ਮੈਂ ਅਪਣੇ ਪ੍ਰਛਾਵੇਂ ਨੂੰ
ਕਿਹਾ
”ਬਈ ਕਿਉਂ
ਤੂੰ ਮੇਰੇ ਪਿੱਛੇ
ਲੱਗਾ ਰਹਿੰਦੈਂ ” ?
ਉਹਨੇ ਅਪਣੇ ਮੱਥੇ ਤੇ ਲਟਕਦੀ
ਮਨਮੋਹਣੀ ਯਜ਼ੀ ਨੂੰ ਖਿਲਾਰਿਆ,
ਬੁੱਲ੍ਹਾਂ ਤੇ
ਜਾਦੂਭਰੀ ਮੁਸਕਾਣ ਦੀ ਗੰਗਾ
ਉਭਾਰ ਕੇ ਕਿਹਾ :
”ਔਖਾ ਕਾਹਤੋਂ ਹੁੰਦੈਂ ?
ਜਦੋਂ ਤੇਰੇ ਜਿਹਾ
ਕੋਈ ਹੋਰ ਨਿਕਰਮਾ ਮਿਲ ਗਿਆ
ਮੈਂ ਉਹਦੇ ਮਗਰ
ਲੱਗ ਜਾਵਾਂ ਗਾ !
ਐਵੈਂ ਦੁਰ ਦੁਰ ਨਾ ਕਰ ”
---
ਮੁਸ਼ਤਾਕ ਦੇ ਕੁੱਝ ਅਸ਼ਆਰ
.............................................
ਧਰਮ ਦਾ ਮਾਣ,ਜ਼ਾਤ ਦੀ ਹੈਂਕੜ,ਰੁਤਬੇ
ਬਣ ਗਏ ਫ਼ਸਾਦਾਂ ਦੇ ਸਿਲਸਲੇ ਯਾਰੋ!
ਲੋਕਾਂ ਨੂੰ ਜੋ ਲੈ ਕੇ ਤੁਰਦੇ ਨਾਲ ਨਹੀਂ
ਕਲ੍ਹਮਕਾਰੇ ਰਹਿ ਜਾਂਦੇ ਨੇ ਰਾਹਾਂ ਵਿਚ ।
ਅਸੀਂ ਤਾਂ ਹਸਰਤਾਂ ਦੇ ਦੀਵੇ ਬੁਝਾ ਲਏ ‘ਨੇਰੀਆਂ ਤੋਂ ਪਹਿਲਾਂ
ਜੋ ਦੋ ਕੁ ਤੀਲ੍ਹੇ ਸੀ ਆਹਲਣੇ ਦੇ ਉਹ ਸਾੜ ‘ਤੇ ਬਿਜਲੀਆਂ ਤੋਂ ਪਹਿਲਾਂ ।
ਅਸਾਂ ਤੇ ਬੁੱਲ੍ਹਾਂ ਨੂੰ ਸੀ ਲਿਆ ਏ,ਅਸਾਂ ਤੇ ਹੰਝੂਆਂ ਨੂੰ ਪੀ ਲਿਆ ਏ
ਤਾਂ ਕਿਸ ਤਰਾਂ ਲੋਕ ਜਾਣਦੇ ਨੇ,ਰਾਜ਼-ਏ-ਦਿਲ,ਰਾਜ਼ਦਾਂ ਤੋਂ ਪਹਿਲਾਂ ।
ਸ਼ੌਕ ਚਾਹੀਦੈ ਗਲਾ ਕਟਵਾਉਣ ਨੂੰ
ਕੌਂਣ ਕਹਿੰਦਾ ਕਾਤਲਾਂ ਦਾ ਕਾਲ ਹੈ ।
ਉਸ ਦੀ ਮਾਂ ਤੇ ਮੇਰੀ ਮਾਂ ਸੀ ਚੁੰਨੀ ਵੱਟੀਆਂ ਭੈਣਾਂ
ਪੀਲਾ ਪਟਕਾ ਬੰਨ੍ਹੀਂ ਜਿਹੜਾ ਰਾਤੀਂ ਮਾਰਨ ਆਇਆ ।
ਕਾਲੇ ਦਿਨਾਂ ਦੇ ਗੀਤ ਜੋ ਗਾਉਂਦੇ ਸੀ ਝੂਮ ਕੇ
ਬਦਲੀ ਉਨ੍ਹਾਂ ਦੀ ਲੈਅ ਜਾਂ ਆਈ ਸੁਬਾਹ ਨਾ ਪੁੱਛ ।
ਇਹ ਖੰਭਾਂ ਦੀ ਤਿੜ ਤਿੜ ਚੋਂ ਆਵਾਜ਼ ਨਿਕਲੀ
ਕਿ ”ਐਦਾਂ ਸੜੀ ਦਾ”, ਓਏ ਐਦਾਂ ਸੜੀ ਦਾ”!
ਖ਼ੂਨ ਗਰਮ ਖੇਤਾਂ ਵਿਚ ਡੁਲ੍ਹਿਆ ਨੱਪ ਨਹੀਂ ਹੋਣਾ
ਦੋ-ਮੂੰਹਾਂ ਬਣ ਉੱਗੇ ਗਾ ਸਿਰ ਕੱਪ ਨਹੀਂ ਹੋਣਾ ।
ਜਿਸ ਟੋਏ ਵਿਚ ਲਾਸ਼ਾਂ ਸੁੱਟ ਕੇ ਆਏ ਹੋ
ਭਾਜੜ ਵੇਲੇ ਉਹੀਓ ਟੋਆ ਟੱਪ ਨਹੀਂ ਹੋਣਾ
-0-
|