ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਸਾਲਾਨਾ ਚੋਣ ਸੀ।
ਪ੍ਰਧਾਨਗੀ ਲਈ ਐਮ.ਐਸ. ਰੰਧਾਵੇ ਦਾ ਨਾਂ ਪੇਸ਼ ਹੋਇਆ ਤਾਂ ਸਭ ਤਾੜੀਆਂ ਮਾਰੀਆਂ ਤੇ ਇਸ ਤਜਵੀਜ਼
ਦਾ ਸੁਆਗਤ ਕੀਤਾ।
ਇਕ ਲੇਖਕ ਅਫ਼ਸਰ ਨੇ ਇਸ ਦੀ ਵਿਰੋਧਤਾ ਕੀਤੀ, ਤੇ ਆਖਿਆ, ‘‘ਇਸ ਤਰ੍ਹਾਂ ਤਾੜੀਆਂ ਮਾਰਨ ਨਾਲ
ਕਿਸੇ ਨੂੰ ਪ੍ਰਧਾਨ ਬਣਾ ਦੇਣਾ ਵਾਜਬ ਨਹੀਂ। ਬਾਕਾਇਦਾ ਚੋਣ ਹੋਣੀ ਚਾਹੀਦੀ ਹੈ। ਕੋਈ ਇਕ ਜਣਾ
ਪ੍ਰਧਾਨ ਦਾ ਨਾਂ ਪ੍ਰੋਪੋਜ਼ ਕਰੇ ਤਾਂ ਦੂਜਾ ਇਸ ਦੀ ਤਾਈਦ ਕਰੇ। ਹੋਰ ਨਾਂ ਵੀ ਪੇਸ਼ ਹੋ ਸਕਦੇ
ਹਨ।‘‘
ਇਹ ਸੁਣ ਕੇ ਰੰਧਾਵਾ ਗ਼ੁਸੇ ਵਿਚ ਬੋਲਿਆ, ‘‘ਚੁਕੋ ਆਪਣੀ ਪ੍ਰਧਾਨਗੀ। ਮੈਨੂੰ ਨਹੀਂ ਲੋੜ ਇਸ
ਦੀ। ਮੈਂ ਚੀਫ਼-ਕਮਿਸ਼ਨਰੀਆਂ ਕੀਤੀਆਂ ਨੇ। ਇਹੋ ਜਿਹੇ ਸਰਕਾਰੀ ਅਫ਼ਸਰ ਤਾਂ ਮੈਂ ਨੌਕਰ ਰੱਖੇ
ਨੇ। ਇਹਦੇ ਵਰਗੇ ਬੰਦੇ ਮੈਂ ਬਾਹਰ ਖੜੇ ਰਖਦਾ ਸਾਂ। ਮੈਂ ਕੀ ਲੈਣਾ ਇਸ ਟੁੱਟੀ ਪ੍ਰਧਾਨਗੀ
ਤੋਂ? ਮੈਨੂੰ ਨਹੀਂ ਲੋੜ।‘‘
ਇਹ ਆਖ ਕੇ ਰੰਧਾਵਾ ਡਾਇਸ ਤੋਂ ਉਤਰਿਆ ਤੇ ਤੇਜ਼ੀ ਨਾਲ ਬਾਹਰ ਜਾਣ ਲੱਗਾ। ਕਈ ਲੇਖਕ ਉਸ ਦੇ
ਮਗਰ ਦੌੜੇ। ਪ੍ਰੀਤਮ ਸਿੰਘ ਤੇ ਮੋਹਨ ਸਿੰਘ ਨੇ ਉਸ ਨੂੰ ਫੜਿਆ ਤੇ ਮਿੰਨਤਾਂ ਕਰਨ ਲੱਗੇ।
ਰੰਧਾਵੇ ਦਾ ਗ਼ੁੱਸਾ ਠੰਢਾ ਨਹੀਂ ਸੀ ਹੋਇਆ, ‘‘ਮੈਂ ਇਸ ਤਰ੍ਹਾਂ ਦਾ ਪ੍ਰਧਾਨ ਬਣਨਾ ਹੀ ਨਹੀਂ
ਚਾਹੁੰਦਾ।‘‘
ਲੇਖਕਾਂ ਨੇ ਫਿਰ ਮਿੰਨਤਾਂ ਕੀਤੀਆਂ ਤਾਂ ਉਹ ਬੋਲਿਆ, ‘‘ਜੇ ਸਾਰੇ ਜਣੇ ਸਰਬ-ਸੰਮਤੀ ਨਾਲ
ਮੈਨੂੰ ਪ੍ਰਧਾਨ ਬਣਨ ਲਈ ਰੀਕੁਐੱਸਟ ਕਰਨਗੇ ਤਾਂ ਮੈਂ ਮਨਜ਼ੂਰ ਕਰਾਂਗਾ, ਨਹੀਂ ਤਾਂ ਜਾਓ ਕਰ
ਲਓ ਆਪੇ ਪ੍ਰਧਾਨਗੀ।‘‘
ਸਾਰੇ ਜਣੇ ਡਰ ਗਏ ਕਿ ਕਿਤੇ ਇਹ ਚਲਾ ਹੀ ਨਾ ਜਾਵੇ। ਸਭ ਨੂੰ ਰੰਧਾਵੇ ਦੀ ਲੋੜ ਸੀ। ਸਭਨਾਂ
ਨੇ ਹੱਥ ਖੜੇ ਕਰ ਦਿਤੇ। ਵਿਰੋਧੀ ਵਿਚੇ ਹੀ ਕਿਤੇ ਗੁਆਚ ਗਿਆ।
ਰੰਧਾਵੇ ਵਿਚ ਜਲਾਲ ਹੈ, ਇਕ ਸੁੱਚਾ ਗ਼ਰੂਰ, ਜਿਸ ਦਾ ਪ੍ਰਭਾਵ ਸਾਰੇ ਕਬੂਲਦੇ ਹਨ।
ਇਕ ਵਾਰ ਰੰਧਾਵੇ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਵਾਈਸ ਚਾਂਸਲਰ ਕਿਰਪਾਲ ਸਿੰਘ
ਨਾਰੰਗ ਨੇ ਟੈਲੀਫ਼ੋਨ ਕੀਤਾ, ‘‘ਅਸੀਂ ਇਕ ਪ੍ਰੋਫ਼ੈਸਰ ਦੀ ਨਿਯੁਕਤੀ ਕਰਨੀ ਹੈ ਤੇ ਇਸ ਸਬੰਧ
ਵਿਚ ਤੁਹਾਡੀ ਐਕਸਪਰਟ ਰਾਇ ਦੀ ਲੋੜ ਹੈ।‘‘
ਰੰਧਾਵਾ ਬੋਲਿਆ, ‘‘ਠੀਕ ਹੈ, ਪਰ ਸੀਲੈਕਸ਼ਨ ਕਮੇਟੀ ਕਿਥੇ ਜੁੜ ਰਹੀ ਹੈ?‘‘
‘‘ਮੇਰੇ ਦਫ਼ਤਰ ਵਿਚ।‘‘
‘‘ਤੁਸੀਂ ਮੀਟਿੰਗ ਦਿੱਲੀ ਕਰੋ, ਮੇਰੇ ਦਫ਼ਤਰ ਵਿਚ। ਮੈਂ ਕਿਤੇ ਬਾਹਰ ਨਹੀਂ ਜਾਣਾ,‘‘ ਤੇ
ਟੈਲੀਫ਼ੋਨ ਬੰਦ।
ਮੀਟਿੰਗ ਦਿੱਲੀ ਹੋਈ ਤਾਂ ਪ੍ਰਧਾਨਗੀ ਰੰਧਾਵੇ ਨੇ ਕੀਤੀ।
ਰੰਧਾਵਾ ਆਖਦਾ, ‘‘ਜੇ ਮੈਨੂੰ ਕਿਸੇ ਫੰਕਸ਼ਨ ‘ਤੇ ਬੁਲਾਉਣਾ ਹੈ ਤਾਂ ਮੇਰੀਆਂ ਸ਼ਰਤਾਂ ਉਤੇ। ਇਕ
ਵੇਲੇ ਇਕ ਬੰਦੇ ਨੂੰ ਹੀ ਬੁਲਾਇਆ ਕਰੋ। ਇਹ ਨਹੀਂ ਕਿ ਦੋ ਵਜ਼ੀਰਾਂ ਨੂੰ ਤੇ ਤਿੰਨ ਜੱਜਾਂ ਨੂੰ
ਇਕੱਠੇ ਕਰ ਦਿਤਾ ਤੇ ਮੈਨੂੰ ਵੀ ਬੁਲਾ ਲਿਆ। ਮੈਂ ਇਸ ਤਰ੍ਹਾਂ ਨਹੀਂ ਆਉਣਾ। ਇਸ ਤਰ੍ਹਾਂ ਕੋਈ
ਕੰਮ ਦੀ ਗੱਲ ਨਹੀਂ ਹੋ ਸਕਦੀ।‘‘
ਰੰਧਾਵਾ ਆਪਣੀ ਤਾਰੀਫ਼ ਸੁਣ ਕੇ ਬੱਚਿਆਂ ਵਾਂਗ ਖੁਸ਼ ਹੁੰਦਾ ਹੈ। ਇਸ ਖ਼ੁਸ਼ੀ ਵਿਚ ਕੋਈ ਬਨਾਵਟ
ਨਹੀਂ, ਕੋਈ ਲੁਕੋ ਨਹੀਂ। ਨਿੱਤਰੀ ਹੋਈ ਖੁਲ੍ਹੀ ਖੁਸ਼ੀ ਹੈ।
ਤੁਸੀਂ ਆਖੋ, ‘‘ਰੰਧਾਵਾ ਸਾਹਿਬ, ਤੁਸੀਂ ਚੰਡੀਗੜ੍ਹ ਦਾ ਰੋਜ਼ ਗਾਰਡਨ ਬਣਵਾਇਆ, ਬਹੁਤ ਸੁਹਣਾ
ਹੈ।‘‘
ਉਹ ਆਖੇਗਾ, ‘‘ਸਿਰਫ਼ ਰੋਜ਼ ਗਾਰਡਨ ਕੀ, ਸਾਰਾ ਚੰਡੀਗੜ੍ਹ ਹੀ ਮੈਂ ਬਣਾਇਆ। ਤੂੰ ਮਿਊਜ਼ੀਅਮ
ਦੇਖਿਐ? ਇਸ ਵਿਚ ਅੰਮ੍ਰਿਤਾ ਸ਼ੇਰਗਿੱਲ, ਸਤੀਸ਼ ਗੁਜਰਾਲ ਤੇ ਸੋਭਾ ਸਿੰਘ ਦੀਆਂ ਪੇਂਟਿੰਗਾਂ
ਮੈਂ ਖਰੀਦ ਕੇ ਰਖਵਾਈਆਂ ਨੇ। ਇਹ ਪ੍ਰੋਫੈਸਰ ਲੋਕ ਬਾਈ ਸੈਕਟਰ ਵਿਚ ਛੋਲੇ ਭਠੂਰੇ ਖਾਣ ਤੁਰ
ਪੈਂਦੇ ਨੇ। ਪਰ ਇਹਨਾਂ ਨੂੰ ਆਰਟ ਦਾ ਕੋਈ ਸ਼ੌਕ ਨਹੀਂ। ਆਰਟ ਗੈਲਰੀਆਂ ਸ਼ਹਿਰ ਦੀ ਸ਼ੋਭਾ
ਹੁੰਦੀਆਂ ਨੇ। ਇਸ ਮਿਊਜ਼ਿਕ ਵਿਚ ਕਾਂਗੜੇ ਦੇ ਮਿਨੀਏਚਰਜ਼ ਪਏ ਨੇ, ਕਮਾਲ ਦੀ ਪਹਾੜੀ ਕਲਾ ਤੇ
ਬਿਸ਼ੌਲੀ ਆਰਟ। ਇਕ ਬੁਰਸ਼ ਵਿਚ ਸੌ ਚਮਤਕਾਰ। ਯੋਰਪ ਵਾਲੇ ਇਸ ਬਾਰੀਕੀ ਦੀ ਕੀ ਰੀਸ ਕਰਨਗੇ? ਇਕ
ਮਿਊਜ਼ਿਕ ਬਣਵਾਇਆ ਹੈ ਨੈਚੁਰਲ ਹਿਸਟਰੀ ਦਾ। ਤੇ ਹੁਣ ਮੈਂ ਪੰਜਾਬ ਆਰਟਸ ਕੌਂਸਲ ਦਾ ਭਵਨ ਬਣਵਾ
ਰਿਹਾ ਹਾਂ। ਇਸ ਵਿਚ ਵੀ ਆਰਟ ਗੈਲਰੀ ਤੇ ਲਾਇਬਰੇਰੀ ਤੇ ਰਾਈਟਰਾਂ ਦੇ ਰਹਿਣ ਲਈ ਕਮਰੇ ਹੋਣਗੇ
ਤੇ ਗੋਸ਼ਟੀਆਂ ਲਈ ਵੱਡਾ ਹਾਲ।‘‘
ਰੰਧਾਵਾ ਪੰਜਾਬੀ ਕਲਚਰ ਦਾ ਸ਼ਾਹ ਜਹਾਨ ਹੈ। ਉਸ ਨੂੰ ਕਲਾ ਭਵਨ, ਸਾਹਿਤਕ ਕਿਲੇ ਤੇ ਕਲਚਰਲ
ਇਮਾਰਤਾਂ ਉਸਾਰਨ ਦਾ ਜਨੂੰਨ ਹੈ। ਸੜਕਾਂ ਤੇ ਭਵਨਾਂ ਨੂੰ ਵਚਿੱਤਰ ਪੌਦਿਆਂ, ਵੇਲਾਂ ਤੇ
ਰੰਗਦਾਰ ਦਰੱਖ਼ਤਾਂ ਨਾਲ ਸ਼ਿੰਗਾਰਨ ਦਾ ਸ਼ੌਕ ਹੈ। ਚੰਡੀਗੜ੍ਹ ਨੂੰ ਫੁੱਲਾਂ ਦੀਆਂ ਬੇਸ਼ੁਮਾਰ
ਵੰਨਗੀਆਂ, ਚੰਗਿਆੜੇ-ਰੰਗੇ ਗੁਲਮੋਹਰ ਤੇ ਸਦਾ ਬਹਾਰ ਰਾਂਗਲੇ ਦਰੱਖ਼ਤਾਂ ਨਾਲ ਸ਼ਿੰਗਾਰਿਆ ਹੋਇਆ
ਹੈ। ਹਿੰਦੁਸਤਾਨ ਦੇ ਧੁਰ ਦੱਖਣ ਵਿਚੋਂ ਚੁਣ ਚੁਣ ਕੇ ਪੌਦਿਆਂ ਤੇ ਦਰੱਖ਼ਤਾਂ ਦੀ ਪਨੀਰੀ
ਲਿਆਂਦੀ। ਚੰਡੀਗੜ੍ਹ ਦੀ ਅਰਧ ਪਹਾੜੀ ਜ਼ਮੀਨ ਵਿਚ ਜਿਥੇ ਸੱਪ, ਠੂੰਹੇਂ ਤੇ ਕੋੜ੍ਹਕਿਰਲਾਂ ਸਨ,
ਨਰੰਜੀ, ਜਾਮਨੀ ਤੇ ਪਿਆਜ਼ੀ ਫੁੱਲਾਂ ਵਾਲੇ ਦਰੱਖ਼ਤਾਂ ਨਾਲ ਸਜਾ ਦਿਤੀ।
ਉਹ ਬਾਟਨੀ ਦਾ ਡੀ.ਐਸ.ਸੀ. ਹੈ, ਬਨਸਪਤੀ ਵਿਗਿਆਨ ਦਾ ਮਾਹਿਰ। ਉਹ ਮਨੁੱਖੀ ਜੀਵਨ ਨੂੰ ਪੌਦੇ
ਦੇ ਦਰੱਖ਼ਤ ਦੇ ਤੁਲ ਸਮਝਦਾ ਹੈ, ਤੇ ਦਰੱਖ਼ਤਾਂ ਨੂੰ ਮਨੁੱਖਾਂ ਦਾ ਰੂਪ।
ਉਸ ਦੇ ਜ਼ੋਰ ਦੇਣ ਉੱਤੇ ਪੰਜਾਬ ਵਿਚ ਟੂਰਿਸਟ ਬੰਗਲਿਆਂ ਦੇ ਨਾਂ ਵੀ ਖ਼ੂਬਸੂਰਤ ਦਰੱਖ਼ਤਾਂ ਦੇ
ਨਾਂ ਉੱਤੇ ਰੱਖੇ ਗਏ ਹਨ। ਜਿਵੇਂ : ਅਮਲਤਾਸ, ਗੁਲਮੋਹਰ ਆਦਿ।
ਰੰਧਾਵਾ ਤਾਕਤ ਨੂੰ ਵੱਧ ਤੋਂ ਵੱਧ ਵਰਤਾ ਹੈ। ਉਹ ਅਜਿਹਾ ਘੋੜਾ ਹੈ ਜੋ ਸਰਪਟ ਦੌੜਦਾ ਹੈ। ਉਹ
ਆਖਦਾ ਹੈ, ‘‘ਜ਼ਿੰਦਗੀ ਬਹੁਤ ਥੋੜੀ ਹੈ। ਝਟ ਫ਼ੈਸਲਾ ਕਰ ਕੇ ਕੰਮ ਕਰਨਾ ਚਾਹੀਦਾ ਹੈ। ਇਸੇ ਲਈ
ਮੈਂ ਤੁਰੰਤ ਆਰਡਰ ਦੇਂਦਾ ਹਾਂ। ਬਹੁਤੇ ਸਰਕਾਰੀ ਅਫ਼ਸਰ ਡਰਦੇ ਰਹਿੰਦੇ ਨੇ। ਫ਼ਾਇਲਾਂ ਦਾ ਢਿੱਡ
ਹੀ ਭਰਦੇ ਰਹਿੰਦੇ ਨੇ। ਜੇ ਮਨ ਸਾਫ਼ ਹੋਵੇ ਤਾਂ ਕੋਈ ਕੰਮ ਗਲਤ ਨਹੀਂ ਹੁੰਦਾ।‘‘
ਰੰਧਾਵੇ ਨੂੰ ਟੈਲੀਫ਼ੋਨ ਕਰੋ ਤੇ ਆਖੋ ਕਿ ਮੈਂ ਤੁਹਾਨੂੰ ਮਿਲਣਾ ਹੈ, ਤਾਂ ਉਹ ਬੋਲੇਗਾ,
‘‘ਹੁਣੇ ਆ ਜਾ।‘‘ ਟੈਲੀਫ਼ੋਨ ਬੰਦ।
ਤੁਸੀਂ ਸ਼ਾਇਦ ਉਸ ਵੇਲੇ ਕਿਸੇ ਹੋਰ ਜ਼ਰੂਰੀ ਕੰਮ ਜਾਣਾ ਹੁੰਦਾ ਹੈ। ਹੈਰਾਨ ਹੁੰਦੇ ਹੋ ਕਿ ਇਹ
ਵਿਹਲਾ ਹੀ ਬੈਠਾ ਸੀ। ਪਰ ਅਸਲ ਵਿਚ ਰੰਧਾਵਾ ਇਤਨਾ ਮਸਰੂਫ਼ ਰਹਿੰਦਾ ਹੈ ਕਿ ਉਸ ਕੋਲ ਵਕਤ ਹੀ
ਨਹੀਂ ਕਿ ਉਹ ਤੁਹਾਡੀ ਮੁਲਾਕਾਤ ਦੀਆਂ ਪੇਸ਼ੀਆਂ ਪਾਵੇ। ਉਹ ਆਪਣੀ ਸੰਘਣੀ ਮਸਰੂਫ਼ੀਅਤ ਵਿਚ ਉਸੇ
ਵੇਲੇ ਤੁਹਾਨੂੰ ਮਿਲ ਕੇ ਗੱਲ ਮੁਕਾ ਦੇਵੇਗਾ। ਤੁਸੀਂ ਕਿਸੇ ਨੌਕਰੀ ਲਈ, ਸਿਫ਼ਾਰਸ਼ ਲਈ, ਜ਼ਮੀਨ
ਲਈ, ਚਿਤਰ-ਕਲਾ ਦੀ ਵਾਕਫ਼ੀਅਤ ਲਈ ਜਾਂ ਕਿਸੇ ਵੀ ਕੰਮ ਲਈ ਗਏ ਹੋ ਤਾਂ ਉਹ ਤੁਹਾਡੀ ਠੋਕ ਕੇ
ਮਦਦ ਕਰੇਗਾ। ਝੱਟ ਤੁਹਾਡੇ ਲਈ ਆਪਣੇ ਪੀ.ਏ. ਨੂੰ ਚਿੱਠੀ ਡਿਕਟੇਟ ਕਰਵਾ ਦੇਵੇਗਾ।
ਜੇ ਤੁਸੀਂ ਗੱਲ ਨੂੰ ਬਹੁਤੀ ਲੰਮੀ ਕਰੋਗੇ ਤਾਂ ਉਹ ਤੋੜ ਕੇ ਆਖੇਗਾ, ‘‘ਮੈਂ ਸਮਝ ਗਿਆ, ਹੁਣ
ਤੂੰ ਜਾਹ!‘‘
ਉਹ ਕਦੇ ਕਿਸੇ ਬੰਦੇ ਨੂੰ ‘ਤੁਸੀਂ‘ ਨਹੀਂ ਆਖਦਾ। ਹਮੇਸ਼ਾ ‘ਤੂੰ‘ ਨਾਲ ਮੁਖ਼ਤਾਬ ਕਰਦਾ ਹੈ।
ਚਾਹ ਉਹ ਵਾਈਸ ਚਾਂਸਲਰ ਹੋਵੇ, ਚਾਹੇ ਚੀਫ਼ ਸੈਕਰੇਟਰੀ, ਚਾਹੇ ਕਲਰਕ। ਉਸ ਦੇ ਮੂੰਹ ਤੋਂ
‘ਤੂੰ‘ ਸਜਦਾ ਹੈ ਕਿਉਂਕਿ ਉਸ ਵਿਚ ਆਕੜ ਨਹੀਂ ਹੁੰਦੀ ਸਗੋਂ ਇਹ ਉਸ ਦੇ ਸਾਦਾ ਤੇ ਸਿੱਧੇ
ਕਲਚਰ ਦਾ ਹਿੱਸਾ ਹੈ।
ਉਹ ਆਖਦਾ ਹੈ, ‘‘ਮੇਰਾ ਕੰਮ ਹੈ ਕਿ ਇਕ ਮਿਊਜ਼ਿਕ ਕੰਡਕਟਰ ਦਾ। ਆਰਟ ਤੇ ਕਲਚਰ ਦੀਆਂ ਗੋਸ਼ਟੀਆਂ
ਤੇ ਕੌਂਸਲਾਂ ਵਿਚ ਲੋਕਾਂ ਨੂੰ ਇਕਸੁਰ ਕਰਨਾ। ਮੇਰੇ ਕਰਕੇ ਹੀ ਦਿੱਲੀ ਦੀ ਫ਼ਾਈਨ ਆਰਟਸ ਤੇ
ਕਰਾਫ਼ਟਸ ਸੁਸਾਇਟੀ ਉੱਨੀ ਸੌ ਛਿਆਲੀ ਤੋਂ ਲੈ ਕੇ ਹੁਣ ਤੀਕ ਚੱਲ ਰਹੀ ਹੈ। ਮੈਂ ਇਸ ਦਾ
ਚੇਅਰਮੈਨ ਰਿਹਾ ਹਾਂ। ਆਰਟਿਸਟਾਂ ਨੂੰ ਇਕੱਠੇ ਰਖਣਾ ਬੜਾ ਮੁਸ਼ਕਿਲ ਕੰਮ ਹੈ। ਉਹ ਸਾਰੇ
ਡੱਡੂਆਂ ਦੀ ਪੰਸੇਰੀ ਹਨ। ਉਹਨਾਂ ਨੂੰ ਇਕੋ ਛਾਬੇ ਵਿਚ ਰਖਣਾ ਮੇਰਾ ਹੀ ਕੰਮ ਹੈ।‘‘
1946 ਵਿਚ ਰੰਧਾਵਾ ਦਿੱਲੀ ਦਾ ਡਿਪਟੀ ਕਮਿਸ਼ਨਰ ਸੀ। ਉਸ ਵੇਲੇ ਫ਼ਾਈਨ ਆਰਟਸ ਸੁਸਾਇਟੀ ਵਿਚ
ਬੰਗਾਲੀਆਂ ਦਾ ਜ਼ੋਰ ਸੀ। ਮਸ਼ਹੂਰ ਪੇਂਟਰ ਸ਼ਾਰਦਾ ਓਕਿਲ ਦਾ ਭਰਾ ਪਾਰਦਾ ਓਕਿਲ ਤੇ ਊਸ਼ਾ ਨਾਥ
ਸੈਨ ਇਸਦੇ ਸੰਚਾਲਕ ਸਨ। ਉਸ ਵੇਲੇ ਸੁਸਾਇਟੀ ਕੋਲ ਕੋਈ ਬਿਲਡਿੰਗ ਨਹੀਂ ਸੀ। ਰੰਧਾਵੇ ਨੇ
ਸੋਚਿਆ ਜਦੋਂ ਤੀਕ ਕਿਸੇ ਆਰਟਸ ਸੁਸਾਇਟੀ ਕੋਲ ਕੋਈ ਘਰ ਹੀ ਨਾ ਹੋਵੇ ਉਦੋਂ ਤੀਕ ਉਹ ਕਿਵੇਂ
ਪ੍ਰਫੁਲਤ ਹੋ ਸਕਦੀ ਹੈ। ਉਸਨੇ ਬੰਦੂਕਾਂ ਦੇ ਲਾਈਸੈਂਸ ਦੇਣੇ ਸਨ। ਜਿਸਨੂੰ ਬੰਦੂਕ ਦਾ
ਲਾਈਸੈਂਸ ਦੇਂਦਾ ਉਸਨੂੰ ਆਖਦਾ, ‘‘ਤੂੰ ਆਪਣੀ ਹਿਫ਼ਾਜਤ ਲਈ ਬੰਦੂਕ ਚਾਹੁਨੈ ਤਾਂ ਆਰਟ ਦੀ
ਹਿਫ਼ਾਜ਼ਤ ਲਈ ਚੰਦੇ ਦੇ।‘‘ ਇਸ ਤਰ੍ਹਾਂ 60 ਹਜ਼ਾਰ ਰੁਪਿਆ ਜਮ੍ਹਾ ਕਰ ਲਿਆ ਸੁਸਾਇਟੀ ਲਈ, ਤੇ
ਜ਼ਮੀਨ ਦੇ ਦਿਤੀ ਸਸਤੇ ਭਾਅ। ਅੱਜ ਇਸ ਸੁਸਾਇਟੀ ਦੀ ਬਿਲਡਿੰਗ ਦੀ ਕੀਮਤ ਕਈ ਕਰੋੜ ਹੈ। ਇਥੇ
ਥੀਏਟਰ ਹੈ, ਆਰਟ ਗੈਲਰੀਆਂ ਹਨ, ਲਾਇਬਰੇਰੀ ਹੈ, ਤੇ ਇਥੇ ਅੰਤਰ-ਰਾਸ਼ਟਰੀ ਪੱਧਰ ਦੀਆਂ
ਪ੍ਰਦਰਸ਼ਨੀਆਂ ਹੁੰਦੀਆਂ ਹਨ।
ਰੰਧਾਵਾ 1952 ਵਿਚ ਇਕ ਵਾਰ ਮੇਰੇ ਘਰ ਆਇਆ। ਮੇਰੇ ਨਿੱਕੇ ਜਿਹੇ ਵਿਹੜੇ ਵਿਚ ਤਖ਼ਤਪੋਸ਼ ਉਤੇ
ਬੈਠ ਗਿਆ ਤੇ ਆਖਣ ਲੱਗਾ, ‘‘ਮੈਂ ਕੁਝ ਖ਼ਾਸ ਪਲਾਟ ਰਾਈਟਰਾਂ ਲਈ ਰੱਖੇ ਹਨ, ਹਾਓਜ਼ ਖ਼ਾਸ ਵਿਚ।
ਤੂੰ ਵੀ ਇਕ ਲੈ ਲੈ। ਕੀਮਤ ਦੋ ਹਜ਼ਾਰ ਰੁਪਈਆ। ਇਹ ਫ਼ਾਰਮ ਭਰ ਦੇ। ਦਿੱਲੀ ਵਿਚ ਤੇਰਾ ਕੋਈ ਘਰ
ਨਹੀਂ। ਘਰ ਬਹੁਤ ਜ਼ਰੂਰੀ ਚੀਜ਼ ਹੈ। ਚਿੜੀਆਂ-ਤੋਤੇ ਵੀ ਆਲ੍ਹਣਾ ਬਣਾਉਂਦੇ ਨ। ਮੈਂ ਦੁੱਗਲ ਨੂੰ
ਪਲਾਟ ਦਿਤੈ, ਅੰਮ੍ਰਿਤਾ ਪਲਾਟ ਦਿਤੈ, ਤੂੰ ਵੀ ਲੈ ਲੈ।‘‘
ਪਰ ਮੈਂ ਪਲਾਟ ਨਾ ਲਿਆ। ਹਾਓਜ਼ ਖ਼ਾਸ ਉਸ ਵੇਲੇ ਬਾਰ੍ਹਾਂ ਪੱਥਰ ਦੂਰ ਲਗਦਾ ਸੀ। ਕੌਣ ਜਾਊਗਾ
ਹਾਓਜ਼ ਖ਼ਾਸ? ਹਾਓਜ਼ ਲਫ਼ਜ਼ ਤੋਂ ਮੈਨੂੰ ਖ਼ੌਫ਼ ਆਉਂਦਾ ਸੀ ਕਿਉਂਕ ਬਚਪਨ ਵਿਚ ਮੈਂ ਇਕ ਨਿੱਕੇ ਜਿਹੇ
ਹਾਓਜ਼ ਵਿਚ ਡੁਬਦੇ-ਡੁਬਦੇ ਬਚਿਆ ਸੀ। ਪਰ ਦਿੱਲੀ ਦਾ ਇਹ ਹਾਓਜ਼ ਖ਼ਾਸ ਸਮਾਂ ਪੈਣ ਉਤੇ ਫੱਲਾਂ
ਵਾਲੇ ਦਰਖ਼ਤਾਂ ਵਿਚ ਘਿਰੀ ਇਕ ਖ਼ੂਬਸੂਰਤ ਕਾਲੋਨੀ ਬਣ ਗਿਆ।
ਦੇਸ਼ ਦੀ ਵੰਡ ਪਿਛੋਂ ਜਦੋਂ ਲੱਖਾਂ ਪੰਜਾਬੀ ਉੱਜੜ ਕੇ ਭਾਰਤ ਵਿਚ ਆਏ ਤਾਂ ਉਹਨਾਂ ਨੂੰ ਦਿੱਲੀ
ਵਸਾਉਣ ਦਾ ਕੰਮ ਰੰਧਾਵੇ ਨੇ ਸਾਂਭਿਆ। ਦਿੱਲੀ ਦਾ ਡਿਪਟੀ ਕਮਿਸ਼ਨਰ ਇਉਂ ਲਗਦਾ ਸੀ ਜਿਵੇਂ
ਗਵਰਨਰ ਜਨਰਲ ਹੋਵੇ। ਜੇ ਕਿਤੇ ਜਮਨਾ ਵਿਚ ਹੜ੍ਹ ਆ ਗਿਆ ਜਾਂ ਕੋਈ ਹੋਰ ਕਰੋਪੀ ਆ ਪਈ ਤਾਂ
ਰੰਧਾਵਾ ਆਪਣੀ ਝੰਡੀ ਵਾਲੀ ਕਾਰ ਵਿਚ ਸਵਾਰ ਆਪਣੇ ਅਹਿਲਕਾਰਾਂ ਨਾਲ ਉਥੇ ਪਹੁੰਚ ਜਾਂਦਾ।
ਤੁਰੰਤ ਲੱਖਾਂ ਦੇ ਫ਼ੈਸਲੇ ਸੁਣਾਉਂਦਾ। ਲੋਕ ਹੈਰਾਨ ਹੁੰਦੇ ਕਿ ਇਸ ਕੋਲ ਇਤਨੀ ²ਸ਼ਕਤੀ ਕਿਥੋਂ
ਆ ਗਈ? ਬਾਕੀ ਅਫ਼ਸਰ ਤਾਂ ਸੌ ਰੁਪਏ ਦਾ ਆਰਡਰ ਦੇਣ ਲਈ ਤਿੰਨ ਕੁਟੇਸ਼ਨਾਂ ਮੰਗਦੇ ਸਨ, ਰੰਧਾਵਾ
ਕਿਵੇਂ ਲੱਖਾਂ-ਕਰੋੜਾਂ ਦੇ ਫ਼ੈਸਲੇ ਕਰੀ ਜਾਂਦਾ ਹੈ।
ਇਕ ਦਿਨ ਉਸਨੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਕਤਾਰ ਵਿਚ ਖੜ੍ਹੇ ਦੇਖਿਆ ਤਾਂ ਉਸਨੇ ਵਾਰੀ
ਤੋਂ ਬਿਨਾਂ ਆਪ ਉਠ ਕੇ ਆਦਰ ਨਾਲ ਉਸਨੂੰ ਬੁਲਾਇਆ। ਉਸੇ ਵੇਲੇ ਗੁਰਬਖ਼ਸ਼ ਸਿੰਘ ਨੂੰ ਮਹਿਹੌਲੀ
ਵਿਚ ਵੱਡਾ ਮਕਾਨ ਅਲਾਟ ਕੀਤਾ। ਪ੍ਰੀਤਨਗਰ ਤੋਂ ਉਸਦੇ ਘਰ ਦਾ ਬੇਸ਼ੁਮਾਰ ਸਮਾਨ, ਕਿਤਾਬਾਂ ਤੇ
ਪੂਰੇ ਪ੍ਰੈੱਸ ਦੀਆਂ ਮਸ਼ੀਨਾਂ ਆਦਿ ਸਰਕਾਰੀ ਟਰੱਕਾਂ ਵਿਚ ਲੱਦ ਕੇ ਦਿੱਲੀ ਲਿਆਂਦੀਆਂ ਗਈਆਂ
ਤੇ ਗੁਰਬਖ਼ਸ਼ ਸਿੰਘ ਤੇ ਉਸਦੇ ਟੱਬਰ ਨੂੰ ਉਸਨੇ ਵਸਾਇਆ। ਭਾਪਾ ਪ੍ਰੀਤਮ ਸਿੰਘ ਨੂੰ ਵੀ ਉਸਨੇ
ਦੁਕਾਨ ਅਲਾਟ ਕੀਤੀ। ਉਹ ਬੇਸ਼ੁਮਾਰ ਲੋਕਾਂ ਨੂੰ ਰਾਸ਼ਨ, ਬਿਜਲੀ, ਘਰ, ਦੁਕਾਨਾਂ ਤੇ ਜ਼ਮੀਨਾਂ
ਵੰਡ ਰਿਹਾ ਸੀ। ਲੱਖਾਂ ਉਤੇ ਕਲਮ ਚਲਾ ਰਿਹਾ ਸੀ। ਉਹ ਪੂਰਾ ਲਖਦਾਤਾ ਸਿੰਘ ਸੀ।
ਦੇਸ਼ ਦੇ ਆਜ਼ਾਦ ਹੋਣ ਪਿਛੋਂ ਰੰਧਾਵੇ ਨੇ ਨਿਕੋਲਾਈ ਰੋਰਿਕ ਦੀਆਂ ਪੇਂਟਿੰਗਾਂ ਦੀ ਨੁਮਾਇਸ਼
ਕੀਤੀ। ਉਹ ਇਕ ਚਾਹ ਪਾਰਟੀ ਵਿਚ ਗਿਆ ਜਿਥੇ ਨਵੀਂ ਦਿੱਲੀ ਦੇ ਪਤਵੰਤੇ ਤੇ ਅਮੀਰ ਆਦਮੀ ਜੁੜੇ
ਹੋਏ ਸਨ। ਚਾਹ ਪੀਂਦਿਆਂ ਤੇ ਪੇਸਟਰੀ ਖਾਂਦਿਆਂ ਲੋਕਾਂ ਨੂੰ ਯਕਦਮ ਉਸਨੇ ਆਖਿਆ, ‘‘ਚਲੋ
ਤੁਹਾਨੂੰ ਨੁਮਾਇਸ਼ ਦਿਖਾਈਏ- ਇਕ ਬਹੁਤ ਵੱਡੇ ਕਲਾਕਾਰ ਦੀਆਂ ਪੇਂਟਿੰਗਾਂ।‘‘
ਉਹ ਸਭਨਾਂ ਨੂੰ ਹਿੱਕ ਕੇ ਆਰਟ ਗੈਲਰੀ ਵਿਚ ਲੈ ਗਿਆ ਤੇ ਉਥੇ ਪੰਜ-ਪੰਜ ਸੌ ਰੁਪਏ ਦੀਆਂ
ਪੇਂਟਿੰਗਾਂ ਚੁਕਵਾ ਦਿਤੀਆਂ।
ਪੇਂਟਰਾਂ ਬਾਰੇ ਬੋਲਦੇ ਹੋਏ ਰੰਧਾਵਾ ਆਖਣ ਲਗਾ, ‘‘ਸੋਭਾ ਸਿੰਘ ਦੀ ‘ਸੋਹਣੀ ਮਹੀਂਵਾਲ‘ ਵਿਚ
ਸੋਹਣੀ ਦੇ ਅਧ-ਨੰਗੇ ਸਰੀਰ ਉਤੇ ਪਾਣੀ ਵਿਚ ਭਿੱਜੇ ਕਪੜੇ ਚੰਬੜੇ ਹੋਏ ਨੇ। ਲੋਕਾਂ ਨੂੰ ਸੌਕ
ਹੈ ਨੰਗੀ ਤੀਵੀਂ ਦੇਖਣ ਦਾ। ਠਾਕੁਰ ਸਿੰਘ ਨੇ ਵੀ ਰੰਨ ਨਹਾ ਕੇ ਛੱਪੜ ‘ਚੋਂ ਨਿਕਲੀ ਕਿਸਮ ਦੀ
ਇਕ ਪੇਂਟਿੰਗ ਬਣਾਈ ਜਿਸ ਵਿਚ ਗਿੱਲੀ ਧੋਤੀ ਵਿਚੋਂ ਔਰਤਾ ਦਾ ਨੰਗਾ ਜਿਸਮ ਝਲਕਦਾ ਹੈ। ਇਹਨਾਂ
ਦੋਹਾਂ ਦੀਆਂ ਇ ਅੱਧ-ਨੰਗੀਆਂ ਪੇਂਟਿੰਗਾਂ ਬੜੀਆਂ ਮਸ਼ਹੂਰ ਹੋਈਆਂ.... ਅੰਮ੍ਰਿਤਾ ਸ਼ੇਰਗਿੱਲ
ਨਾਲ ਮੇਰੀ ਮੁਲਾਕਾਤ ਤਾਂ ਨਹੀਂ ਹੋਈ ਪਰ ਪਾਰਦਾ ਓਕਿਲ ਮੈਨੂੰ ਦਸਦਾ ਹੁੰਦਾ ਸੀ ਉਸ
ਬਾਰੇ.... ਉਸ ਵਿਚ ਬੇਹਦ ਸੈਕਸ ਸੀ। ਉਹ ਕਈ-ਕਈ ਦਿਨ ਸੈਕਸ ਵਿਚ ਡੁੱਬੀ ਰਹਿੰਦੀ,
ਭੋਗ-ਵਿਲਾਸ ਵਿਚ.. ਤੇ ਫਿਰ ਯਕਦਮ ਸੈਕਸ ਨੂੰ ਛੁੱਟੀ ਤੇ ਕਈ-ਕਈ ਦਿਨ ਪੇਂਟ ਕਰਦੀ
ਰਹਿੰਦੀ....‘‘
ਮੈਂ ਪੁੱਛਿਆ, ‘‘ਰੰਧਾਵਾ ਸਾਹਿਬ, ਸਾਹਿਤ ਵਿਚ ਸੈਕਸ ਬਾਰੇ ਤੁਹਾਡੀ ਕੀ ਵਿਚਾਰ ਹੈ?‘‘
ਉਹ ਬੋਲਿਆ, ‘‘ਜ਼ਿੰਦਗੀ ਵਿਚ ਸੈਕਸ ਬਹੁਤ ਜ਼ਰੂਰੀ ਚੀਜ਼ ਹੈ। ਜਿਵੇਂ ਦੀਵੇ ਦੀ ਲੋਅ ਹੁੰਦੀ ਹੈ,
ਇਸੇ ਤਰ੍ਹਾਂ ਹੈ ਸੈਕਸ। ਇਸੇ ਵਿਚੋਂ ਆਰਟ ਨਿਕਲਦਾ ਹੈ, ਇਸੇ ਵਿਚੋਂ ਸਾਹਿਤ ਨਿਕਲਦਾ ਹੈ,
ਇਸੇ ਵਿਚੋਂ ਬਹਾਦਰੀ। ਜਿਸ ਆਦਮੀ ਵਿਚ ਇਹ ਚੀਜ਼ ਨਹੀਂ ਉਹ ਪੂਰਾ ਆਦਮੀ ਹੀ ਨਹੀਂ। ਭਲਾ ਤੂੰ
ਹੀ ਦੱਸ, ਖੁਸਰਾ ਕਦੇ ਰਾਈਟਰ ਬਣਿਐ? ਕਦੇ ਬਹਾਦਰ ਬਣਿਐ? ਸੈਕਸ ਸਾਰੀਆਂ ਸ਼ਕਤੀਆਂ ਦਾ ਸੋਮਾ
ਹੈ।‘‘
ਰੰਧਾਵੇ ਨੇ ਕਾਂਗੜਾ ਚਿਤਰ-ਕਲਾ ਦੀਆਂ ਨਾਇਕਾਵਾਂ ਤੇ ਇਸ ਦੀਆਂ ਕਾਮਮੱਤੀਆਂ ਸੁੰਦਰੀਆਂ ਬਾਰੇ
ਖੁੱਲ੍ਹ ਕੇ ਲਿਖਿਆ ਹੈ। ਸੈਕਸ ਬਾਰੇ ਉਸਦੇ ਵਿਚਾਰ ਬੜੇ ਖੁੱਲ੍ਹੇ ਹਨ। ਕਾਮ ਸੂਤਰ ਤੇ ਕੋਕਸ
ਸ਼ਾਸਤਰ ਦੀਆਂ ਗੱਲਾਂ ਤੇ ਸੰਭੋਗ ਦ ਆਸਣਾਂ ਬਾਰੇ ਉਹ ਇਉਂ ਦਲੀਲ ਨਾਲ ਗੱਲ ਕਰਦਾ ਹੈ ਜਿਵੇਂ
ਪੌਦਿਆਂ ਤੇ ਫੁੱਲਾਂ ਦ ਪ੍ਰਜਨਨ ਬਾਰੇ ਗੱਲ ਕਰ ਰਿਹਾ ਹੋਵੇ। ਉਹ ਸੁੰਦਰਤਾ ਦਾ ਪੁਜਾਰੀ
ਹੈ-ਹੁਸੀਨ ਕਲਾ ਤੇ ਹੁਸੀਨ ਔਰਤ ਦਾ, ਪਰ ਰਹਿੰਦਾ ਯੋਗੀਆਂ ਵਾਂਗ ਹੈ। ਕੰਮ ਵਿਚ ਜੁਟਿਆ ਹੋਇਆ
ਜਿਵੇਂ ਤਪ ਕਰ ਰਿਹਾ ਹੋਵੇ।
ਮੈਂ ਪੁੱਛਿਆ, ‘‘ਰੰਧਾਵਾ ਸਾਹਿਬ, ਤੁਸੀਂ ਬਾਟਨੀ ਦੀ ਡੀ.ਐਸ.ਸੀ. ਕੀਤੀ। ਪੌਦਿਆਂ ਦੀ ਸਾਇੰਸ
ਤੋਂ ਤੁਸੀਂ ਆਰਟ ਵੱਲ ਕਿਵੇਂ ਆ ਗਏ?‘‘
ਉਹ ਬੋਲਿਆ, ‘‘ਪੌਦਿਆਂ ਬਾਰੇ ਖੋਜ ਕਰਦੇ ਹੋਏ ਮੈਂ ਦੇਖਿਆ ਕਿ ਸਾਡੀਆਂ ਪ੍ਰਾਚੀਨ ਪੇਂਟਿੰਗਾਂ
ਤੇ ਸਾਹਿਤ ਵਿਚ ਇਹਨਾਂ ਦਾ ਬਹੁਤ ਰੰਗਲਾ ਵਰਣਨ ਹੈ। ਪੁਰਾਣੇ ਕਵੀਆਂ ਤੇ ਚਿੱਤਰਕਾਰਾਂ ਨੂੰ
ਪੌਦਿਆਂ ਤੇ ਫੁੱਲਾਂ ਦਾ ਡੂੰਘਾ ਗਿਆਨ ਸੀ। ਮੈਂ ਇਨ੍ਹਾਂ ਕੰਧ-ਚਿਤਰਾਂ ਤੇ ਪੇਂਟਿੰਗਾਂ ਵਿਚ
ਤਰ੍ਹਾਂ-ਤਰ੍ਹਾਂ ਦੇ ਫੁੱਲਾਂ ਤੇ ਵੇਲਾਂ ਤੇ ਵਚਿੱਤਰ ਪੌਦਿਆਂ ਨੂੰ ਤੱਕਿਆ। ਮੈਨੂੰ ਚਿਤਰਕਲਾ
ਵਿਚ ਦਿਲਚਸਪੀ ਜਾਗੀ। ਜਦੋਂ ਮੈਂ ਜਲੰਧਰ ਕਮਿਸ਼ਨਰ ਲਗਿਆ ਤਾਂ ਕਾਂਗੜਾ ਦੇ ਪਹਾੜੀ ਰਾਜਿਆਂ ਦੇ
ਮਹਿਲਾਂ ਤੇ ਉਹਨਾਂ ਦੇ ਚਿਤਰਕਲਾ ਦੇ ਖ਼ਜ਼ਾਨਿਆਂ ਨੂੰ ਦੇਖਣ ਦਾ ਮੌਕਾ ਮਿਲਿਆ। ਲੰਡਨ ਦੇ
ਮਸ਼ਹੂਰ ਆਲੋਚਕ ਤੇ ਇਤਿਹਾਸਕਾਰ ਮਿਸਟਰ ਆਰਚਰ ਨਾਲ ਮੁਲਾਕਾਤ ਹੋਈ ਜੋ ਪੇਂਟਿੰਗ ਉਤੇ ਖੋਜ ਕਰ
ਰਿਹਾ ਸੀ। ਅਸੀਂ ਕਾਂਗੜਾ ਚਿਤਰਕਲਾ ਦੀਆਂ ਪੈੜਾਂ ਲਭਦੇ, ਰਾਜਾ ਸੰਸਾਰ ਚੰਦ ਦੇ ਵਾਰਸਾਂ ਨੂੰ
ਮਿਲਦੇ, ਬਸੌਲੀ ਤੇ ਗੁਲੇਰ ਕਲਾ ਦੇ ਚਿਤਰ ਖ਼ਜਾਨੇ ਨੂੰ ਲਭਿਆ। ਮੈਂ ਕਾਂਗੜਾ ਦੀ ਕਲਾ ਬਾਰੇ
ਲਿਖਿਆ, ਇਸਦੇ ਬੇਮਿਸਾਲ ਤੇ ਖ਼ੂਬਸੂਰਤ ਮਿਲੀਏਚਰਜ਼ ਨੂੰ ਇਕੱਠਾ ਕੀਤਾ ਤੇ ਥਾਂ-ਥਾਂ ਤੋਂ ਖ਼ਰੀਦ
ਕੇ ਚੰਡੀਗੜ੍ਹ ਦੇ ਮਿਊਜ਼ੀਅਮ ਵਿਚ ਸਾਂਭਿਆ। ਮੇਰੇ ਲਈ ਸਾਇੰਸ ਤੇ ਸੂਖ਼ਮ ਕਲਾ ਇਕ-ਦੂਜੇ ਦੇ
ਬਹੁਤ ਨੇੜੇ ਹਨ।‘‘
ਉਹ ਚੰਡੀਗੜ੍ਹ ਤੋਂ ਪੰਦਰਾਂ ਕਿਲੋਮੀਟਰ ਦੂਰ ਖਰੜ ਵਿਚ ਇਕ ਵੱਡੇ ਫ਼ਾਰਮ ਹਾਊਸ ਵਿਚ ਰਹਿੰਦਾ
ਹੈ ਜਿਥੇ ਸੰਗਤਰਿਆਂ ਤੇ ਅੰਬਾਂ ਦਾ ਬਾਗ਼ ਹੈ। ਇਸ ਵਿਸ਼ਾਲ ਬਾਗ਼ ਵਿਚ ਉਸਦਾ ਦੋ-ਮੰਜ਼ਲਾ ਪੱਕਾ
ਭਵਨ ਹੈ ਜੋ ਕਲਾ ਕ੍ਰਿਤਾਂ ਨਾਲ ਭਰਿਆ ਹੋਇਆ ਹੈ। ਉਸਦੀ ਬੀਵੀ ਚਾਟੀ ਵਿਚ ਦੁੱਧ ਰਿੜਕਦੀ ਹੈ,
ਤੰਦੂਰ ਵਿਚ ਰੋਟੀਆਂ ਲਾਉਂਦੀ ਹੈ, ਪਿੰਡ ਦੀ ਜੱਟੀ ਵਾਂਗ ਰਹਿੰਦੀ ਹੈ ਤੇ ਰੰਧਾਵੇ ਦੇ
ਮਹਿਮਾਨਾਂ ਤੇ ਦੋਸਤਾਂ ਦਾ ਖਿੜੇ ਮੱਥੇ ਸਵਾਗਤ ਕਰਦੀ ਹੈ। ਉਹ ਉਸਦੀ ਖ਼ਾਮੋਸ਼ ਸਾਥਣ ਹੈ ਜੋ
ਨਾਲ ਤੁਰਦੀ ਈ ਉਤਸ਼ਾਹ ਦੇਂਦੀ ਹੈ।
ਘਰ ਦੀ ਉਪਰਲੀ ਮੰਜ਼ਿਲ ਉਤੇ ਉਸਦਾ ਸਟੂਡੀਓ ਹੈ। ਜਦੋਂ ਰੰਧਾਵਾ ਇਸਦੇ ਅੰਦਰ ਪ੍ਰਵੇਸ਼ ਕਰਦਾ ਹੈ
ਤਾਂ ਕਿਸੇ ਨੂੰ ਆਗਿਆ ਨਹੀਂ ਕਿ ਉਸਦੀ ਸਮਾਧੀ ਨੂੰ ਭੰਗ ਕਰੇ। ਇਥੋਂ ਤੱਕ ਕਿ ਉਸਦੀ ਬੀਵੀ ਵੀ
ਅੰਦਰ ਨਹੀਂ ਜਾ ਸਕਦੀ।
ਰੰਧਾਵੇ ਦਾ ਪਿਤਾ ਸ. ਸ਼ੇਰ ਸਿੰਘ ਤਹਿਸੀਲਦਾਰ ਸੀ ਤੇ ਮਾਂ ਬਚਿੰਤ ਕੌਰ ਇਕ ਸੋਹਣੀ ਜੱਟੀ। 23
ਸਤੰਬਰ, 1908 ਨੂੰ ਰਾਤ ਦੇ ਬਾਰ੍ਹਾਂ ਵਜੇ ਉਹਨਾਂ ਦੇ ਘਰ ਜੌੜੇ ਪੁੱਤ ਪੈਦਾ ਹੋਏ। ਗੁਰੂ
ਗ੍ਰੰਥ ਸਾਹਿਬ ਵਿਚੋਂ ਵਾਕ ਲਿਆ ਗਿਆ ਤਾਂ ‘ਰ‘ ਤੇ ‘ਮ‘ ਅੱਖਰ ਨਿਕਲੇ। ਪਹਿਲੇ ਪੁੱਤ ਦਾ ਨਾਂ
ਰਜਿੰਦਰ ਸਿੰਘ ਰਖਿਆ ਗਿਆ ਤੇ ਦੂਸਰੇ ਦਾ ਮਹਿੰਦਰ ਸਿੰਘ। ਪਰ ਸ਼ੇਰ ਸਿੰਘ ਇਨ੍ਹਾਂ ਨੂੰ ਪਿਆਰ
ਨਾਲ ਜੁੰਗੇ ਤੇ ਮੁੰਗੇ ਸਦਦਾ ਸੀ। ਤਹਿਸੀਲਦਾਰ ਨੇ ਬੱਚਿਆਂ ਨੂੰ ਦੁੱਧ ਪਿਆਉਣ ਲਈ ਇਕ
ਚੁੰਘਾਵੀ ਰਖਣ ਦੀ ਸਲਾਹ ਦਿਤੀ ਪਰ ਸਰਦਾਰਨੀ ਬਚਿੰਤ ਕੌਰ ਨੇ ਆਖਿਆ ਕਿ ਕਿਸੇ ਪਰਾਈ ਤੀਵੀਂ
ਦੇ ਦੁੱਧ ਪਿਆਉਣ ਨਾਲ ਨਿਆਣਿਆਂ ਦੀ ਮੱਤ ਮਾਰੀ ਜਾਊ।
ਮਹਿੰਦਰ ਬਚਪਨ ਵਿਚ ਹੀ ਪੜ੍ਹਨ ਤੇ ਖੇਡਣ ਵਿਚ ਹੁਸ਼ਿਆਰ ਸੀ। ਦਸਵੀਂ ਪਾਸ ਕਰਨ ਪਿਛੋਂ ਲਾਹੌਰ
ਫ਼ਾਰਮਨ ਕਰਿਸਚਨ ਕਾਲਿਜ ਵਿਚ ਦਾਖ਼ਿਲ ਹੋਇਆ, ਤੇ ਫਿਰ ਗੌਰਮਿੰਟ ਕਾਲਿਜ ਤੋਂ ਬਾਟਨੀ ਦੀ
ਐਮ.ਐਸ.ਸੀ. ਕੀਤੀ। ਆਈ.ਸੀ. ਐਸ. ਦਾ ਇਮਤਿਹਾਨ ਪਾਸ ਕੀਤਾ। 1932 ਵਿਚ ਇਕਬਾਲ ਕੌਰ ਨਾਲ
ਵਿਆਹ ਕੀਤਾ ਜਿਸਦੇ ਮਾਪੇ ਨਾਰੰਗਵਾਲ ਰਹਿੰਦੇ ਸਨ। ਉਸ ਪਿਛੋਂ ਉਹ ਇੰਗਲੈਂਡ ਗਿਆ ਤੇ
ਹਿੰਦੁਸਤਾਨ ਵਾਪਿਸ ਆ ਕੇ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਗਿਆ।
ਉਹ ਯੂ.ਪੀ. ਵਿਚ ਸਹਾਰਨਪੁਰ, ਫੈਜ਼ਾਬਾਦ ਤੇ ਅਲਮੋੜਾ ਰਿਹਾ ਤੇ ਫਿਰ 1946 ਵਿਚ ਦਿਲੀ ਦਾ
ਡਿਪਟੀ ਕਮਿਸ਼ਨਰ ਲਗਿਆ। ਉਸ ਪਿਛੋਂ ਪੰਜਾਬ ਦਾ ਕਮਿਸ਼ਨਰ, ਫਿਰ ਚੰਡੀਗੜ੍ਹ ਦਾ ਚੀਫ਼ ਕਮਿਸ਼ਨਰ।
ਰੀਟਾਇਰ ਹੋਣ ਪਿਛੋਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਵਾਈਸ ਚਾਂਸਲਰ ਤੇ ਉਸ ਪਿਛੋਂ
ਸਮੁੱਚੇ ਪੰਜਾਬ ਦਾ ਕਲਚਰਲ ਚੌਧਰੀ। ਉਹ ਜਿਥੇ ਵੀ ਰਿਹਾ, ਜਿਸ ਪਦਵੀ ਉਤੇ ਰਿਹਾ, ਹਮੇਸ਼ਾ
ਰੰਧਾਵਾ ਰਿਹਾ।
ਬਾਕੀ ਦੇ ਅਫ਼ਸਰ ਰੀਟਾਇਰ ਹੋਣ ਪਿਛੋਂ ਮੁਰਝਾ ਜਾਂਦੇ ਹਨ ਤੇ ਅਲੋਪ ਹੋ ਜਾਂਦੇ ਹਨ ਪਰ ਰੰਧਾਵੇ
ਦਾ ਜਲਾਲ ਹਮੇਸ਼ਾ ਕਾਇਮ ਰਿਹਾ।
ਰੰਧਾਵਾ ਆਰਟਿਸਟਾਂ ਦਾ ਸਭ ਤੋਂ ਵੱਡਾ ਸਰਪ੍ਰਸਤ ਹੈ। ਪੰਜਾਬ ਦਾ ਕੋਈ ਵਿਰਲਾ ਹੀ ਪੇਂਟਰ ਜਾਂ
ਕਲਾਕਾਰ ਹੋਵੇਗਾ ਜਿਸ ਦੀ ਰੰਧਾਵੇ ਨੇ ਮਦਦ ਨਾ ਕੀਤੀ ਹੋਵੇ- ਕੀ ਸੋਭਾ ਸਿੰਘ, ਕੀ ਜਸਵੰਤ
ਸਿੰਘ, ਕੀ ਕਿਰਪਾਲ ਸਿੰਘ ਤੇ ਕੀ ਸ਼ਿਵ ਸਿੰਘ।
ਜਦੋਂ ਉਹ 1966 ਵਿਚ ਚੰਡੀਗੜ੍ਹ ਦਾ ਚੀਫ਼ ਕਮਿਸ਼ਨਰ ਬਣਿਆ ਤਾਂ ਉਸ ਨੇ ਕਿਤਾਬਾਂ ਦੀਆਂ
ਦੁਕਾਨਾਂ ਵਾਸਤੇ 17 ਸੈਕਟਰ ਵਿਚ ਇਕ ਪੂਰਾ ਬਲਾਕ ਹੀ ਰੀਜ਼ਰਵ ਕਰ ਦਿਤਾ। ਕਾਨੂੰਨ ਪਾਸ ਕਰ
ਦਿਤਾ ਕਿ ਇਥੇ ਸਿਰਫ਼ ਕਿਤਾਬਾਂ ਹੀ ਵਿਕਣਗੀਆਂ। ਇਸ ਤਰ੍ਹਾਂ ਇਹ ਦੁਕਾਨਾਂ ਸਸਤੀ ਕੀਮਤ ਉਤੇ
ਖ਼ਰੀਦੀਆ ਗਈਆਂ ਤੇ ਸਸਤੇ ਕਿਰਾਏ ਉਤੇ ਚੜ੍ਹਾ ਗਈਆਂ। ਹੁਣ ਤੀਕ ਇਹਨਾਂ ਦੁਕਾਨਾਂ ਨੂੰ ਵੇਚ ਕੇ
ਕੋਈ ਮਾਲਕ ਕਪੜੇ ਜਾਂ ਜੁੱਤਿਆਂ ਦੀ ਦੁਕਾਨ ਨਹੀਂ ਬਣਾ ਸਕਿਆ।
ਰੰਧਾਵਾ ਆਖਦਾ ਹੈ, ‘‘ਇਹ ਰੇਸ਼ਮੀ ਸਾੜ੍ਹੀਆਂ ਵੇਖਣ ਵਾਲੇ ਬੜਾ ਰੁਪਿਆ ਕਮਾਉਂਦੇ ਨੇ। ਤੇ ਇਹ
ਹੋਟਲਾਂ ਵਾਲੇ ਵੀ। ਪੰਜਾਬੀਆਂ ਨੂੰ ਖਾਣ ਤੇ ਪਹਿਨਣ ਦਾ ਹੀ ਸ਼ੌਕ ਹੈ, ਪੜ੍ਹਨ ਦਾ ਨਹੀਂ। ਮੈਂ
ਡੰਡੇ ਦੇ ਜ਼ੋਰ ਨਾਲ ਚੰਡੀਗੜ੍ਹ ਵਿਚ ਕਿਤਾਬਾਂ ਦੀਆਂ ਦੁਕਾਨਾਂ ਖੁਲ੍ਹਵਾ ਦਿਤੀਆਂ। ਇਸ ਵੇਲੇ
ਨਿਊ ਦਿੱਲੀ ਦੇ ਕਨਾਟ ਪਲੇਸ ਵਿਚ ਕਿਤਾਬਾਂ ਦੀਆਂ ਇੰਨੀਆਂ ਦੁਕਾਨਾਂ ਨਹੀਂ ਜਿੰਨੀਆਂ
ਚੰਡੀਗੜ੍ਹ ਦੇ ਸਤਾਰ੍ਹਾਂ ਸੈਕਟਰ ਵਿਚ।‘‘
ਉਸਨੇ ਚੰਡੀਗੜ੍ਹ ਵਿਚ ਵੀ ਰਾਈਟਰਾਂ ਤੇ ਕਲਾਕਾਰਾਂ ਲਈ ਪਲਾਟ ਰੀਜ਼ਰਵ ਕੀਤੇ। ਬਹੁਤ ਸਾਰੇ
ਰਾਈਟਰਾਂ ਪ੍ਰੋਫੈਸਰਾਂ ਨੇ ਇਸ ਖੁਲ੍ਹ-ਦਿਲੀ ਸਹੂਲਤ ਦਾ ਲਾਭ ਉਠਾਇਆ।
ਰੰਧਾਵਾ ਪੁਰਾਣੀ ਪੀੜ੍ਹੀ ਦਾ ਸੁੱਚਾ ਮੋਤੀ ਹੈ। ਦਰਿਆ-ਦਿਲ ਹੈ। ਮਾਸੂਮ ਹੈ।
-0-
|