ਇਹ
ਜ਼ਿੰਦਗੀ
ਸਮਿਆਂ ਦੀ ਬੁੱਕਲ ਮਾਰ ਕੇ ...
ਦੁਵਿੱਧਾ ਦੀ ਜ਼ਿੰਦਗੀ ਜੀ ਲਈ ।
ਕਾਗਜ਼ ਕੋਰੇ ਰਹਿ ਗਏ
ਕਲਮਾਂ ਨੇ ਸਿਆਈ ਪੀ ਲਈ ।
ਝਖੜਾਂ ਦਾ ਡਾਢਾ ਜ਼ੋਰ ਸੀ
ਪਛਾਣ ਆਪਣੀ ਢਹਿ ਗਈ ।
ਖੜੀ ਇਕ ਚੌਖਾਟ ਹੈ
ਨਿਸ਼ਾਨੀ ਘਰ ਦੀ ਰਹਿ ਗਈ ।
ਚਿਹਰਿਆਂ ਦੀ ਭੀੜ ਹੈ
ਸਭ' ' ਮੈਂ ' ਨੇ ਸਭ 'ਤੂੰ ' ਨੇ ।
ਮੁਸ਼ਕਿਲ ਹੈ ਰਿਸ਼ਤਾ ਜੋੜਣਾ
ਬਿੰਨ ਨਕਸ਼ਾਂ ਸਾਰੇ ਮੂੰਹ ਨੇ ।
ਹੱਦਾਂ ਦੇ ਅੰਦਰ ਜਿੰਦਗੀ
ਲਭਦੀ ਰਹੀ ਹੈ' ' ਆਪ ' ਨੂੰ ।
ਇਹ ਪੁੰਨ ਹੈ ਇਹ ਪਾਪ ਹੈ
ਢੋਂਦੀ ਰਹੀ ਸਰਾਪ ਨੂੰ ।
ਰੰਗਾ ਦਾ ਆਪਣਾ ਸਚ ਹੈ
ਕੱਚਿਆਂ ਦਾ ਵੀ ਰੰਗ ਹੈ ।
ਕਿੰਝ ਜਾਣੀਏ ਤੇਰੇ ਰੰਗ ਨੂੰ
ਝੱਟ ਦੂਰ ਹੈ ਝੱਟ ਸੰਗ ਹੈ ।
ਤਸਵੀਰ ਬਣ ਕੇ ਜਿੰਦਗੀ
ਕੰਧ ਤੇ ਟੰਗੀ ਰਹਿ ਗਈ ।
ਰੰਗ ਫਿੱਕੇ ਪੈ ਗਏ
ਉਮਰਾਂ ਦੀ ਕੈਦ ਸਹਿ ਗਈ ।
ਤੂੰ ਅਤੇ ਮੈਂ
ਜਿਹੜੇ ਰਾਹ ਮੇਰੇ ਘਰ ਵੱਲ ਆਉਂਦੇ ,
ਉਹ ਰਾਹਾਂ 'ਤੇ ਫੁੱਲ ਮੈਂ ਬੀਜੇ ।...
ਮਹਿਕਾਂ ਨੂੰ ਤੂੰ ਸੁੰਗਦਾ ਆਵੀਂ ,
ਭਾਗ ਲਾਵੀਂ ਤੂੰ ਮੇਰੀ ਦਹਿਲੀਜੇ ।
ਤੂੰ ਮਹਿਕਾਂ ਦੇ ਦੇਸ਼ ਤੋਂ ਆਉਣੈ ,
ਫੁੱਲਾਂ ਵਰਗੇ ਰੰਗ ਨੇ ਤੇਰੇ ।
ਮੈਂ ਸੁਣਿਆ ਤੂੰ ਰੁੱਤਾਂ ਬੀਜੇਂ ,...
ਨਿੱਘੀਆਂ ਧੁੱਪਾਂ ਸੰਗ ਨੇ ਤੇਰੇ ।
ਬਣ ਬਦਲੀ ਮੇਰੇ ਵਹਿੜੇ ਵੱਸੀਂ ,
ਤੇਰੇ ਸਦਕੇ ਫੁਲਵਾੜੀ ਲਾਵਾਂ ।
ਫੁਲਕਾਰੀ ਦਾ ਤੇਰਾ ਵਿਛਾਉਣਾ ,
ਭਰ ਬਾਹੀਂ ਮੈਂ ਤੈਨੂੰ ਬਿਠਾਵਾਂ ।
ਬਿੰਨ ਤੇਰੇ ਘਰ ਲੱਗੇ ਕੌੜਾ ,
ਤੂੰ ਨੇੜੇ ਤਾਂ ਮਿੱਠਾ ਘੁਲਦਾ ।
ਸਾਹੀਂ ਵੱਸੇਂ ਘਰ ਵੀ ਵੱਸੇਂ ,
ਘਰ ਵੱਸੇਂ ਤਾਂ ਤੰਨ ਨਹੀਂ ਰੁਲਦਾ ।
ਦੂਰ ਨੇੜ ਦੀਆਂ ਗੱਲਾਂ ਭੁਲ ਕੇ ,
ਬੈਠ ਦਹਿਲੀਜੇ ਮੈਂ ਪਈ ਤੱਕਾਂ ।
ਜੇ ਜਿੰਦਗੀ ਤੋਂ ਲੰਮੀਆਂ ਰਾਹਾਂ ,
ਕਈਂ ਜਨਮ ਮੈਂ ਤੱਕ ਨਾਂ ਥੱਕਾਂ ।
----diljodh@yahoo.com
wisconsin usa
-0-
|