Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਜਦੋਂ ਸਥਾਪਤੀ ਦਾ ਤੋਤਾ ਮੇਰੇ ਸਿਰ ਤੇ ਅਚਾਣਕ ਆ ਬੈਠਾ

 

- ਅਜਮੇਰ ਸਿੰਘ ਔਲਖ

ਨੌਂ ਬਾਰਾਂ ਦਸ

 

- ਵਰਿਆਮ ਸਿੰਘ ਸੰਧੂ

ਮੇਰੀ ਫਿਲਮੀ ਆਤਮਕਥਾ

 

- ਬਲਰਾਜ ਸਾਹਨੀ

ਦੇਖ ਕਬੀਰਾ

 

- ਕਿਰਪਾਲ ਕਜ਼ਾਕ

ਲੋਕ-ਸੰਗੀਤ ਦੀ ਸੁਰੀਲੀ ਤੰਦ-ਅਮਰਜੀਤ ਗੁਰਦਾਸਪੁਰੀ

 

- ਗੁਰਭਜਨ ਗਿੱਲ

ਆਪਣੀ ਪੀੜ

 

-  ਹਰਪ੍ਰੀਤ ਸੇਖਾ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਨਾਵਲ ਅੰਸ਼ / ਅਰੂੜ ਸਿੰਘ ਹਿੰਦੁਸਤਾਨ ਵਿਚ

 

- ਹਰਜੀਤ ਅਟਵਾਲ

ਬਾਗੀ ਹੋ ਜਾਣ ਦੇ ਮਾਣਯੋਗ ਰਾਹੀਂ ਤੁਰਦਿਆਂ

 

- ਡਾ.ਸੁਰਿੰਦਰ ਮੰਡ

ਸੁਰ ਦੀ ਚੋਟ

 

- ਇਕਬਾਲ ਮਾਹਲ

ਝੂਠ ਸਭ ਝੂਠ

 

- ਚਰਨਜੀਤ ਸਿੰਘ ਪੰਨੂ

 'ਸ਼ਹਿਣਸ਼ੀਲਤਾ'

 

- ਹਰਜਿੰਦਰ ਗੁਲਪੁਰ

ਗਜ਼ਲ

 

- ਹਰਚੰਦ ਸਿੰਘ ਬਾਸੀ

ਫਰੈਡਰਿਕ ਏਂਗਲਜ ਨੂੰ ਯਾਦ ਕਰਦਿਆਂ.......

 

- ਪਰਮ ਪੜਤੇਵਾਲਾ

ਛੰਦ ਪਰਾਗੇ ਤੇ ਕਵਿਤਾ

 

- ਗੁਰਨਾਮ ਢਿੱਲੋਂ

ਗੁਰੂ ਨਾਲ਼ ਸੰਵਾਦ

 

- ਗੁਰਲਾਲ ਸਿੰਘ ਬਰਾੜ

ਕਹਾਣੀ / ਅਸਲ ਰੋਸ

 

- ਗੁਰਬਾਜ ਸਿੰਘ

 

Online Punjabi Magazine Seerat

ਦੇਖ ਕਬੀਰਾ
- ਕਿਰਪਾਲ ਕਜ਼ਾਕ

 

ਦੇਖ ਕਬੀਰਾ ਹੱਸਿਆ
ਇਕ ਪ੍ਰਸਿੱਧ ਦਾਰਸ਼ਨਿਕ ਨੇ ਬੁਧੀਮਾਨਾਂ ਦੀ ਇਕ ਭਰੀ ਸਭਾ ਵਿਚ ਰੱਬ ਦੀ ਹੋਂਦ ਤੇ ਇਕ ਬਹੁਤ ਧੂੰਆਂਧਾਰ ਲੈਕਚਰ ਦਿੱਤਾ। ਉਸਨੇ ਬੜੀਆਂ ਸੱਜਰੀਆਂ ਅਤੇ ਤਰਕ-ਯੁਕਤ ਦਲੀਲਾਂ ਦੇ ਕੇ ਇਹ ਸਿੱਧ ਕੀਤਾ ਕਿ ਸਮੁੱਚੇ ਬ੍ਰਹਿਮੰਡ ਦੇ ਵਰਤਾਰੇ ਨੂੰ ਚਲਾਉਣ ਵਾਲਾ ਕੋਈ ਪਰਮੇਸ਼ਵਰ, ਪ੍ਰਭੂ, ਖ਼ੁਦਾ, ਅੱਲ੍ਹਾ-ਤਾਲਾ, ਰੱਬ ਜਾਂ ਕੋਈ ਗ਼ੈਬ-ਸ਼ਕਤੀ ਹੈ, ਜਿਸ ਅੱਗੇ ਮਨੁੱਖ ਤੁਛ ਹੈ। ਉਸ ਦਾ ਲੈਕਚਰ ਬਹੁਤ ਪ੍ਰਭਾਵਸ਼ਾਲੀ ਅਤੇ ਵੇਗਮੱਤਾ ਸੀ। ਉਹ ਰੱਬ ਦੀ ਹੋਂਦ ਬਾਰੇ ਕਿੰਨਾ ਕੁਝ ਜਾਣਦਾ ਸੀ, ਸੋਚ ਕੇ ਹੈਰਤ ਗੁੰਮ ਹੁੰਦੀ ਸੀ। ਉਸ ਦੇ ਸ਼ਬਦਾਂ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਸੀ। ਉਸ ਵੱਲੋਂ ਪੇਸ਼ ਦਲੀਲਾਂ ਦੀ ਕਿਸੇ ਕੋਲ ਕੋਈ ਕਾਟ ਨਹੀਂ ਸੀ। ਲੋਕ ਮੰਤਰ-ਮੁਗਧ ਹੋ ਕੇ ਸੁਣ ਰਹੇ ਸਨ। ਸਭ ਦੇ ਮਨਾਂ ਤੇ ਉਸ ਦੇ ਸ਼ਬਦਾਂ ਦਾ ਵਜਦ ਤਾਰੀ ਸੀ। ਦਲੀਲਾਂ ਦੀ ਭਰਮਾਰ ਸੁਣ ਕੇ ਲੋਕ ਅਸ਼-ਅਸ਼ ਕਰ ਉੱਠੇ।
ਉਸਦੇ ਭਾਸ਼ਣ ਦਾ ਅਸਰ ਏਨਾ ਸੀ ਕਿ ਲੈਕਚਰ ਖ਼ਤਮ ਹੋਣ ਤੋਂ ਬਾਅਦ ਵੀ ਸਮੁੱਚੇ ਹਜੂਮ ਵਿਚ ਕਿੰਨੀ ਦੇਰ ਸੰਨਾਟਾ ਛਾਇਆ ਰਿਹਾ।
ਅਚਾਨਕ ਉਸ ਪ੍ਰਸਿੱਧ ਦਾਰਸ਼ਨਿਕ ਨੇ ਮਾਇਕ ਤੋਂ ਐਲਾਨ ਕੀਤਾ ਕਿ ਰੱਬ ਦੀ ਹੋਂਦ ਬਾਰੇ ਕੋਈ ਵੀ ਵਿਅਕਤੀ ਪ੍ਰਸ਼ਨ ਪੁੱਛ ਕੇ ਸ਼ੰਕਾ ਨਵਿਰਤ ਕਰ ਸਕਦਾ ਹੈ।
ਪਹਿਲਾਂ ਤਾਂ ਕਿਸੇ ਦੀ ਹਿੰਮਤ ਹੀ ਨਾ ਪਈ। ਪਰ ਬਹੁਤ ਵੱਡਾ ਹਜੂਮ ਸੀ। ਡਰਦੇ ਡਰਦੇ ਕੁਝ ਲੋਕ ਉੱਠ ਖੜ੍ਹੇ ਹੋਏ। ਪਰ ਜਿਉਂ ਹੀ ਉਸ ਵਿਦਵਾਨ ਨੇ ਇਕ ਦੋ ਸੁਆਲੀਆਂ ਦੇ ਉੱਤਰ ਦਿੱਤੇ ਅਤੇ ਉਨ੍ਹਾਂ ਨੂੰ ਹਲਕੇ ਸੁਆਲ ਕਰਨ ਦੇ ਦੋਸ਼ ਵਜੋਂ ਸ਼ਬਦਾਂ ਨਾਲ ਝੰਬਿਆ, ਬਾਕੀ ਦੇ ਪ੍ਰਸ਼ਨ-ਕਰਤਾ, ਬੇਇਜ਼ਤੀ ਦੇ ਡਰੋਂ ਬਿਨਾਂ ਪ੍ਰਸ਼ਨ ਪੁੱਛੇ ਹੀ ਬੈਠ ਗਏ। ਦਾਰਸ਼ਨਿਕ ਵਿਦਵਾਨ ਨੇ ਐਲਾਨ ਕੀਤਾ ਕਿ ਰੱਬ ਦੀ ਹੋਂਦ ਬਾਰੇ ਉਹ ਹਾਲੇ ਕਈ ਘੰਟੇ ਹੋਰ ਬੋਲ ਸਕਦਾ ਹੈ। ਪਰ ਵਕਤ ਦੀ ਸੀਮਾ ਕਰਕੇ ਉਸ ਨੂੰ ਲੈਕਚਰ ਛੇਤੀ ਖ਼ਤਮ ਕਰਨਾ ਪਿਆ। ਫ਼ਿਰ ਵੀ ਜੇ ਕੋਈ ਵਿਅਕਤੀ ਰੱਬ ਦੀ ਹੋਂਦ ਬਾਰੇ ਸ਼ੱਕ-ਸ਼ੁਭਾ ਦੂਰ ਕਰਨੇ ਚਾਹੁੰਦਾ ਹੋਵੇ ਤਾਂ ਉਹ ਬਿਨਾਂ ਝਿਜਕ ਪ੍ਰਸ਼ਨ ਪੁੱਛ ਸਕਦਾ ਹੈ।
ਉਸ ਵਿਦਵਾਨ ਨੇ ਮਾਈਕ ਤੇ ਖਲੋ ਕੇ ਇਹ ਐਲਾਨ ਇਕ ਤੋਂ ਵਧੇਰੇ ਵਾਰ ਕੀਤਾ ਪਰ ਉਹਦੇ ਸ਼ਬਦਾਂ ਦੀ ਮਾਰ ਤੋਂ ਡਰਦਿਆਂ ਕਿਸੇ ਦਾ ਹੀਆ ਨਾ ਪਿਆ।
ਜਦੋਂ ਸਭ ਨੇ ਸੰਤੁਸ਼ਟੀ ਵਜੋਂ ਉਸ ਦੀ ਜਿੱਤ ਦੇ ਜੈਕਾਰੇ ਬੁਲਾਏ ਤਾਂ ਉਸ ਨੇ ਭਰੇ ਹਜੂਮ ਨੂੰ ਹੱਥ ਹਿਲਾ ਕੇ ਇਕ ਜੇਤੂ ਅਲਵਿਦਾ ਕਹੀ ਪਰ ਜਿਉਂ ਹੀ ਉਹ ਸਟੇਜ ਤੋਂ ਉਤਰਨ ਲਈ ਮੁੜਿਆ, ਲੋਕਾਂ ਦੇ ਭਾਰੀ ਇਕੱਠ ਵਿਚੋਂ ਇਕ ਸ਼ਖ਼ਸ ਉੱਠ ਕੇ ਐਨ ਉਸ ਦੇ ਸਾਹਮਣੇ ਆ ਖੜ੍ਹਿਆ। ਉਹ ਕਾਫ਼ੀ ਦੇਰ ਤੋਂ ਸਾਰੇ ਵਰਤਾਰੇ ਨੂੰ ਧਿਆਨ ਨਾਲ ਵੇਖ ਰਿਹਾ ਸੀ ਅਤੇ ਵਿਦਵਾਨ ਦੇ ਇਕ-ਇਕ ਸ਼ਬਦ ਨੂੰ ਸੁਣ ਕੇ ਹੈਰਾਨ ਹੋ ਰਿਹਾ ਸੀ।
ਉਸ ਨੇ ਕਿਹਾ, ਉਹ ਵੀ ਇਕ ਸ਼ੰਕਾ ਜ਼ਾਹਰ ਕਰਨਾ ਚਾਹੁੰਦਾ ਹੈ। ਤਦ ਉਸ ਨੇ ਦਾਰਸ਼ਨਿਕ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਉਹ ਲੈਕਚਰ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਹੈ। ਅਸਲ ਵਿਚ ਉਸ ਨੇ ਕਦੇ ਅਜਿਹਾ ਧੂੰਆਂਧਾਰ ਅਤੇ ਦਲੀਲ-ਯੁਕਤ ਲੈਕਚਰ ਸੁਣਿਆ ਹੀ ਨਹੀਂ। ਉਸ ਦੀ ਇੱਛਾ ਸੀ ਕਿ ਕਾਸ਼ ਉਹ ਵੀ ਆਪਣੀ ਸਭਾ ਵਿਚ ਬੁਲਾ ਕੇ ਉਸਦਾ ਲੈਕਚਰ ਕਰਵਾਉਂਦਾ, ਪਰ ਅਫ਼ਸੋਸ! ਉਸ ਦੀ ਇਹ ਇੱਛਾ ਪੂਰੀ ਨਹੀਂ ਹੋ ਸਕਦੀ, ਕਿਉਂਕਿ ਉਹ ਅਤੇ ਉਸ ਦੀ ਸਭਾ ਅਜਿਹੇ ਸਿਧਾਂਤਾਂ ਦੀ ਧਾਰਨੀ ਹੈ ਜਿਥੇ ਰੱਬ ਦੀ ਹੋਂਦ ਨੂੰ ਮੰਨਿਆ ਹੀ ਨਹੀਂ ਜਾਂਦਾ। ਜਿਥੇ ਰੱਬ ਨਹੀਂ ਮਨੁੱਖ ਵੱਡਾ ਹੈ। ਇਹ ਆਸਤਕ ਲੋਕਾਂ ਦੀ ਸਭਾ ਹੈ ਪਰ ਸਾਡੀ ਸਭਾ ਤਾਂ ਨਾਸਤਕ ਲੋਕਾਂ ਦੀ ਸਭਾ ਹੈ।
ਦਾਰਸ਼ਨਿਕ ਨੇ ਇਕ ਪਲ ਉਸ ਨਾਸਤਕ ਵੱਲ ਵੇਖਿਆ ਅਤੇ ਉੱਚੀ-ਉੱਚੀ ਹੱਸਣ ਲੱਗਾ। ਦਾਰਸ਼ਨਿਕ ਮਾਈਕ ਅੱਗੇ ਖੜ੍ਹਾ ਸੀ ਉਸ ਨੂੰ ਪਤਾ ਹੀ ਨਾ ਲੱਗਾ ਕਿ ਉਸ ਦਾ ਹਾਸਾ ਸਾਰੇ ਪੰਡਾਲ ਵਿਚ ਗੂੰਜ ਰਿਹਾ ਸੀ। ਸਭ ਲੋਕ ਸਾਹ ਰੋਕ ਕੇ ਸੁਣਨ ਲੱਗੇ।
ਮੂਰਖ! ਦਾਰਸ਼ਨਿਕ ਚੀਕਿਆ, ਕੀ ਤੈਨੂੰ ਇਕ ਵਿਦਵਾਨ ਦੀ ਪਰਿਭਾਸ਼ਾ ਬਾਰੇ ਪਤਾ ਨਹੀਂ ? ਵਿਦਵਤਾ ਕਦੇ ਆਸਤਿਕ ਨਾਸਤਿਕ ਨਹੀਂ ਹੁੰਦੀ, ਤਰਕ ਹੀ ਆਸਤਿਕ ਹੈ ਅਤੇ ਤਰਕ ਹੀ ਨਾਸਤਿਕ...।
ਇਥੇ ਅੱਜ ਮੈਂ 500 ਡਾਲਰ ਲੈ ਕੇ ਸੌ ਦਲੀਲ ਦਿੱਤੀ ਹੈ ਕਿ ਰੱਬ ਹੈ। ਕਿਉਂਕਿ ਇਹ ਆਸਤਕ ਲੋਕਾਂ ਦੀ ਸਭਾ ਹੈ। ਤੁਸੀਂ ਨਾਸਤਿਕ ਲੋਕ ਬੁਲਾਓ.... 500 ਡਾਲਰ ਦਿਉ... ਮੈਂ ਸੌ ਦਲੀਲ ਦੇ ਕੇ ਸਿੱਧ ਕਰਾਂਗਾ ਕਿ ਰੱਬ ਨਹੀਂ ਹੈ।.....
-
ਦੇਖ ਕਬੀਰਾ ਰੋਇਆ
ਇਕ ਵਿਦਵਾਨ ਨੂੰ ਗਿਰਜੇ ਵਿਚ ਲੈਕਚਰ ਦੇਣ ਦਾ ਵਿਸ਼ੇਸ਼ ਸੱਦਾ ਆਇਆ। ਸੱਦੇ ਵਿਚ ਹਿਦਾਇਤ ਕੀਤੀ ਗਈ ਕਿ ਇਕ ਖਾਸ ਕਿਸਮ ਦਾ ਲੈਕਚਰ ਤਿਆਰ ਕੀਤਾ ਜਾਵੇ, ਜਿਸ ਦਾ ਮੂਲ ਵਿਸ਼ਾ ਇਹ ਹੋਵੇ ਕਿ ਕਿਹੋ ਜਿਹੇ ਲੋਕਾਂ ਅੱਗੇ ਕਿਹੋ ਜਿਹੀ ਭਾਸ਼ਾ ਵਿਚ ਬੋਲਿਆ ਜਾਵੇ ਕਿ ਸੁਣਨ ਵਾਲੇ ਦੇ ਗੱਲ ਪੱਲੇ ਪੈ ਜਾਵੇ। ਸੁਣਨ ਵਾਲੇ ਲੋਕ ਕਿਉਂਕਿ ਖ਼ੁਦ ਜਗ੍ਹਾ-ਜਗ੍ਹਾ ਜਾ ਕੇ ਲੈਕਚਰ ਕਰਨ ਵਾਲੇ ਸਨ, ਇਸ ਲਈ ਇਹ ਲੈਕਚਰ, ਲੈਕਚਰਾਰਾਂ ਦੀ ਸਿੱਖਿਆ ਲਈ ਹੋਣਾ ਚਾਹੀਦਾ ਹੈ। ਲੈਕਚਰ ਤਿਆਰ ਕਰਨ ਲਈ ਵਿਦਵਾਨ ਨੂੰ ਕੁਝ ਮਹੀਨਿਆਂ ਦਾ ਸਮਾਂ ਦਿੱਤਾ ਗਿਆ, ਤਾਂ ਜੋ ਕੋਈ ਕੱਚ ਨਾ ਰਹੇ। ਕਿਉਂਕਿ ਇਹ ਇਕ ਵੱਖਰੀ ਤਰ੍ਹਾਂ ਦਾ ਕੰਮ ਸੀ ਇਸ ਲਈ ਵਿਦਵਾਨ ਨੇ ਕਿਤਾਬਾਂ ਪੜ੍ਹਦਿਆਂ ਦਿਨ-ਰਾਤ ਇਕ ਕਰ ਦਿੱਤਾ। ਮਿਥੇ ਸਮੇਂ ਵਿਦਵਾਨ ਦੱਸੀ ਹੋਈ ਥਾਂ ਤੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਪੁੱਜਾ। ਉਸ ਦਾ ਅੰਦਾਜ਼ਾ ਸੀ ਕਿ ਸੁਣਨ ਵਾਲੇ ਕਈ ਹਜ਼ਾਰ ਹੋਣਗੇ। ਪਰ ਉਹ ਗਿਰਜੇ ਵਿਚ ਕੇਵਲ ਇਕ ਸਧਾਰਨ ਜਿਹੇ ਵਿਅਕਤੀ ਨੂੰ ਵੇਖ ਕੇ ਹੈਰਾਨ ਰਹਿ ਗਿਆ।
ਅਸਲ ਵਿਚ ਸੱਦਾ ਦੇਣ ਵਾਲੇ ਲੋਕਾਂ ਵੱਲੋਂ ਕਿਸੇ ਕਾਰਨ ਲੈਕਚਰ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਦੀ ਇਤਲਾਹ ਵਿਦਵਾਨ ਨੂੰ ਮਿਲ ਨਹੀਂ ਸੀ ਸਕੀ। ਇਸ ਲਈ ਵਿਦਵਾਨ ਨੂੰ ਪਤਾ ਨਹੀਂ ਸੀ ਕਿ ਪ੍ਰੋਗਰਾਮ ਮੁਲਤਵੀ ਹੋ ਚੁੱਕਾ ਸੀ।
ਉਹਨੇ ਉਸ ਸਧਾਰਨ ਵਿਅਕਤੀ ਨੂੰ ਬਾਕੀ ਲੋਕਾਂ ਬਾਰੇ ਪੁੱਛਿਆ ਕਿ ਉਹ ਕਿਉਂ ਨਹੀਂ ਆਏ ? ਜਦ ਕਿ ਉਹ ਪੂਰੀ ਤਿਆਰੀ ਨਾਲ ਆਇਆ ਸੀ। ਤਦ ਉਸ ਸਧਾਰਨ ਵਿਅਕਤੀ ਨੇ ਕੁਝ ਵੀ ਨਾ ਜਾਣਨ ਦੀ ਅਸਮਰਥਤਾ ਪ੍ਰਗਟ ਕੀਤੀ ਤਾਂ ਵਿਦਵਾਨ ਬਹੁਤ ਨਿਰਾਸ਼ ਹੋਇਆ। ਸਾਰੀ ਤਿਆਰੀ ਵਿਅਰਥ ਗਈ।
ਉਹ ਸਧਾਰਨ ਵਿਅਕਤੀ ਪ੍ਰੇਅਰ ਕਰਕੇ ਵਿਹਲਾ ਹੋਇਆ ਤਾਂ ਉਹਨੇ ਇਕ ਬੈਂਚ ਤੇ ਵਿਦਵਾਨ ਨੂੰ ਨਿੰਮੋਝੂਣਾ ਹੋਏ ਬੈਠੇ ਦੇਖਿਆ। ਉਹ ਵਿਦਵਾਨ ਦੇ ਕੋਲ ਆਇਆ ਅਤੇ ਪੁੱਛਿਆ ਕਿ ਉਹ ਉਸ ਦੀ ਕੀ ਮਦਦ ਕਰ ਸਕਦਾ ਹੈ। ਤਦ ਉਸ ਵਿਦਵਾਨ ਨੇ ਸਾਰੀ ਗੱਲ ਦੱਸੀ ਅਤੇ ਗਿਲਾ ਕੀਤਾ ਕਿ ਉਸ ਨਾਲ ਕਿੰਨਾ ਧੱਕਾ ਹੋਇਆ ਹੈ।
ਤਦ ਉਸ ਵਿਅਕਤੀ ਨੇ ਕਿਹਾ ਕਿ ਉਹ ਇਕ ਸਧਾਰਨ ਘੋੜਿਆਂ ਦੀ ਸਾਂਭ-ਸੰਭਾਲ ਕਰਨ ਵਾਲਾ ਸਾਈਸ ਹੈ। ਉਸ ਨੂੰ ਬਹੁਤੀਆਂ ਗੱਲਾਂ ਬਾਰੇ ਪਤਾ ਨਹੀਂ। ਇਸ ਲਈ ਉਹ ਹਰ ਸਥਿਤੀ ਨੂੰ ਘੋੜਿਆਂ ਦੀ ਦ੍ਰਿਸ਼ਟੀ ਤੋਂ ਸਮਝਣ ਦੀ ਕੋਸ਼ਿਸ਼ ਕਰ ਸਕਦਾ ਹੈ। ਹੋ ਸਕਦੈ ਕੋਈ ਹੱਲ ਨਿਕਲ ਆਵੇ। ਵਿਦਵਾਨ ਨੂੰ ਕੁਝ ਤਸੱਲੀ ਹੋਈ। ਉਸ ਨੇ ਕਿਹਾ, ਠੀਕ ਹੈ। ਸਮਝ ਕੇ ਦਿਖਾਉ।
ਦੇਖੋ! ਤੁਸੀਂ ਬਹੁਤ ਸਾਰੇ ਲੋਕਾਂ ਨੂੰ ਭਾਸ਼ਣ ਦੇਣ ਲਈ ਆਏ ਹੋ... ਪਰ ਏਥੇ ਮੈਂ ਇਕੱਲਾ ਹਾਂ, ਜੋ ਸੁਣਨ ਵਾਲਾ ਸਰੋਤਾ ਹੋ ਸਕਦਾ ਹਾਂ।
ਹਾਂ ਬਿਲਕੁਲ ਠੀਕ...
ਦੇਖੋ! ਸਥਿਤੀ ਇਹ ਹੈ ਕਿ ਮੰਨ ਲਵੋ ਮੈਂ ਇਕ ਅਸਤਬਲ ਵਿਚ ਵੀਹ ਘੋੜਿਆਂ ਦਾ ਚਾਰਾ ਲੈ ਕੇ ਜਾਂਦਾ ਹਾਂ..... ਪਰ ਉਥੇ ਜਾਣ ਤੇ ਪਤਾ ਲਗਦਾ ਹੈ ਕਿ ਅਸਤਬਲ ਵਿਚ ਤਾਂ ਕੇਵਲ ਇਕੋ ਘੋੜਾ ਹੈ, ਬਾਕੀ ਪਤਾ ਨਹੀਂ ਕਿਥੇ ਗਏ ਹਨ ? ਤਾਂ ਕੀ ਮੈਂ ਉਸ ਇਕੱਲੇ ਘੋੜੇ ਨੂੰ ਚਾਰਾ ਨਹੀਂ ਪਾਵਾਂਗਾ ? ਜੋ ਉਥੇ ਨਹੀਂ ਹਨ, ਉਨ੍ਹਾਂ ਦੀ ਸਜ਼ਾ, ਜੋ ਉਥੇ ਹੈ, ਉਸ ਨੂੰ ਭੁੱਖਾ ਰੱਖ ਕੇ ਦਿਆਂਗਾ ?
ਨਹੀਂ...। ਵਿਦਵਾਨ ਨੇ ਕਿਹਾ।
ਤਾਂ ਮੈਂ ਜੋ ਇਸ ਵੇਲੇ ਸਰੋਤੇ ਦੇ ਰੂਪ ਵਿਚ ਤੁਹਾਡੇ ਸਾਹਮਣੇ ਹਾਂ, ਉਸ ਨੂੰ ਆਪਣੇ ਭਾਸ਼ਣ ਤੋਂ ਵਾਂਝਾ ਰੱਖੋਗੇ?
ਵਿਦਵਾਨ ਨੇ ਕਿਹਾ, ਠੀਕ ! ਮੈਨੂੰ ਤੇਰੀ ਗੱਲ ਸਮਝ ਆ ਗਈ, ਜੋ ਨਹੀਂ ਹਨ, ਉਨ੍ਹਾਂ ਦੀ ਸਜ਼ਾ ਤੈਨੂੰ ਕਿਉਂ ?
ਤਾਂ ਸ਼ੁਰੂ ਕਰੋ... ਮੈਂ ਸੁਣਦਾ ਹਾਂ।
ਵਿਦਵਾਨ ਨੇ ਭਾਸ਼ਣ ਸ਼ੁਰੂ ਕੀਤਾ। ਪਹਿਲਾਂ ਥੋੜ੍ਹੇ ਜਿਹੇ ਘੱਟ ਉਤਸ਼ਾਹ ਨਾਲ... ਅਤੇ ਫਿਰ ਹੌਲੀ ਹੌਲੀ ਪੂਰੇ ਜਲੌਅ ਨਾਲ...। ਸ਼ੁਰੂ ਵਿਚ ਜਿਹੜੇ ਸ਼ਬਦ ਥਿੜਕਦੇ ਸੀ ਸਥਿਰ ਹੋ ਗਏ। ਸ਼ੁਰੂ ਵਿਚ ਜਿਹੜੀ ਆਵਾਜ਼ ਧੀਮੀ ਸੀ, ਸਹਿਜੇ-ਸਹਿਜੇ ਗਿਰਜੇ ਦੇ ਹਾਲ ਵਿਚ ਗੂੰਜਣ ਲੱਗੀ। ਸ਼ੁਰੂ ਵਿਚ ਜਿਹੜੀਆਂ ਕੁਰਸੀਆਂ ਬੈਂਚ ਖਾਲੀ ਦਿਸਦੇ ਸਨ ਭਰੇ-ਭਰੇ ਦਿੱਸਣ ਲੱਗੇ... ਅਚਾਨਕ ਇਹ ਹਾਲਤ ਹੋ ਗਈ ਕਿ ਹਰ ਫ਼ਿਕਰੇ ਤੇ ਵਿਦਵਾਨ ਦੇ ਕੰਨਾਂ ਵਿਚ ਤਾੜੀਆਂ ਦੀ ਗੁੰਜਾਰ ਗੂੰਜਣ ਲੱਗੀ, ਉਹ ਭੁੱਲ ਹੀ ਗਿਆ ਕਿ ਹਾਲ ਵਿਚ ਕੇਵਲ ਇਕੋ ਆਦਮੀ ਬੈਠਾ ਸੀ। ਉਹਦੀ ਆਵਾਜ਼ ਹੋਰ ਉੱਚੀ, ਹੋਰ ਉੱਚੀ ਹੁੰਦੀ ਚਲੀ ਗਈ। ਉਹਨੂੰ ਲੱਗਾ ਉਹਦੇ ਸਾਹਮਣੇ ਬਹੁਤ ਸਾਰੇ ਬੁੱਧੀਜੀਵੀ ਬੈਠੇ ਹਨ। ਉਹ ਲਗਾਤਾਰ ਬੋਲਦਾ ਚਲਾ ਗਿਆ। ਉਹਦੇ ਮੂੰਹ ਵਿਚੋਂ ਝੱਗ ਡਿੱਗਣ ਲੱਗੀ। ਉਹਦੀਆਂ ਬਾਹਾਂ ਦੀਆਂ ਕੱਛਾਂ ਹੇਠੋਂ ਪਸੀਨਾ ਵਗਣ ਲੱਗਾ ਅਤੇ ਮੱਥਾ ਧਨੁਸ਼ ਵਾਂਗ ਤਣ ਗਿਆ। ਸ਼ਬਦ ਬੰਬਾਂ ਵਾਂਗ ਡਿੱਗਣ ਲੱਗੇ। ਵੱਡੇ-ਵੱਡੇ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਮਿਜ਼ਾਈਲਾਂ ਵਾਂਗ ਚੱਲਣ ਲੱਗੀਆਂ।
ਅਚਾਨਕ ਵਿਦਵਾਨ ਦੇ ਗਲੇ ਵਿਚ ਪਾਣੀ ਦੀ ਤਲਬ ਹੋਈ, ਉਹ ਰੁਕਿਆ... ਅਤੇ ਉਹਨੂੰ ਯਾਦ ਆਇਆ ਕਿ ਹਾਲ ਵਿਚ ਤਾਂ ਸਿਰਫ਼ ਇਕੋ ਆਦਮੀ ਹੈ।
ਵਿਦਵਾਨ ਕਾਹਲੀ ਨਾਲ ਸਟੇਜ ਤੋਂ ਥੱਲੇ ਉੱਤਰਿਆ ਅਤੇ ਧਾਹ ਕੇ ਉਸ ਸਾਈਸ ਵੱਲ ਵਧਿਆ।
ਕੈਸਾ ਲੱਗਾ ਮੇਰਾ ਭਾਸ਼ਣ.... ? ਹਫ਼ਦਾ ਹੋਇਆ ਵਿਦਵਾਨ ਬੋਲਿਆ।
ਇਸ ਤੋਂ ਪਹਿਲਾਂ ਕਿ ਉਹ ਸਾਧਾਰਨ ਸਾਈਸ ਕੋਈ ਉੱਤਰ ਦਿੰਦਾ... ਉਹ ਸਾਈਸ ਉੱਚੀ-ਉੱਚੀ ਰੋਣ ਲੱਗਾ।
ਵਿਦਵਾਨ ਹੈਰਾਨ!
ਉਹਨੇ ਸਾਈਸ ਨੂੰ ਝੰਜੋੜ ਕੇ ਪੁੱਛਿਆ... ਮੂਰਖ! ਤੂੰ ਬਾਅਦ ਵਿਚ ਰੋ ਲਈਂ ਪਹਿਲਾਂ ਮੇਰੇ ਭਾਸ਼ਣ ਬਾਰੇ ਦੱਸ।
ਸਾਈਸ ਅਚਾਨਕ ਚੁੱਪ ਹੋਇਆ ਅਤੇ ਚੀਕਿਆ!
ਸੌ ਘੋੜੇ ਦਾ ਚਾਰਾ ਇਕ ਨੂੰ ਖੁਆ ਦਿਓਗੇ ਤਾਂ ਉਹ ਕੁਝ ਬੋਲਣ ਜੋਗਾ ਰਹੇਗਾ ?

ਦੁੰਮ ਛੱਲਾ:
ਇਕ ਵਿਅਕਤੀ ਨੇ ਦੋਸਤ ਨੂੰ ਪੁੱਛਿਆ, ਕੀ ਗੱਲ ਤੂੰ ਅੱਜ ਕੱਲ੍ਹ ਆਪਣੀ ਪਤਨੀਂ ਦੀ ਤਾਰੀਫ਼ ਕਰਨੀ ਛੱਡ ਦਿੱਤੀ ?
ਨਹੀਂ ਤਾਰੀਫ਼ ਨਹੀਂ, ਕੇਵਲ ਝੂਠ ਬੋਲਣਾ ਛੱਡਿਆ ਹੈ।

000

ਇਕ ਔਰਤ ਆਪਣੀ ਸਹੇਲੀ ਨਾਲ ਥਾਣੇ ਆਪਣੇ ਗੁੰਮ ਹੋਏ ਪਤੀ ਬਾਰੇ ਰਿਪੋਰਟ ਲਿਖਵਾਉਣ ਗਈ।
ਬਾਹਰ ਆਈ ਤਾਂ ਉਹਦੀ ਸਹੇਲੀ ਨੇ ਕਿਹਾ, ਨੀਂ ਇਹ ਕੀ ਕੀਤਾ ? ਤੂੰ ਪਤੀ ਦਾ ਏਨਾ ਸੁੰਦਰ ਹੁਲੀਆ ਲਿਖਵਾਇਆ, ਜਦ ਕਿ ਉਹ ਤਾਂ ਬਿਲਕੁਲ ਟੁੱਚੂ ਜਿਹਾ ਸੀ।
ਤਾਂ ਕੀ ਐ ? ਜੇ ਹੁਣ ਗੁਆਚ ਈ ਗਿਐ ਤਾਂ ਲੱਭ ਤਾਂ ਚੰਗਾ ਲਵਾਂ।....

000

ਮੈਂ ਤੇ ਮੇਰੀ ਪਤਨੀ ਆਪਣੇ ਦੋਸਤ ਸੁਰਿੰਦਰ ਸ਼ਰਮਾ ਦੇ ਘਰ ਗਏ। ਸੁਰਿੰਦਰ ਬੜੇ ਹੱਸਦੇ ਚਿਹਰੇ ਨਾਲ ਮਿਲਿਆ।
ਭੈਣ ਜੀ ਘਰ ਈ ਨੇਂ ਕਿ ਨਹੀਂ ? ਮੇਰੀ ਪਤਨੀ ਨੇ ਪੁੱਛਿਆ।
ਕਮਾਲ ਐ! ਮੇਰੇ ਚਿਹਰੇ ਤੋਂ ਨਹੀਂ ਪਤਾ ਲੱਗਾ ?

000

ਬੀਵੀ ਬਹੁਤ ਖ਼ੂਬਸੂਰਤ ਅਤੇ ਖਾਵੰਦ ਬਦਸੂਰਤ ਜਿਹਾ ਸੀ। ਕਿਸੇ ਤੀਵੀਂ ਨੇ ਪੁੱਛਿਆ, ਭੈਣੇ! ਕਿਤੇ ਬਾਹਰ ਅੰਦਰ ਜਾਣ ਵੇਲੇ ਕੋਈ ਦਿੱਕਤ ਤਾਂ ਨੀਂ ਆਉਂਦੀ ?
ਬਿਲਕੁਲ ਨਹੀਂ....
ਕਿਵੇਂ ਅਡਜਸਟ ਕਰਦੀ ਐਂ ?
ਕਰਨਾ ਕੀ ਐ ਜਿਥੇ ਖੁਸ਼ੀ ਦਾ ਕੰਮ ਹੋਵੇ ਉਥੇ ਆਪ ਚਲੇ ਜਾਈਦੈ, ਜਿਥੇ ਮਰਨਾ ਪਰਨਾ ਹੋਵੇ, ਇਹਨਾਂ ਨੂੰ ਘੱਲ ਦੇਈਦੈ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346