Welcome to Seerat.ca

ਜਵਾਨੀ ਦਾ ਸ਼ਾਇਰ

 

- ਬਲਵੰਤ ਗਾਰਗੀ

ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ

 

- ਸੁਰਜੀਤ ਪਾਤਰ

‘ਅੰਗਰੇਜੀ’ ਵਾਲ਼ਾ ‘ਮਾਸ਼ਟਰ’

 

- ਇਕਬਾਲ ਰਾਮੂਵਾਲੀਆ

ਕੌਣ ਕਿਸੇ ਦਾ...

 

- ਹਰਜੀਤ ਅਟਵਾਲ

ਭਗਤ ਸਿੰਘ ਦੀ ਤਸਵੀਰ

 

- ਅਮਰਜੀਤ ਚੰਦਨ

ਵਗਦੀ ਏ ਰਾਵੀ / ਮਾਂ ਬੋਲੀ ਜੋ ਭੁੱਲ ਜਾਵਣਗੇ...

 

- ਵਰਿਆਮ ਸਿੰਘ ਸੰਧੂ

ਰੰਗਮੰਚ ਲਈ ਪ੍ਰਤੀਬੱਧਤਾ ਹੋਣੀ ਜਰੂਰੀ ਹੈ – ਅਜਮੇਰ ਔਲਖ

 

- ਹੀਰਾ ਰੰਧਾਵਾ

ਮੌਜੀ ਫ਼ਨਕਾਰ ਹੈ ਹਜ਼ਾਰਾ ਸਿੰਘ ਰਮਤਾ

 

- ਨਿੰਦਰ ਘੁਗਿਆਣਵੀ

ਲਿਖਤੁਮ ਮੈਂ…ਪੜ੍ਹਤੁਮ ਆਕਾਸ਼ਬਾਣੀਂ ਬਠਿੰਡਾ

 

- ਹਰਮੰਦਰ ਕੰਗ

ਕੱਚਾ ਆਵਾ

 

- ਕਰਮ ਸਿੰਘ ਮਾਨ

ਪ੍ਰਗਤੀਸ਼ੀਲ ਲਹਿਰ ਅਤੇ ਪੰਜਾਬੀ ਸਾਹਿਤ

 

- ਗੁਰਦੇਵ ਚੌਹਾਨ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਦੋ ਨਜ਼ਮਾਂ

 

- ਮੁਖਵੀਰ

ਯਾਦਾਂ ਦੇ ਬਾਲ ਝਰੋਖੇ 'ਚ' ਕਿਸ਼ਤ -3
ਆਤੰਕ ਦਾ ਦੌਰ ਅਤੇ ਮਾਨਵੀ ਚਿਹਰੇ

 

- ਸੁਪਨ ਸੰਧੂ

ਗ਼ਜ਼ਲ

 

- ਹਰਦਮ ਸਿੰਘ ਮਾਨ

ਇਕ ਕਵਿਤਾ

 

- ਦਿਲਜੋਧ ਸਿੰਘ

 

 


ਪ੍ਰਗਤੀਸ਼ੀਲ ਲਹਿਰ ਅਤੇ ਪੰਜਾਬੀ ਸਾਹਿਤਾ
- ਗੁਰਦੇਵ ਚੌਹਾਨ

 

ਪੰਜਾਬੀ ਸਾਹਿਤ ਦਾ ਪ੍ਰਗਤੀਸ਼ੀਲ ਲਹਿਰ ਨਾਲ ਮੇਲ ਅਤੇ ਇਸਦਾ ਪ੍ਰਭਾਵ ਇਤਨਾ ਤਿੱਖਾ ਅਤੇ ਦੀਰਘ ਹੈ ਕਿ ਇਕ ਤਰ੍ਹਾਂ ਨਾਲ ਅਸੀਂ ਪੰਜਾਬੀ ਸਾਹਿਤ ਨੂੰ ਪ੍ਰਗਤੀਸ਼ੀਲ ਲਹਿਰ ਤੋਂ ਪਹਿਲਾਂ ਵਾਲਾ ਪੰਜਾਬੀ ਸਾਹਿਤ ਅਤੇ ਪ੍ਰਗਤੀਸ਼ੀਲ ਲਹਿਰ ਤੋਂ ਬਾਅਦ ਵਾਲਾ ਪੰਜਾਬੀ ਸਾਹਿਤ ਕਹਿ ਕੇ ਵੰਡ ਸਕਦੇ ਹਾਂ। ਇਹਨਾਂ ਦੋਹਾਂ ਸਮਿਆਂ ਵਿਚ ਰਚੇ ਗਏ ਸਾਹਿਤ ਵਿਚ ਸਮਾਨਤਾ ਨਾਲੋਂ ਭਿੰਨਤਾ ਵੱਧ ਦ੍ਰਿਸ਼ਟੀਗੋਚਰ ਹੁੰਦੀ ਹੈ। ਪਰ ਜਿਵੇਂ ਜਿਵੇਂ ਸਮਾਂ ਅੱਗੇ ਤੁਰਦਾ ਹੈ ਤਾਂ ਹੋਰਨਾਂ ਭਾਰਤੀ ਅਤੇ ਵਿਦੇਸ਼ੀ ਸਾਹਿਤਾਂ ਵਾਂਗ ਪੰਜਾਬੀ ਸਾਹਿਤ ਵਿਚ ਵੀ ਨਿਰੋਲ ਪ੍ਰਗਤੀਸ਼ਾਲੀ ਕਹਾਏ ਜਾਣ ਵਾਲੇ ਸਰੋਕਾਰਾਂ ਵਿਚ ਮਾਨਵੀ ਅਤੇ ਸਮਾਜਕ ਸਰੋਕਾਰਾਂ ਦੇ ਨਾਲ ਨਾਲ ਸੁਹਜਾਤਮਿਕ ਅਤੇ ਆਤਮਿਕ ਸਰੋਕਾਰ ਵੀ ਜੁੜਕੇ ਸਤੰਲਨ ਵਿਚ ਬਝ ਜਾਦੇ ਹਨ।
ਹੁਣ ਇਕ ਝਾਤ 1935 ਤੋਂ ਪਹਿਲਾਂ ਦੀ ਪੰਜਾਬੀ ਸਾਹਿਤ ਦੀ ਸਥਿਤੀ ‘ਤੇ ਪਾਉਂਦੇ ਹਾਂ। ਇਸ ਸਮੇਂ ਵਿਚ ਪੰਜਾਬੀ ਸਾਹਿਤ ਵਿਚ ਪ੍ਰਮੁੱਖ ਸਥਾਨ ਕਵਿਤਾ ਦਾ ਸੀ ਅਤੇ ਉਹ ਵੀ ਧਾਰਮਿਕ ਝੁਕਾਵ ਵਾਲੀ ਕਵਿਤਾ ਦਾ। ਪੰਜਾਬੀ ਕਵਿਤਾ ਅਤੇ ਵਾਰਤਕ ਅਜੇ ਆਪਣੇ ਆਪ ਨੂੰ ਸੱਚੇ ਸੁੱਚੇ ਅਰਥਾਂ ਵਿਚ ਧਰਮ ਨਿਰਪੱਖ ਨਹੀਂ ਕਰ ਸਕੀ ਸੀ। ਇਸ ਵਿਚ ਸਿੱਖ ਗੌਰਵ ਅਤੇ ਸਿੱਖ ਵਿਰਾਸਤ ਲਈ ਉਚੇਚ, ਲੁਕਵੀਂ ਸੰਪਰਦਾਇਕ ਸੁਰ, ਅਤੀਤਵਾਦੀ ਨਜ਼ਰੀਆ, ਜਗੀਰੂ ਕੀਮਤਾਂ ਵਾਲੇ ਝੁਕਾਅ, ਕਿਸੱਾਕਾਰੀ ਵਾਲੀ ਗੁਲਾਈਦਾਰ ਸ਼ਬਦਾਵਲੀ, ਕਵੀਸ਼ਰੀ ਵਾਲੀ ਬਣਤਰ, ਵਾਰਤਕ ਦੀ ਕਵਿਤਾ ਵੱਲ ਤਿਲਕਣ, ਕਵਿਤਾ ਵਿਚ ਉਚਾਰ ਦਾ ਉਭਾਰ, ਇਕਹਿਰਾ ਮੁਹਾਵਰਾ, ਗਲਪ ਵਿਚ ਵਰਨਣੀ ਸੁਰ ਬ੍ਰਿਤਾਂਤ ਨਾਲੋਂ ਭਾਰੂ ਅਤੇ ਲੌਕਿਕ ਨਾਲੋਂ ਆਲੌਕਿਕ ਵਿਚ ਵੱਧ ਰੁਚੀ ਅਤੇ ਮੁਹਾਰਤ ਵੇਖੀ ਜਾ ਸਕਦੀ ਹੈ। ਜੇਕਰ ਅਸੀਂ ਦੁਜੇ ਸੰਸਾਰ ਯੁੱਧ ਤੋਂ ਪਹਿਲਾਂ ਰਚੇ ਗਏ ਪੰਜਾਬੀ ਸਾਹਿਤ ਵੱਲ ਨਜ਼ਰ ਮਾਰਦੇ ਹਾਂ ਤਾਂ ਇਸ ਵਿਚ ਨਾਨਕ ਸਿੰਘ ਦੀ ਕਵਿਤਾ ਜਿਹੜੀ ਉਹਨਾਂ ਨੇ ਨਾਵਲਾਂ ਤੋਂ ਪਹਿਲਾਂ ਲਿਖੀ, ਭਾਈ ਵੀਰ ਸਿ਼ੰਘ ਦੀ ਧਾਰਮਿਕ ਲਹਿਜੇ ਵਾਲੀ ਵਾਰਤਕ, ਕਵਿਤਾ ਅਤੇ ਨਾਵਲ, ਕਰਤਾਰ ਸਿੰਘ ਦੀ ਮੁਢਲੀ ਰਚਨਾਵਲੀ, ਪੂਰਣ ਸਿੰਘ ਦੀ ਕਵਿਤਾ ਅਤੇ ਵਾਰਤਕ ਦੀ ਅਧਿਆਤਮਿਕਤਾ ਅਤੇ ਧਨੀ ਰਾਮ ਚਾਤਰਕ ਦਾ ਪੰਜਾਬੀ ਸਿੱਖ ਸਭਿਆਚਾਰਕ ਵੱਲ ਸ਼ਰਧਾ ਵਿਖਾਈ ਦਿੰਦੀਆਂ ਹਨ। ਇਹ ਸਾਰੇ ਲੇਖਕ ਅਜੇ ਮਾਰਕਸਵਾਦੀ ਦ੍ਰਿਸ਼ਟੀਕੋਣ ਨਾਲ ਦੋ ਚਾਰ ਨਹੀਂ ਸਨ ਹੋਏ ਅਤੇ ਨਾ ਹੀਂ ਬਰਤਾਨਵੀ ਗੁਲਾਮੀ ਦੇ ਅਹਿਸਾਸ ਅਤੇ ਇਸ ਗੁਲਾਮੀ ਦੇ ਵਿਰੋਧ ਦਾ਼ ਇਹਨਾਂ ਰਚਨਾਵਾਂ ਵਿਚ ਕੋਈ ਸਮਾਵੇਸ਼ ਵੇਖਿਆ ਜਾ ਸਕਦਾ ਹੈ।
ਅਸੀਂ ਇਕ ਤਰਾਂ ਨਾਲ ਪ੍ਰਗਤੀਵਾਦੀ ਸਾਹਿਤ ਨੂੰ ਨਿਰਾ ਲੋਟੂ ਤਾਕਤਾਂ ਵਿਰੱਧ ਅਵਾਜ਼ ਵਿਅੱਕਤ ਕਰਨ ਵਾਲੇ ਸਾਹਿਤ ਵਜੋਂ ਹੀ ਲੈਂਦੇ ਹਾਂ। ਪਰ ਅਸਲ ਵਿਚ ਪ੍ਰਗਤੀਵਾਦ ਨਿਰਾ ਗਰੀਬਾਂ ਦੀ ਅਮੀਰਾਂ ਅਤੇ ਨਫਾਖੋਰਾਂ ਵਿਰੱਧ ਅਵਾਜ਼ ਬਲੰਦ ਕਰਨ ਵਿਚ ਹੀ ਖਚਿਤ ਨਹੀਂ ਹੋ ਜਾਂਦਾ। ਇਹ ਇਸ ਦੀ ਸੌੜੀ ਵਿਆਖਿਆ ਹੈ। ਕਈ ਵਾਰੀ ਗਰੀਬਾਂ ਅਤੇ ਅਮੀਰਾਂ ਦੇ ਅੰਦਰ ਵੀ ਪਿੱਛਲਮੁੱਖੀ ਕੀਮਤਾਂ ਲੁਕੀਆਂ ਹੁੰਦੀਆਂ ਹਨ। ਪ੍ਰਗਤੀਵਾਦ ਇਹਨਾਂ ਸਭਨਾਂ ਦੀ ਪਛਾਣ ਕਰਨ ਵੱਲ ਰੁਚਿੱਤ ਹੁੰਦਾ ਹੈ। ਅਸਲ ਵਿਚ ਪ੍ਰਗਤੀਵਾਦ ਬਹੁਤ ਸਾਰੀਆਂ ਹਾਂ-ਮੁੱਖੀ ਮਨੱਖੀ ਕੀਮਤਾਂ ਨਾਲ ਜੁੜਿਆ ਹੋਇਆ ਹੈ। ਰੰਗ, ਲਿੰਗ, ਨਸਲ, ਮਜ਼ਹੱਬ, ਭਾਸ਼ਾ, ਦੇਸ਼, ਕੌਮ ਅਤੇ ਇਲਾਕੇ ਨਾਲ ਜੁੜੇ ਪੱਖਪਾਤ ਦੇ ਵਿਰੋਧ ਨਾਲ। ਪ੍ਰਧਾਨ ਵਿਚਾਰਧਾਰਾ ਦੀ ਸਮਰਾਜਕਤਾ ਦੇ ਵਿਰੋਧ ਨਾਲ ਵੀ।
ਪ੍ਰਗਤੀਵਾਦ ਦੀ ਲਹਿਰ ਤੋਂ ਪਹਿਲਾਂ ਵੀ ਮਾਨਵੀ, ਸਮਾਜਕ ਅਤੇ ਆਰਥਕ ਸਰੋਕਾਰ ਵੀ ਪੰਜਾਬੀ ਸਾਹਿਤ ਵਿਚ ਮਿਲਦੇ ਹਨ ਪਰ ਜਿਸ ਸਿ਼ੱਦਤ ਅਤੇ ਸਪੱਸ਼ਟਤਾ ਨਾਲ ਇਹ 1935 ਜਦ ਇਸ ਲਹਿਰ ਦਾ ਝੰਡਾ ਬੁਲੰਦ ਹੋਇਆ ਤੋਂ ਬਾਅਦ ਪੰਜਾਬੀ ਸਾਹਿਤ ਇਹਨਾਂ ਸਰੋਕਾਰਾਂ ਨਾਲ ਪੂਰੀ ਤਰ੍ਹਾਂ ਲਿਬਰੇਜ ਹੋ ਗਿਆ ਵੇਖਿਆ ਜਾ ਸਕਦਾ ਹੈ। ਪਹਿਲਾਂ ਇਹ ਮਾਨਵ-ਉਭਾਰੂ ਕੀਮਤਾਂ ਨਾਲ ਇਤਨਾ ਗਹਿਗੱਚ਼ ਕਦੇ ਵੀ ਨਹੀਂ ਸੀ ਹੋਇਆ । ਅਸਲ ਵਿਚ ਧਰਮ ਨਿਰਪੇਖ ਪੰਜਾਬੀ ਸਾਹਿਤ ਦਾ ਆਰੰਭ ਅਤੇ ਪਭਾਵ ਬਿੰਦੂ ਪ੍ਰਗਤੀਸ਼ੀਲ ਲਹਿਰ ਹੀ ਹੈ। ਹੁਣ ਅਸੀਂ ਇਕ ਝਾਤ ਇਸ ਲਹਿਰ ਦੀ ਉੱਤਪਤੀ ਦੇ ਇਤਿਹਾਸ ‘ਤੇ ਮਾਰਦੇ ਹਾਂ।
ਇਕ ਤਰ੍ਹਾਂ ਨਾਲ ਭਾਰਤ ਵਿਚ ਪ੍ਰਗਤੀਵਾਦੀ ਲਹਿਰ਼ 1932 ਵਿਚ ਅਹਮਦ ਅਲੀ, ਸਜ਼ਾਦ ਜ਼ਹੀਰ ਅਤੇ ਰਾਸਿ਼ਦ ਜੀਹਾਨ ਅਤੇ ਮਹੰਮਦ ਜ਼ਫ਼ਰ ਦੇ ਉਰਦੂ ਵਿਚ ਪ੍ਰਕਾਸ਼ਤ ਕਹਾਣੀ ਸੰਗ੍ਰਿਹ ‘ਅੰਗਾਰੇ’ ਤੋਂ ਹੀ ਸ਼ੁਰੂ ਹੋ ਗਈ ਸੀ। ਇਸ ਪੁਸਤਕ ਨੇ ਸਾਮਰਾਜੀ ਤਾਕਤਾਂ ਦੇ ਖਿਲਾਫ ਅਵਾਜ਼ ਨੂੰ ਅੰਗਾਰਿਆਂ ਵਾਂਗ ਮਘਾਂਉਣ ਦਾ ਕੰਮ ਕੀਤਾ ਸੀ। ਇਹ ਹੀ ਕਾਰਣ ਹੈ ਕਿ ਇਹ ਕਿਤਾਬ ਪ੍ਰਕਾਸਿ਼ਤ ਹੋਣ ਤੋਂ ਕੁਝ ਸਮੇਂ ਬਾਅਦ ਹੀ ਬਰਤਾਨੀਆ ਸਰਕਾਰ ਨੇ ਜ਼ਬਤ ਕਰ ਲਈ ਸੀ। ਇਸੇ ਸਾਲ ਅਲਾਹਾਬਾਦ ਵਿਚ ਲੀਗ ਆਫ ਪਰੋਗਰੈਸਿਵ ਰਾਈਟਰਜ਼ ਬਣੀ ਸੀ ਅਤੇ ਕਲਕੱਤਾ ਵਿਚ ਪ੍ਰਗਤੀਸ਼ੀਲ ਲੇਖਕ ਸੰਘ। ਇਹਨਾਂ ਦੀ ਹੀ ਅਹਿਮ ਕੜੀ ਭਾਰਤੀ ਪ੍ਰਗਤੀਵਾਦੀ ਲੇਖਕ ਸੰਘ ਸੀ ਜਿਸ ਦੀ ਸਥਾਪਨਾ ਭਾਰਤ ਵਿਚ ਨਾ ਹੋ ਕੇ ਲੰਡਨ ਵਿਚ ਹੋਈ ਸੀ ਜਿਸ ਨਾਲ ਬਹੁਤ ਸਾਰੇ ਅੰਗਰੇਜੀ ਵਿਚ ਲਿਖਣ ਵਾਲੇ ਭਾਰਤੀ ਲੇਖਕ ਜੁੜੇ ਹੋਏ ਸਨ ਜਿਵੇਂ ਕਿ ਮੁਲਕ ਰਾਜ ਅਨੰਦ ਅਤੇ ਪੁਸਤਕ ਅੰਗਾਰੇ ਦੇ ਲੇਖਕ। ਪਰ ਅਸਲ ਵਿਚ ਇਕ ਤਰ੍ਹਾਂ ਨਾਲ ਪ੍ਰਗਤੀਵਾਦੀ ਲਹਿਰ ਦਾ ਆਰੰਭ ਅਪਰੈਲ 1936 ਵਿਚ ਲਖ਼ਨਊ ਵਿਚ ਮੁਨਸ਼ੀ ਚੰਦ ਦੀ ਅਗਵਾਈ ਵਿਚ ਸਰਬਤ ਭਾਰਤੀ ਲੇਖ਼ਕ ਸੰਘ ਦੀ ਸਥਾਪਨਾ ਨਾਲ ਹੀ ਹੋਇਆ ਆਖਿਆ ਜਾ ਸਕਦਾ ਹੈ। ਪ੍ਰਗਤੀਵਾਦੀ ਲਹਿਰ ਦੇ ਮੋਢੀਆਂ ਵਿਚ ਪ੍ਰੇਮ ਚੰਦਰ ਦਾ ਨਾਂ ਪ੍ਰਮੁੱਖ ਹੈ ਭਾਵੇਂ ਕਿ ਇਸ ਲਹਿਰ ਨੂੰ ਥਾਪੜਾ ਦੇਣ ਵਾਲਿਆਂ ਵਿਚ ਰਾਬਿੰਦਰ ਨਾਥ ਟੈਗੋਰ ਦਾ ਨਾਂ ਵੀ ਲਿਆ ਜਾਂਦਾ ਹੈ।
ਇਸ ਵਿਚ ਕੋਈ ਸ਼ੱਕ ਨਹੀ ਕਿ ਇਹ ਲਹਿਰ ਸਿਰਫ਼ ਅਲਾਹਾਬਾਦ, ਲਖ਼ਨਊ, ਕਲਕੱਤੇ ਜਾਂ ਲੰਡਨ ਨਾਲ ਜਾਂ ਉਰਦੂ, ਅੰਗਰੇਜ਼ੀ ਜਾਂ ਬੰਗਾਲੀ ਭਾਸ਼ਾ ਨਾਲ ਹੀ ਜੁੜੀ ਹੋਈ ਨਹੀਂ ਸੀ। ਇਹ ਭਾਰਤ ਵਿਆਪੀ ਲਹਿਰ ਸੀ ਅਤੇ ਲਗਭਗ ਸਾਰੀਆਂ ਭਾਰਤੀ ਭਾਸ਼ਾਂਵਾਂ ਦੇ ਸਾਹਿਤ ਵਿਚ ਇਸਦਾ ਪ੍ਰਭਾਵ ਵਿਆਪਕ ਤੌਰ ਤੇ ਪਿਆ ਸੀ। ਉਰਦੂ ਵਿਚ ਇਸਮਤ ਚੁਗਤਾਈ, ਕੈਫੀ ਆਜ਼ਮੀ,ਅਹਿਮਦ ਨਸੀਮ ਕਾਸਮੀ, ਮਹੁੰਮਦ ਇਕਬਾਲ, ਫੈਜ਼ ਅਹਿਮਦ ਫੈਜ਼, ਅਲੀ ਸਰਦਾਰ ਜਾਫਰੀ, ਕ੍ਰਿਸ਼ਨ ਚੰਦਰ, ਸਾਹਿਰ ਲੁਧਿਆਨਵੀ, ਰਾਜਿੰਦਰ ਸਿੰਘ ਬੇਦੀ, ਅਤੇ ਉਰਦੂ ਲੇਖਕ ਸੁਆਦਤ ਹਸਨ ਮੰਟੋ, ਹਿੰਦੀ ਵਿਚ ਪ੍ਰੇਮ ਚੰਦ, ਭੀ਼ਸ਼ਮ ਸਾਹਨੀ, ਮੁਕਤੀਬੋਧ ਰਾਹੁਲ ਸੰਕਰਤਾਇਨ ਆਦਿ ਅਤੇ ਪੰਜਾਬੀ ਵਿਚ ਸੰਤ ਸਿੰਘ ਸੇਖੋਂ, ਪ੍ਰੋ ਮੋਹਨ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਨੌਰੰਗ ਸਿੰਘ, ਬਾਵਾ ਬਲਵੰਤ, ਦੀਵਾਨ ਸਿੰਘ ਕਾਲੇ ਪਾਨੀ, ਬਲਵੰਤ ਗਾਰਗੀ, ਅੰ੍ਰਿਮਤਾ ਪ੍ਰੀਤਮ, ਹਰੀ ਸਿੰਘ ਦਿਲਬਰ, ਸੁਰਿੰਦਰ ਸਿੰਘ ਨਾਰੂਲਾ, ਨਾਨਕ ਸਿੰਘ, ਸੰਤੋਖ ਸਿੰਘ ਧਰਿ, ਦਵਿੰਦਰ ਸਤਿਆਰਥੀ, ਈਸ਼ਵਰ ਚਿਤਰਕਾਰ, ਅਤੇ ਗਰਦਿਆਲ ਸਿੰਘ ਦੀਆਂ ਰਚਨਾਵਾਂ ਵਿਚ ਇਸ ਲਹਿਰ ਦਾ ਜ਼ਾਹਰਾ ਪ੍ਰਭਾਵ ਵੇਖਿਆ ਜਾ ਸਕਦਾ ਹੈ।
ਪੰਜਾਬੀ ਵਿਚ ਇਸ ਲਹਿਰ ਦੇ ਅਗਲੇ ਪੜ੍ਹਾ ਵਿਚ ਨਵਤੇਜ ਸਿੰਘ, ਜਸਵੰਤ ਸਿੰਘ ਕੰਵਲ, ਗੁਰਸ਼ਰਨ, ਪਾਸ਼, ਅਜਮੇਰ ਔਲਖ,ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਵਰਿਆਮ ਸੰਧੂ, ਸੁਰਜੀਤ ਪਾਤਰ, ਅਮਰਜੀਤ ਚੰਦਨ,ਪ੍ਰੇਮ ਪ੍ਰਕਾਸ਼, ਹਰਭਜਨ ਹਲਵਾਰਵੀ, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਦਰਸ਼ਨ ਖੱਟਕੜ, ਆਦਿ ਦੇ ਨਾਂ ਪ੍ਰਮੁੱਖ ਹਨ। ਕੁਝ ਹੋਰਨਾਂ ਦੇ ਨਾਂ ਵੀ ਇਸ ਫ਼ਰਿਸਤ ਵਿਚ ਜੋੜੇ ਜਾ ਸਕਦੇ ਹਨ: ਮੋਹਨ ਭੰਡਾਰੀ, ਪ੍ਰੇਮ ਗੋਰਖੀ, ਕ੍ਰਿਪਾਲ ਕਜ਼ਾਕ, ਜਸਵੰਤ ਸਿੰਘ ਵਿਰਦੀ, ਬਲਬੀਰ ਮਾਧੋਪੁਰੀ, ਦਲਬੀਰ ਚੇਤਨ ਅਤੇ ਬਹੁਤ ਸਾਰੇ ਹੋਰ। ਪਾਕਿਸਤਾਨੀ ਪੰਜਾਬੀ ਲੇਖਕਾਂ ਵਿਚ ਅਫਿਸਨ ਹੰਸਨ ਰੰਧਾਵਾ, ਸ਼ਰੀਫ਼ ਕੁੰਜਾਹੀ, ਮੰਨਸ਼ਾ ਯਾਦ, ਨਯਮ ਹੂਸੈਨ ਸਯਦ ਆਦਿ ਦਾ ਨਾਮ ਪ੍ਰਗਤੀਸ਼ੀਲ ਲੇਖਕਾਂ ਵਜੋਂ ਲਿਆ ਜਾ ਸਕਦਾ ਹੈ।
ਜਿਥੋਂ ਤੀਕ ਪ੍ਰਵਾਸੀ ਪੰਜਾਬੀ ਸਾਹਿਤ ਦੀ ਗਲ ਹੈ ਇੰਗਲੈਂਡ ਵਿਚ ਇਸ ਲਹਿਰ ਦਾ ਪ੍ਰਤੱਖ ਪ੍ਰਭਾਵ ਕਬੂਲਣ ਵਾਲਿਆਂ ਵਿਚ ਮੁਸ਼ਤਾਕ ਸਿੰਘ, ਨਿਰੰਜਣ ਸਿੰਘ ਨ੍ਰੂਰ, ਅਮਰਜੀਤ ਚੰਦਨ, ਸੰਤੋਖ ਸਿੰਘ ਚੰਦਨ, ਰਘਬੀਰ ਢੰਡ, ਹਰਜੀਤ ਅਟਵਾਲ, ਦਰਸ਼ਨ ਬੁਲੰਦਵੀ, ਵਰਿੰਦਰ ਪਰਿਹਾਰ, ਆਦਿ ਦੀਆਂ ਲਿਖਤਾਂ ਵਿਚ ਵੇਖਿਆ ਜਾ ਸਕਦਾ ਹੈ। ਕੈਨੇਡਾ ਵਿਚ ਪ੍ਰਗਤੀਵਾਦੀ ਪ੍ਰਭਾਵ ਕੇਸਰ ਸਿੰਘ, ਗੁਰਚਰਨ ਰਾਮਪੁਰੀ,ਨਦੀਮ ਪਰਮਾਰ, ਸੁਰਿੰਦਰ ਧੰਜਲ,ਸੂਫੀ ਅਮਰਜੀਤ, ਰਵਿੰਦਰ ਰਵੀ, ਅਜਮੇਰ ਰੋਡੇ, ਸੁਰਜੀਤ ਕਲਸੀ, ਇਕਬਾਲ ਰਾਮੂਵਾਲੀਆ, ਸੁੱਖਪਾਲ, ਮੇਜਰ , ਹਰਕੰਵਲ ਸਾਹਿਲ, ਸੁਰਜੀਤ, ਪਿਆਰਾ ਸਿੰਘ ਕੁਦੋਵਾਲ, ਸੰਘੇੜਾ, ਹਰਜੀਤ ਦੋਧਰੀਆ, ਦਰਸ਼ਨ ਗਿੱਲ, ਰਘੁਬੀਰ ਸਿਰਜਣਾ, ਅਮਨਪਾਲ ਸਾਰਾ, ਹਰਪ੍ਰੀਤ ਸੇਖਾ, ਸਰਵਣ ਸਿੰਘ, ਸਾਧੂ ਬਿਨਿੰਗ, ਸੁਖਵੰਤ ਹੁੰਦਲ, ਸਾਧੂ ਸਿੰਘ, ਸੁਖਿੰਦਰ, ਸੁਰਜਨ ਜੀਰਵੀ, ਓਂਕਾਰਪ੍ਰੀਤ, ਮੇਜਰ ਮਾਂਗਟ, ਅਮਰਜੀਤ ਸਾਥੀ,ਪ੍ਰੀਤਮ ਸਿੰਘ ਧੰਜਲ ਕੁਲਵਿੰਦਰ ਖਹਿਰਾ, ਅਤੇ ਅਮਰੀਕਾ ਵਿਚ ਪਰਵੇਜ਼ ਸੰਧੂ, ਹਰਭਜਨ ਸਿੰਘ, ਸੁਖਵਿੰਦਰ ਕੰਬੋਜ, ਦਲਜੀਤ ਮੋਖਾ, ਦੀਆਂ ਲਿਖਤਾਂ ਵਿਚ ਵੇਖਣ ਨੂੰ ਮਿਲਦਾ ਹੈ।
ਜਿੱਥੇ ਪ੍ਰਗਤੀਵਾਦੀ ਲਹਿਰ ਨੇ ਪੰਜਾਬੀ ਸਾਹਿਤ ਨੂੰ ਮਿਥਿਹਾਸ, ਅਧਿਆਤਮ ਅਤੇ ਧਾਰਮਿਕ ਸ਼ਰਧਾ ਵਾਲੇ ਦੌਰ ਵਿਚੋਂ ਕੱਢ ਕੇ ਮਾਨਵਵਾਦੀ, ਵਾਤਾਵਰਣ-ਪੱਖੀ ਅਤੇ ਧਰਮ ਨਿਰਪੇਖ ਸਾਹਿਤ ਵੱਲ ਤੋਰਿਆ ਉੱਥੇ ਇਸ ਨੇ ਰਾਜਨੀਤਕ ਚੇਤਨਾ ਅਤੇ ਕਲਾਤਮਿਕ ਪੱਖਾਂ ਪ੍ਰਤੀ ਦਿਲਚਸਪੀ ਪੈਦਾ ਕਰਨ ਵੱਲ ਵੀ ਪੁਲਾਂਘ ਪੁੱਟੀ ਜਿਸ ਦੇ ਨਤੀਜੇ ਵਜੋਂ ਪੰਜਾਬੀ ਸਾਹਿਤ ਵਿਚ ਪਰੌਢ ਗਲਪ ਚੇਤਨਾ, ਨਿੱਜੀ ਅਤੇ ਸਮਾਜਕ ਅਵਚੇਤਨਾ, ਅੰਤਰਮੁੱਖੀ ਸੰਵਾਦ, ਚੇਤਨਾ ਦੇ ਪ੍ਰਵਾਹ ਆਦਿ ਦੀਆਂ ਗਲਪ ਅਤੇ ਨਾਟਕੀ ਜੁਗਤਾਂ ਅਤੇ ਵਿਧੀਆਂ ਨੇ ਪੰਜਾਬੀ ਸਾਹਿਤ ਦੀ ਅੰਦਰੂਨੀ ਪਕੜ ਨੂੰ ਹੋਰ ਪੀਡਾ ਕੀਤਾ।
ਪਰ ਕੁਝ ਲੇਖਕਾਂ ਨੇ ਪ੍ਰਗਤੀਵਾਦੀ ਲਹਿਰ ਦੇ ਬਾਹਰਮੁੱਖੀ ਪੱਖ ਨੂੰ ਹੀ ਅੰਤਮ ਸੱਚ ਅਤੇ ਸੋਚ ਬਣਾ ਕੇ ਆਪਣੀਆਂ ਲਿਖਤਾਂ ਵਿਚ ਮਸਨੂਈ ਕਿਸਮ ਦਾ ਸੰਦੇਸ਼, ਜਜ਼ਬਾ ਅਤੇ ਅਹਿਸਾਸ ਭਰਨ ਦੀ ਕੋਸਿ਼ਸ਼ ਵਿਚ ਰਚਨਾਤਮਿਕ ਅਤੇ ਕਲਾਤਮਿਕ ਪਹਿਲੂਆਂ ਨੂੰ ਨੰਜ਼ਰਅੰਦਾਜ਼ ਕਰ ਦਿੱਤਾ ਹੈ। ਜਿਸ ਦੇ ਫਲਸਰੂਪ ਉਹਨਾਂ ਦੀਆਂ ਲਿਖਤਾਂ ਵਿਚ ਡੂੰਘਾਈ ਅਤੇ ਏਕਤਾ ਦੀ ਥਾਂ ਅਕਹਿਰਾਪਨ ਅਤੇ ਮਕੈਨਕੀ ਕੇਂਦਰਤਾ ਭਰ ਗਈ ਹੈ। ਭਾਵੇਂ ਇਸ ਰੁਚੀ ਦੀਆਂ ਮਿਸਾਲਾਂ ਦੀ ਸੂਚੀ ਵਿਚ ਬਹੁਤ ਸਾਰੇ ਲੇਖਕ ਆ ਜਾਦੇ ਹਨ ਪਰ ਜਿਹਨਾਂ ਕਹਿੰਦੇ ਕਹਾਉਂਦੇ ਇਨਾਮੀ ਲੇਖਕਾਂ ਵਿਚ ਇਹ ਕਮੀ ਪ੍ਰਤੱਖ ਰੂਪ ਵਿਚ ਵੇਖੀ ਜਾਂਦੀ ਹੈ ਉਹਨਾਂ ਵਿਚ ਗੁਰਸ਼ਰਨ ( ਨਾਟਕ), ਜਸਵੰਤ ਸਿੰਘ ਕੰਵਲ ( ਨਾਵਲ), ਸੰਤੋਖ ਸਿੰਘ ਧੀਰ ( ਕਵਿਤਾ) ਦਾ ਨਾਂ ਲਿਆ ਜਾ ਸਕਦਾ ਹੈ।
ਇਸ ਦੇ ਉਲਟ ਵਰਤਾਰੇ ਦੀਆਂ ਵੀ ਕੁਝ ਮਿਸਾਲਾਂ ਦੇਣੀਆਂ ਬਣਦੀਆਂ ਹਨ। ਇਸ ਸੂਚੀ ਵਿਚ ਉਹ ਲੇਖਕ ਆਉਂਦੇ ਹਨ ਜਿਹਨਾਂ ਨੇ ਪੱਛਮੀ ਸਾਹਿਤਕ ਪ੍ਰਭਾਵਾਂ ਦੇ ਅੰਤਰਗੱਤ ਕੁਝ ਸਾਹਿਤਕ ਰੂੜੀਆਂ ਨੂੰ ਬਗੈੇਰ ਆਪਣੇ ਮਾਹੌਲ ਵਿਚ ਢਾਲਦਿਆਂ ਆਪਣੀਆਂ ਰਚਨਾਵਾਂ ਵਿਚ ਹੂਬਹੂ ਲਾਗੂ ਕਰਨ ਦੀ ਹੋੜ ਵਿਚ ਕਲਾ ਲਈ ਕਲਾ ਦਾ ਉਪਯੋਗ ਕੀਤਾ ਹੈ ਜਿਸ ਨਾਲ ਉਹਨਾਂ ਦੀਆਂ ਲਿਖਤਾਂ ਵਿਚ ਅਨੁਭਵ-ਵਿਹੂਣਾ ਨਿਰੂਪਣ-ਦੋਸ਼ ਆ ਗਿਆ ਹੈ। ਇਹਨਾਂ ਵਿਚ ਵੀ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਲਿਹਾਜ਼ ਅਤੇ ਸੰਕੋਚ ਤੋਂ ਪਿੱਛਾਂ ਛੁਡਾਉਂਦਿਆਂ ਇਸ ਸੂਚੀ ਵਿਚ ਹਰਿਨਾਮ,ਰਵਿੰਦਰ ਰਵੀ ( ਕੁਝ ਲਿਖਤਾਂ ਵਿਚ), ਅਜਾਇਬ ਕੰਵਲ ( ਕੁਝ ਲਿਖਤਾਂ ਵਿਚ), ਜਸਵੀਰ ਸਿੰਘ ਆਹਲੁਵਾਲੀਆ ( ਕੁਝ ਰਚਨਾਵਾਂ ਵਿਚ) ਸਤਿ ਕੁਮਾਰ, ਦੇਵ, ਪਰਿਵੇਜ਼, ਦੇਵ ਭਾਰਦਵਾਜ ਆਦਿ ਦੇ ਨਾਂ ਪਾਏ ਜਾ ਸਕਦੇ ਹਨ।
ਪ੍ਰਗਤੀਵਾਦ ਕੋਈ ਦ੍ਰਿਸ਼ਟੀ ਜਾਂ ਫਿਲਾਸਫੀ ਨਹੀਂ ਸਿਰਫ ਇਕ ਰੁਝਾਨ ਹੈ। ਇਸ ਲਈ ਇਸ ਨੂੰ ਹੋਰ ਵਾਦਾਂ ਵਾਂਗ ਵਾਧੂ ਤੂਲ ਦੇਣ ਦੀ ਲੋੜ ਨਹੀਂ ਹੈ। ਨਹੀ ਤਾਂ ਅਸੀਂ ਆਪ ਵੀ ਲਕੀਰ ਦੇ ਫਕੀਰ ਹੋ ਜਾਵਾਂਗੇ। ਅਸਲ ਵਿਚ ਸਾਹਿਤ ਦਾ ਕੰਮ ਸਿਖਿਆ ਦੇਣਾ ਨਹੀਂ ਸਿਰਫ ਸਿਖਿਆ ਲੈਣ ਦਾ ਵਾਤਾਵਰਣ ਜਾਂ ਮਾਹੌਲ ਪੈਦਾ ਕਰਨ ਦਾ ਹੈ ਜਿਸ ਨਾਲ ਪਾਠਕ ਲਈ ਸੱਚ ਅਤੇ ਝੂਠ ਦਾ ਨਿਤਾਰਾ ਕਰਨਾ ਸੰਭਵ ਹੋ ਸਕੇ ਅਤੇ ਉਸ ਨੂੰ ਕੋਝ ਦਾ ਬੋਧ ਹੋ ਸਕੇ। ਸਾਹਿਤ ਦਾ ਕੰਮ ਸਮਾਜ ਨੂੰ ਬਦਲਣਾ ਨਹੀਂ। ੀੲਹ ਕੰਮ ਰਾਜਨੀਤਕ ਅੰਦੋਲਨਾਂ ਅਤੇ ਨੇਤਾਵਾਂ ਦਾ ਹੈ। ਸਾਹਿਤ ਦਾ ਕੰਮ ਅਤੇ ਕਰਤੱਵ ਸਮਾਜਕ, ਮਾਨਸਕ, ਸਭਿਆਚਾਰਕ ਅਤੇ ਰਾਜਨੀਤਕ ਬਦਲਾਵ ਦੀ ਜ਼ਰੂਰਤ ਨੂੰ ਉਘਾੜਣ ਅਤੇ ਇਸ ਲਈ ਚੇਤਨਾ ਦੀ ਅਗਨੀ ਨੂੰ ਮਘਾਉਣ ਅਤੇ ਪ੍ਰਚੰਡ ਕਰਨ ਦਾ ਹੈ। ਸਮਾਜ ਨੂੰ ਮਾਨਵ-ਪੱਖੀ ਅਤੇ ਵਾਤਾਵਰਣ-ਅਨੂਕੂਲਤਾ ਪੱਖੀ ਮੋੜ ਦੇਣ ਦਾ। ਸਮਾਜ ਨੂੰ ਸ਼ੀਸ਼ਾ ਵਿਖਾਉਣ ਅਤੇ ਸਮਾਜ ਲਈ ਸੀਸ਼ਾ ਬਨਣ ਦਾ।
ਇਹ ਹੀ ਕਾਰਣ ਹੈ ਕਿ ਪੰਜਾਬੀ ਦੇ ਬਹੁਤ ਸਾਰੇ ਹੋਣਹਾਰ ਲੇਖਕ ਪ੍ਰਗਤੀਵਾਦੀ ਬਨਣ ਦੀ ਥਾਂ ਮਾਨਵਵਾਦੀ ਬਨਣਾ ਵਧੇਰੇ ਲੋਚਦੇ ਹਨ। ਉਹ ਤਥਾ-ਕਥਿਤ ਪ੍ਰਗਤੀਵਾਦੀਏ ਅਤੇ ਯਥਾਰਤਵਾਦੀਏ ਅਖਵਾਉਣ ਨਾਲੋਂ ਮਾਨਵਵਾਦੀ ਕਹਾਉਣਾ ਪਸੰਦ ਕਰਦੇ ਹਨ। ਉਹ ਸਮਝਦੇ ਹਨ ਕਿ ਯਥਾਰਤ ਸਤੱਹੀ ਨਹੀਂ ਹੈ ਅਤੇ ਨਾ ਹੀ ਇਹ ਮੂਲਕ ਹੁੰਦਾ ਹੈ। ਇਹ ਮੂਲ ਰੂਪ ਵਿਚ ਅੰਸ਼ਕ ਅਤੇ ਸਾਪੇਖਕ ਹੈ। ਇਹ ਸਮੇਂ ਅਤੇ ਸਪੇਸ ਵਿਚ ਸਥਿੱਤ ਸੰਰਚਨਾ ਅਤੇ ਘਾੜਤ ਹੈ। ਇਹ ਜਿੰਦਗੀ ਵਿਚ ਗੱਡਿਆ ਹੋਇਆ ਹੁੰਦਾ ਹੈ। ਇਸ ਨੂੰ ਇਸ ਤਰ੍ਹਾਂ ਲੈਣ ਨਾਲ ਹੀ ਸਾਹਿਤ ਵਿਚ ਡੂੰਘੀਆਂ ਮਨੱਖੀ ਕਦਰਾਂ ਕੀਮਤਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਅਤੇ ਇਸ ਤਰ੍ਹਾਂ ਹੀ ਸਾਹਿਤ ਜਿੰਦਗੀ ਦੇ ਵਧੀਕ ਅਤੇ ਅਸਲ ਰੂਪ ਵਿਚ ਨੇੜੇ ਹੋ ਸਕਦਾ ਹੈ।
ਇਹ ਗਲ ਬਹੁਤ ਤਸੱਲੀ ਵਾਲੀ ਹੈ ਕਿ ਵਧੇਰੇ ਪੰਜਾਬੀ ਲੇਖਕ ਆਪਣੀਆਂ ਰਚਨਾਵਾਂ ਵਿਚ ਜਿੰਦਗੀ ਦੀਆਂ ਅੰਦਰੂਨੀਆਂ ਕੀਮਤਾਂ ਦੇ ਦਰਪੇਸ਼ ਹਨ। ਅਜੇਹੇ ਲੇਖਕਾਂ ਦੀ ਸੂਚੀ ਬਹੁਤ ਲੰਬੀ ਹੈ ਅਤੇ ਬਹੁਤ ਕਹਿੰਦੇ ਕਹਾਉਂਦੇ ਪੰਜਾਬੀ ਲੇਖਕ ਤੋਂ ਹੁੰਦੀ ਹੋਈ ਤੁਹਾਡੇ ਤੀਕ ਆ ਜਾਂਦੀ ਹੈ ਜਾਂ ਤੁਹਾਡੇ ਪਸੰਦੀਦਾ ਲੇਖਕ ਤੀਕ। ਮੈਂ ਇਸ ਸੂਚੀ ਵਿਚ ਡਾਕਟਰ ਹਰਿਭਜਨ ਸਿੰਘ, ਅਮਿੰ੍ਰਤਾ ਪ੍ਰੀਤਮ, ਜਸਵੰਤ ਸਿੰਘ ਨੇਕੀ ਅਤੇ ਨਵਤੇਜ ਭਾਰਤੀ ਤੋਂ ਲੈ ਕੇ ਜਸਵੰਤ ਦੀਦ ਅਤੇ ਸੁੱਖਪਾਲ ਨੂੰ ਸ਼ਾਮਿਲ ਕਰਦਾ ਹਾਂ।
ਮੈਂ ਇਹ ਤਾਂ ਨਹੀਂ ਕਹਾਂਗਾ ਕਿ ਪ੍ਰਗਤੀਵਾਦ ਆਪਣਾ ਵੇਲਾ ਵਿਹਾ ਚੁੱਕਾ ਹੈ ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਪ੍ਰਗਤੀਵਾਦ ਨੂੰ ਪੀਲਪਾਵੇ ਵਾਂਗ ਇਕ ਥਾਂ ਤੇ ਗੱਡਣ ਦੀ ਥਾਂ ਜਿਵੇਂ ਕੁਝ ਆਲੋਚਕ ਅਤੇ ਚਿੰਤਕ ਚਿਤਵ ਰਹੇ ਹਨ, ਇਸ ਰੁਝਾਨ ਨੂੰ ਨਵੀਂ ਹਵਾ ਵਿਚ ਸਾਹ ਭਰਨ ਦੇਣਾ ਚਾਹੀਦਾ ਹੈ। ਜਿੰਦਗੀ ਖਾਸ ਤੌਰ ਤੇ ਡਿਜਟਲ ਜਿੰਦਗੀ ਵਾਦਾਂ ਨਾਲ ਨਹੀਂ ਬੱਝੀ ਹੋਈ ਅਤੇ ਇੰਝ ਕਰਨ ਨਾਲ ਇਹ ਅਕਸਰ ਦੰਮ ਤੋੜ ਦਿੰਦੀ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346