Welcome to Seerat.ca
Welcome to Seerat.ca

ਗੁਫ਼ਾ ਵਿਚਲੀ ਉਡਾਣ

 

- ਵਰਿਆਮ ਸਿੰਘ ਸੰਧੂ

ਕੀ ਸਿਸਕੀਆਂ ਕੀ ਚੀਕਾਂ

 

- ਜਗਜੀਤ

ਨ੍ਹਾਮਾ ਫਾਂਸੀਵਾਲ਼ਾ

 

- ਅਮਰਜੀਤ ਚੰਦਨ

ਮੇਰਾ ਚਹੇਤਾ ਅਧਿਆਪਕ - ਡਾ. ਕੇਸਰ ਸਿੰਘ ਕੇਸਰ

 

- ਬਲਦੇਵ ਸਿੰਘ ਧਾਲੀਵਾਲ

ਪੰਜਾਬੀ ਦੇ ਪੋਰਸ ਸੁਖਬੀਰ ਅਤੇ ਬੰਬਈ ਦੇ ਲੇਖਕਾਂ ਸੰਗ ਯਾਦਗਾਰੀ ਪਲ

 

- ਸੰਤੋਖ ਸਿੰਘ ਸੰਤੋਖ

ਸੁਰਿੰਦਰ ਨੀਰ ਦੇ ਮਹਾਂਕਾਵਿਕ ਨਾਵਲ ‘ਮਾਇਆ‘ ਨੂੰ ਪੜ੍ਹਦਿਆਂ, ਵਿਚਾਰਦਿਆਂਔਰਤ ਦੀ ਤਾਕਤ

 

- ਗੁਰਦਿਆਲ ਸਿੰਘ ਬੱਲ

ਟੇਢਾ ਰੰਗ / ਚੋਣ ਸਮੱਗਰੀ ਦੀ ਹੱਟੀ

 

- ਗੁਰਦੇਵ ਚੌਹਾਨ

ਗੈਬਰੌਨ ਦੀ ਯਾਤਰਾ

 

- ਗਿਆਨੀ ਸੰਤੋਖ ਸਿੰਘ

ਮਾਂ ਦਾ ਦੇਸ ਕਿ ਪ੍ਰਦੇਸ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਗਰੀਡੀ ਡੌਗ

 

- ਹਰਪ੍ਰੀਤ ਸੇਖਾ

ਬਾਬਾ ਬੂਝਾ ਸਿੰਘ

 

- ਅਜਮੇਰ ਸਿੱਧੂ

ਬਲੂ ਸਟਾਰ ਓਪ੍ਰੇਸ਼ਨ ਦੀ ਵਰ੍ਹੇ ਗੰਢ ਤੇ

 

- ਗੁਲਸ਼ਨ ਦਿਆਲ

ਸਾਹਿਤਕ ਸਵੈ-ਜੀਵਨੀ/ਪਹਿਲੀ ਸ਼ਾਬਾਸ਼

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ/ਸਾਂਝ ਤੇ ਵਿਰੋਧ ਦੀ ਦੋ-ਰੰਗੀ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਵਲੈਤ ਵਿੱਚ ਪੰਜਾਬ ਲਈ ਕੁਝ ਹੰਝੂ

 

- ਦਰਸ਼ਨ ਸਿੰਘ

ਅੱਤ ਖ਼ੁਦਾ ਦਾ ਵੈਰ

 

- ਸੁਖਦੇਵ ਸਿੱਧੂ

ਸਰਬਜੀਤ ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ..........!

 

- ਮਨਦੀਪ ਖੁਰਮੀ ਹਿੰਮਤਪੁਰਾ

ਮਿੰਨੀ ਕਹਾਣੀ/ ਦੂਹਰਾ ਝਾੜੂ....

 

- ਰਵੀ ਸੱਚਦੇਵਾ

ਕੀ ਸ਼ੇਰਾਂ ਨੂੰ ਵੀ ਏਡਜ਼ ਹੁੰਦੀ ਹੈ?

 

- ਬਰਜਿੰਦਰ ਗੁਲਾਟੀ

ਯਾਦਾਂ ਦੇ ਬਾਲ-ਝਰੋਖੇ ‘ਚੋਂ / ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨਦੀਪ ਸੰਧੂ

ਪਹਿਲੀ ਗੈਰ ਮਜ਼ਹਬੀ ਅਤੇ ਗੈਰ ਫ਼ਿਰਕੂ ਜਥੇਬੰਦ ਕੌਮੀ ਇਨਕਲਾਬੀ ਲਹਿਰ

 

- ਜਗਜੀਤ ਸਿੰਘ

ਪੁਸਤਿਕ ਰਵਿਊ / ਵਲੈਤ ਨੂੰ 82 ਚਿੱਠੀਆਂ ਅਤੇ ਕਾਵਿ ਸੰਗ੍ਰਹਿ ਦੂਜਾ ਜਨਮ

 

- ਦੇਵਿੰਦਰ ਨੌਰਾ

The Faith and Political Ideologies of Maulana Barkatullah Bhopali

 

- Mohammed Ayub Khan

ਨਿੱਕੀਆਂ ਵੱਡੀਆਂ ਧਰਤੀਆਂ

 

- ਇਕਬਾਲ ਰਾਮੂਵਾਲੀਆ

 

Online Punjabi Magazine Seerat

ਨ੍ਹਾਮਾ ਫਾਂਸੀਵਾਲ਼ਾ
- ਅਮਰਜੀਤ ਚੰਦਨ

 

Online Punjabi Magazine Seeratਪੰਜਾਬ ਦੀ ਧਰਤੀ ‘ਤੇ ਤੀਰਥ ਟਿਮ-ਟਿਮ ਕਰਦੇ ਹਨ - ਨਨਕਾਣਾ, ਅਮ੍ਰਿਤਸਰ, ਆਨੰਦਪੁਰ। ਇਕ ਥਾਂ ਇਸ ਲੋਕ ਦਾ ਤੀਰਥ ਹੈ - ਜਲੰਧਰ। ਇਸ ਨਗਰ ਥਾਣੀਂ ਲਹੌਰ ਦਿੱਲੀ ਨੂੰ ਜਾਂਦੀ ਜਰਨੈਲੀ ਸੜਕ ਦੇ ਕੰਢੇ ਵੀਹਵੀਂ ਸਦੀ ਦੇ ਪੰਜਾਬੀ ਦੇਸ਼ਭਗਤਾਂ ਦੀ ਬਣੀ ਯਾਦਗਾਰ ਹੈ। ਇਥੇ ਉਨ੍ਹਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਬਾਰੇ ਪਾਸ਼ ਨੇ ਲਿਖਿਆ ਸੀ:
ਵੱਟੋ-ਵੱਟ ਹੋ ਜਾਂਦੀ ਹੈ ਆਲਮ ਦੀ ਸਿਆਹ ਚਾਦਰ
ਜਦ ਵਿਹੜੇ ਵਿਚ ਕੁੱਕੜ ਦੀ ਬਾਂਗ ਛਣਕ ਉੱਠਦੀ ਹੈ
ਗੀਤ ਆਲ੍ਹਣਿਆਂ ਚੋਂ ਨਿਕਲ਼ ਕੇ ਬਾਹਰ ਆਉਂਦੇ ਹਨ
ਤੇ ਹਵਾ ਵਿਚ ਖੁਰਚ ਦਿੰਦੇ ਹਨ
ਸ਼ਹੀਦਾਂ ਦੇ ਅਮਿੱਟ ਚਿਹਰੇ
ਮਿੱਟੀ ਦਾ ਸਭ ਤੋਂ ਪੁਰਾਣਾ ਸਫ਼ਰ
ਚਾਨਣ ਦੀ ਪਹਿਲੀ ਸ਼ੁਆ ਸੰਗ
ਫੈਲਦੀਆਂ ਹਨ ਇਸ ਕਦਰ ਤਸਵੀਰਾਂ
ਕਿ ਦੇਸ਼ਭਗਤ ਯਾਦਗਾਰ ਦੀ ਮਜਬੂਰ ਵਲਗਣ ‘ਤੇ
ਬੇਪਰਵਾਹ ਹੱਸਦਾ ਹੈ ਤਸਵੀਰਾਂ ਦਾ ਆਕਾਰ
ਤੁਸੀਂ ਜਦ ਵੀ ਕਿਸੇ ਨੂੰ ਨਮਸਕਾਰ ਕਰਦੇ ਹੋ
ਜਾਂ ਹੱਥ ਮਿਲਾਉਂਦੇ ਹੋ
ਉਨ੍ਹਾਂ ਦੇ ਬੁੱਲ੍ਹਾਂ ਦੀ ਮੁਸਕਰਾਹਟ ਤੁਹਾਡੀ ਪ੍ਰਕਰਮਾ ਕਰਦੀ ਹੈ
ਤੁਸੀਂ ਜਦ ਕਿਤਾਬਾਂ ਪੜ੍ਹਦੇ ਹੋ
ਤਾਂ ਅੱਖਰਾਂ ‘ਤੇ ਫੈਲ ਜਾਂਦੇ ਹਨ ਉਨ੍ਹਾਂ ਦੇ ਅਮਲ…
…ਤੁਹਾਡੇ ਅੰਗਸੰਗ ਤੁਹਾਡੇ ਸ਼ਹੀਦ ਤੁਹਾਥੋਂ ਕੋਈ ਆਸ ਰਖਦੇ ਹਨ

ਇਨ੍ਹਾਂ ਚ ਇਕ ਤਸਵੀਰ ਹਰਨਾਮ ਚੰਦ ਦੀ ਹੈ; ਹੁਸ਼ਿਆਰਪੁਰ ਜਿਲ਼ੇ ਦੇ ਪਿੰਡ ਫ਼ਤਹਗੜ੍ਹ ਦੇ ਹਰਨਾਮ ਚੰਦ ਉਰਫ਼ ਨ੍ਹਾਮੇ ਦੀ। ਇਹ ਵੀਹਵੀਂ ਸਦੀ ਦੇ ਸ਼ੁਰੂ ਵਿਚ ਅਮਰੀਕਾ ਕਮਾਈ ਕਰਨ ਗਿਆ ਦੇਸ਼ਭਗਤਾਂ ਨਾਲ਼ ਰਲ਼ ਗਿਆ; ਹਥਿਆਰਾਂ ਨਾਲ਼ ਭਰੇ ਜਹਾਜ਼ ਚ ਦੇਸ ਪਰਤਦਾ ਫ਼ਰੰਗੀਆਂ ਦੇ ਕਾਬੂ ਆ ਗਿਆ ਤੇ ਉਨ੍ਹਾਂ ਇਹਨੂੰ ਲਹੌਰ ਲੈ ਜਾ ਕੇ 16 ਮਾਰਚ 1917 ਨੂੰ ਫਾਂਸੀ ਦੇ ਦਿੱਤੀ ਸੀ। ਫਾਂਸੀ ਤੋਂ ਦੋ ਮਹੀਨੇ ਪਹਿਲਾਂ ਇਹਨੇ ਅਪਣੇ ਘਰਦਿਆਂ ਨੂੰ ਉਰਦੂ ਚ ਕਾਰਡ ਲਿਖਿਆ ਸੀ:

ਲਹੌਰ ਸੈਂਟਰਲ ਜੇਲ 8.1.17
ਨ੍ਹਾਮਾ ਫਾਂਸੀਵਾਲਾ
ਭਾਈ ਸਾਹਬ ਦੀਵਾਨਚੰਦ ਨਮਸਤੇ ਮੁਝ ਕੋ 5 ਮਾਹ ਹਾਲ ਕੋ ਫਾਂਸੀ ਕਾ ਹੁਕਮ ਹੋ ਗਯਾ ਹੈ- ਆਪ ਕਿਸੀ ਕਿਸਮ ਕਾ ਫ਼ਿਕਰ ਨ ਕਰੇਂ- ਔਰ ਮੇਰੀ ਜ਼ੌਜਾ ਰੁਕਮਣੀ ਕੋ ਵਰਯਾਮਾ ਕੇ ਹਕ਼ ਮੇਂ ਕਰ ਦੇਵੇਂ- ਔਰ ਸਭ ਕੋ ਦਰਜਾ-ਬਦਰਜਾ ਨਮਸਤੇ- ਬੱਚੋਂ ਕੋ ਪਯਾਰ-

ਕਾਰਡ ਦੇ ਦੂਜੇ ਪਾਸੇ ਸਰਨਾਮਾ ਹੈ:
Online Punjabi Magazine Seerat
ਬਾਮਕਾਮ ਫ਼ਤਹਗੜ੍ਹ ਡਾਕਖ਼ਾਨਾ … .ਅੱਖਰ ਉੱਠਦੇ ਨਹੀਂ॥ ਜ਼ਿਲਾ ਹੁਸ਼ਿਆਰਪੁਰ ਪਾਸ ਦੀਵਾਨ ਚੰਦ



ਇਸ ਤਵਾਰੀਖ਼ੀ ਚਿੱਠੀ ਦਾ ਭਾਖਾਸੰਜਮ ਪਰੇਸ਼ਾਨ ਕਰਨ ਵਾਲ਼ਾ ਹੈ। ਕੁੱਲ ਛੇ ਫ਼ਿਕਰੇ। ਕੋਠੀ ਲੱਗੇ ਬੰਦੇ ਨੇ ਪਾਏ ਵੀ ਤਾਂ ਚਾਰ ਅੱਖਰ ਪਾਏ। ਏਨੇ ਹੀ ਬਹੁਤ ਨੇ। ਇਹ ਚਾਰ ਅੱਖਰ ਭਗਤ ਸਿੰਘ ਦੇ ਲਿਖੇ ਹਜ਼ਾਰ ਅੱਖਰਾਂ ਦੇ ਤੁੱਲ ਹਨ। ਹਰਨਾਮ ਚੰਦ ਨੂੰ ਸ਼ੁਹਰਤ ਦੀ ਕੋਈ ਲਿਲ੍ਹ ਨਹੀਂ ਸੀ। ਇਹਦੇ ਲਿਖੇ ਵਿਚ ਕਿੰਨਾ ਕੁਝ ਅਣਲਿਖਿਆ ਹੈ। ਇਸ ਚਿੱਠੀ ਦੇ ਨਾਲ਼ ਉਹਦੇ ਘਰਦਿਆਂ ਦੇ ਸੀਨੇ ਨਾਲ਼ ਲਾ ਕੇ ਰੱਖੀ ਤਸਵੀਰ ਹੈ। ਇਹ ਤਸਵੀਰ ਤਾਂ ਅਸਲੋਂ ਹੀ ਚੁੱਪ ਹੈ। ਆਉ, ਇਹਦੀਆਂ ਗੱਲਾਂ ਕਰੀਏ।

ਜੌਨ੍ਹ ਬਰਜਰ ਇਕ ਥਾਂ ਲਿਖਦਾ ਹੈ: ਵਿਛੁੰਨੇ ਪਿਆਰ ਦੀ ਤਸਵੀਰ ਠੀਕਰੀਆਂ ਜੋੜ-ਜੋੜ ਬਣਾਇਆ ਭਾਂਡਾ ਹੁੰਦੀ ਹੈ।

ਹਰਨਾਮ ਚੰਦ ਦੀ ਇਹ ਥਰੀਪੀਸ ਸੂਟ ਪਾ ਕੇ ਚੋਪੜੇ ਬੋਦਿਆਂ ਵਾਲ਼ੀ ਖਿਚਵਾਈ ਤਸਵੀਰ ਮੁੱਢੋਂ ਹੀ ਵਿਛੋੜੇ ਦੀ ਸਨਦ ਹੈ, ਦੇਸ ਦੁਆਬਾ ਛੱਡ ਕੇ ਗਏ ਬੰਦੇ ਦੇ ਵਿਛੋੜੇ ਦੀ। ਲੋਕਗੀਤ ਵਿਚ ਸੁਆਣੀ ਕਹਿੰਦੀ ਹੈ - ਸ਼ਾਮਾ ‘ਸ਼ਿਆਰਪੁਰ ਸੁਣੀਦਾ ਦੂਰ, ਬਛੋੜਾ ਨਾ ਪਾਈਉ…। ਮਿਰਕਣ ਤਾਂ ਹੁਸ਼ਿਆਰਪੁਰੋਂ ਬਹੁਤ ਹੀ ਦੂਰ ਹੈ। ਮੇਰੇ ਅੱਗੇ ਪਈ ਅਸਲ ਤਸਵੀਰ ਦੀ ਸਾਲ-ਕੁ ਪਹਿਲਾਂ ਦੀ ਪੁਰਾਣੀ ਪੈ ਰਹੀ ਨਕਲ ਹੈ। ਜ਼ਖ਼ਮ ਬੜਬੋਲਾ ਸ਼ਬਦ ਹੈ। ਘਰਦਿਆਂ ਕੋਲ਼ ਪਈ ਅਸਲ ਫ਼ੋਟੋ ਦਾ ਕੀ ਹਾਲ ਹੋਵੇਗਾ? ਉਹਨੂੰ ਕਿੰਨੇ ਹੱਥ ਛੁਹ ਚੁੱਕੇ ਹੋਣਗੇ। ਉਹਨੂੰ ਸਭ ਤੋਂ ਪਹਿਲਾਂ ਫ਼ੋਟੋਗਰਾਫ਼ਰ ਦੇ ਹੱਥ ਲੱਗੇ ਹੋਣਗੇ; ਫੇਰ ਹਰਨਾਮ ਚੰਦ ਦੇ; ਫੇਰ…। ਪੁਰਾਣੀ ਤਸਵੀਰ ਦਾ ਰੰਗ - ਕਾਲ਼ਾ ਮੈਲ਼ਾ ਗੁਲਾਬੀ ਜ਼ਰਦ - ਭਰਦੇ ਜ਼ਖ਼ਮ ਦੀ ਚਮੜੀ ਵਾਂਙ ਲਿਸ਼ਕਣ ਲਗਦਾ ਹੈ। ਇਹ ਏਨਾ ਅੱਲਾ ਹੁੰਦਾ ਹੈ ਕਿ ਇਹਨੂੰ ਨਿਰੀ ਤੱਕਣੀ ਨਾਲ਼ ਹੀ ਛੁਹਿਆ ਜਾ ਸਕਦਾ ਹੈ। ਪੀੜ ਭੁੱਲ ਜਾਂਦੀ ਹੈ; ਫੱਟ ਦਾ ਨਿਸ਼ਾਨ ਦੁੱਖ ਦਿੰਦਾ ਰਹਿੰਦਾ ਹੈ। ਫੇਰ ਸੋਚਾਂ ਵਿਚ ਪਿਆ ਚਿੱਬ ਹੀ ਬਾਕੀ ਰਹਿ ਜਾਂਦਾ ਹੈ। ਇਤਿਹਾਸ ਚ ਵਾਪਰੇ ਵੱਡੇ-ਵੱਡੇ ਸਾਕਿਆਂ ਦਾ ਸੇਕ ਘਟਦਾ-ਘਟਦਾ ਇੰਜ ਹੀ ਮੁੱਕ ਜਾਂਦਾ ਹੈ। ਅਸੀਂ ਉਨ੍ਹਾਂ ਨੂੰ ਔਖੇ ਵੇਲੇ ਚੇਤੇ ਕਰਦੇ ਹਾਂ, ਅਪਣੇ ਆਪ ਨੂੰ ਧਰਵਾਸ ਦੇਣ ਲਈ।

ਵੀਹਵੀਂ ਸਦੀ ਦੇ ਸ਼ੁਰੂ ਦੀ ਕਿਸੇ ਵੀ ਤਸਵੀਰ ਵਿਚ ਕੋਈ ਪੰਜਾਬੀ ਖ਼ੁਸ਼ ਨਜ਼ਰ ਨਹੀਂ ਆਉਂਦਾ; ਭਾਵੇਂ ਫ਼ਰੰਗੀਆਂ ਦਾ ਫ਼ੌਜੀ ਹੋਵੇ ਜਾਂ ਪਰਦੇਸੀਂ ਕਮਾਈ ਕਰਨ ਗਿਆ ਕਾਮਾ - ਨੀਉਯਾਰਕ ਦੇ ਐਲਿਸ ਆਈਲੈਂਡ ਦੇ ਮਾਈਗਰੇਸ਼ਨ ਮੀਉਜ਼ਮ ਵਿਚ ਲੱਗੀ ਤਸਵੀਰ ਵਿਚਲੇ ਬਾਰਾਂ ਸਿੰਘ; ਵੈਨਕੂਵਰ ਦੀ ਵੱਡੀ ਲਾਇਬ੍ਰੇਰੀ ਵਿਚ ਡੱਬੇ ਚ ਬੰਦ ਪਈਆਂ ਤਸਵੀਰਾਂ ਵਿਚਲੇ ਕ਼ੌਮਾਗਾਤਾਮਾਰੂ ਜਹਾਜ਼ ਦੇ ਮੁਸਾਫ਼ਿਰ; ਇੰਪੀਰੀਅਲ ਵਾਰ ਮਿਉਜ਼ੀਅਮ ਲੰਡਨ ਦੀ ਲਾਇਬ੍ਰੇਰੀ ਵਿਚ ਸੰਨ 1914 ਵਿਚ ਬੰਬਈ ਵਿਚ ਲਾਮ ‘ਤੇ ਚੱਲੇ ਫ਼ੌਜੀਆਂ ਨਾਲ਼ ਭਰੇ ਜਹਾਜ਼ ਦੀ ਤਸਵੀਰ। ਹਰ ਕੋਈ ਚੁੱਪ-ਗੜੁੱਪ ਦੁੰਨਵੱਟਾ ਦਿਸਦਾ ਹੈ; ਪਹੁੰਚਿਆ-ਹੋਇਆ ਫੈਲਸੂਫ, ਜੋ ਆਖਦਾ ਹੈ - ਖ਼ੁਸ਼ ਹੋਣ ਵਾਲ਼ੀ ਕਿਹੜੀ ਗੱਲ ਹੈ? - ਹਰਨਾਮ ਚੰਦ ਨੂੰ ਕਾਹਦਾ ਗ਼ਮ ਹੈ? ਇਹਦੀ ਤਸਵੀਰ ਨੂੰ ਸਾਡੇ ਤਾਈਂ ਅਪੜਦਿਆਂ ਪੂਰੀ ਸਦੀ ਲਗ ਗਈ। ਏਨਾ ਪੰਧ ਕਰ ਕੇ ਆਈ ਇਸ ਮੂਰਤ ਨੇ ਬੜੇ ਰੰਗ ਦੇਖੇ ਹਨ। ਇਸ ਵਿਚ ਉਨ੍ਹੀਵੀਂ ਸਦੀ ਦਾ ਪੰਜਾਬੀ ਬੈਠਾ ਹੈ, ਜਿਵੇਂ ਅੱਜ ਇੱਕੀਵੀਂ ਸਦੀ ਵਿਚ ਵੀ ਆਪਾਂ ਵੀਹਵੀਂ ਸਦੀ ਦੇ ਜੀਅ ਹਾਂ।

ਇਹ ਤਸਵੀਰ ਹਰਨਾਮ ਚੰਦ ਨੇ ਤੁਹਾਡੇ ਤੇ ਮੇਰੇ ਲਈ ਨਹੀਂ ਸੀ ਖਿਚਵਾਈ। ਇਹ ਉਹਦੇ ਘਰ ਦੇ ਜੀਆਂ ਵਾਸਤੇ ਸੀ; ਖ਼ਾਸ ਕਰਕੇ ਰੁਕਮਣੀ ਲਈ। ਲਹੌਰ ਜਾਂ ਵਲਾਇਤ ਪੜ੍ਹਦਿਆਂ ਦੀਆਂ ਇਹੋ-ਜਿਹੀਆਂ ਬੜੀਆਂ ਤਸਵੀਰਾਂ ਅੱਜ ਵੀ ਪੰਜਾਬੀ ਘਰਾਂ ਵਿਚ ਸਾਂਭੀਆਂ ਪਈਆਂ ਹੋਣਗੀਆਂ।

ਤਸਵੀਰਾਂ ਵਿਚ ਵੱਡੇ ਜਣਿਆਂ ਦੀ ਤੱਕਣੀ ਸਦਾ ਦਰਸ਼ਕ ਨੂੰ ਕੁਛ ਪੁੱਛਦੀ ਹੈ; ਕੁਛ ਚੇਤੇ ਕਰਾਂਦੀ ਹੈ। ਤਸਵੀਰ ਵਿਚ ਤਵਾਰੀਖ਼ ਸਾਕਾਰ ਹੁੰਦੀ ਹੈ। ਤੁਸੀਂ ਆਪ ਕਿਸੇ ਵੱਡੇ ਪੰਜਾਬੀ ਦੀ ਤਸਵੀਰ ਨੂੰ ਗਹੁ ਨਾਲ਼ ਦੇਖਣਾ; ਇਹ ਝੱਟ ਤੁਹਾਡੀਆਂ ਅੱਖਾਂ ਚ ਅੱਖਾਂ ਪਾ ਕੇ ਦੇਖਣ ਲਗ ਪਵੇਗੀ। ਪਾਸ਼ ਦੇ ਆਖਣ ਵਾਂਙ ਇਹ ਤਸਵੀਰ ਤੁਹਾਥੋਂ ‘ਕੋਈ ਆਸ‘ ਰਖਦੀ ਹੈ। ਕਾਹਦੀ ਆਸ? ਇਹ ਨਹੀਂ ਕਵੀ ਨੇ ਦੱਸਿਆ। ਇਹੀ ਚੰਗੀ ਕਵਿਤਾ ਦੀ ਜੁਗਤ ਹੈ। ਰਤਾ ਸੋਚੋ। ਪਿਆਰ ਦੀ, ਸਤਿਕਾਰ ਦੀ, ਅਹਿਸਾਨ ਦੀ ਆਸ? ਆਉਣ ਵਾਲ਼ੀ ਹਰ ਪੀੜ੍ਹੀ ਇਨ੍ਹਾਂ ਤਸਵੀਰਾਂ ਅੱਗੇ ਜਵਾਬਦੇਹ ਰਹੇਗੀ। ਇਹ ਵੱਖਰੀ ਗੱਲ ਹੈ ਕਿ ਗ਼ਦਰ ਲਹਿਰ ਦੇ ਕਿਸੇ ਆਗੂ ਦੀ ਤਸਵੀਰ ‘ਆਈਕੌਨ‘ ਨਹੀਂ ਬਣ ਸਕੀ; ਕਰਤਾਰ ਸਿੰਘ ਸਰਾਭੇ ਦੀ ਤਸਵੀਰ ਬਣ ਸਕਦੀ ਸੀ, ਪਰ ਬਾਬਿਆਂ ਨੇ ਆਪ ਹੀ ਰੋਲ਼ ਦਿੱਤੀ। ਜਲੰਧਰ ਚ ਹੁਣ ਹਰ ਸਾਲ ਲਗਦੇ ਬਾਬਿਆਂ ਦੇ ਮੇਲੇ ਦੇ ਇਸ਼ਤਿਹਾਰਾਂ ਵਿਚ ਕਿਸੇ ਗ਼ਦਰੀ ਆਗੂ ਦੀ ਨਹੀਂ, ਭਗਤ ਸਿੰਘ ਦੀ ਕੇਸਰੀ ਪੱਗ ਵਾਲ਼ੀ ਮਨਢੰਗੀ ਤਸਵੀਰ ਛਪੀ ਹੁੰਦੀ ਹੈ। ਸਾਨਫ਼ਰਾਂਸਿਸਕੋ ਦੇ ਗ਼ਦਰ ਪਾਰਟੀ ਦੇ ਯੁਗਾਂਤਰ ਆਸ਼ਰਮ ਵਾਲ਼ੇ ਅਜਾਇਬਘਰ ਵਿਚ ਲੱਗੀਆਂ ਤਸਵੀਰਾਂ ਚ ਸਭ ਤੋਂ ਵੱਡੀ ਤਸਵੀਰ ਭਗਤ ਸਿੰਘ ਦੀ ਹੈ।

ਫ਼ੌਜੀਆਂ ਦੇ ਆਸਰੇ ਫ਼ਰਵਰੀ 1915 ਵਿਚ ਫ਼ਰੰਗੀਆਂ ਖ਼ਿਲਾਫ਼ ਬਗ਼ਾਵਤ ਕਰਨ ਦੀ ਗ਼ਦਰ ਪਾਰਟੀ ਦੀ ਵਿਉਂਤ ਸਿਰੇ ਨਹੀਂ ਸੀ ਚੜ੍ਹੀ। ਗ਼ਦਰੀ ਅਮਰੀਕਾ ਤੇ ਹੋਰ ਮੁਲਕਾਂ ਤੋਂ ਲਲਕਾਰੇ ਮਾਰਦੇ ਹਿੰਦੁਸਤਾਨ ਚੱਲੇ ਸੀ ਕਿ ਅਸੀਂ ਜਾ ਕੇ ਬਗ਼ਾਵਤ ਕਰਨੀ ਹੈ। ਬਹੁਤੇ ਰਾਹ ਚ ਫੜੇ ਗਏ। ਜਿਹੜੇ ਘਰੀਂ ਪੁੱਜੇ, ਉਨ੍ਹਾਂ ਦਾ ਪੁਲਸ ਟੋਡੀਆਂ ਨਾਲ਼ ਵੈਰ ਪੈ ਗਿਆ। ਉਹ ਉਨ੍ਹਾਂ ਨੂੰ ਕਤਲ ਕਰਨ ਲੱਗੇ। ਪੈਸੇ ਵਾਸਤੇ ਡਾਕੇ ਮਾਰਨ ਲੱਗੇ। ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸਾਰੇ ਬੰਦੇ ਅਮਰੀਕਾ ਕਨੇਡਾ ਛੱਡ ਕੇ ਆਏ ਹਨ। ਅੰਤ ਨੂੰ ਅੰਗਰੇਜ਼ਾਂ ਨੇ ਡੇੜ੍ਹ ਸੌ ਗ਼ਦਰੀ ਜਾਨੋਂ ਮਾਰ ਦਿੱਤੇ, 3 ਸੌ ਨੂੰ 14 ਸਾਲ ਤੋਂ ਵਧ ਸਜ਼ਾਵਾਂ ਹੋਈਆਂ। ਘਰ ਜਾਇਦਾਦ ਦੀ ਕੁਰਕੀ ਵੱਖਰੀ ਹੋਈ। ਉਨ੍ਹਾਂ ਦੇ ਘਰਦਿਆਂ ਜੋ ਮੁਸੀਬਤਾਂ ਝੱਲੀਆਂ, ਉਨ੍ਹਾਂ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ। ਹਰਨਾਮ ਚੰਦ ਉਨ੍ਹਾਂ ਗ਼ਦਰੀਆਂ ਚੋਂ ਸੀ। ਇਤਿਹਾਸ ਤੇ ਯਾਦਾਂ ਲਿਖਣ ਵਾਲ਼ਿਆਂ ਤੋਂ ਹਰਨਾਮ ਚੰਦ ਦਾ ਬਹੁਤਾ ਪਤਾ ਨਹੀਂ ਲਗਦਾ। ਸੈਂਸਰੇ ਨੇ ਗ਼ਦਰ ਪਾਰਟੀ ਦੇ ਇਤਿਹਾਸ (1961) ਵਿਚ ਹਰਨਾਮ ਚੰਦ ਨੂੰ ਤੀਸਰੇ ਲਹੌਰ ਸਾਜ਼ਿਸ਼ ਕੇਸ ਵਾਲ਼ਾ ‘ਸ੍ਰੀ ਨਾਮਾ‘ ਤੇ ‘ਹਰਨਾਮ ਸਿੰਘ‘ ਕਰਕੇ ਲਿਖਿਆ ਹੈ ਅਤੇ ਉਹਨੂੰ ਗ਼ਦਰ ਲਹਿਰ ਦੇ ਹਮਦਰਦ ਮੰਡੀ ਰਿਆਸਤ ਦੇ ਰਾਜੇ ਦੇ ਬੇਨਾਮ ਭਤੀਜੇ ਨਾਲ਼ ਜੋੜਿਆ ਹੈ, ਜਿਹਦਾ ਹੋਰ ਵੇਰਵਾ ਨਹੀਂ ਦਿੱਤਾ। ਹਰੀ ਸਿੰਘ ਉਸਮਾਨ ਦੀ ਡਾਇਰੀ ਚ ਹਰਨਾਮ ਚੰਦ ਤੇ ਹੋਰ ਹਮਸਫ਼ਰਾਂ ਦੇ ਨਾਂ ਇਕ-ਅੱਧ ਵਾਰ ਹੀ ਆਉਂਦੇ ਹਨ।

ਸਾਰੇ ਗ਼ਦਰੀ ਆਗੂਆਂ ਦੇ ਵਤਨ ਨੂੰ ਕੂਚ ਕਰਨ ਮਗਰੋਂ ਸਾਨਫ਼ਰਾਂਸਿਸਕੋ ਦਾ ਯੁਗਾਂਤਰ ਆਸ਼ਰਮ ਸੁੰਞਾ ਪਿਆ ਸੀ। ਪਸ਼ੌਰੋਂ ਗਏ ਕਿਸੇ ਰਾਮ ਚੰਦ ਨੇ ਉਥੇ ਜਾ ਡੇਰੇ ਲਾਏ। (ਪੂਰੇ ਤਿੰਨ ਸਾਲ ਮਗਰੋਂ ਗ਼ਦਰੀ ਰਾਮ ਸਿੰਘ ਨੇ ਇਹਨੂੰ ਗ਼ੱਦਾਰੀ ਬਦਲੇ ਕਤਲ ਕਰ ਦਿੱਤਾ।) ਕਿਸੇ ਨੂੰ ਨਹੀਂ ਪਤਾ ਕਿ ਸ਼ੁਕੀਨ ਕਵੀ ਹਰੀ ਸਿੰਘ ਫ਼ਕੀਰ ਉਰਫ਼ ਉਸਮਾਨ ਆਸ਼ਰਮ ਚ ਕਿਵੇਂ ਪੁੱਜਾ ਸੀ। ਉਹਨੇ ਅਪਣੀਆਂ ਯਾਦਾਂ (1991) ਚ ‘‘ਮੈਨੂੰ ਗ਼ਦਰ ਪਾਰਟੀ ਨੇ ਸੱਦ ਲਿਆ‘‘ ਲਿਖਿਆ ਹੈ। ਲਾਲੇ ਹਰਦਿਆਲ ਰਾਹੀਂ ਗ਼ਦਰ ਪਾਰਟੀ ਨੂੰ ਜਰਮਨ ਸਰਕਾਰ ਤੋਂ ਪੈਸੇ ਮਿਲ਼ਦੇ ਸੀ ਤੇ ਇਹ ਸਿਲਸਿਲਾ ਹਿਟਲਰ ਦੇ ਵੇਲੇ ਤਕ ਚਲਦਾ ਰਿਹਾ। ਜਰਮਨਾਂ ਦੇ ਆਖੇ ਆਪ-ਸਜੇ ਆਗੂ ਰਾਮ ਚੰਦ ਨੇ ਮੈਵਰਿਕ ਨਾਂ ਦਾ ਜਹਾਜ਼ ਹਥਿਆਰਾਂ ਨਾਲ਼ ਭਰ ਕੇ ਪੰਜ ਹਿੰਦੀਆਂ ਸਣੇ 22 ਅਪ੍ਰੈਲ 1915 ਨੂੰ ਕਲਕੱਤੇ ਨੂੰ ਤੋਰਿਆ। ਈਰਾਨੀ ਖਲਾਸੀਆਂ ਦੇ ਭੇਸ ਵਾਲ਼ੇ ਇਹ ਪੰਜ ਜਣੇ ਸੀ: ਹਰੀ ਸਿੰਘ ਫ਼ਕੀਰ (ਉਸਮਾਨ), ਹਰਨਾਮ ਚੰਦ, ਮੰਗੂ ਰਾਮ, ਹਰਚਰਨ ਦਾਸ ਪਿੰਡ ਰਾਏਪੁਰ ਫਰਾਲਾ ਤੇ ਸੁਲਤਾਨਪੁਰ ਯੂਪੀ ਦਾ ਗੰਭੀਰ ਸਿੰਘ। (ਉਸਮਾਨ ਨੇ ਹਰਚਰਨ ਦਾਸ ਨੂੰ ਕਿਸ਼ਨ ਚੰਦ ਤੇ ਗੰਭੀਰ ਸਿੰਘ ਨੂੰ ਰਘਬੀਰ ਦੱਸਿਆ ਹੈ ਤੇ ਜਹਾਜ਼ ਦੇ ਚੱਲਣ ਦੀ ਤਾਰੀਖ਼ 15 ਅਪ੍ਰੈਲ ਦੱਸੀ ਹੈ।) ਜਗਜੀਤ ਸਿੰਘ ਦੀ ਲਿਖਤ ਗ਼ਦਰ ਪਾਰਟੀ ਲਹਿਰ (1955) ਵਿਚ ਲਿਖਿਆ ਹੈ ਕਿ ਇਸ ਜਹਾਜ਼ ਵਿਚ ‘‘ਤੀਹ ਹਜ਼ਾਰ ਰਾਈਫ਼ਲਾਂ, ਹਰ ਇਕ ਰਾਈਫ਼ਲ ਪ੍ਰਤੀ ਪੰਜ ਸੌ ਗੋਲ਼ੀਆਂ ਅਤੇ ਦੋ ਲੱਖ ਰੁੱਪਯਾ ਆਉਣਾ ਸੀ।‘‘ ਸੈਂਸਰੇ ਦੀ ਲਿਖਤ ਵਾਸਤੇ ਲਿਖੇ ਹਰੀ ਸਿੰਘ ਉਸਮਾਨ ਦੇ ਬਿਆਨ ਮੂਜਬ ‘‘ਹਥਿਆਰਾਂ ਦੇ ਗਿਆਰਾਂ ਗੱਡੇ (ਪੰਦਰਾਂ ਹਜ਼ਾਰ ਰਫ਼ਲਾਂ ਤੇ ਪਿਸਤੌਲ) ਸੀ।‘‘ ਦੋਹਵਾਂ ਹਵਾਲਿਆਂ ਦੀ ਅੱਤਕਥਨੀ ਪ੍ਰਤੱਖ ਹੈ।

ਜਹਾਜ਼ ਸਮੁੰਦਰ ਚ -ਸੈਂਸਰੇ ਦੇ ਲਿਖਣ ਵਾਂਙ - ‘‘ਅਵਾਰਾਗਰਦੀ‘‘ ਕਰਦਾ ਤਿੰਨ ਮਹੀਨੇ ਬਤਾਵੀਆ (ਜਕਾਰਤਾ) ਖੜ੍ਹਾ ਰਿਹਾ। ਹਰਚਰਨ ਦਾਸ ਤੇ ਹਰਨਾਮ ਚੰਦ ਉਤਰ ਕੇ ਸਿਆਮ (ਥਾਈਲੈਂਡ) ਚਲੇ ਗਏ; ਉਥੇ ਇਹ ਪੁਲਸ ਦੇ ਕਾਬੂ ਆ ਗਏ। ਅੰਗਰੇਜ਼ ਹਾਕਮ ਹਰਚਰਨ ਦਾਸ ਨੂੰ ਸਾਨਫ਼ਰਾਂਸਿਸਕੋ ਲੈ ਗਏ, ਤੇ ਹਰਨਾਮ ਚੰਦ ਨੂੰ ਲਹੌਰ। ਹਰਚਰਨ ਦਾਸ ਗ਼ਦਰੀਆਂ ਦੇ ਖ਼ਿਲਾਫ਼ ਚਲਾਏ ਸਾਜ਼ਿਸ਼ ਕੇਸ ਚ ਵਾਅਦਾ ਮੁਆਫ਼ ਗਵਾਹ ਬਣਿਆ ਤੇ ਹਰਨਾਮ ਚੰਦ ਤੀਸਰੇ ਲਹੌਰ ਸਾਜ਼ਿਸ਼ ਕੇਸ ਵਿਚ ਫਾਂਸੀ ਲੱਗਾ। ਸ਼ੁਕੀਨ ਸ਼ਾਇਰ ਜਾਵਾ ਟਾਪੂ ਵਿਚ ਛਪਨ ਹੋ ਗਿਆ ਤੇ ਉਥੇ ਮੁਸਲਮਾਨ ਦੇ ਭੇਸ ਚ ਘਰ ਵਸਾ ਕੇ ਤੀਹ ਸਾਲ ਰਿਹਾ; ਦੇਸ਼ ਆਜ਼ਾਦ ਹੋਣ ‘ਤੇ ਅਪਣੇ ਘਰ ਬੱਦੋਵਾਲ਼ ਲੁਧਿਆਣੇ ਆ ਗਿਆ। ਇਹਦੀ ਪਾਈ ਬਾਤ ਦਾ ਸੰਤ ਸਿੰਘ ਸੇਖੋਂ ਨੇ ਨਾਵਲ ਬਣਾਇਆ - ਬਾਬਾ ਆਸਮਾਨ । ਮੰਗੂ ਰਾਮ ਜਹਾਜ਼ੋਂ ਉਤਰ ਸਿੰਘਾਪੁਰ ਗਿਆ, ਤਾਂ ਉਥੇ ਫੜ੍ਹਿਆ ਗਿਆ। ਫ਼ਰਾਰ ਹੋ ਕੇ ਦਸ ਸਾਲ ਭਟਕਦਾ ਅਪਣੇ ਪਿੰਡ ਮੂਗੋਵਾਲ਼ ਪੁੱਜਾ; ਫੇਰ ‘ਆਦਿਧਰਮੀਆਂ‘ ਦੀ ਲਹਿਰ ਚਲਾਈ ਤੇ ਸੰਨ 1944 ਵਿਚ ਅਪਣੇ ਸੱਤ ਬੰਦਿਆਂ ਸਣੇ ਪੰਜਾਬ ਅਸੰਬਲੀ ਦਾ ਮੈਂਬਰ ਬਣਿਆ। ਇਸ ਸਾਰੇ ਡਰਾਮੇ ਚ ਮਗਰੋਂ ਜਾ ਕੇ ਲੇਨਿਨ ਦੇ ਬਣੇ ਸਾਥੀ ਐੱਮ. ਐੱਨ. ਰਾਏ ਦਾ ਨਾਂ ਵੀ ਬੋਲਦਾ ਹੈ। ਉਹ ਦੱਸਦਾ ਹੈ ਕਿ ਜਹਾਜ਼ ਵਾਲੇ ਹਥਿਆਰ ਪੰਜਾਬੀ ਗ਼ਦਰੀਆਂ ਵਾਸਤੇ ਕਤੱਈ ਨਹੀਂ ਸਨ। ਉਦੋਂ ਪੰਜਾਬ ਵਿਚ ਇਨ੍ਹਾਂ ਹਥਿਆਰਾਂ ਨੂੰ ਕੋਈ ਚਲਾਉਣ ਵਾਲ਼ਾ ਤਾਂ ਕੀ, ਕੋਈ ਸਾਂਭਣ ਵਾਲ਼ਾ ਵੀ ਨਹੀਂ ਸੀ ਬਚਿਆ।

ਅਮਰੀਕਾ ਤੋਂ ਚੱਲੇ ਉਸ ਸਮੁੰਦਰੀ ਜਹਾਜ਼ ਦਾ ਨਾਂ ਮੈਵਰਿਕ ਸੀ। ਅੰਗਰੇਜ਼ੀ ਸ਼ਬਦ ਮੈਵਰਿਕ ਦਾ ਪੰਜਾਬੀ ਉਲਥਾ ਬੇਮੁਹਾਰਾ ਕਰੀਦਾ ਹੈ। ਇਹਦੀ ਕਹਾਣੀ ਜਿਵੇਂ ਸਾਰੀ ਗ਼ਦਰ ਲਹਿਰ ਦਾ ਤੱਤ ਹੈ - ਸੂਰਮੇ ਦਿਲਾਂ ਵਿਚ ਸੱਚੀਸੁੱਚੀ ਤਾਂਘ ਲੈ ਕੇ ਦੇਸ ਆਜ਼ਾਦ ਕਰਵਾਉਣ ਚੱਲੇ ਹਨ; ਨਾਲ਼ ਹੀ ਘਰ ਦੇ ਭੇਤੀ ਹਨ; ਜਹਾਜ਼ ਸਮੁੰਦਰ ਚ ਠਿਲ੍ਹ ਪਿਆ; ਕੈਪਟਨ ਪਤਾ ਨਹੀਂ ਕੌਣ ਹੈ, ਵਿਉਂਤ ਕੋਈ ਨਹੀਂ; ਲੱਗਣਾ ਕਿਹੜੇ ਕੰਢੇ ਹੈ, ਕਿਸੇ ਨੂੰ ਨਹੀਂ ਪਤਾ। ਸਾਰੇ ਬੇੜਾ ਛੱਡ ਕੇ ਨੱਸ ਜਾਂਦੇ ਹਨ; ਪਿੱਛੇ ਫਾਹੇ ਲੱਗਣ ਨੂੰ ਰਹਿ ਜਾਂਦਾ ਹੈ, ਹਰਨਾਮ ਚੰਦ।

ਹਰਨਾਮ ਚੰਦ ਤੇ ਇਹਦੇ ਗਰਾਈਂ ਬਾਬੂ ਰਾਮ ਨੂੰ ਬਾਰਾਂ ਹੋਰ ਗ਼ਦਰੀਆਂ ਸਣੇ ਤੀਸਰੇ ਲਹੌਰ ਸਾਜ਼ਿਸ਼ ਕੇਸ ਵਿਚ ਅੰਗਰੇਜ਼ ਹਕੂਮਤ ਖ਼ਿਲਾਫ਼ ਬਗ਼ਾਵਤ ਕਰਨ ਦੇ ਦੋਸ਼ ਵਿਚ ਫਾਂਸੀ ਲੱਗੀ ਸੀ। ਨਾ ਕੋਈ ਵਕੀਲ, ਨਾ ਦਲੀਲ, ਨਾ ਅਪੀਲ। ਇਨ੍ਹਾਂ ਤਾਂ ਕੋਈ ਕੀੜੀ ਸਾਰਖੀ ਵੀ ਨਹੀਂ ਸੀ ਮਾਰੀ। ਆਜ਼ਾਦੀ ਦਾ ਸੁਪਨਾ ਜ਼ਰੂਰ ਲਿਆ ਸੀ। ਤੌਬਾ! ਸੁਪਨਾ ਲੈਣ ਦੀ ਏਡੀ ਵੱਡੀ ਸਜ਼ਾ!

16 ਮਾਰਚ ਸੰਨ 1917 ਈਸਵੀ। ਭੁੱਲ ਜਾਉ ਕਿ ਇਹ ਕੋਈ ਖੇਲ ਹੈ। (ਪੁਰਾਣੀ ਪੰਜਾਬੀ ਚ ਸਿਨਮੇ ਨੂੰ ਲੋਕ ਖੇਲ ਕਹਿੰਦੇ ਹੁੰਦੇ ਸੀ।) ਭੁੱਲ ਜਾਉ ਕਿ ਸ਼ਹੀਦ ਦੀ ਸਾਂਗ ਲਾਉਂਦਾ ਕੋਈ ਦਲੀਪ ਕੁਮਾਰ, ਮਨੋਜ ਕੁਮਾਰ ਜਾਂ ਰਾਜ ਬੱਬਰ ਹੈ। ਅੱਖਾਂ ਮੁੰਦ ਕੇ ਰਤਾ ਚਿਤਵੋ - ਪੰਜ ਜਣੇ ਫਾਂਸੀ ਦੇ ਤਖ਼ਤੇ ਵਲ ਵਧ ਰਹੇ ਹਨ। ਹਰਨਾਮ ਚੰਦ। ਬਾਬੂ ਰਾਮ। ਖੁਰਦਪੁਰੀਆ ਬਲਵੰਤ ਸਿੰਘ। ਜਗਰਾਵਾਂ ਦਾ ਹਾਫ਼ਿਜ਼ ਮੁਹੰਮਦ ਅਬਦੁੱਲਾ। ਸੰਘਵਾਲ਼ ਜਲੰਧਰ ਦਾ ਰੂੜ ਸਿੰਘ। ਇਹ ਕਿਹਨੂੰ-ਕਿਹਨੂੰ ਧਿਆ ਰਹੇ ਹਨ? ਜਿੰਨੇ ਇਕੱਠੇ, ਉਨੇ ਹੀ ਇਕੱਲੇ। ਇਨ੍ਹਾਂ ਜੋ ਸੁਣ ਰੱਖਿਆ ਸੀ, ਉਹ ਪਹਿਲੀ ਵਾਰੀ ਦੇਖਣਾ ਹੈ - ਰੱਸਾ, ਜੱਲਾਦ, ਤਖ਼ਤਾ। ਇਨ੍ਹਾਂ ਦੇ ਘਰਦਿਆਂ ਨੂੰ ਇਸ ਵਾਪਰਨ ਵਾਲ਼ੀ ਹੋਣੀ ਦਾ ਕੋਈ ਪਤਾ ਨਹੀਂ। ਹਰਨਾਮ ਚੰਦ ਕਿਸਨੂੰ ਸੋਚ ਰਿਹਾ ਹੈ? ਰੁਕਮਣੀ। ਦੀਵਾਨ ਚੰਦ। ਵਰਿਆਮਾ। ਬੱਚੇ। ਬੱਚੋਂ ਕੋ ਪਿਆਰ। ਫ਼ਤਹਗੜ੍ਹ। ਹੁਸ਼ਿਆਰਪੁਰ। ਆਪ ਕਿਸੀ ਕਿਸਮ ਕਾ ਫ਼ਿਕਰ ਨਾ ਕਰੇਂ। ਸਭ ਕੋ ਦਰਜਾ ਬਦਰਜਾ ਨਮਸਤੇ। ਨਮਸਤੇ।

ਉਨ੍ਹਾਂ ਦੇ ਪੈਰਾਂ ਥੱਲੇ ਦੇ ਤਖ਼ਤੇ ਇਕਦਮ ਖੁੱਲ੍ਹ ਗਏ।

ਉਨ੍ਹਾਂ ਦਾ ਸਸਕਾਰ ਜੇਲ ਦੇ ਅਹਾਤੇ ਚ ਕਰ ਦਿੱਤਾ ਗਿਆ।

ਚਾਰ ਮਹੀਨੇ ਮਗਰੋਂ ਭਾਈ ਦੀਵਾਨ ਚੰਦ ਨੇ ਪੰਜਾਬ ਦੇ ਗਵਰਨਰ ਨੂੰ ਪਟੀਸ਼ਨ ਭੇਜੀ। ਉਹਦਾ ਜਵਾਬ ਆਇਆ - ਤੁਹਾਡੇ ਭਾਈ ਨੂੰ ਤਾਂ ਫਾਂਸੀ ਦਿੱਤੀ ਜਾ ਚੁੱਕੀ ਹੈ।



ਉਸ ਗੱਲ ਨੂੰ ਬੜੇ ਸਾਲ ਹੋ ਚੁੱਕੇ ਨੇ; ਪਰ ਜਾਣ ਤੋਂ ਪਹਿਲਾਂ ਹਰਨਾਮ ਚੰਦ ਦੀ ਤਸਵੀਰ ਇਕ ਵਾਰੀ ਫੇਰ ਦੇਖ ਲਵੋ।

ਨ੍ਹਾਮੇ ਫਾਂਸੀ ਵਾਲੇ ਬਾਰੇ/ਭਗਵਾਨ ਜੋਸ਼
(ਅਮਰਜੀਤ ਚੰਦਨ ਨੂੰ ਚਿੱਠੀ)

ਪਿਆਰੇ ਮਨੁੱਖ…ਤੇਰੀ ਇਸ ਲਿਖਤ ਵਿਚ ਭੁੱਲੇ-ਵਿਸਰੇ ਇਨਸਾਨ ਬਾਰੇ ਤੇ ਉਹਦੀ ਅਣਆਈ ਮੌਤ ਬਾਰੇ ਜਾਣਕਾਰੀ ਤਾਂ ਹੈ ਹੀ, ਨਾਲ਼ ਕੁਝ ਸਤਰਾਂ ਐਸੀਆਂ ਹਨ - ਤੇ ਇਹ ਸਤਰਾਂ ਹੀ ਇਸ ਲਿਖਤ ਨੂੰ ਅਹਿਮ ਬਣਾਉਂਦੀਆਂ ਹਨ - ਜੋ ਸਮੁੱਚੀ ਗ਼ਦਰ ਲਹਿਰ ਨੂੰ ਬਿਆਨ ਕਰ ਦਿੰਦੀਆਂ ਹਨ, ਉਹ ਹੈ ਤੇਰਾ ‘ਬੇਮੁਹਾਰਾ‘ ਮੈਟਾਫ਼ਰ ਨੂੰ ਲੈ ਕੇ ਲਹਿਰ ਦੀ ਤਹਿ ਤਕ ਪਹੁੰਚਣਾ। ਚਾਰ ਸਤਰਾਂ ਵਿਚ ਸਮੁੱਚੀ ਲਹਿਰ ਦੇ ਚਮਤਕਾਰੀ ਸੱਚ ਦੇ ਦਰਸ਼ਨ ਹੋ ਜਾਂਦੇ ਹਨ: “ਅਮਰੀਕਾ ਤੋਂ ਚੱਲੇ ਉਸ ਸਮੁੰਦਰੀ ਜਹਾਜ਼ ਦਾ ਨਾਂ ਮੈਵਰਿਕ ਸੀ। ਅੰਗਰੇਜ਼ੀ ਸ਼ਬਦ ਮੈਵਰਿਕ ਦਾ ਪੰਜਾਬੀ ਉਲਥਾ ਬੇਮੁਹਾਰਾ ਕਰੀਦਾ ਹੈ। ਇਹਦੀ ਕਹਾਣੀ ਜਿਵੇਂ ਸਾਰੀ ਗ਼ਦਰ ਲਹਿਰ ਦਾ ਤੱਤ ਹੈ - ਸੂਰਮੇ ਦਿਲਾਂ ਵਿਚ ਸੱਚੀਸੁੱਚੀ ਤਾਂਘ ਲੈ ਕੇ ਦੇਸ ਆਜ਼ਾਦ ਕਰਵਾਉਣ ਚੱਲੇ ਹਨ; ਨਾਲ਼ ਹੀ ਘਰ ਦੇ ਭੇਤੀ ਹਨ; ਜਹਾਜ਼ ਸਮੁੰਦਰ ਚ ਠਿਲ੍ਹ ਪਿਆ; ਕੈਪਟਨ ਪਤਾ ਨਹੀਂ ਕੌਣ ਹੈ, ਵਿਉਂਤ ਕੋਈ ਨਹੀਂ ; ਲੱਗਣਾ ਕਿਹੜੇ ਕੰਢੇ ਹੈ, ਕਿਸੇ ਨੂੰ ਨਹੀਂ ਪਤਾ। ਸਾਰੇ ਬੇੜਾ ਛੱਡ ਕੇ ਨੱਸ ਜਾਂਦੇ ਹਨ; ਪਿੱਛੇ ਫਾਹੇ ਲੱਗਣ ਨੂੰ ਰਹਿ ਜਾਂਦਾ ਹੈ, ਹਰਨਾਮ ਚੰਦ।” - ਪਰ ਇਸ ਮੈਟਾਫ਼ਰ ਨੂੰ ਤੂੰ ਨ੍ਹਾਮੇ ਉੱਤੇ ਲਾਗੂ ਨਹੀਂ ਕੀਤਾ। ਨ੍ਹਾਮਾ ਕੌਣ ਹੈ? ਤੇਰੇ ਮੇਰੇ ਤੇ ਹੋਰ ਅਨੇਕ ਪੰਜਾਬੀ ਗੱਭਰੂਆਂ ਦੇ ਅੰਦਰ ਦਾ ਨ੍ਹਾਮਾ ਕੌਣ ਸੀ? ਸਿਰਫ਼ ਤੂੰਹੀਉਂ ਨ੍ਹਾਮੇ ਨਾਲ਼ ਹਮਦਰਦੀ ਵਾਲ਼ਾ ਲੇਖ ਕਿਉਂ ਲਿਖਿਆ? ਕੀ ਤੂੰ ਇਹ ਲਿਖ ਕੇ ਅਪਣੇ ਅੰਦਰਲੇ ਨ੍ਹਾਮੇ ਨਾਲ਼ ਗੱਲਾਂ ਤਾਂ ਨਹੀਂ ਸੀ ਕਰ ਰਿਹਾ? ਇਹ ਲਿਖਤ ਪੜ੍ਹ ਕੇ ਮੇਰੇ ਅੰਦਰ ਦਾ ਨ੍ਹਾਮਾ ਜਾਗ ਪਿਆ। ਇਸ ਨ੍ਹਾਮੇ ਨੂੰ ਦੋ ਸ਼ਬਦਾਂ ਚ ਬਿਆਨ ਕਰਦਾ ਹਾਂ - ‘ਬੇਮੁਹਾਰੀ ਭਾਵੁਕਤਾ‘। ਇਹ ਕੁਆਰੀ ਭਾਵੁਕਤਾ ਦਾ ਹੀ ਦੂਸਰਾ ਨਾਂ ਹੈ। ਗੀਤਕਾਰ ਗੁਰਦਾਸ ਮਾਨ ਗਾਉਂਦਾ ਹੈ: ਚੜ੍ਹਦੀ ਜਵਾਨੀ ਵਿਚ, ਰੁੱਤ ਮਸਤਾਨੀ ਵਿਚ, ਕਿਸੇ ਨਾਲ਼ ਫਸਣਾ ਜ਼ਰੂਰ ਚਾਹੀਦਾ…। ਸਾਡੇ ਕਲਚਰ ਵਿਚ ਇਸ ਬੇਮੁਹਾਰੀ ਭਾਵੁਕਤਾ ਨਾਲ਼ ਅਪਣੇ ਆਪ ਨੂੰ ਫੰਨੇ ਖ਼ਾਂ ਸਮਝਣ ਵਾਲ਼ੀ ਜਵਾਨ ਮਾਨਸਿਕਤਾ ਕਿਸੇ ‘ਇਕ‘ ਨਾਲ਼ ਜ਼ਰੂਰ ‘ਫਸਦੀ‘ ਹੈ। ਇਹ ਕੋਈ ਇਨਸਾਨ ਹੋ ਸਕਦਾ ਹੈ; ਕੋਈ ਦਹਸ਼ਤਪਸੰਦ ਜੱਥੇਬੰਦੀ ਜਾਂ ਕਮਉਮਰਾਂ ਦੇ ਜਜ਼ਬਾਤ ਨਾਲ਼ ਖੇਡਣ ਵਾਲ਼ੀ ਕੋਈ ‘ਪਾਰਟੀ‘ ਹੋ ਸਕਦੀ ਹੈ। ਮੈਂ ਵੀ ਇੰਜ ਹੀ ਨਕਸਲੀ ਲਹਿਰ ਚ ‘ਫਸ‘ ਗਿਆ ਸੀ। ਇਸ ‘ਫਸਣਾ‘ ਸ਼ਬਦ ਦਾ ਅਰਥ ਬੜਾ ਗੁੰਝਲ਼ਦਾਰ ਹੈ। ਇਹਦਾ ਇਹ ਮਤਲਬ ਨਹੀਂ ਕਿ ਕਿਸੇ ਨੇ ਤੁਹਾਡੇ ਨਾਲ਼ ਧੋਖਾ ਕੀਤਾ; ਹਾਲਾਂਕਿ ਧੋਖੇਬਾਜ਼ ਇਨ੍ਹਾਂ ਜੱਥੇਬੰਦੀਆਂ ਚ ਵੀ ਹੁੰਦੇ ਹਨ। ਇਸਦਾ ਮਤਲਬ ਹੈ ਕਿ ਜਜ਼ਬੇ ਦੇ ਗੰਧਲਣ ਦਾ ਸਮਾਜੀ ਅਮਲ ਹਾਲੇ ਸ਼ੁਰੂ ਨਹੀਂ ਹੋਇਆ ਹੁੰਦਾ; ਜਵਾਨੀ ਵਿਚ ਸੱਚੇ-ਝੂਠੇ ਰਿਸ਼ਤਿਆਂ ਸਦਕਾ ਸਮਾਜੀ-ਮੈਂ ਨਹੀਂ ਜਨਮੀ ਹੁੰਦੀ। ਜਵਾਨ ਮਨ ਦੀ ਕੋਮਲਤਾ ਹਾਲੇ ਸਮਾਜੀ ਸਖ਼ਤੀ ਨਾਲ਼ ਟਕਰਾਈ ਨਹੀਂ ਹੁੰਦੀ। ਉਹਨੂੰ ਤਾਂ ਸਾਰੀ ਦੁਨੀਆ ਸੁਪਨਿਆਂ ਦੀ ਕਾਇਨਾਤ ਲਗਦੀ ਹੈ - ਅਪਣੀ ਮਰਜ਼ੀ ਨਾਲ਼ ਸਿਰਜੀ ਹੋਈ। ਇਨਕ਼ਲਾਬ ਗਲ਼ੀ ਦੇ ਮੋੜ ‘ਤੇ ਯਾਰ ਵਾਂਙ ਉਡੀਕ ਰਿਹਾ ਹੁੰਦਾ ਹੈ। ਨ੍ਹਾਮੇ ਨੂੰ ਵੀ ਲੱਗਿਆ ਸੀ ਕਿ ਉਹਨੂੰ ਆਜ਼ਾਦੀ ਉਡੀਕ ਰਹੀ ਹੈ। ਮੈਨੂੰ ਅੱਜ ਸਮਝ ਆਈ ਕਿ ਮੈਂ ਕਿਉਂ ਨਕਸਲਬਾੜੀਆਂ ਨਾਲ਼ ‘ਫਸ‘ ਗਿਆ ਸੀ; ਨ੍ਹਾਮਾ ਕਿਉਂ ਗ਼ਦਰੀਆਂ ਨਾਲ਼ ‘ਫਸਿਆ‘ ਸੀ। ਤੇਰੀ ਇਸ ਲਿਖਤ ਤੋਂ ਪਹਿਲਾਂ ਮੈਂ ਇਹਨੂੰ ਅਪਣੀ ਮੂਰਖਤਾ ਸਮਝਦਾ ਸੀ। ਪਰ ਕੁਆਰੀ ਚੇਤਨਾ ਤੇ ਮੂਰਖਤਾ ਚ ਬੜਾ ਫ਼ਰਕ ਹੈ। ਇਹਦੀ ਸਮਝ ਮੈਨੂੰ ਹੁਣ ‘ਮੂਰਖ‘ ਬਣ ਕੇ ਆਈ ਹੈ। ਖ਼ਤ ਤਾਂ ਤੈਨੂੰ ਲਿਖ ਰਿਹਾ ਹਾਂ; ਕਿਵੇਂ ਮੇਰੀ ਤਾਰ ਤੇਰੀ ਤਾਰ ਨਾਲ਼ ਜੁੜ ਗਈ ਹੈ; ਕਿਵੇਂ ਤੇਰੇ, ਮੇਰੇ ਤੇ ਨ੍ਹਾਮੇ ਅੰਦਰਲੇ ਤਿੰਨੇ ਨ੍ਹਾਮੇ ਮਿਲ਼ ਬੈਠੇ ਹਨ। ਇਹੀ ਸੰਗਤ ਹੈ। ਸਾਹਿਤ ਦਾ ਕੰਮ ਬੰਦੇ ਨੂੰ ਸੰਗਤੀਆ ਬਣਾਉਣਾ ਹੈ। ਤੇਰੀ ਇਸ ਲਿਖਤ ਦਾ ਮਕਸਦ ਸੀ - ਨ੍ਹਾਮੇ ਨੂੰ ਦੱਸਣਾ ਕਿ ਦੇਖ, ਪੰਜਾਬ ਵਿਚ ਹਾਲੇ ਕੁਝ ਨ੍ਹਾਮੇ ਹਨ, ਜੋ ਤੈਨੂੰ ਕਦੇ-ਕਦੇ ਚੇਤੇ ਕਰ ਲੈਂਦੇ ਹਨ (ਤੇਰੀ ਕੋਈ ਕਵਿਤਾ ਵੀ ਇੰਜੇ ਸ਼ੁਰੂ ਹੁੰਦੀ ਹੈ)। ਬਸ ਤੇਰੀਆਂ ਕਵਿਤਾਵਾਂ ਦੀ ਇਹ ਮਾਨਸਿਕ ਜ਼ਮੀਨ ਇਕ ਤਰ੍ਹਾਂ ਦੀ ਏਰੋਡਰੋਮ ਹੈ। ਜੇ ਤੂੰ ਇਸ ਜ਼ਮੀਨ ‘ਤੇ ਪੁੱਜ ਕੇ ਟਿਕਿਆ ਰਹੇਂ ਤੇ ਜਿੰਨੀ ਦੇਰ ਟਿਕਿਆ ਰਹੇਂ; ਤੇਰੇ ਅੰਦਰੋਂ ਕਵਿਤਾ ਦੇ ਛੋਟੇ ਤੇ ਵੱਡੇ ਜਹਾਜ਼ ਉਡਦੇ ਰਹਿਣਗੇ। ਨ੍ਹਾਮਾ ਫਾਂਸੀਵਾਲਾ ਤੇਰਾ ਕੋਈ ਲੇਖ ਨਹੀਂ ਹੈ। ਇਹ ਤੇਰੇ ਲੇਖਿਆਂ ਵਿਚ ਲਿਖਿਆ ਲੇਖ ਅਸਲ ਚ ਕਵਿਤਾ ਹੀ ਹੈ। ਪਿਆਰ ਨਾਲ਼…
-ਲਿਖਤ ਪੜਤ (ਨਵਯੁਗ ਪ੍ਰਕਾਸ਼ਨ, 2013) ਵਿੱਚੋਂ-

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346