ਬਹੁਤ ਲੋਕਾਂ ਨੇ
ਸਫ਼ਰਨਾਮੇ ਲਿਖੇ ਹਨ - ਉਨ੍ਹਾਂ ਵਿਚੋਂ ਕਿੰਨੇ ਕੁ ਚੰਗੇ ਹੁੰਦੇ ਨੇ ਤੇ ਕਿੰਨੇ ਕੁ ਮਾੜੇ -
ਇਸ ਬਾਰੇ ਮੈਂ ਕੁਝ ਨਹੀਂ ਜਾਣਦੀ - ਪਰ ਹਾਂ ਜਿਨ੍ਹਾਂ ਨੂੰ ਸਫਰ ਕਰਨ ਦਾ ਸ਼ੌਕ ਹੈ ਉਹ ਗਾਹੇ
ਬਗਾਹੇ ਕਦੀ ਚੰਗਾ ਤੇ ਕਦੀ ਕੋਈ ਮਾੜਾ ਸਫਰਨਾਮਾ ਪੜ੍ਹ ਹੀ ਲੈਂਦੇ ਹਨ - ਬਹੁਤ ਪਹਿਲਾਂ ਬਚਪਨ
ਵਿੱਚ ਇਤਿਹਾਸ ਦੀਆਂ ਕਿਤਾਬਾਂ ਵਿਚੋਂ ਇੱਕ ਨਾਮ ਸੁਣਿਆ ਸੀ ਇਬਨ ਬਤੁਤਾ ਜੋ ਮਰਾਕੋ ਦਾ ਰਹਿਣ
ਵਾਲਾ ਸੀ - ਜਿਨ੍ਹਾਂ ਸਮਿਆਂ ਵਿੱਚ ਉਸ ਨੇ ਵੱਖ ਵੱਖ ਦੇਸ਼ਾਂ ਦੀਆਂ ਧਰਤੀਆਂ ਗਾਹੀਆਂ ਸਨ ਉਹ
ਸੱਚ ਮੁੱਚ ਹੀ ਇੱਕ ਵੱਡੀ ਕਾਮਯਾਬੀ ਜਾਂ ਇੱਕ ਅਨੋਖੀ ਪ੍ਰਾਪਤੀ ਲੱਗਦੀ ਹੈ - ਉਸ ਦੀ ਲਿਖੀ
ਮੈਂ ਕੋਈ ਲਿਖਤ ਤਾਂ ਨਹੀਂ ਪੜ੍ਹੀ ਪਰ ਉਸ ਨੇ ਆਪਣੀ ਜ਼ਿੰਦਗੀ ਦੇ 27 ਸਾਲ ਸਫਰ ਵਿੱਚ ਹੀ
ਬਿਤਾਏ ਤੇ ਕੋਈ 75,000 ਮੀਲ ਦਾ ਸਫ਼ਰ ਤਹਿ ਕੀਤਾ। ਉਸ ਤੋਂ ਬਾਅਦ ਜੋ ਸਫਰ ਮੈਂਨੂੰ ਹੈਰਾਨ
ਕਰਦੇ ਸਨ ਉਹ ਸਨ ਗੁਰੂ ਨਾਨਕ ਜੀ ਦੀਆਂ ਉਦਾਸੀਆਂ। ਹੋ ਸਕਦਾ ਹੈ ਗੁਰੂ ਜੀ ਇਬਨ ਬਤੁਤਾ
ਜਿਨ੍ਹੀ ਦੂਰ ਨਾ ਗਏ ਹੋਣ।
ਹੁਣ ਜੇ ਤੁਸੀਂ ਇਨ੍ਹਾਂ ਦੋਹਾਂ ਦੇ ਕੀਤੇ ਸਫਰਾਂ ਬਾਰੇ ਸੋਚੋ ਤਾਂ ਉਨ੍ਹਾਂ ਦੇ ਮਕਸਦ ਬਹੁਤ
ਭਿੰਨ ਸਨ। ਬਤੁਤਾ ਨੂੰ ਤਾਂ ਸ਼ਾਇਦ ਦੁਨੀਆ ਦੇਖਣ ਦਾ ਸ਼ੌਕ ਹੀ ਇੰਨੀਆਂ ਦੂਰੀਆਂ ਤੱਕ ਖਿੱਚ
ਕੇ ਲੈ ਗਇਆ ਤੇ ਆਪਣੇ ਜ਼ਿੰਦਗੀ ਭਰ ਦੇ ਕੀਤੇ ਸਫਰਾਂ ਦੇ ਅੰਤ ਵਿੱਚ ਉਸ ਨੇ ਆਖਿਆ ਕਿ ਸ਼ਾਇਦ
ਦੁਨੀਆ ਵਿੱਚ ਉਸ ਤੋਂ ਵੱਧ ਸਫਰ ਕਰਨ ਵਾਲਾ ਕੋਈ ਨਾ ਹੋਵੇ।
ਪਰ ਨਾਨਕ ਜੀ ਦੀਆਂ ਕੀਤੀਆਂ ਉਦਾਸੀਆਂ ਦਾ ਸੁਆਦ ਤੇ ਮਕਸਦ ਸਭ ਕੁਝ ਵੱਖਰਾ ਸੀ। ਉਨ੍ਹਾਂ ਕੁਝ
ਜਾਣਿਆ ਸੀ , ਕੁਝ ਪਾਇਆ ਸੀ ਤੇ ਇਸ ਪਾਏ ਹੋਣ ਕਰਕੇ ਉਹ ਰੱਬੀ ਪਿਆਰ ਨਾਲ ਨੱਕੋ ਨੱਕ ਭਰੇ ਪਏ
ਸਨ ਤੇ ਇਸ ਨੂੰ ਜੇ ਉਹ ਵੰਡਣ ਲਈ ਨਾ ਤੁਰਦੇ ਤਾਂ ਹੋਰ ਕੀ ਕਰਦੇ - ਤੇ ਮੈਂ ਅਕਸਰ ਸੋਚਦੀ
ਹਾਂ ਕਿ ਪੈਰਾਂ ਦਾ ਜ਼ਰੂਰ ਹੀ ਕੋਈ ਰੂਹ ਨਾਲ ਰਿਸ਼ਤਾ ਹੈ ( ਤੇ ਸ਼ਾਇਦ ਇਬਨ ਬਤੁਤਾ ਦਾ ਸਫਰ
ਵੀ ਮੱਕੇ ਦੇ ਹੱਜ ਦੇ ਮਕਸਦ ਨਾਲ ਹੀ ਸ਼ੁਰੂ ਹੋਇਆ ਸੀ।) - ਭਾਰਤ ਵਿੱਚ ਜਿਸ ਨੇ ਵੀ ਕੁਝ
ਪਾਇਆ ਹੈ ਉਹ ਉਸ ਨੂੰ ਵੰਡਣ ਤੁਰਿਆ ਹੀ ਹੈ। ਨਾਨਕ ਜੀ ਵਰਗੇ ਲੋਕ ਉਸ ਦੇ ਪਿਆਰ ਤੇ ਉਸ ਦੀ
ਨਾਮ ਦੀ ਖੁਮਾਰੀ ਨਾਲ ਲੱਬੋ ਲੱਬ ਹੋਏ ਇੱਕ ਥਾਂ ਤੋਂ ਦੂਜੀ ਥਾਂ ਤੱਕ ਪੁੱਜਦੇ ਰਹੇ। ਸੋ
ਬਚਪਨ ਵਿੱਚ ਗੁਰੂ ਨਾਨਕ ਜੀ ਦੀਆਂ ਕੀਤੀਆਂ ਉਦਾਸੀਆਂ ਨੇ ਤੇ ਇਬਨ ਬਤੁਤਾ ਦੇ ਕੀਤੇ ਸਫਰ ਨੇ
ਮੈਂਨੂੰ ਬਹੁਤ ਹੈਰਾਨ ਕੀਤਾ ਸੀ।
ਜਦ ਮੈਂ ਕਿਸੇ ਨਵੀਂ ਥਾਂ ਤੇ ਜਾਂਦੀ ਹਾਂ , ਕੁਝ ਨਵਾਂ ਦੇਖਦੀ ਹਾਂ , ਕੁਝ ਨਵੀਂ ਜਾਣਕਾਰੀ
ਮਿਲਦੀ ਹੈ - ਇੱਕ ਵਾਰ ਤਾਂ ਮੇਰਾ ਮਨ ਉਛਲਦਾ ਹੈ ਕਿ ਇਸ ਬਾਰੇ ਮੈਂ ਲਿਖਾਂ ਪਰ ਇਹ ਸੋਚ ਕੇ
ਮੈਂ ਚੁੱਪ ਕਰ ਜਾਂਦੀ ਹਾਂ ਕਿ ਸਫਰ ਜਾਂ ਯਾਤਰਾ ਕਰਣ ਦੇ ਕਾਰਨ ਹਰ ਇੱਕ ਦੇ ਵੱਖ ਵੱਖ ਹੁੰਦੇ
ਹਨ - ਜ਼ਰੂਰੀ ਨਹੀਂ ਜਿਵੇਂ ਮੈਂ ਸੋਚਦੀ ਹਾਂ ਉਸੇ ਤਰ੍ਹਾਂ ਹੀ ਕੋਈ ਹੋਰ ਸੋਚਦਾ ਹੋਵੇ। ਕੁਝ
ਲੋਕ ਸਫਰ ਸਿਰਫ ਮਨੋਰੰਜਨ ਲਈ ਹੀ ਕਰਦੇ ਹਨ - ਕੁਝ ਸਿਰਫ ਕਿਤੇ ਜਾਣ ਲਈ ਜਾਂਦੇ ਹਨ - ਸੱਚ
ਤਾਂ ਇਹ ਹੈ ਕਿ ਲੱਖਾਂ ਗੱਲਾਂ ਦੀ ਖਿੱਚ ਕਦੀ ਕਿਤੇ ਤੇ ਕਦੀ ਕਿਤੇ ਤੋਰੀ ਰਖੱਦੀ ਹੈ। ਪਰ
ਇੱਕ ਗੱਲ ਮੈਂ ਜ਼ਰੂਰ ਸੋਚਦੀ ਹਾਂ ਜੇ ਤੁਹਾਡੇ ਕੀਤੇ ਸਫਰ ਨੇ ਤੁਹਾਨੂੰ ਕੁਝ ਸਿਖਾਇਆ ਨਹੀਂ
ਜਾਂ ਕਿਸੇ ਤਰ੍ਹਾਂ ਤੁਹਾਨੂੰ ਬਦਲਿਆ ਨਹੀਂ ਜਾਂ ਤੁਹਾਡੀਆਂ ਬਾਹਾਂ ਕੁਝ ਹੋਰ ਉਲਰੀਆਂ ਨਹੀਂ
ਜਾਂ ਜੇ ਤੁਹਾਡੀ ਬੁੱਕਲ ਵਿਚਲਾ ਆਸਮਾਨ ਕੁਝ ਹੋਰ ਫੈਲਿਆ ਨਹੀਂ ਤਾਂ ਫਿਰ ਸ਼ਾਇਦ ਕਿਤੋਂ
ਤੁਹਾਨੂੰ ਸਫ਼ਰ ਕਰਨਾ ਆਇਆ ਨਹੀਂ - ਇਹ ਮੇਰਾ ਆਪਣਾ ਨਿੱਜੀ ਖਿਆਲ ਹੈ ਸ਼ਾਇਦ ਤੁਸੀਂ ਜਾਂ
ਕੋਈ ਵੀ ਇਸ ਨਾਲ ਸਹਿਮਤ ਨਾ ਹੋਵੋ । ਬੇਸ਼ਕ ਇੱਕ ਗੱਲ ਤਾਂ ਪੱਕੀ ਹੈ ਕਿ ਹਰ ਇਨਸਾਨ ਦੇ
ਅੰਦਰ ਇੱਕ ਜਾਂ ਕੁਝ ਖਾਨਾ ਬਦੋਸ਼ ਵਰਗਾ ਵੱਸਦਾ ਹੈ ਜੋ ਸਮੇਂ ਸਮੇਂ ਤੇ ਉਸ ਨੂੰ ਤੋਰੀ
ਰਖੱਦਾ ਹੈ।
ਸਫ਼ਰ ਕਰਨ ਬਾਰੇ ਬਹੁਤ ਲੋਕਾਂ ਨੇ ਬਹੁਤ ਸੁਹਣੀਆਂ ਸੁਹਣੀਆਂ ਗੱਲਾਂ ਲਿਖੀਆਂ ਹਨ ਤੇ
ਜਿਨ੍ਹਾਂ ਵਿਚੋਂ ਕਈ ਬਹੁਤ ਕੀਮਤੀ ਵੀ ਹਨ। ਕਨਫਿਉਸਿਸ ਨੇ ਆਖਿਆ ਹੈ ਕੇ ਜੇ ਤੁਸੀਂ ਕਿਤੇ
ਜਾਂਦੇ ਹੋ ਤਾਂ ਤੁਸੀਂ ਪੂਰੇ ਦਿਲ ਤੇ ਪੂਰੀ ਰੂਹ ਨਾਲ ਉਥੇ ਜਾਉ। ਇੱਕ ਹੋਰ ਸੰਤ ਅਗਸਤੀਨ ਦੀ
ਆਖੀ ਹੋਈ ਗੱਲ ਇੱਕ ਮਸ਼ਹੂਰ ਕਹਾਵਤ ਬਣ ਗਈ ਹੈ , " ਦੁਨੀਆ ਇੱਕ ਕਿਤਾਬ ਹੈ ਤੇ ਜੋ ਲੋਕ
ਸਫ਼ਰ ਨਹੀਂ ਕਰਦੇ ਤਾਂ ਉਹ ਇਸ ਕਿਤਾਬ ਦਾ ਇੱਕ ਹੀ ਵਰਕਾ ਪੜ੍ਹਦੇ ਹਨ। " ਆਖਦੇ ਨੇ ਸਾਰੀਆਂ
ਯਾਤਰਾਵਾਂ ਦਾ ਇੱਕ ਭੇਤ ਭਰਿਆ ਠਿਕਾਣਾ ਜਾਂ ਮੰਜ਼ਿਲ ਹੁੰਦੀ ਹੈ ਜਿਸ ਬਾਰੇ ਯਾਤਰੀ ਸ਼ੁਰੂ
ਵਿੱਚ ਅਕਸਰ ਅਣਜਾਣ ਹੁੰਦਾ ਹੈ। ਸੱਚ ਤਾਂ ਇਹ ਹੈ ਤੁਹਾਡੇ ਪੈਰਾਂ ਨਾਲ ਕੀਤਾ ਹੋਇਆ ਸਫਰ
ਅਕਸਰ ਤੁਹਾਡੇ ਮਨ ਤੇ ਰੂਹ ਨੂੰ ਨਵੀਆਂ ਦਿਸ਼ਾਵਾਂ ਵੱਲ ਲੈ ਜਾਂਦਾ ਹੈ - ਤੇ ਫਿਰ ਤੁਹਾਡਾ
ਹੀ ਸਫ਼ਰ ਤੁਹਾਨੂੰ ਤੋਰਦਾ ਹੈ ਤੁਸੀਂ ਨਹੀਂ ਤੁਰਦੇ। ਪੈਰਾਂ ਦਾ ਸਫਰ ਰੂਹ ਦਾ ਸਫਰ ਬਣ
ਜਾਂਦਾ ਹੈ ਤੇ ਫਿਰ ਰੂਹਾਂ ਦਾ ਕੀਤਾ ਸਫਰ ਤੁਹਾਡੇ ਪੈਰਾਂ ਨਾਲ ਕੀਤੇ ਹੋਏ ਪੈਂਡਿਆ ਨਾਲੋਂ
ਕਿਤੇ ਵਡੇਰੇ ਤੇ ਅਨੋਖੇ ਹੋ ਜਾਂਦੇ ਹਨ। ਜਿਵੇਂ ਕਿ ਗੌਤਮ ਬੁੱਧ ਨੇ ਆਖਿਆ ਸੀ ਕਿ ਮੰਜ਼ਿਲ
ਤੇ ਪੁੱਜਣ ਨਾਲੋਂ ਕਿਤੇ ਵੱਧ ਚੰਗਾ ਹੈ ਕਿ ਤੁਸੀਂ ਸਫਰ ਵਿੱਚ ਹੀ ਰਹੋ। ਗੌਤਮ ਬੁੱਧ ਦੀ ਇਹ
ਗੱਲ ਪੜ੍ਹ ਕੇ ਮੈਂ ਸੋਚਦੀ ਹਾਂ ਕਿ ਤੁਹਾਡੇ ਕੀਤੇ ਹੋਏ ਪੈਰਾਂ ਦੇ ਸਫਰ ਨਾਲ ਜ਼ਰੂਰ ਹੀ ਕੋਈ
ਰੂਹ ਦਾ ਵੀ ਸੰਬੰਧ ਹੁੰਦਾ ਹੋਵੇਗਾ - ਸਾਡੇ ਗੌਤਮਾਂ , ਮਹਾਵੀਰਾਂ , ਸੰਤਾਂ ਤੇ ਫਕੀਰਾਂ ਨੇ
ਆਪਣੇ ਪੈਰਾਂ ਨਾਲ ਰੂਹਾਨੀ ਸੁਨੇਹੇ ਬੰਨ੍ਹ ਲਏ ਸਨ ਜਾਂ ਫਿਰ ਇੰਝ ਆਖ ਲਉ ਉਨ੍ਹਾਂ ਆਪਣੇ
ਸੁੱਚੇ ਤੇ ਸੱਚੇ ਖੂਬਸੂਰਤ ਪਿਆਰ ਭਰੇ ਸੁਨੇਹਿਆਂ ਨਾਲ ਪੈਰ ਬੰਨ੍ਹ ਲਏ ਸਨ।
ਬੱਸ ਹਰ ਸਫ਼ਰ ਨੂੰ ਕਰਣ ਤੋਂ ਪਹਿਲਾਂ ਕੁਝ ਇਹੋ ਜਿਹਾ ਹੀ ਮੈਂ ਸੋਚਦੀ ਰਹਿੰਦੀ ਹਾਂ - ਜਿਥੇ
ਮੈਂ ਜਾਣਾ ਹੁੰਦਾ ਹੈ ਉਨ੍ਹਾਂ ਰਾਹਾਂ ਬਾਰੇ ਸੋਚਦੀ ਹਾਂ ਤੇ ਇੱਕ ਖੂਬਸੂਰਤ ਭੇਤ ਦੀ ਤਲਾਸ਼
ਨੂੰ ਮੈਂ ਆਪਣੇ ਨਾਲ ਬੰਨ੍ਹ ਲੈਂਦੀ ਹਾਂ - ਤੇ ਸ਼ਾਇਦ ਇਹੀ ਕਾਰਨ ਹੈ ਕਿ ਮੈਂ ਆਪਣੀ ਬਚਪਨ
ਦੀ ਸਹੇਲੀ ਨਾਲ ਜਾਂਦੀ ਹਾਂ - ਹਾਲਾਂਕਿ ਕੁਝ ਹੋਰ ਲੋਕ ਵੀ ਹਨ ਮੇਰੀ ਜ਼ਿੰਦਗੀ ਵਿੱਚ
ਜਿਨ੍ਹਾਂ ਨਾਲ ਮੈਂ ਸਫਰ ਕਰਨਾ ਪਸੰਦ ਕਰਾਂਗੀ ਪਰ ਪਤਾ ਨਹੀਂ ਉਹ ਵੀ ਉਨ੍ਹੀ ਹੀ ਤਿਆਰੀ ਤੇ
ਚਾਹਤ ਇਨ੍ਹਾਂ ਸਫਰਾਂ ਵਿੱਚ ਪਾ ਸਕਦੇ ਹਨ ਜਾਂ ਨਹੀਂ। ਪਰ ਆਪਣੀ ਸਹੇਲੀ ਨਾਲ ਅਨੋਖਾ ਮਜ਼ਾ
ਹੈ - ਬਚਪਨ ਦਾ ਪੂਰਾ ਸੁਹੱਪਣ ਤੇ ਬਚਪਨ ਵਾਲੀ ਇੱਕ 'sense of wonder' ਹਮੇਸ਼ਾ ਜਿਉਂਦੀ
ਜਾਗਦੀ ਰਹਿੰਦੀ ਹੈ।
ਤੁਹਾਡੀਆਂ ਯਾਤਰਾਵਾਂ ਤੇ ਤੁਹਾਡੇ ਸਫਰ ਸਿਰਫ ਤੁਹਾਨੂੰ ਨਵੀਆਂ ਥਾਵਾਂ ਨਾਲ ਜਾਣ ਪਛਾਣ ਹੀ
ਨਹੀਂ ਕਰਵਾਉਂਦੀਆਂ ਬਲਕਿ ਕਦੀ ਕਦੀ ਤੁਹਾਨੂੰ ਉਸ ਥਾਂ ਨਾਲ ਜੁੜੀਆਂ ਕਹਾਣੀਆਂ ਤੇ ਇਤਿਹਾਸਿਕ
ਘਟਨਾਵਾਂ ਨਾਲ ਵੀ ਜੋੜ ਦਿੰਦੀਆਂ ਹਨ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਉਂਝ ਨਹੀਂ ਸੀ ਜਾਣ
ਸਕਣਾ। ਇਸ ਤਰ੍ਹਾਂ ਹੀ ਮੇਰੇ ਨਾਲ ਹੋਇਆ ਜਦ ਮੈਂ ਪੋੰਡੀਚਰੀ ਗਈ, ਜਿਸ ਦੀ ਮੈਂ ਹੁਣ ਗੱਲ
ਕਰਣ ਲੱਗੀ ਹਾਂ - ਇਹ ਨਹੀਂ ਕਿ ਤੁਹਾਨੂੰ ਇਸ ਸ਼ਹਿਰ ਬਾਰੇ ਕੁਝ ਪਤਾ ਨਹੀਂ ਪਰ ਇਸ ਕਰਕੇ ਕਿ
ਇਹ ਥਾਂ ਮੇਰੇ ਲਈ ਬਹੁਤ ਹੀ ਖਿੱਚ ਰੱਖਦਾ ਰਿਹਾ ਹੈ। ਤੇ ਇਸ ਖਿੱਚ ਦਾ ਅਸਲੀ ਕਾਰਨ ਇੱਕ ਇਹ
ਸੀ ਕਿ ਇਹ ਗੋਆ ਵਾਂਗ ਬ੍ਰਿਟਿਸ਼ ਇੰਡੀਆ ਦਾ ਹਿੱਸਾ ਨਹੀਂ ਸੀ ਬਲਕਿ ਇੱਕ ਫਰਾਂਸੀਸੀ ਬਸਤੀ
ਸੀ ਤੇ ਇਹ ਸ਼ਹਿਰ ਜਾਂ ਇਹ ਬਸਤੀ 1947 ਵਿੱਚ ਆਜ਼ਾਦ ਨਹੀਂ ਹੋਈ ਬਲਕਿ 18 ਅਕਤੂਬਰ 1954
ਨੂੰ ਭਾਰਤ ਨਾਲ ਮਿਲਿਆ ਜਦ ਇਥੋਂ ਦੀ ਲੋਕਲ ਪੰਚਾਇਤ ਜਾਂ ਸਰਕਾਰ ਦੇ 178 ਮੈਂਬਰਾਂ ਵਿਚੋਂ
170 ਲੋਕਾਂ ਨੇ ਫਰਾਂਸੀਸੀ ਕੰਟਰੋਲ ਤੋਂ ਆਜ਼ਾਦ ਹੋਣ ਦਾ ਫੈਸਲਾ ਕੀਤਾ।
ਇਹ ਵੀ ਇੱਕ ਅਜੀਬ ਗੱਲ ਹੈ ਭਾਰਤ ਦੀਆਂ ਬਹੁਤ ਸਾਰੀਆਂ ਥਾਵਾਂ ਦੇ ਇਤਿਹਾਸ ਬਾਰੇ ਲਿਖਤ
ਕਹਾਣੀਆਂ ਜਾਂ ਲਿਖਤੀ ਇਤਿਹਾਸ ਸਾਨੂੰ ਉਦੋਂ ਤੋਂ ਹੀ ਪਤਾ ਲੱਗਦਾ ਹੈ ਜਦ ਇਸਾਈਤ ਨੂੰ ਮੰਨਣ
ਵਾਲੇ ਲੋਕ ਆਏ। ਇਤਿਹਾਸ ਦੀਆਂ ਤਰੀਕਾਂ ਤੇ ਸਮਾਂਬੰਦੀ ਬਾਰੇ ਭਾਰਤੀ ਚਿੰਤਨ ਨੇ ਕੋਈ ਬਹੁਤ
ਫਿਕਰ ਨਹੀਂ ਕੀਤੀ ਇਸੇ ਕਰਕੇ ਸ਼ਾਇਦ ਪੁਰਾਨਾਂ ਵਰਗੀਆਂ ਕਿਤਾਬਾਂ ਭਾਰਤ ਵਿੱਚ ਹੀ ਹੋ ਸਕੀਆਂ
- ਭਾਰਤੀਆਂ ਨੇ ਅਸਲ ਗੱਲ ਤੇ ਮਹੱਤਵ ਗੱਲ ਦਾ ਹੀ ਫਿਕਰ ਕੀਤਾ ਇਸ ਲਈ ਸਾਨੂੰ ਇਹ ਤੇ ਪਤਾ ਹੈ
ਕਿ ਰਾਮ , ਕ੍ਰਿਸ਼ਨ , ਗੌਤਮ , ਮਹਾਵੀਰ ਤੇ ਹੋਰ ਰਿਸ਼ੀਆਂ ਮੁਨੀਆਂ ਨੇ ਕੀ ਆਖਿਆ ਪਰ ਅਸੀਂ
ਉਨ੍ਹਾਂ ਦੇ ਹੋਣ ਦੀਆਂ ਤਰੀਕਾਂ ਬਾਰੇ ਬਹੁਤ ਜਾਣਕਾਰੀ ਨਹੀਂ ਰੱਖਦੇ ਸਿਰਫ ਕਿਆਸ ਹੀ ਲਾ
ਸਕਦੇ ਹਾਂ। ਕੀ ਕਦੋਂ ਹੋਇਆ - ਇਤਿਹਾਸ ਦੀ ਇਹ ਸਮੇਂ ਸਿਰ ਸੂਚੀ ਦੀ ਦੇਣ ਇਸਾਈਆਂ ਤੋਂ ਜਾਂ
ਇੰਝ ਆਖ ਲਉ ਈਸਾ ਮਸੀਹ ਦੀ ਪੈਦਾਇਸ਼ ਤੋਂ ਹੀ ਸ਼ੁਰੂ ਹੁੰਦੀ ਹੈ - ਇਸਾਈਆਂ ਨੇ ਪੂਰੀ ਦੁਨੀਆ
ਦੀ ਪਿਛੋਕੜ ਦੀ ਕਹਾਣੀ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਇੱਕ ਈਸਾ ਮਸੀਹ ਤੋਂ
ਪਹਿਲਾਂ ਤੇ ਇੱਕ ਈਸਾ ਮਸੀਹ ਤੋਂ ਬਾਅਦ। ਇਹ ਨਹੀਂ ਕਿ ਇਸ ਥਾਂ ਦੀ ਕੋਈ ਅਹਿਮੀਅਤ ਨਹੀਂ ਸੀ
ਬਲਕਿ ਅਸੀਂ ਇਸ ਤਰ੍ਹਾਂ ਦੇ ਇਤਿਹਾਸ ਨੂੰ ਸਾਂਭ ਕੇ ਰੱਖਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।
ਤੇ ਸ਼ਾਇਦ ਇਹੀ ਕਾਰਨ ਹੈ ਕਿ ਪੌੰਡੀਚਰੀ ਦਾ ਲਿਖਤੀ ਇਤਿਹਾਸ ਵੀ ਉਦੋਂ ਤੋਂ ਹੀ ਸ਼ੁਰੂ
ਹੁੰਦਾ ਹੈ ਜਦ ਡੱਚ, ਪੁਰਤਗੀਜ਼, ਅੰਗਰੇਜ਼ ਤੇ ਫਰਾਂਸੀਸੀ ਲੋਕ ਇਸ ਇਲਾਕੇ ਵਿੱਚ ਆਉਣੇ
ਸ਼ੁਰੂ ਹੋਏ। ਰੋਮਨ ਲਿਖਤਾਂ ਵਿੱਚ ਇਸ ਥਾਂ ਦਾ ਜ਼ਿਕਰ ਆਉਂਦਾ ਹੈ ਤੇ ਇਸ ਜਗਹ ਦਾ ਨਾਮ
ਪੌਡਿਕੀ ਕਰ ਕੇ ਕੀਤਾ ਗਿਆ ਹੈ।ਜਦ ਖੁਦਾਈ ਵਿਚੋਂ ਕੁਝ ਰੋਮਨ ਦੇ ਮਿੱਟੀ ਦੇ ਭਾਂਡੇ ਇਥੋਂ
ਮਿਲੇ ਤਾਂ ਪਤਾ ਲੱਗਿਆ ਕਿ ਪਹਿਲੀ ਜਾਂ ਦੂਜੀ ਸਦੀ ਦੇ ਮੱਧ ਵਿੱਚ ਇਨ੍ਹਾਂ ਲੋਕਾਂ ਦਾ ਰੋਮਨ
ਲੋਕਾਂ ਨਾਲ ਵਿਉਪਾਰ ਚਲਦਾ ਸੀ। ਉਸ ਤੋਂ ਬਾਦ ਚੌਥੀ ਸਦੀ ਵਿੱਚ ਕਾਂਚੀਪੁਰਮ ਦੇ ਪੱਲਵੀ
ਰਾਜਿਆਂ ਨੇ ਇਸ ਥਾਂ ਤੇ ਰਾਜ ਕੀਤਾ - ਜੋ ਪਤਾ ਨਹੀਂ ਕਦੋਂ ਤੇ ਕਿਵੇਂ ਮੁੱਕਿਆ ਪਰ ਫਿਰ
10ਵੀੰ ਸਦੀ ਤੋਂ 13ਵੀੰ ਸਦੀ ਤੱਕ ਚੋਲਿਆਂ ਦਾ ਰਾਜ ਸੀ 14ਵੀੰ ਸਦੀ ਵਿੱਚ ਵਿਜੈਨਗਰ ਸਾਮਰਾਜ
ਦਾ ਅਧਿਕਾਰ ਸੀ।
ਹੌਲੀ ਹੌਲੀ ਵਿਜੈਨਗਰ ਰਾਜ ਦੀਆਂ ਜੜ੍ਹਾਂ ਖੁਰਨੀਆਂ ਸ਼ੁਰੂ ਹੋਈਆਂ ਤਾਂ ਬੀਜਾਪੁਰ ਦੇ
ਸੁਲਤਾਨ ਹੇਠ ਇਹ ਰਾਜ ਆ ਗਿਆ ਇਹ ਗੱਲ 1638 ਦੀ ਹੈ। 1674 ਵਿੱਚ ਫਰਾਂਸ ਦਾ ਪਹਿਲਾ ਗਵਰਨਰ
ਆਇਆ ਇਨ੍ਹਾਂ ਸਮਿਆਂ ਵਿੱਚ ਜਾਂ ਬੀਜਾਪੁਰ ਦੇ ਸੁਲਤਾਨ ਦੇ ਸਮੇਂ ਯੂਰਪੀ ਲੋਕਾਂ ਨੇ ਆਉਣਾ
ਸ਼ੁਰੂ ਕਰ ਦਿੱਤਾ ਸੀ - ਡੱਚ ਲੋਕ ਪਹਿਲਾਂ ਆਏ ਪਰ ਲੋਕਲ ਸਰਕਾਰ ਨੇ ਫਰਾਂਸੀਸੀ ਵਿਉਪਾਰੀਆਂ
ਨੂੰ ਜ਼ਿਆਦਾ ਤਰਜ਼ੀਹ ਦਿੱਤੀ - ਇਹ ਆਖਿਆ ਜਾਂਦਾ ਹੈ ਕਿ Gingee ਦਾ ਰਾਜਾ ਡੱਚ ਲੋਕਾਂ ਨੂੰ
ਪਸੰਦ ਨਹੀਂ ਸੀ ਕਰਦਾ ਤੇ ਉਸ ਨੇ ਫਰਾਂਸ ਨੂੰ ਇਥੇ ਆਉਣ ਦਾ ਸੱਦਾ ਦਿੱਤਾ ਸੀ। 1674 ਤੋਂ ਲੈ
ਕੇ 1760 ਤੱਕ ਯੂਰਪੀ ਦੇਸ਼ਾਂ ਦੀਆਂ ਆਪਣੀਆਂ ਲੜਾਈਆਂ ਦੇ ਨਾਲ ਇਹ ਥਾਂ ਕਦੀ ਫਰਾਂਸੀਸੀਆਂ ,
ਕਦੀ ਡੱਚ ,ਤੇ ਕਦੀ ਅੰਗਰੇਜ਼ਾਂ ਦੇ ਹੱਥ ਆਉਂਦਾ ਰਿਹਾ - ਇਸ ਸਮੇਂ ਦੀ ਖਾਸ ਗੱਲ ਇਹ ਹੈ ਕਿ
ਵਿਉਪਾਰ ਕਰ ਕੇ ਇਥੋਂ ਦੀ ਆਰਥਿਕਤਾ ਤੇ ਅਸਰ ਚੰਗਾ ਪਿਆ ਤੇ ਇਥੇ ਸੁਹਣੀਆਂ ਇਮਾਰਤਾਂ ਬਣੀਆਂ
, ਕਿਲ੍ਹੇ ਬਣੇ , ਗਿਰਜੇ ਘਰ ਬਣੇ। ਫਿਰ 1760 ਵਿੱਚ ਇੱਕ ਸਮਝੌਤੇ ਅਨੁਸਾਰ ਅੰਗਰੇਜ਼ਾਂ ਨੇ
ਇਹ ਥਾਂ ਫਰਾਂਸ ਨੂੰ ਮੋੜ ਦਿੱਤੀ ਤੇ 1816 ਦੇ ਵੇਲੇ ਇਸ ਥਾਂ ਤੇ ਫਰਾਂਸ ਪੂਰੀ ਤਰ੍ਹਾਂ
ਕਾਬਜ਼ ਹੋ ਗਿਆ ਸੀ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਮੁੜ ਕੇ ਪੌੰਡੀਚਰੀ ਵੱਲ ਕੋਈ ਧਿਆਨ ਹੀ
ਨਹੀਂ ਦਿੱਤਾ। ਤੇ 1954 ਤੱਕ ਇਹ ਫਰਾਂਸ ਦੀ ਹੀ ਇੱਕ ਬਸਤੀ ਰਿਹਾ।
ਜੇ ਯੂਰਪੀ ਲੋਕਾਂ ਦੇ ਆਉਣ ਨਾਲ ਇਥੇ ਉਸ ਕਿਸਮ ਦੀਆਂ ਇਮਾਰਤਾਂ ਬਣੀਆਂ , ਉਥੇ ਚੋਲਿਆਂ ,
ਪਲਵਾਂ , ਵਿਜੈਨਗਰ ਤੇ ਬੀਜਾਪੁਰ ਦੇ ਸੁਲਤਾਨ ਕਰ ਕੇ ਉਸ ਵੇਲਿਆਂ ਦੀਆਂ ਕਲਾ ਕਿਰਤੀਆਂ ਵੀ
ਆਲੇ ਦੁਆਲੇ ਦੇ ਇਲਾਕਿਆਂ ਵਿਚੋਂ ਮਿਲਦੇ ਹਨ ਪਰ ਪੌੰਡੀਚਰੀ ਸ਼ਹਿਰ ਵਿੱਚ ਫਰਾਂਸੀਸੀ ਕਲਚਰ
ਦਾ ਅਸਰ ਸਾਫ਼ ਹੈ , ਗਲੀਆਂ ਨੇ ਨਾਮ ਫ੍ਰਾੰਸੀਸੀ ਹਨ , ਅਜੇ ਵੀ ਫ੍ਰਾੰਸੀਸੀ ਬੋਲੀ ਇਸ
ਸ਼ਹਿਰ ਵਿੱਚ ਪੜ੍ਹੀ ਤੇ ਪੜ੍ਹਾਈ ਜਾਂਦੀ ਹੈ ਬਲਕਿ ਇਥੋਂ ਦੀ ਇੱਕ ਸਰਕਾਰੀ ਭਾਸ਼ਾ ਹੈ ਭਾਰਤ
ਰਹਿੰਦਿਆਂ ਜੇ ਤੁਸੀਂ ਫਰਾਂਸੀਸੀ ਬੋਲੀ ਸਿੱਖਣੀ ਹੋਵੇ ਤਾਂ ਕੁਝ ਮਹੀਨੇ ਪੌੰਡੀਚਰੀ ਰਹਿ ਆਵੋ
। ਜਦ ਅਸੀਂ ਇਸ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮ ਰਹੇ ਸੀ ਤਾਂ ਕਈ ਫਰਾਂਸੀਸੀ ਔਰਤਾਂ ਨੂੰ
ਦੇਖਿਆ। ਬੜਾ ਅਜੀਬ ਲੱਗ ਰਿਹਾ ਸੀ ਕਿ ਇਹ ਲੋਕ ਕਿੰਨਾ ਕੁ ਖੁਦ ਨੂੰ ਭਾਰਤੀ ਮੰਨਦੇ ਹਨ ਤੇ
ਕਿੰਨਾ ਕੁ ਫਰਾਂਸੀਸੀ ! ਇਹੀ ਜਿਹੇ ਸੁਆਲ ਮੇਰੇ ਮਨ ਵਿੱਚ ਅਕਸਰ ਆਉਂਦੇ ਰਹਿੰਦੇ ਹਨ ! ਬੜਾ
ਅਜੀਬ ਲੱਗਦਾ ਹੈ ਕਿ ਕਿਸ ਤਰ੍ਹਾਂ ਅਸੀਂ ਰੋਮਨਾਂ ਨਾਲ ਪਹਿਲੀ ਸਦੀ ਤੋਂ ਸਫਰ ਸ਼ੁਰੂ ਕਰ ਕੇ
2014 ਵਿੱਚ ਇਹ ਫਿਕਰ ਕਰ ਰਹੇ ਸੀ ਕਿ ਫਰਾਂਸੀਸੀ ਮੂਲ ਦੇ ਰਹਿਣ ਵਾਲੇ ਲੋਕਾਂ ਦੇ ਮਨਾਂ
ਵਿੱਚ ਕੀ ਚਲ ਰਿਹਾ ਹੈ !
ਜ਼ਰਾ ਹੋਰ ਖੋਜ ਕੀਤੀ ਤਾਂ ਪਤਾ ਚਲਿਆ ਕਿ ਭਾਰਤ ਵਿੱਚ ਕੁਲ 6500 ਫ੍ਰਾੰਸੀਸੀ ਮੂਲ ਦੇ ਲੋਕ
ਰਹਿੰਦੇ ਹਨ - ਜਿਨ੍ਹਾਂ ਵਿਚੋਂ ਕੋਈ 5500 ਸਿਰਫ ਪੌੰਡੀਚਰੀ ਵਿੱਚ ਹੀ ਰਹਿੰਦੇ ਹਨ -
ਤਕਰੀਬਨ ਅਮੀਰ ਲੋਕ ਹਨ - ਭਾਵੇਂ ਇਨ੍ਹਾਂ ਲੋਕਾਂ ਨੂੰ ਵਾਪਿਸ ਫਰਾਂਸ ਜਾਣ ਦੀ ਖੁਲ੍ਹ ਹੈ ਪਰ
ਇਨ੍ਹਾਂ ਨੇ ਜਾਣਾ ਵੀ ਨਹੀਂ ਚਾਹਿਆ ਤੇ ਫਰਾਂਸ ਇਸ ਗੱਲ ਲਈ ਉਨ੍ਹਾਂ ਨੂੰ ਉਤਸ਼ਾਹਿਤ ਵੀ
ਨਹੀਂ ਕਰਦਾ। ਪਰ ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਖਾਸ ਕਰ ਕੇ ਵੱਡੀ ਉਮਰ ਦੇ ਲੋਕਾਂ
ਨੂੰ ਅਜੇ ਵੀ ਫ੍ਰਾੰਸੀਸੀ ਸਰਕਾਰ ਤੋਂ ਕੁਝ ਨਾ ਕੁਝ ਪੈਨਸ਼ਨ ਮਿਲਦੀ ਹੈ। ਭਾਰਤ ਵਿੱਚ ਕਈ
ਫਰਾਂਸੀਸੀ ਕੰਪਨੀਆਂ ਹਨ ਜਿਨ੍ਹਾਂ ਵਿੱਚ ਇਹ ਲੋਕ ਕੰਮ ਕਰਦੇ ਹਨ। ਹੋਰ ਵੀ ਬਹੁਤ ਮਸ਼ਹੂਰ
ਲੋਕ ਹਨ ਜਿਨ੍ਹਾਂ ਬਾਰੇ ਦਿਲਚਸਪ ਗੱਲਾਂ ਹਨ। ਕਦੀ ਫਿਰ ਮੇਰੀ ਇਸੇ ਤਰ੍ਹਾਂ ਤੁਸੀਂ ਉਂਗਲ
ਫੜ੍ਹ ਲੈਣਾ !
-0-
|