Welcome to Seerat.ca
Welcome to Seerat.ca

ਮੋਈ ਪਤਨੀ ਦਾ ਸਾਮਾਨ

 

- ਉਂਕਾਰਪ੍ਰੀਤ

ਸ਼ਰਧਾਂਜਲੀ ਲੇਖ/ਬਹੁ-ਬਿਧ ਪ੍ਰਤਿਭਾ ਦਾ ਝਲਕਾਰਾ: ਜਗਜੀਤ ਸਿੰਘ ਆਨੰਦ

 

- ਵਰਿਆਮ ਸਿੰਘ ਸੰਧੂ

ਦੋ ਗਜ਼ਲਾਂ

 

- ਮੁਸ਼ਤਾਕ

ਚਾਰ ਗਜ਼ਲਾਂ

 

- ਗੁਰਨਾਮ ਢਿੱਲੋ

ਸਵੈਜੀਵਨੀ (ਭਾਗ-2) ਦਾ ਅਖ਼ਰੀ ਤੋਂ ਪਹਿਲਾ ਕਾਂਡ / 'ਫ਼ਾਦਰ' ਟਰੀਸਾ!

 

- ਇਕਬਾਲ ਰਾਮੂਵਾਲੀਆ

ਮੇਰੀਆਂ ਦੋ ਕਹਾਣੀਆਂ ਦੇ ਬੀਜ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਪੈਰਿਸ ਦਾ ਪਾਣੀ

 

- ਹਰਜੀਤ ਅਟਵਾਲ

ਜਦੋਂ ਨਿੱਕੇ ਹੁੰਦੇ ਸਾਂ

 

- ਗੁਰਮੁਖ ਸਿੰਘ ਮੁਸਾਫਰ

ਟੋਕਰੀ ਦੇ ਸੇਬ

 

- ਪਿਆਰਾ ਸਿੰਘ ਭੋਗਲ

ਜੰਡ, ਜਿਸ ਉੱਤੇ ਤਰਕਸ਼ ਟੰਗ ਕੇ ਸਾਹਿਬਾਂ ਨੇ ਮਾੜੀ ਕੀਤੀ!

 

- ਹਰਨੇਕ ਸਿੰਘ ਘੜੂੰਆਂ

ਹੁੰਦਾ ਨਈਂ ਨਿਆਂ

 

- ਅਮੀਨ ਮਲਿਕ

ਸ਼ੁਕਰ ਐ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਲਾਹੌਰ ਦਿੱਸਿਐ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਪਹੁਤਾ ਪਾਂਧੀ (ਟੂ)

 

- ਰਿਸ਼ੀ ਗੁਲਾਟੀ

ਕਾਮਰੇਡ ਗੁਰਦਿਆਲ ਸਿੰਘ ਡਾਲ਼ਾ

 

- ਸੁਦਾਗਰ ਬਰਾੜ ਲੰਡੇ

ਸਮਾਜਿਕ ਵੰਡੀਆਂ ਲਈ ਯੋਗ ਨੂੰ ਬਣਾਇਆ ਜਾ ਰਿਹਾ ਹੈ ਮਾਧਿਅਮ

 

- ਹਰਜਿੰਦਰ ਗੁੱਲਪੁਰ

ਦੋ ਕਵਿਤਾਵਾਂ

 

- ਅਮਰਜੀਤ ਟਾਂਡਾ

ਕਵਿਤਾ / ਪਿਆਰ ਦਾ ਸਫ਼ਰ

 

- ਸੁਖਵਿੰਦਰ ਕੌਰ 'ਹਰਿਆਓ'

ਕਦੇ ਵਿਰਸਾ ਵੀ ਮਰਿਆ ਜਿੰਨਾ ਚਿਰ ਬਾਪੂ ਵਰਗੇ ਜਿਉਂਦੇ ਆ।

 

- ਕਰਨ ਬਰਾੜ

ਬੂਟਾ ਸਿੰਘ ਰਫਿਊਜੀ

 

- ਬਾਜਵਾ ਸੁਖਵਿੰਦਰ

ਟੈਕਸੀਨਾਮਾ

 

- ਬਿਕਰਮਜੀਤ ਸਿੰਘ ਮੱਟਰਾਂ

ਬਾਬਾ ਬਖਤੌਰ ਸਿੰਓਂ ਦੀ ਸੱਥ ਤੋਂ...

 

- ਕਮਲਜੀਤ ਮਾਂਗਟ

 

Online Punjabi Magazine Seerat

ਸਵੈਜੀਵਨੀ (ਭਾਗ-2) ਦਾ ਅਖ਼ਰੀ ਤੋਂ ਪਹਿਲਾ ਕਾਂਡ
'ਫ਼ਾਦਰ' ਟਰੀਸਾ!
- ਇਕਬਾਲ ਰਾਮੂਵਾਲੀਆ

 

1986 ਦੇ ਅਕਤੂਬਰ ਦੀ ਛੇ ਤਾਰੀਖ ਸੀ: ਦਿਨ ਵਾਲ਼ੇ ਡਰਾਈਵਰ ਨੇ ਤੜਕੇ ਚਾਰ ਵਜੇ ਸ਼ੁਰੂ ਕੀਤੀ ਸ਼ਿਫ਼ਟ ਦਾ ਭੋਗ ਪਾ ਕੇ, ਤ੍ਰਕਾਲ਼ੀਂ ਚਾਰ ਵਜੇ ਤੋਂ ਪਹਿਲਾਂ-ਪਹਿਲਾਂ ਸਾਡੇ ਮਾਲਟਨ ਵਾਲ਼ੇ ਟਾਊਨ-ਹਾਊਸ ਦੇ ਸਾਹਮਣੇ ਟੈਕਸੀ ਦੀ 'ਪੀਂਅਅ' ਕਰਾ ਦੇਣੀ ਸੀ: ਅੱਜ ਉਨੱਤੀ ਸਾਲ ਦੀ ਵਿੱਥ 'ਤੇ {ਜੁਲਾਈ, 2015} ਵੀ ਮੇਰੇ ਸੁਪਨਿਆਂ 'ਚ ਗੇੜਾ ਮਾਰਦਾ ਰਹਿੰਦਾ ਹੈ ਮਾਲਟਨ ਵਾਲ਼ਾ ਸਾਡਾ ਉਹ ਨਿੱਕਾ-ਜਿਅ੍ਹਾ ਟਾਊਨ-ਹਾਊਸ, ਜਿਸਦੇ ਮਾਲਕ ਬਣਨ ਲਈ ਦਿੱਤੀ ਡਾਊਨ-ਪੇਮੈਂਟ ਵਿੱਚ, ਰੁੱਗ-ਭਰ ਅਸ਼ੀਰਵਾਦ, ਲੱਖੇ ਵਾਲ਼ੇ 'ਜੋਰੇ ਬਾਈ' ਦੇ ਬੈਂਕ ਅਕਾਊਂਟ 'ਚੋਂ ਵੀ ਢੇਰੀ ਹੋਈ ਸੀ!
ਸ਼ਿਫ਼ਟ ਤਾਂ ਮੇਰੀ ਚਾਰ ਵਜੇ ਸ਼ੁਰੂ ਹੋਣੀ ਸੀ, ਪਰ ਕਿੱਥੇ ਟਿਕਣ ਦਿੰਦੀ ਸੀ ਮੈਨੂੰ ਮੇਰੀ ਖ਼ਾਨਦਾਨੀ-ਅਚਵੀ! ਉਹਨੇ ਉਸ ਦਿਨ ਵੀ ਮੈਨੂੰ ਦੋ ਵਜੇ ਹੀ ਸੋਫ਼ੇ ਤੋਂ ਉਠਾਲ਼ ਕੇ ਦੂਜੀ ਫ਼ਲੋਰ ਉੱਤਲੇ ਵਾਸ਼ਰੂਮ ਵੱਲ ਤੋਰ ਦਿੱਤਾ।
ਪਹਿਲੀ ਉਂਗਲ਼ ਨੇ ਸ਼ੇਵਿੰਗ-ਕਰੀਮ ਦੀ ਕੈਨ ਦੇ ਸਿਰ ਉੱਪਰਲੀ ਨੋਜ਼ਲ ਨੂੰ ਦੱਬਿਆ: ਕੈਨ ਦੇ ਨੱਕ 'ਚੋਂ ਪਰਗਟ ਹੋਈ ਝੱਗ ਨੂੰ ਉਡੀਕਦੀ ਸ਼ੇਵਿੰਗ-ਸਟਿਕ ਦੀ 'ਕੁਚਰ-ਕੁਚਰ' ਮੇਰੇ ਜੁਬਾੜਿਆਂ ਅਤੇ ਠੋਡੀ ਨੂੰ ਕੁਤਕਾੜਨ ਲੱਗੀ। ਫ਼ਿਰ ਮੈਂ ਸ਼ਾਵਰ ਦੀ ਰਾਡ ਤੋਂ ਲਟਕਦੇ ਪਲਾਸਟਕੀ ਘੁੰਡ ਦੇ ਦੋਹਾਂ ਪੱਲਿਆਂ ਨੂੰ ਐਨ ਵਿਚਕਾਰੋਂ ਪਾਸਿਆਂ ਵੱਲ ਨੂੰ ਖਿਸਕਾਇਆ। ਅਗਲੇ ਛਿਣਾਂ ਦੌਰਾਨ ਸ਼ਾਵਰ ਦੀ ਕਿਣਮਿਣ ਦਾ ਨਿੱਘ ਮੇਰੇ ਵਾਲ਼ਾਂ ਉੱਪਰ ਬਰਸ ਰਿਹਾ ਸੀ, ਅਤੇ ਗਿੱਲੀ ਹੋ ਗਈ ਸਾਬਣ ਦੀ ਟਿੱਕੀ ਮੇਰੀਆਂ ਉਂਗਲ਼ਾਂ ਉਦਾਲ਼ੇ 'ਚਿਪਚਿਪ' ਲਪੇਟੀ ਜਾ ਰਹੀ ਸੀ! ਮੈਂ ਸੋਚਣ ਲੱਗਾ, ਬੀਤੇ ਤਿੰਨ ਵਰ੍ਹਿਆਂ ਦੌਰਾਨ ਕਿੰਨਾ ਕੁਝ ਮੇਰੇ ਹੱਥਾਂ 'ਚੋਂ ਸਾਬਣ ਦੀ ਇਸ ਗਿੱਲੀ ਟਿੱਕੀ ਵਾਂਗਣ ਹੀ 'ਤਿਲਕ-ਜੂੰ, ਤਿਲਕ-ਜੂੰ' ਕਰਨ ਲੱਗ ਪਿਆ ਸੀ! ਮਨ 'ਚ ਚੀਸ ਉੱਠੀ: ਮੇਰੀਆਂ ਤਲ਼ੀਆਂ ਨੇ ਜੇ ਆਖ਼ਿਰ ਟੈਕਸੀ ਦੇ ਸਟੀਅਰਿੰਗ ਉਦਾਲ਼ੇ ਘਸਣ-ਜੋਗੀਆਂ ਹੀ ਰਹਿ ਜਾਣਾ ਸੀ, ਤਾਂ ਕਾਹਨੂੰ ਕੱਟਣੇ ਸਨ ਲਾਇਬਰੇਰੀਆਂ 'ਚ ਲੰਮੇ-ਲੰਮੇ ਉਨੀਂਦਰੇ? ਤੇ ਕਾਹਨੂੰ ਬੇਆਰਾਮ ਕਰਨਾ ਸੀ ਸ਼ੈਲਫ਼ਾਂ ਉੱਪਰ ਗੂੜ੍ਹੀ-ਨੀਂਦ ਸੁੱਤੇ ਨਾਵਲਾਂ, ਕਹਾਣੀਆਂ ਅਤੇ ਡਰਾਮਿਆਂ ਦੀ ਬਜ਼ੁਰਗੀ ਨੂੰ?
ਜੁਬਾੜਿਆਂ ਉੱਤੇ ਮਲ਼ੀ ਆਫ਼ਟਰ-ਸ਼ੇਵ ਦੀ ਸੁਗੰਧੀ ਨੂੰ ਪੌੜੀ ਦੇ ਪਾਇਦਾਨਾਂ ਉੱਪਰ ਕੇਰਦਾ ਹੋਇਆ ਮੈਂ ਲਿਵਿੰਗਰੂਮ ਵਿੱਚ ਪਏ ਸੋਫ਼ੇ ਵੱਲ ਨੂੰ ਵਧਿਆ: ਕੰਧ ਉੱਪਰਲੇ ਕਲਾਕ ਦੀ ਘੰਟਿਆਂ ਵਾਲ਼ੀ ਸੂਈ ਦੋ ਦੇ ਅੰਕ ਤੋਂ ਰਤਾ ਕੁ ਅੱਗੇ ਖਿਸਕੀ-ਹੋਈ ਸੀ ਤੇ ਮਿੰਟਾਂ ਵਾਲ਼ੀ ਦਾ ਸਿਰਾ ਚਾਰ ਉੱਤੇ।

ਉੱਪਰਲੀ ਫ਼ਲੋਰ ਤੋਂ ਪੌੜੀਆਂ ਉੱਤਰ ਰਹੀ ਠੱਕ-ਠੱਕ ਨੇ ਮੇਰੇ ਸਿਰ ਨੂੰ ਸੱਜੇ ਪਾਸੇ ਵੱਲ ਨੂੰ ਗੇੜ ਲਿਆ: ਸੁਖਸਾਗਰ, ਪੌੜੀ ਦੇ ਸਭ ਤੋਂ ਹੇਠਲੇ ਪਾਏਦਾਨ ਕੋਲ਼ ਖਲੋਤੀ, ਬਲਾਊਜ਼ ਦੀਆਂ ਅਰਧ-ਬਾਹਾਂ ਨੂੰ ਕੂਹਣੀਆਂ ਵੱਲ ਨੂੰ ਖਿੱਚ ਰਹੀ ਸੀ।
-ਚਾਹ ਬਣਾਵਾਂ ਕਿ ਆਪ ਈ ਹਿੰਮਤ ਕਰਲੋਂ ਗੇ? ਉਹ ਆਪਣੇ ਬਲਾਊਜ਼ ਦੀ ਗੁਲਾਬੀਅਤ ਨੂੰ ਕਿਚਨ ਵੱਲ ਨੂੰ ਲਿਜਾਂਦਿਆਂ ਬੋਲੀ!
-ਪਰ ਤੇਅਰੀ ਤਿਆਰੀ ਕਿੱਧਰ ਨੂੰ, ਮੈਡਮ ਜੀ?
-ਪਹਿਲਾਂ ਤਾਂ ਕਿੰਨੂੰ-ਸੁੱਖੀ ਨੂੰ ਸਕੂਲ 'ਚੋਂ ਲੈ ਕੇ ਵੈਸਟਵੁਡ ਮਾਲ 'ਚੋਂ ਗਰੋਸਰੀ ਕਰਨੀ ਐਂ... ਫੇਰ ਉਨ੍ਹਾਂ ਨੂੰ ਮਕਡਾਨਲਡ ਤੋਂ ਬਰਗਰ ਖਵਾਉਣੇ ਐਂ!
ਸੁੱਖੀ-ਕਿੰਨੂੰ: ਮੇਰੇ ਲਈ ਤੇ ਸਾਗਰ ਲਈ 'ਜੌੜੀਆਂ-ਪਕੌੜੀਆਂ' ਤੇ ਮੇਰੇ ਮਿੱਤਰ ਸੁਰਿੰਦਰ ਧੰਜਲ ਲਈ 'ਮੱਕੀ ਦੀਆਂ ਖਿੱਲਾਂ'! ਨੌਂ-ਨੌਂ ਸਾਲ ਦੀਆਂ ਹੋ ਕੇ ਵੀ ਸਾਡੇ ਲਈ ਕੁੱਛੜ ਚੁੱਕਣ ਜੋਗੀਆਂ!
ਸੁਰਿੰਦਰ ਹਾਲੇ ਪਿਛਲੇ ਹਫ਼ਤੇ ਹੀ ਸਾਡੇ ਕੋਲ਼ ਕਈ ਦਿਨ ਗੁਜ਼ਾਰ ਕੇ ਵਾਪਿਸ ਅਲਬਰਟਾ ਪਰਤਿਆ ਸੀ। ਸਾਡੇ ਕੋਲ਼ ਆਪਣੇ ਕਿਆਮ ਦੌਰਾਨ, ਇਕ ਦਿਨ ਐਸੇ ਹੀ ਸੋਫ਼ੇ ਉੱਪਰ ਕਿੰਨੂੰ ਤੇ ਸੁੱਖੀ, ਉਹਨਾਂ ਦੇ ਅੰਗੂਠਿਆਂ ਦੇ ਆਕਾਰ ਦੀਆਂ ਕੰਘੀਆਂ ਨੂੰ, ਆਪਣੀਆਂ ਬਾਰਬੀਆਂ ਦੇ ਵਾਲ਼ਾਂ ਵਿੱਚ ਫ਼ੇਰ ਰਹੀਆਂ ਸਨ, ਤੇ ਧੰਜਲ ਉਹਨਾਂ ਦੀਆਂ ਨਿੱਕੇ-ਨਿੱਕੇ ਫ਼ਿਕਰਿਆਂ ਵਿਚਲੀ ਮਾਸੂਮੀਅਤ ਦੇ ਵਿਚਕਾਰ ਬੈਠਾ, ਉਹਨਾਂ ਨੂੰ ਮੁਖ਼ਾਤਿਬ ਹੋਇਆ ਸੀ: ਕੈਵੀਂ 'ਚ ਹੋ ਗੀਆਂ ਬਈ 'ਮੱਕੀ ਦੀਆਂ ਖਿੱਲਾਂ'?
-ਮੈਂ ਵੀ ਤੀਜੀ 'ਚ ਤੇ ਕਿੰਨੂੰ ਵੀ ਤੀਜੀ 'ਚ!
-ਐਅਡੀਆਂ ਵੱਡੀਆਂ ਹੋ ਗੀਆਂ ਤੁਸੀਂ?
-ਟੂਅ ਮੰਥਜ਼ ਨੂੰ ਸਾਡਾ ਬਰਥਡੇਅ ਐ, ਅੰਕਲ ਜੀ! ਕਿੰਨੂੰ-ਸੁੱਖੀ ਦੀਆਂ ਅੱਖਾਂ ਵਿਚਲਾ ਚਾਅ ਉਹਨਾਂ ਦੇ ਕੰਨਾਂ ਤੋਂ ਉਤਾਹਾਂ, ਖੋਪੜੀ ਦੇ ਐਨ੍ਹ ਨਾਲ਼ ਕਰਕੇ ਗੁੰਦੀਆਂ 'ਫ਼੍ਰੈਂਚ-ਬ੍ਰੇਡਸ' {ਮੀਢੀਆਂ} ਤੀਕਰ ਫੈਲ ਗਿਆ ਸੀ।
-ਬਰਥਡੇਅ? ਧੰਜਲ ਖੱਬੇ-ਸੱਜੇ ਬੈਠੀਆਂ ਕਿੰਨੂ-ਸੁੱਖੀ ਦੇ ਸਿਰਾਂ ਨੂੰ ਥਪਥਪਾਉਣ ਲੱਗਾ ਸੀ। -ਕਿੰਨਵਾਂ ਬਰਥਡੇਅ ਐ ਬਈ ਤੁਹਾਡਾ?
-ਅਸੀਂ 'ਨਾਈਨ' ਯੀਅਰਜ਼ ਦੀਆਂ ਹੋ ਜਾਣੈ ਛੇ ਦਸੰਬਰ ਨੂੰ, ਅੰਕਲ ਜੀ!
-ਅੱਛਾਅਅ? ਧੰਜਲ ਦੀਆ ਨੈਣਗੋਲ਼ੀਆਂ ਪਲਕਾਂ 'ਚੋਂ ਬਾਹਰ ਨਿਕਲਣ ਵਾਲ਼ੀਆਂ ਹੋ ਗਈਆਂ ਸਨ। -ਪਰ ਪਤੈ ਤੁਹਾਨੂੰ ਤੁਹਾਡੇ ਜਨਮ ਨਾਲ਼ ਜੁੜੀ ਇੱਕ ਖ਼ਾਅਸ 'ਹੈਪਨਿੰਗ' ਦਾ?
'ਮੱਕੀ ਦੀਆਂ ਖਿੱਲਾਂ' ਦੀਆਂ ਅੱਖਾਂ ਵਿਚਲੀ ਉਤਸੁਕਤਾ ਧੰਜਲ ਦੇ ਚਿਹਰੇ ਵੱਲੀਂ ਗਿੜ ਗਈ ਸੀ।
-ਦੱਸਿਆ ਨੀ ਕਦੇ ਤੁਹਾਨੂੰ ਮੰਮੀ-ਡੈਡੀ ਨੇ ਕੁਝ, ਤੁਹਾਡੇ ਪਹਿਲੇ ਜਨਮ-ਦਿਨ ਬਾਰੇ?
ਦੋਹਾਂ ਦੇ ਚਿਹਰੇ ਲਮਕਵੇਂ ਅੰਦਾਜ਼ ਵਿੱਚ ਸੱਜੇ-ਖੱਬੇ ਹਿੱਲਣ ਲੱਗ ਪਏ ਸਨ।
-ਤੁਹਾਡਾ ਪਹਿਲਾ ਜਨਮ-ਦਿਨ ਤਾਂ ਅਸੀਂ ਤੁਹਾਡੇ ਜੰਮਣ ਤੋਂ ਚਾਰ ਮਹੀਨੇ ਪਹਿਲਾਂ ਈ ਮਨਾਅ ਲਿਆ ਸੀ!
-ਜੰਮਣ ਤੋਂ ਪਹਿਲਾਂ ਈ ਮਨਾਅ ਲਿਆ ਸੀ ਸਾਡਾ ਜਨਮ-ਦਿਨ? ਹਾ, ਹਾ, ਹਾ, ਹਾ! ਯੂ'ਅਰ ਸੋ ਫੰਨੀ, ਧੰਜਲ ਅੰਕਲ!
-ਮਜ਼ਾਕ ਨੀ ਕਰਦਾ ਮੈਂ, ਸੁੱਖੀ!
-ਪਰ ਬਰਥਡੇਅ ਤਾਂ... ਬਰਥ ਤੋਂ 'ਵਨ ਯੀਅਰ' ਬਾਅਦ ਆਉਂਦੈ, ਅੰਕਲ ਜੀ! ਸਾਨੂੰ ਪਤਾ ਐ, ਯੂ'ਅਰ ਜੋਕਿੰਗ!
-ਪਰ ਪਤੈ ਤੁਹਾਨੂੰ ਕਿੰਨੀ ਲੰਮੀ ਉਡੀਕ ਤੋਂ ਬਾਅਦ ਜੰਮੀਆਂ ਸੀ ਤੁਸੀਂ?
'ਮੱਕੀ ਦੀਆਂ ਖਿੱਲਾਂ' ਆਪਣੀਆਂ ਠੋਡੀਆਂ ਨੂੰ ਪੈਂਡੂਲਮ ਵਾਂਗ ਇੱਕ ਮੋਢੇ ਤੋਂ ਦੂਜੇ ਵੱਲ ਨੂੰ ਹਿਲਾਉਣ ਲੱਗ ਪਈਆਂ ਸਨ।
-ਤੁਹਾਡੇ ਡੈਡੀ-ਮੰਮੀ ਦਾ ਵਿਆਹ ਹੋਇਆ ਸੀ 1971 'ਚ, ਪਰ ਤੁਸੀਂ ਸਾਗਰ ਦੀਦੀ ਦੀ ਗੋਦੀ 'ਚ ਆਈਆਂ ਸੀ 1977 'ਚ; ਮੰਮੀ-ਡੈਡੀ ਦੇ ਵਿਆਹ ਤੋਂ ਛੇ ਸਾਲ ਬਾਅਦ...
-ਅੱਛਾਅ?
-ਮੈਂ ਤੇ ਮੇਰਾ ਇਕ ਦੋਸਤ ਤੁਹਾਡੇ ਡੈਡੀ-ਮੰਮੀ ਨੂੰ ਵੈਨਕੂਵਰ ਤੋਂ ਮਿਲਣ ਆਏ ਸੀ ਅਗਸਤ, 1977 'ਚ। ਉਸ ਦਿਨ ਸ਼ਾਮ ਨੂੰ ਵਿਸ੍ਹਕੀ ਦੀਆਂ ਬੋਤਲਾਂ ਨਾਲ਼ ਤੁਹਾਡਾ ਡੈਡੀ ਦੋ ਦੀ ਥਾਂ ਤਿੰਨ ਗਲਾਸ ਲੈ ਆਇਆ। ਮੈਂ ਇਹਨੂੰ ਕਿਹਾ, ਉਏ ਆਹ ਤੀਜਾ ਗਲਾਸ ਕੀਹਦੇ ਲਈ? ਇਹ ਕਹਿਣ ਲੱਗਾ, ਇਹ ਮੇਅਰੇ ਲਈ ਐ! ਮੈਂ ਮੱਥਾ ਸੁੰਗੋੜ ਕੇ ਪੁੱਛਿਆ, ਪਰ ਫ਼ੋਨ 'ਤੇ ਤੂੰ ਕਹਿੰਦਾ ਸੀ ਬਈ ਤੈਨੂੰ ਤਾਂ ਡਾਕਟਰ ਨੇ ਮਨ੍ਹਾਂ ਕੀਤੀ ਹੋਈ ਐ! ਇਹ ਕਹਿੰਦਾ, ਅੱਜ ਜ਼ਰੂਰ ਪੀਊਂ! ਮੈਂ ਪੁੱਛਿਆ ਕਿਸ ਖੁਸ਼ੀ 'ਚ? ਕਹਿੰਦਾ ਸਾਗਰ ਦੇ ਡਾਕਟਰ ਨੇ ਪਰਦੇ ਨਾਲ਼ ਦੱਸਿਐ ਸਾਨੂੰ ਪਈ ਦੋ ਧੀਆਂ ਜੰਮਣੀਐਂ ਸਾਡੇ ਘਰ, ਫ਼ਰਵਰੀ ਦੇ ਅਖ਼ੀਰ 'ਚ... ਤੇ ਏਸ ਖ਼ੁਸ਼ੀ 'ਚ ਉਸ ਦਿਨ ਤੇਰੀ ਮੰਮੀ ਨੇ ਪਤਾ ਨੀ ਕਿੰਨੇ ਕਿਸਮ ਦੇ ਭੋਜਨ ਟਿਕਾਅ ਦਿੱਤੇ ਸੀ ਡਾਈਨਿੰਗ ਟੇਬਲ ਉੱਤੇ!
***
ਸਾਗਰ ਦਰਵਾਜ਼ਿਓਂ ਬਾਹਰ ਹੋਈ; ਮੇਰੇ ਮੌਰ ਪਿੱਛੇ ਵੱਲ ਨੂੰ ਹਰਕਤ ਕਰ ਕੇ, ਸੋਫ਼ੇ ਦੀ ਢੋਅ ਨਾਲ਼ ਜਾ ਜੁੜੇ। ਦੋਹਾਂ ਹੱਥਾਂ ਦੀਆਂ ਉਂਗਲ਼ਾਂ ਆਪਸ ਵਿੱਚ ਬਗ਼ਲਗੀਰ ਹੋ ਕੇ ਮੇਰੇ ਵਾਲ਼ਾਂ ਨੂੰ ਮੱਥੇ ਲਾਗਿਓਂ ਗਿੱਚੀ ਵੱਲ ਨੂੰ ਪਲ਼ੋਸਣ ਲੱਗੀਆਂ। ਫ਼ਿਰ ਉਹ ਮੇਰੀ ਧੌਣ ਦੇ ਪਿਛਾੜੀ ਸਿਰਹਾਣਾ ਬਣ ਗਈਆਂ: ਹੌਲ਼ੀ-ਹੌਲ਼ੀ ਮੇਰੀਆਂ ਪਲਕਾਂ ਮੇਰੀਆਂ ਨੈਣ-ਗੋਲ਼ੀਆਂ ਨੂੰ ਢਕਣ ਲੱਗੀਆਂ!
ਪਤਾ ਹੀ ਨਾ ਲੱਗਾ ਕਦੋਂ ਪੰਜ ਸਾਲ ਪਹਿਲਾਂ, ਜੂਨ, 1981, ਦੇ ਆਖ਼ਰੀ ਹਫ਼ਤੇ ਦਾ ਉਹ ਦਿਨ, ਮੇਰੀ ਨੀਂਦਰ ਵਿੱਚ ਜਾਗ ਉੱਠਿਆ: ਮੈਂ, ਚਕ, ਟਰੀਸਾ, ਤੇ ਐਲਿਕਸ, ਚੌਹਾਂ ਨੇ, ਕਾਲ਼ੇ ਗਾਊਨਾਂ ਨੂੰ, ਸਾਡੇ ਸਾਂਝੇ ਸਟਡੀ-ਦਫ਼ਤਰ 'ਚ ਲਟਕਾਅ ਦਿੱਤਾ ਸੀ! ਫ਼ਿਰ ਅਗਲਾ ਸੀਨ ਸ਼ੁਰੂ ਹੋ ਗਿਆ: ਚਕ ਅਤੇ ਟਰੀਸਾ ਟੇਬਲ ਦੇ ਦੂਸਰੇ ਪਾਸੇ ਕੁਰਸੀਆਂ ਉੱਪਰ ਬੈਠੇ ਸਨ, ਕਿਸੇ ਪਹਿਲੇ ਸਮਾਗਮ ਦੀਆਂ ਤਸਵੀਰਾਂ ਦੇ ਥੱਬੇ ਉੱਤੇ ਝੁਕੇ ਹੋਏ!
ਵੇਟਰਿਸ ਨੂੰ ਰੈੱਡ ਵਾਈਨ ਦਾ ਆਡਰ ਦੇ ਕੇ ਐਲਿਕਸ ਨੇ ਆਪਣਾ ਪਰਸ ਮੇਰੇ ਬੀਅਰ-ਮਗ ਦੇ ਲਾਗੇ ਟਿਕਾਅ ਦਿੱਤਾ।
-ਆਹ ਸੈਕੰਡ ਮਾਸਟਰਜ਼ ਦੀ ਡਿਗਰੀ ਤਾਂ ਮਿਲ਼ਗੀ ਅੱਜ ਆਪਾਂ ਨੂੰ, ਐਲਿਕਸ, ਪਰ... ਹੁਣ ਅੱਗੇ ਕੀ ਪਲੈਨ ਐ ਤੇਰੀ? ਬੀਅਰ ਦੇ ਘੁੱਟ ਦੀ ਠਾਰੀ ਨੂੰ ਸੰਘੋਂ ਹੇਠਾਂ ਉਤਾਰ ਕੇ ਮੈਂ ਆਪਣੀਆਂ ਨਜ਼ਰਾਂ ਐਲਿਕਸ ਵੱਲ ਘੁੰਮਾਈਆਂ।
ਅੱਖਾਂ ਦੀ ਭੂਰੀਅਤ ਨੂੰ ਤਿਰਛੇ-ਰੁਖ਼ ਮੇਰੇ ਵੱਲ ਘੁੰਮਾਉਂਦਿਆਂ, ਐਲਿਕਸ ਬੋਲੀ: ਅਸੀਂ ਤਾਂ ਤਿੰਨਾਂ ਨੇ ਈ ਬੀ. ਐਡ. ਲਈ ਅਪਲਾਈ ਕਰ'ਤਾ ਸੀ...
-ਬੀ. ਐਡ. ਲਈ? ਪਰ ਕਦੋਂ?
-ਜਨਵਰੀ 'ਚ!
-ਮੈਨੂੰ ਕਿਉਂ ਨੀ ਦੱਸਿਆ ਤੁਸੀਂ! ਮੇਰਾ ਸਿਰ ਸੱਜੇ-ਖੱਬੇ ਫਿਰਨ ਲੱਗਾ। -ਮੈਂ ਵੀ ਤੁਹਾਡੇ ਨਾਲ਼ ਈ ਅਪਲਾਈ ਕਰ ਦਿੰਦਾ!
-ਓ ਹੋਅ! ਉਹਨੇ ਆਪਣੀਆਂ ਪਤਲੀਆਂ-ਪਤਲੀਆਂ ਉਂਗਲ਼ਾਂ ਦੀ ਲੰਬੂਤਰਤਾ ਨੂੰ ਵਾਈਨ-ਗਲਾਸ ਦੇ ਉਦਾਲ਼ੇ ਲਪੇਟ ਦਿੱਤਾ। -ਅਸੀਂ ਤਿੰਨੇ ਤਾਂ ਇਹੀ ਸੋਚਦੇ ਰਹੇ ਪਈ ਇਕਬਾਲ ਤਾਂ... ਡਾਕਟਰਿਟ {ਪੀਐਚ. ਡੀ.} ਵੱਲੀਂ ਜਾਊਗਾ!
-ਕਿੰਨੇ ਸਾਲਾਂ ਦਾ ਐ ਬੀ. ਐਡ. ਦਾ ਪ੍ਰੋਗਰਾਮ, ਐਲਿਕਸ?
-ਹੈ ਤਾਂ ਇੱਕ ਸਾਲ ਦਾ, ਪਰਅਅ...
ਮੇਰੇ ਭਰਵੱਟਿਆਂ ਦੇ ਵਿਚਕਾਰ ਉੱਭਰੀ ਘੁਟਣ ਐਲਿਕਸ ਦੀ 'ਪਰ...' ਦੇ ਅਰਥ ਪੁੱਛਣ ਲੱਗੀ।
-ਪਰ... ਤੇਰੇ ਲਈ ਤਾਂ...ਦੋ ਸਾਲ ਦਾ ਹੀ ਸਮਝ!
ਐਲਿਕਸ ਦੇ ਚਿਹਰੇ ਉੱਤੇ ਟਿਕੀਆਂ ਮੇਰੀਆਂ ਤਿਊੜੀਆਂ ਹੋਰ ਡੂੰਘੀਆਂ ਹੋ ਗਈਆਂ।
-ਉਹ ਇੰਜ ਐ, ਇਕਬਾਲ, ਪਈ ਐਸ ਸਤੰਬਰ 'ਚ ਸ਼ੁਰੂ ਹੋਣ ਵਾਲ਼ੇ ਸੈਸ਼ਨ ਲਈ ਅਪਲਾਈ ਕਰਨ 'ਚ ਤੂੰ ਬਹੁਤ ਲੇਟ ਹੋ ਗਿਆ ਐਂ...ਤੇਰਾ ਇਹ ਸਾਲ ਤਾਂ ਇੱਕ ਤਰ੍ਹਾਂ ਨਾਲ਼...
'ਜ਼ਾਇਆ' ਲਫ਼ਜ਼ ਨੂੰ ਐਲਿਕਸ ਨੇ ਆਪਣੇ ਬੁੱਲ੍ਹਾਂ 'ਚੋਂ ਬੜੀ ਹੀ ਸਿਆਣਪ ਨਾਲ਼ ਕਿਰਨ ਤੋਂ ਰੋਕ ਲਿਆ।
-ਅਗਲੇ ਸਾਲ ਦੇ ਸਤੰਬਰ ਲਈ ਤੂੰ ਜਨਵਰੀ 'ਚ 'ਚ ਈ ਅਰਜ਼ੀਆਂ ਭਰ ਦੇਵੀਂ ਅੱਠ ਦਸ ਯੂਨੀਵਰਸਟੀਆਂ 'ਚ; ਕਿਸੇ ਚੰਗੀ 'ਚ ਦਾਖ਼ਲਾ ਜ਼ਰੂਰ ਮਿਲਜੂ...
-ਅਗਲੇ ਸਾਲ? ਤਸਵੀਰਾਂ ਦੀ ਥਹੀ ਨੂੰ ਪੋਲੀਥੀਨ ਦੇ ਲਫ਼ਾਫ਼ੇ 'ਚ ਉਤਾਰਦਿਆਂ ਚਕ ਬੋਲ ਉੱਠਿਆ। ਨੋ, ਨੋ, ਨੋ!
ਮੇਰੀਆਂ ਅੱਖਾਂ ਚਕ ਦੀਆਂ ਐਨਕਾਂ ਦੇ ਮੋਟੇ ਸ਼ੀਸ਼ਿਆਂ ਤੋਂ ਪਾਰ ਹੋਣ ਦੀ ਕੋਸ਼ਿਸ਼ ਕਰਨ ਲੱਗੀਆਂ।
-ਮੈਂ ਦੇਵਾਂ ਇਕ ਸਲਾਹ ਤੈਨੂੰ, ਇਕਬਾਲ?
ਚਕ ਦੀਆਂ ਐਨਕਾਂ ਵਿੱਚ ਖੁੱਭੀਆਂ ਮੇਰੀਆਂ ਅੱਖਾਂ ਉਸਦੀ ਸਲਾਹ ਦੀ ਉਡੀਕ ਕਰਨ ਲੱਗੀਆਂ।
-ਤੂੰ 'ਹੈਲਾਫ਼ੈਕਸ' ਦੀ ਡਲਹਾਊਜ਼ੀ 'ਯੂਨਾਵਰਸਿਟੀ' ਨੂੰ ਫ਼ੋਨ ਕਰ ਅੱਜ ਈ! ਓਥੇ ਇੱਕ-ਅੱਧੀ ਸੀਟ ਸ਼ਾਇਦ ਐਸੇ ਸਤੰਬਰ ਲਈ ਹੀ ਮਿਲ਼ ਜਾਵੇ!

ਗਰੈਡ ਕਲਬ 'ਚੋਂ ਬਾਹਰ ਨਿੱਕਲ਼ਿਆ ਤਾਂ ਮੇਰੇ ਦਿਮਾਗ਼ 'ਚ ਧੁੰਦ ਬਣ ਰਿਹਾ, ਬੀਅਰ ਦਾ ਸਰੂਰ, ਮੇਰੇ ਨਾਲ਼-ਨਾਲ਼ ਫ਼ਲੈਟ ਵੱਲ ਨੂੰ ਉੱਡਣ ਲੱਗਾ! ਸਰੂਰ ਦੀ ਉਸ ਧੁੰਦ 'ਚ ਇਕ ਪਲ ਤਾਂ ਮੈਂ ਡਲਹਾਊਜ਼ੀ 'ਯੂਨਾਵਰਸਿਟੀ' ਦੇ ਕਲਾਸ-ਰੂਮਾਂ 'ਚ ਬੈਠ ਕੇ ਪ੍ਰੋਫ਼ੈਸਰਾਂ ਦੇ ਲੈਕਚਰ ਸੁਣ ਰਿਹਾ ਹੁੰਦਾ, ਤੇ ਦੂਜੇ ਪਲ ਮੈਨੂੰ ਆਉਣ ਵਾਲ਼ਾ ਪੂਰਾ ਸਾਲ ਮੁਰਦਾ ਹੋ ਗਿਆ ਦਿਸਦਾ, ਤੇ ਟਰਾਂਟੋ ਦੇ ਹੋਟਲਾਂ ਮੂਹਰੇ ਟੈਕਸੀਆਂ ਦੀਆਂ ਕਤਾਰਾਂ 'ਚ, ਮੁਸਾਫ਼ਿਰਾਂ ਨੂੰ ਉਡੀਕਦਿਆਂ, ਮੈਂ 'ਟਰਾਂਟੋ ਸਟਾਰ' ਦੀਆਂ ਸੁਰਖ਼ੀਆਂ ਚਿੱਥ ਰਿਹਾ ਹੁੰਦਾ।

ਫ਼ਲੈਟ 'ਚ ਦਾਖ਼ਲ ਹੋਇਆ, ਤਾਂ ਮੇਰੀ ਜੱਕੋ-ਤੱਕੀ ਨੇ ਫ਼ੋਨ ਦਾ ਰੀਸੀਵਰ ਚੁੱਕ ਲਿਆ।
-ਗੁਡ ਆਫ਼ਟਰਨੂਅ! ਡਲਹਾਊਜ਼ੀ ਯੂਨਾਵਰਸਿਟੀ ਸਪੀਕਿੰਗ! ਅੱਗਿਓਂ ਬਰੀਕ ਜਿਹੀ ਆਵਾਜ਼ ਆਈ।
-ਮੈਂ ਆਂਟੇਰੀਓ ਦੇ ਵਾਟਰਲੂ ਸ਼ਹਿਰ 'ਤੋਂ ਬੋਲ ਰਿਹਾਂ!
-ਹੌ ਲਵਲੀ! ਮੇ ਆਈ ਹੈਲਪ ਯੂ, ਸਰ?
-ਕੋਈ ਸੀਟ ਉਪਲਬਧ ਹੋਵੇਗੀ ਬੀ. ਐਡ. ਦੇ 'ਪ੍ਰੋਗਰੈਮ' 'ਚ?
-ਫ਼ੋਰ ਨੈਕਸਟ ਯੀਅਰ?
-ਨੋ, ਨੋ! ਫ਼ੋਰ ਦਿਸ ਯੀਅਰ; ਆਈ ਮਿਨ ਫ਼ੋਰ ਕਮਿੰਗ ਸੈਪਟੰਬਰ!
-ਟੂਅ ਲੇਟ, ਸਰ! ਐਂਡ, ਮੋਰਓਵਰ, ਡਾਕ ਦੀ ਹੜਤਾਲ਼ ਚੱਲ ਰਹੀ ਐ ਅੱਜ-ਕੱਲ ਸਾਰੇ ਕੈਨੇਡਾ 'ਚ; ਇਸ ਲਈ ਜੇ ਕੋਈ ਸੀਟ ਖ਼ਾਲੀ ਹੋਈ ਵੀ, ਤਾਂ ਅਡਮਿਸ਼ਨ ਲਈ ਐਪਲੀਕੇਸ਼ਨ ਕਿਵੇਂ ਅੱਪੜੂ ਤੇਰੇ ਤੀਕਰ ਵਾਟਰਲੂ 'ਚ?
-ਐਪਲੀਕੇਸ਼ਨ ਕੂਰੀਅਰ ਰਾਹੀਂ ਭੇਜ ਦਿਓ; ਖ਼ਰਚਾ ਮੈਂ ਦੇ ਦੇਵਾਂਗਾ!
-ਓ. ਕੇ.; ਤੂੰ ਆਪਣੀਆਂ ਕੁਆਲੀਫ਼ੇਕਸ਼ਨਜ਼ ਲਿਖਾਅ ਮੈਨੂੰ... ਮੈਂ ਐਜੂਕੇਸ਼ਨ ਫ਼ੈਅਕਲਟੀ ਨਾਲ਼ ਗੱਲ ਕਰ ਲੈਨੀ ਆਂ; ਅਗਰ ਉਥੋਂ 'ਹਾਂ' ਹੋ ਗਈ ਤਾਂ ਮੈਂ ਕੂਰੀਅਰ ਰਾਹੀਂ ਐਪਲੀਕੇਸ਼ਨ ਫ਼ੋਰਮ ਘੱਲ ਦਿਆਂਗੀ!
ਅਗਲਾ ਦਿਨ: ਸਵੇਰੇ ਨੌਂ ਕੁ ਵਜੇ ਹੀ ਟੈਲਾਫ਼ੋਨ ਨੇ ਸੁੱਖੀ ਤੇ ਕਿੰਨੂੰ ਦੀ ਨੀਂਦਰ ਵਿੱਚ 'ਟਰਨ-ਟਰਨ' ਫੇਰ ਦਿੱਤੀ ਸੀ।
-ਹੈਲੋਅ!
-ਦਿਸ ਇਜ਼ ਡਲਹਾਊਜ਼ੀ ਯੂਨੀਵਰਸਿਟੀ; ਮੇ ਆਈ ਸਪੀਕ ਟੂ ਮਿਸਟਰ ਗਿੱਲ, ਪਲੀਜ਼?
***
ਟਾਊਨਹਾਊਸ ਦੇ ਦਰਵਾਜ਼ੇ 'ਤੇ'ਪੀਂਅਅ' ਹੋਈ; ਮੇਰਾ ਸਰੀਰ ਤ੍ਰਭਕਿਆ; ਤੇ ਮੇਰੇ ਸਿਰ ਵਿੱਚ ਉੱਡ ਰਹੇ ਡਲਹਾਊਜ਼ੀ ਯੂਨੀਵਰਸਿਟੀ ਦੇ ਭੁਕਾਨੇ 'ਚ ਤੱਕਲ਼ਾ ਚੁਭ ਗਿਆ। ਭਰਵੀਂ ਉਬਾਸੀ ਨੂੰ ਆਪਣੀ ਤਲ਼ੀ ਦੇ ਹਵਾਲੇ ਕਰ ਕੇ, ਮੈਂ ਪੈਂਟ ਦੀ ਜੇਬ ਵਿੱਚੋਂ ਮੁੱਖ-ਦਰਵਾਜ਼ੇ ਦੀ ਚਾਬੀ ਵਾਲੇ ਛੱਲੇ ਨੂੰ ਟਟੋਲਣ ਲੱਗਾ।

ਗੀਅਰ ਸ਼ਾਫ਼ਟ ਨੂੰ ਡਰਾਈਵ ਵਿੱਚ ਪਾਇਆ; ਸਵੇਰ ਵੇਲ਼ੇ ਕਿੱਲੇ ਤੋਂ ਛੱਡੀ ਹੋਈ ਵਹਿੜਕੀ ਜਿਵੇਂ ਸਿੱਧੀ ਵੱਗ ਵੱਲ ਨੂੰ ਭਜਦੀ ਹੈ, ਮੇਰੀ ਟੈਕਸੀ ਗੋਰਵੇਅ ਡਰਾਈਵ ਤੋਂ ਟਰਨ ਲੈ ਕੇ, ਮੇਰੀ ਨਜ਼ਰ ਨੂੰ ਡੈਰੀ ਰੋਡ ਈਸਟ ਉੱਤੇ ਭਜਾਉਣ ਲੱਗੀ। ਸਟੇਅਰਿੰਗ ਉੱਪਰੋਂ ਦੀ ਸਾਹਮਣੇ ਸੜਕ ਉੱਤੇ ਦੌੜ ਰਹੀ ਮੇਰੀ ਨਜ਼ਰ ਵਿੱਚ ਡਲਹਾਊਜ਼ੀ ਯੂਨੀਵਰਸਿਟੀ ਵੀ ਸ਼ਾਮਲ ਸੀ। ਜਦੋਂ ਨੂੰ ਟੈਕਸੀ ਨੇ ਆਪਣੀ ਬੂਥ ਡਿਕਸਨ ਤੇ ਕਿਪਲਿੰਗ ਦੇ ਕੋਨੇ ਉੱਪਰਲੇ ਗੈਸ ਸਟੇਸ਼ਨ ਦੇ ਪਿਛਲੇ ਪਾਸੇ ਵੱਲ ਨੂੰ ਮੋੜੀ, ਮੈਂ ਹੈਲੀਫ਼ੈਕਸ ਸ਼ਹਿਰ ਦੀ ਡਲਹੌਜ਼ੀ ਯੂਨੀਵਰਸਿਟੀ ਤੋਂ ਡੇਢ ਕੁ ਕਿਲੋਮੀਟਰ ਦੀ ਵਾਟ 'ਤੇ, ਉੱਚਮੰਜ਼ਲੀ ਇਮਾਰਤ `ਚ, ਇਕ ਬੈੱਡਰੂਮ ਦੇ ਫ਼ਰਸ਼ ਨੂੰ, ਤੌਲੀਏ ਨਾਲ਼ ਝਾੜ ਰਿਹਾ ਸਾਂ। ਜਦੋਂ ਨੂੰ ਗੀਅਰ ਸ਼ਾਫ਼ਟ ਨੂੰ ਪਾਰਕ ਵਿੱਚ ਪਾ ਕੇ ਮੈਂ 'ਸੈਲਫ਼' ਦੀ ਚਾਬੀ ਨੂੰ ਖੱਬੇ ਪਾਸੇ ਨੂੰ ਮ੍ਰੋੜਿਆ, ਸੂਟਕੇਸ 'ਚੋਂ ਪਰਗਟ ਹੋ ਕੇ ਫਰਸ਼ ਉੱਤੇ ਵਿਛੀ ਤਲ਼ਾਈ, ਚਾਦਰ ਅਤੇ ਸਿਰਹਾਣੇ ਦੀ ਉਡੀਕ ਕਰਨ ਲੱਗ ਪਈ।
ਕੁਝ ਕੁ ਦਿਨ ਪਹਿਲਾਂ ਹੀ ਯੂਨੀਵਰਸਿਟੀ ਦੀ ਲਾਇਬਰੇਰੀ 'ਚ ਮਿਲ਼ੇ ਬਲਜਿੰਦਰ ਢਿੱਲੋਂ ਨੇ ਆਪਣਾ ਟਿਕਾਣਾ ਬੈੱਡਰੂਮ ਦੇ ਪਿੱਛੇ ਪਾਸੇ ਲਿਵਿੰਗਰੂਮ 'ਚ ਕਰ ਲਿਆ ਸੀ ਜਿੱਥੇ ਉਹਦੀ ਸੰਘਣੀ ਚੁੱਪ, ਉਸਦੀ ਐਮ. ਏ. ਦੇ ਰੀਸਰਚ ਪੇਪਰਾਂ 'ਚ ਜਾਨ ਪਾਉਣ ਲਈ ਕੈਨੇਡਾ ਤੇ ਅਮਰੀਕਾ ਦੇ ਇਤਿਹਾਸ ਦੀਆਂ ਕਿਤਾਬਾਂ ਨੂੰ ਫ਼ਰੋਲ਼ਦੀ ਰਹਿੰਦੀ। ਇਧਰ ਮੇਰੇ ਮੱਥੇ 'ਚ ਬੀ. ਐਡ. ਦੇ ਤੇਰਾਂ 'ਫੁੱਲ' ਕੋਰਸ ਫੁੰਕਾਰੇ ਮਾਰਦੇ ਜਿੰਨ੍ਹਾਂ ਨੂੰ ਮੈਂ ਅੱਠ ਮਹੀਨਿਆਂ ਵਿੱਚ ਕੀਲ ਕੇ ਪਟਾਰੀ 'ਚ ਪਾਉਣਾ ਸੀ।
ਗੈਸ ਸਟੇਸ਼ਨ ਦੀ ਪਿੱਠ ਵਾਲ਼ੀ ਕੰਧ ਕੋਲ਼ ਖਲੋਤੀ ਟੈਕਸੀ ਦੇ ਡਿਸਪੈਚ-ਰੇਡੀਓ ਤੋਂ ਡਿਸਪੈਚਰ ਦੀ ਆਵਾਜ਼ ਮੇਰੇ ਕੰਨਾਂ 'ਚ ਲਗਾਤਾਰ 'ਕਿਚਰ-ਕਿਚਰ' ਹਥਾਉੜ ਰਹੀ ਸੀ, ਪਰ ਮੇਰੀਆਂ ਸੋਚਾਂ 'ਚ ਹੈਲੀਫ਼ੈਕਸ ਵਾਲ਼ੇ ਫ਼ਲੈਟ ਦਾ ਬੈੱਡਰੂਮ ਖੁਲ੍ਹਿਆ ਹੋਇਆ ਸੀ ਜਿੱਥੇ ਬਿਜਲਈ ਅਲਾਰਮ ਦੀ 'ਚਿਰਰਰਰਰਰ' ਮੇਰੇ ਕੰਨਾਂ 'ਚ, ਹਰ ਸਵੇਰ ਸਾਢੇ ਛੇ ਵਜੇ, ਦੁਹਾਈ ਦੇਣ ਲੱਗਦੀ। ਪਲਕਾਂ ਨੂੰ ਮਲ਼ਦੀਆਂ ਮੇਰੀਆਂ ਉਂਗਲ਼ਾਂ, ਅੱਖਾਂ 'ਚੋਂ ਕਿਰਦੇ ਉਂਘਲੇਟੇ ਨੂੰ ਵਾਸ਼ਰੂਮ ਤੀਕ ਕੇਰਦੀਆਂ ਜਾਂਦੀਆਂ। ਸਰੀਰ ਦੀ ਸੁਸਤੀ ਨੂੰ ਸ਼ਾਵਰ ਦੀ ਕਿਣਮਿਣ ਨਾਲ਼ ਟਬ ਦੇ ਹਵਾਲੇ ਕਰ ਕੇ, ਜਦੋਂ ਮੈਂ ਕਿਚਨ 'ਚ ਵੜਦਾ, ਤਾਂ ਮੇਰੇ ਮੱਥੇ 'ਚ ਸੁਖਸਾਗਰ ਬੁੜਬੁੜਾਉਣ ਲਗਦੀ, ਅਠਾਰਾਂ ਸੌ ਕਿਲੋਮੀਟਰ ਦੀ ਦੂਰੀ ਉੱਤੇ , ਵਾਟਰਲੂ ਵਾਲ਼ੇ ਫ਼ਲੈਟ 'ਚ ਮੇਰੀਆਂ ਜੌੜੀਆਂ ਧੀਆਂ ਦੇ ਡਾਇਪਰ ਬਦਲਦੀ ਹੋਈ:
ਮੈਨੂੰ ਤਾਂ ਤੁਹਾਡਾ ਈ ਫ਼ਿਕਰ ਰਹਿਣੈ!
ਕਿਉਂ? ਮੇਰਾ ਕਾਹਦਾ ਫ਼ਿਕਰ?
ਹੈਲੀਫ਼ੈਕਸ ਜਾ ਕੇ ਤੁਸੀਂ ਆਪਣੀ ਸਿਹਤ ਖ਼ਰਾਬ ਕਰ ਲੈਣੀ ਐਂ, ਖਾਣ-ਪੀਣ ਦੀ ਘੌਲ਼ ਕਰ ਕੇ!

ਸਵੇਰ ਵੇਲ਼ੇ ਦੋ ਪੀਲ਼ੀਆਂ ਗਿਰੀਆਂ ਦੀ ਪਿਲਪਿਲ ਉਦਾਲ਼ੇ ਲਿਪਟੀ ਚਿਪਚਿਪੀ, ਪਾਰਦਰਸ਼ੀ ਤਰਲਤਾ, ਆਂਡਿਆਂ ਦੇ ਖੋਲਾਂ ਵਿੱਚੋਂ ਤਿਲਕ ਕੇ, ਚੀਨੀ ਦੇ ਕਟੋਰੇ 'ਚ ਡਿਗਦੀ; ਪਿਆਜ਼ ਅਤੇ ਮਿਰਚਾਂ ਦੇ ਬਰੀਕ-ਬਰੀਕ ਟੁਕੜੇ ਕਟੋਰੇ ਵਿੱਚ ਕਿਰਦੇ; ਅਤੇ ਗੁੱਸੇ 'ਚ ਲਾਲ ਹੋਇਆ ਸਟੋਵ, ਫ਼ਰਾਈਇੰਗ ਪੈਨ ਨੂੰ ਸੱਦਾ ਦੇਣ ਲਗਦਾ। ਬਟਰ ਦੀ ਭਰਵੀਂ ਸਲਾਈਸ, ਸਟੋਵ ਦੀਆਂ ਲਾਲ ਹੋਈਆਂ ਤਿਊੜੀਆਂ ਉੱਪਰ ਅਸਵਾਰ ਹੋਏ ਪੈਨ 'ਚ ਡਿਗਦਿਆਂ ਹੀ, ਆਪਣੀ ਚਿਰੜ-ਚਿਰੜ ਨੂੰ ਪੈਨ ਦੇ ਪੂਰੇ ਤਲ ਉੱਪਰ ਕਾਬਜ਼ ਕਰਾ ਦਿੰਦੀ। ਗਿਣਤੀ ਦੇ ਪਲਾਂ 'ਚ ਹੀ ਲੁਛ-ਲੁਛ ਕਰਦਾ ਆਮਲੇਟ, ਰਾਈ ਬ੍ਰੈੱਡ ਦੀਆਂ ਦੋ ਸਲਾਈਸਾਂ ਵਿਚਕਾਰ ਘੁੱਟਿਆ ਹੁੰਦਾ!
ਆਮਲੇਟ ਤੇ ਚਾਹ ਦੀ ਗਰਮੀ ਗਲ਼ੇ ਤੋਂ ਹੇਠਾਂ ਮੇਹਦੇ ਵੱਲ ਨੂੰ ਹਰਕਤ ਕਰਦੇ, ਤਾਂ ਕਾਊਂਟਰ ਉੱਪਰ ਪਈ ਸਕਾੱਚ ਦੀ ਬੋਤਲ ਖੰਘੂਰਨ ਲਗਦੀ: ਕਿਹਾ ਕਰੇ, ਫੜ ਸੱਜੇ ਹੱਥ ਦੀਆਂ ਉਂਗਲ਼ਾਂ 'ਚ ਖ਼ਾਲੀ ਪਊਆ ਤੇ ਉਹਦੇ ਮੂੰਹ ਨਾਲ਼ ਮੇਰਾ ਮੂੰਹ ਜੋੜ ਕੇ, ਉਗਾਸ ਮੇਰੀ ਪਿੱਠ ਨੂੰ ਛੱਤ ਵੱਲੀਂ।

ਸਵੇਰੇ ਸਾਢੇ ਅੱਠ ਵਜੇ ਤੋਂ ਰਾਤ ਦੇ ਨੌਂ ਵਜੇ ਤੀਕਰ ਤਿੰਨ-ਤਿੰਨ ਘੰਟੇ ਦੀਆਂ ਕਲਾਸਾਂ: ਕਿਸੇ ਦਿਨ ਦੋ ਤੇ ਕਿਸੇ ਦਿਨ ਤਿੰਨ! ਦੁਪਹਿਰੇ ਇੱਕ ਵਜੇ ਵਿਸ਼ਾਲ ਕੈਫ਼ੇਟੀਰੀਆ ਵਿੱਚ ਉੱਬਲ਼ਦੇ ਵੈਜੀਟੇਬਲ ਤੇਲ 'ਚੋਂ ਸ਼ਣਨ-ਸ਼ਣਨ ਤਲ਼ ਹੁੰਦੇ ਆਲੂ-ਚਿਪਸਾਂ ਦੀ ਸੁਗੰਧੀ ਯੂਨੀਵਰਸਿਟੀ ਦੇ ਹਾਲਵੇਆਂ 'ਚੋਂ ਹੁੰਦੀ ਹੋਈ ਮੇਰੇ ਪੇਟ 'ਚ ਵਾਵਰੋਲ਼ੇ ਫੈਲਾਉਣ ਲਗਦੀ। ਅਗਲੇ ਮਿੰਟਾਂ ਦੌਰਾਨ, ਪੰਜਾਹ-ਸੱਠ ਮੇਜ਼ਾਂ-ਕੁਰਸੀਆਂ ਉੱਪਰ ਬੀਫ਼-ਬਰਗਰਾਂ ਨੂੰ ਤੇ ਤਲ਼ੀ ਹੋਈ ਮੱਛੀ ਦੇ ਟੁਕੜਿਆਂ ਨੂੰ ਚਿਥਦੀਆਂ ਦੋ ਕੁ ਸੌ ਜਾੜ੍ਹਾਂ ਵਿੱਚ ਮੇਰੀ 'ਪਚੱਕ-ਪਚੱਕ' ਵੀ ਸ਼ਾਮਲ ਹੁੰਦੀ।

ਇਧਰ ਡਿਸਪੈਚ-ਰੇਡੀਓ ਤੋਂ ਜਦੋਂ 'ਕਾਰ ਟਵੰਟੀ-ਥਰੀ' ਦੀ ਪਹਿਲੀ ਪੁਕਾਰ ਹੋਈ ਤਾਂ ਟਰਾਂਟੋ ਦੇ ਡਿਕਸਨ-ਕਿਪਲਿੰਗ ਦੇ ਕੋਨੇ ਉੱਪਰ ਬੈਠਾ ਹੋਇਆ ਵੀ, ਮੈਂ ਡਲਹਾਊਜ਼ੀ ਦੀ ਲਾਇਬਰੇਰੀ 'ਚ ਹੀ ਸਾਂ ਜਿੱਥੇ ਰਾਤ ਦੇ ਪੌਣੇ ਬਾਰਾਂ ਵਜੇ ਵਾਲ਼ੀ 'ਅੱਖ-ਮਟੱਕੀ' ਵੱਜ ਚੁੱਕੀ ਸੀ; ਇਹ ਅੱਖ-ਮਟੱਕੀ ਕਿਤਾਬਾਂ 'ਚ ਖੁੱਭੇ ਵਿਦਿਆਰਥੀਆਂ ਲਈ ਸੰਕੇਤ ਹੁੰਦੀ ਸੀ ਕਿ ਲਾਇਬਰੇਰੀ ਦੇ ਦਰਵਾਜ਼ੇ ਬੰਦ ਹੋਣ ਵਿੱਚ ਸਿਰਫ਼ ਪੰਦਰਾਂ ਮਿੰਟ ਬਾਕੀ ਸਨ।
ਡਿਸਪੈਚਰ ਨੇ 'ਕਾਰ ਟਵੰਟੀ-ਥਰੀ, ਸੈਕੰਡ ਕਾਲ' ਦੀ ਪੁਕਾਰ ਦੇ ਦਿੱਤੀ। ਮੈਂ ਆਪਣੇ ਹੱਥ ਨੂੰ ਮਾਈਕਰੋਫ਼ੋਨ ਵੱਲ ਨੂੰ ਵਧਾਉਣਾ ਚਾਹਿਆ, ਪ੍ਰੰਤੂ ਇਹ ਹੱਥ ਤਾਂ ਡਲਹਾਊਜ਼ੀ ਦੀ ਲਾਇਬਰੇਰੀ 'ਚ ਮੇਰੀਆਂ ਨੋਟਬੁਕਾਂ ਨੂੰ ਬੈਕਪੈਕ 'ਚ ਉਤਾਰ ਰਿਹਾ ਸੀ।
ਡਿਸਪੈਚ ਰੇਡੀਓ ਉੱਪਰ ਜਦੋਂ 'ਲਾਸਟ ਕਾਲ ਫ਼ੋਰ ਟਵੰਟੀ-ਥਰੀ' ਦੀ ਪੁਕਾਰ ਭਰੜਾਈ, ਮੈਂ ਆਪਣਾ ਬੈਕਪੈਕ ਚੁੱਕ ਕੇ ਲਾਇਬਰੇਰੀ ਦੇ ਵਾਸ਼ਰੂਮ ਵੱਲੀਂ ਵਧ ਰਿਹਾ ਸਾਂ।
ਮੇਰੀ ਟੈਕਸੀ ਦੀ ਖਿੜਕੀ ਦੇ ਸ਼ੀਸ਼ੇ ਉੱਤੇ ਬਾਹਰੋਂ ਹੋਈ ਠੱਕ-ਠੱਕ ਹੋਈ: ਠੱਕ ਠੱਕ ਨੇ ਮੇਰੇ ਮੱਥੇ 'ਚ ਖੁਲ੍ਹੀ ਲਾਇਬਰੇਰੀ ਨੂੰ ਚੀਣਾ-ਚੀਣਾ ਕਰ ਸੁੱਟਿਆ। ਖਿੜਕੀ ਦਾ ਸ਼ੀਸ਼ਾ ਹੇਠਾਂ ਨੂੰ ਖਿਸਕਾਇਆ: ਬਾਹਰ, ਮੇਰੀ ਟੈਕਸੀ ਦੇ ਪਿੱਛੇ ਖਲੋਤੀ ਟੈਕਸੀ ਦਾ ਪੰਜਾਬੀ ਡਰਾਈਵਰ ਖਲੋਤਾ ਸੀ। ਉਸਨੇ ਆਪਣਾ ਚਿਹਰਾ ਖਿੜਕੀ ਵੱਲ ਨੂੰ ਝੁਕਾਇਆ ਤੇ ਬੋਲਿਆ: ਡਿਸਪੈਚ-ਰੇਡੀਓ ਆਫ਼ ਕੀਤਾ ਹੋਇਐ ਤੁਸੀਂ, ਭਾਅ ਜੀ?
-ਹੈ ਤਾਂ ਆਨ, ਪਰ...
-ਪਰ ਡਿਸਪੈਚਰ ਪੁਕਾਰੀ ਜਾਂਦੈ ਤੁਹਾਨੂੰ ਰੇਡੀਓ 'ਤੇ; ਜਵਾਬ ਦਿਓ ਉਹਨੂੰ, ਭਾਅ ਜੀ!
ਮੇਰੇ ਨੱਕ 'ਚੋਂ ਇਕ ਅਮੁੱਕ ਹਾਉਕਾ, ਕਈ ਸੌ ਮੀਲਾਂ ਦੀ ਦੂਰੀ 'ਤੇ, ਡਲਹਾਊਜ਼ੀ ਯੂਨੀਵਰਸਿਟੀ ਤੀਕਰ ਫੈਲ ਗਿਆ।

ਡਰਾਈਵਰ ਦੇ ਚਲੇ ਜਾਣ ਤੋਂ ਬਾਅਦ, ਡਿਕਸਨ-ਕਿਪਲਿੰਗ ਦੇ ਚੁਰਸਤੇ ਉੱਤੇ ਖਲੋਤੀ ਟੈਕਸੀ 'ਚੋਂ ਮੈਂ ਅਠਾਰਾਂ ਸੌ ਕਿਲੋਮੀਟਰ ਦੀ ਦੂਰੀ 'ਤੇ ਡਲਹਾਊਜ਼ੀ ਦੀ ਲਾਇਬਰੇਰੀ ਲਾਗਲੇ ਵਾਸ਼ਰੂਮ ਵਿੱਚ ਜਾ ਵੜਿਆ: ਮੇਰੀਆਂ ਸੱਜੀਆਂ ਉਂਗਲ਼ਾਂ ਬੈਕਪੈਕ ਵਿੱਚ ਫ੍ਰੋਲ਼ਾ-ਫ੍ਰਾਲ਼ੀ ਕਰਨ ਲੱਗੀਆਂ। ਕੁਝ ਪਲਾਂ ਬਾਅਦ ਸਕਾੱਚ ਨਾਲ਼ ਭਰਿਆ ਪਊਆ ਮੇਰੇ ਬੈਕਪੈਕ 'ਚੋਂ ਉੱਭਰਿਆ: ਹੁਣ ਉਹਦਾ ਮੂੰਹ ਮੇਰੇ ਬੁੱਲ੍ਹਾਂ 'ਚ ਤੇ ਪਿੱਠ ਛੱਤ ਵੱਲੀਂ। ਗਟ-ਗਟ ਕਰਦਾ ਸੰਘੋਂ ਹੇਠਾਂ ਵਗਿਆ ਅੱਧਾ ਪਊਆ, ਭੋਜਨ ਨਾਲ਼ੀ 'ਚ ਕੁੜੱਤਣ ਖਿਲਾਰਦਾ ਹੋਇਆ, ਮੇਰੇ ਮਿਹਦੇ 'ਚ ਉੱਤਰ ਗਿਆ। ਬਾਕੀ ਬਚਦੇ ਅੱਧੇ ਪਊਏ ਨੂੰ ਸਿੰਕ ਦੀ ਟੂਟੀ ਹੇਠ ਕਰ ਕੇ ਮੈਂ ਮੂੰਹ ਤੀਕਰ ਭਰ ਲਿਆ।

ਇਹ ਹੁਣ ਰੋਜ਼ ਦਾ ਰੁਟੀਨ ਬਣ ਗਿਆ ਸੀ: ਯੂਨੀਵਰਸਿਟੀ ਤੋਂ ਫ਼ਲੈਟ ਤੀਕਰ ਡੇਢ ਕਿਲੋਮੀਟਰ ਦੀ ਪੈਦਲ ਵਾਟ: ਸੁੰਨ-ਮਸੁੰਨ ਰਾਤ ਵਿੱਚ, ਢਾਈ ਕੁ ਸੌ ਮੀਟਰ ਦਾ ਫ਼ਾਸਲਾ ਮੇਰੇ ਬੂਟਾਂ ਹੇਠੋਂ ਗੁਜ਼ਰਦਾ ਤਾਂ ਮੇਰੀ ਸਨੋਅ ਜੈਕਟ ਦੀ ਜੇਬ ਵਿੱਚ ਟਿਕਿਆ ਪਊਆ ਕਾਹਲ਼ਾ ਪੈਣ ਲਗਦਾ। ਰਾਤ ਦੇ ਸਾਢੇ ਬਾਰਾਂ ਵਜੇ ਜਦੋਂ ਨੂੰ ਮੈਂ ਫ਼ਲੈਟ ਵਿੱਚ ਪਹੁੰਚਦਾ, ਪਊਏ ਵਿਚਲਾ ਸਾਰਾ ਸਰੂਰ ਮੇਰੀ ਖੋਪੜੀ 'ਚ ਗੇੜੇ ਕੱਢ ਰਿਹਾ ਹੁੰਦਾ।
ਫ਼ਲੈਟ ਦੀ ਸੱਖਣਤਾ 'ਚ ਦਾਖ਼ਲ ਹੁੰਦਾ: ਕਿਚਨ ਦੀ ਬੱਤੀ ਦੀ ਸਵਿੱਚ ਮੇਰੀਆਂ ਉਂਗਲ਼ਾਂ ਨੂੰ ਉਡੀਕ ਰਹੀ ਹੁੰਦੀ! ਅਗਲੇ ਪਲੀਂ ਕਿਚਨ ਵਿੱਚ, ਤਰਲ-ਵਾਂਗਾਂ, ਆਂਡਿਆਂ 'ਚੋਂ ਨਿੱਕਲ਼ ਕੇ, ਫ਼ਰਾਈਇੰਗ ਪੈਨ ਵਿੱਚ ਭੁਰਜੀ ਬਣਨ ਲਗਦੀਆਂ ਅਤੇ ਨਾਨ੍ਹ ਦੀ ਮਸੇਰੀ ਭੈਣ, 'ਪੀਤਾ ਬ੍ਰੈੱਡ', ਉੱਪਰ ਸਵਾਰ ਹੋ ਜਾਂਦੀਆਂ।
ਪਲੇਟਾਂ ਨੂੰ ਧੋਅ ਕੇ ਮੈਂ ਬੈੱਡਰੂਮ ਵਿੱਚ ਵਿਛੀ ਤਲ਼ਾਈ ਨੂੰ ਤੌਲੀਏ ਨਾਲ਼ ਝਾੜਨ ਲਗਦਾ।, ਤਾਂ ਕੁਝ ਕੁ ਮਿੰਟਾਂ `ਚ ਬਾਬਾ 'ਕੁੰਭ-ਕਰਨ' ਮੇਰੇ ਮੱਥੇ 'ਚ ਆ ਵੜਦਾ! ਉਹ ਸਾਰੀ ਰਾਤ ਬੇਖ਼ਬਰ ਘੁਰਾੜੇ ਮਾਰਦਾ ਤੇ ਸਵੇਰੇ ਸਾਢੇ ਛੇ ਵਜੇ, ਅਲਾਰਮ 'ਚੋਂ ਨਿਕਲ਼ਦੀ 'ਚਿਰਰਰਰ' ਨਾਲ਼ ਅੱਖਾਂ ਮਲ਼ਦਾ ਹੋਇਆ, ਹਵਾ 'ਚ ਰਲ਼ ਜਾਂਦਾ।

ਡਿਸਪੈਚ ਰੇਡੀਓ 'ਚੋਂ 'ਕਾਰ ਟਵੰਟੀ-ਥਰੀ; ਕਾਰ ਟਵੰਟੀ-ਥਰੀ' ਦੀ ਪੁਕਾਰ ਫ਼ੇਰ ਨਿੱਕਲ਼ੀ: ਇੱਕ ਵਾਰ, ਦੋ ਵਾਰ! ਮੈਂ ਅੱਖਾਂ ਮੀਟ ਕੇ ਆਪਣੇ ਚਿਹਰੇ ਨੂੰ ਸੱਜੇ-ਖੱਬੇ ਫੇਰੀ ਗਿਆ। ਡਿਸਪੈਚਰ ਨੇ ਤੀਜੀ ਵਾਰ ਫੇਰ ਮੇਰੀ ਟੈਕਸੀ ਦਾ ਨੰਬਰ ਪੁਕਾਰਿਆ: ਇਸ ਵਾਰ ਜੱਕੋਤੱਕੀ ਕਰਦਿਆਂ ਮੈਂ ਮਾਈਕਰੋਫ਼ੋਨ ਦਾ 'ਆਨ' ਬਟਨ ਦੱਬਾ ਦਿੱਤਾ: ਯੈੱਸ, ਟਵੰਟੀ ਥਰੀ!
'ਕਾਲ ਹੋਮ, ਟਵੰਟੀ ਥਰੀ; ਇਟ'ਸ ਅਰਜੰਟ!'
ਡਿਪੈਚਰ ਵੱਲੋਂ 'ਕਾਲ ਹੋਮ' ਦਾ ਸੁਨੇਹਾਂ ਜਦੋਂ ਵੀ ਬਰਾਡਕਾਸਟ ਹੁੰਦਾ, ਮੇਰੇ ਮਨ 'ਚ, ਸਾਡੇ ਘਰ ਦੀਆਂ ਖਿੜਕੀਆਂ 'ਚੋਂ ਅੱਗ ਦੀਆਂ ਜੀਭਾਂ ਬਾਹਰਲੀ ਹਵਾ ਨੂੰ ਚਟਦੀਆਂ ਦਿਸਣ ਲਗਦੀਆਂ; ਜਾਂ ਘਰ ਦੇ ਸਾਹਮਣੇ ਢਾਕਾਂ 'ਤੇ ਹੱਥ ਧਰੀ ਲਾਟਾਂ ਤੇ ਧੂੰਏਂ ਦੇ ਵਰੋਲ਼ਿਆਂ ਵੱਲ ਦੇਖ ਰਿਹਾ ਗਵਾਂਢੀਆਂ ਦਾ ਹਜੂਮ ਨਜ਼ਰ ਪੈਂਦਾ! ਜਾਂ ਮੇਰੇ ਮਨ 'ਚ, ਐਂਬੂਲੈਂਸ ਦੀ ਛੱਤ ਉੱਤੇ ਘੁੰਮ ਰਹੀਆਂ ਲਾਈਟਾਂ ਫ਼ਲੈਸ਼ਿੰਗ ਕਰਨ ਲੱਗ ਜਾਂਦੀਆਂ ਅਤੇ ਧਰਤੀ ਉੱਪਰ ਲਹੂ-ਲੁਹਾਣ ਹੋਈਆਂ ਮੇਰੀਆਂ ਧੀਆਂ ਉਦਾਲ਼ੇ ਗੋਡਿਆਂ-ਭਾਰ ਝੁਕੇ ਹੋਏ ਪੈਰਾਮੈਡਿਕਸ ਮੇਰੇ ਤਸੱਵਰ ਉੱਪਰ ਛਾਅ ਜਾਂਦੇ।
'ਕਾਲ ਹੋਮ' ਦਾ ਸੁਨੇਹਾਂ ਸੁਣਦਿਆਂ ਹੀ ਮੈਂ ਗੈਸ ਸਟੇਸ਼ਨ ਦੇ ਕੋਨੇ 'ਚ ਇਕ ਖੰਭੇ ਨਾਲ਼ ਲਟਕਦੇ ਪੇਅ-ਫ਼ੋਨ ਵੱਲ ਝਾਕਣ ਲੱਗਾ।
ਫ਼ੋਨ ਦਾ ਰਸੀਵਰ ਖੱਬੇ ਕੰਨ ਉੱਪਰ ਅਤੇ ਸੱਜੇ ਹੱਥ ਦੀ ਪਹਿਲੀ ਉਂਗਲ਼ ਦੀ ਕੰਬਣੀ ਪੇਅ-ਫ਼ੋਨ ਦੇ ਡਾਇਲ ਦੀਆਂ ਮੋਰੀਆਂ 'ਚ!
-ਸੁੱਖ ਐ, ਸਾਗਰ? ਉਹਦੀ 'ਹੈਲੋ' ਸੁਣਦਿਆਂ ਮੇਰਾ ਫ਼ਿਕਰ ਬੋਲਿਆ।
-ਸੁੱਖ ਈ ਐ...
-ਫ਼ੋਨ ਕੀਤਾ ਸੀ ਤੂੰ!
-ਥੋਨੂੰ ਦੱਸਣਾ ਸੀ, ਬਈ ਫ਼ੋਅਨ ਆਇਆ ਸੀ ਇੱਕ ਤੁਹਾਡੇ ਲਈ!
-ਮੇਰੇ ਲਈ? ਕੀਹਦਾ ਫ਼ੋਨ ਸੀ ਇਹ?
-ਕਿਸੇ ਪ੍ਰਿੰਸੀਪਲ ਦਾ!
-ਪ੍ਰਿੰਸੀਪਲ ਦਾ ਫ਼ੋਨ? ਕਿੱਥੋਂ? ਕਾਹਦੇ ਲਈ?
- ਭਲ਼ਕ ਨੂੰ ਸਵੇਰੇ ਸਾਢੇ ਅੱਠ ਵਜੇ ਬੁਲਾਇਐ ਇੰਟਰਵਿਊ ਲਈ!
-ਇੰਟਰਵਿਊ? ਕਾਹਦੀ ਇੰਟਰਵਿਊ?
-ਕੋਈ 'ਓਕਡੇਲ ਜੂਨੀਅਰ ਹਾਈ ਸਕੂਲ' ਐ ਟਰਾਂਟੋ 'ਚ, ਜੇਨ ਐਂਡ ਫ਼ਿੰਚ ਦੇ ਨੇੜੇ!
-ਹੂੰਹੂੰ! ਕੀ ਕਹਿੰਦਾ ਸੀ ਪ੍ਰਿੰਸੀਪਲ?
-ਕਹਿੰਦਾ ਸੀ ਅੰਗਰੇਜ਼ੀ ਦੇ ਟੀਚਰ ਦੀ ਪੋਸਟ ਐ ਉਹਦੇ ਸਕੂਲ 'ਚ!
-ਪਰ ਮੈਂ ਤਾਂ... ਅਪਲਾਈ ਈ ਨੀ ਕੀਤਾ ਕਿਸੇ ਓਕਡੇਲ ਜੂਨੀਅਰ 'ਚ!
-ਉਹਨੇ ਪੁੱਛਿਆ ਸੀ 'ਮੇ ਆਈ ਟਾਕ ਟੂ ਇਕਬਾਲ?' ਮੈਂ ਦੱਸਿਆ ਕਿ ਉਹ ਤਾਂ ਕੰਮ 'ਤੇ ਐ... ਫ਼ਿਰ ਉਹਨੇ ਹਾਅ ਇੰਟਰਵਿਊ ਦਾ ਸੁਨੇਹਾਂ ਦੇ ਦਿੱਤਾ।
-ਹੂੰਹੂੰ! ਮੈਨੂੰ ਲਗਦੈ ਆਪਣੇ ਕਿਸੇ ਪੰਜਾਬੀ ਬੰਦੇ ਨੇ ਮਸ਼ਕਰੀ ਕੀਤੀ ਐ ਆਪਣੇ ਨਾਲ਼!
-ਪਰ ਮਸ਼ਕਰੀ ਇਹ ਲਗਦੀ ਨੀ ਮੈਨੂੰ!
-ਕਿਵੇਂ ਨੀ ਲਗਦੀ ਮਸ਼ਕਰੀ, ਸਾਗਰ?
-ਇੱਕ ਤਾਂ ਉਸਦਾ ਐਅਕਸੰਟ ਪੂਰਾ ਕਨੇਡੀਅਨ ਸੀ, ਤੇ ਦੂਸਰਾ ਉਹ ਬਹੁਤ ਕੰਨਫ਼ੀਡੰਸ ਨਾਲ ਬੋਲਦਾ ਸੀ।
-ਹਾਂ, ਯਾਦ ਆਇਆ; ਨੋਰਥ ਯੋਰਕ ਐਜੂਕੇਸ਼ਨ ਬੋਰਡ ਨੇ ਐਪਲੀਕੇਸ਼ਨਾਂ ਮੰਗੀਆਂ ਸੀ ਜਨਵਰੀ-ਫ਼ਰਵਰੀ 'ਚ, ਟੀਚਰ ਹਾਇਰ ਕਰਨ ਲਈ, ਪਰ ਉਹ ਇੰਟਰਵਿਊਆਂ ਤਾਂ ਅਪਰੈਲ-ਮਈ 'ਚ ਹੋ ਚੁੱਕੀਆਂ ਹੋਣਗੀਆਂ!
-ਹੋ ਸਕਦੈ ਉਹਨਾਂ ਨੇ ਹੀ ਸੱਦਿਆ ਹੋਵੇ!
-ਪਰ ਮੈਂ ਨੀ ਜਾਣਾ ਕਿਸੇ ਅੜੀ-ਇੰਟਰਵਿਊ 'ਤੇ!
-ਕਿਉਂ ਨੀ ਜਾਣਾ? ਮਸਾਂ ਇਕ ਇੰਟਰਵਿਊ ਆਈ ਐ ਕਿੰਨੇ ਚਿਰਾਂ ਬਾਅਦ!
-ਬਥੇਰੀਆਂ ਦੇਖਲੀਐਂ ਮੈਂ ਇੰਟਰਵਿਊਆਂ ਸਾਰੇ ਕੈਨੇਡਾ 'ਚ... ਛੇ ਮਹੀਨੇ ਸਸਕੈਚਵਾਨ 'ਚ ਟੱਕਰਾਂ ਮਾਰ ਆਇਆਂ ਜਾਬ ਦੀ ਤਲਾਸ਼ 'ਚ; ਫੇਰ ਵਿੰਨੀਪੈੱਗ 'ਚ ਖ਼ਾਕ ਛਾਣੀ ਕਈ ਮਹੀਨੇ! ਡੇਢ ਦੋ ਸੌ ਐਪਲੀਕੇਸ਼ਨਾਂ ਭੇਜ ਦਿੱਤੀਆਂ ਹੋਣਗੀਆਂ ਬੀ. ਐਡ. ਕਰਨ ਤੋਂ ਮਗਰੋਂ ਪੂਰੇ ਕਨੇਡਾ 'ਚ! ਹਰੇਕ ਥਾਂ ਤੋਂ ਇੱਕੋ ਘੜਿਆ-ਘੜਾਇਆ ਉੱਤਰ: ਦੀ ਪੋਜ਼ਿਸ਼ਨ ਹੈਸ ਬਿਨ ਫ਼ਿਲਡ! ਜਿਹੜੀਆਂ ਪੰਦਰਾਂ-ਵੀਹ ਇੰਟਰਵਿਊਆਂ ਹੋਈਆਂ, ਉਨ੍ਹਾਂ ਤੋਂ ਬਾਅਦ ਹਰੇਕ ਪ੍ਰਿੰਸੀਪਲ ਇੱਕੋ ਗੱਲ ਈ ਕਹਿਦਾ ਸੀ: ਤੇਰੇ ਕੋਲ਼ ਕੁਆਲੀਫ਼ੀਕੇਸ਼ਨਾਂ ਤਾਂ ਕਮਾਲ ਦੀਐਂ, ਪਰ ਕੈਨੇਡਾ ਦਾ ਇਕਸਪੀਰੀਐਂਸ ਹੈ ਨੀ! ਨਿਰਾ ਬਕਵਾਸ! ਸਾਲ਼ਿਓ, ਜੇ ਜਾਬ ਮਿਲ਼ੂ ਤਾਂ ਹੀ ਇਕਸਪੀਰੀਐਂਸ ਹੋਊ!
-ਦੇਅਅਖ ਲੋ! ਸਾਗਰ ਦੀ ਆਵਾਜ਼ ਸਿਲ੍ਹੀ ਹੋ ਗਈ ਸੀ। -ਊਂ ਇੰਟਰਵਿਊ 'ਤੇ ਜਾਣ ਦਾ ਹਰਜ਼ ਕੋਈ ਨੀ!
-ਨਾਅ! ਕੋਈ ਲੋੜ ਨੀ ਟਾਇਮ ਬਰਬਾਦ ਕਰਨ ਦੀ...

ਇੰਟਰਵਿਊ! ਟੈਕਸੀ 'ਚ ਵਾਪਿਸ ਆ ਕੇ ਮੈਂ ਸੋਚਣ ਲੱਗਾ। ਇੰਟਰਵਿਊ, ਤੇ ਓਹ ਵੀ ਟਰਾਂਟੋ 'ਚ? ਹੂੰ-ਹੂੰ! ਸਾਲ਼ਿਆਂ ਨੇ ਖਾਨਾਪੂਰੀ ਕਰਨੀਂ ਹੁੰਦੀ ਐ ਉੱਪਰਲਿਆਂ ਨੂੰ ਇਹ ਦਿਖਾਉਣ ਲਈ ਬਈ ਐਨੇ ਕੈਂਡੀਡੇਟਾਂ ਨੂੰ ਇੰਟਰਵਿਊ ਕੀਤਾ; ਰੱਖਣ ਵਾਲ਼ੇ ਨੂੰ ਤਾਂ ਉਨ੍ਹਾਂ ਨੇ ਪਹਿਲਾਂ ਈ ਰੱਖਿਆ ਹੁੰਦੈ... ਐਵੇਂ ਵਕਤ ਖ਼ਰਾਬ ਕਰਦੇ ਐ ਮੇਰੇ ਵਰਗੇ ਬੇਰੁਜ਼ਗਾਰਾਂ ਦਾ; ਜ਼ਲੀਲ ਕਰਦੇ ਐ ਸਾਲ਼ੇ ਬਦਮਾਸ਼ ਇੰਟਰਵਿਊ ਦਾ ਡਰਾਮਾ ਕਰ ਕੇ...

ਟੈਕਸੀ ਦਾ ਗੋਰਾ ਡਿਸਪੈਚਰ: ਜਦੋਂ ਕਦੇ ਮਿਲ਼ਦਾ ਤਾਂ ਮੇਰੇ ਵੱਲ ਦੇਖ ਕੇ ਸੰਜੀਦਾ ਹੋ ਜਾਂਦਾ! ਪੁੱਛਦਾ, ਬਣੀ ਕੋਈ ਗੱਲ ਕਿਸੇ ਪਾਸੇ, ਗਿੱਲ? ਮੇਰੇ 'ਨਾਂਹ' ਵਿੱਚ ਸਿਰ ਹਿਲਾਉਣ 'ਤੇ ਆਖਦਾ: ਉਮੀਦ ਨਾ ਛੱਡ ਕੇ ਬੈਠਜੀਂ, ਗਿੱਲ! ਟਰਾਈ ਕਰੀ ਜਾਈਂ! ਪਤਾ ਨੀ ਕਦੋਂ ਦਾਅ ਲੱਗ ਜਾਣੈ!
ਅੱਜ ਓਹੀ ਡਿਸਪੈਚਰ, ਰੇਡੀਓ ਉੱਤੇ ਵਾਰ-ਵਾਰ, 'ਕਾਰ ਟਵੰਟੀ-ਥਰੀ! ਕਾਰ ਟਵੰਟੀ ਥਰੀ!' ਪੁਕਾਰੀ ਜਾਂਦਾ ਸੀ; ਮੈਂ ਸੋਚਿਆ ਜ਼ਰੂਰ ਲੰਮੇ ਫ਼ਾਸਲੇ ਦੀ ਸਵਾਰੀ ਦੇਣੀ ਹੋਊ ਉਹਨੇ ਮੈਨੂੰ!
ਪਰ ਮੈਂ ਤਾਂ ਬੀਤੇ ਚਾਰ ਸਾਲਾਂ ਤੋਂ ਭੋਗੀ ਜਾ ਰਹੀ ਬੇਰੁਜ਼ਗਾਰੀ ਦੀ ਯਾਦ ਨਾਲ਼ ਪੀੜ-ਪੀੜ ਹੋ ਰਿਹਾ ਸਾਂ। ਮੈਨੂੰ ਕਿੱਥੇ ਚੰਗਾ ਲੱਗਣਾ ਸੀ ਡਿਸਪੈਚਰ ਤੋਂ ਆਡਰ ਲੈ ਕੇ ਸਵਾਰੀ ਚੁੱਕਣ ਜਾਣਾ?
'ਕੀ ਫ਼ਰਕ ਪੈਜੂ ਜੇ ਅੱਜ ਨਾ ਵੀ ਢੋਏਂਗਾ ਸਵਾਰੀਆਂ?' ਮੇਰੇ ਅੰਦਰਲਾ ਇਕਬਾਲ ਬੁੜਬੁੜਾਇਆ। 'ਕਿਧਰੇ ਨੀ ਤੇਰਾ ਤਾਜ ਮਹੱਲ ਢਹਿੰਦਾ ਇੱਕ ਦਿਨ ਛੁੱਟੀ ਕਰਨ ਨਾਲ਼! ਸਿੱਧਾ ਘਰ ਜਾਹ; ਧੀਆਂ ਨਾਲ਼ ਖੇਡ, ਤੇ ਦੋ ਗਲਾਸੀਆਂ ਗਲ਼ੋਂ ਹੇਠਾਂ ਉਤਾਰ ਕੇ ਮਾਰ ਘੁਰਾੜੇ!'

ਅਗਲੇ ਪਲੀਂ ਮੇਰੀ ਟੈਕਸੀ ਦਾ ਮੂੰਹ ਏਅਰਪੋਟ ਰੋਡ ਉੱਪਰ ਮਾਲਟਨ ਵੱਲ ਨੂੰ ਹੋ ਗਿਆ! ਮਾਲਟਨ, ਜਿੱਥੇ ਸਾਡੇ ਨਿੱਕੇ ਜਿਹੇ, ਬਹੁਅਅਤ ਵੱਡੇ, ਘਰ 'ਚ ਮੇਰੀਆਂ ਧੀਆਂ ਆਪਣੀਆਂ ਬਾਰਬੀਆਂ ਦੇ ਵਾਲ਼ ਵਾਹ ਰਹੀਆਂ ਸਨ।


ਪਹਿਲੀ ਸ਼ਾਮ ਜਿਹੜੀ ਕਾਲ ਇੰਟਰਵਿਊ ਵਾਸਤੇ ਆਈ ਸੀ, ਉਸਦੀ ਪੀੜ ਅੱਜ ਤੜਕਸਾਰ ਹੀ ਮੇਰੇ ਮੱਥੇ 'ਚ ਚੀਰਫਾੜ ਕਰਨ ਲੱਗੀ। ਕਿਉਂ ਕਰਦੇ ਐ ਜ਼ਲੀਲ ਇਹ ਲੋਕ ਨਕਲੀ ਇੰਟਰਵਿਊਆਂ 'ਤੇ ਬੁਲਾਅ ਬੁਲਾਅ ਕੇ!
ਫ਼ਿਰ ਲਾਇਬਰੇਰੀਆਂ 'ਚ ਡੁਬੋਈਆਂ ਨੀਂਦਾਂ ਤੇ ਫ਼ਿਰ ਚਾਰ ਸਾਲ ਨੌਕਰੀ ਲਈ ਭੇਜੀਆਂ ਅਣਗਿਣਤ ਐਪਲੀਕੇਸ਼ਨਾਂ ਉੱਠ ਖਲੋਤੀਆਂ: ਮੈਨੂੰ ਜਾਪਣ ਲੱਗਾ ਜਿਵੇਂ ਉਹ ਕੰਬਲ਼ ਹੇਠਾਂ ਦੀ ਵੜ ਕੇ ਮੇਰੇ ਮੱਥੇ 'ਚ ਚੀਖਣ ਲੱਗ ਪਈਆਂ ਸਨ: ਸਾਗਰ ਦੀ ਸੁਣ, ਇਕਬਾਲ ਸਿਅ੍ਹਾਂ, ਸਾਗਰ ਦੀ!
-ਦੇਅਅਖ ਲੋ! ਮੈਨੂੰ ਸਾਗਰ ਦੀ ਸਿਲ੍ਹੀ ਆਵਾਜ਼ 'ਚ ਬੋਲੇ ਲਫ਼ਜ਼ ਯਾਦ ਆਉਣ ਲੱਗੇ। -ਇੰਟਰਵਿਊ 'ਤੇ ਜਾਣ ਦਾ ਹਰਜ਼ ਕੋਈ ਨੀ!

ਨਕਸ਼ਿਆਂ ਵਾਲ਼ੀ ਕਿਤਾਬ 'ਚ ਦਰਜ ਕੀਤੀਆਂ ਸਾਫ਼-ਸਪਸ਼ਟ ਡਾਇਰੈਕਸ਼ਨਾਂ: ਜੇਨ ਅਤੇ ਫ਼ਿੰਚ ਦੇ ਚੌਰਸਤੇ ਤੋਂ ਦੱਖਣ ਵੱਲੀਂ ਢਾਈ ਕੁ ਕਿਲੋਮੀਟਰ ਦਾ ਪੈਂਡਾ, ਤੇ ਉਥੋਂ ਗਰੈਂਡਰਵੀਨ ਡਰਾਈਵ ਉੱਪਰ ਖੱਬੇ ਪਾਸੇ ਨੂੰ ਟਰਨ: ਓਕਡੇਲ ਜੂਨੀਅਰ ਹਾਈ ਦੀ ਬਿਲਡਿੰਗ ਸੌ ਕੁ ਮੀਟਰ ਦੇ ਫ਼ਾਸਲੇ 'ਤੇ ਸੱਜੇ ਹੱਥ ਸੀ। ਗੇਅਰਾਂ ਵਾਲ਼ੀ ਵੋਕਸ-ਵੈਗਨ ਜੈਟਾ ਨੂੰ ਸਕੂਲ ਦੀ ਪਿੱਠ ਵਾਲ਼ੀ ਪਾਰਕਿੰਗ ਲਾਟ 'ਚ ਖਲਿਆ੍ਹਰ ਕੇ ਮੈਂ ਸਕੂਲ ਦੇ ਮੇਨ ਗੇਟ ਦੇ ਭਾਰੇ ਦਰਵਾਜ਼ੇ ਨੂੰ ਖਿੱਚਿਆ। ਸਾਹਮਣੀ ਕੰਧ ਉੱਤੇ "ਆਫ਼ਿਸ" ਦੇ ਸਾਈਨਬੋਰਡ ਦੇ ਥੱਲੇ ਖੱਬੇ ਪਾਸੇ ਨੂੰ ਇਸ਼ਾਰਾ ਕਰਦਾ ਤੀਰ ਦਾ ਨਿਸ਼ਾਨ! ਨਿਸ਼ਾਨ ਵਾਲ਼ੀ ਬਾਹੀ ਵੱਲ ਜਾਂਦਾ ਹਾਲਵੇਅ ਸੁੰਨਸਾਨ! ਮੈਂ ਅੰਦਾਜ਼ ਲਿਆ ਕਿ ਸਕੂਲ ਸ਼ੁਰੂ ਹੋਣ ਦੀ ਬੈੱਲ ਖੜਕ ਚੁੱਕੀ ਸੀ ਤੇ ਸਾਰੇ ਵਿਦਿਆਰਥੀ ਆਪਣੀ-ਆਪਣੀਆਂ ਕਲਾਸਾਂ 'ਚ ਚਲੇ ਗਏ ਸਨ।
ਇੱਕ ਦਮ ਖ਼ਿਆਲ ਆਇਆ, ਮੈਂ ਤਾਂ ਖ਼ਾਲੀ ਹੱਥ ਹੀ ਆ ਗਿਆ ਇੰਟਰਵਿਊ 'ਤੇ! ਹੋਰ ਕੁਛ ਨਹੀਂ ਤਾਂ ਡਿਗਰੀਆਂ ਦੀਆਂ ਕਾਪੀਆਂ ਹੀ ਚੁੱਕ ਲਿਆਉਂਦਾ!
ਫ਼ਿਰ ਸੋਚਣ ਲੱਗਾ, ਇਹਨਾਂ ਨੇ ਕਿਹੜਾ ਅਗਾਹਾਂ ਕੁਰਸੀ ਝਾੜ ਕੇ ਰੱਖੀ ਹੋਈ ਐ! ਕਾਗਜ਼ੀ ਕਾਰਵਾਈ ਲਈ ਰਸਮ ਈ ਪੂਰੀ ਕਰਨੀ ਹੁੰਦੀ ਐਂ ਇੰਟਰਵਿਊ ਦੀ!
ਤੀਰ ਵੱਲੋਂ ਦਿੱਤੀ ਸੇਧ 'ਚ ਤੁਰਿਆ: ਦਸ ਕੁ ਕਦਮਾਂ ਉੱਤੇ ਖੱਬੇ ਹੱਥ ਪਹਿਲੇ ਹੀ ਕਮਰੇ 'ਚ ਤਿੰਨ-ਚਾਰ ਡੈਸਕਾਂ ਦੇ ਪਿਛਾੜੀ ਬੈਠੀਆਂ ਗੋਰੀਆਂ ਔਰਤਾਂ ਕੰਪਿਊਟਰਾਂ ਨਾਲ਼ ਚੁੱਪ-ਚਾਪ ਵਾਰਤਾਲਾਪ 'ਚ ਰੁੱਝੀਆਂ ਹੋਈਆਂ ਸਨ।
ਜਕਦਾ-ਜਕਦਾ ਅੰਦਰ ਹੋਇਆ: ਦਰਵਾਜ਼ੇ ਦੇ ਨਾਲ਼ ਹੀ ਡੈਸਕ ਦੇ ਪਿਛਾੜੀ ਬੈਠੀ ਰਸੈਪਸ਼ਨਿਸਟ ਮੁਸਕ੍ਰਾਈ! ਮੇਰੀ 'ਗੁਡ ਮੋਰਨਿੰਗ' ਸੁਣਦਿਆਂ ਬੋਲੀ: ਮੇ ਆਈ ਹੈਲਪ ਯੂ?
ਮੈਂ ਹਾਲੇ ਕੁਝ ਕਹਿਣ ਲਈ ਸ਼ਬਦਾਂ ਨੂੰ ਤੋਲ ਰਿਹਾ ਸਾਂ ਕਿ ਖੱਬੇ ਪਾਸੇ ਵਾਲ਼ੇ ਵਿਸ਼ਾਲ ਕਮਰੇ ਵਿਚੋਂ 'ਉਹ' ਨਿਕਲ਼ ਆਇਆ।
-ਇਕਬਾਲ? ਉਸਨੇ, ਆਮ-ਨਾਲ਼ੋਂ-ਚੌੜੇ ਆਪਣੇ ਚਿਹਰੇ ਉੱਪਰ ਆਈ, ਗੋਰੀ ਮੁਸਕ੍ਰਾਹਟ ਨੂੰ ਆਪਣੇ ਕੰਨਾਂ ਵੱਲ ਨੂੰ ਖਿੱਚ ਲਿਆ।
-ਜੋਅਅਰਜ? ਮੇਰੇ ਦਿਮਾਗ਼ 'ਚ ਉੱਗੀ ਹੈਰਾਨੀ ਨੇ ਮੇਰੀਆਂ ਅੱਖਾਂ ਨੂੰ ਸੁੰਗੇੜ ਦਿੱਤਾ।
-ਯੈੱਅਸ! ਉਹਨੇ ਆਪਣੀਆਂ ਮੋਟੀਆਂ-ਮੋਟੀਆਂ ਉਂਗਲ਼ਾਂ ਦੀ ਮਖਣੀਅਤ ਮੇਰੇ ਵੱਲੀਂ ਵਧਾਈ। -ਇਟ'ਸ ਮੀ, ਜੋਰਜ ਹਾਲ ਫ਼ਰੌਮ ਬਰੁੱਕਵਿਊ ਜੂਨੀਅਰ ਹਾਈ!
-ਬਟ... ਹਾਓ ਕਮ ਯੂਅ ਅਰ ਹੀਅਰ, ਜੋਰਜ?
-ਪਿਛਲੇ ਸਕੂਲ-ਯੀਅਰ ਦੇ ਅਖ਼ੀਰ 'ਤੇ ਬੋਰਡ ਨੇ ਮੇਰੀ 'ਟ੍ਰੈਂਸਫ਼ਰ' ਬਰੁੱਕਵਿਊ ਜੂਨੀਅਰ ਹਾਈ ਤੋਂ ਐਸ ਸਕੂਲ 'ਚ ਕਰ'ਤੀ! ਇਟ'ਸ ਅ ਵੰਡਰਫ਼ੁਲ ਸਕੂਅਲ, ਇਕਬਾਲ!
ਫ਼ੇਰ ਉਹਨੇ ਆਪਣਾ ਹੱਥ ਆਪਣੀ ਛਾਤੀ ਵੱਲ ਨੂੰ ਉਗਾਸ ਕੇ ਆਪਣੇ ਦਫ਼ਤਰ ਵੱਲ ਨੂੰ ਝਟਕਿਆ ਤੇ ਮੈਂ ਉਸਦੇ ਪਿੱਛੇ-ਪਿੱਛੇ ਉਸਦੇ ਦਫ਼ਤਰ ਅੰਦਰ ਦਾਖ਼ਲ ਹੋ ਗਿਆ।
ਪਰਕੋਲੇਟਰ ਤੋਂ ਕੱਪ ਭਰ ਕੇ, ਉਹ ਮੈਨੂੰ ਮੁਖ਼ਾਤਿਬ ਹੋਇਆ: ਆਹ ਕਾਫ਼ੀ ਪੀ ਤੂੰ, ਇਕਬਾਲ, ਐਸ ਕੁਰਸੀ 'ਤੇ ਬੈਠ ਕੇ! ਐਸ ਟਾਈਮ ਹਰ ਰੋਜ਼ ਸਾਰੀਆਂ ਕਲਾਸਾਂ 'ਚ ਬੱਚੇ ਖੜ੍ਹੇ ਹੋ ਕੇ 'ਓ ਕੈਨਡਾ!' {ਕੈਨੇਡਾ ਦਾ ਕੌਮੀ ਤਰਾਨਾ} ਗਾਉਂਦੇ ਐ, ਤੇ ਫ਼ਿਰ ਮੈਂ ਅਨਾਉਂਸਮੈਂਟਸ ਬਰਾਡਕਾਸਟ ਕਰਨੀਆਂ ਹੁੰਦੀਆਂ; ਮੈਂ ਬੱਸ ਦਸ ਕੁ ਮਿੰਟਾਂ 'ਚ ਵਿਹਲਾ ਹੋ ਕੇ ਆਇਆ!
ਕੁਰਸੀ ਉੱਪਰ ਬੈਠਿਆਂ ਮੈਂ ਮੇਰੇ ਸਾਹਮਣੇ ਫੈਲੇ ਵੱਡ-ਅਕਾਰੀ ਡੈਸਕ ਉੱਪਰੋਂ ਦੀ, ਜੋਰਜ ਦੀ ਕੁਰਸੀ ਦੀ ਉੱਚੀ-ਢੋਅ ਵਾਲ਼ੀ ਵੱਲੀਂ ਨਜ਼ਰ ਫੈਲਾਈ, ਤਾਂ ਆਲ਼ੇ-ਦੁਆਲ਼ੇ ਦੀਆਂ ਕੰਧਾਂ ਉੱਪਰ ਚਿਪਕਾਏ ਚਾਰਟ-ਪੇਪਰਾਂ ਨੇ ਮੇਰੀਆਂ ਅੱਖਾਂ ਨੂੰ ਆਪਣੇ ਵੱਲੀਂ ਤੁਣਕ ਲਿਆ। ਚਾਰਟਾਂ ਉੱਪਰ ਸਿਖਾਂਦਰੂ ਵਿਦਿਆਰਥੀਆਂ ਵੱਲੋਂ ਵਾਹੀਆਂ ਰੰਗ-ਬਰੰਗੀਆਂ ਬਿੱਲੀਆਂ, ਖ਼ਰਗੋਸ਼, ਘੋੜੇ ਤੇ ਭਾਲੂ ਮੇਰੇ ਜ਼ਿਹਨ 'ਚ ਪਿਛਲੇ ਸਾਲ ਵਾਲ਼ੇ ਉਸ ਕਮਰੇ ਨੂੰ ਜਗਾਉਣ ਲੱਗੇ ਜਿਸ ਵਿੱਚ ਅਕਤੂਬਰ ਤੋਂ ਸ਼ੁਰੂ ਕਰ ਕੇ ਐਸ ਸਾਲ ਦੀ ਮਈ ਤੀਕਰ ਮੈਂ ਹਰ ਸ਼ਨੀਵਾਰ ਪੰਜਾਬੀ ਦਾ ਕੋਰਸ ਪੜ੍ਹਾਉਂਦਾ ਸੀ। ਆਹਾ ਹੀ ਜੋਰਜ ਹਾਲ ਸੀ ਓਸ ਸ਼ਨੀਚਰਵਾਰੀ ਸਕੂਲ ਦਾ ਪ੍ਰਿੰਸੀਪਲ!
ਜੋਰਜ ਹਾਲ: ਸਵੇਰੇ ਨੌ ਵਜੇ ਸ਼ੁਰੂ ਹੋਣ ਵਾਲੀਆਂ ਕਲਾਸਾਂ ਲਈ, ਪੰਜਾਬੀ ਦੇ ਨਾਲ਼-ਨਾਲ਼ ਹਿੰਦੀ, ਬੰਗਾਲੀ, ਉਰਦੂ,ਗੁਜਰਾਤੀ ਆਦਿਕ ਭਾਸ਼ਾ ਪੜ੍ਹਾਉਣ ਵਾਲ਼ੇ ਸਾਰੇ ਟੀਚਰ ਜਦੋਂ ਸਵਾ ਅੱਠ ਵਜੇ ਸਟਾਫ਼ ਰੂਮ ਵਿੱਚ ਅੱਪੜਦੇ, ਉਹ ਪਰਕੋਲੇਟਰ ਲਾਗਲੇ ਸਿੰਕ ਵਿੱਚ ਪਿਆਲੀਆਂ ਨੂੰ ਇਸ਼ਨਾਨ ਕਰਾ ਰਿਹਾ ਹੁੰਦਾ ਜਾਂ ਕਾਊਂਟਰ ਉੱਤੇ ਡਿੱਗੇ ਛਿੱਟਿਆਂ ਉੱਤੇ ਟਾਵਲ ਫੇਰ ਰਿਹਾ ਹੁੰਦਾ। ਪੇਪਰ-ਟਾਵਲ ਨਾਲ਼ ਹੱਥਾਂ ਉਦਾਲਿਓਂ ਨਮੀ ਨੂੰ ਸੋਕ ਕੇ, ਉਹ ਆਪਣੀਆਂ ਮੋਟੀਆਂ-ਮੋਟੀਆਂ ਅੱਖਾਂ ਦੀ ਚਮਕ ਨੂੰ ਸਾਡੇ ਵੱਲੀਂ ਗੇੜਦਾ ਤੇ ਮੁਸਕਰਾਹਟ ਨਾਲ਼ ਲੱਦੇ ਉਹਦੇ ਬੁੱਲ੍ਹ ਹਰਕਤ ਕਰਦੇ: ਕਾਫ਼ੀ ਇਜ਼ ਰੈਡੀ ਫ਼ੋਅਕਸ! ਹੈਲਪ ਯੂਅਰਸੈਲਫ਼!
ਕਲਾਸਾਂ ਦੌਰਾਨ ਉਹ ਵਾਰੀ-ਵਾਰੀ ਪਿਛਲੇ ਦਰਵਾਜ਼ਿਓਂ ਹਰ ਕਮਰੇ 'ਚ ਝਾਤੀ ਮਾਰਦਾ ਤੇ ਉੱਪਰ ਨੂੰ ਹੱਥ ਉਠਾਅ ਕੇ ਭਰਵੀਂ ਮੁਸਕਾਣ ਕੇਰਨ ਤੋਂ ਬਾਅਦ ਅਗਲੇ ਕਮਰੇ ਵੱਲ ਨੂੰ ਵਗ ਜਾਂਦਾ। ਡੇਢ ਘੰਟੇ ਬਾਅਦ ਲੰਚ ਬ੍ਰੇਕ ਦੌਰਾਨ ਜਦੋਂ ਅਸੀਂ ਸਾਰੇ ਟੀਚਰ ਸਟਾਫ਼ ਰੂਮ ਵਿੱਚ ਜਾਂਦੇ ਤਾਂ ਤਿੰਨ ਚਾਰ ਬਕਸਿਆਂ ਵਿੱਚੋਂ ਹਾਲਵੇਅ ਵੱਲ ਨੂੰ ਵਗ ਰਹੀ ਪੀਜ਼ੇ ਦੀ ਸੁਗੰਧੀ 'ਚ ਜੋਰਜ ਦੇ ਕ੍ਰੈਡਿਟ ਕਾਰਡ ਦੀਆਂ ਮੁਸਕਰਾਹਟਾਂ ਵੀ ਹੁੰਦੀਆਂ।

'ਆਈ'ਮ ਸੋਰੀ, ਇਕਬਾਲ,' ਜੋਰਜ ਦੇ ਕਾਹਲ਼ੇ ਕਦਮਾਂ ਨੇ ਪਿਛਲੇ ਸਾਲ ਦੀ ਪੰਜਾਬੀ ਕਲਾਸ ਵਾਲ਼ਾ ਸਕੂਲ ਮੇਰੀਆਂ ਅੱਖਾਂ 'ਚੋਂ ਬਲਬ ਵਾਂਗ ਬੁਝਾਅ ਦਿੱਤਾ।
ਉਸਦੇ ਸਾਹਮਣੇ ਟਿਕੇ ਪੀਲ਼ੇ ਫ਼ੋਲਡਰ ਨੂੰ ਮੁਠੀ ਵਾਂਗ ਖੋਲ੍ਹ ਕੇ, ਉਹਨੇ ਆਪਣੀਆਂ ਐਨਕਾਂ ਦੇ ਸ਼ੀਸ਼ੇ ਮੇਰੇ ਚਿਹਰੇ ਵੱਲ ਸੇਧ ਦਿੱਤੇ।
'ਬਹੁਅਅਤ ਧਿਆਨ ਨਾਲ਼ ਪੜ੍ਹਿਐ ਮੈਂ ਤੇਰਾ ਰੈਅਜ਼ੂਮੇ, ਇਕਬਾਲ,' ਜੋਰਜ ਆਪਣੀ ਮੁਸਕਾਣ ਨੂੰ ਬੁੱਲ੍ਹਾਂ ਉੱਪਰ ਫਰਕਾਉਂਦਿਆਂ ਬੋਲਿਆ। 'ਇਮਪ੍ਰੈੱਸਿਵ ਐ ਤੇਰਾ ਰੈਅਜ਼ੂਮੇ! ਵੌਟਰਲੂਅ ਤੇ ਡਲਹਾਊਜ਼ੀ ਯੂਨੀਵਰਟਿਆਂ ਦੀਆਂ ਡਿਗਰੀਆਂ... ਤੇ ਫ਼ਿਰ ਯੋਰਕ ਯੂਨੀਵਰਸਿਟੀ ਤੋਂ ਐਨੇ ਸਾਰੇ ਪ੍ਰੋਫ਼ੈਸ਼ਨਲ ਕੋਰਸ!'
ਸੰਜਮੀਂ ਜਿਹੀ ਝਰਨ-ਝਰਨ ਮੇਰੇ ਬੁੱਲ੍ਹਾਂ ਉੱਪਰ ਖਿੰਡਰਨ-ਸੁੰਗੜਨ ਲੱਗੀ।
'ਮੈਂ ਤੈਥੋਂ ਟੀਚਿੰਗ ਬਾਰੇ ਕੋਈ ਸਵਾਲ ਨਹੀਂ ਪੁੱਛਣਾ, ਇਕਬਾਲ! ਇਜ਼'ਟ ਓ. ਕੇ. ਵਿਦ ਯੂ?'
ਮੇਰੀ ਮੁਸਕਾਣ ਗੱਲ੍ਹਾਂ ਤੋਂ ਹੁੰਦੀ ਹੋਈ ਮੇਰੀਆਂ ਅੱਖਾਂ ਵੱਲ ਵਧਣ ਲੱਗੀ।
'ਤੇਰੇ ਰੈਅਜ਼ੂਮੇ ਮੁਤਾਬਿਕ ਪਿਛਲੇ ਸਾਲ ਤਾਂ ਤੂੰ ਸ਼ਨੀਵਾਰ ਨੂੰ ਲੱਗਣ ਵਾਲ਼ੇ ਹੈਰੀਟਿਜ ਲੈਂਗੂਇਜ ਸਕੂਲ 'ਚ ਪੰਜਾਬੀ ਦਾ ਟੀਚਰ ਸੀ, ਪਰ ਮੈਂ ਇਹ ਜਾਨਣ ਈ ਖੁਲ੍ਹ ਲੈਣਾ ਚਾਹੁੰਦਾਂ ਕਿ ਰੋਜ਼ੀ-ਰੋਟੀ ਕਮਾਉਣ ਲਈ ਤੂੰ ਕਿਹੜੀਆਂ ਸਰਗਮੀਆਂ ਵਰਤ ਰਿਹੈਂ ਅੱਜ ਕੱਲ?'
ਮੇਰੀਆਂ ਅੱਖਾਂ ਮੇਜ਼ ਉੱਪਰ ਟਿਕੇ ਮੇਰੇ ਹੱਥਾਂ ਵੱਲ ਝੁਕੀਆਂ, ਤੇ ਫ਼ਿਰ ਸੱਜੇ ਹੱਥ ਦੀਆਂ ਉਂਗਲ਼ਾਂ ਮੇਰੇ ਮੱਥੇ ਉੱਪਰ ਘਿਸਰਨ ਲੱਗੀਆਂ। ਚਾਰ ਕੁ ਸਕਿੰਟਾਂ ਦੀ ਚੁੱਪ ਮਗਰੋਂ ਮੈਂ ਆਪਣੇ ਪੰਜਿਆਂ ਨੂੰ ਕਿਤਾਬ ਵਾਂਗ ਖੋਲ੍ਹਿਆ ਅਤੇ ਜੋਰਜ ਦੇ ਚਿਹਰੇ ਵੱਲ ਝਾਕਿਆ: ਐਹਨਾਂ ਉਂਗਲ਼ਾਂ ਉੱਪਰ ਭਰੋਸਾ ਐ ਮੈਨੂੰ, ਜੋਰਜ! ਟੈਕਸੀਕੈਬ ਚਲਾਉਂਦਾ ਆਂ ਮੈਂ ਸੱਤੇ ਦਿਨ ਬਾਰਾਂ-ਬਾਰਾਂ ਘੰਟਿਆਂ ਦੀ ਸ਼ਿਫ਼ਟ!
'ਬੀ. ਐਡ. ਤਾਂ ਤੂੰ 1982 'ਚ ਮੁਕੰਮਲ ਕਰ ਲਈ ਸੀ, ਤੇ 85-86 ਵਾਲ਼ਾ ਸਾਲ ਤੂੰ ਮੇਰੇ ਨਾਲ਼ ਸੀ ਹਫ਼ਤਅੰਤੀ ਟੀਚਰ ਦੇ ਤੌਰ 'ਤੇ; ਓਦੋਂ ਵੀ ਬਾਕੀ ਦਿਨਾਂ 'ਚ ਟੈਕਸੀ ਹੀ ਚਲਾਉਂਦਾ ਸੀ ਤੂੰ?'
'82-83 ਵਾਲ਼ਾ ਸਾਲ ਤਾਂ ਮੈਂ ਪੀਅਲ ਐਜੂਕੇਸ਼ਨ ਬੋਅਡ 'ਚ ਸਪਲਾਈ ਟੀਚਿੰਗ ਕਰਦਾ ਰਿਹਾ, ਪਰ 83-84 ਵਾਲ਼ੇ ਸਾਲ ਦੌਰਾਨ, ਨੋਰਦਰਨ ਕੈਨੇਡਾ ਦੇ ਦੂਰਦੁਰਾਡੇ ਇਲਾਕਿਆਂ 'ਚ ਟੀਚਿੰਗ ਜਾਬ ਲੱਭਣ ਲਈ ਮੈਂ ਸਸਕੈਚਵਾਨ ਤੇ ਮੈਨੀਟੋਬਾ 'ਚ ਭਟਕਦਾ ਰਿਹਾ!'
ਮੇਰੀਆਂ ਗੱਲਾਂ ਸੁਣਦਿਆਂ ਜੋਰਜ ਦਾ ਉੱਪਰ-ਹੇਠਾਂ ਹਿੱਲ ਰਿਹਾ ਚਿਹਰਾ ਕਦੇ ਘੁੱਟਿਆ ਜਾਂਦਾ ਤੇ ਕਦੇ ਢਿੱਲਾ ਪੈ ਜਾਂਦਾ।
'ਤੇਰੇ ਰੈਅਜ਼ੂਮੇ 'ਚ ਲਿਖਿਐ ਪਈ ਤੂੰ 1975 'ਚ ਭਾਰਤ ਤੋਂ ਕੈਨੇਡਾ 'ਮੂਵ' ਹੋਇਆ ਸੀ; ਤੂੰ ਮਾਈਂਡ ਤਾਂ ਨੀ ਕਰਦਾ ਜੇ ਮੈਂ ਤੈਨੂੰ ਤੇਰੇ ਬਚਪਨ ਤੋਂ ਹੁਣ ਤੀਕ ਦਾ ਸਫ਼ਰ ਕੁਝ ਕੁ ਲਫ਼ਜ਼ਾਂ ਵਿੱਚ ਦੱਸਣ ਲਈ ਆਖਾਂ?'
ਇਕ ਉਦਾਸ ਮੁਸਕ੍ਰਾਹਟ ਮੇਰੇ ਚਿਹਰੇ ਉੱਪਰ ਵਿਛਣ ਲੱਗੀ, ਤੇ ਫ਼ਿਰ ਬਚਪਨ 'ਚ ਹੰਢਾਈਆਂ ਤੰਗੀਆਂ-ਤੁਰਛੀਆਂ, ਹਾੜ੍ਹੀਆਂ-ਚਰ੍ਹੀਆਂ ਦੀ ਵਾਢੀ, ਕਵੀਸ਼ਰੀਆਂ ਕਰਦਿਆਂ ਬੋਹਿਆਂ-ਬਲਾਢਿਆਂ ਤੀਕ ਬਸਾਂ-ਰੇਲਾਂ ਵਿੱਚ ਕੱਟੇ ਉਨੀਂਦਰੇ, ਤੇਰਾਂ-ਚੌਦਾਂ ਕਿਲੋਮੀਟਰ ਦੇ ਕੱਚੇ-ਰੇਤਲੇ ਰਸਤੇ ਉੱਪਰ ਹਰ ਰੋਜ਼ ਸਾਈਕਲ ਉੱਪਰ ਸਕੂਲ-ਕਾਲਜ ਜਾਣਾ ਤੇ ਆਥਣ ਨੂੰ ਤੇਰਾਂ-ਚੌਦਾਂ ਕਿਲੋਮੀਟਰ ਹੀ ਵਾਪਿਸ ਪਿੰਡ ਪਰਤਣਾ-ਸਭ ਕੁਝ ਦਾ ਸੰਖੇਪ ਵਿਸਥਾਰ ਮੇਰੇ ਬੁੱਲ੍ਹਾਂ 'ਚੋਂ ਜੋਰਜ ਦੇ ਡੈਸਕ ਉੱਤੇ ਢੇਰੀ ਹੋਣ ਲੱਗਾ।
-ਏਨੀਆਂ ਆਰਥਿਕ ਤੰਗੀਆਂ 'ਚੋਂ ਗੁਜ਼ਰਿਐਂ ਤੂੰ, ਇਕਬਾਲ? ਜੋਰਜ ਨੇ ਅੱਖਾਂ ਮੀਟ ਕੇ ਧੁੜਧੁੜੀ ਲਈ। -ਕਦੇ ਫ਼ਰਸਟ੍ਰੇਟ ਹੋ ਕੇ 'ਗਿਵ ਅਪ' ਦੀ ਭਾਵਨਾ ਨੀ ਭਾਰੂ ਹੋਈ ਮਨ 'ਤੇ?
-ਇਹ ਸਭ ਕੁਝ ਮੇਰੇ ਪਿਤਾ ਵੱਲੋਂ ਮੈਨੂੰ ਜੀਨਜ਼ ਵਿੱਚ ਮਿਲਿਐ, ਜੋਰਜ! 'ਹਾਰ ਜਾਣਾ' ਮੇਰੀ ਡਿਕਸ਼ਨਰੀ ਦਾ ਸ਼ਬਦ ਨਹੀਂ!
-ਬੜੀ ਦਰਦਨਾਕ ਐ ਤੇਰੀ ਜੀਵਨ-ਕਹਾਣੀ, ਇਕਬਾਲ!
-ਦਰਦਨਾਕ ਨਹੀਂ,ਜੋਰਜ, ਮੈਂ ਤਾਂ ਇਸ ਨੂੰ ਮੁਸ਼ਕਿਲਾਂ ਨਾਲ਼ ਸਿੱਝਣ ਲਈ ਸੰਘਰਸ਼ ਦੀ ਕਹਾਣੀ ਆਖਦਾਂ!
-ਇੰਟਰਵਿਊਜ਼ ਕਿੰਨੀਆਂ ਕੁ ਆਈਐਂ ਤੈਨੂੰ ਸਕੂਲਾਂ 'ਚੋਂ ਹੁਣ ਤੀਕਰ?
-ਕਾਫ਼ੀ ਆਈਐਂ, ਪਰ ਹਰ ਪ੍ਰਿੰਸੀਪਲ 'ਇਕਸਪੀਰੀਐਂਸ' ਦੀ ਘਾਟ ਵੱਲ ਈ ਇਸ਼ਾਰਾ ਕਰਦਾ ਸੀ... ਪਰ ਜੋਰਜ, 'ਇਕਸਪੀਰੀਐਂਸ' ਵਾਲ਼ੀ ਗੱਲ ਬੜੀ ਤਰਕਹੀਣ ਲਗਦੀ ਐ ਮੈਨੂੰ! ਜੇ ਜਾਬ ਨਹੀਂ ਮਿਲੇਗੀ ਤਾਂ ਇਕਸਪੀਰੀਐਂਸ ਕੀ ਮੈਂ ਹਵਾ 'ਚੋਂ ਤੋੜਲਾਂ?
-ਬਹੁਤ ਧੰਨਵਾਦ ਤੇਰਾ, ਇਕਬਾਲ, ਏਨੇ ਸ਼ੋਰਟ ਨੋਟਿਸ 'ਤੇ ਵੀ ਇੰਟਰਵਿਊ ਲਈ ਆ ਗਿਆ ਤੂੰ!
ਜੋਰਜ ਨੇ ਆਪਣਾ ਹੱਥ ਮੇਰੇ ਹੱਥ ਵੱਲੀਂ ਵਧਾਇਆ।
-ਜਾਬ ਲਈ ਤੇਰੀ ਤਲਾਸ਼ ਕਾਮਯਾਬ ਹੋਵੇ, ਇਹੀ ਮੇਰੀ ਦੁਆ ਹੈ! ਮੈਨੂੰ ਪਤੈ ਤੂੰ ਹਾਰ ਨਹੀਂ ਮੰਨਣੀ; ਤੇ ਹਾਰ ਨਾ ਮੰਨਣ ਵਾਲ਼ੇ ਲੋਕ ਇਕ ਦਿਨ ਜ਼ਰੂਰ ਕਾਮਯਾਬ ਹੋ ਜਾਂਦੇ ਐ, ਇਕਬਾਲ!

ਜਦੋਂ ਨੂੰ ਮੈਂ ਘਰ ਅੱਪੜਿਆ, ਸਾਢੇ ਦਸ ਹੋ ਚੁੱਕੇ ਸਨ।
-ਕੋਈ ਕਾਗਜ਼ ਪੱਤਰ ਤਾਂ ਲੈ ਜਾਂਦੇ ਆਪਣੇ ਨਾਲ਼! ਸੁਖਸਾਗਰ ਪਾਣੀ ਦਾ ਗਲਾਸ ਮੇਰੇ ਵੱਲ ਲਿਆਉਂਦਿਆਂ ਬੋਲੀ।
ਮੈਂ ਆਪਣੀਆਂ ਨਜ਼ਰਾਂ ਸੁਖਸਾਗਰ ਦੀਆਂ ਅੱਖਾਂ ਵੱਲ ਸੇਧੀਆਂ, ਤੇ ਓਦੋਂ ਤੀਕ ਸੇਧੀ ਰੱਖੀਆਂ ਜਦੋਂ ਤੀਕ ਸੁਖਸਾਗਰ ਟੀ. ਵੀ. ਦਾ ਰੀਮੋਟ ਲੱਭਣ ਦੇ ਬਹਾਨੇ ਕਾਫ਼ੀ-ਟੇਬਲ ਦੇ ਦਰਾਜ਼ ਵਿੱਚ ਫ਼ਰੋਲ਼ਾ-ਫ਼ਰਾਲ਼ੀ ਕਰਨ ਨਹੀਂ ਲੱਗੀ।

ਸਵੇਰੇ ਹੋਈ ਇੰਟਰਵਿਊ: ਪਹਿਲੀਆਂ ਕਈ ਇੰਟਰਵਿਊਆਂ ਵਰਗੀ ਹੀ; ਉਂਜ ਥੋੜਾ ਦਿਲਾਸਾ ਵੀ ਸੀ ਪ੍ਰਿੰਸੀਪਲ ਦੀਆਂ ਟਿੱਪਣੀਆਂ ਵਿੱਚ ਤੇ ਹਮਦਰਦੀ ਵੀ, ਪਰ ਮੇਰੇ ਅੰਦਰ ਕਾਫ਼ੀ ਕੁਝ ਦੋਬਾਰਾ ਉੱਚੜ ਗਿਆ ਸੀ।
ਦਿਨ ਦੀ ਸ਼ਿਫ਼ਟ ਵਾਲ਼ੇ ਡਰਾਈਵਰ ਨੇ ਸਾਡੇ ਘਰ ਦੇ ਡਰਾਈਵੇਅ 'ਚ ਟੈਕਸੀ ਦੀ 'ਪੀਂਅਅ' ਸਾਢੇ ਤਿੰਨ ਵਜੇ ਹੀ ਕਰਾ ਦਿੱਤੀ।
- ਆਜੋ ਨੀਚੇ; ਚਾਹ ਬਣਗੀ ਐ! ਹੇਠੋਂ ਕਿਚਨ 'ਚੋਂ ਸਾਗਰ ਦਾ ਹੋਕਰਾ ਉੱਠਿਆ। -ਸਾਢੇ ਤਿੰਨ ਵੱਜਗੇ ਐ ਤੇ ਤੁਸੀਂ ਹਾਲੇ ਵੀ ਕੰਬਲ਼ ਹੇਠ ਈ!

ਛੇ ਸੱਤ ਗੇੜੇ ਲਾ ਕੇ ਮੈਂ ਆਪਣੀ ਟੈਕਸੀ ਨੂੰ ਡਿਕਸਨ-ਕਿਪਲਿੰਗ ਦੇ ਚੁਰਸਤੇ 'ਤੇ ਪਾਰਕ ਕਰ ਲਿਆ; ਉਸੇ ਗੈਸ ਸਟੇਸ਼ਨ ਦੇ ਪਿਛਾੜੀ ਜਿੱਥੇ ਪਹਿਲੀ ਸ਼ਾਮ ਐਨ ਏਸੇ ਵਕਤ ਖਲੋਤਾ ਮੈਂ ਡਲਹਾਊਜ਼ੀ ਯੂਨੀਵਰਸਿਟੀ ਨੂੰ ਮਿਲ਼ ਆਇਆ ਸਾਂ।
ਡਿਸਪੈਚ-ਰੇਡੀਓ ਉੱਪਰ 'ਕਾਅ ਫੋਅ ਐਲਬੀਅਨ ਸਟੀਅਲਜ਼, ਫਿੰਚ ਅਨ ਜੇਨ, ਵੈਸਟਵੇਅ ਅਨ ਲਾਅਰੰਸ, ਵੈਸਟਨ ਅਨ ਲਾਅਰੰਸ' ਦੀਆਂ ਦੁਹਾਈਆਂ ਦਾ ਕੁਤਰਾ ਹੋ ਰਿਹਾ ਸੀ। ਮੈਂ ਟੈਕਸੀ ਤਿਆਗ ਕੇ ਕੁਝ ਹੋਰ ਕਰਨ ਬਾਰੇ ਸੋਚਣ ਲੱਗਾ: ਮੇਰੇ ਜ਼ਿਹਨ 'ਚ ਘਰਾਂ ਮੂਹਰੇ ਗੱਡੇ ਸੇਲ-ਸਾਈਨ ਉੱਗਣ ਲੱਗੇ।
'ਪਰ ਇਹ ਕੰਮ ਤਾਂ ਤੈਨੂੰ ਬਾਣੀਆਂ ਬਣਾਅ ਦੇਵੇਗਾ' ਮੇਰੇ ਅੰਦਰ ਕੋਈ ਬੁੜਬੁੜਾਇਆ।
ਹੋਰ ਕੀ ਕੀਤਾ ਜਾ ਸਕਦੈ? ਮੇਰਾ ਦਿਮਾਗ਼ ਚਾਰ-ਚੁਫ਼ੇਰੇ ਘੁੰਮਣ ਲੱਗਾ, ਪਰ ਸਾਰੀਆਂ ਕੋਠੜੀਆਂ ਦੇ ਦਰਵਾਜ਼ਿਆਂ ਉੱਤੇ ਜਿੰਦਰੇ ਤਾਇਨਾਤ ਦਿਸੇ।
'ਕਾਰ ਟਵੰਟੀ ਥਰੀ!' ਡਿਸਪੈਚਰ ਦੀ ਆਵਾਜ਼ ਭਰੜਾਈ।
ਮੇਰੇ ਮੱਥੇ ਉੱਪਰ ਤਿਊੜੀਆਂ ਉੱਭਰ ਆਈਆਂ।
'ਕਾਰ ਟਵੰਟੀ ਥਰੀ? ਵੇਅ੍ਹਰ ਆਰ ਯੂ?'
ਮੇਰੀਆਂ ਤਿਊੜੀਆਂ ਡੂੰਘੀਆਂ ਹੋ ਗਈਆਂ।
'ਐਨੀ ਬਾਡੀ ਨੋਅਜ਼ ਵੇਅ੍ਹਰ ਟਵੰਟੀ ਥਰੀ ਇਜ਼?'
ਡਿਸਪੈਚ-ਰੇਡੀਓ ਮੇਰੀਆਂ ਉਂਗਲ਼ਾਂ ਦੀ ਜੱਕੋਤੱਕੀ ਨੂੰ ਆਪਣੇ ਵੱਲੀਂ ਖਿੱਚਣ ਲੱਗਾ।
'ਯੈੱਸ, ਕਾਰ ਟਵੰਟੀ ਥਰੀ!' ਮੇਰੀ ਆਵਾਜ਼ ਵਿਚਲੀ ਉਦਾਸੀ ਘਗਿਆਈ।
'ਆਰ ਯੂ ਸਲੀਪਿੰਗ, ਟਵੰਟੀ ਥਰੀ?'
'ਕਾਈਂਡ ਆਫ਼!'
'ਕਾਲ ਹੋਮ, ਟਵੰਟੀ ਥਰੀ! ਇਮਿਡੀਇਟਲੀ! ਇਟ'ਸ ਅਰਜੈਂਟ!'
ਮੇਰੇ ਪੈਰ, ਮੇਰੀ ਅਣ-ਇੱਛਾ ਨੂੰ ਉਸੇ ਪੇਅ-ਫ਼ੋਨ ਵੱਲ ਨੂੰ ਧੂਹਣ ਲੱਗੇ ਜਿਸ ਤੋਂ ਬੀਤੀ ਸ਼ਾਮ ਮੈਂ ਘਰ ਨੂੰ ਫ਼ੋਨ ਕੀਤਾ ਸੀ।
ਪਹਿਲੀ ਘੰਟੀ ਅਗਲੇ ਪਾਸੇ ਹਾਲੇ ਖੜਕਣੀ ਸ਼ੁਰੂ ਹੋਈ ਹੀ ਸੀ ਕਿ ਸਾਗਰ ਦੀ 'ਹੈਲੋਅ' ਚੂਕ ਉੱਠੀ।
-ਕੀ ਹੁਕਮ ਐ, ਮੈਡਮ ਜੀ?
-?????
-ਹੈਂ?
ਅੱਗਲੇ ਪਾਸਿਓਂ ਸਾਗਰ ਦਾ ਸੁਨੇਹਾਂ ਸੁਣਦਿਆਂ ਹੀ ਫ਼ੋਨ ਰਸੀਵਰ ਮੇਰੇ ਹੱਥ 'ਚੋਂ ਖਿਸਕ ਕੇ ਹੇਠਾਂ ਵੱਲ ਨੂੰ ਲੁੜਕ ਗਿਆ।
ਕਾਰ ਵੱਲ ਨੂੰ ਆ ਰਿਹਾ ਸਾਂ ਤਾਂ ਤਾਂ ਮੇਰੀਆਂ ਪਲਕਾਂ ਮੇਰੇ ਭਰਵੱਟਿਆਂ ਤੀਕਰ ਚੌੜੀਆਂ ਹੋ ਗਈਆਂ, ਤੇ ਬੁਲ੍ਹਾਂ ਦੀਆਂ ਖਾਖਾਂ ਉਹਨਾਂ ਦੀ ਪਹੁੰਚ ਤੋਂ ਅਗਾਹਾਂ ਤੀਕਰ ਫੈਲ ਗਈਆਂ।
ਸਾਹਮਣੇ ਪਲਾਜ਼ੇ ਵਿੱਚਲਾ ਲਿਕਰ-ਸਟੋਰ ਹੱਸਣ ਲੱਗਾ।
ਆਪਣੀ ਟੈਕਸੀ 'ਚ ਵੜਨਸਾਰ ਮੈਂ ਡਿਸਪੈਚ-ਰੇਡੀਓ ਦੇ ਮਾਈਕਰੋਫ਼ੋਨ ਦੀ ਸਵਿੱਚ ਨੂੰ ਦਬਾਇਆ, 'ਕਾਰ ਟਵੰਟੀ ਥਰੀ।'
'ਯੈੱਸ, ਟਵੰਟੀ ਥਰੀ!' ਡਿਸਪੈਚਰ ਦੀ ਨਿੱਕੋਟੀਨੀ ਆਵਾਜ਼ ਭਰੜਾਈ।
'ਆਈ ਨੀਡ ਅ ਕੈਬ ਐਟ ਕਿਪਲਿੰਗ-ਡਿਕਸਨ; ਗੈਸ ਸਟੇਸ਼ਨ ਦੇ ਪਿਛਲੇ ਪਾਸੇ, ਪਲੀਜ਼!

ਟੈਕਸੀ ਡਰਾਈਵਰ ਪੰਜਾਬੀ ਨਿਕਲ਼ਿਆ: ਮੈਂ 'ਕਟੀ ਸਾਰਕ' ਦੀ ਹਰੀ ਬੋਤਲ ਨੂੰ ਖ਼ਾਕੀ ਲਫ਼ਾਫ਼ੇ ਤੋਂ ਆਜ਼ਾਦ ਕੀਤਾ: ਜਿਵੇਂ ਮਿੱਟੀ ਵਿੱਚੋਂ ਹਰਾ-ਕਚੂਰ ਪੌਦਾ ਉੱਭਰਦਾ ਹੈ।
ਡਰਾਈਵਰ ਨੂੰ ਮੁਖ਼ਾਤਬ ਹੋਇਆ: ਕੋਈ ਗਲਾਸ ਜਾਂ ਪਿਆਲੀ ਹੈ ਤੁਹਾਡੇ ਕੋਲ਼, ਬਾਈ ਜੀ? ਭਾਵੇਂ ਪਲਾਸਟਿਕ ਦੀ ਹੀ ਹੋਵੇ!
-ਮੈਂ ਤਾਂ ਕਾਫ਼ੀ ਦੇ ਕੱਪਾਂ ਨੂੰ ਹੁਣੇ ਈ ਗਾਰਬਿਜ 'ਚ ਸੁੱਟ ਕੇ ਆਇਆਂ!
-ਪੀ ਲੈਨੇ ਹੁੰਨੇ ਐਂ ਕਦੇ-ਕਦੇ?
-ਡਰਾਈਵਿੰਗ ਕਰਦਿਆਂ ਨੀ ਪੀਂਦਾ ਮੈਂ ਉੱਕਾ ਈ!
-ਅੱਜ ਤਾਂ ਫ਼ਿਰ ਪੀਣੀ ਪਊ, ਭਾਵੇਂ ਬੁੱਲ੍ਹਾਂ ਨੂੰ ਲਾ ਕੇ ਈ ਛੱਡ ਦਿਓ!
-ਕੀ ਗੱਲ, ਬਾਈ ਜੀ? ਅੱਜ ਕੋਈ ਖ਼ੁਸ਼ੀ ਚੜ੍ਹੀ ਲਗਦੀ ਐ!
ਮੇਰੀਆਂ ਉਂਗਲਾਂ 'ਕਟੀ ਸਾਰਕ' ਦੇ ਡੱਟ ਨੂੰ ਉਦਾਲ਼ੇ ਲਿਪਟ ਗਈਆਂ।
'ਕਟੀ ਸਾਰਕ' ਦੀ ਬੋਤਲ ਡੱਟ ਉੱਤੇ ਟੇਢੀ ਹੋਈ, ਤੇ ਉਹ ਡੱਟ ਮੈਂ ਡਰਾਈਵਰ ਵੱਲੀਂ ਵਧਾਅ ਦਿੱਤਾ!
ਜਦੋਂ ਨੂੰ ਟੈਕਸੀ ਡਰਾਈਵਰ ਨੇ ਆਪਣੀ ਕਾਰ ਸਾਡੇ ਡਰਾਈਵੇਅ 'ਚ ਖਲ੍ਹਿਆਰੀ, ਮੇਰੇ ਮੱਥੇ 'ਚ ਗੁਲਾਬੀ ਬਦਲ਼ੀਆਂ ਇੱਕ-ਦੂਜੀ ਵਿੱਚ ਇੱਕ-ਮਿੱਕ ਹੋ ਰਹੀਆਂ ਸਨ।

ਚਾਬੀ ਲਾ ਕੇ ਅੰਦਰ ਵੜਿਆ: ਕਿੰਨੂ-ਸੁੱਖੀ ਛਾਲ਼ ਮਾਰ ਕੇ ਸੋਫ਼ੇ ਉੱਤੋਂ ਉੱਠੀਆਂ!
ਕੰਧਾਂ, ਸੋਫੇ ਅਤੇ ਕੁਰਸੀਆਂ ਨੂੰ 'ਡੈਡੀ ਆਗੇ, ਮੰਮੀ, ਡੈਡੀ ਆਗੇ!' ਦਾ ਸ਼ੋਰ ਸੁਣਨ ਲੱਗਾ
ਦੋਹਾਂ ਧੀਆਂ ਦੀਆਂ ਬਾਹਾਂ ਮੇਰੀਆਂ ਲੱਤਾਂ ਉਦਾਲੇ ਤੇ ਚਿਹਰੇ ਮੇਰੇ ਮੂੰਹ ਵੱਲੀਂ ਸੇਧੇ ਹੋਏ।
ਪੌੜੀਆਂ ਤੋਂ ਦਗੜ-ਦਗੜ ਹੇਠਾਂ ਉੱਤਰੀ ਸੁਖਸਾਗਰ ਦੇ ਹਾਉਕੇ ਮੇਰੀ ਬੁੱਕਲ਼ ਨੂੰ ਗਿੱਲੀ ਕਰਨ ਲੱਗੇ!
ਉਹਦੀ ਠੋਡੀ ਹੇਠ ਟਿਕੀਆਂ ਮੇਰੀਆਂ ਉਂਗਲ਼ਾਂ ਨੇ ਉਹਦੇ ਚਿਹਰੇ ਨੂੰ ਉੱਪਰ ਵੱਲ ਨੂੰ ਅਗਾਸ ਦਿੱਤਾ: ਉਹਦੀਆਂ ਅੱਖਾਂ 'ਚ ਸਿੱਲ੍ਹ ਸੀ ਤੇ ਬੁੱਲ੍ਹਾਂ ਉੱਪਰ ਮੁਸਕ੍ਰਾਹਟ!

(ramoowalia@gmail.com)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346