ਨਿਰੰਜਨ ਸਿੰਘ ਦਾ ਮੁੰਡਾ ਜਗਰੂਪ ਕੁਝ ਸਾਲਾਂ ਬਾਅਦ ਇੰਗਲੈਂਡ ਤੋਂ ਵਾਪਸ ਪਰਤਿਆ । ਉਸਨੇ
ਆਪਣੇ ਘਰਦਿਆਂ ਨੂੰ ਆਉਣ ਸਾਰ ਹੀ ਦੱਸ ਦਿੱਤਾ ਕਿ ਉਸਨੇ ਦੋ ਮਹੀਨੇ ਬਾਅਦ ਵਾਪਸ ਜਾਣਾ ਹੈ ।
ਜਗਰੂਪ ਦੀ ਉਮਰ ਵਿਆਹ ਦੀ ਹੱਦ ਟੱਪਣ ਵਾਲੀ ਸੀ । ਇਸ ਲਈ ਉਸਦੇ ਘਰਦਿਆਂ ਨੇ ਉਸਦਾ ਵਿਆਹ
ਕਰਨਾ ਠੀਕ ਸਮਝਿਆ । ਇਕ ਦੋ ਥਾਂ ਗੱਲ ਚੱਲਣ ਤੋਂ ਬਾਅਦ ਆਖਿਰ ਜਗਰੂਪ ਦਾ ਵਿਆਹ ਇਕ ਪੜ੍ਹੀ
ਲਿਖੀ ਤੇ ਸੋਹਣੀ ਸੁਨੱਖੀ ਕਰਮਜੀਤ ਨਾਂ ਦੀ ਕੁੜੀ ਨਾਲ ਹੋ ਗਿਆ । ਉਂਝ ਭਾਵੇਂ ਜਗਰੂਪ ਅੱਠਵੀ
ਵੀ ਪਾਸ ਨਹੀਂ ਸੀ ਪਰ ਇੰਗਲੈਂਡ ਵਿੱਚੋਂ ਆਏ ਹੋਣ ਦੀ ਡਿਗਰੀ ਹੱਥ ਵਿੱਚ ਹੋਣ ਕਰਕੇ ਉਸਨੂੰ
ਇੱਕ ਚੰਗੇ ਘਰ ਦਾ ਰਿਸ਼ਤਾ ਹੋ ਗਿਆ ।
ਨਵੀਂ ਵਿਆਹੀ ਕਰਮਜੀਤ ਨੂੰ ਇੰਗਲੈਂਡ ਜਾਣ ਦਾ ਅਵੱਲਾ ਹੀ ਚਾਅ ਚੜ੍ਹਿਆ ਹੋਇਆ ਸੀ । ਜਿਸ
ਕਾਰਨ ਉਸਨੂੰ ਪੇਂਡੂਪੁਣੇ ਨਾਲ ਭਰੇ ਪਰਿਵਾਰ ,ਮੱਝਾਂ ,ਗਾਵਾਂ ਤੇ ਤੂੜੀ ,ਗੋਹੇ ਆਦਿ ਵਾਲੇ
ਘਰ ਤੋਂ ਖਿਝ ਨਹੀਂ ਸੀ ਆਈ ਕਿਉਂਕਿ ਉਸਨੇ ਕਿਹੜਾ ਏਥੇ ਰਹਿਣਾ ਸੀ ਉਸਨੇ ਤਾਂ ਬਾਹਰ ਜਾਣ ਲਈ
ਜਗਰੂਪ ਨਾਲ ਵਿਆਹ ਕਰਵਾਇਆ ਸੀ । ਹੌਲੀ ਹੌਲੀ ਦੋ ਮਹੀਨੇ ਬੀਤਣ ਤੇ ਆ ਗਏ ਪਰ ਜਗਰੂਪ ਨੇ
ਬਾਹਰ ਜਾਣ ਦੀ ਗੱਲ ਨਾ ਛੇੜੀ । ਜਦ ਉਸਦੀ ਦੱਸੀ ਹੋਈ ਤਾਰੀਕ ਵੀ ਆ ਗਈ ਤਾਂ ਘਰਦਿਆਂ ਦੇ
ਪੁੱਛਣ ਤੇ ਕਹਿਣ ਲੱਗਾ ਕਿ ਉਸਨੇ ਤਾਰੀਕ ਵਧਾ ਲਈ ਹੈ ਰੁਕ ਕਿ ਜਾਵੇਗਾ । ਘਰਦਿਆ ਨੂੰ ਪੁੱਤਰ
ਦੇ ਹੋਰ ਸਮਾਂ ਰੁਕਣ ਤੇ ਖੁਸ਼ੀ ਹੋਈ ਪਰ ਏਦਾਂ ਕਰਦਿਆਂ ਕਰਾਉਂਦਿਆਂ ਉਸਨੇ ਪੰਜ ਮਹੀਨੇ ਕੱਢ
ਦਿੱਤੇ ਜਿਸ ਨਾਲ ਕਰਮਜੀਤ ਤੇ ਉਸਦੇ ਪਰਿਵਾਰ ਵਾਲਿਆਂ ਨੂੰ ਉਸਤੇ ਸ਼ੱਕ ਹੋਣ ਲੱਗਾ । ਜਦ
ਜਗਰੂਪ ਨੂੰ ਇਸ ਬਾਰੇ ਪੁਛਿਆ ਗਿਆ ਤਾਂ ਉਸਨੇ ਸਭ ਕੁਝ ਸੱਚ ਦੱਸ ਦਿੱਤ ਕਿ ਉਹ ਆਪਣੇ ਆਪ
ਇੰਗਲੈਂਡ ਤੋਂ ਨਹੀਂ ਆਇਆ ਬਲਕਿ ਗੈਰ ਕਾਨੂੰਨੀ ਢੰਗ ਨਾਲ ਰਹਿਣ ਕਰਕੇ ਉਸਨੂੰ ਉੱਥੋਂ ਕੱਢ
ਦਿੱਤਾ ਗਿਆ ਹੈ ।ਇਹ ਸੁਣਕੇ ਕਰਮਜੀਤ ਥਾਏਂ ਬੈਠ ਗਈ ਤੇ ਪਾਗਲਾਂ ਵਾਂਗ ਆਸੇ ਪਾਸੇ ਝਾਕਣ
ਲੱਗੀ । ਕਰਮਜੀਤ ਦਾ ਪਿਉ ਜਗਰੂਪ ਨੂੰ ਬੁਰਾ ਭਲਾ ਕਹਿਣ ਲੱਗਾ ਕਿਉਂਕਿ ਉਸਨੇ ਉਸਦੀ ਕੱਲੀ
ਕਹਿਰੀ ਧੀ ਦੀ ਜਿੰਦਗੀ ਖਰਾਬ ਕਰ ਦਿੱਤੀ ਸੀ । ਉਸਦੇ ਉਸਦੇ ਮਾਪਿਆਂ ਨੂੰ ਜਦ ਕਿਹਾ ਕਿ
ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ ਤਾਂ ਜਗਰੂਪ ਦੀ ਮਾਂ ਨੇ ਆਪਣੇ ਬਾਕੀ ਦੋ ਪੁੱਤਾਂ ਦੀ ਸੰਹ
ਖਾਕੇ ਆਖਿਆ ਭਾਈ ਸਾਨੂੰ ਤਾਂ ਆਪ ਹੁਣ ਪਤਾ ਲੱਗਾ ਕਿ ਇਹਨੂੰ ਕੱਢਿਆ ਹੈ ਨਹੀਂ ਅਸੀਂ ਤੇਰੀ
ਧੀ ਨੂੰ ਕਦੇ ਨਾ ਵਿਆਹੁੰਦੇ ਇਹਦੇ ਨਾਲ । ਅਸੀਂ ਤਾਂ ਆਪ ਪੁੱਛਦੇ ਰਹੇ ਕਿ ਤੂੰ ਵਾਪਸ ਕਿਉਂ
ਨੀ ਜਾਂਦਾ ਬਸ ਲਾਰੇ ਜਿਹੇ ਲਾਈ ਗਿਆ ਪਰ ਇਹਨੇ ਸੱਚ ਨੀ ਦੱਸਿਆ । ਜਗਰੂਪ ਦੀ ਮਾਂ ਨੇ ਸਿੱਧੀ
ਆਖ ਦਿੱਤੀ ਕਿ ਭਾਈ ਤੂੰ ਕੁੜੀ ਨੂੰ ਲੈਜਾ ਤੇ ਕਿਤੇ ਹੋਰ ਵਿਆਹਦੀ । ਇਹ ਆਪਣੀਆਂ ਆਪੇ
ਭੁਗਤੂਗਾ । ਪਰ ਧੀ ਨੂੰ ਦੁਬਾਰਾ ਵਿਆਹੁਣਾ ਕਿੰਨਾ ਔਖਾ ਹੁੰਦਾ ਹੈ ਇਹ ਤਾਂ ਇਕ ਬਾਪ ਹੀ ਜਾਣ
ਸਕਦਾ ਹੈ ਤੇ ਇਹੀ ਸੋਚਕੇ ਕਰਮਜੀਤ ਵਾਪਸ ਨਾ ਗਈ ਤੇ ਉੱਥੇ ਹੀ ਰਹਿਣ ਦਾ ਫੈਸਲਾਂ ਕਰ ਲਿਆ ।
ਅੱਜ ਕਰਮਜੀਤ ਨੇ ਚੰਗੀ ਤਰਾਂ ਉਸ ਘਰ ਨੂੰ ਦੇਖਿਆ ਕਿਉਕਿਂ ਹੁਣ ਇਹੀ ਉਸਦਾ ਇੰਗਲੈਂਡ ਸੀ ।
ਕਹਿੰਦੇ ਹਨ ਕਿ ਜਦੋਂ ਵੀ ਦੁੱਖ ਆਉਂਦੇ ਹਨ ਤਾਂ ਕੇਰਾਂ ਹੀ ਆ ਜਾਂਦੇ ਹਨ । ਕਰਮਜੀਤ ਦੇ
ਪਹਿਲਾਂ ਇਕ ਧੀ ਹੋਈ ਫੇਰ ਦੂਜੀ ਤੇ ਫਿਰ ਤੀਸਰੀ । ਕਰਮਜੀਤ ਨੇ ਜੋ ਸੋਚਿਆ ਸੀ ਸਭ ਕੁਝ ਉਸਦੇ
ਉਲਟ ਹੋਇਆ । ਜਦੋਂ ਕਦੇ ਵੀ ਜਗਰੂਪ ਦੀ ਮਾਂ ਕਰਮਜੀਤ ਨੂੰ ਗੋਹੇ ਕੂੜੇ ਦਾ ਕੰਮ ਕਰਦਿਆਂ
ਦੇਖਦੀ ਤਾਂ ਕਹਿੰਦੀ ਕਿ ਇਹ ਕੁੜੀ ਸਾਡੇ ਘਰ ਵਿਆਹੁਣ ਵਾਲੀ ਕਿੱਥੇ ਸੀ ਇਹ ਤਾਂ ਸੱਚ ਮੁੱਚ
ਇੰਗਲੈਡ ਵਿਆਹੁਣ ਵਾਲੀ ਸੀ । ਕਰਮਜੀਤ ਵੀ ਹੁਣ ਜਦੋਂ ਕਦੇ ਉਸ ਸਮੇਂ ਨੂੰ ਯਾਦ ਕਰਦੀ ਹੈ ਜਦ
ਉਸਨੇ ਜਗਰੂਪ ਦੇ ਲੜ ਲੱਗਣ ਵੇਲੇ ਇੰਗਲੈਂਡ ਜਾਣ ਦਾ ਸੁਪਣਾ ਦੇਖਿਆ ਸੀ ਤਾ ਉਸ ਸਮੇਂ ਨੂੰ
ਯਾਦ ਕਰਕੇ ਉਹ ਅੱਜ ਵੀ ਰੋ ਪੈਂਦੀ ਹੈ |
-0-
|