Welcome to Seerat.ca
Welcome to Seerat.ca

ਗੁੰਗੀ ਪੱਤਝੜ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼/ ਯੌਰਪ ਵਲ

 

- ਹਰਜੀਤ ਅਟਵਾਲ

ਸਿਕੰਦਰ

 

- ਗੁਰਮੀਤ ਪਨਾਗ

ਪੰਜ ਕਵਿਤਾਵਾਂ

 

- ਸੁਰਜੀਤ

ਲਿਓਨ ਤਰਾਤਸਕੀ ਦੀ ਪ੍ਰਸੰਗਿਕਤਾ ਨੂੰ ਸਮਝਣ ਦੀ ਲੋੜ ਵਜੋਂ

 

- ਗੁਰਦਿਆਲ ਬੱਲ

ਡਾ. ਕੇਸਰ ਸਿੰਘ ਕੇਸਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਪੂਰਬੀ ਅਫਰੀਕਾ ‘ਚ ਗ਼ਦਰ ਲਹਿਰ ਉਪਰ ਜ਼ੁਲਮ ਤੇ ਸਜ਼ਾਵਾਂ

 

- ਸੀਤਾ ਰਾਮ ਬਾਂਸਲ

ਮਨੁੱਖੀ ਰਿਸ਼ਤਿਆਂ ਦਾ ਤਾਣਾ-ਬਾਣਾ

 

- ਵਰਿਆਮ ਸਿੰਘ ਸੰਧੂ

ਰੱਬੀ ਰਬਾਬ ਤੇ ਰਬਾਬੀ -ਭਾਈ ਮਰਦਾਨਾ ਜੀ

 

- ਗੱਜਣਵਾਲਾ ਸੁਖਮਿੰਦਰ ਸਿੰਘ

ਮੇਰਾ ਪਹਿਲਾ ਪਿਆਰ

 

- ਲਵੀਨ ਕੌਰ ਗਿੱਲ

ਰੱਬ ਨਾਲ ਸੰਵਾਦ

 

- ਗੁਰਦੀਸ਼ ਕੌਰ ਗਰੇਵਾਲ

(ਜੀਵਨ ਜਾਚ ਦੇ ਝਰਨੇ ਮਨੁੱਖੀ ਸਾਂਝਾਂ) / ਖੁਸ਼ਨੂਦੀ ਮਹਿਕਾਂ ਤੇ ਖੇੜੇ ਵੰਡਦੀ ਇੱਕ ਜੀਵਨ ਜਾਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਚਲੋ ਇੱਲਾਂ ਤਾਂ ਗਈਆਂ ਪਰ...

 

- ਐਸ. ਅਸ਼ੋਕ ਭੌਰਾ

ਗ਼ਦਰ ਲਹਿਰ ਦੀ ਗਾਥਾ

 

- ਮੰਗੇ ਸਪਰਾਏ

ਗੁਰੂ ਤੇ ਸਿੱਖ

 

- ਗੁਰਦੀਸ਼ ਕੌਰ ਗਰੇਵਾਲ

ਹਰਿਵੱਲਬ ਮੇਲੇ ਮੌਕੇ ਵਿਸ਼ੇਸ / ਹਰਿਵੱਲਭ ਦਾ ਸੰਗੀਤ ਮੇਲਾ

 

- ਡਾ.ਜਗਮੇਲ ਸਿੰਘ ਭਾਠੂਆਂ

ਫੈਸਲਾ

 

- ਵਕੀਲ ਕਲੇਰ

ਨੰਨ੍ਹੀ ਕਹਾਣੀ / ਖੂਹ ਦਾ ਡੱਡੂ....

 

- ਰਵੀ ਸੱਚਦੇਵਾ

ਮੰਨਾ ਡੇ

 

- ਡਾ. ਰਵਿੰਦਰ ਕੌਰ ਰਵੀ

ਡਾ.ਅੰਮ੍ਰਿਤਪਾਲ ਦੇ ਕਾਮਰੇਡ ਟਰਾਟਸਕੀ ਬਾਰੇ ਵਿਚਾਰ

 

- ਬਘੇਲ ਸਿੰਘ ਬੱਲ

ਅਸੀਂ ਮਲਵਈ ਨੀ ਪਿੰਡਾਂ ਦੇ ਮਾੜੇ

 

- ਕਰਨ ਬਰਾੜ

Radical Objects: Photo of Mewa Singh’s Funeral Procession 1915

 
Online Punjabi Magazine Seerat

ਡਾ. ਕੇਸਰ ਸਿੰਘ ਕੇਸਰ ਦੇ ਖ਼ਤ
- ਬਲਦੇਵ ਸਿੰਘ ਧਾਲੀਵਾਲ

 

ਡਾ. ਕੇਸਰ ਨਾਲ ਮੇਰੀ ਪਹਿਲੀ ਮੁਲਾਕਤ 1980 ਵਿਚ ਹੋਈ ਸੀ। ਪੰਜਾਬੀ ਦੀ ਐਮ.ਏ. ਕਰਨ ਲਈ ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿਚ ਦਾਖਲਾ ਲਿਆ ਸੀ। ਜੁਲਾਈ, 1984 ਤੋਂ ਬਾਅਦ ਮੇਰਾ ਸੰਪਰਕ ਡਾ. ਕੇਸਰ ਨਾਲ ਮੂਲੋਂ ਹੀ ਮੱਧਮ ਪੈ ਗਿਆ ਕਿਉਂਕਿ ਐਮ.ਏ., ਐਮ.ਫਿ਼ਲ ਕਰਨ ਪਿੱਛੋਂ ਮੈਂ ਰੁਜ਼ਗਾਰ ਲਈ ਭਟਕਦਾ ਪਹਿਲਾਂ ਦਿੱਲੀ ਅਤੇ ਫੇਰ ਜਲੰਧਰ ਅਖ਼ਬਾਰਾਂ ਦੇ ਦਫ਼ਤਰਾਂ ਦੀ ਖਾਕ ਛਾਣਦਾ ਰਿਹਾ। ਡਾ. ਕੇਸਰ ਮੇਰਾ ਐਮ.ਫਿ਼ਲ ਦਾ ਨਿਗਰਾਨ ਸੀ ਅਤੇ ਮੈਂ ਪੀ-ਐੱਚ.ਡੀ. ਦੀ ਰਜਿਸਟ੍ਰੇਸ਼ਨ ਵੀ ਉਨ੍ਹਾਂ ਨਾਲ ਕਰਾ ਚੁੱਕਾ ਸਾਂ, ਪਰ ਅਜੀਤ ਅਖ਼ਬਾਰ ਦੀ ਸਖ਼ਤ ਨੌਕਰੀ ਨੇ ਰਿਸਰਚ ਦੇ ਕੰਮ ਵੱਲ ਮੂੰਹ ਨਾ ਕਰਨ ਦਿੱਤਾ। ਫਿਰ 1987 ਵਿਚ ਡੀ.ਏ.ਵੀ. ਕਾਲਜ ਜਲੰਧਰ ’ਚ ਐਡਹਾਕ ਲੈਕਚਰਾਰ ਦੀ ਨੌਕਰੀ ਮਿਲੀ ਜੋ ਅਗਸਤ-ਸਤੰਬਰ ਤੋਂ ਫਰਵਰੀ ਤੱਕ ਹੁੰਦੀ। ਪਰ ਇਨ੍ਹਾਂ ਵਿਹਲੇ ਮਹੀਨਿਆਂ ਵਿਚ ਮੈਂ ਫਿਰ ਪੀ-ਐੱਚ.ਡੀ. ਦਾ ਕੰਮ ਮੁਕੰਮਲ ਕਰਨ ਲਈ ਯਤਨ ਕਰਨ ਲੱਗਾ ਅਤੇ ਡਾ. ਕੇਸਰ ਨਾਲ ਫਿਰ ਸੰਪਰਕ ਜੁੜ ਗਿਆ। 1989 ਵਿਚ ਪੀ-ਐੱਚ.ਡੀ. ਤਾਂ ਸਿਰੇ ਲੱਗ ਗਈ ਪਰ ਕੱਚੀ ਨੌਕਰੀ ਲਹੂ ਸੁਕਾਈ ਰੱਖਦੀ। ਅਨਿਸਚਤਤਾ, ਸਹਿਮ ਅਤੇ ਮੰਦੀ ਆਰਥਕ ਹਾਲਤ (ਉਸ ਵੇਲੇ ਤੱਕ ਮੇਰਾ ਵਿਆਹ ਮੇਰੀ ਜਮਾਤਣ ਸੁਖਵਿੰਦਰ ਨਾਲ ਹੋ ਚੁੱਕਾ ਸੀ ਅਤੇ ਇਕ ਬੱਚਾ ਵੀ ਆ ਗਿਆ ਸੀ। ਸੁਖਵਿੰਦਰ ਵੀ ਅਜੇ ਬੇਰੁਜ਼ਗਾਰ ਸੀ) ਦੇ ਰੋਣੇ ਮੈਂ ਡਾ. ਕੇਸਰ ਨੂੰ ਲਿਖੀਆਂ ਚਿੱਠੀਆਂ ਵਿਚ ਰੋਂਦਾ। ਇਕ ਸੁਹਿਰਦ ਅਧਿਆਪਕ ਵਜੋਂ ਉਹ ਸਾਨੂੰ ਧਰਵਾਸ ਦਿੰਦੇ। ਡਾ. ਕੇਸਰ ਸਿੰਘ ਕੇਸਰ ਦੇ ਖ਼ਤ ਬਿਨਾਂ ਕਿਸੇ ਤਬਦੀਲੀ ਦੇ ਇਸ ਲਈ ਛਾਪ ਰਿਹਾ ਹਾਂ ਕਿਉੱਕਿ ਹੁਣ ਇਨ੍ਹਾਂ ਦੀ ਦਸਤਾਵਜੇਂੀ ਮਹੱਤਤਾ ਬਣ ਗਈ ਹੈ।
*
35, ਵਿੰਡਸਰ ਪਾਰਕ, ਜਲੰਧਰ
ਮਿਤੀ : 12-9-90
ਪਿਆਰੇ ਬਲਦੇਵ,
ਤੇਰੀ ਚਿੱਠੀ ਮਿਲ ਗਈ ਹੈ। ਖੁਸ਼ੀ ਹੈ ਕਿ ਤੂੰ ਆਪਣੀ ਸਾਮੱਗਰੀ ਪ੍ਰਕਾਸ਼ਨ ਲਈ ਤਿਆਰ ਕਰ ਰਿਹਾ ਏਂ। ਇਹ ਕੰਮ ਛੇਤੀ ਕਰ। ਅੰਮ੍ਰਿਤਸਰ-ਜਲੰਧਰ ਵਿਚ ਕਿਤਾਬ ਛਾਪਣੀ ਕੋਈ ਮੁਸ਼ਕਲ ਨਹੀਂ ਹੋਵੇਗੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪ੍ਰਾਧਿਆਪਕਾਂ ਦੀਆਂ ਤਿੰਨ ਅਸਾਮੀਆਂ (ਡੀ.ਸੀ.ਸੀ.) ਖਾਲੀ ਹਨ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਜਦੋਂ ਵਿਗਿਆਪਨ ਦੇਣ ਤਾਂ ਇਕ ਅਸਾਮੀ ਆਧੁਨਿਕ ਪੰਜਾਬੀ ਕਵਿਤਾ ਦੀ ਵਿਸ਼ੇਸ਼ੱਗਤਾ ਲਈ ਜ਼ਰੂਰ ਰਾਖਵੀਂ ਰੱਖਣ। ਤੂੰ ਜ਼ਰਾ ਗ਼ੌਰ ਰੱਖੀਂ। ਜੇ ਕੋਈ ਇਸ਼ਤਿਹਾਰ ਹੋਵੇ ਤਾਂ ਮੈਨੂੰ ਦੱਸੀਂ। ਹੋਰ ਬਹੁਤੀ ਚਿੰਤਾ ਦੀ ਲੋੜ ਨਹੀਂ। ਸੁਖਵਿੰਦਰ ਨੂੰ ਤਕੜੀ ਕਰ। ਸਰੀਰ ਵਿਚ ਇਕ ਗੁਰਦਾ ਜ਼ਰੂਰ ਕੰਮ ਕਰਦਾ ਹੋਣਾ ਚਾਹੀਦਾ ਹੈ। ਬੱਸ, ਐਨੇ ਨੂੰ ਨਿੱਕਾ ਹੁਸ਼ਿਆਰ ਹੋਇਆ। ਸੇਖੋਂ ਦੀ ਸ੍ਵੈ-ਜੀਵਨੀ ਮਿਲ ਗਈ ਹੈ। ਤੁਹਾਨੂੰ ਤਿੰਨਾਂ ਨੂੰ ਮੇਰੇ ਤੇ ਜਸਬੀਰ ਵਲੋਂ ਪਿਆਰ।
ਤੇਰਾ ‘ਕੇਸਰ’
***


35, ਵਿੰਡਸਰ ਪਾਰਕ, ਜਲੰਧਰ-8 ਮਿਤੀ : 26-9-90
ਪਿਆਰੇ ਬਲਦੇਵ,
ਤੇਰੀ 18-9-90 ਦੀ ਚਿੱਠੀ, ਕਰਫਿੳੂ ਤੋੜ ਕੇ, ਹੁਣੇ ਮਿਲੀ ਹੈ। ਪਰ ਮੈਂ ਕਰਫਿੳੂ ਤੋੜ ਕੇ ਵੱਡਾ ਲਿਫ਼ਾਫ਼ਾ ਲਿਆਉਣ ਦੀ ਜੁਰਅਤ ਨਹੀਂ ਕਰ ਸਕਿਆ। ਅੰਤਰ-ਦੇਸ਼ੀ ਪੱਤਰ ਨਾਲ ਹੀ ਸਾਰ ਰਿਹਾ ਹਾਂ। ‘ਭਾਈ ਵੀਰ ਸਿੰਘ ਦੀ ਕਾਵਿ-ਦ੍ਰਿਸ਼ਟੀ’* ਦੀ ਸਕੀਮ ਠੀਕ ਹੈ, ਪਰ ਹਰੇਕ ਅਧਿਆਇ ਉਤੇ ‘ਭਾਈ ਵੀਰ ਸਿੰਘ-ਕਾਵਿ’ ਬਾਰ-ਬਾਰ ਲਿਖਣਾ ਜ਼ਰੂਰੀ ਨਹੀਂ। ਚੈਪਟਰਾਂ ਦੇ ਮੁੱਖ ਸਿਰਲੇਖ ਹੀ ਦਿਓ। ਜੇ ਕੋਈ ਵਿਚਾਰ-ਕੜੀ ਨਾ ਟੁੱਟਦੀ ਹੋਵੇ ਤਾਂ ਪਹਿਲੇ ਕਾਂਡ ਨੂੰ ਅਖ਼ੀਰਲੇ ਵਿਚ ਹੀ ਸਮੋ ਦਿਓ i.e. ਇਸ ਨੂੰ ਛੇਵੇਂ ਕਾਂਡ ਦਾ ਉਪ-ਕਾਂਡ ਬਣਾ ਦਿਓ। ਪਹਿਲੇ ਕਾਂਡ ਦਾ ਨਾਂ ਰੱਖੋ : ਭਾਈ ਵੀਰ ਸਿੰਘ ਦੀ ਜੀਵਨ-ਦ੍ਰਿਸ਼ਟੀ ਤੇ ਰਚਨਾ-ਦ੍ਰਿਸ਼ਟੀ, ਉਸ ਤੋਂ ਅਗਲੇ ਕਾਂਡਾਂ ਦੇ ਸਿਰਲੇਖਾਂ ਵਿਚ ਵੀਰ ਸਿੰਘ ਰੱਖਣ ਦੀ ਕੋਈ ਲੋੜ ਨਹੀਂ। ਜੈਕਟ ਉਤੇ ਛਾਪਣ ਲਈ ਸਤਰਾਂ ਮੈਂ ਲਿਖ ਦੇਵਾਂਗਾ, ਤੂੰ ਕਿਤਾਬ ਪ੍ਰੈੱਸ ਨੂੰ ਦੇ ਦੇ। ਤਤਕਰੇ ਵਿਚ ਹੋਰ ਕੋਈ ਖ਼ਾਸ ਸੋਧਾਈ ਦੀ ਲੋੜ ਨਹੀਂ। ਚੌਥੇ ਕਾਂਡ ਦੇ ਸਿਰਲੇਖ ਵਿਚ ਸਾਮੰਤੀ ਪ੍ਰਤੀਮਾਨ ਅਤੇ... ਹੀ ਕਾਫ਼ੀ ਹੈ, ਨੈਤਿਕ ਪ੍ਰਤੀਮਾਨਾਂ ਲਿਖਣ ਦੀ ਲੋੜ ਨਹੀਂ। ਰਹੀ ਸੰਦਰਭ** ਦੀ ਗੱਲ। ਮੇਰੇ ਸੁਝਾਓ ਹਨ :
1. ਪੂੰਜੀ ਬਾਰੇ ਮੁੜ ਕੇ ਸੋਚ ਲਵੋ। ਕੀ ਤੁਸੀਂ ਦੋ ਅੰਕ (ਛਿਮਾਹੀ) ਕੱਢ ਸਕਦੇ ਹੋ ? ਕਿਤਾਬੀ ਸ਼ਕਲ ਵਿਚ, ਇਕ ਅੰਕ ਦੇ 200/- ਸਫ਼ੇ ਹੋਣੇ ਚਾਹੀਦੇ ਹਨ।
2. ਕੀ ਤੁਸੀਂ ਇਸ ਦੀ ਮੁੱਖ ਵਿਚਾਰਧਾਰਾ ਮਾਰਕਸੀ ਰੱਖਣੀ ਚਾਹੋਗੇ ? ਜੇ ਮੈਨੂੰ ਨਾਲ ਲੈਣਾ ਹੈ ਤਾਂ ਅਜਿਹਾ ਹੀ ਕਰਨਾ ਪਵੇਗਾ।
3. ਹਰੇਕ ਅੰਕ ਸਪੈਸ਼ਲ ਅੰਕ ਹੀ ਹੋਣਾ ਚਾਹੀਦਾ ਹੈ ਤੇ ਪਹਿਲੇ ਦੋ ਅੰਕਾਂ ਦੀ ਤਿਆਰੀ ਛੇ ਮਹੀਨੇ ਪਹਿਲਾਂ ਆਰੰਭ ਦੇਣੀ ਚਾਹੀਦੀ ਹੈ i.e. ਜਨਵਰੀ-ਜੂਨ, ਤੇ ਜੁਲਾਈ-ਦਸੰਬਰ ਦੇ ਅੰਕ ਕੀ ਹੋਣਗੇ ? ਲੇਖ ਕਿਨ੍ਹਾਂ ਤੋਂ ਲਿਖਵਾਏ ਜਾਣਗੇ ? ਲੇਖਾਂ ਦੇ ਸਿਰਲੇਖ ਕੀ ਹੋਣਗੇ ? ਸੋਚੋ ਤੇ ਲਿਸਟਾਂ ਬਣਾਓ। ਕੁਝ ਵਿਸ਼ੇਸ਼ ਅੰਕ:
(i) ਮਾਰਕਸੀ ਸੁਹਜ-ਸ਼ਾਸਤਰ ਵਿਸ਼ੇਸ਼ ਅੰਕ (ਬਹੁਤੇ ਅਨੁਵਾਦ ਤੇ ਟੂਕਾਂ, ਇਕ-ਦੋ ਮੌਲਿਕ ਲੇਖ)
(ii) ਸਾਹਿਤ ਤੇ ਸਭਿਆਚਾਰ ਵਿਸ਼ੇਸ਼ ਅੰਕ (ਬਹੁਤੇ ਅਨੁਵਾਦ ਤੇ ਟੂਕਾਂ, ਇਕ-ਦੋ ਮੌਲਿਕ ਲੇਖ)
(iii) ਭਾਸ਼ਾ, ਸਾਹਿਤ ਤੇ ਸੰਸਕ੍ਰਿਤੀ ਵਿਸ਼ੇਸ਼ ਅੰਕ (ਬਹੁਤੇ ਅਨੁਵਾਦ ਤੇ ਟੂਕਾਂ, ਇਕ-ਦੋ ਮੌਲਿਕ ਲੇਖ)
(iv) ਪੰਜਾਬੀ ਸਾਹਿਤ ਤੇ ਪੰਜਾਬੀ ਲੋਕਧਾਰਾ ਵਿਸ਼ੇਸ਼ ਅੰਕ (ਬਹੁਤੇ ਅਨੁਵਾਦ ਤੇ ਟੂਕਾਂ, ਇਕ-ਦੋ ਮੌਲਿਕ ਲੇਖ)
(v) ਮੱਧਕਾਲੀ ਪੰਜਾਬੀ ਕਵਿਤਾ : ਰੂਪਾਕਾਰ ਵਿਸ਼ੇਸ਼ ਅੰਕ (ਬਹੁਤੇ ਮੌਲਿਕ ਤੇ ਨਵੇਂ ਲੇਖ)
(vi) ਵੀਹਵੀਂ ਸਦੀ ਦੀ ਪੰਜਾਬੀ ਕਵਿਤਾ (ਬਹੁਤੇ ਮੌਲਿਕ ਤੇ ਨਵੇਂ ਲੇਖ)
(vii) ਵੀਹਵੀਂ ਸਦੀ ਦਾ ਪੰਜਾਬੀ ਨਾਟਕ (ਬਹੁਤੇ ਮੌਲਿਕ ਤੇ ਨਵੇਂ ਲੇਖ)
(viii) ਵੀਹਵੀਂ ਸਦੀ ਦਾ ਪੰਜਾਬੀ ਨਾਵਲ (ਬਹੁਤੇ ਮੌਲਿਕ ਤੇ ਨਵੇਂ ਲੇਖ)
(ix) ਵੀਹਵੀਂ ਸਦੀ ਦੀ ਪੰਜਾਬੀ ਨਿੱਕੀ ਕਹਾਣੀ (ਬਹੁਤੇ ਮੌਲਿਕ ਤੇ ਨਵੇਂ ਲੇਖ)
(x) ਵੀਹਵੀਂ ਸਦੀ ਦੀ ਪੰਜਾਬੀ ਸਮੀਖਿਆ (ਬਹੁਤੇ ਮੌਲਿਕ ਤੇ ਨਵੇਂ ਲੇਖ)
(xi) ਕੀ ਪਰਚੇ ਦਾ ਨਾਂ ਇੱਕੀਵੀਂ ਸਦੀ ਠੀਕ ਨਹੀਂ ਰਹੇਗਾ ? ’ਸੰਦਰਭ’ ਵੀ ਚੰਗਾ ਹੈ। ਹੋਰ ਸੋਚ-ਵਿਚਾਰ ਕਰ ਲਵੋ।
(xii) ਮੈਨੂੰ ਤੁਸੀਂ ਸੰਪਾਦਕ ਨਾ ਰੱਖੋ, ਨਿਗਰਾਨ ਹੀ ਰੱਖੋ। ਸੰਪਾਦਕ ਤੂੰ ਤੇ ਲਖਬੀਰ ਹੀ ਠੀਕ ਹੋ। ਪਰਚੇ ਦਾ ਮੁੱਖ ਕੇਂਦਰ ਜਲੰਧਰ ਹੀ ਬਣਾਓ। ਲਖਬੀਰ ਦਾ ਮਕਾਨ।
(xiii) ਕਿਸੇ ਵੀ ਸਲਾਹਕਾਰ ਦੀ ਲੋੜ ਨਹੀਂ। ਹਾਂ ਆਪਣੇ ਸਿਆਣੇ ਦੋਸਤਾਂ ਵਿਚੋਂ, ਵਿਸ਼ੇਸ਼ੱਗਤਾ ਦੇ ਲਿਹਾਜ਼ ਨਾਲ, ਹਰ ਪਰਚੇ ਦੇ ਵੱਖਰੇ ਸਲਾਹਕਾਰ ਜਾਂ ਵਿਸ਼ੇਸ਼ ਸੰਪਾਦਕ/ਸੰਪਾਦਕੀ ਮੰਡਲ ਆਦਿ ਚੁਣੇ ਜਾਣਗੇ। ਜਿਵੇਂ ਪਹਿਲੇ ਅੰਕ (ਉਪਰਲੀ ਸੂਚੀ ਮੁਤਾਬਕ) ਦਾ ਵਿਸ਼ੇਸ਼ ਸੰਪਾਦਕ ਮੈਂ ਹੋ ਸਕਦਾ ਹਾਂ, ਦੂਜੇ ਦਾ ਸੁਖਦੇਵ, ਤੀਜੇ ਦਾ ਜਗਜੀਤ, ਚੌਥੇ ਦਾ ਨਾਹਰ ਆਦਿ***...। ਸਲਾਹਕਾਰਾਂ ਦੀ ਥਾਂ ਸੰਪਾਦਕੀ ਨੋਟ ਵਿਚ ਸਹਿਯੋਗੀਆਂ ਦੇ ਨਾਂ ਲਿਖੋ। ਉਨ੍ਹਾਂ ਤੋਂ ਮਾਇਆ ਵੀ ਇਕੱਠੀ ਕਰੋ ਤੇ ਕੰਮ ਕਰਨ ਦਾ ਇਕਰਾਰ ਵੀ।
ਇਹ ਪੰਜ ਕੁ ਸਾਲ ਦੀ ਰੂਪ-ਰੇਖਾ ਹੈ। ਤੁਸੀਂ ਦਸ ਕੁ ਸਾਲ ਪਰਚਾ ਕੱਢਣ ਦਾ ਦਾਈਆ ਬੰਨ੍ਹੋ। ਇਸ ਰਾਹੀਂ ਵੀਹਵੀਂ ਸਦੀ ਦੇ ਸਾਹਿਤ ਦਾ ਮੁਲੰਕਣ ਕੀਤਾ ਜਾ ਸਕਦਾ ਹੈ। ਮੈਨੂੰ ਪਰਚੇ ਦਾ ਇਕ ਹੋਰ ਨਾਂ ਵੀ ਸੁਝਿਆ ਹੈ: ਇੱਕੀਵੀਂ ਸਦੀ। ਤੁਸੀਂ ਪਰਚੇ ਦਾ ਆਕਾਰ, ਪ੍ਰਕਾਰ, ਪ੍ਰਕਿਰਤੀ ਤੇ ਨਾਂ ਬਾਰੇ ਹੋਰ ਕੀ ਸੋਚ ਰਹੇ ਹੋ ? ਅਗਲੀ ਚਿੱਠੀ ਵਿਚ ਲਿਖਣਾ। ਮੇਰੇ ਕੋਲ ਕੁਝ ਵਾਧੂ ਕਿਤਾਬਾਂ ਹਨ। ਉਹ ਕਿਸੇ ਦਿਨ ਆ ਕੇ ਲੈ ਜਾ। ਨਾਲੇ ਆਹਮੋ-ਸਾਹਮਣੇ ਗੱਲ ਚੰਗੀ ਹੁੰਦੀ ਹੈ। ਭਾਵੇਂ ਲਖਬੀਰ ਨੂੰ ਵੀ ਨਾਲ ਲੈ ਆ।
ਤੇਰਾ ਕੇਸਰ।
T-II-14, Sector 25, Chandigarh

* ਇਹ ਮੈਂ ਆਪਣੇ ਪੀ-ਐੱਚ.ਡੀ. ਦੇ ਥੀਸਸ ਨੂੰ ਕਿਤਾਬੀ ਰੂਪ ਦੇ ਰਿਹਾ ਸਾਂ। ਉਹ ਪੂਰੀ ਦਿਲਚਸਪੀ ਨਾਲ ਪੂਰੇ ਵਿਸਥਾਰ ਵਿਚ ਆਪਣੇ ਸੁਝਾਅ ਦਿੰਦੇ।
** ਮੈਂ ਅਤੇ ਮੇਰੇ ਸਹਿਕਰਮੀ ਮਿੱਤਰ ਪ੍ਰੋ. ਲਖਬੀਰ ਸਿੰਘ ਨੇ ਇਸ ਨਾਂ ਦਾ ਰਿਸਾਲਾ (ਆਲੋਚਨਾ ਬਾਰੇ) ਕੱਢਣ ਦੀ ਸਕੀਮ ਬਣਾਈ ਸੀ।
*** ਡਾ. ਕੇਸਰ ਦੇ ਇਹ ਸਾਰੇ ਵਿਦਿਆਰਥੀ ਹੁਣ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਨਿਯੁਕਤ ਹਨ।


429, ਮੋਤਾ ਸਿੰਘ ਨਗਰ, ਕੂਲ ਰੋਡ, ਜਲੰਧਰ ਮਿਤੀ : 18-10-90
ਪਿਆਰੇ ਵੀਰ ਬਲਦੇਵ ਸਿੰਘ,
ਤੁਹਾਡੀਆਂ ਦੋਹਾਂ ਦੀਆਂ ਚਿੱਠੀਆਂ ਤੇ ਨਾਲ ਛਪੀ ਹੋਈ ਗ਼ਸ਼ਤੀ ਚਿੱਠੀ ਦੀਆਂ ਕਾਪੀਆਂ ਮਿਲ ਗਈਆਂ ਹਨ। ਇਹ ਮੈਂ ਏਥੋਂ ਦੇ ਕੁਝ ਦੋਸਤਾਂ ਵਿਚ ਵੰਡ ਦੇਵਾਂਗਾ। ਨਾਹਰ ਤੇ ਜਗਜੀਤ ਨੂੰ ਵੀ ਦੇ ਦੇਵਾਂਗਾ। ਵਿਭਾਗ ਦੇ ਬਾਕੀ ਸਾਥੀਆਂ ਨੂੰ ਵੀ ਪਹੁੰਚ ਜਾਣਗੀਆਂ। ਪਰ ਸਿਰਫ਼ ਧਮਾਕਾ-ਖੇਜ਼ੀ ਲਈ 5-5 ਕਾਪੀਆਂ ਹੇਠ ਲਿਖੇ ਸੱਜਨਾਂ ਨੂੰ ਭੇਜੋ:
1. Dr. Gurdev Singh, Head, Punjabi Deptt., Patiala
2. Dr.Devinder Singh, Head, Punjabi Deptt., Jammu
3. Dr. T.R. Vinod, Head, Punjabi University Regional Centre, Bathinda
4. Dr. Satinder Singh
5. Dr. Jagbir Singh, Delhi
6. Dr. A.S. Kang, Deptt. of Punjabi, Kurukshetra University, Kurukshetra.
7. Dr. Attar Singh
8. Dr. Naresh, Bhai Vir Singh Chair (School of Punjabi Studies, Chandigarh)
9. Dr. D.P. Singal, Guru Ravi Das Chair, F-23, Sector 25, P.U. Chandigarh
10. Dr. Darshan Singh, Chairman, Guru Nanak Sikh Studies Chair, P.U. Chandigarh
ਤੂੰ ਮੇਰੀ ਗੱਲ ਸਮਝ ਗਿਐਂ ਨਾ ?
- ਕੇਸਰ
***

429, ਮੋਤਾ ਸਿੰਘ ਨਗਰ, ਕੂਲ ਰੋਡ, ਜਲੰਧਰ ਮਿਤੀ : 15-11-90
ਪਿਆਰੇ ਬਲਦੇਵ,
ਤੇਰਾ ਕਾਰਡ ਮਿਲ ਗਿਆ ਹੈ। ਨਿਰਾਸ਼ ਹੋਣ ਦੀ ਲੋੜ ਨਹੀਂ। ਅੱਜਕਲ੍ਹ ਪੜ੍ਹਨ-ਲਿਖਣ ਬਾਰੇ ਹਰ ਕਿਸੇ ਦਾ ਕੰਮ ਢਿੱਲਾ ਹੀ ਹੈ। ਪਹਿਲਾ ਅੰਕ ਨਿਕਲਣ ਤੋਂ ਬਾਅਦ ਹੀ ਹੁੰਗਾਰੇ ਮਿਲਣਗੇ। ਮੈਂ ਇਸ ਬਾਰੇ ਵਿਉਂਤ ਬਣਾ ਰਿਹਾ ਹਾਂ, ਲੇਖ ਪੜ੍ਹ-ਪੜ੍ਹ ਕੇ ਛਾਂਟ ਰਿਹਾ ਹਾਂ। ਮੈਂ 20 ਤਾਰੀਖ਼ ਨੂੰ ਰੀਜਨਲ ਸੈਂਟਰ ਵਿਚ ਐਮ.ਫਿ਼ਲ ਦੀਆਂ ਮੌਖਿਕ ਪ੍ਰੀਖਿਆਵਾਂ ਦੇ ਸੰਬੰਧ ਵਿਚ ਆਉਣ ਦਾ ਪ੍ਰੋਗਰਾਮ ਬਣਾਇਆ ਹੈ। ਜੇ ਜਲੰਧਰ ਵਿਚ 19 ਤੱਕ ਠੰਡ ਠੇਰ* ਹੋ ਗਈ ਤਾਂ ਆਵਾਂਗਾ ਤੇ ਰਾਤ ਤੁਹਾਡੇ ਕੋਲ ਰਹਾਂਗਾ। ਲਖਬੀਰ ਨੂੰ ਯਾਦ !
- ‘ਕੇਸਰ’
    * ਉਨ੍ਹਾਂ ਦਿਨਾਂ ਵਿਚ ਪੰਜਾਬ ਸੰਕਟ ਕਾਰਨ ਜਲੰਧਰ ਵੀ ਗੜਬੜ ਆਮ ਹੋ ਜਾਂਦੀ ਸੀ। ਇਥੇ ਇਕ ਤਾਜੀ ਵਾਪਰੀ ਘਟਨਾ ਵੱਲ ਸੰਕੇਤ ਹੈ।
***

429, ਮੋਤਾ ਸਿੰਘ ਨਗਰ, ਕੂਲ ਰੋਡ, ਜਲੰਧਰ ਮਿਤੀ : 12-1-91
ਪਿਆਰੇ ਬਲਦੇਵ ਸਿੰਘ,
ਤੇਰੇ ਭੇਜੇ ਸਿਲੇਬਸ ਮਿਲ ਗਏ ਹਨ। ਤੇਰੀ ਮੇਹਰਬਾਨੀ। ਮੈਨੂੰ ਰਘਬੀਰ ਢੰਡ ਦੀ ਮੌਤ ਨੇ ਬਹੁਤ ਪ੍ਰੇਸ਼ਾਨ ਕੀਤਾ ਹੈ। ਕੋਈ ਕੰਮ ਨਹੀਂ ਹੋ ਰਿਹਾ। ਤੁਹਾਡੇ ਉਦੇਸ਼ਾਂ ਤੇ ਨਿਸ਼ਾਨਿਆਂ ਬਾਰੇ ਮੈਂ ਅਵੇਸਲਾ ਨਹੀਂ, ਸਿਰਫ਼ ਸਮੇਂ ਦੀ ਤੰਗੀ ਤੋਂ ਅਵਾਜ਼ਾਰ ਹਾਂ। ਆਪਣੀ ਛਪ ਰਹੀ ਕਿਤਾਬ* ਦਾ ਨਾਂ ਦੱਸੀਂ, ਤੇ ਇਹ ਵੀ ਕਿ ਮੈਨੂੰ ਕਿੰਨੀਆਂ ਕੁ ਸਤਰਾਂ ਲਿਖਣੀਆਂ ਚਾਹੀਦੀਆਂ ਹਨ। ਮੈਂ ਫੌਰਨ ਭੇਜ ਦੇਵਾਂਗਾ। ਲਖਬੀਰ, ਸੁਖਵਿੰਦਰ ਤੇ ਨਿੱਕੇ ਨੂੰ ਪਿਆਰ।
ਤੇਰਾ ‘ਕੇਸਰ’

* ਉਸ ਸਮੇਂ ਮੇਰੀ ਕਿਤਾਬ ਭਾਈ ਵੀਰ ਸਿੰਘ ਦੀ ਕਾਵਿ-ਦ੍ਰਿਸ਼ਟੀ ਛਪ ਰਹੀ ਸੀ।
***
ਪਿਆਰੇ ਬਲਦੇਵ, ਮਿਤੀ : 25-1-91
ਤੇਰੀ ਕਿਤਾਬ ਛਪਣ ਦੀ ਬੇਅੰਤ ਖੁਸ਼ੀ ਹੈ। ਆਪਣੇ ਵੱਲੋਂ ਕੁਝ ਸਤਰਾਂ ਭੇਜ ਰਿਹਾ ਹਾਂ,* ਜਿਥੇ ਠੀਕ ਜਾਪੇ ਛਾਪ ਲਵੀਂ। ਤੇਰੀ ਚਿੱਠੀ ਤੋਂ ਜਾਪਦਾ ਹੈ ਕਿ ਮੇਰੇ ਵੱਲੋਂ ਹੁੰਗਾਰੇ ਦੀ ਘਾਟ ਕਾਰਨ ਤੂੰ ਤੇ ਲਖਬੀਰ ਬੋਰੀਅਤ ਮਹਿਸੂਸ ਕਰ ਰਹੇ ਹੋ। ਤੁਸੀਂ ਆਪਣੀ ਥਾਂ ਠੀਕ ਹੋ। ਪਰ ਮੇਰੇ ਕੋਲ ਵੀ ਸਫ਼ਾਈ ਦੇਣ ਲਈ ਕਾਫ਼ੀ ਮਸਾਲਾ ਹੈ। ਤੁਹਾਨੂੰ ਨਵੰਬਰ ਦੇ ਅੰਤ ਵਿਚ ਮਿਲਿਆ ਸਾਂ। ਓਦੋਂ ਤੱਕ ਦੇ ਹਾਲ-ਹਵਾਲ ਤੁਸੀਂ ਸੁਣ ਹੀ ਲਏ ਸਨ। ਦਸੰਬਰ ਵਿਚ ਐਮ.ਫਿ਼ਲ ਦੇ ਵਿਦਿਆਰਥੀਆਂ ਦਾ ਜ਼ੋਰ ਪੈ ਗਿਆ ਕਿ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਸਾਡਾ ਨਤੀਜਾ ਆਉਣਾ ਚਾਹੀਦਾ ਹੈ। ਆਪਣੇ ਨਾਲ ਕੰਮ ਕਰ ਰਹੇ 2 ਵਿਦਿਆਰਥੀਆਂ ਦੇ ਖੋਜ-ਨਿਬੰਧ ਚੈੱਕ ਕਰਕੇ ਪ੍ਰਸਤੁਤ ਕਰਵਾਏ ਤੇ ਅਗਲੇ-ਪਿਛਲੇ 30 ਕੁ ਜਣਿਆਂ ਦੀਆਂ ਮੌਖਿਕ ਪ੍ਰੀਖਿਆਵਾਂ ਕਰਵਾਈਆਂ। ਦੋ ਵਾਰ ਤਾਂ, ਛੁੱਟੀ ਵਾਲੇ ਦਿਨ, ਮੇਰੇ ਘਰ ਹੀ ਇਮਤਿਹਾਨ ਹੋਏ। ਸਾਲ ਦੇ ਅੰਤ ਵਿਚ ਯੂਨੀਵਰਸਿਟੀ ਦੀਆਂ ਕੁਝ ਹੋਰ ਮੀਟਿੰਗਾਂ ਅਲਹਿਦਾ। ਵਿਚੇ ਪੰਜਾਬੀ ਲਾਗੂ ਕਰਨ ਦੀ ਮੁਹਿੰਮ। ਇਕ ਦਿਹਾੜੀ ਟੀ.ਵੀ. ਨੂੰ ਇੰਟਰਵਿੳੂ ਦੇਣ ਵਿਚ ਲੰਘ ਗਈ। ਜਨਵਰੀ ਚੜ੍ਹ ਪਿਆ ਤੇ ਨਾਲ ਹੀ ਸਰਦੀ ਵਧ ਗਈ। ਲਿਖਣ ਦਾ ਕੋਈ ਕੰਮ ਨਹੀਂ ਹੋ ਸਕਿਆ। ਪੜ੍ਹਦਾ ਜ਼ਰੂਰ ਰਿਹਾ। ਯੂਨੀਵਰਸਿਟੀ ਨੇ ਘਰ ਅਜਿਹਾ ਨਿਕੰਮਾ ਦਿੱਤਾ ਹੈ ਕਿ ਕਿਸੇ ਪਾਸਿਓਂ ਧੁੱਪ ਅੰਦਰ ਨਹੀਂ ਵੜਦੀਂ ਤੇ ਠੰਡ ਨਹੀਂ ਲੱਥਦੀ। ਪਾਲ਼ਾ ਹੱਡਾਂ ’ਚ ਵੜਿਆ ਪਿਆ ਹੈ। ਦਫ਼ਤਰੀ ਕੰਮ ਤੇ ਅਧਿਆਪਨ ਅੱਧੀ ਤੋਂ ਵੱਧ ਦਿਹਾੜੀ ਖਾ ਜਾਂਦੇ ਹਨ। ਪੰਜਾਬ ਦਾ ਰੋਲ-ਘਚੋਲਾ ਤੇ ਇਰਾਕ ਦੀ ਜੰਗ ਅਜਿਹਾ ਮਾਹੌਲ ਬਣਾ ਚੁੱਕੇ ਹਨ ਕਿ ਕੀਤਾ-ਕੱਤਰਿਆ ਵੀ ਫ਼ਜ਼ੂਲ ਤੇ ਬੇਫ਼ਾਇਦਾ ਜਾਪਦਾ ਹੈ। ਇਸ ਲਈ ਕੱਢੇ ਜਾਣ ਵਾਲੇ ਪਰਚੇ ਪ੍ਰਤੀ ਵੀ (ਥੋੜ੍ਹੇ ਚਿਰ ਲਈ) ਮੇਰੀ ਗੰਭੀਰਤਾ ਘਟੀ ਹੈ। ਅਰਥਾਤ ਮੈਂ ਇਹ ਸੋਚਣ ਲੱਗ ਪਿਆ ਹਾਂ ਕਿ ਧੂੜ ’ਚ ਟੱਟੂ ਭਜਾਉਣ ਦਾ ਕੋਈ ਲਾਭ ਨਹੀਂ। ਦੋ-ਚਾਰ ਮਹੀਨੇ ਹੋਰ ਵੇਖ ਲਈਏ। ਇਸ ਤਰ੍ਹਾਂ ਉਦੇਸ਼ ਦੀ ਸ਼ਿੱਦਤ ਤੇ ਪ੍ਰਸੰਗਕਤਾ ਘਟਣ ਨਾਲ ਵੀ ਮੇਰੇ ਵੱਲੋਂ ਹੁੰਗਾਰਾ ਘਟ ਗਿਆ ਹੈ। ਪਰ ਮੈਂ ਫੇਰ ਕਹਿੰਦਾ ਹਾਂ ਕਿ ਮੈਂ ਇਸ ਕੰਮ ਪ੍ਰਤੀ ਗੰਭੀਰ ਹਾਂ, ਤੁਹਾਡੇ ਦੋਹਾਂ ਦੀ ਸਿਆਣਪ ਤੇ ਸੁਹਿਰਦਤਾ ਨਾਲ ਮੈਂ ਭਾਵੁਕ ਤੌਰ ਤੇ ਜੁੜਿਆ ਮਹਿਸੂਸ ਕਰਦਾ ਹਾਂ। ਤੁਸੀਂ ਨਿਰਾਸ਼ ਨਾ ਹੋਵੋ। ਹਿੰਦੀ ਆਲੋਚਨਾ ਵਿਚ ਜਿਹੜੇ ਲੇਖ ਮੈਂ ਦੇਖੇ ਹਨ ਉਨ੍ਹਾਂ ਦੀ ਸੂਚੀ ਭੇਜ ਰਿਹਾ ਹਾਂ ਤੇ ਇਨ੍ਹਾਂ ਨੂੰ ਦੁਬਾਰਾ ਪੜ੍ਹ ਕੇ ਅਜਿਹੇ ਲੇਖਾਂ ਦੀ ਛਾਂਟੀ ਕਰਾਂਗਾ ਜਿਨ੍ਹਾਂ ਦਾ ਅਨੁਵਾਦ ਹੋਣਾ ਚਾਹੀਦਾ ਹੈ ਤੇ ਅਨੁਵਾਦ ਦਾ ਪ੍ਰਬੰਧ ਵੀ ਕਰਾਂਗਾ। ਮੇਰੇ ਵੱਲੋਂ ਲਖਬੀਰ ਨੂੰ ਹੱਲ੍ਹਾਸ਼ੇਰੀ ! ਸੁਖਵਿੰਦਰ ਤੇ ਛੋਟੂ ਨੂੰ ਪਿਆਰ !
ਤੇਰਾ ਆਪਣਾ ‘ਕੇਸਰ’
* ਡਾ. ਬਲਦੇਵ ਸਿੰਘ ਧਾਲੀਵਾਲ ਇਕ ਅਜਿਹਾ ਨੌਜਵਾਨ ਆਲੋਚਕ ਹੈ ਜਿਸ ਨੇ ਪੰਜਾਬੀ ਸਾਹਿਤ ਦੇ ਵਿਰਸੇ ਨੂੰ ਅਜੋਕੇ ਸਾਹਿਤ-ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵੇਖਿਆ ਤੇ ਘੋਖਿਆ ਹੈ। ਪੰਜਾਬੀ ਕਾਵਿ ਦੇ ਨਿਰੰਤਰ ਪ੍ਰਵਾਹ ਦੇ ਅੰਤਰਗਤ ਵੀਰ ਸਿੰਘ-ਕਾਵਿ ਦਾ ਮੁੱਢੋਂ-ਸੁਢੋਂ ਅਧਿਐਨ ਕਰਕੇ, ਉਸਨੇ ਭਾਈ ਵੀਰ ਸਿੰਘ ਦੀ ਕਾਵਿ-ਦ੍ਰਿਸ਼ਟੀ ਦੀ ਵਿਲੱਖਣਤਾ ਨੂੰ ਖੋਜਿਆ ਤੇ ਭਾਈ ਸਾਹਿਬ ਦੇ ਕਾਵਿ-ਸਿਰਜਨ ਸੰਬੰਧੀ ਆਮ ਪ੍ਰਚਲਤ, ਪਰ ਨਿਰਾਧਾਰ ਧਾਰਨਾਵਾਂ ਨੂੰ ਰੱਦ ਕੀਤਾ ਹੈ। ਬਲਦੇਵ ਸਿੰਘ ਦੀ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਪੰਜਾਬੀ ਪਾਠਕ ਭਾਈ ਵੀਰ ਸਿੰਘ ਦੀ ਕਵਿਤਾ ਦਾ ਅਧਿਐਨ ਇਕ ਨਵੀਂ ਦ੍ਰਿਸ਼ਟੀ ਤੋਂ ਕਰੇਗਾ।

***
ਪਿਆਰੇ ਬਲਦੇਵ ਸਿੰਘ, ਮਿਤੀ : 31-1-91
ਕੱਲ੍ਹ ਪਰਸੋਂ ਹੀ ਤੈਨੂੰ ਇਕ ਚਿੱਠੀ ਲਿਖੀ ਸੀ। ਮਿਲ ਗਈ ਹੋਵੇਗੀ। ਇਹ ਚਿੱਠੀ ਤੈਨੂੰ ਯੂਨੀਵਰਸਿਟੀ ਵਲੋਂ ਆਈ ਚਿੱਠੀ ਪਹੁੰਚਾਣ ਲਈ ਭੇਜ ਰਿਹਾ ਹਾਂ। ਪਰ ਨਾਲ ਹੀ ਇਕ ਕੰਮ ਯਾਦ ਆ ਗਿਆ ਹੈ। ਕੰਮ ਡਾ. ਸ਼ਿੰਗਾਰੀ ਜੀ ਤੱਕ ਹੈ। ਮੈਂ ਉਨ੍ਹਾਂ ਨੂੰ ਸਿੱਧਾ ਸੰਦੇਸ਼ ਵੀ ਭੇਜ ਰਿਹਾ ਹਾਂ। ਪਰ ਤੂੰ ਮਿਲ ਕੇ ਗੱਲ ਕਰ ਲਵੀਂ। ਮੇਰਾ ਇਕ ਨਿੱਜੀ ਤੇ ਜਾਇਜ਼ ਕੰਮ ਚੀਫ਼ ਸੈਕਟਰੀ (ਸ੍ਰੀ ਤੇਜਿੰਦਰ ਖੰਨਾ) ਦੇ ਗੋਚਰੇ ਹੈ। ਮੈਨੂੰ ਪਤਾ ਲੱਗਾ ਹੈ ਕਿ ਖੰਨਾ ਜੀ ਸ਼ਿੰਗਾਰੀ ਸਾਹਿਬ ਦੇ ਵਾਕਿਫ਼ ਹਨ। ਸ਼ਿੰਗਾਰੀ ਸਾਹਿਬ ਨੂੰ ਕਹਿਣਾ ਕਿ ਜੇ ਉਹ ਇਕ-ਅੱਧ ਹਫ਼ਤੇ ਦੇ ਅੰਦਰ ਅੰਦਰ ਚੰਡੀਗੜ੍ਹ ਆ ਕੇ ਇਹ ਕੰਮ ਕਰਵਾ ਦੇਣ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ। ਜਾਂ ਤੂੰ ਇਹ ਪੁੱਛ ਲਵੀਂ ਕਿ ਉਨ੍ਹਾਂ ਦੇ ਨੇੜ ਭਵਿੱਖ ਵਿਚ ਚੰਡੀਗੜ੍ਹ ਆਉਣ ਦਾ ਕੋਈ ਪ੍ਰੋਗਰਾਮ ਹੈ ? ਜੇ ਮੈਨੂੰ ਲਿਖ ਦੇਣ ਤਾਂ ਮੈਂ ਖ਼ੁਦ ਉਨ੍ਹਾਂ ਨਾਲ ਮਿਲ ਕੇ ਗੱਲ ਕਰ ਲਵਾਂ। ਬਾਕੀ ਸਭ ਆਨੰਦ ਹੈ।
ਤੇਰਾ ‘ਕੇਸਰ’
***
429, ਮੋਤਾ ਸਿੰਘ ਨਗਰ, ਕੂਲ ਰੋਡ, ਜਲੰਧਰ ਮਿਤੀ : 15-2-91
ਪਿਆਰੇ ਡਾ. ਬਲਦੇਵ ਸਿੰਘ,
ਮੈਂ ਹੁਣੇ ਡਾ. ਰਘੁਬੀਰ ਢੰਡ ਦੇ ਪਿੰਡੋਂ ਆਇਆ ਕਿ ਤੇਰੀ ਚਿੱਠੀ ਮਿਲੀ। ਢੰਡ ਨੇ ਜਾਂਦੇ ਜਾਂਦੇ ਮੇਰੀ ਇਕ ਛੋਟੀ ਜਿਹੀ ਜ਼ਿੰਮੇਵਾਰੀ ਲਾਈ ਸੀ।* ਭਾਵਕ ਜਿਹੀਆਂ ਨਿੱਕੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਮੈਨੂੰ ਸ਼ੌਕ ਵੀ ਹੈ। ਵੱਡੇ-ਵੱਡੇ ਕੰਮ ਕਰਨੇ ਮੇਰੇ ਵੱਸ ਦਾ ਰੋਗ ਨਹੀਂ : ਖਾੜੀ ਜੰਗ ਨੂੰ ਰੋਕਣ ਵਿਚ ਮੈਂ ਸਫ਼ਲ ਨਹੀਂ ਹੋ ਸਕਣਾ, ਪੰਜਾਬ ਦੀ ਸਮੱਸਿਆ ਦਾ ਵੀ ਮੇਰੇ ਕੋਲ ਕੋਈ ਹੱਲ ਨਹੀਂ, ਸਮਾਜਵਾਦੀ ਦੇਸਾਂ ਵਿਚ ਜੋ ਖਿੰਡਾਓ ਪੈਦਾ ਹੋਇਆ ਉਸਨੂੰ ਕੰਟਰੋਲ ਵੀ ਮੈਂ ਨਹੀਂ ਕਰ ਸਕਦਾ ਤੇ ਸੰਸਾਰ ਦੇ ਸਾਰੇ ਸਿਧਾਂਤਾਂ ਦੀਆਂ ਗੁੰਝਲਾਂ ਵੀ ਮੈਂ ਸੁਲਝਾ ਨਹੀਂ ਸਕਦਾ। ਫਿਰ ਮੈਂ ਕੀ ਕਰਦਾ ਹਾਂ ?
- 22-23 ਸਾਲ ਤੋਂ ਅਧਿਆਪਨ ਕਾਰਜ ਦੁਆਰਾ ਮੈਂ ਬਾਹਰਲੇ ਸੰਸਾਰ ਨਾਲ ਜੁੜਿਆ ਹੋਇਆ ਹਾਂ।
- 15-16 ਵਿਦਿਆਰਥੀ ਮੇਰੇ ਨਾਲ ਪੀ-ਐੱਚ.ਡੀ. ਕਰ ਚੁੱਕੇ ਹਨ। ਮੈਂ ਕੋਸ਼ਿਸ਼ ਕਰਦਾ ਰਿਹਾ ਹਾਂ ਕਿ ਉਹ ਸਾਹਿਤ ਤੇ ਸਿਧਾਂਤ ਦੇ ਗੰਭੀਰ ਮਸਲਿਆਂ ਦੇ ਚਿੰਤਨ ਵੱਲ ਲੱਗ ਜਾਣ ਤੇ ਆਪਣੇ ਲੋਕਾਂ ਦੀ ਨਿਸ਼ਕਾਮ ਸੇਵਾ ਕਰਨ। ਪਰ 2-3 ਨੂੰ ਛੱਡ ਕੇ ਕੋਈ ਵੀ ਮੌਕਾਪ੍ਰਸਤੀ ਦੀ ਜਿਲ੍ਹਣ ਵਿਚੋਂ ਨਿਕਲ ਨਹੀਂ ਸਕਿਆ।
- ਐਮ.ਫਿ਼ਲ ਦੇ ਵਿਦਿਆਰਥੀਆਂ ਦਾ ਵੀ ਲਗਭਗ ਇਹੋ ਹਾਲ ਹੈ। ਪਰ ਹਰ ਸਾਲ 2-3 ਐਮ.ਫਿ਼ਲ ਤੇ 4-5 ਪੀ-ਐੱਚ.ਡੀ. ਦੇ ਖੋਜੀ ਮਗਰ ਪਏ ਰਹਿੰਦੇ ਹਨ। ਦਫ਼ਤਰੀ ਕੰਮ ਤੋਂ ਵਾਧੂ ਸਾਰਾ ਸਮਾਂ ਇਨ੍ਹਾਂ ਉਤੇ ਲੱਗ ਜਾਂਦਾ ਹੈ। ਪਰ ਇਹ ਸਮਾਂ ਕਿਸੇ ਗਿਣਤੀ ਵਿਚ ਨਹੀਂ। ਜੇ ਗਿਣਤੀ ਵਿਚ ਹੁੰਦਾ ਤਾਂ ਤੇਰੀ ਚਿੱਠੀ ਵਿਚ ਮੇਰੇ ਪ੍ਰਤੀ ਖਿਝ ਜਿਹੀ ਦਾ ਪ੍ਰਗਟਾਵਾ ਨਾ ਹੁੰਦਾ।
- ਐਮ.ਏ. ਦੇ ਵੀ ਹਫ਼ਤੇ ਵਿਚ 5 ਪੀਰੀਅਡ ਪੜ੍ਹਾ ਹੀ ਛੱਡੀਦੇ ਹਨ। ਪਰ ਅੱਜਕਲ੍ਹ ਫੈਸ਼ਨ ਇਹ ਹੈ ਕਿ ਜਮਾਤਾਂ ਨਾ ਪੜ੍ਹਾਓ, ਗੋਸ਼ਟੀਆਂ-ਸੈਮੀਨਾਰਾਂ ਵਿਚ ਪਰਚੇ ਪੜ੍ਹੋ ਜਾਂ ਬਹਿਸਾਂ ਕਰੋ ਤਾਂ ਜੋ ਲੋਕ ਮੰਨਣ ਕਿ ਤੁਸੀਂ ਬੜਾ ਕੰਮ ਕਰ ਰਹੋ ਹੋ। ਇਹ ਵੀ ਸਭ ਠੀਕ ਹੈ, ਪਰ ਇਹ ਅਧਿਆਪਨ ਦੀ ਕੀਮਤ ’ਤੇ ਨਹੀਂ ਹੋਣਾ ਚਾਹੀਦਾ, ਇਹ ਮੇਰਾ ਵਿਚਾਰ ਹੈ। ਮੈਂ ਤਾਂ ਲੋੜ ਪੈਣ ’ਤੇ ਪੱਤਰ-ਵਿਹਾਰ ਸਿੱਖਿਆ ਲਈ ਪਾਠ ਵੀ ਲਿਖਦਾ ਹਾਂ।
- ਪੰਜਾਬੀ ਨੂੰ ਪੰਜਾਬ ਯੂਨੀਵਰਸਿਟੀ ਵਿਚ ਯੋਗ ਥਾਂ ਦਿਵਾਉਣ ਲਈ ਭਾਵੇਂ ਮੈਂ ਅਖ਼ਬਾਰਾਂ ਵਿਚ ਲੇਖ ਨਹੀਂ ਲਿਖਦਾ, ਪਰ ਇਥੇ ਕਈ ਪ੍ਰਕਾਰ ਦੇ ਵਿਅਕਤੀਆਂ ਤੇ ਕਮੇਟੀਆਂ ਰਾਹੀਂ ਇਸ ਮਸਲੇ ਨੂੰ ਅੱਗੋ ਤੋਰਨ ਤੇ Proposals ਤਿਆਰ ਕਰਨ ਵਿਚ ਵੀ ਕਾਫ਼ੀ ਸਮਾਂ ਖਰਚ ਹੋ ਰਿਹਾ ਹੈ। ਕਈ ਨਿੱਕੀਆਂ ਨਿੱਕੀਆਂ ਸੰਸਥਾਵਾਂ ਵਿਚ ਇਸ ਸੰਬੰਧ ਵਿਚ ਲੈਕਚਰ ਵੀ ਮਾਰਨੇ ਪੈਂਦੇ ਹਨ। ਹਾਂ, ਉਹਨਾਂ ਦੀ ਖ਼ਬਰ ਅਖ਼ਬਾਰਾਂ ਵਿਚ ਨਹੀਂ ਛਪਦੀ।
- ਇਸ ਸਭ ਕੁਝ ਦੇ ਨਾਲ ਨਾਲ ਕੁਝ ਭਾਵੁਕ ਸੰਕਟ ਹਨ ਤੇ ਕੁਝ ਲਿਖਣ ਦਾ ਕੰਮ ਵੀ ਕਰਦਾ ਹਾਂ। ਵੇਰਵਾ ਕੀ ਦੇਣਾ ਹੈ ?
- ਉਪਰੋਕਤ ਮਨੋਦਸ਼ਾ ਤੇ ਦੌੜ-ਭੱਜ ਵਿਚ ਹੀ ਮੈਂ ਲਖਬੀਰ ਨੂੰ ਲਿਖਿਆ ਸੀ ਕਿ ਜਿਹੜੀ ਗੱਲ ਇਕੱਲਿਆਂ ਸਪੱਸ਼ਟ ਨਾ ਹੋਵੇ ਉਹ ਇਕ-ਦੂਜੇ ਨਾਲ ਵਿਚਾਰ ਲਿਆ ਕਰੋ।
ਤੇਰੀ ਕੰਦਰ ਵਿਚ ਵੜਨ ਵਾਲੀ ਚਿੱਠੀ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ। ਹਾਂ, ਮੈਂ ਕੰਦਰ ਵਿਚ ਵੜਨ ਨੂੰ ਖ਼ੁਦ ਵੀ ਪਸੰਦ ਨਹੀਂ ਕਰਦਾ, ਪਰ ਆਪਣੀ ਵਿਸ਼ੇਸ਼ ਸਰੀਰਕ-ਮਾਨਸਕ ਬਣਤਰ ਕਰਕੇ ਪਿਛਲੇ 15 ਕੁ ਸਾਲ ਤੋਂ ਮੈਂ ਸ਼ਰਾਬ-ਪਾਰਟੀਆਂ ਤੇ ਚਾਹ-ਪਾਰਟੀਆਂ ਵਿਚ ਨਹੀਂ ਜਾਂਦਾ। ਅੱਗੇ ਨੂੰ ਹੋਰ ਵੀ ਘੱਟ ਕਰ ਦੇਵਾਂਗਾ। ਹਾਂ, ਸਿਰਫ਼ ਸੋਚਣਾ ਬੰਦੇ ਨੂੰ ਅਮਲਹੀਣ ਕਰ ਦਿੰਦਾ ਹੈ ਤੇ ਸਿਰਫ਼ ਅਮਲ ਸੋਚ-ਹੀਣ। ਪਰ ਪੜ੍ਹਨਾ ਤੇ ਸੋਚਣਾ ਵੀ ਇਕ ਅਮਲ ਹੈ। ਪੜ੍ਹਾਉਣਾ ਵੀ ਅਮਲ ਦਾ ਹੀ ਹਿੱਸਾ ਹੈ। ਚਿੱਠੀ ਸੰਖੇਪ ਹੋਣ ਕਰਕੇ ਇਸ ਦੇ ਅਰਥ ਟੇਢੇ-ਮੇਢੇ ਨਾ ਕੱਢ ਲਿਓ। ਮੇਰਾ ਭਾਵ ਸਿਰਫ਼ ਇਹ ਹੈ ਕਿ ਤੁਸੀਂ, ਜਿਹੜੇ ਕਿ ਮੇਰੇ ਆਪੇ ਦਾ ਹੀ ਅੰਗ ਹੋ, ਵੱਧ ਤੋਂ ਵੱਧ ਐਕਟਿਵ ਰਹੋ ਤੇ ਮੇਰੇ ਰੁਝੇਵਿਆਂ ਨੂੰ ਬਹੁਤਾ ਘਟਾ ਕੇ ਨਾ ਦੇਖੋ। ਮੈਂ ਤੁਹਾਡੀ ਗਤੀਵਿਧੀ ਨੂੰ ਕਦੇ ਘਟਾ ਕੇ ਨਹੀਂ ਦੇਖਿਆ। ਤੈਂ ਇਕ ਖੋਜ-ਪੱਤਰ ਮੈਨੂੰ ਭੇਜਣਾ ਸੀ, ਨਹੀਂ ਭੇਜਿਆ ? ਕਿਤਾਬ ਛਪ ਗਈ ? ਕਾਪੀ ਭੇਜੀਂ। ਕੀ ਯੂਨੀਵਰਸਿਟੀ ਵਾਲਾ ਪੱਤਰ ਤੈਨੂੰ ਪਹੁੰਚ ਗਿਆ ਹੈ ? ਮੈਂ ਭੇਜਿਆ ਸੀ, ਪਰ ਤੂੰ ਆਪਣੀ ਚਿੱਠੀ ਵਿਚ ਕੋਈ ਸੰਕੇਤ ਨਹੀਂ ਦਿੱਤਾ। ਮੇਰੇ ਤੇ ਮੈਡਮ ਵਲੋਂ ਤੁਹਾਨੂੰ ਸਭ ਨੂੰ ਪਿਆਰ। ਸ਼ੁੱਭ ਇੱਛਾਵਾਂ ਨਾਲ।
ਤੇਰਾ ‘ਕੇਸਰ’
P.S. ਸ਼ਿੰਗਾਰੀ ਸਾਹਿਬ ਦੇ ਕੰਮ ਵਾਲਾ ਬੰਦਾ
ਖ਼ੁਦ ਹੀ ਚੁੱਪ ਕਰ ਰਿਹਾ ਹੈ। ਜਦੋਂ
ਫੇਰ ਆਖੇਗਾ ਤਾਂ ਵਿਸਥਾਰ ਵਿਚ ਲਿਖਾਂਗਾ।
T-II-14, Sector 25, Chandigarh


* ਇਹ ਜ਼ਿੰਮੇਵਾਰੀ ਰਘੁਬੀਰ ਢੰਡ ਦੀ ਆਖਰੀ ਇੱਛਾ ਪੂਰੀ ਕਰਨ ਦੀ ਸੀ ਜੋ ਉਸ ਡਾ. ਕੇਸਰ ਵਲ ਲਿਖੇ ਆਪਣੇ ਆਖਰੀ ਪੱਤਰ ਵਿਚ ਲਾਈ ਸੀ। ਆਖਰੀ ਇੱਛਾ ਸੀ ਕਿ ਉਸ ਦੀਆਂ ਵਲੈਤੋਂ ਆਈਆਂ ਅਸਥੀਆਂ ਨੂੰ ਕੁਝ ਹੋਰ ਲੇਖਕ ਮਿੱਤਰਾਂ ਨਾਲ ਜਾ ਕੇ ਉਸ ਦੇ ਪਿੰਡ ਦੀ ਨਹਿਰ ਵਿਚ ਪ੍ਰਵਾਹਿਆ ਜਾਵੇ।
***
429, ਮੋਤਾ ਸਿੰਘ ਨਗਰ, ਕੂਲ ਰੋਡ, ਜਲੰਧਰ ਮਿਤੀ : 20-7-91
ਪਿਆਰੇ ਬਲਦੇਵ,
ਖ਼ਤ ਮਿਲਿਆ। ਕਿਸ ਨੌਕਰੀ ਨੂੰ ਪਹਿਲ ਦੇਣੀ ਚਾਹੀਦੀ ਹੈ ! ਇਹ ਤਾਂ ਬਾਅਦ ਵਿਚ ਸੋਚਿਆ ਜਾਵੇਗਾ। ਹਾਲੇ ਤੂੰ ਦੋ ਥਾਂ ਅਰਜ਼ੀ ਭੇਜ ਦੇਹ : 1. PPSC 2. PAU
ਸਾਡੇ ਨਵੇਂ ਕੋਰਸ ਹਾਲੇ ਖੱਟੇ ਪਾਏ ਹੋਏ ਹਨ। ਦਹੀਂ ਵਾਂਗ ਜਮਾ ਕੇ ਮੱਖਣ ਕੱਢਿਆ ਜਾਵੇਗਾ। ਹਰ ਅਦਾਰਾ ਬਦਮਾਸ਼ੀ ’ਤੇ ਤੁਲਿਆ ਹੋਇਆ ਹੈ। ਅਖੇ ਜੀ ਸਿੰਡੀਕੇਟ ਦੀ ਪ੍ਰਵਾਨਗੀ ਨਹੀਂ ਹੋਈ। ਕੁੱਸੇ ਦਾ ਨਾਵਲ* ਪੜ੍ਹ ਲਿਆ ਹੈ। ਸਥਿਤੀ ਦਾ ਵਿਵੇਕ ਉਸਾਰਨ ਵਿਚ ਉਹ ਸਫ਼ਲ ਹੈ, ਪਰ ਰੋਹੀ ਬੀਆਬਾਨ ਤੇ ਅੱਗ ਦਾ ਗੀਤ ਤੋਂ ਅੱਗੇ ਨਹੀਂ ਜਾ ਸਕਿਆ। ਇਹ ਮੇਰਾ ਪਹਿਲਾ ਪ੍ਰਭਾਵ ਹੈ। ਹੋਰ ਦੂਜੀ ਵਾਰ ਪੜ੍ਹ ਕੇ ਲਿਖਾਂਗਾ। ਤੇਰੀ ਕਿਤਾਬ ਦੀ ਉਡੀਕ ਹੈ। ਸੁਖਵਿੰਦਰ ਤੇ ਛੋਟੇ ਨੂੰ ਪਿਆਰ।
ਤੇਰਾ ਆਪਣਾ ‘ਕੇਸਰ’
***
* ਜ਼ਖ਼ਮੀ ਦਰਿਆ।

429, ਮੋਤਾ ਸਿੰਘ ਨਗਰ, ਕੂਲ ਰੋਡ, ਜਲੰਧਰ ਮਿਤੀ : 4-9-91
ਪਿਆਰੇ ਬਲਦੇਵ,
ਤੇਰੀਆਂ ਚਿੱਠੀਆਂ ਤੇ ਲੇਖਾਂ* ਦੀ ਸੂਚੀ ਮਿਲ ਗਈ ਹੈ। ਲੇਖਾਂ ਦੇ ਸਿਰਲੇਖ ਦੇਖ ਕੇ ਤਾਂ ਲਗਦਾ ਹੈ ਕਿ ਕਿਤਾਬ ਬਹੁਤ ਵਧੀਆ ਬਣੇਗੀ। ਮੇਰਾ ਲੇਖ ਹੋਵੇਗਾ : ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਨਵਾਂ ਸੰਕਲਪ (ਰੂਸੀ ਚਿੰਤਕ ਸੇਰੇਬਰੀਆਕੋਵ ਦੀ ਪੁਸਤਕ ਪੰਜਾਬੀ ਸਾਹਿਤ) ਪਿਛਲੇ ਦਿਨੀਂ ਅਖ਼ਬਾਰ ਵਿਚ ਬਲਦੇਵ ਸਿੰਘ ਧਾਲੀਵਾਲ ਦਾ ਨਾਂ ਚੰਡੀਗੜ੍ਹ ਵਿਚ ਹੋਣ ਵਾਲੇ ਇਕ ਕਵੀ ਦਰਬਾਰ ਦੇ ਸਿਲਸਿਲੇ ਵਿਚ ਪੜ੍ਹਿਆ ਸੀ, ਸੋਚਿਆ ਤੂੰ ਹੀ ਹੋਵੇਗਾ ਤੇ ਮਿਲੇਂਗਾ ਤਾਂ ਲੇਖ ਤੈਨੂੰ ਸੌਂਪ ਦਿਆਂਗਾ। ਪਰ ਤੂੰ ਨਹੀਂ ਆਇਆ ਜਾਂ ਕੋਈ ਹੋਰ ਬਲਦੇਵ ਧਾਲੀਵਾਲ ਹੋਵੇਗਾ।** ਹੁਣ ਡਾਕ ਰਾਹੀਂ ਹੀ ਭੇਜਾਂਗਾ। ਨਾਲ ਹੀ ਡਾ. ਨਾਹਰ/ਜਗਜੀਤ ਦੇ ਤਿਆਰ ਲੇਖਾਂ ਵਿਚੋਂ (ਜੇ ਕੋਈ ਰਲਦਾ-ਮਿਲਦਾ ਹੋਇਆ) ਭੇਜ ਦੇਵਾਂਗਾ। ਪਾਸ਼ (ਸੁਖਦੇਵ ਵਾਲੀ ਕਿਤਾਬ) ਦੀ ਵਾਧੂ ਕਾਪੀ ਮੇਰੇ ਕੋਲ ਨਹੀਂ ਰਹੀ। ਮੈਂ ਉਸ ਕੋਲੋਂ ਹੋਰ ਮੰਗਵਾ ਕੇ ਤੈਨੂੰ ਦੇ ਦਿਆਂਗਾ। ਪੁਸਤਕ ਦਾ ਨਾਂ ਰਖੋ : ਭਾਸ਼ਾ, ਸਾਹਿਤ ਤੇ ਸਭਿਆਚਾਰ ਜੇ ਮੇਰਾ ਨਾਂ ਸੰਪਾਦਕਾਂ ਵਿਚ ਲਿਖਣਾ ਚਾਹੁੰਦੇ ਹੋ ਤਾਂ ਬੇਸ਼ੱਕ ਲਿਖੋ। ਮੈਂ ਇਕੱਲਾ ਇਸਦਾ ਹੱਕਦਾਰ ਨਹੀਂ ਕਿਉਂਕਿ ਕੰਮ ਤਾਂ ਬਹੁਤਾ ਤੁਸੀਂ ਹੀ ਕੀਤਾ ਹੈ। ਮੇਰੀ ਤਾਂ ਹੱਲਾ-ਸ਼ੇਰੀ ਹੀ ਸੀ। ਰਹੀ ਗੱਲ ਨੇੜੇ ਤੇ ਦੂਰੀ ਦੀ। ਕੌਣ ਆਪਣਾ ਹੈ, ਕੌਣ ਬਿਗਾਨਾ ? ਅਜਿਹੇ ‘ਪਾਜ’ ਖੁੱਲ੍ਹਣ ’ਤੇ ਮੈਨੂੰ ਹੁਣ ਹੈਰਾਨੀ ਨਹੀਂ ਹੁੰਦੀ। ਇਹ ਵੀ ਕਿਸੇ ਵਿਅਕਤੀ ਦੀ ਜ਼ਿੰਦਗੀ ਦੇ ਇਤਿਹਾਸ ਦੀ ਚਾਲ ਅਨੁਸਾਰ ਹੀ ਹੁੰਦਾ ਹੈ। ਕੋਈ ਹਿਤ, ਕੋਈ ਗ਼ਲਤੀ, ਕੋਈ ਭੁਲੇਖਾ ਦੁਵੱਲੇ ਹੁੰਦਾ ਹੈ ਤੇ ਰਿਸ਼ਤਿਆਂ ਨੂੰ ਉਲਟ-ਪੁਲਟ ਕਰ ਦਿੰਦਾ ਹੈ। ਗੱਲ ਇਹ ਹੈ ਕਿ ਵਰਿਆਮ ਸੰਧੂ, ਹਰਭਜਨ ਹਲਵਾਰਵੀ/ਸਿਰਜਣਾ (ਰਘਬੀਰ ਸਿੰਘ) ਆਦਿ ਦਾ ਦੋਸਤ ਹੈ; ਪ੍ਰੋ. ਰਘਬੀਰ ਸਿੰਘ ਨਾਲ ਉਸ ਨੇ ਐਮ.ਫਿ਼ਲ ਦਾ ਅਨੁਬੰਧ ਲਿਖਿਆ ਸੀ, ਸਿਰਜਣਾ ਨਾਲ ਹੁਣ ਉਸਨੇ ਪੀ-ਐੱਚ.ਡੀ. ਸ਼ੁਰੂ ਕੀਤੀ ਹੈ। ਮੇਰਾ ਉਹ ਵਿਦਿਆਰਥੀ ਜ਼ਰੂਰ ਹੈ, ਪਰ ਨਾ ਕਦੇ ਨੇੜੇ ਸੀ ਤੇ ਨਾ ਦੂਰ। ਮੈਂ ਇਕ ਕਹਾਣੀਕਾਰ ਦੇ ਤੌਰ ’ਤੇ ਉਸ ਦੀ ਕਦਰ ਕਰਦਾ ਹਾਂ। ਮੈਂ 7-8 ਸਤੰਬਰ ਦੇ ਸਮਾਗਮ ਦਾ ਕਾਰਡ ਦੇਖਿਆ ਹੈ।*** ਉਸ ਵਿਚ ਮੇਰੇ ਨੇੜੇ ਦੇ ਵਿਅਕਤੀਆਂ ਵਿਚੋਂ (ਨਿਰੰਜਨ ਢੇਸੀ ਤੇ ਨਿਰੰਜਨ ਸਿੰਘ ਸਾਥੀ) ਕਈਆਂ ਦੇ ਨਾਂ ਹਨ, ਪਰ ਉਨ੍ਹਾਂ ਨੇ ਵੀ ਮੈਨੂੰ ਇਸ ਸਮਾਗਮ ਵਿਚ ਕੋਈ ਪਦਵੀ ਦੇਣ ਲਈ ਜ਼ਿੱਦ ਨਹੀਂ ਕੀਤੀ ਹੋਣੀ, ਕਿਉਂਕਿ ਉਹ ਜਾਣਦੇ ਹਨ ਕਿ ਸਮਾਗਮਾਂ ਉਤੇ ਆਉਣੋ ਮੈਂ ਆਮ ਤੌਰ ’ਤੇ ਹੀ ਝਿਜਕਦਾ ਹਾਂ, ਬਲਕਿ ਪਸੰਦ ਨਹੀਂ ਕਰਦਾ। ਕਈ ਵਾਰ ਉਨ੍ਹਾਂ ਬੁਲਾਇਆ ਹੈ, ਮੇਰਾ ਨਾਂ ਵੀ ਛਾਪ ਦਿੱਤਾ, ਮੈਂ ਗਿਆ ਨਹੀਂ। ਇਉਂ ਫੇਰ ਅਗਲੇ ਦੀ ਹੇਠੀ ਹੁੰਦੀ ਹੈ। ਇਹ ਚੰਗਾ ਹੋਇਆ ਮੇਰਾ ਨਾਂ ਨਹੀਂ ਹੈ। ਤੇਰੀ ਪਹਿਲੀ ਕਿਤਾਬ ਛਪ ਗਈ ਕਿ ਨਹੀਂ ? ਦੂਜੀ ਕਿਤਾਬ ਦੀ ਯੋਜਨਾ ਤੇ ਇਸਦਾ ਨਾਂ ਬਹੁਤ ਵਧੀਆ ਹੈ। ਮੈਨੂੰ ਭਰੋਸਾ ਹੁੰਦਾ ਜਾ ਰਿਹਾ ਹੈ ਕਿ ਤੂੰ ਮੇਰੇ ਰਹਿ ਗਏ ਕੰਮਾਂ ਨੂੰ ਪੂਰਾ ਕਰੇਂਗਾ। ਮੈਂ ਵੀ ਕਦੇ ਸੋਚਿਆ ਸੀ ਕਿ ਪੰਜਾਬ ਦੇ ਸਮੁੱਚੇ ਚਿੰਤਨ ਦੇ ਵਿਕਾਸ ਬਾਰੇ ਕੁਝ ਲਿਖਿਆ ਜਾਵੇ, ਤੇਰੀ ਕਿਤਾਬ ਉਸ ਸਿਲਸਿਲੇ ਦੀ ਇਕ ਮਹੱਤਵਪੂਰਨ ਕੜੀ ਹੋਵੇਗੀ। ਬਾਕੀ ਗੱਲਾਂ ਕਦੇ ਮਿਲ ਕੇ ਕਰਾਂਗੇ। ਸੁਖਵਿੰਦਰ ਤੇ ਬੱਚੇ ਨੂੰ ਪਿਆਰ।
ਤੇਰਾ ‘ਕੇਸਰ’
* ਇਹ ਲੇਖ ਰਿਸਾਲੇ ‘ਸੰਦਰਭ’ ਲਈ ਇਕੱਠੇ ਕੀਤੇ ਸਨ ਫਿਰ ਰਸਾਲੇ ਦੀ ਸਕੀਮ ਠੱਪ ਹੋ ਜਾਣ ਕਾਰਨ ਇਨ੍ਹਾਂ ਲੇਖਾਂ ਦੀ ਇਕ ਕਿਤਾਬ ਛਾਪਣ ਦਾ ਮਨ ਬਣਾਇਆ। ਪਰ ਬਾਅਦ ਵਿਚ ਇਨ੍ਹਾਂ ਨਾਲ ਸਰਦਲ ਰਸਾਲੇ ਦਾ ਇਕ ਵਿਸ਼ੇਸ਼ ਅੰਕ (ਸਮੀਖਿਆ ਪ੍ਰਤਿਮਾਨ-1994) ਕੱਢਿਆ।
** ਇਹ ਪ੍ਰਿੰਸੀਪਲ ਬਲਦੇਵ ਧਾਲੀਵਾਲ ਸਮਰਾਲੇ ਵਾਲਾ ਸੀ।
*** ਇਹ ਸਮਾਗਮ (ਵਿਸ਼ਾਲ ਪੰਜਾਬੀ ਕਹਾਣੀ ਗੋਸ਼ਟੀ) ਦੇਸ਼ ਭਗਤ ਯਾਦਗਾਰ ਹਾਲ ਵਿਚ ਡਾ. ਵਰਿਆਮ ਸਿੰਘ ਸੰਧੂ ਹੋਰਾਂ ਨੇ ਕਰਵਾਇਆ ਸੀ। ਮੇਰੀ ਇੱਛਾ ਸੀ ਕਿ ਕਿਸੇ ਇਕ ਸੈਸ਼ਨ ਦੀ ਪ੍ਰਧਾਨਗੀ ਡਾ. ਕੇਸਰ ਹੋਰਾਂ ਤੋਂ ਕਰਵਾਈ ਜਾਵੇ ਪਰ ਇਹ ਪੂਰੀ ਨਹੀਂ ਸੀ ਹੋ ਸਕੀ। ਇਸ ਦਾ ਜ਼ਿਕਰ ਮੈਂ ਚਿੱਠੀ ਰਾਹੀਂ ਕੀਤਾ ਸੀ।

***
429, ਮੋਤਾ ਸਿੰਘ ਨਗਰ, ਕੂਲ ਰੋਡ, ਜਲੰਧਰ ਮਿਤੀ : 21-5-91
ਪਿਆਰੇ ਬਲਦੇਵ ਸਿੰਘ,
ਤੇਰੀ ਚਿੱਠੀ ਮਿਲ ਗਈ ਹੈ। ਹਾਂ, ਕੋਈ ਵਿਸ਼ੇਸ਼ ਅਧਿਐਨ-ਖੇਤਰ ਚੁਣਨਾ ਚਾਹੀਦਾ ਹੈ।* ਸੇਖੋਂ ਦੀ ਝੰਡੀ ਦਾ ਕਾਰਨ ਉਸ ਦਾ creative ਲੇਖਕ ਹੋਣਾ ਹੈ, ਵਿਸ਼ੇਸ਼ੱਗ ਹੋਣਾ ਨਹੀਂ। ਸਿਰਫ਼ ਆਲੋਚਨਾ ਦੇ ਸਿਰ ’ਤੇ ਉਹ ਝੰਡੀ ਨਹੀਂ ਸੀ ਗੱਡ ਸਕਦਾ, ਚੰਗਾ ਅਧਿਆਪਕ ਤੇ ਚੰਗਾ ਲੇਖਕ ਤੇ ਇਕ ਵਿਸ਼ੇਸ਼ ਫਿ਼ਲਾਸਫ਼ੀ ਨਾਲ ਜੁੜਿਆ ਹੋਣਾ ਉਸ ਦੀ ਝੰਡੀ ਦਾ ਕਾਰਨ ਹੈ। ਕੁਝ ਸਾਡੇ ਤੋਂ ਪਹਿਲੀ ਪੀੜ੍ਹੀ ਦਾ ਅੰਗਰੇਜ਼ੀ ਵਿਚ ਮਾਹਰ ਹੋਣਾ ਵੀ ਇਕ ਵਿਸ਼ੇਸ਼ ਗੱਲ ਸੀ। ਉਪਨਿਵੇਸ਼ ਦੇ ਵਾਸੀ ਮ੍ਹਾਤੜ ਅਧਿਆਪਕਾਂ/ਆਲੋਚਕਾਂ/ਲੇਖਕਾਂ ਦੀ ਪੁੱਛ-ਪ੍ਰਤੀਤ ਅੰਗਰੇਜ਼ੀ ਤੋਂ ਬਿਨਾਂ ਪੰਜਾਬ ਤੋਂ ਬਾਹਰ ਨਹੀਂ ਹੋ ਸਕਦੀ। ਤੇਰੇ ਲਈ ਪੰਜਾਬੀ ਕਵਿਤਾ ਤੇ ਗਲਪ ਦਾ ਰਾਹ ਪੱਧਰਾ ਹੈ। ਕਵਿਤਾ-ਕਹਾਣੀ ਲਿਖਣ ਦਾ ਅਭਿਆਸ ਵੀ ਜਾਰੀ ਰੱਖੋ ਤੇ ਆਲੋਚਨਾ ਦਾ ਖੇਤਰ ਵੀ ਇਨ੍ਹਾਂ ਦੋ ਸਾਹਿਤ-ਰੂਪਾਂ ਤੱਕ ਸੀਮਤ ਰੱਖੋ। ਇਨ੍ਹਾਂ ਵਿਚੋਂ ਇਕ ਚੁਣਨਾ ਹੈ ਤਾਂ ਕਹਾਣੀ ਚੁਣੋਂ। ਸਿਰਫ਼ ਕਹਾਣੀ ਦੇ ਆਲੋਚਕ ਬਣੋ।** ਮੈਂ ਆਪਣੀਆਂ ਸੀਮਾਵਾਂ ਨਿਸਚਿਤ ਕੀਤੀਆਂ ਹੋਈਆਂ ਹਨ। ਪਰ ਬਾਹਰਲੇ ਦਬਾਅ ਘੇਰੇ ਤੋਂ ਬਾਹਰ ਕੱਢ ਦਿੰਦੇ ਹਨ। ਮੇਰਾ ਵਿਸ਼ੇਸ਼ ਖੇਤਰ ਕਵਿਤਾ ਹੈ - ਪਰ ਨਾਵਲ ਵਾਲੇ ਵੀ ਦੱਬੀ ਫਿਰਦੇ ਹਨ। 26 ਨੂੰ ਤਸਨੀਮ ਦੇ ਨਾਵਲਾਂ ਉਤੇ ਲੁਧਿਆਣੇ ਵਿਚਾਰ ਗੋਸ਼ਟੀ ਹੈ। ਕਹਿੰਦੇ ਪ੍ਰਧਾਨਗੀ ਕਰੋ। ਮੰਨ ਲਈ। ਪਰ ਅੱਜ ਪ੍ਰੋ. ਰਾਮ ਸਿੰਘ ਦੀ ਸੁਪਤਨੀ ਸ੍ਰੀਮਤੀ ਦੇਵਿੰਦਰ ਕੌਰ ਚਲਾਣਾ ਕਰ ਗਏ। 26 ਨੂੰ ਉਹਨਾਂ ਦਾ ਭੋਗ ਹੈ। ਇਸ ਲਈ ਸ਼ਾਇਦ ਮੈਂ ਲੁਧਿਆਣੇ ਨਾ ਪਹੁੰਚ ਸਕਾਂ। ਛੁੱਟੀਆਂ 10 ਜੂਨ ਤੋਂ ਹੋਣਗੀਆਂ। ਪਰਚਿਆਂ ਦੇ ਮੁਲੰਕਣ ਦਾ ਕੰਮ ਵੀ ਹੋਵੇਗਾ। ਜੇ ਵਿਚੋਂ ਸਮਾਂ ਕੱਢ ਸਕਿਆ ਤਾਂ ਤੇਰੇ ਨਾਲ ਕਿਧਰੇ ਘੁੰਮਣ ਦਾ ਸਮਾਂ ਕੱਢ ਲਵਾਂਗਾ। ਸੁਖਵਿੰਦਰ, ਲਖਬੀਰ ਅਤੇ ਨਿੱਕੇ ਨੂੰ ਪਿਆਰ।
ਤੇਰਾ ਆਪਣਾ ‘ਕੇਸਰ’
ਕੁੱਸੇ ਦਾ ਨਵਾਂ ਨਾਵਲ (ਜ਼ਖ਼ਮੀ ਦਰਿਆ) ਭਿਜਵਾ ਦੇਈਂ।
* ਇਹ ਗੱਲ ਮੇਰੀ ਕੋਈ ਵਿਸ਼ੇਸ਼ੱਗਤਾ ਦਾ ਖੇਤਰ ਨਾ ਚੁਣ ਸਕਣ ਦੀ ਦੁਬਿਧਾ ਨੂੰ ਮਿਟਾਉਣ ਲਈ ਲਿਖੀ ਹੈ।
** ਇਹ ਸਲਾਹ ਮੰਨ ਕੇ ਹੀ ਮੈਂ ਆਪਣੇ ਆਪ ਨੂੰ ਕਹਾਣੀ-ਆਲੋਚਨਾ ਤੱਕ ਸੀਮਿਤ ਕਰ ਲਿਆ ਸੀ, ਜੋ ਹੁਣ ਤੱਕ ਜਾਰੀ ਹੈ।

429, ਮੋਤਾ ਸਿੰਘ ਨਗਰ, ਕੂਲ ਰੋਡ, ਜਲੰਧਰ ਮਿਤੀ : 17-11-91
ਪਿਆਰੇ ਬਲਦੇਵ,
ਰਾਤੀਂ ਮੈਨੂੰ ਸੁਪਨਾ ਆਇਆ ਹੈ ਕਿ ਤੇਰਾ ਕੰਮ* ਹੋ ਗਿਆ ਹੈ। ਜੇ ਇਹ ਸੁਪਨਾ ਸੱਚਾ ਹੈ ਤਾਂ ਤੈਨੂੰ ਮੁਬਾਰਕਾਂ ! ਮੈਂ ਤੈਨੂੰ 14 ਤੇ 15 ਨੂੰ ਉਡੀਕਦਾ ਰਿਹਾ। ਰਘੁਬੀਰ ਢੰਡ ਦੀ ਨਵੀਂ ਕਿਤਾਬ ‘ਕਾਲੀ ਨਦੀ ਦਾ ਸੇਕ’ 28/29 ਦਸੰਬਰ ਨੂੰ release ਕਰਾਂਗੇ।
    ਤੇਰਾ ‘ਕੇਸਰ’
* ਇਹ ਕੰਮ ਪੱਤਰ-ਵਿਹਾਰ ਸਿੱਖਿਆ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਮੇਰੇ ਲੈਕਚਰਾਰ ਵਜੋਂ ਨਿਯੁਕਤ ਹੋਣ ਦਾ ਸੀ। ਇਸ ਦੀ ਖ਼ਬਰ ਉਨ੍ਹਾਂ ਨੂੰ ਮੇਰੇ ਤੋਂ ਵੀ ਪਹਿਲਾਂ ਮਿਲ ਗਈ ਸੀ, ਬੱਸ ਐਵੇਂ ਖੁਸ਼ੀ ਦੇ ਮੂਡ ਵਿਚ ਹੀ ਰਹੱਸ ਸਿਰਜਿਆ ਹੈ।

***
ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮਿਤੀ : 6-4-92
ਪਿਆਰੇ ਬਲਦੇਵ ਸਿੰਘ,
ਤੇਰੀ ਚਿੱਠੀ ਮਿਲ ਗਈ ਹੈ। ਤੇਰੀ ਹੈਰਾਨੀ ਤੇ ਪਰੇਸ਼ਾਨੀ ਸੱਚੀ ਹੈ, ਪਰ ਈਰਖਾ ਤੇ ਭੈਅ ਦੇ ਮਾਹੌਲ ਨੇ ਸਭ ਨੂੰ ਹੱਦੋਂ ਵੱਧ ਈਰਖਾਲੂ ਤੇ ਡਰਾਕਲ ਬਣਾ ਦਿੱਤਾ ਹੈ ਤੇ ਜਦੋਂ ਬੰਦਾ ਦੂਜਿਆਂ ਤੋਂ ਡਰ ਕੇ ਹੀਣ-ਭਾਵ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਆਪਣੇ ਰੋਗ ਨੂੰ ਦੂਰ ਕਰਨ ਲਈ ਬੜ੍ਹਕਾਂ ਮਾਰ ਕੇ ਦੂਜਿਆਂ ਨੂੰ ਡਰਾਉਂਦਾ ਹੈ। ਇਸ ਵੇਲੇ ਸਾਰੀ ਦੀ ਸਾਰੀ ਪੰਜਾਬੀ ਕੌਮ ਮਾਨਸਿਕ ਰੋਗਾਂ ਵਿਚ ਗ੍ਰਸਤ ਹੈ ਤੇ ਇਸ ਦਾ ਇਲਾਜ ਕਿਸੇ ਵੱਡੇ ਹਸਪਤਾਲ ਵਿਚ ਹੋ ਸਕਦਾ ਹੈ, ਜੋ ਆਪਣੇ ਵੱਸ ਵਿਚ ਨਹੀਂ। ਬਾਕੀ ਰਹੀ ਵਿਦਿਆਰਥੀਆਂ ਦੇ ਰਵੱਈਏ ਦੀ ਗੱਲ, ਤੂੰ ਸੋਚ ਕਿ ਜੇ ਇਕ ਵਿਦਿਆਰਥੀ ਨਿਗੂਣੀ ਲੈਕਚਰਰਸ਼ਿਪ ਪਿੱਛੇ ਇਹ ਫੈਸਲਾ ਕਰ ਸਕਦਾ ਹੈ ਕਿ ਜੇ ਮੈਨੂੰ ਫਲਾਣੀ ਨੌਕਰੀ ਨਾ ਮਿਲੀ ਤਾਂ ਮੈਂ ਆਪਣੇ ਫਲਾਣੇ ਅਧਿਆਪਕ ਨੂੰ ਕਤਲ ਕਰ ਦਿਆਂਗਾ ਫੇਰ ਬਾਕੀ ਕੀ ਰਹਿ ਜਾਂਦਾ ਹੈ ? ਮੌਕਾਪ੍ਰਸਤੀ ਸਾਡੇ ਹੱਡਾਂ ’ਚ ਰਚ ਗਈ ਹੈ: ਇਹੋ ਹਿੰਸਾ ਨੂੰ ਜਨਮ ਦਿੰਦੀ ਹੈ ਤੇ ਇਹੋ ਚਾਪਲੂਸੀ ਨੂੰ। ਹਿੰਸਾ ਤੇ ਚਾਪਲੂਸੀ (ਖੁਸ਼ਾਮਦ) ਇਕੋ ਸਿੱਕੇ ਦੇ ਦੋ ਪਾਸੇ ਹਨ। ਸੋ ਮੇਰੇ ਉਨ੍ਹਾਂ ਵਿਦਿਆਰਥੀਆਂ ਦਾ ਜਿਨ੍ਹਾਂ ਨੂੰ ਆਪਣੇ ਆਪ ’ਤੇ ਭਰੋਸਾ ਨਹੀਂ, ਮੇਰੇ ਪ੍ਰਤੀ ਦੋ ਹੀ ਕਿਸਮ ਦਾ ਰਵੱਈਆ ਹੈ : ਉਹ ਮੇਰੀ ਖੁਸ਼ਾਮਦ ਕਰਦੇ ਹਨ, ਜੇ ਕੰਮ ਲੋਟ ਆਉਂਦਾ ਨਾ ਦਿੱਸੇ ਤਾਂ ਉਹ ਮੈਨੂੰ ਗਾਲ੍ਹਾਂ ਕੱਢਦੇ ਹਨ। ਸ਼ੁਕਰ ਇਹ ਹੈ ਕਿ ਅਜੇ ਕਿਸੇ ਨੇ ਮੂੰਹ ’ਤੇ ਨਹੀਂ ਕੱਢੀਆਂ। ਪਰ ਉਹ ਦਿਨ ਦੂਰ ਨਹੀਂ। ਹਰਿਭਜਨ ਸਿੰਘ, ਅਤਰ ਸਿੰਘ ਤੇ ਹੋਰ ਕਈ ਅਧਿਆਪਕਾਂ ਨਾਲ ਇਸੇ ਤਰ੍ਹਾਂ ਵਾਪਰਿਆ ਹੈ। ਪੁਸਤਕ ਤਿਆਰ ਕਰਕੇ ਛਪਣ ਦੀ ਤੇਰੀ ਹਿੰਮਤ ਸ਼ਲਾਘਾਯੋਗ ਹੈ। ਬੱਸ, ਇਹੋ ਜਿਹੇ ਸਾਰਥਕ ਕੰਮ ਕਰਦੇ ਰਹੋ, ਫੇਰ ਮਨ ਰੋਗੀ ਨਹੀਂ ਹੁੰਦਾ। ਸਿਰਨਾਵਾਂ ਵਿਚ ਤੇਰੀ ਕਹਾਣੀ* ਪੜ੍ਹੀ। ਬਹੁਤ ਚੰਗੀ ਲੱਗੀ। ਕੱਲ੍ਹ ਫਿਲਮ ਦੇਖੀ ‘ਸੋਨੇ ਕੀ ਚਿੜੀਆ’ - ਉਸ ਵਿਚ ਵੀ ਲਗਭਗ ਇਹੋ ਅਨੁਭਵ ਹੈ : ਸਭ ਲੁਟੇਰੇ ਬਣ ਜਾਂਦੇ ਹਨ; ਮਾਂ, ਬਾਪ, ਭੈਣ, ਭਾਈ, ਪਤਨੀ, ਵਿਦਿਆਰਥੀ, ਅਧਿਆਪਕ ਇਸ ਪੈਸੇ ਦੀ ਦੁਨੀਆਂ ਵਿਚ ਹਰ ਪ੍ਰਕਾਰ ਦੇ ਮਾਨਵੀ ਭਾਵਾਂ ਦਾ ਤਿਆਗ ਕਰ ਦਿੰਦੇ ਹਨ। ਕੀ ਕਰੀਏ ? ਕਿਸੇ ਦਿਨ ਆਵਾਂਗਾ। ਸੁਖਵਿੰਦਰ ਤੇ ਛੋਟੇ ਨੂੰ ਪਿਆਰ !
ਤੇਰਾ ਆਪਣਾ ‘ਕੇਸਰ’

* ਕਹਾਣੀ ਐਡਮ ਤੇ ਈਵ।
***
ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮਿਤੀ : 13-5-92
ਪਿਆਰੇ ਬਲਦੇਵ ਸਿੰਘ,
ਪਿਆਰ ! ਕਮਰਿਆਂ ਦੀ ਰੱਦੋ-ਬਦਲ ਦਾ ਮਾਮਲਾ ਪੰਜਾਬੀ ਅਧਿਐਨ ਸਕੂਲ ਦੇ ਚਹੁੰਆਂ ਵਿਭਾਗਾਂ ਦੀ ਅੰਦਰੂਨੀ/ ਸਾਪੇਖਕ ਖੁਦਮੁਖ਼ਤਾਰੀ ਦੀ ਰਵਾਇਤ ਨਾਲ ਜੁੜਿਆ ਹੋਇਆ ਹੈ। ਸਕੂਲ ਦੇ ਨਿਯਮ-ਅਧਿਨਿਯਮ ਤਾਂ ਸਿੰਡੀਕੇਟ ਸੈਨੇਟ ’ਚੋਂ ਪਾਸ ਹੋ ਕੇ ਕੈਲੰਡਰ ਵਿਚ ਦਰਜ ਨਹੀਂ ਹੋਏ, ਬੱਸ ਇਕ ਰੀਤ ਬਣੀ ਰਹੀ ਹੈ ਕਿ ਸਕੂਲ ਦਾ ਚੇਅਰਮੈਨ ਸਭ ਦਾ ਚੇਅਰਮੈਨ ਹੋਵੇਗਾ, ਪਰ ਨਿੱਤ ਦੇ ਕਾਰਜ-ਕ੍ਰਮ ਦੀ ਦੇਖਭਾਲ ਹਰੇਕ ਵਿਭਾਗ ਦਾ ਸਭ ਤੋਂ ਵਰਿਸ਼ਟ ਅਧਿਆਪਕ ਕਰਦਾ ਰਹੇਗਾ - ਅੰਦਰੂਨੀ ਤੌਰ ’ਤੇ ਕੋਈ ਰੋਟੇਸ਼ਨ ਨਹੀਂ ਹੋਵੇਗੀ। ਇਹ ਕੰਮ ਹੁਣ ਤੱਕ ਚਲਦਾ ਰਿਹਾ, ਪਰ ਹੁਣ ਪ੍ਰੋ. ਰਘੁਬੀਰ ਸਿੰਘ ਦੇ ਸਕੂਲ ਦਾ ਚੇਅਰਮੈਨ ਬਣਨ ਨਾਲ ਉਸ ਸਾਰੇ ਗਰੁੱਪ ਦੀ ਬਦਲੇ ਦੀ ਭਾਵਨਾ ਭੜਕ ਪਈ ਹੈ ਤੇ ਉਹ ਸਾਰੀ ਸ਼ਕਤੀ ਆਪਣੇ ਹੱਥ-ਵੱਸ ਕਰਕੇ ਨਾਹਰ-ਜਗਜੀਤ ਨੂੰ ਗੁੱਠੇ ਲਾਉਣਾ ਚਾਹੁੰਦੇ ਹਨ। ਵੈਸੇ ਇਸ ਤਰ੍ਹਾਂ ਨਾ ਹੀ ਬਦਲੇ ਦੀ ਅੱਗ ਮੱਠੀ ਹੋਣੀ ਹੈ ਤੇ ਨਾ ਹੀ ਨਾਹਰ-ਜਗਜੀਤ ਦਾ ਕੁਝ ਵਿਗੜਨਾ ਹੈ ਕਿਉਂਕਿ ਇਤਿਹਾਸ ਦਾ ਪਹੀਆ ਪਿੱਛੇ ਨੂੰ ਨਹੀਂ ਗਿੜ ਸਕਦਾ। ਸੋ ਕਈ ਖਾਸ ਗੱਲ ਨਹੀਂ।
ਜਿਵੇਂ ਪੰਜਾਬੀ ਵਿਭਾਗ ਵਿਚ ਹੋ ਰਿਹਾ ਹੈ, ਇਵੇਂ ਹੀ ਇਹ ਲੋਕ ਸੈਮੀਨਾਰਾਂ ਵਿਚ ਤਾਰੀਖ਼ ਨੂੰ ਪੁੱਠਾ ਗੇੜਾ ਦੇਣ ਦਾ ਯਤਨ ਕਰਦੇ ਹਨ ਤੇ “ਅਮਲੀਆਂ ਦੇ ਖੂਹ ਖਿੱਚ ਕੇ ਛਾਵੇਂ ਕਰਨ” ਵਾਂਗ ਸਮਝਦੇ ਹਨ ਕਿ ਇਤਿਹਾਸ ਘੁੰਮ ਗਿਆ ਹੈ। ਮਾਰਕਸ ਨੇ ਕਿਹਾ ਸੀ ਜਦੋਂ ਇਤਿਹਾਸ ਪਹਿਲੀ ਵਾਰ ਵਾਪਰਦਾ ਹੈ ਤਾਂ ਤ੍ਰਾਸਦੀ ਹੁੰਦਾ ਹੈ ਤੇ ਜਦੋਂ ਦੂਜੀ ਵਾਰ ਦੁਹਰਾਇਆ ਜਾਂਦਾ ਹੈ ਤਾਂ ਪ੍ਰਹਸਨ (Farce) ਬਣ ਜਾਂਦਾ ਹੈ। ਜਿਨ੍ਹਾਂ ਬਾਰੇ ਤੂੰ ਲਿਖਿਆ ਹੈ ਇਹ ਸਭ Farce ਦੇ ਪਾਤਰ ਹਨ। ਹਾਸੋਹੀਣੀਆਂ ਗੱਲਾਂ ਕਰਕੇ ਦੂਜਿਆਂ ਨੂੰ ਹਸਾਉਂਦੇ ਹਨ। ਇਹ ਇਨ੍ਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਪਰ ਆਪਾਂ ਨੂੰ ਇਨ੍ਹਾਂ ਦੀਆਂ ਕਮਜ਼ੋਰੀਆਂ ’ਤੇ ਨਹੀਂ ਜਾਣਾ ਚਾਹੀਦਾ ਹੈ, ਦੇਖਣਾ ਇਹ ਚਾਹੀਦਾ ਹੈ ਕਿ ਇਨ੍ਹਾਂ ਦੇ ਤਾਕਤਵਰ ਨੁਕਤੇ ਕਿਹੜੇ ਹਨ। ਇਨ੍ਹਾਂ ਦੀ ਤਾਕਤ ਸਿਰਫ਼ ਨਵੇਂ ਸੂਖ਼ਮ ਹਥਿਆਰ ਹਨ, ਤੇ ਹਥਿਆਰ ਸੈਮੀਨਾਰ ਤੋਂ ਬਾਹਰ ਦੀ ਵਸਤ ਹੈ। ਵਿਰੋਧੀ/ਦੁਸ਼ਮਣ ਨਾਲ ਦਸਤ-ਪੰਜਾ ਲੈਣ ਦਾ ਫਾਰਮੂਲਾ ਇਹ ਹੈ ਕਿ ਵਿਰੋਧੀ ਦੀ ਤਾਕਤ ਪਛਾਣੋ ਤੇ ਆਪਣੀ ਕਮਜ਼ੋਰੀ। ਜਿਹੜਾ ਬੰਦਾ ਆਪਣੀ ਤਾਕਤ ਤੇ ਦੁਸ਼ਮਣ ਦੀਆਂ ਕਮਜ਼ੋਰੀਆਂ ਦੇਖਦਾ ਹੈ ਉਹ ਦੁਸ਼ਮਣ ਨਾਲ ਟੱਕਰ ਲੈਣ ਦੇ ਯੋਗ ਨਹੀਂ ਹੁੰਦਾ। ਹਾਂ, ‘ਪਰਸਾ’ ’ਤੇ ਵਿਚਾਰ-ਚਰਚਾ ਲਈ ਕੋਈ ਸਮਾਂ ਮਿਥਾਂਗੇ। 29 ਮਈ ਤੋਂ ਛੁੱਟੀਆਂ ਹੋਣੀਆਂ ਹਨ, ਪਰ ਨਾਲ ਹੀ ਪਰਚਿਆਂ ਦੇ ਮੁਲੰਕਣ ਦਾ ਕੰਮ ਤੁਰ ਪੈਣਾ ਹੈ। ਜੂਨ ਦੇ ਅਖ਼ੀਰ ਵਿਚ ਵਿਹਲੇ ਹੋਵਾਂਗੇ। ਨਾਲ ਦੀ ਨਾਲ, ਐਤਕੀ ਰਿਤੂ ਦੇ PMT ਟੈਸਟਾਂ ਤੇ ਦਾਖਲਿਆਂ ਦਾ ਵੀ ਚੱਕਰ ਹੈ। ਤਾਂ ਵੀ ਕਿਸੇ ਵੇਲੇ ਮਿਲਣ ਦਾ ਮੌਕਾ ਪੈਦਾ ਕਰਾਂਗੇ। ਸੁਖਵਿੰਦਰ ਤੇ ਬੱਚੂ ਨੂੰ ਮੇਰੇ ਤੇ ਮੈਡਮ ਵਲੋਂ ਪਿਆਰ।
ਤੇਰਾ ‘ਕੇਸਰ’

ਪਿਆਰੇ ਬਲਦੇਵ, ਮਿਤੀ : 30-1-93
ਤੇਰੀ ਚਿੱਠੀ ਮਿਲ ਗਈ ਹੈ। ਮੈਂ ਵੀ ਇਕ ਮਹੀਨੇ ਤੋਂ ਸਰੀਰ ਵਲੋਂ ਬਹੁਤਾ ਠੀਕ ਨਹੀਂ ਰਿਹਾ। ਸੁੱਕੀ ਜਿਹੀ ਖੰਘ ਨੇ ਹਾਲੇ ਵੀ ਖਹਿੜਾ ਨਹੀਂ ਛੱਡਿਆ, ਪਰ ਪਹਿਲਾਂ ਨਾਲੋਂ ਠੀਕ ਹਾਂ। ਤੇਰੀ ਚਿੱਠੀ ਵਿਚ ਪੜ੍ਹਾਈ-ਵਿਰੋਧੀ ਮਾਹੌਲ ਦਾ ਜ਼ਿਕਰ ਪੜ੍ਹ ਕੇ ਮੈਨੂੰ ਖੁਸ਼ੀ ਵੀ ਹੋਈ, ਚਿੰਤਾ ਵੀ। ਖੁਸ਼ੀ ਇਸ ਲਈ ਕਿ ਮੇਰੀ ਆਪਣੀ ਧਾਰਨਾ - ਯੂਨੀਵਰਸਿਟੀਆਂ ਨਾਲੋਂ ਕਿਸੇ ਚੰਗੇ ਪ੍ਰਾਈਵੇਟ ਕਾਲਜ ਵਿਚ, ਕੁਝ ਹਮਦਰਦਾਂ ਤੇ ਹਮਖਿਆਲਾਂ ਵਿਚ ਰਹਿ ਕੇ ਪੜ੍ਹਨ-ਲਿਖਣ ਦਾ ਕੰਮ ਵਧੇਰੇ ਹੋ ਸਕਦਾ ਹੈ - ਨੂੰ ਸਮਰਥਨ ਮਿਲਿਆ ਹੈ, ਚਿੰਤਾ ਇਹ ਕਿ ਤੇਰੇ ਵਰਗਾ ਪ੍ਰਬੁੱਧ ਆਦਮੀ ਅਜਿਹੇ ਮਾਹੌਲ ਵਿਚ ਕਿਤੇ ਰੁਲ ਨਾ ਜਾਵੇ। ਭਾਵੇਂ ਮੈਨੂੰ ਇਹ ਵੀ ਭਰੋਸਾ ਹੈ ਕਿ ਤੂੰ ਰੁਲਦਾ ਨਹੀਂ, ਜੇ ਇਸ ਮਹੌਲ ਵਿਚ ਤੂੰ ਬੌਧਿਕ ਤੇ ਅਕਾਦਮਕ ਕੰਮ ਨਾ ਵੀ ਕਰ ਸਕੇ ਤਾਂ ਵੀ ਤੇਰੀ ਸਿਰਜਕ ਪ੍ਰਤਿਭਾ ਇਸ ਮਾਹੌਲ ਦੀ ਟੱਕਰ ਵਿਚ ਹੋਰ ਪ੍ਰਫੁੱਲਤ ਹੋਵੇਗੀ:
ਤੁੰਦੀਏ-ਬਾਦ-ਏ-ਮੁਖ਼ਾਲਿਫ਼* ਸੇ ਨਾ ਘਬਰਾ, ਐ ਉਕਾਬ,
ਯੇ ਤੋ ਚਲਤੀ ਹੈ ਤੁਝੇ ੳੂਂਚਾ ਉੜਾਨੇ ਕੇ ਲੀਏ। (ਇਕ਼ਬਾਲ)
ਵਧੀਆ ਕਹਾਣੀਆਂ ਤਾਂ ਲਿਖੇਂਗਾ ਹੀ। ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਤੂੰ ਮੇਰੀ ਕਿਤਾਬ ਪੜ੍ਹੀ ਹੈ ਤੇ ਪਾਰਖੂ ਅੱਖ ਨਾਲ ਪੜ੍ਹੀ ਹੈ। ਹਾਂ, ਲੇਖ ਬਾਸੀ ਹੋ ਗਏ। ਸਾਹਿਤ ਵਿਰੋਧੀ ਮਾਹੌਲ ਤੇ ਮੇਰੀ ਆਪਣੀ ਘੌਲ ਕਰਕੇ ਹੀ ਬਾਸੀ ਹੋਏ। ਮੈਂ ਵੀ ਤੇਰੇ ਵਰਗੇ ਮਾਹੌਲ ਵਿਚ ਹੀ ਵਿਚਰਦਾ ਆਇਆ ਹਾਂ/ਵਿਚਰ ਰਿਹਾ ਹਾਂ। ਏਥੇ ਸਭ ਕੁਝ ਬਾਸੀ ਕਰਕੇ ਸੇਵਨ ਕਰਨ ਦੀ ਆਦਤ ਬਣਦੀ ਜਾ ਰਹੀ ਹੈ। ਲਿਫ਼ਸ਼ਿਜ਼ ਦਾ ਲੇਖ ਮੈਂ ਦੋ ਕਾਰਨਾਂ ਕਰਕੇ ਦਿੱਤਾ ਹੈ: ਇਕ ਤਾਂ ਇਹ ਦੱਸਣ ਲਈ ਕਿ ਸੋਵੀਅਤ ਯੂਨੀਅਨ ਵਿਚ ਤੀਹਵਿਆਂ ਵਿਚ ਵੀ ਜਿਹੜੀਆਂ ਬਹਿਸਾਂ ਚੱਲੀਆਂ ਉਨ੍ਹਾਂ ਵਿਚ ਸਾਰੇ ਮਾਰਕਸੀ ਚਿੰਤਕ ਕੱਟੜ ਤੇ ਇਕਪੱਖੀ ਨਹੀਂ ਸਨ ਤੇ ਮਾਰਕਸੀ ਨੇਤਾ ਵਰਗ ਸੰਘਰਸ਼ ਤੇ ਪ੍ਰੋਲਤਾਰੀ ਕਲਚਰ ਦੇ ਸੰਕਲਪਾਂ ਨੂੰ ਸਮੁੱਚੇ ਮਾਨਵੀ ਇਤਿਹਾਸ ਦੇ ਪ੍ਰਸੰਗ ਵਿਚ ਵਿਵੇਚਿਤ ਕਰ ਚੁੱਕੇ ਸਨ, ਜਿਨ੍ਹਾਂ ਨੂੰ ਪੰਜਾਬੀ ਮਾਰਕਸੀਆਂ ਨੇ ਅਨਡਿੱਠ ਕੀਤਾ ਹੈ ਤੇ ਅਣਮਾਰਕਸੀਆਂ ਨੇ ਬਿਨਾਂ ਪੜ੍ਹੇ ਵਿਗਾੜ ਕੇ ਪੇਸ਼ ਕੀਤਾ ਹੈ। ਮੇਰਾ ਯਕੀਨ ਹੈ ਕਿ ਸੋਵੀਅਤ ਯੂਨੀਅਨ ਦੀ ਸਮਾਪਤੀ ਤੋਂ ਬਾਅਦ ਜਿਹੜਾ ਬੌਧਿਕ ਦੌਰ ਆ ਰਿਹਾ ਹੈ ਉਸ ਵਿਚ ਇਨ੍ਹਾਂ ਮਸਲਿਆਂ ਨੂੰ ਮੁੜ ਵਿਚਾਰਨ ਦੀ ਲੋੜ ਪਵੇਗੀ ਤੇ ਪੁਰਾਣੇ ਦਸਤਾਵੇਜ਼ ਲੱਭ ਕੇ ਸਾਨੂੰ ਇਸ ਗੱਲ ’ਤੇ ਜ਼ੋਰ ਦੇਣਾ ਪਵੇਗਾ ਕਿ :
ਬੇਦ ਕਿਤੇਬ ਕਹੋ ਮਤ ਝੂਠੇ
ਝੂਠਾ ਜੋ ਨਾ ਵਿਚਾਰੇ
ਸਿਧਾਂਤ ਦੇ ਰਾਜਨੀਤੀਕਰਣ ਤੇ ਮੌਕਾਪ੍ਰਸਤੀ ਦੇ ਝੱਖੜ ਨੇ ਸਭ ਕੁਝ ਹੀ ਝੂਠਾ ਕਰ ਦਿੱਤਾ ਹੈ। ਸੱਚ ਹੈ ਤਾਂ ਸਿਰਫ਼ ਆਪਣਾ ਆਪ :
ਅੱਵਲ ਆਖਰ ਆਪ ਨੂੰ ਜਾਣਾ
ਦੂਜਾ ਹੋਰ ਨਾ ਕੋਈ ਪਛਾਣਾ (ਬੁੱਲ੍ਹੇਸ਼ਾਹ)
(ਸ਼ੁਰੂ ਵੀ ਮੈਂ ਤੇ ਆਖ਼ੀਰ ਵੀ ਮੈਂ) - ਇਤਿਹਾਸ ਖਾਰਜ ਹੋ ਚੁੱਕਾ ਹੈ। ਪੱਛਮੀ ਚਿੰਤਕਾਂ ਨੇ ਇਹ ਨਾਹਰਾ ਵੀ ਲਾ ਦਿੱਤਾ ਹੈ ਕਿ ਅਸੀਂ ਇਤਿਹਾਸ-ਮੁਕਤ ਯੁੱਗ ਵਿਚ ਪ੍ਰਵੇਸ਼ ਕਰ ਗਏ ਹਾਂ। ਇਸ ਨਵ-ਰਹੱਸਵਾਦ ਦੀ ਘੁੰਮਣ-ਘੇਰੀ ਵਿਚੋਂ ਨਿਕਲਣ ਲਈ ਸਾਨੂੰ ਮੁੜ ਕੇ ਇਤਿਹਾਸ-ਚੇਤਨਾ ਨੂੰ ਪ੍ਰਚੰਡ ਕਰਨਾ ਪਵੇਗਾ। ਜੇ ਕੋਈ ਭਵਿੱਖ ਸਿਰਜਣਾ ਹੈ, ਕੋਈ ਸੁਪਨਾ ਲੈਣਾ ਹੈ ਤਾਂ ਅਤੀਤ ਦੇ ਗੁਆਚੇ ਮਾਡਲ ਲੱਭਣੇ ਪੈਣਗੇ, ਉਹ ਮਾਡਲ ਜਿਨ੍ਹਾਂ ਨੇ ਮਨੁੱਖ ਨੂੰ ਵਰਤਮਾਨ-ਕਾਲੀ ਮਿਥਿਹਾਸ-ਚੇਤਨਾ ਤੇ ਰਹੱਸਵਾਦ ’ਚੋਂ ਕੱਢ ਕੇ ਤ੍ਰੈਕਾਲੀ ਇਤਿਹਾਸ-ਚੇਤਨਾ ਦਾ ਰਾਹ ਦਿਖਾਇਆ। ਹੀਗਲ, ਫੀੳੂਰਬਾਖ਼, ਮਾਰਕਸ, ਏਗਲਜ਼ ਤੇ ਲੈਨਿਨ ਨੂੰ ਮੁੜ ਕੇ ਪੜ੍ਹਨਾ ਪਵੇਗਾ। ਬੇਹਤਰ ਹੈ ਅਸੀਂ ਅੰਤ ਤੋਂ ਆਦਿ ਵੱਲ ਮੁੜੀਏ। ਜਿਵੇਂ ਡਾਰਵਿਨ ਨੇ ਬੰਦੇ ਤੋਂ ਬਾਂਦਰ ਵੱਲ ਯਾਤਰਾ ਆਰੰਭੀ ਸੀ, ਜਿਵੇਂ ਸਿਆਣਾ ਸਿੱਖ ਭਾਈ ਗੁਰਦਾਸ ਤੋਂ ਸ਼ੁਰੂ ਕਰਕੇ ਗੁਰੂ ਨਾਨਕ ਵੱਲ ਜਾਂਦਾ ਹੈ, ਉਸੇ ਤਰ੍ਹਾਂ ਸਾਨੂੰ ਲੁਕਾਚ, ਲਿਫ਼ਸ਼ਿਜ਼, ਲੈਨਿਨ, ਪਲੈਖ਼ਾਨੋਵ ਤੋਂ ਏਗਲਜ਼ ® ਮਾਰਕਸ ® ਫੀੳੂਰਬਾਖ ® ਹੀਗਲ ਵੱਲ ਯਾਤਰਾ ਆਰੰਭ ਕਰਨੀ ਪਵੇਗੀ। ਇਹ ਯਾਤਰਾ ਇਕ ਵਿਅਕਤੀ ਨਾਲੋਂ ਕੋਈ ਗਰੁੱਪ, ਜਾਂ ਹਮ-ਖਿਆਲ ਦੋਸਤਾਂ ਦਾ ਕੋਈ ਸਮੂਹ ਕਰੇ ਤਾਂ ਬਹੁਤ ਬੇਹਤਰ ਹੈ। ਮੈਂ ਅਜਿਹੇ ਕੁਝ ਹੋਰ ਲੇਖ ਅੰਗਰੇਜ਼ੀ-ਹਿੰਦੀ ਵਿਚੋਂ ਲੱਭ ਕੇ ਤੁਹਾਨੂੰ ਸਭ ਨੂੰ ਪੜ੍ਹਾਉਣਾ ਚਾਹੁੰਦਾ ਹਾਂ। ਜੇ ਮੌਕਾ ਬਣਿਆ ਤਾਂ ਆਪਾਂ ਉਹਨਾਂ ਦੀ ਇਕ ਕਿਤਾਬ ਵੀ/ਜਾਂ ਕਿਤਾਬਾਂ ਵੀ ਬਣਾ ਸਕਦੇ ਹਾਂ। ਆਪਣੀ ਉਹ ਲੇਖਾਂ ਵਾਲੀ ਕਿਤਾਬ ਦਾ ਕੀ ਬਣਿਆ ? ਸ਼ੁਭ ਇੱਛਾਵਾਂ ਨਾਲ।
ਤੇਰਾ ਆਪਣਾ ‘ਕੇਸਰ’
T-II-14, Sector 25, Chandigarh

* ਵਿਰੋਧੀ ਹਵਾ ਦੀ ਤੇਜ਼ੀ
***
ਆਰ-46, ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ। ਮਿਤੀ : 17-3-93
ਪਿਆਰੇ ਬਲਦੇਵ,
ਜਿਸ ਦਿਨ ਤੂੰ ਆਇਆ ਸੀ ਉਸ ਦਿਨ ਤਾਂ ਰਿਤੂ ਦੀ ਤਕਲੀਫ਼ ਹਾਲੇ ਸ਼ੁਰੂ ਹੀ ਹੋਈ ਸੀ। ਉਸ ਤੋਂ ਬਾਅਦ, 15 ਫਰਵਰੀ ਤੱਕ ਬਹੁਤ ਵਧ ਗਈ। ਇਸ ਕਰਕੇ ਮੈਂ ਪੁਸਤਕ ਮੇਲੇ ਤੀਕ ਵੀ ਨਹੀਂ ਜਾ ਸਕਿਆ। 15-16 ਫਰਵਰੀ ਨੂੰ ਮੈਂ ਰਿਤੂ ਨੂੰ ਦਿੱਲੀ, ਡਾ. ਜਸਵੰਤ ਸਿੰਘ ਨੇਕੀ ਕੋਲ ਲੈ ਗਿਆ। ਕੱਲ੍ਹ ਫੇਰ ਉਨ੍ਹਾਂ ਨੇ ਉਸ ਦੀ ਹਾਲਤ ਦੇਖੀ ਹੈ। ਉਨ੍ਹਾਂ ਕਿਹਾ ਹੈ ਕਿ ਫਿਕਰ ਵਾਲੀ ਕੋਈ ਗੱਲ ਨਹੀਂ, ਹਫ਼ਤੇ ਕੁ ਤੀਕ ਸੈੱਟ ਹੋ ਜਾਵੇਗੀ। ਹੁਣ ਉਹ ਦਵਾਈਆਂ ਦੇ ਅਸਰ ਹੇਠ ਰਾਤੀਂ ਸੁੱਤੀ ਰਹਿੰਦੀ ਹੈ ਤੇ ਦਿਨੇ ਵੀ ਘੱਟ ਬੇਚੈਨ ਹੁੰਦੀ ਹੈ। ਇਸ ਲਈ ਮੈਨੂੰ ਪੜ੍ਹਨ ਲਿਖਣ ਲਈ ਥੋੜ੍ਹਾ ਜਿਹਾ ਸਮਾਂ ਮਿਲ ਜਾਂਦਾ ਹੈ। ਪਰ ਘਰੋਂ ਬਾਹਰ ਜਾਣਾ ਮੁਸ਼ਕਿਲ ਹੈ। ਸਾਡੇ ਵਿਚੋਂ ਇਕ ਜਣੇ ਨੂੰ ਤਾਂ ਜ਼ਰੂਰ ਹੀ, ਹਰ ਵੇਲੇ ਘਰ ਰਹਿਣਾ ਪੈਂਦਾ ਹੈ। ਤੇਰੀ ਮਾਸੀ ਦੇ ਐਕਸੀਡੈਂਟ ਦਾ ਪੜ੍ਹ ਕੇ ਵੀ ਮਨ ਦੁਖੀ ਹੋਇਆ। ਉਮੀਦ ਹੈ ਹੁਣ ਉਹ ਠੀਕ ਹੋ ਕੇ ਘਰ ਚਲੇ ਗਏ ਹੋਣਗੇ। ਸੁਖਵਿੰਦਰ ਤੇ ਨਿੱਕੇ ਨੂੰ ਪਿਆਰ।
ਤੇਰਾ ਆਪਣਾ ‘ਕੇਸਰ’
***
ਆਰ-46, ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਮਿਤੀ : 27-7-93
ਪਿਆਰੇ ਬਲਦੇਵ,
ਤੇਰੀ 12-6-93 ਦੀ ਚਿੱਠੀ ਮਿਲ ਗਈ ਸੀ, ਪਰ ਕੁਝ ਘੌਲ, ਕੁਝ ਅਤਿ ਦੀ ਗਰਮੀ ਤੇ ਫੇਰ ਅਤਿ ਦੇ ਹੜ੍ਹ, ਥੋੜ੍ਹਾ ਬਹੁਤਾ ਪੜ੍ਹਨ-ਲਿਖਣ ਦਾ ਕੰਮ...ਅੱਜ ਤੇਰੀ ਚਿੱਠੀ ਦੁਬਾਰਾ ਪੜ੍ਹੀ। ਰਿਤੂ ਹੁਣ ਬਿਲਕੁਲ ਤੰਦਰੁਸਤ ਹੈ। ਤੰਦਰੁਸਤ ਤਾਂ ਉਹ 31 ਮਾਰਚ ਤੋਂ ਹੀ ਸੀ, ਪਰ ਉਸ ਦੀ ਦਾਦੀ-ਮਾਂ ਦਾ ਚਲਾਣਾ ਤੇ ਉਸ ਦੀ ਇਕ ਚਾਚੀ ਦੀ ਬੇਵਕਤ ਮੌਤ ਨੇ ਉਸ ਦੀ ਮਾਨਸਿਕਤਾ ਵਿਚ ਹਲਚਲ ਪੈਦਾ ਕੀਤੀ ਹੋਵੇਗੀ। ਪਰ ਉਸਨੇ ਆਪਣੇ ਆਪ ਨੂੰ ਡੋਲਣ ਨਹੀਂ ਦਿੱਤਾ ਤੇ ਇਮਤਿਹਾਨ ਦੇ ਦਿੱਤਾ ਸੀ। ਉਸ ਦੀ ਅਡੋਲ ਮਾਨਸਿਕਤਾ ਦਾ ਪਤਾ ਇਥੋਂ ਲਗਦਾ ਹੈ ਕਿ ਉਹ B.A.-I ’ਚੋਂ 66% ਨੰਬਰ ਲੈ ਕੇ ਪਾਸ ਹੋ ਗਈ ਹੈ ਤੇ ਹੁਣ B.A.-II ਵਿਚ ਪੜ੍ਹ ਰਹੀ ਹੈ। ਤੁਹਾਡੇ ਜਿਹੇ ਸੱਜਨਾ ਮਿੱਤਰਾਂ ਦੀਆਂ ਹਮਦਰੀਆਂ ਨੇ ਮੈਨੂੰ ਵੀ ਬਹੁਤਾ ਘਬਰਾਉਣ ਨਹੀਂ ਦਿੱਤਾ। ਜੂਨ ਦੇ ਪਹਿਲੇ ਹਫ਼ਤੇ ਅਸੀਂ ਡਲਹੌਜ਼ੀ ਟੀਚਰਜ਼ ਹਾਲੀਡੇ ਹੋਮ ਵਿਚ ਰਹੇ। ਪੜ੍ਹਨ-ਲਿਖਣ ਦਾ ਕੰਮ ਤਾਂ ਫਰਵਰੀ ਤੋਂ ਛੁੱਟਿਆ ਜੁਲਾਈ ਵਿਚ ਹੀ ਸ਼ੁਰੂ ਹੋਇਆ ਹੈ। ਹਾਂ, ਮੈਂ ਤੇਰੀਆਂ ਦੋ-ਤਿੰਨ ਕਹਾਣੀਆਂ ਪੜ੍ਹੀਆਂ ਹਨ। ਉਨ੍ਹਾਂ ਵਿਚੋਂ ਤੇਰੇ ਵਿਚ ਉੱਚ ਕੋਟੀ ਦਾ ਕਹਾਣੀਕਾਰ ਬਣਨ ਦੀਆਂ ਸੰਭਾਵਨਾਵਾਂ ਮੈਨੂੰ ਨਜ਼ਰ ਆਈਆਂ ਹਨ। ਆਪਣੀਆਂ 8-10 ਚੋਣਵੀਆਂ (ਜਿਹੜੀਆਂ ਤੈਨੂੰ ਕਿਸੇ ਵੀ ਪੱਖੋਂ ਚੰਗੀਆਂ ਲਗਦੀਆਂ ਹਨ) ਕਹਾਣੀਆਂ ਦੀ ਪਹਿਲੀ ਕਿਤਾਬ ਛਾਪ ਦੇ। ਮੈਨੂੰ ਤਾਂ ਤੇਰੇ ਵਿਚ ਚੰਗਾ ਕਵੀ ਬਣਨ ਦੇ ਗੁਣ ਵੀ ਨਜ਼ਰ ਆਏ ਹਨ, ਪਰ ਸਿਰਜਨਾਤਮਕ ਪ੍ਰਤਿਭਾ ਨੂੰ ਜਿਹੜਾ ਵੀ ਰਾਹ ਮਿਲੇ ਉਹੀ ਠੀਕ ਹੈ।
ਹੜ੍ਹਾਂ ਨੇ ਵਿਭਾਗ ਦਾ ਤੇ ਘਰ ਦਾ ਕੋਈ ਨੁਕਸਾਨ ਤਾਂ ਨਹੀਂ ਕੀਤਾ ?
ਸਾਡੇ ਚਹੁੰਆਂ ਵਲੋਂ ਤੁਹਾਨੂੰ ਤਿੰਨਾਂ ਨੂੰ ਨਿੱਘੀ ਯਾਦ !
ਤੇਰਾ ‘ਕੇਸਰ’
***
ਆਰ-46, ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਮਿਤੀ : 10-9-93
ਪਿਆਰੇ ਬਲਦੇਵ,
ਮੈਨੂੰ ਹੈਰਾਨੀ ਹੈ ਕਿ ਤੇਰੀ ਚਿੱਠੀ ਆਈ ਨੂੰ ਮਹੀਨਾ ਹੋ ਗਿਆ ਹੈ, ਪਰ ਮੈਂ ਜਵਾਬ ਨਹੀਂ ਲਿਖ ਸਕਿਆ। ਹਰ ਰੋਜ਼ ਸੋਚਦਾ ਸਾਂ ਲੰਮੀ ਚਿੱਠੀ ਲਿਖਾਂਗਾ। ਪਰ...ਐਵੇਂ ਪੜ੍ਹਨ ਵਿਚ ਹੀ ਸਮਾਂ ਲੰਘ ਗਿਆ। ‘ਸਰਦਲ’ ਵਿਚ ਤੇਰੀ ਕਹਾਣੀ* ਪੜ੍ਹੀ। ਚੰਗੀ ਸੀ, ਪਰ ਪਹਿਲੀਆਂ ਨਾਲੋਂ ਕੁਝ ਘੱਟ ਪਸੰਦ ਆਈ। ਮੈਂ 17-9-93 ਨੂੰ ਤੇਰੀ ਯੂਨੀਵਰਸਿਟੀ ਵਿਚ ਆਉਣਾ ਹੈ, ਕਿਸੇ ਦੀ ਮੌਖਿਕ ਪ੍ਰੀਖਿਆ ਲੈਣ। ਉਸ ਦਿਨ ਤੈਨੂੰ ਮਿਲਾਂਗਾ।
ਸੁਖਵਿੰਦਰ ਤੇ ਬੇਟੇ ਨੂੰ ਪਿਆਰ
ਤੇਰਾ ‘ਕੇਸਰ’
* ਅਗਨ-ਬਾਣ

ਆਰ-46, ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਮਿਤੀ : 26-7-94
ਪਿਆਰੇ ਬਲਦੇਵ,
ਤੇਰੀ ਚਿੱਠੀ ਮਿਲ ਗਈ ਸੀ। ਪੜ੍ਹ ਕੇ ਖੁਸ਼ੀ ਹੋਈ ਕਿ ਤੂੰ ਆਪਣੀਆਂ ਰਚਨਾਤਮਕ ਗਤੀਵਿਧੀਆਂ ਨੂੰ ਪੂਰੀ ਪ੍ਰਤੀਬੱਧਤਾ ਤੇ ਤੀਬਰਤਾ ਨਾਲ ਕਾਇਮ ਰੱਖਿਆ ਹੋਇਆ ਹੈ। ਤੂੰ ਨਿਸਚੇ ਹੀ ਚੰਗੀਆਂ ਕਹਾਣੀਆਂ ਲਿਖੀਆਂ ਹੋਣਗੀਆਂ। ਤੇਰੀ ਅਨੁਭਵੀ ਪ੍ਰਤਿਭਾ ਤੇ ਉਦਮੀ ਸੁਭਾਅ ਤੋਂ ਮਾੜੀ ਰਚਨਾ ਦੀ ਆਸ ਹੀ ਨਹੀਂ। ਤੂੰ ਜੋ ਲਿਖੇਂਗਾ ਵਧੀਆ ਹੀ ਲਿਖੇਂਗਾ। ਮੈਂ ਅੱਜ ਤੱਕ ਜੋ ਕੁਝ ਵੀ ਤੇਰਾ ਲਿਖਿਆ ਪੜ੍ਹਿਆ ਹੈ ਉਸ ਵਿਚ ਤੂੰ ਆਪਣੇ ਗਿਆਨ, ਦ੍ਰਿਸ਼ਟੀ ਤੇ ਭਾਸ਼ਾ-ਸਿਰਜਣਾ ਵਿਚ ਨਵੀਆਂ ਹੱਦਾਂ ਨੂੰ ਛੂੰਹਦਾ ਨਜ਼ਰ ਆਇਆ ਹੈ। ਪਾਕਿਸਤਾਨੀ ਕਹਾਣੀ ਉਤੇ ਲਿਖਿਆ ਤੇਰਾ ਲੇਖ ਮੈਨੂੰ ਬਹੁਤ ਹੀ ਪਸੰਦ ਆਇਆ; ਮਾਣ ਵੀ ਹੋਇਆ, ਰਸ਼ਕ ਵੀ। ਪਾਕਿ ਸਾਹਿਤ (ਖ਼ਾਸ ਕਰ ਗਲਪ) ਨੂੰ ਪੜ੍ਹਨ ਦੀ ਤੇਰੀ ਵਿਧੀ ਤੇ ਤੇਰੀਆਂ ਤਿੰਨੇ ਧਾਰਨਾਵਾਂ ਮੈਨੂੰ ਬਿਲਕੁਲ ਠੀਕ ਲੱਗੀਆਂ। ਇਹ ਵੀ ਤੇਰੀ ਗੱਲ ਠੀਕ ਹੈ ਕਿ ਬੰਦੇ ਨੂੰ ਇਕ ਖੇਤਰ ਤੱਕ ਸੀਮਤ ਰਹਿਣਾ ਚਾਹੀਦਾ ਹੈ। ਤੈਥੋਂ ਸਿਖ ਕੇ ਮੈਂ ਆਪਣੇ ਆਪ ਨੂੰ ਸਿਰਫ਼ ਕਵਿਤਾ ਦੇ ਅਧਿਐਨ-ਸਮੀਖਿਆ ਤੱਕ ਮਹਿਦੂਦ ਕਰਨਾ ਚਾਹੁੰਦਾ ਹਾਂ। ਪਰ ਮੇਰਾ ਲਿਹਾਜੂ ਸੁਭਾਅ ਮੇਰਾ ਖਹਿੜਾ ਨਹੀਂ ਛੱਡਦਾ। ਪਿਛਲੇ ਦਿਨੀਂ ਮੋਹਨ ਭੰਡਾਰੀ ਦੀ ਨਵੀਂ ਕਿਤਾਬ ਬਰਫ਼ ਲਤਾੜੇ ਰੁੱਖ (ਚੋਣਵੀਆਂ ਕਹਾਣੀਆਂ) ਉਤੇ ਹੀ ਇਕ ਲੇਖ ਛੋਹੀ ਰੱਖਿਆ। ਪਰ ਲਿਖ ਕੇ ਮੇਰੀ ਬਹੁਤੀ ਤਸੱਲੀ ਨਹੀਂ ਹੋਈ। ਇਕ ਕੰਮ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਮੇਰੇ ਜ਼ਿੰਮੇ ਲੱਗਾ ਹੈ : ਆਲੋਚਨਾ (ਤ੍ਰੈਮਾਸਿਕ) ਦੀ ਸੰਪਾਦਨਾ। ਦੋ ਸਾਲ ਲਈ ਮੈਂ ਇਸ ਦਾ ਸੰਪਾਦਕ ਹਾਂ। ਮੈਂ ਉਮੀਦ ਕਰਦਾ ਹਾਂ ਕਿ ਹਰ ਪਰਚੇ ਵਿਚ ਤੇਰਾ ਕੋਈ ਨਾ ਕੋਈ ਲੇਖ ਜਾਂ ਰੀਵੀੳੂ ਲੇਖ ਜ਼ਰੂਰ ਹੋਵੇਗਾ। ਪਹਿਲਾ ਅੰਕ ਮੈਂ 10 ਅਗਸਤ ਤੱਕ ਪ੍ਰੈਸ ਨੂੰ ਭੇਜ ਰਿਹਾ ਹਾਂ। ਇਹ ਵਿਸ਼ੇਸ਼ ਅੰਕ ਹਰਿਭਜਨ ਸਿੰਘ ਉਤੇ ਹੋਵੇਗਾ। ਜੇ ਤੂੰ 5-6 ਸਫ਼ੇ ਦਾ ਲੇਖ ਹਰਿਭਜਨ ਸਿੰਘ ਦੀ ਕਵਿਤਾ/ਆਲੋਚਨਾ ਸੰਬੰਧੀ ਭੇਜ ਸਕੇ ਤਾਂ ਇਸ ਵਿਚ ਸ਼ਾਮਲ ਕਰਕੇ ਮੈਨੂੰ ਖੁਸ਼ੀ ਹੋਵੇਗੀ। ਇਸ ਦੇ ਲਈ ਮੈਂ ਪਹਿਲਾਂ ਤੈਨੂੰ ਨਹੀਂ ਲਿਖਿਆ ਕਿਉਂਕਿ ਮੈਨੂੰ ਡਾ. ਪਰਮਿੰਦਰ ਸਿੰਘ ਨੇ ਕਿਹਾ ਸੀ ਕਿ ਇਸ ਅੰਕ ਦਾ ਮਸੌਦਾ ਪਹਿਲਾਂ ਹੀ ਕੱਠਾ ਹੋਇਆ ਪਿਆ ਹੈ। ਹੁਣ ਜਦੋਂ ਉਨ੍ਹਾਂ ਨੇ ਭੇਜਿਆ ਤਾਂ ਦੇਖਿਆ ਕਿ ਕੁੱਲ 5 ਹੀ ਲੇਖ ਉਨ੍ਹਾਂ ਕੋਲ ਸਨ ਤੇ ਅੰਕ ਕੱਢਣਾ ਹੈ 200 ਸਫ਼ੇ ਦਾ। ਸੋ...ਆਕੀ ਦਸਵੀਂ ਵਿਚ ਹੋ ਗਿਆ ਹੈ। ਰਿਤੂ 74% ਨੰਬਰ ਲੈ ਕੇ B.A.-II ਪਾਸ ਕਰ ਗਈ ਹੈ। ਜਸਬੀਰ ਦਾ ਕਾਲਜ ਖੁੱਲ੍ਹ ਗਿਆ ਹੈ। ਮੈਂ ਆਪਣੇ ਭੂਤ ਕਾਲ ਨੂੰ ਪਿੱਠ ਦੇ ਕੇ ਮੁੜ ਭਵਿੱਖ ਨਾਲ ਜੁੜਨ ਦੇ ਜਤਨ ਵਿਚ ਹਾਂ। ਉਮੀਦ ਹੈ ਤੂੰ, ਸੁਖਵਿੰਦਰ ਤੇ ਬੇਟਾ ਚੜ੍ਹਦੀਆਂ ਕਲਾਂ ਵਿਚ ਹੋਵੋਂਗੇ। ਤੁਹਾਡੇ ਨਾਲ ਹੀ ਰਿਆਲ ਸਾਹਿਬ ਰਹਿੰਦੇ ਹਨ। ਉਨ੍ਹਾਂ ਨੂੰ ਮੇਰੀ ਯਾਦ ਦੇਣਾ। ਭੂਪਿੰਦਰ ਖਹਿਰਾ ਬੜੀ ਦੇਰ ਤੋਂ ਚੁੱਪ-ਚੁੱਪ ਹੈ, ਕਹਿਣਾ ਕਦੀ ਆ ਕੇ ਮਿਲ ਜਾਵੇ। ਗੁਰਤਰਨ, ਰਾਜਿੰਦਰਪਾਲ, ਜਸਵਿੰਦਰ ਤੇ ਹੋਰ ਸਭ ਵਾਕਿਫ਼ਾਂ-ਸੱਜਨਾਂ ਨੂੰ ਯਾਦਾਂ! ਬਰਸਾਤ ਤੋਂ ਬਾਅਦ ਕਦੇ ਆਵਾਂਗਾ ਤੁਹਾਡੇ ਕੋਲ। ਹਾਲੇ ਤਾਂ ਪਟਿਆਲੇ ਦੀ ਸੁੱਖ ਮੰਗਦੇ ਹਾਂ ਖੁਆਜੇ ਪੀਰ ਤੋਂ।
ਤੇਰਾ ਆਪਣਾ ‘ਕੇਸਰ’
T-II-14, Sector 25, Chandigarh
***
ਪਿਆਰੇ ਬਲਦੇਵ, ਮਿਤੀ : 16-10-95
ਪਿਆਰ !
ਤੇਰੀ ਚਿੱਠੀ ਮਿਲੀ, ਪੜ੍ਹ ਕੇ ਬੇਹੱਦ ਦੁੱਖ ਹੋਇਆ*, ਪਰ ਹੈਰਾਨੀ ਨਹੀਂ ਹੋਈ। ਜਿਵੇਂ ਮਿਰਜ਼ਾ ਗ਼ਾਲਿਬ ਕਹਿੰਦਾ ਹੈ ‘ਆਗੇ ਆਤੀ ਥੀ ਹਾਲੇ-ਦਿਲ ਪੇ ਹੰਸੀ/ਅਬ ਕਿਸੀ ਬਾਤ ਪਰ ਨਹੀਂ ਆਤੀ’ ਉਸੇ ਤਰ੍ਹਾਂ ਮੈਨੂੰ ਵੀ ਅੱਗੇ ਇਹੋ ਜਿਹੀ ਗੱਲਾਂ ’ਤੇ ਬਹੁਤ ਹੈਰਾਨੀ ਹੁੰਦੀ ਸੀ, ਪਰ ਹੁਣ ਨਹੀਂ ਹੁੰਦੀ। ਪੈਸਾ-ਸਭਿਆਚਾਰ ਵਿਚ ਤੇ ਅਵਸਰਵਾਦੀ ਸਿਆਸਤ ਦੇ ਦੌਰ ਵਿਚ ਮੁਹੱਬਤਾਂ ਦੇ ਮੁੱਲ ਪੁੱਛਣੇ ਮੂਰਖਤਾ ਹੈ। ਦੋਸਤੀ ਸਚਮੁੱਚ ‘ਬੇਮੁੱਲ’ ਹੋ ਗਈ ਹੈ, ਜਿਵੇਂ ਮੇਰੇ ਬਚਪਨ ਵਿਚ ਗੋਲੂ ਬੇਰੀਆਂ ਦੇ ਬੇਰ ਹੋਇਆ ਕਰਦੇ ਸਨ। ਸ਼ਾਇਦ ਕਿਧਰੇ ਰੁੱਤ-ਸਿਰ ਆਪੇ ਝੜੀ ਹੋਈ ਮਿਲਜੇ ਦੋਸਤੀ। ਲੱਭਿਆਂ ਤਾਂ ਨਹੀਂ ਮਿਲਦੀ। ਇਸ ਲਈ ਜੇ ਕਿਸੇ ਮਿੱਤਰ ਤੋਂ ਮੇਰਾ ਕੋਈ ਕੰਮ ਨਾ ਹੋ ਸਕੇ ਤਾਂ ਮੈਂ ਉਲਾਂਭਾ ਨਹੀਂ ਦਿੰਦਾ, ਗੁੱਸਾ ਵੀ ਨਹੀਂ ਕਰਦਾ। ਬੱਸ, ਚੁੱਪ ਕਰ ਰਹਿੰਦਾ ਹਾਂ ਜਾਂ ਮਾੜ੍ਹਾ-ਮਾੜ੍ਹਾ ਤਰਸ ਕਰਦਾ ਹਾਂ ਮਿੱਤਰਤਾ ਦੀ ਦੁਰਦਸ਼ਾ ਉਤੇ। ਤੂੰ ਵੀ ਹੌਲੀ ਹੌਲੀ ਇਵੇਂ ਕਰਿਆ ਕਰੇਂਗਾ। ਰਹੀ ਤਾਕਤ ਦੀ ਗੱਲ, ਜਿਸ ਤਥਾਕਥਿਤ ਸੱਜਨ ਨੇ ਕਹਿਣਾ ਸੀ ਉਸ ਕੋਲ ਹੁਣ ਤਾਕਤ ਹੀ ਨਹੀਂ, ਇਸ ਲਈ ਮੈਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਸ ਦੀ ਮੰਨੀ ਨਹੀਂ ਜਾਣੀ। ਸੋ, ਦੋਵੇਂ ਗੱਲਾਂ ਹੋ ਸਕਦੀਆਂ ਹਨ: ਯਾ ਤਾਂ ਮੇਰੀ ਤੇ ਉਸ ਦੀ ਮਿੱਤਰਤਾ ਦੇ ਵਿਚਾਲੇ ਕੁਝ ਹੋਰ ਆ ਗਿਆ ਹੈ, ਯਾ ‘ਉਸਦੀ’ ਤੇ ‘ਉਸਦੀ’ ਤਾਕਤ ਦਾ ਸੰਤੁਲਨ ਨਹੀਂ ਰਿਹਾ, ਇਕ ਸ਼ਕਤੀ ਨੇ ਦੂਜੇ ਉਤੇ ਕੋਈ ਕੰਮ ਨਹੀਂ ਕੀਤਾ। ਕਾਰਨ ਹੋਰ ਵੀ ਬਹੁਤ ਹੋ ਸਕਦੇ ਹਨ, ਜਿਨ੍ਹਾਂ ਦਾ ਤੈਨੂੰ ਪਤਾ ਹੈ, ਪਰ ਇਸ ਨਿੱਕੇ ਜਿਹੇ ਝੰਜੋੜੇ ਤੋਂ ਪ੍ਰੇਸ਼ਾਨ ਨਾ ਹੋਈਂ ਕਿਉਂਕਿ ਰੀਡਰ ਤਾਂ ਤੂੰ ਦੋ ਸਾਲ ਦੇ ਅੰਦਰ-ਅੰਦਰ ਬਣਨਾ ਹੀ ਹੈ, ਆਪਣੀ ਯੂਨੀਵਰਸਿਟੀ ਵਿਚ ਬਣੇਂ ਜਾਂ ਬਾਹਰਲੀ ਵਿਚ। ਤੈਨੂੰ ਕੋਈ ਰੋਕ ਨਹੀਂ ਸਕਦਾ। ਤੂੰ ਲਿਖਣ ਦਾ ਕੰਮ ਤੇ ਛਪਣ ਦਾ ਕੰਮ ਲਗਾਤਾਰ ਜਾਰੀ ਰੱਖ। ਮੈਨੂੰ ਤੇਰੇ ਉਤੇ ਇੰਨੀਆਂ ਉਮੀਦਾਂ ਹਨ ਕਿ ਲਿਖ ਕੇ ਤੈਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ। ਮੈਂ ਬਲਬੀਰ ਸਿੰਘ ਨੰਦਾ ਤੇ ਹਜ਼ਾਰਾ ਸਿੰਘ ਦੋਹਾਂ ਨੂੰ ਚਿੱਠੀਆਂ ਲਿਖੀਆਂ ਹਨ ਕਿ ‘ਗ਼ਦਰ ਲਹਿਰ ਦੀ ਕਵਿਤਾ’ ਦੀਆਂ ਦੋ-ਦੋ ਕਾਪੀਆਂ (ਘੱਟੋ-ਘੱਟ) ਮੈਨੂੰ ਤੇ ਸੰਗ੍ਰਹਿਕਾਰ ਨੂੰ ਭੇਜਣ। ਤਿੰਨ ਕੁ ਕਾਪੀਆਂ ਹੋਰ ਏਧਰ-ਉਧਰ ਭਿਜਵਾਉਣ ਲਈ ਕਿਹਾ ਹੈ। ਪਤਾ ਨਹੀਂ ਕੀ ਕਰ ਰਹੇ ਹਨ। ਹਜ਼ਾਰਾ ਸਿੰਘ ਨੇ ਮੈਨੂੰ ਸਿਰਫ਼ ਇਕ ਕਾਪੀ ਭੇਜੀ ਹੈ। ਕੀ ਤੂੰ ਕਿਤਾਬ ਲੈ ਲਈ ਹੈ ?- ਸੁਖਵਿੰਦਰ ਅਤੇ ਬੇਟੇ ਨੂੰ ਪਿਆਰ ! ਮੇਰੀ ਦੋਸਤੀ ਦਾ ਦਮ ਭਰਨ ਵਾਲੇ ਸੱਜਨਾਂ ਨੂੰ ਯਾਦਾਂ।
ਤੇਰਾ ‘ਕੇਸਰ’
P.S. ਕੀ ਗੁਰਭਗਤ ਇੰਟਰਵਿੳੂ ਵਿਚ ਨਹੀਂ ਸੀ ?
---------------
* ਇਹ ਗੱਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਮੇਰੀ ਰੀਡਰ ਦੀ ਓਪਨ ਪੋਸਟ ਲਈ ਚੋਣ ਨਾ ਹੋ ਸਕਣ ਦੇ ਪ੍ਰਸੰਗ ਵਿਚ ਲਿਖੀ ਹੈ। ਉਸ ਸਮੇਂ ਅਥਾਰਟੀ ਨੇ ਆਪਣੇ ਵਿਸ਼ੇਸ਼ ਅਧਿਕਾਰ ਵਰਤ ਕੇ ਉਸ ਵਿਅਕਤੀ ਨੂੰ ਰੀਡਰ ਬਣਾ ਦਿੱਤਾ ਸੀ ਜਿਸ ਨੂੰ ਸਕਰੀਨਿੰਗ ਕਮੇਟੀ ਨੇ ਇੰਟਰਵਿੳੂ ਲਈ ਬੁਲਾਉਣ ਵਾਸਤੇ ਵੀ ਯੋਗ ਨਹੀਂ ਸਮਝਿਆ ਸੀ। ਇਸ ਨਾਲ ਮੈਂ ਕਈ ਦਿਨ ਪਰੇਸ਼ਾਨ ਰਿਹਾ ਸਾਂ।

***
ਪਿਆਰੇ ਬਲਦੇਵ, ਮਿਤੀ : 9-11-95
ਤੇਰੀ ਚਿੱਠੀ ਮਿਲ ਗਈ ਹੈ ਤੇ ਅਖ਼ਬਾਰ ਦੀ ਕਾਤਰ ਵੀ।* ਗ਼ਦਰ ਲਹਿਰ ਦੀ ਕਵਿਤਾ ਨੂੰ ਪਾਠਕਾਂ ਦੀ ਜਾਣ-ਪਛਾਣ ਦੇ ਘੇਰੇ ਤੱਕ ਲਿਜਾਣ ਦਾ ਪੁੰਨ ਵੀ ਤੈਨੂੰ ਹੀ ਖੱਟਣਾ ਪੈਣਾ ਹੈ, ਯੂਨੀਵਰਸਿਟੀ ਦਾ ਕੰਮ ਤਾਂ ਢਿੱਲਾ ਹੀ ਹੈ। ਪਿਛੇ ਜਿਹੇ ਜਲੰਧਰ, ਬਾਬਿਆਂ ਦਾ ਮੇਲਾ ਲੱਗਾ ਪਰ ਇਸ ਕਿਤਾਬ ਨੂੰ ਯੂਨੀਵਰਸਿਟੀ ਉਥੋਂ ਤੱਕ ਨਹੀਂ ਪਹੁੰਚਾ ਸਕੀ ਹਾਲਾਂ ਕਿ ਇਸ ਨਾਲ ਕਿਤਾਬ ਦੀ ਵਿਕਰੀ ਛੇਤੀ ਹੋਣ ਦੀ ਸੰਭਾਵਨਾ ਸੀ। ਇਹ ਗੱਲ ਮੈਨੂ ਅੱਜ ਦੇ ਟ੍ਰਿਬਿੳੂਨ ਵਿਚ ਪਿਆਰਾ ਸਿੰਘ ਭੋਗਲ ਦੇ ਲੇਖ ਤੋਂ ਪਤਾ ਲੱਗੀ ਹੈ ਕਿ ਸਾਰੇ ਮੇਲੇ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਕੋਈ ਕਿਤਾਬ ਛਪੀ ਹੈ ਜਿਸ ਵਿਚ ਗ਼ਦਰ ਲਹਿਰ ਦੀ ਲਗਭਗ ਸਾਰੀ ਕਵਿਤਾ ਇਕੱਤਰ ਹੋ ਗਈ ਹੈ। ਮੈਂ ਛੇਤੀ ਹੀ ਤੇਰਾ ਕਹਾਣੀ ਸੰਗ੍ਰਹਿ ਵੀ ਛਪਿਆ ਦੇਖਣਾ ਚਾਹੁੰਦਾ ਹਾਂ।** ਤੇਰੀਆਂ ਬਾਕੀ ਗਤੀਵਿਧੀਆਂ ਸੰਬੰਧੀ ਅਖ਼ਬਾਰਾਂ ਵਿਚ ਪੜ੍ਹ ਕੇ ਵੀ ਬਹੁਤ ਖੁਸ਼ੀ ਹੁੰਦੀ ਹੈ, ਪਰ ਅਦਬ-ਨਾਮਾ ਵਰਗਾ ਸਥਾਈ ਕਾਲਮ ਲਿਖਦੇ ਰਹਿਣਾ ਵੀ ਜ਼ਰੂਰੀ ਹੈ। ਇਸ ਨਾਲ ਤੇਰੀ ਬਾਕਾਇਦਾ ਪੜ੍ਹਨ ਤੇ ਬਾਕਾਇਦਾ ਲਿਖਣ ਦੀ ਮਸ਼ਕ ਹੋ ਰਹੀ ਹੈ, ਜਿਸ ਤੋਂ ਮੇਰੇ ਵਰਗੇ ਖੁੰਝ ਗਏ। ਸਾਹਿਤ ਦੇ ਖੇਤਰ ਵਿਚ ਬਾਕਾਇਦਗੀ ਨਾਲ ਹੀ ਪੈਂਠ ਬਣਦੀ ਹੈ, ਧੁਰਲੀਆਂ ਨਾਲ ਬਹੁਤਾ ਅਸਰ ਨਹੀਂ ਪੈਂਦਾ। ਹਾਂ, ਇਹ ਇਕ ਡੇਢ ਮਹੀਨਾ ਤੈਨੂੰ ਸੁਖਵਿੰਦਰ ਦੀ ਸੇਵਾ ਵਿਚ ਲਾਉਣਾ ਚਾਹੀਦਾ ਹੈ, ਉਸਦੀ ਰਚਨਾ ਦੇ ਇਹ ਪਲ ਬਹੁਤ ਧਿਆਨ ਤੇ ਸੰਵੇਦਨਸ਼ੀਲਤਾ ਦੀ ਮੰਗ ਕਰਦੇ ਹਨ।*** ਇਨ੍ਹਾਂ ਦਿਨਾਂ ਵਿਚ ਉਸ ਨੂੰ ਵਧੀਆ-ਵਧੀਆ, ਹੌਸਲੇ ਤੇ ਦਲੇਰੀ ਵਾਲੀਆਂ ਗਲਪ-ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਕਿ ਉਸ ਦਾ ਧਿਆਨ ਹਰ ਵੇਲੇ ਆਪਣੇ ਆਪ ਉਤੇ ਨਾ ਟਿਕਿਆ ਰਿਹਾ ਕਰੇ। ਇਸ ਮੌਕੇ ਬੇਬੇ ਨੂੰ ਕੋਲ ਰੱਖਣਾ ਬਹੁਤ ਜ਼ਰੂਰੀ ਹੈ। ਵੈਸੇ ਵੀ ‘ਬੇਬੇ’ ਅਜਿਹਾ ਪੁਰਾਤੱਤ ਹੈ ਜਿਸ ਦੀ ਅਹਿਮੀਅਤ ਦਾ ਪਤਾ ਇਸ ਦੇ ਗੁਆਚ ਜਾਣ ਤੋਂ ਬਾਅਦ ਲਗਦਾ ਹੈ। ਮਾਵਾਂ ਸਾਰੀਆਂ ਹੀ ਮਹਾਨ ਹੁੰਦੀਆਂ ਹਨ, ਪਰ ‘ਬੇਬਿਆਂ’ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ! ਸੁਖਵਿੰਦਰ ਲਈ ਸ਼ੁਭ ਇੱਛਾਵਾਂ। ਛੋਟੇ ਨੂੰ ਪਿਆਰ। ਬੇਬੇ ਨੂੰ ਸਤਿਕਾਰ।
ਤੇਰਾ ‘ਕੇਸਰ’
---------------
* ਰੋਜ਼ਾਨਾ ਨਵਾਂ ਜ਼ਮਾਨਾ ਅਖ਼ਬਾਰ ਵਿਚ ਮੇਰਾ ਕਾਲਮ ‘ਅਦਬਨਾਮਾ’ ਛਪਦਾ ਸੀ ਜਿਸ ਵਿਚ ਗ਼ਦਰ ਲਹਿਰ ਦੀ ਕਵਿਤਾ ਦਾ ਜ਼ਿਕਰ ਕੀਤਾ ਸੀ। ਉਸ ਕਾਲਮ ਦੀ ਕਾਪੀ ਭੇਜੀ ਸੀ।
** ਡਾ. ਕੇਸਰ ਦੇ ਕਹਿਣ ਤੇ ਮੈਂ ਕਹਾਣੀਆਂ ਦੀ ਪ੍ਰੈਸ ਕਾਪੀ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ 1996 ਵਿਚ ‘ਓਪਰੀ ਹਵਾ’ ਨਾਂ ਨਾਲ ਸੰਗ੍ਰਹਿ ਪ੍ਰਕਾਸ਼ਤ ਕਰਵਾਇਆ।
*** ਉਨ੍ਹਾਂ ਦਿਨਾਂ ਵਿਚ ਸਾਡੇ ਦੂਜੇ ਬੇਟੇ ਗੁਣਵੰਤ ਦਾ ਜਨਮ ਹੋਣ ਵਾਲਾ ਸੀ।
***
ਆਰ-46, ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਮਿਤੀ : 8-12-95
ਪਿਆਰੇ ਬਲਦੇਵ,
ਤੇਰੀ ਚਿੱਠੀ ਮਿਲੀ। ਸਨਮਾਨ* ਦੀ ਵਧਾਈ ਦਾ ਸ਼ੁਕਰੀਆ। ਫੋਟੋਆਂ ਸਾਰੀਆਂ ਤਾਰਾ ਸਿੰਘ ਸੰਧੂ ਲੈ ਗਿਆ ਸੀ, ਭਾਵੇਂ ਲੱਗੀ ਕੋਈ ਵੀ ਨਹੀਂ। ਅੰਗਰੇਜ਼ੀ ਟ੍ਰਿਬਿੳੂਨ ਨੇ ਠੀਕ ਹੀ ਲਿਖਿਆ ਹੈ ਪਰ ਮੇਰੇ ਲਈ ਇਹ ਕੋਈ ਨਵੀਂ ਗੱਲ ਨਹੀਂ, ਨਾ ਹੀ ਹੈਰਾਨੀ ਵਾਲੀ ਹੈ ਕਿਉਂਕਿ ਮੈਂ ਅਖ਼ਬਾਰੀ ਬੰਦਾ ਨਹੀਂ, ਦੂਜੇ ਮੈਂ ਆਪਣੇ ਮਾਨ-ਸਨਮਾਨ ਲਈ ਆਪ ਦੌੜ-ਭੱਜ ਨਾ ਕਰ ਸਕਦਾ ਹਾਂ ਤੇ ਨਾ ਹੀ ਇਸ ਦੌੜ ਭੱਜ ਦੇ ਹੱਕ ਵਿਚ ਹਾਂ। ਸਮਾਗਮ ਦੇ ਫਿੱਕਾ ਰਹਿ ਜਾਣ ਦਾ ਕਾਰਨ ਇਹ ਸੀ ਕਿ ਉਥੇ ਸਾਹਿਤਕਾਰ ਮੁੱਠੀ ਕੁ ਸਨ ਤੇ ਵੋਟਾਂ ਦਾ ਵੱਗ ਫਿਰਦਾ ਸੀ। ਇਹੋ ਜਿਹੇ ਵੱਗ ਦੀ ਹਾਜ਼ਰੀ ਵਿਚ ਜੇ ਮੇਰੀਆਂ ਦੋ ਫੋਟੋਆਂ ਉਤਰ ਜਾਂਦੀਆਂ ਜਾਂ ਇਨਾਮ ਦੀ ਰਕਮ ਵੱਧ ਮਿਲ ਜਾਂਦੀ ਤਾਂ ਕੀ ਫਰਕ ਪੈਣਾ ਸੀ ? ਹਾਂ, ਮੇਰੇ ਤੇਰੇ ਜਿਹੇ ਚਿੰਤਕਾਂ ਤੇ ਸੱਚੀ-ਮੁੱਚੀ ਦੇ ਲੇਖਕਾਂ ਲਈ ਇਹ ਬਹੁਤਾ ਖੁਸ਼ਗਵਾਰ ਮੌਕਾ ਨਹੀਂ ਸੀ। ਮੈਂ ਨਵੇਂ ਪ੍ਰਧਾਨ ਨੂੰ ਚਿੱਠੀ ਲਿਖੀ ਹੈ ਕਿ ਲੋਕ-ਪੱਖੀ ਲੇਖਕਾਂ/ਆਲੋਚਕਾਂ ਦੀ ਕਦਰ-ਘਟਾਈ ਕਰਕੇ ਲੇਖਕ ਸਭਾ ਮਨਫ਼ੀ ਹੋ ਜਾਵੇਗੀ। ਕੇਂਦਰੀ ਲੇਖਕ ਸਭਾ ਲੇਖਕਾਂ ਦੀ ਸਭਾ ਹੈ ਕੋਈ ਬੈਨਰ ਜਾਂ ਖ਼ਬਰ ਨਹੀਂ ਹੈ।
ਪਿਆਰ ਨਾਲ,
‘ਕੇਸਰ’
T-II-14, Sector 25, Chandigarh
---------------
    * ਜਦੋਂ ਡਾ. ਕੇਸਰ ਨੂੰ ਕੇਂਦਰੀ ਲੇਖਕ ਸਭਾ ਵਲੋਂ ਰਵਿੰਦਰ ਰਵੀ ਯਾਦਗਾਰੀ ਇਨਾਮ ਦੇ ਕੇ ਸਨਮਾਨਿਆ ਗਿਆ ਸੀ
***

ਆਰ-46, ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਮਿਤੀ : 17-5-96
ਪਿਆਰੇ ਬਲਦੇਵ,
ਤੇਰੀ ਚਿੱਠੀ ਮਿਲ ਗਈ ਹੈ। ‘ਓਪਰੀ ਹਵਾ’ ਮੈਂ ਓਦੋਂ ਹੀ ਪੜ੍ਹ ਲਈ ਸੀ। ਇਸ ਵਿਚ ਮੈਨੂੰ ਕੋਈ ਵੀ ਕਹਾਣੀ ਅੱਜ ਦੀ ਕਹਾਣੀ ਦੇ ਮਿਆਰ ਤੋਂ ਹੌਲੀ ਨਹੀਂ ਲੱਗੀ। ਕੁਝ ਫਾਰਮੂਲੇਸ਼ਨਾਂ ਸੋਚੀਆਂ ਹਨ, ਪਰ ਲੇਖ ਦੀ ਸ਼ਕਲ ਵਿਚ ਲਿਖ ਨਹੀਂ ਹੋਈਆਂ। ਤੇਰੇ ਜਾਣ ਤੋਂ ਬਾਅਦ ਮੈਂ ਤੇਰੇ ਸਵਾਲਾਂ ਦੇ ਜਵਾਬ ਲਿਖਣ ਲੱਗਾ ਤਾਂ ਆਪਣੇ ਜੀਵਨ-ਵੇਰਵੇ ਲਿਖਣ ਬੈਠ ਗਿਆ। 100-150 ਸਫ਼ਾ ਲਿਖ ਧਰਿਆ, ਪਰ ਸਵਾਲਾਂ ਦੇ ਜਵਾਬ ਅੱਧ ਵਿਚਾਲੇ ਹੀ ਰਹਿ ਗਏ। ਹੁਣ ਤੇਰੀ ਚਿੱਠੀ ਆਉਣ ’ਤੇ ਫੇਰ ਸ਼ੁਰੂ ਕੀਤੇ ਹਨ। 22/5 ਤੱਕ ਤੈਨੂੰ ਭੇਜਾਂਗਾ। ਹੋਰ ਵੀ ਛੋਟੇ ਮੋਟੇ ਕੰਮ ਆ ਗਏ। 19 ਅਪ੍ਰੈਲ ਨੂੰ ਆਕੀ ਦੀ ਲੜਾਈ ਹੋ ਗਈ ਸੀ; ਉਸ ਦੇ ਖੱਬੇ ਕੰਨ ਦੇ ਪਰਦੇ ਦਾ ਥੋੜ੍ਹਾ ਨੁਕਸਾਨ ਹੋ ਗਿਆ। ਇਸ ਗੱਲ ਨੇ ਪੰਦਰਾਂ ਕੁ ਦਿਨ ਕਈ ਤਰ੍ਹਾਂ ਦੀ ਪਰੇਸ਼ਾਨੀ ਵਿਚ ਪਾਈ ਰੱਖਿਆ। ਐਮ.ਏ./ਐਮ.ਫਿ਼ਲ ਦੇ ਇਮਤਿਹਾਨ, ਕੁਝ ਥੀਸਿਸਾਂ ਦੇ ਚੈਪਟਰਾਂ ਦੀ ਨਜ਼ਰਸਾਨੀ। ਵਿਦਿਆਰਥੀਆਂ ਨੂੰ ਵੀ ਪੁੱਛਣ-ਪੁਛਾਉਣ ਦਾ ਇਨ੍ਹਾਂ ਦਿਨਾਂ ਵਿਚ ਹੀ ਵਿਹਲ ਹੁੰਦਾ ਹੈ। ਸਾਰਾ ਸਾਲ ਕਿਧਰੇ ਦਿਸਦੇ ਨਹੀਂ। ਸੋ ਕੀ ਦੱਸਾਂ ? ਤੂੰ ਕਹੇਂਗਾ ਫੇਰ ਬਹਾਨੇਬਾਜ਼ੀ ਸ਼ੁਰੂ ਹੋ ਗਈ।
‘ਕੇਸਰ’
---------------
* ਇਹ ਸਵਾਲ ਉਸ ਇੰਟਰਵਿੳੂ ਲਈ ਸਨ ਜਿਹੜੀ ਨਵਾਂ ਜ਼ਮਾਨਾ ’ਚ 15 ਦਸੰਬਰ, 1996 ਨੂੰ ਛਪੀ।

ਪਿਆਰੇ ਬਲਦੇਵ, ਮਿਤੀ : 4-10-96
ਇਕ ਡੇਢ ਮਹੀਨੇ ਤੋਂ ਬਾਅਦ ਅੱਜ ਕੰਮ ਕਰਨ ਦਾ ਮੂਡ ਬਣਿਆ ਹੈ। ਪੜ੍ਹਨ-ਪੜ੍ਹਾਉਣ ਦਾ ਰੁਟੀਨ ਤਾਂ ਚੱਲਦਾ ਰਿਹਾ ਹੈ, ਪਰ ਜਸਬੀਰ ਦੀ ਬੀਮਾਰੀ ਦੇ ਫਿ਼ਕਰ (ਕਿਉਂਕਿ ਬੀਮਾਰੀ nerves ਸਿਸਟਮ ਦੀ ਸੀ), ਉਸ ਦੀ ਛੁੱਟੀ ਮਨਜ਼ੂਰ ਕਰਾਉਣ ਲਈ ਨੱਸ-ਭੱਜ (ਜੋ ਸਾਡੀ ਕਲਰਕੋਕਰੈਸੀ ਵਿਚ ਜ਼ਰੂਰੀ ਹੋ ਗਈ ਹੈ) ਤੇ ਆਕੀ ਦੀ ਪੀਲੀਏ ਦੀ ਅਹੁਰ ਦੇ ਲੰਮੇ ਇਲਾਜ ਨੇ ਮੇਜ਼ ’ਤੇ ਬੈਠ ਕੇ ਕੰਮ ਕਰਨ ਦਾ ਮੂਡ ਨਹੀਂ ਬਣਨ ਦਿੱਤਾ। ਅੱਜ ਇਹ ਮੂਡ ਬਨਾਉਣ ਲਈ ਸਭ ਤੋਂ ਪਹਿਲਾਂ (ਮੇਜ਼ ’ਤੇ ਬਹਿ ਕੇ) ਤੈਨੂੰ ਚਿੱਠੀ ਲਿਖਣ ਲੱਗਾ ਹਾਂ ਕਿਉਂਕਿ ਤੇਰੇ ਕਹੇ ਹੋਏ ਦੋ ਕੰਮ ਰਾਤੀਂ ਸੌਣ ਲੱਗਿਆਂ, ਹਰ ਰੋਜ਼ ਮੇਰੇ ਸਿਰ ਵਿਚ ਖੜਕਦੇ ਰਹਿੰਦੇ ਹਨ : (1) ਮੁਲਾਕਾਤ, (2) ਓਪਰੀ ਹਵਾ ਲਈ ਕੁਝ ਕਰਨਾ - ਗੋਸ਼ਟੀ/ਰੀਵੀੳੂ। ਹੁਣ ਵਾਰੋ-ਵਾਰੀ ਪਹਿਲਾਂ ਇਹ ਦੋਵੇਂ ਕੰਮ ਮੁਕਾਵਾਂਗਾ ਤਾਂ ਕੋਈ ਹੋਰ ਕੰਮ ਆਰੰਭ ਹੋਵੇਗਾ। ਹਾਂ, ਆਲੋਚਨਾ ਦੇ ਆਗਾਮੀ ਅੰਕ ਲਈ ਇਕ ਵਾਰ ਲਿਖਤੀ ਤੌਰ ਤੇ ਸਭ ਨੂੰ ਬੇਨਤੀ ਜ਼ਰੂਰੀ ਕਰਨੀ ਹੈ। ਤੂੰ ਮੈਨੂੰ ਉਨ੍ਹਾਂ ਸਾਰੇ ਦੋਸਤਾਂ ਦੇ ਨਾਂ-ਪਤੇ ਭੇਜ ਜਿਨ੍ਹਾਂ ਨੂੰ ਕਿਸੇ ਆਲੋਚਨਾ-ਪ੍ਰਣਾਲੀ ਵਿਚ ਹਾਸਲ ਹੈ ਤੇ ਜਿਹੜੇ ਨਵੰਬਰ ਦੇ ਅੱਧ ਤੱਕ ਤੇਰੇ ਕਹਿਣ ’ਤੇ ਕਿਸੇ ਆਲੋਚਨਾ-ਪ੍ਰਨਾਲੀ ਦੇ ਮੂਲ ਸੰਕਲਪਾਂ (ਜਿਸ ਵਿਚ ਉਹ ਆਪ ਮਾਹਿਰ ਹੋਵੇ) ਸੰਬੰਧੀ 10-10 ਕੁ ਸਫ਼ੇ ਦੇ ਲੇਖ ਭੇਜ ਸਕਣ। ਤੂੰ ਖ਼ੁਦ ਵੀ ਬਿਰਤਾਂਤ-ਸ਼ਾਸਤਰ ਦੇ ਮੂਲ ਸੰਕਲਪ/ਜਾਂ ਜਿਹੜੀ ਵੀ ਤੈਨੂੰ ਪਸੰਦ ਹੋਵੇ ਉਤੇ ਲੇਖ ਲਿਖ ਕੇ ਛੇਤੀ ਭੇਜ। ਇਸ ਵਾਰ ਐਤਵਾਰ ਦਾ ਨਵਾਂ ਜ਼ਮਾਨਾ ਮੈਨੂੰ ਮਿਲ ਗਿਆ ਹੈ। ਮੈਨੂੰ ਯਕੀਨ ਹੈ ਕਿ ਤੂੰ ਹੀ ਆਰੰਭ ਕਰਵਾਇਆ ਹੋਵੇਗਾ। ਪੜ੍ਹ ਕੇ ਮੈਂ ਸੰਪਾਦਕ ਨੂੰ ਖ਼ਤ ਵੀ ਲਿਖਾਂਗਾ ਤਾਂ ਕਿ ਉਹ ਅੱਗੇ ਨੂੰ ਵੀ ਭੇਜਦੇ ਰਹਿਣ ਕਿਉਂਕਿ ਮੈਨੂੰ ਸਾਰਾ ਅੰਕ ਹੀ ਪਸੰਦ ਆਇਆ ਹੈ। ਤੇਰੇ ‘ਅਦਬਨਾਮੇ’ ਵਿਚ ਗੁਰਦਿਆਲ ਸਿੰਘ ਨਾਲ ਸੰਖੇਪ ਗੱਲਬਾਤ ਚੰਗੀ ਹੈ, ਪਰ ਉਸ ਤੋਂ ਵੀ ਵਧੀਆ ਹੈ ‘ਲੇਖਕ ਦਾ ਪੀ.ਆਰ.ਓ. ਮਹਿਕਮਾ’। ਉਸ ਵਿਚ ‘ਖਾਲੀ ਬੋਰੀ’ ਵਾਲਾ ਅਖਾਣ (ਅਖਾਣ ਸੀ ਕਿ ਖਾਲੀ ਬੋਰੀ ਨੂੰ ਖੜ੍ਹਾ ਨਹੀਂ ਕੀਤਾ ਜਾ ਸਕਦਾ) ਬਹੁਤ ਪਸੰਦ ਆਇਆ। ਇਹ ਬਿਲਕੁਲ ਠੀਕ ਹੈ ਕਿ ਕੋਈ ਆਲੋਚਕ/ਪ੍ਰਸੰਸਕ ਕਿਸੇ ਨੂੰ ਲੇਖਕ ਨਹੀਂ ਬਣਾ ਸਕਦਾ, ਬਣੇ ਹੋਏ ਲੇਖਕ ਨੂੰ ਨੁਕਸਾਨ ਵੀ ਨਹੀਂ ਪਹੁੰਚਾ ਸਕਦਾ ਤੇ ਸ਼ਾਇਦ ਹੋਰ ਵੱਡਾ ਬਨਾਉਣ ਲਈ ਵੀ ਕੁਝ ਨਹੀਂ ਕਰ ਸਕਦਾ। ਹਾਂ, ਇਹ ਪਾਠਕ-ਸਮੂਹ ਕਿਸੇ ਲੇਖਕ ਨੂੰ ਪਛਾਣਨ ਤੇ ਵਿਕਸਿਤ ਕਰਨ ਵਿਚ ਅਹਿਮ ਰੋਲ ਅਦਾ ਕਰ ਸਕਦਾ ਹੈ। ਵਿਕਤਰ ਸ਼ਕਲੋਵਸਕੀ ਆਪਣੀ ਪੁਸਤਕ ਲਿਓ ਤਾਲਸਤਾਇ ਵਿਚ ਇਕ ਥਾਂ ਲਿਖਦਾ ਹੈ : War and Peace was a great success with the reading public, although the critics did not recognise the book straightaway (p. 389) ਸ਼ਾਇਦ ਤੈਨੂੰ ਮੈਂ ਇਕ ਹਿੰਦੀ ਦੀ ਪੁਸਤਕ (ਅਨੁਵਾਦ) ਦਿੱਤੀ ਸੀ ? ਆਲੋਚਨਾ ਕੀ ਅਸਫ਼ਲਤਾਏਂ; ਉਸ ਦਾ ਲੇਖਕ ਵੀ ਇਹੋ ਸਿੱਧ ਕਰਦਾ ਹੈ ਕਿ ਆਲੋਚਨਾ ਚੰਗੇ ਸਾਹਿਤ ਨੂੰ ਝਟਪੱਟ ਪਛਾਣਨ ਵਿਚ ਬਹੁਤ ਵਾਰ ਫੇਲ੍ਹ ਹੋਈ ਹੈ। ਪਰ ਜਿਹੜੇ ਲੇਖਕ ਨੂੰ ਕੋਈ ਵੀ ਪਾਠਕ-ਸਮੂਹ (ਇਕ ਅੱਧ ਪਾਠਕ ਨਹੀਂ) ਹੁੰਗਾਰਾ ਨਹੀਂ ਦਿੰਦਾ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੀ ਬੋਰੀ ਖਾਲੀ ਹੈ। ਕਹਾਣੀ ਪੰਜਾਬ ਮੈਂ ਹਰ ਵਾਰ ਖਰੀਦ ਕੇ ਪੜ੍ਹਦਾ ਰਿਹਾ ਹਾਂ, ਪਰ ਇਸ ਵਾਰ (ਨੰ. 13) ਅਣਖੀ ਨੇ ਘਰ ਦੇ ਪਤੇ ’ਤੇ ਭੇਜਿਆ ਹੈ। ਮੈਨੂੰ ਲੱਗਿਆ ਇਹ ਵੀ ਬਲਦੇਵ ਦੀ ਸ਼ਰਾਰਤ ਹੈ। ਅਸਲ ਵਿਚ, ਭਾਵੇਂ ਮੈਂ ਅਣਖੀ ਨੂੰ ਦਰਮਿਆਨੇ ਤੋਂ ਕੁਝ ਉਪਰਲੇ ਦਰਜੇ ਦਾ ਕਹਾਣੀਕਾਰ/ਨਾਵਲਕਾਰ ਮੰਨਦਾ ਰਿਹਾ ਹਾਂ, ਪਰ ਮੈਂ ਉਸ ਬਾਰੇ ਕਦੇ ਲਿਖਿਆ ਕੁਝ ਨਹੀਂ। ਤੇ ਸੋਨੇ ’ਤੇ ਸੁਹਾਗਾ ਇਹ ਹੋਇਆ ਕਿ ਉਸ ਦਾ ਸਪੁੱਤਰ ਮੇਰਾ ਸ਼ਗਿੱਦੜ (ਬਣਾਇਆ ਤਾਂ ਸ਼ਗਿਰਦ ਸੀ) ਬਣ ਗਿਆ। ਇਸ ਲਈ ਜੇ ਹੁਣ ਤੱਕ ਉਹ ਮੈਨੂੰ ਅਣਗੌਲਿਆਂ ਕਰਦਾ ਰਿਹਾ ਹੈ ਤਾਂ ਠੀਕ ਹੀ ਕਰਦਾ ਰਿਹਾ ਹੈ। ਉਂਜ ਇਕੋ ਵਿਧਾ ਸੰਬੰਧੀ ਉਚਮਿਆਰੀ ਪਰਚਾ ਕੱਢਣਾ ਉਸ ਦੀ ਇਕ ਹੋਰ ਸਫ਼ਲਤਾ ਹੈ। ਹੋਰ ਵੀ ਜਿਹੜੇ ਲੇਖਕ ਜਾਂ ਸਮਕਾਲੀ ਲੇਖਕ ਮੇਰੀ ਬਹੁਤੀ (ਜਾਂ ਬਿਲਕੁਲ) ਪ੍ਰਵਾਹ ਨਹੀਂ ਕਰਦੇ, ਮੈਂ ਉਨ੍ਹਾਂ ਨੂੰ ਕਸੂਰਵਾਰ ਨਹੀਂ ਸਮਝਦਾ। ਕਸੂਰ ਸਭ ਤੋਂ ਵੱਧ ਮੇਰਾ ਆਪਣਾ ਹੈ ਤੇ ਥੋੜ੍ਹਾ ਬਹੁਤ ਪੰਜਾਬੀ ਜਗਤ (ਖਾਸ ਕਰ ਯੂਨੀਵਰਸਿਟੀਆਂ ਦੇ ਪੰਜਾਬੀ ਸੰਸਾਰ) ਦੀ ਹੋਛੀ ਜਿਹੀ ਸਿਆਸਤ ਦਾ ਹੈ। (e.g. ਜੋਗਿੰਦਰ ਕੈਰੋਂ ਸ਼ਿਲਾਲੇਖ ਨਹੀਂ ਭੇਜਦਾ, ਉਸਦੇ ਪਿੱਛੇ ਇਹ ਦੋਵੇਂ ਕਾਰਨ ਹਨ)। ਮੈਂ ਸਮਝਦਾਂ ਮੇਰੇ ਆਲਸੀ ਸੁਭਾਅ ਦੀ ਸਜ਼ਾ ਤਾਂ ਕਿਵੇਂ ਨਾ ਕਿਵੇਂ ਮੈਨੂੰ ਮਿਲਣੀ ਹੀ ਚਾਹੀਦੀ ਹੈ, ਪਰ ‘ਹੋਛੀ ਸਿਆਸਤ’ ਵਿਚ ਮੈਨੂੰ ਲਪੇਟਣਾ ਮੇਰੇ ਨਾਲ ਜ਼ਿਆਦਤੀ ਹੈ। ਘੱਟ ਲਿਖਣ ਕਰਕੇ ਤਾਂ ਮੈਂ ਆਲਸੀ ਹਾਂ ਹੀ, ਪਰ ਕਈ ਵਾਰ ਘੱਟ movement ਕਰਕੇ ਵੀ ਮੈਨੂੰ inactive ਸਮਝ ਲਿਆ ਜਾਂਦਾ ਹੈ। ਮੈਂ ਕਿਸੇ ਤਰ੍ਹਾਂ ਦੀ ਰਿਆਇਤ ਤਾਂ ਨਹੀਂ ਮੰਗਦਾ ਤੇ ਨਾ ਹੀ ਕਦੇ ਮੰਗੀ ਹੈ, ਪਰ ਚੰਡੀਗੜ੍ਹ ਤੋਂ ਬਾਹਰ (ਤੇ ਕਈ ਵਾਰ ਚੰਡੀਗੜ੍ਹ ਦੇ ਅੰਦਰ ਵੀ) ਸਭਾਵਾਂ/ਸੰਸਥਾਵਾਂ ਦੀਆਂ ਮੀਟਿੰਗਾਂ/ਗੋਸ਼ਟੀਆਂ ਜਾਂ ਪੁਸਤਕਾਂ ਦੀਆਂ ਘੁੰਡ ਚੁਕਾਈਆਂ ਵਿਚ ਜਾਣ ਤੋਂ ਮੇਰੀ ਘੌਲ ਦਾ ਕਾਰਨ ਤਾਂ ਸਭ ਨੂੰ ਪਤਾ ਹੀ ਹੈ। ਹਾਂ, ਜਦ ਤੋਂ ਗੋਸ਼ਟੀਆਂ ਵਿਚ ‘ਵਿਚਾਰਾਂ’ ਦੀ ਥਾਂ ‘ਹਥਿਆਰਾਂ’ ਨੂੰ ਪਹਿਲ ਮਿਲਣ ਲੱਗੀ ਹੈ ਓਦੋਂ ਤੋਂ ਮੈਂ ਜਾਣ ਬੁੱਝ ਕੇ ਵੀ ਜਾਣਾ ਛੱਡਿਆ ਹੋਇਆ ਹੈ। ਇਹ ਕਹਾਣੀਆਂ* ਦੀ ਗੋਸ਼ਟੀ ’ਤੇ ਮੈਂ ਆਉਣਾ ਸੀ, ਪਰ ਮੈਂ ਉਸ ਦਿਨ ਪਿੰਡ ਚਲਾ ਗਿਆ। ਦੂਜੇ ਦਿਨ ਅਖ਼ਬਾਰ ਵਿਚ ਉਸ ਦੀ ਰਿਪੋਰਟ ਪੜ੍ਹ ਕੇ ਮੈਂ ਸੋਚਿਆ ਕਿ ਚੰਗਾ ਹੀ ਰਿਹਾ, ਮੈਂ ਨਹੀਂ ਗਿਆ। ਇਕ ਦੂਜੇ ’ਤੇ ਬਾਹਾਂ ਚੜ੍ਹਾਉਣ ਵਾਲੇ ‘ਲੇਖਕਾਂ’ ਵਿਚੋਂ ਕਿਹਨੂੰ ਠੀਕ ਕਹਿੰਦੇ ? ਇਕ ਨੂੰ ਕਹਿੰਦੇ ਤਾਂ ਦੂਜੇ ਨੇ ਵਿੰਗਾ ਹੋ ਜਾਣਾ ਸੀ; ਬੱਸ ਇਉਂ ਬੰਦਾ ‘ਹੋਛੀ ਸਿਆਸਤ’ ਵਿਚ ਘਸੀਟਿਆ ਜਾਂਦਾ ਹੈ। ਪਰ ਇਉਂ ਹੋਣਾ ਮੇਰੇ ਆਪਣੇ ਵੱਸ ਵਿਚ ਨਹੀਂ, ਇਸ ਲਈ ਹੁੰਦੇ ਰਹੇ ! ਸੁਖਵਿੰਦਰ ਤੇ ਬੱਚਿਆਂ ਨੂੰ ਪਿਆਰ। ਹਾਂ, ਮੇਰਾ ਟੈਲੀਫ਼ੋਨ ਨੰਬਰ ਬਦਲ ਗਿਆ ਹੈ।
‘ਕੇਸਰ’
T-II-14, Sector 25, Chandigarh
P.S. (ਨਵੀਨ) ਸਮੀਖਿਆ ਵਿਸ਼ੇਸ਼ ਅੰਕ, ਗੁਰਦਿਆਲ ਸਿੰਘ ਦੀ ਰੀਸੇ ਮੈਨੂੰ ਵੀ ਬਰੈਕਟਾਂ ਪਾਉਣ ਦੀ ਆਦਤ ਪੈਂਦੀ ਜਾਂਦੀ ਹੈ।
---------------
* ਇਹ ਪੁਸਤਕ ਮੂਲੋਂ ਨਵੇਂ ਕਹਾਣੀਕਾਰਾਂ ਦੀਆਂ ਕਹਾਣੀਆਂ ਲੈ ਕੇ ਸਰਵਮੀਤ ਨੇ ਸੰਪਾਦਤ ਕੀਤੀ ਸੀ ਅਤੇ ਚੰਡੀਗੜ੍ਹ ਇਸ ਸਬੰਧੀ ਹੋਈ ਗੋਸ਼ਟੀ ਵਿਚ ਡਾ. ਗੁਰਬਚਨ ਨੇ ਵਿਚਾਰ-ਉਤੇਜਕ ਪਰਚਾ ਪੜ੍ਹਿਆ ਸੀ।

***
ਆਰ-46, ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਮਿਤੀ : 7-4-97
ਪਿਆਰੇ ਬਲਦੇਵ,
ਤੇਰੀ ਚਿੱਠੀ ਮਿਲ ਗਈ ਹੈ। ਘੁੰਮਣ ਨੂੰ ਰਸੀਦ ਪਹਿਲਾਂ ਵੀ ਭੇਜ ਦਿੱਤੀ ਸੀ; ਇਹ ਵੀ ਭੇਜ ਦੇਵਾਂਗਾ। ਰੁਪਏ ਜੋ ਹੋ ਸਕੇ ਤਾਂ ਡਾ. ਜਸਵਿੰਦਰ ਦੇ ਹੱਥ ਭੇਜ ਦੇਈਂ, ਉਸਨੇ 20 ਅਪ੍ਰੈਲ ਨੂੰ ਇਕ ਗੋਸ਼ਟੀ ਵਿਚ ਆਉਣਾ ਹੈ। ਜੇ ਤੇਰਾ ਗੜਾ ਵੱਜੇ ਤਾਂ ਤੂੰ ਆ ਕੇ ਮਿਲ ਜਾਵੀਂ। ਨਵੇਂ ਮਕਾਨ ਵਿਚ ਆਉਣਾ ਸਮੇਂ ਤੇ ਪੈਸੇ ਵਲੋਂ ਮਹਿੰਗਾ ਪਿਆ ਹੈ। ਦੋ ਮਹੀਨੇ ਖ਼ਰਾਬ ਹੋਏ ਤੇ ਟੁੱਟ-ਭੱਜ ਠੀਕ ਕਰਾਉਣ, ਰੰਗ-ਰੋਗਨ, ਤੇ ਕਿਤਾਬਾਂ ਲਈ ਇਕ ਵਰਾਂਡੇ ਦਾ ਕਮਰਾ ਬਨਾਉਣ ਵਿਚ 15-20 ਹਜ਼ਾਰ ਰੁਪਏ ਉਡ ਗਏ। ਅੱਜ ਥੋੜ੍ਹਾ ਜਿਹਾ ਚੈਨ ਆਇਆ ਹੈ।
‘ਕੇਸਰ’
E-1/93, Sector-14, Chandigarh
ਆਰ-46, ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਮਿਤੀ : 8-1-98
ਪਿਆਰੇ ਬਲਦੇਵ,
ਉਮੀਦ ਹੈ ਨਵਾਂ ਸਾਲ ਵਧੀਆ ਚੜ੍ਹਿਆ ਹੋਵੇਗਾ ਤੇ ਸਾਡੀ ਕਾਮਨਾ ਹੈ ਕਿ ਤੁਹਾਡਾ ਬਾਕੀ ਦਾ ਸਾਲ ਵੀ ਅਮਨ ਤੇ ਖੁਸ਼ੀ ਭਰਿਆ ਲੰਘੇ। ਗੁਰਬਚਨ ਭੁੱਲਰ ਪੰਜਾਬੀ ਟ੍ਰਿਬਿੳੂਨ ਵਿਚ ਆ ਗਿਆ ਹੈ। ਖੁਸ਼ੀ ਹੋਈ ਤੇ ਇਹ ਯਕੀਨ ਵੀ ਕਿ ਹੁਣ ਤੇਰਾ ਸਫ਼ਰਨਾਮਾ (ਮੋਤੀਆਂ ਦੀ ਚੋਗ) ਅਖ਼ਬਾਰ ਵਿਚ ਲੜੀਵਾਰ ਛਪ ਸਕੇਗਾ। ਮੈਂ ਆਪ ਵੀ ਕੁਝ ਪੜ੍ਹੀਆਂ ਪੁਸਤਕਾਂ ਬਾਰੇ ਲਿਖਣ ਲਈ ਸੋਚਿਆ ਸੀ, ਪਰ ਇਕ ਵੱਡਾ ਸਾਰਾ ਅੜਿੱਕਾ ਆਣ ਪਿਆ ਹੈ ਜਿਸ ਨੂੰ ਦੂਰ ਕਰਨ ਲਈ ਮਹੀਨਾ ਡੇਢ-ਮਹੀਨਾ ਲੱਗੇਗਾ। ਮੇਰੇ ਸੱਜੇ ਗੁਰਦੇ ਵਿਚ ਰਸੌਲੀ ਜਾਂ ਹੋਰ ਕੋਈ ਵਾਧਰਾ ਜਿਹਾ ਹੈ। ਸਭ ਤਰ੍ਹਾਂ ਦੇ ਟੈਸਟਾਂ ਤੇ ਡਾਕਟਰਾਂ ਨਾਲ ਸਲਾਹਾਂ ਤੋਂ ਬਾਅਦ ਫੈਸਲਾ ਹੋਇਆ ਹੈ ਕਿ ਗੁਰਦਾ ਕੱਢ ਦਿੱਤਾ ਜਾਵੇ। ਸੋ 14 ਜਨਵਰੀ ਨੁੰ ਦਯਾਨੰਦ ਹਸਪਤਾਲ ਲੁਧਿਆਣਾ ਵਿਚ ਮੇਰਾ ਓਪਰੇਸ਼ਨ ਹੋਵੇਗਾ। ਦੌੜ-ਭੱਜ ਕਰਨ ਦੀ ਲੋੜ ਨਹੀਂ, ਬੱਸ ਘਰ ਬੈਠੇ ਸ਼ੁਭ ਇੱਛਾ ਦਿਓ ਕਿ ਓਪਰੇਸ਼ਨ ਸਫ਼ਲ ਹੋ ਜਾਵੇ। ਬਾਕੀ ਪ੍ਰੋਗਰਾਮ ਬਾਅਦ ਵਿਚ ਬਣਾਵਾਂਗੇ। ਓਪਰੇਸ਼ਨ ਵੱਡਾ ਹੈ, ਪਰ ਜੇ ਨਹੀਂ ਕਰਵਾਉਂਦੇ ਤਾਂ ਵੀ ਜਾਨ ਨੂੰ ਖ਼ਤਰਾ ਹੈ। ਫੈਜ ਦੇ ਨਾਇਕ ਵਰਗੀ ਹਾਲਤ ਹੈ: ਹਾਂ, ਜਾਂ ਕੀ ਜ਼ਿਆਂ ਕੀ ਹਮਕੋ ਭੀ ਤਸ਼ਵੀਸ਼ ਹੈ ਲੇਕਿਨ ਕਯਾ ਕੀਜੇ, ਹਰ ਰਾਹ ਜੋ ਉਧਰ ਕੋ ਜਾਤੀ ਹੈ ਮਕ਼ਤਲ ਸੇ ਗੁਜ਼ਰ ਕਰ ਜਾਤੀ ਹੈ।
ਸੋ ਓਪਰੇਸ਼ਨ ਵਿਚੋਂ ਵੀ ਗੁਜ਼ਰ ਕੇ ਹੀ ਨਵੀਂ ਜ਼ਿੰਦਗੀ ਮਿਲੇਗੀ।
ਸੁਖਵਿੰਦਰ ਤੇ ਬੱਚਿਆਂ ਨੂੰ ਯਾਦ !
    ਤੇਰਾ ‘ਕੇਸਰ’
***
    28-12-2003
    ਪਿਆਰੇ ਬਲਦੇਵ / ਸੁਖਵਿੰਦਰ
    ਤੁਹਾਨੂੰ ਸਭ ਨੂੰ ਸਾਡੇ ਵੱਲੋਂ 2003 ਦਾ ਵਰ੍ਹਾ ਮੁਬਾਰਕ !
    ‘ਪੰਜਾਬੀ ਕਹਾਣੀ-ਸਮੀਖਿਆ’ ਪੁਸਤਕ ਫੋਲ ਕੇ ਦੇਖੀ ਹੈ। ਕਹਾਣੀ ਉੱਤੇ ਤੇਰਾ ਹੁਣ ਤੱਕ ਦਾ ਕੰਮ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਤੇਰਾ ਹਥਲਾ ਪ੍ਰੋਜੈਕਟ ਮੁਕੰਮਲ ਹੋਣ/ਪ੍ਰਕਾਸ਼ਤ ਹੋਣ ਤੋਂ ਬਾਅਦ ਪੰਜਾਬੀ ਕਹਾਣੀ-ਆਲੋਚਨਾ ਦੇ ਖੇਤਰ ਵਿਚ ਕੋਈ ਸਾਰਥਿਕ ਗੱਲ ਤੇਰੇ ਕੰਮ ਦੇ ਜ਼ਿਕਰ ਤੋਂ ਬਗ਼ੈਰ ਨਹੀਂ ਕੀਤੀ ਜਾ ਸਕੇਗੀ। ਮੈਨੂੰ ਇਸ ਗੱਲ ਦਾ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ।
ਪਿਆਰ ਨਾਲ
ਤੇਰਾ
ਕੇਸਰ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346