ਫਲੈਟੀਜ਼ ਹੋਟਲ
ਪੁਹੰਚੇ ਤਾਂ ਪਤਾ ਲੱਗਾ ਪੁਲੀਸ ਨੇ ਸੁਨੇਹਾ ਭੇਜਿਆ ਸੀ ਕਿ ਨਿਯਮ ਅਨੁਸਾਰ ਭਾਰਤੀ
ਡੈਲੀਗੇਟਾਂ ਨੇ ਪੁਲੀਸ ਕੋਲ ਆਪਣੀ ਹਾਜ਼ਰੀ ਕਿਉਂ ਨਹੀਂ ਲਵਾਈ। ਇਹ ਕੰਮ ਤਾਂ ਪਹਿਲੇ
ਦਿਨ ਹੀ ਹੋਣਾ ਚਾਹੀਦਾ ਸੀ ਪਰ ਪ੍ਰਬੰਧਕਾਂ ਵਲੋਂ ਕੋਈ ਨਿਸਚਿਤ ਆਦੇਸ਼ ਜਾਂ ਸਲਾਹ ਨਾ
ਮਿਲਣ ਕਾਰਨ, ‘‘ਕੁਝ ਨਹੀਂ ਹੁੰਦਾ’ ਕਹਿ ਕੇ ਸਾਰੇ ਕਾਨਫ਼ਰੰਸ ਦੇ ਮੇਲੇ-ਗੇਲੇ ਵਿਚ
ਰੁੱਝ ਗਏ। ਹੁਣ ਇਕਦਮ ਸਿਰ ਆ ਬਣੀ। ਭੀੜ ਕਾਰਨ ਸਾਰੇ ਲੋਕ ਸਵੇਰ ਦੇ ਪਰੇਸ਼ਾਨ ਸਨ। ਕਦੀ
ਐੱਸ.ਐੱਸ.ਪੀ. ਦੇ ਦਫ਼ਤਰ ਤੇ ਕਦੀ ਥਾਣੇ ਦੇ ਚੱਕਰ ਲਾ ਰਹੇ ਸਨ। ਸਤਨਾਮ ਮਾਣਕ ਮੈਨੂੰ
ਕਹਿਣ ਲੱਗਾ:
‘‘ਅਸੀਂ ਤਾਂ ਯਾਰ ਸਵੇਰ ਦੇ ਏੇਸੇ ਹੀ ਖਲਜਗਣ ਵਿਚ ਤਿੰਨ-ਚਾਰ ਘੰਟੇ ਖ਼ਰਾਬ ਕਰ ਬੈਠੇ
ਆਂ। ਹੁਣ ਲੋਕ ਐੱਸ.ਐੱਸ.ਪੀ. ਦੇ ਦਫ਼ਤਰ ਕਤਾਰਾਂ ਬੰਨ੍ਹ ਕੇ ਖਲੋਤੇ ਨੇ। ਤੁਸੀਂ ਵੀ
ਚਲੇ ਜਾਓ ਛੇਤੀ। ਉਂਜ ਬੰਦੇ ਬੜੇ ਕੋਆਪਰੇਟਿਵ ਨੇ। ਕਹਿੰਦੇ ਸਨ ਅਸੀਂ ਅੱਜ ਸੱਤ ਵਜੇ ਤਕ
ਦਫਤਰ ਖੁੱਲ੍ਹਾਂ ਰੱਖਾਂਗੇ।’’
ਮੈਂ ਡਾ. ਜਗਤਾਰ ਨੂੰ ਕਿਹਾ ਤਾਂ ਉਹ ਪਹਿਲਾਂ ਵਾਂਗ ਹੀ ਹਲਕੇ-ਫੁਲਕੇ ਅੰਦਾਜ਼ ਵਿਚ
ਕਹਿੰਦਾ, ‘‘ਵਰਿਆਮ! ਕੁਝ ਨਹੀਂ ਹੁੰਦਾ, ਤੂੰ ਫਿ਼ਕਰ ਨਾ ਕਰ।’’ ਉਸ ਨੇ ਆਪਣੇ ਵਿਸ਼ੇਸ਼
ਅੰਦਾਜ਼ ਵਿਚ ਮੁਸਕਰਾਉਂਦਿਆਂ ਹੱਥ ਖੜ੍ਹਾ ਕੀਤਾ।
‘‘ਵੇਖ ਲੋ ਫਿਰ ਨਾ ਐਵੇਂ ਪੰਗੇ ਨੂੰ ਫੜ੍ਹੇ ਫਿਰੀਏ। ਐਹ, ਸਾਰੇ ਲੋਕ ਉਧਰੋਂ ਹੀ ਆ ਰਹੇ
ਨੇ।’’
ਮੇਰੇ ਵਾਰ-ਵਾਰ ਕਹਿਣ ‘ਤੇ ਉਹ ਫਲੈਟੀਜ਼ ਹੋਟਲ ਦੀ ਰਿਸੈਪਸ਼ਨ ਵੱਲ ਗਿਆ ਤੇ ਆ ਕੇ ਕਹਿਣ
ਲੱਗਾ, ‘‘ਤੂੰ ਬੇਫਿ਼ਕਰ ਰਹੁ। ਮੈਨੂੰ ਲਗਦੈ ਇਨ੍ਹਾਂ ਨੇ ਆਏ ਬੰਦਿਆਂ ਦੀ ਰਿਪੋਰਟ ਹੀ
ਅੱਜ ਭੇਜੀ ਹੈ। ਆਪਣੇ ਹੋਟਲ ਵਾਲਿਆਂ ਤਾਂ ਪਹਿਲੇ ਦਿਨ ਹੀ ਆਪਣੇ ਕੋਲੋਂ ਇਸ ਮਕਸਦ ਲਈ
ਪਾਸਪੋਰਟ ਲੈ ਲਏ ਸਨ।’’
ਪਰ ਮੈਂ ਫਿ਼ਕਰਮੰਦ ਸਾਂ। ਜਗਤਾਰ ਕਹਿੰਦਾ, ‘‘ਚੱਲ ਆਪਣੇ ਹੋਟਲ ਵਾਲਿਆਂ ਤੋਂ ਜਾ ਕੇ
ਪੁੱਛੀਏ।’’
ਅਸੀਂ ਉਥੇ ਗਏ ਤਾਂ ਹੋਟਲ ਦੇ ਮੈਨੇਜਰ ਤੇ ਮਾਲਕ ਨੇ ਆਪਣੇ ਕੈਬਿਨ ਵਿਚ ਬਿਠਾ ਕੇ ਸਾਨੂੰ
ਚਾਹ ਪਿਆਈ ਤੇ ਬੇਫਿ਼ਕਰ ਰਹਿਣ ਲਈ ਕਿਹਾ।
‘‘ਮੈ ਤਾਂ ਇਸ ਨੂੰ ਕਿਹਾ ਸੀ ਪਰ ਇਹ ਬਹੁਤ ਚਿੰਤਤ ਸੀ।’’ ਜਗਤਾਰ ਨੇ ਆਖਿਆ। ਅਸੀਂ
ਵਾਪਸ ਫਲੈਟੀਜ਼ ਹੋਟਲ ਪਹੁੰਚ ਗਏ।
ਕਾਨਫ਼ਰੰਸ ਦਾ ਆਖ਼ਰੀ ਸੈਸ਼ਨ ਚੱਲ ਰਿਹਾ ਸੀ। ਤਕਰੀਰਾਂ ਹੋ ਰਹੀਆਂ ਸਨ। ਇਕ ਅਜੀਬ
ਹੁਲਾਸ ਤੇ ਖੇੜਾ ਸੀ ਸਭ ਦੇ ਮਨਾਂ ਵਿਚ। ਫਖ਼ਰ ਜ਼ਮਾਂ ਨੇ ਰਾਤ ਵਾਲੀ ਤਕਰੀਰ ਹੀ
ਦੁਹਰਾਈ ਪਰ ਬੜੇ ਠਰੰ੍ਹਮੇ ਤੇ ਦਿੜ੍ਹਤਾ ਨਾਲ। ਰਾਤ ਵਾਲੀ ਉਲਾਰ ਉਤੇਜਨਾ ਗ਼ੈਰ-ਹਾਜ਼ਰ
ਸੀ।
‘‘ਇਹ ਬਹੁਤ ਸਖ਼ਤ ਬੋਲ ਰਿਹੈ, ਜ਼ਰੂਰ ਰੌਲਾ ਪਵੇਗਾ ਇਸ ‘ਤੇ।’’ ਜਗਤਾਰ ਨੇ ਕਿਹਾ।
‘‘ਅਜੇ ਰਾਤੀਂ ਨਹੀਂ ਸੁਣਿਆ ਤੁਸੀਂ...ਮੈਨੂੰ ਲਗਦੈ ਕੁਝ ਹਲਕਿਆਂ ਵਲੋਂ ਕਾਨਫ਼ਰੰਸ ਦੇ
ਕੀਤੇ ਵਿਰੋਧ ਕਾਰਨ ਉਹ ਉਤੇਜਿਤ ਹੋ ਗਿਐ।’’
‘‘ਪਰ ਇਹ ਉਤੇਜਨਾ ਮਹਿੰਗੀ ਪੈ ਸਕਦੀ ਹੈ। ਵਿਰੋਧ ਹੋਰ ਤਿੱਖਾ ਹੋ ਸਕਦੈ। ਇਸ ਵਿਰੋਧ
ਨਾਲ ਆਉਣ-ਜਾਣ ਦਾ ਰਾਹ ਖੁੱਲ੍ਹਣ ਦੀ ਜਿਹੜੀ ਸੰਭਾਵਨਾ ਸੀ ਉਹ ਮੱਠੀ ਪੈ ਸਕਦੀ ਹੈ।’’
ਜਗਤਾਰ ਦੇ ਫਿ਼ਕਰ ਵੀ ਜਾਇਜ਼ ਲੱਗਦੇ ਸਨ। ਰਾਤ ਵਾਲੀ ਤਕਰੀਰ ਸੁਣ ਕੇ ਤਾਂ ਮੈਨੂੰ ਵੀ
ਅਚੇਤ ਖ਼ੌਫ਼ ਜਿਹਾ ਮਹਿਸੂਸ ਹੋਇਆ ਸੀ ਪਰ ਲੱਗਦਾ ਸੀ ਕਿ ਫਖ਼ਰ ਜ਼ਮਾਂ ਆਪਣੇ ਅਕੀਦੇ
‘ਤੇ ਦ੍ਰਿੜ੍ਹ ਸੀ ਤੇ ਉਹ ਨਿਰ੍ਹਾ ਕਿਸੇ ਭਾਵੁਕ ਆਵੇਸ਼ ਵਿਚ ਗੱਲ ਨਹੀਂ ਕਰ ਰਿਹਾ ਸਗੋਂ
ਬੇਖ਼ੌਫ਼ ਤੇ ਦ੍ਰਿੜ ਹੋ ਕੇ ਪੰਜਾਬੀਆਂ ਦਾ, ਪੰਜਾਬ ਤੇ ਪੰਜਾਬੀ ਜ਼ਬਾਨ ਬਾਰੇ ਆਪਣਾ
ਦ੍ਰਿਸ਼ਟੀਕੋਨ ਪੇਸ਼ ਕਰ ਰਿਹਾ ਸੀ। ਇਸ ਦ੍ਰਿੜ੍ਹਤਾ ਤੇ ਪ੍ਰਤੀਬੱਧਤਾ ਦੀ ਪੰਜਾਬੀਆਂ ਦੀ
ਘਾਟ ਨੇ ਹੀ ਉਨ੍ਹਾਂ ਨੂੰ ਏਨਾ ਚਿਰ ਥੱਲੇ ਲਾਈ ਰੱਖਿਆ ਸੀ ਤੇ ਹੁਣ ਉਹ ਚੁੱਪ ਰਹਿ ਕੇ
ਵਿਰੋਧੀਆਂ ਦੀ ਧੌਂਸ ਸਹਿਣ ਲਈ ਤਿਆਰ ਨਹੀਂ ਸੀ। ਉਹ ਆਪਣੀਆਂ ਤਿੱਖੀਆਂ ਗੱਲਾਂ ਰਾਹੀਂ
ਪੰਜਾਬੀਆਂ ਨੂੰ ਜਾਗਰਿਤ ਕਰਨਾ ਵੀ ਚਾਹ ਰਿਹਾ ਸੀ ਤੇ ਮੁਲਕ ਪੱਧਰ ‘ਤੇ ਇਸ ਸਬੰਧ ਵਿਚ
ਇਕ ਬਹਿਸ ਦੀ ਸ਼ੁਰੂਆਤ ਵੀ ਕਰਨੀ ਚਾਹੁੰਦਾ ਸੀ ਤੇ ਉਸ ਮੁਤਾਬਕ ਇਹ ਸ਼ੁਰੂਆਤ ਇੰਜ ਹੀ
ਹੋਣੀ ਸੀ। ਸ਼ੇਰ ਵਾਂਗ ਗਰਜ ਕੇ ; ਬੱਕਰੀ ਵਾਂਗ ਮਿਣ-ਮਿਣ ਕਰਕੇ ਨਹੀਂ। ਉਹ ਕਿਸੇ ਕਿਸਮ
ਦੀ ਗ਼ਲਤਫ਼ਹਿਮੀ ਵੀ ਨਹੀਂ ਸੀ ਰਹਿਣ ਦੇਣਾ ਚਾਹੁੰਦਾ। ਉਸ ਨੂੰ ਪਾਕਿਸਤਾਨੀ ਹੋਣ ‘ਤੇ
ਮਾਣ ਸੀ ਤੇ ਉਹ ਇਸ ਦੀ ਆਜ਼ਾਦੀ, ਖ਼ੁਦਮੁਖ਼ਤਿਆਰੀ ਤੇ ਪ੍ਰਭੂਸੱਤਾ ਦਾ ਕਿਸੇ ਵੀ ਵੱਡੇ
ਤੋਂ ਵੱਡੇ ਪਾਕਿਸਤਾਨੀ ਨਾਲੋਂ ਵੱਧ ਸਨਮਾਨ ਕਰਦਾ ਸੀ। ਉਸ ਨੂੰ ਆਪਣੀ ਕੌਮੀ ਜ਼ਬਾਨ
ਉਰਦੂ ‘ਤੇ ਮਾਣ ਸੀ ਪਰ ਉਹ ਆਪਣੀ ਮਾਂ-ਬੋਲੀ ਨੂੰ ਹੁਣ ਹੋਰ ਰੁਲਦਿਆਂ ਨਹੀਂ ਸੀ ਵੇਖ
ਸਕਦਾ। ਉਸ ਅਨੁਸਾਰ ਹੁਣ ਸੁੱਤੇ ਹੋਏ ਪੰਜਾਬੀ ਪੁੱਤ ਜਾਗ ਪਏ ਸਨ।
ਕਾਨਫ਼ਰੰਸ ਵਿਚ ਮਤੇ ਪਾਸ ਕੀਤੇ ਜਾ ਰਹੇ ਸਨ। ਭਾਰਤ-ਪਾਕਿਸਤਾਨ ਵਿਚ ਕਸ਼ਮੀਰ ਦੇ ਮਸਲੇ
ਸਮੇਤ ਸਾਰੇ ਮਸਲਿਆਂ ਦਾ ਹੱਲ ਮਿਲ ਬੈਠ ਕੇ ਤਲਾਸ਼ਣ ਲਈ, ਆਮ ਲੋਕਾਂ ਸਭਿਆਚਾਰਕ ਕਾਮਿਆਂ
ਤੇ ਲੇਖਕਾਂ-ਬੁੱਧੀਮਾਨਾਂ ਲਈ ਵੀਜ਼ੇ ਦੀਆਂ ਸ਼ਰਤਾਂ ਢਿੱਲੀਆਂ ਕਰਕੇ ਆਉਣ-ਜਾਣ ਸੌਖਾ
ਬਨਾਉਣ ਲਈ।
ਇੰਜ ਆਲਮੀ ਪੰਜਾਬੀ ਕਾਨਫ਼ਰੰਸ ਆਪਣੇ ਅੰਜਾਮ ਨੂੰ ਪੁਹੰਚੀ।
ਹੁਣ ਲੋਕ ਹਾਲ ਵਿਚ, ਲਾਬੀ ਵਿਚ, ਲਾਅਨ ਵਿਚ ਇਕ ਦੂਜੇ ਨੂੰ ਮਿਲ ਰਹੇ ਸਨ। ਅਗਲਾ
ਪ੍ਰੋਗਰਾਮ ਪੁੱਛ ਰਹੇ ਸਨ। ਅੱਜ ਰਾਤ ਤਕ ਹੀ ਕਾਨਫ਼ਰੰਸ ਦੇ ਪ੍ਰਬੰਧਕਾਂ ਦੇ ਅਸੀਂ
ਮਹਿਮਾਨ ਸਾਂ। ਸਵੇਰ ਤੋਂ, ਜੇ ਅਸੀਂ ਉਥੇ ਹੀ ਰਹਿਣਾ ਚਾਹੀਏ, ਆਪਣੇ ਖ਼ਰਚੇ ‘ਤੇ ਠਹਿਰ
ਸਕਦੇ ਸਾਂ, ਨਹੀਂ ਤਾਂ ਕੋਈ ਵੱਖਰਾ ਪ੍ਰਬੰਧ ਕਰਨਾ ਪੈਣਾ ਸੀ। ਸਤਾਰਾਂ ਅਠਾਰਾਂ ਅਪਰੈਲ
ਦੇ ਦੋ ਦਿਨ ਬਾਕੀ ਸਨ। ਉਨੀ ਅਪਰੈਲ ਨੂੰ ਸਵੇਰੇ ਲਾਹੌਰ ਰੇਲਵੇ ਸਟੇਸ਼ਨ ਤੋਂ ਸਮਝੌਤਾ
ਐਕਸਪ੍ਰੈਸ ਵਾਪਸ ਪਕੜਨੀ ਸੀ।
ਸੁਲੇਖਾ ਮੇਰੇ ਕੋਲ ਆਈ, ‘‘ਸਾਨੂੰ ਨਨਕਾਣਾ ਜ਼ਰੂਰ ਦਿਖਾਓ। ਕਈ ਲੋਕ ਹੋ ਵੀ ਆਏ ਨੇ।’’
ਉਸ ਦੀ ਗੱਲ ਠੀਕ ਸੀ। ਪਰਸੋਂ ਗੁਰਚਰਨ ਸਿੰਘ ਮੈਨੂੰ ਨਨਕਾਣੇ ਜਾਣ ਲਈ ਕਹਿ ਰਿਹਾ ਸੀ
ਤਾਂ ਮੈਂ ਉਸ ਨੂੰ ‘ਸਿਰਫ ਲਾਹੌਰ ਦਾ ਹੀ ਵੀਜ਼ਾ’ ਲੱਗਾ ਹੋਣ ਬਾਰੇ ਦੱਸਿਆ ਤਾਂ ਉਹ ਸਦਾ
ਵਾਂਗ ਮੇਰੀ ਇਸ ‘ਕਮਜ਼ੋਰੀ’ ਉਤੇ ਹੱਸਿਆ, ‘‘ਭਾਜੀ! ਕੋਈ ਨਹੀਂ ਪੁੱਛਦਾ। ਤੁਸੀਂ ਜਾਣ
ਦੀ ਗੱਲ ਕਰੋ।’’
ਉਨ੍ਹਾਂ ਨੂੰ ਸੱਚੀਂ ਕਿਸੇ ਨੇ ਨਹੀਂ ਸੀ ਪੁੱਛਿਆ!
‘‘ਰੂਪ ਸਿੰਘ ਰੂਪਾ ਹੁਰੀਂ ਬੱਸ ਰਾਹੀਂ ਰਾਵਲਪਿੰਡੀ, ਪੰਜਾ ਸਾਹਿਬ ਤੇ ਨਨਕਾਣਾ ਸਹਿਬ
ਦਾ ਪ੍ਰੋਗਰਾਮ ਬਣਾ ਰਹੇ ਨੇ ਪਰ ਰਘਬੀਰ ਹੁਰੀਂ ਨਹੀਂ ਮੰਨਦੇ।’’ ਸੁਲੇਖਾ ਇਕ ਤਰ੍ਹਾਂ
ਨਾਲ ਮੈਨੂੰ ਰਘਬੀਰ ਸਿੰਘ ਨੂੰ ਮਨਾਉਣ ਲਈ ਕਹਿ ਰਹੀ ਸੀ। ਮੈਂ ਰਘਬੀਰ ਸਿੰਘ ਨੂੰ
ਪੁੱਛਿਆ, ‘‘ਜਾਂਦੇ ਕਿਉਂ ਨਹੀਂ! ਫਿਰ ਤੁਰ ਆਵਾਂਗੇ ਇਸ ਬਹਾਨੇ। ਮੈਂ ਤਾਂ ਜਾਣ ਨੂੰ
ਤਿਆਰ ਹਾਂ। ਜਗਤਾਰ ਹੁਰਾਂ ਨੂੰ ਵੀ ਪੁੱਛ ਲੈਂਨੇ ਆਂ।’’
ਰਘਬੀਰ ਸਿੰਘ ਹਿਚਕਿਚਾ ਰਿਹਾ ਸੀ ਪਰ ਮੇਰੇ ਕਹਿਣ ‘ਤੇ ਮੰਨ ਗਿਆ।
‘‘ਤੁਸੀਂ ਕਹਿੰਦੇ ਹੋ ਤਾਂ ਚਲੇ ਚੱਲਦੇ ਆਂ। ਉਂਜ...‘‘ ਉਹਦੇ ਮਨ ਵਿਚ ਸ਼ਾਇਦ ਉਸ
ਯਾਤਰਾ ਦੇ ਆਗੂਆਂ ਬਾਰੇ ਦੋਚਿਤੀ ਸੀ ਤੇ ਉਸ ਨੇ ਇਹ ਜ਼ਾਹਿਰ ਵੀ ਕਰ ਦਿੱਤੀ। ਉਧਰ
ਜਗਤਾਰ ਏਨੀ ਲੰਮੀ ਤੇ ਥਕਾ ਦੇਣ ਵਾਲੀ ਯਾਤਰਾ ‘ਤੇ ਜਾਣ ਲਈ ਬਿਲਕੁਲ ਹੀ ਤਿਆਰ ਨਹੀਂ
ਸੀ। ਲਾਹੌਰੋਂ ਬਿਨਾਂ ਆਗਿਆ ਬਾਹਰ ਜਾਣ ਦਾ ਖ਼ਤਰਾ ਤਾਂ ਮੇਰੇ ਮਨ ਨੂੰ ਵੀ ਸੀ ਪਰ ਮੈਂ
ਸੋਚਿਆ ਜਿਥੇ ਸਾਰੀ ਬੱਸ ਦੇ ਯਾਤਰੀਆਂ ਨੂੰ ਕੋਈ ਡਰ ਨਹੀਂ ਤਾਂ ਅਸੀਂ ਹੀ ਕਿਉਂ ਡਰਦੇ
ਰਹੀਏ।
ਰੂਪ ਸਿੰਘ ਰੂਪਾ ਹੋਟਲ ਦੀ ਲਾਬੀ ਵਿਚ ਆਪਣਾ ਬੈਗ ਰੱਖੀ ਯਾਤਰਾ ਦਾ ਪ੍ਰੋਗਰਾਮ ਜਾਨਣ
ਵਾਲਿਆਂ ਨੂੰ ਵੇਰਵਾ ਵੀ ਦੇ ਰਿਹਾ ਸੀ ਤੇ ਫੀ-ਸਵਾਰੀ ਛੇ ਛੇ ਸੌ ਰੁਪਏ ਵੀ ਉਗਰਾਹ ਰਿਹਾ
ਸੀ।
‘‘ਸਵੇਰੇ ਛੇ ਵਜੇ ਸ਼ਾਹਤਾਜ ਹੋਟਲ ਤੋਂ ਬੱਸ ਚਲੇਗੀ ਤੇ ਇਥੇ ਫਲੈਟੀਜ਼ ‘ਚ ਆਵੇਗੀ।
ਇਥੋਂ ਸੱਤ ਵਜੇ ਰਾਵਲਪਿੰਡੀ ਨੂੰ ਚਲਾਂਗੇ। ਦੁਪਹਿਰ ਤਕ ਉਥੇ ਪੁੱਜਾਂਗੇ। ਘੰਟਾ ਦੋ
ਘੰਟੇ ਉਥੇ ਲਾ ਕੇ ਪੰਜਾ ਸਾਹਿਬ ਲਈ ਰਵਾਨਾ ਹੋਵਾਂਗੇ। ਰਾਤ ਉਥੇ ਰਹਾਂਗੇ। ਸਵੇਰੇ
ਨਾਸ਼ਤਾ ਕਰਕੇ ਤੁਰਾਂਗੇ ਸ਼ਾਮ ਤਕ ਲਾਹੌਰ ਪੁੱਜ ਜਾਵਾਂਗੇ। ਇਥੋਂ ਰਾਤੋ ਰਾਤ ਨਨਕਾਣਾ
ਸਾਹਿਬ ਜਾਵਾਂਗੇ। ਉਥੋਂ ਦਰਸ਼ਨ ਕਰਕੇ ਸਵੇਰੇ ਸਿੱਧਾ ਲਾਹੌਰ ਰੇਲਵੇ ਸਟੇਸ਼ਨ ‘ਤੇ ਪੁੱਜ
ਜਾਵਾਂਗੇ। ਸਾਮਾਨ ਸਾਰਾ ਆਪਣਾ ਸਵੇਰੇ ਹੀ ਨਾਲ ਲੈ ਜਾਵਾਂਗੇ।’’
ਸਫ਼ਰ ਬਹੁਤ ਲੰਮਾ ਤੇ ਥਕਾ ਦੇਣ ਵਾਲਾ ਸੀ। ਪਰ ਨਿਰਾ ਲਾਹੌਰ ਵਿਚ ਬੈਠੇ ਰਹਿਣ ਨਾਲੋਂ
ਪਾਕਿਸਤਾਨ ਦਾ ਕੁਝ ਹੋਰ ਹਿੱਸਾ ਤੇ ਦੋ ਗੁਰਦੁਆਰਿਆਂ ਦੇ ਦਰਸ਼ਨ ਤਾਂ ਕਰ ਲਵਾਂਗੇ। ਮੈਂ
ਆਪਣੇ, ਰਘਬੀਰ ਤੇ ਸੁਲੇਖਾ ਦੇ ਪੈਸੇ ਰੂਪ ਸਿੰਘ ਰੂਪਾ ਕੋਲ ਜਮ੍ਹਾਂ ਕਰਵਾ ਦਿੱਤੇ।
‘‘ਲਾਹੌਰੋਂ ਬਾਹਰ ਜਾਣ ਦੀ ਆਗਿਆ ਲੈ ਲਈ ਹੈ? ਜੇ ਕਿਸੇ ਨੇ ਪੁੱਛਿਆ ਤਾਂ’’, ਮੈਂ
ਫਿ਼ਕਰਮੰਦੀ ਜ਼ਾਹਿਰ ਕੀਤੀ ਤਾਂ ਰੂਪਾ ਕਹਿਣ ਲੱਗਾ, ‘‘ਕੋਈ ਨਹੀਂ ਪੁੱਛਣ ਲੱਗਾ।’’
ਆਪਣੇ ਤੌਖਲੇ ਨੂੰ ਦਬਾ ਕੇ ਮੈਂ ਸੁਲੇਖਾ ਹੁਰਾਂ ਨੂੰ ਸਵੇਰੇ ਜਾਣ ਦੇ ਪ੍ਰੋਗਰਾਮ ਦੀ
ਖ਼ੁਸ਼ਖ਼ਬਰੀ ਸੁਣਾ ਦਿੱਤੀ।
‘‘ਚਲੋ ਠੀਕ ਐ’’, ਰਘਬੀਰ ਸਿੰਘ ਨੇ ਹੱਸਦਿਆਂ ਪ੍ਰਵਾਨਗੀ ਦੇ ਦਿੱਤੀ।
ਪਰ੍ਹੇ ਖਲੋਤੇ ਰਾਇ ਅਜ਼ੀਜ਼ ਉੱਲਾ ਮੇਰੇ ਕੋਲ ਉਚੇਚੇ ਆਏ ਤੇ ਪੁੱਛਣ ਲੱਗੇ, ‘‘ਸੰਧੂ
ਸਾਹਿਬ, ਤੁਸੀਂ ਐੱਸ.ਐੱਸ.ਪੀ. ਦੇ ਦਫਤਰ ਐਂਟਰੀ ਕਰਵਾ ਆਏ ਓ?’’
‘‘ਨਹੀਂ ਅਸੀਂ ਤਾਂ ਗਏ ਨਹੀਂ। ਕਹਿੰਦੇ ਨੇ ਕੋਈ ਗੱਲ ਨਹੀਂ।’’
‘‘ਨਾ ਨਾ... ਇਹ ਗਲਤੀ ਨਾ ਕਰਿਓ। ਸਾਰੇ ਲੋਕ ਉਥੋਂ ਹੋ ਆਏ ਨੇ। ਇਹ ਜ਼ਰੂਰ ਕਰੋ।
ਲਾਜ਼ਮੀ ਹੀ। ਉਨ੍ਹਾਂ ਅੱਜ ਤਕ ਛੋਟ ਦਿੱਤੀ ਹੋਈ ਹੈ।’’
ਉਸ ਸੁਹਿਰਦ ਇਨਸਾਨ ਦੀ ਨੇਕ ਸਲਾਹ ਤਾਂ ਟਾਲੀ ਨਹੀਂ ਸੀ ਜਾ ਸਕਦੀ। ਰਘਬੀਰ ਸਿੰਘ ਹੁਰਾਂ
ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਇਹ ਕੰਮ ਅੱਜ ਕਰਵਾ ਲਿਆ ਹੈ। ਮੈਂ ਜਗਤਾਰ
ਨੂੰ, ਜੋ ਪਾਕਿਸਤਾਨੀ ਲੇਖਕਾਂ ਵਿਚਕਾਰ ਖਲੋਤਾ ਗੱਪ-ਗੋਸ਼ਟ ਵਿਚ ਰੁੱਝਾ ਹੋਇਆ ਸੀ,
ਆਖਿਆ, ‘‘ਮੈਨੂੰ ਰਾਇ ਸਾਹਿਬ ਨੇ ਕਿਹਾ ਹੈ ਕਿ ਪੁਲਸ ਵਾਲਾ ਕੰਮ ਆਪਾਂ ਨੂੰ ਕਰਵਾਉਣਾ
ਹੀ ਪੈਣਾ ਹੈ। ਮੈਂ ਨਹੀਂ ਉਨ੍ਹਾਂ ਆਪ ਆ ਕੇ ਮੈਨੂੰ ਪੁੱਛਿਆ ਹੈ ਤੇ ਦਿਨ ਵੀ ਸਿਰਫ ਅੱਜ
ਦਾ ਹੀ ਹੈ।’’
ਜਗਤਾਰ ‘ਕੋਈ ਨਹੀਂ’ ਕਹਿ ਕੇ ਹੁਣ ਤਕ ਟਾਲਦਾ ਆ ਰਿਹਾ ਸੀ ਪਰ ਜਦੋਂ ਉਸ ਨੇ ‘ਰਾਇ
ਸਾਹਿਬ’ ਦਾ ਨਾਂ ਸੁਣਿਆ ਤਾਂ ਤੁਰੰਤ ਗੰਭੀਰ ਹੋ ਗਿਆ, ‘‘ਜੇ ਰਾਇ ਸਾਹਿਬ ਆਖਦੇ ਨੇ ਤਾਂ
ਆਪਾਂ ਨੂੰ ਇਹ ਕੰਮ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ। ਉਤੋਂ ਟਾਈਮ ਵੀ ਕਿੰਨਾ ਹੋ
ਗਿਐ।’’ ਉਸ ਨੇ ਬਾਹਰ ਡੁੱਬਦੇ ਜਾਂਦੇ ਸੂਰਜ ਸਦਕਾ ਹੁਣੇ ਹੀ ਉਤਰ ਪੈਣ ਵਾਲੀ ਰਾਤ ਵੱਲ
ਵੀ ਇਸ਼ਾਰਾ ਕੀਤਾ।
‘‘ਹੁਣ ਕੀ ਕਰੀਏ!’’
ਉਸ ਦੇ ਮਨ ਵਿਚ ਛੇਤੀ ਛੇਤੀ ਐੱਸ.ਐੱਸ.ਪੀ. ਦਫਤਰ ਪਹੁੰਚਣ ਦੀ ਕਾਹਲ ਸੀ। ਉਮਰ ਗਨੀ
ਬਾਅਦ-ਦੁਪਹਿਰ ਛੁੱਟੀ ਲੈ ਕੇ ਪਾਕਪਟਨ ਪਰਤ ਗਿਆ ਸੀ।
‘‘ਡਾਕਟਰ ਸਾਹਿਬ, ਐਧਰ ਨੂੰ ਮੂੰਹ ਕਰਿਓ, ਇਕ ਤਸਵੀਰ ਖਿੱਚ ਲਈਏ।’’ ਜਿਨ੍ਹਾਂ ਮਿੱਤਰਾਂ
ਕੋਲ ਜਗਤਾਰ ਖਲੋਤਾ ਸੀ ਉਨ੍ਹਾਂ ਵਿਚੋਂ ਇਕ ਨੇ ਉਸ ਨੂੰ ਕਿਹਾ। ਫੋਟੋਗਰਾਫਰ ਕੈਮਰਾ
ਫੋਕਸ ਕੀਤੀ ਖੜੋਤਾ ਸੀ।
ਜਗਤਾਰ ਨੇ ਉਸ ਦਾ ਹੱਥ ਛਿਣਕਿਆ ਤੇ ਕਹਿਣ ਲੱਗਾ, ‘‘ਠਹਿਰ ਯਾਰ! ਸਾਨੂੰ ਆਪਣਾ ਵਖ਼ਤ
ਪਿਐ। ਇਹਨੂੰ ਫੋਟੋ ਦੀ ਪਈ ਐ। ਆ ਵਰਿਆਮ!’’
ਉਸ ਨੇ ਮੇਰਾ ਹੱਥ ਫੜ ਕੇ ਮੈਨੂੰ ਬਾਹਰ ਵੱਲ ਤੋਰਿਆ। ਅਸੀਂ ਹੋਟਲ ਦੇ ਬਰਾਂਡੇ ‘ਚੋਂ
ਬਾਹਰ ਨਿਕਲੇ ਹੀ ਸਾਂ ਕਿ ਮਿ. ਨਿਆਜ਼ੀ ਨਾਂ ਦਾ ਇਕ ਬੰਦਾ ਜਗਤਾਰ ਨੂੰ ਕਹਿਣ ਲੱਗਾ,
‘‘ਹਜ਼ੂਰ, ਕੀ ਗੱਲ ਬੜੇ ਪ੍ਰੇਸ਼ਾਨ ਨਜ਼ਰ ਆਂਦੇ ਜੇ।’’
ਪ੍ਰੋਫੈਸਰ-ਲੇਖਕ ਨਿਆਜ਼ੀ ਆਪਣੀ ਲਾਲ ਰੰਗ ਦੀ ਛੋਟੀ ਜਿਹੀ ਕਾਰ ਕੋਲ ਖੜੋਤਾ ਜਾਣ ਦੀ
ਤਿਆਰੀ ਵਿਚ ਸੀ। ਨਿੱਕੀ ਨਿੱਕੀ ਦਾੜ੍ਹੀ, ਸਿਰ ਉਤੇ ਲੰਮਾ ਲੜ ਛੱਡ ਕੇ ਬੰਨ੍ਹੀ ਪੱਗ।
ਜਗਤਾਰ ਤੋਂ ਪ੍ਰੇਸ਼ਾਨੀ ਦਾ ਕਾਰਨ ਜਾਣ ਕੇ ਉਸ ਮਧੁਰ ਭਾਸ਼ੀ ਵਿਅਕਤੀ ਨੇ ਕਿਹਾ, ‘‘ਮੈਂ
ਕਿਸੇ ਜ਼ਰੂਰੀ ਕੰਮ ਜਾ ਰਿਹਾ ਸਾਂ, ਪਰ ਕੋਈ ਨਹੀਂ। ਮੈਂ ਤੁਹਾਨੂੰ ਐੱਸ.ਐੱਸ.ਪੀ. ਦੇ
ਦਫ਼ਤਰ ਉਤਾਰ ਕੇ ਚਲਾ ਜਾਵਾਂਗਾ। ਤੁਸੀਂ ਬੈਠੋ।’’
ਅਸੀਂ ਉਸ ਦੀ ਕਾਰ ਵਿਚ ਬੈਠੇ। ਜਦੋਂ ਅਸੀਂ ਐੱਸ.ਐੱਸ.ਪੀ.ਦੇ ਦਫ਼ਤਰ ਪੁਹੰਚੇ ਤਾਂ ਸੂਰਜ
ਦਿਖਾਈ ਦੇਣੋਂ ਹਟ ਗਿਆ ਸੀ। ਨਿਆਜ਼ੀ ਆਪਣੀ ਕਾਰ ‘ਚੋਂ ਸਾਡੇ ਨਾਲ ਹੀ ਉਤਰ ਪਿਆ,
‘‘ਟਾਈਮ ਕਾਫ਼ੀ ਹੋ ਗਿਐ। ਤੁਹਾਨੂੰ ਮੁਸ਼ਕਿਲ ਨਾ ਆਵੇ। ਚਲੋ! ਮੈਂ ਤੁਹਾਡੇ ਨਾਲ
ਚੱਲਦਾਂ।’’
ਉਸ ਨੇ ਸਾਡੇ ਵਾਸਤੇ ਆਪਣਾ ਜ਼ਰੂਰੀ ਕੰਮ ਅੱਗੇ ਪਾ ਲਿਆ ਸੀ। ਉਸ ਨੇ ਪਤਾ ਕੀਤਾ ਕਿ
ਵਿਦੇਸ਼ੀਆਂ ਦੀ ਰਜਿਸਟਰੇਸ਼ਨ ਵਾਲਾ ਦਫ਼ਤਰ ਕਿਹੜਾ ਹੈ। ਮਨ ਵਿਚ ਇਹ ਖ਼ਦਸ਼ਾ ਵੀ ਸੀ ਕਿ
ਪਤਾ ਨਹੀਂ ਇਸ ਸਮੇਂ ਦਫਤਰ ਵਿਚ ਕੋਈ ਵਿਅਕਤੀ ਹੋਵੇਗਾ ਜਾਂ ਨਹੀਂ ਪਰ ਪ੍ਰੋ. ਨਿਆਜ਼ੀ
ਦਾ ਨਾਲ ਹੋਣਾ ਹੌਸਲਾ ਦੇ ਰਿਹਾ ਸੀ।
ਦਫ਼ਤਰ ਵਿਚ ਦੋ ਤਿੰਨ ਬੰਦੇ ਬੈਠੇ ਗੱਪਾਂ ਮਾਰ ਰਹੇ ਸਨ। ਵੱਖਰੀ ਕੁਰਸੀ ਉਤੇ ਬੈਠਾ ਇਕ
ਨੌਜਵਾਨ ਪ੍ਰੋ. ਨਿਆਜ਼ੀ ਨੂੰ ਵੇਖ ਕੇ ਉਠਿਆ ਤੇ ਉਸ ਦੇ ਗੋਡਿਆਂ ਨੂੰ ਹੱਥ ਲਾ ਕੇ
ਖ਼ੈਰ-ਸੁਖ ਪੁੱਛੀ।
ਉਹ ਉਸ ਦਾ ਸ਼ਾਗਿਰਦ ਅਤੇ ਨੇੜੇ ਦਾ ਜਾਣੂ ਲੱਗਦਾ ਸੀ ਉਸ ਨੇ ਸਾਨੂੰ ਕੁਰਸੀਆਂ ‘ਤੇ
ਬਿਠਾ ਕੇ ਸਾਰੀ ਗੱਲ ਆਰਾਮ ਨਾਲ ਕਰਨ ਲਈ ਕਿਹਾ। ਸਾਡੀ ਗੱਲ ਸੁਣ ਕੇ ਉਸ ਨੌਜਵਾਨ ਨੇ
ਕਿਹਾ, ‘‘ਕੋਈ ਨਹੀਂ, ਹੁਣੇ ਕੰਮ ਹੋ ਜਾਂਦੈ। ਅਸੀਂ ਅੱਜ ਸਵੇਰ ਦੇ ਏਸੇ ਮਕਸਦ ਲਈ ਬੈਠੇ
ਆਂ। ਅਸੀਂ ਉਂਜ ਈ ਕਿਸੇ ਨੂੰ ਨਹੀਂ ਮੋੜਿਆ। ਤੁਹਾਡੇ ਨਾਲ ਤਾਂ ਸਾਡੇ
ਉਸਤਾਦ-ਏ-ਮੁਹਤਰਿਮ ਆਏ ਨੇ।’’
ਉਹ ਅਹੁਦੇ ਵਜੋਂ ਇੰਸਪੈਕਟਰ ਸੀ ਤੇ ਉਥੇ ਬੈਠੇ ਬੰਦਿਆਂ ‘ਚੋਂ ਸੀਨੀਅਰ।
ਅਸੀਂ ਉਸ ਕੋਲੋਂ ਸਾਰੀ ਪ੍ਰਕਿਰਿਆ ਪੁੱਛੀ। ਉਹ ਬੜੇ ਠਰੰ੍ਹਮੇਂ ਨਾਲ ਦੱਸਣ ਲੱਗਾ,
‘‘ਹਕੀਕਤ ਇਹ ਹੈ ਕਿ ਪਾਕਿਸਤਾਨ ਪੁੱਜਦਿਆਂ ਚੌਵ੍ਹੀ ਘੰਟੇ ਦੇ ਵਿਚ ਵਿਚ ਹੀ ਇਥੇ ਪੁੱਜ
ਕੇ ਆਪਣੀ ਆਮਦ ਦੀ ਰਜਿਸਟਰੇਸ਼ਨ ਕਰਵਾਉਣੀ ਪੈਂਦੀ ਹੈ ਤੇ ਫਿਰ ਜਿਹੜਾ ਪਰਚਾ ਮੋਹਰ ਲਾ
ਕੇ ਅਸੀਂ ਦਿੰਦੇ ਹਾਂ, ਉਹ ਉਸ ਏਰੀਏ ਦੇ ਥਾਣੇ ਵਿਚ ਜਾ ਕੇ ਦੇਣਾ ਹੁੰਦਾ ਹੈ ਜਿੱਥੇ
ਕੋਈ ਠਹਿਰਿਆ ਹੁੰਦਾ ਹੈ ਤੇ ਉਥੇ ਆਪਣੀ ਹਾਜ਼ਰੀ ਦੇਣੀ ਹੁੰਦੀ ਹੈ।’’
‘‘ਜਾਣ ਲੱਗਿਆਂ ਵੀ ਕੁਝ ਕਰਨਾ ਪੈਂਦਾ ਹੈ।’’ ਪ੍ਰੋ. ਨਿਆਜ਼ੀ ਨੇ ਪੁੱਛਿਆ।
‘‘ਬਿਲਕੁਲ, ਜਾਣ ਲੱਗਿਆਂ, ਸਾਡੇ ਵਲੋਂ ਦਿੱਤੇ ਫਾਰਗੀ ਦੇ ਕਾਗ਼ਜ਼ ਵਿਖਾਉਣੇ ਪੈਂਦੇ ਹਨ
ਤਾਂ ਹੀ ਤੁਹਾਨੂੰ ਵਾਘੇ ਤੋਂ ਅੱਗੇ ਲੰਘਣ ਦੇਣਗੇ।’’
‘‘ਇਸ ਹਿਸਾਬ ਨਾਲ ਤਾਂ ਬਹੁਤ ਵੱਡੀ ਕਾਨੂੰਨੀ ਕੋਤਾਹੀ ਹੋ ਚੱਲੀ ਸੀ।’’ ਡਾ. ਜਗਤਾਰ ਨੇ
ਕਿਹਾ।
‘‘ਕਾਨੂੰਨੀ ਤੌਰ ‘ਤੇ ਤਾਂ ਪਹਿਲੇ ਚੌਵ੍ਹੀ ਘੰਟੇ ਤਕ ਰਜਿਸਟਰੇਸ਼ਨ ਨਾ ਕਰਾਉਣਾ ਹੀ ਗਲਤ
ਹੈ। ਅੱਜ ਤਾਂ ਚੌਥਾ ਪੰਜਵਾਂ ਦਿਨ ਹੈ।’’ ਉਸ ਨੇ ਮੁਸਕਰਾਉਂਦਿਆਂ ਦੱਸਿਆ, ‘‘ਅੱਜ
ਤੁਹਾਡੇ ਕੁਝ ਆਦਮੀ ਵਾਪਸ ਇੰਡੀਆ ਲਈ ਗਏ ਨੇ। ਉਥੋਂ ਵਾਪਸੀ ਤੋਂ ਪਤਾ ਲੱਗਾ, ਇਸੇ ਕਾਰਨ
ਉਨ੍ਹਾਂ ਨੂੰ ਰੋਕਿਆ ਹੋਇਐ। ਹੋ ਸਕਦੈ ਉਨ੍ਹਾਂ ਨੂੰ ਵਾਪਸ ਆਉਣਾ ਪਵੇ।’’
ਉਸ ਨੇ ਪਾਸਪੋਰਟ ‘ਤੇ ਇਸ ਮਕਸਦ ਲਈ ਵੀਜ਼ਾ ਫਾਰਮਾਂ ਨਾਲ ਲੱਗੇ ਕਾਗ਼ਜ਼ ਸਾਡੇ ਕੋਲੋਂ
ਲਏ ਤੇ ਮੇਜ਼ ਉਤੇ ਬੈਠਾ ਆਦਮੀ ਰਜਿਸਟਰ ਉਤੇ ਅੰਦਰਾਜ਼ ਕਰਨ ਲੱਗਾ।
‘‘ਸਰ! ਆਪਣਾ ਸ਼ਨਾਖ਼ਤੀ ਕਾਰਡ ਦਿਓਗੇ ਪਲੀਜ਼’’, ਇੰਸਪੈਕਟਰ ਨੇ ਪ੍ਰੋ. ਨਿਆਜ਼ੀ ਨੂੰ
ਆਖਿਆ।
‘‘ਕੀ ਗੱਲ?’’
‘‘ਤੁਹਾਡੇ ਸ਼ਨਾਖ਼ਤੀ ਕਾਰਡ ਦਾ ਨੰਬਰ ਅਤੇ ਹੋਰ ਵੇਰਵਾ ਜ਼ਮਾਨਤੀ ਵਜੋਂ ਇਥੇ ਦਰਜ ਕਰਨਾ
ਪੈਣਾ ਏੇਂ ਤੇ ਤੁਹਾਨੂੰ ਦਸਤਖ਼ਤ ਕਰਨ ਦੀ ਜ਼ਹਿਮਤ ਵੀ ਉਠਾਉਣੀ ਪਵੇਗੀ।’’
ਖ਼ੁਸ਼ਕਿਸਮਤੀ ਨੂੰ ਪ੍ਰੋ. ਨਿਆਜ਼ੀ ਕੋਲ ਉਸ ਦਾ ਸ਼ਨਾਖ਼ਤੀ ਕਾਰਡ ਹੈ ਸੀ। ਇਹ ਵੀ ਚੰਗਾ
ਹੋ ਗਿਆ, ਉਹ ਸਾਡੇ ਨਾਲ ਹੀ ਦਫਤਰ ਅੰਦਰ ਆ ਗਿਆ। ਨਿਯਮ ਅਨੁਸਾਰ ਆਮਦ ਦੀ ਰਜਿਸਟਰੇਸ਼ਨ
ਕਰਵਾਉਂਦੇ ਸਮੇਂ ਇਕ ਪਾਕਿਸਤਾਨੀ ਨਾਗਰਿਕ ਵੀ ਗਵਾਹ ਅਤੇ ਜ਼ਮਾਨਤੀਏ ਵਜੋਂ ਨਾਲ ਚਾਹੀਦਾ
ਹੁੰਦਾ ਹੈ।
ਕੰਮ ਨਿਪਟਾ ਕੇ ਉਸ ਨੇ ਕਾਗਜ਼-ਪੱਤਰ ਸਾਡੇ ਹੱਥ ਫੜਾਏ ਤੇ ਸਾਡੇ ਠਹਿਰਨ ਵਾਲੇ ਹੋਟਲ ਦਾ
ਨਾਂ ਪੁੱਛਿਆ।
‘‘ਸ਼ਾਹਤਾਜ ਹੋਟਲ ਕਿਲ੍ਹਾ ਗੁੱਜਰ ਸਿੰਘ ਥਾਣੇ ਵਿਚ ਪੈਂਦਾ ਹੈ। ਹੁਣ ਤੁਸੀਂ ਉਥੇ ਜਾਣਾ
ਹੈ। ਇਹ ਕਾਗਜ਼ ਉਥੇ ਦੇਣੇ ਨੇ ਤੇ ਆਪਣੀ ਆਮਦ ਦਰਜ ਕਰਾਉਣੀ ਹੈ।’’
ਅਸੀਂ ਉਨ੍ਹਾਂ ਦਾ ਧੰਨਵਾਦ ਕਰਕੇ ਉਠਣਾ ਚਾਹਿਆ। ਪਰ ਉਹ ਕਹਿਣ ਲੱਗਾ, ‘‘ਇਹ ਕਿਵੇਂ ਹੋ
ਸਕਦਾ ਹੈ। ਤੁਸੀਂ ਸਾਡੇ ਮਹਿਮਾਨ ਹੋ। ਚਾਹ ਪੀਤੇ ਤੋਂ ਬਿਨਾਂ ਅਸੀਂ ਨਹੀਂ ਜਾਣ
ਦੇਣਾ।’’
ਉਸ ਨੇ ਉਸੇ ਵੇਲੇ ਕਿਸੇ ਨੂੰ ਚਾਹ ਲੈ ਕੇ ਆਉਣ ਲਈ ਕਿਹਾ।
‘‘ਇਨ੍ਹਾਂ ਪ੍ਰੋਫੈਸਰ ਸਾਹਿਬ ਨੂੰ ਵੀ ਅਸੀਂ ਬਹੁਤ ਜ਼ਰੂਰੀ ਕੰਮ ਜਾਂਦਿਆਂ ਨੂੰ ਆਪਣੇ
ਨਾਲ ਖਿੱਚ ਲਿਆਏ ਆਂ। ਇਨ੍ਹਾਂ ਵੀ ਜਾਣੈ ਤੇ ਅਸੀਂ ਤਾਂ ਅੱਗੇ ਹੀ ਆਪਣੇ ਕੰਮ ਵਿਚ ਸਭ
ਤੋਂ ਪਿੱਛੇ ਆਂ, ਅਜੇ ਥਾਣੇ ਵੀ ਜਾਣਾ ਐ।’’
ਪਰ ਉਸ ਨੂੰ ਸਾਡਾ ਸਪਸ਼ਟੀਕਰਨ ਪ੍ਰਵਾਨ ਨਹੀਂ ਸੀ।
‘‘ਜੇ ਬਹੁਤੀ ਕਾਹਲੀ ਐ, ਤਾਂ ਅਸੀਂ ਪਾਸਪੋਰਟ ਲੈ ਕੇ ਕੋਲ ਰੱਖ ਲੈਂਦੇ ਆਂ ਤੇ ਦੇਂਦੇ
ਹੀ ਨਹੀਂ।’’
ਉਸ ਪੁਰਖ਼ਲੂਸ ਹਾਸ ਹੱਸਿਆ, ‘‘ਚਾਹ ਤਾਂ ਭਾਈਜਾਨ ਪੀਣੀ ਹੀ ਪਊ।’’
ਇਸ ਮੁਹੱਬਤ ਅੱਗੇ ਸਾਡੀ ਕਾਹਲੀ ਦਾ ਕੀ ਜ਼ੋਰ ਚਲਦਾ ਸੀ। ਚਾਹ ਪੀਣ ਤੋਂ ਪਿੱਛੋਂ ਅਸੀਂ
ਉਨ੍ਹਾਂ ਦੇ ਇਸ ਖ਼ਲੂਸ ਤੇ ਮੁਹੱਬਤ ਲਈ ਤਹਿ ਦਿਲੋਂ ਸ਼ੁਕਰੀਆ ਕੀਤਾ ਤਾਂ ਉਹ ਨੌਜਵਾਨ
ਉਠ ਕੇ ਖੜੋ ਗਿਆ, ‘‘ਚਲੋ ਮੈਂ ਹੇਠਾਂ ਤਕ ਤੁਹਾਡੇ ਨਾਲ ਚਲਦਾਂ।’’
ਅਸੀਂ ਬਾਕੀਆਂ ਨਾਲ ਹੱਥ ਮਿਲਾਇਆ। ਇੰਸਪੈਕਟਰ ਬਾਹਰਲੇ ਦਰਵਾਜ਼ੇ ਤਕ ਸਾਡੇ ਨਾਲ ਆਇਆ ਤੇ
ਸਾਨੂੰ ਹੱਥ ਮਿਲਾ ਕੇ ਪਿਆਰ ਨਾਲ ਵਿਦਾ ਕੀਤਾ।
ਅਸੀਂ ਪ੍ਰੋ. ਨਿਆਜ਼ੀ ਨੂੰ ਕਿਹਾ ਕਿ ਉਹ ਹੁਣ ਆਪਣੇ ਕੰਮ ਚਲਾ ਜਾਵੇ। ਅਸੀਂ ਆਪੇ ਕਿਸੇ
ਸਵਾਰੀ ਦਾ ਪ੍ਰਬੰਧ ਕਰਕੇ ਥਾਣੇ ਪਹੁੰਚ ਜਾਵਾਂਗੇ। ਉਸ ਨੇ ਆਪਣੀ ਘੜੀ ਵੇਖੀ ਤੇ ਫਿਰ
ਕਹਿੰਦਾ, ‘‘ਕੋਈ ਨਹੀਂ, ਬੈਠੋ ਕਾਰ ਵਿਚ, ਕਿਥੇ ਥਾਣਾ ਲੱਭਦੇ ਫਿਰੋਗੇ।’’
ਉਸ ਨੇ ਸਾਨੂੰ ਕਾਰ ਵਿਚ ਬਿਠਾਇਆ। ਅਸੀਂ ਉਸ ਮਿਹਰਬਾਨ ਇਨਸਾਨ ਵਲੋਂ ਦਿੱਤੇ ਸਹਿਯੋਗ ਲਈ
ਮਨ ਹੀ ਮਨ ਧੰਨਵਾਦ ਕਰ ਰਹੇ ਸਾਂ। ਜਦੋਂ ਉਸ ਦੀ ਕਾਰ ਕਿਲ੍ਹਾ ਗੁੱਜਰ ਸਿੰਘ ਥਾਣੇ ਦੇ
ਬਾਹਰ ਰੁਕੀ ਤਾਂ ਉਸ ਸਮੇਂ ਤਕ ਰਾਤ ਦਾ ਗੂੜ੍ਹਾ ਹਨੇਰਾ ਉਤਰ ਆਇਆ ਸੀ। ਰੌਸ਼ਨੀਆਂ ਜਗਮਗ
ਕਰ ਰਹੀਆਂ ਸਨ।
ਪ੍ਰੋ. ਨਿਆਜ਼ੀ ਦਾ ਸ਼ੁਕਰੀਆ ਅਦਾ ਕਰਕੇ ਅਸੀਂ ਥਾਣੇ ਅੰਦਰ ਦਾਖ਼ਲ ਹੋਏ। ਸਵੇਰ ਦੀ ਹੀ
ਇਹ ਕਾਰਵਾਈ ਚਲ ਰਹੀ ਸੀ, ਇਸ ਲਈ ਪੁੱਛਣ ‘ਤੇ ਇਕ ਸਿਪਾਹੀ ਨੇ ਸਾਨੂੰ ਥਾਣੇ ਦੇ ਦਫ਼ਤਰ
ਦਾ ਰਾਹ ਦੱਸ ਦਿੱਤਾ।
ਅਸੀਂ ਦਫਤਰ ਵਿਚ ਵੜੇ। ਸਾਹਮਣੇ ਵੱਡੇ ਮੇਜ਼ ਉਤੇ ਇਕ ਹਵਾਲਦਾਰ ਪੁਲੀਸ ਦੀ ਵਰਦੀ ਵਿਚ
ਸਜਿਆ ਬੈਠਾ ਸੀ। ਦੂਜੇ ਛੋਟੇ ਮੇਜ਼ ਉਥੇ ਇਕ ਹੋਰ ਕਰਮਚਾਰੀ ਬੈਠਾ ਹੋਇਆ ਸੀ। ਇਕ ਹੋਰ
ਸਿਪਾਹੀ ਹੱਥ ਵਿਚ ਬੰਦੂਕ ਫੜੀ ਦਫ਼ਤਰ ਵਿਚ ਖਲੋਤਾ ਸੀ।
ਹਵਾਲਦਾਰ ਦੇ ਮੇਜ਼ ਦੇ ਸਾਹਮਣੇ ਇਕ ਲੰਮਾ ਬੈਂਚ ਕੰਮ ਲਈ ਆਏ ਬੰਦਿਆਂ ਦੇ ਬੈਠਣ ਵਾਸਤੇ
ਸੀ। ਪਹਿਲੀ ਨਜ਼ਰੇ ਮੈਨੂੰ ਇਹ ਦਫ਼ਤਰ ਪਾਕਿਸਤਾਨੀ ਟੀ.ਵੀ. ਸੀਰੀਅਲ ‘ਅੰਧੇਰਾ ਉਜਾਲਾ’
ਦੇ ਹਵਾਲਦਾਰ ਦੇ ਦਫ਼ਤਰ ਵਰਗਾ ਲੱਗਾ, ਜਿਸ ਦਾ ਕਲਾਕਾਰ ਇਰਫਾਨ ਖੂਸਟ ਆਪਣੇ ਅੰਦਾਜ਼
ਵਿਚ ਧੌਣ ਟੇਢੀ ਕਰਕੇ ਆਪਣੇ ਤੋਂ ਜੂਨੀਅਰ ਲੋਕਾਂ ਤੇ ਆਏ-ਗਏ ਲੋਕਾਂ ਨੂੰ ਆਖਦਾ ਹੈ,
‘‘ਦੈਹ ਜਮਾਤਾਂ ਪਾਸ ਹੂੰ। ਡਾਇਰੈਕਟ ਹਵਾਲਦਾਰ ਹੂੰ। ਕੋਈ ਮਜਾਖ਼ ਨਹੀਂ ਹੂੰ ਮੈਂ।’’
ਪਰ ਆਪਣੇ ਤੋਂ ਸੀਨੀਅਰ ਅਫਸਰਾਂ ਅੱਗੇ ‘‘ਜੀ ਜਨਾਬ! ਜੀ ਜਨਾਬ!’’ ਕਹਿੰਦਿਆਂ ਉਹਦੀ
ਜ਼ਬਾਨ ਨਹੀਂ ਥੱਕਦੀ। ਮੈਂ ਮਨ ‘ਚ ਹੱਸਿਆ। ਕਿਤੇ ‘ਦਸ ਜਮਾਤਾਂ ਪਾਸ’ ਉਸ ਹਵਾਲਦਾਰ
ਵਾਂਗੂੰ ਇਹ ਹਵਾਲਦਾਰ ਵੀ ਮੇਜ਼ ‘ਤੇ ਰੂਲ ਖੜਕਾ ਕੇ ਨਾ ਆਖੇ, ‘‘ਇਹ ਕੋਈ ਵੇਲਾ ਏ...
ਤੁਹਾਡੇ ਆਉਣ ਦਾ... ਲੈ ਜਾਓ ਉਏ ਇਨ੍ਹਾਂ ਨੂੰ ਡਰਾਇੰਗ ਰੂਮ ਵਿਚ ਤੇ ਇਨ੍ਹਾਂ ਦੀ ਸੇਵਾ
ਕਰੋ।’’
‘‘ਅਸਲਾਮਾ ਲੇਕਿਮ! ਕੀ ਗੱਲ ਬੜੇ ਲੇਟ ਹੋ ਗਏ ਸਰਦਾਰ ਜੀ।’’ ਬੜੀ ਮੁਹੱਬਤ ਨਾਲ ਉਸ ਨੇ
ਆਖਿਆ। ਅਸੀਂ ਆਪਣੀ ਸਫ਼ਾਈ ਦਿੱਤੀ ਤਾਂ ਉਹ ਕਹਿਣ ਲੱਗਾ, ‘‘ਕੋਈ ਗੱਲ ਈ ਨਹੀਂ
ਬਾਦਸ਼ਾਹੋ! ਅਸੀਂ ਏਥੇ ਬੈਠੇ ਕਾਹਦੇ ਵਾਸਤੇ ਆਂ।’’ ਉਸ ਨੇ ਸਾਡੇ ਹੱਥੋਂ ਕਾਗਜ਼-ਪੱਤਰ
ਫੜ ਲਏ। ਏਨੇ ਚਿਰ ਨੂੰ ਇਕ ਇੰਸਪੈਕਟਰ ਦਫ਼ਤਰ ਵਿਚ ਆਇਆ। ਸਾਨੂੰ ਵੇਖ ਕੇ ‘ਸਤਿ ਸ੍ਰੀ
ਅਕਾਲ’ ਆਖੀ ਤੇ ਫਿਰ ਹਵਾਲਦਾਰ ਨੂੰ ਕਹਿਣ ਲੱਗਾ, ‘‘ਮਜੀਦ! ਪਹਿਲਾਂ ਸਰਦਾਰ ਹੁਰਾਂ ਦਾ
ਕੰਮ ਕਰ। ਫਿਰ ਉਹ ਕੰਮ ਕਰ ਜਿਹੜਾ ਤੈਨੂੰ ਆਖਿਆ ਸੀ।’’
ਮਜੀਦ ਨੇ ਮੇਜ਼ ‘ਤੇ ਪਿਆ ਫੁੱਟਾ ਤੇ ਪੈਨਸਲ ਚੁੱਕੇ ਅਤੇ ਰਜਿਸਟਰ ‘ਤੇ ਲੀਕਾਂ ਮਾਰ ਕੇ
ਨਵੇਂ ਖਾਨੇ ਬਣਾਏ। ਫਿਰ ਕਾਗਜ਼ ਤੋਂ ਬੋਲ ਕੇ ਲਿਖਣ ਲੱਗਾ, ‘‘ਵਰਿਆਮ ਸਿੰਘ ਸੰਧੂ। ਉਏ!
ਐਹ ਸਰਦਾਰ ਸਾਹਿਬ ਵੀ ਸੰਧੂ ਨੇ।’’
ਮਜੀਦ ਨੇ ਬੰਦੂਕ ਫੜੀ ਨਾਲ ਖੜੋਤੇ ਸਿਪਾਹੀ ਨੂੰ ਕਿਹਾ। ਉਹ ਸਿਪਾਹੀ ਝੁਕ ਕੇ ਮੈਨੂੰ
ਉਮ੍ਹਲਦੀ ਖ਼ੁਸ਼ੀ ਨਾਲ ਪੁੱਛਣ ਲੱਗਾ, ‘‘ਤੁਸੀ ਸੰਧੂ ਜੇ?’’
ਮੇਰੇ ‘ਹਾਂ’ ਕਹਿਣ ਉਤੇ ਉਸ ਨੇ ਗਦਗਦ ਹੋ ਕੇ ਕਿਹਾ, ‘‘ਮੈਂ ਵੀ ਸੰਧੂ ਆਂ।’’
ਅਸੀਂ ਕਿੰਨਾ ਚਿਰ ਇਕ ਦੂਜੇ ਦਾ ਹੱਥ ਘੁੱਟੀ ਰੱਖਿਆ। ਮੈਂ ਪਿਆਰ ਨਾਲ ਉਸ ਦੇ ਹੱਥ ਦੀ
ਪਿੱਠ ਚੁੰਮ ਲਈ। ਉਸ ਤੋਂ ਵੀ ਦੂਣੇ ਚਾਅ ਨਾਲ ਉਸ ਨੇ ਮੇਰਾ ਹੱਥ ਚੁੰਮਿਆ ਤੇ ਫਿਰ
ਮੈਨੂੰ ਜੱਫੀ ਪਾਉਣ ਲਈ ਬੈਂਚ ਤੋਂ ਉਠਾ ਲਿਆ।
‘‘ਆਪਣੀ ਕਿਤਿਓਂ ਨਾ ਕਿਤਿਓਂ ਤਾਂ ਜਾ ਕੇ ਵਡੇਰਿਆਂ ਵਲੋਂ ਖੂਨ ਦੀ ਸਾਂਝ ਮਿਲਦੀ ਹੈ।’’
ਮੇਰੇ ਕੰਨਾਂ ਕੋਲ ਉਹਦੇ ਬੋਲਾਂ ਦੀ ਫੁਸਫੁਸਾਹਟ ਇਕੋ ਵੇਲੇ ਦੱਸ ਵੀ ਤੇ ਪੁੱਛ ਵੀ ਰਹੀ
ਸੀ।
‘‘ਆਪਣੇ ਇਥੇ ਲਾਹੌਰ ਜਿ਼ਲੇ ਵਿਚ ਹੀ ਸੰਧੂਆਂ ਦੇ ਯੁੱਕ-ਮੁਸ਼ਤ ਕਈ ਪਿੰਡ ਨੇ।’’ ਉਸ ਨੇ
ਕਿਹਾ।
‘‘ਇਹਦਾ ਪਿੰਡ ਵੀ ਲਾਹੌਰ ਜਿ਼ਲੇ ‘ਚ ਹੀ ਸੀ।’’ ਜਗਤਾਰ ਨੇ ਦੱਸਿਆ।
‘‘ਕਿਹੜਾ ਪਿੰਡ ਸੀ?’’
‘‘ਭਡਾਣਾ, ਪੁਰਾਣੀ ਕਸੂਰ ਤਸੀਲ ਵਿਚ। ਬਾਡਰ ਦੇ ਉਤੇ ਐ।’’
‘‘ਲਾਹੌਰ ‘ਚ ਸੰਧੂ ਸਭ ਤੋਂ ਵੱਧ ਨੇ ਗਿਣਤੀ ਵਿਚ,’’ ਉਸ ਨੇ ਦੱਸਿਆ। ਮੈਂ ਅੱਜ ਹੀ
1883-84 ਦਾ ਲਾਹੌਰ ਗਜ਼ਟੀਅਰ ਖ਼ਰੀਦਿਆ ਤੇ ਉਸ ਵਿਚੋਂ ਵੇਖੀ ਜਾਣਕਾਰੀ ਅਨੁਸਾਰ
ਦੱਸਿਆ, ‘‘ਅੱਜ ਤੋਂ 120 ਸਾਲ ਪਹਿਲਾਂ ਦੀ ਮਰਦੁਮ-ਸ਼ੁਮਾਰੀ ਦੀ ਰਿਪੋਰਟ ਮੁਤਾਬਕ
ਜਿ਼ਲੇ ਵਿਚ ਸਾਰੀਆਂ ਜਾਤਾਂ, ਗੋਤਾਂ ਵਿਚੋਂ ਸਿਰਫ ਭੁੱਲਰ, ਭੱਟੀ ਤੇ ਸਿੱਧੂਆਂ ਦੀ
ਗਿਣਤੀ ਦਸ ਹਜ਼ਾਰ ਤਕ ਸੀ। ਗਿੱਲ ਅੱਠ ਕੁ ਹਜ਼ਾਰ ਸਨ ਪਰ ਸੰਧੂਆਂ ਦੀ ਗਿਣਤੀ ਉਸ ਸਮੇਂ
ਵੀ ਬਤਾਲੀ ਹਜ਼ਾਰ ਤੋਂ ਉਤੇ ਸੀ।’’
‘‘ਜਾਹ ਉਏ ਮੁੰਡਿਆ! ਚਾਹ ਲਿਆ। ਸਾਡੇ ਭਰਾ ਆਏ ਨੇ’’, ਸੰਧੂ ਭਾਈ ਨੇ ਚਾਹ ਵਾਸਤੇ
ਆਵਾਜ਼ ਦਿੱਤੀ।
‘‘ਓ ਭਰਾ! ਚਾਹ ਦੀ ਜ਼ਰੂਰਤ ਨਹੀਂ। ਤੁਸੀਂ ਸਾਡਾ ਕੰਮ ਨਿਪਟਾਓ। ਚਾਹ ਤੋਂ ਬਿਨਾਂ ਤਾਂ
ਅੱਗੇ ਤੁਹਾਡੇ ਜਿਹੇ ਮਿਹਰਬਾਨਾਂ ਨੇ ਐੱਸ.ਐੱਸ.ਪੀ. ਦਫਤਰੋਂ ਨਹੀਂ ਉਠਣ ਦਿੱਤਾ, ਹੁਣ
ਚਾਹ ਦੀ ਲੋੜ ਨਹੀਂ,’’, ਜਗਤਾਰ ਨੇ ਕਿਹਾ।
ਮਜੀਦ ਨੇ ਲਿਖਦਿਆਂ ਲਿਖਦਿਆਂ ਕਿਹਾ, ‘‘ਤੇ ਅਸੀਂ ਤੁਹਾਨੂੰ ਫਿਰ ਚਾਹ ਪੀਤੇ ਬਿਨਾਂ
ਕਿਵੇਂ ਜਾਣ ਦਿਆਂਗੇ।’’
ਫਿਰ ਉਸ ਨੇ ਆਪਣੀ ਕਲਮ ਮੇਜ਼ ਉਤੇ ਰੱਖੀ ਅਤੇ ਸਾਡੇ ਵੱਲ ਵੇਖਣ ਲੱਗਾ, ‘‘ਅੱਜ ਸਵੇਰ
ਤੋਂ ਤੁਹਾਡੇ ਬੰਦਿਆਂ ਦੀ ਲਾਈਨ ਲੱਗੀ ਰਹੀ। ਆਪਾਂ ਹੋਰ ਸਾਰੇ ਕੰਮ ਛੱਡ ਕੇ ਸਵੇਰ ਦੇ
ਇਸੇ ਕੰਮ ਲੱਗੇ ਹੋਏ ਆਂ। ਆਹ ਵੇਖ ਲੋ ਇੰਸਪੈਕਟਰ ਦਾ ਕੰਮ ਵੀ ਪਿਐ ਅਜੇ। ਤੁਸੀਂ
ਮਹਿਮਾਨ ਓ ਸਾਡੇ।’’
ਉਹ ਫਿਰ ਲਿਖਣ ਲੱਗ ਪਿਆ। ਸੰਧੂ ਸਿਪਾਹੀ ਸਾਡੇ ਨਾਲ ਸਾਡੇ ਆਉਣ ਦੇ ਮਕਸਦ, ਸਾਡੇ
ਪ੍ਰਾਪਤ ਅਨੁਭਵਾਂ ਬਾਰੇ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗਾ।
ਏਨੇ ਚਿਰ ਨੂੰ ਫੋਨ ਦੀ ਘੰਟੀ ਵੱਜੀ। ਮਜੀਦ ਨੇ ਦੂਜੇ ਮੇਜ਼ ਸਾਹਮਣੇ ਬੈਠ ਬੰਦੇ ਨੂੰ
ਫੋਨ ਚੁੱਕਣ ਲਈ ਕਿਹਾ। ਉਸ ਨੇ ਰਿਸੀਵਰ ਕੰਨ ਨਾਲ ਲਾਇਆ ਤੇ, ‘‘ਹਾਂ ਜੀ, ਜੀ ਜਨਾਬ!
ਅੱਛਾ ਜੀ’’ ਕਰਦਾ ਰਿਹਾ। ਫੋਨ ਸੁਣ ਕੇ ਰਿਸੀਵਰ ਠਾਹ ਕਰਦਾ ਰੱਖਿਆ ਤੇ ਉੱਚੀ ਸਾਰੀ
ਗਾਲ੍ਹ ਕੱਢੀ, ‘‘ਧੀ ਦੇ ਯਾਰ!. ਅਖੇ ਅੱਧਾ ਕਿਲੋ ਆਈਸ ਕਰੀਮ ਹੁਣੇ ਚਾਹੀਦੀ ਏ! ਇਨ੍ਹਾਂ
ਨੂੰ ਪੁੱਛੋ ਭੈਣ ਦਿਆਂ ਖ਼ਸਮਾਂ ਨੂੰ ਅਸੀਂ ਐਥੇ ਆਈਸ ਕਰੀਮ ਜਮਾਈ ਬੈਠੇ ਆਂ।’’
ਜ਼ਾਹਿਰ ਸੀ ਕਿ ਕੋਈ ਅਫ਼ਸਰ ਇਹ ਵਗਾਰ ਪਾ ਰਿਹਾ ਸੀ. ਉਸ ਦੀਆਂ ਪੁਲਸੀ ਗਾਲ੍ਹਾਂ ਸੁਣ
ਕੇ ਸਾਡੇ ਨਾਲ ਹੀ ਮਜੀਦ ਵੀ ਮੁਸਕਰਾਇਆ।
‘‘ਇਹ ਤਾਂ ਜੀ! ਆਪੋ ਆਪਣੇ ਮਹਿਕਮੇ ਦਾ ਦਸਤੂਰ ਜੇ! ਹੁਣ ਤੁਸੀਂ ਤਾਂ ਸਾਡੇ ਮਹਿਮਾਨ ਓ।
ਅਸੀਂ ਸੌ ਕੰਮ ਛੱਡ ਕੇ ਵੀ ਤੁਹਾਡੀ ਖਿ਼ਦਮਤ ਲਈ ਹਾਜ਼ਰ ਆਂ। ਤੁਹਾਨੂੰ ਇੱਜ਼ਤ ਨਾਲ
ਕੁਰਸੀ ‘ਤੇ ਬੈਠਣ ਲਈ ਕਿਹਾ ਹੈ, ਤੁਸੀਂ ਆਪ ਹੀ ਬੈਂਚ ‘ਤੇ ਬੈਠ ਗਏ ਓ। ਹੁਣ ਸਾਡੇ
ਇਥੋਂ ਕੋਈ ਆਵੇ ਤਾਂ ਅਸੀਂ ਕਿਹੜਾ ਉਹਨੂੰ ਫਟਾਫਟ ਬੈਂਚ ‘ਤੇ ਬਹਿਣ ਦੇਨੇ ਆਂ। ਉਹਨੂੰ
ਆਖੀਦਾ ਏ, ‘‘ਪਰ੍ਹਾਂ ਨੁਕਰ ‘ਚ ਔਥੇ ਹੋ ਕੇ ਖੜ੍ਹੋ ਉਏ.. ਤੇਰੇ ਨਾਲ ਵੀ ਗੱਲ ਕਰਨੇ
ਆਂ। ਆਪਾਂ ਝੂਠ ਨਹੀਂ ਬੋਲਦੇ...‘‘
‘‘ਹੈਗੇ ਤਾਂ ਸਾਰੇ ਆਪਾਂ ਪੰਜਾਬੀ ਭਰਾ ਈ ਆਂ ਤੇ ਇਕ ਦੂਜੇ ਦੇ ਸੁਭਾ ਨੂੰ ਜਾਣਦੇ ਹੀ
ਆਂ,’’ ਮੇਰਾ ਜੁਆਬ ਸੁਣ ਕੇ ਉਹ ਹੱਸੇ।
ਕਾਗਜ਼-ਪੱਤਰ ਸਮੇਟ ਕੇ ਅਸੀਂ ਜੇਬ ਵਿਚ ਪਾਏ ਹੀ ਸਨ ਕਿ ਚਾਹ ਆ ਗਈ। ਸੰਧੂ ਭਾਈ ਚਾਹ
ਪਿਆਲਿਆਂ ਵਿਚ ਪਾਉਣ ਲੱਗਾ, ‘‘ਕਰੋ ਕੋਈ ਇੰਤਜ਼ਾਮ ਰਾਹ ਖੋਲ੍ਹਣ ਦਾ। ਅਸੀਂ ਵੀ ਓਧਰਲਾ
ਪੰਜਾਬ ਵੇਖੀਏ।’’
ਅਸੀਂ ਉਠਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਮਜੀਦ ਹਵਾਲਦਾਰ ਨੇ ਉਠ ਕੇ ਸਾਡੇ ਨਾਲ ਹੱਥ
ਮਿਲਾਇਆ। ਸੰਧੂ ਸਿਪਾਹੀ ਦਫ਼ਤਰ ਦੇ ਬਾਹਰ ਤਕ ਸਾਡੇ ਨਾਲ ਆਇਆ ਤੇ ਸਾਡੇ ਵਿਦਾ ਹੋਣ ਤੋਂ
ਪਹਿਲਾਂ ਜੱਫੀ ਪਾ ਕੇ ਮਿਲਿਆ।
ਥਾਣੇ ਤੋਂ ਬਾਹਰ ਆਏ ਤਾਂ ਜਗਤਾਰ ਕਹਿਣ ਲੱਗਾ, ‘‘ਐਹ ਸੜਕ ਮੁੜ ਕੇ ਥੋੜਾ ਅੱਗੇ ਕਰਕੇ
ਹੀ ਹੈ ਸ਼ਾਹਤਾਜ ਹੋਟਲ। ਆਪਾਂ ਤੁਰੇ ਚਲਦੇ ਆਂ।’’
ਅਸੀਂ ਸੜਕ ਕਿਨਾਰੇ ਤੁਰਦੇ ਪ੍ਰੋ. ਨਿਆਜ਼ੀ, ਐੱਸ.ਐੱਸ.ਪੀ. ਦਫ਼ਤਰ ਤੇ ਥਾਣੇ ਵਾਲਿਆਂ
ਦੇ ਸਲੂਕ ਬਾਰੇ ਗੱਲਾਂ ਕਰ ਰਹੇ ਸਾਂ।
‘‘ਇੰਜ ਲਗਦੈ ਕਿ ਇਨ੍ਹਾਂ ਨੂੰ ਸਰਕਾਰ ਵਲੋਂ ਖ਼ਾਸ ਹਦਾਇਤ ਹੋਈ ਲੱਗਦੀ ਹੈ ਕਿ
ਇੰਡੀਅਨਜ਼ ਨਾਲ ਚੰਗਾ ਸਲੂਕ ਕਰਨਾ ਏ। ਵੇਖ ਲੌ ਕਿਤੇ ਵੀ, ਕਿਸੇ ਵਲੋਂ ਵੀ ਅਜਿਹਾ
ਵਿਹਾਰ ਨਹੀਂ ਹੋਇਆ ਜਿਸ ‘ਤੇ ਅਸੀਂ ਉਂਗਲ ਉਠਾ ਸਕੀਏ।’’ ਮੈਂ ਆਖਿਆ। ਡਾ. ਜਗਤਾਰ
ਕਹਿੰਦਾ, ‘‘ਤੇਰੀ ਗੱਲ ਠੀਕ ਵੀ ਹੋ ਸਕਦੀ ਏ। ਕਿਸੇ ਬਾਹਰਲੇ ਮੁਲਕ ਦੇ ਬੰਦੇ ਲਈ ਕਿਸੇ
ਅਦਾਰੇ ਦਾ ਪ੍ਰਭਾਵ ਉਸ ਮੁਲਕ ਦੇ ਸਮੁੱਚੇ ਰਵੱਈਏ ਦੀ ਤਰਜਮਾਨੀ ਵੀ ਕਰਦੈ।’’
ਪਰ ਮੇਰਾ ਆਪਣਾ ਹੀ ਮਨ ਮੇਰੀ ਦਿੱਤੀ ਦਲੀਲ ਨੂੰ ਪੂਰੀ ਤਰ੍ਹਾਂ ਮੰਨ ਨਹੀਂ ਸੀ ਰਿਹਾ,
‘‘ਪਰ ਸਿਰਫ ਆਗਿਆ ਅਤੇ ਆਦੇਸ਼ ਬੰਦੇ ਦੇ ਅੰਦਰਲੇ ਨੂੰ ਇਸ ਹੱਦ ਤਕ ਨਰਮ, ਮਿਲਣਸਾਰ ਤੇ
ਪਿਆਰ ਵਿਗੁੱਤੇ ਨਹੀਂ ਬਣਾ ਸਕਦੇ। ਜੇ ਬੰਦੇ ਦੇ ਮਨ ਵਿਚ ਕੌੜ ਜਾਂ ਨਫ਼ਰਤ ਹੋਵੇ ਤਾਂ
ਮਿੱਠੇ ਬੋਲਾਂ ਤੇ ਨਰਮ ਵਤੀਰੇ ਵਿਚੋਂ ਵੀ ਕਿਸੇ ਨਾ ਕਿਸੇ ਤਰ੍ਹਾਂ ਪ੍ਰਗਟ ਹੋ ਜਾਂਦੀ
ਹੈ। ਪਰ ਇਨ੍ਹਾਂ ਵਿਚੋਂ ਕਿਸੇ ਬੰਦੇ ਦੇ ਵਿਹਾਰ ਵਿਚੋਂ ਵੀ ਉਸ ਕੌੜ ਦੀ ਬੂ ਨਹੀਂ
ਆਈ।’’
-0- |