Welcome to Seerat.ca
Welcome to Seerat.ca

ਗੁੰਗੀ ਪੱਤਝੜ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼/ ਯੌਰਪ ਵਲ

 

- ਹਰਜੀਤ ਅਟਵਾਲ

ਸਿਕੰਦਰ

 

- ਗੁਰਮੀਤ ਪਨਾਗ

ਪੰਜ ਕਵਿਤਾਵਾਂ

 

- ਸੁਰਜੀਤ

ਲਿਓਨ ਤਰਾਤਸਕੀ ਦੀ ਪ੍ਰਸੰਗਿਕਤਾ ਨੂੰ ਸਮਝਣ ਦੀ ਲੋੜ ਵਜੋਂ

 

- ਗੁਰਦਿਆਲ ਬੱਲ

ਡਾ. ਕੇਸਰ ਸਿੰਘ ਕੇਸਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਪੂਰਬੀ ਅਫਰੀਕਾ ‘ਚ ਗ਼ਦਰ ਲਹਿਰ ਉਪਰ ਜ਼ੁਲਮ ਤੇ ਸਜ਼ਾਵਾਂ

 

- ਸੀਤਾ ਰਾਮ ਬਾਂਸਲ

ਮਨੁੱਖੀ ਰਿਸ਼ਤਿਆਂ ਦਾ ਤਾਣਾ-ਬਾਣਾ

 

- ਵਰਿਆਮ ਸਿੰਘ ਸੰਧੂ

ਰੱਬੀ ਰਬਾਬ ਤੇ ਰਬਾਬੀ -ਭਾਈ ਮਰਦਾਨਾ ਜੀ

 

- ਗੱਜਣਵਾਲਾ ਸੁਖਮਿੰਦਰ ਸਿੰਘ

ਮੇਰਾ ਪਹਿਲਾ ਪਿਆਰ

 

- ਲਵੀਨ ਕੌਰ ਗਿੱਲ

ਰੱਬ ਨਾਲ ਸੰਵਾਦ

 

- ਗੁਰਦੀਸ਼ ਕੌਰ ਗਰੇਵਾਲ

(ਜੀਵਨ ਜਾਚ ਦੇ ਝਰਨੇ ਮਨੁੱਖੀ ਸਾਂਝਾਂ) / ਖੁਸ਼ਨੂਦੀ ਮਹਿਕਾਂ ਤੇ ਖੇੜੇ ਵੰਡਦੀ ਇੱਕ ਜੀਵਨ ਜਾਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਚਲੋ ਇੱਲਾਂ ਤਾਂ ਗਈਆਂ ਪਰ...

 

- ਐਸ. ਅਸ਼ੋਕ ਭੌਰਾ

ਗ਼ਦਰ ਲਹਿਰ ਦੀ ਗਾਥਾ

 

- ਮੰਗੇ ਸਪਰਾਏ

ਗੁਰੂ ਤੇ ਸਿੱਖ

 

- ਗੁਰਦੀਸ਼ ਕੌਰ ਗਰੇਵਾਲ

ਹਰਿਵੱਲਬ ਮੇਲੇ ਮੌਕੇ ਵਿਸ਼ੇਸ / ਹਰਿਵੱਲਭ ਦਾ ਸੰਗੀਤ ਮੇਲਾ

 

- ਡਾ.ਜਗਮੇਲ ਸਿੰਘ ਭਾਠੂਆਂ

ਫੈਸਲਾ

 

- ਵਕੀਲ ਕਲੇਰ

ਨੰਨ੍ਹੀ ਕਹਾਣੀ / ਖੂਹ ਦਾ ਡੱਡੂ....

 

- ਰਵੀ ਸੱਚਦੇਵਾ

ਮੰਨਾ ਡੇ

 

- ਡਾ. ਰਵਿੰਦਰ ਕੌਰ ਰਵੀ

ਡਾ.ਅੰਮ੍ਰਿਤਪਾਲ ਦੇ ਕਾਮਰੇਡ ਟਰਾਟਸਕੀ ਬਾਰੇ ਵਿਚਾਰ

 

- ਬਘੇਲ ਸਿੰਘ ਬੱਲ

ਅਸੀਂ ਮਲਵਈ ਨੀ ਪਿੰਡਾਂ ਦੇ ਮਾੜੇ

 

- ਕਰਨ ਬਰਾੜ

Radical Objects: Photo of Mewa Singh’s Funeral Procession 1915

 

Online Punjabi Magazine Seerat

ਗੁੰਗੀ ਪੱਤਝੜ
- ਇਕਬਾਲ ਰਾਮੂਵਾਲੀਆ

 

ਸੰਨ 1975; ਸਤੰਬਰ ਮਹੀਨੇ ਦੀ 24 ਤਰੀਕ! ਸਪੀਕਰ ਉੱਪਰ ਪਾਈਲਾਟ ਦੀ ਅਵਾਜ਼ ਭਰੜਾਈ: ਮੇਰੇ ਸਿਰ ‘ਚ ਜੰਮੀ ਨੀਂਦਰ ਤਰੇੜਾਂ ਤਰੇੜਾਂ ਹੋ ਗਈ। ਅਰਧ-ਖੁਲ੍ਹੀਆਂ ਅੱਖਾਂ ਨਾਲ਼ ਮੇਰਾ ਚਿਹਰਾ ਖੱਬੇ ਪਾਸੇ ਵਾਲ਼ੀਆਂ ਸੀਟਾਂ ਵੱਲੀਂ ਘੁੰਮ ਗਿਆ: ਜਿੱਥੋਂ ਤੀਕ ਮੇਰੀ ਉਂਘਲਾਈ ਜਿਹੀ ਨਜ਼ਰ ਗਈ, ਸਵਾਰੀਆਂ ਦੇ ਸਿਰ ਲੁੜਕੇ ਹੋਏ, ਤੇ ਬੁੱਲ੍ਹ ਲਮਕੇ ਹੋਏ! ਕਈ ਠੋਡੀਆਂ, ਛਾਤੀਆਂ ‘ਚ ਖੁੱਭੀਆਂ ਹੋਈਆਂ ਅਤੇ ਕਈ ਕੰਨ ਸੱਜੇ-ਖੱਬੇ ਮੋਢਿਆਂ ਉੱਤੇ ਝੁਕੇ ਹੋਏ! ਸਪੀਕਰ ‘ਚ ‘ਚ ਭਰੜਾਉਂਦੀ-ਹੋਈ ਪਾਈਲਾਟ ਦੀ ਆਵਾਜ਼, ਇਹਨਾਂ ਦੇ ਉੱਪਰੋਂ ਦੀ ਛਾਲ਼ ਮਾਰ ਕੇ, ਸੀਟਾਂ ਦੀਆਂ ਢੋਆਂ ‘ਚ ਜਜ਼ਬ ਹੋ ਗਈ।
ਮੈਂ ਆਪਣੀਆਂ ਅੱਖਾਂ ਸੱਜੇ ਹੱਥ ਵਾਲ਼ੀ ਸੀਟ ‘ਤੇ ਬੈਠੀ ਸੁਖਸਾਗਰ ਵੱਲੀਂ ਘੁੰਮਾਈਆਂ: ਉਹਦਾ ਸਿਰ, ਉਹਦੇ ਸੱਜੇ ਪਾਸੇ ਵਾਲ਼ੀ ਕੰਧ ਨਾਲ਼ ਅਹਿੱਲ ਜੁੜਿਆ ਹੋਇਆ ਸੀ। ਮੈਂ ਉਸ ਦੇ ਮੋਢੇ ਨੂੰ ਹਲੂਣਿਆਂ। ਆਪਣੇ ਪੂਰੇ ਧੜ ਨੂੰ ਝਟਕਾ ਮਾਰ ਕੇ ਉਸ ਨੇ ਅੱਖਾਂ ਖੋਲ੍ਹੀਆਂ, ਸੁੰਗੇੜੀਆਂ, ਤੇ ਆਪਣਾ ਚਿਹਰਾ ਮੇਰੇ ਵੱਲੀਂ ਗੇੜਿਆ। ਆਪਣੀਆਂ ਨੈਣ-ਗੋਲ਼ੀਆਂ ਦੀ ਅਸਥਿਰਤਾ ਨੂੰ ਉੱਪਰ-ਨੀਚੇ, ਸੱਜੇ-ਖੱਬੇ ਫੇਰਦੀ ਹੋਈ ਉਹ ਬੋਲੀ: ਕੀ ਹੋ ਗਿਆ? ਕੀ ਹੋ ਗਿਆ?
–ਹੁਣੇ ਅਨਾਊਂਸਮੈਂਟ ਕੀਤੀ ਐ ਪਾਈਲਾਟ ਨੇ, ਮੈਂ ਆਪਣੇ ਹੱਥ ਨੂੰ ਆਪਣੇ ਸੱਜੇ ਪੁੜੇ ਕੋਲ਼ ਉਤਾਰ ਕੇ, ਸੀਟ-ਬੈਲਟ ਨੂੰ ਟਟੋਲਣ ਲੱਗਾ।
–ਕਿਉਂ ਜਗਾ‘ਤਾ ਮੈਨੂੰ? ਸਾਗਰ ਨੇ ਆਪਣੇ ਸੱਜੇ ਪੰਜੇ ਨੂੰ ਨਿੱਕੀ ਜਿਹੀ ਫੱਟੀ ਬਣਾ ਕੇ, ਆਪਣੀ ਉਬਾਸੀ ਦੇ ਸਾਹਮਣੇ ਤਾਇਨਾਤ ਕਰ ਦਿੱਤਾ। -ਮੈਂ ਤਾਂ ਘੁਡਾਣੀ ਵਾਲ਼ੇ ਘਰ ‘ਚ ਪਹੁੰਚੀ ਹੋਈ ਸੀ, ਬੀ ਜੀ, ਬਾਪੂ ਜੀ ਕੋਲ਼!
-ਹੱਛਾਅਅਅ?
-ਵਿੱਚੇ ਈ ਘੁਡਾਣੀ ਵਾਲ਼ੇ ਮਕਾਨ ‘ਚ ਸਮਰਾਲ਼ੇ ਵਾਲ਼ਾ ਕਾਲਜ ਵੀ ਮਿਕਸ ਹੋਈ ਜਾਂਦਾ ਸੀ!
-ਇਹ ਸਭ... ਨਸ਼ੇ ਦੀਆਂ ਮੇਹਰਬਾਨੀਆਂ ਨੇ, ਨਸ਼ੇ ਦੀਆਂ!
-ਨਸ਼ੇ ਦੀਆਂ?
ਆਪਣੀਆਂ ਨੈਣ-ਗੋਲੀਆਂ ਨੂੰ ਤਿਰਛੇ-ਰੁਖ਼ ਸਾਗਰ ਵੱਲ ਫੇਰਦਿਆਂ, ਮੈਂ ਆਪਣਾ ਸਿਰ ਹੇਠਾਂ-ਉੱਪਰ ਗੇੜਿਆ।
-ਪਰ... ਨਸ਼ੇ ਦੀਆਂ ਮੇਹਰਬਾਨੀਆਂ ਕਿਵੇਂ?
-ਹਾਅ ਦੋ ਘੰਟੇ ਪਹਿਲਾਂ ਤੂੰ ਐਸਪ੍ਰੀਨ ਦੀਆਂ ਗੋਲ਼ੀਆਂ ਨ੍ਹੀਂ ਸੀ ਨਿਗਲ਼ੀਆਂ?
-ਹਾਂ, ਨਿਗਲ਼ੀਆਂ ਸੀ!
-ਇਹਨਾਂ ‘ਚ ਪਤੈ ਕੀ ਸੁਆਹ-ਖੇਹ ਪਾਇਆ ਹੁੰਦੈ?
ਸੁਖਸਾਗਰ ਨੇ ਆਪਣੇ ਸਿਰ ਨੂੰ ਸੱਜੇ-ਖੱਬੇ ਫੇਰਿਆ।
-ਜੇ ਮੈਂ ਦੱਸ‘ਤਾ, ਤੂੰ ਮੁੜ ਕੇ ਐਸਪ੍ਰੀਨ ਦੀ ਸ਼ੀਸ਼ੀ ਨੂੰ ਹੱਥ ਵੀ ਨੀ ਲਾਉਣਾ।
-ਕੀ ਹੁੰਦੈ ਐਹੋ ਜਿਅ੍ਹਾ ਐਸਪ੍ਰੀਨ ‘ਚ? ਸਾਗਰ ਨੇ ਆਪਣਾ ਮੱਥਾ ਸੁੰਗੇੜਿਆ।
-ਅਫ਼ੀਮ ਹੁੰਦੀ ਐ ਅਫ਼ੀਮ! ਐਵੇਂ ਨੀ ਅਮਲੀ ਦੁਪਹਿਰੇ ਈ ਅੱਖਾਂ ਮੀਟ ਕੇ ਅਸਮਾਨਾਂ ‘ਚ ਉੱਡਦੇ ਰਹਿੰਦੇ!
ਜਹਾਜ਼ ਨੇ ਇੱਕ ਵਾਰੀ ਫਿ਼ਰ ਹਲਕਾ ਜਿਹਾ ਝਟਕਾ ਮਾਰਿਆ-ਜਿਵੇਂ ਕੋਈ ਬੱਚਾ ਪੌੜੀ ਦੇ ਹੇਠਲੇ ਪਾਇਦਾਨ ਤੋਂ ਛੜੱਪਾ ਮਾਰ ਕੇ ਫ਼ਰਸ਼ ਉੱਪਰ ਉੱਤਰ ਰਿਹਾ ਹੋਵੇ।
-ਆਹ ਧੁਰਲੀਆਂ ਜਿਹੀਆਂ ਕਾਹਤੋਂ ਮਾਰੀ ਜਾਂਦੈ ਜਹਾਜ਼? ਕੰਬਲ਼ ਨੂੰ ਆਪਣੇ ਮੋਢਿਆਂ ਵੱਲ ਖਿਚਦਿਆਂ ਸੁਖਸਾਗਰ ਪੁੱਛਣ ਲੱਗੀ।
-ਉਤਰਾਈ ਸ਼ੁਰੂ ਕਰ’ਤੀ ਐ ਜਹਾਜ਼ ਨੇ! ਮੈਂ ਆਪਣੇ ਕੰਬਲ਼ ਨੂੰ ਸੰਵਾਰਨ ਲੱਗਾ। –ਪਾਈਲਾਟ ਕਹਿੰਦਾ ਸੀ ਸੀਟ-ਬੈਲਟਾਂ ਲਗਾ ਲਵੋ, ਟਰਾਂਟੋ ਅੱਪੜਨ ਵਾਲ਼ੇ ਆਂ ਕੁਛ ਕੁ ਮਿੰਟਾਂ ‘ਚ!
ਸੀਟ-ਬੈਲਟ ਦੀ ਜੀਭ ਨੂੰ ਉਸ ਦੇ ਲਾਕ ਵਿੱਚ ਫਸਾਉਣ ਤੋਂ ਬਾਅਦ, ਆਪਣੇ ਚਿਹਰੇ ਨੂੰ ਸੱਜੇ ਪਾਸੇ ਦੀ ਖਿੜਕੀ ਕੋਲ਼ ਲਿਜਾਅ ਕੇ, ਸੁਖਸਾਗਰ ਨੇ ਆਪਣੀਆਂ ਅੱਖਾਂ, ਹੇਠਾਂ ਜ਼ਮੀਨ ਵੱਲੀਂ ਲਟਕਾਅ ਦਿੱਤੀਆਂ।
-ਬਾਹਰ ਤਾਂ ‘ਨ੍ਹੇਰਾ ਈ ‘ਨ੍ਹੇਰਾ ਐ! ਉਹਨੇ ਲੰਮਾਂ ਸਾਹ ਅੰਦਰ ਵੱਲ ਨੂੰ ਖਿੱਚਿਆ। –ਕੁੱਛ ਵੀ ਨੀ ਦਿਸਦਾ ਥੱਲੇ।
-ਕੁੱਛ ਨੀ ਦਿਸਣਾ ਹਾਲੇ; ਜਹਾਜ਼ ਹਾਲੇ ਬੱਦਲ਼ਾਂ ਤੋਂ ਉੱਪਰ ਈ ਹੋਣੈ, ਮੈਡਮ ਜੀ!
ਆਪਣੇ ਧੜ ਨੂੰ ਸੱਜੇ ਹੱਥ ਬੈਠੀ ਸਾਗਰ ਦੀ ਝੋਲ਼ੀ ਉੱਪਰ ਟੇਢਾ ਕਰ ਕੇ, ਮੈਂ ਆਪਣੇ ਸਿਰ ਨੂੰ ਖਿੜਕੀ ਵੱਲ ਵਧਾਇਆ, ਅਤੇ ਆਪਣੀਆਂ ਨਜ਼ਰਾਂ ‘ਚ ਉੱਭਰ ਆਈ ਉਤਸੁਕਤਾ ਨੂੰ ਜਹਾਜ਼ ਦੀ ਖਿੜਕੀ ਦੇ ਬਾਹਰ ਉੱਡ ਰਹੇ ਹਨੇਰੇ ਦੀ ਸੰਘਣਾਈ ਵਿੱਚ ਚੋਭ ਦਿੱਤਾ।
-ਬਾਹਰ ਤਾਂ ਵਾਕਿਆ ਈ ਕੁੱਛ ਨੀ ਦਿਸਦਾ!
-ਏਥੇ ਦਿਸਣਾ ਈ ਕੁੱਛ ਨੀ, ਸਾਗਰ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਨ ਲੱਗੀ। –ਚੰਗੇ-ਭਲੇ ਮੌਜਾਂ ਕਰਦੇ ਸੀ ਕਾਲਜਾਂ ‘ਚ; ਚਾਰ ਪੀਰੀਅਡ ਬੱਚਿਆਂ ਨਾਲ਼ ਗੁਜ਼ਾਰ ਕੇ ਘਰ ਆ ਜਾਈਦਾ ਦੀ! ਨਾਲ਼ੇ ਸ਼ੁਗਲ, ਨਾਲ਼ੇ ਕਮਾਈ! ਪਤਾ ਨੀ ਕਿਉਂ ਮੈਨੂੰ ਵੀ ਖਿੱਚ ਲਿਆਏ ਐਸ ਹਨੇਰੇ ਵੱਲੀਂ ਤੁਸੀਂ!
ਸਾਗਰ ਦੀ ਟਿੱਪਣੀ ਬਾਅਦ, ਬਾਹਰਲਾ ਹਨੇਰਾ ਮੇਰੇ ਜ਼ਿਹਨ ਵਿੱਚ ਸੰਨ੍ਹ ਲਾਉਣ ਲੱਗਾ।
-ਕਿਤੇ ਸੱਚੀਂ ਹੀ ਹਨੇਰੇ ‘ਚ ਨਾ ਖੁੱਭ ਜਾਈਏ ਕਨੇਡਾ ‘ਚ ਆ ਕੇ! ਮੈਂ ਸੋਚਣ ਲੱਗਾ।
-ਕਿਉਂ ਫਿ਼ਕਰ ਕਰੀ ਜਾਂਦੀ ਐਂ, ਸਾਗਰ! ਮੈਂ ਆਪਣੀ ਆਵਾਜ਼ ਵਿਚਲੇ ਸੰਸੇ ਨੂੰ ਆਪਣੇ ਗਲ਼ੇ ‘ਚੋਂ ਹੇਠਾਂ ਵੱਲ ਨੂੰ ਧੱਕਣ ਬਾਅਦ ਬੋਲਿਆ। –ਆਪਣੇ ਪਾਸ ਡਿਗਰੀਆਂ ਐਂ; ਅੰਗਰੇਜ਼ੀ ਦੀਆਂ ਡਿਗਰੀਆਂ! ਸਾਰੇ ਹਨੇਰੇ ਦੂਰ ਕਰ ਦੇਣਗੀਆਂ ਇਹ ਪੜ੍ਹਾਈਆਂ!
ਹੁਣ ਮੈਂ ਆਪਣੇ ਮੱਥੇ ਨੂੰ ਖਿੜਕੀ ਦੇ ਬਿਲਕੁਲ ਨੇੜੇ ਲਿਜਾਅ ਕੇ ਆਪਣੀਆਂ ਨਜ਼ਰਾਂ ਨੂੰ ਹੇਠਾਂ ਧਰਤੀ ਵੱਲ ਸੇਧ ਦਿੱਤਾ।
-ਗਹੁ ਨਾਲ਼ ਦੇਖ, ਮੈਡਮ; ਔਹ ਦੇਖ ਹੇਠਾਂ ਧਰਤੀ ਉੱਪਰ ਟਿਮ-ਟਿਮਾਉਂਦੀਆਂ ਨਿੰਮੀਆਂ-ਨਿੰਮੀਆਂ ਬੱਤੀਆਂ... ਹਨੇਰੇ ਦੇ ਬਿਲਕੁਲ ਥੱਲੇ!
ਹੇਠਾਂ ਵੱਲ ਨੂੰ ਵਜਦੀਆਂ, ਜਹਾਜ਼ ਦੀਆਂ ਧੁਰਲੀਆਂ ਨਿਰੰਤਰ ਜਾਰੀ ਰਹੀਆਂ, ਤੇ ਦਸਾਂ ਕੁ ਮਿੰਟਾਂ ਬਾਅਦ ਸੁਖਸਾਗਰ ਨੇ ਖਿੜਕੀ ਵੱਲ ਝਾਕਦਿਆਂ ਆਪਣੀਆਂ ਅੱਖਾਂ ਇੱਕ ਵਾਰ ਫੇਰ ਹਿਠਾਂਅ ਨੂੰ ਲਮਕਾਅ ਦਿੱਤੀਆਂ।
-ਹਾਏ, ਹਾਏ! ਉਸ ਦਾ ਮੂੰਹ ਸ਼ਿੰਗਾਰਦਾਨੀ ਵਾਂਙੂੰ ਖੁਲ੍ਹ ਗਿਆ। -ਆਹ ਦੇਖੋ ਹੇਠਾਂ ਕਿਵੇਂ ਦੀਵਾਲ਼ੀ ਖਿੜੀ ਪਈ ਐ! ਲਾਈਟਾਂ ਈ ਲਾਈਟਾਂ!
ਜਹਾਜ਼ ਦੀ ਛੱਤ ‘ਚ ਚਿਰੜ-ਚਿਰੜ ਇੱਕ ਵਾਰ ਫੇਰ ਜਾਗ ਉੱਠੀ, ਤੇ ਪਾਈਲਾਟ ਦੀ ਭਰੜਾਉਂਦੀ ਹੋਈ ਆਵਾਜ਼ ਮੁਸਾਫ਼ਰਾਂ ਦੇ ਕੰਨਾਂ ‘ਚ ਖੜਕਣ ਲੱਗੀ: ਆਪਾਂ ਹੁਣ ਟਰਾਂਟੋ ਦੇ ਉੱਪਰ ਤਕਰੀਬਨ ਛੇ ਸੌ ਮੀਟਰ ਦੀ ਉੱਚਾਈ ‘ਤੇ ਉੱਡ ਰਹੇ ਹਾਂ; ਏਅਰ ਕੰਟਰੋਲ ਵੱਲੋਂ ਹਾਲੇ ਹੇਠਾਂ ਉੱਤਰਨ ਦੀ ਕਲੀਅਰੈਂਸ ਨਹੀਂ ਮਿਲ਼ੀ; ਇਸ ਲਈ ਟਰਾਂਟੋ ਦੇ ਉੱਪਰ ਦੀ ਗੇੜਾ ਦੇ ਰਹੇ ਹਾਂ।
ਸੁਖਸਾਗਰ ਦੀ ਝੋਲ਼ੀ ਉੱਪਰ, ਪਹਿਲਾਂ ਵਾਂਗ ਹੀ ਟੇਢਾ ਹੋ ਕੇ, ਮੈਂ ਆਪਣੇ ਚਿਹਰੇ ਨੂੰ ਖਿੜਕੀ ਦੇ ਹਵਾਲੇ ਕਰ ਦਿੱਤਾ: ਨੀਚੇ ਜਿੱਥੋਂ ਤੀਕਰ ਮੇਰੀ ਨਜ਼ਰ ਗਈ, ਇੱਕ ਦੂਜੀ ਨੂੰ ਕਟਦੀਆਂ ਅਣਗਿਣਤ ਸੜਕਾਂ ਦੇ ਦੋਹੀਂ ਪਾਸੀਂ, ਖੰਭਿਆਂ ਦੀਆਂ ਅਮੁੱਕ ਕਤਾਰਾਂ, ਪਹਿਰੇਦਾਰਾਂ ਵਾਂਙ ਸਿੱਧੀਆਂ-ਸਤੋਰ ਖਲੋਤੀਆਂ ਸਨ। ਖੰਭਿਆਂ ਦੇ ਸਿਰਾਂ ਵਿੱਚੋਂ, ਸੜਕਾਂ ਉੱਤੇ ਬਰਸ ਰਹੀਆਂ ਰੌਸ਼ਨੀ ਦੀਆਂ ਭਰਵੀਂਆਂ ਬਰਸਾਤਾਂ! ਸੜਕਾਂ ਉੱਪਰ ਏਨੀ ਤੇਜ਼ ਰਫ਼ਤਾਰ ‘ਚ ਭਜਦੀਆਂ ਏਨੀਆਂ ਕਾਰਾਂ ਦੀਆਂ ਕਤਾਰਾਂ ਮੈਂ ਪਹਿਲੀ ਵਾਰ ਦੇਖ ਰਿਹਾ ਸਾਂ-ਹੈੱਡ-ਲਾਈਟਾਂ ਨਾਲ਼ ਸੜਕਾਂ ਦੀ ਕੁਲ਼ੱਤਣ ਨੂੰ ਧੋਂਦੀਆਂ ਹੋਈਆਂ ਲੰਬੂਤਰੀਆਂ ਕਾਰਾਂ! ਫ਼ਿਰ ਇੱਕ ਬਹੁਅਅਅਤ ਹੀ ਚੌੜੀ ਸੜਕ ਨਜ਼ਰ ਆਉਣ ਲੱਗੀ: ਤਿੰਨ ਚਾਰ ਲੇਨਾਂ ਉੱਪਰ ਇੱਕੋ ਦਿਸ਼ਾ ‘ਚ ਦੌੜ ਰਹੀਆਂ ਅਮੁੱਕ ਹੈੱਡਲਾਈਟਾਂ ਵਾਲ਼ੀ ਸੜਕ; ਏਨੀਆਂ ਹੀ ਹੈੱਡਲਾਈਟਾਂ ਉਲ਼ਟ ਦਿਸ਼ਾ ਵਾਲ਼ੀਆਂ ਲੇਨਾਂ ‘ਚ ਦੌੜ ਰਹੀਆਂ ਸਨ! ਕਈ ਦਿਨਾਂ ਬਾਅਦ ਪਤਾ ਲੱਗਾ ਕਿ ਇਹ ਪੂਰਬ ਵੱਲੀਂ, ਪੰਜ ਕੁ ਸੌ ਕਿਲੋਮੀਟਰ ਦੀ ਦੂਰੀ ‘ਤੇ ਫੈਲਰੇ, ਕਿਊਬੈੱਕ ਸੂਬੇ ਦੇ ਮੌਂਟਰੀਆਲ ਸ਼ਹਿਰ ਤੋਂ, ਪੱਛਮ ਵੱਲੀਂ 900 ਕਿਲੋਮੀਟਰ ਤੀਕਰ ਵਿਛਿਆ, ਕਈ ਲੇਨਾਂ ਵਾਲ਼ਾ ਲੁੱਕਦਾਰ ਥਾਨ ਸੀ। ਇਹ ‘ਥਾਨ’ ਆਂਟੇਰੀਓ ਸੂਬੇ ਦੇ, ਅਮਰੀਕਾ ਨਾਲ਼ ਲਗਦੇ, ਧੁਰ-ਪੱਛਮੀ ਬਾਡਰ ਉੱਪਰ ਵਸੇ ਸ਼ਹਿਰ ‘ਵਿਨਜ਼ਰ’ ਦੀ ਵੱਖੀ ਨਾਲ਼ ਖਹਿੰਦੇ ਇੱਕ ਦਰਿਆ ‘ਤੇ ਜਾ ਕੇ ਦਮ ਲੈਂਦਾ ਸੀ। ‘ਫ਼ੋਰ-ਓ-ਵਨ ਹਾਈਵੇਅ’ ਦੇ ਨਾਮ ਨਾਲ਼ ਜਾਣੇ ਜਾਂਦੇ ਇਸ ਅਮੁੱਕ ‘ਥਾਨ’ ਉੱਪਰ ਮਾਂਟਰੀਆਲ ਤੋਂ ਚੱਲੀ ਗੱਡੀ ਨੂੰ ਵਿਨਜ਼ਰ ਤੀਕ ਕਿਸੇ ਵੀ ਟਰੈਫਿ਼ਕ ਲਾਈਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਅਸਮਾਨ ‘ਤੋਂ ਹੇਠਾਂ ਤੱਕਿਆ, ਤਾਂ ਟਰਾਂਟੋ ਸ਼ਹਿਰ ਮੈਨੂੰ ਧਰਤੀ ਉੱਪਰ ਦੂਰ ਤੀਕਰ ਵਿਛਿਆ, ਅਸਮਾਨ ਦਾ ਪੱਲਾ ਜਾਪਿਆ, ਜਿਸ ਉੱਪਰ ਨਿੱਕੇ-ਵੱਡੇ ਤਾਰਿਆਂ ਦਾ ਭਰਵਾਂ ਛਿੱਟਾ ਦਿੱਤਾ ਹੋਇਆ ਸੀ। ਤਾਰਿਆਂ ਦਾ ਇਹ ਭਰਵਾਂ ਝੁਰਮਟ ਦੱਖਣ ਵਾਲ਼ੇ ਪਾਸੇ ਜਿੱਥੇ ਜਾ ਕੇ ਖ਼ਤਮ ਹੁੰਦਾ ਸੀ, ਉਸ ਤੋਂ ਅੱਗੇ ਗਹਿਰੇ ਹਨੇਰੇ ਦਾ ਕੰਬਲ਼ ਸੀ, ਬਹੁਅਅਅਤ ਦੂਰ ਤੀਕਰ ਫੈਲਿਆ ਹੋਇਆ! ਬਾਅਦ ‘ਚ ਮਾਲੂਮ ਹੋਇਆ ਕਿ ਹਨੇਰੇ ਦਾ ਇਹ ਕੰਬਲ਼ ਅਸਲ ਵਿੱਚ ਸੈਂਕੜੇ ਮੀਲਾਂ ‘ਚ ਫ਼ੈਲੀ ‘ਲੇਕ ਆਂਟੇਰੀਓ’ ਸੀ ਜਿਸ ਦੇ ਧੁਰ ਦੱਖਣ ਵਾਲ਼ੇ ਕਿਨਾਰੇ ਕੋਲ਼ ‘ਨਿਆਗਰਾ’ ਨਾਮ ਦੀਆਂ ਅਲੌਕਿਕ ਧਾਰਾਂ ਦਾ ਮੁਕਾਮ ਹੈ।
ਟਰਾਂਟੋ ਦੇ ਟਿਮ-ਟਿਮਾਂਦੇ ਸਿਰ ਉੱਪਰ ਦੀ ਗੂੰਜ-ਦਾਰ ਗੇੜਾ ਕੱਢਣ ਤੋਂ ਬਾਅਦ, ਹਵਾਈ ਜਹਾਜ਼ ਨੇ ਆਪਣੀ ਚੁੰਝ, ਸ਼ਹਿਰ ਦੇ ਪੱਛਮੀ ਕੰਢੇ ਵੱਲ ਵਿਛੇ ਏਅਰਪੋਅਟ ਵੱਲੀਂ ਮੋੜੀ। ਹਵਾਈ ਜਹਾਜ਼ਾਂ ਦੇ ਸਫ਼ਰ ਨਾਲ਼ ਬਾਵਾਸਤਾ ਲੋਕ ਜਾਣਦੇ ਹਨ ਕਿ ਲੋਹੇ ਦੇ ਇਹਨਾਂ ਪੰਖੇਰੂਆਂ ਨਾਲ਼ ਬਹੁਤੇ ਹਾਦਸੇ ਉਡਾਣ ਭਰਨ ਵੇਲ਼ੇ, ਤੇ ਜਾਂ ਫ਼ਿਰ ਰਨਵੇਅ ‘ਤੇ ਉਤਰਨ ਵੇਲ਼ੇ ਹੀ ਵਾਪਰਦੇ ਹਨ: ਇਸੇ ਲਈ ਅਸਮਾਨ ਵੱਲ ਨੂੰ ਵਧਣ ਲਈ ਜਹਾਜ਼ ਜਦ ਰਨਵੇਅ ਉੱਪਰ ਸਿਰਤੋੜ ਦੌੜਦਾ ਹੈ ਜਾਂ ਉੱਤਰਨ ਵੇਲ਼ੇ ਆਪਣੇ ਚੱਕਿਆਂ ਦੀ ਛੋਹ ਰਨਵੇਅ ਦੀ ਲੁੱਕ ਨਾਲ਼ ਜੋੜਦਾ ਹੈ, ਤਾਂ ਮੁਸਾਫ਼ਰਾਂ ਦੀਆਂ ਛਾਤੀਆਂ ‘ਚ ਗੁੰਗਾ ਧੁੜਕੂ ਜਾਗਣ ਲਗਦਾ ਹੈ। ਢਾਈ, ਤਿੰਨ ਸੌ ਮੁਸਾਫ਼ਰਾਂ ਦੇ ਸੰਸੇ ਨਾਲ਼ ਭਰਿਆ ਸਾਡਾ ਜਹਾਜ਼ ਵੀ, ਹੁਣ ਜੇਤੂ-ਜਰਨੈਲ ਵਾਂਗ ਬਾਹਾਂ ਨੂੰ ਪਾਸਿਆਂ ਵੱਲ ਨੂੰ ਫੈਲਾਈ, ਸਹਿਜੇ-ਸਹਿਜੇ ਰਨਵੇਅ ਵੱਲੀਂ ਲਹਿਣ ਲੱਗਾ: ਹਰ ਪਲ ਹੋਰ ਹੇਠਾਂ, ਹੋਰ ਹੇਠਾਂ, ਹੋਰ ਹੇਠਾਂ! ਪਿਛਲੇ ਪਹੀਏ ਆਖ਼ਿਰ ਹਲਕੇ ਜਿਹੇ ਝਟਕੇ ਨਾਲ਼ ਰਨਵੇਅ ਨੂੰ ਨਤਮਸਕ ਹੋਏ ਅਤੇ ਕਈ ਕੁਇੰਟਲ ਭਾਰ ਨਾਲ਼ ਲੱਦੇ ਜਹਾਜ਼ ਨੂੰ ਏਅਰਪੋਅਟ ਦੀ ਇਮਾਰਤ ਵੱਲ ਨੂੰ ਦੌੜਾਉਣ ਲੱਗੇ। ਜਹਾਜ਼ ਦੀ ਰਫ਼ਤਾਰ ਜਿਉਂ ਜਿਉਂ ਧੀਮੀ ਹੋ ਰਹੀ ਸੀ, ਮੇਰੇ ਅਤੇ ਸਾਗਰ ਦੇ ਮੱਥਿਆਂ ਉੱਪਰ ਇਕੱਠਾ ਹੋਇਆ ਅਕੜੇਵਾਂ ਵੀ ਨਰਮ ਹੋਈ ਜਾ ਰਿਹਾ ਸੀ।
ਜਹਾਜ਼ ਦੇ ਰੁਕਦਿਆਂ ਹੀ, ਹੈਂਡਬੈਗਾਂ ਨੂੰ ਸੰਭਾਲ਼ਦੇ ਹੋਏ ਮੁਸਾਫ਼ਰਾਂ ਦੀ ਭੀੜ, ਜਹਾਜ਼ ਦੇ ਦਰਵਾਜ਼ਿਆਂ ਵੱਲ ਨੂੰ ਵਗਣ ਲੱਗੀ। ਜਹਾਜ਼ ਦੇ ਦਰਵਾਜਿ਼ਆਂ ਤੋਂ ਹੇਠਾਂ ਵੱਲ ਨੂੰ ਉੱਤਰਦੀਆਂ ਪੌੜੀਆਂ ਉੱਪਰ ਮੁਸਾਫ਼ਰਾਂ ਨੂੰ ਦੇਖਦਿਆਂ ਹੀ, ਸਾਹਮਣੇ ਖੜ੍ਹੀਆਂ ਬੱਸਾਂ ਦੇ ਬਾ-ਵਰਦ ਡਰਾਈਵਰਾਂ ਨੇ ਆਪਣੇ ਬੂਟਾਂ ਦੀਆਂ ਤਲ਼ੀਆਂ ਐਕਸੈਲੀਰੇਟਰਾਂ ਉੱਤੇ ਟਿਕਾਅ ਦਿੱਤੀਆਂ: ਬੱਸਾਂ ਦੀਆਂ ਪਿੱਠਾਂ ‘ਚੋਂ ਫੁਸਕਦੀ, ਡੀਜ਼ਲ ਦੀ ਦੁਰਗੰਧ, ਮੇਰੀਆਂ ਨਾਸਾਂ ਵੱਲ ਨੂੰ ਝਪਟੀ, ਤੇ ਪੰਜਾਬ ਰੋਡਵੇਜ਼ ਦੀਆਂ ਲਾਰੀਆਂ ਦੇ ਇੰਜਣਾਂ ਦੀ ਖਰੜ-ਖਰੜ, ਮੇਰੇ ਚੇਤੇ ‘ਚ ਉੱਗਣ ਲੱਗੀ; ਸਵੇਰੇ-ਸਵੇਰੇ ਕੱਚੇ-ਧੂੰਏਂ ਦੇ ਬੱਦਲ਼ ਖਿੰਡਾਰਦੀ ਹੋਈ!
ਇੰਮੀਗਰੇਸ਼ਨ ਕਾਊਂਟਰ ਤੋਂ ਆਪਣੇ ਪਾਸਪੋਅਟਾਂ ‘ਚ “ਲੈਂਡਡ” ਹੋਣ ਦੀਆਂ ਮੋਹਰਾਂ ਲੁਆ ਕੇ ਅਸੀਂ ਆਪਣੇ ਸੂਟਕੇਸਾਂ ਨਾਲ਼ ਲੱਦੀਆਂ ਟਰਾਲੀਆਂ ਨੂੰ, ਇੱਕ ਵੱਡ-ਆਕਾਰੀ ਦਰਵਾਜ਼ੇ ਦੇ ਮੱਥੇ ਉੱਪਰ ਲਾਲ ਅੱਖਰਾਂ ‘ਚ ਦਗਦੇ “ਐਅਗਜਿ਼ਟ” (ਬਾਹਰ ਜਾਣ ਦਾ ਰਸਤਾ) ਦੇ ਨਿਸ਼ਾਨ ਵੱਲ ਨੂੰ ਧੱਕਣ ਲੱਗੇ। ਦਰਵਾਜ਼ਾ ਖੁਲ੍ਹਿਆ, ਤਾਂ ਬਾਹਰ ਰਛਪਾਲ ਤੇ ਉਸ ਦੇ ਦੋਸਤਾਂ ਨੇ ਆਪਣੇ ਹੱਥਾਂ ਨੂੰ ਸਿਰਾਂ ਤੋਂ ਉੱਚੇ ਚੁੱਕ ਕੇ ਲਹਿਰਾਉਣਾ ਸ਼ੁਰੂ ਕਰ ਦਿੱਤਾ।
ਗੱਡੀਆਂ ਦੀਆਂ ਡਿੱਕੀਆਂ (ਟਰੰਕਾਂ) ‘ਚ ਸਮਾਨ ਟਿਕਾਅ ਕੇ ਏਅਰਪੋਅਟ ਦੀ ਬੁੱਕਲ ‘ਚੋਂ ਬਾਹਰ ਨਿੱਕਲ਼ੇ, ਤਾਂ ਆਲ਼ੇ-ਦੁਆਲ਼ੇ ਦੀ ਹਰ ਚੀਜ਼ ਇਉਂ ਜਾਪੇ ਜਿਵੇਂ ਹਵਾ ਭਰ ਕੇ ਫੁਲਾਈ ਹੋਈ ਹੋਵੇ: ਸੜਕਾਂ ਬਾਹਰ ਵੱਲ ਨੂੰ ਦੂਰ ਤੀਕਰ ਖਿੱਚੀਆਂ ਹੋਈਆਂ ਜਾਪਣ; ਹੋਟਲਾਂ ਦੀਆਂ ਇਮਾਰਤਾਂ ਦੇ ਸਿਰ ਬੱਦਲਾਂ ‘ਚ ਘੁਸੇ ਹੋਏ; ਕਾਰਾਂ ਇਉਂ ਜਾਪਣ ਜਿਵੇਂ ਭਾਰਤ ਵਿਚਲੀਆਂ ਅੰਬੈਸਡਰਾਂ ਨੂੰ, ਵੱਡੇ-ਵੱਡੇ ਜਮੂਰਾਂ ਨਾਲ਼ ਅੱਗਿਓਂ-ਪਿੱਛਿਓਂ ਖਿੱਚਿਆ ਹੋਇਆ ਹੋਵੇ; ਤੇ ਟਰੱਕ, ਜਿਵੇਂ ਸੁਧਾਰ ਬਜ਼ਾਰ ਦੀਆਂ ਪੰਜ-ਪੰਜ, ਛੇ-ਛੇ ਦੁਕਾਨਾਂ ਨੂੰ ਜੋੜ-ਜੋੜ ਕੇ ਸੜਕ ਉੱਤੇ ਰੋੜ੍ਹਿਆ ਜਾ ਰਿਹਾ ਹੋਵੇ!
ਸ਼ੀਸ਼ੇ ਵਾਂਗ ਪੱਧਰੀਆਂ ਸੜਕਾਂ ਉੱਤੇ ਪੰਦਰਾਂ ਕੁ ਮਿੰਟ ਲਈ ਰੁੜ੍ਹਨ ਤੋਂ ਬਾਅਦ ਸਾਡੀਆਂ ਕਾਰਾਂ ਦੇ ਮੂਹਰਲੇ ਟਾਇਰ, ਇਸਲਿੰਗਟਨ ਐਵੀਨਿਊ ਤੋਂ ਪੂਰਬ ਵੱਲ ਨੂੰ ਜਾਂਦੀ ਸੜਕ, ਬਰਗਾਮਾਂਟ, ਵੱਲ ਨੂੰ ਘੁੰਮ ਗਏ। ਐਵੇਂ ਸੌ ਕੁ ਗਜ਼ ਦੇ ਫ਼ਾਸਲੇ ‘ਤੇ ਖੱਬੇ ਹੱਥ ਇੱਕ ਇਮਾਰਤ ਖਲੋਤੀ ਸੀ, ਛੇ ਕੁ ਮੰਨਜ਼ਲਾਂ ਉੱਚੀ। ਸਾਡੀਆਂ ਕਾਰਾਂ ਉਸ ਦੀ ਲਾਬੀ ਦੇ ਸਾਹਮਣੇ ਜਾ ਕੇ ਆਰਾਮ ਦੀ ਮੁਦਰਾ ‘ਚ ਹੋ ਗਈਆਂ। ਮੇਰੀ ਨਿਗਾਹ ਲਾਬੀ ਦੇ ਅੰਦਰ ਜਾਣ ਵਾਲ਼ੇ ਗੇਟ ਉੱਪਰ ਲਿਖੇ ਮੋਟੇ ਅੱਖਰਾਂ ਵੱਲ ਖਿੱਚੀ ਗਈ: ਮੇਰੇ ਜਿ਼ਹਨ ‘ਚ, ਮੇਰੇ ਵੱਲੋਂ, ਭਾਰਤ ਤੋਂ ਰਛਪਾਲ ਵੱਲ ਭੇਜੀਆਂ ਕਈ ਦਰਜਣਾਂ ਚਿੱਠੀਆਂ ਉੱਪਰ ਵਾਰ-ਵਾਰ ਲਿਖਿਆ ਸਿਰਨਾਵਾਂ ਜਾਗ ਪਿਆ। –ਅੱਛਾਅ! ਆਹ ਐ 6 ਆਬਰਨਡੇਲ ਕੋਰਟ! ਮੈਂ ਆਪਣੇ ਆਪ ਨੂੰ ਦੱਸਣ/ਪੁੱਛਣ ਲੱਗਾ।
ਅਸੀਂ ਤੇ ਸਾਡੇ ਸੂਟਕੇਸ ਬਿਲਡਿੰਗ ਦੇ ਮੇਨ ਗੇਟ ਰਾਹੀਂ ਲਾਬੀ ਵਿੱਚ ਜਾ ਕੇ ਲਿਫ਼ਟ {ਐਲਾਵੇਟਰ} ‘ਚ ਵੜਨ ਲਈ ਤਾਂਘਣ ਲੱਗੇ। ਅਪਾਰਟਮੈਂਟ ਵਿੱਚ ਦਾਖ਼ਲ ਹੋਏ ਤਾਂ ਲਿਵਿੰਗਰੂਮ ਵਿੱਚ ਮਧਰੇ-ਕੱਦ ਦੇ ਕਾਫ਼ੀਟੇਬਲ ਉੱਪਰ ਖਲੋਤੀਆਂ ‘ਕਨੇਡੀਅਨ ਕਲੱਬ’ ਦੀਆਂ ਦੋ ਬੋਤਲਾਂ ਅਤੇ ਛੇ ਸੱਤ ਖਾਲੀ ਗਲਾਸ, ਸਾਨੂੰ ਛੇ ਸੱਤ ਮਰਦਾਂ ਨੂੰ ਦੇਖਦਿਆਂ ਹੀ, ਖਿੜ ਉੱਠੇ। ਸੁਖਸਾਗਰ, ਕੁਝ ਕੁ ਮਹੀਨਿਆਂ ਦੇ ਸੁਖਪਾਲ {ਰਛਪਾਲ ਦਾ ਬੇਟਾ} ਨੂੰ ਲੋਰੀਆਂ ਦੇਂਦੀ ਹੋਈ, ਰਛਪਾਲ ਦੀ ਪਤਨੀ ਨੂੰ ਕਹਿ ਰਹੀ ਸੀ: ਇਹ ਤਾਂ, ਰਜਿੰਦਰ, ਤੇਰਾ ਮੂੰਹ ਹੀ ਲੈ ਕੇ ਆਇਐ! ਅੱਖਾਂ ਤਾਂ ਬਿਲਕੁਲ ਈ ਤੇਰੇ ਵਰਗੀਆਂ।
ਰਛਪਾਲ ਨੇ ਕਿਚਨ ‘ਚੋਂ ਮਸਾਲੇ ‘ਚ ਭੁੱਜੀ ‘ਕੁੜ-ਕੁੜ’ ਦਾ ਡੌਂਗਾ ਭਰ ਕੇ ਕਨੇਡੀਅਨ ਕਲੱਬ ਦੀਆਂ ਬੋਤਲਾਂ ਦੇ ਕਦਮਾਂ ਕੋਲ਼ ਲਿਆ ਧਰਿਆ। ਸਾਡੇ ਚਚੇਰੇ-ਭਰਾ ਰਣਜੀਤ ਗਿੱਲ ਨੇ ਬੋਤਲ ਵਿਚਲਾ ਸਰੂਰ ਗਲਾਸਾਂ ‘ਚ ਉੱਤਾਰਿਆ, ਤਾਂ ਕਲੱਬ ਸੋਢੇ ਦੀ ਬੋਤਲ ਦਾ ਢੱਕਣ, ਰਛਪਾਲ ਦੀ ਮੁੱਠੀ ਵਿਚਕਾਰ ਕਰੜ-ਕਰੜ ਖੁਲ੍ਹਣ ਲੱਗਾ। ਪੰਦਰਾਂ ਵੀਹਾਂ ਮਿੰਟਾਂ ਵਿੱਚ ਹੀ ਇੱਕ ਵਡੀ ਸਾਰੀ ਪਲੇਟ ਵਿੱਚ ਹੱਡਾਰੋੜੀ ਉੱਭਰ ਆਈ।
ਅਗਲੀ ਸਵੇਰ ਸਵਖ਼ਤੇ ਹੀ, ਲਿਵਿੰਗਰੂਮ ਦੇ ਕਾਫ਼ੀ-ਟੇਬਲ ਉੱਪਰ ਚਾਹ ਦੀਆਂ ਪਿਆਲੀਆਂ ‘ਚ ਚਮਚਾ ਫੇਰ ਰਿਹਾ ਰਛਪਾਲ ਬੋਲਿਆ: ਨੀਂਦ ਆ ਗੀ ਸੀ ਚੰਗੀ, ਮੱਲਾ?
ਮੈਂ ਆਪਣੀ ਉਬਾਸੀ ਨੂੰ ਆਪਣੀ ਮੁੱਠੀ ਦੇ ਹਵਾਲੇ ਕਰਦਿਆਂ ਆਪਣੇ ਸਿਰ ਨੂੰ ਸੱਜੇ-ਖੱਬੇ ਝਟਕਿਆ: ਰਾਤ ਤਾਂ, ਯਾਰ, ਜਿ਼ਆਦਾ ਈ ਮਸਤਾਨੇ ਕਰ‘ਤਾ ਤੁਸੀਂ ਚੌੜ ਚੌੜ ‘ਚ!
ਪਿਆਲੀਆਂ ਨੂੰ ਸਿੰਕ ਦੇ ਹਵਾਲੇ ਕਰ ਕੇ ਰਛਪਾਲ ਨੇ ਆਪਣੀਆਂ ਉਂਗਲ਼ਾਂ ਕਿਚਨ ਦੇ ਕਾਊਂਟਰ-ਟਾਪ ਉੱਪਰ ਖਲੋਤੇ ਲੰਚ-ਬਾਕਸ ਵੱਲੀਂ ਵਧਾਅ ਦਿੱਤੀਆਂ। -ਮੈਂ ਤੇ ਰਣਜੀਤ ਨੇ ਤਾਂ ਨਿੱਕਲ਼ ਜਾਣੈ ਬੱਸ ਦੋ ਕੁ ਮਿੰਟਾਂ ‘ਚ, ਉਹ ਬੋਲਿਆ। -ਸੱਤ ਵਜੇ ਤੋਂ ਪਹਿਲਾਂ ਕਾਰਡ ਪੰਚ ਕਰਨਾ ਹੁੰਦੈ ਫੈਕਟਰੀ ‘ਚ... ਔਹ ਸਾਹਮਣੇ ਪਲਾਜ਼ਾ ਐ... ਦਸ ਵਜੇ ਖੁੱਲ੍ਹ ਜਾਂਦੈ; ਤੁਸੀਂ ਦੋਵੇਂ ਜਣੇ ਘੁੰਮ ਆਇਓ ਓਥੇ।
-ਰਜਿੰਦਰ ਨੂੰ ਲੈ ਜਾਂ‘ਗੇ ਨਾਲ਼! ਸੁਖਸਾਗਰ ਬੋਲੀ।
-ਉਹ ਤਾਂ ਨਿੱਕਲ਼ ਗਈ ਕੰਮ ‘ਤੇ ਅੱਧਾ ਘੰਟਾ ਪਹਿਲਾਂ, ਰਛਪਾਲ ਬੋਲਿਆ।
-ਕੈ ਵਜੇ ਮੁੜਨੈ ਤੁਸੀਂ? ਮੈਂ ਕੰਧ ‘ਤੇ ਲੱਗੇ ਕਲਾਕ ਵੱਲੀਂ ਆਪਣਾ ਚਿਹਰਾ ਮੋੜਿਆ।
-ਅਸੀਂ ਮੁੜਾਂਗੇ ਪੰਜ, ਸਾਢੇ ਪੰਜ ਵਜੇ, ਰਣਜੀਤ ਨੇ ਆਪਣੀ ਥਰਮੋਸ ਬੋਤਲ, ਪਲਾਸਟਿਕ ਦੇ ਲੰਚ ਬਾਕਸ ਵਿੱਚ ਲਿਟਾਅ ਦਿੱਤੀ। –ਅੱਜ, ਪ੍ਰੋਫ਼ੈਸਰਾ, ਤੈਨੂੰ ਘੁੰਮਾਅ ਕੇ ਲਿਆਵਾਂਗੇ ਸ਼ਹਿਰ ‘ਚ!
ਅਗਲੀਆਂ ਕਈ ਸ਼ਾਮਾਂ, ਪਲਾਜਿ਼ਆਂ ਦੇ ਫ਼ਰਸ਼ਾਂ ਦੀ ਲਿਸ਼ਕ-ਪੁਸ਼ਕ ਤੇ ਸਟੋਰਾਂ ‘ਚ ਪਏ ਸਾਫ਼ ਸੁਥਰੇ ਸਮਾਨ ਨਾਲ਼ ਵਾਕਫ਼ੀਅਤ ਕਰਨ ਅਤੇ ਰਛਪਾਲ ਹੋਰਾਂ ਦੇ ਦੋਸਤਾ-ਸਨੇਹੀਆਂ ਦੇ ਘਰੀਂ ਕੱਚ ਦੇ ਗਲਾਸਾਂ ਅਤੇ ਪਲੇਟਾਂ-ਚਮਚਿਆਂ ਨਾਲ਼ ਗੁਫ਼ਤਗੂ ਕਰਨ ਵਿੱਚ ਗੁਜ਼ਰ ਗਏ।
ਇੱਕ ਦਿਨ ਰਛਪਾਲ ਕਹਿਣ ਲੱਗਾ: ਔਹ ਸਾਹਮਣੇ ਇੰਟਰਸੈਕਸ਼ਨ {ਚੁਰਸਤਾ} ਐ ਇਸਲਿੰਗਟਨ ਤੇ ਬਰਗਾਮੌਂਟ ਦਾ; ਉਥੇ ‘ਟਰਾਂਟੋ ਸਟਾਰ’ ਅਖ਼ਬਾਰ ਦਾ ਬਾਕਸ ਲੱਗਿਆ ਹੋਇਐ ਨੀਲੇ ਰੰਗ ਦਾ: ਉਦ੍ਹੇ ‘ਚ ਇੱਕ ਝੀਥ ਜਿਹੀ ਬਣੀ ਹੋਈ ਐ; ਦਸ ਸੈਂਟ ਉਸ ਝੀਥ ‘ਚ ਪਾ ਕੇ ਅਖ਼ਬਾਰ ਚੁੱਕ ਲਿਆਇਆ ਕਰ, ਤੇ ‘ਹੈਲਪ ਵਾਂਟਡ’ ਵਾਲ਼ੇ ਸਫ਼ੇ ‘ਤੇ ਨਜ਼ਰ ਮਾਰ ਲਿਆ ਕਰ; ਤੈਨੂੰ ਪਤਾ ਲੱਗ ਜੂ ਬਈ ਕੈਨਡਾ ‘ਚ ਕਿਹੋ ਜਿਹੀਆਂ ਜਾਬਾਂ ਮਿਲ਼ਦੀਐਂ, ਤੇ ਪੈਰ ਜੰਮਾਉਣ ਲਈ ਕਿਸ ਤਰ੍ਹਾਂ ਦੀਆਂ ਕੁਆਲੀਫ਼ੀਕੇਸ਼ਨਾਂ ਚਾਹੀਦੀਆਂ।
ਰਛਪਾਲ ਦਾ ਸੁਝਾਅ ਸੁਣਨ ਮਗਰੋਂ, ਸੁਖਸਾਗਰ ਸੂਟਕੇਸ ‘ਚ ਪਏ ਕੱਪੜਿਆਂ ਨੂੰ ਐਧਰ-ਓਧਰ ਕਰਨ ਲੱਗੀ।
-ਚੰਗੇ ਰਹੇ ਆਪਾਂ ਜਿਹੜੇ ਅੰਗਰੇਜ਼ੀ ਦੀ ਐਮ. ਏ. ਕਰਗੇ ਇੰਡੀਆ ‘ਚ, ਸੂਟਕੇਸ ‘ਚੋਂ ਡਿਗਰੀਆਂ ਵਾਲ਼ੇ ਲਫ਼ਾਫਿ਼ਆਂ ਨੂੰ ਬਾਹਰ ਕੱਢ ਕੇ, ਮੇਰੇ ਵੱਲ ਵਧਾਉਂਦਿਆਂ ਸਾਗਰ ਬੋਲੀ। –ਐਸ ਮੁਲਕ ‘ਚ ਚੰਗੀ ਜਾਬ ਅੰਗਰੇਜ਼ੀ ਬਿਨਾ ਨੀ ਮਿਲ਼ ਸਕਦੀ।
-ਹਾਂ, ਹਾਂ, ਮੈਂ ਆਪਣਾ ਸਿਰ ਹੇਠਾਂ-ਉੱਪਰ ਹਿਲਾਇਆ। –ਆਹ ਜਿਹੜਾ ਪੰਜ ਪੰਜ ਸਾਲ ਕਾਲਜਾਂ ‘ਚ ਪੜ੍ਹਾਅ ਕੇ ਆਏ ਆਂ, ਉਹਦੇ ਨਾਲ਼ ਫ਼ਲੂਐਂਟ ਵੀ ਹੋਗੇ ਆਂ ਅੰਗਰੇਜ਼ੀ ‘ਚ!
‘ਟਰਾਂਟੋ ਸਟਾਰ’ ਹੁਣ ਹਰ ਸਵੇਰ ਸਾਡੇ ਡਾਈਨਿੰਗ ਟੇਬਲ ਉੱਪਰ ਵਿਛਿਆ ਹੁੰਦਾ: ਚਾਹ ਦੇ ਪਿਆਲੇ ਨੂੰ ਚੁਸਕਦਾ ਹੋਇਆ, ਮੈਂ ਅਖ਼ਬਾਰ ਦੇ ਪਹਿਲੇ ਸੈਕਸ਼ਨ ਦੇ ਅੱਠ-ਦਸ ਸਫ਼ਿਆਂ ‘ਚ ਗਸ਼ਤ ਕਰਦਾ: ਇਹਨਾਂ ‘ਚ, ਕਿਧਰੇ ਕੈਨੇਡਾ ਦੇ ਅਤੇ ਸਾਡੇ ਸੂਬੇ ਆਂਟੇਰੀਓ ਦੇ ਸਿਆਸੀ ਲੀਡਰ ਆਪਣੀਆਂ ਚੁੰਝਾਂ ਤਿੱਖੀਆਂ ਕਰ ਰਹੇ ਦਿਸਦੇ; ਕਿਧਰੇ ਪਿਛਲੀ ਰਾਤੀਂ, ਸ਼ਰਾਬਖਾਨਿਆਂ ‘ਚ, ਬੀਅਰ ਦੀਆਂ ਬੋਤਲਾਂ ਨਾਲ਼ ਜ਼ਖ਼ਮੀ ਹੋਏ ਮੱਥਿਆਂ ਵਾਲ਼ਾ ਖਰੂਦ ਲੜਖੜਾਉਂਦਾ, ਅਤੇ ਕਿਧਰੇ ਸੜਕਾਂ ਉੱਪਰ ਗੱਡੀਆਂ ਦੀਆਂ ਟੱਕਰਾਂ ਦੇ ਵਿਰਲੇ ਵਿਰਲੇ ਖੜਾਕੇ ਸੁਣਦੇ।
ਫ਼ਿਰ ਮੈਂ ਅਗਲੇ ਸੈਕਸ਼ਨ ‘ਚ ਅੱਖਾਂ ਖੁਭੋਅ ਦੇਂਦਾ: ਓਥੇ ਘਰਾਂ ਦੀਆਂ ਨਿੱਕੀਆਂ-ਵੱਡੀਆਂ ਤਸਵੀਰਾਂ ‘ਚ ਘਰਾਂ ਦੇ ਬੰਦ ਦਰਵਾਜ਼ੇ ਮੇਰੇ ਸਿਰ ਵਿੱਚ ਖੁਲ੍ਹਣ ਲਗਦੇ। ਤਸਵੀਰਾਂ ਦੇ ਹੇਠਾਂ ਲਿਖਿਆ ਹੁੰਦਾ: ਤਿੰਨ ਬੈੱਡਰੂਮ, ਸਾਰੇ ਘਰ ‘ਚ ਹਾਰਡਵੁਡ ਫ਼ਰਸ਼; ਦੋ ਵਾਸ਼ਰੂਮ, ਫਿ਼ਨਿਸ਼ਡ ਬੇਸਮੈਂਟ; ਖੁਲ੍ਹਾ-ਡੁੱਲ੍ਹਾ ਪਿਛਲਾ ਵਿਹੜਾ; ਬਸ ਸਟਾਪ ਅਤੇ ਸਕੂਲ ਦੇ ਲਾਗੇ! ਮੈਂ ਬੈੱਡਰੂਮਾਂ ‘ਚ ਘੁੰਮਣ ਲਗਦਾ, ਤੇ ਘਰਾਂ ਦੇ ਪਿਛਲੇ ਵਿਹੜਿਆਂ ਵਿੱਚ ਜਾ ਨਿੱਕਲ਼ਦਾ ਜਿੱਥੇ ਮੈਂ ਗਾਰਡਨਾਂ ਵਿੱਚ ਮੂਲ਼ੀਆਂ, ਗਾਜਰਾਂ, ਟਮਾਟਰਾਂ ਤੇ ਧਨੀਏਂ ਦੀਆਂ ਕਿਆਰੀਆਂ ਦੇ ਸੁਪਨੇ ਸਿਰਜਣ ਲੱਗ ਜਾਂਦਾ। ਫ਼ਿਰ ਮੇਰੀ ਨਜ਼ਰ, ਘਰਾਂ ਦੀਆਂ ਤਸਵੀਰਾਂ ਹੇਠ ਦਿੱਤੇ ਘਰਾਂ ਦੇ ਹੁਲੀਏ ਤੋਂ ਥੱਲੇ ਉੱਤਰਦੀ, ਉੱਤਰਦੀ, ਮੋਟੇ ਅੱਖਰਾਂ ‘ਚ ਲਿਖੀਆਂ ਕੀਮਤਾਂ ਉੱਪਰ ਜਾ ਰੁਕਦੀ। ਕੀਮਤਾਂ ਨੂੰ ਦੇਖਦਿਆਂ ਹੀ ਪੈਂਟ ਦੀ ਜੇਬ ‘ਚ ਦੜਿਆ ਮੇਰਾ ਬਟੂਆ ਸ਼ਰਮਸਾਰ ਹੋਣ ਲਗਦਾ।
ਇੱਕ ਦਿਨ ਦੁਪਹਿਰੇ ਜਦੋਂ ਮੈਂ ‘ਟਰਾਂਟੋ ਸਟਾਰ’ ਦੇ ਕਾਲਮਾਂ ‘ਚੋਂ ਫ਼ੋਨ ਨੰਬਰਾਂ ਨੂੰ ਕਾਗਜ਼ ਦੀ ਇੱਕ ਸ਼ੀਟ ਉੱਪਰ ਝਰੀਟ ਰਿਹਾ ਸਾਂ, ਤਾਂ ਫ਼ੋਨ ਦੀ ਘੰਟੀ ਹਰਕਤ ਆਈ। ਮੈਂ ਫ਼ੋਨ ਦਾ ਰਸੀਵਰ ਚੁੱਕ ਕੇ ਕੰਨ ਕੋਲ਼ ਕੀਤਾ ਹੀ ਸੀ, ਅੱਗੋਂ ਰਛਪਾਲ ਦੀ ਆਵਾਜ਼ ਟੁਣਕੀ: ਕਿਵੇਂ ਐਂ ਮੱਲਾ?
-ਠੀਕ ਆਂ... ਆਹ ‘ਟਰਾਂਟੋ ਸਟਾਰ’ ਪੜ੍ਹ ਰਿਹਾ ਸੀ ਮੈਂ ਤਾਂ!
-ਇਉਂ ਕਰੀਂ, ਅੱਜ ਫ਼ੋਨ ਕਰਲੀਂ ਆਪਣੇ ਡਾਕਟਰ ਨੂੰ... ਆਹ ਫ਼ੋਨ ਨੰਬਰ ਲਿਖਲਾ ਉਹਦੇ ਦਫ਼ਤਰ ਦਾ: 746-3235
-ਕੀ ਗੱਲ ਹੋ ਗੀ? ਸੁੱਖ ਐ?
-ਅਪੋਆਇੰਟਮੈਂਟ ਬਣਾਲੀਂ ਉਹਦੇ ਨਾਲ਼ ਕੱਲ੍ਹ ਜਾਂ ਪਰਸੋਂ ਦੀ ਸ਼ਾਮ ਨੂੰ ਸਾਢੇ ਪੰਜ ਤੋਂ ਬਾਅਦ ਦੀ...
-ਅੱਛਾ...
-ਤੁਹਾਡੀ ਫ਼ਾਇਲ ਖੁਲ੍ਹਾਉਣੀ ਐਂ।
-ਫ਼ਾਇਲ?
-ਹਾਂ, ਏਥੇ ਹਰੇਕ ਨੂੰ ਆਪਣਾ ਪੱਕਾ ਫ਼ੈਮਿਲੀ ਡਾਕਟਰ ਬਣਾਉਣਾ ਪੈਂਦੈ... ਡਾਕਟਰ ਤੁਹਾਡਾ ਸਾਰਾ ਰਕਾਡ ਰਖਦੈ... ਇੰਮੀਗਰੇਸ਼ਨ ਦਾ, ਫ਼ੈਮਿਲੀ ਦਾ, ਤੇ ਹਰ ਵਿਜਿ਼ਟ ਦਾ, ਹਰ ਬੀਮਾਰੀ ਦਾ!
ਰਛਪਾਲ ਵੱਲੋਂ ‘ਓ. ਕੇ., ਬਾਏ’ ਹੋਣ ਤੋਂ ਤੁਰੰਤ ਬਾਅਦ ਮੈਂ ਆਪਣੀ ਪਹਿਲੀ ਉਂਗਲ਼ ਫ਼ੋਨ ਦੇ ਡਾਇਲ ਵੱਲ ਸੇਧ ਦਿੱਤੀ।
-ਗੁਡ ਮੋਰਨਿੰਗ! ਡਾਕਟਾ ਮੋਜ਼ਜ਼ ਆਫਿ਼ਸ, ਅੱਗਿਓਂ ਮੁਲਾਇਮ ਜਿਹੀ ਆਵਾਜ਼ ਆਈ। -ਮਿ‘ਆਈ ਹੈਲਪ ਯੂ?
‘ਮਿ‘ਆਈ ਹੈਲਪ ਯੂ’ ਸੁਣਦਿਆਂ ਹੀ ਮੇਰੇ ਹੱਥ ਵਿੱਚ ਪਕੜਿਆ ਰੀਸੀਵਰ ਕੰਬਣ ਲੱਗਾ। ‘ਕੀ ਕਹਿ ਰਹੀ ਸੀ ਇਹ? ‘ਮਿਆਈ ਮਿਆਈ’? ਸੈਕਟਰੀ ਦੀ ਅੰਗਰੇਜ਼ੀ ਦੇ ਅੱਧੇ ਕੁ ਅਰਥ ਮੇਰੇ ਮੱਥੇ ‘ਚ ਗਿਰਨ-ਉੱਠਣ, ਗਿਰਨ-ਉੱਠਣ ਲੱਗੇ। -ਆਹ ਇੱਕ ‘ਹੈਲਪ ਯੂ’ ਈ ਪੱਲੇ ਪਿਐ ਮੇਰੇ ਤਾਂ! ਕੀ ਕਹਾਂ ਹੁਣ ਏਹਨੂੰ?
ਜੀਅ ਕੀਤਾ ਫ਼ੋਨ ਸੁਖਸਾਗਰ ਵੱਲੀਂ ਕਰ ਦਿਆਂ।
-ਹੈਲੋਅਅਅ? ਮੇਰੇ ਵੱਲੋਂ ਲਮਕ ਰਹੀ ਚੁੱਪ ਨੂੰ ਸੁਣਦਿਆਂ, ਦੂਸਰੇ ਬੰਨਿਓਂ ਸੈਕਟਰੀ ਨੇ ਆਪਣੀ ‘ਹੈਲੋ’ ਨੂੰ ਖੂਹ ‘ਚ ਡੋਲ ਵਾਂਗੂੰ ਲਮਕਾਅ ਦਿੱਤਾ। –ਆਅ ਯੂ ਦੇਅਅ?
-ਯ.. ਯ...ਯੈੱਸ!
-ਹੌ ਕਨਾ‘ਈ ਹੈਲਪ ਯੂ, ਸਅ?
-‘ਕਨਾ‘ਈ?’ ਮੈਂ ਆਪਣੇ ਆਪ ਨੂੰ ਪੁੱਛਣ ਲੱਗਾ। –ਇਹ ‘ਕਨਾਈ’ ਕੀ ਹੋਈ?
ਏਸ ਗੱਲ ਦਾ ਇਲਮ ਮੈਨੂੰ ਬਹੁਤ ਦੇਰ ਬਾਅਦ ਹੋਇਆ ਕਿ ਤੁਹਾਡੇ ਵੱਲੋਂ ‘ਪਾਅਡਨ?’ ਕਹਿਣ ਨਾਲ਼, ਤੁਹਾਡੇ ਨਾਲ਼ ਗੱਲ ਕਰ ਰਹੇ ਵਿਅਕਤੀ ਨੂੰ ਇਸ਼ਾਰਾ ਮਿਲ ਜਾਂਦਾ ਹੈ ਕਿ ਉਸ ਦੀ ਗੱਲ ਤੁਹਾਡੇ ਪੂਰੀ ਤਰ੍ਹਾਂ ਪੱਲੇ ਨਹੀਂ ਪਈ।
-ਮ... ਮ... ਮਾਈ ਨੇਮ ਇਜ਼ ਇ... ਇ... ਇਕਬਾਲ ਗਿੱਲ, ਮੈਂ ਆਪਣੇ ਬੁੱਲ੍ਹਾਂ ਦੀ ਕੰਬਣੀ ਨੂੰ ਸੰਭਾਲ਼ਦਿਆਂ ਬੋਲਿਆ।
-ਯੈੱਸ, ਮਿਸਟਾਅ ਗਿੱਲ, ਹੌ ਕਨਾ‘ਈ ਹੈਲਪ ਯੂ?
-ਹੈਲਪ? ਮੈਨੂੰ ਸਮਝ ਨਾ ਲੱਗੀ ਕਿ ਇਹ ਹੈਲਪ ਉਹ ਲਫ਼ਜ਼ ਕਿਉਂ ਵਰਤ ਰਹੀ ਹੈ। –ਆਈ... ਆਈ... ਡੌਂਟ ਅੰਡਰਸਟੈਡ ਯੂਅਰ ਕ... ਕ... ਕੁਇਸਸ਼ਨ? ਪਲੀਜ਼ ਟਾਕ ਸਲੋਅ!
-ਆ...ਈ ਐਮ ਸੇਅਅਇੰਗ, ਹਾਓ... ਕੈਨ... ਆਈ... ਹੈਲਪ ਯੂ? ਸੈਕਟਰੀ ਆਪਣੇ ਵਾਕ ਨੂੰ ਨਿੱਕੇ ਨਿੱਕੇ ਟੁਕੜਿਆਂ ਟੁੱਕਣ ਲੱਗੀ। -ਲਾਈਕ... ਵਟ੍ਹ... ਕੈਨ ਆਅਅਈ... ਡੂ... ਫ਼ੋਰ ਯੂ?
-ਆਈ... ਆਈ... ਆਈ ਵਾਂਟ ਟੂ... ਟੂ... ਟੂ ਮੀਟ... ਮੀਟ... ਡਾਕਟਰ ਮੋਜ਼ਜ਼!
‘ਯੂ ਨੋ’ ‘ਪਲੀਜ਼’ ਤੇ ‘ਆਈ ਮਿਨ’ ਵਰਗੇ ‘ਫ਼ਿਲਰ’ ਮੇਰੀ ਜ਼ੁਬਾਨ ‘ਤੇ ਹਾਲੇ ਅਸਵਾਰ ਨਹੀਂ ਸਨ ਹੋਏ, ਤੇ ਨਾ ਹੀ ‘ਪਾਅਡਨ’, ‘ਐਸਕਿਊਜ਼ ਮੀ’ ਅਤੇ ‘ਓ ਯਾਅਅਅ!’ ਵਰਗੇ ਲਫ਼ਜ਼ਾਂ ਨੇ ਹਾਲੇ ਮੇਰੀ ਅੰਗਰੇਜ਼ੀ ‘ਚ ਆਪਣੇ ਪਿੰਗਲ ਘੋਲ਼ੇ ਸਨ।
-ਆਅ ਯੂ ਐਨ ਐਅਅਕਟਿਵ ਪੇਸ਼ੰਟ ਅਵ ਡਾਕਟਾਅ ਮੋਜ਼ਜ਼?
-ਨ... ਨ... ਨੋਅ...
-ਸੋ ਯੂ ਆਅ ਅ ਨਿਊ ਪੇਸ਼ੰਟ?
-ਯ... ਯੈ... ਯੈੱਸ!
ਇਸ ਦਿਨ ਦੀ ਵਾਰਤਾਲਾਪ ਤੋਂ ਬਾਅਦ, ਫ਼ੋਨ ਦੀ ਘੰਟੀ ਤੋਂ ਮੈਨੂੰ ਭੈਅ ਆਉਣ ਲੱਗਾ: ਘੰਟੀ ਖੜਕਦੀ ਤਾਂ ਸੋਚਦਾ ਕਿਤੇ ਡਾਕਟਰ ਦੀ ਸੈਕਟਰੀ ਵਾਂਗੂੰ ਕਿਸੇ ਗੋਰੇ/ਗੋਰੀ ਨਾਲ਼ ਪੇਚਾ ਨਾ ਪੈ ਜਾਵੇ।
ਉਧਰ ਅਖ਼ਬਾਰ ਫਰੋਲ਼ਦਿਆਂ ਵੀ ਅਨੇਕਾਂ ਓਪਰੇ ਲਫ਼ਜ਼ ਮੈਨੂੰ ਡਿਕਸ਼ਨਰੀ ਵੱਲੀਂ ਝਾਕਣ ਲਾ ਦਿੰਦੇ।
ਥੋੜ੍ਹੇ ਦਿਨਾਂ ਬਾਅਦ, ਅਖ਼ਬਾਰ ਖੋਲ੍ਹਣ ਸਾਰ, ਮੈਂ ਖ਼ਬਰਾਂ ਵਾਲ਼ੇ ਤੇ ਘਰਾਂ ਦੀਆਂ ਤਸਵੀਰਾਂ ਵਾਲ਼ੇ ਸਫ਼ਿਆਂ ਉੱਪਰ ਦੀ ਛਾਲ਼ ਮਾਰ ਕੇ ਸਿੱਧਾ ਤੀਸਰੇ ਸੈਕਸ਼ਨ ‘ਚ ਉਤਰਨ ਲੱਗਾ। ਇਸ ਸੈਕਸ਼ਨ ‘ਚ ‘ਹੈਲਪ ਵਾਂਟਡ’ ਦੀਆਂ ਪੰਜ-ਪੰਜ ਦਸ-ਦਸ ਸਤਰਾਂ ਦੇ ਇਸ਼ਤਿਹਾਰਾਂ ਦੀ ਭੀੜ ਮੇਰੇ ਮੱਥੇ ‘ਚ ਭਿੜਨ ਲਗਦੀ: ਕਿਸੇ ਇਸ਼ਤਿਹਾਰ ‘ਚ ਜਨਰਲ ਲੇਬਰ ਦੀਆਂ ਢਾਣੀਆਂ ਸੇਫ਼ਟੀ-ਬੂਟਾਂ ਦੇ ਤਸਮੇਂ ਬੰਨ੍ਹ ਰਹੀਆਂ ਹੁੰਦੀਆਂ। ਮੈਨੂੰ ਇੰਝ ਲਗਦਾ ਜਿਵੇਂ ਉਹ ਕਹਿ ਰਹੀਆਂ ਹੋਣ: ਉਏ ਭਲੇਮਾਣਸਾ, ਆਪਣੀਆਂ ਡਿਗਰੀਆਂ-ਸ਼ਿਗਰੀਆਂ ਨੂੰ ਹੈਂਗਰਾਂ ‘ਤੇ ਟੁੰਗ ਕੇ ਕਲਜ਼ਿਟ ‘ਚ ਲਟਕਾਅ ਦੇਅ! ਦਸਵੀਂ ਜਮਾਤ ਦੇ ਸਰਟੀਫੀਕੇਟ ਰੱਖ ਆਪਣੀਆਂ ਜੇਬਾਂ ‘ਚ, ਫੋਟੋ-ਕਾਪੀ ਕਰ ਕੇ! ਕਿਸੇ ਹੋਰ ਇਸ਼ਤਿਹਾਰ ‘ਚ ਫ਼ਰਨਿਚਰ ਫ਼ੈਕਟਰੀ ਲਈ ਤਜਰਬੇਕਾਰ ਵਰਕਰਾਂ ਦੀ ਲੋੜ ਸੀਟੀਆਂ ਮਾਰਦੀ, ਜਾਂ ਫਿਰ ਕਿਸੇ ‘ਚ ਬਰਿੱਕ-ਲੇਅਰਾਂ ਦੀ ਮੰਗ ਹੁੰਦੀ: ਇਸ਼ਤਿਹਾਰ ਮੈਨੂੰ ਪੁਛਦੇ, ਪੰਜ ਸਾਲ ਦਾ ਤਜਰਬਾ ਹੈ ਤੈਨੂੰ ਬਰਿੱਕ-ਲੇਅਰਿੰਗ ਦਾ? ਵਿਰਲਿਆਂ-ਵਿਰਲਿਆਂ ਇਸ਼ਤਿਹਾਰਾਂ ‘ਚ ਲਿਖਿਆ ਹੁੰਦਾ: ਸਖਲਾਈ-ਯਾਫ਼ਤਾ ‘ਮਿਗ-ਵੈਲਡਰਾਂ’ ਦੀ ਸਖ਼ਤ ਲੋੜ, ਐਨੇ ਸਾਲਾਂ ਦਾ ਤਜਰਬਾ ਜ਼ਰੂਰੀ!
ਇੱਕ ਦਿਨ ਵੱਡੀ ਸਾਰੀ ਡੱਬੀ ‘ਚ ਮੋਟੇ-ਮੋਟੇ ਅੱਖਰ ਮੇਰੇ ਵੱਲ ਕੌੜ-ਨਜ਼ਰੀਂ ਝਾਕੇ: “ਘਰਾਂ ਦੀ ਉਸਾਰੀ ਕਰਨ ਵਾਲ਼ੀ ਨਾਮਵਰ ਕੰਪਨੀ ਨੂੰ ‘ਡਰਾਈਵਾਲ ਇਨਸਟਾਲਰਾਂ’, ‘ਬਰਿੱਕ-ਲੇਅਰਾਂ’, ‘ਪਲੰਬਰਾਂ’, ਅਤੇ ‘ਅਲੈਕਟ੍ਰੀਸ਼ਨਾਂ’ ਦੀ ਸਖ਼ਤ ਜ਼ਰੂਰਤ: ਪੰਜ ਸਾਲਾਂ ਦਾ ਤਜਰਬਾ ਜ਼ਰੂਰੀ!”
-ਇਹ ਡਰਾਈਵਾਲ ਪਤਾ ਨੀ ਕੀ ਸ਼ੈਅ ਹੁੰਦੀ ਐ? ਮੈਂ ਸੋਚਣ ਲੱਗਾ। –ਪਲੰਬਰ! ਮਿਗ ਵੈਲਡਰ! ਕੀ ਹੁੰਦੇ ਆ ਇਹ ਲੋਕ? ਆਹ ‘ਬਰਿੱਕ-ਲੇਅਰ’ ਕਿਹੜੇ ਕਿੱਤੇ ਨੂੰ ਕਹਿੰਦੇ ਐ? ਫ਼ਰੇਮਰ, ਸੇਫ਼ਟੀ-ਬੂਟ, ਸੇਫ਼ਟੀ-ਐਨਕਾਂ ਵਰਗੇ ਇਨ੍ਹਾਂ ਅਸਲੋਂ ਓਪਰੇ ਸ਼ਬਦਾਂ ਨੂੰ ਇਸ਼ਤਿਹਾਰਾਂ ‘ਚ ਪੜ੍ਹਦਿਆਂ ਮੈਨੂੰ ਇੰਝ ਜਾਪਦਾ ਜਿਵੇਂ ਅਖ਼ਬਾਰ ਮੈਨੂੰ ਕਿਸੇ ਓਪਰੀ ਭਾਸ਼ਾ ‘ਚ ਗਾਲ਼ਾਂ ਕੱਢ ਰਿਹਾ ਹੋਵੇ।
‘ਟੀਚਰ ਵਾਂਟਡ’ ਦੇ ਇਸ਼ਤਿਹਾਰਾਂ ਦੇ ਦਰਸ਼ਨ ਵੀ ਕਦੀ ਕਦੀ ਹੋ ਜਾਂਦੇ, ਪਰ ਇਨ੍ਹਾਂ ਇਸ਼ਤਿਹਾਰਾਂ ਦੀ ਪੂਛ ਉੱਤੇ ‘ਕਨੇਡੀਅਨ ਤਜਰਬਾ ਲਾਜ਼ਮੀ’ ਦੀ ਸ਼ਰਤ ਲੱਦੀ ਹੁੰਦੀ! ਇਸ ਸ਼ਰਤ ਨੂੰ ਪੜ੍ਹਦਿਆਂ ਮੇਰੇ ਚਿਹਰੇ ਉੱਪਰ ਉੱਭਰ ਆਈ ਚਮਕ ਝੜਨ ਲੱਗ ਜਾਂਦੀ।
ਫਿ਼ਰ ਕਿਸੇ ਨੇ ਰਛਪਾਲ ਦੇ ਕੰਨ ‘ਚ ਫੂਕ ਮਾਰ ਦਿੱਤੀ: ਅਖੇ ਏਥੇ ‘ਰੁਜ਼ਗਾਰ ਮਹਿਕਮੇ’ ਦੇ ਦਫ਼ਤਰ ‘ਚ ਸਲਾਹਕਾਰ ਹੁੰਦੇ ਐ ਜਿਹੜੇ ਨਵੇਂ ਆਏ ਇੰਮੀਗਰੰਟਾਂ ਨੂੰ ਕੋਰਸਾਂ ਦੀ ਜਾਣਕਾਰੀ ਦਿੰਦੇ ਨੇ, ਇਕਬਾਲ ਨੂੰ ਕਹਿ ਉਹਨਾਂ ਸਲਾਹਕਾਰਾਂ ਨੂੰ ਮਿਲ਼ੇ!
ਰੁਜ਼ਗਾਰ ਦਫ਼ਤਰ ‘ਚ, ਸਾਡੀਆਂ ਡਿਗਰੀਆਂ ਨੂੰ ਆਪਣੀਆਂ ਉਂਗਲ਼ਾਂ ਦੀ ਗੁਲਾਬੀਅਤ ‘ਚ ਪਕੜ ਕੇ ਗਹੁ ਨਾਲ਼ ਪੜ੍ਹ ਰਹੀ ਗੋਰੀ ਨੇ ਆਪਣੀ ਠੋਡੀ ਨੂੰ ਕਈ ਵਾਰ ਆਪਣੀ ਛਾਤੀ ਵੱਲ ਨੂੰ ਖਿੱਚਿਆ। ਸੁਖਸਾਗਰ ਦੀਆਂ ਅੱਖਾਂ ‘ਚ ਮੁਸਕਾਣ ਫੈਲਣ ਲੱਗੀ।
ਡਿਗਰੀਆਂ ਦੇ ਹਰਫ਼ਾਂ ਤੇ ਨੰਬਰਾਂ ਨੂੰ ਹੇਠੋਂ-ਉੱਪਰੋਂ ਫਰੋਲਣ ਤੋਂ ਬਾਅਦ, ਗੋਰੀ ਕੁੜੀ ਨੇ ਡਿਗਰੀਆਂ ਨੂੰ ਸਾਡੇ ਹੱਥਾਂ ਵੱਲ ਨੂੰ ਵਧਾਇਆ, ਤੇ ਉਹਦੇ ਬੁੱਲ੍ਹਾਂ ਉੱਪਰ ਹਲਕੀ ਜਿਹੀ ਮੁਸਕ੍ਰਾਹਟ ਉਭਰਨ ਲੱਗੀ! -ਬਹੁਤ ਵਧੀਆ ਵਿੱਦਿਅਕ ਯੋਗਤਾ ਹੈ ਤੁਹਾਡੀ! ਉਹ ਆਪਣੇ ਭਰਵੱਟਿਆਂ ਨੂੰ ਉੱਪਰ ਵੱਲ ਨੂੰ ਖਿਚਦਿਆਂ ਬੋਲੀ। -ਭਾਰਤ ‘ਚ ਰਹਿ ਕੇ ਬਿਦੇਸ਼ੀ ਭਾਸ਼ਾ ਸਿੱਖਣਾ ਬੜਾ ਚੁਨੌਤੀਆਂ ਭਰਿਆ ਕਾਰਜ ਹੁੰਦਾ ਹੈ!
ਮੇਰੇ ਚਿਹਰੇ ‘ਚ ਹਵਾ ਭਰਨ ਲੱਗੀ।
-ਮੈਂ ਹੁਣ ਇਹ ਜਾਨਣਾ ਚਾਹਾਂਗੀ ਕਿ ਵਟ੍ਹ ਐਗਜ਼ੈਅਕਟਲੀ ਯੂ ਹੈਵ ਇਨ ਯੋਅਅ ਮਾਈਂਡ, ਗੋਰੀ ਕੁੜੀ ਨੇ ਆਪਣੀਆਂ ਨਜ਼ਰਾਂ ਵਾਰੀ ਵਾਰੀ ਮੇਰੇ ਵੱਲੀਂ ਤੇ ਸਾਗਰ ਵੱਲੀਂ ਘੁੰਮਾਈਆਂ।
-ਵੂਈ... ਮੇਰੇ ਬੁੱਲ੍ਹਾਂ ‘ਚ ਹਲਕੀ ਜਿਹੀ ਕੰਬਣੀ ਉੱਠੀ। –ਵੂਈ... ਹੈਵ ਗੁਡ ਐਜੂਕੇਸ਼ਨ... ਸੋ ਵੂਈ ਵਾਂਟ... ਸਮ ਗੁਡ ਜੌਬ... ਨੌਟ ਜਾਬ ਇਨ ਫ਼ੈਕਟਰੀ!
-ਉਹ ਤਾਂ ਠੀਕ ਐ... ਗੋਰੀ ਦਾ ਸਿਰ ਸੱਜੇ-ਖੱਬੇ ਹਿੱਲਣ ਲੱਗਾ। –ਪਰ ਕੈਨਡਾ ‘ਚ... ਸਿਸਟਮ ਕੁਝ ਵੱਖਰਾ ਹੈ, ਮੇਰਾ ਮਤਲਬ ਆ... ਜਾਬ ਲੈਣ ਲਈ ਕੋਈ ਹੁਨਰ ਹੋਣਾ ਲਾਜ਼ਮੀ ਹੈ... ਕਈ ਆਪਸ਼ਨਜ਼ ਨੇ ਤੁਹਾਡੇ ਲਈ... ਨੰਬਰ ਇੱਕ: ਤੁਹਾਡਾ ਪਿਛੋਕੜ ਇੰਗਲਿਸ਼ ਟੀਚਿੰਗ ਦਾ ਹੈ, ਪਰ ਏਥੇ ਸਕੂਲਾਂ ‘ਚ ਟੀਚਰ ਬਣਨ ਲਈ ਤੁਹਾਨੂੰ ਬੀ. ਐਡ. ਦੀ ਡਿਗਰੀ ਹਾਸਲ ਕਰਨੀ ਪਵੇਗੀ... ਟੀਚਰ ਨੇ ਬੱਚਿਆਂ ਲਈ ਭਾਸ਼ਾ ਦਾ ਮਾਡਲ ਵੀ ਬਣਨਾ ਹੁੰਦੈ... ਤੇ ਨਾਨ-ਇੰਗਲਿਸ਼ ਮੁਲਕਾਂ ‘ਚੋਂ ਆਏ ਅਵਾਸੀਆਂ ਦਾ... ਅੰਗਰੇਜ਼ੀ ਦਾ ਉਚਾਰਣ... ਕਨੇਡੀਅਨ ਮਿਆਰ ਦੇ ਨੇੜੇ ਹੋਣਾ ਵੀ ਜ਼ਰੂਰੀ ਹੁੰਦਾ ਹੈ...ਇਸ ਲਈ ਟੀਚਿੰਗ ਲਾਈਨ ਵਿੱਚ ਕਾਮਯਾਬ ਹੋਣ ਲਈ ਉਚਾਰਣ ਨੂੰ ਸੁਧਾਰਨਾ ਬਹੁਤ ਬਹੁਤ ਜ਼ਰੂਰੀ ਹੋਵੇਗਾ... ਨੰਬਰ ਦੋ: ਅਗਰ ਸਾਇੰਸ ਦਾ ਪਿਛੋਕੜ ਹੁੰਦਾ ਤੁਹਾਡਾ ਤਾਂ ਹੋਰ ਬਥੇਰੇ ਰਸਤੇ ਸਨ... ਜੇ ਤੁਹਾਡੀ ਵਿੱਦਿਅਕ ਬੈਕਗਰਾਊਂਡ ਹਾਈ ਸਕੂਲ ਹੀ ਹੁੰਦੀ, ਤਾਂ ਕਾਫ਼ੀ ਸਾਰੇ ‘ਟਰੇਡਜ਼’ ਵੱਲ ਵੀ ਜਾਇਆ ਜਾ ਸਕਦਾ ਸੀ... ਪਲੰਮਿੰਗ ਤੇ ਵੈਲਡਿੰਗ ਵਗੈਰਾ ਦੀ ਟ੍ਰੇਨਿੰਗ ਵੀ ਲਈ ਜਾ ਸਕਦੀ ਸੀ... ਪਰ ਇਹ ਸਭ ਕੁਝ ਤੁਹਾਨੂੰ ਕਮਿਊਨਿਟੀ ਕਾਲਜ ‘ਚ ਹੀ ਸਿੱਖਣਾ ਪੈਣਾ ਹੈ, ਤੇ ਕਮਿਊਨਿਟੀ ਕਾਲਜ ਦੀਆਂ ਫ਼ੀਸਾਂ ਕਾਫ਼ੀ ਬੋਝਲ਼ ਹੁੰਦੀਆਂ ਨੇ... ਨਵੇਂ ਨਵੇਂ ਆਏ ਲੋਕਾਂ ਲਈ ਕਈ ਵਾਰ ਕਾਫ਼ੀ ਔਖਾ ਹੋ ਜਾਂਦਾ ਹੈ...
ਰੁਜ਼ਗਾਰ ਦਫ਼ਤਰ ‘ਚੋਂ ਨਿੱਕਲ਼ ਕੇ ਅਸੀਂ ਸੜਕ ਉੱਪਰ ਆਏ; ਮੈਂ ਸਾਗਰ ਨੂੰ ਪੁੱਛਿਆ, ਆਪਾਂ ਕੁੱਛ ਭੁੱਲ ਤਾਂ ਨੀ ਆਏ ਰੁਜ਼ਗਾਰ ਦਫ਼ਤਰ ‘ਚ?
-ਨੲ੍ਹੀਂ, ਸੁਖਸਾਗਰ ਆਪਣੇ ਪਰਸ ਵੱਲੀਂ ਤੇ ਹੱਥ ‘ਚ ਪਕੜੇ ਲਫ਼ਾਫ਼ੇ ਵੱਲੀਂ ਦੇਖਦਿਆਂ ਬੋਲੀ। –ਆਪਾਂ ਡਿਗਰੀਆਂ ਈ ਲਿਆਏ ਸੀ, ਤੇ ਉਹ ਹੈਗੀਆਂ ਨੇ ਐਸ ਲਫ਼ਾਫ਼ੇ ‘ਚ!
-ਡਿਗਰੀਆਂ! ਮੈਂ ਬੁੜਬੁੜਾਇਆ। –ਹਾਂ, ਹਾਂ, ਡਿਗਰੀਆਂ!
ਮੇਰਾ ਜੀਅ ਕੀਤਾ ਇਹ ਵੀ ਕਹਿ ਦੇਵਾਂ ਪਈ ਡਿਗਰੀਆਂ ਨੂੰ ਜੇ ਰੁਜ਼ਗਾਰ ਦਫ਼ਤਰ ‘ਚ ਭੁੱਲ ਵੀ ਆਉਂਦੇ ਤਾਂ ਕੋਈ ਖ਼ਾਸ ਫਰਕ ਨਈ੍ਹ ਸੀ ਪੈਣਾ!
ਬੱਸ ‘ਚ ਬੈਠਿਆਂ, 6 ਆਬਰਨਡੇਲ ਕੋਰਟ ਦੇ ਵੀਹ ਕੁ ਮਿੰਟ ਦੇ ਸਫ਼ਰ ਮੈਨੂੰ ਬਹੁਅਅਤ ਹੀ ਲਮਕ ਗਿਆ ਜਾਪਿਆ। ਖਿੜਕੀ ਤੋਂ ਬਾਹਰ, ਦੌੜਦੀਆਂ ਹੋਈਆਂ ਕਾਰਾਂ, ਦਰਖ਼ਤਾਂ ਦੀ ਉਦਾਸੀ ‘ਤੋਂ ਗਿਰ ਰਹੇ ਪੱਤਿਆਂ ਨੂੰ ਆਪਣੀ ਹਵਾ ਨਾਲ਼ ਘੜੀਸਦੀਆਂ ਹੋਈਆਂ ਕਾਰਾਂ! ਹਰੇ-ਕਚੂਰ ਪੱਤੇ ਜਦੋਂ ਧਰਤੀ ਉੱਪਰ ਡਿੱਗ ਜਾਂਦੇ ਹਨ, ਤਾਂ ਬੇਜਾਨ ਹੋ ਜਾਂਦੇ ਹਨ, ਮੈਂ ਸੋਚਣ ਲੱਗਾ। -ਸਾਹ ਸੁੱਕ ਜਾਂਦੇ ਨੇ ਇਹਨਾਂ ਦੇ! ਫਿ਼ਰ ਇਹ ਰੁਲ਼ ਜਾਂਦੇ ਨੇ।
ਸੁਖਸਾਗਰ ਮੇਰੇ ਖੱਬੇ ਹੱਥ ਅੱਖਾਂ ਮੀਟੀ ਬੈਠੀ ਸੀ, ਸ਼ਾਇਦ ਰੁਜ਼ਗਾਰ ਦਫ਼ਤਰ ‘ਚ ਟੱਕਰੀ ਗੁੰਗੀ ਪਤਝੜ ਨਾਲ਼ ਸੰਵਾਦ ਕਰ ਰਹੀ ਹੋਵੇ! ਮੇਰੀਆਂ ਸੋਚਾਂ ‘ਚ ਸਾਡੀਆਂ ਡਿਗਰੀਆਂ ਘੁੰਮ ਰਹੀਆਂ ਸਨ, ਦਰਖ਼ਤਾਂ ਵਾਂਗ ਰੁੰਡ-ਮਰੁੰਡ, ਤੇ ਉਹਨਾਂ ਉੱਪਰਲੇ ਹਰਫ਼, ਹਵਾ ਨਾਲ਼ ਧਰਤੀ ਉੱਤੇ ਐਧਰ-ਓਧਰ ਘੜੀਸੇ ਜਾ ਰਹੇ ਸਨ, ਝੜੇ ਹੋਏ ਪੱਤਿਆਂ ਦੇ ਨਾਲ਼ ਨਾਲ਼!
{ਰਚੀ ਜਾ ਰਹੀ ਸਵੈ-ਜੀਵਨੀ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ}

-ਕੈਨੇਡਾ 905-792-7357

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346