੱਲੀ ਦੇ ਖਾਲਸਾ ਕਾਲਜ ਦੀ ਪ੍ਰੋਫੈਸਰੀ ਤੋਂ ਪੱਟਿਆ ਸੀ ਵਰਨਾ ਮੈਂ ਦਿੱਲੀ ਚ ਦਿਲ ਲਾਈ ਰੱਖਣਾ ਸੀ। ਉਹਦੇ ਆਖੇ ਮੈਂ ਤੀਹ ਸਾਲ ਦੇ ਕਰੀਬ ਢੁੱਡੀਕੇ ਦੇ ਲਾਲਾ ਲਾਜਪਤ ਰਾਏ ਕਾਲਜ ਵਿਚ ਪੜ੍ਹਾਇਆ ਤੇ ਵੀਹ ਸਾਲ ਉਸ ਦਾ ਗੁਆਂਢੀ ਬਣਿਆ ਰਿਹਾ। ਢੁੱਡੀਕੇ ਰਹਿਣ ਕਾਰਨ ਬਹੁਤੇ ਬੰਦੇ ਮੈਨੂੰ ਢੁੱਡੀਕੇ ਦਾ ਹੀ ਸਮਝਦੇ ਹਨ ਜਦ ਕਿ ਮੇਰਾ ਪਿੰਡ ਦਾਉਧਰ ਤੇ ਲੋਪੋਂ ਤੋਂ ਅੱਗੇ ਚਕਰ ਹੈ।
ਕੰਵਲ ਕਮਾਲ ਦਾ ਬੰਦਾ ਹੈ। ਉਹ ਬੇਹੱਦ ਜਜ਼ਬਾਤੀ, ਰੁਮਾਂਚਿਕ, ਆਦਰਸ਼ਵਾਦੀ, ਦਿਲਦਾਰ, ਦਿਲਚਸਪ, ਤੇ ਸੁਹਿਰਦ ਸਾਹਿਤਕਾਰ ਹੈ। ਪੰਜਾਬੀ ਵਿਚ ਉਸ ਦੇ ਪਾਠਕ ਸਭ ਤੋਂ ਵੱਧ ਹਨ। ਉਹ ਸਭ ਤੋਂ ਵੱਧ ਰਾਇਲਟੀ ਲੈਂਦੈ। ਉਸ ਨੂੰ ਪਾਠਕਾਂ ਦੀਆਂ ਸੈਂਕੜੇ ਚਿੱਠੀਆਂ ਆਉਂਦੀਆਂ ਰਹੀਆਂ ਤੇ ਉਹ ਹਰ ਇਕ ਦਾ ਜੁਆਬ ਦਿੰਦਾ ਰਿਹਾ। ਉਸ ਦੀਆਂ ਪਾਠਕਾਂ ਨੂੰ ਲਿਖੀਆਂ ਚਿੱਠੀਆਂ ਕੱਠੀਆਂ ਕਰਨੀਆਂ ਹੋਣ ਤਾਂ ਉਨ੍ਹਾਂ ਦਾ ਵੱਡਾ ਸੰਗ੍ਰਹਿ ਬਣ ਸਕਦੈ। ਉਹਦੀ ਲਿਖਾਈ ਸੁੰਦਰ ਹੈ ਤੇ ਸੰਘਣਾ ਲਿਖਦਿਆਂ ਉਹ ਕਿਤੋਂ ਵੀ ਕਾਗਜ਼ ਖਾਲੀ ਨਹੀਂ ਛੱਡਦਾ। ਉਹਦਾ ਲਿਖਿਆ ਇਕ ਸਫ਼ਾ ਕਿਤਾਬ ਦਾ ਡੇਢ ਸਫ਼ਾ ਬਣ ਜਾਂਦੈ। ਸਫ਼ਾ ਉਹ ਅੱਧੇ ਘੰਟੇ ਚ ਲਿਖ ਲੈਂਦੈ ਤੇ ਲਿਖਤ ਵਿਚ ਬਹੁਤੀ ਕੱਟ ਵੱਢ ਨਹੀਂ ਕਰਦਾ। ਲਿਖਦਾ ਕਲਿਪ ਨਾਲ ਟੰਗੇ ਤਖਤੀ ਉਤਲੇ ਕਾਗਜ਼ਾਂ ਉਤੇ ਹੈ। ਕਾਗਜ਼ਾਂ ਦਾ ਉਹ ਪੂਰਾ ਸਰਫ਼ਾ ਕਰਦੈ।
ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਹੈ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਰੁੱਖ ਹੈ। ਉਹ ਵਗਦੀਆਂ ਤੇ ਬਦਲਦੀਆਂ ਹਵਾਵਾਂ ਨਾਲ ਸਰੂ ਵਾਂਗ ਝੂੰਮਦੈ। ਕਦੇ ਖੱਬੇ ਲਹਿਰਾਉਂਦੈ, ਕਦੇ ਸੱਜੇ ਤੇ ਕਦੇ ਗੁਲਾਈ ਵਿਚ ਘੁੰਮਦੈ। ਉਹਦਾ ਤਣਾ ਮਜ਼ਬੂਤ ਹੈ ਤੇ ਜੜ੍ਹਾਂ ਡੂੰਘੀਆਂ ਜਿਸ ਕਰਕੇ ਵਾਵਰੋਲੇ ਤਾਂ ਕੀ, ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਹਿਲਾ ਸਕੇ। ਉਹ ਜਿੰਨਾ ਧਰਤੀ ਤੋਂ ਉਪਰ ਹੈ ਉਨਾ ਹੀ ਧਰਤੀ ਦੇ ਥੱਲੇ ਹੈ। ਉਹਦਾ ਕੱਦ ਕਾਠ ਵੀ ਸਰੂ ਵਾਂਗ ਲੰਮਾ ਝੰਮਾ ਹੈ ਤੇ ਉਮਰ ਦੇ ਬਾਨਵੇਂ ਸਾਲ ਵਿਚ ਵੀ ਉਹ ਪੂਰਾ ਸਿਹਤਯਾਬ ਹੈ। ਅੱਖਾਂ, ਕੰਨ, ਦੰਦ, ਮਿਹਦਾ, ਜਿਗਰ, ਗੋਡੇ-ਗਿੱਟੇ, ਲੱਤਾਂ-ਬਾਹਾਂ ਤੇ ਸੂਝ-ਬੂਝ ਸਭ ਹਰੀ ਕਾਇਮ ਨੇ। ਦਿਲ ਨੂੰ ਕੁਝ ਤਕਲੀਫ਼ ਹੋਈ ਸੀ ਜੋ ਇਲਾਜ ਕਰਾਉਣ ਨਾਲ ਠੀਕ ਹੋ ਗਈ। ਖਾਣ ਪੀਣ ਵੱਲੋਂ ਪਰਹੇਜ਼ਗਾਰ ਹੈ।
ਉਹ ਤੁਰਦਾ ਫਿਰਦਾ ਦੂਰ ਨੇੜੇ ਜਾ ਆਉਂਦੈ। ਕਾਨਫਰੰਸਾਂ, ਸੈਮੀਨਾਰ, ਰੂਬਰੂ ਤੇ ਮੇਲਿਆਂ ਗੇਲਿਆਂ ਚ ਜਾਂਦਾ ਰਹਿੰਦੈ। ਭੋਗਾਂ ਤੇ ਘੱਟ ਜਾਂਦੈ ਤੇ ਵਿਆਹ ਵੀ ਘੱਟ ਵੇਖਦੈ। ਪਹਿਲਾਂ ਪਹਿਲ ਫਿਲਮਾਂ ਤੇ ਨਾਟਕ ਬਹੁਤ ਵੇਖੇ ਹੁਣ ਘਟ ਗਏ ਹਨ। ਖੇਡ ਮੇਲੇ ਸਾਊਥਾਲ, ਟੋਰਾਂਟੋ ਤੇ ਵੈਨਕੂਵਰ ਤਕ ਨਹੀਂ ਛੱਡੇ। ਅਸੀਂ ਵਿਦੇਸ਼ਾਂ ਦੇ ਪੰਜਾਬੀ ਖੇਡ ਮੇਲਿਆਂ ਚ ਅਕਸਰ ਇਕੱਠੇ ਹੋ ਜਾਂਦੇ ਰਹੇ ਹਾਂ। ਉਹਦੇ ਹਾਣੀ ਹਰਕਿਸ਼ਨ ਸਿੰਘ ਸੁਰਜੀਤ ਤੇ ਕਵੀਸ਼ਰ ਕਰਨੈਲ ਸਿੰਘ ਪਾਰਸ ਹੋਰੀਂ ਚੱਲ ਵਸੇ ਨੇ ਪਰ ਉਹ ਖੁਸ਼ਵੰਤ ਸਿੰਘ ਵਾਂਗ ਆਪਣੇ ਲਿਖਣ ਕਾਰਜ ਵਿਚ ਅਜੇ ਵੀ ਲੱਗਾ ਹੋਇਐ। ਕੰਵਲ ਦੀ ਉਮਰ ਦਾ ਪੰਜਾਬੀ ਲੇਖਕ ਹੁਣ ਕਰਤਾਰ ਸਿੰਘ ਦੁੱਗਲ ਤੋਂ ਬਿਨਾਂ ਹੋਰ ਕੋਈ ਨਹੀਂ ਰਿਹਾ।
ਉਹਦਾ ਜਨਮ 27 ਜੂਨ 1919 ਨੂੰ ਸ. ਮਾਹਲਾ ਸਿੰਘ ਗਿੱਲ ਦੇ ਘਰ ਢੁੱਡੀਕੇ ਦੀ ਕਪੂਰਾ ਪੱਤੀ ਵਿਚ ਹੋਇਆ ਸੀ। ਉਹ ਪੰਜ ਕੁ ਸਾਲ ਦਾ ਸੀ ਜਦੋਂ ਉਸ ਦੇ ਪਿਤਾ ਜੈਤੋ ਦੇ ਮੋਰਚੇ ਵਿਚ ਗਏ। ਉਹ ਤਿੰਨ ਭਰਾ ਸਨ। ਵੱਡਾ ਭਰਾ ਗਿਆਨੀ ਕਰਤਾਰ ਸਿੰਘ ਡਿਸਟ੍ਰਿਕ ਬੋਰਡ ਦਾ ਮੈਂਬਰ ਸੀ ਜੋ ਚਿਰੋਕਣਾ ਚਲਾਣਾ ਕਰ ਚੁੱਕੈ। ਛੋਟਾ ਭਰਾ ਹਰਬੰਸ ਸਿੰਘ ਖੇਤੀ ਕਰਦਾ ਰਿਹੈ। ਕੰਵਲ ਦਾ ਪੁੱਤਰ ਸਰਬਜੀਤ ਆਪ ਖੇਤੀ ਕਰਨ ਦੀ ਥਾਂ ਬਾਪ ਦੀ ਚੌਦਾਂ ਕਿੱਲੇ ਜ਼ਮੀਨ ਠੇਕੇ ਤੇ ਦਿੰਦੈ। ਇਕ ਪੋਤਰਾ ਆਸਟ੍ਰੇਲੀਆ ਚਲਾ ਗਿਆ ਸੀ ਤੇ ਦੂਜਾ ਏਧਰ ਹੀ ਹੈ।
ਕੰਵਲ ਨੇ ਪਿੰਡੋਂ ਚਾਰ ਪੜ੍ਹ ਕੇ ਹਾਈ ਸਕੂਲ ਦੀ ਪੜ੍ਹਾਈ ਚੂਹੜਚੱਕ ਤੇ ਮੋਗੇ ਤੋਂ ਕੀਤੀ ਪਰ ਦਸਵੀਂ ਪਾਸ ਨਾ ਹੋਈ। ਉਹਨੂੰ ਅਲਜ਼ਬਰਾ ਲੈ ਬੈਠਾ ਤੇ ਉਹ ਸੋਲਾਂ ਸਾਲਾਂ ਦੀ ਉਮਰੇ ਕਮਾਈ ਕਰਨ ਮਲਾਇਆ ਦੇ ਜੰਗਲਾਂ ਵਿਚ ਚਲਾ ਗਿਆ। ਉਥੇ ਜਾਗੇ ਦੀ ਨੌਕਰੀ ਕਰਦੇ ਨੂੰ ਮੀਨਾ ਨਾਂ ਦੀ ਚੀਨਣ ਨੇ ਫਾਹੁਣਾ ਚਾਹਿਆ ਪਰ ਮੀਨਾ ਨਾਲ ਪੂਰਨ ਦੀ ਸੁੰਦਰਾਂ ਵਾਲੀ ਹੋਈ। ਉਹਦਾ ਜਿ਼ਕਰ ਉਸ ਨੇ ਚਿੱਕੜ ਦੇ ਕੰਵਲ ਪੁਸਤਕ ਦੀ ਕਹਾਣੀ ਪਹਿਲੀ ਮੁਹੱਬਤ ਵਿਚ ਕੀਤਾ ਹੈ। ਪਰਦੇਸੀ ਹੋਣ ਨੇ ਉਹਦੇ ਅੰਦਰ ਸਾਹਿਤਕ ਚੇਟਕ ਲਾ ਦਿੱਤੀ ਤੇ ਉਹ ਤਿੰਨ ਸਾਲ ਮਲਾਇਆ ਚ ਗੁਜ਼ਾਰ ਕੇ ਵਾਪਸ ਢੁੱਡੀਕੇ ਮੁੜ ਆਇਆ। ਆ ਕੇ ਖੇਤੀ ਕਰਨ ਲੱਗਾ ਤੇ ਵੀਹ ਸਾਲ ਦੀ ਉਮਰ ਵਿਚ ਜੀਵਨ ਕਣੀਆਂ ਨਾਂ ਦੀ ਕਿਤਾਬ ਛਪਵਾ ਕੇ ਲੇਖਕ ਬਣ ਗਿਆ। ਉਹ ਪੰਜਾਹ ਸੱਠ ਕਿਤਾਬਾਂ ਲਿਖ ਚੁੱਕੈ। ਉਹਦੀ ਕਲਮ ਨੇ ਪੈਂਤੀ ਚਾਲੀ ਲੱਖ ਲਫਜ਼ ਤੇ ਚਾਰ ਪੰਜ ਲੱਖ ਸੰਵਾਦ ਲਿਖ ਦਿੱਤੇ ਹੋਣਗੇ।
ਉਹਦਾ ਲਿਖਣ ਮੇਜ਼ ਸਟੂਲ ਵਰਗਾ ਹੈ ਜੀਹਦੀ ਉਮਰ ਅੱਧੀ ਸਦੀ ਤੋਂ ਵੱਧ ਹੈ। ਮੇਜ਼ ਪਿੰਡ ਦੇ ਕਾਰੀਗਰ ਨੇ ਬਣਾਇਆ ਸੀ। ਮੇਜ਼ ਨਾਲ ਦੀ ਪੁਰਾਣੀ ਕੁਰਸੀ ਹੈ ਜਿਹੜੀ ਹਲਕੇ ਫੁਲਕੇ ਕੰਵਲ ਦਾ ਭਾਰ ਸਹਿਣ ਜੋਗੀ ਹੀ ਹੈ। ਇਕ ਵਾਰ ਮੈਂ ਉਹਦੇ ਤੇ ਬੈਠਾ ਤਾਂ ਉਹਦਾ ਜੜਾਕਾ ਪੈ ਗਿਆ ਪਰ ਪੱਤੀਆਂ ਤੇ ਮੇਖਾਂ ਲੁਆ ਕੇ ਕੰਵਲ ਨੇ ਫਿਰ ਬਹਿਣ ਜੋਗੀ ਕਰ ਲਈ। ਕੁਰਸੀ ਮੇਜ਼ ਬਾਹਰ ਟਾਹਲੀ ਹੇਠਾਂ ਹੀ ਡੱਠੇ ਰਹਿੰਦੇ ਹਨ ਤੇ ਮੀਂਹ ਕਣੀ ਚ ਭਿੱਜਦੇ ਹਨ। ਅੱਧੀ ਸਦੀ ਦੀਆਂ ਨੇਰ੍ਹੀਆਂ ਉਸ ਮੇਜ਼ ਕੁਰਸੀ ਤੋਂ ਲੰਘੀਆਂ ਹਨ। ਕੰਵਲ ਨੂੰ ਵਹਿਮ ਵਰਗਾ ਵਿਸ਼ਵਾਸ ਹੈ ਕਿ ਉਹ ਉਸ ਮੇਜ਼ ਕੁਰਸੀ ਤੇ ਹੀ ਚੰਗਾ ਲਿਖ ਸਕਦੈ!
ਜੇ ਕਦੇ ਉਸ ਮੇਜ਼ ਕੁਰਸੀ ਦੀ ਬੋਲੀ ਲੱਗੇ ਤਾਂ ਮੈਨੂੰ ਲੱਗਦੈ ਕੋਈ ਹਜ਼ਾਰ ਦੀ ਬੋਲੀ ਵੀ ਨਾ ਦੇਵੇ ਕਿਉਂਕਿ ਪੰਜਾਬੀ ਏਨੇ ਬੇਪਰਵਾਹ ਹਨ ਕਿ ਉਹ ਲੇਖਕਾਂ ਦੀਆਂ ਨਿਸ਼ਾਨੀਆਂ ਨੂੰ ਟਿੱਚ ਸਮਝਦੇ ਹਨ। ਸਾਡੇ ਹਾਕੀ ਦੇ ਖਿਡਾਰੀ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਜਿੱਤਦੇ ਰਹੇ ਪਰ ਜਿਨ੍ਹਾਂ ਹਾਕੀਆਂ ਨਾਲ ਗੋਲ ਹੋਏ ਉਨ੍ਹਾਂ ਨੂੰ ਸੰਭਾਲਣ ਦੀ ਥਾਂ ਉਹ ਹਾਕੀਆਂ ਚੁੱਲ੍ਹਿਆਂ ਦਾ ਬਾਲਣ ਬਣ ਚੁੱਕੀਆਂ ਹਨ। ਸੰਭਵ ਹੈ ਕਿਸੇ ਦਿਨ ਕੰਵਲ ਦੀ ਕੁਰਸੀ ਤੇ ਮੇਜ਼ ਦਾ ਵੀ ਇਹੋ ਹਾਲ ਹੋਵੇ। ਕੰਵਲ ਨਾਲ ਤੇ ਹੋਰਨਾਂ ਪੰਜਾਬੀ ਲੇਖਕਾਂ ਨਾਲ ਸੰਬੰਧਿਤ ਵਸਤਾਂ ਸੰਭਾਲੇ ਜਾਣ ਦੀ ਲੋੜ ਹੈ। ਇੰਗਲੈਂਡ ਵਾਸੀਆਂ ਨੇ ਸਦੀਆਂ ਪਹਿਲਾਂ ਸ਼ੈਕਸਪੀਅਰ ਤੇ ਹੋਰਨਾਂ ਲੇਖਕਾਂ ਨਾਲ ਸੰਬੰਧਿਤ ਵਸਤਾਂ ਸੰਭਾਲ ਲਈਆਂ ਸਨ।
1996 ਵਿਚ ਜਦੋਂ ਮੈਂ ਅਮਰਦੀਪ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਲੱਗਣਾ ਸੀ, ਕੰਵਲ ਤੇ ਮੈਂ ਡਾ. ਸਰਦਾਰਾ ਸਿੰਘ ਜੌਹਲ ਨੂੰ ਮਿਲਣ ਲੁਧਿਆਣੇ ਗਏ। ਕੰਵਲ ਨੇ ਡਾ. ਜੌਹਲ ਨੂੰ ਹੰਮੇ ਨਾਲ ਕਿਹਾ, ਅਸੀਂ ਇਹਨੂੰ ਦਿੱਲੀ ਤੋਂ ਲਿਆਂਦਾ ਸੀ। ਹੁਣ ਤੁਹਾਨੂੰ ਦੇਣ ਲੱਗੇ ਆਂ। ਡਾ. ਜੌਹਲ ਨੇ ਪੁੱਛਿਆ, ਇਹ ਢੁੱਡੀਕੇ ਛੱਡ ਕੇ ਮੁਕੰਦਪੁਰ ਰਹਿ ਪਊ? ਕੰਵਲ ਨੇ ਕਿਹਾ, ਜੇ ਦਿੱਲੀ ਛੱਡ ਕੇ ਢੁੱਡੀਕੇ ਰਹੀ ਜਾਂਦੈ ਤਾਂ ਮੁਕੰਦਪੁਰ ਕਿਵੇਂ ਨਾ ਰਹੂ? ਮੈਥੋਂ ਪੁੱਛਿਆ ਤਾਂ ਮੈਂ ਵੀ ਹਾਂ ਕਰ ਦਿੱਤੀ।
ਮੁੜਦਿਆਂ ਮੁੱਲਾਂਪੁਰ ਮੈਂ ਉਂਜ ਈ ਕੰਵਲ ਤੋਂ ਉਮਰ ਪੁੱਛ ਬੈਠਾ। ਉਸ ਨੇ ਸਤੱਤਰ ਸਾਲ ਦੱਸੀ। ਜਨਮ ਦਿਨ ਪੁੱਛਿਆ ਤਾਂ ਸਬੱਬੀਂ ਉੱਦਣ ਹੀ ਉਹਦਾ ਜਨਮ ਦਿਨ ਸੀ। ਮੈਂ ਆਖਿਆ, ਚਲੋ ਅੱਜ ਢੁੱਡੀਕੇ ਚੱਲ ਕੇ ਤੁਹਾਡਾ ਜਨਮ ਦਿਨ ਮਨਾਵਾਂਗੇ। ਉਸ ਨੇ ਕਿਹਾ, ਅੱਗੇ ਤਾਂ ਕਦੇ ਮਨਾਇਆ ਨੀ। ਮੈਂ ਕਿਹਾ, ਅੱਗੇ ਤਾਂ ਪਤਾ ਨੀ ਸੀ, ਅੱਜ ਪਤਾ ਲੱਗ ਗਿਐ। ਅਸੀਂ ਜਗਰਾਓਂ ਅੱਪੜੇ ਤਾਂ ਇਕ ਰੇੜ੍ਹੀ ਤੇ ਦਸਹਿਰੀ ਅੰਬ ਪਏ ਵੇਖੇ। ਕੰਵਲ ਨੇ ਕਿਹਾ, ਇਹ ਅੰਬ ਤਾਂ ਡਾਕਟਰ ਵੀ ਪਸੰਦ ਕਰੂ ਪਰ ਚੂਪੂ ਇਕ ਈ। ਉਹਦਾ ਇਸ਼ਾਰਾ ਡਾ. ਜਸਵੰਤ ਗਿੱਲ ਵੱਲ ਸੀ ਜੋ ਉਸ ਦੀ ਪ੍ਰੇਮਿਕਾ-ਪਤਨੀ ਬਣ ਕੇ ਬਾਹਰਲੇ ਘਰ ਰਹਿ ਰਹੀ ਸੀ। ਕੰਵਲ ਦੇ ਬੱਚੇ ਉਸ ਨੂੰ ਮਾਸੀ ਸੱਦਦੇ ਸਨ।
ਇਕੱਠੇ ਰਹਿਣ ਤੋਂ ਪਹਿਲਾਂ ਦੋਹਾਂ ਜਸਵੰਤ ਗਿੱਲਾਂ ਨੇ ਫੈਸਲਾ ਕੀਤਾ ਸੀ ਕਿ ਉਹ ਕੋਈ ਬੱਚਾ ਪੈਦਾ ਨਹੀਂ ਕਰਨਗੇ। ਕੰਵਲ ਦੀ ਪਹਿਲੀ ਪਤਨੀ ਦਾ ਨਾਂ ਮੁਖਤਿਆਰ ਕੌਰ ਸੀ ਜੋ ਲੰਮਾ ਸਮਾਂ ਜੀਵੀ। ਉਸ ਨੇ ਆਪਣੀ ਸੌਂਕਣ ਬਰਦਾਸ਼ਤ ਕਰੀ ਰੱਖੀ। ਇਕ ਅੰਦਰਲੇ ਘਰ ਤੇ ਦੂਜੀ ਬਾਹਰਲੀ ਕੋਠੀ ਰਹਿੰਦੀਆਂ ਰਹੀਆਂ। ਮੈਂ ਕੰਵਲ ਦੇ ਨੇੜੇ ਹੀ ਰਹਿੰਦਾ ਸਾਂ ਤੇ ਚਸ਼ਮਦੀਦ ਗਵਾਹ ਹਾਂ ਕਿ ਦੋਹਾਂ ਪਤਨੀਆਂ ਵਿਚਕਾਰ ਕਦੇ ਤਕਰਾਰ ਨਹੀਂ ਸੁਣੀ। ਪਿੰਡ ਵਿਚ ਵੀ ਕੰਵਲ ਦੀ ਬਦਖੋਹੀ ਨਹੀਂ ਸੁਣੀ, ਬਾਹਰਲੇ ਲੋਕ ਜੋ ਮਰਜ਼ੀ ਪਏ ਕਹਿਣ। ਡਾ. ਜਸਵੰਤ ਗਿੱਲ ਦੇ ਢੁੱਡੀਕੇ ਰਹਿਣ ਨਾਲ ਔਰਤਾਂ ਨੂੰ ਬੜਾ ਸੁਖ ਹੋ ਗਿਆ ਸੀ ਤੇ ਉਹ ਉਸ ਤੋਂ ਦਵਾਈ ਲੈਂਦੀਆਂ ਰਹਿੰਦੀਆਂ ਸਨ।
ਮੈਂ ਰੇੜ੍ਹੀ ਤੋਂ ਅੰਬ ਲੈਣ ਲੱਗਾ ਤਾਂ ਕੰਵਲ ਨੇ ਕਿਹਾ, ਅੰਬ ਮੈਂ ਖਰੀਦਾਂਗਾ, ਜਨਮ ਦਿਨ ਮੇਰਾ ਐ। ਉਸ ਨੇ ਦਸ ਬਾਰਾਂ ਅੰਬ ਚੁਣੇ ਜੋ ਦੋ ਕਿੱਲੋ ਬਣੇ। ਮੈਂ ਆਖਿਆ, ਕੰਵਲ ਸਾਹਿਬ, ਏਨੇ ਅੰਬਾਂ ਨਾਲ ਨੀ ਸਰਨਾ। ਸਤੱਤਰਵਾਂ ਜਨਮ ਦਿਨ ਮਨਾਉਣ ਲੱਗੇ ਆਂ, ਘੱਟੋਘੱਟ ਸਤੱਤਰ ਅੰਬ ਤਾਂ ਹੋਣ! ਨਾਲੇ ਏਡੇ ਵੱਡੇ ਲੇਖਕ ਓਂ। ਅੰਬਾਂ ਨੂੰ ਹੱਥ ਪਾ ਈ ਲਿਐ ਤਾਂ ਕੰਜੂਸੀ ਕਿਓਂ ਕਰਦੇ ਓਂ? ਕੰਵਲ ਨੇ ਰੇੜ੍ਹੀ ਵਾਲੇ ਨੂੰ ਪੈਸੇ ਦਿੱਤੇ ਤੇ ਮੈਨੂੰ ਜਵਾਬ ਦਿੱਤਾ, ਬੱਲੇ ਓਏ ਤੇਰੇ! ਤੇਰੇ ਅਰਗਿਆਂ ਦੇ ਆਖੇ ਲੱਗ ਕੇ ਮੈਂ ਝੁੱਗਾ ਚੌੜ ਕਰਾਉਣ ਆਲਾ ਨੀ। ਮੈਂ ਤਾਂ ਫੇਰ ਵੀ ਦੋ ਕਿੱਲੋ ਲੈ-ਲੇ। ਜਾਹ ਸੇਖੋਂ ਤੋਂ ਕਿੱਲੋ ਈ ਲੈ ਕੇ ਦਿਖਾਦੇ! ਨਾਲੇ ਉਹ ਮੈਥੋਂ ਹੈ ਵੀ ਵੱਡਾ। ਮੈਂ ਮਨ ਚ ਕਿਹਾ, ਬੱਲੇ ਓਏ ਪੰਜਾਬੀ ਸਾਹਿਤ ਦੇ ਸਰੂਓ ਤੇ ਬੋਹੜੋ! ਨਈਂ ਰੀਸਾਂ ਥੋਡੀਆਂ!!
ਅਜੀਤਵਾਲ ਤੋਂ ਢੁੱਡੀਕੇ ਨੂੰ ਮੁੜੇ ਤਾਂ ਕੰਵਲ ਕਹਿਣ ਲੱਗਾ, ਜੀਅ ਕਰਦੈ ਮੈਂ ਚੁਰਾਸੀ ਸਾਲ ਜੀਵਾਂ, ਨਾਲੇ ਚੁਰਾਸੀ ਕੱਟੀ ਜਾਊ। ਉਦੋਂ ਉਸ ਨੂੰ ਦਿਲ ਦੀ ਤਕਲੀਫ਼ ਹੋਈ ਸੀ ਤੇ ਡਾਕਟਰ ਨੇ ਚੁਕੰਨੇ ਹੋਣ ਲਈ ਕਿਹਾ ਸੀ। ਉਸ ਨੂੰ ਲੱਗਣ ਲੱਗਾ ਸੀ ਕਿ ਉਹ ਬਹੁਤੇ ਸਾਲ ਨਹੀਂ ਜੀਵੇਗਾ। ਜੇ ਚੁਰਾਸੀ ਨੂੰ ਅੱਪੜ ਜੇ ਤਾਂ ਗ਼ਨੀਮਤ ਐ। ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਹੈ। ਉਸ ਦਾ 90ਵਾਂ ਜਨਮ ਦਿਨ 2009 ਚ ਢੁੱਡੀਕੇ ਦੇ ਮੇਲੇ ਵਿਚ ਮਨਾਇਆ ਗਿਆ। ਮੈਂ ਮੇਲੀਆਂ ਨੂੰ ਕਿਹਾ, ਆਓ ਸ਼ੁਭ ਇਛਾਵਾਂ ਪਰਗਟ ਕਰੀਏ ਬਈ ਇਸ ਮੇਲੇ ਦਾ ਬਾਨੀ ਬਾਈ ਕੰਵਲ ਸੌ ਸਾਲ ਜੀਵੇ। ਢੁੱਡੀਕੇ ਦਾ ਲਾਜਪਤ ਰਾਏ ਖੇਡ ਮੇਲਾ ਕੰਵਲ ਦੀ ਪਹਿਲਕਦਮੀ ਨਾਲ ਪੰਜਾਹਵਿਆਂ ਵਿਚ ਸ਼ੁਰੂ ਹੋਇਆ ਸੀ। ਉਹ ਪਿੰਡ ਦਾ ਸਰਪੰਚ ਸੀ ਤੇ ਉਸ ਨੇ ਲੜਾਈਆਂ ਝਗੜਿਆਂ ਦਾ ਮੂੰਹ ਖੇਡ ਮੁਕਾਬਲਿਆਂ ਵੱਲ ਮੋੜ ਦਿੱਤਾ ਸੀ। 2010 ਵਿਚ ਸਮੁੱਚੇ ਪਿੰਡ ਵਾਸੀਆਂ ਨੇ ਉਹਦਾ 91ਵਾਂ ਜਨਮ ਦਿਨ ਫਿਰ ਮਨਾਇਆ। ਉਹਦਾ ਸੇਰ ਲਹੂ ਵਧ ਗਿਆ। ਜੇ ਹਰੇਕ ਸਾਲ ਉਹਦੇ ਜਨਮ ਦਿਨ ਮਨਾਏ ਜਾਂਦੇ ਰਹੇ ਤਾਂ ਲੱਗਦੈ ਉਹ ਸੈਂਚਰੀ ਮਾਰ ਹੀ ਜਾਵੇਗਾ। ਉਂਜ ਕ੍ਰਿਕਟ ਦੇ ਖਿਡਾਰੀਆਂ ਵਾਂਗ ਰਿਸਕੀ ਦੌੜਾਂ ਨੱਬੇ ਤੇ ਸੌ ਵਿਚਕਾਰਲੀਆਂ ਹੀ ਹੁੰਦੀਐਂ।
ਜੁਲਾਈ 1967 ਵਿਚ ਮੈਂ ਢੁੱਡੀਕੇ ਦੇ ਕਾਲਜ ਚ ਪੜ੍ਹਾਉਣ ਲੱਗਾ ਤਾਂ ਕੰਵਲ ਜੁਆਨਾਂ ਵਰਗਾ ਸੀ। ਕਾਲਜ ਚਲਾਉਣ ਵਿਚ ਪ੍ਰੋ. ਪ੍ਰੀਤਮ ਸਿੰਘ ਉਹਦਾ ਸਲਾਹਕਾਰ ਸੀ ਜਿਸ ਨੇ ਸਲਾਹ ਦਿੱਤੀ ਸੀ ਕਿ ਪੇਂਡੂ ਕਾਲਜ ਚਲਦਾ ਰੱਖਣ ਲਈ ਸਟਾਫ ਪੇਡੂ ਪਿਛੋਕੜ ਦਾ ਰੱਖਿਓ। ਸ਼ਹਿਰੀਆਂ ਨੇ ਪਿੰਡ ਵਿਚ ਨੀ ਟਿਕਣਾ। ਇਸੇ ਸਲਾਹ ਸਦਕਾ ਮੈਨੂੰ ਢੁੱਡੀਕੇ ਲਿਆਂਦਾ ਗਿਆ ਸੀ। ਅਗੱਸਤ ਵਿਚ ਕੰਵਲ ਨੇ ਮਲਾਇਆ ਨੂੰ ਉਡਾਰੀ ਮਾਰੀ ਤਾਂ ਮੈਂ ਮੁੜ ਦਿੱਲੀ ਨੂੰ ਉਡਾਰੀ ਮਾਰ ਗਿਆ ਸਾਂ। ਉਹ ਢੁੱਡੀਕੇ ਮੁੜਿਆ ਤਾਂ ਮੈਨੂੰ ਮਿਲਣ ਲਈ ਸੱਦਿਆ। ਮੱਥੇ ਲੱਗਾ ਤਾਂ ਪੈਂਦੀ ਸੱਟੇ ਮਿਹਣਾ ਮਾਰਿਆ, ਜੇ ਪਿੰਡਾਂ ਦੇ ਪੜ੍ਹਿਆਂ ਨੇ ਸ਼ਹਿਰਾਂ ਦੀ ਅੰਗੂਰੀ ਚਰਨੀ ਐਂ ਤਾਂ ਤੁਹਾਨੂੰ ਪੜ੍ਹਾਉਣਾ ਕਾਹਨੂੰ ਸੀ? ਜਾਓ ਚਰੋ ਸ਼ਹਿਰਾਂ ਦੀ ਅੰਗੂਰੀ! ਪਿੰਡਾਂ ਨਾਲ ਤੁਹਾਨੂੰ ਕੀ? ਮਿਹਣਾ ਸਿੱਧਾ ਮੇਰੇ ਸੀਨੇ ਚ ਵੱਜਾ ਤੇ ਮੈਂ ਦਿੱਲੀ ਦੀ ਪੱਕੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਫਿਰ ਢੁੱਡੀਕੇ ਆ ਲੱਗਾ।
ਉਹਨੀਂ ਦਿਨੀਂ ਉਹਦੇ ਕੋਲ ਬਲਰਾਜ ਸਾਹਨੀ ਆਉਂਦਾ ਹੁੰਦਾ ਸੀ। ਬਲਰਾਜ ਸਾਹਨੀ ਕੋਲ ਛੋਟਾ ਟਾਈਪ ਰਾਈਟਰ ਹੁੰਦਾ ਸੀ ਜਿਸ ਉਤੇ ਉਸ ਨੇ ਆਪਣੇ ਦੋ ਸਫ਼ਰਨਾਮੇ ਕੰਵਲ ਦੇ ਘਰ ਬੈਠ ਕੇ ਟਾਈਪ ਕੀਤੇ। ਉਂਜ ਬਲਰਾਜ ਦੀ ਗੁਰਮੁਖੀ ਲਿਖਤ ਵੀ ਸੋਹਣੀ ਸੀ ਜੋ ਉਸ ਦੀਆਂ ਚਿੱਠੀਆਂ ਤੋਂ ਵੇਖੀ ਸੀ। ਉਸ ਦੇ ਰੂਸੀ ਸਫ਼ਰਨਾਮੇ ਨੂੰ ਸੋਵੀਅਤ ਦੇਸ ਦਾ ਨਹਿਰੂ ਪੁਰਸਕਾਰ ਮਿਲਿਆ ਤਾਂ ਉਸ ਨੇ ਪੁਰਸਕਾਰ ਵਿਚ ਮਿਲੇ ਪੈਸੇ ਢੁੱਡੀਕੇ ਕਾਲਜ ਨੂੰ ਦਾਨ ਕਰ ਦਿੱਤੇ ਜੋ ਕਾਲਜ ਦੀ ਦਾਨ ਸਿ਼ਲਾ ਤੇ ਉੱਕਰੇ ਗਏ। ਬਲਰਾਜ ਦੇ ਪੁੱਤਰ ਪ੍ਰੀਕਸ਼ਤ ਸਾਹਨੀ ਨੇ ਬਾਪ ਨੂੰ ਦੱਸੇ ਬਿਨਾਂ ਵਿਆਹ ਕਰਵਾਇਆ ਸੀ ਤੇ ਉਸ ਦੀ ਵਧਾਈ ਬਲਰਾਜ ਨੂੰ ਕੰਵਲ ਦੇ ਅੰਦਰਲੇ ਘਰ ਮਿਲੀ ਸੀ। ਕੰਵਲ ਖ਼ੁਦ ਡਾਕਖਾਨੇ ਗਿਆ ਸੀ ਤੇ ਉਹੀ ਪ੍ਰੀਕਸ਼ਤ ਦੇ ਵਿਆਹ ਦੀ ਵਧਾਈ ਲੈ ਕੇ ਆਇਆ ਜੋ ਤਾਰ ਰਾਹੀਂ ਆਈ ਸੀ। ਬਲਰਾਜ ਸਾਹਨੀ ਦੀ ਮ੍ਰਿਤੂ ਉਤੇ ਕੰਵਲ ਦੇ ਘਰ ਸੱਥਰ ਵਿਛਿਆ ਰਿਹਾ ਸੀ ਤੇ ਲੋਕ ਅਫਸੋਸ ਕਰਨ ਆਉਂਦੇ ਰਹੇ ਸਨ।
ਪੰਜਾਬੀ ਸੂਬੇ ਲਈ ਮੋਰਚੇ ਬੇਸ਼ਕ ਅੰਮ੍ਰਿਤਸਰੋਂ ਲੱਗਦੇ ਰਹੇ ਪਰ ਨਿਰੋਲ ਭਾਸ਼ਾ ਦੇ ਆਧਾਰ ਤੇ ਸੈਕੂਲਰ ਪੰਜਾਬੀ ਸੂਬੇ ਦਾ ਮਤਾ ਕੰਵਲ ਦੇ ਸੱਦੇ ਤੇ ਢੁੱਡੀਕੇ ਦੀ ਧਰਮਸ਼ਾਲਾ ਵਿਚ ਪਾਸ ਹੋਇਆ ਸੀ। ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਅੰਦਰਖਾਤੇ ਸਿੱਖ ਬਹੁਗਿਣਤੀ ਵਾਲੇ ਸੂਬੇ ਨਾਲ ਰਲਗੱਡ ਕੀਤੀ ਹੋਈ ਸੀ। ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦੇ ਨੇ ਫਿਰ ਕੂਟਨੀਤਕ ਚਾਲ ਚਲਦਿਆਂ ਸਿੱਖ ਬਹੁਗਿਣਤੀ ਵਾਲਾ ਸੂਬਾ ਤਾਂ ਬਣਾ ਦਿੱਤਾ ਪਰ ਪੰਜਾਬੀ ਬੋਲਦੇ ਕਈ ਇਲਾਕੇ ਪੰਜਾਬੀ ਸੂਬੇ ਤੋਂ ਬਾਹਰ ਰੱਖੇ। ਲੰਗੜਾ ਪੰਜਾਬੀ ਸੂਬਾ ਬਣਾਉਣ ਚ ਕਸੂਰ ਦੋਹਾਂ ਧਿਰਾਂ ਦਾ ਸੀ।
ਬੜੇ ਘੱਟ ਲੋਕਾਂ ਪਤਾ ਹੋਵੇਗਾ ਕਿ ਕੰਵਲ ਵਾਲੀਬਾਲ ਦਾ ਵਧੀਆ ਖਿਡਾਰੀ ਸੀ। ਮਿੰਟਗੁਮਰੀ ਦੇ ਚੱਕਾਂ ਵਿਚ ਉਸ ਦੇ ਨਾਨਕੇ ਸਨ ਜਿਥੇ ਉਹਦੇ ਨਾਲ ਇਕ ਨੌਜੁਆਨ ਵਾਲੀਬਾਲ ਖੇਡਦਾ ਹੁੰਦਾ ਸੀ ਜੋ ਉਹਦੇ ਪਹਿਲੇ ਨਾਵਲ ਸੱਚ ਨੂੰ ਫਾਂਸੀ ਦਾ ਨਾਇਕ ਬਣਿਆ। ਉਹ ਨਾਵਲ ਸੱਚੀ ਘਟਨਾ ਤੇ ਆਧਾਰਿਤ ਹੈ। ਕੰਵਲ ਨੇ ਸੱਚ ਨੂੰ ਫਾਂਸੀ ਤੇ ਪਾਲੀ ਨਾਵਲ ਪਾਕਿਸਤਾਨ ਬਣਨ ਤੋਂ ਪਹਿਲਾਂ ਲਿਖੇ ਅਤੇ ਰਾਤ ਬਾਕੀ ਹੈ ਤੇ ਪੂਰਨਮਾਸ਼ੀ ਵੰਡ ਤੋਂ ਪਿੱਛੋਂ, ਜਿਨ੍ਹਾਂ ਨੇ ਉਹਦੀ ਗੁੱਡੀ ਅਸਮਾਨੇ ਚੜ੍ਹਾ ਦਿੱਤੀ। ਦੇਸ਼ ਵੰਡ ਤੋਂ ਪਹਿਲਾਂ ਉਹ ਅਜੀਤਵਾਲ ਤੋਂ ਗੱਡੀ ਚੜ੍ਹ ਕੇ ਲਾਹੌਰ ਕਿਤਾਬਾਂ ਖਰੀਦਣ ਜਾਂਦਾ ਤੇ ਅਨਾਰਕਲੀ ਦਾ ਗੇੜਾ ਮਾਰਦਾ। ਉਦੋਂ ਰੇਲ ਗੱਡੀ ਦਾ ਭਾੜਾ ਕੁਝ ਆਨੇ ਹੀ ਸੀ। ਡੇਢ ਦੋ ਰੁਪਿਆਂ ਦੀਆਂ ਦਸ ਪੰਦਰਾਂ ਕਿਤਾਬਾਂ ਆ ਜਾਂਦੀਆਂ ਜੋ ਦੋ ਢਾਈ ਮਹੀਨੇ ਲੰਘਾ ਦਿੰਦੀਆਂ।
ਕੰਵਲ ਨੇ ਗੁਰੂ ਨਾਨਕ, ਕਬੀਰ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਸ ਸ਼ਾਹ, ਪ੍ਰੋ. ਪੂਰਨ ਸਿੰਘ, ਟਾਲਸਟਾਏ, ਵਿਕਟਰ ਹਿਊਗੋ, ਚਾਰਲਸ ਡਿਕਨਜ਼, ਚੈਖੋਵ ਤੇ ਮੁਨਸ਼ੀ ਪ੍ਰੇਮ ਚੰਦ ਪੜ੍ਹੇ। ਹਾਲੀਆਂ ਪਾਲੀਆਂ ਦੇ ਲੋਕ ਗੀਤਾਂ ਦੀ ਲੈਅ ਵਿਚ ਸ਼ਰਸ਼ਾਰਿਆ ਰਿਹਾ। ਔਰਤਾਂ ਉਸ ਨੂੰ ਲੋਕ ਗੀਤ ਲਿਖ ਕੇ ਭੇਜਦੀਆਂ ਰਹੀਆਂ। ਵੰਡ ਵੇਲੇ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਸੀ ਜਿਸ ਦੇ ਜਿੰ਼ਮੇ ਲਹਿੰਦੇ ਪੰਜਾਬ ਦੇ ਹਿੰਦੂ ਸਿੱਖਾਂ ਨੂੰ ਸੁਰੱਖਿਅਤ ਲਿਆਉਣ ਦੀ ਡਿਊਟੀ ਲੱਗੀ ਸੀ। ਉਸ ਦਾ ਵਾਹ ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਨਾਲ ਪੈਂਦਾ ਰਹਿੰਦਾ ਸੀ। ਪੰਜਾਬ ਵੰਡ ਦਾ ਦਰਦ ਉਸ ਨੇ ਆਪਣੇ ਪਿੰਡੇ ਤੇ ਹੰਢਾਇਆ। ਉਸ ਨੇ ਢੁੱਡੀਕੇ ਦੇ ਮੁਸਲਮਾਨਾਂ ਨੂੰ ਤਾਂ ਬਚਾ ਲਿਆ ਪਰ ਮੱਦੋਕੇ ਦੇ ਮੁਸਲਮਾਨ ਸਿੱਖ ਬਣਾ ਕੇ ਵੀ ਮਾਰ ਦਿੱਤੇ ਗਏ।
ਕੰਵਲ ਦੀਆਂ ਲਿਖਤਾਂ ਵਿਚ ਮੁਸਲਮਾਨ ਪਾਤਰਾਂ ਦਾ ਭਰਪੂਰ ਵਰਣਨ ਹੈ। ਉਹ ਪਾਕਿਸਤਾਨ, ਕੈਨੇਡਾ, ਅਰਬ ਦੇਸ਼, ਯੂਰਪੀ ਮੁਲਕ ਤੇ ਏਸ਼ੀਆ ਦੇ ਕਈ ਦੇਸ਼ਾਂ ਵਿਚ ਗਿਆ ਹੈ ਪਰ ਰੂਸ ਤੇ ਚੀਨ ਵਿਚ ਨਹੀਂ ਗਿਆ। ਉਸ ਨੇ ਅਨੇਕਾਂ ਅਜਾਇਬ ਘਰ ਵੇਖੇ ਤੇ ਵੇਖਣਯੋਗ ਥਾਵਾਂ ਦੀ ਯਾਤਰਾ ਕੀਤੀ ਹੈ। ਉਹ ਸੰਗੀਤ ਦਾ ਸ਼ੌਕੀਨ ਹੈ ਤੇ ਗਾਉਣ ਵਾਲੀਆਂ ਤਵਾਇਫ਼ਾਂ ਦੇ ਰਾਗ ਰੰਗ ਦਾ ਬੜੀ ਸਿ਼ੱਦਤ ਨਾਲ ਵਰਣਨ ਕਰਦੈ। ਵੇਦਾਂਤ ਦਾ ਗਿਆਨ ਹੈ ਤੇ ਉਰਦੂ ਦੀ ਸ਼ੇਅਰੋ ਸ਼ਾਇਰੀ ਦੇ ਅਦਬ ਆਦਾਬ ਦੀ ਸਾਰ ਹੈ। ਮਲਕਾ ਏ ਤਰੰਨੁਮ ਗੌਹਰ ਜਾਨ, ਪਾਕ ਨਗੀਨਾ ਬਾਈ ਤੇ ਅਲਾਹੀਜਾਨ ਬਾਰੇ ਉਹਦੇ ਆਰਟੀਕਲ ਕਮਾਲ ਹਨ।
ਕੰਵਲ ਨਾਲ ਮੇਰੀ ਸਿਆਣ 1958 ਵਿਚ ਹੋਈ ਸੀ। ਮੈਂ ਉਦੋਂ ਐੱਮ. ਆਰ. ਕਾਲਜ ਫਾਜਿ਼ਲਕਾ ਵਿਚ ਪੜ੍ਹਦਾ ਸਾਂ। ਸਾਡੀ ਪੰਜਾਬੀ ਸਾਹਿਤ ਸਭਾ ਨੇ ਕਵੀ ਦਰਬਾਰ ਕਰਵਾਇਆ ਸੀ। ਪ੍ਰਧਾਨਗੀ ਲਈ ਅਸੀਂ ਜਸਵੰਤ ਸਿੰਘ ਕੰਵਲ ਨੂੰ ਸੱਦਿਆ ਸੀ ਜਿਸ ਦਾ ਵੇਰਵਾ ਮੈਂ ਆਪਣੀ ਜੀਵਨ ਗਾਥਾ ਹਸੰਦਿਆਂ ਖੇਲੰਦਿਆਂ ਵਿਚ ਦੇ ਚੁੱਕਾਂ। ਕਵੀ ਦਰਬਾਰ ਵਿਚ ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਸੰਤੋਖ ਸਿੰਘ ਧੀਰ, ਕ੍ਰਿਸ਼ਨ ਅਸ਼ਾਂਤ, ਸੁਰਜੀਤ ਮਰਜਾਰਾ, ਗੁਰਦਾਸ ਰਾਮ ਆਲਮ, ਸਿ਼ਵ ਕੁਮਾਰ ਬਟਾਲਵੀ ਤੇ ਹੋਰ ਕਈ ਕਵੀ ਆਏ ਸਨ। ਡਾ. ਜਗਤਾਰ ਉਦੋਂ ਜਗਤਾਰ ਪਪੀਹਾ ਹੁੰਦਾ ਸੀ। ਮੈਂ ਤੇ ਹਰਚਰਨ ਮੌੜ ਨੇ ਬੀਰਬਲ ਦੀ ਹਾਸਰਸੀ ਕਵਿਤਾ ਭਾਨੀਮਾਰਾਂ ਦੀ ਕਰਤੂਤ ਸੁਣਾਈ ਸੀ। ਕੰਵਲ ਨੇ ਕਿਹਾ ਸੀ, ਅਜੇ ਮੈਂ ਦੋ ਚਾਰ ਕਿਤਾਬੜੀਆਂ ਈ ਲਿਖੀਆਂ ਨੇ, ਕੋਈ ਮਾਅਰਕਾ ਨਹੀਂ ਮਾਰਿਆ। ਉਹਦੇ ਹੱਥ ਵਿਚ ਸੋਵੀਅਤ ਦੇਸ ਨਾਂ ਦਾ ਪਰਚਾ ਸੀ।
1960 ਤੋਂ ਮੈਂ ਉਸ ਦਾ ਪਾਠਕ ਬਣਿਆਂ। ਕਾਲਜ ਦੀ ਲਾਇਬ੍ਰੇਰੀ ਵਿਚੋਂ ਨਾਵਲ ਪੂਰਨਮਾਸ਼ੀ ਕਢਵਾ ਕੇ ਜਮਾਤ ਚ ਪਿਛਲੇ ਬੈਂਚ ਤੇ ਜਾ ਬੈਠਾ। ਨਾਵਲ ਨੇ ਐਸਾ ਬੰਨ੍ਹਿਆਂ ਪਈ ਪਤਾ ਈ ਨਾ ਲੱਗਾ ਪ੍ਰੋਫੈਸਰ ਕੀ ਪੜ੍ਹਾਉਂਦੇ ਗਏ ਤੇ ਪੀਰਡ ਕਦੋਂ ਬਦਲਦੇ ਗਏ। ਮੈਂ ਨਾਵਲ ਵਿਚਲੇ ਨਵੇਂ ਪਿੰਡ ਦੇ ਖੇਤਾਂ, ਮੱਦੋਕੇ ਦੇ ਗੁਰਦਵਾਰੇ, ਕਿਲੀ ਚਹਿਲਾਂ ਦੇ ਮੇਲੇ, ਕਪੂਰੇ, ਤਖਾਣਵੱਧ, ਦਾਉਧਰ ਦੇ ਸੂਏ, ਬੁੱਟਰ ਦੇ ਛੱਪੜ ਤੇ ਟਾਂਗੇ ਵਾਲੇ ਅਮਲੀ ਸੰਗ ਵਿਚਰ ਰਿਹਾ ਸਾਂ। ਉਥੇ ਚੰਨੋ ਸੀ, ਸ਼ਾਮੋ ਸੀ, ਜਗੀਰ ਸੀ, ਰੂਪ ਸੀ ਤੇ ਗਿਆਨੀ ਬਣਿਆ ਕੰਵਲ ਆਪ ਸੀ। ਬੀਅਰ ਦੀ ਲੋਰ ਵਿਚ ਕੇਰਾਂ ਕੰਵਲ ਨੇ ਮੇਰੇ ਕੋਲ ਭੇਤ ਖੋਲ੍ਹਿਆ, ਮੈਨੂੰ ਲੋਕਾਂ ਨੇ ਜੁਆਨੀ ਚੜ੍ਹਦੇ ਨੂੰ ਈ ਗਿਆਨੀ ਕਹਿਣਾ ਸ਼ੁਰੂ ਕਰਤਾ ਸੀ। ਊਂ ਮੈਂ ਗਿਆਨੀ ਗਿਊਨੀ ਕੋਈ ਨੀ ਸੀ। ਇਸ ਗਿਆਨੀਪੁਣੇ ਨੇ ਮੇਰੀਆਂ ਬਹੁਤ ਸਾਰੀਆਂ ਖ਼ੁਸ਼ੀਆਂ ਮਾਰਤੀਆਂ। ਜੇ ਮੇਰੇ ਨਾਂ ਨਾਲ ਗਿਆਨੀ ਹੋਣਾ ਨਾ ਜੁੜਦਾ ਤਾਂ ਮੈਂ ਵੀ ਐਸ਼ਾਂ ਕਰਨੀਆਂ ਸੀ। ਦੂਜੇ ਕਮਰੇ ਚ ਡਾ. ਜਸਵੰਤ ਗਿੱਲ ਬੈਠੀ ਸੀ। ਮੈਂ ਮਨ ਚ ਕਿਹਾ, ਘੱਟ ਤਾਂ ਕੰਵਲ ਸਾਹਿਬ ਆਪਾਂ ਗਿਆਨੀ ਬਣ ਕੇ ਵੀ ਨਹੀਂ ਗੁਜ਼ਾਰੀ!
ਪੂਰਨਮਾਸ਼ੀ ਵਿਚਲਾ ਨਵਾਂ ਪਿੰਡ ਅਸਲ ਵਿਚ ਢੁੱਡੀਕੇ ਹੀ ਹੈ। ਨਾਵਲ ਦੇ ਸ਼ੁਰੂ ਵਿਚ ਜਿਸ ਵਗਦੇ ਖੂਹ ਦਾ ਨਜ਼ਾਰਾ ਹੈ ਉਹ ਹੁਣ ਬੰਦ ਹੋ ਗਿਐ। ਉਹ ਸਾਰਾ ਦ੍ਰਿਸ਼ ਹੁਣ ਪਿੰਡ ਚੋਂ ਅਲੋਪ ਹੈ। ਕੰਵਲ ਦਾ ਘਰ ਵੀ ਬਦਲ ਗਿਐ ਤੇ ਖੇਤ ਵਿਚਲੀ ਬੈਠਕ ਕੋਠੀ ਬਣ ਚੁੱਕੀ ਹੈ। ਉਹ ਸੀਮੈਂਟ ਦਾ ਲਾਲ ਬੈਂਚ ਜਿਸ ਉਤੇ ਬੈਠਿਆਂ ਕੰਵਲ ਨੇ ਮੈਨੂੰ ਦਿੱਲੀ ਤੋਂ ਢੁੱਡੀਕੇ ਕਾਲਜ ਵਿਚ ਆਉਣ ਲਈ ਕਿਹਾ ਸੀ, ਮੈਨੂੰ ਫਿਰ ਯਾਦ ਆ ਗਿਐ। ਬਲਰਾਜ ਸਾਹਨੀ ਉਹਦੇ ਉਤੇ ਬੈਠ ਕੇ ਚੰਦ ਵੇਖਦਾ ਤੇ ਟਾਹਲੀ ਚੋਂ ਛਣਦੀ ਚਾਨਣੀ ਉਤੇ ਲਟਬੌਰਾ ਹੋ ਜਾਂਦਾ। ਕੰਵਲ ਨੇ ਉਹਦੇ ਮੁੱਛਾਂ ਲਾ ਕੇ, ਭੇਸ ਬਦਲਾ ਕੇ ਉਹਨੂੰ ਮਾੜੀ ਦਾ ਮੇਲਾ ਵਿਖਾਇਆ ਤੇ ਤਲਵੰਡੀ ਸਾਬੋ ਦੀ ਵਿਸਾਖੀ ਵਿਖਾਈ ਸੀ।
ਪੂਰਨਮਾਸ਼ੀ ਵਿਚਲਾ ਪਾਤਰ ਰੂਪ, ਕੌਲੂ ਪੱਤੀ ਦਾ ਗੁਲਜ਼ਾਰਾ ਸੀ ਜੋ ਇਲਾਕੇ ਦਾ ਦਰਸ਼ਨੀ ਜੁਆਨ ਸੀ। ਉਸ ਦੇ ਪੁੱਤਰ ਬਾਅਦ ਵਿਚ ਮੈਥੋਂ ਪੜ੍ਹਦੇ ਰਹੇ ਤੇ ਹੁਣ ਕੈਨੇਡਾ ਵਿਚ ਹਨ। ਜਗੀਰ ਹੋਰੀਂ ਵੀ ਢੁੱਡੀਕੇ ਦੇ ਸਨ ਜਿਹੜੇ ਹਲ ਵਾਹੁੰਦੇ ਦਿਲ ਪਰਚਾਉਂਦੇ ਸਨ, ਲੌਂਗ ਤੇ ਸੰਧੂਰ ਭੁੱਕ ਕੇ ਰੰਨ ਮਾਰਦੀ ਛੱਪੜ ਤੇ ਗੇੜੇ...। ਕਿਓਂ ਓਦਣ ਆਲੀ ਤਖਾਣੀ ਫੇਰ ਨੀ ਕਦੇ ਟੱਕਰੀ? ਜਾਹ ਸਾਲਿਆ, ਓਦਣ ਤਾਂ ਜੁੱਤੀਆਂ ਈ ਪੁਆਤੀਆਂ ਸੀ। ਕਿਓਂ ਤਖਾਣੀ ਪਈ ਆ ਲਾਲੜੀ ਵਰਗੀ ਕਿ ਨਹੀਂ? ਆਪਾ ਨੂੰ ਕੀ ਭਾਅ? ਆਪਣੇ ਨਾਲੋਂ ਤਾਂ ਟੁੱਟੀ ਜੀ ਕੱਛ ਆਲਾ ਤਖਾਣ ਈ ਚੰਗਾ ਜਿਹੜਾ ਵਿਆਹਿਆ ਤਾਂ ਗਿਆ। ਆਪਾਂ ਜੱਟਾਂ ਦੇ ਕਾਹਨੂੰ ਜੰਮਣਾ ਸੀ। ਕਿਸੇ ਤਖਾਣ ਦੇ ਘਰ ਜੰਮਦੇ, ਵਿਆਹੇ ਤਾਂ ਜਾਂਦੇ!
ਨਾਵਲ ਰਾਤ ਬਾਕੀ ਹੈ ਨੇ ਜਿੰਨੇ ਮੁੰਡੇ ਕਮਿਊਨਿਸਟ ਬਣਾਏ ਉਨੇ ਸ਼ਾਇਦ ਕਮਿਊਨਿਸਟ ਪਾਰਟੀ ਨੇ ਵੀ ਨਾ ਬਣਾਏ ਹੋਣ। ਕੰਵਲ ਦੀ ਪਹਿਲੀ ਪ੍ਰਸਿੱਧੀ ਕਾਮਰੇਡ ਲੇਖਕ ਕਰਕੇ ਸੀ ਤੇ ਸੀ. ਪੀ. ਆਈ. ਉਸ ਨੂੰ ਆਪਣਾ ਬੰਦਾ ਸਮਝਦੀ ਸੀ। ਕਦੇ ਕੰਵਲ ਨਕਸਲਬਾੜੀਆਂ ਦੀ ਪਿੱਠ ਤੇ ਆਇਆ ਤੇ ਕਦੇ ਖਾੜਕੂਆਂ ਦੀ ਪਿੱਠ ਥਾਪੜੀ। ਕਦੇ ਹੁਸਨ ਇਸ਼ਕ ਦੀਆਂ ਬਾਤਾਂ ਪਾਈਆਂ ਤੇ ਕਦੇ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਦੇ ਮਸਲੇ ਉਭਾਰੇ। ਕਦੇ ਪੰਜਾਬ ਨਾਲ ਹੋਏ ਧੱਕਿਆਂ ਦੀ ਬੂ ਪਾਹਰਿਆ ਕੀਤੀ। ਕਦੇ ਸੈਕੂਲਰ ਹੋਇਆ ਕਦੇ ਪੰਥਕ। ਕਦੇ ਇਨਕਲਾਬੀ ਕਦੇ ਸੁਧਾਰਕ। ਕਦੇ ਕਾਮਰੇਡਾਂ ਨਾਲ, ਕਦੇ ਅਕਾਲੀਆਂ ਨਾਲ ਤੇ ਕਦੇ ਮਨਪ੍ਰੀਤ ਬਾਦਲ ਦਾ ਹਮਾਇਤੀ। ਉਹ ਆਪਣੇ ਆਪ ਨੂੰ ਕਿਸੇ ਪਾਰਟੀ ਦਾ ਨਹੀਂ, ਲੋਕਾਂ ਦਾ ਲੇਖਕ ਕਹਿੰਦਾ ਹੈ। ਪੰਜਾਬ ਤੇ ਕਿਸਾਨੀ ਦਾ ਦਰਦ ਉਹਦੇ ਦਿਲੋਂ ਬੋਲਦੈ। ਉਸ ਦੀਆਂ ਅਜੋਕੀਆਂ ਕਿਤਾਬਾਂ ਦੇ ਨਾਂ ਪੜ੍ਹੋ ਪੰਜਾਬੀਓ! ਜੀਣਾ ਐ ਕਿ ਮਰਨਾਂ? ਕੌਮੀ ਲਲਕਾਰ ਤੇ ਪੰਜਾਬ! ਤੇਰਾ ਕੀ ਬਣੂੰ? ਮੈਂ ਜਿੰਨੀ ਰੀਝ ਨਾਲ ਉਸ ਦੀਆਂ ਪਹਿਲੀਆਂ ਲਿਖਤਾਂ ਪੜ੍ਹਦਾ ਸਾਂ, ਉਨੀ ਦਿਲਚਸਪੀ ਨਾਲ ਮਗਰਲੀਆਂ ਨਹੀਂ ਪੜ੍ਹ ਹੁੰਦੀਆਂ। ਉਹ ਦਿਨੋ ਦਿਨ ਵਧੇਰੇ ਉਪਭਾਵਕ ਹੋਈ ਜਾਂਦੈ। ਉਹਦੀ ਅਜੋਕੀ ਲਿਖਤ ਦੇ ਨਮੂਨੇ ਵੇਖੋ:
-ਹੁਣ ਪੰਜਾਬ ਦੇ ਕਾਂਗਰਸੀ ਕੇਂਦਰ ਦੇ ਗ਼ੁਲਾਮ, ਜਿਥੇ ਮਰਜ਼ੀ ਅੰਗੂਠੇ ਲੁਆਉਣ, ਹੁੱਤ ਨਹੀਂ ਕਰਨਗੇ। ਅਕਾਲੀ ਤੇਰੇ ਪੈ ਗਏ ਜਨ ਸੰਘੀਆਂ ਦੀ ਝੋਲੀ, ਦੋਵੇਂ ਭੁੱਖੇ ਬਘਿਆੜ, ਪੰਜਾਬ ਕਿਵੇਂ ਬਚੇਗਾ? ਨੀਅਤ ਦੇ ਚੋਰਾਂ, ਪੰਜਾਬ ਦੇ ਦੁੱਧ ਤੋਂ ਤਰਦੀ ਤਰਦੀ ਮਲਾਈ ਲਾਹ ਲਈ; ਲੱਸੀ ਵੀ ਕੋਈ ਕਰਮਾਂ ਵਾਲਾ ਪੀ ਲਵੇ ਵਾਹ ਭਲੀ, ਨਹੀਂ ਹਾਲ ਕੋਈ ਨਹੀਂ। ਰਾਜਸੀ ਦਵੜ ਸੱਟ ਇਸ ਤਰ੍ਹਾਂ ਹੀ ਰਹੀ, ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਬੋਲੋ ਰਾਮ ਹੋ ਚੁੱਕਾ ਸਮਝੋ। ਜਿਸ ਪੰਜਾਬ ਵਿਚ ਦਰਿਆਵਾਂ ਦੀਆਂ ਲਹਿਰਾਂ ਝੱਲੀਆਂ ਨਹੀਂ ਸਨ ਜਾਂਦੀਆਂ, ਹਾੜ ਬੋਲਣ ਵਾਲਾ ਹੈ। ਮੈਨੂੰ ਦੋਸ਼ ਕਾਹਤੋਂ ਦੇਂਦਾ ਏਂ, ਆਪਣੇ ਦੋਸ਼ੀ ਕਾਂਗਰਸੀਆਂ, ਅਕਾਲੀਆਂ ਤੇ ਜਨ ਸੰਘੀਆਂ ਨੂੰ ਧੌਣੋਂ ਫੜ।
-ਗੁਰੂ ਦੇ ਲਾਡਲੇ ਪੰਜਾਬ! ਤੂੰ ਹੁਣ ਕਿਵੇਂ ਜੀਵੇਂਗਾ? ਤੇਰਾ ਤਾਂ ਅੱਗਾ ਪਿੱਛਾ ਦੁਸ਼ਮਣਾਂ ਜੜ੍ਹਾਂ ਤਕ ਛਾਂਗ ਸੁੱਟਿਆ। ਤੇਰਾਂ ਲੱਖ ਟਿਯੂਬਬੈੱਲਾਂ, ਤੇਰੀ ਤਾਂ ਅੱਡੀਆਂ ਤਕ ਰੱਤ ਚੂਸ ਲਈ। ਕਾਂਗਰਸੀ ਤਾਂ ਆਖਦੇ ਸਨ, ਡਾਕੂ ਅੰਗਰੇਜ਼ ਦੇ ਜਾਣ ਪਿੱਛੋਂ ਤੇਰੀਆਂ ਸ਼ਾਨਾਂ ਮਾਨਾਂ ਨਿਰਾਲੀਆਂ ਹੀ ਹੋਣਗੀਆਂ। ਕਿਥੇ ਹੈ ਉਹ ਚੜ੍ਹਦੀ ਕਲਾ? ਪੁੱਤਾਂ ਪੋਤਰਿਆਂ ਵਾਲਾ ਤੂੰ ਤਾਂ ਦੁਨੀਆ ਦੇ ਨਕਸ਼ੇ ਤੋਂ ਲਹਿਣ ਵਾਲਾ ਹੋ ਗਿਆ ਏਂ। ਤੇਰਾ ਅੱਤ ਮੰਦੜਾ ਹਾਲ ਵੇਖ, ਮੇਰੀ ਕਲਮ ਦਾ ਸਾਹ-ਸਤ ਰੁਕਿਆ ਪਿਆ ਹੈ। ਤੇਰਾ ਹੁਣ ਕੀ ਬਣੂੰ ਭਾਨਿਆਂ?
-ਮੇਰੀ ਦੁੱਖਾਂ ਦਰਦਾਂ ਵਿਚ ਭਿੱਜੀ ਫਤਹਿ ਪ੍ਰਵਾਨ ਕਰਨੀ। ਤੁਹਾਡਾ ਆਪਣਾ, ਕੌਮੀ ਦੁੱਖਾਂ ਦਰਦਾਂ ਦਾ ਮਾਰਿਆ, ਆਪਣੇ ਪਾਠਕਾਂ ਦੇ ਦਰਦ ਦਾ ਭਾਈਵਾਲ: ਜਸਵੰਤ ਸਿੰਘ ਕੰਵਲ।

ਉਹਦੇ ਨਾਵਲ ਲਹੂ ਦੀ ਲੋਅ ਦੀ ਬੜੀ ਪਰਸੰਸਾ ਹੋਈ ਸੀ ਤੇ ਧੀ ਦੇ ਕਤਲ ਪਿੱਛੋਂ ਕਈਆਂ ਨੇ ਹੱਦੋਂ ਵੱਧ ਬਦਖੋਈ ਵੀ ਕੀਤੀ ਸੀ। ਉਸ ਨੂੰ ਲੇਖ ਛਪਾਉਣਾ ਪਿਆ ਸੀ-ਆਓ ਗ਼ਮ ਤੋਂ ਪਾਰ ਚੱਲੀਏ। ਉਹਨਾਂ ਦਿਨਾਂ ਚ ਮੈਂ ਉਹਨੂੰ ਬੇਹੱਦ ਦੁਖੀ ਤੇ ਧਾਰੋ ਧਾਰ ਹੰਝੂ ਵਹਾਉਂਦੇ ਵੇਖਿਆ ਸੀ। ਨਵੇਂ ਜ਼ਮਾਨੇ ਵਿਚ ਛਿੜੀ ਨਿੰਦ ਚਰਚਾ ਆਖ਼ਰ ਮੇਰੇ ਲੇਖ ਲਹੂ ਦੀ ਲੋਅ ਨੇੜਿਓਂ ਨਾਲ ਸਮਾਪਤ ਹੋਈ ਸੀ। ਲਹੂ ਦੀ ਲੋਅ ਨੂੰ ਐਮਰਜੈਂਸੀ ਦੇ ਦਿਨੀਂ ਲੁਕੋ ਛਪੋ ਕੇ ਮਲਾਇਆ ਸਿੰਘਾਪੁਰ ਦੇ ਇਕ ਛਾਪੇਖਾਨੇ ਚੋਂ ਛਪਾਇਆ ਗਿਆ ਸੀ ਜਿਸ ਦੀ ਕੀਮਤ ਸੀ ਤੀਹ ਰੁਪਏ। ਕਿਤਾਬ ਮਸੀਂ ਮਿਲਦੀ ਸੀ ਜੋ ਇਕ ਇਕ ਕਾਪੀ ਸੌ ਸੌ ਜਣਿਆਂ ਨੇ ਪੜ੍ਹੀ। ਐਮਰਜੈਂਸੀ ਹਟੀ ਤਾਂ ਨਵਯੁਗ ਪਬਲਿਸ਼ਰਜ਼ ਨੇ ਦੂਜੀ ਐਡੀਸ਼ਨ ਛਾਪੀ ਤੇ ਕੀਮਤ ਰੱਖੀ ਪੰਦਰਾਂ ਰੁਪਏ। ਜ਼ਰਾਇਤੀ ਯੂਨੀਵਰਸਿਟੀ ਦੇ ਮੇਲੇ ਵਿਚ ਲਹੂ ਦੀ ਲੋਅ ਖਰੀਦਣ ਲਈ ਲਾਈਨਾਂ ਲੱਗ ਗਈਆਂ। ਪਾਠਕ ਤੀਹਾਂ ਦੀ ਥਾਂ ਕੀਮਤ ਪੰਦਰਾਂ ਸੁਣਦੇ ਤਾਂ ਪੁੱਛਦੇ, ਅੱਧੇ ਮੁੱਲ ਦੀ ਇਹ ਲਹੂ ਦੀ ਲੋਅ ਕਿਤੇ ਨਕਲੀ ਤਾਂ ਨੀ!
ਲਹੂ ਦੀ ਲੋਅ ਨੂੰ ਮਿਲਿਆ ਸਰਕਾਰੀ ਇਨਾਮ ਕੰਵਲ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਜਿਸ ਸਰਕਾਰ ਨੇ ਨਕਸਲੀ ਮੁੰਡੇ ਮਾਰੇ ਹਨ ਮੈਂ ਉਸ ਸਰਕਾਰ ਦਾ ਇਨਾਮ ਨਹੀਂ ਲੈ ਸਕਦਾ। ਪਿੱਛੋਂ ਸ਼੍ਰੋਮਣੀ ਸਾਹਿਤਕਾਰ ਦਾ ਸਭ ਤੋਂ ਵੱਡਾ ਸਰਕਾਰੀ ਇਨਾਮ ਲੈ ਵੀ ਲਿਆ। ਉਸ ਨੇ ਸਾਹਿਤ ਟ੍ਰੱਸਟ ਢੁੱਡੀਕੇ ਬਣਾ ਕੇ ਡੇਢ ਦੋ ਸੌ ਲੇਖਕਾਂ ਨੂੰ ਬਾਵਾ ਬਲਵੰਤ, ਬਲਰਾਜ ਸਾਹਨੀ ਤੇ ਡਾ. ਜਸਵੰਤ ਗਿੱਲ ਯਾਦਗਾਰੀ ਪੁਰਸਕਾਰ ਦਿੱਤੇ ਹਨ। ਉਹ ਸਖੀ ਵੀ ਹੈ ਤੇ ਸੂਮ ਵੀ। ਇਕ ਹੱਥ ਨਾਲ ਦਿੰਦੈ, ਦੂਜੇ ਨਾਲ ਲੈ ਵੀ ਲੈਂਦੈ। ਉਹ ਵਾਰਤਾਕਾਰ ਵੀ ਹੈ ਤੇ ਕਵੀ ਵੀ:
-ਸੱਜਣ ਵਸੇਂਦੇ ਪਾਰ ਓ ਯਾਰ, ਸੱਜਣ ਵਸੇਂਦੇ ਪਾਰ!
ਜਾਣੇ ਕਿਹੜਾ ਹਾਲ ਮਨਾਂ ਦੇ, ਪੁੱਠੇ ਚਾਲੇ ਏਸ ਝਨਾਂ ਦੇ,
ਡੋਬੇ ਅੱਧ ਵਿਚਕਾਰ ਓ ਯਾਰ, ਸੱਜਣ ਵਸੇਂਦੇ ਪਾਰ ਓ ਯਾਰ!
ਆਸ਼ਕ ਵੇਖੋ ਮੁੜੇ ਨਾ ਮੋੜੇ, ਸਿਦਕ ਉਹਨਾਂ ਦਾ ਸੂਲੀ ਤੋੜੇ,
ਪੀੜਾਂ ਰਹਿਣ ਉਰਾਰ ਓ ਯਾਰ, ਸੱਜਣ ਵਸੇਂਦੇ ਪਾਰ...।

ਕੰਵਲ ਦੇ ਚਾਰ ਧੀਆਂ ਪਿੱਛੋਂ ਪੁੱਤਰ ਜੰਮਿਆ ਸੀ। ਧੀਆਂ ਸਾਰੀਆਂ ਹੀ ਐੱਮ. ਐੱਸ ਸੀ. ਕਰ ਗਈਆਂ ਪਰ ਪੁੱਤਰ ਦਸਵੀਂ ਨਾ ਲੰਘ ਸਕਿਆ। ਤਿੰਨ ਧੀਆਂ ਪਰਲੋਕ ਸਿਧਾਰ ਗਈਆਂ ਹਨ। ਉਹ ਪੋਤਿਆਂ, ਦੋਹਤਿਆਂ ਤੇ ਪੜਪੋਤਿਆਂ ਵਾਲਾ ਹੋ ਗਿਐ। ਪ੍ਰੋ. ਸੁਮੇਲ ਉਹਦਾ ਦੋਹਤਾ ਹੈ। ਫਿਲਮਾਂ ਦਾ ਡਾਇਰੈਕਟਰ ਮਨਮੋਹਨ ਸਿੰਘ ਉਹਦਾ ਭਾਣਜਾ ਹੈ। ਸਾਕ ਸਕੀਰੀਆਂ ਦੁਆਬੇ ਤੋਂ ਹਰਿਆਣੇ ਤਕ ਹਨ। ਕੰਵਲ ਲੁੰਗੀ ਲਾ ਕੇ, ਹੱਥ ਚ ਕਿਤਾਬ ਫੜ ਕੇ, ਪੜ੍ਹਦਾ-ਪੜ੍ਹਦਾ ਪਿੰਡ ਦੀ ਫਿਰਨੀ ਤੋਂ ਦੀ ਗੇੜੇ ਦਿੰਦਾ ਰਿਹੈ ਤੇ ਜੁਆਕਾਂ ਦੇ ਸਿਰਾਂ ਚ ਠੋਲੇ ਮਾਰ ਕੇ ਖੁਸ਼ ਹੁੰਦਾ ਰਿਹੈ। ਘੋਨਿਆਂ ਦੇ ਬੋਦੇ ਮਰੋੜਦਾ ਰਿਹੈ ਤੇ ਕੌਡੀਆਂ ਬੰਟੇ ਖੇਡਦਾ ਰਿਹੈ। ਤੁਰਿਆ ਜਾਂਦਾ ਥਾਪੀ ਮਾਰ ਕੇ ਪੱਠਿਆਂ ਨੂੰ ਕੌਡੀ ਖੇਡਣ ਲਈ ਵੰਗਾਰਦਾ ਰਿਹੈ। ਪੈਰਾਂ ਭਾਰ ਬਹਿ ਕੇ ਪੇਂਡੂਆਂ ਨਾਲ ਤਾਸ਼ ਖੇਡਦਾ ਤੇ ਸ਼ਤਰੰਜ ਦੀਆਂ ਬਾਜ਼ੀਆਂ ਲਾਉਂਦਾ ਰਿਹੈ। ਕਾਲਜ ਦੇ ਪ੍ਰੋਫੈਸਰਾਂ ਤੇ ਲੇਖਕਾਂ ਨਾਲ ਪੂਰਨਮਾਸ਼ੀਆਂ ਮਨਾਉਂਦਾ ਰਿਹੈ। ਉਹ ਇੰਗਲੈਂਡ ਗਿਆ ਤਾਂ ਸਾਨੂੰ ਚਿੱਠੀ ਲਿਖਣੀ ਪਈ, ਹੁਣ ਸਾਡੀ ਅੱਸੂ ਦੀ ਪੂਰਨਮਾਸ਼ੀ ਦਾ ਕੀ ਬਣੂੰ?
ਪੁੰਨਿਆਂ ਦੀ ਚਾਨਣੀ ਚ ਅਸੀਂ ਟਾਂਗੇ ਤੇ ਨਿਕਲ ਪੈਂਦੇ। ਸੁਰਮਈ ਸੜਕ ਉਤੇ ਘੋੜੇ ਦੇ ਪੌੜ ਖੜਕਦੇ। ਆਸੇ ਪਾਸੇ ਰੁੱਖ ਝੂੰਮਦੇ। ਕੰਵਲ ਕਥਾ ਕਰੀ ਜਾਂਦਾ। ਚੂਹੜਚੱਕ ਲੰਘ ਕੇ ਸੂਏ ਦਾ ਪਾਣੀ ਲਿਸ਼ਕਦਾ ਦਿਸਦਾ। ਤਾਰੇ ਟਿਮ ਟਮਾਉਂਦੇ ਤੇ ਰਾਤ ਸ਼ਾਂ ਸ਼ਾਂ ਕਰਦੀ। ਕੰਵਲ ਕਹਿੰਦਾ, ਆਪਾਂ ਓਥੇ ਮਹਿਫ਼ਲ ਲਾਵਾਂਗੇ ਜਿਥੇ ਪਾਣੀ ਚੋਂ ਚੰਦ ਦਿਸੇ। ਤੁਰਦੇ ਤੁਰਦੇ ਚੰਦ ਦਾ ਅਕਸ ਕਿਸੇ ਕੱਸੀ ਚੋਂ ਦਿਸਦਾ ਤਾਂ ਉਹਦੀ ਬੰਨੀ ਉਤੇ ਰਚਨਾਵਾਂ ਸੁਣਾਉਣ ਦੀ ਮਹਿਫ਼ਲ ਲੱਗ ਜਾਂਦੀ। ਪ੍ਰੋਫੈਸਰ ਆਪਸ ਵਿਚ ਉਲਝਦੇ ਤਾਂ ਕੰਵਲ ਕਹਿੰਦਾ, ਕਰੋ ਚੁੱਪ, ਨੲ੍ਹੀਂ ਮੈਂ ਮਾਰਦਾਂ ਸੂਏ ਚ ਛਾਲ! ਕੇਰਾਂ ਮੇਲੇ ਵਿਚ ਕਬੱਡੀ ਦੇ ਮੈਚ ਖਿਡਾਉਂਦਿਆਂ ਦਿਨ ਛਿਪ ਗਿਆ ਤੇ ਕੰਵਲ ਥੱਕ ਗਿਆ ਲੱਗਾ। ਮੈਂ ਕਿਹਾ, ਹੈਗੀ ਆ ਬਾਹਰੋਂ ਆਈ ਬੋਤਲ। ਲਾਹਦੂੰ ਥਕੇਵਾਂ। ਕਹਿੰਦਾ, ਮਾਰਾਂ ਫੇਰ ਛਾਲ? ਮੈਂ ਕਿਹਾ, ਮਾਰ ਲਓ, ਪਰ ਮਾਰਿਓ ਬਚ ਕੇ, ਮੈਂ ਚੱਕਣਾ ਨੀ! ਓ ਤੂੰ ਨੀ ਚੱਕੇਂਗਾ ਤਾਂ ਹੋਰ ਕੌਣ ਚੱਕੂ?
ਕੰਵਲ ਪਿੰਡ ਦਾ ਸਰਪੰਚ ਰਿਹੈ, ਸਾਹਿਤ ਸਭਾਵਾਂ ਦਾ ਪ੍ਰਧਾਨ ਅਤੇ ਸਾਧਾਂ ਤੇ ਵੈੱਲੀਆਂ ਦਾ ਸੰਗੀ ਸਾਥੀ। ਦਾਰੂ ਪੀਂਦਾ ਵੀ ਰਿਹੈ ਤੇ ਛੱਡਦਾ ਵੀ ਰਿਹੈ। ਇਕ ਵਾਰ ਤਾਂ ਕਹਿੰਦੇ ਬੇਸੁਰਤ ਈ ਹੋ ਗਿਆ ਸੀ। ਪਾਰਟੀਆਂ ਦੇ ਲੀਡਰਾਂ ਨੂੰ ਮਿਲਦਾ ਗਿਲਦਾ ਤੇ ਉਨ੍ਹਾਂ ਦੇ ਨਾਂ ਖੁੱਲ੍ਹੀਆਂ ਚਿੱਠੀਆਂ ਛਪਵਾਉਂਦਾ ਰਿਹੈ। ਕਦੇ ਚਿੱਠੀ ਦਾ ਨਾਂ ਜ਼ਫਰਨਾਮਾ, ਕਦੇ ਫਤਿਹਨਾਮਾ ਤੇ ਆਖ਼ਰ ਜਿੱਤਨਾਮਾ ਰੱਖਦਾ ਰਿਹੈ। ਖਹਿਬੜਦਾ ਰਿਹੈ, ਮੰਨਦਾ ਰਿਹੈ ਅਤੇ ਪਾਰਟੀਆਂ ਤੇ ਧੜਿਆਂ ਦਾ ਵਿਚੋਲਾ ਬਣਦਾ ਰਿਹੈ। ਸਣੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਾਧਾਂ ਸੰਤਾਂ ਨੂੰ ਮਿਲਦਾ ਰਿਹੈ। ਉਹ ਏਨਾ ਕੁਛ ਕਰਦਾ ਰਿਹੈ ਕਿ ਇਕੋ ਲੇਖ ਚ ਸਾਰੀਆਂ ਗੱਲਾਂ ਨਹੀਂ ਦੱਸ ਹੁੰਦੀਐਂ। ਨੇੜੇ ਰਹਿੰਦਿਆਂ ਵੀ ਉਸ ਨੇ ਪਰਦਾ ਰੱਖਿਆ ਸੀ ਤੇ ਕਈ ਸਾਲਾਂ ਬਾਅਦ ਮੈਨੂੰ ਕਿਹਾ ਸੀ, ਲਿਖ ਦੇ ਡਾ. ਜਸਵੰਤ ਗਿੱਲ ਮੇਰੀ ਪਤਨੀ ਐਂ।
ਉਸ ਨੇ ਡਾ. ਜਸਵੰਤ ਗਿੱਲ ਨਾਲ ਆਪਣੇ ਇਸ਼ਕ ਦੀ ਦਾਸਤਾਨ ਪੁੰਨਿਆਂ ਦਾ ਚਾਨਣ ਲਿਖੀ ਜਿਸ ਨੂੰ ਸਵੈਜੀਵਨੀ ਦਾ ਨਾਂ ਦਿੱਤਾ ਗਿਆ। ਉਹਦੀ ਲਾਹੌਰ ਬੁੱਕ ਸ਼ਾਪ ਦੇ ਜੀਵਨ ਸਿੰਘ ਨਾਲ ਵਿਗੜੀ ਹੋਈ ਸੀ। ਵਰ੍ਹਿਆਂ ਪਿੱਛੋਂ ਮਰਹੂਮ ਜੀਵਨ ਸਿੰਘ ਦੇ ਪੁੱਤਰ ਤੇਜਿੰਦਰਬੀਰ ਨੇ ਟੁੱਟੀ ਗੰਢਣ ਲਈ ਅਰਜ਼ੋਈ ਕੀਤੀ ਕਿ ਪੁੰਨਿਆਂ ਦਾ ਚਾਨਣ ਪ੍ਰਕਾਸਿ਼ਤ ਕਰਨ ਲਈ ਉਹਨੂੰ ਦੇ ਦਿੱਤੀ ਜਾਵੇ ਜੋ ਮੈਂ ਵਿਚ ਪੈ ਕੇ ਦੁਆ ਦਿੱਤੀ। ਬੀਰ ਵੀਹ ਹਜ਼ਾਰ ਜ਼ੇਬ ਚ ਪਾ ਕੇ ਢੁੱਡੀਕੇ ਗਿਆ ਸੀ ਪਰ ਕੰਵਲ ਨੇ ਪੈਸੇ ਨਹੀਂ ਸਨ ਫੜੇ। ਆਖ਼ਰ ਉਹਦੀ ਰਾਇਲਟੀ ਸੱਠ ਹਜ਼ਾਰ ਚ ਮੁੱਕੀ।
ਢੁੱਡੀਕੇ ਦੇ ਖੇਡ ਮੇਲੇ ਵਿਚ ਕੰਵਲ ਤੇ ਮੈਂ ਕੱਠੇ ਕੁਮੈਂਟਰੀ ਕਰਦੇ। ਉਹ ਲਾਲ ਰੰਗ ਦੇ ਕੱਛੇ ਚੋਂ ਇਨਕਲਾਬ ਭਾਲਦਾ। ਫਿਰ ਕਦੇ ਬੱਗਿਆਂ ਨੂੰ ਭੰਡਦਾ, ਕਦੇ ਨੀਲਿਆਂ ਨੂੰ ਤੇ ਹੁਣ ਲਾਲਾਂ ਨੂੰ ਵੀ ਨਹੀਂ ਬਖਸ਼ਦਾ। ਅਸੀਂ ਵਿਸਲਾਂ ਫੜ ਕੇ ਕਬੱਡੀ ਦਾ ਮੈਚ ਖਿਡਾ ਰਹੇ ਸਾਂ। ਕੰਵਲ ਇਕ ਧੱਕੜ ਧਾਵੀ ਦੀ ਫੇਟ ਵਿਚ ਆ ਗਿਆ ਜਿਸ ਨਾਲ ਹੌਲੇ ਫੁੱਲ ਕੰਵਲ ਦੀਆਂ ਲੋਟਣੀਆਂ ਲੱਗ ਗਈਆਂ। ਉਹਦੀ ਪੱਗ ਲਹਿ ਗਈ, ਗੁਲੂਬੰਦ ਖੁੱਲ੍ਹ ਗਿਆ, ਘੜੀ ਡਿੱਗ ਪਈ ਪਰ ਅਸ਼ਕੇ ਕੰਵਲ ਦੇ ਕਿ ਵਿਸਲ ਉਹਦੇ ਮੂੰਹ ਵਿਚ ਹੀ ਰਹੀ। ਉਸ ਨੇ ਵਿਸਲ ਵਜਾ ਕੇ ਪੁਆਇੰਟ ਦਿੱਤਾ ਤੇ ਪੱਗ ਲੱਕ ਦੁਆਲੇ ਲਪੇਟ ਕੇ ਅਗਲੀ ਕਬੱਡੀ ਪੁਆਉਣ ਲੱਗਾ। ਇਹੋ ਜਿਹਾ ਸਿਰੜ ਹੈ ਬਾਈ ਕੰਵਲ ਦਾ। ਇਹੋ ਸਿਰੜ ਉਹਤੋਂ ਸੈਂਚਰੀ ਮਰਵਾ ਸਕਦੈ!

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346