Welcome to Seerat.ca
Welcome to Seerat.ca

ਸਾਡਾ ਸੂਰਮਾ ਲੇਖਕ ਅਜਮੇਰ ਔਲਖ
(ਔਲਖ ਨੂੰ ਭਾਈ ਲਾਲੋ ਲੋਕ-ਸਨਮਾਨ ਮਿਲਣ ਤੇ)

 

- ਵਰਿਆਮ ਸਿੰਘ ਸੰਧੂ

ਕਰਦੇ ਗਾਲ਼ਾਂ ਦਾ ਜਿਥੇ ਸਤਿਕਾਰ ਲੋਕੀਂ

 

- ਅਜਮੇਰ ਸਿੰਘ ਔਲਖ

ਪੁਸਤਕ ਗੋਲਡਨ ਗੋਲ ਦੀ ਗੱਲ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਮੋਹ-ਭਿੱਜਿਆ ਨਰਿੰਦਰ ਮੋਹੀ
(ਲਿਖੀ-ਜਾ-ਰਹੀ ਸਵੈਜੀਵਨੀ (ਭਾਗ-ਦੋ) ਬਰਫ਼ ਵਿੱਚ ਉਗਦਿਆਂ ਵਿੱਚੋਂ)

 

- ਇਕਬਾਲ ਰਾਮੂਵਾਲੀਆ

...ਜਾਂ ਸ਼ਾਇਦ ਇਸ ਵਾਰ...

 

- ਬਲਵਿੰਦਰ ਸਿੰਘ ਗਰੇਵਾਲ

ਵਿੱਕਰੀ

 

- ਪਿਆਰਾ ਸਿੰਘ ਭੋਗਲ

ਬਾਪੂ ਜੀ ਦੇ ਅੰਗ-ਸੰਗ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

'ਸਮੇਂ ਦਾ ਫੇਰ'

 

- ਸ੍ਰ: ਹਰਦੀਪ ਸਿੰਘ ਖਾਲਸਾ

ਲੁੱਟਣ ਤੋਂ ਲੁੱਟੇ ਜਾਣ ਤੱਕ ਦੀ ਜਾਗ੍ਰਿਤੀ ਦਾ ਸਫ਼ਰ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਲਦੇਵ ਸਿੰਘ ਧਾਲੀਵਾਲ, ਚੰਦਨ ਨੇਗੀ, ਬਲਜਿੰਦਰ ਨਸਰਾਲੀ,ਹਰਭਜਨ ਸਿੰਘ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੰਗ-ਬ-ਰੰਗੇ ਫੁੱਲ

 

- ਵਰਿਆਮ ਸਿੰਘ ਸੰਧੂ

ਏਤ ਮਾਰਗ ਜਾਣਾ

 

- ਹਰਜੀਤ ਤੇਜਾ ਸਿੰਘ

ਫੋਟੋ

 

- ਗੁਰਮੀਤ ਸੰਧੂ

ਦੇਸ਼ ਹਿਤਾਂ ਨੂੰ ਦਰਕਿਨਾਰ ਕਰ ਰਿਹਾ ਹੈ ਸੰਘ ਪਰਿਵਾਰ

 

- ਹਰਜਿੰਦਰ ਸਿੰਘ ਗੁਲਪੁਰ

ਜਵਾਬ

 

- ਸੁਖਦੇਵ ਸਿੰਘ ਸੇਖੋਂ

ਦੱਸ ਪੰਜਾਬ ਕਰਾਂ ਕੀ ਸਿਫਤ ਤੇਰੀ ?

 

- ਗੁਰਬਾਜ ਸਿੰਘ

ਨਾ ਚਾਹੁੰਦਾ ਹੋਇਆ ਵੀ

 

- ਵਰਿੰਦਰ ਖੁਰਾਣਾ

ਕੀ ਮਨੁੱਖ ਦਾ ਕੋਈ ਦੇਸ਼ ਹੈ?

 

- ਉਂਕਾਰਪ੍ਰੀਤ

ਕਥਾ ਇਕ ਪਿਆਸ ਦੀ

 

- ਜਗਸੀਰ ਕੋਟਭਾਈ

ਕਰੰਡ

 

- ਗੁਰਮੇਲ ਬੀਰੋਕੇ

ਗੀਤ

 

- ਗੁਰਨਾਮ ਢਿੱਲੋਂ

ਸ਼ਹਿਰ !

 

- ਮਿੰਟੂ ਗੁਰੂਸਰੀਆ

 

Online Punjabi Magazine Seerat

ਕਰਦੇ ਗਾਲ਼ਾਂ ਦਾ ਜਿਥੇ ਸਤਿਕਾਰ ਲੋਕੀਂ
- ਅਜਮੇਰ ਸਿੰਘ ਔਲਖ (98155-75495)

 

ੳ- ਅਸ਼ਕੇ ਤੇਰੇ! ਕੇਰਾਂ ਤਾਂ ਰੂਹ ਖ਼ੁਸ਼ ਕਰਤੀ
ਮਧ-ਵਰਗੀ ਸੋਚ ਦੇ ਕਈ ਆਲੋਚਕ ਮੇਰੇ ਨਾਟਕਾਂ ਵਿਚਲੀਆਂ ਗਾਲ਼ਾਂ ਨੂੰ ਮੇਰੇ ਨਾਟਕਾਂ ਦਾ ਨਿੰਦਣਯੋਗ ਪੱਖ ਗਰਦਾਨਦੇ ਹਨ। ਇਸਦੇ ਉਲ਼ਟ ਮੇਰੇ ਪ਼ੇਂਡੂ ਦਰਸ਼ਕ ਇਹਨਾਂ ਗਾਲ਼ਾਂ ਨੂੰ ਨਾ ਕੇਵਲ ਨਾਟਕ ਵਿੱਚ ਪੇਸ਼ ਕੀਤੇ ਜਾ ਰਹੇ ਯਥਾਰਥ ਦਾ ਜ਼ਰੂਰੀ ਤੇ ਅਟੁੱਟ ਹਿੱਸਾ ਮੰਨਦੇ ਹਨ ਬਲਕਿ ਇਹਨਾਂ ਸਦਕਾ ਮੇਰੀ ਤਾਰੀਫ਼ ਕਰਦਿਆਂ ਕਈ ਵਾਰ ਮੈਨੂੰ ਆਪਣੇ ਹੀ ਢੰਗਾਂ ਨਾਲ ਸਨਮਾਨ ਵੀ ਬਖ਼ਸ਼ਦੇ ਹਨ। ਇਸ ਸੰਬੰਧ ਵਿੱਚ ਮੈਂ ਤੁਹਾਨੂੰ ਦੋ ਦਿਲਚਸਪ ਘਟਨਾਵਾਂ ਸੁਣਾਉਂਦਾ ਹਾਂ:
ਇਹ ਘਟਨਾ 13 ਫਰਵਰੀ 1983 ਦੀ ਹੈ। ਸਾਡੀ ਮੰਚ ਸੰਸਥਾ ਲੋਕ ਕਲਾ ਮੰਚ, ਮਾਨਸਾ ਨੇ ਹਰਿਆਣਾ ਦੀ ਮੰਡੀ ਡਬਵਾਲੀ ਤੋਂ ਅਗਾਂਹ ਜਾ ਕੇ ਰਾਜਸਥਾਨ ਦੀ ਹੱਦ ਨਾਲ ਲਗਦੇ ਪੰਜਾਬ ਦੇ ਇਸ ਪਾਸੇ ਦੇ ਅਖ਼ੀਰਲੇ ਪਿੰਡ ਵੜਿੰਗ ਖੇੜਾ (ਉਸ ਸਮੇਂ ਜਿਲਾ ਫਰੀਦਕੋਟ, ਅੱਜ-ਕੱਲ੍ਹ ਮੁਕਤਸਰ) ਮੇਰੇ ਦੋ ਨਾਟਕਾਂ, ਬਗਾਨੇ ਬੋਹੜ ਦੀ ਛਾਂ ਤੇ ਅੰਨ੍ਹੇ ਨਿਸ਼ਾਨਚੀ ਦੀਆਂ ਪੇਸ਼ਕਾਰੀਆਂ ਦੇਣੀਆਂ ਸਨ। ਨਾਟਕ ਕਰਨ ਦਾ ਸਮਾਂ ਰਾਤ ਦਾ ਸੀ। ਪਿੰਡ ਵੜਿੰਗ ਖੇੜਾ ਤੱਕ ਪਹੁੰਚਦਿਆਂ-ਪਹੁੰਚਦਿਆਂ ਰਾਹ ਵਿੱਚ ਹੀ ਸਾਨੂੰ ਅਸਮਾਨ ਵਿੱਚ ਵਾਹਵਾ ਬੱਦਲ਼ਵਾਈ ਹੁੰਦੀ ਵਿਖਾਈ ਦੇਣ ਲੱਗੀ। ਸਾਨੂੰ ਡਰ ਸੀ ਕਿ ਕਿਤੇ ਮੀਂਹ ਨਾ ਉੱਤਰ ਆਵੇ। ਮੀਂਹ ਉੱਤਰ ਆਇਆ ਤਾਂ ਸਾਡਾ ਐਡੀ ਦੂਰ ਆ ਕੇ ਨਾਟਕ ਕੀਤੇ ਬਿਨਾ ਮੁੜ ਜਾਣਾ ਐਵੇਂ ਬੇਅਰਥ ਚਲਿਆ ਜਾਣਾ ਸੀ। ਵੜਿੰਗ ਖੇੜੇ ਪਹੁੰਚਣ ਤੱਕ ਕਾਫੀ ਠੰਢੀ ਹਵਾ ਵੀ ਚੱਲਣ ਲੱਗ ਪਈ ਸੀ। ਅਸੀਂ ਜਾਣ-ਸਾਰ ਪਰਬੰਧਕਾਂ ਨੂੰ ਕਿਹਾ ਕਿ ਨਾਟਕ ਛੇਤੀ ਸ਼ੁਰੂ ਕਰਵਾ ਲਏ ਜਾਣ ਤਾਂ ਜੋ ਮੀਂਹ ਪੈ ਕੇ ਕੋਈ ਮੁਸੀਬਤ ਨਾ ਖੜ੍ਹੀ ਕਰ ਦੇਵੇ। ਪਰਬੰਧਕ ਸਾਡੇ ਨਾਲੋਂ ਵੀ ਕਾਹਲ਼ੇ ਸਨ। ਉਹਨਾਂ ਸਟੇਜ, ਸਾਊਂਡ ਆਦਿ ਦਾ ਕੰਮ ਪਹਿਲਾਂ ਹੀ ਟਿੱਚਣ ਕਰ ਰੱਖਿਆ ਸੀ। ਉਹ ਕਹਿੰਦੇ, ਸਭ ਕੁਸ ਤਿਆਰ-ਵਰਤਿਆਰ ਐ ਜੀ। ਬਸ, ਤੁਸੀਂ ਚਾਹ ਪੀਉ ਤੇ ਨਾਟਕ ਕਰਨੇ ਸ਼ੁਰੂ ਕਰ ਦਿਉ।
ਅਸੀਂ ਕਾਹਲ਼ੀ-ਕਾਹਲ਼ੀ ਚਾਹ ਪੀਤੀ ਤੇ ਪਿੰਡ ਦੀ ਉਸ ਸੱਥ ਵਿੱਚ ਪਹੁੰਚ ਗਏ ਜਿਥੇ ਪਰਬੰਧਕਾਂ ਨੇ ਸਾਡੇ ਨਾਟਕ ਕਰਵਾਉਣ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਸਟੇਜ, ਸਾਊਂਡ, ਸਟੇਜ ਦੇ ਸੱਜੇ, ਖੱਬੇ ਤੇ ਪਿੱਛੇ ਲਾਈਆਂ ਕਨਾਤਾਂ, ਐਂਟਰੀਆਂ, ਗਰੀਨ-ਰੂਮ ਆਦਿ ਸਭ ਕੁੱਝ ਸਾਡੀ ਤਸੱਲੀ ਮੁਤਾਬਿਕ ਸੀ।
ਹਰਾਨੀ ਦੀ ਗੱਲ ਇਹ ਕਿ ਐਨੀ ਠੰਢ ਦੇ ਬਾਵਜੂਦ ਪਿੰਡ ਦੇ ਦਰਸ਼ਕ ਆਪਣੇ ਦੁਆਲੇ ਖ਼ੇਸਾਂ, ਚਾਦਰਾਂ, ਲੋਈਆਂ ਆਦਿ ਦੀਆਂ ਬੁੱਕਲ਼ਾਂ ਮਾਰ ਕੇ ਨਾਟਕ ਵੇਖਣ ਲਈ ਪਿੰਡ ਦੀ ਇਸ ਸੱਥ ਵਿੱਚ ਵੱਡੀ ਗਿਣਤੀ ਵਿੱਚ ਕਾਹਲੀ-ਕਾਹਲੀ ਆ ਰਹੇ ਸਨ। ਸਾਡੇ ਕਲਾਕਾਰਾਂ ਨੇ ਵੀ ਫੱਟਾ-ਫਟ ਨਾਟਕ ਲਈ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਪੰਦਰਾਂ-ਵੀਹ ਮਿੰਟ ਵਿੱਚ ਹੀ ਆਪਣਾ ਇਹ ਕਾਰਜ ਮੁਕਾ ਲਿਆ। ਜਦ ਸਾਰੇ ਦਰਸ਼ਕ ਆਪਣੀਆਂ-ਆਪਣੀਆਂ ਥਾਂਵਾ ਉੱਤੇ ਟਿਕ ਕੇ ਬੈਠ ਗਏ ਤਾਂ ਰਾਤ ਦੇ 8-30 ਕੁ ਵਜੇ ਅਸੀਂ ਆਪਣਾ ਪਹਿਲਾ ਨਾਟਕ ਅੰਨ੍ਹੇ ਨਿਸ਼ਾਨਚੀ ਖੇਡਣਾ ਸ਼ੁਰੂ ਕਰ ਦਿੱਤਾ। ਇਸ ਨਾਟਕ ਦੇ ਖੇਡਣ ਦੌਰਾਨ ਬੱਦਲ਼ਵਾਈ ਹੋਰ ਵੀ ਗੂੜ੍ਹੀ ਹੋ ਗਈ ਸੀ ਤੇ ਹਵਾ ਨੇ ਵੀ ਆਪਣਾ ਰੁਖ਼ ਕੁੱਝ ਹੋਰ ਤਿੱਖਾ ਕਰ ਲਿਆ ਸੀ। ਬਸ, ਐਨਾ ਸ਼ੁਕਰ ਰਿਹਾ ਕਿ ਮੀਂਹ ਨਹੀਂ ਸੀ ਪੈਣ ਲੱਗਿਆ। ਪਰ ਲੱਗਦਾ ਇਹ ਸੀ ਕਿ ਮੀਂਹ ਕਿਸੇ ਵਕਤ ਵੀ ਪੈਣਾ ਸ਼ੁਰੂ ਹੋ ਸਕਦਾ ਹੈ। ਪਰ ਹਰਾਨੀ ਦੀ ਗੱਲ ਇਹ ਕਿ ਉਤਾਰੂ ਹੋ ਰਹੇ ਬਦਲ ਦੇਵਤਾ ਤੇ ਤਨ ਨੂੰ ਚੀਰ ਕੇ ਲੰਘ ਜਾਣ ਵਾਲੀ ਠੰਢੀ ਹਵਾ ਦੇ ਬਾਵਜੂਦ ਪਿੰਡ ਦੇ ਦਰਸ਼ਕ ਉਵੇਂ ਦੀ ਉਵੇਂ ਬੈਠੇ ਰਹੇ। ਅਸੀਂ ਪਰਬੰਧਕਾਂ ਨੂੰ ਬੇਨਤੀ ਕੀਤੀ ਕਿ ਦੂਜਾ ਨਾਟਕ ਨਾ ਹੀ ਕੀਤਾ ਜਾਵੇ ਤਾਂ ਚੰਗਾ ਰਹੇਗਾ। ਜੇ ਨਾਟਕ ਚਲਦੇ ਦੌਰਾਨ ਮੀਂਹ ਪੈਣ ਲੱਗ ਪਿਆ ਤਾਂ ਪਹਿਲੇ ਨਾਟਕ ਦਾ ਸੁਆਦ ਵੀ ਮਾਰਿਆ ਜਾਊ। ਪਰ ਪਰਬੰਧਕ ਨਾ ਮੰਨੇ। ਕਹਿਣ ਲੱਗੇ, ਕੁਸ ਨੀ ਹੁੰਦਾ ਜੀ। ਤੁਸੀਂ ਦੂਜਾ ਨਾਟਕ ਵੀ ਵਿਖਾਉ। ਸਾਡੇ ਪਿੰਡ ਦੇ ਲੋਕ ਨੀ ਹਿਲਦੇ, ਭਾਵੇਜ਼ ਮੀਂਹ ਛੱਡ ਮੀਂਹ ਦਾ ਪਿਉ ਆ ਜਾਵੇ। ਪਹਿਲੀ ਵਾਰ ਤਾਂ ਸਾਡੇ ਪਿੰਡ ਵਿੱਚ ਨਾਟਕ ਹੋ ਰਿਹੈ। ਇਹਨਾਂ ਨੂੰ ਤਾਂ ਨਾਟਕ ਰੱਬਂੋ ਭੇਜੀ ਕੋਈ ਦਾਤ ਈ ਲਗਦੀ ਐ। ਮੀਂਹ-ਮੂੰਹ ਨੂੰ ਕੀ ਗੌਲ਼ਦੇ ਐ ਇਹ ਮਿਹਨਤਾਂ ਦੇ ਭੰਨੇ ਹੋਏ ਕਿਰਤੀ ਲੋਕ।
ਪਰਬੰਧਕਾਂ ਦੀ ਇਹ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਦੂਜੇ ਨਾਟਕ ਬਗਾਨੇ ਬੋਹੜ ਦੀ ਛਾਂ ਦੀ ਅਸੀਂ ਛੇਤੀ-ਛੇਤੀ ਤਿਆਰੀ ਕੀਤੀ ਤੇ ਦਸ-ਪੰਦਰਾਂ ਮਿੰਟ ਦੇ ਫ਼ਰਕ ਨਾਲ ਹੀ ਇਸਦਾ ਮੰਚਣ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਟਕ ਦੇ ਸ਼ੁਰੂ ਹੋਣ ਦੇ ਨਾਲ ਹੀ ਰੱਬ ਵੱਲੋਂ ਵੀ ਕਿਣਮਿਣ-ਕਿਣਮਿਣ ਹੋਣੀ ਸ਼ੁਰੂ ਹੋ ਗਈ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਪੰਜਾਬ ਦੇ ਪੇਂਡੂ ਰੰਗਮੰਚ ਦੇ ਦੁਸ਼ਮਣ ਸ਼ੈਤਾਨ ਰਾਕਸ਼ਾਂ ਨੇ ਸਾਡੇ ਇਸ ਨਾਟਕ ਦੀ ਪੇਸ਼ਕਾਰੀ ਵਿੱਚ ਵਿਘਨ ਪਾਉਣ ਦੀ ਪੂਰੀ ਠਾਣ ਲਈ। ਗਰਮੀ ਦੀ ਰੁੱਤ ਹੁੰਦੀ ਤਾਂ ਅਸੀਂ ਰੱਬ ਜਾਂ ਸ਼ੈਤਾਨ ਰਾਕਸ਼ਾਂ ਦਾ ਕੋਟ-ਕੋਟ ਧੰਨਵਾਦ ਕਰਨਾ ਸੀ ਪਰ ਫਰਵਰੀ ਦੇ ਮਹੀਨੇ ਵਿੱਚ ਇਹ ਕਿਣਮਿਣ-ਕਿਣਮਿਣ ਉਹਨਾਂ ਵੱਲੋਂ ਵਰ੍ਹਾਏ ਕਹਿਰ ਦੇ ਤੀਰ ਲਗਦੇ ਸਨ। ਨਾਟਕ ਦਾ ਪਾਤਰ ਪੀਤਾ ਤਾਂ ਮੰਚ ਉੱਤੇ ਖੜ੍ਹਾ ਇਹ ਡਾਇਲਾਗ ਬੋਲ ਰਿਹਾ ਸੀ, ਅੱਗ ਕੀ ਵਰ੍ਹਦੀ ਐ ਚਾਚਾ ਸਿੰਆਂ, ਬਸ ਪੁੱਛ ਈ ਕੁਸ ਨਾ; ਕਾਂ-ਅੱਖ ਨਿਕਲਦੀ ਐ ਤੇ ਉੱਤੋਂ ਡਿਗ ਰਹੀਆਂ ਸਨ ਠੰਢੀਆਂ-ਠਾਰ ਕਣੀਆਂ; ਵਗ ਰਹੀ ਸੀ ਠੱਕੇ ਦੀ ਠੰਢੀ ਤਿੱਖੀ ਹਵਾ! ਪਰ ਕੌਣ ਸਾਹਿਬ ਨੂੰ ਆਖੇ ਬਈ ਇੰਜ ਨੀ, ਇੰਜ ਕਰ। ਸੋ ਭਾਈ, ਜੇਠ-ਹਾੜ ਦੀ ਰੁੱਤ ਦੇ ਪਿਛੋਕੜ ਵਾਲਾ ਨਾਟਕ ਅਸੀਂ ਸਿਆਲਾਂ ਦੀ ਠੰਢੀ-ਠਾਰ ਰੁੱਤ ਵਿੱਚ ਕਰਦੇ ਰਹੇ। ਕਮਾਲ ਦੀ ਗੱਲ ਇਹ ਕਿ ਦਰਸ਼ਕ ਵੀ ਉਸਨੂੰ ਉਹਨਾਂ ਅਰਥਾਂ ਵਿੱਚ ਲੈਂਦੇ ਰਹੇ ਜਿਨ੍ਹਾਂ ਅਰਥਾਂ ਵਿੱਚ ਕਲਕਾਰ ਇਸਨੂੰ ਪੇਸ਼ ਕਰ ਰਹੇ ਸਨ।
ਖ਼ੈਰ, ਇਹ ਬਿਰਤਾਂਤ ਤਾਂ ਮੈਂ ਸਿਰਫ ਇਹ ਤੱਥ ਦੱਸਣ ਲਈ ਕੀਤਾ ਹੈ ਕਿ ਵੀਹਵੀਂ ਸਦੀ ਦੇ ਅਖ਼ੀਰਲੇ ਦਹਾਕਿਆਂ ਵਿੱਚ ਪੰਜਾਬ ਦੀਆਂ ਪੇਂਡੂ ਰੰਗਮੰਡਲੀਆਂ ਕਿਹੋ-ਜਿਹੀਆਂ ਸਥਿਤੀਆਂ ਵਿੱਚ ਆਪਣੇ ਨਾਟਕ ਕਰਨ ਵਿੱਚ ਰੁੱਝੀਆਂ ਹੋਈਆਂ ਸਨ ਤੇ ਨਾਲ ਹੀ ਇਹ ਦੱਸਣ ਲਈ ਵੀ ਕਿ ਇਸ ਸਮੇਂ ਵਿੱਚ ਪੰਜਾਬ ਦੇ ਪਿੰਡਾਂ ਦੇ ਦਰਸ਼ਕਾਂ ਵਿੱਚ ਨਾਟਕ ਵੇਖਣ ਦੀ ਕਿੰਨੀ ਵੱਡੀ ਭੁੱਖ ਤੇ ਖਿੱਚ ਹੁੰਦੀ ਸੀ। ਆਉ, ਹੁਣ ਆਪਾਂ ਮੀਂਹ-ਕਣੀ ਦੇ ਪਰਸੰਗ ਨੂੰ ਛੱਡ ਕੇ ਗਾਲ਼ਾਂ ਨੂੰ ਇਨਾਮ ਵਾਲੇ ਬਿਰਤਾਂਤ ਵੱਲ ਆਪਣੀ ਗੱਲ ਦਾ ਰੁਖ਼ ਮੋੜੀਏ। ਇਹ ਤਾਂ ਐਵੇਂ ਗੱਲ ਵਿਚੋਂ ਗੱਲ ਨਿਕਲਣ ਵਾਲੀ ਗੱਲ ਹੀ ਸੀ। ਮੇਰੇ ਨਾਟਕ ਬਗਾਨੇ ਬੋਹੜ ਦੀ ਛਾਂ ਵਿੱਚ ਪੀਤੇ ਅਮਲੀ ਨਾਂ ਦਾ ਪਾਤਰ ਪੀਤਾ ਕਈ ਥਾਂਵਾਂ ਉਤੇ ਤੇ ਦੋ-ਤਿੰਨ ਸਥਿਤੀਆਂ ਵਿੱਚ ਕਈ ਪੇਂਡੂ ਗਾਲ਼ਾਂ ਦੀ ਵਰਤੋਂ ਕਰਦਾ ਹੈ। ਭਾਵੇਂ ਨਾਟਕ ਵਿੱਚ ਪੀਤੇ ਅਮਲੀ ਰਾਹੀਂ ਵਰਤੀਆਂ ਬਾਕੀ ਗਾਲ਼ਾਂ ਦਾ ਵੀ ਇਥੇ ਦਿੰਦੇ ਗਾਲ਼ਾਂ ਨੂੰ ਜਿਥੇ ਸਤਿਕਾਰ ਲੋਕੀਂ ਵਾਲੀ ਉਕਤੀ ਨਾਲ ਕਾਫੀ ਸੰਬੰਧ ਜੁੜਦਾ ਹੈ ਪਰ ਜਿਹੜੇ ਡਾਇਲਾਗਾਂ ਦੀ ਉਦਾਹਰਣ ਮੈਂ ਇਥੇ ਦੇਣ ਜਾ ਰਿਹਾ ਹਾਂ ਉਹਨਾਂ ਨੂੰ ਤੁਸੀਂ ਗਾਲ਼ਾਂ ਵਾਲੇ ਬਾਕੀ ਡਾਇਲਾਗਾਂ ਦੇ ਪ੍ਰਤਿਨਿਧ ਡਾਇਲਾਗਾਂ ਦੇ ਤੌਰ ਤੇ ਲੈ ਸਕਦੇ ਹੋ।
ਨਾਟਕ ਵਿੱਚ ਪਿੰਡ ਦੇ ਸੂਦਖੋਰ ਸੇਠ ਕਾਂਸੀ ਰਾਮ ਨਾਲ ਬਹਿਸ ਪਿਆ ਪੀਤਾ ਅਮਲੀ ਇੱਕ ਅਜਿਹਾ ਪਾਤਰ ਹੈ ਜਿਹੜਾ ਨੰਗ-ਮੁਲੰਗ ਹੁੰਦਾ ਹੋਇਆ ਵੀ ਵੱਡਿਆਂ-ਵੱਡਿਆਂ (ਆਰਥਿਕ ਤੌਰ ਤੇ ਤਗੜੇ, ਧੱਕੜਸ਼ਾਹ, ਲੁੱਟ-ਖ਼ਸੁੱਟ ਕਰਨ ਵਾਲੇ ਬੰਦਿਆਂ) ਨੂੰ ਵੀ ਖਰੀਆਂ-ਖਰੀਆਂ ਸੁਣਾਉਣ ਤੋਂ ਨਹੀਂ ਡਰਦਾ। ਸਮਾਜ ਵਿਚਲੀ ਆਰਥਿਕ ਨਾ-ਬਰਾਬਰੀ, ਕਾਲੇ ਧੰਧੇ ਦੀ ਕਮਾਈ, ਰੱਬ (ਧਰਮ) ਵੱਲੋਂ ਵੱਡਿਆਂ ਦੀ ਪਿੱਠ ਪੂਰਨੀ ਆਦਿ ਆਰਥਿਕ, ਰਾਜਨੀਤਕ, ਸਮਾਜਕ ਤੇ ਧਾਰਮਿਕ ਵਰਤਾਰਿਆਂ ਉਤੇ ਉਹ ਚੋਭਾਂ ਤੇ ਵਿਅੰਗਾਂ ਦੇ ਇਹੋ-ਜੇ ਤਿਖੇ ਤੀਰ ਕੱਸਦਾ ਹੈ ਕਿ ਇਹ ਵੱਡੇ ਵੀ ਉਸ ਨਾਲ ਗੱਲ ਕਰਨ ਤੋਂ ਕੰਨੀ ਕਤਰਾਅ ਜਾਂਦੇ ਹਨ। ਉਹ ਅਮਲੀ ਜ਼ਰੁਰ ਹੈ ਪਰ ਆਮ ਬੰਦੇ ਨਾਲੋਂ ਉਸਦੀ ਸਮਾਜਕ ਤੇ ਰਾਜਨੀਤਕ ਚੇਤਨਤਾ ਬਹੁਤੀ ਵੀ ਹੈ ਤੇ ਤਿੱਖੀ ਵੀ। ਮਿਸਾਲ ਵਜੋਂ ਪਿੰਡ ਦੇ ਦੋ ਨੰਬਰ ਦਾ ਧੰਧਾ ਕਰਨ ਵਾਲੇ ਸਰਦਾਰਾਂ ਬਾਰੇ ਨਾਟਕ ਵਿਚਲੇ ਕਾਂਸੀ ਰਾਮ ਸੇਠ ਨਾਂ ਦੇ ਪਾਤਰ ਨੂੰ ਖਰੀਆਂ-ਖਰੀਆਂ ਸੁਣਾੳਂੁਦਾ ਹੋਇਆ ਉਹ ਗੁੱਸੇ ਵਿੱਚ ਇਸ ਤਰ੍ਹਾਂ ਦੀਆਂ ਗਾਲ਼ਾਂ ਦੀ ਵਰਤੋਂ ਵੀ ਕਰ ਜਾਂਦਾ ਹੈ:
਼ ਼ ਼ ਼ਫੇਰ, ਅਹੁ ਸਰਦਾਰਾਂ ਦੇ ਮੇਰੇ ਸਾਲਿਆਂ ਦੇ ਅੱਗ ਲਾਈ ਨੀ ਲਗਦੀ।
ਪਰ ਜਦੋਂ ਕਾਂਸੀ ਰਾਮ ਸੇਠ ਧਰਮ ਦੀ ਓਟ ਵਿੱਚ ਇਸ ਸਭ ਕੁੱਝ ਨੂੰ ਕਰਮਾਂ ਦੀ ਖੇਡ ਜਾਂ ਮੱਥੇ ਦੀ ਲਕੀਰ ਕਹਿ ਕੇ ਸਰਦਾਰਾਂ ਦਾ ਬਚਾਉ ਕਰਦਾ ਹੈ ਤਾਂ ਪੀਤਾ ਲੁਟੇਰਿਆਂ ਦੇ ਹੱਕ ਵਿੱਚ ਧਰਮ ਵੱਲੋਂ ਮੱਥੇ ਦੀ ਲਕੀਰ (ਕਰਮ) ਦੇ ਉਹਲੇ ਵਿੱਚ ਹੁੰਦੇ ਆਰਥਿਕ ਵਿਭਚਾਰ ਨੂੰ ਨੰਗਾ ਕਰਦਾ ਹੋਇਆ ਇਸ ਸਿਧਾਂਤ ਦੇ ਪੱਖਪਾਤੀ ਪੱਖ ਵੱਲ ਇਸ਼ਾਰਾ ਕਰਦਾ ਇਸ ਤਰ੍ਹਾ ਗੁੱਸੇ ਵਿੱਚ ਬੋਲਦਾ ਹੈ:
ਕਿਉਂ, ਉਹਨਾਂ ਦੇ ਮੱਥੇ ਰੱਬ ਨੇ ਸਿਉਨੇ ਦੇ ਬਣਾਏ ਸੀ ਬਈ ਸਾਡੇ ਠੀਕਰੇ ਭੰਨ ਕੇ ਬਣਾ-ਤੇ? ਗੱਲ ਕਰ; ਨਾ ਸਾਡੇ ਕੋਲੋਂ ਇਹੋ-ਜੇ ਕੁੱਤੇ ਕੰਮ ਹੋਣ ਤੇ ਨਾ ਹੀ ਉਹਨਾਂ ਵਾਂਗੂੰ ਠਾਣੇ-ਕਚ੍ਹੈਰੀਏਂ ਪਹੁੰਚ ਐ, ਉਇ ਤਿੰਨ ਵਾਰੀ ਛਾਪਾ ਮਾਰ ਕੇ ਤਿੰਨ-ਤਿੰਨ ਕਿਲੋ (ਅਫੀਮ) ਫੜੀ ਗਈ, ਪਰ ਕਿਸੇ ਭੈਣ ਦੇ ਯਾਰ (ਭਾਵ ਪੁਲਸ ਵਾਲ਼ੇ) ਨੇ ਬਾਤ ਈ ਨੀ ਪੁੱਛੀ, ਪਤਾ ਨੀ ਮੇਰੇ ਸਾਲਿਆਂ ਕੋਲੇ ਕੀ ਗਿੱਦੜ-ਸਿੰਗੀ ਐ, ਤੀਜੇ ਦਿਨ ਠੂਹ ਆ ਵੜਦੇ ਨੇ ਘਰੇ। (ਫੇਰ ਉਤਾਂਹ ਰੱਬ ਵੱਲ ਮੂੰਹ ਕਰ ਕੇ) ਕਿਤੇ ਥ੍ਹਿਆ-ਜੇ ਮੇਰਾ ਸਾਲਾ ਜਿਹੜਾ ਇਹਨਾਂ ਦੇ ਕਰਮ ਲਿਖਦੈ, ਫੇਰ ਤਾਂ ਪੁੱਛ ਲੀਏ ਗੋਤ
ਜਦੋਂ ਪੀਤੇ ਅਮਲੀ ਨੇ ਪੈਂਦੀਆਂ ਕਣੀਆਂ ਤੇ ਚਲਦੀ ਠੰਢੀ ਹਵਾ ਵਿੱਚ ਇਸ ਤਰ੍ਹਾਂ ਦੀਆਂ ਖਰੀਆਂ-ਖਰੀਆਂ ਤੇ ਤੱਤੀਆਂ-ਤੱਤੀਆਂ ਕਾਂਸੀ ਰਾਮ ਸੇਠ ਨੂੰ ਸੁਣਾਈਆਂ ਤਾਂ ਦਰਸ਼ਕਾਂ ਨੇ ਠੰਢ ਨਾਲ ਇਕੱਠੀਆਂ ਹੋਈਆਂ ਬਾਂਹਾਂ ਆਪਣੀਆਂ ਬੁਕਲ਼ਾਂ ਵਿਚੋਂ ਬਾਹਰ ਕਢ ਕੇ ਤਾੜੀਆਂ ਦੀ ਗੂੰਜਾਰ ਲਾ ਦਿੱਤੀ। ਨਾਟਕ ਖ਼ਤਮ ਹੋਣ ਤੋਂ ਪਿੱਛੋਂ ਤਿੰਨ-ਚਾਰ ਕਿਸਾਨ ਮੇਰੇ ਕੋਲ ਆਏ ਤੇ ਆਪਣੇ ਹੱਥਾਂ ਵਿੱਚ ਫੜੇ ਹੋਏ ਦਸ-ਦਸ ਦੇ ਨੋਟ ਮੇਰੇ ਵੱਲ ਵਧਾਉਂਦੇ ਹੋਏ ਮੈਨੂੰ ਇਨਾਮ ਦੇਣ ਦੇ ਇਰਾਦੇ ਨਾਲ ਕਹਿਣ ਲੱਗੇ, ਆਹ ਕੇਰਾਂ ਫੜੀਂ ਬਾਈ ਸਾਡਾ ਇਨਾਮ ਮੈਂ ਨੋਟ ਫੜਨ ਤੋਂ ਇਨਕਾਰ ਕਰਦਿਆਂ ਹੋਇਆਂ ਕਿਹਾ, ਨਹੀਂ ਬਾਈ ਜੀ, ਇਹ ਤੁਸੀਂ ਆਪਣੇ ਕੋਲ਼ ਈ ਰੱਖੋ। ਅਸੀਂ ਇਸ ਤਰ੍ਹਾਂ ਇਨਾਮ ਨੀ ਲੈਂਦੇ ਹੁੰਦੇ। ਪਰਬੰਧਕਾਂ ਨਾਲ ਜਿੰਨਾ ਖੋਲ੍ਹਿਆ ਹੁੰਦੈ, ਓਸੇ ਵਿੱਚ ਈ ਕਰਦੇ ਹੁੰਨੇ ਆਂ ਨਾਟਕ। ਇਸ ਤਰ੍ਹਾਂ ਨੋਟ ਲੈਣ ਨੂੰ ਅਸੀਂ ਕਿਹੜਾ ਗਾਉਣ ਵਾਲੇ ਆਂ? ਥੋਡੀ ਬਹੁਤ ਮਿਹਰਬਾਨੀ ਪਰ ਉਹਨਾਂ ਵਿਚੋਂ ਇੱਕ ਮੇਰੀ ਗੱਲ ਦੇ ਜਵਾਬ ਵਿੱਚ ਕਹਿਣ ਲੱਗਾ, ਅਸੀਂ ਥੋਨੂੰ ਗਾਉਣ ਵਾਲੇ ਸਮਝ ਕੇ ਨੀ ਦੇ ਰਹੇ ਇਹ ਇਨਾਮ ਬਾਈ। ਅਸੀਂ ਤਾਂ ਇਸ ਕਰ ਕੇ ਦਿੱਨੇਂ ਆਂ ਬਈ ਅੱਜ ਤੱਕ ਸਾਡੇ ਪਿੰਡ ਵਿੱਚ ਤਗੜਿਆਂ ਨੂੰ ਗਾਲ਼ ਨੀ ਕੱਢ ਸਕਿਆ ਕੋਈ ਜਿਵੇਂ ਤੇਰੇ ਨਾਟਕ ਦੇ ਪੀਤੇ ਅਮਲੀ ਨੇ ਕੱਢੀ ਐ। ਅਸ਼ਕੇ ਤੇਰੇ! ਕੇਰਾਂ ਤਾਂ ਰੂਹ ਖ਼ੁਸ਼ ਕਰ-ਤੀ; ਫੜ ਲੈ ਸਾਡਾ ਗਰੀਬਾਂ ਦਾ ਇਨਾਮ, ਸਾਡਾ ਦਿਲ ਨਾ ਤੋੜ।
ਹੁਣ ਤੁਸੀਜ਼ ਹੀ ਦੱਸੋ ਇਹੋ-ਜਿਹੇ ਇਨਾਮਾਂ-ਸਨਮਾਨਾਂ ਨੂੰ ਮੈਂ ਕਿਵੇਂ ਜਵਾਬ ਦੇਵਾਂ ਤੇ ਕਿਵੇਂ ਆਪਣੇ ਨਾਟਕਾਂ ਵਿਚੋਂ ਇਹ ਮਾਨ-ਸਨਮਾਨ ਦਵਾਉਣ ਵਾਲੀਆਂ ਗਾਲ਼ਾਂ ਨੂੰ ਖ਼ਾਰਜ ਕਰ ਦੇਵਾਂ?
0
ਅ- ਇਹਨਾਂ ਨੂੰ ਤਾਂ ਭੈਣ ਦੇ ਼ ਼ ਨੂੰ
ਗਾਲ਼ਾਂ ਦੇ ਸੰਬੰਧ ਵਿੱਚ ਮੇਰੀ ਇਹ ਯਾਦ ਜ਼ਿਲਾ ਮਾਨਸਾ ਦੇ ਪਿੰਡ ਮੀਰਪੁਰ ਖ਼ੁਰਦ ਨਾਲ ਜੁੜੀ ਹੋਈ ਹੈ। ਇਸ ਪਿੰਡ ਵਿੱਚ ਅਸੀਂ 9 ਮਾਰਚ 1996 ਨੂੰ ਮੇਰੇ ਦੋ ਨਾਟਕ ਜਦੋਂ ਬੋਹਲ਼ ਰੋਂਦੇ ਹਨ ਤੇ ਬਗਾਨੇ ਬੋਹੜ ਦੀ ਛਾਂ ਕਰਨ ਲਈ ਗਏ। ਨਾਟਕ ਦਿਨੇ 11 ਵਜੇ ਕਰਨੇ ਸਨ। ਅਸੀਜ਼ ਨੌਂ ਸਾਢੇ ਨੌਂ ਵਜੇ ਤੱਕ ਇਸ ਪਿੰਡ ਵਿੱਚ ਪਹੁੰਚ ਗਏ। ਨਾਟਕਾਂ ਦੇ ਇਸ ਪਰੋਗਰਾਮ ਦਾ ਪਰਬੰਧ ਪਿੰਡ ਦੇ ਸਥਾਨਕ ਨੌਜਵਾਨਾਂ ਦੇ ਹੱਥ ਵਿੱਚ ਸੀ। ਚਾਹ-ਪਾਣੀ ਪੀਣ ਤੋਂ ਬਾਦ ਇਹ ਨੌਜਵਾਨ ਪਰਬੰਧਕ ਸਾਨੂੰ ਪਿੰਡ ਦੀ ਉਸ ਥਾਂ ਉਤੇ ਲੈ ਗਏ ਜਿਥੇ ਇਹਨਾਂ ਨੇ ਸਾਡੇ ਨਾਟਕ ਕਰਵਾਉਣੇ ਸਨ। ਇਹ ਥਾਂ ਪਿੰਡ ਦੇ ਗੁਰਦੁਆਰਾ ਸਾਹਿਬ ਨਾਲ ਲੱਗਵੀਂ ਇੱਕ ਵਾਹਵਾ ਖੁੱਲ੍ਹੀ ਥਾਂ ਸੀ। ਪਰਬੰਧਕਾਂ ਨੇ ਗੁਰਦੁਆਰਾ ਸਾਹਿਬ ਦੀ ਇੱਕ ਕੰਧ ਨਾਲ ਫੱਟਿਆਂ ਆਦਿ ਦੀ ਅਸਥਾਈ ਸਟੇਜ ਬਣਾਈ ਹੋਈ ਸੀ ਤੇ ਉਸਦੇ ਸਾਹਮਣੇ ਹੀ ਇਹ ਖੁੱਲ੍ਹੀ ਥਾਂ ਸੀ ਜਿਸ ਵਿੱਚ ਪੇਂਡੂ ਦਰਸ਼ਕਾਂ ਦੀ ਭਾਰੀ ਗਿਣਤੀ ਨਾਟਕ ਵੇਖਣ ਲਈ ਅਰਾਮ ਨਾਲ ਬੈਠ ਸਕਦੀ ਸੀ। ਸਟੇਜ ਦੇ ਜਮਾਂ ਨਾਲ ਲੱਗਵੀਂ ਕੰਧ ਨਾਲ ਗੁਰਦੁਆਰਾ ਸਾਹਿਬ ਦੇ ਅੰਦਰਲੇ ਪਾਸੇ ਕਨਾਤਾਂ ਦਾ ਘੇਰਾ ਬਣਾ ਕੇ ਪਰਬੰਧਕਾਂ ਨੇ ਸਾਡੇ ਕਲਾਕਾਰਾਂ ਦੀ ਤਿਆਰੀ ਲਈ ਗਰੀਨ-ਰੂਮ ਬਣਾਇਆ ਹੋਇਆ ਸੀ। ਮੰਚ ਤੋਂ ਗਰੀਨ-ਰੂਮ ਵਿੱਚ ਆਉਣ ਲਈ ਕੰਧ ਉਤੋਂ ਦੀ ਆਉਣਾ ਪੈਂਦਾ ਸੀ ਤੇ ਇਸ ਮੰਤਵ ਲਈ ਪਰਬੰਧਕਾਂ ਨੇ ਗੁਰਦੁਆਰਾ ਸਾਹਿਬ ਵਾਲੇ ਪਾਸੇ ਇੱਟਾਂ ਦਾ ਇੱਕ ਵਾਹਵਾ ਮਜ਼ਬੂਤ ਥੜ੍ਹਾ ਬਣਾਇਆ ਹੋਇਆ ਸੀ। ਸਟੇਜ, ਸਾਊਂਡ ਆਦਿ ਦੀ ਅਸੀ ਚੰਗੀ ਤਰ੍ਹਾਂ ਨਿਰਖ-ਪਰਖ਼ ਕੀਤੀ ਤੇ ਸਾਨੂੰ ਸਭ ਕੁੱਝ ਤਸੱਲੀਬਖ਼ਸ਼ ਲੱਗਿਆ। ਤਸੱਲੀ ਕਰ ਕੇ ਗਰੀਨ-ਰੂਮ ਵਿੱਚ ਨਾਟਕ ਦੀ ਤਿਆਰੀ ਕਰਨ ਵਿੱਚ ਰੁੱਝ ਗਏ।
ਕਲਾਕਾਰਾਂ ਦੇ ਤਿਆਰੀ ਕਰਨ ਦਾ ਆਰੰਭ ਕਰਨ ਤੱਕ ਹੀ ਦਰਸ਼ਕਾਂ ਦੀ ਕਾਫੀ ਗਿਣਤੀ ਨਾਟਕ ਵੇਖਣ ਲਈ ਨਾਟਕ ਵਾਲੀ ਥਾਂ ਉਤੇ ਪੁੱਜ ਚੁੱਕੀ ਸੀ ਤੇ ਬਾਕੀ ਦਰਸ਼ਕ ਟੋਲੀਆਂ ਬਣਾ-ਬਣਾ ਆ ਰਹੇ ਸਨ। ਕਲਾਕਾਰਾਂ ਦੀ ਤਿਆਰੀ ਹੋਣ ਦੌਰਾਨ ਇਲਾਕੇ ਦੇ ਇੱਕ ਉਠਦੇ ਨੌਜਵਾਨ ਗਾਇਕ ਨੇ ਪਰਬੰਧਕਾਂ ਤੋਂ ਆਪਣੇ ਗੀਤ ਗਾਉਣ ਲਈ ਸਮਾਂ ਲੈ ਰੱਖਿਆ ਸੀ। ਉਸਨੇ ਆਪਣੇ ਗੀਤ ਆਰੰਭ ਕਰਨ ਤੋਂ ਪਹਿਲਾਂ ਆਪਣੀ ਗਾਇਕੀ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਣਕਾਰੀ ਦੇਣ ਲਈ ਗਾਇਕ ਨੇ ਆਪਣੇ ਨਾਲ ਲਿਆਂਦਾ ਆਪਣਾ ਸਟੇਜ-ਸਕੱਤਰ ਸਟੇਜ ਉਤੇ ਇਹ ਕਾਰਜ ਕਰਨ ਲਈ ਲਾ ਦਿੱਤਾ। ਉਸ ਸਟੇਜ-ਸਕੱਤਰ ਨੇ ਆਪਣੇ ਗਾਇਕ ਦੀ ਭੂਮਿਕਾ ਬੰਨ੍ਹਣ ਵੇਲੇ ਕੋਈ ਅਜਿਹਾ ਲਤੀਫ਼ਾ ਸੁਣਾ ਦਿੱਤਾ ਜਿਸ ਵਿੱਚ ਕੋਈ ਮਾਮੂਲੀ-ਜਿਹੀ ਗਾਲ਼ ਸ਼ਾਮਿਲ ਸੀ। ਸਾਹਮਣੇ ਬੈਠੇ ਦਰਸ਼ਕਾਂ ਨੂੰ ਗਾਲ਼ ਵਾਲੀ ਗੱਲ ਚੰਗੀ ਨਾ ਲੱਗੀ। ਚੰਗੀ ਕੀ, ਉਹਨਾਂ ਉਸਦਾ ਕਾਫੀ ਬੁਰਾ ਮੰਨਾਇਆ। ਦਰਸ਼ਕਾਂ ਵਿਚੋਂ ਇੱਕ ਖੂੰਡੇ ਵਾਲਾ ਬਾਬਾ ਖੜ੍ਹਾ ਹੋ ਕੇ ਉਸ ਨੌਜਵਾਨ ਸਟੇਜ-ਸਕੱਤਰ ਨੂੰ ਰੋਕਦਾ ਹੋਇਆ ਗੁੱਸੇ ਵਿੱਚ ਬੋਲਿਆ, ਬੰਦ ਕਰ ਉਇ ਇਹ ਗੰਦਮੰਦ, ਦੀਂਹਦਾ ਨੀ ਤੈਨੂੰ ਸਾਹਮਣੇਂ ਧੀਆਂ-ਭੈਣਾਂ ਬੈਠੀਆਂ? ਜੇ ਸੁਣਾਈਂਦੈ ਤਾਂ ਕੋਈ ਇਹੋ-ਜਿਆ ਇਤਿਹਾਸ ਸੁਣਾ ਜਿਸ ਵਿੱਚ ਕੋਈ ਸਿਖਿਆ ਦੇਣ ਵਾਲੀ ਗੱਲ ਹੋਵੇ; ਜਿਹੜਾ ਧੀਆਂ-ਭੈਣਾ ਵਿੱਚ ਬੈਠ ਕੇ ਸੁਣਨ ਵਾਲਾ ਹੋਵੇ ਬਾਬੇ ਦਾ ਗੁੱਸਾ ਵੇਖ ਕੇ ਉਸ ਨੌਜਵਾਨ ਨੇ ਮਾਫੀ ਮੰਗ ਕੇ ਆਪਣੀ ਸੁਰ ਬਦਲ ਲਈ ਤੇ ਉਹ ਇਹੋ-ਜਿਆ ਪਰਸੰਗ ਸੁਣਾਉਣ ਲੱਗ ਪਿਆ ਜਿਹੜਾ ਧੀਆਂ-ਭੈਣਾਂ ਵਿੱਚ ਬੈਠ ਕੇ ਸੁਣਨ ਵਾਲਾ ਸੀ।
ਜਦੋਂ ਇਹ ਵਰਤਾਰਾ ਵਰਤਿਆ ਉਸ ਸਮੇਂ ਮੈਂ ਪਿੱਛੇ ਗਰੀਨ-ਰੂਮ ਵਿੱਚ ਸੀ। ਇਸ ਲਈ ਇਹ ਸਾਰੀ ਘਟਨਾ ਨਾ ਹੀ ਆਪਣੇ ਅੱਖੀਂ ਵੇਖ ਸਕਿਆ ਸੀ ਤੇ ਨਾ ਹੀ ਆਪਣੇ ਕੰਨਾਂ ਨਾਲ ਚੰਗੀ ਤਰ੍ਹਾਂ ਸੁਣ ਸਕਿਆ ਸੀ। ਪਰ ਮੇਰਾ ਇੱਕ ਕਲਾਕਾਰ ਵਿਜੈ ਬੇਦੀ, ਜਿਸਦਾ ਰੋਲ ਪਹਿਲੇ ਨਾਟਕ ਵਿੱਚ ਬਿਲਕੁਲ ਅਖ਼ੀਰ ਵਿੱਚ ਸੀ ਤੇ ਹੈ ਵੀ ਬਹੁਤ ਘੱਟ ਸੀ ਤੇ ਜਿਹੜਾ ਰੋਲ ਦੂਰ ਹੋਣ ਕਾਰਨ ਬੇਫ਼ਿਕਰ ਹੋਇਆ ਅੱਗੇ ਸਟੇਜ ਕੋਲ ਖੜ੍ਹਾ ਉਸ ਸਟੇਜ-ਸਕੱਤਰ ਨੌਜਵਾਨ ਦੀ ਲਤੀਫ਼ੇਬਾਜ਼ੀ ਸੁਣ ਰਿਹਾ ਸੀ, ਨੇ ਇਹ ਸਭ ਕੁੱਝ ਆਪਣੀਆਂ ਅੱਖਾਂ ਨਾਲ ਵੇਖ ਵੀ ਲਿਆ ਸੀ ਤੇ ਕੰਨਾਂ ਨਾਲ ਸੁਣ ਵੀ। ਉਸ ਮੰਚ-ਸਕੱਤਰ ਦੀ ਲਾਹ-ਪਾਹ ਹੋਈ ਵੇਖ ਕੇ ਉਹ ਭੱਜਿਆ-ਭੱਜਿਆ ਗਰੀਨ-ਰੂਮ ਵਿੱਚ ਆਇਆ ਤੇ ਆਉਣ-ਸਾਰ ਹੀ ਘਬਰਾਹਟ ਜਿਹੀ ਵਿੱਚ ਬੋਲਿਆ, ਪ੍ਰੋਫੈਸਰ ਸਾਹਿਬ, ਬੰਦ ਕਰ ਦਿਉ ਨਾਟਕ ਦੀ ਤਿਆਰੀ ਕਰਨੀ, ਆਪਣੇ ਨਾਟਕ ਨੀ ਏਥੇ ਹੋਣੇ। ਉਸਦੀ ਗੱਲ ਸੁਣ ਕੇ ਮੈਂ ਹੈਰਾਨ ਹੋਏ ਨੇ ਪੁੱਛਿਆ, ਕਿਉਂ, ਕੀ ਗੱਲ ਹੋ ਗਈ? ਹੋਣੇ ਕਿਉਂ ਨੀ? ਉਹ ਅੱਖੀਂ ਵੇਖੀ ਤੇ ਕੰਨੀ ਸੁਣੀ ਮੈਨੂੰ ਦੱਸਣ ਲੱਗਾ, ਅਹੁ ਸਟੇਜ ਤੇ ਬੋਲ ਰਹੇ ਮੁੰਡੇ ਨੇ ਇੱਕ ਚੁੱਟਕਲਾ ਸੁਣਾਉਂਦਿਆਂ ਵਿੱਚ ਦੀ ਇੱਕ ਮਾਮੂਲੀ ਜਿਹੀ ਗਾਲ਼ ਕੱਢ ਦਿਤੀ। ਇੱਕ ਬੁੜ੍ਹੇ ਨੇ ਖੂੰਡਾ ਖਿੱਚ ਲਿਆ, ਆਪਣੇ ਤਾਂ ਨਾਟਕ ਵਿੱਚ ਗਾਲ਼ਾਂ ਈ ਗਾਲ਼ਾਂ ਨੇ। ਇਹਨੂੰ ਕਿਵੇਂ ਖੇਡਣ ਦੇਣਗੇ ਉਹ? ਉਸਦੀ ਗੱਲ ਸੁਣ ਕੇ ਮੈਂ ਮੁਸਕਰਾ ਪਿਆ ਤੇ ਜਵਾਬ ਦਿੱਤਾ, ਕੋਈ ਨੀ ਆਪਾਂ ਨੂੰ ਨੀ ਕੁੱਝ ਆਖਦੇ। ਆਪਣੇ ਨਾਟਕ ਪੂਰੇ ਚੱਲਣਗੇ। ਬੇਫਿਕਰ ਰਹਿ।
ਵਿਜੇ ਬੇਦੀ ਮੇਰਾ ਪੁਰਾਣਾ ਕਲਾਕਾਰ ਸੀ। ਉਹ 1980 ਦੇ ਨੇੜੇ-ਤੇੜੇ ਮੇਰੇ ਨਾਟਕ ਬਗਾਨੇ ਬੋਹੜ ਦੀ ਛਾਂ ਵਿੱਚ ਕਾਂਸੀ ਰਾਮ ਸੇਠ ਦਾ ਰੋਲ ਕਰਿਆ ਕਰਦਾ ਸੀ। ਉਹ ਰੋਲ ਉਸਦੇ ਉਸ ਦਿਨ (ਭਾਵ 9 ਮਾਰਚ 1996) ਤੱਕ ਵੀ ਯਾਦ ਸੀ। ਬਾਦ ਵਿੱਚ ਕਾਂਸੀ ਰਾਮ ਦਾ ਰੋਲ ਕਰਨ ਵਾਲੇ ਮੇਰੇ ਮੰਚ ਦਾ ਕਲਾਕਾਰ ਜੇ ਕਿਤੇ ਕਿਸੇ ਨਾ-ਟਾਲ਼ੇ ਜਾਣ ਵਾਲੇ ਕੰਮ ਕਾਰਨ ਨਾ ਜਾ ਸਕਦਾ ਹੁੰਦਾ ਤਾਂ ਮੈਂ ਵਿਜੇ ਬੇਦੀ ਨੂੰ ਇਹ ਰੋਲ ਕਰਨ ਲਈ ਲੈ ਜਾਇਆ ਕਰਦਾ ਸੀ। ਉਂਜ ਵੀ ਵਿਜੇ ਨੇ ਮੈਨੂੰ ਕਹਿ ਰੱਖਿਆ ਸੀ ਕਿ ਕਬੀਲਦਾਰੀ ਦੇ ਕੰਮਾਂ-ਧੰਧਿਆਂ ਵਿੱਚ ਵਧੇਰੇ ਫਸਿਆ ਹੋਣ ਕਰ ਕੇ ਉਹ ਨਾਟਕਾਂ ਲਈ ਬਝਵਾਂ ਤੇ ਬਾਕਾਇਦਾ ਸਮਾਂ ਤਾਂ ਨਹੀਂ ਕੱਢ ਸਕਦਾ ਪਰ ਜੇ ਕਿਤੇ ਉਸਦੇ ਰੋਲ ਵਾਲਾ ਅਦਾਕਾਰ ਕਿਸੇ ਕਾਰਨ ਨਾਟਕ ਕਰਨ ਨਾ ਜਾ ਸਕਦਾ ਹੋਵੇ ਤਾਂ ਇਸ ਸੰਕਟ ਦੀ ਘੜੀ ਮੈਂ ਉਸਨੂੰ ਜ਼ਰੂਰ ਯਾਦ ਕਰ ਲਿਆ ਕਰਾਂ। ਹੋਰ ਨਹੀਂ ਤਾਂ ਇਸ ਬਹਾਨੇ ਪੁਰਾਣੀਆਂ ਯਾਦਾਂ ਹੀ ਤਾਜ਼ਾ ਹੋ ਜਾਇਆ ਕਰਨਗੀਆਂ। ਉਸ ਦਿਨ ਵੀ ਇਹ ਰੋਲ ਕਰਨ ਵਾਲੇ ਸਾਡੇ ਕਲਾਕਾਰ ਨੂੰ ਮੌਕੇ ਤੇ ਕੋਈ ਬਹੁਤ ਜ਼ਰੂਰੀ ਕੰਮ ਆ ਪਿਆ ਸੀ ਤੇ ਵਿਜੈ ਦੀ ਉਪਲਭਦੀ ਦਾ ਪਤਾ ਕਰ ਕੇ ਮੈਂ ਉਸ ਕਲਕਾਰ ਨੂੰ ਛੁੱਟੀ ਦੇ ਕੇ ਉਸਦੀ ਥਾਂ ਨਾਟਕ ਵਿੱਚ ਕੰਮ ਕਰਨ ਲਈ ਵਿਜੇ ਨੂੰ ਇਸ ਦਿਨ ਇਸ ਪਿੰਡ ਲੈ ਆਇਆ ਸੀ। ਨਾਟਕ ਜਦੋਂ ਬੋਹਲ਼ ਰੋਦੇਂ ਹਨ ਵਿੱਚ ਵੀ ਉਸਦਾ ਇੱਕ ਸੇਠ ਦਾ ਹੀ ਰੋਲ ਸੀ ਪਰ ਇਹ ਰੋਲ ਬਹੁਤ ਹੀ ਛੋਟਾ ਸੀ ਤੇ ਇਹ ਰੋਲ ਹੈ ਵੀ ਮੂਕ (ਚੁੱਪ) ਅਭਿਨੈ ਵਿੱਚ ਸੀ। ਮੇਰੀ ਗੱਲ ਸੁਣ ਕੇ ਵਿਜੇ ਕਹਿਣ ਲੱਗਾ, ਆਪਾਂ ਨੂੰ ਕਿਵੇਂ ਨੀ ਕਹਿਣਗੇ ਕੁਸ, ਜਦ ਉਸ ਮੁੰਡੇ ਦੀ ਨਿੱਕੀ-ਜੀ ਗਾਲ਼ ਤੇ ਖੂੰਡਾ ਚੱਕ ਲਿਆ ਉਸ ਬੋਡਲ਼-ਜੇ ਬੁੜ੍ਹੇ ਨੇ?
ਉਸਦੀਆਂ ਗੱਲਾਂ ਸੁਣ-ਸੁਣ ਕੇ ਮੇਰੇ ਬਾਕੀ ਕਲਾਕਾਰ ਮੁਸਕੜੀਏਂ ਹੱਸਣ ਲੱਗੇ। ਉਹ ਇਸ ਪਿੰਡ ਵਿੱਚ ਨਾਟਕ ਕਰਨ ਤੱਕ ਇਹੋ-ਜਿਹੇ ਪਿੰਡਾਂ ਵਿੱਚ ਇਹਨਾਂ ਨਾਟਕਾਂ ਦੇ ਦਰਜਨਾਂ ਸ਼ੋਅ ਕਰ ਚੁੱਕੇ ਸਨ। ਕਦੇ ਕਿਤੇ ਵੀ ਕਿਸੇ ਨੇ ਨਾਟਕ ਵਿਚਲੀਆਂ ਗਾਲ਼ਾਂ ਤੇ ਨਰਾਜ਼ਗੀ ਪਰਗਟ ਨਹੀਂ ਸੀ ਕੀਤੀ। ਸਗੋਂ ਇਹਨਾਂ ਗਾਲ਼ਾਂ ਸਦਕਾ ਪੇਂਡੂ ਦਰਸ਼ਕਾਂ ਨੇ ਸ਼ਾਬਾਸ਼ ਹੀ ਦਿੱਤੀ ਸੀ। ਮੈਂ ਵਿਜੇ ਬੇਦੀ ਨੂੰ ਉਸਦੀ ਗੱਲ ਦੇ ਜਵਾਬ ਵਿੱਚ ਹਾਸੇ ਨਾਲ ਕਿਹਾ, ਫੇਰ ਤੂੰ ਕਿਉਂ ਡਰਦਾਂ? ਗਾਲ਼ਾਂ ਤਾਂ ਜਗਤਾਰ ਦੇ ਡਾਇਲਾਗਾਂ ਵਿੱਚ ਨੇ, ਇਹ ਆਪੇ ਭੁਗਤੂ। ਤੇਰਾ ਤਾਂ, ਪਹਿਲੇ ਨਾਟਕ ਵਿੱਚ ਗਾਲਾਂ ਛੱਡ, ਉਂਜ ਹੀ ਡਾਇਲਾਗ ਕੋਈ ਨੀ। ਦੂਜੇ ਵਿੱਚ ਜਿਹੜੇ ਤੇਰੇ ਡਾਇਲਾਗ ਨੇ ਉਹ ਸਾਰੇ ਸੇਠਾਂ ਵਾਲੇ ਨੇ, ਲੁੱਚ-ਮਿੱਠੇ ਤੇ ਪੋਚਵੇਂ-ਪੋਚਵੇਂ। ਤੂੰ ਵਾਧੂ ਈ ਡਰੀ ਜਾਨੈਂ। ਮੇਰੀ ਗੱਲ ਦੇ ਜਵਾਬ ਵਿੱਚ ਵਿਜੇ ਫੇਰ ਕਹਿਣ ਲੱਗਾ, ਤੈਂਬੜ ਮਾਰਨ ਵੇਲੇ ਉਹ ਇਹ ਥੋੜਾ ਵੇਖਣਗੇ ਬਈ ਗਾਲ਼ਾਂ ਕੀਹਦੇ ਡਾਇਲਾਗਾਂ ਵਿੱਚ ਸੀ ਤੇ ਕੀਹਦਿਆਂ ਵਿੱਚ ਨਹੀਂ? ਕੁੱਟਣ ਵੇਲੇ ਤਾਂ ਪਿੰਡਾਂ ਆਲੇ ਜੱਟ-ਬਾਬੇ ਵਾਢਾ ਈ ਧਰ ਲੈਂਦੇ ਨੇ ਸਾਰਿਆਂ ਦਾ। ਦੇਖਿਉ ਕਿਤੇ ਗਰੀਬ-ਮਾਰ ਕਰ ਦਿਉਂ? ਮੇਰੇ ਤਾਂ ਅਜੇ ਜਬਾਕ ਵੀ ਛੋਟੇ-ਛੋਟੇ ਨੇ। ਕਲਾਕਾਰ ਜਗਤਾਰ ਉਸਨੂੰ ਕਹਿਣ ਲੱਗਾ, ਕਿਉਜ਼ ਯਾਰ ਬੇਦੀ ਐਵੇਂ ਮੋਕ ਮਾਰੀ ਜਾਨੈਂ, ਕੁਸ ਨੀ ਹੁੰਦਾ, ਕਪੜੇ ਬਦਲ ਲੈ ਆਪਣੇ। ਅਸੀਂ ਤਾਂ ਤਿਆਰ ਆਂ। ਨਾਟਕ ਸ਼ੁਰੂ ਕਰੀਏ। ਜਗਤਾਰ ਦੀ ਗੱਲ ਸੁਣ ਕੇ ਵਿਜੇ ਨਾਟਕ ਲਈ ਆਪਣੇ ਕਪੜੇ ਬਦਲਣ ਲਈ ਤਿਆਰ ਤਾਂ ਹੋ ਗਿਆ ਪਰ ਆਪਣੇ ਮਨ ਅੰਦਰਲਾ ਭੈ ਜ਼ਾਹਿਰ ਕਰੇ ਬਗੈਰ ਫੇਰ ਵੀ ਨਾ ਰਹਿ ਸਕਿਆ। ਬੋਲਿਆ, ਲਗਦੈ, ਖੂੰਡੇ ਖਾ ਕੇ ਈ ਆਊ ਸਮਝ ਸਾਰੀ ਅਸਲੀਅਤ ਦੀ।
ਨਾਟਕ ਕਰਨ ਦੀ ਤਿਆਰੀ ਕਰ ਕੇ ਅਸੀਂ ਨਾਟਕ ਜਦੋਂ ਬੋਹਲ਼ ਰੋਂਦੇ ਹਨ ਦਾ ਮੰਚਣ ਕਰਨਾ ਸ਼ੁਰੂ ਕਰ ਦਿੱਤਾ। ਵਿਜੇ ਦਾ ਰੋਲ ਕਿਉਂਕਿ ਨਾਟਕ ਦੇ ਅਖ਼ੀਰ ਵਿੱਚ ਸੀ ਇਸ ਲਈ ਉਹ ਇੱਕ ਪਾਸੇ ਖੜ੍ਹ ਕੇ ਨਾਟਕ ਵਿੱਚ ਜਗਤਾਰ ਰਾਹੀਂ ਨਿਭਾਏ ਜੇ ਰਹੇ ਮਾਧੋਂ ਦੇ ਕਿਰਦਾਰ ਦੇ ਮੂੰਹੋਂ ਨਿਕਲਦੀਆਂ ਗਾਲ਼ਾਂ ਵਾਲੀ ਘੜੀ ਦੀ ਉਡੀਕ ਕਰਨ ਲੱਗਾ। ਮੈਂ ਵੀ ਉਸਦੇ ਕੋਲ ਹੀ ਖੜ੍ਹਾ ਸੀ। ਜਦੋਂ ਗਾਲ਼ਾਂ ਵਾਲੀ ਨਾਟਕੀ ਸਥਿਤੀ ਆਈ ਤਾਂ ਦਰਸ਼ਕ ਨਾਟਕ ਵਿੱਚ ਪੂਰੀ ਤਰ੍ਹਾਂ ਖੁਭੇ ਹੋਏ ਸਨ। ਉਹ ਖੂੰਡੇ ਵਾਲਾ ਬਾਬਾ, ਜਿਸਨੇ ਲਤੀਫ਼ੇ ਵਿੱਚ ਗਾਲ਼ ਦੀ ਵਰਤੋਂ ਕਰਨ ਵਾਲੇ ਗਾਇਕ ਨਾਲ ਦੇ ਸਟੇਜ-ਸਕੱਤਰ ਨੌਜਵਾਨ ਨੂੰ ਅਵਾ-ਤਵਾ ਬੋਲਣ ਤੋਂ ਫੌਰਨ ਚੁੱਪ ਕਰਵਾ ਦਿੱਤਾ ਸੀ, ਮੂੰਹ-ਟੱਡੀਂ ਮੰਚ ਉਤੇ ਹੋ ਰਹੇ ਕਾਰਜ ਨੂੰ ਵੇਖ ਰਿਹਾ ਸੀ। ਮੈਂ ਖੂੰਡੇ ਵਾਲੇ ਬਾਬੇ ਵੱਲ ਇਸ਼ਾਰਾ ਕਰਦੇ ਹੋਏ ਵਿਜੇ ਨੂੰ ਬਾਬੇ ਦਾ ਚਿਹਰਾ ਵੇਖਣ ਲਈ ਕਿਹਾ। ਬਾਬਾ ਪੂਰਾ ਖ਼ੁਸ਼ ਸੀ। ਵਿਜੇ ਅਚੰਭਿਤ ਜਿਹਾ ਹੋਇਆ ਕਦੇ ਬਾਬੇ ਵੱਲ ਵੇਖੇ ਤੇ ਕਦੇ ਮੇਰੀ ਵੱਲ। ਬਾਕੀ ਸੈਂਕੜੇ ਦਰਸ਼ਕਾਂ ਦੇ ਮੂੰਹ ਵੀ ਬਾਬੇ ਦੀ ਹੀ ਹਾਮੀ ਭਰਦੇ ਸਨ। ਨਾਟਕ ਵਿਚਲੀਆਂ ਗਾਲ਼ਾਂ ਕਿਹੜੀਆਂ ਤੇ ਕਿਹੋ-ਜਿਹੀਆਂ ਸਨ, ਉਹਨਾਂ ਵਿਚੋਂ ਇੱਕ-ਦੋ ਦੀਆਂ ਵੰਨਗੀਆਂ ਵੀ ਵੇਖ ਲਵੋ:
-- ਉਇ ਆ-ਜਾ, ਆ-ਜਾ ਭਗਤ ਸਿਆਂ, ਆ-ਜਾ। ਵਗ-ਗੇ ਆਪਦੀ ਭੈਣ ਦੇ ਚਿੱਚੜ।
-- ਇਹਨਾਂ ਨੂੰ ਪੁੱਛਣ ਵਾਲਾ ਹੋਵੇ ਬਈ ਅਵਦੀ ਨਿੱਕੀ ਦੇ ਕੁਸ ਲੱਗਦਿਉ, ਅਸੀਂ ਆਪਣੇ ਨਿੱਕੇ-ਨਿਆਣਿਆਂ ਦਾ ਢਿੱਡ ਭਰੀਏ ਕਿ ਥੋਡੀਆਂ ਕਿਸ਼ਤਾਂ?
-- ਭੈਣ ਦੇ ਯਾਰਾਂ ਨੇ ਆ ਕੇ ਵਿਆਹ ਵਿੱਚ ਹੋਰ ਈ ਬੀ ਦਾ ਲੇਖਾ ਪਾ ਧਰਿਆ। ਸਾਰਾ ਮੀਟ ਮੱਚ ਗਿਆ ਯਾਰ ਤਾਇਆ।
ਇਹ ਗਾਲ਼ਾਂ ਪੜ੍ਹ ਕੇ ਤੁਹਾਡੇ ਵਿਚੋਜ਼ ਮਧ ਸ਼੍ਰੇਣੀ ਦੇ ਬਹੁਤੇ ਹਿਪੋਕਰੈਟ ਲੋਕਾਂ, ਜਿੰਨ੍ਹਾਂ ਨੂੰ ਸਿੱਧੇ-ਸਾਦੇ ਕਿਰਤੀ ਲੋਕ ਦੰਭੀ ਆਖਦੇ ਹਨ, ਸ਼ਾਇਦ ਇਹ ਲੱਗੇ ਕਿ ਇਹ ਗਾਲ਼ਾਂ ਸੱਚਮੁੱਚ ਖੂੰਡੇ ਮਰਵਾਉਣ ਦੀਆਂ ਹੱਕਦਾਰ ਨੇ। ਤੇ ਜੇ ਮੈਨੂੰ ਵੀ ਇਹਨਾਂ ਗਾਲ਼ਾਂ ਦੇ ਪਰਿਪੇਖ ਤੇ ਪਰਸੰਗ ਦਾ ਗਿਆਨ ਨਾ ਹੋਵੇ ਤਾਂ ਸ਼ਾਇਦ ਮੈਂ ਵੀ ਇਹੋ ਗੱਲ ਕਹਾਂ: ਬੰਦ ਕਰੋ ਉਇ ਡਰਾਮਾ। ਕਿਥੇ ਗੰਦ ਪਾਇਐ। ਦੀਂਹਦਾ ਨੀ ਥੋਨੂੰ ਸਾਹਮਣੇਂ ਧੀਆਂ-ਭੈਣਾਂ ਬੈਠੀਆਂ?
ਪਰ ਸਾਡਾ ਨਾਟਕ ਚੱਲਣ ਵੇਲੇ ਦਰਸ਼ਕਾਂ ਨੇ ਅਜਿਹਾ ਕਿਉਂ ਨਹੀਂ ਕੀਤਾ? ਇਹ ਇਸ ਕਰ ਕੇ ਨਹੀਂ ਕੀਤਾ ਕਿਉਂਕਿ ਨਾਟਕ ਵਿੱਚ ਦਿੱਤੀਆਂ ਗਾਲ਼ਾਂ ਦਾ ਆਰਥਿਕ ਲੁੱਟ-ਖ਼ਸੁੱਟ ਵਾਲਾ ਇੱਕ ਪਰਿਪੇਖ ਬਣਦਾ ਸੀ, ਇੱਕ ਪਰਸੰਗਿਕਤਾ ਬਣਦੀ ਸੀ। ਇਹ ਪਰਿਪੇਖ, ਇਹ ਪਰਸੰਗਿਕਤਾ ਕਿਵੇਂ ਬਣਦੀ ਸੀ? ਇਹ ਇਸ ਤਰ੍ਹਾਂ ਬਣਦੀ ਸੀ: ਭਗਤਾ ਇੱਕ ਗਰੀਬ ਕਿਸਾਨ ਹੈ। ਉਸ ਅਤੇ ਆਰਥਿਕ ਪੱਖੋਂ ਲੱਗ-ਭੱਗ ਉਸ ਵਰਗੇ ਹੀ ਉਸਦੇ ਸੀਰੀ ਮਾਧੋ ਦੀ ਛੇ ਮਹੀਨਿਆਂ ਦੀ ਕਰੜੀ ਮਿਹਨਤ ਦੀ ਕਮਾਈ (ਕਣਕ) ਉਹਨਾਂ ਦੇ ਘਰ ਵਿੱਚ ਢੋਈ ਜਾ ਰਹੀ ਹੈ। ਘਰ ਆਈ ਇਸ ਕਣਕ ਸਦਕਾ ਸਾਰਾ ਪਰਿਵਾਰ ਖ਼ੁਸ਼ੀ ਵਿੱਚ ਖੀਵਾ ਚਾਈਂ-ਚਾਈਂ ਕਣਕ ਢੋ ਰਿਹਾ ਹੈ। ਇਸ ਖ਼ੁਸ਼ੀ ਨੂੰ ਨਾਟਕ ਦੇ ਆਰੰਭ ਵਿੱਚ ਗਾਈਆਂ ਗੀਤ ਦੀਆਂ ਇਹਨਾਂ ਸਤਰਾਂ ਵਿੱਚ ਇਸ ਤਰ੍ਹਾਂ ਪਰਗਟਾਇਆ ਗਿਆ ਹੈ:
ਬਾਹੀ, ਬੀਜੀ, ਵੱਢੀ ਤੇ ਕੱਢੀ ਜਿਹੜੀ
ਕਣਕ ਜੱਟ ਦੇ ਘਰ ਨੂੰ ਆਉਣ ਲੱਗੀ।
ਸਾਰਾ ਟੱਬਰ ਨਸ਼ਈ-ਜਿਆ ਹੋਏ ਫਿਰਿਆ
ਖ਼ੁਸ਼ੀ ਵਿਹੜੇ ਚ ਭੰਗੜੇ ਪਾਉਣ ਲੱਗੀ।
ਸਾਰਾ ਟੱਬਰ ਐਨਾ ਖ਼ੁਸ਼ ਹੈ ਕਿ ਇਹ ਅੰਦਰਲੀ ਖ਼ੁਸ਼ੀ ਉਹਨਾਂ ਦੀ ਹਰ ਗੱਲ ਤੇ ਹਰ ਕਾਰਜ ਵਿਚੋਂ ਫੁਟ-ਫੁਟ ਪੈਂਦੀ ਹੈ। ਭੋਲ਼ਾ ਤੇ ਸਿੱਧਾ-ਸਾਦਾ ਪਰਿਵਾਰ ਘਰ-ਆਈ ਥੋੜ੍ਹੀ ਕਣਕ ਨੂੰ ਅੰਗਦਾ ਵੀ ਬਹੁਤੀ ਕਰ ਕੇ ਹੈ। ਆਰਥਿਕ ਥੁੜਾਂ ਦਾ ਮਾਰਿਆ ਉਹਨਾਂ ਦਾ ਮਨ ਚਾਹੁੰਦਾ ਜੋ ਇਹੋ ਹੈ ਬਈ ਇਹ ਕਣਕ ਵੱਧ ਤੋਂ ਵੱਧ ਹੋਵੇ। ਘਰ ਵਿੱਚ ਵੱਡਿਆਂ ਨੂੰ ਲੱਗਦਾ ਹੈ ਕਿ ਇਸ ਬਹੁਤੀ ਕਣਕ ਦੇ ਘਰ ਆਉਣ ਨਾਲ ਉਹਨਾਂ ਦੀ ਕਬੀਲਦਾਰੀ ਦੇ ਸਾਰੇ ਮਸਲੇ ਕਿਉਂਟੇ ਜਾਣਗੇ। ਕੁੜੀ ਦਾ ਵਿਆਹ ਵੀ ਹੋ ਜਾਊ, ਘਰ ਦੀ ਕੱਚੀ ਬੈਠਕ ਪੱਕੀ ਵਿੱਚ ਤਬਦੀਲ ਹੋ ਜਾਊ, ਸੇਠਾਂ ਤੇ ਆੜ੍ਹਤੀਆਂ ਦਾ ਲੈਣਾ-ਦੇਣਾ ਵੀ ਮੁਕਾਇਆ ਜਾਊ ਆਦਿ-ਆਦਿ। ਇਸ ਖ਼ੁਸ਼ੀ ਦੇ ਮੌਕੇ ਘਰ ਵਿੱਚ ਝਟਕਾ (ਮੀਟ) ਖਾਣ ਵਾਲੇ ਘਰ ਦੇ ਜੀਆਂ ਦੀ ਮੰਗ ਨੂੰ ਮੁੱਖ ਰਖ ਕੇ ਝਟਕਾ ਲਿਆ ਕੇ ਬਣਨ ਲਈ ਚੁੱਲ੍ਹੇ ਉੱਤੇ ਰੱਖਿਆ ਜਾਂਦਾ ਹੈ। ਭਗਤਾ, ਜਿਹੜਾ ਆਪ ਦਾਰੂ ਨੂੰ ਮੂੰਹ ਤੱਕ ਨਹੀਂ ਲਾਉਂਦਾ, ਇਸ ਖ਼ੁਸ਼ੀ ਦੀ ਘੜੀ ਆਪਣੇ ਸੀਰੀ ਮਾਧੋ ਤੇ ਭਗਤੇ ਦੇ ਵੱਡੇ ਮੁੰਡੇ ਆਸਵੰਤ ਦੀ ਛਿਟ-ਛਿਟ (ਸ਼ਰਾਬ) ਪੀਣ ਦੀ ਰੀਝ ਪੂਰੀ ਕਰਨ ਲਈ ਠੇਕੇ ਤੋਂ ਬੋਤਲ ਵੀ ਲਿਆ ਦਿੰਦਾ ਹੈ। ਛਿਟ-ਛਿਟ ਪੀ ਕੇ ਖ਼ੁਸ਼ੀ ਵਿੱਚ ਆਏ ਉਹ ਗਪੌੜ ਵੀ ਪੂਰੇ ਛਡਦੇ ਹਨ। ਭਗਤੇ ਨੂੰ ਬਿਨ ਪੀਤਿਆਂ ਹੀ ਨਸ਼ਾ ਚੜ੍ਹਿਆ ਹੋਇਆ ਹੈ। ਇਸ ਸਾਰੇ ਖੇੜੇ ਦੇ ਪਿੱਛੇ ਇੱਕ ਹੀ ਮਨੋ-ਵਿਗਿਆਨਕ ਕਾਰਨ ਹੈ ਤੇ ਉਹ ਹੈ ਛੇ ਮਹੀਨਿਆਂ ਦੀ ਕਰੜੀ ਮਿਹਨਤ ਦੀ ਕਮਾਈ ਦਾ ਘਰ ਆਉਣਾ। ਤੇ ਜਦੋਂ ਘਰ ਵਿੱਚ ਘਰ ਦੇ ਸਾਰੇ ਜੀਆਂ ਦੀਆਂ ਫੁਰਰ-ਫੁਰਰ ਅ੍ਹੌੜ ਰਹੀਆਂ ਗੱਲਾਂ ਤੇ ਫੁਰਤੀਲੇ ਕਾਰਜ ਰਾਹੀਂ ਇਹ ਖ਼ੁਸ਼ੀ ਆਪਣੇ ਸਿਖ਼ਰ ਉਤੇ ਪੁੱਜੀ ਹੁੰਦੀ ਹੈ ਤਾਂ ਐਨ ਉਸ ਵਕਤ ਬਾਹਰੋਂ ਗੁਆਂਢੀਆਂ ਦਾ ਇੱਕ ਮੁੰਡਾ ਭੱਜਿਆ-ਭੱਜਿਆ ਆਉਂਦਾ ਹੈ ਤੇ ਗਪੌੜਾਂ ਮਾਰ ਰਹੇ ਕਿਸਾਨ ਭਗਤ ਸਿੰਘ ਨੂੰ ਆਖਦਾ ਹੈ, ਉਇ ਤਾਇਆ ਭਾਜਾ ਜੇ ਭੱਜੀਂਦੈ। ਬੈਂਕ ਆਲੇ ਆਉਂਦੇ ਐ ਜੀਪ ਦੁਬੱਲੀਂ। ਸੁਣਦਿਆਂ ਹੀ ਭਗਤੇ ਦੀ ਸੁਰਤ ਬੌਦਲ਼ ਜਾਂਦੀ ਹੈ ਤੇ ਘਬਰਾਏ ਨੂੰ ਉਸਨੂੰ ਇਹ ਵੀ ਨਹੀਂ ਸੁਝਦਾ ਕਿ ਇਸ ਸੰਕਟ ਦੀ ਘੜੀ ਉਹ ਕੀ ਕਰੇ, ਕੀ ਨਾ ਕਰੇ? ਮਾਧੋ ਤੂੜੀ ਵਾਲੀ ਸਬਾਤ ਵਿੱਚ ਲੁਕਣ ਦੀ ਸਲਾਹ ਦਿੰਦਾ ਹੈ ਤੇ ਉਹ ਭੱਜ ਕੇ ਤੂੜੀ ਵਾਲੀ ਸਬਾਤ ਵਿੱਚ ਹੀ ਜਾ ਲੁਕਦਾ ਹੈ। ਮਾਧੋ ਕਾਹਲੀ-ਕਾਹਲੀ ਦਾਰੂ ਦੀ ਬੋਤਲ ਇੱਕ ਪਾਸੇ ਲੁਕ੍ਹੋ ਦਿੰਦਾ ਹੈ। ਆਸਵੰਤ ਕੰਧ ਟਪ ਕੇ ਗੁਆਂਢੀਆਂ ਦੇ ਘਰ ਜਾ ਵੜਦਾ ਹੈ। ਗੱਲ ਕੀ, ਸਾਰੇ ਰੰਗ ਵਿੱਚ ਭੰਗ ਪੈ ਜਾਂਦੀ ਹੈ।
ਘਰ ਵਿੱਚ ਭਗਤ ਸਿੰਘ ਦੇ ਘਰ ਵਾਲੀ ਨਸੀਬ ਕੁਰ, ਉਸਦੀ ਧੀ ਬੀਬੋ, ਉਸਦਾ ਛੋਟਾ ਮੁੰਡਾ ਪੱਪੂ ਤੇ ਉਸਦਾ ਸੀਰੀ ਮਾਧੋ ਹੀ ਰਹਿ ਜਾਂਦੇ ਹਨ। ਪਿੰਡ ਦੇ ਸਰਪੰਚ ਨੂੰ ਲੈ ਕੇ ਸਹਿਕਾਰੀ ਬੈਂਕ ਦਾ ਇਨਸਪੈਕਟਰ ਆਉਂਦਾ ਹੈ। ਤੇ ਘਰ ਆ ਕੇ ਜਦ ਉਸਨੂੰ ਪਤਾ ਲਗਦਾ ਹੈ ਕਿ ਭਗਤ ਸਿੰਘ ਘਰ ਵਿੱਚ ਨਹੀਂ ਤਾਂ ਉਸਨੂੰ ਇਹ ਸ਼ੱਕ ਹੋ ਜਾਂਦਾ ਹੈ ਕਿ ਉਸਦੇ ਆਉਣ ਦਾ ਪਤਾ ਲੱਗ ਜਾਣ ਕਰ ਕੇ ਭਗਤੇ ਨੂੰ ਕਿਸੇ ਪਾਸੇ ਦਬੱਲ ਦਿੱਤਾ ਗਿਆ ਹੈ। ਇਸੇ ਕਰ ਕੇ ਗੁੱਸੇ ਵਿੱਚ ਆਇਆ ਉਹ ਕਰਜ਼ੇ ਦੀਆਂ ਕਿਸ਼ਤਾਂ ਨਾ-ਭਰਨ ਲਈ ਭਗਤ ਸਿੰਘ ਦੀ ਘਰ ਵਾਲੀ ਨਸੀਬ ਕੁਰ ਨੂੰ ਪੁੱਠੀਆਂ-ਸਿੱਧੀਆਂ ਤੇ ਤੱਤੀਆਂ-ਠੰਢੀਆਂ ਸੁਣਾਉਣ ਲੱਗ ਪੈਂਦਾ ਹੈ। ਨਾਲ ਦੀ ਨਾਲ ਇਹ ਵੀ ਤਾੜਨਾ ਕਰਦਾ ਹੈ ਕਿ ਜੇ ਇਸ ਵਾਰ ਵੀ ਬੈਂਕ ਤੋਂ ਲਏ ਕਰਜੇ ਦੀਆਂ ਕਿਸ਼ਤਾਂ ਨਾ ਭਰੀਆਂ ਤਾਂ ਉਹ ਭਗਤ ਸਿੰਘ ਨੂੰ ਜੇਲ੍ਹ ਦੀ ਹਵਾ ਵਿਖਾ ਦੇਵੇਗਾ। ਇਸ ਤਰ੍ਹਾਂ ਦੀਆਂ ਸੌ-ਸੌ ਸੁਣਾ ਕੇ ਜਦ ਇਨਸਪੈਕਟਰ ਵਾਪਿਸ ਚਲਿਆ ਜਾਂਦਾ ਹੈ ਤਾਂ ਮਾਧੋ ਤੂੜੀ ਵਾਲੀ ਸਬਾਤ ਵਿੱਚ ਲੁਕ੍ਹੇ ਭਗਤ ਸਿੰਘ ਨੂੰ ਬਾਹਰ ਆਉਣ ਲਈ ਆਵਾਜ਼ ਦਿੰਦਾ ਹੋਇਆ ਬੈਂਕ ਵਾਲਿਆਂ ਵਿਰੁਧ ਆਪਣੇ ਦਬੇ ਹੋਏ ਗੁੱਸੇ ਦਾ ਪਗਟਾਵਾ ਇਹ ਗਾਲ਼ ਦੇ ਕੇ ਇਸ ਤਰ੍ਹਾਂ ਕਢਦਾ ਹੈ:
-- ਆ-ਜਾ, ਆ-ਜਾ ਭਗਤ ਸਿੰਆਂ। ਚਲੇ ਗਏ ਅਵਦੀ ਭੈਣ ਦੇ ਚਿੱਚੜ *
ਤੇ ਫੇਰ ਜਦ ਭਗਤ ਸਿੰਘ ਬਾਹਰ ਆ ਜਾਂਦਾ ਹੈ ਤਾਂ ਉਸ ਨਾਲ ਕਰਜੇ ਤੇ ਬੈਂਕ ਵਾਲਿਆਂ ਬਾਰੇ ਗੱਲ ਕਰਦਾ ਮਾਧੋ ਕਿਸਾਨੀ ਦੀਆਂ ਆਰਥਿਕ ਮੁਸ਼ਕਲਾਂ ਵੱਲ ਇਸ਼ਾਰਾ ਕਰਦਾ ਬਲ਼ਕ ਵਾਲਿਆਂ ਪ੍ਰਤਿ ਆਪਣੀ ਘਿਰਣਾ ਤੇ ਗੁੱਸਾ ਪਰਗਟਾਉਂਦਿਆਂ ਹੋਇਆ ਆਪਣੇ ਦਿਲ ਦੀ ਭੜਾਸ ਇੰਜ ਕਢਦਾ ਹੈ:
-- ਇਹਨਾਂ ਨੂੰ ਪੁੱਛਣ ਵਾਲਾ ਹੋਵੇ ਬਈ ਅਵਦੀ ਨਿੱਕੀ ਦੇ ਕੁਸ ਲੱਗ ਦਿਉ, ਅਸੀਂ ਆਪਣੇ ਨਿੱਕੇ ਨਿਆਣਿਆਂ ਦਾ ਢਿੱਡ ਭਰੀਏ ਕਿ ਥੋਡੀਆਂ ਕਿਸ਼ਤਾਂ?
ਤੇ ਜਦ ਸਰਪੰਚ ਬਲਦੇਵ ਸਿੰਘ ਇਹ ਕਹਿੰਦਾ ਹੈ: ਸਰਕਾਰੀ ਪੈਸੇ ਐ ਦੱਬੇ ਤਾਂ ਜਾਂਦੇ ਨੀ। ਤਾਂ ਨਸੀਬ ਕੁਰ ਜਵਾਬ ਦਿੰਦੀ ਹੋਈ ਆਖਦੀ ਹੈ: ਨਾ ਦੱਬੇ ਤਾਂ ਨੀ ਜਾਂਦੇ ਬਲਦੇਵ ਸਿਆਂ! ਪਰ ਇਸ ਮਰੇ ਪੁੱਤਾਂ ਵਾਲੇ ਨੂੰ ਕੋਈ ਇਹ ਤਾਂ ਪੁੱਛੇ ਬਈ ਇਸਨੇ ਇਹ ਬੇਈਮਾਨਾ ਕੀਤਾ ਤਾਂ ਕਿਹੜੀ ਗੱਲੋਂ? ਅਸੀਂ ਭਾਈ ਥੋਡੇ ਼ਵਾਂਗੂੰ ਮਰੱਬਿਆਂ ਦੇ ਮਾਲਕ ਤਾਂ ਹੈ ਨੀ। ਜਿਹੜੇ ਚਾਰ ਛਿਲੜ ਕਮਾਏ ਸੀ ਉਹ ਇਹਦੀ ਝੋਲ਼ੀ ਪਾ ਆਏ। ਪਰ ਇਹ ਬੈਠੀ ਬੇੜੀ ਆਲ਼ਾ ਐਸਾ ਬੇਈਮਾਨ ਨਿਕਲਿਆ ਬਈ ਪਹਿਲੇ ਬੋਲ ਈ ਮੁੱਕਰ ਗਿਆ ਬਈ ਕਿਹੜੇ ਦਿੱਤੇ ਸੀ ਤੁਸੀਂ ਮੈਨੂੰ ਢਾਵੇਂ?
ਤੇ ਇਸ ਭੱਜ-ਦੌੜ ਤੇ ਲੁਕ੍ਹਣ-ਲੁਕ੍ਹਾਉਣ ਵਿੱਚ ਜਦ ਚੁੱਲ੍ਹੇ ਤੇ ਰਿਝਣਾ ਰੱਖਿਆ ਮੀਟ ਮੱਚ ਜਾਂਦਾ ਹੈ ਤਾਂ ਖਿਝਿਆ ਹੋਇਆ ਆਸਵੰਤ ਮਾਧੋ ਨੂੰ ਆ ਕੇ ਦੱਸਦਾ ਹੈ:
-- ਭੈਣ ਦੇ ਯਾਰਾਂ ਨੇ ਆ ਕੇ ਵਿਆਹ ਵਿੱਚ ਹੋਰ ਈ ਬੀ ਦਾ ਲੇਖਾ ਪਾ ਧਰਿਆ। ਸਾਰਾ ਮੀਟ ਮੱਚ ਗਿਆ ਯਾਰ ਤਾਇਆ।
ਹੁਣ ਤੁਸੀਂ ਹੀ ਦੱਸੋ ਕਿ ਕਰਜੇ ਦੇ ਭਾਰ ਹੇਠਾਂ ਦੱਬੇ ਪਿੰਡਾਂ ਦੇ ਕਿਰਤੀ ਲੋਕ ਇਹੋ-ਜਿਹੀਆਂ ਸਥਿਤੀਆਂ ਦੌਰਾਨ ਨਾਟਕਾਂ ਵਿੱਚ ਕੱਢੀਆਂ ਗਾਲ਼ਾਂ ਨੂੰ ਕਿਵੇਂ ਇਹ ਕਹਿਣਗੇ: ਬੰਦ ਕਰ ਉਇ ਇਹ ਗੰਦਮੰਦ। ਦੀਂਹਦਾ ਨੀ ਥੋਨੂੰ ਸਾਹਮਣੇਂ ਧੀਆਂ-ਭੈਣਾਂ ਬੈਠੀਆਂ? ਼ ਼ ਼?
ਨਾਟਕ ਖ਼ਤਮ ਹੋਣ ਤੋਂ ਬਾਦ ਮੈਂ ਵਿਜੇ ਬੇਦੀ ਨੂੰ ਉਸ ਬਾਬੇ ਕੋਲ ਲੈ ਗਿਆ ਜਿਸਦੇ ਖੂੰਡੇ ਕੋਲੋਂ ਡਰਦਾ ਉਹ ਸਾਨੂੰ ਨਾਟਕ ਦੀ ਤਿਆਰੀ ਕਰਨ ਤੋਂ ਵਰਜ ਰਿਹਾ ਸੀ। ਬਾਬੇ ਨੂੰ ਇੱਕ ਪਾਸੇ ਕਰ ਕੇ ਮੈਂ ਪੁੱਛਿਆ, ਬਜ਼ੁਰਗੋ, ਕਿਵੇਂ ਲੱਗਿਆ ਨਾਟਕ? ਤਾਂ ਬਾਬੇ ਦਾ ਜਵਾਬ ਸੀ: ਬਹੁਤ ਵਧੀਆ ਲੱਗਿਆ ਸ਼ੇਰਾ! ਕਮਾਲ ਈ ਕਰ-ਤੀ ਤੁਸੀਂ ਤਾਂ। ਫਿਰ ਮੈਂ ਰੱਤਾ ਆਪਣੇ ਕੋਲੋਂ ਗੱਲ ਬਣਾ ਕੇ ਸਫਾਈ ਪੇਸ਼ ਕਰਨ ਦੇ ਲਹਿਜ਼ੇ ਵਿੱਚ ਕਿਹਾ, ਨਾਟਕ ਵਿੱਚ ਸਾਡੇ ਇੱਕ ਬੇਸਮਝ-ਜੇ ਮੁੰਡੇ ਤੋ ਦੋ ਤਿੰਨ ਗਾਲ਼ਾਂ ਨਿਕਲ ਗਈਆਂ ਸੀ। ਉਹ ਨਾਟਕ ਵਿੱਚ ਤਾਂ ਹੈ-ਨੀ, ਪਰ ਉਸ ਮੂਰਖ ਤੋਂ ਆਪ ਈ ਨਿਕਲਗੀਆਂ। ਮਾਫੀ ਚਾਹੁੰਦੇ ਹਾਂ।
ਬਾਬੇ ਨੇ ਪਤਾ ਹੈ ਕੀ ਜਵਾਬ ਦਿੱਤਾ? ਬਾਬੇ ਨੇ ਇਹ ਜਵਾਬ ਦਿੱਤਾ, ਮਾਫੀ ਕਾਹਦੀ? ਇਹਨਾਂ ਨੂੰ ਤਾਂ ਭੈਣ ਦੇ ਯਾਰਾਂ ਨੂੰ ਹੋਰ ਸੁਣਾਉਣੀਆਂ ਸੀ ਤੱਤੀਆਂ-ਤੱਤੀਆਂ।
ਹੁਣ ਤੁਸੀਂ ਹੀ ਦੱਸੋ ਕਿ ਮੈਂ ਆਪਣੇ ਨਾਟਕਾਂ ਵਿੱਚ ਇਹੋ-ਜਿਹੀਆਂ ਸਥਿਤੀਆਂ ਵਿੱਚ ਆਪਣੇ ਪਾਤਰਾਂ ਦੇ ਮੂੰਹਾਂ ਵਿੱਚ ਇਹੋ-ਜਿਹੀਆਂ ਗਾਲ਼ਾਂ ਪਾਇਆ ਕਰਾਂ ਕਿ ਨਾ?
(ਛਪ ਰਹੀ ਪੁਸਤਕ ਮੇਰੀਆਂ ਰੰਗਮੰਚੀ ਯਾਦਾਂ ਵਿਚੋਂ)

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346