Welcome to Seerat.ca
Welcome to Seerat.ca

ਮੇਰਾ ਕਮਰਾ, ਮੇਰੀ ਕਲਮ

 

- ਇਕਬਾਲ ਰਾਮੂਵਾਲੀਆ (ਕੈਨੇਡਾ)

ਨਾਵਲ ਅੰਸ਼ / ਇਕੱਲਾ

 

- ਹਰਜੀਤ ਅਟਵਾਲ

ਕੁਝ ਸ਼ਬਦ ਆਪਣੀ ਨਵੀਂ ਪੁਸਤਕ ਬਾਰੇ

 

- ਸਰਵਣ ਸਿੰਘ

ਪੰਜਾਬ ਹੀਰਿਆਂ ਦੀ ਖਾਣ

 

- ਗੁਰਬਚਨ ਸਿੰਘ ਭੁੱਲਰ

ਸਫਰ ਦੀ ਇਹ ਦੁਨੀਆ ...

 

- ਗੁਲਸ਼ਨ ਦਿਆਲ

ਦੋ ਰਚਨਾਵਾਂ / ਅਮਰ ਕਥਾ ਤੇ ਮਿੱਡ ਡੇ ਮੀਲ

 

- ਗੁਰਪ੍ਰੀਤ ਸਿੰਘ

ਮਨੀ ਕੌਲ ਤੋਂ ਗੁਰਵਿੰਦਰ ਦੀ ਕਲਾਸਿਕ ਫਿਲਮ ਅੰਨ੍ਹੇ ਘੋੜੇ ਦਾ ਦਾਨ ਤੱਕ

 

-  ਗੁਰਦਿਆਲ ਸਿੰਘ ਬੱਲ

ਔਰਤ-ਰਹਿਤ ਔਰਤਾਂ ਦੀ ਅਵਾਜ਼?

 

- ਜਸਵਿੰਦਰ ਸੰਧੂ, ਬਰੈਂਪਟਨ

ਯਾਦਾਂ ਦੇ ਝਰੋਖੇ 'ਚੋਂ / ਮੇਰਾ ਮਿੱਤਰ ਜਸਪਾਲ ਸਿੰਘ

 

- ਗੁਰਦੇਵ ਚੌਹਾਨ

ਗੁਰਮੀਤ ਸਿੰਘ ਪਿੰਕੀ ਦੀਆਂ ਚਿੰਘਾੜਾਂ ਤੇ ਪੰਜਾਬ ਸਿਆਸਤ ਦੀਆਂ ਸਿਮਰਤੀਆਂ

 

- ਗੁਰਦਿਆਲ ਸਿੰਘ ਬੱਲ

ਕਲਾ ਦੀ ਕ੍ਰਿਸ਼ਮਈ-ਕਥਾ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਕਿਤਾਬਾਂ ਦੀ ਦੁਨੀਆ

 

- ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ

ਸ: ਸੋਭਾ ਸਿੰਘ ਜੀ ਨੂੰ ਯਾਦ ਕਰਦਿਆਂ

 

- ਚਰਨਜੀਤ ਸਿੰਘ

ਬਜੁਰਗ ਸਾਡਾ ਸਰਮਾਇਆ ਜਾਂ...?

 

- ਗੁਰਬਾਜ ਸਿੰਘ ਖੈਰਦੀਨਕੇ

ਗਜ਼ਲ

 

- ਗੁਰਨਾਮ ਢਿੱਲੋਂ

ਵਿਦਿਆਰਥੀਆੰ ਦੀ ਜਥੇਬੰਦਕ ਤਾਕਤ ਨੰੂ ਖੋਰਾ ਲਾਉਣ ਦੇ ਯਤਨ

 

- ਹਰਜਿੰਦਰ ਸਿੰਘ ਗੁਲਪੁਰ

ਖੜ੍ਹ ਓਏ ਤੇਰੇ ਦੀ........

 

- ਸੁਭਾਸ਼ ਰਾਬੜਾ

ਮਾਂ ਦੀ ਉਡੀਕ ਤਾਂ ਅੱਜ ਤੋਂ ਹੀ ਸ਼ੁਰੂ ਆ

 

- ਕਰਨ ਬਰਾੜ ਹਰੀਕੇ ਕਲਾਂ

ਗੱਦ-ਕਾਵਿ

 

- ਅਵਤਾਰ ਸਾਦਿਕ (ਇੰਗਲੈਂਡ)

ਗੁਰਨਾਮ ਢਿਲੋਂ ਦਾ ਨਵਾਂ ਕਾਵਿ ਸੰਗ੍ਰਹਿ- ਤੇਰੀ ਮੁਹੱਬਤ

 

- ਅਵਤਾਰ ਸਾਦਿਕ

ਆਜ਼ਾਦ ਸੋਚ...... ਗ਼ੁਲਾਮ ਕੰਨ......

 

- ਮਨਮਿੰਦਰ ਢਿਲੋਂ

ਮਿੰਨੀ ਕਹਾਣੀ / ਵੋਮੈਨ-ਡੇ

 

- ਸੁਖਵਿੰਦਰ ਕੌਰ 'ਹਰਿਆਓ'

ਕਵਿਤਾਵਾਂ

 

- ਸੁਰਜੀਤ

 
Online Punjabi Magazine Seerat


ਪੰਜਾਬ ਹੀਰਿਆਂ ਦੀ ਖਾਣ
- ਗੁਰਬਚਨ ਸਿੰਘ ਭੁੱਲਰ
 

 

ਪੰਜਾਬ ਹੀਰਿਆਂ ਦੀ ਧਰਤੀ ਹੈ। ਵੇਦਾਂ ਦੇ ਰਚਨਾਕਾਰ ਰਿਸ਼ੀਆਂ ਤੋਂ ਲੈ ਕੇ ਪੰਜਾਬ ਦਾ ਇਤਿਹਾਸ ਬੇਮਿਸਾਲ ਮਹਾਂਪੁਰਸ਼ਾਂ ਦੀ ਅਟੁੱਟ ਲੜੀ ਹੈ। ਵਰਤਮਾਨ ਸੰਸਾਰ ਕਿੰਨਾ ਵੀ ਨਿੱਘਰ ਰਿਹਾ ਹੋਵੇ, ਪੰਜਾਬ ਨੇ ਹੀਰੇ ਮਨੁੱਖ ਪੈਦਾ ਕਰਨ ਦੀ ਆਪਣੀ ਸਮਰੱਥਾ ਗੁਆਈ ਨਹੀਂ। ਸਰਵਣ ਸਿੰਘ ਨੇ ਵਰਤਮਾਨ ਖ਼ਜ਼ਾਨੇ ਵਿਚੋਂ ਜਿਹੜੇ ਨੌਂ ਹੀਰਿਆਂ ਦੀ ਚੋਣ ਕੀਤੀ ਹੈ, ਉਹ ਇਕ ਤੋਂ ਵਧ ਕੇ ਇਕ ਤਾਬਦਾਰ ਹਨ।
ਡਾ. ਸਰਦਾਰਾ ਸਿੰਘ ਜੌਹਲ ਮੰਨਿਆ-ਪ੍ਰਮੰਨਿਆ ਅਰਥ-ਸ਼ਾਸਤਰੀ ਹੋਣ ਦੇ ਨਾਲ ਨਾਲ ਸਾਹਿਤ-ਸਭਿਆਚਾਰ ਦਾ ਰਸੀਆ ਵੀ ਹੈ ਤੇ ਸਰਪ੍ਰਸਤ ਵੀ। ਸਮਰੱਥਾ ਏਨੀ ਕਿ ਸਾਡੀ ਕਿਸੇ ਪੰਜਾਬ ਸਰਕਾਰ ਨੇ ਉੁਹਨੂੰ ਪੂਰੀ ਤਰ੍ਹਾਂ ਵਰਤਣ ਦੀ ਸਮਰੱਥਾ ਨਹੀਂ ਦਿਖਾਈ। ਕਾਬਲੀਅਤ ਵੱਡੀ, ਸਰਕਾਰਾਂ ਦੇ ਭਾਂਡੇ ਛੋਟੇ! ਕਰਨੈਲ ਸਿੰਘ ਪਾਰਸ ਕਵੀਸ਼ਰਾਂ ਦਾ ਕਰਨੈਲ ਤਾਂ ਸੀ ਹੀ, ਅੰਧਵਿਸ਼ਵਾਸ, ਜਹਾਲਤ ਤੇ ਸਮਾਜਕ ਪਿਛਲਖੁਰਤਾ ਦਾ ਕੱਟੜ ਵਿਰੋਧੀ ਜੋ ਸਾਰੀ ਉਮਰ ਭਵਿੱਖਮੁਖੀ, ਲੋਕ-ਹਿਤੈਸ਼ੀ, ਅੱਗੇਵਧੂ ਸੋਚ ਦਾ ਪਾਰਸ ਬਣ ਕੇ ਕਬੀਰ ਜੀ ਦੇ ਵਚਨ ਪਾਰਸੁ ਪਰਸਿ ਲੋਹਾ ਕੰਚਨੁ ਸੋਈ ਉੱਤੇ ਪੂਰਾ ਉੱਤਰਦਿਆਂ ਸਰੋਤਿਆਂ ਦੀ ਹਨੇਰੀ ਸੋਚ ਵਿਚ ਦੀਵੇ ਬਾਲ ਕੇ ਕੰਚਨੁ ਬਣਨ ਦੇ ਰਾਹ ਪਾਉਂਦਾ ਰਿਹਾ। ਜਸਵੰਤ ਸਿੰਘ ਕੰਵਲ ਜੋ ਸਰਵਣ ਸਿੰਘ ਦੀ ਤੇ ਮੇਰੀ ਪੀੜ੍ਹੀ ਦੇ ਸਾਹਿਤਕ ਸੁਰਤ ਸੰਭਾਲਣ ਤੋਂ ਵੀ ਪਹਿਲਾਂ ਤੋਂ ਸ਼ਬਦ-ਸਮਰਾਟ ਬਣਿਆ ਹੋਇਆ ਹੈ। ਅਸੀਂ ਸਾਹਿਤ ਦਾ ੳ-ਅ ਸਿੱਖ ਰਹੇ ਸੀ ਤਾਂ ਉਹਦਾ ਕੰਵਲ-ਫੁੱਲ ਸਾਹਿਤ-ਸਰੋਵਰ ਵਿਚ ਪੂਰਾ ਖਿੜਿਆ ਹੋਇਆ ਸੀ ਤੇ ਉਹਦੀ ਪੂਰਨਮਾਸੀ ਦੀ ਚਾਨਣੀ ਨਾਲ ਪੰਜਾਬੀ ਸਾਹਿਤ ਦਾ ਵਿਹੜਾ ਚਾਂਦੀ-ਰੰਗਾ ਹੋਇਆ ਪਿਆ ਸੀ। ਉਹਤੋਂ ਮਗਰੋਂ ਤੁਰੇ ਅਨੇਕ ਸਾਹਿਤ-ਯਾਤਰੀ ਹਫ਼-ਹੰਭ ਗਏ ਪਰ ਉਹਦੀ ਪੁਲਾਂਘ ਪਹਿਲਾਂ ਜਿੰਨੀ ਹੀ ਲੰਮੀ ਹੈ।
ਜਗਦੇਵ ਸਿੰਘ ਜੱਸੋਵਾਲ ਪੰਜਾਬੀ ਸਾਹਿਤ-ਸਭਿਆਚਾਰ ਦਾ ਬੇਮਿਸਾਲ ਕਦਰਦਾਨ ਤੇ ਰਖਵਾਲਾ ਸੀ, ਸੱਚੇ ਅਰਥਾਂ ਵਿਚ ਜਥੇਦਾਰ। ਸਰਵਣ ਸਿੰਘ ਦਾ ਉਹਦੇ ਲਈ ਵਰਤਿਆ ਕਥਨ ਸਭਿਆਚਾਰਕ ਮੇਲਿਆਂ ਦਾ ਮੋਹੜੀਗੱਡ ਉਸ ਬਾਰੇ ਬਹੁਤ ਕੁਝ ਦਸਦਾ ਹੈ। ਮਸਤ-ਮਲੰਗ ਫੱਕਰ ਸੁਭਾਅ! ਦਿਲ ਵੀ ਖੁੱਲ੍ਹਾ, ਜੇਬ ਵੀ ਖੁੱਲ੍ਹੀ! ਲੁਧਿਆਣੇ ਮੈਂ ਇਕ ਸਾਹਿਤਕ ਸਮਾਗਮ ਵਿਚ ਸ਼ਾਮਲ ਹੋਣਾ ਸੀ। ਜੱਸੋਵਾਲ ਨੂੰ ਮੇਰੇ ਆਉਣ ਦਾ ਪਤਾ ਲਗਿਆ ਤਾਂ ਆਬਦੇ ਚੇਲੇ-ਬਾਲਕੇ ਨਿੰਦਰ ਘੁਗਿਆਣਵੀ ਨੂੰ ਕਹਿੰਦਾ,ਭੁੱਲਰ, ਪਤਾ ਨਹੀਂ ਕਿਵੇਂ, ਹੁਣ ਤੱਕ ਆਪਣੀ ਮਾਰ ਤੋਂ ਪਾਸੇ ਹੀ ਰਹਿ ਗਿਆ। ਬੰਦੇ ਇਕੱਠੇ ਕਰ ਲਈਂ, ਆਪਾਂ ਮੋਹਨ ਸਿੰਘ ਪੁਰਸਕਾਰ ਨਾਲ ਉਹਦਾ ਆਦਰ-ਮਾਣ ਜ਼ਰੂਰ ਕਰਨਾ ਹੈ। ਮੋਹਨ ਸਿੰਘ ਦੀ ਸ਼ੀਸ਼ੇ-ਜੜੀ ਤਸਵੀਰ, ਲੋਈ, ਮਾਣ-ਪੱਤਰ ਤੇ ਇਕਵੰਜਾ ਸੌ ਰੁਪਏ। ਮੈਂ ਅਜੇ ਗਲ਼ ਵਿਚੋਂ ਲਾਹ ਕੇ ਲੋਈ ਤਹਿ ਹੀ ਕਰ ਰਿਹਾ ਸੀ ਕਿ ਬੋਲਿਆ,ਤੁਸੀਂ ਆਏ ਕਿਵੇਂ ਹੋ? ਮੇਰੇ ਟੈਕਸੀ ਦੱਸਿਆਂ ਹੱਥ ਫੇਰ ਜਾਗਟ ਦੀ ਅੰਦਰਲੀ ਜੇਬ ਵਿਚ ਪਾ ਲਿਆ,ਟੈਕਸੀ ਦੇ ਤਾਂ ਦਿੱਲੀਓਂ ਖਾਸੇ ਪੈਸੇ ਲੱਗ ਜਾਂਦੇ ਨੇ! ਮੈਂ ਬੜੀ ਮੁਸ਼ਕਲ ਨਾਲ ਉਹਦਾ ਹੱਥ ਜੇਬ ਵਿਚੋਂ ਕੱਢਿਆ। ਅਜਿਹਾ ਦਿਲਦਾਰ ਬੰਦਾ ਸੀ ਆਪਣਾ ਜੱਸੋਵਾਲ!
ਜਰਨੈਲ ਸਿੰਘ ਜਿਸ ਦੀ ਫੁੱਟਬਾਲ ਦੀ ਦਹਾਕਾ ਲੰਮੀ ਜਰਨੈਲੀ ਦਾ ਕੋਈ ਜਵਾਬ ਨਹੀਂ। ਹੁਣ ਕਾਂਸੀ ਦਾ ਮੈਡਲ ਮਿਲੇ ਤੋਂ ਧੰਨ ਧੰਨ ਕਰਨ ਵਾਲੇ ਦੇਸ ਦੀ ਝੋਲ਼ੀ ਗੋਲਡ-ਮੈਡਲ ਪਾਉਂਦਾ ਰਿਹਾ। ਆਪਣੇ ਪਿੰਡ ਦੀ ਮਿੱਟੀ ਦਾ ਪੁੱਤਰ ਜੀਹਦੇ ਪੈਰ ਦੇ ਹੁਲਾਰੇ ਨਾਲ ਅੰਬਰ ਵੱਲ ਉੱਡੀ ਬਾਲ ਨੂੰ ਜੱਗ ਹੈਰਾਨ ਹੋ ਹੋ ਵੇਖਦਾ ਪਰ ਜੀਹਨੇ ਆਪਣੀ ਹਉਂ ਬਾਲ ਦੇ ਪਿੱਛੇ ਪਿੱਛੇ ਅੰਬਰੀਂ ਚਾੜ੍ਹਨ ਦੀ ਥਾਂ ਨਿਮਰਤਾ ਦਾ ਪੱਲਾ ਘੁੱਟ ਕੇ ਫੜੀ ਰਖਦਿਆਂ ਪੈਰਾਂ ਨੂੰ ਮਜ਼ਬੂਤੀ ਨਾਲ ਧਰਤੀ ਉੱਤੇ ਜਮਾਈ ਰੱਖਿਆ। ਉਲੰਪਿਕ ਜਾਂ ਏਸ਼ੀਆਈ ਮੈਚ ਖੇਡ ਕੇ ਪਿੰਡ ਮੁੜਦਾ ਤਾਂ ਪਿੰਡ ਦੀ ਟੀਮ ਵਿਚ ਜਲ ਵਿਚ ਮੱਛੀ ਵਾਂਗ ਇਉਂ ਰਲ਼ ਜਾਂਦਾ ਜਿਵੇਂ ਕਦੀ ਪਿੰਡੋਂ ਬਾਹਰ ਨਾ ਨਿਕਲਿਆ ਸਾਧਾਰਨ ਖਿਡਾਰੀ ਹੋਵੇ!
ਜੇ ਰੋਮ ਰੋਮ ਪੰਜਾਬੀ ਦੀ ਮਿਸਾਲ ਦੇਣੀ ਹੋਵੇ, ਆਪਣੇ ਦਾਰਾ ਸਿੰਘ ਦਾ ਨਾਂ ਲੈ ਦਿਉ। ਇਕ-ਤਿਹਾਈ ਸਦੀ ਤੋਂ ਕੁਝ ਵੱਧ ਸਮੇਂ ਵਿਚ ਪੰਜ ਸੈਂਕੜੇ ਕੁਸ਼ਤੀਆਂ ਲੜ ਕੇ ਉਹ ਮੁਰਾਤਬਾ ਹਾਸਲ ਕੀਤਾ ਕਿ ਆਪਣੀ ਤਾਕਤ ਦੀ ਗੱਲ ਕਰਨ ਵਾਲੇ ਨੂੰ ਲੋਕ ਆਖਦੇ, ਤੂੰ ਕਿਧਰਲਾ ਆ ਗਿਆ ਦਾਰਾ ਪਹਿਲਵਾਨ! ਉਹਦੇ ਨਾਂ ਦਾ ਲਾਹਾ ਲੈਣ ਵਾਸਤੇ ਫਿਲਮਾਂ ਵਾਲਿਆਂ ਨੇ ਪਲੋਸ ਲਿਆ ਤਾਂ ਅੱਧੀ ਸਦੀ ਤੋਂ ਕੁਝ ਵੱਧ ਸਮੇਂ ਵਿਚ ਡੇਢ ਸੌ ਫਿਲਮਾਂ ਕਰ ਲੈਣ ਮਗਰੋਂ ਵੀ ਸੁੰਦਰਤਾ ਦੇ ਛਲਕਦੇ ਸਾਗਰ ਵਿਚਕਾਰ ਉਹੋ ਜਤੀ-ਸਤੀ ਦਾਰਾ ਜੀ ਰਿਹਾ। ਰੂਪਨਗਰੀ ਵਿਚ ਸ਼ਰਾਫ਼ਤ ਦੀਆਂ ਜੋ ਇਕਾ-ਦੁੱਕਾ ਮਿਸਾਲਾਂ ਸਹੁੰ ਖਾਣ ਲਈ ਕਾਇਮ ਰਹੀਆਂ, ਉਹਨਾਂ ਦਾ ਮੋਹਰੀ। ਉਹਦੀ ਪੰਜਾਬੀਅਤ ਦਾ ਤਾਂ ਕਹਿਣਾ ਹੀ ਕੀ। ਫਿਲਮਾਂ ਵਾਲਿਆਂ ਨੇ ਬੇਨਤੀਆਂ ਦੇ ਬਾਵਜੂਦ ਪੰਜਾਬੀ ਵਿਚ ਹਿੰਦੀ-ਉਰਦੂ ਬੋਲਦਾ ਦੇਖ ਉਹਨੂੰ ਸ਼ੁੱਧ ਹਿੰਦੀ-ਉਰਦੂ ਸਿਖਾਉਣ ਵਾਸਤੇ ਉਸਤਾਦ ਦਾ ਪ੍ਰਬੰਧ ਕਰ ਦਿੱਤਾ। ਸਿਖਲਾਈ ਦਾ ਸਮਾਂ ਪੂਰਾ ਹੋਇਆ ਤਾਂ ਦਾਰਾ ਸਿੰਘ ਤਾਂ ਹਿੰਦੀ-ਉਰਦੂ ਪਹਿਲਾਂ ਵਾਂਗ ਹੀ ਪੰਜਾਬੀ ਵਿਚ ਬੋਲ ਰਿਹਾ ਸੀ ਪਰ ਗ਼ੈਰ-ਪੰਜਾਬੀ ਉਸਤਾਦ ਹਿੰਦੀ-ਉਰਦੂ ਭੁੱਲ ਕੇ ਸ਼ੁੱਧ ਪੰਜਾਬੀ ਬੋਲਣ ਲੱਗ ਪਿਆ ਸੀ!
ਫੌਜਾ ਸਿੰਘ ਇਕ ਸਦੀ ਪਹਿਲਾਂ ਦੀ ਪੰਜਾਬੀ ਪੀੜ੍ਹੀ ਦੇ ਦਰਸ਼ਨ ਕਰਵਾਉਣ ਵਾਲਾ ਭੋਲਾ-ਭਾਲਾ, ਜਜ਼ਬਾਤੀ, ਵਲ਼-ਛਲ ਤੋਂ ਮੁਕਤ, ਫੱਕਰ-ਫ਼ਕੀਰ ਬਜ਼ੁਰਗ ਹੈ ਜੋ ਬਜ਼ੁਰਗ ਬਣਨੋਂ ਇਨਕਾਰੀ ਹੈ। ਪੂਰੀ ਸਦੀ ਨੂੰ ਪਿੱਛੇ ਛੱਡ ਕੇ ਜੋ ਮੈਰਾਥਨੀ ਦੌੜਾਕ ਹੋਵੇ ਤੇ ਰੋਜ਼ ਸੱਤ-ਅੱਠ ਮੀਲ ਤੁਰਦਾ ਹੋਵੇ, ਉਹਨੂੰ ਬਜ਼ੁਰਗ ਕਹਿਣ ਦਾ ਜੇਰਾ ਕੌਣ ਕਰੇ! ਉਸ ਦੀ ਕਰਾਮਾਤੀ ਕਰਨੀ ਉਹਤੋਂ ਅੱਧੀ ਉਮਰ ਦੇ ਦਲਿੱਦਰੀਆਂ ਨੂੰ ਕੁਝ ਕਰਨ ਲਈ ਪ੍ਰੇਰਦੀ ਹੈ।
ਹਾਕੀ ਦਾ ਕਰਾਮਾਤੀ ਬਲਬੀਰ ਸਿੰਘ ਲੋਕਾਂ ਦੇ ਦਿਲਾਂ ਦਾ ਭਾਰਤ ਰਤਨ ਹੈ। ਕੁਝ ਸਮਾਂ ਪਹਿਲਾਂ ਜਦੋਂ ਇਕ ਕ੍ਰਿਕਟੀਏ ਖਿਡਾਰੀ ਨੂੰ ਸਰਕਾਰ ਨੇ ਭਾਰਤ ਰਤਨ ਦਿੱਤਾ, ਉਹਤੋਂ ਪਹਿਲਾਂ ਇਸ ਸਨਮਾਨ ਦੇ ਹੱਕੀ ਵਜੋਂ ਆਮ ਲੋਕਾਂ ਦੀ ਜ਼ਬਾਨ ਉੱਤੇ ਜੇ ਕਿਸੇ ਦਾ ਨਾਂ ਸੀ, ਉਹ ਸੀ ਬਲਬੀਰ ਸਿੰਘ। ਹੁਣ ਟੀਮਾਂ ਇਕ ਗੋਲ ਮਾਰ ਲੈਣ ਨੂੰ ਪਰਾਪਤੀ ਸਮਝਦੀਆਂ ਹਨ। 1952 ਦੀਆਂ ਉਲੰਪਿਕ ਖੇਡਾਂ ਦੇ ਸੈਮੀਫ਼ਾਈਨਲ ਤੇ ਫ਼ਾਈਨਲ ਦੇ 9 ਵਿਚੋਂ 8 ਅਤੇ ਫ਼ਾਈਨਲ ਦੇ 6 ਵਿਚੋਂ 5 ਗੋਲ ਜਿਸ ਇਕੱਲੇ ਦੀ ਹਾਕੀ ਨਾਲ ਹੋਏ, ਉਹ ਹੈ ਮਾਣਮੱਤਾ ਪੰਜਾਬੀ ਬਲਬੀਰ ਸਿੰਘ।
ਮਿਲਖਾ ਸਿੰਘ ਜ਼ੀਰੋ ਤੋਂ ਹੀਰੋ ਤੱਕ ਦੀ ਯਾਤਰਾ ਦੀ ਗੌਰਵ-ਗਾਥਾ ਹੈ। ਉਹਦੇ ਨਾਂ ਨਾਲ ਜੁੜੇ ਅਨੇਕ ਕਿੱਸੇ ਤੇ ਟੋਟਕੇ ਉਹਦੀ ਸਾਦਗੀ ਦੇ ਵੀ ਗਵਾਹ ਹਨ ਅਤੇ ਉਹਦੀ ਘਾਲਨਾ ਤੇ ਪਰਾਪਤੀ ਦੇ ਵੀ। ਅਖੇ, ਕਿਸੇ ਨੇ ਲਾਲ ਬੱਤੀ ਦਿਖਾ ਕੇ ਕਿਹਾ, ਮਿਲਖਿਆ, ਜੇ ਔਹ ਬੱਤੀ ਨੂੰ ਹੱਥ ਲਾ ਕੇ ਛੇਤੀ ਮੁੜ ਆਵੇਂ, ਸੇਰ ਦੁੱਧ ਇਨਾਮ। ਬੱਤੀ ਟਰੱਕ ਦੀ ਸੀ। ਜਿਥੇ ਕਿਤੇ ਡਰਾਈਵਰ ਰੁਕਿਆ, ਬੱਤੀ ਨੂੰ ਹੱਥ ਲਾ ਕੇ ਮਿਲਖਾ ਕਈ ਘੰਟਿਆਂ ਮਗਰੋਂ ਮੁੜਿਆ ਤੇ ਭੋਲੇ-ਭਾਅ ਬੋਲਿਆ, ਲਿਆ ਮੇਰੀ ਸ਼ਰਤ! ਫਿ਼ਲਮ ਭਾਗ ਮਿਲਖਾ ਭਾਗ ਦੇ ਨਾਂ ਵਾਂਗ ਉਹਦਾ ਜੀਵਨ ਲਗਾਤਾਰ ਅੱਗੇ ਹੀ ਅੱਗੇ ਵਧਦੇ ਜਾਣ ਦੀ ਕਹਾਣੀ ਹੈ ਤੇ ਦਰਸ਼ਕਾਂ ਵਿਚ ਉਹਦੀ ਬੇਹੱਦ ਹਰਮਨਪਿਆਰਤਾ ਮਿਲਖੇ ਦੀ ਸਫਲਤਾ ਦੀ ਸਾਹਦੀ ਭਰਦੀ ਹੈ।
ਸਰਵਣ ਸਿੰਘ ਜਿਸ ਵਿਅਕਤੀ ਬਾਰੇ ਵੀ ਲਿਖਦਾ ਹੈ, ਉਹਦੀ ਸੰਪੂਰਨ ਸ਼ਖ਼ਸੀਅਤ ਵੀ ਇਸੇ ਲਈ ਚਿਤਰ ਸਕਦਾ ਹੈ ਕਿ ਉਹ ਜੇ ਕਿਸੇ ਨਾਲ ਵੀ ਜੋੜਦਾ ਹੈ, ਤਰਦਾ ਤਰਦਾ, ਸਤਹੀ ਨਾਤਾ ਨਹੀਂ ਜੋੜਦਾ। ਉਹ ਦੋਸਤੀ ਗੰਢਦਾ ਹੈ ਤਾਂ ਅਗਲੇ ਦੇ ਦਿਲ ਵਿਚ ਆਲ੍ਹਣਾ ਪਾਉਂਦਾ ਹੈ। ਦੋਸਤ ਦਾ ਘਰ ਉਹਦਾ ਆਪਣਾ ਘਰ ਤੇ ਪਰਿਵਾਰ ਆਪਣਾ ਪਰਿਵਾਰ ਹੋ ਜਾਂਦਾ ਹੈ। ਮੈਨੂੰ ਨਹੀਂ ਪਤਾ, ਉਹਨੂੰ ਇਹਨਾਂ ਹਸਤੀਆਂ ਦੀ ਚੋਣ ਕਰਨ ਸਮੇਂ ਇਕ ਸਾਂਝੇ ਗੁਣ ਦਾ ਖਿ਼ਆਲ ਆਇਆ ਸੀ ਕਿ ਨਹੀਂ, ਪਰ ਕੁਦਰਤ ਦੀ ਕਰਾਮਾਤ ਦੇਖੋ, ਸਾਰੇ ਦੇ ਸਾਰੇ ਸਾਊ-ਸਨਿਮਰ! ਜਿੰਨੇ ਮੱਤ ਦੇ ਉੱਚੇ, ਓਨੇ ਮਨ ਦੇ ਨੀਵੇਂ! ਸਾਡੇ ਵਿਸ਼ਵੀ ਪੰਜਾਬੀ ਪੁਰਖੇ, ਬਾਬਾ ਨਾਨਕ ਦੇ ਭਾਰੇ-ਗੌਰੇ ਸੱਚੇ ਸਿੱਖ ਜਿਸ ਨੇ ਸਾਡੇ ਵਾਸਤੇ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ਦੇ ਵਚਨ ਨਾਲ ਚਲਨ-ਚਰਿੱਤਰ ਦੀ ਖਰੀ ਕਸਵੱਟੀ ਮਿਥ ਦਿੱਤੀ ਸੀ। ਕੋਈ ਇਕ ਵੀ ਅਜਿਹਾ ਨਹੀਂ ਜਿਸ ਕੋਲ ਬੈਠ ਗੱਲਾਂ ਕਰਦਿਆਂ ਉਹਦੀ ਹਉਂ ਦੀ ਹੁਮਕ ਤੁਹਾਨੂੰ ਉਹਤੋਂ ਥੋੜ੍ਹਾ ਜਿਹਾ ਦੂਰ ਸਰਕਣ ਵਾਸਤੇ ਆਖੇ, ਸਗੋਂ ਹਰੇਕ ਦੀ ਤੁਹਾਡੇ ਆਪਣੇ ਵਡੇਰੇ ਵਾਲੀ ਮੇਰ ਦੀ ਮਹਿਕ ਉਹਦੇ ਹੋਰ ਗੋਡੇ-ਮੁੱਢ ਲੱਗ ਕੇ ਬੈਠਣ ਵਾਸਤੇ ਸੈਣਤਾਂ ਕਰਦੀ ਹੈ। ਇਕ ਗੱਲ ਹੋਰ। ਦੂਜੇ ਦੀ ਨਿਰਮਲਤਾ ਦੇਖਣ ਵਾਸਤੇ ਆਪਣਾ ਮਨ ਵੀ ਨਿਰਮਲ ਚਾਹੀਦਾ ਹੈ। ਅੱਖਾਂ ਵਿਚ ਗਹਿਰ-ਗੰਧਲ ਹੋਵੇ ਤਾਂ ਦਿੱਸਣ ਵਾਲੀ ਉਜਲੀ ਚੀਜ਼ ਵੀ ਗੰਧਲੀ ਲਗਦੀ ਹੈ। ਸਾਹਿਤ ਦਾ ਪਿੜ ਵੀ ਹੁਣ ਖਾਸਾ ਗੰਧਲ ਗਿਆ ਹੈ। ਪਰ ਦਹਾਕਿਆਂ ਲੰਮੇ ਵਾਹ ਵਿਚ ਨਾ ਮੈਂ ਕਦੀ ਸਰਵਣ ਸਿੰਘ ਦਾ ਸਿਦਕ-ਸੰਤੁਲਨ ਡੋਲਿਆ ਦੇਖਿਆ ਹੈ ਤੇ ਨਾ ਕਦੀ ਉਹਦਾ ਸਹਿਜ-ਸੰਤੋਖ ਉਖੜਿਆ ਮਹਿਸੂਸ ਕੀਤਾ ਹੈ। ਕਿਸੇ ਦੀ ਨਿੰਦਿਆ-ਚੁਗਲੀ ਉਹਨੂੰ ਕਰਨੀ ਹੀ ਨਹੀਂ ਆਉਂਦੀ!
ਸਰਵਣ ਸਿੰਘ ਦੀ ਵਾਰਤਕ ਦੀ ਗੱਲ ਕਰਦਿਆਂ ਮੇਰੇ ਜਿ਼ਹਨ ਵਿਚ ਉਹ ਕਿਸਾਨ ਉਭਰ ਆਉਂਦਾ ਹੈ ਜੋ ਮੁੜ੍ਹਕਾ-ਵਹਾਊ ਮਿਹਨਤ ਨਾਲ ਵਾਹੀ, ਬੀਜੀ, ਗੋਡੀ, ਸਿੰਜੀ ਤੇ ਸਮੇਟੀ ਸੁਨਹਿਰੀ ਕਣਕ ਦੇ ਵੱਡੇ, ਉੱਚੇ ਬੋਹਲ ਕੋਲ ਖੜ੍ਹਾ ਮੁਸਕਰਾ ਰਿਹਾ ਹੋਵੇ। ਕਿਸਾਨ ਦੀ ਕਣਕ ਵਾਂਗ ਉਹਦੀ ਨਵੀਂ ਪੁਸਤਕ ਵੀ ਹੁਣ ਹਰ ਸਾਲ ਆਉਂਦੀ ਹੈ। ਪੰਜਾਬ ਦੇ ਇਹਨਾਂ ਨੌਂ ਸਰਵਨ ਪੁੱਤਰਾਂ ਬਾਰੇ ਉਹਦੀ ਪੁਸਤਕ ਪੰਜਾਬ ਦੇ ਕੋਹੇਨੂਰ ਇਸੇ ਪੁਸਤਕ-ਲੜੀ ਦੀ ਅਗਲੀ ਕੜੀ ਹੈ। ਉਹ ਤੋਰੇ-ਫੇਰੇ ਵਾਲਾ ਲੇਖਕ ਹੈ। ਇਹ ਤੋਰਾ-ਫੇਰਾ ਉਹਦੀ ਜੀਵਨ-ਜਾਚ ਤੇ ਜੀਵਨ-ਸ਼ੈਲੀ ਹੈ। ਇਹਦਾ ਮੁੱਢ ਉਹਨੇ ਪ੍ਰਾਇਮਰੀ ਤੋਂ ਯੂਨੀਵਰਸਿਟੀ ਤੱਕ ਅੱਧੀ ਦਰਜਨ ਸਕੂਲ-ਕਾਲਜ ਬਦਲ ਕੇ ਬੰਨ੍ਹ ਦਿੱਤਾ ਸੀ। ਇਸ ਉਮਰੇ ਵੀ ਉਹ ਇਕ ਛਿਮਾਹੀ ਭਾਰਤ ਤੇ ਦੂਜੀ ਛਿਮਾਹੀ ਕੈਨੇਡਾ ਵਿਚਰਨ ਦੇ ਮੁੱਖ ਤੋਰੇ-ਫੇਰੇ ਦੇ ਅੰਦਰ ਹੋਰ ਤੋਰੇ-ਫੇਰੇ ਬਣਾਈ ਰਖਦਾ ਹੈ। ਦੇਸ ਆਉਂਦਾ ਹੈ ਤਾਂ ਸ਼ਹਿਰਾਂ-ਪਿੰਡਾਂ ਵਿਚ ਹੁੰਦੇ ਸਾਹਿਤਕ, ਸਭਿਆਚਾਰਕ ਤੇ ਖੇਡ ਮੇਲਿਆਂ ਵਿਚ ਹਾਜ਼ਰ-ਨਾਜ਼ਰ ਰਹਿੰਦਾ ਹੈ, ਪਰਦੇਸ ਹੋਵੇ ਤਾਂ ਦੱਸੇਗਾ, ਅਮਰੀਕਾ, ਇੰਗਲੈਂਡ ਜਾਂ ਅਮਕੇ ਦੇਸ ਖੇਡ-ਮੇਲੇ ਵਾਲਿਆਂ ਨੇ ਸੱਦਿਆ ਸੀ, ਉਥੇ ਹਫ਼ਤਾ ਲਾ ਕੇ ਆਇਆ ਹਾਂ। ਇਹ ਲਗਾਤਾਰ ਤੋਰਾ-ਫੇਰਾ ਉਹਦੇ ਅਨੁਭਵ ਦਾ ਆਧਾਰ ਹੈ ਤੇ ਇਹ ਵਿਸ਼ਾਲ ਅਨੁਭਵ ਵਹਿਣ ਲਈ ਬੇਚੈਨ ਰਹਿੰਦੀ ਉਹਦੀ ਕਲਮ ਵਾਸਤੇ ਅਮੁੱਕ ਆਧਾਰ-ਸਮਗਰੀ ਬਣਦਾ ਹੈ।
ਪੰਜਾਬ ਦੇ ਇਹਨਾਂ ਨੌਂ ਕੋਹੇਨੂਰ ਹੀਰਿਆਂ ਵਿਚੋਂ ਕੋਈ ਵੀ ਅਜਿਹਾ ਨਹੀਂ ਜੋ ਕਿਸੇ ਪਾਠਕ ਵਾਸਤੇ ਓਪਰਾ ਹੋਵੇ। ਤਾਂ ਵੀ ਇਹ ਪੁਸਤਕ ਇਹਨਾਂ ਆਪਣਿਆਂ ਨਾਲ ਸਾਡੀ ਅਪਣੱਤ ਨੂੰ ਯਕੀਨਨ ਹੋਰ ਗੂੜ੍ਹੀ ਕਰੇਗੀ। ਆਸ ਹੈ, ਪੰਜਾਬ ਨਾਂ ਦੀ ਖਾਣ ਵਿਚੋਂ ਸਰਵਣ ਸਿੰਘ ਹੋਰ ਅਨੇਕ ਹੀਰਿਆਂ ਦਾ ਜਲ-ਜਲੌਅ ਵੀ ਸਾਡੇ ਨਾਲ ਸਾਂਝਾ ਕਰਦਾ ਰਹੇਗਾ!

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346