ਛੰਦ ਪਰਾਗੇ ”ਮੋਦੀ” ਜੀ
ਇੰਗਲੈਂਡ ”ਚ ਪਾਇਆ ਫੇਰਾ
ਕਾਲ਼ੇ ਝੰਡੇ, ”ਵਾਪਸ ਜਾਓ” ਪਾ ਲਿਆ ਲੋਕਾਂ ਘੇਰਾ ।
ਛੰਦ ਪਰਾਗੇ ”ਡਿਜੀਟਲ ਇੰਡਿਆ” ”ਮੋਦੀ” ਜੀ ਦਾ ਨਾਅਰਾ
ਮਾਰ ਲਿਆ ਮਹਿੰਗਾਈ ਓਧਰ ਭਾਰਤਵਰਸ਼ ਹੈ ਸਾਰਾ ।
ਛੰਦ ਪਰਾਗੇ ”ਮੇਡ ਇਨ ਇੰਡਿਆ” ਕਰ ਕੇ ਕਹੇ ਵਿਖਾਉਣਾ
ਵਿਸ਼ਵੀਕਰਣ ਦਾ ਡੰਕਾ ਇਸ ਨੇ ਭਾਰਤ ਵਿਚ ਵਜਾਉਣਾ ।
ਛੰਦ ਪਰਾਗੇ ”ਮੋਦੀ” ਅੱਜ ਕੱਲ੍ਹ ਏਨੀ ਸ਼ਾਨ ਵਿਖਾਏ
”ਚਾਏ ਵਾਲਾ” ਦਿਨ ਵਿਚ ਤਿੰਨ ਤਿੰਨ ਸੂਟ ਬਦਲ ਕੇ ਪਾਏ ।
ਛੰਦ ਪਰਾਗੇ ਹਰ ਥਾਂ ”ਮੋਦੀ” ਭਾਸ਼ਨ ਖੂਬ ਸੁਣਾਏ
ਜਿਵੇਂ ਮਦਾਰੀ ਕਰੇ ਤਮਾਸ਼ਾ ਸੱਭ ਦਾ ਮਨ ਪਰਚਾਏ ।
ਛੰਦ ਪਰਾਗੇ ਲੋਕ ਬਿਹਾਰੀ ਖੱਟ ਗਏ ਉਸਤਤ ਸਾਰੀ
ਜਿਨ੍ਹਾਂ ਚੋਣਾਂ ਵਿਚ ”ਮੋਦੀ” ਦੇ ਲੱਕ ਉੱਤੇ ਸੱਟ ਮਾਰੀ ।
ਛੰਦ ਪਰਾਗੇ ਵਣਜ-ਤਜਾਰਤ, ਸੰਧੀਆਂ ਦੇਸ਼ ਪਰਾਏ
”ਮੋਦੀ” ਜੀ ਨੂੰ ਚਿੰਤਾ ਨਹੀਂ ਜੇ ਘਰ ਵਿਚ ਡਾਕੂ ਆਏ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਰੋੜ
”ਮੋਦੀ” ਜੀ ਨੇ ਕਰਨਾ ਭਾਰਤਵਰਸ਼ ਦਾ ਝੁੱਗਾ ਚੌੜ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਡਾਕੇ
ਭਾਰਤਵਰਸ਼ ਦੇ ਲੋਕੋ ਰੱਖਣਾ ਏਕਾ ਤੁਸੀਂ ਬਣਾ ਕੇ ।
ਕਵੀਆ ਜਾਗ ਓਇ...........................................
ਗੱਦ-ਕਾਵਿ
ਗਾਲ਼ਾਂ
ਗਾਲ਼ਾਂ ਕੱਢਣ ਦੀ ਵੀ ਇਕ ਤਹਿਜ਼ੀਬ ਹੁੰਦੀ ਹੈ !
ਕਈ ਵਾਰ ਸ਼ਾਬਾਸ਼ ਵਿਚ ਗਾਲ਼ ਹੁੰਦੀ ਹੈ
ਬੁੱਲ੍ਹਾਂ ਉੱਤੇ ਮਿਸ਼ਰੀ ਅਤੇ ਦਿਲ ਵਿਚ ਗਾਲ਼ ਹੁੰਦੀ ਹੈ
ਅੱਖੀਆਂ ਵਿਚ ਪਿਆਰ ਅਤੇ ਨਜ਼ਰ ਵਿਚ ਗਾਲ਼ ਹੁੰਦੀ ਹੈ
ਮੁਦਰਾ ਵਿਚ ਸਨੇਹ ਅਤੇ ਇਸ਼ਾਰੇ ਵਿਚ ਗਾਲ਼ ਹੁੰਦੀ ਹੈ
ਘਾਉੇ ਕੇਵਲ ਤਲਵਾਰ ਦਾ ਹੀ ਨਹੀਂ,ਫੁੱਲ ਦਾ ਵੀ ਹੋ ਸਕਦਾ ਹੈ
ਮਨੁੱਖ ਕੇਵਲ ਗੋਲੀ ਨਾਲ ਹੀ ਨਹੀਂ ਮਰਦਾ, ਗਾਲ਼ ਨਾਲ ਵੀ ਮਰ ਸਕਦਾ ਹੈ
ਕਈ ਵਾਰੀਂ ਸਨਮਾਨ, ਪੁਰਸਕਾਰ ਅਤੇ ਖਿਤਾਬ ਵਿਚ ਗਾਲ਼ ਹੁੰਦੀ ਹੈ
ਸਿੰਘਾਸਣ ਉੱਤੇ ਬਿਰਾਜਮਾਨ ਹੋਂਣ ਵਿਚ ਗਾਲ਼ ਹੁੰਦੀ ਹੈ
ਧੱਨ ਜੁਟਾਉਣ ਵਿਚ ਗਾਲ਼ ਹੁੰਦੀ ਹੈ
ਮਹਾਂਪੁਰਖ ਕਹਿਣ-ਕਹਾਉਣ ਵਿਚ ਗਾਲ਼ ਹੁੰਦੀ ਹੈ ।
ਸਿਫ਼ਤ-ਸਲਾਹ ਵਿਚ ਗਾਲ਼ ਹੁੰਦੀ ਹੈ
ਵਾਹ ਵਾਹ ਵਿਚ ਗਾਲ਼ ਹੁੰਦੀ ਹੈ ।
ਰਾਜਨੀਤੀਵੇਤਾ ਨੂੰ ਸੱਚਾ ਕਹਿਣਾ
ਸਾਮਰਾਜ ਨੂੰ ਮਨੁੱਖੀ ਅਧਿਕਾਰਾਂ ਦਾ ਨਿਰਮਾਤਾ ਕਹਿਣਾ
ਦੋਗਲੇ ਨੂੰ ਕਾਮਰੇਡ ਕਹਿਣਾ
ਗਰੀਬ ਨੂੰ ਸ਼ਹਿਨਸ਼ਾਹ ਕਹਿਣਾ
ਕਸਾਈ ਨੂੰ ਰਹਿਮ-ਦਿਲ ਕਹਿਣਾ
ਸੂਦਖੋਰ ਨੂੰ ਇਮਾਨਦਾਰ ਕਹਿਣਾ
ਅੱਗ ਨੂੰ ਸੀਤਲ ਕਹਿਣਾ
ਪੱਥਰ ਨੂੰ ਸ਼ੀਸ਼ਾ ਕਹਿਣਾ
ਬੰਦੇ ਨੂੰ ਦੇਵਤਾ ਕਹਿਣਾ ਆਦਿ
ਸੱਭ ਮਿੱਠੀਆਂ ਮਿੱਠੀਆਂ ਗਾਲ਼ਾਂ ਹਨ
ਜੋ ਮਾਂ,ਭੈਣ,ਧੀ,ਪਤਨੀ ਦੀ ਗਾਲ਼ ਕੱਢਦਾ ਹੈ
ਉਹ ਨਹੀਂ ਜਾਣਦਾ ਕਿ ਇਹ ਗਾਲ਼ ਨਹੀਂ,
ਨਿਰੀ ਮੂਰਖਤਾ,ਨਿਰੀ ਜ਼ਹਾਲਤ, ਨਿਰੀ ਦਰਿੰਦਗੀ, ਨਿਰੀ ਨਿਰਾਸ਼ਾ, ਨਿਰੀ ਹਾਰ ਹੈ
ਇਹ ਤਸੱਵਰ, ਗੰਦਗੀ, ਬਦਬੂ,ਵਿਕਾਰ ਅਤੇ ਬਿਮਾਰੀ ਦਾ ਸੂਚਕ ਹੈ
ਬੁਜ਼ਦਿਲੀ ਦੀ ਇੰਤਹਾ ਹੈ
ਸਿਰਜਣਾ ਦੀ ਅਵੱਗਿਆ ਹੈ
ਸੂਰਜ ਦੇ ਮੂੰਹ ਉੱਤੇ ਕਾਲਖ ਮਲ਼ਨ ਦੇ ਤੁੱਲ ਹੈ
ਨੈਤਿਕਤਾ ਦੀ ਕਬਰ ਹੈ
ਵਕਤ ਦੇ ਮੱਥੇ ਤੇ ਕਲੰਕ ਹੈ
ਤਹਿਜ਼ੀਬ ਦਾ ਘੋਰ ਨਿਰਾਦਰ ਹੈ
ਅੰਮੀ ਦਾ ਨਰਾਜ਼ਗੀ ਨਾਲ ਕਹਿਣਾ ”ਜਾ ਮਰ ਪਰੇ” ਵਿਚ
ਮੋਹ ਛਲਕਦਾ ਹੈ,ਲੰਮੀ ਉਮਰ ਦੀ ਅਸੀਸ ਹੁੰਦੀ ਹੈ
ਭੈਣ ਦਾ ਗੁੱਸੇ ”ਚ ਕਹਿਣਾ ”ਜਾ! ਤੋਂ ਮੇਰਾ ਕੁੱਝ ਨਹੀਂ ਲਗਦਾ,ਪਾਗਲ ਕਿਸੇ ਥਾਂ ਦਾ” ਵਿਚ
ਰੱਖੜੀ ਬੰਨਣ ਦੀ ਤੀਬਰ ਇੱਛਿਆ ਹੁੰਦੀ ਹੈ
ਵਾਗ ਫੜਾਈ ਦੀ ਤਾਂਘ ਹੁੰਦੀ ਹੈ
ਬਾਪ ਦਾ ਖਿਝ ਕੇ ਕਹਿਣਾ ” ਭੂਤਨੇ ਦਾ ਪੁੱਤਰ ਨਾ ਹੋਵੇ ਤਾਂ” ਵਿਚ
ਉਸ ਦਾ ਸਕਾ ਅਤੇ ਅਸਲੀ ਪੁੱਤਰ ਹੋਂਣ ਦੀ ਮੋਹਰ ਹੁੰਦੀ ਹੈ
”ਨਲਾਇਕ ਕਿਸੇ ਥਾਂ ਦਾ ਨਾ ਹੋਵੇ ਤਾਂ” ਕਹਿਣ ਵਿਚ
ਭਵਿਖ ਦੀ ਫ਼ਿਕਰ ਹੁੰਦੀ ਹੈ
ਪੁੱਤਰ ਨੂੰ ਸਫਲ ਹੋਂਣ ਦੀ ਅਸੀਸ ਅਤੇ ਚੁਣੌਤੀ ਹੁੰਦੀ ਹੈ ।
ਗ਼ਾਲਾਂ ਕੱਢਣ ਦੀ ਵੀ ਇਕ ਤਹਿਜ਼ੀਬ ਹੁੰਦੀ ਹੈ !
-0-
-0- |