Welcome to Seerat.ca
|
![Online Punjabi Magazine Seerat](../writers/manminder_dhillon.jpg) |
ਗੁਰਮਖ ਸੋਂ ਬਨਾਮ ਗੋਖਾ.....!
- ਮਨਮਿੰਦਰ ਢਿਲੋਂ
|
ਸਾਡੇ ਪਿੰਡਾਂ ਚ ਅੱਜ ਵੀ
ਬੰਦੇ ਦਾ ਅੱਧਾ ਨਾਮ ਲੈ ਕੇ ਹੀ ਸੱਦਿਆ ਜਾਂਦਾ ਹੈ। ਮੂੰਹ ਤੇ ਨਾ ਸਹੀਂ ਪਿੱਠ ਪਿੱਛੇ ਲੋਕ
ਓਸੇ ਨਾਮ ਨਾਲ ਹੀ ਆਵਾਜ਼ ਮਾਰਦੇ ਨੇ। ਚਾਚਾ ਬਿੰਦਰ ਨਵਾਂ ਨਵਾਂ ਡਾਕੀਆ ਬਣਿਆਂ ਤਾਂ ਬਾਹਰੋਂ
ਆਉਂਦੀਆਂ ਚਿੱਠੀਆਂ ਦੇਣ ਚ ਉਸ ਨੂੰ ਬੜੀ ਕਠਿਨਾਈ ਆਉਂਦੀ। ਇਕ ਦਿਨ ਖਪਿਆ ਬੈਠਾ ਆਖੀ ਜਾਵੇ
" ਆਹ ਗੁਰਮੁਖ ਸਿੰਘ ਢਿੱਲੋਂ ਪਤਾ ਨੀ ਕੇੜਾ ਈ"
ਮੈਂ ਵੀ ਚਿੱਠੀ ਉਲਟ ਪੁਲਟ ਕਰਕੇ ਵੇਖੀ। ਸਟੇਟ ਬੈਂਕ ਵੱਲੋਂ ਕੋਈ ਨੋਟਿਸ ਆਇਆ ਸੀ।
"ਵੇਖਾਂ ਭਲਾ ਤਈਨੂੰ ਲਗਦਾ ਈ ਕੋਈ ਸੁਰ"
ਚਾਚਾ ਪਤਾ ਨੀ ਲਗਦਾ।
"....ਐਹਾ....ਹੁਣ ਕੀ ਕਰੀਏ......"
ਚਾਚੇ ਨੇ ਰੇਲੇ ਸ਼ੈਕਲ ਨੂੰ ਦਿੱਤੀ ਲੱਤ ਤੇ ਪਿੰਡ ਦੀ ਪਰਕਰਮਾਂ ਨੂੰ ਤੁਰ ਪਿਆ
ਰਸਤੇ ਚ ਦੁੱਮਣ ਚੱਕੀ ਆਲਾ ਮਿਲ ਪਿਆ। ਚਾਚੇ ਨੇ ਅਗਲੇ ਟੈਰ ਤੇ ਪੈਰ ਰਗੜ ਕੇ ਸ਼ੈਕਲ
ਖਲਿਆਰਿਆ।
"ਭਾਊ ਦੁਮਣ ਸਿਆਂ..ਆਹ ਆਪਣੇ ਪਿੰਡ ਗੁਰਮਖ ਸਿਓਂ ਭਲਾ ਕੌਣ ਇਆਂ...?"
ਦੁਮਣ ਨੇ ਅੱਖਾਂ ਤੇ ਹੱਥ ਧਰਦਿਆਂ ਆਖਿਆ।
"ਗਰਮੁਖ ਸਿਓ ...?....ਗਰਮੁਖ ਸਿਓਂ...ਹੈ...? ਐਹਾ.... ਭਤਾ ਨੀ ਭਾਊ....ਕਿਹੇ ਹੋਰ ਨੂੰ
ਪੁੱਛ ਖਾਂ.."
ਚਾਚੇ ਨੇ ਸ਼ੈਕਲ ਫੇਰ ਦਬੱਲ ਤਾ
ਧੱਨੇ ਕੀ ਪੱਤੀ ਆਲ਼ੇ ਮਰੀਕਾ ਤੇ ਛੀਰਾ ਦੋਵੇਂ ਖੁੰਘ ਤੇ ਬਈਠੇ ਜੱਕੜਾਂ ਵੱਡਣ ਡਏ ਸੀ।
ਚਾਚਾ ਪੰਜ ਸੱਤ ਕਰਮਾਂ ਪਈਲਾਂ ਈ ਸ਼ੈਕਲ ਤੋਂ ਉਤਰ ਪਿਆ "...ਹੋ..ਹੋ..ਹੋ..ਹੋ..ਖਲੋ ਜਾ
ਖਲੋ ਜਾ ...."
"ਮਲਵਈਆ ਏ ਕੇੜਾ ਬੋਤਾ ਵਾ ਜਿੰਨੂੰ ਪਚਕਾਰ ਕੇ ਖਲਿਆਰਣ ਡਿਆਂ...ਬਰੇਕਾਂ ਪਵਾ ਛੱਡ ਖਾਂ"
"ਮਰੀਕ ਸਿਆਂ ਆਹ ਗਰਮੁਖ ਸੋਂ ਨੀ ਲੱਵਦਾ ਯਾਰ...ਪਤਾ ਹੋਣਾਂ ਤਈਨੂੰ ਤੇ..."
ਮਰੀਕੇ ਨੇ ਚਿੱਠੀ ਥੱਲ ਪਥੱਲ ਕਰਕੇ ਵੇਖੀ।
"ਬਿੰਦਰਾ ਮੈ ਤਨੀ ਪੜਿਆ ਆਹ ਛੀਰਿਆ ਤੂੰ ਵੇਖੀ ਖਾਂ ਭਲਾ.."
"ਮਾਮਾ ਤੂੰ ਨੀ ਪੜਿਆ ਤੇ ਸ਼ੀਰਾ ਕੇੜਾ ਡਵਲ ਐਮੇਂ ਲੱਗਾ...ਫੜਾ ਓਰੇ ..."
ਚਾਚੇ ਨੇ ਸ਼ੈਕਲ ਫੇਰ ਦਬੱਲ ਤਾ।
ਸਾਰਾ ਪਿੰਡ ਦੀ ਧੂੜ ਚੱਟ ਕੇ ਚਾਚਾ ਖਾਓ ਪੀਏ ਘਰ ਮੁੜਿਆ।
"ਸਾਰਾ ਪਿੰਡ ਛਾਣ ਮਾਰਿਆ ...ਆਹ ਗੁਰਮੁਖ ਸੋਂ ਭਤਾ ਨੀ ਕੇੜਾ ਨਵਾਂ ਜੰਮ ਪਿਆ ਸਾਡੇ ਪਿੰਡ।
ਦੋ ਤਿੰਨ ਦਿਨ ਟੱਕਰਾਂ ਮਾਰ ਕੇ ਚਾਚੇ ਨੇ ਚਿੱਠੀ ਇਹ ਲਿਖ ਕੇ ਵਾਪਸ ਮੋੜ ਦਿੱਤੀ ਕਿ:
.......ਇਸ ਪਤੇ ਵਾਲਾ ਜਾਂ ਤਾ ਮਰ ਗਿਆ ਤੇ ਜਾਂ ਪਿੰਡ ਛੱਡ ਗਿਆ।
ਪੰਜਾਂ ਸੱਤਾਂ ਦਿਨਾਂ ਪਿੱਛੋ ਵੱਡ ਖਾਣਿਆ ਦਾ ਗੋਖਾ ਚਾਚੇ ਨੂੰ ਨੰਬਰਦਾਰਾਂ ਆਲੀ ਪਹੀ ਤੇ
ਘੇਰ ਕੇ ਖਲੋ ਗਿਆ
"ਡਾਕਦਾਰ ਮੇਰੀ ਚਿੱਠੀ ਤੇ ਚੰਗਾ ਲਿਖਤਾ ਹੂ....ਅਖੇ ਮਰ ਗਿਆ ਜਾਂ ਪਿੰਡ ਈ ਛੱਡ
ਗਿਆ.....ਮੱਝ ਦਾ ਕਰਜਾ ਪਾਸ ਹੋਇਆ ਹੀ ਮੇਰਾ ਬੈਂਕ ਆਲਿਆਂ ਦੇਣ ਤੋਂ ਨਾਹ ਕਰਤੀ...ਅਖੇ
ਅਹੀਂ ਹੁਣ ਮਰੇ ਨੂੰ ਕਰਜਾ ਨੀ ਦੇਣਾਂ....
ਪੰਜ ਦਿਣ ਮੈਂ ਗੁਰਮਖ ਸੋਂ ਢਿੱਲੋਂ...ਗੁਰਮਖ ਸੋਂ ਢਿੱਲੋਂ ਲੱਬਦਾ ਮਰ ਗਿਆਂ...ਹਾਰ ਕੇ ਮੈਂ
ਫਿਰ ਮੋੜ ਈ ਦੇਣਾ ਸੀ ਫਿਰ.."
"ਨਾ ਤਈਨੂੰ ਨੀ ਹੀਂ ਪਤਾ ਮੈਂ ਈ ਗੁਰਮਖ ਸਿਓਂ ਢਿੱਲੋਂ ਇਆਂ..."
ਚਾਚਾ ਹੱਸਿਆ.....
"ਨਾ ਮਾਮਾ ਤੂੰ ਕਦੋਂ ਦਾ ਗੁਰਮਖ ਸੋਂ ਹੋ ਗਿਆਂ ਗੋਖਿਆ...... ਸਾਰਾ ਪਿੰਡ ਤੀਨੂੰ ਗੋਖਾ
ਗੋਖਾ ਆਂਹਦਾ ਬੈਂਕ ਆਲਿਆਂ ਨੂੰ ਮਾਮਾ ਗੁਰਮਖ ਸੋਂ ਲਖਾ ਆਇਆਂ..."
ਗੋਖੇ ਨੂੰ ਅੱਗੋਂ ਗੱਲ ਨਾ ਅਹੁੜੀ...ਚਾਚੇ ਨੇ ਰੇਲੇ ਨੂੰ ਦਿੱਤੀ ਲੱਤ ਤੇ ਭਿਖੀਵਿੰਡ ਨੂੰ
ਤੋਰ ਦਿੱਤਾ
"....ਮਨ ਮਿੰਦਰ...."
-0-
|
|