ਜ਼ਿੰਦਗੀ ਦੇ ਇਹਨਾਂ ਮੁਢਲੇ
ਵਰ੍ਹਿਆਂ ਵਿੱਚ ਮੇਰੀ ਸੋਚ ਉੱਤੇ ਪਿੰਡ ਵਿੱਚ ਲੱਗਦੇ ਮੇਲਿਆਂ ਸਮੇਂ ਲੱਗਦੇ ਦੀਵਾਨਾਂ ਅਤੇ
ਸਮੇਂ-ਸਮੇਂ ਵੱਖ ਵੱਖ ਰਾਜਸੀ ਪਾਰਟੀਆਂ ਦੁਆਰਾ ਕੀਤੇ ਜਾਂਦੇ ਜਲਸਿਆਂ/ਡਰਾਮਿਆਂ ਦਾ ਵੀ ਅਸਰ
ਪਿਆ। ਸਾਡੇ ਪਿੰਡ ਗੁਰੂ ਹਰਗੋਬਿੰਦ ਸਾਹਿਬ ਅਤੇ ਭਾਈ ਬਿਧੀ ਚੰਦ ਦੀ ਯਾਦ ਵਿੱਚ ਹਰ ਸਾਲ ਦੋ
ਵੱਡੇ ਮੇਲੇ ਲੱਗਦੇ। ਪਹਿਲਾ ਨੌਂ ਜੇਠ ਨੂੰ ਤੇ ਦੂਜਾ ਭਾਦੋਂ ਦੀ ਮੱਸਿਆ ਤੋਂ ਸੱਤ ਦਿਨ
ਪਿਛੋਂ। ਇਹ ਮੇਲੇ ਆਖੰਡ-ਪਾਠ ਰੱਖਣ ਦੇ ਦਿਨ ਤੋਂ ਲੈ ਕੇ ਭੋਗ ਪੈਣ ਵਾਲੇ ਦਿਨ ਤੱਕ ਲੱਗਦੇ।
ਤਿੰਨੇ ਦਿਨ ਬਾਹਰ ਖੁੱਲ੍ਹੇ ਪੰਡਾਲ ਵਿੱਚ ਰਾਤ-ਦਿਨ ਦੀਵਾਨ ਸੱਜਦੇ। ਢਾਡੀ ਅਤੇ ਕਵੀਸ਼ਰ ਸਿੱਖ
ਗੁਰੂਆਂ ਦੀ ਕੁਰਬਾਨੀ ਦੀਆਂ ਵਾਰਾਂ ਗਾਉਂਦੇ ਅਤੇ ਇਤਿਹਾਸਕ ਯੋਧਿਆਂ ਦੇ ਰਾਂਗਲੇ ਤੇ ਜੁਝਾਰੂ
ਪਰਸੰਗ ਸੁਣਾਉਂਦੇ।
ਜਦੋਂ ਮੈਂ ਪ੍ਰਾਇਮਰੀ ਜਮਾਤਾਂ ਦਾ ਵਿਦਿਆਰਥੀ ਸਾਂ ਤਾਂ ਘਰੋਂ ਮੇਲੇ ‘ਤੇ ਖ਼ਰਚਣ ਲਈ ਮਿਲੇ
ਪੈਸਿਆਂ ਨਾਲ ਅੱਖਾਂ ਨੂੰ ਲਾਉਣ ਵਾਲੇ ਯੰਤਰ ਵਿਚੋਂ ਤਸਵੀਰਾਂ ਵੇਖ ਕੇ ਅਤੇ ਮੇਲੇ ਦਾ ਗੇੜਾ
ਕੱਢ ਕੇ ਘਰ ਮੁੜ ਆਉਂਦਾ ਸਾਂ। ਪਰ ਹਾਈ ਸਕੂਲ ਵਿੱਚ ਜਾ ਕੇ ਮੇਰੀ ਸਭ ਤੋਂ ਵੱਡੀ ਦਿਲਚਸਪੀ
ਲੱਗਦੇ ਦੀਵਾਨਾਂ ਵਿੱਚ ਇਸ ਕਦਰ ਵਧ ਗਈ ਕਿ ਕਈ ਕਈ ਘੰਟੇ ਬੈਠ ਕੇ ਸਿੱਖ-ਇਤਿਹਾਸ ਦੇ ਪਰਸੰਗ
ਸੁਣਦਾ ਰਹਿੰਦਾ। ਹੱਕ-ਸੱਚ ਲਈ ਜੂਝਣ ਵਾਲੇ ਗੁਰੂ ਅਤੇ ਉਹਨਾਂ ਦੇ ਸਿਦਕੀ ਸਿੱਖ ਮੇਰੇ ਆਦਰਸ਼
ਬਣ ਗਏ। ਸੱਚੇ ਸਿੱਖ ਵਾਲੇ ਗੁਣ ਧਾਰਨ ਕਰਨ ਦੀ ਰੀਝ ਮੇਰੇ ਅਵਚੇਤਨ ਵਿੱਚ ਵੱਸ ਗਈ ਸੀ। ਪਰ
ਮੇਰੇ ਵਿੱਚ ਧਾਰਮਿਕ-ਕੱਟੜਤਾ ਬਿਲਕੁਲ ਨਹੀਂ ਸੀ। ਨਾ ਹੀ ਧਾਰਮਿਕ-ਰੀਤੀਆਂ ਵਿੱਚ ਕਿਸੇ
ਪ੍ਰਕਾਰ ਦੀ ਅੰਨ੍ਹੀ ਸ਼ਰਧਾ ਸੀ। ਇਸਦਾ ਸਭ ਤੋਂ ਵੱਡਾ ਕਾਰਨ ਤਾਂ ਇਹ ਸੀ ਕਿ ਸਾਡੇ ਗੁਰੂ ਤਾਂ
ਹਰ ਤਰ੍ਹਾਂ ਦੀ ਸੰਕੀਰਣਤਾ ਨੂੰ ਰੱਦ ਕਰ ਕੇ ਸਾਰੇ ਜਗਤ ਨੂੰ ਇਨਸਾਨੀ-ਪ੍ਰੀਤ ਦੇ ਕਲਾਵੇ
ਵਿੱਚ ਭਰਨ ਦਾ ਸੁਨੇਹਾ ਦਿੰਦੇ ਸਨ। ਦੂਜਾ, ਸਾਡੇ ਘਰ ਵਿੱਚ ਧਾਰਮਿਕ ਰਹੁ-ਰੀਤ ਅਤੇ
ਪੂਜਾ-ਪਾਠ ਦੀ ਕੱਟੜ ਪਾਲਣਾ ਦਾ ਕੋਈ ਰਿਵਾਜ਼ ਹੀ ਨਹੀਂ ਸੀ। ਮੇਰਾ ਪਿਤਾ ਤਾਂ ਅਗਾਂਹਵਧੂ
ਖੁੱਲ੍ਹੇ ਖ਼ਿਆਲਾਂ ਦਾ ਹੈ ਹੀ ਸੀ, ਮੇਰੀ ਮਾਂ ਵੀ, ਮੈਨੂੰ ਨਹੀਂ ਯਾਦ; ਪਰ ਜੇ ਹੋਵੇ ਵੀ
ਤਾਂ, ਕਦੀ ਵਰ੍ਹੇ-ਛਿਮਾਹੀ ਹੀ ਗੁਰਦਵਾਰੇ ਜਾਂਦੀ ਹੋਵੇਗੀ। ਦਾਦੀ ਮੇਰੀ ਵੀ ਆਪਣੇ ਕਿਸੇ
ਸਿੰਘ-ਸਭੀਏ ਵਡੇਰੇ ਬਜ਼ੁਰਗ ਅਤੇ ਪਰਿਵਾਰ ਦੀ ਕਿਸੇ ਹੋਰ ਸਿਆਣੀ ‘ਬੀਬੀ’ ਦੇ ਹਵਾਲੇ ਨਾਲ
ਸਿੱਖ ਧਰਮ ਨਾਲ ਜੁੜੀ ਅੰਨ੍ਹੀ ਲੱਗ-ਲਬੇੜ ਤੋਂ ਮੁਕਤ ਹੋਣ ਦੀਆਂ ਕਥਾ-ਕਹਾਣੀਆਂ ਸੁਣਾਉਂਦੀ
ਰਹਿੰਦੀ। ਉਧਰੋਂ ਮੈਂ ਇਹਨੀਂ ਦਿਨੀ ਗੁਰਬਖ਼ਸ਼ ਸਿੰਘ ਦੀ ਪੁਸਤਕ ‘ਪਰਮ-ਮਨੁੱਖ’ ਪੜ੍ਹ ਲਈ ਸੀ
ਅਤੇ ਗੁਰੂਆਂ ਦੀ ਸੋਚ ਵਿਚਲਾ ਤਰਕਸ਼ੀਲ ਪਹਿਲੂ ਵੀ ਮੇਰੇ ਸਾਹਮਣੇ ਜਗਣ ਲੱਗਾ ਸੀ। ਇਹੋ ਕਾਰਨ
ਹੈ ਕਿ ਮੈਨੂੰ ਆਪਣੀ ਜ਼ਿੰਦਗੀ ਦਾ ਕੋਈ ਪਲ਼ ਵੀ ਅਜਿਹਾ ਯਾਦ ਨਹੀਂ ਆਉਂਦਾ ਜਦੋਂ ਮੈਂ ਧਾਰਮਿਕ
ਕੱਟੜਤਾ ਜਾਂ ਧਾਰਮਿਕ ਤੰਗਦਿਲੀ ਦੀ ਹਨੇਰੀ ਦਲਦਲ ਵਿੱਚ ਧਸਿਆ ਹੋਵਾਂ। ਸਿੱਖੀ ਦਾ ‘ਏਕੁ
ਪਿਤਾ ਏਕਿਸੁ ਕੇ ਹਮ ਬਾਰਿਕ’ ਦਾ ਸੁਨੇਹਾ ਮੇਰੀ ਰੂਹ ਦਾ ਸਦੀਵੀ ਹਿੱਸਾ ਬਣਿਆਂ ਰਿਹਾ ਹੈ।
ਗੁਰਬਖ਼ਸ਼ ਸਿੰਘ ਦੇ ਮਾਧਿਅਮ ਰਾਹੀਂ ਮੈਂ ਹੌਲੀ ਹੌਲੀ ਵਿਗਿਆਨਕ ਸੋਚਣੀ ਦੇ ਲੜ ਲੱਗ ਰਿਹਾ
ਸਾਂ। ਕੰਵਲ ਦੀ ‘ਰਾਤ ਬਾਕੀ ਹੈ’ ਨੇ ਮੈਨੂੰ ਕਮਿਊਨਿਸਟ ਚੰਗੇ ਲੱਗਣ ਲਾ ਦਿੱਤੇ। ਉਂਜ ਵੀ
ਜਦੋਂ ਕਮਿਊਨਿਸਟ ਸਾਡੇ ਪਿੰਡਾਂ ਵਿੱਚ ਜਲਸੇ ਅਤੇ ਡਰਾਮੇ ਕਰਦੇ, ਸਰਕਾਰ ਅਤੇ ਪੁਲਿਸ ਨੂੰ
ਖ਼ਰੀਆਂ ਖ਼ਰੀਆਂ ਸੁਣਾਉਂਦੇ, ਭ੍ਰਿਸ਼ਟ ਅਫ਼ਸਰਾਂ ‘ਤੇ ਤਵਾ ਲਾਉਂਦੇ ਤਾਂ ਮੈਨੂੰ ਉਹਨਾਂ ਦੀ
ਦਲੇਰੀ ਚੰਗੀ ਲੱਗਦੀ। ਗ਼ਰੀਬਾਂ ਅਤੇ ਮਾੜਿਆਂ ਦੀ ਉਹਨਾਂ ਵੱਲੋਂ ਕੀਤੀ ਜਾਂਦੀ ਹਮਾਇਤ ਮਨ ਮੋਹ
ਲੈਂਦੀ। ਸਥਾਪਤੀ ਵਿਰੁੱਧ ਮੇਰਾ ਰੁਝਾਨ ਸੁਰਤ ਸੰਭਲਦਿਆਂ ਉਦੋਂ ਹੀ ਪੈਦਾ ਹੋ ਗਿਆ ਸੀ ਜਦੋਂ
ਮੈਂ ਪਿੰਡ ਦੇ ਧਾਰਮਿਕ ਦੀਵਾਨਾਂ ਵਿੱਚ ਅਕਾਲੀ ਲੀਡਰਾਂ ਦੇ ਭਾਸ਼ਣ ਸੁਣਦਾ ਸਾਂ, ਜਿਨ੍ਹਾਂ
ਵਿੱਚ ਕੈਰੋਂ ਸਰਕਾਰ ਤੇ ਨਹਿਰੂ ਸਰਕਾਰ ਦੀ ਮਿਲੀ-ਭੁਗਤ ਦਾ ਜ਼ਿਕਰ ਹੁੰਦਾ, ਜਿਸ ਸਦਕਾ
ਪੰਜਾਬੀ ਬੋਲੀ ਦੇ ਆਧਾਰ ਉੱਤੇ ਪੰਜਾਬੀ ਸੂਬਾ ਬਨਾਉਣ ‘ਚ ਰੁਕਾਵਟ ਖੜੀ ਕੀਤੀ ਜਾ ਰਹੀ ਸੀ,
ਜਦ ਕਿ ਬੋਲੀ ਦੇ ਆਧਾਰ ਉੱਤੇ ਹੋਰ ਸੂਬੇ ਬਣਾ ਦਿੱਤੇ ਗਏ ਸਨ। ‘ਪੰਜਾਬੀ ਸੂਬੇ’ ਦੀ ਪ੍ਰਾਪਤੀ
ਲਈ ਲੱਗੇ ਮੋਰਚੇ ਵਿੱਚ ਹਜ਼ਾਰਾਂ ਲੋਕ ਕੈਦ ਕੀਤੇ ਗਏ। ਅਬਹੋਰ ਰਹਿੰਦਾ ਬਾਪੂ ਚੰਦਾ ਸਿੰਘ ਵੀ
ਗਲ ਵਿੱਚ ਹਾਰ ਪੁਆ ਕੇ ਜੇਲ੍ਹ ਵਿੱਚ ਜਾ ਪੁੱਜਾ। ਪੰਜਾਬੀ ਸੂਬੇ ਦੇ ਕੈਦੀਆਂ ਉੱਪਰ ਬਠਿੰਡੇ
ਜੇਲ੍ਹ ਵਿੱਚ ਗੋਲੀ ਚੱਲੀ ਅਤੇ ਸਕੂਲ ਪੜ੍ਹਦੇ ਬੱਚੇ ਨੂੰ ‘ਪੰਜਾਬੀ ਸੂਬੇ’ ਦਾ ਨਾਅਰਾ
ਲਾਉਣੋਂ ਰੋਕਣ ਦਾ ਯਤਨ ਕਰਦਿਆਂ ਪੁਲਿਸ ਵੱਲੋਂ ਕੁੱਟ ਕੁੱਟ ਕੇ ਮਾਰ ਦੇਣ ਦੀਆਂ ਦਰਦਨਾਕ
ਘਟਨਾਵਾਂ ਨੇ ਮੇਰੇ ਮਨ ਵਿੱਚ ਇਹ ਵਿਚਾਰ ਪੈਦਾ ਕਰ ਦਿੱਤੇ ਕਿ ‘ਇਹ ਸਰਕਾਰ’, ‘ਸਾਡੀ ਸਰਕਾਰ’
ਨਹੀਂ। ਸਾਡੇ ਸਕੂਲੋਂ ਕੁੱਝ ਸਾਲ ਪਹਿਲਾਂ ਪੜ੍ਹ ਕੇ ਗਿਆ ਸਾਡੇ ਮਾਸਟਰ ਰਾਮ ਸਿੰਘ ਦਾ
ਭਣੇਵਾਂ ਜਸਵੰਤ ਸਿੰਘ ਪਟਵਾਰੀ ਵੀ ਗੋਲੀ ਨਾਲ ਸ਼ਹੀਦ ਹੋ ਗਿਆ ਸੀ। ਉਸਦੀ ਮੌਤ ਸਾਨੂੰ ਆਪਣੇ
ਕਿਸੇ ਬਹੁਤ ਨਜ਼ਦੀਕੀ ਦੀ ਮੌੱਤ ਲੱਗੀ ਸੀ।
ਪਰ ਜਦੋਂ ਕਮਿਊਨਿਸਟ ਸਰਕਾਰ ਦੇ ਵਿਤਕਰੇ ਨੂੰ ਆਰਥਕ ਆਧਾਰ ਨਾਲ ਜੋੜ ਕੇ ਆਰਥਕ ਕਾਣੀ-ਵੰਡ
ਦੂਰ ਕਰਨ ਦਾ ਪ੍ਰਚਾਰ ਕਰਦੇ ਤਾਂ ਉਹਨਾਂ ਦੀਆਂ ਗੱਲਾਂ ਮਨ ਨੂੰ ਟੁੰਬਦੀਆਂ। ਕਾਮਰੇਡ ਰੂੜ
ਸਿੰਘ ‘ਇਨਕਲਾਬ’ ਸਿੱਧ-ਪੱਧਰੇ ਅੰਦਾਜ਼ ਵਿੱਚ ਲਿਖੀ ਕਵਿਤਾ ਜਟਕੇ ਅੰਦਾਜ਼ ਵਿੱਚ ਗਾਉਂਦਾ:
ਟਾਟੇ ਬਾਟੇ ਪੀਣ ਵਿਸਕੀਆਂ
ਕਾਮੇ ਭੁੱਖੇ ਮਰਦੇ
ਡਰਾਮਾ ਸਕੁਐਡ ਵਾਲੇ ਗੀਤ ਗਾਉਂਦੇ:
ਸੁਣ ਨਹਿਰੂ ਸਰਕਾਰੇ
ਤੈਨੂੰ ਰੋਵਣ ਲੋਕੀਂ ਸਾਰੇ
ਗੋਰੇ ਦੀ ਥਾਂ ਕਾਲਾ ਆ ਗਿਆ
ਉਹ ਵੀ ਛੜੀਆਂ ਮਾਰੇ
ਕਾਮਰੇਡ ਅੱਛਰ ਸਿੰਘ ਛੀਨਾ ਅਤੇ ਦਲੀਪ ਸਿੰਘ ਟਪਿਆਲਾ ਦੀਆਂ ਤਕਰੀਰਾਂ ਹੋਸ਼ ਵੀ ਦਿੰਦੀਆਂ ਅਤੇ
ਜੋਸ਼ ਵੀ।
ਜਿਵੇਂ ਦੱਸਿਆ ਹੈ ਕਿ ਹਿੰਦੂ ਭਾਈਚਾਰੇ ਵਿੱਚ ਵਸਦਾ ਹੋਣ ਕਰਕੇ ਜੀਵਨ-ਵਿਹਾਰ ਵਿੱਚ ਤਾਂ ਮੈਂ
ਬਚਪਨ ਤੋਂ ਹੀ ਧਾਰਮਿਕ ਤੰਗ-ਨਜ਼ਰੀ ਤੋਂ ਮੁਕਤ ਸਾਂ। ਮੇਰੇ ਪਿਆਰੇ ਚਾਰ ਦੋਸਤਾਂ; ਦਰਸ਼ਨ ਅਤੇ
ਦਵਾਰਕਾ, ਪਰਕਾਸ਼ ਅਤੇ ਅਤਰ ਵਿੱਚੋਂ ਪਹਿਲੇ ਦੋ ਹਿੰਦੂ ਸਨ। ਪਰ ਹੁਣ ਮੈਂ ਸੁਚੇਤ ਤੌਰ ਉੱਤੇ
ਤਥਾ-ਕਥਿਤ ਨੀਵੀਂ ਜਾਤੀ ਦੇ ਲੋਕਾਂ ਅਤੇ ਮੁੰਡਿਆਂ ਨੂੰ ਮਾਨਵੀ ਅਪਣੱਤ ਨਾਲ ਮਿਲਣਾ ਸ਼ੁਰੂ
ਕੀਤਾ। ਉਂਜ ਛੋਟੇ ਹੁੰਦਿਆਂ ਵੀ ਤੀਸਰੀ ਚੌਥੀ ਵਿੱਚ ਪੜ੍ਹਦੇ ਸਮੇਂ ਸਹਿੰਸੀਆਂ ਦਾ ਮੁੰਡਾ
ਫ਼ੌਜੂ ਅਤੇ ਮਜ੍ਹ਼ਬੀ ਸਿੱਖਾਂ ਦਾ ਜੋਗਿੰਦਰ ਮੇਰੇ ਬਹੁਤ ਨਿਕਟੀ-ਮਿੱਤਰ ਸਨ ਅਤੇ ਮੈਂ ਉਹਨਾਂ
ਦੇ ਘਰ ਖੇਡਣ-ਮੱਲਣ ਜਾਂਦਾ ਹੀ ਰਹਿੰਦਾ ਸਾਂ। ਮੇਰੇ ਅੰਦਰ ਭਿੱਟ-ਸੁੱਚ ਦਾ ਕੋਈ ਅਹਿਸਾਸ
ਨਹੀਂ ਸੀ। ਪਰ ਹੁਣ ਮੈਂ ਜਾਤ-ਪਾਤ ਦੇ ਵਿਧਾਨ ਬਾਰੇ ਜਾਣੂ ਹੋ ਚੁੱਕਾ ਸਾਂ ਅਤੇ ਸੁਚੇਤ ਹੋ
ਕੇ ਹੀ ਇਹ ਬੰਧਨ ਤੋੜਨ ਵੱਲ ਰੁਚਿਤ ਸਾਂ। ਅੱਠਵੀਂ ਨਾਵੀਂ ਵਿੱਚ ਪੜ੍ਹਦਿਆਂ ਹੀ ਮੈਂ ਆਪਣੇ
ਕਾਮੇ ਬਚਨ ਸਿੰਘ ਮਜ਼੍ਹਬੀ ਸਿੱਖ ਨਾਲ ਖੇਤਾਂ ਵਿੱਚ ਕੰਮ ਕਰਿਦਆਂ ਉਸਦੇ ਜੂਠੇ ਭਾਂਡੇ ਵਿੱਚ
ਉਸਦੇ ਸਾਹਮਣੇ ਪਾਣੀ ਪੀ ਲਿਆ ਸੀ। ਉਹ ਹੈਰਾਨ ਹੋਇਆ ਇਹ ‘ਅਣਹੋਣੀ’ ਵਾਪਰੀ ਵੇਖ ਕੇ ਬੋਲਿਆ,
“ਓਏ ਇਹ ਕੀ ਕੀਤਾ ਈ?”
“ਪਾਣੀ ਪੀਤਾ ਹੈ, ਹੋਰ ਕੀ?” ਮੈਂ ਮੁਸਕਰਾ ਕੇ ਉਸ ਵੱਲ ਵੇਖਿਆ। ਮੇਰੇ ਵੱਲ ਵੇਖ ਕੇ ਉਹ ਵੀ
ਮੁਸਕਰਾ ਪਿਆ। ਮੇਰਾ ਇਹ ਵਿਹਾਰ ਉਸਨੂੰ ਓਪਰਾ ਪਰ ਚੰਗਾ ਵੀ ਲੱਗਾ ਜਾਪਦਾ ਸੀ। ਉਂਜ ਉਸ ਵੇਲੇ
ਪਾਣੀ ਪੀਂਦਿਆਂ ਸ਼ਾਇਦ ਮੈਨੂੰ ਵੀ ਲੱਗਾ ਸੀ ਜਿਵੇਂ ਮੈਂ ਕੋਈ ਡੂੰਘੀ ਖਾਈ ਪਾਰ ਕੀਤੀ
ਹੋਵੇ-ਇੱਕੋ ਝਟਕੇ ਨਾਲ ਛਾਲ ਮਾਰ ਕੇ। ਪਰ ਜੇ ਬੀ ਟੀ ਕਰਦਿਆਂ ਸਾਡਾ ਜਿਹੜਾ ਪੰਜਾਂ ਮੁੰਡਿਆਂ
ਦਾ ਜੁੱਟ ਸੀ, ਉਹਨਾਂ ਵਿੱਚੋਂ ਦੋ ਚਾਚੇ-ਤਾਏ ਦੇ ਪੁੱਤ ਭਰਾ ਕਰਮ ਸਿੰਘ ਅਤੇ ਰਾਮ ਸਿੰਘ
ਚਮੜੇ ਦਾ ਕੰਮ ਕਰਨ ਵਾਲੇ ਕਾਰੀਗਰਾਂ ਦੇ ਮੁੰਡੇ ਸਨ। ਪਰ ਬੜੇ ਸਨੁੱਖੇ ਅਤੇ ਦਰਸ਼ਨੀ। ਅਸੀਂ
ਇਕੱਠੇ ਇੱਕੋ ਭਾਂਡੇ ਵਿੱਚ ਖਾਂਦੇ। ਇੱਕਠੇ ਹੀ ਬਾਹਰ ਆਉਂਦੇ ਜਾਂਦੇ। ਕਦੀ ਇਹ ਅਹਿਸਾਸ ਹੀ
ਨਹੀਂ ਸੀ ਹੋਇਆ ਕਿ ਅਸੀਂ ਕਿਹੜੀ ਜਾਤ ਦੇ ਹਾਂ।
ਪਿੱਛੋਂ ਪੜ੍ਹਦਿਆਂ ਅਤੇ ਜੀਵਨ ਵਿੱਚ ਵਿਚਰਦਿਆਂ ਤਥਾ-ਕਥਿਤ ਦਲਿਤ ਸ਼੍ਰੇਣੀਆਂ ਦੇ ਬਹੁਤ ਸਾਰੇ
ਵਿਅਕਤੀਆਂ ਨਾਲ ਮੇਰਾ ਡੂੰਘਾ ਨੇੜ ਅਤੇ ਪੀਚ ਰਿਹਾ। ਲਿਖਣ ਦੇ ਉਹਨਾਂ ਮੁੱਢਲੇ ਦਿਨਾਂ ਵਿੱਚ
ਮੈਂ ਅਕਸਰ ਬਾਬਾ ਧੰਨਾ ਸਿੰਘ ਅਤੇ ਉਜਾਗਰ ਰਾਮ ਕੋਲ ਲੰਮਾਂ ਸਮਾਂ ਬੈਠ ਕੇ ਉਹਨਾਂ ਨਾਲ
ਜੱਗ-ਬੀਤੀਆਂ, ਹੱਡ-ਬੀਤੀਆਂ ਸਾਂਝੀਆਂ ਕਰਦਾ ਕਰਵਾਉਂਦਾ ਰਹਿੰਦਾ। ਦੋਵੇਂ ਹੀ ਚਮੜੇ ਦਾ ਕੰਮ
ਕਰਦੇ ਸਨ। ਉਹ ਨਾਲ ਦੇ ਨਾਲ ਜੁੱਤੀਆਂ ਸੀਵੀਂ ਜਾਂਦੇ ਅਤੇ ਨਾਲ ਨਾਲ ਵਾਰਤਾਲਾਪ ਜਾਰੀ
ਰੱਖਦੇ। ਇਹ ਉਜਾਗਰ ਰਾਮ ਹੀ ਸੀ ਜਿਹਨੇ ਮੇਰੀਆਂ ਕਹਾਣੀਆਂ ਸੁਣ ਕੇ ਮੈਨੂੰ ਰਾਇ ਦਿੱਤੀ ਸੀ,
“ਤੇਰੀਆਂ ਕਹਾਣੀਆਂ ਵਿੱਚ ਇੱਕ ਗੱਲ ਹੋਣੀ ਚਾਹੀਦੀ ਹੈ। ਇੱਕੋ ਗੱਲ। ਕਿਤੇ ਕੋਈ ਜਾਂ ਕਿਤੇ
ਕੋਈ ਹੋਰ ਗੱਲ ਨਹੀਂ…” ਉਹਦਾ ਭਾਵ ਸੀ ਕਿ ਮੇਰੀਆਂ ਕਹਾਣੀਆਂ ਵਿੱਚ ਨਿਰੋਲ ਵਰਗ-ਵੰਡ ਦੇ
ਚਿਤਰ ਹੋਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਤਗੜਿਆਂ ਦੇ ਵਿਰੁੱਧ ਮਾੜਿਆਂ ਨੂੰ ਲੜਦਿਆਂ ਅਤੇ
ਸੰਘਰਸ਼ ਕਰਦਿਆਂ ਵਿਖਾਇਆ ਗਿਆ ਹੋਵੇ। ਇੰਜ ਉਹ ਮੈਨੂੰ, ਜਿੰਨਾ ਚਿਰ ‘ਇਨਕਲਾਬ’ ਨਹੀਂ ਆ
ਜਾਂਦਾ, ਹੋਰਨਾਂ ਮਸਲਿਆਂ ਤੇ ਵਿਸ਼ਿਆਂ ਨੂੰ ਹਾਲ ਦੀ ਘੜੀ ਤਿਆਗ ਦੇਣ ਦੀ ਸਲਾਹ ਦੇ ਰਿਹਾ ਸੀ।
ਆਪਣੇ ਪਹਿਲੇ ਕਹਾਣੀ-ਸੰਗ੍ਰਹਿ ‘ਲੋਹੇ ਦੇ ਹੱਥ’ ਵਿੱਚ ਦੇ ਮੁੱਢ ਵਿੱਚ ਮੈਂ ਉਜਾਗਰ ਰਾਮ ਦੀ
ਇਸ ਸਲਾਹ ਦਾ ਹਵਾਲਾ ਵੀ ਦਿੱਤਾ ਸੀ। ਇਹ ਸਲਾਹ ਇੱਧਰ ਉਧਰ ਭਟਕਦੇ ਲੇਖਕ ਨੂੰ ਉਸਦੀ
ਪ੍ਰਤੀਬੱਧਤਾ ਅਤੇ ਸਾਹਿਤਕ-ਜ਼ਿੰਮੇਵਾਰੀ ਦਾ ਚੇਤਾ ਕਰਵਾਉਂਦੀ ਲੱਗਦੀ ਹੈ।
ਮੁੱਛ-ਫੁੱਟ ਚੜ੍ਹਦੀ ਜਵਾਨੀ ਦੇ ਝੱਲ-ਵਲੱਲੇ ਦਿਨਾਂ ਵਿੱਚ ਮੈਂ ਇੱਕ ਵਾਰ ਸਾਡੇ ਘਰ ਕੰਮ ਕਰਨ
ਵਾਲੀ ਬੀਬੀ ਸਵਰਨੋਂ ਨੂੰ ਆਖਿਆ, “ਜਦੋਂ ਇਨਕਲਾਬ ਆਇਆ, ਉਦੋਂ ਸਭ ਨੂੰ ਕੰਮ ਕਰਨਾ ਪਊ ਅਤੇ
ਸਭ ਨੂੰ ਕੰਮ ਮਿਲੂ। ਜ਼ਮੀਨਾਂ ਸਾਂਝੀਆਂ ਹੋ ਜਾਣਗੀਆਂ। ਆਪਾਂ ਸਾਰੇ ਮਾਲਕ ਹੋ ਜਾਵਾਂਗੇ। ਕੋਈ
ਇੱਕ ਜਣਾ ਮਾਲਿਕ ਨਹੀਂ ਰਹੂਗਾ ਜ਼ਮੀਨਾਂ-ਜਾਇਦਾਦਾਂ ਦਾ।”
“ਸਾਰੇ ਮਾਲਕ ਹੋ ਜਾਵਾਂਗੇ ਅਤੇ ਕੋਈ ਜਣਾ ਮਾਲਿਕ ਨਹੀਂ ਰਹੂਗਾ! ਇਹ ਕੀ ਗੱਲ ਬਣੀ?” ਉਹਦੀ
ਸਮਝ ਵਿੱਚ ਗੱਲ ਨਾ ਪਈ।
“ਮਾਲਕ ਬਣੂੰਗੀ ਸਟੇਟ……ਮਤਲਬ ਗੌਰਮਿੰਟ! ਤੇ ਗੌਰਮਿੰਟ ਹੋਊਗੀ ਆਪਣੀ ਮਨ ਮਰਜ਼ੀ ਦੀ। ਧਨੀਆਂ
ਅਤੇ ਲੋਟੂਆਂ ਦੀ ਨਹੀਂ। ਬੱਚਿਆਂ ਨੂੰ ਪੜ੍ਹਾਉਣ ਲਿਖਾਉਣ ਅਤੇ ਕੰਮੇ ਲਾਉਣਾ ਵੀ ਗੌਰਮਿੰਟ ਦਾ
ਕੰਮ ਹੋਊ। ਬੀਮਾਰੀ ਸ਼ਮਾਰੀ ਅਤੇ ਇਲਾਜ ਦਾ ਬੰਦੋਬਸਤ ਵੀ ਗੌਰਮਿੰਟ ਦਾ…”
ਉਹ ਅਣਮੰਨੇ ਮਨ ਨਾਲ ਮੇਰੀਆਂ ਭੋਲੀਆਂ ਗੱਲਾਂ ਤੇ ਹੱਸੀ ਅਤੇ ਆਖਣ ਲੱਗੀ, “ਵੀਰ ਵਰਿਆਮ
ਸਿੰਹਾਂ! ਸਾਡੀ ਤੇ ਤੂੰ ਈ ਗੌਰਮਿੰਟ ਆਂ, ਜਿਨ੍ਹਾਂ ਨਾਲ ਰਲ ਕੇ ਰੋਟੀ-ਟੁੱਕ ਦਾ ਗੁਜ਼ਾਰਾ
ਚੱਲਦੈ…”
“ਉਂਜ ਤਾਂ ਫੇਰ ਤੂੰ ਵੀ ਸਾਡੀ ਗੌਰਮਿੰਟ ਏਂ…ਤੇਰੇ ਬਿਨਾਂ ਵੀ ਤਾਂ ਸਾਡਾ ਗੁਜ਼ਾਰਾ ਨਹੀਂ…”
ਮੈਂ ਹੱਸ ਕੇ ਆਖਿਆ।
ਉਸ ਦਿਨ ਤੋਂ ਪਿੱਛੋਂ ਅਸੀਂ ਦੋਵੇਂ ਸਦਾ ਇੱਕ ਦੂਜੇ ਨੂੰ ‘ਗੌਰਮਿੰਟ’ ਆਖ ਕੇ ਬੁਲਾਉਂਦੇ।
ਉਸਨੇ ਲਗਪਗ ਪੰਝੀ-ਤੀਹ ਸਾਲ ਲਗਾਤਾਰ ਸਾਡੇ ਘਰ ਕੰਮ ਕੀਤਾ। ਕਈ ਸਾਲਾਂ ਤੱਕ ਉਸਦਾ ਪਤੀ ਅਤੇ
ਦਿਓਰ ਵੀ ਸਾਡੇ ਸਾਂਝੀ ਰਹੇ। ਜਦੋਂ ਅਧਿਆਪਕ ਬਣ ਕੇ ਮੈਂ ਪਿੰਡ ਦੇ ਸਕੂਲ ਵਿੱਚ ਪੜ੍ਹਾੳਣ
ਲੱਗਾ ਤਾਂ ਮੈਂ ਉਸਦੇ ਬੱਚਿਆਂ ਦੀ ਹਰ ਸੰਭਵ ਮਦਦ ਕੀਤੀ। ਉਸਦਾ ਇੱਕ ਮੁੰਡਾ ਦਸ ਜਮਾਤਾਂ
ਪੜ੍ਹ ਕੇ ਫ਼ੌਜ ਵਿੱਚ ਭਰਤੀ ਵੀ ਹੋ ਗਿਆ। ਜਦੋਂ ਅਸੀਂ ਸਾਰਾ ਪਰਿਵਾਰ ਜਲੰਧਰ ਆਉਣ ਲਈ ਪਿੰਡ
ਛੱਡ ਕੇ ਤੁਰੇ, ਉਹ ਮੇਰੀ ਪਤਨੀ ਦੇ ਗਲ ਲੱਗ ਕੇ ਭੁੱਬਾਂ ਮਾਰ ਕੇ ਰੋ ਪਈ, “ਗੌਰਮਿੰਟ!
ਸਾਨੂੰ ਕੀਹਦੇ ਆਸਰੇ ਛੱਡ ਚੱਲੇ ਓ?”
ਇਹ ਵੱਖਰੀ ਗੱਲ ਹੈ ਕਿ ਅਜੇ ਤੱਕ ਸਾਡੀ ‘ਗੌਰਮਿੰਟ’ ਬਣੀ ਨਹੀਂ ਅਤੇ ਨਾ ਹੀ ਨਿਕਟ-ਭਵਿੱਖ
ਵਿੱਚ ਬਣ ਸਕਣ ਦੀ ਸੰਭਾਵਨਾ ਹੈ ਪਰ ਸਾਡੀਆਂ ਮੋਹ ਦੀਆਂ ਤੰਦਾਂ ਅਜੇ ਵੀ ਬਦਸਤੂਰ ਉਂਜ ਹੀ
ਜੁੜੀਆਂ ਹੋਈਆਂ ਹਨ। ਜਦੋਂ ਕਿਤੇ ਮੈਂ ਹੁਣ ਵੀ ਆਪਣੇ ਪਿੰਡ ਜਾਵਾਂ ਤੇ ਉਸਨੂੰ ਮੇਰੇ ਆਉਣ ਦੀ
ਸੂਹ ਮਿਲ ਜਾਵੇ ਤਾਂ ਉਹ ਮਿਲਣ ਲਈ ਉੱਡੀ ਆਉਂਦੀ ਹੈ। ਉਸਦੀ ਗਲਵੱਕੜੀ ਵਿੱਚ ਹੁਣ ਵੀ ਮੈਨੂੰ
ਮਾਂ ਜਾਂ ਵੱਡੀ ਭੈਣ ਦੇ ਪਿਆਰ ਦਾ ਨਿੱਘ ਮਹਿਸੂਸ ਹੁੰਦਾ ਹੈ।
ਇਸ ਦਾ ਭਾਵ ਇਹ ਹਰਗਿਜ਼ ਨਹੀਂ ਕਿ ਮੇਰੇ ਅੰਦਰੋਂ ਜਾਤ-ਪਾਤ ਦਾ ਹੰਕਾਰ ਅਸਲੋਂ ਮਿਟ ਗਿਆ ਹੋਊ।
ਇਹ ਹੰਕਾਰ ਪੀੜ੍ਹੀ-ਦਰ-ਪੀੜ੍ਹੀ ਤੋਂ ਸੰਸਕਾਰਾਂ ਦੇ ਰੂਪ ਵਿੱਚ ਬੜੀ ਸੂਖ਼ਮ ਸ਼ਕਲ ਵਿੱਚ ਸਾਡੇ
ਧੁਰ ਅੰਦਰ ਬੈਠਾ ਹੁੰਦਾ ਹੈ ਅਤੇ ਕਿਸੇ ਵੀ ਵੇਲੇ ਸਿਰੀ ਕੱਢ ਸਕਦਾ ਹੈ। ਉਂਜ ਸੁਚੇਤ ਪੱਧਰ
ਤੇ ਮੈਂ ਸਦਾ ਇਸਦੀ ਲਪੇਟ ਵਿੱਚ ਆਉਣ ਤੋਂ ਬਚਦਾ ਰਿਹਾਂ।
ਇਹਨਾਂ ਦਿਨਾਂ ਵਿੱਚ ਦੇਸ਼ ਦਾ ਰਾਜਸੀ ਦ੍ਰਿਸ਼ ਬਦਲ ਰਿਹਾ ਸੀ। ਲੋਕਾਂ ਦਾ ਸਰਕਾਰਾਂ ਤੋਂ
ਮੋਹ-ਭੰਗ ਹੋ ਰਿਹਾ ਸੀ। ਆਗੂ ਲੋਕ ਗਿਰਗਿਟ ਵਾਂਗ ਰੰਗ ਬਦਲਦੇ ਦਿੱਸਣ ਲੱਗੇ। ਤਾਕਤ ਵੱਲ ਵੇਖ
ਕੇ ਕਦੀ ਚਿੱਟੀਆਂ ਪੱਗਾਂ ਨੀਲੀਆਂ ਹੋਣ ਲੱਗ ਪਈਆਂ ਅਤੇ ਕਦੀ ਨੀਲੀਆਂ ਚਿੱਟੀਆਂ। ‘ਆਇਆ
ਰਾਮ-ਗਇਆ ਰਾਮ’ ਵਾਲੀ ਸਿਆਸਤ ਸ਼ੁਰੂ ਹੋ ਚੁੱਕੀ ਸੀ। ਮੌਕਾਪ੍ਰਸਤ ਸਿਆਸਤ ਅਤੇ ਸਿਆਸਤਦਾਨਾਂ
ਵਿਰੁੱਧ ਸੁਹਿਰਦ ਅਤੇ ਸਾਦਾ ਲੋਕਾਂ ਦੇ ਮਨ ਵਿੱਚ ਗੁੱਸਾ ਇਕੱਠਾ ਹੋਣ ਲੱਗਾ। ਇਹ ਗੁੱਸਾ
ਮੇਰੇ ਅੰਦਰ ਵੀ ਤਰਲੋਮੱਛੀ ਹੋ ਰਿਹਾ ਸੀ। ਮੇਰੇ ਆਸੇ-ਪਾਸੇ ਗ਼ਰੀਬੀ ਦੇ ਭੰਨੇ ਹੋਏ ਲੋਕ ਸਨ,
ਧੱਕਾ ਕਰਨ ਵਾਲੇ ਧਨੀ ਅਤੇ ਬਦਮਾਸ਼ ਸਨ। ਅੰਧ-ਵਿਸ਼ਵਾਸ ਅਤੇ ਵਹਿਮਾਂ-ਭਰਮਾਂ ਵਿੱਚ ਫ਼ਾਥੀ
ਦੁਨੀਆਂ ਸੀ। ਜ਼ਬਾਨ ਅਤੇ ਮਜ਼੍ਹਬ ਦੇ ਨਾਂ ‘ਤੇ ਲੜੀਆਂ ਜਾ ਰਹੀਆਂ ਫ਼ਿਰਕੂ ਲੜਾਈਆਂ ਸਨ।
ਭ੍ਰਿਸ਼ਟ ਸਿਆਸਤ ਸੀ। ਮੈਂ ਇਹਨਾਂ ਸਭ ਬੁਰਾਈਆਂ ਤੋਂ ਮੁਕਤ ਸਮਾਜ ਵੇਖਣਾ ਚਾਹੁੰਦਾ ਸਾਂ। ਇਸ
ਤਬਦੀਲੀ ਲਈ ਮੈਂ ਲਿਖ਼ਤ ਦੀ ਪੱਧਰ ‘ਤੇ ਤਾਂ ਜੂਝ ਰਿਹਾ ਸਾਂ। ਮੇਰੀ ਲਿਖ਼ਤ ਵਿੱਚ ਕੋਈ ਨਾ ਕੋਈ
ਸੁਨੇਹਾ ਜ਼ਰੂਰ ਹੁੰਦਾ। ਮੈਂ ਸੋਚਦਾ ਜੇ ਮੈਨੂੰ ਚੰਗੇ ਲੱਗਣ ਵਾਲੇ ਲੇਖਕਾਂ ਨੇ ਮੇਰੇ ਅੰਦਰ
ਆਦਰਸ਼ਕ ਸੋਚ ਅਤੇ ਹਾਂ-ਮੁੱਖ ਤਬਦੀਲੀ ਦੀ ਰੀਝ ਪੈਦਾ ਕਰ ਦਿੱਤੀ ਹੈ ਤਾਂ ਮੇਰੀ ਲਿਖ਼ਤ ਨੂੰ ਵੀ
ਇਹ ਰੋਲ ਅਦਾ ਕਰਨਾ ਚਾਹੀਦਾ ਹੈ। ਅਜੇ ਮੈਨੂੰ ਏਨੀ ਸਮਝ ਵੀ ਨਹੀਂ ਸੀ ਕਿ ਸਾਹਿਤਕ ਕਿਰਤ
ਵਿੱਚ ਨਿਰੋਲ ਵਿਚਾਰ ਦੀ ਹੀ ਪ੍ਰਮੁੱਖਤਾ ਰਚਨਾ ਦੇ ਕਲਾਤਮਕ ਮੁੱਲ ਨੁੰ ਘਟਾ ਦਿੰਦੀ ਹੈ।
ਮੈਂ ਧੁਰ-ਡੂੰਘਾਣਾਂ ਤੋਂ ਸਿਆਸੀ ਅਤੇ ਸਮਾਜੀ ਤਬਦੀਲੀ ਦਾ ਤਲਬਗਾਰ ਸਾਂ ਪਰ ਇਹ ਤਬਦੀਲੀ
ਸਿਰਫ਼ ਕਵਿਤਾ ਜਾਂ ਕਹਾਣੀਆਂ ਲਿਖਿਆਂ ਨਹੀਂ ਸੀ ਆ ਜਾਣੀ। ਇਸ ਲਈ ਅਮਲੀ ਤੌਰ ‘ਤੇ ਜੀਵਨ ਵਿੱਚ
ਕੁੱਝ ਚੰਗਾ ਕਰ ਗੁਜ਼ਰਨ ਦੀ ਰੀਝ ਵੀ ਅੰਗੜਾਈਆਂ ਲੈ ਰਹੀ ਸੀ। ਪਰ ਕੀ ਕੀਤਾ ਜਾਵੇ! ਕਿਵੇਂ
ਕੀਤਾ ਜਾਵੇ? ਇਸ ਲਈ ਕੋਈ ਰਾਹ ਨਹੀਂ ਸੀ ਲੱਭਦਾ ਪਿਆ।
ਉਂਜ ‘ਗਰਮ’ ਸਿਆਸਤ ਬਚਪਨ ਤੋਂ ਹੀ ਮੈਨੂੰ ਧੂਹ ਪਾਉਂਦੀ ਸੀ। ਇੱਕ ਤਾਂ ਪੰਜਾਬੀਆਂ ਦਾ
ਸਮੁੱਚਾ ਵਿਰਸਾ ਹੀ ਖਾੜਕੂ ਰਿਹਾ ਹੈ। ਵਿਸ਼ੇਸ਼ ਤੌਰ ਤੇ ਸਿੱਖ ਵਿਰਾਸਤ ਤਾਂ ਹੈ ਹੀ ਜ਼ੁਲਮ
ਵਿਰੁੱਧ ਸੰਘਰਸ਼ ਅਤੇ ਕੁਰਬਾਨੀਆਂ ਦੀ ਲਹੂ-ਭਿੱਜੀ ਗਾਥਾ। ਮੈਂ ਪੈਦਾ ਵੀ ਅਜਿਹੇ ਇਲਾਕੇ ਵਿੱਚ
ਹੋਇਆ ਸਾਂ ਜਿੱਥੇ ਬਹੁਤ ਸਾਰੇ ਸ਼ਹੀਦ ਸੂਰਮੇ ਹੋਏ ਸਨ। ਉਹਨਾਂ ਬਾਰੇ ਗਾਈਆਂ ਢਾਡੀ ਵਾਰਾਂ
ਸੁਣ ਕੇ ਮੇਰੇ ਅੰਦਰ ਸ਼ੁਰੂ ਤੋਂ ਹੀ ਖ਼ੂਨ ਦੀ ਗਤੀ ਤੇਜ਼ ਹੋ ਜਾਂਦੀ ਸੀ। ਗਦਰ ਪਾਰਟੀ, ਬੱਬਰ
ਅਕਾਲੀ ਲਹਿਰ ਅਤੇ ਆਜ਼ਾਦ ਹਿੰਦ ਫ਼ੌਜ ਦੀਆਂ ਅੰਗਰੇਜ਼ ਹਕੂਮਤ ਵਿਰੁੱਧ ਕੋਸ਼ਿਸ਼ਾਂ ਅਤੇ
ਕੁਰਬਾਨੀਆਂ ਦਾ ਇਤਿਹਾਸ ਮੈਨੂੰ ਵਧੇਰੇ ਟੁੰਬਦਾ। ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ
ਭਕਨਾ, ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਅਤੇ ਰਾਜ ਕਾਇਮ ਹੋਇਆ ਵੇਖਣਾ ਮੇਰਾ
ਸੁਪਨਾ ਬਣ ਗਿਆ। ਇਸ ਸੁਪਨੇ ਦੀ ਪ੍ਰਾਪਤੀ ਲਈ ਕਮਿਊਨਿਸਟ ਪਾਰਟੀ ਲੜ ਰਹੀ ਸੀ। ਪਰ ਹੁਣ ਤੱਕ
ਤਾਂ ਕਮਿਊਨਿਸਟ ਵੀ ਦੋ ਧੜਿਆਂ ਵਿੱਚ ਵੰਡੇ ਗਏ ਸਨ। ਕੋਈ ਕਿੱਧਰ ਜਾਏ ਤੇ ਕਿਸ ਦੇ ਪਿੱਛੇ
ਲੱਗੇ?
ਮੈਂ ਇਹਨਾਂ ਦਿਨਾਂ ਵਿੱਚ ਜ਼ਿੰਦਗੀ, ਸਾਹਿਤ ਅਤੇ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਸਾਂ।
ਸਿਵਾਇ ਪੁਸਤਕਾਂ ਤੋਂ ਮੇਰਾ ਕੋਈ ਹੋਰ ਨੇੜਲਾ ਰਾਹਬਰ ਨਹੀਂ ਸੀ। ਇਸ ਤੋਂ ਇਲਾਵਾ ਜਿੰਨਾ ਵੀ
ਰੂਸੀ ਸਾਹਿਤ ਪੰਜਾਬੀ ਵਿੱਚ ਛਪਦਾ ਮੈਂ ਨਾਲ ਦੇ ਨਾਲ ਪੜ੍ਹ ਰਿਹਾ ਸਾਂ। ਚੈਖ਼ਵ, ਟਾਲਸਟਾਇ,
ਗੋਰਕੀ, ਤੁਰਗਨੇਵ, ਦਾਸਤੋਵਸਕੀ ਮੇਰੇ ਮਨਪਸੰਦ ਲੇਖਕ ਸਨ। ਮੈਂ ਇਹਨਾਂ ਦੀਆਂ ਲਿਖ਼ਤਾਂ ਤੋਂ
ਪ੍ਰਭਾਵਿਤ ਸਾਂ। ਪਰ ਉਸ ਵੇਲੇ ਨਿਕੋਲਾਈ ਅਸਤ੍ਰੋਵਸਕੀ ਦੀ ‘ਸੂਰਮੇ ਦੀ ਸਿਰਜਣਾ’, ਗੋਰਕੀ ਦੀ
‘ਮਾਂ’ ਅਤੇ ਬੋਰਿਸ ਪੋਲਵੋਈ ਦੀ ‘ਅਸਲੀ ਇਨਸਾਨ ਦੀ ਕਹਾਣੀ’ ਮੇਰੀਆਂ ਮਨਪਸੰਦ ਲਿਖ਼ਤਾਂ ਸਨ।
ਮੈਂ ਇਹਨਾਂ ਨਾਵਲਾਂ ਵਿਚਲਾ ਬੰਦਾ ਵੀ ਬਣਨਾ ਚਾਹੁੰਦਾ ਸਾਂ ਅਤੇ ਇਹੋ ਜਿਹੀਆਂ ਰਚਨਾਵਾਂ
ਲਿਖਣ ਦੀ ਤਮੰਨਾ ਵੀ ਰੱਖਦਾ ਸਾਂ।
ਸ਼ਾਇਦ 1968 ਦੀ ਗੱਲ ਹੋਵੇਗੀ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਨੇ ਪ੍ਰੀਤ-ਪਾਠਕਾਂ ਨੂੰ
ਅੰਮ੍ਰਿਤਸਰ ਦੀ ਗਾਂਧੀ ਗਰਾਊਂਡ ਵਿਚਲੇ ਓਪਨ ਏਅਰ ਥੀਏਟਰ ਵਿੱਚ ‘ਪ੍ਰੀਤ-ਮਿਲਣੀ’ ਉੱਤੇ ਆਉਣ
ਦਾ ਸੱਦਾ ਦਿੱਤਾ। ਇਹਨੀਂ ਦਿਨੀਂ ਪ੍ਰੀਤ-ਲੜੀ ਦੀ ਛਪਣ ਗਿਣਤੀ ਸਿਖ਼ਰਾਂ ਉੱਤੇ ਸੀ। ਗੁਰਬਖ਼ਸ਼
ਸਿੰਘ ਦੇ ਵਿਚਾਰਾਂ ਦੇ ਸੂਰਜੀ-ਦਾਇਰੇ ਦੇ ਆਭਾ-ਮੰਡਲ ਦੇ ਕਲਾਵੇ ਵਿੱਚ ਲਿਪਟੇ ਬਹੁਤ ਸਾਰੇ
ਪੰਜਾਬੀ ਲੇਖਕਾਂ ਅਤੇ ਪਾਠਕਾਂ ਸਮੇਤ ਮੈਂ ਵੀ ਓਪਨ ਏਅਰ ਥੀਏਟਰ ਵਿੱਚ ਜਾ ਪੁੱਜਾ। ਧਾਰਮਿਕ
ਦੀਵਾਨਾਂ ਅਤੇ ਰਾਜਸੀ ਜਲਸਿਆਂ ਤੋਂ ਇਲਾਵਾ ਇਹ ਪਹਿਲਾ ਵੱਡਾ ਸਾਹਿਤਕ ਇਕੱਠ ਸੀ ਜਿਸ ਵਿੱਚ
ਮੈਂ ਸ਼ਾਮਲ ਹੋਇਆ ਸਾਂ। ਇਹ ‘ਮਿਲਣੀ’ ਦੋ ਦਿਨ ਚੱਲੀ।
ਇਕੱਠ ਬੜਾ ਵਿਲੱਖਣ ਅਤੇ ਦਿਲਕਸ਼ ਸੀ। ਬਹੁਤੇ ਲੋਕ ਭਾਵੇਂ ਇੱਕ ਦੂਜੇ ਦੇ ਜਾਣ-ਪਛਾਣ ਵਾਲੇ
ਨਹੀਂ ਸਨ ਪਰ ਫ਼ਿਰ ਵੀ ਇੱਕ ਦੂਜੇ ਨਾਲ ਅਪਣੱਤ ਦੇ ਰਿਸ਼ਤੇ ਵਿੱਚ ਬੱਝੇ ਹੋਏ ਸਨ। ਗੁਰਬਖ਼ਸ਼
ਸਿੰਘ ਦੇ ਮਾਧਿਅਮ ਰਾਹੀਂ; ਅਗਾਂਹਵਧੂ ਵਿਚਾਰਾਂ ਦੀ ਆਪਸੀ ਸਾਂਝ ਦੇ ਮਾਧਿਅਮ ਰਾਹੀਂ। ਦੋ
ਦਿਨ ਅਤੇ ਵਿਚਾਕਰਲੀ ਇੱਕ ਰਾਤ ਚੱਲੇ ਸਮਾਗ਼ਮ ਦਾ ਅਜਬ ਸਾਹਿਤਕ ਅਤੇ ਕਲਾਤਮਕ ਮਾਹੌਲ ਸੀ।
ਤਕਰੀਰਾਂ, ਡਰਾਮੇ ਅਤੇ ਕਵਿਤਾਵਾਂ। ਤਿੱਖੇ, ਟੁੰਬਵੇਂ ਅਤੇ ਕਲਾਮਈ ਬੋਲਾਂ ‘ਤੇ ਤਾੜੀਆਂ ਦੀ
ਗੜਗੜਾਹਟ ਗੂੰਜਦੀ। ਲੋਕ ਕੀਲੇ ਹੋਏ ਸਨ। ਮਾਂਦਰੀ ਸੀ ਗੁਰਬਖ਼ਸ਼ ਸਿੰਘ, ਜਿਸ ਨੇ ਏਨਾ ਵੱਡਾ
ਇਕੱਠ ਜੋੜ ਲਿਆ ਸੀ। ਪ੍ਰੀਤ-ਘਰ ਅਤੇ ਮਿੱਤਰ-ਮੰਡਲ ਬਨਾਉਣ ਦੀਆਂ ਵਿਚਾਰਾਂ ਹੋ ਰਹੀਆਂ ਸਨ।
ਦੇਸ਼ ਦੇ ਸਮਾਜੀ ਸਿਆਸੀ ਮਾਹੌਲ ਤੋਂ ਪ੍ਰਭਾਵਿਤ ਅਗਾਂਹਵਧੂ ਲੋਕ ਅਜਿਹੇ ਵਿਚਾਰ ਵੀ ਪੇਸ਼ ਕਰ
ਰਹੇ ਸਨ ਜਿਨ੍ਹਾਂ ਤੋਂ ਲੱਗਦਾ ਪਿਆ ਸੀ ਕਿ ਪ੍ਰੀਤ-ਘਰ ਅਤੇ ਮਿੱਤਰ-ਮੰਡਲ ਬਨਾਉਣ ਦਾ ਚਾਰਾ
ਵੀ ਚੰਗੀ ਗੱਲ ਹੈ, ਪਰ ਸਮਾਜ ਅਤੇ ਜ਼ਿੰਦਗੀ ਨੂੰ ਬਦਲਣ ਲਈ ਇਸ ਤੋਂ ਅੱਗੇ ਜਾਣ ਦੀ ਵੀ ਲੋੜ
ਹੈ।
ਲੋਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਦੇਣ ਨੂੰ ਸਤਿਕਾਰਦੇ ਸਨ ਪਰ ਉਹਨਾਂ ਨੂੰ ਲੱਗਣ ਲੱਗ ਪਿਆ
ਸੀ ਕਿ ਗੁਰਬਖ਼ਸ਼ ਸਿੰਘ ਇੱਕ ਖ਼ਾਸ ਉਮਰ ਤੱਕ ਅਤੇ ਖ਼ਾਸ ਹੱਦ ਤੱਕ ਹੀ ਪ੍ਰੇਰਿਤ ਅਤੇ ਪ੍ਰਭਾਵਿਤ
ਕਰਦਾ ਹੈ। ਉਹ ਚਾਹੁੰਦੇ ਸਨ ਕਿ ਜ਼ਿੰਦਗੀ ਨੂੰ ਬਦਲਣ ਲਈ ਖ਼ਾਸ ਹੱਦ ਤੋਂ ਪਾਰ ਜਾਣ ਦੀ ਵੀ ਲੋੜ
ਸੀ। ਇਸ ਸਮਾਗਮ ਵਿੱਚ ਜਿਹੜਾ ਬੁਲਾਰਾ ਇਹੋ ਜਿਹੇ ਵਿਚਾਰ ਪ੍ਰਗਟ ਕਰਦਾ ਉਹਨੂੰ ਵਧੇਰੇ
ਹੁੰਗਾਰਾ ਮਿਲਦਾ। ਰਾਤ ਦੇ ਸਮਾਗ਼ਮ ਵਿੱਚ ਪਹਿਲੀ ਵਾਰ ਗੁਰਸ਼ਰਨ ਸਿੰਘ ਨੂੰ ‘ਭਾਈ ਮੰਨਾ ਸਿੰਘ’
ਦੇ ਰੂਪ ਵਿੱਚ ਵੇਖਿਆ। ਉਹਦੇ ਅੰਦਾਜ਼ ਅਤੇ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਬਹੁਤ ਡੂੰਘੀ ਤਰ੍ਹਾਂ
ਪ੍ਰਭਾਵਿਤ ਕੀਤਾ। ਇਹਨਾਂ ਛੋਟੇ ਨਾਟਕਾਂ ਵਿੱਚ ਸਥਾਪਤ ਨਜ਼ਾਮ ਉੱਤੇ ਕਾਟਵਾਂ ਵਿਅੰਗ ਸੀ ਜੋ
ਗੁਰਬਖ਼ਸ਼ ਸਿੰਘ ਅਤੇ ਉਸਦੀ ‘ਸਹਿਜ ਸੋਚ’ ਤੋਂ ਅਗਲੀ ਗੱਲ ਸੀ। ਇਹ ‘ਅਗਲੀ ਗੱਲ’ ਲੋਕਾਂ ਨੂੰ
ਚੰਗੀ ਲੱਗੀ।
ਸ਼ਿਵ ਕੁਮਾਰ ਦੀ ਉਦੋਂ ਤੂਤੀ ਬੋਲਦੀ ਸੀ। ਖੱਦਰ ਦੇ ਖੁੱਲ੍ਹੇ ਕੁੜਤੇ ਪਜਾਮੇ ਵਿੱਚ ਤਿੱਲੇ
ਜੜੀਆਂ ਚੱਪਲਾਂ ਪਾਈ ਉਹ ਸਟੇਜ ਉੱਤੇ ਚੜ੍ਹਿਆ ਤਾਂ ਥੀਏਟਰ ਤਾੜੀਆਂ ਨਾਲ ਗੂੰਜ ਉੱਠਿਆ। ਨਸ਼ਈ
ਅੱਖਾਂ ਅਤੇ ਦਰਦ-ਰਿੰਝਾਣੇ ਚਿਹਰੇ ਵਾਲੇ ਸ਼ਿਵ-ਕੁਮਾਰ ਨੇ ਬੜੀ ਨਜ਼ਾਕਤ ਨਾਲ ਹੱਥ ਉਠਾ ਕੇ ਬੋਲ
ਚੁੱਕੇ:
ਨਹਿਰੂ ਦੇ ਵਾਰਸੋ ਸੁਣੋ ਆਵਾਜ਼ ਹਿੰਦੋਸਤਾਨ ਦੀ!
ਗਾਂਧੀ ਦੇ ਪੂਜਕੋ ਸੁਣੋ ਆਵਾਜ਼ ਹਿੰਦੋਸਤਾਨ ਦੀ!
ਸੁਣੋ ਸੁਣੋ ਇਹ ਬਸਤੀਆਂ ਦੇ ਮੋੜ ਕੀ ਨੇ ਆਖਦੇ
ਬੀਮਾਰ ਭੁੱਖੇ ਦੇਸ਼ ਦੇ ਇਹ ਲੋਕ ਕੀ ਨੇ ਆਖਦੇ
ਕਿਉਂ ਸੁਰਖ਼ੀਆਂ ‘ਚੋਂ ਉੱਗਦੇ ਨੇ ਰੋਜ਼ ਸੂਹੇ ਹਾਦਸੇ
ਉਹਦੀ ਹਰੇਕ ਸਤਰ ਉੱਤੇ ਤਾੜੀਆਂ ਦੇ ਨਾਲ ‘ਵਾਹ! ਵਾਹ!’ ਦੀਆਂ ਆਵਾਜ਼ਾਂ ਉੱਠ ਰਹੀਆਂ ਸਨ। ਸ਼ਿਵ
ਕੁਮਾਰ ਨੇ ਰੁਕ ਕੇ ਕਿਹਾ, “ਇਹ ਨਜ਼ਮ ਹਾਲ ਹੀ ਵਿੱਚ ਪ੍ਰੀਤ-ਲੜੀ ਵਿੱਚ ਛਪੀ ਹੈ ਪਰ ਮੇਰੇ
ਵੀਰ ਨਵਤੇਜ ਨੇ ਇਸਦੀਆਂ ਕੁੱਝ ਸਤਰਾਂ ਪ੍ਰੀਤ-ਲੜੀ ਵਿੱਚ ਨਹੀਂ ਛਾਪੀਆਂ…ਉਹਨਾਂ ਦੀ
ਮਜਬੂਰੀ……ਪਰ ਉਹ ਸਤਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ……”
ਲੋਕ ਕੁਰਸੀਆਂ ਦੀਆਂ ਢੋਹਾਂ ਛੱਡ ਕੇ ਅੱਗੇ ਝੁਕ ਗਏ……ਸ਼ਿਵ ਕੁਮਾਰ ਦੇ ਬੋਲ ਸੁਣਨ ਲਈ। ਉਹਦੀ
ਉੱਚੀ ਹੇਕ ਰਾਤ ਦੇ ਹਨੇਰਿਆਂ ਨੂੰ ਚੀਰ ਗਈ।
ਨਹਿਰੂ ਦੇ ਵਾਰਸੋ ਤੁਸਾਂ ਜੇ ਇਹ ਆਵਾਜ਼ ਨਾ ਸੁਣੀ
ਤਾਂ ਇਹ ਆਵਾਜ਼ ਤੁਹਾਡਿਆਂ ਮਹਿਲਾਂ ਨੂੰ ਸਾੜ ਜਾਵੇਗੀ।
ਗਾਂਧੀ ਦੇ ਪੂਜਕੋ ਤੁਸਾਂ ਜੇ ਇਹ ਆਵਾਜ਼ ਨਾ ਸੁਣੀ
ਤਾਂ ਇਹ ਆਵਾਜ਼ ਖ਼ੂਨ ਦੀ ਹਵਾੜ ਲੈ ਕੇ ਆਵੇਗੀ।
ਲੋਕਾਂ ਦੇ ਸ਼ਾਬਾਸ਼ ਦਿੰਦੇ ਹੱਥ ਉੱਚੇ ਉੱਠ ਕੇ ਅਸਮਾਨ ਵੱਲ ਖੁੱਲ੍ਹ ਗਏ। ਤਾੜੀਆਂ ਦੀ
ਗੜਗੜਾਹਟ ਨਾਲ ਚੁਫ਼ੇਰਾ ਗੂੰਜ ਉੱਠਿਆ। ਸ਼ਿਵ-ਕੁਮਾਰ ਜਿਹਾ ‘ਬਿਰਹਾ ਦਾ ਸ਼ਾਇਰ’ ਵੀ ਬਗ਼ਾਵਤ ਦੀ
ਆਵਾਜ਼ ਬੁਲੰਦ ਕਰ ਰਿਹਾ ਸੀ। ਲੋਕ ਇਹੋ ਜਿਹੀ ਆਵਾਜ਼ ਹੀ ਸੁਣਨਾ ਚਾਹੁੰਦੇ ਸਨ। ਤੁਰਸ਼ ਅਤੇ
ਤਿੱਖੀ। ਇਹ ਆਵਾਜ਼ ਉਹਨਾਂ ਦੇ ਦਿਲ ਦੀ ਆਵਾਜ਼ ਸੀ। ਉਹਨਾਂ ਦੀ ਆਪਣੀ ਆਵਾਜ਼। ਭਾਰਤ ਦੇ ਦੱਬੇ
ਕੁਚਲੇ ਲੋਕਾਂ ਦੀ ਸਥਾਪਤ ਤਾਕਤਾਂ ਵਿਰੁੱਧ ਰੋਹ ਭਰੀ ਬੁਲੰਦ ਆਵਾਜ਼।
ਲੋਕ ਗੁਰਬਖ਼ਸ਼ ਸਿੰਘ ਦੇ ਦੇਣਦਾਰ ਵੀ ਸਨ ਪਰ ਉਸ ਤੋਂ ਕੁੱਝ ਵਡੇਰੀ ਅਤੇ ਤਿੱਖੀ ਅਗਵਾਈ ਦੀ
ਮੰਗ ਕਰ ਰਹੇ ਸਨ। ਜਸਵੰਤ ਸਿੰਘ ਕੰਵਲ ਉਸ ਮਿਲਣੀ ਤੇ ਆਇਆ ਪਰ ਪਿਛਲੀਆਂ ਕੁਰਸੀਆਂ ‘ਤੇ ਬੈਠਾ
ਰਿਹਾ। ਨਵਤੇਜ ਵੱਲੋਂ ਸਟੇਜ ਉੱਪਰ ਅਨਾਊਂਸ ਕਰਨ ਅਤੇ ਵਾਰ ਵਾਰ ਬੇਨਤੀ ਕਰਨ ਉੱਤੇ ਵੀ ਉਹ
ਅਗਲੀਆਂ ਕੁਰਸੀਆਂ ‘ਤੇ ਨਾ ਆਇਆ। ਉਹਦਾ ਅੱਗੇ ਆ ਕੇ ਨਾ ਬੈਠਣਾ ਵੀ ਲੋਕਾਂ ਨੇ ਗੁਰਬਖ਼ਸ਼ ਸਿੰਘ
ਦੇ ਫ਼ਲਸਫ਼ੇ ਤੋਂ ਟੇਢ ਵੱਟਣ ਤੁਲ ਸਮਝਿਆ। ਮੇਰੇ ਲਾਗੇ ਬੈਠੇ ਕਿਸੇ ਵਿਅਕਤੀ ਨੇ ਕਿਹਾ।
“ਉਹ ਇਨਕਲਾਬੀ ਲੇਖਕ ਹੈ। ਉਹ ਨਹੀਂ ਆਉਂਦਾ ਅੱਗੇ……।”
ਅਗਲੇ ਦਿਨ ਸ: ਸੋਭਾ ਸਿੰਘ ਤੇ ਬਾਬਾ ਸੋਹਣ ਸਿੰਘ ਭਕਨਾ ਨੇ ਗੁਰਬਖ਼ਸ਼ ਸਿੰਘ ਦੇ ਫ਼ਲਸਫ਼ੇ ਦੀ
ਸੀਮਾ ਨਿਰਧਾਰਿਤ ਕਰਦਿਆਂ ਨੌਜਾਵਾਨਾਂ ਨੂੰ ਅੱਗੇ ਆਉਣ ਦਾ ਸੰਦੇਸ਼ ਦਿੱਤਾ। ਬਾਬਾ ਭਕਨਾ ਨੇ
ਕਿਹਾ, “ਸ: ਗੁਰਬਖ਼ਸ਼ ਸਿੰਘ ਜੀ! ਆਪਾਂ ਜੋ ਕਰਨਾ ਤੇ ਜੋ ਦੱਸਣਾ ਸੀ ਉਹ ਕਰ ਲਿਆ ਹੈ ਅਤੇ ਦੱਸ
ਲਿਆ ਹੈ। ਹੁਣ ਆਪਾਂ ਨੌਜਵਾਨਾਂ ਨੂੰ ਅੱਗੇ ਆਉਣ ਦੇਈਏ…ਅਤੇ ਉਹਨਾਂ ਨੂੰ ਕੁੱਝ ਕਰਨ ਦੇਈਏ…”
ਪ੍ਰੀਤ-ਮਿਲਣੀ ਉੱਪਰ ਇਕੱਠੇ ਹੋਏ ਲੇਖਕਾਂ ਅਤੇ ਵਿਦਵਾਨਾਂ ਦੀ ਅਜਿਹੀ ਸੁਰ ਤੋਂ ਪ੍ਰਤੀਤ
ਹੁੰਦਾ ਸੀ ਕਿ ਉਹਨਾਂ ਸਭ ਦੇ ਮਨਾਂ ਵਿੱਚ ਕੁੱਝ ਨਵਾਂ ਕਰ ਗੁਜ਼ਰਨ ਦਾ ਜੋਸ਼ ਸੀ। ਉਹ ਗੁਰਬਖ਼ਸ਼
ਸਿੰਘ ਵਾਂਗ ਸਹਿਜ-ਗਤੀ ਨਾਲ ਨਹੀਂ ਸਗੋਂ ਤੇਜ਼ ਗਤੀ ਨਾਲ ਸਿਆਸਤ ਅਤੇ ਸਮਾਜ ਨੂੰ ਬਦਲਿਆ
ਵੇਖਣਾ ਚਾਹੁੰਦੇ ਸਨ। ਗੁਰਬਖ਼ਸ਼ ਸਿੰਘ ਨੇ ਉਹਨਾਂ ਲਈ ਪੜੁੱਲ ਤਿਆਰ ਕਰ ਦਿੱਤਾ ਸੀ। ਉਹ ਉਸ
ਤੋਂ ਅੱਗੇ ਛਾਲ ਮਾਰਨਾ ਲੋਚਦੇ ਸਨ। ਲੰਮੀ ਛਾਲ ਮਾਰਨ ਦੀ ਕਾਹਲ ਅਤੇ ਲਾਲਸਾ ਨੇ ਪੜੁੱਲ
ਬਨਾਉਣ ਵਾਲੇ ਦਾ ਬਣਦਾ ਮਹੱਤਵ ਹੌਲੀ-ਹੌਲੀ ਅੱਖੋਂ ਓਹਲੇ ਕਰਨਾ ਸ਼ੁਰੂ ਕਰ ਦਿੱਤਾ ਸੀ।
ਮੈਨੂੰ ਵੀ ਲੱਗਣ ਲੱਗਾ ਕਿ ਸਾਨੂੰ ਗੁਰਬਖ਼ਸ਼ ਸਿੰਘ ਦੀ ਬੁੱਕਲ ਵਿਚੋਂ ਬਾਹਰ ਨਿਕਲ ਕੇ
ਰਾਜਨੀਤਕ ਤੇ ਸਮਾਜਕ ਤਬਦੀਲੀ ਲਈ ਮੈਦਾਨ ਵਿੱਚ ਸਰਗਰਮੀ ਨਾਲ ਕੁੱਦਣਾ ਚਾਹੀਦਾ ਹੈ। ਪਰ ਇਹ
ਤਬਦੀਲੀ ਕਿਸੇ ਇਕੱਲੇ-ਕਾਰੇ ਬੰਦੇ ਦੇ ਵੱਸ ਦੀ ਗੱਲ ਤਾਂ ਨਹੀਂ ਸੀ। ਮੈਂ ਤਾਂ ਇਕੱਲਾ ਹੀ
ਸਾਂ। ਕਿਸੇ ਪਾਰਟੀ ਜਾਂ ਜਥੇਬੰਦੀ ਨਾਲ ਮੇਰਾ ਕੋਈ ਸਿੱਧਾ ਨਾਤਾ ਨਹੀਂ ਸੀ। ਅਜਿਹੀ ਤਬਦੀਲੀ
ਪ੍ਰਤੀ ਆਪਣਾ ਆਪ ਸਮਰਪਿਤ ਕਰਨ ਲਈ ਕਿਸੇ ਪਾਰਟੀ ਜਾਂ ਜਥੇਬੰਦੀ ਨਾਲ ਮੇਰਾ ਸੰਬੰਧ ਜੁੜਨਾ
ਚਾਹੀਦਾ ਸੀ। ਹੁਣ ਤੱਕ ਤਾਂ ਜਿਹੜੀ ਜਥੇਬੰਦੀ ਨਾਲ ਮੇਰਾ ਵਾਸਤਾ ਸੀ, ਉਹ ਸੀ ‘ਸਾਹਿਤ-ਕੇਂਦਰ
ਭਿੱਖੀਵਿੰਡ’। ਮੈਂ ਤੇ ਮੇਰੇ ਕੁੱਝ ਮਿੱਤਰਾਂ ਨੇ ਮਿਲ ਕੇ 1967-68 ਵਿੱਚ ਇਹ ਕੇਂਦਰ
ਸਥਾਪਿਤ ਕੀਤਾ ਸੀ। ਮੇਰੇ ਸਾਹਿਤਕ ਸ਼ੌਕ ਵੱਲ ਵੇਖ ਕੇ ਸਾਡੇ ਇਲਾਕੇ ਦੇ ਪਹਿਲਾਂ ਕਦੀ ਸਾਹਿਤ
ਨਾਲ ਜੁੜੇ ਰਹੇ ਬੇਲੀਆਂ ਅੰਦਰ ਮੁੜ ਤੋਂ ਕਵਿਤਾ ਦੇ ਫੁੱਲ ਖਿੜਨੇ ਸ਼ੁਰੂ ਹੋ ਗਏ ਸਨ ਅਤੇ
ਕੁੱਝ ਮਿੱਤਰਾਂ ਦੀ ਰੂਹ ਵਿੱਚ ਬਿਲਕੁਲ ਨਵੀਆਂ ਕਰੂੰਬਲਾਂ ਵੀ ਫੁੱਟ ਪਈਆਂ ਸਨ। ਮੇਰੇ ਪਿੰਡ
ਤੋਂ ਤਿੰਨ ਕੁ ਮੀਲ ਦੂਰ ਭਿੱਖੀਵਿੰਡ ਦੇ ਹਾਈ ਸਕੂਲ ਵਿੱਚ ਅਸੀਂ ਇਸ ਦੀਆਂ ਮਾਸਿਕ
ਇਕੱਤਰਤਾਵਾਂ ਕਰਦੇ। ਆਪਣੀਆਂ ਸਾਹਿਤਕ ਰਚਨਾਵਾਂ ਦਾ ਪਾਠ ਕਰਦੇ ਅਤੇ ਆਮ ਸਾਹਿਤ ਸਭਾਵਾਂ
ਵਾਂਗ ਪੜ੍ਹੀਆਂ ਗਈਆਂ ਰਚਨਾਵਾਂ ਤੇ ਟਿੱਪਣੀਆਂ ਕਰਦੇ।
ਇਸਤੋਂ ਇਲਾਵਾ ਅਸੀਂ ਕੁੱਝ ਸਾਲ ਪਹਿਲਾਂ ਆਪਣੇ ਪਿੰਡ ਵਿੱਚ ‘ਦੇਸ਼-ਭਗਤ ਯਾਦਗਾਰ ਲਾਇਬ੍ਰੇਰੀ’
ਵੀ ਬਣਾਈ ਸੀ। ਬਾਜ਼ਾਰ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਕੇ ਉਸ ਵਿੱਚ ਦਰੀਆਂ ਵਿਛਾ ਦਿੱਤੀਆਂ।
ਕੰਧਾਂ ਨਾਲ ਤਿੰਨ-ਚਾਰ ਬੈਂਚ ਵੀ ਖ਼ਰੀਦ ਕੇ ਰਖਵਾ ਦਿੱਤੇ। ਜਿਸਦਾ ਜੀ ਕਰੇ ਜਿੱਥੇ ਮਰਜ਼ੀ ਬੈਠ
ਕੇ ਪੜ੍ਹੇ। ਇਥੇ ਅਸੀਂ ਰੋਜ਼ ਪੜ੍ਹਨ ਲਈ ਅਖ਼ਬਾਰਾਂ ਅਤੇ ਮੈਗਜ਼ੀਨ ਮੰਗਵਾਉਂਦੇ। ਪ੍ਰਗਤੀਵਾਦੀ
ਸਾਹਿਤਕ-ਧਾਰਾ ਨਾਲ ਸੰਬੰਧਤ ਨਾਵਲ, ਕਹਾਣੀਆਂ ਅਤੇ ਹੋਰ ਪੁਸਤਕਾਂ ਵੀ ਓਥੇ ਰੱਖੀਆਂ। ਇੱਥੇ
ਪਿੰਡ ਦੇ ਲੋਕ ਆ ਕੇ ਬੈਠਦੇ। ਸਾਰੀ ਦਿਹਾੜੀ ਪੰਜ-ਸੱਤ ਪੜ੍ਹਨ ਵਾਲੇ ਬੰਦੇ ਬੈਠੇ ਰਹਿੰਦੇ।
ਆਮ ਤੌਰ ਤੇ ਉਹ ਅਖ਼ਬਾਰਾਂ ਅਤੇ ਮੈਗ਼ਜ਼ੀਨ ਹੀ ਪੜ੍ਹਦੇ ਪਰ ਕੋਈ-ਕੋਈ, ਕਦੀ-ਕਦੀ ਕੋਈ ਕਿਤਾਬ ਵੀ
ਮੰਗ ਕੇ ਲੈ ਜਾਂਦਾ। ਅਸੀਂ ਪਿੰਡ ਦੇ ਨੌਜਵਾਨ ਭਾਵੇਂ ਇਸ ਲਾਇਬ੍ਰੇਰੀ ਦਾ ਕੰਮ-ਕਾਜ ਰਲ-ਮਿਲ
ਕੇ ਹੀ ਚਲਾਉਂਦੇ ਸਾਂ ਪਰ ਇਸਨੂੰ ਕਾਮਯਾਬ ਕਰਨਾ ਮੇਰੀ ਵਿਸ਼ੇਸ਼ ਜ਼ਿਮੇਵਾਰੀ ਸੀ ਕਿਉਂਕਿ ਇਹ
ਲਾਇਬ੍ਰੇਰੀ ਮੇਰੀ ਸਲਾਹ ਅਤੇ ਉੱਦਮ ਨਾਲ ਹੀ ਬਣੀ ਸੀ। ਉਂਜ ਵੀ ਇਹ ਲਾਇਬ੍ਰੇਰੀ ਕਿਉਂਕਿ
ਮੇਰੇ ਘਰ ਦੇ ਬਿਲਕੁਲ ਹੀ ਨਜ਼ਦੀਕ ਸੀ ਇਸ ਕਰਕੇ ਇਸਨੂੰ ਖੋਲ੍ਹਣ ਤੋਂ ਲੈ ਕੇ ਸ਼ਾਮ ਨੂੰ ਬੰਦ
ਕਰਨ ਤੋਂ ਇਲਾਵਾ ਇਸਦੀ ਸਾਂਭ-ਸੰਭਾਲ ਦਾ ਬਹੁਤਾ ਕੰਮ ਮੈਨੂੰ ਹੀ ਕਰਨਾ ਪੈਂਦਾ ਸੀ। ਦੂਜੇ
ਨੌਜਵਾਨਾਂ ਦੀ ਇਹ ਕੋਈ ਘੱਟ ਹਿੰਮਤ ਤਾਂ ਨਹੀਂ ਸੀ ਕਿ ਉਹ ਇਸਦੀ ਸਫ਼ਲਤਾ ਲਈ ਮੇਰਾ ਸਾਥ ਦੇ
ਰਹੇ ਸਨ।
ਸੁਰ ਸਿੰਘ ਵਿੱਚ ‘ਦੇਸ਼-ਭਗਤ ਯਾਦਗਾਰ ਲਾਇਬ੍ਰੇਰੀ’ ਸਥਾਪਤ ਕਰਨ ਦਾ ਵੀ ਇੱਕ ਵਿਸ਼ੇਸ਼ ਪਿਛੋਕੜ
ਸੀ। ਜਿਸ ਸਾਲ ਮੈਂ ਦਸਵੀਂ ਦਾ ਇਮਤਿਹਾਨ ਦੇ ਕੇ ਹਟਿਆ ਸਾਂ ਓਸੇ ਸਾਲ 1961 ਵਿੱਚ ਨਾਨਕ
ਸਿੰਘ ਦਾ ਨਾਵਲ ‘ਇਕ ਮਿਆਨ-ਦੋ ਤਲਵਾਰਾਂ’ ਛਪਿਆ। ਨਾਵਲ ਗ਼ਦਰ-ਲਹਿਰ ਨਾਲ ਸੰਬੰਧਤ ਸੀ। ਮੈਂ
ਇਸਤੋਂ ਪਹਿਲਾਂ ਇਸ ਲਹਿਰ ਬਾਰੇ ਬਿਲਕੁਲ ਨਹੀਂ ਸੀ ਪੜ੍ਹਿਆ-ਸੁਣਿਆ। ਮੇਰੇ ਲਈ ਇਹ ਵੀ ਇੱਕ
ਅਨੋਖੀ ਲੱਭਤ ਸੀ ਕਿ ਇਸ ਲਹਿਰ ਵਿੱਚ ਮੇਰੇ ਹੀ ਪਿੰਡ ਦੇ ਦੋ ਇਨਕਲਾਬੀ ਗ਼ਦਰੀਆਂ, ਪ੍ਰੇਮ
ਸਿੰਘ ਅਤੇ ਜਗਤ ਸਿੰਘ, ਦਾ ਵਿਸ਼ੇਸ਼ ਜ਼ਿਕਰ ਸੀ। ਜਗਤ ਸਿੰਘ ਦਾ ਰੋਲ ਇਸ ਨਾਵਲ ਵਿੱਚ ਕੁੱਝ ਇਸ
ਕਰਕੇ ਵੀ ਵਧੇਰੇ ਸੀ ਕਿਉਂਕਿ ਉਹ ਕਰਤਾਰ ਸਿੰਘ ਸਰਾਭਾ ਨਾਲ ਫਾਂਸੀ ਲੱਗਣ ਵਾਲੇ ਸ਼ਹੀਦਾਂ
ਵਿਚੋਂ ਇੱਕ ਸੀ। ਨਾਵਲ ਪੜ੍ਹ ਕੇ ਜਿੱਥੇ ਮੈਂ ਗ਼ਦਰ-ਲਹਿਰ ਦੀ ਮਹਾਨ ਦੇਣ ਤੋਂ ਜਾਣੂ ਹੋਇਆ
ਓਥੇ ਮੇਰੀ ਹਿੱਕ ਇਸ ਕਰਕੇ ਵੀ ਮਾਣ ਵਿੱਚ ਫੁੱਲੀ ਨਹੀਂ ਸੀ ਸਮਾਉਂਦੀ ਕਿ ਇਸ ਲਹਿਰ ਵਿੱਚ
ਮੇਰੇ ਪਿੰਡ ਦੇ ਸ਼ਹੀਦ-ਸੂਰਮਿਆਂ ਦਾ ਬੜਾ ਉੱਘਾ ਯੋਗਦਾਨ ਸੀ। ਜਗਤ ਸਿੰਘ ਸਾਡੇ ਪਿੰਡ ਦੀ
‘ਲਹੀਆਂ ਦੀ ਪੱਤੀ’ ਵਿੱਚ ਜੰਮਿਆਂ ਪਲਿਆ ਸੀ ਜਦ ਕਿ ਪ੍ਰੇਮ ਸਿੰਘ ਤਾਂ ਸਾਡੀ ਆਪਣੀ ਹੀ ਪੱਤੀ
‘ਚੰਦੂ ਕੀ’ ਦਾ ਜੰਮ-ਪਲ ਸੀ ਅਤੇ ਹੈ ਵੀ ਸੀ ਸਾਡੇ ਬੜੇ ਨਜ਼ਦੀਕੀ ਪਰਿਵਾਰ ਵਿਚੋਂ।
ਮੈਂ ਬਾਪੂ ਹਕੀਕਤ ਸਿੰਘ ਨੂੰ ਜਗਤ ਸਿੰਘ ਤੇ ਪ੍ਰੇਮ ਸਿੰਘ ਅਤੇ ਉਹਨਾਂ ਦੀ ਦੇਸ਼ ਲਈ ਕੀਤੀ
ਕੁਰਬਾਨੀ ਬਾਰੇ ਪੁੱਛਿਆ ਤਾਂ ਉਹਨਾਂ ਦੇ ਫ਼ਾਂਸੀ ਲੱਗਣ ਤੋਂ ਬਿਨਾਂ ਉਸਨੂੰ ਕੋਈ ਬਹੁਤਾ
ਪਤਾ-ਸੁਰ ਨਹੀਂ ਸੀ। ਜਿਹੜੀ ਗੱਲ ਨੇ ਮੈਨੂੰ ਬਹੁਤਾ ਹੀ ਉਦਾਸ ਤੇ ਨਿਰਾਸ਼ ਕੀਤਾ ਉਹ ਸੀ ਉਸਦਾ
ਇਹ ਆਖਣਾ, “ਜਗਤ ਸੁੰਹ ਹੁਰੀਂ ਕਨੇਡਾ ਚੋਂ ਆਏ ਸਨ। ਐਧਰ ਆ ਕੇ ਡਾਕੇ ਡੂਕੇ ਮਾਰਨ ਕਰਕੇ ਫੜੇ
ਗਏ ਤੇ ਫਾਹੇ ਲੱਗੇ ਸਨ।” ਮੈਨੂੰ ਦੁੱਖ ਹੋਇਆ ਕਿ ਸਾਡੇ ਇਹਨਾਂ ਮਹਾਨ ਦੇਸ਼-ਭਗਤਾਂ ਦੀ
ਕੁਰਬਾਨੀ ਦੇ ਰਾਂਗਲੇ ਇਤਿਹਾਸ ਨੂੰ ਕਿਵੇਂ ਲੋਕਾਂ ਸਾਹਮਣੇ ਆਉਣ ਹੀ ਨਹੀਂ ਸੀ ਦਿੱਤਾ ਗਿਆ!
ਉਹਨਾਂ ਦੀ ਦੇਣ ਨੂੰ ਅਸਲੋਂ ਭੁਲਾ ਦਿੱਤਾ ਗਿਆ ਸੀ। ਦੇਸ਼-ਭਗਤਾਂ ਦੀ ਥਾਂ ਉਹਨਾਂ ਦਾ ਬਿੰਬ
ਇੱਕ ਡਾਕੂ ਵਜੋਂ ਲੋਕ-ਮਨਾਂ ਵਿੱਚ ਸਥਾਪਤ ਕਰ ਦਿੱਤਾ ਗਿਆ ਸੀ।
ਸਾਡੇ ਸਕੂਲ ਵਿੱਚ ਦਸਵੀਂ ਜਮਾਤ ਦੇ ਕਮਰੇ ਦੇ ਸਾਹਮਣੇ ਇੱਕ ਵੱਡੀ ਸਾਰੀ ਸੰਗਮਰਮਰ ਦੀ ਸਿਲ਼
ਲੱਗੀ ਹੋਈ ਸੀ, ਜਿਸ ਉੱਤੇ ਪਹਿਲੀ ਵੱਡੀ ਜੰਗ ਵਿੱਚ ਸੌ ਤੋਂ ਉੱਪਰ ਸੁਰ ਸਿੰਘ ਵਾਸੀਆਂ
ਵੱਲੋਂ ਫੌਜ ਵਿੱਚ ਭਰਤੀ ਹੋ ਕੇ ਅੰਗਰੇਜ਼ੀ ਸਰਕਾਰ ਲਈ ਲੜਨ ਦਾ ਹਵਾਲਾ ਦਿੱਤਾ ਹੋਇਆ ਸੀ ਅਤੇ
ਇੱਕ ਫੌਜੀ ਦੇ ਜਾਨ ਕੁਰਬਾਨ ਕਰ ਦੇਣ ਦਾ ਜ਼ਿਕਰ ਵੀ ਸੀ। ਅੰਗਰੇਜ਼ਾਂ ਨੇ ਆਪਣੇ ਲਈ ਲੜਨ
ਵਾਲਿਆਂ ਦੀ ਯਾਦ ਤਾਂ ਤਾਜ਼ਾ ਰੱਖੀ ਸੀ ਪਰ ਆਜ਼ਾਦੀ ਲਈ ਲੜਨ ਵਾਲੇ ਸੂਰਮਿਆਂ ਨੂੰ ਡਾਕੂ ਤੇ
ਚੋਰ ਬਣਾ ਧਰਿਆ ਸੀ! ਮੈਂ ਚਾਹੁੰਦਾ ਸਾਂ ਕਿ ਇਹਨਾਂ ਸੂਰਬੀਰਾਂ ਦੀ ਕੁਰਬਾਨੀ ਸਹੀ ਰੂਪ ਵਿੱਚ
ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ। ਪਿੰਡ ਵਿੱਚ ਉਹਨਾਂ ਦੀ ਯਾਦਗ਼ਾਰ ਵੀ ਸਥਾਪਤ ਹੋਣੀ
ਚਾਹੀਦੀ ਹੈ। ‘ਦੇਸ਼ ਭਗਤ ਯਾਦਗ਼ਾਰ ਲਾਇਬ੍ਰੇਰੀ’ ਦੀ ਸਥਾਪਨਾ ਇਸੇ ਤਾਂਘ ਦਾ ਨਿਮਾਣਾ ਜਿਹਾ
ਯਤਨ ਸੀ। ਕੁੱਝ ਸਾਲ ਪਹਿਲਾਂ ਕਨੇਡਾ ਰਹਿੰਦੇ ਸੂਰਜਜੀਤ ਸਿੰਘ ਸੰਧੂ ਅਤੇ ਪਿੰਡ ਵਾਸੀਆਂ ਦੇ
ਉੱਦਮ ਨਾਲ ਪਿੰਡ ਵਿੱਚ ‘ਦੇਸ਼ ਭਗਤ ਯਾਦਗ਼ਾਰ ਹਾਲ’ ਦੀ ਸਥਾਪਨਾ ਵੀ ਹੋ ਚੁੱਕੀ ਹੈ। ਹਾਲ ਨਾਲ
ਸੰਬੰਧਤ ਟਰੱਸਟ ਲਈ ਸੇਵਾ ਨਿਭਾਉਣ ਵਾਲੇ ਮੈਂਬਰਾਂ ਵਿੱਚ ਮੇਰਾ ਨਾਂ ਵੀ ਸ਼ਾਮਲ ਹੈ।
1961 ਵਿੱਚ ਹੀ ਪਿੰਡ ਦੇ ਕਿਸੇ ਮੇਲੇ ਸਮੇਂ ਨਿਕਲੇ ਧਾਰਮਿਕ ਜਲੂਸ ਵਿਚ, ਜਦੋਂ ਉਸ ਜਲੂਸ ਦਾ
ਪੜਾਅ ਜਗਤ ਸਿੰਘ ਵਾਲੀ ‘ਲਹੀਆਂ ਦੀ ਪੱਤੀ’ ਵਿੱਚ ਹੋਇਆ ਤਾਂ ਮੈਂ ਉਚੇਚਾ ਟਾਈਮ ਲੈ ਕੇ
ਲੋਕਾਂ ਨੂੰ ਆਪਣੇ ਪਿੰਡ ਦੇ ਇਹਨਾਂ ਮਹਾਨ ਦੇਸ਼-ਭਗਤਾਂ ਦੀ ਕੁਰਬਾਨੀ ਬਾਰੇ ਦੱਸਿਆ ਅਤੇ
ਉਹਨਾਂ ਦੀ ਸ਼ਾਨਾਂ-ਮੱਤੀ ਵਿਰਾਸਤ ਦਾ ਗੌਰਵ ਚੇਤੇ ਕਰਵਾਇਆ। ਇਸ ਸਮੇਂ ਤੱਕ ਮੈਂ ਨਾਵਲ ਵਿੱਚ
ਵਿਸ਼ੇਸ਼ ਤੌਰ ਤੇ ਵਰਤੀ ਗਈ ਹਵਾਲਾ-ਪੁਸਤਕ ਜਗਜੀਤ ਸਿੰਘ ਦੀ ਲਿਖੀ ਪੁਸਤਕ ‘ਗ਼ਦਰ ਪਾਰਟੀ ਲਹਿਰ’
ਵੀ ਮੰਗਵਾ ਕੇ ਪੜ੍ਹ ਚੁੱਕਾ ਸਾਂ। ਬੋਲਦਿਆਂ ਹੋਇਆਂ ਉਸ ਪੁਸਤਕ ਦੇ ਹਵਾਲੇ ਨਾਲ ਆਪਣੇ ਪਿੰਡ
ਦੇ ਹੋਰ ਗ਼ਦਰੀ ਯੋਧਿਆਂ ਦਾ ਜ਼ਿਕਰ ਵੀ ਕੀਤਾ; ਜਿਨ੍ਹਾਂ ਨੂੰ ਉਮਰ-ਕੈਦ, ਕਾਲੇ-ਪਾਣੀ ਅਤੇ
ਜਾਇਦਾਦ-ਜ਼ਬਤੀ ਦੀਆਂ ਸਜ਼ਾਵਾਂ ਹੋਈਆਂ ਸਨ। ਕਾਮਾਗਾਟਾ ਮਾਰੂ ਜਹਾਜ਼ ਵਿੱਚ ਗ੍ਰੰਥੀ ਵਜੋਂ ਸੇਵਾ
ਨਿਭਾਉਣ ਵਾਲਾ ਸਾਡੀ ਹੀ ਪੱਤੀ ਦਾ ਬਾਬਾ ਸੁੱਚਾ ਸਿੰਘ ਤਾਂ ਅਜੇ ਵੀ ਜਿਊਂਦਾ ਸੀ, ਜਿਸਦੀ
ਲੱਤ ਉੱਤੇ ਬਜਬਜ ਘਾਟ ਤੇ ਲੱਗੀ ਗੋਲੀ ਦਾ ਨਿਸ਼ਾਨ ਵੀ ਅਜੇ ‘ਜਿਊਂਦਾ-ਜਾਗਦਾ’ ਸੀ।
20 ਦਸੰਬਰ 1968 ਨੂੰ ਬਾਬਾ ਸੋਹਣ ਸਿੰਘ ਭਕਨਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਦੀ
ਮੌਤ ਤੋਂ ਪਿੱਛੋਂ ਮੈਂ ਇੱਕ ਲੇਖ ਲਿਖਿਆ ਜਿਸ ਵਿੱਚ ਉਹਨਾਂ ਦੀ ਬੇਮਿਸਾਲ ਕੁਰਬਾਨੀ ਦਾ ਜ਼ਿਕਰ
ਕਰਦਿਆਂ, ਅੱਜ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁਲਾਉਂਦੇ ਜਾ ਰਹੇ ਨੌਜਵਾਨ ਵਰਗ ਨੂੰ ਕਾਟਵਾਂ
ਤਾਅਨਾ ਮਾਰਿਆ ਅਤੇ ਉਹਨਾਂ ਦੀ ਆਪਣੇ ਇਤਿਹਾਸਿਕ ਨਾਇਕਾਂ ਦੀਆਂ ਕੁਰਬਾਨੀਆਂ ਤੋਂ ਅਣਜਾਣਤਾ
‘ਤੇ ਵਿਅੰਗ ਕੀਤਾ ਸੀ।
ਇਹ ਲੇਖ ‘ਅਜੀਤ’ ਦੇ ਮੁੱਖ-ਪੰਨੇ ‘ਤੇ ਛਪਿਆ। ਇਸਨੂੰ ਪੜ੍ਹ ਕੇ ਇੱਕ ਨੌਜਵਾਨ ਪਾਲ ਸਿੰਘ
ਮੇਰੇ ਕੋਲ ਆਇਆ। ਮੇਰੇ ਲੇਖ ਦੀ ਪ੍ਰਸੰਸਾ ਕੀਤੀ ਅਤੇ ਦੱਸਿਆ ਕਿ ਉਹ ਜਲੰਧਰ ਤੋਂ ਚੱਲ ਰਹੇ
ਇੱਕ ਅਦਾਰੇ ‘ਯੁਵਕ ਕੇਂਦਰ’ ਨਾਲ ਸੰਬੰਧਤ ਹੈ। ‘ਯੁਵਕ ਕੇਂਦਰ’ ਦਾ ਨਿਸ਼ਾਨਾ ਆਪਣੇ
ਆਜ਼ਾਦੀ-ਸੰਗਰਾਮ ਦੇ ਭੁੱਲੇ-ਵਿੱਸਰੇ ਸ਼ਹੀਦਾਂ ਅਤੇ ਯੋਧਿਆਂ ਦੀ ਯਾਦ ਨੂੰ ਲੋਕਾਂ ਦੇ ਮਨਾਂ
ਵਿੱਚ ਤਾਜ਼ਾ ਕਰਨਾ ਹੈ। ਇਸ ਮਕਸਦ ਲਈ ਲਈ ਉਹ ਛੋਟੇ ਛੋਟੇ ਪੈਂਫ਼ਲੈਟ ਛਾਪਦੇ ਸਨ ਜਿਨ੍ਹਾਂ
ਵਿੱਚ ਸ਼ਹੀਦਾਂ ਦੇ ਜੀਵਨ-ਸਮਾਚਾਰ ਅਤੇ ਇਨਕਲਾਬੀ ਇਤਿਹਾਸ ਦੇ ਵੇਰਵੇ ਹੁੰਦੇ। ਕੁੱਝ
ਪੈਂਫ਼ਲੈਟਾਂ ਵਿੱਚ ਬਾਬਾ ਭਕਨਾ ਦੀਆਂ ਲਿਖ਼ਤਾਂ ਸਨ। ਲੋਕਾਂ ਨੂੰ ਆਜ਼ਾਦੀ ਘੁਲਾਟੀਆ ਦੀ ਦੇਣ
ਤੋਂ ਜਾਣੂ ਕਰਵਾਉਣ ਅਤੇ ਸੌਂ ਚੁੱਕੀ ਜਾਂ ਸਵਾ ਦਿੱਤੀ ਗਈ ਇਤਿਹਾਸਕ ਸੂਝ ਨੂੰ ਜਾਗਰਤ ਕਰਨ
ਲਈ ਉਹ ਵੱਖ-ਵੱਖ ਥਾਈਂ ਆਪਣੇ ਛਾਪੇ ਸਾਹਿਤ ਅਤੇ ਸ਼ਹੀਦਾਂ ਦੀਆਂ ਦੁਰਲਭ ਤਸਵੀਰਾਂ ਦੀਆਂ
ਨੁਮਾਇਸ਼ਾਂ ਲਾਉਂਦੇ।
ਜ਼ਾਹਿਰਾ ਤੌਰ ‘ਤੇ ਕਿਸੇ ਕਿਸਮ ਦੀ ਸਿਆਸੀ ਪ੍ਰਤੀਬੱਧਤਾ ਤੋਂ ਨਿਰਲੇਪ ਰਹਿ ਕੇ ਉਹ ਆਪਣੇ
ਇਨਕਲਾਬੀ ਇਤਿਹਾਸ ਨੂੰ ਚੇਤੇ ਕਰਵਾਉਣ ਤੇ ਲੋਕ-ਮਨਾਂ ਵਿੱਚ ਵਸਾਉਣ ਦਾ ਇਤਿਹਾਸਿਕ ਕਾਰਜ ਕਰ
ਰਹੇ ਸਨ। ਇੰਜੀਨੀਅਰਿੰਗ ਕਾਲਜ ਲੁਧਿਆਣੇ ਦਾ ਪ੍ਰੋਫ਼ੈਸਰ ਮਲਵਿੰਦਰਜੀਤ ਸਿੰਘ ਵੜੈਚ ਅਤੇ ਸ਼ਹੀਦ
ਭਗਤ ਸਿੰਘ ਦਾ ਭਣੇਵਾਂ ਜਗਮੋਹਨ ਸਿੰਘ ਉਹਨਾਂ ਦੇ ਆਗੂ ਸਨ। ਪਾਲ ਸਿੰਘ ਨੇ ਮੈਨੂੰ ਆਖਿਆ ਕਿ
ਮੈਂ ਵੀ ਇਸ ਪਵਿੱਤਰ ਫ਼ਰਜ਼ ਨੂੰ ਅਦਾ ਕਰਨ ਵਿੱਚ ਉਹਨਾਂ ਦਾ ਸਾਥ ਦਿਆਂ। ਮੈਨੂੰ ਕੋਈ ਉਜਰ
ਨਹੀਂ ਸੀ। ਉਹ ਤਾਂ ਮੇਰੇ ਹੀ ਮਨ ਦੀ ਗੱਲ ਕਰ ਰਹੇ ਸਨ। ਸਾਹਿਤ ਰਚਨਾ ਤੋਂ ਇਲਾਵਾ ਕੁੱਝ ਹੋਰ
ਸਾਰਥਕ ਕੰਮ ਕਰਨ ਲਈ ਵੀ ਮੈਨੂੰ ਮੰਚ ਮਿਲ ਰਿਹਾ ਸੀ। ਅਸੀਂ ਆਪਣੇ ਆਸੇ ਪਾਸੇ ਦੇ ਪਿੰਡਾਂ
ਵਿੱਚ ਹੋਣ ਵਾਲੇ ਮੇਲਿਆਂ ਅਤੇ ਹੋਰ ਸਮਾਗਮਾਂ ਸਮੇਂ ਇਹ ਨੁਮਾਇਸ਼ਾਂ ਜਾ ਲਾਉਂਦੇ ਅਤੇ ਲੋਕਾਂ
ਨੂੰ ਭੁੱਲੇ-ਵਿਸਰੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਂਦੇ। ਦੱਸਦੇ; ਕਿ ਦੇਸ਼ ਦੀ
ਆਜ਼ਾਦੀ ਦਾ ਇਤਿਹਾਸ ਕੇਵਲ ਓਹੋ ਹੀ ਨਹੀਂ ਜੋ ਕਿਤਾਬਾਂ ਵਿੱਚ ਪੜ੍ਹਾਇਆ ਜਾਂਦਾ ਹੈ ਸਗੋਂ ਇਸ
ਇਤਿਹਾਸ ਨੂੰ ਸਿਰਜਣ ਵਾਲੇ ਅਸਲ ਨਾਇਕ ਤਾਂ ਇਹ ਲੋਕ ਹੀ ਹਨ, ਜਿਨ੍ਹਾਂ ਦਾ ਜ਼ਿਕਰ
ਪਾਠ-ਪੁਸਤਕਾਂ ਵਿੱਚ ਜਾਣ-ਬੁੱਝ ਕੇ ਨਹੀਂ ਆਉਣ ਦਿੱਤਾ ਗਿਆ। ਲੋਕ ਇਹ ਨੁਮਾਇਸ਼ਾਂ ਦੇਖ ਕੇ
ਖ਼ੁਸ਼ ਹੁੰਦੇ ਅਤੇ ਇਹ ਵੀ ਪੁੱਛਦੇ, “ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ?”
ਪਰ ‘ਅਗਲਾ ਪ੍ਰੋਗਰਾਮ’ ਤਾਂ ਸਾਡੇ ਕੋਲ ਕੋਈ ਨਹੀਂ ਸੀ। ਮੈਂ ਵੀ ਇਹ ਅਗਲਾ ਪ੍ਰੋਗਰਾਮ ਲੋੜਦਾ
ਸਾਂ। ਇਹ ਅਗਲਾ ਪ੍ਰੋਗਰਾਮ ਤਾਂ ਕੋਈ ਰਾਜਨੀਤਕ ਪਾਰਟੀ ਹੀ ਦੇ ਸਕਦੀ ਸੀ। ਪਰ ਉਹ ਕਿਹੜੀ
ਪਾਰਟੀ ਸੀ? ਸਿੱਖ ਇਤਿਹਾਸ ਦਾ ਸਰੋਤਾ ਅਤੇ ਪਾਠਕ ਰਿਹਾ ਹੋਣ ਕਰਕੇ ਮੈਨੂੰ ਅਕਾਲੀ ਪਾਰਟੀ ਵੀ
ਚੰਗੀ ਲੱਗਦੀ ਰਹੀ ਸੀ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਕਾਲੀਆਂ ਵੱਲੋਂ ਗੁਰਦੁਆਰਿਆਂ ਦੀ
ਆਜ਼ਾਦੀ ਲਈ ਲਾਏ ਮੋਰਚਿਆਂ ਅਤੇ ਦਿੱਤੀਆਂ ਬੇਮਿਸਾਲ ਕੁਰਬਾਨੀਆਂ ਦਾ ਮੈਂ ਦਿਲੀ ਕਦਰਦਾਨ ਸਾਂ।
ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੜੇ ਅਕਾਲੀਆਂ ਦੇ ਸੰਘਰਸ਼ ਨੇ ਵੀ ਮੇਰਾ ਮਨ ਮੋਹਿਆ ਹੋਇਆ
ਸੀ। ਪਰ ਪਿਛਲੇ ਕੁੱਝ ਸਾਲਾਂ ਵਿੱਚ ਮਾਸਟਰ ਤਾਰਾ ਸਿੰਘ ਅਤੇ ਸੰਤ ਫ਼ਤਹਿ ਸਿੰਘ ਦੇ
‘ਮਰਨ-ਵਰਤ’ ਰੱਖਣ, ਬਿਨਾਂ ਕਿਸੇ ਪ੍ਰਾਪਤੀ ਤੋਂ ਵਰਤ ਤੋੜ ਲੈਣ ਅਤੇ ਅਕਾਲ ਤਖ਼ਤ ਉੱਤੇ
ਅਗਨ-ਕੁੰਡ ਬਣਾ ਕੇ ਸੰਤ ਫ਼ਤਹਿ ਸਿੰਘ ਦੇ ਸੜ-ਮਰਨ ਦੇ ਐਲਾਨਾਂ ਅਤੇ ਡਰਾਮਿਆਂ ਨੇ ਅਕਾਲੀਆਂ
ਦੀ ਮੌਕਾ-ਪ੍ਰਸਤ ਰਾਜਨੀਤੀ ਤੋਂ ਮੇਰਾ ਮਨ ਖੱਟਾ ਕਰ ਦਿੱਤਾ ਸੀ। ਉੱਤੋਂ ਦਰਸ਼ਨ ਸਿੰਘ
ਫੇਰੂਮਾਨ ਦੀ ਕੁਰਬਾਨੀ ਨੇ ਅਕਾਲੀ ਲੀਡਰਾਂ ਦੀ ਮੌਕਾ-ਪ੍ਰਸਤੀ ਦਾ ਪੋਲ ਅਸਲੋਂ ਹੀ ਖੋਲ੍ਹ ਕੇ
ਰੱਖ ਦਿੱਤਾ ਸੀ।
ਮੇਰੇ ਅੰਦਰ ਵਧ ਰਹੀ ਵਿਗਿਆਨਕ ਚੇਤਨਾ ਨੇ ਅਕਾਲੀਆਂ ਅੰਦਰਲੇ ਧਾਰਮਿਕ ਕੱਟੜਵਾਦ ਤੋਂ ਵੀ
ਮੇਰਾ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ ਸੀ। ਕਾਂਗਰਸ ਤਾਂ ਭਲਾ ਕਮਿਊਨਿਸਟਾਂ ਦੇ ਕਥਨ ‘ਗੋਰੇ
ਦੀ ਥਾਂ ਕਾਲਾ ਆਇਆ, ਉਹ ਵੀ ਛੜੀਆਂ ਮਾਰੇ’ ਮੁਤਾਬਕ ‘ਛੜੀਆਂ ਮਾਰਨ ਵਾਲੀ’ ਸਥਾਪਤ ਤਾਕਤ ਸੀ
ਅਤੇ ‘ਬਿਰਲਿਆਂ ਤੇ ਟਾਟਿਆਂ-ਬਾਟਿਆਂ’ ਦੀ ਧਿਰ ਸੀ। ਪੰਜਾਬੀ ਜ਼ਬਾਨ ਦੇ ਆਧਾਰ ‘ਤੇ ਸੂਬਾ
ਬਨਾਉਣ ਤੋਂ ਨਾਂਹ ਕਰਨ ਕਰਕੇ ਕਾਂਗਰਸ ਕਦੀ ਵੀ ਮੇਰੇ ਮਨ ਦੇ ਨੇੜੇ ਨਹੀਂ ਸੀ ਆ ਸਕੀ। ਮੇਰਾ
ਮਨ ਤਾਂ ਦੋਵਾਂ ਕਮਿਊਨਿਸਟ ਪਾਰਟੀਆਂ ਨੂੰ ਹੀ ਆਪਣਾ ਅਤੇ ਚੰਗਾ ਸਮਝਦਾ ਸੀ, ਬਗ਼ੈਰ ਇਹ
ਜਾਣਿਆਂ ਕਿ ਉਹ ਕਿਹੜੀ ਵਿਧੀ ਨਾਲ ਇਨਕਲਾਬ ਲਿਆਉਣ ਦੀਆਂ ਇੱਛੁਕ ਹਨ। ਅਸਲ ਵਿੱਚ ਮੈਂ ਕਿਸੇ
ਸਿਆਣੇ ਕਮਿਊਨਿਸਟ ਦੇ ਸੰਪਰਕ ਵਿੱਚ ਹੀ ਨਹੀਂ ਸਾਂ ਆਇਆ ਜੋ ਮੈਨੂੰ ਦੋਵਾਂ ਪਾਰਟੀਆਂ ਦੇ
ਸਿਧਾਂਤਕ ਵਖਰੇਵੇਂ ਨੂੰ ਸਮਝਾਉਂਦਾ ਅਤੇ ਉਹਨਾਂ ਵਿਚੋਂ ਕਿਸੇ ਇੱਕ ਦੇ ਲੜ ਲਾ ਸਕਦਾ।
ਦੋਵਾਂ ਪਾਰਟੀਆਂ ਦੇ ਆਗੂ ਸਾਡੇ ਪਿੰਡ ਜਲਸੇ-ਡਰਾਮੇ ਕਰਨ ਆਉਂਦੇ, ਆਪਣੇ ਭਾਸ਼ਨ ਦਿੰਦੇ ਅਤੇ
ਚਲੇ ਜਾਂਦੇ। ਸਾਡੇ ਆਪਣੇ ਪਿੰਡ ਵਿੱਚ ਕਮਿਊਨਿਸਟਾਂ ਦੀ ਕੋਈ ਬਹੁਤੀ ਸਾਖ਼ ਨਹੀਂ ਸੀ। ਸਾਡੇ
ਪਿੰਡ ਉਸ ਵੇਲੇ ਤੱਕ ਦੋ ਹੀ ਪ੍ਰਤੀਬੱਧ ਕਾਮਰੇਡ ਸਨ। ਹਰਬੰਸ ਸਿੰਘ ਸੀ ਪੀ ਆਈ ਦਾ ਅਤੇ ਸ਼ੇਰ
ਸਿੰਘ ਸੀ ਪੀ ਐੱਮ ਦਾ। ਦੋਵੇਂ ਹੀ ਅਨਪੜ੍ਹ ਸਨ। ਲੋਕ ਉਹਨਾਂ ਦੀਆਂ ਗੱਲਾਂ ਨੂੰ ਹਾਸੇ ਨਾਲ
ਟਾਲ ਛੱਡਦੇ ਸਨ। ਜਿਸਦੀ ਪਾਰਟੀ ਦਾ ਜਲਸਾ ਹੋਣਾ ਹੁੰਦਾ ਉਸਦੇ ਆਗੂ ਇਹਨਾਂ ਦੋਵਾਂ ਵਿਚੋਂ
ਕਿਸੇ ਇੱਕ ਨੂੰ ਨਾਲ ਲੈ ਕੇ ਬਾਜ਼ਾਰ ਵਿਚੋਂ ਉਗਰਾਹੀ ਕਰਦੇ। ਆਦਰ ਵਜੋਂ ਅਕਸਰ ਰਾਤ ਨੂੰ ਹੋਣ
ਵਾਲੇ ਜਲਸੇ ਮੌਕੇ ਇਹਨਾਂ ਵਿਚੋਂ ਇੱਕ ਨੂੰ ਜਾਂ ਉਹਨਾਂ ਦੀ ਸਲਾਹ ਨਾਲ ਕਿਸੇ ਹੋਰ ਆਮ
ਕਿਰਸਾਣ ਨੂੰ ਪ੍ਰਧਾਨਗੀ ਦੀ ਕੁਰਸੀ ‘ਤੇ ਬਿਠਾ ਲੈਂਦੇ। ‘ਦੇਸ਼ ਭਗਤ ਯਾਦਗਾਰ ਲਾਇਬ੍ਰੇਰੀ’
ਬਨਾਉਣ ਕਰਕੇ ਮੈਂ ਇਹਨਾਂ ਦੋਵਾਂ ਕਾਮਰੇਡਾਂ ਨੂੰ ਹੀ ਆਪਣਾ ਬੰਦਾ ਲੱਗਦਾ ਸਾਂ। ਦੋਵੇਂ ਮੇਰੇ
ਕੰਮ, ਵਿਚਾਰਾਂ ਅਤੇ ਲਗਨ ਦੀ ਪਰਸੰਸਾ ਕਰਦੇ। ਪਰ ਉਹਨਾਂ ਵਿੱਚ ਏਨੀ ਬੌਧਿਕ ਸਮਰੱਥਾ ਹੈ ਹੀ
ਨਹੀਂ ਸੀ ਕਿ ਮੈਨੂੰ ਵਿਚਾਰਧਾਰਕ ਤੌਰ ‘ਤੇ ਬਾਕਾਇਦਾ ਆਪਣੀ ਪਾਰਟੀ ਨਾਲ ਜੋੜ ਸਕਣ ਦੇ ਕਾਬਲ
ਹੁੰਦੇ। ਉਂਜ ਮੈਂ ਉਹਨਾਂ ਦੋਵਾਂ ਦੀ ਸਾਫ-਼ਦਿਲੀ, ਸਾਫ਼-ਗੋਈ ਅਤੇ ਉਮਰ ਭਰ ਕਮਿਊਨਿਸਟ
ਪਾਰਟੀਆਂ ਨਾਲ ਜੁੜੇ ਰਹਿਣ ਦੀ ਪ੍ਰਤੀਬੱਧਤਾ ਦਾ ਕਾਇਲ ਸਾਂ। ਉਹ ਦੋਵੇਂ ਹੀ ਚੰਗੇ ਇਨਸਾਨ ਸਨ
ਪਰ ਉਹਨਾਂ ਜਾਂ ਪਾਰਟੀ ਦੀ ਸੀਮਾ ਸੀ ਕਿ ਉਹ ਆਪਣੇ ਨਾਲ ਹੋਰ ਲੋਕਾਂ ਨੂੰ ਵੱਡੀ ਗਿਣਤੀ ਵਿੱਚ
ਜੋੜਨ ਦੇ ਸਮਰੱਥ ਨਾ ਹੋ ਸਕੇ। ਮੇਰੀ ਕਹਾਣੀ ‘ਭੱਜੀਆਂ ਬਾਹੀਂ’ ਦੇ ਅੰਤ ਉੱਤੇ ਜਿਹੜਾ ਬੁੱਢਾ
ਤੇ ਇਕੱਲਾ ਕਾਮਰੇਡ ਡੰਗੋਰੀ ਫੜ੍ਹ ਕੇ ਤੁਰ ਰਿਹਾ ਹੈ, ਉਸਨੂੰ ਚਿਤਰਦਿਆਂ ਇਹ ਦੋਵੇਂ ਬਜ਼ੁਰਗ
ਕਾਮਰੇਡ ਮੇਰੇ ਜ਼ਿਹਨ ਵਿੱਚ ਸਨ ਜੋ ਚੰਗੀ ਸੋਚ ਦੇ ਹੁੰਦਿਆਂ ਵੀ ਇਕੱਲੇ ਅਤੇ ਪ੍ਰਸੰਗ-ਹੀਣ ਹੋ
ਕੇ ਰਹਿ ਗਏ ਸਨ।
ਕਿਸੇ ਵੀ ਰਾਜਨੀਤਕ ਪਾਰਟੀ ਨਾਲ ਨਾ ਜੁੜਨ ਕਰਕੇ ਮੈਂ ‘ਜ਼ਿੰਦਗੀ ਵਿੱਚ ਕੁੱਝ ਕਰਨ’ ਦੇ ਆਪਣੇ
ਮਕਸਦ ਨੂੰ ਸਾਹਿਤਕ, ਸਮਾਜਕ-ਸਭਿਆਚਾਰਕ ਗਤੀਵਿਧੀਆਂ ਰਾਹੀਂ ਪੂਰਾ ਕਰਨ ਦੀ ਕੋਸ਼ਿਸ਼ ਕਰਦਾ।
ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਜਨਮ ਸ਼ਤਾਬਦੀ ਦੇ ਸਾਲ ਉੱਤੇ ਮੈਂ ਆਪਣੇ
ਪਿੰਡ ਦੇ ਨੌਜਵਾਨਾਂ ਨੂੰ ਇਕੱਠਾ ਕਰ ਕੇ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਦੇ ਬਣਾਏ
‘ਮਿੱਤਰ-ਮੰਡਲ’ ਤੋਂ ਪ੍ਰਭਾਵਿਤ ਹੋ ਕੇ ‘ਗੁਰੂ ਨਾਨਕ ਮਿੱਤਰ-ਮੰਡਲ’ ਨਾਂ ਦੀ ਸੰਸਥਾ ਕਾਇਮ
ਕਰ ਲਈ। ‘ਸ਼ਹੀਦ ਯਾਦਗਾਰ ਲਾਇਬ੍ਰੇਰੀ’ ਤਾਂ ਚੱਲ ਹੀ ਰਹੀ ਸੀ ਪਰ ਮੈਂ ਹੁਣ ਆਪਣੇ ਸਾਥੀਆਂ ਦਾ
ਘੇਰਾ ਚੌੜਾ ਅਤੇ ਵੱਡਾ ਕਰਨਾ ਚਾਹੁੰਦਾ ਸਾਂ। ਚਾਹੁੰਦਾ ਸਾਂ ਕਿ ਪਿੰਡ ਦੇ ਪੜ੍ਹੇ-ਲਿਖੇ
ਨੌਜਵਾਨਾਂ ਦਾ ਵੱਡਾ ਵਰਗ ਸਾਡੇ ਨਾਲ ਜੁੜੇ। ਇਸ ਮਕਸਦ ਲਈ ਗੁਰੂ ਨਾਨਕ ਦਾ ਨਾਂ ਨਾਲ ਜੋੜਨਾ
ਆਮ ਲੋਕਾਂ ਨੂੰ ਆਪਣੇ ਵੱਲ ਖਿੱਚ ਅਤੇ ਜੋੜ ਸਕਦਾ ਸੀ। ਹੁਣ ਤਾਂ ਭਾਵੇਂ ਮੈਂ ਸੁਚੇਤ ਤੌਰ ਤੇ
ਇਸ ਵਿਚਾਰ ਦਾ ਧਾਰਨੀ ਹਾਂ ਕਿ ਕਮਿਊਨਿਸਟਾਂ ਨੇ ਜੇ ਪੰਜਾਬ ਵਿੱਚ ਪੈਰ ਲਾਉਣੇ ਸਨ ਤਾਂ
ਉਹਨਾਂ ਨੂੰ ਪੰਜਾਬ ਦੇ ਇਨਕਲਾਬੀ ਇਤਿਹਾਸ ਨਾਲ ਆਪਣਾ ਸਜਿੰਦ ਨਾਤਾ ਜੋੜਨਾ ਚਾਹੀਦਾ ਸੀ ਪਰ
ਉਦੋਂ ਵੀ ਮੇਰੇ ਅਚੇਤ ਮਨ ਨੂੰ ਇਹ ਲੱਗਦਾ ਸੀ ਕਿ ਗੁਰੂ-ਸਾਹਿਬਾਨ ਦੀ ਪੰਜਾਬ ਦੇ ਇਤਿਹਾਸ
ਨੂੰ ਦਿੱਤੀ ਲਾਸਾਨੀ ਦੇਣ ਨੂੰ ਸਵੀਕਾਰਨ ਤੋਂ ਬਿਨਾਂ ਆਮ ਲੋਕਾਂ ਨੂੰ ਆਪਣੇ ਨਾਲ ਨਹੀਂ
ਜੋੜਿਆ ਜਾ ਸਕਦਾ।
ਇਸਦਾ ਚੰਗਾ ਅਸਰ ਹੋਇਆ। ਹੋਰ ਨੌਜਵਾਨ ਤੇ ਆਮ ਲੋਕ ਵੀ ਸਾਡੇ ਨਾਲ ਜੁੜਨੇ ਸ਼ੁਰੂ ਹੋ ਗਏ।
ਕਰਤਾਰ ਸਿੰਘ ਜੋਸ਼ ਨਾਂ ਦਾ ਬਜ਼ੁਰਗ ਹਾਸੇ ਅਤੇ ਵਿਅੰਗ ਨਾਲ ਮੈਨੂੰ ਆਖਦਾ, “ਵਾਹ ਭਈ! ਗੁਰੂ
ਨਾਨਕ ਦੇ ਸਿੱਖ, ਸ਼ਰਧਾਲੂ ਅਤੇ ਚੇਲੇ ਤਾਂ ਸੁਣੇ ਸਨ; ਹੁਣ ਇਹ ਗੁਰੂ ਨਾਨਕ ਦੇ ‘ਮਿੱਤਰ’ ਵੀ
ਆ ਗਏ ਜੇ!” ਮੈਂ ਉਸਨੂੰ ਉੱਤੋਂ ਹਾਸੇ ਨਾਲ ਪਰ ਅੰਦਰੋਂ ਗੰਭੀਰ ਹੋ ਕੇ ਆਖਦਾ ਕਿ ‘ਉਹਨਾਂ
ਸ਼ਰਧਾਲੂਆਂ ਨੇ ਗੁਰੂ ਨੂੰ ਬਹੁਤ ਉੱਚਾ ਅਤੇ ਦੂਰ ਕਰਕੇ ਆਮ ਲੋਕਾਂ ਲਈ ‘ਅਪਹੁੰਚ’ ਬਣਾ ਛੱਡਿਆ
ਹੈ; ਉਹ ਸੋਚਦੇ ਹਨ ਕਿ ਗੁਰੂ ਵਰਗਾ ਕੇਵਲ ਗੁਰੂ ਹੀ ਹੋ ਸਕਦਾ ਹੈ; ਹੋਰ ਕੋਈ ਨਹੀਂ। ਇਸ ਲਈ
ਉਹ ਗੁਰੂ ਵਰਗਾ ਬਣਨ ਦੇ ਯਤਨ ਹੀ ਛੱਡ ਦਿੰਦੇ ਹਨ ਅਤੇ ਆਮ ਦੁਨਿਆਵੀ ਮੰਡਲਾਂ ਵਿੱਚ ਮੁੜ-ਘਿੜ
ਘੁੰਮਣਾ ਸ਼ੁਰੂ ਕਰ ਦਿੰਦੇ ਹਨ। ਉਹਨਾਂ ਵਿੱਚ ਇਹ ਵਿਸ਼ਵਾਸ ਜਾਂ ਸਵੈ-ਭਰੋਸਾ ਹੀ ਨਹੀਂ ਰਹਿੰਦਾ
ਕਿ ਉਹ ਗੁਰੂ ਦੀ ਸਖ਼ਸੀਅਤ ਦਾ ਕੋਈ ਗੁਣ ਗ੍ਰਹਿਣ ਵੀ ਕਰ ਸਕਦੇ ਹਨ ਅਤੇ ਆਮ ਸਤਹ ਤੋਂ ਉਪਰ ਵੀ
ਉੱਠ ਸਕਦੇ ਹਨ; ਜਦ ਕਿ ਅਸੀਂ ਸਮਝਦੇ ਹਾਂ ਕਿ ਗੁਰੂ ਸਾਡਾ ਆਪਣਾ ਹੈ, ਸਾਡਾ ਪਿਆਰਾ ਸਾਥੀ ਤੇ
ਆਗੂ ਹੈ। ਉਸਨੇ ਸਾਨੂੰ ਸੱਚ ਦਾ ਰਾਹ ਦੱਸਿਆ ਸੀ ਅਤੇ ਇਸ ਰਾਹ ਤੇ ਖੁੱਲ੍ਹੀਆਂ ਅੱਖਾਂ ਨਾਲ
ਤੁਰਨ ਲਈ ਕਿਹਾ ਸੀ। ਨਿਰੋਲ ਸ਼ਰਧਾ ਨਾਲ ਮੁੰਦੀਆਂ ਅੱਖਾਂ ਨੂੰ ਇਹ ਰਾਹ ਦਿਖਾਈ ਨਹੀਂ ਦੇ
ਸਕਦਾ। ਅਸੀਂ ਆਪਣੇ ਗੁਰੂ ਦੇ ਧੰਨਵਾਦੀ ਹਾਂ ਕਿ ਉਸਨੇ ਸਾਨੂੰ ਤੁਰਨ ਲਈ ਰਾਹ ਵੀ ਦੱਸਿਆ ਹੈ
ਅਤੇ ਸੱਚ ਵੇਖਣ ਵਾਲੀ ਅੱਖ ਵੀ ਦਿੱਤੀ ਹੈ।’
ਸੱਚੀ ਗੱਲ ਤਾਂ ਇਹ ਸੀ ਕਿ ਅਸੀਂ ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਚੰਗੀ
ਜੀਵਨ-ਜਾਚ ਦੇ ਲੜ ਲਾਉਣਾ ਚਾਹੁੰਦੇ ਸਾਂ। ਆਪਣੇ ਜਾਨਦਾਰ ਇਤਿਹਾਸ ਤੋਂ ਜਾਣੂ ਕਰਵਾ ਕੇ ਕੁੱਝ
ਚੰਗਾ ਕਰਨ ਲਈ ਪ੍ਰੇਰਿਤ ਕਰਨ ਦੀ ਇੱਛਾ ਰੱਖਦੇ ਸਾਂ ਅਤੇ ਅੰਨ੍ਹੀ ਧਾਰਮਿਕ ਸ਼ਰਧਾ ਤੋਂ ਉੱਪਰ
ਉੱਠ ਕੇ ਵਿਗਿਆਨਕ ਚੇਤਨਾ ਨੂੰ ਅਪਨਾਉਣ ਦੀ ਸੋਝੀ ਦੇਣਾ ਚਾਹੁੰਦੇ ਸਾਂ। ਇਸ ਮਕਸਦ ਲਈ ਅਸੀਂ
ਨਾਟਕ ਵੀ ਖੇਡਦੇ-ਖਿਡਵਾਉਂਦੇ ਰਹੇ। ਆਮ ਲੋਕਾਂ ਵਿੱਚ ਚੌਗਿਰਦੇ ਨੂੰ ਸਾਫ਼ ਰੱਖਣ ਦੀ ਭਾਵਨਾ
ਪੈਦਾ ਕਰਨ ਲਈ ਅਸੀਂ ਹਫ਼ਤੇ ਪਿਛੋਂ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਸਾਫ਼ ਕਰਨ ਦਾ ਉੱਦਮ ਵੀ
ਕਰਦੇ। ਪਹਿਲਾਂ ਤਾਂ ਲੋਕਾਂ ਨੇ ਸਾਡੇ ਇਸ ‘ਖ਼ਬਤ’ ਦਾ ਮਜ਼ਾਕ ਵੀ ਉਡਾਇਆ। ਬਾਪੂ ਹਕੀਕਤ ਸਿੰਘ
ਹੀ ਸਾਡਾ ਮਖੌਲ ਉਡਾਉਂਦਾ, “ਸ਼ਾਬਸ਼ੇ ਭਾਈ ਜਵਾਨੋ! ਹੱਟੀਆਂ ਵਾਲੇ ਆਪਣਾ ਕੂੜਾ ਕੱਠਾ ਕਰ
ਛੱਡਦੇ ਨੇ। ਉਹਨਾਂ ਦੇ ਮਨ ਵਿੱਚ ਹੁੰਦਾ ਹੈ ਕਿ ਚਲੋ ਐਤਵਾਰ ਦੇ ਐਤਵਾਰ ‘ਮਿੱਹਤਰਾਂ’ ਨੇ ਆ
ਕੇ ਸਫ਼ਾਈ ਕਰ ਹੀ ਜਾਣੀ ਹੈ!” ਉਹ ‘ਮਿੱਤਰਾਂ’ ਨੂੰ ‘ਮਿਹਤਰਾਂ’ ਹੀ ਆਖਦਾ। ਪਰ ਕੁੱਝ ਲੋਕਾਂ
ਉੱਤੇ ਇਸ ਦਾ ਚੰਗਾ ਅਸਰ ਹੋਇਆ। ਸਾਡੇ ਵਿਚੋਂ ਬਹੁਤ ਸਾਰੇ ਅਧਿਆਪਕ ਸਨ ਅਤੇ ਹੋਰ
ਨੌਕਰੀ-ਪੇਸ਼ਾ ਲੋਕ ਵੀ। ਇਸ ਲਈ ਲੋਕ ਹੌਲੀ ਹੌਲੀ ਸਾਡੇ ਕੰਮ ਦੇ ਪਰਸੰਸਕ ਬਣਦੇ ਗਏ। ਲੋੜ
ਵੇਲੇ ਉਗਰਾਹੀ ਬੜੀ ਖ਼ੁਸ਼ੀ ਨਾਲ ਦਿੰਦੇ। ਪਿੰਡ ਵਿੱਚ ਸਾਡੀ ਇੱਜ਼ਤ ਵਧ ਗਈ ਸੀ।
-0-
|