(ਪਿਛਲੇ ਸਾਲ ਜਨਵਰੀ ਦੀ
ਗੱਲ ਹੈ; ਮੈਂ ਕਨੇਡਾ ਵਿਚ ਬਿਸਤਰੇ ‘ਤੇ ਲੰਮਾ ਪਿਆ ਪੜ੍ਹ ਰਿਹਾ ਸਾਂ ਤੇ ਸਾਢੇ ਕੁ ਪੰਜ ਸਾਲ
ਦੀ ਸਰਗਮ ਮੇਰੇ ਕੋਲ ਕੰਪਿਊਟਰ ‘ਤੇ ਬੈਠੀ ਪੰਜਾਬੀ ਲਿਖਣ ਦਾ ਅਭਿਆਸ ਕਰ ਰਹੀ ਸੀ। ਅਸੀਂ
ਦੋਵਾਂ ਜੀਆਂ ਨੇ ਉਸਨੂੰ ਪੰਜਾਬੀ ਲਿਖਣੀ-ਪੜ੍ਹਨੀ ਸਿਖਾ ਦਿੱਤੀ ਹੈੀ। ਚਾਰ ਕੁ ਮਹੀਨਿਆਂ ਵਿਚ
ਉਹ ਏਨੀ ਕੁ ਅਭਿਆਸੀ ਹੋ ਗਈ ਕਿ ਮੇਰੀ ਪਤਨੀ ਨੇ ਪੰਜਾਬੀ ਦੀ ਕੋਈ ਮੁਢਲੀ ਕਿਤਾਬ ਕੋਲ ਨਾ
ਹੋਣ ਕਰਕੇ ਉਸਨੂੰ ਮੇਰੇ ਸਫ਼ਰਨਾਮੇ ‘ਵਗਦੀ ਏ ਰਾਵੀ’ ਦੇ ਹੀ ਸੱਠ ਕੁ ਸਫ਼ੇ ਪੜ੍ਹਾ ਛੱਡੇ।
ਉਹ ਪੜ੍ਹਦਿਆਂ ਕਿਤਾਬ ਵਿਚ ਰਹਿ ਗਈਆਂ ਪਰੂਫ਼ਾਂ ਦੀਆਂ ਗ਼ਲਤੀਆਂ ਲੱਭ ਕੇ ਮੇਰਾ ਵੀ ‘ਮਖ਼ੌਲ’
ਉਡਾਉਣ ਪਈ ਕਿ ਵੱਡੇ ਡੈਡੀ ਵੀ ਗ਼ਲਤ ਲਿਖ ਜਾਂਦੇ ਨੇ। ਮੇਰੀ ਪਤਨੀ ਉਹਨੂੰ ਆਖਦੀ ਕਿ ਇਹ
ਛਾਪਣ ਵਾਲਿਆਂ ਦੀ ਗ਼ਲਤੀ ਸੀ। ਇਕ ਦਿਨ ਕਹਿੰਦੀ ਛਾਪਣ ਵਾਲਿਆਂ ਨੂੰ ਏਨਾ ਵੀ ਨਹੀਂ ਪਤਾ ਕਿ
‘ਪਿੱਪਲ’ ਵਿਚ ਲੱਲੇ’ ਦੇ ਪੈਰ ਥੱਲੇ ਬਿੰਦੀ ਪਾਉੁਣੀ ਹੈ! ਉਹ ਕੰਪਿਊਟਰ ‘ਤੇ ਮੇਰੀ ਅਗਵਾਈ
ਵਿਚ ਪੰਜਾਬੀ ਵਿਚ ਟਾਈਪ ਕਰਨਾ ਵੀ ਸਿੱਖ ਗਈ ਤੇ ਅਕਸਰ ਆਪਣੇ ਤਿਆਰ ਕੀਤੇ ਸਫ਼ੇ ‘ਤੇ ਰੋਜ਼
ਕਿਸੇ ਨਾ ਕਿਸੇ ਪੰਜਾਬੀ ਦੀ ਕਿਤਾਬ ਤੋਂ ਵੇਖ ਕੇ ਪੰਜਾਬੀ ਵਿਚ ਲਿਖਣ ਦਾ ਅਭਿਆਸ ਕਰਦੀ
ਰਹਿੰਦੀ।
ਮੈਂ ਲੰਮੇ ਪਏ ਨੇ ਵੇਖਿਆ ਉਹ ‘ਕੀ ਬੋਰਡ’ ਉੱਤੇ ਉਂਗਲਾਂ ਰੱਖ ਕੇ ਡੂੰਘੀ ਸੋਚ ਵਿਚ ਡੁੱਬੀ
ਹੋਈ ਸੀ। ਇਸਦਾ ਕਾਰਨ ਪੁੱਛਿਆ ਤਾਂ ਕਹਿੰਦੀ, “ਵੱਡੇ ਡੈਡੀ! ਤੁਸੀਂ ਕਿਵੇਂ ਲਿਖ ਲੈਂਦੇ ਓ?”
ਮੈਂ ਕੁਝ ਪਲ਼ ਉੁਹਦੀ ਗੱਲ ਨਾ ਸਮਝਿਆ ਤੇ ਕਿਹਾ, “ਬੇਟੇ! ਜਿਵੇਂ ਤੁਸੀਂ ਲਿਖਦੇ ਓ, ਇੰਜ ਹੀ
ਲਿਖਦਾ, ਟਾਈਪ ਕਰਦਾ ਹਾਂ।” ਕਹਿੰਦੀ, “ਨਹੀਂ; ਸਟੋਰੀਜ਼ ਕਿਵੇਂ ਲਿਖ ਲੈਂਦੇ ਓ?” ਮੈਂ ਹੱਸ
ਕੇ ਪੁੱਛਿਆ, “ਤੂੰ ਵੀ ਸਟੋਰੀਜ਼ ਲਿਖਣਾ ਚਾਹੁੰਦੀ ਏਂ?” ਉਸਨੇ ‘ਹਾਂ’ ਵਿਚ ਸਿਰ ਹਿਲਾਇਆ ਤੇ
ਮੱਥੇ ‘ਤੇ ਤਿਊੜੀ ਪਾ ਲਈ, “ਪਰ ਮੈਨੂੰ ਪਤਾ ਨਹੀਂ ਲੱਗਦਾ ਕੀ ਲਿਖਾਂ!” ਮੈਂ ਸੋਚੀਂ ਪੈ ਗਿਆ
ਕਿ ਇਸਨੂੰ ਲਿਖਣ ਲਈ ਉਤਸ਼ਾਹਤ ਕਿਵੇਂ ਕਰਾਂ। ਫਿਰ ਮੈਂ ਸੋਚ ਕੇ ਕਿਹਾ, “ਸੋਹਣੇ ਪੁੱਤੂ !
ਤੁਸੀਂ ਇੰਡੀਆ ਵਿਚ ਭੂ ਜੀ ਦੇ ਵਿਆਹ ‘ਤੇ ਗਏ ਸੀ। ਕਿਵੇਂ ਗਏ, ਓਥੇ ਕਿਵੇਂ ਲੱਗਾ ਤੁਹਾਨੂੰ,
ਇਹ ‘ਸਟੋਰੀ’ ਲਿਖੋ। ਉਹ ਸੋਚ ਸੋਚ ਕੇ ਚਾਰ ਪੰਜ ਦਿਨ ਕੰਪਿਊਟਰ ‘ਤੇ ਲੱਗੀ ਰਹੀ ਤੇ ਪੰਜਵੇਂ
ਦਿਨ ਮੈਨੂੰ ਕਹਿੰਦੀ, “ਆਓ ਡੈਡੀ ਤੁਹਾਨੂੰ ਸਰਪਰਾਈਜ਼ ਦੇਵਾਂ।” ਉਸਨੇ ਕੰਪਿਊਟਰ ਖੋਲ੍ਹ ਕੇ
ਆਪਣੀ ‘ਨਵੀਂ ਲਿਖੀ ਸਟੋਰੀ’ ਮੈਨੂੰ ਵਿਖਾਈ। ਮੈਂ ਉਸਦਾ ਮੱਥਾ ਚੁੰਮ ਕੇ ਗਲ਼ ਨਾਲ ਲਾ ਲਿਆ।
ਹੇਠਾਂ ਸਾਢੇ ਪੰਜ ਸਾਲ ਦੀ ਉਮਰ ਵਿਚ ਸਰਗਮ ਸੰਧੂ ਵੱਲੋਂ ਲਿਖੀ ‘ਸਟੋਰੀ’, ਜਿਸਨੂੰ ਮੈਂ
ਉਹਦਾ ‘ਭਾਰਤ ਦਾ ਸਫ਼ਰਨਾਮਾ’ ਆਖਦਾ ਹਾਂ, ਹੂਬਹੂ ਉਸਦੇ ਲਿਖੇ ਸ਼ਬਦ-ਜੋੜਾਂ ਅਨੁਸਾਰ, ਬਿਨਾ
ਕਿਸੇ ਵਾਧੇ ਘਾਟੇ ਦੇ, ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਕਰ ਰਿਹਾ ਹਾਂ।

ਅਸੀਂ ਭੂ ਜੀ ਦੇ ਵਿਆਹ ਤੇ
ਇਨਡੀਆ ਗਏ ਸੀ। ਪਲੇਨ ਵਿਚ ਲੱਗਦਾ ਸੀ ਬਅਡਜ਼ ਵਾਂਗ ਫਲਾਈ ਕਰਦੇ ਜਾਂਦੇ ਆਂ। ਇਨਡੀਆ ਵਿਚ
ਮੇਰਾ ਰੂਮ ਬੌਤ ਸੋਹਣਾ ਸੀ। ਮੇਰੇ ਕੋਲ ਰੂਮ ਵਿਚ ਰੱਖਣ ਲਈ ਬੁੱਕਸ ਸੀ। ਮੈਂ ਵੇਖਿਆ ਓਥੇ
ਡਰਾਅਰ ਵੀ ਸਨ। ਮੈਂ ਖ਼ੁਸ਼ ਹੋ ਗਈ। ਸਾਡੇ ਘਰ ਲਾਈਟਾਂ ਲੱਗੀਆਂ ਸੀ ਨਾਲੇ ਬਲੂਨ ਵੀ।
ਫ਼ਲਾਵਰ ਵੀ ਸੀ। ਸੁਪਨ ਡੈਡੀ, ਵੱਡੇ ਮੰਮੀ, ਵੱਡੇ ਡੈਡੀ ਤੇ ਰਮਣੀਕ ਭੂ ਜੀ ਵੀ ਸੀ। ਅਸੀਂ
ਰੂਫ਼ ਤੇ ਵੀ ਚੜ੍ਹ ਕੇ ਇਨਜਾਏ ਕੀਤਾ ਸੀ। ਕੈਨੇਡਾ ਵਿਚ ਰੂਫ਼ ‘ਤੇ ਨਹੀਂ ਸੀ ਚੜ੍ਹ ਸਕਦੇ।
ਮੈਂ ਵੱਡੇ ਡੈਡੀ ਨਾਲ ਟਾਈਨੀ ਕਾਰ ਵਿਚ ਬੈਠ ਕੇ ਮਾਰਕੀਟ ਗਈ ਸੀ। ਰਿਖਸ਼ੇ ਵਾਲਾ ਕਾਰ ਅੱਗੇ
ਆ ਗਿਆ ਸੀ। ਵੱਡੇ ਡੈਡੀ ਨੇ ਹਾਰਨ ਵਜਾਏ। ਬੜਾ ਫਨੀ ਲੱਗਦਾ ਸੀ। ਵੱਡੇ ਡੈਡੀ ਨੇ ਮੇਰੇ ਲਈ
ਟੌਇਜ਼ ਲਏ ਸੀ। ਸਿਲਵਰ ਦਾ ਟੀ ਸੈਟ ਵੀ ਸੀ। ਅਸੀਂ ਦਰਬਾਰ ਸਾਬ ਵੀ ਗਏ ਸੀ। ਉਥੇ ਅਸੀਂ
ਪਰਸ਼ਾਦ ਖਾਧਾ ਨਾਲੇ ਮੱਛੀਆਂ ਵੇਖੀਆਂ ਤੇ ਸਪੈਰੋਜ਼ ਵੀ। ਰਮਣੀਕ ਭੂ ਜੀ ਦੇ ਵਿਆਹ ਤੇ ਮੈਂ
ਸੈਡ ਸੀ। ਮੈਂ ਬੌਤ ਰੋਈ ਸੀ। ਫਿਰ ਅਸੀਂ ਕੈਨੇਡਾ ਆ ਗਏ ਸੀ।-ਸਰਗਮ ਸੰਧੂ

ਨੋਟ: ਇਹ ਸਫ਼ਰਨਾਮਾ ਸਰਗਮ
ਨੇ ‘ਕਲਮਾਂ ਦਾ ਕਾਫਿ਼ਲਾ ਟਰਾਂਟੋ’ ਦੀ ਅਗਸਤ ਮਹੀਨੇ ਦੀ ਮਾਸਿਕ ਇਕੱਤਰਤਾ ਵਿਚ ਪੜ੍ਹ ਕੇ
ਸੁਣਾਇਆ। ਉਪਰ ਸਰਗਮ ਸਫ਼ਰਨਾਮਾ ਪੜ੍ਹ ਰਹੀ ਹੈ ਤੇ ਨਾਲ ਉਸਦੀ ਦਾਦੀ ਤੇ ਪੰਜਾਬੀ ਸਿਖਾਉਣ
ਵਾਲੀ ਅਧਿਆਪਕਾ ਰਜਵੰਤ ਕੌਰ ਸੰਧੂ ਬੈਠੀ ਹੈ। ਹੇਠਾਂ ਸਰੋਤਿਆਂ ਦੀ ਇਕ ਝਲਕ।
-0-
-0-
|