Welcome to Seerat.ca
Welcome to Seerat.ca

ਮੇਰਾ ਕਮਰਾ, ਮੇਰੀ ਕਲਮ

 

- ਇਕਬਾਲ ਰਾਮੂਵਾਲੀਆ (ਕੈਨੇਡਾ)

ਨਾਵਲ ਅੰਸ਼ / ਇਕੱਲਾ

 

- ਹਰਜੀਤ ਅਟਵਾਲ

ਕੁਝ ਸ਼ਬਦ ਆਪਣੀ ਨਵੀਂ ਪੁਸਤਕ ਬਾਰੇ

 

- ਸਰਵਣ ਸਿੰਘ

ਪੰਜਾਬ ਹੀਰਿਆਂ ਦੀ ਖਾਣ

 

- ਗੁਰਬਚਨ ਸਿੰਘ ਭੁੱਲਰ

ਸਫਰ ਦੀ ਇਹ ਦੁਨੀਆ ...

 

- ਗੁਲਸ਼ਨ ਦਿਆਲ

ਦੋ ਰਚਨਾਵਾਂ / ਅਮਰ ਕਥਾ ਤੇ ਮਿੱਡ ਡੇ ਮੀਲ

 

- ਗੁਰਪ੍ਰੀਤ ਸਿੰਘ

ਮਨੀ ਕੌਲ ਤੋਂ ਗੁਰਵਿੰਦਰ ਦੀ ਕਲਾਸਿਕ ਫਿਲਮ ‘ਅੰਨ੍ਹੇ ਘੋੜੇ ਦਾ ਦਾਨ‘ ਤੱਕ

 

-  ਗੁਰਦਿਆਲ ਸਿੰਘ ਬੱਲ

ਔਰਤ-ਰਹਿਤ ਔਰਤਾਂ ਦੀ ਅਵਾਜ਼?

 

- ਜਸਵਿੰਦਰ ਸੰਧੂ, ਬਰੈਂਪਟਨ

ਯਾਦਾਂ ਦੇ ਝਰੋਖੇ 'ਚੋਂ / ਮੇਰਾ ਮਿੱਤਰ ਜਸਪਾਲ ਸਿੰਘ

 

- ਗੁਰਦੇਵ ਚੌਹਾਨ

ਗੁਰਮੀਤ ਸਿੰਘ ਪਿੰਕੀ ਦੀਆਂ ‘ਚਿੰਘਾੜਾਂ‘ ਤੇ ਪੰਜਾਬ ਸਿਆਸਤ ਦੀਆਂ ਸਿਮਰਤੀਆਂ

 

- ਗੁਰਦਿਆਲ ਸਿੰਘ ਬੱਲ

ਕਲਾ ਦੀ ਕ੍ਰਿਸ਼ਮਈ-ਕਥਾ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਕਿਤਾਬਾਂ ਦੀ ਦੁਨੀਆ

 

- ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ

ਸ: ਸੋਭਾ ਸਿੰਘ ਜੀ ਨੂੰ ਯਾਦ ਕਰਦਿਆਂ

 

- ਚਰਨਜੀਤ ਸਿੰਘ

ਬਜੁਰਗ ਸਾਡਾ ਸਰਮਾਇਆ ਜਾਂ...?

 

- ਗੁਰਬਾਜ ਸਿੰਘ ਖੈਰਦੀਨਕੇ

ਗਜ਼ਲ

 

- ਗੁਰਨਾਮ ਢਿੱਲੋਂ

ਵਿਦਿਆਰਥੀਆੰ ਦੀ ਜਥੇਬੰਦਕ ਤਾਕਤ ਨੰੂ ਖੋਰਾ ਲਾਉਣ ਦੇ ਯਤਨ

 

- ਹਰਜਿੰਦਰ ਸਿੰਘ ਗੁਲਪੁਰ

ਖੜ੍ਹ ਓਏ ਤੇਰੇ ਦੀ........

 

- ਸੁਭਾਸ਼ ਰਾਬੜਾ

ਮਾਂ ਦੀ ਉਡੀਕ ਤਾਂ ਅੱਜ ਤੋਂ ਹੀ ਸ਼ੁਰੂ ਆ

 

- ਕਰਨ ਬਰਾੜ ਹਰੀਕੇ ਕਲਾਂ

ਗੱਦ-ਕਾਵਿ

 

- ਅਵਤਾਰ ਸਾਦਿਕ (ਇੰਗਲੈਂਡ)

ਗੁਰਨਾਮ ਢਿਲੋਂ ਦਾ ਨਵਾਂ ਕਾਵਿ ਸੰਗ੍ਰਹਿ- ‘ਤੇਰੀ ਮੁਹੱਬਤ’

 

- ਅਵਤਾਰ ਸਾਦਿਕ

ਆਜ਼ਾਦ ਸੋਚ...... ਗ਼ੁਲਾਮ ਕੰਨ......

 

- ਮਨਮਿੰਦਰ ਢਿਲੋਂ

ਮਿੰਨੀ ਕਹਾਣੀ / ਵੋਮੈਨ-ਡੇ

 

- ਸੁਖਵਿੰਦਰ ਕੌਰ 'ਹਰਿਆਓ'

ਕਵਿਤਾਵਾਂ

 

- ਸੁਰਜੀਤ

 

Online Punjabi Magazine Seerat

ਔਰਤ-ਰਹਿਤ ਔਰਤਾਂ ਦੀ ਅਵਾਜ਼?
- ਜਸਵਿੰਦਰ ਸੰਧੂ, ਬਰੈਂਪਟਨ

 

“ਜੇ ਤੂੰ ਮੈਨੂੰ ਚਾਹੁੰਦੀ ਏਂ ਵਿਹਾਉਣਾ ਮਾਏ ਮੇਰੀਏ, ਇਹੋ ਜਿਹਾ ਲੱਭਦੇ ਪਰਾਹੁਣਾ ਮਾਏ ਮੇਰੀਏ” ਅਮਰਿੰਦਰ ਗਿੱਲ ਦਾ ਗਾਇਆ ਇੱਕ ਬਹੁ-ਚਰਚਿਤ ਤੇ ਪਰਿਵਾਰ ‘ਚ ਬੈਠ ਕੇ ਸੁਣਿਆ ਜਾ ਸਕਣ ਵਾਲ਼ਾ ਗੀਤ ਹੈ ਜੋ ਬਹੁਤ ਹੀ ਵਧੀਆ ਅੰਦਾਜ਼ ‘ਚ ਗਾਇਆ ਗਿਆ ਹੈ। ਸ਼ਾਇਦ ਜੇ ਇਹ ਵੀ ਕਹਿ ਲਈਏ ਕਿ ਇਸ ਗੀਤ ਨਾਲ਼ ਅਮਰਿੰਦਰ ਗਿੱਲ ਨੇ ਦੁਨੀਆ ‘ਚ ਇੱਕ ਚੰਗੇ ਗਾਇਕ ਵੱਜੋਂ ਆਪਣੀ ਪਛਾਣ ਬਣਾ ਲਈ ਤਾਂ ਗ਼ਲਤ ਨਹੀਂ ਹੋਵੇਗਾ। ਇਸੇ ਤਰਾਂ ਮਹਾਨ ਗਾਇਕ ਨੁਸਰਤ ਫਤਿਹ ਅਲੀ ਖਾਨ ਦਾ ਗਾਇਆ ਗੀਤ “ਨਿੱਤ ਖ਼ੈਰ ਮੰਗਾਂ ਸੁਹਣਿਆਂ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗਦੀ” ਵੀ ਬਹੁਤ ਮਸ਼ਹੂਰ ਹੈ ਤੇ ਬੇਸ਼ੁਮਾਰ ਲੋਕਾਂ ਦੀ ਪਸੰਦ ਹੈ। ਗੁਰਦਾਸ ਮਾਨ ਦਾ ਗੀਤ ਹੈ “ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ...”, ਹਰਭਜਨ ਮਾਨ ਦਾ “ਉਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ...” “ਨਈਹਰ ਛੋੜ ਚਲੀ ਰੇ ਬਾਬੁਲ...” ਹੰਸ ਰਾਜ ਹੰਸ ਦਾ ਅਤੇ ਹੋਰ ਅਨੇਕਾਂ ਹਨ ਵਧੀਆ ਗਾਏ ਹੋਏ ਅਜਿਹੇ ਗਾਣੇ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਔਰਤਾਂ ਦੀਆਂ ਲਗਦੀਆਂ ਅਵਾਜ਼ਾਂ ਕੀ ਸੱਚ ਮੁੱਚ ਹੀ ਔਰਤਾਂ ਦੀਆਂ ਜਾਂ ਉਨ੍ਹਾਂ ਲਈ ਹਨ?
ਤਕਰੀਬਨ ਹਰ ਇੱਕ ਨਾਮਵਰ ਪੰਜਾਬੀ ਮਰਦ ਗਾਇਕ ਨੇ ਇਹੋ ਜਿਹਾ ਕੋਈ ਨਾ ਕੋਈ ਗੀਤ ਗਾਇਆ ਹੈ ਜੋ ਔਰਤ ਦੀ ਆਵਾਜ਼ ਪਰਤੀਤ ਹੁੰਦਾ ਹੈ, ਪਰ ਹੈ ਆਪ ਉਹ ਇੱਕ ਮਰਦ ਤੇ ਇਹ ਸਭ ਗਾਣੇ ਲਿਖੇ ਵੀ ਮਰਦ ਕਵੀਆਂ ਦੇ ਹੀ ਹਨ। ਕੀ ਔਰਤਾਂ ਇਹੋ ਜਿਹੇ ਗਾਣੇ ਨਹੀਂ ਲਿਖ ਸਕਦੀਆਂ? ਬਿਲਕੁੱਲ ਲਿਖ ਸਕਦੀਆਂ ਨੇ, ਸਗੋਂ ਇਨ੍ਹਾਂ ਮਰਦ ਲਿਖਾਰੀਆਂ ਦੇ ਗਾਣਿਆਂ ਤੋਂ ਵਧੀਆ ਤੇ ਸਹੀ ਹਾਵ-ਭਾਵ ਨਾਲ਼ ਲਿਖ ਸਕਦੀਆਂ ਨੇ। ਫਿਰ ਜੇ ਔਰਤਾਂ ਵਾਲ਼ੇ ਗਾਣੇ ਗਾਏ ਵੀ ਔਰਤਾਂ ਵੱਲੋਂ ਹੀ ਜਾਣ ਤਾਂ ਉਨ੍ਹਾਂ ਦੀ ਹੂਕ ਦੀ ਸਮਝ ਜਿ਼ਆਦਾ ਆਵੇਗੀ ਅਤੇ ਸੁਣਨ ਵਾਲਿ਼ਆਂ ਤੇ ਅਸਰ ਵੀ ਜਿ਼ਆਦਾ ਹੋਵੇਗਾ। ਮੈਨੂੰ ਲਗਦੈ ਕਿ ਮੇਰੀ ਇਸ ਗੱਲ ਨਾਲ਼ ਜਿ਼ਆਦਾਤਰ ਲੋਕੀਂ ਸਹਿਮਤ ਹੋਣਗੇ ਕਿਉਂਕਿ ਔਰਤ ਦਾ ਦਰਦ ਔਰਤ ਦੀ ਜ਼ਬਾਨ ਤੋਂ ਹੀ ਸਹੀ ਲਗਦਾ ਹੈ, ਜਦੋਂ ਕੋਈ ਮਰਦ ਆਪਣੇ ‘ਪਤੀ’ ਜਾਂ ‘ਪਰਾਹੁਣੇ’ ਦੀ ਗੱਲ ਕਰਨ ਲੱਗੇ ਤਾਂ ਗੱਲ ਕੁੱਝ ਢੁਕਦੀ ਜਿਹੀ ਨਹੀਂ। ਪਰ ਫਿਰ ਵੀ ਉਸ ਗੀਤ ਦੇ ਬੋਲ ਆਪਣਾ ਅਸਰ ਛੱਡ ਜਾਂਦੇ ਹਨ ਤੇ ਵਧੀਆ ਲਿਖਤ ਪਰਵਾਨ ਹੋ ਹੀ ਜਾਂਦੀ ਹੈ।
ਮੈਂ ਇਹ ਨਹੀਂ ਕਹਿੰਦਾ ਕਿ ਮਰਦ ਔਰਤ ਦੀ ਹਾਲਤ ਬਿਲਕੁੱਲ ਹੀ ਬਿਆਨ ਨਹੀਂ ਕਰ ਸਕਦੇ, ਸ਼ਾਇਦ ਕੁੱਝ ਹੱਦ ਤੱਕ ਕਰ ਸਕਦੇ ਹਨ ਕਿਉਂਕਿ ਕੁੱਝ ਅਹਿਸਾਸ ਦੋਨਾਂ ‘ਚ ਇੱਕੋ-ਜਿਹੇ ਹੀ ਹੁੰਦੇ ਹਨ। ਪਰ ਔਰਤ ਦੀ ਅਸਲੀ ਆਵਾਜ਼ ਤਾਂ ਔਰਤ ਹੀ ਬਣ ਸਕਦੀ ਹੈ, ਜਾਂ ਘੱਟੋ-ਘੱਟ ਔਰਤ ਹੀ ਉਸ ‘ਔਰਤ’ ਆਵਾਜ਼ ਨੂੰ ਇਹ ਸਨਮਾਨ ਦੇ ਸਕਦੀ ਹੈ ਕਿ ਇਹ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਹੀ ਤਰੀਕੇ ਨਾਲ਼ ਬਿਆਨ ਕਰਦਾ ਜਾਂ ਕਰਦੀ ਹੈ ਜਾਂ ਨਹੀਂ। ਹਾਂ ਜੇ ਕਿਸੇ ਮਰਦ ਲਿਖਾਰੀ ਨੇ ਔਰਤ ਬਾਰੇ ਮਰਦ ਦੇ ਪੱਖ ਤੋਂ ਲਿਖਣਾ ਹੈ ਤਾਂ ਬਿਲਕੁੱਲ ਜਾਇਜ਼ ਹੈ। ਮਰਦ ਔਰਤ ਨੂੰ ਕਿਵੇਂ ਪਿਆਰ ਕਰਦਾ ਹੈ ਜਾਂ ਕਰਨਾ ਚਾਹੁੰਦਾ ਹੈ ਜਾਂ ਉਸਦੀ ਮਾਸ਼ੂਕਾ ਉਸ ਨੂੰ ਕਿਵੇਂ ਸਤਾਉਂਦੀ ਜਾਂ ਰਿਝਾਉਂਦੀ ਹੈ ਆਦਿ ਸਭ ਠੀਕ ਹੈ, ਕਿਉਂਕਿ ਇਹ ਬੰਦੇ ਦੇ ਔਰਤਾਂ ਬਾਰੇ ਆਪਣੇ ਅਹਿਸਾਸ ਹਨ।
ਇੱਕ ਹੋਰ ਵੀ ਅਜੀਬ ਗੱਲ ਇਹ ਹੈ ਕਿ ਇਹ ਨਾਜਾਇਜ਼ ਮਰਦਾਨਾ ਵਤੀਰਾ ਸੰਸਾਰ ਪੱਧਰ ਉੱਤੇ ਤਰੱਕੀ ਆਫ਼ਤਾ ਦੇਸ਼ਾਂ ‘ਚ ਨਹੀਂ ਹੈ, ਸਿਰਫ਼ ਉਨ੍ਹਾਂ ਦੇਸ਼ਾਂ ‘ਚ ਹੀ ਹੈ ਜਿੱਥੇ ਔਰਤ ਨੂੰ ਦੂਜੇ ਦਰਜੇ ਦਾ ਸ਼ਹਿਰੀ ਸਮਝਿਆ ਜਾਂਦਾ ਹੈ। ਪਾਕਿਸਤਾਨੀ ਸਮਾਜ ਤਾਂ ਸ਼ਾਇਦ ਇਸ ਕੰਮ ‘ਚ ਸਾਡੇ ਨਾਲ਼ੋਂ ਵੀ ਦੋ ਕਦਮ ਅੱਗੇ ਹੈ, ਪਰ ਭਾਰਤ ‘ਚ ਅਸੀਂ ਪੰਜਾਬੀ ਅਤੇ ਹਰਿਆਣਵੀ ਸਭ ਤੋਂ ਭੈੜੇ ਹਾਂ ਇਸ ਦਿਸ਼ਾ ਵਿੱਚ। ਹੋ ਸਕਦਾ ਏ ਸਾਡੀ ਇਹ ਸੋਚ ਪੰਜਾਬੀ-ਹਰਿਆਣਵੀ ਮਰਦਾਂ ਦੇ ਔਰਤਾਂ ਬਾਰੇ ਆਮ ਨਜ਼ਰੀਏ ਕਾਰਨ ਹੀ ਹੋਵੇ। ਅਸੀਂ ਪੰਜਾਬ ‘ਚ ਔਰਤਾਂ ਨੂੰ ਕੱਲੇ ਬਾਹਰ ਜਾਂਦੇ ਘੱਟ ਹੀ ਦੇਖਦੇ ਹਾਂ, ਰਾਤ ਵੇਲ਼ੇ ਤਾਂ ਨਾਂਹ ਬਰਾਬਰ ਹੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਸਾਡੇ ਨਾਲ਼ ਲਗਦੇ ਸੂਬੇ ਹਿਮਾਚਲ ਪਰਦੇਸ਼ ‘ਚ ਤੁਸੀਂ ਔਰਤਾਂ ਨੂੰ ਰਾਤਾਂ ਨੂੰ ਵੀ ਅਰਾਮ ਨਾਲ਼ ਵਿਚਰਦੀਆਂ ਦੇਖ ਸਕਦੇ ਹੋ। ਮੈਂ 1984-85 ‘ਚ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਸ਼ਹਿਰ ‘ਚ ਮੱਛੀਆਂ ਦੇ ਇੱਕ ਪਰੌਜੈੱਕਟ ਤੇ ਕੰਮ ਕਰਦਾ ਸੀ ਅਤੇ ਕਈ ਵਾਰ ਰਾਤ ਤੱਕ ਆਪਣੇ ਦੋਸਤਾਂ ਨਾਲ਼ ਗੱਲ-ਬਾਤ ਕਰਨ ਕਾਰਨ ਨ੍ਹੇਰੇ ਹੋਏ ਆਪਣੇ ਕਮਰੇ ਨੂੰ ਵਾਪਸ ਮੁੜਦਾ ਸੀ। ਕਈ ਵਾਰ ਮੈਂ ਔਰਤਾਂ ਸੜਕਾਂ ਤੇ ਕੱਲੀਆਂ ਜਾਂਦੀਆਂ ਦੇਖੀਆਂ ਸਨ, ਪਰ ਇੱਕ ਦਿਨ ਤਾਂ ਘੁੱਪ ਨ੍ਹੇਰੇ ‘ਚ ਮੈਂ ਇੱਕ ਤੁਰੀ ਜਾਂਦੀ ਔਰਤ ਨੂੰ ਗਾਣੇ ਗਾਉਂਦੀ ਜਾ ਰਹੀ ਨੂੰ ਦੇਖਿਆ। ਉਹ ਆਪਣੀ ਧੁਨ ‘ਚ ਮਸਤ ਤੁਰੀ ਜਾ ਰਹੀ ਸੀ ਜਿਵੇਂ ਉਸਨੂੰ ਦੁਨੀਆ ਦੀ ਕੋਈ ਪਰਵਾਹ ਹੀ ਨਾ ਹੋਵੇ। ਬੇਸ਼ੱਕ ਓਥੇ ਵੀ ਔਰਤ ਨੂੰ ਮਰਦ ਦੇ ਬਿਲਕੁੱਲ ਬਰਾਬਰੀ ਦੇ ਦਰਜੇ ਦੀ ਤਾਂ ਨਹੀਂ ਕਹਿ ਸਕਦੇ, ਪਰ ਇਸ ਮਾਮਲੇ ‘ਚ ਕੁੱਝ ਹੱਦ ਤੱਕ ਹਿਮਾਚਲੀਆਂ ਦਾ ਵਤੀਰਾ ਪੰਜਾਬੀਆਂ ਨਾਲ਼ੋਂ ਨਰਮ ਜਾਪਦਾ ਹੈ। ਕੀ ਪੰਜਾਬ ‘ਚ ਤੁਸੀਂ ਇਹੋ ਜਿਹਾ ਕੁੱਝ ਦੇਖਣ ਦੀ ਉਮੀਦ ਕਰੋਗੇ?
ਫਿਰ ਸਵਾਲ ਇਹ ਉੱਠਦਾ ਹੈ ਕਿ ਇਹੋ ਜਿਹਾ ਇਹ ਵਰਤਾਰਾ ਸਿਰਫ਼ ਪੰਜਾਬੀ ਸੱਭਿਆਚਾਰ ‘ਚ ਹੀ ਕਿਉਂ ਭਾਰੂ ਹੈ, ਬਾਕੀ ਸੱਭਿਆਚਾਰਾਂ ‘ਚ ਇਹ ਇੰਨਾ ਕਿਉਂ ਨਹੀਂ? ਇਨ੍ਹਾਂ ਪੱਛਮੀ ਸੱਭਿਆਚਾਰਾਂ ‘ਚ ਦੇਖ ਲਓ ਕਿਤੇ ਵੀ ਕੋਈ ਮਰਦ ਗਾਇਕ ਔਰਤਾਂ ਵਾਲ਼ਾ ਗਾਣਾ ਨਾ ਲਿਖਦਾ ਹੈ ਤੇ ਨਾ ਹੀ ਗਾਉਂਦਾ ਹੈ। ਹਾਂ, ਕਨੇਡਾ ਦੀ ਮਸ਼ਹੂਰ ਗਾਇਕਾ ਸਿਲੀਨ ਦਿਓਂ ਦੇ ਕੁੱਝ ਗਾਣੇ ਜ਼ਰੂਰ ਇੱਕ ਮਰਦ ਗੀਤਕਾਰ ਨੇ ਲਿਖੇ ਹਨ, ਪਰ ਉਸ ਨੂੰ ਗਾਣੇ ਲਿਖੇ ਜਾਣ ਲਈ ਕਾਂਟਰੈਕਟ ਦਿੱਤਾ ਗਿਆ ਸੀ ਅਤੇ ਉਸ ਨੇ ਸਿਲੀਨ ਨੂੰ ਇੰਟਰਵਿਊ ਕਰਕੇ ਉਸ ਦੇ ਆਪਣੇ ਹਾਵ-ਭਾਵਾਂ ਬਾਰੇ ਪਤਾ ਕਰਕੇ ਉਹ ਗਾਣੇ ਲਿਖੇ ਸਨ। ਉਸ ਗੀਤਕਾਰ ਤੇ ਗਾਇਕਾ ਦਾ ਇਸ ਸਭ-ਕਾਸੇ ਤੋਂ ਮਕਸਦ ਸੀ ਕਿ ਜਦੋਂ ਗੀਤ ਦੇ ਬੋਲ ਮੂੰਹ ‘ਚੋਂ ਨਿੱਕਲ਼ਣ ਤਾਂ ਨਾਲ਼ ਉਹੀ ਅਹਿਸਾਸ ਵੀ ਹੋਣਾ ਚਾਹੀਦਾ ਹੈ। ਔਰਤ ਦੇ ਇੰਤਜ਼ਾਰ ਦਾ ਤਸੱਵੁਰ ਜਾਂ ਅਹਿਸਾਸ ਅਤੇ ਔਰਤ ਨੂੰ ਕਿਸੇ ਮਰਦ ਵੱਲੋਂ ਛੋਹੇ ਜਾਣ ਦਾ ਅਹਿਸਾਸ ਇੱਕ ਮਰਦ ਕਿਵੇਂ ਕਰ ਸਕਦਾ ਹੈ? ਇਹ ਤਾਂ ਇੱਕ ਔਰਤ ਨੂੰ ਹੀ ਪਤਾ ਹੋ ਸਕਦਾ ਹੈ ਨਾ ਕਿ ਮਰਦ ਨੂੰ।
ਹਾਂ, ਜੇ ਕੋਈ ਮਰਦ ਸਮਲਿੰਗੀ ਹੋਵੇ ਤਾਂ ਉਸਦੀ ਕੀਤੀ ਹੋਈ ਇਹੋ-ਜਿਹੀ ਗੱਲ ਜ਼ਰੂਰ ਠੀਕ ਮੰਨਣੀ ਚਾਹੀਦੀ ਹੈ ਕਿ ਉਹ ਆਪਣੇ ‘ਪਿਆਰੇ’ ਨੂੰ ਮਿੱਸ ਕਰਦਾ ਹੋਇਆ ਕਿਵੇਂ ਮਹਿਸੂਸ ਕਰਦਾ ਹੈ ਜਾਂ ਉਹ ਕਿਹੋ ਜਿਹੇ ਦੂਜੇ ਮਰਦ ਨਾਲ਼ ਵਿਆਹ ਕਰਵਾਉਣਾ ਚਾਹੁੰਦਾ ਹੈ, ਪਰ ਮੇਰੇ ਹਿਸਾਬ ਨਾਲ਼ ਉਹ ਵੀ ਇਹ ਬਿਲਕੁੱਲ ਨਹੀਂ ਦੱਸ ਸਕਦਾ ਕਿ ਔਰਤ ਆਪਣੇ ਮਰਦ ਲਈ ਕਿਵੇਂ ਮਹਿਸੂਸ ਕਰਦੀ ਹੈ? ਉਸਦਾ ਇੱਕ ਸਮਲਿੰਗੀ ਮਰਦ ਦੇ ਪੱਖ ਤੋਂ ਹੀ ਆਪਣੇ ਪਿਆਰ ਦੇ ਜਜ਼ਬੇ ਦਾ ਬਿਰਤਾਂਤ ਠੀਕ ਹੋ ਸਕਦਾ ਹੈ। ਔਰਤਾਂ ਆਪਣੇ ਪਿਆਰ ਨੂੰ ਕਿਵੇਂ ਮਹਿਸੂਸ ਕਰਦੀਆਂ ਹਨ, ਇਹ ਔਰਤਾਂ ਤੇ ਹੀ ਛੱਡ ਦੇਣਾ ਚਾਹੀਦਾ ਹੈ। ਸ਼ਾਇਦ ਅਸੀਂ ਇੱਕ ਪੁਖਤਾ ਪੱਖ ਨੂੰ ਉਜਾਗਰ ਹੋਣ ਤੋਂ ਰੋਕੀ ਬੈਠੇ ਹਾਂ ਜੋ ਸਾਹਿਤ ਦਾ ਇੱਕ ਨਵਾਂ ਰਾਹ ਹੋ ਸਕਦਾ ਹੈ। ਜਦੋਂ ਵੀ ਕੌਈ ਔਰਤ ਚੰਗਾ ਲਿਖਦੀ ਹੈ ਤਾਂ ਛੇਤੀ ਹੀ ਸਭ ਦੀ ਨਜ਼ਰ ‘ਚ ਚੜ੍ਹ ਜਾਂਦੀ ਹੈ। ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ ਜਾਂ ਨਵੀਂ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਉਦਾਹਰਣ ਲਈ ਕਾਫ਼ੀ ਹਨ। ਇਨ੍ਹਾਂ ਲਿਖਾਰਨਾਂ ਦੇ ਅਹਿਸਾਸ ਉਨ੍ਹਾਂ ਮੁੱਦਿਆਂ ਬਾਰੇ ਜੋ ਅਨੇਕਾਂ ਮਰਦ ਲਿਖਾਰੀਆਂ ਨੇ ਵੀ ਲਿਖੇ ਹਨ, ਨਾਲ਼ੋਂ ਵੱਖਰੇ ਅੰਦਾਜ਼ ਵਾਲ਼ੇ ਅਤੇ ਜਿ਼ਆਦਾ ਅਸਰਦਾਰ ਹਨ।
ਫਿਰ ਅਜਿਹੀ ਸੋਚ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਕਿਉਂ ਹੈ? ਇਸ ਦਾ ਜਵਾਬ ਤਾਂ ਸਾਡੀ ਮਰਦ-ਧੱਕੜਸ਼ਾਹੀ ‘ਚੋਂ ਹੀ ਨਿੱਕਲ਼ ਸਕਦਾ ਹੈ ਜੋ ਔਰਤ ਨੂੰ ਬੋਲਣ ਦੀ ਇਜਾਜ਼ਤ ਦੇਣ ਦੇ ਖਿਲਾਫ਼ ਹੈ। ਅਸਲ ਵਿੱਚ ਪੰਜਾਬੀ ਮਰਦ ਹੀ ਔਰਤ ਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਆਪਣੇ ਪਤੀ, ਖਾਵੰਦ ਜਾਂ ਪ੍ਰੇਮੀ ਨੂੰ ਮਿੱਸ ਕਰਨ ਵੇਲ਼ੇ ਕਿਵੇਂ ਮਹਿਸੂਸ ਕਰੇ। ਸ਼ਾਇਦ ਸਾਨੂੰ ਪੰਜਾਬੀ ਮਰਦਾਂ ਨੂੰ ਔਰਤਾਂ ਦੇ ਅਸਲ ਅਹਿਸਾਸ ਦੀ ਪਰਵਾਹ ਹੀ ਨਹੀਂ ਹੈ। ਪੰਜਾਬੀਆਂ ਦੇ ਹਰ ਪਹਿਲੂ ‘ਚ ਇਹ ਗੱਲ ਪ੍ਰਤੱਖ ਤੌਰ ਤੇ ਪਰਧਾਨ ਹੈ ਕਿ ਔਰਤ ਨੂੰ ਕਿਵੇਂ ਕਾਬੂ ‘ਚ ਰੱਖਿਆ ਜਾਵੇ, ਜਿਵੇਂ ਕਿਤੇ ਉਹ ਇਨਸਾਨ ਨਾ ਹੋ ਕੇ ਇੱਕ ਆਵਾਰਾ ਘੋੜੀ ਹੋਵੇ ਜਿਸ ਨੂੰ ਕਾਬੂ ਕਰਕੇ ਕਾਠੀ ਪਾ ਕੇ ਹੀ ਕੰਮ ਲਿਆ ਜਾ ਸਕਦਾ ਹੋਵੇ।
ਪਿੰਡਾਂ ਦੀਆਂ ਸਫ਼ਾਂ ਦੀਆਂ ਗੱਲਾਂ ਜਾਂ ਪੰਜਾਬੀ ਪੜ੍ਹਿਆਂ-ਲਿਖਿਆਂ ਦੀਆਂ ਰੋਜ਼-ਮੱਰਰਾ ਦੀਆਂ ਗੱਲਾਂ-ਬਾਤਾਂ ਤੋਂ ਇਹੀ ਅੰਦਾਜ਼ਾ ਲੱਗਦਾ ਹੈ ਕਿ ਪੰਜਾਬ ਦੀ ਪਰਮੁੱਖ ਮੁਸ਼ਕਲ ਨਾ ਤਾਂ ਦਰਿਆਵਾਂ ਦਾ ਪਾਣੀ ਹੈ, ਨਾ ਦਿੱਲੀ ਤੇ ਚੰਡੀਗੜ੍ਹ ਨੂੰ ਘੱਟ ਰੇਟਾਂ ਤੇ ਦਿੱਤੀ ਜਾਂਦੀ ਬਿਜਲੀ, ਨਾ ਚੰਡੀਗੜ੍ਹ ਦਾ ਪੰਜਾਬ ਨੂੰ ਨਾ ਮਿਲਣਾ, ਨਾ ਪੰਜਾਬੀ ਨੌਜਵਾਨਾਂ ਦੀ ਬੇਰੁਜ਼ਗਾਰੀ, ਨਾ ਹੀ ਪੰਜਾਬੀ ਨਵ-ਪੀੜ੍ਹੀ ਦਾ ਨਸ਼ਾ-ਗ੍ਰਸਤ ਹੋਣਾ ਅਤੇ ਨਾ ਸਿਆਸੀ-ਸਰਕਾਰੀ ਭਰਿਸ਼ਟਾਚਾਰ ਹੈ। ਪੰਜਾਬੀਆਂ ਦੇ ਨਿੱਤਾ-ਪ੍ਰਤੀ ਮਸਲਿਆਂ ‘ਚੋਂ ਇਹ ਹੀ ਮੁਸ਼ਕਲ ਨਜ਼ਰ ਆਉਂਦੀ ਹੈ ਕਿ ਔਰਤ ਨੂੰ ਕਿਵੇਂ ਕਾਬੂ ‘ਚ ਕਰਨਾ ਜਾਂ ਰੱਖਣਾ ਹੈ? ਇਸ ਗ਼ਲਤ ਮਾਨਸਿਕ ਦਬਾਅ ਦਾ ਅਸਰ ਇਹ ਹੈ ਕਿ ਅਸੀਂ ਆਪਣੀ ਅੱਧੀ ਆਬਾਦੀ (ਜੋ ਅਸਲ ਵਿੱਚ ਹੁਣ ਅੱਧ ਤੋਂ ਘਟ ਗਈ ਹੈ) ਨੂੰ ਧੱਕੇ ਨਾਲ਼ ਦੂਜੇ ਦਰਜੇ ਦੇ ਸ਼ਹਿਰੀ ਬਣਾਇਆ ਹੋਇਆ ਹੈ ਜੋ ਸਾਡੀ ਸੰਪੂਰਣ ਤਰੱਕੀ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਹੈ। ਪੰਜਾਬ ਦਾ ਅੱਧ ਤੋਂ ਵੱਧ ਕੰਮ ਕਰਨ ਵਾਲ਼ੀਆਂ ਔਰਤਾਂ ਨੂੰ ਅਸੀਂ ਆਪਣੇ ਜਾਣੀ ਕਿ ਮਰਦਾਂ ਦੇ ਬਰਾਬਰ ਬੈਠਣ ਦਾ ਹੱਕ ਨਹੀਂ ਦੇ ਸਕੇ ਹਾਂ ਅਤੇ ਨਾ ਹੀ ਅਜੇ ਦੇਣਾ ਚਾਹੁੰਦੇ ਹਾਂ। ਸਾਡੇ ਸਾਰੇ ਧਰਮ ਵੀ ਇਸ ਪੱਖੋਂ ਕਾਰਗਰ ਤਰੀਕੇ ਨਾਲ਼ ਇਸੇ ਦਿਸ਼ਾ ‘ਚ ਵਰਤੇ ਜਾ ਰਹੇ ਹਨ, ਵੈਸੇ ਦੁਨੀਆ ਦੇ ਸਾਰੇ ਧਰਮ ਮਰਦਾਂ ਦੇ ਬਣਾਏ ਹੋਏ ਹਨ ਜੋ ਔਰਤ ਦੇ ਖਿਲਾਫ਼ ਹੀ ਭੁਗਤ ਰਹੇ ਹਨ।
ਅਸੀਂ ਇਹ ਅਸਲੋਂ ਹੀ ਭੁੱਲੇ ਬੈਠੇ ਹਾਂ ਕਿ ਸਾਡੀ ਸਭ ਦੀ (ਸਾਰੇ ਸਮਾਜ ਦੀ) ਤਰੱਕੀ ਤਾਂ ਹੀ ਸੰਭਵ ਹੈ ਜੇ ਅਸੀਂ ਲਿੰਗ ਦੇ ਨਾਂ ਤੇ ਹੁੰਦਾ ਅਜਿਹਾ ਕਾਣਾ ਵਤੀਰਾ ਆਪਣੇ ਸਮਾਜ ‘ਚੋਂ ਤਰਕ ਦੇਈਏ। ਇਹ ਸਾਡੀ ਗਰਭ ਵਿੱਚ ਕੁੜੀਆਂ ਮਾਰਨ ਵਾਲ਼ੀ ਮਾਨਸਿਕ ਬਿਮਾਰੀ ਦਾ ਵੀ ਇਲਾਜ ਬਣੇਗਾ। ਔਰਤਾਂ ਨੂੰ ਆਪਣੀ ਅਵਾਜ਼ ਬੁਲੰਦ ਕਰਨ ਵਿੱਚ ਮੱਦਦ ਕਰਕੇ ਅਸੀਂ ਆਪਣੇ ਸਮੁੱਚੇ ਸਮਾਜ ਲਈ ਇੱਕ ਵੱਡਾ ਤੇ ਸੁਚੱਜਾ ਕੰਮ ਕਰਾਂਗੇ। ਫਿਰ ਵੀ ਔਰਤਾਂ ਹੀ ਇਸ ਕੰਮ ‘ਚ ਅੱਗੇ ਆਉਣੀਆਂ ਚਾਹੀਦੀਆਂ ਹਨ ਕਿਉਂਕਿ ਅਸੀਂ ਮਰਦ ਆਪਣੇ ਮਰਦਊਪੁਣੇ ਤੋਂ ਬਾਜ ਨਹੀਂ ਆ ਸਕਦੇ। ਸਾਥੋਂ ਜਾਣੇ ਅਣਜਾਣੇ ਵਿੱਚ ਇਹ ਗ਼ਲਤੀਆਂ ਹੁੰਦੀਆਂ ਹੀ ਰਹਿਣੀਆਂ ਹਨ। ਮੇਰੇ ਹਿਸਾਬ ਨਾਲ਼ ਕਿਸੇ ਵੀ ਔਰਤਾਂ ਦੇ ਸੰਗਠਨ ਜਾਂ ਸੰਸਥਾ ਦਾ ਕੋਈ ਅਹੁਦੇਦਾਰ ਮਰਦ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕਦੇ ਕਿਸੇ ਔਰਤਾਂ ਦੇ ਸਮਾਗਮ ਆਦਿ ‘ਚ ਕਿਸੇ ਮਰਦ ਨੂੰ ਪਰਧਾਨ ਬਣਾਉਣਾ ਚਾਹੀਦਾ ਹੈ। ਸਮਤੋਲ ਸੋਚ ਵਾਲ਼ੇ ਮਰਦਾਂ ਨੂੰ ਬੇਸ਼ੱਕ ਇਨ੍ਹਾਂ ਜਥੇਬੰਦੀਆਂ ਲਈ ਮੱਦਦਗਾਰ ਦੇ ਤੌਰ ਤੇ ਕੰਮਾਂ ‘ਚ ਸ਼ਾਮਲ ਹੋਣ ਦੇਣਾ ਚਾਹੀਦਾ ਹੈ। ਵੈਸੇ ਅਜਿਹਾ ਵਤੀਰਾ ਕੁੱਝ ਦੇਰ ਬਾਅਦ ਬਦਲਿਆ ਵੀ ਜਾ ਸਕਦਾ ਹੈ ਜਦੋਂ ਸਾਡੇ ਪੰਜਾਬੀ ਸਮਾਜ ‘ਚ ਬਰਾਬਰਤਾ ਦਾ ਇਹ ਅਹਿਸਾਸ ਪੈਦਾ ਹੋ ਜਾਵੇ। ਅੱਜ-ਕੱਲ੍ਹ ਦੀ ਅੰਤਾਂ ਦੀ ਤੇਜੀ ਵਾਲ਼ੇ ਅੰਤਰ-ਸਬੰਧਾਂ ਵਾਲ਼ੀ ਦੁਨੀਆ ‘ਚ ਇਸ ਕੰਮ ਨੂੰ ਦੇਰ ਨਹੀਂ ਲੱਗਣੀ, ਸਿਰਫ਼ ਸ਼ੁਰੂ ਹੋਣ ਦੀ ਦੇਰ ਹੈ।
‘ਔਰਤੀਲੇ’ ਮਰਦਾਂ ਦੇ ਗਾਣਿਆਂ ਦਾ ਵੀ ਸਾਡੀਆਂ ਔਰਤ ਲਿਖਾਰੀਆਂ ਵੱਲੋਂ ਹੀ ਅਲੋਚਨਾ ਦਾ ਸਿ਼ਕਾਰ ਹੋਣਾ ਬਣਦਾ ਹੈ। ਉਨ੍ਹਾਂ ਅਲੋਚਨਾ ਕਰਨ ਵਾਲ਼ੀਆਂ ਨੂੰ ਮਰਦ ਲਿਖਾਰੀਆਂ ਦੀਆਂ ਕਿਰਤਾਂ ਦੀ ਨਿਗੂਣੀਆਂ ਗੱਲਾਂ ਸਾਹਮਣੇ ਲਿਆਉਣ ਦੀ ਲੋੜ ਵੀ ਹੈ ਤਾਂ ਜੋ ਉਨ੍ਹਾਂ ਨੂੰ ਸਮਝ ਲੱਗ ਸਕੇ ਕਿ ਉਹ ਇਸ ਕੰਮ ਦੇ ਲਾਇਕ ਨਹੀਂ ਹਨ। ਪੰਜਾਬਣਾਂ ਨੂੰ ਇਹ ਚੀਜ਼ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਆਜ਼ਾਦੀ ਉਨ੍ਹਾਂ ਨੇ ਆਪਣੇ ਆਪ ਹੀ ਲੈਣੀ ਹੈ, ਕਿਸੇ ਹੋਰ ਕੋਲੋ਼ੋਂ ਮਿਲਣ ਦੀ ਆਸ ਵਿੱਚ ਉਨ੍ਹਾਂ ਨੂੰ ਹੋਰ ਸਮਾਂ ਨਹੀਂ ਗੁਆਉਣਾ ਚਾਹੀਦਾ। ਵੈਸੇ ਪੰਜਾਬੀ ਸਾਹਿਤਕਾਰਾਂ ਦੀ ਇਸ ਦਸ਼ਾ ਨੂੰ ਮੈਂ ਪੰਜਾਬੀ ਸਾਹਿਤਕਾਰਾਂ ਦਾ ਮਰਦਊਪੁਣਾ ਜਾਂ ਗੁੰਮਟਿਆਰਾਂ ਦੀ ਅਵਾਜ਼ ਵੀ ਕਹਿਣਾ ਚਾਹੁੰਦਾ ਹਾਂ। ਅਸੀਂ ਪੰਜਾਬੀ ਇੰਨੇ ਢੀਠ ਹਾਂ ਕਿ ਸਾਡੇ ਕਹਿੰਦੇ-ਕਹਾਉਂਦੇ ਸਾਹਿਤਕਾਰ ਵੀ ਅਜਿਹੀਆਂ ਗੱਲਾਂ ਵਿੱਚ ਸ਼ਾਮਲ ਹਨ। ਸ਼ਾਇਦ ਹਾਸ਼ਮ ਸ਼ਾਹ ਦੀ ਸੱਸੀ, ਵਾਰਿਸ ਸ਼ਾਹ ਦੀ ਹੀਰ, ਅਤੇ ਸਿ਼ਵ ਕੁਮਾਰ ਬਟਾਲਵੀ ਦੀ ਲਿਖੀ ਲੂਣਾ ਵਰਗੀਆਂ ਕਿਰਤਾਂ ਵੀ ਸਾਡੇ ਅਜੋਕੇ ਪੰਜਾਬੀ ਲਿਖਾਰੀਆਂ ਨੂੰ ਇਸ ਦਿਸ਼ਾ ‘ਚ ਪਰੇਰਿਤ ਕਰਦੀਆਂ ਹੋਣ। ਪਰ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਲਿਖਾਰੀਆਂ ਵੱਲੋਂ ਔਰਤਾਂ ਪੱਖੋਂ ਲਿਖਣਾ ਬਹੁਤ ਵੱਡੀ ਗੱਲ ਸੀ ਜਦੋਂ ਕੋਈ ਵੀ ਅਜਿਹੇ ਕੰਮ ਨੂੰ ਚੰਗਾ ਨਹੀਂ ਸੀ ਸਮਝਦਾ। ਸਿ਼ਵ ਦੀ ਲੂਣਾ ਇੱਕ ਤਰਾਂ ਦਾ ਆਮ ਪੰਜਾਬੀ ਝੁਕਾਅ ਜਾਂ ਵਤੀਰੇ ਦੇ ਵਿਰੁੱਧ ਇੱਕ ਰੋਸ ਸੀ ਜੋ ਲੂਣਾ ਜਾਂ ਲੂਣਾ ਵਰਗੀਆਂ ਔਰਤਾਂ ਨਾਲ਼ ਸਾਡਾ ਸਮਾਜ ਕਰਦਾ ਆ ਰਿਹਾ ਸੀ। ਲੂਣਾ ਪੱਖੋਂ ਪੂਰਨ ਦੀ ਕਹਾਣੀ ਸਾਡੇ ਸਮਾਜ ਦੇ ਔਰਤ ਵਰਗ ਲਈ ਵਤੀਰੇ ਦਾ ਇੱਕ ਸੰਤੁਲਿਤ ਤਰਾਂ ਦਾ ਵਿਸ਼ਲੇਸ਼ਣ ਪੇਸ਼ ਕਰਦੀ ਹੈ।
ਸਾਡੀ ਅਜਿਹੀ ਅਸੰਤੁਲਿਤ ਸੋਚ ਦੇ ਹੋਰ ਵੀ ਭੈੜੇ ਨਤੀਜੇ ਨਿੱਕਲ਼ ਰਹੇ ਹਨ। ਸਾਡਾ ਠੀਕ ਤੇ ਗ਼ਲਤ ਨੂੰ ਪਛਾਣਨ ਦਾ ਜੋ ਮੀਟਰ ਜਾਂ ਮਾਪ-ਦੰਡ ਹੈ ਉਹ ਵੀ ਸਹੀ ਕੰਮ ਨਹੀਂ ਕਰ ਰਿਹਾ। ਇਸ ਦੀਆਂ ਉਦਾਹਰਣਾਂ ਆਮ ਜਿ਼ੰਦਗੀ ‘ਚੋਂ ਦੇਖੀਆਂ ਜਾ ਸਕਦੀਆਂ ਹਨ। ਕਈ ਧਰਮਾਂ ਵੱਲੋਂ ਨਕਾਰੇ ਜਾਣ ਤੇ ਵੀ ਸਾਡੇ ਸਮਾਜ ਨੇ ਉਹੀ ਪੁਰਾਣੇ ਮਾਪ-ਦੰਡਾਂ ਨਾਲ਼ ਅਖਾਉਤੀ ਛੋਟੀਆਂ ਜਾਤ ਬਰਾਦਰੀਆਂ ਨੂੰ ਦੁਰਕਾਰਿਆ ਹੋਇਆ ਹੈ। ਸਾਡਾ ਕਿਸੇ ਅਮੀਰ ਬੰਦੇ ਦੇ ਬੇਵਜ੍ਹਾ ਘਟੀਆ ਵਤੀਰੇ ਤੇ ਰੋਸ ਨਾ ਕਰਨਾ ਅਤੇ ਗਰੀਬ-ਗੁਰਬੇ ਨਾਲ਼ ਹੋਏ ਬੇਇਨਸਾਫ਼ੀ ਵਾਲ਼ੇ ਵਤੀਰੇ ਨੂੰ ਅਣਦੇਖਿਆ ਕਰਨਾ ਜਾਂ ਊਚੇ ਰੁਤਬੇਦਾਰਾਂ ਦਾ ਬੇਥਾਹਾ ਸਤਿਕਾਰ ਅਤੇ ਨਖਿੱਧ ਕੰਮ ਕਰਨ ਵਾਲਿ਼ਆਂ ਲਈ ਨਫ਼ਰਤ ਭਰਿਆ ਵਤੀਰਾ ਜਾਂ ਯੂਪੀ-ਬਿਹਾਰ ਦੇ ਆਏ ਮਜ਼ਦੂਰਾਂ ਨੂੰ ਹਕਾਰਤ ਦੀਆਂ ਨਜ਼ਰਾਂ ਨਾਲ਼ ਦੇਖਣਾ ਤੇ ਅਜਿਹਾ ਹੀ ਵਰਤਾਅ ਕਰਨਾ ਆਦਿ ਸਭ ਅਜਿਹੀ ਅਸੰਤੁਲਿਤ ਸੋਚ ਦੇ ਕਾਰਨ ਹੀ ਹਨ। ਸ਼ਾਇਦ ਇਸੇ ਕਾਰਨ ਸਾਡੀਆਂ ਸਿਆਸਤੀ ਪਾਰਟੀਆਂ ਸਾਡੇ ਨਾਲ਼ ਘਿਨਾਉਣੇ ਕੰਮ ਕਰ ਜਾਂਦੀਆਂ ਹਨ, ਪਰ ਅਸੀਂ ਫੇਰ ਉਨ੍ਹਾਂ ਨੂੰ ਹੀ ਆਪਣੀ ਸੱਤਾ ਸੌਂਪ ਦਿੰਦੇ ਹਾਂ। ਕੀ ਅਸੀਂ ਇਸ ਨੂੰ ਆਪਣੀ ਸੋਚ ਦਾ ਨਿੱਘਰਿਆ ਹੋਣਾ ਗਰਦਾਨ ਸਕਦੇ ਹਾਂ?

jaswindersandhu@rogers.com,
jassi@hotmail.com,
jassikherda@gmail.com

-0-