Welcome to Seerat.ca

ਇਨਸਾਨੀ ਜਿਸਮ ਦਾ ਜਸ਼ਨ

 

- ਅਮਰਜੀਤ ਚੰਦਨ

ਨੌਕਰੀ

 

- ਇਕਬਾਲ ਰਾਮੂਵਾਲੀਆ

ਰੁਸਤਮੇ ਮੈਰਾਥਨ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਬਦਦੁਆ

 

- ਹਰਜੀਤ ਅਟਵਾਲ

ਵਗਦੀ ਏ ਰਾਵੀ / ਰਿਸ਼ਤਿਆਂ ਦੀ ਗੁੰਝਲ ਕਿੰਨੀ ਸਾਦਾ ਤੇ ਸਹਿਜ

 

- ਵਰਿਆਮ ਸਿੰਘ ਸੰਧੂ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਿਕਾਸ, ਪ੍ਰਗਤੀ ਅਤੇ ਇਨਸਾਨ

 

- ਬਲਦੇਵ ਦੂਹੜੇ

ਨਰਮ-ਨਾਜ਼ੁਕ ਪਰ ਲੋਹੇ ਦੇ ਜਿਗਰੇ ਵਾਲੇ

 

- ਰਜਵੰਤ ਕੌਰ ਸੰਧੂ

ਇੱਕ ਲੱਪ ਕਿਰਨਾਂ ਦੀ..... / ਛੱਡੋ ਜੱਟ ਨੂੰ ਬਥੇਰਾ ਲੀਰੋ-ਲੀਰ ਕਰਤਾ........!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਇਕ ਦੇਸ਼ ਜੋ ਮੈਂ ਦੇਖਿਆ

 

- ਗੁਰਦੇਵ ਸਿੰਘ ਬਟਾਲਵੀ

ਗ਼ਜ਼ਲ

 

- ਉਂਕਾਰਪ੍ਰੀਤ

ਇਸ ਵਰ੍ਹੇ ਸਿਖਰਾ ਛੂੰਹੇਗਾ ਪੰਜਾਬੀ ਸਿਨੇਮਾ

 

- ਸਪਨ ਮਨਚੰਦਾ ਫ਼ਰੀਦਕੋਟ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਗਜ਼ਲ

 

- ਸੁਰਿੰਦਰ ਕੌਰ ਬਿਨਰ

ਪਿੰਡ ਨੂੰ ਪਏ ਘੇਰੇ ਦੀ ਕਹਾਣੀ

 

- ਸੁਪਨ ਸੰਧੂ

ਹੁੰਗਾਰੇ

 


ਪਿੰਡ ਨੂੰ ਪਏ ਘੇਰੇ ਦੀ ਕਹਾਣੀ
- ਸੁਪਨ ਸੰਧੂ
 

 

ਅਸਲ ਵਿੱਚ ਤਾਂ ਸਾਰਾ ਪੰਜਾਬ ਹੀ ਸੰਘਣੇ ਭੈਅ ਅਤੇ ਆਤੰਕ ਦੇ ਘੇਰੇ ਵਿੱਚ ਘਿਰਿਆ ਹੋਇਆ ਸੀ ਪਰ ਸਾਡੇ ਇਲਾਕੇ ਅਤੇ ਸਾਡੇ ਪਿੰਡ ਉੱਤੇ ਤਾਂ ਕੁਝ ਜਿ਼ਆਦਾ ਹੀ ਕਹਿਰ ਟੁੱਟਾ ਹੋਇਆ ਸੀ। ਆਤੰਕ ਦੇ ਉਹਨਾਂ ਕਾਲੇ ਦਿਨਾਂ ਦਾ ਸਰਵੇ ਕਰਨ ਵਾਲੇ ਸਮਾਜਸ਼ਾਸਤਰੀਆਂ ਨੇ ਇਹ ਨਿਰਣਾ ਕੀਤਾ ਸੀ ਕਿ ਸਾਰੇ ਪੰਜਾਬ ਵਿੱਚ ਖਾੜਕੂਆਂ ਨਾਲ ਤੁਰਨ ਵਾਲੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਸੀ। ਇਸ ਤੋਂ ਇਲਾਵਾ ਇਸੇ ਪਿੰਡ ਦੇ ਲਗਪਗ 60-65 ਲੋਕ ਦੋ ਧਿਰੀ ਗੋਲੀ ਦਾ ਸਿ਼ਕਾਰਹੋਏ ਸਨ। ਨਾਪੁਲਿਸ ਅਤੇ ਨਾ ਸੀ:ਆਰ:ਪੀ ਨੇ ਕੋਈ ਕਸਰ ਛੱਡੀ ਸੀ ਅਤੇ ਨਾਂ ਹੀ ‘ਸਿੱਖੀ ਦੇ ਨਾਂ’ਤੇ ਲੜਾਈ ਲੜਨ ਵਾਲਿਆਂ ਨੇ ਮਾਰਨ ਲੱਗਿਆਂ ਕਿਸੇ ਹਿੰਦੂ-ਸਿੱਖ ਨਾਲ ਵਿਤਕਰਾ ਕੀਤਾ ਸੀ।।
ਕੋਈ ਅਜਿਹਾ ਦਿਨ ਨਹੀਂ ਸੀ ਹੁੰਦਾ, ਜਿਸ ਦਿਨ ਅਸੀਂ ਪਿੰਡ ਦੀ ਕਿਸੇ ਨੁੱਕਰ ਵਿੱਚ ਹੋਈਆਂ ਗੋਲੀਆਂ ਦਾ ਖੜਾਕ ਨਾ ਸੁਣਿਆਂ ਹੋਵੇ।ਕਦੀ ਖ਼ਬਰ ਹੁੰਦੀ ਰਾਤੀਂ ਫਲਾਣੇ ਨੂੰ ਮਾਰ ਗਏ।ਰਾਤੀਂ ਸੀ:ਆਰ:ਪੀ ਦੇ ਕੈਂਪ’ਤੇ ਹਮਲਾ ਹੋਇਆ। ਗੋਲੀਆਂ ਦਾ ਖੜਾਕ ਸੁਣ ਕੇ ਮੈਂ ਆਪਣੀ ਮਾਂ ਦੀ ਛਾਤੀ ਨਾਲ ਲੱਗ ਜਾਂਦਾ।
ਖਾੜਕੂਆਂ ਨਾਲ ਜੁੜੇ ਪਿੰਡ ਦੇ ਮੁੰਡੇ ਹੀ ਪਿੰਡ ਦੇ ਬੰਦਿਆਂ ਨੂੰ ਮਾਰੀ ਜਾਂਦੇ। ਵਿੱਚੇ ਨਿੱਜੀ ਦੁਸ਼ਮਣੀਆਂ ਅਤੇ ਨਿੱਜੀ ਕੁੜੱਤਣਾਂ ਵੀ ਨਿਕਲੀ ਜਾਂਦੀਆਂ। ਮਾਰਨ ਵਾਲੇ ਆਪਣੇ ਹੀ ਗਰਾਈਆਂ ਨੂੰ ਮਾਰ ਕੇ ਪਤਾ ਨਹੀਂ ਕਿਹੜੀ ‘ਸਿੱਖੀ ਦੀ ਸੇਵਾ’ ਕਰ ਰਹੇ ਸਨ।
ਹਰ ਦੂਜੇ ਚੌਥੇ ਦਿਨ ਸੁਰੱਖਿਆ ਦਸਤਿਆਂ ਵੱਲੋਂ ਪਿੰਡ ਨੂੰ ਘੇਰਾ ਪਾਇਆ ਜਾਂਦਾ। ਹਰ ਪੱਗ-ਬੰਨ੍ਹ ਪਿੰਡੋਂ ਬਾਹਰ ਬੁਲਾ ਲਿਆ ਜਾਂਦਾ। ਘਰ ਵਿੱਚ ਬੱਚੇ ਜਾਂ ਔਰਤਾਂ ਰਹਿ ਜਾਂਦੀਆਂ। ਸੀ:ਆਰ:ਪੀ ਵਾਲੇ ਦਨਦਨਾਉਂਦੇ ਹੋਏ ਘਰ ਦੀ ਤਲਾਸ਼ੀ ਲੈਂਦੇ। ਪਹਿਲਾਂ ਘਰ ਦੀਆਂ ਔਰਤਾਂ ਨੂੰ ਅੱਗੇ ਕਰਦੇ ਅਤੇ ਪਿੱਛੇ-ਪਿੱਛੇ ਆਪ ਘਰ ਦੇ ਖੱਲ –ਖੂੰਜੇ ਫਰੋਲਦੇ। ਵੱਡੇ ਹੋ ਕੇ ਸੁਣਦੇ ਰਹੇ ਹਾਂ ਕਿ ਸੀ:ਆਰ:ਪੀ ਵਾਲੇ ਅਜਿਹੇ ਵੇਲੇ ਘਰ ਦੀਆਂ ਔਰਤਾਂ ਨਾਲ ਵਧੀਕੀ ਕਰ ਜਾਂਦੇ ਸਨ। ਜਦੋਂ ਕਦੀ ਅਜਿਹਾ ਘੇਰਾ ਪੈਂਦਾ ਤਾਂ ਮੇਰੀ ਮਾਂ ਮੈਨੂੰ ਨਾਲ ਲੈ ਕੇ ਘਰ ਦੀਆਂ ਪੌੜੀਆਂ ਦੇ ਸਿਖ਼ਰ ਜਾ ਬਹਿੰਦੀ ਅਤੇ ਸੀ:ਆਰ:ਪੀ ਨੂੰ ਕਹਿੰਦੀ ਕਿ ਉਹ ਘਰ ਦੀ ਫੋਲਾ ਫਾਲੀ ਕਰ ਲੈਣ। ਜੇ ਕੋਈ ਚੀਜ਼ ਚੁੱਕ ਕੇ ਵੀ ਲੈਣ ਜਾਣਗੇ ਤਾਂ ਕੋਈ ਗੱਲ ਨਹੀਂ- ਔਰਤ ਦੀ ਇੱਜ਼ਤ ਨਾਲੋਂ ਕੁਝ ਵੀ ਕੀਮਤੀ ਨਹੀਂ।
ਇੱਕ ਦਿਨ ਮੇਰੇ ਪਿਤਾ ਦੇ ਦੋਸਤ ਤੇ ਸਾਡੇ ਰਿਸ਼ਤੇਦਾਰ ਅਮਰ ਸਿੰਘ ਦੇ ਦੋਵੇਂ ਨੌਜਵਾਨ ਬੇਟੇ ਸਾਨੂੰ ਮਿਲਣ ਆਏ ਹੋਏ ਸਨ।ਅਸਲ ਵਿੱਚ ਉਹ ਮੇਰੀ ਸਕੂਟਰ ਚਲਾਉਣਾ ਸਿੱਖਣ ਦੀ ਮੰਗ ਪੂਰੀ ਕਰਨ ਆਏ ਸਨ। ਅਜੇ ਉਹ ਚਾਹ-ਪਾਣੀ ਪੀ ਕੇ ਬੈਠੇ ਹੀ ਸਨ ਕਿ ਸਪੀਕਰ ਉੱਤੇ ਐਲਾਨ ਹੋਣਾ ਸ਼ੁਰੂ ਹੋ ਗਿਆ ਕਿ ਦਸ ਸਾਲ ਦੀ ਉਮਰ ਤੋਂ ਵੱਧ ਸਾਰੇ ਮਰਦ ਪਿੰਡ ਦੇ ਬਾਹਰਲੇ ਸਕੂਲ ਦੀ ਗਰਾਊਂਡ ਵਿੱਚ ਛੇਤੀ ਤੋਂ ਛੇਤੀ ਇਕੱਠੇ ਹੋ ਜਾਣ।ਸੁਰੱਖਿਆ ਦਸਤਿਆਂ ਨੇ ਪਿੰਡ ਵਿੱਚ ਵੜੇ ਅੱਤਵਾਦੀਆਂ ਨੂੰ ਫੜ੍ਹਨ ਲਈ ਪਿੰਡ ਨੂੰ ਘੇਰਾ ਪਾ ਲਿਆ ਹੈ।
ਮੇਰੀ ਮਾਂ ਨੂੰ ਫਿ਼ਕਰ ਪੈ ਗਿਆ ਕਿ ਬੇਗਾਨੇ ਜਵਾਨ ਪੁੱਤ ਘਰ ਆਏ ਹੋਏ ਸਨ। ਉਹਨਾਂ ਨੂੰ ਅੱਤਵਾਦੀ ਸਮਝ ਕੇ ਫੜ੍ਹਿਆ ਵੀ ਜਾ ਸਕਦਾ ਸੀ ਅਤੇ ਮਾਰਿਆ ਵੀ। ਮੇਰੇ ਪਿਤਾ ਉਹਨੀਂ ਦਿਨੀਂ ਜਲੰਧਰ ਦੇ ਖ਼ਾਲਸਾ ਕਾਲਜ ਵਿੱਚ ਅਧਿਆਪਕ ਲੱਗੇ ਹੋਏ ਸਨ। ਉਹ ਰੋਜ਼ ਸਵੇਰੇ ਜਲੰਧਰ ਜਾਂਦੇ ਅਤੇ ਸ਼ਾਮ ਹੁੰਦਿਆਂ ਘਰ ਪਰਤਦੇ। ਮੇਰੀ ਮਾਂ ਨੇ ਘਰੋਂ ਬਾਹਰ ਨਿਕਲ ਕੇ ਹਿੰਦੂਆਂ ਨੂੰ ਉਹਨਾਂ ਨੌਜਵਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਤੱਕ ‘ਸੁਰੱਖਿਅਤ’ ਛੱਡ ਆਉਣ ਲਈ ਕਿਹਾ ਤਾਂ ਕਿ ਰਾਹ ਵਿੱਚ ਉਹਨਾਂ ਨੂੰ ਕੋਈ ਪੁੱਛ ਪੜਤਾਲ ਨਾ ਕਰੇ। ਪਿੰਡ ਲਈ ਅਜਨਬੀ ਅਤੇ ਸਕੂਟਰ ਕੋਲ ਹੋਣ ਕਰਕੇ ਉਹ ਦੋਵੇਂ ਭਰਾ ਸਕੂਲ ਨੂੰ ਚੱਲ ਪਏ। ਮੈਂ ਕਿਹਾ ਕਿ ਮੈਂ ਵੀ ਉਹਨਾਂ ਦੇ ਨਾਲ ਜਾਣੈਂ। ਮੇਰੀ ਮਾਂ ਨੇ ਰੋਕਿਆ ਤਾਂ ਮੈਂ ਕਿਹਾ ਕਿ ਉਹਨਾਂ ਨੇ ਦਸ ਸਾਲ ਤੋਂ ਉੱਪਰ ਸਾਰੇ ਬੰਦਿਆਂ ਨੂੰ ਬਾਹਰ ਬੁਲਾਇਆ ਹੈ ।ਸਾਡਾ ਪਿੰਡ ਦਸ ਹਜ਼ਾਰ ਤੋਂ ਵੀ ਵੱਧ ਆਬਾਦੀ ਵਾਲਾ ਪਿੰਡ ਹੈ। ਸਕੂਲ ਵਿੱਚ ਕੁਝ ਹੀ ਸਮੇਂ ਵਿੱਚ ਕੁਰਬਲ-ਕੁਰਬਲ ਹੋਣ ਲੱਗੀ। ਪਿੰਡ ਦੇ ਸਭ ਮਰਦ ਹਿੰਦੂ-ਸਿੱਖ ਸਕੂਲ ਵਿੱਚ। ਮੇਰੇ ਜਿਹਾ ਗਿਆਰਵੇਂ ਸਾਲ ਨੂੰ ਢੁੱਕਾ ‘ਮਰਦ’ ਮੈਂ ਇਸ ਭੀੜ ਵਿੱਚ ਇਕੱਲਾ ਹੀ ਸਾਂ। ਬਾਬੇ ਲਾਭ ਚੰਦ ਨੇ ਕਿਹਾ ਕਿ ਮੈਂ ਘਰ ਨੂੰ ਭੱਜ ਜਾਵਾਂ। ਪਰ ਮੈਂ ਓਥੋਂ ਖਿਸਕ ਕੇ ਭੀੜ ਵਿੱਚ ਘੁਸ ਗਿਆ ਤੇ ਹਰਵੰਤ ਅਤੇ ਖੁਸ਼ਵੰਤ ਨੂੰ ਲੱਭ ਲਿਆ।

ਸਭ ਲੋਕ ਡਰੇ ਸਹਿਮੇ ਬੈਠੇ ਸਨ ਪਰ ਮੇਰੇ ਮਨ ਵਿੱਚ ਸਭ ਕੁਝ ਵੇਖਣ ਜਾਣਨ ਦੀ ਜਿਗਿਆਸਾ ਸੀ। ਬਹੁਤ ਸਾਰੇ ਸਾਡੇ ਸਕੂਲ ਦੇ ਵੱਡੇ ਵਿਦਿਆਰਥੀ ਤੇ ਹੋਰ ਲੋਕ ਵਰਿਆਮ ਸਿੰਘ ਸੰਧੂ ਦਾ ਪੁੱਤਰ ਹੋਣ ਕਰਕੇ ਮੈਨੂੰ ਜਾਣਦੇ ਸਨ। ਸਾਰੇ ਮੈਨੂੰ ਘਰ ਜਾਣ ਦੀ ਸਲਾਹ ਦੇਣ।ਪਰ ਮੈਂ ਨਾ ਮੰਨਿਆ। ਅਸਲ ਵਿੱਚ ਮੇਰੇ ਮਨ ਵਿੱਚ ਇਹ ਵੀ ਭਰਮ ਸੀ ਕਿ ਅੱਗੇ ਵੀ ਸਾਰਾ ਪਿੰਡ ਕਈ ਵਾਰ ਘਰੋਂ ਬਾਹਰ ਕੱਢ ਕੇ ਬਿਠਾਇਆ ਹੈ। ਦੋ-ਤਿੰਨ ਘੰਟਿਆਂ ਪਿੱਛੋਂ ਘਰ ਨੂੰ ਜਾਣ ਦੀ ਆਗਿਆ ਮਿਲ ਜਾਂਦੀ ਸੀ।ਪਰ ਅੱਜ ਅਜਿਹਾ ਨਹੀਂ ਹੋਇਆ। ਬਾਰਾਂ ਕੁ ਵਜੇ ਦੇ ਘਰੋਂ ਬਾਹਰ ਨਿਕਲਿਆਂ ਨੂੰ ਸਾਨੂੰ ਸ਼ਾਮ ਪੈ ਚੱਲੀ ਸੀ।ਭਰ ਸਿਆਲ ਦੇ ਦਿਨ ਸਨ।ਅਸਮਾਨ’ਤੇ ਬੱਦਲ ਛਾਏ ਹੋਏ ਸਨ। ਕਿਸੇ ਵੀ ਪਲ ਕਣੀਆਂ ਪੈ ਸਕਦੀਆਂ ਸਨ। ਸੈਕੜਿਆਂ ਦੀ ਗਿਣਤੀ ਵਿੱਚ ਲੋਕ ਇੱਕ ਦੂਜੇ ਦੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰ ਰਹੇ ਸਨ।ਕਿਸੇ ਜਾਣਕਾਰ ਨੇ ਕਿਹਾ, “ਚੱਠੂ! ਅੱਜ ਬਾਬੇ ਬਿਧੀ ਚੰਦੀਆਂ ਦੇ ਮੱਥਾ ਟੇਕਣ ਆਇਆ ਸੀ, ਉਹਨੂੰ ਫੜ੍ਹਨ ਲਈ ਘੇਰਾ ਪਾਇਐ!”
ਕਿਸੇ ਹੋਰ ਜਾਣਕਾਰ ਨੌਜਵਾਨ ਨੇ ਕਿਹਾ, “ ਉਹ ਤਾਂ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਹਵਾ ਹੋ ਗਿਆ ਸੀ। ਇਹ ਹੁਣ ਕੀ ਲੱਭਦੇ ਨੇ!”
ਓਨੇ ਚਿਰ ਨੂੰ ਪਿੰਡ ਦੇ ਐਨ ਵਿਚਕਾਰੋਂ ਗੋਲੀਆਂ ਚੱਲਣ ਦਾ ਖੜਾਕ ਆਇਆ ਤੇ ਫਿ਼ਰ ਕਿੰਨਾਂ ਹੀ ਚਿਰ ‘ਕਾੜ ਕਾੜ’ ਗੋਲੀਆਂ ਚੱਲਦੀਆਂ ਰਹੀਆਂ। ਇਹਨਾਂ ਗੋਲੀਆਂ ਦੀ ਆਵਾਜ਼ ਸਾਡੇ ਘਰ ਦੇ ਨੇੜਿਉਂ ਹੀ ਕਿਧਰੋਂ ਆ ਰਹੀ ਸੀ।
ਇੱਕ ਜਾਣੇ ਨੇ ਪਿੰਡ ਦੇ ਕਿਸੇ ਨੌਜਵਾਨ ਦਾ ਨਾਮ ਲੈ ਕੇ ਕਿਹਾ, “ਫਲਾਣਿਆਂ ਦੀ… ਅਤੇ ਫਲਾਣਾ ਮਾਰੇ ਗਏ।”
ਉਸਨੇ ਦੱਸਿਆ ਕਿ ਉਹ ਆਪ ਇੱਕ ਉੱਜੜੇ ਘਰ ਦੇ ਕਮਰੇ’ਚ ਵੜ ਕੇ ਬਾਹਰੋਂ ਤਾਲਾ ਲਾ ਕੇ ਉਹਨਾਂ ਨੂੰ ਬੰਦ ਕਰ ਕੇ ਆਇਆ ਸੀ। ਇਹ ਗੋਲੀਆਂ ਦਾ ਖੜਾਕ ‘ਉੱਥੋਂ’ ਕੁ ਹੀ ਆ ਰਿਹਾ ਸੀ।
ਇਹ ‘ਘਰ ਦੀ ਖ਼ਬਰ’ ਵਾਂਗ ਸੀ।ਉਹ ਸਭ ਨਾਲ ਸਾਂਝੀ ਕਰ ਰਿਹਾ ਸੀ।ਕਿਸੇ ਕੋਲੋਂ ਭੇਤ ਖੁੱਲ੍ਹ ਜਾਣ ਦਾ ਡਰ ਉਸਨੂੰ ਨਹੀਂ ਸੀ।
ਸੂਰਜ ਡੁੱਬਣ ਵਾਲਾ ਸੀ। ਸਾਰੇ ਉਡੀਕ ਰਹੇ ਸਨ ਕਿ ਹੁਣ ਤਾਂ ‘ਆਪਰੇਸ਼ਨ ਸਫ਼ਲ’ ਹੋ ਗਿਆ। ਸਭ ਨੂੰ ਘਰੋ ਘਰੀਂ ਜਾਣ ਦੀ ਆਗਿਆ ਮਿਲ ਜਾਵੇਗੀ। ਪਰ ਅਜਿਹਾ ਨਹੀਂ ਹੋਇਆ।
ਮੰੈਂ ਵੇਖਿਆ ਮੇਰਾ ਪਿਤਾ ਪਾਸਿਉਂ ਵੱਲੋਂ ਇਕੱਲਾ ਹੀ ਸੀ:ਆਰ:ਪੀ ਵੱਲੋਂ ਸਕੂਲ ਵਿੱਚ ਪਾਏ ਘੇਰੇ ਵੱਲ ਵਧਦਾ ਆ ਰਿਹਾ ਸੀ।ਅਸਲ ਵਿੱਚ ਜਦੋਂ ਉਹ ਬੱਸ ਤੋਂ ਉੱਤਰ ਰਿਆ ਤਾਂ ਪਿੰਡ ਨੂੰ ਘੇਰਾ ਪੈ ਚੁੱਕਾ ਸੀ। ਉਹ ਹੋਰ ਬਹੁਤ ਸਾਰੀਆਂ ਬੱਸਾਂ ਤੋਂ ਵਾਰੀ ਵਾਰੀ ਉੱਤਰੀਆਂ ਬਹੁਤ ਸਾਰੀਆਂ ਸਵਾਰੀਆਂ ਵਾਂਗ ਘੇਰਾ ਚੁੱਕੇ ਜਾਣ ਅਤੇ ਘਰ ਪਹੁੰਚਣ ਦੀ ਉਡੀਕ ਕਰ ਰਿਹਾ ਸੀ। ਜਦੋਂ ਸੂਰਜ ਡੁੱਬਣ ਲੱਗਾ ਅਤੇ ਘੇਰਾ ਚੁੱਕੇ ਜਾਣ ਦੀ ਕੋਈ ਉਮੀਦ ਨਾ ਰਹੀ ਤਾਂ ਹੋਰਨਾਂ ਬਹੁਤ ਸਾਰੇ ਲੋਕਾਂ ਵਾਂਗ ਉਸਨੇ ਵੀ ਸੋਚਿਆ ਕਿ ਉਹ ਬਾਹਰ ਮੇਰੇ ਚਾਚੇ ਕੋਲ ਬਹਿਕ ‘ਤੇ ਚਲਾ ਜਾਵੇਗਾ।ਪਰ ਏਸੇ ਵੇਲੇ ਹੀ ਕਿਸੇ ਨੇ ਉਸਨੂੰ ਦੱਸਿਆ ਕਿ ਸੁਪਨਦੀਪ ਵੀ ਘੇਰੇ ਵਾਲੀ ਥਾਂ’ਤੇ ਹੈ। ਉਸਨੂੰ ਫਿ਼ਕਰ ਹੋਇਆ ਤੇ ਉਹ ਮੇਰੇ ਕਰਕੇ ਆਪ ਇਸ ਮੁਸ਼ਕਿਲ ਵਿੱਚ ਆ ਫਸਿਆ।
ਪਿੰਡ ਦੇ ਬੰਦਿਆਂ ਦੀਆਂ ਕਤਾਰਾਂ ਬਣਨ ਲੱਗੀਆਂ ਅਤੇ ਇੱਕ ਕਾਲੇ ਸ਼ੀਸਿ਼ਆਂ ਵਾਲੀ ਕਾਰ ਅੱਗੋਂ ਇੱਕ ਇੱਕ ਜਣਾ ਲੰਘਣ ਲੱਗਾ। ਸੁਣਨ ਵਿੱਚ ਆਇਆ ਕਿ ਕਾਰ ਅੰਦਰੋਂ ਮਿਲੇ ਇਸ਼ਾਰੇ’ਤੇ ਕੁਝ ਇੱਕ ਨੂੰ ਫੜ੍ਹ ਕੇ ਜੀਪਾਂ ਵਿੱਚ ਬਿਠਾ ਲਿਆ ਗਿਆ ਸੀ। ਸ਼ਾਇਦ ਸ਼ੁਰੂ ਦਸੰਬਰ ਦੇ ਦਿਨ ਸਨ। ਲੋਕਾਂ ਨੇ ਸਕੂਲ ਦੇ ਸਫੈਦਿਆਂ ਨਾਲੌ ਅਤੇ ਹੋਰ ਰੁੱਖਾਂ ਨਾਲੋਂ ਸੁੱਕੀਆਂ ਟਾਹਣੀਆਂ ਤੋੜ ਕੇ ਅੱਗਾਂ ਬਾਲ ਲਈਆਂ। ਰਾਤ ਉੱਤਰ ਆਈ ਸੀ ਤੇ ਨੀਲੇ ਅਸਮਾਨ ਹੇਠਾਂ ਹੀ ਸ਼ਾਇਦ ਕੱਟਣੀ ਪੈਣੀ ਸੀ। ਹਰੇਕ ਜਣਾਂ ਆਪਣੇ ਘਰ ਦੀ ਸੁੱਖ-ਸਾਂਦ ਬਾਰੇ ਫਿ਼ਕਰਮੰਦ ਸੀ।
ਅਚਨਚੇਤ ਸਪੀਕਰ ਵਿੱਚ ਐਲਾਨ ਹੋਇਆ ਕਿ ਕਤਾਰਾਂ ਬੰਨ ਲਈਆਂ ਜਾਣ। ਕਤਾਰ’ਚੋਂ ਕੋਈ ਪਾਸੇ ਹੋਣ ਦੀ ਕੋਸਿ਼ਸ਼ ਨਾ ਕਰੇ, ਨਹੀਂ ਤਾਂ ਗੋਲੀ ਮਾਰ ਦਿੱਤੀ ਜਾਵੇਗੀ।
ਸਭ ਨੂੰ ਪਿੰਡ ਦੇ ਛਾਉਣੀ ਸਾਹਿਬ ਗੁਰਦੁਆਰੇ ਜਾਣ ਦਾ ਹੁਕਮ ਹੋਇਆ। ਸਾਰੇ ਪਿੰਡ ਦੀ ਨਾਕਾ-ਬੰਦੀ ਕੀਤੀ ਹੋਈ ਸੀ। ਭੀੜਾਂ ਦੀਆਂ ਭੀੜਾਂ ਗੁਰਦੁਆਰੇ ਪਹੁੰਚ ਗਈਆਂ। ਸਵੇਰ ਦੇ ਭੁੱਖਣ ਭਾਣੇ ਅਤੇ ਪਿਆਸੇ ਲੋਕ। ਬਿਧੀ ਚੰਦੀਏ ਬਾਬਿਆਂ ਨੇ ਦੇਗਾਂ ਚਾੜ੍ਹ ਦਿੱਤੀਆਂ। ਆਟਾ ਗੁੱਝਣ ਲੱਗਾ। ਫੁਲਕੇ ਲੱਥਣ ਲੱਗੇ। ਅੱਧੀ ਰਾਤ ਤੱਕ ਸਭ ਨੇ ਲੰਗਰ ਖਾ ਕੇ ਸ਼ੁਕਰ ਕੀਤਾ। ਮੇਰੇ ਪਿਤਾ ਦੀ ਬਾਬਿਆਂ ਨਾਲ ਪਛਾਣ ਸੀ। ਉਹਨਾਂ ਦਾ ਛੋਟਾ ਲੜਕਾ ਸਾਡੇ ਸਕੂਲ ਦਾ ਵਿਦਿਆਰਥੀ ਰਿਹਾ ਸੀ। ਉਸ ਨੇ ਸਾਨੂੰ ਦੋ ਰਜਾਈਆਂ ਲਿਆ ਕੇ ਦਿੱਤੀਆਂ। ਹੋਰ ਲੋਕਾਂ ਨੂੰ ਵੀ ਰਜਾਈਆਂ ਦਿੱਤੀਆਂ। ਪਰ ਸੈਕੜੈ ਰਜਾਈਆਂ ਤਾਂ ਗੁਰਦੁਆਰੇ ਵਿੱਚ ਨਹੀਂ ਸਨ। ਨਾਂ ਹੀ ਗੁਰਦੁਆਰੇ ਦੇ ਵਰਾਂਡਿਆਂ ਦੇ ਨਾਲ ਲੱਗਦੀਆਂ ਇਮਾਰਤਾਂ ਵਿੱਚ ਏਨੀ ਥਾਂ ਸੀ ਕਿ ਸਾਰੇ ਲੋਕ ਓਥੇ ਸਮਾ ਸਕਣ। ਇਸ ਲਈ ਸੈਂਕੜੇ ਲੋਕ ਖੁੱਲ੍ਹੇ ਅਸਮਾਨ ਦੀ ਛੱਤ ਹੇਠਾਂ ਲੇਟੇ ਹੋਏ ਸਨ ਕਿ ਅਚਨਚੇਤ ਕਣੀਆਂ ਪੈਣ ਲੱਗ ਪਈਆਂ। ਲੋਕ ਪਰਾਲੀ ਅਤੇ ਕੱਖ-ਕਾਨ ਉੱਤੇ ਲੈ ਕੇ ਦਸੰਬਰ ਦੀ ਠੰਡੀ ਰਾਤ ਵਿੱਚ ਭਿੱਜਦੇ ਰਹੇ ਅਤੇ ਦੋਵਾਂ ਧਿਰਾਂ ਦੇ ਸਟੇਨਧਾਰੀਆਂ ਨੂੰ ਗਾਲ੍ਹਾਂ ਕੱਢਦੇ ਰਹੇ।
ਦਿਨ ਚੜ੍ਹਿਆ। ਕਈਆਂ ਦੀਆਂ ਜਨਾਨੀਆਂ ਸੀ:ਆਰ:ਪੀ ਦੀ ਆਗਿਆ ਲੈ ਕੇ ਆਪਣੇ ਘਰ ਦੇ ਜੀਆਂ ਦੀ ਸੁੱਖ-ਸਾਂਦ ਦਾ ਪਤਾ ਕਰਨ ਗੁਰਦੁਆਰੇ ਪਹੁੰਚੀਆਂ। ਮੇਰੀ ਮਾਂ ਨੇ ਵੀ ਸਾਡੀ ਇੱਕ ਜਾਣੂੰ ਅਧਿਆਪਕਾ ਨੂੰ ਸਾਡੀ ਖੈਰ-ਸੁੱਖ ਪੁੱਛਣ ਲਈ ਭੇਜਿਆ।
ਦਿਨ ਦੇ ਬਾਰਾਂ ਕੁ ਵਜੇ ਪਿੰਡ ਨੂੰ ਜਾਂਦੀ ਲਿੰਕ ਰੋਡ ਨਾਲ ਜੁੜਵੇਂ ਘਰਾਂ ਵਿੱਚ ਗੜਗੜਾਉਂਦੀਆਂ ਗੋਲੀਆਂ ਦਾ ਖੜਾਕ ਸੁਣਿਆ। ਕਿਸੇ ਨੇ ਕਿਹਾ, “ਬੂਟੇ ਹੋਰੀਂ ਮਾਰੇ ਗਏ।”
ਕਾਫੀ ਜ਼ਬਰਦਸਤ ਗੋਲਾਬਾਰੀ ਹੋਈ ਅਤੇ ਸ਼ਾਮ ਢਲਦੀ ਤੱਕ ਸਭ ਨੂੰ ਘਰੋ ਘਰੀਂ ਜਾਣ ਦਾ ਹੁਕਮ ਹੋ ਗਿਆ। ਸਭ ਘਰਾਂ ਨੂੰ ਦੌੜੇ।ਇਹ ਜਾਨਣ ਦੀ ਉਤਸੁਕਤਾ ਵੀ ਸੀ ਕਿ ਕੀ ਹੋਇਆ।
ਇਸ ਘੇਰੇ ਵਿੱਚ ਦੋਹਾਂ ਧਿਰਾਂ ਦੇ ਸੱਤ ਬੰਦੇ ਮਰੇ। ਇਹਨਾਂ ਵਿੱਚੋਂ ਪੰਜ ਜਣੇ ਖਾੜਕੂਆਂ ਨਾਲ ਤੁਰੇ ਪਿੰਡ ਦੇ ਹੀ ਨੌਜਵਾਨ ਸਨ। ਪਤਾ ਲੱਗਾ ਕਿ ਬੂਟੇ ਹੋਰੀਂ ਦਿਨ ਦੇ ਚੜ੍ਹਾ ਨਾਲ ਕਿਸੇ ਹਵੇਲੀ ਵਿੱਚ ਪਏ ਪਰਾਲੀ ਦੇ ਢੇਰ ਹੇਠਾਂ ਲੁਕ ਗਏ ਸਨ। ਜਦੋਂ ਸੀ:ਆਰ:ਪੀ ਵਾਲੇ ਹਵੇਲੀ ਦੀ ਤਲਾਸ਼ੀ ਲੈ ਕੇ ਜਾਣ ਲੱਗੇ ਤਾਂ ਉਹਨਾਂ ਪਰਾਲੀ ਹਿੱਲਦੀ ਵੇਖ ਕੇ ਲਲਕਾਰਾ ਮਾਰਿਆ। ਬੂਟਾ ਪਰਾਲੀ ਵਿੱਚੋਂ ਨਿਕਲ ਕੇ ਏ ਕੇ 47 ਫੜ੍ਹੀ ਭੱਜ ਉੱਠਿਆ। ਪਿੱਛੋਂ ਗੋਲੀਆਂ ਵੱਜੀਆਂ ਅਤੇ ਉਹ ਢੇਰੀ ਹੋ ਗਿਆ।
ਪਿੰਡ ਦੀਆਂ ਜਨਾਨੀਆਂ ਦੱਸਣ ਕਿ ਸੀ:ਆਰ:ਪੀ ਵਾਲੇ ਤਾਂ ਪਿੰਡ ਦੇ ਬਾਹਰ ਸਨ। ਇਹ ਮੁੰਡੇ ਗਲੀ ਗਲੀ ਫਿ਼ਰਦੇ ਰਹੇ।ਬਾਹਰ ਜਾਣ ਦਾ ਰਾਹ ਲੱਭਦੇ ਹੋਣਗੇ!
ਕਿਸੇ ਨੇ ਕਿਹਾ, “ਜਦੋਂ ਸੀ:ਆਰ:ਪੀ ਵਾਲੇ ਪਿੰਡ ਵੜ੍ਹੇ ਤਾਂ ਇਹ ਲੁਕ ਕੇ ਉਹਨਾਂ’ਤੇ ਵਾਰ ਕਰ ਸਕਦੇ ਸਨ। ਬਚਣਾ ਤਾਂ ਇਹਨਾਂ ਹੈ ਨਹੀਂ ਸੀ। ਸੀ:ਆਰ:ਪੀ ਵਾਲੇ ਹੀ ਕੁਝ ਰੇੜ ਦੇਂਦੇ। ਹੁਣ ਅੱਗੇ ਲੱਗ ਕੇ ਭੱਜ ਉੱਠੇ।ਓਥੇ ਹੀ ਕੋਈ ਕੌਤਕ ਕਰਦੇ………”
ਕਿਸੇ ਦੂਜੇ ਨੇ ਕਿਹਾ, “ਭਾਊ! ਇਹ ਵੀ ਨਿਹੱਥਿਆਂ ਨੂੰ ਮਾਰਨ ਗਿੱਝੇ ਸਨ। ਪਤਾ ਤਾਂ ਅੱਜ ਲੱਗਣਾ ਸੀ!”
ਅਗਲੇ ਦਿਨ ਤਿੰਨ ਲਾਸ਼ਾਂ ਦਾ ਸਸਕਾਰ ਪਿੰਡ ਦੇ ਇੱਕ ਪਾਸੇ ਤੇ ਚਾਰ ਲਾਸ਼ਾਂ ਦਾ ਸਸਕਾਰ ਪਿੰਡ ਦੇ ਲਹਿੰਦੇ ਪਾਸੇ ਹੋ ਰਿਹਾ ਸੀ। ਰਾਤ ਨੂੰ ਸਸਕਾਰ ਵਾਲੀ ਥਾਂ ਤੇ ਤਥਾ ਕਥਿਤ ਖਾੜਕੂਆਂ ਨੇ ਗੋਲੀਆਂ ਚਲਾ ਕੇ ‘ਸ਼ਹੀਦਾਂ ਨੂੰ ਸਲਾਮੀ’ ਦਿੱਤੀ।
ਉਸ ਤੋਂ ਬਾਅਦ ਹਾਲਾਤ ਦਿਨ-ਬ-ਦਿਨ ਵਿਗੜਨੇ ਸ਼ੁਰੂ ਹੋ ਗਏ ਅਤੇ ਸਾਡੇ ਪਿੰਡ ਗੋਲੀ ਚੱਲਣੀ ਅਤੇ ਕਤਲ ਹੋਣੇ ਇੱਕ ਆਮ ਘਟਨਾ ਬਣ ਗਈ।ਕਈ ਵਾਰ ਤਾਂ ਹਫਤੇ ਵਿੱਚ ਦੋ ਜਾਂ ਤਿੰਨ ਕਤਲ ਵੀ ਹੋ ਜਾਂਦੇ।ਹੌਲੀ-ਹੌਲੀ ਸਾਡੇ ਪਿੰਡ ਦੇ ਮੁੰਡੇ ਅੱਤਵਾਦੀਆਂ ਨਾਲ ਰਲਣੇ ਸ਼ੁਰੂ ਹੋ ਗਏ।ਦੋਹਾਂ ਧਿਰਾਂ ਵੱਲੋਂ ਪਿੰਡ ਵਿੱਚ ਬੇਵਜ੍ਹਾ ਹੀ ਕਤਲ ਕਰ ਦਿੱਤੇ ਜਾਣੇ। ਕਦੀ ਅੱਤਵਾਦੀਆਂ ਨੇ ਲੋਕ ਮਾਰ ਦੇਣੇ ਅਤੇ ਕਦੀ ਪੁਲਿਸ ਨੇ।ਅੱਤਵਾਦੀਆਂ ਨੇ ਕਹਿ ਦੇਣਾ ਕਿ ਬਾਜ਼ਾਰ ਅਤੇ ਸਕੂਲ ਬੰਦ ਰੱਖਣੇ ਹਨ ਨਹੀਂ ਤਾਂ ਅਸੀਂ ਸਾਰਿਆਂ ਨੂੰ ‘ਸੋਧ ਦਿਆਂਗੇ।’ ਇਸ ਨਾਲ ਮੇਰੀ ਮੁੱਢਲੀ ਪੜ੍ਹਾਈ ਦੇ ਉੱਪਰ ਬਹੁਤ ਅਸਰ ਪਿਆ ਜਿਸਨੂੰ ਮੈਂ ਅੱਜ ਤੱਕ ਮਹਿਸੂਸ ਕਰਦਾ ਹਾਂ।ਮੇਰੀ ਹੀ ਤਰ੍ਹਾਂ ਹੋਰ ਬੱਚਿਆਂ ਦੇ ੳੱਪਰ ਇਹ ਅਸਰ ਜ਼ਰੂਰ ਪਿਆ ਹੋਵੇਗਾ। ਉਹਨਾਂ ਦਿਨਾਂ ਤੋਂ ਪਿੰਡਾਂ ਦੇ ਸਕੂਲਾਂ ਦੀ ਪੜ੍ਹਾਈ ਦਾ ਜੋ ਬੇੜਾ ਗ਼ਰਕ ਹੋਣਾ ਸ਼ੁਰੂ ਹੋਇਆ ਸੀ, ਅਜੇ ਤੱਕ ਵੀ ਉਸ ਵਿਚ ਕੋਈ ਸੁਧਾਰ ਨਹੀਂ ਹੋਇਆ ।
ਕਦੀ-ਕਦੀ ਰਾਤ ਨੂੰ ਮੋਟਰਸਾਈਕਲ ਦੀ ਆਵਾਜ਼ ਰਾਤ ਦੀ ਖਾਮੋਸ਼ੀ ਨੂੰ ਭੰਗ ਕਰਦੀ ਸੁਣਨੀ, ਜੋ ਸਾਡੇ ਘਰ ਦੇ ਐਨ ਨਜ਼ਦੀਕ ਆ ਕੇ ਬੰਦ ਹੋ ਜਾਣੀ। ਸਾਡੇ ਦਿਲ ਨੂੰ ਧੁੜਕੂ ਲੱਗ ਜਾਣਾ ਕਿ ਅੱਜ ਸਾਡੀ ‘ਵਾਰੀ’ ਆ ਗਈ ਸ਼ਾਇਦ। ਥੋੜ੍ਹੀ ਦੇਰ ਬਾਅਦ ਮੋਟਰਸਾਈਕਲ ਸਟਾਰਟ ਹੋਣੀ ਅਤੇ ਆਵਾਜ਼ ਦੂਰ ਜਾਂਦਿਆਂ ਖ਼ਤਮ ਹੋ ਜਾਣੀ।ਫਿਰ ਕਿਤੇ ਚੈਨ ਦਾ ਸਾਹ ਆਉਣਾ ਕਿ ‘ਅੱਜ ਬਚ ਗਏ।’ਸੀ ਆਰ ਪੀ ਵਾਲਿਆਂ ਦਾ ਰਾਜ ਸਵੇਰ ਵੇਲੇ ਹੁੰਦਾ ਅਤੇ ਰਾਤ ਵੇਲੇ ਰਾਜ ‘ਭਾਊਆਂ’ਦਾ!
ਕਿਸੇ ਧਿਰ ਵੱਲੋਂ ਵੀ ਪਿੰਡ ਦਾ ਕੋਈ ਬੰਦਾ ਮਾਰਿਆ ਜਾਣਾ ਤਾਂ ਘਰ ਵਾਲਿਆਂ ਦੇ ਰੋਕਦਿਆਂ ਵੀ ਮੈਂ ਵੀ ਪਿੰਡ ਵਾਲਿਆਂ ਦੇ ਨਾਲ ਹੀ ਲਾਸ਼ਾਂ ਵੇਖਣ ਤੁਰ ਪੈਣਾ। ਕਿਸੇ ਦੇ ਸਿਰ ੳੱਪਰ ਗੋਲੀ ਲੱਗੀ ਹੋਣੀ, ਕਿਸੇ ਦੀ ਛਾਤੀ ਵਿਚ ਅਤੇ ਕਿਸੇ ਦੇ ਜਬਾੜੇ ਵਿਚ।ਪੱਗਾਂ ਢੱਠੀਆਂ ਅਤੇ ਵਾਲ ਖਿੱਲਰੇ ਹੋਣੇ। ਕਿਸੇ ਦੀਆਂ ਅੱਖਾਂ ਬਾਹਰ ਨਿਕਲੀਆਂ ਹੋਣੀਆਂ।ਖੂਨ ਨਾਲ ਲੱਥ ਪੱਥ ਲਾਸ਼ਾਂ ਉੱਤੇ ਮੱਖੀਆਂ ਭਿਣ ਭਿਣਾ ਰਹੀਆਂ ਹੁੰਦੀਆਂ।
ਜਦੋਂ ਮੁਕਾਬਲੇ ਹੋਣੇ, ਮੈਂ ਸਾਡੇ ਘਰ ਲਾਗਿਓਂ ਮੁੰਡਿਆਂ ਦੀਆਂ ਟੋਲੀਆਂ ਦੀਆਂ ਟੋਲੀਆਂ ਹੱਥਾਂ ਵਿੱਚ ਹਥਿਆਰ ਚੁੱਕ ਕੇ ਭੱਜਦੀਆਂ ਵੇਖਣੀਆਂ। ਜਦੋਂ ‘ਤੜ੍ਹ-ਤੜ੍ਹ’ ਕਰਦੀਆਂ ਗੋਲੀਆਂ ਚੱਲਣੀਆਂ ਤਾਂ ਇਸ ਤਰ੍ਹਾਂ ਲੱਗਣਾ ਕਿ ਘਰ ਦੇ ਬਿਲਕੁਲ ਨਾਲ ਚੱਲ ਰਹੀਆਂ ਹਨ।ਬਾਹਰ ਪੁਲਿਸ ਅਤੇ ਅੱਤਵਾਦੀਆਂ ਦੀ ਹਫੜਾ ਦਫੜੀ ਵੀ ਸੁਣਦੀ ਰਹਿੰਦੀ ਸੀ ਪੁਲਿਸ ਨੇ ਲਾਸ਼ਾਂ ਪੋਸਟ ਮਾਰਟਮ ਲਈ ਅੰਮ੍ਰਿਤਸਰ ਭੇਜ ਦੇਣੀਆਂ।ਲਾਸ਼ਾਂ ਨੂੰ ਟਰਾਲੀਆਂ ਵਿਚ ਪਾ ਕੇ ਪਿੰਡ ਲਿਆਂਦਾ ਜਾਂਦਾ।ਸਾਰੇ ਪਿੰਡ ਦੇ ਮਰਦਾਂ ਨੇ ਉਹਨਾਂ ਦਾ ਸਸਕਾਰ ਕਰਨ ਜਾਣਾ। ਮੈਂ ਵੀ ਆਂਢੀਆਂ ਗੁਆਂਢੀਆਂ ਨਾਲ ਤੁਰ ਪੈਣਾ।ਲੋਕਾਂ ਨੇ ਜਜ਼ਬਾਤੀ ਹੋ ਕੇ ਲਾਸ਼ਾਂ ਦੇ ਉੱਪਰ ਨੋਟ ਚੜ੍ਹਾਉਣੇ।
ਲੋਕ ਵੀ ਅਜੀਬ ਦੋ-ਰੰਗੀ ਦਾ ਸਿ਼ਕਾਰ ਸਨ।ਜਦੋਂ ਤਾਂ ਮੁੰਡਿਆਂ ਨੇ ਪਿੰਡ ਦੇ ਕਿਸੇ ਬੰਦੇ ਨੂੰ ਮਾਰਨਾ ਤਾਂ ਉਹ ਉਹਨਾਂ ਦੇ ਵਹਿਸ਼ੀ ਕਿਰਦਾਰ ਦੀ ਆਲੋਚਨਾ ਕਰਦੇ,ਪਰ ਜਦੋਂ ਕੋਈ ਮੁੰਡਾ ਸੁਰੱਖਿਆ ਦਸਤਿਆਂ ਦੀ ਗੋਲੀ ਨਾਲ ਮਰਦਾ ਤਾਂ ਉਹਦੇ ਨਾਂ ਉੱਤੇ ਪਿੰਡ ਦੇ ਮੇਲਿਆਂ ਵਿਚ ਲੱਗੇ ਦੀਵਾਨਾਂ ਵਿਚ ਅਰਦਾਸੇ ਵੀ ਕਰਵਾਉਂਦੇ। ਭਾਵੇਂ ’89 ਵਿੱਚ ਅਸੀਂ ਸਾਰੇ ਜਲੰਧਰ ਸਿ਼ਫਟ ਕਰ ਗਏ ਸੀ, ਪਰ ਮੈਨੂੰ ਅੱਜ ਤੱਕ ਸਭ ਕੁਝ ਕੱਲ੍ਹ ਵਾਂਗ ਯਾਦ ਹੈ।। ਪਿੰਡ ਵਿੱਚ ਰਹਿੰਦਿਆਂ ਉਹ ਡਰ ਅਤੇ ਸਹਿਮ ਨਾਲ ਗੁਜ਼ਾਰੇ ਦਿਨ ਹਮੇਸ਼ਾਂ ਮੇਰੇ ਨਾਲ ਰਹਿਣਗੇ।ਮੇਰੇ ਉੱਪਰ ਉਸ ਸਭ ਦਾ ਅਸਰ ਮੇਰੇ ਪੜ੍ਹਾਈ ਉੱਪਰ ਪਏ ਅਸਰ ਤੋਂ ਇਲਾਵਾ ਕੀ ਪਿਆ, ਇਹ ਤਾਂ ਮੈਨੂੰ ਵੀ ਨਹੀਂ ਪਤਾ। ਪਤਾ ਹੈ ਤਾਂ ਸਿਰਫ ਏਨਾ ਕਿ ਅੱਜ ਵੀ ਉਹ ਸਭ ਯਾਦ ਕਰਕੇ ਰੂਹ ਕੰਬ ਉੱਠਦੀ ਹੈ। ਮੈਨੂੰ ਉਦੋਂ ਬੱਚਾ ਹੁੰਦਿਆਂ ਵੀ ਪਤਾ ਸੀ ਕਿ ਇਹ ਸਭ ਕੁਝ ਠੀਕ ਨਹੀਂ ਹੈ। ਮੈਂ ਅਜੇ ਤਕ ਇਹ ਹੀ ਸਵਾਲ ਕਰਦਾ ਹਾਂ ਕਿ ‘ਦੋਸ਼ੀ ਕੌਣ ਸੀ?’

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346