Welcome to Seerat.ca
Welcome to Seerat.ca

ਮਾਂ ਬੋਲੀ ਪੰਜਾਬੀ, ਸਾਡੇ ਪਿੰਡ ਦੀ ਭਾਬੀ

 

- ਅਮੀਨ ਮਲਿਕ

ਜਦੋਂ ਮੈਂ ਨਵਾਂ ਨਵਾਂ ਸਿੱਖ ਬਣਿਆਂ

 

- ਨਾਨਕ ਸਿੰਘ

ਗੁੰਮਨਾਮ ਹੀਰੋ

 

- ਅਰਜਨ ਸਿੰਘ ਗੜਗੱਜ

ਅਜਮੇਰ ਸਿੰਘ ਔਲਖ ਤੇ ਇਕਬਾਲ ਰਾਮੂ ਵਾਲੀਆ ਦੀ ਯਾਦ ਵਿਚ

 

- ਵਰਿਆਮ ਸਿੰਘ ਸੰਧੂ

ਜਦੋਂ ‘ਸਥਾਪਤੀ’ ਦਾ ਤੋਤਾ ਮੇਰੇ ਸਿਰ ‘ਤੇ ‘ਅਚਾਣਕ’ ਆ ਬੈਠਾ

 

- ਅਜਮੇਰ ਸਿੰਘ ਔਲਖ

ਸੁਖ ਸਾਗਰ ਦੀਆਂ ਲਹਿਰਾਂ ਵਿਚ

 

- ਇਕਬਾਲ ਰਾਮੂਵਾਲੀਆ

ਨਾਟਕ ਤੇ ਰੰਗ ਮੰਗ ਦੇ ਸੂਰਮੇ ਨੂੰ ਸਲਾਮ

 

-  ਪ੍ਰਿੰ. ਸਰਵਣ ਸਿੰਘ

ਸਿਨੇਮਾ ਤੇ ਮੈਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਪੰਜਾਬ ਰਾਜ ਸਭਿਆਚਾਰਕ ਨੀਤੀ (ਖਰੜਾ 1)

 

- ਸੁਰਜੀਤ

ਜ਼ਾਬਤਾ

 

- ਚਰਨਜੀਤ ਸਿੰਘ ਪੰਨੂ

'ਉਹ ਅਫਰੀਕਨ ਕੁੜੀ'

 

- ਵਕੀਲ ਕਲੇਰ

ਛੋਟੀਆਂ ਨਜ਼ਮਾਂ 

 

- ਗੁਰਨਾਮ ਢਿੱਲੋਂ

ਇਕ ਕਵਿਤਾ ਪ੍ਰਛਾਵਾਂ ਤੇ ਕੁਝ ਅਸ਼ਆਰ

 

- ਮੁਸ਼ਤਾਕ

ਸਫ਼ਰ

 

- ਦਿਲਜੋਧ ਸਿੰਘ

ਹੱਥ ਵਾਲਾ ਟੋਕਾ

 

- ਲਖਬੀਰ ਸਿੰਘ ਕਾਹਲੋਂ

ਸਰਬੱਤ ਦਾ ਭਲਾ

 

- ਨਰੇਸ਼ ਸ਼ਰਮਾ

ਬੰਦਾ ਕਿਧਰ ਗਿਆ

 

-  ਓਮ ਪ੍ਰਕਾਸ਼

ਕੁਝ ਪੜ੍ਹਨ-ਯੋਗ ਕਥਾਵਾਂ-ਸੰਗ੍ਰਹਿ ਕਰਤਾ ਅਦਾਰਾ ਸੀਰਤ

 

 


ਬੰਦਾ ਕਿਧਰ ਗਿਆ
-  ਓਮ ਪ੍ਰਕਾਸ਼
 

 

ਜਦੋਂ ਦੇਸ਼ ਦੀ ਵੰਡ ਦਾ ਐਲਾਨ ਹੋਇਆ ਤਾਂ ਆਸੇ ਪਾਸੇ ਦੇ ਪਿੰਡਾਂ ਦੇ ਮੁਸਲਮਾਨਾਂ ਵੱਲੋਂ ਕੀਤੇ ਜਾਂਦੇ ਹਮਲਿਆਂ ਬਾਰੇ ਸੁਣ ਕੇ ਸਾਡੇ ਪਿੰਡ ਦੇ ਲੋਕਾਂ ਨੇ ਰਾਤ ਨੂੰ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ, ਜਿਸ ਵਿਚ ਹਿੰਦੂ ਸਿੱਖ ਤੇ ਮੁਸਲਮਾਨ ਵੀ ਹੁੰਦੇ ਸਨ। ਕਈ ਵਾਰੀ ਰਾਤੀਂ ਲੋਕ ਡਰ ਵੀ ਜਾਂਦੇ। ਕੋਠਿਆਂ ਉਤੇ ਬਨੇਰਿਆਂ ਨਾਲ ਖਲੋ ਕੇ ਆਪੋ ਵਿਚ ਗੱਲਾਂ ਕਰਦੇ ਅਤੇ ਦਿਨ ਚੜ੍ਹੇ ਆਪੋ-ਆਪਣੇ ਕੰਮਾਂ ਕਾਰਾਂ ਵਿਚ ਲੱਗ ਜਾਂਦੇ।
ਸਾਡੇ ਪਿੰਡ ਵਿਚ ਮੁਸਲਮਾਨਾਂ ਦੀ ਗਿਣਤੀ ਭਾਵੇਂ ਬਹੁਤੀ ਸੀ ਪਰ, ਉਹ ਹਿੰਦੂਆਂ ਤੇ ਸਿੱਖਾਂ ਤੋਂ ਡਰਦੇ ਸਨ। ਪਿੰਡ ਵਿਚ ਠੇਕੇਦਾਰ ਕੋਲ ਦੁਨਾਲੀ ਬੰਦੂਕ ਸੀ। ਕਈ ਵਾਰ ਉਹ ਬੰਦੂਕ ਦਾ ਵਿਖਾਲਾ ਕਰਨ ਲਈ ਮੋਢੇ ਉਤੇ ਪਾ ਕੇ ਪਿੰਡ ਵਿਚ ਫਿਰਦਾ ਸੀ।
ਹੁਣ ਆਲੇ –ਦੁਆਲੇ ਦੇ ਪਿੰਡਾਂ ਵਿਚ ਵੱਢ-ਟੁੱਕ ਤੇ ਲੁੱਟ-ਮਾਰ ਸ਼ੁਰੂ ਹੋ ਗਈ ਸੀ। ਜਿੰਨ੍ਹਾਂ ਪਿੰਡਾਂ ਵਿਚ ਹਿੰਦੂਆਂ ਸਿੱਖਾ ਦਾ ਜ਼ੋਰ ਸੀ, ਉਹਨਾਂ ਨੂੰ ਲੁੱਟਣ ਲਈ ਦੂਜੇ ਪਿੰਡਾਂ ਦੇ ਮੁਸਲਮਾਨ ਘੋੜੀਆਂ ’ਤੇ ਚੜ੍ਹ ਕੇ ਬਲਮਾਂ, ਤਲਵਾਰਾਂ ਤੇ ਨੇਜਿ਼ਆਂ ਨਾਲ ਲੈਸ ਹੋ ਕੇ ਆ ਜਾਂਦੇ ਸਨ। ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਦੁਪਹਿਰ ਨੂੰ ਬਾਹਰੋਂ ਆਏ ਮੁਸਲਮਾਨਾਂ ਨੇ ਸਾਡੇ ਪਿੰਡ ਨੂੰ ਘੇਰ ਲਿਆ ਪਰ ਪਿੰਡ ਦੇ ਸਰਦੇ ਪੁੱਜਦੇ ਜੱਟਾਂ ਨੇ ਉਨ੍ਹਾਂ ਨੂੰ ਪਿੰਡ ਵਿਚ ਵੜਨੋ ਕਿਸੇ ਨਾ ਕਿਸੇ ਤਰੀਕੇ ਨਾਲ ਰੋਕ ਲਿਆ। ਿਪੰਡ ਦੇ ਲੋਕ ਘਰਾਂ ਦੇ ਬੂਹੇ ਬੰਦ ਕਰਕੇ ਕੋਠਿਆਂ ਉਤੇ ਚੜ੍ਹ ਗਏ। ਉਸ ਦਿਨ ਰਾਤੀਂ ਸਾਰਾ ਪਿੰਡ ਡਰਿਆ ਰਿਹਾ ਤੇ ਕੋਈ ਵੀ ਬੰਦਾ ਨਾ ਸੁੱਤਾ। ਇਸ ਤਰ੍ਹਾਂ ਡਰ ਦੇ ਮਾਹੌਲ ਵਿਚ 10-15 ਦਿਨ ਬੀਤ ਗਏ।
ਇਕ ਦਿਨ ਅਹਿਮਦ ਨਗਰੋਂ ਥਾਣੇਦਾਰ ਪੰਜ ਸਿਪਾਹੀ ਨਾਲ ਲੈ ਕੇ ਪਿੰਡ ਆਇਆ ਅਤੇ ਉਸ ਨੇ ਪਿੰਡੋਂ ਬਾਹਰ ਸਕੂਲ ਵਿਚ ਪਿੰਡ ਦੇ ਮੁਸਲਮਾਨਾਂ ਦੀ ਇਕ ਮੀਟਿੰਗ ਕੀਤੀ। ਅਸੀਂ ਕੁਝ ਮੁੰਡੇ ਸਕੂਲ ਦੇ ਕੋਲ ਖੇਡਦੇ ਪਏ ਸੀ, ਅਸੀਂ ਵੀ ਉੇਸ ਇਕੱਠ ਵਿਚ ਜਾ ਬੈਠੇ। ਥਾਣੇਦਾਰ ਨੇ ਉਹਨਾਂ ਨੂੰ ਦੱਸਿਆ ਕਿ ਹੁਣ ਪਾਕਿਸਤਾਨ ਬਣ ਗਿਆ ਏ ਅਤੇ ਪਾਕਿਸਤਾਨ ਵਿਚ ਕੋਈ ਵੀ ਗ਼ੈਰ-ਮੁਸਲਿਮ ਤੇ ਕਾਫ਼ਰ ਨਹੀਂ ਰਹਿ ਸਕਦਾ। ਫੇਰ ਉਹਨੇ ਗੁੱਸੇ ਨਾਲ ਆਖਿਆ ਕਿ ਮੇਰਾ ਸਾਰਾ ਹਲਕਾ ਸਾਫ਼ ਹੋ ਚੁੱਕਾ ਏ। ਇਕ ਤੁਹਾਡਾ ਪਿੰਡ ਸਾਫ਼ ਹੋਣਾ ਰਹਿ ਗਿਆ ਹੈ ਅਤੇ ਤੁਸੀਂ ਇਸ ਕੰਮ ਵਿਚ ਸਰਕਾਰ ਦੀ ਮਦਦ ਕਰਨ ਦੀ ਥਾਂ ਰੁਕਾਵਟ ਪਾਉਂਦੇ ਹੋ। ਇਕ ਅੱਧੇ ਦਿਨ ਵਿਚ ਪਿੰਡ ਸਾਫ਼ ਹੋ ਜਾਣਾ ਚਾਹੀਦਾ ਹੈ; ਨਹੀਂ ਤੇ ਮੈਨੂੰ ਆਪੀਂ ਕੋਈ ਕਾਰਵਾਈ ਕਰਨੀ ਪਵੇਗੀ। ਮੁਸਲਮਾਨ ਸਰਦਾਰ ਖਾਂ ਲੰਬੜ ਨੇ ਉਠ ਕੇ ਆਖਿਆ, “ਜਨਾਬ ਅਸੀਂ ਇਸ ਦੇ ਮੁਤਅੱਲਕ ਆਪੀਂ ਕੁਝ ਸੋਚਾਂਗੇ, ਤੁਹਾਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ।”
ਇਸ ਤੋਂ ਬਾਅਦ ਥਾਣੇਦਾਰ ਘੋੜੀ ‘ਤੇ ਚੜ੍ਹ ਕੇ ਟੁਰ ਗਿਆ। ਮੁਸਲਮਾਨਾਂ ਨੂੰ ਸ਼ੱਕ ਸੀ ਕਿ ਹਿੰਦੂਆਂ ਸਿੱਖਾਂ ਕੋਲ ਬੰਬ ਨੇ; ਜਿਹੜੇ ਉਹਨਾਂ ਨੇ ਸ਼ਹਿਰ ਦੇ ਹਿੰਦੂਆਂ ਕੋਲੋਂ ਲਿਆਂਦੇ ਨੇ। ਪਰ ਮੇਰਾ ਆਪਣਾ ਖਿ਼ਆਲ ਏ ਪਈ ਕਿਸੇ ਕੋਲ ਕੋਈ ਬੰਬ ਆਦਿ ਨਹੀਂ ਸੀ। ਉਦੋਂ ਤੇ ਲੋਕਾਂ ਕੋਲ ਛਵ੍ਹੀਆਂ, ਕੁਹਾੜੀਆਂ ਤੇ ਟਕੂਏ ਈ ਹੁੰਦੇ ਸਨ।
ਕਝ ਰਸੂਖ ਵਾਲੇ ਮੁਸਲਮਾਨਾਂ ਨੇ ਓਸੇ ਦਿਨ ਸ਼ਾਮੀਂ ਪਿੰਡ ਦੇ ਹਿੰਦੂਆਂ ਸਿੱਖਾਂ ਨੂੰ ਮੰਦਰ ਦੇ ਬਾਹਰਲੇ ਵਿਹੜੇ ਵਿਚ ਇਕੱਠਾ ਕਰ ਕੇ ਕਿਹਾ ਕਿ ਅਸੀਂ ਤੁਹਾਡੀ ਰਾਖੀ ਦਾ ਜਿ਼ਮਾਂ ਲੈਂਦੇ ਹਾਂ। ਤੁਸੀਂ ਆਪਣੇ ਹਥਿਆਰ ਇਥੇ ਮੰਦਰ ਵਿਚ ਲਿਆ ਕੇ ਰੱਖ ਦਿਓ। ਉਨ੍ਹਾਂ ਨੇ ਖ਼ੁਦਾ ਤੇ ਕੁਰਾਨ ਦੀਆਂ ਕਸਮਾਂ ਚੁੱਕੀਆਂ। ਹਿੰਦੂਆਂ ਸਿੱਖਾਂ ਨੇ ਬਲਮਾਂ, ਕੁਹਾੜੀਆਂ ਤੇ ਛ੍ਹਵੀਆਂ ਲਿਆ ਕੇ ਮੰਦਰ ਵਿਚ ਰੱਖ ਦਿੱਤੀਆਂ ਤੇ ਸਾਰੇ ਲੋਕ ਘਰੋ ਘਰੀ ਟੁਰ ਗਏ।
ਜਦੋਂ ਤਰਕਾਲਾਂ ਪਈਆਂ ਤਾਂ ਸਾਡਾ ਗਆਂਢੀ ਨੂਰ ਮੁਹੰਮਦ ਤੇਲੀ ਚੋਰਾਂ ਵਾਂਗ ਸਾਡੇ ਘਰ ਆਇਆ ਤੇ ਚੌਂਕੇ ਵਿਚ ਬੈਠੇ ਮੇਰੇ ਲਾਲੇ ਕੋਲ ਆ ਗਿਆ। ਉਹਨੇ ਚੌਂਕੇ ਵਿਚ ਆਉਣ ਲੱਗਿਆਂ ਜੁੱਤੀ ਵੀ ਨਾ ਲਾਹੀ ਤੇ ਹੌਲੀ ਹੌਲੀ ਲਾਲੇ ਨੂੰ ਪੁੱਛਿਆ ਕਿ ਮੁਨਸ਼ੀ ਹੋਰੀਂ ਕਿੱਥੇ ਨੇ? ਲਾਲੇ ਨੇ ਕਿਹਾ , “ਨੂਰ ਮੁਹੰਮਦਾ ਗੱਲ ਦੱਸ ਕੀ ਏ? ਤੂਂੰ ਬੜਾ ਘਬਰਾਇਆ ਹੋਇਆ ਏਂ। ਤੀਰਥ ਰਾਮ ਤਾਂ ਧਾਰ ਕੱਢਣ ਗਿਆ ਹੋਇਆ ਏ।” ਉਹਨੇ ਅੱਗੋਂ ਕਿਹਾ ਕਿ ਪਾਂਧਾ ਜੀ,ਤੁਸੀਂ ਰਾਤ ਨੂੰ ਘਰ ਨਾ ਸੰਵਿਆਂ ਜੇ। ਲਾਲੇ ਨੇ ਗੁੱਸੇ ਨਾਲ ਆਖਿਆ, “ਓਏ ਏਡੀ ਕਿਹੜੀ ਆਖ਼ਰ ਆ ਗਈ ਏ ਕਿ ਅਸੀ ਘਰੋਂ ਬਾਹਰ ਜਾ ਕੇ ਸੰਵੀਏਂ”
ਨੂਰ ਮੁਹੰਮਦ ਨੇ ਮੈਨੂੰ ਕਿਹਾ ਕਿ ਤੂੰ ਛੇਤੀ-ਛੇਤੀ ਜਾ ਕੇ ਭਾਪੇ ਨੂੰ ਸੱਦ ਲਿਆ। ਮੈਂ ਉਸੇ ਵੇਲੇ ਭਾਪਾ ਜੀ ਨੂੰ ਸੱਦਣ ਲਈ ਟੁਰ ਗਿਆ। ਜਦੋਂ ਮੈਂ ਉਥੇ ਗਿਆ ਤਾਂ ਉਹ ਧਾਰ ਪਏ ਕੱਢਦੇ ਸਨ। ਦੋ ਮੁਸਲਮਾਨ ਉਹਨਾਂ ਨੂੰ ਆਖ ਰਹੇ ਸਨ ਕਿ ਛੱਡੋ, ਪੰਡਿਤ ਜੀ ਜਿੰਨੀ ਚੋ ਲਈ ਜੇ ਬੱਸ ਕਰੋ, ਬਾਕੀ ਕੱਟੀ ਨੂੰ ਛੱਡ ਦਿਓ। ਭਾਪੇ ਨੇ ਮੇਰੀ ਗੱਲ ਤੇ ਸੁਣੀ ਨਾ ਤੇ ਮੈਨੂੰ ਬਾਲਟੀ ਫੜਾ ਕੇ ਤੂੜੀ ਵਾਲੇ ਅੰਦਰੋਂ ਗਹਿਣਿਆਂ ਦਾ ਤੋੜਾ ਲਿਆ ਕੇ ਉਨ੍ਹਾਂ ਮੁਸਲਮਾਨਾਂ ਨੂੰ ਦੇ ਦਿੱਤਾ। ਉਹਨਾਂ ਵਿਚੋਂ ਇਕ ਨੇ ਕਿਹਾ ਕਿ ਇਹ ਤੁਹਾਡੀ ਅਮਾਨਤ ਏ। ਤੁਹਾਡਾ ਕੋਈ ਵੀ ਜੀਅ ਬਚ ਗਿਆ ਤਾਂ ਅਸੀਂ ਉਸ ਦੇ ਹਵਾਲੇ ਕਰ ਦਿਆਂਗੇ। ਇਹ ਸਾਡਾ ਈਮਾਨ ਰਿਹਾ।ਮੈਂ ਉਹਨਾਂ ਨੂੰ ਹਨੇਰੇ ਵਿਚ ਪਛਾਣ ਨਾ ਸਕਿਆ। ਜਦੋਂ ਉਹਨਾਂ ਵਿਚੋਂ ਇਕ ਜਣਾ ਬੋਲਿਆ ਤਾਂ ਮੈਨੂੰ ਪਤਾ ਲੱਗਾ ਕਿ ਇਹ ਮੁਨਸ਼ੀ ਮੁਹੰਮਦ ਫਿ਼ਆਜ਼ (ਮੇਰੇ ਪਿਤਾ ਦੇ ਹੈਡ ਮਾਸਟਰ) ਦਾ ਨਿੱਕਾ ਭਰਾ ਮੌਲਵੀ ਅਬਦੁਲ ਕਰੀਮ ਸੀ।
ਉਹ ਟੁਰ ਗਏ ਤਾਂ ਮੈਂ ਛੇਤੀ ਭਾਪਾ ਜੀ ਨੂੰ ਘਰ ਚੱਲਣ ਲਈ ਕਿਹਾ ਅਤੇ ਨਾਲੇ ਉਹਨਾਂ ਨੂੰ ਸਾਰੀ ਗੱਲ ਦੱਸੀ। ਅਸੀਂ ਜਦੋਂ ਘਰ ਅੱਪੜੇ ਤਾਂ ਨੂਰ ਮੁਹੰਮਦ ਅਜੇ ਸਾਡੇ ਘਰ ਹੀ ਸੀ। ਉਹ ਸਾਡਾ ਗੁਆਂਢੀ ਸੀ । ਭਾਪਾ ਜੀ ਦਾ ਹਮ-ਉਮਰ ਪੱਕਾ ਯਾਰ ਸੀ। ਉਸ ਨੇ ਇਕ ਪਾਸੇ ਹੋ ਕੇ ਭਾਪਾ ਜੀ ਨਾਲ ਕੁਝ ਗੱਲਾਂ ਕੀਤੀਆਂ ਤੇ ਭਾਪਾ ਜੀ ਨੇ ਉਹਨੂੰ ਜਾਂਦੇ ਨੂੰ ਰੋਕ ਕੇ ਕਿਹਾ ਕਿ ਉਹ ਘਰ ਦਾ ਕੁਝ ਚੰਗਾ ਚੰਗਾ ਸਮਾਨ ਆਪਣੇ ਘਰ ਰੱਖ ਲਵੇ। ਉਹਨੇ ਕਿਹਾ ਕਿ ਇਸ ਤਰ੍ਹਾਂ ਨਾ ਕਰੋ। ਮੇਰੇ ਦਿਲ ਵਿਚ ਬੇਈਮਾਨੀ ਆ ਜਾਏਗੀ ਅਤੇ ਹੋ ਸਕਦਾ ਹੈ ਮੈਂ ਹੀ ਤੁਹਾਨੂੰ ਮਾਰ ਦਿਆਂ। ਇੰਨੀ ਗੱਲ ਆਖ ਕੇ ਉਹ ਟੁਰ ਗਿਆ। ਭਾਪਾ ਜੀ ਨੇ ਲਾਲੇ ਨੂੰ ਸਾਰੀ ਗੱਲ ਦੱਸੀ ਪਰ ਉਹ ਕਿਸੇ ਹੋਰ ਦੇ ਘਰ ਜਾ ਕੇ ਸੌਣ ਲਈ ਰਾਜ਼ੀ ਨਾ ਹੋਇਆ। ਇੰਨੇ ਚਿਰ ਨੂੰ ਇਕ ਜੱਟ ਹਾਕਮ ਮੁਹੰਮਦ ਕੁਝ ਬਲਮਾਂ ਵਾਲੇ ਬੰਦੇ ਨਾਲ ਲੈ ਕੇ ਆ ਗਿਆ ਤੇ ਆਉਂਦਿਆਂ ਆਖਣ ਲੱਗਾ, “ਪਾਂਧਾ ਜੇ ਰੋਟੀ ਟੁੱਕਰ ਖਾ ਲਿਆ ਏ ਤਾਂ ਬਾਲਾਂ ਨੂੰ ਲੈ ਕੇ ਮੇਰੇ ਨਾਲ ਘਰ ਚੱਲੋ।” ਅਤੇ ਭਾਪੇ ਨੂੰ ਕਹਿਣ ਲੱਗੇ, “ਮੁਨਸ਼ੀ ਤੂੰ ਚੰਗਾ ਚੰਗਾ ਸਮਾਨ ਇੰਨ੍ਹਾਂ ਬੰਦਿਆਂ ਨੂੰ ਛੇਤੀ ਛੇਤੀ ਚੁਕਾ ਦੇ। ਛੇਤੀ ਕਰੋ,ਹੁਣ ਦੇਰ ਕਰਨ ਦਾ ਵੇਲਾ ਨਹੀਂ।”
ਇਕ ਬੰਦਾ ਸਾਨੂੰ ਤਿੰਨਾਂ ਭੈਣ ਭਰਾਵਾਂ ਨੂੰ ਹਾਕਮ ਮੁਹੰਮਦ ਹੰਜਰਾ ਦੇ ਘਰ ਲੈ ਗਿਆ। ਰਾਹ ਵਿਚ ਬਲਮਾਂ ਲਈ ਖਲੋਤੇ ਕਈ ਬੰਦਿਆਂ ਨੇ ਉਹਨੂੰ ਪੁੱਛਿਆ ਪਈ ਇਹਨਾਂ ਬਾਹਮਣਾਂ ਨੂੰ ਕਿੱਥੇ ਲੈ ਕੇ ਚੱਲਿਆਂ ਏਂ? ਉਹ ਕਿਸੇ ਨੂੰ ਕੋਈ ਜਵਾਬ ਦਿੱਤੇ ਬਿਨਾਂ ਵਗਾ-ਤੱਗ ਤੁਰੀ ਗਿਆ।
26 ਸਤੰਬਰ 1947 ਨੂੰ ਰਾਤੀਂ ਅਸੀਂ ਸਾਰੇ ਹਾਕਮ ਮੁਹੰਮਦ ਦੇ ਘਰ ਸੁੱਤੇ। ਉਥੇ ਤਿੰਨ ਪਿਉ ਪੁੱਤਰ ਸਿੱਖ ਜੱਟ ਵੀ ਆਏ ਹੋਏ ਸਨ। ਉਹਨਾਂ ਦਾ ਖੂਹ ਹਾਕਮ ਮੁਹੰਮਦ ਦੇ ਖੂਹ ਨਾਲ ਈ ਸੀ। ਉਹਨਾਂ ਰਾਤੋ ਰਾਤ ਪਤਾ ਨਹੀਂ ਕਿਹੜੇ ਵੇਲੇ ਕੇਸ ਮੁਨਾ ਕੇ ਮੁਸਲਮਾਨਾਂ ਵਰਗਾ ਰੂਪ ਬਣਾ ਲਿਆ ਸੀ ਤੇ ਹਾਕਮ ਮੁਹੰਮਦ ਨਾਲ ਬਹਿ ਕੇ ਹੁੱਕਾ ਪੀਣ ਲੱਗ ਪਏ ਸਨ।
ਅਜੇ ਅਸੀਂ ਸਾਰੇ ਉਨ੍ਹਾਂ ਦੇ ਕੋਠੇ ਉਤੇ ਚੜ੍ਹ ਕੇ ਬੈਠੇ ਹੀ ਸੀ ਕਿ ਗਲੀ ਵਿਚੋਂ ‘ਨਾਅਰਾ ਏ ਤਕਬੀਰ’, ‘ਅੱਲਾ ਹੂ ਅਕਬਰ’ ਦੀਆਂ ਆਵਾਜ਼ਾਂ ਆਉਣ ਲੱਗੀਆਂ। ਹਾਕਮ ਮੁਹੰਮਦ ਦਾ ਜਵਾਨ ਮੁੰਡਾ ਅਤੇ ਨਿੱਕਾ ਭਰਾ ਖ਼ੁਸ਼ੀ ਮੁਹੰਮਦ ਵੀ ਆਪਣੀਆਂ ਬਲਮਾਂ ਲੈ ਕੇ ਉਹਨਾਂ ਨਾਲ ਜਾ ਮਿਲੇ। ਸਾਰੀ ਰਾਤ ਇਸੇ ਤਰ੍ਹਾਂ ਦੀਆਂ ਆਵਾਜ਼ਾਂ ਆਉਦੀਆਂ ਰਹੀਆਂ। ਅਸੀਂ ਸਾਰੇ ਸਹਿਮੇ ਹੋਏ ਮੰਜੀਆਂ ‘ਤੇ ਲੇਟੇ ਰਹੇ। ਲਾਲਾ ਆਪਣਾ ਹੁੱਕਾ ਪੀਂਦਾ ਰਿਹਾ। ਹਾਕਮ ਮੁਹੰਮਦ ਦੀ ਵਾਹੀ-ਬੀਜੀ ਵਿਚ ਸਾਡਾ ਸੀਰ ਸੀ। ਉਂਜ ਵੀ ਉਹ ਬੰਦਾ ਬੜੇ ਠਰੰ੍ਹਮੇ ਨਾਲ ਹੌਲੀ ਹੌਲੀ ਬੋਲਦਾ ਸੀ ਅਤੇ ਲਾਲੇ ਨਾਲ ਕੋਈ ਉਹਦੀ ਸ਼ਾਹੂਕਾਰੇ ਵਾਲੀ ਸਾਂਝ ਸੀ।
ਦਿਨ ਚੜ੍ਹਿਆ ਤੇ ਹਾਕਮ ਮੁਹੰਮਦ ਨੇ ਭਾਪੇ ਨੂੰ ਆਖਿਆ, “ਮੁਨਸ਼ੀ ਬਾਹਰ ਅੰਦਰ ਜਾ ਕੇ ਛੇਤੀ ਛੇਤੀ ਇਥੇ ਈ ਆ ਜਾਇਆ ਜੇ। ਹੋਰ ਕਿਧਰੇ ਨਾ ਜਾਣਾ।” ਲਾਲੇ ਨੇ ਕਿਹਾ, “ਘਰ ਜਾ ਕੇ ਰੋਟੀ ਟੁੱਕਰ ਤੇ ਪਕਾ ਕੇ ਖਾਣਾ ਏ ਨਾ।” ਉਹਨੇ ਆਖਿਆ ਕਿ ਮੈਂ ਦੋ ਬੰਦੇ ਤੁਹਾਡੇ ਨਾਲ ਘੱਲ ਦਿਆਂਗਾ, ਜਾ ਕੇ ਪਕਾ ਖਾ ਲਿਆ ਜੇ।” ਉਸ ਦੀ ਘਰ ਵਾਲੀ ਨੇ ਸਲਾਹ ਦਿੱਤੀ ਕਿ ਇੱਥੇ ਈ ਪਕਾ ਲਓ। ਪਰ ਲਾਲਾ ਨਾ ਮੰਨਿਆਂ।
ਜਦੋਂ ਮੈਂ ਉਹਨਾਂ ਦੇ ਘਰੋਂ ਬਾਹਰ ਨਿਕਲਿਆ ਤਾਂ ਵੇਖਿਆ ਕਿ ਗਲੀ ਵਿਚ ਕਣਕ ਖਿਲਰੀ ਹੋਈ ਏ। ਹਿੰਦੂਆਂ ਦੇ ਘਰਾਂ ਦੇ ਬੂਹੇ ਚੌੜ ਚਪੱਟ ਖੁੱਲ੍ਹੇ ਹੋਏ ਨੇ ਅਤੇ ਅੰਦਰ ਕੁਝ ਵੀ ਨਹੀਂ। ਜਦ ਮੈਂ ਬਾਜ਼ਾਰ ਵਿਚ ਆਇਆ ਤਾਂ ਸਾਰੀਆਂ ਹੱਟੀਆਂ ਦੇ ਬੂਹੇ ਖੁਲ੍ਹੇ ਹੋਏ ਸਨ ਅਤੇ ਕਿਸੇ ਦੀ ਹੱਟੀ ਵਿਚ ਕੋਈ ਸ਼ੈਅ ਵੀ ਨਹੀਂ ਸੀ। ਰਾਤੋ ਰਾਤ ਹਿੰਦੂਆਂ ਸਿੱਖਾਂ ਦੇ ਘਰ ਲੁੱਟ ਲਏ ਗਏ ਸਨ। ਜਦੋਂ ਮੈਂ ਆਪਣੇ ਘਰ ਕੋਲ ਗਿਆ ਤਾਂ ਉਥੇ ਇਕ ਆਦਮੀ ਬਲਮ ਲਈ ਥੜ੍ਹੀ ਉਤੇ ਬੈਠਾ ਸੀ। ਬੂਹੇ ਨੂੰ ਜੰਦਰਾ ਵੱਜਾ ਹੋਇਆ ਸੀ। ਮੈਂ ਉਹਨੂੰ ਵੇਖ ਕੇ ਪਰਤ ਗਿਆ। ਜਦੋਂ ਮੈਂ ਚੜ੍ਹਦੇ ਪਾਸੇ ਸਚਦੇਵਾਂ ਦੇ ਮਹੱਲੇ ਗਿਆ ਤਾਂ ਉਥੇ ਵੀ ਇਹੋ ਹਾਲ ਸੀ। ਸਾਰੇ ਪਿੰਡ ਵਿਚ ਤਿੰਨ ਘਰ ਲੁੱਟਣੋਂ ਬਚੇ ਸਨ,ਜਿੰਨ੍ਹਾਂ ਵਿਚ ਇਕ ਸਾਡਾ ਘਰ ਸੀ। ਸਾਡੇ ਘਰ ਨੂੰ ਹਾਕਮ ਮੁਹੰਮਦ ਜੱਟ ਨੇ ਲੁੱਟਣੋਂ ਬਚਾਇਆ ਸੀ।
ਜ਼ਰਾ ਕੁ ਦਿਨ ਚੜ੍ਹਿਆ ਤਾਂ ਮੁਸਲਮਾਨਾਂ ਨੇ ਹਿੰਦੂਆਂ ਸਿੱਖਾਂ ਨੂੰ ਕਿਹਾ ਕਿ ਜੇ ਉਹ ਬਚਣਾ ਚਾਹੁੰਦੇ ਹਨ ਤਾਂ ਮਸੀਤੇ ਜਾ ਕੇ ਇਸਲਾਮ ਕਬੂਲ ਕਰ ਲੈਣ ਤੇ ਕਲਮਾਂ ਪੜ੍ਹ ਲੈਣ। ਸਾਰੇ ਬੰਦੇ ਇਸ ਗੱਲ ਵਾਸਤੇ ਰਾਜ਼ੀ ਹੋ ਗਏ ਅਤੇ ਮਸੀਤੇ ਜਾ ਕੇ ਬਹਿ ਗਏ। ਚਾਰ ਪੰਜ ਨਾਈ ਆਪਣੀਆਂ ਰਛਾਨੀਆਂ ਲੈ ਕੇ ਉਥੇ ਆਏ। ਉਹਨਾਂ ਨੇ ਹਿੰਦੂਆਂ ਦੀਆਂ ਮੁੱਛਾਂ ਕੱਟ ਕੇ ਮੁਸਲਮਾਨਾਂ ਵਰਗੀਆਂ ਬਣਾ ਦਿੱਤੀਆਂ ਅਤੇ ਸਿੱਖਾਂ ਦੇ ਕੇਸ ਦਾੜ੍ਹੀ ਕੱਟ ਕੇ ਉਹਨਾਂ ਦਾ ਹੁਲੀਆ ਮੁਸਲਮਾਨਾਂ ਵਰਗਾ ਬਣਾ ਦਿੱਤਾ ਅਤੇ ਸਭ ਨੂੰ ਗਊ ਦਾ ਮਾਸ ਖੁਆਇਆ। ਹਰ ਇਕ ਨੇ ਆਪਣਾ ਮੁਸਲਮਾਨਾ ਨਾ ਲਿਖ ਕੇ ਬਿੱਲਾ ਜਿਹਾ ਆਪਣੇ ਮੋਢੇ ਉਤੇ ਲਾ ਲਿਆ। ਮੇਰੇ ਲਾਲੇ ਨੇ ਆਪਣੀਆਂ ਸੋਨੇ ਦੀਆਂ ਮੁਰਕੀਆਂ ਤੇ ਬਾਂਹ ਤੋਂ ਚਾਂਦੀ ਦਾ ਨੰਣਤ ਲਾਹ ਕੇ ਤੂੜੀ ਵਾਲੇ ਕੋਠੇ ਵਿਚ ਲੁਕਾ ਦਿੱਤਾ ਸੀ।
ਮੈਂ ਬਾਹਰੋਂ ਹੋ ਕੇ ਘਰ ਵੱਲ ਪਿਆ ਆਉਂਦਾ ਸੀ ਕਿ ਰੋਲਾ ਪੈ ਗਿਆ , “ਭੱਜੋ,ਭੱਜੋ ਮਾਰਨ ਵਾਲੇ ਆ ਗਏ ਨੇ।” ਮੈਂ ਜਦੋਂ ਘਰ ਅੱਪੜਿਆ ਤਾਂ ਘਰ ਨੂੰ ਜੰਦਰਾ ਵੱਜਾ ਵੇਖ ਕੇ ਮੈਂ ਹਾਕਮ ਮੁਹੰਮਦ ਦੇ ਘਰ ਵੱਲ ਨੱਸਿਆ। ਰਾਹ ਵਿਚ ਇਕ ਬਲਮ ਵਾਲਾ ਬੰਦਾ ਮੈਨੂੰ ਮਾਰਨ ਲਈ ਮੇਰੇ ਮਗਰ ਭੱਜਿਆ। ਉਹਨੂੰ ਇਕ ਹੋਰ ਬਲਮ ਵਾਲੇ ਬੰਦੇ ਨੇ ਇਹ ਆਖ ਕੇ ਰੋਕਿਆ, “ਨਾ ਮਾਰੀਂ ਉਏ! ਇਹ ਆਪਣੇ ਮੁਨਸ਼ੀ ਹੋਰਾਂ ਦਾ ਪੁੱਤਰ ਏ।” ਉਹ ਮੇਰੇ ਕੋਲ ਆਇਆ ਤੇ ਮੈਨੂੰ ਨਾਲ ਲੈ ਕੇ ਹਾਕਮ ਮੁਹੰਮਦ ਦੇ ਘਰ ਛੱਡ ਗਿਆ। ਆਪ ਕਾਫ਼ਰਾਂ ਨੂੰ ਮਾਰਨ ਤੁਰ ਗਿਆ।
ਜਦੋਂ ਮੈਂ ਉਹਨਾਂ ਦੇ ਵਿਹੜੇ ਵਿਚ ਗਿਆ ਤਾਂ ਉਥੇ ਮੇਰਾ ਨਿੱਕਾ ਭਰਾ ਸਤਪਾਲ, ਜਿਸ ਦੀ ਉਮਰ ਨੌਂ-ਦਸ ਵਰ੍ਹੇ ਸੀ, ਖਲੋਤਾ ਸੀ। ਹਾਕਮ ਮੁਹੰਮਦ ਦੀ ਘਰ ਵਾਲੀ ਹਾਕਮ ਬੀਬੀ ਨੇ ਸਾਨੂੰ ਦੋਹਾਂ ਭਰਾਵਾਂ ਨੂੰ ਆਪਣੇ ਪਸਾਰ ਵਿਚ ਨਵਾਰੀ ਪਲੰਘ ਕੰਧ ਨਾਲ ਖੜ੍ਹਾ ਕਰ ਕੇ ਉਹਦੇ ਪਿੱਛੇ ਲੁਕਾ ਦਿੱਤਾ। ਆਪ ਵਿਹੜੇ ਵਿਚ ਜ਼ਨਾਨੀਆਂ ਕੋਲ ਜਾ ਬੈਠੀ। ਕੁਝ ਚਿਰ ਪਿੱਛੋਂ ਮੌਲਵੀ ਫਿ਼ਆਜ਼ ਦਾ ਭਰਾ ਮੌਲਵੀ ਅਬਦੁਲ ਕਰੀਮ ਉਥੇ ਆਇਆ। ਉਹਨੇ ਬਾਰੀ ਕੋਲ ਖਲੋ ਕੇ ਹਾਕਮ ਬੀਬੀ ਨੂੰ ਪੁੱਛਿਆ ਕਿ ਦੋਵੇਂ ਮੁੰਡੇ ਇੱਥੇ ਈ ਨੇ? ਮੌਲਵੀ ਨੇ ਦੱਸਿਆ ਕਿ ਮੁਨਸ਼ੀ ਹੋਰਾਂ ਦਾ ਪਿਉ ਤਾਂ ਮਾਰਿਆ ਗਿਆ ਹੈ ਪਰ ਮੁਨਸ਼ੀ ਹੋਰਾਂ ਦਾ ਕੁਝ ਪਤਾ ਨਹੀਂ। ਉਨ੍ਹਾਂ ਦੀ ਕਾਕੀ ਸਾਡੇ ਘਰ ਏ।-ਉਹਦੀ ਇਹ ਗੱਲ ਮੈਂ ਪਲੰਘ ਪਿੱਛੇ ਲੁਕੇ ਹੋਏ ਨੇ ਸੁਣ ਲਈ ਸੀ।
ਕੁਝ ਚਿਰ ਪਿੱਛੋਂ ਸਤਪਾਲ ਰੋਣ ਲੱਗ ਪਿਆ। ਮੈਂ ਉਹਨੂੰ ਵਰਚਾਉਂਦਾ ਪਿਆ ਸੀ ਕਿ ਦੋ ਬੰਦੇ ਜਿਹੜੇ ਸਾਡੇ ਪਿੰਡ ਦੇ ਈ ਸਨ ਤੇ ਹਾਕਮ ਮੁਹੰਮਦ ਨਾਲ ਉਹਨਾਂ ਦਾ ਵੈਰ ਸੀ, ਹੱਥ ਵਿਚ ਬਲਮਾਂ ਫੜੀ ਆ ਗਏ ਤੇ ਹਾਕਮ ਬੀਬੀ ਨੂੰ ਆਖਣ ਲੱਗੇ, “ਚਾਚੀ ਤੁਹਾਡੇ ਅੰਦਰ ਪੰਡਤਾਂ ਦੇ ਮੁੰਡੇ ਨੇ। ਉਹਨਾਂ ਨੂੰ ਬਾਹਰ ਕੱਢ ਨਹੀਂ ਤਾਂ ਅਸੀਂ ਹੋਰ ਬੰਦੇ ਲਿਆ ਕੇ ਉਹਨਾਂ ਨੂੰ ਦੱਸਾਂਗੇ ਕਿ ਤੁਸੀਂ ਕਾਫ਼ਰਾਂ ਨੂੰ ਪਨਾਹ ਦਿੱਤੀ ਹੋਈ ਹੈ।” ਹਾਕਮ ਬੀਬੀ ਨੇ ਉਹਨਾਂ ਨੂੰ ਆਖਿਆ, “ਏਨੇ ਤੱਤੇ ਨਾ ਹੋਵੋ, ਤੁਸੀਂ ਅੰਦਰ ਵੜ ਕੇ ਆਪ ਈ ਵੇਖ ਲਵੋ। ਚੱਲੋ ਮੇਰੇ ਨਾਲ ਅੰਦਰ।” ਇੰਨੀ ਗੱਲ ਆਖ ਕੇ ਉਹ ਦੋਹਂਾ ਨੂੰ ਅੰਦਰ ਲੈ ਆਈ। ਮੈਂ ਸਤਪਾਲ ਦੇ ਮੂੰਹ ਅੱਗੇ ਹੱਥ ਰੱਖ ਦਿੱਤਾ ਤੇ ਇਸ਼ਾਰੇ ਨਾਲ ਉਹਨੂੰ ਚੁੱਪ ਰਹਿਣ ਲਈ ਆਖਿਆ। ਉਹ ਦੋਵੇਂ ਅੰਦਰ, ਪਿਛਲੀ ਕੋਠੜੀ ਵਿਚ ਵੜ ਕੇ ,ਝਾਤੀਆਂ ਮਾਰ ਕੇ ਬਾਹਰ ਨਿਕਲ ਗਏ ਤੇ ਸ਼ਰਮਿੰਦੇ ਜਿਹੇ ਹੋ ਕੇ ਟੁਰ ਗਏ। ਉਹਨਾਂ ਦੇ ਪਰਤ ਜਾਣ ਮਗਰੋਂ ਹਾਕਮ ਬੀਬੀ ਨੇ ਸਾਨੂੰ ਪਾਣੀ ਪਿਆਇਆ। ਉਹ ਸਾਨੂੰ ਸਿਖ਼ਰ ਦੁਪਹਿਰੇ ਆਪਣੇ ਖੂਹ ਰਾਂਝਿਆਂ ਵਾਲੇ ਲੈ ਗਈ ਅਤੇ ਸਾਨੂੰ ਕਮਾਦ ਵਿਚ ਲੁਕਾ ਪਿੰਡ ਟੁਰ ਗਈ।
ਥੋੜ੍ਹੇ ਚਿਰ ਪਿੱਛੋਂ ਮੈਨੂੰ ਪਤਾ ਲੱਗਾ ਕਿ ਉਥੇ ਹੋਰ ਵੀ ਕਈ ਬੰਦੇ ਲੁਕੇ ਹੋਏ ਸਨ। ਕੁਝ ਚਿਰ ਪਿੱਛੋਂ ਕਿਸੇ ਨੇ ਮੇਰਾ ਨਾਂ ਲੈ ਕੇ ਆਵਾਜ਼ ਮਾਰੀ ਪਰ ਮੈਂ ਨਾ ਬੋਲਿਆ। ਜਦੋਂਉਹਨੇ ਦੂਜੀ ਆਵਾਜ਼ ਮਾਰੀ ਤਾਂ ਮੈਂ ਉਹਦੀ ਆਵਾਜ਼ ਪਛਾਣ ਲਈ। ਉਹ ਮਾਸਟਰ ਮੁਹੰਮਦ ਫਿ਼ਆਜ਼ ਦਾ ਪੁੱਤਰ ਮੁਹੰਮਦ ਯੂਸਫ਼ ਸੀ। ਉਹ ਮੇਰਾ ਜਮਾਤੀ ਸੀ। ਉਹਦੀ ਆਵਾਜ਼ ਸੁਣ ਕੇ ਅਸੀਂ ਦੋਵੇਂ ਭਰਾ ਕਮਾਦ ਵਿਚੋਂ ਬਾਹਰ ਨਿਕਲੇ ਤਾਂ ਉਹ ਸਾਨੂੰ ਕਮਾਦ ਦੀ ਕਿਸੇ ਹੋਰ ਪੈਲੀ ਵਿਚ ਵਾੜ ਕੇ ਆਪ ਬਾਹਰ ਬੰਨੀਂ ਉੱਪਰ ਖਲੋਤਾ ਰਿਹਾ।ਉਹਨੇ ਦੱਸਿਆ ਕਿ ਕੁਝ ਬੰਦੇ ਘੋੜੀਆਂ ਉਤੇ ਚੜ੍ਹ ਕੇ ਕਮਾਦਾਂ ਦੀਆਂ ਪੈਲੀਆਂ ਫੋਲਦੇ ਫਿਰਦੇ ਪਏ ਨੇ ਤੇ ਉਹਨਾਂ ਵਿਚ ਲੁਕੇ ਹਿੰਦੂਆਂ ਸਿੱਖਾਂ ਨੂੰ ਲੱਭ ਕੇ ਮਾਰਦੇ ਪਏ ਨੇ।
ਕੁਝ ਚਿਰ ਪਿੱਛੋਂ ਉਹ ਸਾਨੂੰ ਹਾਕਮ ਮੁਹੰਮਦ ਦੇ ਘਰ ਛੱਡ ਗਿਆ ਤੇ ਅਸੀਂ ਫਿਰ ਉਸੇ ਪਲੰਘ ਦੇ ਪਿੱਛੇ ਜਾ ਲੁਕੇ। ਇੰਨੇ ਨੂੰ ਗਲੀ ਵਿਚੋਂ ਭੋਲੇ ਚੌਕੀਦਾਰ ਦੀ ਆਵਾਜ਼ ਆਈ। ਉਹ ਹੋਕਾ ਦੇ ਗਿਆ ਸੀ, “ਲੋਕੋ ਪੰਜ ਸੱਤ ਰੋਟੀਆਂ ਵੱਧ ਪਕਾਓ। ਨਿੱਕੇ ਨਿੱਕੇ ਬਾਲ ਤੇ ਜ਼ਨਾਨੀਆਂ ਕੱਲ੍ਹ ਦੇ ਭੁੱਖੇ ਨੇ। ਉਹਨਾਂ ਦਾ ਰੋਣ ਵੇਖਿਆ ਨਹੀਂ ਜਾਂਦਾ।” ਉਹਦੀ ਆਵਾਜ਼ ਵਿਚ ਤਰਲਾ ਜਿਹਾ ਸੀ। ਦੂਜੇ ਫੇਰੇ ਉਸ ਨੇ ਹੋਕਾ ਦਿੱਤਾ, “ਜਿੱਥੇ ਵੀ ਕੋਈ ਹਿੰਦੂ ਲੁਕਿਆ ਹੋਇਆ ਏ ਉਹ ਨਿਡਰ ਹੋ ਕੇ ਪਿੰਡ ਦੇ ਦਾਰੇ ਵਿਚ ਆ ਜਾਏ। ਹੁਣ ਡਰਨ ਦੀ ਲੋੜ ਨਹੀਂ । ਪੁਲਿਸ ਆ ਗਈ ਏ।”
ਸਾਨੂੰ ਦੋਹਾਂ ਭਰਾਵਾਂ ਨੂੰ ਹਾਕਮ ਬੀਬੀ ਨੇ ਕਿਸੇ ਨਾਲ ਦਾਰੇ ਵਿਚ ਘੱਲ ਦਿੱਤਾ। ਸ਼ਾਮ ਪੈਣ ਵਾਲੀ ਸੀ। ਉਥੇ ਦਾਰੇ ਵਿਚ ਹਿੰਦਣੀਆਂ ਤੇ ਸਿੱਖਣੀਆਂ ਡਰੀਆਂ ਹੋਈਆਂ ਆਪਣੇ ਬਾਲਾਂ ਨੂੰ ਲਈ ਬੈਠੀਆਂ ਸਨ ਅਤੇ ਕੁਝ ਬੰਦੇ ਸਨ ਜਿਨ੍ਹਾਂ ਵਿਚੋਂ ਕੁਝ ਫੱਟੜ ਸਨ। ਅਸੀਂ ਦੋਵੇਂ ਭਰਾ ਆਪਣੇ ਭਾਪੇ ਨੂੰ ਲੱਭਦੇ ਫਿਰਦੇ ਸਾਂ। ਸਾਡੀ ਭੈਣ ਵੀ ਉਥੇ ਆ ਗਈ ਸੀ। ਸਾਡਾ ਗੁਆਂਢੀ ਨੂਰ ਮੁਹੰਮਦ ਬੜਾ ਖ਼ੁਸ਼ ਸੀ। ਉਹ ਕੁਰਸੀ ਉਤੇ ਬੈਠਾ ਮਾਰੇ ਗਏ ਬੰਦਿਆਂ ਦੀ ਲਿਸਟ ਬਣਾ ਰਿਹਾ ਸੀ। ਮੈਂ ਉਹਨੂੰ ਜਾ ਕੇ ਕਿਹਾ , “ਚਾਚਾ, ਭਾਪੇ ਤੇ ਲਾਲੇ ਦਾ ਕੁਝ ਪਤਾ ਨਹੀੰ ਕਿੱਥੇ ਨੇ?” ਉਹਨੇ ਲਿਸਟ ਵੇਖੀ ਤੇ ਆਖਿਆ ਕਿ ਤੇਰਾ ਭਾਪਾ ਤਾਂ ਨਹੀਂ ਮਾਰਿਆ ਗਿਆ। ਉਹਨੇ ਕੋਲ ਖਲੋਤੇ ਬੰਦਿਆਂ ਨੂੰ ਪੁੱਛਿਆ, “ਕਿਉਂ ਭਈ! ਮੁਨਸ਼ੀ ਤੀਰਥ ਰਾਮ ਨੂੰ ਤੇ ਕੁਝ ਨਹੀੰ ਨਾ ਹੋਇਆ?” ਇਕ ਬੰਦੇ ਨੇ ਆਖਿਆ, “ਮਲਕ ਜੀ! ਅਸੀਂ ਤੇ ਉਹਨਾਂ ਨੂੰ ਕੁਝ ਨਹੀਂ ਕੀਤਾ ਪਰ ਉਹਨਾਂ ਦਾ ਪਿਉ ਤਾਂ ਮਾਰਿਆ ਗਿਆ ਏ।” ਇਹ ਗੱਲ ਸੋਚਣ ਵਾਲੀ ਏ ਕਿ ਨੂਰਾ ਤੇਲੀ ਰਾਤੋ ਰਾਤ ਮਲਕ ਕਿਵੇਂ ਬਣ ਗਿਆ!
ਏਨੇ ਨੂੰ ਚੌਕੀਦਾਰ ਰੋਟੀਆਂ ਦਾ ਟੋਕਰਾ ਤੇ ਬਾਲਟੀ ਅਚਾਰ ਦੀ ਲੈ ਕੇ ਉਥੇ ਆ ਗਿਆ। ਕੁਝ ਮੁਸਲਮਾਨਾਂ ਨੇ ਰਲ ਕੇ ਬਚੇ ਸਾਰੇ ਹਿੰਦੂਆਂ ਸਿੱਖਾਂ ਨੂੰ ਅਤੇ ਜ਼ਨਾਨੀਆਂ ਨੂੰ ਰੋਟੀਆਂ ਤੇ ਅਚਾਰ ਵੰਡਣਾਂ ਸ਼ੁਰੂ ਕਰ ਦਿੱਤਾ। ਮੈਂ ਵੀ ਉਥੇ ਦੋ ਰੋਟੀਆਂ ਅਚਾਰ ਨਾਲ ਖਾਧੀਆਂ ਤੇ ਬੁੱਕ ਨਾਲ ਪਾਣੀ ਪੀਤਾ। ਇਹ ਉਹ ਹੀ ਜ਼ਨਾਨੀਆਂ ਸਨ ਜਿਹੜੀਆਂ ਮੁਸਲਮਾਨਾਂ ਦੇ ਪਰਛਾਵੇਂ ਤੋਂ ਵੀ ਦੂਰ ਰਹਿੰਦੀਆਂ ਸਨ। ਉਹਨਾਂ ਦੇ ਨਾਲ ਲੱਗਣ ਦਾ ਸਵਾਲ ਈ ਪੈਦਾ ਨਹੀਂ ਸੀ ਹੁੰਦਾ। ਹੁਣ ਉਹਨਾਂ ਨੂੰ ਮੁਸਲਮਾਨਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣੀਆਂ ਪਈਆਂ ਸਨ।
ਥੋੜ੍ਹੇ ਚਿਰ ਮਗਰੋਂ ਉਥੇ ਥਾਣੇਦਾਰ ਤੇ ਦੋ ਸਿਪਾਹੀ ਆ ਗਏ। ਲੁੱਟੇ ਹੋਏ ਕੱਪੜੇ ਤੇ ਕੁਝ ਪਿੱਤਲ ਦੇ ਭਾਂਡੇ ਪਤਾ ਨਹੀਂ ਕਿਸ ਨੇ ਉਥੇ ਲਿਆ ਕੇ ਰੱਖ ਦਿੱਤੇ। ਤਦ ਨੂੰ ਭਾਪਾ ਜੀ ਮੇਰੇ ਨਿੱਕੇ ਭਰਾ ਨੂੰ ਕੁੱਛੜ ਚੁੱਕੀ ਆ ਗਏ। ਉਹਨਾਂ ਦੇ ਨਾਲ ਚੌਧਰੀ ਹਾਕਮ ਮੁਹੰਮਦ ਸੀ। ਉਹ ਦੋਵੇਂ ਸਾਡੇ ਕੋਲ ਆਏ ਤੇ ਸਾਡੀ ਜਾਨ ਵਿਚ ਜਾਨ ਆਈ। ਥਾਣੇਦਾਰ ਨੇ ਐਲਾਨ ਕੀਤਾ ਕਿ ਹਿੰਦੂ-ਸਿੱਖ ਰਾਤੀਂ ਧਰਮਸਾਲਾ ਵਿਚ ਰਹਿਣਗੇ ਅਤੇ ਦੋ ਸਿਪਾਹੀ ਪਹਿਰਾ ਦੇਣਗੇ। ਸਾਰੇ ਲੋਕ ਉਠ ਕੇ ਧਰਮਸਾਲਾ ਨੂੰ ਜਾਣ ਲਈ ਤੁਰ ਪਏ।ਮੈਂ ਧਿਆਨ ਮਾਰਿਆ ਤੇ ਵੇਖਿਆ ਕਿ ਹੱਟੀਆਂ ਨੂੰ ਅੱਗ ਲੱਗੀ ਹੋਈ ਸੀ। ਇਕ ਜ਼ਨਾਨੀ ਦੂਜੀ ਨੂੰ ਦੱਸ ਰਹੀ ਸੀ ਕਿ ਔਂਤਰ-ਜਾਣਿਆਂ ਨੇ ਹੱਟੀਆਂ ਨੂੰ ਅੱਗ ਲਾ ਕੇ ਮੁਰਦੇ ਵਿਚ ਸੁੱਟ ਦਿੱਤੇ ਨੇ।
ਮੂਲ ਰਾਜ ਠੇਕੇਦਾਰ ਪੁਲਿਸ ਦਾ ਟਾਊਟ ਸੀ ਅਤੇ ਇਸ ਵੇਲੇ ਵੀ ਜਦ ਕਿ ਉਹ ਆਪ ਵੀ ਮੌਤ ਦੇ ਮੂੰਹੋਂ ਬਚਿਆ ਸੀ, ਆਪਣੀ ਕਰਤੂਤੋਂ ਬਾਜ਼ ਨਾ ਆਇਆ। ਉਹਨੇ ਲੋਕਾਂ ਨੂੰ ਕਿਹਾ, “ਥਾਣੇਦਾਰ ਹੁਰੀਂ ਸਾਨੂੰ ਵਜ਼ੀਰਾਬਾਦ ਦੇ ਕੈਂਪ ਵਿਚ ਅਪੜਾਉਣ ਲਈ ਤਿਆਰ ਨੇ ਪਰ ਇਸ ਕੰਮ ਲਈ ਉਹ ਸੋਨਾ ਜਾਂ ਹਰ ਟੱਬਰ ਦਾ ਤਿੰਨ ਸੌ ਰੁਪਿਆ ਮੰਗਦੇ ਨੇ।” ਥਾਣੇਦਾਰ ਨੂੰ ਵੀ ਪਤਾ ਸੀ ਕਿ ਜਿਹੜੇ ਲੋਕ ਬਚ ਗਏ ਹਨ ਇਹਨਾਂ ਕੋਲ ਥੋੜ੍ਹਾ ਬਹੁਤ ਸੋਨਾ ਤਾਂ ਹੈ ਈ ਏ। ਠੇਕੇਦਾਰ ਨੇ ਕਿਹਾ ਕਿ ਧਰਮਸਾਲਾ ਵਿਚ ਜਾ ਕੇ ਸਾਰੇ ਬਹਿ ਕੇ ਸਲਾਹ ਕਰ ਲਵੋ, ਥਾਣੇਦਾਰ ਹੁਰੀਂ ਸਵੇਰੇ ਫਿਰ ਆਉਣਗੇ। ਥਾਣੇਦਾਰ ਟੁਰ ਗਿਆ ਤੇ ਲੋਕ ਧਰਮਸਾਲਾ ਵਿਚ ਆ ਗਏ।
ਚੌਧਰੀ ਹਾਕਮ ਨੇ ਭਾਪਾ ਜੀ ਨੂੰ ਆਖਿਆ, “ਮੁਨਸ਼ੀ,ਸਵੇਰ ਤਾਈਂ ਇਹਨਾਂ ‘ਚੋਂ ਕੋਈ ਵੀ ਨਹੀਂ ਬਚਣਾ। ਤੂੰ ਨਿੱਕਿਆਂ ਨੂੰ ਨਾਲ ਲੈ ਕੇ ਮੇਰੇ ਘਰ ਚੱਲ।” ਅਸੀਂ ਸਾਰੇ ਉਹਦੇ ਘਰ ਆ ਗਏ। ਰਾਤੀਂ ਉਥੇ ਰੋਟੀ ਖਾਧੀ ਤਾਂ ਪਤਾ ਲੱਗਾ ਕਿ ਕੱਲ੍ਹ ਰਾਤੀਂ ਜਿਹੜੇ ਤਿੰਨ ਸਿੱਖ ਪਿਉ ਪੁਤਰ ਇੱਥੇ ਸੁਤੇ ਸਨ ਉਹ ਤਿੰਨੇ ਵੱਢੇ ਗਏ ਹਨ । ਹਾਕਮ ਬੀਬੀ ਨੇ ਦੱਸਿਆ ਕਿ ਦੀਵਾਨ ਗੰਜੇ ਦਾ ਘਰ ਜਦੋਂ ਲੁੱਟਿਆ ਗਿਆ ਤਾਂ ਉਹਦੀ ਘਰ ਵਾਲੀ ਵਿਦਿਆ ਡਰ ਕੇ ਭੱਜੀ ਤੇ ਉਹਨੂੰ ਵਿਚਾਰੀ ਨੂੰ ਬਾਲ ਹੋ ਗਿਆ। ਉਹਦੀ ਗਆਂਢਣ ਸ਼ਰੀਫ਼ਾਂ ਨੇ ਉਹਨੂੰ ਸੰਭਾਲਿਆ। ਰੱਬ ਨੇ ਵਿਚਾਰੀ ਨਾਲ ਕਿੰਨੀ ਬੁਰੀ ਕੀਤੀ। ਮੇਰੀ ਭੈਣ ਦਰਸ਼ਣਾ ਨੇ ਦੱਸਿਆ ਕਿ ਜਿਹੜੇ ਘਰ ਵਿਚ ਉਹ ਲੁਕੀ ਸੀ, ਉਥੇ ਜਾਗਰ ਸਿੰਘ ਜੱਟ ਨੇ ਆਪਣੀਆਂ ਦੋ ਜਵਾਨ ਧੀਆਂ ਨੂੰ ਆਪਣੇ ਹੱਥੀਂ ਕਿਰਪਾਨ ਨਾਲ ਵੱਢ ਦਿੱਤਾ ਤਾਂ ਜੋ ਮੁਸਲਮਾਨ ਉਹਨਾਂ ਨੂੰ ਚੁੱਕ ਕੇ ਨਾ ਲੈ ਜਾਣ। ਉਹਦੀ ਵੇਖਾ ਵੇਖੀ ਉਥੇ ਬੈਠੇ ਚੂਨੀ ਲਾਲ ਕਾਲੜੇ ਨੇ ਜਿਸ ਦਾ ਨਵਾਂ ਨਵਾਂ ਵਿਆਹ ਹੋਇਆ ਸੀ, ਉਹਦੇ ਹੱਥੋਂ ਆਪਣੀ ਵਹੁੱਟੀ ਨੂੰ ਕਤਲ਼ ਕਰਵਾ ਦਿੱਤਾ। ਅੱਧੀ ਰਾਤ ਤਾਈਂ ਇਸੇ ਲੁੱਟ ਮਾਰ ਦੀਆਂ ਗੱਲਾਂ ਕਰਨ ਤੋਂ ਬਾਅਦ ਅਸੀਂ ਸੌਂ ਗਏ। ਸਵੇਰੇ ਉਠੇ ਤਾਂ ਹਾਕਮ ਮੁਹੰਮਦ ਨੇ ਕਿਹਾ, “ਮੁਨਸ਼ੀ ਹੁਣ ਜਿੱਥੇ ਜੀ ਕਰਦਾ ਜੇ ਫਿਰੋ ਟੁਰੋ। ਧਰਮਸਾਲਾ ਵਿਚ ਸੌਣ ਵਾਲੀਆਂ ਕਈ ਕੁੜੀਆਂ ਅਗਵਾ ਕਰ ਲਈਆਂ ਗਈਆਂ ਨੇ ਅਤੇ ਲੋਕ ਪ੍ਰਭਾਤ ਵੇਲੇ ਕਾਫ਼ਲਾ ਬਣਾ ਕੇ ਵਜ਼ੀਰਾਬਾਦ ਕੈਂਪ ਨੂੰ ਟੁਰ ਗਏ ਨੇ ਅਤੇ ਠੇਕੇਦਾਰ ਆਪਣੀ ਕਰਤੂਤ ਤੋਂ ਬਾਜ਼ ਨਹੀਂ ਆਇਆ।
ਮੈਂ ਸਵੇਰੇ ਭਾਪਾ ਜੀ ਦੇ ਨਾਲ ਬਾਹਰ ਅੰਦਰ ਗਿਆ ਤੇ ਅਸਾਂ ਸਾਰੇ ਪਿੰਡ ਦਾ ਚੱਕਰ ਲਾਇਆ। ਸਾਰਾ ਪਿੰਡ ਉਜੜਿਆ ਪੁਜੜਿਆ ਵੀਰਾਨ ਲੱਗਦਾ ਸੀ। ਹਿੰਦੂਆਂ ਸਿੱਖਾਂ ਦੇ ਬੂਹੇ ਚੌੜ-ਚੁਪੱਟ ਖੁੱਲ੍ਹੇ ਪਏ ਸਨ ਤੇ ਘਰ ਭਾਂ ਭਾਂ ਕਰਦੇ ਸਨ। ਜਦੋਂ ਅਸੀਂ ਆਪਣੇ ਘਰ ਆਏ ਤਾਂ, ਅੰਦਰ ਕੁਝ ਵੀ ਨਹੀਂ ਸੀ। ਸਾਰੇ ਘਰ ਵਿਚ ਹੂੰਝਾ ਫਿਰਿਆ ਹੋਇਆ ਸੀ। ਪਿੰਡ ਵਿਚ ਜਿਹੜਾ ਵੀ ਬੰਦਾ ਭਾਪਾ ਜੀ ਨੂੰ ਮਿਲਦਾ ਉਹ ਆਖਦਾ, “ਮੁਨਸ਼ੀ ਜੀ,ਤੁਸੀਂ ਨਾ ਇਥੋਂ ਜਾਇਆ ਜੇ। ਤੁਹਾਡੀ ਹਵਾ ਵੱਲ ਨਹੀਂ ਕੋਈ ਵੇਖ ਸਕਦਾ।”
ਇਕ ਮਰਾਸੀ ਨੇ ਭਾਪਾ ਜੀ ਦਾ ਹਾਲ ਚਾਲ ਪੁੱਛ ਕੇ ਆਖਿਆ, “ਪੰਡਤ ਜੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸੰਗਣਾ ਨਹੀਂ। ਮੇਰੇ ਹੁੰਦਿਆਂ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ।”
ਭਾਪਾ ਜੀ ਜਲੰਧਰ ਆ ਕੇ ਜਦੋਂ ਕਦੀ ਪਾਕਿਸਤਾਨ ਦੀਆਂ ਇਨ੍ਹਾਂ ਵਾਰਦਾਤਾਂ ਦੀਆਂ ਗੱਲਾਂ ਕਰਦੇ ਤਾਂ ਇਸ ਮਰਾਸੀ ਦੀ ਗੱਲ ਯਾਦ ਕਰਕੇ ਬੜੇ ਹੈਰਾਨ ਹੋ ਕੇ ਆਖਦੇ, “ਮਾਂ ਦੇ ਖ਼ਸਮ ਮਰਾਸੀ; ਜਿੰਨ੍ਹਾਂ ਕਦੀ ਰੱਜ ਕੇ ਰੋਟੀ ਨਹੀਂ ਸੀ ਖਾਧੀ,ਮੈਨੂੰ ਤਸੱਲੀਆਂ ਦੇਣ ਲੱਗੇ।”
ਅਸੀਂ ਚੌਧਰੀ ਹਾਕਮ ਦੇ ਘਰੋਂ ਨਿਕਲ ਕੇ ਮਾਸਟਰ ਫਿ਼ਆਜ਼ ਮੁਹੰਮਦ ਦੇ ਘਰ ਆ ਗਏ। ਸਾਰੇ ਪਿੰਡ ਵਿਚ ਕੋਈ ਹਿੰਦੂ ਨਹੀਂ ਸੀ ਰਿਹਾ। ਹੌਲੀ ਹੌਲੀ ਪਤਾ ਲੱਗਾ ਕਿ ਕੌਣ ਕਿਹੜੀ ਕੁੜੀ ਨੂੰ ਅਗਵਾ ਕਰਕੇ ਲੈ ਗਿਆ ਏ। ਹਿੰਦੂਆਂ-ਸਿੱਖਾਂ ਦੇ ਸਾਰੇ ਘਰ ਲੁੱਟ ਲਏ ਗਏ ਸਨ ਅਤੇ ਢਾਈ ਤਿੰਨ ਸੌ ਦੇ ਕਰੀਬ ਬੰਦੇ ਕਤਲ ਕਰ ਦਿੱਤੇ ਗਏ ਜਿਨ੍ਹਾਂ ਵਿਚ ਮੇਰਾ ਲਾਲਾ ਵੀ ਸੀ। ਕਈ ਤਾਂ ਪੂਰੇ ਦੇ ਪੂਰੇ ਟੱਬਰ ਈ ਮਾਰ ਦਿੱਤੇ ਗਏ। ਦਸ ਪੰਦਰਾਂ ਕੁੜੀਆਂ ਵੀ ਅਗਵਾ ਕਰ ਲਈਆਂ ਗਈਆਂ। ਸਾਰੇ ਪਿੰਡ ਵਿਚੋਂ ਦੋ ਬੰਦੇ ਇੰਦਰ ਸਿੰਘ ਅਤੇ ਬਹਾਦਰ ਸਿੰਘ ਈ ਬਚੇ ਸਨ ਜੋ ਸਿੱਖੀ ਬਾਣੇ ਨੂੰ ਬਚਾ ਕੇ ਸਹੀ ਸਲਾਮਤ ਅੰਮ੍ਰਿਤਸਰ ਆਏ ਸਨ। ਬਾਕੀ ਜਿਹੜਾ ਵੀ ਕੋਈ ਇਕ ਅੱਧਾ ਸਿੱਖ ਬਚਿਆ, ਉਹ ਕੇਸ ਕਟਾ ਕੇ ਆਪਣੇ ਮੁਸਲਮਾਨ ਦੋਸਤਾਂ ਦੀ ਮਦਦ ਸਦਕਾ ਈ ਬਚਿਆ। ਕਈ ਨਿੱਕੇ ਨੱਕੇ ਬੱਚੇ ਵੀ ਮਾਰੇ ਗਏ। ਪਰਕਾਸ਼ ਸਿੰਘ ਨੂੰ ਉਸਦੇ ਦੋਸਤ ਵੱਡੂ ਮਰਾਸੀ ਨੇ ਤੂੜੀ ਵਾਲੇ ਕੋਠੇ ਵਿਚ ਲੁਕਾ ਕੇ ਬਚਾਇਆ। ਉਸ ਵੇਲੇ ਕੇਸ ਮੁੰਨਣ ਲਈ ਕੋਈ ਸੈ਼ਅ ਨਾ ਲੱਭੀ ਤਾਂ ਉਹਨੇ ਪੱਠੇ ਕੁਤਰਣ ਵਾਲੀ ਮੁੱਢੀ ਉਤੇ ਸਿਰ ਰੱਖ ਕੇ ਟੋਕੇ ਨਾਲ ਉਸਦੇ ਕੇਸ ਕੱਟ ਕੇ ਛੱਤੇ ਜਿਹੇ ਬਣਾ ਦਿੱਤੇ ਤੇ ਉਹਦੀ ਸ਼ਕਲ ਮੁਸਲਮਾਨਾਂ ਵਰਗੀ ਬਣ ਗਈ। ਵੱਡੂ ਮਰਾਸੀ ਜੇ ਚਾਹੁੰਦਾ ਤਾਂ ਪਰਕਾਸ਼ ਸਿੰਘ ਦੀ ਧੌਣ ਵੀ ਵੱਢ ਸਕਦਾ ਸੀ।
ਕਈ ਅਜਿਹੀਆਂ ਗੱਲਾਂ ਹੋਈਆਂ ਜਿੰਨ੍ਹਾਂ ‘ਤੇ ਅੱਜ ਵਿਸ਼ਵਾਸ ਨਹੀਂ ਆਉਂਦਾ। ਪਿੰਡ ਦਾ ਕਿਸੇ ਵੇਲੇ ਬਹੁਤ ਖੱਬੀ ਖਾਂ ਰਿਹਾ ਇਕ ਜਿ਼ਮੀਂਦਾਰ, ਭਾਵੇਂ ਹੁਣ ਬੁੱਢਾ ਹੋ ਗਿਆ ਸੀ ਪਰ ਅਜੇ ਵੀ ਉਹਦੀ ਪਿੰਡ ਵਿਚ ਧਾਂਕ ਸੀ। ਉਹਦੇ ਚਾਰ ਪੁੱਤਰ ਸਨ ਤੇ ਪਿੰਡ ਵਿਚ ਅਜੇ ਵੀ ਉਸਦਾ ਬੜਾ ਰੋਅਬ ਸੀ। ਰੌਲਿਆਂ ਵਿਚ ਉਸਦੇ ਚਾਰੇ ਪੁੱਤਰ ਉਸਨੂੰ ਉਥੇ ਈ ਛੱਡ ਗਏ। ਪਤਾ ਨਹੀਂ ਉਹ ਕਤਲ ਹੋਣੋ ਕਿਵੇਂ ਬਚ ਗਿਆ! ਜਦੋਂ ਪਿੰਡ ਵਿਚ ਠੰਢ-ਠੀਰ ਹੋ ਗਈ ਤਾਂ ਉਹਦਾ ਅਚਾਨਕ ਭਾਪਾ ਜੀ ਨਾਲ ਮੇਲ ਹੋ ਗਿਆ। ਉਹਨੇ ਆਪਣੇ ਪੁੱਤਰਾਂ ਨੂੰ ਗਾਲ੍ਹਾਂ ਕੱਢਦਿਆਂ ਰੋਣਾ ਸ਼ੁਰੂ ਕਰ ਦਿੱਤਾ। ਉਹ ਆਖਦਾ ਸੀ, “ਮੈਂ ਹੁਣ ਕਿੱਥੇ ਜਾਵਾਂ! ਮੇਰੀ ਤੇ ਨਜ਼ਰ ਵੀ ਕੰਮ ਨਹੀਂ ਕਰਦੀ।”
ਮੇਰੀ ਘਰਵਾਲੀ ਦੱਸਦੀ ਏ ਕਿ ਜਦੋਂ ਉਹ ਕਾਫ਼ਲੇ ਨਾਲ ਆ ਰਹੀ ਸੀ ਤਾਂ ਰਾਹ ਵਿਚ ਇਕ ਜ਼ਨਾਨੀ ਨੇ ਆਪਣੀ ਢਾਈ ਤਿੰਨ ਸਾਲਾਂ ਦੀ ਕੁੜੀ ਨੂੰ ਇਸ ਲਈ ਨਹਿਰ ਵਿਚ ਸੁੱਟ ਦਿੱਤਾ ਸੀ ਕਿਉਂਕਿ ਉਹ ਟੁਰਦੀ ਟੁਰਦੀ ਥੱਕ ਕੇ ਰਾਹ ਵਿਚ ਬਹਿ ਜਾਂਦੀ ਸੀ ਅਤੇ ਉਹ ਜ਼ਨਾਨੀ ਉਸਨੂੰ ਚੁੱਕ ਨਹੀਂ ਸੀ ਸਕਦੀ, ਕਿਉਂਕਿ ਉਹਦੇ ਕੁੱਛੜ ਇਕ ਸਾਲ ਦੀ ਕੁੜੀ ਵੀ ਸੀ ਅਤੇ ਸਿਰ ‘ਤੇ ਕੱਪੜਿਆਂ ਦੀ ਗੰਢੜੀ ਸੀ।
ਮਾਸਟਰ ਫਿ਼ਆਜ਼ ਮੁਹੰਮਦ ਅਤੇ ਚੌਧਰੀ ਹਾਕਮ ਸਾਨੂੰ ਅਹਿਮਦ ਨਗਰ ਕੈਂਪ ਵਿਚ ਛੱਡ ਗਏ। ਜਦੋਂ ਅਸੀਂ ਕੈਂਪ ਵਿਚਂੋ ਟਰੱਕਾਂ ‘ਤੇ ਲਾਹੌਰ ਪਹੁੰਚੇ ਤਾਂ ਰਾਤ ਪੈ ਚੁੱਕੀ ਸੀ ਅਤੇ ਉਥੇ ਹਨੇਰਾ ਘੁੱਪ ਸੀ। ਉਥੇ ਲਾਹੌਰ ਵਿਚ ਲੱਗੇ ਕੈਂਪ ਵਿਚੋਂ ਬਹੁਤ ਸਾਰੇ ਲੋਕ ਸਮਾਨ ਉਤਾਰਨ ਵਿਚ ਮਦਦ ਕਰਨ ਲਈ ਆ ਗਏ। ਪਰ ਜਦੋਂ ਟਰੱਕ ਉਥੋਂ ਤੁਰ ਗਏ ਤਾਂ ਪਤਾ ਲੱਗਾ ਕਿ ਬਹੁਤੇ ਲੋਕਾਂ ਦਾ ਸਮਾਨ ਗੁਆਚ ਗਿਆ ਏ। ਕੈਂਪਾਂ ਵਿਚੋਂ ਸਹਾਇਤਾ ਕਰਨ ਲਈ ਆਏ ਬੰਦੇ ਹਨੇਰੇ ਦਾ ਫ਼ਾਇਦਾ ਉਠਾ ਕੇ ਸਮਾਨ ਲੈ ਕੇ ਆਪੋ ਆਪਣੇ ਕਮਰਿਆਂ ਵਿਚ ਚਲੇ ਗਏ। ਮੁਸਲਮਾਨਾਂ ਦੀ ਲੁੱਟ ਤੋਂ ਬਚ ਕੇ ਆ ਗਏ ਪਰ ਕੈਂਪ ਵਿਚ ਆਪਣੀ ਈ ਜ਼ਾਤ ਦੇ ਲੋਕਾਂ ਹੱਥੋਂ ਲੁੱਟੇ ਗਏ। ਆਖ਼ਰ ਉਸ ਕੈਂਪ ਦੇ ਲੋਕ ਵੀ ਕਿਧਰੋਂ ਲੁੱਟੇ ਪੁੱਟੇ ਆਏ ਹੋਣਗੇ। ਉਹਨਾਂ ਇਹ ਨਾ ਸੋਚਿਆ, ਅੱਗੇ ਉਹਨਾਂ ਨਾਲ ਕੀ ਹੋਈ ਏ ਤੇ ਹੁਣ ਉਹ ਕੀ ਕਰਦੇ ਪਏ ਨੇ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346