Welcome to Seerat.ca
Welcome to Seerat.ca

ਗੁੰਗੀ ਪੱਤਝੜ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼/ ਯੌਰਪ ਵਲ

 

- ਹਰਜੀਤ ਅਟਵਾਲ

ਸਿਕੰਦਰ

 

- ਗੁਰਮੀਤ ਪਨਾਗ

ਪੰਜ ਕਵਿਤਾਵਾਂ

 

- ਸੁਰਜੀਤ

ਲਿਓਨ ਤਰਾਤਸਕੀ ਦੀ ਪ੍ਰਸੰਗਿਕਤਾ ਨੂੰ ਸਮਝਣ ਦੀ ਲੋੜ ਵਜੋਂ

 

- ਗੁਰਦਿਆਲ ਬੱਲ

ਡਾ. ਕੇਸਰ ਸਿੰਘ ਕੇਸਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਪੂਰਬੀ ਅਫਰੀਕਾ ‘ਚ ਗ਼ਦਰ ਲਹਿਰ ਉਪਰ ਜ਼ੁਲਮ ਤੇ ਸਜ਼ਾਵਾਂ

 

- ਸੀਤਾ ਰਾਮ ਬਾਂਸਲ

ਮਨੁੱਖੀ ਰਿਸ਼ਤਿਆਂ ਦਾ ਤਾਣਾ-ਬਾਣਾ

 

- ਵਰਿਆਮ ਸਿੰਘ ਸੰਧੂ

ਰੱਬੀ ਰਬਾਬ ਤੇ ਰਬਾਬੀ -ਭਾਈ ਮਰਦਾਨਾ ਜੀ

 

- ਗੱਜਣਵਾਲਾ ਸੁਖਮਿੰਦਰ ਸਿੰਘ

ਮੇਰਾ ਪਹਿਲਾ ਪਿਆਰ

 

- ਲਵੀਨ ਕੌਰ ਗਿੱਲ

ਰੱਬ ਨਾਲ ਸੰਵਾਦ

 

- ਗੁਰਦੀਸ਼ ਕੌਰ ਗਰੇਵਾਲ

(ਜੀਵਨ ਜਾਚ ਦੇ ਝਰਨੇ ਮਨੁੱਖੀ ਸਾਂਝਾਂ) / ਖੁਸ਼ਨੂਦੀ ਮਹਿਕਾਂ ਤੇ ਖੇੜੇ ਵੰਡਦੀ ਇੱਕ ਜੀਵਨ ਜਾਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਚਲੋ ਇੱਲਾਂ ਤਾਂ ਗਈਆਂ ਪਰ...

 

- ਐਸ. ਅਸ਼ੋਕ ਭੌਰਾ

ਗ਼ਦਰ ਲਹਿਰ ਦੀ ਗਾਥਾ

 

- ਮੰਗੇ ਸਪਰਾਏ

ਗੁਰੂ ਤੇ ਸਿੱਖ

 

- ਗੁਰਦੀਸ਼ ਕੌਰ ਗਰੇਵਾਲ

ਹਰਿਵੱਲਬ ਮੇਲੇ ਮੌਕੇ ਵਿਸ਼ੇਸ / ਹਰਿਵੱਲਭ ਦਾ ਸੰਗੀਤ ਮੇਲਾ

 

- ਡਾ.ਜਗਮੇਲ ਸਿੰਘ ਭਾਠੂਆਂ

ਫੈਸਲਾ

 

- ਵਕੀਲ ਕਲੇਰ

ਨੰਨ੍ਹੀ ਕਹਾਣੀ / ਖੂਹ ਦਾ ਡੱਡੂ....

 

- ਰਵੀ ਸੱਚਦੇਵਾ

ਮੰਨਾ ਡੇ

 

- ਡਾ. ਰਵਿੰਦਰ ਕੌਰ ਰਵੀ

ਡਾ.ਅੰਮ੍ਰਿਤਪਾਲ ਦੇ ਕਾਮਰੇਡ ਟਰਾਟਸਕੀ ਬਾਰੇ ਵਿਚਾਰ

 

- ਬਘੇਲ ਸਿੰਘ ਬੱਲ

ਅਸੀਂ ਮਲਵਈ ਨੀ ਪਿੰਡਾਂ ਦੇ ਮਾੜੇ

 

- ਕਰਨ ਬਰਾੜ

Radical Objects: Photo of Mewa Singh’s Funeral Procession 1915

 

Online Punjabi Magazine Seerat

ਰੱਬ ਨਾਲ ਸੰਵਾਦ
- ਗੁਰਦੀਸ਼ ਕੌਰ ਗਰੇਵਾਲ

 

ਇਕ ਵਾਰੀ ਬੰਦੇ ਦੇ ਮਨ ਵਿੱਚ ਬਹੁਤ ਸਾਰੇ ਸ਼ੰਕੇ ਉਤਪਨ ਹੋ ਗਏ, ਜਿਹਨਾਂ ਦੀ ਨਵਿਰਤੀ ਲਈ ਉਹ ਬੜੇ ਪੀਰਾਂ ਫਕੀਰਾਂ ਕੋਲ ਗਿਆ ਪਰ ਕਿਤੋਂ ਵੀ ਤਸੱਲੀ ਬਖਸ਼ ਉੱਤਰ ਨਾ ਮਿਲਿਆ। ਅਖੀਰ ਉਸ ਨੇ ਸੋਚਿਆ ਕਿ- ਕਿਉਂ ਨਾ ਰੱਬ ਕੋਲੋਂ ਹੀ ਸਾਰਾ ਕੁੱਝ ਪੁੱਛ ਲਿਆ ਜਾਵੇ। ਸੋ ਇਕ ਦਿਨ ਉਸ ਨੇ, ਬੜੇ ਹੀ ਪ੍ਰੇਮ ਨਾਲ ਇਕਾਗਰ ਚਿੱਤ ਹੋ ਕੇ, ਰੱਬ ਨੂੰ ਯਾਦ ਕੀਤਾ ਤੇ ਰੱਬ ਉਸ ਦੇ ਸੁਆਲਾਂ ਦਾ ਜਵਾਬ ਦੇਣ ਲਈ ਪ੍ਰਗਟ ਹੋ ਗਿਆ-
ਰੱਬ: ਦੱਸ ਭਗਤਾ, ਕਿਵੇਂ ਯਾਦ ਕੀਤਾ ਅੱਜ ਮੈਂਨੂੰ?
ਬੰਦਾ ਅਵਾਜ਼ ਸੁਣ ਤ੍ਰਬਕਿਆ ਤੇ ਹੈਰਾਨ ਹੋ ਕੇ ਅੱਖਾਂ ਖੋਲ੍ਹ ਆਸ ਪਾਸ ਤੱਕਣ ਲੱਗਾ।
ਬੰਦਾ: ਰੱਬ ਜੀ...ਤੁਸੀਂ...ਸੱਚਮੁੱਚ ਤੁਸੀਂ..ਤੇ..ਤੇ...ਕਿਥੇ ਹੋ ਤੁਸੀਂ...ਕਿਧਰੇ ਵਿਖਾਈ ਤਾਂ ਨਹੀਂ ਦੇ ਰਹੇ?
ਰੱਬ: ਓ ਬੇਸਮਝ ਬੰਦੇ, ਮੇਰਾ ਕੋਈ ਅਕਾਰ ਨਹੀਂ ਜੋ ਮੈਂ ਤੈਨੂੰ ਇੰਜ ਦਿਖਾਈ ਦੇਵਾਂ। ਮੈਂ ਤਾਂ ਤੇਰੇ ਅੰਦਰ ਹੀ ਬੈਠਾ ਹਾਂ- ਤੂੰ ਅੱਖਾਂ ਬੰਦ ਕਰਕੇ, ਅੰਤਰ ਧਿਆਨ ਹੋ ਕੇ, ਆਪਣੇ ਅੰਦਰ ਝਾਤੀ ਮਾਰ- ਤੈਂਨੂੰ ਆਪਣੇ ਅੰਦਰੋਂ ਹੀ ਮੇਰੀ ਆਵਾਜ਼ ਸੁਣਾਈ ਦੇਵੇਗੀ।
ਬੰਦਾ: (ਹੈਰਾਨ ਹੋ ਕੇ) ਪਰ ਮੈਂ ਤਾਂ ਰੱਬ ਜੀ, ਅੱਜ ਤੱਕ ਤੁਹਾਨੂੰ ਮੰਦਰ, ਮਸਜਿਦ, ਗੁਰਦੁਆਰੇ ਜਾਂ ਗਿਰਜਾ ਘਰਾਂ ਵਿੱਚ ਹੀ ਲੱਭਦਾ ਰਿਹਾ!
ਰੱਬ: ਓ ਭੋਲਿਆ, ਮੈਂ ਬ੍ਰਹਿਮੰਡ ਦਾ ਮਾਲਕ, ਸ੍ਰਿਸ਼ਟੀ ਦਾ ਰਚਣਹਾਰਾ- ਭਲਾ ਕਿਸੇ ਇਕ ਅਸਥਾਨ ਤੇ ਕੈਦ ਹੋ ਕੇ ਕਿਵੇਂ ਰਹਿ ਸਕਦਾ ਹਾਂ? ਮੈਂ ਤਾਂ ਸਰਬ ਵਿਆਪਕ ਹਾਂ ਅਤੇ ਕਣ ਕਣ ਵਿੱਚ ਸਮਾਇਆ ਹੋਇਆ ਹਾਂ।
ਬੰਦਾ: ਰੱਬ ਜੀ, ਵੈਸੇ ਤੁਸੀਂ ਤਾਂ ਸਾਡੇ ਸਭ ਦੇ ਮਾਲਕ ਹੋ, ਰਚਨਹਾਰੇ ਹੋ- ਤੇ ਮੈਂ ਇਸ ਸ੍ਰਿਸ਼ਟੀ ਦਾ ਇਕ ਛੋਟਾ ਜਿਹਾ ਜੀਵ- ਮੇਰੀ ਕੀ ਔਕਾਤ ਕਿ ਮੈਂ ਤੁਹਾਨੂੰ ਕੋਈ ਸਵਾਲ ਕਰਾਂ? ਪਰ ਇਸ ਦੁਨੀਆਂ ਨੇ ਮੈਂਨੂੰ ਬਹੁਤ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ, ਇਸੇ ਕਾਰਨ ਮੈਂ ਅੱਜ ਤੁਹਾਨੂੰ ਆਵਾਜ਼ ਮਾਰੀ ਹੈ।
ਰੱਬ: ਕੋਈ ਗੱਲ ਨਹੀਂ ਬੱਚਾ, ਜੇਕਰ ਤੁਸੀਂ ਮੈਨੂੰ ਆਪਣਾ ਮਾਂ- ਬਾਪ ਸਮਝਦੇ ਹੋ ਤਾਂ ਬੇਝਿਜਕ ਹੋ ਕੇ ਆਪਣਾ ਦੁੱਖ ਮੈਨੂੰ ਦੱਸੋ। ਪੁੱਛ- ਕੀ ਪੁੱਛਣਾ ਚਾਹੁੰਦਾ ਏਂ?
ਬੰਦਾ: ਪਹਿਲੀ ਗੱਲ ਤਾਂ ਇਹ ਹੈ ਰੱਬ ਜੀ ਕਿ- ਇਸ ਦੁਨੀਆਂ ਦੇ ਲੋਕਾਂ ਨੇ ਤੁਹਾਡੇ ਬਹੁਤ ਸਾਰੇ ਨਾਮ ਰੱਖੇ ਹੋਏ ਹਨ, ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਹੜੇ ਨਾਮ ਨਾਲ ਤੁਹਾਨੂੰ ਬੁਲਾਵਾਂ ਤਾਂ ਜੋ ਮੈਂ ਤੁਹਾਨੂੰ ਚੰਗਾ ਲੱਗਾਂ ਤੇ ਤੁਸੀਂ ਵੀ ਮੇਰਾ ਪੂਰਾ ਖਿਆਲ ਰੱਖੋ।
ਰੱਬ: ਬੱਚਾ, ਮੈਂ ਤੁਹਾਡਾ ਰਚਨਹਾਰਾ ਹੋਣ ਕਾਰਨ, ਸਭ ਦਾ ਮਾਈ ਬਾਪ ਹਾਂ, ਤੁਸੀਂ ਸਾਰੇ ਮੇਰਾ ਪਰਿਵਾਰ ਹੋ। ਫਿਰ ਇਕ ਬਾਪ ਨੂੰ ਕੀ ਫਰਕ ਪੈਂਦਾ ਹੈ ਕਿ ਕੋਈ ਉਸ ਨੂੰ- ਬਾਪੂ ਕਹੇ, ਪਿਤਾ ਕਹੇ, ਡੈਡ ਕਹੇ ਜਾਂ ਅੱਬਾ ਜਾਨ ਕਹੇ। ਉਸ ਨੇ ਤਾਂ ਇਹ ਦੇਖਣਾ ਹੈ ਕਿ ਉਸ ਦੇ ਬੱਚੇ ਉਸ ਨੂੰ ਕਿੰਨਾ ਕੁ ਪਿਆਰ ਕਰਦੇ ਹਨ? ਦਿਲੋਂ ਪਿਆਰ ਕਰਦੇ ਹਨ ਕਿ ਲੋਕਾਂ ਸਾਹਮਣੇ ਦਿਖਾਵਾ ਹੀ ਕਰਦੇ ਹਨ? ਕਿੰਨੇ ਕੁ ਆਗਿਆਕਾਰ ਹਨ? ਸੋ ਸਿੱਧੀ ਜਿਹੀ ਗੱਲ ਹੈ ਕਿ ਜਿਹੜਾ ਬੱਚਾ ਮੈਂਨੂੰ ਸੱਚਾ ਪਿਆਰ ਕਰਦਾ ਹੈ, ਮੇਰੇ ਹੁਕਮ ਵਿੱਚ ਰਹਿੰਦਾ ਹੈ, ਮੈਨੂੰ ਆਪਣਾ ਸਮਝਦਾ ਹੈ- ਉਸ ਦਾ ਮੈਂ ਵੀ ਪੂਰਾ ਧਿਆਨ ਰੱਖਦਾ ਹਾਂ ਪਰ ਜੋ ਆਪ ਹੁਦਰੀਆਂ ਕਰਦੇ ਹਨ, ਮੇਰਾ ਕਹਿਣਾ ਵੀ ਨਹੀਂ ਮੰਨਦੇ- ਉਹਨਾਂ ਵਲੋਂ ਮੈਂ ਵੀ ਬੇਪਰਵਾਹ ਹੋ ਜਾਂਦਾ ਹਾਂ।
ਬੰਦਾ: ਇਕ ਹੋਰ ਗੱਲ ਰੱਬ ਜੀ, ਇਸ ਦੁਨੀਆਂ ਵਿੱਚ ਮਜ੍ਹਬ ਵੀ ਬਹੁਤ ਹਨ। ਸੋ ਕਿਹੜੇ ਮਜ੍ਹਬ ਨੂੰ ਅਪਣਾ ਕੇ- ਤੁਹਾਡੇ ਤੱਕ ਜਲਦੀ ਪਹੁੰਚਿਆ ਜਾ ਸਕਦਾ ਹੈ?
ਰੱਬ: ਬੱਚਾ, ਮੈਂ ਤਾਂ ਕੋਈ ਮਜ੍ਹਬ ਜਾਂ ਜਾਤ ਪਾਤ ਬਣਾ ਕੇ ਤੁਹਾਡੇ ਨਾਲ ਨਹੀਂ ਭੇਜੀ- ਮੈਂ ਤਾਂ ਕੇਵਲ ਇਨਸਾਨ ਪੈਦਾ ਕੀਤੇ ਹਨ। ਇਹ ਤਾਂ ਤੁਸੀਂ ਲੋਕਾਂ ਨੇ ਹੀ ਮੇਰੀਆਂ ਵੰਡੀਆਂ ਪਾਈਆਂ ਹੋਈਆਂ ਹਨ। ਚੰਗੇ ਕਰਮ ਕਰਨ ਵਾਲਾ ਪ੍ਰਾਣੀ, ਚਾਹੇ ਉਹ ਕਿਸੇ ਵੀ ਮਜ੍ਹਬ ਨਾਲ ਸਬੰਧ ਰੱਖਦਾ ਹੋਵੇ, ਮੈਂਨੂੰ ਪਿਆਰਾ ਲਗਦਾ ਹੈ।
ਬੰਦਾ: ਇਕ ਹੋਰ ਗਿਲਾ ਹੈ ਰੱਬ ਜੀ ਤੁਹਾਡੇ ਤੇ- ਕਿਸੇ ਦੀ ਬੇਨਤੀ ਤਾਂ ਤੁਸੀਂ ਝੱਟ ਪ੍ਰਵਾਨ ਕਰ ਲੈਂਦੇ ਹੋ, ਪਰ ਕੋਈ ਵਿਚਾਰਾ ਮੇਰੇ ਵਰਗਾ- ਤੁਹਾਡੇ ਦਰ ਤੇ ਲਕੀਰਾਂ ਕੱਢ ਕੱਢ ਥੱਕ ਜਾਂਦਾ ਹੈ, ਵਧੀਆ ਪੋਸ਼ਾਕੇ ਭੇਂਟ ਕਰਦਾ ਹੈ, ਪ੍ਰਸ਼ਾਦ ਚੜ੍ਹਾਉਂਦਾ ਹੈ, ਲੰਗਰ ਲਾਉਂਦਾ ਹੈ-ਫਿਰ ਵੀ ਤੁਸੀਂ ਨਹੀਂ ਸੁਣਦੇ?
ਰੱਬ: (ਹੱਸ ਕੇ) ਬੱਚਾ, ਇਹ ਤਾਂ ਉਹ ਗੱਲ ਹੋਈ ਕਿ ਕੋਈ ਬੱਚਾ ਆਪਣੇ ਪਿਓ ਵਲੋਂ ਦਿੱਤੇ ਗਏ ਜੇਬ ਖਰਚ ਵਿੱਚੋਂ ਦੋ ਰੁਪਏ ਕੱਢ ਕੇ ਆਪਣੇ ਪਿਓ ਨੂੰ ਕਹੇ, ”ਆਹ ਲਵੋ, ਤੇ ਮੇਰਾ ਫਲਾਣਾ ਕੰਮ ਕਰ ਦਿਓ।” ਮੂਰਖੋ, ਤੁਸੀਂ ਮੇਰੀਆਂ ਦਿੱਤੀਆਂ ਅਣਗਿਣਤ ਦਾਤਾਂ ਵਿੱਚੋਂ ਹੀ, ਕੁਝ ਕੁ ਭੇਂਟ ਕਰਕੇ ਤੇ ਮੈਨੂੰ ਜਤਾ ਕੇ- ਮੈਥੋਂ ਆਪਣੇ ਕੰਮ ਕਰਵਾਉਣੇ ਚਹੁੰਦੇ ਹੋ? ਮੇਰੇ ਕੋਲ ਭਲਾ ਇਹਨਾਂ ਦਾਤਾਂ ਦੀ ਕੋਈ ਕਮੀ ਹੈ? ਤੁਸੀਂ ਤਾਂ ਆਪਣੇ ਬਾਪ ਨਾਲ ਹੀ ਸੌਦੇਬਾਜ਼ੀਆਂ ਕਰਦੇ ਹੋ। ਮੈਂ ਤਾਂ ਪ੍ਰੇਮ ਦਾ ਭੁੱਖਾ ਹਾਂ। ਜੋ ਮੈਨੂੰ ਸੱਚੇ ਦਿਲੋਂ ਯਾਦ ਰਖਦੇ ਹਨ, ਉਹਨਾਂ ਦਾ ਮੈਂ ਆਪ ਹੀ ਧਿਆਨ ਰੱਖਦਾ ਹਾਂ- ਮੈਂ ਤਾਂ ਭਾਵਨਾ ਦੇਖਦਾ ਹਾਂ।
ਬੰਦਾ: ਇਕ ਹੋਰ ਗੱਲ ਦੱਸੋ ਰੱਬ ਜੀ, ਜਿਹੜੇ ਕੰਮ ਅਸੀਂ ਦੁਨੀਆਂ ਤੋਂ ਚੋਰੀ ਕਰਦੇ ਹਾਂ, ਜਾਂ ਕਈ ਵਾਰੀ ਕਿਸੇ ਦਾ ਬੁਰਾ ਇਸ ਤਰੀਕੇ ਨਾਲ ਕਰਦੇ ਹਾਂ ਕਿ ਉਸ ਨੂੰ ਵੀ ਪਤਾ ਨਾ ਲੱਗੇ। ਕੀ ਤੁਸੀਂ ਉਸ ਦਾ ਵੀ ਹਿਸਾਬ ਰੱਖਦੇ ਹੋ?
ਰੱਬ: ਬੱਚਾ, ਤੇਰੇ ਜਿੰਨੇ ਸ਼ੰਕੇ ਮੈਂ ਨਵਿਰਤ ਕੀਤੇ ਹਨ, ਤੂੰ ਅਜੇ ਉਹਨਾਂ ਤੇ ਹੀ ਅਮਲ ਕਰ। ਮੇਰਾ ਇਕ ਪ੍ਰੇਮੀ ਮੁਸੀਬਤ ਵਿੱਚ ਫਸ ਗਿਆ ਹੈ- ਮੈਂ ਜਲਦੀ ਉੇਥੇ ਪਹੁੰਚਣਾ ਹੈ। ਸੋ ਬਾਕੀ ਗੱਲਾਂ ਕਦੇ ਫੇਰ ਕਰਾਂਗੇ।
ਇਸ ਦੇ ਨਾਲ ਹੀ ਰੱਬ ਦੀ ਆਵਾਜ਼ ਸੁਨਣੀ ਬੰਦ ਹੋ ਕਈ ਤੇ ਬੰਦੇ ਦੀਆਂ ਅੱਖਾਂ ਖੁੱਲ੍ਹ ਗਈਆਂ। ਹੁਣ ਉਹ ਰੱਬ ਦੀਆਂ ਗੱਲਾਂ ਤੇ ਅਮਲ ਕਰਨ ਬਾਰੇ ਸੋਚਣ ਲੱਗਾ।

ਰੱਬ ਨਾਲ ਪਹਿਲੀ ਮੁਲਾਕਾਤ ਕਰਕੇ, ਬੰਦੇ ਦੇ ਅੰਦਰ ਕੁੱਝ ਚਾਨਣ ਹੋ ਚੁੱਕਾ ਸੀ। ਹੁਣ ਉਹ ਰੱਬ ਨਾਲ ਸੌਦਾਬਾਜ਼ੀਆਂ ਕਰਨੋਂ ਵੀ ਹਟ ਗਿਆ ਸੀ ਅਤੇ ਨਾ ਹੀ ਹਰ ਰੋਜ਼ ਉਸ ਅੱਗੇ ਆਪਣੀਆਂ ਮੰਗਾਂ ਦੀ ਲੰਬੀ ਚੌੜੀ ਲਿਸਟ ਰੱਖਦਾ। ਉਹ ਸੇਵਾ ਜਾਂ ਦਾਨ ਕਰਕੇ ਰੱਬ ਨੂੰ ਬਾਰ ਬਾਰ ਸੁਨਾਉਣ ਤੋਂ ਵੀ ਗੁਰੇਜ਼ ਕਰਦਾ ਅਤੇ ਹੁਣ ਉਸ ਨੂੰ ਈਸ਼ਵਰ, ਪ੍ਰਭੂ, ਵਾਹਿਗੁਰੂ, ਅੱਲਾ, ਗੌਡ- ਸਭ ਇਕੋ ਰੱਬ ਦੇ ਹੀ ਨਾਮ ਜਾਪਣ ਲੱਗ ਪਏ ਸਨ। ਪਰ ਅਜੇ ਵੀ ਉਸ ਦੇ ਮਨ ਵਿੱਚ ਕਈ ਸ਼ੰਕੇ ਜਿਉਂ ਦੀ ਤਿਊਂ ਹੀ ਮੌਜੂਦ ਸਨ। ਉਸ ਦਿਨ ਦੀ ਗੱਲ ਬਾਤ ਤੋਂ ਉਸ ਨੂੰ ਇਹ ਯਕੀਨ ਹੋ ਗਿਆ ਸੀ ਕਿ ਰੱਬ ਨਾਲ ਗੱਲਾਂ ਕਰਨ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਕਿਉਂਕਿ ਇਹ ਵਿਚੋਲੇ ਤਾਂ ਸਗੋਂ ਰੱਬ ਤੱਕ ਪਹੁੰਚਣ ਹੀ ਨਹੀਂ ਦਿੰਦੇ, ਆਪਣੇ ਨਾਲ ਹੀ ਜੋੜ ਲੈਂਦੇ ਹਨ। ਕੋਈ ਵਿਰਲਾ ਟਾਵਾਂ ਹੀ ਹੋਏਗਾ ਜੋ ਆਪਣਾ ਨਹੀਂ ਸਗੋਂ ਉਸ ਕਰਤੇ ਦਾ ਨਾਮ ਜਪਣ ਦਾ ਉਪਦੇਸ਼ ਦਿੰਦਾ ਹੋਵੇ।
”ਪਰ ਇੰਨੇ ਪਖੰਡੀਆਂ ਵਿੱਚ ਉਸ ਦੀ ਪਛਾਣ ਕਰਨੀ ਵੀ ਤਾਂ ਕੋਈ ਖਾਲਾ ਜੀ ਦਾ ਵਾੜਾ ਨਹੀਂ” ਬੰਦਾ ਸੋਚਣ ਲੱਗਾ।
”ਖੈਰ, ਮੈਨੂੰ ਕੀ ਲੋੜ ਹੈ ਇਹਨਾਂ ਝੰਜਟਾਂ ਵਿੱਚ ਪੈਣ ਦੀ, ਕਿਉਂ ਨਾ ਰੱਬ ਕੋਲ ਸਿੱਧੀ ਫਰਿਆਦ ਕੀਤੀ ਜਾਵੇ, ਕਦੇ ਤਾ ਉਹ ਬਹੁੜੇਗਾ ਹੀ?” ਉਸ ਆਪਣੇ ਮਨ ਨੂੰ ਕਿਹਾ।
ਇਹ ਸੋਚ ਕੇ, ਉਸ ਨੇ ਹਰ ਰੋਜ਼ ਪ੍ਰੇਮ ਵਿੱਚ ਭਿੱਜ ਕੇ, ਸ਼ੁੱਧ ਮਨ ਨਾਲ, ਅੰਤਰ ਧਿਆਨ ਹੋ ਕੇ ਰੱਬ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਆਖਰ ਰੱਬ ਉਸ ਦੀ ਸ਼ਰਧਾ ਤੇ ਤਰੁੱਠਿਆ ਅਤੇ ਉਸ ਦੇ ਅੰਦਰੋਂ ਫਿਰ ਇਕ ਦਿਨ ਪ੍ਰਗਟ ਹੋ ਗਿਆ। ਹੁਣ ਉਸ ਨੇ ਅੱਖਾਂ ਨਾ ਖੋਹਲੀਆਂ ਸਗੋਂ ਉਸੇ ਅਵਸਥਾ ਵਿੱਚ ਹੀ ਰੱਬ ਨਾਲ ਗੱਲਾਂ ਕਰਨ ਲੱਗਾ।
ਰੱਬ: ਹਾਂ, ਸੁਣਾ ਭਗਤਾ, ਅੱਜ ਫਿਰ ਕਿਵੇਂ ਯਾਦ ਕੀਤਾ ਸਾਨੂੰ?
ਬੰਦਾ: ਰੱਬ ਜੀ, ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾਂ ਚਾਹੂੰਦਾ ਹਾਂ ਕਿ ਉਸ ਦਿਨ ਤੁਸੀਂ ਮੇਰੇ ਕਈ ਭਰਮ ਭੁਲੇਖੇ ਦੂਰ ਕਰ ਦਿੱਤੇ। ਪਰ ਅਜੇ ਕਈ ਹੋਰ ਸ਼ੰਕੇ ਮਨ ਵਿੱਚ ਹਨ ਜੋ ਬੇਚੈਨ ਕਰੀ ਰੱਖਦੇ ਹਨ।
ਰੱਬ: ਬੱਚਾ, ਕੀ ਭੁਲੇਖੇ ਹਨ ਤੇਰੇ ਮਨ ਵਿੱਚ? ਬੇਝਿਜਕ ਹੋ ਕੇ ਪੁੱਛ ਲੈ।
ਬੰਦਾ: ਰੱਬ ਜੀ, ਤੁਸੀਂ ਉਸ ਦਿਨ ਜਲਦੀ ਚਲੇ ਗਏ ਸੀ, ਸੋ ਇਕ ਸਵਾਲ ਤਾਂ ਉਸ ਦਿਨ ਦਾ ਹੀ ਰਹਿ ਗਿਆ ਸੀ ਕਿ- ਜਿਹੜੇ ਕੰਮ ਅਸੀਂ ਦੁਨੀਆਂ ਤੋਂ, ਤੇ ਤੁਹਾਡੇ ਤੋਂ, ਚੋਰੀ ਕਰਦੇ ਹਾਂ- ਜਾਂ ਕਹਿ ਲਵੋ ਕਿ ਕਿਸੇ ਦਾ ਬੁਰਾ ਇਸ ਤਰੀਕੇ ਕਰਦੇ ਹਾਂ ਕਿ ਉਸ ਨੂੰ ਵੀ ਪਤਾ ਨਾ ਲੱਗੇ, ਤਾਂ ਕੀ ਤੁਸੀਂ ਉਸ ਦਾ ਹਿਸਾਬ ਵੀ ਰੱਖਦੇ ਹੋ?
ਰੱਬ: ਕਿਉਂ ਨਹੀਂ ਰੱਖਦਾ- ਮੇਰੇ ਕੋਲ ਦੁਨੀਆਂ ਦੇ ਹਰ ਜੀਵ ਦੇ ਕੀਤੇ ਕਰਮਾਂ ਦਾ ਹਿਸਾਬ ਹੈ। ਮੈਂ ਤਾਂ ਬੈਠਾ ਹੀ ਤੁਹਾਡੇ ਅੰਦਰ ਹਾਂ, ਸੋ ਇਸੇ ਕਾਰਨ- ਤੁਹਾਡੇ ਅੰਦਰ ਜੋ ਵੀ ਭਲਾ ਬੁਰਾ ਚਲ ਰਿਹਾ ਹੈ, ਤੁਸੀਂ ਕੀ ਸੋਚ ਰਹੇ ਹੋ? ਇਹ ਸਭ ਮੈਂਨੂੰ ਪਤਾ ਲੱਗੀ ਜਾਂਦਾ ਹੈ। ਤੁਸੀਂ, ਦੁਨੀਆਂ ਜਾਂ ਪਰਿਵਾਰ ਤੋਂ ਤਾਂ ਲੁਕਾ ਰੱਖ ਸਕਦੇ ਹੋ, ਪਰ ਮੈਥੋਂ ਨਹੀਂ।
ਬੰਦਾ: ਤਾਂ ਫਿਰ ਰੱਬ ਜੀ, ਕੀ ਸਾਨੂੰ ਕੀਤੇ ਮਾੜੇ ਕਰਮਾਂ ਦਾ ਹਿਸਾਬ ਚੁਕਾਉਣਾ ਵੀ ਪਏਗਾ ਕਿ ਤੁਸੀਂ ਸਾਨੂੰ ਮੁਆਫ਼ ਵੀ ਕਰ ਦਿੰਦੇ ਹੋ?
ਰੱਬ: ਦੇਖ ਬੱਚਾ, ਜਿਹੜਾ ਇਨਸਾਨ ਤਾਂ ਆਪਣੇ ਕੀਤੇ ਬੁਰੇ ਕੰਮਾਂ ਦੀ, ਮੇਰੇ ਕੋਲ ਆ ਕੇ ਮਾਫ਼ੀ ਮੰਗ ਲੈਂਦਾ ਹੈ, ਪਛਤਾਵਾ ਕਰਦਾ ਹੈ ਅਤੇ ਅੱਗੋਂ ਭੈੜੇ ਕੰਮਾਂ ਤੋਂ ਤੋਬਾ ਕਰ ਦਿੰਦਾ ਹੈ- ਉਸ ਨੂੰ ਤਾਂ ਮੈਂ ਝੱਟ ਮਾਫ਼ ਕਰ ਦਿੰਦਾ ਹਾਂ। ਆਖਿਰ ਬਾਪ ਦਾ ਦਿੱਲ ਹੈ ਮੇਰਾ!
ਬੰਦਾ: ਪਰ ਜੋ ਮੁਆਫ਼ੀ ਨਾ ਮੰਗੇ?
ਰੱਬ: ਦੇਖ, ਜੋ ਸਾਰੀ ਉਮਰ ਮਾੜੇ ਕਰਮ ਹੀ ਬੀਜੀ ਜਾਵੇ, ਕਦੇ ਪਛਤਾਵਾ ਵੀ ਨਾ ਕਰੇ, ਮੁਆਫ਼ੀ ਨਾ ਮੰਗੇ, ਫਿਰ ਉਸ ਨੂੰ ਤਾਂ ਉਹਨਾਂ ਕਰਮਾਂ ਦਾ ਫਲ ਭੁਗਤਣਾ ਹੀ ਪਏਗਾ ਨਾ। ਕੁੱਝ ਇਸ ਜਨਮ ਵਿੱਚ ਤੇ ਜੋ ਰਹਿ ਗਿਆ ਉਹ ਅਗਲੇ ਵਿੱਚ।
ਬੰਦਾ: ਰੱਬ ਜੀ , ਜੇ ਕਿਤੇ ਆਹ ਗੱਲ ਪਹਿਲਾਂ ਪਤਾ ਲੱਗ ਜਾਂਦੀ, ਤਾਂ ਅਸੀਂ ਸਾਰੀ ਉਮਰ ਮਾੜੇ ਕੰਮ ਕਰਦੇ ਹੀ ਨਾ।
ਰੱਬ: ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਹੁਣ ਤੋਂ ਹੀ ਕੀਤੇ ਗੁਨਾਹਾਂ ਦਾ ਪਛਤਾਵਾ ਕਰਕੇ ਆਪਣਾ ਅੱਗਾ ਸੁਆਰ ਲਵੋ ਪਰ ਤੁਸੀਂ ਲੋਕ ਤਾਂ ਸਾਰੀ ਉਮਰ ਹੀ ਗੁਨਾਹਾਂ ਦੇ ਕੰਡੇ ਆਪਣੇ ਰਾਹਾਂ ਵਿੱਚ ਬੀਜੀ ਜਾ ਰਹੇ ਹੋ।
ਬੰਦਾ: ਰੱਬ ਜੀ, ਸੁਣਿਆਂ ਹੈ ਕਿ ਤੁਸੀਂ ਦਿਆਲੂ ਹੋ, ਕ੍ਰਿਪਾਲੂ ਹੋ - ਪਰ ਇਕ ਗੱਲ ਦੀ ਸਮਝ ਨਹੀ ਆਉਂਦੀ ਕਿ ਤੁਸੀਂ ਵੀ ਕਦੇ ਕਦੇ ਗੁੱਸੇ ਵਿੱਚ ਆ ਕੇ- ਸੁਨਾਮੀ, ਹੜ੍ਹ, ਭੁਚਾਲ ਵਰਗੀਆਂ ਆਫਤਾਂ ਲਿਆ ਕੇ, ਪਲ ਵਿੱਚ ਹੀ ਸਭ ਕੁੱਝ ਤਹਿਸ ਨਹਿਸ ਕਿਉਂ ਕਰ ਦਿੰਦੇ ਹੋ?
ਰੱਬ: ਓ ਬੇਸਮਝ ਬੰਦੇ, ਇਹ ਸਭ ਮੈਂ ਨਹੀਂ ਕਰਦਾ, ਇਹ ਵੀ ਤੇਰੀ ਕਰਨੀ ਦਾ ਹੀ ਫਲ ਹੈ। ਮੇਰੀ ਗੱਲ ਵੀ ਧਿਆਨ ਨਾਲ ਸੁਣ ਲੈ- ਮੈਂ ਤਾਂ ਤੇਰੇ ਜੀਉਣ ਲਈ ਪੂਰਾ ਪ੍ਰਬੰਧ ਕੀਤਾ ਸੀ, ਤੇਰੇ ਲਈ ਸ਼ੁੱਧ ਪਾਣੀ ਧਰਤੀ ਦੀ ਹਿੱਕ ਵਿੱਚ ਧਰਿਆ, ਤੇਰੇ ਸਾਹ ਲੈਣ ਲਈ ਮੈਂ ਬਨਸਪਤੀ ਤੇ ਜੰਗਲ ਉਗਾ ਕੇ ਸ਼ੁੱਧ ਹਵਾ ਦਾ ਪ੍ਰਬੰਧ ਕੀਤਾ- ਪਸ਼ੂ ਪੰਛੀ, ਜੀਵ ਜੰਤੂ ਪੈਦਾ ਕਰਕੇ ਕੁਦਰਤੀ ਸੰਤੁਲਨ ਬਣਾਇਆ। ਪਰ ਤੂੰ ਕੀ ਕੀਤਾ- ਆਪਣੀ ਨਾਦਾਨੀ ਨਾਲ ਪਾਣੀ ਜ਼ਹਿਰੀਲਾ ਕਰ ਲਿਆ, ਜੰਗਲ ਕੱਟ ਕੱਟ ਕੇ ਸਾਰੀ ਧਰਤੀ ਤੇ ਆਪਣਾ ਹੀ ਕਬਜਾ ਕਰ ਲਿਆ, ਹਵਾ ਵਿੱਚ ਵੀ ਜ਼ਹਿਰੀ ਗੈਸਾਂ ਮਿਲਾ ਦਿੱਤੀਆਂ, ਨਦੀਆਂ ਨਾਲੇ ਛੱਪੜ ਪੂਰ ਦਿੱਤੇ ਜਾਂ ਗੰਦਗੀ ਨਾਲ ਭਰ ਦਿੱਤੇ- ਜਦ ਬਾਰਸ਼ਾਂ ਦਾ ਪਾਣੀ ਸਾਂਭਣ ਲਈ ਤੂੰ ਕੁੱਝ ਵੀ ਨਹੀਂ ਛੱਡਿਆ ਤਾਂ ਉਹ ਹੜ੍ਹ ਦਾ ਰੂਪ ਹੀ ਧਾਰਨ ਕਰੇਗਾ। ਇਸੇ ਤਰ੍ਹਾਂ ਜੇ ਧਰਤੀ ਨੂੰ ਵੀ ਤਪਾਈ ਜਾਓਗੇ ਤਾਂ ਉਹ ਕਦੇ ਹਿਲੇਗੀ ਕਦੇ ਲਾਵਾ ਉਗਲੇਗੀ।
ਬੰਦਾ: (ਸ਼ਰਮਿੰਦਾ ਜਿਹਾ ਹੋ ਕੇ) ਇਹ ਤਾਂ ਠੀਕ ਹੈ ਰੱਬ ਜੀ।
ਰੱਬ: ਬੱਚਾ, ਤੂੰ ਆਪ ਹੀ ਸੋਚ ਕਿ ਕਿਸੇ ਮਾਲੀ ਦੇ ਬਾਗ ਨੂੰ ਕੋਈ ਉਜਾੜ ਦੇਵੇ ਤਾਂ ਕੀ ਮਾਲੀ ਨੂੰ ਖੁਸ਼ੀ ਹੋਏਗੀ? ਤੂੰ ਮੇਰੇ ਵਿਧਾਨ ਵਿੱਚ ਦਖਲ ਅੰਦਾਜ਼ੀ ਕਰਕੇ, ਮੇਰੀ ਕੁਦਰਤ ਨੂੰ ਤਹਿਸ ਨਹਿਸ ਕਰਕੇ- ਆਪਣੀ ਤਬਾਹੀ ਦਾ ਸਾਮਾਨ ਆਪ ਹੀ ਇਕੱਠਾ ਕਰ ਲਿਆ ਹੈ। ਮੈਂ, ਸਾਰੀ ਸ੍ਰਿਸ਼ਟੀ ਦੇ ਨਾਲ ਤੈਂਨੂੰ ਵੀ ਪੈਦਾ ਕੀਤਾ, ਤੈਂਨੂੰ ਦਿਮਾਗ ਦਿੱਤਾ ਸੀ ਚੰਗੇ ਕੰਮਾਂ ਕਈ ਪਰ ਤੂੰ ਤਾਂ ਮੇਰਾ ਹੀ ਸ਼ਰੀਕ ਬਣ ਬੈਠਾ ਏਂ। ਬਾਕੀ ਤੁਹਾਨੂੰ ਬੰਦਿਆਂ ਨੂੰ ਤਾਂ ਆਪਣਾ ਦੋਸ਼ ਦੂਜੇ ਸਿਰ ਮੜ੍ਹਨ ਦੀ ਇਕ ਆਦਤ ਹੀ ਪੈ ਗਈ ਹੈ। ਜੋ ਕੰਮ ਚੰਗਾ ਹੁੰਦਾ ਹੈ ਉਸ ਦਾ ਕਰੈਡਿਟ ਆਪ ਲੈ ਲੈਦੇ ਹੋ ਅਤੇ ਜੋ ਮਾੜਾ ਹੁੰਦਾ ਹੈ, ਉਹ ਮੇਰੇ ਸਿਰ ਮੜ੍ਹ ਦਿੰਦੇ ਹੋ।
ਬੰਦਾ ਆਪਣੀ ਸਫਾਈ ਪੇਸ਼ ਕਰਨ ਲਈ ਕੀ ਜਵਾਬ ਦਿੰਦਾ? ਉਹ ਰੱਬ ਕੋਲੋਂ ਖਰੀਆਂ ਖਰੀਆਂ ਸੁਣ ਕੇ ਸਚਮੁੱਚ ਆਪਣੇ ਆਪ ਨੂੰ ਹੀ ਕਸੂਰਵਾਰ ਸਮਝਣ ਲੱਗਾ ਅਤੇ ਕੁੱਝ ਦੇਰ ਲਈ ਚੁੱਪ ਦੇ ਆਲਮ ਵਿੱਚ ਚਲਾ ਗਿਆ। ਇੰਨੇ ਨੂੰ ਰੱਬ ਅਲੋਪ ਹੋ ਗਿਆ।

604-496-4967 ਸਰੀ
98728-60488 ਇੰਡੀਆ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346