Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਡਾ. ਸਰਬਜੀਤ ਸਿੰਘ

ਲੋਹੇ ਦੀਆਂ ਕਿਸ਼ਤਾਂ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ਮਹਾਂਰਾਜਾ ਤੇ ਮਹਾਂਰਾਣੀ ਵਿਕਟੋਰੀਆ

 

- ਹਰਜੀਤ ਅਟਵਾਲ

ਵਿਲਮਾ ਰੁਡੋਲਫ਼: ਹਿੰਮਤ ਦੀ ਫਤਿਹ

 

- ਪ੍ਰਿੰ. ਸਰਵਣ ਸਿੰਘ

ਕਰਮਜੀਤ ਸਿੰਘ ਕੁੱਸਾ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਧਨਾਢ ਕਹਾਣੀਕਾਰ- ਗੁਰਦੇਵ ਸਿੰਘ ਰੁਪਾਣਾ

 

- ਨਿੰਦਰ ਘੁਗਿਆਣਵੀ

ਗੁੰਡਾ

 

- ਰੂਪ ਢਿੱਲੋਂ

ਭੀੜੀ ਗਲੀ

 

- ਰਾਮ ਸਰੂਪ ਅਣਖੀ

ਇਹ ਇਤਫ਼ਾਕ ਹੋ ਸਕਦੈ ਕਿ ਮਨਹੂਸ?

 

- ਐਸ. ਅਸ਼ੋਕ ਭੌਰਾ

ਇਨਸਾਨ ਕਿਨਾਂ ਗਿਰ ਜਾਂਦਾ ਹੈ !

 

- ਗੁਲਸ਼ਨ ਦਿਆਲ

ਮਾਈ ਲਾਈਫ਼ ਮਾਈ ਵੇਅ

 

- ਗੁਰਮੀਤ ਪਨਾਗ

ਜਤਿੰਦਰ ਕੌਰ ਰੰਧਾਵਾ ਦੀ ਕਾਵਿ-ਸੰਵੇਦਨਾ
(‘ਮੈਂ ਵੇਲ‘ ਦੇ ਆਧਾਰ ‘ਤੇ)

 

- ਡਾ. ਨਰਿੰਦਰਪਾਲ ਸਿੰਘ

ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿਚ ਕਿਰਸਾਨੀ ਸਮਾਜ

 

- ਇਕਬਾਲ ਕੌਰ ਸੰਧੂ

ਸਾਹਿਤਕ ਸਵੈਜੀਵਨੀ / ਤੱਤੇ ਲਹੂ ਦੀ ਗਾਥਾ

 

- ਵਰਿਆਮ ਸਿੰਘ ਸੰਧੂ

ਹੁੰਗਾਰੇ

 
Online Punjabi Magazine Seerat

ਵਿਲਮਾ ਰੁਡੋਲਫ਼: ਹਿੰਮਤ ਦੀ ਫਤਿਹ
- ਪ੍ਰਿੰ. ਸਰਵਣ ਸਿੰਘ

 

ਵਿਲਮਾ ਰੁਡੋਲਫ਼ ਦੀ ਬਾਤ ਪਾਉਂਦਿਆਂ ਮੁੜ-ਮੁੜ ਮਨ ‘ਚ ਆਉਂਦੈ, “ਕੀ ਇੰਜ ਵੀ ਹੋ ਸਕਦੈ? ਗਰੀਬ ਘਰ ਦਾ ਕੋਈ ਅਪਾਹਜ ਤੇ ਬਿਮਾਰ ਬੱਚਾ ਵੀ ਖੇਡ ਅੰਬਰ ਦਾ ਤਾਰਾ ਬਣ ਸਕਦੈ? ਇਕੋ ਓਲੰਪਿਕਸ ਵਿਚੋਂ ਤਿੰਨ ਗੋਲਡ ਮੈਡਲ ਜਿੱਤ ਸਕਦੈ!” ਫਿਰ ਮਨ ਆਪੇ ਈ ਆਖਦੈ, “ਕਿਉਂ ਨਹੀਂ ਹੋ ਸਕਦਾ? ਜੋ ਕੁਝ ਵਿਲਮਾ ਰੁਡੋਲਫ਼ ਨੇ ਕਰ ਵਿਖਾਇਐ ਉਹ ਹੋਰ ਬੱਚੇ ਵੀ ਕਰ ਸਕਦੇ ਹਨ ਬਸ਼ਰਤੇ ਉਹ ਵਿਲਮਾ ਵਾਂਗ ਹਿੰਮਤੀ ਬਣਨ ਤੇ ਉਸ ਨੂੰ ਰੋਲ ਮਾਡਲ ਬਣਾਉਣ।”
ਅਸਲ ਵਿਚ ਬੰਦੇ ਦੀ ਸਭ ਤੋਂ ਵੱਡੀ ਤਾਕਤ ਹੈ ਹਿੰਮਤ। ਕੁਝ ਕਰਨ ਦੀ ਇੱਛਾ ਤੇ ਦ੍ਰਿੜ ਇਰਾਦਾ। ਜਿਥੇ ਇੱਛਾ, ਦ੍ਰਿੜ ਇਰਾਦਾ, ਹਿੰਮਤ ਤੇ ਹੌਂਸਲਾ ਹੈ ਉਥੇ ਕੁਝ ਵੀ ਕੀਤਾ ਜਾ ਸਕਦਾ ਹੈ। ਸੁਫ਼ਨੇ ਹਕੀਕਤ ਵਿਚ ਬਦਲੇ ਜਾ ਸਕਦੇ ਹਨ, ਬੰਜਰ ਖੇਤ ਬਾਗ਼ ਬਣਾਏ ਜਾ ਸਕਦੇ ਹਨ ਤੇ ਵੀਰਾਨੀਆਂ ਨੂੰ ਬਹਾਰਾਂ ਦਾ ਰੰਗ ਦਿੱਤਾ ਜਾ ਸਕਦਾ ਹੈ। ਗ਼ਰੀਬ, ਨਿਤਾਣੇ, ਅਪਾਹਜ ਤੇ ਅਣਗੌਲੇ ਬੱਚੇ ਵੀ ਜੇ ਹਿੰਮਤ ਕਰਨ ਤਾਂ ਉਹ ਵੀ ਜੋ ਨਹੀਂ ਸੋ ਕਰ ਸਕਦੇ ਹਨ। ਇਸੇ ਪਰਸੰਗ ਵਿਚ ‘ਟਰੈਕ ਦੀ ਰਾਣੀ’ ਵਿਲਮਾ ਰੁਡੋਲਫ਼ ਦੀ ਬਾਤ ਪਾਉਣੀ ਵਾਜਬ ਹੋਵੇਗੀ। ਉਸ ਨੂੰ ਰੋਮ ਦੇ ਦਰਸ਼ਕਾਂ ਨੇ ‘ਟਰੈਕ ਦੀ ਮੁਰਗਾਬੀ’ ਦਾ ਨਾਂ ਸੀ ਤੇ ਫਰਾਂਸੀਸੀਆਂ ਨੇ ਕਾਲੀ ਨਸਲ ਦੀ ਕੁੜੀ ਨੂੰ ‘ਕਾਲਾ ਮੋਤੀ’ ਕਹਿ ਕੇ ਵਡਿਆਇਆ ਸੀ।
ਕੁਝ ਸਾਲ ਪਹਿਲਾਂ ਅੰਗਰੇਜ਼ੀ ਵਿਚ ਇਕ ਪੁਸਤਕ ਛਪੀ ਸੀ, ਵੀਹਵੀਂ ਸਦੀ ਦੇ ਮਹਾਨ ਖਿਡਾਰੀ। ਉਸ ਵਿਚ ਅਮਰੀਕਾ ਦੀ ਅਥਲੀਟ ਵਿਲਮਾ ਰੁਡੋਲਫ਼ ਬਾਰੇ ਵੀ ਲੇਖ ਸੀ। ਉਹ ਇਕ ਗ਼ਰੀਬ ਨੀਗਰੋ ਪਰਿਵਾਰ ਦੀ ਲੜਕੀ ਸੀ। ਉਸ ਦਾ ਪਿਤਾ ਸਖ਼ਤ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਟੱਬਰ ਪਾਲਦਾ ਸੀ। ਉਹ ਰੇਲਵੇ ਦਾ ਕੁਲੀ ਸੀ ਜਿਸ ਦਾ ਕੰਮ ਭਾਰ ਢੋਣਾ ਸੀ। ਉਸ ਦੇ ਬਾਈ ਬੱਚੇ ਸਨ ਜਿਨ੍ਹਾਂ ‘ਚ ਵਿਲਮਾ ਵੀਹਵੇਂ ਥਾਂ ਸਤਮਾਹੀ ਜੰਮੀ ਸੀ। ਜੰਮਣ ਸਮੇਂ ਉਸ ਦਾ ਵਜ਼ਨ ਸਿਰਫ਼ ਸਾਢੇ ਚਾਰ ਪੌਂਡ ਸੀ। ਝੀਖ ਜਿਹੀ ਲੜਕੀ ਦੇ ਬਚਣ ਦੀ ਵੀ ਬਹੁਤੀ ਆਸ ਨਹੀਂ ਸੀ। ਏਡੇ ਵੱਡੇ ਪਰਿਵਾਰ ‘ਚ ਬੱਚਿਆਂ ਦੀ ਪਾਲਣਾ-ਪੋਸ਼ਣਾ ਕਿਹੋ ਜਿਹੀ ਹੁੰਦੀ ਹੋਵੇਗੀ ਉਹਦਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ। ਪਰ ਕਾਦਰ ਦੀ ਕੁਦਰਤ ਦੇ ਰੰਗ ਨਿਆਰੇ ਹਨ। ਬਲਿਹਾਰ ਜਾਣਾ ਪੈਂਦਾ ਹੈ ਬੰਦੇ ਅੰਦਰ ਸੁੱਤੀਆਂ ਸ਼ਕਤੀਆਂ ਦੇ। ਵਿਲਮਾ ਦੀ ਜੀਵਨੀ ਕਮਜ਼ੋਰ ਤੇ ਅਪਾਹਜ ਬੱਚਿਆਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਸਕਦੀ ਹੈ।
ਵਿਲਮਾ ਹਾਲੇ ਚਹੁੰ ਸਾਲਾਂ ਦੀ ਹੋਈ ਸੀ ਕਿ ਪੋਲੀਓ ਦੇ ਹਮਲੇ ਨਾਲ ਉਹਦੀ ਖੱਬੀ ਲੱਤ ਗ੍ਰਹਿਣੀ ਗਈ। ਫਿਰ ਮੋਹਰਕੇ ਦਾ ਤਾਪ ਚੜ੍ਹਿਆ ਤੇ ਨਾਲ ਹੀ ਡਬਲ ਨਮੂਨੀਆ ਹੋ ਗਿਆ। ਇਲਾਜ ਨਾਲ ਮੰਜੇ ਤੋਂ ਤਾਂ ਉਹ ਉਠ ਖੜ੍ਹੀ ਹੋਈ ਪਰ ਉਹਦਾ ਵਧੇਰੇ ਸਮਾਂ ਭੁੰਜੇ ਘਿਸਰਦਿਆਂ ਹੀ ਬੀਤਦਾ। ਬਿਮਾਰੀ ਨੇ ਉਸ ਬੱਚੀ ਨੂੰ ਅਪਾਹਜ ਤੇ ਆਲਸੀ ਬਣਾ ਦਿੱਤਾ ਪਰ ਇਸ ਵਿਚ ਉਹਦਾ ਆਪਣਾ ਕੋਈ ਕਸੂਰ ਨਹੀਂ ਸੀ। ਟੀ. ਵੀ. ਦੀ ਸਕਰੀਨ ਉਤੇ ਉਹ ਬੱਚਿਆਂ ਨੂੰ ਛਾਲਾਂ ਦੁੜੰਗੇ ਲਾਉਂਦਿਆਂ ਵੇਖਦੀ ਤਾਂ ਉਹਦਾ ਮਨ ਵੀ ਮਚਲਦਾ ਪਰ ਉਹਦੀ ਕੋਈ ਵਾਹ ਪੇਸ਼ ਨਾ ਜਾਂਦੀ। ਭੈਣਾਂ ਉਹਨੂੰ ਸਕੂਲ ਲੈ ਜਾਂਦੀਆਂ ਜਿਥੇ ਉਹ ਭੈਣਾਂ ਨੂੰ ਬਾਸਕਟਬਾਲ ਖੇਡਦੀਆਂ ਵੇਖ ਕੇ ਤਾੜੀਆਂ ਮਾਰਦੀ। ਆਪ ਖੇਡਣ ਦੀ ਕੋਸਿ਼ਸ਼ ਕਰਦੀ ਤਾਂ ਡਿੱਗ ਪੈਂਦੀ।
ਇਕ ਦਿਨ ਇਕ ਮਾਲਸ਼ੀਏ ਨੇ ਪਰਿਵਾਰ ਨੂੰ ਦੱਸਿਆ ਕਿ ਜੇ ਵਿਲਮਾ ਦੀਆਂ ਲੱਤਾਂ ਦੀ ਬਾਕਾਇਦਾ ਮਾਲਸ਼ ਕੀਤੀ ਜਾਵੇ ਤਾਂ ਉਹ ਚੱਲ ਸਕਦੀਆਂ ਤੇ ਤਕੜੀਆਂ ਵੀ ਹੋ ਸਕਦੀਆਂ ਹਨ। ਉਸ ਦੀ ਸਲਾਹ ਮੰਨ ਕੇ ਵਿਧੀ ਅਨੁਸਾਰ ਵਿਲਮਾ ਦੀਆਂ ਮਾਲਸ਼ਾਂ ਕੀਤੀਆਂ ਜਾਣ ਲੱਗੀਆਂ ਤੇ ਉਹ ਲੰਗੜਾਅ ਕੇ ਤੁਰਨ ਫਿਰਨ ਲੱਗ ਪਈ ਤੇ ਬੱਚਿਆਂ ਨਾਲ ਮਾੜਾ ਮੋਟਾ ਖੇਡਣ ਮੱਲ੍ਹਣ ਲੱਗੀ। ਉਸ ਦੇ ਪੈਰ ਵਿਚ ਆਰਥੋ ਬੂਟ ਪੁਆ ਕੇ ਕਸਰਤਾਂ ਕਰਾਈਆਂ ਤਾਂ ਉਹਦੀ ਪੋਲੀਓ ਮਾਰੀ ਲੱਤ ਵੀ ਤਕੜੀ ਹੋ ਗਈ।
ਸਕੂਲ ਦਿਆਂ ਬੱਚਿਆਂ ਨੂੰ ਖੇਡਦਿਆਂ ਵੇਖ ਕੇ ਉਹਦਾ ਮਨ ਵੀ ਸਕੂਲ ਦੀ ਕਿਸੇ ਟੀਮ ਵਿਚ ਖੇਡਣ ਲਈ ਉਤੇਜਿਤ ਹੋ ਗਿਆ। ਪਰ ਉਹ ਕਿਸੇ ਵੀ ਟੀਮ ਵਿਚ ਖੇਡਣ ਦੇ ਯੋਗ ਨਹੀਂ ਸੀ। ਉਹ ਲੰਗੜਾਅ ਕੇ ਦੌੜਦੀ ਤੇ ਦੌੜਦਿਆਂ ਡਿੱਗ ਪੈਂਦੀ। ਫਿਰ ਉਠਦੀ, ਫਿਰ ਦੌੜਦੀ ਤੇ ਫਿਰ ਡਿੱਗਦੀ। ਉਹ ਹਿੰਮਤੀ ਬਹੁਤ ਸੀ। ਡਿੱਗਣ ਢਹਿਣ ਦੀ ਪਰਵਾਹ ਕੀਤੇ ਬਿਨਾਂ ਉਹ ਕਸਰਤਾਂ ਕਰੀ ਗਈ ਤੇ ਖੇਡ ਅਭਿਆਸ ਕਰਦਿਆਂ ਬਾਸਕਟਬਾਲ ਦੀ ਚੰਗੀ ਖਿਡਾਰਨ ਬਣ ਗਈ। ਉਸ ਦਾ ਕੱਦ ਕਾਫੀ ਲੰਮਾ ਹੋ ਗਿਆ ਜੋ ਬਾਸਕਟਬਾਲ ਖੇਡਣ ਦੇ ਵਧੇਰੇ ਯੋਗ ਸੀ। ਦੌੜਦਿਆਂ ਉਹਦੇ ਕਦਮ ਕਾਫੀ ਲੰਮੇ ਪੈਂਦੇ ਜਿਸ ਕਰ ਕੇ ਉਹ ਇਕ ਸਿਰੇ ਤੋਂ ਦੂਜੇ ਸਿਰੇ ਗਿਣਤੀ ਦੀਆਂ ਉਲਾਂਘਾਂ ਨਾਲ ਹੀ ਪੁੱਜ ਜਾਂਦੀ। ਉਹ ਸਕੂਲ ਦੀ ਬਾਸਕਟਬਾਲ ਟੀਮ ਵਿਚ ਚੁਣੀ ਗਈ ਤੇ ਸਟੇਟ ਪੱਧਰ ਤਕ ਖੇਡੀ। ਉਹ ਦਸਵੀਂ ‘ਚ ਪੜ੍ਹਦੀ ਸੀ ਜਦੋਂ ਦੌੜਾਂ ਦੇ ਕੋਚ ਐਡ ਟੈਂਪਲ ਦੀ ਨਜ਼ਰੇ ਚੜ੍ਹ ਗਈ ਜਿਸ ਨੇ ਉਹਦੇ ਅੰਦਰ ਲੁਕੀ ਦੌੜਨ ਦੀ ਪ੍ਰਤਿਭਾ ਨੂੰ ਪਛਾਣ ਲਿਆ। ਉਹ ਉਹਦੇ ਅਸਾਧਾਰਨ ਤੌਰ ‘ਤੇ ਪੈਂਦੇ ਲੰਮੇ ਕਦਮਾਂ ਤੋਂ ਹੈਰਾਨ ਸੀ!
ਉਹ ਅਜੇ ਪੰਦਰਵੇਂ ਸਾਲ ‘ਚ ਸੀ ਤੇ ਜਦੋਂ ਉਹਦਾ ਕੱਦ ਛੇ ਫੁੱਟ ਉੱਚਾ ਹੋ ਗਿਆ ਸੀ। ਅਭਿਆਸ ਨਾਲ ਉਸ ਨੇ ਆਪਣੀ ਤੋਰ ਸੁਧਾਰ ਲਈ ਸੀ ਤੇ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕਿ ਉਸ ਦੀ ਖੱਬੀ ਲੱਤ ਨੂੰ ਪੋਲੀਓ ਦੀ ਮਾਰ ਪਈ ਹੈ। ਉਹ ਉਸ ਲੱਤ ‘ਤੇ ਜੁ਼ਰਾਬ ਚੜ੍ਹਾ ਕੇ ਰੱਖਦੀ ਸੀ ਜਦ ਕਿ ਦੂਜੀ ਲੱਤ ਬਿਨਾਂ ਜ਼ੁਰਾਬ ਦੇ ਹੁੰਦੀ ਸੀ। ਪੋਲੀਓ ਨਾਲ ਵਿੰਗਾ ਹੋਇਆ ਪੈਰ ਵਿਸ਼ੇਸ਼ ਬੂਟ ਪਾ ਕੇ ਸਿੱਧਾ ਕਰ ਲਿਆ ਸੀ। ਉਸ ਦੀਆਂ ਲੱਤਾਂ ਉਪਰਲੇ ਜੁੱਸੇ ਦੀ ਨਿਸਬਤ ਲੰਮੇਰੀਆਂ ਸਨ। ਉਹਦੇ ਜੁੱਸੇ ਵਿਚ ਕਮਾਲ ਦੀ ਲਚਕ ਪੈਦਾ ਹੋ ਗਈ ਸੀ।
1956 ‘ਚ ਮੈਲਬੌਰਨ ਦੀਆਂ ਓਲੰਪਿਕ ਖੇਡਾਂ ਆਈਆਂ ਤਾਂ ਵਿਲਮਾ ਰੁਡੋਲਫ਼ ਅਮਰੀਕਾ ਦੀ ਅਥਲੈਟਿਕ ਟੀਮ ਵਿਚ ਚੁਣੀ ਗਈ। ਉਦੋਂ ਅਜੇ ਉਹ ਸਕੂਲ ਦੀ ਵਿਦਿਆਰਥਣ ਸੀ। ਸੋਲ੍ਹਵਾਂ ਜਨਮ ਦਿਨ ਉਸ ਨੇ ਮੈਲਬੌਰਨ ਵਿਚ ਮਨਾਇਆ। ਉਥੇ ਉਹ ਕੋਈ ਵਿਅਕਤੀਗਤ ਤਮਗ਼ਾ ਤਾਂ ਨਾ ਜਿੱਤ ਸਕੀ ਪਰ 4×100 ਮੀਟਰ ਰਿਲੇਅ ਦੌੜ ‘ਚੋਂ ਅਮਰੀਕਾ ਦੀ ਟੀਮ ਨਾਲ ਤਾਂਬੇ ਦਾ ਤਮਗ਼ਾ ਜਿੱਤ ਗਈ। ਉਥੇ ਆਸਟ੍ਰੇਲੀਆ ਦੀ ਅਥਲੀਟ ਬੈਟੀ ਕਥਬਰਟ ਨੇ 100, 200 ਤੇ 400 ਮੀਟਰ ਦੌੜਾਂ ‘ਚੋਂ ਸੋਨੇ ਦੇ ਤਮਗ਼ੇ ਜਿੱਤੇ ਤਾਂ ਵਿਲਮਾ ਨੇ ਮਨ ਵਿਚ ਧਾਰ ਲਿਆ ਕਿ ਹੋਰ ਚਹੁੰ ਸਾਲਾਂ ਤਕ ਰੋਮ ਦੀਆਂ ਓਲੰਪਿਕ ਖੇਡਾਂ ‘ਚੋਂ ਉਹ ਵੀ ਬੈਟੀ ਕਥਬਰਟ ਵਾਂਗ ਤਿੰਨ ਗੋਲਡ ਮੈਡਲ ਜਿੱਤ ਕੇ ਵਿਖਾਵੇਗੀ!
ਸਕੂਲ ਦੀ ਪੜ੍ਹਾਈ ਪੂਰੀ ਕਰ ਕੇ ਉਹ ਟੈਨੈਸੀ ਸਟੇਟ ਯੂਨੀਵਰਸਿਟੀ ‘ਚ ਚਲੀ ਗਈ ਤੇ ਐੱਡ ਟੈਂਪਲ ਨੂੰ ਆਪਣਾ ਕੋਚ ਧਾਰਨ ਕਰ ਲਿਆ। ਕੋਚ ਦੀ ਕੋਚਿੰਗ ਤੇ ਵਿਲਮਾ ਦੀ ਲਗਨ, ਮਿਹਨਤ ਤੇ ਸਿਰੜ ਨੇ ਚੰਗੇ ਸਿੱਟੇ ਕੱਢਣੇ ਸ਼ੁਰੂ ਕੀਤੇ। ਵਿਲਮਾ ਜਿਸ ਮੁਕਾਬਲੇ ਵਿਚ ਵੀ ਜਾਂਦੀ ਧੰਨ-ਧੰਨ ਕਰਾ ਛਡਦੀ। ਉਹ ਮੁਰਗ਼ਾਬੀ ਵਾਂਗ ਟਰੈਕ ਦੀਆਂ ਤਾਰੀਆਂ ਲਾਉਂਦੀ। ਉਹਦਾ ਰੰਗ ਪੱਕਾ ਸੀ ਜੋ ਧੁੱਪਾਂ ‘ਚ ਤਪ ਕੇ ਤਾਂਬੇ ਰੰਗੀ ਭਾਅ ਮਾਰਨ ਲੱਗ ਪਿਆ ਸੀ। ਉਹਦੇ ਨੈਣ ਨਕਸ਼ ਭਾਵੇਂ ਬਹੁਤੇ ਦਿਲਖਿਚਵੇਂ ਨਹੀ ਸਨ ਪਰ ਚਾਲ ਢਾਲ ਵਿਚ ਬੜੀ ਖਿੱਚ ਸੀ। ਉਹਦਾ ਨੱਕ ਨਿੱਕਾ ਤੇ ਮੋਟਾ ਸੀ ਪਰ ਸਿਹਲੀਆਂ ਤਰਾਸ਼ ਕੇ ਰੱਖਦੀ ਸੀ। ਬਾਹਾਂ ਪਤਲੀਆਂ ਸਨ ਤੇ ਸਿਰ ਉਤੇ ਨਿੱਕੇ ਪਟੇ ਸਨ ਜੋ ਦੌੜਦਿਆਂ ਨਿੱਕੀਆਂ ਨਿੱਕੀਆਂ ਛਾਲਾਂ ਮਾਰਦੇ।
ਰੋਮ ਦੀਆਂ ਓਲੰਪਿਕ ਖੇਡਾਂ-1960 ਲਈ ਵਿਲਮਾ ਫਿਰ ਅਮਰੀਕਾ ਦੀ ਟੀਮ ਵਿਚ ਚੁਣੀ ਗਈ। ਮਸ਼ਹੂਰ ਮੁੱਕੇਬਾਜ਼ ਮੁਹੰਮਦ ਅਲੀ ਦਾ ਨਾਂ ਉਦੋਂ ਕੈਸ਼ੀਅਸ ਕਲੇ ਸੀ ਤੇ ਉਹ ਵੀ ਅਮਰੀਕਾ ਦੇ ਦਲ ਵਿਚ ਸ਼ਾਮਲ ਸੀ। ਨੀਗਰੋ ਨਸਲ ਦੇ ਇਹ ਦੋਵੇਂ ਖਿਡਾਰੀ ਉਦੋਂ ਵੀਹਵੇਂ ਸਾਲ ‘ਚ ਸਨ। ਭਾਰਤ ਦਾ ਮਿਲਖਾ ਸਿੰਘ ਵੀ ਰੋਮ ਗਿਆ ਸੀ ਤੇ ਹਾਕੀ ਵਾਲੇ ਪ੍ਰਿਥੀਪਾਲ ਸਿੰਘ ਹੋਰੀਂ ਵੀ ਰੋਮ ਗਏ ਸਨ। ਉਹ ਵਿਲਮਾ ਨੂੰ ਵੇਖਦੇ ਤਾਂ ਉਹਦੇ ਕੱਦ ਕਾਠ ਦੀ ਉਸਤਤ ਕਰਦੇ ਕਹਿੰਦੇ, “ਆਹ ਤਾਂ ਯਾਰ ਆਪਣੇ ਨਾਲੋਂ ਵੀ ਉੱਚੀ ਐ!” ਸਾਡੇ ਕਈਆਂ ਖਿਡਾਰੀਆਂ ਦੇ ਜੂੜਿਆਂ ਸਣੇ ਵੀ ਕੱਦ ਉਹਤੋਂ ਨੀਵੇਂ ਸਨ। ਉਥੇ ਉਹ ਪੂਰੀ ਤਿਆਰੀ ਵਿਚ ਸੀ। ਸੋਨੇ ਦੇ ਤਿੰਨ ਤਮਗ਼ੇ ਜਿੱਤਣ ਦੀ ਚਿਣਗ ਉਸ ਨੂੰ ਟੇਕ ਨਹੀਂ ਸੀ ਆਉਣ ਦੇ ਰਹੀ। ਉਹ ਨੀਂਦਾਂ ਵਿਚੋਂ ਵੀ ਅਚਾਨਕ ਤ੍ਰਭਕ ਕੇ ਉਠਦੀ।
ਦੌੜ ਮੁਕਾਬਲੇ ਸ਼ੁਰੂ ਹੋਏ ਤਾਂ ਵਿਲਮਾ ਦਾ ਇਕ ਪੈਰ ਟੇਢਾ ਪੈ ਗਿਆ ਜਿਸ ਨਾਲ ਮੋਚ ਆ ਗਈ। ਪਰ ਉਹ ਪੈਰ ਦੇ ਦਰਦ ਨਾਲ ਵੀ ਦੌੜਦੀ ਗਈ ਤੇ ਆਪਣੀ ਹੀਟ ਵਿਚ ਪ੍ਰਥਮ ਆਈ। ਹੀਟਾਂ ਦੌਰਾਨ ਉਸ ਦੀ ਮੋਚ ਠੀਕ ਹੋ ਗਈ ਤੇ ਉਹ 100 ਮੀਟਰ ਦੌੜ ਦੇ ਫਾਈਨਲ ਵਿਚ ਅਪੜ ਗਈ। ਹੁਣ ਸਭ ਦੀਆਂ ਨਜ਼ਰਾਂ ਇਸ ਲੰਮੀ ਝੰਮੀ ਨੀਗਰੋ ਕੁੜੀ ਉਤੇ ਸਨ। ਸਟਾਰਟ ਦੇ ਫਾਇਰ ਨਾਲ ਉਹ ਗੋਲੀ ਵਾਂਗ ਨਿਕਲੀ। ਉਸ ਨੇ ਲੰਮੇ ਕਦਮਾਂ ਨਾਲ ਦੌੜ ਪੂਰੀ ਕੀਤੀ ਤੇ 11.0 ਸਕਿੰਟ ਦੇ ਰਿਕਾਰਡ ਸਮੇਂ ਨਾਲ ਸੋਨ-ਤਮਗ਼ਾ ਜਿੱਤਿਆ। ਉਹ 200 ਮੀਟਰ ਦੌੜ ਦਾ ਸੋਨ-ਤਮਗ਼ਾ ਵੀ ਜਿੱਤ ਗਈ ਤੇ 4+100 ਰੀਲੇਅ ਦੌੜ ਦਾ ਗੋਲਡ ਮੈਡਲ ਵੀ। 200 ਮੀਟਰ ਦੌੜ ਦਾ ਸਮਾਂ ਸੀ 23.2 ਸੈਕੰਡ ਤੇ ਰੀਲੇਅ ਦੌੜ ਦਾ 44.5 ਸੈਕੰਡ।
ਇਕੋ ਓਲੰਪਿਕਸ ਵਿਚੋਂ ਸੋਨੇ ਦੇ ਤਿੰਨ ਤਮਗ਼ੇ ਜਿੱਤਣ ਵਾਲੀ ਉਹ ਅਮਰੀਕਾ ਦੀ ਪਹਿਲੀ ਦੌੜਾਕ ਸੀ। ਇਕ ਅਪੰਗ ਤੋਂ ਓਲੰਪਿਕ ਚੈਂਪੀਅਨ ਬਣੀ ਨੀਗਰੋ ਨਸਲ ਦੀ ਉਸ ਲੜਕੀ ਨੇ ਚਾਰ ਚੁਫੇਰੇ ਬੱਲੇ ਬੱਲੇ ਕਰਾ ਦਿੱਤੀ। ਉਹਦੀਆਂ ਜਿੱਤਾਂ ਨੇ ਦੁਨੀਆ ਭਰ ‘ਚ ਇਹ ਸੰਦੇਸ਼ ਪੁਚਾ ਦਿੱਤਾ ਕਿ ਜਨਮੋਂ ਕੋਈ ਕਿੰਨਾ ਵੀ ਕਮਜ਼ੋਰ ਜਾਂ ਬਚਪਨ ਵਿਚ ਕਿੰਨਾ ਵੀ ਬਿਮਾਰ ਕਿਉਂ ਨਾ ਰਿਹਾ ਹੋਵੇ, ਜੇਕਰ ਉਹਦੇ ਵਿਚ ਕੁਝ ਕਰ ਵਿਖਾਉਣ ਦਾ ਜਜ਼ਬਾ ਤੇ ਹਿੰਮਤ ਹੈ ਤਾਂ ਉਹ ਜੋ ਚਾਹੇ ਸੋ ਕਰ ਸਕਦਾ ਹੈ। ਪੰਜਾਬੀ ਦੇ ਪ੍ਰਸਿਧ ਕਵੀ ਹਾਸ਼ਮ ਸ਼ਾਹ ਨੇ ਐਵੇਂ ਤਾਂ ਨਹੀਂ ਲਿਖਿਆ-ਹਾਸ਼ਮ ਫਤਿਹ ਨਸੀਬ ਤਿਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ। ਧਨੀ ਰਾਮ ਚਾਤ੍ਰਿਕ ਦਾ ਵੀ ਕਥਨ ਹੈ-ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲਿਜਾਂਦੇ...।
ਨਿਸ਼ਾਨਾ ਲਾਉਣ ਤੋਂ ਪਹਿਲਾਂ ਅਰਜਨ ਦੀਆਂ ਅੱਖਾਂ ਸਿਰਫ਼ ਮੱਛੀ ਦੀ ਅੱਖ ਵੇਖ ਰਹੀਆਂ ਸਨ, ਹੋਰ ਕੁਝ ਨਹੀਂ। ਮਿਲਖਾ ਸਿੰਘ ਆਪਣੀ ਹਿੰਮਤ ਤੇ ਸਿਰੜੀ ਅਭਿਆਸ ਨਾਲ ਪਹਿਲੇ ਓਲੰਪਿਕ ਰਿਕਾਰਡ ਨਾਲੋਂ ਬਿਹਤਰ ਸਮਾਂ ਕੱਢ ਗਿਆ। 1960 ਤੋਂ 2004 ਤਕ ਦਿੱਤੀਆਂ ਗਈਆਂ ਖੇਡ ਸਹੂਲਤਾਂ ਕਿਸੇ ਹੋਰ ਭਾਰਤੀ ਅਥਲੀਟ ਤੋਂ 400 ਮੀਟਰ ਦੀ ਦੌੜ ਦਾ ਸਮਾਂ 45.6 ਸਕਿੰਟ ਤੋਂ ਥੱਲੇ ਨਹੀਂ ਸਨ ਲਿਆ ਸਕੀਆਂ। ਸਹੂਲਤਾਂ ਖਿਡਾਰੀਆਂ ਦੀ ਆਪਣੀ ਲਗਨ, ਮਿਹਨਤ ਤੇ ਜਿੱਤਾਂ ਜਿੱਤਣ ਦੇ ਸਿਰੜ ਨੂੰ ਹੀ ਸਾਣ ਚਾੜ੍ਹਦੀਆਂ ਹਨ। ਸਹੂਲਤਾਂ ਆਪਣੇ ਆਪ ਵਿਚ ਜਿੱਤਾਂ ਦੀਆਂ ਜ਼ਾਮਨ ਨਹੀਂ ਹੁੰਦੀਆਂ।
ਤੰਗੀਆਂ ਤੁਰਸ਼ੀਆਂ ਵਾਲੇ ਘਰ ਦੀ ਜੰਮੀ ਵਿਲਮਾ ਅੰਬਰਾਂ ‘ਚ ਬਿਜਲੀ ਵਾਂਗ ਲਿਸ਼ਕੀ ਤੇ ਵਾਵਰੋਲੇ ਵਾਂਗ ਚੜ੍ਹੀ। ਉਹਦੀ ਚਮਕ ਦਮਕ ਨੇ ਸਾਧਨਾਂ ਵਾਲੇ ਤੇ ਸਾਧਨ ਵਿਹੂਣੇ ਸਭਨਾਂ ਲੋਕਾਂ ਨੂੰ ਚੁੰਧਿਆ ਦਿੱਤਾ। ‘ਕੇਰਾਂ ਕਥਿਤ ਕਾਮਰੇਡ ਮੂੰਹ ਚੜ੍ਹੀ ਰਵਾਇਤੀ ਤੋਹਮਤ ਲਾ ਬੈਠੇ ਕਿ ਵਿਲਮਾ ਰੁਡੋਲਫ਼ ਕਿਰਤੀ ਵਰਗ ਦੀ ਕੁੜੀ ਹੋਣ ਕਾਰਨ ਅਮਰੀਕੀ ਪੂੰਜੀਪਤੀਆਂ ਨੇ ਉਹਦੀ ਸਾਰ ਨਹੀਂ ਲਈ ਤੇ ਉਸ ਨੂੰ ਆਪਣੇ ਗੁਜ਼ਾਰੇ ਲਈ ਮੈਡਲ ਵੇਚਣੇ ਪਏ। ਪਰ ਇਹ ਸੱਚ ਨਹੀਂ ਸੀ। ਵਿਲਮਾ ਨੇ ਬਿਆਨ ਦਿੱਤਾ ਕਿ ਇਹ ਅਣਉਚਿਤ ਪਰਚਾਰ ਹੈ। ਉਸ ਨੇ ਆਖਿਆ ਕਿ ਉਹ ਗ਼ਰੀਬ ਜ਼ਰੂਰ ਸੀ ਪਰ ਆਜ਼ਾਦੀ ਮਾਨਣ ਅਤੇ ਮੌਕੇ ਸੰਭਾਲਣ ਪੱਖੋਂ ਉਹ ਪੂਰੀ ਅਮੀਰ ਸੀ!
ਬਹੁਤ ਸਾਰੇ ਖਿਡਾਰੀ ਹਨ ਜੋ ਆਪਣੀ ਅਸਫਲਤਾ ਦੇ ਰੋਣੇ ਉਂਜ ਹੀ ਰੋਈ ਜਾਂਦੇ ਹਨ ਤੇ ਭਾਂਡੇ ਹੋਰਨਾਂ ਸਿਰ ਭੰਨੀ ਜਾਂਦੇ ਹਨ। ਇਹ ਕੋਈ ਚੰਗੀ ਆਦਤ ਨਹੀਂ। ਵਿਲਮਾ ਰੁਡੋਲਫ਼ ਨੇ ਜੋ ਕੁਝ ਕੀਤਾ ਉਹ ਆਪਣੇ ਇਰਾਦੇ, ਮਿਹਨਤ ਤੇ ਸਾਹਸ ਨਾਲ ਕੀਤਾ। ਜੇ ਕਿਤੇ ਅਸਫ਼ਲ ਹੋਈ ਤਾਂ ਵੀ ਆਪਣੀ ਕਿਸੇ ਕਮੀ ਕਮਜ਼ੋਰੀ ਕਾਰਨ ਹੋਈ। ਉਸ ਨੇ ਆਪਣੇ ਨਾਲ ਪੜ੍ਹਦੇ ਰਹੇ ਸਾਥੀ ਰਾਬਰਟ ਐਲਡਰਿਜ ਨਾਲ ਲਵ-ਮੈਰਿਜ ਕੀਤੀ ਸੀ। ਚਾਰ ਬੱਚੇ ਵੀ ਹੋਏ ਪਰ ਅਧੇੜ ਉਮਰ ਵਿਚ ਉਨ੍ਹਾਂ ਦੀ ਬਣ ਨਹੀਂ ਸਕੀ ਤੇ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤਲਾਕ ਵਿਚ ਨਾ ਸਮਾਜਵਾਦ ਦਾ ਦਖਲ ਸੀ ਤੇ ਨਾ ਪੂੰਜੀਵਾਦ ਦਾ। ਇਹ ਉਨ੍ਹਾਂ ਦਾ ਨਿੱਜੀ ਮਾਮਲਾ ਸੀ। ਪੱਛਮੀ ਮੁਲਕਾਂ ਵਿਚ ਤਲਾਕ ਸਾਧਾਰਨ ਗੱਲ ਸਮਝੀ ਜਾਣ ਲੱਗੀ ਹੈ।
ਜਿਹੜੇ ਮੀਂਹ ਪਏ ਤੋਂ ਤਿਲ੍ਹਕ ਜਾਣ ਦਾ ਦੋਸ਼ ਵੀ ਵਾਦਾਂ ਵਿਵਾਦਾਂ, ਧਰਮਾਂ, ਸਰਕਾਰਾਂ, ਰਾਜਨੀਤੀ ਤੇ ਹੋਰ ਪਤਾ ਨਹੀਂ ਕੀਹਦੇ ਕੀਹਦੇ ਸਿਰ ਥੱਪੀ ਜਾਂਦੇ ਹਨ ਉਨ੍ਹਾਂ ਨੂੰ ਤਿਲ੍ਹਕ ਜਾਣ ਤੋਂ ਆਪ ਵੀ ਬਚਣਾ ਚਾਹੀਦਾ ਹੈ। ਭਾਰਤ ਦੇ ਸੌ ਕਰੋੜ ਤੋਂ ਵੱਧ ਲੋਕ ਜੇ ਹਰ ਰੋਜ਼ ਮੰਜੇ-ਪੀੜ੍ਹੀ ਜਿੰਨਾ ਥਾਂ ਵੀ ਸਾਫ਼ ਕਰ ਲਿਆ ਕਰਨ ਤਾਂ ਇਕ ਮਹੀਨੇ ‘ਚ ਸਾਰਾ ਮੁਲਕ ਸਾਫ਼ ਹੋ ਸਕਦਾ ਹੈ। ਪਰ ਜਿਥੇ ਜਿ਼ੰਮੇਵਾਰੀਆਂ ਇਕ ਦੂਜੇ ਉਤੇ ਸੁੱਟਿਆਂ ਹੀ ਗ਼ੁਜ਼ਾਰਾ ਹੋਈ ਜਾਂਦਾ ਹੋਵੇ ਉਥੇ ਕੌਣ ਕਿਸੇ ਦੀ ਸੁਣਦਾ ਹੈ? ਭਾਰਤ ਦੇ ਖੇਡ ਖੇਤਰ ਵਿਚ ਮੁੱਢ ਤੋਂ ਹੀ ਇਹੋ ਚਾਲਾ ਚੱਲੀ ਜਾ ਰਿਹੈ। ਭਾਰਤ ਦੇ ਖੇਡਾਂ ਵਿਚ ਪਛੜੇ ਰਹਿਣ ਦਾ ਮੁੱਖ ਕਾਰਨ ਆਪੋ ਆਪਣੀ ਜਿ਼ੰਮੇਵਾਰੀ ਤੋਂ ਭੱਜਣਾ ਤੇ ਇਕ ਦੂਜੇ ‘ਤੇ ਸੁੱਟੀ ਜਾਣਾ ਹੈ।
ਗੱਲ ਤੋਰੀ ਸੀ ਵਿਲਮਾ ਰੁਡੋਲਫ਼ ਦੀ। ਉਸ ਨੇ ਆਪਣੀ ਸਵੈਜੀਵਨੀ ਵੀ ਲਿਖੀ ਹੈ ਤੇ ਉਹਦੇ ਬਾਰੇ ਹਾਲੀਵੁੱਡ ਨੇ ‘ਵਿਲਮਾ’ ਨਾਂ ਦੀ ਫਿ਼ਲਮ ਵੀ ਬਣਾਈ ਹੈ। ਵਿਲਮਾ ਨੇ ਆਪਣੇ ਜੀਵਨ ਵਿਚ ਕਈ ਕਿੱਤੇ ਅਪਣਾਏ ਤੇ ਕਈ ਛੱਡੇ। ਕਈ ਸ਼ਹਿਰਾਂ ਵਿਚ ਕਿਆਮ ਕੀਤਾ। ਕਦੇ ਇੰਡੀਅਨਐਪੋਲਿਸ, ਕਦੇ ਸੇਂਟ ਲੂਈਸ, ਕਦੇ ਡਿਟਰਾਇਟ ਤੇ ਕਦੇ ਸਿ਼ਕਾਗੋ। ਉਹ ਅਧਿਆਪਕ, ਲੈਕਚਰਾਰ, ਖੋਜਕਾਰ, ਕੁਮੈਂਟੇਟਰ, ਮਾਡਲ ਤੇ ਮਿਸ਼ਨਰੀ ਬਣੀ। ਤਲਾਕ ਹੋ ਜਾਣ ਪਿਛੋਂ ਉਸ ਨੇ ਵਿਲਮਾ ਰੁਡੋਲਫ਼ ਫਾਊਂਡੇਸ਼ਨ ਬਣਾਈ ਜਿਸ ਲਈ ਲੱਖਾਂ ਡਾਲਰ ‘ਕੱਠੇ ਕੀਤੇ। ਇਹ ਫਾਊਂਡੇਸ਼ਨ ਸਾਧਨ ਵਿਹੂਣੇ ਬੱਚਿਆਂ ਨੂੰ ਸਾਧਨ ਮੁਹੱਈਆ ਕਰਦੀ ਹੈ ਤਾਂ ਜੋ ਜੀਹਦੇ ਅੰਦਰ ਵੀ ਅੱਗ ਦੀ ਚਿਣਗ ਮਘਣਾ ਚਾਹੁੰਦੀ ਹੈ, ਉਹ ਮਘ ਸਕੇ, ਜਗ ਸਕੇ ਤੇ ਆਪਣਾ ਆਲਾ ਦੁਆਲਾ ਰੁਸ਼ਨਾ ਸਕੇ।
1994 ਵਿਚ ਵਿਲਮਾ ਦੀ ਮਾਂ ਗੁਜ਼ਰ ਗਈ ਤੇ ਉਸ ਤੋਂ ਤੁਰਤ ਬਾਅਦ ਵਿਲਮਾ ਦੇ ਬ੍ਰੇਨ ਟਿਊਮਰ ਦਾ ਪਤਾ ਲੱਗਾ। ਉਸ ਨੂੰ ਗਲੇ ਦਾ ਕੈਂਸਰ ਹੋ ਗਿਆ ਤੇ ਇਲਾਜ ਦੇ ਬਾਵਜੂਦ 12 ਨਵੰਬਰ 1994 ਨੂੰ ਉਸ ਦਾ ਆਪਣੇ ਜੱਦੀ ਸ਼ਹਿਰ ਨੈਸ਼ਵਿਲੇ ਵਿਚ ਦੇਹਾਂਤ ਹੋ ਗਿਆ। ਉਸ ਦੀ ਮ੍ਰਿਤੂ ਦੇ ਸੋਗ ਵਿਚ ਟੈਨੈਸੀ ਸਟੇਟ ਦੇ ਝੰਡੇ ਝੁਕਾਏ ਗਏ। ਉਸ ਦੀ ਦੇਹ ਦਫਨਾਉਣ ਸਮੇਂ ਉਸ ਦੇ ਚਾਰ ਪੁੱਤਰ, ਅੱਠ ਪੋਤੇ ਪੋਤਰੀਆਂ ਤੇ ਦਰਜਨਾਂ ਰਿਸ਼ਤੇਦਾਰ ਮੌਜੂਦ ਸਨ। ਉਸ ਨੂੰ ਅਨੇਕਾਂ ਅਵਾਰਡ ਮਿਲੇ ਸਨ। ਮਰਨ ਉਪਰੰਤ ਉਸ ਦੀ ਯਾਦ ਵਿਚ ਵੀ ਅਨੇਕਾਂ ਅਵਾਰਡ ਜਾਰੀ ਕੀਤੇ ਗਏ। ਇਕ ਅਵਾਰਡ ਦਾ ਨਾਂ ਵਿਲਮਾ ਹਿੰਮਤ ਅਵਾਰਡ ਹੈ ਜੋ ਪ੍ਰਸਿੱਧ ਅਥਲੀਟ ਜੈਕੀ ਜਾਇਨਰ ਕਰਸੀ ਨੂੰ ਮਿਲਿਆ। ਇਕ ਸਕੂਲ ਦਾ ਨਾਂ, ਇਕ ਸੜਕ ਦਾ ਨਾਂ ਤੇ ਇਕ ਸਟੇਡੀਅਮ ਦਾ ਨਾਂ ਉਹਦੇ ਨਾਂ ਉਤੇ ਰੱਖੇ ਗਏ। ਉਹਦੀ ਯਾਦ ਵਿਚ ਉਹਦਾ ਤਾਂਬੇ ਦਾ ਬੁੱਤ ਸਥਾਪਤ ਕੀਤਾ ਗਿਆ ਤੇ ਇਕ ਡਾਕ ਟਿਕਟ ਜਾਰੀ ਕੀਤੀ ਗਈ। ਲੇਖਕਾਂ ਨੇ ਉਹਦੀਆਂ ਜੀਵਨੀਆਂ ਲਿਖੀਆਂ ਤੇ ਫਿਲਮ ਪ੍ਰੋਡਿਊਸਰਾਂ ਨੇ ਫਿਲਮਾਂ ਬਣਾਈਆਂ। ਉਹ ਹਿੰਮਤ ਦੇ ਹੌਂਸਲੇ ਦੀ ਮੂਰਤ ਸੀ। ਉਹਦੀ ਬਾਤ ਅਪਾਹਜ ਬੱਚਿਆਂ ਨੂੰ ਉਤਸ਼ਾਹਿਤ ਕਰਦੀ ਰਹੇਗੀ। ਉਨ੍ਹਾਂ ਅੰਦਰ ਵੀ ਅੰਬਰਾਂ ਨੂੰ ਛੂਹਣ ਦੀਆਂ ਅੰਗੜਾਈਆਂ ਜਨਮ ਲੈਣਗੀਆਂ ਜੋ ਗੁਜ਼ਰ ਗਈ ਵਿਲਮਾ ਰੁਡੋਲਫ਼ ਦੀ ਰੂਹ ਨੂੰ ਸਕੂਨ ਦੇਣਗੀਆਂ!

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346