Welcome to Seerat.ca
Welcome to Seerat.ca

ਵਿਦਵਤਾ ਦਾ ਦਰਿਆ ਡਾ. ਸਰਦਾਰਾ ਸਿੰਘ ਜੌਹਲ

 

- ਪ੍ਰਿਸੀਪਲ ਸਰਵਣ ਸਿੰਘ

ਜਿਸ ਧਜ ਸੇ ਕੋਈ ਮਕਤਲ ਮੇਂ ਗਇਆ

 

- ਵਰਿਆਮ ਸਿੰਘ ਸੰਧੂ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

ਰਣਚੰਡੀ ਦੇ ਪਰਮ ਭਗਤ - ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਨਾਵਲ ਅੰਸ਼ / ਘੁੰਮਣ-ਘੇਰੀ

 

- ਹਰਜੀਤ ਅਟਵਾਲ

ਮੁਰੱਬੇਬੰਦੀ ਵੇਲੇ ਦਾ ਸਰਪੰਚ

 

- ਬਲਵਿੰਦਰ ਗਰੇਵਾਲ

ਅਸੀਂ ਵੀ ਜੀਵਣ ਆਏ - ਕਿਸ਼ਤ ਚਾਰ / ਕੈਨੇਡਾ ਵਿੱਚ ਆਮਦ

 

-  ਕੁਲਵਿੰਦਰ ਖਹਿਰਾ

ਗੁਰੂ ਨਾਨਕ ਦੇਵ ਸਿੰਘ………? ਜਾਂ ਗੁਰੂ ਨਾਨਕ ਦੇਵ ਜੀ

 

- ਡਾ ਮਾਨ ਸਿੰਘ ਨਿਰੰਕਾਰੀ

ਢਾਹਵਾਂ ਦਿੱਲੀ ਦੇ ਕਿੰਗਰੇ

 

- ਹਰਨੇਕ ਸਿੰਘ ਘੜੂੰਆਂ

ਧਾਰਮਿਕ ਝੂਠ ਤੇ ਇਤਿਹਾਸ ਦਾ ਮਿਲਗੋਭਾ-ਅਜੋਕੇ ਇਤਿਹਾਸਕ ਸੀਰੀਅਲ

 

- ਜਸਵਿੰਦਰ ਸੰਧੂ, ਬਰੈਂਪਟਨ

ਮੇਰੀਆਂ ਪ੍ਰਧਾਨਗੀਆਂ

 

- ਗਿਆਨੀ ਸੰਤੋਖ ਸਿੰਘ

ਸਿਰਨਾਵਿਓਂ ਭਟਕੇ ਖਤਾਂ ਦੀ ਦਾਸਤਾਨ

 

- ਹਰਮੰਦਰ ਕੰਗ

ਦੋ ਛੰਦ-ਪਰਾਗੇ ਤੇ ਇਕ ਕਵਿਤਾ

 

- ਗੁਰਨਾਮ ਢਿੱਲੋਂ

ਤਿੰਨ ਕਵਿਤਾਵਾਂ

 

- ਰੁਪਿੰਦਰ ਸੰਧੂ

ਅਸਤਿਵਵਾਦੀ ਕਲਾ ਅਤੇ ਸਾਹਿਤ

 

- ਗੁਰਦੇਵ ਚੌਹਾਨ

'ਇਹੁ ਜਨਮੁ ਤੁਮਾਹਰੇ ਲੇਖੇ' ਦਾ ਲੇਖਾ ਜੋਖਾ ਕਰਦਿਆਂ

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਚੁਰਾਸੀ-ਦਿੱਲੀ

 

- ਚਰਨਜੀਤ ਸਿੰਘ ਪੰਨੂ

ਡਾ: ਜਸਵੰਤ ਸਿੰਘ ਨੇਕੀ

 

- ਬਰਜਿੰਦਰ ਗੁਲਾਟੀ

ਧਨ ਹੋ ਤੁਸੀਂ ਪੰਛੀਓ

 

- ਬਾਜਵਾ ਸੁਖਵਿੰਦਰ

ਸ਼ਹੀਦੇ-ਏ-ਆਜ਼ਮ ਕਰਤਾਰ ਸਿੰਘ ਸਰਾਭਾ / ਜਿਸਦਾ ਬਚਪਨ ਵੀ ਇਨਕਲਾਬ ਨੂੰ ਸਮਰਪਤ ਸੀ

 

- ਬਾਬਾ ਸੋਹਣ ਸਿੰਘ ਭਕਨਾ

ਹੁੰਗਾਰੇ

 

Online Punjabi Magazine Seerat

ਧਾਰਮਿਕ ਝੂਠ ਤੇ ਇਤਿਹਾਸ ਦਾ ਮਿਲਗੋਭਾ-ਅਜੋਕੇ ਇਤਿਹਾਸਕ ਸੀਰੀਅਲ
- ਜਸਵਿੰਦਰ ਸੰਧੂ, ਬਰੈਂਪਟਨ

 

ਅੱਜ ਦੀ ਤਕਨਾਲੋਜੀ ਅੰਤਾਂ ਦੀ ਤਰੱਕੀ ਕਰਕੇ ਅਜਿਹੇ ਮੁਕਾਮ ਤੇ ਪਹੁੰਚ ਚੁੱਕੀ ਹੈ ਕਿ ਹੈਰਾਨੀ ਹੁੰਦੀ ਹੈ ਕਿ ਜਿਸ ਭਾਰਤ ਵਿੱਚ ਅਜੇ ਕੁੱਝ ਸਾਲ ਪਹਿਲਾਂ ਕਿਸੇ ਵਿਰਲੇ ਘਰ ਹੀ ਫੋਨ ਹੁੰਦਾ ਸੀ ਓਥੇ ਅੱਜ ਤਕਰੀਬਨ ਹਰ ਕਿਸੇ ਕੋਲ਼ ਸੈੱਲ-ਫੋਨ (ਮੁਬਾਈਲ ਫੋਨ) ਹੈ। ਗੱਲ ਫੋਨ ਦੀ ਗੱਲ-ਬਾਤ ਦੀ ਹੀ ਨਹੀਂ; ਫੋਨ ‘ਚ ਹੋਰ ਵੀ ਬਹੁਤ ਕੁੱਝ ਆ ਗਿਆ ਹੈ। ਗੱਲ ਕੀ, ਫੋਨਾਂ ਨੇ ਦੁਨੀਆ ‘ਚ ਤਰਥੱਲੀ ਮਚਾਈ ਹੋਈ ਹੈ। ਪਰ ਕੱਲਾ ਫੋਨ ਹੀ ਨਹੀਂ, ਤਕਨਾਲੋਜੀ ਵਿੱਚ ਤਾਂ ਹਰ ਖੇਤਰ ‘ਚ ਹੀ ਬਹੁਤ ਤਰੱਕੀ ਹੋਈ ਹੈ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਲਗਾਤਾਰ ਹੋ ਰਹੀ ਹੈ। ਵੈਸੇ ਇਹ ਤਰੱਕੀ ਵੀ ਉਸ ਐਟਮੀ ਤਰੱਕੀ ਵਰਗੀ ਹੀ ਹੈ ਜੋ ਸ਼ਾਂਤਮਈ ਤਰੀਕਿਆਂ ਨਾਲ਼ ਅਤੇ ਘੱਟ ਪਰਦੂਸ਼ਣ ਨਾਲ਼ ਅੰਤਾਂ ਦੀ ਬਿਜਲੀ ਬਣਾ ਸਕਦੀ ਹੈ, ਪਰ ਐਟਮੀ ਬੰਬਾਂ ਵਰਗੇ ਹਥਿਆਰਾਂ ਨਾਲ਼ ਹੀਰੋਸ਼ੀਮਾ ਤੇ ਨਾਗਾਸਾਕੀ ਵਰਗੇ ਕਰਮ-ਕਾਂਡ ਵੀ ਕਰ ਸਕਦੀ ਹੈ। ਇਹ ਸਭ ਸਮੇਂ ਦੀ ਸਿਆਸਤ ਤੇ ਨਿਰਭਰ ਹੈ ਜੋ ਇਹ ਨਿਰਧਾਰਤ ਕਰਦੀ ਹੈ ਕਿ ਇਸ ਤਰੱਕੀ ਨੂੰ ਕਿਸ ਤਰਾਂ ਤੇ ਕਿਸ ਕੰਮ ਲਈ ਵਰਤੋਂ ‘ਚ ਲਿਆਉਣਾ ਹੈ?
ਨਾਟਕ, ਫਿਲਮਾਂ, ਟੈਲੀਵੀਯ਼ਨ ਸੀਰੀਅਲ ਆਦਿ ਲੋਕਾਂ ਦੇ ਮਨੋਰੰਜਨ ਲਈ ਹੋਂਦ ‘ਚ ਆਏ, ਘੱਟੋ-ਘੱਟ ਆਮ ਜਨਤਾ ਨੂੰ ਇਸ ਭੁਲੇਖੇ ‘ਚ ਰੱਖਿਆ ਗਿਆ ਹੈ ਕਿ ਇਹ ਸਭ ਚੀਜ਼ਾਂ ਉਨ੍ਹਾਂ ਦੇ ਮਨੋਰੰਜਨ ਲਈ ਹਨ। ਵੈਸੇ ਤਾਂ ਸੱਤਵੀਂ ਸਦੀ ਦੇ ਰਿਸ਼ੀ ਵਿਆਸ ਦੇ ਲਿਖੇ ਮਹਾਂਭਾਰਤ ਵਰਗੇ ਮਹਾਂਨਾਟਕ ਵੀ ਲੋਕਾਂ ਨੂੰ ਰਾਜਿਆਂ ਦੇ ਰਾਜ ਨੂੰ ਠੀਕ ਦਰਸਾਉਣ ਲਈ ਲਿਖੇ ਤੇ ਖੇਢੇ ਜਾਂਦੇ ਸਨ। ਰਿਸ਼ੀ ਵਿਆਸ ਜਿਹੇ ਲਿਖਾਰੀਆਂ ਨੂੰ ਇਨ੍ਹਾਂ ਕੰਮਾਂ ਲਈ ਸਮੇਂ ਦੇ ਰਾਜਿਆਂ ਤੋਂ ਸਹੂਲਤਾਂ ਮਿਲ ਜਾਂਦੀਆਂ ਸਨ ਤੇ ਰਾਜਿਆਂ ਨੂੰ ਰੱਬ ਵੱਲੋਂ ਥਾਪੇ ਹੋਏ ਲੋਕਾਂ ਦੇ ਆਗਆਂੂ ਦੇ ਖਿਤਾਬ ਮਿਲ ਜਾਂਦੇ ਸਨ। ਇਹ ਕੁੱਝ ਭਾਰਤੀ ਮਹਾਂਦੀਪ ‘ਚ ਹੀ ਨਹੀਂ ਸਗੋਂ ਦੁਨੀਆ ਦੇ ਸਭ ਹਿੱਸਿਆਂ ਵਿੱਚ ਚੱਲਦਾ ਸੀ। ਯੂਰਪ (ਇੰਗਲੈਂਡ) ਦੇ ਸ਼ੇਕਸਪੀਅਰ ਨੂੰ ਕੌਣ ਨਹੀਂ ਜਾਣਦਾ ਜੋ ਆਪਣੇ ਨਾਟਕਾਂ ਨੂੰ ਰਾਜਿਆਂ ਦੇ ਦਰਬਾਰਾਂ ਤੱਕ ਹੀ ਸੀਮਤ ਰੱਖਦਾ ਸੀ ਜਿਵੇਂ ਕਿ ਸਾਰੀ ਦੀ ਸਾਰੀ ਜਿ਼ੰਦਗੀ ਸਿਰਫ਼ ਮਹਿਲਾਂ ‘ਚ ਹੀ ਵਿਚਰਦੀ ਹੋਵੇ। ਅਜਿਹਿਆਂ ਤੋਂ ਕਿਤੇ ਵਧੀਆ ਤੇ ਤਰੱਕੀਆਫ਼ਤਾ ਵਿਚਾਰਾਂ ਵਾਲ਼ੇ ਲੋਕ ਵੀ ਉਨ੍ਹਾਂ ਸਮਿਆਂ ‘ਚ ਮੌਜੂਦ ਸਨ, ਪਰ ਉਨ੍ਹਾਂ ਦੇ ਵਿਚਾਰਾਂ ਨੂੰ ਸਮੇਂ ਦੀ ਸਿਆਸਤ ਦਾ ਥਾਪੜਾ ਨਾ ਹੋਣ ਕਾਰਨ ਲੋਕਾਂ ਤੱਕ ਪੁੱਜਣ ਵੀ ਨਹੀਂ ਦਿੱਤਾ ਗਿਆ। ਰਿਸ਼ੀ ਵਿਆਸ ਵਰਗਿਆਂ ਦੇ ਸਮਕਾਲੀ ਚਾਰਵਾਕ ਜਿਹੇ ਚਿੰਤਕ ਇਤਹਿਾਸ ਦੇ ਪੰਨਿਆਂ ਤੇ ਚਾਰ ਵਾਕਾਂ ‘ਚ ਹੀ ਖਤਮ ਹੋ ਜਾਣ ਵਾਲ਼ੇ ਬਣਕੇ ਰਹਿ ਗਏ।
ਤਰਾਸਦੀ ਇਹ ਨਹੀਂ ਕਿ ਓਦੋਂ ਠੀਕ ਨਹੀਂ ਹੋਇਆ, ਬਲਕਿ ਤਰਾਸਦੀ ਇਹ ਹੈ ਕਿ ਹੁਣ ਵੀ ਉਹੀ ਕੁੱਝ ਹੋ ਰਿਹਾ ਹੈ। ਸਿਆਸਤ ਦਾ ਤਕਰੀਬਨ ਸਾਰੇ ਸਰੋਤਾਂ ਤੇ ਕਾਬਜ ਹੋਣਾ ਇਸ ਗੱਲ ਨੂੰ ਨੀਯਤ ਕਰਦਾ ਹੈ ਕਿ ਲੋਕਾਂ ਤੱਕ ਕੀ ਪੁਚਾਇਆ ਜਾਵੇ? ਉਦਾਹਰਣ ਲਈ ਇਸ ਵਿਚਾਰ ਤੇ ਗ਼ੌਰ ਕਰੋ; ਜੋਤਿਸ਼ ਵਰਗੇ ਪਰਪੰਚ ਨੂੰ ਪੱਛਮੀ ਸੱਭਅਿਤਾ ‘ਚ ਜਿ਼ਆਦਾਤਰ ਪਛਾੜਿਆ ਜਾ ਚੁੱਕਾ ਹੈ, ਪਰ ਅੱਜ ਦੇ ਭਾਰਤ ‘ਚ ਜੋਤਿਸ਼ ਨੂੰ ‘ਵਿਗਿਆਨ’ ਗਰਦਾਨਿਆ ਜਾ ਰਿਹਾ ਹੈ ਤੇ ਇਸ ਕੂੜ-ਗਿਆਨ ਲਈ ਯੂਨੀਵਰਸਿਟੀਆਂ ਤੇ ਕਾਲਜ ਖੋਲ੍ਹੇ ਜਾ ਰਹੇ ਹਨ। ਆਮ ਲੋਕ ਜੋ ਆਪਣੀਆਂ ਮੁਢਲੀਆਂ ਜ਼ਰੂਰਤਾਂ “ਰੋਟੀ, ਕੱਪੜਾ ਤੇ ਮਕਾਨ” ਜੋੜਨ ‘ਚ ਰੁੱਝੇ ਰਹਿੰਦੇ ਹਨ ਅਜਿਹੇ ਪਰਪੰਚਾਂ ਨੂੰ ਸਮਝਣ ਤੋਂ ਅਸਮਰਥ ਹਨ। ਧਰਮਾਂ ਨੂੰ ਸਿਆਸਤ ਦੀ ਅਥਾਹ ਸਪੋਰਟ ਕਾਰਨ ਲੋਕਾਂ ਨੂੰ ਧਰਮਾਂ ਦੇ ਕੂੜ ਪਰਚਾਰ ਨਾਲ਼ ਵੀ ਅੰਨ੍ਹਾ ਰੱਖਣ ਲਈ ਕੋਸਿ਼ਸ਼ਾਂ ਜਾਰੀ ਰਹਿੰਦੀਆਂ ਹਨ। ਸਿਆਸਤ ਆਪਣੇ ਇਨ੍ਹਾਂ ਕੰਮਾਂ ਲਈ ਹਰ ਉਪਲਭਦ ਮੀਡੀਆ ਵਰਤਦੀ ਹੈ। ਅੱਜਕੱਲ੍ਹ ਬੌਲੀਵੁੱਡ ਇੱਕ ਅਜਿਹਾ ਕੇਂਦਰ ਬਣ ਗਿਆ ਹੈ ਜੋ ਅਜਿਹੇ ਪਰਚਾਰ ਲਈ ਸਭ ਤੋਂ ਕਾਰਗਰ ਹੈ।
ਮੇਰੇ ਖਿਆਲ ਨਾਲ਼ ਜਦੋਂ ਅਜਿਹਾ ਪਰਚਾਰ ਇਤਿਹਾਸ ‘ਚ ਲਪੇਟ ਕੇ ਪਰੋਸਿਆ ਜਾਂਦਾ ਹੈ ਤਾਂ ਆਮ-ਲੋਕਾਂ ਦੀ ਸੋਚ ਲਈ ਹੋਰ ਵੀ ਘਾਤਕ ਹੋ ਜਾਂਦਾ ਹੈ। ਉਦਾਹਰਣ ਲਈ ਝਾਂਸੀ ਦੀ ਰਾਣੀ ਲਕਸ਼ਮੀਬਾਈ, ਮੇਵਾੜ ਦਾ ਰਾਜਾ ਰਾਣਾ ਪਰਤਾਪ ਸਿੰਘ, ਮੁਗਲ ਬਾਦਸ਼ਾਹ ਅਕਬਰ ਤੇ ਉਸਦੀ ਬੇਗ਼ਮ ਜੋਧਾ ਲੋਕਾਂ ਦੇ ਪਸੰਦੀਦਾਰ ਸਿ਼ਰੋਮਣੀ ਇਤਿਹਾਸਕ ਵਿਅਕਤੀਆਂ ਵਿੱਚੋਂ ਹਨ। ਅੱਜ-ਕੱਲ੍ਹ ਇਨ੍ਹਾਂ ਦੇ ਵਿਅੱਕਤੀਤਵ ਨੂੰ ਸਲਾਹੁੰਦਿਆਂ ਇਨ੍ਹਾਂ ਦੇ ਕਾਰਨਾਮਿਆਂ ਨੂੰ ਕਾਫ਼ੀ ਵਧਾ-ਚੜ੍ਹਾ ਕੇ ਟੀਵੀ ਸੀਰੀਅਲਾਂ ਰਾਹੀਂ ਸਾਡੇ ਸਾਹਮਣੇ ਰੱਖਿਆ ਜਾ ਰਿਹਾ ਹੈ। ਵੈਸੇ ਇਤਿਹਾਸ ਨੂੰ ਇਸ ਤਰੀਕੇ ਨਾਲ਼ ਪੇਸ਼ ਕਰਨਾ ਜਾਂ ਪੜ੍ਹਾਉਣਾ ਬਹੁਤ ਹੀ ਰਸੀਲਾ ਤਰੀਕਾ ਹੈ ਜੋ ਵਿਦਿਆਰਥੀਆਂ ਲਈ ਇਸ ਨੀਰਸ ਜਿਹੇ ਵਿਸ਼ੇ ਨੂੰ ਪੜ੍ਹਾਉਣਾ ਬਹੁਤ ਹੀ ਸੌਖਾ ਤੇ ਕਾਰਗਰ ਬਣਾ ਸਕਦਾ ਹੈ। ਪਰ ਅਸਲੀ ਕਿਰਦਾਰਾਂ ਦੇ ਨੁਕਸਾਂ ਨੂੁੰ ਬਾਹਰ ਰੱਖ ਕੇ ਅਤੇ ਹਰ ਵੱਡੀ ਸਫ਼ਲਤਾ ਦੇ ਪਿੱਛੇ ਉਨ੍ਹਾਂ ਦੇ ਰੱਬ ਜਾਂ ਰੱਬੀ ਸ਼ਕਤੀਆਂ ਅੱਗੇ ਕੀਤੀਆਂ ਅਰਦਾਸਾਂ ਦੇ ਲੇਖੇ ਲਾਉਂਦੇ ਇਹ ਸੀਰੀਅਲ ਲੋਕਾਂ ਨੂੰ ਧਰਮਾਂ ਦੇ ਊਲ-ਜਲੂਲ ਜੰਜਾਲ਼ ‘ਚ ਫਸਾ ਕੇ ਰੱਖਣ ਲਈ ਬਹੁਤ ਹੀ ਕਾਰਗਰ ਹੋ ਸਕਦੇ ਹਨ। ਕਦੇ ਜੋਧਾ-ਅਕਬਰ ਸੀਰੀਅਲ ਦੀ ਜੋਧਾ ਆਪਣੇ ਮੁਰਲੀ ਵਾਲ਼ੇ ‘ਕਾਨ੍ਹਾ’ ਨੂੰ ਅਰਜੋਈ ਕਰਕੇ ਆਪਣੇ ਕੰਮ ਕਰਵਾਉਂਦੀ ਦਰਸਾਈ ਜਾਂਦੀ ਹੈ ਤੇ ਕਦੇ ਕੁੰਵਰ ਪਰਤਾਪ ਤੇ ਉਸਦੇ ਪਰਿਵਾਰ ਦੇ ਜੀਅ ‘ਏਕਲਿੰਗ ਜੀ’ ਤੋਂ ਵਰਦਾਨ ਲੈ ਕੇ ਆਪਣੀਆਂ ਮੁਹਿੰਮਾਂ ਤੇ ਸਫ਼ਲਤਾ ਪਰਾਪਤ ਕਰਦੇ ਦਿਖਾਏ ਜਾਂਦੇ ਹਨ। ਇਸੇ ਤਰਾਂ ਰਾਣੀ ਲਕਸ਼ਮੀਬਾਈ ਵੀ ਹਰ ਮੁਸ਼ਕਲ ਆਪਣੀ ਦੇਵੀ ਤੋਂ ਅਸ਼ੀਰਵਾਦ ਲੈ ਕੇ ਹੱਲ ਕਰਦੀ ਹੈ। ਇਸ ਤਰੀਕੇ ਨਾਲ਼ ਇਨ੍ਹਾਂ ਸਿ਼ਰੋਮਣੀ ਇਤਿਹਾਸਕ ਹਸਤੀਆਂ ਨੂੰ ਵੀ ਬਹੁਤ ਛੋਟਾ ਦਿਖਾ ਕੇ ਉਨ੍ਹਾਂ ਦੇ ਕਰਮਾਤੀ ਕੰਮਾਂ ਨੂੰ ਅਖਾਉਤੀ ਰੱਬ ਜਾਂ ਉਸਦੇ ਅਖਾਉਤੀ ਏਜੰਟਾਂ ਦੀ ਕਰਾਮਾਤ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਤਰਾਂ ਜੇ ਕੋਈ ਅਜਿਹੇ ਇਤਿਹਾਸਕ ਵਿਅੱਕਤੀਆਂ ਦੇ ਵਿਅੱਕਤੀਤਵ ਤੋਂ ਸੇਧ ਲੈ ਕੇ ਕੁੱਝ ਕਰਨ ਦੀ ਸੋਚੇ ਵੀ ਤਾਂ ਉਸਨੂੰ ਵੀ ਰੱਬ ਦੇ ਪੱਲੇ ਲੱਗਣ ਵਰਗੇ ਫਜ਼ੂਲ ਕੰਮ ‘ਚ ਪਰੁੰਨਿਆ ਜਾਣ ਲਈ ਪਰਚਾਰਿਆ ਜਾ ਰਿਹਾ ਹੈ।
ਵੈਸੇ ਇੰਗਲੈਂਡ ਵਰਗੇ ਦੇਸ਼ ‘ਚ ਤਾਂ ਵਿਗਿਆਨ ਦੇ ਪਰਸ਼ੰਸਕਾਂ ਤੇ ਉਨ੍ਹਾਂ ਦੀ ਸਿਆਸਤ ਨੇ ਸਕੂਲੀ ਵਿੱਦਿਆ ਦੇ ਅਜੰਡੇ ‘ਚੋਂ ਧਾਰਮਿਕ ਸਿੱਖਿਆ ਨੂੰ ਬਾਹਰ ਕਢਵਾ ਦਿੱਤਾ ਹੈ ਜੋ ਹੁਣੇ ਜਿਹੇ ਹੀ ਹੋਇਆ ਹੈ, ਪਰ ਸਾਡੇ ਪਿਆਰੇ ਭਾਰਤ ‘ਚ ਇਸਦੇ ਐਨ੍ਹ ਉਲਟ ਧਰਮ ਦੇ ਪਰਪੰਚ ਨੂੰ ਹੋਰ ਡੁੰਘੇਰਾ ਕਰਨ ਲਈ ਅਵਿਗਿਆਨ ਜਾਂ ਅਗਿਆਨ ਦੀਆਂ ਯੂਨੀਵਰਸਿਟੀਆਂ ਖੋਲ੍ਹੀਆਂ ਜਾ ਰਹੀਆਂ ਹਨ। ਪਹਿਲਾਂ ਕਾਂਗਰਸ ਦੀ ਸਰਕਾਰ ਨੇ ਬਿਨਾਂ ਕਿਸੇ ਬਹਿਸ ਦੇ ਨਵੀਂ ਸਿੱਖਿਆ ਪਾਲਸੀ ਲਾਗੂ ਕਰ ਦਿੱਤੀ ਜਿਸਦੇ ਖਾਸ ਨਤੀਜੇ ਇਹ ਹੋਏ ਕਿ ਚੰਗਾ ਭਲਾ ਚੱਲਦਾ ਸਰਕਾਰੀ ਸਿੱਖਿਆ ਸਿਸਟਮ ਨਕਾਰਾ ਹੋ ਗਿਆ ਤੇ ਅੰਗਰੇਜ਼ੀ ਮਾਧਿਅਮ ਵਾਲ਼ੇ ਪਰਾਈਵੇਟ ਸਕੂਲਾਂ ਦੀ ਭਰਮਾਰ ਨੇ ਸਿੱਖਿਆ ਦਾ ਸੱਭਿਆਚਾਰ ਹੀ ਖਾਤਮੇ ਕਿਨਾਰੇ ਲੈ ਆਂਦਾ। ਆਮ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਜੇ ਸਾਡਾ ਨਿਆਣਾ ਅੰਗਰੇਜ਼ੀ ਦੇ ਚਾਰ ਅੱਖਰ ਪੜ੍ਹ ਸਕਦਾ ਹੋਵੇ ਤਾਂ ਉਹ ਆਪਣੀ ਜਿ਼ੰਦਗੀ ਲਈ ਤਿਆਰ ਹੋਇਆ ਸਮਝੋ। ਅੱਜ ਦੀ ਸਿੱਖਿਆ ਦੇ ਸੰਦਰਭ ਵਿੱਚ ਸਿੱਖਿਆ ਦੇ ਜੋ ਮੁਢਲੇ ਅਰਥ ਹਨ ਉਹ ਹੀ ਬਦਲ ਚੁੱਕੇ ਹਨ। ਹੁਣ ਦੀ ਧਰਮਾਂ-ਰੁੱਧੀ ਕੇਂਦਰੀ ਬਹੁਮਤ ਵਾਲ਼ੀ ਮੋਦੀ-ਸਰਕਾਰ ਹਰ ਤਰੀਕੇ ਨਾਲ਼ ਆਮ ਲੋਕਾਂ ਦੀ ਉੱਨਤੀ ਦੇ ਖਿਲਾਫ਼ ਕਾਰਵਾਈਆਂ ਕਰ ਰਹੀ ਹੈ। ਪਹਿਲਾਂ ਹੀ ਵਿਗਾੜੇ ਹੋਏ ਪੜ੍ਹਾਏ ਜਾ ਰਹੇ ਇਤਿਹਾਸ ਨੂੰ ਨਵੀਂ ਸਰਕਾਰ ਦੇ ਏਜੰਡੇ ਅਨੁਸਾਰ ਢਾਲ਼ ਕੇ ਹੋਰ ਵਿਗਾੜਿਆ ਜਾ ਰਿਹਾ ਹੈ।
ਪਰ ਇਸ ਗੁੰਝਲ਼ਦਾਰ ਮਸਲੇ ਨੂੰ ਸਮਝਣ ਹੇਤੂ ਪਲ ਦੋ ਪਲ ਲਈ ਇਸਦੇ ਇੱਕ ਪੱਖ ਤੇ ਹੀ ਨਜ਼ਰ ਰੱਖੀਏ ਤਾਂ ਜੋ ਇਸ ਗੁੰਝਲ਼ਦਾਰ ਮਸਲੇ ਦੀ ਜੜ ਦੀ ਪਛਾਣ ਹੋ ਜਾਵੇ।
ਸਿੱਖਿਆ ਜਾਂ ਜਾਣਕਾਰੀ ਤਾਂ ਹਮੇਸ਼ਾ ਆਉਂਦੀ ਰਹਿੰਦੀ ਹੈ। ਇਹ ਅਜਿਹਾ ਵਰਤਾਰਾ ਹੈ ਜੋ ਨਿਰੰਤਰ ਚੱਲਦਾ ਰਹਿੰਦਾ ਹੈ ਜੋ ਹਰ ਜੀਵ ਦੇ ਜਿ਼ੰਦਾ ਰਹਿਣ ਲਈ ਜ਼ਰੂਰੀ ਹੈ। ਜਾਨਵਰ ਵੀ ਆਪਣੇ ਤਜਰਬੇ ਤੋਂ ਸਿੱਖਦੇ ਰਹਿੰਦੇ ਹਨ ਕਿ ਇਉਂ ਕਰਨਾ ਜਿ਼ਆਦਾ ਫਾਇਦੇਮੰਦ ਹੈ ਤੇ ਉਵੇਂ ਕਰਨਾ ਨਹੀਂ। ਇਨਸਾਨ ਤਾਂ ਆਪਣੇ ਵਿਕਸਤ ਦਿਮਾਗ ਕਾਰਨ ਬਹੁਤ ਕੁੱਝ ਸਿੱਖਦੇ ਤੇ ਆਪਣੇ ਭਵਿੱਖ ਲਈ ਆਪਣੇ ਤਜਰਬਿਆਂ ਤੋਂ ਮਿਲੀ ਜਾਣਕਾਰੀ ਨੂੰ ਵਰਤਦੇ ਹਨ। ਸਕੂਲੀ ਸਿੱਖਿਆ ਇੱਕ ਤਰਤੀਬਬੱਧ ਸਿੱਖਿਆ ਪਰਣਾਲੀ ਹੈ ਜੋ ਬਹੁਤ ਤੇਜੀ ਨਾਲ਼ ਬੱਚਿਆਂ ਨੂੰ ਭਵਿੱਖ ਲਈ ਤਿਆਰ ਕਰਦੀ ਹੈ। ਓਦਾਂ ਆਪਣੀ ਜਿ਼ੰਦਗੀ ਦੇ ਤਜਰਬਿਆਂ ਤੋਂ ਸਿੱਖਣਾ ਹਰ ਬੱਚੇ ਲਈ ਨਿਰੰਤਰ ਜਾਰੀ ਰਹਿੰਦਾ ਹੈ।
ਸਕੂਲੀ ਸਿੱਖਿਆ ਬੱਚੇ ਨੂੰ ਇੱਕ ਕਾਰਗਰ ਸੰਦ ਪਰਦਾਨ ਕਰਦੀ ਹੈ ਜਿਸ ਨੂੰ ਅਸੀਂ ਵਿਗਿਆਨਕ ਵਿਸ਼ਲੇਸ਼ਣ ਦਾ ਢੰਗ-ਤਰੀਕਾ ਕਹਿ ਸਕਦੇ ਹਾਂ। ਬੱਚੇ ਹਰ ਵਰਤਾਰੇ ਨੂੰ ਆਪਣੇ ਉਸ ਵਿਗਿਆਨਕ ਨਜ਼ਰੀਏ ਨਾਲ਼ ਤੋਲ-ਮਿਣ ਕੇ ਦੇਖਣ ਦੀ ਕੋਸਿ਼ਸ਼ ਕਰਦੇ ਹਨ। ਜੇ ਸਕੂਲੀ ਵਿੱਦਿਆ ਠੋਸ ਸਬੂਤਾਂ ਦੇ ਅਧਾਰ ਤੇ ਬਣੀ ਪਰਣਾਲ਼ੀ ਤੇ ਅਧਾਰਿਤ ਹੋਵੇ ਤਾਂ ਬੱਚਿਆਂ ਦੀ ਸੋਚ ਵੀ ਸਾਫ਼-ਸੁਥਰੀ ਤੇ ਅਸਰਦਾਰ ਹੋਏਗੀ। ਪਰ ਜੇ ਇਸ ਸੋਚ ਵਿੱਚ ਧਰਮਾਂ ਵਰਗੇ ਫਰੇਬੀ ਤੇ ਧੁੰਦਲ਼ੇ ਵਿਚਾਰਾਂ ਦੀ ਗੰਧਲ਼-ਚੌਦੇਂ ਦਾ ਕੂੜਾ ਵੀ ਪਾ ਦਿੱਤਾ ਜਾਵੇ ਤਾਂ ਬੱਚੇ ਭਵੰਤਰੇ ਹੀ ਰਹਿ ਸਕਦੇ ਹਨ ਜਿਵੇਂ ਅੱਜ-ਕੱਲ੍ਹ ਆਮ ਭਾਰਤੀ ਹੋ ਰਹੇ ਹਨ। ਅਜਿਹੇ ਕੰਮ ਉਨ੍ਹਾਂ ਦੀ ਸਿੱਧੀ-ਸਾਫ਼ ਸੋਚ ਲਈ ਘਾਤਕ ਹੋਣਗੇ ਤੇ ਬੱਚਿਆਂ ਦੇ ਸਮਤੋਲ ਵਿਕਾਸ ’ਚ ਰੋੜੇ ਸਾਬਤ ਹੋਣਗੇ।
ਭਾਵੇਂ ਅਜਿਹਾ ਕੁੱਝ, ਬੱਚਿਆਂ ਦੀ ਸੋਚ ਲਈ ਜਿ਼ਆਦਾ ਘਾਤਕ ਹੁੰਦਾ ਹੈ ਪਰ ਵੱਡੇ ਵੀ ਅਜਿਹੇ ਕੂੜ-ਪਰਚਾਰ ਦੇ ਅਸਰ ਤੋਂ ਨਿਰਲੇਪ ਨਹੀਂ ਰਹਿ ਸਕਦੇ। ਵੱਡਿਆਂ ਲਈ ਇਤਿਹਾਸ ਦੇ ਕਿਰਦਾਰਾਂ ਨੂੰ ਰੱਬ ਜਾਂ ਰੱਬੀ ਏਜੰਟਾਂ (ਦੇਵੀ-ਦੇਵਤਿਆਂ) ਦੇ ਮੂਹਰੇ ਝੁਕਦੇ ਜਾਂ ਗਿੜਗੜਾਉਂਦੇ ਹੋਏ ਦਿਖਾਉਣਾ ਉਨ੍ਹਾਂ ਦੇ ਕਿਰਦਾਰਾਂ ਨੂੰ ਛੋਟਾ ਕਰਕੇ ਉਨ੍ਹਾਂ ਦੇ ਕੰਮਾਂ ਨੂੰ ਰੱਬੀ-ਕੰਮ ਬਣਾ ਦਿੰਦਾ ਹੈ। ਅਸੀਂ ਸਭ ਨੇ ਰਮਾਇਣ ਤੇ ਮਹਾਂਭਾਰਤ ਵਰਗੇ ਸੀਰੀਅਲਾਂ ਦੇ ਚੱਲਦੇ ਸਮੇਂ ਆਪਣੇ ਬਜ਼ੁਰਗਾਂ ਨੂੰ ਟੀਵੀਆਂ ਦੇ ਸਾਹਮਣੇ ਰੋਂਦੇ ਦੇਖਿਆ ਹੋਏਗਾ। ਉਨ੍ਹਾਂ ਨੂੰ ਇਹ ਸਭ ਇਤਿਹਾਸ ਦੇ ਹਿੱਸੇ ਲਗਦੇ ਹਨ ਭਾਵੇਂ ਕਿ ਇਹ ਦੋਨੋਂ ਕਥਾਵਾਂ ਕਾਲਪਨਿਕ ਹਨ ਜੋ ਸਮੇਂ ਦੇ ਸਿ਼ਰੋਮਣੀ ਲਿਖਾਰੀਆਂ ਦੀਆਂ ਕਿਰਤਾਂ ਹਨ।
ਅਜਿਹਾ ਸਭ ਕੁੱਝ ਸਾਡੇ ਅਸਲੀ ਇਤਿਹਾਸਕ ਹੀਰੋਆਂ ਨੂੰ ਛੋਟਾ ਕਰਦਾ ਹੈ ਤੇ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਰੱਬ ਤੋਂ ਬਿਨਾਂ ਅਸੀਂ ਕੁੱਝ ਵੀ ਨਹੀਂ ਕਰ ਸਕਦੇ। ਇਹੀ ਤਾਂ ਹੈ ਸਮੇਂ ਦੀ ਸਿਆਸਤ ਦੀ ਜ਼ਰੂਰਤ ਤਾਂ ਜੋ ਆਮ ਲੋਕੀਂ ਚੱਲਦੇ ਨਿਜ਼ਾਮ ਨੂੰ ਬਦਲਣ ਬਾਰੇ ਸੋਚਣ ਹੀ ਨਾ ਅਤੇ ਉਨ੍ਹਾਂ ਦੀ ਬੇਈਮਾਨੀ, ਧੱਕੜਸ਼ਾਹੀ ਤੇ ਇੱਕਤਰਫ਼ੀ ਸੋਚ ਇੱਦਾਂ ਹੀ ਚੱਲਦੀ ਰਹੇ। ਆਮ ਲੋਕੀਂ ਆਪਣੇ ਨਿੱਤਾ-ਪ੍ਰਤੀ ਦੇ ਕੰਮਾਂ ‘ਚ ਇੰਨੇ ਕੁ ਰੁੱਝੇ ਹੋਏ ਹਨ ਕਿ ਉਹ ਅਜਿਹੇ ਘੋਲ਼-ਮਥੋਲ਼ੇ ਨੂੰ ਸਮਝ ਨਹੀਂ ਸਕਦੇ। ਜੇ ਕਿਤੇ ਕਿਤੇ ਕੋਈ ਇਸਨੂੰ ਸਮਝ ਕੇ ਲੋਕਾਂ ਨੂੰ ਦੱਸਣ ਦੀ ਕੋਸਿ਼ਸ਼ ਵੀ ਕਰਦਾ ਹੈ ਤਾਂ ਉਸਦੀ ਉਹ ਕੋਸਿ਼ਸ਼ ਸੰਸਾਰਿਕ ਕੰਟਰੋਲ ਵਾਲ਼ੇ ਮੀਡੀਆ ਤੋਂ ਕਿਤੇ ਛੋਟੀ ਤੇ ਬੇਅਸਰ ਹੋ ਕੇ ਰਹਿ ਜਾਂਦੀ ਹੈ। ਫਿਰ ਵੀ ਸਾਨੂੰ ਆਪਣੀਆਂ ਕੋਸਿ਼ਸ਼ਾਂ ਜਾਰੀ ਰੱਖਣੀਆਂ ਚਾਹਦਿੀਆਂ ਹਨ ਤਾਂ ਜੋ ਹੋਣਹਾਰ ਬੱਚੇ ਸਾਡੀਆਂ ਅਜਿਹੀਆਂ ਕੋਸਿ਼ਸ਼ਾਂ ਤੋਂ ਸੇਧ ਲੈ ਕੇ ਲੋਕਾਂ ਦੀ ਹੋ ਰਹੀ ਲੁੱਟ-ਖਸੁੱਟ ਤੇ ਸਾਡੇ ਇਤਿਹਾਸਕ ਹੀਰੋਆਂ ਜਾਂ ਨਾਇਕਾਂ ਦੇ ਕਿਰਦਾਰਾਂ ਦੇ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਕੁੱਝ ਕਰ ਸਕਣ।
ਅਜਿਹੀਆਂ ਸੋਚਾਂ ਤੇ ਨਿਘਾਰ ਦੇ ਚਿੰਨ ਤਾਂ ਸਾਫ਼ ਨਜ਼ਰ ਆਉਂਦੇ ਹਨ। ਆਮ ਲੋਕਾਂ ‘ਚ ਰਾਜਿਆਂ ਮਹਾਰਾਜਿਆਂ ਦੀ ਕਦਰ, ਵੱਡੇ ਜਾਂ ਅਮੀਰ ਬੰਦਿਆਂ ਲਈ ਅਣਭਿੱਜ ਸਤਿਕਾਰ, ਅੰਗਰੇਜ਼ਾਂ ਪ੍ਰਤੀ ਸਤਿਕਾਰ ਦੀ ਤੇ ਆਪਣੇ ਅਖਾਉਤੀ ਛੋਟੀਆਂ ਜਾਤਾਂ ਵਾਲਿ਼ਆਂ ਆਪਣੇ ਹੀ ਭੈਣਾਂ-ਭਰਾਵਾਂ ਲਈ ਘ੍ਰਿਣਾ ਆਦਿ ਸਭ ਅਜਿਹੀ ਮਾਨਸਿਕਤਾ ਦੇ ਚਿੰਨ ਹੀ ਹਨ ਜਿਸ ਕਰਕੇ ਅਸੀਂ ਅਜਿਹੇ ਬੇਸਿਰ-ਪੈਰ ਵਾਲ਼ੀਆਂ ਗੱਲਾਂ ਨੂੰ ਸੱਚ ਮੰਨ ਲੈਂਦੇ ਹਾਂ। ਪੰਜਾਬੀ ਮੱਧ-ਵਰਗੀਆਂ ਦੀਆਂ ਉੱਪਰ ਵਾਲ਼ੀ ਕਤਾਰ ਨਾਲ਼ ਖਲੋਣ ਦੀ ਲਾਲਸਾ ਉਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਨਕਾਰ ਕੇ ਰਾਜ ਕਰਨ ਵਾਲਿ਼ਆਂ ਦੀ ਭਾਸ਼ਾ ਨੂੰ ਜਿ਼ਆਦਾ ਸਤਿਕਾਰ ਦੇਣਾ ਜਾਂ ਆਪਣੀ ਮਾਤ-ਭਾਸ਼ਾ ਨੂੰ ਨਿਗੂਣੀ ਕਹਿ ਕੇ ਦੁਰਕਾਰਨਾ ਵੀ ਇਸੇ ਲੜੀ ਦੇ ਚਿੰਨ ਹਨ। ਅਜਿਹੀ ਸੋਚ ਨੂੰ ਗ਼ੁਲਾਮ ਸੋਚ ਹੀ ਕਿਹਾ ਜਾ ਸਕਦਾ ਹੈ ਹੋਰ ਕੁੱਝ ਨਹੀਂ।
ਮੈਨੂੰ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਅਜੇ ਤੱਕ ਕਿਸੇ ਵੀ ਪੰਜਾਬੀ ਸਾਹਿਤਕਾਰ ਨੇ ਇਸ ਗੰਭੀਰ ਮੁੱਦੇ ਵੱਲ ਆਪਣਾ ਧਿਆਨ ਨਹੀਂ ਦਿੱਤਾ। ਇਸਦਾ ਮਤਲਬ ਵੀ ਇਹੀ ਹੈ ਕਿ ਅਸੀਂ ਚਿੰਤਕ ਅਖਵਾਉਣ ਵਾਲ਼ੇ ਵੀ ਇਸ ਨਿਘਾਰ ਲਈ ਬਰਾਬਰ ਦੇ ਜਿ਼ੰਮੇਵਾਰ ਹਾਂ। ਲੋਕ-ਪੱਖੀ ਧਾਰਾਵਾਂ ਨੂੰ ਇਸ ਪਾਸੇ ਵੀ ਧਿਆਨ ਦੇਣ ਜ਼ਰੂਰਤ ਹੈ। ਕਈ ਲੋਕ ਇਸ ਗੱਲੋਂ ਹੈਰਾਨ ਹੁੰਦੇ ਹਨ ਕਿ ਲੋਕ ਉਨ੍ਹਾਂ ਹੀ ਬੇਈਮਾਨ ਆਗੂਆਂ ਨੂੰ ਵਾਰ ਵਾਰ ਆਪਣੀ ਸਿਆਸਤ ’ਚ ਅੱਗੇ ਕਿਉਂ ਲੈ ਆਉਂਦੇ ਹਨ?
ਮੇਰੇ ਖਿਆਲ ਨਾਲ ਜੇ ਅਸੀਂ, ਆਮ ਜਨਤਾ, ਅੱਜ-ਕੱਲ੍ਹ ਦੇ ਸੋਸ਼ਲ ਮੀਡੀਏ ਰਾਹੀਂ ਮੀਡੀਆਕਾਰਾਂ ਨੂੰ ਇਹ ਸੁਨੇਹਾ ਦੇਈਏ ਕਿ ਅਸੀਂ ਆਪਣੇ ਇਤਿਹਾਸਕ ਵਿਅਕਤੀਆਂ ਦੀਆਂ ਜਿ਼ੰਦਗੀਆਂ ਨਾਲ਼ ਇਸ ਤਰਾਂ ਦਾ ਖਿਲਵਾੜ ਕਰਦੇ ਸੀਰੀਅਲ ਆਦਿ ਦੇਖਣਾ ਪਸੰਦ ਨਹੀਂ ਕਰਦੇ ਤਾਂ ਉਨ੍ਹਾਂ ਪੈਸੇ ਦੇ ਪੀਰਾਂ ਨੂੰ ਸ਼ਾਇਦ ਥੋੜ੍ਹੀ ਬਹੁਤ ਸਮਝ ਆ ਜਾਵੇ ਤੇ ਉਹ ਆਪਣੇ ਤੌਰ-ਤਰੀਕੇ ਬਚਲਣ ਲਈ ਮਜਬੂਰ ਹੋ ਜਾਣ! ਸਾਡੀਆਂ ਆਮ ਲੋਕ ਜਥੇਬੰਦੀਆਂ (ਖਾਸ ਕਰਕੇ ਲਿਖਾਰੀ ਸਭਾਵਾਂ ਆਦਿ ਨੂੰ) ਨੂੰ ਵੀ ਆਪਣੇ ਤੌਰ ਤੇ ਅਜਿਹੇ ਸੀਰੀਅਲਾਂ ਦੇ ਪਰੋਡਿਊਸਰਾਂ ਨੂੰ ਸੁਨੇਹਾ ਦੇਣਾ/ਭੇਜਣਾ ਬਣਦਾ ਹੈ। ਜਦੋਂ ਤੱਕ ਅਸੀਂ ਅਜਿਹਾ ਕੁੱਝ ਨਹੀਂ ਕਰਾਂਗੇ ਇਹ ਪੈਸੇ ਦੇ ਪੁਜਾਰੀ ਸਾਡੇ ਸੱਭਿਆਚਾਰ ਤੇ ਅਮੀਰ ਵਿਰਸੇ ਨਾਲ਼ ਇਹੋ ਜਿਹਾ ਹੀ ਸਲੂਕ ਕਰਦੇ ਰਹਿਣਗੇ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346