Welcome to Seerat.ca
Welcome to Seerat.ca

ਸਾਡਾ ਸੂਰਮਾ ਲੇਖਕ ਅਜਮੇਰ ਔਲਖ
(ਔਲਖ ਨੂੰ ਭਾਈ ਲਾਲੋ ਲੋਕ-ਸਨਮਾਨ ਮਿਲਣ ਤੇ)

 

- ਵਰਿਆਮ ਸਿੰਘ ਸੰਧੂ

ਕਰਦੇ ਗਾਲ਼ਾਂ ਦਾ ਜਿਥੇ ਸਤਿਕਾਰ ਲੋਕੀਂ

 

- ਅਜਮੇਰ ਸਿੰਘ ਔਲਖ

ਪੁਸਤਕ ਗੋਲਡਨ ਗੋਲ ਦੀ ਗੱਲ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਮੋਹ-ਭਿੱਜਿਆ ਨਰਿੰਦਰ ਮੋਹੀ
(ਲਿਖੀ-ਜਾ-ਰਹੀ ਸਵੈਜੀਵਨੀ (ਭਾਗ-ਦੋ) ਬਰਫ਼ ਵਿੱਚ ਉਗਦਿਆਂ ਵਿੱਚੋਂ)

 

- ਇਕਬਾਲ ਰਾਮੂਵਾਲੀਆ

...ਜਾਂ ਸ਼ਾਇਦ ਇਸ ਵਾਰ...

 

- ਬਲਵਿੰਦਰ ਸਿੰਘ ਗਰੇਵਾਲ

ਵਿੱਕਰੀ

 

- ਪਿਆਰਾ ਸਿੰਘ ਭੋਗਲ

ਬਾਪੂ ਜੀ ਦੇ ਅੰਗ-ਸੰਗ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

'ਸਮੇਂ ਦਾ ਫੇਰ'

 

- ਸ੍ਰ: ਹਰਦੀਪ ਸਿੰਘ ਖਾਲਸਾ

ਲੁੱਟਣ ਤੋਂ ਲੁੱਟੇ ਜਾਣ ਤੱਕ ਦੀ ਜਾਗ੍ਰਿਤੀ ਦਾ ਸਫ਼ਰ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਲਦੇਵ ਸਿੰਘ ਧਾਲੀਵਾਲ, ਚੰਦਨ ਨੇਗੀ, ਬਲਜਿੰਦਰ ਨਸਰਾਲੀ,ਹਰਭਜਨ ਸਿੰਘ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੰਗ-ਬ-ਰੰਗੇ ਫੁੱਲ

 

- ਵਰਿਆਮ ਸਿੰਘ ਸੰਧੂ

ਏਤ ਮਾਰਗ ਜਾਣਾ

 

- ਹਰਜੀਤ ਤੇਜਾ ਸਿੰਘ

ਫੋਟੋ

 

- ਗੁਰਮੀਤ ਸੰਧੂ

ਦੇਸ਼ ਹਿਤਾਂ ਨੂੰ ਦਰਕਿਨਾਰ ਕਰ ਰਿਹਾ ਹੈ ਸੰਘ ਪਰਿਵਾਰ

 

- ਹਰਜਿੰਦਰ ਸਿੰਘ ਗੁਲਪੁਰ

ਜਵਾਬ

 

- ਸੁਖਦੇਵ ਸਿੰਘ ਸੇਖੋਂ

ਦੱਸ ਪੰਜਾਬ ਕਰਾਂ ਕੀ ਸਿਫਤ ਤੇਰੀ ?

 

- ਗੁਰਬਾਜ ਸਿੰਘ

ਨਾ ਚਾਹੁੰਦਾ ਹੋਇਆ ਵੀ

 

- ਵਰਿੰਦਰ ਖੁਰਾਣਾ

ਕੀ ਮਨੁੱਖ ਦਾ ਕੋਈ ਦੇਸ਼ ਹੈ?

 

- ਉਂਕਾਰਪ੍ਰੀਤ

ਕਥਾ ਇਕ ਪਿਆਸ ਦੀ

 

- ਜਗਸੀਰ ਕੋਟਭਾਈ

ਕਰੰਡ

 

- ਗੁਰਮੇਲ ਬੀਰੋਕੇ

ਗੀਤ

 

- ਗੁਰਨਾਮ ਢਿੱਲੋਂ

ਸ਼ਹਿਰ !

 

- ਮਿੰਟੂ ਗੁਰੂਸਰੀਆ

 
Online Punjabi Magazine Seerat

ਲੁੱਟਣ ਤੋਂ ਲੁੱਟੇ ਜਾਣ ਤੱਕ ਦੀ ਜਾਗ੍ਰਿਤੀ ਦਾ ਸਫ਼ਰ
- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ (ਗੁਰੂਸਰ ਸੁਧਾਰ)

 

ਕੇਰਾਂ ਦੂਜੀ ਪੜ੍ਹਦੇ ਬੱਲੀ (ਲੇਖਕ) ਨੂੰ ਉਹਦੇ ਚੌਦਵੀਂ ਚ ਪੜ੍ਹਦੇ ਵੱਡੇ ਮਸੇਰ ਨੇ ਪੁੱਛਿਆ: ਬੱਲੀ ਵੱਡਾ ਹੋਕੇ ਕੀ ਕਰਿਆ ਕਰੇਂਗਾ। ਤੁਰੰਤ ਸਿੱਧਾ ਜਵਾਬ ਦਿੱਤਾ: ਭਾਰ ਢੋਇਆ ਕਰਾਂਗਾ ... ਤੇ ... ਪੈਸੇ ਲੁੱਟਿਆ ਕਰਾਂਗਾ ... ਹੋਰ ਕੀ ...। ਉਹ ਖਿੜ ਖਿੜ ਹੱਸਿਆ। ਹੱਸਦੇ ਹੋਏ ਨੇ ਮੁੜ ਸਵਾਲ ਕੀਤਾ: ਉਹ ਕਿਵੇਂ ...। 'ਬੱਸ ... ਭਾਅ ... ਸਟੇਸ਼ਨ ਤੇ ਹਾਤੋ ਕੁੱਲੀ ... ਭਾਰ ਢੋਂਹਦੇ ਨੇ ... ਕਿੰਨੇ ਹੀ ਪੈਸੇ ... ਲੁੱਟਦੇ ਨੇ...। ਉਹਦੇ ਹਸਣ ਤੋਂ ਪਚੀ ਹੋ ਗਿਆ। ਕੋਈ ਸਮਝ ਨਾ ਪਈ। ਕਿਉਂ ਹੱਸਦੈ। ਭੋਲੇਪਨ ਚ ਚੁੱਪ ਕਰ ਗਿਆ।
ਬਚਪਨ ਮਿਲੀ/ਲੱਭੀ ਆਨਾ ਦੁਆਨੀ ਵੇਖ ਹਾਣੀ ਕਹਿੰਦੇ ਹੁੰਦੇ ਸੀ 'ਯਾਰਾ ਕਿੱਥੋਂ ਲੁੱਟ ਲਈ ਆ'! ਉਹ ਆਨਾ ਦੁਆਨੀ ਆਪਣੀ ਲੱਗਦੀ। ਪੂਰੀ ਦੀ ਪੂਰੀ ਆਪਣੀ! ਉਹਨੂੰ ਖ਼ਰਚਣ ਦੀ ਪੂਰੀ ਖੁੱਲ੍ਹ ਹੁੰਦੀ। ਦੂਜੀ ਵੱਡੀ ਜੰਗ ਦਾ ਸਮਾਂ ਸੀ। ਮਹਿੰਗਾਈ ਸਿਖ਼ਰਾਂ ਤੇ ਸੀ। ਪੈਸਾ ਵੀ ਓਦੋਂ ਲੋਕਾਂ ਕੋਲ ਬਹੁਤ ਘੱਟ ਸੀ। ਲੈਣ ਦੇਣ ਵਿੱਚ ਜਿਨਸ ਵਟਾਂਦਰਾ ਚੱਲਦਾ। ਉਸ ਵਰੇਸ ਚ ਸਟੇਸ਼ਨਾਂ ਤੇ ਉੱਤਰਦਿਆਂ, ਚੜ੍ਹਦਿਆਂ ਵੇਖਣਾ ਕਿ ਲਾਲ/ਨੀਲੀ ਵਰਦੀ ਵਾਲੇ ਕੁੱਲੀ/ਹਾਤੋ ਲੋਕਾਂ ਦਾ ਸਾਮਾਨ ਗੱਡੀਓਂ ਉਤਾਰਨ, ਚੜਾਉਣ ਪਿੱਛੋਂ ਵਾਹਵਾ ਜੇਬਾਂ ਭਰ ਲੈਂਦੇ। ਮਨ ਚ ਲਾਲਸਾ ਜਿਹੀ ਪੈਦਾ ਹੁੰਦੀ ਇਹ ਕੰਮ ਕਿੰਨਾ ਚੰਗਾ ਏ। ਇਹ ਬੰਦੇ ਚੰਗੇ ਪੈਸੇ ਲੁੱਟ ਰਹੇ ਨੇ। ਬੱਸ ਭਾਰ ਢੋਇਆ ਤੇ ਪੈਸੇ ਲੁੱਟ ਲਏ। ਹੁਣ ਉਹ ਜੋ ਮਰਜ਼ੀ ਖ਼ਰੀਦਣ ਤੇ ਆਨੰਦ ਮਾਣਨ। ਓਦੋਂ ਮੈਨੂੰ ਮਜ਼ਦੂਰੀ ਨਾਲ ਕਮਾਇਆ ਪੈਸਾ ਲੁੱਟ ਹੀ ਲੱਗਦੀ। ਸੋਚ ਦਾ ਦਾਇਰਾ ਹੀ ਏਡਾ ਕੁ ਸੀ। ਪਿੰਡਾਂ ਚ ਬਰਾਤਾਂ ਦੇ ਆਉਣ ਅਤੇ ਡੋਲ਼ੀ ਦੇ ਤੁਰਨ ਵੇਲੇ ਘਰ ਵਾਲੇ ਭਾਣ ਦੀਆਂ ਭਰਪੂਰ ਸੋਟਾਂ ਕਰਦੇ। ਮੁੰਡੀਰ ਪਿਛਲਖੋਰੀ ਤੁਰਦੀ ਸੋਟ ਦੀ ਲੱਪ ਸੁੱਟੇ ਜਾਣ ਦੀ ਝਾਕ ਚ ਹੁੰਦੇ। ਜ਼ਮੀਨ ਤੇ ਪੈਸੇ ਡਿੱਗਦਿਆਂ ਹੀ ਸਭ ਘੱਟੇ ਮਿੱਟੀ ਚੋਂ ਪੈਸੇ ਲੱਭਣ ਲੱਗ ਪੈਂਦੇ। ਪਿੱਛੋਂ ਗਿਣਦੇ ਤੇ ਇੱਕ ਦੂਜੇ ਨੂੰ ਦੱਸਦੇ ਕਿ ਉਨ੍ਹੇ ਕਿੰਨੇ ਲੁੱਟੇ ਹਨ।
ਉਸ ਉਮਰੇ ਘਰੋਂ ਖਾਣ ਪੀਣ ਲਈ ਮਿਲਦਾ ਸਭ ਕੁਝ ਮੁਫਤ ਜਾਪਦਾ। ਜੋ ਆਪਣੀ ਮਰਜ਼ੀ ਨਾਲ ਖ਼ਰਚਣ ਵਾਲਾ ਹੁੰਦਾ ਉਹ ਹੀ ਆਪਣਾ ਲੱਗਦਾ। ਫੁੱਫੜ/ਮਾਸੜ ਦੇ ਆਏ ਤੇ ਬੱਚੇ ਚਾਅ ਨਾਲ ਅੰਦਰ ਬਾਹਰ ਚਾਂਬੜਾਂ ਪਾਉਂਦੇ ਫਿਰਦੇ। ਸ਼ਾਇਦ ਭੂਆ/ਮਾਸੀ ਜਾਂ ਦੂਜਿਆਂ ਨੂੰ ਅਸਲੀਅਤ ਚ ਕੋਈ ਖੁਸ਼ੀ ਹੁੰਦੀ ਹੋਵੇ। ਬੱਚੇ ਕਾਹਤੋਂ ਚਾਅ ਨਾਲ ਚਾਂਬੜਾਂ ਪਾਉਂਦੇ ਫਿਰਦੇ ਨੇ। ਕੋਲੋਂ ਲੰਘਦਾ ਲੰਬੜ ਬੁੱਢਾ ਸਿੰਘ ਹੱਸਕੇ ਕਹਿੰਦਾ ਇਹ ਤਾਂ ਖੁਸ਼ ਨੇ ਕਿ ਅੱਜ ਵਾਹਵਾ ਮਿੱਠਾ ਪਲਾ, ਸੇਵੀਆਂ, ਕੜਾਹ, ਖੀਰ ਬਣੇਗੀ। ਤਾਂ ਹੀ ਖੁਸ਼ੀ ਚ ਟੱਪਦੇ ਫਿਰਦੇ ਨੀ। ਉਹਨਾਂ ਦੇ ਵਿਦਿਆ ਹੋਣ ਵੇਲੇ ਵੀ ਭਤੀਜੇ/ਭਾਣਜੇ ਅੱਗੇ ਪਿੱਛੇ ਮੋਰਾਂ ਵਾਂਗ ਪੈਲਾਂ ਪਾਉਂਦੇ ਫਿਰਦੇ। ਉਹਨਾਂ ਨੂੰ ਆਸ ਹੁੰਦੀ ਕੁਝ ਮਿਲੇਗਾ ਜ਼ਰੂਰ। ਜੇ ਤਾਂ ਰੁਪਏ ਮਿਲਦੇ ਤਾਂ ਬਹੁਤਾ ਖੁਸ਼ ਨਾ ਹੁੰਦੇ। ਉਹ ਤਾਂ ਬੇਬੇ, ਭੂਆ, ਮਾਸੀ ਨੇ ਫੜ ਲੈਣੇ ਨੇ। ਉਹਨਾਂ ਨੂੰ ਤਾਂ ਆਨਾ ਦੁਆਨੀ ਮਿਲੀ ਹੀ ਚੰਗੀ ਲੱਗਦੀ। ਉਹਨੇ ਹੀ ਉਹਨਾਂ ਦੀ ਆਪਣੀ ਹੋਣਾ ਸੀ।
ਉਹ ਬਚਪਨ ਦਾ ਸਮਾਂ ਕਦੀ ਨਹੀਂ ਭੁੱਲਦਾ ਜਦੋਂ ਨਾਨਕੀਂ ਬਾਣੀਆਂ ਦੇ ਇੱਕ ਕਾਰੋਬਾਰੀ ਬੰਦੇ ਨੇ ਪਿੰਡ ਚ ਇੱਕ ਛੋਟਾ ਜਿਹਾ ਭੱਠਾ ਲਾਉਣ ਦਾ ਜੁਗਾੜ ਆ ਵਿੱਢਿਆ। ਤਮਾਸ਼ਾਬੀਨਾਂ ਵਾਂਗ ਭੱਠੇ ਦੁਆਲੇ ਇਕੱਠੀ ਹੋਈ ਮੁੰਡੀਰ ਨੂੰ ਉਸ ਦੇ ਮੁਨਸ਼ੀ ਨੇ ਕਿਹਾ,'ਲਿਆਓ ਓਏ ਮੁਡਿਓ, ਔਹ ਪਾਥੀਆਂ ਚੁੱਕ ਚੁੱਕ ... ਤੁਹਾਨੂੰ ਪੈਸੇ ਮਿਲਣਗੇ ... ਬੱਚੇ ਭੱਜ ਭੱਜ ਕੇ ਪਾਥੀਆਂ ਕਾਰੀਗਰਾਂ ਨੂੰ ਫੜਾਉਣ ਲੱਗ ਪਏ। ਕੁਝ ਵੱਡੇ ਬੰਦੇ ਟੋਕਰੇ/ਟੋਕਰੀਆਂ ਵਿੱਚ ਬਾਲਣ ਢੋ ਰਹੇ ਸੀ। ਦਿਨ ਡੁੱਬਣ ਤੇ ਪੈਸਿਆਂ ਵਾਲੀ ਗੁਥਲੀ ਫੜ ਉਹਨੇ ਸਾਨੂੰ ਕਤਾਰ ਚ ਖੜ੍ਹਾ ਕਰ ਦੁਆਨੀ ਦੁਆਨੀ ਦਿੱਤੀ। ਟੋਕਰਿਆਂ/ਟੋਕਰੀਆਂ ਵਾਲਿਆਂ ਨੂੰ ਸ਼ਾਇਦ ਰੁਪਈਆ/ਅਠਿਆਨੀ ਦਿੱਤੀ ਹੋਵੇ। ਬੱਚੇ ਬੜੇ ਖੁਸ਼ ਹੋਏ ਤੇ ਵਛੇਰਿਆਂ ਵਾਂਗ ਟੀਟਨੇ ਮਾਰਦੇ ਘਰਾਂ ਨੂੰ ਭੱਜੇ। ਉਸ ਰਾਤ ਬੱਲੀ ਨੇ ਵੀ ਉਹ ਦੁਆਨੀ ਕਈ ਵਾਰੀ ਕੱਢ ਕੱਢ ਵੇਖੀ। ਇਹ ਉਹਦੀ ਪਹਿਲੀ ਲੁੱਟ ਸਮਝੋ ਚਾਹੇ ਕਮਾਈ। ਉਹ ਉਹਨੂੰ ਬੜੀ ਪਿਆਰੀ ਤੇ ਆਪਣੀ ਲੱਗੀ। ਸਵੇਰੇ ਹੱਟੀਆਂ ਤੋਂ ਜੋ ਚਿੱਤ ਆਇਆ ਖਾਵਾਂਗਾ ਸੁਪਨੇ ਲੈਂਦਾ ਸੌਂ ਗਿਆ।
ਬੱਚਿਆਂ ਦੀ ਸੋਚ ਦਾ ਦਾਇਰਾ ਉਸ ਜੱਟ/ਜਾਟ ਵਰਗਾ ਸੀ ਜਿਸ ਨੇ ਫੌਜ ਦੀ ਰੰਗਰੂਟੀ ਵੇਲੇ ਸੁਭਾਵਕ ਹੀ ਆਪਣੇ ਹੌਲਦਾਰ ਕੋਲੋਂ ਪੁੱਛਣੋਂ ਰਹਿ ਨਾ ਹੋਇਆ ... ਬਈ ਸਾਹਿਬ ... ਵੱਡੇ ਸਾਹਿਬ ... ਕਰਨੈਲ ਸਾਹਿਬ ਨੂੰ ... ਭਲਾ ਕਿੰਨੇ ਕੁ ਪੈਸੇ ਮਿਲਦੇ ਹੋਣਗੇ ... ਦੱਸਿਆ ... ਇਹ ਹੀ ਕੋਈ ਪੰਦਰ੍ਹਾਂ ਕੁ ਸੌ ... ਲਾਚੜਕੇ ਬੁੱਲਾਂ ਤੇ ਜੀਬ ਫੇਰਦੇ ... ਸੁਆਦ ਜਿਹਾ ਮਹਿਸੂਸ ਕਰਦੇ ਦੇ ... ਮੂੰਹੋਂ ਆਪ ਮੁਹਾਰੇ ... ਨਿਕਲਿਆ ... ਤਾਂ ਤੇ ਬਈ ਉਹ ਗੁੜ ਰੱਜਕੇ ... ਖਾਂਦਾ ਹੋਊ ...। ਸੁਣ ਆਸੇ ਪਾਸੇ ਦੇ ਸਿਪਾਹੀ ਹੱਸ ਪਏ। ਸਿਪਾਹੀ ਨੂੰ ਓਦੋਂ 9 ਕੁ ਰੁਪਏ ਮਿਲਦੇ ਸਨ। ਏਦਾਂ ਦੇ ਪ੍ਰਤੀਕਰਮ ਸਾਡੀ ਸੋਚ ਦੇ ਦਾਇਰੇ ਚੋਂ ਨਿਕਲਦੇ ਹਨ। ਮਸੇਰ ਨੂੰ ਦਿੱਤਾ ਜਵਾਬ 'ਭਾਰ ਢੋਇਆ ਕਰਾਂਗੇ ਤੇ ਪੈਸੇ ਲੁੱਟਿਆ ਕਰਾਂਗੇ' ਵੀ ਏਦਾਂ ਦੀ ਸੋਚ ਚੋਂ ਉਪਜਿਆ ਸੀ।
ਜਦੋਂ ਬਚਪਨ ਦੇ ਕੁਝ ਸਿਆਲ ਹੁਨਾਲ ਲੰਘ ਗਏ। ਮਨ ਚ ਸਵਾਲ ਉੱਠਣ ਲੱਗੇ ਕਿ ਪੜ੍ਹਾਈ ਕਿਉਂ ਜ਼ਰੂਰੀ ਹੈ, ਪਾਸ ਹੋਣਾ ਈ ਕਾਫੀ ਹੈ ਜਾਂ ਵੱਧ ਨੰਬਰ ਲੈਣੇ ਜ਼ਰੂਰੀ ਹਨ, ਬੇਰੁਜ਼ਗਾਰੀ ਕਿਉਂ ਹੈ, ਨੌਕਰੀ ਕਿਵੇਂ ਤਲਾਸ਼ਣੀ ਹੈ, ਆਦਿ? ਜਿਵੇਂ ਜਿਵੇਂ ਗਿਆਨ ਤੇ ਤਰਕ ਦੀ ਲੋਅ ਹੁੰਦੀ ਗਈ, ਸਮਝ ਵਿਗਸਣ ਲੱਗੀ। ਹੁਣ ਤੱਕ ਸੋਚ ਉਪਰਲੇ ਸਾਦਾ, ਸਿੱਧੇ ਤੇ ਸਧਾਰਨ ਜਿਹੇ ਸਵਾਲਾਂ ਨਾਲ ਹੀ ਜੂਝਦੀ ਰਹੀ ਸੀ। ਇਹਨਾਂ ਦੇ ਹੱਲ ਹੋਣ ਨਾਲ ਹੀ ਗੱਲ ਮੁੱਕ ਜਾਂਦੀ। ਹੋਰ ਅਗਾਂਹ ਫਿਰ ਸਵਾਲ ਕੁਝ ਉਚੇਰੀ ਤੇ ਚਿੰਤਨਸ਼ੀਲ (ਰੲਾਲੲਚਟਵਿੲ) ਪੱਧਰ ਵੱਲ ਵਧੇ। ਕੌਣ ਮਾਲਕ ਤੇ ਕੌਣ ਮਹਿਕੂਮ ਹੁੰਦੈ? ਮਾਲਕ ਕੌਣ ਤੇ ਮਜ਼ਦੂਰ ਕੌਣ? ਬਹੁਤੇ ਲੋਕ ਕਿਉਂ ਗਰੀਬ ਹਨ? ਬੇਇਨਸਾਫੀ ਕਿਉਂ ਹੋ ਰਹੀ ਹੈ? ਸਮਾਜ ਵਿੱਚ ਨਾਬਰਾਬਰੀ ਕਿਉਂ ਹੈ? ਇਹ ਕਾਣੀ ਵੰਡ ਦਾ ਸਿਲਸਿਲਾ ਕਿਵੇਂ ਹੋਂਦ ਚ ਆਇਆ? ਫਿਰ ਸਵਾਲ ਉੱਠੇ ਰੱਬ ਕੀ ਹੈ, ਮੌਤ ਪਿੱਛੋਂ ਕੀ, ਧਰਮ ਕੀ ਹੈ, ਏਨੇ ਧਰਮ ਕਿਉਂ ਹਨ ਆਦਿ ਸਵਾਲਾਂ ਨੇ ਸ਼ਹਿਦ ਦੀਆਂ ਮੱਖੀਆਂ ਵਾਂਗ ਭਿਨ ਭਿਨਾਉਣ ਲੱਗੇ।
ਜਿਵੇਂ ਜਿਵੇਂ ਹੋਰ ਪੜ੍ਹਦਾ ਗੁੜ੍ਹਦਾ, ਸੁਣਦਾ, ਸੁਣਾਉਂਦਾ ਤੇ ਵਿਚਾਰਦਾ ਤੇ ਵਿਚਰਦਾ ਗਿਆ, ਗੋਸ਼ਟੀਆਂ ਵਿੱਚ ਸ਼ਾਮਲ ਹੋਣ ਲੱਗਾ, ਮੈਨੂੰ ਆਪਣੀ 'ਭਾਰ ਢੋਇਆ ਕਰਾਂਗਾ ਤੇ ਪੈਸੇ ਲੁੱਟਿਆ ਕਰਾਂਗਾ' ਗੱਲ ਯਾਦ ਆਉਂਦੀ ... ਹੌਲੀ ਹੌਲੀ ਮਸੇਰ ਦੇ ਹਾਸੇ ਪਿੱਛੇ ਛੁਪੀ ਸੂਝ ਦੀ ਝਲਕ ਮਹਿਸੂਸ ਹੋਣ ਲੱਗ ਪਈ। ਉਹ ਇੱਕ ਸਮਾਜਕ ਵਿਗਿਆਨਕ ਸੂਝ ਦਾ ਧਨੀ ਸੀ। ਸਮਾਜ ਚ ਹੁੰਦੀ ਲੁੱਟ ਦਾ ਹੀਜ-ਪਾਜ ਜਾਣਦਾ ਸੀ। ਮੇਰੀ ਗੱਲ ਤੇ ਉਹਦਾ ਹੱਸਣਾ ਕੁਦਰਤੀ ਸੀ। ਜਿਵੇਂ ਭੋਲ਼ੇ ਜਾਟ/ਜੱਟ ਸਿਪਾਹੀ ਦੀ ਰੱਜਕੇ ਗੁੜ ਖਾਣ ਵਾਲੀ ਗੱਲ ਨੇ ਉਹਦੇ ਉਸਤਾਦ ਤੇ ਸਾਥੀਆਂ ਨੂੰ ਹੱਸਣ ਲਾਇਆ ਸੀ। ਅੱਜ ਬੱਲੀ ਨੂੰ ਕਮਾਏ ਦੋ ਆਨੇ ਚੋਂ ਹੋਈ ਲੁੱਟ ਦੀ ਸੂਝ ਵਿਗਸਨ ਲੱਗੀ ਪਈ ਐ। ਦੁਆਨੀ ਤਾਂ ਇੱਕ ਨਿਗੂਣਾ ਜਿਹਾ ਗੁਜ਼ਾਰਾ ਵੇਤਨ ਸੀ।
ਆਲਮ ਦੇ ਮਹਾਨ ਚਿੰਤਕ ਕਾਰਲ ਮਾਰਕਸ ਨੇ ਸਰਮਾਏਦਾਰੀ ਦੇ ਵਧਣ-ਫੁੱਲਣ ਦਾ ਸਰੋਤ 'ਵਾਧੂ ਮੁੱਲ' (ਸਰਪਲੱਸ ਵੈਲਯੂ) ਦੇ ਵਿਗਿਆਨਕ ਤਰਕ ਤੇ ਅਧਾਰਤ ਕੀਤਾ। ਕਿਸੇ ਵਸਤੂ ਦਾ ਮੁੱਲ ਉਸ ਨੂੰ ਪੈਦਾ ਕਰਨ ਵਿੱਚ ਲੱਗੀ ਲੇਬਰ ਨਿਰਧਾਰਤ ਕਰਦੀ ਹੈ। ਵਸਤੂ ਦੇ ਪੈਦਾ ਕਰਨ ਵਿੱਚ ਲੱਗੀ ਪੂੰਜੀ, ਜ਼ਮੀਨ ਤੇ ਪ੍ਰਬੰਧ ਦੇ ਜੋਖ਼ਮ (ਰਿਸਕ ਤੇ ਲਾਭ) ਦੇ ਖ਼ਰਚਿਆਂ ਦੀ ਅਦਾਇਗੀ ਕਰਨ ਪਿੱਛੋਂ ਵਸਤੂ ਦਾ ਬਾਕੀ ਸਾਰਾ ਮੁੱਲ ਲੇਬਰ ਦੀ ਹੀ ਕਮਾਈ ਹੁੰਦੀ ਹੈ। ਪਰ ਲੇਬਰ ਨੂੰ ਉਸ ਦਾ ਨਿਆਇਕ ਹਿੱਸਾ ਕਦੀ ਨਹੀਂ ਮਿਲਦਾ। ਸਗੋਂ ਉਸ ਨੂੰ ਤਾਂ ਇਹਦਾ ਇੱਕ ਨਿਗੂਣਾ ਭਾਗ ਦਿੱਤਾ ਜਾਂਦੈ, ਤਾਂ ਜੋ ਉਸ ਦਾ ਕੇਵਲ ਗੁਜ਼ਾਰਾ ਚੱਲਦਾ ਰਹੇ ਅਤੇ ਉਹ ਜਿਉਂਦਾ ਰਹੇ ਅਤੇ ਹੋਰ ਲੇਬਰ ਪੈਦਾ ਕਰਦਾ ਰਹੇ। ਇਸ ਸੱਚ ਨੂੰ ਕਦੀ ਵੀ ਝੂਠਲਾਇਆ ਨਹੀਂ ਜਾ ਸਕਦਾ। ਇਹ ਹਰ ਯੁੱਗ ਦਾ ਸੱਚ ਸੀ, ਹੁਣ ਵੀ ਹੈ ਅਤੇ ਰਹੇਗਾ।
ਬੱਸ ਇਸ ਵਾਧੂ ਮੁੱਲ ਚੋਂ ਹੀ ਕਿਰਤ ਦੀ ਲੁੱਟ ਦਾ ਬਾਨਣੂੰ ਬੱਝਦੈ। ਇਸ ਵਾਧੂ ਮੁੱਲ ਨੂੰ ਆਪਣੇ ਨਫ਼ੇ ਦਾ ਨਾਮ ਦੇ ਇਕੱਲਾ ਸਰਮਾਏਦਾਰ ਹੀ ਹੜੱਪ ਜਾਂਦੈ; ਅਤੇ ਨਫ਼ਾ ਵਧਾਉਣ ਲਈ ਉਤਪਾਦਨ ਦੇ ਵਾਧੇ ਵਿੱਚ ਮੁੜ ਨਿਵੇਸ਼ ਕਰ ਦੇਂਦਾ। ਇਸ ਤਰ੍ਹਾਂ ਅੱਗੋਂ ਪੂੰਜੀ ਦੇ ਵੱਡੇ ਵੱਡੇ ਅਡੰਬਰ, ਉਸਰਨੇ ਆਰੰਭ ਹੋ ਜਾਂਦੇ ਹਨ। ਨਫੇ ਹੋਰ ਵਧੀ ਤੁਰੀ ਜਾਂਦੇ ਹਨ। ਪੈਦਾਵਰ ਵਧੀ ਤੁਰੀ ਜਾਂਦੀ ਹੈ ... ਵੱਧਦੀ ਪੈਦਾਵਾਰ ਉਸ ਦੇ ਮੁਨਾਫ਼ੇ, ਚੌਧਰ ਤੇ ਹਊਮੈ ਨੂੰ ਸਿਖ਼ਰ ਤੇ ਲੈ ਜਾਂਦੀ ਹੈ। ਉਹ ਦੁਨੀਆਂ ਦਾ ਸਭ ਤੋਂ ਵੱਡਾ ਅਮੀਰ ਤੇ ਤਕਾਤਵਰ ਵਿਅਕਤੀ ਬਣ ਜਾਂਦੈ। ਭਾਵੇਂ ਉਸ ਨੂੰ ਸੌਣ ਲੱਗਿਆਂ ਨੀਂਦ ਦੀਆਂ ਗੋਲ਼ੀਆਂ ਦਾ ਫੱਕਾ ਹੀ ਕਿਉਂ ਨਾ ਮਾਰਨਾ ਪਏ। ਪਰ ਉਹਦੀ ਹਵਸ ਰੱਜਦੀ ਨਹੀਂ ਜੋ ਪੁੱਠਾਂ ਭਾਂਡਾ ਹੁੰਦੀ ਹੈ। ਕਦੀ ਭਰਦੀ ਨਹੀਂ ਜੋ ਇਹਦਾ ਬੁਨਿਆਦੀ ਖਾਸਾ ਹੈ। ਇਸ ਨੇ ਸਭ ਧਨਾਢਾਂ ਨੂੰ ਹਲਕਾ ਦਿੱਤਾ ਹੋਇਐ। ਹਲਕਿਆ ਕੁੱਤਾ ਖਾਣ ਲਈ ਨਹੀਂ ਵੱਢਦਾ, ਪਰ ਹਲਕਾ ਚ ਅੰਨਾਂ ਹੋਇਆ ਜੋ ਵੀ ਸਾਹਮਣੇ ਆਇਆ ਚੱਕ ਮਾਰਦਾ ਤੁਰਿਆ ਜਾਂਦੈ। ਦੂਜੇ ਪਾਸੇ ਮੁੱਲ ਪੈਦਾ ਕਰਨ ਵਾਲਾ ਕਿਰਤੀ ਤੰਗੀਆਂ ਦੀ ਦਲ-ਦਲ ਵਿੱਚ ਹੀ ਦਿਨ ਕੱਟੀ ਕਰਨ ਤੇ ਮਜਬੂਰ ਹੁੰਦੈ। ਕਿਉਂਕਿ ਉਹ ਸਾਧਨਾਂ ਦਾ ਮਾਲਕ ਨਹੀਂ। ਉਸ ਦੀ ਮਾਲਕੀ ਕੇਵਲ ਤੇ ਕੇਵਲ ਉਸ ਦੀ ਲੇਬਰ ਸ਼ਕਤੀ ਹੁੰਦੀ ਹੈ, ਜਿਸ ਨੂੰ ਉਹ ਮੰਡੀ ਵਿੱਚ ਸਸਤੀ ਮਹਿੰਗੀ ਵੇਚਣ ਲਈ ਮਜਬੂਰ ਹੁੰਦੈ। ਸ਼ਾਮ ਤੱਕ ਉਹਨੇ ਤਾਂ ਪਰਿਵਾਰ ਲਈ ਪੀਪੇ ਚ ਆਟਾ ਲੈਕੇ ਮੁੜਨਾ ਹੁੰਦੈ। ਜੋ ਵੀ ਮਿਲਦੈ, ਉਹ ਉਸ ਨਾਲ ਹੀ ਸਬਰ ਕਰਨ ਤੇ ਮਜਬੂਰ ਹੁੰਦੈ। ਏਦਾਂ ਸਮਾਜ ਵਿੱਚ ਨਾਬਰਾਬਰੀ ਦੇ ਬੀਜ ਓਪਜਣੇ, ਵਿਗਸਣੇ ਆਰੰਭ ਹੋ ਜਾਂਦੇ ਹਨ ਜੋ ਸਮਾਜ ਨੂੰ ਅੱਗੋਂ ਕਈ ਵਰਗਾਂ ਵਿੱਚ ਵੰਡ ਧਰਦੇ ਹਨ।
ਇਹਨਾਂ ਕਾਰਪੋਰੇਟਾਂ ਨੂੰ ਧੰਨ ਦੀ ਲਿਸ਼ਕ ਨੇ ਅੰਨ੍ਹਾਂ ਕੀਤਾ ਹੁੰਦੈ। ਇਸ ਪੈਸੇ ਨਾਲ ਉਹ ਰੱਬ ਨੂੰ ਵਾਹਵਾ ਚੜ੍ਹਾਵੇ ਚੜ੍ਹਾ ਆਪਣੀ ਲੁੱਟ ਦਾ ਵਕੀਲ ਬਣਾਉਣ ਲਈ ਖ਼ਰੀਦ ਰੱਖਦੈ। ਉਸ ਦਾ ਇਹ ਦਿਖਾਵਾ ਲੋਕਾਂ ਚ ਭੁਲੇਖੇ ਪਾਉਣ ਦਾ ਇੱਕ ਵੱਖਰਾ ਹੀ ਚੱਕਰ ਚਲਾ ਦਿੰਦੈ। ਹੁਣ ਉਸ ਨੂੰ ਕਿਸੇ ਦਾ ਡਰ ਭਓ ਨਹੀਂ। ਸਰਕਾਰਾਂ ਤਾਂ ਪਹਿਲਾਂ ਹੀ ਉਹਦੀਆਂ ਦਾਸੀਆਂ ਹਨ। ਜਿਵੇਂ ਉਹਨੂੰ ਸੂਤ ਬੈਠਦਾ ਉਹ ਉਹੋ ਜਿਹੇ ਕਨੂੰਨ ਬਣਾਵਾ ਲੈਂਦਾ ਹੈ। ਚੋਣਾਂ ਤਾਂ ਲੋਕਾਂ ਲਈ ਇੱਕ ਛਲਾਵਾ, ਇੱਕ ਛਲੇਡਾ ਬਣ ਪੰਜ ਸਾਲ ਬਾਅਦ ਰੂਪਮਾਨ ਜ਼ਰੂਰ ਹੁੰਦੀਆਂ ਹਨ। ਵੋਟ ਪਰਚੀ ਹੱਥ ਫੜ ਬੰਦਾ ਇੱਕ ਵਾਰੀ ਤਾਂ ਬੜਾ ਉੱਚਾ ਮਹਿਸੂਸ ਕਰਦੈ। ਪਰ ਉਸ ਦੀ ਸੋਚ ਆਜ਼ਾਦ ਨਹੀਂ। ਉਹ ਸਾਮ (ਸੰਮਾਂ ਵਾਲੀ ਡਾਂਗ), ਦਾਮ, ਦੰਡ, ਭੇਦ ਨੇ ਗੁਲਾਮ ਬਣਾ ਦਿੱਤਾ ਹੋਇਐ। ਉਹਦੀ ਸੋਚ ਆਪਣੀ ਨਹੀਂ ਹੁੰਦੀ। ਆਪਣੀ ਸੋਚ ਤਾਂ ਬਣੇ ਜੇ ਉਸਨੂੰ ਕੁਝ ਸੋਚਣ, ਪੜ੍ਹਨ, ਗੁੜ੍ਹਨ ਦਾ ਵਿਹਲ ਮਿਲੇ। ਉਹਨੂੰ ਤਾਂ ਕੇਵਲ ਏਨਾ ਹੀ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਸਾਹ ਲੈਂਦਾ ਰਹੇ ਤੇ ਬੱਚੇ ਪੈਦਾ ਕਰਦਾ ਰਹੇ। ਰਹਿੰਦੀ ਕਸਰ ਜ਼ਰਖ਼ਰੀਦ ਮੀਡੀਏ ਦੇ ਅੰਨੇ ਪਸਾਰ, ਅਤੇ ਕਾਰਪੋਰੇਟੀ ਨਿਜ਼ਾਮ ਦੇ ਅਮਨ ਕਨੂੰਨ ਦੇ ਰਖਵਾਲਿਆਂ ਦੇ ਡਰ ਸਹਿਮ ਕੱਢ ਦਿੰਦੇ ਹਨ। ਅਸਲੀਅਤ ਚ ਉਹਦੀ ਸੋਚ ਚੰਗੀ ਪਾਰਟੀ/ਉਮੀਦਵਾਰ ਦੀ ਚੋਣ ਕਰਨ ਲਈ ਨਾ ਤਾਂ ਆਜ਼ਾਦ ਹੁੰਦੀ ਹੈ ਅਤੇ ਨਾ ਹੀ ਸੋਚਣ ਦੇ ਲਾਇਕ ਹੁੰਦੀ ਹੈ। ਵੋਟ ਵੇਲੇ ਭਾਵੇਂ ਉਹਦਾ ਹੱਥ ਆਜ਼ਾਦ ਵਿਖਾ ਦਿੱਤਾ ਜਾਂਦੈ। ਇਸ ਸਾਰੇ ਤੇ ਭਰਮਾਂ ਦਾ ਮੁਲੱਮਾਂ ਪਖੰਡੀ ਸਾਧ, ਬਾਬੇ, ਪੀਰ, ਪੈਗੰਬਰ ਚਾੜ੍ਹ ਲੋਕਾਂ ਨੂੰ ਸਮੋਹਕ ਕਰ ਦਿੰਦੇ ਹਨ। ਮਲਕ ਭਾਗੋਆਂ ਦੇ ਢੰਡੋਰਚੀ ਹੁੰਦੇ ਹਨ।
ਕਾਰਪੋਰੇਟ ਦਾ ਰੱਬ ਹੁੰਦਾ ਹੈ ਪੈਸਾ। ਵੱਧ ਉਤਪਾਦਨ, ਵੱਧ ਮੁਨਾਫਾ; ਹੋਰ ਉਤਪਾਦਨ, ਹੋਰ ਮੁਨਾਫਾ; ਅਤੇ ਇਹ ਵਿਹੁ ਚੱਕਰ ਤੇਜ਼ ਬੂਮ ਨੂੰ ਸਿਖ਼ਰ ਤੇ ਲੈ ਜਾਂਦੈ, ਜਿੱਥੇ ਉਤਪਾਦਨ ਦਾ ਹੜ ਆ ਜਾਂਦੈ। ਵੇਅਰ ਹਾਊਸ ਵਸਤੂਆਂ ਨਾਲ ਨੱਕੋ ਨੱਕ ਭਰ ਜਾਂਦੇ ਹਨ। ਮਾਲ ਦੀ ਓਨੀ ਖ਼ਪਤ ਨਈਂ ਹੁੰਦੀ ਜਿੰਨੀ ਪੈਦਾਵਰ ਦੀ ਸਮਰੱਥਾ ਬਣ ਚੁੱਕੀ ਹੁੰਦੀ ਹੈ। ਫਿਰ ਸ਼ੁਰੂ ਹੋ ਜਾਂਦੀ ਹੈ, ਕਾਮਿਆਂ ਦੀ ਛਾਂਟੀ, ਕੰਮ ਤੋਂ ਛੁੱਟੀ। ਇਸ ਤਰ੍ਹਾਂ ਲੋਕ ਮੰਦੀ ਦੇ ਕੁੰਭੀ ਨਰਕ ਚ ਧੱਕ ਦਿੱਤੇ ਜਾਂਦੇ ਹਨ। ਮੌਰਗੇਜਾਂ ਫੇਲ੍ਹ ਹੋ ਜਾਂਦੀਆਂ ਹਨ। ਇੰਸ਼ੋਰੈਂਸਾਂ ਦੀਆਂ ਅਦਾਇਗੀ ਟੁੱਟ ਜਾਂਦੀਆਂ ਹਨ। ਰੋਜ਼ਾਨਾ ਲੋੜਾਂ ਲਈ ਤਰਲੋਮੱਛੀ ਹੋਣਾ ਪੈਂਦੈ। ਸਰਮਾਏਦਾਰ ਨੂੰ ਕਿਹੜਾ ਆਪਣੀ ਦਾਲ ਰੋਟੀ ਤੇ ਕਪੜੇ ਦਾ ਫਿਕਰ ਹੈ। ਉਸ ਦੀਆਂ ਮਹਿਲ ਮਾੜੀਆਂ, ਐਸ਼ੋਇਸ਼ਰਤ ਦੇ ਸਾਧਨ ਪਹਿਲਾਂ ਹੀ ਬੇਅੰਤ ਹਨ।
ਮਰਦਾ ਕੌਣ ਹੈ? ਗਰੀਬ ਕਾਮਾ, ਨਿਮਾਣਾ ਤੇ ਨਿਤਾਣਾ ਵਰਗ, ਜਿਹੜਾ ਸਮੇਤ ਪਰਿਵਾਰ ਦਿਨ ਰਾਤ ਜੂਝਕੇ ਮਸੀਂ ਆਪਣਾ ਜੀਵਨ ਤੋਰਦੈ। ਨੌਕਰੀ ਗਈ, ਫਾਕਾਕਸ਼ੀ ਨੇ ਦਰ ਆ ਮੱਲਿਆ। ਜਿਸ ਕੋਲ ਆਪਣੀ ਮਜ਼ਦੂਰੀ ਵੇਚਣ ਵਾਲੀ ਇੱਕੋ ਇੱਕ ਵਸਤੂ ਹੁੰਦੀ ਹੈ, ਪਰ ਮੰਦੀ ਚ ਉਸ ਦਾ ਵੀ ਕੋਈ ਗਾਹਕ ਨਹੀਂ ਹੁੰਦਾ। ਇੱਕ ਮਿਸਾਲ ਇਸ ਸੱਚ ਨੂੰ ਪੇਸ਼ ਕਰਦੀ ਹੈ: ਬੇਬੇ ਚੁੱਲ੍ਹਾ ਕਿਉਂ ਨਈਂ ਬਾਲਦੀ? ਕਿਉਂਕਿ ਸਾਡੇ ਕੋਲ ਲਕੜੀ ਨਹੀਂ। ਸਾਡੇ ਘਰ ਲਕੜੀ ਕਿਉਂ ਨਹੀਂ? ਕਿਉਂਕਿ ਤੇਰੇ ਬਾਪੂ ਦੀ ਕੰਮ ਤੋਂ ਛਾਂਟੀ ਹੋ ਚੁੱਕੀ ਹੈ। ਉਸ ਦੀ ਛਾਂਟੀ ਕਿਉਂ ਹੋਈ ਹੈ? ਕਿਉਂਕਿ ਲਕੜੀ ਬਹੁਤੀ ਹੋ ਗਈ ਐ ...।
ਸਮੁੱਚੇ ਮਜ਼ਦੂਰ (ਸਮੇਤ ਕਿਸਾਨੀ ਤੇ ਖੇਤ ਮਜ਼ਦੂਰਾਂ ਦੇ) ਵਰਗ ਦੀ ਤਾਕਤ ਤਾਂ ਓੜਕਾਂ ਦੀ ਹੈ! ਪਰ ਇਸ ਨੂੰ ਵੀ ਕਈ ਵਰਗਾਂ ਚ ਵੰਡ ਦਿੱਤਾ ਗਿਆ ਹੋਇਐ। ਬੱਸ ਇੱਥੇ ਹੀ ਸਵਾਲ ਉੱਠਦਾ ਹੈ ਕਿ ਮਜ਼ਦੂਰ ਕੌਣ ਹੈ? ਇਹ ਇੱਕ ਬੁਨਿਆਦੀ ਸਵਾਲ ਬਣ ਜਾਂਦੈ। ਇਸ ਦੀ ਸਮਝ ਬਿਨਾਂ ਗੱਲ ਅੱਗੇ ਕਿਵੇਂ ਤੁਰੇ! ਸਰਲ ਜਿਹੀ ਵਿਆਖਿਆ ਨਾਲ ਸ਼ਾਇਦ ਕੁਝ ਸਮਝ ਪੈ ਜਾਵੇ। ਜੇ ਮਜ਼ਦੂਰ ਆਪਣੇ ਹੱਥਾਂ ਪੈਰਾਂ, ਜਿਸਮ ਦੀ ਤਾਕਤ ਦਾ ਮਾਲਕ ਹੈ, ਜਿਹਨੂੰ ਨਿਚੋੜ ਨਿਚੋੜ ਪਹਿਲਾਂ ਹੀ ਅਧਮੋਇਆ ਕਰ ਰੱਖਿਆ ਗਿਆ ਹੈ, ਉੱਥੇ ਉਸ ਤੋਂ ਅਗਲਾ ਵਰਗ ਕੁਝ ਗਿਆਨ, ਹੁਨਰਾਂ ਦਾ ਮਾਲਕ ਹੋਣ ਕਰਕੇ ਮਜ਼ਦੂਰ ਨਾਲੋਂ ਉੱਚਾ ਤੇ ਵੱਖਰਾ ਜਿਹਾ ਮਹਿਸੂਸ ਕਰਦੈ। ਪਰ ਉਸ ਦੀ ਸੋਚ ਵਿੱਚ ਇੱਕ ਦੱਕਿਆਨੂਸੀ ਭਰਮ ਵੜਿਆ ਹੁੰਦੈ। ਉਹ ਆਪਣੇ ਆਪ ਨੂੰ ਮਜ਼ਦੂਰ ਨਹੀਂ ਸਮਝਦਾ। ਵੈਸੇ ਏਥੇ ਕੈਨੇਡਾ ਦੇ ਇਸ ਵਰਗ ਦੇ ਲੋਕ ਜਦੋਂ ਡੇਢ ਕੁ ਸਿ਼ਫਟ ਲਾ ਘਰ ਪਹੁੰਚਦੇ ਹਨ ਤਾਂ ਕਹਿ ਜ਼ਰੂਰ ਦਿੰਦੇ ਹਨ ਕਿ ਦਿਹਾੜੀ ਲਾਕੇ ਆਏ ਆਂ। ਪਰ ਸਮਝ ਵਿੱਚ ਮਜ਼ਦੂਰਾਂ ਨਾਲੋਂ ਥੋੜ੍ਹਾ ਵੱਖਰਾ ਜਿਹਾ ਮਹਿਸੂਸ ਕਰਦੇ ਹਨ। ਫਿਰ ਅਗਲਾ ਵਰਗ ਚਿੱਟ ਕਪੜੀਏ ਬਾਬੂ (ਵੱਡੇ ਸਿਵਲ ਕਰਮਚਾਰੀਆਂ ਸਮੇਤ), ਅਧਿਆਪਕ, ਪ੍ਰੋਫੈਸਰ ਵਰਗ ਆ ਜਾਂਦੈ। ਉਸ ਨੂੰ ਵੀ ਉਜਰਤ, ਵੇਤਨ, ਤਨਖ਼ਾਹ ਦਿਨਾਂ ਦੇ ਹਿਸਾਬ ਨਾਲ ਹੀ ਮਿਲਦੀ ਹੈ। ਪਰ ਉਹ ਆਪਣੇ ਆਪ ਨੂੰ ਮਜ਼ਦੂਰ ਕਦੀ ਵੀ ਨਹੀਂ ਸਮਝਦੇ। ਗੱਲ ਦੀ ਰੈਲ਼ ਨੂੰ ਵਲ਼ਦਿਆਂ ਨਤੀਜਾ ਇਹ ਨਿਕਲਦਾ ਹੈ ਕਿ ਜੋ ਵੀ ਨਿਸ਼ਚਤ ਘੰਟਾ, ਜਾਂ ਦਿਨ ਦੇ ਹਿਸਾਬ ਨਾਲ ਵੇਤਨ ਲੈਂਦਾ ਹੈ ਉਹ ਅਸਲੀਅਤ ਵਿੱਚ ਮਜ਼ਦੂਰ ਹੈ। ਉਹਨੂੰ ਵੀ ਮਹਿੰਗਾਈ, ਹਰ ਕਿਸਮ ਦੇ ਬੀਮਿਆਂ ਤੇ ਮੌਰਗੇਜਾਂ ਦੀਆਂ ਉੱਚੀਆਂ ਦਰਾਂ ਚੁੱਭਦੀਆਂ ਹਨ। ਉਹ ਵੀ ਮਜ਼ਦੂਰ ਜਥੇਬੰਦੀਆਂ ਵਾਂਗ ਸੜਕਾਂ ਤੇ ਮੁਜ਼ਾਹਰੇ ਕਰਨ ਤੇ ਹੜਤਾਲਾਂ ਕਰਨ ਲਈ ਮਜਬੂਰ ਹੋ ਜਾਂਦੈ। ਅਸਲੀਅਤ ਵਿੱਚ ਹੁੰਦੇ ਸਭ ਲੋਕ ਮਿਹਨਤਕਸ਼ ਮਜ਼ਦੂਰ ਹੀ ਹਨ। ਏਸੇ ਤਰ੍ਹਾਂ ਕਿਸਾਨੀ ਵਿੱਚ ਹੀ ਵੰਡੀਆਂ ਪਈਆਂ ਹੋਈਆਂ ਹਨ। ਜੇ ਕਿਤੇ ਇਹ ਇੱਕ ਵੱਡੀ ਜਥੇਬੰਦੀ ਵਿੱਚ ਜੁੜ ਜਾਣ ਤਾਂ ਵੇਖਿਓ, ਇਨਕਲਾਬ ਇਨ੍ਹਾਂ ਕਾਰਪੋਰੇਟਸ ਨੂੰ ਭੱਜਣ ਤੇ ਮਜਬੂਰ ਕਰ ਦੇਵੇਗਾ। ਮਾਰਕਸ ਦਾ ਕਥਨ "ਦੁਨੀਆਂ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ; ਤੁਹਾਡਾ ਕੁਝ ਨਹੀਂ ਗੁਆਚੇਗਾ; ਤੁਹਾਡੀਆਂ ਜੰਜ਼ੀਰਾਂ ਟੁੱਟ ਜਾਣਗੀਆਂ" ਯਾਦ ਆ ਜਾਂਦੈ। ਇਹ ਭਾਵੇਂ ਮੇਰਾ ਇੱਕ ਸੁਪਨਾ ਸਮਝੋ ਪਰ ਤਰਕ ਦੀ ਸਾਨ ਤੇ ਕਾਰਪੋਰੇਟਸ ਦੀ ਗੁਲਾਮੀ ਤੋਂ ਮੁਕਤੀ ਦਾ ਇਹ ਹੀ ਇੱਕੋ ਇੱਕ ਸ਼ਾਹਰਾਹ ਹੈ। ਸੋਚ ਬੱਸ ਏਥੇ ਆ ਖਲੋਂਦੀ ਹੈ ਜਿਹੜੀ ਆਪਣੇ ਭੋਲ਼ੇਪਨ ਵਿੱਚ ਸਮਝਦੀ ਹੁੰਦੀ ਸੀ ਕਿ ਭਾਰ ਢੋਇਆ ਕਰਾਂਗੇ ਅਤੇ ਪੈਸੇ ਲੁੱਟਿਆ ਕਰਾਂਗੇ। ਅਸਲ ਵਿੱਚ ਹੁਣ ਮੰਨਣ ਲੱਗ ਪਈ ਹੈ ਕਿ ਤੂੰ, ਤੁਸੀਂ ਤੇ ਅਸੀਂ ਸਭ (ਸਿਵਾਏ ਕਾਰਪੋਰੇਟ ਸਰਮਾਏਦਾਰਾਂ ਤੇ ਉਹਨਾਂ ਦੇ ਜ਼ਰਖ਼ਰੀਦਾਂ ਦੇ) ਲੁੱਟੇ ਹੀ ਜਾ ਰਹੇ ਹਾਂ। ਸਮਾਜ ਦੇ ਦੋ ਹੀ ਵਰਗ ਹਨ। ਇੱਕ ਲੁੱਟੇ ਜਾ ਰਹੇ ਅਤੇ ਦੂਜੇ ਲੋਟੂ। ਇੱਕ ਮਜ਼ਦੂਰ ਤੇ ਦੂਜੇ ਮਾਲਕ। ਇੱਕ ਭੋਏਂ ਮਾਲਕ ਦੂਜੇ ਖੇਤ ਮਜ਼ਦੂਰ। ਵੈਸੇ ਤਾਂ ਆਮ ਜੱਟ ਕਿਸਾਨ ਦੀ ਅੱਜ ਜਿਹੜੀ ਹਾਲਤ ਹੈ ਉਸਦਾ ਅੰਦਾਜ਼ਾ ਤਾਂ ਉਨ੍ਹਾਂ ਦੀਆਂ ਖੁਦਕੁਸ਼ੀਆਂ ਤੋਂ ਸਹਿਜੇ ਹੀ ਲੱਗ ਜਾਂਦੈ। ਪਰ ਕਿੱਲਾ/ਜੱਟ ਮਾਨਸਿਕਤਾ ਉਸ ਨੂੰ ਹਾਲੀ ਆਪਣੇ ਆਪ ਨੂੰ ਵੱਖਰੇ ਤੇ ਉੱਚੇ ਪੌਡੇ ਤੋਂ ਥੱਲੇ ਨਹੀਂ ਉਤਰਨ ਦਿੰਦੀ। ਪੰਜਾਬੀ ਦੇ ਨਾਮਵਰ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਦੇ ਸ਼ੇਅਰ ਨਾਲ ਹੀ ਗੱਲ ਮੁੱਕਦੀ ਐ:
ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ, ਇੱਕ ਮਹਿਲਾਂ ਦਾ ਇੱਕ ਢੋਕਾਂ ਦਾ।
ਦੋ ਧੜਿਆਂ ਵਿੱਚ ਖ਼ਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ।
ਪਿਆਰਿਓ ਪੈਸਾ ਹਮੇਸ਼ਾਂ ਨਚਾਉਂਦੈ ਪਰ ਹੁਣ ਅੱਗੇ ਨਾਲੋਂ ਕਿਤੇ ਵਧੇਰੇ ਨਚਾ ਰਿਐ!
ਫੋਨ: 647-402-2170 (ਕੈਨੇਡਾ), 95305 17132 (ਭਾਰਤ)

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346