Welcome to Seerat.ca
Welcome to Seerat.ca

ਗੁੰਗੀ ਪੱਤਝੜ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼/ ਯੌਰਪ ਵਲ

 

- ਹਰਜੀਤ ਅਟਵਾਲ

ਸਿਕੰਦਰ

 

- ਗੁਰਮੀਤ ਪਨਾਗ

ਪੰਜ ਕਵਿਤਾਵਾਂ

 

- ਸੁਰਜੀਤ

ਲਿਓਨ ਤਰਾਤਸਕੀ ਦੀ ਪ੍ਰਸੰਗਿਕਤਾ ਨੂੰ ਸਮਝਣ ਦੀ ਲੋੜ ਵਜੋਂ

 

- ਗੁਰਦਿਆਲ ਬੱਲ

ਡਾ. ਕੇਸਰ ਸਿੰਘ ਕੇਸਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਪੂਰਬੀ ਅਫਰੀਕਾ ‘ਚ ਗ਼ਦਰ ਲਹਿਰ ਉਪਰ ਜ਼ੁਲਮ ਤੇ ਸਜ਼ਾਵਾਂ

 

- ਸੀਤਾ ਰਾਮ ਬਾਂਸਲ

ਮਨੁੱਖੀ ਰਿਸ਼ਤਿਆਂ ਦਾ ਤਾਣਾ-ਬਾਣਾ

 

- ਵਰਿਆਮ ਸਿੰਘ ਸੰਧੂ

ਰੱਬੀ ਰਬਾਬ ਤੇ ਰਬਾਬੀ -ਭਾਈ ਮਰਦਾਨਾ ਜੀ

 

- ਗੱਜਣਵਾਲਾ ਸੁਖਮਿੰਦਰ ਸਿੰਘ

ਮੇਰਾ ਪਹਿਲਾ ਪਿਆਰ

 

- ਲਵੀਨ ਕੌਰ ਗਿੱਲ

ਰੱਬ ਨਾਲ ਸੰਵਾਦ

 

- ਗੁਰਦੀਸ਼ ਕੌਰ ਗਰੇਵਾਲ

(ਜੀਵਨ ਜਾਚ ਦੇ ਝਰਨੇ ਮਨੁੱਖੀ ਸਾਂਝਾਂ) / ਖੁਸ਼ਨੂਦੀ ਮਹਿਕਾਂ ਤੇ ਖੇੜੇ ਵੰਡਦੀ ਇੱਕ ਜੀਵਨ ਜਾਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਚਲੋ ਇੱਲਾਂ ਤਾਂ ਗਈਆਂ ਪਰ...

 

- ਐਸ. ਅਸ਼ੋਕ ਭੌਰਾ

ਗ਼ਦਰ ਲਹਿਰ ਦੀ ਗਾਥਾ

 

- ਮੰਗੇ ਸਪਰਾਏ

ਗੁਰੂ ਤੇ ਸਿੱਖ

 

- ਗੁਰਦੀਸ਼ ਕੌਰ ਗਰੇਵਾਲ

ਹਰਿਵੱਲਬ ਮੇਲੇ ਮੌਕੇ ਵਿਸ਼ੇਸ / ਹਰਿਵੱਲਭ ਦਾ ਸੰਗੀਤ ਮੇਲਾ

 

- ਡਾ.ਜਗਮੇਲ ਸਿੰਘ ਭਾਠੂਆਂ

ਫੈਸਲਾ

 

- ਵਕੀਲ ਕਲੇਰ

ਨੰਨ੍ਹੀ ਕਹਾਣੀ / ਖੂਹ ਦਾ ਡੱਡੂ....

 

- ਰਵੀ ਸੱਚਦੇਵਾ

ਮੰਨਾ ਡੇ

 

- ਡਾ. ਰਵਿੰਦਰ ਕੌਰ ਰਵੀ

ਡਾ.ਅੰਮ੍ਰਿਤਪਾਲ ਦੇ ਕਾਮਰੇਡ ਟਰਾਟਸਕੀ ਬਾਰੇ ਵਿਚਾਰ

 

- ਬਘੇਲ ਸਿੰਘ ਬੱਲ

ਅਸੀਂ ਮਲਵਈ ਨੀ ਪਿੰਡਾਂ ਦੇ ਮਾੜੇ

 

- ਕਰਨ ਬਰਾੜ

Radical Objects: Photo of Mewa Singh’s Funeral Procession 1915

 

Online Punjabi Magazine Seerat

ਨਾਵਲ ਅੰਸ਼
ਯੌਰਪ ਵਲ
- ਹਰਜੀਤ ਅਟਵਾਲ

 

ਸਾਰੇ ਮਹੌਲ ਵਿਚ ਦੋ ਤਣਾਵ ਫੈਲੇ ਹੋਏ ਸਨ। ਇਕ ਸੀ ਗੋਰੈਹਮਾ ਨਾਲ ਵਿਆਹ ਤੋਂ ਇਨਕਾਰ ਕਰਕੇ ਤੇ ਦੂਜਾ ਸੀ ਈਸਟ ਇੰਡੀਆ ਵਲੋਂ ਮਹਾਂਰਾਜੇ ਨੂੰ ਖੁਦਮੁਖਤਿਆਰੀ ਨਾ ਮਿਲਣ ਕਰਕੇ। ਮਹਾਂਰਾਜੇ ਨੇ ਮਹਾਂਰਾਣੀ ਰਾਹੀਂ ਵੀ ਈਸਟ ਇੰਡੀਆ ਕੰਪਨੀ ਉਪਰ ਦਬਾਅ ਪਵਾਇਆ ਪਰ ਈਸਟ ਇੰਡੀਆ ਕੰਪਨੀ ਕੋਈ ਨਾ ਕੋਈ ਬਹਾਨਾ ਕਰਦੀ ਜਾ ਰਹੀ ਸੀ। ਉਸ ਦਾ ਵੱਡਾ ਬਹਾਨਾ ਇਹੋ ਹੁੰਦਾ ਕਿ ਮਹਾਂਰਾਜੇ ਦਾ ਸਾਰਾ ਕਲੇਮ ਹਿੰਦੁਸਤਾਨ ਤੋਂ ਤਿਆਰ ਹੋ ਕੇ ਆਵੇਗਾ ਤਾਂ ਹੀ ਕੋਈ ਫੈਸਲਾ ਕੀਤਾ ਜਾ ਸਕੇਗਾ। ਉਹ ਬਹੁਤੀ ਜਿ਼ੰਮੇਵਾਰੀ ਇੰਡੀਅਨ ਗੌਰਮਿੰਟ ਸਿਰ ਸੁੱਟੀ ਜਾਂਦੇ। ਇਸ ਦੇ ਨਾਲ ਨਾਲ ਲੰਡਨ ਦੀਆਂ ਅਖਬਾਰਾਂ ਮਹਾਂਰਾਜੇ ਬਾਰੇ ਕਈ ਕਿਸਮ ਦੀਆਂ ਗਲਤ-ਸਹੀ ਖਬਰਾਂ ਛਾਪਦੀਆਂ ਰਹਿੰਦੀਆਂ ਸਨ ਖਾਸ ਤੌਰ ਤੇ ਟਾਈਮਜ਼ ਅਖਬਾਰ। ਟਾਈਮਜ਼ ਨੇ ਤਾਂ ਮਹਾਂਰਾਜੇ ਦੀ ਹਰ ਗੱਲ ਦੇ ਖਿਲਾਫ ਜਿਵੇਂ ਮੁਹਿੰਮ ਛੇੜ ਰੱਖੀ ਸੀ। ਉਹਨਾਂ ਦੇ ਪੱਤਰਕਾਰ ਕਈ ਵਾਰ ਮਹਾਂਰਾਜੇ ਨਾਲ ਗੱਲਬਾਤ ਕਰਨ ਲਈ ਆਉਂਦੇ ਪਰ ਮਹਾਂਰਾਜਾ ਨਾ ਮੰਨਦਾ। ਸ਼ਾਹੀ ਪਰਿਵਾਰ ਨਾਲ ਰਹਿਣ ਕਰਕੇ ਉਸ ਨੂੰ ਅਖਬਾਰਾਂ ਵਾਲਿਆਂ ਦੇ ਮਹੱਤਵ ਦਾ ਵੀ ਪਤਾ ਚਲ ਚੁੱਕਾ ਸੀ ਤੇ ਨਾਲ ਹੀ ਇਹ ਵੀ ਸਮਝ ਪੈ ਗਈ ਸੀ ਕਿ ਅਖਬਾਰਾਂ ਵਿਚ ਛਪਦੀਆਂ ਖਬਰਾਂ ਨੂੰ ਦਿਲ ਤੇ ਨਹੀਂ ਲਾਉਣਾ ਚਾਹੀਦਾ। ਇਹ ਵੀ ਕਈ ਵਾਰ ਛਪ ਜਾਂਦਾ ਕਿ ਮਹਾਂਰਾਜਾ ਅਸਲ ਵਿਚ ਮਹਾਂਰਾਜਾ ਰਣਜੀਤ ਸਿੰਘ ਦਾ ਖੂਨ ਨਾ ਹੋ ਕੇ ਕਿਸੇ ਪਾਣੀ ਭਰਨ ਵਾਲੇ ਭਿਸ਼ਟੀ ਦਾ ਬੇਟਾ ਹੈ ਜਿਸ ਨਾਲ ਰਾਣੀ ਜਿੰਦਾਂ ਦੇ ਸਬੰਧ ਸਨ। ਰਾਣੀ ਜਿੰਦ ਕੋਰ ਨਾਲ ਵਿਆਹ ਵੇਲੇ ਮਹਾਂਰਾਜਾ ਰਣਜੀਤ ਸਿੰਘ ਸਹਿਵਾਸ ਕਰਨ ਦੇ ਕਾਬਲ ਹੀ ਨਹੀਂ ਸੀ ਤੇ ਇਹ ਬੱਚਾ ਕਿਵੇਂ ਪੈਦਾ ਹੋ ਸਕਦਾ ਸੀ। ਮਹਾਂਰਾਜਾ ਅਜਿਹੀਆਂ ਗੱਲਾਂ ਦੀ ਪਰਵਾਹ ਨਹੀਂ ਸੀ ਕਰਦਾ, ਸੁਣ ਕੇ ਹਊ ਪਰੇ ਕਰ ਸਕਦਾ ਸੀ। ਉਸ ਨੂੰ ਪਤਾ ਸੀ ਇਕ ਅਜਿਹੀਆਂ ਗੱਲਾਂ ਦਾ ਜਵਾਬ ਦੇਣ ਨਾਲ ਗੱਲ ਵਧਣੀ ਸੀ ਤੇ ਇਹੋ ਅਖਬਾਰਾਂ ਵਾਲੇ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਕੋਈ ਸਟੰਟ ਖੜਾ ਹੋਵੇ ਤੇ ਉਹਨਾਂ ਦੀ ਅਖਬਾਰ ਵਧ ਵਿਕੇ। ਕੋਈ ਵੀ ਪਤਰਕਾਰ ਉਸ ਨੂੰ ਮਿਲਣ ਆਉਂਦਾ ਤਾਂ ਉਹ ਕੋਈ ਵੀ ਜਵਾਬ ਨਾ ਦੇਣ ਵਾਲਾ ਰਾਹ ਚੁਣਦਾ।
ਮਹਾਂਰਾਜੇ ਦੇ ਬਾਲਗ ਹੋਣ ਦੀ ਉਮਰ ਨੂੰ ਲੈ ਕੇ ਤੇ ਉਸ ਦੀ ਪੜ੍ਹਾਈ ਦੇ ਭਵਿਖ ਬਾਰੇ ਕੁਝ ਗੱਲਾਂ ਨੂੰ ਲੈ ਕੇ ਪੈਦਾ ਹੋਈ ਕਸ਼ਮਕਸ਼ ਵਿਚੋਂ ਨਿਕਲਣ ਲਈ ਸਰ ਲੋਗਨ ਨੇ ਤਰਕੀਬ ਬਣਾਈ ਕਿ ਕਿਉਂ ਨਾ ਮਹਾਂਰਾਜੇ ਨੂੰ ਨਾਲ ਲੈ ਕੇ ਯੌਰਪ ਵਿਚ ਛੁੱਟੀਆਂ ਮਨਾਈਆਂ ਜਾਣ। ਮਹਾਂਰਾਜੇ ਦੀ ਘੁੰਮਣ ਫਿਰਨ ਦੀ ਤਮੰਨਾ ਵੀ ਪੂਰੀ ਹੋ ਜਾਵੇਗੀ ਤੇ ਜਦ ਤਕ ਸ਼ਾਇਦ ਕੋਈ ਹੱਲ ਵੀ ਨਿਕਲ ਆਵੇ। ਯੌਰਪ ਦੀਆਂ ਇਹਨਾਂ ਛੁੱਟੀਆਂ ਤੋਂ ਮਹਾਂਰਾਜੇ ਨੂੰ ਕਾਫੀ ਕੁਝ ਸਿਖਣ ਲਈ ਵੀ ਮਿਲੇਗਾ। ਸਾਰਿਆਂ ਨੂੰ ਹੀ ਇਹ ਤਰਕੀਬ ਪਸੰਦ ਆ ਗਈ। ਮਹਾਂਰਾਜੇ ਦੇ ਦੋਸਤ ਰੌਨਲਡ ਲੈਜ਼ਲੇ-ਮੈਲਵਿਲ ਜੋ ਕਿ ਇਸ ਵੇਲੇ ਔਕਸਫੋਰਡ ਯੂਨੀਵਰਸਟੀ ਦਾ ਅੰਡਰਗੈਰਜੂਏਟ ਸੀ ਨੂੰ ਵੀ ਨਾਲ ਤਿਆਰ ਕਰ ਲਿਆ ਗਿਆ। ਜੌਹਨ ਬਰਾਈਟ ਤੇ ਉਸ ਦੀ ਧੀ ਹੈਲਨ ਉਹਨਾਂ ਨੂੰ ਇਟਲੀ ਦੇ ਸ਼ਹਿਰ ਜਨੈਇਉਆ ਵਿਚ ਆ ਮਿਲਣਗੇ। ਯੌਰਪ ਜਾਣ ਵਾਲੇ ਯਾਤਰੀਆਂ ਵਿਚ ਕਈ ਨੌਕਰ-ਚਾਕਰ ਵੀ ਸ਼ਾਮਲ ਕਰ ਲਏ ਗਏ ਜਿਹਨਾਂ ਵਿਚ ਮੈਨਜ਼ੀ ਪੈਲੇਸ ਦਾ ਕਰਮਚਾਰੀ ਥੌਰਟਨ ਵੀ ਸੀ ਤੇ ਮਹਾਂਰਾਜੇ ਦਾ ਸੈਕਟਰੀ ਕਾਓਵੁੱਡ ਵੀ। ਸਭ ਤੋਂ ਪਹਿਲਾਂ ਉਹਨਾਂ ਨੇ ਮਰਸੈਲਜ਼ ਤੱਕ ਰੇਲ ਗੱਡੀ ਜਾਣਗੇ ਤੇ ਫਿਰ ਅਗੇ ਕੈਨਜ਼ ਨੂੰ ਸੜਕ ਰਾਹੀਂ।
ਮਹਾਂਰਾਜਾ ਇਸ ਇੰਤਜ਼ਾਮ ‘ਤੇ ਬੇਹੱਦ ਖੁਸ਼ ਸੀ। ਉਸ ਦੇ ਮਨ ਦੀ ਜਿਵੇਂ ਮੁਰਾਦ ਪੂਰੀ ਹੋ ਰਹੀ ਸੀ। ਯੌਰਪ ਜਾਣ ਦੀ ਉਸ ਦੀ ਸ਼ੁਰੂ ਦੀ ਹੀ ਤਮੰਨਾ ਸੀ। ਉਹ ਦੇਖਣਾ ਚਾਹੁੰਦਾ ਸੀ ਕਿ ਯੌਰਪ ਵਿਚ ਸਿ਼ਕਾਰ ਖੇਡਣ ਦੀਆਂ ਕਿਹੋ ਜਿਹੀਆਂ ਸੰਭਾਵਨਾਵਾਂ ਹੋਣਗੀਆਂ। ਜਦੋਂ ਉਹ ਨਾਈਸ ਸ਼ਹਿਰ ਪੁੱਜੇ ਤਾਂ ਮਹਾਂਰਾਜਾ ਦਾ ਸਵਾਗਤ ਲੇਡੀ ਐਲੀ ਨੇ ਤੇ ਨੌਜਵਾਨ ਲੌਰਡ ਡੁਫਰੀਨ ਨੇ ਕੀਤਾ। ਇਹ ਉਹੀ ਲੌਡਰ ਡੁਫਰੀਨ ਜਿਸ ਨੇ ਤੀਹ ਸਾਲ ਬਾਅਦ ਵਿਚ ਜਾ ਕੇ ਹਿੰਦੁਸਤਾਨ ਦਾ ਵੁਆਇਰਾਏ ਬਣਨਾ ਸੀ। ਰੋਮ ਵਿਚ ਮਹਾਂਰਾਜੇ ਨੇ ਪੋਪ ਪਿਓਸ ਨੌਵੇਂ ਦੇ ਦਰਸ਼ਨ ਵੀ ਕੀਤੇ। ਇਹ ਮਹਾਂਰਾਜੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਸੀ। ਭਾਵੇਂ ਪੋਪ ਦੀ ਬੱਘੀ ਉਸ ਦੇ ਨਜ਼ਦੀਕ ਦੀ ਹੀ ਲੰਘੀ ਪਰ ਉਸ ਨੂੰ ਮੁਲਾਕਾਤ ਜਿੰਨਾ ਹੀ ਅਨੰਦ ਆਇਆ। ਇਸਾਈ ਧਰਮ ਪੜ੍ਹਦਿਆਂ ਉਸ ਨੇ ਪੋਪ ਦੇ ਵੱਡੇ ਰੁਤਬੇ ਬਾਰੇ ਵੀ ਪੜਿਆ ਹੋਇਆ ਸੀ। ਇਵੇਂ ਹੀ ਹਰ ਥਾਂ ਗਿਆ ਮਹਾਂਰਾਜਾ ਆਪਣੀ ਕਿਸਮ ਨਾਲ ਅਨੰਦ ਮਾਣ ਰਿਹਾ ਸੀ। ਟਿਵੋਲੀ ਵਿਚ ਜਾ ਕੇ ਉਹ ਫੁਹਾਰੇ ਵਿਚ ਬੈਠ ਗਿਆ ਤੇ ਸਭ ਨੂੰ ਕਹਿਣ ਲਗਿਆ ਕਿ ਉਹ ਨੈਪਚੂਨ ਗ੍ਰਹਿ ਤੇ ਪੁੱਜ ਗਿਆ ਮਹਿਸੂਸ ਕਰ ਰਿਹਾ ਹੈ। ਫਿਰ ਇਟਲੀ ਦੇ ਐਪੀਅਨ ਵੇਅ ਦੇ ਨਾਲ ਨਾਲ ਕੁਝ ਕੁ ਸਿ਼ਕਾਰ ਦਾ ਅਨੰਦ ਵੀ ਮਾਣਿਆਂ ਤੇ ਰਾਜਕੁਮਾਰੀ ਡੋਰੀਆ ਦੇ ਬਾਲ-ਡਾਂਸ ਦੇ ਸੱਦੇ ਸਮੇਂ ਉਹ ਬਾਵੇਰੀਆ ਦੇ ਰਾਜੇ ਨੂੰ ਮਿਲਿਆ ਤੇ ਸਪੇਨ ਦੀ ਮਹਾਂਰਾਣੀ ਕ੍ਰਿਸਟੀਨਾ ਨੂੰ ਵੀ। ਮਹਾਂਰਾਜਾ ਜਿਵੇਂ ਸਤਵੇਂ ਅਸਮਾਨ ਤੇ ਘੁੰਮਦਾ ਫਿਰ ਰਿਹਾ ਹੋਵੇ। ਇਕ ਦਿਨ ਇਵੇਂ ਹੀ ਅਚਾਨਕ ਇਕ ਪਾਰਟੀ ‘ਤੇ ਉਸ ਨੇ ਆਪਣੇ ਦੋਸਤ ਰੌਨਲਡ ਲਿਜ਼ਲੇ-ਮੈਲਵਿਲ ਨੂੰ ਕਿਹਾ,
“ਮੇਰੇ ਦੋਸਤ, ਮੈਨੂੰ ਇਸ਼ਕ ਹੋ ਗਿਆ!”
“ਕਿਹਦੇ ਨਾਲ?”
“ਓਸ ਕੁੜੀ ਨਾਲ ਜਿਹੜੀ ਸਾਹਮਣੇ ਡਾਂਸ ਕਰ ਰਹੀ ਏ।”
ਰੌਨਲਡ ਨੂੰ ਪਤਾ ਸੀ ਕਿ ਮਹਾਂਰਾਜਾ ਘੰਟਾ ਭਰ ਉਸ ਕੁੜੀ ਨਾਲ ਗੱਲਾਂ ਕਰਦਾ ਰਿਹਾ ਸੀ। ਅਜਿਹਾ ਪਿਆਰ ਉਸ ਨੂੰ ਪਿਛਲੇ ਸ਼ਹਿਰ ਵੀ ਇਕ ਕੁੜੀ ਨਾਲ ਗੱਲਾਂ ਕਰਨ ਤੋਂ ਬਾਅਦ ਹੋਇਆ ਸੀ ਪਰ ਓਨਾ ਕੁ ਚਿਰ ਹੀ ਰਿਹਾ ਜਿੰਨਾ ਚਿਰ ਉਸ ਸ਼ਹਿਰ ਵਿਚ ਰਹੇ। ਰੌਨਲਡ ਨੂੰ ਲਗਦਾ ਸੀ ਕਿ ਇਹ ਪਿਆਰ ਵੀ ਇਸ ਸ਼ਹਿਰ ਤਕ ਹੀ ਰਹਿ ਜਾਵੇਗਾ ਤੇ ਇਵੇਂ ਹੀ ਹੋਇਆ। ਅਗਲੇ ਸ਼ਹਿਰ ਪੁਜਦਿਆਂ ਮਹਾਂਰਾਜੇ ਦਾ ਪਿਆਰ ਵੀ ਗਾਇਬ। ਇਹਨਾਂ ਛੁੱਟੀਆਂ ਵਿਚ ਹੀ ਇਕ ਮਸ਼ਹੂਰ ਬੁੱਤਕਾਰ ਮਿਸਟਰ ਗਿਬਸਨ, ਜਿਸ ਨੇ ਮਹਾਂਰਾਣੀ ਦਾ ਬੁੱਤ ਵੀ ਬਣਾਇਆ ਸੀ, ਮਹਾਂਰਾਜੇ ਦਾ ਬੁੱਤ ਬਣਾਉਣਾ ਵੀ ਸ਼ੁਰੂ ਕੀਤਾ।
ਮਈ ਦੇ ਮੱਧ ਤਕ ਸਭ ਕੁਝ ਠੀਕ ਚਲਦਾ ਰਿਹਾ ਪਰ ਵੀਨਸ ਆ ਕੇ ਗੜਬੜ ਹੋ ਗਈ। ਸਾਰੀ ਖੁਸ਼ੀ ਖਤਮ ਹੋ ਗਈ। ਮਹਾਂਰਾਜਾ ਤੇ ਉਸ ਦਾ ਦੋਸਤ ਰੌਨਲਡ ਦੋਨੋਂ ਹੀ ਮਲੇਰੀਏ ਦੇ ਸਿ਼ਕਾਰ ਹੋ ਗਏ। ਉਹਨਾਂ ਨੂੰ ਵਾਪਸ ਸਵਿਟਜ਼ਰਲੈਂਡ ਭੇਜ ਦਿਤਾ ਗਿਆ ਜਿਥੇ ਖਾਸ ਡਾਕਟਰ ਦਾ ਇੰਤਜ਼ਾਮ ਸੀ। ਰੌਨਲਡ ਤਾਂ ਏਨਾ ਬਿਮਾਰ ਹੋ ਗਿਆ ਕਿ ਉਸ ਦੇ ਮਾਂਪਿਓ ਨੂੰ ਖਬਰ ਕਰਨੀ ਪਈ। ਦੋਨਾਂ ਨੂੰ ਹੀ ਜਨੇਵਾ ਵਿਚ ਡਾਕਟਰ ਦੀ ਦੇਖ-ਰੇਖ ਵਿਚ ਰਹਿਣਾ ਪਿਆ।
ਦਿਨ ਐਤਵਾਰ, 10 ਮਈ, 1857; ਅਚਾਨਕ ਮੇਰਠ ਛਾਉਣੀ ਦੇ ਸਿਪਾਹੀ ਮੰਗਲ ਪਾਂਡੇ ਨੇ ਬਗਾਵਤ ਕਰ ਦਿਤੀ ਤੇ ਦੇਖਦਿਆਂ ਹੀ ਦੇਖਦਿਆਂ ਪੂਰੇ ਹਿੰਦੁਸਤਾਨ ਵਿਚ ਗਦਰ ਫੈਲ ਗਿਆ ਜਿਸ ਦਾ ਕਿਸੇ ਨੂੰ ਚਿੱਤਚੇਤਾ ਵੀ ਨਹੀਂ ਸੀ। ਹਿੰਦੁਸਤਾਨੀ ਸਿਪਾਹੀ ਅੰਗਰੇਜ਼ਾਂ ਨੂੰ ਤੇ ਉਹਨਾਂ ਦੇ ਨਾਲ ਖੜਨ ਵਾਲੇ ਸਿਪਾਹੀਆਂ ਨੂੰ ਮਾਰਨ ਲਗੇ। ਅਜਿਹਾ ਗਦਰ ਫੈਲਿਆ ਕਿ ਇਹਨਾਂ ਬਾਗੀਆਂ ਨੇ ਮੇਰਠ ਸ਼ਹਿਰ ਤੇ ਕਬਜ਼ਾ ਕਰ ਲਿਆ ਤੇ ਚੌਵੀ ਘੰਟੇ ਦੇ ਅੰਦਰ ਅੰਦਰ ਹਿੰਦੁਸਤਾਨ ਦੀ ਰਾਜਧਾਨੀ ਆਪਣੇ ਕਾਬੂ ਵਿਚ ਕਰ ਲਈ। ਫਿਰ ਇਹ ਗਦਰ ਅਗਾਂਹ ਵਧਦਾ ਗਿਆ। ਗੰਗਾ ਦੇ ਨਾਲ ਨਾਲ ਦੇ ਸਾਰੇ ਸ਼ਹਿਰ ਅੰਗਰੇਜ਼ਾਂ ਤੋਂ ਹਿੰਦੁਸਤਾਨੀ ਸਿਪਾਹੀਆਂ ਨੇ ਖੋਹ ਲਏ ਤੇ ਅੰਗਰੇਜ਼ਾਂ ਦੀ ਕਤਲੋ-ਗਾਰਤ ਸ਼ੁਰੂ ਹੋ ਗਈ। ਬਰੇਲੀ, ਬਨਾਰਸ, ਅਲਾਹਬਾਦ ਤੇ ਕਾਨਪੁਰ ‘ਤੇ ਹਿੰਦੁਸਤਾਨੀਆਂ ਨੇ ਕਬਜ਼ਾ ਕਰ ਲਿਆ। ਇਕ ਵਾਰ ਤਾਂ ਅੰਗਰੇਜ਼ਾਂ ਨੂੰ ਲਗਿਆ ਕਿ ਹਿੁੰਦਸਤਾਨ ਹੱਥੋਂ ਗਿਆ। ਕਈ ਮਹੀਨੇ ਤਾਕਤ ਲਈ ਜੱਦੋਜਹਿਦ ਚਲਦੀ ਰਹੀ। ਇਸ ਬਗਾਵਤ ਨੂੰ ਕੁਚਲਣ ਲਈ ਸਿੱਖ, ਪਠਾਣ ਤੇ ਗੋਰਖੇ ਅੰਗਰੇਜ਼ਾਂ ਦਾ ਸਾਥ ਦੇ ਰਹੇ ਸਨ। ਖਾਸ ਤੌਰ ਤੇ ਸਿੱਖ ਤਾਂ ਅੰਗਰੇਜ਼ਾਂ ਲਈ ਬਹੁਤ ਹੀ ਵਫਾਦਾਰ ਸਿੱਧ ਹੋ ਰਹੇ ਸਨ। ਅੰਤ ਸਤੰਬਰ ਮਹੀਨੇ ਵਿਚ ਅੰਗਰੇਜ਼ ਦਿੱਲੀ ਵਾਪਸ ਲੈਣ ਵਿਚ ਕਾਮਯਾਬ ਹੋ ਗਏ। ਹੁਣ ਤਕ ਤਿੰਨ ਹਜ਼ਾਰ ਤੋਂ ਵੱਧ ਅੰਗਰੇਜ਼ ਤੇ ਉਹਨਾਂ ਦੇ ਹਿਮਾਇਤੀ ਮਾਰੇ ਜਾ ਚੁੱਕੇ ਸਨ। ਮਰਨ ਵਾਲਿਆਂ ਵਿਚ ਮਹਾਂਰਾਜੇ ਦੇ ਕਾਫੀ ਸਾਰੇ ਵਾਕਫ ਵੀ ਸਨ। ਉਸ ਦਾ ਦੋਸਤ ਫਰੈਂਕ ਬੋਲਿਓ ਜਿਸ ਨੂੰ ਉਹ ਮਸੂਰੀ ਮਿਲਿਆ ਸੀ, ਦਿੱਲੀ ਦੇ ਇਕ ਘੇਰੇ ਸਮੇਂ ਸਖਤ ਜ਼ਖਮੀ ਹੋ ਗਿਆ ਸੀ। ਸਰ ਹੈਨਰੀ ਲਾਰੰਸ ਜਿਸ ਨੂੰ ਉਹ ਲਹੌਰ ਸਮੇਂ ਤੋਂ ਜਾਣਦਾ ਸੀ, ਲਖਨਊ ਵਿਚ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਮਰ ਗਿਆ। ਉਸ ਦੇ ਖਾਸ ਦੋਸਤ ਟੌਮੀ ਸਕੌਟ ਨੂੰ ਜਿਸ ਨੂੰ ਹੁਣ ਲਖਨਊ ਵਿਚ ਇੰਡੀਅਨ ਆਰਮੀ ਵਿਚ ਕਮਿਸ਼ਨ ਮਿਲ ਗਿਆ ਸੀ, ਉਹ ਘਰ ਮੁੜਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਮਾਂ, ਭੈਣ ਤੇ ਭਰਾ ਬਾਗੀਆਂ ਨੇ ਮਾਰ ਦਿਤੇ ਸਨ। ਫਤਿਹਗੜ੍ਹ ਵਾਲਾ ਘਰ ਜਿਥੇ ਮਹਾਂਰਾਜਾ ਰਿਹਾ ਸੀ ਵੀ ਢਾਹ ਦਿਤਾ ਗਿਆ ਸੀ ਤੇ ਉਸ ਦਾ ਕਰਤਾ ਧਰਤਾ ਸਾਰਜੈਂਟ ਈਲੀਅਟ, ਜੋ ਕਿ ਕਿਸੇ ਸਮੇਂ ਲੋਗਨ ਦਾ ਮਾਤਿਹਤ ਹੁੰਦਾ ਸੀ, ਨੂੰ ਇਹ ਜਗਾਹ ਛੱਡ ਕੇ ਭੱਜਣਾ ਪਿਆ ਸੀ। ਸਾਰਜੈਂਟ ਈਲੀਅਟ, ਉਸ ਦੀ ਪਤਨੀ-ਬੱਚੇ, ਮਹਾਂਰਾਜੇ ਦਾ ਟਿਊਟਰ ਵਾਲਟਰ ਗੂਜ਼ ਤੇ ਦੌ ਸੌ ਹੋਰ ਲੋਕ ਬਚਣ ਲਈ ਕਿਸ਼ਤੀਆਂ ਰਾਹੀਂ ਕਿਸੇ ਓਹਲੇ ਦੀ ਓਟ ਲਈ ਨਿਕਲੇ ਤਾਂ ਨਾਨਾ ਸਾਹਿਬ ਦੇ ਬੰਦਿਆਂ ਨੇ ਇਹ ਸਭ ਦਰਿਆ ਵਿਚ ਹੀ ਮਾਰ ਮੁਕਾਏ। ਭਜਨ ਲਾਲ ਬਨਾਰਸ ਵਿਚ ਹੀ ਸੀ। ਉਹ ਅੰਗਰੇਜ਼ਾਂ ਲਈ ਵਫਾਦਾਰ ਰਿਹਾ ਸੀ। ਉਸ ਨੇ ਆ ਕੇ ਫਹਿਤਗੜ੍ਹ ਵਿਚ ਹੋਏ ਨੁਕਸਾਨ ਨੂੰ ਸੰਭਾਲਣ ਦੀ ਕੋਸਿ਼ਸ਼ ਵੀ ਕੀਤੀ।
ਅੰਗਰੇਜ਼ਾਂ ਵਿਚ ਹਾਹਾਕਾਰ ਮਚੀ ਹੋਈ ਸੀ। ਦੁਨੀਆਂ ਦੇ ਜਿਸ ਕਿਸੇ ਵੀ ਕੋਨੇ ਵਿਚ ਅੰਗਰੇਜ਼ ਬੈਠੇ ਸਨ ਹਿੰਦੁਸਤਾਨੀਆਂ ਨੂੰ ਜ਼ਾਲਮ ਕਹਿ ਕੇ ਕੋਸ ਰਹੇ ਸਨ ਕਿ ਉਹਨਾਂ ਬੇਗੁਨਾਹ ਅੰਗਰੇਜ਼ਾਂ ਦਾ ਖੂਨ ਵਹਾਇਆ ਸੀ। ਮਹਾਂਰਾਜੇ ਨੂੰ ਇਕ ਪੱਤਰਕਾਰ ਨੇ ਇਸ ਘਟਨਾ ਬਾਰੇ ਪ੍ਰਤੀਕਰਮ ਦੇਣ ਲਈ ਕਿਹਾ ਪਰ ਮਹਾਂਰਾਜਾ ਚੁੱਪ ਸੀ। ਉਸ ਨੇ ਕਿਸੇ ਵੀ ਸਵਾਲ ਦਾ ਜਵਾਬ ਨਾ-ਦੇਣ ਦਾ ਰਾਹ ਚੁਣਿਆਂ ਜਿਵੇਂ ਉਹ ਅਖਬਾਰਾਂ ਵਾਲਿਆਂ ਨਾਲ ਕਰਿਆ ਹੀ ਕਰਦਾ ਸੀ। ਜਿਥੇ ਹਰ ਕੋਈ ਇਸ ਬਗਾਵਤ ਨੂੰ ਭੰਡ ਰਿਹਾ ਸੀ ਓਥੇ ਮਹਾਂਰਾਜਾ ਚੁੱਪ ਬੈਠਾ ਸੀ। ਲੋਕ ਆ ਆ ਕੇ ਉਸ ਉਪਰ ਜਵਾਬ ਦੇਣ ਲਈ ਦਬਾਅ ਪਾਉਣ ਲਗੇ। ਮਹਾਂਰਾਜੇ ਦੇ ਏਨੇ ਵਾਕਫ ਇਸ ਬਗਾਵਤ ਦੀ ਭੇਂਟ ਚੜ ਗਏ ਪਰ ਉਹ ਚੁੱਪ ਸੀ। ਸਾਰੇ ਹੈਰਾਨ ਸਨ। ਅਰਲ ਔਫ ਕਲੇਅਰਡਨ, ਜੋ ਕਿ ਮਹਾਂਰਾਣੀ ਦੇ ਕਾਫੀ ਨਜ਼ਦੀਕ ਸੀ, ਨੇ ਮਹਾਂਰਾਣੀ ਦੇ ਨਾਂ ਇਕ ਲੰਮਾ ਖਤ ਲਿਖ ਮਾਰਿਆ ਕਿ ਮਹਾਂਰਾਜੇ ਨੇ ਰੱਤੀ ਜਿੰਨਾ ਵੀ ਦੁਖ ਮਹਿਸੂਸ ਨਹੀਂ ਕੀਤਾ। ਉਸ ਨੂੰ ਨਾ ਹੀ ਅੰਗਰੇਜ਼ ਸਿਪਾਹੀਆਂ ਨਾਲ ਕੋਈ ਹਮਦਰਦੀ ਹੈ ਤੇ ਨਾ ਹੀ ਜਿਹੜੇ ਹਿੰਦੁਸਤਾਨੀ ਅੰਗਰੇਜ਼ਾਂ ਦੀ ਖਾਤਰ ਮਰੇ ਹਨ।
ਕਲੇਅਰਡਨ ਦੇ ਖਤ ਦੇ ਜਵਾਬ ਵਿਚ ਮਹਾਂਰਾਣੀ ਵਿਕਟੋਰੀਆ ਇਕ ਦਮ ਮਹਾਂਰਾਜਾ ਦੇ ਬਚਾਅ ਲਈ ਆ ਖੜੀ ਹੋਈ। ਮਹਾਂਰਾਣੀ ਨੇ ਕਿਹਾ; ‘ਹੋ ਸਕਦਾ ਹੈ ਮਹਾਂਰਾਜੇ ਨੇ ਆਪਣੇ ਜਜ਼ਬਿਆਂ ਦਾ ਬਹੁਤਾ ਇਜਹਾਰ ਨਾ ਕੀਤਾ ਹੋਵੇ। ਜੇ ਉਹਦੇ ਬਾਰੇ ਸੋਚ ਕੇ ਦੇਖਿਆ ਜਾਵੇ ਤਾਂ ਆਪਣੇ ਰਾਜ ਦੇ ਖੁਸ ਜਾਣ ਦਾ ਵੀ ਦੁੱਖ ਵੀ ਤਾਂ ਉਹਨੂੰ ਹੋਵੇਗਾ ਹੀ। ਉਸ ਦੇ ਪੂਰਬੀ ਸੁਭਾਅ ਦਾ ਹੀ ਇਹ ਇਕ ਪੱਖ ਹੋ ਸਕਦਾ ਹੈ। ਜਦੋਂ ਤੁਸੀਂ ਉਸ ਦੇ ਦੇਸ਼-ਵਾਸੀਆਂ ਬਾਰੇ ਭੈੜੇ ਭੈੜੇ ਸ਼ਬਦ ਵਰਤੋਂਗੇ, ਉਸ ਦੇ ਮੁਲਕ ਦੇ ਹਜ਼ਾਰਾਂ ਨਹੀਂ ਤਾਂ ਸੈਂਕੜੈ ਲੋਕਾਂ ਨੂੰ ਫਾਂਸੀ ਦਿਤੀ ਜਾਣੀ ਹੈ ਤਾਂ ਵੀ ਉਸ ਦੇ ਮਨ ਵਿਚ ਬਹੁਤ ਕੁਝ ਵਾਪਰਦਾ ਹੋਵੇਗਾ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਰ ਲੋਗਨ ਵਰਗੇ ਧੀਰਜਵਾਨ ਇਨਸਾਨ ਦੀ ਦੇਖ ਰੇਖ ਵਿਚ ਰਿਹਾ ਹੈ ਇਸ ਲਈ ਉਸ ਵਿਚ ਵੀ ਸਹਿਣਸ਼ੀਲਤਾ ਦੀ ਭਰਮਾਰ ਹੈ। ਉਸ ਲਈ ਚੰਗੀ ਗੱਲ ਹੈ ਜੇ ਉਹ ਅਜਿਹੇ ਮੌਕੇ ‘ਤੇ ਚੁੱਪ ਹੈ।’
ਕਲੇਅਰਡਨ ਨੇ ਮਹਾਂਰਾਜੇ ਦੀ ਬਿੱਲੀ ਮਾਰਨ ਵਾਲੀ ਕਹਾਣੀ ਸੁਣੀ ਹੋਈ ਸੀ ਤੇ ਇਸੇ ਕਹਾਣੀ ਨੂੰ ਅਧਾਰ ਬਣਾ ਕੇ ਉਹ ਮਹਾਂਰਾਜੇ ਨੂੰ ਨਿਰਦੇਈ ਸਿੱਧ ਕਰਨ ਲਗ ਪਿਆ ਤੇ ਨਾਲ ਹੀ ਕਿਹਾ ਕਿ ਮਹਾਂਰਾਜੇ ਨੇ ਮਹਾਂਰਾਣੀ ਨੂੰ ਕਲੇਅਰਡਨ ਦੇ ਖਿਲਾਫ ਭੜਕਾਇਆ ਹੈ।
ਮਹਾਂਰਾਣੀ ਵਿਕਟੋਰੀਆ ਇਕ ਵਾਰ ਫਿਰ ਬਚਾਅ ਲਈ ਖੜੀ ਹੋਈ; ...‘ਕਲੇਅਰਡਨ ਨੂੰ ਮਹਾਂਰਾਜੇ ਨੂੰ ਸਮਝਣ ਵਿਚ ਕੁਤਾਹੀ ਹੋ ਰਹੀ ਹੈ। ਜੇ ਇਸ ਘਟਨਾ ਨੂੰ ਵੀ ਲਈਏ ਤਾਂ ਮਹਾਂਰਾਜੇ ਦੀ ਜਿ਼ੰਦਗੀ ਵਿਚ ਏਨਾ ਕੁਝ ਵਾਪਰ ਚੁੱਕਾ ਹੈ ਕਿ ਇਹ ਗੱਲ ਮਮੂਲੀ ਜਿਹੀ ਹੈ। ਸ਼ਾਹੀ ਪਰਿਵਾਰ ਸਮੇਤ ਸਾਰੇ ਰਾਜਕੁਮਾਰ ਮਹਾਂਰਾਜੇ ਨੂੰ ਪਿਛਲੇ ਤਿੰਨ ਸਾਲ ਤੋਂ ਜਾਣਦੇ ਹਨ, ਅਸੀਂ ਕਦੇ ਅਜਿਹੀ ਗੱਲ ਮਹਿਸੂਸ ਨਹੀਂ ਕੀਤੀ ਕਿ ਮਹਾਂਰਾਜੇ ਵਲ ਉਂਗਲ ਕੀਤੀ ਜਾ ਸਕੇ। ਸਰ ਲੋਗਨ ਤਾਂ ਉਸ ਨੂੰ ਉਸ ਦੀ ਬਾਰਾਂ ਸਾਲ ਦੀ ਉਮਰ ਤੋਂ ਜਾਣਦੇ ਹਨ। ਮਹਾਂਰਾਣੀ ਨੂੰ ਡਰ ਸੀ ਕਿ ਜਿਹੜੇ ਲੋਕ ਉਸ ਦੇ ਸੁਭਾਅ ਦੇ ਸੁਹਜ ਤੇ ਸਹਿਜ ਨੂੰ ਨਹੀਂ ਜਾਣਦੇ ਉਹ ਉਸ ਨੂੰ ਬਾਕੀ ਹਿੁੰਦਸਤਾਨੀਆਂ ਨਾਲ ਮਿਲਾ ਕੇ ਦੇਖ ਸਕਦੇ ਹਨ।’...
ਸਰ ਲੋਗਨ ਮਹਾਂਰਾਜੇ ਦੀ ਇਸ ਚੁੱਪ ਬਾਰੇ ਪਹਿਲਾਂ ਚੁੱਪ ਹੀ ਸੀ ਪਰ ਕਲੇਅਰਡਨ ਨੂੰ ਮਹਾਂਰਾਣੀ ਵਿਕਟੋਰੀਆ ਵਲੋਂ ਵਾਰ ਵਾਰ ਮਹਾਂਰਾਜੇ ਦਾ ਪੱਖ ਲੈਣ ਕਰਕੇ ਔਖ ਮਹਿਸੂਸ ਹੋਣ ਲਗੀ ਸੀ ਸੋ ਕਲੇਅਰਡਨ ਨੇ ਸਰ ਲੋਗਨ ਨੂੰ ਚਿਣੌਤੀ ਦੇ ਕੇ ਸਾਰੀ ਸਥਿਤੀ ਬਾਰੇ ਆਪਣੀ ਰਾਏ ਦੇਣ ਬਾਰੇ ਕਿਹਾ। ਸਰ ਲੋਗਨ ਦੀ ਹਾਲਤ ਅਜੀਬ ਹੋਣ ਲਗੀ। ਮਹਾਂਰਾਜੇ ਦੀ ਚੁੱਪ ਉਸ ਨੂੰ ਵੀ ਚੰਗੀ ਨਹੀਂ ਸੀ ਲਗ ਰਹੀ। ਅੰਤ ਉਸ ਨੇ ਆਪਣੇ ਵਿਚਾਰ ਮਹਾਂਰਾਣੀ ਦੇ ਸੈਕਟਰੀ ਫਿਪਸ ਨੂੰ ਲਿਖ ਕੇ ਭੇਜ ਦਿਤੇ;
‘...ਹਿੰਦੁਸਤਾਨ ਵਿਚ ਵਾਪਰੇ ਸਾਰੇ ਮਾਮਲੇ ਨਾਲ ਕਿਸੇ ਕਿਸਮ ਦਾ ਕੋਈ ਵਾਹ ਨਾ ਦਿਖਾ ਕੇ ਮਹਾਂਰਾਜੇ ਨੇ ਚੰਗੀ ਗੱਲ ਨਹੀਂ ਕੀਤੀ ਜਦੋਂ ਕਿ ਉਸ ਦੇ ਬਹੁਤ ਨਜ਼ਦੀਕੀਆਂ ਦਾ ਨੁਕਸਾਨ ਵੀ ਹੋਇਆ ਹੈ। ਅਸਲ ਵਿਚ ਸਿ਼ਕਾਰ ਦਾ ਮੌਸਮ ਹੋਣ ਕਰਕੇ ਉਸ ਦਾ ਸਿ਼ਕਾਰ ਦੀ ਗੇਮ ਵਲ ਜਿ਼ਆਦਾ ਧਿਆਨ ਰਿਹਾ ਹੈ, ਇਹਨਾਂ ਗੱਲਾਂ ਨਾਲੋਂ ਬੰਦੂਕਬਾਜ਼ੀ ਉਸ ਲਈ ਜਿ਼ਆਦਾ ਮਹਤੱਵਪੂਰਨ ਰਹੀ ਹੈ। ਉਹ ਖਬਰਾਂ ਸੁਣ ਕੇ ਹੈਰਾਨ ਤਾਂ ਹੁੰਦਾ ਰਿਹਾ ਹੈ ਪਰ ਉਸ ਨੇ ਵਾਹ ਦਿਖਾਉਣ ਦੀ ਕੋਸਿ਼ਸ਼ ਨਹੀਂ ਕੀਤੀ। ਟੇਅਮੌਊਥ ਵਿਚ ਛੁੱਟੀਆਂ ਸਮੇਂ ਮਿਲੀਆਂ ਕੁਝ ਔਰਤਾਂ ਨਾਲ ਗੱਲਾਂ ਸਮੇਂ ਉਹ ਬਾਜ਼ ਨੂੰ ਸਿ਼ਕਾਰ ਕਰਨ ਲਈ ਕਿਵੇਂ ਟਰੇਨ ਕਰਨਾ ਹੈ ਬਾਰੇ ਹੀ ਗੱਲਾਂ ਕਰਦਾ ਰਿਹਾ। ਇਕ ਔਰਤ ਨੇ ਤਾਂ ਇਹ ਵੀ ਕਹਿ ਦਿਤਾ ਕਿ ਉਹ ਗੱਲਾਂ ਕਰਦੇ ਸਮੇਂ ਬਿਲਕੁਲ ਨਿਰੋਲ ਹਿੰਦੁਸਤਾਨੀ ਲਗ ਰਿਹਾ ਸੀ, ਉਸ ਦੇ ਸਿ਼ਕਾਰ ਖੇਡਣ ਦੇ ਜ਼ਾਲਮਾਨਾ ਤਰੀਕਿਆਂ ਨੂੰ ਇਕ ਔਰਤ ਨੇ ਬਹੁਤ ਬੁਰੀ ਨਜ਼ਰ ਨਾਲ ਦੇਖਿਆ ਹੈ, ...ਪਰ ਇਹ ਗੱਲ ਵੀ ਬਿਲਕੁਲ ਸਹੀ ਹੈ ਕਿ ਮਹਾਂਰਾਜਾ ਹਿੁੰਦਸਤਾਨੀ ਸਿਪਾਹੀਆਂ, ਜਿਹਨਾਂ ਵਿਚ ਹਿੰਦੂ ਵੀ ਤੇ ਮੁਸਲਮਾਨ ਵੀ ਆਉਂਦੇ ਹਨ, ਨੂੰ ਬਿਲਕੁਲ ਪਸੰਦ ਨਹੀਂ ਕਰਦਾ, ਸ਼ਾਇਦ ਇਸ ਕਰਕੇ ਕਿ ਉਸ ਦਾ ਰਾਜ ਵੀ ਇਹਨਾਂ ਸਿਪਾਹੀਆਂ ਕਰਕੇ ਹੀ ਗਿਆ ਹੈ। ਉਹ ਅਜਿਹੇ ਹਿੰਦੁਸਤਾਨੀਆਂ ਨੂੰ ਆਪਣੇ ਹਮਵਤਨ ਹੀ ਨਹੀਂ ਮੰਨਦਾ। ਉੱਚੀ ਜਾਤ ਦੇ ਬ੍ਰਾਹਮਨਾਂ ਬਾਰੇ ਉਸ ਦੇ ਵਿਚਾਰ ਵਧੀਆ ਨਹੀਂ ਹਨ।’...
ਹਿੰਦੁਸਤਾਨ ਵਿਚ ਉਠੀ ਬਗਾਵਤ ਕਾਮਯਾਬੀ ਨਾਲ ਦਬਾ ਦਿਤੀ ਗਈ ਤੇ ਪੂਰੇ ਹਿੰਦੁਸਤਾਨ ਉਪਰ ਪਹਿਲਾਂ ਨਾਲੋਂ ਪਕੜ ਮਜ਼ਬੂਤ ਕਰ ਲਈ ਗਈ। ਇਸ ਦੇ ਨਾਲ ਹੀ ਬ੍ਰਤਾਨਵੀ ਸਰਕਾਰ ਈਸਟ ਇੰਡੀਆ ਕੰਪਨੀ ਦੇ ਭਵਿਖ ਬਾਰੇ ਵੀ ਸੋਚਣ ਲਗ ਪਈ ਕਿ ਇਸ ਕੰਪਨੀ ਦੇ ਪ੍ਰਬੰਧ ਵਿਚ ਹੀ ਕਿਧਰੇ ਕੋਈ ਘਾਟ ਰਹਿ ਗਈ ਸੀ ਕਿ ਇਹ ਬਾਗਵਤ ਫੈਲੀ। ਸਰਕਾਰ ਨੇ ਆਉਣ ਵਾਲੇ ਸਾਲਾਂ ਵਿਚ ਹਿੰਦੁਸਤਾਨ ਦੀ ਹਕੂਮਤ ਸਿੱਧੇ ਆਪਣੇ ਹੱਥਾਂ ਵਿਚ ਲੈਣ ਦਾ ਫੈਸਲਾ ਵੀ ਕਰ ਲਿਆ। ਮਹਾਂਰਾਜੇ ਵਾਲੀ ਗੱਲ ਕਿ ਉਸ ਨੇ ਇਹ ਬਗਾਵਤ ਬਾਰੇ ਕੋਈ ਫਿਕਰ ਨਹੀਂ ਦਿਖਾਇਆ ਵੀ ਠੰਡੀ ਪੈਣ ਲਗੀ। ਪਰ ਮਹਾਂਰਾਜਾ ਇਹਨਾਂ ਗੱਲਾਂ ਤੋਂ ਦੂਰ ਆਪਣੇ ਕਲੇਮ ਬਾਰੇ ਜਿ਼ਆਦਾ ਫਿਕਰਵੰਦ ਸੀ। ਉਹ ਖੁਦਮੁਖਤਿਆਰ ਹੋਣਾ ਚਾਹੁੰਦਾ ਸੀ। ਆਪਣੀ ਮਰਜ਼ੀ ਨਾਲ ਘੁੰਮਣਾ ਫਿਰਨਾ ਚਾਹੁੰਦਾ ਸੀ। ਹੁਣ ਯੌਰਪ ਦਾ ਚਕਰ ਲਾਉਣ ਤੋਂ ਬਾਅਦ ਤਾਂ ਉਸ ਨੇ ਨਵੀਆਂ ਨਵੀਆਂ ਸਿ਼ਕਾਰਗਾਹਾਂ ਦੇਖ ਲਈਆਂ ਸਨ। ਉਹ ਇਹਨਾਂ ਸਿ਼ਕਾਰਗਾਹਾਂ ਵਿਚ ਸਿ਼ਕਾਰ ਖੇਡਣ ਜਾਣਾ ਚਾਹੁੰਦਾ ਸੀ। ਉਹ ਆਪਣੇ ਆਪ ਨੂੰ ਹੁਣ ਇਕ ਵਧੀਆ ਸਿ਼ਕਾਰੀ ਮੰਨਦਾ ਸੀ ਤੇ ਆਪਣੇ ਬਰਾਬਰ ਦੇ ਸਿ਼ਕਾਰੀਆਂ ਨਾਲ ਸਿ਼ਕਾਰ ਖੇਡ ਕੇ ਆਪਣੇ ਇਸ ਹੁਨਰ ਦੀ ਧਾਂਕ ਜਮਾਉਣਾ ਚਾਹੁੰਦਾ ਸੀ। ਇਸ ਵੇਲੇ ਮਹਾਂਰਾਜੇ ਦਾ ਕਲੇਮ ਵਾਲਾ ਕੇਸ ਚਲ ਰਿਹਾ ਸੀ।
29, ਦਸੰਬਰ, 1857; ਮਹਾਂਰਾਜੇ ਲਈ ਅਜ ਖੁਸ਼ੀ ਦੀ ਖਬਰ ਆਈ ਜਿਸ ਲਈ ਉਹ ਲੜ ਰਿਹਾ ਸੀ। ਈਸਟ ਇੰਡੀਆ ਕੰਪਨੀ ਦੀ ਕੋਰਟ ਔਫ ਡਾਇਰੈਕਟਰਜ਼ ਨੇ ਉਸ ਨੂੰ ਬਾਲਗ ਮੰਨ ਲਿਆ। ਹੁਣ ਉਹ ਆਪਣੇ ਫੈਸਲੇ ਆਪ ਲੈ ਸਕਦਾ ਸੀ। ਮਹਾਂਰਾਜੇ ਲਈ ਇਹ ਬਹੁਤ ਹੀ ਖੁਸ਼ੀ ਦੀ ਖਬਰ ਸੀ। ਸਭ ਤੋਂ ਪਹਿਲਾਂ ਤਾਂ ਉਸ ਨੇ ਆਪਣੇ ਦੋਸਤਾਂ ਤੇ ਖੈਰ ਖੁਆਹਾਂ ਨੂੰ ਇਸ ਖੁਸ਼ਖਬਰੀ ਬਾਰੇ ਚਿੱਠੀਆਂ ਲਿਖੀਆਂ। ਇਹਨਾਂ ਵਿਚ ਮਹਾਂਰਾਣੀ ਤੋਂ ਲੈ ਕੇ ਸਮੁੰਦ ਸਿੰਘ ਤੇ ਕਾਬਲ ਸਿੰਘ ਵੀ ਸ਼ਾਮਲ ਸਨ। ਇਹ ਦੋਨੋਂ ਸਿੱਖ ਹੁਣ ਉਸ ਨੂੰ ਮਿਲਣ ਆਉਂਦੇ ਰਹਿੰਦੇ ਸਨ। ਇਹਨਾਂ ਤੋਂ ਮਹਾਂਰਾਜੇ ਨੂੰ ਪੰਜਾਬ ਦੀ ਖੁਸ਼ਬੂ ਆਉਣ ਲਗੀ ਸੀ। ਉਸ ਨੂੰ ਆਪਣੇ ਰਿਸ਼ਤੇਦਾਰ ਚੇਤੇ ਆਉਣ ਲਗੇ ਸਨ। ਉਸ ਨੇ ਹੁਣ ਸ਼ਹਿਜ਼ਾਦੇ ਸਿ਼ਵਦੇਵ ਸਿੰਘ ਨਾਲ ਵੀ ਰਾਬਤਾ ਕਾਇਮ ਕਰ ਲਿਆ ਸੀ ਪਰ ਸਿ਼ਵਦੇਵ ਸਿੰਘ ਹਾਲੇ ਵੀ ਆਪਣੀ ਮਾਂ ਦੇ ਪ੍ਰਭਾਵ ਹੇਠ ਸੀ ਤੇ ਆਪਣੇ ਫੈਸਲੇ ਆਪ ਨਹੀਂ ਸੀ ਕਰ ਸਕਦਾ। ਸਰ ਲੋਗਨ ਦੇ ਉਸ ਉਪਰ ਸਾਰੇ ਅਧਿਕਾਰ ਹੁਣ ਖਤਮ ਹੋ ਰਹੇ ਸਨ। ਇਹ ਗੱਲ ਸਰਕਾਰੇ-ਦਰਬਾਰੇ ਬਹੁਤੇ ਲੋਕਾਂ ਨੂੰ ਪਸੰਦ ਨਹੀਂ ਸੀ। ਮਹਾਂਰਾਜਾ ਤੇ ਸਰ ਲੋਗਨ ਜਾਣਦੇ ਸਨ ਕਿ ਕਨੂੰਨੀ ਅਧਿਕਾਰ ਭਾਵੇਂ ਖਤਮ ਹੋ ਗਏ ਹੋਣ ਪਰ ਦੋਹਾਂ ਪਾਸਿਓਂ ਤੋਂ ਨੈਤਿਕ ਅਧਿਕਾਰ ਉਵੇਂ ਹੀ ਕਾਇਮ ਰਹਿਣੇ ਸਨ। ਮਹਾਂਰਾਜਾ ਵੀ ਨਿਕੀ ਜਿਹੀ ਸਲਾਹ ਲਈ ਮਿਸਜ਼ ਜਾਂ ਸਰ ਲੋਗਨ ਕੋਲ ਪੁੱਜ ਜਾਂਦਾ ਸੀ ਤੇ ਉਹਨਾਂ ਨੂੰ ਵੀ ਜਿਹੜੀ ਗੱਲ ਚੰਗੀ ਜਾਂ ਮਾੜੀ ਲਗਦੀ ਸੀ ਮਹਾਂਰਾਜੇ ਨੂੰ ਕਹਿ ਦਿੰਦੇ ਸਨ। ਮੈਨਜ਼ੀ ਪੈਲੇਸ ਦੀ ਲੀਜ਼ ਹੁਣ ਖਤਮ ਹੋ ਰਹੀ ਸੀ। ਮਹਾਂਰਾਜੇ ਦੇ ਰਹਿਣ ਲਈ ਨਵੀਂ ਜਗਾਹ ਲਭਣੀ ਹੁਣ ਸਰ ਲੋਗਨ ਦੇ ਜਿ਼ੰਮੇ ਹੀ ਸੀ ਤੇ ਸਰ ਲੋਗਨ ਪੂਰੀ ਕੋਸਿ਼ਸ਼ ਵੀ ਕਰ ਰਿਹਾ ਸੀ।
ਖੁਦਮੁਖਤਾਰ ਹੋ ਕੇ ਸਭ ਤੋਂ ਪਹਿਲਾਂ ਮਹਾਂਰਾਜੇ ਨੇ ਸਰਦੀਆਂ ਦੇ ਅੰਤ ਦੇ ਨੇੜੇ ਸਾਰਡੇਨੀਆਂ ਵਿਚ ਸਿ਼ਕਾਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਹ ਸਾਰਾ ਇਲਾਕਾ ਦੇਖ ਆਇਆ ਸੀ। ਇਹ ਜੰਗਲੀ ਬੋਰ, ਜੋ ਕਿ ਸੂਰ ਵਰਗਾ ਉਸ ਇਲਾਕੇ ਦਾ ਜਾਨਵਰ ਸੀ, ਦੇ ਸਿ਼ਕਾਰ ਲਈ ਬਹੁਤ ਢੁਕਵਾਂ ਸੀ ਤੇ ਨਾਲ ਹੀ ਉਸ ਦੇ ਬਾਜ਼ ਲਈ ਵੀ ਬਹੁਤ ਸਿ਼ਕਾਰ ਉਪਲਭਧ ਸੀ। ਇਸ ਮੌਕੇ ਮਹਾਂਰਾਣੀ ਵਿਕਟੋਰੀਆ ਉਸ ਵਲ ਇਵੇਂ ਦੇਖ ਰਹੀ ਸੀ ਜਿਵੇਂ ਇਕ ਮਾਂ ਆਪਣੇ ਬੱਚੇ ਨੂੰ ਉੜਾਨ ਭਰਨ ਲਈ ਆਪਣੇ ਖੰਭਾਂ ਨੂੰ ਤੋਲਦੇ ਦੇਖਦੀ ਹੈ ਪਰ ਮਾਂ ਫਿਕਰ ਵੀ ਕਰਦੀ ਹੈ। ਮਹਾਂਰਾਣੀ ਦੇ ਸੈਕਟਰੀ ਚਰਲਸ ਫਿਪਸ ਨੇ ਲੋਗਨ ਨੂੰ ਲਿਖਿਆ; ‘ਮਹਾਂਰਾਣੀ ਮਹਾਂਰਾਜੇ ਨੂੰ ਸਿ਼ਕਾਰ ‘ਤੇ ਜਾਣ ਤੋਂ ਪਹਿਲਾਂ ਮਿਲਣਾ ਚਾਹੁੰਦੀ ਹੈ, ਇਸੇ ਐਤਵਾਰ ਜੇ ਦੇਰ ਨਹੀਂ ਹੋਈ ਅਜੇ ਤਾਂ। ਮਹਾਂਰਾਜਾ ਵਿਦੇਸ਼ ਜਾ ਰਿਹਾ ਹੈ, ਉਸ ਦਾ ਰੁਤਬੇ ਨੂੰ ਦੇਖਦੇ ਹੋਏ ਉਸ ਦਾ ਇਕੱਲਾ ਜਾਣਾ ਮਹਾਂਰਾਣੀ ਨੂੰ ਠੀਕ ਨਹੀਂ ਜਾਪਦਾ।’...
ਇਕ ਦਿਨ ਮਹਾਂਰਾਜਾ ਮਹਾਂਰਾਣੀ ਦੇ ਸੱਦੇ ‘ਤੇ ਦੁਪਿਹਰ ਦੇ ਖਾਣੇ ਲਈ ਸ਼ਾਹੀ ਮਹੱਲ ਵਿਚ ਦੁਪਿਹਰ ਪੁੱਜ ਗਿਆ। ਉਸ ਨੇ ਹਮੇਸ਼ਾ ਵਾਂਗ ਮਹਾਂਰਾਣੀ ਦੇ ਬਰਾਬਰ ਬੈਠ ਕੇ ਭੋਜਨ ਕੀਤਾ। ਖਾਣੇ ਦੇ ਮੇਜ਼ ‘ਤੇ ਬੈਠ ਕੇ ਵਾਹਵਾ ਸਾਰੀਆਂ ਗੱਲਾਂ ਹੋਈਆਂ। ਇਹ ਸਰਦੀਆਂ ਬਹੁਤ ਸਖਤ ਲਗੀਆਂ ਸਨ ਤੇ ਹਾਲੇ ਮੌਸਮ ਇਵੇਂ ਹੀ ਚਲਣਾ ਸੀ। ਸਾਰਡੇਨੀਆ ਤੇ ਕੌਰਸੀਕਾ ਵਿਚ ਮੌਸਮ ਨੇ ਇਸ ਤੋਂ ਵੀ ਖਰਾਬ ਹੋਣਾ ਸੀ, ਸਿ਼ਕਾਰ ਨੂੰ ਗਿਆ ਮਹਾਂਰਾਜਾ ਤਾਂ ਗਰਮੀਆਂ ਤਕ ਉਥੇ ਹੀ ਰਹੇਗਾ। ਮਹਾਂਰਾਣੀ ਨੇ ਆਪਣੇ ਦਿਲ ਦੀ ਗੱਲ ਵੀ ਦੱਸ ਦਿਤੀ ਕਿ ਪਹਿਲੀ ਵਾਰ ਜਾ ਰਿਹਾ ਹੈ ਤੇ ਕਿਸੇ ਨਾ ਕਿਸੇ ਨੂੰ ਨਾਲ ਲੈ ਜਾਵੇ। ਇਸ ਤੋਂ ਕੁਝ ਦਿਨ ਬਾਅਦ ਮਹਾਂਰਾਣੀ ਨੇ ਆਪਣੇ ਜਰਨਲ ਵਿਚ ਲਿਖਿਵਾਇਆ;
14 ਫਰਬਰੀ, 1858; ‘ਇਕ ਹਫਤੇ ਬਾਅਦ ਫਿਰ ਮਹਾਂਰਾਜਾ ਰਾਤ ਦੇ ਖਾਣੇ ‘ਤੇ ਆਇਆ। ਮਹਾਂਰਾਜੇ ਨੇ ਰਾਣੀ ਦੇ ਨਜ਼ਦੀਕ ਬੈਠ ਕੇ ਬਹੁਤ ਸਾਰੀਆਂ ਸਮਝਦਾਰੀ ਦੀਆਂ ਗੱਲਾਂ ਕੀਤੀਆਂ। ਮਹਾਂਰਾਜੇ ਨੇ ਹਿੰਦੁਸਤਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਬਹੁਤ ਚੰਗਾ ਹੋਇਆ ਕਿ ਹਿੰਦੁਸਤਾਨ ਦਾ ਰਾਜ ਸਿੱਦਾ ਆਪਣੇ ਹੱਥਾਂ ਵਿਚ ਲੈ ਲਿਆ ਗਿਆ ਹੈ। ਹਿੰਦੁਸਤਾਨ ਦੇ ਲੋਕਾਂ ਲਈ ਇਹ ਬਹੁਤ ਚੰਗਾ ਸਿੱਧ ਹੋਵੇਗਾ। ਮਹਾਂਰਾਜਾ ਸਿ਼ਕਾਰ ਤੇ ਜਾਣ ਨੂੰ ਬਹੁਤ ਉਤਸੁਕਤਾ ਨਾਲ ਉਡੀਕ ਰਿਹਾ ਹੈ।’
ਮਹਾਂਰਾਜਾ ਇਕੱਲਾ ਜਾਣਾ ਚਾਹੁੰਦਾ ਸੀ ਪਰ ਉਹ ਨਾ ਹੀ ਮਹਾਂਰਾਣੀ ਨੂੰ ਨਾਂਹ ਕਹਿ ਸਕਿਆ ਤੇ ਨਾ ਹੀ ਲੋਗਨ ਜੋੜੇ ਨੂੰ। ਫੈਸਲਾ ਹੋਇਆ ਕਿ ਡਾਕਟਰ ਪਾਰਸਨਜ਼ ਉਹਦੇ ਨਾਲ ਜਾਵੇਗਾ। ਦੋ ਮਾਰਚ ਨੂੰ ਸਫਰ ਸ਼ੁਰੂ ਹੋ ਗਿਆ। ਨੌਕਰਾਂ ਤੇ ਸਮਾਨ ਦੀ ਕਾਫੀ ਵੱਡੀ ਮਿਕਦਾਰ ਸੀ। ਉਸ ਨੇ ਲੇਡੀ ਲੋਗਨ ਨੂੰ ਆਪਣੀ ਪਹਿਲੀ ਚਿੱਠੀ ਲਿਖੀ;
‘...ਡਾਕਟਰ ਪਾਰਸਨਜ਼ ਬਹੁਤ ਚੰਗਾ ਇਨਸਾਨ ਹੈ। ਜਾਪਦਾ ਹੈ ਕਿ ਉਸ ਨੂੰ ਥੋੜਾ ਥੋੜਾ ਸਭ ਕਾਸੇ ਬਾਰੇ ਪਤਾ ਹੈ, ਉਸ ਦੀ ਇਹ ਗੱਲ ਮੇਰਾ ਦਿਲ ਲਾਈ ਰੱਖਦੀ ਹੈ। ਮੈਨੂੰ ਲਗਦਾ ਹੈ ਕਿ ਇਸ ਸਫਰ ਦਾ ਮੈਂ ਉਵੇਂ ਅਨੰਦ ਨਹੀਂ ਮਾਣ ਸਕਾਂਗਾ ਜਿਵੇਂ ਮਾਨਣਾ ਚਾਹੁੰਦਾ ਸਾਂ, ਸਾਰੇ ਹੀ ਮੈਨੂੰ ਖੁਸ਼ ਕਰਨ ਦੀ ਬਹੁਤੀ ਹੀ ਕੋਸਿ਼ਸ਼ ਕਰੀ ਜਾ ਰਹੇ ਹਨ। ਮੈਨੂੰ ਇਸ ਗੱਲ ਦਾ ਬਹੁਤ ਹੀ ਧਿਆਨ ਰੱਖਣਾ ਪੈ ਰਿਹਾ ਹੈ ਕਿ ਮੇਰੇ ਇਸ ਸਫਰ ਨੂੰ ਇਹ ਲੋਕ ਖਰਾਬ ਨਾ ਕਰ ਕੇ ਰੱਖ ਦੇਣ। ਤੁਹਾਨੂੰ ਯਾਦ ਹੋਏਗਾ ਕਿ ਸਰ ਲੋਗਨ ਤੇ ਡਾਕਟਰ ਡਰੁਮਡ ਨੇ ਜਿਵੇਂ ਡਿਊਕ ਔਫ ਐਥੌਲ ਨਾਲ ਕੀਤੀ ਸੀ। ਉਸ ਨੂੰ ‘ਹਿਜ਼ ਗਰੇਸ’, ‘ਹਿਜ਼ ਗਰੇਸ’ ਏਨੀ ਵਾਰ ਕਿਹਾ ਕਿ ਵਿਚਾਰੇ ਦੇ ਹੱਥ ਹੀ ਝੂਠੇ ਪੈਣ ਲਗੇ ਸਨ। ਹਰ ਚੀਜ਼ ਹੱਥਾਂ ਵਿਚੋਂ ਡਿਗ ਪੈਂਦੀ ਸੀ ਤੇ ਉਹ ਕਿਸੇ ਕੰਮ ਦਾ ਹੀ ਨਹੀਂ ਸੀ ਰਹਿਣ ਦਿਤਾ।’
ਸਾਰਡੇਨੀਆ ਵਿਚ ਸਿ਼ਕਾਰ ਖੇਡਣਾ ਉਸ ਨੂੰ ਬਿਲਕੁਲ ਹਿੰਦੁਸਤਾਨ ਵਰਗਾ ਲਗਿਆ। ਉਸ ਨੇ ਜਿਵੇਂ ਆਸ ਰੱਖੀ ਸੀ ਏਨਾ ਪਸੰਦ ਨਹੀਂ ਸੀ। ਸਿ਼ਕਾਰ ਵੀ ਏਨਾ ਨਹੀਂ ਸੀ ਮਿਲ ਰਿਹਾ ਜਿਵੇਂ ਕਿ ਉਮੀਦ ਸੀ। ਮਹਾਂਰਾਜੇ ਨੂੰ ਜਾਪਿਆ ਕਿ ਉਸ ਦਾ ਬਾਜ਼ ਵੀ ਆਪਣੇ ਸਿ਼ਕਾਰ ਤੋਂ ਏਨਾ ਖੁਸ਼ ਨਹੀਂ ਸੀ। ਸਿ਼ਕਾਰ ਦੇ ਅੰਤ ਤੇ ਉਸ ਨੇ ਨਿਚੋੜ ਕੱਢ ਲਿਆ ਕਿ ਸਿ਼ਕਾਰ ਖੇਡਣ ਲਈ ਸਭ ਤੋਂ ਵਧੀਆ ਜਗਾਹ ਇੰਗਲੈਂਡ ਹੀ ਹੈ। ਵਾਪਸ ਮੁੜਨ ਦਾ ਦਿਨ ਪੁੱਜਣ ਤੇ ਮਹਾਂਰਾਜੇ ਨੇ ਸੁੱਖ ਦਾ ਸਾਹ ਲਿਆ। ਉਹ ਸੋਚ ਰਿਹਾ ਸੀ ਕਿ ਇੰਗਲੈਂਡ ਜਾ ਕੇ ਆਪਣਾ ਭੈੜਾ ਤਜਰਬਾ ਸਾਰਿਆਂ ਨਾਲ ਸਾਂਝਾ ਕਰੇਗਾ।
ਵਾਪਸ ਇੰਗਲੈਂਡ ਪੁਜਦਿਆਂ ਹੀ ਮਹਾਂਰਾਜੇ ਨੂੰ ਇਕ ਚੰਗੀ ਖਬਰ ਇਹ ਮਿਲੀ ਕਿ ਸਰ ਲੋਗਨ ਨੇ ਉਸ ਲਈ ਨਵੀਂ ਰਿਹਾਇਸ਼ ਲੱਭ ਲਈ ਸੀ। ਇਹ ਸੀ ਮੁਲਗਰੇਵ ਕੈਸਲ। ਇਹ ਯੌਰਕਸ਼ਾਇਰ ਦੇ ਵਿਚ ਸੀ। ਇਹ ਇਸਟੇਟ ਵਿਟਬੀ ਸ਼ਹਿਰ ਦੇ ਨਜ਼ਦੀਕ ਇਕ ਪਹਾੜੀ ‘ਤੇ ਪੈਂਦੀ ਸੀ। ਇਸ ਇਸਟੇਟ ਦਾ ਰਕਬਾ ਵੀ ਕਾਫੀ ਸੀ। ਤਿੱਤਰ ਤੇ ਹੋਰ ਸਿ਼ਕਾਰ ਵੀ ਕਾਫੀ ਮਿਕਦਾਰ ਵਿਚ ਸੀ। ਮਹਾਂਰਾਜਾ ਇਸ ਤੋਂ ਕਾਫੀ ਖੁਸ਼ ਸੀ। ਇਸ ਦਾ ਅਸਲੀ ਮਾਲਕ ਲੌਰਡ ਨੌਰਮੈਂਡੀ ਸੀ ਜੋ ਕਿ ਫਲੋਰੈਂਸ ਵਿਚ ਰਾਜਦੂਤ ਸੀ ਤੇ ਉਸ ਨੇ ਜਿੰਨਾ ਚਿਰ ਉਹ ਇੰਗਲੈਂਡ ਤੋਂ ਬਾਹਰ ਸੀ ਇਸ ਨੂੰ ਕਿਰਾਏ ਦੇ ਦੇਣ ਦਾ ਫੈਸਲਾ ਕਰ ਲਿਆ ਸੀ। ਲੌਰਡ ਨੌਰਮੈਂਡੀ ਚਾਰਲਸ ਫਿਪਸ ਦਾ ਰਿਸ਼ਤੇਦਾਰ ਵੀ ਸੀ ਉਸ ਦੇ ਰਾਹੀਂ ਹੀ ਇਹ ਸੌਦਾ ਤਹਿ ਹੋਇਆ ਸੀ। ਮਹਾਂਰਾਜੇ ਤੋਂ ਪਹਿਲਾਂ ਵੀ ਇਥੇ ਵੱਡੇ ਵੱਡੇ ਲੋਕ ਠਹਿਰਦੇ ਰਹੇ ਸਨ।
ਸਤੰਬਰ ਦੇ ਪਹਿਲੇ ਹਫਤੇ ਮਹਾਂਰਾਜੇ ਨੇ ਮੁਲਗਰੇਵ ਕੈਸਲ ਵਿਚ ਰਿਹਾਇਸ਼ ਟਿਕਾ ਕੇ ਲੇਡੀ ਲੋਗਨ ਨੂੰ ਚਿੱਠੀ ਲਿਖੀ। ਲੇਡੀ ਲੋਗਨ ਹਾਲੇ ਵੀ ਰਾਜਕੁਮਾਰੀ ਗੋਰੈਹਮਾ ਨੂੰ ਵੀ ਸੰਭਾਲ ਰਹੀ ਸੀ ਜਿਸ ਵਿਚ ਰਾਜਕੁਮਾਰੀ ਦੇ ਸੁਭਾਅ ਕਾਰਨ ਉਸ ਨੂੰ ਕੁਝ ਪਰੇਸ਼ਾਨੀਆਂ ਆ ਰਹੀਆਂ ਸਨ। ਮਹਾਂਰਾਜੇ ਨੇ ਲੇਡੀ ਲੋਗਨ ਨੂੰ ਲਿਖਿਆ;
‘ਮੈਅਮ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਮਿਲਣ ਆਓ, ਇਸ ਤੋਂ ਪਹਿਲਾਂ ਕਿ ਇਹ ਰਾਜਕੁਮਾਰੀ ਤੁਹਾਡੇ ਨਾਲ ਪੱਕੀ ਤੌਰ ਤੇ ਬੱਝ ਜਾਵੇ ਮੈਨੂੰ ਮਿਲ ਜਾਵੋ, ਉਸ ਨੂੰ ਨਾਲ ਲਿਆਉਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਜਿਹੜਾ ਵੀ ਸਮਾਂ ਤੁਹਾਨੂੰ ਸਹੀ ਲਗਦਾ ਹੋਵੇ ਆ ਜਾਵੋ ਤੇ ਜਿਹੜੇ ਵੀ ਆਪਣੇ ਦੋਸਤ ਬੁਲਾਉਣੇ ਚਾਹੁੰਦੇ ਹੋ ਬੁਲਾ ਲਵੋ। ਇਹਨਾਂ ਬਾਰੇ ਕੀ ਕਹਿੰਦੇ ਹੋ: ਕਨਿਘੰਮਜ਼, ਐਲੇਗਜ਼ੈਡਰਜ਼, ਪੋਲੌਕਸ ਜਾਂ ਕੋਈ ਵੀ ਹੋਰ।’
ਮੁਲਗਰੇਵ ਪੈਲੇਸ ਵਿਚ ਸਰ ਚਾਰਲਸ ਫਿਪਸ ਮਹਾਂਰਾਜੇ ਨੂੰ ਮਿਲਣ ਆਇਆ ਪਹਿਲਾ ਮਹਿਮਾਨ ਸੀ। ਉਹ ਸਾਰੇ ਇੰਤਜ਼ਾਮ ਦੇਖ ਕੇ ਬਹੁਤ ਖੁਸ਼ ਹੋਇਆ। ਉਸ ਨੇ ਜਾ ਕੇ ਮਹਾਂਰਾਣੀ ਨੂੰ ਰਿਪੋਰਟ ਕੀਤੀ। ਇਸ ਬਾਰੇ ਮਹਾਂਰਾਣੀ ਨੇ ਆਪਣੇ ਜਨਰਲ ਵਿਚ ਲਿਖਵਾਇਆ;
12 ਨਵੰਬਰ, 1858; ‘ਸਰ ਚਾਲਸ ਫਿਪਸ ਮਹਾਂਰਾਜੇ ਕੋਲ ਪੂਰਾ ਇਕ ਹਫਤਾ ਰਹਿ ਕੇ ਆਇਆ ਹੈ। ਇਹ ਮੁਲਗਰੇਵ ਪੈਲੇਸ ਕੁਝ ਸਾਲਾਂ ਲਈ ਕਿਰਾਏ ਤੇ ਲਿਆ ਗਿਆ ਹੈ। ਸਰ ਚਾਰਲਸ ਫਿਪਸ ਦਾ ਕਹਿਣਾ ਹੈ ਕਿ ਇਸ ਤੋਂ ਬਿਹਤਰ ਮਹਾਂਰਾਜੇ ਲਈ ਕੋਈ ਇੰਤਜ਼ਾਮ ਨਹੀਂ ਹੋ ਸਕਦਾ। ਸਾਰੀ ਇਸਟੇਟ ਨੂੰ ਬਹੁਤ ਹੀ ਵਧੀਆ ਢੰਗ ਨਾਲ ਮੈਨੇਜ ਕੀਤਾ ਗਿਆ ਹੈ। ਮਹਾਂਰਾਜਾ ਵੀ ਅਸੂਲਾਂ ਦਾ ਪੱਕਾ ਤੇ ਸੱਚ ਬੋਲਣ ਵਾਲਾ ਨੌਜਵਾਨ ਹੈ ਜਿਸ ਦੇ ਵਰਤਾਰੇ ਤੋਂ ਉਸ ਦੇ ਵਧੀਆ ਮਨੁੱਖ ਹੋਣ ਦਾ ਸਬੂਤ ਮਿਲਦਾ ਹੈ। ਸਰ ਫਿਪਸ ਦਾ ਕਹਿਣਾ ਹੈ ਕਿ ਉਹ ਲਿਖਣ ਪੜ੍ਹਨ ਵਲ ਧਿਆਨ ਦੇਣੋਂ ਕੰਨੀ ਕਤਰਾਉਂਦਾ ਹੈ, ਇਹ ਸ਼ਾਇਦ ਉਸ ਦੇ ਹਿੰਦੁਸਤਾਨੀ ਸੁਭਾਅ ਕਾਰਨ ਹੈ।’
ਜਿਵੇਂ ਮੈਨਜ਼ੀ ਕੈਸਲ ਵਿਚ ਰਹਿੰਦਿਆਂ ਮਹਾਂਰਾਜੇ ਦੇ ਬਹੁਤ ਸਾਰੇ ਲੌਰਡ ਦੋਸਤ ਬਣ ਗਏ ਸਨ ਇਥੇ ਵੀ ਇਵੇਂ ਹੀ ਬਣਨ ਲਗੇ। ਉਹ ਆਪ ਵੀ ਨਵੇਂ ਪੁਰਾਣੇ ਦੋਸਤਾਂ ਨੂੰ ਮਿਲਣ ਦਾ ਸੱਦਾ ਦੇਣ ਲਗਿਆ ਪਰ ਇਸ ਹਾਲੇ ਉਹ ਟਿਕ ਕੇ ਬੈਠਣ ਦੇ ਰੌਂਅ ਵਿਚ ਨਹੀਂ ਸੀ। ਉਸ ਨੇ ਕਾਬਲ ਸਿੰਘ ਦੇ ਸਿਰਨਾਵੇਂ ‘ਤੇ ਸਮੁੰਦ ਸਿੰਘ ਤੇ ਕਾਬਲ ਸਿੰਘ ਨੂੰ ਸਾਂਝੀ ਚਿੱਠੀ ਲਿਖੀ ਤੇ ਦਸ ਦਿਤਾ ਕਿ ੳਹ ਹੁਣ ਮੁਲਗਰੇਵ ਪੈਲੇਸ ਵਿਚ ਆ ਗਿਆ ਹੈ ਪਰ ਜੇ ਉਹ ਮਿਲਣਾ ਚਾਹੁੰਦੇ ਹਨ ਤਾਂ ਗਰਮੀਆਂ ਤੋਂ ਬਾਅਦ ਹੀ ਆਉਣ। ਮਹਾਂਰਾਜਾ ਹੁਣ ਖੁਦਮੁਖਤਿਆਰ ਹੋਣ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ। ਅਸਲ ਵਿਚ ਇਹਨਾਂ ਦਿਨਾਂ ਵਿਚ ਹੀ ਮਹਾਂਰਾਜੇ ਦੀ ਮੁਲਾਕਤ ਸੈਮੂਅਲ ਬੇਕਰ ਨਾਲ ਹੋਈ। ਸੈਮੂਅਲ ਬੇਕਰ ਬਹੁਤ ਘੁੰਮਿਆ ਫਿਰਿਆ ਬੰਦਾ ਸੀ ਤੇ ਆਪਣੇ ਆਪ ਨੂੰ ‘ਬੇਕਰ ਔਫ ਨਾਈਲ ਰਿਵਰ’ ਕਹਿੰਦਾ ਸੀ। ਉਹ ਕਿਸ਼ਤੀ ਰਾਹੀਂ ਸਾਰਾ ਨੀਲ ਘੁੰਮ ਚੁੱਕਿਆ ਸੀ। ਉਹ ਚਲਾਕ ਬੰਦਾ ਸੀ ਤੇ ਮਹਾਂਰਾਜੇ ਤੋਂ ਵੀਹ ਸਾਲ ਵੱਡਾ ਵੀ ਸੀ। ਦੋਨਾਂ ਵਿਚਕਾਰ ਵਾਹਵਾ ਗੱਲਬਾਤ ਹੋਣ ਲਗੀ ਤੇ ਆਪਸ ਵਿਚ ਦੋਸਤੀ ਪੈ ਗਈ। ਮਹਾਂਰਾਜੇ ਨੂੰ ਹਾਲੇ ਤਕ ਯੌਰਪ ਜਾਂ ਹੋਰ ਦੇਸ਼ਾਂ ਵਿਚ ਘੁੰਮਣ ਵਿਚ ਤਸੱਲੀ ਨਹੀਂ ਸੀ ਮਿਲੀ। ਪਿਛਲੀ ਵਾਰ ਉਹ ਯੌਰਪ ਦੀਆਂ ਸਿ਼ਕਾਰਗਾਹਾਂ ਤੋਂ ਨਿਰਾਸ਼ ਹੋ ਕੇ ਮੁੜਿਆ ਸੀ ਪਰ ਸੈਮਅਲ ਬੇਕਰ ਦੀਆਂ ਗੱਲਾਂ ਸੁਣ ਕੇ ਇਕ ਵਾਰ ਫਿਰ ਉਥੇ ਜਾਣ ਦਾ ਪ੍ਰੋਗਰਾਮ ਬਣਾਉਣ ਲਗਿਆ। ਤਰਕੀਬਾਂ ਘੜੀਆਂ ਜਾਣ ਲਗੀਆਂ ਕਿ ਉਹ ਵਿਆਨਾ ਤੋਂ ਹੰਗਰੀ ਨੂੰ ਡੈਨੂਬ ਦਰਿਆ ਰਾਹੀਂ ਜਾਂਦੇ ਹੋਏ ਸਰਦੀਆਂ ਨੂੰ ਸਿ਼ਕਾਰ ਖੇਡਣ ਜਾਣਗੇ। ਸ਼ਾਹੀ ਪਰਿਵਾਰ ਜਾਂ ਬ੍ਰਤਾਨਵੀ ਉਪਰਲੇ ਸਮਾਜ ਵਿਚ ਸੈਮੂਅਲ ਬੇਕਰ ਦਾ ਨਾਂ ਕੋਈ ਇਜ਼ਤ ਵਾਲਾ ਨਹੀਂ ਸੀ ਪਰ ਮਹਾਂਰਾਜਾ ਇਸ ਗੱਲ ਦੀ ਪਰਵਾਹ ਕਰਨ ਵਾਲਾ ਵੀ ਨਹੀਂ ਸੀ।
ਇਸ ਵੇਲੇ ਮਹਾਂਰਾਜੇ ਦਾ ਪੈਂਸ਼ਨ ਵਾਲਾ ਮਸਲਾ ਹਾਲੇ ਉਥੇ ਦਾ ਉਥੇ ਖੜਾ ਸੀ। ਪੂਰੀ ਪੈਂਸ਼ਨ ਉਸ ਨੂੰ ਮਿਲ ਨਹੀਂ ਸੀ ਰਹੀ। ਇੰਡੀਆ ਬੋਰਡ ਉਸ ਦੇ ਆਰਥਿਕ ਮਸਲੇ ਬਾਰੇ ਕੁਝ ਵੀ ਨਹੀਂ ਸੀ ਕਰ ਰਿਹਾ। ਉਹ ਕਈ ਚਿੱਠੀਆਂ ਚਾਰੇ ਪਾਸੇ ਲਿਖ ਚੁੱਕਾ ਸੀ, ਹਾਲੇ ਤਕ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਸੀ ਆ ਰਿਹਾ। ਉਹ ਸਿੱਧਾ ਮਹਾਂਰਾਣੀ ਨੂੰ ਵਿੰਡਸਰ ਕੈਸਲ ਵਿਚ ਜਾ ਮਿਲਿਆ ਤੇ ਸਾਰੀ ਗੱਲ ਉਸ ਨੂੰ ਦੱਸੀ। ਮਹਾਂਰਾਣੀ ਪਹਿਲਾਂ ਵੀ ਕੁਝ ਕੁ ਜਾਣਦੀ ਹੀ ਸੀ। ਉਸ ਨੇ ਮਹਾਂਰਾਜੇ ਨਾਲ ਹਮਦਰਦੀ ਜਤਾਈ ਤੇ ਪੂਰਾ ਇਨਸਾਫ ਦਵਾਉਣ ਦਾ ਵਾਅਦਾ ਵੀ ਕੀਤਾ। ਅਗਲੇ ਦਿਨ ਹੀ ਮਹਾਂਰਾਣੀ ਦੇ ਇਕ ਸੈਕਟਰੀ ਨੇ ਈਸਟ ਇੰਡੀਆ ਹਾਊਸ ਦੇ ਲੌਰਡ ਸਟੈਨਲੀ ਨੂੰ ਇਸ ਬਾਰੇ ਚਿੱਠੀ ਲਿਖ ਦਿਤੀ;
‘ਮਹਾਂਰਾਣੀ ਮਹਾਂਰਾਜਾ ਦਲੀਪ ਸਿੰਘ ਦੇ ਆਰਥਿਕ ਮਾਮਲੇ ਨੂੰ ਨਿਪਟਦਾ ਦੇਖਣ ਦੀ ਚਾਹਵਾਨ ਹੈ। ਇਹ ਮਾਮਲ ਹੁਣ ਦੋ ਸਾਲ ਤੋਂ ਈਸਟ ਇੰਡੀਆ ਕੰਪਨੀ ਮੁਹਰੇ ਲਟਕ ਰਿਹਾ ਹੈ। ਮਹਾਂਰਾਜਾ ਇਸ ਆਪਣੇ ਇਸ ਮਜ਼ਬੂਤ ਤੇ ਸਹੀ ਕਲੇਮ ਨੂੰ ਹੱਲ ਕੀਤੇ ਜਾਣ ਦਾ ਹੱਕ ਰੱਖਦਾ ਹੈ। ਉਹ ਬਹੁਤ ਹੀ ਇਮਾਨਦਾਰ ਤੇ ਚੰਗੇ ਸੁਭਾਅ ਵਾਲਾ ਇਨਸਾਨ ਹੈ। ਉਸ ਦੇ ਮਾਮਲੇ ਨੂੰ ਲਮਕਾਉਣ ਸ਼ਾਇਦ ਹਿੰਦੁਸਤਾਨੀ ਰਾਜਕੁਮਾਰਾਂ ਵਿਚੋਂ ਇਕੋ ਇਕ ਉਦਾਹਰਣ ਹੋਵੇ। ਮਹਾਂਰਾਣੀ ਦੇ ਏਡੇ ਵੱਡੇ ਰਾਜ ਵਿਚ ਇਹ ਇਕ ਛੋਟਾ ਜਿਹਾ ਮਸਲਾ ਹੈ। ਮਹਾਂਰਾਜੇ ਦਾ ਬ੍ਰਤਾਨਵੀ ਅਧਿਕਾਰ ਵਾਲਾ ਹਿੱਸਾ ਹਿੰਦੁਸਤਾਨ ਦਾ ਸਭ ਤੋਂ ਵਧੀਆ ਹਿੱਸਾ ਹੈ ਤੇ ਬਦਲੇ ਵਿਚ ਮਹਾਂਰਾਜੇ ਨੂੰ ਅਣਗੌਲਿਆ ਨਹੀਂ ਜਾਣਾ ਚਾਹੀਦਾ। ਉਹ ਉਹੀ ਕੁਝ ਮੰਗ ਰਿਹਾ ਹੈ ਜੋ ਟਰੀਟੀ ਵਿਚ ਲਿਖਿਆ ਹੋਇਆ ਹੈ।’....
ਲੌਰਡ ਸਟੈਨਲੀ ਨੇ ਜਵਾਬ ਦਿਤਾ ਕਿ ਸਾਰਾ ਕੇਸ ਹਿੰਦੁਸਤਾਨ ਨੂੰ ਭੇਜਿਆ ਹੋਇਆ ਹੈ ਜਿਥੇ ਦੇਰ ਹੋ ਰਹੀ ਹੈ। ਉਸ ਨੇ ਲੌਰਡ ਡਲਹੌਜ਼ੀ ਦੇ ਉਤਰਾ-ਅਧਿਕਾਰੀ ਲੌਰਡ ਕੈਨਿੰਗ ਨੂੰ ਲਿਖਿਆ ਹੋਇਆ ਹੈ। ਜੇ ਨਾ ਹੋਇਆ ਤਾਂ ਇਸ ਸਾਰਾ ਮਾਮਲਾ ਲੰਡਨ ਵਿਚ ਨਿਬੇੜ ਦਿਤਾ ਜਾਵੇਗਾ। ਮਹਾਂਰਾਣੀ ਨੇ ਕਿਸੇ ਹੋਰ ਗੱਲ ਨੂੰ ਉਡੀਕੇ ਬਿਨਾਂ ਆਪ ਹੀ ਲੌਰਡ ਕੈਨਿੰਗ ਨੂੰ ਇਸ ਬਾਰੇ ਲਿਖ ਦਿਤਾ। ਲੌਰਡ ਕੈਨਿੰਗ ਮਹਾਂਰਾਣੀ ਦੀ ਚਿੱਠੀ ਪ੍ਰਾਪਤ ਕਰਕੇ ਉਵੇਂ ਹੀ ਖੁਸ਼ ਹੋਇਆ ਫਿਰਦਾ ਸੀ। ਲੌਰਡ ਕੈਨਿੰਗ ਨੇ ਜਵਾਬ ਵਿਚ ਮਹਾਂਰਾਣੀ ਦੀਆਂ ਤਰੀਫਾਂ ਦੇ ਪੁਲ਼ ਬੰਨ ਦਿਤੇ ਤੇ ਕੇਸ ਨੂੰ ਜਲਦੀ ਨਿਪਟਾਉਣ ਦਾ ਵਾਇਦਾ ਵੀ ਕੀਤਾ। ਲੌਰਡ ਕੈਨਿੰਗ ਇਸ ਕੇਸ ਦਾ ਪੂਰਾ ਇਤਹਾਸ ਜਾਣਦਾ ਸੀ। ਇਸ ਵਿਚ ਉਸ ਦੀ ਨਿੱਜੀ ਦਿਲਚਸਪੀ ਜਾਗ ਪਈ। ਉਸ ਨੂੰ ਪਤਾ ਸੀ ਮਹਾਂਰਾਜੇ ਦਾ ਇਹ ਬਹੁਤ ਹੀ ਮਜ਼ਬੂਤ ਕੇਸ ਸੀ। ਉਸ ਨੂੰ ਮਹਾਂਰਾਜੇ ਦੀ ਇਸਾਈ ਬਣਨ ਦੀ ਸਾਰੀ ਕਹਾਣੀ ਦਾ ਪਤਾ ਸੀ ਤੇ ਫਿਰ ਇੰਗਲੈਂਡ ਆ ਕੇ ਉਪਰਲੇ ਸਮਾਜ ਵਿਚ ਤੇ ਮਹਾਂਰਾਣੀ ਦੇ ਨਜ਼ਦੀਕ ਹੋਣ ਦਾ ਵੀ। ਲੌਰਡ ਕੈਨਿੰਗ ਨੇ ਮਹਾਂਰਾਜੇ ਬਾਰੇ ਸੋਚਿਆ ਤੇ ਮਨ ਹੀ ਮਨ ਮੁਸਕਰਾਉਣ ਲਗ ਪਿਆ। ਲੌਰਡ ਡਲਹੌਜ਼ੀ ਜਾਂ ਲੌਰਡ ਕੈਨਿੰਗ ਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੇ ਲੌਰਡ ਜਾਂ ੳੱਚੇ ਸਮਾਜ ਵਿਚ ਵਿਚਰਨ ਵਾਲੇ ਲੋਕ ਮਹਾਂਰਾਜੇ ਦੀ ਮਹਾਂਰਾਣੀ ਨਾਲ ਨੇੜਤਾ ਤੋਂ ਜਲ਼ੇ ਪਏ ਸਨ। ਹਰ ਕੋਈ ਮਹਾਂਰਾਜੇ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਬਕ ਸਿਖਾਉਣ ਬਾਰੇ ਸੋਚ ਰਿਹਾ ਸੀ। ਉਸ ਦੇ ਕਲੇਮ ਵਿਚ ਰੁਕਾਵਟ ਪਾਉਣ ਤੋਂ ਵਧੀਆ ਮੌਕਾ ਕਿਹੜਾ ਹੋ ਸਕਦਾ ਸੀ। ਮਹਾਂਰਾਜਾ ਹਾਲੇ ਇਸ ਸਿਆਸਤ ਨੂੰ ਸਮਝਣ ਜੋਗਾ ਨਹੀਂ ਸੀ ਹੋਇਆ। ਮਹਾਂਰਾਣੀ ਦੇ ਹੱਥ ਵਿਚ ਬਹੁਤਾ ਕੁਝ ਨਹੀਂ ਸੀ ਉਸ ਨੇ ਤਾਂ ਅਗੇ ਅਫਸਰ-ਸ਼ਾਹੀ ਦੇ ਸਿਰ ‘ਤੇ ਹੀ ਗੱਲ ਕਰਨੀ ਹੁੰਦੀ ਸੀ ਤੇ ਅਫਸਰ-ਸ਼ਾਹੀ ਮਹਾਂਰਾਜੇ ਦੇ ਖਿਲਾਫ ਹੋਈ ਖੜੀ ਸੀ।
ਇਕ ਦਿਨ ਅਚਾਨਕ ਸਮੁੰਦ ਸਿੰਘ ਮਹਾਂਰਾਜੇ ਨੂੰ ਮਿਲਣ ਆ ਗਿਆ। ਉਸ ਨੇ ਕੋਈ ਵਕਤ ਨਹੀਂ ਸੀ ਲਿਆ ਤੇ ਨਾ ਹੀ ਕੋਈ ਚਿੱਠੀ ਲਿਖੀ ਸੀ। ਮਹਾਂਰਾਜੇ ਨੇ ਤਾਂ ਉਹਨਾਂ ਨੂੰ ਗਰਮੀਆਂ ਵਿਚ ਮਿਲਣ ਲਈ ਕਿਹਾ ਸੀ ਪਰ ਉਹ ਹੁਣੇ ਹੀ ਆ ਗਿਆ। ਉਹ ਕਹਿਣ ਲਗਿਆ,
“ਮਹਾਂਰਾਜਾ ਜੀਓ, ਮੈਂ ਹਿੰਦੁਸਤਾਨ ਜਾ ਰਿਹਾਂ, ਸ਼ਾਇਦ ਛੇ ਮਹੀਨੇ ਤੋਂ ਜਿ਼ਆਦਾ ਸਮਾਂ ਲਗ ਜਾਵੇ ਵਾਪਸ ਮੁੜਨ ਲਈ, ਮੈਂ ਚਾਹੁੰਦਾ ਸਾਂ ਕਿ ਤੁਹਾਨੂੰ ਮਿਲ ਜਾਵਾਂ, ਕਿਸੇ ਲਈ ਤੁਹਾਡਾ ਕੋਈ ਸੁਨੇਹਾ ਹੋਵੇ ਤਾਂ ਲੈ ਜਾਵਾਂ।”
ਮਹਾਂਰਾਜਾ ਸੋਚਾਂ ਵਿਚ ਪੈ ਗਿਆ ਕਿ ਕਿਸ ਨੂੰ ਸੁਨੇਹਾ ਭੇਜੇ। ਉਸ ਦਾ ਹੁਣ ਉਥੇ ਕੌਣ ਹੋਵੇਗਾ। ਬੀਬੀ ਜੀ ਤਾਂ ਨਿਪਾਲ ਵਿਚ ਸਨ। ਮਹਾਂਰਾਜੇ ਨੇ ਸਮੁੰਦ ਸਿੰਘ ਨੂੰ ਕੁਝ ਪੈਸੇ ਦਿੰਦਿਆਂ ਕਿਹਾ,
“ਸਰਦਾਰ ਸਮੁੰਦ ਸਿੰਘ ਜੀ, ਆਹ ਲਓ, ਸਾਡੇ ਨਾਂ ਦਾ ਹਰਿਮੰਦਰ ਸਾਹਿਬ ਵਿਚ ਪ੍ਰਸ਼ਾਦਾ ਕਰਾ ਦਿਓ, ਭਾਵੇਂ ਹੁਣ ਸਾਡਾ ਯਕੀਨ ਤਾਂ ਨਹੀਂ ਪਰ ਫਿਰ ਵੀ ਸਾਡੀਆਂ ਜੜ੍ਹਾਂ ਨੇ।”
“ਮਹਾਂਰਾਜਾ ਜੀਓ, ਤੁਹਾਡੇ ਬਹੁਤ ਸਾਰੇ ਰਿਸ਼ਤੇਦਾਰ ਨੇ ਉਥੇ, ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੋਂਗੇ?”
ਮਹਾਂਰਾਜਾ ਕੁਝ ਸੋਚਣ ਲਗ ਪਿਆ ਤੇ ਫਿਰ ਕਹਿਣ ਲਗਿਆ,
“ਮੈਨੂੰ ਯਾਦ ਏ ਕਿ ਭਾਬੀ ਜੀ, ਰਾਣੀ ਸ਼ੇਰ ਸਿੰਘ ਦਾ ਚਿਹਰਾ ਜਦ ਅਸੀਂ ਕਿਹਾ ਸੀ ਕਿ ਅਸੀਂ ਇਸਾਈ ਧਰਮ ਅਪਣਾ ਰਹੇ ਹਾਂ, ਜੇ ਉਹ ਖੁਸ਼ ਨਹੀਂ ਸਨ ਤਾਂ ਹੋਰ ਲੋਕ ਕੀ ਖੁਸ਼ ਹੋਣਗੇ, ਹਾਂ, ਤੁਸੀਂ ਇਕ ਕੰਮ ਕਰ ਦਿਓ ਕਿ ਆਕੇ ਸਾਨੂੰ ਇਹ ਦੱਸੋ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਨੇ, ਕੀ ਸਾਨੂੰ ਹਾਲੇ ਵੀ ਓਨਾ ਹੀ ਪਿਆਰ ਕਰਦੇ ਨੇ ਜਿੰਨਾ ਸਾਨੂੰ ਸਿੱਖ ਹੋਣ ਵੇਲੇ ਕਰਦੇ ਸਨ।”
“ਤੁਸੀਂ ਆਪ ਕਿਉਂ ਨਹੀਂ ਹਿੰਦੁਸਤਾਨ ਦਾ ਫੇਰਾ ਮਾਰ ਕੇ ਆਉਂਦੇ, ਆਪਣੇ ਅੱਖੀਂ ਸਭ ਕੁਝ ਦੇਖ ਆਓ।”
ਮਹਾਂਰਾਜਾ ਕੁਝ ਦੇਰ ਖਿਆਲਾਂ ਵਿਚ ਗੁਆਚਾ ਰਿਹਾ ਤੇ ਫਿਰ ਬੋਲਿਆ,
“ਮਸੂਰੀ ਜਾਂਦਿਆਂ ਗੰਗਾ ਕਿਨਾਰੇ ਮੈਂ ਲੋਕਾਂ ਵਿਚ ਆਪਣੇ ਪ੍ਰਤੀ ਮੋਹ ਦੇਖਿਆ ਸੀ, ਸਾਨੂੰ ਉਹਨਾਂ ਇਹ ਮੋਹ ਬਹੁਤ ਚੰਗਾ ਲਗਿਆ ਸੀ ਪਰ ਪਤਾ ਨਹੀਂ ਸਾਡਾ ਇਸ ਇਸਾਈ ਧਰਮ ਨੂੰ ਉਹ ਕਿਵੇਂ ਲੈਂਦੇ ਨੇ, ਤੁਸੀਂ ਸਾਨੂੰ ਆ ਕੇ ਦੱਸਣਾ।”

(ਤਿਆਰੀ ਅਧੀਨ ਨਾਵਲ; ‘ਸਾਡਾ ਮਹਾਂਰਾਜਾ: ਮਹਾਂਰਾਜਾ ਦਲੀਪ ਸਿੰਘ’ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346