Welcome to Seerat.ca

ਐਮ.ਐਸ. ਰੰਧਾਵਾ

 

- ਬਲਵੰਤ ਗਾਰਗੀ

ਕੈਨਡਾ ਚ ਕਿਰਪਾਨ ਦਾ ਮੁੱਦਾ:

 

- ਇਕਬਾਲ ਰਾਮੂਵਾਲੀਆ

ਮੇਰਾ ਪੋਤਾ

 

- ਹਰਜੀਤ ਅਟਵਾਲ

ਰੱਬਾ ਹੁਣ ਕੀ ਕਰੀਏ! ਦੀ ਹੂਕ ਉੱਠ ਗਏ ਗਵਾਂਢੋਂ ਯਾਰ

 

- ਵਰਿਆਮ ਸਿੰਘ ਸੰਧੂ

ਭਗਤ ਕਾਲ਼ਾ ਕੁੱਤਾ

 

- ਸੁਖਦੇਵ ਸਿੱਧੂ

ਬਾਤ ਨਿਕਲੀ ਹੈ ਤੋ---

 

- ਸੁਪਨ ਸੰਧੂ

ਇਨਸਾਨੀ ਲੋੜਾਂ

 

- ਅਰਸ਼ਦ ਮਹਿਮੂਦ ਨੰਦਨ

ਸੂਲ਼ੀ ਟੰਗਿਆ ਸਫ਼ਰ

 

- ਸੁਸ਼ੀਲ ਦੁਸਾਂਝ

ਸਰਾਂ ਯਾਦ ਕਰਦੀ ਹੈ

 

- ਦਰਸ਼ਨ ਜੋਗਾ

ਯਾਦਗਾਰੀ ਕਹਾਣੀ / ਮੂੰਹ ਉੱਤੇ ਹੱਥ

 

- ਰਘੁਬੀਰ ਢੰਡ

ਯਾਰ ਦਾ ਰੂਪ

 

- ਕਾਕਾ ਗਿੱਲ

 

ਭਗਤ ਕਾਲ਼ਾ ਕੁੱਤਾ

- ਸੁਖਦੇਵ ਸਿੱਧੂ

 

ਪਾਕਿਸਤਾਨੋਂ ਉੱਜੜ ਕੇ ਚਾਰ ਪੰਜ ਮਹੀਨੇ ਹੀ ਪਿੰਡ ਬੈਠੇ ਸੀ। ਦਾਦੀ ਦਸਦੀ ਹੁੰਦੀ ਸੀ ਕਿ ਉਹ ਦਿਨ ਬਾਹਲ਼ੇ ਔਖੇ ਸੀ। ਉਜਾੜੇ ਦਾ ਦੁੱਖ ਬਹੁਤਾ ਸੀ। ਝੱਟ ਚ ਲੱਖੋਂ ਕੱਖ ਦੇ ਹੋ ਗਏ ਸੀ। ਦਿਨਾਂ ਵਿਚ ਹੀ। ਦਿਨਾਂ ਦਾ ਗੇੜ, ਮੁਹਾਵਰਾ ਏਸ ਕਰਕੇ ਬਣਿਆ ਹੈ। ਦਿਨ ਬਦਲਦਿਆਂ ਨੂੰ ਅੱਖ ਦਾ ਫੋਰ ਲਗਦਾ ਹੈ। ਫਿਰ ਸਬੱਬ ਬਣ ਗਿਆ। ਜਾਣੂੰ ਜੇਹਲਮੀਂਆਂ ਨੂੰ ਪਤਾ ਲੱਗ ਗਿਆ, ਕਿ ਰਾਮ ਸਿਓਂ ਖ਼ਾਲਮ-ਖ਼ਾਲੀ ਹੋ ਕੇ ਬਾਰ ਚੋਂ ਆਇਆ ਹੈ। ਲੁੱਟ-ਪੁੱਟ ਹੋ ਕੇ। ਉਹ ਇਨ੍ਹਾਂ ਨੂੰ ਲੈਣ ਆ ਗਏ। ਕਹਿੰਦੇ: ਰਾਮ ਸਿਆਂ, ਸਾਡੇ ਨਾਲ਼ ਚੱਲ। ਓਥੇ ਆ ਕੇ ਜ਼ਮੀਨ ਸਾਂਭ ਲੈ। ਮੁੜ ਵਾਹੀ ਖੇਤੀ ਕਰ ਲੈ। ਬਾਬੇ ਨੂੰ ਇਹ ਗੱਲ ਭਾਅ ਗਈ। ਟੱਬਰ ਨੂੰ ਲੈ ਕੇ ਸਿੰਘਪੁਰੇ ਚਲੇ ਗਿਆ। ਹੋਰ ਪਿੰਡ। ਸਤਲੁਜ ਦਰਿਆ ਦੇ ਕੰਢੇ। ਬੇਟ ਚ। ਪਿੰਡੋਂ ਚਾਰ-ਪੰਜ ਮੀਲ।
ਮੁਸਲਮਾਨ ਵੀ ਵਿਚਾਰੇ ਏਧਰੋਂ ਏਦਾਂ ਹੀ ਉੱਠ ਕੇ ਗਏ ਸੀ। ਜਿੱਦਾਂ ਇਹ ਆਏ ਸੀ। ਵਸਦੇ-ਰਸਦੇ। ਨੰਗ-ਮਲੰਗ ਹੋ ਕੇ। 'ਅਪਣੇ' ਮੁਲਕ ਚੋਂ; 'ਅਪਣੇ' ਮੁਲਕ ਨੂੰ। ਮਰਜ਼ੀ ਦੇ ਖ਼ਿਲਾਫ਼। ਪਿੱਛੇ ਸਭ ਕੁਝ ਛੱਡ ਗਏ ਸੀ। ਓਦਾਂ ਹੀ ਜਿੱਦਾਂ ਮੇਰਾ ਬਾਬਾ ਛੱਡ ਆਇਆ ਸੀ। ਉਨ੍ਹਾਂ ਦਾ ਮਾਲ ਡੰਗਰ ਪਿੰਡ ਦੇ ਬਦਮਾਸ਼ਾਂ ਜਾਂ ਤਕੜਿਆਂ ਨੇ ਸਾਂਭ ਲਿਆ ਸੀ। ਸੁਆਰਥੀਆਂ ਨੇ ਵੀ ਲੁੱਟ ਕੀਤੀ। ਕਈ ਮੁਸਲਮਾਨਾਂ ਦੇ ਬੈਠਿਆਂ ਤੇ ਹੀ ਵਧੀਕੀਆਂ ਕਰਨ ਲਗ ਪਏ ਸੀ। ਮਾਲ ਢਾਂਡਾ ਖੋਲ੍ਹਣਾ ਸ਼ੁਰੂ ਕਰ ਦਿੱਤਾ ਸੀ। ਅੱਖਾਂ ਪਰ੍ਹੇ ਕਰਦਿਆਂ ਸਾਮਾਨ ਲੁੱਟ ਲਿਆ ਸੀ। ਥੁੜ੍ਹਿਆਂ ਨੇ ਘਰ ਵਸਾਉਣ ਲਈ ਧੀਆਂ ਭੈਣਾਂ 'ਤੇ ਅੱਖਾਂ ਰੱਖ ਲਈਆਂ ਸੀ।
ਸਿੰਘਪੁਰੇ ਆ ਕੇ ਬਾਬਾ ਜਿਸ ਮਕਾਨ ਚ ਬੈਠਾ, ਓਹ ਵੀ ਮੁਸਲਮਾਨਾਂ ਦਾ ਸੀ। ਸਰਦੇ-ਪੁਜਦੇ ਲਗਦੇ ਸੀ। ਓਦਾਂ ਹੀ ਛੱਡ ਗਏ ਸੀ। ਵਿੱਚੇ ਚੱਕੀ ਲੱਗੀ ਹੋਈ ਸੀ। ਇਹ ਲੁੱਟ ਵਾਲ਼ੇ ਲਾਹ ਕੇ ਲੈ ਗਏ ਸੀ। ਪੋਹਰਿਆ ਪੋਹਰਿਆ ਕਰਕੇ ਮਿਹਨਤ ਕੀਤੀ। ਵਾਹੀ ਚਲ ਪਈ। ਪਿੰਡ ਵਾਲ਼ੇ ਸੜਦੇ ਸੀ। ਬਾਬੇ ਨੇ ਕਾਲ਼ਾ ਕਤੂਰਾ ਲੈ ਆਂਦਾ। ਨਿੱਕੀ-ਜਿਹੀ ਜਿੰਦ। ਪਹਿਲਾਂ ਰੂੰਅ ਦੀਆਂ ਬੱਤੀਆਂ ਬਣਾਉਣੀਆਂ, ਫਿਰ ਦੁੱਧ ਚ ਭਿਉਂਣੀਆਂ। ਫਿਰ ਚੁੰਘਾਉਂਣੀਆਂ। ਹੌਲ਼ੀਹੌਲ਼ੀ ਕਤੂਰੇ ਨੇ ਅੱਖਾਂ ਖੋਲ੍ਹ ਲਈਆਂ। ਰਤਾ ਕੁ ਸੁਰਤ ਫੜੀ, ਤਾਂ ਵਿਹੜੇ ਚ ਖੇਲ੍ਹਣ ਮੱਲ੍ਹਣ ਭੱਜਣ-ਨੱਠਣ ਲੱਗਾ। ਇਕ ਦਿਨ ਕੋਈ ਕੁੱਤੀ ਆਈ। ਆਵਾਰਾ। ਕਤੂਰਾ ਮਮਤਾ ਵੱਸ ਕੁੱਤੀ ਵੱਲ ਨੂੰ ਹੋਇਆ। ਤੇਹੁ ਕਰਨ ਨੂੰ। ਕੁੱਤੀ ਨੇ ਝਪਟਾ ਮਾਰਿਆ। ਕਤੂਰੇ ਦੀ ਅੱਖ ਕੱਢ ਦਿੱਤੀ। ਵਿਚਾਰਾ ਕਾਣਾ ਹੋ ਗਿਆ। ਬਾਅਦ ਚ ਘਰ ਵਾਲ਼ੇ ਇਹਨੂੰ ਕਾਲ਼ਾ ਕੁੱਤਾ ਆਖਦੇ ਰਹੇ। ਪਿੰਡ ਵਾਲ਼ੇ ਕਾਣਾ ਕੁੱਤਾ। ਦਾਦੀ ਇਹਨੂੰ ਭਗਤ ਕਹਿੰਦੀ ਸੀ।
ਘਰਦਿਆਂ ਇਹਦੀ ਬੜੀ ਸੇਵਾ ਕੀਤੀ। ਇਹਨੇ ਪੂਰਾ ਮੋੜ ਮੋੜਿਆ। ਦਰਿਆ ਕੰਢੇ ਹੋਣ ਕਰਕੇ ਫ਼ਸਲਾਂ ਨੂੰ ਗਿੱਦੜ ਤੇ ਜੰਗਲ਼ੀ ਸੂਰ ਮਾਰ ਕਰਦੇ ਸੀ। ਕਮਾਦ ਤੇ ਮੱਕੀ ਨੂੰ। ਮੇਰੇ ਬਾਪ ਨੇ ਰਾਤ ਨੂੰ ਕਾਲ਼ੇ ਕੁੱਤੇ ਨੂੰ ਫ਼ਸਲ ਦੇ ਵਿਚ ਕਰਕੇ ਬੰਨ੍ਹ ਆਉਣਾ। ਜਦੋਂ ਸੂਰਾਂ, ਗੋਂਦਾਂ ਜਾਂ ਗਿੱਦੜਾਂ ਫ਼ਸਲ ਵੱਲ ਆਉਣਾ ਇਹਨੇ ਜ਼ੋਰ ਜ਼ੋਰ ਨਾਲ਼ ਭੌਂਕਣਾ। ਜਾਨਵਰਾਂ ਭੱਜ ਜਾਣਾ। ਸਵੇਰ ਨੂੰ ਕੁੱਤੇ ਨੂੰ ਖੋਲ੍ਹ ਕੇ ਲੈ ਆਉਣਾ। ਦਾਦੀ ਨੇ ਦੁੱਧ ਪਿਆਉਣਾ; ਰੋਟੀ ਪਾਉਣੀ। ਦਾਦੀ ਨੇ ਜਾਂ ਮਾਂ ਨੇ ਖੂਹ 'ਤੇ ਰੋਟੀ ਲੈ ਕੇ ਜਾਣੀ। ਇਹਨੇ ਨਾਲ ਤੁਰ ਪੈਣਾ। ਆਪੇ ਹੀ। ਪੋਲੇ ਪੋਲੇ ਪੈਰੀਂ। ਹੌਲ਼ੀ ਹੌਲ਼ੀ। ਮਗਰੇ ਮਗਰ। ਛਾਹ ਵੇਲੇ ਵੀ। ਦੁਪਿਹਰੀ ਵੇਲੇ ਵੀ ਤੇ ਲੌਢੇ ਵੇਲੇ ਵੀ। ਇਹਨੇ ਨਾਲ਼ ਹੀ ਮੁੜ ਆਉਣਾ। ਰਾਤ ਨੂੰ ਘਰ ਦੀ ਰਾਖੀ ਜਾਂ ਫ਼ਸਲਾਂ ਦੀ ਰਾਖੀ। ਕਾਲ਼ਾ ਕੁੱਤਾ ਘਰ ਦੇ ਜੀਆਂ ਹਾਰ ਸੀ। ਜਿੱਦਾਂ ਦਾ ਪਾਕਿਸਤਾਨ ਚ ਛੱਡ ਆ ਕੇ ਆਏ ਸੀ। ਬਾਬੇ ਦਾ ਕੰਮ ਸਿੰਘਪੁਰੇ ਆ ਕੇ ਮੁੜ ਓਦਾਂ ਦਾ ਹੀ ਹੋ ਗਿਆ। ਬਾਪ ਦਸਦਾ ਹੈ ਲੋਹੜੇ ਦੀ ਫ਼ਸਲ ਹੋਣੀ। ਲੋਕਾਂ ਸੜਨਾ। ਬੋਹਲ਼ ਲੱਗ ਜਾਣੇ। ਕਾਲ਼ੇ ਕੁੱਤੇ ਨੇ ਬੋਹਲ਼ਾਂ ਮੁੱਢ ਬੈਠੇ ਰਹਿਣਾ। ਖ਼ਬਰਦਾਰੀ ਰੱਖਣੀ। ਚਿੜੀ ਨਾ ਫਰਕਣ ਦੇਣੀ।
ਫਿਰ ਘਰ ਦੇ ਜੀਅ ਮਰਨ ਲਗ ਪਏ। ਚੰਗੇ ਭਲੇ ਵਗਣ ਵਾਲੇ ਪਸ਼ੂ ਮਰਨ ਲੱਗ ਪਏ। ਬਾਬਾ ਤੁਰ ਗਿਆ। ਮੈਥੋਂ ਵੱਡੀਆਂ ਦੋ ਭੈਣਾਂ ਤੇ ਇਕ ਭਾਈ ਤੁਰ ਗਿਆ। ਬਾਪ ਦਾ ਦਿਲ ਟੁੱਟ ਗਿਆ। ਕਿਸੇ ਨੇ ਭਰਮ ਪਾ ਦਿੱਤਾ। ਜੇ ਏਥੇ ਰਹੋਗੇ, ਤਾਂ ਨੁਕਸਾਨ ਹੋਈ ਜਾਣਾ। ਜੀਆਂ ਦੇ ਬਚਾਅ ਲਈ ਥਾਂ ਬਦਲੋ। ਦਾਦੀ ਨੇ ਬਾਪ ਨੂੰ ਕਿਹਾ। ਇਕੋ ਇਕ ਟਿੰਙ ਬਚੀ ਆ, ਇਹਨੂੰ ਪਿੰਡ ਲੈ ਚੱਲ। ਜੀਅ ਰਾਜ਼ੀ ਖ਼ੁਸ਼ੀ ਰਹਿਣ। ਕੰਮ ਆਪੇ ਚੰਗੇ ਮਾੜੇ ਚਲਦੇ ਰਹਿਣਗੇ। ਬਾਪ ਨੇ ਖਾਂਦਾ-ਪੀਂਦਾ ਘਰ ਛੱਡ ਕੇ ਮੁੜ ਪਿੰਡ ਆਉਣ ਦਾ ਮਨ ਬਣਾ ਲਿਆ। ਛੇ ਮਹੀਨੇ ਸਿੰਘਪੁਰਿਓਂ ਸਾਮਾਨ ਢੋਂਦੇ ਰਹੇ। ਲੋਕਾਂ ਸੁੱਤੇ ਹੋਣਾ। ਰਾਤ ਨੂੰ ਮਾਂ ਬਾਪ ਨੇ ਦੋ ਗੇੜੇ ਲਾਉਣੇ। ਕਾਲ਼ਾ ਕੁੱਤਾ ਵੀ ਨਾਲ਼ ਹੀ ਹੋਣਾ। ਇਨ੍ਹਾਂ ਦੇ ਮਗਰੇ ਮਗਰ।
ਜਦੋਂ ਪਿੰਡ ਆ ਵਸੇ, ਤਾਂ ਕੁੱਤਾ ਨਾਲ਼ ਤਾਂ ਆ ਗਿਆ। ਪਰ ਫਿਰ ਮੁੜ ਗਿਆ। ਇਕ ਦੋ ਵਾਰ ਲਿਆਂਦਾ। ਇਹਨੇ ਫਿਰ ਮੁੜ ਜਾਣਾ। ਹਰ ਸਾਲ ਦਾਦੀ ਨਾਲ ਮੈਂ ਮੇਲੇ 'ਤੇ ਸਿੰਘਪੁਰੇ ਜਾਣਾ। ਕੁੱਤੇ ਨੇ ਸਾਡੇ ਕੋਲ਼ ਆ ਕੇ ਬਹਿ ਜਾਣਾ। ਹੌਲ਼ੀ ਹੌਲ਼ੀ ਨੇੜੇ ਹੋ ਕੇ ਬੂਥੀ ਦਾਦੀ ਦੇ ਪੈਰਾਂ ਨੂੰ ਲਾ ਦੇਣੀ। ਦਾਦੀ ਨੇ ਇਹਦੇ ਸਿਰ 'ਤੇ ਹੱਥ ਫੇਰਨਾ। ਪਿਆਰ ਦੇਣਾ। ਇਹਨੇ ਲੋਟਣੀਆਂ ਖਾਣ ਲੱਗ ਜਾਣਾ। ਜਿੰਨਾ ਚਿਰ ਅਸੀਂ ਓਥੇ ਰਹਿਣਾ। ਕੁੱਤੇ ਨੇ ਸਾਡੇ ਕੋਲ਼ ਆ ਕੇ ਬੈਠੇ ਰਹਿਣਾ। ਜੇ ਅਸੀਂ ਉੱਠ ਕੇ ਕਿਤੇ ਹੋਰ ਜਾਣਾ ਤਾਂ ਦੱਬਵੇਂ ਪੈਰੀਂ ਇਹਨੇ ਵੀ ਨਾਲ਼ ਹੀ ਹੋ ਤੁਰਨਾ। ਸਾਡਾ ਵਿਸਾਹ ਨਾ ਸੀ ਕਰਦਾ। ਜਦੋਂ ਅਸੀਂ ਸਿੰਘਪੁਰਿਓਂ ਘਰ ਨੂੰ ਤੁਰਨਾ, ਤਾਂ ਇਹਨੇ ਵੀ ਨਾਲ਼ ਹੀ ਤੁਰ ਪੈਣਾ। ਮਗਰੇ-ਮਗਰ। ਪੈੜ ਚ ਪੈੜ ਰੱਖੀ ਆਉਣੀ। ਅਖ਼ੀਰ ਤੇ ਜਦੋਂ ਬਾਲੋਕੀ ਲਾਗੇ ਆਉਣਾ, ਤਾਂ ਦਾਦੀ ਨੇ ਕਹਿਣਾ: ਭਗਤਾ ਜਾਹ ਹੁਣ। ਇਹਨੇ ਓਥੇ ਪਹਿਲਾਂ ਖੜੋ ਜਾਣਾ। ਫਿਰ ਬਹਿ ਜਾਣਾ। ਜਿੰਨਾ ਚਿਰ ਅਸੀਂ ਅੱਖਾਂ ਤੋਂ ਓਹਲੇ ਨਾ ਹੋ ਜਾਣਾ, ਇਹਨੇ ਬੈਠਾ ਰਹਿਣਾ। ਫਿਰ ਮੋੜਾ ਪਾ ਲੈਣਾ।
ਇਹ ਸਾਲੋ-ਸਾਲੀ ਹੁੰਦਾ ਰਿਹਾ। ਫਿਰ ਇਕ ਵਾਰੀ ਮੇਲੇ 'ਤੇ ਗਏ, ਤਾਂ ਕਾਲ਼ਾ ਕੁੱਤਾ ਸਾਡੇ ਕੋਲ਼ ਨਾ ਆਇਆ। ਨਾ ਹੋਰ ਕਿਤੇ ਈ ਦਿਸਿਆ। ਮੇਲੇ ਤੋਂ ਵਿਹਲੀ ਹੋ ਕੇ ਦਾਦੀ ਨੇ ਪੁੱਛਿਆ, ਤਾਂ ਪਤਾ ਲੱਗਾ ਕਿ ਉਹ ਤਾਂ ਤਿੰਨ ਕੁ ਮਹੀਨੇ ਹੋਏ ਤੁਰ ਗਿਆ ਸੀ। ਦਾਦੀ ਕਹਿੰਦੀ: ਭਗਤ ਆਵਦੀ ਪੁਗਾ ਗਿਆ।
ਸਿੰਘਪੁਰ ਮੁੜ ਕੇ ਓਹ ਨਹੀਂ ਸੀ ਰਿਹਾ। ਜਾਣਾ ਘਟ ਗਿਆ। ਹੌਲ਼ੀ ਹੌਲ਼ੀ ਸਿੰਘਪੁਰਾ ਭੁੱਲ ਗਿਆ। ਪਰ ਘਰ ਦਿਆਂ ਨੂੰ ਅਪਣਾ ਜੀਅ ਕਾਲ਼ਾ ਕੁੱਤਾ ਹਾਲੇ ਵੀ ਯਾਦ ਹੈ।

-0-

Home  |  About us  |  Troubleshoot Font  |  Feedback  |  Contact us

2007-08 Seerat.ca, Canada

Website Designed by Gurdeep Singh +91 98157 21346 9815721346