Welcome to Seerat.ca
Welcome to Seerat.ca

ਪਹਿਲਵਾਨ ਦਾਰਾ ਸਿੰਘ ਧਰਮੂਚੱਕੀਆ

 

- ਪ੍ਰਿੰ. ਸਰਵਣ ਸਿੰਘ

ਬੱਸ ਦੀ ਇੱਕ ਸਵਾਰੀ
ਕੁਲਦੀਪ ਸਿੰਘ ਨੂੰ ਯਾਦ ਕਰਦਿਆਂ

 

- ਕੁਲਵਿੰਦਰ ਖਹਿਰਾ

ਇਹ ਸੂਰਜ ਕਦੇ ਅਸਤ ਨਹੀਂ ਹੋਵੇਗਾ

 

- ਸਾਹਿਬ ਸਿੰਘ

ਸ਼ਬਦ-ਚਿੱਤਰ : ਓਲ਼ਡ ਮੈਨ ਦਾ ਲੰਗੋਟੀਆ

 

- ਦਰਸ਼ਨ ਨੱਤ

ਹਵਾ

 

- ਹਰਜੀਤ ਅਟਵਾਲ

ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ

 

- ਜਸਪਾਲ ਜੱਸੀ

ਵਗਦੀ ਏ ਰਾਵੀ / ਸਾਡੇ ਵਿਚਕਾਰ ਕੌਣ ਖੜੋਤਾ ਹੈ

 

- ਵਰਿਆਮ ਸਿੰਘ ਸੰਧੂ

ਮੇਰੀ ਖੇਡ ਲੇਖਣੀ ਦੀ ਮੈਰਾਥਨ

 

- ਪ੍ਰਿੰ. ਸਰਵਣ ਸਿੰਘ

ਹਿੰਦੀ ਕਹਾਣੀ / ਆਵਰਣ

 

- ਉਦੈ ਪ੍ਰਕਾਸ਼

ਭਾਵਨਾਵਾਂ ਦੇ ਵੇਗ !

 

- ਡਾ.ਸੁਰਿੰਦਰ ਮੰਡ

ਕਹਾਣੀ / ਮੈਂ ਇੰਡੀਆ ਜਾਣਾ ! ਪਲੀਜ਼

 

- ਸੁਖਵੀਰ ਸਿੰਘ ਸੰਧੂ ਪੈਰਿਸ

ਮੇਰੇ ਪਿੰਡ ਦੇ ਬੱਸ ਅੱਡੇ ਦੀ ਸਿਆਸਤੀ ਰੌਂਣਕ

 

- ਹਰਮੰਦਰ ਕੰਗ

ਪੌਲਿਟਿਕਲ ਆਟੋਮੇਸ਼ਨ

 

- ਗੁਰਜੀਤ ਸਿੰਘ

ਇੱਕ ਦਿਲਚਸਪ ਪੁਸਤਕ-ਜੋ ਵੇਖਿਆ ਸੋ ਆਖਿਆ

 

- ਨਿੰਦਰ ਘੁਗਿਆਣਵੀ

ਵਿਸਰਦਾ ਵਿਰਸਾ
ਪੱਖੀ

 

- ਬਲਵਿੰਦਰ ਸਿੰਘ ਚਾਹਲ ਮਾਧੋ ਝੰਡਾ

ਦੋ ਕਵਿਤਾ

 

- ਮਲਕੀਅਤ ਸੁਹਲ

ਇਕ ਕਵਿਤਾ / ਉਡੀਕ

 

- ਦਿਲਜੋਧ ਸਿੰਘ

ਅੱਖਾਂ ਥੱਕ ਗਈਆਂ ਤੱਕ ਤੱਕ ਰਾਹ ਸੱਜਣਾ!

 

- ਸੰਤੋਖ ਸਿੰਘ

ਇੱਕ ਸੀ ਸਾਡਾ ਭਾਅਜੀ ਤੇ ਤੁਹਾਡਾ ਭਾਈ ਮੰਨਾ ਸਿੰਘ

 

- ਹੀਰਾ ਰੰਧਾਵਾ

ਮੇਰੇ ਪੁੱਤਰੋ! ਮੈਂ ਜਿਉਨਾਂ ਵਾਂ

 

- ਕੁਲਵਿੰਦਰ ਖਹਿਰਾ

ਭਾਈ ਮੰਨਾ ਸਿੰਘ ਇਨ੍ਹਾਂ ਨੂੰ ਕਹਿ ਦੇ!!

 

- ਕੁਲਵਿੰਦਰ ਖਹਿਰਾ

 

ਇੱਕ ਦਿਲਚਸਪ ਪੁਸਤਕ-'ਜੋ ਵੇਖਿਆ ਸੋ ਆਖਿਆ'
- ਨਿੰਦਰ ਘੁਗਿਆਣਵੀ

 

ਇਕ ਦਿਲਚਸਪ ਪੁਸਤਕ ਜੋ ਵੇਖਿਆ ਸੋ ਆਖਿਆ ਜਦ ਮੈ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਤੋਂ, ਇਸ ਦੇਸ਼ ਦੀ ਰਾਜਧਾਨੀ ਕੈਨਬਰਾ ਨੂੰ ਜਾਣ ਵਾਲ਼ੀ ਬੱਸ ਵਿਚ ਬੈਠਾ ਤਾਂ ਮੇਰੇ ਹੱਥ ਵਿਚ ਗਿਆਨੀ ਸੰਤੋਖ ਸਿੰਘ ਰਚਿਤ ਇਹ ਪੁਸਤਕ ਸੀ। ਇਹ ਗਿਆਨੀ ਜੀ ਨੇ 17 ਜੁਲਾਈ ਦੇ ਦਿਨ ਮੇਰੇ ਮਿੱਤਰ ਸ. ਅਮਰਜੀਤ ਸਿੰਘ ਖੇਲਾ ਦੇ ਯੂਨੀਕ ਇੰਟਰਨੈਸ਼ਨਲ ਕਾਲਜ ਵਿਚ ਬੈਠਿਆਂ ਨਿਘੇ ਸਨੇਹ ਸਹਿਤ ਲਿਖ ਕੇ ਪਿਆਰ ਵਜੋਂ ਭੇਟ ਕੀਤੀ ਸੀ। ਮੈ ਇਸ ਪੁਸਤਕ ਨੂੰ ਬੜੀ ਛੇਤੀ ਨਾਲ਼ ਪੜ੍ਹਨਾ ਚਾਹੁੰਦਾ ਸਾਂ ਕਿਉਂਕਿ ਗਿਆਨੀ ਸੰਤੋਖ ਸਿੰਘ ਹੋਰਾਂ ਦੀ ਕੋਈ ਵੀ ਲਿਖਤ, ਕਿਤੇ ਵੀ, ਕਦੋਂ ਵੀ ਪ੍ਰਕਾਸ਼ਤ ਹੋਈ ਮੇਰੀ ਨਿਗਾਹ ਵਿਚ ਆ ਜਾਂਦੀ ਹੈ ਤਾਂ ਮੈ ਉਸ ਨੂੰ ਬੜੀ ਦਿਲਚਸਪੀ, ਉਤਸੁਕਤਾ ਅਤੇ ਉਤਸ਼ਾਹ ਨਾਲ਼ ਪੜ੍ਹਦਾ ਹਾਂ। ਇਸ ਦਾ ਇਕ ਪਰਮੁਖ ਕਾਰਨ ਇਹ ਵੀ ਹੈ ਕਿ ਉਹਨਾਂ ਦੀ ਆਪਣੀ ਹਸਤੀ ਮੁਤਾਬਿਕ ਉਹਨਾਂ ਦੀ ਹਰ ਲਿਖਤ ਵਿਚ ਸੰਜਮਤਾ, ਸੰਖੇਪਤਾ, ਸਰਲਤਾ, ਸੰਜੀਦਗੀ ਅਤੇ ਸੁਹਿਰਦਤਾ ਸੰਜੋਈ ਹੋਈ ਹੁੰਦੀ ਹੈ। ਮੈ ਮਹਿਸੂਸ ਕਰਦਾ ਹਾਂ ਕਿ ਗਿਆਨੀ ਸੰਤੋਖ ਸਿੰਘ ਦੀ ਲਿਖਤ ਆਪਣੇ ਆਪ ਵਿਚ ਇਸ ਕਾਰਨ ਵੀ ਦਿਲਚਸਪ ਹੁੰਦੀ ਹੈ ਕਿ ਉਹ ਗੰਭੀਰਤਾ ਬਣਾਈ ਰੱਖਣ ਦੇ ਬਾਵਜੂਦ ਵੀ ਆਪਣੀ ਲਿਖਤ ਵਿਚ ਨਾਲ਼ੋ ਨਾਲ਼ ਹਲਕਾ ਹਲਕਾ ਕਟਾਕਸ਼ ਵੀ ਕਰਦੇ ਜਾਂਦੇ ਹਨ।
ਸੰਨ 2008 ਵਿਚ ਗਿਆਨੀ ਜੀ ਦੀ ਈ-ਮੇਲ ਮਿਲ਼ੀ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਧਾਰੇ ਹੋਏ ਹਨ। ਉਹਨਾਂ ਕੁ ਦਿਨਾਂ ਵਿਚ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮੇਰੀ ਇਕ ਪੁਸਤਕ ਲੋਕ ਗਾਇਕ ਦੀ ਪ੍ਰਕਾਸ਼ਨਾ ਹੋਣੀ ਸੀ। ਇਸ ਸਿਲਸਿਲੇ ਵਿਚ ਮੈ ਯੂਨੀਵਰਸਿਟੀ ਦੇ ਪ੍ਰੈਸ ਵਿਚ ਗਿਆ ਤਾਂ ਮੇਰੇ ਪਾਸ ਕੁਝ ਘੰਟਿਆਂ ਦੀ ਵੇਹਲ ਸੀ। ਸੋਚਿਆ ਕਿ ਕਿਉਂ ਨਾ ਗਿਆਨੀ ਜੀ ਦੇ ਦਰਸ਼ਨ ਪਰਸ ਲਏ ਜਾਣ! ਮੇਰੇ ਵੱਲੋਂ ਫ਼ੋਨ ਕਰਨ ਦੇ ਇਕ ਘੰਟੇ ਬਾਅਦ ਗਿਆਨੀ ਜੀ ਆਣ ਪਰਗਟ ਹੋਏ। ਪ੍ਰੈਸ ਦੀ ਕੈਨਟੀਨ ਤੋਂ ਚਾਹ ਪਾਣੀ ਛਕਿਆ ਅਤੇ ਖ਼ੂਬ ਗੱਲਾਂ ਕੀਤੀਆਂ। ਮੈਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਆਪ ਵਿਚ ਇਕ ਚੱਲਦਾ ਫਿਰਦਾ ਵਿਸ਼ਵ ਵਿਦਿਆਲਾ ਹਨ। ਆਸਟ੍ਰੇਲੀਆ ਵਿਚ ਆ ਕੇ ਇਹ ਵੀ ਪਤਾ ਲੱਗਾ ਕਿ ਸਿਡਨੀ ਦੇ ਨੌਜਵਾਨਾਂ ਨੇ ਗਿਆਨੀ ਜੀ ਨੂੰ ਵਾਕਿੰਗ ਇਨਸਾਇਪੀਡੀਆ ਆਫ਼ ਸਿੱਖਇਜ਼ਮ ਅਤੇ ਮੈਲਬਰਨ ਵਾਲ਼ਿਆਂ ਨੇ ਸਾਈਬਰ ਗਿਆਨੀ ਦੇ ਖ਼ਿਤਾਬ ਦੇ ਰੱਖੇ ਹਨ। ਮੈ ਸਮਝਦਾ ਹਾਂ ਕਿ ਜ਼ਿੰਦਗੀ ਵਿਚ ਬਹੁਤ ਘੱਟ ਵਾਰੀ ਬਹੁਤ ਘੱਟ ਲੋਕਾਂ ਨਾਲ਼ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਆਪਣੇ ਆਪ ਵਿਚ ਇਕ ਸੰਸਥਾ ਦਾ ਰੂਪ ਧਾਰਨ ਕਰ ਜਾਂਦੇ ਹਨ। ਜ਼ਿੰਦਗੀ ਦੇ ਬਿਖੜੇ ਰਾਹ, ਲੰਮੇਰੇ ਪੰਧ, ਤਲਖ ਤਜੱਰਬੇ, ਝਮੇਲੇ ਬੰਦੇ ਨੂੰ ਪੱਕਾ ਤਾਂ ਕਰਦੇ ਹੀ ਹਨ, ਨਾਲ਼ੋ ਨਾਲ਼ ਇਕ ਅਹਿਸਾਸੀ ਮਨੁਖ ਦੇ ਰੂਪ ਵਿਚ ਵੀ ਤਬਦੀਲ ਕਰ ਦਿੰਦੇ ਹਨ। ਵੱਡਿਆਂ ਦੀ ਸੰਗਤ ਦੀ ਰੰਗਤ ਹੋਰ ਵੀ ਅਨੋਖਾ ਰੰਗ ਭਰ ਦਿੰਦੀ ਹੈ; ਅਜਿਹਾ ਜ਼ਿੰਦਗੀ ਵਿਚ ਗਿਆਨੀ ਜੀ ਨੇ ਵੇਖਿਆ, ਸੁਣਿਆ, ਮਾਣਿਆ, ਪਰਖਿਆ, ਨਿਰਖਿਆ ਅਤੇ ਪਿੰਡੇ ਤੇ ਹੰਡਾਇਆ ਹੈ।
ਸਾਡੀ ਦੂਜੀ ਮਿਲਣੀ ਮੇਰੀ ਹੁਣ ਆਸਟ੍ਰੇਲੀਆ ਦੀ ਯਾਤਰਾ ਸਮੇ ਹੋਈ। ਗਿਆਨੀ ਜੀ ਬਾਰੇ ਇਕ ਛੋਟੇ ਆਕਾਰ ਦੀ ਪੁਸਤਕ ਬਹੁਪੱਖੀ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ (ਸੰਪਾਦਕ ਹਰਭਜਨ ਸਿੰਘ ਵਕਤਾ) ਗਿਆਨੀ ਜੀ ਨੇ ਕਲ਼ੇਜੇ ਦੀਆਂ ਡੂੰਘਿਆਈਆਂ ਵਿਚੋਂ ਨਿਕਲ਼ੇ ਨਿਘੇ ਪਿਆਰ ਨਾਲ਼ ਲਿਖ ਕੇ ਦਿਤੀ। ਇਹ ਪੁਸਤਕ ਪੜ੍ਹ ਕੇ ਮੈ ਮਹਿਸੂਸ ਕੀਤਾ ਕਿ ਇਸ ਹਸਤੀ ਬਾਰੇ ਇਹ ਯਤਨ ਤਾਂ ਬਹੁਤ ਚੰਗਾ ਹੈ ਪਰ ਗਿਆਨੀ ਜੀ ਦੀ ਸਖ਼ਸੀਅਤ ਦੀ ਉਚਿਆਈ ਤੱਕ ਨਹੀ ਪਹੁੰਚਦਾ। ਸੰਪਾਦਨ ਦਾ ਕਾਰਜ ਬਹੁਤ ਬਿਖੜਾ ਹੁੰਦਾ ਹੈ। ਜਿਸ ਦਾ ਮੈਨੂੰ ਨੇੜਿਉਂ ਤਜੱਰਬਾ ਹੈ। ਕਿਸੇ ਬਾਰੇ ਕਿਸੇ ਤੋਂ ਕੁਝ ਲਿਖਵਾਉਣਾ ਤੇ ਸੰਪਾਦਤ ਕਰਨਾ ਸੌਖਾ ਕਾਰਜ ਨਹੀ। ਮੈ ਮਹਿਸੂਸ ਕਰਦਾ ਹਾਂ ਕਿ ਗਿਆਨੀ ਸੰਤੋਖ ਸਿੰਘ ਦੀ ਹੁਣ ਤੱਕ ਦੀ ਰਚੀ ਵਾਰਤਕ ਨੂੰ ਪੰਜਾਬ ਦਾ ਕੋਈ ਵਿਦਵਾਨ ਪੁਣੇ, ਛਾਣੇ ਤੇ ਉਹਨਾਂ ਦੇ ਜੀਵਨ ਤੇ ਸ਼ਖ਼ਸੀਅਤ ਬਾਰੇ ਬੜੇ ਸੋਹਣੇ ਢੰਗ ਨਾਲ਼ ਮੁਤਾਲਿਆ ਕਰਕੇ, ਇਕ ਠੋਸ ਦਸਤਾਵੇਜ਼ੀ ਪੁਸਤਕ ਦੀ ਰਚਨਾ ਕਰੇ।
ਗੱਲ ਛੇੜੀ ਸੀ ਕੈਨਬਰਾ ਜਾਂਦਿਆਂ ਜੋ ਵੇਖਿਆ ਸੋ ਆਖਿਆ ਪੁਸਤਕ ਪੜ੍ਹਨ ਦੀ। ਇਹ ਵਾਰਤਕ ਦੀ ਇਕ ਵਧੀਆ ਵੰਨ ਸੁਵੰਨੀ ਵੰਨਗੀ ਹੈ। ਇਸ ਵਿਚ ਗਿਆਨ, ਯਾਦਾਂ, ਇਤਿਹਾਸ, ਸਫ਼ਰਨਾਮਾ ਆਦਿ ਸਿਨਫਾਂ ਦੇ ਦੀਦਾਰ ਹੁੰਦੇ ਹਨ ਅਤੇ ਗਿਆਨੀ ਜੀ ਦੀ ਗੂਹੜੀ ਤੇ ਗੁੜ੍ਹੀ ਹੋਈ ਸ਼ਖ਼ਸੀਅਤ ਸਾਕਾਰ ਰੂਪ ਵਿਚ ਅੱਖਾਂ ਅੱਗੇ ਆ ਖਲੋਂਦੀ ਹੈ। ਲੰਮੇ ਚਾਰ ਦਹਾਕਿਆਂ ਦੇ ਸਮੇ ਤੋਂ ਪੰਜਾਬੋਂ ਬਾਹਰ ਵੱਸ ਕੇ ਵੀ ਪ੍ਰੰਪਰਾਗਤ ਪੰਜਾਬ ਦਾ ਜੀਵਨ ਗਿਆਨੀ ਜੀ ਤੋਂ ਇਕ ਪਲ ਵੀ ਨਹੀ ਵਿਸਰਿਆ। ਜਦੋਂ ਉਹ ਘੜਾ ਘੜਵੰਜੀ ਤੇ ਦੀ ਗੱਲ ਕਰਦੇ ਹਨ ਤਾਂ ਪੰਜਾਬ ਦੇ ਭੁੱਲੇ ਵਿਸਰੇ ਅਤੇ ਅਣਮੁੱਲੇ ਲੋਕ ਗੀਤਾਂ ਦਾ ਪੂਰੇ ਵੇਰਵੇ ਸਹਿਤ ਜ਼ਿਕਰ ਕਰਕੇ, ਪੰਜਾਬ ਦੇ ਬੀਤ ਗਏ ਦਿਨਾਂ ਵਿਚ ਲੈ ਜਾਂਦੇ ਹਨ। ਗਿਆਨੀ ਜੀ ਭੁੱਲ ਕੇ ਛੜੇ ਨੂੰ ਅੱਖ ਮਾਰੀ ਤੋਂ ਸ਼ੁਰੂ ਕਰਕੇ ਆਪਣੇ ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਦੀਆਂ ਯਾਦਾਂ ਅਤੇ ਕੌਮ ਦੇ ਘਾਗ ਸਿਆਸਤਦਾਨਾਂ ਨਾਲ਼ ਦੂਰੋਂ ਨੇੜਿਉਂ ਹੋਏ ਮੇਲ ਮਿਲਾਪ, ਟੀਕਾ ਟਿਪਣੀਆਂ ਅਤੇ ਸਾਂਝੇ ਮੰਚਾਂ ਦਾ ਬੜੇ ਉਤਸ਼ਾਹ ਨਾਲ ਜ਼ਿਕਰ ਕਰਦੇ ਜਾਂਦੇ ਹਨ। ਉਹਨਾਂ ਨੇ ਸੀਨੀਅਰ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਜੀ ਨੂੰ ਬੜਾ ਨਿੱਗਰ ਸੁਝਾ ਦਿਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਨੀ ਸਿੱਖ ਪਾਰਲੀਮੈਂਟ ਕਹਿਣਾ ਢੁਕਵਾਂ ਨਹੀ। ਏਵੇਂ ਹੀ ਇਸ ਪੁਸਤਕ ਵਿਚ: ਸਿੱਖ ਆਗੂਆਂ ਦੀਆਂ ਅਸਚਰਜ ਬੇਪਰਵਾਹੀਆਂ, ਪੰਜ ਸਿੱਖਾਂ ਦਾ ਸਨਮਾਨ, ਅਨਪੜ੍ਹ ਸਿੰਘਾ ਆਦਿ ਲੇਖ ਪਾਠਕਾਂ ਦਾ ਉਚੇਚਾ ਧਿਆਨ ਖਿੱਚਦੇ ਹਨ।
ਇਸ ਪੁਸਤਕ ਦਾ ਆਖਰੀ ਲੇਖ ਇਉਂ ਹੋਇਆ ਸਵਾਗਤ ਮੇਰੀਆਂ ਲਿਖਤਾਂ ਦਾ ਮੈਨੂੰ ਸਭ ਤੋਂ ਵਧ ਦਿਲਚਸਪ ਲੱਗਿਆ। ਇਸ ਲੇਖ ਵਿਚ ਗਿਆਨੀ ਜੀ ਬਹੁਤ ਬੇਬਾਕ ਤੇ ਇਮਾਨਦਾਰ ਹਨ। ਉਹ ਸਫ਼ਰ ਤੇ ਗਏ। ਇਕ ਗੁਰੂ ਘਰ ਦੇ ਪ੍ਰਬੰਧਕ ਉੜੀ ਉੜੀ ਕਰਕੇ ਉਹਨਾਂ ਦੇ ਮਗਰ ਇਸ ਲਈ ਪੈ ਗਏ ਕਿ ਗਿਆਨੀ ਜੀ ਨੇ ਆਪਣੀ ਦੂਜੀ ਕਿਤਾਬ ਉਜਲ ਕੈਹਾਂ ਚਿਲਕਣਾ ਵਿਚ ਉਹਨਾਂ ਨੂੰ ਨਾ ਚੰਗੀ ਲੱਗਣ ਵਾਲ਼ੀ ਗੱਲ ਲਿਖ ਦਿਤੀ ਹੈ। ਗਿਆਨੀ ਜੀ ਆਪਣੇ ਭਾਸ਼ਨ ਵਾਂਗ ਹੀ ਲਿਖਤਾਂ ਵਿਚ ਵੀ ਬਿਨਾ ਕਿਸੇ ਲੱਗ ਲਬੇੜ ਦੇ ਸੱਚ ਹੀ ਲਿਖ ਦਿੰਦੇ ਹਨ ਜੋ ਕਿ ਕਈ ਵਾਰ ਧਾਰਮਿਕ ਸਥਾਨਾਂ ਦੇ ਚੌਧਰੀਆਂ ਦੇ ਫਿੱਟ ਨਹੀ ਬੈਠਦਾ। ਉਹ ਕੁਝ ਕਸੈਲਾ ਜਿਹਾ ਹੋਣ ਕਰਕੇ ਕਿਸੇ ਨਾ ਕਿਸੇ ਦੇ ਗਿੱਟੇ ਜਾਂ ਗੋਡੇ ਤੇ ਜਾ ਵੱਜਦਾ ਹੈ ਤੇ ਉਹਨਾਂ ਦਾ ਹਾਜਮਾ ਦਰੁਸਤ ਨਹੀ ਰਹਿੰਦਾ। ਗਿਆਨੀ ਜੀ ਵੀ ਪੂਰੇ ਹਠੀ ਹਨ। ਉਹ ਹਰੇਕ ਥਾਂ ਜਾਂਦੇ ਹੋਏ ਕੁਝ ਕਿਤਾਬਾਂ ਝੋਲ਼ੇ ਵਿਚ ਪਾ ਲਿਜਾਂਦੇ ਹਨ। ਚੰਗਾ ਹੋਵੇ ਕਿ ਉਹ ਅਜਿਹੇ ਸੱਜਣਾਂ ਦਾ ਹਾਜਮਾ ਦਰੁਸਤ ਕਰਨ ਲਈ, ਆਪਣੇ ਝੋਲ਼ੇ ਵਿਚ ਤੁੰਮਿਆਂ ਵਾਲ਼ੀ ਜਵੈਣ ਦੇ ਬਣਾਏ ਚੂਰਨ ਦੇ ਕੁਝ ਪੁੜੇ ਵੀ ਨਾਲ਼ ਲੈ ਜਾਇਆ ਕਰਨ। ਮੈਨੂੰ ਇਹ ਲੇਖ ਪੜ੍ਹਦਿਆਂ ਓਦੋਂ ਭਾਵੇਂ ਪਰੇਸ਼ਾਨੀ ਤਾਂ ਬਹੁਤ ਹੋਈ ਜਦੋਂ ਇਕ ਦੋ ਥਾਵਾਂ ਤੇ ਗਿਆਨੀ ਜੀ ਨੂੰ ਗੁਰੂ ਘਰਾਂ ਵਿਚੋਂ ਨਿਕਲ਼ ਕੇ ਕਿਸੇ ਪ੍ਰਸੰਸਕ ਦੇ ਘਰ ਜਾ ਕੇ ਰਾਤ ਕੱਟਣੀ ਪਈ ਪਰ ਗਿਆਨੀ ਜੀ ਦੀ ਤਰਜ਼ੇ ਬਿਆਨੀ ਅਤੇ ਲੇਖ ਵਿਚਲੇ ਸੂਖਮ ਵਿਅੰਗ ਕਰਕੇ, ਨਾਲ਼ੋ ਨਾਲ਼ ਅਨੰਦ ਵੀ ਪਰਾਪਤ ਹੁੰਦਾ ਰਿਹਾ ਤੇ ਚੇਹਰੇ ਉਪਰ ਮੁਸਕਰਾਹਟ ਛਾਈ ਰਹੀ। ਇਹ ਸਾਰਾ ਕੁਝ ਲਿਖਦਿਆਂ ਵੀ ਗਿਆਨੀ ਜੀ ਨੇ ਬੜੀ ਸੰਜਮ ਭਰੀ ਸ਼ੈਲੀ ਵਿਚ ਇਸ ਲੇਖ ਨੂੰ ਸਮੇਟਿਆ ਹੈ। ਕਿਸੇ ਦਾ ਦਿਲ ਨਹੀ ਦੁਖਾਇਆ। ਕਿਸੇ ਬਾਰੇ ਜ਼ਾਤੀ ਤੌਰ ਤੇ ਚਿੱਕੜ ਨਹੀ ਉਛਾਲ਼ਿਆ। ਕੋਈ ਭਾਵੇਂ ਕੁਝ ਕਹੀ ਜਾਵੇ!
ਅੱਜ ਪੰਜਾਬੀ ਭਾਸ਼ਾ ਦਾ ਪ੍ਰਚਾਰ, ਪ੍ਰਸਾਰ, ਸੰਚਾਰ ਸੰਸਾਰ ਪਧਰ ਤੇ ਹੋ ਰਿਹਾ ਹੈ। ਵੱਡੇ ਅਹੁਦਿਆਂ ਤੇ ਬਿਰਾਜਮਾਨ ਵਿਦਵਾਨ ਧਾਹਾਂ ਮਾਰ ਰਹੇ ਹਨ ਕਿ ਪੰਜਾਬੀ ਮਰ ਮੁੱਕ ਰਹੀ ਹੈ ਪਰ ਗਿਆਨੀ ਜੀ ਵਰਗੇ ਲੇਖਕ ਪੰਜਾਬੋਂ ਬਾਹਰ, ਸਮੁੰਦਰੋਂ ਪਾਰ ਦੂਰ ਬੈਠੇ ਵੀ ਲਿਖ ਰਹੇ ਹਨ, ਛਪ ਰਹੇ ਹਨ, ਪੜ੍ਹੇ ਜਾ ਰਹੇ ਹਨ, ਸਤਿਕਾਰੇ ਜਾ ਰਹੇ ਹਨ ਤਾਂ ਉਹ ਵਿਦਵਾਨ, ਯੂਨੀਵਰਸਿਟੀਆਂ ਦੇ ਏਅਰ ਕੰਡੀਸ਼ਨਡ ਬੰਦ ਕਮਰਿਆਂ ਵਿਚ ਭੁਆਂਟਣੀਆਂ ਦੇਣ ਵਾਲ਼ੀਆਂ ਕੁਰਸੀਆਂ (ਰੀਵੋਲਵਿੰਗ ਚੇਅਰਜ਼) ਤੇ ਝੂਟੇ ਲੈਂਦੇ ਵੀ ਛਿੱਥੇ ਪੈ ਰਹੇ ਹਨ। ਜਦੋਂ ਗਿਆਨੀ ਜੀ ਪੰਜਾਬੀ ਭਾਸ਼ਾ ਦੇ ਲਿਖਤੀ ਸਰੂਪ ਨੂੰ ਨਾ ਵਿਗਾੜਨ ਬਾਰੇ ਲਿਖਦੇ ਹਨ ਤਾਂ ਵੇਰਵੇ ਸਹਿਤ ਬੜੀ ਦਲੀਲ ਨਾਲ਼ ਪੰਜਾਬੀ ਸ਼ਬਦ ਜੋੜਾਂ ਦੀ ਸਰਲਤਾ ਤੇ ਸਮਾਨਤਾ ਵਾਲ਼ੇ ਲੇਖ ਵਿਚ, ਕੌਣ ਗ਼ਲਤ ਤੇ ਕੌਣ ਠੀਕ ਆਦਿ ਨੂੰ ਉਜਾਗਰ ਕਰਦੇ ਹਨ ਅਤੇ ਠੀਕ ਉਚਾਰਣ ਬਾਰੇ ਪ੍ਰਕਾਸ਼ ਪਾਉਂਦੇ ਹਨ। ਇਵੇਂ ਹੀ ਅਧਕ ਵਿਚਾਰਾ ਕੀ ਕਰੇ ਲੇਖ ਬੜਾ ਮਹੱਤਵਪੂਰਣ ਹੈ। ਲੇਖ ਜਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ ਵੀ ਆਪਣੀ ਥਾਂ ਮਹੱਤਵ ਰੱਖਦਾ ਹੈ। ਇਸ ਪੁਸਤਕ ਵਿਚਲੇ ਇਹ ਤਿੰਨੇ ਲੇਖ ਅਜੋਕੇ ਸਮੇ ਵਿਚ ਵਿਸ਼ੇਸ਼ ਮਹੱਤਵਪੂਰਣ ਹਨ ਕਿਉਂਕਿ ਪੰਜਾਬੀ ਦੇ ਸ਼ਬਦ ਜੋੜਾਂ ਬਾਰੇ ਅੱਜ ਇਕ ਵੱਡਾ ਮਸਲਾ ਸਾਡੇ ਸਨਮੁਖ ਹੈ ਅਤੇ ਇਸ ਮਸਲੇ ਦੇ ਹੱਲ ਲਈ ਗਿਆਨੀ ਜੀ ਨੇ ਇਹਨਾਂ ਤਿੰਨਾਂ ਲੇਖਾਂ ਰਾਹੀਂ ਆਪਣਾ ਉਚੇਚਾ ਯੋਗਦਾਨ ਪਾ ਦਿਤਾ ਹੈ।
ਇਸ ਪੁਸਤਕ ਵਿਚ ਇਕ ਲੇਖ ਵੱਡਿਆਂ ਬੰਦਿਆਂ ਦੀਆਂ ਬਚਿਤਰ ਬਾਤਾਂ ਇਸ ਦਾ ਅਹਿਮ ਅੰਗ ਹੈ। ਕੇਵਲ ਪੰਜਾਬ ਹੀ ਨਹੀ ਸਗੋਂ ਭਾਰਤ ਦੀ ਰਾਹਨੁਮਾਈ ਕਰਨ ਵਾਲ਼ੇ ਵੱਡੇ ਬੰਦੇ ਆਪਣੇ ਜੀਵਨ ਵਿਚ ਕਿੰਨੇ ਸਿੱਧੜ ਅਤੇ ਸਰਲ ਸਨ! ਮੰਚਾਂ ਉਪਰ ਬੋਲਦੇ ਸਮੇ ਵੀ ਉਹ ਟਪਲਾ ਖਾ ਜਾਂਦੇ ਸਨ। ਗਿਆਨੀ ਜੀ ਇਸ ਸਭ ਕਾਸੇ ਦਾ ਜ਼ਿਕਰ ਬੜੀ ਕੌਸ਼ਲਤਾ ਨਾਲ਼ ਕਰਦੇ ਹਨ। ਸਿੱਖ ਕੌਮ ਦੇ ਮੰਨੇ ਪ੍ਰਮੰਨੇ ਜਥੇਦਾਰਾਂ ਦਾ ਬੜੇ ਹੇਰਵੇ ਤੇ ਵੇਰਵੇ ਨਾਲ਼ ਇਸ ਪੁਸਤਕ ਵਿਚ ਜ਼ਿਕਰ ਆਉਣਾ ਬੜੀ ਚੰਗੀ ਗੱਲ ਲੱਗੀ ਹੈ। ਇਹਨਾਂ ਵੱਡੇ ਲੋਕਾਂ ਬਾਰੇ ਕੁਝ ਕੁ ਮਿਆਰੀ ਜਾਂ ਯਾਦਗਾਰੀ ਚੁਟਕਲੇ ਵੀ ਗਿਆਨੀ ਜੀ ਨੇ ਕਲਮਬੰਦ ਕੀਤੇ ਹਨ।
ਅੱਜ ਅਟੈਚੀਕੇਸ ਜਿਡੀਆਂ ਭਾਰੀਆਂ ਪੁਸਤਕਾਂ ਨਹੀ ਪੜ੍ਹੀਆਂ ਜਾ ਰਹੀਆਂ। ਅੱਜ ਪਾਠਕ ਤਾਂ ਸ਼ਾਰਟ ਕੱਟ ਮਾਰਦਾ ਹੈ। ਉਸ ਨੂੰ ਨਿੱਕੇ ਆਕਾਰ ਦੀ ਗਿਆਨਵਾਨ ਤੇ ਰੌਚਕ ਪੁਸਤਕ ਦੀ ਬੇਹਦ ਲੋੜ ਹੈ। ਜੇ ਉਸ ਨੂੰ ਅਜਿਹੀ ਪੁਸਤਕ ਮਿਲ਼ੇਗੀ ਤਾਂ ਉਹ ਉਸ ਨੂੰ ਜਰੂਰ ਪੜ੍ਹੇਗਾ ਤੇ ਅਨੰਦ ਮਾਣੇਗਾ। ਸੋ ਮੇਰੇ ਵਿਚਾਰ ਮੁਤਾਬਿਕ ਜੋ ਵੇਖਿਆ ਸੋ ਆਖਿਆ ਛੋਟੇ ਆਕਾਰ ਦੀ ਆਪਣੇ ਆਪ ਵਿਚ ਇਕ ਵੱਡੀ ਪੁਸਤਕ ਹੈ ਕਿਉਂਕਿ ਇਹ ਵੱਡੇ ਗਿਆਨ ਭੰਡਾਰ ਨੂੰ ਆਪਣੇ ਵਿਚ ਸਮੋਈ ਬੈਠੀ ਹੈ। ਗਿਆਨੀ ਜੀ ਨੂੰ ਕੁੱਜੇ ਵਿਚ ਸਮੁੰਦਰ ਬੰਦ ਕਰਨਾ ਬਾਖ਼ੂਬੀ ਆਉਂਦਾ ਹੈ ਤਦੇ ਹੀ ਉਹਨਾਂ ਦਾ ਨਾ ਭਾਸ਼ਨ ਅਕਾਊ ਹੁੰਦਾ ਹੈ ਨਾ ਲੇਖ। ਭਾਸ਼ਨ ਤੇ ਲਿਖਤ ਦਾ ਸੁਮੇਲ ਉਹਨਾਂ ਦੀ ਸ਼ਖ਼ਸੀਅਤ ਨੂੰ ਮਿਲਾਪੜੀ ਅਤੇ ਮਿਕਨਾਤੀਸੀ ਬਣਾਉਂਦਾ ਹੈ। ਮੁੱਕਦੀ ਗੱਲ, ਇਹ ਬਾਬਾ ਸਮੇ ਦਾ ਹਾਣੀ ਹੈ; ਕੰਪਿਊਟਰ ਦਾ ਆੜੀ ਹੈ; ਬੁਢਿਆਂ ਨਾਲ਼ ਬੁਢਾ; ਗਭਰੂਆਂ ਸੰਗ ਗਭਰੂ; ਜਵਾਕਾਂ ਨਾਲ਼ ਜਵਾਕਾਂ ਜਿਹਾ। ਜਦੋਂ ਵੀ ਮਿਲ਼ੇਗਾ ਕੋਈ ਝੋਰਾ ਨਹੀ, ਕੋਈ ਗਿਲ੍ਹਾ ਨਹੀ, ਤੇ ਨਾ ਹੀ ਕੋਈ ਸ਼ਿਕਵਾ ਤੇ ਨਾ ਕੋਈ ਵਿਖਾਵਾ। ਮਾਂ ਬੋਲੀ ਦੇ ਇਸ ਲਾਲ ਦੇ ਬਾਰੇ ਇਹੋ ਹੀ ਕਿਹਾ ਜਾ ਸਕਦਾ ਹੈ:
ਮਿੱਟੀ ਨਾ ਫਰੋਲ ਯੋਗੀਆ ਨਹੀਂਓ ਲੱਭਣੇ ਲਾਲ ਗਵਾਚੇ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346