-ਹੈਂਅ?
-ਓਅ ਹੋ! ਮਾੜੀ ਗੱਲ ਹੋਈ!
-ਕਿਵੇਂ ਵਈ?
-ਕਿੱਥੇ ਵਈ?
–ਬੁਰਾ ਹਾਲ ਐ ਟਰੈਫਿ਼ਕ ਦਾ ਪੰਜਾਬ ‘ਚ ਤਾਂ!
-ਬਹੁਤਾ ਸੀਰੀਅਸ ਤਾਂ ਨੀ?
ਖ਼ਬਰ ਦੋਸਤਾਂ-ਰਿਸ਼ਤੇਦਾਰਾਂ ਅਤੇ ਵਾਕਫ਼ਾਂ ਦੇ ਸੈੱਲ ਫ਼ੋਨਾਂ ‘ਚੋਂ ਫੁਹਾਰੇ ਵਾਂਗ
ਨਿੱਕਲ਼ਦੀ ਇੱਕ ਤੋਂ ਦੋ, ਤੇ ਚਾਰ ਤੋਂ ਅੱਠ ਦੀ ਤਰਜ਼ ‘ਤੇ, ਚਾਰੇ ਪਾਸੀਂ ਖਿਲਰਨ ਲੱਗੀ।
ਟਰਾਂਟੋ ਦੀਆਂ ਫੈਕਟਰੀਆਂ ‘ਚ ਮਸ਼ੀਨਾਂ ਸਾਰੀ ਦਿਹਾੜੀ ਖਊਂ-ਖਊਂ ਕਰਦੀਆਂ, ਘਰਰ-ਘਰਰ
ਘਰਕਦੀਆਂ, ਪਲਾਸਟਿਕ ਦੇ ਦਾਣਿਆਂ ਤੇ ਲੱਕੜ ਦੇ ਫੱਟਿਆਂ ਤੇ ਲੋਹੇ ਦੇ ਟੁਕੜਿਆਂ ਨੂੰ ਬੁਰਕ
ਮਾਰਦੀਆਂ, ਅਤੇ ਸਾਰੀ ਦਿਹਾੜੀ ਅਣਗਿਣਤ ਕਿਸਮਾਂ ਦਾ ਸਮਾਨ ਉਗਲੱਛੀ ਜਾਂਦੀਆਂ। ਆਥਣੇ
ਚਾਰ-ਪੰਜ ਵੱਜਣ ਤੋਂ ਪੰਦਰਾਂ ਕੁ ਮਿੰਟ ਪਹਿਲਾਂ, ਕਾਰਡ-ਪੰਚ ਕਰਨ ਵਾਲ਼ੀ ਮਸ਼ੀਨ ਦੇ ਉੱਪਰਲੇ
ਪਾਸੇ ਛੱਤ ਦੇ ਕੋਨੇ ‘ਚ ਜੜਿਆ ਸਾਇਰਨ ਅਚਾਨਕ ਹੀ ‘ਘਰਰਰਰਰਰਰ’ ਕਰ ਕੇ ਚੀਕ ਉੱਠਦਾ, ਜਿਵੇਂ
ਕਿਸੇ ਮੋਟੇ ਕੁੱਤੇ ਦੇ ਪੁੜੇ ‘ਚ ਗਰਮ ਤੱਕਲ਼ਾ ਚੁਭ ਗਿਆ ਹੋਵੇ: ਸਾਇਰਨ ਨੂੰ ਸੁਣਨ ਸਾਰ ਹੀ
ਵਰਕਰਾਂ ਦੇ ਸੱਜੇ ਦਸਤਾਨਿਆਂ ਦੀਆਂ ਉਂਗਲ਼ਾਂ ਇੱਕ-ਦਮ ਖੱਬਿਆਂ ਦੇ ਸਿਰਿਆਂ ‘ਤੇ ਝਪਟਦੀਆਂ,
ਅਤੇ ਅਗਲੇ ਪਲੀਂ ਪੰਜਿਆਂ ਉਦਾਲਿਓਂ ਖਿੱਚੇ, ਮੈਲ਼ੈ ਦਸਤਾਨੇ, ਮਸ਼ੀਨ ਦੇ ਲਾਗੇ ਪਏ ਕੂੜਾਦਾਨ
‘ਚ ਵਗ੍ਹਾ ਕੇ ਸੁੱਟ ਦਿੱਤੇ ਜਾਂਦੇ-ਮਰੇ ਹੋਏ ਚੂਚਿਆਂ ਵਾਂਙਣ। ਵਰਕਰ ਸੇਫ਼ਟੀ-ਐਨਕਾਂ ਨੂੰ
ਅੱਖਾਂ ਉੱਪਰੋਂ ਪੱਟ ਕੇ ਆਪਣੇ ਪੈਰਾਂ ਨੂੰ ਚੇਂਜਿੰਗ-ਰੂਮ ਵੱਲੀਂ ਭਜਾਉਂਦੇ, ਤੇ ਮਸ਼ੀਨਾਂ
ਨਿੱਸਲ਼ ਹੋਏ ਘੋੜਿਆਂ ਵਾਂਙੂੰ ਸਿਰ ਸੁੱਟ ਲੈਂਦੀਆਂ।
ਚੇਜਿੰਗ-ਰੂਮ ‘ਚ ਸਿੰਕਾਂ ਦੇ ਨੇੜੇ, ਵਰਕਰਾਂ ਦੇ ਮੋਢਿਆਂ ਅਤੇ ਕੂਹਣੀਆਂ ਦੇ ਨਾਲ਼ ਨਾਲ਼
ਮੈਲ਼ੀਆਂ ਡਾਂਗਰੀਆਂ ਦੀ ਗਰੀਸੀ ਗੰਧ ਵੀ ਇੱਕ-ਦੂਜੇ ਨਾਲ਼ ਖਹਿੰਦੀ, ਤੇ ਚੇਜਿੰਗ-ਰੂਮ ਦੇ
ਹੁੰਮਸ ਨਾਲ਼ ਪਾਣੀ ਵਾਲ਼ੀਆਂ ਟੂਟੀਆਂ ਦਾ ਦਮ ਘੁੱਟਣ ਲਗਦਾ। ਅਗਲੇ ਛਿਣੀਂ, ਕਰੀਮ ਵਰਗਾ ਤਰਲ
ਸਾਬਣ ਵਰਕਰਾਂ ਦੇ ਹੱਥਾਂ ਉਦਾਲ਼ੇ ਲਿਪਟਣ ਲਗਦਾ, ਤੇ ਉਸ ਦੀ ਗੁਲਾਬੀ ਰੰਗਤ, ਉਂਗਲ਼ੀਆਂ ਦੇ
ਸੰਨ੍ਹਾਂ ‘ਚ ਦੜੀ ਹੋਈ ਗਰੀਸ ਨਾਲ਼ ਝੱਗੋ-ਝੱਗ ਝਗੜਦਿਆਂ, ਘਸਮੈਲ਼ੀ ਹੋਣ ਲਗਦੀ। ਫਿ਼ਰ
ਪਲਾਸਟਿਕ ਦੇ ਲੰਚ-ਬਾਕਸਾਂ ਦੇ ਹੈਂਡਲ, ਉਂਗਲ਼ਾਂ ਉਦਾਲ਼ੇ ਜੁੜੀ ਸਿਲ੍ਹ ਨੂੰ ਸੁੰਘਦੇ, ਅਤੇ
ਦਿਨ-ਭਰ ਦਾ ਥਕੇਵਾਂ, ਫ਼ੈਕਟਰੀਆਂ ਵਿੱਚੋਂ, ਪਾਰਕਿੰਗ-ਲਾਟ ‘ਚ ਖਲੋਤੀਆਂ ਕਾਰਾਂ ਵੱਲ ਨੂੰ
ਵਗਣ ਲਗਦਾ।
ਤੇ ਉਸ ਸ਼ਾਮ, ਛੇ ਕੁ ਵਜਦੇ ਨੂੰ, ਮਸ਼ੀਨਾਂ ਨਾਲ਼ ਹੱਥੋਪਾਈ ਹੋ ਕੇ ਘਰੀਂ ਪਰਤੇ ਸਰੀਰ,
ਲੰਚ-ਕਿਟਾਂ ਨੂੰ ਕਿਚਨ-ਕਾਊਂਟਰਾਂ ਉੱਪਰ ਟਿਕਾਅ ਕੇ ਅਤੇ ਕਾਰਾਂ ਦੀਆਂ ਚਾਬੀਆਂ ਨੂੰ ਕੰਧਾਂ
‘ਤੇ ਜੜੇ ਕੀਅ-ਹੋਲਡਰਾਂ ਦੇ ਹਵਾਲੇ ਕਰ ਕੇ, ਆਪਣੇ ਅੰਗਾਂ ‘ਚੋਂ ਥਕੇਵਾਂ ਨਿਚੋੜਣ ਲਈ
ਵਾਸ਼ਰੂਮਾਂ ਵੱਲ ਵਧਣ ਲੱਗੇ।
ਸਾਢੇ ਕੁ ਛੇ ਵਜਦੇ ਨੂੰ, ਟਰਾਂਟੋ ਸ਼ਹਿਰ ਦੇ ਪੱਚੀ-ਤੀਹ ਪੰਜਾਬੀ ਘਰਾਂ ‘ਚ, ਕੀਅ-ਹੋਲਡਰਾਂ
ਉੱਪਰ ਲਟਕਦੀਆਂ, ਕਾਰਾਂ ਦੀਆਂ ਚਾਬੀਆਂ ਹਰਕਤ ‘ਚ ਆਉਣ ਲੱਗੀਆਂ। ਗਰਾਜਾਂ ਦੇ ਆਟੋ-ਡੋਰ
ਖਰੜ-ਖਰੜ ਉੱਪਰ ਵੱਲ ਦੀ ਸ਼ਾਫ਼ਟ ਉਦਾਲ਼ੇ ਲਿਪਟੇ ਜਾਣ ਲੱਗੇ, ਤੇ ਗਰਾਜਾਂ ਵਿੱਚ ਖਲੋਤੀਆਂ
ਕਾਰਾਂ ਸ਼ੇਰ ਸਿੰਘ ਦੇ ਘਰ ਨੂੰ ਜਾਣ ਲਈ ਸ਼ੋਰਟ-ਕੱਟ ਰੂਟਾਂ ਦੀ ਨਿਸ਼ਾਨਦੇਹੀ ਕਰਨ ਲੱਗੀਆਂ।
ਸ਼ੇਰ ਸਿੰਘ ਦੇ ਘਰ ‘ਚ ਦਾਖ਼ਲ ਹੋਣ ਵਾਲਿਆਂ ਦੇ ਬੁੱਲ੍ਹ, ਦਰਵਾਜਿ਼ਓਂ ਅੰਦਰ ਹੋਣ ਤੋਂ
ਪਹਿਲਾਂ ਹੀ ਢਿਲ਼ਕੇ ਹੁੰਦੇ, ਤੇ, ਬੈਠਣ ਸਾਰ ਹੀ, ਉਹ ਆਪਣੇ ਚਿਹਰਿਆਂ ਨੂੰ ਟੀ. ਵੀ. ਵੱਲ
ਨੂੰ ਫੇਰ ਕੇ, ਉਸ ਉੱਤੇ ਖਲੋਤੇ ਪੋਰਟਰੇਟ ਉੱਪਰ ਨਜ਼ਰਾਂ ਜਮਾਅ ਦੇਂਦੇ।
ਪੋਰਟਰੇਟ ‘ਚ ਸ਼ੇਰ ਸਿੰਘ ਦੀ ਗੂੜ੍ਹੀ ਮੂੰਗੀਆ ਵਰਦੀ ਜਿਵੇਂ ਹੁਣੇ ਹੀ ਇਸਤਰੀ ਹੋ ਕੇ ਆਈ
ਹੋਵੇ! ਫਰੇਮ ‘ਚ ਜੜੇ ਸ਼ੇਰ ਸਿੰਘ ਦੇ ਡੌਲ਼ੇ ਜੇ ਰਤਾ ਕੁ ਵੀ ਹਰਕਤ ਕਰ ਦਿੰਦੇ ਤਾਂ ਉਹਨਾਂ
ਉੱਪਰਲੀਆਂ ਕਰੀਜ਼ਾਂ ਨੂੰ ਤ੍ਰੇੜਾਂ ਆ ਜਾਣੀਆਂ ਸਨ। ਤੇ ਵਰਦੀ ਦੇ ਮੋਢਿਆਂ ਉੱਪਰ ਜੜੇ
ਤ੍ਰੈਮੂਰਤੀਏ ਸ਼ੇਰ ਗਰਜ ਮਾਰਨ ਮਗਰੋਂ ਬੁੱਲ੍ਹਾਂ ਉੱਪਰ ਜੀਭਾਂ ਫੇਰ ਕੇ ਜਿਵੇਂ ਮਿੰਟ ਕੁ
ਪਹਿਲਾਂ ਹੀ ਹਟੇ ਸਨ। ਠੋਡੀ ਤੋਂ ਦੋਹਾਂ ਪੁੜਪੁੜੀਆਂ ਕੋਲ਼ ਦੀ ਗੁਜ਼ਾਰ ਕੇ, ਸਿਰ ਦੇ ਸਿਖ਼ਰ
‘ਤੇ ਬੰਨ੍ਹੀਂ ਹੋਈ ਰੱਸੀ, ਨਾ-ਦਿਸਦਿਆਂ ਵੀ, ਦਿਸਦੀ ਸੀ: ਚਿਹਰੇ ਦੇ ਦੋਹੀਂ ਪਾਸੀਂ, ਰੱਸੀ
ਦੇ ਕੰਨਾਂ ਤੋਂ ਉੱਪਰ ਤੀਕ ਦੇ ਹਿੱਸੇ ਤਾਂ ਸ਼ੇਰ ਸਿੰਘ ਦੀ ਪਗੜੀ ਦੇ ਫਾੜੀਦਾਰ ਪੇਚਾਂ ਨੇ
ਢਕੇ ਹੋਏ ਸਨ, ਪ੍ਰੰਤੂ ਉਸ ਨੇ ਠੋਡੀ ਤੋਂ ਕੰਨਾਂ ਤੀਕਰ ਪੂਰੀ ਦਾਹੜੀ ਦਾ ਕੱਲਾ-ਕੱਲਾ ਵਾਲ਼,
ਹੇਠਲੇ ਪਾਸਿਓਂ ਸਲੀਕੇ ਨਾਲ਼ ਖਿੱਚ ਕੇ, ਆਪਣੀ ਬਾ-ਜ਼ਾਬਤਾ ਜਿ਼ੰਦਗੀ ਵਾਂਗੂੰ ਰੱਸੀ ‘ਚ
ਘੁੱਟ ਕੇ ਬੰਨ੍ਹਿਆਂ ਹੋਇਆ ਸੀ। ਉਸ ਦੇ ਬੁੱਲ੍ਹ, ਦਾਹੜੀ ਦੇ ਵਾਲ਼ਾਂ ‘ਚ ਲਿਪਟੀ ਰੱਸੀ ਦੇ
ਉੱਪਰੋਂ ਦੀ ਬੰਨ੍ਹੀਂ ਹੋਈ ਜਾਲ਼ੀ ਵੱਲ ਨੂੰ ਖਿੱਚੇ ਹੋਏ ਸਨ, ਤੇ ਉਸਦੀਆਂ ਭਰਵੀਆਂ ਮੁੱਛਾਂ
ਉਸਦੀਆਂ ਗੱਲ੍ਹਾਂ ਦੇ ਉਭਾਰਾਂ ਵੱਲ ਨੂੰ ਸੇਧੀਆਂ ਹੋਈਆਂ।
ਤਜਿੰਦਰ ਜਦੋਂ ਵੀ ਇਸ ਪੋਰਟਰੇਟ ਵੱਲ ਦੇਖਦਾ, ਉਸ ਦੇ ਸਾਹਮਣੇ ਸੱਤ ਕੁ ਸਾਲ ਪਹਿਲਾਂ ਵਾਲ਼ੀ
ਉਹ ਸ਼ਾਮ ਮੁੱਠੀ ਵਾਂਙਣ ਖੁਲ੍ਹਣ ਲਗਦੀ ਜਦੋਂ ਉਸ ਦੇ ਡੈਡੀ ਤੇ ਮੰਮੀ ਟਰਾਂਟੋ ਹਵਾਈ ਅੱਡੇ
‘ਤੇ ਉੱਤਰ ਕੇ ਪਹਿਲੀ ਵਾਰ ਘਰ ‘ਚ ਦਾਖ਼ਲ ਹੋਏ ਸਨ-ਕੰਧਾਂ, ਛੱਤਾਂ, ਸੋਫਿ਼ਆਂ ਤੇ ਕਿਚਨ
ਕਾਊਂਟਰ ਨੂੰ ਚੌੜੀਆਂ-ਹੋ-ਗਈਆਂ ਅੱਖਾਂ ਨਾਲ਼ ਤੋਲਦੇ ਹੋਏ! ਫਿ਼ਰ ਉਹਨੂੰ ਅਗਲੀ ਸਵੇਰ
ਲਿਵਿੰਗਰੂਮ ‘ਚ ਸੋਫ਼ੇ ‘ਤੇ ਬੈਠਾ ਸ਼ੇਰ ਸਿੰਘ ਦਿਸਣ ਲਗਦਾ: ਪੱਟਾਂ ਉੱਪਰ ਹੈਂਡਬੈਗ਼ ਤੇ
ਹੈਂਡਬੈਗ਼ ‘ਚ ਫ਼ਰੋਲ਼ਾ-ਫ਼ਰਾਲ਼ੀ ਕਰਦੀਆਂ ਉਸ ਏ ਸੱਜੇ ਹੱਥ ਦੀਆਂ ਉਂਗਲ਼ਾਂ।
ਡੈਡੀ ਦੇ ਸਾਹਮਣੇ ਚਾਹ ਦੇ ਪਿਆਲੇ ਨੂੰ ਟਿਕਾਉਂਦਿਆਂ ਤਜਿੰਦਰ ਨੇ ਸਮਝਿਆ ਸੀ ਕਿ ਡੈਡੀ
ਸ਼ਾਇਦ ਉਸ ਲਈ ਭਾਰਤ ਤੋਂ ਲਿਆਂਦਾ ਕੋਈ ਤੋਹਫ਼ਾ ਲੱਭ ਰਿਹਾ ਹੋਣੈ, ਪਰ ਸ਼ੇਰ ਸਿੰਘ ਨੇ
ਪਹਿਲਾਂ ਟੂਥ-ਬਰਸ਼ ਤੇ ਟੂਥਪੇਸਟ ਵਾਲ਼ੇ ਪਾਊਚ ਨੂੰ ਅਤੇ ਹੇਅਰ-ਬਰਸ਼ ਤੇ ਫਿਕਸੋ ਦੀ ਸ਼ੀਸੀ
ਨੂੰ ਕਾਫ਼ੀ-ਟੇਬਲ ਉੱਪਰ ਟਿਕਾਅ ਦਿੱਤਾ ਸੀ; ਤੇ ਫਿ਼ਰ ਬੈਗ਼ ‘ਚੋਂ ਖਿੱਚੇ ਇੱਕ ਤੌਲੀਏ ਨੂੰ
ਆਪਣੇ ਨੱਕ ਦੇ ਲਾਗੇ ਲਿਆ ਕੇ ਸੁੰਘਿਆ ਸੀ।
–ਸਿੱਲ੍ਹਾ ਐ! ਨੱਕ ਦੀਆਂ ਜੜ੍ਹਾਂ ਨੂੰ ਉੱਪਰ ਵੱਲ ਨੂੰ ਖਿਚਦਿਆਂ ਡੈਡੀ ਆਪਣੇ-ਆਪ ਨੂੰ
ਸੰਬੋਧਿਤ ਹੋਇਆ ਸੀ।
ਫਿਰ ਉਸ ਨੇ, ਟੀ. ਵੀ. ਉੱਪਰ ਖਲੋਤੇ ਐਸ ਪੋਰਟਰੇਟ ਨੂੰ ਇੱਕ ਲਿਫ਼ਾਫ਼ੇ ‘ਚੋਂ ਮਲਕੜੇ-ਮਲਕੜੇ
ਬਾਹਰ ਖਿੱਚਿਆ ਸੀ ਅਤੇ ਇਸ ਦੀਆਂ ਆਹਮੋ-ਸਾਹਮਣੀਆਂ ਕੰਨੀਆਂ ਨੂੰ ਸੱਜੇ ਤੇ ਖੱਬੇ ਹੱਥ ਦੀਆਂ
ਉਂਗਲਾਂ ‘ਚ ਤੋਲਦਿਆਂ, ਆਪਣੀ ਨਜ਼ਰ ਨੂੰ ਲਿਵਿੰਗਰੂਮ ਦੀਆਂ ਕੰਧਾਂ ਉੱਤੇ ਘੁੰਮਾਉਣਾ ਸ਼ੁਰੂ
ਕਰ ਦਿੱਤਾ ਸੀ।
-ਕੰਧ ‘ਤੇ ਨੀ ਜੜਨਾ ਮੈਂ ਏਸ ਤਸਵੀਰ ਨੂੰ, ਡੈਡੀ! ਆਪਣੀਆਂ ਉਂਗਲਾਂ ਨੂੰ ਸ਼ੇਰ ਸਿੰਘ ਦੇ
ਹੱਥਾਂ ‘ਚ ਪਕੜੇ ਪੋਰਟਰੇਟ ਵੱਲੀਂ ਵਧਾਉਂਦਿਆਂ ਤਜਿੰਦਰ ਬੋਲਿਆ ਸੀ। –ਏਹਨੂੰ ਤਾਂ ਮੈਂ
ਫ਼ਰੇਮ ‘ਚ ਜੜ ਕੇ ਔਥੇ ਟਿਕਾਉਣੈ... ਟੀ. ਵੀ. ਦੇ ਉੱਪਰ!
-ਟਿਕਾਅ ਲਾ ਏਹਨੂੰ ਜਿੱਥੇ ਮਰਜ਼ੀ, ਕਾਕਾ! ਸ਼ੇਰ ਸਿੰਘ ਆਪਣੇ ਸੰਘਣੇ ਭਰਵੱਟਿਆਂ ਨੂੰ ਉੱਪਰ
ਵੱਲ ਖਿੱਚ ਕੇ ਬੋਲਿਆ ਸੀ। –ਪਰ ਜਿਹੜੀ ਵਰਦੀ ਮੈਂ ਐਸ ਫੋਟੋ ‘ਚ ਪਹਿਨੀ ਹੋਈ ਐ, ਉਸ ਨਾਲ਼
ਕੀਤੀ ਅਫ਼ਸਰੀ ਨੂੰ ਗੁੱਛਾ-ਮੁੱਛਾ ਕਰ ਕੇ ਮੈਂ ਸੁਧਾਰ ਦੇ ਪੁਲ਼ ਤੋਂ ਨਹਿਰ ‘ਚ ਸੁੱਟ ਕੇ ਈ
ਜਹਾਜ਼ ਚੜ੍ਹਿਆਂ!
-ਕੀ ਮਤਲਬ, ਡੈਡ? ਚਾਹ ਦੇ ਪਿਆਲੇ ‘ਚ ਸੁੱਟੀਆਂ ਸ਼ੂਗਰ-ਕਿਊਬਾਂ ਨੂੰ ਚਮਚੇ ਨਾਲ਼ ਘੋਲ਼ਦਿਆਂ
ਤਜਿੰਦਰ ਨੇ ਅੱਖਾਂ ਸੁੰਗੇੜ ਲਈਆਂ ਸਨ।
ਤੇ ਉਸੇ ਸ਼ਾਮ, ਸੋਫ਼ੇ ‘ਤੇ ਬੈਠਾ ਸ਼ੇਰ ਸਿੰਘ, ਡਰਾਇਵਿੰਗ-ਲਸੰਸ ਦੇ ਟੈਸਟ ਵਾਲ਼ੀ ਕਿਤਾਬ
‘ਚੋਂ ਟਰੈਫਿ਼ਕ ਦੇ ਨਿਯਮਾਂ ਤੇ ਨਿਸ਼ਾਨਾਂ ਨੂੰ ਸਿੱਧੇ-ਪੁੱਠੇ ਕਰਨ ਵਿੱਚ ਰੁੱਝਿਆ ਹੋਇਆ
ਸੀ। ਅਗਲੀ ਸਵੇਰ ਸਵਖ਼ਤੇ ਹੀ ਅੰਗਰੇਜ਼ੀ ਦੇ ‘ਟਰਾਂਟੋ ਸਟਾਰ’ ਅਖ਼ਬਾਰ ਦਾ ‘ਕਲਾਸੀਫ਼ਾਈਡ
ਸੈਕਸ਼ਨ’, ਡਾਇਨਿੰਗ-ਟੇਬਲ ਉੱਪਰ ਵਿਛਿਆ ਹੋਇਆ ਸੀ, ਤੇ ਸ਼ੇਰ ਸਿੰਘ ਸੁੰਗੇੜੀਆਂ ਅੱਖਾਂ
ਨਾਲ਼ ‘ਹੈਲਪ ਵਾਂਟਡ’ ਵਾਲ਼ੇ ਸਫਿ਼ਆਂ ਨੂੰ ਖੁਰਕਦਾ ਹੋਇਆ, ਉਨ੍ਹਾਂ ‘ਚ ਛਪੇ ਫ਼ੋਨ ਨੰਬਰਾਂ
ਨੂੰ, ਭਾਰਤ ਤੋਂ ਲਿਆਂਦੀ ਨੋਟਬੁੱਕ ਦੇ ਵਰਕਿਆਂ ਉੱਪਰ ਚਿਣੀ ਜਾ ਰਿਹਾ ਸੀ।
ਤੇ ਫਿਰ ਉਸੇ ਸ਼ਾਮ, ਸੂਰਜ ਦੇ ਛਿਪਾਅ ਤੋਂ ਕੁਝ ਕੁ ਮਿੰਟ ਪਹਿਲਾਂ ਬੈਕਯਾਰਡ ‘ਚ ਘਾਹ ਦੀ
ਮੁਲਾਇਮੀ ਉੱਪਰ ਖਲੋਤੇ ਡੈਡੀ ਤੇ ਮੰਮੀ, ਕਿਆਰੀਆਂ ‘ਚ ਉੱਗੇ ਫੁੱਲਦਾਰ ਬੂਟਿਆਂ ਦੀਆਂ
ਕਿਸਮਾਂ ਗਿਣ ਰਹੇ ਸਨ।
-ਡੈਡੀ ਜੀ ਅਰਾਮ ਕਰਨੈ ਤੁਸੀਂ ਅਰਾਮ, ‘ਬਲੈਕ ਲੇਬਲ’ ਦੀ ਬੋਤਲ ਨੂੰ ਲਾਅਨ-ਟੇਬਲ ਉੱਪਰ
ਟਿਕਾਉਂਦਿਆਂ ਤਜਿੰਦਰ ਬੋਲਿਆ ਸੀ। –ਕੋਈ ਲੋੜ ਨੀ ਜਾਬਾਂ-ਜੂਬਾਂ ਲੱਭਣ ਦੀ... ਸਭ ਤੋਂ
ਪਹਿਲਾਂ ਮੈਂ ਤੁਹਾਨੂੰ ਨਿਆਗਰਾ ਫ਼ਾਲਜ਼ ਦੀਆਂ ਧਾਰਾਂ ਤੋਂ ਉੱਡਦੀ ਭੂਰ ਦਾ ਨਜ਼ਾਰਾ
ਦਿਖਾਉਣੈ-ਦੇਖ ਕੇ ਹੈਰਾਨ ਰਹਿ ਜੋਂ ਗੇ ਠਾਠਾਂ ਮਾਰਦੇ ਪਾਣੀ ਨੂੰ!
-ਹੱਛਾਅਅਅ? ਸ਼ੇਰ ਸਿੰਘ ਦੇ ਬੁੱਲ੍ਹਾਂ ‘ਚ ਸ਼ਰਾਰਤ ਫਰਕਣ ਲੱਗ ਪਈ ਸੀ। –ਤੇ ਉਸ ਤੋਂ
ਮਗਰੋਂ?
-ਤੇ ਉਸ ਤੋਂ ਮਗਰੋਂ ਕਰਾਉਣੈਂ ਤੁਹਾਨੂੰ ਪਲਾਜਿ਼ਆਂ ਤੇ ਪਾਰਕਾਂ ਦੇ ਵਾਕਿਫ਼!
ਸ਼ੇਰ ਸਿੰਘ ਨੇ ਆਪਣੇ ਭਰਵੱਟਿਆਂ ਨੂੰ ਅੰਦਰ ਵੱਲ ਨੂੰ ਖਿੱਚਿਆ, ਤੇ ਬੁੱਲ੍ਹਾਂ ਦੇ ਕੋਨਿਆਂ
ਨੂੰ ਕੰਨਾਂ ਵੱਲ ਨੂੰ ਵਧਾਇਆ ਸੀ। ਨਾਲ਼ ਹੀ ਉਹਨੇ ਆਪਣੇ ਸੱਜੇ ਹੱਥ ਦੀ ਮੂਹਰਲੀ ਉਂਗਲ਼ ਨੂੰ
ਮੇਜ਼ ‘ਤੇ ਖਲੋਤੀ ਬੋਤਲ ਵੱਲੀਂ ਸੇਧਿਆ ਸੀ। –ਹੈਸ ‘ਬਲੈਕ ਲੇਬਲ’ ਨੂੰ ਉਠਾਅ ਪਹਿਲਾਂ, ਉਹ
ਸੇਧੀ ਹੋਈ ਉਂਗਲ਼ ਨੂੰ ਉੱਪਰ ਵੱਲ ਨੂੰ ਗੇੜ ਕੇ ਤੁਣਕਣ ਲੱਗਾ ਸੀ। –ਤੈਨੂੰ ਹਾਲੇ ਤੀਕ ਏਹ
ਪਤਾ ਨੀ ਲੱਗਿਆ ਪਈ ਫੌਜੀ ਲੋਕ ਸਿਰਫ਼ ‘ਥਰੀ ਐਕਸ ਰੰਮ’ ‘ਤੇ ਈ ਸਵਾਰੀ ਕਰਦੇ ਆ!
ਰੰਮ ਦੀ ਬੋਤਲ ਦੇ ਢੱਕਣ ਨੂੰ ਖੱਬੇ ਰੁਖ਼ ਕੜੱਕ-ਕੜੱਕ ਘੁੰਮਾਉਂਦਿਆਂ ਤਜਿੰਦਰ ਨੇ ਆਪਣੇ ਸਿਰ
ਨੂੰ ਖੱਬੇ-ਸੱਜੇ ਗੇੜਿਆ ਸੀ। –ਕਨੇਡਾ ਮੈਂ ਤੁਹਾਨੂੰ ਅਰਾਮ ਕਰਨ ਲਈ ਸੱਦਿਐ, ਡੈਡੀ ਜੀ,
ਅਰਾਮ!
-ਪਰ ਮੈਨੂੰ ਤਾਂ, ਤਜਿੰਦਰ ਸਿਅ੍ਹਾਂ, ਦੋ ਨਸਿ਼ਆਂ ਦੀ ਲਤ ਲੱਗੀ ਹੋਈ ਐ ਪੱਚੀ-ਤੀਹ ਸਾਲਾਂ
ਤੋਂ! ਸ਼ੇਰ ਸਿੰਘ ਰੰਮ ਦੇ ਗਲਾਸ ‘ਚ ਤਰ ਰਹੀਆਂ ਆਈਸ-ਕਿਊਬਾਂ ਨੂੰ ਮੂਹਰਲੀ ਉਂਗਲ਼ ਨਾਲ਼
ਹੇਠਾਂ ਵੱਲ ਨੂੰ ਧੱਕਣ ਲੱਗਾ। ਤੇ ਫਿ਼ਰ ਉਹ ਆਈਸ-ਕਿਊਬਾਂ ਦੀ ਠਾਰੀ ਕਾਰਨ ਗਲਾਸ ਉਦਾਲ਼ੇ
ਜੁੜ ਰਹੀਆਂ ਬੂੰਦਾਂ ਨੂੰ ਨਿਹਾਰਨ ਲੱਗ ਪਿਆ ਸੀ। –ਏਹਨਾਂ ਦੋਂਹ ਨਸਿ਼ਆਂ ਤੋਂ ਬਿਨਾ, ਕਾਕਾ
ਜੀ, ਮੈਥੋਂ ਤਾਂ ਬਚ ਨੀ ਹੋਣਾ ਐਸ ਮੁਲਕ ‘ਚ!
-ਨਸ਼ਿਆਂ ਦੀ ਲਤ? ਰੰਮ ਵਾਲ਼ਾ ਗਲਾਸ ਤਜਿੰਦਰ ਦੇ ਹੱਥ ‘ਚੋਂ ਖਿਸਕਣੋਂ ਮਸਾਂ ਈ ਬਚਿਆ ਸੀ।
-ਹਾਂ,ਹਾਂ, ਲਤ! ਸ਼ੇਰ ਸਿੰਘ ਨੇ ਰੰਮ ਦੀ ਘੁੱਟ ਨੂੰ ਗਲ਼ੇ ਤੋਂ ਹੇਠਾਂ ਨਿਘਾਰਨ ਮਗਰੋਂ
ਆਖਿਆ ਸੀ। –ਏਹਨਾ ਦੋ ਨਸ਼ਿਆਂ ਦਾ ਇੰਤਜ਼ਾਮ ਤਾਂ ਕਰਨਾ ਈ ਪੈਣੈ!
-ਨਸ਼ੇ-ਨੁਸ਼ੇ ਦੀ ਲਤ ਤਾਂ ਨੀ ਲੱਗ ਸਕਦੀ ਥੋਨੂੰ, ਡੈਡੀ ਜੀ!
-ਨਹੀਂ, ਕਾਕਾ ਜੀ, ਲੱਗੀ ਹੋਈ ਆ ਬਹੁਤ ਦੇਰ ਤੋਂ! ਰੰਮ ਦੀ ਦੂਸਰੀ ਘੁੱਟ ਸ਼ੇਰ ਸਿੰਘ ਦੀ
ਭੋਜਨ-ਨਾਲ਼ੀ ‘ਚ ਠਾਰੀ ਖਿਲਾਰਦੀ ਹੋਈ ਮੇਹਦੇ ਵੱਲ ਨੂੰ ਉੱਤਰ ਗਈ ਸੀ। –ਲੈ ਸੁਣ ਲਾ ਫੇਰ:
ਪਹਿਲਾ ਅਮਲ, ਕਾਕਾ ਜੀ, ਮੈਨੂੰ ਲੱਗਿਆ ਹੋਇਐ ਕੰਮ ਦਾ, ਤੇ ਦੂਸਰਾ ਐਸ ਰੰਮ ਦਾ!
ਤੇ ਇੱਕ ਮਹੀਨਾ ਹਾਲੇ ਪੂਰਾ ਨਹੀਂ ਸੀ ਹੋਇਆ ਸ਼ੇਰ ਸਿੰਘ ਦਾ ਪੋਰਟਰੇਟ ਟੀ. ਵੀ. ਉੱਤੇ
ਟਿਕਾਇਆਂ ਕਿ ਇੱਕ ਦਿਨ ਤਜਿੰਦਰ ਵਾਲ਼ੀ ਕਾਰ ਦੀ ਡਰਾਇਵਰ ਸੀਟ ‘ਤੇ ਬੈਠਾ ਉਹ ਰੀਅਰਵਿਊ-ਮਿਰਰ
{ਡਰਾਇਵਰ ਦੇ ਸਾਹਮਣੇ ਵਾਲ਼ਾ ਸ਼ੀਸ਼ਾ ਜਿਸ ਨਾਲ਼ ਉਹ ਪਿਛਲੇ ਪਾਸੇ ਆ ਰਹੇ ਟਰੈਫ਼ਿਕ ‘ਤੇ
ਨਜ਼ਰ ਰਖਦਾ ਹੈ} ਨੂੰ ਹੇਠਾਂ-ਉੱਪਰ ਹਿਲਾਅ ਰਿਹਾ ਸੀ।
ਡੈਡੀ ਨੂੰ ਲਸੰਸ ਮਿਲਣ ਤੋਂ ਚਾਰ ਕੁ ਦਿਨਾਂ ਬਾਅਦ ਹੀ, ਤਜਿੰਦਰ ‘ਟਰਾਂਟੋ ਸਟਾਰ’ ਦੇ
‘ਆਟੋ-ਸੇਲ’ ਵਾਲੇ ਕਾਲਮਾਂ ਵਿੱਚੋਂ ਕਾਰਾਂ ਦੀਆਂ ਕੀਮਤਾਂ ਤੇ ਵੇਚਣ ਵਾਲਿ਼ਆਂ ਦੇ ਫ਼ੋਨ
ਨੰਬਰ ਨੋਟ ਕਰ ਰਿਹਾ ਸੀ।
-ਬਹੁਤੀ ਮਹਿੰਗੀ ਖਰੀਦਣ ਦੇ ਚੱਕਰ ਨਾ ਪੈਜੀਂ, ਤਜਿੰਦਰ ਸਿਅ੍ਹਾਂ, ਸ਼ੇਰ ਸਿੰਘ ਨੇ ਢਾਠੀ ਦੇ
ਸਿਰਿਆਂ ਨੂੰ ਸਿਰ ਦੇ ਸਿਖ਼ਰ ‘ਤੇ ਗੰਢ ਮਾਰਦਿਆਂ ਆਖਿਆ ਸੀ। – ਬੱਸ ਮੇਰੇ ਕੱਦ ਦੇ ਹਿਸਾਬ
ਨਾਲ਼ ਮਧਰੀ ਨਾ ਹੋਵੇ! ਊਂ ਵੀ ਨੇੜੇ-ਤੇੜੇ ਤਾਂ ਮੈਂ ਪੈਦਲ ਈ ਜਾ ਆਉਨਾਂ; ਬਸ ਐਨਾ ਕੁ
ਖਿ਼ਆਲ ਰੱਖੀਂ ਬਈ ਜਦੋਂ ਮੈਂ ਕੰਮ ‘ਤੇ ਜਾਵਾਂ ਤਾਂ ਇਹ ਕਿਤੇ ਲਾਈਟਾਂ ‘ਤੇ ਰੁਕ ਕੇ ਅਰਦਾਸ
ਕਰਨ ਨਾ ਬੈਠ ਜਾਵੇ!
ਤੇ ਉਸ ਦਿਨ, ਜਦੋਂ ਦੀ ਐਕਸੀਡੈਂਟ ਦੀ ਖ਼ਬਰ ਭਾਰਤ ਤੋਂ ਆਈ ਸੀ, ਸੁਰਜੀਤ ਕੌਰ ਵਾਰ-ਵਾਰ
ਪੋਰਟਰੇਟ ਵੱਲ ਤਕਦੀ, ਤੇ ਸ਼ੇਰ ਸਿੰਘ ਦੀ ਵਰਦੀ ਵਾਰ-ਵਾਰ ਬਦਲਣ ਲਗਦੀ! ਪਹਿਲਾਂ ਸ਼ੇਰ ਸਿੰਘ
ਉਸ ਨੂੰ ਪਿੰਡ ਦੇ ਗੁਰਦਾਵਰੇ ਦੇ ਸਾਹਮਣੇ ਖਲੋਤਾ ਦਿਸਿਆ-ਚਿੱਟੀਆਂ ਜੁਰਾਬਾਂ ਤੇ ਚਿੱਟੇ
ਬੂਟ; ਜੂੜੇ ਉਦਾਲ਼ੇ ਸਫ਼ੈਦ ਰੁਮਾਲ ਤੇ ਤੇੜ ਚਿੱਟੀ ਨਿੱਕਰ! ਸਾਹਮਣੇ ਪਿੰਡ ਦੇ ਨੌਜਵਾਨਾਂ
ਦਾ ਭਰਵਾਂ ਇਕੱਠ: ਨਜ਼ਰ ਨੂੰ ਖੱਬਿਓਂ ਸੱਜੇ ਪਾਸੇ ਵੱਲ ਨੂੰ ਫ਼ਲੈਸ਼ ਲਾਈਟ ਵਾਂਙੂੰ
ਫੇਰਦਿਆਂ ਸ਼ੇਰ ਸਿੰਘ ਨੇ ਆਪਣਾ ਸੱਜਾ ਹੱਥ ਉੱਪਰ ਵੱਲ ਨੂੰ ਉਠਾਇਆ ਤੇ ਕਿਚਰ ਕਿਚਰ ਕਰਦੀ
ਭੀੜ ਉੱਪਰ ਚੁੱਪ ਧੂੜੀ ਗਈ।
-ਲਓ ਬਈ ਚਾਰ ਕਤਾਰਾਂ ‘ਚ ਖੜ੍ਹੇ ਹੋ ਜੋ ਮੇਰੇ ਸਾਹਮਣੇ-ਫੌਜੀ ਜਵਾਨਾਂ ਆਂਙੂੰ।
ਅਗਲੇ ਛਿਣੀਂ ਨੌਜਵਾਨਾਂ ਦੇ ਪੈਰਾਂ ਕੋਲ਼ ਟਿਕੀਆਂ ਕਹੀਆਂ ਦੇ ਦਸਤੇ ਉਨ੍ਹਾਂ ਦੇ ਮੋਢਿਆਂ
ਉੱਪਰ ਹੋ ਗਏ, ਤੇ ਉਹ ਇੱਕ-ਦੂਜੇ ਨਾਲ਼ ਖਹਿੰਦੇ-ਘਸੜਦੇ ਸਿੱਧੀਆਂ ਕਤਾਰਾਂ ਬੰਨ੍ਹਣ ਲੱਗੇ।
-ਕੱਲ੍ਹ ਨੂੰ ਸਾਰੀ ਦਿਹਾੜੀ ਸਕੂਲ ਕੋਲ਼ੋਂ ਜੀ. ਟੀ. ਰੋਡ ਵੱਲ ਨੂੰ ਜਾਂਦੀ ਸੜਕ ਦੇ ਖੱਡੇ
ਭਰਨੇ ਐਂ, ਸ਼ੇਰ ਸਿੰਘ ਫੌਜੀ ਅੰਦਾਜ਼ ਵਿਚ ਬੋਲਿਆ। -ਪਰ ਅੱਜ ਦੁਪਹਿਰ ਤੀਕ ਸਾਰੇ ਪਿੰਡ
ਦੀਆਂ ਨਾਲ਼ੀਆਂ ‘ਚੋਂ ਗਾਰਾ ਕੱਢ ਕੇ ਖਾਲੀ ਪੀਪਿਆਂ ‘ਚ ਭਰੀ ਜਾਣੈ: ਔਹ ਜੇਹੜੇ ਇੱਕ-ਬੌਲ਼ਦੀ
ਰੇੜ੍ਹੀ ‘ਤੇ ਧਰੇ ਹੋਏ ਐ!
ਫੇਰ ਉਹ ਸਕੂਲ ਦੀ ਫੁਟਬਾਲ-ਗਰਾਊਂਡ ‘ਚ ਖਲੋਤਾ ਦਿਸਿਆ ਸੀ, ਆਪਣੇ ਅਸਮਾਨੀ ਟਰੈਕ-ਸੂਟ ਤੋਂ
ਗਰਦ ਝਾੜਦਾ ਹੋਇਆ। ਉਸ ਦੇ ਗਲ਼ ਉਦਾਲ਼ੇ ਲਟਕਦੀ ਸੀਟੀ ‘ਪਿਰਰਰਰਰ’ ਕਰ ਕੇ ਚੀਕੀ ਤੇ ਗਰਾਊਂਡ
‘ਚ ਖਿੱਲਰੇ ਮੁੰਡੇ ਥਾਂਏਂ ਖਲੋਅ ਗਏ! -ਧੱਕਾ ਨੀ ਮਾਰਨਾ, ਜਵਾਨੋ, ਕਿਸੇ ਖਿਡਾਰੀ ਨੂੰ!
ਸ਼ੇਰ ਸਿੰਘ ਦੀ ਬਾਂਹ ਅਸਮਾਨ ਵੱਲ ਸੇਧੀ ਗਈ। -ਬਾਲ ਨੂੰ ਚੁਸਤੀ ਨਾਲ਼ ਖੋਹਣੈ ਦੂਸਰੇ
ਖਿਲਾੜੀ ਕੋਲ਼ੋਂ! ਤੇ ਆਪ ਈ ਨੀ ਭੱਜੇ ਫਿਰਨਾ ਬਾਲ ਦੇ ਪਿੱਛੇ ਪਿੱਛੇ; ਪਾਸ ਦੇ-ਦੇ ਕੇ ਗੋਲ਼
ਵੱਲ ਨੂੰ ਵਧਣੈ!
ਇਸ ਤੋਂ ਪਿੱਛੋਂ ਉਹ ਪਿੰਡ ਦੇ ਠੇਕੇ ਦੇ ਲਾਗੇ ਬਸ-ਸਟਾਪ ਦੇ ਬੈਂਚਾਂ ਕੋਲ਼ ਖਲੋਤਾ
ਸੀ-ਨੈਕਟਾਈ ਦੀ ਗੰਢ ਨੂੰ ਵਾਰ ਵਾਰ ਘੁਟਦਾ ਹੋਇਆ।
-ਐਧਰ ਆ ਬਈ ਜਵਾਨਾ, ਉਸਨੇ ਖੀਸੇ ‘ਚ ਫਰੋਲ਼ਾ-ਫਰੋਲ਼ੀ ਕਰ ਰਹੇ ਗਾਹਕ ਨੂੰ ਉਂਗਲ਼ ਦੇ
ਇਸ਼ਾਰੇ ਨਾਲ਼ ਆਪਣੇ ਵੱਲ ਨੂੰ ਸੱਦਿਆ। –ਕਿੰਨੇ ਦਾ ਆਉਂਦੈ ਅਧੀਆ?
ਗਾਹਕ ਦਾ ਹੱਥ ਖੀਸੇ ‘ਚ ਹੀ ਫ਼ਰੀਜ਼ ਹੋ ਗਿਆ।
ਤੇ ਐਕਸੀਡੈਂਟ ਵਾਲੇ ਦਿਨ ਸੁਰਜੀਤ ਕੌਰ ਵੀ ਉਸ ਗਾਹਕ ਦੇ ਹੱਥ ਵਾਂਙੂ ਫ਼ਰੀਜ਼ ਹੋਈ ਸੋਫ਼ੇ
‘ਤੇ ਬੈਠੀ ਸੀ। ਹਰ ਨਵੇਂ ਵਿਅਕਤੀ ਦੀ ਆਮਦ ‘ਤੇ, ਉਸਦਾ ਸਿਰ ਖੱਬੇ-ਸੱਜੇ ਹਿੱਲਣ ਲੱਗਦਾ।
ਉਸ ਦੇ ਉਦਾਲ਼ੇ ਬੈਠੇ ਲੋਕਾਂ ਦੇ ਬੁੱਲ੍ਹ ਹੇਠਾਂ ਵੱਲ ਨੂੰ ਢਿਲ਼ਕ ਜਾਂਦੇ।
–ਬੱਸ ਅਰਦਾਸਾਂ ਈ ਰਹਿਗੀਆਂ ਸਾਡੇ ਪੱਲੇ! ਸੁਰਜੀਤ ਕੌਰ ਲੰਮਾਂ ਹੌਕਾ ਅੰਦਰ ਵੱਲ ਨੂੰ
ਖਿਚਦੀ।
-ਭਾਣਾ ਕੀ ਵਰਤਿਆ, ਭੈਣ ਜੀ? ਅੰਦਰ ਦਾਖ਼ਲ ਹੋਏ ਵਿਅਕਤੀਆਂ ਦੀਆਂ ਅੱਖਾਂ ਸੁਰਜੀਤ ਕੌਰ ਨੂੰ
ਪੁੱਛਦੀਆਂ।
-ਬੱਸ ਜੀ ਕਿਸਮਤ ਦਾ ਚੱਕਰ! ਸੁਰਜੀਤ ਕੌਰ, ਵਾਰ-ਵਾਰ ਸਿਰ ਤੋਂ ਪਿਛਲੇ ਪਾਸੇ ਵੱਲ ਨੂੰ
ਢਿਲ਼ਕ ਰਹੀ ਆਪਣੀ ਚੁੰਨੀ ਨੂੰ ਥਾਂ-ਸਿਰ ਕਰਦਿਆਂ ਦਸਦੀ।
ਮੰਮੀ ਦੇ ਮੂਹੋਂ ‘ਕਿਸਮਤ’ ਲਫ਼ਜ਼ ਨਿਕਲ਼ਦਿਆਂ ਹੀ ਤਜਿੰਦਰ ਦੇ ਹੇਠਲੇ ਦੰਦ ਉੱਪਰਲਿਆਂ ਨਾਲ਼
ਘਿਸੜਣ ਲਗਦੇ, ਤੇ ਉਸ ਦੇ ਭਰਵੱਟਿਆਂ ਵਿਚਕਾਰ ਸਿਲਵਟਾਂ ਉੱਭਰ ਆਉਂਦੀਆਂ।
–ਸਾਈਕਲ ਉੱਤੇ ਗੇੜਾ ਕੱਢਣ ਲਈ ਨਿੱਕਲ਼ੇ ਸੀ ਕੱਲ ਸ਼ਾਮ ਨੂੰ, ਸੁਰਜੀਤ ਕੌਰ ਦੇ ਮੂੰਹ ਦੀਆਂ
ਕੰਨੀਆਂ ਲਮਕ ਜਾਂਦੀਆਂ। -ਪਿੰਡ ਆਲ਼ੇ ਪਾਸਿਓਂ ਜੀ ਟੀ ਰੋਡ ‘ਤੇ ਚੜ੍ਹੇ ਤਾਂ ਓਧਰੋਂ
ਜਗਰਾਵਾਂ ਵੱਲੀਓਂ ਮੋਟਰ ਸੈਕਲ ਆਉਂਦਾ ਸੀ... ਏਹਨਾਂ ‘ਚ ਵੱਜ ਕੇ ‘ਗਾਹਾਂ ਨਿੱਕਲ਼ ਗਿਆ!
ਸੁਣਨ ਵਾਲ਼ੇ ਦਾ ਸਿਰ ਸੱਜੇ-ਖੱਬੇ ਹਿਲਦਾ; ਉਸਦੀ ਜੀਭ, ਉੱਪਰਲੇ ਦੰਦਾਂ ਦੇ ਪਿਛਲੇ ਪਾਸੇ
ਬੁੱਟਾਂ ਨਾਲ਼ ਜੁੜ ਕੇ ਵਾਰ-ਵਾਰ ਪਿਛਾਂਹ ਨੂੰ ਹੁਜਕਦੀ ਅਤੇ ‘ਚ, ਚ, ਚ, ਚ’ ਦੀ ਆਵਾਜ਼
ਉਹਨਾਂ ਦੇ ਮੂੰਹਾਂ ‘ਚੋਂ ਸ਼ੇਰ ਸਿੰਘ ਦੇ ਪੋਰਟਰੇਟ ਵੱਲੀਂ ਉੱਡਣ ਲਗਦੀ।
-ਹੋਇਆ ਤਾਂ ਬਹੁਤ ਮਾੜਾ, ਪਰ ਐਨਾ ਸ਼ੁਕਰ ਕਰੋ ਪਈ ਜਾਨ ਬਚਗੀ।
-ਪਰ ਡਾਕਟਰ ਤਾਂ ਫ਼ਿਕਰ ‘ਚ ਆ, ਭਾਅ ਜੀ, ਸੁਰਜੀਤ ਕੌਰ ਦੇ ਹਾਉਕੇ ਨਾਲ਼ ਟੀ. ਵੀ. ‘ਤੇ ਹੱਸ
ਰਿਹਾ ਸ਼ੇਰ ਸਿੰਘ ਡੋਲਣ ਲੱਗਦਾ।
ਸੁਣਨ ਵਾਲ਼ਾ ‘ਕਾਹਦਾ ਫਿ਼ਕਰ ਐ, ਭੈਣ ਜੀ?’ ਉਚਾਰਨ ਲਈ ਆਪਣੇ ਬੁੱਲ੍ਹਾਂ ਨੂੰ ਫਰਕਾਉਂਦਾ,
ਪ੍ਰੰਤੂ ਸ਼ਬਦ ਉਸ ਦੇ ਸੰਘ ਤੋਂ ਪਿਛਾਂਹ ਵੱਲ ਤਿਲਕ ਕੇ ਛਾਤੀ ‘ਚ ਉੱਤਰ ਜਾਂਦੇ।
ਅਗਲੀ ਦੁਪਹਿਰ ਸੋਨੀਆ ਤਜਿੰਦਰ ਦੇ ਸੂਟਕੇਸ ‘ਚ ਕਮੀਜ਼ਾਂ, ਬੁਨੈਣਾਂ ਤੇ ਅੰਡਰਵੇਅਰ ਟਿਕਾਉਣ
‘ਚ ਰੁੱਝੀ ਹੋਈ ਸੀ। –‘ਸ਼ੇਵ ਕਰਨ ਵਾਲ਼ਾ ਸਮਾਨ ਹੈਂਡਬੈਗ਼ ‘ਚ ਪਾ ਦਿਆਂ ਕਿ ਸੂਟਕੇਸ ‘ਚ ਈ
ਰੱਖ ਦਿਆਂ’, ਉਹ ਆਪਣੇ-ਆਪ ਨੂੰ ਪੁੱਛਣ ਲੱਗੀ। ਅਖ਼ੀਰ ਸੂਟਕੇਸ ਨੂੰ ਜਿੰਦਰੀ ਮਾਰ ਕੇ,
ਸੋਨੀਆ ਨੇ ‘ਆਫ਼ਟਰ-ਸ਼ੇਵ’ ਦੀ ਸ਼ੀਸ਼ੀ ਦੇ ਡੱਟ ਨੂੰ ਕੱਸਿਆ, ਤੇ ਤਜਿੰਦਰ ਵੱਲ ਵਧਾਅ
ਦਿੱਤਾ।
ਪਾਸਪੋਰਟ ਅਤੇ ਹਵਾਈ ਟਿਕਟ ਨੂੰ ਹੈਂਡਬੈਗ਼ ਦੀ ਬਾਹਰਲੀ ਜੇਬ ‘ਚ ਟਿਕਾਅ ਕੇ ਤਜਿੰਦਰ ਨੇ
ਆਪਣੀਆਂ ਨਜ਼ਰਾਂ ਸੁਰਜੀਤ ਕੌਰ ਵੱਲੀਂ ਗੇੜੀਆਂ: ਦਿਲ ਨੀ ਛੱਡਣਾ, ਮੰਮੀ ਜੀ! ਉਦਾਸ ਨੀ
ਹੋਣਾ!
–ਮੇਰੀ ਤਾਂ ਸਾਰੀ ਰਾਤ ਅਰਦਾਸਾਂ ਕਰਦਿਆਂ ਗੁਜਰਗੀ, ਤਜਿੰਦਰ ਸਿਅ੍ਹਾਂ! ਸੁਰਜੀਤ ਕੌਰ ਦਾ
ਹੇਠਲਾ ਬੁੱਲ੍ਹ ਹਵਾ ਨਾਲ਼ ਥਿੜਕਦੇ ਪੱਤੇ ਵਾਂਗ, ਹੇਠਾਂ-ਉੱਪਰ ਹਿੱਲਣ ਲੱਗਾ। –ਪ੍ਰਮਾਤਮਾ
‘ਤੇ ਈ ਡੋਰੀਆਂ ਨੇ ਮੇਰੀਆਂ ਤਾਂ!
‘ਅਰਦਾਸ’ ਲਫ਼ਜ਼ ਨੂੰ ਸੁਣਦਿਆਂ ਸਾਰ ਬੈਗ਼ ਵਿਚਲੇ ਸਮਾਨ ਨੂੰ ਏਧਰ-ਓਧਰ ਟਿਕਾਅ ਰਹੀਆਂ
ਤਜਿੰਦਰ ਦੀਆਂ ਉਂਗਲ਼ਾਂ ਫ਼ਰੀਜ਼ ਹੋ ਗਈਆਂ, ਤੇ ਨਜ਼ਰਾਂ ਨੂੰ ਮੰਮੀ ਦੇ ਚਿਹਰੇ ਵੱਲੀਂ ਸੇਧ
ਕੇ ਉਸ ਨੇ ਆਪਣੇ ਭਰਵੱਟਿਆਂ ਨੂੰ ਸੁੰਗੇੜ ਲਿਆ। ਫੇਰ ਇੱਕ ਡੂੰਘਾ ਸਾਹ ਖਿੱਚ ਕੇ, ਉਹ ਆਪਣੇ
ਸਿਰ ਨੂੰ ਹੌਲੀ ਹੌਲੀ ਸੱਜੇ-ਖੱਬੇ ਫੇਰਨ ਲੱਗਾ।
-ਬੱਸ, ਤਜਿੰਦਰ ਸਿਅ੍ਹਾਂ, ਜਦੋਂ ਈ ਉਨ੍ਹਾਂ ਦੀ ਸੁਰਤ ਪਰਤੀ, ਓਦੋਂ ਈ ਜਹਾਜੇ ਚੜ੍ਹਾਅ ਕੇ
ਐਥੇ ਲੈ ਆਈਂ।
-ਮੈਂ ਸੁਰਤ ਨੀ ਉਡੀਕਣੀ, ਮੰਮੀ, ਹੈਂਡ-ਬੈਗ਼ ਦੀ ਜਿ਼ੱਪਰ ਨੂੰ ‘ਸ਼ੁਰਕ-ਦੇਣੇ’ ਖੱਬੇ ਸਿਰੇ
ਤੋਂ ਸੱਜੇ ਵੱਲ ਖਿਚਦਿਆਂ ਤਜਿੰਦਰ ਨੇ ਆਪਣੇ ਮੱਥੇ ਉੱਪਰਲੀ ਚਮੜੀ ਨੂੰ ਸੁੰਗੇੜਿਆ।
-ਪਰ, ਤਜਿੰਦਰ ਸਿਅ੍ਹਾਂ, ਚੜ੍ਹਨ ਦੇ ਦੇਣਗੇ ਬਿਹੋਸ਼ ਬੰਦੇ ਨੂੰ ਹਵਾਈ ਜਹਾਜ ‘ਚ?
####
ਤਜਿੰਦਰ ਨੂੰ ਹਵਾਈ ਅੱਡੇ ‘ਤੇ ਉਤਾਰ ਕੇ ਘਰ ਵੱਲ ਮੁੜਦਿਆਂ, ਸੋਨੀਆ ਇੰਡੀਅਨ ਗਰੋਸਰੀ ਸਟੋਰ
ਦੇ ਸ਼ੈਲਫ਼ਾਂ ਦੀ ਫ਼ਰੋਲ਼ਾ-ਫ਼ਰੋਲ਼ੀ ਕਰਨ ਲੱਗੀ। ਛੋਟੀਆਂ ਲਾਚੀਆਂ, ਲੌਂਗ, ਤੇ ਦਾਲ਼ਚੀਨੀ
ਵਾਲੇ ਸ਼ੈਲਫ਼ਾਂ ਦੇ ਸਾਹਮਣਿਓਂ ਗੁਜ਼ਰ ਕੇ ਉਹ ਕਾਲ਼ੀਆਂ ਮਿਰਚਾਂ ਤੇ ਗਰਮ ਮਸਾਲੇ ਦੀ ਹਮਕ
ਤੋਂ ਅੱਗੇ ਲੰਘ ਗਈ। ਪੀਸੀ ਹੋਈ ਹਲ਼ਦੀ ਤੇ ਧਨੀਏਂ ਦੇ ਬੀਆਂ ਵਾਲ਼ੇ ਪਲਾਸਟਕੀ ਲਿਫ਼ਾਫਿ਼ਆਂ
ਦੇ ਅਗਲੇ ਪਾਸੇ ਕਾਲ਼ੇ ਲੂਣ ਦੇ ਪੈਕਟ ਨੂੰ ਉਠਾਲ਼ਦਿਆਂ ਉਸਨੂੰ ਦੋ ਦਿਨ ਪਹਿਲਾਂ ਬੋਲੇ
ਸੁਰਜੀਤ ਕੌਰ ਦੇ ਬੋਲ ਯਾਦ ਆ ਗਏ: ਮੈਨੂੰ ਲਗਦੈ ਅਗਰਬੱਤੀਆਂ ਮੁੱਕਗੀਆਂ, ਸੋਨੀਆ!
ਡਿਨਰ ਤੋਂ ਬਾਅਦ ਆਟੇ ਦਾ ਨਿੱਕਾ ਜੇਹਾ ਪੇੜਾ ਕੌਲੀ ‘ਚ ਟਿਕਾਅ ਕੇ ਸੋਨੀਆ ਨੇ ਸੁਰਜੀਤ ਕੌਰ
ਦੇ ਬੈੱਡਰੂਮ ਨੂੰ ਪਹਿਲੀ ਉਂਗਲ਼ ਦੀ ਪਿੱਠ ਨਾਲ ਠੰਗੋਰਿਆ। ਅਗਲੇ ਪਲਾਂ ਦੌਰਾਨ ਨੂੰਹ ਤੇ
ਸੱਸ, ਡਬਲ-ਬੈੱਡ ਉੱਪਰਲੀ ਚਾਦਰ ਦੀਆਂ ਸਿਲਵਟਾਂ ਨੂੰ ਆਪਣੀਆਂ ਉਂਗਲ਼ਾਂ ਨਾਲ਼ ਪੱਧਰੀਆਂ ਕਰ
ਰਹੀਆਂ ਸਨ।
ਸੋਨੀਆ ਨੇ ਪੇੜੇ ‘ਚ ਗੱਡੀ ਅਗਰਬੱਤੀ ਨੂੰ ਤੀਲੀ ਦੀ ਲਾਟ ਜਿਓਂ ਹੀ ਛੁਹਾਈ ਗਈ, ਮੰਦਰ ਦੀਆਂ
ਮੂਰਤੀਆਂ ਉਦਾਲ਼ੇ ਉਡਦੀ ਸੁਗੰਧੀ ਵਰਗੇ ਪਰਛਾਵੇਂ ਸੁਰਜੀਤ ਕੌਰ ਦੇ ਬੈੱਡਰੂਮ ‘ਚੋਂ ਫੈਲਦੇ
ਫੈਲਦੇ, ਉਸ ਦੇ ਬੈੱਡਰੂਮ ਦੇ ਸਾਹਮਣੇ ਵਾਲ਼ੀਆਂ ਪੌੜੀਆਂ ਰਾਹੀਂ ਮੇਨ-ਫ਼ਲੋਰ ਦੇ ਸੋਫਿ਼ਆਂ
ਤੇ ਡਾਇਨਿੰਗ ਟੇਬਲ ਦੀਆਂ ਕੁਰਸੀਆਂ ਵੱਲੀਂ ਉੱਤਰ ਗਏ।
ਹਰ ਸ਼ਾਮ ਸੁਰਜੀਤ ਕੌਰ ਨੂੰ ‘ਗੁਡ-ਨਾਈਟ’ ਆਖ ਕੇ ਸੋਨੀਆ ਬੈੱਡਰੂਮ ਦੇ ਦਰਵਾਜੇ ਨੂੰ ਆਪਣੇ
ਪਿਛਾੜੀ ਖਿਚਦੀ ਤਾਂ ਸਾਈਡ-ਟੇਬਲ ਉੱਪਰ ਪਏ ‘ਗੁਟਕਾ ਸਾਹਿਬ’ ਉਦਾਲਿਓਂ ਰੁਮਾਲ ਦੀਆਂ ਤਹਿਆਂ
ਖੁੱਲ੍ਹਣ ਲੱਗਦੀਆਂ। ਚਾਰ ਕੁ ਮਿੰਟਾਂ ‘ਚ ‘ਕੀਰਤਨ-ਸੋਹਿਲੇ’ ਦੀ ਸਮਾਪਤੀ ਹੁੰਦਿਆਂ ਹੀ
ਸੁਰਜੀਤ ਕੌਰ ਦਾ ਮੱਥਾ ਝੁਕਦਾ ਤੇ ਉਸਦੇ ਜੁੜੇ ਹੋਏ ਹੱਥਾਂ ਦੇ ਅੰਗੂਠਿਆਂ ਉੱਤੇ ਜਾ ਜੁੜਦਾ।
ਅਰਦਾਸ ਦਾ ਪਹਿਲਾ ਸ਼ਬਦ ਉਸਦੇ ਬੁਲ੍ਹਾਂ ‘ਚੋਂ ਕਿਰਦਿਆਂ ਹੀ, ਉਸਦੀਆਂ ਅੱਖਾਂ ਅਰਧ-ਮੁੰਦਣ
ਦੀ ਮੁਦਰਾ ‘ਚ ਹੋ ਜਾਂਦੀਆਂ। ਦਸਾਂ ਗੁਰੂਆਂ ਦੇ ਚਰਨਾਂ ਦੇ ਹੇਠੋਂ ਦੀ ਗੁਜ਼ਰਦੀ ਹੋਈ ਅਰਦਾਸ
ਜਦੋਂ ‘ਧਰਮ’ ਹੇਤ ਸੀਸ ਦੇਣ ਵਾਲ਼ੇ ‘ਸ਼ਹੀਦਾਂ’ ਵੱਲ ਵਧਣ ਲੱਗਦੀ ਤਾਂ ਸੁਰਜੀਤ ਕੌਰ ਦਾ ਸੰਘ
ਅੰਦਰਲੇ ਪਾਸਿਓਂ ਸੁੰਗੜਨ ਲਗਦਾ। ਸ਼ੇਰ ਸਿੰਘ ਦੀ ਸੁਰਤ ਪਰਤਣ ਦੀ ਅਰਜ਼ੋਈ ਵਾਲ਼ੇ ਸ਼ਬਦਾਂ
‘ਤੇ ਅੱਪੜ ਕੇ ਸੁਰਜੀਤ ਕੌਰ ਦੀ ਜੀਭ ਨਿੱਕੇ ਨਿੱਕੇ ਹੌਕਿਆਂ ‘ਚ ਅੜ੍ਹਕਣ ਲੱਗਦੀ। ਅਰਦਾਸ ਦੀ
ਸਮਾਪਤੀ ਤੋਂ ਬਾਅਦ, ਸੁਰਜੀਤ ਕੌਰ ਆਪਣੇ ਹੇਠਲੇ ਬੁਲ੍ਹ ਦੀ ਕੰਬਣੀ ਨੂੰ ਦੰਦਾਂ ਵਿਚਕਾਰ ਕਰ
ਲੈਂਦੀ। ਕੱਸੇ-ਗਏ ਮੱਥੇ ਹੇਠ ਜਦੋਂ ਉਹ ਆਪਣੀਆਂ ਅੱਖਾਂ ਨੂੰ ਝਮਕਦੀ ਤਾਂ ਉਨ੍ਹਾਂ ‘ਚੋਂ
ਕਿਰਦੀਆਂ ਬੂੰਦਾਂ ਉਸ ਦੀਆਂ ਝਿੰਮਣੀਆਂ ਹੇਠਲੀਆਂ ਝੁਰੜੀਆਂ ‘ਚ ਫੈਲਣ ਲੱਗਦੀਆਂ।
ਕੰਬਲ਼ ਨੂੰ ਪੈਰਾਂ ਵਾਲ਼ੇ ਪਾਸਿਓਂ ਠੋਡੀ ਵੱਲੀਂ ਖਿੱਚ ਕੇ ਸੁਰਜੀਤ ਕੌਰ ਜਿਉਂ ਹੀ ਅੱਖਾਂ
ਮੀਟਦੀ, ਜਗਦੀ-ਬੁਝਦੀ ਨੀਂਦਰ ‘ਚ ਕਾਰ-ਗਰਾਜ ਦਾ ਦਰਵਾਜ਼ਾ ਖਰੜ-ਖਰੜ ਉੱਪਰ ਨੂੰ ਚੜ੍ਹਨ
ਲਗਦਾ: ਸੁਰਜੀਤ ਕੌਰ ਦੀ ਨੀਂਦਰ ਹੋਰ ਸੰਘਣੀ ਹੁੰਦੀ ਤਾਂ ਸ਼ੇਰ ਸਿੰਘ ਫਟੇ-ਹੋਏ ਤੌਲੀਏ ਨਾਲ਼
ਲਾਅਨਮੋਅਰ (ਘਾਹ-ਕੱਟਣੀ ਮਸ਼ੀਨ) ਨੂੰ ਝਾੜ ਰਿਹਾ ਹੁੰਦਾ।
–ਪੇਚਕਸ ਤੇ ਗਰੀਸ ਫੜਾਅ, ਸੁਰਜੀਤ ਕੁਰੇ, ਇੱਕ ਰਾਤ ਉਹ ਨਜ਼ਰ ਵਾਲ਼ੀਆਂ ਐਨਕਾਂ ਨੂੰ ਡੱਬੀ
‘ਚੋਂ ਕੱਢ ਕੇ ਸਾਫ਼ ਕਰ ਰਿਹਾ ਦਿਸਿਆ। –ਜਾਂ ਫਿਰ ਇਓਂ ਕਰ; ਟੂਲਬਾਕਸ ਈ ਚੁੱਕ ਲਿਆ
ਲਾਂਡਰੀ-ਰੂਮ ‘ਚੋਂ-ਸ਼ਾਇਦ ਰੈਂਚਾਂ ਦੀ ਲੋੜ ਵੀ ਪੈ ਜੇ।
–ਥਕੇਵਾਂ ਲਾਹ ਲੋ ਪਹਿਲਾਂ ਘੰਟਾ ਕੁ ਅੱਖ ਲਾ ਕੇ, ਸੁਰਜੀਤ ਕੌਰ ਆਪਣੇ ਪੰਜੇ ਨੂੰ ਖੱਬੀ
ਵੱਖੀ ਉੱਪਰ ਟਿਕਾਉਂਦਿਆਂ ਬੋਲੀ। -ਸਾਰੀ ਰਾਤ ਲਾ ਕੇ ਆਏ ਓਂ!
-ਥਕੇਵਾਂ? ਸ਼ੇਰ ਸਿੰਘ ਐਨਕ ਦੀਆਂ ਡੰਡੀਆਂ ਨੂੰ, ਪੱਗ ਦੇ ਪੇਚਾਂ ਹੇਠ ਦੀ, ਕੰਨਾਂ ਵੱਲ ਨੂੰ
ਧਕਦਿਆਂ ਬੋਲਿਆ। -ਫੌਜ ਦੀ ਨੌਕਰੀ ਮੂਹਰੇ ਤਾਂ ਕੱਖ ਵ ਨੀ ਆਹ ਸਕਿਊਰਿਟੀ ਦੀ ਜਾਬ, ਸੁਰਜੀਤ
ਕੁਰੇ! ਏ. ਸੀ. ਚਲਾਅ ਕੇ ਬੈਠ ਜਾਈਦੈ ਕੁਰਸੀ ‘ਤੇ! ਜੇ ਕਦੇ ਝੂਟਾ ਜਿਹਾ ਆਜੇ ਤਾਂ ਪੰਜ-ਸੱਤ
ਮਿੰਟਾਂ ਦਾ ਢੌਂਕਾ ਵੀ ਲਾ ਲਈਦਾ!
ਸੁਰਜੀਤ ਕੌਰ ਨੇ ਅੱਡੀਆਂ ਚੁੱਕ ਕੇ ਆਪਣੇ ਹੱਥ ਲਾਂਡਰੀ-ਰੂਮ ਦੇ ਸ਼ੈਲਫ਼ ਉੱਤੇ ਪਏ ਟੂਲਬਾਕਸ
ਵੱਲੀਂ ਵਧਾਏ। ਟੂਲਬਾਕਸ ਉਸਦੇ ਹੱਥਾਂ ‘ਚੋਂ ਖਿਸਕ ਗਿਆ ਅਤੇ ਰੈਂਚਾਂ-ਜਮੂਰਾਂ ਦਾ ਗੁੱਛਾ,
ਮੇਖਾਂ-ਬਰੰਜੀਆਂ, ਪੇਚ ਅਤੇ ਹਥੌੜੀ ਸੁਰਜੀਤ ਕੌਰ ਦੇ ਪੈਰਾਂ ‘ਤੇ ਜਾ ਡਿੱਗੇ। ਵੱਖੀ-ਭਾਰ
ਲੇਟੀ ਸੁਰਜੀਤ ਕੌਰ ਦੇ ਪੈਰ ਕੰਬੇ, ਤੇ ਸਿਰ ਨੂੰ ਝਟਕਾ ਮਾਰ ਕੇ, ਉਹ ਆਪਣੀਆਂ ਡੌਰ-ਭੌਰ
ਨਜ਼ਰਾਂ ਨਾਲ਼, ਕਮਰੇ ਦੇ ਹਨਰੇ ‘ਚੋਂ, ਸ਼ੇਰ ਸਿੰਘ ਨੂੰ ਤਲਾਸ਼ਣ ਲੱਗੀ।
ਇੱਕ ਹੋਰ ਰਾਤ ਤੜਕਸਾਰ ਉਸਨੇ ਆਪਣੇ ਕੰਬਲ਼ ਨੂੰ ਆਪਣੀ ਠੋਡੀ ਵੱਲ ਨੂੰ ਖਿੱਚਿਆ, ਤੇ ਪਾਸਾ
ਪਰਤ ਕੇ, ਸੱਜੇ ਕੰਨ ਨੂੰ ਸਿਰਹਾਣੇ ਨਾਲ਼ ਜੋੜ ਦਿੱਤਾ। ਪਲਾਂ ‘ਚ ਹੀ, ਪਾਣੀ ਵਾਂਗ ਛਲਕੀ
ਨੀਂਦਰ ਸੰਘਣੀ ਹੋਣ ਲੱਗੀ। ਹੁਣ ਉਹ ਆਪਣੇ-ਆਪ ਨੂੰ ਕਦੇ ਫੌਜੀ ਬੈਰਕਾਂ ‘ਚ ਫਿਰਦੀ ਦੇਖਦੀ,
ਕਦੇ ਹਸਪਤਾਲ ‘ਚ, ਤੇ ਕਦੇ ਕਿਸੇ ਗੁਰਦਾਵਰੇ ‘ਚ। ਅਖ਼ੀਰ ਉਹ ਆਪਣੇ ਪਿੰਡ ਵਾਲ਼ੇ ਕਿਚਨ ‘ਚ
ਖਲੋਤੀ ਸੀ-ਕਿਚਨ-ਕਾਊਂਟਰ ਦੇ ਥੱਲੇ ਫ਼ਰਸ਼ ‘ਤੇ ਖਲੋਤੇ ਗੈਸ-ਸਲੰਡਰ ਦੇ ਪੇਂਟ ਦੀ ਘਸਮੈਲ਼ੀ
ਹੋ ਰਹੀ ਲਾਲੀ ਬਾਰੇ ਸੋਚਦੀ ਹੋਈ। ਤੇ ਕਿਚਨ-ਕਾਊਂਟਰ ਉੱਪਰ ਬੈਠੇ ਗੈਸ-ਚੁੱਲ੍ਹੇ ਨੂੰ
ਚਿੰਬੜੀ ਉੱਬਲ਼ੇ-ਹੋਏ ਦੁੱਧ ਦੀ ਅੱਧ-ਜਲ਼ੀ ਸਫ਼ੈਦੀ ਅਤੇ ਪਰਲੇ ਖੂੰਜੇ ‘ਚ ਉਹੀ ਮਧਰਾ ਜਿਹਾ
ਫ਼ਰਿੱਜ, ਪਰ ਕਿਚਨ ਦੀ ਖਿੜਕੀ ‘ਚੋਂ ਜਿਹੜੇ ਪਿਛਲੇ ਲਾਅਨ ਵੱਲ ਉਹ ਦੇਖ ਰਹੀ ਸੀ ਉਹ ਟਰਾਂਟੋ
ਵਾਲ਼ੇ ਘਰ ਦਾ ਹੀ ਸੀ।
–ਆਹ ਦੇਖ ਲੋ ਜੀ ਅਸਮਾਨ ‘ਚੋਂ ਡਿਗਦੇ ਬਰਫ਼ ਦੇ ਫੰਭੇ! ਉਹ ਲੋਹੇ ਦੀ ਅੰਗੀਠੀ ਉੱਪਰ ਤੌੜੀ
‘ਚ ਉੱਬਲ਼ ਰਹੇ ਸਾਗ ਤੋਂ ਢੱਕਣ ਲਾਹ ਕੇ ਬੋਲੀ। –ਲੇਹ-ਲੱਦਾਖ਼ ‘ਚ ਜਿਹੜੀ ਬਰਫ਼ ਆਪਾਂ
ਦੇਖਦੇ ਹੁੰਦੇ ਸੀ, ਉਹ ਤਾਂ ਚਿੱਟੀ ਹੁੰਦੀ ਸੀ ਬਗਲਿਆਂ ਵਰਗੀ ਪਰ ਆਹ? ਏਹਦੇ ‘ਚ ਲਹੂ
ਕਿੱਥੋਂ ਆ ਗਿਆ?
-ਬਰਫ਼ ਤਾਂ ਲਾਲ ਹੋਣੀ ਈ ਸੀ, ਸ਼ੇਰ ਸਿੰਘ ਨੇ ਅਖ਼ਬਾਰ ਨੂੰ ਮੇਜ਼ ‘ਤੇ ਸੁੱਟ ਕੇ ਆਪਣੇ ਸਿਰ
ਤੋਂ ਪਗੜੀ ਉਤਾਰ ਲਈ। –ਆਹ ਦੇਖ ਸੁਰਜੀਤ ਕੁਰੇ ਕਿੱਡਾ ਜ਼ਖ਼ਮ ਹੋ ਗਿਐ ਮੇਰੇ ਸਿਰ ‘ਚ!
ਫਿ਼ਰ ਉਹ ਪਿੰਡ ਵਾਲ਼ਾ ਘਰ ਵੀ ਅੰਦਰੋਂ ਅੱਧਾ-ਪਚੱਧਾ ਟਰਾਂਟੋ ਵਾਲ਼ਾ ਬਣ ਗਿਆ।
-ਇਹ ਗਾਈਆਂ ਕਿਉਂ ਬਿਠਾਈਐਂ ਤੁਸੀਂ ਸੋਫ਼ੇ ਲਾਗੇ? ਸੁਰਜੀਤ ਕੌਰ ਦੇ ਅੰਗੂਠੇ ਢਾਕਾਂ ‘ਚ
ਖੁੱਭਣ ਲੱਗੇ। –ਕਨੇਡਾ ਲੈ ਆਂਦੀਆਂ ਇਹ ਵੀ ਜਹਾਜ ‘ਚ ਬਿਠਾਲ਼ ਕੇ?
-ਏਹ ਨਾ ਹੁੰਦੀਆਂ ਤਾਂ ਰਟਾਇਰਮੈਂਟ ਤੋਂ ਬਾਅਦ ਕੀ ਮੈਂ ਉੱਨ ਵੇਲਦਾ ਸਾਰੀ ਦਿਹਾੜੀ? ਸ਼ੇਰ
ਸਿੰਘ ਇੱਕ ਡੱਬ-ਖੜੱਬੀ ਵੱਛੀ ਦੀ ਬੂਥ ਨੂੰ ਪਲਲੋਸਣ ਲੱਗਾ।
-ਹੱਛਾ ਹੋਗੀ ਸ਼ੁਰੂ ਚੜ੍ਹਦੇ ਨਵੰਬਰ ਈ? ਉੱਪਰਲੇ ਫ਼ਲੋਰ ਤੋਂ ਪੌੜੀਆਂ ਉੱਤਰਦਾ ਤਜਿੰਦਰ ਆਪਣੇ
ਗਾਊਨ ਦੀ ਬੈਲਟ ਨੂੰ ਪੇਟ ਦੇ ਸਾਹਮਣੇ ਗੰਢ ਮਾਰਦਿਆਂ ਖੰਘੂਰਿਆ। –ਬੜੀ ਭੈੜੀ ਹੁੰਦੀ ਐ
ਟਰਾਂਟੋ ਦੀ ਵਿੰਟਰ, ਡੈਡੀ ਜੀ... ਗੱਡੀਆਂ ਤਿਲਕ ਜਾਂਦੀਐਂ ਬਰਫ਼ਾਂ ‘ਚ, ਤੇ ਆਹਮੋ-ਸਾਹਮਣੇ
ਭਿੜ ਜਾਂਦੀਐਂ ਸੜਕਾਂ ਉੱਤੇ, ਤੇ ਲੋਕਾਂ ਨੂੰ ਬਿਹੋਸ਼ ਕਰ ਕੇ ਸੁੱਟ ਜਾਂਦੀਐਂ!
-ਐਤਕੀਂ ਅਗੇਤੀ ਆਗੀ, ਤਜਿੰਦਰ ਸਿਅ੍ਹਾਂ? ਸ਼ੇਰ ਸਿੰਘ ਦੇ ਭਰਵੱਟਿਆਂ ‘ਚ ਕਸੇਵਾਂ ਉੱਭਰਿਆ।
-ਅਗੇਤੀ ਵ ਨੀ ਬਹੁਤੀ, ਡੈਡੀ ਜੀ... ਪਰ ਗੋਡੇ-ਗੋਡੇ ਢੇਰੀਆਂ ਤਾਂ ਦਸੰਬਰ ‘ਚ ਲੱਗਣੀਐਂ!
-ਢੇਰੀਆਂ? ਸ਼ੇਰ ਸਿੰਘ ਦੀਆਂ ਮੁੱਛਾਂ ਫਰਕੀਆਂ। –ਮੇਰਾ ਤਾਂ ਫੇਰ ਬਣ ਗਿਆ ਕੰਮ! ਮੈਂ ਸੋਚਦਾ
ਸੀ ਪਈ ਸਿਆਲ਼ ‘ਚ ਤਾਂ ਨਾ ਕਸਰਤ ਕਰਨ ਜੋਗੇ, ਤੇ ਨਾ ਈ ਬਾਹਰ ਜਾਗਿੰਗ ਕਰਨ ਜੋਗੇ!
ਤਜਿੰਦਰ ਚਾਹ ‘ਚ ਚਮਚਾ ਫੇਰਨ ਲੱਗਾ।
-ਇਉਂ ਕਰ, ਤਜਿੰਦਰ; ਸ਼ੇਰ ਸਿੰਘ ਖੱਬੀ ਬਾਂਹ ਦੇ ਕਫ਼ ਨੂੰ ਪਿੱਛੇ ਵੱਲ ਨੂੰ ਤਹਿ ਕਰਨ
ਲੱਗਾ। -ਅੱਜ ਈ ਆਪਣੇ ਸਨੋਅ-ਬਲੋਅਰ (ਸਨੋਅ ਉਡਾਉਣ ਵਾਲ਼ੀ ਮਸ਼ੀਨ) ਨੂੰ ਸੇਲ ‘ਤੇ ਲਾ
ਪਹਿਲਾਂ!
ਤਜਿੰਦਰ ਅਖ਼ਬਾਰ ਦੇ ਵਰਕਿਆਂ ਨੂੰ ਅੱਗੇ-ਪਿਛੇ ਉਲਟਾਉਣ ਲੱਗਾ। ਏਨੇ ਨੂੰ ਸੋਨੀਆ ਉੱਪਰਲੀ
ਫ਼ਲੋਰ ਤੋਂ ਪੌੜੀਆਂ ਉੱਤਰ ਆਈ।
ਦਰਵਾਜ਼ੇ ‘ਤੇ ਹਲਕੀ ਜੲ੍ਹੀ ਠੱਕ-ਠੱਕ ਹੋਈ, ਤੇ ਸੁਰਜੀਤ ਕੌਰ ਸਿਰ ਨੂੰ ਝਟਕਾ ਮਾਰ ਕੇ
ਗੋਡੇ-ਗੋਡੇ ਸਨੋਅ ‘ਚੋਂ ਬਾਹਰ ਨਿਕਲਣ ਲੱਗੀ।
-ਗੁੱਡ ਮੋਰਨਿੰਗ, ਮੰਮੀ, ਸੋਨੀਆ ਨੇ ਚਾਹ ਦੇ ਪਿਆਲੇ ਨੂੰ ਸਾਈਡ-ਟੇਬਲ ‘ਤੇ ਟਿਕਾਅ ਦਿੱਤਾ।
-ਸ... ਸਨੋਅ... ਸਨੋਅ? ਸੁਰਜੀਤ ਕੌਰ ਨੇ ਆਪਣੀਆਂ ਨੈਣ-ਗੋਲ਼ੀਆਂ ਨੂੰ ਸੱਜੇ-ਖੱਬੇ ਅਤੇ
ਆਲ਼ੇ-ਦੁਆਲ਼ੇ ਘੁੰਮਾਇਆ। –ਕੀ... ਕੀ... ਕੀ ਟੈਮ ਹੋ ਗਿਆ, ਸੋਨੀਆ? ਸਨੋਅ... ਸਨੋਅ ਪੈਣ
ਲੱਗਗੀ?
-ਸਨੋਅਅਅ?
-ਹਾਂ, ਸਨੋਅ... ਤ... ਤ... ਤਜਿੰਦਰ ਕਹਿੰਦਾ ਸੀ ਗੱਡੀਆਂ ਤਿਲਕ ਜਾਂਦੀਐਂ ਤੇ ਇੱਕ-ਦੂਜੀ
ਨਾਲ਼ ਭਿੜ ਜਾਂਦੀਐਂ... ਲੋਕਾਂ ਨੂੰ ਬ... ਬ... ਬਹੋਸ਼... ਕਰ ਕੇ ਸੁੱਟ ਜਾਂਦੀਐਂ!
ਦਿਨ ਵੇਲੇ ਸੋਫ਼ੇ ‘ਤੇ ਬੈਠੀ ਸੁਰਜੀਤ ਕੌਰ ਦੇ ਹੱਥਾਂ ‘ਚ ਗੁਟਕੇ ਦੇ ਪੱਤਰੇ ਗਿੜੀ ਜਾਂਦੇ:
ਇੱਕ ਪਾਠ ਮੁਕਦਾ, ਤਾਂ ਉਸ ਦੀਆਂ ਅੱਖਾਂ ਸ਼ੇਰ ਸਿੰਘ ਦੇ ਪੋਰਟਰੇਟ ਵੱਲ ਘੁੰਮ ਜਾਂਦੀਆਂ ਤੇ
ਹੱਥਾਂ ਦੀਆਂ ਤਲ਼ੀਆਂ ਉਸ ਦੀ ਠੋਡੀ ਦੇ ਸਾਹਮਣੇ ਜੁੜ ਜਾਂਦੀਆਂ। ਅਗਲੇ ਪਲੀਂ ਉਸ ਦੇ ਬੁੱਲ੍ਹ
ਹਿਲਦੇ ਤੇ ਉਸਦੀ ਮੱਧਮ ਆਵਾਜ਼ ਵਿੱਚ ਅਰਦਾਸ ਘੁਲਣ ਲਗਦੀ। ਅਰਦਾਸ ਦੇ ਅੰਤ ਤੀਕ ਪਹੁੰਚਦਿਆਂ
ਸੁਰਜੀਤ ਕੌਰ ਦੀ ਅਵਾਜ਼ ਵਿੱਚ ਮੋਰੀਆਂ ਹੋਣ ਲਗਦੀਆਂ, ਤੇ ਉਸ ਦੀਆਂ ਅੱਖਾਂ ‘ਚ ਲੂਣੀ
ਤ੍ਰੇਲ਼ ਤਰੌਂਕੀ ਜਾਂਦੀ। ਧੁੰਦਲ਼ੇ-ਧੁੰਦਲ਼ੇ ਜਾਪ-ਰਹੇ ਸੋਫਿ਼ਆਂ ਉੱਤੇ ਸ਼ੇਰ ਸਿੰਘ ਉਸ ਨੂੰ
ਕਦੇ ਅਖ਼ਬਾਰ ਪੜ੍ਹ ਰਿਹਾ ਦਿਸਣ ਲਗਦਾ, ਕਦੇ ਪੈੱਗ ਪੀ ਰਿਹਾ ਅਤੇ ਕਦੇ ਮੱਛੀ ਦੇ ਟੁਕੜੇ
‘ਚੋਂ ਕੰਡੇ ਖਿੱਚ ਰਿਹਾ।
ਪੂਰੇ ਸੱਤ ਦਿਨਾਂ ਬਾਅਦ ਏਅਰ ਇੰਡੀਆ ਦੇ ਬੋਇੰਗ 747 ਨੇ ਸ਼ੇਰ ਸਿੰਘ ਦੀ ਬਿਹੋਸ਼ੀ ਨੂੰ
ਦਿੱਲੀਓਂ ਚੁੱਕ ਕੇ ਟਰਾਂਟੋ ਲਿਆ ਉਤਾਰਿਆ।
ਬਰੈਂਪਟਨ ਹਸਪਤਾਲ ਦੇ ਅਮਰਜੰਸੀ ਗੇਟ ਦੇ ਸਾਹਮਣੇ ਐਂਬੂਲੈਂਸ ਨੂੰ ਉਡੀਕ ਰਹੀ ਸੁਰਜੀਤ ਕੌਰ
ਫ਼ਲੈਸ਼ਰਾਂ ਵਾਲ਼ੀ ਗੱਡੀ ‘ਤੇ ਨਜ਼ਰ ਪੈਂਦਿਆਂ, ਆਪਣੀਆਂ ਅੱਖਾਂ ਨੂੰ ਨੈਪਕਿਨ ਨਾਲ਼ ਪੂੰਝਣ
ਲੱਗੀ। ਗੱਡੀ ਦੇ ਪਿਛਲੇ ਦਰਵਾਜਿ਼ਆਂ ਦੇ ਖੁਲ੍ਹਦਿਆਂ ਹੀ ਸਟਰੈਚਰ ਬਾਹਰ ਨੂੰ ਖਿਸਕਣ ਲੱਗਾ।
ਸਟਰੈਚਰ ਦੀਆਂ, ਇੱਕ-ਦੂਜੀ ਨੂੰ ਕਟਦੀਆਂ ਟੰਗਾਂ, ਕੜੱਕ ਕਰ ਕੇ ਖੁਲ੍ਹੀਆਂ ਅਤੇ ਉਹ ਸੁਰਜੀਤ
ਕੌਰ, ਸੋਨੀਆ ਤੇ ਤਜਿੰਦਰ ਦੇ ਅੱਗੇ-ਅੱਗੇ, ਹਸਪਤਾਲ ਦੇ ਅਮਰਜੰਸੀ ਗੇਟ ਤੋਂ ਅੰਦਰ ਵੱਲ ਨੂੰ
ਦੌੜਨ ਲੱਗਾ।
ਸੈਮੀ-ਪ੍ਰਾਈਵੇਟ ਕਮਰੇ ਅੰਦਰ ਇੱਕ ਨਰਸ ਈ. ਸੀ. ਜੀ. ਮਸ਼ੀਨ ਨੂੰ ਰੇੜ੍ਹ ਲਿਆਈ। ਮਸ਼ੀਨ
ਦੀਆਂ ਤਾਰਾਂ ਦੇ ਉਲਝਾਅ ਨੂੰ ਸਿੱਧਾ ਕਰਨ ਤੋਂ ਬਾਅਦ ਉਹ ਆਈ. ਵੀ. ਸਟੈਂਡ ਉੱਪਰ ਟੁੰਗੀਆਂ
ਪਲਾਸਟਿਕ ਦੀਆਂ ਪਾਰਦਰਸ਼ੀ ਥੈਲੀਆਂ ਨੂੰ ਸੱਜੇ-ਖੱਬੇ ਫੇਰਨ ਲੱਗੀ। ਹੁਣ ਉਸ ਨੇ ਬਲੱਡ
ਪ੍ਰੈਸ਼ਰ ਚੈੱਕ ਕਰਨ ਵਾਲ਼ੀ ਮਸ਼ੀਨ ਦਾ ਪਟਾ ਸ਼ੇਰ ਸਿੰਘ ਦੇ ਖੱਬੇ ਡੌਲ਼ੇ ਉਦਾਲ਼ੇ ਲਪੇਟ
ਦਿੱਤਾ।
ਡਾਕਟਰ ਨੇ ਖੱਬੇ ਹੱਥ ਦੀ ਪਹਿਲੀ ਉਂਗਲ਼ ਅਤੇ ਅੰਗੂਠੇ ਨਾਲ਼ ਸ਼ੇਰ ਸਿੰਘ ਦੀਆਂ ਪਲਕਾਂ ਨੂੰ
ਖੋਲ੍ਹਿਆ ਅਤੇ ਫ਼ਲੈਸ਼ ਲਾਈਟ ਦਾ ਚਾਨਣ ਉਸਦੀਆਂ ਨੈਣ-ਗੋਲ਼ੀਆਂ ਉੱਤੇ ਤ੍ਰੌਂਕ ਦਿੱਤਾ। ਨਰਸ
ਨੇ ਸ਼ੇਰ ਸਿੰਘ ਦੀ ਕੂਹਣੀ ਦੇ ਅੰਦਰਲੇ ਪਾਸੇ ਦੀ ਨਾੜ ‘ਚ ਸੂਈ ਚੋਭ ਦਿੱਤੀ ਅਤੇ ਉਹ ਟਰੇਅ
‘ਚ ਰੱਖੀਆਂ ਟੈਸਟ-ਟਿਊਬਾਂ ਨੂੰ ਟਟੋਲਣ ਲੱਗੀ। ਫਿਰ ਉਸ ਨੇ ਸ਼ੇਰ ਸਿੰਘ ਦੇ ਨੱਕ-ਮੂੰਹ ਉੱਤੇ
ਚਾੜ੍ਹੇ ਆਕਸੀਜਨ-ਮਾਸਕ ਨੂੰ ਚੈੱਕ ਕੀਤਾ ਤੇ ਉਸ ਦੀ ਬੇਜਾਨ ਹਥੇਲ਼ੀ ਦੀ ਪਿੱਠ ‘ਚ ਅੜੁੰਗੀ
ਸੂਈ ਉੱਪਰ ਚਿਪਕੀ ਮਾਸਕਿੰਗ ਟੇਪ ਨੂੰ ਟੋਹਿਆ।
ਅਗਲੇ ਪਲੀਂ ਕਲਿਪ-ਬੋਰਡ ‘ਚ ਟੁੰਗੀ ਸ਼ੀਟ ਉੱਪਰ ਨਜ਼ਰ ਮਾਰ ਕੇ, ਨਰਸ ਸ਼ੇਰ ਸਿੰਘ ਦੇ ਮੱਥੇ
ਵੱਲ ਝਾਕਣ ਲੱਗੀ: ਚੁੱਪ-ਚਾਪ ਲੇਟੇ ਹੋਏ ਸ਼ੇਰ ਸਿੰਘ ਦੀਆਂ ਮੁੰਦੀਆਂ ਹੋਈਆਂ ਅੱਖਾਂ: ਨਾ
ਕੋਈ ਫਰਕਣ ਤੇ ਨਾ ਕੋਈ ਹਰਕਤ... ਸਿਰਫ਼ ਸਾਹਾਂ ਦੀ ਆਵਾ-ਜਾਈ ਨਾਲ਼ ਫੈਲਦੀ-ਸੁੰਗੜਦੀ ਛਾਤੀ!
ਜਾਲ਼ੀ ਅਤੇ ਰੱਸੀ ਤੋਂ ਮੁਕਤ ਕੀਤੀ ਹੋਈ ਦਾਹੜੀ ਦੇ ਗੁੱਛਾ-ਮੁੱਛਾ ਹੋਏ ਵਾਲ਼! ਨਰਸ ਨੇ
ਸ਼ੇਰ ਸਿੰਘ ਦੇ ਹੱਥਾਂ ਨੂੰ ਉਸਦੀ ਛਾਤੀ ਉੱਤੇ ਇਕੱਠੇ ਕਰ ਦਿੱਤਾ।
ਨਰਸ ਦੇ ਜਾਂਦਿਆਂ ਹੀ, ਸ਼ੇਰ ਸਿੰਘ ਦੇ ਬੈੱਡ ਦੇ ਸਿਰਹਾਣੇ ਵਾਲ਼ੇ ਪਾਸੇ, ਕੁਰਸੀ ‘ਤੇ ਬੈਠੀ
ਸੁਰਜੀਤ ਕੌਰ ਦੇ ਹੱਥ ‘ਚ ਫੜੇ ਗੁਟਕੇ ਨੇ ਅੱਖਾਂ ਖੋਲ੍ਹ ਲਈਆਂ ਤੇ ਸੁਰਜੀਤ ਕੌਰ ਦੇ ਬੁੱਲ੍ਹ
ਖੁਲ੍ਹਣ-ਜੁੜਨ ਲੱਗੇ।
ਦੋ ਕੁ ਘੰਟੇ ਬਾਅਦ ਧੌਣ ਉਦਾਲ਼ੇ ਲਮਕਦੀ ਸਟੈਥੋਸਕੋਪ ਨੂੰ ਖੱਬੇ-ਸੱਜੇ ਹਿਲਾਉਂਦਾ ਹੋਇਆ
ਡਾਕਟਰ ਲਬਾਟਰੀ ਰਪੋਟ ‘ਤੇ ਝੁਕ ਕੇ ਅੱਖਾਂ ਨੂੰ ਸੰਗੋੜ ਰਿਹਾ ਸੀ। ਰਪੋਟ ਦੇ ਕਾਗਜ਼ਾਂ ਉੱਪਰ
ਜੰਮਾਈ ਨਿਗਾਹ ਨੂੰ ਉੱਪਰੋਂ ਨੀਚੇ ਵੱਲ ਨੂੰ ਘੜੀਸਦਾ ਹੋਇਆ ਉਹ ਆਪਣੀ ਠੋਡੀ ਨੂੰ ਵਾਰ-ਵਾਰ
ਛਾਤੀ ਵੱਲ ਖਿੱਚ-ਛੱਡ ਰਿਹਾ ਸੀ।
–ਬਲੱਡ ਸ਼ੂਗਰਰਰਰ... ਉਹ ਬੁੜਬੁੜਾਇਆ। -ਦਿਲ ਦੀ ਧੜਕਣਣਣਣ... ਨਬਜ਼ ਦਾ ਰੇਅਟਟਟਟ...
ਐਨਕ ਦੀਆਂ ਡੰਡੀਆਂ ਨੂੰ ਉੱਪਰ-ਨੀਚੇ ਹਿਲਾਅ ਕੇ ਉਹਨੇ ਆਪਣੀਆਂ ਅੱਖਾਂ ਤਜਿੰਦਰ ਵੱਲ
ਘੁੰਮਾਈਆਂ। -ਟੈਸਟ ਤਾਂ ਸਾਰੇ ਕਲੀਅਰ ਨੇ, ਪਰ... ਮਾਮੂਲੀ ਜੲ੍ਹੀ ਇਨਫ਼ੈਕਸ਼ਨ ਦਿਸ ਰਹੀ ਐ
ਬਲੱਡ ‘ਚ!
-ਸੁਰਤ ਪਰਤਣ ਦੇ ਚਾਨਸ? ਤਜਿੰਦਰ ਨੇ ਪੁੱਛਿਆ।
ਡਾਕਟਰ ਨੇ ਆਪਣੇ ਬੁੱਲ੍ਹਾਂ ਨੂੰ ਘੁੱਟ ਕੇ ਪਾਸਿਆਂ ਵੱਲ ਨੂੰ ਖਿਲਾਰ ਦਿੱਤਾ ਅਤੇ ਭਰਵੱਟਿਆਂ
ਨੂੰ ਮੱਥੇ ਵੱਲ ਨੂੰ ਖਿੱਚ ਲਿਆ।
ਤਜਿੰਦਰ ਨੇ ਗਲੂਕੋਜ਼-ਸਟੈਂਡ ਉੱਪਰ ਖਾਲੀ ਹੋ ਗਈ ਥੈਲੀ ‘ਤੇ ਝਾਤ ਮਾਰ ਕੇ, ਆਪਣੀਆਂ ਨਜ਼ਰਾਂ
ਡਾਕਟਰ ਵੱਲ ਮੋੜੀਆਂ।
-ਸੁਰਤ ਬਾਰੇ... ਡਾਕਟਰ ਆਪਣੇ ਚਿਹਰੇ ਨੂੰ ਸੱਜੇ-ਖੱਬੇ ਫੇਰਨ ਲੱਗਾ। –ਅਸਲ ‘ਚ ਦਿਨ ਬਹੁਤੇ
ਗੁਜ਼ਰ ਗਏ ਨੇ ਬਿਹੋਸ਼ੀ ‘ਚ ਪਿਆਂ ਨੂੰ!
-ਕੋਈ ਸਰਜਰੀ ਜਾਂ ਕੋਈ ਹੋਰ ਇਲਾਜ?
-ਸਭ ਤੋਂ ਪਹਿਲਾਂ ਤਾਂ ਇਨਫ਼ੈਕਸ਼ਨ ਨੂੰ ਕੰਟਰੋਲ ਕਰਨਾ ਈ ਜ਼ਰੂਰੀ ਐ! ਦੋ ਕੁ ਹਫ਼ਤੇ ਵਾਚ
ਕਰਦੇ ਆਂ; ਫੇਰ ਸੋਚਾਂਗੇ ‘ਗਾਹਾਂ ਕੀ ਕਰਨੈ!
ਅਗਲੇ ਦਿਨ ਤੋਂ ਤਜਿੰਦਰ ਦੇ ਘਰ ਦਾ ਰੂਟੀਨ ਬਦਲ ਗਿਆ: ਨਾਸ਼ਤੇ ਤੋਂ ਬਾਅਦ ਸ਼ੇਰ ਸਿੰਘ ਦਾ
ਪੋਰਟਰੇਟ ਘਰ ‘ਚ ਇਕੱਲਾ ਰਹਿ ਜਾਂਦਾ-ਟਿਕਟਿਕੀ ਲਗਾਅ ਕੇ ਖ਼ਾਲੀ ਸੋਫਿ਼ਆਂ ਵੱਲੀਂ ਝਾਕਦਾ
ਹੋਇਆ। ਕੁਰਸੀਆਂ ਉਦਾਸ ਹੋ ਜਾਂਦੀਆਂ, ਤੇ ਕਿਚਨ ‘ਚ ਹੂੰਗਦਾ ਫ਼ਰਿਜ ਘਰ-ਅੰਦਰਲੀ ਚੁੱਪ ਨੂੰ
ਹੋਰ ਸੰਘਣੀ ਕਰ ਰਿਹਾ ਹੁੰਦਾ।
ਸੋਨੀਆ ਤੇ ਤਜਿੰਦਰ ਕੰਮ ‘ਤੇ ਜਾਣ ਲੱਗਿਆਂ ਸੁਰਜੀਤ ਕੌਰ ਨੂੰ ਹਸਪਤਾਲ ‘ਚ ਛੱਡ ਜਾਂਦੇ। ਉਹ
ਸ਼ੇਰ ਸਿੰਘ ਦੇ ਮੱਥੇ ਉੱਪਰ ਪੋਲਾ-ਪੋਲਾ ਹੱਥ ਫੇਰਦੀ; ਨੈਪਕਨ ਨੂੰ ਤਹਿ ਕਰ ਕੇ, ਉਸ ਦੀਆਂ
ਗੱਲ੍ਹਾਂ ਅਤੇ ਮੱਥੇ ਉੱਪਰ ਥਪਕਦੀ; ਤੇ ਘਰੋਂ ਲਿਆਂਦੀ ਕੰਘੀ ਨੂੰ ਮਲਕੜੇ-ਮਲਕੜੇ ਉਸਦੀ
ਦਾਹੜੀ ਵਿੱਚ ਫੇਰਦੀ, ਜਿਵੇਂ ਦਾਹੜੀ ਦੇ ਵਾਲ਼ਾਂ ਵਿੱਚੋਂ ਉਹ ਸ਼ੇਰ ਸਿੰਘ ਦੀ ਬਿਹੋਸ਼ੀ ਨੂੰ
ਝਾੜ ਰਹੀ ਹੋਵੇ।
ਫਿਰ ਨਰਸ ਆ ਜਾਂਦੀ। ਸ਼ੇਰ ਸਿੰਘ ਦੇ ਡੌਲਿ਼ਆਂ ਤੋਂ, ਬਾਂਹ ਤੋਂ, ਤੇ ਛਾਤੀ ਤੋਂ, ਰੇੜ੍ਹੀ
ਉੱਪਰ ਟਿਕਾਈ ਇੱਕ ਮਸ਼ੀਨ ਵੱਲ ਜਾਂਦੀਆਂ ਕਈ ਤਾਰਾਂ, ਮਸ਼ੀਨ ਦੀ ਸਕਰੀਨ ਉੱਤੇ ਕਈ ਕੁਝ
ਦਿਖਾਅ ਰਹੀਆਂ ਹੁੰਦੀਆਂ: ਬਲੱਡ-ਪਰੈਸ਼ਰ, ਸਾਹ ਦੀ ਹਾਲਤ, ਨਬਜ਼ ਦੀ ਰਫ਼ਤਾਰ, ਤੇ ਆਕਸੀਜਨ
ਦੀ ਮਾਤਰਾ!
-ਐਵਰੀਥਿੰਗ ਨੋਰਮਲ! ਕਲਿਪਬੋਰਡ ‘ਚ ਅੜੁੰਗੀ ਸ਼ੀਟ ਦੀ ਖਾਨਾਪੂਰਤੀ ਕਰਦਿਆਂ ਉਹ ਆਪਣੇ-ਆਪ
ਨੂੰ ਦਸਦੀ।
ਨਰਸ ਦੇ ਜਾਂਦਿਆਂ ਹੀ ਪਰਸ ‘ਚ ਟਿਕਿਆ ਗੁਟਕਾ ਸੁਰਜੀਤ ਕੌਰ ਦੀਆਂ ਉਂਗਲ਼ਾਂ ਦੀ ਥਿੜਕਣ ਨੂੰ
ਪੜ੍ਹਨ ਲਗਦਾ। ਸਾਰੀ ਦਿਹਾੜੀ ਇੱਕ ਤੋਂ ਬਾਅਦ ਦੂਸਰਾ ਪਾਠ ਖੁਲ੍ਹੀ ਜਾਂਦਾ, ਤੇ ਸ਼ੇਰ ਸਿੰਘ
ਦੀ ਸੁਰਤ ਪਰਤਣ ਦੀਆਂ ਅਰਦਾਸਾਂ ਸੁਰਜੀਤ ਕੌਰ ਦੀਆਂ ਅੱਖਾਂ ‘ਚੋ ਗਿੱਲੀਆਂ ਹੋ-ਹੋ ਵਹੀ
ਜਾਂਦੀਆਂ।
ਸ਼ਾਮੀਂ ਜਦੋਂ ਤਿੰਨੇ ਜੀਅ ਹਸਪਤਾਲ਼ੋਂ ਘਰ ਪਰਤਦੇ, ਤਾਂ ਲਿਵਿੰਗਰੂਮ ‘ਚ ਟੀ. ਵੀ. ਦੇ
ਰੀਮੋਟ ਉੱਤੇ ਇਕੱਠੀ ਹੋਈ ਗਰਦ ਦੀ ਤਹਿ ਪਹਿਲੇ ਦਿਨ ਨਾਲ਼ੋਂ ਗੂਹੜੀ ਹੋਈ ਹੁੰਦੀ! ਸੁਰਜੀਤ
ਕੌਰ ਸ਼ੇਰ ਸਿੰਘ ਦੇ ਪੋਰਟਰੇਟ ਵੱਲ ਦੇਖਦੀ: ਉਸ ਦੀਆਂ ਅੱਖਾਂ ‘ਚ ਉਮੀਦਾਂ ਤੈਰਨ ਲਗਦੀਆਂ
ਅਤੇ ਸ਼ੇਰ ਸਿੰਘ ਉਸ ਨੂੰ ਫ਼ਰੇਮ ‘ਚੋਂ ਨਿੱਕਲ਼ ਕੇ ਬੈਕਯਾਰਡ ਵੱਲ ਨੂੰ ਕਦਮ ਭਰਦਾ ਦਿਸਣ
ਲਗਦਾ।
ਖਾਣਾ ਮੁਕਾਅ ਕੇ ਸੁਰਜੀਤ ਕੌਰ ਦੀ ਉਦਾਸੀ ਪੌੜੀਆਂ ਚੜ੍ਹ ਜਾਂਦੀ, ਅਤੇ ਉਹ ਬੈੱਡਰੂਮ ‘ਚ ਬੈਠ
ਕੇ ਗੁਟਕੇ ਦੇ ਪੱਤਰਿਆਂ ਵਿੱਚੋਂ ਕੀਰਤਨ ਸੋਹਿਲੇ ਦੇ ਪਾਠ ਨੂੰ ਜਗਾਉਣ ਲੱਗ ਜਾਂਦੀ।
ਹਫ਼ਤਾ ਕੁ ਲੰਘਿਆ।
–ਗੁਡ ਨਿਊਜ਼, ਮਿਸਟਰ ਸਿੰਘ, ਸ਼ੇਰ ਸਿੰਘ ਦੇ ਚਿਹਰੇ ਉੱਪਰ ਭਾਫ਼-ਦਾਰ ਤੌਲੀਆ ਫੇਰ ਰਹੀ ਨਰਸ
ਤਜਿੰਦਰ ਨੂੰ ਮੁਖ਼ਾਤਿਬ ਹੋਈ।
–ਗੁੱਡ ਨਿਊਅਅਅਜ਼? ਤਜਿੰਦਰ ਦੇ ਭਰਵੱਟੇ ਇਕੱਠੇ ਹੋ ਗਏ ਤੇ ਉਸਦਾ ਹੇਠਲਾ ਬੁਲ੍ਹ ਠੋਡੀ ਤੀਕਰ
ਲਮਕ ਗਿਆ;
ਲਫ਼ਜ਼ ‘ਨਿਊਜ਼’ ਉਸ ਦੀ ਜੀਭ ਉੱਪਰ ਸਪਰਿੰਗ ਵਾਂਗ ਖਿੱਚਿਆ ਗਿਆ।
-ਏਹਨੂੰ ਬੱਸ ਚਮਤਕਾਰ ਈ ਸਮਝੋ!
-ਚਮਤਕਾਅਅਅਰ?
-ਅੱਖਾਂ ਪੱਟੀਆਂ ਤੇਰੇ ਡੈਡ ਨੇ ਅੱਜ ਤਿੰਨ ਚਾਰ ਵਾਰੀ!
-ਅੱਛਾਅ?
-ਏਨੀ ਲੰਮੀ ਬਿਹੋਸ਼ੀ ਤੋਂ ਬਾਅਦ ਅੱਖਾਂ ਕੋਈ ਵਿਰਲਾ ਵਿਰਲਾ ਈ ਖੋਲ੍ਹਦੈ!
ਹਫ਼ਤੇ ਕੁ ਬਾਅਦ ਐਂਬੂਲੈਂਸ ਦੀ ਗੱਡੀ ਤਜਿੰਦਰ ਦੇ ਘਰ ਦੇ ਸਾਹਮਣੇ ਖਲੋਤੀ ਸੀ।
ਐਂਬੂਲੈਂਸ ਦੇ ਕਰਮਚਾਰੀ, ਸਟਰੈਚਰ ਉੱਪਰ ਲੱਦੇ ਹੋਏ ਸ਼ੇਰ ਸਿੰਘ ਨੂੰ, ਉਸ ਦੇ ਬੈੱਡਰੂਮ
ਵਿੱਚ ਲਿਟਾਅ ਕੇ, ਘਰ ਦੇ ਦਰਵਾਜਿ਼ਓਂ ਬਾਹਰ ਹੋ ਗਏ।
ਬੈੱਡ ਦੇ ਸਿਰਹਾਣੇ ਦੇ ਲਾਗੇ ਕੁਰਸੀ ‘ਤੇ ਬੈਠੀ ਸੁਰਜੀਤ ਕੌਰ ਨੇ ਆਪਣੇ ਪਰਸ ਦੀ ਜਿ਼ੱਪਰ
ਖੋਲ੍ਹੀ, ਤੇ ਗੁਟਕੇ ਉਦਾਲਿਓਂ ਰੁਮਾਲ ਦੀਆਂ ਤਹਿਆਂ ਖੋਲ੍ਹਦੀ ਹੋਈ ਉਹ ਸਾਈਡ-ਟੇਬਲ ਉੱਪਰ
ਪਈਆਂ ਐਨਕਾਂ ਵੱਲ ਝਾਕਣ ਲੱਗੀ।
ਮੰਮੀ ਵੱਲੀਂ ਦੇਖਦਿਆਂ ਤਜਿੰਦਰ ਦੇ ਭਰਵੱਟੇ ਫਰਕੇ, ਤੇ ਉਸ ਦਾ ਸਿਰ ਸੱਜੇ-ਖੱਬੇ ਹਿੱਲਣ
ਲੱਗਾ।
ਸ਼ੇਰ ਸਿੰਘ ਦੀ ਹਥੇਲ਼ੀ ਦੇ ਪਿਛਾੜੀ ਨਾੜ ‘ਚ ਚੁਭੀ ਹੋਈ ਸੂਈ ਨੂੰ ਟੋਹ ਕੇ, ਸਟੈਂਡ ‘ਤੇ
ਲਟਕਦੀ ਗੁਲੂਕੋਜ਼ ਦੀ ਥੈਲੀ ਵੱਲੀਂ ਨਜ਼ਰ ਮਾਰਨ ਤੋਂ ਬਾਅਦ, ਤਜਿੰਦਰ ਪੌੜੀਆਂ ਉੱਤਰ ਗਿਆ।
ਹੇਠਾਂ ਕਿਚਨ ‘ਚ, ਸੋਨੀਆ ਨੇ ਪਤੀਲੇ -ਵਿੱਚ ਉੱਬਲ਼ ਰਹੇ ਪਾਣੀ ਵਿੱਚ ਚਾਹ ਦੀਆਂ ਦੋ ਪੁੜੀਆਂ
ਹਾਲੇ ਸੁੱਟੀਆਂ ਹੀ ਸਨ ਕਿ ਸੋਫ਼ੇ ਕੋਲ਼ ਸਟੂਲੀ ਉੱਤੇ ਪਿਆ ਟੈਲਾਫ਼ੋਨ ਚੌਂਕ ਉੱਠਿਆ।
-ਹੈਲੋਅਅਅ! ਚੋਂਗੇ ਨੂੰ ਕੰਨ ਨਾਲ਼ ਲਾ ਕੇ ਤਜਿੰਦਰ ਸੋਫ਼ੇ ‘ਤੇ ਬੈਠ ਗਿਆ।
-???
-ਹਾਂ ਜੀ ਹਾਂ; ਘਰ ਭੇਜਤਾ ਡੈਡੀ ਜੀ ਨੂੰ ਅੱਜ!
-???
-ਖੁਰਾਕਅਅਅ... ਉਹ ਤਾਂ ਹਾਲੇ ਆਈ. ਵੀ. {ਨਾੜੀਆਂ} ਰਾਹੀਂ ਈ ਜਾਂਦੀ ਐ...
-???
-ਨਰਸ ਈ ਆਇਆ ਕਰੂ ਰੋਜ਼ਾਨਾ ਦੋ ਵਾਰੀ!
-???
-ਆਕਸੀਜਨ ਮਾਸਕਅਅਅ... -ਉਹ ਤਾਂ ਛੇਤੀ ਈ ਨੂੰ ਲਹਿ ਜਾਣੈ!
-???
-ਹਾਂ ਜੀ ਅੱਖਾਂ ਤਾਂ ਖੋਲ੍ਹੀ ਰਖਦੇ ਐ ਕਈ ਕਈ ਮਿੰਟ... ਪਰ ਇਉਂ ਲਗਦੈ ਜਿਵੇਂ ਦੇਖਦੇ ਨੀ
ਕੁਛ; ਬੱਸ ਅੱਖਾਂ ਸ਼ਾਇਦ ਆਪਣੇ ਆਪ ਈ ਖੁਲ੍ਹ ਜਾਂਦੀਆਂ!
-???
-ਨਾਅਅ! ਪਛਾਣਦੇ ਨੀ ਕਿਸੇ ਨੂੰ ਵੀ!
-???
-ਨੲ੍ਹੀਂ, ਕੁਛ ਬੋਲਦੇ ਵ‘ ਨੀ!
-???
- ਯਾਦਾਸ਼ਤਅਅਅ.... ਡਾਕਟਰ ਕਹਿੰਦੈ ਪਈ ਕਿਸੇ-ਕਿਸੇ ਦੀ ਮਾੜੀ-ਮੋਟੀ ਮੁੜ ਵੀ ਆਉਂਦੀ ਐ ਪਰ
ਬਹੁਤਿਆਂ ਦੀਅਅਅ... ਮੇਰਾ ਮਤਲਬ ਆ ਬਹੁਤਿਆਂ ਦੀ ਤਾਂ ਬਿਲਕੁਲ ਈ... ਬਿਲਕੁਲ ਈ ਡ... ਡ...
ਡਲੀਟ...
-???
-ਹੌਸਲਾ ਤਾਂ ਰੱਖ ਰਹੇ ਆਂ ਪਰ ਜੋ ਹੈ ਉਹ ਤਾਂ ਹੈ ਈ!
-???
-ਮਲ-ਮੂਤਰ ਲਈ ਤਾਂ ਟਿਊਬਾਂ ਈ ਲੱਗੀਆਂ ਹੋਈਐਂ... ਪਰ ਓਹ ਵੀ ਲਹਿ ਜਾਣਗੀਆਂ ਜਲਦੀ ਈ!
-???
-ਮੰਮੀਅਅਅ... ਉਹ ਤਾਂ ਬੱਸ... ਅਰਦਾਸਾਂ ਈ ਕਰੀ ਜਾਂਦੇ ਐ ਦਿਨ-ਰਾਤ!
ਕੁਝ ਕੁ ਦਿਨਾਂ ਬਾਅਦ ਆਈ. ਵੀ. ਦੀਆਂ ਥੈਲੀਆਂ ਤੇ ਆਕਸੀਜਨ ਮਾਸਕ ਅਤੇ ਮਲ-ਮੂਤਰ ਵਾਲ਼ੀ
ਟਿਊਬ ਨੂੰ ਕੂੜਾਦਾਨ ‘ਚ ਸੁੱਟ ਕੇ, ਨਰਸ ਨੇ ਡਾਈਪਰਾਂ ਦਾ ਇੱਕ ਪੈਕਟ ਸੋਨੀਆ ਵੱਲ ਵਧਾਅ
ਦਿੱਤਾ। –ਏਹ ਹਸਪਤਾਲ ਵੱਲੋਂ ਐ! ਦੋ ਚਾਰ ਦਿਨ ਚੱਲ ਜਾਣਗੇ ਏਹ; ਅੱਜ ਈ ਡਰੱਗ ਸਟੋਰ ਤੋਂ
ਹੋਰ ਡਾਈਪਰ ਖਰੀਦ ਲੈਣੇ!
-ਇਹ ਡਾਈਪਰ ਕਾਹਦੇ ਲਈ?
-ਮਿਸਟਰ ਸਿੰਘ ਬੱਸ ਸਮਝ ਲੋ... ਅੱਜ ਈ ਜੰਮਿਐਂ... ਸਭ ਕੁਝ ਮੁੱਢੋਂ-ਸੁੱਢੋਂ ਸਿਖਾਉਣਾ
ਪੈਣੈਂ ਏਹਨੂੰ! ਬਹੁਅਅਤ ਪੇਸ਼ੈਂਸ ਰੱਖਣੀ ਪੈਣੀ ਐਂ ਏਹਦੇ ਨਾਲ਼ ਤੁਹਾਨੂੰ ਸਾਰਿਆਂ ਨੂੰ...
ਨਰਸ ਦੇ ਜਾਂਦਿਆਂ ਹੀ ਤਿੰਨਾਂ ਚਿਹਰਿਆਂ ਦੀ ਉਦਾਸੀ ਕਦੇ ਸ਼ੇਰ ਸਿੰਘ ਦੀਆਂ ਅਹਿੱਲ ਅੱਖਾਂ
ਵੱਲੀਂ ਤੇ ਕਦੇ ਇੱਕ ਦੂਜੇ ਵੱਲੀਂ ਗਿੜਨ ਲੱਗੀ।
-ਏਨ੍ਹਾਂ ਦੇ ਮੂੰਹ ਵੱਲੀਂ ਦੇਖ, ਤਜਿੰਦਰ, ਹਾਉਕਾ ਲੈਂਦਿਆਂ ਸੁਰਜੀਤ ਕੌਰ ਨੇ ਲੰਮੀ ਚੁੱਪ
‘ਚ ਲਮਕ-ਗਈ ਬੇਚੈਨੀ ਨੂੰ ਹਲੂਣਿਆਂ। –ਸਿੱਕਰੀ ਜੲ੍ਹੀ ਜੰਮਗੀ ਐ ਦੋਹਾਂ ਬੁੱਲ੍ਹਾਂ ‘ਤੇ!
ਸ਼ੇਰ ਸਿੰਘ ਨੇ ਆਪਣੀਆਂ ਸੁੰਨੀਆਂ ਨਜ਼ਰਾਂ ਤਜਿੰਦਰ ਵੱਲ ਨੂੰ ਗੇੜੀਆਂ।
ਤਜਿੰਦਰ ਨੇ ਆਪਣੇ ਪੰਜੇ ਨੂੰ ਸ਼ੇਰ ਸਿੰਘ ਦੀ ਧੌਣ ਦੇ ਪਿਛਾੜੀ ਸਰਕਾਅ ਕੇ ਉਸ ਨੂੰ ਉਗਾਸ
ਲਿਆ।
ਸ਼ੇਰ ਸਿੰਘ ਦੇ ਮੋਢੇ ਕੰਨਾਂ ਵੱਲ ਨੂੰ ਸੁੰਗੜਨ ਲੱਗੇ।
ਸੁਰਜੀਤ ਕੌਰ ਨੇ ਸੰਗਤਰੇ ਦੇ ਜੂਸ ਦਾ ਗਲਾਸ ਸ਼ੇਰ ਸਿੰਘ ਦੇ ਬੁਲ੍ਹਾਂ ਨਾਲ ਜੋੜ ਦਿੱਤਾ।
-ਖੋਲ੍ਹੋ ਬੁੱਲ੍ਹ! ਖੋਲ੍ਹੋ ਖੋਲ੍ਹੋ!
ਸ਼ੇਰ ਸਿੰਘ ਦੇ ਕੰਬ ਰਹੇ ਬੁੱਲ੍ਹ ਇੱਕ-ਦੂਸਰੇ ਤੋਂ ਵੱਖ ਹੋਏ ਅਤੇ ਗਲਾਸ ਵਿਚਲਾ ਜੂਸ ਸ਼ੇਰ
ਸਿੰਘ ਦੀ ਜੀਭ ਤੋਂ ਹੁੰਦਾ ਹੋਇਆ ਉਸ ਦੇ ਗਲ਼ੇ ਵੱਲ ਨੂੰ ਫੈਲਣ ਲੱਗਾ।
ਅਗਲੀ ਸਵੇਰ!
ਸ਼ੇਰ ਸਿੰਘ ਦੀਆ ਅੱਖਾਂ ਬੰਦ ਤੇ ਮੂੰਹ ਖੁਲ੍ਹਾ!
-ਡਾਈਪਰ ਬਦਲ ਦੇਈਏ ਡੈਡੀ ਦਾ, ਮੰਮੀ? ਤਜਿੰਦਰ ਆਪਣੀ ਗਿੱਚੀ ਨੂੰ ਖੁਰਕਦਿਆਂ ਬੋਲਿਆ।
ਇਸ ਤੋਂ ਬਾਅਦ ਤਜਿੰਦਰ ਦਾ ਖੱਬਾ ਹੱਥ ਸ਼ੇਰ ਸਿੰਘ ਦੀ ਗਿੱਚੀ ਦੇ ਹੇਠ ਸੀ ਅਤੇ ਉਸ ਦੇ ਸੱਜੇ
ਹੱਥ ‘ਚ ਸ਼ੇਰ ਸਿੰਘ ਦਾ ਖੱਬਾ ਮੋਢਾ। ਤਜਿੰਦਰ ਨੇ ਸ਼ੇਰ ਸਿੰਘ ਦੀ ਗਿੱਚੀ ਨੂੰ ਜਿਓਂ ਹੀ
ਉਗਾਸਿਆ, ਸੁਰਜੀਤ ਕੌਰ ਨੇ ਸ਼ੇਰ ਸਿੰਘ ਦੇ ਪੈਰਾਂ ਨੂੰ ਬਾਹੀ ਵੱਲ ਨੂੰ ਖਿੱਚ ਕੇ ਫ਼ਰਸ਼
ਵੱਲ ਨੂੰ ਲਮਕਾਅ ਦਿੱਤਾ।
ਸ਼ੇਰ ਸਿੰਘ ਦੀਆਂ ਅੱਖਾਂ ਵਿਚ ਕੰਬ ਰਿਹਾ ਸਹਿਮ ਕਦੇ ਸੁਰਜੀਤ ਕੌਰ ਵੱਲੀਂ ਤੇ ਕਦੇ ਤਜਿੰਦਰ
ਵੱਲੀਂ ਮੁੜਨ ਲੱਗਾ।
-ਪਿਛਲੇ ਪਾਸੇ ਹੋਵੋ ਤੁਸੀਂ ਡੈਡੀ ਜੀ ਦੇ, ਤਜਿੰਦਰ ਬੋਲਿਆ। -ਧੱਕੋ ਉੱਪਰ ਨੂੰ ਏਹਨਾਂ ਨੂੰ
ਮਲਕੜੇ ਜੲ੍ਹੇ ਪੁੜਿਆਂ ਹੇਠ ਹੱਥ ਦੇ ਕੇ!
ਤਜਿੰਦਰ ਨੇ ਆਪਣੀਆਂ ਬਾਹਾਂ ਸ਼ੇਰ ਸਿੰਘ ਦੀਆਂ ਬਗ਼ਲਾਂ ਦੇ ਹੇਠ ਦੀ ਕਰ ਕੇ, ਉਸ ਨੂੰ ਉੱਪਰ
ਵੱਲ ਨੂੰ ਖਿੱਚ ਲਿਆ।
ਸ਼ੇਰ ਸਿੰਘ ਦੇ ਪੈਰ ਹੁਣ ਫ਼ਰਸ਼ ਉੱਪਰ ਸਨ। ਤਜਿੰਦਰ ਨੇ ਆਪਣੀਆਂ ਬਾਹਾਂ ਨੂੰ ਰਤਾ ਕੁ
ਢਿੱਲਾ ਕੀਤਾ ਤਾਂ ਲੜ-ਖੜਾਉਂਦਾ ਸ਼ੇਰ ਸਿੰਘ ਤਜਿੰਦਰ ਦੀ ਬੁੱਕਲ਼ ਚੋਂ ਲੱਕੜ ਦੇ ਫ਼ਰਸ਼
ਉੱਪਰ ਢੇਰੀ ਹੋ ਗਿਆ।
-ਲੱਤਾਂ ਭਾਰ ਨੀ ਝਲਦੀਆਂ ਹਾਲੇ, ਤਜਿੰਦਰ! ਸੁਰਜੀਤ ਕੌਰ ਦੇ ਬੁੱਲ੍ਹ ਹੇਠਾਂ ਨੂੰ ਲਮਕ ਗਏ।
-ਨਈ੍ਹਂ, ਨੲ੍ਹੀਂ, ਨੲ੍ਹੀ, ਮੰਮੀ! ਤਜਿੰਦਰ ਦਾ ਸਿਰ ਸੱਜੇ-ਖੱਬੇ ਫਿਰਨ ਲੱਗਾ।
ਸੁਰਜੀਤ ਕੌਰ ਦਾ ਲੰਮਾਂ ਹੌਕਾ ਤਜਿੰਦਰ ਦੀ ‘ਨੲ੍ਹੀਂ-ਨੲ੍ਹੀਂ’ ਦੇ ਅਰਥਾਂ ਨੂੰ
ਪੁੱਠੇ-ਸਿੱਧੇ ਕਰਨ ਲੱਗਾ।
–ਮੈਨੂੰ ਤਾਂ ਲਗਦੈ ਖਲੋਣਾ ਈ ਭੁੱਲ ਗੇ ਡੈਡੀ ਜੀ!
ਤਿੰਨਾਂ ਦੇ ਸਿਰਾਂ ‘ਚ ਨਰਸ ਦੀ ਟਿੱਪਣੀ ਗੂੰਜਣ ਲੱਗੀ: ਮਿਸਟਰ ਸਿੰਘ ਤਾਂ ਬੱਸ ਸਮਝ ਲੋ...
ਅੱਜ ਈ ਜੰਮਿਐਂ!
ਅਗਲੇ ਛਿਣੀਂ ਛੇ ਹੱਥਾਂ ਦੇ ਸਹਾਰੇ ਡਿੱਕ-ਡੋਲੇ ਖਾਂਦਾ ਸ਼ੇਰ ਸਿੰਘ ਟੋਇਲਿਟ ਦੇ ਲਾਗੇ
ਖਲੋਤਾ ਸੀ।
-ਵੜੋ ਟਬ ‘ਚ, ਡੈਡੀ ਜੀ! ਸ਼ੇਰ ਸਿੰਘ ਦੀ ਖੁੱਚ ਨੂੰ ਹੱਥ ਨਾਲ਼ ਉੱਪਰ ਨੂੰ ਖਿੱਚ ਕੇ
ਤਜਿੰਦਰ ਬੋਲਿਆ।
ਦੂਸਰੇ ਪਾਸਿਓਂ ਸੋਨੀਆ ਨੇ ਸ਼ੇਰ ਸਿੰਘ ਦੀ ਕੰਬ ਰਹੀ ਲੱਤ ਨੂੰ ਆਪਣੇ ਹੱਥ ਨਾਲ਼ ਟੱਬ ਦੀ
ਬੰਨੀ ਟਪਾਅ ਦਿੱਤਾ। ਨਵੇਂ-ਜੰਮੇ ਵੱਛਰੂ ਵਾਂਙੂੰ ਕੰਬ ਰਿਹਾ ਸ਼ੇਰ ਸਿੰਘ ਪਿੱਛੇ ਨੂੰ ਉੱਲਰ
ਗਿਆ, ਤੇ ਉਸ ਦਾ ਥੱਲਾ ਟੱਬ ਦੀ ਬੰਨੀ ਉੱਤੇ ਆਣ ਵੱਜਾ। ਸੁਰਜੀਤ ਕੌਰ ਨਾਲ਼ ਰਲ਼ ਕੇ ਸ਼ੇਰ
ਸਿੰਘ ਦੇ ਲੜਖੜਾਉਂਦੇ ਧੜ ਨੂੰ ਸੰਭਾਲ਼ ਰਹੀ ਸੋਨੀਆ ਨੇ ਆਪਣਾ ਚਿਹਰਾ ਵਾਸ਼ਰੂਮ ਦੇ ਦਰਵਾਜ਼ੇ
ਵੱਲ ਨੂੰ ਫੇਰ ਲਿਆ, ਤੇ ਸੁਰਜੀਤ ਕੌਰ ਹੁਣ ਸ਼ੇਰ ਸਿੰਘ ਦੀਆਂ ਜੰਘਾਂ ਤੋਂ ਡਾਈਪਰ ਨੂੰ ਵੱਖ
ਕਰਨ ਵਿੱਚ ਰੁੱਝੇ ਤਜਿੰਦਰ ਵੱਲ ਵੇਖਣ ਲੱਗੀ।
ਹੁਣ ਨੰਗ-ਧੜੰਗਾ ਸ਼ੇਰ ਸਿੰਘ ਟੱਬ ਦੇ ਵਿਚਕਾਰ ਬੈਠਾ ਸੀ-ਨਿੱਕੇ ਜੇਹੇ ਨਿਆਣੇ ਵਾਂਙੂੰ
ਖੱਬੇ-ਸੱਜੇ ਤੇ ਅੱਗੇ-ਪਿੱਛੇ ਨੂੰ ਡੋਲਦਾ ਹੋਇਆ।
-ਮੈਨੂੰ ਲਗਦੈ ਦਾਹੜੀ ਕੁਤਰਨੀ ਪੈਣੀ ਆਂ ਡੈਡੀ ਜੀ ਦੀ, ਸ਼ੇਰ ਸਿੰਘ ਦੀਆਂ ਬਗ਼ਲਾਂ ‘ਚ ਸਾਬਣ
ਮਲ਼ ਰਹੀ ਸੁਰਜੀਤ ਕੌਰ ਵੱਲ ਨਜ਼ਰ ਮੋੜਦਿਆਂ ਤਜਿੰਦਰ ਬੁੜਬੁੜਾਇਆ। –ਨਹੀਂ ਤਾਂ
ਨਹਾਉਣ-ਧੁਆਉਣ ‘ਚ ਬਹੁਤ ਡਿੱਕਤ ਆਵੇਗੀ।
-ਮੈਂ ਤਾਂ ਕਹਿੰਦੀ ਆਂ ਕੇਸਾਂ ‘ਚ ਵੀ ਕੈਂਚੀ ਫੇਰਦੇ, ਕਾਕਾ!
ਸ਼ਾਮ ਨੂੰ ਚਾਹ ਦੇ ਦੋ ਕੱਪਾਂ ਨੂੰ ਟਰੇਅ ‘ਚ ਰੱਖ ਕੇ ਸੋਨੀਆ ਤੇ ਤਜਿੰਦਰ ਉੱਪਰਲੇ ਫ਼ਲੋਰ
ਵੱਲ ਪੌੜੀਆਂ ਚੜ੍ਹਨ ਲੱਗੇ।
ਡੈਡੀ-ਮੰਮੀ ਦੇ ਬੈੱਡਰੂਮ ਦਾ ਬੂਹਾ ਖੁਲ੍ਹਦਿਆਂ, ਸੋਨੀਆ ਡਬਲ-ਬੈੱਡ ਦੀ ਬਾਹੀ ਵੱਲ ਝਾਕੀ।
ਉਸ ਦੇ ਭਰਵੱਟੇ ਉੱਪਰ ਵੱਲ ਨੂੰ ਖਿੱਚੇ ਗਏ ਅਤੇ ਉਸ ਦੀਆਂ ਨੈਣ-ਗੋਲ਼ੀਆਂ ਫੁੱਲ ਕੇ ਡਿਗੂੰ
ਡਿਗੂੰ ਕਰਨ ਲੱਗੀਆਂ। ਉਸ ਦੀਆਂ ਉਂਗਲ਼ਾਂ ਕੰਬੀਆਂ ਤੇ ਉਸਦੇ ਹੱਥਾਂ ‘ਚ ਪਕੜੀ ਟਰੇਅ
ਲੜ-ਖੜਾਅ ਕੇ ਫ਼ਰਸ਼ ‘ਤੇ ਜਾ ਡਿੱਗੀ।
-ਹਾਇ ਮੈਂ ਮਰਜਾਂ! ਉਹ ਚੀਖੀ।
ਸ਼ੇਰ ਸਿੰਘ ਦੇ ਖੱਬੇ ਪਾਸੇ ਘੂਕ ਸੁੱਤੀ ਸੁਰਜੀਤ ਕੌਰ ਇੱਕ-ਦਮ ਕੂਹਣੀਆਂ ਭਾਰ ਹੋ ਗਈ।
-ਹਾਏ, ਹਾਏ, ਕੀ ਹੋ ਗਿਆ? ਉਸ ਨੇ ਆਪਣੇ ਸਿਰ ਨੂੰ ਤੇਜ਼ੀ ਨਾਲ ਸੱਜੇ-ਖੱਬੇ ਗੇੜਿਆ।
ਤਜਿੰਦਰ ਬੈੱਡ ਵੱਲ ਨੂੰ ਦੌੜਿਆ। ਉਸ ਨੇ ਝਪਟ ਮਾਰ ਕੇ ਡਾਇਪਰ ਨੂੰ ਸ਼ੇਰ ਸਿੰਘ ਦੇ ਹੱਥਾਂ
‘ਚੋਂ ਪੱਟ ਲਿਆ: ਏਹ ਕੀ ਕਰੀ ਜਾਨੇ ਓਂ, ਡੈਡੀ ਜੀ? ਤੇ ਉਸ ਦੀ ਉਂਗਲ਼ ਸ਼ੇਰ ਸਿੰਘ ਦੇ ਮੂੰਹ
ਵਿੱਚੋਂ ਡਾਇਪਰ ਦੀਆਂ ਬੁਰਕੀਆਂ ਨੂੰ ਬਾਹਰ ਖਿੱਚਣ ਲੱਗੀ।
-ਹਾਏ, ਹਾਏ! ਸੁਰਜੀਤ ਕੌਰ ਦੇ ਢਿਲ਼ਕੇ ਹੋਏ ਬੁੱਲ੍ਹ ਕੰਬਣ ਲੱਗੇ। –ਹਾਏ ਮੈਂ ਮਰਜਾਂ! ਭੁੱਖ
ਲੱਗੀ ਐ ਵਿਚਾਰਿਆਂ ਨੂੰ ਭੁੱਖ!
ਤਜਿੰਦਰ ਦਗੜ-ਦਗੜ ਪੌੜੀਆਂ ਉੱਤਰਿਆ, ਤੇ ਕਿਚਨ ‘ਚ ਗੇੜਾ ਦੇ ਕੇ ਦਗੜ-ਦਗੜ ਵਾਪਿਸ ਪਰਤ ਆਇਆ।
ਤਜਿੰਦਰ ਦੇ ਹੱਥ ‘ਚ ਕੇਲਿਆਂ ਦਾ ਗੁੱਛਾ ਦੇਖ ਕੇ, ਬੈੱਡ ਉੱਪਰ ਬੈਠੇ ਸ਼ੇਰ ਸਿੰਘ ਦਾ ਸਿਰ
ਵਾਰ-ਵਾਰ ਸੱਜੇ-ਖੱਬੇ ਤੇ ਅੱਗੇ-ਪਿੱਛੇ ਝਟਕੇ ਖਾਣ ਲੱਗਾ।
ਸੁਰਜੀਤ ਕੌਰ ਨੇ ਛਿੱਲੇ ਹੋਏ ਕੇਲੇ ਨੂੰ ਸ਼ੇਰ ਸਿੰਘ ਦੇ ਮੂੰਹ ਵੱਲੀਂ ਵਧਾਇਆ।
-ਖੋਲ੍ਹੋ ਮੂੰਹ, ਡੈਡੀ ਜੀ! ਤਜਿੰਦਰ ਸ਼ੇਰ ਸਿੰਘ ਦੇ ਮੋਢੇ ਨੂੰ ਥਪਕਣ ਲੱਗਾ।
ਸ਼ੇਰ ਸਿੰਘ ਦੇ ਬੁੱਲ੍ਹਾਂ ‘ਚ ਕੰਬਣੀ ਛਲਕਣ ਲੱਗੀ ਤੇ ਉਹ ਇਕੱ ਦੂਜੇ ਤੋਂ ਵੱਖ ਹੋ ਗਏ।
ਸੋਨੀਆ ਨੇ ਦੂਸਰਾ ਕੇਲਾ ਛਿੱਲ ਕੇ ਸੁਰਜੀਤ ਕੌਰ ਦੇ ਹੱਥਾਂ ਵੱਲ ਵਧਾਅ ਦਿੱਤਾ।
ਕੇਲੇ ਮੁਕਦਿਆਂ ਹੀ ਸ਼ੇਰ ਸਿੰਘ ਬੈੱਡ ਉੱਪਰ ਵੱਖੀ-ਭਾਰ ਹੋ ਗਿਆ।
-ਔਹ ਕੀ ਐ? ਤਜਿੰਦਰ ਦੇ ਭਰਵੱਟੇ ਅੰਦਰ ਵੱਲ ਨੂੰ ਖਿੱਚੇ ਗਏ ਅਤੇ ਉਹ ਸ਼ੇਰ ਸਿੰਘ ਦੇ ਫਿੱਕੇ
ਅਸਮਾਨੀ ਗਾਊਨ ਉੱਪਰ, ਉਸ ਦੇ ਥੱਲੇ ਦੇ ਲਾਗੇ ਫੈਲੇ ਹੋਏ ਗੂੜ੍ਹੇ ਧੱਬੇ ਵੱਲ ਦੇਖਣ ਲੱਗਾ।
-ਗਾਊਨ ਕਿਵੇਂ ਗਿੱਲਾ ਹੋ ਗਿਆ ਡੈਡੀ ਜੀ ਦਾ?
-ਔਹ ਦੇਖੋ ਚਾਦਰ ਵੀ ਗਿੱਲੀ ਹੋਗੀ ਐ! ਆਪਣੀ ਠੋਡੀ ਨੂੰ ਛਾਤੀ ਵੱਲ ਨੂੰ ਖਿੱਚ ਕੇ, ਸੋਨੀਆ
ਨੇ ਆਪਣੇ ਨੱਕ ਅਤੇ ਬੁਲ੍ਹਾਂ ਨੂੰ ਮਰੋੜਿਆ, ਅਤੇ ਉਹ ਸਾਈਡਟੇਬਲ ਉੱਪਰ ਪਏ ਨੈਪਕਿਨ-ਬਾਕਸ
ਵੱਲੀਂ ਝਾਕਣ ਲੱਗੀ। –ਹਾਏ, ਹਾਏ, ਹਾਏ!
ਖਿੰਡਰੀਆਂ ਹੋਈਆਂ ਪਿਆਲੀਆ ਨੂੰ ਟਰੇਅ ਵਿੱਚ ਟਿਕਾਅ ਕੇ, ਸੋਨੀਆ ਕਾਹਲ਼ੇ ਕਦਮੀਂ ਪੌੜੀਆਂ
ਵੱਲ ਖਿਸਕ ਗਈ।
ਕਮਰੇ ਦੀ ਹਵਾ ਵਿੱਚ ਘੁਲ਼-ਗਈ ਪਿਸ਼ਾਬੀ ਗੰਧ ਸੰਘਣੀ ਹੋਣ ਲੱਗੀ।
-ਉੱਠੋ ਡੈਡੀ ਜੀ, ਧੋਵਾਂ ਤੁਹਾਨੂੰ ਵਾਸ਼ਰੂਮ ‘ਚ ਖੜ੍ਹਾਅ ਕੇ, ਮੁੱਠੀ ਵਾਂਗ ਵੱਟ ਗਏ ਮੱਥੇ
ਨੂੰ ਨਰਮਾਉਣ ਦੀ ਕੋਸਿ਼ਸ਼ ਕਰਦਿਆਂ ਤਜਿੰਦਰ ਨੇ ਆਪਣਾ ਪੰਜਾ ਸ਼ੇਰ ਸਿੰਘ ਦੀ ਗਿੱਚੀ ਦੇ
ਪਿਛਲੇ ਪਾਸੇ ਖਿਸਕਾਅ ਦਿੱਤਾ।
ਧੁੜਧੁੜੀ ਲੈਂਦਿਆਂ ਸੁਰਜੀਤ ਕੌਰ ਨੇ ਗਿੱਲੀ ਚਾਦਰ ਨੂੰ ਇਕੱਠੀ ਕਰ ਕੇ ਵਾਸ਼ਰੂਮ ਦੇ ਇੱਕ
ਖੂੰਜੇ ‘ਚ ਸੁੱਟ ਦਿੱਤਾ, ਤੇ ਸ਼ਾਵਰ ਹੇਠ ਕੰਬ ਰਹੇ ਸ਼ੇਰ ਸਿੰਘ ਨੂੰ ਵੇਖ ਕੇ ਉਹ ਲੰਮੇ
ਲੰਮੇ ਸਾਹ ਲੈਣ ਲੱਗੀ।
ਕੁਝ ਕੁ ਮਿੰਟਾਂ ਬਾਅਦ ਸੁਰਜੀਤ ਕੌਰ, ਕਿਚਨ ਦੇ ਸਿੰਕ ‘ਚ ਟੂਟੀ ‘ਚੋਂ ਬਰਸ ਰਹੀ ਕੋਸੀ
ਫੁਹਾਰ ਹੇਠ ਗਾਜਰਾਂ ਧੋ ਰਹੀ ਸੀ। ਅਗਲੇ ਪਲੀਂ ਜੂਸ ਕੱਢਣ ਵਾਲੀ ਮਸ਼ੀਨ ਦੀ ਘਰਰ-ਘਰਰ ਨਾਲ
ਸਾਰੇ ਘਰ ਦੇ ਮੇਜ਼ ਕੁਰਸੀਆਂ ਇੱਕ ਦੂਜੇ ‘ਚ ਵੱਜਣ ਲੱਗੇ। ਅਗਲੇ ਮਿੰਟਾਂ ਦੌਰਾਨ, ਗਾਜਰਾਂ
ਦੇ ਜੂਸ ਨਾਲ਼ ਭਰਿਆ ਜੱਗ ਸ਼ੇਰ ਸਿੰਘ ਦੇ ਬੈੱਡਰੂਮ ‘ਚ ਸਾਈਡਟੇਬਲ ਉੱਪਰ ਖਲੋਤਾ ਸੀ।
ਘੁੱਟੇ ਹੋਏ ਦੰਦ ਅਤੇ ਹੇਠਾਂ ਵੱਲ ਨੂੰ ਖਿੱਚੇ ਹੋਏ ਬੁੱਲ੍ਹਾਂ ਨਾਲ਼ ਤਜਿੰਦਰ ਹੁਣ ਕਿਚਨ ‘ਚ
ਸੀ। ਉਸ ਨੇ ਦਲ਼ੀਏ ਦੀਆਂ ਦੋ-ਢਾਈ ਕੜਛੀਆਂ ਸਟੋਵ ‘ਤੇ ਉੱਬਲ਼ ਰਹੇ ਪਾਣੀ ‘ਚ ਝਾੜ ਦਿੱਤੀਆਂ।
ਢੱਕਣ ਨੂੰ ਦਲ਼ੀਏ ਵਾਲੇ ਮਰਤਬਾਨ ਉੱਪਰ ਰਖਦਿਆਂ ਉਹਦੀ ਨਜ਼ਰ ਸੁੱਕੇ ਮੇਵਿਆਂ ਵਾਲ਼ੇ
ਮਰਤਬਾਨਾਂ ‘ਤੇ ਵੱਜੀ। ਹੁਣ ਉਸ ਨੇ ਬਦਾਮ ਤੇ ਅਖ਼ਰੋਟਾਂ ਦਾ ਚੂਰਾ ਦਲ਼ੀਏ ਉੱਪਰ ਭੁੱਕ
ਦਿੱਤਾ। -ਭੋਰਾ ਜਾਨ ਪਵੇ ਡੈਡੀ ਦੇ ਸਰੀਰ ‘ਚ! ਉਹ ਬੁੜਬੁੜਾਇਆ।
-ਹੈਂਅ? ਮੰਮੀ ਦੇ ਬੈੱਡਰੂਮ ‘ਚ ਵੜਦਿਆਂ ਤਜਿੰਦਰ ਨੇ ਦਲ਼ੀਏ ਨਾਲ਼ ਭਰਿਆ ਡੌਂਗਾ ਸਾਈਡ-ਟੇਬਲ
ਉੱਪਰ ਟਿਕਾਅ ਦਿੱਤਾ। –ਸਾਰਾ ਜੱਗ ਹੀ ਪਿਆ‘ਤਾ ਡੈਡੀ ਨੂੰ?
ਪਹਿਲੀ ਪਲੇਟ ਮਿੰਟਾਂ ‘ਚ ਹੀ ਖ਼ਾਲੀ ਹੋ ਗਈ। ਅਗਲੀ ਪਲੇਟ ਵਿੱਚਲਾ ਦਲ਼ੀਆ ਜਦੋਂ ਬੱਸ ਪੰਜ
ਕੁ ਚਮਚੇ ਹੀ ਰਹਿ ਗਿਆ ਤਾਂ ਸੁਰਜੀਤ ਕੌਰ ਦੇ ਚਿਹਰੇ ਉਤਲੀਆਂ ਝੁਰੜੀਆਂ ਪੱਧਰੀਆਂ ਹੋਣ
ਲੱਗੀਆਂ। –ਹੋ ਗੀ ਕਿਰਪਾ ਵਾਹਗੁਰੂ ਦੀ, ਪਲੇਟ ਦੇ ਕਿਨਾਰਿਆਂ ‘ਤੇ ਬਚ ਗਏ ਦਲ਼ੀਏ ਨੂੰ ਚਮਚੇ
ਨਾਲ਼ ਇਕੱਠਾ ਕਰਦਿਆਂ ਸੁਰਜੀਤ ਕੌਰ ਬੋਲੀ। –ਨੌਰਮਲ ਹੋ ਜਾਣੈ ਏਹਨਾ ਨੇ ਹੌਲ਼ੀ-ਹੌਲ਼ੀ!
ਹੁਣ ਜਦੋਂ ਦਲ਼ੀਏ ਦਾ ਆਖ਼ਰੀ ਚਮਚਾ ਸ਼ੇਰ ਸਿੰਘ ਦੇ ਬੁਲ੍ਹਾਂ ਵੱਲ ਨੂੰ ਵਧਿਆ, ਤਾਂ ਅਚਾਨਕ
ਹੀ ਸ਼ੇਰ ਸਿੰਘ ਦੇ ਬੁੱਲ੍ਹ ਵਿੰਗੇ ਹੋਣ ਲੱਗੇ ਤੇ ਉਸ ਦੇ ਚਿਹਰੇ ‘ਚ ਕਸੇਵਾਂ ਉਭਰਨ ਲੱਗਾ।
ਫਿਰ ਉਸ ਦੀ ਠੋਡੀ ਉਸ ਦੀ ਧੌਣ ਵੱਲ ਨੂੰ ਖਿੱਚੀ ਗਈ। ਉਸਦਾ ਸੱਜਾ ਹੱਥ ਉਸ ਦੇ ਵਾਰ-ਵਾਰ
ਅੰਦਰ ਵੱਲ ਨੂੰ ਤੁਣਕ ਰਹੇ ਪੇਟ ਵੱਲ ਨੂੰ ਵਧਿਆ, ਤੇ ਉਸ ਦੇ ਗਲ਼ੇ ‘ਚੋਂ ਉੱਠੀ ‘ਉਅੱਕ,
ਉਅੱਕ’ ਦੀ ਅਵਾਜ਼ ਨੇ ਖਾਧੇ-ਹੋਏ ਦਲ਼ੀਏ ਦੀ ਸੰਘਣੀ ਧਾਰ ਸ਼ੇਰ ਸਿੰਘ ਦੇ ਮੂੰਹ ‘ਚੋਂ ਉਸ ਦੀ
ਦਾਹੜੀ ਵੱਲ ਨੂੰ ਧਕੇਲ਼ ਦਿੱਤੀ।
-ਤੌਲੀਆ ਲਿਆਈਂ ਦੌੜ ਕੇ, ਤਜਿੰਦਰ ਸਿਅ੍ਹਾਂ! ਪਲੇਟ ਨੂੰ ਸਾਈਡ ਟੇਬਲ ‘ਤੇ ਰਖਦਿਆਂ ਸੁਰਜੀਤ
ਕੌਰ ਚੀਖੀ।
ਤੌਲੀਏ ਦੀਆਂ ਤਹਿਆਂ ਖੁਲ੍ਹਣ ਤੋਂ ਪਹਿਲਾਂ ਸ਼ੇਰ ਸਿੰਘ ਦੇ ਬੁੱਲ੍ਹ ਕੰਬਣ ਲੱਗ ਪਏ। ਉਸਦਾ
ਪੇਟ ਦੋਬਾਰਾ ਅੰਦਰ ਵੱਲ ਨੂੰ ਖਿੱਚਿਆ ਗਿਆ ਅਤੇ ਪੇਟ ‘ਚ ਰਹਿ ਗਿਆ ਚਾਰ ਕੁ ਚਮਚੇ ਦਲ਼ੀਆ ਉਸ
ਦੀਆਂ ਲੱਤਾਂ ‘ਤੇ ਓੜੇ ਕੰਬਲ਼ ਉੱਪਰ ਢੇਰੀ ਹੋ ਗਿਆ।
ਤਜਿੰਦਰ ਨੇ ਮਰੋੜੀ-ਖਾ-ਗਏ ਆਪਣੇ ਨੱਕ ਨੂੰ ਖੁਰਕਿਆ ਅਤੇ ਉਲ਼ਟੀ ਨਾਲ਼ ਲਿਬੜਿਆ ਹੋਇਆ ਕੰਬਲ਼
ਸ਼ੇਰ ਸਿੰਘ ਦੇ ਕੰਬ ਰਹੇ ਧੜ ਦੇ ਉਦਾਲ਼ੇ ਲਪੇਟ ਦਿੱਤਾ। ਫਿ਼ਰ ਉਹ ਕੰਬਲ਼ ਦੇ ਉੱਪਰੋਂ ਦੀ
ਜੱਫਾ ਮਾਰ ਕੇ ਸ਼ੇਰ ਸਿੰਘ ਨੂੰ ਵਾਸ਼ਰੂਮ ਵੱਲ ਧੂਹਣ ਲੱਗਾ। ਟੋਏਲਿਟ ਕੋਲ਼ ਜਾ ਕੇ ਤਜਿੰਦਰ
ਦਾ ਜੱਫਾ ਰਤਾ ਕੁ ਨਰਮ ਹੋਇਆ, ਤਾਂ ਸ਼ੇਰ ਸਿੰਘ ਫ਼ਰਸ਼ ਵੱਲ ਨੂੰ ਲਹਿ ਗਿਆ। ਤਜਿੰਦਰ
ਟਾਏਲਿਟ ਪੇਪਰ ਨਾਲ਼, ਆਪਣੀ ਜੇਬ ਨੂੰ ਚਿੰਬੜੀ, ਡੈਡੀ ਦੀ ਉਲ਼ਟੀ ਨੂੰ ਝਾੜਨ ਲੱਗਾ। ਸੁਰਜੀਤ
ਕੌਰ ਫ਼ਰਸ਼ ਉੱਪਰ ਡੌਰ-ਭੌਰ ਬੈਠੇ ਸ਼ੇਰ ਸਿੰਘ ਵੱਲ ਦੇਖ ਕੇ ਧੁੜਧੁੜਾਈ ਅਤੇ ਤਜਿੰਦਰ ਦੀ
ਜੇਬ ਤੋਂ ਫ਼ਰਸ਼ ‘ਤੇ ਝੜ ਰਹੀ ਉਲ਼ਟੀ ਉਸ ਦੇ ਸਿਰ ਵਿੱਚ ਹਿੱਲਣ ਲੱਗੀ।
ਸ਼ੇਰ ਸਿੰਘ ਨੂੰ ਗਰਮ ਪਾਣੀ ਦੇ ਸ਼ਾਵਰ ਹੇਠੋਂ ਬਾਹਰ ਕੱਢ ਕੇ ਤੌਲੀਏ ਨਾਲ਼ ਸੁਕਾਉਣ ਤੋਂ
ਬਾਅਦ, ਤਜਿੰਦਰ ਸਿੰਕ ਦੀ ਵੱਟ ‘ਤੇ ਪਏ ਡਾਈਪਰ ਦੀਆਂ ਤਹਿਆਂ ਨੂੰ ਖੋਲ੍ਹਣ ਲੱਗਾ।
ਬੰਨੀ ਉੱਤੇ ਬਾਹਰਲੇ ਪਾਸੇ ਨੂੰ ਲੱਤਾਂ ਕਰੀ ਬੈਠਾ ਸ਼ੇਰ ਸਿੰਘ ਆਪਣੀਆਂ ਨੰਗ-ਧੜੰਗੀਆਂ
ਜੰਘਾਂ ਤੇ ਛਾਤੀ ਨੂੰ ਖੁਰਕ ਰਿਹਾ ਸੀ।
–ਉੱਠੋ ਡੈਡੀ ਜੀ, ਆਖ ਕੇ ਸ਼ੇਰ ਸਿੰਘ ਦੀਆਂ ਬਗ਼ਲਾਂ ਹੇਠ ਕੀਤੇ ਆਪਣੇ ਪੰਜਿਆਂ ਨਾਲ਼
ਤਜਿੰਦਰ ਨੇ ਉਸ ਨੂੰ ਜਿਓਂ ਹੀ ਉਗਾਸਿਆ, ਸ਼ੇਰ ਸਿੰਘ ਦੀਆਂ ਜੰਘਾਂ ਦੇ ਵਿਚਕਾਰੋਂ ਤੁਪਕ
ਰਿਹਾ ਕੋਸਾ-ਕੋਸਾ ਤਰਲ ਤਜਿੰਦਰ ਦੇ ਪੈਰਾਂ ਨੂੰ ਚਿਪ-ਚਿਪੇ ਕਰਨ ਲੱਗਾ। ਤਜਿੰਦਰ ਨੇ ਆਪਣਾ
ਸੱਜਾ ਪੈਰ ਉੱਪਰ ਵੱਲ ਨੂੰ ਖਿੱਚ ਕੇ ਝਣਖਿਆ। ਅਗਲੇ ਹੀ ਪਲ ਸ਼ੇਰ ਸਿੰਘ ਦੇ ਪਿਛਲੇ ਪਾਸਿਓਂ
ਵਹਿ ਰਿਹਾ ਸੰਘਣਾ ਤਰਲ ਉਸ ਦੇ ਪੱਟਾਂ ਦੇ ਪਿਛਲੇ ਪਾਸਿਓਂ ਹੇਠਾਂ ਵੱਲ ਨੂੰ ਧਰਾਲ਼ਾਂ ਬਣਨ
ਲੱਗਾ। ਸੁਰਜੀਤ ਕੌਰ, ਸ਼ੇਰ ਸਿੰਘ ਲਈ ਕੁੜਤਾ-ਪਜਾਮਾ ਲੱਭਣ ਲਈ, ਕਲਾਜਿ਼ਟ ‘ਚ ਟੁੰਗੇ
ਹੈਂਗਰਾਂ ਨੂੰ ਖੱਬੇ-ਸੱਜੇ ਕਰ ਰਹੀ ਸੀ। ਤਜਿੰਦਰ ਦੀ “ਬਰੂਮ ਲਿਆਇਓ, ਮੰਮੀ ਜੀ, ਦੌੜ ਕੇ”
ਸੁਣਦਿਆਂ ਹੀ ਉਹ ਵਾਸ਼ਰੂਮ ਵੱਲ ਝਾਕੀ ਤੇ ਦਮਾ-ਦਮ ਪੌੜੀਆਂ ਕੋਲ਼ ਜਾ ਖਲੋਤੀ। ਵਾਸ਼ਰੂਮ
‘ਚੋਂ ਨਿੱਕਲਿ਼ਆ ਬਦਬੂਦਾਰ ਬੁੱਲਾ ਸੁਰਜੀਤ ਕੌਰ ਦਾ ਪਿੱਛਾ ਕਰਦਾ-ਕਰਦਾ ਪੌੜੀਆਂ ਉੱਤਰ ਕੇ
ਕਿਚਨ ਅਤੇ ਲਿਵਿੰਗਰੂਮ ਦੇ ਸੋਫਿ਼ਆਂ ਉੱਤੇ ਤਿਊੜੀਆਂ ਉਭਾਰਨ ਲੱਗਾ।
ਕਿਚਨ ‘ਚੋਂ ਬਰੂਮ ਉਠਾਅ ਕੇ ਸੁਰਜੀਤ ਕੌਰ ਵਾਸ਼ਰੂਮ ‘ਚ ਦਾਖ਼ਲ ਹੋਈ ਤਾਂ ਤਜਿੰਦਰ ਨੇ ਸ਼ੇਰ
ਸਿੰਘ ਨੂੰ ਦੁਬਾਰਾ ਸ਼ਾਵਰ ਦੇ ਹੇਠ ਕੀਤਾ ਹੋਇਆ ਸੀ। ਸੁਰਜੀਤ ਕੌਰ ਨੇ ਆਪਣੀ ਚੁੰਨੀ ਨੂੰ
ਨੱਕ ਉੱਪਰੋਂ ਦੀ ਵਗਲ਼ ਕੇ ਸਿਰ ਉਦਾਲ਼ੇ ਲਪੇਟ ਲਿਆ। ਹੁਣ ਉਹ ਫ਼ਰਸ਼ ਉੱਤੇ ਪਾਸਿਆਂ ਵੱਲ
ਨੂੰ ਫੈਲ ਰਹੇ ਮਲ-ਮੂਤਰ ਨੂੰ, ਡੰਡੇਦਾਰ ਬਰੂਮ ਦੇ ਬੁਰਸ਼ ਨਾਲ ਇਕੱਠਾ ਕਰ ਕੇ, ਕੂੜਾਦਾਨ ਦੇ
ਹਵਾਲੇ ਕਰਨ ਲੱਗੀ।
ਕੂੜਾਦਾਨ ਤੇ ਬਰੂਮ ਨੂੰ ਸੰਭਾਲ਼ਦੀ ਹੋਈ ਸੁਰਜੀਤ ਕੌਰ ਪੌੜੀਆਂ ਉੱਤਰ ਰਹੀ ਸੀ ਤਾਂ ਨਰਸ ਦੀ
ਟਿੱਪਣੀ ਉਸ ਦੇ ਦਿਮਾਗ਼ ਵਿੱਚ ਭਿਣਕਣ ਲੱਗੀ: ਮਿਸਟਰ ਸਿੰਘ ਬੱਸ ਸਮਝ ਲੋ... ਅੱਜ ਈ
ਜੰਮਿਐਂ... ਸਭ ਕੁਝ ਮੁੱਢੋਂ-ਸੁੱਢੋਂ ਸਿਖਾਉਣਾ ਪੈਣੈਂ ਏਹਨੂੰ! ਬਹੁਅਅਤ ਪੇਸ਼ੈਂਸ ਰੱਖਣੀ
ਪੈਣੀ ਐਂ ਏਹਦੇ ਨਾਲ਼ ਤੁਹਾਨੂੰ ਸਾਰਿਆਂ ਨੂੰ...
ਬਰੂਮ ਨੂੰ ਗਰਾਊਂਡ ਫਲੋਰ ਉੱਪਰ ਬਣੇ ਕਲਾਜਿ਼ਟ ਅੰਦਰ ਕੰਧ ਨਾਲ ਖੜ੍ਹਾ ਕਰ ਕੇ ਉਹ
ਲਿਵਿੰਗਰੂਮ ਦੇ ਸੋਫ਼ੇ ਉੱਤੇ ਜਾ ਬੈਠੀ। ਸ਼ੇਰ ਸਿੰਘ ਦੇ ਪੋਰਟਰੇਟ ਉੱਪਰ ਨਜ਼ਰ ਪੈਂਦਿਆਂ ਹੀ
ਉਸ ਦਾ ਹੇਠਲਾ ਬੁਲ੍ਹ ਦੰਦਾਂ ਵਿੱਚਕਾਰ ਹੋ ਗਿਆ, ਤੇ ਅੰਦਰ-ਵੱਲ-ਨੂੰ-ਖਿੱਚੇ-ਗਏ ਭਰਵਟਿਆਂ
ਹੇਠ ਉਸ ਦੀਆਂ ਅੱਖਾਂ ਸੁੰਗੜ ਗਈਆਂ। ਡੁਸਕਣ ਦੀ ਅਵਾਜ਼ ਦੇ ਨਾਲ਼-ਨਾਲ਼, ਉਸਦੀਆਂ ਅੱਖਾਂ ‘ਚ
ਉੱਭਰ ਆਈ ਸਿਲ੍ਹ ਨੇ ਸੋਫ਼ੇ, ਕੰਧਾਂ ਤੇ ਟੀ ਵੀ ਨੂੰ ਧੁੰਦਲਾਅ ਦਿੱਤਾ ਤੇ ਆਪਣੀ ਗਿੱਚੀ ਨੂੰ
ਪਿਛਲੇ ਪਾਸੇ ਸੋਫ਼ੇ ਦੀ ਢੋਅ ਉੱਪਰ ਸੁੱਟ ਕੇ ਉਹ ਸਾਹਮਣੀ ਕੰਧ ਵੱਲੀਂ ਝਾਕਣ ਲੱਗੀ। ਆਹਿਸਤਾ
ਆਹਿਸਤਾ ਉਸ ਦੀਆਂ ਅੱਖਾਂ ਭਾਰੀਆਂ ਹੋਣ ਲੱਗੀਆਂ ਤੇ ਉਸ ਦੇ ਸਾਹਮਣੇ ਟਿਕਿਆ ਕਾਫ਼ੀ-ਟੇਬਲ
ਉੱਪਰ ਨੂੰ ਉੱਠ ਕੇ ਹਵਾ ‘ਚ ਡਿਕਡੋਲੇ ਖਾਣ ਲੱਗਾ। ਸੁਰਜੀਤ ਕੌਰ ਦੇ ਸਿਰ ਨੂੰ ਝਟਕਾ ਜਿਹਾ
ਲੱਗਿਆ ਤੇ ਟੀ ਵੀ ਉੱਪਰ ਟਿਕੇ ਫ਼ਰੇਮ ਵਿੱਚ ਹਰਕਤ ਹੋਣ ਲੱਗੀ। ਸੁਰਜੀਤ ਕੌਰ ਨੂੰ ਇੰਝ
ਜਾਪਿਆ ਕਿ ਤਸਵੀਰ ਵਿਚਲਾ ਗਿੱਠ ਕੁ ਲੰਮਾਂ ਸ਼ੇਰ ਸਿੰਘ, ਫਰੇਮ ‘ਚੋਂ ਨਿੱਕਲ਼ ਕੇ ਟੀ ਵੀ ਦੀ
ਸਕਰੀਨ ਨਾਲ਼ ਘਿਸੜਦਾ ਘਿਸੜਦਾ ਫ਼ਰਸ਼ ਉੱਤੇ ਆ ਬੈਠਾ। ਫੇਰ ਉਸ ਦੀ ਵਰਦੀ ਛਿੱਜਣ ਹੋਣ ਲੱਗੀ,
ਤੇ ਕੁਝ ਹੀ ਪਲਾਂ ਵਿੱਚ ਉਹ ਰੁੜ੍ਹਨ-ਉਮਰਾ ਬੱਚਾ ਬਣ ਕੇ ਆਪਣੀ ਦਾਹੜੀ ਨੂੰ ਖੁਰਕਣ ਲੱਗਾ:
ਸਵਾ-ਸਾਲ ਕੁ ਭਰ ਦਾ ਦਾਹੜੀ ਵਾਲ਼ਾ ਬੱਚਾ! ਸੁਰਜੀਤ ਕੌਰ ਦਾ ਸਿਰ ਇੱਕ ਵਾਰ ਫੇਰ ਝਟਕਿਆ ਤੇ
ਸ਼ੇਰ ਸਿੰਘ ਆਪਣੀਆਂ ਨਿੱਕੀਆਂ ਨਿੱਕੀਆਂ ਉਂਗਲ਼ਾਂ ਨਾਲ਼ ਆਪਣੇ ਲੱਕ ਉਦਾਲ਼ੇ ਲਿਪਟੇ ਡਾਇਪਰ
ਨੂੰ ਖੁਰਕਣ ਲੱਗਾ। ਸੁਰਜੀਤ ਕੌਰ ਦੀਆਂ ਕੰਬਦੀਆਂ ਬਾਹਾਂ ਸ਼ੇਰ ਸਿੰਘ ਵੱਲ ਨੂੰ ਉੱਲਰ ਗਈਆਂ।
ਸ਼ੇਰ ਸਿੰਘ ਦੇ ਬਾਲੜੇ ਚਿਹਰੇ ਦੀ ਮਸੂਮੀਅਤ ਸੁਰਜੀਤ ਕੌਰ ਵੱਲੀਂ ਸੇਧਤ ਹੋਈ ਤੇ ਸ਼ੇਰ ਸਿੰਘ
ਨੇ ਗੋਡਣੀਏਂ ਹੋਕੇ ਆਪਣੇ ਆਪਣੇ ਧੜ ਦਾ ਭਾਰ ਆਪਣੀਆਂ ਹਥੇਲੀਆਂ ਉੱਪਰ ਕਰ ਦਿੱਤਾ। ਉਸ ਦੀ
ਚੂੰਢੀ ਕੁ ਭਰ ਠੋਡੀ ਤੋਂ ਲਮਕਦੀ ਦਾਹੜੀ ਫ਼ਰਸ਼ ਉੱਪਰ ਵਿਛੀ ਕਾਰਪੈੱਟ ਉੱਪਰ ਝੂਲਣ ਲੱਗੀ।
ਸੁਰਜੀਤ ਦਾ ਜੀਅ ਕੀਤਾ ਉਹ ਆਪਣੇ ਪੰਜੇ ਸ਼ੇਰ ਸਿੰਘ ਦੀਆਂ ਬਗਲਾਂ ਹੇਠ ਟਿਕਾਅ ਕੇ ਉਸ ਨੂੰ
ਆਪਣੀ ਗੋਦੀ ਵੱਲ ਨੂੰ ਖਿੱਚ ਲਵੇ, ਪਰ ਅਗਲੇ ਪਲ ਹੀ ਸ਼ੇਰ ਸਿੰਘ ਨੇ ਆਪਣੇ ਹੱਥਾਂ ਨੂੰ ਆਪਣੀ
ਪਿੱਠ ਵੱਲ ਲਿਜਾਅ ਕੇ ਡਾਇਪਰ ਦੇ ਅੰਦਰ ਆਪਣੇ ਪੁੜਿਆਂ ਦੇ ਵਿਚਕਾਰ ਧੱਕ ਦਿੱਤਾ। ਸੁਰਜੀਤ
ਕੌਰ ਨੇ ਸੋਚਿਆ ਸ਼ੇਰ ਸਿੰਘ ਆਪਣੇ ਥੱਲੇ ਨੂੰ ਖੁਰਕ ਰਿਹਾ ਹੈ, ਪਰ ਕੁਝ ਪਲਾਂ ਬਾਅਦ ਹੀ, ਉਹ
ਆਪਣੀ ਹੀ ਗੰਦਗੀ ਨਾਲ ਲਿੱਬੜੇ ਹੱਥ ਨੂੰ, ਡਾਇਪਰ ਵਿੱਚੋਂ ਖਿੱਚ ਕੇ, ਆਪਣੀ ਛਾਤੀ ਉੱਪਰ ਮਲਣ
ਲੱਗਾ।
-ਹਾਏ ਮੈਂ ਮਰਜਾਂ! ਸੁਰਜੀਤ ਕੌਰ ਚਿੱਲਾਈ। –ਹਾਅ ਕੀ ਕਰੀ ਜਾਨੇ ਓਂ?
ਸੁਰਜੀਤ ਕੌਰ ਛਾਲ਼ ਮਾਰ ਕੇ ਸ਼ੇਰ ਸਿੰਘ ਵੱਲ ਵਧੀ, ਪਰ ਉਹ ਕਾਹਲ਼ੀ ਕਾਹਲ਼ੀ ਗੋਡਿਆਂ ਅਤੇ
ਪੰਜਿਆਂ ਦੇ ਭਾਰ ਰੁੜ੍ਹਦਾ ਹੋਇਆ ਕਿਚਨ ‘ਚ ਵੱਲ ਨੂੰ ਦੌੜ ਗਿਆ। ਸੁਰਜੀਤ ਕੌਰ, ਫ਼ਰਸ਼ ਉੱਪਰ
ਕਾਹਲ਼ੀ-ਕਾਹਲ਼ੀ ਰੁੜ੍ਹਨ ਨਾਲ਼ ਢਿਲ਼ਕ ਗਏ ਸ਼ੇਰ ਸਿੰਘ ਦੇ ਡਾਇਪਰ ਵੱਲ ਝਾਕਦੀ ਹੋਈ ਉਸ ਦੇ
ਮਗਰ ਦੌੜੀ ਤਾਂ ਉਸ ਦਾ ਪੈਰ ਡਾਇਪਰ ‘ਚੋਂ ਨਿੱਕਲ਼ ਰਹੀ ਤੇ ਲਿਬੜੇ ਹੋਏ ਹੱਥਾਂ ਦੇ ਨਿਸ਼ਾਨ
ਬਣ ਰਹੀ ਗੰਦਗੀ ‘ਤੇ ਜਾ ਟਿਕਿਆ। ਉਸ ਨੇ ਆਪਣੇ ਪੰਜਿਆਂ ਨੂੰ ਹੇਠਾਂ ਲਮਕਾਅ ਕੇ, ਸ਼ੇਰ ਸਿੰਘ
ਨੂੰ ਉਠਾਇਆ, ਤਾਂ ਉਸ ਨੇ ਗੰਦਗੀ ਨਾਲ਼ ਲਿੱਬੜੀਆਂ ਆਪਣੀਆਂ ਉਂਗਲਾਂ ਸੁਰਜੀਤ ਕੌਰ ਦੇ ਗਲ਼
ਦੁਆਲ਼ੇ ਵਗਲ਼ ਦਿੱਤੀਆਂ।
–ਹਾਏ, ਹਾਏ! ਸ਼ੇਰ ਸਿੰਘ ਨੂੰ ਆਪਣੀ ਛਾਤੀ ਤੋਂ ਬਾਹਰ ਵੱਲ ਨੂੰ ਧਕਦਿਆਂ, ਸੁਰਜੀਤ ਕੌਰ
ਕੁਰਲਾਈ।
ਹੁਣ ਸ਼ੇਰ ਸਿੰਘ ਫ਼ਰਸ਼ ‘ਤੇ ਖਲੋਤਾ ਸੀ। ਹੌਲ਼ੀ-ਹੌਲ਼ੀ ਉਹ ਉੱਪਰ ਵੱਲ ਨੂੰ ਤੇ ਪਾਸਿਆਂ
ਵੱਲ ਨੂੰ ਵਧਣ-ਫੈਲਣ ਲੱਗਾ: ਡੇਢ ਫੁੱਟ ਤੋਂ ਦੋ ਫੁੱਟ, ਦੋ ਤੋਂ ਚਾਰ ਫੁੱਟ, ਤੇ ਚਾਰ ਤੋਂ
ਪੰਜ ਫੁੱਟ ਤੇ ਗਿਆਰਾਂ ਇੰਚ! ਉਹਦੀ ਛਾਤੀ ਉੱਪਰ ਬੁਨੈਣ ਉੱਭਰ ਆਈ, ਤੇ ਉਹਦੇ ਬੁੱਲ੍ਹਾਂ
‘ਚੋਂ ਵਗਣ-ਲੱਗੀਆਂ ਰਾਲ਼ਾਂ ਉਹਦੀ ਦਾਹੜੀ ‘ਚ ਜੰਮਣ ਲੱਗੀਆਂ। ਉਘੜ-ਦੁਘੜੀਆਂ ਮੁੱਛਾਂ ਹੇਠ
ਹਿੱਲ ਰਹੇ, ਕਰੇੜੇ-‘ਚ-ਲਿਪਟੇ ਦੰਦ ਅੱਗੇ-ਪਿੱਛੇ ਹਿੱਲਣ ਲੱਗੇ! ਮੈਲ਼ੀ-ਕੁਚੈਲ਼ੀ ਬੁਨੈਣ
ਰਾਲ਼ਾਂ ਨਾਲ਼ ਗੱਚ ਹੋਣ ਲੱਗੀ। ਪੱਟਾਂ ਦੇ ਲਾਗਿਓਂ ਪਿਸ਼ਾਬ ਨਾਲ਼ ਗਿੱਲਾ ਹੋਇਆ ਉਸ ਦਾ
ਪਜਾਮਾ ਹੇਠਾਂ ਵੱਲ ਨੂੰ ਢਿਲਕਣ ਲੱਗਾ! ਆਪਣੇ ਮਲ਼-ਮੂਤਰ ਦੀ ਦੁਰਗੰਧ ਨੂੰ ਸੋਫਿ਼ਆਂ, ਅਤੇ
ਕਾਰਪੈੱਟ ਉੱਪਰ ਛਿੜਕਦਾ ਹੋਇਆ ਸ਼ੇਰ ਸਿੰਘ ਵਾਸ਼ਰੂਮ ਵਿੱਚ ਜਾ ਵੜਿਆ। ਉਹਨੇ ਪਾਣੀ ਦੀ ਟੂਟੀ
ਉਦਾਲ਼ੇ ਆਪਣੀਆਂ ਉਂਗਲ਼ਾਂ ਲਪੇਟ ਦਿੱਤੀਆਂ ਤਾਂ ਉਸਦਾ ਧੜ ਡੋਲਣ ਲੱਗਾ। ਉਹ ਸਿੰਕ ਉੱਪਰ
ਝੁਕਿਆ ਤਾਂ ਉਸ ਦਾ ਹੱਥ ਤਿਲਕ ਕੇ ਸਿੰਕ ਦੇ ਕਿਨਾਰੇ ਕੋਲ਼ ਪਈ ਬੋਤਲ ਨਾਲ ਜਾ ਟਕਰਾਇਆ। ਕੱਚ
ਦੀ ਬੋਤਲ “ਕੜਾਅਕ” ਦੀ ਆਵਾਜ਼ ਨਾਲ਼ ਫ਼ਰਸ਼ ‘ਤੇ ਖਿੰਡਰ ਗਈ, ਤੇ ਸੋਫ਼ੇ ‘ਤੇ ਬੈਠੀ ਸੁਰਜੀਤ
ਕੌਰ ਤ੍ਰਭਕ ਕੇ ਆਸੇ-ਪਾਸੇ ਝਾਕਣ ਲੱਗੀ।
-ਓ ਹੋ! ਵਾਰ ਵਾਰ ਅੱਖਾਂ ਝਮਕਦਿਆਂ ਸੁਰਜੀਤ ਕੌਰ ਨੇ ਇੱਕ ਭਰਵਾਂ ਸਾਹ ਅੰਦਰ ਵਲੀਂ ਖਿੱਚਿਆ।
–ਬੱਸ ਨਿੱਕਾ ਜਿਹਾ ਨਿਆਣਾ ਈ ਬਣਗੇ ਸਰਦਾਰ ਜੀ? ਉਹ ਤ੍ਰਭਕੀ। -ਬੋਲਣਾ ਵੀ ਭੁੱਲ ਗੇ? ਸਮਝਣਾ
ਵੀ ਭੁੱਲ ਗੇ? ਕਿਰਿਆ ਸੋਧਣੀ ਵੀ ਭੁੱਲ ਗੇ? ਸਾਫ਼ ਰਹਿਣਾ ਵੀ ਭੁੱਲ ਗੇ? ਹਾਏ, ਹਾਏ, ਹਾਏ!
ਐਂ ਈ ਗੰਦਗੀ ‘ਚ ਲਿਬੜੇ ਰਹਿਣਗੇ ਸਾਰੀ ਉਮਰ?
ਸੁਰਜੀਤ ਕੌਰ ਟੀ ਵੀ ਉੱਪਰ ਖਲੋਤੇ ਸ਼ੇਰ ਸਿੰਘ ਦੇ ਪੋਰਟਰੇਟ ਵੱਲੀਂ ਝਾਕੀ, ਤੇ ਡੁਸ-ਡੁਸ
ਕਰਦੀ ਹੋਈ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਨ ਲੱਗੀ। ਫੇਰ ਉਸ ਦੇ ਨੱਕ ਨੇ ਮਰੋੜੀ ਖਾਧੀ, ਤੇ
ਉਹ ਦਗੜ-ਦਗੜ ਪੌੜੀਆਂ ਚੜ੍ਹਨ ਲੱਗੀ।
ਆਪਣੇ ਬੈੱਡਰੂਮ ਦੇ ਦਰਵਾਜ਼ੇ ‘ਚ ਖਲੋਅ ਕੇ, ਉਹ ਬੈੱਡ ਉੱਪਰ ਲੇਟੇ ਸ਼ੇਰ ਸਿੰਘ ਵੱਲ
ਟਿਕ-ਟਿਕੀ ਲਾ ਕੇ ਝਾਕਣ ਲੱਗੀ।
-ਬੋਅ! ਬੋਅ! ਬੋਅ! ਉਹ ਉੱਚੀ ਉੱਚੀ ਚਿੱਲਾਉਣ ਲੱਗੀ।
ਵਾਸ਼ਰੂਮ ‘ਚ ਹੱਥਾਂ ‘ਤੇ ਸਾਬਣ ਮਲ਼ ਰਿਹਾ ਤਜਿੰਦਰ ਦੋੜ ਕੇ ਬੈੱਡ ਕੋਲ਼ ਆ ਖਲੋਤਾ।
-ਕੀ ਹੋਇਆ ਮੰਮੀ? ਉਹ ਆਪਣੇ ਮੱਥੇ ਨੂੰ ਅੰਦਰ ਵੱਲ ਨੂੰ ਸੰਗੋੜ ਕੇ ਬੋਲਿਆ। –ਕੀ ਆਖੀ ਜਾਨੇ
ਓਂ ਤੁਸੀਂ?
-ਬੋਅ, ਪੁੱਤਰਾ, ਬੋਅ! ਬੋਅ ਨਾਲ਼ ਭਰ ਗਿਐ ਏਹ ਘਰ, ਕਾਕਾ! ਬੋਅ ਨਾਲ਼!
-ਕਿਹੜੀ ਬੋਅ ਨਾਲ਼, ਮੰਮੀ?
-ਆਹ ਕਮਰਾ ਬੱਸ ਬੋਅ ਈ ਬਣ ਕੇ ਰਹਿ ਗਿਐ... ਆਹ ਬੈੱਡ ਦੇਖ ਕਿਵੇਂ ਬੋਅ ਨਾਲ਼ ਭਰਿਆ ਪਿਐ...
ਆਹ ਸਿਰ੍ਹਾਣੇ, ਆਹ ਚਾਦਰਾਂ, ਔਹ ਵਾਸ਼ਰੂਮ, ਔਹ ਸਿੰਕ, ਤੇ ਆਹ ਕਲਾਜ਼ਟ: ਬੱਸ ਬੋਅ ਹੀ ਬੋਅ
ਫ਼ੈਲਗੀ ਐ ਚਾਰੇ ਪਾਸੇ। ਸੁਰਜੀਤ ਕੌਰ ਨੇ ਆਪਣੀਆਂ ਉਂਗਲ਼ਾਂ ਸ਼ੇਰ ਸਿੰਘ ਵੱਲ ਸੇਧ
ਦਿੱਤੀਆਂ। -ਆਹ ਦੇਖ ਆਪਣੇ ਡੈਡੀ ਵੱਲ; ਕੀ ਰਹਿ ਗਿਆ ਏਨ੍ਹਾ ‘ਚ, ਕਾਕਾ? ਕੀ ਬਣ ਗਿਆ ਏਹਨਾ
ਦਾ?
-ਸਬਰ ਕਰੋ ਮੰਮੀ, ਸਬਰ! ਸਭ ਕੁਝ ਠੀਕ ਹੋਜੇਗਾ!
-ਨੲ੍ਹੀਂ, ਤਜਿੰਦਰ ਨੲ੍ਹੀਂ! ਸੁਰਜੀਤ ਕੌਰ ਦੇ ਸੰਘ ਨੂੰ ਜਿਵੇਂ ਕਿਸੇ ਨੇ ਸੰਨ੍ਹੀ ਨਾਲ਼
ਘੁੱਟ ਲਿਆ ਹੋਵੇ। –ਹੇਠਾਂ ਚੱਲ ਕੇ ਦੇਖ, ਕਾਕਾ! ਕਿਚਨ ਵੀ ਮੁਸ਼ਕ ਨਾਲ਼ ਭਰ ਗਿਐ,
ਲਿਵਿੰਗਰੂਮ ਵਿਚਲੀ ਟੀ. ਵੀ. ਵੀ ਮੁਸ਼ਕ ਗਈ ਐ; ਸੋਫ਼ਾ ਵੀ, ਤੇ ਟੀ. ਵੀ. ਉੱਪਰ ਖਲੋਤਾ
ਏਹਨਾ ਦਾ ਫੋਟੋ ਵੀ; ਸਭ ਕੁਸ਼ ਮੁਸ਼ਕ ਗਿਐ। ਕੰਧਾਂ ‘ਚੋਂ ਵੀ ਬੋਅ ਆਉਣ ਲੱਗ ਪੀ ਐ ਮੈਨੂੰ
ਤਾਂ; ਆਪਣੇ ਆਪ ‘ਚੋਂ ਵੀ ਮੁਸ਼ਕ ਮਾਰਨ ਲੱਗ ਪਿਐ!
-ਮੰਮੀ, ਪਹਿਲਾਂ ਆਹ ਗੁਟਕੇ ਨੂੰ ਸਾਂਭੋ ਆਪਣੇ ਬੈਗ਼ ‘ਚ! ਤਜਿੰਦਰ ਆਪਣੇ ਹੱਥਾਂ ਨੂੰ ਮਲਣ
ਲੱਗਾ। –ਤੇ ਬੈਠੋ ਅਰਾਮ ਨਾਲ਼ ਡੈਡੀ ਜੀ ਕੋਲ਼ੇ!
ਸੁਰਜੀਤ ਕੌਰ ਨੇ ਆਪਣੀਆਂ ਸਿੱਲ੍ਹੀਆਂ ਅੱਖਾਂ ਸੁੰਗੇੜੀਆਂ ਤੇ ਮੱਥੇ ਨੂੰ ਅੰਦਰ ਵੱਲ ਨੂੰ
ਖਿੱਚਿਆ। ਫਿਰ ਉਹ ਸਾਈਡਟੇਬਲ ਉੱਪਰ ਪਏ ਗੁਟਕੇ ਵੱਲ ਟਿਕ-ਟਿਕੀ ਲਾ ਕੇ ਦੇਖਣ ਲੱਗੀ। ਉਹਦੇ
ਘੁੱਟੇ-ਹੋਏ ਬੁੱਲ੍ਹਾਂ ਦੀਆਂ ਕੰਨੀਆਂ ਹੇਠਾਂ ਵੱਲ ਨੂੰ ਖਿੱਚੀਆਂ ਗਈਆਂ। –ਕੀ ਹੁਲੀਆ
ਬਣਾ‘ਤਾ ਤੂੰ ਐਸ ਦਰਵੇਸ਼ ਬੰਦੇ ਦਾ? ਸੁਰਜੀਤ ਕੌਰ ਦੀਆਂ ਭੁੱਬਾਂ ਨਾਲ਼ ਉਸਦਾ ਸਾਰਾ ਵਜੂਦ
ਕੰਬਣ ਲੱਗਾ। – ਹਾਏ ਵੇ ਡਾਢਿਆ ਮਾਲਕਾ! ਮੁਸ਼ਕ ਬਣਾਤਾ ਐਸ ਬੰਦੇ ਨੂੰ, ਤੂੰ ਮੁਸ਼ਕ ਬਣਾਤਾ!
ਮੈਨੂੰ ਤਾਂ ਰੱਬਾ ਤੇਰੇ ਨਾਮ ‘ਚੋਂ ਵੀ ਮੁਸ਼ਕ ਆਉਣ ਲੱਗ ਪਿਐ! ਵੇ ਤੂੰ ਰੋਲ਼ਤੀਆਂ ਏਹਦੀਆਂ
ਵਰਦੀਆਂ। ਵੇ ਤੂੰ ਰੋਲ਼’ਤੀਆਂ ਏਹਦੇ ਮੋਢਿਆਂ ‘ਤੇ ਲੱਗੀਆਂ ਅਫਸਰੀਆਂ! ਚੱਕ ਲਾ ਐਸ ਦਰਵੇਸ਼
ਨੂੰ, ਚੱਕ ਲਾ! ਮੈਥੋਂ ਨੀ ਦੇਖ ਹੁੰਦਾ ਇਹ ਮੁਸ਼ਕ ‘ਚ ਰੁਲ਼ਦਾ! ਚੱਕ ਲਾ! ਚੱਕ ਲਾ!! ਚੱਕ
ਲਾ!!!
ਅੱਖਾਂ ਨੂੰ ਆਪਣੀਆਂ ਉਂਗਲ਼ਾਂ ਨਾਲ਼ ਪੂੰਝ ਕੇ ‘ਹਾਏ, ਹਾਏ’ ਕਰਦੀ ਸੁਰਜੀਤ ਕੌਰ ਨੇ ਆਪਣੇ
ਪੰਜੇ ਹੁਣ ਆਪਣੇ ਸਿਰ ਵੱਲ ਨੂੰ ਵਧਾਏ। ਅਗਲੇ ਪਲੀਂ ਉਸ ਦੇ ਕੰਨਾਂ ਤੋਂ ਉੱਪਰਲੇ ਵਾਲ਼ ਉਸ
ਦੀਆਂ ਮੁੱਠੀਆਂ ਵਿਚ ਘੁੱਟੇ ਹੋਏ ਸਨ ਤੇ ਉਸਦੀਆਂ ਨੁੱਚੜ-ਰਹੀਆਂ ਅੱਖਾਂ ਛੱਤ ਵੱਲ ਸੇਧਿਤ ਹੋ
ਗਈਆਂ।
-ਹਾਏ ਵੇ, ਡਾਢਿਆ ਰੱਬਾਅਅਅ! ਉਸਦੇ ਮੁਚੇ-ਹੋਏ ਬੁੱਲ੍ਹਾਂ ‘ਚੋਂ ਨਿੱਕਲ਼ ਰਹੇ ਵੈਣ ਛੱਤ ਵੱਲ
ਨੂੰ ਉੱਡਣ ਲੱਗੇ। –ਉਖ, ਉਖ, ਉਖ! ਚੱਕ ਲਾ, ਏਸ ਦਰਵੇਸ਼ ਨੂੰ, ਚੱਕ ਲਾ!
ਡੌਰ-ਭੌਰ ਹੋਏ ਤਜਿੰਦਰ ਨੇ ਆਪਣੀ ਸੱਜੀ ਬਾਂਹ ਨੂੰ ਸੁਰਜੀਤ ਕੌਰ ਦੀ ਧੌਣ ਉਦਾਲ਼ੇ ਵਗਲ਼ ਕੇ
ਉਸ ਨੂੰ ਆਪਣੀ ਛਾਤੀ ਨਾਲ਼ ਘੁੱਟ ਲਿਆ, ਤੇ ਉਸ ਦੇ ਸੱਜੇ ਹੱਥ ਦੀਆਂ ਉਂਗਲ਼ਾਂ ਉਸ ਦੀਆਂ
ਅੱਖਾਂ ‘ਚ ਇਕੱਠੀ ਹੋ ਗਈ ਸਿਲ੍ਹ ਨੂੰ ਪੂੰਝਣ ਲੱਗ ਪਈਆਂ!
(905-792-7357)
(ramoowalia@gmail.com)
-0- |