Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਜਦੋਂ ‘ਸਥਾਪਤੀ’ ਦਾ ਤੋਤਾ ਮੇਰੇ ਸਿਰ ‘ਤੇ ‘ਅਚਾਣਕ’ ਆ ਬੈਠਾ

 

- ਅਜਮੇਰ ਸਿੰਘ ਔਲਖ

ਨੌਂ ਬਾਰਾਂ ਦਸ

 

- ਵਰਿਆਮ ਸਿੰਘ ਸੰਧੂ

ਮੇਰੀ ਫਿਲਮੀ ਆਤਮਕਥਾ

 

- ਬਲਰਾਜ ਸਾਹਨੀ

ਦੇਖ ਕਬੀਰਾ

 

- ਕਿਰਪਾਲ ਕਜ਼ਾਕ

ਲੋਕ-ਸੰਗੀਤ ਦੀ ਸੁਰੀਲੀ ਤੰਦ-ਅਮਰਜੀਤ ਗੁਰਦਾਸਪੁਰੀ

 

- ਗੁਰਭਜਨ ਗਿੱਲ

ਆਪਣੀ ਪੀੜ

 

-  ਹਰਪ੍ਰੀਤ ਸੇਖਾ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਨਾਵਲ ਅੰਸ਼ / ਅਰੂੜ ਸਿੰਘ ਹਿੰਦੁਸਤਾਨ ਵਿਚ

 

- ਹਰਜੀਤ ਅਟਵਾਲ

ਬਾਗੀ ਹੋ ਜਾਣ ਦੇ ਮਾਣਯੋਗ ਰਾਹੀਂ ਤੁਰਦਿਆਂ

 

- ਡਾ.ਸੁਰਿੰਦਰ ਮੰਡ

ਸੁਰ ਦੀ ਚੋਟ

 

- ਇਕਬਾਲ ਮਾਹਲ

ਝੂਠ ਸਭ ਝੂਠ

 

- ਚਰਨਜੀਤ ਸਿੰਘ ਪੰਨੂ

 'ਸ਼ਹਿਣਸ਼ੀਲਤਾ'

 

- ਹਰਜਿੰਦਰ ਗੁਲਪੁਰ

ਗਜ਼ਲ

 

- ਹਰਚੰਦ ਸਿੰਘ ਬਾਸੀ

ਫਰੈਡਰਿਕ ਏਂਗਲਜ ਨੂੰ ਯਾਦ ਕਰਦਿਆਂ.......

 

- ਪਰਮ ਪੜਤੇਵਾਲਾ

ਛੰਦ ਪਰਾਗੇ ਤੇ ਕਵਿਤਾ

 

- ਗੁਰਨਾਮ ਢਿੱਲੋਂ

ਗੁਰੂ ਨਾਲ਼ ਸੰਵਾਦ

 

- ਗੁਰਲਾਲ ਸਿੰਘ ਬਰਾੜ

ਕਹਾਣੀ / ਅਸਲ ਰੋਸ

 

- ਗੁਰਬਾਜ ਸਿੰਘ

 
Online Punjabi Magazine Seerat


ਮੇਰੀ ਫਿਲਮੀ ਆਤਮਕਥਾ
- ਬਲਰਾਜ ਸਾਹਨੀ
 

 

ਪਹਿਲਾ ਭਾਗ
1
ਫਿਲਮਾਂ ਵਿਚ ਇਕ ਚੀਜ਼ ਨੂੰ ‘ਫਲੈਸ਼-ਬੈਕ’ ਆਖਦੇ ਹਨ, ਅਰਥਾਤ ਵਰਤਮਾਨ ਤੋਂ ਭੂਤਕਾਲ ਵਿਚ ਛਾਲ ਮਾਰ ਜਾਣਾ। ਅਤੇ ‘ਫਲੈਸ਼-ਬੈਕ’ ਤਾਂ ਹੀ ਸਫਲ ਹੁੰਦਾ ਹੈ, ਜੇ ਵਰਤਮਾਨ ਦੇ ਡਰਾਮੇ ਦਾ ਦਰਸ਼ਕਾਂ ਨੂੰ ਚੋਖਾ ਅਹਿਸਾਸ ਕਰਾ ਦਿੱਤਾ ਜਾਏ। ਫੇਰ, ਉਹਨਾਂ ਨੂੰ ਉਂਗਲੀ ਲਾ ਕੇ ਭੂਤ, ਭਵਿੱਖ ਕਿਤੇ ਵੀ ਫਿਰਾਇਆ ਜਾ ਸਕਦਾ ਹੈ। ਆਪਣੀ ਫਿਲਮੀ ਜੀਵਨ-ਕਥਾ ਦਾ ‘ਫਲੈਸ਼-ਬੈਕ’ ਸ਼ੁਰੂ ਕਰਨ ਤੋਂ ਪਹਿਲਾਂ ਆਓ ਜ਼ਰਾ ਵਰਤਮਾਨ ਦੇ ਗੁਲਜ਼ਾਰ ਵਿਚ ਥੋੜਾ ਟਹਿਲ ਲਈਏ। ਚੈਂਬੂਰ ਦਾ ਇਲਾਕਾ। ਸਟੂਡੀਓ ਦਾ ਮੇਕ-ਅੱਪ-ਰੂਮ। ਮੇਕ-ਅੱਪ-ਮੈਨ ਨੇ, ਰੀਤ ਅਨੁਸਾਰ, ਮੇਕ-ਅੱਪ ਦਾ ਪਹਿਲਾ ਟਿੱਕਾ ਸ਼ੀਸ਼ੇ ਨੂੰ ਲਾਇਆ, ਫੇਰ ਮੇਰਾ ਮੇਕ-ਅੱਪ ਸ਼ੁਰੂ ਕੀਤਾ। ਹੁਣ ਇਹ ਖਤਮ ਹੋ ਚੁੱਕਿਆ ਹੈ। ਸਿਰਫ ਵਾਲਾਂ ਨੂੰ ਕਾਲਾ ਕਰਨਾ ਬਾਕੀ ਰਹਿ ਗਿਆ ਹੈ। ਮਹੀਨੇ ਡੇਢ ਤੋਂ ਮੈਂ ਖਿਜ਼ਾਬ ਇਸਤੇਮਾਲ ਨਹੀਂ ਕੀਤਾ। ਏਸ ਲਈ ਬੁਰਸ਼ ਨਾਲ ਕਾਲੀ ਪੈਨਸਿਲ ਘੂਹ-ਘੂਹ ਕੇ ਵਾਲਾਂ ਉਪਰ ਫੇਰ ਰਿਹਾ ਹਾਂ, ਜੋ ਕਿ ਬੜੇ ਟੰਟੇ ਵਾਲਾ ਕੰਮ ਹੈ। ਹੁਣੇ ਡਰੈਸਮੈਨ ਮੇਰੀ ਫੌਜੀ ਵਰਦੀ ਤੇ ਕਾਲੇ ਡਬਲ ਬੂਟ ਰੱਖ ਗਿਆ ਹੈ। ਇਹਨਾਂ ਦੀ ਤਿੱਖੀ ਪਾਲਸ਼ ਦੀ ਬੋ ਨਾਲ ਕਮਰਾ ਭਰ ਗਿਆ ਹੈ, ਜਿਸ ਤੋਂ ਅਨੁਮਾਨ ਕੀਤਾ ਜਾ ਸਕਦਾ ਹੈ ਕਿ ਕਮਰਾ ਬਹੁਤ ਹੀ ਛੋਟਾ ਹੈ। ਦਰਅਸਲ, ਵੱਡੇ ਸਾਰੇ ਇਕ ਕਮਰੇ ਵਿਚ ਦੋ ਹੋਰ ਕੰਧਾਂ ਪਾ ਕੇ ਤਿੰਨ ਕੰਪਾਰਟਮੈਂਟ ਜਿਹੇ ਬਣਾ ਛੱਡੇ ਹਨ। ਦਸ ਕੁ ਸਾਲ ਪਹਿਲਾਂ, ਜਦੋਂ ਫਿਲਮਸਟਾਰ, ਭਗਵਾਨ ਦਾਦਾ ਨੇ ਇਹ ਸਟੂਡੀਓ ਆਪਣੇ ਹੱਥ ਵਿਚ ਲੈ ਲਿਆ ਸੀ, ਤਾਂ ਇਹ ਮੇਕ-ਅੱਪ-ਰੂਮ ਉਹਨਾਂ ਨੇ ਆਪ ਬੜੇ ਸ਼ੌਕ ਨਾਲ ਬਣਵਾਏ ਸਨ। ਉਦੋਂ ਉਹਨਾਂ ਦੀ ਪਿਕਚਰ “ਅਲਬੇਲਾ” ਬੜੇ ਜੋ਼ਰਾਂ ਨਾਲ ਹਿੱਟ ਹੋਈ ਸੀ। ਭਗਵਾਨ ਦਾਦਾ ਦਾ ਸਵਾਲੀ ਅਦਾ ਨਾਲ ਠੁਮਕ-ਠੁਮਰ ਕੇ ਨੱਚਣਾ ਲੋਕਾਂ ਨੂੰ ਬਹੁਤ ਪਸੰਦ ਆਇਆ ਸੀ। ਮਜ਼ਦੂਰ ਤਬਕਾ ਤਾਂ ਭਗਵਾਨ ਦਾਦਾ ਉਪਰ ਸਦਾ ਤੋਂ ਹੀ ਜਾਨ ਵਾਰਦਾ ਰਿਹਾ ਹੈ। ਇਕ ਵਾਰੀ ਇਕ ਟੈਕਸੀ-ਡਰਾਈਵਰ ਦੇ ਮੂੰਹੋਂ ਮੈਂ ਸੁਣਿਆਂ ਸੀ, “ਅਰੇ, ਏਕ ਬਾਰ ਵੋਹ ਕਹਿ ਦੇ ਕਿ ਮੁਝੇ ਤੇਰੀ ਗਾੜੀ ਚਾਹੀਏ, ਖੁਦਾ ਕੀ ਕਸਮ, ਉਸੀ ਵਕਤ ਚਾਬੀ ਹਵਾਲੇ ਕਰਕੇ ਨੀਚੇ ਉਤਰ ਜਾਊਂ।” ਰਾਜ ਕਪੂਰ, ਦਲੀਪ ਕੁਮਾਰ, ਨਿਰਸੰਦੇਹ ਕਈ ਗੁਣਾਂ ਵਧ ਸ਼ੁਹਰਤ-ਯਾਫਤਾ ਹਨ, ਪਰ ਗਰੀਬ ਤਬਕਾ ਮਾਰਧਾੜ ਦੀਆਂ ਪਿਕਚਰਾਂ ਜਿ਼ਆਦਾ ਵੇਖਦਾ ਹੈ, ਜਿਸ ਕਰਕੇ ਭਗਵਾਨ ਦਾਦਾ ਦਾ ਉਹਨਾਂ ਦੇ ਦਿਲਾਂ ਵਿਚ ਵਿਸ਼ੇਸ਼ ਸਥਾਨ ਹੈ। ਉਹ ਪਰਦੇ ਉਤੇ ਹੂਬਹੂ ਅਨਪੜ੍ਹਾਂ ਵਾਂਗ ਹੀ ਅਨਪੜ੍ਹ ਅਤੇ ਗੰਵਾਰਾਂ ਵਾਂਗ ਹੀ ਗੰਵਾਰ ਦਿਸਦੇ ਹਨ। ਲੋਕਾਂ ਨੂੰ ਇੰਜ ਲਗਦਾ ਹੈ, ਜਿਵੇਂ ਉਹਨਾਂ ਦਾ ਆਪਣਾ ਕੋਈ ਸਗਾ-ਸਬੰਧੀ ਉਠ ਕੇ ਇਤਨੀ ਉੱਚੀ ਥਾਂ ਪਹੁੰਚ ਗਿਆ ਹੋਵੇ, ਗੀਤਾ ਬਾਲੀ ਵਰਗੀ ਹੁਸੀਨਾ ਨਾਲ ਰੁਮਾਂਸ ਲੜਾ ਰਿਹਾ ਹੋਵੇ। ਭਗਵਾਨ ਦਾਦਾ ਪਹਿਲਾਂ ਸੋਸ਼ਲ ਪਿਕਚਰਾਂ ਵਿਚ ਘੱਟ-ਵੱਧ ਹੀ ਕਦੇ ਆਏ ਸਨ। ਸੋਸ਼ਲ, ਸਟੰਟ, ਅਤੇ ਧਾਰਮਿਕ – ਹਿੰਦੀ ਪਿਕਚਰਾਂ ਦੇ ਇਹ ਤਿੰਨ ਮੁਖ ਵਿਭਾਗ ਹਨ। ਇਕ ਵਿਭਾਗ ਦੇ ਅਦਾਕਾਰ ਲਈ ਦੂਜ ਵਿਚ ਪੈਰ ਧਰਨਾ ਬੜਾ ਔਖਾ ਹੈ। ਏਸੇ ਲਈ “ਅਲਬੇਲਾ” ਭਗਵਾਨ ਦਾਦਾ ਨੇ ਆਪ ਬਣਾਈ ਸੀ। ਬੜਾ ਮੁਨਾਫਾ ਖੱਟਿਆ। ਝੱਟ ਇਕ ਸਟੂਡੀਓ ਲੀਜ਼ ਤੇ ਲੈ ਲਿਆ। ਜਿਸ ਮੇਕ-ਅੱਪ-ਰੂਮ ਵਿਚ ਇਸ ਵੇਲੇ ਮੈਂ ਬੈਠਾ ਹੋਇਆ ਹਾਂ, ਉਹ ਸਟੂਡੀਓ ਦੀ ਮੌਜੂਦਾ ਮਾਲਕਣ ਨੇ, ਮਾਣ ਦੇਣ ਲਈ, ਦਾਦਾ ਲਈ ਰਾਖਵਾਂ ਰੱਖਿਆ ਹੋਇਆ ਹੈ। ਪਰ ਹੁਣ ਸਟੂਡੀਓ ਦੀ ਆਪਣੀ ਕਿਸਮਤ ਵੀ ਡਗਮਗਾਈ ਹੋਈ ਹੈ। ਦੋ ਵਿਚੋਂ ਇਕ “ਫਲੋਰ” ਤਾਂ ਇਕ ਫੈਕਟਰੀ ਦੇ ਕਬਜ਼ੇ ਵਿਚ ਜਾ ਚੁੱਕਿਆ ਹੈ। ਉਥੇ ਟੈਲੀਵੀਯਨ ਦੇ ਸੈੱਟ ਜੋੜੇ ਜਾ ਰਹੇ ਹਨ। ਮੇਰਾ ਖਾਸ ਲਿਹਾਜ਼ ਕਰਕੇ ਚਾਬੀ ਭਗਵਾਨ ਦਾਦਾ ਦੇ ਘਰੋਂ ਮੰਗਵਾਈ ਗਈ ਹੈ, ਕਿਉਂਕਿ ਬਾਕੀ ਦੇ ਦੋਵੇਂ ਕਮਰੇ ਨਿਰੂਪਾ ਰਾਏ ਅਤੇ ਲਲਿਤਾ ਪਵਾਰ ਨੇ ਮੱਲੇ ਹੋਏ ਹਨ। ਦੋ ਹੀਰੋ ਇਕ ਮੇਕ-ਅਪ-ਰੂਮ ਵਿਚ ਬੇਸ਼ਕ ਸਮਾ ਜਾਣ, ਪਰ ਦੋ ਹੀਰੋਇਨਾਂ ਦਾ ਸਮਾਣਾ ਮੁਸ਼ਕਲ ਹੈ, ਖਾਸ ਕਰ ਕੇ ਜਦ ਕਿ ਉਹ ਹੀਰੋਇਨ ਤੋਂ ਹਟ ਕੇ ਸਾਬਕਾ ਹੀਰੋਇਨ ਦੇ ਪਹਿਰੇ ਵਿਚ ਪ੍ਰਵੇਸ਼ ਕਰ ਚੁੱਕੀਆਂ ਹੋਣ। ਸਭ ਫਿਲਮ-ਸਟਾਰਾਂ ਨੇ ਇਕ ਦਿਨ ਉਸੇ ਅਸਤਾਚਲ ਦੇ ਦੇਸ਼ ਜਾਣਾ ਹੈ। ਕਿਥੇ ਗਈ ਗੀਤਾ ਬਾਲੀ? ਚੰਗਾ ਈ ਹੋਇਆ, ਮਰ ਗਈ। ਮੈਨੂੰ ਪਤਾ ਹੈ, ਕਿਵੇਂ ਅਸਤਾਚਲ ਦੀ ਸੁਰਖ ਰੰਗਤ ਭਖਦੇ ਕੋਲਿਆਂ ਵਾਂਗ ਉਸ ਦਾ ਅੰਗ-ਅੰਗ ਸਾੜਦੀ ਹੁੰਦੀ ਸੀ। ਓਹਨੀਂ ਦਿਨੀਂ ਤਿੰਨ-ਚਾਰ ਪਿਕਚਰਾਂ ਵਿਚ ਅਸੀਂ ਇਕੱਠੇ ਹੀਰੋ ਹੀਰੋਇਨ ਆਏ ਸਾਂ। ਇਕ ਦਿਨ ਐਮ. ਐਂਡ ਟੀ. ਸਟੂਡੀਓ ਵਿਚ (ਉਹ ਵੀ ਹੁਣ ਇਕ ਫੈਕਟਰੀ ਵਿਚ ਬਦਲ ਚੁਕਿਆ ਹੈ) ਉਹਨੂੰ ਮੈਂ ਆਪਣੇ ਕੰਨੀਂ ਇਕ ਸਹੇਲੀ ਨੂੰ ਕਹਿੰਦਿਆਂ ਸੁਣਿਆਂ ਸੀ, “ਹੁਣ ਤਾਂ ਬਸ ਇਹੋ ਬੂਥੀ-ਸੜਿਆ ਬਲਰਾਜ ਸਾਹਣੀ ਹੀ ਰਹਿ ਗਿਆ ਏ ਮੇਰੇ ਭਾਗਾਂ ਵਿਚ ਹੀਰੋ ਬਣਨ ਲਈ।” ਉਸ ਤੋਂ ਕੁਝ ਵਰ੍ਹੇ ਪਹਿਲਾਂ, ਜਦੋਂ ਉਸ ਦੀ ਗੁੱਡੀ ਅਸਮਾਨਾਂ ਵਿਚ ਚੜ੍ਹੀ ਹੋਈ ਸੀ, ਉਸ ਨੇ ਇਕ ਪਿਕਚਰ ਵਿਚ, ਕਹਾਣੀ ਬੇਹੱਦ ਪਸੰਦ ਹੋਣ ਦੇ ਬਾਵਜੂਦ, ਕੰਮ ਕਰਨ ਤੋਂ ਸਿਰਫ ਇਸ ਲਈ ਇਨਕਾਰ ਕਰ ਦਿਤਾ ਸੀ ਕਿ ਡਾਇਰੈਕਟਰ ਨੇ ਹੀਰੋ ਮੈਨੂੰ ਲੈਣ ਬਾਰੇ ਸੋਚਿਆ ਹੋਇਆ ਸੀ। ਪ੍ਰੋਡਿਊਸਰ ਨੇ ਮਿੰਟਾਂ ਵਿਚ ਡਾਇਰੈਕਟਰ ਦਾ ਦਿਮਾਗ ਟਿਕਾਣੇ ਲਾ ਦਿੱਤਾ।
ਭਗਵਾਨ ਦਾਦਾ ਵੀ ਹੁਣ ਲਗਭਗ ਰਿਟਾਇਰ ਹੀ ਹੋ ਚੁੱਕੇ ਹਨ। ਮੇਕ-ਅੱਪ-ਰੂਮ ਨੂੰ ਤਾਲਾ ਮਾਰ ਕੇ ਰੱਖਣਾ ਆਪਣੇ ਆਪ ਨੂੰ ਤਸੱਲੀ ਦੇਣ ਵਾਲੀ ਗੱਲ ਆਖੀ ਜਾ ਸਕਦੀ ਹੈ। ਪਰ ਕੀ ਪਤਾ, ਉਹਨਾਂ ਲਈ ਇਹ ਕੋਈ ਯਾਦਾਂ ਦਾ ਤਾਜ-ਮਹੱਲ ਹੋਵੇ? ਹਰ ਸਟੂਡੀਓ ਦਾ ਮੇਕ-ਅੱਪ-ਰੂਮ ਇਕ ਤਰ੍ਹਾਂ ਨਾਲ ਯਾਦਾਂ ਦਾ ਤਾਜ-ਮਹੱਲ ਹੀ ਹੈ। ਇਸ ਦੇ ਸ਼ੀਸ਼ੇ ਵਿਚ ਐਕਟਰੈਸ ਜਾਂ ਐਕਟਰ ਦਾ ਚਿਹਰਾ ਹੀ ਨਹੀਂ, ਆਤਮਾ ਵੀ ਅਕਸ ਛੱਡਦੀ ਹੈ। ਪਰ ਕੀ ਲਾਭ ਇਸ ਕਿੱਸੇ ਨੂੰ ਛੇੜ ਕੇ? ਅਜੀਬ ਨਿਰਾਲੀ ਦੁਨੀਆਂ ਹੈ ਸਾਡੀ ਤਮਾਸ਼ੇ ਵਾਲਿਆਂ ਦੀ – ਅਸੀਂ ਜਿਹੜੇ ਦੁਨੀਆਂ ਨੂੰ ਹਸਾਂਦੇ-ਰੁਆਂਦੇ ਹਾਂ, ਲੋਕਾਂ ਦੇ ਤਸੱਵਰ ਨੂੰ ਉਡਾ ਕੇ ਇਕ ਤਲਿਸਮੀ ਸੰਸਾਰ ਵਿਚ ਲੈ ਜਾਂਦੇ ਹਾਂ। ਅਚਿੰਤੇ ਅਸੀਂ ਆਪ ਵੀ ਉਸੇ ਸੰਸਾਰ ਵਿਚ ਜਾ ਵੱਸਦੇ ਹਾਂ। ਆਪਣੀ ਅਸਲੀ ਜਿ਼ੰਦਗੀ ਨੂੰ ਵੀ ਨਾਟਕ ਅਤੇ ਫਿਲਮ ਬਣਾ ਛਡਦੇ ਹਾਂ। ਅਤੇ ਇੰਜ ਸਾਡੇ ਪਰਵਾਨਿਆਂ ਦਾ ਮਜ਼ਾ ਦੂਣਾਚੌਣਾ ਹੋ ਜਾਂਦਾ ਹੈ। ਫਿਲਮ-ਸਟਾਰ ਦੀ ਜਿਤਨੀ ਚੌੜੀ ਮੋਟਰ ਕੋਲੋਂ ਲੰਘ ਜਾਏ, ਪਰਵਾਨੇ ਦੀ ਖੁਸ਼ੀ ਦਾ ਪਾਰਾਵਾਰ ਨਹੀਂ। ਇਤਨੀ ਖੁਸ਼ੀ ਉਸ ਨੂੰ ਮੋਟਰ ਆਪਣੇ ਨਾਂ ਲਿਖਵਾ ਕੇ ਵੀ ਨਾ ਮਿਲੇ। ਵੱਡੇ ਤੋਂ ਵੱਡਾ ਅਤੇ ਛੋਟੇ ਤੋਂ ਛੋਟਾ ਫਿਲਮ-ਸਟਾਰ ਫਿਲਮੀ ਰਸਾਲਾ ਕੇਵਲ ਆਪਣੀ ਫੋਟੋ ਵੇਖਣ ਦੀ ਆਸ ਨਾਲ ਖੋਲ੍ਹਦਾ ਹੈ। ਰੋਜ਼ਾਨਾ ਅਖਬਾਰ ਵਿਚ ਸਭ ਤੋਂ ਵੱਡੀ ਖਬਰ ਸ਼ਹਿਰ ਵਿਚ ਚੱਲ ਰਹੀ ਉਸ ਦੀ ਆਪਣੀ ਪਿਕਚਰ ਦਾ ਇਸ਼ਤਿਹਾਰ ਹੈ। ਭਾਵੇਂ ਉਹ ਕਿਤਨੇ ਹਫਤਿਆਂ ਤੋਂ ਰੋਜ਼ਾਨਾ ਛੱਪ ਰਿਹਾ ਹੋਵੇ – ਨਿਗਾਹ ਤੀਰ ਵਾਂਗ ਉੱਡ ਕੇ ਉਸੇ ੳੁੱਤੇ ਜਾਂਦੀ ਹੈ। ਇਸ਼ਤਿਹਾਰ ਵਿਚ ਠੀਕ ਥਾਂ ਆਪਣਾ ਨਾਂ ਛਪਿਆ ਵੇਖ ਕੇ ਉਹਨੂੰ ਉਹੀ ਤਸੱਲੀ ਹੁੰਦੀ ਹੈ, ਜੋ ਇਕ ਸਿਗਰਟ ਪੀਣ ਵਾਲੇ ਨੂੰ ਛਾਤੀ ਵਿੱਚ ਡੂੰਘਾ ਧੂੰਆਂ ਖਿੱਚ ਕੇ। ਸ਼ਾਇਦ ਦੁਨੀਆਂ ਦੀ ਹੋਰ ਕੋਈ ਖੁਸ਼ੀ ਏਸ ਖਿਆਲੀ ਖੁਸ਼ੀ ਦਾ ਮੁਕਾਬਲਾ ਨਹੀਂ ਕਰ ਸਕਦੀ। ਖਿਆਲੀ ਖੁਸ਼ੀਆਂ, ਜਿਨ੍ਹਾਂ ਉੱਪਰ ਖੂਬਸੂਰਤ ਮੇਕ-ਅੱਪ ਕੀਤਾ ਹੋਇਆ ਹੋਵੇ, ਅਤੇ ਜੋ ਤੇਜ਼ ਬਿਜਲੀ ਦੀਆਂ ਲਾਈਟਾਂ ਵਿਚ ਜਗਮਗਾ ਰਹੀਆਂ ਹੋਣ, ਫਿਲਮ-ਸਟਾਰ ਨੂੰ ਬਹੁਤ ਚੰਗੀਆਂ ਲਗਦੀਆਂ ਹਨ। ਇਸ ਤਰ੍ਹਾਂ ਜਿ਼ੰਦਗੀ ਦੇ ਸਾਰੇ ਤੂਲਅਰਜ਼ ਵਿਕਰਤ ਪਰ ਸੁਖਾਵੇਂ ਹੋ ਜਾਂਦੇ ਹਨ, ਜਿਵੇਂ ਗੁਲਾਈਦਾਰ ਸ਼ੀਸ਼ੇ ਵਿਚ ਸ਼ਕਲਾਂ ਬੇ-ਮਾਪ ਹੋ ਜਾਂਦੀਆਂ ਹਨ; ਤੇ ਫੇਰ, ਖਿਆਲੀ ਖੁਸ਼ੀਆਂ ਦਾ ਅਰਗਵਾਨੀ ਜਾਮ ਇਕ ਦਿਨ ਸੁਹਲ ਹੱਥਾਂ ਵਿਚੋਂ ਡਿੱਗ ਕੇ ਚੂਰ-ਚੂਰ ਹੋ ਜਾਂਦਾ ਹੈ। ਲਾਈਟਾਂ ਗੁੱਲ ਹੋ ਜਾਂਦੀਆਂ ਹਨ। ਕਿਸੇ ਨੂੰ ਜਿ਼ੰਦਗੀ ਅਤੇ ਕਿਸੇ ਨੂੰ ਮੌਤ ਆਪਣੇ ਖਹੁਰੇ ਹੱਥਾਂ ਨਾਲ ਖਿੱਚ ਕੇ ਕਲਪਨਾ-ਲੋਕ ਵਿਚੋਂ ਬਾਹਰ ਕੱਢ ਲਿਆਂਦੀ ਹੈ। ਉਹਨਾਂ ਹਜ਼ਾਰਾਂ ਅਤੇ ਲੱਖਾਂ ਨਜ਼ਰਾਂ ਦੇ ਪਰਛਾਵੇਂ ਅਚਾਨਕ ਗੁਆਚ ਜਾਂਦੇ ਹਨ, ਜੋ ਫਿਲਮ-ਸਟਾਰ ਲਈ ਫੁੱਲਾਂ ਦੀ ਸੇਜ ਬਣੇ ਹੋਏ ਸਨ। ਜੇ ਬਾਕੀ ਦੀ ਰਹਿੰਦ-ਖੂੰਦ ਦਾ ਨਾਂ ਜਿੰ਼ਦਗੀ ਹੈ, ਤਾਂ ਉਹ ਮੌਤ ਤੋਂ ਕਿਸੇ ਤਰ੍ਹਾਂ ਵੀ ਬਿਹਤਰ ਨਹੀਂ। ਆਪਣੀ ਨਿੱਕੀ ਜਹੀ ਜਿ਼ੰਦਗੀ ਵਿਚ ਇਸ ਮੇਕ-ਅਪ-ਰੂਮ ਦੇ ਸ਼ੀਸ਼ੇ ਨੇ ਕੀ-ਕੀ ਨਹੀਂ ਵੇਖਿਆ ਹੋਣਾ! ਜਦੋਂ ਇਹ ਨਵਾਂ-ਨਵਾਂ ਬਣਿਆਂ ਸੀ, ਕਿਤਨਾ ਹੁਸੀਨ ਸੀ ਇਹ ਕਮਰਾ! ਕੱਲ੍ਹ ਦੀ ਗੱਲ ਜਾਪਦੀ ਹੈ, ਜਦੋਂ ਇਕ ਸ਼ਾਮ ਸੁਰਗਵਾਸੀ ਕਾਮੀਡੀਅਨ ਰਾਧਾਕ੍ਰਿਸ਼ਨ, ਭਗਵਾਨ ਦਾਦਾ, ਮੈਂ ਅਤੇ ਇਕ-ਦੋ ਹੋਰ ਬੰਦਿਆਂ ਨੇ ਏਥੇ ਬੈਠ ਕੇ ਵ੍ਹਿਸਕੀ ਪੀਤੀ ਸੀ। ਕਮਾਲ ਦੇ ਮੂਡ ਵਿਚ ਸੀ ਰਾਧਾਕ੍ਰਿਸ਼ਨ ਉਸ ਸ਼ਾਮ। ਬੋਤਲ ਹਾਲੀ ਖੁੱਲ੍ਹੀ ਨਹੀਂ ਸੀ ਕਿ ਉਹ ਚਾਰ ਪੈਗਾਂ ਜਿਤਨੀ ਮੌਜ ਵਿਚ ਆ ਗਿਆ ਸੀ। ਇਕ-ਇਕ ਗਲ ਐਸੀ ਚਮਤਕਾਰੀ ਨਿਕਲਦੀ ਸੀ ਉਹਦੇ ਮੂੰਹੋਂ ਕਿ ਕਾਗਜ਼ ਪੈਨਸਿਲ ਲੈ ਕੇ ਨੋਟ ਕਰਨ ਨੂੰ ਜੀਅ ਚਾਹੁੰਦਾ ਸੀ। ਅਤੇ ਸਚਮੁਚ, ਜਿਤਨੇ ਗੁਣੀ, ਜ਼ਬਾਨ ਦੇ ਮਾਹਿਰ, ਦਿਲ ਵਾਲੇ, ਅਤੇ ਰੰਗੀਨ ਮਿਜ਼ਾਜ ਆਦਮੀ ਪਿਛਲੇ ਵੀਹਾਂ ਵਰ੍ਹਿਆਂ ਵਿਚ ਮੈਂ ਇਸ ਫਿਲਮ ਲਾਈਨ ਵਿਚ ਵੇਖੇ ਹਨ, ਹੋਰ ਕਿਤੇ ਨਹੀਂ ਵੇਖੇ। ਸਗੋਂ ਸਦਾ ਹੈਰਾਨ ਹੁੰਦਾ ਆਇਆ ਹਾਂ ਕਿ ਇਤਨੀਆਂ ਅਲੋਕਾਰ ਸ਼ਖਸੀਅਤਾਂ ਦੇ ਮਾਲਕ ਇਤਨੀਆਂ ਥਰਡ-ਕਲਾਸ ਫਿਲਮਾਂ ਬਣਾਨ ਵਿਚ ਕਿਵੇਂ ਕਾਮਯਾਬ ਹੋ ਜਾਂਦੇ ਹਨ! ਅਤੇ ਅਗਲੇ ਦਿਨ ਰਾਧਾਕ੍ਰਿਸ਼ਨ ਨੇ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਸੀ। ਕਮਰੇ ਦੀ ਇਕ ਦੀਵਾਰ ਨਾਲ, ਉਸ ਦੀ ਪੂਰੀ ਲੰਬਾਈ ਜਿਤਨਾ, ਗੁਦਾਜ਼, ਲਾਲ ਰੰਗ ਦਾ ਦੀਵਾਨ ਲੱਗਾ ਹੋਇਆ ਹੈ, ਜਿਵੇਂ ਏਅਰ ਕੰਡੀਸ਼ੰਡ ਰੇਲਵੇ ਕੰਪਾਰਟਮੈਂਟ ਵਿਚ ਵੇਖੀਦਾ ਹੈ। ਕੰਪਾਰਟਮੈਂਟ ਦੀ ਬਾਰੀ ਵਾਲੀ ਥਾਂ ਵੱਡਾ ਸਾਰਾ ਚੌਰਸ ਸ਼ੀਸ਼ਾ ਲੱਗਾ ਹੋਇਆ ਹੈ, ਜਿਸ ਦੇ ਅਗੇ ਮੈਂ ਵਾਲ ਕਾਲੇ ਕਰਨ ਦਾ ਕੰਮ ਕਰੀਬ-ਕਰੀਬ ਮੁਕੰਮਲ ਕਰ ਚੁੱਕਿਆ ਹਾਂ। ਸ਼ੀਸ਼ੇ ਦੇ ਆਸ-ਪਾਸ, ਉੱਪਰ-ਥੱਲੇ, ਤੇਜ਼ ਬਲਬ ਜਗ ਰਹੇ ਹਨ। ਮੇਕ-ਅੱਪ ਦੇ ਸਾਮਾਨ ਆਦਿ ਲਈ ਸ਼ੈਲਫ ਅਤੇ ਖਾਨੇ ਵੀ ਬਣੇ ਹੋਏ ਹਨ। ਦੀਵਾਨ ਦੇ ਸਾਹਮਣੇ ਵਾਲੀ ਦੂਜੀ ਕੰਧ ਖਾਲੀ ਹੈ – ਸਿਵਾਏ ਕੱਪੜੇ ਟੰਗਣ ਲਈ ਲਗਾਏ ਇਕ ਡੰਡੇ ਅਤੇ ਨਿਕਸੁਕ ਧਰਨ ਵਾਲੇ ਨਿੱਕੇ ਜਿਹੇ ਸ਼ੈਲਫ ਦੇ, ਇਹ ਖਾਲ-ਮੁਖਾਲੀ ਕੰਧ ਕਮਰੇ ਦੀ ਮੌਜੂਦਾ ਤਰਸ-ਯੋਗ ਹਾਲਤ ਨੂੰ ਬਿਆਨ ਕਰ ਰਹੀ ਹੈ। ਗੰਦਗੀ ਤੇ ਮੈਲ ਦੀਆਂ ਤੈਹਾਂ ਇਸ ਤਰ੍ਹਾਂ ਚੱੜ੍ਹੀਆਂ ਹੋਈਆਂ ਹਨ, ਜਿਵੇਂ ਕਿਸੇ ਗਿੱਲੀ ਕਿਤਾਬ ਦੇ ਸਾਰੇ ਸਫੇ ਜੁੜ ਜਾਣ ਅਤੇ ਹੇਠਲੀ ਇਬਾਰਤ ਉਤਲੀ ਨਾਲ ਰਲਗੱਡ ਹੋ ਜਾਵੇ, ਜਾਂ ਜਿਵੇਂ ਕੋਈ ਅੱਜ-ਕੱਲ੍ਹ ਦੇ ਫੈਸ਼ਨ ਦਾ ਚਿੱਤ੍ਰਕਾਰ ਖਾਹਮਖਾਹ ਕੈਨਵਸ ਉਪਰ ਰੰਗ ਦੇ ਛੱਟੇ ਮਾਰਦਾ ਗਿਆ ਹੋਵੇ ਕਿ ਆਪ-ਮੁਹਾਰੇ ਕੋਈ ਨਾ ਕੋਈ ਸ਼ਕਲ ਉਭਰ ਆਵੇਗੀ।
ਮੇਕ-ਅੱਪ ਦੇ ਰੰਗਦਾਰ ਧੱਬੇ, ਪਾਨ ਦੀਆਂ ਬੁੱਕਾਂ, ਰਸਗੁੱਲਿਆਂ ਦੀ ਚਾਸ ਅਤੇ ਹੋਰ ਕਈ ਤਰ੍ਹਾਂ ਦੇ ਦਾਗ ਹਨ, ਜਿਨ੍ਹਾਂ ਵਲ ਜੇ ਧਿਆਨ ਨਾਲ ਵੇਖਣ ਲੱਗੀਏ ਤਾਂ ਦਿਲ ਕੱਚਾ ਹੋਣ ਲਗ ਜਾਏ। ਸਟੂਡੀਓ ਦੇ ਮਾਲਕਾਂ ਲਈ ਅੱਜ-ਕੱਲ੍ਹ ਫਿਲਮੀ ਧੰਦਾ ਉਤਨਾ ਲਾਹੇਵੰਦਾ ਨਹੀਂ ਰਿਹਾ, ਏਸ ਲਈ ਉਸ ਨੂੰ ਸਾਫ-ਸੁਫਰਾ ਰਖਣ ਲਈ ਉਹ ਇਕ ਕੌਡੀ ਖਰਚਣਾ ਵੀ ਪਸੰਦ ਨਹੀਂ ਕਰਦੇ। ਜ਼ਮੀਨ, ਜਾਇਦਾਦ ਦੀਆਂ ਕੀਮਤਾਂ ਅਸਮਾਨੇ ਚੜ੍ਹੀਆਂ ਹੋਈਆਂ ਹਨ। ਸਟੂਡੀਓ ਨੂੰ ਵੇਚ-ਵੱਟ ਕੇ ਉਹ ਬਿਨਾਂ ਖੇਚਲ ਕੀਤੇ ਬੇਹਿਸਾਬ ਪੂੰਜੀ ਹਾਸਲ ਕਰ ਸਕਦੇ ਹਨ। ਫੇਰ, ਇਸ ਫਿਲਮਾਂ ਦੇ ਚੰਦਰੇ ਧੰਦੇ ਤੋਂ ਕੀ ਲੈਣਾ, ਜਿਸ ਵਿਚ ਲੱਖਾਂ ਤੋਂ ਕੱਖ ਹੁੰਦਿਆਂ ਦੇਰ ਨਹੀਂ ਲਗਦੀ? ਏਸ ਸਟੂਡੀਓ ਦੀ ਮਾਲਕਣ ਵੀ ਅਵੱਸ਼ ਬੜੀ ਰੀਝ ਨਾਲ ਉਸ ਦਿਨ ਨੂੰ ਉਡੀਕ ਰਹੀ ਹੋਵੇਗੀ, ਜਦੋਂ ਫੈਕਟਰੀ ਵਾਲੇ ਦੂਜਾ ਫਲੋਰ ਵੀ ਕਿਰਾਏ ਉਤੇ ਲੈ ਲੈਣਗੇ। ਫੇਰ, ਵਰਕਰਾਂ ਨੂੰ ਧੱਕਾ ਦੇ ਕੇ ਸਟੂਡੀਓ ਤੋਂ ਬਾਹਰ ਕਰਨ ਦਾ ਉਹਨੂੰ ਚੰਗਾ ਬਹਾਨਾ ਮਿਲ ਜਾਏਗਾ। ਚੂੰ ਵੀ ਨਹੀਂ ਕਰ ਸਕਣਗੇ ਉਹ। ਆਪੇ ਮਰ-ਖੱਪ ਜਾਣਗੇ ਕਿਤੇ। ਕਿਸੇ ਨੂੰ ਕੀ! ਕਿਤਨਾ ਜਵਾਨ-ਜਵਾਨ ਲਗ ਰਿਹਾ ਹਾਂ ਮੈਂ ਵਾਲ ਕਾਲੇ ਕਰਕੇ! ਹੋ ਕੀ ਗਿਆ ਜੇ ਹੁਣ ਤੱਕ ਲਗਭਗ ਸਾਰਾ ਹੀ ਝਾਟਾ ਚਿੱਟਾ ਹੋ ਚੁਕਿਆ ਹੈ ਤਾਂ! ਅੱਧਾ ਕੁ ਤਾਂ ਫਿਲਮਾਂ ਵਿਚ ਦਾਖਲ ਹੋਣ ਵੇਲੇ ਤੋਂ ਹੀ ਚਿੱਟਾ ਸੀ। ਕਿਸੇ ਤੋਂ ਕੀ ਲੁਕਾਉਣਾ, ਮੈਨੂੰ ਵਾਲ ਕਾਲੇ ਕਰਦਿਆਂ ਵੀਹ ਸਾਲ ਤੋਂ ਉੱਪਰ ਹੋ ਚੁਕੇ ਹਨ। ਕੁਝ ਵਾਲ ਪਿਛਲੀ ਵੱਡੀ ਜੰਗ ਵਿਚ ਬੰਮਾਂ ਦੇ ਧਮਾਕਿਆਂ ਨੇ, ਅਤੇ ਕੁਝ ਮੇਰੀ ਅੱਲੜ੍ਹ ਅਤੇ ਅੱਥਰੀ ਜਵਾਨੀ ਦੇ ਸਿਰ ਚੁੱਕਦਿਆਂ ਹੀ ਧੌਣ ਉੱਪਰ ਵੱਜੇ ਧੱਕਿਆਂ ਤੇ ਹੂਰਿਆਂ ਨੇ ਸਫੈਦ ਕਰ ਸੁੱਟੇ ਸਨ। ਇਕ ਤਰ੍ਹਾਂ ਨਾਲ ਮੇਰਾ ਫਿਲਮਾਂ ਵਿਚ ਆਉਣਾ ਬੁਢਾਪੇ ਵਿਚੋਂ ਜਵਾਨੀ ਵਲ ਕਦਮ ਪੁਟਣ ਬਰਾਬਰ ਸੀ। ਪਰ ਹੁਣ ਆਪਣੇ ਆਪ ਨੂੰ ਤੇ ਦੁਨੀਆਂ ਨੂੰ ਧੋਖਾ ਦੇ-ਦੇ ਕੇ ਥੱਕ ਗਿਆ ਹਾਂ। ਜਿਤਨਾ ਵਕਤ ਵਸਮੇਂ ਥੱਪਣ ਵਿਚ ਲੱਗਦਾ ਹੈ, ਕਿਉਂ ਨਾ ਕੁਝ ਪੜ੍ਹ-ਲਿਖ ਲਵਾਂ। ਹੁਣ ਕਿਤਨੀ ਕੁ ਰਹਿ ਗਈ ਹੈ ਹਯਾਤੀ? ਫੇਰ, ਸ਼ਬਨਮ ਦਾ ਵਿਆਹ ਹੋ ਗਿਆ ਹੈ। ਪਰੀਕਸ਼ਤ ਸਤਾਈਆਂ ਵਰ੍ਹਿਆਂ ਦਾ ਗੱਭਰੂ ਜਵਾਨ ਹੈ, ਮੈਥੋਂ ਦੂਣੀ-ਚੌਣੀ ਦੱਖ ਵਾਲਾ। ਪ੍ਰੋਡੀਊਸਰਾਂ ਦੀਆਂ ਭੁੱਖੀਆਂ ਨਜ਼ਰਾਂ ਉਸ ਦਾ ਹਰ ਵੇਲੇ ਪਿੱਛਾ ਕਰਦੀਆਂ ਹਨ। ਜਿਤਨਾ ਫਿਲਮਾਂ ਬਾਰੇ ਮੈਂ ਵੀਹ ਵਰ੍ਹੇ ਝੱਖਾਂ ਮਾਰ ਕੇ ਸਿੱਖਿਆ ਹੈ, ਉਹ ਪ੍ਰਵੇਸ਼ ਕਰਨ ਤੋਂ ਪਹਿਲਾਂ ਸਿੱਖ ਚੱਕਿਆ ਹੈ। ਫੇਰ, ਇਹ ਤੱਪੜ-ਘਸੀਟ ਕਰਨ ਦੀ ਕੀ ਲੋੜ? ਫੌਜੀ ਮੇਜਰ ਦੀ ਵਰਦੀ ਪੁਆਣ ਵਿਚ ਡਰੈਸ-ਮੈਨ ਨੇ ਮੇਰੀ ਮਦਦ ਕੀਤੀ ਹੈ। ਹੁਣ ਢੁਕਵੇਂ ਫੁਰਤੀਲੇ ਅੰਦਾਜ਼ ਵਿਚ ਮੈਂ ਸਟੂਡੀਓ ਦੇ ਵਿਸ਼ਾਲ ਅਹਾਤੇ ਵਿਚੋਂ ਲੰਘਦਾ ਆਫਿਸ ਵਲ ਜਾ ਰਿਹਾ ਹਾਂ। ਇਕ ਪ੍ਰੋਡੀਊਸਰ ਨੂੰ ਟੈਲੀਫੋਨ ਕਰਨਾ ਹੈ ਜਿਸ ਨੇ ਕੱਲ੍ਹ ਰਾਤੀਂ ਬੜੀ ਜੁਗਤ ਨਾਲ ਮੇਰਾ ਅਪਮਾਨ ਕੀਤਾ ਸੀ। ਨਹਿਲੇ ਦਾ ਜਵਾਬ ਦਹਿਲੇ ਨਾਲ ਦੇਣਾ ਹੈ। ਉਹ ਪ੍ਰੋਡੀਊਸਰ ਤੇ ਮੈਂ ਕਿਸੇ ਜ਼ਮਾਨੇ ਕਾਲਿਜ ਵਿਚ ਇਕੱਠੇ ਪੜ੍ਹੇ ਸਾਂ। ਮੇਰੇ ਦਿਲ ਵਿਚ ਦੋਸਤੀ ਦੀ ਬੜੀ ਡੂੰਘੀ ਕਦਰ ਹੈ, ਏਸੇ ਲਈ ਜਿਤਨਾ ਹੋ ਸਕੇ ਦੋਸਤਾਂ ਤੋਂ ਦੂਰ ਰਹਿਣ ਦੀ ਕੋਸਿ਼ਸ਼ ਕਰਦਾ ਹਾਂ, ਇਤਨੇ ਵਰ੍ਹਿਆਂ ਤੋਂ ਅਸੀਂ ਦੋਵੇਂ ਆਪਣੀਆਪਣੀ ਵੱਖਰੀ ਨੁੱਕਰੇ ਸਫਲਤਾ ਦੀ ਪੜਸਾਂਗ ਚੜ੍ਹ ਰਹੇ ਸਾਂ। ਖੋਰੇ ਕਿਹੜੇ ਮਨਹੂਸ ਦਿਨ ਮੈਂ ਉਸ ਦੇ ਢਾਹੇ ਚੱੜ੍ਹ ਗਿਆ। ਹਰ ਮੁਮਕਿਨ ਢੰਗ ਨਾਲ ਮੈਂ ਦੋਸਤੀ ਉਪਰ ਹਰਫ ਨਾ ਆਉਣ ਦੇਣ ਦੀ ਕੋਸਿ਼ਸ਼ ਕੀਤੀ ਸੀ। ਪੈਸਿਆਂ ਦੀ ਆਪਣੇ ਮੂੰਹੋਂ ਕਦੇ ਗੱਲ ਨਹੀਂ ਸੀ ਕੀਤੀ। ਜੋ ਉਸ ਦਿਤੇ, ਲੈ ਲਏ – ਦੂਜਿਆਂ ਕੋਲੋਂ ਜੋ ਲੈਂਦਾ ਹਾਂ, ਉਸ ਦਾ ਅੱਧ-ਪਚੱਧ। ਵੇਲੇ-ਕੁਵੇਲੇ ਜਦੋਂ ਵੀ ਉਸ ਨੇ ਬੁਲਾਇਆ, ਦੂਜਿਆਂ ਦਾ ਕੰਮ ਛਡ ਕੇ ਪਹਿਲਾਂ ਉਸ ਦਾ ਕੰਮ ਕੀਤਾ। ਫੇਰ ਵੀ, ਜ਼ਾਲਮ ਦਾ ਜੀਅ ਨਹੀਂ ਭਰਿਆ। ਮਸਾਂ ਰਾਈ ਦੇ ਦਾਣੇ ਜਿਤਨਾ ਹੁਣ ਕੰਮ ਬਾਕੀ ਰਹਿ ਗਿਆ ਸੀ, ਅਤੇ ਐਨ ਏਸ ਵੇਲੇ ਉਹਨੇ ਪਿਛੋਂ ਲੱਤ ਕਢ ਮਾਰੀ ਮੈਨੂੰ। ਚੰਗਾ, ਉਹ ਵੀ ਕੀ ਯਾਦ ਕਰੇਗਾ। ਹੇਠੀ ਸਹਿਣਾ ਤਾਂ ਮੈਂ ਵੀ ਨਹੀਂ ਸਿੱਖਿਆ। ਪਰ ਕਾਰਨ ਕੀ ਉਸ ਦੇ ਇੰਜ ਕਰਨ ਦਾ? ਸਮਝ ਨਹੀਂ ਸੀ ਆ ਰਿਹਾ। ਰਾਤੀਂ ਮੈਂ ਕਿਤਨਾ ਚਿਰ ਸੌਂ ਨਹੀਂ ਸਾਂ ਸਕਿਆ। ਸਵੇਰੇ ਉਠਦਿਆਂ ਸਾਰ ਫੇਰ ਦਿਮਾਗ ਖੌਲ ਪਿਆ ਸੀ। ਤਨ-ਬਦਨ ਇੰਜ ਤਪ ਰਿਹਾ ਸੀ, ਜਿਵੇਂ ਠੂਏਂ ਨੇ ਡੰਗ ਮਾਰਿਆ ਹੋਵੇ। ਕੱਲ੍ਹ, ਘਰੋਂ ਨਿਕਲਣ ਤੋਂ ਪਹਿਲਾਂ ਡਾਇਰੀ ਵੇਖੀ ਸੀ। ਸੈਕਰੇਟਰੀ ਨੇ ਲਿਖਿਆ ਹੋਇਆ ਸੀ ਕਿ ਚੈਂਬੂਰ ਦੀ ਸ਼ੂਟਿੰਗ ਪਿਛੋਂ ਸ਼ਾਮੀਂ ਸਤ ਤੋਂ ਦਸ ਵਜੇ ਤਕ ਦਾਦਰ ਦੇ ਉਸ ਦੋਸਤ ਪਰੋਡੀਊਸਰ ਦੀ ਪਿਕਚਰ ਦੇ ਦੋ ਸ਼ਾਟ ਦੇਣ ਜਾਣਾ ਹੈ। ਠੀਕ ਵਕਤ ਸਿਰ ਮੈਂ ਥੱਕਿਆ-ਹਾਰਿਆ ਉਸ ਦੀ ਹਾਜ਼ਰੀ ਭਰਨ ਜਾ ਪੁੱਜਿਆ ਸਾਂ। ਅਗੇ ਵੇਖਿਆ ਉਹ ਨਿਸ਼ਚਿੰਤ ਹੋ ਕੇ ਸਟੂਡੀਓ ਦੇ ਹਾਤੇ ਵਿਚ ਕਿਸੇ ਹੋਰ ਆਰਟਿਸਟ ਦੇ ਸ਼ਾਟ ਲੈ ਰਿਹਾ ਸੀ। ਮੇਰੇ ਵਲ ਉਹਨੇ ਇੰਜ ਮੁੜ ਕੇ ਵੇਖਿਆ, ਜਿਵੇਂ ਬਿਨਾਂ ਦਸਤਕ ਦਿਤੇ ਉਸ ਦੇ ਸੌਣ-ਕਮਰੇ ਵਿਚ ਵੜ ਆਇਆ ਹੋਵਾਂ। ਫੇਰ, ਕਿਤਨਾ ਚਿਰ ਉਹ ਏਧਰ-ਉਧਰ ਦੀਆਂ ਮਾਰਦਾ ਰਿਹਾ – ਕਦੇ ਹੀਰੋਇਨ ਨਾਲ, ਕਦੇ ਹੀਰੋ ਨਾਲ। ਅਸਲੀ ਗੱਲ ਦਾ ਜਿ਼ਕਰ ਤਕ ਨਹੀਂ। ਮੇਰਾ ਸ਼ਾਟ ਕਦੋਂ ਲੈਣਾ ਹੈ, ਲੈਣਾ ਵੀ ਹੈ ਕਿ ਨਹੀਂ, ਜਾਂ ਮੈਨੂੰ ਖਾਹ-ਮਖਾਹ ਬੁਲਾ ਲੈਣ ਦਾ ਕੋਈ ਅਫਸੋਸ ਈ ਹੋਵੇ। ਉਸ ਦੇ ਅਮਲੇ ਨੇ ਵੀ ਕੋਈ ਪੁਛਪਰਤੀਤ ਨਹੀਂ ਸੀ ਕੀਤੀ। ਉਵੇਂ ਹੀ ਮੂੰਹ ਚੁਕ ਕੇ ਮੈਂ ਵਾਪਸ ਤੁਰ ਆਇਆ ਸਾਂ। ਰਾਹ ਵਿਚ ਸੋਚਿਆ, ਸ਼ੈਦ ਮੇਰੇ ਆਪਣੇ ਵਲੋਂ ਗਲਤੀ ਹੋ ਗਈ ਹੋਵੇ। ਮੈਂ ਡਾਇਰੀ ਗਲਤ ਪੜ੍ਹੀ ਹੋਵੇ। ਘਰ ਆ ਕੇ ਤਸਦੀਕ ਕੀਤੀ ਸੀ। ਨਾ ਮੈਂ ਤੇ ਨਾ ਮੇਰੇ ਸੈਕਰੇਟਰੀ ਨੇ ਕੋਈ ਗਲਤੀ ਕੀਤੀ ਸੀ। ਮੇਰੇ ਅੰਦਰ ਗੁੱਸੇ ਦਾ ਭਾਂਬੜ ਜਿਹਾ ਬਲ ਪਿਆ ਸੀ।

ਖਾਣੇ ਦੀ ਮੇਜ਼ ਉਤੇ ਪਰੀਕਸ਼ਤ ਆਪਣੇ ਇਕ ਦੋਸਤ ਨੂੰ ਦੱਸ ਰਿਹਾ ਸੀ, ਕਿਵੇਂ ਰੂਸੀ ਫਿਲਮ-ਸਟਾਰਾਂ ਨੂੰ ਉਤਨੀ ਹੀ ਤਨਖਾਹ ਮਿਲਦੀ ਹੈ, ਜਿਤਨੀ ਕਿਸੇ ਇੰਜੀਨੀਅਰ ਜਾਂ ਪ੍ਰੋਫੈਸਰ ਨੂੰ। ਸਾਧਾਰਨ ਲੋਕਾਂ ਵਾਂਗ ਹੀ ਉਹ ਬੱਸਾਂ-ਟਰੇਨਾਂ ਵਿਚ ਬੈਠ ਕੇ ਆਉਂਦੇ-ਜਾਂਦੇ ਹਨ। ਕਿਸੇ ਵਿਰਲੇ ਕੋਲ ਮੋਟਰ ਹੋਵੇਗੀ। ਨਾ ਕੋਈ ਉਹਨਾਂ ਦੇ ਕੰਮ ਨੂੰ ਅਤੇ ਨਾ ਹੀ ਉਹਨਾਂ ਦੀ ਸ਼ਖਸੀਅਤ ਨੂੰ ਗੈਰ-ਮਾਮੂਲੀ ਅਹਿਮੀਅਤ ਦੇਂਦਾ ਹੈ। ਸਗੋਂ ਫਿਲਮਾਂ ਦੇ ਲੇਖਕ ਜਾਂ ਡਾਇਰੈਕਟਰ ਉਹਨਾਂ ਤੋਂ ਕਿਤੇ ਜਿ਼ਆਦਾ ਪੈਸੇ ਲੈਂਦੇ ਹਨ। ਮੈਂ ਵਿਚੇ ਬੋਲ ਪਿਆ, “ਉੱਥੋਂ ਦੀ ਤੇ ਸਾਡੀ ਸਮਾਜਕ ਬਣਤਰ ਦਾ ਬੜਾ ਫਰਕ ਹੈ। ਇਥੇ ਹਿੰਦੁਸਤਾਨ ਵਿਚ ਝੂਠੀ ਸ਼ਾਨ ਵਿਖਾਏ ਬਗੈਰ ਇਨਸਾਨ ਦੀ ਆਪਣੇ ਘਰ ਵਿਚ ਕਦਰ ਨਹੀਂ ਹੁੰਦੀ, ਬਾਹਰ ਦਾ ਕੀ ਆਖ।” ਪਰੀਕਸ਼ਤ ਅਤੇ ਉਸ ਦਾ ਦੋਸਤ ਹੈਰਾਨ ਹੋ ਕੇ ਮੇਰੇ ਵਲ ਵੇਖਣ ਲਗ ਪਏ ਸਨ। ਕੁਝ ਸਮੇਂ ਤੋਂ ਮੇਰਾ ਉਹ ਦੋਸਤ ਪ੍ਰੋਡੀਊਸਰ ਆਪਣੀ ਅਗਲੀ ਪਿਕਚਰ ਦੇ ਕਾਂਟਰੈਕਟ ਬਾਰੇ ਇਸ਼ਾਰਿਆਂ ਨਾਲ ਗੱਲ ਤੋਰ ਰਿਹਾ ਸੀ। ਬੜੀ ਸ਼ਾਨਦਾਰ ਕਹਾਣੀ ਹੈ। ਬੜਾ ਸ਼ਾਨਦਾਰ ਰੋਲ ਹੈ। ਪਰ ਮੈਂ ਮਸ਼ਟੋ ਮਾਰ ਜਾਂਦਾ ਸਾਂ। ਜਿਸ ਥਾਂ ਰੂਹ ਤਕੱਲਫਾਂ ਵਿਚ ਟੰਗੀ ਰਹੇ, ਉਥੇ ਕੰਮ ਕਰਨ ਦਾ ਸੁਆਦ ਨਹੀਂ ਆਉਂਦਾ। ਸ਼ੈਦ ਉਸ ਨੇ ਮੇਰੀ ਖਾਮੋਸ਼ੀ ਦਾ ਮਤਲਬ ਆਕੜ ਕੱਢਿਆ ਹੋਵੇ। ਸ਼ੈਦ ਸੋਚਿਆ ਹੋਵੇ ਕਿ ਮੈਂ ਪੈਸੇ ਵਧ ਮੰਗਣ ਦਾ ਮਨਸੂਬਾ ਬੰਨ੍ਹ ਰਿਹਾ ਹਾਂ। ਏਸੇ ਕਰਕੇ ਮੈਨੂੰ ਹੌਲਿਆਂ ਪਾਣ ਦਾ ਉਹਨੇ ਇਹ ਤਰੀਕਾ ਕੱਢਿਆ ਹੋਵੇ। ਕਿਤਨੀ ਹੋਛੀ ਹਰਕਤ ਸੀ। ਚੰਗਾ ਪੋਚਾ ਫੇਰਿਆ ਤੀਹ ਵਰ੍ਹੇ ਪੁਰਾਣੀ ਦੋਸਤੀ ੳੁੱਪਰ! ਹੁਣ ਮੈਂ ਸਟੂਡੀਓ ਦੀ ਕੈਂਟੀਨ ਕੋਲੋਂ ਲੰਘ ਰਿਹਾ ਸਾਂ। ਕਿਚਨ ਦੀ ਬਾਰੀ ਵਿਚੋਂ ਦੋ ਕਰਮਚਾਰੀ ਮੁੰਡੇ ਬਾਹਰ ਝਾਕ ਰਹੇ ਸਨ। ਇਕ ਸੋਲ੍ਹਾਂ ਕੁ ਵਰ੍ਹਿਆਂ ਦਾ, ਇਕ ਵੀਹਾਂ ਪੰਝੀਆਂ ਦਾ। ਉਹਨਾਂ ਨੂੰ ਵੇਖ ਕੇ ਦੂਰੋਂ ਹੀ ਮੈਂ ਆਪਣੀ ਫੋਜੀ ਜੰਗਲ-ਹੈਟ ਦਰੁਸਤ ਕਰਨੀ ਸ਼ੁਰੂ ਕਰ ਦਿਤੀ ਸੀ। “ਹੈਲੋ ਬਲਰਾਜ,” ਨਿੱਕੇ ਮੁੰਡੇ ਨੇ ਵਾਜ ਮਾਰੀ, ਜਿਵੇਂ ਮੈਂ ਉਸ ਦੇ ਹਾਣ ਦਾ ਹੀ ਹੋਵਾਂ। “ਹੈਲੋ,” ਮੈਂ ਲਾਪਰਵਾਹੀ ਨਾਲ ਹਸ ਕੇ ਜਵਾਬ ਦਿਤਾ, ਤੇ ਅਗੇ ਲੰਘ ਗਿਆ। ਚਾਲ ਰੱਤਾ ਕੁ ਹੋਰ ਚੁਸਤ ਹੋ ਗਈ। “ਧਰਮਿੰਦਰ ਕਾ ਬਾਪ!” ਦੂਜੇ ਨੇ ਨਾਹਰਾ ਗੁੰਜਾਇਆ। ਮੇਰੀ ਚਾਲ ਰਤਾ ਕੁ ਢਿੱਲੀ ਪੈ ਗਈ। ਅਜੀਬ ਅਧ-ਵਿਚਾਲੀ ਹਾਲਤ ਹੈ ਅੱਜਕੱਲ੍ਹ ਮੇਰੀ। ਰਵੇਲ ਸਾਹਬ ਦੀ ਪਿਕਚਰ, “ਸੰਘਰਸ਼” ਵਿਚ ਵਿਜੰਤੀਮਾਲਾ ਦੇ ਆਸਿ਼ਕੇ-ਜ਼ਾਰ ਦਾ ਰੋਲ ਕਰ ਰਿਹਾ ਹਾਂ। ਦਲੀਪ ਕੁਮਾਰ ਮੇਰਾ ਰਕੀਬ ਹੈ। ਅਤੇ ਸ਼ਾਮ ਬੈਹਲ ਸਾਹਬ ਦੀ ਪਿਕਚਰ “ਦੁਨੀਆਂ’ ਵਿਚ ਉਹੀ ਵਿਜੰਤੀਮਾਲਾ ਮੇਰੀ ਲੜਕੀ ਬਣੀ ਹੋਈ ਹੈ। ਅੱਧੀਆਂ ਪਿਕਚਰਾਂ ਵਿਚ ਜਵਾਨ, ਅੱਧੀਆਂ ਵਿਚ ਬੁੱਢਾ। ਪਿਕਚਰ ਦੇ ਪਹਿਲੇ ਹਿੱਸੇ ਵਿਚ ਜਵਾਨ, ਪਿਛਲੇ ਵਿਚ ਬੁੱਢਾ। ਇਕ ਗੱਲ ਅਵੱਸ਼ ਪ੍ਰੋਡੀਊਸਰਾਂ ਨੂੰ ਚੁਭਦੀ ਹੋਵੇਗੀ ਕਿ ਉਮਰ ਢੱਲਣ ਦੇ ਬਾਵਜੂਦ ਮੇਰੀ “ਮਾਰਕਿਟ” ਢਹਿੰਦੀਆਂ ਕਲਾਂ ਵਲ ਜਾਣ ਦਾ ਨਾਂ ਨਹੀਂ ਲੈਂਦੀ। ਸਗੋਂ ਰੁਮਾਂਸ ਦੇ ਰੋਲ, ਜੋ ਜਵਾਨੀ ਵਿਚ ਨਹੀਂ ਸਨ ਕੀਤੇ, ਮੈਂ ਅੱਜ-ਕੱਲ੍ਹ ਕਰ ਰਿਹਾ ਹਾਂ। ਜਵਾਨੀ ਦੇ ਦਿਨੀਂ ਪਰਵਾਨਿਆਂ ਨੇ ਆਪਣੇ ਖਤਾਂ ਵਿਚ ਮੇਰੀ ਖੂਬਸੂਰਤੀ ਦਾ ਕਦੇ ਜਿ਼ਕਰ ਨਹੀਂ ਸੀ ਕੀਤਾ। ਹੁਣ ਕੁੜੀਆਂ ਲਿਖਦੀਆਂ ਹਨ, ‘ਆਏ ਦਿਨ ਬਹਾਰ ਕੇ’ ਮੇ ਸਫੇਦ ਸੂਟ ਪਹਿਨ ਕਰ ਆਪ ਕਿਤਨੇ ਅੱਛੇ ਲਗਤੇ ਹੈਂ! ਕਿਆ ਆਪ ਉਸ ਪੋਜ਼ ਮੇਂ ਮੁਝੇ ਅਪਨਾ ਏਕ ਰੰਗੀਨ ਫੋਟੋ ਭੇਜ ਸਕੇਂਗੇ?” ਅਤੇ ਮੈਂ ਸੋਚਣ ਤੇ ਮਜਬੂਰ ਹੋ ਜਾਂਦਾ ਹਾਂ ਕਿ ਕੀ ਮੈਂ ਓਹੀ ਕਲਾਕਾਰ ਹਾਂ, ਜਿਸ ਨੇ ‘ਦੋ ਬਿਘਾ ਜ਼ਮੀਨ’ ਵਰਗੀਆਂ ਪਿਕਚਰਾਂ ਵਿਚ ਕੰਮ ਕੀਤਾ ਸੀ? ਉਸ ਪ੍ਰੋਡੀਊਸਰ ਦੋਸਤ ਦੀ ਪਿਕਚਰ ਵਿਚ ਵੀ ਤਾਂ ਮੈਂ ਜਵਾਨ ਆਦਮੀ ਦਾ ਹੀ ਰੋਲ ਕਰ ਰਿਹਾ ਹਾਂ। ਸ਼ੈਦ ਉਹ ਖਾਰ ਖਾ ਗਿਆ ਹੋਵੇ ਮੇਰੀ ਵਧਦੀ ਸ਼ੁਹਰਤ ਤੋਂ, ਮੇਰੀ ਲਮਕਦੀ ਫਿਲਮੀ ਜਵਾਨੀ ਤੋਂ। ਸੋਚਦਾ ਹੋਵੇ, ਇਹ ਦੂਜਾ ਅਸ਼ੋਕ ਕੁਮਾਰ ਕਿੱਥੋਂ ਪੈਦਾ ਹੋ ਗਿਆ? ਮੇਰਾ ਅਪਮਾਨ ਕਰਕੇ ਸ਼ੈਦ ਉਸ ਨੇ ਆਪਣਾ ਅਹਿਸਾਸੇ-ਕਮਤਰੀ ਸਹਿਲਾਇਆ ਹੋਵੇ? ਤਾਂ ਤੇ ਬਹੁਤੀ ਮਾੜੀ ਗੱਲ ਨਹੀਂ। ਦਿਲ ਕੁਝ ਹੋਰ ਬਸ਼ਾਸ਼ ਹੋ ਗਿਆ। ਚਾਲ ਵਿਚ ਫੇਰ ਵਾਧੂ ਚੁਸਤੀ ਆ ਗਈ। ਦਿਮਾਗ ਉੱਚੀਆਂ ਉਡਾਰੀਆਂ ਮਾਰਨ ਲਗ ਪਿਆ। ਆਗੇ ਆਗੇ ਦੇਖੀਏ ਹੋਤਾ ਹੈ ਕਿਆ। ਹਾਲੀਵੁਡ ਵਿਚ ਤਾਂ ਮੇਰੀ ਉਮਰੇ ਪਹੁੰਚ ਕੇ ਹੀ ਫਿਲਮ ਐਕਟਰ ਸਿਖਰਾਂ ਛੁੰਹਦੇ ਹਨ। ਕੀ ਪਤਾ ਉਲਟੀ ਗੰਗਾ ਇਸ ਦੇਸ਼ ਵਿਚ ਵਹਾਣ ਦੀ ਜਿ਼ੰਮੇਦਾਰੀ ਮੇਰੇ ਮੋਢਿਆਂ ਤੇ ਹੀ ਪੈਣੀ ਹੋਵੇ? ਜੇ ਇੰਜ ਹੀ ਹੋਣੀ ਵਾਪਰ ਗਈ, ਤਾਂ ਦਲੀਪ ਕੁਮਾਰ, ਰਾਜ ਕਪੂਰ ਤੇ ਦੇਵ ਆਨੰਦ ਦੀ ਕੀ ਹਾਲਤ ਹੋਵੇਗੀ? ਉਹ ਤਾਂ ਸਾਰੇ ਮੈਥੋਂ ਦਸ-ਦਸ, ਬਾਰਾਂ-ਬਾਰਾਂ ਵਰ੍ਹੇ ਛੋਟੇ ਹਨ? ਉਹਨਾਂ ਦਾ ਤਾਂ ਖਾਣਾ, ਪੀਣਾ, ਸੌਣਾ, ਉੱਠਣਾ, ਬੈਠਣਾ ਹਰਾਮ ਹੋ ਜਾਏਗਾ। ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸ਼ੇਖ-ਚਿੱਲੀਪੁਣੇ ਵਿਚੋਂ ਖਿਚ ਕੇ ਬਾਹਰ ਲਿਆਂਦਾ। ਕਿੱਥੇ ਜਾ ਪੁਜਿਆ ਏਂ ਮਨਾਂ? ਜ਼ਾਤ ਦੀ ਕੋਹੜਕਿਰਲੀ, ਸ਼ਤੀਰੀਆਂ ਨੂੰ ਜੱਫੇ? ਜਿਤਨੀ ਸ਼ੁਹਰਤ ਉਹਨਾਂ ਅਦਾਕਾਰਾਂ ਨੇ ਹੰਡਾਈ ਹੈ, ਉਹ ਤੇਰੇ ਸੁਪਨਿਆਂ ਵਿਚ ਨਹੀਂ ਆ ਸਕਦੀ। ਜ਼ਰਾ ਹੋਸ਼ ਠਿਕਾਣੇ ਤਾਂ ਕਰ ਆਪਣੇ। ਅਹਾਤੇ ਵਿਚ ਬੇਕਾਰ ਹੋਏ ਪੁਰਾਣੇ ਸੈੱਟਾਂ ਦੇ, ਧਾਰਮਕ ਪਿਕਚਰਾਂ ਦੇ ਦੇਵੀ ਦੇਵਤਿਆਂ ਦੇ, ਥਾਂ-ਥਾਂ ਢੇਰ ਲਗੇ ਹੋਏ ਸਨ। ਕਦੇ ਨਾ ਕਦੇ ਏਸੇ ਕਿਸੇ ਢੇਰ ਹੇਠ ਬਲਰਾਜ ਦੀਆਂ ਹੱਡੀਆਂ ਵੀ ਰੁਲਦੀਆਂ ਮਿਲਣਗੀਆਂ – ਮਨ ਵਿਚ ਖਿਆਲ ਉੱਠਿਆ।
ਕਿੱਥੇ ਗਿਆ ਸਹਿਗਲ, ਤੇ ਕਿੱਥੇ ਗਈਆਂ ਕਾਨਨ ਬਾਲਾ, ਪਹਾੜੀ ਸਾਨਯਾਲ, ਜਮੁਨਾ, ਬਰੂਆ, ਅਤੇ ਚੰਦਰ ਮੋਹਨ ਦੀਆਂ ਸ਼ੁਹਰਤਾਂ? ਇਕ ਨਾ ਇਕ ਦਿਨ ਮੇਰੇ ਪ੍ਰੋਡੀਊਸਰ ਦੋਸਤ ਨੇ ਵੀ ਓਸੇ ਮੁਕਾਮ ਉਤੇ ਪਹੁੰਚਣਾ ਹੈ, ਜਿੱਥੇ ਨਿਊ ਥੇਟਰਜ਼ ਅਤੇ ਪ੍ਰ੍ਰਭਾਤ ਫਿਲਮ ਕੰਪਨੀ ਵਾਲੇ ਪਹੁੰਚ ਚੁੱਕੇ ਹਨ। ਕੋਈ ਦੋ ਦਿਨ ਪਹਿਲਾਂ, ਕੋਈ ਪਿੱਛੋਂ। ਹੁਣ ਤਾਂ ਬੰਬਈ ਵਿਚ ਸਟੂਡੀਓ ਵੀ ਹੌਲੀ-ਹੌਲੀ ਖਾਤਮੇ ਵਲ ਜਾ ਰਹੇ ਹਨ। ਸਰਕਾਰ ਗੁਰੂ ਦੱਤ ਦੇ ਸਟੂਡੀਓ ਵਿਚੋਂ ਦੀ ਸੜਕ ਕੱਢਣ ਉੱਤੇ ਤੁਲੀ ਹੋਈ ਹੈ। ਸੈਂਟਰਲ ਸਟੂਡੀਓ ਸਫਾਏ ਹਸਤੀ ਤੋਂ ਮਿੱਟ ਚੁੱਕਾ ਹੈ। ਉਸ ਦੀ ਥਾਂ ਦਸ-ਦਸ ਮੰਜ਼ਲ ਦੀਆਂ ਬਿਲਡਿੰਗਾਂ ਬਣ ਚੁੱਕੀਆਂ ਹਨ। ਪਰ ਜਦੋਂ ਵੀ ਮੈਂ ਉਸ ਪਾਸਿਓਂ ਲੰਘਦਾ ਹਾਂ, ਉਹਨਾਂ ਬਿਲਡਿੰਗਾਂ ਵਿਚੋਂ ਅਣਗਿਣਤ ਯਾਦਾਂ ਉੱਠ ਕੇ ਮੇਰੇ ਚੁਤਰਫੀਂ ਉਡਣ ਲਗ ਪੈਂਦੀਆਂ ਹਨ – ਚੁੜੇਲਾਂ ਵਾਂਗ। ਮਰਨ ਤੋਂ ਕੁਝ ਦਿਨ ਪਹਿਲਾਂ ਏਸੇ ਸੈਂਟਰਲ ਸਟੂਡੀਓ ਵਿਚ ਯਾਕੂਬ ਨੇ ਮੇਰੇ ਨਾਲ ਆਪਣੀ ਅਖੀਰਲੀ ਸ਼ੂਟਿੰਗ ਕੀਤੀ ਸੀ। ਅਲ ਨਾਸਿਰ ਵੀ ਸੀ ਓਸੇ ਫਿਲਮ ਵਿਚ। ਉਹ ਕੁਝ ਅਰਸਾ ਪਹਿਲਾਂ ਮਰ ਗਿਆ ਸੀ। ਕਈ ਵਰ੍ਹੇ ਫਿਲਮ ਬੰਦ ਪਈ ਰਹੀ, ਜੋ ਫੇਰ “ਅਕੇਲਾ” ਦੇ ਨਾਂ ਹੇਠ ਨਸ਼ਰ ਹੋਈ ਸੀ। ਹਵਾ ਵਿਚ ਜਾਂ ਸਿਨੇਮਾ ਦੇ ਪਰਦੇ ਉਤੇ ਥਿਰਕਣ ਵਾਲੇ ਇਹੋ ਪਰਛਾਵੇਂ ਹੀ ਤਾਂ ਫਿਲਮੀ ਅਦਾਕਾਰ ਦੀ ਜਿ਼ੰਦਗੀ ਦੀ ਅਸਲੀਅਤ ਹਨ। ਸਟੂਡੀਓ ਨੂੰ ਮਸਮਾਰ ਕਰ ਕੇ ਉਹ ਅਸਲੀਅਤ ਸਾਥੋਂ ਖੋਹਣ ਦਾ ਉਹਨਾਂ ਨੂੰ ਕੀ ਅਧਿਕਾਰ ਸੀ? ਮੈਂ ਉਹਨਾਂ ਨੂੰ ਕਦੇ ਮਾਫ ਨਹੀਂ ਕਰ ਸਕਦਾ। ਅਤੇ ਆਪਣੇ ਪ੍ਰੋਡੀਊਸਰ ਦੋਸਤ ਨੂੰ ਵੀ ਮੈਂ ਮਾਫ ਨਹੀਂ ਕਰ ਸਕਦਾ। ਉਹਨੇ ਅਪਮਾਨ ਸੱਚਮੁੱਚ ਕੀਤਾ, ਜਾਂ ਮੈਨੂੰ ਵਹਿਮ ਹੋਇਆ, ਬਦਲਾ ਤਾਂ ਮੈਂ ਜ਼ਰੂਰ ਲਵਾਂਗਾ। ਬੜੀ ਚੰਗੀ ਸਕੀਮ ਬਣਾਈ ਹੋਈ ਹੈ ਮੈਂ ਵੀ, ਜਿਸ ਅਨੁਸਾਰ ਇਕ ਦਿਨ ਸਿਖਰ ਦੁਪਹਿਰੇ ਉਹ ਤੇ ਉਹਦਾ ਸਾਰਾ ਅਮਲਾ ਬੰਬਈ ਸ਼ਹਿਰ ਦੀਆਂ ਸੜਕਾਂ ਉਤੇ ਕੈਮਰਾ ਲਾ ਕੇ ਮੈਨੂੰ ਰੱਜ-ਰੱਜ ਕੇ ਉਡੀਕਣਗੇ ਅਤੇ ਮੈਂ ਓਸੇ ਸਮੇਂ ਦਿੱਲੀ ਦੀ ਹਵਾ ਖਾ ਰਿਹਾ ਹੋਵਾਂਗਾ। ਆਪੇ ਨਸੀਹਤ ਹੋ ਜਾਵੇਗੀ। ਪਹੁੰਚ ਗਿਆ ਟੈਲੀਫੋਨ ਕੋਲ। ਕੀ ਨੰਬਰ ਹੈ? 343… ਆਓ, ਹੁਣ ‘ਫਲੈਸ਼-ਬੈਕ’ ਸ਼ੁਰੂ ਕਰੀਏ। (ਬਾਕੀ ਅਗਲੀ ਵਾਰ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346