"ਹੈਲੋ ਗੁਲਸ਼ਨ", ਜਦ ਵੀ
ਮੈਂ ਪਾਪਾ ਜੀ ਨੂੰ ਜਾਂ ਉਹ ਮੈਂਨੂੰ ਫੋਨ ਕਰਦੇ ਤਾਂ ਇਹ ਸਿਰਫ ਦੋ ਲਫ਼ਜ਼ ਹੀ ਨਹੀਂ ਸਨ
ਹੁੰਦੇ , ਬਲਕਿ ਪਿਆਰ, ਨਿੱਘ, ਚਾਅ , ਅੱਪਣਤ , ਜ਼ਿੰਦਾਦਿਲੀ ਤੇ ਮੁਸਕਾਨ ਨਾਲ ਲਬਰੇਜ਼
ਮੈਂਨੂੰ ‘ ਜੀ ਆਇਆਂ ਨੂੰ ‘ ਆਖਦੇ ਹੋਏ ਬੋਲ ਹੁੰਦੇ ... ਬੋਲ ਜਿਓੰਦੇ ਹੋਏ ...! ਪਾਸ਼
ਨੂੰ ਮੈਂ ਜਿਨ੍ਹਾਂ ਵੀ ਜਾਣਦੀ ਹਾਂ , ਉਹ ਵਧੇਰੇ ਮੈਂ ਪਾਪਾ ਜੀ ਰਾਹੀਂ ਹੀ ਜਾਣਿਆ ਹੈ।
ਪਾਪਾ ਜੀ ਨੂੰ ਮੈਂ ਫੇਸਬੁਕ ਰਾਹੀਂ ਮਿਲੀ ਤੇ ਡਾਕਟਰ ਚਮਨ ਲਾਲ ਰਾਹੀਂ ਆਹਮੋ ਸਾਹਮਣੇ ਹੋ
ਕੇ ਮਿਲੀ। ਤੇ ਫਿਰ ਸਾਡੀ ਦੋਸਤੀ ਇੱਕ ਦੰਮ ਹੋ ਗਈ। ਅਸੀਂ ਚਾਅ ਨਾਲ ਇੱਕ ਦੂਜੇ ਨੂੰ
ਮਿਲਣਾ ਉਡੀਕਦੇ ਤੇ ਹਰ ਪਲ ਉਨ੍ਹਾਂ ਕੋਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਨਾ ਮੇਰੇ ਲਈ
ਇੱਕ ਕੀਮਤੀ ਖਜ਼ਾਨਾ ਹੁੰਦਾ; ਘੰਟਿਆਂ ਬੱਧੀ ਬੈਠ ਕੇ ਮੈਂ ਉਨ੍ਹਾਂ ਨੂੰ ਸੁਣਦੀ ; ਪਾਸ਼ ਦੀ
ਬੀਵੀ ਮੈਂਨੂੰ ਚਾਹ ਦੇ ਕੱਪ ਬਣਾ ਕੇ ਪਿਲਾਈ ਰੱਖਦੀ ਤੇ ਅਸੀਂ ਕਦੀ ਵੀ ਚੁੱਪ ਨਾ ਬੈਠਦੇ।
ਉਨ੍ਹਾਂ ਕੋਲ ਬੈਠ ਮੈਂ ਉਨ੍ਹਾਂ ਕੋਲੋਂ ਪਾਸ਼ ਦੀਆਂ ਗੱਲਾਂ ਸੁਣਦੀ , ਉਨ੍ਹਾਂ ਨੂੰ ਲਿਖਦੀ
, ਕਦੀ ਕਦੀ ਗੱਲ ਕਿਤੇ ਹੋਰ ਨਿੱਕਲ ਜਾਂਦੀ ਤਾਂ ਮੈਂ ਕਦੀ ਵੀ ਨਾ ਟੋਕਦੀ , ਉਨ੍ਹਾਂ ਦੀ
ਹਰ ਗੱਲ ਚਾਹੇ ਉਹ ਪਾਸ਼ ਬਾਰੇ ਹੁੰਦੀ ਜਾਂ ਨਹੀਂ ਹੁੰਦੀ , ਮੇਰੇ ਸੁਆਲ ਦਾ ਜੁਆਬ ਹੁੰਦੀ
ਜਾਂ ਨਹੀਂ ...ਬੱਸ ਮੈਂ ਬਿਨਾ ਟੋਕਿਆ ਸੁਣਦੀ ਤੇ ਫਿਰ ਉਨ੍ਹਾਂ ਨੂੰ ਖੁਦ ਹੀ ਯਾਦ ਆਉਂਦਾ
ਤੇ ਝੁੰਝਲਾ ਕੇ ਆਖਦੇ , " ਗੁਲਸ਼ਨ ! ਇਹ ਮੇਰੀ ਬੜੀ ਮਾੜੀ ਗੱਲ ਹੈ , ਕਿਤੇ ਹੋਰ ਹੀ ਪੁੱਜ
ਗਿਆ! " ਪਰ ਮੇਰੇ ਲਈ ਉਨ੍ਹਾਂ ਦੀ ਹਰ ਗੱਲ ਹੀ ਕੀਮਤੀ ਹੁੰਦੀ ---ਤੇ ਫਿਰ ਗੱਲ ਪਾਸ਼ ਤੋਂ
ਖਿਸਕਦੀ ਹੋਈ ਉਨ੍ਹਾਂ ਦੇ ਆਪਣੇ ਜੀਵਨ ਤੇ ਆ ਜਾਂਦੀ !
ਸੱਚ ਤਾਂ ਇਹ ਹੈ ਕਿ ਪਾਸ਼ ਵਾਂਗ ਹੀ ਮੈਂਨੂੰ ਉਨ੍ਹਾਂ ਦਾ ਜੀਵਨ ਵੀ ਰੋਚਕਦਾਰ ਤੇ
ਸਿੱਖਿਆਦਾਇਕ ਲੱਗਦਾ ਹੈ। ਪਾਪਾ ਜੀ ਸਿਰਫ ਤਿੰਨ ਸਾਲ ਦੇ ਸਨ ਜਦ ਮਾਂ ਰੱਬ ਨੂੰ ਪਿਆਰੀ ਹੋ
ਗਈ - ਫਿਰ ਉਨ੍ਹਾਂ ਦੇ ਬਾਪੂ ਜੀ ਹੀ ਉਨ੍ਹਾਂ ਦੇ ਮਾਂ ਪਿਓ ਸਭ ਕੁਝ ਸਨ। ਕਿੰਨੇ ਸਿਰੜੀ
ਸਨ ਉਨ੍ਹਾਂ ਦੇ ਪਿਤਾ ਜੀ ਕਿ ਬੱਚਿਆ ਦੀ ਖਾਤਿਰ ਉਨ੍ਹਾਂ ਮੁੜ ਕੇ ਵਿਆਹ ਨਹੀਂ ਕੀਤਾ ਤੇ
ਆਪ ਹੀ ਉਨ੍ਹਾਂ ਨੂੰ ਪਾਲਿਆ। ਛੋਟੀ ਜਿਹੀ ਹੀ ਉਮਰ ਵਿੱਚ ਹੀ ਵਿਆਹ ਹੋ ਗਿਆ। ਪਾਸ਼ ਦੀ ਮਾਂ
ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਨਿੱਕੀ ਜਿਹੀ ਸੀ ਤੇ ਅਕਸਰ ਉਹ ਦੋਵੇਂ ਬਾਕੀ ਦੇ
ਬੱਚਿਆਂ ਵਾਂਗ ਬਚਪਨ ਦੀਆਂ ਖੇਡਾਂ ਇੱਕ ਦੂਜੇ ਨਾਲ ਖੇਡਦੇ। ਪੜ੍ਹਨ ਦਾ ਬਹੁਤ ਸ਼ੌਕ ਹੀ
ਨਹੀਂ ਸੀ ਬਲਕਿ ਪੜ੍ਹਨ ਵਿੱਚ ਉਹ ਬਹੁਤ ਹੁਸ਼ਿਆਰ ਵੀ ਸਨ। ਜੋ ਕੁਝ ਵੀ ਹੱਥ ਆਉਂਦਾ ਉਹੀ
ਪੜ੍ਹ ਲੈਂਦੇ। ਫਿਰ ਇੱਕ ਉਹ ਉਮਰ ਵੀ ਆਈ ਜਦ ਗੁਰਬਾਣੀ ਦਾ ਸ਼ੌਕ ਜਾਗਿਆ ...ਪੂਰੇ ਗੁਰਸਿੱਖ
ਬਣੇ, ਅੰਮ੍ਰਿਤ ਛੱਕ ਲਿਆ , ਸਕੂਲ ਗਏ ਤਾਂ ਸਾਇੰਸ ਦਾ ਵੀ ਸ਼ੌਕ ਹੋਇਆ , ਹਰ ਗੱਲ ਨੂੰ
ਖੁਲ੍ਹੀ ਹੋਈ ਜਾਗਦੀ ਹੋਈ ਅੱਖ ਨਾਲ ਜਾਣਿਆ , ਸਮਝਿਆ , ਪਰਖਿਆ ਤੇ ਜ਼ਿੰਦਗੀ ਦੇ ਹਰ ਕਦਮ
ਤੇ ਹਰ ਗੱਲ ਨੂੰ ‘ ਕਿਓਂ ‘ , ‘ ਕਿਸ ਤਰ੍ਹਾਂ ‘ ਦੀ ਨਜ਼ਰ ਨਾਲ ਛਾਣਿਆ ਤੇ ਹਰ ਅੰਧ
ਵਿਸ਼ਵਾਸ਼ ਤੋਂ ਉਹ ਦੂਰ ਰਹੇ। ਗੁਰਬਾਣੀ ਨੂੰ ਜਾਣਿਆ , ਪਰ ਨਜ਼ਰੀਆ ਸਾਰੀ ਉਮਰ ਪੂਰਾ
scientific and logic ਵਾਲਾ ਰਹਿਆ। ਕਦੀ ਵੀ ਖੁਦ ਨੂੰ ਤੇ ਨਾ ਹੀ ਪਰਿਵਾਰ ਵਾਲਿਆਂ
ਨੂੰ ਅੰਧਵਿਸ਼ਵਾਸ਼ , ਕੱਟੜਪੁਣੇ , ਕਰਾਮਾਤਾਂ ਤੇ rituals ਨਾਲ ਨਹੀਂ ਬੰਨਿਆ। ਸਾਰੀ ਉਮਰ
ਪ੍ਰੀਤਲੜੀ ਤੇ ਉਸ ਜ਼ਮਾਨੇ ਵਿੱਚ ਛਪਦੇ ਹੋਏ ਸਾਰੇ ਮੈਗਜ਼ੀਨਾਂ ਨਾਲ ਜੁੜੇ ਰਹੇ , ਹਰ ਪੜ੍ਹਨ
ਵਾਲੀ ਚੀਜ਼ ਜੋ ਘਰ ਮੰਗਵਾਈ ਜਾ ਸਕਦੀ ਸੀ , ਘਰ ਮੰਗਵਾਉਂਦੇ ...ਤੇ ਮੈਂ ਅਕਸਰ ਸੋਚਦੀ ਹਾਂ
ਕਿ ਪਾਸ਼ ਨੂੰ ਪਾਸ਼ ਬਣਾਉਣ ਵਿੱਚ ਪਾਪਾ ਜੀ ਦਾ ਖੁਦ ਪੜ੍ਹਣ ਦਾ ਸ਼ੌਕ ਵੀ ਸ਼ਾਮਿਲ ਹੈ। ਪਾਸ਼
ਨੂੰ ਕਿਤਾਬਾਂ ਤੇ ਸ਼ਾਹਿਤਕ ਮਾਹੌਲ ਪਾਪਾ ਜੀ ਤੋਂ ਹੀ ਮਿਲਿਆ ਹੈ।
ਪਾਪਾ ਜੀ ਜਦ ਫੌਜ਼ ਵਿੱਚ ਗਏ ਤਾਂ ਉਹ ਟੈਕਨੀਕਲ ਯੂਨਿਟ ਵਿੱਚ ਗਏ ਤੇ ਮੇਜਰ ਦੇ ਅਹੁਦੇ ਤੇ
ਪੁੱਜ ਕੇ ਹੀ ਰਿਟਾਇਰ ਹੋਏ ; ਜੋ ਕੁਝ ਉਨ੍ਹਾਂ ਇਸ ਯੂਨਿਟ ਵਿੱਚ ਰਹਿ ਕੇ ਕੀਤਾ ਤੇ ਸੰਚਾਰ
ਦੀ ਦੁਨੀਆ ਵਿੱਚ ਜੋ ਫੌਜ਼ ਵਿੱਚ ਤਰੱਕੀ ਹੋਈ , ਉਸ ਵਿੱਚ ਉਨ੍ਹਾਂ ਦਾ ਤੇ ਇਸ ਯੂਨਿਟ ਦਾ
ਇੰਨਾਂ ਵੱਡਾ ਹੱਥ ਹੈ ਕਿ ਬਾਅਦ ਵਿੱਚ ਇਸ ਯੂਨਿਟ ਦਾ ਫੌਜ਼ ਨੂੰ ਫਾਇਦਿਆਂ ਕਰ ਕੇ ਭਾਰਤ
ਸਰਕਾਰ ਨੇ ਇਸ ਯੂਨਿਟ ਤੇ ਬਹੁਤ ਪੈਸਾ ਖਰਚ ਕੀਤਾ। ਜਦ ਭਾਰਤ ਨੇ ਅਮਰੀਕਾ ਤੋਂ ਕੁਝ
ਟੈਕਨੋਲੋਜੀ ਖਰੀਦੀ ਤਾਂ ਪਾਪਾ ਜੀ ਨੂੰ ਖਾਸ ਦਿੱਲੀ ਉਸ ਨੂੰ ਪਰਖਣ ਲਈ ਸੱਦਿਆ ਗਿਆ ਤੇ ਜੋ
ਖਾਮੀਆਂ ਉਨ੍ਹਾਂ ਨੂੰ ਨਜ਼ਰ ਆਈਆ ਤਾਂ ਉਨ੍ਹਾਂ ਬਿਨਾ ਕਿਸੇ ਹਿਚਕਿਚਾਹਟ ਤੋਂ ਦੱਸ ਦਿੱਤਾ।
ਅਮਰੀਕਾ ਵਲੋਂ ਜਿਸ ਆਦਮੀ ਦੇ ਥੱਲੇ ਇਹ ਖਰੀਦੋ ਫਰੋਕਤ ਹੋਣੀ ਸੀ ; ਉਸ ਨੂੰ ਜਦ ਪਤਾ
ਲੱਗਿਆ ਤਾਂ ਉਹ ਉਸ ਵੇਲੇ ਜਾਪਾਨ ਵਿੱਚ ਸੀ ਤੇ ਘਬਰਾਹਟ ਵਿੱਚ ਉਹ ਇੱਕ ਦੰਮ ਭਾਰਤ ਪੁੱਜ
ਗਿਆ , ਪਾਪਾ ਜੀ ਨੇ ਆਪਣੇ ਸਾਰੇ ‘ ਕਿੰਤੂ ‘ ਸਾਹਮਣੇ ਧਰ ਦਿੱਤੇ। ਉਹ ਆਦਮੀ ਹੈਰਾਨ ਰਹਿ
ਗਿਆ। ਉਨ੍ਹਾਂ ਜਦ ਇਹ ਗੱਲ ਮੈਂਨੂੰ ਦੱਸੀ ਤਾਂ ਮੈਂ ਸੋਚਾਂ ਵਿੱਚ ਪੈ ਗਈ ਕਿ ਜੇ ਪਾਪਾ ਜੀ
ਯੂਨੀਵਰਸਿਟੀ ਪੁੱਜੇ ਹੁੰਦੇ ਤਾਂ ਉਹ Physics ਜਾਂ Astronomy ਦੇ ਕੋਈ ਵੱਡੇ ਮਾਹਿਰ
ਹੁੰਦੇ।
ਅਮਰੀਕਾ ਤੋਂ ਆਏ ਹੋਏ ਇੰਨਾਂ ਯੰਤਰਾਂ ਨੂੰ ਉਨ੍ਹਾਂ ਉੱਚੀਆਂ ਪਹਾੜੀਆਂ ਤੇ ਲਿਜਾ ਕੇ ਟੈਸਟ
ਕੀਤਾ ਤੇ ਇਸ ਤਰ੍ਹਾਂ ਉਨ੍ਹਾਂ ਇੱਕ ਅਣਲੱਭ ਰੇਡੀਓ ਵੇਵ ਬੀਮ ( Radio Wave Beam )
ਬਾਰੇ ਪਤਾ ਕੀਤਾ ਜਿਸ ਨਾਲ ਗੁਆਂਢੀ ਦੇਸ਼ਾਂ ਦੀਆਂ ਸਾਰੀਆਂ ਗਤੀਵਿਧੀਆਂ ਬਾਰੇ ਭਾਰਤੀ ਫੌਜ਼
ਨੂੰ ਪਤਾ ਚਲਦਾ ਰਹਿੰਦਾ। ਇਸ ਕਰ ਕੇ ਪਾਪਾ ਜੀ ਤੇ ਉਨ੍ਹਾਂ ਦੀ ਯੂਨਿਟ ਨੇ ਬਹੁਤ ਨਾਮਣਾ
ਖੱਟਿਆ। ਭਾਰਤ ਸਰਕਾਰ ਨੇ ਪਾਪਾ ਜੀ ਨੂੰ ਅਮਰੀਕਾ ਆਕੇ advanced training ਲੈਣ ਲਈ
ਭੇਜਣ ਲਈ ਸੋਚਿਆ ਪਰ ਬਾਦ ਵਿੱਚ ਉਨ੍ਹਾਂ ਇਹ ਫੈਸਲਾ ਬਦਲ ਲਿਆ ਜਦ ਉਨ੍ਹਾਂ ਵੇਖਿਆ ਕਿ
ਉਨ੍ਹਾਂ ਦੀ ਰਿਟਾਇਰਮੈਂਟ ਵਿੱਚ ਕੁਝ ਮਹੀਨੇ ਹੀ ਬਾਕੀ ਬਚੇ ਸਨ।
ਪਾਸ਼ ਦੀ ਮੌਤ ਨਾਲ ਉਨ੍ਹਾਂ ਦਾ ਦਿਲ ਜਰੁਰ ਟੁੱਟਿਆ ਹੋਵੇਗਾ ਪਰ ਉਨ੍ਹਾਂ ਹਿੰਮਤ ਨਹੀਂ
ਹਾਰੀ। ਆਪਣੀਆਂ ਸਿਹਤ ਸਬੰਧੀ ਬਹੁਤ ਸਾਰੀਆਂ ਤਕਲੀਫਾਂ ਨੂੰ ਉਹ ਹੱਸ ਕੇ ਝੱਲਦੇ ਰਹੇ।
ਆਖਿਰੀ ਪਲ ਤੱਕ ਉਹ ਆਪਣੀ ਹਰ ਤਕਲੀਫ਼ ਨਾਲ ਅੱਖ ਮਿਲਾ ਕੇ ਜਿਉਂਦੇ ਰਹੇ ਜਦ ਤੱਕ ਮੁਮਕਿਨ
ਹੋਇਆ ਉਹ ਪੜ੍ਹਦੇ ਰਹੇ , ਚੋਮਪੁਟੲਰ ਬਾਰੇ ਨਵੀਆਂ ਗੱਲਾਂ ਸਿੱਖਦੇ ਰਹੇ , ਕਿਤਾਬਾਂ ਨਾਲ
, ਦੁਨੀਆ ਨਾਲ , ਦੋਸਤਾਂ ਨਾਲ , ਸਾਇੰਸ ਨਾਲ , ਸਾਹਿਤ ਨਾਲ , ਹਰ ਗੱਲ ਨਾਲ ਖੁਦ ਨੂੰ
ਜੋੜੀ ਰੱਖਿਆ -ਵੱਡੀ ਉਮਰ ਦੇ ਲੋਕਾਂ ਲਈ ਉਹ ਇੱਕ ਰੋਲ ਮਾਡਲ ਹਨ। ਗਿਆਨ ਤੇ ਇਲਮ ਦਾ
ਖਜ਼ਾਨਾ ਸਨ ਉਹ - ਉਨ੍ਹਾਂ ਮੈਂਨੂੰ ਆਪਣੀ ਬੇਟੀ ਮੰਨਿਆ ਤੇ ਆਪਣੇ ਸਾਰੇ ਪਰਿਵਾਰ ਨੂੰ
ਦੱਸਿਆ ਵੀ ਕਿ , " ਗੁਲਸ਼ਨ ਮੇਰੀ ਧੀ ਹੈ। " -
ਪਾਪਾ ਜੀ ਨੂੰ ਪਸੰਦ ਨਹੀਂ ਸੀ ਕਿ ਕੋਈ ਸਾਹਿਤਕਾਰ ਕਿਸੇ ਹੋਰ ਸਾਹਿਤਕਾਰ ਨਾਲ ਈਰਖਾ ਕਰੇ
; ਇਸ ਤਰ੍ਹਾਂ ਦੀ ਕੋਈ ਗਲ ਜੇ ਉਨ੍ਹਾਂ ਦੇ ਨੋਟਿਸ ਵਿੱਚ ਆਉਂਦੀ ਤਾਂ ਉਨ੍ਹਾਂ ਨੂੰ ਇਹ
ਬਹੁਤ ਬਚਕਾਨਾ ਲੱਗਦੀ। ਭਾਵੇਂ ਉਨ੍ਹਾਂ ਨੂੰ ਹਿੰਦੀ ਆਉਂਦੀ ਸੀ , ਪੜ੍ਹ ਸਕਦੇ ਸਨ ,
ਪੜ੍ਹਦੇ ਰਹੇ ਸਨ ਪਰ ਪੰਜਾਬੀ ਵਿੱਚ ਅੱਜ ਕੱਲ ਦੇ ਪ੍ਰੋਫੈਸਰਾਂ ਰਾਹੀਂ ਵਰਤੇ ਗਏ ਔਖੇ ਔਖੇ
ਲਫਜ਼ਾਂ ਨਾਲ ਉਨ੍ਹਾਂ ਨੂੰ ਖਾਸ ਚਿੜ੍ਹ ਸੀ , ਤੇ ਅਕਸਰ ਮੇਰੇ ਕੋਲ ਸ਼ਿਕਾਇਤ ਕਰਦੇ , "
ਗੁਲਸ਼ਨ ! ਇਹ ਅੱਜ ਕਲ ਦੇ ਲਿਖਾਰੀ ਐਨੇ ਭਾਰੀ ਭਰਕਮ ਲਫਜ਼ਾਂ ਨੂੰ ਵਰਤ ਕੇ ਕੀ ਜ਼ਾਹਿਰ ਕਰਨਾ
ਚਾਹੁੰਦੇ ਹਨ ? ਉਨ੍ਹਾਂ ਨੂੰ ਸਿੱਧੀ ਸਾਦੀ ਸੌਖੀ ਪੰਜਾਬੀ ਜੋ ਹਰ ਇੱਕ ਨੂੰ ਸਮਝ ਆ ਜਾਵੇ
, ਉਹੀ ਚੰਗੀ ਲੱਗਦੀ ਸੀ। ਆਖਿਰ ਤੱਕ ਉਨ੍ਹਾਂ ਦਾ ਮਨ ਖੋਜੀ ਰਿਹਾ। ਹਰ ਗੱਲ ਨੂੰ ਜਾਨਣ ,
ਸਮਝਣ ਤੇ ਪੂਰੀ ਤਰ੍ਹਾਂ ਡੀਟੇਲ ਵਿੱਚ ਪਰਖਦੇ। ਉਨ੍ਹਾਂ ਕੋਲ ਇੱਕ ੰਚਇਨਟਸਿਟ ਤੇ ਇੱਕ
ਲੋਗਚਿਅਲ ਦਿਮਾਗ ਸੀ , ਪਰ ਫਿਰ ਵੀ ਉਹ ਉਹ ਅੰਦਰੋਂ ਇੱਕ ਕੋਮਲ , ਨਰਮ , ਕਵੀ ਤੇ ਜਜ਼ਬਾਤੀ
ਦਿਲ ਵੀ ਰੱਖਦੇ ਸਨ। ਆਸਾ ਦੀ ਵਾਰ ਉਨ੍ਹਾਂ ਦਾ ਮਨ ਪਸੰਦ ਰਾਗ ਸੀ ਤੇ ਇਸ ਨੂੰ ਸੁਣਨ ਦਾ
ਉਹ ਬਹੁਤ ਆਨੰਦ ਲੈਂਦੇ। ਗੁਰੂ ਨਾਨਕ ਦੀ ਸਾਰੀ ਬਾਣੀ ਉਨ੍ਹਾਂ ਨੂੰ ਪਸੰਦ ਸੀ ਤੇ ਉਨ੍ਹਾਂ
ਦੀਆਂ ਉਦਾਸੀਆਂ ਉਨ੍ਹਾਂ ਦੇ ਦਿਲ ਵਿੱਚ ਇੱਕ ਅਚੰਭਾ ਪੈਦਾ ਕਰਦੀਆਂ - ਸਾਰੇ ਸਿੱਖ ਇਤਿਹਾਸ
ਤੇ ਭਾਰਤ ਦੇ ਇਤਿਹਾਸ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਸੀ। ਸੈਰ ਕਰਨ ਤੇ ਨਵੀਆਂ
ਥਾਵਾਂ ਵੇਖਣ ਦਾ ਉਨ੍ਹਾਂ ਨੂੰ ਚਾਅ ਸੀ। ਜ਼ਿੰਦਗੀ ਨਾਲ ਪੂਰੀ ਤਰ੍ਹਾਂ ਲਬਰੇਜ਼ ਸਨ ਉਹ।
ਮੈਂਨੂੰ ਪਿਆਰ ਨਾਲ ਉਹ ਉਡੀਕਦੇ। ਆਹ ਪਿਛਲੇ ਕੁਝ ਚਿਰ ਘਰੋਂ ਦੁਰ ਹੋਣ ਕਰ ਕੇ ਉਨ੍ਹਾਂ
ਨਾਲ ਮੇਰਾ ਰਾਬਤਾ ਨਹੀਂ ਰਿਹਾ, ਜਿਸ ਦਾ ਮੈਂਨੂੰ ਹਮੇਸ਼ਾ ਅਫਸੋਸ ਰਹੇਗਾ। ਕੋਈ ਵੀ ਚੀਜ਼
ਚੰਗੀ ਲੱਗਦੀ , ਉਸ ਦੀ ਉਹ ਖੁਲ੍ਹ ਕੇ ਤਾਰੀਫ਼ ਕਰਦੇ। - ਇਕ ਦਿਨ ਮੈਂ ਪਾਪਾ ਜੀ ਨੂੰ
ਦੱਸਿਆ , " ਪਾਪਾ ਜੀ ਸਾਬੀ ਫਤੇਹਪੁਰੀ ਨੇ ਆਪਣੀ ਧੀ ਦਾ ਨਵਾਂ ਨਾਮ ਐਂਟੀਖਾਲਿਸਤਾਨ ਫਰੰਟ
ਰੱਖ ਲਿਆ ਹੈ ! " ਬੇਹੱਦ ਦੁਖ ਹੋਣ ਦੇ ਬਾਵਜੂਦ ਉਹ ਹੱਸੇ ਤੇ ਮੁਸਕਰਾਏ - ਉਸ ਦਿਨ ਦੀ
ਮੁਸਕਾਨ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ। ਦੋਸਤਾਂ ਵਿਚੋਂ ਉਹ ਚਮਨ ਲਾਲ , ਲੋਕ ਰਾਜ ,
ਭਾਰਤ ਭੂਸ਼ਣ , ਪਰਮਜੀਤ ਦੋਸਾਂਝ ਨੂੰ ਪਿਆਰ ਨਾਲ ਯਾਦ ਕਰਦੇ ; ਪੰਜਾਬੀ ਬੋਲੀ ਬਾਰੇ ਆਸਿਫ਼
ਜੀ ਦੀਆਂ ਕੋਸ਼ਿਸ਼ਾਂ ਦੀ ਉਨ੍ਹਾਂ ਨੂੰ ਕਦਰ ਸੀ ਤੇ ਇਸ ਗੱਲ ਲਈ ਉਨ੍ਹਾਂ ਨੂੰ ਸਲਾਹੁੰਦੇ।
ਉਹ ਇੱਕ ਇਨਸਾਨ ਸਨ । 47 ਦੀ ਵੰਡ ਨੂੰ ਉਹ ਹਮੇਸ਼ਾ ਇੱਕ ਇਨਸਾਨੀਅਤ ਦੀ ਨਜ਼ਰ ਨਾਲ ਦੇਖਦੇ।
ਕਦੀ ਵੀ ਸਿੱਖ ਵਜੋਂ ਨਾ ਦੇਖਦੇ। ਕੋਈ ‘ ਇਜ਼ਮ ‘ ਨਹੀਂ ਸੀ ਉਨ੍ਹਾਂ ਵਿੱਚ - ਫੌਜੀ ਸਨ ,
ਕਈ ਜੰਗਾਂ ਲੜੀਆਂ ਪਰ ਜੰਗ ਦੇ ਵਿਰੁੱਧ ਸਨ ਕਹਿੰਦੇ ਸਨ ਕਿ ਜੇ ਮੁਸ਼ਕਿਲਾਂ ਨੂੰ ਹੱਲ ਕਰਣ
ਲਈ ਜੰਗ ਹੋਈ ਸੀ ਤੇ ਫਿਰ ਸਭ ਕੁਝ ਹੱਲ ਹੋ ਜਾਣਾ ਚਾਹੀਦਾ ਸੀ , ਫਿਰ 65 ਦੀ ਲੜਾਈ ਕਿਓਂ
? ਜੇ 65 ਦੀ ਜੰਗ ਬੇਇਤਫਾਕੀਆਂ ਨੂੰ ਦੁਰ ਕਰਣ ਲਈ ਸੀ ਤਾਂ 72 ਵਿੱਚ ਅਸੀਂ ਫਿਰ ਕਿਓਂ
ਆਹਮੋ ਸਾਹਮਣੇ ਖੜ੍ਹੇ ਸੀ ? ਪਾਪਾ ਜੀ ਬਾਰੇ ਮੈਂ ਜਿਨ੍ਹਾਂ ਵੀ ਲਿਖਾਂ ਉਹ ਥੋੜ੍ਹਾ ਹੈ -
ਕਦੀ ਕੁਝ ਪੂਰਾ ਨਹੀਂ ਹੋਣਾ। ਇਸ ਤਰ੍ਹਾਂ ਦੀਆਂ ਰੂਹਾਂ ਘਟ ਹੁੰਦੀਆਂ ਨੇ। ਇਨ੍ਹਾਂ
ਖੁਲ੍ਹਾ ਦਿਲ , ਇੰਨੀ ਵੱਡੀ ਸੋਚ ,ਇੰਨੀ ਵੱਡੀ ਉਮਰ ਵਿੱਚ ਵੀ ਸਾਇੰਸ ਤੇ ਕੁਦਰਤ ਦੀਆਂ
ਗੁੰਝਲਾਂ ਨੂੰ ਸਮਝਣ ਤੇ ਜਾਨਣ ਲਈ ਤਤਪਰ ਮਨ , ਕੁਝ ਵੀ ਨਵਾਂ ਸਿੱਖਣ ਦੀ ਸਿੱਕ - ਇਹ
ਸਾਰੇ ਗੁਣ ਬਣਾਏ ਰੱਖਣੇ ਇੱਕ ਚਮਤਕਾਰ ਨਹੀਂ ਤੇ ਹੋਰ ਕੀ ਹੈ ।
ਸਾਡੇ ਵਿਚਲੀ ਗੱਲਬਾਤ ਦੋ ਪਾਸੀ ਹੁੰਦੀ ਸੀ - we connected and connected so well
[ Conversation flowed both ways.
ਜੰਮਣਾ ਮਰਣਾ ਇੱਕ ਹਿੱਸਾ ਹੈ ਇਸ ਜ਼ਿੰਦਗੀ ਦਾ। ਕੋਈ ਵੀ ਇਸ ਨੂੰ ਬਦਲ ਨਹੀਂ ਸਕਦਾ। ਪਰ ਉਹ
ਹਮੇਸ਼ਾ ਮੇਰੇ ਦਿਲ ਵਿੱਚ ਜਿਉਂਦੇ ਰਹਿਣਗੇ। ਉਨ੍ਹਾਂ ਦਾ ਚਲਿਆ ਜਾਣਾ ਮੇਰੇ ਲਈ ਇਸ ਤਰ੍ਹਾਂ
ਹੀ ਹੈ ਜਿਵੇਂ ਮੈਂ ਆਪਣੇ ਡੈਡੀ ਨੂੰ ਦੁਆਰਾ ਗੁਆ ਲਿਆ ਹੋਵੇ ਪਰ ਫਿਰ ਵੀ ਮੈਂ ਇਹੀ
ਕਹਾਂਗੀ ਕਿ he really enriched me very much. I am so proud of him.
ਉਨ੍ਹਾਂ ਲਈ ਦਿਲੋਂ ਦੁਆਵਾਂ ਕਰਦੀ ਹੋਈ ਅੱਜ , ਹੁਣ, ਬੱਸ ਇੰਨਾਂ ਹੀ। ਪਾਸ਼ ਦਾ ਪਾਪਾ ਇਸ
ਤਰ੍ਹਾਂ ਦਾ ਹੀ ਹੋਣਾ ਚਾਹੀਦਾ ਸੀ।
-0- |