Welcome to Seerat.ca
Welcome to Seerat.ca

ਸਾਡਾ ਸੂਰਮਾ ਲੇਖਕ ਅਜਮੇਰ ਔਲਖ
(ਔਲਖ ਨੂੰ ਭਾਈ ਲਾਲੋ ਲੋਕ-ਸਨਮਾਨ ਮਿਲਣ ‘ਤੇ)

 

- ਵਰਿਆਮ ਸਿੰਘ ਸੰਧੂ

ਕਰਦੇ ਗਾਲ਼ਾਂ ਦਾ ਜਿਥੇ ਸਤਿਕਾਰ ਲੋਕੀਂ

 

- ਅਜਮੇਰ ਸਿੰਘ ਔਲਖ

ਪੁਸਤਕ ‘ਗੋਲਡਨ ਗੋਲ’ ਦੀ ਗੱਲ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਮੋਹ-ਭਿੱਜਿਆ ਨਰਿੰਦਰ ਮੋਹੀ
(ਲਿਖੀ-ਜਾ-ਰਹੀ ਸਵੈਜੀਵਨੀ (ਭਾਗ-ਦੋ) ‘ਬਰਫ਼ ਵਿੱਚ ਉਗਦਿਆਂ’ ਵਿੱਚੋਂ)

 

- ਇਕਬਾਲ ਰਾਮੂਵਾਲੀਆ

...ਜਾਂ ਸ਼ਾਇਦ ਇਸ ਵਾਰ...

 

- ਬਲਵਿੰਦਰ ਸਿੰਘ ਗਰੇਵਾਲ

ਵਿੱਕਰੀ

 

- ਪਿਆਰਾ ਸਿੰਘ ਭੋਗਲ

ਬਾਪੂ ਜੀ ਦੇ ਅੰਗ-ਸੰਗ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

'ਸਮੇਂ ਦਾ ਫੇਰ'

 

- ਸ੍ਰ: ਹਰਦੀਪ ਸਿੰਘ ਖਾਲਸਾ

ਲੁੱਟਣ ਤੋਂ ਲੁੱਟੇ ਜਾਣ ਤੱਕ ਦੀ ਜਾਗ੍ਰਿਤੀ ਦਾ ਸਫ਼ਰ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਲਦੇਵ ਸਿੰਘ ਧਾਲੀਵਾਲ, ਚੰਦਨ ਨੇਗੀ, ਬਲਜਿੰਦਰ ਨਸਰਾਲੀ,ਹਰਭਜਨ ਸਿੰਘ ਗਰੇਵਾਲ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੰਗ-ਬ-ਰੰਗੇ ਫੁੱਲ

 

- ਵਰਿਆਮ ਸਿੰਘ ਸੰਧੂ

ਏਤ ਮਾਰਗ ਜਾਣਾ

 

- ਹਰਜੀਤ ਤੇਜਾ ਸਿੰਘ

ਫੋਟੋ

 

- ਗੁਰਮੀਤ ਸੰਧੂ

ਦੇਸ਼ ਹਿਤਾਂ ਨੂੰ ਦਰਕਿਨਾਰ ਕਰ ਰਿਹਾ ਹੈ ਸੰਘ ਪਰਿਵਾਰ

 

- ਹਰਜਿੰਦਰ ਸਿੰਘ ਗੁਲਪੁਰ

ਜਵਾਬ

 

- ਸੁਖਦੇਵ ਸਿੰਘ ਸੇਖੋਂ

ਦੱਸ ਪੰਜਾਬ ਕਰਾਂ ਕੀ ਸਿਫਤ ਤੇਰੀ ?

 

- ਗੁਰਬਾਜ ਸਿੰਘ

ਨਾ ਚਾਹੁੰਦਾ ਹੋਇਆ ਵੀ

 

- ਵਰਿੰਦਰ ਖੁਰਾਣਾ

ਕੀ ਮਨੁੱਖ ਦਾ ਕੋਈ ਦੇਸ਼ ਹੈ?

 

- ਉਂਕਾਰਪ੍ਰੀਤ

ਕਥਾ ਇਕ ਪਿਆਸ ਦੀ

 

- ਜਗਸੀਰ ਕੋਟਭਾਈ

ਕਰੰਡ

 

- ਗੁਰਮੇਲ ਬੀਰੋਕੇ

ਗੀਤ

 

- ਗੁਰਨਾਮ ਢਿੱਲੋਂ

ਸ਼ਹਿਰ !

 

- ਮਿੰਟੂ ਗੁਰੂਸਰੀਆ

 

Online Punjabi Magazine Seerat

ਬਾਪੂ ਜੀ ਦੇ ਅੰਗ-ਸੰਗ
- ਡਾ ਗੁਰਬਖ਼ਸ਼ ਸਿੰਘ ਭੰਡਾਲ

 

ਬਾਪੂ ਹੁਣ ਨੱਬਿਆਂ ਦੇ ਕਰੀਬ ਹੈ। ਕੋਰਾ ਅਣਪੜ ਹੋਣ ਦੇ ਬਾਵਜੂਦ ਜੀਵਨ ਦਾ ਗੂੜ ਗਿਆਨ ਹੈ। ਬਿਲਕੁਲ ਤੰਦਰੁਸਤ। ਕੋਈ ਬਿਮਾਰੀ ਨਹੀਂ। ਸਾਰੀ ਉਮਰ ਕੋਈ ਦਵਾਈ ਨਹੀਂ ਖਾਧੀ। ਹਰ ਰੋਜ 3 ਮੀਲ ਸਾਈਕਲ ਚਲਾ ਕੇ ਗੁਰਦੁਆਰੇ ਜਾਂਦਾ ਏ। ਬੱਚਿਆਂ ਨੇ ਵਾਹੀ ਦੇ ਕੰਮਾਂ-ਕਾਰਾਂ ਤੋਂ ਵਿਹਲਾ ਤਾਂ ਕਰ ਦਿਤਾ ਏ ਪਰ ਹੁਣ ਵੀ ਉਸਨੂੰ ਫਿਕਰ ਰਹਿੰਦਾ ਹੈ ਭੁੱਖਣਭਾਣੀ ਲਵੇਰੀ ਗਾਂ ਦਾ, ਵੱਤਰ ਤੋਂ ਖੁੰਝ ਰਹੀ ਬਿਜਾਈ ਦਾ, ਫਸਲਾਂ ਦੀ ਸਮੇਂ ਸਿਰ ਗੁਡਾਈ ਦਾ, ਰਾਤ ਨੂੰ ਬਿਜਲੀ ਦੀ ਵਾਰੀ ਦਾ ਜਾਂ ਹਵੇਲੀ ਵਿਚ ਲਾਈ ਸਬਜ਼ੀ ਅਤੇ ਬੂਟਿਆਂ ਦਾ। ਦਰਅਸਲ ਉਮਰ ਦੇ ਕਿਸੇ ਵੀ ਪੜਾਅ ‘ਤੇ ਬਜੁਰਗ ਪਹੁੰਚ ਜਾਣ, ਉਹਨਾਂ ਦੇ ਪੁੱਤਰ-ਪੋਤਰੇ ਸਾਰੀਆਂ ਜਿੰਮੇਵਾਰੀਆਂ ਬਾਖੂਬੀ ਨਿਭਾ ਰਹੇ ਹੋਣ ਤਾਂ ਵੀ ਉਹਨਾਂ ਦੇ ਮਨ ਵਿਚ ਇਕ ਧੁੜਕੂ ਰਹਿੰਦਾ ਏ। ਇਸੇ ਕਰਕੇ ਉਹ ਆਪਣੀਆਂ ਚਿੰਤਾਵਾਂ ਨੂੰ ਜਾਹਰ ਕਰਨ ਤੋਂ ਕਦੇ ਵੀ ਨਹੀਂ ਉਕਦੇ। ਨਵੀਂ ਪੀਹੜੀ ਕਈ ਵਾਰ ਬਜੁਰਗਾਂ ਦੀ ਦਖਲਅੰਦਾਜ਼ੀ ਦਾ ਬੁਰਾ ਤਾਂ ਮਨਾਉਂਦੀ ਏ ਪਰ ਉਹ ਆਪਣੀ ਜਗ੍ਹਾ ਸੱਚੇ ਹੁੰਦੇ ਨੇ। ਉਹਨਾਂ ਨੇ ਜੀਵਨ ਰੂਪੀ ਕਿਤਾਬ ਨੂੰ ਹਰਫ਼ ਬ ਹਰਫ਼ ਪੜਿਆ ਹੁੰਦਾ ਏ ਭਾਵੇਂ ਕਿ ਸਾਨੂੰ ਜਿ਼ਆਦਾ ਜਮਾਤਾਂ ਪੜਨ ਅਤੇ ਸਿਆਣਪ ਦਾ ਫਤੂਰ ਹੁੰਦਾ ਹੈ।
ਪਿਛਲੇ ਕੁਝ ਸਮੇਂ ਤੋਂ ਬਾਪ ਨੂੰ ਉਚੀ ਸੁਣਨ ਲੱਗ ਪਿਆ ਏ। ਵਾਅ ਨੂੰ ਗੰਢਾਂ ਦੇਣ ਵਾਲਾ ਬਾਪ ਹੁਣ ਖੁੰਡੀ ਦੇ ਸਹਾਰੇ ਜੀਵਨ ਦੇ ਆਖਰੀ ਸਫ਼ਰ ਨੂੰ ਮਾਣ ਰਿਹਾ ਏ। ਝਾਉਲਾ ਝਾਉਲਾ ਨਜ਼ਰ ਆਉਣ ਕਾਰਨ ਐਨਕ ਵੀ ਲਾਉਣ ਲੱਗ ਪਿਆ ਏ। ਸਾਈਕਲ ਉਸਦੀ ਸ਼ਾਹੀ ਸਵਾਰੀ ਹੈ। ਹੁਣ ਵੀ ਉਹ ਸ਼ਹਿਰ ਨੂੰ ਜਾਣ ਲਈ ਸਾਈਕਲ ਨੂੰ ਤਰਜ਼ੀਹ ਦਿੰਦਾ ਹੈ। ਇਥੋਂ ਤੱਕ ਕਿ ਬਹੁਤੀ ਵਾਰ ਸ਼ਹਿਰੋਂ ਸ਼ਬਜੀਆਂ ਦੀ ਪਨੀਰੀ ਲੈ ਕੇ, 30 ਕਿਲੋਮੀਟਰ ਦਾ ਪੈਂਦਾ ਤਹਿ ਕਰ, ਸ਼ਾਮ ਨੂੰ ਪਿੰਡ ਵਾਪਸ ਪਰਤ ਆਉਂਦਾ ਹੈ। ਬਥੇਰਾ ਜੋਰ ਲਾਈਦਾ ਸੀ ਕਿ ਰਾਤ ਸਾਡੇ ਕੋਲ ਸ਼ਹਿਰ ਰਹਿ ਕੇ, ਸਵੇਰੇ ਚਲੇ ਜਾਣਾ, ਪਰ ਉਹਨਾਂ ਦਾ ਜੀਅ ਸ਼ਹਿਰ ਕਾਹਤੋਂ ਲੱਗਦਾ ਸੀ। ਵਡੇਰੀ ਉਮਰ ਅਤੇ ਸੜਕੀ ਅਵਾਜਾਈ ਤੋਂ ਡਰ ਤਾਂ ਬਹੁਤ ਲੱਗਦਾ ਏ ਪਰ ਬਾਪ ਕਾਹਨੂੰ ਕਿਸੇ ਦੀ ਸੁਣਦਾ ਏ। ਉਸਨੂੰ ਬੱਸ ਉਡੀਕਣ ਨਾਲੋਂ ਸਾਈਕਲ ਦੀ ਸਵਾਰੀ ਚੰਗੀ ਲੱਗਦੀ ਏ।
ਮੇਰੇ ਵਿਆਹ ਤੱਕ ਚਾਦਰਾ ਲਾਉਣ ਵਾਲਾ ਮੇਰਾ ਬਾਪ, ਹੁਣ ਕੁੜਤਾ ਪਜਾਮਾ ਤਾਂ ਪਾਉਣ ਲੱਗ ਪਿਆ ਏ ਪਰ ਉਸਨੂੰ ਖੇਤਾਂ ਵਿਚ ਗੇੜਾ ਮਾਰਨ ਵੇਲੇ ਹੁਣ ਵੀ ਨੰਗੇ ਪੈਰੀਂ ਤੁਰਨਾ ਚੰਗਾ ਲੱਗਦਾ ਏ। ਸਿਆਲ ਵਿਚ ਵੀ ਕੁੜਤਾ ਪਜਾਮਾ ਪਾ, ਲੋਈ ਦੀ ਪਤਲੀ ਜਹੀ ਬੁੱਕਲ ਮਾਰ ਅਤੇ ਕੋਟੀ ਨੂੰ ਸਾਈਕਲ ਦੇ ਹੈਂਡਲ ਨਾਲ ਬੰਨ ਅਕਸਰ ਹੀ ਸ਼ਹਿਰ ਪਹੁੰਚ ਜਾਂਦਾ ਏ ਕਿਉਂਕਿ ਉਸਦਾ ਮੰਨਣਾ ਏ ‘ਪਾਲਾ ਪਾਪਾਂ ਦਾ ਜਾਂ ਮਾੜਿਆ ਸਾਕਾਂ ਦਾ’। ਚਾਰ ਪੈਡਲ ਮਾਰੋ, ਸਰੀਰ ਨਿੱਘਾ ਹੋ ਜਾਂਦਾ ਏ।
ਚੜਦੀ ਉਮਰੇ ਬਾਪ ਬਹੁਤ ਬੇਅਰਾਮਾ ਹੁੰਦਾ ਸੀ। ਅਕਸਰ ਹੀ ਖੂਹ ਦੀ ਵਾਰੀ ਰਾਤ ਨੂੰ ਲਾ, ਸਵੇਰੇ ਖੇਤਾਂ ‘ਚ ਗੋਡੀ ਵਗੈਰਾ ਕਰਦਾ ਰਹਿੰਦਾ ਸੀ। ਕਬੀਲਦਾਰੀ ਨੂੰ ਪਾਲਦਿਆਂ, ਬੱਚਿਆਂ ਨੂੰ ਪੜਾਉਣਾ, ਡਾਹਢੇ ਜਿਗਰੇ ਅਤੇ ਹੌਂਸਲੇ ਵਾਲਾ ਕੰਮ ਸੀ ਕਿਉਂ ਘਰ-ਜਾਇਦਾਦ ਦੀ ਵੰਡ ਵੇਲੇ ਬਾਪ ਨੂੰ ਹਰ ਪੱਖੋਂ ਊਣਾ ਰੱਖਣ ਦੀ ਬਹੁਤ ਕੋਸਿ਼ਸ਼ ਕੀਤੀ ਗਈ ਸੀ। ਪਰ ਉਸਨੇ ਹਿੰਮਤ ਨਾਲ ਜੀਵਨ ਲੋੜਾਂ ਨੂੰ ਪੂਰੀਆਂ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ। ਬਾਪ ਦੋ ਬੰਦਿਆਂ ਜਿੰਨਾ ਕੰਮ ਖੁਦ ਕਰ ਲੈਂਦਾ ਸੀ ਤਾਂ ਕਿ ਉਸਦੇ ਬੱਚੇ ਪੜ੍ਹ ਸਕਣ ਕਿਉਂਕਿ ਉਸਦੇ ਮਨ ਵਿਚ ਅਕਸਰ ਇਹ ਝੋਰਾ ਰਹਿੰਦਾ ਸੀ ਕਿ ਉਹ ਪੜ੍ਹ ਨਹੀਂ ਸੀ ਸਕਿਆ ਅਤੇ ਸਾਰੀ ਉਮਰ ਅੰਗੂਠਾ ਛਾਪ ਹੀ ਰਿਹਾ।
ਬਾਪ ਮਿਨਹਤ ਦਾ ਸੁੱਚਾ ਹਰਫ਼। ਘਾਲਣਾ ਦਾ ਮਾਨਵੀ ਕਰਮ। ਇਮਾਨਦਾਰੀ ਦਾ ਪਾਕ ਧਰਮ। ਅਕੀਦੇ ਦੀ ਪ੍ਰਾਪਤੀ ਦਾ ਪ੍ਰਣ। ਕ੍ਰਿਤ-ਕਮਾਈ ਦੀ ਸੁੱਚੀ ਇਬਾਦਤ। ਅਸੀਸਾਂ ਦੀ ਆਬਸ਼ਾਰ ਅਤੇ ਜੀਵਨ ਓਟੇ ‘ਤੇ ਜਗਦਾ ਚਿਰਾਗ। ਸਮੁੱਚਾ ਜੀਵਨ ਇਕ ਨਿਰੰਤਰ ਸੰਘਰਸ਼ ਦਾ ਨਾਮਕਰਣ। ਦੀਦਿਆਂ ਵਿਚ ਬੀਤੇ ਪਲ੍ਹਾਂ ਦਾ ਲਿਸ਼ਕਾਰਾ ਅਤੇ ਬੋਲਾਂ ਵਿਚ ਮਾਣਮੱਤੀ ਇਬਾਰਤ।
ਉਸਦੀ ਤਵਾਰਾਖ਼ੀ ਸੋਚ ਦਾ ਕ੍ਰਿਸ਼ਮਾ ਹੀ ਸੀ ਕਿ ਉਸਨੇ ਲੱਗਦੀ ਵਾਹ ਆਪਣੇ ਸਾਰੇ ਬੱਚਿਆਂ ਨੂੰ ਪੜਨੇ ਪਾਇਆ ਅਤੇ ਬਾਲ ਮਨ-ਮਸਤਕ ਵਿਚ ਹਰਫ਼ ਤਰੌਂਕਣ ਦੀ ਪੂਰੀ ਵਾਹ ਲਾਈ। ਅਸੀਂ ਉਸਦੀ ਸਮਰਪਿੱਤਾ ਅਤੇ ਦੁਆਵਾਂ ਦਾ ਮਿੱਠੜਾ ਫ਼ਲ ਖਾ ਰਹੇ ਹਾਂ। ਮੇਰੇ ਬਾਪ ਨੇ ਆਪਣੀਆਂ ਪੋਤਰੀਆਂ ਦੇ ਜਨਮ ‘ਤੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ ਭਾਵੇਂ ਮੇਰੀ ਮਾਂ ਪੋਤਰੀਆਂ ਕਾਰਨ ਕਈ ਵਾਰ ਬਹੁਤ ਦੁੱਖੀ ਹੋ ਜਾਂਦੀ ਸੀ। ਬਾਪ ਨੂੰ ਨਾਜ਼ ਹੈ ਕਿ ਉਸਦੇ ਲਾਡ ਵਾਲੇ ਨਾਵਾਂ ਵਾਲੀਆਂ ਪੋਤਰੀਆਂ ਭਾਈ ਨੂਰਾ ਸਿੰਘ ਅਤੇ ਮੈਰਾ ਸੁੰਹ ਅੱਜਕੱਲ ਅਮਰੀਕਾ ਵਿਚ ਡਾਕਟਰ ਹਨ।
ਬਾਪ ਦੀ ਸਖਸ਼ੀਅਤ ਦਾ ਬੱਚਿਆਂ ‘ਤੇ ਸਭ ਤੋਂ ਜਿ਼ਆਦਾ ਅਸਰ ਹੁੰਦਾ ਏ। ਸਾਡਾ ਸਭ ਤੋਂ ਪਹਿਲਾਂ ਰੋਲ ਮਾਡਲ ਸਾਡਾ ਬਾਪ ਹੀ ਤਾਂ ਹੁੰਦਾ ਹੈ ਜਿਸ ਕੋਲੋਂ ਅਸੀਂ ਬਹੁਤ ਕੁਝ ਸਹਿਜ-ਸੁਭਾ ਅਤੇ ਅਚੇਤ ਰੂਪ ਵਿਚ ਪ੍ਰਾਪਤ ਕਰਦੇ ਹਾਂ। ਆਪਣੇ ਸੁਪਨੇ ਦੀ ਪ੍ਰਾਪਤੀ ਪ੍ਰਤੀ ਸਮਰਪਿੱਤਾ ਅਤੇ ਸਖਤ ਮਿਹਨਤ ਕਰਨਾ, ਜੇਹੇ ਮੀਰੀ ਗੁਣ ਬਾਪ ਨੇ ਸਾਨੂੰ ਵਿਰਸੇ ਵਿਚ ਦਿਤੇ ਹਨ।
ਕਦੇ ਕਦੇ ਪਿੱਛਲਝਾਤੀ ਮਾਰਦਾ ਹਾਂ ਤਾਂ ਬਾਪ ਦੀ ਮਿਹਨਤ ਸਾਹਵੇਂ ਆਪਣਾ ਆਪ ਬੌਣਾ ਲੱਗਣ ਲੱਗ ਪੈਂਦਾ ਏ। ਇਕ ਅਣਪੜ ਬਾਪ ਨੇ ਆਪਣੇ ਪੁੱਤ ਨੂੰ ਫਿਜਿਕਸ ਵਿਚ ਪੀਐਚਡੀ ਤੱਕ ਪੜਾਇਆ ਅਤੇ ਅਸੀਂ ਪੜੇ ਲਿਖੇ ਆਪਣੇ ਬੱਚਿਆਂ ਨੂੰ ਪੜਾ ਕੇ ਐਵੇਂ ਹੀ ਆਫ਼ਰੇ ਫਿਰਦੇ ਹਾਂ। ਮਿਹਨਤੀ ਬਾਪ ਦੱਸਦਾ ਹੁੰਦਾ ਏ ਕਿ ਢਿਲਵਾਂ ਡਿਪੋ ‘ਤੇ ਦਰਿਆ ਤੋਂ ਲੱਕੜਾਂ ਢੋਣ ਜਾਂਦੇ ਹੁੰਦੇ ਸਾਂ ਤਾਂ ਗਿੱਲੀਆਂ ਲੱਕੜਾਂ ਨੂੰ ਗੱਡੇ ‘ਤੇ ਲੱਦਣਾ ਅਤੇ ਲਾਹੁਣਾ ਬਹੁਤ ਜੋਰ ਦਾ ਕੰਮ ਹੁੰਦਾ ਸੀ। ਤੇਰੇ ਤਾਏ ਨੇ ਪਹਿਲੇ ਦਿਨ ਹੀ ਅਜੇਹੇ ਕੰਮ ਤੋਂ ਹੱਥ ਖੜੇ ਕਰ ਦਿਤੇ ਸਨ ਜਦ ਕਿ ਮੈਂ ਘਰ ਦੀ ਗਰੀਬੀ ਨੂੰ ਕੱਟਣ ਲਈ ਕਈ ਮਹੀਨੇ ਗੱਡੇ ਰਾਹੀਂ ਲੱਕੜਾਂ ਢੋਂਦਾ ਰਿਹਾ। ਵੈਸੇ ਵੀ ਬੇਟ ਦੇ ਇਲਾਕੇ ਵਿਚ ਸਿਆਲ ਨੂੰ ਕਣਕ ਵਗੈਰਾ ਹੀ ਹੁੰਦੀ ਸੀ ਜਦ ਕਿ ਬਰਸਾਤਾਂ ਦੇ ਦਿਨਾਂ ਵਿਚ ਬਿਆਸ ਦਰਿਆ ਵਿਚ ਆਏ ਹੜ੍ਹ, ਫਸਲਾਂ ਬਰਬਾਦ ਕਰ ਦਿੰਦੇ ਸਨ। ਕਈ ਕਈ ਦਿਨ ਤਾਂ ਡੰਗਰਾਂ ਸਮੇਤ ਆਪ ਵੀ ਭੁੱਖਣ-ਭਾਣੇ ਰਹਿਣਾ ਪੈਂਦਾ ਸੀ।
ਹੁਣ ਜਦ ਮੈਂ ਡੰਗੋਰੀ ਦੇ ਆਸਰੇ ਤੁੱਰਦੇ ਬਾਪ ਨੂੰ ਦੇਖਦਾ ਹਾਂ ਤਾਂ ਮੈਂਨੂੰ ਯਾਦ ਆਉਂਦਾ ਏ ਕਿ ਬਾਪ ਦਾ ਪਿੰਡ ਦੇ ਗੱਭਿਉਂ ਚੌਬਾਰੇ ‘ਚੋਂ ਲੱਕੜ ਦੀ ਪੌੜੀ ਰਾਹੀਂ, ਕੁਇੰਟਲ ਕੁਇੰਟਲ ਦੀਆਂ 20 ਬੋਰੀਆਂ ਪਿੱਠ ‘ਤੇ ਰੱਖ ਕੇ ਲਾਹੁਣੀਆਂ ਅਤੇ ਫਿਰਨੀ ‘ਤੇ ਖੜੇ ਗੱਡੇ ‘ਤੇ ਲੱਦਣਾ। ਸੱਚੀ ਗੱਲ ਤਾਂ ਇਹ ਸੀ ਕਿ ਉਹਨਾਂ ਦਿਨਾਂ ਵਿਚ ਕਿਰ ਰਹੀ ਛੋਟੀ ਕਿਰਸਾਨੀ ਨੂੰ ਮੋਢਾ ਦੇਣ ਲਈ ਉਹ ਗੱਡਾ ਵਾਹੁੰਦਾ ਸੀ। ਕਦੇ ਕਦਾਈਂ ਤਾਂ ਸਾਰੀ ਰਾਤ ਖਰਾਸ ਨਾਲ ਆਟਾ ਪੀਸ, ਸਵੇਰੇ ਗੱਡਾ ਲੈ ਕੇ ਸ਼ਹਿਰ ਪਹੁੰਚ ਜਾਂਦਾ ਸੀ। ਜੇ ਕਦੇ ਮੈਂ ਬਲਦਾਂ ਨੂੰ ਅਰਾਮ ਦਿਵਾਉਣ ਬਾਰੇ ਕਹਿਣਾ ਤਾਂ ਉਸਦਾ ਕਹਿਣਾ ਸੀ ਸ਼ਹਿਰ ਵਿਚ ਜਾ ਕੇ ਸਾਰਾ ਦਿਨ ਬਲਦਾਂ ਨੇ ਅਰਾਮ ਹੀ ਤਾਂ ਕਰਨਾ ਹੁੰਦਾ ਏ। ਰਾਤ ਨੂੰ ਗੱਡਾ ਲਦਾਉਣ ਤੋਂ ਬਾਅਦ ਹੀ ਮੇਰੇ ਲਈ ਪੜਨ ਦੀ ਵਾਰੀ ਆਉਂਦੀ ਸੀ। ਬਾਪ ਦੇ ਸਿਰੜ ਅਤੇ ਜੋਰ ਦਾ ਅੰਦਾਜ਼ਾ ਤਾਂ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਏ ਕਿ ਕਈ ਵਾਰੇ ਕੱਚੇ ਰਾਹ ‘ਤੇ ਚਿੱਕੜ ਵਿਚ ਖੁੱਭੇ ਗੱਡੇ ਨੂੰ ਕੱਢਣ ਲਈ ਮਾੜੇ ਡੰਗਰ ਦੇ ਨਾਲ ਆਪ ਜੋਰ ਲਾ ਕੇ ਗੱਡੇ ਨੂੰ ਖੁੱਭਣ ਵਿਚੋਂ ਕੱਢਣ ਵਿਚ ਮਦਦ ਕਰਦਿਆਂ ਮੈਂ ਖੁਦ ਦੇਖਿਆ ਹੈ।
ਬਾਪ ਦੇ ਬਹੁਤ ਸਾਰੇ ਰੂਪ ਮੇਰੇ ਚੇਤਿਆਂ ਵਿਚ ਸੱਜਰੇ ਜਾਪਦੇ ਨੇ ਜਿਹਨਾਂ ਵਿਚੋਂ ਉਸਦੀ ਅੜਬਾਈ, ਹਿੰਮਤ ਅਤੇ ਜਿੰਦਗੀ ਨੂੰ ਸਮੁੱਚੇ ਰੰਗ ਵਿਚ ਮਾਣਨ ਦਾ ਰੂਪ ਝਾਕਦਾ ਏ। ਬਿਆਸ ਦਰਿਆ ਤੇ ਵੱਸੇ ਸਾਡੇ ਪਿੰਡ ਦਾ ਜਿ਼ਆਦਾ ਰਕਬਾ ਮੰਡ ਦਾ ਹੁੰਦਾ ਸੀ ਜਿਸ ਵਿਚ ਜੰਗਲੀ ਜਾਨਵਰਾਂ ਦਾ ਸਿ਼ਕਾਰ ਕਰਨਾ, ਮੰਡ ਵਿਚ ਭੱਠੀ ਲਾ ਕੇ ਦੇਸੀ ਸ਼ਰਾਬ ਕੱਢਣੀ ( ਉਸ ਸਮੇਂ ਨਿੱਜੀ ਵਰਤੋਂ ਲਈ ਦੇਸੀ ਸ਼ਰਾਬ ਕੱਢਣ ਦਾ ਰਿਵਾਜ ਆਮ ਸੀ) ਅਤੇ ਫਿਰ ਪਹਿਲੇ ਤੋੜ ਦੀ ਸ਼ਰਾਬ ਪੀ ਕੇ ਲਲਕਾਰੇ ਮਾਰਨਾ, ਲੜਨਾ-ਝਗੜਨਾ ਅਤੇ ਬੇਸੁੱਧ ਹੋ ਕੇ ਸ਼ਾਮ ਨੂੰ ਘਰ ਆਉਣਾ ਆਦਿ ਆਮ ਵਰਤਾਰਾ ਹੁੰਦਾ ਸੀ। ਮੰਡ ਵਿਚ ਭੀਲ਼ੋਵਾਲ, ਭਲੋਜਲਾ ਆਦਿ ਮਾਝੇ ਦੇ ਪਿੰਡਾਂ ਦੇ ਲੋਕ ਆਮ ਹੀ ਸ਼ਰਾਬ ਕੱਢਿਆ ਕਰਦੇ ਸਨ ਅਤੇ ਮੰਡ ਵਿਚ ਕਾਹ-ਕਾਨੇ ਵੱਢਣ ਲਈ ਹਰਜਾਨਾ ਉਗਰਾਉਂਦੇ ਹੁੰਦੇ ਸਨ। ‘ਕੇਰਾਂ ਅਸੀਂ ਕਾਹ ਦਾ ਗੱਡਾ ਲੱਦ ਕੇ ਆ ਰਹੇ ਸਾਂ ਤਾਂ ਉਹ ਗੱਡੇ ਅੱਗੇ ਹੋ ਕੇ ਪੈਸੇ ਮੰਗਣ ਲੱਗ ਪਏ। ਮੇਰਾ ਬਾਪ ਗੰਡਾਸੀ ਲੈ ਕੇ ਉਹਨਾਂ ਨੂੰ ਪੈ ਨਿਕਲਿਆ ਕਿ ਤੁਸੀਂ ਕੌਣ ਹੁੰਦੇ ਹੋ ਸਾਡੇ ਮੰਡ ਵਿਚੋਂ ਸਾਥੋਂ ਹੀ ਹਰਜਾਨਾ ਲੈਣ ਵਾਲੇ। ਮੈਂ ਤਾਂ ਲੜਾਈ ਤੋਂ ਡਰਦਾ ਸਾਂ। ਪਰ ਬਾਪ ਅਜੇਹੇ ਮਾਹੌ਼ਲ ਵਿਚ ਜੰਮਿਆ ਪਲਿਆ ਸੀ ਜਿਥੇ ਗਾਲੀ ਗਲੋਚ ਕਰਨਾ, ਲੜਾਈ ਹੋਣਾ, ਸੱਟਾਂ ਲੱਗਣੀਆਂ ਅਤੇ ਸੁਲਾਹ-ਸਫ਼ਾਈ ਜੀਵਨ ਦਾ ਆਮ ਵਰਤਾਰਾ ਸੀ। ਅਜੇਹੀ ਹੀ ਇਕ ਹੋਰ ਘਟਨਾ ਮੇਰੀਆਂ ਯਾਦਾਂ ਵਿਚ ਘਰ ਕਰੀ ਬੈਠੀ ਏ। 70ਵਿਆਂ ਵਿਚ ਕੁਝ ਵੱਡੇ ਜਿੰਮੀਦਾਰ ਟਰੈਕਟਰ ਨਾਲ ਕਣਕ ਕੁੱਤਰਨ ਵਾਲੀ ਮਸ਼ੀਨ ਲੈ ਕੇ ਹਰ ਕਿਸਾਨ ਦੇ ਖਲਵਾੜੇ ਵਿਚ ਜਾ ਕੇ ਕਣਕ ਕੁੱਤਰਦੇ ਹੁੰਦੇ ਸਨ ਜਿਥੇ ਸਾਰੇ ਖੇਤਾਂ ਦੀਆਂ ਕਣਕ ਦੀਆਂ ਭਰੀਆਂ ਇਕੱਠੀਆਂ ਕਰ ਲਈਆਂ ਜਾਂਦੀਆਂ ਸਨ। ‘ਕੇਰਾਂ ਭਾਨ ਸਿੰਘ ਵਲੈਤੀਆ ਟਰੈਕਟਰ ਨਾਲ ਕਣਕ ਕੁੱਤਰ ਰਿਹਾ ਸੀ ਤਾਂ ਕੁਝ ਕਣਕ ਸਿੱਲੀ ਹੋਣ ਕਾਰਨ ਟਰੈਕਟਰ ਦਾ ਜਿ਼ਆਦਾ ਜੋਰ ਲੱਗ ਗਿਆ। ਭਾਨ ਸਿੰਘ ਨੇ ਗੁੱਸੇ ‘ਚ ਆ ਕੇ ਟਰੈਕਟਰ ਬੰਦ ਕਰ ਦਿਤਾ ਅਤੇ ਮਸ਼ੀਨ ਪੁੱਟ ਕੇ ਤੁੱਰਨ ਲੱਗਿਆਂ ਕਹਿਣ ਲੱਗਾ ਕਿ ਕਣਕ ਦੀ ਕੁੱਤਰਾਈ ਦੀਆਂ ਬੋਰੀਆਂ ਮੈਂਨੂੰ ਦਿਓ। ਅੱਧ-ਵਿਚਾਲੇ ਕਣਕ ਦੀ ਕੁੱਤਰਾਈ ਰਹਿ ਜਾਣ ਤੋਂ ਅੱਕਿਆ ਮੇਰਾ ਬਾਪ ਉਸ ਨੂੰ ਪੈ ਨਿਕਲਿਆ ਕਿ ਤੂੰ ਸਾਡੀ ਕਣਕ ਵਿਚੇ ਛੱਡ ਕੇ ਜਾ ਰਿਹਾ ਏਂ। ਅਸੀਂ ਤੈਂਨੂੰ ਕਣਕ ਦੀ ਕੁੱਤਰਾਈ ਨਹੀਂ ਦੇਣੀ ਅਤੇ ਨਾ ਹੀ ਕਿਸੇ ਬੋਰੀ ਨੂੰ ਹੱਥ ਲਾਉਣ ਦੇਣਾ ਏ। ਵੱਗ ਜਾ ਇਥੋਂ। ਭਾਨ ਸਿੰਘ ਨੇ ਬਥੇਰਾ ਰੋਅਬ ਦਿਖਾਇਆ ਪਰ ਬਾਪ ਦੀ ਜਿੱਦ ਅਤੇ ਗੁੱਸੇ ਸਾਹਵੇਂ ਉਸਨੂੰ ਖਾਲੀ ਹੱਥ ਹੀ ਪਰਤਣਾ ਪਿਆ। ਵੈਸੇ ਵੀ ਜੱਟ ਆਪਣੀ ਅੜੀ ‘ਤੇ ਆ ਜਾਵੇ ਤਾਂ ਉਹ ਰੱਬ ਤੋਂ ਵੀ ਨਾਬਰ ਹੋ ਜਾਂਦਾ ਏ।
ਬਾਪ ਨੂੰ ਆਏ-ਗਏ, ਮੰਗ ‘ਤੇ ਜਾਣ ਜਾਂ ਤਿੱਥ-ਤਿਓਹਾਰ ‘ਤੇ ਸ਼ਰਾਬ ਪੀਣ ਦਾ ਸ਼ੌਕ ਸੀ। ਅਜੇਹੇ ਮੌਕਿਆਂ ‘ਤੇ ਉਹ ਜਿ਼ਆਦਾ ਸ਼ਰਾਬ ਪੀ ਕੇ ਕੋਈ ਨਾ ਕੋਈ ਬਿਖੇੜਾ ਜਰੂਰ ਖੜਾ ਕਰ ਲੈਂਦਾ ਸੀ। ਪਰ 1973-74 ਵਿਚ ਪਤਾ ਨਹੀਂ ਕਿ ਉਸਦੇ ਮਨ ਵਿਚ ਕੇਹੀ ਤਬਦੀਲੀ ਆਈ ਕਿ ਉਹ ਸ਼ਰਾਬ ਪੀਣੀ ਅਤੇ ਮਾਸ ਖਾਣਾ ਬਿਲਕੁਲ ਹੀ ਛੱਡ ਗਿਆ। ਉਸਦੇ ਮਨ ਦੀ ਕਰੜਾਈ ਦੇਖੋ ਕਿ ਉਸਨੇ ਹੁਣ ਤੱਕ ਸ਼ਰਾਬ ਜਾਂ ਮੀਟ ਨੂੰ ਹੱਥ ਨਹੀਂ ਲਾਇਆ। ਇਹ ਆਪਣੇ ਮਨ ਦੀ ਕਰੜਾਈ ਅਤੇ ਸਿਰੜ ਦੀ ਪਕਿਆਈ ਹੀ ਹੈ ਜਦ ਕਿ ਅਸੀਂ ਤਾਂ ਮਨ ਦੀ ਚੰਚਲਤਾ ਸਾਹਵੇਂ, ਸੌਂਹਾਂ ਜਾਂ ਵਾਅਦੇ ਤੋੜਨ ਲੱਗਿਆਂ ਬਹਾਨੇ ਘੜਨ ਵਿਚ ਮਾਹਰ ਹਾਂ। ਅਜੇਹੇ ਪ੍ਰਣ ਕਿਸੇ ਗੁਰੂ, ਪੀਰ ਜਾਂ ਬਾਬੇ ਦੇ ਕਹਿਣ ‘ਤੇ ਨਹੀਂ ਸੀ ਕੀਤਾ ਸਗੋਂ ਇਹ ਉਸਦਾ ਖੁਦ ਦਾ ਪ੍ਰਣ ਸੀ। ਭਾਵੇਂ ਕਿ ਬਹੁਤ ਦੇਰ ਬਾਅਦ ਉਹ ਛੋਟੇ ਭਰਾ ਦੇ ਪ੍ਰਭਾਵ ਹੇਠ ਰਾਧਾ ਸੁਆਮੀ ਡੇਰੇ ਜਾਣ ਲੱਗ ਪਿਆ ਸੀ।
ਬਾਪ ਦਾ ਸਭ ਤੋਂ ਵੱਡਾ ਸੁਪਨਾ ਆਪਣੇ ਪਰਿਵਾਰ ਨੂੰ ਕਾਮਯਾਬ ਹੋਇਆ ਦੇਖਣਾ ਸੀ। ਅਜੇ ਕੱਲ ਵਾਂਗ ਤਾਂ ਲੱਗਦਾ ਹੈ ਜਦ ਉਸਨੇ ਕਿਸੇ ਡੰਗਰ ਦੇ ਸੌਦੇ ਵਿਚੋਂ ਮੈਂਨੂੰ ਪੁਰਾਣਾ ਸਾਈਕਲ ਲੈ ਦਿਤਾ ਸੀ ਕਿਉਂਕਿ ਮੈਂ ਪਿੰਡ ਤੋਂ 3-4 ਮੀ਼ਲ ਦੂਰ ਧਾ਼ਲੀਵਾਲ ਵਿਖੇ 9ਵੀਂ ਵਿਚ ਪੜਨ ਜਾਣਾ ਸੀ। ਉਸਨੂੰ ਫਿ਼ਕਰ ਸੀ ਕਿ ਬੱਚੇ ਨੂੰ ਆਉਣ ਜਾਣ ਵਿਚ ਸੌਖ ਰਹੇ। ਪੜਾਈ ਪ੍ਰਤੀ ਮੇਰਾ ਬਾਪ ਦਾ ਦਿ਼੍ਰਸਟੀਕੋਣ ਮੇਰੇ ਤਾਏ ਨਾਲੋਂ ਵੱਖਰਾ ਸੀ। ਮੇਰਾ ਹਾਣੀ ਤਾਏ ਦਾ ਮੁੰਡਾ ਨੌਵੀਂ ਵਿਚੋਂ ਫੇਲ੍ਹ ਹੋ ਗਿਆ ਤਾਂ ਤਾਏ ਨੇ ਉਸਨੂੰ ਪੜਨੋਂ ਹਟਾ ਕੇ ਵਾਹੀ ਕਰਨ ਲਾ ਲਿਆ। ਜਦ ਮੈਂਨੂੰ ਗਿਆਰਵੀਂ ਵਿਚੋਂ ਫੇਲ੍ਹ ਹੋਣ ਦਾ ਪਤਾ ਲੱਗਾ ਤਾਂ ਮੈਂ ਜੂਨ ਮਹੀਨੇ ਬਾਪ ਨਾਲ ਗੱਡੇ ‘ਤੇ ਰੂੜੀ ਪਵਾ ਰਿਹਾ ਸਾਂ। ਪੁੱਤ ਦੀ ਨਾਕਾਮਯਾਬੀ ਤੋਂ ਨਿਰਾਸ਼ ਬਾਪ ਨੇ ਆਪਣੀ ਅੱਖ ਵਿਚ ਆਏ ਹੰਝੂ ਨੂੰ ਲਕੋ ਕੇ ਕਿਹਾ ਕਿ ਤੂੰ ਕਿਹੜਾ ਬੁੱਢਾ ਹੋ ਗਿਆ ਏਂ। ਇਸ ਵਾਰ ਜਿ਼ਆਦਾ ਮਿਹਨਤ ਕਰੀਂ। ਪੜਾਈ ਜਾਰੀ ਰੱਖਣੀ ਹੈ। ਇਹ ਬਾਪ ਦੀ ਹੱਲਾਸ਼ੇਰੀ ਹੀ ਸੀ ਕਿ ਮੈਂ ਬੀਐਸਸੀ ਅਤੇ ਐਮਸੀਸੀ ਸਕਾਲ਼ਰਸਿ਼ਪ ਲੈ ਕੇ ਪਾਸ ਕੀਤੀਆਂ। ਪੀਐਚਡੀ ਸਮੇਂ ਜਦ ਮੈਂਨੂੰ ਐਗਜ਼ਾਮੀਨਰ ਨੇ ਪੁੱਛਿਆ ਕਿ ਤੂੰ ਸਰਕਾਰੀ ਕਾਲਜ ਵਿਚ ਪ੍ਰੋਫੈਸਰ ੲਂੇ। ਤੈਨੂੰ ਕੀ ਲੋੜ ਸੀ ਪੀਐਚਡੀ ਕਰਨ ਦੀ? ਇਸਦਾ ਮਾਇਕ ਲਾਭ ਤਾਂ ਹੋਣਾ ਨਹੀਂ। ਤੂੰ ਪੰਜ ਸਾਲ ਇਸ ‘ਤੇ ਗਵਾ ਦਿਤੇ। ਟਿਊਸ਼ਨ ਕਰਕੇ ਬਹੁਤ ਪੈਸੇ ਕਮਾ ਸਕਦਾ ਸੀ। ਤਾਂ ਮੇਰਾ ਨਿਮਰਤਾ ਸਹਿਤ ਕਹਿਣਾ ਸੀ ਮੇਰੀ ਪੀਐਚਡੀ, ਬਾਪ ਦੀ ਅੱਖ ਵਿਚ ਤਰਦੇ ਉਸ ਹੰਝੂ ਨੂੰ ਅਕੀਦਤ ਏ ਜਿਹੜਾ ਅੱਜ ਵੀ ਮੈਂਨੂੰ ਪ੍ਰਤੱਖ ਨਜ਼ਰ ਆਉਂਦਾ ਏ ਜਦ ਮੈਂ ਗਿਆਰਵੀਂ ਵਿਚੋਂ ਫੇਲ੍ਹ ਗਿਆ ਸਾਂ। ਉਸ ਸਮੇਂ ਮੈਂ ਬਾਪ ਦੀ ਅੱਖ ਵਿਚ ਜੰਮ ਗਏ ਹੰਝੂ ਦਾ ਮੁੱਲ ਮੋੜਨ ਦਾ ਅਹਿਦ ਕੀਤਾ ਸੀ। ਇਸ ਡਿਗਰੀ ਲਈ ਮਿਹਨਤ ਅਤੇ ਸਮਾਂ, ਉਸ ਅਹਿਦ ਸਾਹਵੇਂ ਤਾਂ ਤੁੱਸ਼ ਹੈ।
ਬਾਪ ਦੀ ਇਮਾਨਦਾਰੀ, ਆਪਣੇ ਆਪ ਵਿਚ ਮਿਸਾਲ ਏ ਅਤੇ ਉਸਦਾ ਧਰਮ, ਦਿਆਨਤਦਾਰੀ ਨਾਲ ਪ੍ਰਣਾਇਆ ਹੋਇਆ ਏ। ‘ਕੇਰਾਂ ਮੇਰੇ ਸਹੁਰਾ ਸਾਹਿਬ ਹੈਡਮਾਸਟਰ ਗੁਰਚਰਨ ਸਿੰਘ ਮਾਨ ਪਿੰਡ ਆਏ ਹੋਏ ਸਨ। ਉਹਨਾਂ ਨੇ ਮੇਰੇ ਬਾਪ ਨੂੰ ਕਿਹਾ ਕਿ ਤੁਹਾਡੇ ਪਿੰਡ ਦੇ ਕੋਲ ਸਤਸੰਗ ਹੋ ਰਿਹਾ ਏ। ਕੀ ਤੁਸੀਂ ਵੀ ਜਾ ਰਹੇ ਹੋ? ਤਾਂ ਉਹਨਾਂ ਦਾ ਜਵਾਬ ਸੀ, “ਕਿਸੇ ਦੇ ਚੋਰੀ ਪੱਠੇ ਨਾ ਵੱਢੋ। ਇਹ ਹੀ ਸਭ ਤੋਂ ਵੱਡਾ ਸਤਸੰਗ ਹੈ।” ਕਿੰਨਾ ਵੱਡਾ ਸੱਚ! ਕਿਰਸਾਨੀ ਨਾਲ ਜੁੜੀ ਸਚਾਈ ਰਾਹੀਂ ਜੀਵਨ-ਜਾਚ ਨੂੰ ਰੂਹ ਵਿਚ ਉਤਾਰਨ ਦਾ ਆਹਲਾ ਤਰੀਕਾ। ਅਜੇਹੀ ਦਾਰਸ਼ਨਿਕਤਾ ਵੱਡੇ ਵਿਦਵਾਨਾਂ ਦੇ ਊਣੇ ਗਿਆਨ ਦੇ ਮੇਚ ਕਿੰਜ ਆਵੇਗੀ?
ਆਪਣੇ ਬੱਚਿਆਂ ਨੂੰ ਉਡਾਰੂ ਬਣਾ, ਉਹਨਾਂ ਦੇ ਸੁਪਨਿਆਂ ਦੀ ਪ੍ਰਾਪਤੀ ਲਈ ਭਰਪੂਰ ਯੋਗਦਾਨ ਪਾਉਣ ਵਾਲਾ ਬਾਪ ਸਦਾ ਰੱਬ ਦਾ ਸ਼ੁਕਰਗੁਜਾਰ ਰਹਿੰਦਾ ਹੈ ਭਾਵੇਂ ਕਿ ਹੁਣ ਉਹ ਕਦੇ ਕਦੇ ਜੀਵਨ ਸਾਥਣ ਦੇ ਵਿਛੋੜੇ ਕਾਰਨ ਅੰਦਰੋਂ ਧੁੱਖਣ ਵੀ ਲੱਗ ਪੈਂਦਾ ਏ।
ਜੇ ਲੋੜ ਪਵੇ ਤਾਂ ਇਥੋਂ ਦੂਸਰਾ ਪਾਰਟ ਕਰ ਦੇਣਾ ਜੀ
ਮੇਰੇ ਹਰਫ਼ਾਂ ਵਿਚ ਬਾਪ ਦਾ ਬਿੰਬ ਅਤੇ ਉਸਦੀ ਅਸੀਸ, ਮੈਂਨੂੰ ਸਵੈ ਨਾਲ ਜੋੜਦੀ, ਅੰਤਰ ਸੰਵਾਦ ਦੇ ਰਾਹ ਤੋਰਦੀ ਏ ਜਿਸ ਵਿਚੋਂ ਖੁਦ ਦੀ ਪਛਾਣ ਕਰਨ ਵਿਚ ਸਹਾਇਤਾ ਮਿਲਦੀ ਏ। ਇਹ ਖੁਦ ਤੋਂ ਖੁਦ ਤੀਕ ਦਾ ਸਫ਼ਰ ਹੀ ਹੈ ਜਿਹੜਾ ਮੇਰਾ ਨਸੀਬ ਬਣ ਕੇ, ਹਰਫ਼ਾਂ ਦੀ ਇਬਾਰਤ ਰਾਹੀਂ ਤਹਿਰੀਕ ਦੇ ਵਰਕਿਆਂ ‘ਤੇ ਫੈਲ ਜਾਂਦਾ ਏ ਅਤੇ ਮੈਂ ਇਸ ਹਰਫ਼-ਅਮਾਨਤ ਨੂੰ ਆਪਣੇ ਪਾਠਕਾਂ ਦੇ ਰੂਬਰੂ ਕਰਕੇ ਸੁਰਖਰੂ ਹੋ ਜਾਂਦਾ ਹਾਂ। ਕੁਝ ਕਵਿਤਾਵਾਂ ਵਿਚ ਮੇਰਾ ਬਾਪ, ਮੇਰੇ ਸੰਗ ਤੁੱਰਦਾ, ਕਲਮ ਦੇ ਸੁੱਚੇ ਹਰਫ਼ ਬਣਦਾ ਏ ਜੋ ਮੇਰੀ ਰੂਹ ਦੇ ਸਭ ਤੋਂ ਨੇੜੇ ਨੇ। ਇਹਨਾਂ ਕਵਿਤਾਵਾਂ ਵਿਚ ਮੈਂ ਬਾਪ ਦੇ ਕਈ ਰੰਗਾਂ ਨੂੰ ਸਮਾਜਿਕ ਦਰਪਣ ਵਿਚੋਂ ਦੇਖਿਆ ਅਤੇ ਅਜੋਕੇ ਸਮਾਜ ਦੇ ਬਹੁ-ਪਰਤੀ ਰੂਪਾਂ ਨੂੰ ਚਿੱਤਰਿਆ ਏ।
ਹਰਫ਼ਾਂ ਦੀ ਚਰਨ-ਬੰਦਨਾ ‘ਚ ਬਾਪ ਨੂੰ ਪਰਿਭਾਸ਼ਤ ਕਰਦਿਆਂ, ਕਾਵਿਕਤਾ ਆਪ ਮੁਹਾਰੇ ਵਹਿ ਤੁਰੀ;

ਬਾਪ
ਸਿਰਫ ਦੋ ਅੱਖਰਾਂ ਦਾ ਜੋੜ ਨਹੀਂ
ਇਸ ਵਿਚ ਸਮਾਏ ਹੋਏ ਨੇ
ਅਸੀਮ ਅਰਥ, ਸੰਵੇਦਨਾਵਾਂ ਤੇ ਸੁਪਨੇ

ਬਾਪ
ਤੁਹਾਡੀ ਉਂਗਲ ਹੀ ਨਹੀਂ ਫੜਦਾ
ਤੁਹਾਡੇ ਕਦਮਾਂ ਦੇ ਨਾਵੇਂ ਮੰਜ਼ਲਾਂ ਦੀ ਪੈੜ
ਤੇ ਮੱਥੇ ਵਿਚ ਦਿਸਹੱਦਿਆਂ ਦਾ ਸਿਰਨਾਵਾਂ ਧਰਦਾ ਏ

ਬਾਪ
ਕੰਨਹੇੜੀ ‘ਤੇ ਬਿਠਾ ਕੇ ਮੇਲਾ ਹੀ ਨਹੀਂ ਦਿਖਾਉਂਦਾ
ਤੁਹਾਡੇ ਅਵਚੇਤਨ ਵਿਚ ਦੁਨੀਆਂ ਦੇ ਰੰਗ ਤਮਾਸ਼ੇ
ਅਤੇ ਜਿੰਦਗੀ ਦੇ ਵਿਭਿੰਨ ਰੂਪਾਂ ਦੀ ਤਸ਼ਬੀਹ ਵੀ ਖੁਣ ਦਿੰਦਾ ਏ

ਬਾਪ
ਜਦ ਹੱਲ ਵਾਹੁਣ ਸਿਖਾਉਂਦਿਆਂ
ਨਿੱਕੇ ਹੱਥਾਂ ਵਿਚ ਪਰਾਣੀ ਅਤੇ ਪੁਚਕਾਰ ਪਕੜਾਉਂਦਾ ਏ
ਤਾਂ ਸਮਤੋਲ ਤੋਰ ਅਤੇ ਆਤਮਿਕ ਡਰ ਨੂੰ
ਤੁਹਾਡੇ ਜਿਹਨ ‘ਚ ਸਦੀਵੀ ਉਤਾਰ ਦਿੰਦਾ ਏ

ਬਾਪ
ਜਦ ਨੰਗੇ ਪੈਰਾਂ ਦੇ ਸਫ਼ਰ ਨੂੰ
ਤੁਹਾਡੇ ਲਈ ਫਲ੍ਹੇ ਦੀ ਪ੍ਰਕਰਮਾ ਬਣਾਉਂਦਾ ਏ
ਤਾਂ ਕੋਮਲ ਸੋਚ ‘ਚ ਮੁਸ਼ਕੱਤ ਦੀ ਵੱਗਦੀ ਪੱਛੋਂ
ਸੁਨਹਿਰੀ ਦਾਣਿਆਂ ਦਾ ਬੋਹਲ ਬਣਾਉਂਦੀ ਏ

ਬਾਪ
ਦੇ ਚੋਂਦੇ ਮੁੜਕੇ ਦੇ ਨਾਵੇਂ
ਜਦ ਜੁਆਕ ਕੱਚੀ ਲੱਸੀ ਦਾ ਜੱਗ ਕਰਦਾ ਏ
ਤਾਂ ਬੱਚੇ ਦੇ ਮਸਤਕ ‘ਚ
ਮੁੜਕੇ ਚੋਂ ਮੋਤੀਆਂ ਦੀ ਫਸਲ ਉਗਾਉਣ ਦੀ ਜਾਚ ਜਨਮਦੀ ਏ

ਬਾਪ
ਜਦ ਧੁੱਪ ‘ਚ ਨੰਗੇ ਪੈਰੀਂ ਤੁਰੇ ਜਾਂਦੇ
ਬੱਚੂ ‘ਤੇ ਪਰਨੇ ਦੀ ਛਾਂ ਕਰਦਾ ਏ
ਤਾਂ ਸਫਾਫ਼ ਮਨ ‘ਚ ਛਾਵਾਂ ਵੰਡਣ ਦੀ ਬਿਰਤੀ ਉਗਮਦੀ ਏ

ਬਾਪ
ਜਦ ਕਿਸੇ ਦੇ ਖੇਤੋਂ ਪੱਠੇ ਨਾ ਵੱਢਣ ਦੀ ਨਸੀਹਤ ਕਰਦਾ ਏ
ਤਾਂ ਇਹ ਕਰਮ-ਯੋਗਤਾ ਦਾ ਪਹਿਲਾ ਪਾਠ ਬਣ ਜਾਂਦਾ ਏ

ਤੇ
ਬਾਪ ਦੇ ਸੁਪਨਿਆਂ ਨੂੰ ਸੂਹੇ ਫੁੱਲ
ਬਾਪ ਦੀ ਅਕੀਦਤ ਦਾ ਹਾਸਲ ਹੁੰਦੇ ਨੇ।

ਬਾਪ
ਦੋ ਹਰਫਾਂ ਦਾ ਜੋੜ ਨਹੀਂ
................................

ਜਦ ਮੇਰਾ ਬਾਪ ਮੈਂਨੂੰ ਮਿਲਣ ਕਪੂਰਥਲਾ ਆਉਂਦਾ ਸੀ ਤਾਂ ਪੀੜ੍ਹੀਆਂ ਦੇ ਫਰਕ ਵਿਚ ਉਲਝਿਆ ਸਮਾਜਿਕ ਵਰਤਾਰਾ ਮੈਨੂੰ ਬਹੁਤ ਪੀੜਤ ਕਰਦਾ ਸੀ। ਅਜੇਹੇ ਵਰਤਾਰੇ ਦੇ ਨਾਮ ਇਕ ਕਵਿਤਾ ਮੈਂ ਬਾਪ ਨੂੰ ਅਰਪਿੱਤ ਕੀਤੀ ਸੀ ਜੋ ਮੇਰੀ ਸੰਵੇਦਨਾ ਨੂੰ ਹੁਣ ਵੀ ਝੰਜੋੜ ਜਾਂਦੀ ਏ;

ਮੇਰਾ ਬਾਪ
ਬਹੁਤ ਘੱਟ
ਮੈਂਨੂੰ ਮਿਲਣ ਸ਼ਹਿਰ ਆਉਂਦਾ ਹੈ।

ਕਦੇ ਕਦੇ ਆਉਣ ਵਾਲਾ ਮੇਰਾ ਬਾਪ
ਬੂਹਾ ਖੋਲ੍ਹਣ ਤੋਂ ਡਰਦਾ
ਬੈੱਲ ਮਾਰ ਕੇ ਉਡੀਕ ਕਰਦਾ ਹੈ ਕਿ
ਹਾਊਸ ਨੰਬਰ ਬਣੇ ਘਰ ਦਾ ਗੇਟ ਕਦੋਂ ਖੁੱਲੇਗਾ
ਤੇ ਗੇਟ ਖੁੱਲਣ 'ਤੇ ਵੀ
ਅੰਦਰ ਲੰਘਣ ਤੋਂ ਝਿੱਜਕਦਾ ਹੈ
ਘਰ 'ਚ ਰੱਖੇ ਜਰਮਨ ਸ਼ੈਫਰਡ ਤੋਂ।

ਅੰਦਰ ਲੰਘ ਕੇ
ਮੰਜੇ 'ਤੇ ਅਲਸਾਉਣ ਵਾਲਾ ਮੇਰਾ ਬਾਪ
ਸੋਫ਼ੇ ਵਿਚ ਸੁੰਗੜ ਜਾਂਦਾ ਹੈ
ਅਤੇ ਗੜਵੀ ਚਾਹ ਦੀ ਪੀਣ ਵਾਲੇ ਬਾਪ ਨੂੰ
ਚਾਹ ਦਾ ਕੱਪ ਤੇ ਦੋ ਕੁ ਬਿਸਕੁਟ ਨਿਰਾ ਮਖੌਲ ਜਾਪਦੇ ਨੇ।

ਮੇਰੇ ਬੱਚਿਆਂ ਨੂੰ ਅੱਖਰਦਾ ਹੈ
ਬਾਪ ਦਾ ਖੁੱਰਦਰੇ ਹੱਥਾਂ ਨਾਲ ਪਲੋਸਣਾ
ਉਹ ਦਾਦੇ ਦੀਆਂ ਗੱਲਾਂ ਦਾ ਹੁੰਗਾਰਾ ਭਰਨ ਦੀ ਬਜਾਏ
ਟੀ.ਵੀ. ਤੇ ਕੰਪਿਊਟਰ ਵਿਚ ਖੁੱਭ ਜਾਂਦੇ ਨੇ
ਤੇ ਬਾਪ ਦੀਆਂ ਬਾਤਾਂ ਮਸੋਸ ਕੇ ਰਹਿ ਜਾਂਦੀਆਂ ਨੇ।

ਮੇਰੇ ਰੁਝੇਵਿਆਂ ਨੇ ਖਾ ਲਿਆ ਹੈ
ਬਾਪ ਦੀਆਂ ਨਸੀਹਤਾਂ ਦਾ ਹੁੰਗਾਰਾ।

ਮੱਕੀ ਦੀ ਰੋਟੀ ਤੇ ਸਾਗ ਖਾਣ ਵਾਲੇ ਬਾਪ ਨੂੰ
ਜਦ ਖਾਣ ਲਈ ਪੀਜ਼ਾ ਦੇਈਏ
ਤਾਂ ਉਸਦੀ ਭੁੱਖ ਮਰ ਜਾਂਦੀ ਹੈ।

ਦਲਾਨ ਵਿਚ
ਸਾਰੇ ਪ੍ਰਵਾਰ ਦੇ ਮੰਜੇ ਡਾਹ ਕੇ
ਸੌਣ ਵਾਲੇ ਬਾਪ ਨੂੰ
ਬੈੱਡਰੂਮ ਵਿਚ ਨੀਂਦ ਨਹੀਂ ਆਉਂਦੀ।

ਸੂਰਜ ਡੁੱਬਣ ਸਾਰ ਸੌਣ ਵਾਲੇ ਬਾਪ ਦੀ
ਕੱਚੀ ਨੀਂਦ ਉਖੜ ਜਾਂਦੀ ਹੈ
ਜਦ ਅਸੀਂ ਅੱਧੀ ਰਾਤ ਨੂੰ
ਪਾਰਟੀ ਤੋਂ ਬਾਅਦ ਘਰ ਪਰਤਦੇ ਹਾਂ।

ਉਹ ਸੁੱਤ-ਉਨੀਂਦਰਾ
ਅੰਮ੍ਰਿਤ ਵੇਲੇ ਉੱਠ
ਨੌਕਰ ਹੱਥੋਂ ਚਾਹ ਦਾ ਕੱਪ ਪੀ
ਸਾਡੇ ਜਾਗਣ ਤੋਂ ਪਹਿਲਾਂ ਪਹਿਲਾਂ
ਪਿੰਡ ਨੂੰ ਵਾਪਸ ਪਰਤ ਜਾਂਦਾ ਹੈ।

ਅਕਸਰ ਹੀ
ਮੇਰਾ ਬਾਪ
ਬਹੁਤ ਘੱਟ
ਮੈਂਨੂੰ ਮਿਲਣ ਸ਼ਹਿਰ ਆਉਂਦਾ ਹੈ।

ਜਦ ਜੀਵਨ ਦੀ ਢਲਦੀ ਸ਼ਾਮ ‘ਚ ਮੇਰੀ ਮਾਤਾ ਸਦੀਵੀ ਵਿਛੋੜਾ ਦੇ ਗਈ ਤਾਂ ਬਾਪ ਅੰਦਰੋਂ ਟੁੱਟ ਕੇ ਵੀ ਬਾਹਰੋਂ ਸਬੂਤਾ ਹੋਣ ਦਾ ਧਰਮ ਪਾਲਦਾ ਰਿਹਾ। ਇਸ ਧਰਮ ਨੇ ਉਸਨੂੰ ਮਾਨਸਿਕ ਤੌਰ ‘ਤੇ ਬਹੁਤ ਕੰਮਜੋਰ ਕਰ ਦਿਤਾ ਏ। ਹੁਣ ਅਕਸਰ ਹੀ ਉਸਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਜਦ ਅਸੀਂ ਪ੍ਰਦੇਸੋਂ ਫੋਨ ਕਰਦੇ ਹਾਂ ਜਾਂ ਵਤਨ ਜਾ ਕੇ ਵਾਪਸ ਪ੍ਰਦੇਸ ਨੂੰ ਤੁੱਰਨ ਲੱਗਦੇ ਹਾਂ। ਮਾਂ ਦੀ ਮੌਤ ਤੋਂ ਬਾਅਦ ਜਦ ਪਹਿਲੀ ਵਾਰ ਪਿੰਡ ਗਿਆ ਤਾਂ ਇਕ ਨਿੱਕੀ ਜਹੀ ਘਟਨਾ ਵੱਡੇ ਅਰਥਾਂ ਦਾ ਸੁਨੇਹਾ, ਮੇਰੀ ਤਲੀ ‘ਤੇ ਧਰ, ਭਾਵੁਕ ਕਵਿਤਾ ਦੀ ਧਰਾਤਲ ਬਣ ਗਈ। ਇਸ ਕਵਿਤਾ ਨੂੰ ਸੁਣ ਕੇ ਨਿਊਯਾਰਕ ਵਿਚ ਰਹਿੰਦੇ ਮੁਸਲਮਾਨ ਪੰਜਾਬੀ ਸ਼ਾਇਰ ਭਰਾ ਸੁੰਨ ਹੀ ਹੋ ਗਏ ਸਨ ਕਿ ਕੀ ਇੰਜ ਵੀ ਅਹਿਸਾਸਾਂ ਨੂੰ ਸਿਰਜਿਆ ਜਾ ਸਕਦਾ ਏ;

ਮਾਂ ਦੀ ਮੌਤ ਤੋਂ ਬਾਦ
ਪਹਿਲੀ ਵਾਰ ਪਿੰਡ ਆਇਆਂ ਹਾਂ

ਘਰ ਦੇ ਸਾਰੇ ਜੀਅ
ਪੀਰ ਦੀ ਦਰਗਾਹ ‘ਤੇ ਗਏ ਹੋਏ ਨੇ
ਅਤੇ
ਮੈਂ ਘਰ ‘ਚ ਇਕੱਲਾ
ਸਿਮਰਤੀਆਂ ‘ਚ ਗਵਾਚ ਜਾਂਦਾ ਹਾਂ।
‘ਮਾਂ ਦਾ ਉਚੇਚ ਨਾਲ ਪਿੰਡ ਆਉਣ ਲਈ ਕਹਿਣਾ
ਸਵੇਰ ਤੋਂ ਹੀ ਦਰਾਂ ਦੀ ਬਿੜਕ ਲੈਣਾ
ਅਤੇ ਦੇਰ ਨਾਲ ਆਉਣ ‘ਤੇ ਨਿਹੋਰਾ ਦਿੰਦਿਆਂ
ਕਲਾਵੇ ‘ਚ ਲੈ
ਅਸੀਸਾਂ ਦੀ ਝੜੀ ਲਾਉਣਾ’ ਦੀਆਂ ਯਾਦਾਂ
ਮੇਰੀ ਉਦਾਸੀ ਨੂੰ ਹੋਰ ਸੰਘਣਾ ਕਰ
ਅੱਖਾਂ ਨਮ ਕਰ ਜਾਂਦੀਆਂ ਹਨ।

ਪੈਰਾਂ ਦੀ ਬਿੜਕ
ਮੇਰੀ ਨਮ-ਚੁੱਪ ਨੂੰ ਤੋੜਦੀ ਹੈ
ਨੰਗੇ ਪੈਰੀਂ ਘਰ ਵੜਦਾ ਬਾਪ,
ਬੋਝੇ ‘ਚੋਂ ਅੰਬ ਕੱਢ
ਮੈਂਨੂੰ ਦਿੰਦਿਆਂ ਕਹਿੰਦਾ ਹੈ,
“ਮੈਂਨੂੰ ਪਤਾ ਸੀ
ਤੂੰ ਆਇਆ ਹੋਵੇਂਗਾ
ਤੈਨੂੰ ਖੂਹ ਵਾਲੇ ਬੂਟੇ ਦੇ ਅੰਬ ਬਹੁਤ ਪਸੰਦ ਹਨ
ਅੱਜ ਇਕ ਪੱਕਾ ਅੰਬ ਲੱਭਾ ਸੀ
ਲੈ ਫੜ੍ਹ, ਚੂਪ ਲੈ”

ਅਤੇ ਮੈਂ ਬਾਪ ਦੇ ਝੁਰੜੀਆਂ ਭਰੇ
ਕੰਬਦੇ ਹੱਥ ‘ਚੋਂ ਅੰਬ ਲੈਂਦਿਆਂ
ਸੋਚਦਾ ਹਾਂ......
ਮਾਂ ਦੀ ਮੌਤ ਤੋਂ ਬਾਦ
ਬਾਪ
ਮਾਂ ਵੀ ਬਣ ਗਿਆ ਹੈ!!!
ਅੱਜ ਕੱਲ ਪ੍ਰਦੇਸ ਰਹਿੰਦਾ ਹਾਂ। ਸਾਲ-ਦੋ ਸਾਲ ਬਾਅਦ ਪਿੰਡ ਗੇੜਾ ਲੱਗਦਾ ਏ। ਬਾਪ ਨੂੰ ਅਕਸਰ ਹੀ ਉਡੀਕ ਰਹਿੰਦੀ ਏ। ਆਪਣੀਆਂ ਪੋਤਰੀਆਂ ਨੂੰ ਮਿਲਣ ਜਾਂ ਪਰਿਵਾਰ ਦੀ ਸੁੱਖ ਸਾਂਦ ਦੀ ਤਾਂਘ ਹੁੰਦੀ ਏ। ‘ਕੇਰਾਂ ਪੰਜਾਬ ਜਾਣ ਦਾ ਪ੍ਰੋਗਰਾਮ ਬਣਿਆ। ਪਰ ਕਿਸੇ ਮਜਬੂਰੀ ਵੱਸ ਆਖਰੀ ਪਲ੍ਹ ਟਾਲਣਾ ਪਿਆ। ਉਸ ਮਾਨਸਿਕ ਟੁੱਟ-ਭੱਜ ਵਿਚ ਮੇਰੇ ਹਰਫ਼, ਮੇਰੀ ਸੰਵੇਦਨਾ ਅਤੇ ਅੰਤਰ-ਪੀੜ ਨੂੰ ਆਪਣੇ ਵਿਚ ਜੀਰਨ ਦਾ ਹੀਆ ਨਾ ਕਰ ਸਕੇ ਜਿਹਨਾਂ ਦੇ ਹਵਾਲੇ ਆਪਣੀ ਵੇਦਨਾ ਪ੍ਰਗਟ ਕੀਤੀ;

ਭਰਾ ਦਾ ਫੋਨ ਆਇਆ ਏ
ਬਾਪ ਦੀ ਫਿਕਰਮੰਦੀ ਦੱਸਦਿਆਂ
ਪੁੱਛਦਾ ਏ
ਤੂੰ ਕਦ ਆਉਣਾ ਏ?
ਸੋਚਦਾ ਹਾਂ
ਬਾਪ ਨੂੰ ਆਉਣ ਦਾ ਕਾਹਨੂੰ ਦੱਸਣਾ ਸੀ
ਉਸਨੇ ਤਾਂ ਊਂਗਲਾਂ ਤੇ ਗਿਣ ਲਏ ਹੋਣਗੇ ਦਿਨ
ਹਰ ਬੀਤਦਾ ਦਿਨ ਉਸਦੀ ਉਡੀਕ ਘਟਾਉਂਦਾ
ਆਸ ਦਾ ਫੁੱਲ ਸੋਚ ‘ਚ ਉਗਾਉਂਦਾ ਹੋਵੇਗਾ

ਮੇਰਾ ਰੁੱਝੇਵਿਆਂ ਕਾਰਨ
ਜਾਣ ਤੋਂ ਟਾਲਾ ਵੱਟਣਾ,
ਜਿਬਾਹ ਕਰਦਾ ਹੋਵੇਗਾ ਬਾਪ ਦੇ ਚਾਅ
ਤੇ
ਹੁਣ ਆਖਰ ਨੂੰ
ਬਾਪ ਦੀਆਂ ਤਿਊੜੀਆਂ ਤੋਂ ਮਾਫੀ ਮੰਗਣ ਲਈ
ਮੈਂ ਪਿੰਡ ਜਾਣ ਦੀ ਕਾਹਲ ਵਿਚ ਹਾਂ।

ਬਾਪ ਸਭ ਤੋਂ ਵੱਡੀ ਦਾਤ। ਅਮੁਲ ਖਜ਼ਾਨਾ। ਸੁਪਨਿਆਂ ਦਾ ਸੁੱਚਾ ਨਾਮਕਰਣ। ਜੜ੍ਹਾਂ ਦੀ ਧਰਾਤਲ। ਵਿਰਾਸਤ ਦਾ ਮਾਣਮੱਤਾ ਹਰਫ਼। ਪ੍ਰਾਪਤੀਆਂ ਦਾ ਅਧਾਰ। ਚੇਤਿਆਂ ‘ਚ ਵੱਸੇ ਪਿੰਡ ਦੇ ਨਕਸ਼ ਅਤੇ ਖੇਤਾਂ ‘ਚ ਉਭਰਦਾ ਕ੍ਰਿਸ਼ਮਾਮਈ ਸਰੂਪ। ਪਰ ਪ੍ਰਦੇਸਾਂ ਵਿਚ ਵੱਸਦੇ ਪੁੱਤਰ ਕਿੰਨੇ ਨਿਕਰਮੇ ਹੋ ਗਏ ਨੇ। ਜਿ਼ਆਦਾਤਰ ਪੁੱਤ ਤਾਂ ਬਾਪ ਦੀਆਂ ਅੰਤਮ ਰਸਮਾਂ ਵਿਚ ਸ਼ਰੀਕ ਹੋਣ ਤੋਂ ਵੀ ਵਾਂਝੇ ਰਹਿ ਜਾਂਦੇ ਨੇ। ਉਹ ਸਿਰਫ਼ ਪਿੰਡ ਜਾਂਦੇ ਨੇ ਬਾਪ ਦੇ ਸਿਵੇ ਦੀ ਉਡ ਰਹੀ ਰਾਖ਼ ਨੂੰ ਫਰੋਲਣ ਜਾਂ ਫਿਰ ਸਿਵੇ ਦੇ ਖੁੰਜੇ ‘ਚ ਨਿਪੱਤਰੇ ਬਿਰਖ਼ ਦੇ ਗੱਲ ਲੱਗ, ਰੁੱਦਨ ਸੁਣਾਉਣ ਅਤੇ ਬਾਪ ਦੀਆਂ ਯਾਦਾਂ ਦੀ ਧੂਣੀ ਮਘਾਉਣ।
ਬਾਪ ਆਪਣੇ ਦੋ ਪੁੱਤਰਾਂ ਅਤੇ ਉਹਨਾਂ ਦੇ ਪਰਿਵਾਰ ਨਾਲ ਪਿੰਡ ਵਿਚ ਰੰਗੀਂ ਵੱਸਦਾ ਏ। ਪਰ ਮੈਂ ਕਈ ਵਾਰ ਆਪਣੇ ਆਪ ‘ਚ ਗੁਨਾਹਗਾਰ ਬਣ ਬਹਿੰਦਾ ਹਾਂ ਕਿ ਢ਼ਲਦੀ ਸ਼ਾਮ ਵੇਲੇ ਬਾਪ ਦੀ ਸੰਗਤ ਅਤੇ ਉਹਨਾਂ ਦੀ ਸੇਵਾ ਤੋਂ ਵਿਰਵਾ ਹਾਂ। ਅਸੀਂ ਪਰਿਵਾਰਕ ਖ਼ਲਜਗਣ ਵਿਚ ਹੀ ਅਜੇਹੇ ਉਲਝੇ ਹਾਂ ਕਿ ਇਸ ਕੁਤਾਹੀ ਤੋਂ ਬਚਣ ਲਈ ਅਕਸਰ ਬਹਾਨੇ ਘੜਦੇ ਰਹਿੰਦੇ ਹਾਂ। ਅਜੇਹਾ ਅਕਸਰ ਮੇਰੇ ਨਾਲ ਵੀ ਵਾਪਰਦਾ ਏ। ਇਉਂ ਲੱਗਦਾ ਹੈ ਕਿ ਅਜੇਹਾ ਪ੍ਰਦੇਸ ਵਿਚ ਰਹਿੰਦੇ ਹਰ ਸਖ਼ਸ਼ ਨਾਲ ਹੁੰਦਾ ਹੋਵੇਗਾ ਜਿਸਦੀ ਚੇਤਨਾ ਅਜੇ ਤੱਕ ਮਰੀ ਨਹੀਂ, ਜਿਸਨੂੰ ਹੁਣ ਵੀ ਆਪਣੇ ਪਿੰਡ, ਘਰ, ਬਾਪ ਜਾਂ ਬਚਪਨੀ ਸੁਪਨੇ ਆਉਂਦੇ ਨੇ ਜਿਹਨਾਂ ਨਾਲ ਅਸੀਂ ਅਚੇਤ ਰੂਪ ਵਿਚ ਬਹੁਤ ਡੂੰਘੀ ਤਰ੍ਹਾਂ ਜੁੜੇ ਹੋਏ ਹਾਂ।
ਜਿੰਨਾ ਚਿਰ ਬਾਪ ਜਿਉਂਦਾ ਏ ਪਿੰਡ ਜਾਣਾ ਚੰਗਾ ਲੱਗਦਾ ਏ ਕਿਉਂੁਕਿ ਸੰਘਣੀ ਛਾਂ ਨੂੰ ਮਿਲਣ ਦਾ ਮਨ ਵਿਚ ਚਾਅ ਹੁੰਦਾ ਏ। ਕੋਈ ਮੋਹ ਭਿੱਜੀ ਆਸ ਨਾਲ ਸਾਨੂੰ ਵੀ ਉਡੀਕ ਰਿਹਾ ਹੁੰਦਾ ਏ ਜਿਸਨੂੰ ਮਿਲ ਕੇ ਸੀਨੇ ‘ਚ ਠੰਢ ਪੈ ਜਾਂਦੀ ਹੈ। ਰਿਸ਼ਤੇ ਤਾਂ ਮਾਪਿਆਂ ਨਾਲ ਹੀ ਹੁੰਦੇ ਨੇ!
ਖੁਦਾ ਕਰੇ! ਬਾਪ ਰੂਪੀ ਅਸੀਸਾਂ ਦਾ ਦਰਿਆ ਸਦਾ ਵਗਦਾ ਰਹੇ।

ਫੋਨ # 1-216-556-2080,
ਈ-ਮੇਲ; gb.bhandal@gmail.com

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346