(ਉਂਕਾਰਪ੍ਰੀਤ/ਟਰਾਂਟੋ) ਟਰਾਂਟੋ ਦੇ ਸੁਹਿਰਦ ਕਹਾਣੀਕਾਰਾਂ, ਸਾ਼ਇਰਾਂ ਅਤੇ
ਚਿੰਤਕਾਂ ਨੇ ਸਾਂਝੇ ਉਪਰਾਲੇ ਨਾਲ 08 ਜੁਲਾਈ 2012 ਨੂੰ ਸੰਤ ਸਿੰਘ ਸੇਖੋਂ
ਹਾਲ ਵਿਖੇ ਇੱਕ ਜਨਤਕ ਕਹਾਣੀ ਦਰਬਾਰ ਕਰਵਾਇਆ। ਇਸ ਕਹਾਣੀ ਦਰਬਾਰ ‘ਚ
ਜਿੱਥੇ ਪੁੰਗਰਦੇ, ਸਥਾਪਿਤ ਅਤੇ ਪ੍ਰੋਢ ਕਹਾਣੀਕਾਰ ਪਹੁੰਚੇ ਓਥੇ ਪੰਜਾਬੀ
ਕਹਾਣੀ ਦੇ ਪਾਠਕ, ਚਿੰਤਕ ਅਤੇ ਹੋਰ ਸਿਨਫ਼ਾਂ ਨਾਲ ਸਬੰਧਤ ਲੇਖਕ ਵੀ
ਹੁੰਮ-ਹੁਮਾ ਕੇ ਸ਼ਾਮਿਲ ਹੋਏ।
ਪ੍ਰਧਾਨਗੀ ਮੰਡਲ ‘ਚ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਕਹਾਣੀਕਾਰ ਡਾ.
ਵਰਿਆਮ ਸਿੰਘ ਸੰਧੂ, ਸਿਰਮੌਰ ਪਰਵਾਸੀ ਕਥਾਕਾਰ ਸ: ਜਰਨੈਲ ਸਿੰਘ ਕਹਾਣੀਕਾਰ
ਦੇ ਨਾਲ ਸ: ਕਿਰਪਾਲ ਸਿੰਘ ਪੰਨੂੰ, ਰਛਪਾਲ ਕੌਰ ਗਿੱਲ ਅਤੇ ਵਕੀਲ ਸਿੰਘ
ਕਲੇਰ ਸ਼ੁਸ਼ੋਬਤ ਸਨ।
ਬਾਦ ਦੁਪਹਿਰ ਦੋ ਵਜੇ ਸ਼ੁਰੂ ਹੋਏ ਇਸ ਕਹਾਣੀ ਦਰਬਾਰ ਦਾ ਆਰੰਭ ਕਹਾਣੀਕਾਰ
ਭੁਪਿੰਦਰ ਸਿੰਘ ਨੰਦਾ ਹੁਰਾਂ ਦੀ ਕਹਾਣੀ ‘ਸਪਰਸ਼’ ਨਾਲ ਹੋਇਆ। ਕੈਨੇਡੀਅਨ
ਮਾਹੌਲ ‘ਚ ਪੰਜਾਬੀ ਜਨਮ ਭੋਂਇ ਨਾਲ ਜੁੜੇ ਸਭਿਆਚਾਰਕ ਅਤੇ ਧਾਰਮਿਕ
ਵਿਸ਼ਵਾਸਾਂ ਦੇ ਟੁੱਟ-ਭੱਜ ਦੀ ਬਾਤ ਪਾਉਂਦੀ ਇਸ ਭਾਵਪੂਰਤ ਕਹਾਣੀ ਨੇ
ਸ੍ਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।
ਅਗਲੀ ਕਹਾਣੀ ਲੈ ਕੇ ਪੇਸ਼ ਹੋਏ ਨਵੇਂ ਕਥਾਕਾਰ ਜੁਗਿੰਦਰ ਸਿੰਘ ਬਿਲਗਾ
ਜਿਹਨਾਂ ਨੇ ਅਪਣੀ ਕਹਾਣੀ ‘ਅਨਾਥ’ ਵਿੱਚ ਪੰਜਾਬ ਦੀ ਪਿੱਠਭੂਮੀ ‘ਚ ਪਤੀ
ਪਤਨੀ ਵਿਚਲੇ ਸਬੰਧਾਂ ਦੀ ਟੁੱਟ-ਭੱਜ ‘ਚ ਨਪੀੜੇ ਜਾਂਦੇ ਬੱਚਿਆਂ ਦੀ
ਮਾਨਸਿਕਤਾ ‘ਚ ਘਰ ਕਰ ਜਾਂਦੇ ਉਮਰਾਂ ਜਿੱਡੇ ਦਰਦ ਦੀ ਬਾਤ ਪਾਈ।
ਗੁਰਜਿੰਦਰ ਸਿੰਘ ਸੰਘੇੜਾ ਦੀ ਕਹਾਣੀ ‘ਗੁਸਲਖਾਨੇ ਵਰਗਾ ਘਰ’ ਇੰਗਲੈਂਡ ਦੇ
ਪੰਜਾਬੀ ਜੀਵਨ ਨੂੰ ਰੂਪਮਾਨ ਕਰਦੀ ਅਹਿਮ ਕਹਾਣੀ ਸੀ। ਪ੍ਰੌਢ ਉਮਰ ਦੇ
ਸ਼ਰਾਬੀ ਐਨ ਆਰ ਆਈ ਹੱਥੋਂ ਅਪਣੀ ਪੰਜਾਬੋਂ ਵਿਆਹ ਕੇ ਲਿਆਂਦੀ ਪਤਨੀ ਦੀ
ਅਧੋਗਤੀ ਦੀ 13 ਸਾਲ ਲੰਬੀ ਵਿਥਿਆ ਬਿਆਨਦੀ ਇਸ ਕਹਾਣੀ ਵਿਚਲੇ ਦਰਦ ਨੇ
ਪਾਠਕਾਂ ਨੂੰ ਅੰਦਰ ਤੀਕ ਝੰਜੋੜ ਕੇ ਰੱਖ ਦਿੱਤਾ।
ਲੋਕ-ਮਾਨਸਿਕਤਾ ਦੇ ਚਿਤੇਰੇ ਕਹਾਣੀਕਾਰ ਸ: ਜਰਨੈਲ ਸਿੰਘ ਗਰਚਾ ਹੁਰਾਂ ਦੀ
ਕਹਾਣੀ ‘ਲੁੱਟ-ਖਸੁੱਟ’ ਅਗਲੀ ਕਹਾਣੀ ਵਜੋਂ ਪੇਸ਼ ਹੋਈ। ਗਰਚਾ ਜੀ ਨੇ ਅਪਣੀ
ਯਥਾਰਥਕ ਧਰਾਤਲੀ ਕਥਾ ਨੂੰ ਅਪਣੀ ਵਿਲੱਖਣ ਪੇਸ਼ਕਾਰੀ ਨਾਲ ਹੋਰ ਵੀ ਰੌਚਕ
ਬਣਾ ਦਿੱਤਾ। ਕਹਾਣੀ ਵਿੱਚ ਪੇਸ਼ ਪਤੀ ਪਤਨੀ ਅਤੇ ਪ੍ਰੇਮ ਦੇ ਪਵਿੱਤਰ
ਸਬੰਧਾਂ ਦੀ ਲੁੱਟ-ਖਸੁੱਟ ਨੂੰ ਸਿ਼ੱਦਤ ਨਾਲ ਮਹਿਸੂ ਕਰਾਂਉਂਦੀ ਇਸ ਕਹਾਣੀ
ਨੇ ਉਹਨਾਂ ਧੋਖੇਬਾਜ਼ ਲਾੜਿਆ ਦੇ ਬਖੀਏ ਉਧੇੜੇ ਜੋ ਅਪਣੀ ਐਨ ਆਰ ਆਈ
ਹੈਸੀਅਤ ਦੀ ਆੜ ‘ਚ ਪੰਜਾਬ ਜਾ ਕੇ ਅਣਭੋਲ ਲੜਕੀਆਂ ਨੂੰ ਅਪਣੀ ਹਵਸ ਦਾ
ਸਿ਼ਕਾਰ ਬਣਾਉਂਦੇ ਹਨ।
ਚਾਹ-ਸਮੋਸੇ ਅਤੇ ਮਿਠਾਈ ਦੇ ਸਵਾਦੀ ਵਕਫ਼ੇ ਤੋਂ ਬਾਅਦ ਤਰੋ-ਤਾਜ਼ਾ ਹੋ ਕੇ
ਕਹਾਣੀ ਦਰਬਾਰ ਮੁੜ ਜੁੜਿਆ। ਐਤਕਾਂ ਕਹਾਣੀ ਲੈ ਕੇ ਪੇਸ਼ ਹੋਏ ਨਵੇਂ ਨਵੇਂ
ਪੰਜਾਬੋ ਆਏ ਨਿੱਕੀ ਕਹਾਣੀ ਦੇ ਹਸਤਾਖਰ ਸ੍ਰੀ ਮੰਢਾਰ ਕਰਤਾਰਵੀ, ਜਿਹਨਾਂ
ਅਪਣੀ ਕਹਾਣੀ ‘ਕਾਰਡ’ ਪੇਸ਼ ਕੀਤੀ। ਪੀ ਆਰ ਕਾਰਡ ਨੂੰ ਰਿਸ਼ਤਿਆਂ ਤੋਂ
ਕੁਰਬਾਨ ਕਰਨ ਵਾਲੇ ਦੇ ਪੀਲੇ ਕਾਰਡ ਤੀਕ ਪੁੱਜਦੇ ਦੁਖਦਾਈ ਸਫ਼ਰ ਦੀ
ਮੁਕੰਮਲ ਕਥਾ ਇਸ ਕਹਾਣੀ ਨੇ ਕੁਝ ਹੀ ਲਾਈਨਾਂ ‘ਚ ਪੇਸ਼ ਕਰ ਦਿੱਤੀ।
ਹੋਣਹਾਰ ਨੌਜਵਾਨ ਲੇਖਿਕਾ ਲਿਵੀਨ ਕੌਰ ਗਿੱਲ ਨੇ ਕਹਾਣੀ ‘ਗਣੇਸ਼’ ਪੇਸ਼
ਕੀਤੀ। ਬਾਲ-ਮਜ਼ਦੂਰੀ ਦੇ ਵਿਸ਼ੇ ਤੇ ਕੇਂਦਰਿਤ ਇਸ ਅਹਿਮ ਪ੍ਰਗਤੀਸ਼ੀਲ
ਕਹਾਣੀ ਦੀ ਦਿਲ-ਟੁੰਬਵੀਂ ਕਥਾ ਅਤੇ ਇਸਦੇ ਅੰਤ੍ਰੀਵ ਚੋਂ ਉਗਮਦੇ ਡੂੰਘੇ
ਮਨੁੱਖੀ ਅਹਿਸਾਸਾਂ ਨੇ ਪਾਠਕਾਂ ਤੋਂ ਭਰਪੂਰ ਸੇਜਲ-ਅੱਖੀ ਦਾਦ ਲਈ।
ਪ੍ਰੋਫੈਸਰ ਸਾਧਾ ਸਿੰਘ ਵੜੈਚ ਹੁਰਾਂ ਦੀ ਕਹਾਣੀ ‘ਕਰਕ ਕਲੇਜੇ ਮਾਹਿ’
ਕਹਾਣੀ ਦਰਬਾਰ ਨੂੰ ਦੋਹਾਂ ਪੰਜਾਬਾਂ ਦੀ ਵੰਡ ਦੇ ਦੁਖਦਾਈ ਸਮੇਂ ਵਿੱਚ ਲੈ
ਗਈ। ਮੁਲਤਾਨੀ ਖਜੂਰਾਂ ਲਈ ਤਰਸਦੇ ਅਤੇ ਉਹਨਾਂ ਦੀ ਮਿਠਾਸ ਨੂੰ ਜੀਂਦੇ ਜੀਅ
ਮੁੜ ਪ੍ਰਾਪਤ ਕਰਨਾ ਲੋੜਦੇ ਮਨ ਦੀ ਖੁਬਸੂਰਤ ਤਰਜ਼ਮਾਨੀ ਨਾਲ ਇਸ ਕਹਾਣੀ ਨੇ
ਸਮੁੱਚੇ ਪੰਜਾਬੀਆਂ ਦੀ ਖੁੱਸੀ ਮਿੱਠੀ-ਸਾਂਝ ਦੇ ਦਰਦ ਨੂੰ ਇਉਂ ਬਿਆਨਿਆ ਕਿ
ਸ੍ਰੋਤਾ-ਮਨ ਭਾਵੁਕਤਾ ‘ਚ ਵਹਿ ਤੁਰੇ।
ਕਹਾਣੀ ਦਰਬਾਰ ਨੂੰ ਸਿਖ਼ਰ ਤੇ ਪੁਜਾਇਆ ਪਰਵਾਸੀ ਪੰਜਾਬੀ ਕਹਾਣੀ ‘ਚ ਤੇਜ਼ੀ
ਨਾਲ ਉੱਭਰ ਰਹੀ ਅਹਿਮ ਕਹਾਣੀਕਾਰਾ ਰਛਪਾਲ ਕੌਰ ਗਿੱਲ ਹੁਰਾਂ ਦੀ ਕਹਾਣੀ
‘ਬੌਣੇ’ ਨੇ। ਕਹਾਣੀ ਨੇ ਜਿੱਥੇ ਸਾਹਿਤ ਅਤੇ ਕਲਾ ਦੇ ਮਖੌਟੇ ਪਾ ਕੇ
ਸਵੈ-ਪ੍ਰਮੋਸ਼ਨ ਹਿਤ ਦਿੱਤੇ-ਲਏ ਜਾਂਦੇ ਸਨਮਾਨਾਂ ਦੇ ਅਹਿਮ ਮੁੱਦੇ ਨੂੰ
ਛੋਹਿਆ ਓਥੇ ਇਸ ਬਾਰੇ ਕੈਨੇਡੀਅਨ ਜੰਮਪਲ ਬੱਚਿਆਂ ਦੇ ਦ੍ਰਿਸ਼ਟੀਕੋਣ ਦਾ ਇਸ
ਬਾਰੇ ਇਕ ਅਹਿਮ ਵਰਕਾ ਫਰੋਲਿਆ।
ਇਸ ਕਹਾਣੀ ਦਰਬਾਰ ‘ਚ ਪੇਸ਼ ਹਰ ਕਹਾਣੀ ਉਪਰੰਤ ਸਿਰਮੌਰ ਪਰਵਾਸੀ ਕਥਾਕਾਰ
ਜਰਨੈਲ ਸਿੰਘ ਹੁਰਾਂ ਨੇ ਬਹਿਸ ਦਾ ਆਰੰਭ ਕੀਤਾ। ਕਹਾਣੀ ‘ਸਪਰਸ’਼ ਬਾਰੇ
ਉਹਨਾਂ ਕਿਹਾ ਕਿ ਇਹ ਕਹਾਣੀ ਇਕਹਿਰੀ ਹੈ ਅਤੇ ਇਸ ਵਿੱਚ ਪਾਤਰ ਦੇ ਅੰਤ੍ਰੀਵ
ਦਵੰਦ ਨੂੰ ਉਸਾਰਨ ‘ਚ ਉਣਤਾਈ ਮਹਿਸੂਸ ਹੁੰਦੀ ਹੈ। ਕਹਾਣੀ ‘ਚ ਰੇਸਇਜ਼ਮ
ਬਾਰੇ ਕਈ ਅਹਿਮ ਪੱਖ ਅਣਕਿਹੇ ਹਨ। ‘ਅਨਾਥ’ ਕਹਾਣੀ ਨੂੰ ਉਹਨਾਂ ਛੋਟੀ ਪਰ
ਜਟਿਲ ਰਚਨਾ ਦੱਸਿਆ ਪਤੀ ਪਤਨੀ ਦੇ ਟਕਰਾਅ ਨੂੰ ਇਸ ਕਹਾਣੀ ‘ਚ ਵਧੀਆ
ਨਿਭਾਇਆ ਗਿਆ ਹੈ ਅਤੇ ਕਥਨਿਕ ਦੀ ਵਾਜਬੀਅਤ ਬਾਖੂਬੀ ਮਹਿਸੂਸ ਹੁੰਦੀ ਹੈ।
‘ਗੁਸਲਖਾਨੇ ਵਰਗਾ ਘਰ’ ਬਾਰੇ ਉਹਨਾਂ ਇਸਨੂੰ ਸਪੱਸ਼ਟ ਅੰਦਾਜ਼-ਏ-ਬਿਆਂ
ਵਾਲੀ, ਫਲੈਸ਼-ਬੈਕ ਵਿਧੀ ਦੀ ਵਧੀਆ ਵਰਤੋਂ ਵਾਲੀ ਕਿਹਾ। ਕਹਾਣੀ ਦੀ ਪਾਤਰ
ਸਿਮਰ ਨੂੰ ਉਹਨਾਂ ਹੋਰ ਉਸਾਰਨ ਦੀ ਲੋੜ ਬਾਰੇ ਦੱਸਿਆ। ਕਹਾਣੀ
‘ਲੁੱਟ-ਖਸੁੱਟ’ ਨੂੰ ਉਹਨਾਂ ਨੇ ਇਨਸਾਨੀ ਕਦਰਾਂ ਕੀਮਤਾਂ ‘ਚ ਆ ਰਹੀ ਵੱਡੀ
ਗਿਰਵਾਟ ਦੇ ਭਖ਼ਵੇਂ ਮਸਲੇ ਨੂੰ ਬਿਆਨਦੀ ਅਹਿਮ ਕਹਾਣੀ ਕਿਹਾ। ਉਹਨਾਂ
ਅਨੁਸਾਰ ਇਸ ਕਹਾਣੀ ਦਾ ਅੰਤ ਕੁਝ ਲਟਕ ਗਿਆ ਹੈ।ਕਰਤਾਰਵੀ ਦੀ ਕਹਾਣੀ
‘ਕਾਰਡ’ ਨੂੰ ਉਹਨਾਂ ਝੱਟਪਟੀ ਅੰਦਾਜ਼ ਵਾਲੀ ਮਿੰਨੀ ਕਹਾਣੀ ਦੱਸਿਆ ਜੋ ਕਿ
ਥੋੜੇ ਲਫ਼ਜ਼ਾਂ ‘ਚ ਪੈਸੇ/ਗਰਜ਼ਾਂ ਦਾ ਕਦਰਾਂ ਕੀਮਤਾਂ ਤੇ ਪਿਆ ਡੂੰਘਾ
ਪ੍ਰਭਾਵ ਬਿਆਨਦੀ ਹੈ। ਕਹਾਣੀ ‘ਗਣੇਸ਼’ ਬਾਰੇ ਵਿਚਾਰ-ਆਰੰਭ ਕਰਦਿਆਂ ਉਹਨਾਂ
ਇਸਨੂੰ ਪਾਤਰ ਦੇ ਮਨ ‘ਚ ਝਾਤ ਪੁਆਉਂਦੀ ਅਤੇ ਛੋਟੀ ਜਿਹੀ ਗੱਲ ਤੋਂ ਬਹੁਤ
ਵੱਡੀ ਗੱਲ ਉਸਾਰਦੀ ਸਫ਼ਲ ਕਹਾਣੀ ਕਿਹਾ। ‘ਕਰਕ ਕਲੇਜੇ ਮਾਹਿ’ ਕਹਾਣੀ ਨੂੰ
ਉਹਨਾਂ ਜਨਮ ਭੋਂਇ ਦੇ ਦਰਦ ਨੂੰ ਪ੍ਰਭਾਵਸ਼ਾਲੀ ਲਹਿਜ਼ੇ ‘ਚ ਪੇਸ਼ ਕਰਦੀ
ਕਹਾਣੀ ਕਿਹਾ ਜਿਸ ‘ਚ ਮੁਲਤਾਨੀ ਭਾਸ਼ਾ ‘ਚ ਪੇਸ਼ ਡਾਇਲਾਗ ਕਹਾਣੀ ਦੀ
ਵਿਸ਼ੇਸ਼ਤਾ ਹਨ। ਮੁੱਖ ਪਾਤਰ ਦੇ ਤਿੰਨ ਚਾਰ ਵਿਆਹਾਂ ਵਾਲੀ ਗੱਲ ਨੂੰ
ਉਹਨਾਂ ਹੋਰ ਖੋਲ੍ਹਣ ਦੀ ਲੋੜ ਤੇ ਜ਼ੋਰ ਦਿੱਤਾ। ਰਛਪਾਲ ਗਿੱਲ ਹੁਰਾਂ ਦੀ
ਕਹਾਣੀ ‘ਬੌਣੇ’ ਨੂੰ ਉਹਨਾਂ ਮਨੁੱਖ ਦੀ ਅਜੋਕੀ ਸੋਚ ਦੀ ਜਟਿਲਤਾ ਨੂੰ
ਬਿਆਨਣ ਵਾਲੀ ਦੱਸਦਿਆਂ ਕਿਹਾ ਕਿ ਕਹਾਣੀ ਵਿਚਲੀਆਂ ਤਿੰਨੇ ਘਟਨਾਵਾਂ
ਬਾਖੂਬੀ ਨਾਲ ਬੌਣੇਪਨ ਦੀ ਬਾਤ ਪਾਉਂਦੀਆਂ ਹਨ।
ਕਹਾਣੀਆਂ ਉਪਰ ਹੋਈ ਬਹਿਸ ਦੌਰਾਨ ਹਾਜ਼ਰ ਲੇਖਕਾਂ, ਚਿੰਤਕਾਂ ਅਤੇ ਕਹਾਣੀ
ਪਾਠਕਾਂ ਨੇ ਕਹਾਣੀ ਬਾਰੇ ਕਈ ਅਹਿਮ ਮੁੱਦੇ ਉਭਾਰੇ ਜਿਵੇਂ ਕਿ ਕਹਾਣੀਕਾਰ
ਦੀ ਕਲਾਤਮਿਕਤਾ ਪੱਧਰ ਨਾਲ ਸੱਚੀ ਕਹਾਣੀ ਵੀ ਝੂਠੀ ਲੱਗ ਸਕਦੀ ਹੈ ਅਤੇ
ਝੂਠੀ ਕਹਾਣੀ ਵੀ ਸੱਚੀ। ਨਿੱਕੀ ਕਹਾਣੀ ‘ਚ ਵੀ ਵੱਡਾ ਮੈਸਜ਼ ਹੋ ਸਕਦਾ
ਹੈ।ਕਹਾਣੀ ਦੀ ਕਥਾਨਿਕਤਾ ਦੀ ਸਫਲ ਉਸਾਰੀ ਸਹਿਜਤਾ ਨਾਲ ਹੀ ਸੰਭਵ ਹੈ।
ਵਧੀਆ ਕਹਾਣੀ ਲਿਖਣ ਲਈ ਵਧੀਆ ਕਹਾਣੀਆਂ ਅਤੇ ਸਾਹਿਤ ਨੂੰ ਪੜ੍ਹਨ ਦੀ ਲੋੜ
ਹੈ। ਕਹਾਣੀ ਜੇਕਰ ਵਰਨਣ ਦੀ ਬਜਾਏ ਵਾਪਰ ਰਹੇ ਕਥਾਨਿਕ ਵਾਲੀ ਹੋਵੇ ਤਾਂ
ਵਧੇਰੇ ਪ੍ਰਭਾਵ ਛੱਡਦੀ ਹੈ ਅਤੇ ਪਾਠਕ ਮਨ ਨੂੰ ਜੋੜਨ ਲਈ ਜਿਆਦਾ ਸਮਰੱਥ ਹੋ
ਸਕਦੀ ਹੈ।
ਹਰੇਕ ਕਹਾਣੀ ਉੱਪਰ ਹੋਈ ਬਹਿਸ ਬਾਰੇ ਕੁੰਜੀਵਤ ਵਿਚਾਰ ਕਹਾਣੀਕਾਰ ਡਾ.
ਵਰਿਆਮ ਸਿੰਘ ਸੰਧੂ ਹੁਰਾਂ ਨੇ ਪੇਸ਼ ਕੀਤੇ। ਵੱਖੋ ਵੱਖ ਕਹਾਣੀਆਂ ਬਾਰੇ
ਬੋਲਦਿਆਂ ਉਹਨਾਂ ਨੇ ਜਿੱਥੇ ਕਹਾਣੀ ਬਾਰੇ ਅਪਣੀ ਵੱਡਮੁੱਲੀ ਰਾਇ ਦਿੱਤੀ
ਓਥੇ ਸਮੁੱਚੀ ਕਹਾਣੀ ਕਲਾ ਦੇ ਸੰਦਰਭ ‘ਚ ਅਹਿਮ ਨੁਕਤੇ ਵੀ ਸਾਂਝੇ ਕੀਤੇ।
ਉਹਨਾਂ ਕਿਹ ਕਿ, ਕਹਾਣੀ ਦੇ ਵੱਡੇ ਜਾਂ ਛੋਟੇ ਆਕਾਰ ਦੀ ਗੱਲ ਬਾਅਦ ਦੀ ਹੈ
ਪਹਿਲੀ ਅਤੇ ਵਿਸ਼ੇਸ਼ ਗੱਲ ਇਹ ਹੈ ਕਿ ‘ਰਚਨਾ ਰਚਨਾ’ ਹੋਵੇ। ਕੁਝ ਕਹਾਣੀਆਂ
ਤੇ ਹੋਈ ਬਹਿਸ ਤੋਂ ਪ੍ਰਭਾਵ ਲੈ ਕੇ ਉਹਨਾਂ ਸਮੂਹ ਕਹਾਣੀਕਾਰਾਂ ਨੂੰ ਅਪੀਲ
ਕੀਤੀ ਕਿ ਸਾਨੂੰ ਕਹਾਣੀ ਉੱਤੇ ਮਿਲਣ ਵਾਲੀ ਰਾਇ ਨੂੰ ਸੁਹਿਰਦ ਭਾਵ ਨਾਲ
ਪ੍ਰਵਾਨ ਕਰਨਾ ਚਾਹੀਦਾ ਹੈ ਬਜਾਇ ਇਸਦੇ ਕਿ ਅਸੀਂ ਉਤੇਜਿਤ ਹੋਈਏ ਜਾਂ
ਨਾਰਾਜ਼ਗੀ ‘ਚ ਆ ਜਾਈਏ। ਉਹਨਾਂ ਕਿਹਾ ਕਿ ਤਕਨੀਕ ਨੂੰ ਯੋਗਤਾ ਨਾਲ ਵਰਤਦੇ
ਹੀ ਕਹਾਣੀ ਉਸਰਦੀ ਹੈ। ਫੈਂਟਸੀ ਦੀ ਵਿਧਾ ਵਾਲੀ ਸਫਲ ਕਹਾਣੀ ਵਿਚਲਾ
ਦ੍ਰਿਸ਼ ਭਾਵੇਂ ਯਥਾਰਥਿਕ ਨਹੀਂ ਵੀ ਹੁੰਦਾ ਪਰ ਇਸ ਵਿਚਲਾ ਸੁਨੇਹਾ ਜ਼ਰੂਰ
ਯਥਾਰਥਕ ਹੁੰਦਾ ਹੈ। ਆਮ ਲੋਕਾਂ ਪ੍ਰਤੀ ਸਾਡੀ ਸੁੱਤੀ ਪਈ ਸੰਵੇਦਨਾ ਨੂੰ
ਜਗਾਉਣ ਦਾ ਕਲਾਤਮਿਕ ਯਤਨ ਕਿਸੇ ਕਹਾਣੀ ਦੀ ਸਫ਼ਲਤਾ ਦਾ ਜ਼ਰੂਰੀ ਤੱਤ
ਹੈ।ਸਾਹਿਤਕ ਰਚਨਾ ਉਦੋਂ ਹੀ ਅਸਲ ਸਾਹਿਤਕ ਹੈ ਜਦ ਉਹ ਪਾਠਕ ਮਨ ‘ਚ
ਜਿ਼ੰਦਗੀ ਬਾਰੇ ਕੋਈ ਬੌਧਿਕ-ਲਿਸ਼ਕ ਪੈਦਾ ਕਰਦੀ ਹੈ।ਕਥਾਕਾਰ ਅਤੇ ਗਲਪ ਦਾ
ਮੂਲ ਮਕਸਦ ਕਲਾਤਮਿਕ ਬਿਆਨ ਕਰਨਾ ਹੈ ਕਿ ਕਿਵੇਂ ਝੂਠ ਸੱਚ ਅਤੇ ਸੱਚ ਝੂਠ
ਬਣ ਜਾਂਦਾ ਹੈ। ਫਲੈਸ਼ ਬੈਕ ਵਿਧੀ ਕਹਾਣੀ ਤੋਂ ਬਾਹਰਲੇ ਵਿਸਥਾਰ ਨੂੰ
ਕਲਾਤਮਿਕਤਾ ਨਾਲ ਸਾਂਭਣ ਦਾ ਪ੍ਰਭਾਵਸ਼ਾਲੀ ਸਾਧਨ ਹੈ। ਲੇਖਕ ਦੀ ਲਿਖਤ ਜੇ
ਵੱਡੀ ਹੋਵੇ ਤਾਂ ਉਸਦਾ ਅਪਣਾ ਕਿਰਦਾਰ ਵੀ ਵੱਡਾ ਹੋਣਾ ਚਾਹੀਦਾ ਹੈ।ਅੱਜ ਦੇ
ਯੁੱਗ ‘ਚ ਲੇਖਕ ਦੇ ਕਿਰਦਾਰ ਅਤੇ ਵਿਚਾਰ ਵਿਚਲੇ ਵੱਧ ਰਹੇ ਪਾੜੇ ਨੂੰ
ਕਹਾਣੀਆਂ ਦਾ ਵਿਸ਼ਾ ਬਣਾਉਣ ਦੀ ਅਹਿਮ ਲੋੜ ਹੈ। ਇਸ ਸੰਦਰਭ ‘ਚ ਉਹਨਾਂ ਇੱਕ
ਅਹਿਮ ਸਵਾਲ ਸਰੋਤਿਆਂ ਸਾਹਵੇਂ ਰੱਖਦਿਆਂ ਕਿਹਾ ਕਿ ਅੱਜ ਲੋੜ ਹੈ ਕਿ
ਅਪਣੀਆਂ ਲਿਖਤਾਂ ਰਾਹੀਂ ਨਿਸ਼ਾਨਦੇਹੀ ਕਰੀਏ ਕਿ ਉਹ ਸਨਮਾਨ ਦੇਣ ਵਾਲੇ
‘ਸ਼ਖ਼ਸ’ ਕੌਣ ਹਨ ਜੋ ‘ਖਾ-ਪੀ’ ਕੇ ਰਚਨਾ ਨੂੰ ਵੱਡਾ ਬਣਾਉਣ ਤੇ ਤੁਲੇ ਹੋਏ
ਹਨ ਅਤੇ ਆਮ ਲੇਖਕ ਅਪਣੀ ਸਵੈ-ਪ੍ਰਸੰਸਾਂ ਦੀ ਫੋਕੀ ਦੌੜ ਹਿਤ ਅਜਿਹੇ
ਆਲੋਚਕਾਂ ਅਤੇ ਸਨਮਾਨ-ਕਰਨੇ ਅਦਾਰਿਆਂ ਨੂੰ ਹੱਲਾਸ਼ੇਰੀ ਦੇ ਰਹੇ ਹਨ।
ਕਹਾਣੀਆਂ ਉੱਤੇ ਹੋਏ ਵਿਚਾਰ ਵਟਾਂਦਰੇ ‘ਚ ਸ: ਕਿਰਪਾਲ ਸਿੰਘ ਪੰਨੂੰ,
ਸੁਦਾਗਰ ਬਰਾੜ ਲੰਡੇ, ਵਕੀਲ ਕਲੇਰ, ਪ੍ਰਿੰ: ਬਲਕਾਰ ਸਿੰਘ ਬਾਜਵਾ, ਇਕਬਾਲ
ਰਾਮੂੰਵਾਲੀਆ, ਮਨਦੀਪ ਔਜਲਾ, ਰਾਜਪਾਲ ਹੋਠੀ, ਮਦਨ ਸਿੰਘ ਬੰਗਾ, ਸ: ਤੇਜਾ
ਸਿੰਘ, ਅਜੀਤ ਰੱਖੜਾ, ਅਜੀਤ ਢੱਡਾ, ਕੁਲਬੀਰ ਬਾਜਵਾ, ਰਾਵਿੰਦਰ ਕੌਰ,
ਪ੍ਰਤੀਕ ਸਿੰਘ, ਅਤੇ ਕੁਲਵਿੰਦਰ ਖਹਿਰਾ ਨੇ ਖਾਸ ਤੌਰ ਤੇ ਭਾਗ ਲਿਆ। ਲੱਗਭਗ
7 ਘੰਟੇ ਚੱਲੇ ਇਸ ਕਹਾਣੀ ਦਰਬਾਰ ਦੌਰਾਨ ਸਟੇਜ ਸਕੱਤਰ ਦੀ ਜਿ਼ੰਮੇਵਾਰੀ
ਉਂਕਾਰਪ੍ਰੀਤ ਨੇ ਨਿਭਾਈ।

-0-
|