Welcome to Seerat.ca
Welcome to Seerat.ca

ਸਾਡਾ ਸੂਰਮਾ ਲੇਖਕ ਅਜਮੇਰ ਔਲਖ
(ਔਲਖ ਨੂੰ ਭਾਈ ਲਾਲੋ ਲੋਕ-ਸਨਮਾਨ ਮਿਲਣ ਤੇ)

 

- ਵਰਿਆਮ ਸਿੰਘ ਸੰਧੂ

ਕਰਦੇ ਗਾਲ਼ਾਂ ਦਾ ਜਿਥੇ ਸਤਿਕਾਰ ਲੋਕੀਂ

 

- ਅਜਮੇਰ ਸਿੰਘ ਔਲਖ

ਪੁਸਤਕ ਗੋਲਡਨ ਗੋਲ ਦੀ ਗੱਲ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਮੋਹ-ਭਿੱਜਿਆ ਨਰਿੰਦਰ ਮੋਹੀ
(ਲਿਖੀ-ਜਾ-ਰਹੀ ਸਵੈਜੀਵਨੀ (ਭਾਗ-ਦੋ) ਬਰਫ਼ ਵਿੱਚ ਉਗਦਿਆਂ ਵਿੱਚੋਂ)

 

- ਇਕਬਾਲ ਰਾਮੂਵਾਲੀਆ

...ਜਾਂ ਸ਼ਾਇਦ ਇਸ ਵਾਰ...

 

- ਬਲਵਿੰਦਰ ਸਿੰਘ ਗਰੇਵਾਲ

ਵਿੱਕਰੀ

 

- ਪਿਆਰਾ ਸਿੰਘ ਭੋਗਲ

ਬਾਪੂ ਜੀ ਦੇ ਅੰਗ-ਸੰਗ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

'ਸਮੇਂ ਦਾ ਫੇਰ'

 

- ਸ੍ਰ: ਹਰਦੀਪ ਸਿੰਘ ਖਾਲਸਾ

ਲੁੱਟਣ ਤੋਂ ਲੁੱਟੇ ਜਾਣ ਤੱਕ ਦੀ ਜਾਗ੍ਰਿਤੀ ਦਾ ਸਫ਼ਰ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਲਦੇਵ ਸਿੰਘ ਧਾਲੀਵਾਲ, ਚੰਦਨ ਨੇਗੀ, ਬਲਜਿੰਦਰ ਨਸਰਾਲੀ,ਹਰਭਜਨ ਸਿੰਘ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੰਗ-ਬ-ਰੰਗੇ ਫੁੱਲ

 

- ਵਰਿਆਮ ਸਿੰਘ ਸੰਧੂ

ਏਤ ਮਾਰਗ ਜਾਣਾ

 

- ਹਰਜੀਤ ਤੇਜਾ ਸਿੰਘ

ਫੋਟੋ

 

- ਗੁਰਮੀਤ ਸੰਧੂ

ਦੇਸ਼ ਹਿਤਾਂ ਨੂੰ ਦਰਕਿਨਾਰ ਕਰ ਰਿਹਾ ਹੈ ਸੰਘ ਪਰਿਵਾਰ

 

- ਹਰਜਿੰਦਰ ਸਿੰਘ ਗੁਲਪੁਰ

ਜਵਾਬ

 

- ਸੁਖਦੇਵ ਸਿੰਘ ਸੇਖੋਂ

ਦੱਸ ਪੰਜਾਬ ਕਰਾਂ ਕੀ ਸਿਫਤ ਤੇਰੀ ?

 

- ਗੁਰਬਾਜ ਸਿੰਘ

ਨਾ ਚਾਹੁੰਦਾ ਹੋਇਆ ਵੀ

 

- ਵਰਿੰਦਰ ਖੁਰਾਣਾ

ਕੀ ਮਨੁੱਖ ਦਾ ਕੋਈ ਦੇਸ਼ ਹੈ?

 

- ਉਂਕਾਰਪ੍ਰੀਤ

ਕਥਾ ਇਕ ਪਿਆਸ ਦੀ

 

- ਜਗਸੀਰ ਕੋਟਭਾਈ

ਕਰੰਡ

 

- ਗੁਰਮੇਲ ਬੀਰੋਕੇ

ਗੀਤ

 

- ਗੁਰਨਾਮ ਢਿੱਲੋਂ

ਸ਼ਹਿਰ !

 

- ਮਿੰਟੂ ਗੁਰੂਸਰੀਆ

 

Online Punjabi Magazine Seerat

ਬਲਦੇਵ ਸਿੰਘ ਧਾਲੀਵਾਲ, ਚੰਦਨ ਨੇਗੀ, ਬਲਜਿੰਦਰ ਨਸਰਾਲੀ,ਹਰਭਜਨ ਸਿੰਘ ਗਰੇਵਾਲ ਦੇ ਖ਼ਤ
- ਬਲਦੇਵ ਸਿੰਘ ਧਾਲੀਵਾਲ

 

ਇਕ ਵਾਰੀ ਮੇਰੇ ਮਨ ਵਿਚ ਖ਼ਿਆਲ ਆਇਆ ਕਿ ਮੈਂ ਆਪਣੇ ਲਿਖੇ ਖ਼ਤਾਂ ਦੀ ਕਾਪੀ ਵੱਡੇ ਲੋਕਾਂ ਵਾਂਗ ਸਾਂਭ ਕੇ ਰੱਖਿਆ ਕਰਾਂ ਪਰ ਇਹ ਸਿਲਸਿਲਾ ਚੱਲ ਨਾ ਸਕਿਆ। ਇਹ ਦੋ-ਚਾਰ ਖ਼ਤ ਹੀ ਮਸਾਂ ਰੱਖ ਸਕਿਆ।

***

4.3.2004

ਬਹੁਤ ਹੀ ਸਤਿਕਾਰਯੋਗ ਡਾ. (ਕਰਤਾਰ ਸਿੰਘ) ਸੂਰੀ ਸਾਹਿਬ,
ਸਤਿ ਸ੍ਰੀ ਅਕਾਲ ! ਤੁਸੀਂ ਜਿੰਨੇ ਮਾਣ ਨਾਲ ਆਪਣੀ ਪੁਸਤਕ ਅਮਿੱਟ ਯਾਦਾਂ ਭੇਜੀ ਸੀ ਅਤੇ ਬਾਅਦ ਵਿਚ ਫੋਨ ਉਤੇ ਸੰਪਰਕ ਕਰਨ ਦੀ ਖੇਚਲ ਵੀ ਕੀਤੀ ਸੀ, ਉਹ ਸਭ ਕੁਝ ਬੜਾ ਚੰਗਾ ਚੰਗਾ ਲੱਗਿਆ ਸੀ। ਮੈਂ ਇਹ ਕਿਤਾਬ ਪੂਰੇ ਤਿੰਨ ਦਿਨ ਲਾ ਕੇ ਕਵਰ ਤੋਂ ਕਵਰ ਤੱਕ ਅੱਖਰ ਅੱਖਰ ਪੜ੍ਹੀ ਹੈ। ਡਾ. ਹਰਿਭਜਨ ਸਿੰਘ ਭਾਟੀਆ ਦੀ ਮੁੱਢਲੀ ਗੱਲ ਵਿਚ ਇਸ ਪੁਸਤਕ ਦੇ ਯੋਗਦਾਨ ਨੂੰ ਬਹੁਤ ਢੁੱਕਵੇਂ ਸ਼ਬਦਾਂ ਵਿਚ ਅੰਕਿਆ ਗਿਆ ਹੈ। ਸੱਚਮੁੱਚ ਨਾਵਲਕਾਰ ਨਾਨਕ ਸਿੰਘ ਇਸ ਰਚਨਾ ਦਾ ਨਾਇਕ ਹੈ। ਹਰ ਔਖੀ ਘੜੀ ਵਿਚ ਉਹ ਨਾਇਕ ਜਿਵੇਂ ਸਹਿਜ ਨਾਲ ਵਿਚਰਦਾ ਹੈ, ਉਹ ਪਾਠਕ ਦੇ ਅੰਦਰ ਬੜਾ ਕੁਝ ਨਵਾਂ ਸਿਰਜਣ ਦਾ ਸਬੱਬ ਬਣਦਾ ਹੈ। ਜੇ ਬਚਪਨ ਵਿਚ ਨਾਨਕ ਸਿੰਘ ਵੀ ਮਾਸਟਰ ਵਾਂਗ ਕੁੱਟ ਕੇ ਤੁਹਾਡੀ ਜ਼ਿੰਦਗੀ ਨੂੰ ਸੁਧਾਰਨ ਦਾ ਯਤਨ ਕਰਦਾ ਤਾਂ ਤੁਸੀਂ ਵੀ ਜ਼ਰੂਰ ਆਪਣੇ ਮਾਮੇ ਵਾਲੇ ਰਾਹ ਹੀ ਤੁਰਦੇ। ਸੰਤਾਲੀ ਦੇ ਘੱਲੂਘਾਰੇ ਸਮੇਂ ਹੀ ਨਹੀਂ ਸਗੋਂ ਹਰੇਕ ਸਥਿਤੀ ਵਿਚ ਇਹ ਨਾਇਕ ਜੀਵਨ ਦੀਆਂ ਉੱਤਮ ਕਦਰਾਂ ਦੀ ਰਖਵਾਲੀ ਕਰਦਾ ਹੈ। ਨਾਵਲ-ਚੋਰ ਨੂੰ ਮਾਫ ਕਰਨ ਵਾਲੀ ਘਟਨਾ ਲਾਜਵਾਬ ਹੈ। ਇਸ ਪੁਸਤਕ ਦੀ ਨਿਵੇਕਲੀ ਗੱਲ ਇਹ ਹੈ ਕਿ ਨਾਨਕ ਸਿੰਘ ਬਾਰੇ ਜੋ ਕੁਝ ਤੁਸੀਂ ਲਿਖਿਆ ਹੈ, ਉਹ ਸਿਰਫ ਤੁਸੀਂ ਹੀ ਲਿਖ ਸਕਦੇ ਸੀ। ਚੰਗਾ ਕੀਤਾ ਕਿ ਤੁਸੀਂ ਇਸ ਫਰਜ਼ ਨੂੰ ਟਾਲਿਆ ਨਹੀਂ। ਇਉਂ ਲਗਦਾ ਰਿਹਾ ਜਿਵੇਂ ਤਿੰਨ ਦਿਨ ਮੈਂ ਵੀ ਨਾਨਕ ਸਿੰਘ ਦੇ ਨਾਲ ਨਾਲ ਕਿਤੇ ਡਲਹੌਜੀ, ਕਿਤੇ ਪ੍ਰੀਤ ਨਗਰ ਅਤੇ ਕਿਤੇ ਅੰਮ੍ਰਿਤਸਰ ਫਿਰਦਾ ਰਿਹਾ ਹੋਵਾਂ।
ਚੰਗੀ ਲਿਖਤ ਮੈਨੂੰ ਭੇਜ ਕੇ ਤੁਸੀਂ ਮੇਰੇ ਤੇ ਉਪਕਾਰ ਕੀਤਾ ਹੈ। ਤੁਸੀਂ ਕਿੰਨੇ ਖੁਸ਼ਕਿਸਮਤ ਹੋ ਕਿ ਤੁਹਾਨੂੰ ਬਾਊ ਜੀ ਦੀ ਛੱਤ ਮਿਲੀ ਅਤੇ ਅਸੀਂ ਕਿੰਨੇ ਭਾਗਸ਼ਾਲੀ ਹਾਂ ਕਿ ਆਪਣੇ ਖ਼ਜ਼ਾਨੇ ਵਿਚੋਂ ਇਕ ਬੁੱਕ ਸਾਡੀ ਝੋਲੀ ਵੀ ਪਾ ਦਿੱਤਾ। ਆਪ ਜੀ ਦੇ ਪਰਿਵਾਰ ਲਈ ਸਤਿਕਾਰ,

ਮੋਹ ਨਾਲ ਆਪ ਦਾ,
ਬਲਦੇਵ ਸਿੰਘ ਧਾਲੀਵਾਲ
ਪੰਜਾਬੀ ਯੂਨੀਵਰਸਿਟੀ, ਪਟਿਆਲਾ

***

22.4.2004

ਸਤਿਕਾਰਯੋਗ ਵੱਡੇ ਵੀਰ ਪ੍ਰਮਿੰਦਰਜੀਤ ਜੀ,
ਯਾਦ ! ਅਪ੍ਰੈਲ ਵਾਲਾ ਅੱਖਰ ਪੜ੍ਹਿਆ। ਆਪਣੀਆਂ ਸੰਪਾਦਕੀ ਟਿੱਪਣੀਆਂ ਵਿਚ ਤੁਸੀਂ ਕਿਸੇ ਸੁਰੀਲੇ ਕਵੀ ਦੇ ਹੰਕਾਰ ਦੀ ਗੱਲ ਕੀਤੀ ਹੈ। ਅਗਾਂਹ ਇਕ ਡੱਬੀ ਵਿਚ ਪਾਤਰ ਦੀ ਸੁਰੀਲੀ ਹਰਮਨ ਪਿਆਰਤਾ ਨਾਲ ਜਿੱਤੀ ਚੋਣ ਲਈ ਮੁਬਾਰਕ ਵੀ ਪੇਸ਼ ਕੀਤੀ ਹੈ। ਅਦੀਬਾਂ ਦੀ ਸਿਆਸੀ ਪੈਂਤੜੇਬਾਜੀ ਕਹਿ ਕੇ ਲੁਧਿਆਣੇ ਵਾਲੀ ਅਕਾਦਮੀ ਦੀ ਚੋਣ ਉਤੇ ਅਫ਼ਸੋਸ ਵੀ ਪ੍ਰਗਟ ਕੀਤਾ ਹੈ। ਇਹ ਸਾਰਾ ਕੁਝ ਗੋਲ-ਮੋਲ ਕਿਉਂ ਕਰ ਦਿੱਤਾ ਹੈ ? ਜੇ ਤੁਸੀਂ ਸੱਚਮੁੱਚ ਬੇਬਾਕ ਹੋ ਅਤੇ ਇਨ੍ਹਾਂ ਗੱਲਾਂ ਤੋਂ ਉੱਪਰ ਹੋ ਤਾਂ ਸਪੱਸ਼ਟ ਪੈਂਤੜਾ ਲੈ ਕੇ ਟਿੱਪਣੀ ਕਰਿਆ ਕਰੋ।
ਸ੍ਰੀਮਾਨ ਇੰਦੇ ਨੇ ਵੀ ਆਪਣੀ ਕਵਿਤਾ ਸੁਰਜੀਤ ਪਾਤਰ ਰਾਹੀਂ ਭੜਾਸ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਕੁਝ ਸਮੇਂ ਤੋਂ ਡਾ. ਗੁਰਬਚਨ ਵੀ ਸੁਰਜੀਤ ਪਾਤਰ ਨੂੰ ਪ੍ਰਤਿਭਾਸ਼ੀਲ ਕਵੀ ਦੀ ਥਾਂ ਸਿਰਫ਼ ਗਾਇਕ ਸਿੱਧ ਕਰਨ ਲੱਗਿਆ ਹੋਇਆ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਆਪਣੀ ਭਾਸ਼ਾ ਦੇ ਏਨੇ ਉੱਚ-ਦੁਮਾਲੜੇ ਸ਼ਾਇਰ ਨੂੰ ਇਉਂ ਈਰਖਾ ਦੇ ਅਗਨ-ਬਾਣਾਂ ਨਾਲ ਕਿਉਂ ਵਿੰਨ੍ਹਿਆ ਜਾ ਰਿਹਾ ਹੈ ? ਸਾਨੂੰ ਤਾਂ ਸਗੋਂ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਵੀ ਇਕ ਸੁਰਜੀਤ ਪਾਤਰ ਹੈ। ਹੋਰ ਕਿਹੜਾ ਆਧੁਨਿਕ ਪੰਜਾਬੀ ਕਵੀ ਹੈ ਜਿਸਨੂੰ ਜਨ-ਸਾਧਾਰਨ ਅਤੇ ਬੌਧਿਕ ਮੁਹਤਬਰਾਂ ਨੇ ਇਕੋ ਸਮੇਂ ਸਵੀਕਾਰਿਆ ਹੈ, ਜਿਸਦੀ ਰਚਨਾ ਲੋਕ-ਗੀਤਾਂ ਵਾਂਗੂੰ ਜ਼ੁਬਾਨ ਉਤੇ ਚੜ੍ਹ ਗਈ ਹੈ ?
ਇੰਦੇ ਦੀਆਂ ਬਾਕੀ ਦੋ ਨਜ਼ਮਾਂ ਬੰਦਾ ਹਸਦਾ ਹੈ ਅਤੇ ਕੌਣ ਨਾ ਜਾਣੇ ਭਲੀ-ਭਾਂਤ ਦੱਸ ਦਿੰਦੀਆਂ ਹਨ ਕਿ ਉਹ ਕਿੱਡਾ ਕੁ ਕਵੀ ਹੈ। ਏਨੇ ਛੋਟੇ ਕਵੀ ਵੱਲੋਂ ਪਾਤਰ ਦਾ ਮਜ਼ਾਕ ਉਡਾਉਣਾ ਵੈਸੇ ਹੀ ਚੰਦ ਉਤੇ ਥੁੱਕਣ ਵਾਲੀ ਗੱਲ ਲਗਦੀ ਹੈ, ਪਰ ਈਰਖਾ ਅਜਿਹਾ ਕੁਝ ਕਰਾਉਂਦੀ ਹੈ। ਬਦਕਿਸਮਤੀ ਨੂੰ ਇੰਦੇ ਦੀ ਸੁਰ ਅਤੇ ਸੰਪਾਦਕੀ ਸੁਰ ਰਲਗੱਡ ਹੋ ਗਈਆਂ ਹਨ। ਜੇ ਅਜਿਹਾ ਸੁਚੇਤ ਪੱਧਰ ਤੇ ਹੋਇਆ ਹੈ ਤਾਂ ਇਹ ਅੱਖਰ ਦੇ ਮਿਆਰ ਤੋਂ ਡਿੱਗਣ ਵਾਲੀ ਗੱਲ ਹੈ।
ਪੰਜਾਬੀ ਕਹਾਣੀ ਦੇ ਮਾਣ ਗੁਰਦੇਵ ਸਿੰਘ ਰੁਪਾਣਾ ਦੀ ਕਹਾਣੀ ਬੜੀ ਤੀਬਰਤਾ ਨਾਲ ਉਡੀਕ ਰਿਹਾ ਸਾਂ ਪਰ ਪੜ੍ਹ ਕੇ ਨਿਰਾਸ਼ਾ ਹੋਈ। ਕਹਾਣੀ ਦੀ ਥਾਂ ਇਹ ਵਿਅੰਗ-ਲੇਖ ਹੀ ਜਾਪਦਾ ਹੈ।
1973 ਵਿਚ ਛਪੇ ਸੁਖਬੀਰ ਦੇ ਨਾਵਲ ਗਰਦਸ਼ ਬਾਰੇ ਨਰਿੰਦਰ ਪਾਹਵਾ ਦਾ ਸਾਧਾਰਨ ਜਿਹਾ ਲੇਖ ਹੁਣ ਛਾਪਣ ਦੀ ਗੱਲ ਕੁਝ ਹਜ਼ਮ ਨਹੀਂ ਹੋਈ। ਸ਼ਾਇਦ ਕੋਈ ਮਜ਼ਬੂਰੀ ਹੋਵੇ, ਪਰ ਹਰ ਗੱਲ ਢੁੱਕਵੇਂ ਮੌਕੇ ਉਤੇ ਹੀ ਚੰਗੀ ਲਗਦੀ ਹੈ।
ਸੰਤੋਖ ਸ਼ਹਰਯਾਰ ਦਾ ਸਵੈ-ਕਥਨ ਕਿੰਗਰੇ ਥੋੜ੍ਹੇ ਵਿਚ ਹੀ ਬਹੁਤ ਕੁਝ ਕਹਿਣ ਵਾਲੀ ਭਾਵਪੂਰਤ ਰਚਨਾ ਹੈ।
ਅੱਖਰ ਨਾਲ ਲਗਾਅ ਕਾਰਨ ਹੀ ਇਹ ਗੱਲਾਂ ਲਿਖੀਆਂ ਹਨ, ਨਹੀਂ ਤਾਂ ਆਮ ਕਰਕੇ ਅਜਿਹਾ ਲਿਖਣਾ ਐਵੇਂ ਦੋਸਤਾਂ ਨੂੰ ਰੁਸਾਉਣ ਵਾਲੀ ਗੱਲ ਹੀ ਹੁੰਦੀ ਹੈ। ਇਸ ਲਈ ਚੱਲ ਛੱਡ ਪਰ੍ਹੇ ਕਰ ਛੱਡੀਦਾ ਹੈ।

ਬਲਦੇਵ ਸਿੰਘ ਧਾਲੀਵਾਲ

***

17.10.05

ਪਿਆਰੇ ਵੀਰ ਜਿੰਦਰ,
ਯਾਦ ! ਕਾਫੀ ਅਰਸੇ ਪਿੱਛੋਂ ਤੇਰੀ ਚਿੱਠੀ ਮਿਲੀ ਅਤੇ ਉਹ ਵੀ ਮੇਰੀ ਕਹਾਣੀ ਕੀੜੀਆਂ ਦੀ ਮੌਤ ਦੀ ਪ੍ਰਸ਼ੰਸਾ ਵਿਚ, ਸੱਚੀਂ ਬਹੁਤ ਚੰਗਾ ਲੱਗਿਆ। ਮੈਂ ਤਾਂ ਸਮਝੀ ਬੈਠਾ ਸਾਂ ਕਿ ਤੂੰ ਮੈਨੂੰ ਆਪਣੇ ਮਨ ਦੀ ਸਲੇਟ ਤੋਂ ਪੂਰੀ ਤਰ੍ਹਾਂ ਪੂੰਝ ਚੁੱਕਾ ਹੈਂ। ਹਾਲਾਂ ਕਿ ਸਾਡੇ ਦਰਮਿਆਨ ਕਦੇ ਕੁਝ ਨਾਖੁਸ਼ਗੁਆਰ ਵੀ ਨਹੀਂ ਵਾਪਰਿਆ ਪਰ ਫਿਰ ਵੀ ਕੋਈ ਅਦਿੱਖ ਜਿਹੀ ਲਕੀਰ ਪਤਾ ਨਹੀਂ ਕਿਵੇਂ ਵਿਚਕਾਰ ਵਹਿ ਗਈ ਹੈ। ਖ਼ੈਰ, ਇਹ ਗੱਲਾਂ ਕਦੇ ਫਿਰ ਸਹੀ ਫਿਲਹਾਲ ਮੈਂ ਤੇਰੇ ਵੱਲੋਂ ਵਿਖਾਏ ਪਿਆਰ ਅਤੇ ਸੁਹਿਰਦਤਾ ਲਈ ਰਿਣੀ ਮਹਿਸੂਸ ਕਰ ਰਿਹਾ ਹਾਂ। ਤੇਰੀ ਚਿੱਠੀ ਤੋਂ ਲਗਦਾ ਹੈ ਕਿ ਤੇਰੇ ਦਿਲ ਦੇ ਕੋਨੇ ਵਿਚ ਅਜੇ ਵੀ ਰੀਣ-ਭਰ ਥਾਂ ਮੇਰੇ ਲਈ ਬਚੀ ਹੋਈ ਰਹਿ ਗਈ ਹੈ। ਖ਼ੈਰ, ਮੈਂ ਤਾਂ ਤੇਰਾ ਪੁਰਾਣਾ ਪਾਠਕ ਹਾਂ, ਬਸ ਖ਼ਤ ਲਿਖਣ ਦਾ ਹੌਸਲਾ ਨਾ ਕਰ ਸਕਿਆ।
ਸ਼ਬਦ ਮਿਲ ਰਿਹਾ ਹੈ, ਧੰਨਵਾਦ। ਰਜਨੀਸ਼ ਗੁੱਸੇ ਹੋਇਆ ਤਾਂ ਉਸ ਨੇ ਪ੍ਰਵਚਨ ਹੀ ਬੰਦ ਕਰ ਦਿੱਤਾ ਸੀ। ਤੂੰ ਐਤਕੀ ਮੈਨੂੰ ਅਟਵਾਲ ਦਾ ਨਵਾਂ ਨਾਵਲ ਨਹੀਂ ਪੜ੍ਹਾਇਆ, ਅੱਗੇ ਕਦੇ ਇਉਂ ਨਹੀਂ ਸੀ ਹੋਇਆ।

ਤੇਰਾ,
ਬਲਦੇਵ ਸਿੰਘ ਧਾਲੀਵਾਲ

***

ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਤਿਕਾਰਯੋਗ ਹਰਭਜਨ ਸਿੰਘ ਗਰੇਵਾਲ ਜੀ,
ਸਤਿ ਸ੍ਰੀ ਅਕਾਲ ! ਪਿਛਲੇ ਦਿਨੀਂ ਤੁਹਾਡੀ ਬਹੁਤ ਪਿਆਰੀ ਚਿੱਠੀ ਮਿਲੀ। ਜਿਸ ਤਰ੍ਹਾਂ ਤੁਸੀਂ ਖੁੱਲ੍ਹੇ ਮਨ ਨਾਲ ਮੋਤੀਆਂ ਦੀ ਚੋਗ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਮੈਨੂੰ ਸ਼ਾਬਾਸ਼ ਦਿੱਤੀ ਹੈ, ਉਸ ਤਰ੍ਹਾਂ ਅੱਜ ਕੱਲ੍ਹ ਘੱਟ ਹੀ ਮਿਲਦੀ ਹੈ। ਲਗਦਾ ਹੈ ਬਹੁਤੇ ਪਾਠਕ ਕੰਜੂਸ ਹੋ ਗਏ ਹਨ। ਮੈਨੂੰ ਸੱਚੀਂ ਬਹੁਤ ਹੱਲਾਸ਼ੇਰੀ ਮਿਲੀ ਹੈ। ਤੁਹਾਡੇ ਵਰਗਾ ਤਾਂ ਇਕ ਪਾਠਕ ਹੀ ਰਚਨਾ ਦਾ ਜੀਵਨ-ਸਫਲਾ ਕਰ ਦਿੰਦਾ ਹੈ।
ਖ਼ਤ ਥੋੜ੍ਹਾ ਅਟਕ ਕੇ ਲਿਖ ਰਿਹਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਜ਼ਰੂਰ ਆਪਣੇ ਪਿੰਡ ਪਰਤ ਆਏ ਹੋਵੋਂਗੇ। ਕਦੇ ਮੌਕਾ ਬਣਿਆ ਤਾਂ ਮਿਲ ਬੈਠ ਕੇ ਗੱਲਾਂ ਕਰਾਂਗੇ। ਤੁਹਾਡੇ ਵਾਂਗ ਮੇਰੇ ਹੋਰ ਵੀ ਬਜ਼ੁਰਗ ਦੋਸਤ ਹਨ; ਉਮਰ ਦੀ ਕੋਈ ਗੱਲ ਨਹੀਂ ਬੱਸ ਬੰਦਾ ਸੋਚ ਤੋਂ ਬੁੜ੍ਹਾ ਨਹੀਂ ਹੋਣਾ ਚਾਹੀਦਾ। ਤੁਹਾਡੇ ਵਿਚ ਮੈਨੂੰ ਸੁਤੰਤਰ ਢੰਗ ਨਾਲ ਜਿਉਣ ਦੀ ਤਾਂਘ ਬਹੁਤ ਪ੍ਰਬਲ ਲੱਗੀ ਹੈ। ਬੱਸ ਇਹੀ ਬੰਦੇ ਦਾ ਮੂਲ ਹੁੰਦੀ ਹੈ। ਤੁਹਾਡੀ ਚੰਗੀ ਸਿਹਤ ਲਈ ਕਾਮਨਾ ਕਰਦਾ ਹਾਂ ! ਦੋ ਪੈੱਗ ਸਕਾਚ ਸਾਂਭ ਕੇ ਰੱਖਿਓ, ਕਦੇ ਇਕੱਠੇ ਬੈਠ ਕੇ ਪੀ ਲਵਾਂਗੇ। ਪਰਿਵਾਰ ਨੂੰ ਪਿਆਰ ਤੇ ਸਤਿਕਾਰ।

ਮੋਹ ਨਾਲ ਆਪ ਦਾ,
ਬਲਦੇਵ ਸਿੰਘ ਧਾਲੀਵਾਲ

***

ਸਤਿਕਾਰਯੋਗ ਅਜੀਤ ਕੌਰ ਜੀ,
ਮੋਹ ਭਰੀ ਯਾਦ। ਉਮੀਦ ਹੈ ਤੁਸੀਂ ਹਰ ਪੱਖੋਂ ਚੜ੍ਹਦੀ ਕਲਾ ਵਿਚ ਹੋਵੋਂਗੇ। ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਮੁਆਫ਼ੀ ਚਾਹੁੰਦਾ ਹਾਂ ਕਿ ਮੈਂ ਆਪਣੇ ਸ਼ੁਕਰਾਨੇ ਦੇ ਲਫ਼ਜ਼ ਏਨੀ ਦੇਰੀ ਨਾਲ ਭੇਜ ਰਿਹਾ ਹਾਂ। ਇਸ ਦੀ ਜਾਇਜ਼ ਵਜ੍ਹਾ ਇਹ ਸੀ ਕਿ ਮੇਰੀ ਸਿਹਤ ਕਈ ਦਿਨ ਵਿਗੜੀ ਰਹੀ। ਖ਼ੈਰ, ਅਲੀਗੜ੍ਹ ਵਾਲੇ ਸਾਰਕ ਦੇਸ਼ਾਂ ਦੇ ਸੈਮੀਨਾਰ ਵਿਚ ਸ਼ਾਮਿਲ ਹੋਣਾ ਬਹੁਤ ਹੀ ਵਧੀਆ ਲੱਗਿਆ। ਆਪਣੇ ਗੁਆਂਢੀ ਮੁਲਕਾਂ ਦੇ ਲੋਕਾਂ ਨਾਲ ਵੀ ਮੈਂ ਕਦੇ ਏਨਾ ਨੇੜੇ ਬੈਠ ਕੇ ਨਹੀਂ ਸੀ ਵੇਖਿਆ। ਕਿਸ ਕਿਸ ਦਾ ਨਾਂ ਲਵਾਂ, ਬਹੁਤ ਸਾਰੇ ਅਦੀਬ ਹੁਣ ਆਪਣੇ ਆਪਣੇ ਲੱਗਣ ਲੱਗ ਪਏ ਹਨ ਅਤੇ ਉਨ੍ਹਾਂ ਨਾਲ ਈ-ਮੇਲ ਰਾਹੀਂ ਰਾਬਤਾ ਬਣਿਆ ਹੋਇਆ ਹੈ। ਤੁਹਾਡਾ ਖੁੱਲ-ਖੁਲਾਸਾ ਅਤੇ ਮੁਹੱਬਤੀ ਅੰਦਾਜ਼ ਤਾਂ ਜਿਵੇਂ ਮੇਰੀ ਰੂਹ ਵਿਚ ਹੀ ਰਚ ਗਿਆ ਹੈ। ਮੇਰੇ ਲਈ ਇਹ ਇਤਿਹਾਸਕ ਪ੍ਰਾਪਤੀ ਹੈ ਕਿ ਮੈਂ ਅਜੀਤ ਕੌਰ ਦੀ ਜੀਵਨ-ਸ਼ੈਲੀ ਨੂੰ ਇਸ ਕਦਰ ਨਜਦੀਕ ਤੋਂ ਵੇਖਣ ਦਾ ਮਾਣ ਹਾਸਲ ਕੀਤਾ ਹੈ।
ਸਾਰਕ ਦੇਸ਼ਾਂ ਦੀ ਸਾਂਝ ਦਾ ਸੁਪਨਾ ਲੈਣਾ ਹੀ ਬਹੁਤ ਵੱਡੀ ਗੱਲ ਹੈ। ਪਰ ਵੱਡੇ ਸੁਪਨੇ ਲੈਣ ਕਰਕੇ ਹੀ ਤਾਂ ਅਜੀਤ ਕੌਰ ਨੂੰ ਅਜੀਤ ਕੌਰ ਆਖਦੇ ਹਨ। ਤੁਹਾਡੇ ਇਸ ਸੁਪਨੇ ਨੂੰ ਤਾਮੀਰ ਕਰਨ ਵਿਚ ਮੈਂ ਕੋਈ ਹੱਥ ਵਟਾ ਸਕਾਂ ਤਾਂ ਮੈਨੂੰ ਦਿਲੀ ਖੁਸ਼ੀ ਹੋਵੇਗੀ। ਅਰਪਨਾ ਜੀ ਨੂੰ ਵੀ ਮੇਰਾ ਆਦਾਬ ਕਹਿਣਾ। ਉਨ੍ਹਾਂ ਨੇ ਮੈਨੂੰ ਆਪਣੀ ਪੇਂਟਿੰਗ ਦੀ ਦੁਨੀਆਂ ਵਿਚ ਝਾਤ ਪਾਉਣ ਦਾ ਮੌਕਾ ਦਿੱਤਾ। ਬਹੁਤ ਹੀ ਅਪਣੱਤ ਨਾਲ।

ਆਪ ਦਾ,
ਬਲਦੇਵ ਸਿੰਘ ਧਾਲੀਵਾਲ

ਪੀ.ਐਸ.- ਮੈਨੂੰ ਅਹਿਸਾਸ ਹੈ ਤੁਹਾਡੇ ਰੁਝੇਵਿਆਂ ਦਾ, ਇਸ ਲਈ ਨਮੂਨੇ ਮਾਤਰ ਆਪਣੀ ਇਕ ਕਹਾਣੀ ਪੜ੍ਹਨ ਲਈ ਭੇਜ ਰਿਹਾ ਹਾਂ। ਮੇਰਾ ਵਿਸ਼ਵਾਸ ਹੈ ਕਿ ਇਸ ਤੇ ਲਾਇਆ ਵਕਤ ਤੁਹਾਨੂੰ ਅੰਜਾਈਂ ਗਵਾਇਆ ਨਹੀਂ ਲੱਗੇਗਾ। ਕੁਝ ਹੋਰ ਜਾਣਕਾਰੀ ਵੀ ਭੇਜ ਰਿਹਾ ਹਾਂ।

ਚੰਦਨ ਨੇਗੀ ਦਾ ਖ਼ਤ

ਪ੍ਰਸਿੱਧ ਕਹਾਣੀਕਾਰ ਚੰਦਨ ਨੇਗੀ ਨਾਲ ਸਾਹਿਤਕ ਸਾਂਝ ਮੈਂ ਆਪਣੇ ਵਿਦਿਆਰਥੀ ਜੀਵਣ ਵੇਲੇ ਹੀ ਬਣਾ ਲਈ ਸੀ। ਉਦੋਂ ਮੇਰੇ ਅੰਦਰੋਂ ਵੀ ਲੇਖਕ ਫੁੱਟ ਫੁੱਟ ਬਾਹਰ ਆ ਰਿਹਾ ਸੀ।

***

ਨਵੀਂ ਦਿੱਲੀ
24.11.09

ਪਿਆਰੇ ਬਲਦੇਵ ਜੀ,
ਆਸ ਏ ਰਾਜ਼ੀ ਖੁਸ਼ੀ ਹੋਵੋਗੇ ! ਤੁਹਾਡਾ ਲੰਮਾ ਇੰਟਰਵਿਊ ਕਿਸੀ ਪਰਚੇ ਵਿਚ ਹੁਣੇ ਹੁਣੇ ਪੜ੍ਹਿਆ ਹੈ। ਤੁਹਾਡਾ ਪਿਛੋਕੜ, ਪੇਂਡੂ ਜ਼ਿੰਦਗੀ ਤੇ ਪੜ੍ਹਾਈ ਦੇ ਢੰਗ ਬਾਰੇ ਚੰਗੀ ਜਾਣਕਾਰੀ ਮਿਲੀ। ਮੈਂ ਤਾਂ ਕਦੀ ਕੋਈ ਪਿੰਡ ਵੇਖਿਆ ਹੀ ਨਹੀਂ ਤੇ ਨਾ ਹੀ ਉਥੋਂ ਦੀ ਜ਼ਿੰਦਗੀ ਬਾਰੇ ਕੋਈ ਜਾਣਕਾਰੀ ਹੈ। ਜਦੋਂ ਵੀ ਕਿਸੀ ਪਿੰਡ ਜਾਣ ਦਾ ਮੌਕਾ ਮਿਲਿਆ ਤਾਂ ਵੱਡੀਆਂ-ਵੱਡੀਆਂ ਰੰਗਦਾਰ ਹਵੇਲੀਆਂ ਨੂੰ ਤਾਲੇ ਵੱਜੇ ਹੋਏ ਵੇਖੇ, ਬਸ ! ਹਾਂ, ਸਿੰਘਾਪੁਰ ਤੋਂ ਕੋਅਲਾਲੰਮਪੁਰ ਭੇ ਞਰ ਜਾਂਦੇ ਇਕ ਸਿੱਖ ਪਰਿਵਾਰ ਦੇ ਘਰ ਗਏ ਸਾਂ। ਉਹ ਉਂਝ ਹੀ ਰਹਿ ਰਹੇ ਸਨ ਜਿਵੇਂ ਤੁਸੀਂ ਲੋਕ ਪਿੰਡਾਂ ਦੀ ਜ਼ਿੰਦਗੀ ਦਾ ਜ਼ਿਕਰ ਕਰਦੇ ਹੋ।
ਆਪ ਜੀ ਨੂੰ ਮਨ ਕੀ ਬਿਰਥਾ ਨਵਾਂ ਨਾਵਲ ਭੇਜ ਰਹੀ ਹਾਂ। ਆਸ ਏ ਊਣਤਾਈਆਂ ਵੱਲੋਂ ਸੁਚੇਤ ਕਰੋਗੇ।
ਨਾਵਲ ਥਾਂ-ਸਿਰ ਪੁੱਜਣ ਲਈ ਦੱਸੋਗੇ ਨਾ ?

ਸ਼ੁਭਚਿੰਤਕ,
ਚੰਦਨ ਨੇਗੀ

ਬਲਜਿੰਦਰ ਨਸਰਾਲੀ ਦੇ ਖ਼ਤ

ਬਲਜਿੰਦਰ ਨਸਰਾਲੀ ਦੇ ਸਿਰ ਉਤੇ ਹੱਥ ਰੱਖਣ ਦੀ ਸਿਫਾਰਿਸ਼ ਮੇਰੇ ਦੋਸਤ ਨਾਵਲਕਾਰ ਕਰਮਜੀਤ ਸਿੰਘ ਕੁੱਸਾ ਨੇ ਕੀਤੀ ਸੀ। ਹੌਲੀ ਹੌਲੀ ਇਹ ਰਿਸ਼ਤਾ ਦੋਸਤੀ ਵਿਚ ਬਦਲ ਗਿਆ ਅਤੇ ਬਲਜਿੰਦਰ ਦੀ ਪੀ-ਐੱਚ.ਡੀ. ਦੌਰਾਨ ਅਧਿਆਪਕ- ਵਿਦਿਆਰਥੀ ਦਾ ਵੀ ਰਿਹਾ। ਬਲਜਿੰਦਰ ਦੇ ਸਮੇਂ-ਸਮੇਂ ਲਿਖੇ ਖ਼ਤਾਂ ਵਿਚੋਂ ਸਾਡੇ ਰਿਸ਼ਤੇ ਦੇ ਕਈ ਰੰਗ ਝਲਕਦੇ ਹਨ।

***

ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ,
ਸੈਕਟਰ 20-ਡੀ, ਚੰਡੀਗੜ੍ਹ।

15.10.92

ਪਿਆਰੇ ਵੀਰ ਜੀ,
ਉਸ ਦਿਨ ਗੱਲਾਂ ਕਰਦਿਆਂ ਮੈਂ ਮਹਿਸੂਸ ਕੀਤਾ ਕਿ ਤੁਸੀਂ ਇਹ ਸਮਝ ਰਹੇ ਹੋ ਕਿ ਮੈਂ ਤੁਹਾਡੀ ਸਲਾਹ ਨਹੀਂ ਮੰਨਦਾ। ਅਸਲ ਵਿਚ ਜਦੋਂ ਵੀ ਤੁਸੀਂ ਕਦੇ ਮੈਨੂੰ ਸਲਾਹ ਦਿੱਤੀ ਹੈ, ਮੈਂ ਉਸਨੂੰ ਸਮਝਿਆ ਹੈ। ਬਲਦੇਵ ਸਿੰਘ ਧਾਲੀਵਾਲ - ਪੰਜਾਬੀ ਦਾ ਸਮਰੱਥ ਕਹਾਣੀਕਾਰ ਤੇ ਆਲੋਚਕ ਸਲਾਹ ਦੇਵੇ ਤੇ ਮੈਂ ਖੁਸ਼ ਨਾ ਹੋਵਾਂ... ਇਹ ਕਿਵੇਂ ਹੋ ਸਕਦਾ ਹੈ। ਮੈਂ ਕਦੇ ਤੁਹਾਡੀ ਕਿਸੇ ਗੱਲ ਦਾ ਗੁੱਸਾ ਵੀ ਨਹੀਂ ਕੀਤਾ ਕਿਉਂਕਿ ਤੁਸੀਂ ਅਜਿਹੀ ਕੋਈ ਗੱਲ ਨਹੀਂ ਕੀਤੀ। ਜੇ ਕੋਈ ਕਰੇ ਵੀ ਤਾਂ ਵੀ ਇਸ ਉਮਰ ਵਿਚ ਸ਼ਹਿਣਸ਼ੀਲਤਾ ਬੰਦੇ ਵਿਚ ਆ ਹੀ ਜਾਂਦੀ ਹੈ। ਮੈਂ ਤੁਹਾਡੀਆਂ ਸਿਰਫ਼ ਤਿੰਨ ਕਹਾਣੀਆਂ ਹੀ ਪੜ੍ਹੀਆਂ ਹਨ - ਸਮਦਰਸ਼ੀ, ਸਿਰਨਾਵਾਂ ਤੇ ਆਰਸੀ ਵਿਚ। ਤਿੰਨਾਂ ਕਹਾਣੀਆਂ ਨੇ ਹੀ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਇਸੇ ਪ੍ਰਭਾਵ ਕਰਕੇ ਮੈਂ ਬਲਦੇਵ ਸਿੰਘ ਧਾਲੀਵਾਲ ਦਾ ਸਤਿਕਾਰ ਕਰਦਾ ਹਾਂ ਤੇ ਸੋਚਦਾ ਹਾਂ ਪੰਜਾਬੀ ਸਾਹਿਤ ਵਿਚ ਮੈਨੂੰ ਕੋਈ ਸਥਾਨ ਪ੍ਰਾਪਤ ਕਰਨ ਲਈ ਬਹੁਤ ਪੈਂਡਾ ਮਾਰਨਾ ਜ'ਟ/ਰਕ।
ਤੁਹਾਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ ਲੈਕਚਰਰਸ਼ਿਪ ਇਲਿਜੀਬਿਲਟੀ ਵਾਲਾ ਮੇਰਾ ਟੈਸਟ ਪਾਸ ਹੋ ਗਿਆ ਹੈ। ਮੈਂ ਇਸ ਲਈ ਕੋਈ ਤਿਆਰੀ ਨਹੀਂ ਸੀ ਕੀਤੀ। ਇਕ ਘੰਟਾ ਵੀ ਨਹੀਂ ਪੜ੍ਹਿਆ। ਪੇਪਰ ਦੇਣ ਲਈ ਹੀ ਦਿੱਤਾ ਸੀ। ਜਦੋਂ ਮੈਨੂੰ ਪੇਪਰ ਸੌਖਾ ਲੱਗਿਆ ਤਾਂ ਮੈਂ ਰੀਝ ਨਾਲ ਹੱਲ ਕਰ ਦਿੱਤਾ। ਜੇਕਰ ਮੈਂ ਤਿਆਰੀ ਨਾਲ ਦੇਵਾਂ ਤਾਂ ਜੇ.ਆਰ.ਐਫ. ਵਾਲਾ ਵੀ ਹੋ ਸਕਦਾ ਹੈ। ਐਤਕੀ ਮੈਂ ਬੀ.ਐਡ. ਤੇ ਬਹੁਤਾ ਜ਼ੋਰ ਨਹੀਂ ਲਗਾਵਾਂਗਾ। ਇੰਮਪਰੂਵਮੈਂਟ ਹੀ ਕਰਾਂਗਾ। ਬਾਕੀ ਮੇਰੇ ਕੋਲ ਤਿੰਨ ਚਾਨਸ ਹਨ, 55ਗ਼ ਬਣਾ ਹੀ ਲਵਾਂਗਾ। ਇਥੇ ਕਾਲਜ ਵਿਚ ਵਧੀਆ ਸਾਹਿਤਕ ਮਾਹੌਲ ਹੈ। ਨਵੀਂ ਪੀੜ੍ਹੀ ਸਾਹਿਤ ਵਿਚ ਕਾਫ਼ੀ ਰੁਚੀ ਲੈਂਦੀ ਹੈ। ਮੇਰਾ ਰੂਮ-ਮੇਟ ਤੇਜਿੰਦਰ ਵਿਰਲੀ ਨਾਂ ਦਾ ਇਕ ਮੁੰਡਾ ਹੈ, ਉਹ ਪੰਜਾਬੀ ਦੀ ਐਮ.ਫ਼ਿਲ ਹੈ ਤੇ ਉਸਦੀ ਇਕ ਨਜ਼ਮਾਂ ਦੀ ਪੁਸਤਕ ਛਪੀ ਹੋਈ ਹੈ। ਜੇ ਹੋ ਸਕੇ ਤਾਂ ਤੁਹਾਡੇ ਡਿਪਾਰਟਮੈਂਟ ਦੇ ਐਮ.ਏ. ਪੰਜਾਬੀ ਦੇ ਆਲੋਚਨਾ ਦੇ ਨੋਟਿਸਾਂ ਦਾ ਪ੍ਰਬੰਧ ਕਰਨਾ। ਜਿਸ ਕਿਤਾਬ ਦੀ ਮੈਨੂੰ ਲੋੜ ਹੋਵੇਗੀ, ਮੈਂ ਤੁਹਾਥੋਂ ਲੈ ਲਵਾਂਗਾ। ਚੰਗਾ ਭਰਾ ਹੁਣ ਮੈਂ ਖ਼ਤ ਬੰਦ ਕਰਦਾ ਹਾਂ। ਸਤਿਕਾਰ ਸਹਿਤ,

ਬਲਜਿੰਦਰ ਨਸਰਾਲੀ
ਕਲਾਸ : ਬੀ.ਐਡ.

***

28.7.94

ਸਤਿਕਾਰਯੋਗ ਅਤੇ ਸਭ ਤੋਂ ਪਿਆਰੇ ਬਲਦੇਵ ਵੀਰ ਜੀ,
ਸਤਿ ਸ੍ਰੀ ਅਕਾਲ ! ਤੁਹਾਡੀਆਂ ਕੋਸ਼ਿਸ਼ਾਂ ਸਦਕਾ ਮੈਂ ਲੈਕਚਰਾਰ ਬਣ ਗਿਆ ਹਾਂ। ਜਦੋਂ ਸਾਥੀ ਟੀਚਰ ਪ੍ਰੋਫੈਸਰ ਸਾਹਿਬ ਆਖਕੇ ਬੁਲਾਉਂਦੇ ਹਨ ਤੇ ਵਿਦਿਆਰਥੀ ਅਦਾਬ ਨਾਲ ਸਿਰ ਝੁਕਾਉਂਦੇ ਹਨ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਕੀ ਸੱਚੀਂ ਮੈਂ ਲੈਕਚਰਾਰ ਬਣ ਗਿਆ ਹਾਂ ? ਹੁਣ ਵਿਸ਼ਵਾਸ ਵੀ ਹੋਣ ਲੱਗ ਪਿਆ ਹੈ ਕਿ ਬਣ ਗਿਆ ਹਾਂ ਤੇ ਸਭ ਤੁਸੀਂ ਹੀ ਕੀਤਾ ਹੈ।
ਮੈਂ ਬੀ.ਐਸ.ਸੀ. ਭਾਗ ਪਹਿਲਾ ਅਤੇ ਤੀਜਾ ਅਤੇ ਬੀ.ਕਾਮ. ਭਾਗ ਦੂਜਾ ਦੀਆਂ ਕਲਾਸਾਂ ਨੂੰ ਪੜ੍ਹਾਉਂਦਾ ਹਾਂ। ਵਿਦਿਆਰਥੀ ਚੰਗੇ ਹਨ। ਮੈਂ ਅੱਜਕੱਲ੍ਹ ਵਿਆਕਰਣ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਆਪਣਾ ਟੂਰ ਸੱਚੀਂ ਵਧੀਆ ਰਿਹਾ। ਹੈਰਾਨੀ ਦੀ ਗੱਲ ਹੈ ਕਿ ਨੌਕਰੀ ਮਿਲਣ ਤੋਂ ਬਾਅਦ ਮੈਨੂੰ ਟੂਰ ਦੀ ਯਾਦ ਹੋਰ ਵੀ ਸੁਆਦਲੀ ਲਗਦੀ ਹੈ। ਚਾਰ ਦਿਨਾਂ ਵਿਚ ਆਪਣਾ ਪਲ-ਪਲ ਦਾ ਸਾਥ ਰਿਹਾ; ਇਸ ਸਮੇਂ ਦੌਰਾਨ ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ। ਤੁਸੀਂ ਮੈਨੂੰ ਆਪਣੇ ਤੋਂ ਛੋਟੇ ਨੂੰ ਬਹੁਤ ਵਧੀਆ ਤਰ੍ਹਾਂ ਅਡਜਸਟ ਕੀਤਾ।
ਲਖਵੀਰ ਭਾਜੀ ਬਹੁਤ ਚੰਗੇ ਹਨ। ਮੈਂ ਤਿੰਨ ਕੁ ਰਾਤਾਂ ਉਨ੍ਹਾਂ ਦੇ ਘਰ ਰਿਹਾ। ਇਕ ਰਾਤ ਦਵਿੰਦਰ ਮੰਡ ਅਤੇ ਸੁਰਿੰਦਰ ਸੋਹਲ ਹੁਰਾਂ ਨਾਲ। ਉਹ ਤੁਹਾਨੂੰ ਯਾਦ ਕਰਦੇ ਸੀ ਤੇ ਤੁਹਾਡੀਆਂ ਗੱਲਾਂ ਕਰਦੇ ਸਨ। ਹੁਣ ਮੈਂ ਕਮਰਾ ਲੈ ਲਿਆ ਹੈ। ਕਾਲਜ ਦੇ ਨੇੜੇ ਹੀ ਜਿਥੇ ਤੁਸੀਂ ਰਹਿੰਦੇ ਸੀ ਉਸਦੇ ਨਾਲ ਹੀ ਹੈ। ਜਦੋਂ ਤੁਸੀਂ ਜਲੰਧਰ ਆਵੋਂ ਤਾਂ ਸਿੱਧਾ ਮੇਰੇ ਕੋਲ ਆਉਣਾ। ਹੋਰ ਸਭ ਠੀਕ ਹੈ। ਭੈਣ ਜੀ ਹੁਰਾਂ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਆਸ਼ੂ ਨੂੰ ਪਿਆਰ।
ਟੂਰ ਦੌਰਾਨ ਮੈਂ ਤੁਹਾਡੇ ਪੈਸੇ ਕੁਝ ਜਿਆਦਾ ਹੀ ਖਰਚਾ ਦਿੱਤੇ ਸਨ। ਜਦੋਂ ਹੁਣ ਅਗਲੇ ਟੂਰ ਤੇ ਜਾਵਾਂਗੇ ਤਾਂ ਤੁਸੀਂ ਮੇਰੇ ਖਰਚਾਉਣੇ ਨਾ ਭੁੱਲਿਓ। ਚਿੱਠੀ ਪਾਇਓ।

ਪਿਆਰ ਨਾਲ ਤੁਹਾਡਾ,
ਬਲਜਿੰਦਰ

***

ਜਲੰਧਰ
13.12.94


ਪਿਆਰੇ ਵੀਰ ਜੀ,
ਨਿੱਘੀ ਯਾਦ ! ਤੁਸੀਂ ਲਿਆਕਤ ਦੇ ਜਨਮ ਦਿਨ ਤੇ ਆਏ ਨਹੀਂ। ਅਸੀਂ ਉਡੀਕਦੇ ਰਹੇ। ਫੇਰ ਪਤਾ ਲੱਗਾ ਕਿ ਆਸ਼ੂ ਦੇ ਪੇਪਰਾਂ ਕਰਕੇ ਨਹੀਂ ਆਏ।
ਦਸੰਬਰ ਦੀਆਂ ਛੁੱਟੀਆਂ ਸਾਨੂੰ ਵੀ ਤੁਹਾਡੇ ਨਾਲ ਹੀ ਹਨ। ਜੇਕਰ ਕੋਈ ਹੋਰ ਕੰਮ ਨਾ ਨਿਕਲਿਆ ਤਾਂ ਸਾਡੀ ਸਲਾਹ ਯੂ.ਪੀ. ਜਾਣ ਦੀ ਹੈ। ਉਥੇ ਸ਼ਾਹਜਹਾਨਪੁਰ ਜ਼ਿਲ੍ਹੇ ਵਿਚ ਮੇਰੇ ਮਾਮੇ ਰਹਿੰਦੇ ਹਨ। ਹੋ ਸਕਦੈ ਉਥੋਂ ਕੋਈ ਕਹਾਣੀ ਲੱਭ ਪਵੇ। ਨਾਵਲ ਜਿਹੜਾ ਮੈਂ ਵਿਉਂਤ ਰਿਹਾ ਹਾਂ ਉਸ ਵਿਚ ਵੀ ਥੋੜ੍ਹਾ ਬਹੁਤ ਯੂ.ਪੀ. ਬਾਰੇ ਹੈ। ਮਾਮੇ ਹੋਰੀਂ ਤਰਾਈ ਦੇ ਇਲਾਕੇ ਵਿਚ ਰਹਿੰਦੇ ਹਨ; ਜਿਸ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਹੈ। ਜੇਕਰ ਘੁੰਮਣ ਫਿਰਨ ਦੀ ਸਲਾਹ ਬਣਦੀ ਹੈ ਤਾਂ ਸੋਚ ਲੈਣਾ। ਜੇਕਰ ਸਵੀ ਅਤੇ ਭਾਬੀ ਜੀ ਹੋਰਾਂ ਨੂੰ ਨਾਲ ਲੈ ਕੇ ਜਾਣਾ ਹੈ ਤਾਂ ਫੇਰ ਮਥਰਾ-ਆਗਰਾ- ਫਤਿਹਪੁਰ ਸੀਕਰੀ ਹੁੰਦੇ ਹੋਏ ਸ਼ਾਹਜਹਾਨਪੁਰ ਨੂੰ ਨਿਕਲਾਂਗੇ। ਜਾਂ ਫਿਰ ਨੈਨੀਤਾਲ ਹੋ ਕੇ ਸਿੱਧੇ ਸ਼ਾਹਜਹਾਨਪੁਰ ਨੂੰ।
ਬਾਕੀ ਠੀਕ ਹੈ। ਸਵੀ ਤੇ ਮੈਂ ਇਕੱਠੇ ਰਹਿ ਰਹੇ ਹਾਂ। ਸਰਵਮੀਤ ਨੂੰ ਦੱਸ ਦੇਣਾ ਕਿ ਛੁੱਟੀਆਂ ਵਿਚ ਮੈਂ ਜਲੰਧਰ ਨਹੀਂ ਹੋਵਾਂਗਾ। ਮੈਂ ਸ਼ਾਇਦ 23 ਜਾਂ 24 ਨੂੰ ਪਟਿਆਲੇ ਆਵਾਂ।
ਅਜੇ ਪੱਕੀ ਸਲਾਹ ਨਹੀਂ ਬਣੀ ਤੁਸੀਂ ਸੋਚਣਾ। ਹਾਂ ਇਕ ਗੱਲ ਹੋਰ ਮੇਰੀ ਚਚੇਰੀ ਭੈਣ ਮੋਰਿੰਡੇ ਕੋਲ ਮੰਗੀ ਹੋਈ ਹੈ। ਉਹ ਬਹੁਤ ਅਮੀਰ ਬੰਦੇ ਹਨ। ਪਹਿਲਾਂ ਤਾਂ ਰਿਸ਼ਤਾ ਮੰਗ ਕੇ ਲਿਆ। ਹੁਣ ਵਿਆਹ ਤੋਂ ਪਹਿਲਾਂ ਕਾਫੀ ਕੁਝ ਮੰਗ ਰਹੇ ਹਨ। ਤਕਰੀਬਨ ਤਿੰਨ ਲੱਖ ਦਾ ਸਮਾਨ। ਘਰਦੇ ਜ਼ਮੀਨ ਵੇਚਕੇ ਦੇਣਗੇ ਜਾਂ ਮੇਰੀ ਰਾਇ ਮੰਨਕੇ ਰਿਸ਼ਤਾ ਤੋੜ ਦੇਣਗੇ । ਮੈਂ ਆਪਣੇ ਵਿਚ ਕਮਾਲ ਦੀ ਸਹਿਣਸ਼ੀਲਤਾ ਦੇਖ ਰਿਹਾ ਹਾਂ। ਕੁਝ ਚਿਰ ਰਾਹਤ ਮਿਲੇਗੀ।
ਆਸ਼ੂ ਨੂੰ ਪਿਆਰ। ਭਾਬੀ ਜੀ ਨੂੰ ਸਤਿ ਸ੍ਰੀ ਅਕਾਲ। ਮਾਂ ਮੇਰੀ ਨੇ ਕਈ ਵਾਰ ਕਿਹਾ ਹੈ ਕਿ ਬਲਦੇਵ ਨੂੰ ਆਖੀਂ ਕਦੀ ਪਰਿਵਾਰ ਲੈ ਕੇ ਨਸਰਾਲੀ ਆਉਣਾ।
ਤੁਹਾਡੀ ਕਹਾਣੀ ਫੈਸਲਾ ਪੜ੍ਹੀ। ਇਕ ਵਾਰ ਹੋਰ ਮੁਰੰਮਤ ਕਰਨ ਦੀ ਜ਼ਰੂਰਤ ਹੈ। ਉਂਜ ਵਧੀਐ। ਮੇਰੇ ਕੋਲ ਸਰਵਮੀਤ ਦੇ ਇਕੱਠੇ ਕੀਤੇ ਖਰੜੇ ਪਏ ਹਨ। ਉਥੋਂ ਪੜ੍ਹੀ ਹੈ। ਇਹੀ ਸਭ ਕੁਝ ਹੈ।

ਬਹੁਤ ਸਾਰੇ ਪਿਆਰ ਨਾਲ ਤੁਹਾਡਾ,
ਬਲਜਿੰਦਰ

ਹਰਭਜਨ ਸਿੰਘ ਗਰੇਵਾਲ ਦਾ ਖ਼ਤ

ਹਰਭਜਨ ਸਿੰਘ ਗਰੇਵਾਲ ਨਾਲ ਮੇਰੀ ਲੇਖਕ-ਪਾਠਕ ਵਾਲੀ ਸਾਂਝ ਹੈ।
'''
ਪਿਆਰੇ ਬਲਦੇਵ ਸਿੰਘ ਧਾਲੀਵਾਲ,
ਸਤਿ ਸ੍ਰੀ ਅਕਾਲ ! ਏਥੇ ਸਾਊਥਾਲ ਦੀ ਲਾਇਬ੍ਰੇਰੀ ਵਿਚੋਂ ਲੈ ਕੇ ਤੁਹਾਡਾ ਸਫ਼ਰਨਾਮਾ 'ਮੋਤੀਆਂ ਦੀ ਚੋਗ' ਪੜ੍ਹਿਆ, ਮਨ ਬਾਗੋ ਬਾਗ਼ ਹੋ ਗਿਆ, ਸੁਆਦ ਆ ਗਿਆ, ਤੁਹਾਨੂੰ ਸਾਬਾਸ਼ ਦੇਣ ਨੂੰ ਜੀਅ ਕੀਤਾ, ਤੁਹਾਡੀ ਕਿਤਾਬ ਵਿਚੋਂ ਤੁਹਾਡਾ ਐਡਰੈੱਸ ਲੈ ਕੇ ਤੁਹਾਨੂੰ ਚਿੱਠੀ ਲਿਖ ਰਿਹਾ ਹਾਂ। ਬਹੁਤ ਦੇਰ ਤੋਂ ਪ੍ਰੀਤਲੜੀ ਪੜ੍ਹੀ ਹੈ, ਲੋਕ ਸ੍ਰ ਗੁਰਬਖ਼ਸ਼ ਸਿੰਘ ਨੂੰ 'ਸ਼ਬਦਾਂ ਦਾ ਜਾਦੂਗਰ' ਕਹਿੰਦੇ ਸੀ, ਮੈਨੂੰ ਤਾਂ ਤੁਸੀਂ ਉਸ ਤੋਂ ਵੀ ਵੱਡੇ ਕਲਮ ਦੇ ਜਾਦੂਗਰ ਲੱਗੇ ਹੋ।' ਬਹੁਤ ਵੱਡਾ ਭੰਡਾਰ ਹੈ ਸ਼ਬਦਾਂ ਦਾ ਤੁਹਾਡੇ ਕੋਲ, ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀਆਂ ਕਲਾਂ ਵਿਚ ਰੱਖੇ। ਏਸੇ ਤਰ੍ਹਾਂ ਮਾਂ-ਬੋਲੀ ਦੀ ਸੇਵਾ ਕਰਦੇ ਰਹੋ, ਜਿਹੜੀ ਬੋਲੀ ਕੋਲ ਤੁਹਾਡੇ ਵਰਗੇ ਸੁਜੱਗ ਪੁੱਤ ਨੇ ਉਹ ਗਰੀਬ ਕਿਵੇਂ ਹੋ ਸਕਦੀ ਹੈ। ਏਹੋ ਜੇਹੀ ਇਕ ਕਿਤਾਬ ਪਿੱਛੇ ਜਿਹੇ ਹੱਥ ਲੱਗੀ ਸੀ 'ਪ੍ਰਦੇਸੀ ਪੰਜਾਬ', ਵਰਿਆਮ ਸਿੰਘ ਸੰਧੂ ਦੀ।
ਸਾਊਥਾਲ ਵਿਚ ਜੋ ਤੁਸੀਂ ਬਜ਼ੁਰਗਾਂ ਨਾਲ ਗੱਲਾਂ ਕੀਤੀਆਂ ਨੇ, ਬਿਲਕੁੱਲ ਸੱਚੀਆਂ ਨੇ, ਅਸੀਂ ਦੋਵੇਂ ਜਣੇ ਬੱਚਿਆਂ ਨੂੰ ਮਿਲਣ ਆਏ ਹਾਂ, ਛੇ ਮਹੀਨੇ ਦਾ ਵੀਜ਼ਾ ਲੈ ਕੇ, ਬੱਚੇ ਬਹੁਤ ਮਾਣ-ਸਤਿਕਾਰ ਕਰਦੇ ਨੇ, ਹਰ ਤਰ੍ਹਾਂ ਦਾ ਖਿਆਲ ਰੱਖਦੇ ਨੇ। ਫੇਰ ਵੀ ਮੇਰਾ ਹਾਲ ਤਾਂ ਤੁਹਾਡੇ ਬਾਪੂ ਵਾਲਾ ਹੋਇਆ ਪਿਆ, ਚੰਗਾ ਖਾਂਦਾ-ਪੀਂਦਾ, ਪਹਿਨਦਾ-ਪਚਰਦਾ, ਨਹਾਉਂਦਾ-ਧੋਂਦਾ, ਮੁੰਡਾ ਬਾਹਰ ਘੁੰਮਾਉਣ ਵੀ ਲੈ ਜਾਂਦਾ। ਦੋ ਪੈੱਗ ਬਿਨਾਂ ਨਾਗਾ ਸਕਾਚ ਦੇ ਵੀ ਮਿਲ ਜਾਂਦੇ ਨੇ, ਫੇਰ ਵੀ ਪਤਾ ਨਹੀਂ ਕਿਉਂ ਕਿਤੇ-ਕਿਤੇ ਮਨ ਕਾਹਲਾ ਪੈ ਜਾਂਦਾ ਹੈ। ਜੀਅ ਕਰਦਾ ਹੈ ਪਿੰਡ ਨੂੰ ਭੱਜ ਜਾਈਏ, ਰਾਤ ਨੂੰ ਸੁਫਨੇ ਪਿੰਡ ਦੇ ਹੀ ਆਉਂਦੇ ਹਨ। ਹੁਣ ਦੇਸ਼ ਜਾਣ ਦੇ ਥੋੜ੍ਹੇ ਜਿਹੇ ਦਿਨ ਰਹਿ ਗਏ, ਮਨ ਖਿੜਿਆ ਪਿਆ ਹੈ। ਮੁੰਡਾ ਜ਼ੋਰ ਮਾਰਦਾ ਕਿ ਤੁਹਾਡਾ ਹੋਰ ਵੀਜ਼ੇ ਲਈ ਅਪਲਾਈ ਕਰ ਦਿੰਦੇ ਹਾਂ, 65 ਸਾਲ ਤੋਂ ਬਾਅਦ ਇਹ ਪੱਕਾ ਵੀਜ਼ਾ ਲਾ ਹੀ ਦਿੰਦੇ ਹਨ, ਤੁਹਾਡੀ ਉਮਰ ਤਾਂ 66-67 ਸਾਲ ਦੀ ਹੋ ਗਈ ਹੈ। ਅਸੀਂ ਕਿਹਾ ਨਾ ਨਾ ਜਾਣਦੇ ਹੁਣ ਸਾਨੂੰ, ਫੇਰ ਦੇਖੀਂ ਜਾਊ ਗੇੜਾ ਮਾਰ ਜਾਂ-ਗੇ ਜੇ ਜਿਉਂਦੇ ਰਹੇ ਤਾਂ। ਤਰਸ ਆਉਂਦਾ ਉਨ੍ਹਾਂ ਲੋਕਾਂ ਤੇ ਜੋ ਆਪਣੇ ਕਰਮਾਂ ਵਿਚ ਬਨਵਾਸ ਲਿਖਾ ਕੇ ਲਿਆਏ ਹਨ। ਗੁੱਸਾ ਆਉਂਦਾ ਹੈ ਕਿਉਂ ਅਸੀਂ ਆਪਦਾ ਮੁਲਕ ਏਹੋ ਜਿਹਾ ਨਾ ਬਣਾ ਸਕੇ। ਸਾਰਾ ਕੁਝ ਹੁੰਦੇ ਸੁੰਦਿਆਂ ਅਸੀਂ ਭੁੱਖੇ ਮਰ ਰਹੇ ਹਾਂ। ਇਨ੍ਹਾਂ ਮੁਲਕਾਂ ਕੋਲ ਕੀ ਹੈ ? ਧਰਤੀ ਹੇਠਾਂ ਪਾਣੀ ਨੀ, ਪਾਣੀ ਤਾਂ ਕੀ ਕੁਝ ਵੀ ਨਹੀਂ, ਸਾਲ ਵਿਚੋਂ 8 ਮਹੀਨੇ ਸੂਰਜ ਨਹੀਂ ਦਿਸਦਾ, ਸਰਦੀਆਂ ਵਿਚ ਇਹ ਸਾਰਾ ਮੁਲਕ ਗਰਮ ਰੱਖਦੇ ਨੇ, ਅਸੀਂ ਸਾਰਾ ਸਾਲ ਘਰਾਂ ਵਿਚ ਬੱਤੀਆਂ ਜਗਣ ਜੋਗ ਵੀ ਬਿਜਲੀ ਨਹੀਂ ਪੈਦਾ ਕਰ ਸਕੇ, ਖਾ ਲਿਆ ਇਨ੍ਹਾਂ ਕਾਲੇ ਚੋਰਾਂ ਨੇ ਮੁਲਕ ਨੂੰ ਨਹੀਂ ਤਾਂ ਸਾਡੇ ਬੱਚਿਆਂ ਨੂੰ ਪਰਦੇਸਾਂ ਦੀ ਖਾਕ ਕਿਉਂ ਛਾਨਣੀ ਪੈਂਦੀ।
ਮੈਨੂੰ ਲੱਗਿਆ ਤੁਹਾਡੇ ਵਿਚ ਸੱਚੀ ਗੱਲ ਕਹਿਣ ਦੀ ਦਲੇਰੀ ਹੈ, ਜੁਅਰਤ ਹੈ ਜੋ ਹਰ ਇਕ ਬੰਦੇ ਵਿਚ ਹੁੰਦੀ ਨਹੀਂ, ਪਰਮਾਤਮਾ ਤੁਹਾਨੂੰ ਇਹ ਤਾਕਤ ਹੋਰ ਦੇਵੇ ਤਾਂ ਕਿ ਤੁਸੀਂ ਡਟ ਕੇ ਸੱਚ ਤੇ ਪਹਿਰਾ ਦਿੰਦੇ ਰਹੋਂ। ਮੇਰੇ ਦਿਲ ਵਿਚ ਪੰਜਾਬੀ ਲੇਖਕਾਂ ਪ੍ਰਤੀ ਬਹੁਤ ਸ਼ਰਧਾ ਤੇ ਪਿਆਰ ਸਤਿਕਾਰ ਹੈ। ਮੈਂ ਸਮਝਦਾ ਇਹ ਵਿਸ਼ੇਸ਼ ਵਿਅਕਤੀ ਹੁੰਦੇ ਹਨ ਕਿਸੇ ਖਾਸ ਮਿੱਟੀ ਦੇ ਬਣੇ ਹੋਏ ਜਿਨ੍ਹਾਂ ਨੂੰ ਪਰਮਾਤਮਾ ਕਲਮ ਦੀ ਤਾਕਤ ਨਾਲ ਵਰੋਸਾਅ ਕੇ ਭੇਜਦਾ। ਅਸੀਂ ਲੋਕ ਅਨਪੜ੍ਹ ਸਾਧਾਂ ਦੇ ਤਾਂ ਪੈਰੀ ਹੱਥ ਲਾਈਂ ਜਾਂਦੇ ਹਾਂ, ਲੇਖਕਾਂ ਦਾ, ਸਿਆਣੇ ਬੰਦਿਆਂ ਦਾ ਮਾਣ-ਸਤਿਕਾਰ ਨਹੀਂ ਕਰ ਸਕੇ। ਇਹ ਸਾਡੀ ਅਧੋਗਤੀ ਦਾ ਕਾਰਨ ਹੈ।
ਧਾਲੀਵਾਲ ਜੀ, ਅਮਰੀਕਾ ਵਿਚ ਇਕ ਜਗ੍ਹਾ ਤੁਸੀਂ ਪਟਿਆਲੇ ਵਾਲੇ 'ਭੂਪਾ' ਬਣੇ ਬੈਠੇ ਹੋ, ਪੜ੍ਹ ਕੇ ਬਹੁਤ ਹਾਸਾ ਆਇਆ। ਖਿਆਲ ਰੱਖਣਾ ਹੁਣ ਉਹਦੇ ਪੋਤੇ ਦਾ ਰਾਜ ਹੈ। ਵਿਚਾਰੇ ਭੱਲੇ ਨੇ ਪਟਿਆਲੇ ਵਿਰਾਸਤ ਮੇਲੇ ਤੇ ਮਾੜੀ ਜੇਹੀ ਟਿਚਰ ਹੀ ਕੀਤੀ ਸੀ ਉਹਦਾ ਕੀ ਹਾਲ ਕੀਤਾ। ਭੱਲੇ ਦੀ 'ਚਾਚਾ ਸੁਧਰ ਗਿਆ', ਕੈਸਟ ਵੀ ਏਸੇ ਤੇ ਹੈ। ਗੁਰ ਫਤਹਿ ਪ੍ਰਵਾਨ ਕਰਨੀ ਜੀ, ਜੇ ਹੋ ਸਕਿਆ ਦੋ ਲਾਇਨਾਂ ਚਿੱਠੀ ਦੀਆ ਲਿਖ ਭੇਜਣੀਆਂ, ਸੰਭਾਲ ਕੇ ਰਖੂੰਗਾ। 44 ਸਾਲ ਹੋਗੇ ਸ੍ਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਇਕ ਚਿੱਠੀ ਮੇਰੇ ਕੋਲ ਹੈ। ਉਨ੍ਹਾਂ ਨੇ ਮਈ 1961 ਵਿਚ ਮੇਰੀ ਇਕ ਚਿੱਠੀ ਦੇ ਜਵਾਬ ਵਿਚ ਮੈਨੂੰ ਉਨ੍ਹਾਂ ਨੇ ਲਿਖੀ ਸੀ। ਮੇਰਾ ਐਡਰੈਸ ਇਹ ਹੈ।

ਪਿਆਰ ਨਾਲ ਆਪ ਜੀ ਦਾ
ਹਰਭਜਨ ਸਿੰਘ ਗਰੇਵਾਲ
ਡਾਕਘਰ ਵੱਡੀ ਲਲਤੋਂ
ਪਿੰਡ ਛੋਟੀ ਲਲਤੋਂ, ਲੁਧਿਆਣਾ

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346