Welcome to Seerat.ca
Welcome to Seerat.ca

ਇਹ ਸਭ ਵਿਗੜੇ ਹੋਏ ਮੁੰਡੇ ਕੁੜੀਆਂ ਸਨ

 

- ਕਰਮ ਸਿੰਘ ਹਿਸਟੋਰੀਅਮਨ

ਇਕ ਨਾਟਕ ਦਾ ਆਲੇਖ

 

- ਸੁਰਜੀਤ ਪਾਤਰ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਇਕ ਕੋਹੇਨੂਰ ਹੋਰ-ਡਾ ਮਹਿੰਦਰ ਸਿੰਘ ਰੰਧਾਵਾ

 

- ਸਰਵਣ ਸਿੰਘ

ਹੱਸਣ ਦੀ ਜਾਚ

 

- ਵਰਿਆਮ ਸਿੰਘ ਸੰਧੂ

ਡੁੱਬ ਚੁੱਕੇ ਸੂਰਜ ਦੀ ਲੋਅ

 

- ਦੇਵਿੰਦਰ ਦੀਦਾਰ

ਗੰਗਾ ਰਾਮ / ਪੰਜਾਬ ਦਾ ਅਜ਼ੀਮ ਹੀਰੋ / ਨਵੇਂ ਲਾਹੌਰ ਦਾ ਪਿਓ

 

-  ਜਸਟਸ ਸੱਯਦ ਆਸਫ਼ ਸ਼ਾਹਕਾਰ

ਹਰੇ ਧਾਗੇ ਦਾ ਰਿਸ਼ਤਾ

 

- ਅੰਮ੍ਰਿਤਾ ਪ੍ਰੀਤਮ

ਕੋਠੀ ਲੱਗੇ ਐੱਨ ਆਰ ਆਈ ਬਜ਼ੁਰਗ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਗੁਰਮਖ ਸੋਂ ਬਨਾਮ ਗੋਖਾ.....!

 

- ਮਨਮਿੰਦਰ ਢਿਲੋਂ

ਸਮੁਰਾਈ ਦਾ ਦੂਜਾ ਕਾਂਡ

 

- ਰੂਪ ਢਿੱਲੋਂ

ਮੁੜ ਵਿਧਵਾ

 

- ਸੰਤ ਸਿੰਘ ਸੇਖੋਂ

ਮੰਜੀ ਠੋਕ

 

- ਚਰਨਜੀਤ ਸਿੰਘ ਪੰਨੂ

ਅਸਲੀ ਲਾਹੌਰ ਵੇਖਦਿਆਂ

 

- ਬਲਦੇਵ ਸਿੰਘ ਧਾਲੀਵਾਲ

ਰਾਜਪਾਲ ਸਿੰਘ ਦੀ ਪੁਸਤਕ ‘ਪੰਜਾਬ ਦੀ ਇਤਿਹਾਸਕ ਗਾਥਾ’

 

- ਡਾ ਸੁਭਾਸ਼ ਪਰਿਹਾਰ

ਨਾਵਲ / “ਝੱਖੜ” ਦਾ ਇਕ ਅੰਸ਼

 

- ਕੰਵਰਜੀਤ ਸਿੰਘ ਸਿੱਧੂ

ਤਿੰਨ ਕਵਿਤਾਵਾਂ

 

- ਗੁਰਨਾਮ ਢਿੱਲੋਂ

ਲੋਕ ਪਾਲ਼

 

- ਉਂਕਾਰਪ੍ਰੀਤ

ਸੈਲਫ਼ਾਂ ਤੇ ਪਈਆਂ ਕਿਤਾਬਾਂ

 

- ਡਾ. ਅਮਰਜੀਤ ਟਾਂਡਾ

ਦੋ ਕਵਿਤਾਵਾਂ

 

- ਸੰਦੀਪ ਸਿੰਘ ਸਿੱਧੂ

ਕਾਮਰੇਡ ਚਤਰਭੁਜੀ ਚੁੱਪ ਕਿਉਂ ?

 

- ਅਮਰਜੀਤ ਸਿੰਘ ਭੁੱਲਰ

ਅੱਜ ਦੇ ਗਾਇਕਾਂ ਨੇ ਪੰਜਾਬ ਨੂੰ ਨਸ਼ੇੜੀਆਂ ਤੇ ਬਦਮਾਸ਼ਾ ਦੀ ਧਰਤੀ ਬਣਾ ਛੱਡਿਆ

 

- ਬੇਅੰਤ ਗਿੱਲ ਮੋਗਾ

ਕਲਮ ਉਠਾ ਲੈਂਦਾ ਹਾਂ

 

- ਪ੍ਰੀਤ

ਡਾ. ਹਰਚਰਨ ਸਿੰਘ ਨਾਟਕਕਾਰ ਦੇ ਨਾਮ ਰਹੀ - ਕਾਫ਼ਲੇ ਦੀ ਮਈ 2016 ਮਿਲਣੀ

 

- ਉਂਕਾਰਪ੍ਰੀਤ

ਛਲਾਵੇ

 

- ਹਰਵੀਰ ਸਰਵਾਰੇ

 
Online Punjabi Magazine Seerat

ਕੋਠੀ ਲੱਗੇ ਐੱਨ ਆਰ ਆਈ ਬਜ਼ੁਰਗ
- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ (ਗੁਰੂਸਰ ਸੁਧਾਰ)

 

ਅਕਤੂਬਰ-ਨਵੰਬਰ ਦਾ ਸਮਾਂ। ਲਗਪਗ ਓਦੋਂ ਹੀ ਬਹੁਤੇ ਐੱਨ ਆਰ ਆਈ ਬਜ਼ੁਰਗ ਪਰਿਵਾਰ ਆਪਣੀ ਮਾਤਭੂਮੀ ਵੱਲ ਵਹੀਰਾਂ ਘੱਤ ਤੁਰਦੇ ਹਨ। ਵਾਇਨਾ ਤੋਂ ਅਸਟਰੀਅਨ ਜਹਾਜ਼ ਉੱਡ ਪਿਆ। ਮੁਢਲੀਆਂ ਉਡਾਣ ਰਸਮਾਂ ਪੂਰੀਆਂ ਹੋ ਚੁੱਕੀਆਂ ਸਨ। ਸਫਰ ਨੂੰ ਰੌਚਿਕ ਬਣਾਉਣ ਲਈ ਨਾਲ ਬੈਠੇ ਹਮਉਮਰੇ ਪੰਜਾਬੀ ਬਾਈ ਨਾਲ ਫਤਿਹ ਬੁਲਾ ਸਹਿਵਨ ਗੱਲ ਤੋਰੀ, 'ਕਿਵੇ ਆ ਬਾਈ ਏਧਰਲਾ, ਓਧਰਲਾ ਹਾਲ-ਹਵਾਲ'। 'ਹਾਲ ਕੀ ਐ ਬਾਈ, ਮੇਰਾ ਤਾਂ ਇੱਕ ਅੜੇ ਹੋਏ ਇੰਤਕਾਲ ਨੇ ਅੰਤਕਾਲ ਹੀ ਨੇੜੇ ਲਿਆਂਦਾ ਹੋਇਐ ...।' ਇਉਂ ਲੱਗਾ ਬੰਦਾ ਜਿਵੇਂ ਕਿਸੇ ਮਸਲੇ ਨਾਲ ਓਲਝਿਆ, ਬਹੁਤਾ ਹੀ ਦੁਖੀ ਤੇ ਪਰੇਸ਼ਾਨ ਹੈ। ਸ਼ਬਦਾਂ ਤੋਂ ਪੜ੍ਹਿਆ ਲਿਖਿਆ ਲੱਗਾ। ਵੇਖਣੀ-ਚਾਖਣੀ ਤੋਂ ਚੰਗਾ-ਭਲਾ ਜਾਪਿਆ। ਮੈਨੂੰ ਉਸ ਵੱਲੋਂ ਇੱਕ ਧੁਨੀ ਵਾਲੇ ਜੋਟਾ ਸ਼ਬਦ ਇੰਤਕਾਲ ਤੇ ਅੰਤਕਾਲ ਪਿੱਛੇ ਕਿਸੇ ਕਹਾਣੀ ਤੇ ਪਾਣੀ ਦੇ ਚੜ੍ਹਦੇ ਉਤਰਦੇ ਵੈਹਣ ਵਰਗੀ ਗਾਥਾ ਭਾਸੀ। ਸੋਚਾਂ ਇੰਤਕਾਲ ਦਾ ਇੱਕ ਮਤਲਬ ਜ਼ਮੀਨ, ਜਾਇਦਾਦ ਨੂੰ ਆਪਣੇ ਨਾਂਅ ਕਰਾਉਣਾ ਹੁੰਦੈ। ਦੂਜਾ ਸਵਾਸ ਤਿਆਗਣ ਦਾ ਸਮਾਂ, ਮ੍ਰਿਤੂ ਸਮਾਂ, ਆਖ਼ਰੀ ਸਮਾਂ। ਭੂੰਬਲ-ਪੂਸਾ ਜਿਹਾ ਉਤਪੰਨ ਹੋਇਆ। ਅੰਤ ਹੋਣ ਵਾਲੇ ਉਸ ਦੇ ਚਿਹਰੇ ‘ਤੇ ਕੋਈ ਵਿਸ਼ੇਸ਼ ਚਿੰਨ੍ਹ ਨਹੀਂ ਸਨ ਦਿੱਸੇ। ਮੇਰੀ ਚੇਤਨਾ ਟੁੰਬੀ ਗਈ। ਉਹਦੀ ਕਹਾਣੀ ‘ਚ ਮੇਰੀ ਉਤਸਕਤਾ ਵਧ ਗਈ। ਉਸਦੀ ਦਸ਼ਾ ਨੂੰ ਅੱਗੇ ਸੁਨਣਾ ਚਾਹਿਆ।
'ਨੌਕਰੀ ਸੀ ਜਾਂ ਕੁਝ ਹੋਰ ਸ਼ੁਗਲ'। 'ਰਾਮਗੜੀਆ ਕਾਲਜ ਫਗਵਾੜਾ ਵਿੱਚ ਪੰਜਾਬੀ ... ਪੜ੍ਹਾਉਂਦਾ ਰਿਹਾਂ ... ਬਾਈ ... ਸਾਹਿਤ ਪੜ੍ਹਨ-ਪੜ੍ਹਾਉਣ ‘ਚ ਹੀ ਖੁੱਬਾ ਰੀਹੰਦਾ ... ਅਮਲੀ ਦੁਨਿਆਵੀ ਝਮੇਲਿਆ ਤੋਂ ਬੇਖ਼ਬਰ ... ਉੱਥੋਂ ਹੀ ਸੇਵਾ ਮੁਕਤ ਹੋਇਆ ... ਬੱਚੇ ਬਾਹਰ ਸਨ ... ਜੱਕੋ ਤੱਕੀ ‘ਚ ... ਏਧਰ ਦਾ ਅੰਨ-ਜਲ੍ਹ ਬਣ ਗਿਆ ... । 'ਤਾਂ ਤੇ ਬਾਈ ਅਸੀਂ ... ਹਮਪੇਸ਼ਾ, ਹਮਸਫਰ ਹੋਏ ... ।' ਕੁਝ ਸਾਂਝ ਜਿਹੀ ਬਣਦੀ ਮਹਿਸੂਸ ਹੋਈ।
'ਮਨਸਾਂ, ਮਰਦਾਂ, ਸੂਰਿਆਂ ਕੰਮ ਪੈਣ ਅਵੱਲੇ' ਇੱਕ ਹੌਂਸਲਾ ਵਧਾਊ ਕਹਾਵਤ ਨਾਲ ਗੱਲ ਮੁੜ ਛੋਹੀ।
ਉਹ ਮੇਰੇ ਵੱਲ ਅਪਣੱਤ ਜਿਹੀ ਨਾਲ ਝਾਕਿਆ। ਦੁਖੀਆ ਹਮਸਫਰ, ਹਮਪੇਸ਼ਾ ਖੁੱਲ੍ਹ ਪਿਆ। 'ਬਾਈ ... ਕੀ ਪੁੱਛਦੈਂ ... ਅੱਸੀਵਿਆਂ ਦੇ ਆਖੀਰਲੇ ਸਾਲਾਂ ‘ਚ ... ਜਲੰਧਰ ਨੇੜੇ ਇੱਕ ਨਵੀਂ ਕੱਟੀ ਜਾ ਰਹੀ ... ਵਧੀਆ ਕਾਲੋਨੀ ‘ਚ ...ਵੇਖੋ ਵੇਖੋ ... ਚੰਗਾ ਖੁੱਲ੍ਹਾ-ਡੁੱਲ੍ਹਾ ...ਪਲਾਟ ਲੈ ਲਿਆ ... ਓਦੋਂ ਭਾਅ ਵੀ ਸਸਤੇ ਸਨ ... ਪਰ ਡੀਲਰ ਠੱਗ, ਚਾਲਬਾਜ਼ ਸਿੱਧ ਹੋਇਆ ... ਸਾਡੇ ਵਰਗੇ ਪੜ੍ਹਨ ਪੜ੍ਹਾਉਣ ਵਾਲਿਆਂ ਨੂੰ ਰਜਿਸਟਰੀਆਂ ਰਜੂਸਟਰੀਆਂ ਦੀਆਂ ਬਰੀਕੀਆਂ ਦਾ ... ਇੰਤਕਾਲਾਂ ਦਾ ... ਬਹੁਤਾ ਪਤਾ-ਨਿਮਾ ਨਹੀਂ ਸੀ ... ਰਜਿਸਟਰੀ ਮਿਲ ਗਈ ... ਮਨ ਖੁਸ਼ ਹੋ ਗਿਆ ... ਬੁਰਜੀਆਂ ਲੱਗੀਆਂ ਹੋਈਆਂ ਸਨ ... ਕੁਝ ਪਲਾਟਾਂ ‘ਚ ਉਸਾਰੀ ਵੀ ਅਰੰਭ ਹੋ ਗਈ ਹੋਈ ਸੀ ... ਹੌਲੀ ਹੌਲੀ ... ਮਾਇਕ ਵਸੀਲੇ ਜੋੜਕੇ ... ਅਸੀਂ ਵੀ ... ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ ... ਮਾਇਕ ਤੰਗੀ ‘ਚ ... ਦੋਹਾਂ ਜੀਆਂ ਦੀ ਤਨਖ਼ਾਹ ... ਵਿੱਤੀ ਵਸੀਲੇ ਇਹੋ ਸਨ ... ਕੁਝ ਏਧਰੋਂ ਓਧਰੋਂ ਫੜ-ਫੁੜ ... ਕੰਮ ਚੱਲਦਾ ਰਿਹਾ ... ਤਿੰਨ ਕੁ ਸਾਲਾਂ ‘ਚ ਕੋਠੀ ... ਰਹਿਣਯੋਗ ਹੋ ਗਈ ... ਪੰਜ ਕੁ ਸਾਲ ਪਿੱਛੋਂ ... ਪਤਾ ਚੱਲਿਆ ... ਪਲਾਟ ਦਾ ਇੰਤਕਾਲ ਵੀ ਕਰਾਈਦੈ ... ਪਤਾ ਕੀਤਾ ... ਇੰਤਕਾਲ ਲਈ ਭੱਜ ਨੱਠ ਕੀਤੀ ... ਸਿਫਾਰਸ਼ਾਂ ਪਵਾਈਆਂ ... ਪਟਵਾਰੀ ਕਾਨੂੰਗੋ ... ਆਦਿ ਕਹਿਣ ... ਡੀਲਰ ਆਪਣੇ ਮੁਖਤਿਆਰ ਤੋਂ ਵੱਧ ਦਾ ... ਰਕਬਾ (ਹਿੱਸਾ) ਵੇਚ ਗਿਆ ਹੋਇਐ ... ਰੋਟੀਆਂ ਦਸ ਨੇ ... ਇੰਤਕਾਲ ਕਰਾਉਣ ਵਾਲੇ ਬਾਰਾਂ ਤੇਰਾਂ ... ਤੁਰੇ ਫਿਰਦੇ ਨੇ ... ਤੇਰੇ ਵਰਗੇ ਹੋਰ ਵੀ ... ਅਸੀਂ ਕੀ ਕਰੀਏ .... ਕਈ ਕਹਿਣ ... ਰਜਿਸਟਰੀ ਹੈ ... ਤੇ ਏਨੇ ਸਾਲਾਂ ਦਾ ਕਬਜ਼ਾ ਹੈ ਤੇਰਾ ... ਕੋਠੀ ਬਣੀ ਹੋਈ ਐ ... ਕੋਈ ਫਿਕਰ ਨਾ ਕਰ ... ਮਸਤ ਰਹੋ ... ਤੁਹਾਡੇ ‘ਤੇ ਕਿਸੇ ਦਾ ਕੋਈ ਇਤਰਾਜ਼ ਦਾਅਵਾ ਨਹੀਂ ... ਕਿਸੇ ਨੇ ਤੁਹਾਡੇ ‘ਤੇ ਕੋਈ ... ਕੇਸ ਨਹੀਂ ਪਾਇਆ ਹੋਇਆ ... ਕਾਰਪੋਰੇਸ਼ਨ ਵੱਲੋਂ ਹੁਣ ਤਾਂ ... ਤੁਹਾਡੇ ਨੰਬਰ ਵੀ ਲੱਗ ਗਏ ਹੋਏ ਨੇ ... ਸੜਕਾਂ, ਸੀਵਰੇਜ, ਲਾਈਟਾਂ ਲੱਗ ਗਈਆਂ ਹੋਈਆਂ ਹਨ ... ਪ੍ਰਾਪਰਟੀ ਟੈਕਸ ਬਾਕਾਇਦਾ ਭਰੀ ਜਾ ਰਹੇ ਓ ...।' ਸਭ ਕੁਝ ਉਧੜੀ ਗਿਆ।
'ਫਿਰ ਸਮੱਸਿਆ ... ਕੀ ਹੈ ... ਬਾਈ ਰਹਿੰਦੇ ਰਹੋ ...।'
'ਕਾਹਨੂੰ ਵੀਰਿਆ ਏਧਰਲੇ ਬੱਚੇ ... ਤਾਂ ਓਧਰ ਜਾਣ ਦਾ ਨਾਂਅ ਨਹੀਂ ਲੈਂਦੇ ... ਨਾ ਹੀ ਉਨ੍ਹਾਂ ਕੋਲ ... ਜਾਣ ਆਉਣ ਦਾ ਵਕਤ ਹੈ ...ਪੁੱਤ, ਪੋਤੇ ਪੋਤੀਆਂ ਏਧਰ ਆ ਕੇ ਰਾਜੀ ਨਹੀਂ ... ਰਾਜੀ ਛੱਡ ... ਗੱਲ ਵੀ ਸੁਣਨ ਨੂੰ ਤਿਆਰ ਨਈਂ ... ਏਧਰ ਨਾਲ ਕੋਈ ਚਾਹਤ ... ਲਗਾਓ ਈ ਨਹੀਂ ... ਸਗੋਂ ਕਹਿੰਦੇ ਆ ... ਵੇਚੋ ਪਰੇ ... ਪੈਸੇ ਲਿਅਓ ਏਧਰ ... ਮੌਰਗੇਜਾਂ ਹੌਲੀਆਂ ਕਰੀਏ ... ਐਵੇਂ ਕੋਈ ਸਾਂਭ ਲਊ ... ਪੱਲੇ ਕੁਝ ਨਈਂ ਪੈਣਾ ... ਉੱਥੇ ਦੇ ਅਦਾਲਤੀ ਚੱਕਰਾਂ ‘ਚ ... ਕੌਣ ਜਾਊ ... ਭੱਜੂ ... ਕੌਣ ਫਿਰੂ ... ਕਿਸੇ ਨਈਂ ਪੈਣਾ ... ਇਨ੍ਹਾਂ ਚੱਕਰਾਂ ‘ਚ ... ਆਪਾਂ ਨੂੰ ਹੀ ਸਮੇਟਣੀ ਪੈਣੀ ਆ ...।'
'ਫਿਰ ਵੇਚ ਦੇ ... ਕਿਉਂ ਚੱਕਰਾਂ ‘ਚ ਪਿਐਂ ...।' ਇੱਕ ਦਮ ਵਿੱਚੋਂ ਹੀ ਕੱਟਕੇ ਬੋਲਿਆ, ' ... ਬਾਈ ਇਹੋ ਤਾਂ ਪੰਗਾ ਪਿਆ ... ਹੋਇਐ ... ਅੱਗੇ ਵੇਚਣ ਵਾਲਾ ਦਲਾਲ ... ਇੰਤਕਾਲ ਦੀ ਕਾਪੀ, ਫਰਦ ... ਗਾਹਕ ਦੀ ਪੂਰੀ ਤਸੱਲੀ ਲਈ ... ਮੰਗਦੈ ... ਕਿੱਥੋਂ ਦਿਆਂ ... ਇੰਤਕਾਲ ਤਾਂ ਹੋਇਆ ਈ ਨਈਂ ... ਫਸੇ ਪਏ ਆਂ ...।'
'ਪਿੱਛੇ ਜਿਹੇ ਬਾਈ ... ਅਖਬਾਰ ‘ਚ ਇੱਕ ਖ਼ਬਰ ਸੀ ... ਬੱਸੀ ਪਠਾਣਾਂ ਤੋਂ ... ਟੀ ਐੱਸ 1 ‘ਤੇ ... ਰਜਿਸਟਰੀਆਂ ਅੱਗੇ ਹੋ ਜਾਂਦੀਆਂ ਸਨ ... ਪਰ ਇੱਕ ਰਜਿਸਟਰਾਰ ਨੇ ... ਬਿਨਾਂ ਮਾਲਕਾਨਾ ਇੰਤਕਾਲ ਫਰਦ ਦੇ ... ਰਜਿਸਟਰੀ ਕਰਨੋਂ ਇਨਕਾਰ ਕਰ ਦਿੱਤਾ ... ਲੋਕ ਮੁਜ਼ਾਹਰੇ ਕਰਨ ਲੱਗ ਪਏ ... ਧਰਨੇ ਲੱਗੇ ... ਮੰਗ ਕਰ ਰਹੇ ਹਨ ਕਿ ਟੀ ਐੱਸ 1 ... ‘ਤੇ ਰਜਿਸਟਰੀਆਂ ਜਾਰੀ ਰਹਿਣੀਆਂ ਚਾਹੀਦੀਆਂ ਹਨ ... ਨਗਰ ਕੌਂਸਲਰ, ਲੀਡਰ ਸਮਰਥਨ ਦੇ ਰਹੇ ਹਨ ... ਕੀ ਤੁਸੀਂ ਟੀ ਸੀ 1 ਲੈ ਲਿਆ ਹੋਇਐ ...।' ਵਿੱਚ ਵਿਚਾਲੇ ਖਾਣੇ ਦੀ ਟਰਾਲੀ ਵੀ ਆਪਣਾ ਕੰਮ ਨਬੇੜੀ ਗਈ। ਗੱਲਾਂ ਰੁਕ ਗਈਆਂ। ਖਾ ਪੀ ਕੇ ਫਿਰ ਅੱਗੇ ਕਿੱਸਾ ਤੁਰਿਆ। ਗੱਲ ਤੋਰੀ, 'ਪੈਸਾ ਅੱਜ ਦੇ ਦੌਰ ‘ਚ ... ਸਭ ਮਰਜ਼ਾਂ ਦਾ ਦਾਰੂ ... ਹਰ ਸਮੱਸਿਆ ਦਾ ਹੱਲ ... ਸਭ ਤੋਂ ਵੱਧ ਸਫ਼ਲ ਤਰੀਕਾ ... ਸਿੱਧ ਹੁੰਦੈ ... ।' ਗੱਲ ਕੱਟਕੇ ਬੋਲਿਆ, 'ਬੱਸ ਬਾਈ ਹੁਣ ... ਏਸੇ ‘ਚ ਹੀ ... ਫਸਿਆ ਹੋਇਆ ਆਂ ... ਪੈਸਾ ਵੀ ਕਾਫੀ ... ਦੇ ਬੈਠਾ ਹੋਇਆ ਆਂ ... ਦਲਾਲ ਦੇ ਕਹੇ ‘ਤੇ ... ਵਾਅਦਾ ਵੀ ਹੋਇਆ ਹੋਇਆ ਈ ... ਲਾਰੇ ਲੱਪਿਆਂ ਦੀ ਲੜੀ ਹੀ ਤੁਰੀ ਜਾ ਰਹੀ ਆ ... ਪਰ ਊਠ ਦਾ ਬੁੱਲ੍ਹ ... ਪਤਾ ਨਹੀਂ ਕਦੋਂ ਡਿੱਗੇ ... ਇੱਕ ਵਾਰ ... ਦਲਾਲ ਦਾ ਫੋਨ ਆਇਆ ... ਰਜਿਸਟਰੀ ਘੱਟ ਦੀ ਹੋਈ ਐ ... ਰਜਿਸਟਰੀ ਦੇ ਪੈਸੇ ... ਹੋਰ ਲੱਗਣਗੇ ... ਪੁੱਛਿਆ ... ਕਹਿੰਦੈ ਸਰਕਾਰ ਨੰਗ ਐ ... ਮੁੜ ਮੁੜ ਟੈਕਸ ... ਤੇ ਰਜਿਸਟਰੀ ਫੀਸਾਂ ਵਧਾਈ ਜਾਂਦੀ ਐ ... ਤਾਂ ਹੀ ਕਹਿੰਦਾ ਹਾਂ ... ਬਾਈ ... ਇਸ ਇੰਤਕਾਲ ਨੇ ਤਾਂ ਮੇਰਾ ਅੰਤਕਾਲ ... ਈ ਨੇੜੇ ਲਿਆ ਦਿੱਤਾ ਹੋਇਐ ... ਐਤਕੀਂ ਜਾਣ ਦਾ ... ਵੱਡਾ ਕੰਮ ... ਬੱਸ ਇਹ ਈ ਆ ... ਵੇਖੋ ਕੀ ਬਣਦੈ ... ਜਾ ਰਿਹਾ ਹਾਂ ... ।' ਦਿੱਲੀ ਤੱਕ ਦੇ ਬਾਕੀ ਸਫਰ ਉਸ ਹਮਸਫ਼ਰ ਦੀ ਸਮੱਸਿਆ ਬਾਰੇ ਸੋਚਦਾ ਰਿਹਾ। ਇਹ ਵੀ ਵੇਲੇ ਆਉਣੇ ਸਨ। ਬਜ਼ੁਰਗ ਤਾਂ ਕੋਠੀ ਛੱਡਦੇ ਨੇ, ਪਰ ਉਹ ਨਹੀਂ ਛੱਡਦੀ। ਬੰਦਾ ਤਾਂ ਕੰਬਲ ਛੱਡਦੈ, ਪਰ ਰਿੱਛ ਨਈਂ ਛੱਡਦਾ ਵਾਂਗ। ਇਉਂ ਲੱਗਦੈ ਜਿਵੇਂ ਆਪਣਾ ਸੁਪਨਈ ਰੈਣ ਬਸੇਰਾ ਈ ਜੱਫਾ ਮਾਰ ਬਈਠਾ। ਸਾਡੀ ਦੋਹਾਂ ਦੀ, ਕੀ ਸਾਡੇ ਵਰਗੇ ਸਾਰਿਆਂ ਦੀ ਹੀ, ਇਹ ਸਮੱਸਿਆ ਕਾਫੀ ਰਲ਼ਦੀ ਮਿਲਦੀ ਹੈ, ਵੱਡੀ ਭਵਜਲ, ਅਟਕ ਦਰਿਆ ਪਾਰ ਕਰਨ ਵਰਗੀ! ਖਾਣੇ ਦੀ ਖੁਮਾਰੀ ‘ਚ ਕਦੀ ਅੱਖ ਲੱਗ ਜਾਂਦੀ, ਕਦੀ ਖੁੱਲ੍ਹ ਜਾਂਦੀ। ਪੰਜਾਬ ‘ਚ ਫੈਲੀ ਅਬਦਾਲੀ ਸ਼ਾਹੀ ਘਟਨਾਵਾਂ, ਅੱਖਾਂ ਅੱਗੇ ਘੁੰਮੀ ਜਾਂਦੀਆਂ। ਚੰਗੇ ਸੁਪਨੇ ਘੱਟ ਪਰ ਮਾੜੇ, ਡਰਾਉਣੇ ਬਹੁਤੇ ਆਈ ਗਏ ... ਦਿੱਲੀ ਤੱਕ।
ਛੋਟੇ ਹੁੰਦੇ ਕਤਲ ਕੇਸ ਦੇ ਮੁਕਦਮੇ ਦੀ ਤਰੀਕ ਭੁਗਤ ਕੇ ਆਏ ਬੰਦਿਆਂ ਕੋਲੋਂ ਸੁਣਦੇ ਹੁੰਦੇ ਸੀ ਬਈ ਫਲਾਣਾ 'ਕੋਠੀ ਲੱਗ ਗਿਆ'। ਕੋਠੀ ਲੱਗਣਾ ਕੀ ਹੁੰਦੈ? ਅਜੀਬ ਜਿਹਾ ਲੱਗਦਾ। ਓਦੋਂ ਬਹੁਤਾ ਪਤਾ ਨਹੀਂ ਸੀ ਹੁੰਦਾ। ਹੁਣ ਪੂਰਾ ਪਤਾ ਲੱਗ ਗਿਆ। ਇਹ ਸ਼ਬਦ ਉਨ੍ਹਾਂ ਕੈਦੀਆਂ ਲਈ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਮੌੱਤ ਦੀ ਸਜ਼ਾ ਹੋ ਜਾਂਦੀ ਹੈ। ਕੋਠੀ ਲੱਗਣਾ, ਭਾਵ 'ਮੌਤ-ਘਰ' ਪਹੁੰਚਣਾ। ਉਹ ਗੱਲਾਂ ਤਾਂ ਹੋਈਆਂ ਬੀਤੇ ਦੀਆਂ। ਅੱਜ-ਕੱਲ੍ਹ ਕਈ ਚੰਗੇ ਭਲੇ, ਸਾਹਿਬੇ ਇਕਬਾਲ, ਜਾਇਦਾਦੇ ਇਕਬਾਲ ਐੱਨ ਆਰ ਆਈ ਬਜ਼ੁਰਗ ਆਪਣੇ ਆਪ ਨੂੰ ਕੋਠੀ ਲੱਗੇ ਮਹਿਸੂਸ ਕਰਦੇ ਹਨ। ਹੁਣੇ ਹੁਣੇ ਹੀ ਪੰਜਾਬ ਫੇਰਾ ਪਾ ਕੇ ਮੁੜਿਆ ਹਾਂ। ਜਾਂਦੇ ਵਕਤ ਵੀ, ਉੱਥੇ ਰਹਿੰਦਿਆਂ, ਦੋਸਤਾਂ, ਸਨੇਹੀਆਂ, ਮਿੱਤਰਾਂ ਨੂੰ ਮਿਲਦਿਆਂ ਗਿਲ਼ਦਿਆਂ ਤੇ ਵਾਪਸੀ ਦੌਰਾਨ ਵੀ ਐੱਨ ਆਰ ਆਈ ਬਜ਼ੁਰਗਾਂ ਨਾਲ ਏਦਾਂ ਦੀਆਂ ਹੀ ਕਥਾ, ਵਾਰਤਵਾਂ ਸਾਂਝੀਆਂ ਹੋਈਆਂ। ਉੱਥੇ ਰਹਿੰਦਿਆਂ ਅਤੇ ਜਹਾਜ਼ ‘ਚ ਬੋਰਡ ਹੋਣ ਤੋਂ ਪਹਿਲਾਂ ਇੰਤਜ਼ਾਰ ਹਾਲ ‘ਚ ਬੈਠਿਆਂ ਦਿੱਲੀ ਤੋਂ ਟੋਰਾਂਟੋ, ਵੈਨਕੁਵਰ, ਕੈਲੇਫੋਰਨੀਆਂ, ਆਦਿ, ਜਾ ਰਹੇ ਹਮਸਫਰਾਂ ਨਾਲ ਗੱਲਾਂ 'ਕਿੱਥੋਂ ਆਏ ਓਂ', 'ਕਿੱਥੇ ਜਾ ਰਹੇ ਹੋ', 'ਕੀ ਸ਼ੁਗਲ, ਰੁਝੇਵਾ ਸੀ' ਸਵਾਲਾਂ ਨਾਲ ਦੁੱਖ-ਸੁੱਖ ਦੇ ਗਲੋਟੇ ਖੁੱਲ੍ਹਣ ਲੱਗ ਪੈਂਦੇ। ਬੜੇ ਰੌਚਿਕ ਕਿੱਸੇ ਕਹਾਣੀਆਂ ਸੁਣਨ ਨੂੰ ਮਿਲੀਆਂ।
ਪੰਜਾਬ ਠਹਿਰ ਸਮੇਂ ਇੱਕ ਦਿਨ ਫਰਵਰੀ ਮਹੀਨੇ ਦੀ ਸ਼ਾਮ। ਅਸੀਂ ਦੋਵੇਂ ਜੀਅ ਆਪਣੇ ਨਿੱਕੇ ਜਿਹੇ ਪੱਕੇ ਸੰਭਰੇ-ਸੰਵਾਰੇ ਬੈਕਯਾਰਡ ‘ਚ ਬੈਠੇ ਸ਼ਾਮ ਦੀ ਕੋਸੀ ਧੁੱਪ ਮਾਣ ਰਹੇ ਸੀ। ਗੇਟ ਖੜਕਿਆ। ਘੰਟੀ ਵੀ ਟਣਕੀ। ਸਾਡੇ ਪੱਕੇ ਸੇਵਕ ਪਰਿਵਾਰ ਦੇ ਬੱਚਿਆਂ ਨੇ ਗੇਟ ਖੋਲ੍ਹਿਆ। ਕੋਈ ਮਿਲਣ ਵਾਲਾ ਬਾਹਰ ਖੜ੍ਹਾ ਸੀ। ਵੇਖਿਆ ਤਾਂ ਇੱਕ ਬੜਾ ਹੀ ਪੁਰਾਣਾ ਵਾਕਫ ਚਿਹਰੇ ਵਾਲਾ ਸਨੇਹੀ, ਮਿੱਤਰ ਖੜ੍ਹਾ ਸੀ। ਪੇਂਟਿੱਡ, ਡੈਂਟਿੱਡ ਕਾਲੀ ਦਾੜੀ, ਚਿਹਰੇ ਦੇ ਹਾਵ-ਭਾਵ ਜਾਣੇ ਪਛਾਣੇ। ਇੱਕ ਵੇਲੇ ਉਹ ਮੇਰਾ ਅੱਧੀ ਸਦੀ ਪੁਰਾਣਾ ਬੀ ਟੀ ਦਾ ਵਿਦਿਆਰਥੀ ਸੀ। ਪੂਰੀ ਪਛਾਣ ਆ ਗਈ, ਪਰ ਨਾਂਅ ਚੇਤੇ ‘ਚ ਨਾ ਆਵੇ। ਬਥੇਰਾ ਜਿ਼ਹਨ ਨੂੰ ਖਰੋਚਿਆ, ਖੰਘਾਲਿਆ। ਗੁਰਚਰਨ ਏਂ, ਗੁਰਦੇਵ ਏਂ ... ਕਹਾਂ… ਗੱਲ ਨਾ ਬਣੇ। ਉਹ ਹੱਸ ਪਏ। ਹੱਸਦਾ ਚਿਹਰਾ ਵਾਕਫੀ ਹੋਰ ਪੱਕੀ ਕਰੀ ਜਾਵੇ। ਇੱਕ ਦਮ ਸਿਮ੍ਰਤੀ ‘ਚ ਲਿਸ਼ਕ ਪਈ, ਬਈ ਤੂੰ ਰੰਗੀਆਂ ਵਾਲਾ ਤਾਂ ਨਹੀਂ। ਕੀ ਨਾਂ ਸੀ ... ਚੇਤੇ ‘ਚ ਫਿਰਦੈ। ਉਹੋ! ਹਾਂ ਪ੍ਰੋ. ਮਹਾਜਨ ਵਾਲੇ ਬੰਬੇ ਵਿਦਿਅਕ ਟੂਰ ਦਾ ਮੋਹਰੀ ਗੁਰਦੀਪ ਰੰਗੀਆਂ ਤਾਂ ਨਹੀਂ। ਗਲਵਕੜੀ ਪੈ ਗਈ। ਬਹਿ ਗਏ। ਗੱਲਾਂ ਤੁਰ ਪਈਆਂ। ਫਿੱਟੇ ਮੂੰਹ ਮੇਰੇ ਚੇਤੇ ਦਾ, ਬਈ। ਅਸੀਂ ਇੱਕ ਦੋ ਵਾਰੀ ਟੋਰਾਂਟੋ ਵੀ ਮਿਲੇ ਹੋਏ ਸੀ। ਜਥੇਦਾਰ ਕਮਿੱਕਰ ਸਿੰਘ ਮੁਕੰਦਪੁਰੀਏ ਦੇ ਮਾਣ-ਤਾਣ ‘ਚ ਬਰੈਂਪਟਨ ਵਿੱਚ ਆਯੋਜਤ ਸਮਾਗਮ ਵਿੱਚ। ਕਮਿੱਕਰ ਨੇ ਆਪਣੇ ਪਿੰਡ ਵਾਲੀ ਵੱਡੀ ਹਵੇਲੀ ਪਿੰਡ ‘ਚ ਹਸਪਤਾਲ ਲਈ ਦਾਨ ਕਰ ਦਿੱਤੀ ਹੋਈ ਸੀ। ਉਹ ਸਮਾਗਮ ਉਹਦੇ ਇਲਾਕਾ ਨਿਵਾਸੀਆਂ ਵੱਲੋਂ ਹਸਪਤਾਲ ਲਈ ਫੰਡ ਉਗਰਾਉਣ ਲਈ ਕੀਤਾ ਗਿਆ ਸੀ।
ਇਨ੍ਹੀਂ ਦਿਨੀ ਗੁਰਦੀਪ ਮੇਰੀ ਰਿਹਾਇਸ਼ ਦੇ ਨਾਲ ਲੱਗਦੀ ਕਲੋਨੀ ਵਿੱਚ ਆਪਣੀ ਵਧੀਆ ਬਣੀ ਕੋਠੀ ‘ਚ ਰਹਿ ਰਿਹੈ। ਕੱਲ-ਮੁਕੱਲਾ। ਸਾਡੇ ਵਾਂਗ ਹੀ ਗਰਮੀਆਂ ਸਰਦੀਆਂ, ਜਾਇਦਾਦ ਦੀ ਰਾਖੀ, ਸੰਭਾਲ ਦੇ ਚੱਕਰ ਵਿੱਚ ਤਕਰੀਬਨ ਹਰ ਸਾਲ ਹੀ ਜਾਂਦਾ, ਆਉਂਦਾ। ਅੱਜ ਗੁਰਦੁਵਾਰੇ ਦੇ ਗ੍ਰੰਥੀ ਨੂੰ ਪੁੱਛ, ਮਿਲਣ ਆ ਗਿਆ। ਨਿੱਜੀ, ਸਮਾਜਕ ਮਸਲਿਆਂ ਦੇ ਦੁੱਖਾਂ, ਗਿਲਿ਼ਆਂ ਤੇ ਯਾਦਾਂ ਦੇ ਗਲੋਟੇ ਖੁੱਲ੍ਹਣ ਲੱਗ ਪਏ। ਪਿੱਛੋਂ ਅਸੀਂ ਸ਼ਾਮ ਦੀ ਰੰਗੀਨੀ ਵਿੱਚ ਇੱਕ ਦੂਜੇ ਦੇ ਨਾਲ ਕਈ ਵਾਰ ਬੈਠਦੇ-ਉੱਠਦੇ ਰਹੇ। ਪੁਰਾਣੇ ਵੇਲੇ ਦੀਆਂ ਗੱਲਾਂ ਕਰਦੇ, ਸੁਆਦ ਲੈਂਦੇ ਰਹੇ। ਇੱਕ ਦਿਨ ਕਹਿੰਦਾ ਯਾਦ ਹੈ ਤੁਹਾਨੂੰ 1965 ਦੀਆਂ ਰਾਏਪੁਰ ਖੇਡਾਂ ਵੇਖਣ ਅਸੀਂ ਸੁਧਾਰ ਤੋਂ ਸਾਈਕਲਾਂ ‘ਤੇ ਗਏ ਸੀ। ਸਾਡੇ ਨਾਲ ਸਾਈਕਾਲੋਜੀ ਵਾਲਾ ਪ੍ਰੋ. ਹਰਚਰਨ ਸਿੰਘ ਗਿੱਲ, ਮੇਰਾ ਬੀ ਟੀ ਦਾ ਜਮਾਤੀ ਡੇਹਲੋਂ ਵਾਲਾ ਸ਼ੇਰ ਸਿੰਘ ਵੀ ਸੀ। ਉਹ ਮੇਰਾ ਸਰਕਾਰੀ ਕਾਲਜ, ਲੁਧਿਆਣੇ ਵਿੱਚ ਵੀ ਜਮਾਤੀ ਸੀ। ਸ਼ਾਮ ਨੂੰ ਖੇਡਾਂ ਪਿੱਛੋਂ ਰਾਤ ਨੂੰ ਅਸੀਂ ਰੰਗੀਆਂ ਜਾ ਰਹੇ। ਰੰਗੀਆਂ ਰਾਏਪੁਰ ਦੇ ਨਾਲ ਹੀ ਲੱਗਦੈ। ਉਹਦੇ ਆੜੀਆਂ ਨੇ ਰਾਤ ਲਈ ਮੁਰਗੇ ਬਣਾਉਣ ਦਾ ਜੁਗਾੜ ਫਿੱਟ ਕਰ ਲਿਆ। ਸਬੱਬੀਂ ਉਨ੍ਹਾਂ ਨੂੰ ਮੁਰਗੇ ਝਟਕਾਉਣ ਲਈ ਟੋਕੀ, ਟੋਕਾ ਨਾ ਮਿਲੇ। ਏਧਰ ਓਧਰ ਟੋਲਦੇ ਫਿਰਦੇ ਸਨ। ਗੱਲ ਤੁਹਾਡੇ ਕੰਨੀਂ ਪਈ। ਮੈਨੂੰ ਯਾਦ ਐ ਮੈਂ ਕਿਹਾ ਸੀ, ਲਿਆਓ ਓਏ ! ਮੁੰਡਿਓ! ਇਹ ਵੀ ਕੋਈ ਔਖਾ ਕੰਮ ਐ। ਕਿਸੇ ਵੱਡੇ ਸੰਦ ਦੀ ਲੋੜ ਨਹੀਂ। ਮੈਂ ਕਮੀਜ ਦੀ ਬਾਂਹ ਟੁੰਗੀ ਤੇ ਮਝੈਲੀ ਵਿਧੀ ਨਾਲ ਮੁਰਗੇ ਦੀ ਗਿੱਚੀ ਫੜ੍ਹਨੀ ਤੇ ਮਰੋੜਕੇ ਧੌਣ ਭਰੇ ਰੱਖ ਦੇਣੀ, ਥੋੜ੍ਹੀ ਦੇਰ ਦੱਬੀ ਰੱਖਣਾ। ਏਦਾਂ ਹੀ ਦੂਜੇ ਨਾਲ ਕੀਤਾ। ਬਸ ਲਓ ਹੁਣ ਤੱਤੇ ਤਾਅ, ਖੰਭ ਸਣੇ ਇਨ੍ਹਾਂ ਦੀਆਂ ਕੋਟੀਆਂ ਲਾਹੀ ਜਾਓ, ਏਦਾਂ ... । ਉਹ ਸਾਰੇ ਪ੍ਰੋਫੈਸਰ ਦੇ ਇਸ ਢੰਗ ਤੋਂ ਬੜੇ ਹੈਰਾਨ। ਉਨ੍ਹੇ ਅੱਜ ਉਸ ਮੌਕੇ ਨੂੰ ਮੁੜ ਯਾਦ ਕਰਾਇਆ। ਉਸੇ ਸਾਲ ਮਾਰਚ ਜਿਹੇ ‘ਚ ਸ਼ੇਰ ਡੇਹਲੋਂ ਦੀ ਬਰਾਤੇ ਵੀ ਅਸੀਂ ਇਕੱਠੇ ਗਏ ਸੀ। ਬਰਾਤ 'ਜਰਗ' ਢੁੱਕੀ ਸੀ। ਉਹ ਹੀ ਜਰਗ ਜਿੱਥੇ 'ਮਲਵਈ ਤੇ ਮਲਵੈਣਾਂ' ਜਿਦੋ ਜਿਦੀ ਬੋਲੀਆਂ ਪਾਉਂਦੇ। ਮੇਲੇ ਦਾ ਨਾਂ ਸੁਣਦਿਆਂ ਹੀ 'ਚੱਲ ਚਲੀਏ ਜਰਗ ਦੇ ਮੇਲੇ ...' ਬੋਲੀ ਬੁੱਲਾਂ ‘ਤੇ ਆ ਜਾਂਦੀ ਏ। ਉਹ ਮੌਕਾ ਵੀ ਯਾਦ ਕੀਤਾ ਜਦੋਂ ਬਰਾਤੀ ਮੁੰਡਿਆਂ ਦੀ ਢਾਣੀ ਇਕੱਠੀ ਹੀ ਇੱਕ ਵੱਡੇ ਕਮਰੇ ਵਿੱਚ ਮੰਜਿਆਂ ‘ਤੇ ਸਜ ਗਈ। ਪੰਦਰਾਂ ਕੁ ਬੇਲੀ ਸਨ। ਤਰੀਕਾ ਚੱਲ ਪਿਆ। ਇੱਕ ਪਾਸਿਉਂ ਗਲਾਸੀ, ਬੋਤਲ ਤੇ ਪਾਣੀ ਤੁਰੇਗਾ। ਗੇੜੇ ਦੇ ਅੰਤ ‘ਤੇ ਬੋਤਲ ਮੁੱਕਣੀ ਚਾਹੀਦੈ। ਏਦਾਂ ਖੂਬ ਸ਼ੁਗਲ ਬੱਝਾ। ਰੋਟੀ ਖਾਣ ਜਾਂਦਿਆਂ ਦੀ ਗਲ਼ੀ ‘ਚ ਖਿੱਚੀ ਗਈ ਇੱਕ ਫੋਟੋ ਹਾਲੀ ਵੀ ਮੇਰੇ ਪੁਰਾਣੇ ਕਾਗਜ਼ਾਂ ਪੱਤਰਾਂ, ਫੋਟੋਆਂ ‘ਚ ਸਾਂਭੀ ਪਈ ਹੋਈ ਹੈ। ਉਹਨੂੰ ਲਿਆ ਵਿਖਾਈ। ਭਰ ਜਵਾਨੀ ਦੇ ਦਿਨ ਸਨ। ਸਰੀਰ ਸਰੂ ਵਾਂਗ ਖੜ੍ਹਦਾ, ਤੁਰਦਾ ਤੇ ਹੁਲਾਰੇ ਮਾਰਦਾ ਹੁੰਦਾ। ਹੁਣ ਉਹ ਵੇਲੇ ਦੂਰ, ਬਹੁਤ ਪਿੱਛੇ ਰਹਿ ਗਏ ਹਨ। ਹੁਣ ਤਾਂ ਤੁਰਨਾ ਔਖੈ। ਅੱਜ-ਕੱਲ੍ਹ ਤਾਂ ਬੱਸ ਏਥੇ ਆਪਣੀ ਬਣਾਈ ਜਾਇਦਾਦ ਦਾ ਚੌਕੀਦਾਰਾ ਕਰਨ ਜੋਗੇ ਹੀ ਰਹਿ ਗਏ ਆਂ। ਏਧਰਲੇ ਕੰਮਾਂ-ਕਾਰਾਂ, ਝਮੇਲਿਆਂ ‘ਚ ਫਸੇ ਕੈਨੇਡੀਅਨ ਬੱਚਿਆਂ ਕੋਲ ਕਿੱਥੇ ਸਮਾਂ ਏ! ਮਾਰੋ-ਮਾਰ ਈ ਕਰਦੇ ਫਿਰਦੇ ਨੇ ... ਇੱਕ ਦੂਜੇ ਦੀ ਸਾਰ ... ਪੁੱਛਣ ਲਈ ... ਕਦੀ ਕਦੀ ਹੀ ਵਕਤ ਮਿਲਦੈ।
ਇੱਕ ਦਿਨ ਗੁਰਦੀਪ ਨੂੰ ਮਿਲਣ ਉਹਦੀ ਕੋਠੀ ਚਲਾ ਗਿਆ। ਗੱਲਾਂ ਕਰਦਿਆਂ ਸਕਾਚ ਲਿਆ ਰੱਖੀ। ' ਮੈਂ ਮੱਛੀ ਮਸਾਲਾ ਲਾ ਰੱਖੀ ਐ … ਜਦੋਂ ਕਹੋਗੇ ... ਗਰਮ ਕਰਲਾਂਗੇ'। ਕੋਠੀ ਸੋਹਣੀ ਬਣੀ ਹੋਈ ਸੀ। ਗੱਲਾਂ ਛਿੜ ਪਈਆਂ। ਕਹਿੰਦਾ ਵੱਡਾ ਮੁੰਡਾ ਤਾਂ ਪਹਿਲਾਂ ਹੀ ਅਮਰੀਕਾ ਚਲਿਆ ਗਿਆ ਸੀ। ਛੋਟਾ ਸਿਆਸੀ ਹੋਣ ਕਰਕੇ ਸਰਪੰਚ ਬਣ ਗਿਆ। ਐਥੇ ਨੇੜੇ ਹੀ ਉਹਦੀ ਘਰਵਾਲੀ ਕਿਸੇ ਸਕੂਲ ਵਿੱਚ ਪੜ੍ਹਾਉਂਦੀ ਸੀ। ਗਵਾਂਢ ‘ਚ ਬਣੇ ਮੰਦਰ ਦੇ ਪੰਡਤ ਨਾਲ ਉੱਚੀ ਡੀ ਜੇ ਲਾਉਣ ਤੋਂ ਖੈਬ੍ਹੜ ਪਿਆ। ਸ਼ਾਮ ਵੇਲਾ। ਮਿੱਤਰ ਮੰਡਲੀ ਜੁੜੀ ਹੋਈ ਸੀ। ਜਟਕੀ ਮੱਤ ਭੜਕ ਪਈ। ਪੁਲਿਸ ਕੇਸ ਬਣ ਗਿਆ। ਪ੍ਰੋਫੈਸਰ ਸਾਹਿਬ ਕੀ ਦੱਸਾਂ! ਇੱਕ ਦਮ ਆਉਣਾ ਪਿਆ। ਸਿਆਸੀ ਪਹੁੰਚ, ਪੈਸੇ ਦੇ ਜ਼ੋਰ ਨਾਲ ਝਗੜਾ ਮਸੀਂ ਨਬੇੜਿਆ। ਉਹਦਾ ਕੈਨੇਡੀਅਨ ਪੀ ਆਰ ਕਾਰਡ ਪਹਿਲਾਂ ਹੀ ਬਣਿਆ ਹੋਇਆ ਸੀ। ਬੱਸ ਏਥੋਂ ਭਜਾਉਣ ਦੀ ਕੀਤੀ। ਹੁਣ ਉਹ ਤਾਂ ਓਧਰ ਕੰਮਾਂ-ਕਾਰਾਂ ‘ਚ ਰੁੱਝ ਹੋਏ ਨੇ। ਮੈਂ ਏਥੇ ਕੋਠੀ ਦੀ ਸਾਂਭ-ਸੰਭਾਲ ਤੇ ਵੇਚਣ-ਵੂਚਣ ਦੇ ਚੱਕਰ ‘ਚ ਬਈਠਾ ਹਾਂ। ਓਦਣ ਦੀ ਉਡੀਕ ‘ਚ ਆਂ ਜਿੱਦਣ ਇਹ ਕੰਮ ਸਮੇਟਿਆ ਗਿਆ। ਮਾਰਕਿਟ ਬਹੁਤੇ ਹੀ ਮੰਦੇ ‘ਚ ਹੈ। ਗਾਹਕ ਕੋਈ ਲੱਗਦਾ ਨਹੀਂ। ਪਿੰਡ ਵਾਲੀ ਜ਼ਮੀਨ ਚੰਗੇ ਟਿਕਾਣੇ ‘ਤੇ ਹੈ। ਰਾਏਪੁਰ ਕੋਲੋਂ ਦੀ ਲੰਘਦੀ ਰੇਲ ਦੇ ਨਾਲ ਹੀ ਸਾਡਾ ਪਿੰਡ ਹੈ। ਇਨ੍ਹਾਂ ਦੋਹਾਂ ਪਿੰਡਾਂ ਵਿਚਾਲੇ ਹੀ ਕੇਂਦਰ ਸਰਕਾਰ ਇੱਕ ਡਰਾਈ ਪੋਰਟ ਬਣਾ ਰਹੀ ਹੈ। ਜ਼ਮੀਨ ਦੇ ਮੁੱਲ ਕੱਖਾਂ ਤੋਂ ਹੁੰਦੇ ਹੋਏ, ਲੱਖਾਂ ਤੋਂ ਅੱਗੇ, ਹੁਣ ਕਰੋੜਾਂ ‘ਚ ਬੋਲ ਰਹੇ ਹਨ। ਉਹਦੇ ਨਿਬੇੜੇ ਦਾ ਵੀ ਇੰਤਜ਼ਾਰ ਹੈ। ਕੱਲ-ਮੁਕੱਲਾ ... ਭਈਆਣੀ ਸਫਾਈਆਂ ... ਭਾਂਡਾ ਟੀਂਡਾ ਕਰ ਜਾਂਦੀ ਐ ... ਦਾਲ ਸਬਜ਼ੀ, ਰੋਟੀਆਂ ਬਣਾ ਜਾਂਦੀ ਐ ... ਬਾਕੀ ਮੈਂ ਆਪ …। ਬਈ ਗੁਰਦੀਪ ਫਿਰ ਤੂੰ ਵੀ ਤਾਂ ਮੇਰੇ ਵਾਂਗ 'ਕੋਠੀ ਈ ਲੱਗਾ ਹੋਇਐਂ'; ਮੈਂ ਵੀ ਏਸੇ ਚੱਕਰ ‘ਚ ਹਾਂ। ਅਸੀਂ ਹੋਏ 'ਕੋਠੀ ਲੱਗੇ' ਸਾਂਢੂ। ਬਈ ਬੜੀਆਂ ਮੁਸ਼ਕਲਾਂ, ਕਿਰਸਾਂ ਨਾਲ ਇਹ ਆਲ੍ਹਣੇ ਬਣਾਏ ਸੀ। ਸਾਡੇ ਵਰਗਾ ਹੀ ਇੱਕ ਬਾਈ ਆਉਂਦਿਆਂ ਜਹਾਜ਼ ਵਿੱਚ ਮਿਲਿਆ ਸੀ। ਉਹ ਵੀ ਸਾਡੇ ਵਾਂਗ ਹੀ ਏਸੇ ਭਵਜਲ ‘ਚ ਡੁਬਕਣੀਆਂ ਖਾਂਦਾ ਪ੍ਰਤੀਤ ਹੋਇਆ।
ਕੋਠੀ ਵਿਚਲੀ ਕੱਲੀ ਕੱਲੀ ਚੀਜ਼ ਦੇ ਬਣਾਉਣ ਪਿੱਛੇ ਇੱਕ ਕਹਾਣੀ ਏਂ। ਸਾਨੂੰ ਭੁੱਲ ਨਹੀਂ ਸਕਦੇ ਉਹ ਕਿੱਸੇ! ਪਲਾਟ ਕਿਵੇਂ ਲਏ? ਬਣਾਉਣ ਵੇਲੇ ਇੱਕੋ ਸਾਧਨ ਤਨਖਾਹ ਹੀ ਹੁੰਦੀ ਸੀ। ਪ੍ਰਾਵੀਡੈਂਟ ਫੰਡ, ਯਾਰਾਂ ਬੇਲੀਆਂ ਤੋਂ ਫੜ-ਫੁੜ ਕੰਮ ਤੋਰੀ ਗਏ। ਲੈਂਟਰ ਪਿੱਛੋਂ ਅਗਲੇ ਕੰਮਾਂ ਲਈ ਪੈਸਾ ਚਾਹੀਦਾ ਸੀ। ਮੁੰਡਿਆਂ ਨੂੰ ਵੰਗਾਰਿਆ। 'ਓਏ ਸ਼ੇਰੋ! ... ਜਾਣਦਾ ਆਂ ... ਤੁਸੀਂ ਵੀ ਪਹਿਲੇ ਸਾਲਾਂ ‘ਚ ਓਧਰ ... ਕੋਈ ਸੌਖੇ ਨਹੀਂ ... ਪਰ ਏਧਰ ਤੁਹਾਡੇ ਬਾਪੂ ਦਾ ਗੱਡਾ ਫਸ ਗਿਆ ... ਇਹਨੂੰ ਕੱਢੋ ... ਕੰਮ ਸਿਰੇ ਲੱਗੇ ... ਦੋ ਢਾਈ ਲੱਖ ਦਾ ਜੁਗਾੜ ਛੇਤੀ ਕਰੋ ... । ਇੱਕ ਵੇਲੇ ਵਾਸ਼ਰੂਮ ਦੀਆਂ ਟਾਈਲਾਂ ਖ਼ਰੀਦਣ, ਲਵਾਉਣ ਵਾਸਤੇ 20 ਕੁ ਹਜ਼ਾਰ ਦੀ ਲੋੜ ਸੀ। ਨੰਗਲ ਵਾਲੇ ਇੱਕ ਸਨੇਹੀ ਐਕਸੀਅਨ ਨੂੰ ਵੰਗਾਰਿਆ। ਚੰਡੀਗੜ੍ਹੋਂ ਮੀਟਿੰਗ ਅਟੈਂਡ ਕਰਕੇ, ਸ਼ਾਮੀਂ ਸਿੱਧਾ ਨੰਗਲ ਪਹੁੰਚਿਆ। ਅਗਲੇ ਦਿਨ ਪੈਸੇ ਲੈ ਵਾਪਸੀ ‘ਤੇ ਟਾਈਲਾਂ ਵਾਲੇ ਨੂੰ ਅਦਾਇਗੀ ਕੀਤੀ। ਰੁਕਿਆ ਕੰਮ ਚਾਲੂ ਹੋਇਆ। ਕੇਰਾਂ ਰਿਸ਼ਤਦਾਰਾਂ ਨੇ 25 ਹਜ਼ਾਰ ਦੇਕੇ ਮੁੰਡਾ ਭੇਜਿਆ। ਉਹਨੂੰ ਅੱਡੇ ਤੋਂ ਲੈਣ ਗਿਆ। ਰਸਤੇ ‘ਚ ਅਗਰਵਾਲ ਟਿੰਬਰ ਵਾਲਿਆਂ ਦਾ ਹੀ ਮਸੀਂ ਸਰਿਆ। ਬਾਕੀ ਕੰਮ ਫਿਰ ਹੌਲੀ ਹੌਲੀ ਹੁੰਦੇ-ਹਵਾਂਦੇ ਰਹੇ। ਰਗੜਾਈ ਚੱਲਦੀ ‘ਤੇ ਹੀ ਕਾਲਜ ਕੁਆਟਰਾਂ ‘ਚੋਂ ਡੇਰਾ ਡੰਡਾ ਚੁੱਕ ਅਕਤੂਬਰ 1992 ‘ਚ ਇਸ ਸੁਪਨਈ ਆਲ੍ਹਣੇ ‘ਚ ਆ ਬੈਠੇ। ਗ੍ਰਹਿ ਪ੍ਰਵੇਸ਼ ਵਾਲਾ ਰਸਮੀ ਕਾਰਜ ਵੀ ਅੱਗੋਂ 1993 ਦੀ ਫਰਵਰੀ-ਮਾਰਚ ‘ਚ ਕੀਤਾ। ਰਹਿੰਦੀ ਸਰਵਿਸ ਏਥੋਂ ਹੀ ਕਾਲਜ ਜਾਂਦਾ ਰਿਹਾ। ਕਈ ਕੰਮ ਵਿੱਚ ਰਹਿੰਦਿਆਂ ਹੀ ਨੇਪਰੇ ਚੜ੍ਹੇ। ਆਪਣੇ ਇਸ ਆਲ੍ਹਣੇ ਨੂੰ ਆਪਣੀ ਦ੍ਰਿਸ਼ਟੀ, ਜੀਵਨ ਸ਼ੈਲੀ ਦੀਆਂ ਜ਼ਰੂਰਤਾਂ ਅਨੁਸਾਰ ਲੈਸ ਕੀਤਾ। ਕਿਚਨ ਗਾਰਡਨ ਲਈ ਥਾਂ ਰੱਖਿਆ। ਪਿਛਲੇ ਤੇ ਅਗਲੇ ਪਾਸੇ ਦੀ ਖੁੱਲ੍ਹੀ ਵਿਉਂਤਬੰਦੀ ਕੀਤੀ। ਮੋਹਰਲੇ ਲਾਅਨ ‘ਚ ਰੀਝ ਨਾਲ ਪੀ ਏ ਯੂ ‘ਚੋਂ ਲਿਆ ਫੁੱਲ ਬੂਟੇ ਲਾਏ। ਚਾਹਤ ਸੀ, ਸੇਵਾ ਮੁਕਤੀ ਪਿੱਛੋਂ ਇਸ ਖੁੱਲ੍ਹੀ, ਪ੍ਰਭੂਸਤਾ ਸੰਪੰਨ ਫਿਜ਼ਾ ਵਿੱਚ ਆਖ਼ਰੀ ਵਕਤ ਲੰਘੇਗਾ ਅਤੇ ਨੌਕਰੀ ਦੇ ਝਮੇਲਿਆਂ ਤੋਂ ਮੁਕਤ ਇੱਕ ਅਨੰਦ ਵਾਦੀ ਮਾਣਾਂਗੇ। ਕਾਲਜ ਵਾਲੇ ਦੋਗਲੇ, ਟੀਰੇ, ਦੰਭੀ ਵਰਤਾਰੇ ਤੋਂ ਮੁਕਤ। ਪਰ ਪਰਿਵਾਰਕ ਦਬਾ ਤਹਿਤ ਪ੍ਰਵਾਸ ਕਰਨਾ ਪਿਆ। ਹੁਣ ਬਿਝੜੇ ਵਾਂਗ ਆਪਣੇ ਕਰ ਕਮਲਾਂ ਨਾਲ ਬੁਣੇ ਆਲ੍ਹਣੇ ਨੂੰ ਛੱਡਣ ਨੂੰ ਚਿੱਤ ਨਹੀਂ ਕਰਦਾ। ਮੁੰਡਿਆਂ ਨੇ ਤਾਂ ਇਹਨੂੰ ਸੁੱਟ-ਸੁਟਾ ਜਾਣੈ। ਇੱਛਾ ਹੈ, ਇਹਨੂੰ ਆਪਣੇ ਹੱਥੀਂ ਹੀ ਸਮੇਟ ਜਾਵਾਂ। ਆਪਣੇ ਹੱਥੀਂ ਬਣਾਏ ਰੇਤ ਦੇ ਘਰ ਨੂੰ ਵੀ ਢਾਹੁਣਾ ਔਖੈ। ਗੁਰਦੀਪ! ਵੀ ਏਸੇ ਦੌਰ ‘ਚੋਂ ਲੰਘ ਰਿਹਾ। ਦਿਲਗੀਰੀ ਦੇ ਵਹਿਣਾਂ ‘ਚ ਦੋਵੇਂ ਰੁੜ ਰਹੇ ਹਾਂ। ਨਿਰਾਸ਼ਾ ਭਰੀ ਅਵਸਥਾ! ਬਈਠਾ, ਬਈਠਾ ਇੱਕ ਹੌਕੇ ਭਰੇ ਹੰਭਲੇ ਨਾਲ ਉੱਠਿਆ, ਅਲਮਾਰੀ ਜਾ ਖੋਲ੍ਹੀ। ਚਲੋ ਜੋ ਹੋਊ ਵੇਖੀ ਜਾਊ! ਮਰ ਥੋੜ੍ਹਾ ਜਾਣੈ! ਦੁੱਖ ਘਟਾਉਣ ਲਈ ਇਹਦਾ ਹੀ ਆਸਰਾ ਲਈਏ! ਖੁਸ਼ੀ ਹੋਵੇ ਜਾਂ ਗਮੀ, ਲੋਕ ਇਸ ਨੌ ਰਤਨੀ ਦਾ ਪੱਲਾ ਈ ਫੜਦੇ ਆਏ ਨੇ।
ਇੱਕ ਦਿਨ ਅਸੀਂ ਦੋਵੇਂ ਆਪਣੇ ਕੈਨੇਡੀਅਨ ਮਿੱਤਰ ਡੀ ਐੱਸ ਪੀ ਨੂੰ ਮਿਲਣ ਚਲੇ ਗਏ। ਬਈਠੇ ਦੇਸ਼-ਵਿਦੇਸ਼ ਦੇ ਹਾਣ ਲਾਭ, ਸੁਖ-ਸਹੂਲਤਾਂ ਤੇ ਔਕੜਾਂ ਦਾ ਚੀਨਣ-ਮੀਨਣ ਕਰਦੇ ਰਹੇ। ਮਹਿਫਲ ਬਰਖਾਸਤੀ ਹੋਈ। ਵਾਪਸ ਆਉਂਦਿਆਂ ਸਾਡੀ ਦੋਹਾਂ ਦੀ ਰਾਏ ਕਹਿ ਰਹੀ ਸੀ, ਇਹ ਵੀ 'ਕੋਠੀ ਲੱਗਾ ਐੱਨ ਆਰ ਆਈ ਈ ਏ ... ਐਨ ਸਾਡੇ ਵਾਂਗ ... ਤਿਕੋਨਾਂ ਐਨ ਸਮਵਰਤੀ ਨੇ!' ਸੋਚਦੇ ਸੀ, ਜੇ ਇੱਕ ਮੁੰਡਾ ਏਥੇ ਰਹਿੰਦਾ ਹੁੰਦਾ ਤਾਂ ਇਸ ਰਿਹਾਇਸ਼ ਦੀ ਇਹ ਦੁਰਦਸ਼ਾ ਨਾ ਹੁੰਦੀ। ਨਾ ਸਾਡੀ ਇਹ ਹਾਲਤ! ਆਪਣੇ ਸੰਧੂ ਦੋਸਤ ਦੀ ਗੱਲ ਸੁਣਾਉਣੋ ਰਹਿ ਨਾ ਹੋਇਆ। ਯਾਰਾ ਸੰਧੂ ਸਾਡੇ ਨਾਲੋਂ ਬਾਹਲਾ ਈ ਚੰਗੈ। ਇੱਕ ਬੇਟਾ ਏਥੇ ਰਹਿੰਦਾ। ਦੂਜਾ ਕੈਨੇਡਾ। ਰੀਝਾਂ ਨਾਲ ਬਣਾਏ ਘਰ ਨੂੰ ਪੋਹ ਦੇ ਭਾੜੇ ਸੁੱਟਣਾ ਨਹੀਂ ਪੈਣਾ, ਉਹਨੂੰ। ਉਹਦਾ ਆਲ੍ਹਣਾ ਲਾਵਾਰਸ ਨਹੀਂ ਹੋਵੇਗਾ। ਇਹ ਘਰ ਉਹਦਾ ਓਦੋਂ ਤੱਕ ਆਪਣਾ ਰਹੇਗਾ, ਜਦੋਂ ਤੱਕ ਉਹ ਇਸ ਦੁਨੀਆਂ ਤੋਂ ਰੁਖ਼ਸਤ ਨਹੀਂ ਹੁੰਦਾ। ਖੁਸ਼ਕਿਸਮਤ ਏ ਉਹ! ਸਾਡੇ ਤੋਂ ਐਨ ਓਲਟ! ਅਸੀਂ ਜਦੋਂ ਪੰਜ ਛੇ ਮਹੀਨੇ ਰਹਿਕੇ ਜਾਣ ਲੱਗਦੇ ਹਾਂ ਤਾਂ ਇਸ ਘਰ ਦਾ ਪੂਰਾ ਮਹੌਲ ਹੀ ਉਦਾਸਿਆ, ਉਦਾਸਿਆ ਹੋ ਜਾਂਦੈ। ਘਰ ਦੇ ਸਮਾਨ ਦੀਆਂ ਮੁਸ਼ਕਾਂ ਬੰਨ੍ਹਦਿਆਂ ਰੂਹ ਤੜਪਦੀ ਐ। ਰੀਝ ਤੇ ਸ਼ੌਂਕਾਂ ਨਾਲ ਬਣਾਈਆਂ ਚੀਜ਼ਾਂ ਦੀਆਂ ਹਰ ਸਾਲ ਆਪਣੇ ਹੱਥੀਂ ਮੁਸ਼ਕਾਂ ਬੰਨ੍ਹਦੇ ਹਾਂ। ਕਿਤੇ ਘੱਟੇ ਮਿੱਟੀ ਨਾਲ ਖ਼ਰਾਬ ਨਾ ਹੋ ਜਾਣ। ਫਿਰ ਆਪ ਹੀ ਆ ਖੋਲ੍ਹਦੇ ਹਾਂ। ਇੱਕ ਤੜਪਾਵੀਂ ਵਿਡੰਬਨਾ, ਤਰਾਸਦੀ! ਕੋਠੀ ਦੀ ਦੇਖ-ਭਾਲ ਲਈ ਰਹਿੰਦਾ ਸਾਰਾ ਪਰਿਵਾਰ ਦਿਲਗੀਰ ਹੋ ਜਾਂਦੈ। ਸਭ ਦੀਆਂ ਅੱਖਾਂ ‘ਚ ਹੰਝੂ ਛਲਕਣ ਲੱਗ ਪੈਂਦੇ ਹਨ। ਇਸ ਘਰ ਨੂੰ, ਉਨ੍ਹਾਂ ਵਿਚਾਰਿਆਂ ਨੂੰ ਇੱਕ ਨਾ ਇੱਕ ਦਿਨ ਛੱਡਣਾ ਪਏਗਾ। ਇਹ ਹੋਣੀ ਉਨ੍ਹਾਂ ਦੇ ਮਨ ‘ਚ ਆਉਂਦੀ ਹੋਵੇਗੀ। ਸਾਡੇ ਇਸ ਗ੍ਰਹਿ ਨਾਲ ਵਸਲ ਦੇ ਸਮੇਂ ‘ਤੇ ਘੱਟਦੀ ਦਾ ਪਹਿਰਾ! ਲੋੜਵੰਦ ਪਰਿਵਾਰ ਆਪਣੇ ਅਨਿਸ਼ਚਤ ਭਵਿੱਖ ਤੋਂ ਜ਼ਰੂਰ ਭੈਅ ਖਾਂਦਾ ਹੋਵੇਗਾ ... ਪਤਾ ਨਹੀਂ ਪਿੱਛੋਂ ਕਿੱਦਾਂ ਦਾ ਆਸਰਾ ਮਿਲੇ!
ਸਬੱਬੀਂ ਮੇਰਾ ਇੱਕ ਹੋਰ ਵਿਦਿਆਰਥੀ ਉਸੇ ਏਰੀਏ ਦੇ ਪਾਰਕ ‘ਚ ਸੈਰ ਕਰਦੇ ਨੂੰ ਮਿਲ ਪਿਆ। ਉਹ ਮੇਰਾ 1978-79 ਸੈਸ਼ਨ ਦਾ ਵਿਦਿਆਰਥੀ ਸੀ, ਬਲਬੀਰ ਸਿੰਘ ਚੌਕੀਮਾਨ। ਸਤਿਕਾਰ ਨਾਲ ਮਿਲਿਆ। ਕੁਝ ਕਾਹਲੀ ‘ਚ ਸੀ। ਕਿਸੇ ਪ੍ਰੀਖਿਆ ਸੈਂਟਰ ‘ਚ ਸੁਪਰਡੈਂਟੀ ਕਰਨ ਜਾ ਰਿਹਾ ਸੀ। ਪਰ ਕਾਹਲੀ ‘ਚ ਹੀ ਆਪਣੀ ਦੁਬਿਧਾ ਭਰੀ ਕਹਾਣੀ ਦਸ ਗਿਆ। ਉਹਦੀ ਸਾਥਣ ਵੀ ਲੈਕਚਰਾਰ ਲੱਗੀ ਹੋਈ ਹੈ। ਬੱਚੇ ਦੋਵੇ ਵਿਆਹੇ ਹੋਏ ਨੇ। ਛੋਟਾ ਜਿਹਾ ਪਰਿਵਾਰ, ਚੰਗਾ ਸੈੱਟ। ਲੜਕੀ ਅਮਰੀਕਾ ਚਲੀ ਗਈ ਹੈ। ਪਿੰਡ ਉਹਦੀ 12 ਕਿੱਲੇ ਜ਼ਮੀਨ ਵੀ ਹੈ। ਠੇਕਾ ਅਗਲੇ ਘਰ ਆ ਦੇ ਜਾਂਦੇ ਹਨ। ਦੋ ਕਾਰਾਂ ਹਨ ਤੇ ਕੋਠੀ ਵਧੀਆ ਬਣੀ ਹੋਈ ਹੈ। ਮੁੰਡੇ ਨੇ ਐੱਮ.ਟੈਕ. ਤੇ ਐੱਮ.ਬੀ.ਏ. ਕੀਤੀ ਹੋਈ ਐ। ਨੂੰਹ ਵੀ ਚੰਗੀ ਪੜ੍ਹੀ-ਲਿਖੀ ਏ। ਦੋਵੇਂ ਲੁਧਿਆਣੇ ‘ਚ ਹੀ ਚੰਗੇ ਰੁਜ਼ਗਾਰਾਂ ‘ਤੇ ਲੱਗੇ ਹੋਏ ਹਨ। ਮੁੰਡਾ ਪਹਿਲਾਂ ਹੀ ਪੜ੍ਹਾਈ ਅਧਾਰ ‘ਤੇ ਕੈਨੇਡੀਅਨ ਪੀ ਆਰ ਕਾਰਡ ਹੋਲਡਰ ਹੈ। ਹੁਣ ਉਹ ਨੌਜਵਾਨ ਜੋੜੀ ਦੁਚਿੱਤੀ ‘ਚ ਹੈ। ਏਥੇ ਸੈੱਟ ਹੋਇਆਂ ਜਾਏ ਪੱਕੇ ਤੌਰ ‘ਤੇ ਜਾਂ ਕੈਨੇਡਾ। ਕੀ ਉਨ੍ਹਾਂ ਨੂੰ ਬਾਹਰ ਜਾਣਾ ਚਾਹੀਦੈ ਜਾਂ ਏਥੇ ਹੀ ਪੱਕੇ ਤੌਰ ਤੇ ਸਥਾਪਤ ਹੋਣ? ਉਨ੍ਹਾਂ ਦੋਹਾਂ ਜੀਆਂ ਦੀ ਸਰਵਿਸ ਹਾਲੀ ਪੰਜ ਛੇ ਸਾਲ ਰਹਿੰਦੀ ਹੈ। ਇੱਕ ਦੇਰ ਸ਼ਾਮ ਉਹਦਾ ਪੁੱਤ-ਨੂੰਹ ਮੈਨੂੰ ਘਰੇ ਹੀ ਆ ਮਿਲੇ। ਪਤਾ ਲੱਗਾ ਕਿ ਉਹ ਬਾਹਰ ਹੀ ਸੈਟਲ ਹੋਣਾ ਚਾਹੁੰਦੇ ਹਨ। ਕੁਝ ਦਿਨ ਬਾਅਦ ਬਲਬੀਰ ਫਿਰ ਮੈਨੂੰ ਉੱਥੇ ਹੀ ਸੈਰ ਕਰਦੇ ਨੂੰ ਆ ਮਿਲਿਆ। ਪਹਿਲਾਂ ਵਾਂਗ ਹੀ ਕਾਹਲੀ ‘ਚ ਸੀ। ਸ਼ਾਮ ਨੂੰ ਦੇਰੀ ਨਾਲ ਘਰ ਆਉਂਦੈ। ਪੁੱਛਿਆ ਕੀ ਸਲਾਹ ਦੇਂਦੇ ਹੋ। 'ਉਹ ਭਾਈ ਦੋਵੇਂ ਮੈਨੂੰ ਘਰੇ ਮਿਲਣ ਆ ਗਏ ਸੀ। ਚਾਹ ਪੀਂਦਿਆਂ ਵਾਹਵਾ ਦੇਰ ਗੱਲਾਂ ਕਰਦੇ ਰਹੇ। ਤੇਰੇ ਬੱਚੇ ਬੜੇ ਸੋਹਣੇ ਸੁਨੱਖੇ, ਸੁਲੱਘ ਤੇ ਸਮਝਦਾਰ ਨੇ। ਉਨ੍ਹਾਂ ਨੂੰ ਆਪ ਹੀ ਫੈਸਲਾ ਲੈਣ ਦੇ। ਚੰਗੇ ਪੜ੍ਹੇ ਲਿਖੇ ਨੇ।' 'ਠੀਕ ...'। ਕਹਿ ਉਹ ਫਿਰ ਛੋਹਲੇ ਪੈਰੀਂ ਭੱਜ ਗਿਆ। ਸੈਰ ਮੁਕਾ ਘਰ ਆਉਂਦਿਆਂ ਮੇਰੇ ਚਿੱਤ ਵਿੱਚ ਉਸ ਪਰਿਵਾਰ ਦੀ ਵਰਤਮਾਨ ਸਥਿਤੀ ਜਿ਼ਹਨ ‘ਚ ਗੇੜੇ ਦੇ ਰਹੀ ਸੀ। ਸਾਫ ਦਿਸ ਰਿਹਾ ਸੀ ਕਿ ਇਹ ਮੇਰਾ ਅਜ਼ੀਜ਼ ਵੀ ਸਾਡੇ ਵਾਲੀ ਦਿਸ਼ਾ ਵੱਲ ਵਧ ਰਿਹੈ ਜਿਸ ‘ਚੋਂ ਅੱਜ ਅਸੀਂ ਲੰਘ ਰਹੇ ਆਂ। ਦੋ ਬੇੜੀਆਂ ‘ਚ ਪੈਰ ਰੱਖੇ ਨਹੀਂ ਜਾ ਸਕਦੇ। ਜੇ ਅਗਾਂਹ ਨੂੰ ਪੈਰ ਪੁੱਟਣੈ ਤਾਂ ਪਿਛਲਾ ਪੈਰ ਧਰਤੀ ਤੋਂ ਚੁੱਕਣਾ ਹੀ ਪੈਣਾ।
ਦਿੱਲੀ ਤੋਂ ਆਈ ਲਫ਼ਥਾਨਸਾ ਫਲਾਈਟ ਫਰੈਂਕਫਰਟ ਏਅਰਪੋਰਟ ‘ਤੇ ਮੁੱਖ ਤੌਰ ਤੇ ਤਿੰਨ ਟਿਕਾਣਿਆਂ ਵੱਲ ਜਾਣ ਵਾਲੇ ਹੁੰਦੇ ਹਨ। ਟੋਰਾਂਟੋ, ਵੈਨਕੁਵਰ ਅਤੇ ਕੈਲੇਫੋਰਨੀਆ, ਆਦਿ। ਇਨ੍ਹਾਂ ਤਿੰਨਾਂ ਮੰਜ਼ਲਾਂ ਵਾਲੀਆਂ ਪੰਜਾਬੀ ਸਵਾਰੀਆਂ ਵਿੱਚ ਬਹੁਤੇ ਮੇਰੇ ਹਮਉਮਰੇ ਬਜ਼ੁਰਗ ਹੀ ਸਨ। ਮਾਰਚ/ਅਪਰੈਲ ਮਹੀਨੇ ਵਾਪਸੀ ਵਾਲਿਆਂ ਦੇ ਹੁੰਦੇ ਹਨ। ਸਹਿਜ ਮਤੇ ਗੱਲਾਂ ਚੱਲ ਰਹੀਆਂ ਸਨ। ਬਹੁਤਿਆਂ ਦੀਆਂ ਸਮੱਸਿਆਵਾਂ ਸਮਾਨਾਂਤਰ ਸਨ। ਰਤਾ ਹਟਵਾਂ ਬਈਠੇ ਇੱਕ ਬਾਈ ਨੇ ਕੱਛ ‘ਚੋਂ ਮੁੰਗਲੀ ਕੱਢ ਮਾਰੀ, ਜੋ ਇੱਕ ਹੂਕ ਭਰੇ ਹਨੋਰੇ ਵਾਲਾ ਤੁਕਾਂਤ ਸੀ:
ਸੌਖਾ ਕਦੇ ਨਹੀਂ ਬਣਦਾ ਘਰ ਜਾਂ ਆਲ੍ਹਣਾ,
ਤੀਲਾ ਤੀਲਾ ਜੋੜਕੇ ਬਣਾਉਣਾ ਪੈਂਦਾ ਹੈ।
ਉੱਠਕੇ ਨੇੜੇ ਆ ਗਿਆ। ਵੀਰਨੋ! ਤੁਹਾਡੀਆਂ ਗੱਲਾਂ ਸੁਣ ਰਿਹਾ ਸੀ। ਮਹਿਸੂਸ ਹੁੰਦੈ, ਦੁੱਖ ਸੁੱਖ ਸਾਂਝੇ ਕਰਦਿਆਂ, ਪਿੱਛੇ ਦਾ ਮਿੱਟੀ ਮੋਹ, ਹੱਥੀਂ ਬਣਾਏ ਆਲ੍ਹਣੇ, ਪਿੰਡਿਆਂ ‘ਤੇ ਹੰਢਾਏ ਵੇਲੇ ਯਾਦ ਕਰਦਿਆਂ, ਮਨ ਹੌਲੇ ਹੋ ਜਾਂਦੇ ਹਨ। ਸਾਡੇ ਵਿਦੇਸ਼ੀ ਬੱਚਿਆਂ ਦੀਆਂ ਅਲੋਕਾਰੀਆਂ ਕਈ ਨੇ। ਇੱਕ ਸੁਣੋ। ਕੇਰਾਂ ਮੇਰੇ ਪੋਤੇ ਨੂੰ ਕਿਸੇ ਬੀਬੀ ਨੇ ਪੁੱਛਿਆ ਤੁਹਾਡਾ ਪਿਛਲਾ ਪਿੰਡ ਕਿਹੜੈ। ਕਹਿੰਦਾ 'ਲੁਧਿਆਣਾ'। ਦੱਸੋ ਬਾਈ ਇਹ ਜੇ ਹਾਲ ਸਾਡੀ ਅਗਲੀ ਪੁਸ਼ਤ ਦਾ। ਉਨ੍ਹਾਂ ਨੂੰ ਪਿੰਡ ਤੇ ਸ਼ਹਿਰ ਦੇ ਫਰਕ ਦਾ ਹੀ ਨਹੀਂ ਪਤਾ। ਬੱਸ ਪੀਜ਼ਾ, ਬਰਗਰਾਂ, ਹਾਟ ਡਾਗਾਂ, ਕੋਕਾਂ ਬਾਰੇ ਹੀ ਗਿਟ-ਮਿਟ ਕਰ ਸਕਦੇ ਨੇ। ਅਗਲੀਆਂ ਪੁੱਠੀ ਟੋਪੀ ਪੀੜ੍ਹੀਆਂ ਦੇ ਮਨਾਂ ‘ਚ ਪਿਛੋਕੜ ਨਾਲ ਬਿਗਾਨਗੀ ਹੈ। ਏਧਰਲੇ ਪਰਿਵਾਰ ਮੁੜ ਮੁੜ ਰੱਟੀ ਜਾਂਦੇ ਨੇ, 'ਉਹਨਾਂ ਨੂੰ ਵੇਚੋ ਪਰ੍ਹੇ ... ਫਾਹ ਵੱਢੋ ... ਕੁਝ ਨਈਂ ਹੱਥ ਲੱਗਣਾ ... ਓਥੋਂ ... ਬੇਕਨੂੰਨੀ ਦਾ ਰਾਜ ਏ ... ਗੈਂਗ ਖਰੂਦ ਮਚਾ ਰਹੇ ਹਨ ... ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਢਾਣੀ ਬੁਰਛਿਆਂ ਦੀ ਚੜ੍ਹੀ ਫਿਰਦੀ ... ਸਰਦਾਰ, ਥਾਣੇਦਾਰ, ਨਿਆਂਦਾਰ ਲੁਕਦੇ ਫਿਰਦੇ ਨੇ ... ਧੱਕੇ ਨਾਲ ਜਾਇਦਾਦਾਂ ... ਹਥਿਆਈਆਂ ਜਾ ਰਹੀਆਂ ਨੇ ... ਇਹ ਜੇ ਵਰਤਾਰਾ ... ਇਹ ਹੀ ... ਸਾਨੂੰ ਕੰਢੇ ਉਤਲੇ ਰੁਖੜਿਆਂ ਨੂੰ ਡੂੰਘੇ ਵਹਿਣਾਂ ‘ਚ ... ਗੋਤੇ ਦੇ ਰਿਹਾ। ਸਭ ਦਾ ਇਹੋ ਤਵਾ 'ਹਿਜ਼ ਮਾਸਟਰਜ਼ ਵਾਇਸ' ਵਾਂਗ ਚੱਲੀ ਜਾਂਦੀ ਏ।
ਇੱਕ ਹੋਰ ਬੋਲਿਆ: ਘਰਾਂ, ਜ਼ਮੀਨਾਂ ਦੀ ਮਾਰਕਿਟ ਮੰਦੇ ‘ਚ ਐ ... ਗਾਹਕ ਕੋਈ ਨੀਂ … ਹਮਾਂ ਤੁਮਾਂ ਸਭ ਈ ਵੇਚਕਾਰ ਹਾਂ … ਡੀਲਰ ਬੈਠੇ ਮੱਖੀਆਂ ਮਾਰ ਰਹੇ ਨੇ … '। ਚੱਲਦੀ ਗੱਲ ਨੂੰ ਵਿੱਚੋਂ ਹੀ ਕੱਟਦਾ ਇੱਕ ਹੋਰ ਦੁਖਿਆਰਾ ਬੋਲਿਆ, "ਕਾਰਪੋਰੇਸ਼ਨ ਦਫਤਰਾਂ 'ਚ ਸ਼ਰ੍ਹੇ ਆਮ ਪੈਸਾ ਚੱਲ ਰਿਹੈ … ਸਧਾਰਨ ਕੰਮਾਂ ਲਈ … 'ਸਲਾਹ' ਮਿਲਦੀ ਹੈ ਕੁਝ ਦੇ ਦਿਵਾਕੇ ਨਬੇੜ ਬਾਪੂ … ਕਿੱਥੇ ਧੱਕੇ ਖਾਂਦਾ ਫਿਰੇਂਗਾ … ਇਸ ਉਮਰੇ ... ਹੇਠਾਂ ਤੋਂ ਉੱਪਰ ਤੱਕ ... ਹਿੱਸੇ ਪੱਤੀਆਂ ਨੇ … ਸਭ ਦਾ ਵੱਡਾ ਪਿਉ ਜੇ ਪੈਸਾ … ਪੰਜ ਮਹੀਨੇ ਤੋਬਾ ਤੋਬਾ ਕਰਦਿਆਂ ... ਕੋਠੀ ਦਾ ਚੌਕੀਦਾਰਾ ... ਕਰਕੇ ਆਇਆ ਹਾਂ ... ਕਦੀ ਸੋਚਿਆ ਨਹੀਂ ਸੀ ... ਇਹ ਦਿਨ ਵੀ ਵੇਖਣੇ ਪੈਣਗੇ!" ਬਜ਼ੁਰਗਾਂ ਦੇ ਤਜਰਬਿਆਂ ‘ਚੋਂ ਉਪਜੀ ਕਹਾਵਤ 'ਜ਼ਮੀਨ ਬੰਜਰ, ਪੁੱਤ ਕੰਜਰ, ਕਚਿਹਰੀਆਂ ‘ਚ ਮੁਨਸ਼ੀ, ਮੁਨੀਮ, ਲੰਬੜ, ਥਾਣੇਦਾਰ ਮਾੜੇ ਹੀ, ਮਾੜੇ ਸਿੱਧ ਹੁੰਦੇ ਨੇ'। ਦਿਨ ‘ਚ ਕਈ ਵਾਰ ਸੋਚ ਵਿੱਚ ਇਹ ਸ਼ਬਦ ਗੂੰਜਦੇ।
ਬੋਰਡਿੰਗ ਲਈ ਲਾਈਨ ਲੱਗ ਗਈ ਤੇ ਜਹਾਜ਼ ਉੱਡ ਪਏ। ਆਕਾਸ਼ ‘ਚ ਉਡਦਾ ਇਸ ਵਰਤਾਰੇ ਬਾਰੇ ਸੋਚਦਾ ਆਇਆ। ਅਸੀਂ ਏਦਾਂ ਯੋਜਨਾ ਬਣਾਈ ਗਏ, ਜਿਵੇਂ ਅਸੀਂ ਬੁੱਢੇ ਹੀ ਨਹੀਂ ਹੋਣਾ। ਦਲਾਈ ਲਾਮਾ ਦੀ ਗੱਲ ਯਾਦ ਆਈ। ਉਹਨੂੰ ਪੁੱਛਿਆ ਗਿਆ ਮਨੁੱਖਤਾ ਦੀ ਕਿਹੜੀ ਗੱਲ ਉਹਨੂੰ ਸਭ ਤੋਂ ਜਿ਼ਆਦਾ ਹੈਰਾਨ ਕਰਦੀ ਹੈ। ਉਹਨੇ ਕਿਹਾ," 'ਆਦਮੀ', ਕਿਉਂਕਿ ਉਹ ਪੈਸਾ ਬਣਾਉਣ ਲਈ ਆਪਣੀ ਸਿਹਤ ਨੂੰ ਕੁਰਬਾਨ ਕਰ ਦਿੰਦਾ ਹੈ ਅਤੇ ਫਿਰ ਆਪਣੀ ਸਿਹਤ ਬਹਾਲੀ ਲਈ ਆਪਣਾ ਪੈਸਾ ਕੁਰਬਾਨ ਕਰ ਦਿੰਦਾ ਹੈ। ਉਹ ਇਸ ਤਰ੍ਹਾਂ ਜਿਉਂਦਾ ਹੈ ਜਿਵੇਂ ਉਸ ਮਰਨਾ ਹੀ ਨਹੀਂ ਅਤੇ ਫਿਰ ਉਹ ਬਿਨਾਂ ਚੰਗੀ ਤਰ੍ਹਾਂ ਜਿਊਣ ਦੇ ਮਰ ਜਾਂਦਾ ਹੈ।" ਗੱਲ ਤਾਂ ਚਾਲੀ ਸਿਰੀ ਐ। ਅਸੀਂ ਘਰ, ਜਾਇਦਾਦਾਂ ਬਣਾਉਂਦੇ ਕੁੱਤੇ ਚਾਲ ਭੱਜੇ ਫਿਰੇ, ਹੁਣ ਵਡੇਰੀ ਉਮਰੇ, ਉਨ੍ਹਾਂ ਨੂੰ ਬਿਲੇ਼ ਲਾਉਣ ਲਈ ਓਸੇ ਦੌਰ ‘ਚ ਹਾਂ।
ਪਤਨੀ ਨੇ ਕੂਹਣੀ ਮਾਰੀ, 'ਸੰਭਲੋ ਜੀ ਖਾਣੇ ਵਾਲੀ ਟਰਾਲੀ ਆ ਗਈ ਜੇ। ਖਿਝ ਭਰੇ ਸ਼ਬਦ ਜ਼ਬਾਨੋਂ ਨਿਕਲੇ, 'ਏਨ੍ਹਾਂ ਨੇ ਕਿਹੜਾ ਦੁੱਖ ਭੁਲਾਉਣਾ ਕੋਈ ਚੱਝ ਹਾਲ ਦਾ ਚਾਹ, ਦਾਰੂ ਪਾਣੀ ਦੇਣੈ। ਕੰਪਨੀਆਂ ਆਪਣੇ ਮੁਨਾਫੇ ਵਧਾਉਣ ਦੇ ਚੱਕਰਾਂ ‘ਚ ਨੇ। ਟਿਕਟਾਂ ਮਹਿੰਗੀਆਂ, ਸਹੂਲਤਾਂ ਮਾੜੀਆਂ। ਪੈਸੇ ਬਟੋਰੀ ਜਾ ਰਹੀਆਂ ਨੇ, ਪਰ ਰੋਟੀ, ਚਾਹ ਪਾਣੀ ‘ਚ ਮਾਈ ਵਾਂਗ ਸਾਧ ਦੀ ਲੱਸੀ ‘ਚ ਪਾਣੀ ਦੇ ਬਗੌੜ ਚੁਕੀ ਜਾ ਰਹੀਆਂ ਨੇ। ਆਹ ਮੱਥੇ ਮਾਰ ਗਈਆਂ ਨੇ ਸਾਡੇ ਹੰਝੂਆਂ ਦੇ ਨੀਰ ਤੇ ਕਾਗਜ਼ਾਂ ‘ਚ ਲਪੇਟਿਆ ਨਿੱਕ-ਸੁੱਕ ਦਾ ਤੋਸਾ! ਅੱਕਿਆ ਸਾਧ ਤਾਂ ਅਗਲੇ ਦਰ ਜਾ ਖਲੋਤਾ। ਅਸੀਂ ਕਿੱਥੇ ਜਾਈਏ। ਕੰਪਨੀਆਂ ‘ਚ ਕੋਈ ਰੱਬ ਪਿਆਰਾ ਰਹਿਮ ਦਿਲ ਨਹੀਂ। ਸਭ ਮਿਲਕੇ ਕੀਮਤਾਂ ਵਧਾਉਂਦੀਆਂ ਨੇ। ਕਿੱਥੇ ਜਾਓਗੇ, ਭੱਜ ਨਈਂ ਸਕਦੇ। ਆਉਣ ਜਾਣ ਵਾਸਤੇ ਹਾਲੀ ਪਤਾ ਨਹੀਂ ਕਿੰਨੀ ਵਾਰ ਇਨ੍ਹਾਂ ਦੇ ਟੇਟੇ ਚੜ੍ਹਨਾ! ਲੱਗਦੈ! ਮੁਕਤੀ ਕੋਠੀ ਤੋਂ ਛੁਟਕਾਰੇ ਨਾਲ ਹੋਊ! ਕੋਠੀ ਦੇ ਇੰਤਕਾਲ ਹੋਣ ਤੱਕ ਅੰਤਕਾਲ ਨੇੜੇ ਹੋਵੇਗਾ। ਕੀ ਪਤੈ, ਕਿਤੇ ਪਹਿਲਾਂ ਹੀ ਨਾ ਰੂਹ ਉਡਾਰੀ ਮਾਰ ਜਾਏ ...‼
ਫੋਨ: 647-402-2170

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346