Welcome to Seerat.ca
Welcome to Seerat.ca

ਸਾਡਾ ਸੂਰਮਾ ਲੇਖਕ ਅਜਮੇਰ ਔਲਖ
(ਔਲਖ ਨੂੰ ਭਾਈ ਲਾਲੋ ਲੋਕ-ਸਨਮਾਨ ਮਿਲਣ ‘ਤੇ)

 

- ਵਰਿਆਮ ਸਿੰਘ ਸੰਧੂ

ਕਰਦੇ ਗਾਲ਼ਾਂ ਦਾ ਜਿਥੇ ਸਤਿਕਾਰ ਲੋਕੀਂ

 

- ਅਜਮੇਰ ਸਿੰਘ ਔਲਖ

ਪੁਸਤਕ ‘ਗੋਲਡਨ ਗੋਲ’ ਦੀ ਗੱਲ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਮੋਹ-ਭਿੱਜਿਆ ਨਰਿੰਦਰ ਮੋਹੀ
(ਲਿਖੀ-ਜਾ-ਰਹੀ ਸਵੈਜੀਵਨੀ (ਭਾਗ-ਦੋ) ‘ਬਰਫ਼ ਵਿੱਚ ਉਗਦਿਆਂ’ ਵਿੱਚੋਂ)

 

- ਇਕਬਾਲ ਰਾਮੂਵਾਲੀਆ

...ਜਾਂ ਸ਼ਾਇਦ ਇਸ ਵਾਰ...

 

- ਬਲਵਿੰਦਰ ਸਿੰਘ ਗਰੇਵਾਲ

ਵਿੱਕਰੀ

 

- ਪਿਆਰਾ ਸਿੰਘ ਭੋਗਲ

ਬਾਪੂ ਜੀ ਦੇ ਅੰਗ-ਸੰਗ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

'ਸਮੇਂ ਦਾ ਫੇਰ'

 

- ਸ੍ਰ: ਹਰਦੀਪ ਸਿੰਘ ਖਾਲਸਾ

ਲੁੱਟਣ ਤੋਂ ਲੁੱਟੇ ਜਾਣ ਤੱਕ ਦੀ ਜਾਗ੍ਰਿਤੀ ਦਾ ਸਫ਼ਰ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਲਦੇਵ ਸਿੰਘ ਧਾਲੀਵਾਲ, ਚੰਦਨ ਨੇਗੀ, ਬਲਜਿੰਦਰ ਨਸਰਾਲੀ,ਹਰਭਜਨ ਸਿੰਘ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੰਗ-ਬ-ਰੰਗੇ ਫੁੱਲ

 

- ਵਰਿਆਮ ਸਿੰਘ ਸੰਧੂ

ਏਤ ਮਾਰਗ ਜਾਣਾ

 

- ਹਰਜੀਤ ਤੇਜਾ ਸਿੰਘ

ਫੋਟੋ

 

- ਗੁਰਮੀਤ ਸੰਧੂ

ਦੇਸ਼ ਹਿਤਾਂ ਨੂੰ ਦਰਕਿਨਾਰ ਕਰ ਰਿਹਾ ਹੈ ਸੰਘ ਪਰਿਵਾਰ

 

- ਹਰਜਿੰਦਰ ਸਿੰਘ ਗੁਲਪੁਰ

ਜਵਾਬ

 

- ਸੁਖਦੇਵ ਸਿੰਘ ਸੇਖੋਂ

ਦੱਸ ਪੰਜਾਬ ਕਰਾਂ ਕੀ ਸਿਫਤ ਤੇਰੀ ?

 

- ਗੁਰਬਾਜ ਸਿੰਘ

ਨਾ ਚਾਹੁੰਦਾ ਹੋਇਆ ਵੀ

 

- ਵਰਿੰਦਰ ਖੁਰਾਣਾ

ਕੀ ਮਨੁੱਖ ਦਾ ਕੋਈ ਦੇਸ਼ ਹੈ?

 

- ਉਂਕਾਰਪ੍ਰੀਤ

ਕਥਾ ਇਕ ਪਿਆਸ ਦੀ

 

- ਜਗਸੀਰ ਕੋਟਭਾਈ

ਕਰੰਡ

 

- ਗੁਰਮੇਲ ਬੀਰੋਕੇ

ਗੀਤ

 

- ਗੁਰਨਾਮ ਢਿੱਲੋਂ

ਸ਼ਹਿਰ !

 

- ਮਿੰਟੂ ਗੁਰੂਸਰੀਆ

 
Online Punjabi Magazine Seerat

ਮੋਹ-ਭਿੱਜਿਆ ਨਰਿੰਦਰ ਮੋਹੀ
(ਲਿਖੀ-ਜਾ-ਰਹੀ ਸਵੈਜੀਵਨੀ (ਭਾਗ-ਦੋ) ‘ਬਰਫ਼ ਵਿੱਚ ਉਗਦਿਆਂ’ ਵਿੱਚੋਂ)
- ਇਕਬਾਲ ਰਾਮੂਵਾਲੀਆ

 

ਸਤੰਬਰ, 1977, ਦੇ ਪਹਿਲੇ ਹਫ਼ਤੇ ਯੂਨੀਵਰਸਿਟੀ ਆਫ਼ ਵਾਟਰਲੂ ਨੇ ਮੈਨੂੰ ਆਪਣੇ ਕੋਲ਼ ਬੁਲਾਅ ਲਿਆ ਸੀ, ਟਰਾਂਟੋ ਤੋਂ ਪੂਰੇ ਸੌ ਕਿਲੋਮੀਟਰ ਦੀ ਦੂਰੀ 'ਤੇ, ਸ਼ਾਦੀਸ਼ੁਦਾ ਵਿਦਿਆਰਥੀਆਂ ਦੇ ਫ਼ਲੈਟਾਂ 'ਚ!
ਯੂਨੀਵਰਿਸਟੀ ਪੜ੍ਹਾਈ ਲਈ ਵਾਟਰਲੂ ਚਲੇ ਜਾਣ ਤੋਂ ਪਹਿਲਾਂ, ਜਦੋਂ ਮੈਂ ਆਪਣੇ-ਆਪਨੂੰ ਸੁਖਸਾਗਰ ਤੋਂ ਬਿਨਾ ਵਾਟਰਲੂ ਵਾਲੇ ਫਲੈਟ 'ਚ ਕੱਲ-ਮੁਕੱਲਾ ਤਸੱਵਰਦਾ, ਮੈਨੂੰ ਮੇਰੀਆਂ ਉਂਗਲ਼ਾਂ ਉਦਾਲ਼ੇ ਆਟਾ ਹੀ ਆਟਾ ਚਿੰਬੜਿਆ ਹੋਇਆ ਦਿਸਦਾ, ਅਤੇ ਮੇਰੇ ਕੱਛਿਆਂ-ਬੁਨੈਣਾਂ ਦੀ ਪਸੀਨੇਦਾਰ-ਬੋਅ ਅੰਗਰੇਜ਼ੀ ਡਪਾਅਟਮੈਂਟ ਅਤੇ ਲਾਇਬਰੇਰੀ ਤੀਕਰ ਮੇਰਾ ਪਿੱਛਾ ਕਰਦੀ ਜਾਪਦੀ। ਮੈਂ ਸੋਚਦਾ ਬੇਬੇ ਜੀ ਨੂੰ ਕਹਾਂ ਕਿ ਸਾਗਰ ਨੂੰ ਮੈਂ ਵਾਟਰਲੂ ਲੈ ਜਾਵਾਂ, ਪਰ ਮੈਨੂੰ ਪਤਾ ਸੀ ਕਿ ਉਨ੍ਹਾਂ ਦੇ ਮੱਥੇ ਉੱਪਰ ਤਿਊੜੀਆਂ ਉੱਭਰ ਆਉਣੀਆਂ ਸਨ: 'ਉਲ਼ਟੀਆਂ ਸਾਹ ਨੀ ਲੈਣ ਦਿੰਦੀਆਂ ਕੁੜੀ ਨੂੰ,' ਉਨ੍ਹਾਂ ਨੇ ਕਹਿਣਾ ਸੀ, 'ਕੌਣ ਸਾਂਭੂ ਓਥੇ ਇਹਨੂੰ ਕੱਲ-ਮੁਕੱਲੀ ਨੂੰ?'

ਕੋਰਸ ਦੀਆਂ ਕਿਤਾਬਾਂ ਨੇ ਤਾਂ ਯੂਨੀਵਰਸਿਟੀ ਖੁੱਲ੍ਹਣ ਦੇ ਪਹਿਲੇ ਦਿਨ ਹੀ ਮੇਰੇ ਨਾਲ਼ ਜੰਗ ਛੇੜ ਲਈ ਸੀ; ਸ਼ੇਕਸਪੀਅਰ ਦੇ ਡਰਾਮੇ ਬਹੁਤੇ ਹੀ ਕ੍ਰੋਧ ਵਿੱਚ ਸਨ: ਉਹਨਾਂ ਦੀ ਹਰ ਸਤਰ ਵਿੱਚ ਬੁੱਢੇ ਸ਼ਬਦ, ਪੁਰਾਣੀਆਂ ਵਰਦੀਆਂ ਵਾਲ਼ੇ ਰਟਾਇਰਡ ਫ਼ੌਜੀਆਂ ਵਾਂਗਰਾਂ ਧੁੱਪ ਸੇਕਦੇ ਹੋਏ, ਦਿਸਣ ਲੱਗ ਪਏ ਸਨ! ਉਹ ਆਪਣੀਆਂ ਚਿੱਬ-ਖਿੜੱਬੀਆਂ ਖੂੰਡੀਆਂ ਨੂੰ ਮੇਰੇ ਗਿੱਟਿਆਂ 'ਚ ਅੜਾਅ ਕੇ, ਮੈਨੂੰ ਮੂੰਹ-ਭਾਰ ਸੁੱਟ ਲੈਂਦੇ; ਡੌਰ-ਭੌਰ ਹੋਇਆ ਮੈਂ ਡਿਕਸ਼ਨਰੀ ਵੱਲ ਨੂੰ ਦੌੜਦਾ ਤੇ ਉਸਦੇ ਵਰਕਿਆਂ ਨਾਲ਼ ਸ਼ਬਦਾਂ ਦੀਆਂ ਝੁਰੜੀਆਂ 'ਚੋਂ ਘੱਟਾ ਝਾੜਦਾ ਹੋਇਆ, ਉਨ੍ਹਾਂ 'ਚੋਂ ਅਰਥ ਖੁਰਲਦਾ ਰਹਿੰਦਾ।
ਸੋਮ ਤੋਂ ਸ਼ੁੱਕਰ ਤੀਕਰ ਮੇਰੇ ਪੰਜ ਦਿਨ, ਵਾਟਰਲੂ 'ਚ, ਕਿਤਾਬਾਂ ਦੇ ਹਵਾਲੇ ਹੁੰਦੇ, ਤੇ ਸ਼ੁੱਕਰ ਤੇ ਸ਼ਨੀ ਦੀਆਂ ਪੂਰੀਆਂ ਰਾਤਾਂ ਨੂੰ ਮੈਂ ਟਰਾਂਟੋ ਦੀਆਂ ਸੜਕਾਂ ਉੱਤੇ, ਟੈਕਸੀ ਦੇ ਟਾਇਰਾਂ ਉਦਾਲ਼ੇ ਹਨੇਰਾ ਲਪੇਟਦਿਆਂ ਗੁਜ਼ਾਰਦਾ। ਐਤਵਾਰ ਨੂੰ ਦੁਪਹਿਰ ਤੋਂ ਬਾਅਦ ਕਿਤਾਬਾਂ ਦੀ ਸੰਗਲ਼ੀ ਮੈਨੂੰ ਵਾਟਰਲੂ ਵਾਲ਼ੇ ਫ਼ਲੈਟ 'ਚੋਂ ਸੌ ਕਿਲੋਮੀਟਰ ਲੰਮੇ ਤੁਣਕੇ ਮਾਰਨ ਲਗਦੀ।
ਟਰਾਂਟੋ ਤੋਂ ਵਾਪਿਸ ਵਾਟਰਲੂ ਮੁੜਦਾ: ਫ਼ਲੈਟ 'ਚ ਸੰਘਣੀ ਚੁੱਪ ਅਤੇ ਕਿਤਾਬਾਂ ਦੇ ਗੁੰਗੇ ਸ਼ੋਰ ਦਾ ਪਹਿਰਾ ਹੁੰਦਾ: ਮੇਰੇ ਅੰਦਰ ਵਾਪਰ ਰਹੀ ਟੁੱਟ-ਭੱਜ ਗਾੜ੍ਹੀ ਹੋਣ ਲਗਦੀ!

ਸੰਨ 1977 ਦਾ ਚਾਰ ਦਸੰਬਰ: ਮੈਂ ਟਰਾਂਟੋ 'ਚ ਸਾਂ! ਐਤਵਾਰ ਸੀ ਉਸ ਦਿਨ! ਟੈਕਸੀ ਨੂੰ ਪਾਰਕਿੰਗ ਦੇ ਹਵਾਲੇ ਕਰ ਕੇ ਅਪਾਰਟਮੈਂਟ 'ਚ ਦਾਖ਼ਲ ਹੋਇਆ ਤਾਂ ਸੋਫ਼ੇ ਨਾਲ਼ ਚੁੱਪ-ਚਾਪ ਦੁਖ-ਸੁਖ ਸਾਂਝਾ ਕਰ ਰਹੀ ਬੇਬੇ ਜੀ ਦੇ ਚਿਹਰੇ ਉੱਪਰਲਾ ਸੰਸਾ ਮੇਰੇ ਵੱਲ ਗਿੜ ਕੇ ਬੋਲਿਆ: ਚੰਗਾ ਹੋ ਗਿਆ ਤੂੰ ਆ ਗਿਆ!
'ਚੰਗਾ ਹੋ ਗਿਆ ਤੂੰ ਆ ਗਿਆ!' ਇਹ ਕਿਉਂ ਕਿਹਾ ਬੇਬੇ ਜੀ ਨੇ? ਕੋਈ ਭਾਣਾ ਨਾ ਵਾਪਰ ਗਿਆ ਹੋਵੇ!
-ਕੀ ਗੱਲ ਹੋ ਗੀ? ਮੈਂ ਕਾਰ ਦੀਆਂ ਚਾਬੀਆਂ ਨੂੰ ਕੀਅ-ਹੋਲਡਰ ਉੱਪਰ ਟੁੰਗਦਿਆਂ ਬੋਲਿਆ।
-ਜੋ, ਭਾਈ, ਹੁਣ ਤਾਈਂ ਹੁੰਦਾ ਆਇਐ ਪਿਛਲੇ ਛੇ-ਸੱਤ ਮਹੀਨਿਆਂ ਤੋਂ!
-ਢਿੱਲੀ ਹੋਗੀ ਸਾਗਰ ਅੱਜ ਫ਼ੇਰ, ਬੇਬੇ ਜੀ?

ਦਸ ਕੁ ਮਿੰਟਾਂ ਬਾਅਦ ਸਾਗਰ ਦਾ ਮੱਥਾ ਸਕਾਅਫ਼ 'ਚ ਬੰਨ੍ਹਿਆਂ ਹੋਇਆ; ਉਹਦਾ ਇੱਕ ਹੱਥ ਮੇਰੇ ਮੋਢੇ ਉੱਪਰ ਤੇ ਦੂਸਰਾ ਗਲੋਬ ਬਣ-ਗਏ ਉਹਦੇ ਪੇਟ ਉੱਤੇ! ਮੈਂ ਉਹਦੇ ਡਿਕਡੋਲਿਆਂ ਨੂੰ ਸਾਡੇ ਅਪਾਅਟਮੈਂਟ ਤੋਂ ਐਲਾਵੇਟਰ (ਲਿਫ਼ਟ) ਵੱਲ ਨੂੰ ਤੋਰੀ ਜਾ ਰਿਹਾ ਸਾਂ।
***
ਬੀਤੇ ਛੇ ਮਹੀਨਿਆਂ ਦੌਰਾਨ, ਈਟੋਅਬੀਕੋ ਹਸਪਤਾਲ ਦੇ ਮਟਰਨਿਟੀ ਵਾਰਡ ਦੇ ਤਾਂ ਬੈੱਡ ਅਤੇ ਚਾਦਰਾਂ-ਸਿਰਹਾਣੇ ਵੀ ਸੁਖਸਾਗਰ ਦੀ 'ਉਅੱਕ-ਉਅੱਕ' ਦੇ ਵਾਕਿਫ਼ ਹੋ ਚੁੱਕੇ ਸਨ। ਨਰਸ ਨੇ, ਗੁਲੂਕੋਜ਼ ਵਾਲ਼ੇ ਪਲਾਸਟਕੀ ਲਿਫ਼ਾਫ਼ੇ ਦੀ ਸੀਲ ਤੋੜ ਕੇ, ਉਸਨੂੰ ਸਾਗਰ ਦੇ ਬੈੱਡ ਦੇ ਸਿਰਹਾਣੇ ਵੱਲ ਖਲੋਤੇ ਆਈ. ਵੀ. ਸਟੈਂਡ ਦੇ ਸਿਰ ਉੱਤੇ ਪੁੱਠਾ ਲਟਕਾਅ ਦਿੱਤਾ: ਫ਼ਿਰ ਉਸਨੇ, ਲਿਫ਼ਾਫ਼ੇ ਦੇ ਮੂੰਹ ਵਿੱਚੋਂ ਨਿੱਕਲ਼ਦੀ ਪਾਰਦਰਸ਼ੀ ਟਿਊਬ ਦੇ ਸਿਰੇ 'ਤੇ ਲੱਗੀ ਸੂਈ ਨੂੰ, ਮਲਕੜੇ ਜੇਹੇ ਸਾਗਰ ਦੀ ਹੱਥੇਲ਼ੀ ਦੇ ਪਿਛਲੇ ਪਾਸੇ ਇੱਕ ਨਾੜ ਵਿੱਚ ਧੱਕ ਦਿੱਤਾ: ਮੇਰੇ ਸਾਹ ਮੀਟਰ-ਮੀਟਰ ਲੰਮੇ ਹੋਣ ਲੱਗੇ। ਮੈਨੂੰ ਜਾਪਿਆ, ਸਾਗਰ ਦੀਆਂ ਗੱਲ੍ਹਾਂ ਦੀ ਪਿਚਕ ਮੈਨੂੰ ਕਹਿ ਰਹੀ ਸੀ, ਮੇਜ਼ ਉੱਪਰ ਟਿਕੇ ਬਾਕਸ 'ਚੋਂ ਨੈਪਕਿਨ ਦੀਆਂ ਸ਼ੀਟਾਂ ਨੂੰ ਕੱਢ, ਤੇ ਅਰਧ-ਮੀਟੀਆਂ ਅੱਖਾਂ 'ਚੋਂ ਮੇਰੇ ਵੱਲ ਨੂੰ ਵਗੀ ਹੋਈ ਨਮੀ ਨੂੰ ਮਲਕੜੇ-ਮਲਕੜੇ ਪੂੰਝ!

ਰਬੜ ਦੇ ਦਸਤਾਨਿਆਂ ਦੀ ਦੂਧੀਆ ਬਾਰੀਕੀ: ਉਸਨੂੰ ਆਪਣੇ ਹੱਥਾਂ ਉੱਪਰ ਚੜ੍ਹਾਉਂਦਾ ਹੋਇਆ ਡਾਕਟਰ ਲੋਪੇਜ਼ ਕਮਰੇ ਅੰਦਰ ਦਾਖ਼ਲ ਹੋਇਆ: ਉਸਦੇ ਨੱਕ-ਮੂੰਹ ਉੱਪਰ ਤਣੇ ਮਾਸਕ ਦੀ ਸਫ਼ੈਦੀ ਦੇ ਪਿਛਲੇ ਪਾਸਿਓਂ ਅਵਾਜ਼ ਆਈ, 'ਕਿਵੇਂ ਐਂ ਮਿਸਿਜ਼ ਗਿੱਲ?'
ਸਾਗਰ ਦੇ ਮੱਥੇ ਉੱਪਰਲੀ ਚਮੜੀ 'ਚ ਹਰਕਤ ਇਕੱਠੀ ਹੋਈ ਤੇ ਪਲ ਕੁ ਬਾਅਦ ਹੀ ਪੱਧਰੀ ਹੋ ਗਈ। ਨਬਜ਼ ਟੋਹਣ ਤੋਂ ਬਾਅਦ, ਬਲੱਡ ਪ੍ਰੈਸ਼ਰ ਦੇ ਚਾਰਟ ਉੱਪਰ ਨਜ਼ਰ ਮਾਰ ਕੇ, ਡਾਕਟਰ ਲੋਪੇਜ਼ ਨੇ ਪਰਚੀ ਉੱਪਰ ਦਵਾਈਆਂ ਅਤੇ ਹਦਾਇਤਾਂ ਲਿਖੀਆਂ ਅਤੇ ਪਰਚੀ ਨੂੰ ਨਰਸ ਦੇ ਹੱਥ 'ਚ ਕਰ ਦਿੱਤਾ।
ਐਤਵਾਰ ਤੋਂ ਮੰਗਲ਼ਵਾਰ ਦੇ ਦੁਪਹਿਰ ਤੀਕਰ ਢਾਈ ਦਿਨ, ਗੁਲੂਕੋਜ਼ ਦੇ ਬੈਗ਼ਾਂ ਨੇ ਆਈ. ਵੀ. ਸਟੈਂਡ ਉੱਪਰ ਵਾਰੀ ਬੰਨ੍ਹੀ ਰੱਖੀ: ਇੱਕ ਬੈਗ਼ ਸਹਿਕਣ ਲਗਦਾ ਤਾਂ ਅਗਲੇ ਬੈਗ਼ ਦੇ ਕੱਪੜੇ ਉੱਤਰਨੇ ਸ਼ੁਰੂ ਹੋ ਜਾਂਦੇ!
ਮੰਗਲ਼ਵਾਰ ਨੂੰ ਦੁਪਹਿਰੇ ਦੋ ਕੁ ਵਜੇ ਨਬਜ਼ ਦੀ ਟਪਕ ਤੇ ਦਿਲ ਦੀ ਧੜਕਣ ਦੇ ਨਾਲ਼ ਨਾਲ਼ ਬਲੱਡ ਪ੍ਰੈਸ਼ਰ ਤੇ ਆਕਸੀਜਨ ਦਾ ਚਾਰਟ ਦੇਖ ਕੇ ਡਾਕਟਰ ਲੋਪੇਜ਼ ਨੇ ਆਪਣਾ ਸਿਰ ਸੱਜੇ-ਖੱਬੇ ਗੇੜਿਆ!
-ਸਮਥਿੰਗ ਰਾਂਗ, ਡਾਕਟਰ ਲੋਪੇਜ਼?
-ਰਾਂਅਅਗਅਅ... ਡਾਕਟਰ ਨੇ ਆਪਣੇ ਸਿਰ ਦੀ ਗਿੜਨ ਜਾਰੀ ਰੱਖੀ।
ਮੇਰੇ ਕਾਲਜੇ 'ਚ ਝੋਅਲ ਜਿਹੀ ਵੱਜੀ!
-ਬੇਬੀਜ਼ਅਅ!
-ਪ੍ਰਾਬਲਮ ਐ ਕੋਈ, ਡਾਕਟਰ ਲੋਪੇਜ਼?
-ਕਾਈਂਡ ਆਫ਼ਅਅ!
-ਕੀ ਮਤਲਬ?
-ਡਲਿਵਰ ਕਰਨੀਆਂ ਪੈਣੀਐਂ ਬੇਬੀਜ਼, ਮਿਸਟਰ ਗਿੱਲ! ਉਹ ਸਟੈਥੋਸਕੋਪ ਨੂੰ ਕੰਨਾਂ ਵੱਲ ਨੂੰ ਉਭਾਰਦਾ ਹੋਇਆ ਬੋਲਿਆ।
-ਅਗਾਊਂ ਈ? ਮੈਂ ਆਪਣੇ ਮੱਥੇ ਨੂੰ ਸੁੰਗੇੜਿਆ। -ਪਰ ਹਾਲੇ ਤਾਂ ਦੋ ਮਹੀਨੇ ਰਹਿੰਦੇ ਐ!
-ਸੂਨਰ ਰੈਦਰ ਦੈਨ ਲੇਟਰ!
-ਸਮਝਿਆ ਨੀ ਮੈਂ!
-ਹੁਣੇ ਈਂ!
-ਪਰ...
-ਆਈ ਨੋਅ ਯੂਅਰ ਕਨਸਰਨ, ਮਿਸਟਰ ਗਿੱਲ, ਡਾਕਟਰ ਲੋਪੇਜ਼ ਨੇ ਆਪਣੇ ਕੰਨਾਂ ਨੂੰ ਟੂਟੀਆਂ ਤੋਂ ਮੁਕਤ ਕਰ ਲਿਆ। -ਪਰ... ਮਿਸਿਜ਼ ਗਿੱਲ ਨੂੰ ਕਮਜ਼ੋਰੀ ਬਹੁਤ ਜ਼ਿਆਦਾ ਹੋਗੀ ਐ... ਇਸ ਲਈ ਬੇਬੀਜ਼ ਦਾ ਜ਼ਿਆਦਾ ਦੇਰ ਅੰਦਰ ਰਹਿਣਾ...
-ਪਰ ਪ੍ਰੀਮਚੋਅਰ ਡਲਿਵਰੀ ਨਾਲ਼ ਬੇਬੀਜ਼ ਕਿਤੇ...
-ਯੂ ਨੋਅ ਡੀਹਾਈਡਰੇਸ਼ਨ ਐਂਡ ਆਕਸੀਜਨ ਦੀ ਘਾਟ, ਮਿਸਟਰ ਗਿੱਲ?
ਮੇਰੀ ਠੋਡੀ ਮੇਰੀ ਛਾਤੀ ਵੱਲ ਨੂੰ ਅੱਗੇ-ਪਿੱਛੇ ਹੋਣ ਲੱਗੀ।
-ਯੂ ਗਾਟ ਮਾਈ ਪੋਇੰਟ? ਡਾਕਟਰ ਦਾ ਖ਼ਦਸ਼ਾ ਉੱਛਲ਼ਿਆ।
ਏਨੇ ਨੂੰ ਕਮਰੇ ਦੇ ਦਰਵਾਜ਼ੇ ਉੱਤੇ ਸਟਰੈਚਰ ਦੀ ਕੜਿੱਚ-ਕੜਿੱਚ ਪਰਗਟ ਹੋ ਗਈ!
***
ਮਟਰਨਿਟੀ ਵਾਰਡ ਦਾ ਵੇਟਿੰਗਰੂਮ: ਇੱਕ ਸੋਫ਼ਾ ਤੇ ਛੇ ਸੱਤ ਕੁਰਸੀਆਂ! ਮਧਰ-ਕੱਦੇ ਮੇਜ਼ਾਂ ਉੱਪਰ ਟਿਕੇ ਰਸਾਲਿਆਂ ਦੀ ਚੁੱਪ ਕਦੇ ਤਾਂ ਮੇਰੀਆਂ ਨਜ਼ਰਾਂ ਨੂੰ ਆਪਣੇ ਵੱਲੀਂ ਗੇੜ ਲਵੇ, ਤੇ ਕਦੇ ਖਿੜਕੀਓਂ ਬਾਹਰ ਡਿੱਗ ਰਹੇ ਬਰਫ਼ ਦੇ ਫੰਭਿਆਂ ਵੱਲੀਂ। ਮੈਂ ਕਿਸੇ ਇਕ ਰਿਸਾਲੇ ਨੂੰ ਮੇਜ਼ ਤੋਂ ਚੁੱਕਦਾ; ਅੱਖਾਂ ਸ਼ਬਦਾਂ ਉੱਪਰ ਤਿਲਕਦੀਆਂ, ਪਰ ਦਿਮਾਗ਼ 'ਚ ਭਾਂ-ਭਾਂ ਹੀ ਹੋਈ ਜਾਂਦੀ।
ਸੱਜੇ ਹੱਥ ਦਾ ਪੰਜਾ ਕਦੇ ਮੇਰੀ ਗਿੱਚੀ ਉੱਪਰ ਘਸਣ ਲੱਗਦਾ ਤੇ ਕਦੇ ਮੱਥੇ ਉੱਤੇ।
ਸੱਜਾ ਗਿੱਟਾ ਵਾਰ ਵਾਰ ਖੱਬੇ ਗੋਡੇ ਉੱਪਰ ਜਾ ਟਿਕਦਾ, ਅਤੇ ਪੰਜਾ ਮੇਰੇ ਅੰਦਰ ਵਾਂਗਣ ਕੰਬਣ ਲੱਗਦਾ!
ਮੇਰੀ ਨਜ਼ਰ ਮੁੜ-ਮੁੜ ਘੜੀ ਵੱਲ ਨੂੰ ਛੜੱਪੇ ਮਾਰਨ ਲੱਗੀ: ਸਕਿੰਟਾਂ ਵਾਲ਼ੀ ਸੂਈ ਵੀ ਮਿੰਟਾਂ ਵਾਲ਼ੀ ਤੋਂ ਧੀਮੀ ਹੋ ਗਈ ਸੀ।
***
'ਮਿਸਟਰ ਗਿੱਲ?' ਘੰਟੇ ਕੁ ਬਾਅਦ ਵੇਟਿੰਗਰੂਮ ਦੇ ਦਰਵਾਜ਼ੇ 'ਤੇ ਠੱਕ ਠੱਕ ਹੋਈ।
ਮੇਰੇ ਅੰਦਰ ਜਮ੍ਹਾ ਹੋ ਰਿਹਾ ਫ਼ਿਕਰ ਮੇਰੀਆਂ ਅੱਖਾਂ 'ਚ ਤ੍ਰਭਕਿਆ, ਅਤੇ ਦਰਵਾਜ਼ੇ 'ਤੇ ਖਲੋਤੀ ਅਸਮਾਨੀ ਵਰਦੀ ਵੱਲ ਨੂੰ ਉੱਛਲ਼ਿਆ।
'ਆਓ ਮੇਰੇ ਨਾਲ਼!' ਨਰਸ ਬੋਲੀ।

ਅਹਿੱਲ ਲੇਟੀ ਹੋਈ ਸੁਖਸਾਗਰ: ਗਲ਼ ਤੋਂ ਪੈਰਾਂ ਤੀਕਰ ਚਿੱਟੀ ਚਾਦਰ ਨਾਲ਼ ਢਕੀ ਹੋਈ।
ਮੇਰੀਆਂ ਅੱਖਾਂ ਐਧਰ-ਓਧਰ ਫੁਦਕਣ ਲੱਗੀਆਂ।
-ਐਧਰ ਆਓਗੇ, ਮਿਸਟਰ ਗਿੱਲ? ਡਾਕਟਰ ਲੋਪੇਜ਼ ਦਾ ਮਾਸਕ ਬੁੜਬੁੜਾਇਆ।
ਮੈਂ ਡਾਕਟਰ ਦੇ ਪਿੱਛੇ ਹੋ ਲਿਆ।
'ਹੀਅਰ ਆਰ ਯੋਅਰ ਗਰਲਜ਼!' ਡਾਕਟਰ ਨੇ ਆਪਣਾ ਹੱਥ ਕੱਚ ਦੇ ਦੋ ਬਕਸਿਆਂ ਵੱਲ ਵਧਾਇਆ। -ਵੈਰੀ ਕਿਊਟ ਬੇਬੀਜ਼!
ਐਵੇਂ ਗਿੱਠ-ਗਿੱਠ ਕੁ ਲੰਮੇ ਦੋ ਜਿਸਮ ਇਨਕੂਬੇਟਰ 'ਚ ਪਏ ਸਨ:, ਮੇਰੀ ਚੀਚੀ ਕੁ ਜੇਡੀਆਂ-ਜੇਡੀਆਂ ਚਾਰ ਬਾਹਾਂ ਪਾਸਿਆਂ ਵੱਲ ਨੂੰ ਫੈਲੀਆਂ ਹੋਈਆਂ: ਡੌਲ਼ਿਆਂ ਉਦਾਲ਼ੇ ਬਰੇਸਲੈੱਟ, ਟਵਿਨ-ਏ, ਟਵਿਨ-ਬੀ!
'ਏ' ਦੀ ਛਾਤੀ ਸਹਿਜੇ-ਸਹਿਜੇ ਫੁਲਦੀ-ਸੁੰਗੜਦੀ, ਤੇ 'ਬੀ' ਦਾ ਪੇਟ ਤੇਜ਼ੀ ਨਾਲ਼ ਝਟਕੇ ਮਾਰ-ਮਾਰ ਕੇ ਸਾਹ ਨੂੰ ਅੰਦਰ-ਬਾਹਰ ਕਰ ਰਿਹਾ ਸੀ। ਦੋਹਾਂ ਦੀ ਝੁਰੜੀਦਾਰ ਚਮੜੀ, ਜਿਵੇਂ ਪਤਲੀ ਜਿਹੀ ਪੋਲੀਥੀਨ ਦੇ ਲਿਫ਼ਾਫ਼ੇ ਨੂੰ ਗਿੱਲਾ ਕਰ ਕੇ ਹੱਡੀਆਂ ਦੇ ਉਦਾਲ਼ੇ ਲਪੇਟਿਆ ਹੋਇਆ ਹੋਵੇ: ਮੇਰੇ ਜ਼ਿਹਨ 'ਚ ਚਿੜੀਆਂ ਦੇ ਅਣ-ਖੰਭੇ ਬੋਟ ਰੀਂਗਣ ਲੱਗੇ, ਉਹ ਬੋਟ ਜਿੰਨ੍ਹਾਂ ਨੂੰ ਨਿੱਕਾ-ਹੁੰਦਿਆਂ, ਸਵੇਰ ਵੇਲ਼ੇ ਸਾਡੇ ਦਲਾਨ 'ਚ, ਮੈਂ ਅਨੇਕਾਂ ਵਾਰ ਕੜੀਆਂ-ਬਾਲਿਆਂ ਵਾਲ਼ੀਆਂ ਛੱਤਾਂ 'ਚੋਂ ਡਿੱਗੇ ਹੋਏ ਦੇਖਿਆ ਸੀ!
-ਠ... ਠ... ਠੀਕ ਨੇ ਇਹ, ਡਾਕਟਰ ਲੋਪੇਜ਼? ਮੇਰੇ ਬੁੱਲ੍ਹ ਫਰਕੇ। -ਮ... ਮ... ਮੇਰਾ ਮਤਲਬ ਮਤਲਬ ਆ...
-ਬਸ ਤੈਨੂੰ ਦਿਖਾਉਣੀਆਂ ਹੀ ਸੀ ਤੇਰੀਆਂ ਬੇਬੀਜ਼, ਡਾਕਟਰ ਲੋਪੇਜ਼ ਨੇ ਆਪਣੇ ਮਾਸਕ ਨੂੰ ਨੱਕ ਤੋਂ ਪਾਸੇ ਕਰ ਲਿਆ।
-ਇਹ ਤਾਂ... ਬਿਲਕੁਲ ਈ... ਅੱਧ-ਵਿਚਕਾਰ ਲੁੜਕ-ਗਏ ਵਾਕ ਦੇ ਨਾਲ਼ ਹੀ ਮੇਰਾ ਚਿਹਰਾ ਕੰਬਿਆ।
-ਪ੍ਰੀਮਚੋਅਰ! ਡਾਕਟਰ ਦੇ ਘੁੱਟੇ ਹੋਏ ਬੁੱਲ੍ਹ ਇੱਕ-ਦੂਜੇ ਤੋਂ ਅਲੱਗ ਹੋਏ। -ਇਸੇ ਤਰ੍ਹਾਂ ਦੇ ਈ ਹੁੰਦੇ ਐ ਸੱਤਮਾਹੇਂ ਬੱਚੇ! ਹੁਣ ਇਹਨਾਂ ਦਾ ਤੁਰੰਤ ਸਿੱਕ ਚਿਲਡਰਨ ਹਾਸਪਿਟਲ ਵਿੱਚ ਅੱਪੜਨਾ ਬਹੁਤ ਜ਼ਰੂਰੀ ਹੈ! ਦ ਸੂਨਰ, ਦ ਬੈਟਰ!
-ਸਿੱਕ ਚਿਲਡਰਨ ਹਾਸਪਿਟਲ?
-ਸਪੈਸ਼ਲ ਹਸਪਤਾਲ ਐ ਬੱਚਿਆਂ ਲਈ... ਡਾਊਨ ਟਾਊਨ! ਓਥੇ 'ਇਨਕਿਊਬੇਟਰ' 'ਚ ਰਹਿਣਗੀਆਂ ਇਹ!
-ਇਨਿਕਊਬੇਟਰ?
ਡਾਕਟਰ ਨੇ ਮੇਰੇ ਮੱਥੇ ਉੱਪਰ ਖੁਲ੍ਹ-ਰਹੀ ਸੁਆਲਾਂ ਦੀ ਪੁੜੀ ਨੂੰ ਸੁੰਘ ਲਿਆ।
-ਓਦੋਂ ਤੀਕਰ ਰਹਿਣਗੀਆਂ ਇਨਕਿਊਬੇਟਰ 'ਚ ਜਦ ਤਾਈਂ ਮਾਂ ਦੀ ਕੁੱਖ ਵਿੱਚ ਰਹਿਣ ਵਾਲ਼ੇ ਨਿੱਘ ਦਾ ਘਾਟਾ ਪੂਰਾ ਨੀ ਕਰ ਲੈਂਦੀਆਂ!
ਮੇਰਾ ਲੰਮਾ ਸਾਹ, ਬੇਖ਼ਬਰ ਸੁੱਤੀ ਸਾਗਰ ਉੱਪਰ ਵਿਛੀ ਚਾਦਰ ਤੀਕਰ, ਫੈਲ ਗਿਆ।
-ਮੇਰੀ ਪਤਨੀ ਕਿਵੇਂ ਐ, ਡਾਕਟਰ?
-ਮਿਸਿਜ਼ ਗਿੱਲ ਨੂੰ ਤਾਂ 'ਹੋਪਫ਼ੁਲੀ' ਕੱਲ੍ਹ ਨੂੰ ਭੇਜ ਦਿਆਂਗੇ ਘਰ, ਡਾਕਟਰ ਨੇ ਆਪਣਾ ਮਾਸਕ ਕੂੜੇ ਵਾਲ਼ੀ ਕੈਨ ਦੇ ਹਵਾਲੇ ਕਰ ਦਿੱਤਾ।
***
ਅਗਲੇ ਦਿਨ ਸਵੇਰੇ ਸਵਖ਼ਤੇ ਹੀ ਫ਼ੋਨ ਬੁੜਬੁੜਾਇਆ: ਬੇਬੇ ਜੀ ਦੇ ਕੰਨਾਂ 'ਚ ਲਟਕਦੀਆਂ ਵਾਲ਼ੀਆਂ ਕੰਬਣ ਲੱਗੀਆਂ।
-ਕੀਹਦਾ ਫ਼ੋਨ ਸੀ, ਇਕਬਾਲ? ਫ਼ੋਨ ਬੰਦ ਹੋਣ ਸਾਰ ਬੇਬੇ ਜੀ ਪੁੱਛਣ ਲੱਗੇ ਸਨ।
'ਕੀ ਦੱਸਾਂ ਬੇਬੇ ਜੀ ਨੂੰ?' ਮੇਰਾ ਦਿਲ ਮੇਰੇ ਦਿਮਾਗ਼ ਨੂੰ ਪੁੱਛਣ ਲੱਗਾ।
ਬੇਬੇ ਜੀ ਚਾਹ ਦੀ ਖਾਲੀ ਪਿਆਲੀ ਉੱਤੇ ਨਜ਼ਰ ਟਿਕਾਅ ਕੇ ਬੈਠੇ ਰਹੇ ਜਿਵੇਂ ਉਸ ਵਿੱਚ ਉਨ੍ਹਾਂ ਦੀ ਕੋਈ ਖ਼ਾਸ ਸ਼ੈਅ ਡੁੱਬ ਗਈ ਹੋਵੇ!
ਬੱਚੀਆਂ ਬਾਰੇ ਸੋਚਦਿਆਂ-ਸੋਚਦਿਆਂ ਮੇਰੇ ਦਿਮਾਗ਼ 'ਚ ਗੁੰਗੇ, ਬੋਲ਼ੇ ਤੇ ਨਿਗ੍ਹਾਹੀਣ ਲੋਕਾਂ ਦੀ ਭੀੜ ਜੁੜਨ ਲੱਗੀ; ਕਿੰਝ ਜੀਂਦੇ ਹੋਣਗੇ ਨਜ਼ਰਾਂ ਤੋਂ ਸੱਖਣੇ ਲੋਕ? ਮੈਂ ਸੋਚਣ ਲੱਗਾ। ਕਿਵੇਂ ਹੁੰਦੀ ਹੋਵੇਗੀ ਉਨ੍ਹਾਂ ਦੀ ਸਾਂਭ-ਸੰਭਾਲ਼ ਜੇ ਉਨ੍ਹਾਂ ਦੇ ਮਪਿਆਂ ਦਾ ਸਾਇਆ ਉਨ੍ਹਾਂ ਦੇ ਸਿਰਾਂ ਤੋਂ ਉੱਠ ਜਾਂਦਾ ਹੋਊ? ਇਹ ਜੋਤਹੀਣ, ਇਹ ਬੋਲਹੀਣ, ਇਹ ਸੁਣਨ-ਹੀਣੇ ਲੋਕ! ਕੀ ਹੋਣਗੀਆਂ ਇਨ੍ਹਾਂ ਦੀਆਂ ਕਾਲ਼ੀਆਂ-ਬੋਲ਼ੀਆਂ ਜ਼ਿੰਦਗੀਆਂ? ਸਾਰਾ ਸੰਸਾਰ ਹੀ ਗੁੰਗਾ ਹੋਵੇਗਾ ਇਨ੍ਹਾਂ ਲਈ, ਚੱਟਾਨਾਂ ਵਾਂਗ ਚੁੱਪ-ਚਾਪ! ਨਾ ਕੁਝ ਕਹਿ ਸਕਣਾ ਤੇ ਨਾ ਹੀ ਸੁਣ ਸਕਣਾ! ਨਾ ਹਾਸੇ ਦਾ ਇਲਮ ਤੇ ਨਾ ਰੋਣਾ ਸੁਣ ਕੇ ਗੱਚ ਭਰ ਆਉਣ ਦਾ ਅਹਿਸਾਸ! ਨਾ ਹਾਸਾ-ਠੱਠਾ, ਨਾ ਸੰਗੀਤ!
ਇਹ ਭੀੜ ਫ਼ਿਰ ਛਿੱਦਣ ਲੱਗੀ, ਤੇ ਛਿਦਦੀ-ਛਿਦਦੀ ਸੁਖਸਾਗਰ ਦੀ ਝੋਲ਼ੀ 'ਚ ਸਿਰਫ਼ ਸਾਡੀਆਂ ਦੋ ਧੀਆਂ ਬਣ ਕੇ ਹੀ ਰਹਿ ਗਈ।
ਮੇਰੇ ਫੇਫੜੇ ਮੇਰੇ ਸਾਹਾਂ ਨੂੰ ਅੰਦਰ ਵੱਲ ਨੂੰ ਧੂਹਣ ਲੱਗੇ।
'ਸੱਤਮਾਹੀਆਂ ਧੀਆਂ!' ਮੇਰੇ ਕੰਨਾਂ 'ਚ ਕੜੱਕ-ਕੜੱਕ, ਘੂੰ-ਘੂੰ, ਪੀਂ-ਪੀਂ, ਠੂਹ-ਠੂਹ ਹੋਣ ਲੱਗੀ: 'ਅੰਗਾਂ ਦਾ ਸੰਪੂਰਨ ਵਿਕਾਸ ਤਾਂ ਮਾਂ ਦੇ ਪੇਟ 'ਚ ਪੂਰਾ ਸਮਾਂ ਬਿਤਾਉਣ ਨਾਲ਼ ਈ ਮੁਮਕਿਨ ਹੋ ਸਕਦੈ!'
ਫ਼ਿਰ ਮੈਨੂੰ ਸੁਖਸਾਗਰ ਦਿਸਣ ਲੱਗੀ: ਹੱਡ-ਮਾਸ ਦੇ ਦੋ ਸਰੀਰ-ਬੋਲਾਂ ਤੋਂ ਵਿਰਵੇ, ਸੁਣਨ ਤੋਂ ਆਤੁਰ ਤੇ ਦੇਖਣ ਤੋਂ ਅਪੰਗ, ਤੇ ਸੁਖਸਾਗਰ ਉਨ੍ਹਾਂ ਦੇ ਮੂੰਹਾਂ 'ਚ ਦੁੱਧ ਵਾਲ਼ੀਆਂ ਬੋਤਲਾਂ ਦੀਆਂ ਨਿੱਪਲਾਂ ਪਾਉਂਦੀ ਹੋਈ।
'ਜੇ ਭਲਾ ਨਜ਼ਰ ਹੋਈ ਈ ਨਾ ਇਹਨਾਂ ਦੀਆਂ ਨੈਣ-ਗੋਲੀਆਂ 'ਚ?' ਮੇਰੇ ਅੰਦਰ ਡਰ ਵਗਣ ਲੱਗਾ। 'ਜੇ ਕੰਨ ਵੀ ਬੰਜਰ ਹੋਏ, ਤੇ ਜੀਭਾਂ ਉੱਪਰ ਵੀ ਕੱਲਰ ਵਿਛਿਆ ਹੋਇਆ?'

ਤੀਜੇ ਦਿਨ ਮੈਂ ਤੇ ਸਾਗਰ ਸਿੱਕ ਚਿਲਡਰਨ ਹਸਪਤਾਲ 'ਚ ਸਾਂ। ਇੰਨਟੈਂਸਿਵ ਕੇਅਰ ਦੇ ਦਰਵਾਜ਼ਿਓਂ ਬਾਹਰ ਨਰਸ ਨੇ ਖ਼ਾਸ ਕਿਸਮ ਦੇ ਗਾਊਨ ਸਾਡੇ ਹੱਥਾਂ 'ਚ ਦੇ ਕੇ ਸਾਨੂੰ 'ਚੇਜਿੰਗ' ਕੈਬਿਨਾਂ ਵੱਲੀਂ ਭੇਜ ਦਿੱਤਾ। ਚੇਜਿੰਗ ਕੈਬਿਨਾਂ 'ਚੋਂ ਬਾਹਰ ਨਿੱਕਲ਼ੇ ਤਾਂ ਨਰਸ ਨੇ ਪਲਾਸਟਿਕ ਦੇ ਦਸਤਾਨਿਆਂ ਵਾਲ਼ਾ ਬਾਕਸ ਸਾਡੇ ਸਾਹਮਣੇ ਕਰ ਦਿੱਤਾ। ਖ਼ਾਸੂਸੀ ਕਿਸਮ ਦੇ ਮਾਸਕ ਆਪਣੇ ਨੱਕਾਂ ਉੱਪਰ ਤਾਣ ਕੇ ਅਸੀਂ ਇੰਨਟੈਂਸਿਵ ਕੇਅਰ ਰੂਮ ਦੇ ਅੰਦਰ ਹੋ ਗਏ।
ਪੈਂਤੀ ਮਿੰਟ ਵੱਡੀ ਬੱਚੀ, ਟਵਿਨ-ਏ, ਆਪਣੀਆਂ ਨਿੱਕੀਆਂ-ਨਿੱਕੀਆਂ ਅੱਖਾਂ ਨੂੰ ਖੋਲ੍ਹਦੀ, ਭੂਰੀਆਂ-ਭੂਰੀਆਂ ਨੈਣ-ਗੋਲ਼ੀਆਂ ਨੂੰ ਸੱਜੇ-ਖੱਬੇ ਘੁੰਮਾਉਂਦੀ, ਤੇ ਮੁੜ ਕੇ ਆਪਣੀ ਖਾਲਮ-ਖਾਲੀ ਦੁਨੀਆਂ 'ਚ ਗੁਆਚ ਜਾਂਦੀ। ਛੋਟੀ 'ਬੀ' ਦੇ ਸਿਰ 'ਚ ਅਤੇ ਅੱਡੀਆਂ 'ਚ ਨਲ਼ਕੀਦਾਰ ਸੂਈਆਂ, ਤੇ ਛਾਤੀ ਉੱਪਰ ਮਾਸਕਿੰਗ ਟੇਪਾਂ ਨਾਲ਼ ਜੋੜੀਆਂ ਹੋਈਆਂ ਤਾਰਾਂ ਦਾ ਟੱਬਰ! ਨਰਸ ਨੇ ਟਵਿਨ-ਏ ਦੀ ਅੱਡੀ ਵਿੱਚ ਸੂਈ ਚੁਭੋਅ ਦਿੱਤੀ: ਟਵਿਨ-ਏ ਦੀ 'ਕੁਆਂ-ਕੁਆਂ' ਨੇ ਮੇਰੇ ਤੇ ਸਾਗਰ ਦੇ ਹੇਠਲੇ ਬੁੱਲ੍ਹਾਂ ਨੂੰ ਸਾਡੀਆਂ ਠੋਡੀਆਂ ਵੱਲ ਨੂੰ ਖਿੱਚ ਲਿਆ।
ਅੱਡੀ ਵਿੱਚੋਂ ਖ਼ੂਨ ਦੇ ਤੁਪਕੇ ਸਰਿੰਜ ਅੰਦਰ ਸਿੰਮਣ ਲੱਗੇ।
- ਟਵਿਨ-ਬੀ ਦੀ ਛਾਤੀ ਉੱਪਰ ਆਹ ਐਨੀਆਂ ਤਾਰਾਂ ਮਾਸਕਿੰਗ ਟੇਪਾਂ ਨਾਲ਼ ਜੋੜੀਆਂ ਹੋਈਆਂ, ਮੈਂ ਨਰਸ ਵੱਲ ਝਾਕਿਆ। -ਐਨਾ ਕੁਛ ਕਿਉਂ ਲਾਇਐ?
-ਦਿਲ ਦੀ ਧੜਕਣ ਨੂੰ ਮਾਨੀਟਰ ਕਰਨ ਲਈ!
-ਤੇ ਨੱਕ ਅੰਦਰ ਆਹ ਬਾਰੀਕ ਜਿਹੀ ਟਿਯੂਬ? ਸਾਗਰ ਦੇ ਮੱਥੇ ਉੱਪਰ ਸੁਆਲ ਉੱਗਿਆ, ਤੇ ਉਸ ਦੇ ਹੱਥ 'ਚ ਫੜੀ ਨੈਪਕਿਨ ਦੀ ਸ਼ੀਟ ਉਸਦੀਆਂ ਅੱਖਾਂ 'ਚੋਂ ਸਿੰਮਦਾ ਦਰਦ ਚੂਸਣ ਲੱਗੀ।
-ਮੂੰਹ ਦੇ ਰਸਤੇ ਅਸੀਂ ਇਹਨੂੰ ਕੁਛ ਦੇ ਈ ਨਹੀਂ ਸਕਦੇ, ਮਿਸਿਜ਼ ਗਿੱਲ!
***
ਚਾਰ ਕੁ ਦਿਨਾਂ ਤੀਕਰ ਯੂਨੀਵਰਸਿਟੀ ਨੇ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਲਈ ਪੰਦਰਾਂ ਵੀਹ ਦਿਨਾਂ ਵਾਸਤੇ ਨਿਸਲ਼ੇਵੇਂ {ਹਾਈਬਰਨੇਸ਼ਨ} 'ਚ ਉੱਤਰ ਜਾਣਾ ਸੀ। ਮੈਂ ਆਪਣਾ ਵਸੇਰਾ ਟੈਕਸੀ ਦੇ ਸਟੀਅਰਿੰਗ ਦੇ ਪਿਛਾੜੀ ਕਰ ਲਿਆ: ਸੋਚਿਆ ਸਵਾਰੀਆਂ ਢੋਣ ਲਈ ਬਾਹਰ ਜਾਊਂ ਤਾਂ ਬੈਂਕ ਅਕਾਊਂਟ 'ਚ ਫੈਲ ਰਹੀ ਸਖਣੱਤ 'ਚ ਕੁਝ ਰੌਣਕ ਪਰਤੂਗੀ ਤੇ ਨਾਲ਼ੇ ਸੁਖਸਾਗਰ ਤੇ ਬੇਬੇ ਜੀ ਦੇ ਚਿਹਰਿਆਂ ਉੱਪਰ ਵਿਛੀ ਪਤਝੜ ਤੋਂ ਕੁਝ ਚਿਰ ਦੂਰ ਰਹੂੰ! ਪਰ ਵਾਪਰਿਆ ਇਹ ਕਿ ਸਵਾਰੀਆਂ ਦੇ ਨਾਲ਼-ਨਾਲ਼ ਮੈਂ ਤਾਂ ਆਪਣੇ ਮੱਥੇ 'ਚ ਮੇਰੀਆਂ ਬੱਚੀਆਂ ਦੇ ਅੱਖਾਂ, ਕੰਨਾਂ ਤੇ ਜੀਭਾਂ ਨੂੰ ਵੀ ਚੁੱਕੀ ਫਿਰ ਰਿਹਾ ਸਾਂ।
ਕਈ ਦਿਨਾਂ ਬਾਅਦ ਸਿੱਕ ਚਿਲਡਰਨ ਹਸਪਤਾਲ 'ਚ ਡਾਕਟਰ ਨਾਲ਼ ਇਕ ਮੁਲਾਕਾਤ ਦੌਰਾਨ ਮੇਰਾ ਤੌਖ਼ਲਾ ਉੱਛਲ਼ ਹੀ ਪਿਆ: ਇਨ੍ਹਾਂ ਦੀ... ਸੁਣਨ-ਸ਼ਕਤੀ... ਤੇ ਨਿਗ੍ਹਾ?
-ਗੁੱਡ ਸਵਾਲ, ਡਾਕਟਰ ਮੁਸਕ੍ਰਾਇਆ।
-ਹੋਰ ਨਾ ਕਿਤੇ...
-ਹਾਂ, ਸੱਤਮਾਹੇਂ ਬੱਚਿਆਂ ਦੇ ਕੰਨਾਂ ਤੇ ਅੱਖਾਂ ਬਾਰੇ ਖ਼ਤਰਾ... ਡਾਕਟਰ ਨੇ ਅੱਧਾ ਵਾਕ ਹਵਾ 'ਚ ਟੁੰਗ ਦਿੱਤਾ।
ਸੁਖਸਗਰ ਦਾ ਸਿਰ ਕੰਬਣ ਲੱਗਾ।
ਮੇਰੇ ਤੌਖ਼ਲੇ ਬਾਰੇ ਡਾਕਟਰ ਤੋਂ ਹੋਰ ਵਿਸਥਾਰ ਪੁੱਛਣ ਵਾਲ਼ਾ ਮੇਰਾ ਹੌਸਲਾ, ਸੁੰਗੜ ਕੇ, ਮੇਰੇ ਦਸਤਾਨਿਆਂ 'ਚ ਜਾ ਵੜਿਆ।
-ਸਾਨੂੰ ਵੀ ਇਸ ਖ਼ਤਰੇ ਦਾ ਫ਼ਿਕਰ ਸੀ, ਡਾਕਟਰ ਕੁਰਸੀ ਤੋਂ ਉੱਠ ਖਲੋਤਾ। -ਆਓ ਤੁਹਾਨੂੰ ਦਿਖਾਵਾਂ ਕੁਝ!
ਇਨਕਿਊਬੇਟਰਾਂ ਕੋਲ਼ ਜਾ ਕੇ ਉਹਨੇ ਆਪਣੀਆਂ ਸੱਜੀਆਂ ਉਂਗਲ਼ਾਂ ਆਪਣੇ ਲੈਬ-ਕੋਟ ਦੀ ਜੇਬ ਵਿੱਚ ਉਤਾਰ ਦਿੱਤੀਆਂ।
-ਹਾਲ ਦੀ ਘੜੀ ਤਾਂ ਮੈਂ ਤੁਹਾਨੂੰ ਇੱਕ ਸਿੱਧਾ ਜਿਅ੍ਹਾ ਟੈਸਟ ਦਿਖ਼ਾਲ਼ਦਾਂ।
ਲੈਬ-ਕੋਟ ਦੀ ਜੇਬ 'ਚੋਂ ਉਂਗਲ਼ ਕੁ ਲੰਮੀ ਫ਼ਲੈਸ਼ ਲਾਈਟ ਪਰਗਟ ਹੋਈ, ਤੇ ਉਸਦਾ ਫ਼ੁਹਾਰਾ ਡਾਕਟਰ ਨੇ ਵਾਰੀ-ਵਾਰੀ ਦੋਹਾਂ ਮਸੂਮਾਂ ਦੀਆਂ ਅੱਖਾਂ 'ਚ ਸੁੱਟਿਆ:
-ਨੋਟਿਸ ਕੀਤਾ ਕੁਝ ਤੁਸੀਂ ਜਦੋਂ ਮੈਂ ਇਨ੍ਹਾਂ ਦੀਆਂ ਅੱਖਾਂ 'ਚ ਚਾਨਣ ਸੁੱਟਿਆ ਸੀ?
ਮੈਂ ਤੇ ਸਾਗਰ ਇੱਕ ਦੂਜੇ ਵੱਲ ਦੇਖਣ ਲੱਗੇ।
-ਅੱਖਾਂ ਸੁੰਗੇੜੀਆਂ ਇਹਨਾਂ ਨੇ, ਮੈਂ ਝਿਜਕਦੇ ਹੋਏ ਬੋਲਿਆ। -ਤੇ ਮੱਥਿਆਂ ਨੂੰ ਘੁੱਟਣ ਦੀ ਕੋਸ਼ਿਸ਼ ਵੀ ਕਰ ਰਹੀਆਂ ਸਨ।
-ਇਹੀ ਨਿਸ਼ਾਨੀ ਐ, ਮਿਸਟਰ ਗਿੱਲ, ਨਜ਼ਰ ਠੀਕ ਹੋਣ ਦੀ!
ਫ਼ਿਰ ਉਹਨੇ ਇਨਕੂਬੇਟਰਾਂ 'ਚ ਰੱਖੇ ਖਿਡਾਉਣਿਆਂ ਵਿੱਚੋਂ ਇੱਕ ਬੱਤਖ਼ ਨੂੰ ਵਾਰੋ-ਵਾਰੋ ਦੋਹਾਂ ਧੀਆਂ ਦੇ ਕੰਨਾਂ ਕੋਲ਼ ਲਿਜਾਅ ਕੇ ਵਾਰ-ਵਾਰ ਘੁੱਟਿਆ: ਪੀਂ, ਪੀਂ ਪੀਂ! ਦੋਹਾਂ ਦੇ ਨਿੱਕੇ-ਨਿੱਕੇ ਬੁੱਟਾਂ ਵਿਚਕਾਰ ਹਿਲਦੀਆਂ ਜੀਭਾਂ ਉੱਪਰ ਮੁਸਕ੍ਰਾਹਟਾਂ ਦੀਆਂ ਪਰਛਾਵੀਆਂ ਖਿੜਨ ਲੱਗੀਆਂ।
ਸਿੱਕ ਚਿਲਡਰਨ ਹਸਪਤਾਲ 'ਚ ਗੇੜਾ ਹੁਣ ਤਕਰੀਬਨ ਹਰ ਰੋਜ਼ ਹੀ ਲੱਗਣ ਲੱਗਾ। ਹਰ ਗੇੜੇ ਬਾਅਦ, ਸੁਖਸਾਗਰ ਦੇ ਅੰਦਰੋਂ ਕਾਫ਼ੀ ਕੁਝ ਮਨਫ਼ੀ ਹੋ ਗਿਆ ਜਾਪਦਾ! ਉਧਰੋਂ 1978 ਦੀ ਜਨਵਰੀ ਦੀ ਨੌਂ ਤਰੀਖ਼ ਦੌੜੀ ਆ ਰਹੀ ਸੀ, ਤੇ ਉਸਦੇ ਨਾਲ ਹੀ ਦੌੜਦਾ ਆ ਰਿਹਾ ਸੀ ਯੂਨੀਵਰਸਿਟੀ ਦੇ ਅਗਲੇ ਸਮੈਸਟਰ ਦੀ ਫ਼ੀਸ ਅਤੇ ਖ਼ਰਚੇ ਦਾ ਫ਼ਿਕਰ!
ਇੱਕ ਦਿਨ ਚਾਹ ਦੀ ਪਿਆਲੀ ਨੂੰ ਕਾਫ਼ੀ ਟੇਬਲ ਉੱਪਰ ਟਿਕਾਉਂਦਿਆਂ ਮੈਂ ਸਾਗਰ ਵੱਲ ਦੇਖ ਕੇ ਡੂੰਘਾ ਸਾਹ ਅੰਦਰ ਵੱਲ ਨੂੰ ਖਿੱਚਿਆ: ਮੈਂ ਕਹਿੰਨਾਂ... ਮੈਂ ਆਹ ਅਗਲੇ ਦੋ ਸਮੈਸਟਰਅਅ...
ਸਾਗਰ ਪਿਆਲੀ ਵਿਚਲੀ ਚਾਹ ਛਲਕਣ ਲੱਗੀ।
-ਬੋਲੋ, ਬੋਲੋ! ਕੀ ਕਰਨੈਂ ਸਮੈਸਟਰਾਂ ਨੂੰ?
- ਇਕ ਤਾਂ ਤੈਨੂੰ ਉਲ਼ਟੀਆਂ ਨੇ ਕਮਜ਼ੋਰ ਬਹੁਤ ਕਰ ਦਿੱਤੈ, ਸਾਗਰ, ਤੇ ਦੂਸਰਾ ਬੱਚੇ ਵੀ ਦੋ ਸਾਂਭਣੇ ਔਖੇ ਹੋ ਜਾਣੇ ਐਂ ਤੇਰੇ ਲਈ। ਮੈਂ ਸੋਚਦਾਂ ਬਈ ਜਨਵਰੀ ਤੋਂ ਅਗਸਤ ਤੀਕਰ... ਮੇਰਾ ਮਤਲਬ ਆ ਇਹ ਸਮੈਸਟਰ... ਆਈ ਮੀਨ... ਆਹ ਸਮੈਸਟਰ ਤੇ ਅਗਲਾ ਸਮਰ ਵਾਲ਼ਾ ਸਮੈਸਟਰ...
ਸਾਗਰ ਨੇ ਆਪਣਾ ਸਿਰ ਵਾਰ-ਵਾਰ ਸੱਜੇ-ਖੱਬੇ ਹਿਲਾਇਆ।
-ਪਰ ਫ਼ਲੈਟ ਦਾ ਕਿਰਾਇਆ ਵੀ ਦੇਣੈਂ, ਫੀਸ ਵੀ, ਤੇ ਬੱਚੀਆਂ ਦੇ ਖ਼ਰਚੇ ਵੀ ਸ਼ੁਰੂ ਹੋ ਜਾਣੇ ਐਂ...
-ਫ਼ੇਰ ਕੀ ਹੋ ਗਿਆ? ਸਾਗਰ ਦੀ ਆਵਾਜ਼ 'ਚ ਤਲਖ਼ੀ ਉਦੇ ਹੋਈ। -ਯੂਨੀਵਰਸਿਟੀ ਤਾਂ ਨੌਂ ਜਨਵਰੀ ਨੂੰ ਮੁੜ-ਖੁਲ੍ਹਣੀ ਐਂ, ਮੈਂ ਠੀਕ ਹੋ ਜਾਣੈ ਓਦੋਂ ਤੀਕਰ... ਬੇਬੇ ਜੀ ਮੰਨਗੇ ਐ ਆਪਣੇ ਨਾਲ ਵਾਟਰਲੂ ਜਾਣ ਲਈ... ਇਹ ਬੱਚਿਆਂ ਨੂੰ ਸਾਂਭ ਲੈਣਗੇ ਤੇ ਮੈਂ ਜਾਬ ਲੱਭ ਲੈਣੀ ਐਂ ਓਥੇ ਈ ਕਿਤੇ ਨੇੜੇ ਤੇੜੇ!
-ਪਰ... ਤੈਨੂੰ ਨੀ ਮੈਂ ਕੰਮ 'ਤੇ ਲੱਗਣ ਦੇਣਾ!
ਸਾਗਰ ਦੇ ਮੱਥੇ ਉੱਪਰ 'ਕਿਉਂ?' ਉੱਭਰਿਆ।
-ਦੋ ਬੱਚੀਆਂ ਨੂੰ ਸੰਭਾਲਣਾ ਬਹੁਤਾ ਜ਼ਰੂਰੀ ਐ; ਜਨਵਰੀ ਤੋਂ ਸਤੰਬਰ ਦੇ ਸ਼ੁਰੂ ਤੀਕ ਜੇ ਮੈਂ ਦੱਬ ਕੇ ਟੈਕਸੀ ਵਾਹ ਲਵਾਂ, ਤਾਂ ਅਗਾਹਾਂ ਵਾਲ਼ੇ ਦੋਹਾਂ ਸਮੈਸਟਰਾਂ ਦੀ ਫ਼ੀਸ ਜੋਗੇ ਪੈਸੇ ਵੀ ਜਮ੍ਹਾਂ ਕਰਲੂੰਗਾ!
-ਪਰ ਲੋਕਾਂ ਦੀਆਂ ਟਿੱਚਰਾਂ?

ਸਾਗਰ, ਨਾਈਟ-ਟੇਬਲ ਦੇ ਦਰਾਜ਼ 'ਚੋਂ, ਫ਼ੋਨ-ਬੁੱਕ ਨੂੰ ਬਾਹਰ ਕੱਢ ਲਿਆਈ।
-ਇਹ ਕੀ ਕਰਨ ਲੱਗੀ ਐਂ, ਸਾਗਰ?
-ਨਰਿੰਦਰ ਦਾ ਨੰਬਰ ਫ਼ੋਨ ਲੱਭਣ ਲੱਗੀ ਆਂ।

ਲੁਧਿਆਣੇ ਲਾਗਲੇ ਪਿੰਡ ਮੋਹੀ ਦਾ ਨਰਿੰਦਰ ਥਿੰਦ! ਟਰਾਂਟੋ ਤੋਂ ਕੋਈ ਨੌਂ ਕੁ ਘੰਟੇ ਦੀ ਦੂਰੀ 'ਤੇ ਅਮਰੀਕਾ ਵਿੱਚ ਰਹਿੰਦਾ ਸੀ ਉਹ। ਨਵਾਂ-ਨਵਾਂ ਅਮਰੀਕਾ ਆਇਆ ਸੀ, ਪਰ ਅਮਰੀਕਾ ਅਉਣ ਤੋਂ ਪਹਿਲਾਂ ਉਹ ਕਈ ਸਾਲ ਹਰੀ ਵਰਦੀ ਪਹਿਨ ਕੇ ਲੈਫ਼ਟ-ਰਈਟ ਵੀ ਕਰਦਾ ਰਿਹਾ ਸੀ। 'ਆਗੇਅਅ ਬੜ! ਪੀਛੇਅਅਅ ਮੁੜ!' ਕਰਦਿਆਂ ਨਰਿੰਦਰ ਦੀ ਦੋਸਤੀ ਸਾਗਰ ਦੇ ਮਾਮੇ ਦੇ ਫੌਜੀ ਲੜਕੇ ਰਣਜੀਤ ਨਾਲ਼ ਹੋ ਗਈ ਸੀ।
ਨਰਿੰਦਰ ਨੇ, ਸਾਗਰ ਦੀ ਫ਼ੋਨ ਕਾਲ ਤੋਂ ਤੀਜੀ ਸ਼ਾਮ ਨੂੰ, ਟਰਾਂਟੋ ਵਾਲ਼ੇ ਅਪਾਰਮੈਂਟ ਦਾ ਦਰਵਾਜ਼ਾ ਆ ਖੜਕਾਇਆ: ਇੱਕ ਹੱਥ 'ਚ ਦੋਹਾਂ ਨਵ-ਜਨਮੀਆਂ ਲਈ ਕੱਪੜਿਆਂ ਨਾਲ਼ ਭਰੇ ਲਿਫ਼ਾਫ਼ੇ, ਤੇ ਦੂਜੇ 'ਚ ਮੇਰੇ ਲਈ ਡਿਊਟੀ-ਫ਼ਰੀ ਸ਼ਾਪ ਤੋਂ ਖ਼ਰੀਦੀ ਹੋਈ ਸਕਾੱਚ ਦੀ ਬੋਤਲ।
ਧੀਆਂ ਦੇ ਜਨਮ ਦੀਆਂ ਵਧਾਈਆਂ ਤੋਂ ਵਿਹਲਾ ਹੋ ਕੇ ਨਰਿੰਦਰ ਨੇ ਆਪਣਾ ਸੱਜਾ ਹੱਥ ਆਪਣੇ ਕੋਟ ਦੀ ਅੰਦਰਲੀ ਜੇਬ ਵਿੱਚ ਉਤਾਰ ਦਿੱਤਾ।
-ਆਹ ਫੜ, ਭੈਣ, ਨਰਿੰਦਰ ਨੇ ਖ਼ਾਕੀ ਰੰਗ ਦਾ ਲਿਫ਼ਾਫ਼ਾ ਸਾਗਰ ਵੱਲ ਵਧਾਅ ਦਿੱਤਾ। -ਹੁਣ 'ਧੰਨਵਾਦ, ਧੰਨਵਾਦ' ਨਾ ਕਹਿਣ ਲੱਗਪੀਂ!
ਸਾਗਰ ਦੀਆਂ ਵਾਰ-ਵਾਰ ਝਮਕ ਰਹੀਆਂ ਅੱਖਾਂ 'ਚੋਂ ਨਮੀ ਢਲਣ ਲੱਗੀ।
-ਇੱਕ ਗੱਲ ਹੋਰ ਸੁਣ ਲਾ, ਭੈਣ! ਚਾਹ ਦੀ ਪਿਆਲੀ 'ਚੋਂ ਆਖ਼ਰੀ ਘੁੱਟ ਨੂੰ ਗਲ਼ੇ 'ਚੋਂ ਹੇਠਾਂ ਲਮਕਾਉਣ ਮਗਰੋਂ ਨਰਿੰਦਰ ਬੋਲਿਆ: ਮੇਰੇ ਹੁੰਦਿਆਂ ਅਟਕਾਅ ਨੀ ਪੈਣਾ ਚਾਹੀਦਾ ਵੀਰ ਜੀ ਦੀ ਪੜ੍ਹਾਈ 'ਚ!

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346