Welcome to Seerat.ca
Welcome to Seerat.ca

ਜੀਵਨ-ਜਾਚ/‘ਬੀਬੀਆਂ’ ਤੋਂ ਕਿਵੇਂ ਬਚਾਇਆ ‘ਬੀਬੀਆਂ’ ਨੇ?

 

- ਸੋਹਣ ਸਿੰਘ ਸੀਤਲ

ਮੇਰਾ ਪਿੰਡ ਅਤੇ ਮੇਰੀ ਮਾਂ

 

- ਅਮੀਨ ਮਲਿਕ

ਮਹਿਕ ਰੋਟੀਆਂ ਦੀ ਬੋ ਲਾਸ਼ਾਂ ਦੀ

 

- ਜਗਦੀਸ਼ ਸਿੰਘ ਵਰਿਆਮ

ਸੱਭਿਅਕ ਖੇਤਰ ਵਿੱਚ ਇੱਕ ਅਸੱਭਿਅਕ ਦਹਿਸ਼ਤਗਰਦ

 

- ਬਲਵਿੰਦਰ ਗਰੇਵਾਲ

ਦਿਲ ਵਾਲਾ ਦੁਖੜਾ

 

- ਜਸਵੰਤ ਸਿੰਘ ਘਰਿੰਡਾ

ਮੇਰੀ ਆਤਮ-ਕਥਾ / ਅਸੀਂ ਵੀ ਜੀਵਣ ਆਏ

 

- ਕੁਲਵਿੰਦਰ ਖਹਿਰਾ

(ਸ੍ਵੈਜੀਵਨੀ, ਭਾਗ-2, 'ਬਰਫ਼ ਵਿੱਚ ਉਗਦਿਆਂ' ਦਾ ਆਖ਼ਰੀ ਕਾਂਡ) / ਕੁਹਾੜਾ

 

- ਇਕਬਾਲ ਰਾਮੂਵਾਲੀਆ

ਚੇਤੇ ਦੀ ਚਿੰਗਾਰੀ-1 ਸਿਮ੍ਰਿਤੀਆਂ ਦੇ ਝਰੋਖੇ ’ਚੋਂ / ਢਾਕਾ ਫਾਲ

 

- ਚਰਨਜੀਤ ਸਿੰਘ ਪੰਨੂੰ

ਕਹਾਣੀ / ਬੀ ਐਨ ਇੰਗਲਿਸ਼ ਮੈਨ ਬਡੀ

 

- ਹਰਜੀਤ ਗਰੇਵਾਲ

‘ਭਾਅ ਜੀ ਇਹ ਕਨੇਡਾ ਐ ਕਨੇਡਾ’

 

- ਵਕੀਲ ਕਲੇਰ

ਗੁਰ-ਕਿਰਪਾਨ

 

- ਉਂਕਾਰਪ੍ਰੀਤ

ਯੂਟਾ ਦੇ ਪਹਾੜੀ ਅਚੰਭੇ

 

- ਚਰਨਜੀਤ ਸਿੰਘ ਪੰਨੂੰ

ਛੰਦ ਪਰਾਗੇ ਤੇ ਦੋ ਕਵਿਤਾਵਾਂ

 

- ਗੁਰਨਾਮ ਢਿੱਲੋਂ

ਪੰਜਾਬੀ ਨਾਵਲ ਦਾ ਪਿਤਾਮਾ -ਨਾਨਕ ਸਿੰਘ

 

- ਅਮਰਜੀਤ ਟਾਂਡਾ

ਵਿਵਰਜਿਤ ਰੁੱਤ ਦੀ ਗੱਲ

 

- ਬਲਵਿੰਦਰ ਬਰਾੜ

ਟੈਕਸੀਨਾਮਾ - 8  / "ਵੱਖਰੀ ਪਹਿਚਾਣ ਦਾ ਅਹਿਸਾਸ "

 

- ਬਿਕਰਮਜੀਤ ਸਿੰਘ ਮੱਟਰਾਂ

ਇੱਛਾ ਸ਼ਕਤੀ ਬਨਾਮ ਨੌਜੁਆਨ ਪੀੜ੍ਹੀ ਦਾ ਤਨਾਅ !

 

- ਗੁਰਬਾਜ ਸਿੰਘ

ਕਲਾ ਦੀ ਬੇਵਸੀ ਦਾ ਬਿਆਨ - ਪਾਣੀ ਦਾ ਹਾਸ਼ੀਆ

 

- ਉਂਕਾਰਪ੍ਰੀਤ

ਪੁਸਤੱਕ ਰਵਿਊ / ਤੇਰੇ ਬਗੈਰ

 

- ਸੰਤੋਖ ਸਿੰਘ ਸੰਤੋਖ

ਇਹ ਦੁਨੀਆਂ

 

- ਮਲਕੀਅਤ ਸਿੰਘ “ਸੁਹਲ”

ਪੰਜਾਬੀ ਵਾਰਤਕ ਦਾ ਉੱਚਾ ਬੁਰਜ

 

- ਵਰਿਆਮ ਸਿੰਘ ਸੰਧੂ

‘ਇਹੁ ਜਨਮੁ ਤੁਮਹਾਰੇ ਲੇਖੇ‘ ਨੂੰ ਅੰਮ੍ਰਿਤਾ ਪ੍ਰੀਤਮ ਵਿਰੁੱਧ ‘ਮੁਕੱਦਮੇ‘ ਦੇ ਹਾਰ ਪੜ੍ਹਦਿਆਂ

 

- ਗੁਰਦਿਆਲ ਸਿੰਘ ਬੱਲ

ਦੋ ਕਵਿਤਾਵਾਂ

 

- ਸਵਰਣ ਬੈਂਸ

ਨਾਵਲ ਅੰਸ਼ / ਰੂਸ ਵਲ ਦੋਸਤੀ ਦਾ ਹੱਥ

 

- ਹਰਜੀਤ ਅਟਵਾਲ

 

Online Punjabi Magazine Seerat


‘ਇਹੁ ਜਨਮੁ ਤੁਮਹਾਰੇ ਲੇਖੇ‘ ਨੂੰ ਅੰਮ੍ਰਿਤਾ ਪ੍ਰੀਤਮ ਵਿਰੁੱਧ ‘ਮੁਕੱਦਮੇ‘ ਦੇ ਹਾਰ ਪੜ੍ਹਦਿਆਂ
- ਗੁਰਦਿਆਲ ਸਿੰਘ ਬੱਲ
 

 

‘ਇਹੁ ਜਨਮੁ ਤੁਮਹਾਰੇ ਲੇਖੇ‘ ਨੂੰ ਅੰਮ੍ਰਿਤਾ ਪ੍ਰੀਤਮ ਵਿਰੁੱਧ ‘ਮੁਕੱਦਮੇ‘ ਦੇ ਹਾਰ ਪੜ੍ਹਦਿਆਂ
ਗੁਰਦਿਆਲ ਸਿੰਘ ਬੱਲ
ਸ਼ਨਿਚਰਵਾਰ ਛੁੱਟੀ ਦਾ ਦਿਨ ਹੈ।ਸਿਰ ‘ਚ ਮਾੜਾ-ਮਾੜਾ ਦਰਦ ਹੋ ਰਿਹਾ ਹੈ - ਚਾਹ ਪੀਤਿਆਂ ਗੱਲ ਬਣੀ ਨਹੀਂ ਹੈ। ਸ਼ਾਇਦ ਬਲੱਡ ਪ੍ਰੈਸ਼ਰ ਦਾ ਚੱਕਰ ਹੋਵੇ। ਭੁੱਲਰ ਸਾਹਿਬ ਵੱਲੋਂ ਪੰਜਾਬੀ ਦੀ ਸਿਰਮੌਰ ਸ਼ਾਇਰਾ ਅਤੇ ਯੁੱਗ ਸ਼ਖ਼ਸੀਅਤ ਅੰਮ੍ਰਿਤਾ ਪ੍ਰੀਤਮ ਨੂੰ ਕਟਹਿਰੇ ਵਿੱਚ ਖੜਾ ਕਰਕੇ ‘ਇਹੁ ਜਨਮੁ ਤੁਮਹਾਰੇ ਲੇਖੇ‘ ਉਨਵਾਨ ਹੇਠ ਲਿਖਿਆ ਗ੍ਰੰਥ ਨੁਮਾ ਨਾਵਲ ਸਾਹਮਣੇ ਪਿਆ ਹੈ - ਅਜੇ ਕੱਲ੍ਹ ਸ਼ਾਮੀ ਹੀ ਖ਼ਤਮ ਕੀਤਾ ਹੈ। ਸਕੇ ਭਰਾਵਾਂ ਤੋਂ ਵੀ ਪਿਆਰੇ ਮਿੱਤਰ ਕਰਮਜੀਤ ਸਿੰਘ ਦਾ ਅਚਾਨਕ ਹੀ ਫ਼ੋਨ ਆ ਗਿਆ ਹੈ।(ਪਿਛਲੇ ਡੇਢ ਮਹੀਨੇ ਦੌਰਾਨ ਅਨੇਕਾਂ ਵਾਰ ਘੰਟੀ ਖੜਕਾਉਣ ਦੇ ਬਾਵਜੂਦ ਉਸਨੇ ਹੁੰਗਾਰਾ ਭਰਿਆ ਨਹੀਂ ਸੀ।) ਅਚਾਨਕ ਬਾਈ ਜੀ ਦੀ ਅਵਾਜ਼ ਸੁਣ ਕੇ ਮਨ ਚਾਅ ਨਾਲ ਭਰ ਗਿਆ ਹੈ। ਤੇ ਕੋਈ ਵੀ ਦੁੱਖ-ਸੁੱਖ ਪੁੱਛਣ ਜਾਂ ਦੱਸਣ ਦੇ ਚੱਕਰ ਵਿੱਚ ਪੈਣ ਤੋਂ ਪਹਿਲਾਂ ਉਸ ਦੇ ਸ਼ਬਦ ਹਨ “ਗੁਰਦਿਆਲ, ਉਹ ਨਾਵਲ ਤੂੰ ਪੜ੍ਹ ਲਿਆ ਹੈ?” ਮੈਨੂੰ ਪਤਾ ਹੈ ਕਿ ਸੰਕੇਤ ਕਿਸ ਨਾਵਲ ਵੱਲ ਹੈ। ਪਰ ਫਿਰ ਵੀ ਮੈਂ ਉਸਨੂੰ ਮੋੜਵਾਂ ਸਵਾਲ ਜਦੋਂ ਕਰਦਾ ਹਾਂ ਤਾਂ ਉਸਦਾ ਕਹਿਣਾ ਹੈ ਕਿ ਤੈਨੂੰ ਪਤਾ ਹੀ ਹੈ ਮੈਨੂੰ ਕਿਉਂ ਪੁੱਛਦਾ ਹੈਂ? ਕਰਮਜੀਤ ਦਾ ਕਹਿਣਾ ਹੈ, ਕਿ ਨਾਵਲ ਬਾਰੇ ਉਸਦਾ ਲਿਖਣ ਨੂੰ ਜੀਅ ਕਰਦਾ ਹੈ। ਪਰ ਇਹ ਗੱਲ ਵਿੱਚੇ ਹੀ ਛੱਡ ਕੇ ਉਹ ਕਹਿਣ ਲਗਦਾ ਹੈ ਕਿ ਪਹਿਲਾਂ ਉਸ ਬਾਰੇ ਮੈਂ ਲਿਖਾਂ; ਜਲਦੀ ਲਿਖਾਂ ਅਤੇ ਸਭ ਤੋਂ ਪਹਿਲਾਂ ਭੇਜਾਂ ਵੀ ਉਸਨੂੰ ਹੀ।
3

ਕੱਲ੍ਹ ਦਾ ਪੂਰਾ ਦਿਨ ਲੰਘ ਗਿਆ। ਅੱਜ ਐਤਵਾਰ ਹੈ ਪਿੰਡ ਆਪਣੇ ਭਰਾ ਛਿੰਦਾ ਸਿੰਘ ਨਾਲ ਗੱਲ ਕੀਤੀ। ਨਾਵਲ ਉਸ ਨੇ ਵੀ ਪੜ੍ਹ ਲਿਆ ਹੈ। ਉਸਦਾ ਕਹਿਣਾ ਹੈ ਕਿ ਭੁੱਲਰ ਹੋਰਾਂ ਨੇ ਅਸ਼-ਅਸ਼ ਕਰਵਾ ਦਿੱਤੀ ਹੈ। ਮੈਂ ਥੋੜਾ ਤਰਕ ਵਿਤਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਰਾਏ ਤੋਂ ਟੱਸ ਤੋਂ ਮੱਸ ਹੋਣ ਲਈ ਵੀ ਤਿਆਰ ਨਹੀਂ ਹੈ। ਉਲਟਾ ਉਹ ਮੈਨੂੰ ਸਾਵਧਾਨ ਕਰਦਾ ਹੈ ਕਿ ਤੂੰ ਜੇ ਕੁੱਝ ਲਿਖਣ ਦਾ ਪੰਗਾ ਲਿਆ ਤਾਂ ਜ਼ਰਾ ਸੋਚਕੇ ਲਵੀਂ - ਅਖੇ ਭੁੱਲਰ ਸਾਹਿਬ ਦੀ ਇਕ ਵੀ ਗੱਲ ਗ਼ਲਤ ਨਹੀਂ ਹੈ।ਮੇਰੀ ਭਰਜਾਈ ਦਲਬੀਰ ਅਤੇ ਮਿੱਤਰ ਕੰਵਲਜੀਤ ਨੂੰ ਵੀ ਨਾਵਲ ਬੇਹੱਦ ਚੰਗਾ ਲੱਗਿਆ ਹੈ।ਉਂਝ ਦੋਵਾਂ ਦੀ ਰਾਏ ਵੀ ਛਿੰਦੇ ਨਾਲੋਂ ਵੱਖਰੀ ਨਹੀਂ ਹੈ।
ਕਰਮਜੀਤ ਸਿੰਘ ਨੇ ‘ਹੁਣ‘ ਮੈਗਜ਼ੀਨ ‘ਚ ਛਪਿਆ ਪਾਸ਼ ਅਤੇ ਲੋਰਕਾ ਬਾਰੇ ਮੇਰਾ ‘ਲੇਖ‘ ਵੀ ਪੜ੍ਹ ਲਿਆ ਹੋਇਆ ਹੈ। ਉਸਦਾ ਮੁੜ ਫ਼ੋਨ ਆ ਗਿਆ ਹੈ ।ਐਂਤਕੀ ਫੋਨ ਕਰਨ ਦੀ ਇਕ ਤੱਦੀ ਉਸਦੀ ਸ਼ਾਇਦ ਉਸ ਬਾਰੇ ਗੱਲ ਕਰਨ ਦੀ ਵੀ ਹੈ। ਉਸ ਨੂੰ ਇਤਰਾਜ਼ ਹੈ ਕਿ ਪਾਸ਼ ਨੂੰ ‘ਤੁਸੀਂ‘ ਸਭ ਲੋਕ ਆਖਰ ਏਨਾ ਜਿਆਦਾ ਅਸਮਾਨ ‘ਤੇ ਚੁੱਕੀ ਕਿਉਂ ਜਾਂਦੇ ਹੋ। ਉਹ ਦੱਸਦਾ ਹੈ ਕਿ ਅੰਮ੍ਰਿਤਾ ਪ੍ਰੀਤਮ ਦੀ ‘ਸੁਨੇਹੜੇ‘ ਕਦੀ ਉਸਨੂੰ ਸਾਰੀ ਦੀ ਸਾਰੀ ਹੀ ਜ਼ੁਬਾਨੀ ਯਾਦ ਸੀ। ਇਸੇ ਤਰ੍ਹਾਂ ਉਹ ਧਨੀ ਰਾਮ ਚਾਤ੍ਰਿਕ ਦੀਆਂ ਕਈ ਕਵਿਤਾਵਾਂ ਦਾ ਜ਼ਿਕਰ ਕਰਦਾ ਹੈ।ਹੈਰਾਨੀ ਹੁੰਦੀ ਹੈ ਕਿ ਪੁਰਾਣੇ ਵਕਤਾਂ ਦੇ ਪੰਜਾਬ ਦੇ ਇਸ ਮਹਾਨ ਦਰਵੇਸ਼ ਸ਼ਾਇਰ ਦੀਆਂ ਕਵਿਤਾਵਾਂ ਦੀਆਂ ਕਈ ਸਤਰਾਂ ਕਿਵੇਂ ਅੱਜ ਤਕ ਉਸਦੀ ਸਿਮਰਤੀ ਵਿਚ ਤਾਜਾ ਹਨ।3ਤੇ ਫਿਰ ਹਰਿਭਜਨ ਸਿੰਘ ਤੇ ਪ੍ਰੀਤਮ ਸਿੰਘ ਸਫ਼ੀਰ। ਕਰਮਜੀਤ ਨੂੰ ਲਗਦਾ ਹੈ ਕਿ ਆਖ਼ਰ ਪੰਜਾਬ ਦੇ ਇਨ੍ਹਾਂ ਸ਼ਾਇਰਾਂ ਮੂਹਰੇ ਪਾਸ਼ ਦੀ ਔਕਾਤ ਕੀ ਹੈ। ਵਾਰਤਾਲਾਪ ਲੰਮੀ ਹੋਈ ਜਾਂਦੀ ਹੈ।ਬਹਿਸ-ਮੁਬਾਹਿਸੇ ਦਾ ਕੋਈ ਫਾਇਦਾ ਵੀ ਨਹੀਂ ਅਤੇ ਮੈਂ ਮਹਿਜ਼ ਇਹ ਆਖ ਕੇ ਗੱਲ ਮੁਕਾ ਦਿੰਦਾ ਹਾਂ ਕਿ ਪਾਸ਼ ਦੇ ਕਾਵਿ ਬੋਲ ਸਾਨੂੰ ਖਿੱਚ ਕਿਉਂ ਪਾਉਂਦੇ ਹਨ; ਉਸ ਨਾਲ ਸਾਨੂੰ ਓੜਕਾਂ ਦਾ ਇਸ਼ਕ ਕਿਉਂ ਹੈ? ਇਹ ਕਿਸੇ ਤੁਲਨਾ ਨਾਲ ਸਾਥੋਂ ਦੱਸਿਆ ਨਹੀਂ ਜਾਣਾ ਅਤੇ ਉਸਤੋਂ ਸਮਝਿਆ ਜਾਣਾ ਨਹੀਂ ਹੈ।
ਕਰਮਜੀਤ ਸਿੰਘ ਦੀ ਇਕ ਤਾਗੀਦ ਹੋਰ ਹੈ ਕਿ ਨਾਵਲ ਬਾਰੇ ਬੇਸ਼ਕ ਸੁਰਿੰਦਰ ਨੀਰ ਦੇ ਨਾਵਲ ‘ਮਾਇਆ‘ ਦੀ ਤਰਜ਼ ‘ਤੇ ਹੀ ਲਿਖਿਆ ਜਾਵੇ ਪ੍ਰੰਤੂ ਉਸ ਵਿਚ ਅਜਿਹੀ ਕਿਸੇ ਪੁਸਤਕ ਦਾ ਹਵਾਲਾ ਨਾ ਆਵੇ ਜਿਨ੍ਹਾਂ ਦਾ ਜ਼ਿਕਰ ਪਹਿਲਾਂ ਹੋ ਚੁਕਿਆ ਹੋਇਆ ਹੈ।3ਤੇ ਹੁਣ ਅਣਘੜ੍ਹ ਜਿਹੇ ਅੰਦਾਜ਼ ਵਿਚ ਜੋ ਵੀ ਲਿਖਣ ਜਾ ਰਿਹਾ ਹਾਂ - ਜ਼ਾਹਿਰ ਹੈ ਕਿ ਉਹ ਮੇਰੇ ਯਾਰਾਂ ਲਈ ਹੈ ਅਤੇ ਯਾਰਾਂ ‘ਚੋਂ ਵੀ ਅੱਗੋਂ ਕਰਮਜੀਤ ਸਿੰਘ ਲਈ ਮਾਨੋ ਇਕ ਲੰਮਾ ਖ਼ਤ ਹੀ ਹੈ।
ਸਾਡੇ ਮਿੱਤਰ ਸੁਖਵਿੰਦਰ ਗੱਜਣਵਾਲਾ ਨੇ ਈ ਮੇਲ ਰਾਹੀਂ ਪਰਗਟ ਸਿੰਘ ਸਿੱਧੂ ਦਾ ਕੁਝ ਸਮਾਂ ਪਹਿਲਾਂ ‘ਪੰਜਾਬੀ ਟ੍ਰਿਬਿਊਨ‘ ਵਿਚ ਇਸੇ ਨਾਵਲ ਬਾਰੇ ‘ਪੰਜਾਬੀ ਉਪਨਿਆਸ ਵਿਚ ਇਤਿਹਾਸਕ ਮੋੜ‘ ਸਿਰਲੇਖ ਹੇਠਲਾ ਲੇਖ ਭੇਜ ਦਿੱਤਾ ਹੈ। ਮੇਰੇ ਪੁਰਾਣੇ ਕੁਲੀਗ ਅਸ਼ੋਕ ਕੁਮਾਰ ਸ਼ਰਮਾ ਦਾ ‘ਵਿਕਾਸ ਜਾਗ੍ਰਤੀ‘ ਵਿਚ ਆਪਣੇ ਵੱਲੋਂ ਲਿਖਿਆ ਨਾਵਲ ਦਾ ਰੀਵਿਊ ਵੀ ਮਿਲ ਗਿਆ ਹੈ।
ਨਾਵਲ ਬਾਰੇ ਅਸ਼ੋਕ ਸ਼ਰਮਾ ਦਾ ਦਾਅਵਾ ਹੈ : ਪੰਜਾਬੀ ਦੇ ਸਮਰੱਥ ਤੇ ਸਥਾਪਤ ਕਹਾਣੀਕਾਰ ਭੁੱਲਰ ਨੇ ‘ਇਹੁ ਜਨਮੁ ਤੁਮਹਾਰੇ ਲੇਖੇ‘ ਲਿਖ ਕੇ ਗਲਪ ਸਾਹਿਤ ਦੀ ਇਸ ਵਿਧਾ ‘ਤੇ ਵੀ ਸਫ਼ਲਤਾ ਨਾਲ ਆਪਣਾ ਝੰਡਾ ਗੱਡ ਦਿਤਾ ਹੈ।ਆਪਣੇ ਪਹਿਲੇ ਕਹਾਣੀ ਸੰਗ੍ਰਹਿ ‘ਓਪਰਾ ਮਰਦ‘ ਨਾਲ ਹੀ ਉਸਨੇ ਪਾਠਕਾਂ ਦੇ ਮਨਾਂ ਵਿਚ ਆਪਣੀ ਕਲਮ ਦੀਆਂ ਸੰਭਾਵਨਾਵਾਂ ਦਾ ਲੋਹਾ ਮੰਨਵਾ ਲਿਆ ਸੀ। ਪਰ ਉਨ੍ਹਾਂ ਸੰਭਾਵਨਾਵਾਂ ਦਾ ਸਿਖਰ ਇਸ ਨਾਵਲ ਦੇ ਰੂਪ ਵਿਚ ਸਾਖਸ਼ਾਤ ਉਜਾਗਰ ਹੋਇਆ ਹੈ।
ਅਸ਼ੋਕ ਬਾਈ ਜੀ ਅੱਗੇ ਦਸਦੇ ਹਨ:
“ਬਿਰਤਾਂਤ ਕਲਾ ਦੇ ਜਾਦੂਗਰ ਸਮਝੇ ਜਾਂਦੇ ਭੁੱਲਰ ਨੇ ਨਾਵਲ ਅੰਦਰਲੇ ਸਾਰੇ ਪਾਤਰਾਂ ਨੂੰ ਬਹੁਤ ਸਹੀ ਸੁਭਾਵਿਕਤਾ, ਇਮਾਨਦਾਰੀ, ਖ਼ੂਬਸੂਰਤੀ ਅਤੇ ਸਮਝਦਾਰੀ ਨਾਲ ਸਿਰੇ ਚੜ੍ਹਾਇਆ ਹੈ। ਇਸ ਵਿਚ ਉਸਦੇ ਕਰਤਾਰੀ ਹੁਨਰ ਦਾ ਕਮਾਲ ਤਾਂ ਹੈ ਹੀ ਹੈ ਜਿਸਨੇ ਪਾਤਰ ਉਸਾਰੀ ਨੂੰ ਸੁਭਾਵਿਕ ਅਤੇ ਖ਼ੂਬਸੂਰਤ ਬਣਾ ਦਿਤਾ ਹੈ - ਇਮਾਨਦਾਰੀ ਇਹ ਹੈ ਕਿ ਅਜਿਹਾ ਕਰਨ ਲਈ ਜਾਣਕਾਰੀ ਹਾਸਲ ਕਰਨ ਵਿਚ ਵੀ ਉਸਨੇ ਕੋਈ ਕਸਰ ਬਾਕੀ ਨਹੀਂ ਛੱਡੀ - ਭਵਾਂ ਉਹ ਜਗਦੀਪ ਦੇ ਚੂਲੇ ਦੇ ਅਪਰੇਸ਼ਨ ਨਾਲ ਸਬੰਧਤ ਮੈਡੀਕਲ ਚਕਿਤਸਾ ਹੋਵੇ ਜਾਂ ਉਸਦੇ ਡਿਪਰੈਸ਼ਨ ਨਾਲ ਨਿਪਟਣ ਲਈ ਮਨੋਰੋਗ ਚਕਿਸਤਾ ਦਾ ਖੇਤਰ ਹੋਵੇ - ਧੰਨ ਧੰਨ ਕਰਵਾ ਛੱਡੀ ਹੈ।”
ਅਸ਼ੋਕ ਵਾਂਗ ਹੀ ਪਰਗਟ ਸਿੰਘ ਸਿੱਧੂ ਵੀ ਨਾਵਲੀ ਬਿਰਤਾਂਤ ਦੀ ਖੁਲ੍ਹ ਕੇ ਸਿਫ਼ਤ-ਸਾਲਾਹ ਕਰਦਿਆਂ ਦਾਅਵਾ ਕਰਦਾ ਹੈ ਕਿ ਉਨ੍ਹਾਂ ਦਾ ਮਿੱਤਰ, ਮਹਾਨ ਕਵਿੱਤਰੀ ਜਗਦੀਪ ਅਤੇ ਉਸਦੇ ਪਤੀ ਗੁਰਮੁਖ ਸਿੰਘ ਦੇ ਰੂਪ ਵਿਚ ਸਾਡੇ ਅੱਗੇ ਬਹੁਤ ਵੱਡੇ ਪ੍ਰਸ਼ਨ ਉਤਪੰਨ ਕਰਨ ਵਿਚ ਸਫਲ ਹੁੰਦਾ ਹੈ। ਜਿਵੇਂ ਮਨੁੱਖ ਨੇ ਸਦੀਆਂ ਦੇ ਸੰਘਰਸ਼ ਰਾਹੀਂ ਜੋ ਸਭਿਅਤਾ, ਸੰਸਕ੍ਰਿਤੀ ਤੇ ਜੀਵਨ-ਮੁੱਲ ਸਿਰਜਣ ਅਤੇ ਜ਼ਿੰਦਗੀ ਨੂੰ ਖੂਬਸੂਰਤ ਤੇ ਜਿਊਣਯੋਗ ਬਨਾਉਣ ਦੇ ਯਤਨ ਕੀਤੇ, ਕੀ ਉਸਦੇ ਉਹ ਸਾਰੇ ਯਤਨ ਨਿਰਧਾਰਤ ਸਨ3ਕੀ ਔਰਤ ਨੂੰ ਘਰ ਨੂੰ ਤੋੜਨ ਦਾ ਅਧਿਕਾਰ ਦਿਤਾ ਜਾ ਸਕਦਾ ਹੈ। ਕੀ ਔਰਤ ਲਈ ਆਪਣੀ ਸ਼ੋਹਰਤ ਵੱਡੀ ਹੈ ਜਾਂ ਆਪਣੇ ਪਤੀ ਤੇ ਬੱਚਿਆਂ ਦਾ ਪਿਆਰ!
3ਪੰਜਾਬੀ ਨਾਵਲ ਦੇ ਖੇਤਰ ਵਿਚ ਗੁਰਮੁਖ ਸਿੰਘ ਜਿਹਾ ਪਾਤਰ ਉਤਕ੍ਰਿਸ਼ਟ ਰਚਨਾਵਾਂ ਅੰਦਰ ਟੁਕੜਿਆਂ ਵਿਚ ਤਾਂ ਬੇਸ਼ਕ ਕਿਧਰੇ ਮਿਲ ਜਾਵੇ, ਜਿਵੇਂ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬੌਲਦ‘ ਵਿਚ ਕਿਸਾਨ ਜਿਸਦਾ ਫ਼ੌਜੀ ਪੁੱਤਰ ਸ਼ਹੀਦ ਹੋ ਜਾਂਦਾ ਹੈ, ਪਰ ਉਹ ਘਰ ਮਿਲਣ ਆਏ ਇਸ ਘਟਨਾ ਤੋਂ ਅਣਜਾਣ ਫ਼ੌਜੀ ਜਵਾਨ ਨੂੰ ਉਸਦੇ ਦੋਸਤ ਦੀ ਮੌਤ ਬਾਰੇ ਨਹੀਂ ਦਸਦਾ ਤਾਂ ਕਿ ਉਸਦੀ ਛੁੱਟੀ ਖ਼ਰਾਬ ਨਾ ਹੋਵੇ।
ਨਾਵਲ ਮੇਰੇ ਸਾਮ੍ਹਣੇ ਪਿਆ ਹੈ। ਉਸਦੀ ਜੈਕਟ ਪਿਛੇ ਲੇਖਕ ਦਾ ਐਲਾਨਨਾਮਾ ਇਸ ਪ੍ਰਕਾਰ ਦਰਜ਼ ਹੈ: ਅਖੇ “ਨਾਵਲ ਦੀ ਨਾਇਕਾ ਕਿਸੇ ਨਾਰੀ ਦੀ ਥਾਂ ਨਾਰੀ ਸੋਚ ਹੈ ਜਿਸਦੀ ਧੁਰੀ ਮਨਚਾਹਿਆ ਆਜ਼ਾਦ ਜੀਵਨ ਜਿਉਣ ਦੀ ਕਲਪਨਾ, ਕਾਮਨਾ ਤੇ ਕੋਸ਼ਿਸ਼ ਹੈ। ਕੀ ਮਨੋਵਿਗਿਆਨ ਅਨੁਸਾਰ ਸਮਾਜਕ ਗੁਰੂਤਾ ਨੂੰ ਚੀਰ ਕੇ ਸਵੈ-ਸਿਰਜੇ ਅੰਬਰ ਵਿਚ ਉਡੀ (ਅਜਿਹੀ) ਨਾਬਰ ਨਾਰੀ ਦੇ ਤਨ ਤੇ ਮਨ ਉਤੇ ਕੋਈ ਦੀਰਘ ਪ੍ਰਭਾਵ ਪੈਂਦੇ ਹਨ ਜਾ ਨਹੀਂ? ਬਸ ਇਹੋ ਸਵਾਲ ਨਾਵਲ ਦਾ ਕੇਂਦਰੀ ਸਰੋਕਾਰ ਹੈ।”
ਪਹਿਲੇ ਪੰਨੇ ਤੇ ਨਾਵਲਕਾਰ ਨੇ ਪਾਠਕਾਂ ਨੂੰ ਅਗਾਹ ਕੀਤਾ ਹੈ ਕਿ ਨਾਵਲ ਅੰਦਰ ਮੋਹਨ ਸਿੰਘ ਅਤੇ ਸਾਹਿਰ ਅਸਲ ਪਾਤਰ ਹੋਣ ਸਦਕਾ ਉਨ੍ਹਾਂ ਦੀਆਂ ਮੂਲ ਕਵਿਤਾਵਾਂ ਵਰਤ ਲੈਣ ਦੀ ਸਹੂਲਤ ਰਹੀ।3ਗਲਪਕਾਰ ਤੇ ਗਲਪ ਪਾਰਖੂ ਮਿੱਤਰ ਪਰਗਟ ਸਿੰਘ ਸਿੱਧੂ ਅਤੇ ਸੂਖਮ ਸੋਚ ਕਵੀ ਦੋਸਤ ਗੁਰਚਰਨ ਨੇ ਬੜੇ ਕਦਰਯੋਗ ਸੁਝਾ ਦਿਤੇ।3 ਹਮਕਲਮ ਯਾਰ ਗੁਰਦੇਵ ਸਿੰਘ ਰੁਪਾਣਾ ਨੇ ਪੁਰਸ਼ ਦ੍ਰਿਸ਼ਟੀ ਤੋਂ ਖਰੜੇ ਦਾ (ਅਗਾਊਂ) ਪਾਠ ਕੀਤਾ।
ਕਰਮਜੀਤ ਸਿੰਘ ਨਾਲ ਹੋਈ ਮੇਰੀ ਗੱਲਬਾਤ ਦੌਰਾਨ ਉਸਦਾ ਸਵਾਲ ਸੀ ਕਿ ਨਾਵਲ ਤੇ ਜੇ ਕੁੱਝ ਲਿਖਿਆ ਤਾਂ ਮੈਂ ਕਿਸ ਐਂਗਲ ਤੋਂ ਲਿਖਾਂਗਾ। ਭੁੱਲਰ ਸਾਹਿਬ ਦੀ ਸਸ਼ੱਕਤ ਲੇਖਣੀ ਤੋਂ ਉਹ ਉਵੇਂ ਹੀ ਕਾਇਲ ਹੈ ਜਿਵੇਂ ਅਸ਼ੋਕ ਸ਼ਰਮਾ, ਪਰਗਟ ਸਿੰਘ ਸਿੱਧੂ, ਗੁਰਦੇਵ ਸਿੰਘ ਰੁਪਾਣਾ ਜਾਂ ਜਸਬੀਰ ਭੁੱਲਰ। ਇਹ ਤਾਂ ਕੋਈ ਰੌਲਾ ਹੀ ਨਹੀਂ ਹੈ। ਮੈਂ ਇਨ੍ਹਾ ਦੋਸਤਾਂ ਤੋਂ ਵੀ ਵੱਧ ਕਾਇਲ ਹਾਂ। ਮੈਂ ਜਸਬੀਰ ਭੁੱਲਰ ਅਤੇ ਕਰਮਜੀਤ ਦੋਵਾਂ ਨੂੰ ਹੀ ਯਾਦ ਕਰਵਾਇਆ ਕਿ ਮੈਂ 20 ਸਾਲਾਂ ਤੋਂ ਵੀ ਵੱਧ ਸਮੇਂ ਲਈ ਜੋ ‘ਪੰਜਾਬੀ ਟ੍ਰਿਬਿਊਨ‘ ਦੀ ਸਬ-ਐਡੀਟਰੀ ਕੀਤੀ ਅਤੇ ਉਸ ਦੌਰਾਨ ਅਨੇਕਾਂ ਐਡੀਟਰ ਆਏ। ਮੈਨੂੰ ਯਾਦ ਹੀ ਨਹੀਂ ਕਿ ਕਿਸੇ ਇਕ ਦਿਨ ਵੀ ‘ਦੈਨਿਕ ਟ੍ਰਿਬਿਊਨ‘ ਤੇ ਨਿਗਾਹ ਤਕ ਮਾਰੀ ਹੋਵੇ ਜਾਂ ਆਪਣੀ ਅਖ਼ਬਾਰ ਦਾ ਸੰਪਾਦਕੀ ਕਦੀ ਪੜ੍ਹਿਆ ਹੋਵੇ। ਪ੍ਰੰਤੂ ਗੁਰਬਚਨ ਭੁੱਲਰ ਦੋ ਸਾਲ ਯਾਨੀ ਬੜਾ ਥੋੜਾ ਸਮਾਂ ਸੰਪਾਦਕ ਦੇ ਅਹੁਦੇ ਤੇ ਰਹੇ ਅਤੇ ਮੇਰਾ ਦਾਅਵਾ ਹੈ ਕਿ ਉਸ ਸਾਰੇ ਸਮੇਂ ਦੌਰਾਨ ਮੈਂ ਸੰਪਾਦਕੀ ਅਤੇ ਉਨ੍ਹਾਂ ਦਾ ਨਾਲ ਲਗਵਾਂ ਮੁਖ ਲੇਖ ਪੜ੍ਹਨੋ ਕਦੀ ਇਕ ਵਾਰ ਵੀ ਉਕਿਆ ਨਹੀਂ ਸਾਂ।
ਸੋ ਨਾਵਲ ਦੀ ਸ਼ੈਲੀ ਜਾਂ ਸੰਗਠਨ ਦੇ ਕਈ ਹੋਰ ਪਹਿਲੂਆਂ ‘ਤੇ ਸਾਡਾ ਕੋਈ ਰੌਲਾ ਨਹੀਂ ਹੈ।ਇਨ੍ਹਾਂ ਪਹਿਲੂਆਂ ‘ਤੇ ਸਾਡੀ ਕੋਈ ਮੁਹਾਰਤ ਵੀ ਨਹੀਂ ਹੈ।ਅਸੀਂ ਭੁੱਲਰ ਸਾਹਿਬ ਦੇ ਮਿੱਤਰ ਗੁਰਚਰਨ ਸਿੰਘ ਜੈਤੋਂ ਦੇ ‘ਹੁਣ‘ ਦੇ ਮਈ-ਅਗਸਤ 2015 ‘ਚ ਛਪੇ ਲੇਖ ਦੇ ਇਸ ਕਥਨ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਨਾਵਲੀ ਬਿਰਤਾਂਤ ਵਿਚ ਕਿਧਰੇ ਲਗ-ਮਾਤਰ ਤਕ ਦੀ ਨਿੱਕੀ ਤੋਂ ਨਿੱਕੀ ਗ਼ਲਤੀ ਵੀ ਨਜ਼ਰ ਨਹੀਂ ਪੈਂਦੀ। ਇਸੇ ਦੌਰਾਨ ਗੁਰਦੇਵ ਚੌਹਾਨ ਹੋਰਾਂ ਦਾ ਸਵਾਲ ਹੈ ਕਿ ਮੁਕੱਦਮਨੁਮਾ ਨਾਵਲ ਦੀ ਟੈਕਸਟ ਜੇਕਰ ਸਾਨੂੰ ਭਰਭੂਰ ਅਰਥਾਂ ਨਾਲ ਗਰਭਿਤ ਅਤੇ ਬੇਹੱਦ ਦਿਲਚਸਪ ਲੱਗਦੀ ਹੈ ਤਾਂ ਪ੍ਰੇਸ਼ਾਨੀ ਕਿਉਂ? ਸਾਡਾ ਉਨ੍ਹਾਂ ਨੂੰ ਮੋੜਵਾਂ ਸਵਾਲ ਹੈ ਕਿ ‘ਕਰਮਾਜ਼ੋਵ ਭਰਾ‘ ਵਿਸ਼ਵ ਸਾਹਿਤ ਦੀ ਸਭ ਤੋਂ ਚਰਚਿਤ ਅਤੇ ਸ੍ਰੇਸ਼ਟ ਕ੍ਰਿਤ ਹੈ।ਪੰਤੂ ਉਸਦੇ ਕੇਂਦਰੀ ਥੀਸਜ਼ ਵਜੋਂ ਫਿੳਦਰੋ ਦਾਸਤੋਵਸਕੀ ਅਤਿਅੰਤ ਸ਼ਾਨਦਾਰ ਨਾਵਲੀ ਬਿਰਤਾਂਤ ਦੀ ਆੜ ਵਿੱਚ ਰੂਸੀ ਆਰਥੋਡੈਕਸ ਇਸਾਈਅਤ ‘ਤੇ ਅਧਾਰਿਤ ਸੰਸਾਰ ਦ੍ਰਿਸ਼ਟੀਕੌਨ ਅਤੇ ਜੀਵਨ ਜਾਚ ਨੂੰ ਸਭ ਤੋਂ ਉੱਤਮ ਸਾਬਤ ਕਰਨ ਲਈ ਜੇ ‘ਘਾਚਾ-ਮਾਚਾ‘ ਕਰੀ ਜਾਂਦਾ ਹੈ; ਅੰਨੇ ਵਾਹ ਦੁੱਧ ਵਿੱਚ ਕਾਂਜੀ ਘੋਲੀ ਜਾਂਦਾ ਹੈ-ਉਸਨੂੰ ਨਿਘਰਿਆ ਕਿੰਝ ਜਾ ਸਕਦਾ ਹੈ? ਸੋ ਸਾਡਾ ਰੌਲਾ ਤਾਂ ਨਾਵਲ ਦੇ ਉਸ ‘ਐਲਾਨਨਾਮੇ‘ ਨਾਲ ਹੈ ਜੋ ਪੁਸਤਕ ਦੀ ਜੈਕਟ ਦੀ ਪਿੱਠ ‘ਤੇ ਦਰਜ਼ ਹੈ; ਉਸ ਨਜ਼ਰੀਏ ਜਾਂ ਸੰਸਾਰ ਦ੍ਰਿਸ਼ਟੀਕੋਨ ਨਾਲ ਹੈ ਜਿਸ ਤੋਂ ਨਾਵਲੀ ਵਿਧਾ ਦੀ ਟੇਕ ਰਾਹੀਂ ਲੇਖਕ ਵਲੋਂ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਅਤੇ ਉਸਦੀ ਘਾਲ-ਕਮਾਈ ਦਾ ਕੱਚਾ ਚਿੱਠਾ ਪੰਜਾਬੀ ਪਾਠਕਾਂ ਅੱਗੇ ਪੇਸ਼ ਕੀਤਾ ਗਿਆ ਹੈ। ਦਰਅਸਲ ਅੰਮ੍ਰਿਤਾ ਪ੍ਰੀਤਮ ਦਾ ਕਲਿਆਣ ਤਾਂ ਭੁੱਲਰ ਸਾਹਿਬ ਨੇ ਉਸਦੇ ਪੁੱਤਰ ਸ਼ੈਲੀ ਦੀ ਹੱਤਿਆ ਤੋਂ ਬਾਅਦ ‘ਪੰਜਾਬੀ ਟ੍ਰਿਬਿਊਨ‘ ਵਿਚ ਲੰਮਾ ਲੇਖ ਲਿਖ ਕੇ ਹੀ ਕਰ ਦਿੱਤਾ ਸੀ ਅਤੇ ਉਹ ਕਾਫੀ ਸੀ। ਪ੍ਰੰਤੂ ਉਨ੍ਹਾਂ ਦੀ ਨਿਸ਼ਾ ਸ਼ਾਇਦ ਪੂਰੀ ਨਾ ਹੋਈ ਅਤੇ ਇਸ ਨੂੰ ਪੂਰੀ ਕਰਨ ਲਈ ਜਾਂ ਕਹੋ ਕਿ ਅੰਮ੍ਰਿਤਾ ਦੇ ‘ਗੁਨਾਹਾਂ‘ ਦੀ ਢੁਕਵੀਂ ਸਜਾ ਦੇਣ ਲਈ ਉਸਦੀ ਆਤਮਾ ਨੂੰ ਹਮੇਸ਼ਾ ਵਾਸਤੇ ਸੂਲੀ ਉਪਰ ਟੰਗਣ ਲਈ ਉਨ੍ਹਾਂ ਨੇ ਗ੍ਰੰਥ ਨੁਮਾ ਨਾਵਲ ਦੀ ਸਿਰਜਣਾ ਕੀਤੀ ਮਲੂਮ ਹੁੰਦੀ ਹੈ। ਨਾਵਲ ਦੀ ਨਾਇਕਾ ਦੇ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਤੇ ਅਧਾਰਤ ਕੀਤੇ ਹੋਣ ਸਬੰਧੀ ਜੇ ਕੋਈ ਥੋੜਾ ਸੰਦੇਹ ਜਾਂ ਓਹਲਾ ਰਹਿ ਸਕਦਾ ਸੀ ਤਾਂ ਉਸ ਨੂੰ ਉਨ੍ਹਾਂ ਨੇ ਪੁਸਤਕ ਦੀ ਪ੍ਰਕਾਸ਼ਨਾ ਦੇ ਨਾਲ ਹੀ ਪਹਿਲਾਂ ਪੰਜਾਬੀ ਦੇ ਉੱਘੇ ਤ੍ਰੈਮਾਸਕ ‘ਹੁਣ‘ ਅਤੇ ਬਾਅਦ ਵਿਚ ਦੁਨੀਆ ਭਰ ਦੇ ਪੰਜਾਬੀ ਅਖਬਾਰਾਂ ਵਿਚ ‘ਅੰਮ੍ਰਿਤਾ ਪ੍ਰੀਤਮ ਦੀਆਂ ਤਿੰਨ ਮੌਤਾਂ‘ ਉਨਵਾਨ ਹੇਠ ਲੰਮਾ ਲੇਖ ਛਪਵਾ ਕੇ ਖਤਮ ਕਰ ਦਿੱਤਾ।
ਇਹ ਲੇਖ ਉਂਜ ਵੀ ਏਨਾ ਸਨਸਨੀਖੇਜ਼ ਹੈ ਕਿ ਪਹਿਲਾਂ ਮੈਂ ਇਸਨੂੰ ਟਰਾਂਟੋ ਸਮੇਤ ਕਨੇਡਾ ਅਤੇ ਅਮਰੀਕਾ ਦੇ 5 ਪ੍ਰਮੁੱਖ ਸ਼ਹਿਰਾਂ ਤੋਂ ਨਿਕਲਣ ਵਾਲੀ ‘ਅਜੀਤ‘ ਅਖ਼ਬਾਰ ‘ਚ ਪੜ੍ਹਿਆ ; ਫਿਰ ਆਪਣੇ ਮਿੱਤਰ ਅਮੋਲਕ ਸਿੰਘ ਦੀ ਸ਼ਿਕਾਗੋ, ਕੈਲੇਫੋਰਨੀਆ ਅਤੇ ਨਿਊਯਾਰਕ ਤੋਂ ਛਪਣ ਵਾਲੇ ਸਪਤਾਹਿਕ ‘ਪੰਜਾਬ ਟਾਈਮਜ‘ ਵਿਚ ਇਸ ਵਿਚੋਂ ਦੀ ਗੁਜ਼ਰਿਆ। ਫਿਰ ਮਹਿਜ ਕੁੱਝ ਦਿਨ ਪਹਿਲਾਂ ਹੀ ‘ਹੁਣ‘ ਮੈਗਜ਼ੀਨ ਮਿਲਣ ਤੇ ਇਸ ਲੇਖ ਦਾ ਨਿਠ ਕੇ ਪਾਠ ਕੀਤਾ ਅਤੇ ਅਜੇ ਇਸ ਨੂੰ ਮੇਰਾ ਹੋਰ ਵੀ ਕਈ ਵਾਰੀਂ ਪੜ੍ਹਨ ਦਾ ਮਨ ਹੈ; ਆਖਰ ਬਾਬਿਆਂ ਨੇ ਕਿਸੇ ‘ਯੁੱਗ ਪੁਰਸ਼‘ ਦੀ ਕਥਾ ਸੁਣਾਈ ਹੋਈ ਹੈ; ‘ਸਿਖਿਆਦਾਇਕ‘ ਕਹਾਣੀ ਲਿਖ ਕੇ ਕੁੱਜੇ ਵਿਚ ਸਮੁੰਦਰ ਪਾਇਆ ਹੋਇਆ ਹੈ।ਇਸ ਲੇਖ ਨੂੰ ਪੜ੍ਹਦਿਆਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਸ਼ਸ਼ੀ ਪਾਲ ਸਮੁੰਦਰਾ ਦਾ ਲੇਖਕ ਅੰਦਰ ਜੁਰੱਅਤ ਦੀ ਘਾਟ ਕਾਰਨ ਅੰਮ੍ਰਿਤਾ ਦੀ ਜੀਵਨ ਕਥਾ ਸੁਨਾਉਣ ਲੱਗਿਆਂ ਜਗਦੀਪ ਨਾਂ ਦੀ ਨਾਇਕਾ ਦਾ ਉਹਲਾ ਓੜਨ ਵਾਲਾ ਮੇਹਣਾ ਦਰੁੱਸਤ ਨਹੀਂ ਹੈ।ਸਗੋਂ ਉਨ੍ਹਾਂ ਨੇ ਤਾਂ ਦਲੇਰੀ ਵਾਲੀ ਹੱਦ ਮੁੱਕਾ ਦਿੱਤੀ ਹੈ ਅਤੇ ਪੰਜਾਬੀ ਸਾਹਿਤ ਜਗਤ ਅੰਦਰ ‘ਗੋਰੀ ਨਦੀ ਦਾ ਗੀਤ‘ ਦੇ ਕਰਤਾ ਨਾਲੋਂ ਵੀ ਵੱਧ- ਜਾਨੀ ਕਿ ਹੁਣ ਤੱਕ ਦੇ ਸਭ ਤੋਂ ਸਿਰਲੱਥ ਕਥਾਕਾਰ ਹੋ ਨਿਬੜੇ ਹਨ।
ਸੋ ਜ਼ਾਹਰ ਹੈ ਕਿ ਨਾਵਲੀ ਕਥਾ ਨਾਲ ਅਸੀਂ ਇਸਦੀ ਨਾਇਕਾ ਜਗਦੀਪ ਨੂੰ ਅੰਮ੍ਰਿਤਾ ਪ੍ਰੀਤਮ ਮੰਨ ਕੇ ਹੀ ਸੰਵਾਦ ਰਚਾਵਾਂਗੇ ਅਤੇ ਸਾਡਾ ਜੀਅ ਕਰਦਾ ਹੈ ਕਿ ਪਾਠਕਾਂ ਨੂੰ ਸ਼ੁਰੂ ਵਿਚ ਹੀ ਦਸ ਦਿਤਾ ਜਾਵੇ ਕਿ ਨਜ਼ਰੀਏ ਦੇ ਮਾਮਲੇ ਵਿਚ ਬਾਬਿਆਂ ਨੇ ‘ਪਰਸਾ‘ ਵਾਲਾ ਗੁਰਦਿਆਲ ਸਿੰਘ ਜਿਥੇ ਕੁ ਪੰਜਾਬੀ ਨਾਵਲ ਨੂੰ ਲਿਜਾ ਚੁਕਾ ਹੈ ਜਾਂ ਆਪਣੇ ਜਵਾਨੀ ਦੇ ਵਕਤਾਂ ਦੇ ਗੂੜ੍ਹੇ ਮਿੱਤਰ ‘ਕੋਠੇ ਖੜਕ ਸਿੰਘ‘ ਵਾਲੇ ਰਾਮ ਸਰੂਪ ਅਣਖੀ ਨੂੰ ਤਾਂ ਛੱਡਿਆ ਹੀ ਛੱਡਿਆ, ‘ਪੂਰਨਮਾਸ਼ੀ‘ ਵਾਲੇ ਜਸਵੰਤ ਸਿੰਘ ਕੰਵਲ ਅਤੇ ‘ਅਣਵਿਆਹੀ ਮਾਂ‘ ਵਾਲੇ ਗੁਰਬਖਸ਼ ਸਿੰਘ ਪ੍ਰੀਤਲੜੀ ਨਾਲੋਂ ਵੀ ਤੋੜ ਵਿਛੋੜਾ ਕਰਦਿਆਂ ਅੰਮ੍ਰਿਤਾ ਪ੍ਰੀਤਮ ਦੇ ਬਿੰਬ ਨੂੰ ਬੇਰਹਿਮੀ ਨਾਲ ਮਿਸਮਾਰ ਕਰਨ ਲਈ ਸਿੱਧੀ ਹੀ ਟੇਕ ਪੰਜਾਬੀ ਨਾਵਲ ਦੇ ਭਾਈ ਵੀਰ ਸਿੰਘ ਨਾਲ ਜਾ ਲਗਾਈ ਹੈ। ਬਾਬਿਆਂ ਨੇ ਸਾਡੀਆਂ ਧੀਆਂ ਭੈਣਾਂ ਨੂੰ ਸਾਵਧਾਨ ਕਰਨ ਲਈ ਪੂਰੀ ਇੱਕ ਸਦੀ ਬਾਅਦ ਬਹੁਤ ਹੀ ਸਸ਼ੁੱਕਤ ਬਿਰਤਾਂਤਕ ਸ਼ੈਲੀ ਵਿੱਚ ਨਵੇਂ ਸਿਰਿਓਂ ‘ਬਾਬਾ ਨੌਧ ਸਿੰਘ‘ ਦੇ ਪੈਟਰਨ ਤੇ ‘ਬੰਦ ਟੈਕਸਟ‘ ਦੀ ਸਿਰਜਣਾ ਕਰ ਦਿੱਤੀ ਹੈ।
ਨਾਵਲੀ ਕਥਾ ਅਨੁਸਾਰ ਨਾਇਕਾ ਜਗਦੀਪ ਦਾ ਪਿਤਾ ਗੁਰਸੇਵ ਸਿੰਘ ਦਰਵੇਸ਼, ਉਸਦਾ ਸਹੁਰਾ ਤੀਰਥ ਸਿੰਘ, ਸੱਸ ਸਤਿਨਾਮ ਕੌਰ ਅਤੇ ਪਤੀ ਗੁਰਮੁਖ ਸਿੰਘ- ਸਾਰੇ ਹੀ ਆਦਰਸ਼ ਪਾਤਰ ਹਨ; ਮਾਨੋਂ ਕਿ ਦੇਵਤਿਆਂ ਤੋਂ ਵੀ ਪਾਰ ਹਨ। ਪਿਤਾ ਪੂਰੀਆਂ ਰੀਝਾਂ ਨਾਲ ਆਪਦੀ ਜਾਨ ਨਾਲੋਂ ਵੀ ਪਿਆਰੀ ਧੀ ਦਾ ਬੜੇ ਹੀ ਬੀਬੇ, ਆਦਰਸ਼ ਯੁਵਕ ਨਾਲ ਵਿਆਹ ਕਰਦਾ ਹੈ। ਜਗਦੀਪ ਖੁਦ ਅਜਿਹੇ ‘ਦੇਵਤੇ‘ ਨਾਲ ਵਿਆਹ ਕਰਵਾ ਕੇ ਧੰਨ ਹੋ ਜਾਂਦੀ ਹੈ ਜਿਸਦੇ ਸਬੂਤ ਵਜੋਂ ਬਾਬਿਆਂ ਨੇ ਗਵਾਹੀ ਦੇ ਰੂਪ ਵਿਚ ਉਸਦੇ ਪਤੀ ਗੁਰਮੁਖ ਸਿੰਘ ਨੂੰ ਬਹੁਤ ਹੀ ਢੁਕਵੇਂ ਥਾਂ ਅਤੇ ਅੰਦਾਜ਼ ਵਿਚ ਭੁਗਤਾਇਆ ਹੋਇਆ ਹੈ। ਮਸਲਨ ਨਾਵਲ ਦੇ ਪੰਨਾ 300 ਉਪਰ ਉਹ ਹਿਤੈਸ਼ੀ ਜੀ ਨੂੰ ਜਗਦੀਪ ਨਾਲ ਆਪਣੇ ਮਿਲਾਪ ਦੀ ਪਹਿਲੀ ਰਾਤ ਤੋਂ ਬਾਅਦ ਉਸ ਵੱਲੋਂ ਲਿਖਿਆ
ਨਿੰਮ੍ਹੀ ਨਿੰਮ੍ਹੀ ਚਾਨਣੀ ਤੇ ਤਾਰਿਆਂ ਦੀ ਰਾਤ ਸੀ।
ਪਿਆਸ ਨਾਲ ਪਾਣੀ ਦੀ ਉਹ ਪਹਿਲੀ ਮੁਲਾਕਾਤ ਸੀ।
ਮੁਖੜੇ ਵਾਲਾ ਲੰਮਾ ਗੀਤ ਸੁਣਾਉਂਦਾ ਹੈ ਜੋ ਕਿ ਬਾਅਦ ਦੀ ਜ਼ਿੰਦਗੀ ਦੌਰਾਨ ਉਸ ਵੱਲੋਂ ਦਿੱਤੇ ਅਨੇਕ ਸਦਮਿਆਂ ਦੇ ਬਾਵਜੂਦ ਉਮਰ ਦੇ ਅੰਤਿਮ ਪੜਾਅ ‘ਤੇ ਵੀ ਉਸਨੂੰ ਪੂਰੇ ਦਾ ਪੂਰਾ ਹੀ ਯਾਦ ਰਹਿੰਦਾ ਹੈ। ਘਰ ਦੀ ਖੁਸ਼ੀ ਉਸ ਸਮੇਂ ਹੋਰ ਵੀ ਦੂਣ ਸਵਾਈ ਹੋ ਜਾਂਦੀ ਹੈ ਜਦੋਂ ਸ਼ਾਦੀ ਦੇ ਕੁਝ ਮਹੀਨਿਆਂ ਬਾਅਦ ਹੀ ਜਗਦੀਪ ਗਰਭਵਤੀ ਹੋ ਜਾਂਦੀ ਹੈ ਅਤੇ ਪਹਿਲਾ ਸਾਲ ਲੰਘਦਿਆਂ ਹੀ ਉਹ ਸਰਬਗੁਣ ਨਾਂ ਦੇ ਚੰਦ ਵਰਗੇ ਬੇਟੇ ਨੂੰ ਜਨਮ ਦੇ ਦਿੰਦੀ ਹੈ। ਪਰਿਵਾਰ ਦੀ ਖੁਸ਼ੀ ਨੂੰ ਨਾਵਲ ਦੇ ਅਰੰਭ ਵਿਚ ਪੰਨਾ 20 ਉਪਰ ਬਹੁਤ ਹੀ ਸੁਚੱਜੇ ਤਰੀਕੇ ਨਾਲ ਦਰਸਾਇਆ ਹੋਇਆ ਹੈ।ਪ੍ਰੰਤੂ ਕਥਾ ਦੇ ਅਗਲੇ ਹੀ ਪੰਨੇ ਉਪਰ ਆਉਣ ਵਾਲੀ ਉਸ ਭਿਆਨਕ ਤਰਾਸਦੀ ਦੀ ਸੋ ਲਗਣੀ ਸ਼ੁਰੂ ਹੋ ਜਾਂਦੀ ਹੈ ਜਿਸਦੇ ਬੀਜ ਕਿ ਕਥਾਕਾਰ ਅਨੁਸਾਰ ਕਵਿਤਾ ਲਿਖਣ ਦੀ, ਉਸ ਲਤ ਵਿੱਚ ਪਏ ਹੋਏ ਹਨ ਜੋ ਕਿ ਅਫੀਮ ਦੀ ਲਾਅਣਤ ਵਾਂਗ ਜਗਦੀਪ ਨੂੰ ਬਚਪਨ ਤੋਂ ਹੀ ਲਗੀ ਹੋਈ ਹੈ ਜੋ ਕਿ ਬਦਕਿਸਮਤੀਵਸ ਚਾਅ ਚਾਅ ਵਿਚ ਲਗਾਈ ਵੀ ਉਸਦੇ ਪਿਤਾ ਜੀ ਵਲੋਂ ਹੀ ਦਰਸਾਈ ਗਈ ਹੈ। ਹੁਣ ਕਵਿਤਾ ਜੇ ਉਤਰਨੀ ਸ਼ੁਰੂ ਹੋ ਗਈ ਹੈ ਤਾਂ ਕਵਿੱਤਰੀ ਕਵੀ ਦਰਬਾਰਾਂ ਵਿਚ ਵੀ ਜਾਵੇਗੀ ਅਤੇ ਉਥੇ ਭਾਂਤ-ਸੁਭਾਂਤੇ ਕਵੀਆਂ ਦੇ ਰੂਪ ਵਿਚ ਉਸਦੇ ਰੂਪ ਅਤੇ ਕਲਾ ਦੇ ਪ੍ਰਸੰਸਕਾਂ ਨਾਲ ਉਸਦਾ ਵਾਹ ਪਵੇਗਾ। ਮੋਹਨ ਸਿੰਘ ਵਰਗਾ ਸ਼ਾਇਰ ਉਸਦਾ ਸਮਕਾਲੀ ਹੈ। ਉਹ ਨਾਇਕਾ ਨੂੰ ਵੇਂਹਦਿਆਂ ਹੀ ਉਸ ਉਪਰ ਫ਼ਿਦਾ ਹੋ ਜਾਵੇਗਾ। ਇਸਦੇ ਸਬੂਤ ਵਜੋਂ ਨਾਵਲ ਦੇ ਪੰਨਾ 28 ਉਪਰ ਮਹਾਂ ਕਵੀ ਦਾ
ਨੀ ਅੱਜ ਕੋਈ ਆਇਆ ਸਾਡੇ ਵਿਹੜੇ
ਤੱਕਣ ਚੰਨ ਸੂਰਜ ਢੁੱਕ ਢੁੱਕ ਨੇੜੇ
ਬੋਲਾਂ ਵਾਲਾ ਪ੍ਰਸਿੱਧ ਗੀਤ ਦਰਜ਼ ਹੈ ਜਿਸ ਦਾ ਕਿ ਉਂਝ ਵੀ ਪੰਜਾਬੀ ਸਾਹਿਤ ਵਿਚ ਮਾਮੂਲੀ ਜਿਹੀ ਦਿਲਚਸਪੀ ਰੱਖਣ ਵਾਲੇ ਸ਼ਾਇਦ ਹਰੇਕ ਸੱਜਣ ਨੂੰ ਹੀ ਯਾਦ ਹੋਵੇ।ਇਸੇ ਦੌਰਾਨ ਜਗਦੀਪ ਪੁਨੀਤ ਦੇ ਰੂਪ ਵਿਚ ਇਕ ਨੰਨੀ ਜਿਹੀ ਧੀ ਨੂੰ ਵੀ ਜਨਮ ਦੇ ਦਿੰਦੀ ਹੈ।ਪਰ ਹੁਣ ਮੋਹਨ ਸਿੰਘ ਉਸਦਾ ਖਹਿੜਾ ਛੱਡਦਾ ਨਹੀਂ ਹੈ। ਇਹ ਦਰਸਾਉਣ ਲਈ ਬਾਬਿਆਂ ਨੇ ਨਾਵਲ ਦੇ ਪੰਨਾ 41 ਉਪਰ ਕਵੀ ਦੀ:
ਮੈਂ ਹੁੰਦਾ ਜਾਂ ਕੁਝ ਹੋਰ ਹੋਰ
ਮੇਰੀ ਵੱਖਰੀ ਜਾਪੇ ਤੋਰ ਤੋਰ
ਕੋਈ ਆਉਂਦੀ ਜਾਵੇ ਯਾਦ ਯਾਦ
ਜਿੰਦ ਹੁੰਦੀ ਜਾਵੇ ਸੁਆਦ ਸੁਆਦ
ਬੋਲਾਂ ਵਾਲੀ ਇਕ ਹੋਰ ਪਹਿਲਾਂ ਜਿੰਨੀ ਹੀ ਉਘੀ ਨਜ਼ਮ ਦਰਜ਼ ਕੀਤੀ ਹੋਈ ਹੈ। ਜਗਦੀਪ ਨੇ ਕਹਿਰ ਇਹ ਕੀਤਾ ਕਿ ਮੋਹਨ ਸਿੰਘ ਦਾ ਚੈਨ ਖੋਹ ਲਿਆ ਹੈ; ਨੀਂਦ ਉਡਾ ਦਿਤੀ ਹੈ। ਉਸ ਦਾ ਪਤੀ ਗੁਰਮੁਖ ਪਿਆਰਾ ਦੁਕਾਨ ਤੇ ਗਿਆ ਹੋਇਆ ਹੈ ਕਿ ਮੋਹਨ ਸਿੰਘ ਮੌਕਾ ਮਿਲਦਿਆਂ ਹੀ ਅੱਖ ਬਚਾ ਕੇ ਉਸਦੇ ਘਰੇ ਪਹੁੰਚ ਜਾਂਦਾ ਹੈ। ਨਾਵਲੀ ਕਥਾ ਅਨੁਸਾਰ:
“ਅੱਜ ਫੇਰ ਉਹ ਦੀਵਾਨ ਦੀ ਬਾਹੀ ਉੱਤੇ ਬੈਠੀ ਜਗਦੀਪ ਕੋਲ ਫਰਸ਼ ਉੱਤੇ ਬੈਠ ਗਿਆ ਅਤੇ ਉਸਦੇ ਪੱਟਾਂ ਉੱਤੇ ਸਿਰ ਰੱਖ ਕੇ ਬੱਚਿਆਂ ਵਾਂਗ ਫੁੱਟ ਫੁੱਟ ਰੋਣ ਲਗਿਆ।(ਉਹ ਤਰਲਾ ਮਾਰਦਿਆਂ ਆਖ ਰਿਹਾ ਹੈ) ਜੇ ਤੁਸੀਂ ਪਿਆਰ ਦੀ ਜੀਵਨ ਤੰਦ ਤੋੜ ਦਿੱਤੀ, ਮੈਂ ਇਕ ਪਲ ਵੀ ਜਿਉਂਦਾ ਨਹੀਂ ਰਹਿ ਸਕਾਂਗਾ ”
ਜਗਦੀਪ ਦੀ ਜ਼ਿੰਦਗੀ ਦੇ ਡਰਾਮੇ ਦਾ ਮੁੱਢ ਇਸੇ ਮੋੜ ‘ਤੇ ਉਸ ਵਕਤ ਬੱਝ ਜਾਵੇਗਾ ਜਦੋਂ ਨੰਨੀ ਜਿਹੀ ਬੱਚੀ ਪੁਨੀਤ ਦਵਾਈਆਂ ਵਾਲਾ ਡੱਬਾ ਲੈ ਕੇ ਆ ਜਾਵੇਗੀ ਅਤੇ ਘਬਰਾ ਕੇ ਭੋਲੇ ਭਾਅ ਹੀ “ਮੰਮੀ, ਮੰਮੀ ਅੰਕਲ ਦਾ ਕੀ ਦੁਖਦਾ ਹੈ, ਇਹ ਰੋਈ ਜਾਂਦੇ ਨੇ। ਲਉ ਇਨ੍ਹਾਂ ਨੂੰ ਦਵਾਈ ਦੇ ਦਿਓ।” ਵਾਲੇ ਬੋਲ ਉਚਾਰੇਗੀ। ਨਾਵਲਕਾਰ ਬੜਾ ਜੁਗਤੀ ਹੈ।ਉਸਦੀ ਇਸ ਜੁਗਤ ‘ਤੇ ਵਾਹ-ਵਾਹ ਕਹਿਣ ਨੂੰ ਚਿੱਤ ਕਰਦਾ ਹੈ। ਉਸਨੇ ਅਗਾਂਹ ਸਾਰੇ ਨਾਵਲੀ ਵਿਸਥਾਰ ਅੰਦਰ ਬੱਚੀ ਦੇ ਮੂੰਹ ਵਿਚ ਬੜੀ ਚਤੁਰਾਈ ਨਾਲ ਪਾਈ, ਇਸੇ ਕੇਂਦਰੀ ਸਤਰ ਦੀਆਂ ਪਰਤਾਂ ਨੂੰ ਹੀ ਖੋਲ੍ਹੀ ਜਾਣਾ ਹੈ।
ਖ਼ੈਰ ਜਗਦੀਪ ਅਜੇ ਆਪਣਾ ਸੰਤੁਲਨ ਖੋਏਗੀ ਨਹੀਂ। ਉਹ ਮੋਹਨ ਸਿੰਘ ਦੇ ਮੂੰਹ ਜ਼ੋਰ ਤੂਫਾਨੀ ਇਸ਼ਕ ਦੇ ਤਾਂ ਪਾਰ ਪਾ ਲੈਂਦੀ ਹੈ। ਪ੍ਰੰਤੂ ਪੰਜਾਬੀ ਜ਼ੁਬਾਨ ਦੇ ਦਾਇਰੇ ਤੋਂ ਬਾਹਰ ਮੁਸ਼ਹਿਰਿਆਂ ਦੇ ਅਗਲੇ ਦਾਇਰੇ ਵਿੱਚ ਜਦੋਂ ਉਸਦਾ ਵਾਹ ਸਾਹਿਰ ਦੇ ਰੂਪ ਵਿਚ ਨੈਸ਼ਨਲ ਪੱਧਰ ਦੇ ਮਹਾਂ ਕਵੀ ਨਾਲ ਪਵੇਗਾ ਤਾਂ ਜਗਦੀਪ ਦੀ ਰੁਮਾਂਚਿਕ ਤਬਾਅ ਜਦੇ ਹੀ ਹਥਿਆਰ ਸੁੱਟ ਦਿੰਦੀ ਹੈ।ਸਾਹਿਰ ਵਿਚ ਉਸਨੂੰ ਉਹ ਇਨਸਾਨ ਨਜ਼ਰ ਆਉਂਦਾ ਹੈ ਜਿਸਦੀ ਕਿ ਉਸਦੀ ਆਤਮਾ ਨੂੰ ਯੁੱਗਾਂ ਯੁੱਗਾਂ ਤੋਂ ਭਾਲ ਹੈ।ਨਾਵਲਕਾਰ ਜਿਸ ਨੇ ਕਿਸੇ ਨਿਪੁੰਨ ਸੂਹੀਏ ਵਾਂਗ ਆਪਦੀ ਨਾਇਕਾ ਦੀ ਪੈੜ ਦਬੀ ਹੋਈ ਹੈ ਸਾਹਿਰ ਨਾਲ ਉਸਦੀ ਮਿਲਣੀ ਮੌਕੇ ਹਾਜ਼ਰ ਹੋ ਜਾਵੇਗਾ। ਗੁਰਮੁਖ ਸਿੰਘ ਦੀ ਗੈਰਹਾਜ਼ਰੀ ਵਿਚ ਜਗਦੀਪ ਕੋਲ ਰਾਤ ਗੁਜ਼ਾਰਨ ਤੋਂ ਬਾਅਦ ਸਾਹਿਰ ਜਦੋਂ ਜਾਣ ਲਗਦਾ ਹੈ ਉਸ ਮੌਕੇ ਦਾ ਦ੍ਰਿਸ਼ ਨਾਵਲੀ ਕਥਾ ਅਨੁਸਾਰ ਜ਼ਰਾ ਵੇਖੋ:
“ਸਾਹਿਰ ਨੇ ਬਾਹਾਂ ਖੋਲ੍ਹ ਕੇ ਜਾਣ ਦੀ ਇਜ਼ਾਜਤ ਮੰਗੀ ਤਾਂ ਜਗਦੀਪ ਵੀ ਉਸੇ ਤਰ੍ਹਾਂ ਬਾਹਾਂ ਖੋਲ੍ਹ ਕੇ ਸੀਨੇ ਨਾਲ ਲਗ ਗਈ।” ਪ੍ਰੰਤੂ ਅਗਲੀ ਸਤਰ ਮੋਹਨ ਸਿੰਘ ਦੇ ਜਗਦੀਪ ਦੇ ਪੱਟਾਂ ਉਪਰ ਸਿਰ ਰਖ ਕੇ ਰੋਣ ਵਾਲੇ ਵੇਰਵੇ ਤੋਂ ਵੀ ਵੱਧ ਕੱਚੀ ਹੈ।
“ਨਾਵਲਕਾਰ ਦੇ ਦਸਣ ਅਨੁਸਾਰ ਦੋ ਗਿੱਠ ਲੰਮੇ ਸਾਹਿਰ ਸਾਹਿਬ ਜਦੋਂ ਉਸਨੂੰ ਚੁੰਮਣ ਲਗੇ (ਜਗਦੀਪ ਨੇ) ਉਨ੍ਹਾਂ ਦੇ ਬੂਟਾਂ ਦੇ ਉਤੇ ਪੱਬ ਰੱਖ ਕੇ ਅੱਡੀਆਂ ਚੁਕਦਿਆਂ ਉਨ੍ਹਾਂ ਨੂੰ ਬਹੁਤ ਝੁਕਣ ਤੋਂ ਬਚਾ ਲਿਆ।”
ਅਸੀਂ ਦੁਨੀਆ ਭਰ ਦੇ ਸਾਹਿਤ ਅਤੇ ਉਸ ਤੋਂ ਪਹਿਲਾਂ ਕਿੱਸਾ ਸਾਹਿਤ ਵਿਚ ਅਨੇਕਾਂ ਔਰਤ-ਮਰਦ ਦੇ ਕਥਿਤ ਵਰਜਿਤ ਸਬੰਧਾਂ ਬਾਰੇ ਅਨੇਕ ਕਥਾ ਕਹਾਣੀਆਂ ਪੜ੍ਹੀਆਂ ਹਨ ਪਰ ਕਿਧਰੇ ਵੀ ਅਜਿਹਾ ਅਸ਼ਲੀਲ ਅੰਦਾਜ਼ ਨਹੀਂ ਡਿੱਠਾ। ਮਸਲਨ ਸਭ ਤੋਂ ਵੱਧ ਚਰਚਿਤ ਅਤੇ ‘ਬਦਨਾਮ‘ ਨਾਵਲ ‘ਲੇਡੀ ਚੈਟਰਲੀਜ ਲਵਰ‘ ਹੀ ਲੈ ਲਵੋ ਜਿਸ ਦੀ ਪ੍ਰਕਾਸ਼ਨਾ ‘ਤੇ ਇੰਗਲੈਂਡ ਵਰਗੇ ਮੁਲਕ ਵਿਚ ਵੀ ਦਹਾਕਿਆਂ ਤਕ ਪਾਬੰਦੀ ਆਇਦ ਹੋਈ ਰਹੀ। ਸੈਕਸ ਐਕਟ ਦੀ ਪਾਕੀਜ਼ਗੀ ਦਾ ਵਿਵਰਣ ਲਾਰੰਸ ਅਜਿਹੇ ਜਾਦੂਮਈ ਅੰਦਾਜ਼ ਵਿਚ ਕਰਦਾ ਹੈ ਕਿ ਪੜ੍ਹਨ ਵਾਲੇ ਦੀ ਰੂਹ ਉਮਰ ਭਰ ਲਈ ਨਸ਼ਿਆ ਜਾਂਦੀ ਹੈ।
ਇੱਥੇ ਹੀ ਨਾਵਲ ਦੇ ਪੰਨਾ 50-51 ਉਪਰ ਸਾਹਿਰ ਨਾਲ ਮਿਲਾਪ ਦੀ ਜਗਦੀਪ ਦੇ ਭਾਵਾਂ ਨੂੰ ਦਰਸਾਉਣ ਲਈ ਨਾਵਲਕਾਰ ਨੇ
‘ਕੀ ਪਤਾ ਕਦ ਲੱਥੀਆਂ ਕਣੀਆਂ ਤੇ ਕਦ ਤਾਰੇ ਖਿੜੇ
ਆਣ ਕੇ ਪਹਿਲੂ ‘ਚ ਤੇਰੇ ਕੁਝ ਖ਼ਬਰ ਹੁੰਦੀ ਨਹੀਂ‘
ਬੋਲਾਂ ਵਾਲੀ ਸੁਖਵਿੰਦਰ ਅੰਮ੍ਰਿਤ ਦੀ ਬਹੁਤ ਹੀ ਪਿਆਰੀ ਨਜ਼ਮ ਦਰਜ਼ ਕੀਤੀ ਹੋਈ ਹੈ। ਪਰ ਇਸਦੀ ਭਰਤੀ ਵੀ ਉਪਰ ਦੱਸੀ ਸਤਰ ਦੇ ਗੈਰਕਲਾਤਮਿਕ ਭਾਵ ਨੂੰ ਪਾਰ ਪਾਉਣ ਵਿਚ ਸਫ਼ਲ ਨਹੀਂ ਹੁੰਦੀ।ਜੀ ਮਤਲਾਉਣ ਤੋਂ ਹਟਦਾ ਨਹੀਂ ਹੈ।
...
ਖ਼ੈਰ ਸਾਹਿਰ ਵਾਲੀ ਕਹਾਣੀ ਜਲਦੀ ਹੀ ਖ਼ਤਮ ਹੋ ਜਾਂਦੀ ਹੈ। ਪੰਨਾ 65 ਤੋਂ ਚੌਥਾ ਭਾਗ ਸ਼ੁਰੂ ਹੁੰਦਿਆਂ ਹੀ ਨਾਵਲੀ ਬਿਰਤਾਂਤ ਦਰਿਆਈ ਵਹਿਣ ਦੇ ਹਾਰ ਚਲ ਪੈਂਦਾ ਹੈ। ਇਸੇ ਭਾਗ ਵਿਚ ਮਹਾਂ ਕਵੀ ਮੋਹਨ ਸਿੰਘ ਦੀ ‘ਮਿਹਰਬਾਨੀ‘ ਸਦਕਾ ਜਗਦੀਪ ਦੀ ‘ਪੌਣਾਂ ਹੱਥ ਸੰਦੇਸ਼‘ ਨਾਂ ਦੀ ਪੁਸਤਕ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਦਾ ਹੈ; ਹਰਪ੍ਰੀਤ ਸਿੰਘ ਹਿਤੈਸ਼ੀ ਉਸਨੂੰ ਆਪਣੇ ਮਾਸਿਕ ਸਾਹਿਤਕ ਪੱਤਰ ਦਾ ਸਹਿ-ਸੰਪਾਦਕ ਬਣਾਉਂਦੇ ਹਨ ਅਤੇ ਜਗਦੀਪ ਦੀ ਜ਼ਿੰਦਗੀ ਵਿਚ ਉਸਦੀ ਕੇਂਦਰੀ ਮੁਹੱਬਤ ਦੇ ਰੂਪ ਵਿਚ ਹਰਵਿੰਦਰ ਦੇ ਸਹਿਯੋਗ ਨਾਲ ਚਰਨਜੀਤ ਸਿੰਘ ਦੀ ਆਮਦ ਹੁੰਦੀ ਹੈ। ਇਸ ਭਾਗ ਵਿਚ ਨਿਸਚੇ ਹੀ ਸਭ ਤੋਂ ਖ਼ੂਬਸੂਰਤ ਵਰਨਣ ਉਰਦੂ ਰਿਸਾਲੇ ‘ਚਿਰਾਗ‘ ਦੇ ਮਾਲਕ ਅਨਵਰ ਸਾਹਿਬ ਦੀ ਸ਼ਖ਼ਸੀਅਤ ਦਾ ਹੈ। ਨਾਵਲਕਾਰ ਨੇ ਲਗਪਗ ਸਾਰੇ ਪਾਤਰ ਜਗਦੀਪ ਬਾਰੇ ਆਪਣੇ ਕਲਪਿਤ ਨਾਕਾਰਾਤਮਿਕ ਬਿੰਬ ਨੂੰ ਰੂੜ ਕਰਨ ਲਈ ਵਿਉਂਤੇ ਅਤੇ ਤਕੜੇ/ਕਸਬੀ ਕਾਰੀਗਰ ਵਾਂਗ ਨਾਵਲੀ ਬਿਰਤਾਂਤ ਵਿੱਚ ਚਿਣੇ ਹੋਏ ਹਨ। ਲਗਦੈ ਅਨਵਰ ਸਾਹਿਬ ਦੀ ਸ਼ਖ਼ਸੀਅਤ ਦੇ ਸੁਹੱਪਣ ਨੂੰ ਉਜਾਗਰ ਕਰਦਿਆਂ ਉਨ੍ਹਾਂ ਦੀ ਕੋਈ ਐਸੀ ਤੱਦੀ ਨਹੀਂ ਹੈ। ਇਸਲਾਮੀ ਸਭਿਆਚਾਰਕ ਪ੍ਰਵਚਨ ਨੇ ਆਪਣੇ ਲੰਮੇ ਇਤਿਹਾਸ ਵਿਚ ਜੋ ਅਨੇਕਾਂ ਅਤਿ ਹੁਸੀਨ ਰੂਹਾਂ ਸਾਜੀਆਂ- ਅਨਵਰ ਸਾਹਿਬ ਨਿਰਸੰਦੇਹ ਉਸ ਵਰਤਾਰੇ ਦੇ ਪ੍ਰਤੀਨਿਧ ਪਾਤਰ ਹਨ ਅਤੇ ਉਨ੍ਹਾਂ ਬਾਰੇ ਲਿਖੇ ਪੰਨਿਆਂ ਵਾਲਾ ਹਿੱਸਾ ਪੜ੍ਹਦਿਆਂ ਬਾਰ ਬਾਰ ਨਾਵਲਕਾਰ ਨੂੰ ਨਮੋ ਕਹਿਣ ਨੂੰ ਚਿੱਤ ਵੀ ਕਰਦਾ ਹੈ।
ਤੁਰੰਤ ਬਾਅਦ ਅਗਲੇ ਬਿਰਤਾਂਤ ਅਨੁਸਾਰ ਜਗਦੀਪ ਦੇ ਮਨ ਵਿਚੋਂ ਝਾਕਾ ਤਾਂ ਸਾਹਿਰ ਨਾਲ ਮਿਲਾਪ ਦੌਰਾਨ ਲਹਿ ਹੀ ਚੁਕਾ ਹੈ। ਸੋ ਉਸਦੀ ਜ਼ਿੰਦਗੀ ਅੰਦਰ ਚਰਨਜੀਤ ਦੀ ਹਾਜ਼ਰੀ ਵਧਦੀ ਜਾਵੇਗੀ ਅਤੇ ਉਸਦਾ ਮਨ ਗੁਰਮੁਖ ਸਿੰਘ ਤੋਂ ਤੇਜੀ ਨਾਲ ਬਦਜ਼ਨ ਹੁੰਦਾ ਚਲਾ ਜਾਵੇਗਾ।
ਨਾਵਲ ਦੇ ਪੰਨਾ 88 ਉਪਰ ਬਾਬਾ ਜੀ ਦਸਦੇ ਹਨ:
“ਹੌਲੀ ਹੌਲੀ ਚਰਨਜੀਤ ਦਾ ਆਉਣ-ਜਾਣ ਵਧਦਾ ਵਧਦਾ ਇਥੋਂ ਤਕ ਪਹੁੰਚ ਗਿਆ ਕਿ ਜਗਦੀਪ ਲਈ ਹਾਲਤ ਰੇਡੀਓ ਵਿਚ ਅਕਸਰ ਵਜਦੇ ਗੀਤ ਦੇ ਬੋਲਾਂ ਅਨੁਸਾਰ ‘ਪਹਿਲੇ ਜਾਂਅ, ਫਿਰ ਜਾਨੇਜਾਂਅ, ਫਿਰ ਜਾਨੇਜਾਨਾਂ ਗਏ‘ ਤੋਂ ਅੱਗੇ ਲੰਘ ਕੇ ‘ਪਹਿਲੇ ਦਿਲ, ਫਿਰ ਦਿਲਰੁਬਾ, ਫਿਰ ਦਿਲ ਕੇ ਮਹਿਮਾਂਅ ਹੋ ਗਏ‘ ਵਾਲੀ ਬਣ ਗਈ।”
ਅਗਲੇ ਹੀ ਪੰਨੇ ਉਪਰ ਗੁਰਮੁਖ ਸਿੰਘ ਨਾਲ ਜਗਦੀਪ ਦੀ ਮੁਕੰਮਲ ਉਪਰਾਮਤਾ ਇਸ ਪ੍ਰਕਾਰ ਦਰਸਾਈ ਗਈ ਹੈ;
“ਮੌਸਮ ਬੜਾ ਸੁਹਾਵਣਾ ਹੋ ਗਿਆ ਸੀ। ਗਰਮੀ ਤੇ ਸਰਦੀ ਦੇ ਵਿਚਕਾਰਲੇ ਦਿਨ ਸਨ।ਸ਼ਾਮ ਨੂੰ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਣ ਲਗ ਪਿਆ ਅਤੇ ਮੰਦ ਮੰਦ ਹਵਾ ਵਗ ਪਈ।...ਗੁਰਮੁਖ ਸਿੰਘ ਨੇ ਸਿੱਧੀ ਪਈ ਜਗਦੀਪ ਨੂੰ ਆਪਣੇ ਵਲੋਂ ਪਾਸਾ ਦੁਆ ਕੇ ਬਾਂਹ ਉਹਦੇ ਉਪਰ ਦੀ ਵਲ ਲਈ। ਅੱਜ ਫੇਰ ਬੁਰਸ਼ ਕੀਤਾ ਹੋਣ ਦੇ ਬਾਵਜੂਦ ਉਹਦੇ ਮੂੰਹ ਵਿਚੋਂ ਸਿਗਰਟ ਦੀ ਬੂ ਆਈ। ਗੁਰਮੁਖ ਸਿੰਘ ਨੂੰ ਬਹੁਤ ਬੁਰਾ ਮਹਿਸੂਸ ਹੋਇਆ।” ਪ੍ਰੰਤੂ ਉਹ ਬੇਹੱਦ ਨਰਮ ਸਲੀਕੇ ਨਾਲ ਇਸਦਾ ਸੰਕੇਤ ਦੇਵੇਗਾ।
400 ਪੰਨਿਆਂ ਦੇ ਵੱਡਅਕਾਰੀ ਨਾਵਲ ਦਾ ਅਜੇ ਇਕ-ਚੌਥਾਈ ਹਿੱਸਾ ਵੀ ਪੂਰਾ ਨਹੀਂ ਹੋਇਆ। ਅਸੀਂ ਅਜੇ ਪੰਨਾ 90 ਉਪਰ ਹੀ ਫਿਰ ਰਹੇ ਹਨ।
ਉਪਰ ਦਸੀਆਂ ਸਤਰਾਂ ਦੇ ਨਾਲ ਹੀ ਨਾਵਲਕਾਰ ਦਾ ਗੁਰਮੁਖ ਸਿੰਘ ਨੂੰ ਦੇਵਤਾ ਸਰੂਪ ਇਨਸਾਨ ਬਣਾ ਕੇ ਪੇਸ਼ ਕਰਨ ਦਾ ਪਹਿਲੇ ਹੀ ਪੰਨਿਆਂ ਤੋਂ ਅਰੰਭਿਆ ਪ੍ਰਾਜੈਕਟ ਸਿਖ਼ਰ ‘ਤੇ ਚਲਿਆ ਜਾਂਦਾ ਹੈ ਅਤੇ ਅਗਲੇਲੰਮੇਰੇ ਬਿਰਤਾਂਤ ਵਿਚ ਇਕ ਤੋਂ ਬਾਅਦ ਇਕ ਕਰਕੇ, ਨਵਿਓਂ ਨਵੀਆਂ ‘ਸਿਖ਼ਰਾਂ‘ ਹੀ ਆਈ ਜਾਣੀਆਂ ਹਨ। ਦੂਸਰੇ ਪਾਸੇ ਜਗਦੀਪ ਦੇ ‘ਅਖੜ ਅਮੋੜ ਖੁਦਗਰਜ਼‘ ਵਿਅਕਤੀਵਾਦ ਨੇ ਜੋ-ਜੋ ਗੁੱਲ ਖਿੜਾਉਣੇ ਹਨ - ਬਿਰਤਾਂਤਕਾਰ ਨੇ ਸਹਿਜ ਭਾਅ ਨਾਲ ਹੀ ਉਹ ਸਭ ਗਿਣਾਈ ਜਾਣੇ ਹਨ।
ਮਸਲਨ ਗੁਰਮੁਖ ਸਿੰਘ ਵਲੋਂ ਕੋਮਲ ਸਲੀਕੇ ਨਾਲ ਜਗਦੀਪ ਨੂੰ ਸਿਗਰਟ ਦੀ ਮਾੜੀ ਲਤ ਤੋਂ ਵਰਜਣ ਲਈ ਦਿੱਤੇ ਸੰਕੇਤ ਨੂੰ ਟੋਕ ਕੇ ਉਹ ਕਹਿ ਰਹੀ ਹੈ :
“ਜੇ ਸੱਚੀਂ ਪੁੱਛੋਂ ਮੈਨੂੰ ਹੁਣ ਇਕਠਿਆਂ ਪੈਣਾ ਵੀ ਚੰਗਾ ਨਹੀਂ ਲਗਦਾ। ਕਈ ਵਾਰੀਂ ਮੈਂ ਰਾਤੀਂ ਜਾਗ ਰਹੀ ਹੁੰਦੀ ਹਾਂ ਤਾਂ ਦਬੇ ਪੈਰੀਂ ਕਵਿਤਾ ਆਉਂਦੀ ਹੈ ਪਰ ਤੁਹਾਨੂੰ ਮੇਰੇ ਨਾਲ ਪਏ ਦੇਖ ਕੇ ਪਰਤ ਜਾਂਦੀ ਹੈ, ਭਾਵੇਂ ਤੁਸੀਂ ਸੁੱਤੇ ਹੀ ਕਿਉਂ ਨਾ ਪਏ ਹੋਵੋਂ। ਇਓਂ ਮੁੜੀ ਹੋਈ ਕਵਿਤਾ ਫੇਰ ਦੁਬਾਰਾ ਕਦੀ ਨਹੀਂ ਆਉਂਦੀ। ਉਹ ਸਦਾ ਵਾਸਤੇ ਗਵਾਚ ਜਾਂਦੀ ਹੈ, ਮਨ ਦੇ ਡੂੰਘੇ ਸਮੁੰਦਰਾਂ ਵਿਚ ਡੁੱਬ ਹੀ ਜਾਂਦੀ ਹੈ।”
ਪਾਠਕ ਇੱਥੇ ਪਲ ਕੁ ਰੁਕ ਕੇ ਜ਼ਰਾ ਸੋਚਣ ਦੀ ਮਿਹਰ ਕਰਨ ਕਿ ਭੁੱਲਰ ਸਾਹਿਬ ਅੰਮ੍ਰਿਤਾ ਦੀ ਆਤਮਾ ਨੂੰ ਠਿੱਠ ਕਰਨ ਜਾਂ ਉਸ ਦੇ ਬਿੰਬ ਨੂੰ ਤੋੜਨ ਦੇ ਆਪਦੇ ਪ੍ਰਾਜੈਕਟ ਜੋ ਉਨ੍ਹਾਂ ਨੇ ਨਾਵਲ ਦੇ ਪਹਿਲੇ ਭਾਗ ਦੇ ਪੰਨਾ 23 ਉਪਰ ਜਗਦੀਪ ਦੇ ਕਵੀ ਦਰਬਾਰਾਂ ਵਿਚ ਜਾਣ ਬਾਰੇ ਗੁਰਮੁਖ ਸਿੰਘ ਵਲੋਂ ਉਸਦੇ ਪਿਤਾ ਗੁਰਦੇਵ ਸਿੰਘ ਦੇ ਸ਼ਰਮ ਦੇ ਮਾਰਿਆਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਮੱਥਾ ਟੇਕ ਕੇ ਸਵਾਸ ਛਡ ਗਏ ਦਰਸਾ ਕੇ ਅਰੰਭ ਕਰ ਦਿਤਾ ਹੈ - ਕੈਸੇ ਜਟਕੇ ਵਿਅੰਗਮਈ ਅੰਦਾਜ਼ ‘ਤੇ ਉਤਰ ਆਏ ਹਨ ਅਤੇ ਅੱਗੋਂ ਉਨ੍ਹਾਂ ਨੇ ਆਪਣੇ ਮਨੋਂ ਪੂਰਨ ਇਕਾਗਰਤਾ ਨਾਲ ਇਸੇ ਦਿਸ਼ਾ ਵਿਚ ਹੀ ਚਲੀ ਜਾਣਾ ਹੈ।
ਪ੍ਰੰਤੂ ਉਪਰਲੀਆਂ ਸਤਰਾਂ ਪੜ੍ਹ ਕੇ ਮਨ ਵਿਚ ਆ ਰਿਹਾ ਹੈ ਕਿ ਜ਼ਰਾ ਅੰਮ੍ਰਿਤਾ ਪ੍ਰੀਤਮ ਦਾ ਆਪਦਾ ਪੱਖ ਵੀ ਜਾਣ ਲਿਆ ਜਾਵੇ ਕਿ ਵਿਆਹ ਆਪਣੇ ਬਾਰੇ ਉਹ ਵਿਚਾਰੀ ਖੁਦ ਕੀ ‘ਇਕਬਾਲੀਆ ਬਿਆਨ‘ ਕਰਦੀ ਹੈ।
ਇਸ ਪ੍ਰਥਾਏ ਅੰਮ੍ਰਿਤਾ ਦੀ ‘ਰਸੀਦੀ ਟਿਕਟ‘ ਸਿਰਲੇਖ ਹੇਠਲੇ ‘ਸਵੈ ਕਥਨ‘ ਪਹਿਲੀ ਵਾਰ 1976 ਵਿਚ ਛਪੇ ਸਨ। ਲਿਖੇ ਇਸ ਤੋਂ ਵੀ ਪਹਿਲਾਂ ਗਏ ਹੋਣਗੇ। ਉਨ੍ਹੀਂ ਦਿਨੀਂ ਗੁਰਬਚਨ ਸਿੰਘ ਭੁੱਲਰ ਅਤੇ ਉਨ੍ਹਾਂ ਦਾ ਜੁੰਡੀ ਦਾ ਯਾਰ ਬਾਬਾ ਗੁਰਦੇਵ ਸਿੰਘ ਰੁਪਾਣਾ ਅੰਮ੍ਰਿਤਾ ਦੇ ਡੇਰੇ ‘ਤੇ ਉਸ ਦੀ ‘ਕਿਚਨ ਕੈਬਨਿਟ‘ ਦੇ ਸਭ ਤੋਂ ਵੱਧ ਇਤਬਾਰੀ ਮੈਂਬਰ ਸਨ। ਸਵੈ ਕਥਨ ਲਿਖਣ ਸਮੇਂ ਸਭ ਤੋਂ ਪਹਿਲਾਂ ਅੰਮ੍ਰਿਤਾ ਨੇ ਆਪਦੀ ਇੱਛਾ ਵੀ ਇਨ੍ਹਾਂ ਨਾਲ ਹੀ ਸਾਂਝੀ ਕੀਤੀ ਸੀ। ਭੁੱਲਰ ਸਾਹਿਬ ਨੇ ‘ਅੰਮ੍ਰਿਤਾ ਦੀਆਂ ਤਿੰਨ ਮੌਤਾਂ‘ ਵਾਲੇ ਲੇਖ ਵਿੱਚ ਮੰਨਿਆ ਵੀ ਹੋਇਆ ਹੈ ਅਤੇ ਹਥਲਾ ਬਿਰਤਾਂਤ ਸ਼ੁਰੂ ਕਰਨ ਤੋਂ ਪਹਿਲਾਂ ਰੁਪਾਣਾ ਸਾਹਿਬ ਨਾਲ ਦੋ-ਤਿੰਨ ਵਾਰੀਂ ਫ਼ੋਨ ਉੱਪਰ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਸਾਡੇ ਕੋਲ ਵੀ ਇਸ ਗੱਲ ਦੀ ਤਸਦੀਕ ਕੀਤੀ ਹੈ।
‘ਰਸੀਦੀ ਟਿਕਟ‘ ਦੇ ਪੁਸਤਕ ਪਹਿਲੇ 100 ਕੁ ਪੰਨੇ ਹੀ ਸਾਡੇ ਕੰਮ ਦੇ ਹਨ ਅਤੇ ਅੰਮ੍ਰਿਤਾ ਦੀ ਸਖਸ਼ੀਅਤ ਦੇ ਸੁਹੱਪਣ ਅਤੇ ਸੀਮਾਵਾਂ ਨੂੰ ਜਾਨਣ ਦੀ ਦਿਸ਼ਾ ਵਿਚ ਮਾਨੋਂ ਕੁੰਜੀ ਦੇ ਸਮਾਨ ਪੜ੍ਹੇ ਜਾ ਸਕਦੇ ਹਨ।
‘ਰਸੀਦੀ ਟਿਕਟ‘ ਦੇ ਦੂਸਰੇ ਹੀ ਪੰਨੇ ਉਪਰ ਉਹ ਆਪਣੇ ਬਾਪ ਦੇ ਤਰਾਸਦਿਕ ਪਿਛੋਕੜ ਬਾਰੇ ਦਸਦਿਆਂ ਆਪਣੀ ਸਕੀ ਭੂਆ ਹਾਕੋ ਦੀ ਕਹਾਣੀ ਸੁਣਾਉਂਦੀ ਹੈ। ਬੇਹਤਰ ਰਹੇਗਾ ਕਿ ਪਾਠਕ ਇਸ ਬਾਰੇ ਖੁਦ ਅੰਮ੍ਰਿਤਾ ਦੇ ਆਪਣੇ ਸ਼ਬਦਾਂ ਵਿਚ ਹੀ ਜਾਨਣ:
ਅੰਮ੍ਰਿਤਾ ਦਾ ਪਿਤਾ “ਨੰਦ ਸਾਧ ਸ਼ਾਹੂਕਾਰਾਂ ਦਾ ਪੁੱਤਰ ਸੀ। ਜਦੋਂ ਛੇਆਂ ਮਹੀਨਿਆਂ ਦਾ ਸੀ ਮਾਂ ਲੱਛਮੀ ਮਰ ਗਈ ਸੀ। ਉਸਦੀ ਨਾਨੀ ਨੇ ਉਹਨੂੰ ਝੋਲੀ ਪਾ ਲਿਆ ਤੇ ਦਾਣੇ ਛੜਨ ਵਾਲੀ ਇਕ ਜਨਾਨੀ ਦੇ ਦੁੱਧ ਤੇ ਪਾਲ ਲਿਆ ਸੀ। ਨੰਦ ਦੇ ਚਾਰ ਹੋਰ ਵੀ ਭਰਾ ਤੇ ਇਕ ਭੈਣ ਸੀ। ਦੋ ਵੱਡੇ ਮਰ ਗਏ। ਗੁਪਾਲ ਸਿੰਘ ਟੱਬਰ ਟੋਰ ਛੱਡ ਕੇ ਸ਼ਰਾਬੀ ਹੋ ਗਿਆ ਸੀਤੇ ਵੱਡਾ ਹਾਕਮ ਸਿੰਘ ਸਾਧਾਂ ਦੇ ਡੇਰੇ ਜਾ ਬੈਠਾ ਸੀ। ਸੋ ਨੰਦ ਦਾ ਸਾਰਾ ਮੋਹ ਆਪਣੀ ਭੈਣ ਹਾਕੋ ਨਾਲ ਪੈ ਗਿਆ। ਭੈਣ ਵੱਡੀ ਸੀ ਆਖ਼ਰਾਂ ਦੀ ਸੋਹਣੀ। ਜਦੋਂ ਵਿਆਹੀ ਤਾਂ ਆਪਣੇ ਖਾਵੰਦ ਬੇਲਾ ਸਿੰਘ ਨੂੰ ਵੇਖ ਕੇ ਇਕੋ ਜ਼ਿਦ ਧਾਰ ਗਈ ਕਿ ਉਹਦੇ ਨਾਲ ਉਸਦਾ ਕੋਈ ਰਿਸ਼ਤਾ ਨਹੀਂ ਸੀ। ਮੁਕਲਾਵੇ ਫੇਰੇ ਜਾਣ ਦੀ ਥਾਂ ਉਹਨੇ ਪੇਕੇ ਘਰ ਵਿਚ ਭੋਰਾ ਕਢਵਾਇਆ ਤੇ ਚਲੀਹੇ ਰੱਖ ਲਏ। ਗਲ ਗੇਰੂਏ ਕਪੜੇ ਪਾਂਦੀ ਰਾਤੀਂ ਕੱਚੇ ਛੋਲੇ ਪਾਣੀ ਵਿਚ ਭਿਉਂਦੀ ਤੇ ਦਿਨੇ ਚੱਬ ਲੈਂਦੀ। ਨੰਦ ਨੇ ਵੀ ਭੈਣ ਦੀ ਰੀਸੇ ਗੇਰੂਏ ਕਪੜੇ ਪਾ ਲਏ। ਪਰ ਭੈਣ ਬਹੁਤੇ ਦਿਨ ਜਿਉਂਦੀ ਨਾ ਰਹੀ। ਉਸਦੀ ਮੌਤ ਨਾਲ ਨੰਦ ਨੂੰ ਜਾਪਿਆ ਕਿ ਦੁਨੀਆ ਤੋਂ ਅਸਲੀ ਵੈਰਾਗ ਉਹਨੂੰ ਹੁਣ ਹੋਇਆ ਸੀ। ਉਹ ਸ਼ਾਹੂਕਾਰ ਨਾਨੇ ਸ੍ਰ. ਅਮਰ ਸਿੰਘ ਸਚਦੇਵ ਤੋਂ ਮਿਲੀ ਅੰਤਾਂ ਦੀ ਜਾਇਦਾਦ ਨੂੰ ਤਿਆਗ ਕੇ ਸੰਤ ਦਿਆਲ ਜੀ ਦੇ ਡੇਰੇ ਜਾ ਬੈਠਾ।”
ਅਗਲੇ ਪੰਨਿਆਂ ਵਿਚ ਬਹੁਤ ਸੰਖੇਪ ਵਿਚ ਅੰਮ੍ਰਿਤਾ ਨੇ ਦਸਿਆ ਹੋਇਆ ਹੈ ਕਿ ਉਸਦਾ ਪਿਤਾ ਨੰਦ ਗ੍ਰਹਿਸਤ ਆਸ਼ਰਮ ‘ਚ ਪ੍ਰਵੇਸ਼ ਕਰਕੇ ਆਪਦਾ ਨਾ ਕਰਤਾਰ ਸਿੰਘ ਕਿਉਂ ਰੱਖਦਾ ਹੈ। ਉਸਦਾ ਵਿਆਹ ਕਿਵੇਂ ਹੁੰਦਾ ਹੈ; ਅੰਮ੍ਰਿਤਾ ਕਦੋਂ ਜਨਮ ਲੈਂਦੀ ਹੈ; ਉਹ ਮਹਿਜ਼ 4 ਵਰ੍ਹਿਆਂ ਦੀ ਹੈ ਕਿ ਮਾਂ ਉਸਦੀ ਕਿਸ ਤਰ੍ਹਾਂ ਮਰ ਜਾਂਦੀ ਹੈ ਅਤੇ ਉਧਰ 16ਵਾਂ ਵਰ੍ਹਾ ਕਿਸ ਕਿਸਮ ਦਾ ‘ਸਰਾਪ‘ ਲੈ ਕੇ ਆਉਂਦਾ ਹੈ।
ਪੰਨਾ 18 ਉਪਰ ਅੰਮ੍ਰਿਤਾ ਦੱਸਦੀ ਹੈ:
 “ਮੇਰਾ ਖਿਆਲ ਹੈ ਜਦੋਂ ਅੱਖਾਂ ਵਿੱਚ ਕੋਈ ਹੁਸੀਨ ਤਸੱਵਰ ਕਾਇਮ ਰਹਿੰਦਾ ਹੈ ਤੇ ਤਸੱਵਰ ਦੇ ਰਾਹ ਵਿੱਚ ਜੋ ਕੁਝ ਵੀ ਗ਼ਲਤ ਹੈ, ਉਹਦੇ ਨਾਲ ਰੋਹ ਕਾਇਮ ਰਹਿੰਦਾ ਹੈ, ਉਦੋਂ ਤਕ ਮਨੁੱਖ ਦਾ ਸੋਲਵਾਂ ਵਰ੍ਹਾ ਵੀ ਕਾਇਮ ਰਹਿੰਦਾ ਹੈ। ਹੁਸੀਨ ਤਸੱਵਰ ਇਕ ਮਹਿਬੂਬ ਦੇ ਮੂੰਹ ਦਾ ਹੋਵੇ ਜਾਂ ਹੋਰ ਕਾਸੇ ਦਾ। ਇਹ ਮਨ ਦੇ ਸੋਲਵੇਂ ਵਰ੍ਹੇ ਨਾਲ ਮਨ ਦੇ ਤਸੱਵਰ ਦਾ ਰਿਸ਼ਤਾ ਹੈ।-- ਤੇ ਮੇਰਾ ਇਹ ਰਿਸ਼ਤਾ ਅਜੇ ਕਾਇਮ ਹੈ।”
ਪੰਨਾ 20 ‘ਤੇ ਉਹ ਦਸਦੀ ਹੈ “ਮੈਂ ਚਹੁੰ ਵਰ੍ਹਿਆਂ ਦੀ ਸਾਂ ਜਦੋਂ ਮੇਰੀ ਮਾਂ ਨੇ ਦੂਰ ਦੇ ਸਾਕੋਂ ਲਗਦੀ ਭੂਆ ਦੇ ਪੁੱਤਰ ਨਾਲ ਮੇਰਾ ਸਾਕ ਗੰਢ ਦਿਤਾ ਸੀ। ਫਿਰ ਮਾਂ ਨਹੀਂ ਰਹੀ ਤਾਂ ਪਿਤਾ ਨੇ ਸਾਲ 1936 ‘ਚ ਵਿਆਹ ਦੀ ਰਸਮ ਕਰਕੇ ਮੇਰੀ ਮਾਂ ਦਾ ਬੋਲ ਪੁਗਾ ਦਿਤਾ। ਇਸ ਲਈ ਹੁਣ ਸਾਹਮਣੇ ਕੋਈ ਰਾਹ ਨਹੀਂ ਸੀ। ਕੰਧਾਂ ਸਨ - ਸਮਾਜ ਦੀਆਂ ਵੀ, ਮਜਹਬਾਂ ਦੀਆਂ ਵੀ...”
‘ਰਸੀਦੀ ਟਿਕਟ‘ ਦੇ ਪੰਨਾ 54 ਉਪਰ ‘ਇਕ ਤਕਦੀਰੀ ਵਾਕਿਆ‘ ਉਨਵਾਨ ਹੇਠ ਅੰਮ੍ਰਿਤਾ ਆਪਣੇ ਸਹੁਰੇ ਪਰਿਵਾਰ ਬਾਰੇ ਜੋ ਜਾਣਕਾਰੀ ਦਿੰਦੀ ਹੈ ਉਹ ਵੀ ਜਰਾ ਵੇਖੋ:
“ਸਾਰੇ ਹੀ ਬੜੇ ਚੰਗੇ ਲੋਕ ਸਨ, ਪਰ ਜਾਪਿਆ ਹੋਣੀ ਨੇ ਕਿਸੇ ਅਣਗਹਿਲੀ ਵਿਚ ਮੇਰੇ ਉਨ੍ਹਾਂ ਚੰਗੇ ਲੋਕਾਂ ਦੇ ਨਸੀਬਾਂ ਉਪਰ ਦਸਤਖ਼ਤ ਕਰ ਦਿਤੇ ਹੋਣ...ਛੋਟੀ ਜਿਹੀ ਸਾਂ ਜਦੋਂ ਤੋਂ ਇਕ ਪ੍ਰਛਾਵੇਂ ਨਾਲ ਗੱਲਾਂ ਕਰਦੀ ਰਹੀ ਸਾਂ ਤੇ ਉਹ ਖੌਰੇ ਮੇਰੇ ਕਿਸੇ ਪੂਰਬ ਜਨਮ ਦਾ ਪ੍ਰਛਾਵਾਂ ਸੀ, ਕਿ ਉਹਨੂੰ ਲੱਭਦੀ ਮੈਂ ਵੈਰਾਗੀ ਜਾਂਦੀ ਸੀ।...
ਮਾਂ ਰਹੀ ਨਹੀਂ ਸੀ, ਭੈਣ ਕੋਈ ਹੈ ਨਹੀਂ ਸੀ-ਤੇ ਪਿਤਾ ਹਜਾਰੀ ਬਾਗ ਜਮੀਨ ਲੈ ਕੇ ਇਕ ਕੁਟੀਆ ਵਸਾਣ ਚਲੇ ਗਏ ਸਨ-ਤੇ ਮਨ ਦੀ ਗੱਲ ਕਰਨ ਵਾਸਤੇ ਮੇਰਾ ਕੋਈ ਨਹੀਂ ਸੀ।
ਡਾ. ਲਤੀਫ ਲਹੌਰ ਐਫ.ਸੀ. ਕਾਲਜ ਵਿਚ ਪੜ੍ਹਾਂਦੇ ਸਨ। ਇਸ ਲਈ ਮੈਂ ਉਨ੍ਹਾਂ ਨੂੰ ਮਿਲੀ ਸਾਂ। ਉਹ ਬੜੇ ਸਬਰ ਨਾਲ ਕੁਝ ਦਿਨ ਵਕਤ ਦੇਂਦੇ ਰਹੇ। ਬੜੀ ਅਪਣੱਤ ਨਾਲ। ਉਨ੍ਹਾਂ ਦੇ ਕਈ ਸਵਾਲਾਂ ਦੇ ਜਵਾਬ ਵਿਚ ਜੋ ਸੀ, ਉਹੀ ਆਖਦੀ ਰਹੀ ਸਾਂ ਕਿ ਇਸ ਵਿਆਹੀ ਜ਼ਿੰਦਗੀ ਵਿਚ ਮੈਨੂੰ ਕੋਈ ਤਕਲੀਫ਼ ਨਹੀਂ। ਸਿਰਫ ਇਕ ਗੱਲ ਹੈ ਕਿ ਮੈਨੂੰ ਆਪਣਾ ਆਪ ਜਿਉਂਦਾ ਨਹੀਂ ਜਾਪਦਾ...”
ਇਸੇ ਪ੍ਰਥਾਏ ਅੰਮ੍ਰਿਤਾ ਦੀ ‘ਕਾਗਜ਼ ਤੇ ਕੈਨਵਸ‘ ਵਿਚੋਂ ਕੁਝ ਕਵਿਤਾਵਾਂ ਦਾ ਪਾਠ ਹਾਜ਼ਰ ਕੀਤਾ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਇਸ ਪੁਸਤਕ ਦੇ ਪੰਨਾ 60 ਉਪਰ ਉਸ ਦੀ ਨਜ਼ਮ ਪੜ੍ਹੋ:
ਅੰਮ੍ਰਿਤਾ
ਇਕ ਦਰਦ ਸੀ -
ਜੋ ਸਿਗਰਟ ਦੀ ਤਰ੍ਹਾਂ ਮੈਂ ਚੁੱਪ ਚਾਪ ਪੀਤਾ ਹੈ
ਸਿਰਫ ਕੁਝ ਨਜ਼ਮਾਂ ਹਨ-
ਜੋ ਸਿਗਰਟ ਦੇ ਨਾਲੋਂ
ਮੈਂ ਰਾਖ ਵਾਂਗ ਝਾੜੀਆਂ।
ਪੰਨਾ 59 ਉਪਰ ਇਕ ਹੋਰ ਨਜ਼ਮ ਹੈ:
‘ਕਜਾਨ ਜਾਕਿਸ‘ ਸਿਰਲੇਖ ਹੇਠ ਨਜ਼ਮ ਇਸ ਪ੍ਰਕਾਰ ਹੈ:
ਮੈਂ ਜ਼ਿੰਦਗੀ ਨੂੰ ਇਸ਼ਕ ਕੀਤਾ ਸੀ
ਪਰ ਜ਼ਿੰਦਗੀ ਇਕ ਵੇਸਵਾ ਦੀ ਤਰ੍ਹਾਂ
ਮੇਰੇ ਇਸ਼ਕ ‘ਤੇ ਹੱਸਦੀ ਰਹੀ
ਤੇ ਮੈਂ ਉਦਾਸ, ਇਕ ਨਾਮਰਦ ਆਸ਼ਕ
ਸੋਚਾਂ ਦੇ ਵਿਚ ਘੁਲਦਾ ਰਿਹਾ---
ਪਰ ਜਦੋਂ ਇਸ ਵੇਸਵਾ ਦਾ ਹਾਸਾ
ਮੈਂ ਕਾਗਜਾਂ ‘ਤੇ ਉਤਾਰਿਆ
ਤਾਂ ਹਰ ਅੱਖਰ ਦੇ ਸੰਘ ਵਿਚੋਂ
ਇਕ ਚੀਖ ਨਿਕਲੀ
ਤੇ ਖੁਦਾ ਦਾ ਆਸਣ
ਕਿੰਨਾ ਹੀ ਚਿਰ ਹਿਲਦਾ ਰਿਹਾ
----------
ਇਸੇ ਤਰ੍ਹਾਂ ਪੰਨਾ 47 ਤੇ ਉਸ ਦੀ ਇਕ ਹੋਰ ਨਜ਼ਮ ਪੜ੍ਹੀ ਜਾ ਸਕਦੀ ਹੈ:
ਮੈਂ ਤੇਰੀ ਸੇਜ਼ ‘ਤੇ ਪੈਰ ਧਰਿਆ ਸੀ
ਮੈਂ ਇਕ ਨਹੀਂ ਸਾਂ - ਦੋ ਸਾਂ
ਇਕ ਸਾਲਮ ਵਿਆਹੀ
ਤੇ ਇਕ ਸਾਲਮ ਕੁਆਰੀ
ਸੋ ਤੇਰੇ ਭੋਗ ਦੀ ਖ਼ਾਤਰ
ਮੈਂ ਉਸ ਕੁਆਰੀ ਨੂੰ ਕਤਲ ਕਰਨਾ ਸੀ
ਮੈਂ ਕਤਲ ਕੀਤਾ ਸੀ
ਇਹ ਕਤਲ ਜੋ ਕਾਨੂੰਨਨ ਜਾਇਜ਼ ਹੁੰਦੇ ਹਨ
ਸਿਰਫ ਉਨ੍ਹਾ ਦੀ ਜਿੱਲਤ ਦਾ ਜ਼ਹਿਰ ਪੀਤਾ ਸੀ---
ਪੁਸਤਕ ਦੇ ਅਰੰਭ ਵਿਚ ‘ਗ੍ਰਹਿਣ ਗਾਥਾ‘ ਉਨਵਾਨ ਹੇਠ ਲਿਖੀ ਭੂਮਿਕਾ ਦੇ ਪੰਨਾ 12 ਉਪਰ ਅੰਮ੍ਰਿਤਾ ਲਿਖਦੀ ਹੈ:
“ਰੱਬ ਜਾਣੇ, ਉਹ ਕਿਹੜੀ ਰਾਤ ਹੁੰਦੀ ਹੈ ਜੋ ਕਿਸੇ ਸੁਪਨੇ ਦਾ ਮੱਥਾ ਚੁੰਮ ਲੈਂਦੀ ਹੈ ਤੇ ਫੇਰ ਖਿਆਲਾਂ ਦੇ ਪੈਰਾਂ ਵਿਚ ਇਕ ਝਾਂਜਰ ਜਿਹੀ ਵੱਜਣ ਲਗ ਪੈਂਦੀ ਹੈ...ਤੇ ਇਹੀ ਮੀਰਾ ਦੇ ਘੁੰਗਰੂ ਹਨ ਜਿਨ੍ਹਾਂ ਕੋਲੋਂ ਕੁਝ ਪੁੱਛਿਆ ਦੱਸਿਆ ਨਹੀਂ ਜਾ ਸਕਦਾ...”
ਅੰਮ੍ਰਿਤਾ ਦੀ ‘ਕੁਮਾਰੀ‘ ਸਿਰਲੇਖ ਹੇਠਲੀ ਨਜ਼ਮ ਦੀਆਂ ਸਤਰਾਂ ਲਿਖਦਿਆਂ ਸੰਸਾਰ ਦੀਆਂ ਅਨੇਕਾਂ ਪੁਸਤਕਾਂ ਦੇ ਸੰਦਰਭ ਮੇਰੇ ਚੇਤਿਆਂ ਵਿਚ ਉਭਰ ਆਏ ਹਨ। ਚੋਣ ਕਰਨੀ ਔਖੀ ਲਗ ਰਹੀ ਹੈ ਕਿ ਗੱਲ ਗਿਬਸਨ ਦੇ ‘ਡੌਲਜ ਹਾਊਸ‘ ਦੀ ਨਾਇਕਾ ਤੋਂ, ਅੰਨਾ ਆਖਮਾਤੋਵਾ ਜਾਂ ਈਜਾਡੋਰਾ ਡੰਕਨ ਦੇ ਪ੍ਰੇਮ ਪ੍ਰਸੰਗਾਂ ਤੋਂ ਸ਼ੁਰੂ ਕੀਤੀ ਜਾਵੇ। ਪਰ ਅਸੀਂ ਸਭ ਤੋਂ ਪਹਿਲਾਂ ‘ਰੀਡਿੰਗ ਲੌਲਿਤਾ ਇਨ ਤਹਿਰਾਨ‘ ਵਰਗੀ ਸ਼ਾਹਕਾਰ ਰਚਨਾ ਰਚਨ ਵਾਲੀ ਆਪਣੀ ਮਹਿਬੂਬ ਇਰਾਨੀ ਲੇਖਿਕਾ ਅਜ਼ਰ ਨਫ਼ੀਸੀ ਦੀ ‘ਥਿੰਗਜ ਆਈ ਹੈਵ ਬਿਨ ਸਾਈਲੈਂਟਅਬਾਊਟ‘ ਸਿਰਲੇਖ ਹੇਠਲੀ ਅਤਿਅੰਤ ਹੁਸੀਨ ਸਵੈਜੀਵਨੀ ਤੋਂ ਕਰਾਂਗੇ।
ਮਾਪਿਆਂ ਦੇ ਜ਼ੋਰ ਦੇਣ ਤੇ ਅੰਮ੍ਰਿਤਾ ਦੇ ਵਿਆਹ ਵਾਲੀ ਉਮਰ ਵਿਚ ਹੀ ਅਜ਼ਰ ਨਫ਼ੀਸੀ ਵੀ ਵਿਆ ਕਰਵਾ ਲੈਂਦੀ ਹੈ ਅਤੇ ਵਿਆਹ ਪਿਛੋਂ ਜੋ ਭਾਣਾ ਵਾਪਰਦਾ ਹੈ ਉਹ ਉਸ ਨੇ ਕਿਤਾਬ ਦੇ ‘ਵੂਮੈਨ ਲਾਈਕ ਦੈਟ‘ ਸਿਰਲੇਖ ਹੇਠਲੇ ਪੁਸਤਕ ਦੇ 18ਵੇਂ ਕਾਂਡ ਵਿਚ ਸੁਣਾਇਆ ਹੈ, ਪੜ੍ਹਦਿਆਂ ਆਦਮੀ ਦੇ ਦਹਿਸ਼ਤ ਨਾਲ ਪਸੀਨੇ ਛੁੱਟ ਪੈਂਦੇ ਹਨ।
ਅਜ਼ਰ ਦੇ ਮਾਤਾ-ਪਿਤਾ ਸਭ ਤੋਂ ਪਹਿਲਾਂ ਆਪ ਦੀ ਧੀ ਉਪਰ ਬਹਿਜਾਦ ਸਾਰੀ ਨਾਂ ਦੇ ਬਹੁਤ ਹੀ ਉਚੇ ਘਰਾਣੇ ਦੇ ਸੁੰਦਰ ਯੁਵਕ ਨਾਲ ਵਿਆਹ ਕਰਵਾਉਣ ਲਈ ਜ਼ੋਰ ਪਾਉਂਦੇ ਹਨ। ਪੁਸਤਕ ਦੇ ਪੰਨਾ 159 ਉਪਰ ਅਜ਼ਰ ਦਸਦੀ ਹੈ:
“ਮੇਰੇ ਮਾਪਿਆਂ ਦੇ ਜੀਅ ‘ਚ ਹੈ ਕਿ ਮੁੰਡਾ ਠੀਕ ਹੈ, ਪੜ੍ਹਿਆ ਲਿਖਿਆ ਬੀਬਾ ਰਾਣਾ ਹੈ, ਉੱਚੇ ਘਰਾਣੇ ‘ਚੋਂ ਹੈ ਅਤੇ ਮੇਰੀ ਹਸਤੀ ਨੂੰ ਪੂਰਨ ਸਵੀਕਿਰਤੀ ਅਤੇ ਸਤਿਕਾਰ ਦੇ ਸਕੇਗਾ।ਮੈਨੂੰ ਖੁਦ ਵੀ ਮੁੰਡੇ ਵਿੱਚ ਕੋਈ ਨੁਕਸ ਨਜ਼ਰ ਆਉਂਦਾ ਨਹੀਂ ਸੀ। ਸਿਵਾਏ ਇਸਦੇ ਕਿ ਉਹ ਮੈਨੂੰ ਸਿਰੇ ਦਾ ਬੁੱਗ ਲਗਦਾ ਸੀ ਅਤੇ ਮੇਰਾ ਮਨ ਕਹਿੰਦਾ ਸੀ ਕਿ ਮੇਰੇ ਕੋਲੋਂ ਉਸਨੂੰ ਸਹਿਣ ਕੀਤਾ ਨਹੀਂ ਜਾਣਾ।ਮੇਰੀ ਉਸ ਨਾਲ ਇਕ ਪਲ ਵੀ ਨਿਭ ਨਹੀਂ ਸਕਣੀ।”
ਇਸ ਪਹਿਲੇ ਟਰੈਪ ਵਿਚੋਂ ਤਾਂ ਅਜ਼ਰ ਬਚ ਜਾਂਦੀ ਹੈ। ਪਰ ਜਲਦੀ ਹੀ ਬਾਅਦ ਨਵਾਂ ਟਰੈਪ ਆ ਜਾਂਦਾ ਹੈ। ਇਸ ਧਰਮ ਸੰਕਟ ਦੀ ਕਥਾ ਸੁਨਾਉਣ ਤੋਂ ਪਹਿਲਾਂ ਅਜ਼ਰ ਆਪਣੀ ਭਿਆਨਕ ਚਿੰਤਾ ਦੀ ਵਜਾਹਤ ਕਰਨ ਲਈ ਆਪਦੀ ਆਦਰਸ਼ ਅਤੇ ਇਰਾਨ ਦੀ ਆਪਣੇ ਵਕਤਾਂ ਤੋਂ ਦਹਾਕਾ, ਦੋ ਦਹਾਕੇ ਪਹਿਲਾਂ ਹੋਈ ਫਰੁਖਜ਼ਾਦ ਨਾਂ ਦੀ ਇਕ ਹੋਰ ਮਹਾਨ ਕਵਿੱਤਰੀ ਦੇ ਦੁਖਾਂਤ ਦੀ ਕਹਾਣੀ ਸੁਣਾਉਂਦੀ ਹੈ।
ਫਰੁਖਜ਼ਾਦ ਸਾਲ 1935 ਵਿਚ ਪੈਦਾ ਹੁੰਦੀ ਹੈ। ਉਸਦੇ ਵਿਆਹ ਲਈ ਕੋਈ ਜ਼ੋਰ ਨਹੀਂ ਪਾਉਂਦਾ ਬਲਕਿ ਉਮਰ ਦੇ ਮਹਿਜ਼ 16ਵੇਂ ਵਰ੍ਹੇ ਵਿਚ ਉਹ ਪਰਵੇਜ਼ ਸ਼ਾਹਪੂਰ ਨਾਂ ਦੇ ਇਕ ਬਹੁਤ ਹੀ ਜ਼ਹੀਨ ਵਿਅਕਤੀ ਨੂੰ ਆਪਦੀ ਮਰਜ਼ੀ ਨਾਲ ਪਤੀ ਵਜੋਂ ਚੁਣ ਲੈਂਦੀ ਹੈ। ਅਗਲੇ ਹੀ ਵਰ੍ਹੇ ਕਾਮੀ ਨਾਂ ਦਾ ਉਸ ਦਾ ਪੁੱਤਰ ਪੈਦਾ ਹੋ ਜਾਂਦਾ ਹੈ। ਪਰ ਫਰੁਖਜ਼ਾਦ ਵਿਆਹ ਤੋਂ ਉਕਤਾ ਕੇ ਜਦੇ ਹੀ ਬੰਧਨ ਤੋਂ ਮੁਕਤ ਹੋ ਜਾਂਦੀ ਹੈ। ਸਾਲ 1967 ‘ਚ ਉਹ ਮਹਿਜ਼ 32 ਵਰ੍ਹਿਆਂ ਦੀ ਹੈ ਕਿ ਭਿਆਨਕ ਕਾਰ ਹਾਦਸੇ ਵਿਚ ਉਸਦੀ ਮੌਤ ਹੋ ਜਾਣੀ ਹੈ। ਪ੍ਰੰਤੂ ਇਸ ਥੋੜੇ ਜਿਹੇ ਅਰਸੇ ਵਿਚ ਹੀ ਉਨ ਸਾਹਿਤ, ਸਮਾਜ ਅਤੇ ਰਾਜਨੀਤੀ ਬਾਰੇ ਕਈ ਚਰਚਿਤ ਲੇਖ ਲਿਖੇ; ਅਨੇਕਾਂ ਇਸ਼ਕ ਕੀਤੇ ਅਤੇ ਆਪਣੇ ਹੁਸੀਨ ਅਨੁਭਵਾਂ ਨੂੰ ਸ਼ਰੇਆਮ ਬਹੁਤ ਹੀ ਸ਼ਾਨਦਾਰ ਕਵਿਤਾਵਾਂ ਵਿਚ ਸੰਜੋਇਆ।
ਅਜ਼ਰ ਦੇ ਦਸਣ ਅਨੁਸਾਰ:
ਫੋਰੋ ਫਰੁਖਜ਼ਾਦ ਨਿਜੀ ‘ਗੁਨਾਹ‘ ਦੇ ਤਸੱਵਰ ਸੈਲੀਬਰੇਟ ਕਰਦਿਆਂ ਇਸ ਅਹਿਸਾਸ ਨੂੰ ਹਰ ਕਿਸਮ ਦੀ ਅਥਾਰਟੀ- ਖਾਸ ਕਰ ਕੇ ਖੁਦਾ ਦੇ ਨਾਂ ਤੇ ਵਿਆਪਤ ਅੰਨ੍ਹੀ ਦਹਿਸ਼ਤ ਵਿਰੁੱਧ ਵਿਦਰੋਹ ਵਜੋਂ ਇਸਤੇਮਾਲ ਕਰਦੀ ਹੈ।
ਇਸ ਪ੍ਰਥਾਏ ਫਰੁਖਜ਼ਾਦ ਦੀ ਨਜ਼ਮ ਦੇ ਕੁਝ ਬੋਲ ਜ਼ਰਾ ਵੇਖੋ :
ਮੈਂ ਪਾਪ ਕੀਤਾ ਹੈ
ਉਹਦੀ ਗਲਵਕੜੀ ‘ਚ ਜਾ ਕੇ
ਸਿਆਲਾਂ ‘ਚ ਸੇਕੀ ਅੰਗੀਠੀ ਦੀ ਅਗਨ ਵਰਗਾ
ਨਿੱਘ ਆਇਆ ਹੈ
ਉਸਦੇ ਸੇਕ ਨਾਲ
ਮੇਰਾ ਵਜੂਦ ਫੁੱਲਾਂ ਵਾਂਗ ਖਿੜ ਗਿਆ ਹੈ
ਬਦਨ ਦਾ ਰੋਮ ਰੋਮ ਮਹਿਕ ਉਠਿਆ ਹੈ

।।।
ੱੲਅਰੇ ੋਾ ਦਵਿਨਿੲ ਅਸਚੲਟਚਿਸਿਮ
ੳਟ ਮਦਿਨਗਿਹਟ ਨਿ ੰਅਟਨਿ’ਸ ਬੲਦ
ੀ ੱੋੁਲਦ ਸੲੲਕ ਰੲਾੁਸੲ ਨਿ ਟਹੲ ਦੋੱਨੱਅਰਦ
ੰਲੋਪੲਸ ੋਾ ਅ ਾਰੲਸਹ ਸਨਿ।
ਅਜ਼ਰ ਨਫੀਸੀ ਦਾ ਆਦਰਸ਼ ਅਜਿਹੀਆਂ ਸਤਰਾਂ ਲਿਖਣ ਵਾਲੀ ਇਹ ਸ਼ਾਇਰਾ ਹੈ। ਮਹਿਜ਼ 16 ਵਰ੍ਹਿਆ ਦੀ ਉਮਰ ਵਿੱਚ ਹੀ ਉਸ ਨੇ ਫਰੁਖਜ਼ਾਦ ਦੇ ਦਰਦ ਨੂੰ ਆਪਦੀ ਆਤਮਾ ਵਿਚ ਆਤਮਸਾਤ ਕੀਤਾ ਹੋਇਆ ਹੈ।ਪਰੰਤੂ ਸਿਆਪਾ ਇਹ ਹੈ ਕਿ ਅਜ਼ਰ ਦੀ ਮਾਤਾ ਜੋ ਕਿ ਇਸ ਸਮੇਂ ਇਰਾਨੀ ਪਾਰਲੀਮੈਂਟ ਦੀ ਮੈਂਬਰ ਵੀ ਹੈ, ਫਰੁਖਜ਼ਾਦ ਦਾ ਜ਼ਿਕਰ ਤਕ ਵੀ ਸੁਣਨ ਕਰਨ ਲਈ ਤਿਆਰ ਨਹੀਂ ਹੈ। ਮਾਂ ਦਾ ਕਹਿਣਾ ਹੈ ਕਿ ਉਸਨੇ ਉਸ ਨੂੰ ਇਸ ਲਈ ਨਹੀਂ ਸੀ ਪੜ੍ਹਾਇਆ ਕਿ ਅਜਿਹੀ ਅਮੋੜ ਕੋਈ ਔਰਤ ਮੇਰਾ ਆਦਰਸ਼ ਬਣੇ। ਇਸ ਦੇ ਪ੍ਰਤੀਕਰਮ ਵਜੋਂ ਅਜ਼ਰ ਆਪਦੀ ਡਾਇਰੀ ਵਿਚ ਇੰਦਰਾਜ ਦਰਜ਼ ਕਰਦੀ ਹੈ, ਕਾਸ਼ ਸਾਡੀ ਮਾਂ ਫਖ਼ਰਜ਼ਾਦ ਜਿਹੀ ਹੁੰਦੀ, ਜ਼ਿੰਦਗੀ ਸਵਰਗ ਬਣ ਜਾਂਦੀ, ਜਿਉਣ ਦਾ ਮਜਾ ਆ ਜਾਂਦਾ।‘
ਖ਼ੈਰ ਹੁੰਦਾ ਇਹ ਹੈ ਕਿ ਅਜ਼ਰ ਨੂੰ ਅਮਰੀਕਾ ਦੀ ਓਕਲਾਹੋਮਾ ਯੂਨੀਵਰਸਿਟੀ ‘ਚ ਪੜ੍ਹ ਰਹੇ ਮਹਿਦੀ ਮਜ਼ਾਰੀ ਨਾਂ ਦੇ ਯੁਵਕ ਨਾਲ ਵਿਆਹ ਦਿਤਾ ਜਾਂਦਾ ਹੈ। ਵਿਆਹ ਤੋਂ ਅਗਲੇ ਦਿਨ ਹੀ ਆਪਣੇ ਪਤੀ ਦੇਵ ਦੇ ਪਰਿਵਾਰ ਸਮੇਤ ਉਹ ਕਾਲੇ ਸਾਗਰ ਦੇ ਕਿਨਾਰੇ ਖੁਦ ਅਜ਼ਰ ਪਰਿਵਾਰ ਦੀ ਆਪਣੀ ਜਗ਼ੀਰ ‘ਤੇ ਬਣੇ ਆਲੀਸ਼ਾਨ ਮਹਿਲ ਵਿਚ ਹਨੀਮੂਨ ਲਈ ਚਲੀ ਜਾਂਦੇ ਹਨ। ਹਨੀਮੂਨ ਦੀ ਪਹਿਲੀ ਰਾਤ ਅਜ਼ਰ ਕਿਵੇਂ ਨਾ ਕਿਵੇਂ ਆਪਦੇ ਬੁਗ ਕਿਸਮ ਦੇ ਪਤੀ ਦੇਵ ਨਾਲ ਸੌਣ ਦੀ ਜ਼ਹਿਮਤ ਤੋਂ ਬਚ ਜਾਂਦੀ ਹੈ। ਪਤੀ ਨੂੰ ਲਗਦਾ ਹੈ ਕਿ ਉਹ ਸੰਗਦੀ ਹੈ। ਉਹ ਅਜ਼ਰ ਦੀ ਸੰਗ ਤੋੜਨ ਲਈ ਖੁਦ ਆਪਣੀ ਪਿਆਰੀ ਭੈਣ ਦੀ ਮਦਦ ਲੈਂਦਾ ਹੈ।
ਅਜ਼ਰ ਆਪਣੀ ਨਣਦ ਦੀ ਹਮਦਰਦੀ ਤੇ ਨਿਹਾਲ ਤਾਂ ਹੈ ਅਤੇ ਉਸਨੂੰ ਉਸਤੇ ਹਾਸਾ ਵੀ ਆਉਂਦਾ ਹੈ।ਪਰ ਉਹ ਆਪਦੀ ਦਿੱਕਤ ਉਸਨੂੰ ਦਸਣ ਦੀ ਕੋਸ਼ਿਸ਼ ਕਰਦੀ ਹੈ ਪ੍ਰੰਤੂ ਉਹ ਉਸਨੂੰ ਸੰਗ ਤੇ ਪਾਰ ਪਾਉਣ ਦੀ ਜਾਚ ਜਿਵੇਂ ਦੱਸਦੀ ਹੈ ਉਹ ਵੀ ਜ਼ਰਾ ਵੇਖੋ।
ਅਜ਼ਰ ਕਿਤਾਬ ਦੇ ਪੰਨਾ 177 ਉਪਰ ਦਸਦੀ ਹੈ ਕਿ ਉਸਦੀ ਨਣਦ ਬਹੁਤ ਹੀ ਲਾਡ ਨਾਲ ਉਸਦੀ ਪਿੱਠ ਥਾਪੜਦਿਆਂ ਕਹਿੰਦੀ ਹੈ, “ਲਓ ਇਹ ਵੀ ਕੋਈ ਮੁਸ਼ਕਿਲ ਹੈ। ਬਸ ਜਰਾ ਆਪਦੀਆਂ ਅੱਖਾਂ ਬੰਦ ਕਰੋ ਤੇ ਅਰਾਮ ਨਾਲ ਲੇਟ ਜਾਵੋ। ਕੁਝ ਵੀ ਤਸੱਵਰ ਕਰਨਾ ਸ਼ੁਰੂ ਕਰ ਦਿਓ- ਮਸਲਨ ਸੋਚੋ ਕਿ ਤੁਸੀਂ ਬੜਾ ਹੀ ਸਵਾਦੀ ਆਮਲੇਟ ਖਾ ਰਹੇ ਹੋ।”
ਅਜ਼ਰ ਦੇ ਦੱਸਣ ਅਨੁਸਾਰ “ਬਾਕੀ ਸਾਰਾ ਕੁਝ ਤਾਂ ਮੈਂ ਉਸਦਾ ਮੰਨ ਲਿਆ ਪਰ ਅਜਿਹੇ ਔਖੇ ਸੰਕਟ ਵੇਲੇ ਸਵਾਦੀ ਆਮਲੇਟ ਬਾਰੇ ਸੋਚਣਾ ਮੇਰੇ ਲਈ ਡਾਢਾ ਮੁਸ਼ਕਿਲ ਸੀ। ਖੈਰ ਜ਼ਿੰਦਗੀ ਵਿਚ ਗੰਦ ਦੇ ਤਾਂ ਬਚਪਨ ਤੋਂ ਲੈ ਕੇ ਉਸ ਸਮੇਂ ਤਕ ਹੋਰ ਵੀ ਅਨੁਭਵ ਹੋਏ ਹੋਣਗੇ। ਪ੍ਰੰਤੂ ਅਜਿਹੀ ਦੋਸ਼ੀ ਭਾਵਨਾ ਜਾਂ ਕੋਫਤ ਭਰਿਆ ਅਹਿਸਾਸ ਮੈਨੂੰ ਪਹਿਲਾਂ ਕਦੀ ਵੀ ਨਹੀਂ ਹੋਇਆ ਸੀ। ਇਸ ਹਨੀਮੂਨ ਪਿਛੋਂ ਪਹਿਲੀ ਵਾਰ ਮੈਂ ਆਪਦੇ ਪਿਤਾ ਨੂੰ ਮਿਲੀ ਤਾਂ ਮੈਂ ਕਾਲੀਆਂ ਐਨਕਾਂ ਲਾ ਲਈਆਂ। ਮੈਨੂੰ ਸ਼ਰਮ ਆਉਣੋਂ ਹਟਦੀ ਹੀ ਨਹੀਂ ਸੀ। ਕਾਫੀ ਸਮਾਂ ਲਗ ਗਿਆ ਉਸ ਅਤਿ ਘਿਨਾਉਣੇ ਅਹਿਸਾਸ ਤੋਂ ਮੁਕਤ ਹੁੰਦਿਆਂ।”
ਜ਼ਾਹਿਰ ਹੈ ਵਿਆਹ ਉਹ ਨਿਭਣ ਵਾਲਾ ਨਹੀਂ ਸੀ - ਅਜ਼ਰ ਜਲਦੀ ਹੀ ‘ਮੁਕਤੀ‘ ਹਾਸਲ ਕਰ ਲੈਂਦੀ ਹੈ।
ਅੰਮ੍ਰਿਤਾ ਦੀ ਨਜ਼ਮ ਪੜ੍ਹਦਿਆਂ ਮਨ ਅੰਦਰ ਪਹਿਲਾਂ ਕਮਲਾ ਦਾਸ ਦੀ ਸਵੈ ਜੀਵਨੀ ਹੀ ਆਈ ਸੀ। ਫਿਰ ਯਾਦ ਆ ਗਿਆ ਕਿ ਉਹ ਕਹਾਣੀ ਘਸ ਪਿਟ ਬਹੁਤ ਗਈ ਹੋਈ ਹੈ ਅਤੇ ਅੰਨਾ ਜਾਂ ਕੈਥੀ ਦੀਆਂ ਮਹਾਨ ਦੁਖਾਂਤ ਕਥਾਵਾਂ ਦਾ ਜ਼ਿਕਰ ਮੈਂ ਇਸ ਕਰਕੇ ਅਗੇ ਪਾਇਆ ਹੈ ਕਿ ਸਾਡੇ ਕੁੱਝ ਮਿੱਤਰ ‘ਬਘਿਆੜ, ਬਘਿਆੜ‘ ਵਾਂਗੂ ‘ਪੱਛਮ, ਪੱਛਮ‘ ਦੀ ਦੁਹਾਈ ਨਾ ਚੁੱਕ ਦੇਵਣ।
ਅੰਮ੍ਰਿਤਾ ਦੇ ਵਿਆਹ ਦੇ ਭਿਆਨਕ ਦੁਖਾਂਤ ਨੂੰ ਸਮਝਣ ਲਈ ਅਸੀਂ ਅਜ਼ਰ ਨਫੀਸੀ ਦੀ ਗੱਲ ਸੁਣਾ ਤਾਂ ਦਿਤੀ ਹੈ ਪਰ ਮਨ ਵਿਚ ਧੁੜਕੂ ਹੈ ਕਿ ਸ਼ਾਇਦ ਭੁੱਲਰ ਸਾਹਿਬ ਇਤਰਾਜ਼ ਕਰਨ ਕਿ ਇਹ ਕੀ ਗੱਲ ਹੋਈ। ਅਜ਼ਰ ਤਾਂ ਅੰਮ੍ਰਿਤਾ ਦੀ ਹੀ ਛੋਟੀ ਭੈਣ ਹੈ - ਉਸਤੋਂ ਵੀ ਜਿਦੀ ਕਿਸਮ ਦੀ ਅਖੜ ਤੇ ਖੁਦਦਾਰ!
ਇਸ ਕਰਕੇ ਹੁਣ ਅਸੀਂ ਉਨ੍ਹਾਂ ਨੂੰ ਇਕ ਦੇਵੀਆਂ ਵਰਗੀ ਪਤੀਵਰਤਾ ਅਜ਼ਰ ਨਫੀਸੀ ਤੋਂ ਇਕ ਸਦੀ ਪਹਿਲਾਂ ਦੀ ਔਰਤ ਦੀ ਕਹਾਣੀ ਸਣਾਵਾਂਗੇ। ਮਹਾਨ ਟਾਲਸਟਾਏ ਦੀ ਮਹਿਬੂਬ ਪਤਨੀ ਕਾਊਂਟੈਸ ਸੋਨੀਆ ਦੀਆਂ ਦੋ ਗ੍ਰੰਥ-ਨੁਮਾ ਜੀਵਨੀਆਂ ਮੇਰੇ ਸਾਹਵੇਂ ਪਈਆਂ ਹਨ। ਪਰ ਇਥੇ ਅਸੀਂ ਸਾਲ 1881 ‘ਚ ਛਪੀ ਐਨੀ ਐਡਵਰਡਜ ਦੀ ‘ਸੋਨੀਆ ਦਾ ਲਾਈਫ ਆਫ ਕਾਊਂਟੈਸ ਟਾਲਸਟਾਏ‘ ਤੇ ਹੀ ਕੇਂਦਰਿਤ ਰਹਾਂਗੇ।
ਪੁਸਤਕ ਦਾ ਪਹਿਲਾ ਭਾਗ 1856 ਤੋਂ 1862 ਤਕ ਦੇ ਸਮੇਂ ਨੂੰ ਕਵਰ ਕਰਦਾ ਹੈ ਅਤੇ ਇਹ ਪੰਨਾ 23 ਤੇ ‘ਖੁਸ਼ੀ ਦੀ ਆਸ‘ ਉਨਵਾਨ ਹੇਠ ਸੋਨੀਆ ਦੇ ਜਰਮਨ ਮੂਲ ਦੇ ਅਮੀਰ ਬਾਪ ਡਾ. ਬੇਹਰਜ ਜੋ ਕਿ ਸ਼ਕਤੀਸ਼ਾਲੀ ਰੂਸੀ ਜ਼ਾਰ ਦੇ ਪਰਿਵਾਰ ਦਾ ਸ਼ਾਹੀ ਡਾਕਟਰ ਹੈ - ਦੇ ਘਰ ਪਰਿਵਾਰ ਦੇ ਵਰਨਣ ਨਾਲ ਸ਼ੁਰੂ ਹੁੰਦਾ ਹੈ। ਟਾਲਸਟਾਏ ਤੋਂ ਪੂਰੇ 14 ਵਰ੍ਹੇ ਬਾਅਦ ਸਾਲ 1844 ‘ਚ ਪੈਦਾ ਹੋਈ ਸੋਨੀਆ ਅਜੇ ਮਹਿਜ਼ 12 ਵਰ੍ਹਿਆਂ ਦੀ ਹੈ ਪ੍ਰੰਤੂ ਸੋਹਣੀ, ਸੁਚੱਜੀ ਅਤੇ ਤੀਖਣ ਏਨੀ ਹੈ ਕਿ ਲੇਖਿਕਾ ਦੇ ਦਸਣ ਅਨੁਸਾਰ ਉਸੇ ਅਲ੍ਹੜ ਉਮਰੇ ਹੀ ਜੋ ਵੀ ਕੋਈ ਯੁਵਕ ਉਸ ਨੂੰ ਵੇਂਹਦਾ ਹੈ- ਬਸ ਵੇਂਹਦਿਆਂ ਹੀ ਰਹਿ ਜਾਂਦਾ ਹੈ। ਕਾਊਂਟ ਟਾਲਸਟਾਏ ਇਸ ਘਰ ਦਾ ਪੁਰਾਣਾ ਮਹਿਮਾਨ ਹੈ ਅਤੇ ਐਤਕਾਂ ਦੀ ਵਾਰ ਉਹ ਜਦੋਂ ਬੇਹਰਜ ਪਰਿਵਾਰ ਦੇ ਘਰੇ ਆਇਆ ਹੈ ਤਾਂ ‘ਸੇਵਸਟਾਪੋਲ ਦੀਆਂ ਕਹਾਣੀਆਂ‘ ਨਾਂ ਦੀਆਂ ਉਸ ਦੀਆਂ ਦੋ ਕਿਤਾਬਾਂ ਪਹਿਲਾਂ ਹੀ ਛਪ ਚੁਕੀਆਂ ਹੋਈਆਂ ਹਨ ਅਤੇ ਸੋਨੀਆ ਨੇ ਉਹ ਪੜ੍ਹੀਆਂ ਹੋਈਆਂ ਹਨ। ਟਾਲਸਟਾਏ ਉਸਨੂੰ ਵੇਖਦਾ ਹੈ ਤਾਂ ਉਹ ਭਾਣਾ ਵਾਪਰ ਜਾਂਦਾ ਹੈ ਜਿਹੜਾ ਝਨਾ ਦੇ ਕਿਨਾਰੇ ਬੇਲੇ ਅੰਦਰ ਰਾਂਝੇ ਨੂੰ ਵੇਂਹਦੇ ਸਾਰ ਹੀ ਹੀਰ ਸਲੇਟੀ ਨਾਲ ਵਾਪਰਿਆ ਸੀ।
ਖ਼ੈਰ ਕੁਝ ਦਿਨ ਉਨ੍ਹਾਂ ਕੋਲ ਠਹਿਰ ਕੇ ਜਨਵਰੀ 1857 ਵਿਚ ਟਾਲਸਟਾਏ ਯੋਰਪ ਦੇ ਲੰਮੇ ਟੂਰ ‘ਤੇ ਚਲਾ ਜਾਂਦਾ ਹੈ। ਸੋਨੀਆ ਦਾ ਤਸੱਵਰ ਉਸਨੂੰ ਨਿਰੰਤਰ ਹਾਂਟ ਕਰਦਾ ਰਹੇਗਾ। ਔਖੇ ਸੁਖਾਲੇ ਸਮਾਂ ਲੰਘਦਾ ਜਾਵੇਗਾ। ਸਾਲ 1862 ਵਿਚ ਉਸਦਾ ਪੋਕਰੋਵਸਕੋਏ ਸਥਿਤ ਸ਼ਾਹੀ ਡਾਕਟਰ ਦੇ ਘਰੇ ਉਸਦੇ ਮੁੜ ਗੇੜੇ ਦਾ ਸਬੱਬ ਬਣ ਜਾਂਦਾ ਹੈ। ਸੋਨੀਆ ਵੀ ਉਮਰ ਦਾ ਸਾਲ ਸੋਲ੍ਹਵਾਂ ਪਾਰ ਕਰ ਗਈ ਹੋਈ ਹੈ। ਮਨ ਉਸ ਦੇ ਅੰਦਰ ਵੀ ਵਰ੍ਹਿਆਂ ਤੋਂ ਟਾਲਸਟਾਏ ਦੀਆਂ ਯਾਦਾਂ ਵਸੀਆਂ ਹੋਈਆਂ ਹਨ। ਟਾਲਸਟਾਏ ਵਾਪਸ ਮਾਸਕੋ ਆਪਦੀ ਰਿਹਾਇਸ਼ਗਾਹ ‘ਤੇ ਪਰਤ ਆਇਆ ਹੈ। ਪ੍ਰੰਤੂ ਖੜੇ ਪੈਰ ਸੋਨੀਆ ਨਾਲ ਵਿਆਹ ਕਰਵਾ ਲੈਣ ਦੀ ਜ਼ਬਰਦਸਤ ਖਾਹਿਸ਼ ਨੇ ਉਸਨੂੰ ਮਾਨੋ ਕਮਲਾ ਕਰ ਦਿਤਾ ਹੈ। ਪੁਸਤਕ ਦੇ ਪੰਨਾ 70 ਉਪਰ ਸੋਨੀਆ ਦੀ ਯਾਦ ਵਿਚ ਉਸਦੀ ਸਾਲ 1862 ਦੀ ਡਾਇਰੀ ਤੇ ਅਗਸਤ 23, ਸਤੰਬਰ 9, 12 ਅਤੇ ਸਤੰਬਰ 13 ਦੇ ਇੰਦਰਾਜ਼ ਦਰਜ਼ ਹਨ। ਹਰ ਸ਼ਬਦ ਵਿਚੋਂ ਟਾਲਸਟਾਏ ਦੀ ਸੋਨੀਆ ਨੂੰ ਪਾਉਣ ਲਈ ਕਹਿਰਾਂ ਦੀ ਤੜਪ ਕੂਕਾਂ ਮਾਰ ਰਹੀ ਹੈ।
12 ਸਤੰਬਰ ਦਾ ਇੰਦਰਾਜ਼ ਜ਼ਰਾ ਵੇਖੋ:
“ਹਾਏ ਓਏ ਰੱਬਾ ਮੇਰੀ ਮੱਦਦ ਕਰ! ਹੇ ਪ੍ਰਭੂ ਮੈਨੂੰ ਦਸ ਮੈਂ ਕੀ ਕਰਾਂ! ਇਕ ਵਾਰ ਮੁੜ ਸਾਰੀ ਰਾਤ ਬੇਚੈਨੀ ਕਾਰਨ ਪਲ ਭਰ ਵੀ ਮੇਰੀ ਅੱਖ ਨਹੀਂ ਲਗੀ। ਮੇਰੇ ਭਾਅ ਦੀਆਂ ਬਣੀਆਂ ਰਹੀਆਂ ਹਨ...ਮੈਂ ਉਹ ਆਦਮੀ ਹਾ ਜੋ ਆਸ਼ਕਾਂ ਦੇ ਦਰਦ ਦਾ ਸਦਾ ਹੀ ਮੌਜੂ ਉਡਾਉਂਦਾ ਰਿਹਾ ਹਾਂ।...ਤੇ ਮੁਹੱਬਤ ਦੀ ਦੇਵੀ ਨੇ ਇਹ ਮੈਨੂੰ ਕੇਹੀ ਸਜਾ ਦਿਤੀ ਹੈ। ਹਾਏ ਓਏ ਮੈਂ ਕੀ ਕਰਾਂ, ਮੇਰਿਆ ਰੱਬਾ!”
ਦੋ ਕੁ ਵਰ੍ਹੇ ਬਾਅਦ ਦੀ ਗੱਲ ਹੈ 17 ਸਤੰਬਰ ਨੂੰ ਉਹ ਡਾਕਟਰ ਦੇ ਘਰੇ ਮੁੜ ਜਾ ਪਹੁੰਚਦਾ ਹੈ ਅਤੇ ਅੱਖ ਬਚਾ ਕੇ ਹਿੰਮਤ ਕਰਕੇ ਸੋਨੀਆ ਨੂੰ ਆਪ ਦਾ ਪ੍ਰੇਮ ਪੱਤਰ ਦੇ ਦਿੰਦਾ ਹੈ। ਸੋਨੀਆ ਖੱਤ ਪੜ੍ਹਦੇ ਸਾਰ ਹੀ ਧੰਨ ਹੋ ਜਾਂਦੀ ਹੈ। ਪ੍ਰੰਤੂ ਵਿਚਾਲੇ ਨਵਾਂ ਸਿਆਪਾ ਖੜਾ ਹੋ ਜਾਂਦਾ ਹੈ। ਸੋਨੀਆ ਦੀਆਂ ਦੋ ਹੋਰ ਵੀ ਭੈਣਾਂ ਹਨ। ਵੱਡੀ ਲੀਜ਼ਾ ਅਤੇ ਕਾਫੀ ਛੋਟੀ ਤਾਨੀਆ- ਜਿਸ ਨੂੰ ਅਗਲੇ ਮਹਿਜ਼ ਕੁਝ ਹੀ ਵਰ੍ਹਿਆਂ ਤਕ ਬਾਬੇ ਨੇ ‘ਜੰਗ ਤੇ ਅਮਨ‘ ਲਿਖਦਿਆਂ ਨਤਾਸ਼ਾ ਦੇ ਰੂਪ ਵਿਚ ਅਮਰ ਕਰ ਦੇਣਾ ਹੈ। ਪਰਿਵਾਰ ਦੇ ਮੈਂਬਰ ਲੀਜ਼ਾ ਤੋਂ ਪਹਿਲਾਂ ਕਿਵੇਂ ਵੀ ਸੋਨੀਆ ਦਾ ਵਿਆਹ ਕਰਨ ਲਈ ਤਿਆਰ ਨਹੀਂ ਹਨ। ਉਧਰ ਲੀਜ਼ਾ ਖੁਦ ਟਾਲਸਟਾਏ ਨੂੰ ਹੋਣ ਵਾਲੇ ਪਤੀ ਦੇ ਰੂਪ ਵਿਚ ਮਨ ਅੰਦਰ ਵਸਾਈ ਬੈਠੀ ਹੈ। ਉਹ ਪ੍ਰੇਸ਼ਾਨ ਹੈ। ਪ੍ਰੰਤੂ ਸਭਨਾਂ ਧਿਰਾਂ ਦੀ ਪ੍ਰੇਸ਼ਾਨੀ ਦਾ ਹੱਲ ਵੀ ਉਹੋ ਹੀ ਕੱਢੇਗੀ। ਸੋਨੀਆ ਅਤੇ ਟਾਲਸਟਾਏ ਦੇ ਇਕ ਦੂਸਰੇ ਲਈ ਆਕਰਸ਼ਨ ਦਾ ਅਹਿਸਾਸ ਹੋ ਜਾਣ ਤੇ ਖੁਦ ਆਪਦੀ ਜ਼ਿੰਦਗੀ ਨੂੰ ਪੂਰਨ ਰੂਪ ਵਿਚ ਬਰਬਾਦ ਹੋ ਗਈ ਸਮਝਦੀ ਹੈ ਪ੍ਰੰਤੂ ਆਪਦੀ ਨਿੱਕੀ ਭੈਣ ਦੀ ਖੁਸ਼ੀ ਲਈ ਮਨ ਨੂੰ ਕਰੜਾ ਕਰਕੇ ਉਹ ਆਪਣੇ ਪਿਤਾ ਦੇ ਕਮਰੇ ਵਿਚ ਜਾਂਦੀ ਹੈ ਅਤੇ ਬਹੁਤ ਹੀ ਨੋਬਲ, ਸਹਿਜ ਪ੍ਰੰਤੂ ਦ੍ਰਿੜ ਅੰਦਾਜ਼ ਵਿਚ ਕਹਿੰਦੀ ਹੈ,“ਡੈਡ ਭਾਣਾ ਮੰਨੋਂ ਅਤੇ ਸੋਨੀਆ ਨੂੰ ਅਸ਼ੀਰਵਾਦ ਦਿਓ।” ਪਿਤਾ ਨੇ ਆਪਣੀ ਪਿਆਰੀ ਦੀ ਦੀ ਗੱਲ ਜਦੇ ਹੀ ਮੰਨ ਲਈ ਹੈ। ਲਿਊਂਨ ਟਾਲਸਟਾਏ ਅਤੇ ਸੋਨੀਆ ਨੂੰ ਸ਼ਰਤੀ ਉੱਪਰ ਹੀ ਸਵਰਗ ਨਸੀਬ ਹੋਈ ਜਾਣਾ ਹੈ।ਪ੍ਰੰਤੂ ਸਵਰਗ ਇਹ ਰਹਿਣਾ ਨਹੀਂ, ਹੋਣੀ ਦਾ ਰਾਹ ਕੋਈ ਵੀ ਰੋਕ ਨਹੀਂ ਸਕਦਾ ਅਤੇ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ।”
...
ਇਸ ਕਹਾਣੀ ਨੂੰ ਇਥੇ ਹੀ ਛੱਡ ਕੇ ‘ਅਸਟਪੋਵੋ ਸਟੇਸ਼ਨ ‘ਤੇ ਇਕ ਮੌਤ‘ ਉਨਵਾਨ ਹੇਠ ਪੁਸਤਕ ਦੇ ਮੁਢ ਵਿੱਚ ਹੀ ਸਾਲ 1910 ਦੀ ਤਰੀਕ ਪਾ ਕੇ ਪੁਸਤਕ ਦੇ ਸ਼ੁਰੂ ਵਿਚ ਹੀ ਦਿਤੇ ਹੋਏ ਪਰੋਲੌਗ ਵੱਲ ਪਰਤ ਆਈਏ।
...
ਪਹਿਲੀ ਹੀ ਸਤਰ ਇਸ ਪ੍ਰਕਾਰ ਹੈ: ‘ਸਾਲ 1910 ਵਿਚ ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ ਹੈ ਕਿ ਰੂਸ ਵਿਚ ਇਕ ਨਹੀਂ ਬਲਕਿ ਦੋ ਜ਼ਾਰ ਹਨ- ਇਕ ਨਿਕੋਲਸ ਦੂਸਰਾ ਅਤੇ ਦੂਸਰਾ ਲਿਓ ਨਿਕੋਲਸ ਟਾਲਸਟਾਏ। ਪਰ ਨਵੰਬਰ ਦੇ ਸ਼ੁਰੂਆਤੀ ਦਿਨਾਂ ਵਿਚ ਇਹ ਸਪੱਸ਼ਟ ਹੋ ਗਿਆ ਹੈ ਕਿ ਬਹੁਤ ਜਲਦੀ ਹੀ ਦੇਸ਼ ਅੰਦਰ ਇਕੋ ਸ਼ਹਿਨਸ਼ਾਹ ਰਹਿ ਜਾਵੇਗਾ।‘
ਅਗਲੇ 4-5 ਪੰਨਿਆਂ ‘ਚ ਟਾਲਸਟਾਏ ਦੀ ਅੰਤਿਮ ਦਸ਼ਾ ਅਤੇ ਉਸ ਵਲੋਂ ਸੋਨੀਆ ਵਰਗੀ ਮਹਾਨ ਅਤੇ ਹੁਸੀਨ ਆਤਮਾ ਵਾਲੀ, ਸਾਹ ਸਾਹ ਨਾਲ ਆਪਣੇ ਪਤੀ ਨੂੰ ਸਮਰਪਿਤ, ਪਤੀਬਰਤਾ ਪਤਨੀ ਦੀ ਕੀਤੀ ਦੁਰਦਸ਼ਾ ਦਾ ਬਿਰਤਾਂਤ ਹੈ - ਜੋ ਜੀਅ ਤਾਂ ਕਰਦਾ ਹੈ ਕਿ ਇਹ ਸਾਰਾ ਹੀ ਅਨੁਵਾਦ ਕਰਕੇ ਪਾਠਕਾਂ ਦੀ ਕਚਿਹਰੀ ਵਿਚ ਪੇਸ਼ ਕਰ ਦਿਤਾ ਜਾਵੇ। ਪ੍ਰੰਤੂ ਸੰਕੇਤ ਹੀ ਕਾਫੀ ਹੈ।
ਸੋਨੀਆ ਨੇ ਟਾਲਸਟਾਏ ਨਾਲ 48 ਵਰ੍ਹੇ ਜਾਨੀ ਕਿ ਕਰੀਬ ਅੱਧੀ ਸਦੀ ਗੁਜ਼ਾਰੀ। ‘ਜੰਗ ਅਤੇ ਅਮਨ‘ ਸਮੇਤ ਉਸਦੀਆਂ ਸਭ ਲਿਖਤਾਂ ਦੇ ਹੱਥਾਂ ਨਾਲ ਉਤਾਰੇ ਕਰਦਿਆਂ ਉਸ ਦੀਆਂ ਅੱਖਾਂ ਰਹਿ ਗਈਆਂ। ਉਸਨੇ ਉਸ ਦੇ 13 ਬੱਚੇ ਜੰਮੇ - ਜਿਨ੍ਹਾਂ ਵਿਚੋਂ 5-6 ਜਲਦੀ ਹੀ ਮਰ ਜਾਂਦੇ ਰਹੇ। ਮਗਰਲੇ ਲਗਪਗ 20-25 ਵਰ੍ਹੇ ਟਾਲਸਟਾਏ ਨੂੰ ਸੈਕਸ ਨਾਲ ਨਫਰਤ ਦਾ ਝੱਲ ਕੁੱਦਿਆ ਰਿਹਾ। ਸੋਨੀਆ ਨੂੰ ਉਸਨੇ ਸਿਰੇ ਦੇ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਬਣਾਇਆ। ਇਸ ਵਰਤਾਰੇ ਦਾ ਸਭ ਤੋਂ ਭਿਆਨਕ ਅਤੇ ਅਫ਼ਸੋਸਨਾਕ ਪਹਿਲੂ ਇਹ ਸੀ ਕਿ ਉਹ ਸੋਨੀਆ ਦੇ ਇਸਤ੍ਰੀਤਵ ਨੂੰ ਬਦੀ ਦੀ ਪ੍ਰਤੀਕ ਮੰਨਦਿਆਂ ਉਸ ਕੋਲੋਂ ਭੱਜਣ ਦੀ ਬਾਰ ਬਾਰ ਸੌਗੰਧ ਚੁਕਦਾ ਰਿਹਾ ਪਰ ਹਰ ਵਾਰੀਂ ਖੁਦ ਹੀ ਉਹ ਸੌਗੰਧ ਤੋੜ ਦਿੰਦਾ ਰਿਹਾ- ਮਗਰਲੇ ਤਿੰਨ-ਚਾਰ ਜੁਆਕ ਜੰਮਣ ਲਈ ਉਨ ਜਬਰਦਸਤੀ ਸੋਨੀਆ ਨੂੰ ਮਜ਼ਬੂਰ ਕੀਤਾ। ਕਿਤਾਬ ਪੜ੍ਹਦਿਆਂ ਅਤੇ ਸੋਨੀਆ ਦੀ ਉਨ੍ਹਾਂ ਵਰ੍ਹਿਆਂ ਦੇ ਮੰਦੜੇ ਹਾਲ ਨੂੰ ਚਿਤਾਰਦਿਆਂ ਮਹਾਨ ਦਾਂਤੇ ਦੇ ਮਹਾਂ ਕਾਵਿ ਵਿਚ ਨਰਕ ਦੇ ਦ੍ਰਿਸ਼ਾਂ ਦੀ ਯਾਦ ਇਕ ਵਾਰ ਨਹੀਂ ਬਲਕਿ ਬਾਰ ਬਾਰ ਆਉਂਦੀ ਹੈ। ਪਰ ਧੰਨ ਸੀ ਸੋਨੀਆ ਜੋ ਮਰਦੇ ਦਮ ਤਕ ਵੀ ਬਾਬੇ ਨੂੰ ਸਤਿਕਾਰ ਅਤੇ ਮੁਹੱਬਤ ਦਿੰਦੀ ਰਹੀ।
ਇਹ ਕਿਤਾਬ ਮੈਂ ਕਨੇਡਾ ਦੀ ਆਪਣੀ ਪਹਿਲੀ ਫੇਰੀ ਦੌਰਾਨ ਖਰੀਦੀ ਅਤੇ ਪੜ੍ਹੀ ਸੀ ਪਰ ਨਾਲ ਵਾਪਸ ਲਿਜਾ ਨਹੀਂ ਸਕਿਆ ਸਾਂ। ਐਤਕੀਂ ਮੌਕਾ ਮਿਲਦਿਆਂ ਹੀ ਮੈਂ ਆਪਣੇ ਮਿੱਤਰ, ਮਾਸਟਰ ਸੁੱਚਾ ਸਿੰਘ ਦੇ ਹੱਥ ਘਰ ਭੇਜੀ ਅਤੇ ਆਪਣੇ ਅਜ਼ੀਜ਼ਾਂ- ਹਰਵੀਰ ਅਤੇ ਸੁਮਨ ਨੂੰ ਤੁਰੰਤ ਇਸ ਦੀਆਂ 5 ਕਾਪੀਆਂ ਕਰਵਾ ਕੇ ਬਾਬਾ ਕਿਹਰ ਸਿੰਘ, ਬਾਬਾ ਕਰਮਜੀਤ ਸਿੰਘ ਅਤੇ ਪ੍ਰਿੰ. ਅਮਰਜੀਤ ਸਿੰਘ ਪਰਾਗ ਨੂੰ ਭੇਜ ਦੇਣ ਲਈ ਕਿਹਾ।ਮੇਰਾ ਇਤਕਾਦ ਹੈ ਕਿ ਇਹ ਕਿਤਾਬ ਪੜ੍ਹੇ ਲਿਖੇ ਹਰ ਇਨਸਾਨ ਨੂੰ ਲਾਜ਼ਮੀ ਤੌਰ ਤੇ ਪੜ੍ਹਨੀ ਚਾਹੀਦੀ ਹੈ ਤਾਂ ਕਿ ਸਨਦ ਰਹੇ ,ਦਰਦੇ ਦਿਲ ਦੇ ਅਨੇਕ ਰੰਗਾਂ ਦੀ!
...ਤੇ ਭੁੱਲਰ ਸਾਹਿਬ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਟਾਲਸਟਾਏ ਤੋਂ ਵੱਧ ਮਨੁੱਖੀ ਮਨ ਦੀ ਸਮਝ ਹੋਰ ਕੀਹਨੂੰ ਹੋਣੀ ਹੈ ਅਤੇ ਸੋਨੀਆ ਤੋਂ ਵੱਧ ਵਫਾ ਆਪਣੇ ‘ਤਾਨਾਸ਼ਾਹ‘ ਪਤੀ ਦੇਵ ਨਾਲ ਕੌਣ ਪੁਗਾਵੇਗਾ। ਬਾਬਿਆਂ ਨੇ ਨਾਵਲ ਵਿਚ ਅੰਮ੍ਰਿਤਾ ਦੇ ਘਰ ਦੇ ਨਰਕ ਦੇ ਦਰਸ਼ਨ ਖੂਬ ਕਰਵਾਏ ਹਨ। ਨਿਰਸੰਦੇਹ ਅਸੀਂ ਚਾਹਾਂਗੇ ਕਿ ਉਹ ਸੋਨੀਆ ਦੀ ਕਥਾ ਵੀ ਹਰ ਹਾਲ ਪੜ੍ਹਨ ਤੇ ਜ਼ਰਾ ਸੋਚਕੇ ਸਾਨੂੰ ਦੱਸਣ ਕਿ ਟਾਲਸਟਾਏ ਦੇ ਘਰ ਨੂੰ ‘ਨਰਕ‘ ਬਣਾ ਦੇਣ ਲਈ ਭਲਾਂ ਕੌਣ ਜ਼ਿੰਮੇਵਾਰ ਸੀ? ਪਰ ਨਾਲ ਹੀ ਸਾਨੂੰ ਡਰ ਇਸ ਗੱਲ ਦਾ ਹੈ ਕਿ ਭੁੱਲਰ ਨੇ ਜਿਸ ਤਰ੍ਹਾਂ ਦੇ ਅੰਦਾਜ਼ ਵਿੱਚ ਅੰਮ੍ਰਿਤਾ ਪ੍ਰੀਤਮ ਦੇ ਬਿੰਬ ਨੂੰ ਭੰਨਿਆ ਹੈ- ਉਨ੍ਹਾਂ ਨੇ ਇਸ ਬਾਰੇ ਫਤਵਾ ਦੇਣ ਤੋਂ ਵੀ ਟਲਣਾ ਨਹੀਂ ਹੈ।
ਅਜ਼ਰ ਅਤੇ ਸੋਨੀਆ ਦੀ ਗੱਲ ਕਰ ਲੈਣ ਤੋਂ ਤੁਰਤ ਬਾਅਦ ਭੁੱਲਰ ਸਾਹਿਬ ਵਲੋਂ ਕਟਹਿਰੇ ਵਿਚ ਖੜ੍ਹਾਈ ਜਗਦੀਪ/ਅੰਮ੍ਰਿਤਾ ਦੀ ਅਗੋਂ ਖ਼ਬਰ ਲੈਣ ਤੋਂ ਪਹਿਲਾਂ ਮੇਰਾ ਮਨ ਅੰਨਾ ਆਖਮਾਤੋਵਾ ਅਤੇ ਉਸਦੀ ਸਮਕਾਲੀ /ਸ਼ਾਇਰਾ ਮਰੀਨਾ ਸਵੈਤਾਯੇਵਾ ਦੀਆਂ ਸ਼ਖ਼ਸੀਅਤਾਂ ਉਨ੍ਹਾਂ ਦੇ ਵਿਆਹਾਂ ‘ਚ ਖਲਲ ਦੀਆਂ ਤਰਾਸ ਕਹਾਣੀਆਂ ਪਾਠਕਾਂ ਨਾਲ ਜਦੇ ਹੀ ਸਾਂਝੀਆਂ ਕਰਨ ਲਈ ਅਹੁਲਦਾ ਹੈ। ਰੂਸੀਆਂ ਦੇ ਸਾਹਿਤਕ-ਸਭਿਆਚਾਰਕ ਅਸਮਾਨ ਉਪਰ 19ਵੀਂ ਸਦੀ ਦੌਰਾਨ ਲਿਓ ਟਾਲਸਟਾਏ ਅਤੇ ਦਾਸਤੋਵਸਕੀ ਦੇ ਰੂਪ ਵਿਚ ਦੋ ਸੂਰਜ ਉਦੈ ਹੋਏ ਸਨ, ਜਿਨ੍ਹਾਂ ਦੀਆਂ ਰਚਨਾਵਾਂ ਦੀ ਰੌਸ਼ਨੀ ਰਹਿੰਦੀ ਦੁਨੀਆ ਤਕ ਇਨਸਾਨ ਦੇ ਪੁੱਤਰਾਂ ਨੂੰ ਸੋਹਜ ਅਤੇ ਸੋਝੀ ਨਾਲ ਸਰਸ਼ਾਰ ਕਰਦੀ ਰਹੇਗੀ। ਇਸ ਗੱਲ ਬਾਰੇ ਜਿਆਦਾ ਵਿਸਥਾਰ ਵਿਚ ਜਾਣ ਦੀ ਲੋੜ ਨਹੀਂ ਹੈ- ਦੋਵਾਂ ਲੇਖਕਾਂ ਦੇ ਆਭਾ ਮੰਡਲ ਦਾ ਸਭਨਾਂ ਨੂੰ ਪਤਾ ਹੀ ਹੈ। ਜਿਸ ਗੱਲ ਦਾ ਸ਼ਾਇਦ ਜਿਆਦਾ ਪਤਾ ਨਹੀਂ ਹੈ ਉਹ ਇਹ ਹੈ ਕਿ 20ਵੀਂ ਸਦੀ ਦੇ ਰੂਸੀ ਸਾਹਿਤਕ-ਕਾਵਿਕ ਸੰਵੇਦਨਾ ਦੇ ਅਸਮਾਨ ਵਿਚ ਐਨ ਉਤਨਾ ਹੀ ਉਚਾ ਮੁਕਾਮ ਅੰਨਾ ਆਖਮਾਤੋਵਾ ਅਤੇ ਮਰੀਨਾ ਸਵੈਤਯੇਵਾ ਨੂੰ ਨਿਰਸੰਦੇਹ ਹਾਸਲ ਹੈ।
ਅੰਨਾ ਅਤੇ ਮਰੀਨਾ ਦੀਆਂ ਸ਼ਖ਼ਸੀਅਤਾਂ ਜਨਮਾਂ-ਜਨਮਾਂਤਰਾਂ ਦਾ ਕੋਈ ਅਜਿਹਾ ਹੁਸਨ, ਤਪ ਅਤੇ ਤੇਜ ਸੀ ਕਿ ਆਦਮੀ ਜੋ ਕੋਈ ਉਨ੍ਹਾਂ ਦੇ ਮੂੰਹੋਂ ਦੋ ਬੋਲ ਸੁਣ ਲੈਂਦਾ ਕੀਲਿਆ ਹੀ ਜਾਂਦਾ ਸੀ। ਦੋਵੇਂ 20ਵੀਂ ਸਦੀ ਦੇ ਸ਼ੁਰੂਆਤੀ ਸਮੇਂ ਤੋਂ ਥੋੜਾ ਸਮਾਂ ਪਹਿਲਾਂ ਪੈਦਾ ਹੋਈਆਂ ਅਤੇ ਅਕਤੂਬਰ ਬਾਲਸ਼ਵਿਕ ਇਨਕਲਾਬ ਤੋਂ ਪਹਿਲਾਂ ਹੀ ਸ਼ਾਇਰੀ ਦੇ ਸੰਸਾਰ ਵਿਚ ਉਨ੍ਹਾਂ ਦੀ ਅਲੋਕਾਰ ਪ੍ਰਤਿਭਾ ਦੀ ਪਹਿਚਾਣ ਸਥਾਪਤ ਹੋ ਚੁਕੀ ਹੋਈ ਸੀ। 1910-15 ਦਾ ਇਹ ਉਹ ਦੌਰ ਸੀ ਜਦੋਂ ਰੂਸੀ ਸ਼ਾਇਰੀ ਵਿੱਚ ਰਚਨੇਈ ਸਰਗਰਮੀ ਦਾ ਮਾਨੋ ਕਪਾਟ ਹੀ ਪਾਟ ਗਿਆ ਸੀ। ਅਲੈਗਜੈਂਡਰ ਬਲੋਕ, ਓਸਿਪ ਮੰਡਲਸ਼ਟਾਮ, ਬੋਰਿਸ ਪਾਸਤਰਨਾਕ, ਅੰਨਾ ਦਾ ਪਹਿਲਾ ਪਤੀ ਤੇ ਸਾਥੀ ਨਿਕੋਲਾਈ ਗੁਮੀਲੀਓਵ, ਮਾਇਕੋਵਸਕੀ, ਸਰਗੇਈ ਯੈਸੇਨਿਨ - ਕੀਹਦਾ ਕੀਹਦਾ ਨਾਂ ਲਿਆ ਜਾਵੇ- ਪ੍ਰਤਿਭਾਵਾਨ ਸ਼ਾਇਰਾਂ ਦਾ ਕਾਫਲਾ ਬਹੁਤ ਲੰਮਾ ਹੈ। ਉਹ ਦਿਨ ਦੂਰ ਨਹੀਂ ਹਨ ਕਿ ਇਸ ਅਸੀਮ ਪ੍ਰਤਿਭਾ ਦਾ ਵਾਹ ਕਾ. ਸਟਾਲਿਨ ਨਾਲ ਪੈਣਾ ਹੈ ਅਤੇ ਇਨ੍ਹਾਂ ਵਿਚੋਂ ਬਹੁਤਿਆਂ ਨੇ ਤੇਜੀ ਨਾਲ ਬਰਬਾਦ ਹੁੰਦੇ ਜਾਣਾ ਹੈ ਅਤੇ ਰਹਿੰਦਿਆਂ ਦੀ ਜ਼ਿੰਦਗੀ ਅਜਾਬ ਬਣ ਜਾਣੀ ਹੈ।
ਇਹ ਸਤਰਾਂ ਜਦੋਂ ਮੈਂ ਲਿਖ ਰਿਹਾ ਹਾਂ ਨਜ਼ਰ ਸਾਹਮਣੇ ਪਏ ਸਾਲ 2013 ਦੇ ਮਈ-ਅਗਸਤ ਮਹੀਨੇ ਵਾਲੇ ਅੰਕ ਤੇ ਪੈ ਜਾਂਦੀ ਹੈ। ਮੈਨੂੰ ਯਾਦ ਹੈ ਇਸ ਵਿਚ ਪਿਛਲੀ ਅੱਧੀ ਸਦੀ ਤੋਂ ਸਾਡੇ ਮਿੱਤਰ ਅਤੇ ਬਜ਼ੁਰਗਾਂ ਵਰਗੇ ਭਾਈ ਹਰਭਜਨ ਸਿੰਘ ਹੁੰਦਲ ਦਾ ਮਹਾਨ ਰੂਸੀ ਸ਼ਾਇਰ ਅਲੈਗਜੈਂਡਰ ਪੁਸ਼ਕਿਨ ਬਾਰੇ ਲੇਖ ਵੀ ਸ਼ਾਮਲ ਹੈ। ਮਨ ‘ਚ ਹੈ ਕਿ ਓਸਿਪ ਮੰਡਲਸ਼ਟਾਮ ਵਰਗੇ ਯੁੱਗ ਸ਼ਾਇਰ ਦੀ ਬਾਲਸ਼ਵਿਕ ਨਿਜਾਮ ਹੱਥੋਂ ਬਰਬਾਦੀ ਦੀ ਗੱਲ ਕਰਨੀ ਹੈ। ਅਲੈਗਜੈਂਡਰ ਪੁਸ਼ਕਿਨ ਵੀ ਇਨਕਲਾਬੀ ਸੀ- ਜ਼ਾਰ ਵਿਰੋਧੀ ਦਸੰਬਰੀ ਬਾਗੀਆਂ ਨਾਲ ਉਸਦੀ ਖੁਲ੍ਹੇਆਮ ਹਮਦਰਦੀ ਜੱਗ ਜ਼ਾਹਿਰ ਸੀ - ਉਨ੍ਹਾਂ ਵਕਤਾਂ ਦੇ ਹਾਕਮਾਂ ਨੇ ਉਸ ਨਾਲ ਕਿਸ ਤਰ੍ਹਾਂ ਦਾ ਵਰਤੋਂ ਵਿਹਾਰ ਕੀਤਾ ਜ਼ਰਾ ਇਸ ‘ਤੇ ਵੀ ਦੁਬਾਰਾ ਨਿਗਾਹ ਮਾਰ ਕੇ ਵੇਖ ਲਈ ਜਾਵੇ।
ਇਸ ਮੋੜ ‘ਤੇ ਮੈਨੂੰ ਆਪਣੀਆਂ ਕੁਝ ਨਿੱਜੀ ਯਾਦਾਂ ਪਾਠਕਾਂ ਨਾਲ ਸਾਂਝੀਆਂ ਕਰਨ ਦੀ ਇਜ਼ਾਜਤ ਦਿਤੀ ਜਾਵੇ। 1934 ਦਾ ਵਰ੍ਹਾ ਹੈ; ਜ਼ੋਜਿਫ ਸਟਾਲਿਨ ਨੇ ਸੋਵੀਅਤ ਯੂਨੀਅਨ ਵਿਚ ਆਪਣੇ ਹਰ ਤਰ੍ਹਾਂ ਦੇ ਵਿਰੋਧੀ ਨੂੰ ਦਹਿਸ਼ਤਜਦਾ ਕਰਕੇ ਚੁੱਪ ਕਰਵਾ ਦਿਤਾ ਹੋਇਆ ਹੈ। ਕਵੀਆਂ ਅਤੇ ਲੇਖਕਾਂ ਵਿਚੋਂ ਬਹੁਤੇ ਜਲਾਵਤਨ ਹੋ ਚੁਕੇ ਹੋਏ ਹਨ ਅਤੇ ਜਾਂ ਫਿਰ ਮਾਈਕੋਵਸਕੀ, ਸਰਗੇਈ ਯੈਸੇਨਿਨ ਵਰਗੇ ਕਈ ਆਤਮ ਹੱਤਿਆ ਕਰ ਗਏ ਹੋਏ ਹਨ । ਰੂਸ ਦਾ 20ਵੀਂ ਸਦੀ ਦਾ ਮਹਾਨ ਕਵੀ ਓਸਿਪ ਮੰਡਲਸ਼ਟਾਮ ਸਾਰੀ ਸਥਿਤੀ ਬਾਰੇ ਇਕ ਛੋਟੀ ਜਿਹੀ ਵਿਅੰਗਮਈ ਕਵਿਤਾ ਲਿਖਦਾ ਹੈ ਜਿਸਦੀ ਇਕ ਸਤਰ ਵਿਚ ਕਿਧਰੇ ਸਟਾਲਿਨ ਵੱਲ ਸੰਕੇਤ ਹੈ। ਇਹ ਕਵਿਤਾ ਕਿਧਰੇ ਛਪਵਾਈ ਨਹੀਂ ਜਾਂਦੀ - ਬਸ ਉਹ ਘਰੇ ਆਪਣੇ ਕੁਝ ਦੋਸਤਾਂ ਨੂੰ ਸੁਣਾ ਬੈਠਦਾ ਹੈ। ਗੱਲ ਸਟਾਲਿਨ ਤਕ ਜਾ ਪਹੁੰਚਦੀ ਹੈ।ਮੰਡਲਸ਼ਟਾਮ ਗ੍ਰਿਫ਼ਤਾਰ ਹੋ ਜਾਂਦਾ ਹੈ। ਅੰਦਰੂਨੀ ਜਲਾਵਤਨੀ ਦੀ ਉਸ ਨੂੰ ਸਜ਼ਾ ਮਿਲ ਜਾਂਦੀ ਹੈ। ਮਹਿਜ਼ ਦੋ ਕੁ ਵਰ੍ਹਿਆਂ ਬਾਅਦ ਬਦਨਾਮ ‘ਮਾਸਕੋ ਮੁਕੱਦਮਿਆਂ‘ ਦਾ ਕਾਲਾ ਦੌਰ ਸ਼ੁਰੂ ਹੋ ਜਾਂਦਾ ਹੈ।ਮੰਡਲਸ਼ਟਾਮ ਨੂੰ ਹੋਰਨਾਂ ਦੇ ਨਾਲ ਜਹੰਨਮ ਰਸੀਦ ਕਰ ਦਿਤਾ ਜਾਂਦਾ ਹੈ ਅਤੇ ਉਸਦੀ ਮਹਿਬੂਬ ਪਤਨੀ ਨਦੇਜਦਾ ਮੈਂਡਲਸਟੇਮ ਨੂੰ ‘ਗੁਲਾਗ‘ ਵਿੱਚ ਧੱਕ ਦਿਤਾ ਜਾਂਦਾ ਹੈ।
ਸਟਾਲਿਨ ਦੀ ਮੌਤ ਤੋਂ ਕਈ ਵਰ੍ਹੇ ਬਾਅਦ ਜਦੋਂ ਮੁਕਤ ਹੋਈ ਤਾਂ ਉਹ ਕਾਲੇ ਦੌਰ ਦੇ ਪਿਛੋਕੜ ਵਿਚ ਆਪਣੇ ਸਾਥੀ ਮਹਾਨ ਕਵੀ ਦੇ ਵਿਛੋੜੇ ਨੂੰ ਚੇਤੇ ਕਰਦਿਆਂ 1970ਵਿਆਂ ਵਿਚ ਆ ਕੇ ‘ਹੋਪ ਅਗੇਂਸਟ ਹੋਪ‘ ਅਤੇ ‘ਹੋਪ ਅਬੰਨਡਨਡ‘ ਸਿਰਲੇਖ ਹੇਠ ਆਪਣੇ ਦੁੱਖਾਂ ਤੇ ਯਾਦਾਂ ‘ਤੇ ਅਧਾਰਤ ਦੋ ਵਿਸ਼ਾਲ ਗ੍ਰੰਥਾਂ ਦੀ ਰਚਨਾ ਕਰਦੀ ਹੈ। ਇਹ ਦੋਵੇਂ ਪੁਸਤਕਾਂ ਬੇਹਦ ਉਦਾਸ ਕਰਨ ਵਾਲੀਆਂ ਹਨ। ਦਾਸ ਨੇ ਇਹ ਉਦੋਂ ਹੀ ਖਰੀਦੀਆਂ ਅਤੇ ਹੁੰਦਲ ਸਾਹਿਬ ਦੇ ਹਵਾਲੇ ਕਰ ਦਿਤੀਆਂ। ਉਨ੍ਹਾਂ ਨੇ ਉਹ ਦੋਵੇਂ ਕਿਤਾਬਾਂ ਉਨ੍ਹਾਂ ਹੀ ਦਿਨਾਂ ਵਿਚ ਪੜ੍ਹ ਵੀ ਲਈਆਂ।
ਸੋ ਆਓ ਵੇਖੀਏ ਭਲਾਂ ਉਹ ਪੁਸ਼ਕਿਨ ਦੇ ਦੁਖਾਂਤ ਅਤੇ ਜ਼ਾਰ ਦੇ ਉਸ ਵੱਲ ਰਵਈਏ ਨੂੰ ਕਿਵੇਂ ਵੇਖਦੇ ਹਨ।
ਹੁੰਦਲ ਸਾਹਿਬ ‘ਪੁਸ਼ਕਿਨ ਦਾ ਦੁਖਾਂਤ‘ ਸਿਰਲੇਖ ਹੇਠਲੇ ਆਪਣੇ ਲੇਖ ਦੀ ਸ਼ੁਰੂਆਤ ਇਓਂ ਕਰਦੇ ਹਨ:
“ਸਾਬਕਾ ਸੋਵੀਅਤ ਰੂਸ ਦਾ ਨਾਂ ਚੇਤੇ ਕਰੀਏ ਤਾਂ ਸਭ ਤੋਂ ਪਹਿਲਾਂ ਜਿਸ ਮਹਾਨ ਲੇਖਕ ਦਾ ਨਾਂ ਚੇਤੇ ਆਉਂਦਾ ਹੈ, ਉਹ ਕਵੀ ਪੁਸ਼ਕਿਨ ਹੈ।”
ਪੁਸ਼ਕਿਨ ਜ਼ਾਰਸ਼ਾਹੀ ਰੂਸ ਦੇ ਸਮਿਆਂ ਦਾ ਕਵੀ ਸੀ।
ਅਗਲੇ ਪਹਿਰੇ ਵਿਚ ਬਾਬਾ ਜੀ ਦਸਦੇ ਹਨ “ਪੁਸ਼ਕਿਨ ਦੀ ਜ਼ੁਬਾਨ ਬੰਦ ਕਰਨ ਲਈ ਕਈ ਪਾਪੜ ਵੇਲੇ ਗਏ, ਕਈ ਗੋਂਦਾਂ ਗੁੰਦੀਆਂ ਗਈਆਂ।”
ਤੁਰੰਤ ਬਾਅਦ ਹੀ ਉਨ੍ਹਾਂ ਨੂੰ ਭਾਰਤ ਦੇਸ਼ ਦੀ ਯਾਦ ਆ ਜਾਂਦੀ ਹੈ। ਉਹ ਦਸਦੇ ਹਨ ਕਿ ਪੁਸ਼ਕਿਨ ਦੀ ਸਥਿਤੀ ਦੀਆਂ ਪਾਬੰਦੀਆਂ ਸਮਝਣੀਆਂ ਹੋਣ ਤਾਂ ਆਪਾਂ ਆਪਣੇ ਦੇਸ਼ ਵਿਚ ਲਗੀ ਐਮਰਜੈਂਸੀ (1975-77) ਦੇ 19 ਮਹੀਨਿਆਂ ਦੇ ਕਾਲੇ ਦੌਰ ਨੂੰ ਚਿਤਵ ਸਕਦੇ ਹਾਂ, ਜਦੋਂ ਲਿਖਣ, ਬੋਲਣ ਤੇ ਸੋਚਣ ਉਤੇ ਪਾਬੰਦੀਆਂ ਸਨ ਤੇ ਜੇ ਕੋਈ ਲੇਖਕ ਕਿਸੇ ਵਿੰਗੇ-ਟੇਢੇ ਢੰਗ ਨਾਲ ਪ੍ਰਤੀਕਾਂ ਦੀ ਭਾਸ਼ਾ ਵਿਚ ਨਵੀਂ ਗੱਲ ਉਭਾਸਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੀ।
ਇਹ ਸਤਰਾਂ ਪੜ੍ਹਦਿਆਂ ਆਪ ਮੁਹਾਰੇ ਹੀ ਮਨ ਵਿਚ ਆਉਣ ਲਗ ਜਾਂਦਾ ਹੈ ਕਿ ਸਾਡੇ ਇਹ ਲੇਖਕ ਕਿੰਨੇ ਮਸੂਮ ਅਤੇ ਸਾਦਾ ਦਿਲ ਹਨ - ਇਤਿਹਾਸ ਤੇ ਕੈਸੀ ਗ਼ਲਤ ਅਤੇ ਬੇਸਿਰਪੈਰ ਦੀ ਗਵਾਹੀ ਪਾ ਰਹੇ ਹਨ।
ਉਹ ਦੌਰ ਜਿਸ ਦੀ ਹੁੰਦਲ ਸਾਹਿਬ ਗੱਲ ਕਰ ਰਹੇ ਹਨ ਅਤੇ ਉਸਨੂੰ ਸਟਾਲਿਨੀ ਯੁੱਗ ਦੇ ਭਿਆਨਕ ਕਹਿਰ ਨੂੰ ਨਜ਼ਰਅੰਦਾਜ਼ ਕਰਕੇ ਇੰਦਰਾ ਗਾਂਧੀ ਦੇ ਰਾਜ ਨਾਲ ਤੁਲਨਾ ਰਹੇ ਹਨ, ਉਹ ਸੁਧੀ ਹੀ ਗੱਪ ਹੈ।---ਅਤੇ ਇਹ ਗੱਪ ਐਸੀ ਹੈ ਜਿਸਨੂੰ ਭਾਜਪਾ ਦੇ ਸਿਧਾਂਤਕਾਰਾਂ ਤੋਂ ਬਿਨਾਂ ਕੁਲਦੀਪ ਨਈਅਰ ਵਰਗੇ ਅਨੇਕਾਂ ਸੈਕੂਲਰ, ਉਦਾਰਵਾਦੀ ਪੱਤਰਕਾਰਾਂ ਨੇ ਵੀ ਬਿਨਾ ਸੋਚਿਆਂ ਸਿਰੇ ਦੇ ਗੈਰਜ਼ਿੰਮੇਵਾਰਾਨਾ ਅੰਦਾਜ਼ ਵਿਚ ਹਜ਼ਾਰਾਂ ਵਾਰ, ਬਾਰ ਬਾਰ ਦੁਹਰਾਇਆ ਹੋਇਆ ਹੈ। ਮੈਨੂੰ ਯਾਦ ਹੈ ਮੈਡਮ ਇੰਦਰਾ ਗਾਂਧੀ ਨੇ ਸਾਲ 1971 ਦੀਆਂ ਚੋਣਾਂ ਵਿਚ ਪਹਿਲੀ ਵਾਰ ਸਪੱਸ਼ਟ ਬਹੁਮਤ ਪ੍ਰਾਪਤ ਕਰਕੇ ਸਰਕਾਰ ਬਣਾਈ ਸੀ। ਲੋਕਾਂ ਨੂੰ ਬੇਬਹਾ ਆਸਾਂ ਉਮੀਦਾਂ ਸਨ, ਜੋ ਪੂਰੀਆਂ ਹੁੰਦੀਆਂ ਨਹੀਂ ਹੁੰਦੀਆਂ।ਸੋ ਜਲਦੀ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਵਿਚ ਬੇਚੈਨੀ ਫੈਲਣੀ ਸ਼ੁਰੂ ਹੋ ਗਈ। ਸਾਲ 1973 ਵਿਚ ਗੁਜਰਾਤ ਦੇ ਕੁਝ ਰੁਮਾਂਟਿਕ ਯੁਵਕਾਂ ਨੇ ਮਿਲ ਕੇ ‘ਨਵ ਨਿਰਮਾਣ ਸੰਮਤੀ‘ ਬਣਾ ਕੇ ਕਾਂਗਰਸ ਦੀ ਭ੍ਰਿਸ਼ਟ ਸਰਕਾਰ ਨੂੰ ਉਲਟਾਉਣ ਲਈ ਵਿਆਪਕ ਜਨ ਅੰਦੋਲਨ ਸ਼ੁਰੂ ਕਰ ਦਿਤਾ। ਇੰਦਰਾ ਗਾਂਧੀ ਨੇ ਹਥਿਆਰ ਸੁੱਟ ਦਿੱਤੇ ਅਤੇ ਗੁਜਰਾਤ ਸਰਕਾਰ ਭੰਗ ਕਰ ਦਿੱਤੀ ਗਈ। ਇਸ ਕਥਿਤ ਸਫ਼ਲਤਾ ਤੋਂ ਹੱਲਾਸ਼ੇਰੀ ਲੈਂਦਿਆਂ ਇਹੋ ਕਹਾਣੀ ਬਿਹਾਰ ਵਿਚ ਗਫੂਰ ਸਰਕਾਰ ਵਿਰੁੱਧ ਸ਼ੁਰੂ ਹੋ ਗਈ ਤੇ ਅਸਲ ਤਮਾਸ਼ਾ ਉਸ ਸਮੇਂ ਬਣਿਆ ਜਦੋਂ ‘ਲੋਕ ਨਾਇਕ‘ ਜਦੋਂ ਜੈ ਪ੍ਰਕਾਸ਼ ਨਰਾਇਣ ਨੇ ਬੇਸਿਰ-ਪੈਰ ਅੰਦੋਲਨ ਦੀ ਅਗਵਾਈ ਆਪਣੇ ਹੱਥ ਲੈ ਲਈ। ਭਾਂਤ-ਭਾਂਤ ਦੇ ਮੌਕਾਪ੍ਰਸਤ, ਮਾਅਰਕੇਬਾਜ ਅਤੇ ਕਿਧਰੇ-ਕਿਧਰੇ ਕੁਝ ਆਦਰਸ਼ਵਾਦੀ ਅਨਸਰ-ਸਾਰੇ ਵੇਂਹਦਿਆਂ-ਵੇਂਹਦਿਆਂ ਹੀ ਜੈ ਪ੍ਰਕਾਸ਼ ਨਰਾਇਣ ਦੇ ਮੌਰਾਂ ‘ਤੇ ਸਵਾਰ ਹੋ ਗਏ। ਕੋਈ ਸੰਗਠਨ ਨਹੀਂ ਸੀ- ਪ੍ਰੋਗਰਾਮ ਕਿਸੇ ਨੂੰ ਕੱਖ ਪਤਾ ਹੀ ਨਹੀਂ ਸੀ- ਕੋਈ ਇਸ ਗੱਲ ਦਾ ਜਵਾਬ ਦੇਣ ਲਈ ਤਿਆਰ ਨਹੀਂ ਸੀ ਕਿ ਗਫੂਰ ਦੀ ਸਰਕਾਰ ਡੇਗ ਕੇ ਜੇ ਨਵੀਂ ਸਰਕਾਰ ਬਣਾ ਵੀ ਲਈ ਤਾਂ ਉਸਨੇ ਕਰਨਾ ਕੀ ਹੈ।ਨਾਅਰਿਆਂ ਨੂੰ ਅਮਲੀ ਰੂਪ ਦੇਣਾ ਕਿਵੇਂ ਹੈ। ਬਸ ਚਾਰੇ ਪਾਸੇ ‘ਫੜ ਲਓ, ਫੜ ਲਓ‘ ਹੋ ਗਈ ਸੀ। ਭ੍ਰਿਸ਼ਟਾਚਾਰ ਵਿਰੁੱਧ ਜਹਾਦ ਤਾਂ ਐਵੇਂ ਬਹਾਨਾ ਸੀ-ਉਸ ਦੀ ਸਿਖ਼ਰ ਤਾਂ ਅਜੇ ਜੈ ਪ੍ਰਕਾਸ਼ ਦੇ ‘ਧਰਮ ਪੁੱਤਰ‘ ਲਾਲੂ ਜੀ ਦੇ ਵਕਤਾਂ ਵਿਚ ਆਉਣੀ ਸੀ।
ਉਸ ਦੌਰ ਵਿਚ ਸਭ ਤੋਂ ਮਾੜੀ ਗੱਲ ਇਹ ਹੋਈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵੀ ਜੈ ਪ੍ਰਕਾਸ਼ ਨਰਾਇਣ ਦੇ ‘ਕੋੜਮੇ‘ ਵਿਚ ਸ਼ਾਮਲ ਹੋ ਕੇ ‘ਪੌਂ ਬਾਰਾਂ‘ ਪੈਂਦੀਆਂ ਨਜ਼ਰ ਆਉਣ ਲਗੀਆਂ। ਬਸ ਫਿਰ ਕੀ ਸੀ- ਬਾਬੇ ਆਪ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਨਾਲ ਲੈ ਕੇ ਜੇਲ੍ਹ ਰੂਪੀ ਵਿਸ਼ਰਾਮ ਘਰਾਂ ਵਿਚ ਜਾ ਬੈਠੇ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਵਡਿਆ ਕੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚੋਂ ਤਾਨਾਸ਼ਾਹੀ ਦਾ ਖਾਤਮਾ ਕਰਕੇ ਜਮੂਹਰੀਅਤ ਬਹਾਲੀ ਦੇ ਨਾਂ ‘ਤੇ ਕਥਿਤ ਧਰਮ ਯੁੱਧ ਮੋਰਚਾ ਸ਼ੁਰੂ ਕਰਵਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦਾ ਸੁਤੰਤਰਤਾ ਤੋਂ ਪਹਿਲੇ ਸਮਿਆਂ ਦਾ ਸ਼ਾਨਾਮਤਾ ਇਤਿਹਾਸ ਹੈ। ਮੋਰਚੇ ਵੀ ਉਨਾਂ ਬਥੇਰੇ ਉਨ੍ਹਾਂ ਲਗਾਏ। ਪਰ ਇਹ ਇਕ ਅਜਿਹਾ ਮੋਰਚਾ ਸੀ ਜਿਸਦਾ ਉਕਾ ਹੀ ਕੋਈ ਵੀ ਰੈਸ਼ਨੇਲ ਨਹੀਂ ਸੀ- ਜੈ ਪ੍ਰਕਾਸ਼ ਨਰਾਇਣ ਦੇ ਛਕੜੇ ਵਿਚ ਸਵਾਰ ਧਿਰਾਂ ਨਾਲ ਉਨ੍ਹਾਂ ਦਾ ਕੱਖ ਵੀ ਸਾਂਝਾ ਨਹੀਂ ਸੀ। ਬਸ ਇਕ ਐਬਸਰਡ ਨਾਟਕ ਸੀ ਜਿਸ ਨੇ ਤਰਾਸਦੀ ਵਿਚ ਪ੍ਰਵਰਤਿਤ ਤਾਂ ਅਜੇ ਕੁਝ ਵਰ੍ਹਿਆਂ ਤੋਂ ਬਾਅਦ ਹੋਣਾ ਸੀ।
ਇਸ ਦੌਰਾਨ ਅੰਦੋਲਨਕਾਰੀਆਂ ਦੀ ਅਸਲ ਚੜਤ੍ਹ ਉਸ ਸਮੇਂ ਮੱਚੀ ਜਦੋਂ ਰਾਜ ਨਰਾਇਣ ਵਲੋਂ ਇੰਦਰਾ ਦੀ ਚੋਣ ਵਿਰੁੱਧ ਪਾਈ ਪਟੀਸ਼ਨ ‘ਤੇ ਜੱਜ ਨੇ ਉਸਦੀ ਚੋਣ ਇਹ ਕਹਿੰਦਿਆਂ ਰੱਦ ਕਰ ਦਿਤੀ ਕਿ ਉਨ ਜਿੱਤ ਹਾਸਲ ਕਰਨ ਲਈ ਗ਼ਲਤ ਹੱਥ ਕੰਡੇ ਵਰਤੇ ਸਨ - ਅਖੇ ਉਸਦੇ ਪੀ. ਆਰ ਆਫਿਸ ਦਾ ਮੁਖੀਆ ਜਿਸਨੂੰ ਉਨ ਆਪਣਾ ਚੋਣ ਇੰਚਾਰਜ ਬਣਾਇਆ ਉਹ ਅਹੁਦੇ ਤੋਂ ਅਸਤੀਫਾ ਤਾਂ ਦੇ ਆਇਆ ਸੀ - ਠੀਕ ਸੀ ਪਰ ਅਮੇਠੀ ਪਹੁੰਚਣ ਸਮੇਂ ਅਜੇ ਉਹ ਮਨਜ਼ੂਰ ਨਹੀਂ ਹੋਇਆ ਸੀ। ਬਸ ਫਿਰ ਕੀ ਸੀ ਲਾ ਲਾ ਹੋ ਗਈ ਤੇ ਮੱਛੀ ਬਜ਼ਾਰ ਦੀ ਸਥਿਤੀ ਜਦੋਂ ਬਣ ਹੀ ਗਈ ਤਾਂ ਕਿਸੇ ਨੇ ਕਿਸੇ ਦੀ ਕੀ ਸੁਣਨੀ ਸੀ। ਜੈ ਪ੍ਰਕਾਸ਼ ਨੇ ਇਕ ਤੋਂ ਬਾਅਦ ਇਕ- ਸਿਰੇ ਦੇ ਮਾਅਰਕੇਬਾਜ, ਤੱਤੇ ਨਾਅਰੇ ਦਿੱਤੇ ਅਤੇ ਹੱਦ ਉਨ ਉਸ ਸਮੇਂ ਕੀਤੀ ਜਦੋਂ ਫੌਜ ਨੂੰ ਇਕ ਤਰ੍ਹਾਂ ਨਾਲ ਹੁਕਮ ਨਾ ਮੰਨ ਕੇ ਬਗਾਵਤ ਦਾ ਹੀ ਸੱਦਾ ਦੇ ਦਿੱਤਾ। ਇੰਦਰਾ ਗਾਂਧੀ ਦਾ ਤ੍ਰਾਹ ਨਿਕਲ ਗਿਆ ਸੀ। ਉਹ ਮੈਦਾਨ ‘ਚੋਂ ਭੱਜਣ ਬਾਰੇ ਸੋਚ ਹੀ ਰਹੀ ਸੀ ਕਿ ਭੱਜਣ ਦੇ ਸਭੋ ਰਾਹ ਬੰਦ ਵੇਖਦਿਆਂ ਉਨ ਮੋੜਵਾਂ ਵਾਰ ਕੀਤਾ ਅਤੇ ਐਮਰਜੈਂਸੀ ਲਗਾ ਕੇ ਆਪਣੇ ਸਭ ਆਦਰਸ਼ਵਾਦੀ ਅਤੇ ਮੌਕਾਪ੍ਰਸਤ ਵਿਰੋਧੀਆਂ ਨੂੰ ਜ਼ਰਾ ਠੰਢੇ ਮਨ ਨਾਲ ਸੋਚਣ ਲਈ ਅਤੇ ਆਰਾਮ ਫਰਮਾਉਣ ਲਈ ਜੇਲ੍ਹਾਂ ਅੰਦਰ ਭੇਜ ਦਿਤਾ। ਖ਼ੈਰ ਐਮਰਜੈਂਸੀ ਦੌਰਾਨ ਜੇਲ੍ਹਾਂ ਅੰਦਰ ਦਾਲਾਂ ਨੂੰ ਤੜਕੇ ਲਗਦੇ ਰਹੇ- ਵੰਨ ਸੁਵੰਨੀਆਂ ਯਾਰੀਆਂ ਪੈਂਦੀਆਂ ਰਹੀਆਂ। ਐਮਰਜੈਂਸੀ ਦੇ ਇਸ ਰਾਮ ਰੌਲੇ ਜਾਂ ਮੇਲੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਅਤੇ ਲਾਲੂ ਪ੍ਰਸ਼ਾਦ ਯਾਦਵ ਦੇ ਨਾਲ ਜਿਹੜੇ ਹੋਰ ਸੱਜਣਾਂ ਦਾ ਤੁੱਕਾ ਲੋਟ ਆਇਆ ਉਨ੍ਹਾਂ ਵਿਚ ਸਾਡਾ ਮਿੱਤਰ ਪ੍ਰੇਮ ਸਿੰਘ ਚੰਦੂ ਮਾਜਰਾ ਤਾ ਹੈਗਾ - ਹੋਰ ਵੀ ਬਥੇਰੇ ਨਾਂ ਗਿਣਾਏ ਜਾ ਸਕਦੇ ਹਨ। ਕੇਹਾ ਸ਼ਾਂਤ ਇਨਕਲਾਬ ਆਇਆ ਸੀ!
ਮੈਂ ਪਹਿਲਾਂ ਵੀ ਕਿਧਰੇ ਬੇਨਤੀ ਕੀਤੀ ਸੀ ਅਤੇ ਇਕ ਵਾਰੀ ਮੇਰੀ ਮੁੜ ਗੁਜ਼ਾਰਿਸ਼ ਹੈ ਕਿ ਭਾਰਤ ਦੀ ਸੁਤੰਤਰਤਾ ਤੋਂ ਬਾਅਦ ਅਗਲੇ 10-12 ਸਾਲਾਂ ਦੌਰਾਨ ਇਕ ਨਹੀਂ ਅਨੇਕ ਦੇਸ਼ ਅਜ਼ਾਦ ਹੋਏ - ਉਨ੍ਹਾਂ ਵਿਚੋਂ ਬਹੁਤੇ ਦੇਸ਼ਾਂ ਵਿਚ ਜਿਸ ਕਿਸਮ ਦੇ ਭਿਆਨਕ ਭਾਣੇ ਵਾਪਰੇ -ਐਮਰਜੈਂਸੀ ਬਾਰੇ ਗੱਪਾਂ ਮਾਰੀ ਜਾਣ ਤੋਂ ਪਹਿਲਾਂ ਜ਼ਰਾ ਉਧਰ ਵੀ ਵਿਦਵਾਨ ਸੱਜਣ ਨਿਗਾਹ ਮਾਰ ਲਿਆ ਕਰਨ - ਸਾਡੀਆਂ ਆਉਣ ਵਾਲੀਆਂ ਨਸਲਾਂ ਘੱਟ ਗੁੰਮਰਾਹ ਹੋਣਗੀਆਂ! ਐਮਰਜੈਂਸੀ ਦੇ ਸਮੇਂ ਭਾਰਤ ਦੀ ਸਥਿਤੀ ਦਾ ਇਨਕਲਾਬ ਤੋਂ ਪਹਿਲਾਂ ਜਾਂ ਪਿੱਛੋਂ ਦੀ ਰੂਸ ਦੀ ਸਥਿਤੀ ਨਾਲ ਕੁਝ ਵੀ ਸਾਂਝਾ ਨਹੀਂ ਹੈ।
ਹੁੰਦਲ ਸਾਹਿਬ ਪੁਸ਼ਕਿਨ ਵਾਲੇ ਲੇਖ ਵਿਚ ਦਸਦੇ ਹਨ ਕਿ ਪੁਸ਼ਕਿਨ 18-20 ਵਰ੍ਹਿਆਂ ਦਾ ਸੀ ਕਿ ਉਸਦੀ ਬਾਗੀਆਨਾ ਤਬੀਅਤ ਨੂੰ ਸ਼ਾਂਤ ਕਰਨ ਲਈ ਉਸਨੂੰ ਜ਼ਬਰੀ ਫ਼ੌਜ ਵਿਚ ਭੇਜ ਦਿੱਤਾ ਗਿਆ। ਪਰ ਜਨਰਲ ਇਵਾਨੋਵ ਨੇ ਨਵੇਂ ਹੁਕਮ ਉਸ ‘ਤੇ ਲਾਗੂ ਨਾ ਕੀਤੇ ਬਲਕਿ ਉਸਨੂੰ ਬੜੀਆਂ ਖੁਲ੍ਹਾਂ ਦੇਈ ਰੱਖੀਆਂ।
ਫਿਰ ਲੇਖ ਵਿਚ ਅੱਗੇ ਦੱਸਿਆ ਗਿਆ ਹੈ ਕਿ ਨਤਾਲੀਆ ਗੋਂਚਾਰੋਵਾ ਨਾਂ ਦੀ ਜਿਸ ਕੁੜੀ ਨਾਲ ਉਸਦਾ ਵਿਆਹ ਹੋਇਆ ਉਹ 16 ਕੁ ਵਰ੍ਹਿਆਂ ਦੀ ਸੀ। ਉਹ ਲੜਕੀ ਕੋਈ ਵਿਸ਼ੇਸ਼ ਕਲਾਤਮਿਕ ਕੁੜੀਆਂ ਵਾਲੀ ਜਾਂ ਸੁਚੱਜੀ ਨਹੀਂ ਸੀ। (ਅਖੇ) ਉਸਨੂੰ ਕੇਵਲ ਨੱਚਣਾ ਜਾਂ ਮਾੜੀ ਮੋਟੀ ਸਿਲਾਈ ਕਢਾਈ ਦਾ ਕੰਮ ਆਉਂਦਾ ਸੀ।
ਇਹ ਗੱਲਾਂ ਮੂਲੋਂ ਹੀ ਠੀਕ ਨਹੀਂ ਹਨ। ਗੋਂਚਾਰੋਵਾ ਦਾ ਪਿਓ ਕਰੌਨਿਕ ਸ਼ਰਾਬੀ ਸੀ ਅਤੇ ਸਿੱਟੇ ਵਜੋਂ ਮਾਂ ਉਸਦੀ ਦਾ ਮਾਨਸਿਕ ਸੰਤੁਲਨ ਜਮਾ ਹੀ ਅਸਤ ਵਿਅਸਤ ਸੀ। ਇਸਦੇ ਬਾਵਜੂਦ ਖੁਦ ਉਹ ਪਰੀਆਂ ਤੋਂ ਵੀ ਵੱਧ ਹੁਸੀਨ ਸੀ। ਬਹੁਤ ਹੀ ਸੰਵੇਦਨਸ਼ੀਲ ਅਤੇ ਅਤਿਅੰਤ ਜਹੀਨ ਸੀ। ਉਹ ਵਧੀਆ ਸ਼ਤਰੰਜ ਦੀ ਖਿਡਾਰਨ ਤਾਂ ਹੈ ਹੀ ਸੀ - ਜਰਮਨ, ਫਰਾਂਸਿਸੀ ਅਤੇ ਅੰਗਰੇਜੀ ਜ਼ੁਬਾਨ ਵੀ ਉਸਨੂੰ ਬਹੁਤ ਚੰਗੀ ਤਰ੍ਹਾਂ ਆਉਂਦੀਆਂ ਸਨ। ਉਹ ਅਜਿਹੀ ਔਰਤ ਸੀ ਜੋ ਦੰਤ ਕਥਾਵਾਂ ਨੂੰ ਜਨਮ ਦਿੰਦੀਆਂ ਹਨ।
ਹੁੰਦਲ ਸਾਹਿਬ ਇਹ ਵੀ ਨਿਡੱਰ ਹੋ ਕੇ ਫੁਰਮਾਉਂਦੇ ਹਨ ਕਿ ਪੁਸ਼ਕਿਨ ਗੋਂਚਾਰੋਵਾ ਦੇ ਫਲਰਟ ਸੁਭਾਅ ਕਾਰਨ ਉਸ ਦੇ ਕਿਸੇ ਆਸ਼ਕ ਨਾਲ ਅਣਖ ਦੀ ਖ਼ਾਤਰ ਡਿਊਲ ਖੇਡਦਿਆਂ ਮਰਿਆ ਸੀ। ਐਮਰਜੈਂਸੀ ਵਾਂਗੂ ਇਹ ਵੀ ਸੁੱਧੀ ਗੱਪ ਹੈ। ਗੋਂਚਾਰੋਵਾ ਪੁਸ਼ਕਿਨ ਨੂੰ ਬੇਹੱਦ ਪਿਆਰ ਕਰਦੀ ਸੀ। ਵਿਆਹੁਤਾ ਜੀਵਨ ਦੇ ਮਹਿਜ਼ 5 ਵਰ੍ਹਿਆਂ ਦੌਰਾਨ ਉਨ ਪੁਸ਼ਕਿਨ ਦੇ ਚਾਰ ਬੱਚੇ ਜੰਮੇ। ਉਹ ਤਾਂ ਵਿਚਾਰੀ ਸਾਰਾ ਸਮਾਂ ਗਰਭਵਤੀ ਹੀ ਰਹੀ ਸੀ ਅਤੇ ਪੁਸ਼ਕਿਨ ਨੂੰ ਛੱਡ ਕੇ ਅੱਖ ਮਟੱਕਾ ਉਸ ਨੇ ਕਿਸੇ ਹੋਰ ਨਾਲ ਕੀ ਕਰਨਾ ਸੀ।
ਪੁਸ਼ਕਿਨ ਦਾ ਅਦਰਸ਼ ਲਾਰਡ ਬਾਇਰਨ ਸੀ। ਉਸੇ ਵਾਂਗ ਹੀ ਉਹ ਰੁਮਾਂਟਿਕ ਸੀ ਅਤੇ ਉਸਨੇ ਤਾਂ ਖੁਦ ਮੰਨਿਆ ਹੋਇਆ ਕਿ ਗੋਚਾਰੋਵਾ ਉਸਦਾ ਪਹਿਲਾ ਨਹੀਂ ਬਲਕਿ 113 ਵਾਂ ਪਿਆਰ ਸੀ। ਰਹੀ ਗੱਲ ਡਿਊਲ ਖੇਡਣ ਦੀ- ਡਿਊਲਾਂ ਤਾਂ ਉਹ ਪਹਿਲਾਂ ਵੀ ਦੋ ਵਾਰੀਂ ਖੇਡ ਚੁਕਿਆ ਹੋਇਆ ਸੀ।
ਹੁੰਦਲ ਸਾਹਿਬ ਦਸਦੇ ਹਨ ਕਿ 18 ਫਰਵਰੀ, 1837 ਨੂੰ ਹੋਏ ਵਿਆਹ ਦੀਆਂ ਦਾਅਵਤਾਂ ਤੇ ਰੰਗ ਰਲੀਆਂ ਤੋਂ ਵਿਹਲਾ ਹੋ ਕੇ ਪੁਸ਼ਕਿਨ ਤਰਸਕੋਏ ਸੀਲੇ ਵਿਚ ਟਿਕ ਗਿਆ---ਅਖੇ ਜ਼ਾਰ ਨੇ (ਉਸਨੂੰ ਖੁਸ਼ ਕਰਨ ਲਈ) ਆਨਰੇਰੀਅਮ ਵਜੋਂ ਉਸਨੂੰ ਇਕ ਅਜਿਹਾ ਅਹੁਦਾ ਪ੍ਰਦਾਨ ਕਰ ਦਿਤਾ ਜਿਸ ਦਾ ਵਜੀਫਾ 5000 ਰੂਬਲ ਸੀ।
 ਅਸੀਂ ਰੂਸੀ ਜ਼ਾਰ ਦੇ ਵਕੀਲ ਨਹੀਂ ਹਾਂ। ਇਹ 19ਵੀਂ ਸਦੀ ਦੀਆਂ ਗੱਲਾਂ ਹਨ। ਪਰ ਹੁੰਦਲ ਸਾਹਿਬ ਨੂੰ ਕੀ ਨਦੇਜ਼ਦਾ ਮੰਡਲਸ਼ਟਾਮ ਦੀਆਂ ਯਾਦਾਂ ਪੜ੍ਹ ਕੇ ਵੀ ਪਤਾ ਨਹੀਂ ਹੈ ਕਿ ਸਟਾਲਿਨ ਨੇ ਵੀ ਪੁਸ਼ਕਿਨ ਦੇ ਉਲਟ ਉਸਦੀ ਤਾਨਾਸ਼ਾਹੀ ਬਾਰੇ ਚੋਰੀਓਂ ਹੀ ਮਹਿਜ਼ ਦੋ ਬੋਲ ਉਚਾਰਨ ਵਾਲੇ ਸ਼ਾਇਰਾਂ ਨੂੰ ਵੀ ਕਿਸ ਕਿਸਮ ਦੇ ਵਜੀਫੇ ਲਗਾਏ ਸਨ।
ਇਨਕਲਾਬੀਆਂ ਨੇ 1861 ਤੋਂ1881 ਤਕ ਜ਼ਾਰ ਅਲੈਗਜ਼ੈਂਡਰ ‘ਤੇ 5 ਵਾਰ ਕਾਤਲਾਨਾ ਹਮਲੇ ਕੀਤੇ ਅਤੇ ਅਖੀਰ ਉਸਨੂੰ ਮਾਰਨ ਵਿੱਚ ਸਫ਼ਲਤਾ ਹਾਸਲ ਕਰ ਲਈ।ਕਿੰਨੇ ਕੁ ਬੰਦੇ ਫਾਹੇ ਲਗਦੇ ਰਹੇ ਸਨ। ਇਸ ਦੇ ਉਲਟ ਸਟਾਲਿਨ ਦੀ ਖੁਦ ਆਪਦੀ ਮਿਲੀ ਭੁਗਤ ਨਾਲ ਜਦੋਂ ਸਰਗੇਈ ਕਿਰੋਵ ਨੂੰ ਇਕ ਨੀਮ ਪਾਗਲ ਹਤਿਆਰੇ ਨੇ ਕਤਲ ਕਰ ਦਿਤਾ ਤਾਂ ਸਟਾਲਿਨ ਨੇ ਭਲਾਂ ਕੀ ਕੀਤਾ ਸੀ। ਪੂਰੇ ਦੇ ਪੂਰੇ ਸੋਵੀਅਤ ਰੂਸ ਨੂੰ ਭਿਆਨਕ ਜੇਲ੍ਹਖਾਨਾ ਹੀ ਤਾਂ ਬਣਾ ਦਿਤਾ ਸੀ।
ਖ਼ੈਰ ਅਸੀਂ ਅੰਮ੍ਰਿਤਾ ਦੇ ਵਿਆਹ ਨਾਲ ਜੁੜੇ ਧਰਮ ਸੰਕਟ ਨੂੰ ਸਮਝਣਾ ਅਤੇ ਉਸਦੇ ਦਰਦ ਨੂੰ ਸੰਦਰਭਯੁਕਤ ਕਰਨ ਦੀ ਜਦੋਜਹਿਦ ਵਸ, ਅਜ਼ਰ ਨਫੀਸੀ ਅਤੇ ਸੋਨੀਆ ਟਾਲਸਟਾਏ ਦੇ ਅਜਿਹੇ ਹੀ ਜੀਵਨ ਪ੍ਰਸੰਗਾਂ ਤੋਂ ਬਾਅਦ ਅੰਨਾ ਆਖਮਾਤੋਵਾ ਅਤੇ ਮਰੀਨਾ ਸਵੈਤਾਯੇਵਾ ਦੀਆਂ ਜੀਵਨੀਆਂ ਦੇ ਤਰਾਸਦਿਕ ਵੇਰਵਿਆਂ ਦੀ ਗੱਲ ਕਰ ਰਹੇ ਸਾਂ।ਆਉ ਮੁੜ ਉਧਰ ਨੂੰ ਮੁੜੀਏ।
ਅੰਨਾ ਦੀ ਕਾਵਿ ਕਲਾ ਬਾਰੇ ਇਕ ਤੋਂ ਬਾਅਦ ਇਕਵਧੀਆ - ਕਈ ਕਿਤਾਬਾਂ ਅੰਗਰੇਜੀ ਵਿਚ ਇਸ ਸਮੇਂ ਉਪਲਭਧ ਹਨ। ਪ੍ਰੰਤੂ ਉਸਦੇ ਜੀਵਨ ਦਵੰਧਾਂ ਅਤੇ ਤਰਾਸ ਨੂੰ ਸਮਝਣ ਲਈ ‘ਅੰਨਾ ਆਫ ਆਲ ਦਾ ਰਸ਼ੀਅਨਜ‘ ਸਿਰਲੇਖ ਹੇਠਲੀ ਸਾਲ 2005 ਵਿਚ ਇਲੇਨ ਫਾਈਨਸਟਾਈਨ ਵਲੋਂ ਲਿਖੀ ਕਿਤਾਬ ਨਿਰਸੰਦੇਹ ਲਾਜਵਾਬ ਹੈ।
ਇਲੇਨ ‘ਬੀਕੰਮਿੰਗ ਆਖਮਾਤੋਵਾ‘ ਸਿਰਲੇਖ ਹੇਠ ਕਿਤਾਬ ਦੇ ਦੂਸਰੇ ਕਾਂਡ ਵਿਚ ਦਸਦੀ ਹੈ ਕਿ ਕਾਲੇ ਸਾਗਰ ਦੇ ਕਿਨਾਰੇ ਰੂਸ ਦੇ ਤੱਟਵਰਤੀ ਸ਼ਹਿਰ ਓਡੇਸਾ ‘ਚ 23 ਜੂਨ, 1889 ਵਿਚ ਪੈਦਾ ਹੋਈ ਅੰਨਾ ਦੀ ਸ਼ਖ਼ਸੀਅਤ ਦੇ ਚਾਕ੍ਰਿਤ ਕਰਨ ਵਾਲੇ ਪਹਿਲੂ ਮੁਢਲੇ ਵਰ੍ਹਿਆਂ ਵਿਚ ਹੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸਾਲ 1905 ‘ਚ ਉਮਰ ਦਾ 16ਵਾਂ ਵਰ੍ਹਾ ਸ਼ੁਰੂ ਹੁੰਦਿਆਂ ਹੀ ਉਸਨੂੰ ਵਲਾਦੀਮੀਰ ਗੁਲੀਨੀਸੇਵ- ਕੁਤੂਜ਼ੋਵ ਨਾਂ ਦੇ ਆਪਦੀ ਉਮਰ ਤੋਂ 10 ਵਰ੍ਹੇ ਵੱਡੇ ਪੀਟਰਜਬਰਗ ਯੂਨੀਵਰਸਿਟੀ ‘ਚ ਡਾਕਟਰੇਟ ਕਰ ਰਹੇ ਇਕ ਵਿਦਿਆਰਥੀ ਨਾਲ ਪਹਿਲੀ ਤੱਕਣੀ ਵਿਚ ਹੀ ਇੰਤਹਾਈ ਪਿਆਰ ਹੋ ਗਿਆ। ਉਨ ਪਹਿਲੇ ਹੀ ਦਿਨ ਉਸ ਅਗੇ ਸਮਰਪਣ ਕਰ ਦਿਤਾ।ਪ੍ਰੇਰਨਾ ਦੇ ਉਪਹਾਰ ਵਜੋਂ ਆਪਦੀ ਵਰਜਿਨਟੀ ਉਸ ਨੂੰ ਸਮਰਪਿਤ ਕਰ ਦਿਤੀ। ਪਰ ਹੋਇਆ ਉਵੇਂ ਹੀ ਜਿਵੇਂ ਸਾਹਿਰ ਨਾਲ ਅਜਿਹੀ ਹੀ ਅੰਨ੍ਹੀ ਮੁਹੱਬਤ ਕਰ ਬੈਠਣ ਸਮੇਂ ਅੰਮ੍ਰਿਤਾ ਨਾਲ ਹੋਇਆ ਹੈ। ਸਾਹਿਰ ਵਾਂਗ ਹੀ ਕੁਤੂਜ਼ੋਵ ਅੰਨਾ ਨੂੰ ਕਦੀ ਕਦਾਈਂ ਮਿਲ ਕੇ ਪਿਆਰ ਦੇ ਸਕਦਾ ਹੈ; ਸਤਿਕਾਰ ਦੇ ਸਕਦਾ ਹੈ ਪਰ ਵਿਆਹ ਦੇ ਬੰਧਨ ਵਿਚ ਬੱਝਣ ਵਾਲੀ ਉਸਦੀ ਤਬੀਅਤ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਅੰਨਾ ਦੀ ਸਥਿਤੀ ਵੀ ਅੰਮ੍ਰਿਤਾ ਵਾਲੀ ਹੈ। ਮੋਹਨ ਸਿੰਘ ਦੀ ਤਰਜ਼ ‘ਤੇ ਹੀ ਇਕ ਨਹੀਂ ਅਨੇਕਾਂ ਉਸਦੇ ਸਮਕਾਲੀ ਮਹਿਜ਼ ਉਸਦੇ ਇਕ ਇਸ਼ਾਰੇ ‘ਤੇ ਪਲਕਾਂ ਵਿਛਾ ਦੇਣ ਲਈ ਤਿਆਰ ਖੜੇ ਹਨ। ਪ੍ਰੰਤੂ ਅੰਨਾ ਨੂੰ ਤਾਂ ਅਗਲੇ ਕਈ ਵਰ੍ਹੇ ਸੁਪਨੇ ਕੁਤੂਜ਼ੋਵ ਦੇ ਹੀ ਆਈ ਜਾਣੇ ਹਨ ਅਤੇ ਉਸਨੇ ਉਸਨੂੰ ਅੱਗੋਂ ਕਦੀ ਮਿਲਣਾ ਤਕ ਵੀ ਨਹੀਂ ਹੈ।
ਪੁਸਤਕ ਦੇ ਪੰਨਾ 21 ਉਪਰ ਫਾਈਨਸਟਾਈਨ ਦਸਦੀ ਹੈ ਕਿ ਕੁਤੂਜ਼ੋਵ ਨਾਲ ‘ਘਾਤਕ‘ ਮਿਲਾਪ ਤੋਂ ਦੋ ਕੁ ਵਰ੍ਹੇ ਬਾਅਦ ਅੰਨਾ ਨੇ ਉਸ ਸਮੇਂ ਪੀਟਰਜਬਰਗ ਰਹਿ ਰਹੇ ਵੋਨ ਸਟਾਈਨ ਨਾਂ ਦੇ ਆਪਣੇ ਵੱਡੇ ਜੀਜੇ ਅਗੇ ਤਰਲਾ ਮਾਰਿਆ ਕਿ ਉਹ ਉਸਨੂੰ ਕੁਤੂਜ਼ੋਵ ਦੀ ਕਿਸੇ ਤਰ੍ਹਾਂ ਕੋਈ ਤਸਵੀਰ ਹੀ ਲਭ ਭੇਜੇ- ਜੋ ਕਿ ਉਨ ਉਸਨੂੰ ਭੇਜ ਵੀ ਦਿੱਤੀ। ਤੇ ਫਿਰ 11 ਫਰਵਰੀ, 1907 ਨੂੰ ਜੀਜੇ ਨੂੰ ਭੇਜੇ ਪੱਤਰ ਵਿਚ ਅੰਨਾ ਲਿਖਦੀ ਹੈ: “ਇਸ ਫੋਟੋਗਰਾਫ ਵਿਚ ਉਹ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਉਹ ਉਸਨੂੰ ਲੱਗਿਆ ਸੀ ਅਤੇ ਉਹ ਉਸਨੂੰ ਵੇਂਹਦਿਆਂ ਹੀ ਖੌਫਜ਼ਦਾ ਹੋ ਗਈ ਸੀ ਕਿ ਉਹ ਉਸਨੂੰ ਪਾ ਵੀ ਸਕੇਗੀ! ਕਿੰਨਾ ਸਹਿਜ ਨਜ਼ਰ ਆਉਂਦਾ ਸੀ, ਪਰ ਕਿੰਨਾ ਬੇਪਰਵਾਹ ਸੀ ਉਹ!”
ਇਸੇ ਪੱਤਰ ਵਿਚ ਅੰਨਾ ਅਗੇ ਲਿਖਦੀ ਹੈ “ਮੈਂ ਆਪਦੀ ਰੂਹ ਨੂੰ ਉਸਦੇ ਤਸੱਵਰ ਨਾਲੋਂ ਕਿੰਜ ਤੋੜਾਂ! ਉਸਦੇ ਵਿਛੋੜੇ ਦੀ ਜ਼ਹਿਰ ਨਾਲ ਮੈਂ ਉਮਰ ਭਰ ਲਈ ਡੰਗੀ ਗਈ ਹਾਂ।ਹੁਣ ਕਿਥੇ ਜਾਵਾਂ ਤੇ ਕਿਹੜਾ ਪੀਰ ਮੰਨਾਵਾਂ!”
ਅੰਨਾ ਦੀ ਜ਼ਿੰਦਗੀ ਦੇ ਅਤਿਅੰਤ ਭਿਆਨਕ ਡਰਾਮੇ ਦਾ ਅਜੇ ਤਾਂ ਇਹ ਮਹਿਜ਼ ਟਰੇਲਰ ਹੀ ਹੈ। ‘ਫੀਚਰ ਫਿਲਮ‘ ਦੀ ਸ਼ੁਰੂਆਤ ਤਾਂ ਛੇਤੀ ਹੀ ਬਾਅਦ ਉਦੋਂ ਹੋਵੇਗੀ ਜਦੋਂ ਉਸਤੋਂ ਉਮਰ ‘ਚ 2-4 ਸਾਲ ਸੀਨੀਅਰ ਰੂਸੀ ਜ਼ੁਬਾਨ ਦਾ ਤੇਜੀ ਨਾਲ ਉਭਰਦਾ ਸਮਕਾਲੀ ਸ਼ਾਇਰ ਲੇਵ ਨਿਕੋਲਾਇਵਿਚ ਗੁਮੀਲੀਓਵ ਉਸਤੇ ਫਿਦਾ ਹੋ ਜਾਵੇਗਾ ਅਤੇ ਅੰਨਾ ਵਲੋਂ ਉਸਦੀ ਪਿਆਰ ਵਿਆਹ ਦੀ ਪੇਸ਼ਕਸ਼ ਠੁਕਰਾ ਦੇਣ ਤੇ ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਤਕ ਚਲਾ ਜਾਵੇਗਾ। ਲੇਵ ਨੇ ਇਹ ‘ਕੌਤਕ‘ ਅਗਸਤ 1907 ਵਿਚ ਕੀਤਾ ਹੈ।
28 ਮਈ 1907 ਨੂੰ ਅੰਨਾ ਨੇ ਕੀਵ ਜ਼ਿਮਨੇਜੀਅਮ ਤੋਂ ਆਪਣੀ ਗਰੈਜੂਏਸ਼ਨ ਦੀ ਡਿਗਰੀ ਮੁਕੰਮਲ ਕੀਤੀ ਅਤੇ ਗਰਮੀਆਂ ਵਿਚ ਆਪਣੇ ਪ੍ਰਸ਼ੰਸਕਾ ਤੋਂ ਬਚਣ ਲਈ ਆਪਦੀ ਮਾਂ ਦੀ ਪਨਾਹਗਾਹ ਵਿਚ ਸ਼ਰਨ ਲੈਣ ਦੀ ਕੋਸ਼ਿਸ਼ ਕਰਦੀ ਹੈ। ਪਰ ਗੁਮੀਲੀਓਵ ਉਥੇ ਵੀ ਉਸਦੀ ਜਾਨ ਨਹੀਂ ਛਡਦਾ। ਪਰ ਉਹ ਮੰਨੇਗੀ ਨਹੀਂ। ਅੰਨਾ ਵਾਸਤਾ ਪਾਉਂਦੀ ਹੈ ਕਿ ਗੁਮੀਲੀਓਵ ਕਮਾਲ ਦਾ ਆਦਮੀ ਹੈ; ਉਸ ਵਿਚ ਅਨੇਕਾਂ ਸਿਫਤਾਂ ਹਨ - ਉਸਨੂੰ ਚੰਗੀ ਤਰ੍ਹਾਂ ਪਤਾ ਹੈ ਪਰ ਉਹ ਉਸਨੂੰ ਪਿਆਰ ਨਹੀਂ ਕਰ ਸਕਦੀ। ਮੁਹੱਬਤ ਕਰਨ ਲਈ ਉਸ ਦੇ ਖੁਆਬਾਂ ਦੇ ਸ਼ਹਿਜਾਦੇ ਦੇ ਤਸੱਵਰ ਦੇ ਉਹ ਅਨੁਸਾਰੀ ਨਹੀਂ ਹੈ।
ਪਰ ਹੋਣੀ ਨੂੰ ਕਿਹੜਾ ਟਾਲੇ?...ਹਾਰ ਹਾਰ ਕੇ ਅੰਨਾ ਹਥਿਆਰ ਸੁੱਟ ਦਿੰਦੀ ਹੈ।25 ਅਪ੍ਰੈਲ 1914 ਨੂੰ ਉਹ ਨਿਕੋਲਾਈ ਗੁਮੀਲੀਓਵ ਨਾਲ ਵਿਆਹ ਕਰਵਾ ਲੈਂਦੀ ਹੈ।
ਵਿਆਹ ਇਹ ਡਿਕੋਡੋਲੇ ਖਾਂਦਾ ਦੋ ਢਾਈ ਵਰ੍ਹੇ ਚਲ ਜਾਂਦਾ ਹੈ ਅਤੇ ਪਹਿਲੀ ਅਕਤੂਬਰ 1913 ਨੂੰ ਉਨ੍ਹਾਂ ਦੇ ਘਰੇ ਪਿਆਰਾ ਜਿਹਾ ਬੱਚਾ ਵੀ ਜਨਮ ਲੈ ਲੈਂਦਾ ਹੈ। ਪਰ ਜਲਦੀ ਹੀ ਬਾਅਦ ਅੰਨਾ ਗੁਮੀਲੀਓਵ ਤੋਂ ਪੂਰੀ ਤਰ੍ਹਾਂ ਉਕਤਾ ਜਾਂਦੀ ਹੈ। ਸ਼ਾਇਰ ਉਸਨੂੰ ਆਖਦਾ ਹੈ ਕਿ ਉਹ ਜਿਸ ਨਾਲ ਮਰਜੀ ਹੋਏ ਰਹੀ ਜਾਵੇ- ਪਰ ਉਸ ਨੂੰ ਛੱਡੇ ਨਾ। ਇਹ ਨਿਸਬਤ ਸਾਲ ਖੰਡ ਹੀ ਚਲਦੀ ਹੈ ਅਤੇ ਅਖੀਰੀ ਨੌਬਤ ਤਲਾਕ ‘ਤੇ ਆ ਵਜਦੀ ਹੈ।
ਇਸਤੋਂ ਬਾਅਦ ਅੰਨਾ ਨੇ ਆਪਣੇ-ਆਪਣੇ ਖੇਤਰ ਵਿੱਚ ਤੇਜੱਸਵੀ ਇਨਸਾਨਾਂ ਨਾਲ ਦੋ ਵਾਰੀਂ ਹੋਰ ਵਿਆਹ ਕੀਤੇ ਅਤੇ ਕਈ ਇਸ਼ਕ ਹੋਏ- ਪਰ ਤਜ਼ਰਬੇ ਹਰ ਵਾਰ ਪਹਿਲੇ ਵਿਆਹ ਤੋਂ ਵੀ ਵਧ ਕੌੜੇ ਰਹੇ। ਹਾਂ ਨਿਕੋਲਾਈ ਗੁਮੀਲੀਓਵ ਤੋਂ ਤੁਰੰਤ ਬਾਅਦ ਸਾਲ 1915 ਵਿਚ ਅੰਨਾ ਨੂੰ ਬੋਰਿਸ ਐਨਰੈੱਪ ਨਾਲ ਬੇਪਨਾਹ ਪਿਆਰ ਜੋ ਹੋਇਆ ਉਹ ਕਰਾਮਾਤ ਹੀ ਸੀ।
ਇਲੇਨ ਨੇ ਪੁਸਤਕ ਦੇ ਪੰਨਾ 61 ਉਪਰ ਅੰਨਾ ਦੀ ਇਕ ਬਹੁਤ ਹੀ ਪਿਆਰੀ ਨਜ਼ਮ ਦਿੱਤੀ ਹੋਈ ਹੈ ਜੋ ਕਿ ਉਸਨੇ ਸਾਲ 1915 ਦੀ ਬਹਾਰ ਦੀ ਰੁੱਤੇ ਬੋਰਿਸ ਐਨਰੈੱਪ ਲਈ ਇਹ ਕਹਿੰਦਿਆਂ ਲਿਖੀ ਸੀ ਜਿਸ ਬਾਰੇ ਉਸ ਨੂੰ ਲੱਗਦਾ ਸੀ ਕਿ ਉਸਦੀ ਰੂਹ ਮੁੱਦਤਾਂ ਤੋਂ ਉਸੇ ਦੀ ਉਡੀਕ ਕਰ ਰਹੀ ਸੀ।
ਪ੍ਰੰਤੂ ਦਿੱਕਤ ਮੁੜ ਉਹੋ ਸਾਹਿਰ ਵਾਲੀ ਹੀ ਆ ਜਾਵੇਗੀ। ਉਹ ਅੰਨਾ ਨੂੰ ਪਿਆਰ ਅਤੇ ਸਤਿਕਾਰ ਦੇਵੇਗਾ। ਪਰ ਉਹ ਉਸ ਨਾਲ ਰਹੇਗਾ ਨਹੀਂ ਬਲਕਿ ਉਹ ਤਾਂ ਸਦਾ ਵਾਸਤੇ ਯੁੱਗਗਰਦੀ ਦੇ ਸਮਿਆਂ ਦੇ ਰੂਸ ਨੂੰ ਹੀ ਛੱਡ ਜਾਵੇਗਾ।

ਅੰਨਾ ਦੀ ਆਖਰੀ ਅਤੇ ਸਭ ਤੋਂ ਵੱਧ ਚਰਚਿਤ ਮੁਹੱਬਤ ਵੀਹਵੀਂ ਸਦੀ - ਉਸਦੀ ਉਮਰ ਦੇ 56ਵੇਂ ਵਰ੍ਹੇ ‘ਚ ਜਾ ਕੇ ਆਈਜਿਆ ਬਰਲਿਨ ਨਾਂ ਦੇ ਆਪਦੀ ਉਮਰ ਤੋਂ ਕਰੀਬ 20 ਵਰ੍ਹੇ ਛੋਟੇ ਸਦੀ ਦੇ ਮਹਾਨ ਚਿੰਤਕ ਨਾਲ ਮਹਿਜ਼ ਚੰਦ ਘੰਟਿਆਂ ਦੀ ਮੁਲਾਕਾਤ ਸਮੇਂ ਵਾਪਰੇਗੀ। ਦੋਵੇਂ ਜਣੇ ਇਕ ਦੂਸਰੇ ਦੇ ਬਦਨ ਨੂੰ ਟੱਚ ਵੀ ਨਹੀਂ ਕਰਨਗੇ। ਬਸ ਸਾਹਿਤ ਅਤੇ ਇਨਸਾਨ ਦੇ ਦੁੱਖਾਂ-ਸੁੱਖਾਂ ਸਬੰਧੀ ਦੁਨੀਆ ਭਰ ਦੇ ਵਿਸ਼ਿਆਂ ਤੇ ਵਿਚਾਰ ਚਰਚਾ ਹੀ ਕਰਨਗੇ। ਪ੍ਰੰਤੂ ਇਕ ਦੂਸਰੇ ਦੀ ਅੰਤਾਂ ਦੀ ਪਿਆਰੀ ਸ਼ਖ਼ਸੀਅਤ ਦਾ ਕਸ਼ਿਸ਼ ਅਤੇ ਕੋਈ ਹਾਉਕਾ ਬਸ ਉਨ੍ਹਾਂ ਦੀਆਂ ਆਤਮਾਵਾਂ ਵਿਚ ਲੱਥ ਜਾਵੇਗਾ। ਇਸ ਅਲੋਕਾਰ ਮੁਹੱਬਤ ਬਿਰਤਾਂਤ ਨੂੰ ਇਲੇਨ ਫਾਈਨਸਟਾਈਨ ਨੇ ਕਿਤਾਬ ਦੇ ਪੰਨਾ 216 ਤੋਂ 222 ਤਕ ਬਹੁਤ ਹੀ ਜਾਨਦਾਰ ਅੰਦਾਜ਼ ਵਿਚ ਸੁਣਾਇਆ ਹੋਇਆ ਹੈ।
ਅਗਸਤ 1921 ਵਿਚ ਅਲੈਗਜੈਂਡਰ ਬਲੋਕ ਜਿਸਨੂੰ ਅੰਨਾ ਆਖਮਾਤੋਵਾ ਸਮੇਤ ਉਨ੍ਹਾਂ ਦੇ ਸਭ ਸਮਕਾਲੀ ਆਪਣੇ ਸਮੇਂ ਦੇ ਕਾਵਿ ਜਗਤ ਦਾ ਸ਼ਹਿਨਸ਼ਾਹ ਮੰਨਦੇ ਹਨ- ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਵੇਗੀ ਅਤੇ ਉਸੇ ਮਹੀਨੇ ਅੰਨਾ ਦੇ ਪਹਿਲੇ ਸ਼ਾਇਰ ਪਤੀ ਗੁਮੀਲੀਓਵ ਨੂੰ ਖੁਫੀਆ ਪੁਲੀਸ ਚੇਕਾ ਵਾਲੇ ਚੁੱਕ ਕੇ ਲੈ ਜਾਣਗੇ ਅਤੇ ਉਨ੍ਹਾਂ ਬੇਬੁਨਿਆਦ ਦੋਸ਼ਾਂ ਹੇਠ ਮਾਰ ਖਪਾ ਦੇਣਗੇ ਜਿਨ੍ਹਾਂ ਬਾਰੇ ਅਜੇ ਤਕ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਉਹ ਦੋਸ਼ ਕੀ ਸਨ।
ਸਾਲ 1933 ਵਿਚ ਸਟਾਲਿਨ ਦੀ ਉਸ ਤੋਂ 20 ਵਰ੍ਹੇ ਛੋਟੀ ਉਮਰ ਦੀ ਉਸਦੀ ਸੰਵੇਦਨਸ਼ੀਲ ਪਤਨੀ ਨਦੇਜ਼ਦਾ ਅਲੀਲੂਯੇਵਾ ਆਤਮ ਹਤਿਆ ਕਰ ਲਵੇਗੀ। ਸਾਲ 1934 ‘ਚ ‘ਜੇਤੂਆਂ ਦੀ ਪਾਰਟੀ ਕਾਂਗਰਸ‘ ਹੋਵੇਗੀ। ਇਸ ਮੋੜ ਤੇ ਕਾ. ਸਟਾਲਿਨ ਆਪਦੀ ਤਾਕਤ ਦੇ ਸਿਖ਼ਰ ‘ਤੇ ਹੈ।ਬਹੁਤ ਜਲਦੀ ਹੀ ਬੇਹੱਦ ਰਹੱਸਮਈ ਹਾਲਤਾਂ ਵਿਚ ਉਸਦੇ ਸਭ ਤੋਂ ਨੇੜਲੇ ਸਾਥੀ ਸਰਗੇਈ ਕਿਰੋਵ ਦੀ ਹੱਤਿਆ ਕਰਵਾ ਦਿੱਤੀ ਜਾਵੇਗੀ। ਅਗਲੇ ਹੀ ਦਿਨ ਕਥਿਤ ਦਹਿਸ਼ਤਗਰਦੀ ਵਿਰੁੱਧ ਮਾਨਵ ਇਤਿਹਾਸ ਦਾ ਅੱਜ ਤਕ ਦਾ ਸਭ ਤੋਂ ਭਿਆਨਕ ਆਰਡੀਨੈਂਸ ਜਾਰੀ ਹੋਵੇਗਾ ਅਤੇ ਦਹਿਸ਼ਤ ਦੇ ਦੌਰ ਦੀ ਸ਼ੁਰੂਆਤ ਹੋ ਜਾਵੇਗੀ। ਮੁਢਲੇ ਹੀ ਦਿਨਾਂ ਵਿਚ ਅੰਨਾ ਦਾ 20 ਵਰ੍ਹਿਆਂ ਦੀ ਉਮਰ ਦੇ ਬਹੁਤ ਹੀ ਹੋਣਹਾਰ ਪੁੱਤਰ ਲੇਵ ਗੁਮੀਲੀਓਵ ਦੀ ਉਸਦੇ ਮਿੱਤਰ- ਮੱਧ ਪੂਰਬ ਦੇ ਇਤਿਹਾਸ ਦੇ ਮਾਹਰ ਅਧਿਆਪਕ ਏਬਰਮੈਨ ਦੇ ਘਰੇ ਬੈਠਿਆਂ ਪਹਿਲੀ ਗ੍ਰਿਫਤਾਰੀ ਹੋਵੇਗੀ। ਲੇਵ ਨੂੰ ਤੰਗ ਪ੍ਰੇਸ਼ਾਨ ਕਰਕੇ ਕੁਝ ਦਿਨਾਂ ਬਾਅਦ ਰਿਹਾ ਕਰ ਦਿੱਤਾ ਜਾਵੇਗਾ। ਪ੍ਰੰਤੂ ਏਬਰਮੈਨ ਦਾ ਬਾਅਦ ਵਿਚ ਕੋਈ ਖੁਰਾ ਖੋਜ ਨਹੀਂ ਮਿਲੇਗਾ।
10 ਮਾਰਚ 1938 ਨੂੰ ਲੇਵ ਤੀਸਰੀ ਵਾਰ ਬਿਨਾ ਕਾਰਨ ਮਹਿਜ਼ ਅੰਨਾ ਆਖਮਾਤੋਵਾ ਨੂੰ ਮਾਨਸਿਕ ਤੌਰ ‘ਤੇ ਤਬਾਹ ਕਰਨ ਲਈ ਫੜ੍ਹਿਆ ਜਾਵੇਗਾ ਅਤੇ ਐਤਕਾਂ ਦੀ ਵਾਰ ਉਹ ਸਟਾਲਿਨ ਦੇ ਅਕਾਲ ਚਲਾਣੇ ਤੋਂ ਪਿਛੋਂ ਹੀ ‘ਗੁਲਾਗ‘ ਵਿਚੋਂ ਬਾਹਰ ਆਵੇਗਾ। ਇਸ ਸਾਰੇ ਅਰਸੇ ਦੌਰਾਨ ਅੰਨਾ ਆਖਮਾਤੋਵਾ ਕਿਸ ਕਿਸਮ ਦੀ ਸੂਲੀ ‘ਤੇ ਟੰਗੀ ਰਹੀ ਉਹ ਜਾਂ ਉਸਨੂੰ ਪਤਾ ਹੈ ਤੇ ਜਾਂ ਫਿਰ ‘ਰੱਬ ਸੱਚੇ ਨੂੰ‘ ਪਤਾ ਹੋ ਸਕਦਾ ਹੈ। ਅਸੀਂ ਲੰਮੇ ਚੌੜੇ ਵਿਸਥਾਰ ‘ਚ ਪੈਣ ਤੋਂ ਗੁਰੇਜ਼ ਕਰਾਂਗੇ। ਇਸਦੀ ਬਜਾਏ ਬੇਹਤਰ ਰਹੇਗਾ ਕਿ ਅੰਨਾ ਦੀ ਦੂਸਰੀ ਭੈਣ ਮਰੀਨਾ ਸਵੇਤਾਯੇਵਾ (ਸੁਤੇਵਾ) ਦੀ ਅੰਨਾ ਨਾਲੋਂ ਵੀ ਕਿਤੇ ਵਧ ਦਰਦਨਾਕ ਤਰਾਸਦੀ ਦੀ ਕਹਾਣੀ ਵੀ ਪਾਠਕਾਂ ਨਾਲ ਸਾਂਝੀ ਕਰ ਲਈ ਜਾਵੇ। ਮਰੀਨਾ ਦੀ ਕਹਾਣੀ ਵੀ ਇਲੇਨ ਫਾਈਨਟਾਈਨ ਨੇ ‘ਏ ਕੈਪਟਿਵ ਲਾਇਨ‘ ਸਿਰਲੇਖ ਹੇਠ ਲਿਖੀ ਉਸਦੀ ਜੀਵਨੀ ਵਿਚ ਓਨੇ ਹੀ ਪੁਰਸੋਜ਼ ਅੰਦਾਜ਼ ਵਿਚ ਸੁਣਾਈ ਹੋਈ ਹੈ।ਉਹ ਮਰੀਨਾ ਦੀ ਕਲਾਤਮਿਕ ਅਹਿਮੀਅਤ ਦਾ ਐਲਾਨ ਕਿਤਾਬ ਦੀ ਭੂਮਿਕਾ ਦੀ ਪਹਿਲੀ ਹੀ ਸਤਰ ਵਿਚ ਉਸਨੂੰ 20ਵੀਂ ਸਦੀ ‘ਚ ਯੋਰਪ ਦੀ ਚੋਟੀ ਦੀ ਸ਼ਾਇਰਾ ਦਸ ਕੇ ਕਰਦੀ ਹੈ। ਉਹ ਅੰਨਾ ਤੋਂ ਤਿੰਨ ਵਰ੍ਹੇ ਛੋਟੀ ਹੈ ਅਤੇ ਉਚ ਕਲੀਨ ਵਰਗ ਦੇ ਬਹੁਤ ਹੀ ਜ਼ਹੀਨ ਇਨਕਲਾਬ ਅਤੇ ਇਨਸਾਫ ਅਧਾਰਤ ਸੋਹਣੀ ਜ਼ਿੰਦਗੀ ਦੇ ਖੁਆਬ ਨੂੰ ਸਮਰਪਿਤ ਮਾਂ- ਪਿਓ ਦੀ ਮਹਾਨ ਪ੍ਰਤਿਭਾ ਵਾਲੀ ਅੰਨਾ ਆਖਮਾਤੋਵਾ ਨਾਲੋਂ ਵੀ ਵੱਧ ਬਦਕਿਸਮਤ ਧੀ ਹੈ।
ਸਾਲ 1906 ‘ਚ ਮਰੀਨਾ ਮਹਿਜ਼ 14 ਵਰ੍ਹਿਆਂ ਦੀ ਸੀ ਕਿ ਉਸਦੀ ਪਿਆਰੀ ਮਾਂ ਮਾਰੀਆ ਅਲੈਗਜੈਂਡਰੋਵਨਾ ਦੀ ਮਾਮੂਲੀ ਬਿਮਾਰੀ ਤੋਂ ਬਾਅਦ ਅਚਾਨਕ ਮੌਤ ਹੋ ਗਈ। ਸਾਲ-ਡੇਢ ਸਾਲ ਤਕ ਉਹ ਮਾਂ ਦੀ ਯਾਦ ਵਿੱਚ ਡੁੱਬੀ ਰਹੀ। ਉਸਨੇ ਆਪ ਦੀ ਮਾਂ ਦੀਆਂ ਹੱਥ ਲਿਖਤਾਂ ਵਿਚ ਸਾਂਭੀਆਂ 9 ਮੋਟੀਆਂ ਡਾਇਰੀਆਂ ਪੜ੍ਹੀਆਂ। ਡਾਇਰੀ ਦੇ ਜਿਹੜੇ ਕੁੱਝ ਇੰਦਰਾਜਾਂ ਨੇ ਉਸਨੂੰ ਜਿਆਦਾ ਪ੍ਰੇਸ਼ਾਨ ਕੀਤਾ ਉਨ੍ਹਾਂ ਵਿਚ ਮਾਰੀਆ ਦੇ ਵਿਆਹ ਤੋਂ ਪਹਿਲਾਂ ਕਿਸੇ ਤੋਪਖਾਨੇ ਦੇ ਕਿਸੇ ਨੌਜਵਾਨ ਅਫ਼ਸਰ ਨਾਲ ਮੁਹੱਬਤ ਦਾ ਜ਼ਿਕਰ ਸੀ। ਇਹ ਅਫਸਰ ਆਪਦੀ ਪਤਨੀ ਤੋਂ ਤਲਾਕ ਲਈ ਤਰਲਾ ਕਰਦਾ ਰਿਹਾ ਪਰ ਉਹ ਉਸਦੀ ਇਛਾ ਪੂਰੀ ਕਰਨ ਲਈ ਰਜ਼ਾਮੰਦ ਨਾ ਹੋਈ। ਮਰੀਨਾ ਦੀ ਮਾਂ ਦੇ ਦਸਣ ਅਨੁਸਾਰ ‘ਉਹ 30 ਵਰ੍ਹਿਆਂ ਦੀ ਹੋ ਗਈ ਹੈ; ਪਤੀ ਉਸਦਾ ਸਮਝਦਾਰ ਹੈ, ਸਮਾਜ ਵਿਚ ਬੜੀ ਉੱਚੀ ਉਸਦੀ ਥਾਂ ਹੈ। ਉਸ ਦੀਆਂ ਦੋਵੇਂ ਧੀਆਂ ਬੇਹੱਦ ਜ਼ਹੀਨ ਹਨ। ‘ਪਰ‘3ਇੰਦਰਾਜ ਦੇ ਅੰਤ ਵਿਚ ਦਰਜ ਇਸੇ ‘ਪਰ‘ ਸ਼ਬਦ ਨੇ ਮਰੀਨਾ ਨੂੰ ਕਿੰਨੀ ਹੀ ਦੇਰ ਤਕ ਹੀ ਹਾਂਟ ਕਰਦਾ ਰਹਿਣਾ ਹੈ।
ਸਾਲ 1907 ਦੇ ਅਖੀਰ ਵਿਚ ਮਰੀਨਾ ਅਤੇ ਉਸਦੀ ਭੈਣ ਅਨਾਸਤਾਸੀਆ - ਦੋਵੇਂ ਮਾਸਕੋ ਆ ਗਈਆਂ ਹਨ। ਆਪਣੀ ਤਬੀਅਤ ਅਤੇ ਰੁਚੀ ਅਨੁਸਾਰ ਆਉਂਦਿਆਂ ਹੀ ਦਾਖਲਾ ਮਾਸਕੋ ਦੇ ਉਭਰਦੇ ਕਵੀਆਂ - ਸਾਹਿਤਕਾਰਾਂ ਦੇ ਸਰਕਲ ਵਿਚ ਹੋ ਗਿਆ ਹੈ। 15 ਸਾਲ ਦੀ ਉਮਰ ਵਿਚ ਹੀ ਉਸਨੂੰ ਵਲਾਦੀਮੀਰ ਨਿਲੇਂਦਰ ਨਾਂ ਦੇ ਸ਼ਾਇਰ ਨਾਲ ਪਹਿਲੀ ਮੁਹੱਬਤ ਹੋਈ। ਮਰੀਨਾ ਨਿਲੇਂਦਰ ਨੂੰ ਆਪਣੇ ਜਾਣੂ ਲੇਵ ਕੋਬੀਲਿੰਸਕੀ ਉਰਫ ਐਲਿਸ ਜੋ ਕਿ ਮਹਾਨ ਫਰਾਂਸੀਸੀ ਸ਼ਾਇਰ ਬਾਦਲੇਅਰ ਦਾ ਅਨੁਆਈ ਸੀ ਅਤੇ ਆਂਦਰੇਈ ਬੇਲੀ ਨਾਂ ਦੇ ਉਨ੍ਹਾਂ ਵਕਤਾਂ ਦੇ ਚੋਟੀ ਦੇ ਰੂਸੀ ਸ਼ਾਇਰ ਦਾ ਮਿੱਤਰ ਸੀ - ਰਾਹੀਂ ਮਿਲੀ ਹੈ। ਐਲਿਸ ਉਸ ਸਮੇਂ ਮਾਸਕੋ ਯੂਨੀਵਰਸਿਟੀ ਵਿਚ ਇਤਿਹਾਸ ਦਾ ਵਿਦਿਆਰਥੀ ਸੀ। ਨਿਲੇਂਦਰ ਅਤੇ ਐਲਿਸ - ਇਕ ਦੂਸਰੇ ਨੂੰ ਪਿਆਰ ਕਰਦੇ ਸਨ ਅਤੇ ਉਸ ਸਮੇਂ ਉਹ ਰਹਿ ਵੀ ਇਕੱਠੇ ਹੀ ਰਹੇ ਸਨ। ਪ੍ਰੰਤੂ ਪ੍ਰੇਸ਼ਾਨੀ ਇਹ ਹੋਈ ਕਿ ਦੋਵੇਂ ਮਰੀਨਾ ਨੂੰ ਇਕੱਠਿਆਂ ਹੀ ਵਿਆਹ ਲਈ ਤਜ਼ਵੀਜ ਕਰ ਦਿੰਦੇ ਹਨ।
ਮੁਆਫ ਕਰਨਾ ਇੱਥੇ ਇਕ ਔਰਤ ਅਤੇ ਦੋ ਮਰਦਾਂ ਦੀ ਇਕੋ ਸਮੇਂ ਮਿਕਨਾਤੀਸੀ ਖਿੱਚ ਦਾ ਜ਼ਿਕਰ ਆਉਂਦਿਆਂ ਹੀ ਮੇਰੇ ਜ਼ਿਹਨ ਵਿਚ ਜਗਦੀਪ, ਸਾਹਿਰ, ਚਰਨਜੀਤ ਅਤੇ ‘ਇਹੁ ਜਨਮੁ ਤੁਮਹਾਰੇ ਲੇਖੇ‘ ਵਿਚ ਭੁੱਲਰ ਬਾਬਾ ਜੀ ਵੱਲੋਂ ਉਨ੍ਹਾਂ ਬਾਰੇ ਕੀਤੀ ਗਈ ਚਰਚਾ ਉਭਰ ਆਈ ਹੈ। ਜਗਦੀਪ ਦੀ ਜ਼ਿੰਦਗੀ ਵਿਚ ਚਰਨਜੀਤ ਦੇ ਦਾਖਲੇ ਦਾ ਅਹਿਸਾਸ ਹੁੰਦਿਆਂ ਹੀ ਸਾਹਿਰ ਮੁਹੱਬਤ ਦੇ ‘ਰਣ ਖੇਤਰ‘ ਵਿਚੋਂ ਸਹਿਜ ਨਾਲ ਹੀ ਬਾਹਰ ਹੋ ਗਿਆ ਸੀ। ਪਰ3
ਨਾਵਲ ਦੇ ਪੰਨਾ 84 ਉਪਰ ਸਾਡਾ ਕਥਾਕਾਰ ਦਸਦਾ ਹੈ:
“ਸਾਹਿਰ ਦੇ ਜਾਣ ਦੇ ਤਰੀਕੇ ਨੇ ਜਗਦੀਪ ਦੀ ਹਾਲਤ ਉਸ ਬੱਚੇ ਵਰਗੀ ਕਰ ਦਿਤੀ ਜਿਸ ਸਾਹਮਣੇ ਦੋ ਖਿਲੌਣੇ ਹੋਣ ਅਤੇ ਦੋਵੇਂ ਪਸੰਦ ਹੋਣ ਪਰ ਦੋਵਾਂ ਵਿਚੋਂ ਕੋਈ ਇਕ ਚੁਣਨ ਵਾਸਤੇ ਆਖ ਦਿਤਾ ਜਾਵੇ। ਉਹਦੇ ਲਈ ਦਿਲ ਵਿਚ ਚਿਰਾਂ ਤੋਂ ਵਸੇ ਹੋਏ ਸਾਹਿਰ ਨੂੰ ਕੱਢਣਾ ਜਿੰਨਾ ਅਸੰਭਵ ਸੀ, ਨਵੇਂ ਵਸੇ ਚਰਨਜੀਤ ਨੂੰ ਛਡਣਾ ਵੀ ਉੱਨਾ ਹੀ ਅਸੰਭਵ ਲਗਦਾ ਸੀ। ਉਹਨੇ ਰੋਣਹਾਕੀ ਹੋ ਕੇ ਸੋਚਿਆ ਕਿਉਂ ਪਰ ਕਿਉਂ, ਮੇਰੇ ਇਨੇ ਵੱਡੇ ਦਿਲ ਵਿਚ ਉਹ ਦੋਵੇਂ ਕਿਉਂ ਨਹੀਂ ਵਸੇ ਰਹਿ ਸਕਦੇ!” (ਅਖੇ) “ਉਹ ਦੋ ਖਾਨਿਆਂਵਾਲੀ ਖੁਲ੍ਹੀ - ਮੋਕਲੀ ਮਿਆਨ ਸੀ ਜਿਸ ਵਿਚ ਦੁਨੀਆ ਦੀ ਕਹਾਵਤ ਨੂੰ ਝੂਠੀ ਸਿੱਧ ਕਰਕੇ, ਦੋ ਤਲਵਾਰਾਂ ਸਹਿਜੇ ਹੀ ਨਾਲੋ ਨਾਲ ਸਮਾਈਆਂ ਰਹਿ ਸਕਦੀਆਂ ਸਨ।”
ਸਾਨੂੰ ਇਹ ਸਤਰਾਂ ਵੀ ਅਸ਼ਲੀਲ ਲੱਗੀਆਂ ਹਨ; ਅਸ਼ਲੀਲਤਾ ਅਕਸਰ ਕਰਮ ਵਿਚ ਨਹੀਂ ਬਲਕਿ ਵਰਨਣਕਾਰ ਦੀ ਨੀਅਤ ਵਿਚ ਹੁੰਦੀ ਹੈ।
ਨਾਵਲ ਦੀਆਂ ਇਹੋ ਸਤਰਾਂ ਪੜ੍ਹਦਿਆਂ ਸਾਨੂੰ 20ਵੀਂ ਸਦੀ ਦੇ ਮੁਢਲੇ ਦਹਾਕਿਆਂ ਦੇ ਦੌਰਾਨ ਇੰਗਲੈਂਡ ਅੰਦਰ ਮਹਾਨ ਨਾਵਲਕਾਰ ਵਰਜੀਨੀਆ ਵੂਲਫ, ਲਿੰਟਨ ਸਟਾਰਚੀ ਅਤੇ ਹੋਰ ਅਨੇਕਾਂ ਜਗਤ ਪ੍ਰਸਿੱਧ ਸਾਹਿਤਕਾਰਾਂ ਤੇ ਅਧਾਰਤ ਬਲੂਮਜਬਰੀ ਸਰਕਲ ਦੇ ਮੈਂਬਰਾਂ - ਵਿਸ਼ਵ ਪ੍ਰਸਿੱਧ ਸਾਹਿਤਕਾਰਾਂ ਦੀਆਂ ਮੁਹੱਬਤਾਂ ਦੀਆਂ ਕਹਾਣੀਆਂ ਯਾਦ ਆ ਗਈਆਂ ਹਨ। ਉਸ ਦੌਰ ਦੇ ਉੱਘੇ ਜਰਨਲਿਸਟ ਕਿੰਗਜਲੇ ਮਾਰਟਿਨ ਨੇ ਕਿਧਰੇ ਕਿਹਾ ਸੀ:
“ਬਲੂਮਜਬਰੀ ਸਰਕਲ ਦੇ ਸਾਰੇ ਜੋੜੇ ਮੁਹੱਬਤ ਦੀਆਂ ਤਿਕੋਨਾਂ ਹਨ - ਪ੍ਰੰਤੂ ਉਨ੍ਹਾਂ ਦੇ ਆਪਸੀ ਰਿਸ਼ਤੇ ਸ਼ਤਰੰਜ ਦੀ ਅਜਿਹੀ ਬਸਾਤ ਦੇ ਹਾਰ ਹਨ ਕਿ ਉਹ ਤਿਕੋਨਾ ਨਹੀਂ ਬਲਕਿ ਚਕੋਣਾਂ ਵਿਚ ਰਹਿੰਦੇ ਹਨ।”
ਮਸਲਨ ਇਕ ਸਮੇਂ ਵਰਜੀਨੀਆ ਵੂਲਫ ਦਾ ਪ੍ਰੇਮੀ ਉੱਘਾ ਲੇਖਕ ਲਿੰਟਨ ਸਟਾਰਚੀ ਹੋਮੋ ਸੀ। ਸਾਲ 1917 ‘ਚ ਉਨ ਡੋਰਾ ਕਰਿੰਗਟਨ ਨਾਂ ਦੀ ਇਕ ਚਿਤਰਕਾਰ ਨਾਲ ਰਹਿਣਾ ਸ਼ੁਰੂ ਕੀਤਾ। ਡੋਰਾ ਅੱਗੋਂ ਰੈਲਫ ਪਾਰਟਰਿੱਜ ਵੱਲ ਲਗਾਤਾਰ ਆਕਰਸ਼ਤ ਸੀ ਜੋ ਕਿ ਖੁਦ ਲਿੰਟਨ ਦਾ ਦਿਲਦਾਰ ਪ੍ਰੇਮੀ ਸੀ। ਡੋਰਾ ਨੇ ਵਿਆਹ ਵੀ ਰੈਲਫ ਪਾਰਟਰਿੱਜ ਨਾਲ ਕਰਵਾਇਆ ਪ੍ਰੰਤੂ ਰਹਿੰਦੀ ਉਹ ਲਿੰਟਨ ਸਟਾਰਚੀ ਨਾਲ ਰਹੀ।
ਹੁਣ ਦੱਸੋ ਵਾਰਸ ਸ਼ਾਹ ਇੱਥੇ ਕੀ ਕਹੇਗਾ ? ਪੱਛਮ! ਪੱਛਮ! ਪੱਛਮ!
ਪਰ ਗੱਲ ਇਹ ਠੀਕ ਨਹੀਂ ਹੈ। ਵਰਜੀਨੀਆ ਵੂਲਫ ਤੋਂ ਵੱਧ ਕਲੀਨ ਕਿਸੇ ਇਨਸਾਨ ਦੀ ਸ਼ਖ਼ਸੀਅਤ ਭਲਾਂ ਕੀ ਹੋਵੇਗੀ। ਉਸਦੀ ਜ਼ਿੰਦਗੀ ਜਾਂ ਉਸਦੇ ਨਾਵਲ ਕੋਈ ਜ਼ਰਾ ਨੀਝ ਨਾਲ ਪੜ੍ਹ ਕੇ ਤਾਂ ਵੇਖੇ। ਜ਼ਹਿਨੀਅਤ ਨੂੰ ਵੁਸੱਅਤ ਮਿਲੇਗੀ; ਮਜ਼ਾ ਆ ਜਾਵੇਗਾ।
ਫਿਓਦਰ ਦਾਸਤੋਵਸਕੀ ਆਪਣੀ ਸਾਰੀ ਜ਼ਿੰਦਗੀ ਕੂਕ ਕੂਕ ਕੇ ਪੱਛਮ ਵਿਰੁੱਧ ਦੁਹਾਈ ਦਿੰਦਾ ਰਿਹਾ। ਪੱਛਮੀ ਗਿਆਨਵਾਦ ਦੀ ਮਹਾਨ ਧਾਰਾ ਨੂੰ ਤਾਂ ਛੱਡੋ ਉਹ ਅਤੇ ਇਸਾਈਅਤ ਦੀ ਪ੍ਰੋਟੈਸਟੈਂਟ ਧਾਰਾ ਨੂੰ ਵੀ ਛੱਡੋ - ਉਹ ਰੋਮਨ ਕੈਥੋਲਿਕ ਧਰਮ ਦੇ ਵੀ ਵਿਰੁੱਧ ਸੀ। ਹਾਸੇ ਵਾਲੀ ਗੱਲ ਤਾਂ ਇਹ ਹੈ ਕਿ ਪਿਛਲੇ 200 ਸਾਲਾਂ ਦੇ ਇਨਸਾਨੀਅਤ ਦੀ ਇਸ ਸਭ ਤੋਂ ਮਹਾਨ ਸਹਿਤਕਾਰ ਨੂੰ ਪੱਛਮੀ ਸਭਿਅਤਾ ਦੇ ਕਥਿਤ ਵਿਨਾਸ਼ ਦੀਆਂ ਜੜ੍ਹਾਂ ਹੀ ਕੈਥੋਲਿਕ ਧਰਮ ਚਿੰਤਨ ਵਿਚ ਪਈਆਂ ਮਲੂਮ ਹੁੰਦੀਆਂ ਸਨ। ਆਪਣੇ ਮਹਾਨ ਜੀਨੀਅਸ ਦੇ ਬਾਵਜੂਦ ਇਸ ਪੱਖੋਂ ਉਹ ਪੁਜ ਕੇ ਸੰਕੀਰਨ ਸੀ। ਚਰਚਿਤ ਅਤੇ ਸਿਰੇ ਦੇ ਸੰਕੀਰਨ ਇਸਲਾਮੀ ਚਿੰਤਕ ਸਯੱਅਦ ਕੁਤਬ ਦਾ ਮਾਨੋ ਵੱਡਾ ਭਰਾ ਹੀ ਸੀ।
ਪਰ ਆਓ ਜ਼ਰਾ ਵੇਖੀਏ ਇਕ ਔਰਤ ਤੇ ਦੋ ਮਰਦ ਜਾਂ ਦੋ ਔਰਤਾਂ ਤੇ ਇਕ ਮਰਦ ਵਿਚਾਲੇ ਖਿੱਚ ਦੇ ਰੱਟੇ ਨੂੰ ਉਹ ਕਿੰਜ ਨਜਿਠਦਾ ਹੈ। ‘ਇਡੀਅਟ‘ ਉਸਦਾ ਜਗਤ ਪ੍ਰਸਿੱਧ ਨਾਵਲ ਹੈ। ਪ੍ਰਿੰਸ ਮਿਸ਼ਕਿਨ ਦਾ ਤੇ ਸਭਨਾਂ ਨੂੰ ਪਤਾ ਹੀ ਹੈ। ਨਾਸਤਾਸੀਆ ਫਿਲੀਪੋਵਨਾ ਵਿਸ਼ਵ ਸਾਹਿਤ ਵਿਚ ‘ਟਰਾਏ ਦੀ ਹੈਲਨ‘ ਸਮੇਤ ਹੁਣ ਤਕ ਦੀਆਂ ਸਭ ਔਰਤਾਂ ਤੋਂ ਕਿਤੇ ਵੱਧ ਅਦਭੁਤ ਤੇ ਪਵਿੱਤਰ ਨਾਇਕਾ ਹੈ ਅਤੇ ਉਸਦੀ ਆਤਮਾ ਅੰਦਰ ਜਿਸ ਕਿਸਮ ਦਾ ਦੁੱਖ ਅਤੇ ਸੰਤਾਪ ਹੈ - ਉਸਦਾ ਕੋਈ ਪਾਰਾਵਾਰ ਨਹੀਂ ਹੈ।
‘ਬੁੱਧੂ‘ ਨਾਵਲ ਦੀ ਕਥਾ ਅਨੁਸਾਰ ਨਾਸਤਾਸੀਆ ਕੁਲੀਨ ਪਰਿਵਾਰ ਵਿੱਚ ਜਨਮ ਲੈਂਦੀ ਹੈ। ਪ੍ਰੰਤੂ ਮੁਢਲੇ ਬਚਪਨ ਵਿਚ ਹੀ ਮਾਪਿਆਂ ਦੀ ਮੌਤ ਹੋ ਜਾਣ ਕਾਰਨ ਟੌਟਸਕੀ ਨਾਂ ਦਾ ਜਗੀਰਦਾਰ ਉਸ ਨੂੰ ਧੀ ਵਜੋਂ ਆਪਣਾ ਕੇ ਪਾਲਦਾ ਹੈ- ਪ੍ਰੰਤੂ ਉਸਦੇ ਗਹਿਰੇ ਵਿਦਰੋਹ ਦੇ ਬਾਵਜੂਦ ਉਹ ਉਸ ਨਾਲ ਆਪਣੇ ਨਜਾਇਜ ਸਬੰਧ ਕਾਇਮ ਕਰ ਲੈਂਦਾ ਹੈ।ਨਾਵਲ ਵਿੱਚ ਪ੍ਰਿੰਸ ਮਿਸ਼ਕਿਨ ਨਾਲ ਉਸਦੀ ਪਹਿਲੀ ਮੁਲਾਕਾਤ ਦਾ ਵਰਨਣ ਬੇਹਦ ਦਿਲਚਸਪ ਹੈ। ਉਹ ਵੇਂਹਦਿਆਂ ਹੀ ਉਸਦੀ ਅਸੀਮ ਸੁੰਦਰ, ਸ਼ਾਨਮਤੀ ਪ੍ਰੰਤੂ ਗਹਿਰੀ ਸੰਤਾਪ ਗ੍ਰਸਤ ਸ਼ਖ਼ਸੀਅਤ ਤੋਂ ਕਾਇਲ ਹੋ ਜਾਂਦਾ ਹੈ। ਨਾਸਤਾਸੀਆ ਵੀ ਉਸਤੋਂ ਪ੍ਰਭਾਵਤ ਹੁੰਦੀ ਹੈ ਅਤੇ ਉਸਦਾ ਕਹਿਣਾ ਹੈ ਕਿ ਜ਼ਿੰਦਗੀ ਵਿੱਚ ਪਹਿਲੀ ਵਾਰ ਉਸਨੂੰ ਸਹੀ ਅਰਥਾਂ ਵਿਚ ਕੋਈ ਇਨਸਾਨ ਮਿਲਿਆ ਹੈ। ਪ੍ਰਿੰਸ ਉਸ ਨੂੰ ਵਿਆਹ ਲਈ ਤਜਵੀਜ਼ ਕਰਦਾ ਹੈ। ਪ੍ਰੰਤੂ ਨਾਸਤਾਸੀਆ ਮਹਿਸੂਸ ਕਰਦੀ ਹੈ ਕਿ ਟੌਟਸਕੀ ਨੇ ਉਸਨੂੰ ਪ੍ਰਿੰਸ ਦੀ ਸਾਥਣ ਬਣ ਸਕਣ ਦੇ ਯੋਗ ਛੱਡਿਆ ਨਹੀਂ ਹੈ। ਉਸ ਨੂੰ ਲਗਦਾ ਹੈ ਕਿ ਪ੍ਰਿੰਸ ਨੂੰ ਅਗੀਲੀਆ ਆਪਾਚੋਨੋਵਾ ਵਰਗੀ ਸੁੰਦਰ, ਕੰਵਾਰੀ ਲੜਕੀ ਹੀ ਮਿਲਣੀ ਚਾਹੀਦੀ ਹੈ। ਉਹ ਅਗੀਲੀਆ ਨੂੰ ਬਾਰ ਬਾਰ ਪੱਤਰ ਲਿਖ ਕੇ ਪ੍ਰਿੰਸ ਦੀ ਆਭਾ ਨੂੰ ਸਮਝਣ ਲਈ ਪ੍ਰੇਰਨ ਦੀ ਕੋਸ਼ਿਸ਼ ਵੀ ਕਰਦੀ ਹੈ। ਪ੍ਰੰਤੂ ਇਨਸਾਨੀ ਭਾਵਾਂ ਦੇ ਖੇਤਰ ਵਿਚ ਦੋ ਅਤੇ ਦੋ ਚਾਰ ਵਾਲਾ ਤਰਕ ਕਦੋਂ ਚਲਦਾ ਹੈ ਅਤੇ ਦਾਸਤੋਵਸਕੀ ਨੇ ਤਾਂ ਬੈਲਿੰਸਕੀ, ਚਰਨੀਸ਼ੇਵਸਕੀ, ਪਿਸਾਰੋਵ ਸਮੇਤ 19ਵੀਂ ਸਦੀ ਦੇ ਸਮੂਹ ਰੈਡੀਕਲ ਚਿੰਤਕਾਂ ਨਾਲ ਨਿਰੰਤਰ ਜੰਗ ਹੀ ਇਹੋ ਛੇੜੀ ਰਖੀ ਸੀ। ਦਾਸਤੋਵਸਕੀ ਦੇ ਇਸ ‘ਮਹਾਂ ਜਹਾਦ‘ ਨੂੰ ਸਮਝਣ ਲਈ ਅਨੇਕਾਂ ਪੁਸਤਕਾਂ ਉਪਲੱਭਦ ਹਨ - ਪ੍ਰੰਤੂ ਜਿਸ ਵਿਸਥਾਰ ਨਾਲ 20ਵੀਂ ਸਦੀ ਦੇ ਆਖਰੀ ਦਹਾਕੇ ਵਿਚ ਜੋਜਿਫ ਫਰੈਂਕ ਦਾਸਤੋਵਸਕੀ ਬਾਰੇ ਪੰਜ ਵਿਸ਼ਾਲ ਜਿਲਦਾਂ ਲਿਖ ਕੇ ਪੱਛਮੀ ਗਿਆਨਵਾਦ ਦੀ ਪੂਰੀ ਲਹਿਰ ਵਿਰੁੱਧ ਉਸਦੇ ਇਸ ਪ੍ਰੋਮੀਥੀਅਨ ਜਹਾਦ ਨੂੰ ਆਸ਼ਕਾਰ ਕਰਨ ਦਾ ਯਤਨ ਕੀਤਾ ਹੈ, ਉਸਦਾ ਕੋਈ ਲੇਖਾ ਨਹੀਂ ਹੈ। ਪੜ੍ਹਦਿਆਂ ਚੰਗਾ ਭਲਾ ਆਦਮੀ ਵੀ ਦੰਗ ਰਹਿ ਜਾਂਦਾ ਹੈ। ਕੋਈ ਇਕ ਵਾਰੀਂ ਪੜ੍ਹਨਾ ਸ਼ੁਰੂ ਕਰੇ ਸਹੀ - ਵਿਚਾਰਾਂ ਦੇ ਟਕਰਾ ਦੇ ਜਾਦੂ ਦੀ ਪਕੜ ਅਜਿਹੀ ਬਣਦੀ ਹੈ ਕਿ ਫਿਰ ਕਿਸੇ ਦੇ ਰੋਕਿਆਂ ਵੀ ਇਸ ‘ਮਹਾਂ ਭਾਰਤ‘ ਨੂੰ ਪੂਰਾ ਪੜ੍ਹੇ ਬਿਨਾ ਰੁਕਿਆ ਨਹੀਂ ਜਾਂਦਾ।
‘ਮਿਰੇਕੁਲਸ ਯੀਅਰਜ਼ 1865-71‘ ਅਤੇ ‘ਮੈਂਟਲ ਆਫ ਪ੍ਰੌਫੈੱਟ‘- ਚੌਥੀ ਅਤੇ ਪੰਜਵੀਂ ਜਿਲਦ ਸਾਹਿਤ, ਦਰਸ਼ਨ ਜਾਂ ਇਨਸਾਨੀ ਕਦਰਾਂ ਕੀਮਤਾਂ ਦੇ ਅਲਜਬਰੇ ਨੂੰ ਸਮਝਣ ਵਿਚ ਦਿਲਚਸਪੀ ਰਖਣ ਵਾਲੇ ਹਰੇਕ ਸੱਜਣ ਨੂੰ ਹੀ ਲਾਜ਼ਮੀ ਤੌਰ ਤੇ ਪੜ੍ਹਨੀ ਚਾਹੀਦੀ ਹੈ।
ਚੌਥੀ ਜਿਲਦ ਦੇ ਪੰਨਾ 287 ਉਪਰ ਜੋਜਿਫ ਫਰੈਂਕ ਨੇ ਅਗੀਲੀਆ ਇਵਾਨੋਵਨਾ ਅਤੇ ਨਾਸਤਾਸੀਆ ਫਿਲੀਪੋਵਨਾ ਦੀ ਵਿਸਫੋਟਕ ਮੁਲਾਕਾਤ ਦਾ ਵਰਨਣ ਬੜੇ ਹੀ ਦਿਲਚਸਪ ਅੰਦਾਜ਼ ਵਿਚ ਕੀਤਾ ਹੋਇਆ ਹੈ। ਅਗੀਲੀਆ ਨਾਸਤਾਸੀਆ ਦਾ ਸਤਿਕਾਰ ਕਰਦੀ ਹੈ - ਪਰ ਉਸਦੇ ਸਾਹਮਣੇ ਆਉਂਦਿਆਂ ਹੀ ਉਸਨੂੰ ਪਤਾ ਨਹੀਂ ਕਿਧਰੋਂ ਦਾ ਧੱਪ ਚੜ੍ਹ ਜਾਂਦਾ ਹੈ। ਵੇਂਹਦੇ ਸਾਰ ਉਹ ਉਸਨੂੰ ਇਹ ਕਹਿੰਦਿਆਂ ਬੁਰਾ ਭਲਾ ਕਹਿਣ ਲੱਗ ਜਾਂਦੀ ਹੈ ਕਿ ਉਹ ਕਿਧਰੋਂ ਦੀ ਮੇਰੀ ਮਗਦਾਲੇਨ ਬਣੀ ਫਿਰਦੀ ਹੈ। ਉਸਨੂੰ ਰੂਹਾਨੀ ਤੌਰ ਤੇ ਗਲੀਜ ਦਸਦੀ ਹੈ ਅਤੇ ਕਹਿੰਦੀ ਹੈ ਕਿ ਚੰਗਾ ਹੋਵੇ ਉਹ ਕਿਤਿਓਂ ਭੋਰਾ ਜ਼ਹਿਰ ਖਾ ਕੇ ਸ਼ਰਮ ਨਾਲ ਗਰਕ ਹੋ ਜਾਵੇ। ਨਾਸਤਾਸੀਆ ਕੋਲੋਂ ਵੀ ਧੀਰਜ ਰਖੀ ਨਹੀਂ ਜਾਂਦੀ। ਪ੍ਰਿੰਸ ਮਿਸ਼ਕਿਨ ਕੋਲ ਹੀ ਖੜਾ ਹੈ। ਉਹ ਅਗੀਲੀਆ ਦੀ ਸ਼ਖ਼ਸੀਅਤ ਦੇ ਸੁਹੱਪਣ ਤੋਂ ਨਾਸਤਾਸੀਆ ਨਾਲੋਂ ਵੀ ਵੱਧ ਕਾਇਲ ਹੈ। ਪ੍ਰੰਤੂ ਅਗੀਲੀਆ ਵੱਲ ਜਾਂਦਾ ਜਾਂਦਾ ਜਦੇ ਹੀ ਨਾਸਤਾਸੀਆ ਨਾਲ ਖਲੋ ਜਾਂਦਾ ਹੈ। ਗੱਲ ਦੋਵਾਂ ਦੇ ਵਿਆਹ ਵੱਲ ਮੁੜਦੀ ਹੈ।ਪਾਠਕਾਂ ਦਾ ਉਪਰ ਟੰਗਿਆ ਹੋਇਆ ਸਾਹ ਅਜੇ ਪਰਤ ਹੀ ਰਿਹਾ ਹੈ ਕਿ ਸੀਨ ਤੇ ਨਾਸਤਾਸੀਆ ਦਾ ਪ੍ਰਸ਼ੰਸਕਤੇ ਉਸਦਾ ਰਕੀਬ ਰੌਗੋਜਿਨ ਹਾਜ਼ਰ ਹੋ ਜਾਂਦਾ ਹੈ। ਉਧਰ ਨਾਸਤਾਸੀਆ ਜਦੇ ਹੀ ਪ੍ਰਿੰਸ ਦਾ ‘ਹੱਥ‘ ਛੱਡ ਕੇ ਰੌਗੋਜਿਨ ਨਾਲ ਦੌੜ ਜਾਂਦੀ ਹੈ - ਜਦੋਂ ਕਿ ਅਗੋਂ ਰੌਗੇਜਿਨ ਜੋ ਖੁਦ ਉਸਨੂੰ ਬੇਪਨਾਹ ਮੁਹੱਬਤ ਕਰਦਾ ਹੈ - (ਸਦਾ ਵਾਸਤੇ ਪ੍ਰੇਸ਼ਾਨੀ ਦੀ ਕਲ੍ਹਾ ਮੁਕਾਉਣ ਲਈ ) ਛੁਰਾ ਮਾਰ ਕੇ ਉਸਦੀ ਅਲੌਕਿਕ ਜੀਵਨ ਲੀਲਾ ਹੀ ਖ਼ਤਮ ਕਰ ਦਿੰਦਾ ਹੈ।
ਇਸ ‘ਭਿਆਨਕ ਕੌਤਿਕ‘ ਤੋਂ ਬਾਅਦ ਪ੍ਰਿੰਸ ਪਾਗਲਖਾਨੇ ਵਿਚ ਚਲਿਆ ਜਾਵੇਗਾ ਅਤੇ ਰੌਗੋਜਿਨ ਸਜਾ ਵਜੋਂ ਸਾਇਬੇਰੀਆ ਵੱਲ। ਪਰ ਇਸ ਤੋਂ ਪਹਿਲਾਂ ਆਪਦੀ ਪਹੇਲੀਨੁਮਾ ਮਹਿਬੂਬਾ ਨਾਸਤਾਸੀਆ ਦੀ ਮ੍ਰਿਤਕ ਦੇਹ ਦੇ ਦੋਵੀਂ ਪਾਸੀਂ ਖੜੇ ਜਿਵੇਂ ਉਹ ਰਾਤ ਗੁਜ਼ਾਰਦੇ ਹਨ - ਉਹ ਸੀਨ ਕੈਸਾ ਹੈ - ਦਾਸਤੋਵਸਕੀ ਉਸਨੂੰ ਉਸਾਰ ਕੇ ਕੀ ਕਰ ਰਿਹਾ ਹੈ - ਮੇਰਾ ਜੀਅ ਕਰਦਾ ਹੈ ਮੈਂ ਆਪਣੇ ਮਿੱਤਰਾਂ ਨੂੰ ਦਸਾਂ - ਪਰ ਮੁਆਫ ਕਰਨਾ ਮੈਨੂੰ ਸ਼ਬਦ ਔੜਦੇ ਨਹੀਂ, ਔੜ ਸਕਦੇ ਹੀ ਨਹੀਂ।
ਇਹ ਕੰਮ ਸਾਥੋਂ ਕੀਤਾ ਜਾਣਾ ਨਹੀਂ ਹੈ। ਸੋ ਬੇਹਤਰ ਹੈ ਭਾਵਾਂ ਦੇ ਅਲਜਬਰੇ ਨੂੰ ਸਮਝਣ/ ਸਮਝਾਉਣ ਲਈ ਅਸਲੀ ਜੀਵਨ ਵਿਚ ਦਾਸਤੋਵਸਕੀ ਦੀ ਨਸਤਾਸੀਆ - ਸੁਸਲੋਵਾ ਅਪੋਲੀਨੇਰੀਆ ਨੂੰ ਯਾਦ ਕੀਤਾ ਜਾਵੇ। ਸੁਸਲੋਵਾ ਤੇ ਦਾਸਤੋਵਸਕੀ ਦੇ ਸਬੰਧਾਂ ਦੀ ਚਰਚਾ ਜੋਜਿਫ ਫਰੈਂਕ ਨੇ ਆਪਦੀ ਵਿਸ਼ਾਲ ਪੁਸਤਕ ਦੇ ਪੰਨਾ 26 ਤੋਂ 44 ਉਪਰ ਕੀਤੀ ਹੋਈ ਹੈ। ਪ੍ਰੰਤੂ ਇਸਨੂੰ ਵਧੇਰੇ ਵਿਸਥਾਰ ਰੂਪ ਵਿਚ ਸਮਝਣ ਲਈ ਸਾਨੂੰ ਅਬਰਾਹਮ ਯਾਰਮੋਲਿੰਸਕੀ ਦੀ ‘ਦਾਸਤੋਵਸਕੀ : ਵਰਕਸ ਐਂਡ ਡੇਜ‘ ਸਿਰਲੇਖ ਹੇਠਲੀ ਅੱਜ ਤੋਂ ਕੋਈ ਇਕ-ਚੌਥਾਈ ਸਦੀ ਪਹਿਲਾਂ, ਸਾਲ 1971 ਵਿਚ ਛਪੀ ਪੁਸਤਕ ਦਾ ‘ਏ ਪੈਸਨੇਟ ਇੰਟਰਲਿਊਡ‘ ਉਨਵਾਨ ਹੇਠਲਾ 13ਵਾਂ ਕਾਂਡ ਪੜ੍ਹਨਾ ਪੈਣਾ ਹੈ।
ਪੁਸਤਕ ਦੇ ਪੰਨਾ 173 ਉਪਰ ਅੰਕਿਤ ਵਿਵਰਣ ਅਨੁਸਾਰ ਮਹਿਜ਼ 20 ਕੁ ਵਰ੍ਹਿਆਂ ਦੀ ਅਤਿ ਹੁਸੀਨ ਮੁਟਿਆਰ ਸੁਸਲੋਵਾ ਦਾਸਤੋਵਸਕੀ ਭਰਾਵਾਂ ਦੇ ‘ਵਰੇਮੀਆ‘ ਨਾਂ ਦੇ ਸਾਹਿਤਕ ਮੈਗਜ਼ੀਨ ਦੇ ਸਤੰਬਰ 1861 ਦੇ ਅੰਕ ਲਈ ਆਪਦੀ ਕਹਾਣੀ ਛਪਵਾਉਣ ਲਈ ਮਹਾਂ ਪੁਰਖਾ ਦੇ ਦਫ਼ਤਰ ਜਾਂਦੀ ਹੈ। ਦਾਸਤੋਵਸਕੀ ਕੁੜੀ ਨੂੰ ਵੇਂਹਦਿਆਂ ਸਾਰ ਹੀ ‘ਹਥਿਆਰ‘ ਸੁੱਟ ਦਿੰਦਾ ਹੈ। ਸੁਸਲੋਵਾ ਆਪਣੀ ਵੱਡੀ ਭੈਣ ਨਦੇਜਦਾ ਅਪੋਲੀਨੇਰੀਆ ਜੋ ਕਿ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਅਤੇ ਅੰਡਰਗਰਾਊਂਡ ਨੇਹਵਾਦੀ ਇਨਕਲਾਬੀ ਸੰਗਠਨ ਦੀ ਸਰਗਰਮ ਸਮਰਥਕ ਹੈ - ਨਾਲ ਰਹਿ ਰਹੀ ਹੈ। ਦਾਸਤੋਵਸਕੀ ਨੇਹਵਾਦੀਆਂ ਦਾ ਕੱਟੜ ਵਿਰੋਧੀ ਹੈ। ਪ੍ਰੰਤੂ ਜੱਗ ਜ਼ਾਹਿਰ ਹੈ ਕਿ ਇਸ ਖ਼ਤਰਨਾਕ ਵਿਚਾਰਧਾਰਾ ਨਾਲ ਉਸਦਾ ਗਹਿਰਾ ਲਵ-ਹੇਟ ਦਾ ਰਿਸ਼ਤਾ ਹੈ। ਜਲਦੀ ਹੀ ਬਾਅਦ, ਅਗੋਂ ਜਾ ਕੇ ਨਦੇਜਦਾ ਰੂਸ ਦੀ ਪਹਿਲੀ ਅਧੁਨਿਕ ਮਹਿਲਾ ਡਾਕਟਰ ਬਣੇਗੀ। ਉਹ ਬਹੁਤ ਹੀ ਪਾਕ ਬਾਜ ਹੈ। ਸੈਕਸ ਦਾ ਕਿਸੇ ਰੂਪ ਵਿਚ ਜ਼ਿਕਰ ਵੀ ਉਸਦੀ ਹਾਜ਼ਰੀ ਵਿਚ ਸੰਭਵ ਨਹੀਂ ਹੈ। ਦਾਸਤੋਵਸਕੀ ਚਤੁਰ ਸੁਜਾਨ ਹੈ; ਉਸਨੂੰ ਇਸ ਗੱਲ ਦੀ ਸਮਝ ਹੈ ਅਤੇ ਉਸੇ ਦਿਨ ਹੀ ਸ਼ਾਮ ਨੂੰ ਕੁੜੀਆਂ ਦੇ ਘਰੇ ਤਾਂ ਜਾਵੇਗਾ ਹੀ ਜਾਵੇਗਾ, ਪਰ ਨਦੇਜਦਾ ਨੂੰ ਆਪਦੀ ਨਿੱਕੀ ਭੈਣ ਆਖ ਕੇ ਸੰਬੋਧਨ ਕਰਨਾ ਸ਼ੁਰੂ ਕਰ ਦੇਵੇਗਾ। ਸੁਸਲੋਵਾ ਆਪਣੀ ਭੈਣ ਤੋਂ ਬਿਲਕੁਲ ਹੀ ਭਿੰਨ ਹੈ। ਉਹ ਤਾਂ ਵੇਗਵਾਨ ਜਜ਼ਬਿਆਂ ਦਾ ਤੂਫਾਨ ਆਪਣੀ ਛਾਤੀ ਵਿਚ ਲਈ ਫਿਰਦੀ ਹੈ ਅਤੇ ਬਾਬੇ ਦਾਸਤੋਵਸਕੀ ਤੋਂ ਵੱਧ ਇਸਦੀ ਖ਼ਬਰ ਭਲਾਂ ਹੋਰ ਕੀਹਨੂੰ ਹੋਵੇਗੀ। ਉਂਜ ਵੀ ਦਾਸਤੋਵਸਕੀ ਦੀ ਰਚਨਾਤਮਿਕਤਾ ਦਾ ਆਭਾ ਮੰਡਲ ਇਸ ਸਮੇਂ ਸਿਖ਼ਰ ‘ਤੇ ਹੈ। ਸਾਨੂੰ ਪਤਾ ਹੈ ਕਿ ਦਾਸਤੋਵਸਕੀ ਦੀ ਸਾਇਬੇਰੀਅਨ ਬਨਵਾਸ ਦੀ ਸਜਾ ਤਾਂ ਸਾਲ 1855 ਵਿਚ ਮੁੱਕ ਗਈ ਸੀ ਪ੍ਰੰਤੂ ਬਨਵਾਸ ਦੇ ਅਗਲੇ ਕੁਝ ਵਰ੍ਹੇ ਉਸਨੂੰ ਅਜੇ ਉਸੇ ਪਾਸੇ ਓਮਸਕ ਸਥਿਤ ਫੌਜੀ ਬੈਰਕਾਂ ਵਿਚ ਰਹਿਣਾ ਪੈਣਾ ਸੀ। ਇਥੇ ਹੀ ਇਤਫ਼ਾਕਵਸ 1855 ਦੇ ਸ਼ੁਰੂ ਵਿਚ ਅਲੈਗਜੈਂਡਰ ਈਸਾਏਵ ਨਾਂ ਦੇ ਇਕ ਕਿਸੇ ਮਾਮੂਲੀ ਅਹੁਦੇ ‘ਤੇ ਕੰਮ ਕਰਨ ਵਾਲੇ ਦਿਲਚਸਪ ਪਰ ਸਿਰੇ ਦੇ ਨਸ਼ੇੜੀ ਅਧਿਕਾਰੀ ਨਾਲ ਉਸਦਾ ਸੰਪਰਕ ਹੋਇਆ। ਉਹ ਉਸਦੇ ਘਰ ਜਾਣ ਲਗਾ ਅਤੇ ਉਸਦੀ ਪਤਨੀ ਮਾਰੀਆ ਦਮਿਤਰੀਏਵਨਾ ਨੂੰ ਅੰਨ੍ਹੇਵਾਹ ਮੁਹੱਬਤ ਕਰਨ ਲਗਾ। ਘਰ ਵਿਚ ਬੇਹੱਦ ਗ਼ਰੀਬੀ ਹੈ। ਈਸਾਏਵ ਨੇ ਸ਼ਰਾਬ ਪੀ-ਪੀ ਕੇ ਕੁਝ ਹੀ ਮਹੀਨਿਆਂ ਵਿਚ ਮਰ ਜਾਣਾ ਹੈ। ਮਾਰੀਆ ਦੀ ਸ਼ਖ਼ਸੀਅਤ ਵਿੱਚ ਸਿਰੇ ਦਾ ਆਕਰਸ਼ਣ ਹੈ- ਪਰ ਉਹ ਖੁਦ ਟੀ. ਬੀ. ਦੀ ਮਰੀਜ਼ ਹੈ। ਇਸੇ ਕਾਰਨ ਸਗੋਂ ਦਾਸਤੋਵਸਕੀ ਦੀ ਉਸ ਲਈ ਖਿੱਚ ਹੋਰ ਵੀ ਵੱਧ ਜਾਵੇਗੀ। ਉਂਜ ਵੀ ਦਾਸਤੋਵਸਕੀ ਨੂੰ ਇਸ਼ਕ ਦਾ ਦੌਰਾ ਜਦੋਂ ਪੈਂਦਾ ਸੀ ਤਾਂ ਉਸਨੂੰ ਸਾਰੀ ਸੁੱਧ-ਬੁੱਧ ਹੀ ਭੁੱਲ ਜਾਂਦੀ ਸੀ। ਉਸੇ ਸਾਲ ਅਗਸਤ ਦੇ ਸ਼ੁਰੂ ਵਿਚ ਹੀ ਈਸਾਏਵ ਚੜ੍ਹਾਈ ਕਰ ਗਿਆ ਅਤੇ ਦਾਸਤੋਵਸਕੀ ਨੇ ਮਾਰੀਆ ਨਾਲ ਵਿਆਹ ਕਰਵਾਉਣ ਲਈ ਕਿਹੇ ਪਾਪੜ ਵੇਲੇ - ਉਹ ਸਭਨਾਂ ਨੂੰ ਪਤਾ ਹੀ ਹੈ।ਪਰ...
ਹੁਣ ਜਦੋਂ ਉਸਨੂੰ ਸੁਸਲੋਵਾ ਨਾਲ ਇਸ਼ਕ ਦਾ ਬੁਖਾਰ ਚੜ੍ਹਿਆ ਤਾਂ ਮਾਰੀਆ ਕਾਫੀ ਬਿਮਾਰ ਹੈ। ਦਾਸਤੋਵਸਕੀ ਮਾਰੀਆ ਪ੍ਰਤੀ ਵਫਾਦਾਰ ਹੈ, ਉਸਦੀ ਪੂਰੀ ਤਨਦੇਹੀ ਨਾਲ ਸੇਵਾ ਵੀ ਕਰ ਰਿਹਾ ਹੈ। ਪਰ ਉਹ ਗੱਲਾਂ ਆਪਣੀ ਜਗ੍ਹਾ ਹਨ। ਉਹ ਬੇਚੈਨ ਸੀ ਅਤੇ ਨੀਂਦਰ ਉਸ ਦੀ ਕਿਧਰੇ ਹੀ ਉਡ-ਪੁੱਡ ਗਈ ਹੋਈ ਸੀ। ਖ਼ੈਰ ਸੁਸਲੋਵਾ ਨੂੰ ਉਸਤੇ ਤਰਸ ਆ ਗਿਆ ਅਤੇ ਉਸਨੇ ਉਸ ਦੀਆਂ ਬਾਹਾਂ ਵਿਚ ਆ ਕੇ ਉਸਦੀ ਪਿਆਸ ਬੁਝਾ ਵੀ ਦਿੱਤੀ। ਪਰ ਪਿਆਸ ਉਹ ਬੁਝਣ ਵਾਲੀ ਹੈ ਨਹੀਂ ਸੀ - ਸੁਸਲੋਵਾ ਦੇ ਸਮਰਪਣ ਨੇ ਤਾਂ ਉਲਟਾ ਉਸ ਦੀ ਆਤਮਾ ਵਿਚ ਮੁਹੱਬਤ ਦੇ ਜਜ਼ਬੇ ਦੇ ਮਾਨੋਂ ਭਾਂਬੜ ਬਾਲ ਦਿਤੇ।
ਦਾਸਤੋਵਸਕੀ ਦੇ ਭਰਾ ਅਤੇ ਭਰਜਾਈ ਨੂੰ ਸਾਰੀ ਕਹਾਣੀ ਪਤਾ ਹੈ - ਪਰ ਬਾਬੇ ਦਾ ਸਾਰਾ ਜ਼ੋਰ ਇਹ ਹੈ ਕਿ ਮਾਰੀਆ ਨੂੰ ਜ਼ਰਾ ਜਿਤਨੀ ਵੀ ਇਸ ਗੱਲ ਦੀ ਸੁੰਧਕ ਨਾ ਲੱਗੇ ਅਤੇ ਸੁਸਾਲੋਵਾ ਨਾਲ ਕਿਸੇ ਨਾ ਕਿਸੇ ਰੂਪ ਵਿਚ ਉਸ ਦਾ ‘ਰਿਸ਼ਤਾ‘ ਜੁੜਿਆ ਰਹਿ ਜਾਵੇ।
ਜੋਜਿਫ ਫਰੈਂਕ ਵਾਲੀ ਚੌਥੀ ਜਿਲਦ ਦੇ ਪੰਨਾ 28 ਉਪਰ ਦਿੱਤੀ ਜਾਣਕਾਰੀ ਅਨੁਸਾਰ ਸੁਸਲੋਵਾ ਅਪੋਲੀਨੇਰੀਆ ਨੇ ਲੰਮੀ ਉਮਰ ਭੋਗੀ। ਉਸਦਾ ਜਨਮ 1839 ਦਾ ਸੀ ਅਤੇ ਉਸ ਦੀ ਮੌਤ ਅਕਤੂਬਰ ਬਾਲਸ਼ਵਿਕ ਇਨਕਲਾਬ ਤੋਂ ਪਿੱਛੋਂ, ਸੰਨ 1918 ਵਿਚ ਹੋਈ। ਦਾਸਤੋਵਸਕੀ ਨਾਲ ਪਹਿਲੀ ਮੁਲਾਕਾਤ ਤੋਂ 16-17 ਸਾਲ ਪਿਛੋਂ ਵੀ.ਵੀ.ਰੋਜ਼ਾਨੋਵ ਨਾਂ ਦੇ ਬਹੁਤ ਹੀ ਦਿਲਚਸਪ ਤੇ ਚੋਟੀ ਦੇ ਚਿੰਤਕ ਨਾਲ ਆਖਰ ਜਦੋਂ ਵਿਆਹ ਕਰਵਾਇਆ ਤਾਂ ਉਸ ਸਮੇਂ ਉਹ 32 ਵਰ੍ਹਿਆਂ ਦੀ ਸੀ ਜਦੋਂ ਕਿ ਰੋਜ਼ਾਨੋਵ ਦੀ ਉਮਰ ਅਜੇ 17 ਸਾਲ ਵੀ ਪੂਰੀ ਨਹੀਂ ਸੀ।
ਇਹ ਉਹੋ ਸ਼ਖ਼ਸ ਹੈ ਜੋ ਦਾਸਤੋਵਸਕੀ ਦਾ ਅਨਿੰਨ ਪ੍ਰਸ਼ੰਸਕ ਸੀ ਅਤੇ ਜਿਸ ਨੇ ‘ਕਾਰਮਾਜੋਵ ਭਰਾਵਾਂ‘ ਵਾਲੇ ਉਸਦੇ ਸ਼ਾਹਕਾਰ ਨਾਵਲ ਬਾਰੇ ‘ਦਾ ਲੈਜੈਂਡ ਆਫ ਦਾ ਗਰੈਂਡ ਇਨਕੁਇਜਟਰ‘ ਸਿਰਲੇਖ ਹੇਠ ਬਹੁਤ ਹੀ ਲਾਜਵਾਬ - ਕਲਾਸਿਕ ਕਿਸਮ ਦੀ ਕਿਤਾਬ ਲਿਖੀ। ਰੋਜ਼ਾਨੋਵ ਨਾਲ ਸੁਸਲੋਵਾ ਨੇ ਵਿਆਹ ਤਾਂ ਕਰਵਾ ਲਿਆ ਅਤੇ ਉਸ ਦੇ ਨਾਲ 5-6 ਵਰ੍ਹੇ ਇੱਕੋ ਘਰ ਵਿਚ ਰਹਿੰਦੀ ਵੀ ਰਹੀ। ਪ੍ਰੰਤੂ ਸਾਰਾ ਸਮਾਂ ਹੀ ਉਨ ਰੋਜ਼ਾਨੋਵ ਨੂੰ ਸੂਲੀ ‘ਤੇ ਟੰਗੀ ਰਖਿਆ। ਅਖੀਰ ਇਕ ਦਿਨ ਸਵੇਰੇ-ਸਵੇਰੇ ਬਿਨਾ ਦੁਆ ਸਲਾਮ ਕੀਤਿਆਂ ਹੀ ਉਹ ਉਸਨੂੰ ਛੱਡ ਕੇ ਆਪਣੇ ਰਾਹੇ ਚਲੀ ਗਈ। ਉਸਦੀ ਰੂਹ ਵਿਚ ਕੋਹਰਾਮ ਹੀ ਐਸਾ ਸੀ।
ਰੋਜ਼ਾਨੋਵ ਨੇ ਸਾਲ 1902 ਵਿਚ ਆਪਣੇ ਕਿਸੇ ਪੱਤਰ ਵਿਚ ਉਸਦੇ ਬਾਰੇ ਜੋ ਦੱਸਿਆ ਹੈ ਉਹ ਬਹੁਤ ਹੀ ਵਿਰੋਧਾਭਾਸੀ ਹੈ। ਇਹ ਉਵੇਂ ਹੀ ਹੈ ਜਿਵੇਂ ਅੰਨਾ ਆਖਮਾਤੋਵਾ ਨਾਲ ਵਿਆਹ ਦਾ ਭੋਗ ਪੈ ਜਾਣ ਤੋਂ ਬਾਅਦ ਉਸਦੇ ਪਹਿਲੇ ਪਤੀ ਗੁਮੀਲੀਓਵ ਨੇ ਕਿਹਾ ਸੀ ਕਿ ਉਹ ਔਰਤ ਨਾਲ ਨਹੀਂ ਕਿਸੇ ਬਲਾਅ ਨਾਲ ਵਿਆਹ ਕਰਵਾ ਬੈਠਾ ਸੀ।
ਰੋਜ਼ਾਨੋਵ ਆਪਦੀ ‘ਪਤਨੀ‘ ਦੀ ਤੁਲਨਾ ਮਹਾਰਾਣੀ ਕੈਥਰਾਈਨ ਡੀ. ਮੈਡਿਕੀ ਨਾਲ ਇਹ ਕਹਿੰਦਿਆਂ ਕਰਦਾ ਹੈ ਕਿ ਸੁਸਲੋਵਾ ਇਸ ਕਿਸਮ ਦੀ ਜਾਲਮ ਸੀ ਕਿ ਕਿਸੇ ਦਾ ਕਤਲ ਕਰ ਕੇ ਉਹ ਅਨੰਦ ਨਾਲ ਆਮਲੇਟ ਖਾ ਸਕਦੀ ਸੀ। ਪ੍ਰੰਤੂ ਵਿਰੋਧਾਭਾਸ ਇਹ ਹੈ ਕਿ ਇਸੇ ਖ਼ਤ ਵਿਚ ਉਹ ਉਸਦੀ ਆਤਮਾ ਵਿਚ ਅਜਿਹੇ ਉਦਾਤ ਅੰਸ਼ਾਂ ਦੀ ਦੱਸ ਪਾਉਂਦਾ ਹੈ ਜੋ ਕਿ ਉਸਨੇ ਕਦੀ ਵੀ ਹੋਰ ਕਿਸੇ ਵੀ ਰੂਸੀ ਔਰਤ ਵਿਚ ਨਾ ਵੇਖੇ ਹੋਣ।
ਅਬਰਾਹਮ ਯਾਰਮੋਲਿੰਸਕੀ ਦੀ ਪੁਸਤਕ ਦੇ ਪੰਨਾ 174 ਤੇ 174 ‘ਤੇ ਦਿਤੇ ਵਿਵਰਣ ਅਨੁਸਾਰ ਸਾਡੇ ਇਸੇ ਮਿੱਤਰ ਜਾਂ ਕਹੋ ਕਿ ਆਪਣੇ ਇਸੇ ਪਤੀ ਦੇਵ ਨੂੰ ਸੁਸਲੋਵਾ ਨੇ ਦਸਿਆ ਕਿ ਦਾਸਤੋਵਸਕੀ ਨਾਲ ਉਸਨੇ ਉਦੋਂ ਵਿਆਹ ਕਰਵਾ ਲੈਣਾ ਸੀ ਪਰ ਉਹ ਆਪਣੀ ਬਿਮਾਰ ਪਤਨੀ ਦਾ ਖਹਿੜਾ ਛੱਡਣ ਲਈ ਵੀ ਤਿਆਰ ਨਹੀਂ ਸੀ - ਤੇ ਉਹ ਕੀ ਕਰਦੀ!
ਖ਼ੈਰ ਸਾਲ 1863 ਦੀ ਬਹਾਰ ਦੀ ਰੁੱਤੇ ਸੁਸਲੋਵਾ ਅਪੋਲੀਨੇਰੀਆ ਪੈਰਿਸ ਵਿੱਚ ਹੈ ਅਤੇ ਦਾਸਤੋਵਸਕੀ ਨੂੰ ਤੁਰੰਤ ਉਥੇ ਪਹੁੰਚ ਜਾਣ ਲਈ ਪੱਤਰ ਲਿਖਦੀ ਹੈ। ਅਨੇਕਾਂ ਆਰਥਿਕ ਅਤੇ ਪਰਿਵਾਰਕ ਝਮੇਲਿਆਂ ਕਾਰਨ ਅਗਸਤ ਦੇ ਅੱਧ ਤਕ ਇੰਤਹਾ ਦੀ ਚਾਹਤ ਦੇ ਬਾਵਜੂਦ ਉਸ ਕੋਲੋਂ ਪੀਟਰਜਬਰਗ ਵਿਚੋਂ ਹਿੱਲ ਨਹੀਂ ਹੁੰਦਾ।
ਖ਼ੈਰ ਦਾਸਤੋਵਸਕੀ ਸਭ ਝਮੇਲੇ ਅਤੇ ਜ਼ਿੰਮੇਵਾਰੀਆਂ ਤੋਂ ਖਹਿੜਾ ਛੁਡਾ ਕੇ ਸੁਸਲੋਵਾ ਵੱਲ ਚਲ ਪੈਂਦਾ ਹੈ। ਪ੍ਰੰਤੂ ਰਾਹ ਵਿਚ ਵੀਜਵੇਡਨ, ਸਵਿਟਜਰਲੈਂਡ ਵਿਚ ਜੂਏ ਦੀ ਤਕੜੀ ਝੁੱਟੀ ਲਾਉਂਦਾ ਹੈ। ਚੰਗੀ ਕਿਸਮਤ ਨੂੰ ਉਸ ਦੀਆਂ ਦੋ ਚਾਰ ਬਾਜੀਆਂ ਸਿੱਧੀਆਂ ਪੈ ਜਾਂਦੀਆਂ ਹਨ - ਚਾਰ ਪੈਸੇ ਜੇਬ ਵਿਚ ਆ ਜਾਂਦੇ ਹਨ- ਉਹ ਬੇਹੱਦ ਖੁਸ਼ ਹੈ। 26 ਅਗਸਤ 1813 ਨੂੰ ਉਹ ਪੈਰਿਸ ਪੁਜ ਜਾਂਦਾ ਹੈ। ਪ੍ਰੰਤੂ ਇਸੇ ਦੌਰਾਨ ਭਾਣਾ ਇਹ ਵਰਤਦਾ ਹੈ ਕਿ ਤਰਲ ਸੁਭਾਉ ਦੀ ਮਲਿਕਾ ਸੁਸਲੋਵਾ ਦਾ ਮਨ ਸਪੇਨੀ ਮੂਲ ਦੇ ਇਕ ਵਿਦਿਆਰਥੀ ‘ਤੇ ਆ ਜਾਂਦਾ ਹੈ। ਅਸਲ ਵਿਚ ਇਸ ਮਾਮਲੇ ਵਿਚ ਉਹ ਵੀ ਦਾਸਤੋਵਸਕੀ ਦੀ ‘ਨਿੱਕੀ ਭੈਣ‘ ਹੀ ਹੈ। ਉਸ ਦੇ ਦਿਲ ਵਿਚ ਉਸ ਯੁਵਕ ਲਈ ਤੂਫਾਨ ਮਚ ਜਾਂਦਾ ਹੈ। ਉਸ ਨੂੰ ਫ਼ਿਕਰ ਹੈ ਕਿ ਮਨ ਦੀ ਅਜਿਹੀ ਅਵਸਥਾ ਵਿਚ ਦਾਸਤੋਵਸਕੀ ਆਪ ਦੀ ਆਮਦ ਨਾਲ ਕਿਧਰੇ ਵਿਆਹ ਵਿਚ ਬੀਅ ਦਾ ਲੇਖਾ ਹੀ ਨਾ ਆ ਪਾਵੇ। ਦਾਸਤੋਵਸਕੀ ਨੇ ਪੈਰਿਸ ਪਹੁੰਚਦੇ ਸਾਰ ਆਪਣੇ ਹੋਟਲ ਜਾਂ ਰਿਹਾਇਸ਼ ਦਾ ਪਤਾ ਤਾਂ ਉਸਨੂੰ ਭੇਜਿਆ ਹੋਇਆ ਹੀ ਹੈ। ਉਹ ਤੁਰੰਤ ਉਸਨੂੰ ਮੋੜਵਾਂ ਖ਼ਤ ਲਿਖਦੀ ਹੈ ਜੋ ਇਸ ਪ੍ਰਕਾਰ ਹੈ:
“(ਅਖੇ) ਮੁਆਫ ਕਰਨਾ, ਤੁਸੀਂ ਥੋੜਾ ਲੇਟ ਹੋ ਗਏ ਹੋ। ਮੈਂ ਅਜੇ ਕੁੱਝ ਹੀ ਦਿਨ ਪਹਿਲਾਂ ਤਕ ਇਟਲੀ ਦੇ ਵੱਖ-ਵੱਖ ਸ਼ਹਿਰਾਂ ਵਿਚ ਘੁੰਮਣ ਅਤੇ ਮਾਈਕਲਐਂਜਲੋ ਅਤੇ ਰਫੇਲ ਦੀਆਂ ਕਲਾ ਕ੍ਰਿਤਾਂ ਤੁਹਾਡੇ ਨਾਲ ਮਿਲ ਕੇ ਵੇਖਣ ਦੇ ਸੁਪਨੇ ਬੁਣ ਰਹੀ ਸਾਂ। ਮੈਂ ਤਾਂ ਇਤਾਲਵੀ ਭਾਸ਼ਾ ਦਾ ਕਾਇਦਾ ਲੈ ਕੇ ਕਾਫੀ ਸ਼ਬਦ ਸਿਖ ਵੀ ਲਏ ਹੋਏ ਸਨ- ਪ੍ਰੰਤੂ ਇਸੇ ਦੌਰਾਨ ਹੋਰ ਹੀ ਭਾਣਾ ਵਾਪਰ ਗਿਆ। ਤੁਸੀਂ ਮੈਨੂੰ ਇਕੇਰਾਂ ਦਸਿਆ ਸੀ ਕਿ ਤੁਸੀਂ ਦਿਲ ਕਿਸੇ ਨੂੰ ਸਹਿਜ ਨਾਲ ਹੀ ਦਿੰਦੇ ਹੋ। ਇਸ ਮਾਮਲੇ ਵਿਚ ਮੈਂ ਤੁਹਾਡੇ ਨਾਲੋਂ ਵੀ ਅੱਗੇ ਹਾਂ। ਮੈਨੂੰ ਤਾਂ ਅਗਲੇ ਪਾਸਿਓਂ ਪਿਆਰ ਦੇ ਹੁੰਗਾਰੇ ਦੀ ਆਸ ਹੋਵੇ ਭਾਵੇਂ ਨਾ ਹੋਵੇ- ਆਦਮੀ ਕੋਈ ਰੂਹ ਵਾਲਾ ਮਿਲ ਜਾਵੇ ਤਾਂ ਬਸ ਛੁੱਟੀ! ਇਹ ਕੋਈ ਫਖਰ ਵਾਲੀ ਗੱਲ ਯਕੀਨਨ ਹੀ ਨਹੀਂ ਹੈ- ਪਰ ਮੈਂ ਕੀ ਕਰਾਂ ਮੈਥੋਂ ਰਿਹਾ ਹੀ ਨਹੀਂ ਜਾਂਦਾ। ਮੈਂ ਤਾਂ ਤੁਹਾਨੂੰ ਆਗਾਹ ਸਿਰਫ ਇਸ ਗੱਲ ਤੋਂ ਕਰਵਾਉਣਾ ਚਾਹੁੰਦੀ ਹਾਂ ਕਿ ਤੁਹਾਨੂੰ ਅਜੇ ਵੀ ਮੇਰਾ ਪੂਰਾ ਪਤਾ ਨਹੀਂ ਹੈ। ਉਂਜ ਮੈਨੂੰ ਖੁਦ ਵੀ ਆਪਣੇ ਆਪ ਦਾ ਪੂਰਾ ਪਤਾ ਕਿੱਥੇ ਹੈ। ਸੋ ਪਿਆਰੇ! ਵੈਰੀ ਮੱਚ ਸੌਰੀ, ਗੁੱਡ ਬਾਏ!!”
ਪਰ ਦਾਸਤੋਵਸਕੀ ਨੂੰ ਸਬਰ ਕਿਥੇ ਸੀ। ਚਿੱਠੀ ਦਿੱਤੇ ਹੋਏ ਐਡਰੈਸ ਤੇ ਮਿਲਣ ਤੋਂ ਪਹਿਲਾਂ ਹੀ ਬਾਬਾ ਜੀ ਮੈਡਮ ਦੇ ਦਰ ਜਾ ਦਸਤਕ ਦਿੰਦੇ ਹਨ।
ਸੁਸਲੋਵਾ ਨੂੰ ਇਕ ਵਾਰੀ ਤਾਂ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਹਨ; ਪਰ ਉਹ ਜਦੇ ਹੀ ਸੰਭਲ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਸੋਚਿਆ ਸੀ ਕਿ ਮੇਰਾ ਪੱਤਰ ਮਿਲ ਜਾਣ ਤੇ ਤੁਸੀਂ ਨਹੀਂ ਆਉਗੇ।
(ਅਖੇ) ‘ਕਿਹੜਾ ਪੱਤਰ?‘
‘ਜੋ ਇਹ ਦਸਣ ਲਈ ਲਿਖਿਆ ਸੀ ਕਿ ਤੁਸੀਂ ਨਾ ਆਇਉ‘।
‘ਕਿਉਂ?‘
‘ਜਨਾਬ, ਇਸ ਲਈ ਕਿ ਤੁਸੀਂ ਲੇਟ ਹੋ ਗਏ‘ ਹੋ।
ਸ਼ੁਣਦੇ ਸਾਰ ਹੀ ਦਾਸਤੋਵਸਕੀ ਦੇ ਸਿਰ ‘ਤੇ ਮਾਨੋ ਸੌ ਘੜੇ ਠੰਢਾ ਜਖ਼ ਪਾਣੀ ਪੈ ਗਿਆ ਹੋਵੇ। ਰਤਾ ਕੁ ਅਕਲ ਟਿਕਾਣੇ ਹੁੰਦਿਆਂ ਹੀ ਬਾਬੇ ਨੇ ਕਿਹਾ “ਨਾ ਨਾ, ਵਾਸਤਾ ਭਗਵਾਨ ਈਸਾ ਦਾ, ਨਿੱਕੀਏ ਇੰਜ ਨਾ ਕਰ।ਆ ਜ਼ਰਾ ਕਿਧਰੇ ਇਕਾਂਤ ਵਿਚ ਬੈਠ ਕੇ ਗੱਲ ਕਰੀਏ। ਮੈਨੂੰ ਸਾਰੀ ਗੱਲ ਸਮਝਾ - ਨਹੀਂ ਮੇਰੀ ਤਾਂ ਜਾਨ ਨਿਕਲ ਜਾਵੇਗੀ”।
ਖ਼ੈਰ ਕੈਬ ਮੰਗਵਾ ਕੇ ਉਹ ਇਕ ਦੂਸਰੇ ਵੱਲ ਝਾਕੇ ਬਗੈਰ ਉਸ ਵਿਚ ਬੈਠ ਗਏ। ਉਸਨੇ ਤਰਲਾ ਲੈਂਦਿਆਂ ਉਸਦਾ ਹੱਥ ਫੜ ਕੇ ਸਹਿਲਾਉਣਾ ਸ਼ੁਰੂ ਕਰ ਦਿਤਾ। ਉਸਨੇ ਫਿਓਦਰ ਨੂੰ ਸਬਰ ਨਾਲ ਬੈਠਣ ਲਈ ਕਿਹਾ ਅਤੇ ਨਾਲ ਹੀ ਜ਼ਰਾ ਕੁ ਝਿੜਕੀ ਮਾਰੀ ਕਿ ‘ਇੰਜ ਮਰੀ ਨਾ ਜਾਓ, ਮੈਂ ਤੁਹਾਡੇ ਕੋਲ ਹੀ ਹਾਂ- ਕਿੱਧਰੇ ਏਨੀ ਜਲਦੀ ਭੱਜੀ ਨਹੀਂ ਜਾਂਦੀ”। ਪ੍ਰੰਤੂ ਦਾਸਤੋਵਸਕੀ ਤਾਂ ਸੁੰਨ ਹੋਇਆ ਪਿਆ ਹੈ- ਉਸਨੂੰ ਕੋਈ ਖ਼ਬਰ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ; ਸੁਸਲੋਵਾ ਉਸਨੂੰ ਕੀ ਕਹੀ ਜਾ ਰਹੀ ਹੈ।
ਕਮਰੇ ਵਿਚ ਜਾਂਦੇ ਸਾਰ ਦਾਸਤੋਵਸਕੀ ‘ਨਿੱਕੀ‘ ਦੇ ਪੈਰਾਂ ਵਿੱਚ ਢੇਰੀ ਹੋ ਗਿਆ ਅਤੇ ਬੱਚਿਆਂ ਵਾਂਗ ਹਟਕੋਰੇ ਲੈ ਕੇ ਇਹ ਕਹਿੰਦਿਆਂ ਗਿੜਗੜਾਉਣਾ ਸ਼ੁਰੂ ਕਰ ਦਿਤਾ, “ਤੂੰ ਮੈਨੂੰ ਛੱਡ ਗਈ ਹੈਂ; ਤੂੰ ਐਂ ਹੀ ਕਰਨਾ ਸੀ- ਮੈਨੂੰ ਸ਼ੁਰੂ ਤੋਂ ਇਸੇ ਗੱਲ ਦਾ ਡਰ ਸੀ- ਹਾਏ ਉਏ ਮੇਰਿਆ ਰੱਬਾ! ਬਹੁੜੀ ਉਏ ਮੈਂ ਕੀ ਕਰਾਂ, ਕਿੱਥੇ ਜਾਵਾਂ? ਸੁਸਲੋਵਾ ਮੇਰੇ ‘ਤੇ ਤਰਸ ਕਰ!!!”
ਇਹ ਤਰਲੇ ਕਿੰਨੀ ਕੁ ਦੇਰ ਪਾਏ ਜਾ ਸਕਦੇ ਸਨ! ਕੁਝ ਪਲਾਂ ਵਿਚ ਆਪਣੇ ਆਪ ‘ਚ ਆਉਣ ਤੋਂ ਬਾਅਦ ਬਾਬੇ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਹ ਲੜਕਾ ਕੌਣ ਹੈ, ਕਿੱਥੋਂ ਦਾ ਹੈ, ਕਿੰਨਾ ਕੁ ਸੋਹਣਾ ਹੈ - (ਆਖਰ) ਕੇਹਾ ਜਾਦੂਗਰ ਹੈ ਜਿਸਨੇ ਉਸਦੀ ਸੁਸਲੋਵਾ ਉਸ ਤੋਂ ਏਨੀ ਅਸਾਨੀ ਨਾਲ ਖੋਹ ਲਈ ਹੈ।...ਤੇ ਫਿਰ ਜਦੋਂ ਦਾਸਤੋਵਸਕੀ ਨੇ ਇਹ ਸਵਾਲ ਕਰ ਦਿੱਤਾ ਕਿ ਕੀ ਉਹ ਪਹਿਲਾਂ ਹੀ ਉਸਦੀ ਮਿਸਟਰੈੱਸ ਬਣ ਚੁਕੀ ਹੈ? ਤਾਂ ਸੁਸਲੋਵਾ ਨੂੰ ਇਕ ਦਮ ਧੱਪ ਚੜ੍ਹ ਗਿਆ। ਉਹ ਕੁਝ ਦੇਰ ਤਕ ਰਹੱਸਮਈ ਪ੍ਰੰਤੂ ਗੁਸੈਲੀਆਂ ਨਜ਼ਰਾਂ ਨਾਲ ਦਾਸਤੋਵਸਕੀ ਵੱਲ ਤੱਕਦੀ ਰਹੀ ਅਤੇ ਫਿਰ ਇਹ ਕਹਿੰਦਿਆਂ ਉਸਦੀ ਜਾਨ ਛੱਡੀ ਕਿ ਅਜਿਹਾ ਅਹਿਮਕਾਨਾ ਸਵਾਲ ਕਰਨ ਦਾ ਉਸਨੂੰ ਕੋਈ ਅਖ਼ਤਿਆਰ ਨਹੀਂ ਹੈ।
ਉਹ ਕਾਫੀ ਸਮਾਂ ਚੁੱਪ ਬੈਠੇ ਰਹੇ। ਪ੍ਰੰਤੂ ਫਿਰ ਸੁਸਲੋਵਾ ਨੂੰ ਪੈਗ਼ੰਬਰ ‘ਤੇ ਤਰਸ ਆ ਗਿਆ ਤੇ ਉਨ ਸਿੱਧਾ ਹੀ ਕਹਿ ਦਿੱਤਾ ਕਿ ਉਹ ਸਪੇਨੀ ਯੁਵਕ ਦੇ ਪਿੱਛੇ ਪਾਗਲ ਹੋ ਗਈ ਹੈ ਅਤੇ ਨਾਲ ਹੀ ਇਹ ਵੀ ਦੱਸ ਦਿੱਤਾ ਕਿ ਝੋਰਾ ਉਸਨੂੰ ਇਸ ਗੱਲ ਦਾ ਹੈ ਕਿ ਉਸ ਯੁਵਕ ਨੂੰ ਅੱਗੋਂ ਉਸ ਦੀਆਂ ਭਾਵਨਾਵਾਂ ਦੀ ਭੋਰਾ ਵੀ ਪਰਵਾਹ ਨਹੀਂ ਹੈ। ਉਸਨੂੰ ਇਹ ਵੀ ਪਤਾ ਹੈ ਕਿ ਉਹ ਗ਼ਲਤੀ ‘ਤੇ ਹੈ। ਪ੍ਰੰਤੂ ਭਾਣਾ ਜਿਹੜਾ ਵਾਪਰਨਾ ਸੀ- ਉਹ ਵਾਪਰ ਚੁੱਕਾ ਹੈ ਅਤੇ ਮੁਹੱਬਤ ਦੇ ਜੂਏ ਦੀ ਇਸ ਖ਼ਤਰਨਾਕ ਬਾਜੀ ਵਿਚੋਂ ਹੁਣ ਉਸ ਲਈ ਪਿਛਾਂਹ ਪੈਰ ਖਿਚਣਾ ਸੰਭਵ ਨਹੀਂ ਹੈ। ਉਸਦਾ ਗਰੂਰ ਉਸਨੂੰ ਅਜਿਹਾ ਕਰਨ ਤਾਂ ਕੀ ਸੋਚਣ ਦੀ ਆਗਿਆ ਵੀ ਨਹੀਂ ਦੇਵੇਗਾ।
ਉਸਦੀ ਕਹਾਣੀ ਸੁਣ ਕੇ ਦਾਸਤੋਵਸਕੀ ਠੰਢਾ ਹਾਉਕਾ ਭਰਦਾ ਹੈ। ਪ੍ਰੰਤੂ ਉਸਨੂੰ ਇਹ ਜਾਣ ਕੇ ਤਸੱਲੀ ਹੁੰਦੀ ਹੈ ਕਿ ਚਲੋ ਸੁਸਲੋਵਾ ਦੇ ਖੁਆਬਾਂ ਦਾ ਕੇਂਦਰ ਕੋਈ ਸ਼ਹਿਜਾਦਾ ਨਹੀਂ ਹੈ ਅਤੇ ਕੋਈ ਤੇਜ ਤਰਾਰ ਚਿੰਤਕ ਵੀ ਨਹੀਂ ਹੈ।
ਉਹ ਸੁਸਲੋਵਾ ਨੂੰ ਕਹਿੰਦਾ ਹੈ ਕਿ ਉਹ ਰੈਨੇਸਾਂ ਕਾਲ ਦੇ ਇਤਾਲਵੀ ਕਲਾ ਕੇਂਦਰਾਂ ਦੀ ਸੈਰ ਦਾ ਆਪਣਾ ਪ੍ਰੋਗਰਾਮ ਕੈਂਸਲ ਨਾ ਕਰੇ ਅਤੇ ਆਪਣੇ ਉਸ ਮਿੱਤਰ ਨਾਲ ਹੀ ਜਾਵੇ। ਪ੍ਰੰਤੂ ਰੱਬ ਦੇ ਵਾਸਤੇ ਉਸਨੂੰ ਵੀ ਆਪਣੇ ਨਾਲ ਚਲਿਆ ਜਾਣ ਦੇਵੇ। ਮਹਿਬੂਬਾ ਨਹੀਂ ਬਣਨਾ ਤਾਂ ਨਾ ਸਹੀ। ਉਹ ਉਸਦੀ ਨਿੱਕੀ, ਪਿਆਰੀ ਜਿਹੀ ਭੈਣ ਤਾਂ ਬਣ ਸਕਦੀ ਹੈ। ਉਹ ਉਨ੍ਹਾਂ ਨੂੰ ਪ੍ਰੇਸ਼ਾਨ ਬਿਲਕੁਲ ਵੀ ਨਹੀਂ ਕਰੇਗਾ। ਵੱਡੇ ਭਰਾ ਵਾਂਗ ਉਨ੍ਹਾਂ ਦੇ ਨਾਲ ਰਹੇਗਾ; ਉਨ੍ਹਾਂ ਦੇ ਕੰਮ ਆਵੇਗਾ (ਦਾਸਤੋਵਸਕੀ:ਵਰਕਸ ਐਂਡ ਡੇਜ. ਪੰਨਾ 175)।
ਹਾਂ ਇਹ ਠੀਕ ਸੀ। ਮੁਹੱਬਤ ਦੇ ਜਜ਼ਬੇ ਦੀ ਬਸਾਤ ਦੀਆਂ ਰਹੱਸਮਈ ਚਾਲਾਂ ਦਾ ਸੁਸਲੋਵਾ ਨੂੰ ਦਾਸਤੋਵਸਕੀ ਨਾਲੋਂ ਵੀ ਵੱਧ ਭੇਤ ਹੈ। ਉਸਨੂੰ ਪਤਾ ਹੈ ਕਿ ਦਾਸਤੋਵਸਕੀ ਅਜਿਹਾ ਕਰਨ ਦੇ ਸਹਿਜੇ ਹੀ ਸਮਰੱਥ ਹੈ। ਉਸਦਾ ਕੀ ਹੈ; ਉਸਨੇ ਉਸਨੂੰ ਆਪਦੀ ਭੈਣ ਦੇ ਹਾਰ ਹੀ ਨਿਹਾਰਨਾ ਸ਼ੁਰੂ ਕਰ ਦੇਣਾ ਹੈ।
ਖ਼ੈਰ ਦੋਵਾਂ ਦੀ ਤਸੱਲੀ ਹੋ ਗਈ। ਸੁਸਲੋਵਾ ਨੂੰ ਚੈਨ ਦਾ ਸਾਹ ਆਇਆ ਕਿ ਦਾਸਤੋਵਸਕੀ ਅੰਦਰ ਸਬਰ ਵੀ ਕਿਤਨਾ ਹੈ। ਉਸ ਨੂੰ ਉਸਦੀ ਆਤਮਾ ਦੀਆਂ ਗਹਿਰਾਈਆਂ ਵਿੱਚ ਨਿਰੰਤਰ ਚੱਲ ਰਹੇ ਜਜ਼ਬਿਆਂ ਦੇ ਸਵੈ-ਵਿਨਾਸ਼ਕਾਰੀ ਤੂਫ਼ਾਨ ਦਾ ਵੀ ਪਤਾ ਹੈ ਅਤੇ ਸੁਤੰਤਰਤਾ ਦੀ ਉਸਦੀ ਲੋਚਾ ਦਾ ਵੀ ਪੂਰਾ ਸਤਿਕਾਰ ਹੈ।
ਇਹ ‘ਵਿਲੱਖਣ‘ ਮੁਲਾਕਾਤ ਬੁੱਧਵਾਰ ਨੂੰ ਹੋਈ ਹੈ ਅਤੇ ਸੁਸਲੋਵਾ ਦੀ ਇਛਾ ਦਾ ਪਾਲਣ ਕਰਦਿਆਂ ਉਹ ਅਗਲੇ ਦਿਨ ਸਵੇਰੇ ਹੀ ਦੁਬਾਰਾ ਉਸ ਕੋਲ ਪਹੁੰਚ ਗਿਆ ਹੈ। ਉਸਦੇ ਬੈਠਿਆਂ ਹੀ ਸੁਸਲੋਵਾ ਦੇ ਸਪੇਨੀ ਮਿੱਤਰ ਸਾਲਵਾਡੋਰ ਦਾ ਸਨੇਹਾ ਆ ਜਾਂਦਾ ਹੈ ਕਿ ਉਨ ਸੁਸਲੋਵਾ ਨਾਲ ਇਟਲੀ ਨਹੀਂ ਜਾਣਾ ਕਿਉਂਕਿ ਉਸਨੂੰ ਅਚਾਨਕ ਟਾਈਫਸ ਬੁਖਾਰ ਚੜ੍ਹ ਗਿਆ ਹੈ।ਸੁਸਲੋਵਾ ਇਹ ਸੁਣ ਕੇ ਇਕ ਦਮ ਪ੍ਰੇਸ਼ਾਨ ਹੋ ਜਾਂਦੀ ਹੈ। ਉਹ ਧੜੰਮ ਕਰਕੇ ਮੰਜੇ ਤੇ ਢਹਿ ਪੈਂਦੀ ਹੈ। ਦਸਾਤੋਵਸਕੀ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਹਨ ਕਿ ਉਹ ਹੁਣ ਇਸ ਕੂੰਜ ਵਾਂਗ ਕੁਰਲਾਉਂਦੀ, ਜਾਨ ਨਾਲੋਂ ਵੀ ਪਿਆਰੀ ਅਲ੍ਹੜ ਮੁਟਿਆਰ ਨੂੰ ਹੌਸਲਾ ਕਿਵੇਂ ਦੇਵੇ।
 
ਖ਼ੈਰ ਸ਼ਨਿਚਰਵਾਰ ਆ ਜਾਂਦਾ ਹੈ ਅਤੇ ਅਚਾਨਕ ਹੀ ਉਸਦੀ ਮੁਲਾਕਾਤ ਬਜ਼ਾਰ ਵਿਚ ਆਪਣੇ ‘ਰੋਮੀਓ‘ ਨਾਲ ਹੋ ਜਾਂਦੀ ਹੈ ਜੋ ਕਿ ਚੰਗਾ ਭਲਾ, ਨੌਂਬਰ ਨੌਂ ਹੈ। ਉਸ ਨੂੰ ਇਸ ਰੂਪ ਵਿੱਚ ਵੇਹਦਿਆਂ ਸੁਸਲੋਵਾ ਨੂੰ ਕਹਿਰ ਚੜ੍ਹ ਜਾਂਦਾ ਹੈ ਅਤੇ ਤੁਰੰਤ ਆਪਣੇ ਕਮਰੇ ਵਿਚ ਵਾਪਸ ਪਰਤਦਿਆਂ ਉਹ ਉੱਚੀ-ਉੱਚੀ ਭੁੱਬਾਂ ਮਾਰ ਕੇ ਅਤੇ ਫਿਰ ਸਿਸਕੀਆਂ ਲੈ-ਲੈ ਕੇ ਰੋਣਾ ਸ਼ੁਰੂ ਕਰ ਦਿੰਦੀ ਹੈ।ਸਾਰੀ ਰਾਤ ਉਸਨੂੰ ਇਕ ਪਲ ਲਈ ਵੀ ਨੀਂਦ ਨਹੀਂ ਆਉਂਦੀ ਅਤੇ ਉਹ ਇਹੋ ਹੀ ਸੋਚੀ ਜਾਂਦੀ ਹੈ ਕਿ ਉਹ ਆਪਦੀ ਜਾਨ ਦੇ ਉਸ ਖਹੁ ਨੂੰ ਮਾਰੇ ਕਿ ਆਪਣੀ ਛਾਤੀ ਵਿਚ ਹੀ ਛੁਰਾ ਮਾਰ ਲਵੇ। ਛੁਰਾ ਉਸਦੇ ਹੱਥ ਵਿਚ ਹੈ ਅਤੇ ਉਹ ਕਿੰਨੀ ਹੀ ਦੇਰ ਤਕ ਉਸ ਵੱਲ ਵੇਖੀ ਜਾਂਦੀ ਹੈ। ਉਸਦੀ ਮੱਤ ਮਾਰੀ ਜਾਂਦੀ ਹੈ; ਕੁਝ ਵੀ ਸੁਝਦਾ ਔੜਦਾ ਨਹੀਂ। ਐਤਵਾਰ ਨੂੰ ਸਵੇਰੇ ਸਵੱਖਤੇ ਹੀ ਉਹ ਦਾਸਤੋਵਸਕੀ ਦੇ ਕਮਰੇ ਦਾ ਦਰਵਾਜ਼ਾ ਜਾ ਖੜਕਾਵੇਗੀ। ਅੱਖਾਂ ਉਸ ਦੀਆਂ ਰੋ-ਰੋ ਕੇ ਲਾਲ ਹੋਈਆਂ ਪਈਆਂ ਹਨ ਅਤੇ ਚਿਹਰਾ ਪੀਲਾ ਭੂਕ ਹੈ। ਦਾਸਤੋਵਸਕੀ ਨੂੰ ਉਸੇ ਵਕਤ ਆਪਦੀ ਰਿਹਾਇਸ਼ਗਾਹ ‘ਤੇ ਪਹੁੰਚਣ ਲਈ ਆਦੇਸ਼ ਦੇ ਕੇ ਉਹ ਤੇਜੀ ਨਾਲ ਖੜੇ ਪੈਰ ਵਾਪਸ ਪਰਤ ਜਾਵੇਗੀ। ਅਜੇ ਵੀ ਉਸਨੂੰ ਆਸ ਹੈ ਕਿ ਉਸਦਾ ‘ਮਹਿਬੂਬ‘ ਮਨ ਵਿੱਚ ਮਿਹਰ ਪੈ ਜਾਣ ‘ਤੇ ਆਵੇ ਤੇ ਉਸਨੂੰ ਗੈਰਹਾਜ਼ਰ ਵੇਖ ਕੇ ਕਿਧਰੇ ਵਾਪਸ ਹੀ ਨਾ ਪਰਤ ਜਾਵੇ।
ਦਾਸਤੋਵਸਕੀ ਨੇ ‘ਹੁਕਮ‘ ਦੀ ਤਾਮੀਲ ਕਰਨੀ ਹੀ ਕਰਨੀ ਹੈ। ਉਹ ਉਸੇ ਵਕਤ ਉਸ ਕੋਲ ਪਹੁੰਚ ਜਾਵੇਗਾ ਅਤੇ ਸੁਸਲੋਵਾ ਨੂੰ ਧਰਵਾਸ ਦੇਣ ਲਈ ਉਸ ਅਗੇ ਤਰਲੇ ਮਿੰਨਤਾਂ ਕਰਨੀਆਂ ਸ਼ੁਰੂ ਕਰ ਦੇਵੇਗਾ। ਸਭ ਤੋਂ ਵੱਧ ਜ਼ੋਰ ਉਨ ਉਸਨੂੰ ਮਰਨ ਮਾਰਨ ਦੇ ਤਹਈਏ ਤੋਂ ਵਰਜਣ ਲਈ ਲਗਾਉਣਾ ਹੈ।
ਇਸ ਨਾਜ਼ਕ ਮੌਕੇ ਦਾ ਸਾਰਾ ਵਾਰਤਾਲਾਪ ਸੁਸਲੋਵਾ ਨੇ ਆਪਦੀ ਡਾਇਰੀ ਵਿਚ ਰਿਕਾਰਡ ਕੀਤਾ ਹੋਇਆ ਹੈ। ਡਾਇਰੀ ਦੇ ਉਹ ਇੰਦਰਾਜ ਇਸ ਪ੍ਰਕਾਰ ਹਨ:
“ਉਸਦੀ ਜਾਨ ਲੈਣ ਦਾ ਵਿਚਾਰ ਤਾਂ ਮੈਂ ਮਨ ਵਿਚੋਂ ਕੱਢ ਦਿਤਾ। ਪ੍ਰੰਤੂ ਉਸ ਨੂੰ ਲੰਮੇ ਸਮੇਂ ਤਕ ਪ੍ਰੇਸ਼ਾਨ ਕਰੀ ਰਖਣ ਦੀ ਤੀਬਰ ਖਾਹਿਸ਼ ਮਨ ਅੰਦਰ ਉਵੇਂ ਹੀ ਬਣੀ ਰਹੀ। ਦਾਸਤੋਵਸਕੀ ਨੇ ਸਾਰਾ ਜ਼ੋਰ ਇਹ ਸਮਝਾਉਣ ‘ਤੇ ਲਾ ਦਿੱਤਾ ਕਿ ਉਹ ਤਾਂ ਕੀੜਾ ਹੈ ਅਤੇ ਅਜਿਹੇ ਕੀੜੇ ਖ਼ਾਤਰ ਆਪਣੀ ਜਾਨ ਗਵਾਉਣਾ ਮੈਨੂੰ ਸ਼ੋਭਾ ਨਹੀਂ ਦਿੰਦਾ।”
ਹੌਲੀ-ਹੌਲੀ ਉਹ ਫਿਓਦਰ ਦੀ ਗੱਲ ਮੰਨ ਤਾਂ ਜਾਵੇਗੀ ਪ੍ਰੰਤੂ ਉਸਦਾ ਰੋਮ-ਰੋਮ ਉਸ ਆਦਮੀ ਨੂੰ ਮਿਲਣ ਲਈ ਦੇਰ ਤੱਕ ਤੜਪਦਾ ਰਹੇਗਾ ਅਤੇ ਨਾਲ ਹੀ ਉਹ ਉਸਤੋਂ ਬਦਲਾ ਲੈਣ ਲਈ ਕਚੀਚੀਆਂ ਲੈਂਦੀ ਰਹੇਗੀ। ਖ਼ੈਰ ਜੋ ਵੀ ਹੈ ਉਹ ਦੋਵੇਂ ਜਰਮਨੀ ਤੋਂ ਹੁੰਦੇ ਹੋਏ ਇਟਲੀ ਦੇ ਦੌਰੇ ‘ਤੇ ਰਵਾਨਾ ਹੋ ਜਾਂਦੇ ਹਨ ਪ੍ਰੰਤੂ ਦਾਸਤੋਵਸਕੀ ਵੱਲ ਸੁਸਲੋਵਾ ਦਾ ਰਤਾ ਧਿਆਨ ਨਹੀਂ ਹੈ। ਪ੍ਰੰਤੂ ਅਗੋਂ ਬਾਬੇ ਦਾ ਵੀ ਬਾਬਾ ਆਦਮ ਨਿਰਾਲਾ ਹੀ ਹੈ। ਅਜਿਹੀ ਹਾਲਤ ਵਿਚ ਉਨ ਉਸਨੂੰ ਹੋਰ ਵੀ ਆਕਰਸ਼ਕ ਲਗਣ ਲਗ ਪੈਣਾ ਹੈ। ਭੈਣ ਭਰਾ ਵਾਂਗੂ ਨਾਲ ਰਹਿਣ ਦਾ ਵਾਅਦਾ ਤਾਂ ਉਨ ਕੀਤਾ ਹੋਇਆ ਹੈ। ਪਰ ਫਿਰ ਵੀ ਸਬਰ ਕਿਥੇ? ਦਿਨ-ਰਾਤ ਉਸਨੂੰ ਇਹੋ ਖੁਤਖੁਤੀ ਲਗੀ ਰਹੇਗੀ ਕਿ ਸ਼ਾਇਦ ਉਸਦੇ ਮਨ ‘ਚ ਮਿਹਰ ਪੈ ਜਾਵੇ ਤੇ ਉਹ ਦੁਬਾਰਾ ਉਸ ਦੀਆਂ ਬਾਹਾਂ ਵਿਚ ਆਉਣ ਲਈ ਮੰਨ ਜਾਵੇ। ਸਤੰਬਰ ਵਿਚ ਉਹ ਜਰਮਨੀ ਤੋਂ ਬੇਦਨ ਸ਼ਹਿਰ ਪਹੁੰਚਦੇ ਹਨ ਅਤੇ ਹੋਟਲ ਵਿਚ ਨਾਲੋ ਨਾਲ ਕਮਰੇ ਬੁੱਕ ਕਰਵਾ ਲੈਂਦੇ ਹਨ।
ਸੁਸਲੋਵਾ ਦੀ ਡਾਇਰੀ ਅਨੁਸਾਰ ਰਾਤ ਦੇ 10 ਵਜੇ ਦਾ ਸਮਾਂ ਹੈ। ਉਨ੍ਹਾਂ ਚਾਹ ਦਾ ਸੈੱਟ ਮੰਗਵਾਇਆ। ਉਸਨੇ ਕਪੜੇ ਬਦਲੇ ਅਤੇ ਮੰਜੇ ਤੇ ਲੇਟ ਗਈ। ਦਾਸਤੋਵਸਕੀ ਨੂੰ ਕੁਰਸੀ ਆਪਣੀ ਉਨ ਆਪਣੇ ਨਾਲ ਖਿਚ ਲੈਣ ਲਈ ਆਖਿਆ ਤਾਂ ਮਹਾਂ ਪੁਰਖ ਦੇ ਚਿਹਰੇ ਤੇ ਰੌਣਕਾਂ ਆ ਗਈਆਂ। ਉਨ ਆਪਦਾ ਹੱਥ ਵੀ ਉਸਦੇ ਹੱਥਾਂ ਵਿਚ ਦੇ ਦਿੱਤਾ ਅਤੇ ਅਫ਼ਸੋਸ ਪਰਗਟ ਕੀਤਾ ਕਿ ਪੈਰਿਸ ਵਿੱਚ ਉਸਨੂੰ ਬੇਹੱਦ ਪ੍ਰੇਸ਼ਾਨ ਕੀਤਾ ਸੀ। ਇਹ ਠੀਕ ਹੈ ਕਿ ਉਹ ਆਪਣੇ ਬਾਰੇ ਹੀ ਸੋਚਦੀ ਰਹੀ ਸੀ ਪ੍ਰੰਤੂ ਉਸ ਨੂੰ ਉਸਦੀ ਵੀ ਬਰਾਬਰ ਚਿੰਤਾ ਸੀ। ਅਚਾਨਕ ਦਾਸਤੋਵਸਕੀ ਉੱਠਿਆ ਅਤੇ ਉਥੇ ਪਈ ਕਿਸੇ ਚੀਜ਼ ਵਿਚ ਉਲਝ ਕੇ ਡਿਗਦਾ-ਡਿਗਦਾ ਤੁਰੰਤ ਮੁੜ ਆਪਦੀ ਕੁਰਸੀ ਤੇ ਆ ਕੇ ਬੈਠ ਗਿਆ। ਫਿਰ ਝਕਦਿਆਂ ਝਕਦਿਆਂ ਉਨ ਦਸਿਆ ਕਿ ਉਸਦੇ ਮਨ ਵਿਚ ਆਇਆ ਸੀ ਕਿ ਉਹ ਉਠ ਕੇ ਜ਼ਰਾ ਬਾਰੀ ਨੂੰ ਬੰਦ ਕਰ ਦੇਵੇ। ਸੁਸਲੋਵਾ ਦਾ ਨਾ ਚਹੁੰਦਿਆਂ ਵੀ ਹਾਸਾ ਨਿਕਲ ਜਾਂਦਾ ਹੈ। ਦਾਸਤੋਵਸਕੀ ਦੇ ਸਾਹ ਵਿਚ ਸਾਹ ਆਉਂਦਾ ਹੈ ਅਤੇ ਉਹ ਉਸਦੇ ਪੈਰਾਂ ਨੂੰ ਚੁੰਮਣ ਲਈ ਅਹੁਲਦਾ ਹੈ। ਪਰ ਸੁਸਲੋਵਾ ਇਕ ਦਮ ਆਪਣੇ ਪੈਰ ਚਾਦਰ ਵਿੱਚ ਖਿੱਚ ਲੈਂਦੀ ਹੈ। ਉਹ ਬੜਾ ਨਿੰਮੋਝੂਣਾ ਜਿਹਾ ਹੋ ਕੇ ਬੈਠ ਜਾਂਦਾ ਹੈ। ਉਹ ਉਸਦੇ ਹਾਵਾਂ ਭਾਵਾਂ ਦਾ ਜਾਇਜ਼ਾ ਲੈਂਦੀ ਹੈ ਅਤੇ ਅਚਾਨਕ ਪਿਆਰ ਨਾਲ ਉਸਦੇ ਮੱਥੇ ਤੇ ਹੱਥ ਫੇਰਦਿਆਂ ਬਾਬੇ ਨੂੰ ਆਪਣੇ ਕਮਰੇ ਵਿਚ ਜਾ ਕੇ ਸੌਂ ਜਾਣ ਲਈ ਆਖ ਦਿੰਦੀ ਹੈ।
ਅਗਲੇ ਦਿਨ ਸਵੇਰੇ ਹੀ ਉਹ ਇਕੱਠਿਆਂ ਬੈਠ ਕੇ ਚਾਹ ਪੀਣ ਲਈ ਸੁਸਲੋਵਾ ਦੇ ਕਮਰੇ ਵਿਚ ਪਹੁੰਚ ਜਾਵੇਗਾ ਅਤੇ ਜਾਂਦਿਆਂ ਹੀ ਉਸ ਕੋਲੋਂ ਰਾਤ ਦੀ ‘ਗੁਸਤਾਖੀ‘ ਲਈ ਮੁਆਫੀ ਮੰਗਣੀ ਸ਼ੁਰੂ ਕਰ ਦੇਵੇਗਾ ਪਰ ਸੁਸਲੋਵਾ ਦੀ ਨਜ਼ਰੇ ਇਨਾਇਤ ਹਾਸਲ ਕਰ ਲੈਣ ਦੀ ਆਸ ਉਹ ਇਕ ਪਲ ਲਈ ਵੀ ਨਹੀਂ ਛੱਡਦਾ। ਇਓਂ ਕਰਦਿਆਂ ਉਹ ਦੋ ਕੁ ਮਹੀਨੇ ਇਕੱਠੇ ਰਹੀ ਜਾਂਦੇ ਹਨ। ਆਪਦੀ ਇਸ ਮਾਯੂਸੀ ਦੀ ਕਸਰ ਉਹ ਜੂਆ ਘਰ ਵਿੱਚ ਕੱਢੇਗਾ। ਉਥੇ ਉਹ ਪੋਲੀਨਾ ਸੁਸਲੋਵਾ ਦੀ ਕੀਮਤੀ ਰਿੰਗ ਸਮੇਤ ਆਪਦਾ ਸਭ ਕੁਝ ਹੀ ਹਾਰ ਜਾਵੇਗਾ। ਉਧਰ ਪਿਛੇ ਘਰ ਦੀ ਆਰਥਿਕ ਹਾਲਤ ਬੇਹਦ ਖਰਾਬ ਹੈ। ਵਾਪਸ ਪਰਤਣ ਲਈ ਧੇਲਾ ਵੀ ਜੇਬ ਵਿਚ ਬਚਿਆ ਨਹੀਂ ਹੈ।ਖ਼ੈਰ ਉਸਦੇ ਪਿਆਰੇ ਭਾਈ ਮੀਖਾਈਲ ਨੇ ਥੋੜੇ ਬਹੁਤੇ ਪੈਸੇ ਉਸਨੂੰ ਭੇਜ ਦਿਤੇ। ਪੈਸੇ ਮਿਲਦਿਆਂ ਹੀ ਪਹਿਲਾਂ ਰੋਮ ਅਤੇ ਫਿਰ ਨੇਪਲਜ਼ ਪਹੁੰਚ ਜਾਂਦੇ ਹਨ।
ਪੁਸਤਕ ਦੇ ਪੰਨਾ 179 ਉਪਰ ਯਰਮੋਲਿੰਸਕੀ ਨੇ ਸੁਸਲੋਵਾ ਦੀ ਡਾਇਰੀ ਦੇ ਹਵਾਲੇ ਨਾਲ ਟੂਰਿਨ ਸ਼ਹਿਰ ਵਿਚ ਦਾਸਤੋਵਸਕੀ ਦੀ ਇਸ ਜਾਨਲੇਵਾ ਮੁਹੱਬਤ ਦਾ ਇਕ ਹੋਰ ਬਹੁਤ ਹੀ ਦਿਲਚਸਪ ਵਾਕਿਆ ਇਸ ਤਰ੍ਹਾਂ ਸੁਣਾਇਆ ਹੋਇਆ ਹੈ:
ਸੁਸਲੋਵਾ ਨੇ ਦਾਸਤੋਵਸਕੀ ਨੂੰ ਬਾਰ-ਬਾਰ ਉਕਸਾ ਕੇ ਉਸ ਨਾਲ ਨਫ਼ਰਤ ਅਤੇ ਪਿਆਰ ਦੀਆਂ ਖੇਡਾਂ ਕਰਦੀ ਹੈ- ਪਰ ਨਾਲ ਹੀ ਖੁਦ ਪ੍ਰੇਸ਼ਾਨ ਹੋ ਜਾਂਦੀ ਹੈ।ਇਕ ਦਿਨ ਰਾਤ ਨੂੰ ਉਹ ਖਾਸੀ ਹੀ ਮਿਹਰਬਾਨ ਹੈ। ਦਾਸਤੋਵਸਕੀ ਵੀ ਪੂਰੀ ਸ਼ਿਦਤ ਨਾਲ ਉਸਦੇ ਵਾਲਾਂ ਵਿਚ ਉਂਗਲਾਂ ਫੇਰ ਰਿਹਾ ਹੈ। ਸੁਸਲੋਵਾ ਦੇ ਮਨ ਵਿਚ ਉਸ ਲਈ ਮੋਹ ਦੇ ਮਾਨੋ ਝਰਨੇ ਫੁੱਟ ਆਉਂਦੇ ਹਨ। ਉਹ ਬਾਬੇ ਦੀ ਛਾਤੀ ‘ਤੇ ਸਿਰ ਰੱਖ ਕੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੰਦੀ ਹੈ ਅਤੇ ਫਿਰ ਗਈ ਰਾਤ ਤਕ ਰੋਂਦਿਆਂ-ਰੋਂਦਿਆਂ ਹੀ ਉਹ ਬੱਚਿਆਂ ਵਾਂਗ ਸੌਂ ਜਾਂਦੀ ਹੈ। ਦਾਸਤੋਵਸਕੀ ਨੂੰ ਸਮਝ ਨਹੀਂ ਲਗਦੀ ਕਿ ਉਹ ਇਸ ਲੜਕੀ ਦੇ ਮਨ ਦੀਆਂ ਰਮਜ਼ਾਂ ਨੂੰ ਕਿੰਝ ਸਮਝੇ; ਕੀ ਕਰੇ ਤੇ ਕੀ ਨਾ ਕਰੇ। ਇਹ ਸਿਲਸਿਲਾ ਉਨ੍ਹਾਂ ਦੇ ਵੱਖ ਹੋਣ ਤਕ ਇਵੇਂ ਹੀ ਚਲਦਾ ਰਹਿਣਾ ਹੈ।
ਅਖੀਰ ਵੱਖ ਹੋਣ ਦਾ ਦਿਨ ਵੀ ਆ ਜਾਂਦਾ ਹੈ। ਮਹਾਂ ਪੁਰਖ ਬੇਹੱਦ ਮਯੂਸ ਹੈ। ਉਸਦੇ ਮਨ ‘ਤੇ ਮੁਕੰਮਲ ਬਰਬਾਦੀ ਦਾ ਆਲਮ ਤਾਰੀ ਹੈ। ਉਸਨੇ ਨੀਵੀਂ ਪਾਈ ਹੋਈ ਹੈ।ਬਹੁਤ ਔਖਿਆਈ ਨਾਲ ਬਸ ਏਨੇ ਬੋਲ ਹੀ ਉਸਦੇ ਮੁੰਹੋਂ ਨਿਕਲਦੇ ਹਨ, “ਮੈਨੂੰ ਪਤੈ ਤੂੰ ਹੁਣ ਸਪੇਨ ਵੱਲ ਹੀ ਜਾਵੇਂਗੀ।”
ਖ਼ੈਰ ਅਕਤੂਬਰ ਮਹੀਨੇ ਵਿਚ ਉਹ ਵਾਪਸ ਪੀਟਰਜ਼ਬਰਗ ਪਹੁੰਚ ਜਾਵੇਗਾ। ਇਸੇ ਅਰਸੇ ਦੇ ਦੌਰਾਨ ਉਸਦੀ ਬੀਵੀ ਮਾਰੀਆ ਦਮਿੱਤਰੇਵਨਾ ਦੀ ਬਿਮਾਰੀ ਕਾਰਨ ਹਾਲਤ ਬਦ ਤੋਂ ਬਦਤਰੀਨ ਹੋ ਗਈ ਹੋਈ ਹੈ। ਹੁਣ ਉਹ ਉਸਦੀ ਸਿਹਤਯਾਬੀ ਲਈ ਹਰ ਓਹੜ-ਪੋਹੜ ਕਰੇਗਾ। ਆਬੋ ਹਵਾ ਬਦਲਨ ਖਾਤਰ ਉਸਨੂੰ ਪੀਟਰਜ਼ਬਰਗ ਤੋਂ ਮਾਸਕੋ ਵੀ ਲੈ ਆਵੇਗਾ। ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਅਗਲੇ ਸਾਲ, 1864 ਦੇ ਅਰੰਭ ਵਿੱਚ ਆਪਣੇ ਵੱਡੇ ਭਾਈ ਨਾਲ ਮਿਲ ਕੇ ‘ਇਪਾਕ‘ ਨਾਂ ਦਾ ਸਾਹਿਤਕ ਪੱਤਰ ਕੱਢਣਾ ਸ਼ੁਰੂ ਕਰ ਦੇਵੇਗਾ। ਘਰ ਦੀ ਆਰਥਿਕ ਹਾਲਤ ਸੁਧਾਰਨ ਦੀ ਗੱਲ ਲਿਖਦਿਆਂ ਸਾਨੂੰ ਮੱਲੋ-ਮੱਲੀ ਦਾਸਤੋਵਸਕੀ ਦੇ ‘ਵੱਡੇ ਭਾਈ‘ ਮਿਰਜ਼ਾ ਗ਼ਾਲਿਬ ਦਾ ਸ਼ੇਅਰ ਚੇਤੇ ਆਈ ਜਾਂਦਾ ਹੈ ਜੋ ਕਿ ਮਿੱਤਰਾਂ ਲਈ ਹਾਜ਼ਰ ਹੈ:
‘ਮਿਸਾਲ ਯੇਹ ਮੇਰੀ ਕੋਸ਼ਿਸ਼ ਕੀ ਹੈ ਕਿ ਮੁਰਗੇ ਅਸੀਰ
ਕਰੇ ਕਫਸ ਮੇਂ ਫਰਾਹਮ ਖਸ ਆਸ਼ਿਆਂ ਕੇ ਲੀਏ‘
ਹੁਣ ਇਸੇ ਮੋੜ ‘ਤੇ ਅਸੀਂ ਆਪਣੇ ਪਾਠਕਾਂ ਨੂੰ ਦੱਸਣਾ ਚਾਹਾਂਗੇ ਕਿ ਇਸ ਸਾਰੇ ਅਰਸੇ ਦੌਰਾਨ ਉਸਦਾ ਸਭ ਤੋਂ ਵੱਡਾ ‘ਵਾਟਰਲੂ‘ ਤਾਂ ਅਸਲ ਵਿਚ ਸੁਸਲੋਵਾ ਤੋਂ ਵੀ ਵੱਧ, ਪਿਆਰੀ ਪਤਨੀ ਦੀ ਬਿਮਾਰੀ ਤੋਂ ਵੀ ਵੱਧ; ਉਸਦੀ ਜਾਨ ਦੇ ਪਿਆਸੇ ਬਣੇ ਹੋਏ ਸ਼ਾਈਲਾਕ ਵਰਗੇ ਸ਼ਾਹੂਕਾਰਾਂ ਤੋਂ ਵੱਧ ਰੂਸ ਦੇ 19ਵੀਂ ਸਦੀ ਦੇ ਸਭ ਤੋਂ ਮਹਾਨ ਇਨਕਲਾਬੀ ਦਾਰਸ਼ਨਿਕ ਨਿਕੋਲਾਈ ਚਰਨੀਸ਼ੇਵਸਕੀ ਨਾਲ ਚਲ ਰਿਹਾ ਹੈ। ਚਰਨੀਸ਼ੇਵਸਕੀ ਸਮਕਾਲੀ ਰੂਸ ਵਿਚ ਪੱਛਮੀ ਗਿਆਨਵਾਦੀ ਲਹਿਰ ਦੀ ਸਿਖ਼ਰ ਹੈ ਅਤੇ ਵਿਚਾਰਾਂ ਦੇ ਯੁੱਧ ਵਿਚ ਦਾਸਤੋਵਸਕੀ ਨੇ ਚਿੰਤਨ ਜਗਤ ਦੇ ਇਸ ‘ਨਿਪੋਲੀਅਨ ਮਹਾਨ‘ ਨੂੰ ਸ਼ਿਕਸ਼ੱਤ ਦੇਣ ਲਈ ਸਿਰ ਧੜ ਦੀ ਬਾਜੀ ਲਗਾਈ ਹੋਈ ਹੈ।
ਮਾਰੀਆ ਦਮਿੱਤਰੇਵਨਾ ਇਕ ਕਮਰੇ ਵਿੱਚ ਦਰਦ ਨਾਲ ਕਰਾਹ ਰਹੀ ਹੈ। ਦਾਸਤੋਵਸਕੀ ਦਿਨ-ਰਾਤ ਉਸਦੀ ਸੇਵਾ ਕਰ ਰਿਹਾ ਹੈ। ਉਸ ਲਈ ਦਵਾਈਆਂ ਦਾ ਪ੍ਰਬੰਧ ਕਰ ਰਿਹਾ ਹੈ। ਪਤਨੀ ਆਪਦੀ ਪ੍ਰਤੀ ਸਨੇਹ ਅਤੇ ਹਮਦਰਦੀ ਉਸਦੀ ਬਾਰੇ ਕਿਸੇ ਨੂੰ ਸੰਦੇਹ ਹੀ ਨਹੀਂ ਹੈ। ਹੈਰਤ ਇਸ ਗੱਲ ‘ਤੇ ਹੁੰਦੀ ਹੈ ਕਿ ਇਸੇ ਦੌਰਾਨ ਹੀ ਉਹ ਚਰਨੀਸ਼ੇਵਸਕੀ ਦੇ ‘ਵਟ ਇਜ਼ ਟੂ ਬੀ ਡਨ‘ ਸਿਰਲੇਖ ਹੇਠਲੇ ਜਗਤ ਪ੍ਰਸਿੱਧ ਨਾਵਲ ਦੀ ਰੈਡੀਕਲ ਵਿਚਾਰਧਾਰਾ ਦੇ ਸੰਭਾਵੀ ਖ਼ਤਰਨਾਕ ਅੰਤਰ ਵਿਰੋਧਾਂ ਨੂੰ ਬੇਪਰਦ ਕਰਨ ਲਈ ਲਗਾਤਾਰ ਸਿਰ ਸੁੱਟ ਕੇ ‘ਨੋਟਸ ਫਰਾਮ ਦਾ ਅੰਡਰਗਰਾਊਂਡ‘ ਨਾਂ ਦੀ ਆਪਦੀ ਸ਼ਾਹਕਾਰ ਰਚਨਾ ਦੀ ਸਿਰਜਣਾ ਕਰੀ ਜਾ ਰਿਹਾ ਹੈ। 15 ਮਾਰਚ, 1864 ਨੂੰ ਮਾਰੀਆ ਨੇ ਸਵਾਸ ਤਿਆਗ ਦੇਣੇ ਹਨ ਅਤੇ ਇਸਤੋਂ ਜਲਦੀ ਬਾਅਦ ਹੀ ਉਸਦਾ ਇਹ ਨਾਵਲ ਮੁਕੰਮਲ ਹੋ ਜਾਣਾ ਹੈ। ਪਤਨੀ ਦੀ ਮੌਤ ਕਾਰਨ ਬਾਬਾ ਖੁਦ ਆਪਣੇ ਆਪ ਨਾਲ ਹੀ ਮੋਨਬਚਨੀ ‘ਚ ਖੁਭਿਆ ਕਈ ਦਿਨ ਪ੍ਰੇਸ਼ਾਨ ਰਹੇਗਾ।
ਮਹਾਨ ਸ਼ੇਕਸਪੀਅਰ ਦੇ ਕਿਸੇ ਪਾਤਰ ਨੇ ਕਿਹਾ ਸੀ ਕਿ ਇਨਸਾਨ ਦੇ ਜੀਵਨ ਵਿਚ ਦੁੱਖ ਜਦੋਂ ਆਉਂਦੇ ਹਨ ਤਾਂ ਉਹ ਇਕੱਲੇ-ਦੁਕੱਲੇ ਸਿਪਾਹੀਆਂ ਵਾਂਗ ਨਹੀਂ ਆਉਂਦੇ - ਉਹ ਤਾਂ ਫਿਰ ਬਟਾਲੀਅਨਾਂ ਦੇ ਰੂਪ ਵਿਚ ਹੀ ਚਲੇ ਆਉਂਦੇ ਹਨ। (ੱਹੲਨ ਸੋਰਰੋੱਸ ਚੋਮੲ ਟਹਏ ਚੋਮੲ ਨੋਟ ਨਿ ਸਨਿਗਲੲ ਸਪਇਸ, ਟਹਏ ਚੋਮੲ ਨਿ ਬੳਟਟੳਲੋਿਨਸ.)
ਸਾਹਿਤਕ ਮੈਗਜ਼ੀਨ ਅਜੇ ਪੈਰੀਂ ਆ ਹੀ ਰਿਹਾ ਸੀ ਕਿ ਬਾਬੇ ਦੇ ਸਿਰ ‘ਤੇ ਦੁੱਖਾਂ ਅਤੇ ਮੁਸੀਬਤਾਂ ਦਾ ਨਵਾਂ ਪਹਾੜ ਉਸ ਸਮੇਂ ਟੁੱਟਿਆ ਜਦੋਂ ਉਸਦੇ ਸਭ ਤੋਂ ਵੱਡੇ ਹਮਦਰਦ ਅਤੇ ਮਿੱਤਰਾਂ ਵਰਗੇ ਪਿਆਰੇ ਭਾਈ ਮੀਖਾਈਲ ਦੀ ਇਸੇ ਸਾਲ 10 ਜੁਲਾਈ ਨੂੰ ਅਚਾਨਕ ਮੌਤ ਹੋ ਗਈ। ਵਸੀਲੇ ਪਹਿਲਾਂ ਹੀ ਨਾ ਮਾਤਰ ਹਨ ਜਦੋਂ ਕਿ ਉਸਦੇ ਪਰਿਵਾਰ ਅਤੇ ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਦਾਸਤੋਵਸਕੀ ਨੇ ਆਪਣੇ ਸਿਰ ਹੀ ਓਟ ਲੈਣੀ ਹੈ। ਉਧਰ ਕਰਜ਼ਿਆਂ ਦੀ ਵਸੂਲੀ ਵਾਲੇ ਲੈਣਦਾਰਾਂ ਨੇ ਉਸਦਾ ਸਾਹ ਲੈਣਾ ਵੀ ਔਖਾ ਕਰ ਦੇਣਾ ਹੈ।
...ਹੁਣ ਇਹ ਹੈ ਉਹ ਮਾਰੂ ਪਿਛੋਕੜ ਜਦੋਂ ਬਾਬਾ ਜੀ ਆਪਦਾ ਸਾਰਾ ਧਿਆਨ ‘ਇਪਾਕ‘ ਨੂੰ ਸਫ਼ਲ ਬਣਾਉਣ ‘ਤੇ ਕੇਂਦਰਿਤ ਕਰ ਰਹੇ ਹਨ ਕਿ ਨਵਾਂ ਕੌਤਕ ਵਿੱਚ ਹੋਰ ਵਾਪਰੇਗਾ। ਸੁਸਲੋਵਾ ਦੇ ਹਾਰ ਹੀ ਅੰਨਾ ਕੋਰਵਿਨ ਕਰੂਕੌਵਸਕਾਇਆ ਨਾਂ ਦੀ 20-21 ਵਰ੍ਹਿਆਂ ਦੀ ਹੀ ਉਸ ਤੋਂ ਵੀ ਕਿਤੇ ਵਧ ਹੁਸੀਨ ਅਤੇ ਜ਼ਹੀਨ ਇਕ ਹੋਰ ਲੜਕੀ ਆਪਦੀ ਕਹਾਣੀ ਅਤੇ ਇਕ ਤਰਾਸਦਿਕ ਥੀਮ ‘ਤੇ ਅਧਾਰਤ ਆਪਦਾ ਨਾਵਲ ‘ਮੈਗਜ਼ੀਨ‘ ਵਿਚ ਛਪਵਾਉਣ ਲਈ ਭੇਜ ਦੇਵੇਗੀ।
ਇੱਥੇ ਬਾਬਿਆਂ ਦੇ ਤੀਸਰੇ ਨੇਤਰ ਦੀ ਜ਼ਰਾ ਕਰਾਮਾਤ ਵੇਖੋ । ਉਨ੍ਹਾਂ ਨੇ ਜਦੇ ਹੀ ਅੰਨਾ ਨੂੰ ਕਹਾਣੀਆਂ ਦੇ ਮਿਹਨਤਾਨੇ ਦੀ ਰਕਮ ਤਾਂ ਭੇਜੀ ਹੀ ਭੇਜੀ ਨਾਲ ਹੀ ਮੁਲਾਕਾਤ ਲਈ ਸਮਾਂ ਵੀ ਮੰਗ ਲਿਆ ਅਤੇ 28 ਫਰਵਰੀ 1865 ਨੂੰ ਉਹ ਮਿਲ ਵੀ ਗਿਆ। ਅੰਨਾ ਦੇ ਸੁਨਹਿਰੀ ਵਾਲ ਅਤੇ ਹਰੇ ਰੰਗ ਦੀਆਂ ਅੱਖਾਂ- ਵੇਂਹਦੇ ਸਾਰ ਹੀ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਮੂਰਛਿਤ ਹੀ ਹੋ ਜਾਣਾ ਹੈ; ਇਕ ਵਾਰ ਮੁੜ ਆਪੇ ਦੀ ਸਾਰੀ ਸੁੱਧ-ਬੁੱਧ ਭੁਲਾ ਬਹਿਣੀ ਹੈ।
ਹੁਣ ਬੇਹਤਰ ਰਹੇਗਾ ਕਿ ਬਿਰਤਾਂਤ ਨੂੰ ਅਗੇ ਵਧਾਉਣ ਤੋਂ ਪਹਿਲਾਂ ਪਿਆਰੇ ਪੰਜਾਬੀ ਪਾਠਕਾਂ ਨਾਲ ਅੰਨਾ ਨਾਂ ਦੀ ਇਸ ਲੜਕੀ ਜੋ ਕਿ ਪਿਛੋਂ ਸੋਫੀਆ ਕੋਵਾਲੋਵਸਕੀ ਦੇ ਨਾਂ ਨਾਲ ਮਹਾਨ ਗਣਿਤ ਸ਼ਾਸਤਰੀ ਵਜੋਂ ਜਗਤ ਵਿੱਚ ਪ੍ਰਸਿੱਧ ਹੋਈ- ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰ ਲਈ ਜਾਵੇ।1850 ਵਿੱਚ ਪੈਦਾ ਹੋਈ ਅੰਨਾ ਦਾ ਪਿਛੋਕੜ ਪਿਤਾ ਵਲੋਂ ਹੰਗੇਰੀਅਨ ਸ਼ਹਿਨਸ਼ਾਹਾਂ ਨਾਲ ਜਾ ਜੁੜਦਾ ਹੈ।ਸੁਸਲੋਵਾ ਦੀ ਵੱਡੀ ਭੈਣ ਨਦੇਜ਼ਦਾ ਵਾਂਗ ਹੀ ਉਹ ਜ਼ਾਰਸ਼ਾਹੀ ਅਤੇ ਇਨਸਾਨ ਦੀ ਸ਼ਾਨ ਦੀ ਤੌਹੀਨ ਕਰਨ ਵਾਲੇ ਹਰ ਤਰ੍ਹਾਂ ਦੇ ਜਗੀਰਦਾਰਾਨਾ ਦੇ ਜ਼ਬਰ ਜ਼ੁਲਮ ਦੀ ਕੱਟੜ ਵਿਰੋਧੀ ਹੈ ਅਤੇ ਉਸ ਵਾਂਗ ਉਹ ਵੀ ਮਹਿਜ਼ 16-17 ਵਰ੍ਹਿਆਂ ਦੀ ਉਮਰ ਤੋਂ ਹੀ ਰੂਸੀ ਨੇਹਵਾਦੀ ਇਨਕਲਾਬੀ ਸੰਗਠਨ ਦੀ ਮੈਂਬਰ ਹੈ। ਹਾਇਰ ਮੈਥੇਮੈਟਿਕਸ ਦੀ ਵਿਸ਼ਵ ਦੀ ਉਹ ਪਹਿਲੀ ਮਹਿਲਾ ਪ੍ਰੋਫੈਸਰ ਬਣੇਗੀ। ਗਣਿਤ ਸ਼ਾਸਤਰ ਵਿਚ ਅਹਿਮ ਦੇਣ ਲਈ ਉਸ ਫਰੈਂਚ ਅਕੈਡਮੀ ਆਫ ਸਾਇੰਸ ਤੋਂ ਇਨਾਮ ਹਾਸਲ ਕੀਤਾ ਜੋ ਕਿ ਅੱਜ ਦੇ ਨੋਬਲ ਇਨਾਮ ਦੇ ਬਰਾਬਰ ਹੈ। ਪ੍ਰੰਤੂ ਮਹਿਜ਼ 40 ਕੁ ਵਰ੍ਹਿਆਂ ਤੇ ਸਾਲ 1891 ਦੇ ਸ਼ੁਰੂ ਵਿਚ ਹੀ ਉਸਦੀ ਮੌਤ ਹੋ ਜਾਵੇਗੀ। ਸਾਲ 1983 ਵਿਚ ਡੌਨ ਕੈਨੇਡੀ ਵਲੋਂ ‘ਲਿਟਲ ਸਪੈਰੋ : ਏ ਪੌਰਟਰੇਟ ਆਫ ਕੋਵਾਲੇਵਸਕੀ‘ ਸਿਰਲੇਖ ਹੇਠ ਲਿਖੀ ਉਸਦੀ ਜੀਵਨੀ ਬੇਹਦ ਦਿਲਚਸਪ ਹੈ ਅਤੇ ਜ਼ਾਹਿਰ ਹੈ ਕਿ ਅਸੀਂ ਚਾਹਾਂਗੇ ਕਿ ਉਸਨੂੰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਸਾਰੇ ਹੀ ਪੜ੍ਹਨ।
ਮਹਾਂ ਪੁਰਖ ਨੇ ਉਸਨੂੰ ਵਿਆਹ ਲਈ ਕਿੰਝ ਤਜਵੀਜ਼ ਕੀਤਾ ਅਤੇ ਕਹਾਣੀ ਕਿਵੇਂ ਮੁੱਕੀ ਯਾਰਮੋਲਿੰਸਕੀ ਨੇ ਪੁਸਤਕ ਦੇ ਪੰਨਾ 201 ਤੋਂ 205 ਤਕ ਬੜੇ ਰੌਚਿਕ ਅੰਦਾਜ਼ ਵਿਚ ਸੁਣਾਈ ਹੋਈ ਹੈ। ਅਸੀਂ ਇਸਨੂੰ ਇਥੇ ਹੀ ਬੰਦ ਕਰਦੇ ਹਾਂ; ਸਾਡੇ ਆਪਣੇ ਹਾਲੀਆ ਏਜੰਡੇ ਵਿਚ ਇਸਦੇ ਹੋਰ ਵਿਸਥਾਰ ਦੀ ਜ਼ਰੂਰਤ ਨਹੀਂ ਹੈ।
ਅੰਨਾ ਦੇ ਨਾਂਹ ਕਹਿ ਦੇਣ ‘ਤੇ ਦਾਸਤੋਵਸਕੀ ਦਾ ਦਿਲ ਤਾਂ ਟੁੱਟੇਗਾ; ਪਹਿਲਾ ਵੀ ਬਥੇਰੀ ਵਾਰ ਟੁੱਟਿਆ ਹੈ ਪਰ ਉਹ ਹਾਰੇਗਾ ਨਹੀਂ। ਯਾਰਮੋਲਿੰਸਕੀ ਦੀ ਪੁਸਤਕ ਦੇ 211 ਪੰਨੇ ‘ਤੇ ਦਰਜ਼ ਇਕ ਹਵਾਲੇ ਅਨੁਸਾਰ ਬਾਬੇ ਵਲੋਂ ਸਾਲ 1866 ਦੇ ਸ਼ੁਰੂ ਵਿਚ ਆਪਦੇ ਕਿਸੇ ਮਿੱਤਰ ਨੂੰ ਲਿਖੀਆਂ ਸਤਰਾਂ ਜ਼ਰਾ ਵੇਖੋ:
“ਇਹ ਨਾ ਸਮਝ ਲਿਓ ਕਿ ਮੈਂ ਹਾਰ ਗਿਆ ਹਾਂ। ਨਹੀਂ ਕਦੀ ਵੀ ਨਹੀਂ-ਖੁਸ਼ੀ ਤੇ ਸੁਹੱਪਣ ਦੇ ਅਨੇਕ ਪਲ ਹਨ। ਜ਼ਿੰਦਗੀ ਅਤੇ ਆਸ ਦਾ ਪੱਲਾ ਮੈਂ ਕਦੀ ਵੀ ਛੱਡਿਆ ਨਹੀਂ। ਮਸੂਮ ਬੱਚੇ ਦੀ ਮੁਸਕਰਾਹਟ, ਕਿਸੇ ਸੋਹਣੀ ਕੁੜੀ ਦੇ ਸੰਗੀਤਮਈ ਲਹਿਜੇ ‘ਚ ਉਚਰੇ ਚੰਦ ਬੋਲ ਤੇ ਫੁੱਲਾਂ ਨੂੰ ਖਿੜਦੇ ਵੇਖਣਾ - ਜਿਉਣ ਦੀ ਨਿਰੰਤਰ ਚਾਹਤ ਲਈ ਕੀ ਏਨੀਆਂ ਕੁ ਗੱਲਾਂ ਕਾਫੀ ਨਹੀਂ ਹਨ।”
ਸਾਡੇ ਆਪਣੇ ਪਟਿਆਲੇ ਵਾਲੇ ਲਾਲੀ ਬਾਬਾ ਜੀ ਦੀ ਫਿਓਦਰ ਮਹਾਨ ਨਾਲ ਕਿਸੇ ਵੀ ਨੁਕਤੇ ਤੇ ਤੁਲਨਾ ਕਰਨ ਦਾ ਸਾਡਾ ਮਨ ਬਿਲਕੁਲ ਨਹੀਂ ਹੈ। ਪ੍ਰੰਤੂ ਜ਼ਿੰਦਗੀ ‘ਚ ਸੁਹੱਪਣ ਦੇ ਮੇਲੇ ਨੂੰ ਨਿਹਾਰਨ ਦੀ ਜਿਸ ਕਿਸਮ ਦੀ ਅਸੀਮ ਲੋਚਾ ਦਾਸਤੋਵਸਕੀ ਦੇ ਰੋਮ ਰੋਮ ਵਿਚ ਸਮਾਈ ਹੋਈ ਹੈ ਉਸ ਬਾਰੇ ਸੋਚਦਿਆਂ ਅਕਸਰ ਹੀ ਸਾਨੂੰ ਲਗਦਾ ਹੈ ਕਿ ਆਪਣੇ ਹੀ ਅੰਦਾਜ਼ ਵਿਚ ਲਾਲੀ ਬਾਬਾ ਜੀ ਦੇ ਮਨ ਅੰਦਰ ਅਜਿਹੀ ਲੋਚਾ ਕਿਵੇਂ ਵੀ ਮਹਾਂ ਪੁਰਖਾਂ ਨਾਲੋਂ ਘੱਟ ਨਹੀਂ ਸੀ। ਦਾਸਤੋਵਸਕੀ ਅਤੇ ਸੁਸਲੋਵਾ ਦੀ ‘ਮੁਹੱਬਤ‘ ਦਾ ਕਿੱਸਾ ਸਾਡੇ ਬਾਬੇ ਨੇ ਇਕ ਰਾਤ ਇਸ ਅੰਦਾਜ਼ ਵਿਚ ਸੁਣਾਇਆ ਸੀ ਕਿ ਇਰਦ ਗਿਰਦ ਬੈਠੇ ‘ਦਰਸ਼ਕਾਂ‘ ਦੀ ਅਸ਼ ਅਸ਼ ਕਰਵਾ ਦਿਤੀ ਸੀ। ਦਰਅਸਲ ਹੋਇਆ ਇਹ ਸੀ ਕਿ ਮੇਰੇ ਬਚਪਨ ਦੇ ਮਿੱਤਰ ਕੰਵਲਜੀਤ ਸਿੰਘ ਸੰਧੂ ਨੇ ‘ਗੈਂਬਲਰ‘ ਨਾਂ ਦੇ ਨਾਵਲਿਟ ਦਾ ਪਾਠ ‘ਕਰਾਮਾਜ਼ੋਵ ਭਰਾਵਾਂ‘ ਦੀ ਪੜ੍ਹਤ ਤੋਂ ਬਾਅਦ ਕੀਤਾ ਸੀ ਅਤੇ ਉਹ ਓਦਣ ਵੀ ਮੈਨੂੰ ਮਿਲਣ ਆਇਆ ਹੋਇਆ ਸੀ। ਦੀਵਾਲੀ ਦੇ ਆਸ ਪਾਸ ਦੇ ਦਿਨਾਂ ਦੀ ਬੇਹਦ ਮਨਮੋਹਕ ਸ਼ਾਮ ਸੀ। ਲਾਲੀ ਬਾਬਾ ਜੀ ਅਚਾਨਕ ਹੀ ਗੋਲ ਮਾਰਕੀਟ ਅੰਦਰ ਬੈਠੇ ਮਿਲ ਗਏ। ‘ਗੈਂਬਲਰ‘ ਦਾ ਜ਼ਿਕਰ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਦਾ ਲੰਮਾ ਜਾਦੂਮਈ ਪ੍ਰਵਚਨ ਸ਼ੁਰੂ ਹੋ ਗਿਆ ਸੀ ਅਤੇ ਦੋ ਘੰਟਿਆਂ ਤੋਂ ਵੱਧ ਸਮੇਂ ਤਕ ਸੁਸਲੋਵਾ ਅਤੇ ਉਸਦੇ ਨਾਵਲਿਟ ਦੀ ਨਾਇਕਾ ਦੀਆਂ ਸ਼ਖ਼ਸੀਅਤਾਂ ਬਾਰੇ ਵੱਖ-ਵੱਖ ਪਰਤਾਂ ਦੇ ਵੇਰਵੇ ਖੁਲ੍ਹਦੇ ਚਲੇ ਗਏ ਸਨ। ਸੋਫੀਆ ਕੋਵਾਲੇਵਸਕੀ ਦਾ ਜ਼ਿਕਰ ਵੀ ਅਸੀਂ ਪਹਿਲੀ ਵਾਰੀਂ ਉਨ੍ਹਾਂ ਦੇ ਮੂੰਹੋਂ ਓਦਣ ਹੀ ਸੁਣਿਆ ਸੀ।
...
...ਮਹਾਂ ਪੁਰਖ ਦੀ ਆਸ ਨੂੰ ਸਚੀਂ ਹੀ ਬੂਰ ਪਿਆ। ਉਹ ‘ਜੁਰਮ ਅਤੇ ਸਜਾ‘ ਦੀ ਸਿਰਜਣਾ ਦੀ ਤਿਆਰੀ ਕਰਦਿਆਂ ਸੁਸਲੋਵਾ ਨਾਲ ਆਪਣੀ ਜਾਨਲੇਵਾ-ਮੁਹੱਬਤ ਦੀ ਬਾਜੀ ‘ਚ ਤਾਂ ਮਾਤ ਖਾ ਗਿਆ, ਉਸੇ ਅਰਸੇ ਦੌਰਾਨ ਜੂਏ ਦੀ ਖੇਡ ਵਿੱਚ ਹੋਈਆਂ ਹਾਰਾਂ ‘ਤੇ ਅਧਾਰਤ ‘ਗੈਂਬਲਰ‘ ਨਾਂ ਦਾ ਨਾਵਲਿਟ ਲਿਖਣ ਬਾਰੇ ਸੋਚ ਹੀ ਰਿਹਾ ਸੀ ਕਿ ਰੱਬ ਸੱਚਾ ਸਾਲ 1867 ਦੇ ਪਹਿਲੇ ਜਾਂ ਸ਼ਾਇਦ ਦੂਸਰੇ ਮਹੀਨੇ ਅੰਨਾ ਗਰੀਗੋਰੀਏਵਨਾ ਦੇ ਰੂਪ ਵਿਚ ਦਾਸਤੋਵਸਕੀ ਦੇ ਮਨ ਦੇ ਅਸੀਮ ਅਸ਼ਾਂਤ ਸਮੁੰਦਰਾਂ ‘ਤੇ ਰਹਿਮਤ ਦਾ ਮੀਂਹ ਬਰਸਾਉਣ ਲਈ ਐਤਕਾਂ ਦੀ ਵਾਰ ‘ਮਰ ਜਾਣੀ‘ ਸੁਸਲੋਵਾ ਵਰਗੀ ਨਹੀਂ ਬਲਕਿ ਚਰਨਜੀਤ (ਇੰਦਰਜੀਤ/ਇਮਰੋਜ) ਵਰਗੀ ਸ਼ਾਂਤ ਰੂਹ ਵਾਲੀ ਅਜਿਹੀ ਔਰਤ ਨੂੰ ਭੇਜੇਗਾ ਜੋ ਇਕੋ ਸਮੇਂ ਮਹਾਂ ਪੁਰਖ ਦੀ ਬਕੌਲ ਲਾਲੀ ਬਾਬਾ ਧੀ, ਭੈਣ, ਪਤਨੀ ਅਤੇ ਮਾਂ- ਫੋਰ-ਇਨ-ਵੰਨ ਹੋਵੇਗੀ। ਅਜੀਬ ਇਤਫ਼ਾਕ ਹੈ ਉਮਰ ਅੰਨਾ ਦੀ ਵੀ ਉਹੋ 20 ਸਾਲ ਹੈ ਜਿਸ ਉਮਰ ਵਿੱਚ ਉਸ ਦੇ ਖੁਆਬਾਂ ਵਿਚ ਭੁਚਾਲ ਲਿਆ ਦੇਣ ਲਈ ਅਪੋਲੀਨੇਰੀਆ ਸੁਸਲੋਵਾ ਨਮੂਦਾਰ ਹੋਈ ਸੀ।
ਮੁਲਾਕਾਤ ਦੇ ਮਹੀਨੇ ਕੁ ਬਾਅਦ ਹੀ ਬਾਬੇ ਫਿਰ ਵਿਆਹ ਲਈ ਤਜਵੀਜ਼ ਕਰਨਗੇ। ਪਰ ਇਸ ਵਾਰ ਹਾਰ ਹੋਣੀ ਨੂੰ ਮੰਨਣੀ ਪਵੇਗੀ।...ਅੰਨਾ ਗਰੀਗੋਰੀਏਵਨਾ ਤਜਵੀਜ਼ ਸੁਣਦਿਆਂ ਹੀ ਧੰਨ ਹੋ ਜਾਵੇਗੀ ਅਤੇ ਇਕ ਪਲ ਵੀ ਸੋਚੇ ਬਗੈਰ ਤੁਰੰਤ ਹਾਂ ਕਹਿ ਦੇਵੇਗੀ। ਵਿਸਥਾਰਤ ਵੇਰਵੇ ਦੀ ਜ਼ਰੂਰਤ ਨਹੀਂ ਹੈ। ਅਸੀਂ ਇਹ ਮੰਨ ਕੇ ਚਲਾਂਗੇ ਕਿ ਸਾਹਿਤ ਦੇ ਵਿਦਿਆਰਥੀ ਨੂੰ ਇਸ ਕਥਾ ਤੇ ਕੌਤਕ ਦਾ ਪਤਾ ਹੀ ਹੈ। ਸਗੋਂ ਇਸ ਮੋੜ ‘ਤੇ ਬੇਹਤਰ ਹੈ ਕਿ ਹੁਣ ਮਰੀਨਾ ਸਵੇਤੇਵਾ ਦੀ ਵਿਚਾਲੇ ਛੱਡੀ ਜੀਵਨ ਕਥਾ ਵੱਲ ਵਾਪਸ ਪਰਤਿਆ ਜਾਵੇ। ਮਾਨਵੀ ਭਾਵਾਂ ਦੀਆਂ ਉਦਾਤ ਸਿਖ਼ਰਾਂ ਨੂੰ ਛੂਹਣ ਅਤੇ ਕੁਦਰਤ ਵਲੋਂ ਬਖਸ਼ੀ ਇਕੋ ਇਕ ਜ਼ਿੰਦਗੀ ਦੇ ਹਰ ਰੰਗ ਨੂੰ ਜਿਉਂ ਕੇ ਵੇਖਣ ਦੀ ਨਿਰੰਤਰ ਤੜਪ ਦੇ ਮਾਮਲੇ ਵਿਚ ਮਰੀਨਾ ਦਾਸਤੋਵਸਕੀ ਬਾਬਾ ਜੀ ਦੀ ਇਕ ਹੋਰ ਭੈਣ ਹੀ ਤਾਂ ਹੈ। ਦਾਸਤੋਵਸਕੀ ਦੀ ਲੀਲਾ ਅਗਾਊਂ ਸੁਨਾਉਣ ਦਾ ਉਦੇਸ਼ ਇਹ ਵੀ ਸੀ ਕਿ ਸਾਡੇ ਮਿੱਤਰ ਜ਼ਿਆਦਾ ਤ੍ਰਭਕ ਨਾ ਜਾਵਣ।
...
ਮੁਹੱਬਤ ਦਾ ਪਹਿਲਾ ਅਨੁਭਵ ਹੋਣ ਸਮੇਂ ਮਰੀਨਾ ਮਾਸਕੋ ਵਿਚ ਹੈ ਅਤੇ ਉਸ ਦੀਆਂ ਕਵਿਤਾਵਾਂ ਦੀ ਪਹਿਲੀ ਪੁਸਤਕ ਛਪ ਚੁਕੀ ਹੈ। ਕਰੀਮੀਆ ਖੇਤਰ ਵਿਚ ਕੌਕਟੇਬਲ ਵਿਖੇ ਮੈਕਸ ਵੋਲੋਸ਼ਿਨ ਦੀ ਮਾਂ ਦਾ ਘਰ ਜੋ ਕਿ ਕਲਾਕਾਰਾਂ ਲਈ ਮਾਨੋ ਮੱਕਾ ਹੈ। ਮਰੀਨਾ ਸਾਲ 1911 ਦੇ ਪਹਿਲੇ ਅੱਧ ਦੇ ਖਾਤਮੇ ਤੋਂ ਪਹਿਲਾਂ ਹੀ ਉੱਥੇ ਚਲੀ ਜਾਂਦੀ ਹੈ। ਉੱਥੇ ਉਸਦਾ ਵਾਹ, ਆਪ ਤੋਂ ਇਕ ਵਰ੍ਹਾ ਛੋਟੇ, ਜਾਨੀ 17 ਵਰ੍ਹਿਆਂ ਦੇ ਸਰਗੇਈ ਏਫਰੋਨ ਨਾਂ ਦੇ ਦੁਬਲੇ, ਪਤਲੇ, ਸੰਗਾਊ ਜਿਹੇ ਪ੍ਰੰਤੂ ਅਤਿਅੰਤ ਨਿਰਛਲ, ਪਿਆਰੇ ਅਤੇ ਬੇਹੱਦ ਸੰਵੇਦਨਸ਼ੀਲ ਯੁਵਕ ਨਾਲ ਪੈ ਜਾਂਦਾ ਅਤੇ ਪਹਿਲੀ ਨਜ਼ਰ ਹੀ ਦੋਵਾਂ ਨੂੰ ਇਕ ਦੂਜੇ ਨਾਲ ਮੁਹੱਬਤ ਹੋ ਜਾਂਦੀ ਹੈ।ਉਨ੍ਹਾਂ ਨੂੰ ਅਗਲੇ ਦੋ-ਤਿੰਨ ਸਾਲ ਇਹੋ ਹੀ ਲਗਦਾ ਰਹਿਣਾ ਹੈ ਜਿਵੇਂ ਯੁਗਾਂ ਯੁਗਾਤਰਾਂ ਤੋਂ ਇਕ ਦੂਸਰੇ ਨੂੰ ਹੀ ਤਲਾਸ਼ ਕਰ ਰਹੇ ਹੋਵਣ।
ਸਰਗੇਈ ਏਫਰੋਨ ਦੀ ਮਾਂ ਇਲੈਜਾਵੇਤਾ ਦੂਰਨੋਵੋ ਅਤੇ ਪਿਤਾ ਯਕੋਵ ਏਫਰੋਨ- ਦੋਵੇਂ ਉਚ ਕੁਲੀਨ ਵਰਗ ਵਿਚੋਂ ਹਨ ਅਤੇ 70ਵਿਆਂ ਦੇ ਰੂਸ ਦੀ ਉਸੇ ਪੀੜ੍ਹੀ ਨਾਲ ਸਬੰਧਤ ਸਨ ਜਿਨ੍ਹਾਂ ਨੇ ਨੇਂਹਵਾਦੀ ਇਨਕਲਾਬੀ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਦੁਨੀਆ ਵਿਚ ਹੱਕ, ਸੱਚ, ਇਨਸਾਨ ਦੇ ਆਦਰਸ਼ਾਂ ‘ਤੇ ਅਧਾਰਤ ਨਵੇਂ ਸਮਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰ ਦਿੱਤੀਆਂ। ਇਲੇਜਾਵੇਤਾ ਦੂਰੋਨੋਵੋ ਜ਼ਾਰ ਨਿਕੋਲਸ ਪਹਿਲੇ ਦੇ ਸਿਰੇ ਦੇ ਵਿਸ਼ਵਾਸ ਪਾਤਰ ਐਡਜੁਟੈਂਟ ਦੀ ਧੀ ਹੈ ਬਹੁਤ ਹੀ ਲਾਡਾਂ ਪਿਆਰਾਂ ਨਾਲ ਪਾਲੀ ਹੋਈ। ਉਹ ਮਾਸਕੋ ਟੈਕਨੀਕਲ ਕਾਲਜ ਨਾਂ ਦੇ ਵਕਾਰੀ ਅਦਾਰੇ ਵਿਚ ਉਚ ਸਿੱਖਿਆ ਪ੍ਰਾਪਤ ਕਰ ਰਹੀ ਸੀ ਜਦੋਂ ਉਸਦਾ ਸੰਪਰਕ ਯੋਕਵ ਏਫਰੋਨ ਨਾਲ ਹੋਇਆ। ਉਮਰ ਉਨ੍ਹਾਂ ਦੀ ਉਦੋਂ 22-23 ਵਰ੍ਹਿਆਂ ਦੀ ਸੀ ਅਤੇ ਦੋਵੇਂ ਇਕੱਠੇ ਹੀ ਅੰਡਰਗਰਾਊਂਡ ਸੰਗਠਨ ਦੇ ਮੈਂਬਰ ਬਣ ਗਏ। 26 ਫਰਵਰੀ 1879 ਨੂੰ ਯਕੋਵ ਨੇ ਰੀਨਸਟੀਨ ਨਾਂ ਦੇ ਜ਼ਾਰ ਦੀ ਖੁਫ਼ੀਆ ਪੁਲੀਸ ਦੇ ਸੀਨੀਅਰ ਅਧਿਕਾਰੀ ਦੀ ਹਤਿਆ ਕਰ ਦਿਤੀ। ਜੁਲਾਈ 1880 ‘ਚ ਇਲੈਜਾਵੇਤਾ ਇਨਕਲਾਬੀ ਸਾਹਿਤ ਅਤੇ ਹਥਿਆਰ ਕਿਸੇ ਗੁਪਤ ਅੱਡੇ ਤੇ ਲਿਜਾਂਦਿਆਂ ਫੜੀ ਗਈ ਅਤੇ ਉਸਨੂੰ ਉਨ੍ਹਾਂ ਸਮਿਆਂ ਦੇ ਬਦਨਾਮ ਪੀਟਰ ਐਂਡ ਪਾਲ ਕਿਲੇ ਦੀ ਕੈਦ ਵਿਚ ਸੁੱਟ ਦਿਤਾ ਗਿਆ। ਵਰ੍ਹਿਆਂ ਪਿਛੋਂ ਕਿਵੇਂ ਨਾ ਕਿਵੇਂ ਉਹ ਕੈਦ ਵਿਚੋਂ ਨਿਕਲ ਕੇ ਰੂਸ ਤੋਂ ਬਾਹਰ ਜਾਣ ਵਿਚ ਸਫ਼ਲ ਹੋ ਗਏ।ਉਨ੍ਹਾਂ ਵਿਆਹ ਕਰਵਾ ਲਿਆ।ਤਿੰਨ ਉਨ੍ਹਾਂ ਦੇ ਬੱਚੇ ਹੋਏ।ਜ਼ਿੰਦਗੀ ਇੰਤਹਾਈ ਮੁਸ਼ਕਲਾਂ ਭਰੀ ਸੀ। ਸਰਗੇਈ ਏਫਰੋਨ ਸਾਲ 1895 ‘ਚ ਪੈਦਾ ਹੋਣ ਵਾਲਾ ਉਨ੍ਹਾਂ ਦਾ ਚੌਥਾ ਜਾਂ ਪੰਜਵਾਂ ਬੱਚਾ ਸੀ। ਪਹਿਲੇ ਤਿੰਨੇ ਬੱਚੇ ਬਿਮਾਰੀ ਅਤੇ ਵਕਤ ਸਿਰ ਦਵਾਈਆਂ ਦਾ ਪ੍ਰਬੰਧ ਨਾ ਹੋ ਸਕਣ ਕਾਰਨ ਹੀ ਮਰ ਜਾਂਦੇ ਰਹੇ। ਸਾਲ 1900 ਦੇ ਆਸ ਪਾਸ ਉਹ ਜ਼ਾਰ ਵਿਰੁੱਧ ਗਤੀਵਿਧੀਆਂ ਜਾਰੀ ਰੱਖਣ ਲਈ ਰੂਸ ਵਾਪਸ ਪਰਤ ਆਏ। ਦੂਰਨੋਵੋ ਦਾ ਪਰਿਵਾਰ ਬਹੁਤ ਅਮੀਰ ਸੀ ਪ੍ਰੰਤੂ ਤਰਸ ਦੇ ਅਧਾਰ ‘ਤੇ ਉਨ੍ਹਾਂ ਕੋਲੋਂ ਕੋਈ ਵੀ ਮਦਦ ਲੈਣੀ ਉਸਦੇ ਆਤਮ ਸਨਮਾਨ ਨੂੰ ਮਨਜ਼ੂਰ ਨਹੀਂ ਸੀ। ਉਲਟਾ ਉਨ੍ਹਾਂ ਨੇ ਸਾਲ 1905 ਦੇ ਇਨਕਲਾਬ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਪ੍ਰੇਸ਼ਾਨੀਆਂ ਉਨ੍ਹਾਂ ਦੀਆਂ ਹੋਰ ਵੀ ਜ਼ਿਆਦਾ ਵੱਧ ਗਈਆਂ।
ਬੜੀ ਮੁਸ਼ਕਲ ਨਾਲ ਉਹ ਆਪਣੇ ਦੋ ਬੱਚਿਆਂ ਨੂੰ ਲੈ ਕੇ ਇਕ ਵਾਰ ਮੁੜ ਰੂਸ ਤੋਂ ਬਾਹਰ ਨਿਕਲੇ। ਪਰ ਜਲਦੀ ਹੀ ਬਾਅਦ ਮਾਮੂਲੀ ਬਿਮਾਰੀ ਪਿਛੋਂ ਯਕੋਵ ਏਫਰੋਨ ਦੀ ਮੌਤ ਹੋ ਗਈ। ਪ੍ਰੰਤੂ ਪਰਿਵਾਰ ਦੀ ਬਿਪਤਾ ਅਜੇ ਮੁੱਕੀ ਨਾ- ਦੋ ਚਾਰ ਮਹੀਨਿਆਂ ਪਿਛੋਂ ਦੂਰਨੋਵੋ ਦੇ ਇਕ ਹੋਰ ਛੋਟੇ ਪੁੱਤਰ ਦਾ ਉਸਦੇ ਹੱਥਾਂ ਵਿਚ ਹੀ ਦੇਹਾਂਤ ਹੋ ਗਿਆ। ਇਲੈਜਾਵੇਤਾ ਦੂਰਨੋਵੋ ਵਰਗੀ ਪਵਿੱਤਰ ਅਤੇ ਅਤਿਅੰਤ ਸਾਹਸੀ ਆਤਮਾ ਵਾਲੀ ਔਰਤ ਆਖਰ ਹੌਸਲਾ ਹਾਰ ਜਾਂਦੀ ਹੈ ਅਤੇ ਬੱਚੇ ਦੀ ਮੌਤ ਤੋਂ ਅਗਲੇ ਦਿਨ ਹੀ ਉਹ ਫਾਹਾ ਲੈ ਕੇ ਆਤਮ-ਹੱਤਿਆ ਕਰ ਲੈਂਦੀ ਹੈ।
ਸੋ ਇਹ ਹੈ ਸਰਗੇਈ ਏਫਰੋਨ ਅਤੇ ਮਰੀਨਾ ਦੇ ਪਰਿਵਾਰਕ ਪਿਛੋਕੜ ਦਾ ਪ੍ਰਸੰਗ। ਮਰੀਨਾ ਨੂੰ ਏਫਰੋਨ ਦੇ ਅਜਿਹੇ ਤਰਾਸਦਿਕ ਪਿਛੋਕੜ ਕਾਰਨ ਵੀ ਬੇਹੱਦ ਮੋਹ ਹੈ। ਸਰਗੇਈ ਨੂੰ ਵੀ ਪਤਨੀ ਤੋਂ ਵੱਧ ਵੱਡੀ ਭੈਣ ਜਾਂ ਕਿਸੇ ਮਮਤਾ ਖੋਰੀ ਮਾਂ ਵਾਂਗ ਵਧੇਰੇ ਲਗਦੀ ਹੈ। ਸਤੰਬਰ 1912 ਵਿੱਚ ਉਨ੍ਹਾਂ ਦੇ ਘਰੇ ਆਲੀਆ ਨਾਂ ਦੀ ਪਿਆਰੀ ਬੱਚੀ ਪੈਦਾ ਹੋ ਜਾਂਦੀ ਹੈ। ਇਸੇ ਵਰ੍ਹੇ ‘ਮੈਜਿਕ ਲੈਨਟਰਿਨ‘ ਸਿਰਲੇਖ ਹੇਠ ਉਸਦੀ ਕਵਿਤਾਵਾਂ ਦੀ ਦੂਸਰੀ ਕਿਤਾਬ ਪ੍ਰਕਾਸ਼ਿਤ ਹੁੰਦੀ ਹੈ।ਇਨ੍ਹਾਂ ਵਿਚੋਂ ਜਿਆਦਾ ਕਵਿਤਾਵਾਂ ਸਰਗੇਈ ਲਈ ਉਸਦੀ ਅਸੀਮ ਮੁਹੱਬਤ ਨੂੰ ਹੀ ਸਮਰਪਿਤ ਹਨ। ਅਗਲੇ ਵਰ੍ਹੇ ਉਨ੍ਹਾਂ ਦੇ ਜੀਵਨ ਵਿਚ ਖੁਸ਼ੀ ਦੀ ਸਿਖ਼ਰ ਦੇ ਪਲ ਉਸ ਸਮੇਂ ਆਉਂਦੇ ਹਨ ਜਦੋਂ ਮਰੀਨਾ ਦਾ ਪਿਤਾ ਪ੍ਰੋਫੈਸਰ ਇਵਾਨ ਸਵੇਤਾਯੇਵ (ਸੁਤੇਵ) ਆਪਦੀ ਮਿਊਜੀਅਮ ਆਫ਼ ਫਾਈਨ ਆਰਟਸ ਨਾਂ ਦੀ ਵਿਲੱਖਣ ਕਲਾ ਸੰਸਥਾਕਾਇਮ ਕਰਦਾ ਹੈ - ਜਿਸਦਾ ਉਦਘਾਟਨ ਕਰਨ ਲਈ ਜ਼ਾਰ ਨਿਕੋਲਸ ਅਤੇ ਜਰੀਨਾ ਖੁਦ ਹਾਜ਼ਰ ਹੁੰਦੇ ਹਨ। ਪ੍ਰੋਫੈਸਰ ਸਵੇਤਾਯੇਵ (ਸੁਤੇਵ) ਨੂੰ ਆਰਡਰ ਆਫ ਦਾ ਗਾਰਡੀਅਨ ਆਫ ਆਨਰ ਦੇ ਖਿਤਾਬ ਨਾਲ ਸਨਮਾਨਤ ਕੀਤਾ ਜਾਂਦਾ ਹੈ।
...ਤੇ ਮਾਨੋ ਇਨ੍ਹਾਂ ਦਿਨਾਂ ਵਿਚ ਹੀ ਪਰਿਵਾਰ ਨੂੰ ਕਿਸੇ ਦੀ ‘ਚੰਦਰੀ ਨਜ਼ਰ‘ ਲਗ ਗਈ। ਅਗਸਤ 1913 ਦੇ ਆਖਰੀ ਦਿਨ ਪ੍ਰੋਫੈਸਰ ਸਵੇਤਾਯੇਵ ਦੀ ਅਚਾਨਕ ਬੈਠਿਆਂ ਬੈਠਿਆਂ ਹੀ ਮੌਤ ਹੋ ਜਾਵੇਗੀ। ਪਿਤਾ ਦੀ ਮੌਤ ਤੋਂ ਬਾਅਦ ਭਾਰੀ ਉਦਾਸੀ ਦੇ ਬਾਵਜੂਦ ਮਰੀਨਾ ਆਪਣੇ ਪਤੀ ਅਤੇ ਬੱਚੇ ਨਾਲ ਬੇਹੱਦ ਸੰਤੁਸ਼ਟ ਹੈ। ਸਾਈਮਨ ਕਾਰਲਿੰਸਕੀ ਦੀ ਮਰੀਨਾ ਸਵੈਤਾਯੇਵਾ ਦੇ ਕਲਾ ਜਗਤ ਬਾਰੇ ਲਿਖੀ ਪੁਸਤਕ ਵਿਚ ਇਸ ਕਿਸਮ ਦੇ ਕਈ ਸੰਕੇਤ ਦਰਜ ਹਨ। ਇਸੇ ਕਿਤਾਬ ਅਨੁਸਾਰ 7 ਮਾਰਚ, 1914 ਨੂੰ ਆਪਣੇ ਕਿਸੇ ਦੋਸਤ ਨੂੰ ਲਿਖੇ ਖ਼ਤ ਵਿਚ ਉਹ ਦਾਅਵਾ ਕਰਦੀ ਹੈ:
“ਸਰਗੇਈ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਕਦੀ ਵੀ ਮੁਹੱਬਤ ਨਹੀਂ ਕਰ ਸਕਦੀ- ਮੇਰੇ ਦਾਇਰੇ ਦੇ ਲੋਕਾਂ, ਮੇਰੇ ਦੋਸਤਾਂ ਮਿੱਤਰਾਂ ਵਿਚੋਂ ਹੋਰ ਕਿਸੇ ਦੇ ਵੀ ਜ਼ਿੰਦਗੀ ਪ੍ਰਤੀ ਮੇਰੇ ਚਾਵਾਂ, ਮੇਰੀਆਂ ਰੀਝਾਂ ਦਾ ਕੁਝ ਵੀ ਪਤਾ ਨਹੀਂ ਹੈ।ਬਸ ਸਰਗੇਈ ਹੈ ਜੋ ਮੇਰਾ ਸਭ ਕੁਝ ਹੈ ਅਤੇ ਉਸ ਲਈ ਮੈਂ ਉਸ ਦੀ ਸਭ ਕੁਝ ਹਾਂ। ਮੇਰਾ ਅਸਮਾਨ ਮੇਰਾ ਸਭ ਕੁਝ ਸਰਗੇਈ ਹੀ ਹੈ।”
ਪਰ ਇਹ ਸਭ ਕੁਝ ਇਵੇਂ ਰਹਿਣਾ ਨਹੀਂ ਹੈ।ਕੁਝ ਹੀ ਮਹੀਨਿਆਂ ਤਕ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਹੀ ਜ਼ਾਰ ਦੇ ਇਸ ਵਿਚ ਸ਼ਾਮਲ ਹੋਣ ਨਾਲ ਸਮੁੱਚੇ ਰੂਸ ਦੀ ਬਰਬਾਦੀ ਦਾ ਮੁੱਢ ਬੱਝ ਜਾਣਾ ਹੈ ਅਤੇ ਅੰਨਾ ਆਖਮਾਤੋਵ ਦੇ ਪਹਿਲੇ ਪਤੀ ਗੁਮੀਲੀਓਵ ਵਾਂਗ ਹੀ ਸਰਗੇਈ ਏਫਰੋਨ ਨੂੰ ਵੀ ਮੁਹਾਜ਼ ‘ਤੇ ਜਾਣਾ ਪੈਣਾ ਹੈ।ਜੰਗ ਨਾਲ ਜੋ ਬਰਬਾਦੀਆਂ ਹੋਈਆਂ ਹਨ ਅਜੇ ਉਨ੍ਹਾਂ ਨੂੰ ਤਾਂ ਛੱਡੋ।... ਆਪਦੇ ਦੇਵਤਿਆਂ ਵਰਗੇ ਮਹਿਬੂਬ ਪਤੀ ਨਾਲ ਸਦੀਵੀ ਮੁਹੱਬਤ ਦੇ ਦਾਅਵੇ ਨੂੰ ਲਿਖਤੀ ਰੂਪ ਦਿੰਦਿਆਂ ਅਜੇ ਡਾਇਰੀ ਦੇ ਪੰਨਿਆਂ ਤੋਂ ਸਿਆਹੀ ਵੀ ਨਹੀਂ ਸੁਕੀ ਕਿ ਨਵਾਂ ਹੀ ਚੰਦ ਚੜ੍ਹ ਜਾਂਦਾ ਹੈ। ਮਰੀਨਾ ਦੀ ਜ਼ਿੰਦਗੀ ਵਿੱਚ ਉਸੇ ਤਰ੍ਹਾਂ ਦਾ ਕਰੁੱਖਾ ਮੋੜ ਆਉਂਦਾ ਹੈ ਜਿਸ ਤਰ੍ਹਾਂ ਦਾ ਮੋੜ ਕਿ ਪੈਗ਼ੰਬਰ ਦੀ ਜ਼ਿੰਦਗੀ ਵਿੱਚ ਸੁਸਲੋਵਾ ਅਪੋਲੀਨੇਰੀਆ ਨੂੰ ਵੇਂਹਦੇ ਸਾਰ ਆਇਆ ਸੀ। ਕਿਸੇ ਕਲਾ ਨੁਮਾਇਸ਼ ਜਾਂ ਕਵਿਤਾ ਪਾਠ ਦੌਰਾਨ ਅਚਾਨਕ ਉਸਦੀ ਮੁਲਾਕਾਤ ਆਪ ਤੋਂ 5 ਕੁ ਸਾਲ ਵਡੇਰੀ ਅਤੇ ਤਲਿਸੱਮੀ ਸ਼ਖ਼ਸੀਅਤ ਵਾਲੀ ਸੋਫੀਆ ਯਕੋਵਲੇਵਨਾ ਪਾਰਨੋਕ ਨਾਂ ਦੀ ਸ਼ਾਇਰਾ ਨਾਲ ਹੁੰਦੀ ਹੈ ਅਤੇ ਪਲਾਂ ਵਿਚ ਹੀ ਉਹੋ ਭਾਣਾ ਵਾਪਰ ਜਾਂਦਾ ਹੈ ਜਿਸ ਨੂੰ ਸਾਡੇ ਵਾਰਸ ਸ਼ਾਹ ਬਾਬੇ ਨੇ ਇਹ ਕਹਿੰਦਿਆਂ ਬਾਖੂਬੀ ਕੈਪਚਰ ਕੀਤਾ ਹੋਇਆ ਹੈ:
ਵਾਰਸ ਸ਼ਾਹ ਜਾਂ ਨੈਣਾਂ ਦਾ ਦਾਅ ਲਗੇ
ਕੋਈ ਬਚੇ ਨਾ ਜੂਏ ਦੀ ਹਾਰ ਵਿਚੋਂ।
ਮਰੀਨਾ ਸਵੈਤਾਯੇਵਾ ਸੋਫੀਆ ਪਾਰਨੋਕ ਨੂੰ ਵੇਂਹਦੀ ਹੈ ਅਤੇ ਬਸ ਵੇਂਹਦੀ ਹੀ ਰਹਿ ਜਾਂਦੀ ਹੈ। ਏਫਰੋਨ ਆਪ ਦੀ ਪਿਆਰੀ ਪਤਨੀ ਅਤੇ ਉਸਤੋਂ ਵੀ ਵੱਧ ਪਿਆਰੀ ਧੀ ਆਲੀਆ ਨੂੰ ਛੱਡ ਕੇ ਦੇਸ਼ ਭਗਤਕ ਜੰਗ ਦੇ ਮੁਹਾਜ਼ ‘ਤੇ ਜਾ ਰਿਹਾ ਹੈ ਜਦੋਂ ਕਿ ਦੂਸਰੇ ਪਾਸੇ ਐਨ ਉਸੇ ਸਮੇਂ ਮਰੀਨਾ ਮੁਹੱਬਤ ਦੀ ਅਲੌਕਿਕ ਜੰਗ ਵਿਚ ਆਪਦੀ ਹੋਣੀ ਦੀ ਥਾਹ ਪਾਉਣ ਲਈ ਸੋਫੀਆ ਪਾਰਨੋਕ ਦੇ ‘ਟਿੱਲੇ‘‘ਤੇ ਚਲੀ ਜਾਵੇਗੀ। ਜੰਗ ਵਿਚ ਰੂਸੀ ਫੌਜ਼ਾਂ ਦੀਆਂ ਸ਼ੁਰੂ ਵਿਚ ਹੀ ਲੱਕ-ਤੋੜ ਹਾਰਾਂ ਕਾਰਨ ਜ਼ਿੰਦਗੀ ਅਸਤ ਵਿਅਸਤ ਹੈ- ਪ੍ਰੰਤੂ ਮਰੀਨਾ ਨੂੰ ਕਿਸੇ ਗੱਲ ਦੀ ਕੋਈ ਸੁੱਧ ਬੁੱਧ ਨਹੀਂ ਹੈ।ਇਹ ਸਿਲਸਿਲਾ ਅਗਲੇ ਡੇਢ-ਦੋ ਵਰ੍ਹਿਆਂ ਤਕ ਜਾਰੀ ਰਹਿਣਾ ਹੈ। ਇਸ ਅਨੋਖੇ ਪ੍ਰੇਮ ਦੀ ਚਰਚਾ ਮਾਸਕੋ ਅਤੇ ਪੀਟਰਜਬਰਗ ਦੀਆਂ ਸਾਹਿਤਕ-ਸਭਿਆਚਾਰਕ ਸੱਥਾਂ ਵਿਚ ਪੂਰੇ ਜ਼ੋਰਾਂ ਸ਼ੋਰਾਂ ਨਾਲ ਜਾਰੀ ਰਹੇਗੀ। ਭਾਂਤ-ਸੁਭਾਂਤੀਆਂ ਗੱਲਾਂ ਹੋਣਗੀਆਂ- ਪ੍ਰੰਤੂ ਮਰੀਨਾ ਸਭ ਊਜਾਂ ਤੋਂ ਬੇਨਿਆਜ, ਬੇਪ੍ਰਵਾਹ ਹੈ। ਪ੍ਰਵਾਹ ਤਾਂ ਉਸਨੂੰ ਉਦੋਂ ਹੋਵੇਗੀ ਜਦੋਂ ਸੋਫੀਆ ਪਾਰਨੋਕ ਉਸ ਨਾਲ ਮੁਹੱਬਤ ਰੂਪੀ ਸ਼ਤਰੰਜ ਦੀ ਬਸਾਤ ਉਪਰ ਉਹੋ ਚਾਲਾਂ ਚਲਣੀਆਂ ਸ਼ੁਰੂ ਕਰ ਦੇਵੇਗੀ ਜਿਸ ਕਿਸਮ ਦੀਆਂ ਚਾਲਾਂ ਕਿ ਸੁਸਲੋਵਾ ਨੇ ਮਹਾਂਪੁਰਖ ਨਾਲ ਸ਼ੁਰੂ ਵਿਚ ਹੀ ਚਲਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਅਖੀਰ ਵਿਚ ਸੋਫੀਆ ਪਾਰਨੋਕ ਮਰੀਨਾ ਸਵੈਤਾਯੇਵਾ ਵਰਗੀ ਹਰ ਪੱਖ ਤੋਂ ਮਜ਼ਬੂਤ ਹਿਰਦੇ ਵਾਲੀ ਔਰਤ ਨੂੰ ਭਾਵਨਾਤਮਿਕ ਤੌਰ ‘ਤੇ ਜਮ੍ਹਾਂ ਹੀ ਬਰਬਾਦ ਕਰਕੇ ਛਡੇਗੀ। ਉਸਦੀ ਸਵੈ-ਸਨਮਾਨ ਦੀ ਭਾਵਨਾ ‘ਤੇ ਬਹੁਤ ਬੁਰੀ ਸੱਟ ਲਗੇਗੀ। ਉਹ ਜ਼ਖ਼ਮੀ ਘੁੱਗੀ ਦੇ ਹਾਰ ਤੜਪਦੀ ਨਜ਼ਰ ਆਵੇਗੀ। ਪ੍ਰੰਤੂ ਉਹ ਵੀ ਆਖਰ ਮਹਾਂ ਪੁਰਖ ਦੀ ਪ੍ਰਮਾਣਕ ਪੈਰੋਕਾਰ ਹੈ। ਉਸਦੇ ਵਾਂਗ ਉਹ ਵੀ ਹਾਰੇਗੀ ਨਹੀਂ ਸਗੋਂ ਜ਼ਿੰਦਗੀ ਦੀ ਬੇਪਨਾਹ ਵੰਨ ਸੁਵੰਨਤਾ ਅਤੇ ਸੁੰਦਰਤਾ ਦੀ ਹੋਰ ਵਧੇਰੇ ਸ਼ਿੱਦਤ ਨਾਲ ਚਾਹਤ ਕਰਨ ਲਗੇਗੀ। ਉਹ ਆਪਦੀ ਇਸ ਕਹਿਰੀ ਮੁਹੱਬਤ ਦੀ ਪਾਕੀਜ਼ਗੀ ਨੂੰ ‘ਗਰਲ ਫਰੈਂਡ‘ (ਸਾਈਕਲ) ਸਿਰਲੇਖ ਹੇਠਲੀਆਂ ਆਪ ਦੀਆਂ ਖੂਬਸੂਰਤ ਕਵਿਤਾਵਾਂ ਵਿਚ ਆਸ਼ਕਾਰ ਕਰੇਗੀ। ਕੋਈ ਹੈਰਾਨੀ ਨਹੀਂ ਹੈ ਕਿ ਉਸ ਦੀਆਂ ਇਹ ਰਚਨਾਵਾਂ ਸਮਾਂ ਆਉਣ ‘ਤੇ ਵਿਸ਼ਵ ਦੀਆਂ ਸ੍ਰੇਸ਼ਟ ਪਿਆਰ ਕਵਿਤਾਵਾਂ ਵਿਚ ਸ਼ੁਮਾਰ ਹੋਣਗੀਆਂ।
ਹੁਣ ਕੁਦਰਤੀ ਹੈ ਕਿ ਪਾਠਕ ਇਹ ਜਾਨਣਾ ਚਹੁੰਣਗੇ ਕਿ ਇਹ ਸੋਫੀਆ ਪਾਰਨੋਕ ਕੌਣ ਹੈ ਜਿਸ ਦੀ ਬੇਵਫਾਈ ਦੇ ਬਾਵਜੂਦ ਉਸ ਨਾਲ ਗੁਜ਼ਾਰੇ ਮੁਹੱਬਤ ਦੇ ਪਲਾਂ ਨੂੰ ਨਮੋ ਕਹਿਣ ਲਈ 20ਵੀਂ ਸਦੀ ਦੀ ਸਾਡੀ ਇਹ ਮਹਾਨ ਸ਼ਾਇਰਾ ਅਜਿਹੀਆਂ ਬੇਮਿਸਾਲ ਕਵਿਤਾਵਾਂ ਲਿਖ ਰਹੀ ਹੈ। ਲਉ ਜਰਾ ਉਸ ਬਾਰੇ ਕੁਝ ਹੋਰ ਸੁਣੋ:
ਪਾਰਨੋਕ ਸਾਲ 1905 ਵਿਚ 18 ਕੁ ਵਰ੍ਹਿਆਂ ਦੀ ਸੀ ਜਦੋਂ ਉਸਨੂੰ ਕਾਲਜ ਪੜ੍ਹਦਿਆਂ ਇਕ ਲੜਕੀ ਨਾਲ ਪਹਿਲੀ ਮੁਹੱਬਤ ਹੋਈ ਅਤੇ ਉਸਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਪਿਤਾ ਦਾ ਬੇਹੱਦ ਸਖ਼ਤ ਸੁਭਾਅ ਹੋਣ ਕਾਰਨ ਉਹ ਆਪਣੀ ਮਹਿਬੂਬ ਸਾਥਣ ਨਾਲ ਭੱਜ ਕੇ ਇਟਲੀ ਚਲੀ ਗਈ। ਦੋ ਕੁ ਵਰ੍ਹਿਆਂ ਪਿਛੋਂ ਉਹ ਵਾਪਸ ਪਰਤ ਆਈ ਅਤੇ ਘਰਦਿਆਂ ਦੇ ਰਾਮ ਰੌਲੇ ਤੋਂ ਉਕਤਾ ਕੇ ਆਖਰ ਸਾਲ 1907 ਵਿਚ ਵਿਆਹ ਕਰਵਾ ਲਿਆ। ਵਿਆਹ ਨਾ ਚਲਣਾ ਸੀ, ਨਾ ਚਲਿਆ ਅਤੇ ਦੋ ਕੁ ਵਰ੍ਹਿਆਂ ਪਿਛੋਂ ਉਹ ਦੋਵੇਂ ਬਗੈਰ ਕਿਸੇ ਵੀ ਕਿਸਮ ਦੀ ਬਦਮਗਜ਼ੀ ਦੇ, ਸਾਲ 1909 ਦੇ ਅੰਤ ਵਿਚ, ਤਲਾਕ ਲੈ ਕੇ ਅਲੱਗ ਹੋ ਗਏ।
ਮਰੀਨਾ ਨਾਲ ਮੁਹੱਬਤ ਦਾ ਤੂਫਾਨ ਲੰਘ ਜਾਣ ਤੋਂ ਕਈ ਵਰ੍ਹੇ ਪਿਛੋਂ ਸਾਲ 1923 ‘ਚ ਪਾਰਨੋਕ ਦੇ ਕਾਵਿ ਸੰਗ੍ਰਹਿ ‘ਰੋਜ਼ਜ਼ ਆਫ ਪੇਰੀਆ‘ ਅਤੇ ‘ਵਾਇਨ‘ ਸਿਰਲੇਖ ਹੇਠ ਛਪੇ। ਇਸੇ ਦੌਰ ਵਿਚ ਹੀ ਉਸਨੂੰ ਓਲਗਾ ਨਾਂ ਦੀ ਆਖਰੀ ਮਹਿਬੂਬ ਮਿਲੀ ਜਿਸ ਨੂੰ ਪਾ ਕੇ ਕਿ ਉਸਦੀ ਰੂਹ ਨੂੰ ਰੱਜ ਆਇਆ ਤੇ ਫਿਰ ਸਾਲ 26 ਅਗਸਤ 1933 ਨੂੰ ਅਚਾਨਕ ਦਿਲ ਦੇ ਦੌਰੇ ਨਾਲ ਮਰਨ ਤਕ ਉਹ ਉਸੇ ਨਾਲ ਰਹੀ। ਉਸ ਦੀਆਂ ਕਵਿਤਾਵਾਂ ਦੇ ਪ੍ਰਕਾਸ਼ਨ ਤੇ ਪਾਬੰਦੀ ਸਾਲ 1930 ਦੇ ਆਸ ਪਾਸ ਲਗੀ। ਪਰ ਰੂਸ ਦੀ ਧਰਤੀ ‘ਚ ਉਸਦੀ ਜਾਨ ਸੀ ਅਤੇ ਮੌਕੇ ਮਿਲਣ ‘ਤੇ ਵੀ ਉਸਨੇ ਰੂਸ ਨੂੰ ਕਦੇ ਨਾ ਛਡਿਆ।
ਇਸੇ ਪਾਰਨੋਕ ਨਾਲ ਆਪਦੀ ਅੰਨ੍ਹੀ ਮੁਹੱਬਤ ਦੇ ਤੂਫਾਨ ਦੌਰਾਨ ਵੀ ਮਰੀਨਾ ਸੁਵੇਤੇਵਾ ਸਰਗੇਈ ਏਫਰੌਨ ਦੀ ਯਾਦ ਕਦੀ ਇਕ ਪਲ ਲਈ ਵੀ ਮਨੋਂ ਨਹੀਂ ਵਿਸਾਰਦੀ। ਉਹ ਰੋਜ, ਬਿਨ੍ਹਾਂ ਨਾਗਾ ਉਸਨੂੰ ਪੱਤਰ ਲਿਖਦੀ ਰਹੇਗੀ। ਏਫਰੌਨ ਵੀ ਮੁਹਾਜ਼ ਤੋਂ ਫੁਰਸਤ ਮਿਲਦਿਆਂ ਹੀ ਉਸ ਕੋਲ ਆਉਂਦਾ ਜਾਂਦਾ ਰਹੇਗਾ। ਉਸ ਨਾਲ ਜਾਨ ਵਿਚ ਜਾਨ ਵਾਲਾ ਉਸਦਾ ਰਿਸ਼ਤਾ ਕਦੀ ਵੀ ਤਿੜਕੇਗਾ ਨਹੀਂ ਬਲਕਿ ਪਾਰਨੋਕ ਵਲੋਂ ਬੇਰਹਿਮੀ ਨਾਲ ਉਸਦਾ ਦਿਲ ਤੋੜੇ ਜਾਣ ਤੋਂ ਬਾਅਦ ਦੇ ਨਾਜ਼ੁਕ ਸਮੇਂ ਦੌਰਾਨ ਉਸਦੀ ਇਖ਼ਲਾਕੀ ਠਾਹਰ ਬਣੇਗਾ। ਸਾਲ 1917 ਵਿਚ ਉਹ ਆਪਣੇ ਪਹਿਲੇ ਪੁੱਤਰ ਨੂੰ ਜਨਮ ਦੇਵੇਗੀ।
ਪ੍ਰੰਤੂ ਅਕਤੂਬਰ ਇਨਕਲਾਬ ਤੋਂ ਬਾਅਦ ਮਰੀਨਾ ਪਰਿਵਾਰ ‘ਤੇ ਨਵੀਆਂ ਤੰਗੀਆਂ ਅਤੇ ਪ੍ਰੇਸ਼ਾਨੀਆਂ ਦੇ ਪਹਾੜ ਟੁੱਟ ਪੈਣੇ ਹਨ। ਘਰ ਘਾਟ ਕੋਈ ਰਹੇਗਾ ਨਹੀਂ।ਏਫਰੌਨ ਦੀ ਫੌਜ਼ੀ ਸੇਵਾ ਵਿਚੋਂ ਛੁੱਟੀ ਹੋ ਜਾਵੇਗੀ। ਹੁਣ ਉਹ ਬਿਲਕੁਲ ਹੀ ਬੇ ਯਾਰੋ ਮਦਦਗਾਰ ਅਵਸਥਾ ਵਿਚ ਹਨ। ਆਮਦਨ ਦਾ ਕੋਈ ਵੀ ਵਸੀਲਾ ਨਹੀਂ ਹੈ। ਉਪਰੋਂ ਏਫਰੌਨ ਨੂੰ ਬਾਲਸ਼ਵਿਕਾਂ ਵਲੋਂ ਖੇਡਿਆ ਜਾ ਰਿਹਾ ਸਾਰਾ ‘ਰਾਜਨੀਤਕ ਜੂਆ‘ ਉਨ੍ਹਾਂ ਸਾਰੇ ਹੀ ਆਦਰਸ਼ਾਂ ਦੀ ਬਰਬਾਦੀ ਲਗੇਗਾ ਜਿਨ੍ਹਾਂ ਲਈ ਕਿ ਉਸਦੀ ਮਾਂ ਅਤੇ ਪਿਤਾ ਆਪ ਦੀ ਸਾਰੀ ਹਯਾਤੀ ਦੌਰਾਨ ਜੂਝ ਮਰੇ ਸਨ। ਉਨ ਮਰੀਨਾ ਸੁਵੇਤੇਵਾ ਨੂੰ ਮਾਸੂਮ ਬਾਲਾਂ ਸੰਗ ਬੇਸਹਾਰਾ ਛੱਡ ਕੇ ਆਪਣੇ ਮਾਪਿਆਂ ਦੇ ਉਨ੍ਹਾਂ ਹੀ ਆਦਰਸ਼ਾਂ ਦੀ ਰਾਖੀ ਖਾਤਰ ਰੂਸ ਦੇ ਦੱਖਣ ਵਿੱਚ ਚਿੱਟੀਆਂ ਫੌਜ਼ਾਂ ਦੀ ਤਰਫੋਂ ਜਰਨਲ ਐਂਟਨ ਇਵਾਨੋਵਿਚ ਡੈਨੀਕਨ ਦੀ ਅਗਵਾਈ ਹੇਠ ਲੜਨ ਲਈ ਇਕ ਵਾਰ ਮੁੜ ਨਵੇਂ ਅਤੇ ਪਹਿਲਾਂ ਨਾਲੋਂ ਵੀ ਵੱਧ ਖ਼ਤਰਨਾਕ ਜੰਗੀ ਮੁਹਾਜ਼ ‘ਤੇ ਚਲਿਆ ਜਾਣਾ ਹੈ।
ਸਾਲ 1918 ਮਰੀਨਾ ਪਰਿਵਾਰ ਲਈ ਕਹਿਰ ਦਾ ਸਮਾਂ ਰਹੇਗਾ। ਉਸਦਾ ਮਾਸੂਮ ਬੱਚਾ ਭੋਖੜੇ ਅਤੇ ਵਕਤ ਸਿਰ ਦਵਾਈਆਂ ਨਾ ਮਿਲਣ ਕਾਰਨ ਹੀ ਦਮ ਤੋੜ ਜਾਵੇਗਾ।
1919 ਦਾ ਵਰ੍ਹਾ ਸ਼ੁਰੂ ਹੁੰਦਿਆਂ ਹੀ ਦਿਨ ਉਸ ਸਮੇਂ ਪਰਤਦੇ ਮਲੂਮ ਹੁੰਦੇ ਹਨ ਜਦੋਂ ਬਾਲਸ਼ਵਿਕ ਸਰਕਾਰ ਦੇ ਸਭਿਆਚਾਰਕ ਵਿਭਾਗ ਨਾਲ ਸਬੰਧਤ ਮੰਤਰਾਲੇ ਵਿਚ ਉਸਦੀ ਕਲਾ ਦੇ ਪ੍ਰਸ਼ੰਸਕ ਕੁਝ ਅਧਿਕਾਰੀਆਂ ਦੀ ਰਹਿਮਤ ਨਾਲ ਮਰੀਨਾ ਨੂੰ ਅਨੁਵਾਦ ਦਾ ਕੰਮ ਮਿਲ ਜਾਂਦਾ ਹੈ।ਆਖਰ ਭਾਸ਼ਾ ਦੀਆਂ ਨਫਾਸਤਾਂ ਦਾ ਉਸਨੂੰ ਜਮਾਂਦਰੂ ਵਰਦਾਨ ਹੈ ਅਤੇ ਮੁਖ ਯੋਰਪੀਨ ਭਾਸ਼ਾਵਾਂ ਦੀ ਉਹ ਮਾਹਰ ਹੈ।
ਮਰੀਨਾ ਦੇ ਨਿੱਕੇ ਜਿਹੇ ਘਰ ਵਿਚ ਜਰਾ ਕੁ ਰਾਹਤ ਮਿਲਦਿਆਂ ਹੀ ਕੇਰਾਂ ਮੁੜ ਖੁਸ਼ੀਆਂ ਤੇ ਖੇੜੇ ਪਰਤ ਆਉਂਦੇ ਹਨ। ਹਾਸਿਆਂ ਦੇ ਠਹਾਕੇ ਵਜਣ ਲਗਦੇ ਹਨ। ਉਸਦੇ ਘਰੇ ਪਾਵਲਿਕ ਐਂਟੋਕੋਲਸਕੀ ਨਾਂ ਦੇ ਹੋਣਹਾਰ ਦਾਰਸ਼ਨਿਕ ਸ਼ਾਇਰ ਦਾ ਆਉਣ ਜਾਣ ਹੈ। ਇਕ ਦਿਨ ਸ਼ਾਮੀ ਬਿਨਾਂ ਦੱਸੇ ਹੀ ਉਹ ਕਹਿਰਾਂ ਦੀ ਮਨਮੋਹਕ ਸ਼ਖ਼ਸੀਅਤ ਵਾਲੀ ਸੋਨੀਆ ਹੌਲੀ ਡੇ ਨਾਂ ਦੀ ਨੌਜਵਾਨ ਲੜਕੀ ਅਤੇ ਉਸਦੇ ਦੋਸਤ ਨੂੰ ਨਾਲ ਲੈ ਆਵੇਗਾ। ਮਰੀਨਾ ਸੁਵੇਤਾ ਉਸਨੂੰ ਵੇਖੇਗੀ; ਝਿਜਕੇਗੀ - ਇਕ ਪਲ ਲਈ ਬਿੱਲੀ ਤੋਂ ਡਰ ਰਹੇ ਕਬੂਤਰ ਦੇ ਹਾਰ ਅੱਖਾਂ ਮੀਟਣ ਦੀ ਕੋਸ਼ਿਸ਼ ਵੀ ਕਰੇਗੀ। ਪਰ ਨਹੀਂ; ਉਸਤੋਂ ਇੰਝ ਹੋਣਾ ਨਹੀਂ ਹੈ।ਸੋ ਜ਼ਾਹਰ ਹੈ ਉਸਤੋਂ ਮੁਹੱਬਤ ਦੇ ਜਾਦੂ ਤੋਂ ਬਚਿਆ ਜਾਣਾ ਨਹੀਂ ਹੈ।
ਸੋਨੀਆ ਨੂੰ ਵੇਹਦਿਆਂ ਉਸਨੂੰ ਲਗੇਗਾ ਮਾਨੋਂ ਵੀਨਸ ਦੇ ਬੁੱਤ ਵਿੱਚ ਕਿਸੇ ਜਾਦੂਗਰ ਨੇ ਜਾਨ ਫੂਕ ਦਿਤੀ ਹੋਵੇ ਅਤੇ ਉਹ ਖੁਦ ਉਸਦੇ ਡੇਰੇ ‘ਤੇ ਚਲਿਆ ਆਇਆ ਹੋਏ। ਤੁਰਗਨੇਵ ਦੀਆਂ ਛੋਟੀਆਂ ਪ੍ਰੇਮ ਕਥਾਵਾਂ ਪੜ੍ਹਨ ਵਾਲੇ ਕੁਝ ਅਲੋਚਕਾਂ ਨੇ ਜਦੋਂ ਇਹ ਇਤਰਾਜ਼ ਕੀਤਾ ਕਿ ਅਜਿਹੀਆਂ ਨਾਇਕਾਵਾਂ, ਰੂਸੀਆਂ ਦੇ ਅਸਲ ਜੀਵਨ ਵਿਚ ਤਾਂ ਕਦੀ ਦਿਸੀਆਂ ਨਹੀਂ ਤਾਂ ਬਾਬੇ ਨੇ ਬਸ ਇਹ ਕਹਿੰਦਿਆਂ ਇਤਰਾਜ਼ ਖਾਰਜ ਕਰ ਦਿੱਤਾ ਸੀ ਕਿ ਉਸ ਦੀਆਂ ਉਨ੍ਹਾਂ ਰਚਨਾਵਾਂ ਦਾ ਇਹੋ ਹੀ ਤਾਂ ਭੇਤ ਸੀ। ਉਦਾਤ ਸ਼ਖ਼ਸੀਅਤਾਂ ਵਾਲੀਆਂ ਅਜਿਹੀਆਂ ਕੁੜੀਆਂ ਹਕੀਕੀ ਜੀਵਨ ਵਿਚ ਵੀ ਮਿਲਿਆ ਕਰਨਗੀਆਂ। ਸਾਨੂੰ ਖੁਦ ਯਾਦ ਆ ਰਿਹਾ ਹੈ ਕਿ ਅੰਮ੍ਰਿਤਾ ਪ੍ਰੀਤਮ ਦੇ ‘ਚੱਕ ਨੰਬਰ ਛੱਤੀ‘ ਸਿਰਲੇਖ ਹੇਠਲੇ ਸ਼ਾਹਕਾਰ ਨਾਵਲਿਟ ਦੀ ਨਾਇਕਾ ਅਲਕਾ ਕੁਝ-ਕੁਝ ਸੋਨੀਆ ਹੌਲੀ ਡੇ ਜਿਹੀ ਹੀ ਤਾਂ ਹੈ।
ਮਰੀਨਾ ਬਾਅਦ ਵਿਚ ਕਾਦਰ ਦੇ ਸੋਨੀਆ ਹੌਲੀ ਡੇ ਰੂਪੀ ਇਸ ਅਦਭੁਤ ਕ੍ਰਿਸ਼ਮੇ ਨੂੰ ‘ਏ ਟੇਲ ਆਫ ਸੋਨੀਯੈਕਾ‘ ਸਿਰਲੇਖ ਹੇਠਲੀ ਆਪਦੀ ਮਹਾਨ ਰਚਨਾ ਵਿਚ ਪਕੜਨ ਲਈ ਜਦੋਜਹਿਦ ਕਿਵੇਂ ਕਰਦੀ ਹੈ- ਹਵਾਲੇ ਲਈ ਇਲੇਨ ਫਾਈਨਸਟਾਈਨ ਵੱਲੋਂ ‘ਦੀ ਕੈਪਟਿਵ ਲਾਇਨ‘ ਨਾਂ ਦੀ ਹੇਠ ਲਿਖੀ ਉਸਦੀ ਕਲਾਤਮਿਕ ਜੀਵਨੀ ਦੇ ਪੰਨਾ 86 ‘ਤੇ ਜ਼ਰਾ ਵੇਖੋ:
“ਕਿਸੇ ਮੰਦਰ ‘ਚ ਬਲਦੀ ਪਵਿੱਤਰ ਅਗਨ ਦੀ ਲਾਟ ਦੇ ਹਾਰ ਹੈ ਸੋਨੀਆ ਦੀ ਹਸਤੀ। ਉਸਦੇ ਸਮੁੱਚੇ ਵਜੂਦ ਵਿਚ ਚੰਦਨ ਦੇ ਵਣ ਦੀ ਸਾਰੀ ਮਹਿਕ ਭਰੀ ਹੋਈ ਹੈ। ਉਸਦੇ ਰੁਖਸਾਰਾਂ ‘ਚ ਨਿੱਘੀ ਤਪਸ਼ ਹੈ। ਉਸ ਦੀਆਂ ਨਿਗਾਹਾਂ ਸਿਆਲਾਂ ਦੌਰਾਨ ਕਿਸੇ ਅੰਗੀਠੀ ‘ਚ ਪਾਏ ਕੋਇਲਿਆਂ ਦੇ ਹਾਰ ਮਘਦੀਆਂ ਹਨ।...ਉਸਦੀ ਮੁਸਕਾਨ ਦੀ ਤਾਬ ਝੱਲੀ ਨਹੀਂ ਜਾਂਦੀ। ਬਾਰ ਬਾਰ ਮਨ ਵਿਚ ਆਈ ਜਾਂਦਾ ਹੈ ਜਿਵੇਂ ਲਿਓਨਾਰਦੋ ਦਾ ਵਿੰਸੀ ਜਦੋਂ ਮੋਨਾਲੀਜ਼ਾ ਦੀ ਮੁਸਕਾਨ ਨੂੰ ਕੈਪਚਰ ਕਰਨ ਖਾਤਰ ਵਰ੍ਹਿਆਂ ਬੱਧੀ ਜੂਝ ਰਿਹਾ ਸੀ ਤਾਂ ਮਾਨੋ ਉਸਦੇ ਤਸੱਵਰ ‘ਚ ਚਾਰ ਸਦੀਆਂ ਪਹਿਲਾਂ ਹੀ ਸੋਨੀਆ ਦਾ ਚਿਹਰਾ ਆ ਗਿਆ ਹੋਵੇ। ਚਿੱਟੇ ਉਸਦੇ ਦੰਦ ਮੋਤੀਆਂ ਵਰਗੇ ਹਨ ਅਤੇ ਉਸ ਦੀਆਂ ਗੁੱਤਾਂ - ਇਕ ਛਾਤੀ ‘ਤੇ ਅੱਗੇ ਅਤੇ ਇਕ ਪਿੱਛੇ ਪਿੱਠ ‘ਤੇ ਲਮਕਦੀ ਹੋਈ ਵਲੇਵੇਂ ਖਾਂਦੀਆਂ ਲਾਟਾਂ ਵਾਂਗ ਲਗਦੀਆਂ ਹਨ।...ਇਨ੍ਹਾਂ ਲਾਟਾਂ ਦੇ ਵਿੱਚ ਅੰਤਾਂ ਦੇ ਕਿਸੇ ਖੌਫ਼ਨਾਕ ਦਰਦ ਨਾਲ ਓਤ-ਪੋਤ ਅਨੰਤ ਖੁਸ਼ੀਆਂ ਅਤੇ ਜਿਉਣ ਦੀ ਅਸੀਮ ਚਾਹਤ ਹੈ। ਸਾਹਮਣੇ ਬੈਠਿਆਂ ਲਗਦਾ ਹੈ ਜਿਵੇਂ ਉਹ ਇਹ ਕਹਿੰਦਿਆਂ ਕੋਈ ਤਰਲਾ ਮਾਰ ਰਹੀ ਹੋਵੇ, ਮੈਨੂੰ ਇਸ਼ਕ ਦਾ ਰੋਗ ਲਗ ਗਿਆ ਹੈ, ਮੈਨੂੰ ਡਰ ਲਗਦਾ ਹੈ; ਕਿਸੇ ਤਰ੍ਹਾਂ ਨਾਲ ਮੈਨੂੰ ਬਚਾਅ ਲਉ- ਮੈਥੋਂ ਬਚਿਆ ਨਹੀਂ ਜਾਣਾ!”
ਮਰੀਨਾ ਵੱਲੋਂ ਹੌਲੀ ਡੇ ਦੇ ਅਲੌਕਿਕ ਸੁਹੱਪਣ ਨੂੰ ਸ਼ਬਦਾਂ ਵਿਚ ਆਸ਼ਕਾਰ ਕਰਨ ਲਈ ਜੂਝਦਿਆਂ ਵੇਖ ਕੇ ਸਈਅਦ ਵਾਰਸ ਸ਼ਾਹ ਦਾ ਆਪਦੀ ਹੀਰ ਬਾਰੇ ਜ਼ਰਾ ਵਰਨਣ ਵੀ ਸੁਣੋ:
ਹੋਂਠ ਸੁਰਖ ਯਕੂਤ ਜਿਉਂ ਲਾਲ ਚਮਕਣ
ਠੋਡੀ ਸੇਬ ਵਲਾਇਤੀ ਸਾਰ ਵਿਚੋਂ
ਗਰਦਨ ਕੂੰਜ ਦੀ ਉਂਗਲਾਂ ਰਵਾਂਹ ਫਲੀਆਂ
ਹੱਥ ਕੂਲੜੇ ਬਰਗ ਚਿਨਾਰ ਵਿਚੋਂ
ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ
ਦਾਣੇ ਨਿਕਲੇ ਸੁਰਖ ਅਨਾਰ ਵਿਚੋਂ
ਨੱਕ ਅਲਫ਼ ਹੁਸੈਨੀ ਦਾ ਪਿਪਲਾ ਏ
ਜੁਲਫ਼ ਨਾਗ ਖਜ਼ਾਨੇ ਦੀ ਬਾਰ ਵਿਚੋਂ
ਸੁਰਖ਼ੀ ਹੋਠਾਂ ਦੀ ਲੋੜ੍ਹ ਦੰਦਾਸੜੇ ਦਾ
ਖੋਜੇ ਖਤਰੀ ਕਤਲ ਬਜ਼ਾਰ ਵਿਚੋਂ
ਸਈਆਂ ਨਾਲ ਲਟਕਦੜੀ ਮਾਣ ਮੱਤੀ
ਜਿਓਂ ਹਰਨੀਆਂ ਤਰੁਠੀਆਂ ਬਾਰ ਵਿਚੋਂ
ਫਿਰੇ ਛਣਕਦੀ ਚਾਓ ਦੇ ਨਾਲ ਜੱਟੀ
ਚੜ੍ਹਿਆ ਗਜ਼ਬ ਦਾ ਕਟਕ ਕੰਧਾਰ ਵਿਚੋਂ
...
ਸੋਨੀਆ ਨੇ ਕੁਝ ਹੀ ਦਿਨ ਪਹਿਲਾਂ ਸਟੂਡੀਓ ਅੰਦਰ ‘ਸਨੋ ਸਟੌਰਮ‘ ਨਾਂ ਦੀ ਲੰਮੀ ਕਵਿਤਾ ਉਚਾਰਦਿਆਂ ਸੁਣਿਆ ਹੈ ਅਤੇ ਉਸੇ ਪਲ ਤੋਂ ਉਸਨੇ ਆਤਮਿਕ ਤੌਰ ‘ਤੇ ਆਪਣੇ ਆਪ ਨੂੰ ਉਸਦੀ ਪ੍ਰਤਿਭਾ ਅੱਗੇ ਸਮਰਪਿਤ ਕਰ ਦਿੱਤਾ ਹੈ। ਆਪਦੀ ਪਹਿਲੀ ਹੀ ਮੁਲਾਕਾਤ ਵਿੱਚ ਉਸਦਾ ਇਕਬਾਲੀਆ ਬਿਆਨ ਇਸ ਪ੍ਰਕਾਰ ਹੈ:
“ਮਰੀਨਾ ਤੇਰੇ ਕਵਿਤਾ ਪਾਠ ਨੂੰ ਸੁਣਦਿਆਂ ਮੈਨੂੰ ਤੇਰੇ ‘ਤੇ ਅੰਤਾਂ ਦਾ ਮੋਹ ਆਉਣ ਲੱਗ ਪਿਆ ਹੈ ਅਤੇ ਨਾਲ ਹੀ ਕਿਸੇ ਦਹਿਸ਼ਤ ਦਾ ਅਹਿਸਾਸ ਮਨ ਉਪਰ ਤਾਰੀ ਹੁੰਦਾ ਗਿਆ।ਮੇਰਾ ਉੱਚੀ-ਉੱਚੀ ਰੋਣ ਨੂੰ ਜੀਅ ਕਰ ਆਇਆ ਤੇ ਫਿਰ ਘਰੇ ਆਕੇ ਕਿੰਨੀ ਦੇਰ ਲਗਾਤਾਰ ਵੀ ਰੋਂਦੀ ਰਹੀ। ਤੇਰੇ ਮੂੰਹੋਂ ਪਹਿਲੇ ਬੋਲ ਨਿਕਲਦੇ ਸਾਰ ਹੀ ਮੈਂ ਪਾਗਲਾਂ ਦੇ ਹਾਰ ਤੈਨੂੰ ਪਿਆਰ ਕਰਨ ਲੱਗੀ।...ਤੈਨੂੰ ਵੇਖਕੇ ਅਤੇ ਤੈਨੂੰ ਸੁਣ ਕੇ ਕੋਈ ਇਸ ਤਰ੍ਹਾਂ ਪਿਆਰ ਕਰਨੋਂ ਰਹਿ ਹੀ ਨਹੀਂ ਸਕਦਾ।”
ਖ਼ੈਰ ਮਰੀਨਾ ਇਹੋ ਤਾਂ ਚਹੁੰਦੀ ਹੈ ਕਿ ਕੋਈ ਮਰਦ ਉਸਨੂੰ ਇਸੇ ਤਰ੍ਹਾਂ ਟੁੱਟ ਕੇ ਪਿਆਰ ਕਰੇ।
ਆਪਦੀ ਰਚਨਾਤਮਿਕਤਾ ਦੇ ਇਸੇ ਦੌਰ ਵਿਚ ਉਹ ਮਹਾਨ ਸ਼ਾਇਰ ਓਸਿਪ ਮਂੈਡਲਸਟਾਮ ਨੂੰ ਮਿਲੀ ਜਿਸ ਤੋਂ ਉਸਨੇ ਅਜਿਹੀ ਹੀ ਮੂੰਹ ਜ਼ੋਰ ਮੁਹੱਬਤ ਦੀ ਕਾਮਨਾ ਕੀਤੀ। ਉਸਨੇ ਉਸਨੂੰ ਪਿਆਰ ਦਿੱਤਾ; ਅੰਤਾਂ ਦਾ ਸਤਿਕਾਰ ਦਿੱਤਾ ਪਰ ਉਹ ਉਸਦੀ ਸ਼ਿੱਦਤ ਤੋਂ ਖੌਫ਼ਜ਼ਦਾ ਹੋ ਕੇ ਜਲਦੀ ਹੀ ਪਿਛਾਂਹ ਹਟ ਗਿਆ। ਮਰੀਨਾ ਇਕੱਲੀ ਹੈ।ਬੱਚਾ ਭੋਖੜੇ ਕਾਰਨ ਮਰ ਗਿਆ ਹੋਇਆ ਹੈ; ਧੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੈ। ਬਾਲਸ਼ਵਿਕ ਸੁਪਨਸਾਜਾਂ ਦੀਆਂ ਮਾਅਰਕੇਬਾਜੀਆਂ ਤੋਂ ਉਸਨੂੰ ਸਿਰੇ ਦੀ ਘਬਰਾਹਟ ਹੈ। ਆਪਣੇ ਪਿਆਰੇ ਪਤੀ ਸਰਗੇਈ ਦੀ ਲੰਮੇ ਸਮੇਂ ਤੋਂ ਕੋਈ ਉੱਘ-ਸੁੱਘ ਨਹੀਂ ਹੈ।...ਤੇ ਫਿਰ ਇਕ ਦਿਨ ਪੈਰਿਸ ਤੋਂ ਪਰਤੇ ਇਲੀਆ ਅਹਿਰਨਬਰਗ ਤੋਂ ਪਤਾ ਲਗਦਾ ਹੈ ਕਿ ਸਰਗੇਈ ਭਿਆਨਕ ਘਰੋਗੀ ਜੰਗ ਵਿਚੋਂ ਬਚ ਕੇ ਪਰਾਗ ਸ਼ਹਿਰ ਵਿੱਚ ਪਹੁੰਚਣ ਵਿਚ ਸਫ਼ਲ ਹੋ ਗਿਆ ਹੈ।
ਸਾਲ 1922 ਦੀ ਬਹਾਰ ਦੀ ਰੁੱਤੇ ਮਰੀਨਾ ਖ਼ਬਰ ਮਿਲਦਿਆਂ ਪਰਾਗ ਪਹੁੰਚਣ ਲਈ ਤਿਆਰ ਹੋ ਜਾਂਦੀ ਹੈ।ਰੂਸ ਛੱਡਣ ਤੋਂ ਪਹਿਲਾਂ ਮੈਂਡਲਸਟਾਮ ਨੂੰ ‘ਆਖਰੀ ਵਾਰ‘ ਮਿਲ ਜਾਣ ਲਈ ਸੁਨੇਹਾ ਭੇਜਦੀ ਹੈ।ਉਸਦੇ ਦਿਲ ਦਾ ਸ਼ਹਿਜਾਦਾ ਮਹਾਨ ਸ਼ਾਇਰ ਆਪਣੀ ਪਤਨੀ ਨਦੇਜ਼ਦਾ ਮੈਂਡਲਸਟਾਮ ਦੇ ਨਾਲ ਉਸਨੂੰ ਮਿਲਣ ਆਉਂਦਾ ਹੈ। ਨਦੇਜ਼ਦਾ ਦੇ 70 ਵਿਚ ‘ਹੋਪ ਅਬੰਡਨਡ‘ ਸਿਰਲੇਖ ਹੇਠ ਪ੍ਰਕਾਸ਼ਤ ਹੋਏ ਯਾਦਾਂ ਦੇ ਦੂਸਰੇ ਗ੍ਰੰਥ ਦੇ ਪੰਨਾ 460-61 ਉਪਰ ਇਸ ਮੁਲਾਕਾਤ ਦਾ ਜ਼ਿਕਰ ਜਰਾ ਕੁ ਨਰਾਜ਼ਗੀ ਅਤੇ ਵਿਅੰਗ ਨਾਲ ਇਹ ਕਹਿੰਦਿਆਂ ਕੀਤਾ ਹੋਇਆ ਹੈ:
“ਮਰੀਨਾ ਦੇ ਤੁਰਨ ਤੋਂ ਕੁਝ ਹੀ ਪਹਿਲਾਂ ਅਸੀਂ ਉਸਦੇ ਘਰੇ ਪਹੁੰਚੇ ਤਾਂ ਮੈਂਡਲਸਟਾਮ ਨੂੰ ਵੇਂਹਦਿਆਂ ਹੀ ਉਹ ਖੁਸ਼ੀ ਨਾਲ ਖਿੜ ਉੱਠੀ।ਮੈਂਡਲਸਟਾਮ ਨੂੰ ਪੂਰੇ ਤਪਾਕ ਨਾਲ ਮਿਲਣ ਤੋਂ ਵਿਹਲੀ ਹੋ ਕੇ ਬੜੇ ਅਣਮੰਨੇ ਅਤੇ ਅਟਪਟੇ ਜਿਹੇ ਅੰਦਾਜ਼ ਵਿਚ ਉਸਨੇ ਮੈਨੂੰ ਹੱਥ ਮਿਲਾਇਆ। ਫਿਰ ਮੇਰੇ ਵੱਲ ਬਿਨਾਂ ਤੱਕਿਆਂ ਅਤੇ ਇਹ ਕਹਿੰਦਿਆਂ ਕਿ ਬੱਚੀ ਸਾਡੀ ਓਪਰੇ ਲੋਕਾਂ ਨੂੰ ਮਿਲ ਕੇ ਰਾਜ਼ੀ ਨਹੀਂ ਹੁੰਦੀ ਮੈਂਡਲਸਟਾਮ ਨੂੰ ਜਿੱਥੇ ਕਿ ਉਹ ਕਾਹਲੀ ਨਾਲ ਸਮਾਨ ਪੈਕ ਕਰਾਉਣ ਵਿਚ ਉਸਦੀ ਸਹਾਇਤਾ ਕਰ ਰਹੀ ਸੀ ਆਲੀਆ ਨੂੰ ਮਿਲਾਉਣ ਲਈ ਨਾਲ ਲੈ ਗਈ! ਮਰੀਨਾ ਦੇ ਅਜਿਹੇ ਅੰਦਾਜ਼ ਤੋਂ ਪ੍ਰੇਸ਼ਾਨੀ ਤਾਂ ਮੈਂਡਲਸਟਾਮ ਨੂੰ ਵੀ ਹੋਈ। ਨਦੇਜ਼ਦਾ ਨੇ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕੀਤਾ। ਪਰ ਮਰੀਨਾ ਵਰਗੀ ਕਾਵਿ-ਕਲਾ ਦੀ ਮਹਾਰਾਣੀ ਨੂੰ ਕੀ ਕਿਹਾ ਜਾ ਸਕਦਾ ਸੀ! ਕਿਹਾ ਜਾਂਦਾ ਵੀ ਤਾਂ ਉਸਨੂੰ ਕਿਹੜਾ ਆਪਦੀ ਅਜਿਹੀ ਕੁਤਾਹੀ ਦਾ ਪਤਾ ਲਗਣਾ ਸੀ।
ਇਸ ਮਾਮਲੇ ਅੰਮ੍ਰਿਤਾ ਪ੍ਰੀਤਮ ਵਾਂਗ ਹੀ ਮਰੀਨਾ ਦੀ ਸ਼ੋਭਾ ਵੀ ਸ਼ਾਇਦ ਬਾਹਲੀ ਚੰਗੀ ਨਹੀਂ ਹੈ। ਉਸ ਨੂੰ ਜਦੋਂ ਕੋਈ ਸ਼ਖ਼ਸ ਚੰਗਾ ਲਗਦਾ ਉਸਤੇ ਤਾਂ ਜਦੇ ਹੀ ਜਾਨ ਦੇਣ ਤਕ ਚਲੀ ਜਾਂਦੀ ਹੈ- ਪਰ ਜੇ ਅਜਿਹਾ ਨਾ ਹੋਵੇ ਤਾਂ ਉਹ ਗੌਲਦੀ ਨਹੀਂ। ਨਦੇਜ਼ਦਾ ਮੈਂਡਲਸਟਾਮ ਦੇ ਸ਼ਿਕਵੇ ਨੂੰ ਤਾਂ ਛੱਡੋ ਉਸਦੀ ਆਪ ਦੀ ਢਿੱਡੋਂ ਜੰਮੀ ਧੀ ਆਲੀਆ ਦੇ ਜਰਨਲ ਵਿਚ ਅੰਕਿਤ ਇਕ ਇੰਦਰਾਜ਼ ਜ਼ਰਾ ਵੇਖੋ- ਜੋ ਕਿ ਸ਼ਾਇਦ ਕਿਸੇ ਦੇ ਮੰਨਣ ਵਿਚ ਵੀ ਨਾ ਆਵੇ ਕਿ ਉਸਨੇ ਉਹ ਆਪ ਦੀ ਮਹਿਜ਼ 6 ਵਰ੍ਹਿਆਂ ਦੀ ਬਾਲ ਉਮਰ ਵਿਚ ਲਿਖਿਆ ਹੋਇਆ ਹੈ।‘ਏ ਕੈਪਟਿਵ ਲਾਇਨ‘ ਪੁਸਤਕ ਦੀ ਪੰਨਾ 65 ਉੱਪਰ ‘ਮੇਰੀ ਅੰਮਾ‘ ਉਨਵਾਨ ਹੇਠ ਇਹ ਇਸ ਪ੍ਰਕਾਰ ਦਰਜ਼ ਹੈ:
“ਮੇਰੀ ਮਾਂ ਬਹੁਤ ਅਜੀਬ ਹੈ। ਮੇਰੀ ਮਾਂ ਹੋਰਨਾਂ ਮਾਵਾਂ ਵਰਗੀ ਨਹੀਂ ਜੇ। ਮਾਵਾਂ ਆਮ ਤੌਰ ‘ਤੇ ਬੱਚਿਆਂ ਦੀ ਤਰੀਫ਼ ਕਰਦੀਆਂ ਹਨ- ਪਰ ਮਰੀਨਾ ਨੂੰ ਬੱਚੇ ਚੰਗੇ ਨਹੀਂ ਲਗਦੇ।ਇਸਦੇ ਹਲਕੇ ਭੂਰੇ ਰੰਗ ਦੇ ਵਾਲ ਹਨ ਸਾਈਡਾਂ ਤੋਂ ਛੱਲੇ ਲਗਦੇ ਹਨ।ਇਸ ਦੀਆਂ ਨੀਲੀਆਂ ਅੱਖਾਂ ਹਨ, ਤੋਤੇ ਵਰਗਾ ਤਿੱਖਾ ਨੱਕ ਹੈ ਅਤੇ ਗੁਲਾਬੀ ਰੰਗ ਦੇ ਇਸ ਦੇ ਹੋਂਠ ਹਨ।ਪਤਲੀ ਹੈ ਅਤੇ ਬਾਹਾਂ ਇਕੱਹਰੀਆਂ ਹਨ - ਮੈਨੂੰ ਚੰਗੀਆਂ ਲਗਦੀਆਂ ਹਨ।ਇਹ ਕਵਿਤਾਵਾਂ ਲਿਖਦੀ ਹੈ ਪਰ ਇਹ ਸਬਰ ਸੰਤੋਖ ਵਾਲੀ ਹੈ ਅਤੇ ਬਹੁਤ ਸਹਿਣਸ਼ੀਲ ਹੈ।ਕਦੀ-ਕਦੀ ਗੁੱਸੇ ਵਿਚ ਵੀ ਆ ਜਾਂਦੀ ਹੈ। ਪਰ ਫਿਰ ਪਿਆਰ ਵੀ ਬਥੇਰਾ ਕਰਦੀ ਹੈ। ਇਸ ਨੂੰ ਚੈਨ ਨਹੀਂ ਹੈ ਅਤੇ ਹਰ ਵਕਤ ਭਜੂੰ ਭਜੂੰ ਹੀ ਕਰਦੀ ਰਹਿੰਦੀ ਹੈ।ਦਿਲ ਦੀ ਖੁੱਲ੍ਹੀ ਹੈ ਅਤੇ ਬੋਲ-ਚਾਲ ਦਾ ਲਹਿਜ਼ਾ ਵੀ ਲੁਭਾਉਣਾ ਹੈ।ਉਂਗਲਾਂ ਇਸ ਦੀਆਂ ਮੁੰਦਰੀਆਂ ਨਾਲ ਪਰੁਚੀਆਂ ਪਈਆਂ ਹਨ।ਸਾਰੀ-ਸਾਰੀ ਰਾਤ ਇਹ ਪੜ੍ਹਦੀ ਰਹਿੰਦੀ ਹੈ। ਫਿਰ ਵੀ ਅੱਖਾਂ ਇਸ ਦੀਆਂ ਵਿੱਚ ਨੀਂਦਰਾਂ ਨਹੀਂ ਬਲਕਿ ਹਰ ਵਕਤ ਕਿਸੇ ਨਾ ਕਿਸੇ ਸ਼ੁਗਲ ਦੀ ਭਾਵਨਾ ਹੁੰਦੀ ਹੈ।ਇਸਨੂੰ ਬਿਨਾਂ ਵਜ੍ਹਾ ਫਜ਼ੂਲ ਦੇ ਸਵਾਲ ਜਾਂ ਨੋਕ ਝੋਕ ਚੰਗੀ ਨਹੀਂ ਲਗਦੀ ਅਤੇ ਜੇ ਕਰ ਕੋਈ ਨਾ ਹੀ ਹਟੇ ਤਾਂ ਇਹ ਬਹੁਤ ਜਲਦੀ ਚਿੜ੍ਹ ਜਾਂਦੀ ਹੈ।”
ਸੋ ਪਾਠਕ ਖੁਦ ਹੀ ਦੇਖ ਲੈਣ ਹੋਣਹਾਰ ਬਿਰਵਾਨ ਕੇ ਚਿਕਨੇ ਪਾਤ! ਮੰਨਣ ਵਿਚ ਹੀ ਨਹੀਂ ਆਉਂਦਾ ਕਿ ਏਨੀ ਨੰਨੀ ਬੱਚੀ ਨੇ ਅਜਿਹਾ ਸੋਚਿਆ ਅਤੇ ਰਿਕਾਰਡ ਕੀਤਾ ਹੋਵੇਗਾ।
ਖ਼ੈਰ! ਮਾਵਾਂ ਧੀਆਂ ਪਰਾਗ ਪਹੁੰਚ ਜਾਂਦੀਆਂ ਹਨ। ਸਰਗੇਈ ਨੂੰ ਮਿਲ ਕੇ ਉਨ੍ਹਾਂ ਨੂੰ ਠੰਢ ਪੈ ਜਾਂਦੀ ਹੈ; ਚੈਨ ਆ ਜਾਂਦਾ ਹੈ। ਤੇ ਫਿਰ ਸਾਲ ਕੁ ਭਰ ਲਈ ਰੋਟੀ ਰੋਜ਼ੀ ਦੇ ਜੁਗਾੜ ਲਈ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਹੱਡ ਭੰਨ ਕੇ ਮਿਹਨਤ ਕਰਨੀ ਪੈਂਦੀ ਹੈ ਉਹ ਕਰਦੇ ਵੀ ਹਨ। ਬੋਰਿਸ ਪਾਸਤਰਨਾਕ ਬਾਰੇ ਸਾਥੋਂ ਪਿਛੇ ਦਸਣਾ ਰਹਿ ਗਿਆ ਹੈ। ਉਹ ਉਸਦੀ ਸ਼ਾਇਰੀ ਦਾ ਸ਼ੁਰੂਆਤੀ ਦਿਨਾਂ ਤੋਂ ਹੀ ਪ੍ਰਸ਼ੰਸਕ ਹੈ। ਹੁਣ ਵੀ ਪਹਿਲਾਂ ਅਤੇ ਫਿਰ ਪੈਰਿਸ ਦੀ ਠਹਿਰ ਦੇ ਸਾਰੇ ਵਰ੍ਹਿਆਂ ਦੌਰਾਨ ਖ਼ਤਾਂ/ਪੱਤਰਾਂ ਰਾਹੀਂ ਉਸਦਾ ਉਸ ਨਾਲ ਸੰਪਰਕ ਨਿਰੰਤਰ ਬਣਿਆ ਰਹਿਣਾ ਹੈ। ਉਸਦੇ ਪੱਤਰ ਉਸ ਲਈ ਉਤਸ਼ਾਹ ਅਤੇ ਪ੍ਰੇਰਨਾ ਦੇ ਸੋਮੇਂ ਹੋਣਗੇ। ਇਸੇ ਪ੍ਰਥਾਏ ਇਲੇਨ ਦੀ ਪੁਸਤਕ ਦੇ ਪੰਨਾ 163 ਉਪਰ 24 ਜੂਨ, 1924 ਨੂੰ ਪਾਸਤਰਨਾਕ ਵਲੋਂ ਮਰੀਨਾ ਨੂੰ ਲਿਖਿਆ ਇਕ ਖ਼ਤ ਜ਼ਰਾ ਵੇਖੋ:
“ਕੇਹੀਆਂ ਸ਼ਾਨਦਾਰ ਕਵਿਤਾਵਾਂ ਤੂੰ ਲਿਖ ਰਹੀ ਹੈਂ; ਮੈਨੂੰ ਇਹ ਮੰਨਦਿਆਂ ਥੋੜਾ ਦਰਦ ਅਤੇ ਨਾਲ ਹੀ ਹਸਦ ਹੁੰਦਾ ਹੈ ਕਿ ਤੂੰ ਮੇਰੇ ਨਾਲੋਂ ਨਿਰਸੰਦੇਹ ਬੇਹਤਰ ਸ਼ਾਇਰਾ ਹੈਂ। ਯੂ ਆਰ ਏ ਡਿਸਗਰੇਸਫੁਲੀ ਗਰੇਟ ਪੋਇਟ!”
ਪਰਾਗ ਸ਼ਹਿਰ ਵਿਚ ਰਹਿੰਦਿਆਂ ਪਹਿਲੇ ਸਾਲ ਹੀ ਫਰਵਰੀ 1925 ਦੇ ਸ਼ੁਰੂ ਵਿੱਚ ਐਤਵਾਰ ਦੇ ਦਿਨ ਮਰੀਨਾ ਦਾ ਦੂਸਰਾ ਪੁੱਤਰ ਪੈਦਾ ਹੁੰਦਾ ਹੈ। ਉਸਨੂੰ ਬੇਹੱਦ ਚਾਅ ਹੈ। ਉਹ ਪਾਸਤਰਨਾਕ ਦੇ ਨਾਂ ‘ਤੇ ਬੱਚੇ ਦਾ ਨਾਂ ਬੋਰਿਸ ਰੱਖਣਾ ਚਹੁੰਦੀ ਹੈ।ਪ੍ਰੰਤੂ ਉਸਦੇ ਪਤੀ ਸਰਿਓਜਾ, ਜਿਸ ਨੇ ਕਦੀ ਵੀ ਉਸ ਦੀ ਕਿਸੇ ਗੱਲ ਤੇ ਵੀ ਇਤਰਾਜ਼ ਨਹੀਂ ਕੀਤਾ ਸੀ - ਨੂੰ ਇਹ ਨਾਂ ਕਤਈ ਮਨਜ਼ੂਰ ਹੀ ਨਹੀਂ ਹੈ। ਮਰੀਨਾ ਹਾਉਕਾ ਜਿਹਾ ਤਾਂ ਲੈਂਦੀ ਹੈ ਪ੍ਰੰਤੂ ਜਦੇ ਨਾਲ ਹੀ ਉਸਦੀ ਗੱਲ ਮੰਨ ਲੈਂਦੀ ਹੈ। ਬੱਚੇ ਦਾ ਨਾਂ ਗਰੀਗੋਰੀ ਰਖਿਆ ਜਾਂਦਾ ਹੈ। ਏਫਰੋਨ ਨੂੰ ਕੰਮ ਢੰਗ ਦਾ ਮਿਲ ਨਹੀਂ ਰਿਹਾ। ਉਹ ਥੋੜਾ ਪ੍ਰੇਸ਼ਾਨ ਹੈ।ਜਲਦੀ ਹੀ ਬਾਅਦ ਉਹ ਬਾਲ ਬੱਚੇ ਨੂੰ ਛੱਡ ਕੇ ਪੈਰਿਸ ਚਲਿਆ ਜਾਵੇਗਾ।ਮਰੀਨਾ ਪੜ੍ਹਦੀ-ਲਿਖਦੀ ਰਹਿੰਦੀ ਹੈ- ਕਵਿਤਾਵਾਂ ਇਸ ਦੌਰ ਵਿਚ ਵੀ ਕਈ ਉਨ ਬਹੁਤ ਵਧੀਆ ਲਿਖੀਆਂ ਹਨ।ਪਰ ਆਪਦੀ ਸਿਹਤ ਵੱਲ ਦੀ ਜ਼ਰਾ ਵੀ ਪਰਵਾਹ ਕੀਤੇ ਬਗੈਰ ਸਾਰਾ ਧਿਆਨ ਬੱਚੇ ਦੀ ਪ੍ਰਵਰਿਸ਼ ਵੱਲ ਲਗਾ ਦਿੰਦੀ ਹੈ।ਉਹ ਖੁਦ ਬਿਮਾਰ ਹੋ ਜਾਂਦੀ ਹੈ ਅਤੇ ਇਕ ਵਾਰ ਤਾਂ ਉਸਦੀ ਹਾਲਤ ਜ਼ਿਆਦਾ ਹੀ ਨਿੱਘਰ ਗਈ ਲੱਗਦੀ ਹੈ।ਪਰ ਛੇਤੀ ਹੀ ਠੀਕ ਹੋ ਜਾਣਾ ਹੈ। ਫਿਰ ਪਤੀ ਦੇ ਕਹਿਣ ‘ਤੇ ਅਕਤੂਬਰ 1925 ਦੇ ਅਖੀਰ ਵਿਚ ਉਹ 9 ਮਹੀਨਿਆਂ ਦੇ ਆਪਣੇ ਪੁੱਤਰ ਅਤੇ 12 ਵਰ੍ਹਿਆਂ ਦੀ ਧੀ ਆਲੀਆ ਨੂੰ ਨਾਲ ਲੈ ਕੇ ਪੈਰਿਸ ਪਹੁੰਚ ਜਾਵੇਗੀ। ਸਮਾਂ ਔਖ ਭਰਿਆ ਤਾਂ ਹੈ ਪਰ ਲੰਘਦਾ ਜਾਂਦਾ ਹੈ।ਪੈਰਿਸ ਰੂਸ ਚੋਂ ਤੋਂ ਜਲਾਵਤਨ ਬੁੱਧੀਜੀਵੀਆਂ ਅਤੇ ਚਿੰਤਕਾਂ ਦਾ ਇਸ ਸਮੇਂ ਮੁਖ ਕੇਂਦਰ ਹੈ। ਉਹ ‘ਮਾਈਲ ਪੋਸਟਸ‘ ਨਾਂ ਦਾ ਸਾਹਿਤਕ ਮੈਗਜ਼ੀਨ ਕੱਢ ਰਹੇ ਹਨ ਜਿਸਦਾ ਸਾਹਿਤਕ ਸੰਪਾਦਕ ਪ੍ਰਿੰਸ ਡੀ.ਐਸ. ਮਿਰਸਕੀ ਨਾਂ ਦਾ ਰੂਸੀ ਮੂਲ ਦਾ ਪ੍ਰਸਿੱਧ ਕਲਾ ਅਲੋਚਕ ਹੈ। ਸਾਲ 1926 ਦੀ ਬਹਾਰ ਰੁੱਤੇ ਮਰੀਨਾ ਦੇ ਕਾਵਿ ਪਾਠ ਲਈ ਵਿਸ਼ੇਸ਼ ਸਮਾਗਮ ਹੁੰਦਾ ਹੈ ਜਿਸ ਵਿਚ ਉਸਦੀ ਕਲਾ ਦੀ ਢੇਰ ਪ੍ਰਸੰਸਾ ਹੋਵੇਗੀ ਅਤੇ ਸਭ ਪਾਸੇ ਧੰਨ ਧੰਨ ਹੋ ਜਾਂਦੀ ਹੈ।
ਪ੍ਰਿੰਸ ਮਿਰਸਕੀ ਪਹਿਲਾਂ ਵੀ ਲੰਡਨ ਰਹਿੰਦਾ ਹੈ ਅਤੇ ਪੈਰਿਸ ਤੋਂ ਦੁਬਾਰਾ ਮੁੜ ਉਸਦਾ ਲੰਡਨ ਕਿਸੇ ਅਹਿਮ ਕਾਨਫਰੰਸ ਵਿੱਚ ਜਾਣ ਦਾ ਸਬੱਬ ਬਣਨ ‘ਤੇ ਉਹ ਮਰੀਨਾ ਨੂੰ ਨਾਲ ਜਾਣ ਲਈ ਸੱਦਾ ਦੇ ਦਿੰਦਾ ਹੈ। ਲੰਡਨ ਦੇ ਨਵੇਂ ਵਾਤਾਵਰਨ ‘ਚ ਪਹੁੰਚਦਿਆਂ ਹੀ ਮਰੀਨਾ ਦੀ ਰੂਹ ਖੁਸ਼ੀ ਅਤੇ ਖੇੜੇ ਨਾਲ ਭਰ ਜਾਵੇਗੀ।ਮਹਿਜ਼ ਹਫ਼ਤਾ ਕੁ ਭਰ ਇੱਥੇ ਰਹਿੰਦਿਆਂ ਉਹ ਕਈ ਉਚ ਪਾਏ ਦੀਆਂ ਲੰਮੀਆਂ ਨਜ਼ਮਾਂ ਦੀ ਸਿਰਜਣਾ ਕਰਦੀ ਹੈ।ਇਸ ਦੌਰਾਨ ਹੋਟਲ ਵਿਚ ਉਸਦਾ ਰੂਮ ਪ੍ਰਿੰਸ ਦੇ ਨੇੜੇ ਹੀ ਹੈ।ਬਹਾਰ ਦੇ ਮੌਸਮ ਦੀ ਬਹੁਤ ਹੀ ਹੁਸੀਨ ਰਾਤ ਹੈ ਅਤੇ ਫਿਰ ਅਜਿਹੇ ਰੌਸ਼ਨ ਦਿਮਾਗ ਇਨਸਾਨ ਦੀ ਸੰਗਤ! ਪ੍ਰਿੰਸ ਦੇ ਕਮਰੇ ਵਿਚ ਜਾ ਕੇ ਚਾਹ ਪੀਣ ਤੋਂ ਬਾਅਦ ਉਨ ਆਪਣੀ ਰਿਹਾਇਸ਼ ‘ਤੇ ਵਾਪਸ ਪਰਤਣ ਦੀ ਬਜਾਏ ਉਸ ਪ੍ਰਿੰਸ ਦੇ ਬੈੱਡ ਵਿਚ ਹੀ ਪੈ ਜਾਣਾ ਹੈ।ਪ੍ਰਿੰਸ ਮਿਰਸਕੀ ਨੇ ਬਾਅਦ ਵਿਚ ਵੇਰਾ ਸੁਵਚਿੰਸਕੀ ਨਾਂ ਦੀ ਆਪਦੀ ਦੋਸਤ ਨੂੰ ਲਿਖੇ ਪੱਤਰ ਵਿੱਚ ਰਾਤ ਦੇ ਇਸ ਉਪਹਾਰ ਦਾ ਜ਼ਿਕਰ ਬਹੁਤ ਹੀ ਵਚਿੱਤਰ ਲਹਿਜ਼ੇ ਵਿੱਚ ਇਹ ਕਹਿੰਦਿਆਂ ਕੀਤਾ ਹੋਇਆ ਹੈ, “ਮਰੀਨਾ ਨੇ ਕਪੜੇ ਉਤਾਰੇ ਤਾਂ ਉਸਨੂੰ ਲੱਗਿਆ ਕਿ ਉਸਦੀ ਦੇਹ ਔਰਤਾਂ ਵਰਗੀ ਨਹੀਂ ਬਲਕਿ ਮਾਈਕਲ ਐਂਜਲੋ ਦੇ ਅਪੋਲੋ ਦੇ ਸਟੈਚੂ ਦੇ ਹਾਰ ਹੈ- ਇਕ ਦਮ ਕਿਸੇ ਸੁੰਦਰ ਸਿਹਤਮੰਦ ਯੁਵਕ ਦੀ ਦੇਹ ਵਾਂਗ ਤਰਾਸ਼ੀ ਹੋਈ।...”
ਵੇਰਾ ਅਤੇ ਉਸਦਾ ਮਹਾਨ ਸੰਗੀਤ ਸ਼ਾਸਤਰੀ ਪਤੀ ਪੀਟਰ ਸੁਵਚਿੰਸਕੀ- ਦੋਵੇਂ ਹੀ ਮਰੀਨਾ ਦੀ ਸ਼ਖ਼ਸੀਅਤ ਅਤੇ ਕਾਵਿ-ਕਲਾ ਦੇ ਪ੍ਰਸ਼ੰਸਕ ਹਨ।ਲੰਡਨ ਤੋਂ ਆ ਕੇ ਬੱਚਿਆਂ ਸਮੇਤ ਉਹ ਕਾਫੀ ਦਿਨ ਉਨ੍ਹਾਂ ਦੇ ਘਰੇ ਹੀ ਰਹਿ ਰਹੀ ਹੈ।
ਮਰੀਨਾ ਦਾ ਬੇਟਾ ਗਰੀਗੋਰੀ 18 ਮਹੀਨਿਆਂ ਦਾ ਹੋ ਗਿਆ ਹੈ। ਮਰੀਨਾ ਦੀ ਉਸਦੀ ਜਾਨ ਵਿਚ ਜਾਨ ਹੈ।ਹੱਦ ਇਹ ਹੈ ਕਿ ਖੁਦ ਵੇਰਾ ਸਮੇਤ ਉਨ੍ਹਾਂ ਦੇ ਸਰਕਲ ਦੇ ਲੋਕ ਉਸਦਾ ਅਨੋਖਾ ਅਤੇ ਹੱਦੋਂ ਵੱਧ ਪੁੱਤਰ ਮੋਹ ਵੇਖ ਕੇ ਕਦੀ ਕਦੀ ਹੈਰਾਨ ਹੋ ਜਾਂਦੇ ਹਨ।
ਇਲੇਨ ਦੀ ਪੁਸਤਕ ਦੇ ਪੰਨਾ 179 ਉਪਰ ਇਸ ਪ੍ਰਥਾਏ ਦਰਜ਼ ਇਕ ਵੇਰਵੇ ਅਨੁਸਾਰ ਇਕ ਦਿਨ ਘਰ ਦੇ ਲਾਅਨ ਵਿਚ ਬੈਠਿਆਂ ਉਹ ਧੁੱਪ ਸੇਕ ਰਹੀਆਂ ਹਨ। ਬੱਚਾ ਅਜਿਹੀ ਜਗ੍ਹਾ ‘ਤੇ ਖੜਾ ਖੇਡ ਰਿਹਾ ਸੀ ਕਿ ਵੇਰਾ ਤਕ ਧੁੱਪ ਸਿੱਧੀ ਪਹੁੰਚਣ ਵਿਚ ਰੁਕਾਵਟ ਪੈ ਰਹੀ ਹੈ। ਵੇਰਾ ਉਸਨੂੰ ਜਰਾ ਪਾਸੇ ਹੋਣ ਲਈ ਕਹਿ ਬੈਠੀ ਤਾਂ ਮਰੀਨਾ ਕੋਲੋਂ ਜ਼ਰਿਆ ਨਾ ਗਿਆ।ਉਸਨੇ ਆਪਦੀ ਸਹੇਲੀ ਨੂੰ ਛੇੜਨ ਲਈ ਇਹ ਕਹਿੰਦਿਆਂ ਘੁਰਕਿਆ, “ਤੂੰ ਉਸ ਨੂੰ ਸੂਰਜ ਤੋਂ ਲਾਂਭੇ ਹੋਣ ਲਈ ਕਿਵੇਂ ਕਹਿ ਦਿੱਤਾ।ਜ਼ਰਾ ਧਿਆਨ ਨਾਲ ਤਾਂ ਵੇਖ! ਉਹ ਤਾਂ ਖੁਦ ਸੂਰਜ ਹੈ..।”
ਇਹ ਲਿਖਦਿਆਂ ਮੇਰੇ ਮਨ ਵਿਚ ਅੰਮ੍ਰਿਤਾ ਪ੍ਰੀਤਮ ਦੇ ਆਪਣੇ ਇਕਲੌਤੇ ਪੁੱਤਰ ਸ਼ੈਲੀ ਨਾਲ ਮਾਤਰੀ ਲਗਾਵ ਦੇ ਕਈ ਵੇਰਵੇ - ਖਾਸ ਕਰਕੇ ਉਸਦੀ ਹੱਤਿਆ ਦੀ ਖ਼ਬਰ ਨਸ਼ਰ ਹੋਣ ਪਿਛੋਂ ਗੁਰਬਚਨ ਸਿੰਘ ਭੁੱਲਰ ਹੋਰਾਂ ਵੱਲੋਂ ‘ਪੰਜਾਬੀ ਟ੍ਰਿਬਿਊਨ‘ ਵਿੱਚ ਲਿਖੇ ਲੇਖ ਦੇ ਕਈ ਸੰਦਰਭ ਉਭਰ ਆਉਂਦੇ ਹਨ ਜੋ ਕਿ ਉਨ੍ਹਾਂ ਨੇ ‘ਹੁਣ‘ ਦੇ 28 ਨੰਬਰ ਅੰਕ ਵਿਚ ਸ਼ਾਇਦ ਆਪਣੇ ਨਾਵਲ ਦੇ ਥੀਸਿਜ਼ ਜਾਂ ਸੰਦਰਭਾਂ ਨੂੰ ਅਗਾਊਂ ਤੌਰ ‘ਤੇ ਸਮਝਾਉਣ ਲਈ ‘ਅੰਮ੍ਰਿਤਾ ਪ੍ਰੀਤਮ: ਤਿੰਨ ਮੌਤਾਂ ਮਰ ਕੇ ਪੂਰੀ ਹੋਈ ਮੌਤ‘ ਸਿਰਲੇਖ ਹੇਠਲੇ ਲੰਮੇ ਲੇਖ ਵਿਚ ਹੋਰ ਵੀ ਵਿਸਥਾਰ ਵਿਚ ਉਜਾਗਰ ਕੀਤੇ ਹੋਏ ਹਨ।
ਸਮਾਂ ਆਪਦੀ ਚਾਲੇ ਬੀਤਦਾ ਜਾਂਦਾ ਹੈ! ਗਰੀਗੋਰੀ 5 ਕੁ ਵਰ੍ਹਿਆਂ ਦਾ ਹੋ ਗਿਆ ਹੈ।ਮਰੀਨਾ ਦਾ ਬਹੁਤਾ ਸਮਾਂ ਬੱਚੇ ਦੀ ਪ੍ਰਵਰਿਸ਼ ਤੇ ਹੀ ਖਰਚ ਹੁੰਦਾ ਹੈ।ਕਾਵਿ ਸਿਰਜਣਾ ਦਾ ਉਸਦਾ ਕੇਂਦਰੀ ਸਰੋਕਾਰ ਵੀ ਪਿੱਛੇ ਚਲਿਆ ਜਾਂਦਾ ਹੈ।ਇਸੇ ਦੌਰਾਨ ਕੁਝ ਇਤਫ਼ਾਕ ਅਜਿਹੇ ਵਾਪਰਦੇ ਹਨ ਕਿ ਪ੍ਰਿੰਸ ਦੇ ਜ਼ਿਹਨ ਵਿਚ ਕਮਿਊਨਿਸਟ ਵਿਚਾਰਧਾਰਾ ਅਤੇ ਬਾਲਸ਼ਵਿਕ ਕਾਜ ਅਤੇ ਤੁਰੰਤ ਵਤਨ ਵਾਪਸੀ ਦੀ ਖਿੱਚ ਪੈਦਾ ਹੋ ਜਾਂਦੀ ਹੈ।ਉਧਰ ਰੂਸ ਤੋਂ ਬਾਹਰ ਆ ਰਹੀਆਂ ਨਹਿਸ਼ ਖ਼ਬਰਾਂ ਦੇ ਬਾਵਜੂਦ ਮਰੀਨਾ ਦੇ ਪਤੀ ਏਫਰੌਨ ਨੂੰ ਵੀ ਦਿਨ-ਰਾਤ ਵਤਨ ਦਾ ਹੇਰਵਾ ਸਤਾਉਣ ਲਗ ਪੈਂਦਾ ਹੈ।ਦਿਲ ਦਰਿਆ ਸਮੁੰਦਰੋਂ ਡੂੰਘੇ ਤੇ ਕੌਣ ਇਨ੍ਹਾਂ ਨੂੰ ਜਾਣੇ ਵਾਲੀ ਕਹਾਣੀ ਹੈ।ਅਪ੍ਰੈਲ 1930 ਵਿੱਚ ਵਲਾਦੀਮੀਰ ਮਾਈਕੋਵਸਕੀ ਦੇ ਆਤਮ ਹੱਤਿਆ ਕਰ ਜਾਣ ਦੀ ਖ਼ਬਰ ਆ ਜਾਂਦੀ ਹੈ।ਜਲਾਵਤਨ ਰੂਸੀ ਭਾਈਚਾਰੇ ਵਿਚ ਵਣ-ਵਣ ਦੀ ਲਕੜੀ ਹੈ ਅਤੇ ਵਣ-ਵਣ ਦਾ ਹੀ ਉਨ੍ਹਾਂ ਦਾ ਪ੍ਰਤੀਕਰਮ ਹੈ।ਪ੍ਰੰਤੂ ਮਰੀਨਾ ਹੈ ਕਿ ਗਹਿਰੇ ਸੋਗ ਵਿਚ ਡੁੱਬ ਜਾਂਦੀ ਹੈ। ਉਹ ਅਗਲੇ ਦਿਨੀਂ- ਲੰਮੇ ਵਕਫੇ ਤੋਂ ਬਾਅਦ ਮੁੜ ਕਾਵਿ ਸਿਰਜਣਾ ਵੱਲ ਪਰਤਦੀ ਹੈ ਅਤੇ ਮਾਈਕੋਵਸਕੀ ਦੀ ਯਾਦ ਵਿਚ ਸੱਤ ਅਤਿਅੰਤ ਪੁਰਸੋਜ਼ ਮਾਤਮੀ ਗੀਤਾਂ ਦੀ ਰਚਨਾ ਕਰਦੀ ਹੈ।ਪ੍ਰੰਤੂ ਜਲਾਵਤਨ ਰੂਸੀ ਭਾਈਚਾਰੇ ਵਿਚ ਇਸਦਾ ਉਲਟ ਪ੍ਰਭਾਵ ਪੈਣਾ ਹੈ। ਉਸਦੇ ਮਾਈਕੋਵਸਕੀ ਪ੍ਰਤੀ ਮਰੀਨਾ ਦੇ ਅਜਿਹੇ ਹੇਜ ਨੂੰ ਵੇਖਦਿਆਂ ਉਨਾਂ ਦੇ ਉਸ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਨੂੰ ਗਹਿਰੇ ਸੰਦੇਹ ਨਾਲ ਵੇਖਣਾ ਸ਼ੁਰੂ ਕਰ ਦੇਣਾ ਹੈ।ਇਹ ਇਕ ਬਹੁਤ ਹੀ ਅਜੀਬ ਤਰ੍ਹਾਂ ਦਾ ਤਰਾਸਦਿਕ ਵਿਰੋਧਾਭਾਸ ਹੈ ਜਿਸ ਦੀ ਸਮੁੱਚੀ ਡਾਇਲੈਕਟਿਕ ਨੇ ਹੌਲੀ-ਹੌਲੀ ਅਜਿਹੀਆਂ ਅਣਕਿਆਸੀਆਂ ਦਿਸ਼ਾਵਾਂ ਵਿਚ ਜਦੋਂ ਖੁਲ੍ਹਣਾ ਹੈ ਤਾਂ ਆਉਣ ਵਾਲੇ ਮਹਿਜ਼ ਇਕ ਦਹਾਕੇ ਦੇ ਅੰਦਰ-ਅੰਦਰ ਇਸ ਪਿਆਰੇ ਪਰਿਵਾਰ ਨੂੰ ਤਬਾਹ ਕਰਕੇ ਰਖ ਦੇਣਾ ਹੈ।ਅਸੀਂ ਆਪਣੇ ਪਾਠਕਾਂ ਨੂੰ ਦਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸਮਤ ਦੇ ਕੁੱਤੇ ਆਪਦੀ ਇਹ ਭਿਆਨਕ ਲੀਲਾ ਭਲਾਂ ਕਿਸ ਤਰ੍ਹਾਂ ਦੇ ਰੰਗਾਂ ਵਿੱਚ ਰਚਾਉਂਦੇ ਹਨ। ਭਾਈਚਾਰੇ ਦੀ ਦੁਸ਼ਮਣੀ ਭਰੀ ਬੇਰੁਖੀ ਕਾਰਨ ਸਰਗੇਈ ਏਫ਼ਰੌਨ ਦੇ ਅਤਿ ਸੰਵੇਦਨਸ਼ੀਲ ਮਨ ਨੂੰ ਗਹਿਰੀ ਠੇਸ ਲਗਦੀ ਹੈ।ਉਹ ਆਪਣੇ ਪਹਿਲੇ ਪਿਛਲੇ ਕਰਮਾਂ ਅਤੇ ਨਾਲ ਹੀ ਸਾਰੇ ਜੀਵਨ ਦਰਸ਼ਨ ਨੂੰ ਨਵੇਂ ਸਿਰਿਓਂ ਘੋਖਣਾ ਅਤੇ ਮਾਨਵ ਮੁਕਤੀ ਦੇ ਕਿਸੇ ਵਡੇਰੇ ਕਾਜ ਨਾਲ ਜੁੜ ਕੇ ਆਪਦੀ ਜ਼ਿੰਦਗੀ ਨੂੰ ਸਕਾਰਥੇ ਲਗਾਉਣ ਲਈ ਦਿਨ-ਰਾਤ ਦੇਸ਼ ਵਾਪਸ ਪਰਤਣ ਦੇ ਢੰਗ ਤਰੀਕਿਆਂ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ। ਸਾਲ 1934 ਵਿਚ ਕਿਰੋਵ ਦੀ ਹੱਤਿਆ ਤੋਂ ਬਾਅਦ ਕਾ. ਸਟਾਲਿਨ ਨੇ ਬਦਨਾਮ ‘ਮਾਸਕੋ ਮੁਕੱਦਮਿਆਂ‘ ਲਈ ਕੌਮਾਂਤਰੀ ਪੱਧਰ ‘ਤੇ ਪਿੜ ਜਦੋਂ ਬੰਨ੍ਹਣਾ ਹੈ ਤਾਂ ਉਸ ਲਈ ਅਜਿਹੇ ਆਦਰਸ਼ਵਾਦੀਆਂ ਦੀ ਸਖ਼ਤ ਲੋੜ ਪੈਣੀ ਹੈ।ਕੀਮਤ ਸਭਨਾਂ ਨੂੰ ਹੀ ਪਤਾ ਹੈ ਕਿ ਐਸੀ ਪਿਛੋਕੜ ਵਾਲੇ ਬੰਦਿਆਂ ਤੋਂ ਆਪਣੀ ਵਫ਼ਾਦਾਰੀ ਨੂੰ ਸਾਬਤ ਕਰਨ ਲਈ ਖੁਫੀਆ ਸੰਗਠਨ ਨੇ ਫਿਰ ਕਿਸ ਤਰ੍ਹਾਂ ਦੀ ਵਸੂਲ ਕਰਨੀ ਹੈ।
ਸਰਗੇਈ ਏਫਰੌਨ ਨੇ ਸਾਲ 1932 ਵਿਚ ਹੀ ‘ਯੂਨੀਅਨ ਫਾਰ ਰੀਪੈਟਰੀਏਸ਼ਨ ਆਫ ਰਸ਼ੀਅਨਜ਼ ਐਬਰਾਡ‘ ਨਾਂ ਦੇ ਰੂਸ ਪੱਖੀ ਸੰਗਠਨ ਵਿਚ ਸ਼ਾਮਲ ਹੋ ਜਾਂਦਾ ਹੈ। ਆਲੀਆ ਇਸ ਸਮੇਂ ਤਕ 20-22 ਵਰ੍ਹਿਆਂ ਦੀ ਹੋ ਗਈ ਹੈ ਅਤੇ ਵਤਨ ਵਾਪਸੀ ਦੀ ਲਲਕ ਉਸ ਅੰਦਰ ਬਾਪ ਨਾਲੋਂ ਵੀ ਕਿਤੇ ਵੱਧ ਤੀਬਰ ਹੈ। ਆਪਣੇ ਪਿਉ ਨਾਲ ਹੱਦੋਂ ਵੱਧ ਹਮਦਰਦੀ ਹੈ ਅਤੇ ਮਾਂ ਨਾਲ ਉਸਦਾ ਰਿਸ਼ਤਾ ਅਰੰਭ ਤੋਂ ਹੀ ‘ਲਵ-ਹੇਟ‘ ਵਾਲਾ ਬਣ ਗਿਆ ਹੋਇਆ ਹੈ। ਸੋ ਹੁੰਦਾ ਇਹ ਹੈ ਕਿ ‘ਮਾਸਕੋ ਮੁਕੱਦਮਿਆਂ‘ ਦਾ ਦੂਸਰਾ ਗੇੜ ਅਜੇ ਸ਼ੁਰੂ ਹੋ ਹੀ ਰਿਹਾ ਸੀ ਕਿ ਪਿਤਾ ਦੀ ਮੁਕੰਮਲ ਸਹਿਮਤੀ ਨਾਲ ਆਪਣੀ ਜ਼ਿੰਦਗੀ ਕਿਸੇ ਵੱਡੇ ਕਾਜ ਲਈ ਸਮਰਪਿਤ ਕਰਨ ਅਤੇ ਸਹੀ ਅਰਥਾਂ ਵਿਚ ਮੁਕਤ ਸਮਾਜ ਦੀ ਸਿਰਜਣਾ ਵਿਚ ਹਿੱਸਾ ਪਾਉਣ ਵਾਸਤੇ ਮਾਰਚ 1937 ਵਿੱਚ ਭਿਆਨਕ ਭੁਲੇਖੇ ਦੇ ਤਹਿਤ ਆਪਣੇ ਉਸ ਵਤਨ ਵਿੱਚ ਵਾਪਸ ਪਰਤਣ ਲਈ ਤਿਆਰ ਹੁੰਦੀ ਹੈ ਜਿੱਥੇ ਧਰਤੀ ਉਪਰ ਸਵਰਗ ਦੀ ਜਗ੍ਹਾ ਮੁਕੰਮਲ ਨਰਕ ਉਤਾਰਨ ਲਈ ਤਿਆਰੀਆਂ ਪੂਰੇ ਜੋਰਾਂ-ਸ਼ੋਰਾਂ ਨਾਲ ਚਲ ਰਹੀਆਂ ਹਨ।ਪ੍ਰੰਤੂ ਉਹ ਇਸ ਲਈ ਵੀ ਖੁਸ਼ ਹੈ ਕਿ ਕੁਝ ਦਿਨਾਂ ਤਕ ਉਨ ਆਪਣੀ ਭੂਆ ਜੋ ਕਿ ਮਰੀਨਾ ਦੀ ਭੈਣ ਅਨਾਸਤਾਨੀਆਂ ਕੋਲ ਰਹਿ ਕੇ ਅੰਗਰੇਜੀ ਸਾਹਿਤ ਦਾ ਵਿਸ਼ੇਸ਼ ਕੋਰਸ ਲੈ ਕੇ ਪੜ੍ਹ ਰਹੀ ਹੈ- ਕੋਲ ਆਪਣੇ ਘਰ ਦੇ ਜੀਆਂ ਵਿਚ ਪਹੁੰਚ ਜਾਣਾ ਹੈ।ਇਹ ਉਹੋ ਸਮਾਂ ਹੈ ਜਦੋਂ ਇਕ ਪਾਸੇ ਜਰਮਨੀ ਵਿਚ ਅਡੋਲਫ ਹਿਟਲਰ ਅਤੇ ਦੂਸਰੇ ਪਾਸੇ ਸੋਵੀਅਤ ਯੂਨੀਅਨ ਵਿਚ ਕਾ. ਸਟਾਲਿਨ ਆਪੋ ਆਪਣੇ ਇਨਸਾਨ ਦੁਸ਼ਮਣ ਭਿਆਨਕ ਏਜੰਡਿਆਂ ਨੂੰ ਅਮਲੀ ਰੂਪ ਦੇਣ ਲਈ ਆਪਣੀ ਆਈ ‘ਤੇ ਆਏ ਹੋਏ ਹਨ।ਦੋਵਾਂ ਦੇਸ਼ਾਂ ਵਿੱਚ ‘ਆਦਮ ਬੋ, ਆਦਮ ਬੋ‘ ਦਾ ਪਹਿਰਾ ਹੈ।ਅਗਸਤ 1936 ਵਿਚ ਸੋਵੀਅਤ ਰੂਸ ਵਿਚ ਪਹਿਲੇ ‘ਮਾਸਕੋ ਮੁਕੱਦਮੇ‘ ਦੇ ਤਹਿਤ ਕਾ. ਲੈਨਿਨ ਦੇ ਪ੍ਰਮੁੱਖ ਸਾਥੀਆਂ ਵਿਚੋਂ ਗਰੀਗੋਰੀ ਜਿਨੋਵੀਵ ਲਿਓ ਕਾਮਨੇਵ ਅਤੇ ਅਈ.ਐਨ. ਸਮਰਨੋਵ ਸਮੇਤ 16 ਪਹਿਲੇ ਪੂਰ ਦੇ ਕੌਮਾਂਤਰੀ ਇਨਕਲਾਬੀਆਂ ਨੂੰ ਮੌਤ ਦੀ ਸਜਾ ਦਿੱਤੀ ਗਈ ਅਤੇ ਉਸੇ ਦਿਨ ਉਨ੍ਹਾਂ ਨੂੰ ਪਾਗਲ ਕੁੱਤਿਆਂ ਵਾਂਗ ਗੋਲੀਆਂ ਨਾਲ ਉਡਾ ਦਿੱਤਾ ਜਾਂਦਾ ਹੈ। ਇਸਦਾ ਅਸਰ ਵਿਦੇਸ਼ਾਂ ਵਿਚ ਵਰ੍ਹਿਆਂ ਤੋਂ ਕਮਿਊਨਿਸਟ ਕਾਜ ਦੀ ਰਾਖੀ ਲਈ ਖ਼ਤਰਨਾਕ ਖੇਡਾਂ ਖੇਡਦੇ ਆ ਰਹੇ ਕੁਝ ਸੋਵੀਅਤ ਅਧਿਕਾਰੀਆਂ ‘ਤੇ ਵੀ ਪਵੇਗਾ ਅਤੇ ਕੁਝ ਇਕ ਡਰਦੇ ਮਾਰੇ ਸੋਵੀਅਤ ਸਫਾਰਤਖਾਨਿਆਂ ਅਤੇ ਕੰਮ ਵਾਲੀਆਂ ਆਪਣੀਆਂ ਥਾਵਾਂ ਤੋਂ ਭੱਜ ਕੇ ਲੁੱਕ-ਛਿਪ ਜਾਨਾਂ ਬਚਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦੇਣਗੇ। ਇਨ੍ਹਾਂ ਵਿਚੋਂ ਅਜਿਹਾ ਹੀ ਇਕ ਅਧਿਕਾਰੀ ਇਗਨੇਸ ਰੀਸ ਵੀ ਸੀ ਜੋ ਪਿਛਲੇ 20 ਵਰ੍ਹਿਆਂ ਤੋਂ ਪੱਛਮੀ ਯੋਰਪ ਅੰਦਰ ਬਾਲਸ਼ਵਿਕ ਰੂਸ ਲਈ ਜਸੂਸੀ ਦਾ ਕੰਮ ਕਰਦਾ ਆ ਰਿਹਾ ਹੈ। ਇਹ ਏਜੰਸੀ ਛੱਡ ਕੇ ਭੱਜਦਾ ਹੈ ਤਾਂ ਸਤੰਬਰ 1937 ਦੇ ਪਹਿਲੇ ਹਫਤੇ ਰਹੱਸਮਈ ਹਾਲਤਾਂ ਵਿਚ ਇਸ ਦੀ ਹੱਤਿਆ ਹੋ ਜਾਂਦੀ ਹੈ।ਹੱਤਿਆ ਦੇ ਇਸ ਕੇਸ ਵਿਚ ਸ਼ੱਕ ਦੀ ਸੂਈ ਸਰਗੇਈ ਏਫਰੌਨ ‘ਤੇ ਵੀ ਆ ਜਾਂਦੀ ਹੈ।ਫਰਾਂਸੀਸੀ ਪੁਲੀਸ ਤੇਜੀ ਨਾਲ ਉਸਦੀ ਭਾਲ ਕਰਨੀ ਸ਼ੁਰੂ ਕਰ ਦਿਤੀ ਹੈ। ਪ੍ਰੰਤੂ ਸੋਵੀਅਤ ਖੁਫੀਆ ਅਧਿਕਾਰੀ ਚੌਕੰਨੇ ਹਨ ਅਤੇ ਉਹ ਤੁਰੰਤ ਉਸਨੂੰ ਵਾਪਸ ਰੂਸ ਪਰਤਣ ਲਈ ਜਾਅਲੀ ਪੇਪਰ ਮੁਹਈਆ ਕਰਵਾ ਦਿੰਦੇ ਹਨ ਅਤੇ ਉਹ ਆਪਣੀ ਪਤਨੀ ਅਤੇ ਪੁੱਤਰ ਦੀ ਖ਼ਬਰ ਲੈਣ ਜਾਂ ਉਨ੍ਹਾਂ ਨੂੰ ਖ਼ਬਰ ਕਰਨ ਤੋਂ ਬਿਨਾ ਹੀ ਆਪਣੇ ਪਿਆਰੇ ਵਤਨ ਵਿਚ ਵਾਪਸ ਪਹੁੰਚ ਜਾਂਦਾ ਹੈ। ਜ਼ਰਾ ਵੇਖੋ ਹੋਣੀ 180ਗ਼ ਦਾ ਮੋੜ ਕਿੰਝ ਕਟਦੀ ਹੈ।ਜ਼ਾਹਿਰ ਹੈ ਏਫਰੌਨ ਦੇ ਦਿਲ ਦੀ ਉਹ ਮੁਰਾਦ ਪੂਰੀ ਹੋ ਗਈ ਜਿਸ ਵਾਸਤੇ ਉਨ ਸਾਰਾ ਪੰਗਾ ਲਿਆ ਹੈ।...ਅੱਗੋਂ ਵੇਖਣਾ ਹੁਣ ਇਹ ਹੈ ਕਿ ਮਾਤ ਭੂਮੀ ਨੂੰ ਸਵਰਗ ਬਣਾਉਣ ਦੇ ਆਪਣੇ ਸੁਪਨੇ ਤੇ ਰੀਝਾਂ ਨੂੰ ਉਹ ਕਿੰਝ ‘ਸਾਕਾਰ‘ ਕਰਦਾ ਹੈ।
“ਮਰੀਨਾ ਨੂੰ ਪਤੀ ਦੇ ਜਾਣ ਦਾ ਪਤਾ ਜਲਦੀ ਹੀ ਬਾਅਦ ਲਗ ਜਾਂਦਾ ਹੈ। ਫਰਾਂਸੀਸੀ ਪੁਲੀਸ ਫੜ ਕੇ ਉਸ ਦੀ ਸਖ਼ਤ ਪੁੱਛ-ਗਿੱਛ ਕਰਦੀ ਹੈ। ਪਰ ਉਸਨੂੰ ਤਾਂ ਕੱਖ ਪਤਾ ਹੀ ਨਹੀਂ ਹੈ। ਪੁੱਛ-ਗਿੱਛ ਦੌਰਾਨ ਆਪਣੀ ਆਤਮਾ ਦੀ ਇੰਤਹਾਈ ਪੀੜ ‘ਚੋਂ ਅਜਿਹੀ ਚੀਕ ਮਾਰਦੀ ਹੈ ਕਿ ਜੇਲ੍ਹ ਦੀਆਂ ਕੰਧਾਂ ਵੀ ਕੰਬ ਉਠਦੀਆਂ ਹਨ। ਇੰਟੈਰੋਗੇਸ਼ਨ ਅਧਿਕਾਰੀ ਖੁਦ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਉਸੇ ਵਕਤ ਉਸਨੂੰ ਰਿਹਾ ਕਰ ਦਿਤਾ ਜਾਂਦਾ ਹੈ। ਸ਼ਾਇਦ ਇਸ ਕਰਕੇ ਵੀ ਕਿ ਇਹ ਸਟਾਲਿਨ ਦਾ ਰੂਸ ਨਹੀਂ ਬਲਕਿ ਫਰਾਂਸ ਹੈ।
ਕੁਝ ਹੀ ਦਿਨਾਂ ਪਿਛੋਂ , ਜਾਨੀ ਅਕਤੂਬਰ 1937 ‘ਚ ਉਨ੍ਹਾਂ ਦਾ ਪੁਰਾਣਾ ਰਹਿਨੁਮਾ ਮਾਰਕ ਸਲੋਨਿਮ ਜਿਸਦੇ ਘਰੇ ਕਿ ਕਦੀ ਚੜ੍ਹਦੀ ਜਵਾਨੀ ਵਿਚ ਮਰੀਨਾ ਅਤੇ ਸਰਗੇਈ ਪਹਿਲੀ ਵਾਰ ਮਿਲੇ ਸੀ ਅਤੇ ਉਨ੍ਹਾਂ ਵਿਆਹ ਕਰਵਾਇਆ ਸੀ - ਅਚਾਨਕ ਪੁਛ ਪੁਛਾ ਕੇ ਉਸਨੂੰ ਮਿਲਣ ਆ ਜਾਂਦਾ ਹੈ। ਮਰੀਨਾ ਦੀ ਉਮਰ ਅਜੇ ਮਹਿਜ਼ 45 ਵਰ੍ਹਿਆਂ ਦੀ ਹੈ ਪ੍ਰੰਤੂ ਉਹ 75 ਵਰ੍ਹਿਆਂ ਦੀ ਕਿਸੇ ਔਰਤ ਵਾਂਗ ਮੁਰਝਾ ਗਈ ਹੋਈ ਹੈ। ਉਸਦੀ ਇੰਤਹਾਈ ਤਰਸਯੋਗ ਹਾਲਤ ਵੇਖ ਕੇ ਉਸਨੂੰ ਸੁੰਨ ਚੜ੍ਹ ਜਾਂਦੀ ਹੈ। ਕਿੰਨੀ ਦੇਰ ਤਕ ਦੋਵਾਂ ਵਿਚੋਂ ਕੋਈ ਵੀ ਨਹੀਂ ਬੋਲਦਾ - ਆਖਰ ਕਹਿਣ ਸੁਣਨ ਲਈ ਬਾਕੀ ਕੁਝ ਰਹਿ ਗਿਆ ਵੀ ਨਹੀਂ ਹੈ। ਪਰ ਯੂਰੀਪੀਡਸ ਦੀ ਕਿਸੇ ਤਰਾਸਦੀ ਦੀ ਤਾਂ ਅਜੇ ਇਹ ਪਹਿਲੀ ਹੀ ਝਾਕੀ ਹੈ।
ਇਲੇਨ ਦੀ ਪੁਸਤਕ ਦੇ ਪੰਨਾ 237 ਉਪਰ ਸਾਲ 1974 ਵਿਚ ਛਪੀਆਂ ਮਾਰਕ ਸਲੋਮਿਨ ਦਾ ਹਵਾਲਾ ਇਸ ਪ੍ਰਕਾਰ ਹੈ; ਮਰੀਨਾ ਕਹਿ ਰਹੀ ਹੈ:
“ਮੈਂ ਛੇਤੀ ਤੋਂ ਛੇਤੀ ਮਰਨਾ ਚਹੁੰਦੀ ਹਾਂ। ਪਰ ਮੈਨੂੰ ਬੇਟੇ ਦੀ ਖਾਤਰ ਜਿਉਣਾ ਪੈਣਾ ਹੈ। ਸਰਗੇਈ ਅਤੇ ਆਲੀਆ ਨੂੰ ਹੁਣ ਮੇਰੀ ਕੋਈ ਜ਼ਰੂਰਤ ਵੀ ਨਹੀਂ ਹੈ।”
...
ਮਰੀਨਾ ਦਾ ਪਿਆਰਾ ਪੁੱਤਰ 13 ਸਾਲਾਂ ਦਾ ਹੋ ਗਿਆ ਹੈ। ਮਾਂ ਦੇ ਮਨ ਦੀ ਦਸ਼ਾ ਦੀ ਉਸਨੂੰ ਕੋਈ ਖਬਰ ਨਾ ਹੈ, ਨਾ ਪ੍ਰਵਾਹ ਹੀ ਹੈ। ਉਸ ਤੇ ਇਕੋ ਧੁਨ ਸਵਾਰ ਹੈ ਕਿ ਕਿਸ ਤਰਾਂ ‘ਵਤਨ‘ ਵਾਪਸ ਪਰਤਿਆ ਜਾਵੇ- ਵਤਨ ਜਿਸਨੂੰ ਕਦੀ ਉਨ ਵੇਖਿਆ ਵੀ ਨਹੀਂ ਹੈ। ਉਧਰ ਇਸੇ ਸਮੇਂ ਸਾਲ 1938 ਦੇ ਪਹਿਲੇ ਮਹੀਨਿਆਂ ਦੌਰਾਨ ਫਰਾਂਸੀਸੀ ਅਖ਼ਬਾਰਾਂ ਵਿਚ ਰੀਸ ਦੀ ਹੱਤਿਆ ਅਤੇ ਸਰਗੇਈ ਏਫਰੌਨ ਦੀ ‘ਗਦਾਰੀ‘ ਦਾ ਰੌਲਾ ਪੂਰੇ ਜ਼ੋਰ ਨਾਲ ਪੈਂਦਾ ਰਹਿੰਦਾ ਹੈ। ਮਰੀਨਾ ਇਸ ਕਾਇਨਾਤ ਅੰਦਰ ਪੂਰੀ ਬੇਯਾਰੇ ਮਦਦਗਾਰ ਹੈ। ਜਲਾਵਤਨ ਰੂਸੀ ਭਾਈਚਾਰੇ ਦੇ ਲੋਕ ਉਸਨੂੰ ਸਾਜਿਸ਼ੀ, ਕਾਤਲ ਅਤੇ ਹੋਰ ਪਤਾ ਨਹੀਂ ਕੀ ਕੀ ਕਹੀ ਅਤੇ ਸਮਝੀ ਜਾ ਰਹੇ ਹਨ। ਪੂਰਾ ਸਾਲ ਇਸੇ ਅਵਸਥਾ ਵਿਚ ਲੰਘ ਜਾਦਾ ਹੈ। ਉਧਰ ਹਿਟਲਰ ਦੀਆਂ ਧਾੜਾਂ ਚੈਕੋਸਲੋਵਾਕੀਆ ਨੂੰ ਦਰੜ ਚੁੱਕੀਆਂ ਹਨ।
ਇਸੇ ਦੌਰਾਨ ਸਾਲ 1939 ਵਰ੍ਹੇ ਦੇ ਪਹਿਲੇ ਦਿਨ ਮਾਂ ਪੁੱਤਰ ਨੂੰ ਪਿਆਰੀ ਧੀ ਆਲੀਆ ਦਾ ਭੇਜਿਆ ਨਵੇਂ ਵਰ੍ਹੇ ਦੀਆਂ ਸ਼ੁਭ ਇਛਾਵਾਂ ਦਾ ਕਾਰਡ ਮਿਲਦਾ ਹੈ। ਮਰੀਨਾ ਦੀ ਆਤਮਾ ਖੁਸ਼ੀ ਅਤੇ ਇਕ ਵਾਰ ਮੁੜ ਚੰਗੇਰੇ ਦਿਨ ਪਰਤਣ ਦੀਆਂ ਉਮੀਦਾਂ ਨਾਲ ਚਹਿਕ ਉਠਦੀ ਹੈ। ਆਖਰ ਆਲੀਆ ਦੀ ਸਮਝ, ਸਿਆਣਪ ਅਤੇ ਸਲੀਕੇ ਤੇ ਉਸਨੂੰ ਹੀ ਫ਼ਖ਼ਰ ਹੈ ਅਤੇ ਪਤੀ ਸਰਗੇਈ ਨਾਲ ਮੋਹ ਤਾਂ ਕਦੀ ਘਟਿਆ ਹੀ ਨਹੀਂ ਹੈ।
ਸੋ ਇਹ ਹੈ ਉਹ ਪਿਛੋਕੜ ਜਿਸ ਵਿਚ ਉਹ 31 ਮਈ 1939 ਦੇ ਦਿਨ ਖੁਦ ਵਤਨ ਵਾਪਸੀ ਖਾਤਰ ਵੀਜੇ ਲਈ ਅਰਜ਼ੀ ਜਾ ਦਿੰਦੀ ਹੈ। ਜੂਨ ਦੇ ਕਿਸੇ ਦਿਨ ਉਹ ਮਾਰਕ ਸਲੋਨਿਮ ਅਤੇ ਉਸਦੇ ਪਰਿਵਾਰ ਨੂੰ ਆਖਰੀ ਵਾਰ ਮਿਲਣ ਜਾਂਦੀ ਹੈ। ਪੁਰਾਣੇ ਵਾਕਫਾਂ ਦੀ ਉਂਜ ਈ ਉਹ ਇਕੋ ਜਗ੍ਹਾ ਹੈ ਜਿੱਥੇ ਉਹ ਅਜੇ ਵੀ ਜਾ ਸਕਦੀ ਹੈ ਜੋ ਕਿ ਉਸਦੇ ਦੁਰਭਾਗ ਨੂੰ ਹਮਦਰਦੀ ਨਾਲ ਸਮਝ ਸਕਦੇ ਹਨ।
15 ਜੂਨ 1939 ਨੂੰ ਮਾਂ ਪੁੱਤਰ ਪੈਰਿਸ ਤੋਂ ਮਾਸਕੋ ਵੱਲ ਰਵਾਨਾ ਹੋ ਜਾਂਦੇ ਹਨ ਅਤੇ ਵਾਰਸਾ ਦੇ ਰਸਤੇ 18 ਜੂਨ ਨੂੰ ਮਾਸਕੋ ਦੇ ਨੇੜੇ ਹੀ ਬੋਲਸ਼ੇਵੋ ਕਸਬੇ ਵਿਚ ਆਪਣੀ ਰਾਣੀ ਧੀ ਆਲੀਆ ਅਤੇ ਉਸ ਦੇ ਸਾਥੀ ਮੂਲੀਆ ਦੇ ਛੋਟੇ ਜਿਹੇ ਘਰ ਵਿਚ ਪਹੁੰਚ ਜਾਂਦੇ ਹਨ। ਮਰੀਨਾ ਇਕ ਵਾਰ ਮੁੜ ਬੇਹੱਦ ਖੁਸ਼ ਹੈ। ਆਲੀਆ ਗਰਭਵਤੀ ਹੈ ਅਤੇ ਉਸਦਾ ਪਿਆਰਾ ਸਰਗੇਈ ਵੀ ਉਨ੍ਹੀ ਦਿਨੀਂ ਉਨ੍ਹਾਂ ਦੇ ਕੋਲ ਹੀ ਹੈ। ਉਸਦੀ ਭੈਣ ਅਨਾਸਤਾਸੀਆ ਬੇ ਬੁਨਿਆਦ ਝੂਠੇ ਦੋਸ਼ਾਂ ਹੇਠ ਫੜੀ ਜਾ ਚੁਕੀ ਹੈ। ਉਹ ‘ਗੁਲਾਗ‘ ਵਿਚ ਹੈ ਅਤੇ ਉਸਨੇ ਬਾਹਰ ਹੁਣ ਕਾ. ਸਟਾਲਿਨ ਦੇ ਫੌਤ ਹੋ ਜਾਣ ਤੋਂ ਬਾਅਦ ਹੀ ਆਉਣਾ ਹੈ।
ਫਿਰ ਵੀ ਕਾਦਰ ਦੀ ਮਿਹਰ ਕਿ ਜਿਸਨੇ ਕੁਝ ਦਿਨ ਉਨ੍ਹਾਂ ਨੂੰ ਇਕੱਠਿਆਂ ਰਹਿਣ ਲਈ ਦੇ ਦਿੱਤੇ ਹਨ।ਪਰ ਇਹ ਮਿਹਰ ਜਿਆਦਾ ਟਿਕਾਊ ਨਹੀਂ ਹੈ ਅਤੇ ਮਹਿਜ਼ 2 ਕੁ ਮਹੀਨੇ ਬਾਅਦ 22 ਜੂਨ 1937 ਨੂੰ ਅੱਧੀ ਰਾਤ ਸਮੇਂ ਅਚਾਨਕ ਖੁਫੀਆ ਪੁਲੀਸ ਦੀ ਉਹ ਮਨਹੂਸ ਘੰਟੀ ਖੜਕਦੀ ਹੈ ਜੋ ਪਹਿਲਾਂ ਲੱਖਾਂ ਹੀ ਬੇਗੁਨਾਹ/ਬਦਨਸੀਬ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ਤੇ ਖੜਕ ਚੁਕੀ ਹੋਈ ਹੈ।
ਆਲੀਆ ਨੂੰ ਉਹ ਜਾਸੂਸੀ ਦੇ ਦੋਸ਼ਾਂ ਹੇਠ ਫੜਨ ਆਏ ਹਨ- ਜਿਸਦੀ ਘੱਟੋ ਘੱਟ ਸਜਾ ਉਸਨੂੰ 15 ਸਾਲਾਂ ਦੀ ਮਿਲੇਗੀ ਅਤੇ ਉਸਨੂੰ ਆਪਣੀ ਮਾਸੀ ਅਨਾਸਤੇਸੀਆ ਦੇ ਕੋਲ ‘ਗੁਲਾਗ‘ ਵਿਚ ਭੇਜ ਦਿੱਤਾ ਜਾਵੇਗਾ। ਖੁਫੀਆ ਪੁਲੀਸ ਮੁਲਾਜਮਾਂ ਨਾਲ ਜਾਣ ਲਗਿਆਂ ਆਲੀਆ ਸ਼ਾਂਤ ਹੈ- ਉਸਦੇ ਮੱਥੇ ਉਪਰ ਅਲੌਕਿਕ ਆਭਾ ਹੈ- ਕੋਈ ਮਲਾਲ ਨਹੀਂ ਹੈ।
ਇਨ੍ਹਾਂ ਦੋ ਮਹੀਨਿਆਂ ਦੌਰਾਨ ਕਹਿਰਾਂ ਦੇ ਮਾਨਸਿਕ ਤਣਾਓ ਦੇ ਬਾਵਜੂਦ ਮਰੀਨਾ ਆਪਦੀ ਡਾਇਰੀ ਲਿਖਦੀ ਰਹੀ ਹੈ ਅਤੇ ਧੀ ਦੀ ਗ੍ਰਿਫਤਾਰੀ ਦੇ ਪਲਾਂ ਬਾਰੇ ਉਸਦਾ ਇੰਦਰਾਜ ਜ਼ਰਾ ਵੇਖੋ:
“ਇਹ ਕੀ ਮਾਜਰਾ ਹੈ ਆਲੀਆ? ਤੂੰ ਕਿਸੇ ਨੂੰ ਅਲਵਿਦਾ ਤਕ ਵੀ ਨਹੀਂ ਕਿਹਾ?- ਉਨ ਜਾਂਦਿਆਂ ਜਾਂਦਿਆਂ ਸਿਰ ਘੁਮਾ ਕੇ ਮੁਸਕਰਾਉਣ ਦਾ ਯਤਨ ਕੀਤਾ ਹੈ। ਪਰ ਉਹਦੀਆਂ ਅੱਖਾਂ ਵਿੱਚ ਅੱਥਰੂ ਭਰ ਆਏ ਹਨ- ਉਹ ਬਸ ਮੋਢਿਆਂ ਨੂੰ ਸੁਰੱਗ ਕਰਕੇ ਪੁਲੀਸ ਵਾਲਿਆਂ ਨਾਲ ਤੁਰ ਗਈ ਹੈ। ਕੇਹਾ ਅਸੀਮ ਦਰਦ ਹੈ ਉਸਦੇ ਚਿਹਰੇ ‘ਤੇ!”
...ਅਤੇ ਫਿਰ ਮਹਿਜ਼ ਇਕ ਮਹੀਨਾ ਬਾਅਦ ਉਨ੍ਹਾਂ ਨੇ ਅਜਿਹੇ ਹੀ ਹਰਾਮੀ ਦੋਸ਼ਾਂ ਹੇਠ ਈਸਾ ਵਰਗੀ ਆਤਮਾ ਵਾਲੇ ਉਸਦੇ ਪਿਆਰੇ ਪਤੀ ਨੂੰ ਵੀ ਉਸੇ ਘਰ ਵਿਚੋਂ ਉਵੇਂ ਹੀ ਫੜ ਕੇ ਲੈ ਜਾਣਾ ਹੈ। ਸਰਗੇਈ ਨੂੰ ਉਨ੍ਹਾਂ ਜੇਲ੍ਹ ਅੰਦਰ ਭੇਜਣ ਦੇ ‘ਜ਼ੋਖਮ‘ ‘ਚ ਨਹੀਂ ਪੈਣਾ- ਕੁਝ ਦਿਨਾਂ ਪਿਛੋਂ ਮੁਕੱਦਮਾ ਚਲਾ ਕੇ ਸਿੱਧਾ ਹੀ ‘ਜਹੰਨਮ ਰਸੀਦ‘ ਕਰ ਦੇਣਾ ਹੈ। ਪ੍ਰੰਤੂ ਵਿਚਾਲੇ ਅਜੇ ਕੁਝ ਸਮਾਂ ਹੈ- ਤੇ ਮਰੀਨਾ ਆਪਣੇ ਰੱਬ ਵਰਗੇ ਮਿੱਤਰ ਬੋਰਿਸ ਪਾਸਤਰਨਾਕ ਦੇ ਘਰੇ ਜਿੱਥੇ ਕਿ ਉਹ ਆਪਣੀ ਦੂਸਰੀ ਓਲਗਾ ਇੰਵਨਸਕਾਇਆ ਨਾਲ ਰਹਿ ਰਿਹਾ ਹੈ - ਮਦਦ ਦੀ ਆਸ ਨਾਲ ਜਾਂਦੀ ਹੈ। ਪਾਸਤਰਨਾਕ ਦੀਆਂ ਤਰੇਲੀਆਂ ਛੁੱਟ ਜਾਂਦੀਆਂ ਹਨ। ਉਸਦੇ ਮੂੰਹੋਂ ਕੋਈ ਗੱਲ ਵੀ ਨਹੀਂ ਨਿਕਲਦੀ - ਨਿਕਲ ਸਕਦੀ ਵੀ ਨਹੀਂ ਹੈ ਅਤੇ ਉਸਦਾ ਇਸ ਵਿਚ ਕੋਈ ਕਸੂਰ ਵੀ ਨਹੀਂ ਹੈ। ਪ੍ਰੰਤੂ ਉਸਤੋਂ ਅੱਧੀ ਉਮਰ ਦੀ ਉਸਦੀ ਜਵਾਨ ਪਤਨੀ ਓਲਗਾ ਕੋਲੋਂ ਜ਼ਰਾ ਤਨਜ਼ੀਆ ਲਹਿਜੇ ਵਿਚ ਇਹ ਕਹਿਣੋ ਰਹਿ ਨਹੀਂ ਹੁੰਦਾ ਕਿ ਯਾਦ ਹੈ ਤੁਸੀਂ ਤਾਂ ਸੁਵੇਤੇਵਾ ਦੇ ਖਾਵੰਦ ਹੋਣਾ ਸੀ।
ਪਾਸਤਰਨਾਕ ਨੇ ਪਿਛੋਂ ਮਰਦੇ ਦਮ ਤੱਕ ਇਨ੍ਹਾਂ ਪਲਾਂ ਦੀ ਦੋਸ਼ੀ ਭਾਵਨਾ ਤੋਂ ਕਦੀ ਵੀ ਮੁਕਤ ਨਹੀਂ ਹੋ ਸਕਣਾ। ਬੇਸ਼ੱਕ ਬੋਰਿਸ ਦਾ ਦੋਸ਼ ਕੋਈ ਨਹੀਂ ਹੈ ਬਲਕਿ ਉਨ੍ਹਾਂ ਸਮਿਆਂ ਦੇ ਤਕਾਜ਼ੇ ਅਨੁਸਾਰ ਏਨੀ ਵੀ ਵੱਡੀ ਇਖ਼ਲਾਕੀ ਜੁਅਰਤ ਦੀ ਗੱਲ ਹੈ ਕਿ ਉਹ ਉਸਨੂੰ ਆਪਣੇ ਇਕ ਮਿੱਤਰ ਸੰਪਾਦਕ ਵਿਕਟਰ ਜਾਰਜੀਅਨ ਦੇ ਕੋਲ ਲੈ ਕੇ ਗਿਆ ਅਤੇ ਕਲਾਸੀਕਲ ਜਾਰਜੀਅਨ ਕਵੀਆਂ ਦੀਆਂ ਕਵਿਤਾਵਾਂ ਦੇ ਤਰਜ਼ਮੇ ਦਾ ਕੰਮ ਉਸਨੂੰ ਲੈ ਕੇ ਦਿੱਤਾ। ਇਸੇ ਤਰ੍ਹਾਂ ਮਹਾਨ ਫਰਾਂਸੀਸੀ ਕਵੀ ਬਾਦਲੇਅਰ ਦੀਆਂ ਕਵਿਤਾਵਾਂ ਦੇ ਤਰਜ਼ਮੇ ਦਾ ਕੰਮ ਵੀ ਉਸਨੂੰ ਉਨ੍ਹੀਂ ਦਿਨੀਂ ਉਸ ਦੇ ਰਾਹੀਂ ਹੀ ਮਿਲਦਾ ਹੈ।
ਸਰਗੇਈ ਦੀ ਗ੍ਰਿਫਤਾਰੀ ਪਿਛੋਂ ਮਰੀਨਾ ਕੋਲ ਸਿਰ ਲੁਕਾਵੇ ਲਈ ਕੋਈ ਥਾਂ ਨਹੀਂ ਹੈ। ਪੁੱਤਰ ਦੇ ਨਾਲ ਕੁਝ ਦਿਨ ਉਸਨੇ ਆਪਦੀ ਛੋਟੀ ਨਣਦ ਅਲਿਜਾਵੇਤਾ ਏਫਰੋਨ ਦੇ ਘਰ ਕੱਟੇ। ਪਾਸਤਰਨਾਕ ਬੇਹੱਦ ਪ੍ਰੇਸ਼ਾਨ ਹੈ। ਉਹ ਉਸਨੂੰ ਘਰ ਅਲਾਟ ਕਰਵਾਉਣ ਲਈ ਸੋਵੀਅਤ ਲੇਖਕ ਸੰਘ ਦੇ ਮੁਖੀ ਅਲੈਗਜੈਂਡਰ ਫੈਦੇਯੇਵ ਦੇ ਕੋਲ ਵੀ ਲੈ ਕੇ ਜਾਂਦਾ ਹੈ।
ਇਸ ਦੌਰ ਦੀ ਮਰੀਨਾ ਦੀ ਡਾਇਰੀ ਦਾ ਇਕ ਹੋਰ ਇੰਦਰਾਜ ਜ਼ਰਾ ਵੇਖੋ ਜੋ ਕਿ ਇਲੇਨ ਦੀ ਪੁਸਤਕ ਦੇ ਪੰਨਾ 251 ‘ਤੇ ਇਸ ਪ੍ਰਕਾਰ ਦਰਜ਼ ਹੈ:
“ਮੈਂ ਆਪਣੇ ਬਾਰੇ ਕੀ ਕਹਾਂ? ਹਰ ਕੋਈ ਸਮਝਦਾ ਹੈ ਕਿ ਮੇਰੇ ਅੰਦਰ ਮਰਦਾਂ ਵਰਗਾ ਸਾਹਸ ਹੈ। ਮੈਨੂੰ ਲਗਦਾ ਹੈ ਕਿ ਮੇਰੇ ਤੋਂ ਵੱਧ ਡਰੂ ਇਨਸਾਨ ਕੋਈ ਹੋ ਨਹੀਂ ਸਕਦਾ। ਮੈਨੂੰ ਹਰ ਚੀਜ਼ ਤੋਂ ਡਰ ਲਗਦਾ ਹੈ; ਕਿਸੇ ਦੀਆਂ ਅੱਖਾਂ ਤੋਂ, ਹਨੇਰੇ ਤੋਂ, ਕਿਸੇ ਦੇ ਵੀ ਕਦਮਾਂ ਦੀ ਆਹਟ ਤੋਂ ਅਤੇ ਸਭ ਤੋਂ ਵੱਧ ਡਰ ਮੈਨੂੰ ਆਪਣੇ ਆਪ ਤੋਂ- ਆਪਣੀਆਂ ਸੋਚਾਂ ਤੋਂ ਲਗਦਾ ਹੈ; ਮੇਰੀਆਂ ਸੋਚਾਂ ਡਾਇਰੀਆਂ ਲਿਖਣ ਵਿਚ ਮੱਦਦ ਤਾਂ ਕਰਦੀਆਂ ਹਨ। ਪਰ ਹਕੀਕੀ ਜ਼ਿੰਦਗੀ ਵਿਚ ਇਹੋ ਮੇਰੀ ਜਾਨ ਦਾ ਖੋਹ ਹਨ - ਮੈਨੂੰ ਹਰ ਪਲ, ਤਿਲ-ਤਿਲ ਕਰਕੇ ਮਾਰੀ ਜਾਂਦੀਆਂ ਹਨ। ਮੇਰੀਆਂ ਨਿਗਾਹਾਂ ਹਰ ਵਕਤ ਕਿਸੇ ਠੁੰਮਣੇ ਨੂੰ ਭਾਲਦੀਆਂ ਰਹਿੰਦੀਆਂ ਹਨ। ਪਰ ਠੁੰਮਣਾ ਕਿਧਰੇ ਵੀ ਕੋਈ ਨਜ਼ਰ ਨਹੀਂ ਆਉਂਦਾ।
ਪਿਛਲੇ ਪੂਰੇ ਇਕ ਵਰ੍ਹੇ ਤੋਂ ਮੈਂ ਮੌਤ ਦਾ ਸਿਰਾ ਢੂੰਡ ਰਹੀ ਹਾਂ। ਹਰ ਸ਼ੈਅ ਮਨ ਨੂੰ ਦਹਿਸਤਜ਼ਦਾ ਕਰ ਰਹੀ ਹੈ।...ਮੈਂ ਮਰਨ ਤੋਂ ਬਾਅਦ ਜ਼ਿੰਦਗੀ ਲਈ ਕੋਈ ਭੁਲੇਖਾ ਨਹੀਂ ਛੱਡ ਕੇ ਜਾਣਾ ਚਾਹੁੰਦੀ। ਮੈਂ ਮਰਨਾ ਵੀ ਤਾਂ ਨਹੀਂ ਚਾਹੁੰਦੀ। ਮੈਂ ਤਾਂ ਹੋਣਾ ਚਾਹੁੰਦੀ ਹਾਂ- ਪੂਰਨ ਸਹਿਜ ‘ਚ ਆਪਣੇ ਆਪ ਨਾਲ...। ਹਾਏ ਰੱਬਾ ਅਜੇ ਵੀ ਮੇਰਾ ਜਿਉਣ ਨੂੰ ਜੀਅ ਕਿਉਂ ਕਰਦਾ ਹੈ। ਬੇਸ਼ੱਕ ਇਹ ਬਕਵਾਸ ਹੈ। ਪਰ ਜਿੰਨੀ ਦੇਰ ਕਿਸੇ ਨੂੰ ਮੇਰੀ ਜ਼ਰੂਰਤ ਹੈ।...ਪਰ, ਖੁਦਾਇਆ, ਮੈਂ ਕਿੰਨੀ ਅਦਨੀ ਸ਼ੈਅ ਹਾਂ- ਖੁਦਾਇਆ ਕਾਸੇ ਜੋਗੀ ਵੀ ਤਾਂ ਨਹੀਂ ਹਾਂ ਮੈਂ...।ਮੈਂ ਕਿਸੇ ਦੇ ਵੀ ਕੀ ਕੰਮ ਆ ਸਕਦੀ ਹਾਂ।”
ਮਰੀਨਾ ਨੂੰ ਆਪਦੀ ਭੈਣ ਨੂੰ ਮਿਲ ਸਕਣ ਦੀ ਉਮੀਦ ਨਹੀਂ ਹੈ। ਪਰ ਉਹ ਮਹਿਸੂਸ ਕਰਦੀ ਹੈ ਕਿ ਬੇਟੇ ਮੂਰ ਨੂੰ ਅਜੇ ਉਸਦੀ ਲੋੜ ਹੈ - ਹਾਲਾਂ ਕਿ ਬੇਟਾ ਕਦੋਂ ਦਾ ਇਸ ਕਿਸਮ ਦਾ ਕੋਈ ਵੀ ਸੰਕੇਤ ਦੇਣੋ ਹਟ ਗਿਆ ਹੋਇਆ ਹੈ। ਫਿਰ ਵੀ ਉਸਨੂੰ ਬੇਟੇ ਨੂੰ ਆਪ ਦੀਆਂ ਅੱਖਾਂ ਤੋਂ ਦੂਰ ਸਕੂਲੇ ਛੱਡ ਕੇ ਆਉਣ ਵਿਚ ਵੀ ਪ੍ਰੇਸ਼ਾਨੀ ਹੁੰਦੀ ਹੈ।...ਤੇ ਦੋ ਰੋਟੀਆਂ ਖਾਤਰ ਕਵਿਤਾਵਾਂ ਦੇ ਤਰਜ਼ਮੇ ਦਾ ਸਿਆਪਾ ਤਾਂ ਨਿਰੀ ਲਾਅਣਤ ਹੈ। ਜ਼ਾਹਿਰ ਹੈ 1940 ਦੇ ਪਹਿਲੇ ਛੇ ਮਹੀਨੇ ਤਾਂ ਨਰਕ ਤੋਂ ਵੀ ਭੈੜੇ ਹਨ; ਕਿੰਨੀ ਇਕੱਲੀ ਹੈ ਉਹ ਅਤੇ ਕਿਹਾ ਦਰਦ ਹੈ ਉਸਦਾ! ਫਿਰ ਵੀ ਉਹ ਰਾਈਟਰਜ਼ ਯੂਨੀਅਨ ਕਲੱਬ ਦੇ ਹੋਸਟਲ ਦੇ ਕਮਰੇ ਵਿਚ ਵਕਤ ਨੂੰ ਧੱਕਾ ਦੇਣ ਲਈ ਜਾਂਦੀ ਹੈ। ਮਾਂ ਪੁੱਤ ਨੂੰ ਉਥੇ ਮਾੜਾ ਚੰਗਾ ਟੁੱਕਰ ਵੀ ਜੁੜੀ ਜਾਂਦਾ ਹੈ। ਪਰ ਮਾਰਚ 1940 ਵਿਚ ਗੋਲਿਟਜਿਨੋ ਕਲੱਬ ਦੇ ਮੈਨੇਜਰ ਨੇ ਉਸਨੂੰ ਖਾਣੇ ਲਈ ਉਪਰਲੇ ਅਧਿਕਾਰੀਆਂ ਦਾ ਫੁਰਮਾਨ ਸੁਣਾ ਦਿਤਾ ਹੋਇਆ ਹੈ। ਇਹ ਕਰ ਸਕਣਾ ਕਿਵੇਂ ਵੀ ਸੰਭਵ ਨਹੀਂ ਹੈ ਅਤੇ ਉਸਨੂੰ ਇਸ ਸਿਰ ਲੁਕਾਵੇ ਤੋਂ ਵੀ ਬਾਹਰ ਹੋਣਾ ਪੈਣਾ ਹੈ।
ਕੋਈ ਮਿੱਤਰ ਦੋਸਤ ਨਜ਼ਰ ਨਹੀਂ ਆਉਂਦਾ।ਪਾਸਤਰਨਾਕ ਦੇ ਦਸਣ ਤੇ ਅੰਨਾ ਆਖਮਾਤੋਵਾ ਮਿਲਣ ਆਈ ਜ਼ਰੂਰ ਹੈ ਪਰ ਉਹ ਤਾਂ ਖੁਦ ਕਿਸੇ ਦੇ ਘਰ ਦਿਨ ਕਟੀ ਕਰ ਰਹੀ ਹੈ। ਨਾਲੇ ਉਸਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਹੈ। ਖੁਦ ਉਸਦੇ ਸਿਰ ‘ਤੇ ਵੀ ਖੌਫ਼ ਦੀ ਤਲਵਾਰ ਅਧਿਕਾਰੀਆਂ ਨੇ ਨਿਰੰਤਰ ਲਟਕਾਈ ਹੋਈ ਸੀ।ਮੈਂਡਲਸਟਾਮ ਨਾਲ ਉਸਦੇ ਪਤੀ ਵਾਲਾ ਹੀ ਭਾਣਾ ਵਾਪਰ ਚੁੱਕਾ ਹੈ ਅਤੇ ਨਦੇਜ਼ਦਾ ਦਾ ਪਤਾ ਹੀ ਨਹੀਂ ਹੈ ਕਿ ਉਹ ਕਿਹੜੇ ਹਾਲੀਂ ਰੂਸ ਦੇ ਕਿਸੇ ਦੁਰਾਡੇ ਖੇਤਰ ਵਿਚ ਆਪਣੀ ਜਲਾਵਤਨੀ ਦੇ ਦਿਨ ਕੱਟ ਰਹੀ ਹੈ।
ਫਿਰ ਵੀ ਇਨ੍ਹਾਂ ਔਖੇ ਦਿਨਾਂ ਦੌਰਾਨ ਅੰਨਾ ਆਖਮਾਤੋਵਾ ਨੇ ਧੱਕੀ ਹੋਈ ਮਰੀਨਾ ਨੂੰ ਫੋਨ ਤੇ ਕਾਲ ਕੀਤਾ ਅਤੇ ਪੁੱਛਿਆ ਕਿ ਉਹ ਉਹਨੂੰ ਮਿਲਣ ਲਈ ਕਿਥੇ ਆਵੇ? ਮਰੀਨਾ ਨੇ ਦੱਸਿਆ ਕਿ ਉਸ ਕੋਲ ਮਾਸਕੋ ਅੰਦਰ ਆਪਣੇ ਬੈਠਣ ਲਈ ਕੋਈ ਜਗ੍ਹਾ ਨਹੀਂ ਹੈ। ਸੋ ਬੇਹਤਰ ਹੈ ਕਿ ਉਹ ਹੀ ਉਸ ਕੋਲ ਪਹੁੰਚ ਜਾਂਦੀ ਹੈ। ਵਿਕਟਰ ਆਰਡੋਵ ਮੇਜ਼ਬਾਨ ਹੈ। ਮਰੀਨਾ ਉਸਦੇ ਘਰ ਪਹੁੰਚੀ ਤਾਂ ਉਸਨੂੰ ਦੋਵਾਂ ਦਾ ਇਕ ਦੂਸਰੀ ਨਾਲ ਤੁਅਰਫ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉਹ ਇਕ ਦੂਸਰੀ ਦਾ ਹੱਥ ਘੁੱਟ ਕੇ ਬੜੇ ਤਪਾਕ ਨਾਲ ਮਿਲੀਆਂ। ਇਹ ਮੁਲਾਕਾਤ ਉਦਾਸ ਕਰਨ ਵਾਲੀ ਹੋਣ ਦੇ ਬਾਵਜੂਦ ਬੜੀ ਦਿਲਚਸਪ ਹੈ ਅਤੇ ਇਸਦਾ ਵਰਨਣ ਇਲੇਨ ਨੇ ਆਪਦੀ ਪੁਸਤਕ ਦੇ ਪੰਨਾ 254-55 ਉਪਰ ਲੋੜੀਂਦੇ ਵਿਸਥਾਰ ਨਾਲ ਦਿੱਤਾ ਹੋਇਆ ਹੈ।
ਮਰੀਨਾ ਚੈਨ ਦਾ ਜ਼ਰਾ ਸਾਹ ਆਉਂਦਿਆਂ ਹੀ ਜੇਲ੍ਹ ਅੰਦਰ ਨਜ਼ਰਬੰਦ ਆਲੀਆ ਨੂੰ ਕਈ ਚਿੱਠੀਆਂ ਲਿਖ ਕੇ ਉਸ ਨਾਲ ਸੰਪਰਕ ਬਣਾਈ ਰਖਣ ਦੀ ਕੋਸ਼ਿਸ਼ ਕਰਦੀ ਰਹੀ।ਉਸਨੂੰ ਹੋਰ ਵੀ ਪ੍ਰੇਸ਼ਾਨੀ ਇਹ ਪਤਾ ਲੱਗਣ ‘ਤੇ ਹੋਈ ਕਿ ਇੰਟੈਰੋਗੇਸ਼ਨ ਦੀਆਂ ਸਖ਼ਤੀਆਂ ਕਾਰਨ ਆਲੀਆ ਦਾ ਗਰਭਪਾਤ ਹੋ ਚੁੱਕਾ ਹੈ। ਪਤੀ ਤੇ ਪੁੱਤਰੀ ਦੀ ਨਜਾਇਜ਼ ਗ੍ਰਿਫਤਾਰੀ ਤੋਂ ਬਾਅਦ ਉਸ ਲਈ ਇਹ ਨਵਾਂ ਸਦਮਾ ਹੈ।
ਇਸੇ ਦੌਰ ਵਿਚ ਸਾਲ 1941 ਦੀ ਬਹਾਰ ਦੀ ਰੁੱਤੇ ਮਰੀਨਾ ਦਾ ਆਲੀਆ ਨੂੰ ਲਿਖਿਆ ਪੱਤਰ- ਜੋ ਕਿਵੇਂ ਨਾ ਕਿਵੇਂ ਸਭ ਜੁੱਗ ਗਰਦੀਆਂ ਦੇ ਬਾਵਜੂਦ ਬਚਿਆ ਰਹਿ ਗਿਆ- ਬਹੁਤ ਹੀ ਦਿਲਚਸਪ ਹੈ।ਮਰੀਨਾ ਦਸਦੀ ਹੈ ਕਿ ਜਮਾਂਦਰੂ ਸ਼ਾਇਰ ਹੋਣ ਦੇ ਨਾਲ ਨਾਲ ਉਹ ਸੁਭਾਵਕ ਫਿਲਾਲੋਜਿਸਟ ਵੀ ਹੈ ਅਤੇ ਉਸਨੇ ‘ਚਰਾਗਾਹ‘ ਵਰਗੇ ਕਿਸੇ ਸ਼ਬਦ ਦੇ ਅਰਥਾਂ ਦੀਆਂ ਸੰਭਾਵੀ ਪਰਤਾਂ ਬਾਰੇ ਵਿਸਥਰਤ ਚਰਚਾ ਕੀਤੀ ਹੋਈ ਹੈ।
ਇਸ ਪੱਤਰ ਪਿਛੋਂ ਮਰੀਨਾ ਨੂੰ ਆਲੀਆ ਦਾ ਖ਼ਤ ਮਿਲਦਾ ਹੈ ਅਤੇ ਇਸਦੇ ਜਵਾਬ ਵਿਚ 12 ਮਾਰਚ 1941 ਨੂੰ ਜੋ ਉਹ ਮੋੜਵਾਂ ਖ਼ਤ ਆਪਦੀ ਧੀ ਨੂੰ ਲਿਖਦੀ ਹੈ ਉਸ ਵਿਚ ਮਾਂ ਦਾ ਸਰੋਕਾਰ ਦਰਦ ਅਤੇ ਮਮਤਾ ਡੁਲ੍ਹ-ਡੁਲ੍ਹ ਪੈਂਦੀ ਹੈ।
...
22 ਜੂਨ 1941 ਨੂੰ ਹਿਟਲਰ ਦੀਆਂ ਫੌਜ਼ਾਂ ਨੇ ਸਟਾਲਿਨ-ਹਿਟਲਰ ਬਦਨਾਮ ਸੰਧੀ ਦੀਆਂ ਧੱਜੀਆਂ ਉਡਾਉਂਦਿਆਂ ਸੋਵੀਅਤ ਯੂਨੀਅਨ ਉਪਰ ਤਾਬੜ ਤੋੜ ਹਮਲਾ ਕਰਕੇ ਤੇਜੀ ਨਾਲ ਮਾਸਕੋ ਵੱਲ ਵੱਧਣਾ ਸ਼ੁਰੂ ਕਰ ਦੇਣਾ ਹੈ। ਕਈ ਕਾਰਨਾਂ ਕਰਕੇ ਮਰੀਨਾ ਨੇ ਨਵੇਂ ਸੰਦੇਹਾਂ ਦੀ ਮਾਰ ਵਿਚ ਆ ਜਾਣਾ ਹੈ; ਉਸ ਦੀ ਪਹਿਲਾਂ ਹੀ ਬਦਤਰੀਨ ਸਥਿਤੀ ਹੋਰ ਵੀ ਖ਼ਰਾਬ ਹੋ ਜਾਵੇਗੀ। ਉਸਨੂੰ ਖੜੇ ਪੈਰ ‘ਜਾਨ ਬਚਾ ਕੇ‘ ਮਾਸਕੋ ਵਿਚੋਂ ਭੱਜਣਾ ਪੈਣਾ ਹੈ - ਉਸ ਮਾਸਕੋ ਵਿਚੋਂ- ਜਿੱਥੋਂ ਦੇ ਕਲਾ ਪ੍ਰੇਮੀਆਂ ਨੇ ਅਜੇ ਕੋਈ ਢਾਈ-ਤਿੰਨ ਦਹਾਕੇ ਪਹਿਲਾਂ ਉਸ ਦੀਆਂ ਟੂਣੇ ਹਾਰ ਨਜ਼ਮਾਂ ਨੂੰ ਸੁਣ ਕੇ ਕਦੀ ਉਸਨੂੰ ਅਸਮਾਨ ‘ਤੇ ਚੁੱਕੀ ਰੱਖਿਆ ਸੀ; ਜਿਸ ਮਾਸਕੋ ਵਿਚ ਕਿ ਉਸਦੇ ਬਾਪ ਨੇ ਦੇਸ਼ ਅੰਦਰ ਫਾਈਨ ਆਰਟਸ ਦਾ ਪਹਿਲਾ ਮੰਦਰ ਨੁਮਾ ਮਿਉਜੀਅਮ ਬਣਾਇਆ ਸੀ ਤੇ ਫਿਰ ਜਿਸਦਾ ਉਦਘਾਟਨ ਕਦੀ ਰੂਸੀ ਸ਼ਹਿਨਸ਼ਾਹ ਨੇ ਆਪ ਆ ਕੇ ਕੀਤਾ ਸੀ। ਇਸੇ ਮਾਸਕੋ ਵਿਚੋਂ ਹੁਣ ਉਸਦਾ ਮਿੱਤਰ ਬੋਰਿਸ ਪਾਸਤਰਨਾਕ ਰਾਤ ਦੇ ਹਨੇਰੇ ਵਿਚ ਮਾਂ ਪੁੱਤਰ ਨੂੰ ਸੋਵੀਅਤ ਯੂਨੀਅਨ ਦੇ ਦੁਰਾਡੇ ਕਸਬੇ ਚਿਸਟੋਪੋਲ ਜਾਂ ਕਾਮਾ ਦਰਿਆ ‘ਤੇ ਪੈਂਦੇ ਕਿਸੇ ਪਿੰਡ ਵਿਚ ਜਾ ਕੇ ਪਨਾਹ ਲੈਣ ਲਈ ਰਵਾਨਾ ਕਰੇਗਾ ਅਤੇ ਅਰਧ ਖੁਦਮੁਖਤਾਰ ਤਾਤਾਰ ਲੇਖਕ ਰੀਪਬਲਿਕ ਦੇ ਬੇਲਾਬੂਬਾ ਕਸਬੇ ਵਿਚ ਅਜਨਬੀ ਲੋਕਾਂ ਦੇ ਘਰੇ ਸਿਰ ਲੁਕਾਵੇ ਲਈ ਪਹੁੰਚ ਜਾਣਗੇ। ਉਹ ਤਾਤਾਰ ਲੇਖਕ ਸੰਘ ਦੇ ਮੁਖੀ ਅਸੀਵ ਕੋਲ ਜਾਂ ਕੇ ਤਰਜ਼ਮੇ ਦੇ ਕੰਮ ਲਈ ਤਰਲਾ ਮਾਰੇਗੀ ਪ੍ਰੰਤੂ ਅਸੀਵ ਉਸਦੀ ਸਹਾਇਤਾ ਕਰਕੇ ਖ਼ਤਰੇ ਦਾ ਜੋਖ਼ਮ ਉਠਾਉਣ ਤੋਂ ਤੋੜ ਕੇ ਜਵਾਬ ਦੇ ਦੇਵੇਗਾ।
ਅਸੀਵ ਦੇ ਜਵਾਬ ਤੋਂ ਨਿਰਾਸ਼ ਹੋ ਕੇ ਉਹ ਉਸਦੇ ਦਫ਼ਤਰ ਵਿਚੋਂ ਨਿਕਲੇਗੀ।ਕਮਰੇ ‘ਚ ਲੜਕੇ, ਮੂਰ ਕੋਲ ਜਾਣ ਦਾ ਹੌਸਲਾ ਨਹੀਂ ਪਵੇਗਾ ਅਤੇ ਉਹ ਦਰਿਆ ਕਿਨਾਰੇ ਬਣੇ ਬੈਂਚ ਉਪਰ ਕਈ ਘੰਟੇ - ਕਦੀ ਬੈਠ ਕੇ ਅਤੇ ਕਦੀ ਲੰਮੇ ਪੈਂਦਿਆਂ - ਸੋਚਾਂ ਵਿਚ ਡੁੱਬੀ ਗੁਜ਼ਾਰ ਦੇਵੇਗੀ।
30 ਅਗਸਤ, 1941 ਦਿਨ ਸਨਿਚਰਵਾਰ, ਸ਼ਾਮ ਡੂੰਘੀ ਉਤਰ ਆਈ ਹੈ। ਕਮਰੇ ਵਿਚ ਜਾ ਕੇ ਮੂਰ ਦਾ ਸਾਹਮਣਾ ਕਰਨਾ ਪੈਣਾ ਹੈ,...ਘਰੇ ਪਹੁੰਚਦਿਆਂ ਹੀ, ਜਵਾਨ ਹੋ ਗਿਆ ਹੋਇਆ ਬੇਟਾ ਉਸਦੇ ਗਲ ਪੈ ਜਾਵੇਗਾ। ਬਹੁਤ ਹੀ ਸ਼ੋਰੀਲੀ ਅਵਾਜ਼ ਵਿਚ ਉਸਨੂੰ ਬੁਰਾ ਭਲਾ ਆਖੇਗਾ ਅਤੇ ਪਰਿਵਾਰ ਦੀ ਸਾਰੀ ਬਰਬਾਦੀ ਲਈ ਉਸਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦੇਵੇਗਾ। ਉਹ ਪੂਰੇ ਜ਼ੋਰ ਨਾਲ ਉਸਨੂੰ ਸਮਝਾਉਣ ਦਾ ਯਤਨ ਕਰੇਗੀ- ਪ੍ਰੰਤੂ ਉਹ ਹਾਰ ਜਾਵੇਗੀ ਅਤੇ ਮੂਰ ਨੂੰ ਅਪਣੀ ਪਿਛੋਕੜ ਅਤੇ ਆਪਣੇ ਨਾਲ ਸਬੰਧਾਂ ਕਾਰਨ ਪੈਣ ਵਾਲੀ ਕਿਸੇ ਸੰਭਾਵੀ ਬਿਪਤਾ ਤੋਂ ਸਦਾ ਵਾਸਤੇ ਸੁਰਖਰੂ ਕਰਨ ਦੀ ‘ਲੰਮੀ ਸੋਚਦਿਆਂ‘ ਅਤੇ ਮਾਨੋ ਇਹ ਚਿਤਵਦਿਆਂ-
(ਲਉ) ਗੀਤਾਂ ਨਾਲ ਚੁਕਾ ਦਿਤੀ ਜੇ
ਇਹ ਜੋ ਅਸਾਂ ਮੌਤ ਦੇ ਕੋਲੋਂ ਘੜੀ ਉਧਾਰੀ ਲੀਤੀ!!
 
ਉਸੇ ਰਾਤ ਹੀ ਆਤਮ ਹੱਤਿਆ ਕਰ ਲਵੇਗੀ ।ਅੱਗੋਂ ਕ੍ਰਿਸ਼ਮਾ ਇਹ ਵੇਖੋ ਕਿ ਅੰਨਾ ਆਖਮਾਤੋਵਾ ਸਿਰੇ ਦਾ ਖ਼ਤਰਾ ਸਹੇੜਦਿਆਂ ਮੂਰ ਨੂੰ ਸੰਭਾਲਣ ਦਾ ਪੂਰਾ ਯਤਨ ਕਰੇਗੀ ਪ੍ਰੰਤੂ ਉਹ ਆਪਣੇ ਪਿਆਰੇ ਪਿਤਾ ਦੇ ਖੁਆਬਾਂ ਦੇ ‘ਰੂਸ‘ ਦੀ ਜਰਮਨ ਧਾੜਵੀਆਂ ਦੇ ਹਮਲੇ ਤੋਂ ਰੱਖਿਆ ਕਰਨ ਲਈ ਬਹੁਤ ਜਲਦੀ ਫੌਜ਼ ਵਿਚ ਨਾਵਾਂ ਲਿਖਵਾ ਦੇਵੇਗਾ ਅਤੇ ਮਾਸਕੋ ਦੇ ਮਹਾਜ ਦੀ ਰਾਖੀ ਕਰਦਿਆਂ ਆਪਣੀ ਜਾਨ ਦੀ ਬਾਜੀ ‘ਤੇ ਖੇਡ ਜਾਵੇਗਾ।
ਸਟਾਲਿਨ ਦੀ ਮੌਤ ਤੋਂ 2 ਸਾਲ ਬਾਅਦ ਆਲੀਆ ਪੂਰੇ 16 ਵਰ੍ਹੇ ‘ਗੁਲਾਗ‘ ਵਿਚ ਗੁਜ਼ਾਰਨ ਪਿਛੋਂ ਬਾਹਰ ਆਵੇਗੀ ਅਤੇ ਬੋਰਿਸ ਪਾਸਤਰਨਾਕ ਤੇ ਉਸਦੀ ਨੌਜਵਾਨ ਪਤਨੀ ਇਵਿਨੰਸਕਾਇਆ ਦੇ ਘਰੇ ਰਹੇਗੀ- ਉਸ ਸਮੇਂ ਤਕ ਜਦੋਂ ਕਾਮਰੇਡਾਂ ਵਲੋਂ ‘ਡਾ. ਜਿਵਾਗੋ‘ ਬਾਰੇ ਬੇਲੋੜਾ ਕੋਹਰਾਮ ਮਚਾ ਦੇਣ ‘ਤੇ ਖੁਦ ਉਸ ਦੀ ਪੁਜੀਸ਼ਨ ਖ਼ਰਾਬ ਨਹੀਂ ਹੋ ਜਾਵੇਗੀ।
ਹੁਣ ਜਿਉਂਦੇ ਜੀਅ ਮਾਂ ਨਾਲ ਹਜ਼ਾਰ ਰੋਸਿਆਂ ਦੇ ਬਾਵਜੂਦ- ਆਲੀਆ ਆਪਣੀ ਰਹਿੰਦੀ ਉਮਰ ਦੌਰਾਨ ਉਸ ਦੀ ਸ਼ਾਨਾਮੱਤੀ ਕਾਵਿਕ ਵਿਰਾਸਤ ਨੂੰ ਸੰਭਾਲਣ ਲਈ ਸਮਰਪਿਤ ਹੋ ਜਾਵੇਗੀ। ਉਹ ਕਤਈ ਕੰਦਲਾ ਵਾਲਾ ਪੈਂਤੜਾ ਅਖ਼ਤਿਆਰ ਨਹੀਂ ਕਰੇਗੀ।
...
ਮਰੀਨਾ ਦੀ ਬੇਹੱਦ ਤਰਾਸਦਿਕ ਕਥਾ ਦੇ ਭੋਗ ਤੋਂ ਬਾਅਦ ਉਸਦੀ ਜ਼ਿੰਦਗੀ ਨਾਲ ਸਬੰਧਤ ਕੋਈ ਹੋਰ ਪੁਰਾਣਾ ਕਿੱਸਾ ਸੁਨਾਉਣ ਦੀ ਜ਼ਰੂਰਤ ਤਾਂ ਨਹੀਂ। ਸਾਡੇ ਆਪਣੇ ਉਦੇਸ਼ ਲਈ ਜਿੰਨੀਆਂ ਕੁ ਗੱਲਾਂ ਦੱਸੀਆਂ ਗਈਆਂ- ਓਨੀਆਂ ਹੀ ਕਾਫੀ ਹਨ। ਫਿਰ ਵੀ ਪ੍ਰਿੰਸ ਦਮਿਤਰੀ ਮਿਰਸਕੀ ਦੀ ਹੋਣੀ ਸਾਨੂੰ ਮਰੀਨਾ ਵਾਂਗ ਹੀ ਹਾਂਟ ਕਰੀ ਜਾਂਦੀ ਹੈ।ਪਾਠਕਾਂ ਨੂੰ ਯਾਦ ਹੋਵੇਗਾ ਕਿ ਸਾਲ 1926 ਦੀ ਬਹਾਰ ਦੀ ਰੁੱਤੇ ਮਰੀਨਾ ਸੁਵੇਤੇਵਾ ਪ੍ਰਿੰਸ ਨਾਲ ਲੰਡਨ ਕਿਸੇ ਸਾਹਿਤਕ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਗਈ ਸੀ। ਇਕ ਰਾਤ ਉਨ ਪ੍ਰਿੰਸ ਦੇ ਨਾਲ ਗੁਜ਼ਾਰੀ ਸੀ ਜਿਸਦਾ ਜ਼ਿਕਰ ਪ੍ਰਿੰਸ ਮਿਰਸਕੀ ਨੇ ਆਪਣੇ ਖ਼ਤਾਂ ਵਿਚ ਵੀ ਕੀਤਾ ਸੀ।
ਪਾਠਕ ਜਾਨਣਾ ਚਹੁਣਗੇ ਕਿ ਮਰੀਨਾ ਜਿਸ ਸ਼ਖ਼ਸ ‘ਤੇ ਮਿਹਰਬਾਨ ਹੋਈ ਇਹ ਪ੍ਰਿੰਸ ਕੌਣ ਸੀ। ਸੋ ਲਉ ਜ਼ਰਾ ਉਸਦੀ ਵੀ ਸੁਣੋ:
ਰੂਸੀਆਂ ਨੇ ਪਹਿਲਾਂ 19ਵੀਂ ਅਤੇ ਫਿਰ ਵੀ 20ਵੀਂ ਸਦੀ ਦੌਰਾਨ ਪੁਸ਼ਕਿਨ, ਹਰਜਨ, ਟਾਲਸਟਾਏ, ਦਾਸਤੋਵਸਕੀ, ਸੋਲੋਵੀਯੋਵ, ਮੈਕਸਿਮ ਗੋਰਕੀ ਅਤੇ ਸਕੰਦਰ ਸੋਲਜੇਨਿਤਸਨ ਤੱਕ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਹੀ ਅਜਿਹੀਆਂ ਸ਼ਖ਼ਸੀਅਤਾਂ ਵਿਸ਼ਵ ਸਾਹਿਤ, ਰਾਜਨੀਤੀ ਅਤੇ ਦਰਸ਼ਨ ਨੂੰ ਦਿੱਤੀਆਂ- ਅਤੇ ਉਹ ਇਕ ਨਹੀਂ ਬਲਕਿ ਸਾਰੇ ਲਾਸਾਨੀ ਸਨ। ਕਹਿਣ ਨੂੰ ਸਾਡਾ ਮਨ ਤਾਂ ਇਹ ਕਰਦਾ ਹੈ ਕਿ ਪ੍ਰਿੰਸ ਦਮਿਤਰੀ ਮਿਰਸਕੀ ਨੂੰ ਰੂਸੀ ਦਰਸ਼ਕਾਂ ਦੇ ਇਸ ਕਾਫਲੇ ਦਾ ਸਿਰਮੌਰ ਸ਼ਹਿਜਾਦਾ/ਸਰਬਾਲਾ ਕਿਹਾ ਜਾਵੇ- ਪਰ ਅਸੀਂ ਇਹ ਕਹਾਂਗੇ ਨਹੀਂ। ਸਮੇਤ ਟਾਲਸਟਾਏ, ਦਾਸਤੋਵਸਕੀ, ਪਲੈਖਾਨੋਵ, ਮਾਰਤੋਵ, ਲਿਓਨ ਟਾਲਸਟਾਏ, ਬੁਖਾਰਿਨ, ਵੇਰਾ ਯਾਸੂਲਿਚ, ਨਿਕੋਲਾਈ ਬਰਦੇਯੇਵ, ਨਦੇਜ਼ਦਾ, ਮੰਡਲਸ਼ਟਾਮ ਅਤੇ ਅੰਨਾ ਆਖਮਾਤੋਵਾ - ਸਾਰੇ ਕਲਾ ਅਤੇ ਚਿੰਤਨ ਦੇ ਸਿਰਮੌਰ ਸ਼ਹਿਨਸ਼ਾਹ, ਸ਼ਹਿਜਾਦੀਆਂ ਅਤੇ ਸ਼ਹਿਜਾਦੇ ਹੀ ਤਾਂ ਸਨ।
1890 ਵਿਚ ਉਹ ਉਸੇ ਸਾਲ ਪੈਦਾ ਹੋਇਆ ਜੋ ਅੰਨਾ, ਮਰੀਨਾ ਅਤੇ ਹੋਰ ਅਨੇਕਾਂ ਹੀ ਨਾਮੀ ਸ਼ਖ਼ਸੀਅਤਾਂ ਦੇ ਪੈਦਾ ਹੋਣ ਦਾ ਸਮਾਂ ਸੀ ਜਿਨ੍ਹਾਂ ਕਿ ਇਨਕਲਾਬ ਤੋਂ 5-6 ਸਾਲ ਪਹਿਲਾਂ ਦੇ ਮਾਸਕੋ ਅਤੇ ਪੀਟਰੋਗਰਾਦ ਸ਼ਹਿਰਾਂ ਨੂੰ ਵਿਸ਼ਵ ਕਲਾ ਅਤੇ ਸਾਹਿਤ ਦੇ ਕੇਂਦਰ ਬਣਾ ਦੇਣਾ ਸੀ। ਉਹ ਰੂਸ ਦੇ ਸਭ ਤੋਂ ਪੁਰਾਣੇ ਕੁਲੀਨ ਘਰਾਣਿਆਂ ਵਿਚੋਂ ਕਿਸੇ ਇਕ ਨਾਲ ਸਬੰਧਤ ਸੀ। ਉਸ ਦਾ ਪਿਤਾ ਰੂਸੀ ਸ਼ਹਿਨਸ਼ਾਹ ਦਾ ਵਿਸ਼ਵਾਸਪਾਤਰ ਸੀ ਅਤੇ ਵਕਤ ਦੀ ਖੁਫੀਆ ਪੁਲੀਸ ਦਾ ਮੁਖੀ ਸੀ। ਬਾਲਸ਼ਵਿਕ ਇਨਕਲਾਬ ਸਮੇਂ ਦਮਿਤਰੀ ਮਿਰਸਕੀ 26-27 ਵਰ੍ਹੇ ਦਾ ਸੀ।ਮਰੀਨਾ ਦੇ ਪਤੀ ਸਰਗੇਈ ਏਫਰੌਨ ਵਾਂਗ ਹੀ ਉਹ ਫਰਵਰੀ 1917 ਦੇ ਇਨਕਲਾਬ ਦਾ ਤਾਂ ਸਮਰਥਕ ਸੀ ਪ੍ਰੰਤੂ ਅਕਤੂਬਰ ਬਾਲਸ਼ਵਿਕ ਇਨਕਲਾਬ ਉਸਨੂੰ ਨਜ਼ਾਇਜ ਰਾਜ ਪਲਟਾ ਲੱਗਿਆ। ਘਰੇਲੂ ਜੰਗ ਸ਼ੁਰੂ ਹੋਈ ਤਾਂ ਏਫਰੌਨ ਵਾਂਗ ਹੀ ਉਹ ਵੀ ਚਿੱਟੀਆਂ ਫੌਜ਼ਾਂ ਦੇ ਹੱਕ ਵਿਚ ਰੂਸ ਦੇ ਦੱਖਣੀ ਮੁਹਾਜ਼ ‘ਤੇ ਲੜਨ ਲਈ ਚਲਿਆ ਗਿਆ। ਕਿਵੇਂ ਨਾ ਕਿਵੇਂ ਉਹ ਉਸ ਭਿਆਨਕ ਖੂਨੀ ਭੇੜ ਵਿਚੋਂ ਬਚ ਨਿਕਲਿਆ ਅਤੇ ਚਿੱਟਿਆਂ ਦੀ ਹਾਰ ਤੋਂ ਬਾਅਦ ਲੰਡਨ ਪਹੁੰਚਣ ਵਿਚ ਸਫ਼ਲ ਹੋ ਗਿਆ। ਇਥੇ ਆਉਣ ਤੋਂ ਜਲਦੀ ਹੀ ਬਾਅਦ ਉਸਨੇ ਅੰਗਰੇਜੀ ਜ਼ੁਬਾਨ ਸਿਖੀ ਹੀ ਨਹੀਂ ਬਲਕਿ ਅੰਗਰੇਜਾਂ ਨੂੰ ਪੜ੍ਹਾਉਣੀ ਸ਼ੁਰੂ ਕਰ ਦਿਤੀ। ਉਸਦੀ ਅਲੋਕਾਰ ਪ੍ਰਤਿਭਾ ਦਾ ਲੋਹਾ ਮੰਨਦਿਆਂ ਆਲਡਸ ਹਕਸਲੇ, ਟੀ. ਐਸ. ਇਲੀਅਟ - ਸਾਰੇ ਉਸਦੇ ਮਿੱਤਰ ਬਣ ਗਏ; ਬਲੂਮਜ਼ਬਰੀ ਸਰਕਲ ਵਾਲੇ ਉਸ ਦੇ ਵਿਅੰਗ ਦੀ ਧਾਰ ਤੋਂ ਖੌਫਜ਼ਦਾ ਸਨ। ਡੀ. ਐਸ. ਲਾਰੰਸ ਦਾ ਉਹ ‘ਪੂਅਰ ਲਾਰੰਸ‘ ਕਹਿ ਕੇ ਜ਼ਿਕਰ ਕਰਦਾ ਸੀ। 20ਵੀਂ ਸਦੀ ਵਿਚ ਪੋਲੈਂਡ ਨੇ ਅੰਗਰੇਜੀ ਜ਼ੁਬਾਨ ਨੂੰ ਜੋਜਿਫ ਕੋਨਾਰਡ, ਮਾਨਵ ਵਿਗਿਆਨੀ ਮਲੀਨੋਵਸਕੀ ਅਤੇ ਮਾਰਕਸਵਾਦੀ ਇਤਿਹਾਸਕਾਰ ਆਈਜੈਕ ਡੌਸਚਰ ਵਰਗੇ ਤਿੰਨ ਅਜਿਹੇ ਸਸ਼ੱਕਤ ਵਾਰਤਾਕਾਰ ਦਿਤੇ ਜਿਨ੍ਹਾਂ ਦੀ ਮਾਂ ਬੋਲੀ ਅੰਗਰੇਜੀ ਨਹੀਂ ਸੀ ਪਰ ਉਨ੍ਹਾਂ ਆਪ ਦੀਆਂ ਲਿਖਤਾਂ ਦੇ ਮਾਧਿਅਮ ਵਜੋਂ ਅੰਗਰੇਜੀ ਜ਼ੁਬਾਨ ਨੂੰ ਅਪਣਾਇਆ ਅਤੇ ਕਮਾਲਾਂ ਕਰ ਦਿਤੀਆਂ। ਕ੍ਰਿਸ਼ਮਾ ਤਾਂ ਪਿਛੋਂ ਵਲਾਦੀਮੀਰ ਨੋਬੋਕੋਵ ਨੇ ਵੀ ਕੀਤਾ - ਪ੍ਰੰਤੂ ਜੋ ਮਹਿਮਾ ਥੋੜੇ ਜਿਹੇ ਸਮੇਂ ਦੌਰਾਨ ਹੀ ਪ੍ਰਿੰਸ ਮਿਰਸਕੀ ਦੇ ਹਿੱਸੇ ਆਈ ਉਸਦਾ ਕੋਈ ਵੀ ਪਾਰਾਵਾਰ ਨਹੀਂ ਹੈ। 1926 ਵਿਚ ਉਸਦੀ ਪੁਸ਼ਕਿਨ ਦੀ ਕਾਵਿ ਕਲਾ ਬਾਰੇ ਚਰਚਿਤ ਕਿਤਾਬ ਛਪੀ। ਫਿਰ ਜਲਦੀ ਹੀ ‘ਰੂਸੀ ਸਾਹਿਤ ਚਿੰਤਨ ਦਾ ਇਤਿਹਾਸ‘ ਉਨਵਾਨ ਹੇਠ ਦੋ ਜਿਲਦਾਂ ਵਿਚ ਉਸਦਾ ਵੱਡਾ ਗ੍ਰੰਥ ਸਾਮ੍ਹਣੇ ਆ ਗਿਆ - ਇਸ ਵਿਸ਼ੇ ‘ਤੇ ਕਿ 20ਵੀਂ ਸਦੀ ਤੋਂ ਪਾਰ ਤਕ ਕੋਈ ਵੀ ਹੋਰ ਸੱਜਣ, ਕਿਸੇ ਵੀ ਹੋਰ ਭਾਸ਼ਾ ਵਿਚ ਉਸ ਤੋਂ ਬੇਹਤਰ ਪੁਸਤਕ ਦੀ ਰਚਨਾ ਨਾ ਕਰ ਸਕਿਆ। ਉਸਨੇ ਰੂਸੀ ਅਤੇ ਅੰਗਰੇਜੀ ਜ਼ੁਬਾਨ ਦੇ ਕਵੀਆਂ ਦੇ ਕੁਝ ਸੰਕਲਨ ਵੀ ਤਿਆਰ ਕੀਤੇ। ਸਾਨੂੰ ਪਤਾ ਹੈ ਕਿ 19ਵੀਂ ਸਦੀ ਦੇ ਰੂਸ ਅੰਦਰ ਜਾਰਸ਼ਾਹੀ ਨਿਜ਼ਾਮ, ਪੱਛਮੀ ਖੱਪਤ ਸਭਿਅਤਾ ਜਾਂ ਕੈਪੀਟੇਲਿਜ਼ਮ ਦਾ ਵਿਰੋਧ ਕਾਮਰੇਡਾਂ ਤਕ ਹੀ ਸੀਮਤ ਨਹੀਂ ਸੀ। ਸਲਾਵੋਫਾਈਲ/ਧਾਰਮਿਕ ਵਿਚਾਰਧਾਰਾ ਜਾਂ ਤਰ੍ਹਾਂ ਤਰ੍ਹਾਂ ਦੇ ਜਮੂਹਰੀਅਤ ਪਸੰਦ - ਹੋਰ ਤਾਂ ਹੋਰ ਪਿਛੋਂ ਆ ਕੇ ਕੈਡਿਟ ਪਾਰਟੀ ਦੇ ਪੈਰੋਕਾਰ ਕਈ ਮਾਮਲਿਆਂ ਵਿਚ ਪੱਛਮੀ ਤਰਜ਼ੇ ਜ਼ਿੰਦਗੀ ਦੇ ਕਮਿਊਨਿਸਟਾਂ ਨਾਲੋਂ ਵੱਧ ਵਧੇਰੇ ਸਖ਼ਤ ਵਿਰੋਧੀ ਸਨ। ਮਰੀਨਾ ਦੇ ਪਤੀ ਏਫਰੌਨ ਬਾਰੇ ਅਸੀਂ ਜਾਣ ਚੁਕੇ ਹਾਂ। ਪ੍ਰਿੰਸ ਮਿਰਸਕੀ ਦਾ ਵੀ ਇਹੋ ਹਾਲ ਸੀ। ਹੋਇਆ ਇਹ ਕਿ ਸਾਲ 1930 ਵਿਚ - ਜਿਸ ਤਰ੍ਹਾਂ ਲਗਪਗ ਉਸੇ ਹੀ ਸਮੇਂ ਦੌਰਾਨ ਪ੍ਰਿੰਸ ਮਿਰਸਕੀ ਵਾਂਗ ਹੀ ਜ਼ਹੀਨ ਅਤੇ ਉਸ ਵਾਂਗ ਹੀ ਰੂਸ ਵਿਚੋਂ ਬਚ ਕੇ ਦੌੜੇ ਆਈਜਿਆ ਬਰਲਿਨ ਨੂੰ ਕਾਰਲ ਮਾਰਕਸ ਦੀ ਅੰਗਰੇਜੀ ਵਿਚ ਦਾਰਸ਼ਨਿਕ ਜੀਵਨੀ ਲਿਖਣ ਦਾ ਪ੍ਰਾਜੈਕਟ ਮਿਲਿਆ - ਕਿਸੇ ਅਹਿਮ ਸੰਸਥਾ ਨੇ ਉਸਨੂੰ ਜਲਦੀ ਤੋਂ ਜਲਦੀ ‘ਲੈਨਿਨ ਐਂਡ ਰਸ਼ੀਅਨ ਸੋਸ਼ਲ ਹਿਸਟਰੀ‘ ਵਿਸ਼ੇ ਤੇ ਪੁਸਤਕ ਤਿਆਰ ਕਰਕੇ ਦੇਣ ਲਈ ਆਖ ਦਿੱਤਾ ਗਿਆ।
ਮਨੁੱਖੀ ਮਨ ਵੀ ਕਮਾਲ ਦੀ ਸ਼ੈਅ ਹੈ। ਪ੍ਰਿੰਸ ਮਿਰਸਕੀ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ; ਮੁਹੱਬਤ ਦੀ ਕੋਈ ਘਾਟ ਨਹੀਂ ਹੈ - ਅਨੇਕਾਂ ਖੂਬਸੂਰਤ ਔਰਤਾਂ ਉਸਦੇ ਮਹਿਜ਼ ਇਕ ਇਸ਼ਾਰੇ ਤੇ ਉਸ ਅਗੇ ਸਮਰਪਿਤ ਹੋ ਜਾਣ ਲਈ ਤਿਆਰ ਹਨ। ਸਿਰਜਣਾਤਮਿਕ ਕੰਮ ਵਿਚ ਉਹ ਵੇਂਹਦਿਆਂ ਵੇਂਹਦਿਆਂ ਹੀ ਸਿਖਰਾਂ ਛੂਹ ਗਿਆ ਹੋਇਆ ਹੈ। ਪਰ ਉਸਦੇ ਮਨ ਨੂੰ ਚੈਨ ਬਿਲਕੁਲ ਵੀ ਨਹੀਂ ਹੈ। ਉਸ ਨੂੰ ਮਹਿਜ਼ ਆਪ ਦੀ ਹੋਣੀ ਦੇ ਫਿਕਰ ਤੋਂ ਪਾਰ ਕਿਸੇ ਵੱਡੇ ਕਾਜ ਦੀ ਲੋੜ ਹੈ।...ਅਤੇ ਉਪਰ ਦਸੀ ਪੁਸਤਕ ਦੀ ਤਿਆਰੀ ਲਈ ਪੜ੍ਹਦਿਆਂ ਲਿਖਦਿਆਂ ਉਹ ਲੈਨਿਨ ਦੇ ਗਰੀਬ ਰੂਸੀ ਅਵਾਮ ਨੂੰ ਮੁਕਤ ਕਰਵਾਉਣ ਦੇ ਕ੍ਰਿਸ਼ਮਈ ‘ਡਾਇਲੈਕਟੀਕਲ ਤਰਕ‘ ਦੇ ਅਜਿਹੇ ‘ਨਾਗ ਵਲ‘ ਵਿਚ ਆਵੇਗਾ ਕਿ ਬਸ ਉਸੇ ਦਾ ਹੀ ਹੋ ਕੇ ਰਹਿ ਜਾਵੇਗਾ। ਉਸ ਨੇ ਕਿਤਾਬ ਲਿਖਦਿਆਂ ਹੀ ਮੈਕਸਿਮ ਗੋਰਕੀ ਨਾਲ ਸੰਪਰਕ ਕਰਕੇ ਕਿਸੇ ਵੀ ਕੀਮਤ ਤੇ ਆਪਣੇ ਵਤਨ ਪਿਆਰੇ ਵਿਚ ਵਾਪਸ ਪਰਤਣ ਲਈ ਤਰਲੇ ਮਾਰਨੇ ਸ਼ੁਰੂ ਕਰ ਦੇਣੇ ਹਨ।
ਵੇਖੋ ਕਮਾਲ, ਇਹ ਉਹੋ ਹੀ ਸਮਾਂ ਹੈ ਜਦੋਂ ਮਰੀਨਾ ਦੇ ਪਤੀ ਸਰਗੇਈ ਏਫਰੌਨ ਦੇ ਪਤੀ ਸਰਗੇਈ ਏਫਰੌਨ ਬਾਲਸ਼ਵਿਕਾਂ ਦੀ ਵਿਰੋਧਤਾ ਛੱਡ ਕੇ ਸਟਾਲਿਨ ਦੀ ਬਦਨਾਮ ਖੁਫੀਆ ਪੁਲੀਸ ਲਈ ਕੰਮ ਕਰਨਾ ਸ਼ੁਰੂ ਕਰਦਾ ਹੈ। ਉਸਦਾ ਪ੍ਰਸ਼ੰਸਕ ਪ੍ਰਿੰਸ ਮਿਰਸਕੀ ਰੂਸ ਵਿਚ ਕਾਮਰੇਡ ਸਟਾਲਿਨ ਦੇ ਪ੍ਰਾਜੈਕਟ ਵਿਚ ਤਨ, ਮਨ, ਧਨ ਨਾਲ ਸਹਾਈ ਹੋਣ ਲਈ ਰੂਸ ਵਿਚ ਵਾਪਸ ਪਹੁੰਚ ਜਾਂਦਾ ਹੈ।...ਤੇ ਰੂਸ ਵਿਚ ਜਲਦੀ ਹੀਬਾਅਦ ਉਸਦੀ ਜੋ ਤਰਸਯੋਗ ਹਾਲਤ ਹੈ ਉਸਨੂੰ ਜਾਨਣ ਲਈ (ਇਹ ਉਹੋ ਮੈਲਕਮ ਮਗਰਿੱਜ ਹੈ ਜੋ ਸਿਮਲਾ ਵਿਖੇ ਆਪਦੀ ਠਹਿਰ ਦੌਰਾਨ ਅੰਮ੍ਰਿਤਾ ਸ਼ੇਰਗਿੱਲ ਦਾ ਕਰੀਬੀ ਮਿੱਤਰ ਬਣਿਆ) ਮੈਲਕਮ ਮਗਰਿੱਜ ਦਾ ਸਾਲ 1934 ਦਾ ‘ਏ ਰਾਈਟਰ ਇਨ ਮਾਸਕੋ‘ ਨਾਂ ਦਾ ਨਾਵਲ ਤਾਂ ਹੈ ਹੀ ਪ੍ਰੰਤੂ ਤਰਾਸਦੀ ਦਾ ਪੂਰਾ ਜਲਵਾ ਸਾਲ 2000ਵਿਚ ਛਪੀ ਜੀ. ਐਸ. ਸਮਿੱਥ ਦੀ ‘ਡੀ. ਐਸ. ਮਿਰਸਕੀ:ਏ ਰਸ਼ੀਅਨ-ਇੰਗਲਿਸ਼ ਲਾਈਫ‘ ਵਿੱਚ ਹੀ ਵੇਖਿਆ ਜਾ ਸਕਦਾ ਹੈ।
ਸਾਲ 1939 ਦੇ ਸ਼ੁਰੁ ਵਿਚ ਰੂਸੀ ਖੁਫੀਆ ਪੁਲੀਸ ਉਸਨੂੰ ਗ੍ਰਿਫਤਾਰ ਕਰ ਲੈਂਦੀ ਹੈ ਬਿਲਕੁਲ ਹੀ ਮਨਘੜਤ ਤੇ ਬੇਬੁਨਿਆਦ ਦੋਸ਼ਾਂ ਹੇਠ ਬੇਹਦ ਭਿਆਨਕ ਅੰਦਾਜ਼ ਵਿਚ ਉਸਦੀ ਇੰਟੈਰੋਗੇਸ਼ਨ ਹੁੰਦੀ ਹੈ ਅਤੇ ਸਜ਼ਾ ਵਜੋਂ ਉਸਨੂੰ ਕੋਲੀਆ ਪਰਬਤ ਲੜੀ ਦੇ ਦੂਰ ਦੁਰਾਡੇ ਖੇਤਰ ਅੰਦਰ ਗੁਲਾਗ ਦੇ ਕਿਸੇ ‘ਵਗਾਰੀ ਕੈਂਪ‘ ਅੰਦਰ ਝੋਕ ਦਿੱਤਾ ਜਾਂਦਾ ਹੈ। ਪ੍ਰਿੰਸ ਮਿਰਸਕੀ ਬਹੁਤ ਜਲਦੀ ਬਿਮਾਰ ਹੋਵੇਗਾ ਅਤੇ ਇਥੇ ਹੀ ਅਤਿਅੰਤ ਉਦਾਸੀ ਤੇ ਬੇਬਸੀ ਦੇ ਹਾਲੀਂ ਕੈਂਪ ਹਸਪਤਾਲ ਵਿਚ ਬੈਂਚ ਉਪਰ ਬੈਠਾ ਬੈਠਾ ਉਹ 6 ਜੂਨ, 1939 ਦੀ ਸ਼ਾਮ ਨੂੰ - ਉਮਰ ਦੇ 50ਵੇਂ ਵਰ੍ਹੇ ਤਕ ਪਹੁੰਚਣ ਤੋਂ ਪਹਿਲਾਂ ਹੀ ਪਿਆਰੀ ਰੂਸੀ ਪਿਤਰੀ ਭੂਮੀ ਅਤੇ ਉਸ ਦੇ ਲੋਕਾਂ ਵੱਲ ਆਪਦਾ ਕਰਜ਼ ਚੁਕਾ ਕੇ ਸੁਆਸ ਤਿਆਗ ਜਾਵੇਗਾ।
...
ਪ੍ਰਿੰਸ ਮਿਰਸਕੀ ਦੇ ਹਾਰ ਹੀ ਆਈਜਿਆ ਬਰਲਿਨ ਵੀ ਰੂਸ ਦਾ ਹੀ ਜੰਮਪਲ ਹੈ। ਉਹ ਵੀ ਬਾਲਸ਼ਵਿਕ ਇਨਕਲਾਬ ਤੋਂ ਬਾਅਦ ਜਾਨ ਬਚਾਉਣ ਲਈ ਭੱਜ ਕੇ ਇੰਗਲੈਂਡ ਵਿਚ ਆਇਆ ਹੋਇਆ ਹੈ। 20ਵੀਂ ਸਦੀ ਦਾ ਇਹ ਮਹਾਨ, ਅਤਿਅੰਤ ਸਤਿਕਾਰਤ ਯਹੂਦੀ ਚਿੰਤਕ ਪ੍ਰਿੰਸ ਮਿਰਸਕੀ ਅਤੇ ਅੰਨਾ ਆਖਮਾਤੋਵਾ - ਦੋਵਾਂ ਨਾਲੋਂ ਉਮਰ ‘ਚ 20 ਵਰ੍ਹੇ ਛੋਟਾ ਹੈ। ਚੜ੍ਹਦੀ ਜਵਾਨੀ ਦੇ ਦਿਨਾਂ ਤੋਂ ਹੀ ਅੰਨਾ ਦੀ ਕਲਾਤਮਿਕ ਪ੍ਰਤਿਭਾ ਅਤੇ ਤਸੱਵਰ ਉਸਦੇ ਜ਼ਿਹਨ ਵਿਚ ਵਸਿਆ ਹੋਇਆ ਹੈ। ਸਾਲ 1945 ਦੇ ਆਖਰੀ ਮਹੀਨਿਆ ਦੌਰਾਨ ਉਹ ਮਾਸਕੋ ਸਥਿਤ ਬਰਤਾਨਵੀ ਦੂਤਾਵਾਸ ‘ਚ ਕਿਸੇ ਅਹੁਦੇ ਤੇ ਤਾਇਨਾਤ ਹੋ ਕੇ ਆਉਂਦਾ ਹੈ। ਹੁਣ ਉਨ੍ਹਾਂ ਦੀ ਪਹਿਲੀ ਮੁਲਾਕਾਤ ਦਾ ਸਬੱਬ ਜਦੋਂ ਬਣਦਾ ਹੈ- ਉਹ 36 ਵਰ੍ਹਿਆਂ ਦਾ ਹੈ ਜਦੋਂ ਕਿ ਅੰਨਾ ਉਮਰ ਦੇ 56ਵੇਂ ਸਾਲ ਵਿਚ ਹੈ।ਜਿਸ ਕਮਰੇ ਵਿਚ ਉਹ ਮਿਲਦੇ ਹਨ - ਉਸ ਵਿਚ ਖੁਫੀਆ ਪੁਲੀਸ ਨੇ ਜਗ੍ਹਾ ਜਗ੍ਹਾ ਆਪਣੇ ਗੁਪਤ ਯੰਤਰ ਪੂਰੀ ਚਤੁਰਾਈ ਨਾਲ ਫਿੱਟ ਕੀਤੇ ਹੋਏ ਹਨ ਤਾਂ ਕਿ ਉਨ੍ਹਾਂ ਦਾ ਕੋਈ ਵੀ ਸੰਵਾਦ ਜਾਂ ਹਰਕਤ ਰਿਕਾਰਡ ਹੋਣੋ ਰਹਿ ਨਾ ਜਾਵੇ। ਕੁਦਰਤ ਦੇ ਰੰਗ ਵੇਖੋ ਆਈਜਿਆ ਬਰਲਿਨ ਨੂੰ ਤਾਂ ਅੰਨਾ ਦਾ ਪਤਾ ਹੀ ਹੈ- ਅੰਨਾ ਨੇ ਵੇਂਹਦਿਆਂ ਸਾਰ ਉਸਦੀ ਸ਼ਖ਼ਸੀਅਤ ਤੋਂ ਨਿਛਾਵਰ ਹੋ ਜਾਣਾ ਹੈ। ਆਪਸੀ ਸਤਿਕਾਰ ਦਾ ਆਭਾ ਮੰਡਲ ਅਜਿਹਾ ਹੈ ਕਿ ਇਕ ਦੂਸਰੇ ਨੂੰ ਛੂਹਣ ਦੀ ਜ਼ਰੂਰਤ ਹੀ ਨਹੀਂ ਹੈ। ਮਿਲਦੇ ਸਾਰ ਉਹ ਰੂਸ ਦੇ ਰਾਜਸੀ ਮਾਹੌਲ ਜਾਂ ਕਿਸੇ ਵੀ ਹੋਰ ਵਿਵਾਦਤ ਵਿਸ਼ੇ ਦਾ ਜ਼ਿਕਰ ਹੀ ਨਹੀਂ ਕਰਦੇ। ਜੀਵਨ ਤੇ ਸਾਹਿਤ; ਪੁਸ਼ਕਿਨ ਅਤੇ ਹਰਜਨ ਤੋਂ ਹੁੰਦੀ ਹੋਈ ਗੱਲਬਾਤ ਜਦੋਂ ਹੀ ਦਾਸਤੋਵਸਕੀ ਅਤੇ ਤੁਰਗਨੇਵ ਦੇ ਚਿੰਤਨ ‘ਤੇ ਆ ਜਾਵੇਗੀ। ਅੰਨਾ ਤੁਰਗਨੇਵ ਤੋਂ ਪ੍ਰਭਾਵਤ ਨਹੀਂ ਪਰ ਦਾਸਤੋਵਸਕੀ ਨੂੰ ਖੁਦਾ ਮੰਨਦੀ ਹੈ। ਆਈਜਿਆ ਬਰਲਿਨ ਨੂੰ ਦਾਸਤੋਵਸਕੀ ਨਾਲ ਏਨੀ ਚਿੜ੍ਹ ਹੈ ਕਿ ਉਸ ਦੀਆਂ ਅਨੇਕ ਕਿਰਤਾਂ ਵਿਚ ਉਸਦੇ ਨਾਂ ਦਾ ਕਿਧਰੇ ਜ਼ਿਕਰ ਤਕ ਵੀ ਨਹੀਂ ਹੈ। ਉਹ ਹਰਜਨ ਅਤੇ ਤੁਰਗਨੇਵ ਨੂੰ ਖੁਦਾ ਮੰਨਦਾ ਹੈ। ਕੁਝ ਪਲਾਂ ਦੀ ਮੁਲਾਕਾਤ ਤੇ ਅਧਾਰਤ ਇਹ ਅਸੀਮ ਅਤੇ ਅਜ਼ੀਮ ਮੁਹੱਬਤ 20ਵੀਂ ਸਦੀ ਦੀ ਆਪਣੀ ਕਿਸਮ ਦੀ ਸ਼ਾਇਦ ਸਭ ਤੋਂ ਚਰਚਿਤ ‘ਪ੍ਰੇਮ ਕਥਾ‘ਹੈ ਜਿਸਦਾ ਜ਼ਿਕਰ ਅਸੀਂ ਪਹਿਲਾਂ ਅੰਨਾ ਬਾਰੇ ਫਾਈਨਸਟਾਈਨ ਦੀ ਜੀਵਨੀ ਦੇ ਹਵਾਲੇ ਨਾਲ ਕਰ ਚੁੱਕੇ ਹਾਂ ਅਤੇ ਜੋ ਕਿ ਮਾਈਕਲ ਇਗਨਾਟੀਏਫ ਨੇ ਵੀ 2000 ਵਿੱਚ ਛਪੀ ਆਈਜਿਆ ਬਰਲਿਨ ਦੀ ਜੀਵਨੀ ਦੇ ‘ਲੈਨਿਨਗਰਾਦ 1944‘ ਸਿਰਲੇਖ ਹੇਠਲੇ ਕਾਂਡ 13 ਦੇ 150 ਤੋਂ 169 ਪੰਨਿਆਂ ਉਪਰ ਬਹੁਤ ਹੀ ਵੇਰਵੇ ਨਾਲ ਸੁਣਾਈ ਹੋਈ ਹੈ। ਮੁਲਾਕਾਤ ਤੋਂ ਕੁਝ ਹੀ ਸਮਾਂ ਬਾਅਦ ਬਰਲਿਨ ਨੇ ਵਾਪਸ ਚਲਿਆ ਜਾਣਾ ਹੈ। ਪ੍ਰੰਤੂ ਅੰਨਾ ਨੂੰ ਰੂਹਾਨੀ ਸ਼ਿਦਤ ਅਤੇ ਸਕੂਨ ਦੇ ਇਨ੍ਹਾਂ ਪਲਾਂ ਲਈ ਜਿਸ ਕਿਸਮ ਦੀ ਕੀਮਤ ਚੁਕਾਉਣੀ ਪੈਣੀ ਹੈ ਜਾਂ ਖੁਫੀਆ ਪੁਲੀਸ ਦੇ ‘ਸਾਵਧਾਨ‘ ਕੌਮੀਸਾਰਾਂ ਹੱਥੋਂ ਜਿਸ ਕਿਸਮ ਦੇ ਮਾਨਸਿਕ ਸੰਤਾਪ ਵਿਚੋਂ ਲੰਘਣਾ ਪੈਣਾ ਹੈ; ਉਹ ਕਹਾਣੀ ਕਾਫੀ ਲੰਮੀ ਹੈ ਕਦੀ ਫੇਰ ਸਹੀ।
...
ਉਪਰ ਦੱਸੀ ਘਟਨਾ ਤੋਂ ਮਹਿਜ਼ 2-3 ਵਰ੍ਹਿਆਂ ਬਾਅਦ ਪ੍ਰਿੰਸ, ਆਈਜਿਆ ਬਰਲਿਨ ਵਾਂਗ ਹੀ ਰੂਸ ਵਿਚੋਂ ਗਈ ਹੋਈ ਗੋਲਡਾਮਾਇਰ ਨਾਂ ਦੀ ਯਹੂਦੀ ਮਹਿਲਾ ਰਾਜਨੀਤਕ ਆਗੂ ਸਾਲ 1948 ਵਿੱਚ ਇਸਰਾਈਲ ਦੀ ਪਹਿਲੀ ਰਾਜਦੂਤ ਵੱਜੋਂ ਮਾਸਕੋ ਪਹੁੰਚ ਜਾਂਦੀ ਹੈ। ਮੋਲੋਟੋਵ ਕਾਮਰੇਡ ਸਟਾਲਿਨ ਦਾ ਸਭ ਤੋਂ ਕਰੀਬੀ, ਸਭ ਤੋਂ ਵਫਾਦਾਰ ਸਾਥੀ ਹੈ। ਉਸਦੀ ਪਿਆਰੀ ਪਤਨੀ ਪੋਲੀਨਾ ਮੋਲੋਟੋਵਾ ਦਾ ਵੀ ਸਟਾਲਿਨ ਵਿੱਚ ਰੱਬ ਵਾਂਗੂ ਵਿਸ਼ਵਾਸ ਹੈ। ਸਾਲਾਂ ਬੱਧੀ ਦੋਵਾਂ ਨੇਤਾਵਾਂ ਦੇ ਪਰਿਵਾਰ ਕੋਲੋ-ਕੋਲ ਹੀ ਰਹਿੰਦੇ ਰਹੇ ਹਨ। ਪੋਲੀਨਾ ਬਾਲਸ਼ਵਿਕ ਪਾਰਟੀ ਦੀ ਸ਼ਕਤੀਸ਼ਲੀ ਕੇਂਦਰੀ ਕਮੇਟੀ ਦੀ ਮੈਂਬਰ ਹੋਣ ਦੇ ਨਾਲ-ਨਾਲ ਅਨੇਕਾਂ ਅਹਿਮ ਅਹੁਦਿਆਂ ‘ਤੇ ਰਹਿ ਚੁੱਕੀ ਹੈ। ਪਰ ਮਹਾਨ ਆਗੂ ਦੇ ਮਨ ਵਿਚ ਉਸਦੇ ਜਾਸੂਸ ਹੋਣ ਦਾ ਸੰਦੇਹ ਪੈਦਾ ਹੋ ਗਿਆ ਹੋਇਆ ਹੈ। ਉਸਦਾ ਪਿਛੋਕੜ ਯਹੂਦੀ ਹੈ। ਉਸਦੀ ਇੰਟੈਰੋਗੇਸ਼ਨ ਹੋ ਚੁਕੀ ਹੈ। ਪਰ ਅਜਿਹੀ ਕੋਈ ਗੱਲ ਨਿਕਲੀ ਨਹੀਂ ਹੈ। ਪ੍ਰੰਤੂ ਉਸ ਕੋਲੋਂ ਲੋੜੀਂਦੀ ਸਾਵਧਾਨੀ ਹੁਣ ਵਰਤੀ ਨਹੀਂ ਜਾਣੀ ਅਤੇ ਮੋਲੋਟੋਵਾ ਅਤੇ ਗੋਲਡਾਮਾਇਰ ਦੀ ਕਿਸੇ ਸਰਕਾਰੀ ਮੁਲਾਕਾਤ ਦੌਰਾਨ ਹੋਈ ਗੱਲਬਾਤ ਨੂੰ ਇਕ ਦੂਸਰੇ ਲਈ ਇੰਟਰਪਰੈੱਟ ਕਰਦਿਆਂ ਗੋਲਡਾਮਾਇਰ ਨਾਲ ਹੱਸ-ਹੱਸ ਕੇ ਗੱਲਾਂ ਕਰੇਗੀ ਅਤੇ ਵਾਚ ਹੋ ਸਕੇਗੀ।...ਹੁਣ ਉਹ ਬਚੇਗੀ ਨਹੀਂ- ਉਸਨੂੰ 8 ਸਾਲਾਂ ਲਈ ਕੈਦ ਵਿੱਚ ਧੱਕ ਦਿੱਤਾ ਜਾਵੇਗਾ। ਗੋਲਡਾਮਾਇਰ ਨਾਲ ਹਾਸੇ ਦੀ ਸਾਂਝ ਉਸਨੂੰ ਬਹੁਤ ਮਹਿੰਗੀ ਪਵੇਗੀ। ਮੋਲੋਟੋਵ ਕਾਮਰੇਡ ਸਟਾਲਿਨ ਅੱਗੇ ਉਭਾਸਰ ਵੀ ਨਹੀਂ ਸਕੇਗਾ।
ਪੋਲੀਨਾ ਮੋਲੋਟੋਵਾ ਆਖਰ ਮਾਰਚ 1953 ‘ਚ ਸਟਾਲਿਨ ਦੇ ਸਦਾ ਦੀ ਨੀਂਦੇ ਸੌਣ ਤੋਂ ਬਾਅਦ ਕਾਮਰੇਡ ਲੇਵਰੈਂਟੀ ਬੇਰੀਏ ਦੀ ਮਿਹਰਬਾਨੀ ਨਾਲ ਹੀ ਕੈਦ ‘ਚੋਂ ਬਾਹਰ ਆ ਸਕੇਗੀ ।
ਪੋਲੀਨਾ ਦੇ ਛੁਟਕਾਰੇ ਅਤੇ ਖੁਸ਼ੀ-ਖੁਸ਼ੀ ਮੋਲੋਟੋਵ ਨਾਲ ਸੁੱਖੀਂ ਸਾਂਦੀਂ ਘਰ ਵਾਪਸੀ ਦਾ ਦ੍ਰਿਸ਼ ਬਹੁਤ ਹੀ ਸ਼ਰਮਨਾਕ ਪ੍ਰੰਤੂ ਦਰਦਨਾਕ ਹੈ। ਇਹ ਕਹਾਣੀ ਕਈਆਂ ਨੇ ਲਿਖੀ ਹੈ। ਪ੍ਰੰਤੂ ਸਾਨੂੰ ਸਾਈਮਨ ਸੇਬਾਗ ਮੌਂਟਫਿਓਰੀ ਦੀ ‘ਸਟਾਲਿਨ - ਕੋਰਟ ਆਫ ਰੈੱਡ ਜ਼ਾਰ‘ ਸਿਰਲੇਖ ਹੇਠਲੇ ਗ੍ਰੰਥ ਦੇ ਪੰਨਾ 651-52 ਉਪਰ ਦਰਜ਼ ਬਿਰਤਾਂਤ ਸਭ ਤੋਂ ਵਧ ਰੌਚਿਕ ਲਗਾ ਹੈ। ਮੌਂਟਫਿਓਰੀ ਦੇ ਦਸਣ ਅਨੁਸਾਰ 9 ਮਾਰਚ 1953 ਵਿਚ ਸਟਾਲਿਨ ਦੀਆਂ ਅੰਤਿਮ ਰਸਮਾਂ ਸਮੇਂ ਮੋਲੋਟੋਵ ਬੇਰੀਆ ਅਤੇ ਖਰੁਸਚੋਵ - ਤਿੰਨੇ ਹੀ ਭਾਸ਼ਨ ਕਰਦੇ ਹਨ। ਇਸ ਸਮੇਂ ਤਕ ਪੋਲੀਨਾ ਮੋਲੋਟੋਵ ਬਦਨਾਮ ਲੁਬਿਆਂਕਾ ਜੇਲ੍ਹ ਵਿਚ ਕੈਦ ਹੈ। ਪ੍ਰੰਤੂ ਅਗਲੇ ਹੀ ਦਿਨ, ਜਾਨੀ 10 ਮਾਰਚ ਨੂੰ ਸਵੇਰੇ ਹੀ ਬੇਰੀਆ ਮੋਲੋਟੋਵ ਨੂੰ ਆਪਣੇ ਦਫ਼ਤਰ ਚਾਹ ਪੀਣ ਲਈ ਬੁਲਾਉਂਦਾ ਹੈ।ਕਾਮਰੇਡ ਮੋਲੋਟੋਵ ਪਹੁੰਚ ਰਿਹਾ ਹੈ- ਉਧਰ ਐਨ ਇਸੇ ਵਕਤ ਦੂਸਰੇ ਪਾਸੇ ਕਾਮਰੇਡ ਬੇਰੀਏ ਦੇ ਆਦੇਸ਼ਾਂ ਤੇ ਪੋਲੀਨਾ ਆ ਰਹੀ ਹੈ। ਬੇਰੀਏ ਨੂੰ ਮੋਲੋਟੋਵ ਦੀ ਪੋਲੀਨਾ ਨਾਲ ਗਹਿਰੀ ਮੁਹੱਬਤ ਦਾ ਪਤਾ ਹੈ। ਉਹ ਮੋਲੋਟੋਵ ਦੇ ਸਾਹਮਣੇ ਪੋਲੀਨਾ ਦਾ ਸੁਆਗਤ ਕਰਦਿਆਂ ‘ਇਕ ਨਾਇਕਾ! ਇਕ ਨਾਇਕਾ!!‘ ਆਖਦਿਆਂ ਬੱਚਿਆਂ ਵਾਂਗ ਕਿਲਕਾਰੀਆਂ ਮਾਰਨ ਲੱਗ ਜਾਂਦਾ ਹੈ।ਉਧਰ ਪੋਲੀਨਾ ਪਹਿਲਾ ਬੋਲ ਹੀ ਇਹ ਬੋਲਦੀ ਹੈ ਕਿ ‘ਕਾ: ਸਟਾਲਿਨ ਕਿਵੇਂ ਹਨ‘...ਤੇ ਸਟਾਲਿਨ ਦੀ ਮਰਗ ਦੀ ਖ਼ਬਰ ਸੁਣਦਿਆਂ ਹੀ ਮੂਰਛਿਤ ਹੋ ਜਾਂਦੀ ਹੈ।ਹੋਸ਼ ਵਿਚ ਆਉਂਦਿਆਂ ਹੀ ਕਾਮਰੇਡ ਮੋਲੋਟੋਵ ਨੇ ਉਸਨੂੰ ਆਪਣੇ ਘਰ ਨਾਲ ਲੈ ਜਾਣਾ ਹੈ। ਕਾਮਰੇਡ ਬੇਰੀਆ ਆਪਣੇ ਮਿੱਤਰ ਨੂੰ ਖੁਸ਼ ਕਰਕੇ ਹੱਸ ਰਿਹਾ ਹੈ; ਤਾੜੀਆਂ ਮਾਰ ਰਿਹਾ ਹੈ!!
ਅੰਮ੍ਰਿਤਾ ਵਿਰੁੱਧ ਮੁਕੱਦਮੇ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਅੰਨਾ ਆਖਮਾਤੋਵ ਅਤੇ ਮਰੀਨਾ ਸੁਵੇਤੇਵਾ ਦਾ ਜ਼ਿਕਰ ਤਾਂ ਆਉਣਾ ਹੀ ਆਉਣਾ ਸੀ ਅਤੇ ਵਿੱਚ ਆਈਜਿਆ ਬਰਲਿਨ, ਪ੍ਰਿੰਸ ਮਿਰਸਕੀ ਅਤੇ ਆਲੀਆ ਦਾ ਭੋਗ ਵੀ ਪੈ ਜਾਣਾ ਸੀ।- ਪ੍ਰੰਤੂ ਐਹ ਪੋਲੀਨਾ ਮੋਲੋਟੋਵ ਵਾਲੀ ਜ਼ਰਾ ਵਧੀਕੀ ਹੋ ਗਈ ਹੈ- ਆਸ ਹੈ ਕਿ ਪਾਠਕ ਇਸ ਨੂੰ ਮੁਆਫ ਕਰ ਦੇਣਗੇ।
ਸੋ ਬੇਹਤਰ ਹੈ ਕਿ ਅੰਮ੍ਰਿਤਾ ਤੇ ‘ਮੁਕੱਦਮੇ‘ ਦੀ ਕੇਂਦਰੀ ਕਹਾਣੀ ਵੱਲ ਇਕ ਵਾਰ ਮੁੜ ਵਾਪਸ ਪਰਤਿਆ ਜਾਵੇ।
ਮਰੀਨਾ ਦੀ ਕਥਾ ਦੇ ਅੰਤ ਵਿਚ ਅਸੀਂ ਆਲੀਆ ਅਤੇ ਕੰਦਲਾ ਦੇ ਆਪ ਦੀਆਂ ਸ਼ਾਇਰਾਨਾ ਤਬੀਅਤ ਵਾਲੀਆਂ ਮਾਵਾਂ ਵੱਲ ਰਵਈਏ ਦਾ ਜ਼ਿਕਰ ਕੀਤਾ ਹੈ। ਉਸਦੇ ਨਾਲ ਹੀ ਸਾਡਾ ਧਿਆਨ ਇਕ ਵਾਰ ਮੁੜ ‘ਇਹੁ ਜਨਮੁ ਤੁਮਹਾਰੇ ਲੇਖੇ‘ ਅਤੇ ਭੁੱਲਰ ਸਾਹਿਬ ਵਲੋਂ ‘ਹੁਣ‘ ਦੇ ਸਾਲ 2014 ਦੇ ਆਖਰੀ ਅੰਕ ਵਿਚ ‘ਅੰਮ੍ਰਿਤਾ ਪ੍ਰੀਤਮ:ਤਿੰਨ ਮੌਤਾਂ ਮਾਰ ਕੇ ਪੂਰੀ ਹੋਈ ਮੌਤ‘ ਵਾਲੇ ਬਿਰਤਾਂਤ ਵੱਲ ਪਰਤ ਗਿਆ ਹੈ।
‘ਹੁਣ‘ ਦੇ ਪੰਨਾ 116 ਉਪਰ ਬਾਬਿਆਂ ਨੇ ਦਸਿਆ ਹੈ ਕਿ ਅੰਮ੍ਰਿਤਾ ਦੇ ਘਰ ਵਿੱਚ ਹੋਣ ਵਾਲੇ ਸਾਹਿਤਕ ਇਕੱਠਾਂ ਵਿਚ ਅੰਮ੍ਰਿਤਾ ਦੇ ਦੋਵਾਂ ਬੱਚਿਆਂ ਦੀ ਕੋਈ ਦਿਲਚਸਪੀ ਨਹੀਂ ਸੀ। (ਅਖੇ) ਕੰਦਲਾ ਅਤੇ ਨਵਰਾਜ ਦੀ ‘ਨਾਗਮਣੀ ਸ਼ਾਮ‘ ਤੋਂ ਦੂਰੀ ਉਦੋਂ ਸਾਨੂੰ ਕੁਦਰਤੀ ਲੱਗਦੀ।...ਪਰ ਹੁਣ ਇਹ ਕਹਿਣਾ ਠੀਕ ਹੋਵੇਗਾ ਕਿ ਗੱਲ ਏਨੀ ਹੀ ਨਹੀਂ ਸੀ। ਸਗੋਂ ਹੁਣ ਕਹਿਣਾ ਇਹ ਚਾਹੀਦਾ ਹੈ ‘ਗੱਲ ਇਹ ਨਹੀਂ ਸੀ। ਮਾਤਾ-ਪਿਤਾ ਦੇ ਨਖੇੜੇ ਨੇ ਅਤੇ ਪਿਤਾ ਦਾ ਸਥਾਨ ਇਕ ਓਪਰੇ ਬੰਦੇ ਵਲੋਂ ਮੱਲ ਲਏ ਜਾਣ ਨੇ ਉਨ੍ਹਾਂ ਦੇ ਮਨ ਵਿਚ ਦੁਬਿਧਾ, ਰੋਸ, ਗਿਲਾਨੀ ਤੇ ਵਿਰੋਧ ਦੀ ਕੰਡਿਆਲੀ ਝਾੜੀ ਬੀਜ ਦਿਤੀ ਜੋ ਹੌਲੀ-ਹੌਲੀ ਵੱਧ ਕੇ ਸੂਲਾਂ ਭਰਿਆ ਬਿਰਛ ਬਣ ਖਲੋਤੀ।...ਮੋਹ ਦੇ ਰਿਸ਼ਤੇ ਦੀ ਇਹ ਇਕਪਾਸੜਤਾ ਬਹੁਤ ਪਹਿਲਾਂ ਉਦੋਂ ਹੀ ਬਣ ਅਤੇ ਪੱਕ ਚੁੱਕੀ ਸੀ ਜਦੋਂ ਬਹੁਤ ਛੋਟੀ ਉਮਰ ਵਿਚ ਸ਼ੈਲੀ ਨੇ ਮਾਂ ਨੂੰ ਬਹੁਤ ਵੱਡਾ ਸਵਾਲ ਪੁੱਛਲਿਆ ਸੀ, ਮੰਮੀ, ਕੀ ਮੈਂ ਸਾਹਿਰ ਅੰਕਲ ਦਾ ਬੇਟਾ ਹਾਂ?”
ਨਾਵਲ ਦੇ ਆਰੰਭ ਵਿੱਚ ਹੀ, ਪੰਨਾ 42 ਉਪਰ ਦਰਜ ਦਵਾਈਆਂ ਦਾ ਡੱਬਾ ਫੜਾਉਣ ਅਚਾਨਕ ਕਮਰੇ ਵਿਚ ਆ ਟਪਕੀ ਪੁਨੀਤ ਮੋਹਨ ਸਿੰਘ ਨੂੰ ਜਗਦੀਪ ਦੇ ਪੱਟਾਂ ‘ਤੇ ਸਿਰ ਰੱਖ ਕੇ ਰੋਂਦਿਆਂ ਵੇਖ ਕੇ ਨਿਰਛਲ ਬੱਚੀ ਨੇ ਜਦੋਂ ਸ਼ੈਲੀ ਵਾਂਗ ਹੀ ਪੁੱਛ ਲਿਆ ਸੀ ‘ਮੰਮੀ ਮੰਮੀ, ਅੰਕਲ ਦਾ ਕੀ ਦੁਖਦਾ ਹੈ, ਇਹ ਰੋਈ ਕਿਉਂ ਜਾਂਦੇ ਨੇ?” ਵਾਲਾ ਸਵਾਲ ਅਸੀਂ ਪਾਠਕਾਂ ਨਾਲ ਪਹਿਲਾਂ ਸਾਂਝਾ ਕਰ ਹੀ ਚੁੱਕੇ ਹਾਂ। ਪਰ ਇਸਦੀ ਦੋਹਰ ਪਾਉਣ ਵਿਚ ਕੋਈ ਹਰਜ ਨਹੀਂ ਹੈ - ਕਿਉਂ ਕਿ ਭੁੱਲਰ ਸਾਹਿਬ ਦੇ ਕਲਾਸਿਕ ਨਾਵਲ ਅਤੇ ਉਸ ਵਿਚਲੇ ਸਿੱਖਿਆਦਾਇਕ ਸੁਨੇਹੇ ਦੀ ਗਿਰੀ ਦੋਵਾਂ ਬੱਚਿਆਂ ਦੇ ਇਨ੍ਹਾਂ ‘ਮਸੂਮ ਸਵਾਲਾਂ‘ ਵਿੱਚ ਹੀ ਤਾਂ ਹੈ।
ਅੰਮ੍ਰਿਤਾ ਪ੍ਰੀਤਮ/ਜਗਦੀਪ ਦੇ ਜੀਵਨ ਦਰਸ਼ਨ ਅਤੇ ਸਮੁੱਚੀ ਘਾਲ ਕਮਾਈ ਨੂੰ ਕਾਂਟੇ ਹੇਠ ਲਿਆਉਣ ਲਈ ਜਾਂ ਕਹੋ ਕਿ ਉਸਨੂੰ ਪਾਠਕਾਂ ਦੇ ਕਟਿਹਰੇ ਵਿੱਚ ਖੜੀ ਕਰਕੇ ਸਦਾ ਵਾਸਤੇ ਉਸਦੇ ਬਿੰਬ ਨੂੰ ਮਿਸਮਾਰ ਕਰ ਦੇਣ ਲਈ ਨਾਵਲਕਾਰ/ ‘ਕਾਜੀ‘ ਉਸ ਵਿਰੁੱਧ ਆਪਦਾ ਕੇਸ ਖੜਾ ਕਰਨ ਖਾਤਰ ਇਨ੍ਹਾਂ ਸਵਾਲਾਂ ਨੂੰ ਹੀ ਤਾਂ ਬਾਰ ਬਾਰ ਲੈ ਕੇ ਆਉਣਾ ਹੈ।
ਮਸਲਨ ਜਗਦੀਪ ਸਭ ਤੋਂ ਵੱਡੀ ਮਨਮਾਨੀ ਕਰਦਿਆਂ ਚਰਨਜੀਤ ਨਾਲ ਬੰਬਈ ਚਲੀ ਜਾਵੇਗੀ, ਫਿਰ ‘ਮੱਛੀ ਦੇ ਪੱਥਰ ਚੱਟ ਕੇ ਮੁੜਨ ਵਾਂਗ ਵਾਪਸ ਆਵੇਗੀ‘ ਤਾਂ ਉਸ ਨੂੰ ਅੰਤਾਂ ਦੀ ਨਿਮੋਸ਼ੀ ਭਰੀ ਹਾਲਤ ਵਿਚ - ਹਿਤੈਸ਼ੀ ਜੀ ਵਰਗੇ ਜੁਗਤੀ ਸੱਜਣ ਦੀਆਂ ਜੁਗਤਾਂ ਨਾਲ ਜਦੋਂ ਸ. ਗੁਰਮੁਖ ਸਿੰਘ ਵਰਗੇ ਦੇਵਤਾ ਸਰੂਪ ਪਤੀ ਦੇ ਦਰਾਂ ‘ਤੇ ਵਾਪਸ ਪਰਤਣਾਂ ਪਵੇਗਾ ਤਾਂ ਉਹ ਗਿਲਾਨੀ ਨਾਲ ਮਰੇਗੀ! ਜ਼ਾਹਿਰ ਹੀ ਹੈ। ਇਸ ਤੋਂ ਬਾਅਦ ਘਰ ਦੇ ਵਾਤਾਵਰਨ ਦਾ ਨਕਸ਼ਾ ਨਾਵਲਕਾਰ ਨੇ ਬਹੁਤ ਉਤਮ ਅਤੇ ਪ੍ਰਮਾਣਕ ਰੂਪ ਵਿਚ ਖਿੱਚਿਆ ਹੋਇਆ ਹੈ। ਨਾਵਲ ਦੇ ਪੰਨਾ 151 ਉਪਰ ਬਾਈ ਜੀ ਦੱਸਦੇ ਹਨ: “(ਇਨੀ ਦਿਨੀਂ) ਗੁਰਮੁਖ ਸਿੰਘ ਦੁਕਾਨ ਚਲਿਆ ਜਾਂਦਾ ਹੈ।...ਉਹ ਇਕੱਲੀ ਰਹਿ ਜਾਂਦੀ ਤਾਂ ਇਕੱਲ ਵਿਚ ਗਰਕਣ ਲਗਦੀ...ਉਸਦਾ ਆਪੇ ਵਿਹਾਜਿਆ ਅਤੀਤ ਮੁੜ ਮੁੜ ਮਨ ਦੀਆਂ ਅੱਖਾਂ ਅਗੇ ਉਭਰਦਾ ਤੇ ਉਸਦੇ ਚੈਨ ਨੂੰ ਹਰਾਮ ਕਰਦਾ। (ਤਸੱਵਰ ਵਿਚ) ਮੋਹਨ ਸਿੰਘ ਉਹਦੇ ਪੱਟਾਂ ਉਤੇ ਸਿਰ ਰੱਖ ਕੇ...ਰੋਣ ਲਗਦਾ...”
ਫਿਰ ਜਗਦੀਪ ਆਪ ਦੇ ਪਤੀ ਨਾਲੋਂ ਵਖਰੀ ਹੋ ਕੇ ਚਰਨਜੀਤ ਨਾਲ ਰਹਿਣ ਲਗ ਜਾਂਦੀ ਹੈ। ਨਾਵਲ ਦੇ ਭਾਗ 11 ਦੇ ਦੂਸਰੇ ਕਾਂਡ ਵਿੱਚ ਦੋਵਾਂ ਬੱਚਿਆਂ ਦੇ ਹੋਸਟਲ ਤੋਂ ਘਰ ਆਉਣ ਅਤੇ ਘਰ ਵਿਚ ਪਿਤਾ ਦੀ ਜਗ੍ਹਾ ਓਪਰੇ ਮਰਦ ਨੂੰ ਵੇਖਣ ‘ਤੇ ਉਨ੍ਹਾਂ ਦੀ ਮਨੋਦਸ਼ਾ ਦਾ ਵਰਨਣ ਹੈ। ਜਗਦੀਪ ਦੇ ਬੇਟੇ ਗੁਣੀ ਦੇ ਚਿਹਰੇ ‘ਤੇ ਉਦਾਸੀ ਹੈ। ਉਹ ਆਪਣੀ ਭੈਣ ਪੁਨੀਤ ਦੇ ਕਿਸੇ ਸਵਾਲ ਦੇ ਜਵਾਬ ਵਿਚ ਕਹਿ ਰਿਹਾ ਹੈ “ਪਰ ਦੋਵੇਂ ਥਾਈਂ ਮੰਮੀ ਤੇ ਪਾਪਾ ਦਾ ਰਹਿਣ-ਸਹਿਣ ਦੇਖ ਕੇ ਮੈਨੂੰ ਸੌ ਫੀ ਸਦੀ ਸ਼ੱਕ ਹੈ ਕਿ ਕੋਈ ਗੜਬੜ ਜ਼ਰੂਰ ਹੈ।”
ਤੇ ਅਗੋਂ ਜ਼ਰਾ ਪੁਨੀਤ ਦੇ ਪ੍ਰਤੀਕਰਮ ਵਾਲਾ ਪਹਿਰਾ ਵੇਖੋ:
“ਗੁਣੀ, ਮੈਨੂੰ ਡਰ ਹੈ, ਤੇਰਾ ਸ਼ੱਕ ਸੱਚਾ ਹੋਊ!” ਪੁਨੀਤ ਨੂੰ ਜਿਵੇਂ ਕੁਝ ਯਾਦ ਆ ਗਿਆ ਸੀ। “ਇਹ ਅੰਕਲ ਪੁਰਾਣੇ ਘਰ ਵੀ ਆਉਂਦੇ ਹੁੰਦੇ ਸਨ।” ਉਹਦੀਆਂ ਅੱਖਾਂ ਅੱਗੇ ਮੁੱਦਤਾਂ ਦਾ ਭੁੱਲਿਆ ਉਹ ਦ੍ਰਿਸ਼ ਫਿਰ ਗਿਆ ਜਦੋਂ ਮੰਮੀ ਦੇ ਪੱਟਾਂ ਉੱਤੇ ਸਿਰ ਰੱਕ ਕੇ ਰੋ ਰਹੇ ਮੋਹਨ ਸਿੰਘ ਅੰਕਲ ਲਈ ਦਵਾਈਆਂ ਦਾ ਡੱਬਾ ਲੈ ਗਈ ਸੀ। ਉਹ ਇਸ ਬਾਰੇ ਗੁਣੀ ਨੂੰ ਦਸੇ ਤਾਂ ਕੀ ਦਸੇ।”
...
ਇਥੇ ਹੀ ਬਸ ਨਹੀਂ, ਨਾਵਲਕਾਰ ਦੀ ਇਸ ਨਾਲ ਨਿਸ਼ਾ ਨਹੀਂ ਹੋਵੇਗੀ...ਜਗਦੀਪ ਦੇ ਪੱਟ ਤਾਂ ਮਾਨੋਂ ਬਾਬਿਆਂ ਦੇ ਮਨ ਮਸਤਕ ਅੰਦਰ ਕਿਧਰੇ ਡੂੰਘੇ ਧਸ ਗਏ ਹੋਏ ਹਨ; ਉਨ ਅਜੇ ਇਨ੍ਹਾਂ ਦੀ ਮੁਹਾਰਨੀ ਪੜ੍ਹੀ ਹੀ ਜਾਣੀ ਹੈ।
ਨਾਵਲ ਦਾ 14ਵਾਂ ਭਾਗ ਪਹਿਲੀ ਸਤਰ ਤੋਂ ਹੀ ਬੇਹਦ ਸਸ਼ੱਕਤ ਅਤੇ ਰੌਚਿਕ ਹੈ। ਘੱਟ ਦਿਲਚਸਪ ਤਾਂ ਹਿਤੈਸ਼ੀ ਦੀ ਅਤੇ ਗੁਰਮੁਖ ਸਿੰਘ ਦੇ ਵਾਰਤਾਲਾਪ ਅਤੇ ਖਾਸ ਕਰਕੇ ਉਸ ਵਿਚ ਭਗਵਾਨ ਰਜਨੀਸ਼ ਦੇ ੴ ਸਤਿਨਾਮ ਪੁਸਤਕ ਦੀ ਚਰਚਾ ਵਾਲਾ ਕਾਂਡ ਵੀ ਨਹੀਂ ਹੈ। ਪ੍ਰੰਤੂ ਜਿਸ ਜੁਗਤ ਨਾਲ ਨਾਵਲਕਾਰ ਨੇ 14ਵੇਂ ਕਾਂਡ ਵਿਚ ਆਪਣੇ ਥੀਸਿਜ ਨੂੰ ਰੂੜ ਕਰਨ ਲਈ ਜਗਦੀਪ ਦੀ ਸਹੇਲੀ ਵੀਨਾ ਸਚਵਾਲ ਨੂੰ ਮਾਂ ਸਹਿਜਮੂਰਤੀ ਦੇ ਰੂਪ ਵਿਚ ਪ੍ਰਵਰਤਿਤ ਕੀਤਾ ਹੈ - ਉਹ ਤਾਂ ਕਮਾਲ ਹੀ ਹੈ। ਉੱਤਮ ਗਲਪ ਰਚਨਾ ਦਾ ਨਮੂਨਾ ਇਸੇ ਭਾਗ ਦੇ ਦੂਸਰੇ ਕਾਂਡ ਦੇ ਪੰਨਾ 319 ਉਪਰ ਮਾਨਸਿਕ ਤੌਰ ‘ਤੇ ਟੁੱਟ ਤੇ ਹਾਰ ਚੁੱਕੀ ਹੋਈ ਜਗਦੀਪ ਮਾਂ ਸਹਿਜਮੂਰਤੀ ਕੋਲ ਇਕਬਾਲ ਕਰਦੀ ਹੈ :
“(ਅਖੇ) ਗੁਰਮੁਖ ਸਿੰਘ ਦੇ ਤੇ ਮੇਰੇ ਰਿਸ਼ਤੇ ਬਾਰੇ ਤੇਰੀਆਂ ਗੱਲਾਂ ਬਿਲਕੁਲ ਸੱਚ ਨੇ।(ਪਰ) ਉਨ੍ਹੀਂ ਦਿਨੀਂ ਮੈਂ ਧਰਤੀ ਉਤੇ ਤੁਰ ਨਹੀਂ ਸਾਂ ਰਹੀ, ਰੱਬ ਵਿਚ ਉਤੇ ਹੀ ਸਾਂ। ਕਵਿਤਾ ਵਿੱਚ ਮੋਹਨ ਸਿੰਘ ਦਾ ਬੋਲ ਬਾਲਾ ਸੀ ਤੇ ਮੈਂ ਉਸਦੀ ਪ੍ਰਸ਼ੰਸਕ ਪਾਠਕ ਸਾਂ। ਜਦੋਂ ਉਹ ਮੇਰੇ ਪੈਰਾਂ ਹੇਠ ਵਿਛਣ ਲਗਿਆ - ਮੇਰੇ ਪੈਰ ਧਰਤੀ ਤੋਂ ਚੱਕੇ ਗਏ। ਉਹ ਮੇਰੇ ਪੱਟਾਂ ਉੱਤੇ ਸਿਰ ਰੱਖ ਕੇ ਰੋਂਦਾ..।”
ਨਾਵਲ ਦਾ ਭਾਗ 16 ਕਈ ਪੱਖਾਂ ਤੋਂ ਦਿਲਚਸਪ ਹੈ।ਇਸਦਾ ਗਹਿਨ ਵਿਰੇਚਨਾਤਮਿਕ ਅਧਿਐਨ ਤਾਂ ਕੋਈ ਸਾਹਿਤ ਦਾ ਉਤਸ਼ਾਹੀ ਬਿਰਤਾਂਤ ਸ਼ਾਸਤਰੀ ਹੀ ਕਰੇਗਾ ਜਿਸਨੇ ਚਹੁੰ ਫਿਲਮਾਂ ਦੀ ਲੁਕਵੀਂ ਰਾਜਨੀਤੀ ਦੀ ਨਿਸ਼ਾਨਦੇਹੀਕਰਨ ਵਾਂਗ ਹੀ ਭੁੱਲਰ ਸਾਹਿਬ ਦੇ ਨਾਵਲ ਦਾ ‘ਰਾਜਨੀਤਕ ਅਵਚੇਤਨ‘ ਪਕੜਨ ਦੀ ਜਾਚ ਹੋਵੇਗੀ। ਸਾਡਾ ਉਦੇਸ਼ ਜਰਾ ਵਖਰਾ ਹੈ। ਇਸ ਭਾਗ ਦੇ ਤੀਸਰੇ ਕਾਂਡ ਤਕ ਗੁਰਮੁਖ ਸਿੰਘ ਦੀ ਪਹਿਲਾਂ ਹੀ ਅਤੇ ਫਿਰ ਜਗਦੀਪ ਦੀ ਜੀਵਨ ਲੀਲਾ ਵੀ ਖ਼ਤਮ ਹੋ ਚੁਕੀ ਹੈ। ਹਿਤੈਸ਼ੀ ਜੀ ਜਗਦੀਪ ਦੀ ਇੱਛਾ ਅਨੁਸਾਰ ਘਰ ਦੀ ਵਸੀਅਤ ਖੁਦ ਆਪਣੇ ਹੱਥੀਂ ਖੋਲ੍ਹਣ ਦੀ ਜਿੰਮੇਵਾਰੀ ਸਿਰੋਂ ਉਤਾਰਨ ਲਈ ਭਗਵੰਤ ਨੂੰ ਨਾਲ ਲੈ ਕੇ ਬੱਚਿਆਂ ਵੱਲ ਜਾਣ ਲਈ ਕਾਰ ਸਟਾਰਟ ਕਰਦੇ ਹਨ। ਇਸ ਪ੍ਰਥਾਏ ਨਾਵਲ ਦਾ ਪੰਨਾ 367 ਜਰਾ ਗਹੁ ਨਾਲ ਪੜ੍ਹਨ ਵਾਲਾ ਹੈ।
ਉਹ ਕਾਰ ਸਟਾਰਟ ਕਰਦਿਆਂ ਭਗਵੰਤ ਨੂੰ ਦੱਸ ਰਹੇ ਹਨ:
“(ਅਖੇ) ਕੁੱਲ ਮਿਲਾ ਕੇ ਜਗਦੀਪ ਸੀ ਤਾਂ ਚੰਗੀ ਹੀ। ਕੋਈ ਵਲ-ਛਲ ਵੀ ਨਹੀਂ ਸਨ। ਸਗੋਂ ਕਹੀਏ ਤਾਂ ਕਿਸੇ ਹੱਦ ਤਕ ਭੋਲੀ ਹੀ ਸੀ। ਪਰ ਨਾਲ ਹੀ ਜਜ਼ਬਾਤੀ ਬਹੁਤ ਸੀ। ਜਜ਼ਬਾਤੀ ਸੁਭਾਅ ਨੇ ਉਸਨੂੰ ਵੇਲ ਵਾਂਗ ਬਣਾ ਛੱਡਿਆ। ਜੋ ਬ੍ਰਿਛ ਠੀਕ ਲਗਿਆ ਲਿਪਟ ਗਈ।” ਉਹ ਆਪਣੀ ਧੀਮੀ (ਖਚਰੀ) ਹਾਸੀ ਹੱਸੇ, “ਭਗਵੰਤ ਇਹ ਤਾਂ ਸ਼ੁਕਰ ਹੀ ਕਰੋ, ਨਵਰੰਗ ਤੱਕ ਪਹੁੰਚ ਟਿਕ ਗਈ। ਨਹੀਂ ਤਾਂ ਤੁਸੀਂ ਇਸ ਤੋਂ ਪਹਿਲੇ ਕੁਝ ਸਾਲ ਦੇਖੋ ਕਿਸ ਕਿਸ ਨੂੰ ਨੇੜੇ ਲਾਇਆ। ਤੁਸੀਂ ਤਾਂ ਲੰਮੀ ਸੂਚੀ ਜਾਣਦੇ ਹੀ ਹੋ। ਜੇ ਉਸੇ ਰਾਹ ਚਲਦੀ ਰਹਿੰਦੀ ਸਾਹਿਤ ਦਾ ਕੋਈ ਵੱਡਾ ਨਾਂ ਆਸ਼ਕਾਂ ਦੀ ਸੂਚੀ ਤੋਂ ਬਾਹਰ ਨਹੀਂ ਸੀ ਰਹਿ ਜਾਣਾ।...ਇਹ ਵੱਖਰੀ ਗੱਲ ਏ, ਪਿੱਛੋਂ ਇਕ ਸਾਹਿਰ ਨੂੰ ਛਡ ਕੇ ਸਭ ਨੂੰ ਹੋਰ ਤਾਂ ਹੋਰ ਮੋਹਨ ਸਿੰਘ ਨੂੰ ਵੀ ਇਸ਼ਕ ਦੇ ਝੂਠੇ ਦਾਅਵੇਦਾਰ ਆਖਦੀ ਰਹੀ।...”
ਨਾਵਲ ਦੀ ਕਥਾ ਇਥੇ ਹੀ ਛੱਡ ਕੇ ਆਓ ਜਰਾ ‘ਅੰਮ੍ਰਿਤਾ ਦੀਆਂ ਤਿੰਨ ਮੌਤਾਂ‘ ਵਾਲੇ ਲੇਖ ਵਿਚ ਭੁੱਲਰ ਦੇ ਅੰਮ੍ਰਿਤਾ ਬਾਰੇ ਬਿਆਨ ‘ਤੇ ਝਾਤੀ ਮਾਰੀਏ:
ਬਾਬਿਆਂ ਦੇ ਦਸਣ ਅਨੁਸਾਰ ਆਪਣੇ ਜਿਗਰੀ ਯਾਰ ਗੁਰਦੇਵ ਰੁਪਾਣਾ ਦੇ ਕਹਿਣ ਤੇ ਉਨ੍ਹਾਂ ਪਹਿਲੇ ਦਿਨ ਅੰਮ੍ਰਿਤਾ ਦੇ ਘਰੇ ‘ਨਾਗਮਣੀ ਸ਼ਾਮ‘ ‘ਤੇ ਜਾਣਾ ਹੈ। ਉਨ੍ਹਾਂ ਨੂੰ ਸੱਦੇ ਬਿਨਾ ਕਿਸੇ ਦੇ ਘਰ ਜਾਣ ਤੋਂ ਝਿਜਕ ਹੈ ਪਰ ਰੁਪਾਣਾ ਕਹਿ ਰਿਹਾ ਹੈ:
“ਓਇ ਨਹੀਂ, ਉਹ ਕੋਈ ਸੱਦਾ ਪੱਤਰ ਨਹੀਂ ਭੇਜਦੀ। ਬਸ ਘਰ ਵਾਲਿਆਂ ਲਈ ਬਾਰ ਖੋਲ੍ਹ ਰਖਦੀ ਹੈ। ਸਭ ਨੂੰ ਜੀ ਆਇਆਂ! ਨਾਲੇ ਉਹ ਕਿਸੇ ਨੂੰ ਵੀ ਇਉਂ ਰੁੱਖਾ ਨਹੀਂ ਬੋਲਦੀ। ਬਹੁਤ ਚੰਗੀ ਔਰਤ ਹੈ, ਮਿੱਠ ਬੋਲੜੀ ਤੇ ਮੋਹਖੋਰੀ!..”
ਅਫ਼ਸੋਸ ਹੈ ਕਿ ਰੁਪਾਣਾ ਸਾਹਿਬ ਦੇ ਅਸੀਂ ਕਦੀ ਦਰਸ਼ਨ ਨਹੀਂ ਕੀਤੇ ਪਰ ਮੈਨੂੰ ਆਪਣੇ ਬੇਹੱਦ ਪਿਆਰੇ ਅਜ਼ੀਜ਼/ਮਿੱਤਰ ਨਰਿੰਦਰ ਭੁੱਲਰ ਦੀ ਉਨ੍ਹਾਂ ਬਾਰੇ ਰਾਏ ਤੇ ਪੂਰਨ ਵਿਸ਼ਵਾਸ ਹੈ ਅਤੇ ਉਹ ਅਕਸਰ ਕਹਿੰਦਾ ਇਹ ਹੁੰਦਾ ਸੀ ਕਿ “ਬੱਲ ਯਾਰ ਤੈਨੂੰ ਕਦੀ ਰੁਪਾਣਾ ਸਾਹਿਬ ਨਾਲ ਜ਼ਰੂਰ ਮਿਲਾਉਣਾ - ਅਖੇ ਤੂੰ ਮੰਨ ਜਾਵੇਂਗਾ ਕਿ ਪੰਜਾਬ ਅੰਦਰ ਵੀ ‘ਜੋਰਬਾ ਦਾ ਗਰੀਕ‘ ਵਰਗੇ ਬੰਦੇ ਹੈਗੇ।” ਦੋਸਤਾਂ, ਮਿੱਤਰਾਂ ਬਾਰੇ ਨਰਿੰਦਰ ਦੀ ਕੋਈ ਵੀ ਰਾਏ ਮੈਨੂੰ ਕਦੇ ਵੀ ਗ਼ਲਤ ਲੱਗੀ ਨਹੀਂ ਸੀ (ਜੋਰਬਾ ਦਾ ਗਰੀਕ ਜੋ ਸੀ)।
‘ਅੰਮ੍ਰਿਤਾ ਦੀਆਂ ਤਿੰਨ ਮੌਤਾਂ‘ ਵਾਲੇ ਲੇਖ ਵਿਚ ਭੁਲਰ ਸਾਹਿਬ ਦਸਦੇ ਹਨ ਕਿ ਆਪ ਤੋਂ ਵੱਡੀ ਉਮਰ ਦੇ ਲੇਖਕਾਂ ਸਾਹਮਣੇ ਉਹ ਆਪਣੀ ਸੀਮਾਂ ਮਿਥ ਕੇ ਚਲਦੇ ਹਨ। ਪਰ ਰੁਪਾਣਾ ਟਿਚਰੀ ਸੀ, ਉਹ ਅਕਸਰ ਅੰਮ੍ਰਿਤਾ ਨਾਲ ਵੀ ਮਖੌਲ ਦੇ ਲਹਿਜੇ ਵਿਚ ਗੱਲ ਕਰਨ ਨਾਲ ਵੀ ਖੁਲ੍ਹ ਲੈ ਲੈਂਦਾ ਸੀ - ਅੰਮ੍ਰਿਤਾ ਨੇ ਕਦੀ ਬੁਰਾ ਮਨਾਇਆ ਵੀ ਨਹੀਂ ਸੀ। ਇਕ ਦਿਨ ਅੰਮ੍ਰਿਤਾ ਜਰਾ ਰੁਮਾਂਟਿਕ ਰੌਂਅ ਵਿਚ ਸੀ ਅਤੇ ਕਹਿ ਰਹੀ ਸੀ ਕਿ ਆਪਣੇ ਆਪਣੇ ਇਸ਼ਕਾਂ ਦੇ ਕਿੱਸੇ ਸੁਣਾਏ ਜਾਣ। ਦਰਅਸਲ ਉਹ ਆਪਣੀ ਸਵੈ ਜੀਵਨੀ ਲਿਖਣ ਬਾਰੇ ਸੋਚ ਰਹੀ ਸੀ ਜਿਸਦਾ ਉਨਵਾਨ ਉਸਨੇ ਖੁਸ਼ਵੰਤ ਸਿੰਘ ਦੀ ਕਿਸੇ ਸਮੇਂ ਦਿੱਤੀ ਟਿੱਪਣੀ ‘ਤੇ ਫੁੱਲ ਚੜ੍ਹਾਉਂਦਿਆਂ ‘ਰਸੀਦੀ ਟਿਕਟ‘ ਰਖ ਦੇਣਾ ਸੀ।
ਬਾਈ ਜੀ ਅਗਾਂਹ ਦਸਦੇ ਹਨ ਕਿ “ਇਸ ਟਿੱਪਣੀ ਤੋਂ ਉਨ੍ਹਾਂ ਦੀ ਅਸਲ ਮੁਰਾਦ ਕੀ ਸੀ ਅਤੇ ਅੰਮ੍ਰਿਤਾ ਨੇ ਉਸਤੋਂ ਕੀ ਅਰਥ ਲਏ- ਇਹ ਤਾਂ ਉਹ ਜਾਨਣ। ਇਸ ਟਿੱਪਣੀ ਤੇ ਉਨ੍ਹਾਂ ਦਾ ਟੀਕਾ ਇਹ ਹੈ ਕਿ ਖੁਸ਼ਵੰਤ ਕਹਿ ਰਿਹਾ ਸੀ, “ਤੇਰੀ ਜ਼ਿੰਦਗੀ ਵਿਚ ਬਹੁਤ ਕੁਝ ਉਹ ਵਾਪਰਿਆ ਜੋ ਤੂੰ ਲਿਖਣਾ ਨਹੀਂ ਚਾਹੇਂਗੀ ਤੇ ਜੋ ਤੂੰ ਲਿਖਣਾ ਚਾਹੇਂਗੀ ਤੇ ਜੇ ਲਿਖਣਾ ਤੈਨੂੰ ਵਾਰਾ ਖਾਣਾ ਹੈ, ਉਹ ਏਨਾ ਥੋੜਾ ਹੈ ਕਿ ਉਹ ਰਸੀਦੀ ਟਿਕਟ ਦੇ ਪੁੱਠੇ ਪਾਸੇ ਲਿਖੇ ਜਾਣ ਜੋਗਾ ਹੈ।”
ਬਦਕਿਸਮਤੀਵਸ ਨਰਿੰਦਰ ਭੁੱਲਰ ਮੈਨੂੰ ਆਪਣੇ ਜਿਉਂਦੇ ਜੀਅ ਕਦੀ ਰੁਪਾਣਾ ਜੀ ਨੂੰ ਮਿਲਾ ਨਾ ਸਕਿਆ। ਉਸਦੀ ਅਚਾਨਕ ਮੌਤ ਤੋਂ ਬਾਅਦ ਵੀ ਮੈਨੂੰ ਉਸਦੀ ਇਸ ਚਾਹਤ ਦਾ ਸਦਾ ਚੇਤਾ ਰਿਹਾ -ਪਰ ਚਾਹੁਣ ਦੇ ਬਾਵਜੂਦ ਮੁਲਾਕਾਤ ਦਾ ਸਬੱਬ ਕਦੀ ਨਾ ਬਣਿਆ। ਅੰਮ੍ਰਿਤਾ ਵਿਰੁੱਧ ਕੇਸ ਨੂੰ ਉਸ ਵਰਗੀਆਂ ਵਿਸ਼ਵ ਦੀਆਂ ਕੁਝ ਹੋਰ ਰੂਹਾਂ ਦੇ ਕੇਸਾਂ ਨਾਲ ਜੋੜ ਕੇ ਸਮਝਣ ਅਤੇ ਆਪਣੇ ਮਿੱਤਰਾਂ ਨਾਲ ਸਾਂਝਾ ਕਰਨ ਖਾਤਰ ਲਿਖਣ ਦਾ ਮਨ ਬਣਿਆ ਤਾਂ ਨਰਿੰਦਰ ਦੀ ਉਸੇ ਚਾਹਤ ਦੀ ਸਭ ਤੋਂ ਪਹਿਲਾਂ ਯਾਦ ਆਈ। ਪਰ ਰੁਪਾਣਾ ਸਾਹਿਬ ਨਾਲ ਸੰਪਰਕ ਕਿੰਝ ਕੀਤਾ ਜਾਵੇ। ਇਸੇ ਸਿਲਸਿਲੇ ਵਿਚ ਆਪਣੇ ਇਕ ਹੋਰ ਸਾਧਾਂ ਫਕੀਰਾਂ ਵਰਗੇ ਯਾਰ ਸੁਖਵਿੰਦਰ ਗੱਜਣਵਾਲਾ ਨਾਲ ਗੱਲ ਹੋਈ ਤਾਂ ਉਹ ਉਨ੍ਹਾਂ ਦਾ ਨਰਿੰਦਰ ਵਰਗਾ ਹੀ ਸ਼ਰਧਾਲੂ ਨਿਕਲ ਆਇਆ। ਫੋਨ ਬਾਬੇ ਦਾ ਉਸਨੂੰ ਜ਼ਬਾਨੀ ਯਾਦ ਸੀ। ਉਨ ਦਸਿਆ ਤਾਂ ਮੈਂ ਉਸੇ ਸਮੇਂ ਰੁਪਾਣਾ ਸਾਹਿਬ ਨੂੰ ਫੋਨ ਖੜਕਾ ਦਿਤਾ। ਗੱਲਬਾਤ ਸ਼ੁਰੂ ਹੁੰਦਿਆਂ ਹੀ ਮੈਂ ਅੰਮ੍ਰਿਤਾ ਦੇ ਇਸ਼ਕਾਂ ਵਾਲੇ ਉਸੇ ਹਵਾਲੇ ਤੋਂ ਵਾਰਤਾਲਾਪ ਸ਼ੁਰੂ ਕਰ ਲਈ ਜਿਸਦਾ ਜ਼ਿਕਰ ਹਿਤੈਸ਼ੀ ਜੀ ਭਗਵੰਤ ਨਾਲ ਗੱਲਬਾਤ ਵਿਚ ਕਰ ਰਹੇ ਹਨ।
ਰੁਪਾਣਾ ਜੀ ਦੇ ਦੱਸਣ ਅਨੁਸਾਰ ਨਾਵਲ ਉਨ੍ਹਾਂ ਦੇ ਮਿੱਤਰ ਦਾ ਬਹੁਤ ਵਧੀਆ ਹੈ ਪ੍ਰੰਤੂ ਉਨ੍ਹਾਂ ਦਾ ਕਹਿਣਾ ਇਹ ਹੈ ਕਿੰਨਾ ਚੰਗਾ ਹੁੰਦਾ ਇਸ ਕਥਾ ਵਿਚ ਨਾਇਕਾ ਦੇ ਸ਼ਾਇਰਾਨਾ ਖੁਦਗਰਜ਼ ਤਬੀਅਤ ਦੇ ਸਿੱਟੇ ਵਜੋਂ ਹੋਏ ਪਤੀ ਅਤੇ ਬੱਚਿਆਂ ਦੇ ਮੰਦੜੇ ਹਾਲ ‘ਤੇ ਦਾਬ ਦੇਣ ਦੇ ਨਾਲ- ਅੰਮ੍ਰਿਤਾ ਆਖਰ ਮੁੱਖ ਰੂਪ ਵਿੱਚ ਸ਼ਾਇਰਾ ਸੀ ਅਤੇ ਸ਼ਾਇਰੀ ਉਹ ਕਿੰਝ ਕਰਦੀ ਸੀ - ਇਸਦਾ ਸੰਤੁਲਤ ਉਲੇਖ ਵੀ ਕੀਤਾ ਜਾਂਦਾ। ਉਨ੍ਹਾਂ ਨੇ ਆਪਣੇ ਪੜ੍ਹੇ ਹੋਏ ਕਈ ਨਾਵਲਾਂ ਦਾ ਨਾਂ ਲਿਆ ਪ੍ਰੰਤੂ ਜਿਆਦਾ ਜ਼ਿਕਰ ਇਰਵਿੰਗ ਸਟੋਨ ਦੇ ਕਲਾਕਾਰਾਂ ਅਤੇ ਵਿਗਿਆਨੀਆਂ - ਖਾਸ ਕਰਕੇ ਵਾਨਗਾਗ, ਮਾਈਕਲ ਐਂਜਲੋ, ਡਾਰਵਿਨ ਅਤੇ ਅਖੀਰ ਵਿਚ ਸਿਗਮੰਡ ਦੀ ਸਮੁੱਚੀ ਕਾਰਗਰਦਗੀ ਤੇ ਅਧਾਰਤ ਨਾਵਲ ‘ਪੈਸ਼ਨਜ ਆਫ ਮਾਈਂਡ‘ ਦਾ ਹਵਾਲਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ‘ਪੈਸ਼ਨਜ ਆਫ ਮਾਈਂਡ‘ ਪੜ੍ਹਦਿਆਂ ਹੈਰਾਨੀ ਹੁੰਦੀ ਹੈ ਕਿ ਇਰਵਿੰਗ ਸਟੋਨ ਨੂੰ ਨਾਵਲ ਲਿਖਣ ਲਗਿਆਂ ਨਾ ਕੇਵਲ ਫਰਾਇਡ ਦੀਆਂ ਮਨੋਵਿਗਿਆਨਕ ਲੱਭਤਾਂ ਦਾ ਭੋਰਾ ਭੋਰਾ ਗਿਆਨ ਹੈ ਬਲਕਿ ਉਸਨੂੰ ਉਸਦੇ ਸਮਕਾਲੀਆਂ ਦੇ ਕੰਮ ਬਾਰੇ ਵੀ ਪਤਾ ਹੈ। ਮਾਈਕਲ ਐਂਜਲੋ, ਵਾਨਗੈਗ ਅਤੇ ਡਾਰਵਿਨ ਦੀਆਂ ਜੀਵਨੀਆਂ ‘ਤੇ ਅਧਾਰਤ ਨਾਵਲਾਂ ਵਿਚ ਵੀ ਇਵੇਂ ਹੀ ਹੈ। ਪ੍ਰੰਤੂ ਮੈਂ ਉਨ੍ਹਾਂ ਨੂੰ ਟੋਕਦਿਆਂ ਕਿਹਾ ਕਿ ਚਲੋ ਇਹ ਤਾਂ ਕੋਈ ਗੱਲ ਨਹੀਂ ਹੈ। ਭੁੱਲਰ ਸਾਹਿਬ ਦਾ ਇਰਵਿੰਗ ਸਟੋਨ ਵਾਲਾ ਏਜੰਡਾ ਹੀ ਨਹੀਂ ਹੈ। ਉਲਟਾ ਮੇਰਾ ਸਵਾਲ ਅੰਮ੍ਰਿਤਾ ਦੀ ਸ਼ਖ਼ਸੀਅਤ ਬਾਰੇ ਖਾਸ ਕਰਕੇ ‘ਰਸੀਦੀ ਟਿਕਟ‘ ਦਾ ਜ਼ਿਕਰ ਕਰਦਿਆਂ ਜੀਵਨੀ ਦੇ ਸਿਰਲੇਖ ਬਾਰੇ ਉਨ੍ਹਾਂ ਦੇ ਟੀਕੇ ਜਾਂ ਜਗਦੀਪ ਦੇ ਸਵਾਸ ਛੱਡ ਕੇ ਜਾਣ ਤੋਂ ਬਾਅਦ ਹਿਤੈਸ਼ੀ ਜੀ ਦੀ ਭਗਵੰਤ ਨਾਲ ਹੋ ਰਹੀ ‘ਖਚਰੀ‘ ਗੱਲਬਾਤ ਦੌਰਾਨ ਉਨ੍ਹਾਂ ਵਲੋਂ ਜਗਦੀਪ ਦੀ ਹਲਕੀ ਇਸ਼ਕੀਆ ਤਬੀਅਤ ਸੰਬੰਧੀ ਦਿੱਤੇ ਬਿਆਨਾਂ ਬਾਰੇ ਉਨ੍ਹਾਂ ਦੇ ਵਿਚਾਰ ਜਾਨਣ ਦਾ ਸੀ। ਰੁਪਾਣਾ ਸਾਹਿਬ ਨੇ ਇਸ ਬਾਰੇ ਤਾਂ ਕੋਈ ਸਿੱਧੀ ਟਿੱਪਣੀ ਨਾ ਦਿੱਤੀ- ਪ੍ਰੰਤੂ ਉਨ੍ਹਾਂ ਪੂਰੇ ਜ਼ੋਰ ਨਾਲ ਕਿਹਾ ਕਿ ਜੋ ਸ਼ਖ਼ਸ ਆਪਣੇ ਘਰ ਦਾ ਦਰਵਾਜਾ ਚੌਪਟ ਖੋਲ੍ਹ ਕੇ ਤੁਹਾਨੂੰ ਆਪਣਾ ਹੀ ਲਵੇ ਉਸ ਬਾਰੇ ਬਾਹਰ ਆ ਕੇ ਚਾਰ ਯਾਰਾਂ ਦੀ ਚੌਂਕੜੀ ਵਿੱਚ ਜੋ ਵੀ ਕੋਈ ਹਲਕੀ ਗੱਲ ਕਰੇ।ਉਨ੍ਹਾਂ ਨੂੰ ਤਾਂ ਇਹ ਮਾੜਾ ਹੀ ਲਗੇਗਾ।ਉਨ੍ਹਾਂ ਦਾ ਐਲਾਨ ਸੀ ਕਿ ਅੰਮ੍ਰਿਤਾ ਦੀ ਸ਼ਖ਼ਸੀਅਤ ਬੇਦਾਗ਼ ਸੀ ਅਤੇ ਅਫ਼ਸੋਸ ਸੀ ਕਿ ਲੋਕ ਸਾਰੀ ਉਮਰ ਉਸ ਬਾਰੇ ਮਨਘੜਤ ਸ਼ੁਰਲੀਆਂ ਛੱਡਦੇ ਰਹੇ ਜਿਨ੍ਹਾਂ ਦੀ ਸ਼ੁਰੂਆਤ ਵੀ ਕਿਸੇ ਹੋਰ ਦੀ ਨਹੀਂ ਸਗੋਂ ਸ਼ਾਇਰੇ ਆਜ਼ਮ ਮੋਹਨ ਸਿੰਘ ਦੀ ਹੀ ਕੀਤੀ ਹੋਈ ਸੀ। ਮੈਂ ਗੁਰਬਚਨ ਸਿੰਘ ਭੁੱਲਰ ਹੋਰਾਂ ਦਾ ‘ਅੰਮ੍ਰਿਤਾ ਦੀਆਂ ਤਿੰਨ ਮੌਤਾਂ‘ ਵਾਲੇ ਲੇਖ ਤਂੋ ਕਈ ਮਹੀਨੇ ਪਹਿਲਾਂ ਆਪਣੀ ਸਮਕਾਲੀ ਲੇਖਿਕਾ ਅਜੀਤ ਕੌਰ ਬਾਰੇ ਕਿਧਰੇ ਛਪਿਆ ‘ਕਾਂਸੀ ਦਾ ਕਟੋਰਾ‘ ਉਨਵਾਨ ਹੇਠਲਾ ਲੇਖ ਵੀ ਪੜ੍ਹਿਆ ਹੋਇਆ ਸੀ। ਸੋ ਮੈਂ ਸਿੱਧਾ ਹੀ ਪੁੱਛ ਲਿਆ ਕਿ ਅੰਮ੍ਰਿਤਾ ਅਤੇ ਅਜੀਤ ਕੌਰ ਦੀਆਂ ਸ਼ਖ਼ਸੀਅਤਾਂ ਦੀ ਨਿਸਬਤ ਕੈਸੀ ਸੀ। ਰੁਪਾਣਾ ਬਾਬੇ ਦਾ ਮੇਰਾ ਸਵਾਲ ਪੂਰਾ ਹੋਣ ਤੋਂ ਪਹਿਲਾਂ ਹੀ ਤੁਰਤ ਜਵਾਬ ਸੀ ਕਿ ਅੰਮ੍ਰਿਤਾ ਅਤੇ ਅਜੀਤ ਕੌਰ ਦਾ ਕੋਈ ਮੁਕਾਬਲਾ ਹੈ ਹੀ ਨਹੀਂ ਹੈ। ਅਖੇ ਅੰਮ੍ਰਿਤਾ ਬਹੁਤ ਹੀ ਧੀਮੀ ਸੁਰ ਵਾਲੀ ਔਰਤ ਸੀ - ਅਜੀਿਤ ਕੌਰ ਕਥਿਤ ਬੇਬਾਕੀ ਦੇ ਦਾਅਵੇ ਨਾਲ ਹਮੇਸ਼ਾ ਮੂੰਹ ਪਾੜ ਕੇ ਗੱਲ ਕਰਦੀ ਹੈ।ਇਹ ਸੁਣਦਿਆਂ ਹੀ ਮੇਰੇ ਜ਼ਿਹਨ ਅੰਦਰ ਜਦੇ ਹੀ ਕੁਲਵੰਤ ਸਿੰਘ ਵਿਰਕ ਹੋਰਾਂ ਦੀ ਅੰਮ੍ਰਿਤਾ, ਜਦੋਂ ਅਜੇ ਅੰਮ੍ਰਿਤ ਕੌਰ ਹੁੰਦੀ ਸੀ- ਦੀ ਸੋਬਰ ਸ਼ਖ਼ਸੀਅਤ ਬਾਰੇ ਦਿੱਤੀ ਟਿੱਪਣੀ ਉਭਰ ਆਉਂਦੀ ਹੈ।
ਰੁਪਾਣਾ ਸਾਹਿਬ ਦੀ ਗੱਲ ਮੈਨੂੰ ਠੀਕ ਲੱਗਦੀ ਹੈ; ਮੇਰਾ ਖੁਦ ਆਪ ਦਾ ਤਜ਼ਰਬਾ ਵੀ ਕੁਝ ਐਸਾ ਹੀ ਹੈ। ਅੱਜ ਤੋਂ 25-26 ਵਰ੍ਹੇ ਪਹਿਲਾਂ ਸਾਲ 1989 ਦਾ ਸਮਾਂ ਮੈਨੂੰ ਯਾਦ ਆ ਜਾਂਦਾ ਹੈ। ਪ੍ਰੋ. ਸਤੀਸ਼ ਵਰਮਾ ਦਾ ਛੋਟਾ ਭਰਾ ਸਾਡਾ ਅਜ਼ੀਜ ਸੀ ਅਤੇ ਉਸਨੇ ਜਾਂ ਉਸਦੇ ਕਿਸੇ ਸੀਨੀਅਰ ਅਧਿਕਾਰੀ ਨੇ ਉੱਤਰੀ ਜੋਨ ਸਭਿਆਚਾਰਕ ਕੇਂਦਰ ਦੀ ਤਰਫੋਂ ‘ਸਮਾਜਕ ਹਿੰਸਾ ਤੇ ਸਾਹਿਤਕਾਰ ਦੀ ਜ਼ਿੰਮੇਵਾਰੀ‘ ਵਰਗੇ ਕਿਸੇ ਵਿਸ਼ੇ ਤੇ ਪੰਜਾਬੀ ਯੂਨੀਵਰਸਿਟੀ ਵਿੱਚ ਵਿਸ਼ੇਸ਼ ਭਾਸ਼ਨ ਦੇਣ ਲਈ ਅਜੀਤ ਕੌਰ ਨੂੰ ਬੁਲਾਇਆ ਹੋਇਆ ਸੀ। ਅਜੀਤ ਕੌਰ ਦੀਆਂ ਲਿਖਤਾਂ ਦਾ ਮੈਂ ਮੁੱਢੋਂ ਹੀ ਪ੍ਰਸ਼ੰਸਕ ਰਿਹਾ ਹਾਂ। ‘ਫਾਲਤੂ ਔਰਤ‘, ‘ਪੋਸਟ ਮਾਰਟਮ‘ ਉਸਦੇ ਅਤਿਅੰਤ ਹੁਸੀਨ ਨਵੇਲਿਆਂ ਤੋਂ ਬਿਨਾ ‘ਪੰਜ ਰੁਪਏ ਵਾਲਾ ਕੰਮ‘ ਸਮੇਤ ਉਸ ਦੀਆਂ ਕਈ ਕਹਾਣੀਆਂ ਪੜ੍ਹੀਆਂ ਹੀ ਨਹੀਂ ਹੋਈਆਂ ਬਲਕਿ ਉਨ੍ਹਾਂ ਦਾ ਸਾਹਿਤਕ ਜਾਇਕਾ ਅੱਜ ਤੱਕ ਵੀ ਯਾਦਾਂ ਅੰਦਰ ਮੁੰਦਰੀ ਵਿਚ ਕੀਮਤੀ ਨਗ ਦੇ ਹਾਰ ਸਾਂਭਿਆ ਹੋਇਆ ਹੈ। ਔਰਤ-ਮਰਦ ਵਿਚਾਲੇ ਮੁਹੱਬਤ ਦੇ ਰਿਸ਼ਤੇ ਦੀ ਜਾਨ ਲੇਵਾ ਡਾਇਲੈਕਟਿਕ ਬਾਰੇ ਨਿਰਸੰਦੇਹ ਪੰਜਾਬੀ ਭਾਸ਼ਾ ਵਿਚ ਪਹਿਲਾ ਨੰਬਰ ਅੰਮ੍ਰਿਤਾ ਪ੍ਰੀਤਮ ਦੇ ‘ਚੱਕ ਨੰਬਰ ਛੱਤੀ‘ ਦਾ ਹੀ ਹੈ। ਪ੍ਰੰਤੂ ਉਸ ਤੋਂ ਬਾਅਦ ਚੇਤਨਾ ਵਿਚ ਜਿਸ ਕਿਸੇ ਲਿਖਤ ਨੇ ਆਪਣੇ ਜਾਦੂਮਈ ਪ੍ਰਭਾਵ ਸਦਕਾ ਅੱਜ ਤਕ ਛਾਉਣੀਆਂ ਪਾਈ ਰਖੀਆਂ ਹਨ ਉਹ ਅਜੀਤ ਕੌਰ ਦਾ ‘ਪੋਸਟ ਮਾਰਟਮ‘ ਨਾਂ ਦਾ ਨਵੇਲਾ ਹੈ ਅਤੇ ਜਾਂ ਫਿਰ ਦਿਗ਼ੰਬਰ ਕਥਾ ਲੇਖਕ ਪ੍ਰੇਮ ਪ੍ਰਕਾਸ਼ ਮਹਾਨ ਦੀ ‘ਸ਼ਵੈਤਾਂਬਰ ਨੇ ਕਿਹਾ ਸੀ‘ ਸਿਰਲੇਖ ਹੇਠਲੀ ਬਕੌਲੇ ਫਰੈਂਜ ਕਾਫਕਾ ਆਤਮਾ ‘ਚ ਛੁਰੇ ਵਾਂਗ ਲਹਿ ਜਾਣ ਵਾਲੀ ਕਹਾਣੀ ਹੈ।
‘ਸਾਵੀਆਂ ਚਿੜੀਆਂ‘ ਦੇ ਪੰਨਾ 223 ਤੋਂ ਉਂਜ ਹੀ ਦੋ ਚਾਰ ਸਤਰਾਂ ਪਾਠਕਾਂ ਲਈ ਹਾਜ਼ਰ ਹਨ।
ਨਾਵਲ ਦੀ ਨਾਇਕਾ ਦਸ ਰਹੀ ਹੈ:
“ਤਰਕਾਲਾਂ ਹੋਰ ਡੂੰਘੀਆਂ ਹੋ ਚੁੱਕੀਆਂ ਸਨ। ਇਹ ਰਾਤ ਦੀ ਸ਼ੁਰੂਆਤ ਸੀ। ਚੰਨ ਦੂਰ ਦੁਮੇਲ ਤੋਂ ਰਤਾ ਕੁ ਉੱਤੇ ਸੀ ਬਸਗਿੱਠ ਕੁ।
ਤਾਰੇ ਇਸੇ ਤਰ੍ਹਾਂ ਕਰ ਕੇ ਬਹੁਤ ਨੀਂਵੇਂ ਜਾਪ ਰਹੇ ਸਨ। ਇੰਝ ਜਿਵੇਂ ਇਕ ਪੜਸਾਂਘ ਲਾ ਕੇ ਉਨ੍ਹਾਂ ਨੂੰ ਫੁੱਲਾਂ ਵਾਂਗ ਤੋੜ ਕੇ ਝੋਲੀ ਭਰਿਆ ਜਾ ਸਕਦਾ ਹੋਵੇ। ਬਹੁਤ ਨੀਂਵੇਂ ਤੇ ਬਹੁਤ ਚਮਕੀਲੇ, ਬਹੁਤ ਸ਼ਫਾਫ! ਬਹੁਤ ਮੁੱਦਤ ਹੋ ਗਈ, ਕਦੇ ਸ਼ਾਮ ਇਤਨੀ ਹੁਸੀਨ ਨਹੀਂ ਸੀ ਲਗੀ। ਅੱਜ ਇਹ ਤੇਰੀ ਹੋਂਦ ਦਾ ਜਾਦੂ ਸੀ ਜਿਹੜਾ ਸਭ ਪਾਸੇ ਫੈਲਦਾ ਜਾ ਰਿਹਾ ਸੀ।
ਉਸ ਜਾਦੂਈ ਖੂਬਸੂਰਤੀ ਵਿਚ ਬੋਲਿਆ ਨਹੀਂ ਸੀ ਜਾ ਸਕਦਾ। ਉਸਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਸੀ।
ਪਿੰਡਾ ਜਿਵੇਂ ਹੌਲੀ-ਹੌਲੀ ਖੁਰ ਰਿਹਾ ਹੋਵੇ।” ਕਿਸੇ ਰੈਸਟ ਹਾਊਸ ਦੇ ਕਮਰੇ ‘ਚ ਠਹਿਰ ਦੌਰਾਨ ਨਾਇਕਾ ਆਪਣੇ ਦੋਸਤ ਦੇ ਰਵਈਏ ਤੋਂ ਪ੍ਰੇਸ਼ਾਨ ਹੈ। ਪਰ ਦੂਸਰੇ ਪਾਸੇ ਮੌਸਮ ਦੇ ਸੁਹੱਪਣ ਦਾ ਹੁਸੀਨ ਵਰਨਣ ਹੈ। ਕਿਆ ਸੋਹਜਾਤਮਿਕ ਕੰਟਰਾਸਟ ਹੈ!
ਕੋਈ ਨੌਜਵਾਨ ਵਿਰਚਨਾਵਾਦੀ ਵਿਦਿਆਰਥੀ ਇਨ੍ਹਾਂ ਸਤਰਾਂ ਨੂੰ ਬੇਅਮਾਨੀ ਆਖ ਸਕਦਾ ਹੈ। ਪਰ ਮੁਆਫ ਕਰਨਾ ਸਾਡੀ ਤਬਾਅ ਹੋਰ ਤਰ੍ਹਾਂ ਦੀ ਹੈ। ਅਸੀਂ ਇਸਨੂੰ ‘ਅਜੀਤ ਕੌਰ ਦੀ ਕਾਵਾਂ ਰੌਲੀ‘ ਦੀ ਸੰਗਿਆ ਨਹੀਂ ਦੇ ਸਕਦੇ।
ਨਿਰਸੰਦੇਹ ਪਿਛੋਂ ਸੁਖਜੀਤ ਨੇ ‘ਅੰਤਰਾ‘ ਅਤੇ ਸਾਂਵਲ ਧਾਮੀ ਨੇ ਜਰਾ ਹਟਵੇਂ ਕੋਨ ਤੋਂ ‘ਪੈਂਜੀ ਦੇ ਫੁੱਲ‘ ਵਰਗੀਆਂ ਸ਼ਾਹਕਾਰ ਕਥਾਵਾਂ ਦੀ ਰਚਨਾ ਕੀਤੀ ਅਤੇ ਉਨ੍ਹਾਂ ਨੂੰ ਸਾਡੀ ਸਦਾ ਹੀ ਨਮੋ ਵੀ ਹੈ।ਪ੍ਰੰਤੂ ਅੰਮ੍ਰਿਤਾ ਅਤੇ ਅਜੀਤ ਕੌਰ ਦੀਆਂ ਉਪਰ ਦੱਸੀਆਂ ‘ਪਿਆਰ‘ ਕਥਾਵਾਂ ਨੂੰ ਛੱਡਿਆਂ ਸਾਡਾ ਉੱਕਾ ਹੀ ਗੁਜ਼ਰ ਨਹੀਂ ਹੈ। ਉਹ ਪੰਜਾਬੀ ਕਥਾ-ਜਗਤ ਦਾ ਕੀਮਤੀ ਹਾਸਲ ਹਨ। ਕੀ ਲੇਖਾ ਹੈ ਉਨ੍ਹਾਂ ਕਥਾਵਾਂ ਦੇ ਜਾਦੂ ਦਾ।
ਸੋ ਅਜੀਤ ਕੌਰ ਦੀ ਕਲਾਤਮਿਕ ਸੰਵੇਦਨਾ ਪ੍ਰਤੀ ਅਜਿਹੀ ਸ਼ਰਧਾ ਸੀ ਜਿਸ ਨਾਲ ਅਸੀਂ ਉਸਦਾ ਭਾਸ਼ਨ ਸੁਣਨ ਗਏ। ਪ੍ਰੰਤੂ ਪੰਜਾਬ ਵਿਚ ਫੈਲੀ ਸਰਕਾਰੀ ਹਿੰਸਾ ਵਿਰੁੱਧ ਬੋਲਕੇ ਸਾਹਿਤਕਾਰ ਵਜੋਂ ਆਪਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਂ ਤੇ ਉਠਦਿਆਂ ਸਾਰ ਜਿਸ ਕਿਸਮ ਦੀ ਸ਼ੋਰੀਲੀ ਸੁਰ ਵਿਚ ਉਨ ਆਪਦੇ ਰਾਗ ਦਾ ਅਲਾਪ ਲਿਆ, ਸੁਣਦਿਆਂ ਬੇਹੱਦ ਸ਼ਰਮ ਆ ਰਹੀ ਸੀ। ਮੈਂ ਅਜੇ ਆਪਣੇ ਪ੍ਰਤੀਕਰਮ ਦਾ ਇਜ਼ਹਾਰ ਕਰਨਾ ਹੀ ਸੀ ਕਿ ਨਾਲ ਬੈਠੇ ਮੇਰੇ ‘ਮਿੱਤਰ‘ ਅਜਮੇਰ ਸਿੰਘ ਨੇ ਜਿਸ ਪ੍ਰਤੀ ਕਿ ਉਨ੍ਹੀ ਦਿਨੀਂ ਮੇਰੇ ਮਨ ਅੰਦਰ ਮਾਨੋ ਅੰਨ੍ਹੀ ਸ਼ਰਧਾ ਸੀ- ਨੇ ਵਾਹ-ਵਾਹ ਆਖ ਦਿੱਤੀ। ਕਿੰਤੁ ਪ੍ਰੰਤੂ ਦੀ ਕੋਈ ਜਗ੍ਹਾ ਹੀ ਨਹੀਂ ਸੀ। ਅਜਮੇਰ ਨੂੰ ਲੈਕਚਰ ਦੀ ਕਾਪੀ ਚਾਹੀਦੀ ਸੀ ਆਪਣੇ ਪਾਰਟੀ ਮੈਗ਼ਜੀਨ ‘ਜਨਤਕ ਪੈਗਾਮ‘ ਵਿਚ ਛਾਪਣ ਲਈ। ਲੈਕਚਰ ਟਾਈਪ ਨਹੀਂ ਸੀ ਕੀਤਾ ਹੋਇਆ। ਬਸ ਅਜੀਤ ਕੌਰ ਨੇ ਖੁੱਲ੍ਹੇ ਹੱਥ ਝਰੀਟਿਆ ਹੋਇਆ ਸੀ।50-60 ਪੰਨੇ ਸਨ - ਬੜੇ ਤਰੱਦਦ ਨਾਲ ਵਰਮਾਂ ਹੋਰਾਂ ਨੂੰ ਆਖ ਕੇ ਗੋਲ ਮਾਰਕੀਟ ਦੀ ਫੋਟੋ ਸਟੈਟ ਦੁਕਾਨ ਤੋਂ ਉਨ੍ਹਾਂ ਦੇ ਪ੍ਰਿੰਟ ਲੈ ਕੇ ਸਾਥੀ ਨੂੰ ਦਿਤੇ ਗਏ। ਅਜਮੇਰ ਨਾਲ ਨੇੜਤਾ ਦੇ ਚਾਰ ਪੰਜ ਵਰ੍ਹਿਆਂ ਦੌਰਾਨ ਉਸਦੀ ਕਿਸੇ ਵੀ ਗੱਲ ਜਾਂ ਕਥਨ ਨੂੰ ਸੰਦੇਹ ਨਾਲ ਤੱਕਿਆ ਹੀ ਨਹੀਂ ਸੀ।ਜ਼ਿੰਦਗੀ ਦੇ ਮੁੱਲਾਂ ਪ੍ਰਤੀ ਜ਼ਮੀਨ ਅਸਮਾਨ ਦਾ ਫਰਕ ਹੋਣ ਦੇ ਬਾਵਜੂਦ ਦੋਸਤੀ ਦੇ ਰਿਸ਼ਤੇ ਦਾ ਕੋਡ ਹੀ ਐਸਾ ਸੀ।ਜ਼ਿੰਦਗੀ ਨੂੰ ਚੱਜ ਨਾਲ ਜਿਉਣ ਦੀ ਜੇ ਕੋਈ ਸ਼ਾਨ ਹੈ ਤਾਂ ਉਹ ਵੀ ਸ਼ਾਇਦ ਇਨਸਾਨ ਦੀ ਇਸ ਫ਼ਿਤਰਤ ਵਿੱਚ ਹੀ ਹੈ।ਫਿਰ ਵੀ ਮਨੋ-ਮਨੀ ਪਹਿਲੀ ਵਾਰ ਇਹ ਤੌਖ਼ਲਾ ਜ਼ਰੂਰ ਮਹਿਸੂਸ ਹੋਇਆ ਸੀ ਕਿ ਸਾਡੀਆਂ ਸੰਵੇਦਨਾਵਾਂ ਦਾ ਪਾੜ ਏਨਾ ਗਹਿਰਾ ਹੈ ਕਿ...ਕਿਧਰੇ ਕਿਸੇ ਮੋੜ ‘ਤੇ ਜਾਹ ਜਾਂਦੀ ਨਾ ਹੋ ਜਾਵੇ।
ਖ਼ੈਰ ਪਹਿਲੀ ਗੱਲ ਵੱਲ ਪਰਤੀਏ। ਇਹ ਯਾਦਾਂ ਜਾਂ ਪ੍ਰਭਾਵ ਜਦੋਂ ਮੈਂ ਲਿਖ ਰਿਹਾ ਹਾਂ ਤਾਂ ਪਾਠਕ ਖੁਦ ਹੀ ਅੰਦਾਜ਼ਾ ਲਗਾ ਲੈਣ ਕਿ ਅਜੀਤ ਕੌਰ ਬਾਰੇ ਰੁਪਾਣਾ ਜੀ ਦੀ ਜੱਜਮੈਂਟ ਨਾਲ ਮੇਰੀ ਸੰਮਤੀ ਕਿਸ ਕਦਰ ਹੋ ਗਈ ਹੋਵੇਗੀ।
ਸਿੱਧੂ ਦਮਦਮੀ ਹੋਰੀਂ ਪੁਰਾਣੇ ਮਿੱਤਰ ਹਨ। ਦੋ ਕੁ ਮਹੀਨੇ ਪਹਿਲਾਂ ਦੀ ਗੱਲ ਹੈ। ਮੈਂ, ਉਹ ਤੇ ਬਾਬਾ ਬਲਰਾਜ ਚੀਮਾ ਟਰਾਂਟੋ ਤੋਂ ਟ੍ਰਿੰਟਨ ਆਪਣੇ ਦਰਵੇਸ਼ ਮਿੱਤਰ ਗੁਰਦੇਵ ਚੌਹਾਨ ਨੂੰ ਮਿਲਣ ਕਾਰ ‘ਤੇ ਇਕੱਠੇ ਜਾ ਰਹੇ ਸਾਂ। ਯਾਦ ਨਹੀਂ ਕਿਵੇਂ ਸਾਹਿਤ ਦੀਆਂ ਗੱਲਾਂ ਹੁੰਦਿਆਂ ਹੁੰਦਿਆਂ ਅਜੀਤ ਕੌਰ ਵੱਲ ਮੁੜ ਗਈਆਂ।ਦਮਦਮੀ ਨੇ ਬੜਾ ਹੁੱਬ ਕੇ ਦੱਸਿਆ ਕਿ ਅਜੀਤ ਕੌਰ ਵਾਲੇ ਉਸ ਮਜਮੇਂ ਵਿੱਚ ਉਹ ਵੀ ਹਾਜ਼ਰ ਸੀ ਬਲਕਿ ਉਸਦਾ ਪ੍ਰਬੰਧਕ ਵੀ ਉਹ ਹੀ ਸੀ। ਮੈਂ ਚੁੱਪ ਰਿਹਾ ਅਤੇ ਆਪਣੀ ਰਾਏ ਉਸ ਦਿਨ ਤਾਂ ਨਾ ਦੱਸੀ। ਪਰ ਅਗਲੇ ਦਿਨ ਵਾਪਸ ਮੁੜਦਿਆਂ ਗੱਲਾਂ ਫਿਰ ਉਸੇ ਟਾਪਿਕ ‘ਤੇ ਹੀ ਚਲ ਪਈਆਂ। ਦਮਦਮੀ ਸਾਹਿਬ ਦਸ ਰਹੇ ਸਨ ਕਿ ਪਟਿਆਲੇ ਤੋਂ ਅਗਲੇ ਹੀ ਦਿਨ ਅਜੀਤ ਕੌਰ ਦਾ ਚੰਡੀਗੜ੍ਹ ਆਰਟਸ ਕੌਂਸਲ ਵਿਚ ਭਾਸ਼ਨ ਸੀ ਅਤੇ ਉੱਥੇ ਸਰੂਪ ਸਿੰਘ ਹੋਰਾਂ ਵਰਗੇ ਕੁਝ ਪਤੰਦਰ ਬਿਨਾ ਕਿਸੇ ਅਗਾਊਂ ਜਾਣਕਾਰੀ ਦੇ ਕੇ.ਪੀ.ਐਸ. ਗਿੱਲ ਨੂੰ ਵੀ ਲੈ ਆਏ। ਕੇ.ਪੀ.ਐਸ. ਗਿੱਲ ਨੂੰ ਵੇਂਹਦਿਆਂ ਸਾਰ ਅਜੀਤ ਕੌਰ ਭਾਂਬੜ ਵਾਂਗ ਭੜਕ ਉੱਠੀ ਅਤੇ ਰੋਸ ਵਜੋਂ ਭਰੀ ਸਭਾ ਵਿਚੋਂ ਵਾਕ ਆਊਟ ਕਰ ਗਈ। ਅਖੇ ਯਾਰ ਹੋਰੀਂ ਵੀ ਉਸ ਦੇ ਨਾਲ ਹੀ ਬਾਹਰ ਆ ਗਏ ਸਨ।...ਇਹ ਸੁਣਦਿਆਂ ਮੈਥੋਂ ਰਿਹਾ ਨਾ ਗਿਆ ਕਿ ਅਜੀਤ ਕੌਰ ਦਾ ਸਾਰਾ ਭਾਸ਼ਨ ਗੈਲਰੀ ਨੂੰ ਮੁਖ਼ਾਤਿਬ ਸੀ - ਅਪ੍ਰਮਾਣਿਕ ਸੀ, ਸਤਹੀ ਸੀ, ਸਿੱਧਾ ਹੀ ਕੂੜ ਸੀ। ਆਪਣੇ ਮਿੱਤਰ ਕਰਮਜੀਤ ਸਿੰਘ ਦੇ ਏਜੰਡੇ ਵਾਂਗ ਹੀ ਕੇ.ਪੀ.ਐਸ. ਗਿੱਲ ਦੇ ਏਜੰਡੇ ਨਾਲ ਵੀ ਸਾਡੀ ਕੋਈ ਸੰਮਤੀ ਨਹੀਂ ਹੈ। ਸਿੱਧੂ ਸਾਹਿਬ ਨੂੰ ਕਿਹਾ ਤਾਂ ਮੈਂ ਜ਼ਰਾ ਵੱਖਰੇ ਸ਼ਬਦਾਂ ਵਿਚ, ਕਿਹਾ ਉਹੋ ਹੀ ਜੋ ਰੁਪਾਣਾ ਬਾਈ ਜੀ ਨੇ ਮੈਨੂੰ ਅੰਮ੍ਰਿਤਾ ਅਤੇ ਅਜੀਤ ਕੌਰ ਵਿਚਾਲੇ ਅੰਤਰ ਦਰਸਾਉਣ ਲਈ ਆਖਿਆ ਸੀ। ਨਾਲ ਹੀ ਮੈਂ ਉਨ੍ਹਾਂ ਨੂੰ ਇਹ ਦੱਸਿਆ ਕਿ ਕੇ.ਪੀ.ਐਸ. ਗਿੱਲ ਦੀ ਕਾਰਗਰਦਗੀ ਬਾਰੇ ਵੱਖੋ-ਵੱਖਰੀ ਰਾਏ ਹੋ ਸਕਦੀ ਹੈ। ਉਸਦਾ ਸੁਆਗਤ ਹੈ।ਉਸਤੋਂ ਖਾੜਕੂ ਨੌਜਵਾਨਾਂ ਦਾ ਸਫਾਇਆ ਕਰਵਾ ਲੈਣ ਤੋ ਬਾਅਦ ਕਿਵੇਂ ਅਚਾਨਕ ਹੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ- ਸਭਨਾਂ ਨੂੰ ਪਤਾ ਹੈ। ਪਰ ਸਾਡਾ ਸਰੋਕਾਰ ਉਸਦੇ ‘ਪਾਇਨੀਅਰ‘ ਅਖ਼ਬਾਰ ਵਿੱਚ ਕਈ ਵਰ੍ਹੇ ਪਿਛੋਂ ਰਾਜਸੀ ਅਤੇ ਸਮਾਜਕ ਵਿਸ਼ਿਆਂ ਬਾਰੇ ਲਿਖੇ ਅਨੇਕਾਂ ਲੇਖਾਂ; ਉਨ੍ਹਾਂ ਦੀ ਭਾਸ਼ਾ ਅਤੇ ਚਿੰਤਨ ਦੇ ਸੰਜਮ ਨਾਲ ਹੈ - ਪੜ੍ਹਦਿਆਂ ਆਦਮੀ ਹੈਰਾਨ ਰਹਿ ਜਾਂਦਾ ਹੈ। ਸਾਰੇ ਲੇਖ ਨੈੱਟ ‘ਤੇ ਪਏ ਹੋਏ ਹਨ। ਕੋਈ ਵੀ ਸੱਜਣ ਜਰਾ ਗਹੁ ਨਾਲ ਪੜ੍ਹ ਕੇ ਤਾਂ ਵੇਖੇ। ਦੋ ਕੁ ਸਾਲ ਪਹਿਲਾਂ ਸੁਰਿੰਦਰ ਨੀਰ ਦੇ ਨਾਵਲ ‘ਮਾਇਆ‘ ਬਾਰੇ ਗੱਲਾਂ ਕਰਦਿਆਂ ਅਸੀ ਵੀਂ ਦੁਰਯੋਧਨ ਅਤੇ ਮਹਾਂਵੀਰ ਕਰਨ ਦੇ ਰਿਸ਼ਤੇ ਦੇ ਕੋਡ ਦਾ ਜ਼ਿਕਰ ਕੀਤਾ ਸੀ।ਮਹਾਂ ਭਾਰਤ ਦੀ ਜੰਗ ਦੌਰਾਨ ਪਹਿਲੇ 10 ਦਿਨ ਫੌਜ਼ਾਂ ਦੀ ਕਮਾਂਡ ਸੰਭਾਲੀ ਰੱਖਣ ਪਿਛੋਂ ਜ਼ਖ਼ਮੀ ਹੋ ਕੇ ਭੀਸ਼ਮ ਪਿਤਾਮਾ ਤੀਰਾਂ ਦੀ ਸੇਜ਼ ‘ਤੇ ਪਿਆ ਹੈ। ਹੁਣ ਫ਼ੌਜਾਂ ਦੀ ਕਮਾਂਡ ਕਰਨ ਨੇ ਸੰਭਾਲਣੀ ਹੈ।ਉਸ ਦੀ ਤਾਕਤ ਦਾ ਪਤਾ ਸਭ ਨੂੰ ਹੈ।ਭਗਵਾਨ ਕ੍ਰਿਸ਼ਨ ਉਸਨੂੰ ਭਟਕਾਉਣਾ ਚਾਹੁੰਦੇ ਹਨ।ਉਹ ਉਸਨੂੰ ਮਿਲਕੇ ਕਹਿੰਦੇ ਹਨ ਕਿ ਹਕੀਕਤ ਦਾ ਉਸਨੂੰ ਪਤਾ ਨਹੀਂ।ਉਹ ਤਾਂ ਖੁਦ ਪਾਂਡਵਾਂ ਦਾ ਵੱਡਾ ਭਰਾ ਹੈ।ਉਨ੍ਹਾਂ ਦੀ ਜਿੱਤ ਹੋ ਜਾਣ ਦੀ ਸੂਰਤ ਵਿੱਚ ਰਾਜਭਾਗ ਦਾ ਵਾਲੀਵਾਰਸ ਉਨ ਹੀ ਤਾਂ ਹੋਣਾ ਹੈ। ਉਹ ਗ਼ਲਤ ਪਾਸੇ ਤੋਂ ਐਵੇਂ ਲੜੀ ਕਿਉਂ ਜਾਦੈਂ। ਪਰ ਉਹ ਕੁਝ ਵੀ ਨਹੀਂ ਕਹਿੰਦਾ, ਬਸ ਚੁੱਪ ਹੀ ਕਿਉਂ ਰਹਿੰਦਾ ਹੈ!!
ਖ਼ੈਰ ਸਿੱਧੂ ਦਮਦਮੀ ਹੋਰਾਂ ਨਾਲ ਇਕ ਰਾਤ ਇਕੱਠਿਆਂ ਰਹਿਣ ਦਾ ਸਭ ਤੋਂ ਵੱਡਾ ਫਾਇਦਾ ਮੈਨੂੰ ਇਹ ਹੋਇਆ ਕਿ ਅੰਮ੍ਰਿਤਾ ਪ੍ਰੀਤਮ ਜੋ ਪਹਿਲਾਂ ਸਾਲ 1976 ਵਿਚ ਹੌਜ਼ ਖਾਸ, ਫਿਰ 1980-81 ਵਿੱਚ ਜੋਗਾ ਸਿੰਘ ਦੇ ਘਰੇ ਦੋ ਮੁਲਾਕਾਤਾਂ ਦੇ ਬਾਅਦ ਮੇਰੇ ਚਿਹਨ ਵਿੱਚੋਂ ਹਮੇਸ਼ਾ ਲਈ ਖਾਰਜ਼ ਹੋ ਗਿਆ ਹੋਇਆ ਸੀ - ਉਸਦੀ ਸ਼ਖ਼ਸੀਅਤ ਨੂੰ ਨਵੇਂ ਸਿਰਿਓਂ ਵਿਚਾਰਨ ਲਈ ਦਿਲਚਸਪੀ ਅਤੇ ਉਤਸ਼ਾਹ ਸੁਰਜੀਤ ਹੋ ਗਿਆ। ਇਸ ਵਿਚ ਮੱਦਦ ਗੁਰਦੇਵ ਚੌਹਾਨ ਹੋਰਾਂ ਨੇ ਵੀ ਕੀਤੀ। ਉਸਦੀ ਪਾਕਿਸਤਾਨੀ ਸਹੇਲੀ ਸਾਰਾ ਸ਼ਗੁਫਤਾ ਬਾਰੇ ਕਿਤਾਬਾਂ ਨੂੰ ਅੰਗਰੇਜ਼ੀ ਵਿਚ ਤਰਜ਼ਮਾਉਣ ਸਮੇਂ ਉਹ ਕਈ ਦਿਨ ਉਸ ਕੋਲ ਹੀ ਰਹਿੰਦੇ ਰਹੇ ਸਨ।...ਅਤੇ ਗੁਰਦੇਵ ਚੌਹਾਨ ਸਾਦਗੀ, ਸੁਹਿਰਦਤਾ, ਪਾਰਦਰਸ਼ਤਾ, ਨਿਮਰਤਾ ਅਤੇ ਬੇਗਰਜ਼ ਇਮਾਨਦਾਰੀ ਵਾਲੇ ਸ਼ਖ਼ਸ ਦੀ ਰਾਏ ਨੂੰ ਨਜ਼ਰਅੰਦਾਜ਼ ਕਰਨ ਦੀ ਗੁਸਤਾਖ਼ੀ ਕੌਣ ਕਰੇਗਾ? ਘੱਟ- ਘੱਟ ਸਾਥੋਂ ਤਾਂ ਹੁੰਦੀ ਨਹੀਂ ਹੈ।
ਹੁਣ ਬੇਹਤਰ ਹੈ ਕਿ ਅੰਮ੍ਰਿਤਾ ਪ੍ਰਤੀ ਮੋਹ ਭੰਗ ਹੋਣ ਦੀ ਕਹਾਣੀ ਵੀ ਪਾਠਕਾਂ ਅਤੇ ਮਿੱਤਰਾਂ ਨਾਲ ਸਾਂਝੀ ਕਰ ਲਈ ਜਾਵੇ। ਕਾਲਜ ਦੇ ਦਿਨਾਂ ਦੌਰਾਨ ਅਨੁਵਾਦ ਹੋ ਕੇ ਆ ਰਹੇ ਸੋਵੀਅਤ ਨਾਵਲਾਂ ਦੀ ਧਾਂਕ ਦਾ ਸਮਾਂ ਸੀ। ਗੋਰਕੀ ਦੇ ‘ਵਿਸ਼ਵ ਵਿਦਿਆਲੇ‘ ਪੜ੍ਹਦਿਆਂ-ਪੜ੍ਹਦਿਆਂ ਉਨ੍ਹੀਂ ਕੁ ਹੀ ਦਿਨੀਂ ਸਬੱਬ ਨਾਲ ‘ਚੱਕ ਨੰਬਰ ਛੱਤੀ‘ ਵੀ ਪੜ੍ਹਿਆ ਗਿਆ। ਮੈਂ ਕੋਈ ਲੇਖਕ ਜਾਂ ਸ਼ਾਇਰ ਤਾਂ ਨਹੀਂ। ਫਿਰ ਵੀ ਨਾਵਲ ਪੜ੍ਹਦੇ ਸਾਰ ਮੇਰੇ ਮਨ ਅੰਦਰ ਵੀ ਪੰਜਾਬੀ ਦੇ ਉਨ੍ਹਾਂ ਵਕਤਾਂ ਦੇ ਹੋਰ ਅਨੇਕਾਂ ਕੁੜੀਆਂ ਮੁੰਡਿਆਂ ਵਾਂਗ ਹੀ ਅੰਮ੍ਰਿਤਾ ਪ੍ਰੀਤਮ ਨੂੰ ਮਿਲਣ ਦੀ ਜ਼ਬਰਦਸਤ ਤਾਂਘ ਪੈਦਾ ਹੋ ਗਈ। ਉਸੇ ਤਰ੍ਹਾਂ ਦੀ ਤਾਂਘ ਜਿਸਦਾ ਨਕਸ਼ਾ ਕਿ ਸਤੀ ਕੁਮਾਰ ਨੇ ‘ਹੁਣ‘ ਵਾਲੀ ਆਪਣੀ ਇਤਿਹਾਸਕ ਇੰਟਰਵਿਊ ਵਿਚ ਪੰਜਾਬੀ ਦੇ ਵਿਲੱਖਣ ਸ਼ਾਇਰ ਅਮਿਤੋਜ ਦੀ ਹੌਜ਼ ਖਾਸ ਵਿਚ ਖਿਚਿਆ ਹੋਇਆ ਹੈ।
ਸੋ ਮੈਂ ਵੀ ਸਾਲ 1976 ਵਿਚ ਗਰਮੀਆਂ ਦੇ ਕਿਸੇ ਮਹੀਨੇ ਦੌਰਾਨ ਅੰਮ੍ਰਿਤਾ ਨੂੰ ਮਿਲਣ ਹੌਜ਼ ਖਾਸ ਉਸਦੇ ਡੇਰੇ ‘ਤੇ ਪਹੁੰਚ ਗਿਆ। ਅੰਮ੍ਰਿਤਾ ਦੀ ਤਬੀਅਤ ਸ਼ਾਇਦ ਉਸ ਦਿਨ ਵੀ ਠੀਕ ਨਹੀਂ ਸੀ।
ਜਸਬੀਰ ਭੁੱਲਰ ਦੀ ਹੌਜ਼ ਖਾਸ ਦੀ ਯਾਤਰਾ ਵਾਂਗ ਦਰਵਾਜ਼ੇ ਦਾ ਬੂਹਾ ਮੇਰੇ ਲਈ ਵੀ ਇਮਰੋਜ਼ ਨੇ ਹੀ ਖੋਲ੍ਹਿਆ।ਬਹੁਤ ਹੀ ਤਪਾਕ ਨਾਲ ਉਹ ਉਪਰ ਲੈ ਕੇ ਗਿਆ। ਪਹਿਲਾਂ ਦੋ ਕੱਪ ਚਾਹ ਬਣਾ ਕੇ ਉਸਨੇ ਮੇਜ਼ ‘ਤੇ ਰੱਖੇ ਅਤੇ ਫਿਰ ਅੰਮ੍ਰਿਤਾ ਨੂੰ ਉਸਦੇ ਕਮਰੇ ਵਿਚੋਂ ਬੁਲਾਇਆ। ਮੇਰੀ ਅਜਿਹੀ ਕੋਈ ਪਹਿਚਾਣ ਨਹੀਂ ਸੀ ਕਿ ਛਪੀ ਹੋਈ ਕਿਸੇ ਕਥਾ ਕਹਾਣੀ ਰਾਹੀਂ ਅੰਮ੍ਰਿਤਾ ਮੇਰੇ ਬਾਰੇ ਜਾਣੂ ਹੁੰਦੀ। ਮੈਂ ਨਿਸਚੇ ਹੀ ਥੋੜਾ ਨਰਵਸ ਸਾਂ ਕਿ ਉਸ ਨੂੰ ਉਸ ਦੇ ਡੇਰੇ ‘ਤੇ ਆਪਦੀ ਆਮਦ ਦਾ ਤਰਕ ਕੀ ਦੇਵਾਂ। ਗੱਲ ਬੜੀ ਮੁਸ਼ਕਲ ਸੀ। ਤੇ ਫਿਰ ਚਾਹ ਦਾ ਘੁੱਟ ਭਰਦਿਆਂ ਮੈਂ ਗੱਲਬਾਤ ਤੋਰਨ ਲਈ ਕਾਹਲੀ-ਕਾਹਲੀ ਦਾਸਤੋਵਸਕੀ ਅਤੇ ਟਾਲਸਟਾਏ ਦੇ ਕੁਝ ਨਾਵਲ ਪੜ੍ਹੇ ਹੋਣ ਦਾ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਵੱਧ ਇਹ ਕਿ ਮੈਂ ਕਾਫਕਾ ਦਾ ‘ਟਰਾਇਲ‘ ਵੀ ਪੜ੍ਹਿਆ ਹੋਇਆ। ਮੇਰੀ ਗੱਲ ਵਿਚਾਲਿਓਂ ਹੀ ਕਟਦਿਆਂ ਅੰਮ੍ਰਿਤਾ ਨੇ ਕਿਹਾ ਚੰਗੀ ਗੱਲ ਹੈ, ਤੁਸੀਂ ਉਸਦਾ ‘ਪਲੇਗ‘ ਵੀ ਪੜ੍ਹੋ- ਤੇ ਨਾਲ ਹੀ ਬਿਨਾਂ ਰੁਕੇ ਉਸ ਨੇ ਆਖ ਦਿਤਾ ਕਿ ਤੁਸੀਂ ਜੋ ਆਏ ਹੋ ਜੀ ਸਦਕੇ- ਪਰ ਅੱਗੋਂ ਜੇ ਕਦੀ ਆਉਣ ਨੂੰ ਜੀਅ ਕਰੇ ਤਾਂ ਪਹਿਲਾਂ ਫੋਨ ਜ਼ਰੂਰ ਕਰ ਲੈਣਾ। ਨਰਵਸ ਮੈਂ ਪਹਿਲਾਂ ਹੀ ਸਾਂ ਅਤੇ ਅੰਮ੍ਰਿਤਾ ਦੇ ਮੂੰਹੋਂ ਇਹ ਦੋਵੇਂ ਵਾਕ ਸੁਣ ਕੇ ਇਕ ਦਮ ਹਤਾਸ਼ ਹੁੰਦਿਆਂ ਦੇਰ ਨਾ ਲਗੀ।‘ਪਲੇਗ‘ ਕਾਮੂੰ ਦਾ ਨਾਵਲ ਸੀ ਅਤੇ ਅੰਮ੍ਰਿਤਾ ਨੇ ਕਾਹਲੀ ਨਾਲ ਉਸਨੂੰ ਕਾਫਕਾ ਦੇ ਨਾਂ ਨਾਲ ਟਾਂਕ ਦਿਤਾ ਸੀ। ਮੈਨੂੰ ਇਹ ਸੁਣ ਕੇ ਕਿਰਕਰੀ ਜਿਹੀ ਮਹਿਸੂਸ ਹੋਈ ਅਤੇ ਉਸਦੀ ਅਗਾਊਂ ਫੋਨ ਕਰਕੇ ਆਉਣ ਦੀ ਗੱਲ ਨੂੰ ਵੀ ਮੈਂ ਆਪਦੀ ਤੌਹੀਨ ਮੰਨਿਆ।ਇਮਰੋਜ਼ ਘਰ ਆਏ ਛੋਟੇ ਵੱਡੇ ਹਰੇਕ ਮਹਿਮਾਨ ਦਾ ਸੁਆਗਤ ਕਰਨ ਦੇ ਮਾਮਲੇ ਵਿਚ ਸ਼ਹਿਨਸ਼ਾਹ ਸੀ, ਉਸ ਦਿਨ ਦੀ ਚਾਹ ਵਿਸ਼ੇਸ ਕੁੜੱਤਣ ਦਾ ਜਾਇਕਾ ਮੈਨੂੰ ਅੱਜ ਤੱਕ ਵੀ ਨਹੀਂ ਭੁੱਲਿਆ ਅਤੇ ਫਿਰ ਜਿਸ ਅੰਦਾਜ਼ ਵਿਚ ਉਸ ਨੇ ਮੈਨੂੰ ਕੱਪ ਫੜਾਇਆ- ਮਨ ‘ਚ ਆਇਆ ਸੀ ਕਿ ਇਸ ਆਦਮੀ ਦੇ ਸਲੀਕੇ ਦਾ ਦੇਣ ਕਦੀ ਵੀ ਕਿੰਝ ਦਿੱਤਾ ਜਾ ਸਕੇਗਾ।
ਖ਼ੈਰ ਮੈਂ ਕਾਹਲੀ ਨਾਲ ਚਾਹ ਦਾ ਆਖਰੀ ਘੁੱਟ ਅੰਦਰ ਸੁੱਟਿਆ ਅਤੇ ‘ਖਿਮਾ ਕਰਨਾ, ਮੈਂ ਚਲਦਾ ਹਾਂ‘ ਆਖ ਕੇ ਅੰਮ੍ਰਿਤਾ ਤੋਂ ਵਿਦਾ ਲੈਣ ਲਈ ਖੜਾ ਹੋ ਗਿਆ। ਅੰਮ੍ਰਿਤਾ ਨੇ ਇਕ ਦਮ ਹੈਰਾਨੀ ਜਿਹੇ ਦੇ ਕਿਸੇ ਭਾਵ ਨਾਲ ਮੇਰੇ ਵੱਲ ਵੇਖਿਆ। ਅੰਮ੍ਰਿਤਾ ਦੀ ਗੱਲ ਬਾਤ ਸ਼ਖ਼ਸੀਅਤ ਜਾਂ ਡੀਲ-ਡੌਲ ਕਾਸੇ ਨੇ ਵੀ ਮੈਨੂੰ ਪ੍ਰਭਾਵਤ ਨਹੀਂ ਕੀਤਾ ਸੀ। ਪਰ ਉਸਦੀ ਉਸ ਤੱਕਣੀ ਵਿਚ ਮਾਨੋ ਕੋਈ ਗਹਿਰੀ ਕਸ਼ਿਸ਼ ਸੀ; ਜਾਨ ਸੀ- ਅਤੇ ਉਸਨੂੰ ਵੇਂਹਦਿਆਂ ਉਥੇ ਖੜੇ ਖੜੇ, ਇਕ ਦਮ ਹੀ ਮੇਰੇ ਮਨ ‘ਚ ਆਇਆ ਕਿ ਸ਼ਾਇਦ ਨਿਗਾਹਾਂ ਦੀ ਇਸੇ ਰਹੱਸਮਈ ਗਹਿਰਾਈ ਦੀ ਥਾਹ ਪਾਉਣ ਲਈ ਹੀ ਪ੍ਰੋ. ਮੋਹਨ ਸਿੰਘ ਸਮੇਤ ਅਨੇਕਾਂ ਹੀ ਉਸਨੂੰ ਚਹੁੰਣ ਵਾਲੇ ਉਸ ਦੇ ਉਨ੍ਹਾਂ ਦਿਨਾਂ ਦੇ ਸਮਕਾਲੀ ਤਰਲੇ ਮਾਰਦੇ, ਡੁਬਦੇ ਤਰਦੇ ਰਹੇ ਹੋਵਣ!
ਇਸ ਤੋਂ ਚਾਰ ਪੰਜ ਵਰ੍ਹੇ ਬਾਅਦ ਪੰਜਾਬੀ ਦੇ ਫੱਕਰ ਸ਼ਾਇਰ ਜੋਗਾ ਸਿੰਘ ਦੀ ਕੋਠੀ ਵਿਚ ਕੇਰਾਂ ਮੁੜ ਅੰਮ੍ਰਿਤਾ ਨਾਲ ਸੰਖੇਪ ਜਿਹੀ ਮੁਲਾਕਾਤ ਦਾ ਸਬੱਬ ਬਣਿਆ- ਪਰ ਉਦੋਂ ਵੀ ਸਾਡੀ ‘ਰਾਸ਼ੀ‘ ਮਿਲ ਨਾ ਸਕੀ।
ਟ੍ਰਿੰਟਨ ਯਾਤਰਾ ਸਮੇਂ ਸਿੱਧੂ ਦਮਦਮੀ ਅਤੇ ਗੁਰਦੇਵ ਚੌਹਾਨ ਹੋਰਾਂ ਨੇ ਅੰਮ੍ਰਿਤਾ ਦੀ ਅਪਣੱਤ ਦੀ ਸਮਰੱਥਾ ਬਾਰੇ ਆਪਣੇ ਤਜ਼ਰਬਿਆਂ ‘ਤੇ ਅਧਾਰਤ ਉਸਦੀ ਸ਼ਖ਼ਸੀਅਤ ਦੇ ਕੁਝ ਅਜਿਹੇ ਅਯਾਮ ਖ੍ਹੋਲੇ ਕਿ ਸਾਨੂੰ ਚੇਤਿਆਂ ਵਿਚੋਂ ਮੁੱਦਤਾਂ ਤੋਂ ਵਿਸਰੀ ‘ਚੱਕ ਨੰਬਰ ਛੱਤੀ‘ ਦੀ ਲੇਖਿਕਾ ਬਾਰੇ ਨਵੇਂ ਸਿਰਿਓਂ ਸੋਚਣ ਲਈ ਮਜ਼ਬੂਰ ਹੋਣਾ ਪਿਆ।...ਮੈਂ ਉਥੇ ਬੈਠਿਆਂ ਪਟਿਆਲੇ ਆਪਣੇ ਅਜ਼ੀਜ ਧਰਮਜੀਤ ਨੂੰ ‘ਇਹੁ ਜਨਮੁ ਤੁਮਹਾਰੇ ਲੇਖੇ‘ ਦੀ ਕਾਪੀ ਤੁਰੰਤ ਪ੍ਰਾਪਤ ਕਰਕੇ ਕਨੇਡਾ ਤੋਂ ਆਪਣੇ ਪਿੰਡ ਗੇੜਾ ਮਾਰਨ ਗਏ ਹੋਏ ਮਿੱਤਰ ਸੁਰਜੀਤ ਸਿੰਘ ਝਬੇਲਵਾਲੀ ਨੂੰ ਪਹੁੰਚਾਉਣ ਲਈ ਸਨੇਹਾ ਲਗਾਇਆ। ਮਾਰਚ ਮਹੀਨੇ ਦੇ ਅੱਧ ਜਿਹੇ ਵਿਚ ਝਬੇਲਵਾਲੀ ਨਾਵਲ ਦੇਣ ਆਇਆ ਤਾਂ ਆਪਣੇ ਸੁਭਾਅ ਅਨੁਸਾਰ ਮੇਰੇ ਸਾਰੇ ਤਰੱਦਦ ਦੀ ਪਿਛੋਕੜ ਬਾਰੇ ਜਾਣ ਕੇ ਖੁਸ਼ ਹੋਇਆ। ਉਸਨੇ ਖੁਦ ਅੰਮ੍ਰਿਤਾ ਦੇ ‘ਡਾਕਟਰ ਦੇਵ‘ ਅਤੇ ‘ਪਿੰਜਰ‘ ਨਾਵਲ ਪੜ੍ਹੇ ਹੋਏ ਸਨ ਅਤੇ ਉਸਨੂੰ ਉਨ੍ਹਾਂ ਦੀਆਂ ਕਹਾਣੀਆਂ ਵੀ ਯਾਦ ਸਨ। ਉਸਦੇ ਬੈਠਿਆਂ ਹੀ ਵੱਡੀ ਤਸੱਲੀ ਦੀ ਗੱਲ ਇਹ ਹੋਈ ਕਿ ਪਟਿਆਲੇ ਤੋਂ ਹੀ ਮੇਰੇ ਇਕ ਹੋਰ ਮਿੱਤਰ ਨਾਗਰ ਸਿੰਘ ਵਲੋਂ ਆਪਣੇ ਭਾਈ ਰਘਬੀਰ ਦੇ ਹੱਥ ਭੇਜੇ ਕਰਨਲ ਜਸਬੀਰ ਭੁੱਲਰ ਦੀ ‘ਅੰਮ੍ਰਿਤਾ-ਇਮਰੋਜ਼‘ ਨਾਂ ਦੀ ਯਾਦਾਂ ਦੀ ਪੁਸਤਕ ਅਤੇ ‘ਅੰਮ੍ਰਿਤਾ ਦੀਆਂ ਤਿੰਨ ਮੌਤਾਂ‘ ਲੇਖ ਵਾਲੇ ‘ਹੁਣ‘ ਦੀ ਕਾਪੀ ਵੀ ਉਹ ਦੇਣ ਗਿਆ।
ਖ਼ੈਰ ਅਸੀਂ ਦੱਸ ਚੁੱਕੇ ਹਾਂ ਕਿ ਜਗਦੀਪ/ਅੰਮ੍ਰਿਤਾ ਨੂੰ ਕਟਿਹਰੇ ਵਿਚ ਖੜੀ ਕਰਕੇ ਉਸਦੇ ਬਿੰਬ ਨੂੰ ਨੇਸਤੋ ਨਬੂਦ ਕਰ ਦੇਣ ਲਈ ਕਿਸੇ ਚਤੁਰ ਵਕੀਲ ਦੇ ਹਾਰ ਜ਼ੋਰਦਾਰ, ਪਾਰਦਰਸ਼ੀ ਪ੍ਰੰਤੂ ਵਿਆਕੁਲ ਕਰ ਦੇਣ ਵਾਲੀਆਂ ਦਲੀਲਾਂ ਨਾਲ ਭੁੱਲਰ ਹੋਰਾਂ ਨੇ ਜਿੰਨਾ ਜ਼ੋਰ ਲਗਾ ਕੇ ਪਿੜ ਬੰਨਿਆ ਹੈ- ਓਨਾ ਜ਼ੋਰ ਤਾਂ ਮਹਾਤਮਾ ਗਾਂਧੀ ਨੂੰ ਇਕੋ ਸਾਹੇ ‘ਹਿੰਦੂ-ਹਿੰਦੂ‘ ਆਖ ਕੇ ਮੁਸਲਮਾਨ ਭਰਾਵਾਂ ਨੂੰ ਗੁੰਮਰਾਹ ਕਰਨ ਅਤੇ ‘ਵੱਖਰਾ ਘਰ‘ ਲੈ ਕੇ ਦੇਣ ਲਈ ਮੁਹੰਮਦ ਅਲੀ ਜਿਨਾਹ ਵਰਗੇ ‘ਸਿਰੇ ਦੇ ਜਿਦੀਏ‘ ਘਾਗ ਵਕੀਲ ਨੂੰ ਵੀ ਸ਼ਾਇਦ ਨਾ ਲਗਾਉਣਾ ਪਿਆ ਹੋਵੇ।
ਫਿਰ ਅੰਮ੍ਰਿਤਾ/ਜਗਦੀਪ ਨਾਲ ਚਲੋ ਜੋ ਹੋਈ ਸੋ ਹੋਈ- ਨਾਵਲ ਰੂਪੀ ਮੁਕੱਦਮੇ ਦੀ ਇਸ ਫਾਇਲ ਅੰਦਰ ਚਰਨਜੀਤ/ਨਵਰੰਗ, ਇੰਦਰਜੀਤ/ਇਮਰੋਜ਼ ਨੂੰ ਵੀ ਓਨਾ ਹੀ ਸਖ਼ਤ ਰਗੜਾ ਲੱਗ ਗਿਆ ਹੈ।ਮਸਲਨ ਉਹ ‘ਤਿੰਨ ਮੌਤਾਂ‘ ਵਾਲੇ ਲੇਖ ਅੰਦਰ ਅੰਮ੍ਰਿਤਾ ਵਿਰੁੱਧ ਸਿਰੇ ਦੀ ਖੁਦਗਰਜ਼ੀ ਦਾ ਕੇਸ ਤਿਆਰ ਕਰਦਿਆਂ ਦਸਦੇ ਹਨ ਕਿ ਇਕ ਵਾਰ ‘ਹੌਜ਼ ਖਾਸ‘ ਵਾਲੇ ਪਿੰਜਰੇ ਵਿਚ ਪੈ ਜਾਣ ਤੋਂ ਬਾਅਦ ‘ਇਮਰੋਜ਼‘ ਦੀ ਕਦੀ ਕੋਈ ਨੁਮਾਇਸ਼ ਨਾ ਲਗੀ ਅਤੇ ਕਦੀ ਕਿਸੇ ਕਲਾ ਪੱਤਰ ਵਿਚ ਉਸਦੀ ਚਰਚਾ ਨਾ ਹੋਈ...‘ਸ਼ਮਾਂ‘ ਵਾਲਾ ਕਲਾਸਰੂਪ ਇੰਦਰਜੀਤ ਕਿਤਾਬਾਂ ਦੇ ਕਵਰ ਬਨਾਉਣ ਵਾਲਾ ਇਮਰੋਜ਼ ਬਣ ਕੇ ਰਹਿ ਗਿਆ ਸੀ।- ਤੇ ਫਿਰ ਆਪਣੇ ਵਿਅੰਗ ਨੂੰ ਜਰਾ ਹੋਰ ਤਿੱਖਾ ਕਰਨ ਲਈ ਉਨ੍ਹਾਂ ਨੇ ਲੱਗਦੇ ਹੱਥ ਨਾਲ ਹੀ ‘ਸਾਡੇ ਸੋਵੀਅਤ ਸੂਚਨਾ ਵਿਭਾਗ ਦੇ ਆਰਟ ਸੈਕਸ਼ਨ ਵਾਲੇ ਗਿਆਨ‘ ਦੀ ਇੰਦਰਜੀਤ ਬਾਰੇ ਪੁੱਛ-ਗਿੱਛ ਦਾ ਹਵਾਲਾ ਟਾਂਕਿਆ ਹੋਇਆ ਹੈ। ਇਸੇ ਤਰ੍ਹਾਂ ਨਾਵਲ ਦੇ ਅੰਤਿਮ ਹਿੱਸੇ ਵਿਚ ਪੰਨਾ 380 ਉਪਰ ਆਪਣੇ ਮੰਦੇ ਕੰਮਾਂ ਕਾਰਨ ਦੋਸ਼ੀ ਭਾਵਨਾ ਦੀ ਪਿੰਜੀ ਹੋਈ ਜਗਦੀਪ ਬਾਰੇ ਉਸਦਾ ਬੇਟਾ ਗੁਣੀ ਆਪਣੀ ਪਤਨੀ ਕੋਲ ਦੁੱਖ-ਸੁੱਖ ਵੇਖੋ ਜ਼ਰਾ ਕਿੰਝ ਫੋਲਦਾ ਹੈ:
(ਅਖੇ) “ਇਹ ਕੋਈ ਤੈਥੋਂ ਓਹਲੇ ਵਾਲੀ ਗੱਲ ਤਾਂ ਹੈ ਨਹੀਂ ਸੁਨੈਣੀ, ਮੰਮੀ ਪਹਿਲੇ ਦਿਨੋਂ ਖੁਦਗਰਜ਼ ਹੈ। ਆਪਣੇ ਇੰਟਰੈਸਟ ਬਿਨਾ ਇਹਦੇ ਲਈ ਕਿਸੇ ਚੀਜ਼ ਦੀ ਕੋਈ ਇਮਪਾਰਟੈਂਸ ਨਹੀਂ ਹੈ। ਆਪਣਾ ਨਾਂ ਬਨਾਉਣ ਲਈ ਇਹ ਕਿੰਨਿਆਂ ਦੀ ਦੋਸਤ ਰਹੀ ਹੈ। ਬੰਬਈ ਤੋਂ ਮੁੜ ਕੇ ਜਦੋਂ ਰਸਾਲਾ ਕੱਢਿਆ ਆਰਟਿਸਟ ਦੀ ਲੋੜ ਪਈ। ਸੋਚਿਆ, ਏਨੇ ਪੈਸੇ ਕਿਉਂ ਦੇਣੇ ਨੇ। ਫਿਰ ਟਾਂਕਾ ਜੋੜ ਲਿਆ। ਇਹ ਚਰਨਜੀਤ ਨਾਂ ਦਾ ਆਦਮੀ ਮੰਮੀ ਦੇ ਜਲੌਅ ਨਾਲ ਪੂਰੀ ਤਰ੍ਹਾਂ ਚੁੰਧਿਆਇਆ ਹੋਇਆ ਹੈ। ਇਸ਼ਾਰਾ ਕੀਤੇ ‘ਤੇ ਭੱਜਿਆ ਆਇਆ।...
...ਰਸੋਈਆ ਬਣਿਆ ਹੋਇਆ ਹੈ।ਕਪੜੇ ਧੋਣ ਦੀ ਸੇਵਾ ਨਿਭਾਉਂਦਾ ਹੈ। ਮਾਰਕੀਟ ਤੋਂ ਸੌਦਾ ਪੱਤਾ ਲਿਆਉਣ ਵਾਲਾ ਮੁੰਡੂ ਵੀ ਇਹੋ ਹੈ। ਬਸ ਇਕ ਚਿੱਟੀ ਵਰਦੀ ਤੇ ਟੋਪੀ ਦੀ ਕਸਰ ਰਹਿ ਗਈ, ਸ਼ੋਫਰ ਦੀ ਡਿਊਟੀ ਵੀ ਵਧੀਆ ਦਿੰਦਾ ਹੈ। ਹੁੰਦਾ ਹੁੰਦਾ ਆਖਰ ਵਿਚਾਰਾ ਝਾੜੂ-ਪੋਚੇ ਤਕ ਪਹੁੰਚ ਗਿਆ। ਕਦੀ ਤੂੰ ਵਾਈਪਰ ਧਿਆਨ ਨਾਲ ਵੇਖਿਆ ਹੋਵੇ, ਉਸੇ ਸ਼ਾਨ ਨਾਲ ਫੜਦਾ ਹੈ ਜਿਸ ਨਾਲ ਆਰਟ ਵਾਲਾ ਬੁਰਸ਼।...ਮੰਮੀ ਕੋਈ ਪਾਗਲ ਨਹੀਂ ਸੀ, ਇਹੋ ਜਿਹੇ ਚਿਰਾਗ ਦੇ ਜਿੰਨ ਨੂੰ ਭਜਾ ਦਿੰਦੀ ਜਾਂ ਭਜੌਣ ਦਿੰਦੀ।”
“ਕੋਈ ਨਵਾਂ ਲੇਖਕ ਲੱਭ ਕੇ ਅੰਮ੍ਰਿਤਾ ਆਪਣੇ ਸਾਹਿਤਕ ਕੰਮ, ਖਾਸ ਕਰਕੇ ਆਪਣੀਆਂ ਰਚਨਾਵਾਂ ਦਾ ਹਿੰਦੀ ਅਨੁਵਾਦ ਕਰਵਾਉਂਦੀ।...ਅਸੀਂ ਅਜਿਹੇ ਲੇਖਕ ਨੂੰ ਮੁਣਸ਼ੀ ਆਖਦੇ। ਉਨ੍ਹਾਂ ਦਿਨਾਂ ਵਿਚ ਸਾਡੀ ਰਾਮਪੁਰਾ ਮੰਡੀ ਵਿੱਚ ਰਹਿੰਦੇ ਸਾਡੇ ਅੱਧੇ ਪਿੰਡ ਦੀਆਂ ਔਰਤਾਂ ਦੇ ਪੁੱਛਾਂ ਦੇਣ ਵਾਲੇ ਪਾਂਧੇ ਉਦੈ ਭਾਨ ਦਾ ਪੁੱਤਰ ਸਤੀਸ਼ ਕੁਮਾਰ ਕਪਿਲ ਇਹ ਸੇਵਾ ਨਿਭਾ ਰਿਹਾ ਸੀ। ਅੰਮ੍ਰਿਤਾ ਨੇ ਉਹਦੇ ਨਾਂ ਨਾਲੋਂ ਕਪਿਲ ਤਾਂ ਛਾਂਗਿਆ ਹੀ, ਸਤੀਸ਼ ਦਾ ਸ਼ ਵੀ ਛਿੱਲ ਦਿੱਤਾ। ਹੁਣ ਉਹ ਸਤੀ ਕੁਮਾਰ ਸੀ। ਕੁਝ ਸਮੇਂ ਪਿੱਛੋਂ ਉਹਦੀਆਂ ਸੇਵਾਵਾਂ ਦਾ ਮੁੱਲ ਪਾਉਂਦਿਆਂ ਇਕ ਸਮਾਜਵਾਦੀ ਦੇਸ਼ ਦੇ ਦੂਤਾਵਾਸ ਨੂੰ ਆਖ ਕੇ ਅੰਮ੍ਰਿਤਾ ਨੇ ਉਹਨੂੰ ਬਾਹਰ ਭਿਜਵਾ ਦਿੱਤਾ ਜਿੱਥੋਂ ਉਹ ਅੱਗੇ ਸਵੀਡਨ ਜਾ ਵਸਿਆ। ਸਤੀ ਕੋਲ ਬੈਠੀ ਅੰਮ੍ਰਿਤਾ ਨੂੰ ਦੇਖ ਕੇ ਮੈਨੂੰ ਰਾਮਪੁਰੇ ਵਾਲੀ ਪਾਂਧੀ, ਸਤੀਸ਼ ਦੀ ਮਾਂ ਯਾਦ ਆ ਜਾਂਦੀ। ਇਸੇ ਕਰਕੇ ਜਦੋਂ ਅੰਮ੍ਰਿਤਾ ਦੇ ਗੁਜ਼ਰ ਜਾਣ ਮਗਰੋਂ ਉਹਨੇ ਆਪਣੇ ਆਪ ਨੂੰ ਉਹਦੇ ਸੱਚੇ ਝੂਠੇ ਆਸ਼ਕਾਂ ਦੀ ਕਤਾਰ ਦੇ ਸਿਰੇ ਉੱਤੇ ਖੜਾ ਕਰ ਲਿਆ, ਮੈਨੂੰ ਹੈਰਾਨੀ ਵੀ ਹੋਈ, ਹਾਸਾ ਵੀ ਆਇਆ ਪਰ ਆਖਰ ਮੈਂ ਸੋਚਿਆ, ਵਿਚਾਰੇ ਪੰਡਤਾਂ ਦੇ ਮੁੰਡੇ ਉਤੇ ਪ੍ਰਦੇਸ ਦੀ, ਉਮਰ ਦੀ ਅਤੇ ਚੰਦਰੀ (ਕੈਂਸਰ ਦੀ) ਬਿਮਾਰੀ ਦੀ ਮਾਰ ਪੈ ਗਈ ਹੈ।”
ਤੇ ਫਿਰ ਅੱਗੇ ਇਸੇ ਪ੍ਰਥਾਏ ਉਨ੍ਹਾਂ ਨੇ ਬੜੇ ਹੀ ਮਜਾਹੀਆ ਅੰਦਾਜ਼ ਵਿਚ ਅੰਮ੍ਰਿਤਾ ਦੀ ਮਹਿਫ਼ਲ ਵਿੱਚ ਵਿਸਕੀ ਦੇ ਦੋ-ਦੋ ਪੈੱਗਾਂ ਦਾ ਜਾਇਕਾ ਲੈਣ ਪਿੱਛੋਂ ਕਨਾਟ ਪਲੇਸ ਪਹੁੰਚ ਕੇ ਰੁਪਾਣਾ ਬਾਬਾ ਜੀ ਦੇ ਸਿਗਰਟ ਦਾ ਕਸ਼ ਖਿੱਚਣ ਦੇ ਹਵਾਲੇ ਨਾਲ ਕੇਵਲ ਸੂਦ ਦੇ ਸਿਰ ਵਿਚ ਕੁਤਕੇ ਦਾ ਵਾਰ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਉਹ ਦੱਸਦੇ ਹਨ ਕਿ ਅੰਮ੍ਰਿਤਾ ਨੇ ਉਹਦਾ ਨਾਂ ਨਹੀਂ ਸੀ ਬਦਲਿਆ। ਅਸੀਂ ‘ਰੋਂਦੇ‘ ਮੂਲ ਤਾਂ ਕਿਤੇ ਹੈ ਹੀ ਨਹੀਂ, ਇਹ ਪਹਿਲਾਂ ਹੀ ਸਿਰਫ ‘ਸੂਦ‘ ਹੈ, ਅੰਮ੍ਰਿਤਾ ਕੀ ਕੱਟੇ-ਜੋੜੇ! ਜਿਵੇਂ ਪਹਿਲਵਾਨ ਦਾ ਜਾਂਘੀਆ ਚੁੱਕ ਕੇ ਉਹਦੇ ਪਿੱਛੇ-ਪਿੱਛੇ ਤੁਰਨ ਵਾਲੇ ਪੱਠੇ ਨੂੰ ਪੱਠਾ ਹੋਣ ਦਾ ਮਾਣ ਹੁੰਦਾ ਹੈ, ਕੇਵਲ ਸੂਦ ਹੋਰਾਂ ਨੂੰ ਅੰਮ੍ਰਿਤਾ ਦਾ ਮੁਣਸ਼ੀ ਹੋਣ ਦਾ ਮਾਣ ਸੀ।”
ਇਮਰੋਜ਼ ਬਾਰੇ ਗੁਰਬਚਨ ਭੁੱਲਰ ਹੋਰਾਂ ਦੇ ‘ਫਿਕਰ‘ ਨੂੰ ਹੋਰ ਵਿਚਾਰਨ ਤੋਂ ਪਹਿਲਾਂ ਬੇਹਤਰ ਹੈ ਕਿ ਸਤੀ ਕੁਮਾਰ ਵਾਲਾ ਕਦਾ ਜ਼ਰਾ ਵਿਸਥਾਰ ਵਿੱਚ ਨਿਪਟਾ ਲਿਆ ਜਾਵੇ। ਪ੍ਰੰਤੂ ਅਜਿਹਾ ਕਰਦੇ ਸਮੇਂ ਸਾਨੂੰ ‘ਫ਼ਿਲਹਾਲ‘ ਗੁਰਬਚਨ ਦੇ ਅੰਮ੍ਰਿਤਾ ਅਤੇ ਸਤੀ ਕੁਮਾਰ ਦੇ ਇਸ ਜਹਾਨੋਂ ਤੁਰ ਜਾਣ ਤੋਂ ਬਾਅਦ, ‘ਸਤੀ ਕੁਮਾਰ:ਅਧੁਨਿਕਤਾ ਦੀ ਪੌਨੀ ਟੇਲ‘ ਸਿਰਲੇਖ ਹੇਠ ਲਗਪਗ ਉਸੇ ਲਹਿਜੇ ਵਿਚ ਲਿਖੇ ਹੋਏ ਚਰਚਿਤ ਸ਼ਬਦ ਚਿੱਤਰ ਦਾ ਵੀ ਨੋਟਿਸ ਲੈਣਾ ਪੈਣਾ ਹੈ।
‘ਪੌਨੀ ਟੇਲ‘ ਦੀ ਸ਼ੁਰੂਆਤ ਜਰਾ ਵੇਖੋ:
‘ਗਲੇ ਦੀ ਕੈਂਸਰ ਨਾਲ ਸਤੀ ਕੁਮਾਰ ਦਾ ਤੁਰ ਜਾਣਾ ਹੈਰਾਨ ਨਹੀਂ ਕਰਦਾ। ਇਸ ਦੌਰ ਵਿਚ ਹੈਰਾਨ ਕਰਨ ਵਾਲਾ ਕੁਝ ਨਹੀਂ ਵਾਪਰਦਾ...।
...ਜਿਸ ਭੋਇੰ ਤੋਂ ਟੁੱਟਣ ਨੂੰ ਉਹ ਆਧੁਨਿਕਤਾ ਕਹਿੰਦਾ ਸੀ (ਮਰਨ ਵੇਲੇ) ਉਹੋ ਭੋਇੰ ਉਸਨੂੰ ਬੜੀ ਯਾਦ ਆਈ।
(40-50 ਵਰ੍ਹੇ ਪਹਿਲਾਂ) ਆਧੁਨਿਕਤਾ ਦੀ (ਉਸੇ) ਬਣਤ ਨੂੰ ਬੋਝੇ ਵਿਚ ਤੁੰਨੀ ਸਤੀ ਕੁਮਾਰ ਇਕ ਦਿਨ ਹੌਜ਼ ਖਾਸ ਵਾਲੇ ਡੇਰੇ ਵਿਚ ਦਾਖਲ ਹੋਇਆ ਸੀ। ਸਤੀ ਹੌਜ਼ ਖਾਸ ਪੁਜਾ ਤਾਂ ਉਹਦੇ ਲਈ ਹਰਿਭਜਨ ਸਿੰਘ ਦਾ ਅਸਤਿਤਵ ਲਘੂ ਹੋ ਗਿਆ।
ਫਿਰ ਅੰਮ੍ਰਿਤਾ ਦੇ (ਰਹਿਮ ਨਾਲ) ਬੁਲਗਾਰੀਆ ਦੀ ਰਾਜਧਾਨੀ ਸੋਫੀਆ ਪਹੁੰਚ ਕੇ ਉਨ ਇਵਾਂਕਾ ਨਾਂ ਦੀ ਕੁੜੀ ਨਾਲ ਵਿਆਹ ਕਰਵਾਇਆ। ਬੜੇ ਚਾਅ ਨਾਲ ਪਤਨੀ ਸਮੇਤ ਹੌਜ਼ ਖਾਸ ਆ ਲੱਥਾ। ਅੰਮ੍ਰਿਤਾ ਨੇ ਦੇਖਿਆ ਸਤੀ+ਇਵਾਂਕਾ ਦਾ ਮਤਲਬ ਉਹ ਨਹੀਂ ਸੀ ਜੋ ਇਕੱਲੇ ਸਤੀ ਦਾ ਸੀ। ਹੁਣ ਸਤੀ ਹੋਰ ਭਾਸ਼ਾ ਬੋਲ ਰਿਹਾ ਸੀ। ਇਹਦੇ ਤੇਵਰ ਕਿਦਾਂ ਦੇ ਹੋ ਗਏ ਸਨ? ਇਹ ਜੋ ਇਵਾਂਕਾ ਹੈ, ਜਿਹਨੂੰ ਇਹ ਆਪਣੀ ਬੀਵੀ ਕਹਿੰਦਾ, ਇਹ ਉੱਕਾ ਹੀ ਵਿਪਰੀਤ ਭਾਸ਼ਾ ਬੋਲਦੀ ਹੈ। ਅੰਮ੍ਰਿਤਾ ਦੇ ਮੂੰਹੋਂ ਬਾਰ ਬਾਰ ਨਿਕਲਦਾ “ਏਸ ਗੱਲ ‘ਚ ਮੈਨੂੰ ਕੀ ਫਾਇਦਾ?” ਤਾਂ ਇਵਾਂਕਾ ਪੁਛਦੀ ‘ਫਾਇਦਾ‘ ਸ਼ਬਦ ਦਾ ਮਤਲਬ ਕੀ ਹੈ? ...ਤੇ ਪ੍ਰਛਾਵਿਆਂ ਦਾ ਨ੍ਰਿਤ ਝਟਕੇ ਨਾਲ ਬੰਦ ਹੋ ਗਿਆ।
---ਤੇ ਫਿਰ ਇਕ ਦਿਨ ਗਲੇ ਦੀ ਕੈਂਸਰ ਪਤਨੀ ਇਵਾਂਕਾ ਨੂੰ ਉਹਦੇ ਜੀਵਨ ‘ਚੋਂ ਉੜਾ ਕੇ ਲੈ ਗਈ।
ਇਵਾਂਕਾ ਦੇ ਤੁਰ ਜਾਣ ਪਿਛੋਂ ਪੰਜ ਸਾਲ ਮੈਂ ਸਟਾਕਹਾਮ ‘ਚ ਧੌਣ ਸੁਟੀ ਫਿਰਦਾ ਰਿਹਾ। ਸਿਰ ਚੁੱਕ ਕੇ ਕਦੀ ਸੂਰਜ ਨਾ ਵੇਖਿਆ।”
ਇਵਾਂਕਾ ਦੀ ਯਾਦ ਵਿਚ ਉਹਨੇ ਸ਼ਾਨਦਾਰ ਕਵਿਤਾਵਾਂ ਲਿਖੀਆਂ। ਇਕ ਮਿਸਾਲ:
ਮੈਨੂੰ ਵੀ ਤੂੰ
ਆਪਣੇ ਕਿਚਨ ਗਾਰਡਨ ‘ਚ
ਧਨੀਏ ਤੇ ਪੁਦੀਨੇ ਵਿਚਕਾਰ
ਉਗਾ ਲੈਣਾ ਸੀ
ਇਕੋ ਥਾਵੇਂ
ਖੁਸ਼ੀ ਨਾਲ ਸਿਰ ਸੁਟੀ
ਮੈਂ ਗਰਮੀਆਂ ਲੰਘਾ ਦਿੰਦਾ।”
ਆਓ ਹੁਣ ਆਪਾਂ ਵੇਖੀਏ ਜਰਾ ਇਹ ਸੱਜਣ ਕਰਦੇ ਕੀ ਹਨ। ਆਪਣੇ ਸਮਕਾਲੀਆਂ ਤੇ ਬਦਜ਼ੌਕ ਅੰਦਾਜ਼ ਵਿਚ ਫਤਵੇ ਕਿੰਝ ਨਾਰਦ ਕਰਦੇ ਹਨ।ਮਸਲਨ ਸਰਦਾਰ ਗੁਰਚਰਨ ਸਿੰਘ ਜੈਤੋਂ ਵੱਲੋਂ ‘ਇਹੁ ਜਨਮੁ ਤੁਮਹਾਰੇ ਲੇਖੇ‘ ਨਾਵਲ ਦੇ ਪਾਠ ਪਿੱਛੋਂ ਕੀਤੀ ਭਰਪੂਰ ਸਿਫ਼ਤ ਸਲਾਹ ਤਾਂ ਠੀਕ ਹੈ।ਇਹ ਉਨਾਂ ਦਾ ਅਧਿਕਾਰ ਵੀ ਹੈ।ਪ੍ਰੰਤੂ ਨਾਲ ਹੀ ਉਹ ਕਹਿੰਦੇ ਹਨ: “ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਕਈ ਪੰਜਾਬੀ ਲੇਖਕ ਨਾਵਲੀਆਂ ਜਿਹੀਆਂ ਲਿਖਕੇ ਵਿੱਤੋਂ ਵੱਡੇ ਇਨਾਮ ਹਥਿਆਉਣ ਲਈ ਇਧਰ ਉੱਧਰ ਹੱਥ ਮਾਰਦੇ ਹੋਏ ਦਿਨ-ਰਾਤ ਇੱਕ ਕਰ ਦਿੰਦੇ ਹਨ।(ਅਖੇ) ਇੱਕ ਪਾਸੇ ਆਪਣੇ ਇਸ ਵਿਹਾਰ ਨਾਲ ਉਹ ਪੰਜਾਬੀ ਬੋਲੀ ਨੂੰ ਨੀਵੀਂ ਕਰਦੇ ਨੇ ਅਤੇ ਦੁਜੇ ਪਾਸੇ ਉਸ ਵਿੱਚ ਆ ਰਹੇ ਨਿਘਾਰ ਦੀ ਦੁਹਾਈ ਵੀ ਦਿੰਦੇ ਰਹਿੰਦੇ ਹਨ।” ਇਹ ਲਿਖ ਕੇ ਆਪਣੇ ਕਿਸ ਸਮਕਾਲੀ ਲੇਖਕ ਦੇ ਸਿਰ ਵਿੱਚ ਕੁਤਕਾ ਉਹ ਮਾਰ ਰਹੇ ਹਨ-ਸੰਕੇਤ ਸਾਫ਼ ਹੀ ਹੈ। ਚਰਚਾ ਦੀ ਜ਼ਰੂਰਤ ਨਹੀਂ ਹੈ।
ਦੋਵਾਂ ਗੁਰਬਚਨ ‘ਭਰਾਵਾਂ‘ ਨੇ ਸਤੀ ਕੁਮਾਰ ਦੇ ਬਿੰਬ ਨੂੰ ਮਿਸਮਾਰ ਕਰਨ ਲਈ ਮਸਾਲਾ ਜਿਆਦਾ ‘ਹੁਣ‘ ਦੀ ਉਸ ਇੰਟਰਵਿਊ ਜੋ ਕਿ ਅਵਤਾਰ ਜੰਡਿਆਲਵੀ ਹੋਰਾਂ ਨੇ ਆਪਦਾ ਮੈਗਜ਼ੀਨ ਸ਼ੁਰੂ ਕਰਨ ਸਮੇਂ ਅਕਤੂਬਰ 2005 ਵਿਚ ਖੁਦ ਸਟਾਕਹਾਮ ਪਹੁੰਚ ਕੇ ਕੀਤੀ ਸੀ ਅਤੇ ਛਪੀ ਉਹ ‘ਹੁਣ‘ ਜਨਵਰੀ-ਅਪ੍ਰੈਲ 2006 ਦੇ ਅੰਕ ਵਿਚ ਸੀ ਵਿਚੋਂ ਹੀ ਲਿਆ ਹੋਇਆ ਹੈ।ਉਦੋਂ ਕੁਝ ਹੀ ਸਮਾਂ ਬਾਅਦ ਅਵਤਾਰ ਹੋਰੀਂ ਪਟਿਆਲੇ ਸਾਡੇ ਘਰੇ ਵੀ ਆਏ ਸਨ ਅਤੇ ਮਿਲਦਿਆਂ ਹੀ ਅਜਿਹੀ ਲਾਜਵਾਬ ਇੰਟਰਵਿਊ ਲੈਣ ਅਤੇ ਛਾਪਣ ਲਈ ਅਸੀਂ ਉਨ੍ਹਾਂ ਨੂੰ ਵਧਾਈ ਦਿਤੀ ਸੀ। ਇਸ ਲੰਮੇ ‘ਫੀਚਰ‘ ਨੂੰ ‘ਹੁਣ‘ ਨੇ ਹੁਣ ਤਕ ਬਾਦਸਤੂਰ ਜਾਰੀ ਰਖਿਆ ਹੋਇਆ ਹੈ। ਪੰਜਾਬੀ ਦੇ ਲਗਪਗ ਸਾਰੇ ਹੀ ਅਹਿਮ ਲੇਖਕਾਂ ਦੀਆਂ ਇੰਟਰਵਿਊਜ਼ ਵੀ ਮੈਗਜ਼ੀਨ ਨੇ ਛਾਪੀਆਂ ਪਰ ਉਸ ਕਿਸਮ ਦੀ ਤਸੱਲੀ ਪਿਛੋਂ ਸ਼ਾਇਦ ਹੀ ਕਿਸੇ ਨੇ ਇੰਟਰਵਿਊ ਕਰਵਾਈ ਹੋਵੇ।
ਸਾਡਾ ਮੁਖ ਇਤਰਾਜ਼ ਇਹ ਹੈ ਕਿ ਦੋਵਾਂ ‘ਵੀਰਾਂ‘ ਨੇ ਆਪਣਾ ਪਿੜ ਬੰਨ੍ਹਣ ਲਈ ਗੱਲ ਉੱਚੀ ਸੁਰ ਵਿਚ ਕਹਿਣ ਦੇ ਜੋਸ਼ ਵਿਚ ਸਤੀ ਕੁਮਾਰ ਦੀ ਸ਼ਖ਼ਸੀਅਤ ਅਤੇ ਪ੍ਰਤਿਭਾ ਨੂੰ ਜ਼ਰਾ ਜਿਆਦਾ ਹੀ ਛੁਟਿਆ ਦਿਤਾ ਹੈ।ਪ੍ਰੰਤੂ ਕਹਾਣੀ ਇਹ ਵਾਜਬ ਨਹੀਂ ਲਗਦੀ। ਆਖਰ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਉਥੋਂ ਦੀ ਸਾਹਿਤ ਸਭਾ ਦਾ ਉਹ ਅੰਮ੍ਰਿਤਾ ਦੇ ‘ਡੇਰੇ‘ ‘ਤੇ ਹਾਜ਼ਰੀ ਭਰਨ ਤੋਂ ਪਹਿਲਾਂ ਹੀ ਸਕੱਤਰ ਸੀ।
ਦੂਸਰੀ ਗੱਲ ‘ਨਾਗਮਣੀ‘ ਦੇ ਮੁਢਲੇ ਅੰਕਾਂ ਵਿੱਚ ਉਸਨੇ ਅੰਮ੍ਰਿਤਾ ਪ੍ਰੀਤਮ ਬਾਰੇ ਇਕ ਲੰਮਾ ਲੇਖ ਲਿਖਿਆ ਸੀ। ਉਹ ਲੇਖ ਬਹੁਤ ਹੀ ਸੋਹਜਪੂਰਨ ਸੀ। ਅੰਮ੍ਰਿਤਾ ਦੀ ਸ਼ਖ਼ਸੀਅਤ ਦੇ ‘ਕਾਵਿ ਸ਼ਾਸਤਰ‘ ਬਾਰੇ ਉਸ ਲੇਖ ਤੋਂ ਬਾਅਦ ਦੇ ਪਿਛਲੇ ਸਾਰੇ ਸਾਲਾਂ ਦੌਰਾਨ ਸਾਨੂੰ ਕਦੀ ਵੀ ਉਸ ਪਾਏ ਦੀ ਕੋਈ ਹੋਰ ਲਿਖਤ ਨਜ਼ਰੀਂ ਨਹੀਂ ਆਈ। ਬਲਵੰਤ ਗਾਰਗੀ ਨੇ ਰੇਖਾ ਚਿੱਤਰਾਂ ਦੀਆਂ ਆਪਦੀਆਂ ਪੁਸਤਕਾਂ ਵਿਚ ਅੰਮ੍ਰਿਤਾ ਬਾਰੇ ਦੋ ਸ਼ਬਦ ਚਿੱਤਰ ਲਿਖੇ ਹੋਏ ਹਨ।ਪਰ ਉਹ ਏਨੇ ਕੱਚੇ ਹਨ ਕਿ ਪੜ੍ਹਦਿਆਂ ਕੋਫਤ ਹੋਣ ਲਗਦੀ ਹੈ। ‘ਨਿੰਮ ਦੇ ਪੱਤੇ‘ ਪੁਸਤਕ ਵਿਚ ਪਹਿਲਾ ਰੇਖਾ ਚਿੱਤਰ ਅੰਮ੍ਰਿਤਾ ਬਾਰੇ ਹੀ ਹੈ। ਗਾਰਗੀ ਸ਼ੁਰੂ ਵਿਚ ਹੀ ਲਿਖਦਾ ਹੈ: ਉਨ੍ਹੀਂ ਦਿਨੀਂ ਅੰਮ੍ਰਿਤਾ ਪ੍ਰੀਤਮ ‘ਅੰਮ੍ਰਿਤ ਕੌਰ‘ ਹੁੰਦੀ ਸੀ। ਸਾਲ 1943 ਜਾਂ ਸ਼ਾਇਦ 44 ‘ਚ ਪ੍ਰੀਤ ਨਗਰ ‘ਚ ਕੋਈ ਮੇਲਾ ਸੀ। ਹਰ ਖੇਮੇ ਵਿਚ ਉਦੋਂ ਵੀ ਅੰਮ੍ਰਿਤਾ ਦੀਆਂ ਹੀ ਗੱਲਾਂ ਹੋ ਰਹੀਆਂ ਸਨ। ਨਵਤੇਜ ਨੇ ਉਸਨੂੰ ਦੱਸਿਆ ਸੀ ਕਿ ਬਹੁਤ ਸੋਹਣੀ ਕੁੜੀ ਹੈ ਤੇ ਬਹੁਤ ਹੀ ਵਧੀਆ ਕਵਿਤਾਵਾਂ ਲਿਖਦੀ ਹੈ। ਬਸ ਏਨੀ ਕੁ ਹੀ ਦਿਲਚਸਪ ਗੱਲ ਹੈ ਅਤੇ ਹੋਰ ਉਸ ਵਿਚ ਕੱਖ ਵੀ ਨਹੀਂ ਹੈ।
ਦੂਸਰਾ ਰੇਖਾ ਚਿੱਤਰ ਉਸਦਾ ਕਈ ਵਰ੍ਹੇ ਪਿਛੋਂ ਦਾ ਲਿਖਿਆ ਹੋਇਆ ਹੈ।ਜੋ ਅੰਮ੍ਰਿਤਾ ਪ੍ਰੀਤਮ ਦੇ ਸਿਗਰਟ ਸੁਲਗਾਉਣ ਦੇ ਸਨਸਨੀਖੇਜ਼ ਵੇਰਵੇ ਨਾਲ ਸ਼ੁਰੂ ਹੁੰਦਾ ਹੈ। ਅੰਮ੍ਰਿਤਾ ਕਹਿ ਰਹੀ ਹੈ “ਮੈਂ ਜੋ ਹਾਂ, ਸੋ ਹਾਂ - ਬਸ ਮੈਂ ਏਦਾਂ ਦੀ ਹਾਂ।” ਗਾਰਗੀ ਦੇ ਦੱਸਣ ਅਨੁਸਾਰ ਅੰਮ੍ਰਿਤਾ ਨੇ ਸ਼ਾਇਦ ਲਾਲ ਰੰਗ ਦੀ ਬੁਲਗਾਰੀਅਨ ਕੁੜਤੀ ਤੇ ਨਾਲ ਅਮਰੀਕਨ ਜੀਨ ਦੀ ਪੈਂਟ ਪਾਈ ਹੋਈ ਸੀ ਅਤੇ ਹੱਥ ਵਿਚ ਉਸਦੇ ਸਿਗਰਟ ਸੀ।”
ਇਸ ਰੇਖਾ ਚਿੱਤਰ ਦੀ ਸ਼ੁਰੂਆਤ ਤਾਂ ਬਿਰਤਾਂਤ ਦੇ ਦਿਲਚਸਪ ਹੋਣ ਦੀ ਸੋ ਦਿੰਦੀ ਹੈ।ਪ੍ਰੰਤੂ ਗੱਲ ਬਣਦੀ ਨਹੀਂ। ਅਗਲਾ ਸਾਰਾ ਵੇਰਵਾ ਪਹਿਲੇ ਰੇਖਾ ਚਿੱਤਰ ਜਿੰਨਾ ਹੀ ਬਕਬਕਾ ਅਤੇ ਨੀਰਸ ਹੈ।
ਇਸਦੇ ਮੁਕਾਬਲੇ ਤੇ ਸਤੀ ਕੁਮਾਰ ਦਾ ਲਗਪਗ ਉਨ੍ਹਾਂ ਹੀ ਸਮਿਆਂ ਦਾ ਅੰਮ੍ਰਿਤਾ ਬਾਰੇ ‘ਰੇਖਾ ਚਿੱਤਰ‘ ਤਾਜਗੀ ਦਾ ਮਾਹੌਲ ਸਿਰਜਣ ਦੇ ਪੱਖ ਤੋਂ ‘ਵੈਰੀ ਨਾਗ ਦੇ ਚਸ਼ਮੇ‘ ਦੇ ਮਾਹੌਲ ਹਾਰ ਸੀ, ਪੜ੍ਹਦਿਆਂ ਮਜ਼ਾ ਆ ਗਿਆ ਸੀ। ਸਾਨੂੰ ਉਸ ਵਿਚਲੇ ਕੇਵਲ ਇਸ ਕਿਸਮ ਦੇ ਕੁਝ ਵੇਰਵੇ ਧੁੰਦਲੇ ਜਿਹੇ ਯਾਦ ਹਨ ਕਿ ਸਤੀ ਕੁਮਾਰ ਹੌਜ਼ ਖਾਸ ਦੇ ਕਿਸੇ ਕਮਰੇ ਵਿਚ ਬੈਠਾ ਅੰਮ੍ਰਿਤਾ ਦੇ ਕਿਸੇ ਨਾਵਲ ਦਾ ਅਨੁਵਾਦ ਕਰ ਰਿਹਾ ਹੈ। ਪੇਪਰ ਲਿਖ ਲਿਖ ਕੇ ਉਹ ਫਰਸ਼ ਤੇ ਸਿੱਟੀ ਜਾਂਦਾ ਹੈ।। ਪਰ ਉਸ ਬਿਰਤਾਂਤ ਵਿਚ ਕੋਈ ਅਜਿਹਾ ਸੋਹਜ ਸੀ ਕਿ ਹੁਣ ਵੀ ਜੀਅ ਕਰਦੈ ਕਿਤੋਂ ਮਿਲੇ ਤਾਂ ਪੂਰਾ ਹੀ ਪਾਠਕਾਂ ਨੂੰ ਨਵੇਂ ਸਿਰਿਓਂ ਸੁਣਾਇਆ ਜਾਵੇ। ਫਿਰ ਉਨ੍ਹੀਂ ਦਿਨੀਂ ਹੀ ਸਤੀ ਨੇ ‘ਕਹਾਣੀ ਤੋਂ ਬਾਹਰਲੇ ਪਾਤਰ‘ ਨਾਂ ਦਾ ਨਾਵਲਿਟ ਲਿਖਿਆ ਸੀ - ਜੋ ਕਿ ਸਾਨੂੰ ਬੇਹਦ ਚੰਗਾ ਲਗਿਆ ਸੀ। ਉਹ ਨਵੇਲਾ ਨਿਸਚੇ ਹੀ ਉਸਦੀ ਸਿਰਜਣਾਤਮਿਕ ਸਮਰੱਥਾ ਦਾ ਸੂਚਕ ਸੀ ਅਤੇ ਸਾਨੂੰ ਖੁਦ ਹੈਰਾਨੀ ਹੈ ਕਿ ਸਤੀ ਪਿਛੋਂ ਆ ਕੇ ਆਪਦੀ ਉਸ ਪ੍ਰਤਿਭਾ ਨੂੰ ਆਸ਼ਕਾਰ ਕਿਉਂ ਨਾ ਕਰ ਸਕਿਆ।
‘ਐਮ.ਏ ਕਰਕੇ ਉਹ ਵਿਹਲਾ ਧੱਕੇ ਖਾਂਦਾ ਫਿਰਦਾ ਸੀ‘ ਇਹ ਤਾਂ ਕੋਈ ਮਿਹਣਾ ਨਹੀਂ। ਅਸੀਂ ਅਨੇਕਾਂ ਅਜਿਹੇ ਬੰਦਿਆਂ ਨੂੰ ਜਾਣਦੇ ਹਾਂ ਆਪਣੇ ਵਰ੍ਹਿਆਂ ਬੱਧੀ ਕੈਰੀਅਰ ਦੀਆਂ ਸਿਖਰਾਂ ਛੂਹਣ ਤੋਂ ਪਹਿਲਾਂ ਖਾਕ ਛਾਣਦੇ ਤੁਰੇ ਫਿਰਦੇ ਰਹੇ। ਫਿਰ ਗੁਰਬਚਨ ਹੋਰਾਂ ਨੇ ਇਹ ‘ਭੇਤ‘ ਵੀ ਬੜਾ ਹੁੱਭ ਕੇ ਖੋਲਿਆ ਹੈ ਕਿ ਹੌਜ਼ ਖਾਸ ਜਾਂਦਿਆਂ ਹੀ ਉਹ ਡਾ. ਹਰਿਭਜਨ ਸਿੰਘ ਤੋਂ ਅੱਖਾਂ ਫੇਰ ਗਿਆ। ਠੀਕ ਹੈ; ਤਣਾ ਤਣੀ ਸੀ। ਇਸ ਨੁਕਤੇ ਨੂੰ ਉਨ ਅਵਤਾਰ ਜੰਡਿਆਲਵੀ ਹੋਰਾਂ ਅੱਗੇ ਸਪੱਸ਼ਟ ਕੀਤਾ ਹੋਇਆ ਹੈ। ਉਸ ਇੰਟਿਰਵਿਊ ਵਿਚ ਜਗ੍ਹਾ-ਜਗ੍ਹਾ ਤੇ ਸੁੰਦਰ ਸਤਰਾਂ ਕਈ ਥਾਈਂ ਹਨ। ਪ੍ਰੰਤੂ ਸਭ ਤੋਂ ਖੂਬਸੂਰਤ ਸਤਰ ਜੋ ਸਾਨੂੰ ਲਗੀ ਪਾਠਕ ਉਸਨੂੰ ਜਰਾ ਨਵੇਂ ਸਿਰਿਓਂ ਪੜ੍ਹ ਕੇ ਤਾਂ ਵੇਖਣ:
“ਸਤੀ ਕੁਮਾਰ: ਡਾ. ਹਰਿਭਜਨ ਸਿੰਘ ਦੇ ਮੂੰਹੋਂ ਕਵਿਤਾਵਾਂ ਸੁਣਨ ਦਾ ਅਨੁਭਵ ਕੁੱਝ ਉਹੋ ਜਿਹਾ ਸੀ ਜਿਸਨੂੰ ਸੰਸਕ੍ਰਿਤ ‘ਚ ਬ੍ਰਹਮਨੰਦ ਸਹੋਦਰਮ ਕਿਹਾ ਜਾਂਦੈ। ਯਾਨੀ ਕਵਿਤਾ ਦਾ ਅਨੰਦ ਬ੍ਰਹਮ ਦੇ ਮਿਲ ਜਾਣ ਵਾਂਗ ਹੁੰਦਾ ਹੈ। ਇਹ ਅਨੰਦ ਉਸਦੀ ਸੰਗਤ ਵਿਚ ਮੈਂ ਕਾਫੀ ਮਾਣਿਆ ਹੈ।”
ਸਾਡਾ ਨਹੀਂ ਖਿਆਲ ਕਿ ਅਜਿਹੇ ਬਿਆਨ ਤੋਂ ਬਾਅਦ ਸੰਦੇਹ ਦੀ ਕੋਈ ਗੁੰਜਾਇਸ਼ ਬਾਕੀ ਰਹਿ ਜਾਂਦੀ ਹੈ।
ਗੁਰਬਚਨ ਭੁੱਲਰ ਹੋਰੀਂ ਸਤੀ ਨੂੰ ਉਨ੍ਹਾਂ ਦੀ ਰਾਮਪੁਰਾ ਫੂਲ ਦੇ ਕਿਸੇ ਪਾਂਧੇ ਜਾਂ ਪਾਂਧੀ ਦਾ ਮੁੰਡਾ ਆਖਦਿਆਂ ਉਸਦੇ ਆਪਣੇ ਆਪ ਨੂੰ ਅੰਮ੍ਰਿਤਾ ਦੇ ਝੂਠੇ ਜਾ ਸੱਚੇ ਆਸ਼ਕਾਂ ਦੀ ਲੰਮੀ ਕਤਾਰ ਵਿਚ ਖੜਾ ਕਰ ਲੈਣ ਦਾ ਮਜ਼ਾਕ ਉਡਾਉਂਦੇ ਹਨ। ਮੈਂ ਦੱਸ ਚੁੱਕਿਆਂ ਕਿ ਮੈਂ ਇਹ ਇੰਟਰਵਿਊ ਪੜ੍ਹੀ ਹੋਈ ਸੀ ਪਰ ਭੁੱਲਰ ਸਾਹਿਬ ਦੇ ਵਿਵਰਣ ਦੀ ਲੋਅ ਵਿਚ ਮੈਂ ਇਸ ਨੂੰ ਦੁਬਾਰਾ ਚੰਗੀ ਤਰ੍ਹਾਂ ਵੇਖਣਾ ਚਹੁੰਦਾ ਸਾਂ। ਪਟਿਆਲੇ ਆਪਣੇ ਅਜੀਜਾਂ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਉਹ ਮੈਗਜ਼ੀਨ ਲਭ ਨਾ ਸਕੇ ਅਤੇ ਮੈਨੁੰ ਭੇਜ ਨਾ ਸਕੇ।ਪ੍ਰੰਤੂ ਚੰਗੀ ਗੱਲ ਇਹ ਹੋਈ ਕਿ ਨੈੱਟ ਤੋਂ ਉਹ ਮੈਨੂੰ ਮਿਲ ਗਿਆ।ਮੈਂ ਸਾਰੀ ਇੰਟਰਵਿਊ ਨਵੇਂ ਸਿਰਿਓਂ ਧਿਆਨ ਨਾਲ ਪੜ੍ਹੀ। ਸਤੀ ਦੇ ਅੰਮ੍ਰਿਤਾ ਨਾਲ ਅਨੇਕ ਸ਼ਿਕਵੇ ਹਨ ਅਤੇ ਉਨ ਉਹ ਕੁਝ ਨਰਾਜਗੀ ਨਾਲ ਪਰ ਕਾਫੀ ਧੀਮੀ ਸੁਰ ਵਿਚ ਪ੍ਰਗਟਾਏ ਵੀ ਹੋਏ ਹਨ। ਉਸਦੇ ਗਿਲੇ ਜਾਇਜ ਵੀ ਹਨ। ਆਖਰ ਆਪਦੀ ਮਹਿਬੂਬ ਪਤਨੀ ਇਵਾਂਕਾ ਨੂੰ ਆਪਦੀ ‘ਰਹਿਨੁਮਾ‘ ਦੇ ਘਰੇ ਜਦੋਂ ਉਹ ਲੈ ਕੇ ਗਿਆ ਤਾਂ ਅੰਮ੍ਰਿਤਾ ਤੋਂ ਉਸਨੂੰ ਪੁਰਾਣੇ ਦਿਨਾਂ ਦੇ ਉਸੇ ਪਹਿਲ ਤਾਜ਼ਗੀ ਭਰੇ ਦੋਸਤਾਨਾ ਰਵਈਏ ਦੀ ਤਵੱਕੋ ਤਾਂ ਹੈ ਪ੍ਰੰਤੂ ਦੋਵਾਂ ਦੀਆਂ ਪਹਿਲਾਂ ਕਾਫੀ ਬਦਲ ਗਈਆਂ ਹੋਈਆਂ ਸਨ।ਇਵਾਂਕਾ ਇਕ ਪਲ ਲਈ ਵੀ ਸਤੀ ਤੋਂ ਅਤੇ ਸਤੀ ਇਕ ਪਲ ਲਈ ਵੀ ਇਵਾਂਕਾ ਤੋਂ ਜੁਦਾ ਹੋਣ ਲਈ ਤਿਆਰ ਨਹੀਂ ਹਨ। ਹੁਣ ਅੱਗੋਂ ਅੰਮ੍ਰਿਤਾ ਦਾ ਸੁਭਾਅ ਵੀ ਬੇਹੱਦ ਪੋਜੈਸਿਵ ਹੈ। ਆਖਰ ਉਸਦਾ ਸਤੀ ਤੇ ਕਦੀ ਕੋਈ ਬੜਾ ਵੱਡਾ ਅਧਿਕਾਰ ਰਿਹਾ ਹੋਇਆ ਹੈ ਅਤੇ ਇਹ ਅਧਿਕਾਰ ਅੰਮ੍ਰਿਤਾ ਦੇ ਰੋਮਾਨੀਆ, ਹੰਗਰੀ, ਬੁਲਗਾਰੀਆ ਵਗੈਰਾ ਦੇਸਾਂ ਦੀ ਯਾਤਰਾ ਦੌਰਾਨ ਸਾਂਝ ਦੇ ਵੇਰਵੇ ਦਸ ਕੇ ਹੋਰ ਵੀ ਪਰਪੱਕ ਉਨ ਖੁਦ ਹੀ ਕੀਤਾ ਹੈ ਪਰ ਅਸੀਂ ਇਥੇ ਪੂਰੇ ਇਖਲਾਕੀ ਜ਼ੋਰ ਨਾਲ ਸਪੱਸ਼ਟ ਕਰਨਾ ਚਾਹਾਂਗੇ ਕਿ ਸਤੀ ਦੇ ਇਸ ਦਾਅਵੇ ਨੂੰ ਜਿਹੜੇ ਵੀ ਲੋਕ ਉਸਦੇ ਅੰਮ੍ਰਿਤਾ ਨਾਲ ਜਿਸਮਾਨੀ ਸਬੰਧਾਂ ਦੇ ਸੰਕੇਤ ਵਜੋਂ ਲੈਂਦੇ ਹਨ- ਉਹ ਕਤਈ ਤੌਰ ‘ਤੇ ਠੀਕ ਨਹੀਂ ਹਨ। ਇਸ ਮੁਕਾਮ ਤੇ ਪੁਜੇ ਲੋਕਾਂ - ਖਾਸ ਕਰਕੇ ਅੰਮ੍ਰਿਤਾ ਦੇ ਕੇਸ ਵਿਚ ਅਜਿਹੀ ਗੱਲ ਕਰਨੀ ਸ਼ਰਮਨਾਕ ਹੈ। ਸਾਡੇ ਵੀਰ ਸਾਨੂੰ ਦਸਣ ਤਾਂ ਸਹੀ ਕਿ ਉਹ ਅਜਿਹੀ ਤਿਕੜਮ ਨਾਲ ਸਾਬਤ ਆਖਰ ਕੀ ਕਰਨਾ ਚਹੁੰਦੇ ਹਨ।
ਰਹੀ ਗੱਲ ਈਰਖਾ ਜਾਂ ਉਪਰਾਮਤਾ ਦੀ - ਵੇਖੋ ਦੋਸਤੀ ਅਤੇ ਮੁਹੱਬਤ ਦੇ ਜਜ਼ਬੇ ਨੂੰ ਸਿਖਰ ਤੇ ਐਕਸਪੀਰੀਐਂਸ ਕਰਨ ਦੀ ਲੋਚਾ ਵਾਲੇ ਸਾਰੇ ਹੀ ਲੋਕ - ਔਰਤਾਂ ਹੋਣ ਜਾਂ ਮਰਦ ਪੋਜੈਸਿਵ ਹੁੰਦੇ ਹੀ ਹਨ। ਇਸੇ ਕਰਕੇ ਮਾਨਵੀ ਸਬੰਧਾਂ ਵਿੱਚ ਯੁੱਗਾਂ-ਯੁੱਗਾਂ ਤੋਂ ਤਰਾਸਦੀਆਂ ਵੀ ਵਾਪਰਦੀਆਂ ਰਹੀਆਂ ਹਨ- ਵਿਸ਼ਵ ਦਾ ਪੂਰਾ ਸਾਹਿਤ ਅਤੇ ਇਤਿਹਾਸ ਗਵਾਹ ਹੈ। ਸਾਨੂੰ ਪਤਾ ਹੈ ਅੰਮ੍ਰਿਤਾ ਪ੍ਰੀਤਮ ਬੇਹੱਦ ਜਜ਼ਬਾਤੀ ਅਤੇ ਪੋਜੈਸਿਵ ਸੀ। ਸਤੀ ਕੁਮਾਰ ਇਵਾਂਕਾ ਨੂੰ ਹੌਜ਼ ਖਾਸ ਵਿਚ ਜੇਕਰ ਲੈ ਆਇਆ ਸੀ ਤਾਂ ਇਹ ਉਸਦਾ ਸਿਰੇ ਦਾ ਭੋਣਾਪਣ ਸੀ। ਉਹ ਇਕੋ ਸਮੇਂ ਇਵਾਂਕਾ ਅਤੇ ਅੰਮ੍ਰਿਤਾ ਵਿਚਾਲੇ - ਕਿਸੇ ਇਕ ਜਾਂ ਦੂਸਰੀ ਧਿਰ ਨੂੰ ਇੰਜ਼ਰ ਕਰੇ ਬਗੈਰ ਤਵਾਜਨ ਬਰਕਰਾਰ ਰੱਖ ਸਕਦਾ ਨਹੀਂ ਸੀ। ਕੋਈ ਵੀ ਨਹੀਂ ਰੱਖ ਸਕਦਾ ਹੁੰਦਾ। ਸਾਡਾ ਤਜ਼ਰਬਾ ਅਤੇ ਸਾਰੀ ਪੜ੍ਹਤ ਤਾਂ ਦੱਸਦੀ ਹੈ ਕਿ ਇਹ ਪਵਾੜਾ ਵੱਧੋ-ਵੱਧ ਇਕ ਹਫ਼ਤੇ ਵਿਚ ਪੈਣਾ ਚਾਹੀਦਾ ਸੀ - ਪ੍ਰੰਤੂ ਅੰਮ੍ਰਿਤਾ ਧੰਨ ਸੀ ਕਿ ਇਸ ਕੰਮ ਵਿਚ ਉਸਦੇ ਸਬਰ ਦਾ ਕੜ ਇਕ ਮਹੀਨੇ ਦੇ ਬਾਅਦ ਪਾਟਿਆ। ਸਾਨੂੰ ਤਾਂ ਅੰਮ੍ਰਿਤਾ ਦੇ ਸਬਰ ਦੀ ਇੰਤਹਾ ‘ਤੇ ਹੈਰਤ ਹੈ।ਸੋ ਹੋਰ ਦੱਸੋ!
ਸਤੀ ਕੁਮਾਰ ਨੇ ਇੰਟਰਵਿਊ ਵਿੱਚ ਇਸ ਤਰਾਸਦੀ ਦਾ ਰੈਸ਼ਨੇਲ ਜਿਵੇਂ ਬੁਣਿਆ ਹੈ- ਨਿਸਚੇ ਹੀ ਸਾਰੀ ਦੀ ਸਾਰੀ ਸਿਰੇ ਦੀ ਕਾਵਿਕ ਤੇ ਹੁਸੀਨ ਗੱਲਬਾਤ ਵਿਚ ਕੇਵਲ ਇਸ ਇਕੇ ਜਗ੍ਹਾ ‘ਤੇ ਉਹ ਇਹ ਕਹਿੰਦਿਆਂ ਸਿਰੇ ਦਾ ਕੱਚ ਮਾਰਦਾ ਹੈ ਕਿ ‘ਇਵਾਂਕਾ‘ ਸੋਹਣੀ ਬਹੁਤ ਸੀ ਅਤੇ ਅੰਮ੍ਰਿਤਾ ਦੀ ਉਮਰ ਮੁਕਬਲੇ ‘ਤੇ ਢਾਲੇ ਪੈ ਚੁੱਕੀ ਹੋਵੇਗੀ - ਉਸਨੂੰ ਇਵਾਂਕਾ ਨਾਲ ਈਰਖਾ ਪੈਦਾ ਹੋ ਗਈ ਹੋਵੇਗੀ। ਕਿਆ ਬੱਚਿਆਂ ਵਾਲੀਆਂ ਦਲੀਲਾਂ ਹਨ। ਅੰਮ੍ਰਿਤਾ ਜੇ ਇਵਾਂਕਾ ਦੇ ਹਾਣ ਦੀ ਵੀ ਹੁੰਦੀ ਤਾਂ ਵੀ ਉਨ ਏਦਾਂ ਹੀ ਕਰਨਾ ਸੀ। ਸਤੀ ਕੁਮਾਰ ਦੀਆਂ ਇਹ ਸਤਰਾਂ ਪੜ੍ਹਦਿਆਂ ਉਸ ਦੀ ਸਾਦਗੀ ਤੇ ਤਰਸ ਆਉਂਦਾ ਹੈ।
ਇਸੇ ਪ੍ਰਥਾਏ ਅਸੀਂ ਆਪਣੇ ਪਾਠਕਾਂ ਨੂੰ ਪਹਿਲਾਂ ਅੰਨਾ ਆਖਮਾਤੋਵਾ ਅਤੇ ਮਰੀਨਾ ਸਵੈਤਾਯੇਵਾ ਦੇ ਪਿਆਰ ਕਿੱਸੇ ਸੁਣਾਏ ਹੋਏ ਹਨ ਅਤੇ ਇਹ ਵੀ ਦਸਿਆ ਹੋਇਆ ਹੈ ਕਿ ਓਸਿਪ ਮੈਂਡਲਸਟਾਮ ਆਪਦੀ ਰੱਬ ਵਰਗੀ ਪਤਨੀ ਨਦੇਜ਼ਦਾ ਮੈਂਡਲਸਟਾਮ ਨੂੰ ਲੈ ਕੇ ਜਦੋਂ ਮਰੀਨਾ ਨੂੰ ਮਿਲਣ ਚਲਿਆ ਗਿਆ ਸੀ ਤਾਂ ਉਨ ਅਗੋਂ ਨਦੇਜ਼ਦਾ ਨੂੰ ਕੇਹੀ ਬੇਰੁਖੀ ਨਾਲ ਨਜ਼ਰਅੰਦਾਜ਼ ਕੀਤਾ ਸੀ। ਸੋਲਾਂ ਕਲਾ ਸੰਪੂਰਨ ਵਾਲੀਆਂ ਉਹ ਦੋਵੇਂ ਸੰਵੇਦਨਸ਼ੀਲ, ਸਮਝਦਾਰ ਔਰਤਾਂ ਹਨ ਪਰ ਪੋਜੈਸਿਵ ਹੋਣ ਦੇ ਅਮਲੇ ਵਿਚ ਤਾਂ ਉਹ ਅੰਮ੍ਰਿਤਾ ਪ੍ਰੀਤਮ ਦੀਆਂ ਸਕੀਆਂ ਭੈਣਾਂ ਹੀ ਹਨ-ਸਗੋਂ ਉਸ ਨਾਲੋਂ ਵੀ ਵਾਧੂ ਹਨ।ਤਾਂ ਫੇਰ...
ਸਤੀ ਕੁਮਾਰ ਆਪਦੀ ਇੰਟਰਵਿਊ ਵਿਚ ਇਸ ਨੁਕਤੇ ‘ਤੇ ਅੰਮ੍ਰਿਤਾ ਨੂੰ ਇਨਸਾਫ਼ ਦੇ ਸਕਣ ਦੇ ਅਮਲੇ ਵਿਚ ਨਿਸਚੇ ਹੀ ਮਾਰ ਖਾਂਦਾ ਹੈ। ਪ੍ਰੰਤੂ ਇਥੇ ਵੀ ਇਮਰੋਜ਼ ਦੇ ਇਵਾਂਕਾ ਲਈ ਅਮਰੂਦ ਲੈ ਕੇ ਆਉਣ ਦੀ ਕਹਾਣੀ ਸੁਣਾਉਂਦਿਆਂ ਉਸ ਭਲੇ ਇਨਸਾਨ ਦੀ ਬੇਬਸੀ ਦਾ ਜ਼ਿਕਰ ਬੇਹੱਦ ਸਤਿਕਾਰ ਨਾਲ ਇਹ ਆਖ ਕੇ ਕਰਦਾ ਹੈ:
‘ਇਮਰੋਜ਼ ਇਵਾਂਕਾ ਦੀ ਖਾਤਰਦਾਰੀ ਸੁੱਚੇ ਦਿਲੋਂ ਕਰ ਰਿਹਾ ਸੀ। ਉਸ ਦਰਵੇਸ਼ ‘ਤੇ ਮੈਨੂੰ ਕੋਈ ਸ਼ੱਕ ਨਹੀਂ। ਅੰਮ੍ਰਿਤਾ ਨੂੰ ਪਸੰਦ ਨਾ ਹੋਣ ਕਾਰਨ, ਉਨ੍ਹਾਂ ਅਮਰੂਦਾਂ ਨੇ ਇਮਰੋਜ਼ ਨੂੰ ਵੀ ਜ਼ਰੂਰ ਮੁਸ਼ਕਿਲ ਵਿੱਚ ਪਾ ਦਿੱਤਾ ਹੋਵੇਗਾ।‘
ਸਤੀ ਕੁਮਾਰ ਦੀਆਂ ਇਹ ਸਤਰਾਂ ਪੜ੍ਹਦਿਆਂ ਕਿ ਇਹ ਐਨ ਉਵੇਂ ਹੀ ਸਨ ਜਿਵੇਂ ਸਾਲ 1976 ਵਿਚ ਅੰਮ੍ਰਿਤਾ ਦੇ ਰਵਈਏ ਤੋਂ ਤਾਂ ਮੈਂ ਖੁਦ ਖਾਹ-ਮਖਾਹ ਹੀ ਬੇਇੱਜ਼ਤ ਮਹਿਸੂਸ ਕੀਤਾ ਸੀ ਪਰ ਇਮਰੋਜ਼ ਦਾ ਜੈਸਚਰ ਮੈਨੂੰ ਬਹੁਤ ਹੀ ਚੰਗਾ ਲਗਿਆ ਸੀ। ਪ੍ਰੰਤੂ ਅੰਨਾ ਕਾਰੇਨਿਨਾ, ਸੁਸਲੋਵਾ, ਆਖਮਾਤੋਵਾ, ਅੰਮ੍ਰਿਤਾ ਪ੍ਰੀਤਮ ਜਾਂ ਅੰਮ੍ਰਿਤਾ ਸ਼ੇਰਗਿਲ ਵਰਗੀਆਂ ਹਸਤੀਆਂ ਦੇ ਸ਼ਖ਼ਸੀ ਹੁਸਨ ਜਾਂ ਖਾਮੀਆਂ ਨੂੰ ਹੁਣ ਅਸੀਂ ਇਸ ਕਿਸਮ ਦੇ ਗਜਾਂ ਨਾਲ ਮਾਪਾਂਗੇ। ਇਹ ਕੱਚੀਆਂ ਗੱਲਾਂ ਹਨ - ਠੀਕ ਨਹੀਂ ਹਨ।
ਸਤੀ ਕੁਮਾਰ ਪਾਂਧੇ ਦਾ ਪੁੱਤਰ ਹੈ ਤਾਂ ਦੱਸੋ ਇਹ ਕਿਸ ਕਿਸਮ ਦਾ ਮੇਹਣਾ ਹੈ। ਕਾ. ਸਟਾਲਿਨ ਭਲਾਂ ਕੀਹਦਾ ਪੁੱਤਰ ਸੀ ਜਾਂ ਮਾਰਲਿਨ ਮਨਰੋ ਕਿਸਦੀ ਧੀ ਸੀ - ਇਹ ਕਿਹੜੀਆਂ ਗੱਲਾਂ ਹਨ!
ਅੰਮ੍ਰਿਤਾ ਅਤੇ ਮੋਹਨ ਸਿੰਘ ਦੇ ਮਨੋਕਲਪਿਤ ਇਸ਼ਕ ਦਾ ਸੰਕੇਤ ਖਾਹ ਮਖਾਹ ਸਤੀ ਕੁਮਾਰ ਵੀ ਦੇ ਗਿਆ ਹੈ, ਅਖੇ ‘ਮੂਰਤਾਂ‘ ਵਿਚ ਮੋਹਨ ਸਿੰਘ ਦੇ ਲਾਹੌਰ ਦੇ ਦਿਨਾਂ ਦੇ ਮਿੱਤਰ ਪ੍ਰੀਤਮ ਸਿੰਘ ਨੂੰ ਸਪੱਸ਼ਟ ਕਰਨਾ ਚਾਹੀਦਾ ਸੀ। ਪਰ ਪ੍ਰੋਫੈਸਰ ਸਾਹਿਬ ਨੇ ਸਪੱਸ਼ਟ ਸਵਾਹ ਕਰਨਾ ਸੀ ਜਦੋਂ ਵਿੱਚੋਂ ਗੱਲ ਕਦੀ ਕੋਈ ਹੈ ਹੀ ਨਹੀਂ ਸੀ। ਖੁਦ ਇਹ ਵਾਕ ਲਿਖਣ ਤੋਂ ਪਹਿਲਾਂ ਅੱਜ ਸਵੇਰੇ ਹੀ ਪਟਿਆਲੇ ਆਪਣੇ ਦਿਗ਼ੰਬਰ ਦੋਸਤ ਮੇਵਾ ਸਿੰਘ ਤੁੰਗ ਕੋਲੋਂ ਨਵੇਂ ਸਿਰਿਓਂ ਇਸ ਦੰਤ-ਕਥਾ ਦੇ ਸੋਮਿਆਂ ਬਾਰੇ ਦਰਿਆਫ਼ਤ ਕਰਨ ਦੀ ਕੋਸ਼ਿਸ਼ ਕੀਤੀ। ਤੁੰਗ ਸਾਹਿਬ 70ਵਿਆਂ ਦੌਰਾਨ ਪ੍ਰੋ. ਮੋਹਨ ਸਿੰਘ ਅਤੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਹੋਰਾਂ ਨਾਲ ਖਾਲਸਾ ਕਾਲਜ ਪਟਿਆਲਾ ਇਕੱਠੇ ਪੜ੍ਹਾਉਂਦੇ ਰਹੇ ਸਨ। ਉਹ ਖੁਦ ਤਾਂ ਕਦੀ ਵੀ ਦਾਰੂ ਦੇ ਜਿਆਦਾ ਸ਼ੌਕੀਨ ਨਹੀਂ ਰਹੇ ਪ੍ਰੰਤੂ ਪ੍ਰੋ. ਮੋਹਨ ਸਿੰਘ ਦੀ ਅਜਿਹੀ ਸੇਵਾ ਕਰਨ ਦਾ ਉਨ੍ਹਾਂ ਨੂੰ ਸੁਭਾਗ ਪ੍ਰਾਪਤ ਹੁੰਦਾ ਰਿਹਾ ਸੀ। ਪਿਛਲੀ ਅੱਧੀ ਸਦੀ ਤੋਂ ਕਰੰਪ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋਣ ਕਾਰਨ - ਉਨ੍ਹਾਂ ਦਾ ਘਰ ਜਾਂ ਸ਼ਹਿਰ ਤੋਂ ਬਾਹਰ ਜਾਣ ਆਉਣ ਨਾਮਾਤਰ ਹੀ ਰਿਹਾ ਹੈ। ਪ੍ਰੰਤੂ ਅਜ਼ਾਦੀ ਤੋਂ ਬਾਅਦ ਦੇ ਪੰਜਾਬ ਦੇ ਸਾਹਿਤ ਅਤੇ ਰਾਜਨੀਤੀ ਦੇ ਹਰ ਪਹਿਲੂ ਦਾ ਉਨ੍ਹਾਂ ਨੂੰ ਜੇ ਜਿਉਂਦਾ ਜਾਗਦਾ, ਚਲਦਾ ਫਿਰਦਾ ਮਹਾਂ ਕੋਸ਼ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਅੱਜ ਫੋਨ ਮਿਲਾਉਂਦੇ ਸਾਰ ਜਦੋਂ ਮੈਂ ਸਿੱਧਾ ਹੀ ਅੰਮ੍ਰਿਤਾ-ਮੋਹਨ ਸਿੰਘ ਅਤੇ ਨਾਲ ਹੀ ਪ੍ਰੀਤਮ ਸਿੰਘ ਦੀਆਂ ‘ਮੂਰਤਾਂ‘ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਵਿਚਾਲਿਓਂ ਹੀ ਟੋਕ ਕੇ ਇਸ ਕਿਸਮ ਦੀ ਗੱਪਬਾਜੀ ਨੂੰ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਭ ਤੋਂ ਵੱਧ ਗੰਦੀਆਂ ਗਾਲ੍ਹਾਂ ਤਾਂ ਸੁਰਜੀਤ ਸਿੰਘ ਸੇਠੀ ਨੂੰ ਉਨ੍ਹਾਂ ਜ਼ਮਾਨਿਆਂ ਵਿਚ ‘ਅੰਮ੍ਰਿਤਾ ਦੇ ਨਾਂ ਖੁੱਲ੍ਹੀ ਚਿੱਠੀ‘ ਲਿਖਣ ਅਤੇ ਡਾ. ਜਸਬੀਰ ਸਿੰਘ ਆਹਲੂਵਾਲੀਆ ਨੂੰ ਉਸਨੂੰ ‘ਪੰਜ ਦਰਿਆ‘ ਵਿਚ ਛਾਪਣ ਲਈ ਕਢੀਆਂ। ਫਿਰ ਉਸੇ ਤਰ੍ਹਾਂ ਬੁਰਾ ਭਲਾ ਉਨ੍ਹਾਂ ਨੇ ਡਾ. ਸਾਧੂ ਸਿੰਘ ਹਮਦਰਦ ਨੂੰ ਅੰਮ੍ਰਿਤਾ ਦੀ ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ‘ਨੌਂ ਸੁਪਨੇ‘ ਸਿਰਲੇਖ ਹੇਠਲੀ ਨਜ਼ਮ ਵਿਰੁੱਧ ਆਪਦੀ ਅਖ਼ਬਾਰ ‘ਰੋਜ਼ਾਨਾ ਅਜੀਤ‘ ਵਿਚ ਭੰਡੀ ਪ੍ਰਚਾਰ ਦੀ ਬੇਕਿਰਕ ਮੁਹਿੰਮ ਸ਼ੁਰੂ ਕਰੀ ਰੱਖਣ ਲਈ ਆਖਣਾ ਸ਼ੁਰੂ ਕਰ ਦਿਤਾ। ਉਹ ਖੁਦ ‘ਸ਼ਰਮਸਾਰ‘ ਸਨ ਕਿ ਉਸ ਸਮੇਂ ਪੰਜਾਬ ਦੇ ਕਿਸੇ ਵੀ ਦਾਨਸ਼ਵਰ ਸੱਜਣ ਨੇ ਕਾਲਮ ਨਵੀਸ ਨੂੰ ਅਜਿਹਾ ਕਰਨ ਤੋਂ ਵਰਜਿਆ ਕਿਉਂ ਨਾ।
ਤੁੰਗ ਸਾਹਿਬ ਦਾ ਕਹਿਣਾ ਸੀ ਕਿ ਪ੍ਰੋ. ਮੋਹਨ ਸਿੰਘ, ਇਸ ਵਿਚ ਕੋਈ ਸ਼ੱਕ ਹੀ ਨਹੀਂ ਕਿ ਆਪਣੇ ਸਮੇਂ ਦਾ ਸ਼ਾਇਰੇ ਆਜ਼ਮ ਸੀ। ਪੰਜਾਬੀ ਕਵਿਤਾ ਨੂੰ ਉਨ ਭਾਈ ਵੀਰ ਸਿੰਘ ਅਤੇ ਪ੍ਰੋ. ਪੂਰਨ ਸਿੰਘ ਦੇ ਮੁਹਾਵਰੇ ਤੋਂ ਮੁਕਤ ਕਰਵਾਇਆ ਅਤੇ ਬਹੁਤ ਅੱਗੇ ਲੈ ਕੇ ਗਿਆ। ਅੰਮ੍ਰਿਤਾ ਪ੍ਰੀਤਮ ਨਾਲੋਂ ਉਹ ਉਮਰ ਵਿਚ ਘੱਟੋ ਘੱਟ 10 ਵਰ੍ਹੇ ਵੱਡਾ ਸੀ ਅਤੇ ਅੰਮ੍ਰਿਤਾ ਨੇ ਜਦੋਂ ਲਿਖਣਾ ਸ਼ੁਰੂ ਕੀਤਾ ਉਹ ਪਹਿਲਾਂ ਹੀ ਸਥਾਪਤ ਸ਼ਾਇਰ ਸੀ। ਅੰਮ੍ਰਿਤਾ ਪ੍ਰੀਤਮ ਦੀ ਸ਼ਖ਼ਸੀਅਤ ਦੇ ਆਭਾ ਮੰਡਲ ਤੋਂ ਉਸਦੇ ਬਹੁਤੇ ਸਮਕਾਲੀ ਫ਼ਿਦਾ ਸਨ। ਉਸਦੀ ਨੇੜਤਾ ਦੀ ਚਾਹਤ ਉਹ ਵੀ ਕਰਨ ਲੱਗ ਪਿਆ ਅਤੇ ਸਾਰੀ ਉਮਰ ਹੀ ਕਰਦਾ ਰਿਹਾ। ਉਨ੍ਹਾਂ ਦੇ ਦੱਸਣ ਅਨੁਸਾਰ ਇਹ ਵੀ ਬਿਲਕੁਲ ਸਹੀ ਹੈ ਕਿ
‘ਨੀ ਅੱਜ ਕੋਈ ਆਇਆ ਸਾਡੇ ਵਿਹੜੇ‘
ਵਾਲਾ ਮਸ਼ਹੂਰ ਗੀਤ ਉਨ ਅੰਮ੍ਰਿਤਾ ਦੀ ਉਸਦੇ ਘਰੇ ਆਮਦ ‘ਤੇ ਹੀ ਲਿਖਿਆ ਸੀ। ਉਨ੍ਹਾਂ ਨੇ 4-5 ਹੋਰ ਉਸਦੇ ਗੀਤ ਪੂਰੇ ਹੀ ਸੁਣਾ ਦਿਤੇ ਜਿਹੜੇ ਮੋਹਨ ਸਿੰਘ ਨੇ ਅੰਮ੍ਰਿਤਾ ਦੇ ਨਾਂ ਲਿਖੇ ਸਨ। ਪ੍ਰੰਤੂ ਨਾਲ ਹੀ ਨਿੱਜੀ ਤਜ਼ਰਬੇ ਦੀਆਂ ਕਈ ਮਿਸਾਲਾਂ ਦੇ ਕੇ ਉਨ੍ਹਾਂ ਦਸਿਆ ਕਿ ਮੋਹਨ ਸਿੰਘ ਮਲੰਗ ਆਦਮੀ ਸੀ - ਅੰਮ੍ਰਿਤਾ ਦਾ ਉਸ ਵਲੇ ਉਕਾ ਹੀ ਕੋਈ ਝੁਕਾ ਨਹੀਂ ਸੀ। ‘ਹੁਣ‘ ਵਾਲੀ ਇੰਟਰਵਿਊ ਵਿਚ ‘ਮੂਰਤਾਂ‘ ਦੇ ਹਵਾਲੇ ਨਾਲ ਹੀ ਅੰਮ੍ਰਿਤਾ ਦੇ ਇਨ੍ਹਾਂ ਦਿਨਾਂ ਦੇ ਆਭਾ ਮੰਡਲ ਦਾ ਜ਼ਿਕਰ ਸਤੀ ਕੁਮਾਰ ਵੇਖੋ ਇੰਝ ਕਰਦਾ ਹੈ:
ਪ੍ਰੋ. ਮੋਹਨ ਸਿੰਘ ਦੇ ਇਸ ਝੱਲ ਜਾਂ ਇਸ਼ਕ ਨੂੰ ਪ੍ਰੀਤਮ ਸਿੰਘ ਨੇ ‘ਮੂਰਤਾਂ‘ ਵਿਚਲੇ ਆਪਣੇ ਰੇਖਾ ਚਿਤਰ ਵਿੱਚ ਇਸ ਤਰ੍ਹਾਂ ਦਸਿਆ ਹੋਇਆ ਹੈ ਕਿ “ਲਾਹੌਰ ਨਿਸਬਤ ਰੋਡ ‘ਤੇ ਚਾਹ ਪੀਂਦਿਆਂ ਇਕ ਵਾਰ ਅੰਮ੍ਰਿਤਾ ਦੀ ਉਂਗਲੀ ਮੋਹਨ ਸਿੰਘ ਦੀ ਚੀਚੀ ਨੂੰ ਛੂਹ ਗਈ ਸੀ। ਉਸਨੇ ਕਵਿਤਾ ਲਿਖ ਮਾਰੀ। ਇਸਦਾ ਸੀਰਸ਼ਕ ਸੀ ‘ਉਂਗਲੀ ਕੋਈ ਰੰਗੀਨ‘ ਅਖੇ ਇਸ ਚੀਚੀ ਦਾ ਖੁਮਾਰ ਕੋਈ ਲਾਹ ਸਕਦੈ - ਜਿਸ ਨੂੰ ਮਰਮਰੀ ਪੋਟਿਆਂ ਦੀ ਛੂਹ ਨੇ ਅਮਰ ਬਣਾ ਦਿਤੈ।”
ਤੁੰਗ ਸਾਹਿਬ ਦੀ ਵੀ ਇਹੋ ਸ਼ਹਾਦਤ ਸੀ ਕਿ ਇਸ ਤਰ੍ਹਾਂ ਦੀਆਂ ਫਨੀ ਗੱਲਾ ਪ੍ਰੋ. ਮੋਹਨ ਸਿੰਘ ਹੋਰੀਂ ਅਕਸਰ ਕਰਦੇ ਰਹਿੰਦੇ ਹੁੰਦੇ ਸਨ। ਅਸਲ ਵਿਚ ਅੰਮ੍ਰਿਤਾ ਦੀ ਸ਼ਖ਼ਸੀਅਤ ਮੂਲੋਂ ਹੀ ਅਲੱਗ ਕਿਸਮ ਦੀ ਸੀ। ਪ੍ਰੋ. ਮੋਹਨ ਸਿੰਘ ਨਾਲ ਉਸਨੇ ਇਸ਼ਕ ਕੀ ਕਰਨਾ ਸੀ ਅਤੇ ਉਸਨੂੰ ਆਪਣੇ ਪੱਟਾਂ ‘ਤੇ ਸਿਰ ਰੱਖ ਕੇ ਰੋਣ ਕੀ ਦੇਣਾ ਸੀ। ਬਲਕਿ ਇਸ ਤਰ੍ਹਾਂ ਕਹਿਣਾ ਤਾਂ ਸਿੱਧੀ ਹੀ ਕਿਰਦਾਰਕੁਸ਼ੀ ਹੈ!
ਮੇਵਾ ਸਿੰਘ ਤੁੰਗ ਹੋਰਾਂ ਨੇ ‘ਇਹੁ ਜਨਮੁ ਤੁਮਹਾਰੇ ਲੇਖੇ‘ ਤਾਂ ਨਹੀਂ ਸੀ ਪੜ੍ਹਿਆ ਹੋਇਆ - ਪ੍ਰੰਤੂ ‘ਅੰਮ੍ਰਿਤਾ ਦੀਆਂ ਤਿੰਨ ਮੌਤਾਂ‘ ਵਾਲੇ ਲੇਖ ਦੀਆਂ ਸਾਰੀਆਂ ਗੱਲਾਂ ਦਾ ਉਨ੍ਹਾਂ ਨੂੰ ਪਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭੁੱਲਰ ਅੰਮ੍ਰਿਤਾ ਦੀਆਂ ਮਜਲਿਸਾਂ ਵਿਚ ਕਈ ਵਰ੍ਹੇ ਜਾਂਦਾ ਰਿਹਾ ਸੀ- ਉਸਨੂੰ ਇਸ ਤਰ੍ਹਾਂ ਦਾ ਲੇਖ ਨਹੀਂ ਲਿਖਣਾ ਚਾਹੀਦਾ ਸੀ। ਨਾਲੇ ਇਹ ਕੰਮ ਤਾਂ ਉਸਨੇ ਕਈ ਵਰ੍ਹੇ ਪਹਿਲਾਂ ਅੰਮ੍ਰਿਤਾ, ਡਾ. ਹਰਿਭਜਨ ਸਿੰਘ ਅਤੇ ਸਤੀ ਕੁਮਾਰ ਦਾ ਮਖੌਲ ਉਡਾਉਣ ਲਈ ‘ਸ਼ਬਦ ਸ਼ੋਭਾ‘ ਨਾਂ ਦੀ ਕਹਾਣੀ ਲਿਖ ਕੇ ਕਰ ਦਿੱਤਾ ਹੋਇਆ ਸੀ। ਉਹ ਦਸ ਰਹੇ ਸਨ ਕਿ ਇਸੇ ਕਹਾਣੀ ਦਾ ਨਾਂ ‘ਕਸਵੱਟੀ‘ ਰਖ ਕੇ ਭੁੱਲਰ ਨੇ ਕਿਧਰੇ ਹੋਰ ਵੀ ਛਪਵਾਈ ਸੀ ਅਤੇ ਪਹਿਲਾਂ ‘ਪ੍ਰੀਤ ਲੜੀ‘ ਵਾਲਿਆਂ ਨੇ ਉਸਨੂੰ ਛਾਪਿਆ ਵੀ ਜਾਣ ਬੁੱਝ ਕੇ ਅੰਮ੍ਰਿਤਾ ਨੂੰ ਤੰਗ ਕਰਨ ਲਈ ਸੀ।
ਪ੍ਰੋ. ਮੇਵਾ ਸਿੰਘ ਤੁੰਗ ਦੇ ਦੱਸਣ ਅਨੁਸਾਰ ਅੰਮ੍ਰਿਤਾ ਦੇ ਸਮਕਾਲੀਆਂ ਦੀ ਢਾਣੀ ਵਿਚੋਂ ਉਸਦਾ ਸਭ ਤੋਂ ਵੱਧ ਅਸਲ ਨੁਕਸਾਨ ਕਰਤਾਰ ਸਿੰਘ ਦੁੱਗਲ ਨੇ ‘ਆਰਸੀ‘ ਵਿਚ ਅੰਮ੍ਰਿਤਾ ਦੀ ਗੋਦ ਲਈ ਧੀ ਕੰਦਲਾ - ਜਿਸ ਬਾਰੇ ਅੰਮ੍ਰਿਤਾ ਨੇ ਕੁਝ ਮਜ਼ਬੂਰੀਆਂ ਕਰਕੇ ਉਹਲਾ ਰਖਿਆ ਸੀ - ਬਾਰੇ ‘ਹਕੀਕਤ ਉਜਾਗਰ‘ ਕਰਕੇ ਕੀਤਾ। (ਅਖੇ) ਵੇਖੋ ਭਾਪੇ ਨੇ ਅੰਮ੍ਰਿਤਾ ਨੂੰ ‘ਆਰਸੀ‘ ਦੀ ਸਹਿ ਸੰਪਾਦਕ ਬਣਾਇਆ ਹੋਇਐ ਬਲਕਿ ਆਰਸੀ ਨੂੰ ਚਲਾਇਆ ਅੰਮ੍ਰਿਤਾ ਨੇ ਸੀ ਅਤੇ ਜਦੋਂ ਉਸਨੇ ਦੁੱਗਲ ਵਾਲੇ ਲੇਖ ਤੇ ਇਤਰਾਜ਼ ਕੀਤਾ ਤਾਂ ਭਾਪਾ ਉਸਨੂੰ ਹਰ ਹਾਲਤ ਵਿਚ ਛਪਵਾਉਣ ਲਈ ਅੜ ਗਿਆ ਅਤੇ ਅੰਮ੍ਰਿਤਾ ਨੂੰ ਮਜਬੂਰੀਵਸ ਉਸੇ ਵਕਤ ‘ਆਰਸੀ‘ ਨੂੰ ਛੱਡ ਕੇ ਘਰ ਆਉਣਾ ਪਿਆ।
ਕੰਦਲਾ ਦੇ ਸਹੁਰੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਅਜਿਹਾ ਵਾਵੇਲਾ ਖੜਾ ਕੀਤਾ ਕਿ ਕੰਦਲਾ ਨੂੰ ਇਕ ਵਾਰ ਤਾਂ ਬਰਬਾਦ ਹੀ ਕਰ ਦਿੱਤਾ। ਇਸੇ ਪ੍ਰਥਾਏ ਦੁੱਗਲ ਸਾਹਿਬ ਦੇ ਮਨ ਵਿਚ ਅੰਮ੍ਰਿਤਾ ਪ੍ਰਤੀ ਈਰਖਾ ਦੀ ਇੰਤਹਾ ਜਰਾ ਦੇਖੋ:
ਪੰਜਾਬੀ ਯੁਨੀਵਰਸਿਟੀ ਪਟਿਆਲਾ ਵਲੋਂ ‘ਮੇਰੀ ਸਾਹਿਤਕ ਜੀਵਨੀ‘ ਸਿਰਲੇਖ ਛਾਪੇ ਗ੍ਰੰਥ ਦੇ ਪੰਨਾ 88-89 ਉਪਰ ਆਪਣੇ ਇਨਾਮਾਂ-ਸਨਮਾਨਾਂ ਦੇ ਪੂਰੇ ਵੇਰਵੇ ਗਿਨਾਉਣ ਤੋਂ ਬਾਅਦ ਉਹ ਦਸਦੇ ਹਨ:
“ਪਿਛੇ ਜਿਹੇ ਜਦੋਂ ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ, ਮੇਰੇ ਇਕ ਪ੍ਰਸ਼ੰਸਕ ਨੇ ਮੈਨੂੰ ਲਿਖਿਆ - “ਗਿਆਨਪੀਠ ਐਵਾਰਡ ਸੜਕ ਤਾਂ ਠੀਕ ਪੈ ਗਿਆ ਪਰ ਜਿਹੜੀ ਗਲੀ ਪਹਿਲੇ ਆਈ ਉਸੇ ਵਿਚ ਹੀ ਵੜ ਗਿਆ।” (ਅਖੇ) ਇਸ ਤਰ੍ਹਾਂ ਦੇ ਪ੍ਰਸ਼ੰਸਕਾਂ ਦਾ ਕਿਸ ਲੇਖਕ ਨੂੰ ਮਾਣ ਨਹੀਂ ਹੁੰਦਾ।”
ਸੋ ਨਾਵਲ ਦੇ ਪੰਨਾ 367 ਤੇ ਹਿਤੈਸ਼ੀ ਜੀ ਭਗਵੰਤ ਨੂੰ ਜਗਦੀਪ ਬਾਰੇ ਦਸਦਿਆਂ ਜਦੋਂ ਇਹ ਕਹਿੰਦੇ ਹਨ ਕਿ “ਇਹ ਤਾਂ ਸ਼ੁਕਰ ਕਰੋ, ਨਵਰੰਗ ਤਕ ਪਹੁੰਚ ਕੇ ਟਿਕ ਗਈ...ਜੇ ਉਸੇ ਰਾਤ ਚਲਦੀ ਰਹਿੰਦੀ...“ ਕਥਨ ਦਾ ਅਰਥ ਕੀ ਹੈ ਇਸ ਦੀਆਂ ਤੰਦਾਂ ਅੰਮ੍ਰਿਤਾ ਦੀ ਸ਼ਖ਼ਸੀਅਤ ਜੁੜੀਆਂ ਕਲਪਿਤ ਕਥਾਵਾਂ ਨਾਲ ਕਿੰਨੀਆਂ ਨੇੜਿਓਂ ਜੁੜੀਆਂ ਹੋਈਆਂ ਹਨ।
‘ਹੁਣ‘ ਦੇ ਅੰਕ 28 ਦੇ ਪੰਨਾ 183 ਉਪਰ ਅਮੀਆ ਕੁੰਵਰ ਦੇ ‘ਮੋਹਣਜੀਤ ਦੀਆਂ ਅੰਮ੍ਰਿਤਾ ਬਾਰੇ ਗੱਲਾਂ‘ ਵਾਲੇ ਲੇਖ ਵਿਚ ਪੰਨਾ 183 ਉਪਰ ਉਸਨੇ ਕਰਤਾਰ ਸਿੰਘ ਦੁੱਗਲ ਦਾ ਉਹ ਸ਼ਰਮਨਾਕ ਵਾਕ ਪੂਰੇ ਦਾ ਪੂਰੇ ਦਾ ਪੂਰਾ ਹੀ ਅੰਕਿਤ ਕੀਤਾ ਹੋਇਆ ਹੈ ਜੋ ਪਾਠਕਾਂ ਲਈ ਹੂ-ਬਹੂ ਹਾਜ਼ਰ ਹੈ:
ਬਸੂਰਤ ਤੇ
“ਜਦੋਂ ਵਿਆਹ ਤੋਂ ਮਗਰੋਂ ਬੜੇ ਵਰ੍ਹਿਆਂ ਤੀਕ ਅੰਮ੍ਰਿਤਾ ਦੀ ਕੁੱਖ ਹਰੀ ਨਹੀਂ ਹੋਈ ਤਾਂ ਉਸਨੇ ਇੱਕ ਨਿਖਸਮੀ ਔਲਾਦ ਮੁਤਬੰਨੀ ਕਰ ਲਈ।”
ਇਸੇ ਤਰ੍ਹਾਂ ਗੁਰਬਚਨ ਸਿੰਘ ਭੁੱਲਰ ਹੋਰੀਂ ‘ਤਿੰਨ ਮੌਤਾਂ‘ ਵਾਲੇ ਆਪਣੇ ਲੇਖ ਵਿੱਚ ‘ਸ਼ਬਦ ਸੋਭਾ‘ ਨਾਂ ਦੀ ਆਪਦੀ ‘ਨੰਗ‘ ਕਹਾਣੀ ਛਪਣ ‘ਤੇ ਅੰਮ੍ਰਿਤਾ ਦੀ ਨਰਾਜ਼ਗੀ ਨੂੰ ਉਸਦੇ ਖਾਹ-ਮਖਾਹ ਦੇ ਜਜ਼ਬਾਤੀ ਸੁਭਾਅ ਦਾ ਨਤੀਜਾ ਵੇਖੋ ਜ਼ਰਾ ਕਿੰਝ ਦੱਸਦੇ ਹਨ:
“ਅੰਮ੍ਰਿਤਾ ਦੇ ਸਿਰੇ ਦੇ ਜਜ਼ਬਾਤੀ ਸੁਭਾਅ ਦਾ ਇੱਕ ਨਤੀਜਾ ਇਹ ਵੀ ਹੋਇਆ ਕਿ ਉਹ ਇੱਧਰ ਜਾਂ ਉੱਧਰ ਵਿੱਚ ਯਕੀਨ ਕਰਨ ਲੱਗੀ।...ਇੱਕ ਘਟਨਾ ਵਾਪਰੀ ਜਿਸ ਦੇ ਪਾਤਰ ਪ੍ਰਦੇਸੋਂ ਛੁੱਟੀ ਆਇਆ ਸਤੀ ਕੁਮਾਰ, ਅੰਮ੍ਰਿਤਾ ਅਤੇ ਡਾ.ਹਰਭਜਨ ਸਿੰਘ ਸਨ।(ਅਖੇ) ਉਹ ਬਣੀ ਬਣਾਈ ਕਹਾਣੀ ਸੀ।‘ਕਸਵੱਟੀ‘ ਨਾਂ ਨਾਲ ਲਿਖ ਕੇ ਮੈਂ ਪ੍ਰੀਤਲੜੀ ਨੂੰ ਭੇਜ ਦਿੱਤੀ ।ਛਪੀ ਤਾਂ ਅੰਮ੍ਰਿਤਾ ਨੇ ਵੀ ਪੜ੍ਹੀ, ਹੋ ਗਿਆ ਝੰਜਟ! ਉਹਨੇ ਇਮਰੋਜ਼ ਤੋਂ ਰੋਸ ਦੀ ਚਿੱਠੀ ਲਿਖਵਾਈ ਤਾਂ ਗੁਰਬਖਸ਼ ਸਿੰਘ ਨੇ ਕਿਹਾ ਇਹ ਕਹਾਣੀ ਅੰਮ੍ਰਿਤਾ ਬਾਰੇ ਨਹੀਂ,ਜਦੋਂ ਮੈਨੂੰ ਇਸ ਵਿੱਚੋਂ ਅੰਮ੍ਰਿਤਾ ਨਹੀਂ ਦਿੱਸੀ, ਪਾਠਕਾਂ ਨੂੰ ਕਿੱਥੋਂ ਦਿਸ ਜਾਵੇਗੀ? ਫਿਰ ਉਹ ਨਰਮ ਨਾ ਪਈ।...ਸਾਹਮਣੇ ਹੋ ਕੇ ਖਰੀ ਖੋਟੀ ਸੁਣਨ ਦੀ ਮੇਰੇ ਲਈ ਠੀਕ ਰਾਹ ਇਹੋ ਸੀ ਕਿ ਮੈਂ ਚੁੱਪ ਰਹਿੰਦਾ ਅਤੇ ‘ਨਾਗਮਣੀ ਸ਼ਾਮ‘ ਵਿੱਚ ਜਾਣਾ ਛੱਡ ਦਿੰਦਾ।”
ਨਾਂ ਥਾਂ ਬਦਲੇ ਹੋਣ ਕਰਕੇ ਮੈਨੂੰ ਭੈਅ ਸੀ ਕਿ ਕਹਾਣੀ ਉਹਦੇ ਨਾਂ ਨਾਲ ਨਹੀਂ ਜੁੜੇਗੀ ਤੇ ਉਹ ਬੁਰਾ ਵੀ ਨਹੀਂ ਮਨਾਵੇਗੀ।
ਅੱਗੋਂ ਹੋਰ ਕਹਿਰ ਅਤੇ ਇੰਨ੍ਹਾਂ ਦਾਨਸ਼ਵਰਾਂ ਦੇ ਸੋਹਜ ਦਾ ਜ਼ਰਾ ਮਿਆਰ ਵੀ ਵੇਖੋ ।ਬਾਬੇ ਉਸੇ ਲੇਖ ਵਿੱਚ ਦੱਸ ਰਹੇ ਹਨ:
“ਹੌਲੀ ਹੌਲੀ ਮੇਰੇ ਨਾਲ ਉਹਦੇ ਗੁੱਸੇ ਦਾ ਪਤਾ ਸਭ ਨੂੰ ਲੱਗ ਗਿਆ। ਇੱਕ ਦਿਨ ਮੈਂ ‘ਨਵਯੁੱਗ‘ ਗਿਆ ਤਾਂ ਸਤਿਆਰਥੀ ਜੀ ਪਹਿਲਾਂ ਹੀ ਬੈਠੇ ਸਨ।ਭਾਪਾ ਜੀ ਕਈ ਵਾਰ ਮਖੌਲ਼ ਵਿੱਚ ਜਾਣੂੰਆਂ ਦੀ ਜਾਣ-ਪਛਾਣ ਕਰਵਾਉਣ ਲੱਗਦੇ।ਬੋਲੇ, ਸਤਿਆਰਥੀ ਜੀ ਤੁਹਾਡੇ ਪਿੰਡਾਂ ਦਾ ਮੁੰਡਾ ਮਿਲਾਵਾਂ।” ਉਹ ਹੱਸੇ, ਲਉ ਜੀ, ਇਹ ਤਾਂ ਹੋਏ ਮੇਰੇ ਪੌੜੀ ਸਾਂਢੂ, ਮੈਂ ਉਨ੍ਹਾਂ ਤੋਂ ਅਣਜਾਣ ਕਿਵੇਂ ਕਹਿ ਸਕਦਾ ਹਾਂ!” ਮੈਂ ਹੈਰਾਨ ਹੋ ਕੇ ਕਿਹਾ, ਸਤਿਆਰਥੀ ਜੀ, ਮੈਂ ਤੁਹਾਡਾ ਬੱਚਾ, ਇਹ ਸਾਂਢੂਪੁਣੇ ਦਾ ਪਾਪ ਮੇਰੇ ਸਿਰ ‘ਤੇ ਨਾ ਚਾੜੋ.. ਨਾਲੇ ਆਪਾਂ ਸਾਂਢੂ ਲੱਗੇ ਕਿਧਰੋਂ? ਨਾਲ ਹੀ ਭਾਪਾ ਜੀ ਨੇ ਸਵਾਲ ਕੀਤਾ, “ਤੇ ਇਹ ਪੌੜੀਂ ਸਾਂਢੂ ਕੀ ਹੋਇਆ?” ਸਤਿਆਰਥੀ ਜੀ ਮੁੱਛਾਂ ਵਿੱਚ ਹੱਸੇ, “ਇਨ੍ਹਾਂ ਨੂੰ ਵੀ ਉਹ ਪੌੜੀਆਂ ਚੜਨੀਆਂ ਵਰਜਿਤ ਹੋ ਗਈਆਂ ਨੇ ਜੋ ਮੈਨੂੰ ਵਰਜਿਤ ਨੇ।” ਭਾਪਾ ਜੀ ਨੇ ਮੱਥੇ ਉੱਤੇ ਹੱਥ ਮਾਰਿਆ, “ਇਹਦੀ ਗਤੀ ਤਾਂ ਬੇਸ਼ੱਕ ਹੋ ਜਾਵੇ ਤੁਹਾਡੀ ਗਤੀ ਤਾਂ, ਸਤਿਆਰਥੀ ਜੀ, ਉਹ ਪੌੜੀਆਂ ਚੜ੍ਹਨ ਦੀ ਆਗਿਆਂ ਮਿਲੇ ਬਿਨਾਂ ਨਹੀਂ ਹੋਣੀ।” ਸਤਿਆਰਥੀ ਜੀ ਕਹਿੰਦੇ, “ਭਾਪਾ ਜੀ, ਤੁਸੀਂ ਕ੍ਰਿਪਾ ਨਿਧਾਨ ਹੋ, ਸਭ ਕਰਨ-ਕਰਾਵਣਹਾਰ ਹੋ, ਕਰੋ ਕੋਈ ਹੀਲਾ!” ਤੇ ਖਿੜ ਖਿੜ ਕਰਕੇ ਹੱਸ ਪਏ।
(ਅਖੇ)ਕੁਝ ਸਮਾਂ ਲੰਘਿਆ ਤਾਂ, ਭਾਪਾ ਜੀ ਦੀ ਵੀ ਦੁੱਗਲ ਸਮੇਤ ਸਤਿਆਰਥੀ ਜੀ ਦੇ ਪੌੜੀ ਸਾਂਢੂ ਬਣਨ ਦੀ ਵਾਰੀ ਆ ਗਈ।
ਉਹ ਵਾਰੀ ਕਿਤਰਾਂ ਆਈ ਅਸੀਂ ਦੱਸ ਹੀ ਚੁੱਕੇ ਹਾਂ। ਮੈਂ ਪਾਠਕਾਂ ਨੂੰ ਤੇ ਆਪਦੇ ਮਿੱਤਰਾਂ ਨੂੰ ਦੱਸਣਾ ਚਾਹਾਂਗਾ ਕਿ ‘ਸ਼ਬਦ ਸ਼ੋਭਾ‘ ਨਾਂ ਦੀ ਉਹ ਕਹਾਣੀ ਮੁੱਦਤ ਪਹਿਲਾਂ ਅਸੀਂ ਵੀ ਪੜ੍ਹੀ ਸੀ ਅਤੇ ਮੇਰੇ ਕੋਲ ਅਜੇ ਵੀ ਸੰਭਾਲੀ ਪਈ ਹੈ। ਬੇਹੱਦ ਬੈਡ ਟੇਸਟ ‘ਚ ਲਿਖੀ ਉਹ ਕਹਾਣੀ ਹੈ ਅਤੇ ਪੜ੍ਹਦੇ ਸਾਰ ਪਤਾ ਲੱਗ ਜਾਂਦਾ ਹੈ ਕਿ ਉਹ ਅੰਮ੍ਰਿਤਾ, ਡਾ. ਹਰਭਜਨ ਸਿੰਘ ਅਤੇ ਸਤੀ ਦਾ ਮਜ਼ਾਕ ਉਡਾਉਣ ਲਈ ਲਿਖੀ ਹੋਈ ਹੈ।ਹੈਰਾਨੀ ਆਉਂਦੀ ਹੈ ਅਤੇ ਨਾਲ ਹੀ ਭੁੱਲਰ ਸਾਹਿਬ ਦੇ ਭੋਲੇਪਣ ‘ਤੇ ਹਾਸਾ ਵੀ ਆੳਂਦਾ ਹੈ ਕਿ ਉਹ ਅਜੇ ਵੀ ਉਸ ‘ਅਸ਼ਲੀਲ‘ ਕਹਾਣੀ ਨੂੰ ਸ਼ੀਲ ਕਹਿਣ ‘ਤੇ ਤੁਲੇ ਹੋਏ ਹਨ... ਸਾਡੀ ਜਾਚ ਉਹ ਕਹਾਣੀ ਅਸ਼ਲੀਲ ਇਸ ਕਰਕੇ ਵੀ ਹੈ ਕਿ ਵਰ੍ਹਿਆਂ ਤੋਂ ‘ਨਾਗਮਣੀ ਸ਼ਾਮ‘ ਦਾ ਲੁਤਫ਼ ਲੈਣ ਵਾਲੇ ਇਨਸਾਨ ਨੂੰ ‘ਸ਼ਬਦ ਸ਼ੋਭਾ‘ ਲਿਖਣਾ ਕੱਤਈ ਤੌਰ ‘ਤੇ ਸ਼ੋਭਾ ਨਹੀਂ ਸੀ ਦਿੰਦਾ।ਇਹੋ ਗੱਲ ਆਪਦੀ ਗੱਲਬਾਤ ਵਿੱਚ ਬਾਬਾ ਤੁੰਗ ਆਖ ਰਿਹਾ ਸੀ।
ਹੁਣ ਪਾਠਕ ਖੁਦ ਹੀ ਵੇਖ ਲੈਣ ਕਿ ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰੋ: ਮੋਹਨ ਸਿੰਘ, ਕਰਤਾਰ ਸਿੰਘ ਦੁੱਗਲ, ਭਾਪਾ ਪ੍ਰੀਤਮ ਸਿੰਘ, ਸਾਧੂ ਸਿੰਘ ਹਮਦਰਦ, ਸੁਰਜੀਤ ਸਿੰਘ ਸੇਠੀ ਤੇ ਪਿਛੋਂ ਡਾ.ਜਸਬੀਰ ਸਿੰਘ ਆਹਲੂਵਾਲੀਆ ਸਮੇਤ ਦਵਿੰਦਰ ਸਤਿਆਰਥੀ- ਸਾਰੇ ਦੇ ਸਾਰੇ ਅੰਮ੍ਰਿਤਾ ਦੇ ਵੈਰ ਕਿੰਝ ਪਏ ਹੋਏ ਹਨ- ਤੇ ਫਿਰ ਪਿਛੋਂ ਇਸੇ ‘ਬਦਜ਼ੋਕ ਮੁਹਿੰਮ‘ ਵਿੱਚ ਡਾ. ਹਰਭਜਨ ਸਿੰਘ ਅਤੇ ਨੂਰੇ ਬਾਬੇ ਵਾਲੀ ਢਾਣੀ ਨੇ ਇੱਕ ਸਿਰੇ ਤੋਂ ਤੇ ਗੁਰਬਚਨ ‘ਭਰਾਵਾਂ‘ ਨੇ ਦੂਸਰੇ ਸਿਰੇ ਤੋਂ ਇਸ ਵਿੱਚ ਸ਼ਰੀਕ ਹੋ ਜਾਣਾ ਹੈ।
ਹੁਣ ਬੇਹਤਰ ਹੈ ਕਿ ਇੱਕ ਵਾਰ ਮੁੜ ਸਤੀ ਕੁਮਾਰ ਵਿਰੁੱਧ ‘ਮੁਕੱਦਮੇ‘ ਦੀ ਦਾਸਤਾਨ ਵੱਲ ਪਰਤਿਆ ਜਾਵੇ।
ਵੇਖੋ ਇਹ ਸੁਧੀ ਹੀ ਗੱਲ ਹੈ ਕਿ ਸਤੀ ਜੋ ਬਣਿਆ ਉਹ ਅੰਮ੍ਰਿਤਾ ਦੇ ਬਣਾਇਆ ਬਣਿਆ।ਸਾਡਾ ਪੱਕਾ ਇਤਕਾਦ ਹੈ ਕਿ ਜੋ ਉਹ ਬਣਿਆ ਉਸ ਤੋਂ ਕਿਤੇ ਵੱਧ ਬਣ ਸਕਣ ਦੇ ਉਹ ਅੰਮ੍ਰਿਤਾ ਦੇ ਸਹਿਯੋਗ/ ਸਹਾਇਤਾ ਤੋਂ ਬਿਨਾਂ ਸਹਿਜੇ ਹੀ ਸਮਰੱਥ ਸੀ।

ਉਸਨੇ ਕਈ ਖੂਬਸੂਰਤ ਗੱਲਾਂ ਉਸ ਇੰਟਰਵਿਊ ਵਿੱਚ ਕੀਤੀਆਂ ਹੋਣੀਆਂ ਪਰ ਸਾਡਾ ਇਤਕਾਦ ਹੈ ਕਿ ਸਤੀ ਨੂੰ ਨਮੋ ਕਹਿਣ ਲਈ ਉਸਦਾ ਇਵਾਂਕਾ ਨਾਲ ਇਸ਼ਕ ਅਤੇ ਜਿਸ ਇਬਾਦਤ ਅਤੇ ਦਰਦ ਨਾਲ ਉਸ ਨਾਲ ਗ਼ੁਜਾਰੇ ਹੁਸੀਨ ਦਿਨਾਂ ਅਤੇ ਪਿਛੋਂ ਉਸਦੀ ਮੌਤ ਦਾ ਜ਼ਿਕਰ ਕੀਤਾ ਹੈ- ਮਹਿਜ਼ ਉਹ ਅੰਦਾਜ਼ੇ ਬਿਆਂ ਹੀ ਕਾਫ਼ੀ ਸੀ। ਉਸ ਇਵਾਂਕਾ ਨਾਲ ਮਿਲ ਕੇ ਮਹਾਂ ਭਾਰਤ ਅਤੇ ਰਮਾਇਣ ਵਰਗੇ ਸਾਡੇ ਵਿਰਸੇ ਦੇ ਮਹਾਂ ਗ੍ਰੰਥ ਬੁਲਗਾਰੀਅਨ ਵਿੱਚ ਤਰਜ਼ਮਾਏ- ਇਹ ਕੀ ਕੋਈ ਛੋਟੀ ਗੱਲ ਹੈ।
ਉਸ ‘ਸਰਕਾਰੀ ਵਕੀਲ‘ ਉਨਵਾਨ ਹੇਠ ਇੱਕ ਬਹੁਤ ਹੀ ਸੁੰਦਰ ਬੁਲਗਾਰੀਅਨ ਨਾਟਕ ਨੂੰ ਪੰਜਾਬੀ ਵਿੱਚ ਤਰਜ਼ਮਾਇਆ ਸੀ- ਉਹ ਕਮਾਲ ਸੀ। ਹੈਰਾਨੀ ਹੈ ਕਿ ਉਸਦਾ ਜ਼ਿਕਰ ਉਹ ਆਪ ਦੀ ਇੰਟਰਵਿਊ ‘ਚ ਆਪ ਵੀ ਨਹੀਂ ਕਰਦਾ।
ਇਵਾਂਕਾ ਨਾਲ ਸਤੀ ਨੂੰ ਇੰਤਹਾ ਦਾ ਇਸ਼ਕ ਹੈ- ਪੜ੍ਹ ਕੇ ਰਸ਼ਕ ਆਉਣ ਲੱਗ ਜਾਂਦਾ ਹੈ।ਉਸਦੇ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੋਣ ਦੀ ਸੂਚਨਾ ਮਿਲਣ ‘ਤੇ ਜਿਵੇਂ ਸਤੀ ਮਹਿਸੂਸ ਕਰਦਾ ਹੈ- ਪੜ੍ਹਦਿਆਂ ਆਦਮੀ ਨੂੰ ਡੋਬੂ ਪੈ ਜਾਂਦੇ ਹਨ।... ਤੇ ਉਨ੍ਹਾਂ ਹੀ ਉਸਦੇ ਸ਼ਬਦਾਂ ਅਤੇ ਭਾਵਨਾਵਾਂ ਨੂੰ ਜਦੋਂ ‘ਫ਼ਿਲਹਾਲ‘ ਗੁਰਬਚਨ ‘ਪੋਨੀ ਟੇਲ‘ ਵਾਲੇ ਆਪਦੇ ਸਿਰੇ ਦੇ ਵਿਅੰਗਮਈ ਲੇਖ ਵਿੱਚ ਫਿੱਟ ਕਰਦਾ ਹੈ ਤਾਂ ਪੜ੍ਹਦਿਆਂ ਗਿਲਾਨੀ ਮਹਿਸੂਸ ਹੋਣ ਲੱਗਦੀ ਹੈ। ਬੰਦਾ ਆਖਰ ਬੰਦੇ ਦਾ ਪੁੱਤ ਕਦ ਬਣੇਗਾ!
2005 ਦੇ ਆਖੀਰ ਵਿੱਚ ਅਵਤਾਰ ਜੰਗਿਆਲਵੀ ਹੋਰਾਂ ਨੇ ਇਹ ਯਾਦਗਾਰੀ ਇੰਟਰਵਿਊ ਜਦੋਂ ਰਿਕਾਰਡ ਕੀਤੀ ਹੈ- ਇਵਾਂਕਾ ਦੀ ਮੌਤ ਤੋਂ ਬਾਅਦ ਸਤੀ ਖੁਦ ਵੀ ਕੈਂਸਰ ਦੀ ਨਹਿਸ਼ ਬਿਮਾਰੀ ਦੀ ਫੇਟ ਵਿੱਚ ਆ ਚੁੱਕਿਆ ਹੋਇਆ ਹੈ।ਪਰ ਉਹ ਹਰ ਸਵਾਲ ਦਾ ਜਵਾਬ ਬਹੁਤ ਹੀ ਸੰਤੁਲਤ ਅਤੇ ਤਰਾਸ਼ੇ ਹੋਏ ਅੰਦਾਜ਼ ਵਿੱਚ ਦਿੰਦਾ ਹੈ। ਸਵੈ ਤਰਸ ਦੀ ਕਿਧਰੇ ਲੇਸ ਵੀ ਨਹੀਂ ਹੈ।
ਅਵਤਾਰ ਹੋਰਾਂ ਦੇ ਸਵਾਲ ਕਿ ਦੁੱਗਲ ਕਹਿੰਦੈ ਮੋਹਨ ਸਿੰਘ ‘ਤੇ ਕਵਿਤਾ ਦੀ ਬਰਸਾਤ ਹੁੰਦੀ ਸੀ, ਬਾਰੇ ਸਤੀ ਦਾ ਜਵਾਬ ਬੇਹਦ ਖੂਬਸੂਰਤ ਹੈ।ਪਾਠਕ ਖੁਦ ਮੈਗਜ਼ੀਨ ਦੁਬਾਰਾ ਪੜ੍ਹ ਕੇ ਜ਼ਰਾ ਵੇਖਣ।
ਸਤੀ ਦੀ ਇਹ ਗੱਲ ਵੀ ਖਰੀ ਹੈ ਕਿ ਅੰਮ੍ਰਿਤਾ ਖੁਦ ਪਰੰਪਰਾ ਦੀ ਪ੍ਰਤੀਕ ਸੀ, ਪਰ ਆਪ ਦੀ ਪੀੜ੍ਹੀ ‘ਚ ਉਸਨੇ ਤਬਦੀਲੀ ਦੀ ਲੋੜ ਨੂੰ ਵੇਖਣ ਤੇ ਕਬੂਲਣ ਦੀ ਦੂਰ-ਦਰਸ਼ਤਾ ਵਿਖਾਈ। ਪ੍ਰੋਗ੍ਰੈਸਿਵ ਲ਼ੇਖਕਾਂ ਤੋਂ ਐਲਾਨੀਆਂ ਟੁੱਟਣ ਦੀ ਦਲੇਰੀ ਸਿਰਫ਼ ਉਦੋਂ ਉਸੇ ਵਿੱਚ ਹੀ ਸੀ।ਇਹ ਦਲੇਰੀ ਨਾ ਮੋਹਨ ਸਿੰਘ ਜਾਂ ਕਿਸੇ ਹੋਰ ਲਿਖਾਰੀ ‘ਚ ਨਜ਼ਰ ਆਈ।
ਕਿਤਨਾ ਪਿਆਰਾ ਸਤੀ ਦਾ ਵਾਕ ਹੈ: “ਅੰਮ੍ਰਿਤਾ ਮਨਜ਼ੂਰ ਕਹਿ ਦੇਵੇ ਤਾਂ ਉਸਦੇ ਫ਼ੈਸਲੇ ਨੂੰ ਰੱਬ ਵੀ ਨਹੀਂ ਸੀ ਟਾਲ ਸਕਦਾ”
ਸਤੀ ਕੁਮਾਰ ਦੀ ਇੰਟਰਵਿਊ ਵਿੱਚੋਂ ਉਸਦੇ ਇੱਕ ਨਹੀਂ ਕਈ ਖੁਬਸੂਰਤ ਪਹਿਰਿਆਂ ਦੀ ਚਰਚਾ ਕੀਤੀ ਜਾ ਸਕਦੀ ਹੈ।ਇੱਕ ਸਵਾਲ ਦੇ ਜਵਾਬ ਵਿੱਚ ਸਤੀ ਕਹਿੰਦਾ ਹ ੈਕਿ ਪ੍ਰਗਤੀਵਾਦੀ ਲਹਿਰ-ਜਿਸ ਦੇ ਵਿਰੋਧ ‘ਚ ਕਿ ਉਸਨੇ ਸਿਰਜਣਾਤਮਿਕ ਸਫ਼ਰ ਦੀ ਸ਼ੁਰੂਆਤ ਕੀਤੀ- ਦਾ ਵਿਰੋਧ ਅਧੁਨਿਕਤਾਵਾਦੀ ਕਵਿਤਾ ਦਾ ਇੱਕ ਪੱਖ ਸੀ- ਅਸਲ ਟੀਚਾ ਸੀ ਨਵੇਂ ਯਥਾਰਥ ਬੋਧ ਦੀ ਸਿਰਜਣਾ; ਇਹ ਸਮੂਹ ਦੇ ਮੁਕਾਬਲੇ ‘ਚ ‘ਵਿਅਕਤੀ‘ ਦੀ ਸ਼ਕਤੀ ਦੇ ਮੁਕਾਬਲੇ ‘ਸ਼ਕਤੀਹੀਣ‘ ਦੀ ਸਥਾਪਨਾ ਸੀ।‘ਅਸੀਂ‘ ਦੇ ਵਿਰੋਧ ‘ਚ ‘ਮੈਂ‘ ਦੀ ਪਛਾਣ ਇਸ ਸਮੇਂ ‘ਚ ਹੀ ਹੁੰਦੀ ਹੈ।ਉਹ ਉਨ੍ਹਾਂ ਲੋਕਾਂ ਦਾ ਬੜੇ ਜਾਨਦਾਰ ਅੰਦਾਜ਼ ਵਿੱਚ ਵਿਰੋਧ ਕਰਦਾ ਹੈ ਜੋ ਸਾਡੇ ਮਹਾਨ ਗੁਰੂ ਸਾਹਿਬਾਨ ਦੀ ਰਚਨਾ ਵਿੱਚੋਂ ਪ੍ਰਤੀਬੱਧਤਾ ਭਾਲੀ ਜਾਂਦੇ ਹਨ।ਦਸਮ ਪਾਤਸ਼ਾਹ ਹਜ਼ੂਰ ਦੀ ਬਾਣੀ ‘ਚੂੰ ਕਾਰ‘ ਵਾਲੀ ਕੇਂਦਰੀ ਤੁਕ ਦਾ ਜ਼ਿਕਰ ਉਹ ਸਹੀ ਪਰਿਪੇਖ ਵਿੱਚ ਕਰਦਾ ਹੈ- ਗੁਰੂੁ ਗ੍ਰੰਥ ਸਾਹਿਬ ਦੇ ਸ਼ਬਦਾਰਥ ਦੀਆਂ ਸੈਂਚੀਆਂ ਉਸਦੇ ਘਰ, ਸਾਹਮਣੇ ਪਈਆਂ ਹਨ- ਉਨ੍ਹਾਂ ਦੀ ਉਹ ਜਿਸ ਪਾਰਦਰਸ਼ੀ ਸ਼ਰਧਾ ਨਾਲ ਗੱਲ ਕਰਦਾ ਹੈ- ਪੜ੍ਹਦਿਆਂ ਰੂਹ ਨਸ਼ਿਆ ਜਾਂਦੀ ਹੈ।
ਪ੍ਰੰਤੂ ਇਸੇ ਇੰਟਰਵਿਊ ਵਿੱਚ ਕਈ ਉਕਾਈਆਂ ਪ੍ਰੇਸ਼ਾਨ ਵੀ ਕਰਦੀਆਂ ਹਨ। ਮਸਲਨ ਸਾਲ 1968 ਦੇ ਵਿਦਿਆਰਥੀ ਅੰਦੋਲਨ ਸਮੇਂ ਸਾਰਤਰ ਦੀ ਬੇਲੋੜੀ, ਪ੍ਰੰਤੂ ਹੱਦੋਂ ਵੱਧ ਪ੍ਰਚਾਰੀ ਗਈ ਭੂਮਿਕਾ ਨੂੰ ਹੋਰ ਅਨੇਕਾਂ ਲੋਕਾਂ ਵਾਂਗ ਜਦੋਂ ਸਤੀ ਵੀ ਇਖ਼ਲਾਕੀ ਸਾਹਸ ਦੀ ਉੱਤਮ ਉਦਾਹਰਣ ਦੱਸੀ ਜਾਂਦਾ ਹੈ ਤਾਂ ਹੈਰਾਨੀ ਹੁੰਦੀ ਹੈ।ਅਖੇ ਰਾਸ਼ਟਰਪਤੀ ਡੀਗਲ ਨੇ ਉਸਨੂੰ ਗ੍ਰਿਫਤਾਰ ਕਰਨ ਤੋਂ ਇਹ ਆਖ ਕੇ ਇਨਕਾਰ ਕਰ ਦਿੱਤਾ ਬਾਦਲੇਅਰ ਨੂੰ ਕੌਣ ਫੜ੍ਹ ਸਕਦਾ ਹੈ (ਜਦੋਂ ਕਿ ਕਾਮਰੇਡ ਸਟਾਲਿਨ ਨੇ ਘਰਾਂ ਦੀ ਚਾਰਦੀਵਾਰੀ ਅੰਦਰ ਸਟੇਟ ਵਿੱਰੁਧ ਮਹਿਜ਼ ਨਿੱਛ ਮਾਰਨ ਵਾਲੇ ਅਨੇਕਾਂ ‘ਬਾਦਲੇਅਰਾਂ‘ ਨੂੰ ਬਿਨਾਂ ਅੱਖ ਝਪਕੇ ਜ਼ਹੰਨਮ ਰਸੀਦ ਕਰਵਾ ਛੱਡਿਆ ਹੋਇਆ ਸੀ।) ਪਰ ਫਿਰ ਵੀ ਇਹ ਵਡਿਆਈ ਡੀਗਲ ਦੀ ਹੋਈ ਜਾਂ ਸਾਰਤਰ ਦੀ -ਸਤੀ ਇਹ ਸਪੱਸ਼ਟ ਨਹੀਂ ਕਰਦਾ।ਉਂਝ ਵੀ ਸ਼ਾਇਦ ਡੀਗਲ ਨੇ ਬਾਦਲੇਅਰ ਦਾ ਨਾਂ ਨਹੀਂ ਲਿਆ ਸੀ ਬਲਕਿ ਕਿਹਾ ਸੀ ਸਾਰਤਰ ਫਰਾਂਸ ਹੈ ਅਤੇ ਫਰਾਂਸ ਨੂੰ ਕੌਣ ਫੜ੍ਹ ਸਕਦਾ ਹੈ।ਬਲਕਿ ਦੰਤ ਕਥਾ ਤਾਂ ਇਹ ਹੈ ਕਿ ਉਸਨੇ ਵਾਲਟੇਅਰ ਦੀ ਗੱਲ ਕੀਤੀ ਸੀ।
ਉਂਝ ਵੀ ਮਹਾਨ ਦਾਰਸ਼ਨਿਕ ਅਜਿਹੇ ਕਾਰਨਾਮੇ ਨਿਰਸੰਦੇਹ ਕਰਦਾ ਰਿਹਾ ਸੀ ਪਰ ਉਸਦੇ ਅਜਿਹੇ ਕੌਤਿਕਾਂ ਦੀ ਕੋਈ ਰੈਡੀਕਲ ਜਹਾਦੀ ਤਾਰੀਫ਼ ਕਰੇ ਤਾਂ ਸਮਝ ਆਉਂਦੀ ਹੈ। ਸਤੀ ਕੁਮਾਰ ਦੇ ਮੂੰਹੋਂ ਇਹ ਗੱਲ ਫੱਬਦੀ ਨਹੀਂ ਹੈ।
ਫਿਰ ਮਾਡਰਨਿਜ਼ਮ ਦੀ ਅਹਿਮੀਅਤ ਸਮਝਾਉਣ ਲੱਗਿਆਂ ਉਹ ਖਾਹ-ਮਖਾਹ ਹੀ ਇਹ ਵਾਕ ਬੋਲ ਜਾਂਦਾ ਹੈ-‘ਇਹ ਐਵੇਂ ਨਹੀਂ ਕਿ ਫਰਾਂਸ ਦੇ ਕੁਝ ਮਾਡਰਨਿਸਟ ਕਵੀ ਟਰਾਟਸਕੀ ਦੇ ਨੇੜੇ ਰਹੇ ਹਨ।‘ ਫਿਰ ਅਗਾਂਹ ਸਕੰਦਰ ਸੋਲਜਿਨਿਤਸਿਨ ਦੀ ਜਗਤ ਪ੍ਰਸਿੱਧ ‘ਗੁਲਾਗ ਤ੍ਰੈਲੜੀ‘ ਦੀ ਗੱਲ ਕਰਦਿਆਂ ਉਹ ਉਸ ਨੂੰ ਨਾਵਲ ਦੱਸੀ ਜਾਂਦਾ ਹੈ। ਗੁਲਾਗ ਲਿਖਣ ਤੋਂ ਪਹਿਲਾਂ ਸੋਲਜਿਨਿਤਸਿਨ ਨੇ ‘ਦ ਫਸਟ ਸਰਕਲ‘ ਅਤੇ ‘ਕੈਂਸਰ ਵਾਰਡ‘ ਨਾਂਵਾ ਵਾਲੇ ਦੋ ਵੱਡ-ਅਕਾਰੀ ਨਾਵਲਾਂ ਦੀ ਰਚਨਾ ਕੀਤੀ ਸੀ।‘ਗੁਲਾਗ ਤ੍ਰੈਲੜੀ‘ ਦੀ ਅਹਿਮੀਅਤ ਆਪ ਦੀ ਜਗ੍ਹਾ ਹੈ। ਅਕਤੂਬਰ ਇਨਕਲਾਬ ਨੂੰ ਉਹ ਇਨਸਾਨੀ ਇਤਿਹਾਸ ਦਾ ਸਭ ਤੋਂ ਮਨਹੂਸ ਹਾਦਸਾ ਮੰਨਦਾ ਸੀ।ਇਸ ਹਾਦਸੇ ਦੇ ਪਿਛੋਕੜ ਨੂੰ ਸਮਝਣ ਲਈ ਉਸਨੇ ਗੁਲਾਗ ਤ੍ਰੈਲੜੀ ਪਿਛੋਂ ‘ਰੈੱਡ ਵੀਲਜ਼ ਤ੍ਰੈਲੜੀ‘ ਲੜੀ ਤਹਿਤ ਲਗਪਗ 7-7,8-8 ਸੌ ਪੰਨਿਆਂ ਦੇ ਤਿੰਨ ‘ਇਤਿਹਾਸਕ‘ ਨਾਵਲ ਲਿਖੇ।ਦਾਸ ਨੇ ਉਹ ਤਿੰਨੇ ਹੀ ਪੜੇ ਹੋਏ ਹਨ।ਪਹਿਲਾਂ ‘ਅਗਸਤ 1914‘ ਤਾਂ ਠੀਕ ਹੈ-ਪ੍ਰੰਤੂ ਅਗਲੇ ਦੋਵੇਂ ਨਾਵਲ ਬੇਹੱਦ ਨੀਰਸ ਅਤੇ ਅਕਾਊ ਹਨ-ਪੜ੍ਹਨੇ ਮੁਸ਼ਕਿਲ ਬੜੇ ਹਨ। ਪ੍ਰੰਤੂ ਉਸਦਾ ‘ਦ ਫਸਟ ਸਰਕਲ‘ ਨਾਂ ਦਾ ਪਹਿਲਾਂ ਵੱਡਾ ਨਾਵਲ ਹਰ ਪੱਖ ਤੋਂ ਸਫ਼ਲ ਕਲਾਸਿਕ ਸਾਹਿਤ ਰਚਨਾ ਹੈ।ਇਸ ਨੂੰ ਪੜ੍ਹਦਿਆਂ ਟਾਲਸਟਾਏ ਦੇ ‘ਜੰਗ ਤੇ ਅਮਨ‘ ਦੀ ਪੜ੍ਹਤ ਦੇ ਹਾਰ ਹੀ ਤ੍ਰਿਪਤੀ ਹੁੰਦੀ ਹੈ। ਸਤੀ ਦੀ ਸਮਝ ਜਾਂ ਸੁਹਿਰਦਤਾ ‘ਤੇ ਸਾਨੂੰ ਜ਼ਰਾ ਵੀ ਬੇਭਰੋਸਗੀ ਨਹੀਂ ਹੈ- ਪ੍ਰੰਤੂ ਸਾਰਤਰ, ਟਰਾਟਸਕੀ ਅਤੇ ‘ਗੁਲਾਗ‘ ਬਾਰੇ ਉਸਦੇ ਜ਼ਿਕਰ ਤੋਂ ਤੁਰੰਤ ਹੀ ਪਤਾ ਲੱਗ ਜਾਂਦਾ ਹੈ ਕਿ ਇਨ੍ਹਾਂ ‘ਚੋਂ ਕਿਸੇ ਬਾਰੇ ਵੀ ਉਸਨੂੰ ਪਤਾ ਨਹੀਂ ਹੈ। ਹਾਂ, ਸਾਰਤਰ ਦੇ ਨਾਵਲ ਉਸਨੇ ਜ਼ਰੂਰ ਪੜੇ ਹੋਏ ਹਨ- ਪ੍ਰੰਤੂ ਸਾਰਤਰ ਦੇ ਰਾਜਨੀਤਿਕ ਪੈਂਤੜਿਆਂ ਬਾਰੇ ਨਿਰਣਾ ਦੇਣ ਲੱਗਿਆਂ ਕੀ ਮਹਿਜ਼ ਉਸਦੇ ਨਾਵਲਾਂ ਦੀ ਪੜ੍ਹਤ ਕਾਫ਼ੀ ਹੈ?
ਸਤੀ ਦੇ ‘ਗੁਲਾਗ‘ ਬਾਰੇ ਜ਼ਿਕਰ ਤੋਂ 30 ਮਾਰਚ, 2015 ਨੂੰ ‘ਪੰਜਾਬੀ ਟ੍ਰਿਬਿਊਨ‘ ‘ਚ ਛਪਿਆ ਸਾਡੇ ਸਮਕਾਲੀ ਵੀਰ ਬੀਰ ਦਵਿੰਦਰ ਸਿੰਘ ਦੇ ‘ਨਿਆਰੀ ਸਖਸ਼ੀਅਤ ਸਨ ਜੱਥੇਦਾਰ ਟੌਹੜਾ‘ ਉਨਵਾਨ ਹੇਠਲੇ ਲੇਖ ਵਿੱਚ ਸੋਲਜਿਨਿਤਸਿਨ ਅਤੇ ਉਸਦੇ ਗੁਲਾਗ ਦਾ ਜ਼ਿਕਰ ਅਤੇ ਉਸ ਵਿੱਚ ਜੱਥੇਦਾਰ ਟੌਹੜਾ ਵੱਲੋਂ ਦਿਖਾਈ ਦਿਲਚਸਪੀ ਦਾ ਹਾਸੋਹੀਣਾ ਵਰਣਨ ਮੱਲੋ-ਮੱਲੀ ਹੀ ਮਨ ਵਿੱਚ ਉੱਭਰ ਜਾਂਦਾ ਹੈ। ਟੌਹੜਾ ਸਾਹਿਬ ਦੀ ਸਿਫ਼ਤ ਸਲਾਹ ਕੋਈ ਜੀਅ ਸਦਕੇ ਕਰੇ ਪਰ ਅਜਿਹੇ ਹਵਾਲਿਆਂ ਨਾਲ ਉਨ੍ਹਾਂ ਦੀ ਡੰਡਾਉਤ ਕਰਨ ਨਾਲ ਕਿਸੇ ਦਾ ਜਾਂ ਉਨ੍ਹਾਂ ਦਾ ਕੀ ਸੰਵਰੇਗਾ? ਸਤੀ ਆਪਦੀ ਜਗ੍ਹਾ ਹੈ ਅਤੇ ਬੀਰ ਦਵਿੰਦਰ ਦੀ ਵਡਿਆਈ ਆਪਦੀ ਜਗਾ ਹੈ ਪਰ ਅਵਤਾਰ ਜੰਡਿਆਲਵੀ ਨਾਲ ਗੱਲਾਂ ਕਰਦਿਆਂ ਸਤੀ ਵੱਲੋਂ ‘ਗੁਲਾਗ‘ ਵਰਗੇ ਅਨੇਕਾਂ ਅਤਿਅੰਤ ਤਰਾਸਦਿਕ ਵੇਰਵਿਆਂ ਨਾਲ ਭਰਪੂਰ ਚਿਹਨਕ ਦਾ ਚਲਾਊ ਜਿਹੇ ਅੰਦਾਜ਼ ਵਿੱਚ ਜ਼ਿਕਰ ਸਾਡੇ ਬੀਰ ਸਾਹਿਬ ਨਾਲੋਂ ਵੱਧ ਤੰਦਰੁਸਤ ਰਵਾਇਤ ਨਹੀਂ ਹੈ ।
ਖ਼ੈਰ ਇਨਸਾਨ ਅਜਿਹੀਆਂ ਉਕਾਈਆਂ ਕਰ ਸਕਦਾ ਹੈ।ਜੋ ਵੀ ਹੈ ਸਤੀ ਕੁਮਾਰ ਦੀ ਸ਼ਖ਼ਸੀਅਤ ਅਤੇ ਅੰਮ੍ਰਿਤਾ ਨਾਲ ਉਸਦੀ ਨੇੜਤਾ ਦੀ ਚਰਚਾ ਅਸ਼ਲੀਲ ਅੰਦਾਜ਼ ਵਿੱਚ ਕੀਤੇ ਜਾਣ ਨੂੰ ਸਵੀਕ੍ਰਿਤੀ ਨਹੀਂ ਦਿੱਤੀ ਜਾ ਸਕਦੀ। ਕਾਰਨ ਇਹ ਵੀ ਹੈ ਕਿ ਇਸ ਤਰ੍ਹਾਂ ਨਿੱਜੀ ਜ਼ਿੰਦਗੀ ਦੇ ਵੇਰਵਿਆਂ ਵਿਚ ਜੇਕਰ ਜਾਵਾਂਗੇ ਤਾਂ ਖੁਦ ‘ਫ਼ਿਲਹਾਲ‘ ਗੁਰਬਚਨ ਹੋਰਾਂ ਦਾ ਆਪਣਾ ਕੀ ਬਣੇਗਾ।
ਮਸਲਨ ਪੰਜਾਬੀ ਸ਼ਾਇਰ ਮੋਹਨਜੀਤ ਸਾਲ ਕੁ ਪਹਿਲਾਂ ‘ਹੁਣ‘ ਦੇ 24 ਨੰਬਰ ਅੰਕ ‘ਚ ਛਪੀ ਆਪਦੀ ਲੰਮੀ ਇੰਟਰਵਿਊ ਦੌਰਾਨ ‘ਵਿੱਚ ਨਦੀ ਅੱਗ ਦੀ ਵਗੇ: ਅੰਮ੍ਰਿਤਾ‘ ਉਨਵਾਨ ਹੇਠ ਪੰਨਾ 32-33 ਉੱਪਰ ਵੇਖੋ ਕੀ ਦੱਸਦਾ ਹੈ:
“ਅੰਮ੍ਰਿਤਾ ਨੂੰ ਜਦੋਂ ਲੱਗਦਾ ਸੀ ਕਿ ਫਲਾਂ ਬੰਦਾ ਮਾੜਾ ਕਰ ਰਿਹਾ ਤਾਂ ਉਹ ਸਾਰੀ ਉਮਰ ਬਖਸ਼ਦੀ ਨਹੀਂ ਸੀ ਇਸੇ ਤਰ੍ਹਾਂ (ਫ਼ਿਲਹਾਲ) ਗੁਰਬਚਨ ਨਾਲ ਹੋਈ।ਮੈਂ ਉਦੋਂ ਅਜੇ ਦਿੱਲੀ ਨਹੀਂ ਸਾਂ। ਇੱਕ ਵੇਰਾਂ ਅੰਮ੍ਰਿਤਸਰੋਂ ਦਿੱਲੀ ਗਿਆ।ਇਹ ਗੁਰਬਚਨ ਮਿਲ ਗਿਆ।ਇਹਦੇ ਕੋਲ ਮੋਟਰ ਸਾਇਕਲ ਹੁੰਦਾ ਸੀ।ਮੈਨੂੰ ਕਹਿੰਦਾ ਸੁਣ ਮੇਰੀ ਗੱਲ, ਯਾਰ ਤੂੰ ਮੇਰੇ ਨਾਲ ਚੱਲ, ਮੈਂ ਉਧਰ ਜਾਣਾ ਤੈਨੂੰ ਹੌਜ਼ ਖਾਸ ਲਾਹ ਦੇਊਂਗਾ। ਮੈਨੂੰ ਪਤਾ ਸੀ ਕਿ ਬੰਦਾ ਇਹ ਸ਼ਰਾਰਤੀ ਹੈ!ਮੈਂ ਕਿਹਾ ਰਹਿਣ ਦੇ ਯਾਰ, ਮੈਂ ਚਲਾ ਜਾਵਾਂਗਾ।ਮੈਨੂੰ ਬੱਸਾਂ ਦਾ ਅਭਿਆਸ ਹੈ ਜਾਂ ਮੈਂ ਆਟੋ ਲੈ ਲਵਾਂਗਾ।ਪਰ ਉਸਨੇ ਮੈਨੂੰ ਜੀ ਜਬਰਦਸਤੀ ਨਾਲ ਬਹਾ ਲਿਆ। ਚਲੋ ਜੀ, ਜਾ ਕੇ ਗੇਟ ‘ਤੇ ਮੈਂ ਉਤਰਿਆ ਤਾਂ ਇਹ ਵੀ ਨਾਲ ਤੁਰ ਪਿਆ। ਮੈਨੂੰ ਪਤਾ ਸੀ ਕਿ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਦੀ। ਇਮਰੋਜ਼ ਨੇ ਦਰਵਾਜਾ ਖੋਲਿਆ। ਪੌੜੀਆਂ ਚੜ੍ਹ ਗਏ। ਗੁਰਬਚਨ ਨੂੰ ਦੇਖਦਿਆਂ ਹੀ ਅੰਮ੍ਰਿਤਾ ਦੇ ਚਿਹਰੇ ਦਾ ਰੰਗ ਬਦਲ ਗਿਆ। ਮੈਂ ਕਿਹਾ ਮਨਾਂ! ਵਰ੍ਹਿਆਂ ਦੀ ਕੀਤੀ ਕਰਾਈ ਬਸ ਖੂਹ ‘ਚ ਪੈ ਗਈ।ਹੁਣ ਛੁਟਕਾਰਾ ਨਹੀਂ ਹੋਣਾ। ਮੈਨੂੰ ਕਹਿਣ ਲੱਗੀ “ਆ ਜਾ ਬਹਿ ਜਾ।” ਇਹ ਨੂੰ ਨਹੀਂ ਕਿਹਾ। ਇਹ ਅਪੇ ਕੁਰਸੀ ‘ਤੇ ਬਹਿ ਗਿਆ। ਮੈਂ ਤੁਹਾਨੂੰ ਅੰਮ੍ਰਿਤਾ ਦੇ ਸੁਭਾਅ ਦੀ ਗੱਲ ਦੱਸਦਾਂ... ਉਸਨੇ ਪਾਣੀ ਦਾ ਗਿਲਾਸ ਲਿਆ ਕੇ ਮੇਰੇ ਸਾਹਮਣੇ ਰੱਖ ‘ਤਾ। ਗਰਮੀਆਂ ਦੇ ਦਿਨ ਸਨ।ਮੈਂ ਧਰਮ ਸੰਕਟ ‘ਚ ਫਸ ਗਿਆ। ਮੈਂ ਗੁਰਬਚਨ ਨੂੰ ਕਹਿ ਰਿਹਾ ਸਾਂ ਕਿ ਤੂੰ ਮੇਰੇ ਨਾਲ ਨਾ ਚੱਲ, ਉਹ ਆ ਗਿਆ, ਜੇ ਆ ਈ ਗਿਆ ਸੀ ਤਾਂ ਪਾਣੀ ਦਾ ਇੱਕ ਗਲਾਸ ਹੋਰ ਆ ਜਾਂਦਾ। ਖੈਰ ਜੀ, ਅੰਮ੍ਰਿਤਾ ਆਣ ਕੇ ਮੇਰੇ ਕੋਲ ਬਹਿ ਗਈ।ਮੇਰੇ ਨਾਲ ਗੱਲਾਂ ਕਰਨ ਲੱਗੀ, ਕਿਵੇਂ ਮੈਂ, ਕਦੋਂ ਆਇਐਂ? ਗੁਰਬਚਨ ਵਿੱਚੋਂ ਹੀ ਟੋਕ ਕੇ ਕਹਿੰਦਾ, “ਅੰਮ੍ਰਿਤਾ ਜੀ, ਮੈਂ ਤੁਹਾਡਾ ਇੰਟਰਵਿਊ ਲੈਣਾ ਹੈ। ਉਹ ਪੈਂਦਿਆਂ ਹੀ ਕਹਿੰਦੀ, “ ਦੇਖ ਗੁਰਬਚਨ, ਆਪਣੀ ਕੋਈ ਵੇਵ ਲੈੱਂਥ ਨਹੀਂ ਮਿਲਦੀ। ਨਾਲੇ ਜੋ ਮੈਂ ਕਹਿਣੈ, ਆਪਦੀਆਂ ਕਿਤਾਬਾਂ ਵਿੱਚ ਕਹਿ ਚੁੱਕੀ ਆਂ- ਆਪਣੇ ਲੇਖਾਂ ‘ਚ ਆਖ ਚੁੱਕੀ ਆਂ..।ਇਹਨੇ ਤਿੰਨ-ਚਾਰ ਵਾਰ ਫਿਰ ਕਿਹਾ।ਉਹ ਕਹਿੰਦੀ, “ਦੇਖੋ, ਜਿੰਨੀ ਵਾਰ ਵੀ ਕਹੋਗੇ, ਮੇਰਾ ਜਵਾਬ ਇਹੋ ਹੀ ਹੋਵੇਗਾ।ਬੇਹਤਰ ਹੈ,ਗੱਲ ਨਾ ਕਰੋ, ਤੁਹਾਡੀ ਮੇਰੀ ਰਾਸ਼ੀ ਨਹੀਂ ਮਿਲਦੀ।ਤੁਹਾਡੇ ਨਾਲ ਕੋਈ ਗੱਲ ਨਹੀਂ ਹੋ ਸਕਦੀ”
ਫਿਰ ਅੱਗੋਂ ਮੋਹਨਜੀਤ ਅਨੁਸਾਰ ਡਾ. ਹਰਿਭਜਨ ਸਿੰਘ ਹੋਰਾਂ ਨੇ ਜੋ ਭਾਈ ਸਾਹਿਬ ਬਾਰੇ ਕਿਹਾ, ਉਹ ਮੈਗ਼ਜੀਨ ਵਿੱਚੋਂ ਪਾਠਕ ਖੁਦ ਪੜ੍ਹ ਕੇ ਵੈਖ ਲ਼ੈਣ- ਮਜ਼ਾ ਆ ਜਾਵੇਗਾ।
ਇਸ ਦੇ ਉਲਟ ਇਸੇ ਹੀ ਮੈਗ਼ਜੀਨ ਦੇ ਅੰਕ 28 ਵਿੱਚ- ਜਸਬੀਰ ਭੁੱਲਰ- ਜ਼ਰਾ ਵੇਖੋ, ਉਹ ਅੰਮ੍ਰਿਤਾ ਦੇ ਘਰ ਵਿੱਚ ਪਹਿਲੀ ਵਾਰੀ ਕਿੰਝ ਰਿਸੀਵ ਹੁੰਦਾ ਹੈ? ਕਰਨਲ ਸਾਹਿਬ ਦੱਸਦੇ ਹਨ :
“ਸਿੱਕਮ ਤੋਂ ਮੇਰੀ ਬਦਲੀ ਹੋਈ ਤਾਂ ਦਿੱਲੀ ਰਾਹ ਵਿੱਚ ਸੀ। ਉੱਥੋਂ ਮੈਂ ਰਾਤ ਵੇਲੇ ਦੂਜੀ ਗੱਡੀ ਫੜ੍ਹਨੀ ਸੀ। ਪੂਰਾ ਦਿਨ ਮੇਰੇ ਕੋਲ਼ ਸੀ।... ਮੈਨੂੰ ਚਾਹੀਦਾ ਸੀ ਕਿ ਮੈਂ ਅੰਮ੍ਰਿਤਾ ਨੂੰ ਮਿਲ ਆਵਾ।... ਇਮਰੋਜ਼ ਮੇਰੇ ਲਈ ਪੌੜੀਆਂ ਉਤਰ ਕੇ ਆਇਆ ਸੀ। ਬਾਂਹ ਮੇਰੇ ਉਤੋਂ ਦੀ ਵਲਾ ਕੇ ਉਹ ਹੱਸਿਆ ਸੀ।”
ਅੱਗੋ ਦਾ ਵਰਨਣ ਹੋਰ ਵੀ ਅਕਰਸ਼ਕ ਹੈ।ਪ੍ਰੰਤੂ ਅਸੀਂ ‘ਹੁਣ‘ ਨੂੰ ਛੱਡ ਕੇ ਜਸਬੀਰ ਹੋਰਾਂ ਦੀ ‘ਅਮ੍ਰਿਤਾ ਇਮਰੋਜ਼‘ ਕਿਤਾਬ ਨੂੰ ਲੈਂਦੇ ਹਾਂ ਜੋ ਲਗਪਗ ਗੁਰਬਚਨ ਭੁੱਲਰ ਹੋਰਾਂ ਦੇ ਨਾਵਲ ਅਤੇ ‘ਤਿੰਨ ਮੌਤਾਂ‘ ਵਾਲੇ ਲੇਖ ਦੇ ਨਾਲ ਹੀ ਛਪ ਕੇ ਆਈ ਹੈ।
ਇਹ ਕਿਤਾਬ ਬਹੁਤ ਹੀ ਪਿਆਰੀ ਹੈ- ਪੜ੍ਹਦਿਆਂ ਠੰਢ ਪੈਂਦੀ ਜਾਂਦੀ ਹੈ। ਕੇਹਾ ਸਲੀਕਾ ਹੈ, ਆਪਦੇ ਮਿੱਤਰਾਂ- ਪਿਆਰਿਆਂ ਨੂੰ ਯਾਦ ਕਰਨ ਦਾ! ਸਭ ਤੋਂ ਪਹਿਲਾਂ ਹਾਜਰ ਹੈ:
ਇਬਾਰਤ ਤੋਂ ਪਹਿਲਾਂ ...
ਮੈਂ ਅਮ੍ਰਿਤਾ,ਇਮਰੋਜ਼ ਨੂੰ ਜਾਣਦਾ ਹਾਂ
ਪਰ ਜਾਣਨ ਦਾ ਇਹ ਦਾਅਵਾ ਵੀ ਕੀ ਦਾਅਵਾ ਹੈ?
ਮੈਂ ਤਾਂ ਖੁਦ ਨੂੰ ਵੀ ਪੂਰਾ ਨਹੀਂ ਜਾਣਦਾ
ਸੋਚਿਆ,ਦੱਸ ਦੇਵਾਂ
ਮੇਰੇ ਕੋਲ ਕੋਈ ਵੀ ਸਾਰਾ ਨਹੀਂ
ਨਾ ਅੰਮ੍ਰਿਤਾ!
ਨਾ ਇਮਰੋਜ਼!
ਕਿਸੇ ਕੋਲ ਵੀ ਕੋਈ ਸਾਰਾ ਨਹੀਂ ਹੁੰਦਾ।
ਪੁਸਤਕ ‘ਲਾਲ ਵਹੀ ਦਾ ਖਾਤਾ‘ ਉਨਵਾਨ ਹੇਠ ਪਹਿਲੇ ਕਾਂਡ ਤੋਂ ਕਿਹੇ ਸੁੰਦਰ ਅੰਦਾਜ਼ ਵਿੱਚ ਸ਼ੁਰੂ ਹੁੰਦੀ ਹੈ- ਪਾਠਕ ਖੁਦ ਜ਼ਰਾ ਵੇਖਣ:
“ਹੌਜ਼ ਖ਼ਾਸ ਦੀ ਸੁਰਮਈ ਸ਼ਾਮ ਹਰੀਆਂ ਕਚੂਰ ਵੇਲਾਂ ‘ਤੇ ਫੈਲ ਗਈ।
ਇਮਰੋਜ਼ ਦੇ ਚੰਬੇ ਵਿੱਚ ਚਿੜੀਆਂ ਦੀ ਰੌਣਕ ਵਧ ਗਈ ਸੀ।ਉਹਦੇ ਹੱਥੀਂ ਬਣਾਏ ਆਲ੍ਹਣਿਆਂ ਵਿੱਚ ਚਿੜੀਆਂ ਤਿਨਕੇ ਚਿਣਨ ਲੱਗ ਪਈਆਂ ਸਨ।
ਦੋਸਤਾਂ ਦੇ ਉਸ ਘਰ ਵਿੱਚ ਮੈਂ ਬੇਪਨਾਹ ਪ੍ਰਵਾਜ਼ ਦੀ ਪਨਾਹ ਵੇਖਦਾ ਸਾਂ।
ਉਸ ਦਿਨ ਅੰਮ੍ਰਿਤਾ ਪ੍ਰੀਤਮ ਨੇ ਦੁੱਧ ਚਿੱਟੇ ਸਫ਼ਿਆਂ ਵਾਲੀ ਇੱਕ ਵਹੀ ਮੈਨੂੰ ਤੋਹਫੇ ਵਜੋਂ ਦਿੱਤੀ।”
...
ਉਹ ਜੋ ਬਹੁਤ ਸੋਹਣੀ ਸੀ, ਉਹਨੂੰ ਮੁਹੱਬਤ ਦਾ ਵਰ ਸੀ ਅਤੇ ਜਮਾਨੇ ਦਾ ਸਰਾਪ। ਉਸਦੇ ਦੁਆਲੇ ਮੁਢੋਂ-ਸੁਢੋਂ ਹੀ ਸਾਜਸ਼ੀ ਹਵਾੜ੍ਹਿਆਂ ਦੀ ਹਵਾ ਸੀ। ਉਹ ਉਸ ਹਵਾ ਵਿੱਚ ਸਾਹ ਲੈਂਦੀ ਰਹੀ, ਤੁਰਦੀ ਰਹੀ, ਲਗਾਤਾਰ ਤੁਰਦੀ ਰਹੀ।
...
...ਤੇ ਉਹ ਨਿੱਕੀ ਜਿਹੀ ਸਾਹਿਤ ਤੇ ਚਿੰਤਨ ਦੀਆਂ ਗੱਲਾਂ ਕਰਦਿਆਂ ਮਾਂ ਹੋ ਗਈ। ਫਿਰ ਉਹ ਵੱਡੀਆਂ ਭੈਣਾਂ ਵਾਂਗ ਦਿੱਸਣ ਲੱਗ ਪਈ। ਕੁਝ ਚਿਰ ਪਿਛੋਂ ਜਾਪਿਆ ਉਹ ਵਰ੍ਹਿਆਂ ਪੁਰਾਣੀ ਦੋਸਤ ਹੈ।
...
ਸਰਘੀ ਦਾ ਹਨੇਰਾ ਪੇਤਲਾ ਨਹੀਂ ਸੀ ਹੋਇਆ ਕਿ ਇਮਰੋਜ਼ ਨੇ ਬੂਹਾ ਠਕੋਰ ਦਿੱਤਾ। ਟਰੇਅ ਵਿੱਚ ਚਾਹ ਦੇ ਗਲਾਸ ਰੱਖੀਂ ਉਹ ਅੰਦਰ ਲੰਘ ਆਇਆ, “ਮੈਂ ਤੁਹਾਡੀਆਂ ਗੱਲਾਂ ਦੀ ਅਵਾਜ਼ ਸੁਣੀ ਸੀ, ਸੋਚਿਆ, ਇਕੱਠੇ ਬਹਿ ਕੇ ਚਾਹ ਪੀਵਾਂਗੇ।”
ਹਾਲੇ ਅਸੀਂ ਦੋ-ਦੋ ਘੁੱਟਾਂ ਹੀ ਭਰੀਆਂ ਸਨ ਕਿ ਹੱਥ ਵਿੱਚ ਗਲਾਸ ਫੜ੍ਹੀ ਅੰਮ੍ਰਿਤਾ ਪ੍ਰੀਤਮ ਵੀ ਪਹੁੰਚ ਗਈ, “ਮੈਂ ਭਲ਼ਾ ਇਕੱਲੀ ਬੈਠ ਕੇ ਚਾਹ ਕਿਉਂ ਪੀਵਾਂ?”
ਉਸ ਕੁਰਸੀ ਖਿੱਚ ਕੇ ਨੇੜੇ ਕਰ ਲਈ ਤੇ ‘ਨੋ ਮੈਨਜ਼ ਲੈਂਡ‘ ਦੀਆਂ ਗੱਲਾਂ ਤੋਰ ਲਈਆਂ, “ਤੇਰਾ ਮੇਜਰ ਅਸ਼ਰਫ਼ ਬਹੁਤ ਹੀ ਪਿਆਰਾ ਬੰਦਾ ਏ, ਪਰ ਦੁਸ਼ਮਨ ਦੇ ਬੰਕਰ ਦੇ ਵਿੱਚ ਰ