ਸੰਨ 1974 ਦੀ ਜਨਵਰੀ ਦੀਆਂ
ਠੁਰਕਦੀਆਂ ਹੋਈਆਂ ਤਰੀਕਾਂ! ਕੋਹਰਿਆਂ ਤੇ ਧੁੰਦਾਂ 'ਚ, ਸਿਰ ਉਦਾਲ਼ੇ ਕੰਬਲਾਂ ਤੇ ਖੇਸਾਂ ਦੇ
ਝੁੰਬ ਮਾਰ ਕੇ, ਇਹ ਤਰੀਕਾਂ, ਬੱਸ-ਅੱਡਿਆਂ 'ਚ, ਪਿੰਡਾਂ ਦੀਆਂ ਸੱਥਾਂ 'ਚ, ਪੁਲ਼ਾਂ ਦੀਆਂ
ਵੱਖੀਆਂ ਦੇ ਲਾਗੇ, ਅਤੇ ਖੂਹਾਂ-ਟਿਊਬਵੈੱਲਾਂ ਉੱਤੇ, ਨਿਢਾਲ ਹੋਈਆਂ ਧੂਣੀਆਂ ਵਿੱਚੋਂ ਸੇਕ
ਤਲਾਸ਼ਦੀਆਂ ਦਿਸਦੀਆਂ। ਪਠੀਰ-ਉਮਰੀਆਂ ਕਣਕਾਂ ਦੇ ਪੱਤੇ, ਉਨ੍ਹਾਂ ਉਦਾਲ਼ੇ ਲਿਪਟੇ ਬਰਫ਼ ਦੇ
ਪੇਤਲੇ ਪੇਤਲੇ ਲੇਪ ਤੋਂ ਮੁਕਤ ਹੋਣ ਲਈ, ਧੁੱਪ ਦੀ ਉਡੀਕ ਕਰਦੇ। ਧਰਤੀ ਉਦਾਲੇ ਪੱਸਰੀ ਚਿੱਟੀ
ਭਾਫ਼ ਦੀ ਸੰਘਣਤਾ ਵਿੱਚ, ਖ਼ਾਲਸਾ ਕਾਲਜ {ਗੁਰੂਸਰ ਸੁਧਾਰ} ਦੀ ਬਿਲਡਿੰਗ, ਧੁੰਦਲ਼ਾ ਜਿਹਾ ਅਕਸ
ਬਣ ਕੇ ਕੁੰਗੜੀ ਹੁੰਦੀ।
ਰਛਪਾਲ ਦੀਆਂ ਚਿੱਠੀਆਂ ਵੀ ਹੁਣ ਠਰੀਆ ਠਰੀਆਂ ਹੁੰਦੀਆਂ; ਉਨ੍ਹਾਂ 'ਚ ਡੀਪੋਟ ਹੋਣ ਦੇ ਡਰ
ਨਾਲ਼ ਸਿਲ੍ਹੇ ਹੋਏ ਵਾਕ ਹੁੰਦੇ: ਕਿਸੇ ਚਿੱਠੀ 'ਚ ਗ਼ੈਰਕਾਨੂੰਨੀ ਇੰਮੀਗਰਾਂਟਾਂ ਨੂੰ ਪਕੜਨ ਲਈ
ਪੁਲਸ ਵੱਲੋਂ ਫ਼ੈਕਟਰੀਆਂ 'ਚ ਮਾਰੇ ਛਾਪਿਆਂ ਦੇ ਵੇਰਵੇ, ਤੇ ਕਿਸੇ 'ਚ ਇੰਮੀਗਰਾਂਟਾਂ ਦੀਆਂ
ਰਹਾਇਸ਼ਾਂ 'ਤੇ ਹੋਈਆਂ ਤਲਾਸ਼ੀਆਂ ਦੇ! ਹਰ ਚਿੱਠੀ ਪੜ੍ਹਨ ਮਗਰੋਂ ਮੇਰੇ ਮੱਥੇ ਵਿੱਚ ਪੱਤਝੜ
ਫੈਲਣ ਲਗਦੀ। ਮੇਰੀਆਂ ਉਂਗਲ਼ਾਂ ਇੱਕ-ਦੂਜੀ 'ਚ ਫਸ ਜਾਂਦੀਆਂ, ਤੇ ਮੇਰੀ ਨਜ਼ਰ, ਮੇਜ਼ ਉੱਤੇ ਜੰਮ
ਕੇ, ਰਛਪਾਲ ਦੀਆਂ ਚਿੱਠੀਆਂ 'ਚੋਂ ਅਰਥ ਹੰਗਾਲਣ ਲੱਗ ਜਾਂਦੀ।
ਅਪਰੈਲ ਵਿੱਚ ਆਈ ਇੱਕ ਚਿੱਠੀ ਨੂੰ ਖੋਲ੍ਹਦਿਆਂ ਮੇਰੀਆਂ ਉਂਗਲਾਂ ਵਿੱਚ ਝਰਨਾਹਟ ਵਗਣ ਲੱਗੀ;
ਲਿਖਿਆ ਸੀ:
'ਕਿੰਨੇ ਚਿਰ ਤੋਂ ਜਾਨ ਮੱਛੀ ਵਾਂਙਣ ਤੱਕਲ਼ੇ ਉੱਪਰ ਟੁੰਗੀ ਹੋਈ ਸੀ, ਪਰ ਇਸ ਬਾਰੇ ਪਹਿਲਾਂ
ਕਦੇ ਮੈਂ ਤੁਹਾਨੂੰ ਜਾਣ ਬੁੱਝ ਕੇ ਨਹੀਂ ਸੀ ਲਿਖਿਆ; ਸੋਚਦਾ ਸੀ ਕਿ ਤੁਹਾਨੂੰ ਕਾਹਤੋਂ ਵਾਧੂ
ਦੀ ਚਿੰਤਾਂ 'ਚ ਡੋਬਣਾ ਹੈ। ਇੰਮੀਗਰੇਸ਼ਨ ਲਈ ਜਿੰਨ੍ਹਾਂ ਲੋਕਾਂ ਨੇ ਮੈਥੋਂ ਮਗਰੋਂ ਅਰਜ਼ੀਆਂ
ਦਿੱਤੀਆਂ, ਉਹ ਬਹੁਤ ਪਹਿਲਾਂ ਪੱਕੇ ਹੋ ਗਏ; ਹਰ ਰੋਜ਼ ਕੰਮ ਤੋਂ ਮੁੜਦਿਆਂ ਮੈਂ ਸਾਡੀ
ਅਪਾਰਟਮੈਂਟ ਬਿਲਡਿੰਗ ਵਿਚਲੇ ਮੇਲ ਬਾਕਸ ਵੱਲੀਂ ਭਜਦਾ ਕਿ ਇੰਮੀਗਰੇਸ਼ਨ ਵੱਲੋਂ ਮੇਰੇ ਲਈ ਵੀ
ਕੋਈ ਚਿੱਠੀ ਹੋਵੇਗੀ, ਪਰ ਉਦਾਸ ਹੋ ਕੇ ਐਲੀਵੇਟਰ 'ਚ ਵੜ ਜਾਂਦਾ। ਮੇਰਾ ਦਿਲ ਡੋਲਣ ਲੱਗ ਪਿਆ
ਸੀ।'
ਇਨ੍ਹਾਂ ਸਤਰਾਂ ਨੂੰ ਪੜ੍ਹਦਿਆਂ ਮੇਰੀਆਂ ਉਂਗਲ਼ਾਂ ਕੰਬਣ ਲੱਗੀਆਂ। ਇਸ ਤੋਂ ਅਗਲੀ ਇਬਾਰਤ ਮੈਨੂੰ
ਕੀੜਿਆਂ ਦਾ ਭੌਣ ਜਾਪਣ ਲੱਗੀ। ਦਿਲ ਕਰੇ ਕੀੜਿਆਂ ਦੇ ਇਸ ਭੌਣ ਨੂੰ ਮੇਰੇ ਦਿਮਾਗ਼ ਵਿੱਚ
ਚੜ੍ਹਨ ਤੋਂ ਪਹਿਲਾਂ ਕੂੜਾਦਾਨ ਵਿੱਚ ਝਾੜ ਦੇਵਾਂ, ਪਰ ਮਿੰਟ ਕੁ ਬਾਅਦ ਚਿੱਠੀ ਨੂੰ ਅੱਗੇ
ਪੜ੍ਹਨ ਦੀ ਉਤਸੁਕਤਾ, ਅਗਲੇ ਸ਼ਬਦਾਂ ਨੂੰ ਉਲਟਾਉਣ-ਪਲਟਾਉਣ ਲੱਗੀ:
'ਆਪਣੇ ਅਣਗਿਣਤ ਲੋਕਾਂ ਨੂੰ ਮਜਬੂਰੀ ਅਧੀਨ ਵਰਕ ਪਰਮਿਟ ਤੋਂ ਬਿਨਾ ਹੀ ਚੋਰੀ ਕੰਮ ਕਰਨਾ ਪੈ
ਰਿਹਾ ਸੀ ਕਿਉਂਕਿ ਰਹਾਇਸ਼ ਦੇ ਕਿਰਾਏ ਅਤੇ ਖਾਣ-ਪੀਣ ਦਾ ਸਮਾਨ ਖਰੀਦਣ ਲਈ ਪੈਸਿਆਂ ਦੀ ਜ਼ਰੂਰਤ
ਸੀ। ਪੁਲਸ, ਛਾਪੇ ਮਾਰ ਕੇ, ਚੋਰੀ ਕੰਮ ਕਰਨ ਵਾਲ਼ੇ ਅਣਗਿਣਤ ਲੋਕਾਂ ਨੂੰ ਡਪੋਟ ਕਰੀ ਜਾ ਰਹੀ
ਸੀ। ਕਈਆਂ ਦੀਆਂ ਰਹਾਇਸ਼ਾਂ ਉੱਤੇ ਛਾਪੇ ਵੱਜੇ ਤੇ ਇੰਡੀਆ ਤੋਂ ਲਿਆਂਦੀਆਂ ਜਾਅਲੀ ਮੋਹਰਾਂ ਤੇ
ਜਾਅਲੀ ਸਰਟੀਫ਼ੀਕੇਟ ਫੜੇ ਗਏ; ਉਹਨਾਂ ਨੂੰ ਵੀ ਡਪੋਟ ਕਰ ਦਿੱਤਾ ਗਿਆ ਸੀ। ਮੈਂ ਤੁਹਾਨੂੰ
ਦੱਸਿਆ ਨਹੀਂ ਸੀ ਕਿ ਪਿਛਲੇ ਸਾਲ {1973 'ਚ } ਸਾਡੀ ਰਹਾਇਸ਼ ਉੱਤੇ ਵੀ ਛਾਪਾ ਪੈ ਗਿਆ ਸੀ ਅਤੇ
ਤਲਾਸ਼ੀ ਵਿੱਚ ਪੁਲਸ ਮੇਰੇ ਸਾਰੇ ਸਰਟੀਫੀਕੇਟ ਤੇ ਡਿਗਰੀਆਂ ਤਫ਼ਤੀਸ਼ ਕਰਨ ਲਈ ਲੈ ਗਈ ਸੀ। ਇਸ
ਛਾਪੇ ਤੋਂ ਬਾਅਦ ਮੇਰੀ ਨੀਂਦ ਤਿੜਕਣ ਲੱਗੀ। ਟੁੱਟੀ-ਭੱਜੀ ਨੀਂਦ 'ਚ ਮੇਰੇ ਗੁੱਟਾਂ ਉਦਾਲ਼ੇ
ਹੱਥਕੜੀਆਂ ਲੱਗੀਆਂ ਦਿਸਦੀਆਂ, ਤੇ ਟਰਾਂਟੋ ਦੇ ਹਵਾਈ ਅੱਡੇ ਉੱਪਰ, ਗੋਰੇ ਪੁਲਸੀਏ ਮੈਨੂੰ
ਦਿੱਲੀ ਵਾਲੇ ਜਹਾਜ਼ ਵੱਲੀਂ ਘੜੀਸ ਰਹੇ ਹੁੰਦੇ।'
ਮੇਰੇ ਸਾਹ ਲੰਮੇਂ ਹੋਣ ਲੱਗੇ, ਤੇ ਦਿਲ 'ਚ ਉੱਠੀ ਧੱਕ ਧੱਕ ਨਾਲ਼ ਮੇਰੀ ਜੇਬ 'ਚ ਟੁੰਗਿਆ
ਪੈੱਨ ਕੰਬਣ ਲੱਗਾ। ਜਕੋ-ਤਕੀ 'ਚ ਨਜ਼ਰਾਂ ਨੂੰ ਅਗਲੇ ਫਿਕਰੇ ਵੱਲ ਵਧਾਇਆ: ਲਿਖਿਆ ਸੀ, 'ਪਰ
ਅੱਜ ਹਾਲਾਤ ਬਿਲਕੁਲ ਹੀ ਬਦਲ ਗਏ ਹਨ।'
-ਹੈਂ? ਮੈਂ ਸੋਚਣ ਲੱਗਾ। -ਅੱਜ ਹਾਲਾਤ ਬਦਲ ਗਏ ਹਨ? ਕੀ ਹੋ ਗਿਐ ਹਾਲਾਤ ਨੂੰ ਅੱਜ? ਖ਼ੈਰ
ਹੋਵੇ!!
ਚਿੱਠੀ 'ਚ, ਜ਼ਰਾ ਕੁ ਅੱਗੇ ਉੱਤਰਿਆ ਤਾਂ ਮੇਰੀਆਂ ਮੁੱਛਾਂ 'ਚ ਝਰਨ-ਝਰਨ ਹੋਣ ਲੱਗੀ:
'ਜਿਸ ਦਿਨ ਆਹ ਚਿੱਠੀ ਮਿਲ਼ੇ ਉਸ ਦਿਨ ਮੁੱਲਾਂਪੁਰ ਦੇ ਅੰਗਰੇਜ਼ੀ ਠੇਕੇ ਤੋਂ 'ਹਾਈਲੈਂਡ ਚੀਫ਼'
ਦੀ ਬੋਤਲ ਲਿਆ ਕੇ ਪ੍ਰੋਫ਼ੈਸਰ ਹਰਦਿਆਲ ਸਿੰਘ ਅਤੇ ਬਾਈ ਸੁਰਿੰਦਰ (ਪ੍ਰੋਫ਼ੈਸਰ) ਦੇ ਸਾਹਮਣੇ
ਮੇਜ਼ ਉੱਤੇ ਗੱਡ ਦੇਣੀ, ਅਤੇ ਸੁਧਾਰ ਦੇ ਪੁਲ਼ 'ਤੇ ਰੇੜ੍ਹੀ ਲਾਉਣ ਵਾਲ਼ੇ ਬਾਬੇ ਤੋਂ ਕਿੱਲੋ
ਮੱਛੀ ਤਲ਼ਾ ਕੇ ਉਸ ਨੂੰ ਪੰਜ ਰੁਪੈਆਂ ਦੀ ਟਿੱਪ ਜ਼ਰੂਰ ਦੇ ਦੇਣੀ!'
ਮੇਰੀਆਂ ਅੱਖਾਂ ਬੰਦ ਹੋ ਗਈਆਂ ਤੇ ਲੰਮਾ ਸਾਹ ਮੇਰੇ ਫੇਫੜਿਆਂ ਵਿੱਚ ਲੰਮਾ ਸਮਾਂ ਰੁਕਿਆ ਰਿਹਾ।
'ਹਾਈਲੈਂਡ ਚੀਫ਼ ਦੀ ਬੋਤਲ? ਤੇ ਕਿੱਲੋ ਮੱਛੀ?' ਮੈਂ ਬੁੜਬੁੜਾਇਆ!
'ਬਾਕੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਦੋਵੇਂ {ਮੈਂ ਤੇ ਸੁਖਸਾਗਰ} ਵੀ ਏਥੇ ਆ ਜਾਵੋ। ਏਥੇ
ਮਿਹਨਤ ਤਾਂ ਕਰਨੀ ਪੈਂਦੀ ਹੈ ਪਰ ਯੂਨੀਵਰਸਟੀਆਂ ਵਿੱਚ ਪੜ੍ਹਾਈ ਕਰ ਕੇ ਚੰਗੀਆਂ ਨੌਕਰੀਆਂ
ਕਰਨ ਦੇ ਯੋਗ ਹੋ ਜਾਵੋਂਗੇ। ਆਪਣੀ ਦੋਹਾਂ ਦੀ ਜਨਮ ਤਰੀਖ਼ ਅਤੇ ਐਜੂਕੇਸ਼ਨ ਦਾ ਪੂਰਾ ਵੇਰਵਾ
ਮੈਨੂੰ ਜਲਦੀ ਜਲਦੀ ਭੇਜ ਦੇਵੋ ਅਤੇ ਪਾਸਪੋਰਟ ਅਪਲਾਈ ਕਰ ਦੇਵੋ। ਤੁਹਾਡੇ ਕਾਗਜ਼ ਜਿਓਂ ਹੀ
ਪਹੁੰਚੇ, ਮੈਂ ਤੁਹਾਨੂੰ ਸਪਾਂਸਰ ਕਰ ਦੇਵਾਂਗਾ।'
ਉਸ ਸ਼ਾਮ ਲੁਧਿਆਣਿਓਂ ਘੁਡਾਣੀ ਵਾਲੀ ਬੱਸ 'ਚ ਬੈਠਾ, ਮੈਂ ਰਛਪਾਲ ਦੀ ਚਿੱਠੀ ਨੂੰ ਵਾਰ-ਵਾਰ
ਖੋਲ੍ਹੀ-ਮੁੰਦੀ ਗਿਆ।
-ਵਧਾਈਆਂ, ਜੀ ਵਧਾਈਆਂ! ਦਰਵਾਜ਼ਿਓਂ ਅੰਦਰ ਹੋਣ ਸਾਰ ਮੈਂ ਆਪਣੀ ਮੁਸਕਾਣ ਸੁਖਸਾਗਰ ਵੱਲੀਂ
ਲਮਕਾਅ ਦਿੱਤੀ।
-ਵਧਾਈਆਂ? ਉਸ ਨੇ ਆਪਣੇ ਮੱਥੇ-'ਚ-ਉੱਗ-ਆਈ ਘੁਟਣ ਨੂੰ, ਮੇਰੇ ਚਿਹਰੇ ਉੱਤੇ ਸੇਧ ਲਿਆ। -ਵਧਾਈਆਂ
ਕਾਹਦੀਆਂ?
-ਲਾ, ਲਾ ਅੰਦਾਜ਼ਾ!
ਕੁਝ ਕੁ ਸਕਿੰਟ ਅੱਖਾਂ ਮੀਟਣ ਤੋਂ ਬਾਅਦ, ਸਾਗਰ ਨੇ ਆਪਣੇ ਸਿਰ ਨੂੰ ਸੱਜੇ-ਖੱਬੇ ਫੇਰ ਦਿੱਤਾ।
-ਰਛਪਾਲ ਪੱਕਾ ਹੋ ਗਿਆ!
ਮੈਂ ਆਪਣੇ ਬਰੀਫ਼ਕੇਸ ਦੀ ਜ਼ਿੱਪਰ ਦਾ ਕੁੰਡਾ 'ਸ਼ੁਰਕ' ਕਰ ਕੇ ਇੱਕ ਪਾਸੇ ਨੂੰ ਖਿੱਚਿਆ, ਅਤੇ
ਨਿੱਕੀਆਂ ਨਿੱਕੀਆਂ ਲਾਲ ਟਿੱਕੀਆਂ ਵਾਲ਼ੇ ਬਾਡਰ ਵਾਲ਼ਾ ਨੀਲਾ ਲਫ਼ਾਫ਼ਾ ਸੁਖਸਾਗਰ ਵੱਲੀਂ ਵਧਾਅ
ਦਿੱਤਾ।
ਪਹਿਲੇ ਪੈਰਿਆਂ ਨੂੰ ਪੜ੍ਹਦਿਆਂ ਮੁਸਕਰਾਅ-ਰਹੀ ਸੁਖਾਗਰ ਜਦੋਂ ਰਛਪਾਲ ਵੱਲੋਂ ਕੀਤੀ ਗਈ, ਜਨਮ
ਤਰੀਕ ਅਤੇ ਹੋਰ ਕਾਗਜ਼ਾਤ ਭੇਜਣ ਦੀ ਤਾਕੀਦ 'ਤੇ ਅੱਪੜੀ, ਤਾਂ ਉਸਦੇ ਮੱਥੇ ਉੱਪਰ ਗੰਢ ਬੱਝਣ
ਲੱਗੀ। ਆਪਣਾ ਚਿਹਰਾ ਕਦੇ ਬੀ ਜੀ ਵੱਲੀਂ ਤੇ ਕਦੇ ਬਾਪੂ ਜੀ ਵੱਲੀਂ ਮੋੜਦੀ ਹੋਈ ਉਹ ਆਪਣੇ
ਬੁੱਲ੍ਹਾਂ ਨੂੰ ਆਪਣੇ ਦੰਦਾਂ ਵਿਚਕਾਰ ਟਿਕਾਉਣ-ਕੱਢਣ ਲੱਗੀ।
ਸਾਗਰ ਨੂੰ ਤੇ ਮੈਨੂੰ 'ਏਕ ਜੋਤ, ਦੋਇ ਮੂਰਤੀ' ਹੋਇਆਂ ਤਿੰਨ ਸਾਲ ਹੋਣ ਵਾਲ਼ੇ ਸਨ: ਇਨ੍ਹਾਂ
ਤਿੰਨਾਂ ਸਾਲਾਂ ਦੌਰਾਨ ਉਸਦੀ ਕੁੱਖ ਵਿੱਚ ਚਾਨਣੀ ਜਗਾਉਣ ਲਈ ਅਸੀਂ ਕਈ ਡਾਕਟਰਾਂ ਦੇ ਕਲਿਨਿਕਾਂ
ਵਿੱਚ ਆਪਣੇ ਬਟੂਏ ਕਈ-ਕਈ ਵਾਰ ਖ਼ਾਲੀ ਕਰ ਚੁੱਕੇ ਸਾਂ।
-ਚਲੋ, ਕਾਗਜ਼ ਤਾਂ ਆ ਲੈਣ ਦਿਓ, ਸਾਗਰ ਦੇ ਚਿਹਰੇ ਉੱਤੇ ਉੱਤਰ ਆਈ ਠੰਢ ਨੂੰ ਦੇਖਦਿਆਂ, ਬੀ
ਜੀ ਦੀ ਬਜ਼ੁਰਗੀ ਬੋਲੀ। -ਓਦੂੰ ਬਾਅਦ ਸੋਚ ਲਵਾਂਗੇ ਕੀ ਕਰਨੈ!
-ਪਰ ਤੁਸੀਂ 'ਕੱਲੇ ਐਥੇ, ਬੀ ਜੀ? ਸੁਖਸਾਗਰ ਦਾ ਹੇਠਲਾ ਬੁੱਲ੍ਹ ਕੰਬਣ ਲੱਗਾ। -ਤੇ ਅਸੀਂ
ਦੋਵੇਂ ਸੱਤ ਸਮੁੰਦਰੋਂ ਪਾਰ?
-ਹਾਲੇ ਹੱਡ-ਪੈਰ ਚਲਦੇ ਆ ਸਾਡੇ, ਸਾਗਰ! ਬੀ ਜੀ ਦੇ ਬੁੱਲ੍ਹਾਂ ਉੱਪਰ ਮਨਜ਼ੂਰੀ ਜੁੜਨ ਲੱਗੀ।
-ਨਾਲ਼ੇ ਕਨੇਡਾ 'ਚ ਤੇਰਾ ਇਲਾਜ ਵੀ, ਬੇਟਾ, ਐਥੋਂ ਨਾਲ਼ੋਂ ਵਧੀਆ ਈ ਹੋਊਗਾ!
ਉਸ ਰਾਤ ਸੁਖਸਾਗਰ ਵਾਰ-ਵਾਰ ਪਾਸੇ ਪਰਤਦੀ ਰਹੀ ਅਤੇ ਅਰਧ-ਨੀਂਦਰ 'ਚ ਵਾਰ-ਵਾਰ 'ਹੂੰਅਅ,
ਹੂੰਅਅ' ਕਰਦੀ ਰਹੀ। ਸਵੇਰ ਵੇਲ਼ੇ ਉਸ ਦੀਆਂ ਅੱਖਾਂ ਸਿੱਲ੍ਹੀਆਂ ਸਨ।
ਪੰਜ ਕੁ ਮਹੀਨਿਆਂ ਬਾਅਦ {ਸਤੰਬਰ,1974 ਦੇ ਅਖ਼ੀਰ 'ਚ} ਸੇਵਾਦਾਰ ਰੱਖਾ ਸਿੰਘ ਨੇ ਇੱਕ
ਇਨਲੈਂਡ ਲਿਫ਼ਾਫ਼ਾ ਮੇਰੇ ਵੱਲ ਵਧਾਇਆ। ਪੰਜਾਬੀ 'ਚ ਲਿਖੇ ਸਿਰਨਾਵੇਂ 'ਚ ਬਾਪੂ ਪਾਰਸ ਦੀਆਂ
ਉਂਗਲ਼ਾਂ ਉੱਭਰਨ ਲੱਗੀਆਂ। 'ਸੁਖ ਹੋਵੇ!' ਮੈਂ ਸੋਚਣ ਲੱਗਾ।
ਮੁਰਗਿਆਂ-ਬੋਤਲਾਂ ਤੇ ਲੋੜਵੰਦਾਂ ਉੱਪਰ ਨੋਟਾਂ ਨੂੰ ਕਬੂਤਰਾਂ ਵਾਂਗਣ ਉਡਾਉਣ ਵਾਲ਼ੇ ਬਾਪੂ
ਪਾਰਸ ਨੇ ਚਿੱਠੀ ਲਿਖਣ ਵੇਲ਼ੇ ਸ਼ਬਦਾਂ ਦੀ ਡਾਢੀ ਕਿਰਸ ਕੀਤੀ ਹੋਈ ਸੀ: ਕਾਕਾ ਇਕਬਾਲ ਸਿੰਘ
ਪ੍ਰੋਫ਼ੈਸਰ, ਘਰ ਸੁੱਖਸਾਂਦ ਹੈ। ਜ਼ਰੂਰੀ ਸੁਨੇਹਾਂ ਦੇਣ ਲਈ ਆਹ ਚਿੱਠੀ ਲਿਖ ਰਿਹਾ ਹਾਂ। ਤੇਰੇ
ਨਾਮ 'ਤੇ ਡਾਕ ਆਈ ਹੈ: ਕਾਫ਼ੀ ਭਾਰਾ ਲਿਫ਼ਾਫ਼ਾ ਹੈ! ਜਲਦੀ ਤੋਂ ਜਲਦੀ ਪਿੰਡ ਗੇੜਾ ਮਾਰ ਜਾਹ।
ਤੇਰੀ ਬੇਬੇ ਯਾਦ ਕਰਦੀ ਹੈ। ਕਰਨੈਲ ਸਿੰਘ
ਕਾਲਜ ਬੰਦ ਹੁੰਦਿਆਂ ਹੀ ਮੈਂ ਸੁਧਾਰ ਦੇ ਬਸ ਸਟਾਪ ਵੱਲੀਂ ਚਾਲੇ ਪਾ ਦਿੱਤੇ।
ਜਦੋਂ ਨੂੰ ਮੋਗਿਓਂ ਟੈਂਪੂ ਫੜ ਕੇ ਮੈਂ ਪਿੰਡ ਅੱਪੜਿਆ, ਸੂਰਜ ਨੇ ਹਨੇਰੇ ਨੂੰ ਕੁੰਜੀਆਂ
ਫੜਾਉਣ ਦੀ ਤਿਆਰੀ ਕਰ ਲਈ ਸੀ। ਭਾਰੇ ਲਫ਼ਾਫ਼ੇ ਦੇ ਸੱਜੇ ਕੋਨੇ 'ਚ ਕਨੇਡੀਅਨ ਹਾਈ ਕਮਿਸ਼ਨਰ ਦਾ
ਲੋਗੋ ਤੇ ਸਿਰਨਾਵਾਂ ਬੋਲੇ: ਖੋਲ੍ਹ ਛੇਤੀ ਲਫ਼ਾਫ਼ੇ ਨੂੰ!
ਕਨੇਡੀਅਨ ਐਂਬੈਸੀ ਤੋਂ ਆਏ ਭਾਰੀ ਲਿਫ਼ਾਫ਼ੇ 'ਚੋਂ ਕਾਗਜ਼ਾਂ ਦਾ ਥੱਬਾ ਨਿਕਲ਼ਿਆ: ਹਰ ਸਫ਼ੇ ਦੇ
ਕੱਲੇ ਕੱਲੇ ਵਾਕ ਨੂੰ ਗਹੁ ਨਾਲ਼ ਉਧੇੜਨ ਤੋਂ ਬਾਅਦ, ਮੈਂ ਰਾਮੂਵਾਲੇ ਵਾਲ਼ੇ ਸਾਡੇ ਘਰ ਦੇ ਇੱਕ
ਕੋਨੇ 'ਚ, ਕੁਰਸੀ ਉੱਪਰ ਬੈਠਾ, ਚੁਬੱਚੇ 'ਚ ਡਿੱਗ ਰਹੀ, ਟਿਊਬਵੈੱਲ ਦੀ ਮੋਟੀ ਧਾਰ ਦੀ
ਸ਼ਰਨ-ਸ਼ਰਨ ਸੁਣਦਾ ਹੋਇਆ, 'ਜੈਕ' ਦੀ ਜੱਤ ਨੂੰ ਪਲ਼ੋਸ ਰਿਹਾ ਸਾਂ।
ਅਗਲੇ ਦਿਨ ਕਾਲਜ ਜਾਣ ਦੀ ਥਾਂ ਮੈਂ ਮੋਗਿਓਂ ਸਿੱਧਾ ਲੁਧਿਆਣੇ ਦੇ ਬੱਸ ਅੱਡੇ 'ਤੇ ਜਾ
ਉੱਤਰਿਆ, ਤੇ ਘੁਡਾਣੀ ਵਾਲੀ ਬੱਸ ਦੀ ਇੰਤਜ਼ਾਰ ਕਰਦਾ ਹੋਇਆ, ਐਂਬੈਸੀ ਵੱਲੋਂ ਆਏ ਕਾਗਜ਼ਾਂ ਬਾਰੇ
ਸੋਚਣ ਲੱਗਾ।
ਐਂਬੈਸੀ ਵੱਲੋਂ ਆਏ ਪੁਲੰਦੇ ਦੇ ਨੌਂ-ਦੱਸ ਕਾਗਜ਼ ਦੇਖ ਕੇ ਸਾਗਰ ਦੇ ਮੱਥੇ 'ਚ ਸਿਲਵਟਾਂ ਉੱਭਰ
ਆਈਆਂ, ਤੇ ਉਹ, ਸਾਡੇ ਸੌਣ-ਕਮਰੇ ਦੀ ਟਾਂਡ ਉੱਪਰ ਟਿਕਾਏ, ਬੀ ਜੀ ਤੇ ਬਾਪੂ ਜੀ ਦੇ ਪੋਰਟਰੇਟਾਂ
ਦੇ ਫ਼ਰੇਮਾਂ ਅਤੇ ਸ਼ੀਸ਼ਿਆਂ ਉੱਤੋਂ ਗਰਦ ਪੂੰਝਣ ਲੱਗੀ।
ਅਗਲੇ ਹਫ਼ਤੇ ਇੱਕ ਦਿਨ, ਜਦੋਂ ਮੈਂ ਕਨੇਡੀਅਨ ਐਂਬੈਸੀ ਵੱਲੋਂ ਆਏ ਐਪਲੀਕੇਸ਼ਨ ਫ਼ਾਰਮ ਦੇ ਅਮੁੱਕ
ਸਫ਼ਿਆਂ ਦੀ ਹਲਕੀ-ਹਲਕੀ ਹਰਿਆਵਲ ਦੇ ਕਾਲਮਾਂ 'ਚ, ਸਾਡੇ ਦੋਹਾਂ ਬਾਰੇ ਮੰਗੀ-ਹੋਈ ਜਾਣਕਾਰੀ
ਭਰ ਰਿਹਾ ਸਾਂ, ਤਾਂ ਸੁਖਸਾਗਰ, ਬੀ ਜੀ ਹੋਰਾਂ ਦੇ ਸੌਣ-ਕਮਰੇ ਵੱਲ ਨੂੰ ਖਿਸਕ ਗਈ।
ਦੋ ਮਹੀਨਿਆਂ ਬਾਅਦ, {1974 ਦੇ ਨਵੰਬਰ 'ਚ} ਹਵਾ ਵਿੱਚ ਘੁਲ਼-ਰਹੀ ਠੰਢ ਦੀ ਮੱਠੀ ਮੱਠੀ
ਪੈੜਚਾਲ ਨੇ ਰਜਾਈਆਂ-ਗੁਦੈਲਿਆਂ ਵਾਲ਼ੇ ਪੇਟੀਆਂ-ਸੰਦੂਕਾਂ 'ਚ ਉਥਲ-ਪੁਥਲ ਛੇੜ ਦਿੱਤੀ। ਛੇਤੀ
ਹੀ 1975 ਦਾ ਸਾਲ ਪਰਗਟ ਹੋ ਗਿਆ: ਦਰਖ਼ਤਾਂ ਦੀਆਂ ਟਾਹਣੀਆਂ ਗੰਜੀਆਂ ਹੋਣ ਲੱਗੀਆਂ ਅਤੇ ਉਹਨਾਂ
ਉਦਾਲ਼ੇ, ਜਨਵਰੀ ਦੇ ਠੰਢੇ-ਸੀਤ ਸਾਹ ਲਿਪਟਣ ਲੱਗੇ। ਐਂਬੈਸੀ ਵੱਲ ਕਈ ਮਹੀਨੇ ਪਹਿਲਾਂ ਭੇਜੀ
ਸਾਡੀ ਅਰਜ਼ੀ ਦੀ ਯਾਦ ਉੱਪਰ ਤਾਂ ਬਹੁਤ ਹਫ਼ਤੇ ਪਹਿਲਾਂ ਹੀ ਧੂੜ ਜੰਮ ਚੁੱਕੀ ਸੀ ਕਿਉਂਕਿ ਮੇਰੇ
ਇੱਕ ਟਰੈਵਲ-ਏਜੰਟ ਮਿੱਤਰ ਨੇ ਮੈਨੂੰ ਕਹਿ ਦਿੱਤਾ ਸੀ ਕਿ ਕੈਨੇਡਾ ਹੁਣ ਬਹੁਤੇ ਇੰਮੀਗਰੈਂਟ,
ਗੋਰੇ ਮੁਲਕਾਂ 'ਚੋਂ ਲੈ ਰਿਹਾ ਹੈ: ਉਹਦੀਆਂ ਗੱਲਾਂ ਸੁਣ ਕੇ, ਕਨੇਡੀਅਨ ਐਂਬੈਸੀ ਤੋਂ ਕਿਸੇ
ਖ਼ਤ-ਪੱਤਰ ਦੀ ਉਮੀਦ ਮੈਂ ਘੁਡਾਣੀ ਵਾਲ਼ੇ ਘਰ ਦੇ ਪਿਛਵਾੜੇ ਇੱਕ ਸੁੱਕੀ ਹੋਈ ਨਿੰਮ ਦੀਆਂ ਜੜ੍ਹਾਂ
'ਚ ਝਾੜ ਦਿੱਤੀ ਸੀ। ਉਸ ਮਿੱਤਰ ਦੀਆਂ ਗੱਲਾਂ ਤੋਂ ਬਾਅਦ ਇੱਕ ਫ਼ਾਇਦਾ ਇਹ ਜ਼ਰੂਰ ਹੋਇਆ ਸੀ ਕਿ
ਸੁਖਸਾਗਰ ਦੀ ਐਨਾਸੀਨ ਵਾਲੀ ਸ਼ੀਸ਼ੀ ਪੰਜ-ਛੇ ਦਿਨਾਂ 'ਚ ਖਾਲੀ ਹੋਣ ਦੀ ਥਾਂ, ਦੋ-ਦੋ ਹਫ਼ਤਿਆਂ
ਬਾਅਦ ਵੀ ਓਨੀ ਦੀ ਓਨੀ ਰਹਿਣ ਲੱਗ ਪਈ ਸੀ। ਉਹ ਹੁਣ ਲੁਧਿਆਣੇ ਦੇ ਬਸਾਤੀ ਬਜ਼ਾਰ 'ਚੋਂ ਉੱਨ
ਦੇ ਗੋਲ਼ੇ ਖ਼ਰੀਦ ਲਿਆਈ ਤੇ ਮੇਰੀਆਂ ਬਾਹਾਂ ਅਤੇ ਮੌਰਾਂ ਦੀ ਮਿਣਤੀ ਕਰ ਕੇ, ਬਹੁਤਾ ਸਮਾਂ ਦੋ
ਸਲ਼ਾਈਆਂ ਨੂੰ ਇੱਕ-ਦੂਜੀ ਨਾਲ਼ ਚੁੰਝੋ-ਚੁੰਝੀ ਕਰਨ ਵਿੱਚ ਗੁਜ਼ਾਰਨ ਲੱਗੀ।
ਇੱਕ ਦਿਨ ਮੈਂ ਕਲਾਸ ਪੜ੍ਹਾਅ ਕੇ ਕੈਂਨਟੀਨ ਵੱਲ ਨੂੰ ਵਗਿਆ ਜਾ ਰਿਹਾ ਸਾਂ; ਮੇਰੇ ਪਿਛਲੇ
ਪਾਸਿਓਂ ਆਈ ਸੇਵਾਦਾਰ ਰੱਖਾ ਸਿੰਘ ਦੀ ਆਵਾਜ਼ ਨੇ ਮੇਰੇ ਕਦਮਾਂ ਨੂੰ ਜਕੜ ਲਿਆ: ਸਟਾਫ਼ਰੂਮ 'ਚ
ਦਰਸ਼ਨ ਦਿਓ, ਇਕਬਾਲ ਸਾਅ੍ਹਬ! ਰੱਖਾ ਸਿੰਘ ਆਪਣੀ ਦਾਹੜੀ ਦੀ ਗੁੱਟੀ ਨੂੰ ਅੰਦਰ ਵੱਲ ਨੂੰ
ਧਕਦਿਆਂ ਬੋਲਿਆ।
ਮੈਂ ਆਪਣੀਆਂ ਅੱਖਾਂ ਸੁੰਗੇੜ ਕੇ ਰੱਖਾ ਸਿੰਘ ਵੱਲ ਝਾਕਿਆ। -ਮਿਲਣ ਆਇਐ ਕੋਈ?
-ਹਾਂ, ਜੀ; ਬਜ਼ੁਰਗ ਐ ਕੋਈ!
ਮੈਂ ਕੈਨਟੀਨ ਦਾ ਰੂਟ ਕੈਂਸਲ ਕਰ ਕੇ ਆਪਣਾ ਸਟੀਅਰਿੰਗ ਸਟਾਫ਼ਰੂਮ ਵੱਲ ਮੋੜ ਲਿਆ: ਉਥੇ 'ਨਵਾਂ
ਜ਼ਮਾਨਾ' ਅਖ਼ਬਾਰ 'ਚ ਖੁੱਭਿਆ ਬਾਪੂ ਪਾਰਸ, ਕੁਰਸੀ 'ਤੇ ਬੈਠਾ ਸੀ।
-ਤੁਸੀਂ ਕਿਵੇਂ, ਬਾਪੂ ਜੀ?
-ਓ ਆਹ ਚਿੱਠੀ ਆਈ ਐ ਇੱਕ ਕਲ੍ਹ ਤੇਰੇ ਨਾਂ 'ਤੇ! ਬਾਪੂ ਪਾਰਸ 'ਨਵਾਂ ਜ਼ਮਾਨਾ' ਨੂੰ ਮੇਜ਼ ਉੱਤੇ
ਟਿਕਾਉਂਦਿਆਂ ਬੋਲਿਆ।
ਉਸ ਸ਼ਾਮ ਜਦੋਂ ਮੈਂ ਘੁਡਾਣੀ ਵਾਲ਼ੇ ਘਰ 'ਚ ਦਾਖ਼ਲ ਹੋਇਆ, ਸੁਖਸਾਗਰ ਆਪਣੇ ਮੋਢਿਆਂ ਉਦਾਲ਼ੇ ਸ਼ਾਲ
ਲਪੇਟੀ ਬੈਠੀ ਸੀ। ਚਾਹ ਪੀਂਦਿਆਂ, ਮੈਂ ਬਾਪੂ ਪਾਰਸ ਵੱਲੋਂ ਸੁਧਾਰ ਕਾਲਜ 'ਚ ਮੇਰੇ ਹਵਾਲੇ
ਕੀਤੀ ਚਿੱਠੀ, ਉਸ ਵੱਲੀਂ ਵਧਾਅ ਦਿੱਤੀ।
-ਕਿੱਥੋਂ ਆਈ ਐ, ਏਹ ਚਿੱਠੀ? ਚਾਹ ਦੇ ਕੱਪ ਨੂੰ ਮੇਜ਼ ਉੱਪਰ ਟਿਕਾਅ ਕੇ ਉਸ ਨੇ ਆਪਣੀਆਂ ਉਂਗਲ਼ਾਂ
ਲਿਫ਼ਾਫ਼ੇ ਵਿੱਚ ਉਤਾਰ ਦਿੱਤੀਆਂ।
ਮਿੰਟ ਕੁ ਲਈ ਚਿੱਠੀ ਦੇ ਸ਼ਬਦਾਂ ਨੂੰ ਆਪਣੀਆਂ ਅਟਿਕਵੀਆਂ ਨਜ਼ਰਾਂ ਨਾਲ਼ ਸਿੱਧੇ-ਪੁੱਠੇ ਕਰਨ
ਤੋਂ ਬਾਅਦ, ਉਸ ਨੇ ਆਪਣਾ ਹੇਠਲਾ ਬੁੱਲ੍ਹ ਆਪਣੇ ਦੰਦਾਂ ਵਿਚਕਾਰ ਕਰ ਲਿਆ, ਤੇ ਉਹ ਸਿਰਹਾਣੇ
ਹੇਠੋਂ ਸਕਾਅਫ਼ ਨੂੰ ਖਿੱਚ ਕੇ ਆਪਣੇ ਸਿਰ ਉਦਾਲ਼ੇ ਲਪੇਟਣ ਲੱਗ ਪਈ। ਟਾਂਡ ਉੱਪਰ ਖਲੋਤੀ
ਐਸਪਰੀਨ ਦੀ ਸ਼ੀਸ਼ੀ ਵੱਲੀਂ ਆਪਣਾ ਹੱਥ ਵਧਾਅ ਕੇ, ਤਿਊੜੀਆਂ-ਬਣ-ਗਏ ਆਪਣੇ ਮੱਥੇ ਹੇਠ
ਸੁੰਗੇੜੀਆਂ ਹੋਈਆਂ ਅੱਖਾਂ ਨੂੰ, ਉਸ ਨੇ ਮੇਰੇ ਵੱਲ ਗੇੜ ਲਿਆ।
'ਇੰਟਰਵਿਊ?' ਉਹ ਹੁਣ ਆਪਣੇ ਸਿਰ ਨੂੰ ਸਹਿਜੇ ਸਹਿਜੇ ਸੱਜੇ-ਖੱਬੇ ਫੇਰਦਿਆਂ ਬੋਲੀ। ਤੇ ਅਗਲੇ
ਪਲ ਐਂਬੈਸੀ ਦੀ ਚਿੱਠੀ ਮੇਜ਼ ਉੱਪਰ ਪਈ ਸੀ।
ਮੇਰੇ ਹੱਥ 'ਚ ਪਕੜੀ ਚਾਹ ਵਾਲੀ ਪਿਆਲੀ ਥਿੜਕਣ ਲੱਗੀ।
ਚਾਬੀ-ਵਾਲ਼ੇ ਟਾਈਮਪੀਸ ਦੀ ਟਿੱਕ-ਟਿੱਕ, ਕਮਰੇ 'ਚ ਛਾਈ ਚੁੱਪ ਦੇ ਲਮਕਾਅ ਵਿੱਚ ਮੋਰੀਆਂ ਕਰਨ
ਲੱਗੀ।
-ਇੰਟਰਵਿਊ 'ਤੇ ਜਾਣ ਦਾ ਕੋਈ ਹਰਜ਼ ਨੀ, ਬੇਟਾ! ਬੀ ਜੀ ਕਦੇ ਮੇਰੇ ਵੱਲੀਂ ਤੇ ਕਦੇ ਸਾਗਰ ਵੱਲੀਂ
ਝਾਕਣ ਲੱਗੇ। -ਮੌਕਾ ਨੀ ਖੁੰਝਾਈਦਾ ਹੁੰਦਾ। ਕਨੇਡਾ ਜਾਣ ਜਾਂ ਨਾ-ਜਾਣ ਬਾਰੇ ਬਾਅਦ 'ਚ ਸੋਚ
ਲਿਓ!
-ਅੱਵਲ ਤਾਂ ਇੰਟਰਵਿਊ 'ਚ ਆਪਾਂ ਨੂੰ ਫੇਅ੍ਹਲ ਹੀ ਕਰ ਦੇਣੈ ਅਗਲਿਆਂ ਨੇ, ਆਪਣੀ ਆਵਾਜ਼ ਨੂੰ
ਟੁੱਟਣ ਤੋਂ ਬਚਾਉਂਦਿਆਂ ਹੋਇਆਂ, ਮੈਂ ਆਪਣੀਆਂ ਅੱਖਾਂ ਸਾਗਰ ਦੇ ਚਿਹਰੇ ਵੱਲੀਂ ਮੋੜ ਲਈਆਂ।
-ਪਰ ਜੇ ਪਾਸ ਹੋ ਵੀ ਗਏ ਤਾਂ ਦੋ ਕੁ ਸਾਲ ਕੈਨੇਡਾ 'ਚ ਟਰਾਈ ਕਰਨ ਦਾ ਕੋਈ ਹਰਜ਼ ਵੀ ਨਹੀਂ।
-ਮੈਂ ਵੀ ਚਾਹੁੰਨੀ ਆਂ, ਬੱਚਿਓ, ਕਿ ਹੋਰ ਨੀ ਤਾਂ ਕੋਈ ਖਿਡਾਉਣਾ ਲੈ ਕੇ ਈ ਵਾਪਿਸ ਆ ਜਾਇਓ
ਕਨੇਡਾ ਤੋਂ! ਬੀ ਜੀ ਆਪਣੀਆਂ ਐਨਕਾਂ ਨੂੰ ਆਪਣੀ ਚੁੰਨੀ ਦੇ ਲੜ ਨਾਲ਼ ਸਾਫ਼ ਕਰਦਿਆਂ ਬੋਲੇ। -ਸਾਡਾ
ਵੀ ਤਾਂ ਐਸ ਘਰ 'ਚ ਰੌਣਕ ਦੇਖਣ ਨੂੰ ਦਿਲ ਕਰਦੈ!
***
ਇੰਟਰਵਿਊ ਤੋਂ ਅੱਠ ਕੁ ਹਫ਼ਤੇ ਬਾਅਦ ਇੱਕ ਐਤਵਾਰ ਦੀ ਸ਼ਾਮ, ਬਾਪੂ ਪਾਰਸ ਨੇ ਸਾਡੇ ਘੁਡਾਣੀ ਕਲਾਂ
ਵਾਲ਼ੇ ਘਰ ਦੀ ਡੋਰ-ਬੈੱਲ ਆ ਖੜਕਾਈ। ਚਾਹ ਦੀਆਂ ਪਿਆਲੀਆਂ ਕਿਚਨ 'ਚੋਂ ਡਰਾਇੰਗਰੂਮ ਦਾ ਦਰਵਾਜ਼ਾ
ਖੋਲ੍ਹ ਕੇ ਅੰਦਰ ਵੜੀਆਂ ਹੀ ਸਨ ਕਿ ਬਾਪੂ ਪਾਰਸ ਨੇ ਚਮੜੇ ਦੇ ਬੈਗ਼ ਨੂੰ ਫਰੋਲਣਾ ਸ਼ੁਰੂ ਕਰ
ਦਿੱਤਾ।
-ਮੈਂ ਤਾਂ ਆਹ ਚਿੱਠੀ ਫੜਾਉਣ ਆਇਆਂ, ਢੋਲ ਸਾਹਿਬ, ਬਾਪੂ ਪਾਰਸ ਨੇ ਲਿਫ਼ਾਫ਼ਾ ਮੇਰੇ ਵੱਲ ਨੂੰ
ਵਧਾਅ ਦਿੱਤਾ।
ਤਹਿ-ਕੀਤੇ ਕਾਗਜ਼ਾਂ ਨੂੰ ਵੱਡ-ਅਕਾਰੀ ਲਿਫ਼ਾਫ਼ੇ 'ਤੋਂ ਮੁਕਤ ਕਰਦਿਆਂ, ਮੈਂ ਆਪਣੀਆਂ ਅੱਖਾਂ
ਪਹਿਲੇ ਸਫ਼ੇ ਦੀ ਇਬਾਰਤ ਉੱਤੇ ਢੇਰੀ ਕਰ ਦਿੱਤੀਆਂ। ਪਹਿਲੀ ਸਤਰ ਵਿੱਚ ਲਿਖਿਆ ਸੀ: ਡੀਅਰ
ਮਿਸਟਰ ਗਿੱਲ, ਵੀ ਆਰ ਪਲੀਜ਼ਡ ਟੂ ਇਨਫ਼ੋਰਮ ਯੂ... {ਪਿਆਰੇ ਮਿਸਟਰ ਗਿੱਲ, ਇਹ ਦਸਦਿਆਂ ਖ਼ੁਸ਼ੀ
ਲੈ ਰਹੇ ਹਾਂ ...}
ਮੇਰੀਆਂ ਅੱਖਾਂ 'ਚ ਜੁਗਨੂੰ ਟਿਮਕਣ ਲੱਗੇ।
-ਕਨੇਡੀਅਨ ਐਂਬੈਸੀ ਦੀ ਚਿੱਠੀ ਆ, ਬਾਪੂ ਜੀ! ਮੈਂ ਆਪਣੇ ਬੁੱਲ੍ਹਾਂ ਨੂੰ ਖਿੰਡਾਰ ਕੇ ਬਾਪੂ
ਪਾਰਸ ਵੱਲੀਂ ਝਾਕਣ ਲੱਗਾ। -ਨਾਲ਼ ਆਹ ਡਾਕਟਰਾਂ ਦੀ ਲਿਸਟ ਵੀ ਅਟੈੱਚ ਕੀਤੀ ਐ!
-ਪੈ ਗਿਆ ਸਿਆਪਾ? ਸਾਗਰ ਮੇਰੇ ਵੱਲੀਂ ਝਾਕਦਿਆਂ ਸਿਰ ਨੂੰ ਸੱਜੇ-ਖੱਬੇ ਫੇਰਨ ਲੱਗੀ।
-ਕੀ ਗੱਲ ਖੁਸ਼ ਨੀ ਲਗਦੀ ਸਾਗਰ ਕਨੇਡਾ ਜਾ ਕੇ! ਬਾਪੂ ਪਾਰਸ ਦੀ ਦਾਹੜੀ ਦੇ ਚਿੱਟੇ ਵਾਲ਼
ਕਾਲ਼ਿਆਂ ਨਾਲ਼ ਘਸੜਨ ਲੱਗੇ।
ਮੈਂ ਚੁੱਪ-ਚਾਪ, ਠਰ-ਰਹੀ ਚਾਹ ਵੱਲੀਂ ਝਾਕਦਾ ਰਿਹਾ।
-ਪਰ ਇੱਕ ਗੱਲ ਸੁਣਲੋ, ਬੇਟਾ ਜੀ, ਬਾਪੂ ਪਾਰਸ ਬੋਲਿਆ। -ਏਹੋ ਜਿਹੇ ਮੌਕੇ ਵਾਰ ਵਾਰ ਨੀ
ਆਉਂਦੇ।
ਸਾਗਰ ਦੇ ਡੂੰਘੇ ਹਾਉਕੇ ਨੂੰ ਸੁਣਦਿਆਂ ਬਾਪੂ ਪਾਰਸ ਕਦੇ ਮੇਰੇ ਵੱਲ ਤੇ ਕਦੇ ਸਾਗਰ ਵੱਲੀਂ
ਝਾਕਣ ਲੱਗਾ।
-ਪਰ... ਬਾਪੂ ਜੀਅਅ! ਤੇ ਸਾਗਰ ਨੇ ਆਪਣੀਆਂ ਨਜ਼ਰਾਂ ਬੀ ਜੀ ਤੇ ਬਾਪੂ ਜੀ ਦੀਆਂ ਤਸਵੀਰਾਂ
ਵੱਲ ਫੇਰ ਲਈਆਂ।
ਅਗਲੇ ਕਈ ਦਿਨਾਂ ਦੌਰਾਨ ਬੀ ਜੀ ਤੇ ਬਾਪੂ ਜੀ, ਸਾਗਰ ਦੇ ਮੱਥੇ ਦੀਆਂ ਤਿਊੜੀਆਂ ਨੂੰ ਸਾਵੀਂਆਂ
ਕਰਨ 'ਚ ਲੱਗੇ ਰਹੇ। -ਸਾਡਾ ਕਿਓਂ ਫਿਕਰ ਕਰਦੀ ਐਂ? ਉਹ ਵਾਰ ਵਾਰ ਆਖਦੇ। -ਦੋ ਢਾਈ ਸਾਲਾਂ
'ਚ ਜੇ ਕੋਈ ਖਿਡਾਉਣਾ ਤੇਰੀ ਝੋਲੀ 'ਚ ਪੈ ਗਿਆ ਤਾਂ ਵਾਪਿਸ ਆ ਜਾਇਓ!
ਅਪਰੈਲ 1975 ਦੇ ਆਖ਼ਰੀ ਹਫ਼ਤੇ ਦੇ ਇੱਕ ਦਿਨ ਮੈਂ ਤੇ ਸਾਗਰ, ਮੁਲਾਂਪੁਰ ਕਸਬੇ 'ਚ ਸਥਿਤ
ਡਾਕਟਰ ਨਿਰਮਲ ਸਿੰਘ ਦੇ ਕਲਿਨਿਕ ਦੇ ਸਾਹਮਣੇ ਖਲੋਤੇ ਸਾਂ। ਡਾਕਟਰ ਨੇ ਸਾਨੂੰ ਵਾਰੀ ਵਾਰੀ
ਆਪਣੇ ਕੈਬਿਨ 'ਚ ਸੱਦਿਆ ਤੇ ਆਪਣੀ ਸਟੈਥੋਸਕੋਪ ਦੇ ਸਿਰੇ 'ਤੇ ਲੱਗੇ ਗੋਲ਼ ਢੱਕਣ ਨੂੰ ਸਾਡੀਆਂ
ਛਾਤੀਆਂ ਤੇ ਪਿੱਠਾਂ ਉੱਪਰ ਐਧਰ-ਓਧਰ ਟਿਕਾਅ ਕੇ ਉਹ ਸਾਨੂੰ ਲੰਮੇ ਸਾਹ ਲੈਣ ਦੀਆਂ ਹਦਾਇਤਾਂ
ਕਰਨ ਲੱਗਾ। ਫੇਰ ਉਸ ਨੇ ਸਾਨੂੰ ਵਾਰੀ ਵਾਰੀ ਇੱਕ ਐਕਸਰੇਅ ਮਸ਼ੀਨ ਦੇ ਸਾਹਮਣੇ ਖੜ੍ਹੇ ਕਰ ਲਿਆ।
ਐਕਸਰੇਅ ਖ਼ਤਮ ਹੁੰਦਿਆਂ ਹੀ ਇੱਕ ਨਰਸ ਨੇ ਸਾਡੀਆਂ ਕੂਹਣੀਆਂ ਦੇ ਅੰਦਰਲੇ ਪਾਸੇ ਨਾੜਾਂ 'ਚ
ਸੂਈਆਂ ਖੁਭੋਅ ਕੇ ਕਈ ਸ਼ੀਸ਼ੀਆਂ ਭਰ ਕੇ ਟਰੇਅ 'ਚ ਰੱਖ ਲਈਆਂ। ਹੁਣ ਉਸ ਨੇ ਪਲਾਸਟਿਕ ਦੀਆਂ ਦੋ
ਚੌੜੀਆਂ ਸ਼ੀਸ਼ੀਆਂ ਸਾਡੇ ਹੱਥਾਂ 'ਚ ਫੜਾਈਆਂ ਤੇ ਟੋਇਲਿਟ ਵੱਲੀਂ ਇਸ਼ਾਰਾ ਕਰ ਕੇ ਬੋਲੀ: ਐਸ
ਵਿੱਚ ਪਿਸ਼ਾਬ ਤੇ ਐਸ ਵਿੱਚ ਸਟੂਲ ਦੇ ਸੈਂਪਲ ਭਰ ਲਿਆਓ ਜੀ!
ਮਈ ਦੇ ਮਹੀਨੇ ਨੇ ਹਾਲੀ ਪਹਿਲਾ ਕਦਮ ਹੀ ਪੁੱਟਿਆ ਸੀ ਕਿ ਗਰਮੀਆਂ ਦੀਆਂ ਛੁੱਟੀਆਂ ਨੇ ਪੰਜਾਬ
ਭਰ ਦੇ ਕਾਲਜਾਂ 'ਚੋਂ ਰੌਣਕਾਂ ਹੂੰਝ ਕੇ ਪ੍ਰੋਫ਼ੈਸਰਾਂ ਤੇ ਵਿਦਿਆਰਥੀਆਂ ਦੇ ਘਰਾਂ ਵੱਲ ਤੋਰ
ਦਿੱਤੀਆਂ। ਸੁਰਿੰਦਰ ਨੇ, ਸੁਧਾਰ ਬਜ਼ਾਰ ਵਾਲ਼ੇ ਸਾਡੇ ਚੁਬਾਰੇ ਦੀਆਂ ਚਾਬੀਆਂ, ਚੌਬਾਰੇ ਹੇਠ
ਫ਼ਟਾਅਗਰਫ਼ੀ ਕਰਦੇ ਗੁਰਚਰਨ ਦੇ ਲੜਕੇ ਨੂੰ ਫੜਾਅ ਕੇ ਆਪਣੇ ਬੁੱਲਟ ਦਾ ਮੂਹਰਲਾ ਟਾਇਰ ਹਲਵਾਰੇ
ਵੱਲ ਨੂੰ ਕਰ ਲਿਆ। ਮੈਂ ਲੁਧਿਆਣੇ ਵਾਲੀ ਬੱਸ ਦੀ ਉਡੀਕ ਕਰਦਿਆਂ 'ਲਕੀਰ' ਰਿਸਾਲੇ ਵਿੱਚੋਂ
ਮੇਰੇ ਸ਼ਾਇਰ ਮਿੱਤਰ ਪਾਸ਼ ਦੀਆਂ ਕਵਿਤਾਵਾਂ ਦਾ ਹਾਲ-ਚਾਲ ਪੁੱਛਣ ਲੱਗਾ।
ਮਈ ਤੇ ਜੂਨ ਦੇ ਦੋ ਮਹੀਨੀਂ, ਰਾਤ ਦਾ ਹਨੇਰਾ ਜਿਓਂ ਹੀ ਵਿਦਾ ਹੁੰਦਾ, ਸਾਡੇ ਘੁਡਾਣੀ ਵਾਲ਼ੇ
ਘਰ ਦੀਆਂ ਕੰਧਾਂ ਨੂੰ ਬੁਖ਼ਾਰ ਚੜ੍ਹਨਾ ਸ਼ੁਰੂ ਹੋ ਜਾਂਦਾ। ਸੂਰਜ ਸਾਹਿਬ ਜਿਓਂ ਜਿਓਂ ਉੱਪਰ
ਨੂੰ ਉਠਦੇ, ਕੰਧਾਂ ਦੇ ਬੁਖ਼ਾਰ 'ਚ ਤੇਜ਼ੀ ਆਉਣ ਲੱਗਦੀ। ਸਾਰੀ ਦਿਹਾੜੀ, ਕੰਧਾਂ ਦਾ ਬੁਖ਼ਾਰ,
ਕਮਰਿਆਂ ਦੇ ਅੰਦਰ ਵੱਲ ਨੂੰ ਸਿੰਮਦਾ ਰਹਿੰਦਾ। ਛੱਤਾਂ ਤੋਂ ਲਟਕਦੇ ਪੱਖੇ ਇਸ ਬੁਖ਼ਾਰ ਨੂੰ
ਦਿਨ ਰਾਤ ਰਿੜਕਦੇ, ਤੇ ਸਾਡੇ ਮੱਥਿਆਂ ਉੱਪਰ ਉੱਭਰਦੇ ਪਸੀਨੇ ਨੂੰ ਸੁੱਕਣ ਦਾ ਭਰਮ ਦੇਈ ਜਾਂਦੇ।
ਮੇਰੇ ਪਿੰਡ, ਰਾਮੂਵਾਲੇ, ਸਾਡੇ ਖੇਤ-ਵਾਲ਼ੇ ਘਰ ਦੀ ਵੱਖੀ ਲਾਗੇ ਲੱਗੀ ਪਾਣੀ ਵਾਲ਼ੀ ਮੋਟਰ ਦੀ
ਮੋਟੀ ਧਾਰ ਰਾਤ-ਭਰ ਮੇਰੇ ਸੁਪਨਿਆਂ ਸ਼ਰਨ-ਸ਼ਰਨ ਕਰਦੀ ਤੇ ਖੜ੍ਹੇ-ਕੰਨਾਂ ਵਾਲ਼ਾ 'ਜੈਕ'
ਮੂਹਰਲੀਆਂ ਲੱਤਾਂ ਚੁੱਕ ਕੇ ਆਪਣੀ ਜੀਭ ਮੇਰੇ ਨੱਕ ਵੱਲ ਨੂੰ ਵਧਾਉਂਦਾ ਹੋਇਆ ਮੈਨੂੰ ਪਿੰਡ
ਵੱਲ ਨੂੰ ਖਿੱਚਦਾ, ਪਰ ਸਵੇਰੇ ਉਠਦਿਆਂ ਹੀ, ਬੱਸਾਂ ਤੇ ਟੈਂਪੂਆਂ ਦਾ ਗਰਦਾ ਤੇ ਧੂੰਆਂ ਮੇਰੇ
ਮੱਥੇ 'ਚ ਫੈਲਣ ਲਗਦਾ, ਅਤੇ ਪਿੰਡ ਗੇੜਾ ਮਾਰਨ ਦੀ ਮੇਰੀ ਇੱਛਾ, ਸਾਡੇ ਭਰ ਦੇ ਪਿਛਵਾੜੇ
ਸੁੱਕੀ-ਹੋਈ ਨਿੰਮ ਦੀਆਂ ਜੜ੍ਹਾਂ 'ਚ ਜਾ ਬੈਠਦੀ।
ਜੁਲਾਈ ਦਾ ਪਹਿਲਾ ਹਫ਼ਤਾ, ਖੁਲ੍ਹਣ-ਸਾਰ ਹੀ ਅਸਮਾਨ ਵਿੱਚ ਗਰੜ-ਗਰੜ, ਦਗੜ-ਦਗੜ ਖੰਘਾਰਨ ਲੱਗਾ।
ਇੱਕ ਰਾਤ ਮੈਂ ਦਰੀ ਤੇ ਚਾਦਰ ਨੂੰ ਛੱਤ ਉੱਤੇ ਡੱਠੇ ਮੰਜੇ ਦੇ ਹਵਾਲੇ ਕੀਤਾ ਹੀ ਸੀ ਕਿ
ਅਸਮਾਨ 'ਚ ਤਲਵਾਰਾਂ ਭਿੜਨ ਲੱਗੀਆਂ: ਪਹਿਲਾਂ ਨਿੱਕੇ ਨਿੱਕੇ ਲਿਸ਼ਕਾਰੇ ਤੇ ਫਿਰ ਅੱਗ ਦੀ ਇੱਕ
ਅਮੁੱਕ ਲਕੀਰ, ਚੜ੍ਹਦਿਓਂ ਲਹਿੰਦੇ ਵੱਲ ਨੂੰ ਖਿੱਚੀ ਗਈ! ਸਾਰੇ ਪਿੰਡ ਦੇ ਬਲਬ ਹਨੇਰੇ ਵਿੱਚ
ਲਿਪਟ ਗਏ, ਤੇ ਛਿਣ ਕੁ ਭਰ ਪਹਿਲਾਂ ਅੱਗ ਦੀ ਲਕੀਰ ਨਾਲ਼ ਦੋਫ਼ਾੜ ਹੋਈਆਂ ਕਾਲ਼ੀਆਂ ਘਟਾਵਾਂ
ਸ਼ੇਰਾਂ-ਹਾਥੀਆਂ ਵਾਂਗਣ ਦਹਾੜਨ ਲੱਗੀਆਂ। ਸਾਡੇ ਘਰ ਦੀ ਛੱਤ ਕੰਬਣ ਲੱਗੀ। ਮੈਂ ਚਾਦਰ ਤੇ ਦਰੀ
ਨੂੰ ਗੁੱਛਾ-ਮੁੱਛਾ ਕਰ ਕੇ ਹਾਲੇ ਪੌੜੀਆਂ ਦੇ ਅੱਧ ਤੀਕਰ ਹੀ ਉੱਤਰਿਆ ਸਾਂ ਕਿ ਬੱਦਲਾਂ ਵਿੱਚੋਂ
ਪਾਣੀ ਦੇ ਮੋਟੇ ਮੋਟੇ 'ਕਣੇ' ਇੱਕ-ਦਮ ਢੇਰੀ ਹੋਣ ਲੱਗੇ। ਪਲਾਂ 'ਚ ਹੀ ਆਂਢ-ਗਵਾਂਢ ਸਮੇਤ
ਸਾਡੇ ਘਰ ਦੇ ਪਰਨਾਲ਼ਿਆਂ 'ਚੋਂ ਭਾਖ਼ੜਾ ਡੈਮ ਡੁਲ੍ਹਣ ਲੱਗਾ।
ਜੁਲਾਈ ਦੇ ਦੂਜੇ ਹਫ਼ਤੇ ਸੁਧਾਰ ਕਾਲਜ ਦੇ ਗੇਟ 'ਤੇ ਗਹਿਮਾ-ਗਹਿਮੀ ਸੀ। ਪੇਂਡੂ ਮੁੰਡਿਆਂ
ਕੁੜੀਆਂ ਦੀ ਸਾਦਗੀ ਸਾਈਕਲਾਂ ਨੂੰ ਸਟੈਂਡਾਂ ਉੱਪਰ ਖੜ੍ਹੇ ਕਰਦੀ, ਤੇ ਸਾਈਕਲ ਸਟੈਂਡ ਵਾਲੇ
ਸੇਵਾਦਾਰ {ਬਾਬਾ ਨਾਹਰ ਸਿੰਘ} ਵੱਲੀਂ 'ਸਾ-ਸਰੀ ਅਕਾਲ, ਬਾਬਾ ਜੀ' ਸੁੱਟ ਕੇ, ਬਾਬੂਆਂ ਦੇ
ਦਫ਼ਤਰ ਸਾਹਮਣੇ ਲੱਗੀਆਂ ਕਤਾਰਾਂ ਵੱਲ ਨੂੰ ਤੁਰ ਜਾਂਦੀ। ਬਾਬੂਆਂ ਤੋਂ ਦਾਖ਼ਲਾ-ਫ਼ੋਰਮ ਲੈ ਰਹੇ
ਪੇਂਡੂ ਮੁੰਡਿਆਂ ਦੇ ਨਾਲ਼ ਹੀ ਕਾਲਜ 'ਚ ਵੜ ਆਈ ਚਰ੍ਹੀਆਂ ਤੇ ਮੱਕੀਆਂ ਦੇ ਟਾਂਡਿਆਂ ਦੀ
ਸਿੱਲ੍ਹੀ ਖ਼ੁਸ਼ਬੋਈ, ਬਾਬੂਆਂ ਦੇ ਦਫ਼ਤਰਾਂ ਤੋਂ ਕੈਨਟੀਨ ਦੇ ਮੇਜ਼ਾਂ-ਕੁਰਸੀਆਂ ਤੀਕ ਪੈੜਚਾਲ
ਕਰਦੀ ਰਹਿੰਦੀ।
ਕਲਾਸਾਂ ਸ਼ੁਰੂ ਹੋਇਆਂ ਹਾਲੇ ਪੰਜ ਕੁ ਦਿਨ ਹੋਏ ਸਨ ਕਿ ਇੱਕ ਦਿਨ, ਆਪਣੇ ਬੈਗ਼ ਨੂੰ ਸੰਭਾਲ਼ਦਾ
ਹੋਇਆ ਬਾਪੂ ਪਾਰਸ, ਸਟਾਫ਼ਰੂਮ ਦੇ ਦਰਵਾਜ਼ੇ 'ਚ ਪਰਗਟ ਹੋ ਗਿਆ। ਅੰਦਰ ਵੜਦਿਆਂ ਹੀ ਬੋਲਿਆ:
ਚਿੱਠੀ ਆ ਗੀ, ਬਈ ਪਰੋਅਅਫ਼ੈਸਰਾ, ਇੱਕ ਹੋਰ!
-ਖੋਲ੍ਹ ਲੈਣੀ ਸੀ, ਬਾਪੂ ਦੇ ਹੱਥੋਂ ਲਫ਼ਾਫ਼ਾ ਫੜ ਕੇ ਮੈਂ ਉਸ ਦੇ ਫ਼ਲੈਪ ਨੂੰ ਖਰੋਚਣ ਲੱਗਾ।
ਲਫ਼ਾਫ਼ੇ 'ਚ ਛੋਟੇ ਆਕਾਰ ਦਾ ਇੱਕ ਮੋਹਰਬੰਦ ਲਫ਼ਾਫ਼ਾ ਸੀ; ਉਹਦੇ ਉੱਤੇ ਮੋਟੇ ਅੱਖਰਾਂ 'ਚ ਟਾਈਪ
ਕੀਤੀ ਹਦਾਇਤ ਨੂੰ ਪੜ੍ਹਨ ਸਾਰ ਮੇਰੇ ਸਿਰ 'ਚ ਹਵਾਈ ਜਹਾਜ਼ ਉੱਡਣ ਲੱਗਾ।
-ਕੀ ਲਿਖਿਐ ਚਿੱਠੀ 'ਚ? ਬਾਪੂ ਪਾਰਸ ਦੀ ਸੁੰਗੇੜੀਆਂ ਹੋਈਆਂ ਅੱਖਾਂ 'ਚ ਸੁਆਲ ਉੱਭਰਿਆ।
ਮੈਂ ਆਪਣੇ ਪੰਜੇ ਨੂੰ ਹਵਾਈ ਜਹਾਜ਼ ਵਾਂਗਣ ਆਪਣੇ ਚਿਹਰੇ ਦੇ ਸਾਹਮਣੇ ਫ਼ੈਲਾਅ ਕੇ ਖੱਬਿਓਂ ਸੱਜੇ
ਨੂੰ ਉਡਾਉਣ ਲੱਗਾ।
-ਵੀਜ਼ਾ? ਬਾਪੂ ਦੀਆਂ ਅੱਖਾਂ ਬੋਲੀਆਂ।
ਮੈਂ ਆਪਣਾ ਚਿਹਰਾ ਉੱਪਰੋਂ ਹੇਠਾਂ ਵੱਲ ਨੂੰ ਹਿਲਾਇਆ।
ਘੁਡਾਣੀ ਵਾਲ਼ੇ ਘਰ 'ਚ ਉਸ ਸ਼ਾਮ, ਜਦੋਂ ਅਸੀਂ ਖਾਣਾ ਖਾ ਰਹੇ ਸਾਂ, ਤਾਂ ਸਿਰਫ਼ ਪਲੇਟਾਂ-ਕੌਲੀਆਂ
ਨਾਲ਼ ਘਿਸੜ ਰਹੇ ਚਮਚਿਆਂ ਦਾ ਖੜਕਾ ਹੀ ਸੀ, ਤੇ ਜਾਂ ਹਲਕੇ ਹਲਕੇ ਪਚਾਕਿਆਂ ਦਾ।
ਬੁਰਸ਼ ਕਰਨ ਤੋਂ ਬਾਅਦ ਸੁਖਸਾਗਰ ਦੀ ਚੁੱਪ, ਬੀ ਜੀ-ਬਾਪੂ ਜੀ ਦੇ ਸੌਣ-ਕਮਰੇ ਵਿਚਲੇ
ਡਬਲ-ਬੈੱਡ ਉੱਪਰ ਜਾ ਲੇਟੀ।
-ਤੁਸੀਂ ਇਕੱਲੇ ਈ ਚਲੇ ਜਾਓ, ਅਗਲੀ ਸਵੇਰ, ਚਾਹ ਵਾਲੀ ਗੜਵੀ ਨੂੰ ਮੇਰੀ ਪਿਆਲੀ ਉੱਪਰ ਟੇਢੀ
ਕਰਦਿਆਂ ਸਾਗਰ ਬੁੜਬੁੜਾਈ।
ਬੀ ਜੀ ਦਾ ਲੰਮਾਂ ਸਾਹ ਉਹਨਾਂ ਦੇ ਫੇਫੜਿਆਂ 'ਚ ਲੰਮਾਂ ਸਮਾਂ ਰੁਕਿਆ ਰਿਹਾ।
-ਤੁਸੀਂ ਦੋਹਾਂ ਨੇ ਜਾਣੈ, ਸਾਗਰ! ਬੀ ਜੀ ਨੇ ਆਪਣਾ ਮੱਥਾ ਸੁੰਗੇੜਿਆ। - ਜੇ ਜੀ ਨਾ ਲੱਗਿਆ
ਤਾਂ ਮੁੜ ਆਇਓ ਜਦੋਂ ਮਰਜ਼ੀ।
18 ਸਤੰਬਰ {1975} ਦੀ ਸਵੇਰ ਚਾਰ ਸੂਟਕੇਸ ਪਾਇਲ ਤੋਂ ਆਈ ਅੰਬੈਸਡਰ ਦੇ ਸਿਰ ਉੱਤੇ ਅਸਵਾਰ
ਕਰ ਦਿੱਤੇ ਗਏ।
ਸੁਖਸਾਗਰ ਦੇ ਇੱਕਲੌਤੇ ਭਰਾ {ਜਿਸ ਨੂੰ ਅਸੀਂ 'ਕਾਕਾ'ਦੇ ਨਾਮ ਨਾਲ਼ ਸਦਦੇ ਸਾਂ/ਹਾਂ} ਨੇ
ਜ਼ਿੰਦਗੀ ਦੀਆਂ ਹਾਲੇ ਸਿਰਫ਼ ਦੋ ਕੁ ਬਹਾਰਾਂ ਹੀ ਮਾਣੀਆਂ ਸਨ ਜਦੋਂ ਕੁਦਰਤ ਨੇ ਉਸ ਦੀ ਬੌਧਿਕ
ਸਮਰੱਥਾ ਉਦਾਲ਼ੇ ਸੰਘਣੀ ਵਾੜ ਵਗਲ਼ ਦਿੱਤੀ ਸੀ। ਇਹ ਵਾੜ ਸਾਰੀ ਉਮਰ ਸੁਖਸਾਗਰ ਤੇ ਬੀ ਜੀ-ਬਾਪੂ
ਜੀ ਦੀਆਂ ਖ਼ੁਸ਼ੀਆਂ 'ਚ ਫਿਨਸੀਆਂ ਬਣੀ ਰਹੀ ਸੀ। ਮੈਥੋਂ ਸਿਰਫ਼ ਦੋ ਕੁ ਸਾਲ ਛੋਟਾ ਹੋਣ ਦੇ
ਬਾਵਜੂਦ ਉਹ ਨਿੱਕੇ ਨਿਆਣਿਆਂ ਵਾਂਗ ਹੀ ਵਿਚਰਦਾ ਸੀ/ਹੈ। ਕਾਕੇ ਨੂੰ ਉਸ ਦਿਨ ਵੀ ਘਰ ਵਿੱਚ
ਹੋ ਰਹੀ ਸਰਗਰਮੀ ਬਾਰੇ ਰਤਾ ਵੀ ਸਮਝ ਨਹੀਂ ਸੀ। ਉਹ ਆਪਣੇ ਰੁਟੀਨ ਮੁਤਾਬਿਕ ਵਾਰ ਵਾਰ ਚਾਹ
ਦੀ ਮੰਗ ਕਰਦਾ ਰਿਹਾ, ਤੇ ਆਪਣੇ ਕਮਰੇ ਦੀ ਛੱਤ ਤੋਂ ਲਟਕਦੇ ਪੱਖੇ ਨੂੰ ਦੇਖ ਦੇਖ ਕੇ
ਕਿਲਕਾਰੀਆਂ ਮਾਰਦਾ ਰਿਹਾ ਸੀ। ਸੁਖਸਾਗਰ ਵਾਰ ਵਾਰ ਉਸ ਦੇ ਕਮਰੇ 'ਚ ਜਾਂਦੀ ਤੇ ਉਸ ਦੇ ਮੱਥੇ
ਉੱਪਰ ਆਪਣੇ ਬੁਲ੍ਹਾਂ ਦੀ ਮੋਹਰ ਲਾ ਕੇ ਆਪਣੀਆਂ ਅੱਖਾਂ ਨੂੰ ਪੂੰਝਣ ਲਗਦੀ। ਅਖ਼ੀਰ ਮੈਂ ਤੇ
ਸਾਗਰ ਨੇ ਕਾਕੇ ਨੂੰ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਜਕੜਿਆ ਤੇ ਉਦਾਸ ਚਿਹਰੇ ਲੈ ਕੇ ਅਸੀਂ
ਉਸ ਦੇ ਕਮਰੇ 'ਚੋਂ ਵਿਹੜੇ ਵਿੱਚ ਆ ਗਏ।
-ਬੇਟਾ ਪਾਸਪੋਟ ਤੇ ਟਿਕਟ ਨਾ ਭੁੱਲ ਜਾਇਓ ਘਰ, ਬੀ ਜੀ ਨੇ ਆਪਣਾ ਪਰਸ ਚੁੱਕ ਕੇ ਹਦਾਇਤ ਕੀਤੀ।
ਕਾਰ ਜਿਓਂ ਜਿਓਂ ਖੰਨੇ ਵੱਲ ਨੂੰ ਵਧੀ, ਸਾਗਰ ਦੇ ਮੱਥੇ ਦੀ ਘੁਟਣ 'ਚ ਕਸੇਵਾਂ ਵਧਣ ਲੱਗਾ।
ਰਾਜਪੁਰਾ ਲੰਘਣ ਤੋਂ ਬਾਅਦ, ਜੀ. ਟੀ. ਰੋਡ ਨੇ ਜਿਓਂ ਹੀ ਆਪਣੀ ਸਿਰੀ ਹਰਿਆਣੇ ਦੀ ਹਵਾ 'ਚ
ਘੁਸੋਈ, ਮੇਰੇ ਅੰਦਰੋਂ ਜਿਵੇਂ ਪੰਜਾਬ ਦਾ ਨਕਸ਼ਾ ਕਿਰਨ ਲੱਗਾ। ਰਾਮੂੰਵਾਲੇ ਦੇ ਖੇਤ, ਸੁਧਾਰ
ਕਾਲਜ ਦੀਆਂ ਰੌਣਕਾਂ, ਅਤੇ ਸੁਧਾਰ ਬਜ਼ਾਰ ਵਿਚਲੇ ਸਾਡੇ ਚੌਬਾਰੇ ਦੇ ਦਰਵਾਜ਼ੇ ਨੂੰ
ਬਿਨਾ-ਖੜਕਾਇਆਂ ਅੰਦਰ ਲੰਘ ਆਉਣ ਵਾਲ਼ੇ ਘੁਮੱਕੜ ਤੇ ਫੱਕਰ, ਦਿੱਲੀ ਦੇ ਹਵਾਈ ਅੱਡੇ ਤੀਕਰ,
ਮੇਰੇ ਜ਼ਿਹਨ 'ਚ ਜਗਦੇ-ਬੁਝਦੇ ਰਹੇ।
ਦਿੱਲੀ ਦਾ ਹਵਾਈ ਅੱਡਾ ਉਨ੍ਹਾਂ ਜ਼ਮਾਨਿਆਂ 'ਚ ਅੱਜ ਵਾਂਗਣ ਕਿਲਾਬੰਦ ਨਹੀਂ ਸੀ ਹੋਇਆ ਕਿ
ਸੈਂਕੜੇ ਮੀਲਾਂ ਤੋਂ ਚੜ੍ਹਨ ਤੇ ਚੜ੍ਹਾਉਣ ਆਏ ਸਕੇ-ਸੰਬੰਧੀਆਂ ਨੂੰ, ਸ਼ੀਸ਼ੇ ਦੀ ਧੁੰਦਲ਼ੀ ਕੰਧ
ਦੇ ਬਾਹਰੋਂ ਹੀ ਆਪਣੀਆਂ ਹਿਚਕੀਆਂ ਇੱਕ-ਦੂਜੇ ਦੀਆਂ ਧੌਣਾਂ ਉਦਾਲ਼ੇ ਲਪੇਟ ਕੇ ਵਿੱਛੜਨਾ ਪੈਂਦਾ
ਹੈ। ਉਹਨੀ ਦਿਨੀਂ ਉਹ ਬੋਰਡਿੰਗ ਕਾਰਡ ਦੇਣ ਵਾਲ਼ੇ ਅੰਦਰਲੇ ਕਾਉਂਟਰਾਂ ਤੀਕ ਪਹੁੰਚਦੇ ਸਨ।
ਮੇਰੇ ਵਾਲ਼ੇ ਸੂਟਕੇਸ, ਬ੍ਰਿਟਿਸ਼ ਏਅਰਵੇਜ਼ ਦੇ ਕਾਊਂਟਰ ਦੀ ਬੈਲਟ 'ਤੇ ਟਿਕਦਿਆਂ ਹੀ ਅੰਦਰ ਵੱਲ
ਨੂੰ ਦੌੜ ਗਏ, ਪਰ ਸਾਗਰ ਵਾਲ਼ੇ ਸੂਟਕੇਸ ਬੈਲਟ ਉੱਪਰ ਚੜ੍ਹਦਿਆਂ ਹੀ ਪਰਲੇ ਪਾਸੇ ਦੀ ਕੰਧ ਨਾਲ਼
ਢੋਅ ਲਾ ਕੇ ਖਲੋਅ ਗਏ।
ਸਾਗਰ ਦੀਆਂ ਬਾਹਾਂ ਬੀ ਜੀ ਦੇ ਗਲ਼ ਦੁਆਲ਼ੇ ਲਿਪਟਣ ਲਈ ਉੱਠੀਆਂ, ਤਾ ਬੀ ਜੀ ਦਾ ਹੇਠਲਾ
ਬੁੱਲ੍ਹ ਕੰਬਣ ਲੱਗਾ। ਉਹਨਾਂ ਨੇ ਖੱਬਾ ਹੱਥ ਮੇਰੇ ਗਲ਼ ਦੁਆਲ਼ੇ ਵਗਲ਼ ਕੇ ਸਾਨੂੰ ਦੋਹਾਂ ਨੂੰ
ਆਪਣੀ ਅਸਮਾਨ ਜੇਡੀ ਗਲਵਕੜੀ ਵਿੱਚ ਵਗਲ਼ ਲਿਆ। ਬਾਪੂ ਜੀ ਆਪਣੀਆਂ ਅੱਖਾਂ ਨੂੰ ਪੂੰਝਣ ਲੱਗੇ
ਤਾਂ ਸਾਗਰ ਦੀਆਂ ਬਾਹਾਂ ਉਨ੍ਹਾਂ ਦੀ ਗਰਦਣ ਉਦਾਲ਼ੇ ਲਿਪਟ ਗਈਆਂ। ਸਾਗਰ ਦੀਆਂ ਹਿਚਕੀਆਂ ਨੇ
ਮੇਰੀਆਂ ਅੱਖਾਂ 'ਚ ਸਿੱਲ੍ਹ ਉਗਾਅ ਦਿੱਤੀ। ਹੈਂਡਬੈਗਾਂ ਨੂੰ ਮੋਢਿਆਂ ਉੱਤੇ ਲਟਕਾਅ ਕੇ, ਅੱਖਾਂ
ਨੂੰ ਪੂੰਝਦੇ ਹੋਏ, ਮੈਂ ਤੇ ਸਾਗਰ ਇੰਮੀਗਰੇਸ਼ਨ ਦੇ ਕਾਊਂਟਰਾਂ ਵੱਲ ਨੂੰ ਵਧਣ ਲੱਗੇ।
ਇੰਮੀਗਰੇਸ਼ਨ 'ਤੇ ਪਾਸਪੋਅਟਾਂ ਦੀ ਚੈਕਿੰਗ ਕਰਾਉਣ ਤੋਂ ਬਾਅਦ ਜਦੋਂ ਅਸੀਂ ਪਿੱਛੇ ਵੱਲ ਝਾਕੇ
ਤਾਂ ਬੀ ਜੀ ਦਾ ਹੇਠਲਾ ਬੁੱਲ੍ਹ ਉਨ੍ਹਾਂ ਦੇ ਦੰਦਾਂ ਵਿਚਕਾਰ ਸੀ, ਅਤੇ ਘੁੱਟੇ ਹੋਏ ਮੱਥੇ
ਹੇਠ ਉਨ੍ਹਾਂ ਦੀਆਂ ਅੱਖਾਂ ਵਾਰ ਵਾਰ ਝਮਕ ਰਹੀਆਂ ਸਨ। ਬੀ ਜੀ-ਬਾਪੂ ਜੀ ਦੇ ਅਤੇ ਮੇਰੇ ਤੇ
ਸਾਗਰ ਦੇ ਹੱਥ ਸਾਡੇ ਸਿਰਾਂ ਤੀਕ ਉੱਭਰ ਕੇ ਹਿੱਲਣ ਲੱਗੇ। ਬੀ ਜੀ ਤੇ ਬਾਪੂ ਜੀ ਵੱਲ ਦੇਖਦਿਆਂ
ਮੈਨੂੰ ਜਾਪਿਆ ਜਿਵੇਂ ਉਨ੍ਹਾਂ ਰਾਹੀਂ ਸਾਰਾ ਪੰਜਾਬ ਹੀ ਮੈਨੂੰ ਅਲਵਿਦਾ ਆਖ ਰਿਹਾ ਹੋਵੇ। 'ਚੰਗਾ
ਬਈ,ਪੰਜਾਬ !' ਆਖ ਕੇ ਮੈਂ ਸਾਗਰ ਨੂੰ ਹਵਾਈ ਜਹਾਜ਼ ਦੇ ਡਪਾਰਚਰ-ਗੇਟਾਂ ਵੱਲ ਨੂੰ ਤੋਰ ਲਿਆ।
(ramoowalia@gmail.com)
phone 905-792-7357
-0-
|