Welcome to Seerat.ca

ਬਾਤ ਬਲਵੰਤ ਗਾਰਗੀ ਦੀ

 

- ਪ੍ਰਿੰ. ਸਰਵਣ ਸਿੰਘ

ਲੱਸੀ

 

- ਇਕਬਾਲ ਰਾਮੂਵਾਲੀਆ

ਖਾਲਸਾ ਬਨਾਮ ਖਾਲਸਾ

 

- ਹਰਜੀਤ ਅਟਵਾਲ

ਪ੍ਰੇਮ ਕੇਲਾ

 

- ਅਮਰਜੀਤ ਚੰਦਨ

ਧੁਖ਼ਦਾ ਅਗਸਤ

 

- ਸੁਖਦੇਵ ਸਿੱਧੂ

ਵਗਦੀ ਏ ਰਾਵੀ
ਗੁਰੂ ਅਰਜਨ ਤੇ ਸਾਈਂ ਮੀਆਂ ਮੀਰ ਦੇ ਅਸਲੀ ਵਾਰਸ

 

- ਵਰਿਆਮ ਸਿੰਘ ਸੰਧੂ

ਇਹ ਕੁੜੀ ਸਾਡੇ ਘਰ ਵਿਆਹੁਣ ਵਾਲੀ ਨਹੀਂ ਸੀ

 

- ਬੇਅੰਤ ਗਿੱਲ ਮੋਗਾ

ਅੰਗੂਰਾਂ ਦੇ ਪੱਤਿਆ ਦੀ ਸਾਂਝ

 

- ਜੋਗਿੰਦਰ ਬਾਠ ਹੌਲੈਂਡ

ਬਣਿਆਂ ਰੋਟੀ ਦਾ ਸੀ ਮਸ੍ਹਾਂ ਜੁਗਾੜ ਮੀਆਂ

 

- ਹਰਮੰਦਰ ਕੰਗ

‘ਦੇਰ ਤੱਕ ਚੜ੍ਹਿਆ ਰਿਹਾ ਅਸੀਸਾਂ ਦਾ ਸਰੂਰ’

 

- ਸੁਰਜੀਤ ਭਗਤ

 ਇਕ ਕਵਿਤਾ

 

- ਦਿਲ੍ਜੋਧ ਸਿੰਘ

ਗਜ਼ਲ

 

- ਗੁਰਮੀਤ ਖੋਖਰ

ਦੋ ਕਵਿਤਾਵਾਂ

 

- ਗੁਰਦਾਸ ਮਿਨਹਾਸ

ਹੁੰਗਾਰੇ

 

ਵਗਦੀ ਏ ਰਾਵੀ
ਗੁਰੂ ਅਰਜਨ ਤੇ ਸਾਈਂ ਮੀਆਂ ਮੀਰ ਦੇ ਅਸਲੀ ਵਾਰਸ

- ਵਰਿਆਮ ਸਿੰਘ ਸੰਧੂ

 

ਪ੍ਰਸਿੱਧ ਸੂਫੀ ਸੰਤ ਸਾਈਂ ਮੀਆਂ ਮੀਰ ਦੀ ਯਾਦਗਾਰ ਫੌਜੀ ਛਾਉਣੀ ਦੇ ਪੱਛਮ ਵਿਚ, ਮੀਆਂ ਮੀਰ ਦੇ ਨਾਂ ‘ਤੇ ਬਣੇ ਪੱਛਮੀ ਰੇਲਵੇ ਸਟੇਸ਼ਨ ਤੋਂ ਲਗਪਗ ਅੱਧਾ ਮੀਲ ਦੂਰ ਸਥਿਤ ਹੈ। ਫੌਜੀ ਛਾਉਣੀ ਦਾ ਨਾਂ ਵੀ ਸਾਈਂ ਮੀਆਂ ਮੀਰ ਦੇ ਨਾਂ ਨਾਲ ਹੀ ਸਬੰਧਤ ਹੈ ਜਿਸ ਨੂੰ ਆਮ ਤੌਰ ‘ਤੇ ‘ਮੀਆਂ ਮੀਰ ਛਾਉਣੀ’ ਆਖਿਆ ਜਾਂਦਾ ਹੈ। ਕਿੰਨਾ ਅਜੀਬ ਇਤਫ਼ਾਕ ਹੈ। ਸੁਲ੍ਹਾ ਅਤੇ ਮੁਹੱਬਤ ਦਾ ਪੈਗਾਮ ਦੇਣ ਵਾਲੇ ਦੇ ਨਾਂ ਉਤੇ ਹੀ ਫੌਜੀ ਛਾਉਣੀ, ਦਾ ਨਾਂ ਰੱਖਿਆ ਗਿਆ। ਅੰਗਰੇਜ਼ਾਂ ਨੇ ਪੰਜਾਬ ਉਤੇ ਕਬਜ਼ੇ ਤੋਂ ਪਿਛੋਂ ਪਹਿਲਾਂ ਤਾਂ ਅਨਾਰਕਲੀ ਦੇ ਸਥਾਨ ‘ਤੇ ਫੌਜੀ ਛਾਉਣੀ ਕਾਇਮ ਕੀਤੀ ਸੀ। ਪਰ ਅਨਾਰਕਲੀ ਦਾ ਇਲਾਕਾ ਉਦੋਂ ਫੌਜੀਆਂ ਦੀ ਸਿਹਤ ਅਤੇ ਤੰਦਰੁਸਤੀ ਦੇ ਪੱਖੋਂ ਅਸਵਸਥ ਇਲਾਕਾ ਸੀ। ਇਥੇ 1847-48 ਵਿਚ ਛਾਉਣੀ ਕਾਇਮ ਕੀਤੀ ਗਈ। ਜਿਹੜੇ ਫੌਜੀ ਇਥੇ ਠਹਿਰਦੇ ਸਨ ਉਨ੍ਹਾਂ ਵਿਚੋਂ ਬਹੁਤ ਸਾਰੇ ਬਿਮਾਰ ਹੋ ਕੇ ਮਰ ਜਾਂਦੇ। 1846-47 ਵਿਚ ਇਕ ਹਜ਼ਾਰ ਪਿੱਛੇ ਮੌਤ ਦਰ 84.61 ਸੀ। 1851-52 ਵਿਚ 96ਵੀਂ ਰਜਮੈਂਟ ਦੇ ਹਜ਼ਾਰ ਪਿੱਛੇ 132.5 ਜੁਆਨ ਤੇ ਪਹਿਲੀ ਬੰਗਾਲ ਰਜਮੈਂਟ ਦੇ 1000 ਪਿੱਛੇ 218.6 ਜੁਆਨ ਮੌਤ ਨੂੰ ਪਿਆਰੇ ਹੋ ਗਏ। ਫਿਰ ਅੰਗਰੇਜ਼ਾਂ ਨੇ ਇਸ ਇਲਾਕੇ ਤੋਂ 6 ਮੀਲ ਪੂਰਬ ਵੱਲ ਮੀਆਂ ਮੀਰ ਦੇ ਇਲਾਕੇ ਵਿਚ ਫੌਜੀ ਛਾਉਣੀ ਬਣਵਾਈ।
ਇਹੋ ਮੀਆਂ ਮੀਰ ਛਾਉਣੀ ਹੀ ਸੀ ਜਿਸ ਵਿਚਲੇ ਭਾਰਤੀ ਪੰਜਾਬੀ ਫੌਜੀਆਂ ਨਾਲ ਗ਼ਦਰ ਪਾਰਟੀ ਦੇ ਸੂਰਬੀਰਾਂ ਨੇ ਸਬੰਧ ਕਾਇਮ ਕਰਕੇ ਉਨ੍ਹਾਂ ਨੂੰ ਗ਼ਦਰ ਕਰਨ ਲਈ ਪ੍ਰੇਰਿਤ ਕਰ ਲਿਆ ਸੀ। ਦਫ਼ੇਦਾਰ ਲਛਮਣ ਸਿੰਘ ਚੂਸਲੇਵੜ ਤੇ ਹੋਰ ਫੌਜੀ ਉਦੋਂ ਇਥੇ ਹੀ ਹੁੰਦੇ ਸਨ। ਮੇਰੇ ਪਿੰਡ ਸੁਰ ਸਿੰਘ ਦੇ ਜਗਤ ਸਿੰਘ ਤੇ ਪ੍ਰੇਮ ਸਿੰਘ ਗ਼ਦਰੀਆਂ ਨੇ ਹੀ ਫੌਜੀਆਂ ਨਾਲ ਉਚੇਚੇ ਸਬੰਧ ਸਥਾਪਤ ਕੀਤੇ ਸਨ। ਗ਼ਦਰ ਦੀ ਨਿਸਚਿਤ ਮਿਤੀ ‘ਤੇ ਜਦੋਂ ਗ਼ਦਰੀ ਜਥੇ ਬਣਾ ਕੇ ਰੇਲਵੇ ਲਾਈਨ ਤਕ ਪੁੱਜੇ ਤੇ ਅੰਦਰੋਂ ਫੌਜੀਆਂ ਦਾ ਇਸ਼ਾਰਾ ਉਡੀਕ ਰਹੇ ਸਨ, ਉਸ ਵੇਲੇ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਆਪਣਿਆਂ ਦੀ ਗ਼ਦਾਰੀ ਕਰਕੇ ਅੰਗਰੇਜ਼ ਹਾਕਮਾਂ ਨੂੰ ਗ਼ਦਰ ਦੀ ਸੂਚਨਾ ਪਹਿਲਾਂ ਹੀ ਮਿਲ ਗਈ ਸੀ ਤੇ ਉਨ੍ਹਾਂ ਨੇ ਬੈਰਕਾਂ ਵਿਚ ਰਹਿੰਦੇ ਭਾਰਤੀ ਫੌਜੀਆਂ ਨੂੰ ਬੇ-ਹਥਿਆਰ ਕਰਕੇ ‘ਸ਼ੱਕੀ’ ਬੰਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਗ੍ਰਿਫ਼ਤਾਰੀ ਦਾ ਖਿ਼ਆਲ ਆਉਂਦਿਆਂ ਹੀ ਮੈਨੂੰ ਚੇਤਾ ਆਇਆ ਕਿ ਸਾਡੇ ਪਾਸਪੋਰਟ ਉਤੇ ਤਾਂ ਉਚੇਚੇ ਤੌਰ ‘ਤੇ ਇਹ ਲਿਖਿਆ ਹੋਇਆ ਸੀ ਕਿ ਸਾਡੇ ਲਈ ਫੌਜੀ ਛਾਉਣੀ ਵਾਲੇ ਇਲਾਕੇ ਵਿਚ ਜਾਣਾ ਵਰਜਿਤ ਸੀ। ਇਹ ਪਾਬੰਦੀ ਸੁਰੱਖਿਆ ਦੇ ਪੱਖੋਂ ਸੀ। ਕਿਸੇ ਮੁਲਕ ਵਿਚ ਵੀ ਇਹ ਆਗਿਆ ਨਹੀਂ ਹੋ ਸਕਦੀ। ਅਸੀਂ ਕਾਨੂੰਨ ਤੋੜਨ ਦੇ ਦੋਸ਼ੀ ਹੋ ਸਕਦੇ ਸੀ ਤੇ ਸਾਨੂੰ ਜਾਸੂਸ ਸਮਝ ਕੇ ਫੜਿਆ ਵੀ ਜਾ ਸਕਦਾ ਸੀ। ਮੈਂ ਇਹ ਖ਼ਦਸ਼ਾ ਸਾਥੀਆਂ ਨਾਲ ਸਾਂਝਾ ਵੀ ਕੀਤਾ। ਇਹ ਗੱਲ ਤਾਂ ਗ਼ਲਤ ਸੀ ਪਰ ਅਸੀਂ ਸਾਈਂ ਮੀਆਂ ਮੀਰ ਦੇ ਮਜ਼ਾਰ ਦੇ ਨਜ਼ਦੀਕ ਪਹੁੰਚ ਚੁੱਕੇ ਸਾਂ। ਕਾਨੂੰਨ ਦੀ ਖਿ਼ਲਾਫ਼ਵਰਜ਼ੀ ਤਾਂ ਹੋ ਹੀ ਗਈ ਸੀ। ਹੁਣ ਬਾਬੇ ਦੇ ਦੀਦਾਰ ਤਾਂ ਕਰਕੇ ਹੀ ਜਾਵਾਂਗੇ। ਜੋ ਹੋਊ ਵੇਖੀ ਜਾਊ! ਪਰ ਅੰਦਰੋਂ ਸਾਨੂੰ ਇਹ ਡਰ ਕੁਤਰ ਰਿਹਾ ਸੀ। ਇਹ ਖ਼ੌਫ ਹੋਰ ਵੀ ਵਧ ਗਿਆ ਜਦੋਂ ਅਸੀਂ ਵਰਦੀ ਵਿਚ ਸਜਿਆ ਇਕ ਪੁਲਿਸ ਮਹਿਕਮੇ ਦਾ ਅਧਿਕਾਰੀ ਸਾਈਂ ਜੀ ਦੀ ਮਜ਼ਾਰ ਦੇ ਬਾਹਰ ਖੜੋਤਾ ਵੇਖਿਆ। ਅਸੀਂ ਐਵੇਂ ਹੀ ਉਸ ਤੋਂ ਬਿੱਲੀ ਤੋਂ ਕਬੂਤਰ ਦੇ ਅੱਖਾਂ ਚੁਰਾਉਣ ਵਾਂਗ ਅੱਖਾਂ ਮੋੜ ਲਈਆਂ ਤੇ ਜੁੱਤੀਆਂ ਲਾਹ ਕੇ ਅੰਦਰ ਚੜ੍ਹਵਾਉਣ ਲਈ ਫੁੱਲ ਖਰੀਦਣ ਲੱਗੇ। ਉਥੇ ਹਰੇਕ ਅਜਿਹੀ ਇਬਾਦਤਗਾਹ ਦੇ ਬਾਹਰ ਗੁਲਾਬ-ਪੱਤੀਆਂ ਤੇ ਗੁਲਾਬ ਦੇ ਫੁੱਲਾਂ ਦੇ ਹਾਰ ਮੁੱਲ ਵਿਕਦੇ ਹਨ।
ਅਸੀਂ ਸਾਈਂ ਮੀਆਂ ਮੀਰ ਦੀ ਯਾਦਗਾਰ ਦੇ ਖੁੱਲ੍ਹੇ ਸਿਹਨ ਵਿਚ ਦਾਖ਼ਲ ਹੋਏ। ਸਿਹਨ ਦੇ ਐਨ ਵਿਚਕਾਰ ਸੀ ਬਾਬਾ ਜੀ ਦੀ ਯਾਦਗਾਰ। ਦੂਰੋਂ ਹੀ ਨਮਸਕਾਰ ਕਰਕੇ ਸ਼ਰਧਾ ਵਿਚ ਅੱਖਾਂ ਮੀਚੀਆਂ ਤਾਂ ਮਨ ਸਹਿਜੇ ਹੀ ਉਸ ਇਤਿਹਾਸ ਵਿਚ ਤਿਲਕ ਗਿਆ ਜਦੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਧਰਮ ਮਿੱਤਰ ਸਾਈਂ ਮੀਆਂ ਮੀਰ ਕੋਲੋਂ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਦੀ ਇਮਾਰਤ ਦਾ ਨੀਂਹ-ਪੱਥਰ ਰਖਵਾਇਆ ਸੀ, ਜਿਹੜਾ ਪ੍ਰਤੀਕ ਸੀ ‘ਨੀਹਾਂ ਦੀ ਸਾਂਝ’ ਦਾ, ਇਨਸਾਨੀ ਪਛਾਣ ਦਾ, ਏਕੇ ਦਾ, ਮੁਹੱਬਤ ਦਾ, ਪਿਆਰ ਤੇ ਰਵਾਦਾਰੀ ਦਾ। ਇਹ ਨੀਹਾਂ ਦੀ ਸਾਂਝ ਹੀ ਸੀ, ਸ਼ਾਂਤੀ ਤੇ ਸਕਾਫ਼ਤ ਦੀ, ਜਿਸ ਨੇ ਸਾਨੂੰ ਇਕ-ਦੂਜੇ ਨਾਲ ਜੋੜਿਆ ਹੋਇਆ ਸੀ। ਇਹ ਤਾਂ ਅਜੇ ਵੀ ਜਿਊਂਦੀ ਸੀ। ਇਕ ਮੁਸਲਮਾਨ ਮਾਂ ਅਤੇ ਉਹਦੇ ਸਿੱਖ-ਪੁੱਤਰ ਦੇ ਰੂਪ ਵਿਚ, ਉਮਰ ਗਨੀ ਤੇ ਜਗਤਾਰ ਤੇ ਖਾਵਰ ਦੇ ਆਪਸੀ ਪਾਕਿ ਰਿਸ਼ਤੇ ਦੇ ਰੂਪ ਵਿਚ। ਅਲ ਬਰਕਾਤ ਦੇ ਜਗਤਾਰ ਦੇ ਪਿਉ-ਧੀ ਦੇ ਪਵਿੱਤਰ ਸੰਬੰਧ ਦੀ ਸ਼ਕਲ ਵਿਚ। ਇਸ ਰੇਸ਼ਮੀ ਤੰਦ ਨੇ ਇਕ ਹੋਰ ਜਣੇ ਨੂੰ ਮੇਰੇ ਰੂਪ ਵਿਚ ਆਪਣੇ ਨਾਲ ਹੀ ਵਲ ਲਿਆ ਸੀ। ਅਸੀਂ ਇਕ ਘੰਟੇ ਵਿਚ ਇਕ-ਦੂਜੇ ਦੇ ਇੰਜ ਜਾਣੂ ਹੋ ਗਏ ਸਾਂ ਜਿਵੇਂ ਉਮਰ ਭਰ ਤੋਂ ਇਕ-ਦੂਜੇ ਨੂੰ ਜਾਣਦੇ ਸਾਂ। ਉਮਰ ਗਨੀ ਆਪਣੇ ਵੱਡੇ ਭਰਾ ਵਾਂਗ ਹੌਲੀ ਜਿਹੀ ਮੈਨੂੰ ਸਲਾਹ ਦੇ ਰਿਹਾ ਸੀ, ‘‘ਅਕੀਦਤ ਜ਼ਾਹਿਰ ਕਰ ਕੇ ਛੇਤੀ ਨਿਕਲ ਚੱਲੀਏ। ਐਵੇਂ ਬਾਹਰ ਖਲੋਤਾ ਅਫ਼ਸਰ ਪੁੱਛ-ਗਿੱਛ ਨਾ ਕਰਨ ਲੱਗ ਪਵੇ।’’
ਮੈਂ ਹੱਸਦਿਆਂ ਹੋਇਆਂ ਹੌਲੀ ਜਿਹੀ ਕਿਹਾ, ‘‘ਜਦੋਂ ਸਾਡੇ ਜਿਹੇ ਲੋਕ ਆਪਸ ਵਿਚ ਪਿਆਰ ਨਾਲ ਮਿਲਦੇ ਹਨ ਤਾਂ ਇਹ ‘ਅਫਸਰ’ ਕਿਉਂ ਉਨ੍ਹਾਂ ਦੇ ਸਿਰਾਂ ‘ਤੇ ਆਣ ਖਲੋਂਦੇ ਹਨ...?’’
ਹਾਜੀ ਬਣ ਚੁੱਕਾ ਉਮਰ ਗਨੀ ਪਹਿਲਾਂ ਕੰਪਲੈਕਸ ਵਿਚ ਬਣੀ ਮਸਜਿਦ ਵਿਚ ਸਜਦਾ ਕਰਨ ਗਿਆ। ਅਸੀਂ ਸਾਈਂ ਜੀ ਦੇ ਮਜ਼ਾਰ ਉਪਰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਦਾਖ਼ਲ ਹੋਏ। ਖਾਵਰ ਰਾਜਾ ਨੇ ਮਜ਼ਾਰ ਦੇ ਗੇਟ ਉਤੇ ਸੀਸ ਨਿਵਾਇਆ, ਦੁਆ ਮੰਗੀ ਕਿਉਂਕਿ ਔਰਤਾਂ ਨੂੰ ਇਬਾਦਤ ਗਾਹਾਂ ਵਿਚ ਜਾਣ ਦੀ ਮਨਾਹੀ ਹੈ। ਅੰਦਰ ਸਾਈਂ ਜੀ ਸੁੱਤੇ ਹੋਏ ਸਨ। ਹਰੇ ਰੰਗ ਦੀ ਰੇਸ਼ਮੀ ਚਾਦਰ ਦੇ ਹੇਠਾਂ। ਅੱਖਾਂ ਨੂੰ ਠੰਢ ਪਹੁੰਚਾਉਂਦਾ ਰੰਗ। ਬਾਹਰ ਦੀ ਗਰਮੀ ਤੇ ਅੰਦਰ ਦੀ ਠੰਢ ਅਤੇ ਸ਼ਾਂਤੀ ਨੇ ਉਹ ਦ੍ਰਿਸ਼ ਚੇਤੇ ਕਰਵਾ ਦਿੱਤਾ-
ਗਰਮ ਰੇਤਾ ਕਹਿਰ ਦਾ
ਤੇ ਸੇਕ ਸੀ ਤਨ ਸਾੜਦਾ
ਛਾਲੇ ਛਾਲੇ ਹੋ ਗਿਆ
ਜੁੱਸਾ ਸੱਚੀ ਸਰਕਾਰ ਦਾ।
ਮੀਆਂ ਮੀਰ ਹਾਲ ਡਿੱਠਾ...
ਆਣ ਆਪਣੇ ਯਾਰ ਦਾ।
ਹੋ ਵਿਆਕੁਲ ਢਹਿ ਪਿਆ
ਚੀਕੇ ਤੇ ਧਾਹੀਂ ਮਾਰਦਾ,
ਵੇਖ ਕਿਹਾ ਸਤਿਗੁਰ, ‘ਮੀਆਂ!
ਛੋੜੋ ਪ੍ਰੀਤ ਚਾਮ ਸੇ,
ਕਿਆ ਹੂਆ ਤਨ ਤਪ ਰਹਾ
ਹਮ ਸ਼ਾਂਤ ਹੈਂ ਹਰੀ ਨਾਮ ਸੇ’’
ਆਪਣੇ ਯਾਰ ਦੇ ਸੇਕ ਵਿਚ ਭੁੱਜ ਰਿਹਾ ਮੀਆਂ ਮੀਰ ਸਾਨੂੰ ਹੁਣ ਵੀ ਦੱਸ ਰਿਹਾ ਜਾਪਦਾ ਸੀ, ਇਕ-ਦੂਜੇ ਨੂੰ ਸੇਕ ਤੇ ਸਾੜ ਦੇਣ ਦੀ ਥਾਂ ਅਸੀਂ ਦੂਜੇ ਦੇ ਸੇਕ ਤੇ ਸਾੜ ਨੂੰ ਚੂਸ ਸਕੀਏ ਤੇ ਠੰਢਕ ਵਰਤਾ ਸਕੀਏ ਤਦ ਹੀ ਅਸੀਂ ਗੁਰੂ ਅਰਜਨ ਤੇ ਸਾਈਂ ਮੀਆਂ ਮੀਰ ਦੇ ਅਸਲੀ ਵਾਰਸ ਹੋ ਸਕਦੇ ਹਾਂ।
ਰੱਜੀ ਹੋਈ ਰੂਹ ਨਾਲ ਸਰਸ਼ਾਰ ਹੋਏ ਅਸੀਂ ਬਾਹਰ ਨਿੱਕਲੇ ਤਾਂ ਉਹ ਅਫ਼ਸਰ ਅਜੇ ਵੀ ਉਥੇ ਖੜੋਤਾ ਸੀ। ਅਸੀਂ ਕਾਰ ਵਿਚ ਬੈਠ ਕੇ ਵਾਪਸ ਪਰਤ ਪਏ। ਉਹ ਅਜੇ ਵੀ ਉਥੇ ਖੜੋਤਾ ਸੀ ਪਰ ਮੀਆਂ ਮੀਰ ਸਾਡੇ ਅੰਗ-ਸੰਗ ਸੀ। ਉਸ ਨਾਲ ਜੁੜੀ ਇਕ ਦੰਦ-ਕਥਾ ਮੇਰੀ ਸੋਚ ਵਿਚ ਤੁਰ ਰਹੀ ਸੀ।
ਇਕ ਵਾਰ ਮੁਗਲ ਸਹਿਨਸ਼ਾਹ ਸਾਈਂ ਮੀਆਂ ਮੀਰ ਦੀ ਦਰਗਾਹ ‘ਤੇ ਖ਼ੁਦ ਹਾਜ਼ਰ ਹੋਇਆ ਤਾਂ ਕਿ ਉਸ ਨੂੰ ਬੇਨਤੀ ਕਰ ਸਕੇ ਕਿ ਦੱਖਣ ਦੀਆਂ ਰਿਆਸਤਾਂ ਨੂੰ ਜਿੱਤਣ ਲਈ ਕੂਚ ਕਰਨ ਤੋਂ ਪਹਿਲਾਂ ਸਾਈਂ ਮੀਆਂ ਮੀਰ ਉਸ ਦੀ ਜਿੱਤ ਲਈ ਦੁਆ ਕਰ ਦੇਵੇ। ਇਸੇ ਸਮੇਂ ਹੀ ਕੋਈ ਗਰੀਬ ਸ਼ਰਧਾਲੂ ਸਾਈਂ ਦੇ ਦਰਬਾਰ ਵਿਚ ਹਾਜ਼ਰ ਹੋਇਆ ਤੇ ਆਪਣੀ ਸਮਰੱਥਾ ਮੁਤਾਬਕ ਇਕ ਟਕਾ ਸਾਈਂ ਨੂੰ ਮੱਥਾ ਟੇਕਿਆ। ਸਾਈਂ ਨੇ ਕਿਹਾ, ‘‘ਇਹ ਟਕਾ ਮੈਨੂੰ ਨਹੀਂ ਸ਼ਹਿਨਸ਼ਾਹ ਨੂੰ ਦੇ ਦੇ।’’
ਉਹ ਸ਼ਰਧਾਲੂ ਤੇ ਮੁਗਲ ਸ਼ਹਿਨਸ਼ਾਹ ਹੈਰਾਨ। ਸਾਈਂ ਨੇ ਮੁਸ਼ਕਲ ਹੱਲ ਕੀਤੀ, ‘‘ਮੇਰੇ ਨਾਲੋਂ ਮਾਇਆ ਦੀ ਜਿ਼ਆਦਾ ਲੋੜ ਬਾਦਸ਼ਾਹ ਨੂੰ ਹੈ। ਏਨੇ ਇਲਾਕੇ ਤੇ ਰਾਜ ਭਾਗ ਜਿੱਤ ਕੇ ਵੀ ਇਸ ਦਾ ਮਨ ਨਹੀਂ ਭਰਿਆ। ਇਹ ਦੀ ਮਾਇਆ ਦੀ ਭੁੱਖ ਦੂਰ ਨਹੀਂ ਹੋਈ। ਇਹ ਟਕਾ ਵੀ ਇਸ ਨੂੰ ਦੇ ਦੇਹ, ਇਹਦੇ ਕਿਸੇ ਕੰਮ ਆ ਜਾਵੇਗਾ।’’
ਇਹ ਕਹਿ ਕੇ ਸਾਈਂ ਬਾਦਸ਼ਾਹ ਕੋਲੋਂ ਬੇਪ੍ਰਵਾਹੀ ਨਾਲ ਉਠ ਕੇ ਆਪਣੇ ਹੁਜਰੇ ਵਿਚ ਚਲਾ ਗਿਆ। ਬਾਦਸ਼ਾਹ ਸਾਈਂ ਮੀਆਂ ਮੀਰ ਦੀ ਜਾਂਦੇ ਦੀ ਪਿੱਠ ਵੇਖਦਾ ਰਹਿ ਗਿਆ। ਸ਼ਹਿਨਸ਼ਾਹ ਅਜੇ ਵੀ ਸਾਈਂ ਦੀ ਪਿੱਠ ਵੱਲ ਵੇਖੀ ਜਾ ਰਿਹਾ ਹੈ। ਪਿੱਠ ਵੱਲ ਹੀ ਵੇਖ ਸਕਦਾ ਹੈ ਕਿਉਂਕਿ ਸਾਈਂ ਦਾ ਮੂੰਹ ਤਾਂ ਲੋਕਾਂ ਵੱਲ ਹੈ।
ਰੌਸ਼ਨੀਆਂ ਦਾ ਸ਼ਹਿਰ
15 ਅਪਰੈਲ ਦੀ ਸਲੋਨੀ ਸ਼ਾਮ ਲਾਹੌਰ ਸ਼ਹਿਰ ਦੀਆਂ ਰੌਸ਼ਨੀਆਂ ਵਿਚ ਦਮਕ ਰਹੀ ਸੀ ਜਦੋਂ ਅਸੀਂ ਫਲੈਟੀਜ਼ ਹੋਟਲ ਪਹੁੰਚੇ। ਅੱਜ ਰਾਤ ਕਾਨਫ਼ਰੰਸ ਹਾਲ ਵਿਚ ਹੀ ਸਭਿਆਚਾਰਕ ਪ੍ਰੋਗਰਾਮ ਹੋਣਾ ਸੀ। ਪਰਸੋਂ ਰਾਤ ਕਾਨਫ਼ਰੰਸ ਦੇ ਪਹਿਲੇ ਦਿਨ ਇਸੇ ਹੀ ਹਾਲ ਵਿਚ ਰਾਤ ਭਰ ਕਵੀ ਦਰਬਾਰ ਚੱਲਿਆ ਸੀ। ਕੱਲ੍ਹ ਰਾਤ ਜਦੋਂ ਅਸੀਂ ਰਾਇ ਅਜ਼ੀਜ਼ ਉਲਾ ਖਾਂ ਦੀ ਪ੍ਰਾਹੁਣਚਾਰੀ ਦਾ ਆਨੰਦ ਮਾਣ ਰਹੇ ਸਾਂ ਤਾਂ ਸਾਡੇ ਸਾਥੀ ਡੈਲੀਗੇਟ ਪ੍ਰਬੰਧਕਾਂ ਵਲੋਂ ਤਿਆਰ ਕਰਵਾਇਆ ਨਾਟਕ ਦੇਖ ਰਹੇ ਸਨ। ਬੁੱਲ੍ਹੇ ਸ਼ਾਹ ਦੇ ਜੀਵਨ ਸਮਾਚਾਰਾਂ ਨਾਲ ਸਬੰਧਤ ਆਮ ਲੋਕਾਂ ਦੇ ਪੈਂਤੜੇ ਤੋਂ ਸਥਾਪਤ ਤਾਕਤਾਂ ਦਾ ਵਿਰੋਧ ਕਰਦਾ ਤੇ ਮਜ਼੍ਹਬਾਂ ਦੀਆਂ ਹੱਦਾਂ ਤੋਂ ਪਾਰ ਇਨਸਾਨੀ ਏਕੇ ਦਾ ਹੋਕਾ ਦਿੰਦਾ ਇਹ ਨਾਟਕ ਬਹੁਤ ਹੀ ਸਲਾਹਿਆ ਗਿਆ ਸੀ। ਅਸੀਂ ਇਹ ਨਾਟਕ ਵੇਖਣ ਤੋਂ ਖੁੰਝ ਗਏ ਸਾਂ। ਇਸ ਲਈ ਅੱਜ ਦਾ ਸਭਿਆਚਾਰਕ ਪ੍ਰੋਗਰਾਮ ਦੇਖਣ ਦੀ ਮੇਰੇ ਮਨ ਵਿਚ ਤੀਬਰ ਲਾਲਸਾ ਸੀ।
ਬਾਹਰ ਲੋਕਾਂ ਦੀ ਭੀੜ ਇੱਕਠੀ ਹੋ ਰਹੀ ਸੀ। ਸਭਿਆਚਾਰਕ ਪ੍ਰੋਗਰਾਮਾਂ ਦਾ ਨਾਂ ਸੁਣ ਕੇ ਲਾਹੌਰ ਸ਼ਹਿਰ ਦੇ ਆਮ ਵਸਨੀਕ ਵੀ ਪ੍ਰੋਗਰਾਮ ਸ਼ੁਰੂ ਹੋਣ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਸਨ। ਪਰ ਪਹਿਲਾਂ ਰਾਤ ਦਾ ਖਾਣਾ ਖਾਧਾ ਜਾਣਾ ਸੀ ਤੇ ਉਸ ਵਿੱਚ ਵੀ ਅਜੇ ਕੁਝ ਸਮਾਂ ਪਿਆ ਹੋਣ ਕਰਕੇ ਭੀੜ ਵਿਚ ਖਲੋਤੇ ਅਸੀਂ ਹੌਲੀ ਜਿਹੀ ਆਪਣੇ ਆਪਣੇ ਜਾਣੂ ਬੰਦਿਆਂ ਵੱਲ ਖਿਸਕ ਕੇ ਲਾਹੌਰ ਸ਼ਹਿਰ ‘ਚੋਂ ਪ੍ਰਾਪਤ ਅਨੁਭਵ ਇਕ ਦੂਜੇ ਨਾਲ ਸਾਂਝੇ ਕਰ ਰਹੇ ਸਾਂ। ਅਚਾਨਕ ਇਲਿਆਸ ਘੁੰਮਣ ਮੇਰੇ ਨਜ਼ਦੀਕ ਆਣ ਖੜੋਤਾ। ਹੱਥ ਮਿਲਾ ਕੇ ਗਲਵੱਕੜੀ ਪਾਈ ਤੇ ਅਸੀਂ ਇਕ ਦੂਜੇ ਦਾ ਹਾਲ ਚਾਲ ਪੁੱਛਣ ਲੱਗੇ। ਮੈਂ ਉਸ ਦੇ ਬਹੁਤ ਜਿ਼ਆਦਾ ਰੁੱਝੇ ਹੋਣ ਅਤੇ ਕਾਨਫ਼ਰੰਸ ਦੇ ਆਪਣੇ ਸਿਰ ‘ਤੇ ਲਏ ਕੰਮ ਨੂੰ ਸਲੀਕੇ ਤੇ ਸਿਆਣਪ ਨਾਲ ਸਿਰੇ ਚੜ੍ਹਾਈ ਜਾਣ ਲਈ ਉਸ ਦੀ ਤਾਰੀਫ਼ ਕੀਤੀ।
‘‘ਮੈਂ ਇਸ ਫਾਉਂਡੇਸ਼ਨ ਦਾ ਮੈਂਬਰ ਸ਼ੈਂਬਰ ਤਾਂ ਕੋਈ ਨਹੀਂ। ਪਰ ਮੈਂ ਫ਼ਖ਼ਰ ਜਮ੍ਹਾਂ ਹੁਰਾਂ ਨਾਲ ਵਾਅਦਾ ਕੀਤਾ ਸੀ ਕਿ ਕਾਨਫ਼ਰੰਸ ਦੀ ਕਾਮਯਾਬੀ ਲਈ ਸਾਰਾ ਤਾਣ ਲਾ ਦਿਆਂਗਾ।’’
ਇਹ ਗੱਲ ਹੈ ਵੀ ਦਰੁਸਤ ਸੀ। ਜਿਵੇਂ ਸਾਰੇ ਸੈਸ਼ਨਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਉਹ ਬੁਲਾਰਿਆਂ ਦਾ ਅਗਾਉਂ ਪ੍ਰਬੰਧ ਨਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਚੋਣ ਕਰਦਾ, ਸਟੇਜ ਨੂੰ ਉਪਰ ਜਾ ਕੇ ਜਾਂ ਪਿੱਛੇ ਰਹਿ ਕੇ ਚਲਾਉਂਦਾ, ਉਸ ਦਾ ਸਾਰੇ ਡੈਲੀਗੇਟਾਂ ਨੂੰ ਭਲੀਭਾਂਤ ਗਿਆਨ ਹੋ ਗਿਆ ਸੀ। ਫ਼ਖ਼ਰ ਜ਼ਮਾਂ ਦੀ ਸਲਾਹ ਨਾਲ ਸਾਰੇ ਪ੍ਰੋਗਰਾਮ ਨੂੰ ਕਾਰਜਸ਼ੀਲ ਰੂਪ ਦੇਣ ਵਿਚ ਉਸ ਦਾ ਪ੍ਰਮੁੱਖ ਯੋਗਦਾਨ ਕਿਸੇ ਵੀ ਅੱਖ ਤੋਂ ਲੁਕਿਆ ਹੋਇਆ ਨਹੀਂ ਸੀ।
‘‘ਆਓ, ਇਕ ਮਿੰਟ ਗੱਡੀ ਵਿਚ’’ ਉਸ ਨੇ ਮੈਨੂੰ ਨੇੜੇ ਹੀ ਖਲੋਤੀ ਆਪਣੀ ਕਾਰ ਵਿਚ ਬੈਠਣ ਲਈ ਕਿਹਾ। ਮੈਂ ਸੋਚਿਆ ਕੋਈ ਗੱਲ ਵੱਖਰਿਆਂ ਕਰਨੀ ਹੋਵੇਗੀ। ਕਾਰ ਵਿਚ ਬੈਠੇ ਤਾਂ ਉਹ ਕਾਰ ਸਟਾਰਟ ਕਰਨ ਲੱਗਾ। ਮੈਂ ਪੁੱਛਿਆ ਤਾਂ ਆਖਣ ਲੱਗਾ, ‘‘ਘੜੀ ਪਲ ਘੁੰਮਦੇ ਫਿਰਦੇ ਆਂ, ਗੱਪ-ਸ਼ੱਪ ਲਾਉਂਦੇ ਆਂ।’’
ਭੀੜ ਵਿਚੋਂ ਉਸ ਦਾ ਮੈਨੂੰ ਇੰਜ ਖਿਸਕਾਉਣਾ ਜਾਇਜ਼ ਲੱਗਾ ਕਿਉਂਕਿ ਇਲਿਆਸ ਘੁੰਮਣ ਹੀ ਅਜਿਹਾ ਵਿਅਕਤੀ ਸੀ ਜਿਸ ਉਪਰ ਸਾਡੇ ਬੰਦਿਆਂ ਨੂੰ ਸਭ ਤੋਂ ਜਿ਼ਆਦਾ ਮਾਣ ਸੀ ਜਾਂ ਜਿਸ ਨਾਲ ਸਭ ਤੋਂ ਵੱਧ ਲੋਕਾਂ ਦੀ ਪਛਾਣ ਸੀ। ਇਹ ਪਛਾਣ ਉਹਦੀਆਂ ਲਿਖਤਾਂ ਕਰਕੇ ਤੇ ਪੰਜਾਬੀ ਲਈ ਕੀਤੇ ਕੰਮਾਂ ਸਦਕਾ ਤਾਂ ਹੈ ਹੀ ਸੀ ਪਰ ਜਦੋਂ ਉਹ ਭਾਰਤ ਆਇਆ ਤੇ ਪੰਜਾਬ ਵਿਚ ਵੱਖ ਵੱਖ ਥਾਵਾਂ ‘ਤੇ ਘੁੰਮਿਆ ਤੇ ਲੋਕਾਂ ਨੇ ਜਿਵੇਂ ਉਹਦੇ ਪੈਰਾਂ ਥੱਲੇ ਆਪਣੇ ਹੱਥਾਂ ਦੀਆਂ ਤਲੀਆਂ ਦਿੱਤੀਆਂ ਸਨ ਉਸ ਨਾਲ ਘੁੰਮਣ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦੇ ਦਿਲਾਂ ਵਿਚ ਉਨ੍ਹਾਂ ਦਾ ਆਪਣਾ ਬਣ ਕੇ ਬੈਠ ਗਿਆ ਸੀ। ਸ਼ਾਇਦ ਅੰਦਰੇ ਅੰਦਰ ਸਾਰੇ ਹੀ ਇਲਿਆਸ ਘੁੰਮਣ ਕੋਲੋਂ ਆਪਣੇ ਆਪ ਵਾਸਤੇ ਉਚੇਚੇ ਵਤੀਰੇ ਦੀ ਆਸ ਰੱਖਦੇ ਹੋ ਸਕਦੇ ਸਨ। ਇਕ ਤਾਂ ਇਲਿਆਸ ਘੁੰਮਣ ਦੇ ਸਿਰ ‘ਤੇ ਕਾਨਫ਼ਰੰਸ ਦੇ ਕੰਮਾਂ ਨੂੰ ਨੇਪਰੇ ਚੜ੍ਹਾਉਣ ਦੀ ਜਿ਼ੰਮੇਵਾਰੀ ਸੀ ਤੇ ਉਹ ਉਸ ਵਿਚ ਪੂਰੀ ਤਰ੍ਹਾਂ ਫਸਿਆ ਹੋਇਆ ਸੀ। ਦੂਜੇ ਇਕ ਦੋ ਦਿਨ ਪਹਿਲਾਂ ਹੀ ਉਹਦੇ ਪਰਿਵਾਰ ਵਿਚ ਵੱਡਾ ਦੁਖਾਂਤ ਵਾਪਰ ਗਿਆ ਸੀ ਤੇ ਕਿਸੇ ਲੁਟੇਰੇ ਨੇ ਉਸ ਦੀ ਪਤਨੀ ਦੀ ਭੈਣ ਦਾ ਕਤਲ ਕਰ ਦਿੱਤਾ ਸੀ। ਇਸ ਦੇ ਬਾਵਜੂਦ ਉਹ ਸਮੇਂ ਦੀ ਕਿਸੇ ਵਿਰਲ ਨੂੰ ਚੁਰਾ ਲੈਂਦਾ ਤੇ ਕਿਸੇ ਨਾ ਕਿਸੇ ਦੋਸਤ-ਮਿੱਤਰ ਨੂੰ ਆਪਣੀ ਮਹਿਮਾਨ ਨਿਵਾਜ਼ੀ ਤੇ ਮੁਹੱਬਤ ਦੇ ਰੰਗ ਵਿਚ ਰੰਗ ਜਾਂਦਾ।
ਹੁਣ ਇਸ ਰੰਗ ਵਿਚ ਰੰਗੇ ਜਾਣ ਲਈ ਉਸ ਨੇ ਮੈਨੂੰ ਚੁਣ ਲੈਣ ਦਾ ਮਾਣ ਦਿੱਤਾ ਸੀ। ਜਗਤਾਰ ਤੇ ਉਮਰ ਗਨੀ ਤਾਂ ਭੀੜ ਵਿਚ ਕਿਧਰੇ ਗਵਾਚ ਗਏ ਸਨ ਪਰ ਰਘਬੀਰ ਸਿੰਘ ਤੇ ਸੁਲੇਖਾ ਤਾਂ ਮੇਰੇ ਨਾਲ ਖੜੋਤੇ ਸਨ ਜਦੋਂ ਮੈਂ ਕਾਰ ਵਿਚ ਬੈਠਿਆ। ਮੈਂ ਆਖਿਆ, ‘‘ਰਘਬੀਰ ਸਿੰਘ ਹੁਰੀ ਮੇਰੇ ਨਾਲ ਹੀ ਹਨ।’’
‘‘ਤੇ ਲਓ ਨਾ ਉਨ੍ਹਾਂ ਨੂੰ ਨਾਲ। ਮੈਂ ਹੁਣੇ ਬੁਲਾਉਂਦਾਂ’’, ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪੂਰੇ ਮਾਣ ਨਾਲ ਇਲਿਆਸ ਨੇ ਕਿਹਾ ਤੇ ਉਸ ਨੇ ਕਾਰ ਤੋਂ ਬਾਹਰ ਨਿੱਕਲ ਕੇ ਰਘਬੀਰ ਸਿੰਘ ਹੁਰਾਂ ਨੂੰ ਆਪਣੇ ਨਾਲ ਬੈਠਣ ਲਈ ਆਪਣਾ ਅਦਬ ਪੇਸ਼ ਕੀਤਾ।
ਕਾਰ ਲਾਹੌਰ ਦੀਆਂ ਸੜਕਾਂ ਉਤੇ ਤੈਰਨ ਲੱਗੀ। ਅਸੀਂ ਉਸ ਦੇ ਘਰ ਵਾਪਰੇ ਦੁਖਾਂਤ ਦਾ ਅਫ਼ਸੋਸ ਕੀਤਾ। ਉਸ ਨੇ ਇਸ ਅਫ਼ਸੋਸ ਨੂੰ ਸਵੀਕਾਰ ਕਰਦਿਆਂ ਇਸ ਨੂੰ ਜਿ਼ਆਦਾ ਖਿੱਚਣ ਦੀ ਥਾਂ ਇਕ ਦੋ ਵਾਕ ਕਹਿ ਕੇ ਗੱਲ ਨੂੰ ਨਵਾਂ ਮੋੜ ਦੇ ਦਿੱਤਾ। ਜ਼ਾਹਿਰ ਸੀ ਕਿ ਉਹ ਸਾਡੀ ਇਸ ਮਿਲਣੀ ਉਤੇ ਆਪਣੇ ਦੁੱਖ ਦਾ ਲੰਮਾ ਪਰਛਾਵਾਂ ਨਹੀਂ ਸੀ ਪੈਣ ਦੇਣਾ ਚਾਹੁੰਦਾ। ਕਾਨਫ਼ਰੰਸ ਵਿਚ ਉਸ ਨੂੰ ਵਿਚਰਦਿਆਂ ਵੇਖ ਕੇ ਨਾਵਾਕਫ਼ ਬੰਦੇ ਨੂੰ ਪਤਾ ਨਹੀਂ ਸੀ ਲੱਗ ਸਕਦਾ ਕਿ ਉਹ ਇਸ ਸਮੇਂ ਅੰਦਰੋਂ ਕਿੰਨੇ ਡੂੰਘੇ ਦੁੱਖ ਤੇ ਤਣਾਅ ‘ਚੋਂ ਗੁਜ਼ਰ ਰਿਹਾ ਹੈ। ਮੈਨੂੰ ਉਸ ਵਿਚੋਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬੌਲਦ’ ਦਾ ਪਾਤਰ ਯਾਦ ਆਇਆ ਜੋ ਦੂਜੇ ਦੀ ਖ਼ੁਸ਼ੀ ਤੇ ਸੁਖ ਲਈ ਆਪਣਾ ਨਿਜੀ ਦੁੱਖ ਘੁੱਟਾਂ ਭਰ ਕੇ ਡੀਕ ਜਾਂਦਾ ਹੈ ਪਰ ਆਪਣੇ ਸਹਿਜ ਤੇ ਸੰਤੁਲਨ ਨੂੰ ਗਵਾਚਣ ਨਹੀਂ ਦਿੰਦਾ।
ਲਾਹੌਰ ਦੀਆਂ ਖੁੱਲ੍ਹੀਆਂ, ਚਾਨਣੀਆਂ ਸੜਕਾਂ, ਉੱਚੀਆਂ ਸ਼ਾਨਦਾਰ ਇਮਾਰਤਾਂ। ਲਾਹੌਰ ਪੂਰੇ ਜਲੌਅ ਵਿਚ ਚਮਕ ਰਿਹਾ ਸੀ। ਇਸ ਸ਼ਾਨਦਾਰ ਲਾਹੌਰ ਵਿਚ ਉਸ ਬਲੋਚਿਸਤਾਨ ਦੇ ਨੌਜਵਾਨ ਦਾ ਵੀ ਕੁਝ ਹਿੱਸਾ ਸੀ, ਜਾਂ ਉਸ ਗਰੀਬ ਕਿਸਾਨ ਦਾ ਵੀ ਇਸ ‘ਤੇ ਕੁਝ ਮਾਣ ਸੀ ਜਿਹੜਾ ਮੈਨੂੰ ਸ਼ਾਹ ਹੁਸੈਨ ਦੀ ਮਜ਼ਾਰ ਉਤੇ ਮਿਲਿਆ ਸੀ! ਕੁਝ ਵੀ ਸੀ, ਲਾਹੌਰ ਇਥੇ ਆਪਣੀ ਪੂਰੀ ਸ਼ਾਨ ਨਾਲ ਚਮਕ ਰਿਹਾ ਸੀ। ਗੁਲਬਰਗ ਦੀ ਖ਼ੂਬਸੂਰਤੀ, ਮਾਡਲ ਟਾਊਨ ਦਾ ਪੌਸ਼ ਇਲਾਕਾ। ਸੱਜੇ ਹੱਥ ਵਗਦੀ ਨਹਿਰ, ਉਸ ਵਿਚੋਂ ਫੁਟਦੇ ਫੁਹਾਰੇ ਅਤੇ ਉਨ੍ਹਾਂ ਉਤੇ ਪੈਂਦੀਆਂ ਰੰਗ-ਬਰੰਗੀਆਂ ਰੌਸ਼ਨੀਆਂ। ਨਹਿਰ ਦੇ ਕੰਢੇ ਖਲੋਤੇ ਦਰਖਤਾਂ ਨੂੰ ਜਿਵੇਂ ਰੌਸ਼ਨੀਆਂ ਦੇ ਫਲ ਲੱਗੇ ਹੋਣ। ਬਿਜਲੀ ਦੇ ਛੋਟੇ ਵੱਡੇ ਬਲਬਾਂ ਨਾਲ ਸਿ਼ੰਗਾਰੇ ਦਰਖ਼ਤ। ਰੌਸ਼ਨੀਆਂ ਨਾਲ ਬਣੇ ਪੰਛੀਆਂ ਅਤੇ ਜਾਨਵਰਾਂ ਦੇ ਵਿਭਿੰਨ ਆਕਾਰ ਝਮਝਮ ਕਰ ਰਹੇ ਸਨ। ਕਿਸੇ ਸਿਆਣੇ ਨੇ ਲਾਹੌਰ ਦੀਆਂ ਜ਼ੁਲਫਾਂ ਸੁਆਰ ਕੇ ਰੰਗ-ਬਰੰਗੇ ਫੁੱਲ ਪਾ ਕੇ ਉਸ ਦੀਆਂ ਦਰਸ਼ਨੀ ਮੀਡੀਆਂ ਕੀਤੀਆਂ ਹੋਈਆਂ ਸਨ।
‘‘ਇਹ ਵੀ ਲਾਸ਼ਾਰੀ ਹੁਰਾਂ ਦਾ ਈ ਕੰਮ ਜੇ ਜਿਨ੍ਹਾਂ ਨੇ ਫੂਡ ਸਟਰੀਟ ਬਣਾਈ ਏ... ਫੂਡ ਸਟਰੀਟ ਵੇਖੀ ਜੇ ਕਿ ਨਹੀਂ ਅਜੇ?’’
ਇਲਿਆਸ ਨੂੰ ਅਸੀਂ ਦੱਸਿਆ ਕਿ ਕੱਲ੍ਹ ਰਾਇ ਸਾਹਿਬ ਦੀ ਬਦੌਲਤ ਅਸੀਂ ਫੂਡ ਸਟਰੀਟ ਵੇਖ ਚੁੱਕੇ ਹਾਂ।
‘‘ਚਲੋ ਫਿਰ ਅੱਜ ਤੁਹਾਨੂੰ ਵਿਲੇਜ ਰੈਸਟੋਰੈਂਟ ਵਿਖਾਨੇ ਆਂ... ਇਹ ਵੀ ਵੇਖਣ ਵਾਲੀ ਸ਼ੈਅ ਜੇ...।’’
ਕੁਝ ਚਿਰ ਪਿੱਛੋਂ ਇਲਿਆਸ ਨੇ ‘ਵਿਲੇਜ ਰੈਸਟੋਰੈਂਟ’ ਦੇ ਬਾਹਰ ਕਾਰ ਖੜ੍ਹੀ ਕੀਤੀ। ਪਿੰਡ ਦਾ ਸਜਿੰਦ ਮਾਹੌਲ ਉਸਾਰਨ ਦੀ ਕੋਸਿ਼ਸ਼ ਕੀਤੀ ਗਈ ਸੀ। ਮਸ਼ੀਨੀ ਖੂਹ ਚਲ ਰਿਹਾ ਸੀ। ਟਿੰਡਾਂ ਦਾ ਪਾਣੀ ਪਾੜਛੇ ਵਿਚ ਡਿੱਗ ਰਿਹਾ... ਚਾਂਦੀ ਰੰਗਾ... ਵਾਣ ਦੀਆਂ, ਪਾਵਿਆਂ ਵਾਲੀਆਂ ਮੰਜੀਆਂ ਡੱਠੀਆਂ ਹੋਈਆਂ। ਡਿਉਢੀ ‘ਤੇ ਖੜੋਤਾ ਦਰਬਾਨ ਕੋਈ ਚਿੱਟ-ਕਪੱੜੀਆ ਪੇਂਡੂ ਨਜ਼ਰ ਆ ਰਿਹਾ ਸੀ। ਪੈਰੀਂ ਦੁਖੱਲੀ ਜੁੱਤੀ। ਗਲ ਚਿੱਟਾ ਕੁੜਤਾ, ਤੇੜ ਤਹਿਮਦ ਤੇ ਸਿਰ ‘ਤੇ ਵਲਦਾਰ ਚਿੱਟੀ ਪੱਗ, ਜਿਸ ਦਾ ਕੰਨ ‘ਤੇ ਛੱਡਿਆ ਹੋਇਆ ਲੰਮਾ ਲੜ। ਉਹ ਇਲਿਆਸ ਦਾ ਪਹਿਲਾਂ ਤੋਂ ਹੀ ਜਾਣੂੰ ਲੱਗਦਾ ਸੀ। ਬੜੇ ਪਿਆਰ ਨਾਲ ਦੋਵੇਂ ਇਕ ਦੂਜੇ ਨੂੰ ਨੇੜਲੇ ਸਨੇਹੀਆਂ ਵਜੋਂ ਮਿਲੇ ਤੇ ਫਿਰ ਉਸ ਨੇ ਡਿਉਢੀ ਦੇ ਅੰਦਰ ਜਾਣ ਲਈ ਇਸ਼ਾਰਾ ਕੀਤਾ। ਪੁਰਾਣੀ ਤਰਜ਼ ਦਾ ਕੋਕਿਆਂ ਤੇ ਕਿੱਲਾਂ ਵਾਲਾ ਸਿ਼ੰਗਾਰਿਆ ਕੁੰਡੇ ਵਾਲਾ ਦਰਵਾਜ਼ਾ ਲੰਘ ਕੇ ਅਸੀਂ ਡਿਉਢੀ ਵਿਚ ਦਾਖ਼ਲ ਹੋਏ। ਡਿਉਢੀ ਵਿਚ ਪਈਆਂ ਵਸਤਾਂ ਸਾਡੇ ਪੇਂਡੂ ਸਭਿਆਚਾਰ ਦੀਆਂ ਨਿਸ਼ਾਨੀਆਂ ਵਜੋਂ ਸਾਂਭੀਆਂ ਹੋਈਆਂ। ਸਿਰ ‘ਤੇ ਸਿਰਕੀ ਦੀਆਂ ਛੱਤਾਂ।
ਅੱਗੇ ਗਏ ਤਾਂ ਇਨ੍ਹਾਂ ਸਿਰਕੀ ਦੀਆਂ ਛੱਤਾਂ ਵਾਲੇ ਪੇਂਡੂ ਦਿਸਦੇ ਖੁੱਲ੍ਹੇ-ਡੁੱਲ੍ਹੇ ਦਲਾਨ ਵਿਚ ਆਧੁਨਿਕ ਦਿੱਖ ਵਾਲੇ ਅਮੀਰ ਲੋਕ ਸਜੇ-ਫੱਬੇ ਹੋਏ ਟੇਬਲਾਂ ਉਤੇ ਬੈਠੇ ਆਪਣੀ ਮਨਪਸੰਦ ਦਾ ਭੋਜਨ ਛਕ ਰਹੇ ਸਨ। ਮੇਜ਼ਾਂ ‘ਤੇ ਪਿਆ ਸਾਮਾਨ, ਉਨ੍ਹਾਂ ਦੀ ਦਿੱਖ ਕਿਸੇ ਫਾਈਵ ਸਟਾਰ ਹੋਟਲ ਦੇ ਡਾਇਨਿੰਗ ਹਾਲ ਵਾਲੀ ਹੀ ਅਤੇ ਭੋਜਨ ਵੀ ਉਹੋ ਜਿਹਾ। ‘ਪਿੰਡ’ ਹੋਣ ਦਾ ਤਾਂ ਐਵੇਂ ਬੱਸ ਇਕ ਭਰਮ ਸਿਰਜਿਆ ਗਿਆ ਸੀ। ਲੋਕਾਂ ਦਾ ਆਪਣੇ ਬੀਤੇ ਜੀਵਨ ਪ੍ਰਤੀ ਇਕ ਕਿਸਮ ਦਾ ਜੋ ਹੇਰਵਾ ਹੁੰਦਾ ਹੈ, ਉਸ ਨੂੰ ਸੰਤੁਸ਼ਟ ਕਰਨ ਦਾ ਯਤਨ ਹੀ ਸੀ ਇਹ ‘ਵਿਲੇਜ ਰੈਸਟੋਰੈਂਟ’। ਆਪਣੇ ਪੇਂਡੂ ਪਿਛੋਕੜ ਵਿਚੋਂ ਉਠ ਕੇ ਬਣੀ ਅਮੀਰ ਸ਼੍ਰੇਣੀ ਲਈ ਇਹ ਇਕ ਸੁਖਾਵੀਂ ਠਾਹਰ ਸੀ। ਆਪਣੇ ਬਚਪਨ ਵਾਲਾ ਤਦ-ਕਾਲੀਨ ਪੇਂਡੂ ਜੀਵਨ ਤਾਂ ਇਹ ਅਮੀਰ ਸ਼੍ਰੇਣੀ ਹੁਣ ਅਮਲੀ ਰੂਪ ਵਿਚ ਜਿਉਣਾ ਨਹੀਂ ਚਾਹੁੰਦੀ ਪਰ ਉਸ ਦਾ ਚੇਤਾ ਵੀ ਉਸ ਦੇ ਮਨੋਂ ਵਿਸਰਦਾ ਨਹੀਂ। ਇੰਜ ਇਹ ਬਨਾਉਟੀ ਪਿੰਡ ਸਿਰਜ ਕੇ ਉਨ੍ਹਾਂ ਦੇ ਅੰਦਰ ਨੂੰ ਤ੍ਰਿਪਤ ਕਰਨ ਦਾ ਯਤਨ ਕੀਤਾ ਗਿਆ ਸੀ ਜਿਥੇ ਉਹ ਪੁਰਾਣੇ ਪਿੰਡ ਦੀ ‘ਖ਼ੁਸ਼ਬੂ’ ਵੀ ਮਾਣ ਸਕਣ ਤੇ ਆਪਣੀ ਹੁਣ ਦੀ ਹੈਸੀਅਤ ਮੁਤਾਬਕ ਵੰਨ-ਸੁਵੰਨੇ ਪਕਵਾਨਾਂ ਦਾ ਸੁਆਦ ਵੀ ਚੱਖ ਸਕਣ।
ਅਸੀਂ ਇਕ ਨੁੱਕਰ ਵਿਚ ਖ਼ਾਲੀ ਮੇਜ਼ ਮੱਲ ਲਿਆ।
‘‘ਇਥੇ ਖਾਣਾ ਸਰਵ ਨਹੀਂ ਕੀਤਾ ਜਾਂਦਾ। ਹਾਲ ਤੋਂ ਅੱਗੇ ਐਨ ਅੰਦਰ ਜਾ ਕੇ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਦਾ ਖਾਣਾ ਪਲੇਟਾਂ ‘ਚ ਪਾ ਕੇ ਲੈ ਆਈਦਾ ਏ... ਏਥੇ ਬੈਠ ਕੇ ਖਾ ਲਈਦਾ ਏ... ਫਿਰ ਕੁਝ ਚਾਹੀਦਾ ਹੋਵੇ, ਫਿਰ ਅੰਦਰੋਂ ਲੈ ਆਓ...‘‘
ਇਲਿਆਸ ਘੁੰਮਣ ਨੇ ਤਮਹੀਦ ਬੰਨ੍ਹ ਕੇ ਕਿਹਾ, ‘‘ਆਓ! ਹੁਣ ਅੰਦਰ ਚੱਲੀਏ...‘‘
ਅਸੀਂ ਅੰਦਰ ਗਏ ਤਾਂ ਜਿਵੇਂ ਅਲੀ ਬਾਬਾ ਦੀ ਗੁਫ਼ਾ ਵਾਂਗ ‘ਵੰਨ-ਸੁਵੰਨੇ ਪਕਵਾਨਾਂ’ ਦੀ ਗੁਫ਼ਾ ਵਿਚ ਜਾ ਵੜੇ ਹੋਈਏ। ਕੱਟੇ ਹੋਏ ਹਰ ਤਰ੍ਹਾਂ ਦੇ ਫਲ, ਵੱਖ ਵੱਖ ਤਰ੍ਹਾਂ ਦੇ ਜੂਸ, ਅਨੇਕਾਂ ਕਿਸਮਾਂ ਦਾ ਮੀਟ, ਸਬਜ਼ੀਆਂ, ਕਈ ਕਿਸਮ ਦੇ ਸਾਲਦ, ਰਾਇਤੇ, ਦਹੀਂ ਦੀ ਲੱਸੀ, ਮਕੱਈ ਦੀ ਰੋਟੀ, ਮੱਖਣ ਤੇ ਸਾਗ...
ਇਸ ਤਰ੍ਹਾਂ ਦੀ ਸੁਵਿਧਾ ਬਾਹਰਲੇ ਮੁਲਕਾਂ ਵਿਚ ਵੀ ਹੁੰਦੀ ਹੈ ਪਰ ਉਥੇ ਖਾਣਿਆਂ ਦੀਆਂ ਬਹੁਤੀਆਂ ਕਿਸਮਾਂ ਪੱਛਮੀ ਸੁਆਦ ਮੁਤਾਬਿਕ ਬਣਾਈਆਂ ਹੁੰਦੀਆਂ ਹਨ। ਪੰਜਾਬੀ ਖਾਣੇ ਦੇ ਏਨੇ ਰੰਗ ਪਹਿਲੀ ਵਾਰ ਵੇਖੇ ਸਨ। ਫੂਡ ਸਟਰੀਟ ਵਿਚ ਵੱਖ ਵੱਖ ਦੁਕਾਨਾਂ ਤੋਂ ਅਜਿਹਾ ਸਭ ਕੁਝ ਉਪਲਬਧ ਹੋ ਸਕਦਾ ਸੀ ਪਰ ਇਕੋ ਥਾਂ ‘ਤੇ ਐਨਾ ਕੁਝ ਇਹ ਇਥੇ ‘ਵਿਲੇਜ ਰੈਸਟੋਰੈਂਟ’ ਵਿਚ ਹੀ ਸੀ।
ਪਲੇਟਾਂ ਸਾਡੇ ਹੱਥ ਵਿਚ ਸਨ ਪਰ ਚੀਜ਼ਾਂ ਦੀ ਵੰਨਗੀ ਏਨੀ ਸੀ ਕਿ ਅਸੀਂ ਪਹਿਲਾਂ ਨਜ਼ਰ ਮਾਰ ਕੇ ਵੇਖ ਲੈਣਾ ਚਾਹੁੰਦੇ ਸਾਂ। ਪਾਕਿਸਤਾਨੀ ਖਾਣੇ ਵਿਚ ਘਿਉ ਤੇ ਮਸਾਲੇ ਦੀ ਮਾਤਰਾ ਏਨੀ ਜਿ਼ਆਦਾ ਸੀ ਕਿ ਮੇਰਾ ਖਾਣ ਤੋਂ ਮੂੰਹ ਮੁੜ ਚੁੱਕਾ ਸੀ। ਸੁਆਦ ਸੁਆਦ ਵਿਚ ਜਿ਼ਆਦਾ ਖਾਂਦੇ ਰਹਿਣ ਕਰਕੇ ਪੇਟ ਭਾਰਾ ਹੋਇਆ ਪਿਆ ਸੀ। ਮੈਂ ਤਾਂ ਫਰੂਟ ਸਲਾਦ ਤੇ ਦੂਜੇ ਸਲਾਦ ਨੂੰ ਤਰਜੀਹ ਦਿੱਤੀ ਤੇ ਸੰਤਰੇ ਦੇ ਜੂਸ ਦਾ ਗਲਾਸ ਲੈ ਕੇ ਮੇਜ਼ ਉਪਰ ਆ ਬੈਠਾ। ਦੂਜੇ ਜਣੇ ਵੀ ਆਪਣੀ ਪਸੰਦ ਦਾ ਖਾਣਾ ਪਾ ਕੇ ਆ ਗਏ।
ਹੌਲੀ ਹੌਲੀ ਖਾਣਾ ਖਾਂਦੇ ਅਸੀਂ ਅਮੀਰਾਂ ਦੇ ਚੋਚਲਿਆਂ ‘ਤੇ ਟਿੱਪਣੀਆਂ ਵੀ ਕਰਦੇ ਰਹੇ ਤੇ ਉਨ੍ਹਾਂ ਦਾ ਹਿੱਸਾ ਵੀ ਬਣੇ ਰਹੇ। ਇਕ ਅਜੀਬ ਗੱਲ ਇਥੇ ਇਹ ਨਜ਼ਰ ਆਈ ਕਿ ਬਤੌਰ ‘ਸਿੱਖ’ ਜਿਵੇਂ ਲਾਹੌਰ ਦੀਆਂ ਗਲੀਆਂ, ਬਜ਼ਾਰਾਂ ਜਾਂ ਫੂਡ ਸਟਰੀਟ ‘ਤੇ ਸਾਡੇ ਵਿਚ ਲੋਕਾਂ ਨੇ ਦਿਲਚਸਪੀ ਲਈ ਸੀ ਇਥੇ ਕਿਸੇ ਨੇ ਅਜਿਹਾ ਹੁੰਗਾਰਾ ਨਹੀਂ ਸੀ ਭਰਿਆ। ਨਾ ਹੀ ਕਿਸੇ ਨੇ ਸਾਡੇ ਨਾਲ ਕੋਈ ਗੱਲ ਕਰਨੀ ਚਾਹੀ ਤੇ ਨਾ ਹੀ ਉਚੇਚ ਨਾਲ ਵੇਖਿਆ। ਮੈਂ ਸੋਚ ਰਿਹਾ ਸਾਂ ਕਿ ਇਹ ਲਾਹੌਰ ਦੀ ਉੱਚੀ-ਸ਼੍ਰੇਣੀ ਹੈ। ਆਪਣੇ ਖਾਣ-ਪੀਣ ਵਿਚ ਮਸਤ। ਕੇਵਲ ਆਪਣੇ ਆਪ ਤਕ ਸੀਮਤ ; ਅੰਦਰੇ ਅੰਦਰ ਆਨੰਦ ਲੈਣ ਵਾਲੀ। ਦੂਜਿਆਂ ਨੂੰ ਦੇਖਣ, ਘੂਰਨ ਜਾਂ ਉਨ੍ਹਾਂ ‘ਚ ਦਿਲਚਸਪੀ ਲੈਣ ਤੋਂ ਪਾਰ ਜਾ ਚੁੱਕੀ ਇਕ ਸਵੈ-ਕੇਂਦਰਿਤ ਸ਼੍ਰੇਣੀ।
ਅਸੀਂ ਇਕ ਇਕ ਗੇੜਾ ਫਿਰ ਅੰਦਰ ਲਾਇਆ। ਲੋੜੀਂਦੀਆਂ ਚੀਜ਼ਾਂ ਪਲੇਟਾਂ ‘ਚ ਪਾਈਆਂ ਤੇ ਦਹੀਂ ਦੀ ਮਿੱਠੀ ਲੱਸੀ ਦਾ ਗਲਾਸ ਭਰਵਾਇਆ। ਇਕ ਬੰਦੇ ਲਈ ਖਾਣੇ ਦਾ ਰੇਟ ਨਿਸਚਿਤ ਸੀ ਚਾਹੇ ਜੋ ਮਰਜ਼ੀ ਤੇ ਜਿੰਨਾ ਮਰਜ਼ੀ ਕੋਈ ਖਾਵੇ। ਖਾਣ ਦੀ ਤਾਂ ਤਾਂ ਖੁੱਲ੍ਹ ਸੀ ਪਰ ਢਿੱਡ ਤਾਂ ਆਪਣੇ ਸਨ।
ਜਾਣ ਲੱਗਿਆਂ ਬਿੱਲ ਲੈਣ ਆਏ ਬੈਰੇ ਨੂੰ ਦੇਣ ਲਈ ਇਲਿਆਸ ਘੁੰਮਣ ਨੇ ਪਰਸ ਕੱਢਿਆ ਤੇ ਹਜ਼ਾਰ ਹਜ਼ਾਰ ਦੇ ਦੋ ਨੋਟ ਕਾਪੀ ਵਿਚ ਰੱਖੇ। ਬੈਰੇ ਨੂੰ ਟਿੱਪ ਅਤੇ ਥੋੜ੍ਹਾ ਕੁ ਬਚਦਾ ਬਕਾਇਆ ਲੈ ਕੇ ਇਲਿਆਸ ਉੱਠਿਆ ਤੇ ਉਸ ਦੇ ਨਾਲ ਹੀ ਅਸੀਂ ਵੀ ਭੀੜ ਉਤੇ ਇਕ ਨਜ਼ਰ ਸੁੱਟਦੇ ਡਿਉਢੀ ਤੋਂ ਬਾਹਰ ਆਏ। ਦਰਬਾਨ, ਜਿਸ ਨੂੰ ਇਲਿਆਸ ‘ਚਾਚਾ’ ਕਹਿ ਕੇ ਬੁਲਾਉਂਦਾ ਸੀ, ਨੇ ਸਲਾਮ ਕੀਤੀ ਤਾਂ ਉਸ ਨੇ ਜੇਬ ‘ਚੋਂ ਸੌ ਦਾ ਨੋਟ ਕੱਢ ਕੇ ਉਹਦੀ ਮੁੱਠੀ ਵਿਚ ਫੜਾਇਆ।
ਕਾਰ ਮੁੜ ਫਲੈਟੀਜ਼ ਹੋਟਲ ਵੱਲ ਪਰਤ ਰਹੀ ਸੀ। ਦੋ ਵੱਡੀਆਂ ਕਾਰਾਂ ਵਿਚ ਬੈਠੇ ਨੌਜਵਾਨਾਂ ਦੀ ਭੀੜ ਨੇ ਸਾਡੇ ਵੱਲ ਹੱਥ ਹਿਲਾਇਆ। ਸਾਡੀ ਕਾਰ ਉਨ੍ਹਾਂ ਤੋਂ ਅੱਗੇ ਲੰਘ ਆਈ। ਅਸੀਂ ਵੇਖਿਆ ਉਹ ਨੌਜਵਾਨ ਕਾਰ ਦੁੜਾ ਕੇ ਸਾਡੇ ਬਰਾਬਰ ਆਏ, ਬਾਰੀ ਦੇ ਸ਼ੀਸਿ਼ਆਂ ਵਿਚੋਂ ਮੂੰਹ ਕੱਢ ਕੇ ਸਾਨੂੰ ਆਵਾਜ਼ ਦੇ ਰਹੇ ਸਨ। ਸਾਡੀ ਕਾਰ ਦੇ ਸ਼ੀਸ਼ੇ ਬੰਦ ਹੋਣ ਕਰਕੇ ਸਾਨੂੰ ਸਮਝ ਨਹੀਂ ਸੀ ਪੈ ਰਹੀ ਕਿ ਉਹ ਕੀ ਆਖ ਰਹੇ ਨੇ। ਮੈ ਇਲਿਆਸ ਨੂੰ ਦੱਸਿਆ ਤਾਂ ਉਸ ਨੇ ਵੀ ਉਨ੍ਹਾਂ ਵੱਲ ਝਾਤ ਮਾਰੀ ਤੇ ਹੱਸਦਾ ਹੋਇਆ ਕਹਿਣ ਲੱਗਾ, ‘‘ਤੁਹਾਨੂੰ ਰੋਟੀ ਦੀ ਸੁਲ੍ਹਾ ਮਾਰ ਰਹੇ ਨੇ...।’’
ਮੈਂ ਬਾਹਰ ਦੇਖਿਆ। ਇਲਿਆਸ ਦੀ ਗੱਲ ਠੀਕ ਸੀ। ਉਹ ਬਾਰੀ ‘ਚੋਂ ਸਿਰ ਕੱਢ ਕੇ ਆਪਣੇ ਮੂੰਹ ਨੂੰ ਆਪਣੀਆਂ ਉਂਗਲਾਂ ਵਾਰ ਵਾਰ ਛੂਹਾ ਰਹੇ ਸਨ। ਜ਼ਾਹਿਰ ਸੀ ਉਸ ਸਾਨੂੰ ਖਾਣੇ ਦਾ ਸੱਦਾ ਦੇ ਰਹੇ ਸਨ।
ਮੈਂ, ਸ਼ੀਸ਼ਾ ਖੋਲ੍ਹ ਕੇ ਪਿਆਰ ਨਾਲ ਉਨ੍ਹਾਂ ਵੱਲ ਧੰਨਵਾਦੀ ਹੱਥ ਹਿਲਾਇਆ।
‘‘ਬੱਸ ਮੈਂ ਹੁਣ ਚੱਲਿਆਂ। ਰਾਤ ਦਾ ਪ੍ਰੋਗਰਾਮ ਨਹੀਂ ਵੇਖ ਸਕਣਾ...‘‘ ਫਲੈਟੀਜ਼ ਹੋਟਲ ਵਿਚ ਕਾਰ ‘ਚੋਂ ਉਤਰ ਕੇ ਇਲਿਆਸ ਨੇ ਕਿਹਾ।
‘‘ੰਮੇਰੇ ਗੋਚਰੀ ਕੋਈ ਖਿ਼ਦਮਤ ਹੋਵੇ ਤਾਂ ਜ਼ਰੂਰ ਦੱਸਿਓ।’’
ਮੈਂ ਕਿਹਾ, ‘‘ਯਾਰ! ਸਾਨੂੰ ਕਿਤੇ ਨਨਕਾਣਾ ਹੀ ਵਿਖਾ ਛੱਡ। ਕਈ ਲੋਕ ਤਾਂ ਸਾਡੇ ‘ਚੋਂ ਹੋ ਵੀ ਆਏ ਨੇ...। ਪਰ ਅਸੀਂ ਤਾਂ ਡਰਦੇ ਜਾਂਦੇ ਨਹੀਂ ਕਿਤੇ ਕਾਬੂ ਨਾ ਆ ਜਾਈਏ...।’’
ਇਲਿਆਸ ਖੁੱਲ੍ਹ ਕੇ ਹੱਸਿਆ, ‘‘ਸੰਧੂ ਸਾਹਿਬ ਜੋ ਕਹੋਗੇ, ਵਿਖਾਵਾਂਗੇ। ਨਨਕਾਣਾ ਵੀ ਵਿਖਾਵਾਂਗੇ। ਕੱਲ੍ਹ ਦੀ ਦਿਹਾੜੀ ਕਾਨਫ਼ਰੰਸ ਦੀ ਲੰਘ ਜਾਣ ਦਿਓ...।’’
‘‘ਵੇਖ ਲੈ ਹੁਣ ਚੇਤਾ ਰੱਖੀਂ। ਜੇ ਨਨਕਾਣਾ ਨਾ ਵਿਖਾਇਆ ਤਾਂ ਅਸੀਂ ਕੁੱਟਾਂਗੇ ਤੈਨੂੰ...‘‘ ਮੈਂ ਪਿਆਰ ਤੇ ਮਾਣ ਨਾਲ ਉਸ ਨੂੰ ਗਲਵੱਕੜੀ ਵਿਚ ਘੁੱਟ ਲਿਆ।
‘‘ਅਸੀਂ ਉਹ ਮੌਕਾ ਈ ਨਹੀਂ ਜੇ ਆਣ ਦੇਣਾ...‘‘ ਉੱਚਾ ਠਹਾਕਾ ਲਾ ਕੇ ਇਲਿਆਸ ਨੇ ਮੈਨੂੰ ਪਰਤਵੀਂ ਜੱਫੀ ਪਾ ਲਈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346