Welcome to Seerat.ca

ਐਮ.ਐਸ. ਰੰਧਾਵਾ

 

- ਬਲਵੰਤ ਗਾਰਗੀ

ਕੈਨਡਾ ਚ ਕਿਰਪਾਨ ਦਾ ਮੁੱਦਾ:

 

- ਇਕਬਾਲ ਰਾਮੂਵਾਲੀਆ

ਮੇਰਾ ਪੋਤਾ

 

- ਹਰਜੀਤ ਅਟਵਾਲ

ਰੱਬਾ ਹੁਣ ਕੀ ਕਰੀਏ! ਦੀ ਹੂਕ ਉੱਠ ਗਏ ਗਵਾਂਢੋਂ ਯਾਰ

 

- ਵਰਿਆਮ ਸਿੰਘ ਸੰਧੂ

ਭਗਤ ਕਾਲ਼ਾ ਕੁੱਤਾ

 

- ਸੁਖਦੇਵ ਸਿੱਧੂ

ਬਾਤ ਨਿਕਲੀ ਹੈ ਤੋ---

 

- ਸੁਪਨ ਸੰਧੂ

ਇਨਸਾਨੀ ਲੋੜਾਂ

 

- ਅਰਸ਼ਦ ਮਹਿਮੂਦ ਨੰਦਨ

ਸੂਲ਼ੀ ਟੰਗਿਆ ਸਫ਼ਰ

 

- ਸੁਸ਼ੀਲ ਦੁਸਾਂਝ

ਸਰਾਂ ਯਾਦ ਕਰਦੀ ਹੈ

 

- ਦਰਸ਼ਨ ਜੋਗਾ

ਯਾਦਗਾਰੀ ਕਹਾਣੀ / ਮੂੰਹ ਉੱਤੇ ਹੱਥ

 

- ਰਘੁਬੀਰ ਢੰਡ

ਯਾਰ ਦਾ ਰੂਪ

 

- ਕਾਕਾ ਗਿੱਲ

 

ਕੈਨਡਾ ਚ ਕਿਰਪਾਨ ਦਾ ਮੁੱਦਾ:
- ਇਕਬਾਲ ਰਾਮੂਵਾਲੀਆ (905-792-7357)

 

ਕਿਧਰੇ ਆਲ਼ੇ-ਦੁਆਲ਼ੇ ਨਾਲ਼ ਵੈਰ ਨਾ ਸਹੇੜ ਬੈਠੀਏ!
ਕਿਧਰੇ ਫ਼ਰਾਂਸ ਵਾਂਗ ਦਸਤਾਰਾਂ ਵੀ ਨਾ ਗੁਆ ਬੈਠੀਏ!


ਕੈਨਡਾ ਅਤੇ ਹੋਰ ਵਿਕਸਤ ਦੇਸ਼ਾਂ ਚ, ਪਬਲਿਕ ਮੁਕਾਮਾਂ (ਕਚਹਿਰੀਆਂ, ਸਕੂਲਾਂ, ਅਸੈਂਬਲੀਆਂ, ਜਹਾਜ਼ਾਂ ਆਦਿਕ) ਚ ਕਿਰਪਾਨ ਪਹਿਨਣ ਦਾ ਮੁੱਦਾ, ਬੀਤੇ ਇੱਕ ਮਹੀਨੇ ਤੋਂ, ਕੈਨਡਾ ਦੇ ਪੰਜਾਬੀ ਮੀਡੀਆ ਦੇ ਨਾਲ-ਨਾਲ਼, ਗੈਰ-ਸਿੱਖ ਮੀਡੀਆ ਵਿੱਚ ਵੀ ਭਖਵੀਂ ਬਹਿਸ ਦਾ ਕੇਂਦਰ ਬਣਿਆਂ ਹੋਇਆ ਹੈ। ਬੀਤੇ ਮਹੀਨੇ, ਚਾਰ-ਪੰਜ ਸਿੱਖ, ਕੈਨਡਾ ਦੇ ਕਿਊਬੈੱਕ ਸੂਬੇ ਦੀ ਨੈਸ਼ਨਲ ਅਸੈਂਬਲੀ ਦੇ ਸੱਦੇ ਤੇ, ਅਸੈਂਬਲੀ ਚ ਹੋ ਰਹੀ ਇੱਕ ਬਹਿਸ ਵਿੱਚ ਸ਼ਾਮਲ ਹੋਣ ਲਈ ਆਏ ਤਾਂ ਸਕਿਊਰਟੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਰਪਾਨਾਂ ਉਤਾਰਨ ਲਈ ਆਖਿਆ। {ਇਹ ਬਹਿਸ ਬੁਰਕਾ ਪਹਿਨਣ ਦੀ ਅਜ਼ਾਦੀ ਉੱਪਰ ਸੀ} ਇਨ੍ਹਾਂ ਸਿੱਖਾਂ ਨੇ ਕਿਰਪਾਨਾਂ ਨੂੰ ਉਤਾਰਨ ਤੋਂ ਇਨਕਾਰ ਕਰ ਦਿੱਤਾ ਤਾਂ ਸਕਿਊਰਿਟੀ ਅਧਿਕਾਰੀਆਂ ਨੇ ਇਨ੍ਹਾਂ ਨੂੰ ਅਸੈਂਬਲੀ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਇਹ ਮੁੱਦਾ ਜਦੋਂ ਮੀਡੀਆ ਚ ਲੈ ਆਂਦਾ ਗਿਆ ਤਾਂ ਸਿੱਖ ਭਾਈਚਾਰਾ ਇੱਕ ਵਾਰ ਫਿਰ ਕੈਨਡਾ ਭਰ ਦੇ ਰੇਡੀਓ, ਅਖ਼ਬਾਰਾਂ ਅਤੇ ਟੀ ਵੀ ਦਾ ਨਿਸ਼ਾਨਾ ਬਣ ਗਿਆ।
ਕੈਨਡਾ ਦੇ ਦੇਸੀ ਪੰਜਾਬੀ ਮੀਡੀਆ ਚ (ਜਿਸ ਨੂੰ ਕੇਵਲ ਪੰਜਾਬੀ ਲੋਕ ਹੀ ਸੁਣਦੇ ਤੇ ਸਮਝਦੇ ਨੇ) ਇਸ ਨੂੰ ਮਾਨਵੀ ਅਧਿਕਾਰਾਂ ਦੀ ਉਲੰਘਣਾ ਦੇ ਤੌਰ ਤੇ ਉਛਾਲਿਆ ਗਿਆ ਜਦੋਂ ਕਿ ਮੇਨਸਟਰੀਮ (ਯਾਨੀ ਗ਼ੈਰ-ਸਿੱਖ ਮੀਡੀਆ) ਚ, ਪਾਠਕਾਂ ਦੀਆਂ ਟਿੱਪਣੀਆਂ ਰਾਹੀਂ, ਪਬਲਿਕ ਮੁਕਾਮਾਂ ਵਿੱਚ ਕਿਰਪਾਨ ਪਹਿਨਣ ਦਾ ਡਟਵਾਂ ਤੇ ਗੁੱਸੇ-ਭਰਿਆ ਵਿਰੋਧ ਹੋ ਰਿਹਾ ਹੈ। ਹੁਣ ਨੌ ਫ਼ਰਵਰੀ ਨੂੰ, ਕਿਊਬੈੱਕ ਦੀ ਲਿਬਰਲ ਸਰਕਾਰ ਅਤੇ ਅਸੈਂਬਲੀ ਚ ਹਾਜ਼ਰ 113 ਮੈਂਬਰਾਂ ਨੇ ਸਰਬਸੰਮਤੀ ਨਾਲ਼ ਇਹ ਮਤਾ ਪਾਸ ਕਰ ਦਿੱਤਾ ਹੈ ਕਿ ਕਿਰਪਾਨ ਇੱਕ ਹਥਿਆਰ ਹੈ, ਇਸ ਲਈ ਇਸ ਨੂੰ ਅਸੈਂਬਲੀ ਚ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਅਸੀਂ ਮੁੱਢ ਚ ਹੀ ਇਹ ਸਾਫ਼ ਕਰ ਦੇਈਏ ਕਿ ਸਾਡੀ ਨਜ਼ਰ ਚ ਪੰਜੇ ਕਕਾਰ, ਅੰਮ੍ਰਿਤਧਾਰੀ ਸਿੱਖਾਂ ਦੀ ਵਰਦੀ ਦਾ ਅੰਗ ਨੇ। ਅਸੀਂ ਕਿਰਪਾਨ ਸਮੇਤ, ਪੰਜਾਂ ਹੀ ਕਕਾਰਾਂ ਦਾ ਭਰਪੂਰ ਅਦਬ ਕਰਦੇ ਹਾਂ। ਅਸੀਂ ਇਹ ਵੀ ਸਪਸ਼ਟ ਕਰਨਾਂ ਚਹੁੰਦੇ ਹਾਂ ਕਿ ਅੱਜ ਦੇ ਲੋਕਰਾਜੀ ਯੁੱਗ ਵਿੱਚ ਹਰ ਵਿਅਕਤੀ ਨੂੰ ਆਪਣੀ ਜਿ਼ੰਦਗੀ ਆਪਣੀ ਮਰਜ਼ੀ ਮੁਤਾਬਿਕ਼ ਜੀਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ ਬਸ਼ਰਤੇ ਕਿ ਇਹ ਮਰਜ਼ੀਆਂ ਤੇ ਅਜ਼ਾਦੀਆਂ ਕਿਸੇ ਹੋਰ ਵਿਅਕਤੀ ਨਾਲ਼, ਮੁਲਕ ਦੇ ਕਾਇਦੇ-ਕਨੂੰਨਾਂ ਨਾਲ਼ ਅਤੇ ਸੇਫ਼ਟੀ-ਸਕਿਊਰਿਟੀ ਦੇ ਇੰਤਜ਼ਾਮਾਂ ਨਾਲ਼ ਟਕਰਾਅ ਨਾ ਰਖ਼ਦੀਆਂ ਹੋਵਣ।
ਸਿੱਖਾਂ ਦੇ ਪੰਜਾਂ ਕਕਾਰਾਂ ਵਿੱਚੋਂ ਕੰਘੇ, ਕੱਛਹਿਰੇ, ਕੜੇ ਅਤੇ ਕੇਸਾਂ ਦਾ, ਕੈਨਡਾ ਦੇ ਕਾਇਦੇ-ਕਨੂੰਨ ਨਾਲ਼ ਕੋਈ ਟਕਰਾਅ ਕਦੇ ਵੀ ਸੁਣਨ ਵਿੱਚ ਨਹੀਂ ਆਇਆ, ਲੇਕਿਨ ਕਿਰਪਾਨ ਉੱਪਰ ਹਮੇਸ਼ਾ ਹੀ ਤਿੱਖਾ ਵਾਦ-ਵਿਵਾਦ, ਨੋਕ-ਝੋਕ ਅਤੇ ਨੁਕਤਾਚੀਨੀ ਹਰ ਮੁਲਕ ਵਿੱਚ ਚ ਚਲਦੇ ਰਹਿੰਦੇ ਨੇ। ਕਿਉਂਕਿ ਸਾਡੇ ਪ੍ਰਚਾਰਕ, ਗੁਰਦਵਾਰੇ, ਅਤੇ ਤਖ਼ਤਾਂ ਦੇ ਜੱਥੇਦਾਰ ਹੀ ਕਿਰਪਾਨ ਨੂੰ ਗੱਜ-ਵਜਾਅ ਕੇ ਸ਼ਸਤਰ ਮੰਨਦੇ ਨੇ, ਇਸ ਲਈ ਕੈਨਡਾ ਵਰਗੇ ਮੁਲਕਾਂ ਦੇ ਕਰੋੜਾਂ ਗੈਰਸਿੱਖ ਲੋਕ ਅਤੇ ਸਕਿਊਰਿਟੀ ਏਜੰਸੀਆਂ ਵੀ ਕਿਰਪਾਨ ਨੂੰ ਹਥਿਆਰ ਹੀ ਸਮਝਣਗੇ ਜਿਸ ਕਰ ਕੇ ਉਹ ਪਬਲਿਕ ਮੁਕਾਮਾਂ ਉੱਤੇ ਇਸ ਨੂੰ ਪਹਿਨਣ ਦੀ ਇਜਾਜ਼ਤ ਦਾ ਭਰਵਾਂ ਵਿਰੋਧ ਕਰਦੇ ਨੇ।
ਕਿਰਪਾਨ ਦਾ ਮਸਲਾ ਅਤਿ ਨਾਜ਼ੁਕ ਅਤੇ ਅਤੀ ਸੰਜੀਦਾ ਹੈ ਜਿਸ ਨੂੰ ਨਵੀਆਂ ਪ੍ਰਸਥਿਤੀਆਂ, ਨਵੇਂ ਦੇਸ਼ਾਂ ਦੇ ਕਾਨੂੰਨਾਂ ਅਤੇ ਸਕਿਊਰਿਟੀ ਦੀ ਰੌਸ਼ਨੀ ਵਿੱਚ, ਠਰੰਮੇ ਅਤੇ ਖੁਲ੍ਹਦਿਲੀ ਨਾਲ਼ ਸੁਲਝਾਇਆ ਜਾ ਸਕਦਾ ਸੀ/ਹੈ ਪ੍ਰੰਤੂ ਸਾਡੇ ਜੱਥੇਦਾਰਾਂ ਦੇ ਨਾਲ਼-ਨਾਲ਼, ਨਿੱਕੀ ਨਜ਼ਰ ਵਾਲ਼ੇ ਲੋਕਲ ਆਗੂਆਂ, ਅਤੇ ਮਾਅਰਕੇਬਾਜ਼/ਤਮਾਸ਼ਬੀਨ ਲੋਕਲ ਪੰਜਾਬੀ ਮੀਡੀਆ ਨੇ ਬੁਰੀ ਤਰ੍ਹਾਂ ਉਲਝਾਅ ਲਿਆ ਹੈ। ਮੀਡੀਆ ਦੀ ਗੱਲ ਕਰਦਿਆਂ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਸਾਡੇ ਬਹੁਤੇ ਪਾਠਕ, ਸ੍ਰੋਤੇ ਤੇ ਦਰਸ਼ਕ ਇਸ ਭਰਮ ਦਾ ਸਿ਼ਕਾਰ ਹਨ ਕਿ ਜੋ ਕੁਝ ਸਾਡੇ ਪੰਜਾਬੀ ਮੀਡੀਆ ਵਿੱਚ ਬੋਲਿਆ ਤੇ ਲਿਖਿਆ ਜਾ ਰਿਹੈ, ਸ਼ਾਇਦ ਉਹ ਹੀ ਪੂਰੇ ਕੈਨਡਾ ਦਾ ਸੱਚ ਹੈ। ਕੈਨਡਾ ਚ ਸਾਡੇ ਲੋਕਾਂ ਦੀ ਭਾਰੀ ਗਿਣਤੀ ਨਾ ਤਾਂ ਕਦੇ ਇੰਟਰਨੈੱਟ ਉੱਪਰ ਕਨੇਡੀਅਨ ਮੇਨਸਟਰੀਮ ਦੇ ਅਖ਼ਬਾਰਾਂ ਚ ਸਿੱਖਾਂ ਬਾਰੇ ਛਪਦੀਆਂ ਟਿੱਪਣੀਆਂ ਪੜ੍ਹਦੀ ਹੈ ਤੇ ਨਾ ਹੀ ਉਸ ਨੂੰ ਇਹ ਇਲਮ ਹੈ ਕਿ 195 ਦੇਸ਼ਾਂ ਤੋਂ ਆਏ ਤਿੰਨ-ਸਾਢੇ ਤਿੰਨ ਕਰੋੜ ਗੈਰ-ਸਿੱਖ ਲੋਕ ਸਾਡੀ ਹਰ ਹਰਕਤ ਨੂੰ ਖੁਰਚਵੀਂ ਨਜ਼ਰ ਨਾਲ਼ ਦੇਖ ਰਹੇ ਨੇ।
ਕਿਰਪਾਨ ਹਥਿਆਰ ਹੈ ਜਾਂ ਚਿੰਨ੍ਹ, ਇਸ ਬਾਰੇ ਸਿੱਖ ਪੰਥ ਵਿੱਚ ਹੀ ਇਕਸੁਰਤਾ ਨਹੀਂ: ਹਾਸੋਹੀਣੀ ਗੱਲ ਤਾਂ ਇਹ ਹੈ ਕਿ ਸਾਡੇ ਧਾਰਮਿਕ ਆਗੂ, ਇਥੋਂ ਤੀਕ ਕਿ ਸਾਡੇ ਤਖ਼ਤਾਂ ਦੇ ਜੱਥੇਦਾਰ (ਪੁਜਾਰੀ), ਕਿਰਪਾਨ ਦੇ ਦਰਜੇ (ਸਟੈਟਸ) ਬਾਰੇ ਹਾਲੇ ਤੀਕ ਇੱਕ ਬੋਲੀ ਨਹੀਂ ਬੋਲ ਸਕੇ ਅਤੇ ਇਹ ਅੰਤਮ ਫ਼ੈਸਲਾ ਨਹੀਂ ਦੇ ਸਕੇ ਕਿ ਕਿਰਪਾਨ ਹਥਿਆਰ ਹੈ ਜਾਂ ਧਾਰਮਿਕ ਚਿੰਨ੍ਹ! ਜਦੋਂ ਤਾਂ ਉਹ ਗੁਰਦਵਾਰਿਆਂ ਜਾਂ ਹੋਰ ਧਾਰਮਿਕ ਸਮਾਗਮਾਂ ਚ ਸਿੱਖਾਂ ਨੂੰ ਸੰਬੋਧਿਤ ਹੁੰਦੇ ਨੇ ਤਾਂ ਕਿਰਪਾਨ ਨੂੰ ਗੁਰੂ ਸਾਹਿਬ ਵੱਲੋਂ ਬਖ਼ਸਿ਼ਆ ਸ਼ਸਤਰ ਯਾਨੀ ਹਥਿਆਰ ਆਖ-ਆਖ ਕੇ ਸੰਗਤ ਦੀ ਵਾਹ-ਵਾਹ ਖੱਟ ਲੈਂਦੇ ਨੇ, ਪ੍ਰੰਤੂ ਜਦੋਂ ਸਕਿਊਰਿਟੀ ਦੇ ਹਵਾਲੇ ਨਾਲ, ਉਨ੍ਹਾਂ ਨੂੰ ਕੋਰਟ-ਕਚਹਿਰੀਆਂ, ਹਵਾਈ ਅੱਡਿਆਂ, ਤੇ ਪਾਰਲੀਮੈਂਟਾਂ ਵਿੱਚ ਇਸ ਹਥਿਆਰ ਨੂੰ ਉਤਾਰਨ ਲਈ ਆਖਿਆ ਜਾਂਦਾ ਹੈ, ਤਾਂ ਉਹ ਇਸ ਹਥਿਆਰ ਨੂੰ ਧਾਰਮਿਕ ਚਿੱੰਨ੍ਹ ਕਹਿ ਕੇ, ਇਸ ਨੂੰ ਉਤਾਰਨ ਤੋਂ ਇਨਕਾਰ ਕਰ ਦੇਂਦੇ ਨੇ। ਹੁਣ ਇੱਕ ਪਾਸੇ ਤਾਂ ਕੈਨਡਾ ਦੇ ਗੁਰਦਵਾਰੇ ਤੇ ਤਖ਼ਤਾਂ ਦੇ ਜੱਥੇਦਾਰ ਕਿਰਪਾਨ ਨੂੰ ਹਥਿਆਰ ਆਖ ਰਹੇ ਹਨ, ਤੇ ਦੂਸਰੇ ਪਾਸੇ ਵਰਲਡ ਸਿੱਖ ਓਰਗੇਨਾਈਜ਼ੇਸ਼ਨ ਵਾਲਿਆਂ ਨੇ ਇੱਕ ਅਸਲੋਂ ਹੀ ਨਵਾਂ ਪੈਂਤੜਾ ਲੈ ਕੇ ਇਸ ਮਸਲੇ ਚ ਚੱਲ ਰਿਹਾ ਭੰਬਲ਼ਭੂਸਾ ਹੋਰ ਸੰਘਣਾ ਕਰ ਮਾਰਿਆ ਹੈ: ਉਹ ਕਹਿਣ ਲੱਗ ਪਏ ਨੇ ਕਿ ਨਾ ਤਾਂ ਕਿਰਪਾਨ ਹਥਿਆਰ ਹੈ ਤੇ ਨਾ ਹੀ ਚਿੱੰਨ੍ਹ; ਸਗੋਂ ਇਹ ਤਾਂ ਸਿੱਖਾਂ ਦੇ ਵਿਸ਼ਵਾਸ਼ ਦਾ ਅਟੁਟਵਾਂ ਅੰਗ ਹੈ।
ਉਧਰ ਕਿਰਪਾਨ ਨੂੰ ਹਥਿਆਰ ਆਖਣ ਵਾਲ਼ੇ ਸਾਡੇ ਤਖ਼ਤ ਦੇ ਇੱਕ ਜੱਥੇਦਾਰ ਨੇ ਤਾਂ ਇਥੋਂ ਤੀਕ ਆਖ ਦਿੱਤਾ ਹੈ ਕਿ ਕਿਰਪਾਨ ਦੀ ਨੌਂ ਇੰਚ ਤੋਂ ਘੱਟ ਲੰਬਾਈ ਉਨ੍ਹਾਂ ਨੂੰ ਮਨਜ਼ੂਰ ਹੀ ਨਹੀਂ। {ਸਪੈਸ਼ਲ ਨੋਟ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦਸਤਾਵੇਜ਼, ਸਿੱਖ ਰਹਿਤ ਮਰਯਾਦਾ, ਵਿੱਚ ਕਿਰਪਾਨ ਦੀ ਕੋਈ ਬਾਕਾਇਦਾ ਲੰਬਾਈ ਨਿਰਧਾਰਤ ਨਹੀਂ ਕੀਤੀ ਗਈ! ਸਫ਼ਾ 31 ਉੱਪਰ ਦਿੱਤੇ ਇੱਕ ਫੁੱਟਨੋਟ ਚ ਕਿਹਾ ਗਿਆ ਹੈ ਕਿ ਕਿਰਪਾਨ ਦੀ ਕੋਈ ਹੱਦ ਨਹੀਂ ਹੋ ਸਕਦੀ; ਜਿਸ ਦਾ ਮਤਲਬ ਇਹ ਨਿੱਕਲ਼ਦਾ ਹੈ ਕਿ ਕਿਰਪਾਨ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਕਿਸੇ ਵੀ ਸਾਈਜ਼ ਦੀ ਹੋ ਸਕਦੀ ਹੈ।} ਇਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਗੁਰਦਵਾਰਿਆਂ ਵਿੱਚ ਕਿਰਪਾਨ ਨੂੰ ਸਿੱਖੀ ਦਾ ਅਹਿਮ ਅੰਗ ਆਖਣ ਵਾਲੇ ਪ੍ਰਚਾਰਕ, ਰਾਗੀ, ਢਾਡੀ, ਅਤੇ ਇਥੋਂ ਤੀਕ ਕਿ ਤਖ਼ਤਾਂ ਦੇ ਜੱਥੇਦਾਰ, ਦਿੱਲੀ ਸਥਿਤ, ਬਦੇਸ਼ੀ ਸਫ਼ਾਰਤਖ਼ਾਨਿਆਂ ਚ ਵੀਜ਼ਾ-ਪ੍ਰਾਪਤੀ ਲਈ ਜਾਣ ਵੇਲੇ ਅਤੇ ਹਵਾਈ ਜਹਾਜ਼ਾਂ ਵਿੱਚ ਅਸਵਾਰ ਹੋਣ ਵੇਲੇ ਆਪਣੀਆਂ ਕਿਰਪਾਨਾਂ, ਬਿਨਾ ਕਿਸੇ ਇਤਰਾਜ਼ ਦੇ, ਉਤਾਰ ਕੇ, ਦਫ਼ਤਰ ਜਾਂ ਜਹਾਜ਼ ਦੇ ਸਟਾਫ਼ ਦੇ ਹਵਾਲੇ ਕਰ ਦੇਂਦੇ ਨੇ। ਕੁਝ ਮਹੀਨੇ ਪਹਿਲਾਂ ਵਾਦ-ਵਿਵਾਦ ਦਾ ਕੇਂਦਰ ਬਣੇ ਸੰਤ ਢੰਡਰੀਆਂ ਵਾਲੇ ਨੇ ਭਾਵੇਂ ਇਹ ਬਿਆਨ ਵੀ ਦੇ ਦਿੱਤਾ ਸੀ ਕਿ ਭਾਰਤ ਤੋਂ ਬਦੇਸ਼ਾਂ ਨੂੰ ਹਵਾਈ ਉਡਾਣ ਭਰਨ ਵੇਲੇ ਉਹ ਆਪਣੀ ਕਿਰਪਾਨ ਬਕਾਇਦਾ ਪਹਿਨਦਾ ਹੈ, ਪਰ ਅੱਜ ਦੇ ਅੱਤਵਾਦੀ ਮਹੌਲ ਵਿੱਚ ਜਦੋਂ ਕਿ ਪੇਚਕਸ, ਦਾਹੜੀ ਚਾੜ੍ਹਨ ਵਾਲਾ ਬਾਜ, ਸੂਈ, ਨੇਅਲ-ਕੱਟਰ ਅਤੇ ਪਾਣੀ ਦੀ ਬੋਤਲ ਤੀਕਰ ਨੂੰ ਜਹਾਜ਼ ਦੇ ਅੰਦਰ ਲਿਜਾਣ ਦੀ ਮਨਾਹੀ ਹੈ, ਤਾਂ ਸੰਤ ਢੰਡਰੀਆਂ ਨੂੰ ਕਿਸ ਸਪੈਸ਼ਲ ਕੈਟੇਗੋਰੀ ਅਧੀਨ, ਜਹਾਜ਼ ਚ ਕਿਰਪਾਨ ਪਹਿਨਣ ਦੀ ਖੁਲ੍ਹ ਦਿੱਤੀ ਜਾਂਦੀ ਹੈ, ਇਹ ਸੰਤ ਢੰਡਰੀਆਂ ਹੀ ਜਾਣੇ।
ਸਾਨੂੰ ਇਹ ਸਵੀਕਾਰ ਕਰਨਾਂ ਪੈਣਾ ਹੈ ਕਿ ਅਸੀਂ ਸਿੱਖ ਭਾਈਚਾਰਾ, ਪੰਜਾਬ ਚ ਨਹੀਂ ਸਗੋਂ ਕੈਨਡਾ ਚ ਵਸਦੇ ਹਾਂ ਜਿੱਥੇ ਸਾਡੀ ਗਿਣਤੀ ਕੈਨਡਾ ਦੀ ਕੁੱਲ ਵਸੋਂ ਦਾ ਮਸਾਂ ਇੱਕ-ਡੇਢ ਫੀ ਸਦੀ ਬਣਦੀ ਹੈ; ਜਦੋਂ ਕਿ 195 ਮੁਲਕਾਂ ਤੋਂ ਆਏ ਗੋਰਿਆਂ, ਕਾਲਿਆਂ, ਭੁਰਿਆਂ, ਪੀਲਿਆਂ-ਫੀਨਿਆਂ ਦੀ ਕੈਨਡਾ ਵਿੱਚ ਗਿਣਤੀ 98% ਦੇ ਲਗਭਗ ਹੈ। ਕੈਨਡਾ ਦੇ ਨਾਮਵਰ ਅਖ਼ਬਾਰ ਦ ਗਲੋਬ ਐਂਡ ਮੇਅਲ ਤੇ ਸੀ ਬੀ ਸੀ ਦੀਆਂ ਵੈੱਬਸਾਈਟਾਂ ਉੱਪਰ, ਸਿੱਖਾਂ ਅਤੇ ਕਿਰਪਾਨ ਬਾਰੇ ਇੱਕ ਦੋ ਨਹੀਂ ਸਗੋਂ ਆਮ ਪਬਲਿਕ ਵੱਲੋਂ ਭੇਜੀਆਂ ਹਜ਼ਾਰਾਂ ਟਿੱਪਣੀਆਂ ਛਪਦੀਆਂ ਨੇ, ਜਿੰਨ੍ਹਾਂ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸਾਡੇ ਉਦਾਲ਼ੇ ਭਾਰੀ ਗਿਣਤੀ ਚ ਵਸਦੇ ਅਨੇਕਾਂ ਨਸਲਾਂ/ਧਰਮਾਂ/ਸੱਭਿਆਚਾਰਾਂ ਦੇ ਲੋਕ, ਸਾਨੂੰ ਜਿ਼ੱਦੀ, ਅੜੀਅਲ, ਉਜੱਡ, ਜਨੂੰਨੀ, ਗੰਵਾਰ, ਜਾਹਲ, ਲਕੀਰ ਦੇ ਫ਼ਕੀਰ, ਮੂਲਵਾਦੀ, ਕੁ-ਲੱਕੜ, ਜਾਂਗਲ਼ੀ, ਕੱਟੜਪੰਥੀ ਅਤੇ ਹੋਰ ਅਣਗਿਣਤ ਕੁਨਾਵਾਂ ਨਾਲ਼ ਪੁਕਾਰਨ ਲੱਗ ਪਏ ਨੇ। ਸੀ ਬੀ ਸੀ ਦੇ ਇੱਕ ਸਰਵੇਅ ਅਨੁਸਾਰ ਕੈਨਡਾ ਦੇ 80% ਲੋਕ ਕਿਰਪਾਨ ਨੂੰ ਹਥਿਆਰ ਸਮਝਦੇ ਨੇ ਅਤੇ ਇਸ ਨੂੰ ਪਬਲਿਕ ਮੁਕਾਮਾਂ ਉੱਤੇ ਪਹਿਨਣ ਉੱਪਰ ਪਾਬੰਦੀ ਲਾਉਣ ਦੇ ਹੱਕ ਵਿੱਚ ਹਨ। ਅਗਰ ਸਾਡੇ ਆਲੇ-ਦੁਆਲ਼ੇ ਵਸਦੀ ਏਡੀ ਵੱਡੀ ਗਿਣਤੀ ਤਲਖ਼ ਲਫ਼ਜ਼ਾਂ ਚ ਸਾਡੇ ਖਿ਼ਲਾਫ਼ ਬੋਲਣ ਲੱਗ ਪਈ ਹੈ ਤਾਂ ਇਸ ਅਸਲੀਅਤ ਅਤੇ ਰੁਝਾਨ ਤੋਂ ਖ਼ਫ਼ਾ ਹੋਣ ਦੀ ਬਜਾਏ, ਫਿ਼ਕਰਮੰਦ ਹੋਣ ਦੀ ਅਤੇ ਸ੍ਵੈ-ਪੜਚੋਲ ਦੀ ਜ਼ਰੂਰਤ ਹੈ।
ਇਹ ਗੱਲ ਸਵੀਕਾਰਨੀ ਪੈਣੀ ਹੈ ਕਿ ਕੈਨਡਾ-ਅਮਰੀਕਾ ਦੇ ਗੁਰਦਵਾਰਿਆਂ ਚ ਆਏ ਦਿਨ ਹੁੰਦੀਆਂ ਖੂਨੀ ਟੱਕਰਾਂ, ਚਲਦੀਆਂ ਕਿਰਪਾਨਾਂ, ਲਥਦੀਆਂ ਦਸਤਾਰਾਂ ਤੇ ਬੇਅਦਬ ਹੁੰਦੀਆਂ ਦਾਹੜੀਆਂ ਦੀਆਂ ਖ਼ਬਰਾਂ ਨੂੰ ਸਾਥੋਂ ਬਿਨਾਂ ਗੋਰੇ-ਕਾਲੇ ਲੋਕ ਵੀ ਪੜ੍ਹਦੇ-ਸੁਣਦੇ ਨੇ; ਏਅਰ ਇੰਡੀਆ ਜਹਾਜ਼ ਨੂੰ ਉਡਾਅ ਕੇ 329 ਮਸੂਮਾਂ ਨੂੰ ਮਾਰਨ ਵਾਲ਼ੇ ਬੰਬ ਦੇ ਇਕਬਾਲੀਆ-ਸਿਰਜਕ ਇੰਦਰਜੀਤ ਸਿੰਘ ਰਿਆਤ ਦੇ ਪੂਰਨ ਸਿੱਖੀ ਸਰੂਪ ਤੇ ਭਰਵੇਂ ਦਾਹੜੇ ਵਾਲੀਆਂ, ਵਾਰ-ਵਾਰ ਮੀਡੀਆ ਚ ਨਸ਼ਰ ਹੁੰਦੀਆਂ ਫੋਟੋਆਂ ਨੂੰ ਗੋਰੇ-ਕਾਲੇ ਲੋਕ ਵੀ ਗਹੁ ਨਾਲ਼ ਦੇਖਦੇ ਨੇ। ਇਸ ਤਿਆਰਬਰ-ਤਿਆਰ ਸਿੰਘ ਨੂੰ ਅਦਾਲਤ ਚ ਸਹੁੰ ਚੁੱਕ ਕੇ, 19 ਵਾਰ ਝੂਠ ਬੋਲਣ ਦੀ ਸਜ਼ਾ ਵੀ ਹਰ ਗੋਰੇ-ਕਾਲ਼ੇ ਨੇ ਮੀਡੀਆ ਰਾਹੀਂ ਵਾਰ-ਵਾਰ ਸੁਣੀ/ਪੜ੍ਹੀ ਹੈ। ਪੂਰਨ ਸਿੱਖੀ ਸਰੂਪ ਵਾਲੇ ਅਨੇਕਾਂ ਸਿੰਘ-ਸੰਘਣੀਆਂ ਸਮਗਲਿੰਗ ਅਤੇ ਹੋਰ ਹੇਰਾਫੇਰੀਆਂ ਕਾਰਨ ਅਮਰੀਕਾ-ਕੈਨਡਾ ਬੋਰਡਰ ਉੱਪਰ ਜੇਲ੍ਹਾਂ ਚ ਨੇ, ਇਸ ਗੱਲ ਦਾ ਇਲਮ, ਕਨੇਡੀਅਨ ਲੋਕਾਂ ਨੂੰ ਵੀ ਹੈ। ਸਰੀ ਗੁਰਦਵਾਰੇ ਚ ਤੱਪੜਾਂ-ਕੁਰਸੀਆਂ ਦੇ ਮੁੱਦੇ ਤੇ ਹੋਈਆਂ ਖ਼ੂਨੀ ਝੜਪਾਂ ਦੀਆਂ ਖ਼ਬਰਾਂ ਕੈਨਡਾ ਭਰ ਦੇ ਟੈਲਾਵਿਯਨਾਂ ਚ ਨਾਲ਼-ਦੀ-ਨਾਲ਼ ਲਾਈਵ ਨਸ਼ਰ ਹੋਈਆਂ: ਸਰੀ ਦੇ ਗੁਰਦਵਾਰੇ ਚ ਹੋਈਆਂ ਇਨ੍ਹਾਂ ਖੂਨੀ ਝੜਪਾਂ ਚ ਅੰਮ੍ਰਿਤਧਾਰੀ ਸਿੱਖਾਂ ਨੇ ਹੀ ਇੱਕ-ਦੂਜੇ ਦੀਆਂ ਪੱਗਾਂ ਉਤਾਰੀਆਂ, ਦਾਹੜੇ ਬੇਅਦਬ ਕੀਤੇ, ਅਤੇ ਕਿਰਪਾਨਾਂ ਦੇ ਨਾਲ਼-ਨਾਲ਼ ਉੱਬਲ਼ਦੀਆਂ ਦਾਲਾਂ ਤੇ ਪ੍ਰਸ਼ਾਦ ਤਿਆਰ ਕਰਨ ਵਾਲ਼ੇ ਖੁਰਚਣਿਆਂ/ਕੜਛਿਆਂ ਨੂੰ ਵੀ ਹਥਿਆਰਾਂ ਦੇ ਤੌਰ ਤੇ ਵਰਤ ਕੇ ਸਿੱਖੀ ਸਰੂਪ ਨੂੰ ਖੂਬ ਜ਼ਲੀਲ ਕੀਤਾ। ਹਾਲੇ ਕੁਝ ਚਿਰ ਪਹਿਲਾਂ ਹੀ, ਬਰੈਂਪਟਨ ਦੇ ਸਿੱਖ ਲਹਿਰ ਗੁਰਦਵਾਰੇ ਚ ਬਾਹਰੋਂ ਗਏ ਸਿੰਘਾਂ ਨੇ ਇੱਕ ਅੰਮ੍ਰਿਤਧਾਰੀ ਬਜ਼ੁਰਗ ਵਕੀਲ ਨੂੰ ਉਸ ਦੇ ਪੇਟ ਚ ਕਿਰਪਾਨ ਖੁਭੋਅ ਕੇ ਸਖ਼ਤ ਜ਼ਖ਼ਮੀ ਕੀਤਾ। ਬੀਤੇ ਮਹੀਨੇ ਨਿਊ ਯੋਰਕ ਦੇ ਇੱਕ ਗੁਰਦਵਾਰੇ ਚ ਡਾਂਗਾਂ, ਕਿਰਪਾਨਾਂ ਦੇ ਨਾਲ਼-ਨਾਲ਼, ਕੀਰਤਨ ਕਰਨ ਵੇਲ਼ੇ ਖੜਕਾਏ ਜਾਂਦੇ ਢੰਡਰੀਆਂ-ਮਾਰਕਾ ਚਿਮਟਿਆਂ ਨਾਲ਼ ਗੁਰਦਵਾਰੇ ਚ ਗਹਿ-ਗੱਚ ਲੜਾਈ ਹੋਈ। ਵਿਨਜ਼ਰ ਸ਼ਹਿਰ ਦੇ ਗੁਰਦਵਾਰੇ ਚ ਲੰਮੇ ਸਮੇਂ ਤੋਂ ਚਲਦਾ ਘੈਂਸ-ਘੈਂਸ ਤੇ ਕੁੱਟ-ਕੁਟੱਈਆ ਕਨੇਡੀਅਨ ਮੀਡੀਆ ਚ ਅਕਸਰ ਹੀ ਦਰਸ਼ਨ ਦੇਂਦਾ ਰਹਿੰਦਾ ਹੈ। ਬਰੈਂਪਟਨ ਦੇ ਇੱਕ ਗੁਰਦਵਾਰੇ ਚ ਗੋਲਕ ਉੱਪਰ ਕਬਜ਼ੇ ਨੂੰ ਲੈ ਕੇ ਚੰਗੀ ਮਾਰ-ਧਾੜ ਤੇ ਖ਼ੂਨ-ਖ਼ਰਾਬਾ ਮੀਡੀਆ ਚ ਛਪੇ ਤੇ ਨਸ਼ਰ ਹੋਏ। ਇਸ ਲਈ ਇਸ ਗੱਲ ਤੋਂ ਅੱਖਾਂ ਨਾ ਮੀਟੀਏ ਕਿ ਇਨ੍ਹਾਂ ਸਾਰਿਆਂ ਕਾਰਨਾਂ ਕਰ ਕੇ, ਦੂਸਰੀਆਂ ਕਮਿਊਨਿਟੀਆਂ ਚ ਸਾਡਾ ਅਕਸ ਹੁਣ ਝਗੜਾਲੂਆਂ, ਮਾਰਧਾੜੀਆਂ, ਲੱਠਮਾਰਾਂ, ਖਰੂਦੀਆਂ, ਬੇਮੁਹਾਰਾਂ ਤੇ ਬੇਰਹਿਮਾਂ ਵਾਲ਼ਾ ਬਣ ਗਿਆ ਹੈ।
ਪੰਜਾਬੀ ਦੇ ਰੇਡੀਓ ਟਾਕ ਸ਼ੋਅਜ਼ ਚ ਕਾਲਾਂ ਕਰਨ ਵਾਲਿ਼ਆਂ ਚੋਂ ਕਿੰਨੇ ਕੁ ਲੋਕ ਇਹ ਪੜ੍ਹਦੇ ਨੇ ਕਿ ਆਮ ਕਨੇਡੀਅਨ ਲੋਕਾਂ ਚੋਂ ਹੁਣ ਅਵਾਜ਼ਾਂ ਉੱਠਣ ਲੱਗ ਪਈਆਂ ਹਨ ਕਿ ਬਾਹਰੋਂ ਆਏ ਅਸੀਂ ਲੋਕ, ਆਪਣਾ ਧਾਰਮਿਕ ਜਨੂੰਨ, ਰਾਜਨੀਤਕ ਬੋਰੀਆ-ਬਿਸਤਰਾ ਤੇ ਮਾਰਧਾੜ ਦੀ ਲਾਂਡਰੀ ਆਪਣੇ ਨਾਲ਼ ਕੈਨਡਾ ਚ ਵੀ ਘੜੀਸ ਲਿਆਏ ਹਾਂ ਤੇ ਫਿਰ ਇੰਡੀਆ ਦੀ ਸਿਆਸੀ ਖੇਡ ਅਸੀਂ ਕੈਨਡਾ ਵਿੱਚ ਮਾਰਧਾੜ ਤੇ ਗੁੱਥਮਗੁੱਥਾ ਹੋ ਕੇ ਤੇ ਝੰਡੇ ਸਾੜ-ਲਿਤਾੜ ਕੇ ਲੜਦੇ ਹਾਂ। ਏਅਰ ਇੰਡੀਆ ਵਰਗੇ ਸ਼ਰਮਨਾਕ ਕਾਂਡ ਵਰਤਾਅ ਕੇ, ਕਨੇਡੀਅਨ ਖ਼ਜ਼ਾਨੇ ਦਾ ਕਰੋੜਾਂ ਡਾਲਰਾਂ ਦਾ ਨੁਕਸਾਨ ਕਰਾਉਂਦੇ ਹਾਂ। ਕਨੇਡੀਅਨ ਲੋਕਾਂ ਦੇ ਇਸ ਸਵਾਲ ਦਾ ਸਾਡੇ ਕੋਲ਼ ਕੀ ਜਵਾਬ ਹੈ ਕਿ ਇੰਦਰਜੀਤ ਰਿਆਤ ਇਹ ਕਿਉਂ ਨਹੀਂ ਦਸਦਾ ਕਿ ਉਸ ਨੇ ਬੰਬ ਬਣਾ ਕੇ, ਏਅਰ ਇੰਡੀਆ ਜਹਾਜ਼ ਚ ਰੱਖਣ ਲਈ ਕਿਨ੍ਹਾਂ ਬੇਰਹਿਮ ਲੋਕਾਂ ਦੇ ਸਪੁਰਦ ਕੀਤੇ ਸਨ? ਸਿੱਖੀ ਸਰੂਪ ਵਿੱਚ ਸਹੁੰ ਖਾ ਕੇ ਅਦਾਲਤਾਂ ਚ 19-20 ਵਾਰ ਝੂਠ ਬੋਲਣ ਵਾਲਿਆਂ ਦਾ ਅਕਸ ਭਲਾ ਝੂਠਿਆਂ ਤੇ ਬੇਇਤਬਾਰਿਆਂ ਤੋਂ ਬਿਨਾ ਹੋਰ ਕੀ ਬਣ ਸਕਦਾ ਹੈ? ਸਿੱਖੀ ਸਰੂਪ ਵਾਲਿ਼ਆਂ ਵੱਲੋਂ ਹੀ ਗੁਰਦਵਾਰਿਆਂ ਦੀਆਂ ਕੁਰਕੀਆਂ ਕਰਾਉਣ ਦੀ ਖ਼ਬਰਾਂ ਪੜ੍ਹ ਕੇ ਕਨੇਡੀਅਨ ਲੋਕਾਂ ਚ ਸਾਡਾ ਵਕਾਰ ਕਿਹੋ ਜਿਹਾ ਬਣਦਾ ਹੈ, ਇਹ ਦੱਸਣ ਦੀ ਜ਼ਰੂਰਤ ਨਹੀਂ। ਗੁਰਦਵਾਰਿਆਂ ਚ ਤੱਪੜਾਂ-ਕੁਰਸੀਆਂ ਦੇ ਮੁੱਦਿਆਂ ਉੱਤੇ ਖੂਨੀ ਝਗੜੇ ਪੜ੍ਹ-ਪੜ੍ਹ ਕੇ ਗੋਰੇ-ਕਾਲੇ ਲੋਕ ਸਾਨੂੰ ਬੇਹੂਦਾ, ਝਗੜਾਲੂ, ਖਰੂਦੀ, ਗੁਸੈਲ਼ੇ, ਤੇ ਜਾਹਲ ਨਾ ਸਮਝਣ ਤਾਂ ਹੋਰ ਕੀ ਸਮਝਣ? ਕਨੇਡੀਅਨ ਲੋਕ ਅਮਨ-ਅਮਾਨ ਨਾਲ਼ ਰਹਿਣ ਦੇ ਆਦੀ ਤੇ ਇੱਛੁਕ ਹਨ ਅਤੇ ਇਹ ਕਿਸੇ ਵੀ ਕਿਸਮ ਦੀ ਮਾਰਧਾੜ, ਲਾ-ਲਾ ਲਾ-ਲਾ, ਫੋਕੀ ਨਾਹਰੇਬਾਜ਼ੀ, ਕੌਮੀ ਝੰਡਿਆਂ ਦੀ ਬੇਅਦਬੀ ਅਤੇ ਧਾਰਮਿਕ ਕੱਟੜਤਾ ਨੂੰ ਕਦੇ ਵੀ ਪਰਵਾਨ ਨਹੀਂ ਕਰਨਗੇ। ਉਨ੍ਹਾਂ ਨੂੰ ਕੀ ਕਿ ਕਿਸੇ ਬਿਗਾਨੇ ਮੁਲਕ ਵਿੱਚ ਕੀ ਹੋ ਰਿਹਾ ਹੈ? ਉਹ ਤਾਂ ਏਸ ਗੱਲੋਂ ਖ਼ਫ਼ਾ ਹੋ ਰਹੇ ਨੇ 2% ਲੋਕ ਕਥਿਤ ਤੌਰ ਤੇ ਕੈਨਡਾ ਵਰਗੇ ਸਾਫ਼ ਸੁਥਰੇ ਮੁਲਕ ਦੇ ਕਾਇਦੇ-ਕਨੂੰਨਾਂ, ਸਕਿਊਰਿਟੀ ਅਤੇ ਹੋਰ ਰਵਾਇਤਾਂ ਨੂੰ ਵਿਗਾੜ ਰਹੇ ਨੇ। ਇਹੀ ਕਨੇਡੀਅਨ ਲੋਕ ਹੀ ਇੰਟਰਨੈੱਟ ਦੀਆਂ ਵੈੱਬਸਾਈਟਸ ਰਾਹੀਂ ਵਾਰ-ਵਾਰ ਇਹ ਸਵਾਲ ਕਰਦੇ ਨੇ ਕਿ (1) ਕੈਨਡਾ ਵਿੱਚ ਪਬਲਿਕ ਮੁਕਾਮਾਂ ਤੇ ਹਥਿਆਰ ਲਿਜਾਣ ਦੀ ਮਨਾਹੀ ਹੈ; ਅਗਰ ਸਿੱਖ ਆਗੂਆਂ ਮੁਤਾਬਿਕ ਕਿਰਪਾਨ ਇੱਕ ਹਥਿਆਰ ਹੈ ਤਾਂ ਇਸ ਨੂੰ ਪਬਲਿਕ ਮੁਕਾਮਾਂ ਉੱਤੇ ਪਹਿਨਣ ਦੀ ਜਿ਼ਦ ਕਿਉਂ ਕੀਤੀ ਜਾਂਦੀ ਹੈ? (2) ਅਗਰ ਕਿਰਪਾਨ ਧਾਰਮਿਕ ਚਿੰਨ੍ਹ (ਸਿੰਬਲ) ਹੈ ਤਾਂ ਚਿੰਨ੍ਹ ਦੀ ਲੰਬਾਈ ਨੌਂ ਇੰਚ ਦੀ ਬਜਾਏ ਇੱਕ-ਡੇਢ ਇੰਚ ਕਿਉਂ ਨਹੀਂ ਰੱਖੀ ਜਾ ਸਕਦੀ, ਅਤੇ ਇਸ ਨੂੰ ਨਿੱਕੇ ਜਿਹੇ ਕਰਾਸ ਵਾਂਗ, ਗਲ਼ ਦੇ ਉਦਾਲ਼ੇ ਕਿਉਂ ਨਹੀਂ ਪਹਿਨਿਆਂ ਜਾ ਸਕਦਾ? (3) ਅਗਰ ਸਿੱਖਾਂ ਦੇ ਪੋਪ (ਤਖ਼ਤਾਂ ਦੇ ਜੱਥੇਦਾਰ), ਪ੍ਰਚਾਰਕ ਤੇ ਪ੍ਰੀਸਟ (ਗੰ੍ਰਥੀ) ਦਿੱਲੀ ਤੋਂ ਟਰਾਂਟੋ ਤੀਕ 18-20 ਘੰਟੇ, ਕਿਰਪਾਨਾਂ ਉਤਾਰ ਕੇ, ਜਹਾਜ਼ ਵਿੱਚ ਬੈਠ ਸਕਦੇ ਨੇ ਤਾਂ ਸਕਿਊਰਿਟੀ ਦੇ ਨਿਯਮਾਂ ਦਾ ਆਦਰ ਕਰਦਿਆਂ, ਬਾਕੀ ਸਿੱਖ ਦੋ ਚਾਰ ਘੰਟੇ ਲਈ ਕਿਰਪਾਨ ਕਿਉਂ ਨਹੀਂ ਉਤਾਰ ਸਕਦੇ? (4) ਬਾਕੀ ਧਰਮਾਂ ਕ੍ਰਿਸਚਨ, ਬੋਧੀ, ਜੈਨੀ, ਯਹੂਦੀ, ਹਿੰਦੂ, ਪਾਰਸੀ ਆਦਿਕ-ਦਾ ਕਨੇਡੀਅਨ ਕਨੂੰਨਾਂ ਅਤੇ ਰਵਾਇਤਾਂ ਨਾਲ਼ ਕਦੇ ਟਕਰਾਓ ਨਹੀਂ ਹੁੰਦਾ, ਪਰ ਸਿੱਖ ਤੇ ਮੁਸਲਿਮ ਹੀ ਵਾਰ-ਵਾਰ ਖ਼ਾਸ ਰਿਆਇਤਾਂ ਕਿਉਂ ਮੰਗਦੇ ਰਹਿੰਦੇ ਨੇ? {ਵਰਨਣਯੋਗ ਹੈ ਕਿ ਵਿਨਾਪੈੱਗ ਚ ਬੀਤੇ ਮਹੀਨੇ ਇੰਮੀਗਰੈਂਟ ਬਣ ਕੇ ਆਏ ਦੋ ਦਰਜਣ ਮੁਸਲਿਮ ਪਰਵਾਰਾਂ ਨੇ ਸਕੂਲ ਬੋਰਡ ਨੂੰ ਕਿਹਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਕੋਐਜੂਕੇਸ਼ਨ ਵਿੱਚ ਨਾ ਲਾਇਆ ਜਾਵੇ(ਯਾਨੀ ਉਹਨਾਂ ਦੇ ਲੜਕਿਆਂ ਲਈ ਖ਼ਾਲਸ ਲੜਕਿਆਂ ਵਾਲ਼ੇ ਤੇ ਲੜਕੀਆਂ ਲਈ ਨਿਰੋਲ ਲੜਕੀਆਂ ਵਾਲ਼ੇ ਸਕੂਲਾਂ ਦਾ ਪ੍ਰਬੰਧ ਕੀਤਾ ਜਾਵੇ!)ਅਤੇ ਉਹਨਾਂ ਨੂੰ ਸੰਗੀਤ ਅਤੇ ਸਿਹਤ-ਸਿੱਖਿਆ ਦੇ ਮਜ਼ਮੂਨਾਂ ਤੋਂ ਛੋਟ ਦਿੱਤੀ ਜਾਵੇ! 21ਵੀਂ ਸਦੀ ਚ ਅਜੇਹੀਆਂ ਬੇਹੂਦਾ ਮੰਗਾਂ ਨੂੰ ਕਨੇਡੀਅਨ ਲੋਕ ਕਿੰਨੀਆਂ ਕੁ ਜਾਇਜ਼ ਸਮਝਣਗੇ?}
ਕਨੇਡੀਅਨ ਲੋਕਾਂ ਵੱਲੋਂ ਪੁੱਛੇ ਜਾਂਦੇ ਇਨ੍ਹਾਂ ਤਿੱਖੇ ਸਵਾਲਾਂ ਦਾ ਭਲਾ ਸਾਡੇ ਕੋਲ਼ ਕੀ ਜਵਾਬ ਹੈ? ਟਰਾਂਟੋ ਚ ਹੈਲਮਟ ਤੋਂ ਬਿਨਾਂ ਮੋਟਰਸਾਈਕਲ ਚਲਾਉਣ ਦੀ ਜਿ਼ਦ ਕਰਨ ਵਾਲੇ ਸਾਡੇ ਇੱਕ ਸਿੱਖ ਭਰਾ ਨੇ ਗੋਰਿਆਂ ਦੇ ਰੇਡੀਓ, ਟੀ ਵੀ ਅਤੇ ਅਖ਼ਬਾਰਾਂ ਰਾਹੀਂ ਉਜੱਡ, ਅਹਿਮਕ, ਮੂਰਖ਼ ਬੇਦਲੀਲੇ ਤੇ ਹੋਰ ਕੁਨਾਂਵ ਸਾਡੀ ਝੋਲ਼ੀ ਚ ਪੁਆਉਣ ਤੋਂ ਸਿਵਾਅ ਸਾਡਾ ਕੀ ਸੰਵਾਰਿਆ? ਇਸੇ ਤਰ੍ਹਾਂ ਕਨਸਟਰਕਸ਼ਨ ਵਾਲੀਆਂ ਥਾਵਾਂ ਤੇ ਹਾਰਡ-ਹੈਟ ਨਾ ਪਹਿਨਣ ਦੀ ਅੜੀ ਨਾਲ ਕਨੇਡੀਅਨ ਲੋਕਾਂ ਦੇ ਮਨਾਂ ਚ ਸਾਡੇ ਪ੍ਰਤੀ ਵੱਡੇ ਸ਼ੰਕੇ ਖੜ੍ਹੇ ਹੋ ਗਏ ਨੇ। ਕਨੇਡੀਅਨ ਲੋਕਾਂ ਦੇ ਇਹ ਤਿੱਖੇ ਸਵਾਲ ਹਨ ਜਿਹੜੇ ਕਿਰਪਾਨ ਵਰਗੇ ਮਸਲਿਆਂ ਨੂੰ ਚੁੱਕਣ ਦੇਣ ਵਾਲ਼ੇ ਸਿੰਘ, ਆਮ ਸਿੱਖਾਂ ਨਾਲ਼ ਕਦੇ ਵੀ ਸਾਂਝੇ ਨਹੀਂ ਕਰਦੇ।
ਕਨੇਡੀਅਨ ਕਾਨੂੰਨਾਂ, ਕਨੇਡੀਅਨ ਲੋਕਾਂ ਅਤੇ ਕਨੇਡੀਅਨ ਸਰਕਾਰਾਂ ਦਾ ਸਾਨੂੰ ਸ਼ੁਕਰੀਆ ਕਰਨਾਂ ਚਾਹੀਦਾ ਹੈ ਕਿ ਇਹਨਾਂ ਨੇ ਫ਼ਰਾਂਸ ਵਾਂਗ ਦਸਤਾਰ ਤੇ ਪਾਬੰਦੀ ਨਹੀਂ ਲਗਾਈ, ਅਤੇ ਸੁਪਰੀਮ ਕੋਰਟ ਨੇ ਇੱਕ ਖ਼ਾਸ ਲੰਬਾਈ ਵਾਲੀ ਕਿਰਪਾਨ ਨੂੰ ਕੁਝ ਸ਼ਰਤਾਂ ਅਧੀਨ, ਸਕੂਲਾਂ ਵਿੱਚ ਪਹਿਨਣ ਦੀ ਖੁਲ੍ਹਦਿਲੀ ਦਿਖਾਈ ਹੈ। ਅਮਰੀਕਾ ਦੀ ਮਿਸ਼ੀਗਨ ਸਟੇਟ ਨੇ ਸਵਾ ਦੋ ਇੰਚ ਬਲੇਡ ਵਾਲ਼ੀ ਕਿਰਪਾਨ ਨੂੰ ਸਕੂਲਾਂ ਚ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਹੈ ਬਸ਼ਰਤੇ ਕਿ ਕਿਰਪਾਨ ਦਾ ਬਲੇਡ, ਕਿਰਪਾਨ ਦੇ ਮਿਆਨ ਅੰਦਰ ਏਸ ਤਰੀਕੇ ਨਾਲ ਸਿਓਂ ਕੇ ਜੋੜਿਆ ਹੋਇਆ ਹੋਵੇ ਕਿ ਇਸ ਨੂੰ ਖਿੱਚ ਕੇ ਬਾਹਰ ਨਾ ਕੱਢਿਆ ਜਾ ਸਕੇ। ਇਹ ਸ਼ਰਤ ਵੀ ਲਾਈ ਗਈ ਹੈ ਕਿ ਕਿਰਪਾਨ ਨੂੰ ਕੱਪੜਿਆਂ ਦੇ ਹੇਠੋਂ ਦੀ ਇਸ ਢੰਗ ਨਾਲ਼ ਪਹਿਨਿਆਂ ਜਾਵੇ ਕਿ ਇਹ ਕਿਸੇ ਨੂੰ ਨਜ਼ਰ ਨਾ ਆਵੇ। ਕਨੇਡੀਅਨ ਲੋਕ ਏਨੇ ਖੁਲ੍ਹਦਿਲੇ ਹਨ ਕਿ ਕਿਸੇ ਵੀ ਮੁਲਕ/ਕਲਚਰ ਦੇ ਪਹਿਰਾਵੇ, ਖਾਣੇ ਅਤੇ ਗੀਤ-ਸੰਗੀਤ ਨੂੰ ਹੱਸ ਕੇ ਸਵੀਕਾਰ ਕਰਦੇ ਨੇ।
ਕਨੇਡੀਅਨ ਸਰਕਾਰਾਂ ਤੇ ਲੋਕਾਂ ਦੀ ਖੁਲ੍ਹਦਿਲੀ ਦੀ ਇੱਕ ਵੱਡੀ ਮਿਸਾਲ ਇਹ ਹੈ ਕਿ ਕਨੇਡੀਅਨ ਅਦਾਲਤਾਂ ਚ ਦੇਸ਼ ਦੇ ਸਾਢੇ ਤਿੰਨ ਕਰੋੜ ਵਿਅਕਤੀਆਂ ਨੂੰ ਆਪਣਾ ਸਿਰ ਨੰਗਾ ਕਰ ਕੇ ਬੈਠਣ ਦਾ ਹੁਕਮ ਹੈ ਲੇਕਿਨ ਪੰਜ ਲੱਖ ਵਿੱਚੋਂ ਕੁਝ ਕੁ ਹਜ਼ਾਰ ਦਸਤਾਰਧਾਰੀ ਸਿੱਖਾਂ ਨੂੰ ਇਸ ਹੁਕਮ ਤੋਂ ਛੋਟ ਹੈ। ਪ੍ਰੰਤੂ ਜਿੱਥੇ ਸੇਫ਼ਟੀ, ਸਕਿਊਰਿਟੀ, ਅਮਨ-ਕਾਨੂੰਨ ਅਤੇ ਇਨਸ਼ੋਰੈਂਸ ਆਦਿਕ ਦਾ ਸਵਾਲ ਆ ਜਾਂਦਾ ਹੈ, ਤਾਂ ਇਹ ਲੋਕ ਕਾਨੂੰਂਨ ਨੂੰ ਚੈਲੰਜ ਕਰਨ ਵਾਲਿ਼ਆਂ ਦੇ ਖਿ਼ਲਾਫ਼ ਤੜਫ਼ ਉਠਦੇ ਨੇ।
ਅੱਜ ਦਾ ਯੁਗ ਤਿੰਨ-ਚਾਰ ਸੌ ਸਾਲਾਂ ਪਹਿਲਾਂ ਵਾਲ਼ੇ ਯੁੱਗ ਤੋਂ ਬਿਲਕੁਲ ਹੀ ਵੱਖਰਾ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਇੱਕੋ ਹੀ ਧਰਮ ਅਤੇ ਕਲਚਰ ਦੇ ਲੋਕ ਨਿੱਕੇ-ਨਿੱਕੇ ਇਲਾਕਿਆਂ/ਰਿਆਸਤਾਂ ਚ ਰਹਿੰਦੇ ਸਨ ਤਾਂ ਪਹਿਰਾਵੇ ਪੱਖੋਂ ਟੱਕਰਾਅ ਦੀ ਗੁੰਜਾਇਸ਼ ਨਹੀਂ ਸੀ ਰਹਿੰਦੀ। ਪਰੰਤੂ ਅੱਜ ਦੇ ਨਵੇਂ ਸੰਸਾਰ ਵਿੱਚ ਹੋਈ ਜ਼ਬਰਦਸਤ ਇੰਮੀਗਰੇਸ਼ਨ ਕਾਰਨ ਵੱਖ-ਵੱਖ ਧਰਮਾਂ, ਬੋਲੀਆਂ ਅਤੇ ਕਲਚਰਾਂ ਦੇ ਲੋਕਾਂ ਨੂੰ ਇੱਕ-ਦੂਜੇ ਨਾਲ਼ ਰਹਿਣਾ ਤੇ ਕੰਮ-ਕਾਰ ਕਰਨਾ ਪੈ ਰਿਹਾ ਹੈ, ਇਸ ਲਈ ਸੰਪੂਰਨ ਅਲਹਿਦਗੀ ਚੱਲ ਨਹੀਂ ਸਕਣੀ; ਧਾਰਮਿਕ ਕੱਟੜਤਾ ਪ੍ਰਵਾਨ ਨਹੀਂ ਹੋਣੀ। ਅਗਰ ਲੋਕਾਂ ਨੇ ਆਪਣੇ ਵਿਚਾਰਾਂ, ਅਕੀਦਿਆਂ ਅਤੇ ਕਦਰਾਂ-ਕੀਮਤਾਂ ਚ ਲਚਕ ਤੇ ਤਬਦੀਲੀਆਂ ਨਾ ਕੀਤੀਆਂ ਤਾਂ ਸਦਾ ਟਕਰਾਅ ਦੀ ਸਥਿਤੀ ਬਣੀ ਰਹਿਣੀ ਹੈ। ਇਸ ਲਈ ਭਿੰਨ-ਭਿੰਨ ਕੌਮਾਂ ਨੂੰ ਮਿਲਜੁਲ ਕੇ ਰਹਿਣਾ ਸਿੱਖਣਾ ਪੈਣਾ ਹੈ ਅਤੇ ਸਦੀਆਂ ਪੁਰਾਣੀਆਂ ਰਵਾਇਤਾਂ, ਤੌਰ-ਤਰੀਕਿਆਂ ਅਤੇ ਰਸਮਾਂ ਵਿੱਚ ਤਬਦੀਲੀ ਵੀ ਕਰਨੀਂ ਹੀ ਪੈਣੀ ਹੈ।
ਸਾਨੂੰ ਦੂਸਰੇ ਲੋਕਾਂ ਅਤੇ ਕਮਿਊਨਿਟੀਜ਼ ਦੇ ਸਾਡੇ ਪ੍ਰਤੀ ਨਿਖੇਧੀ (ਨੈਗਟਿਵ) ਵਿਚਾਰਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਕੁਝ ਵਰ੍ਹੇ ਪਹਿਲਾਂ ਹੋਏ ਇੱਕ ਸਰਵੇ ਵਿੱਚ ਬਹੁਤੇ ਕਨੇਡੀਅਨ ਲੋਕਾਂ ਨੇ ਮੁਸਲਮਾਨਾਂ ਅਤੇ ਸਿੱਖਾਂ ਨੂੰ ਉਹਨਾਂ ਲੋਕਾਂ ਵਿੱਚ ਸ਼ਾਮਲ ਕੀਤਾ ਸੀ ਜਿਨ੍ਹਾਂ ਨੂੰ ਉਹ ਪਸੰਦ ਨਹੀਂ ਕਰਦੇ। ਇਹ ਲੋਕ ਸਿੱਖਾਂ ਤੇ ਮੁਸਲਮਾਨਾਂ ਨੂੰ ਟੈਰੋਰਿਜ਼ਮ ਨਾਲ਼ ਜੋੜਦੇ ਨੇ। ਇਸ ਸਰਵੇ ਤੋਂ ਬਾਅਦ ਸਾਡੇ ਲੀਡਰਾਂ ਨੂੰ ਚੌਕਸ ਹੋ ਕੇ, ਉਨ੍ਹਾਂ ਕਾਰਨਾਂ ਦੀ ਤਹਿ ਤੀਕ ਜਾਣਾਂ ਚਾਹੀਦਾ ਸੀ ਜਿਨ੍ਹਾਂ ਕਰ ਕੇ ਕਨੇਡੀਅਨ ਲੋਕਾਂ ਦੀਆਂ ਨਜ਼ਰਾਂ ਚ ਸਾਡਾ ਅਕਸ ਮੈਲ਼ਾ ਹੁੰਦਾ ਜਾ ਰਿਹਾ ਹੈ।
ਸਾਨੂੰ ਇਸ ਗੱਲ ਤੋਂ ਵੀ ਸਬਕ ਸਿੱਖਣਾ ਚਾਹੀਦਾ ਹੈ ਕਿ ਨੈਦਰਲੈਂਡਜ਼ (ਹਾਲੈਂਡ)਼ ਅਤੇ ਡੈਨਮਾਰਕ ਚ ਦੋ ਦਹਾਕੇ ਪਹਿਲਾਂ ਉਥੋਂ ਦੀਆਂ ਸਰਕਾਰਾਂ ਅਤੇ ਲੋਕਾਂ ਨੇ, ਕੈਨਡਾ ਦੀਆਂ ਸਰਕਾਰਾਂ ਤੇ ਲੋਕਾਂ ਵਾਂਗ ਹੀ ਬਦੇਸ਼ੀਆਂ ਨੂੰ ਬਾਹਾਂ ਖੋਲ੍ਹ ਕੇ ਜੀ ਆਇਆਂ ਆਖਿਆ ਸੀ। ਉਨ੍ਹਾਂ ਨੇ ਬਦੇਸ਼ੀਆਂ ਨੂੰ ਵੈੱਲਫੇਅਰ ਦਿੱਤੀ, ਭਾਸ਼ਾ ਦੀਆਂ ਕਲਾਸਾਂ ਦਿੱਤੀਆਂ ਅਤੇ ਹਰ ਯੋਗ ਸਹੂਲਤ ਦਿੱਤੀ। ਲੇਕਿਨ ਇਨ੍ਹਾਂ ਦੇਸ਼ਾਂ ਦੇ ਮੁੱਠੀਭਰ ਬੜਬੋਲੇ ਕੱਟੜਪੰਥੀ ਮੁਸਲਮਾਨਾਂ ਨੇ ਇਨ੍ਹਾਂ ਮੁਲਕਾਂ ਦੇ ਕਾਇਦੇ-ਕਾਨੂਨਾਂ ਵਿੱਚ ਆਪਣੀ ਸ਼ਰੀਅਤ ਮੁਤਾਬਿਕ ਤਬਦੀਲੀਆਂ ਦੀ ਨਾਜਾਇਜ਼ ਮੰਗ ਕਰਨੀ ਸ਼ੁਰੂ ਕਰ ਦਿੱਤੀ, ਵੈੱਲਫ਼ੇਅਰ ਦੇ ਜਾਅਲੀ ਤੌਰ ਤੇ ਕਲੇਮ ਲੈ-ਲੈ ਕੇ, ਵੈੱਲਫੇਅਰ ਸਿਸਟਮ ਦਾ ਦੀਵਾਲਾ ਕੱਢ ਦਿੱਤਾ, ਬੁਰਕੇ ਪਹਿਨਣ ਦੀ ਜਿ਼ਦ ਕਰ ਦਿੱਤੀ, ਮੁਸਲਮਾਨਾਂ ਲਈ ਵੱਖਰੇ ਸਕੂਲਾਂ ਦੀ ਮੰਗ ਕਰ ਦਿੱਤੀ, ਅਤੇ ਹੋਰ ਅਜੀਬ ਕਿਸਮ ਦੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਇਨ੍ਹਾਂ ਮੁਲਕਾਂ ਦੇ ਲੋਕਾਂ ਤੇ ਸਰਕਾਰਾਂ ਨੂੰ ਖ਼ਫ਼ਾ ਕਰਨ ਲੱਗ ਪਈਆਂ। ਇਸ ਦਾ ਨਤੀਜਾ ਇਹ ਹੋਇਆ ਕਿ ਦੋ-ਤਿੰਨ ਦਹਾਕੇ ਪਹਿਲਾਂ ਜੀ-ਆਇਆਂ ਕਹਿਣ ਵਾਲੇ ਉਹੀ ਉਦਾਰ-ਚਿੱਤ ਲੋਕ, ਮੁਸਲਮਾਨਾਂ ਨੂੰ ਨਫ਼ਰਤੀ ਨਜ਼ਰਾਂ ਨਾਲ਼ ਦੇਖਣ ਲੱਗ ਪਏ। ਮੁਸਲਮਾਨਾਂ ਤੇ ਖ਼ਫ਼ਾ ਹੋਏ ਇਨ੍ਹਾਂ ਲੋਕਾਂ ਨੇ ਬੀਤੇ ਸਾਲ, ਨਰਮ-ਨੀਤੀ ਵਾਲ਼ੀਆਂ ਲਿਬਰਲ ਸਰਕਾਰਾਂ ਨੂੰ ਹਰਾ ਕੇ, ਉਹਨਾਂ ਰਾਜਨੀਤਕ ਪਾਰਟੀਆਂ ਨੂੰ ਜਿਤਾਅ ਦਿੱਤਾ ਜਿਹੜੀਆਂ ਇੰਮੀਗਰਾਂਟਾ ਅਤੇ ਖ਼ਾਸ ਤੌਰ ਤੇ ਮੁਸਲਮਾਨਾਂ ਦੇ ਖਿ਼ਲਾਫ਼ ਖੁਲ੍ਹ ਕੇ ਭੜਾਸ ਕਢਦੀਆਂ ਸਨ/ਹਨ। ਅੱਜ ਹਾਲਾਤ ਇਹ ਹੋ ਗਏ ਹਨ ਕਿ ਇਹਨਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਬਸਿ਼ੰਦੇ ਮੁਸਲਮਾਨਾਂ ਦੀਆਂ ਮਸੀਤਾਂ ਉੱਤੇ ਪਾਬੰਦੀਆਂ ਲਗਾ ਰਹੇ ਨੇ। ਇਸ ਦੇ ਨਾਲ਼ ਹੀ ਮੁਸਲਮਾਨਾਂ ਦੀਆਂ ਇੰਮੀਗਰੇਸ਼ਨ ਅਰਜ਼ੀਆਂ ਚ ਅੜਿੱਕੇ ਡਹੁਣ ਲੱਗ ਪਏ ਨੇ। ਇਹ ਹਾਲਾਤ ਦੇਖ ਕੇ ਸਾਨੂੰ ਸਿੱਖਾਂ ਨੂੰ ਆਪਣੇ ਵਿਵਹਾਰ ਅਤੇ ਵਰਤਾਓ ਵਿੱਚ ਇਨਕਲਾਬੀ ਤਬਦੀਲੀਆਂ ਕਰ ਲੈਣੀਆਂ ਚਾਹੀਦੀਆਂ ਨੇ ਤਾਂ ਕਿ ਕੈਨਡਾ ਦੇ 98% ਗੈਰ-ਸਿੱਖ ਲੋਕ ਕਿਧਰੇ ਸਾਡੇ ਖਿ਼ਲਾਫ਼ ਹੋ ਕੇ, ਮੁਸਲਮਾਨਾਂ ਵਾਂਗ ਸਾਨੂੰ ਅਲੱਗ-ਥਲੱਗ ਨਾ ਕਰ ਸੁੱਟਣ। ਅਗਰ ਹਾਲੈਂਡ ਤੇ ਡੈਨਮਾਰਕ ਦੇ ਬਸਿ਼ੰਦੇ ਨਰਮ-ਚਿੱਤ ਪਾਰਟੀਆਂ ਨੂੰ ਦੁਰਕਾਰ ਕੇ, ਪਿਛਾਂਹ-ਖਿੱਚੂ ਨਸਲਵਾਦੀ ਪਾਰਟੀਆਂ ਮਗਰ ਲੱਗ ਸਕਦੇ ਹਨ, ਤਾਂ ਇਹੀ ਵਰਤਾਰਾ ਕੈਨਡਾ ਵਿੱਚ ਵੀ ਦੁਹਰਾਇਆ ਜਾ ਸਕਦਾ ਹੈ। ਇਹ ਕੋਈ ਅੱਤ-ਕਥਨੀ ਨਹੀਂ ਕਿ ਬਾਹਰੋਂ ਆਏ ਇੰਮੀਗਰਾਂਟਾਂ ਦੀਆਂ ਅਜੀਬੋ-ਗ਼ਰੀਬ ਮੰਗਾਂ ਤੋਂ ਖ਼ਫ਼ਾ ਹੋ ਕੇ, ਕੈਨਡਾ ਦੇ ਨਸਲਵਾਦੀ ਬਾਸਿ਼ੰਦੇ, ਡੈਨਮਾਰਕ ਅਤੇ ਹਾਲੈਂਡ ਵਾਂਗ ਹੀ, ਲਿਬਰਲਾਂ, ਟੋਰੀਆਂ ਅਤੇ ਡੈਮੋਕਰੈਟਾਂ ਦੇ ਟਾਕਰੇ, ਇੱਕ ਦਿਨ ਕੋਈ ਅੱਤ ਦੀ ਨਸਲਵਾਦੀ ਪਾਰਟੀ ਖੜ੍ਹੀ ਕਰ ਕੇ, ਉਸ ਨੂੰ ਸਰਕਾਰ ਸੌਂਪ ਦੇਵਣ। ਇਹ ਹਕੀਕਤ ਹੈ ਕਿ ਕੱਟੜਵਾਦ, ਜਿ਼ਦ, ਅਤੇ ਮੈਂ-ਨਾ-ਮਾਨੂੰ ਵਾਲੇ ਕਿਰਦਾਰ ਵਾਲੇ ਕਿਸੇ ਵੀ ਧਾਰਮਿਕ-ਕਲਚਰਲ ਭਾਈਚਾਰੇ ਨੂੰ, ਦੂਸਰੇ ਲੋਕ ਕੌੜੀਆਂ ਨਿਗਾਹਾਂ ਨਾਲ਼ ਦੇਖਣ ਲੱਗ ਜਾਂਦੇ ਨੇ। ਇਸ ਲਈ ਸਾਨੂੰ ਅਜੇਹੇ ਪੈਂਤੜਿਆਂ ਤੋਂ ਪੂਰੀ ਤਰ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿੰਨ੍ਹਾਂ ਨਾਲ ਗੈਰ-ਸਿੱਖਾਂ ਦਾ, ਸਾਡੇ ਨਾਲ ਲਮਕਵਾਂ ਤਕਰਾਰ ਅਤੇ ਟੱਕਰਾਅ ਸ਼ੁਰੂ ਹੋ ਜਾਵੇ। ਸਾਨੂੰ ਇਸ ਗੱਲੋਂ ਸੁਚੇਤ ਹੋਣਾ ਚਾਹੀਦਾ ਹੈ ਕਿ ਗੱਲ-ਗੱਲ ਉੱਤੇ ਕਨੇਡੀਅਨ ਕਾਨੂੰਨਾਂ ਨਾਲ਼ ਟੱਕਰਾਓ ਦੀ ਨੀਤੀ ਅਪਣਾਅ ਕੇ ਕਿਧਰੇ ਅਸੀਂ ਆਪਣੇ ਖਿ਼ਲਾਫ਼ ਨਸਲੀ ਨਫ਼ਰਤ ਨਾ ਭੜਕਾਅ ਬੈਠੀਏ।
ਇੱਕ ਹੋਰ ਗੱਲ ਦਾ ਆਮ ਸਿੱਖਾਂ ਨੂੰ ਇਲਮ ਨਹੀਂ ਕਿ ਯੂਰਪ ਦੇ ਮੁਲਕਾਂ ਨੇ ਪਹਿਲਾਂ ਹੀ ਮਲਟੀਕਲਚਰਲਿਜ਼ਮ ਨੂੰ ਨਿਕਾਰਨਾ ਸ਼ੁਰੂ ਕੀਤਾ ਹੋਇਆ ਹੈ। ਹਾਲੇ ਕੱਲ੍ਹ ਦੀ ਗੱਲ ਹੈ ਕਿ ਜਰਮਨੀ ਦੀ ਚਾਂਸਲਰ ਤੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਨੇ ਸਾਫ਼ ਲਫ਼ਜ਼ਾਂ ਚ ਆਖ ਦਿੱਤੈ ਕਿ ਮਲਟੀਕਲਚਰਲਿਜ਼ਮ ਮਰ ਚੁੱਕਾ ਹੈ, ਫ਼ੇਅਲ ਹੋ ਚੁੱਕਾ ਹੈ (ਗਲੋਬ ਐਂਡ ਮੇਅਲ: 11 ਫ਼ਰਵਰੀ, 2011) ਤੇ ਉਹਨਾਂ ਦੀ ਰੀਸੇ ਹੀ ਹੁਣ ਕੈਨਡਾ ਵਿੱਚ ਵੀ ਇਹ ਅਵਾਜ਼ਾਂ ਉੱਠਣ ਲੱਗ ਪਈਆਂ ਨੇ ਕਿ ਬਾਹਰੋਂ ਆਏ ਲੋਕ, ਕੈਨਡਾ ਦੇ ਕਾਇਦੇ-ਕਾਨੂੰਨਾਂ, ਕਦਰਾਂ-ਕੀਮਤਾਂ, ਕਲਚਰ, ਅਤੇ ਰਵਾਇਤਾਂ ਨੂੰ ਤੋੜ-ਮਰੋੜ ਰਹੇ ਨੇ ਜਿਸ ਕਰ ਕੇ ਮਲਟੀਕਚਰਲਿਜ਼ਮ ਖ਼ਤਮ ਕਰ ਦੇਣਾ ਚਾਹੀਦਾ ਹੈ। 11 ਫ਼ਰਵਰੀ ਦੇ ਗਲੋਬ ਐਂਡ ਮੇਅਲ ਦੀ ਵੈੱਬਸਾਈਟ ਤੇ ਛਪੀਆਂ ਦੋ ਹਜ਼ਾਰ ਤੋਂ ਵਧੇਰੇ ਟਿੱਪਣੀਆਂ ਚ ਬਹੁ-ਗਿਣਤੀ ਪਾਠਕਾਂ ਨੇ ਮਲਟੀਕਲਚਰਲਿਜ਼ਮ ਨੂੰ ਸਖ਼ਤ ਸ਼ਬਦਾਂ ਚ ਨਿਕਾਰਿਆ ਹੈ। ਅਸਟਰੇਲੀਆ ਦੇ ਪ੍ਰਧਾਨ ਮੰਤਰੀ ਕਈ ਵਾਰ ਇਹ ਦੁਹਰਾਅ ਚੁੱਕੇ ਹਨ ਕਿ ਜਿੰਨ੍ਹਾਂ ਬਦੇਸ਼ੀਆਂ ਨੂੰ ਅਸਟਰੇਲੀਅਨ ਕਾਨੂੰਨਾਂ ਚ ਰਹਿਣ ਵਿੱਚ ਔਖ ਆ ਰਹੀ ਹੈ, ਉਹ ਬੜੀ ਖ਼ੁਸ਼ੀ ਨਾਲ਼ ਅਸਟਰੇਲੀਆ ਨੂੰ ਛੱਡ ਕੇ ਆਪਣੇ ਜੱਦੀ ਮੁਲਕਾਂ ਨੂੰ ਵਾਪਿਸ ਜਾ ਸਕਦੇ ਨੇ। ਫ਼ਰਾਂਸ ਨੇ ਹਰ ਕਿਸਮ ਦੇ ਧਾਰਮਿਕ ਚਿੰਨ੍ਹਾਂ ਨੂੰ ਪਬਲਕਿ ਮੁਕਾਮਾਂ ਤੇ ਪਹਿਨਣ ਉੱਪਰ ਪਾਬੰਦੀ ਲਾ ਦਿੱਤੀ ਹੈ ਜਿਸ ਕਾਰਨ ਸਕੂਲਾਂ ਚ ਦਸਤਾਰ ਉੱਪਰ ਬੈਨ ਲੱਗ ਗਿਆ ਹੈ। ਇਟਲੀ ਵਿੱਚ ਰਹਿੰਦੇ ਸਿੱਖਾਂ/ਪੰਜਾਬੀਆਂ ਉੱਪਰ ਨਸਲੀ ਹਮਲੇ ਸ਼ੁਰੂ ਹੋ ਗਏ ਹਨ। ਸਪੇਨ ਵਿੱਚ ਸਿੱਖਾਂ ਨੂੰ ਨਸਲੀ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟਰੀਆ ਵਿੱਚ ਇੱਕ ਗੁਰਦਵਾਰੇ ਚ ਦਸਤਾਰਧਾਰੀ ਸਿੰਘਾਂ ਵੱਲੋਂ ਗੋਲੀਆਂ ਚਲਾਅ ਕੇ ਕੀਤੇ ਇੱਕ ਸੰਤ ਦੇ ਕਤਲ ਤੋਂ ਬਾਅਦ, ਆਸਟਰੀਅਨ ਭਾਈਚਾਰਾ ਵੀ ਸਿੱਖਾਂ ਨੂੰ ਸ਼ੱਕੀ ਨਜ਼ਰਾਂ ਨਾਲ਼ ਦੇਖਣ ਲੱਗ ਪਿਆ ਹੈ। ਇਸ ਹਿਸਾਬ ਇਹ ਗੱਲ ਵਿਚਾਰਨੀ ਬਣਦੀ ਹੈ ਕਿ ਕਿਧਰੇ ਸਾਡੇ ਕਿਰਦਾਰ-ਵਿਵਹਾਰ ਚ ਕੋਈ ਬਹੁਤ ਹੀ ਸੰਗੀਨ ਖ਼ਾਮੀਆਂ ਤਾਂ ਨਹੀਂ ਜਿੰਨ੍ਹਾਂ ਕਰ ਕੇ ਹਰ ਮੁਲਕ ਦੇ ਬਾਸਿ਼ੰਦੇ ਸਾਡੇ ਖਿ਼ਲਾਫ਼ ਹੋ ਜਾਂਦੇ ਨੇ! ਸਾਨੂੰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਬਾਕੀ ਮੁਲਕਾਂ ਵਾਂਗ ਕਿਧਰੇ ਕੈਨਡਾ ਵਿੱਚ ਵੀ ਸਾਡੇ ਵਿਰੋਧ ਵਿੱਚ ਉੱਠ ਰਹੀਆਂ ਆਵਾਜ਼ਾਂ ਜ਼ੋਰ ਨਾ ਫੜ ਜਾਵਣ, ਤੇ ਸਾਨੂੰ ਸਾਡੇ ਆਲ਼ੇ-ਦੁਆਲ਼ੇ ਦੇ ਕਹਿਰ ਦਾ ਸਿ਼ਕਾਰ ਹੋਣਾ ਪਵੇ!
ਸਾਡੇ ਖਿ਼ਆਲ ਚ ਸਾਡੇ ਜੱਥੇਦਾਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨੌਂ ਇੰਚੀ ਕਿਰਪਾਨ ਨੂੰ ਹਥਿਆਰ ਦੇ ਤੌਰ ਤੇ ਪਹਿਨਣ ਦੀ ਇਜਾਜ਼ਤ ਉਨ੍ਹਾਂ ਮੁਲਕਾਂ ਚ ਮਿਲਣੀ ਅਸੰਭਵ ਹੈ ਜਿੱਥੇ ਹਰ ਕਿਸਮ ਦੇ ਹਥਿਆਰ ਨੂੰ ਪਬਲਿਕ ਚ ਲਿਆਉਣ ਦੀ ਪਾਬੰਦੀ ਹੈ, ਅਤੇ ਇਹ ਇਜਾਜ਼ਤ ਲੈਣ ਲਈ ਜਿ਼ਦ ਕਰਨ ਨਾਲ ਕਸ਼ਮਕਸ਼ ਤੇ ਪੇਚੀਦਗੀਆਂ ਜਨਮ ਲੈਣਗੀਆਂ; ਇਸ ਲਈ ਬਦੇਸ਼ਾਂ ਵਿੱਚ ਇਸ ਮਾਮਲੇ ਨੂੰ ਨਜਿੱਠਣ ਲਈ ਉਹ ਨਰਮਾਈ ਵਰਤਣ ਦੇ ਆਦੇਸ਼ ਦੇਵਣ। ਨਾਲ਼ ਹੀ ਜਿੰਨ੍ਹਾਂ ਸ਼ਰਤਾਂ ਅਧੀਨ ਕੈਨਡਾ ਦੀ ਸੁਪਰੀਮ ਕੋਰਟ ਨੇ ਕਿਰਪਾਨ ਪਹਿਨਣ ਦੀ ਇਜਾਜ਼ਤ ਦਿੱਤੀ ਹੋਈ ਹੈ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਸ ਉੱਤੇ ਹੀ ਸਬਰ ਕਰਨਾਂ ਚਾਹੀਦਾ ਹੈ। ਸਾਡੇ ਤਖ਼ਤਾਂ ਦੇ ਜੱਥੇਦਾਰ, ਗ੍ਰੰਥੀ, ਸੰਤ, ਕੀਰਤਨੀਏ ਅਤੇ ਹੋਰ ਅੰਮ੍ਰਿਧਾਰੀ ਸਿੰਘ ਅਗਰ ਜਹਾਜ਼ ਚੜ੍ਹਨ ਵੇਲੇ ਕਿਰਪਾਨ ਉਤਾਰ ਦੇਂਦੇ ਹਨ ਤਾਂ ਸਾਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਸਕਿਊਰਿਟੀ ਏਜੰਸੀਆਂ ਨਾਲ ਮਿਲਵਰਤਣ ਕਰਦਿਆਂ ਕਿਸੇ ਖ਼ਾਸ ਹਾਲਾਤ ਵਿੱਚ ਕੈਨਡਾ ਚ ਕਿਰਪਾਨਾਂ ਕਿਉਂ ਨਹੀਂ ਉਤਾਰੀਆਂ ਜਾ ਸਕਦੀਆਂ।
ਕਿਰਪਾਨ ਵਰਗੇ ਮਸਲਿਆਂ ਨੂੰ ਲਚਕਾਅ ਨਾਲ਼ ਨਿਜੱਠਣ ਦੀ ਬਜਾਏ, ਅੜੀਅਲ ਅਤੇ ਟੱਕਰਾਊ ਵਤੀਰਾ ਧਾਰ ਕੇ ਕਿਧਰੇ ਅਸੀਂ ਕੈਨਡਾ ਦੇ ਨਰਮ-ਚਿੱਤ ਲੋਕਾਂ ਦੀ ਹਮਦਰਦੀ ਨਾ ਗੁਆ ਬੈਠੀਏ! ਕਿਰਪਾਨਾਂ ਲਈ ਤੇ ਹੈਲਮਟਾਂ ਤੋਂ ਬਿਨਾ ਮੋਟਰਸਾਈਕਲ ਚਲਾਉਣ ਵਰਗੀਆਂ ਸਹੂਲਤਾਂ ਲਈ ਅੜੀ ਕਰਦਿਆਂ-ਕਰਦਿਆਂ ਕਿਧਰੇ ਅਸੀਂ ਦਸਤਾਰਾਂ, ਭਾਸ਼ਾਵਾਂ ਅਤੇ ਹੋਰ ਰਿਆਇਤਾਂ ਉੱਪਰ ਹੀ ਫ਼ਰਾਂਸ ਵਾਂਗ ਪਾਬੰਦੀਆਂ ਨਾ ਲੁਆ ਬੈਠੀਏ!

-0-