Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਜਦੋਂ ਸਥਾਪਤੀ ਦਾ ਤੋਤਾ ਮੇਰੇ ਸਿਰ ਤੇ ਅਚਾਣਕ ਆ ਬੈਠਾ

 

- ਅਜਮੇਰ ਸਿੰਘ ਔਲਖ

ਨੌਂ ਬਾਰਾਂ ਦਸ

 

- ਵਰਿਆਮ ਸਿੰਘ ਸੰਧੂ

ਮੇਰੀ ਫਿਲਮੀ ਆਤਮਕਥਾ

 

- ਬਲਰਾਜ ਸਾਹਨੀ

ਦੇਖ ਕਬੀਰਾ

 

- ਕਿਰਪਾਲ ਕਜ਼ਾਕ

ਲੋਕ-ਸੰਗੀਤ ਦੀ ਸੁਰੀਲੀ ਤੰਦ-ਅਮਰਜੀਤ ਗੁਰਦਾਸਪੁਰੀ

 

- ਗੁਰਭਜਨ ਗਿੱਲ

ਆਪਣੀ ਪੀੜ

 

-  ਹਰਪ੍ਰੀਤ ਸੇਖਾ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਨਾਵਲ ਅੰਸ਼ / ਅਰੂੜ ਸਿੰਘ ਹਿੰਦੁਸਤਾਨ ਵਿਚ

 

- ਹਰਜੀਤ ਅਟਵਾਲ

ਬਾਗੀ ਹੋ ਜਾਣ ਦੇ ਮਾਣਯੋਗ ਰਾਹੀਂ ਤੁਰਦਿਆਂ

 

- ਡਾ.ਸੁਰਿੰਦਰ ਮੰਡ

ਸੁਰ ਦੀ ਚੋਟ

 

- ਇਕਬਾਲ ਮਾਹਲ

ਝੂਠ ਸਭ ਝੂਠ

 

- ਚਰਨਜੀਤ ਸਿੰਘ ਪੰਨੂ

 'ਸ਼ਹਿਣਸ਼ੀਲਤਾ'

 

- ਹਰਜਿੰਦਰ ਗੁਲਪੁਰ

ਗਜ਼ਲ

 

- ਹਰਚੰਦ ਸਿੰਘ ਬਾਸੀ

ਫਰੈਡਰਿਕ ਏਂਗਲਜ ਨੂੰ ਯਾਦ ਕਰਦਿਆਂ.......

 

- ਪਰਮ ਪੜਤੇਵਾਲਾ

ਛੰਦ ਪਰਾਗੇ ਤੇ ਕਵਿਤਾ

 

- ਗੁਰਨਾਮ ਢਿੱਲੋਂ

ਗੁਰੂ ਨਾਲ਼ ਸੰਵਾਦ

 

- ਗੁਰਲਾਲ ਸਿੰਘ ਬਰਾੜ

ਕਹਾਣੀ / ਅਸਲ ਰੋਸ

 

- ਗੁਰਬਾਜ ਸਿੰਘ

 

Online Punjabi Magazine Seerat

ਫਰੈਡਰਿਕ ਏਂਗਲਜ ਨੂੰ ਯਾਦ ਕਰਦਿਆਂ.......
- ਪਰਮ ਪੜਤੇਵਾਲਾ (7508053857)

 

......ਆਓ ਜਦੋਂ ਤੱਕ ਆਪਾਂ ਜਵਾਨ ਅਤੇ ਮਘਦੇ ਜੋਸ਼ ਨਾਲ ਭਰਪੂਰ ਹਾਂ, ਆਜ਼ਾਦੀ ਲਈ ਸੰਗਰਾਮ ਕਰੀਏ।
ਫਰੈਡਰਿਕ ਏਂਗਲਜ

ਫਰੈਡਰਿਕ ਏਂਗਲਜ 28 ਨਵੰਬਰ 1820 ਨੂੰ ਪ੍ਰਸ਼ੀਆ ਦੇ ਰ੍ਹੀਨੇ ਪ੍ਰਾਂਤ ਦੇ ਇੱਕ ਨਗਰ ਬਾਰਮੇਨ ਚ ਜਨਮਿਆ। ਪਰਿਵਾਰ ਦਾ ਪਿਛੋਕੜ ਸੂਤ-ਕੱਤਾਂ ਦੇ ਇੱਕ ਅਮੀਰ ਖਾਨਦਾਨ ਨਾਲ ਸੀ। ਏਂਗਲਜ ਦੀ ਮਾਂ ਅਲਿਜ਼ਬੈਥ ਤੇ ਉਸਦਾ ਨਾਨਾ ਗੇਰਹਾਰਡ ਬੇਰਨਹਾਰਡ ਸੀ। ਫਰੈਡਰਿਕ ਦੇ ਅੱਠ ਭੈਣ-ਭਰਾ ਸਨ, ਜਿੰਨ੍ਹਾ ਚੋਂ ਉਹ ਆਪਣੀ ਭੈਣ ਮਾਰੀ ਦੇ ਬਹੁਤ ਨੇੜੇ ਸੀ। ਸਾਰਿਆਂ ਚੋਂ ਇਕੱਲੇ ਫਰੈਡਰਿਕ ਨੇ ਹੀ ਵੱਖਰਾ ਰਾਹ ਚੁਣਿਆ। ਏਲੀਆਨੋਰ, ਮਾਰਕਸ ਦੀ ਧੀ ਲਿਖਦੀ ਹੈ, ਇਸ ਪਰਿਵਾਰ ਚ ਸ਼ਾਇਦ ਕਦੇ ਕੋਈ ਅਜਿਹਾ ਨਹੀਂ ਸੀ ਜਨਮਿਆ, ਜਿਸ ਨੇ ਬਿਲਕੁਲ ਹੀ ਵੱਖਰਾ ਰਾਹ ਚੁਣਿਆ। ਫਰੈਡਰਿਕ ਨੂੰ ਅਵੱਸ਼ ਹੀ ਉਸ ਦੇ ਪਰਿਵਾਰ ਨੇ ਗੰਦੀ ਬੱਤਖ ਸਮਝਿਆ ਹੋਵੇਗਾ। ਸ਼ਾਇਦ ਉਹ ਹਾਲੇ ਤੱਕ ਵੀ ਨਹੀਂ ਸਮਝੇ ਹੋਣੇ ਕਿ ਉਹ ਬੱਤਖ ਅਸਲ ਚ ਇੱਕ ਰਾਜ ਹੰਸ ਸੀ।
ਏਂਗਲਜ ਭੂਰੇ ਵਾਲਾਂ ਵਾਲਾ, ਲੰਬੇ ਕੱਦ, ਸੁਡੌਲ ਸ਼ਰੀਰ, ਸੰਗਰਾਮੀਏ ਰੂਪ ਤੇ ਠਰ੍ਹਮੇ ਵਾਲੇ ਅੰਗ੍ਰੇਜੀ ਸਲੀਕਿਆਂ ਦਾ ਮਾਲਕ ਸੀ। ਏਂਗਲਜ ਦੇ ਆਲੇ ਦੁਆਲੇ ਦੇ ਮਾਹੌਲ ਨੇ ਉਸ ਨੂੰ ਚਿੰਤਨ ਦੇ ਅਵਸਰ ਦਿੱਤੇ। ਉਸ ਨੇ ਘਰ ਸਕੂਲ, ਜਿਮਨਾਜਿਅਮ ਅਤੇ ਸਮਾਜ ਚ ਵਿਚਰਦਿਆਂ ਜਿੱਧਰ ਵੀ ਤੱਕਿਆ ਡੂੰਘੀ ਧਾਰਮਿਕ ਕੱਟੜਤਾ ਦੇਖੀ, ਜਿਸ ਨੇ ਉਸ ਦੀ ਸੂਝ ਨੂੰ ਹੋਰ ਵਿਕਸਿਤ ਕੀਤਾ। ਉਸ ਨੇ 14 ਸਾਲ ਦੀ ਉਮਰ ਤੱਕ ਬਾਰਮੇਨ ਚ ਪੜਾਈ ਕੀਤੀ। ਸਕੂਲ ਦਾ ਸਖ਼ਤ ਮਾਹੌਲ, ਧਾਰਮਿਕ ਕੱਟੜਤਾ ਨੇ ਉਸ ਨੂੰ ਹਮੇਸ਼ਾ ਹੀ ਨਵਾਂ ਸਿੱਖਣ ਦਾ ਕਾਬਿਲ ਬਣਾਇਆ। ਏਂਗਲਜ ਨੇ ਭੌਤਿਕ ਵਿਗਿਆਨ ਤੇ ਰਸਾਇਣਿਕ ਵਿਗਿਆਨ ਦੀ ਨਿਘਰ ਜਾਣਕਾਰੀ ਪ੍ਰਾਪਤ ਕੀਤੀ ਤੇ ਨਾਲ ਹੀ ਨਾਲ ਆਪਣੇ ਚ ਵਿਲੱਖਣ ਭਾਸ਼ਾਈ ਗੁਣਾਂ ਨੂੰ ਵੀ ਵਿਕਸਿਤ ਕੀਤਾ। ਅਕਤੂਬਰ 1834 ਚ ਉਸ ਨੂੰ ਏਲਬਰਫੈਲਡ ਦੇ ਜਿਮਨਾਜ਼ੀਅਮ ਚ ਭੇਜ ਦਿੱਤਾ, ਜੋ ਉਸ ਸਮੇਂ ਸਾਰੇ ਪਰਸ਼ੀਆ ਚ ਵਿੱਦਿਆ ਦਾ ਸਰਵਉੱਤਮ ਕੇਂਦਰ ਸਮਝਿਆ ਜਾਂਦਾ ਸੀ। ਆਪਣੇ ਜਮਾਤੀਆਂ ਚੋਂ ਏਂਗਲਜ ਵਿਲੱਖਣ ਗੁਣਾਂ ਦਾ ਮਾਲਕ ਸੀ। ਉਸ ਨੇ ਇਤਿਹਾਸ, ਪੁਰਾਤਨ ਭਾਸ਼ਾਵਾਂ, ਜਰਮਨੀ ਦੇ ਕਲਾਸਕੀ ਸਾਹਿਤ ਨੂੰ ਪੂਰਨ ਦਿਲਚਸਪੀ ਨਾਲ ਸਿੱਖਣ ਦਾ ਕੰਮ ਕੀਤਾ। ਉਮਰ ਦੇ ਵਧਣ ਨਾਲ ਏਂਗਲਜ ਦੇ ਵਿਚਾਰਾਂ ਨੇ ਵੀ ਪੁਲਾਂਘਾਂ ਪੁੱਟੀਆਂ। ਏਂਗਲਜ ਕੌਮੀ ਆਜ਼ਾਦੀ ਲਈ ਜੂਝਦੇ ਲੋਕਾਂ ਨਾਲ ਹਮਦਰਦੀ ਰੱਖਦਾ ਸੀ। ਇਸ ਬਾਰੇ ਲੈਨਿਨ ਹਵਾਲਾ ਦਿੰਦਾ ਹੈ, ਉਹ ਤਾਨਾਸ਼ਾਹੀ ਤੇ ਤਾਨਾਸ਼ਾਹਾਂ ਦੇ ਜ਼ੁਲਮ ਨੂੰ ਹਾਈ ਸਕੂਲ ਤੋਂ ਹੀ ਨਫਰਤ ਕਰਨ ਲੱਗ ਪਿਆ ਸੀ।
ਜਿਮਨੇਜ਼ੀਅਮ ਚ ਪੜਾਈ ਅਧੂਰੀ ਛੱਡ ਕੇ ਆਪਣੇ ਪਿਤਾ ਦੇ ਦਬਾਅ ਹੇਠ ਏਂਗਲਜ ਨੇ ਜਿੰਦਗੀ ਦੇ ਪਹਿਲੇ ਕਦਮ ਵਪਾਰ ਵੱਲ ਨੂੰ ਕਦਮ ਪੁੱਟੇ। ਉਦੋਂ ਏਂਗਲਜ ਆਰਥਿਕਤਾ ਅਤੇ ਕਾਨੂੰਨ ਦਾ ਅਧਿਐਨ ਕਰਨ ਦੀ ਵਿਉਂਤ ਬਣਾ ਹੀ ਰਿਹਾ ਸੀ ਪਰ ਉਸ ਦੇ ਪਿਤਾ ਨੇ ਪਰਿਵਾਰ ਚ ਵੱਡੇ ਹੋਣ ਨਾਤੇ ਏਂਗਲਜ ਨੂੰ ਪਰਿਵਾਰ ਦੇ ਵਪਾਰ ਚ ਪੇਸ਼ ਹੋਣ ਲਈ ਜੋਰ ਪਾਇਆ। 1837 ਚ ਉਸ ਨੂੰ ਜਿਮਨੇਜ਼ੀਅਮ ਤੋਂ ਬੁਲਾ ਲਿਆ ਤੇ ਆਪਣੇ ਹੀ ਦਫਤਰ ਚ ਸਿਖਲਾਈ ਅਧੀਨ ਰੱਖ ਲਿਆ। ਇੱਥੇ ਵਪਾਰਕ ਦਾਅ-ਪੇਚ ਸਿੱਖੇ ਤੇ ਜੁਲਾਈ 1838 ਚ ਹੀਨਰਿਚ ਲਿਓਪੋਲਡ ਦੀ ਵੱਡੀ ਵਪਾਰਕ ਸੰਸਥਾ ਚ ਕੰਮ ਕਰਨ ਲਈ ਬ੍ਰੇਮੇਨ ਭੇਜ ਦਿਤੱ.
ਰ੍ਹੀਨਸ ਇਲਾਕਾ ਪ੍ਰਸ਼ੀਆ- ਜਰਮਨੀ ਦਾ ਆਰਥਿਕ ਤੇ ਰਾਜਸੀ ਪੱਖ ਤੋਂ ਵਿਕਸਿਤ ਹਿੱਸਾ ਸੀ। ਰ੍ਹੀਨਸ ਦੇ ਵੱਡੇ ਉਦਯੋਗਿਕ ਕੇਂਦਰਾਂ ਚ ਵਿਚਰ ਕੇ ਏਂਗਲਜ ਨੇ ਕਾਮੇ ਮਨੁੱਖ ਦੀ ਭਿਆਨਕ ਗੁਰਬਤ ਤੱਕੀ। ਸਰਮਾਏਦਾਰ ਕਾਰਖਾਨਿਆਂ ਚ ਮਜਦੂਰਾਂ ਨੂੰ ਧੱਕੇ ਨਾਲ ਕੰਮ ਚ ਸਵੇਰ ਤੋਂ ਸ਼ਾਮ ਤੱਕ ਕੰਮ ਕਰਵਾਉਂਦੇ ਸਨ। ਨੌਜਵਾਨ ਏਂਗਲਜ ਚੜਦੀ ਜਵਾਨੀ ਚ ਸੀ ਤੇ ਉਹ ਜਵਾਨੀ ਦੇ ਜੋਸ਼ ਚ ਵਿਗਿਆਨਕ ਧਾਰਨਾਂ ਦਾ ਮਾਲਕ ਤੇ ਅੰਧਵਿਸ਼ਵਾਸ ਦਾ ਵਿਰੋਧੀ ਬਣਦਾ ਜਾਂਦਾ ਸੀ। ਏਂਗਲਜ ਹੀਗਲ ਦੀ ਨੁਕਤਾਚੀਨੀ ਕਰਦਾ ਲਿਖਦਾ ਹੈ, ਪੁਰਾਣੇ ਖਿਆਲ ਅੱਗੇ ਵੱਧ ਰਹੇ ਸਮੇਂ ਦੇ ਹੇਠਲੇ ਕਦਮਾਂ ਹੇਠ ਕੁਚਲੇ ਜਾਣਗੇ।
ਤੇ ਹੁਣ ਹੌਲੀ ਹੌਲੀ ਏਂਗਲਜ ਦੀ ਜਿੰਦਗੀ ਉਸ ਪੜਾਅ ਤੇ ਆ ਗਈ, ਜਿਥੇ ਕਾਰਲ ਮਾਰਕਸ ਨਾਲ ਇਤਿਹਾਸਕ ਦੋਸਤੀ ਦੀ ਸਾਂਝ ਪੈਣੀ ਸੀ। ਵੱਖ-ਵੱਖ ਥਾਵਾਂ ਤੋਂ ਬਰਲਿਨ ਤੇ ਫਿਰ ਬਰਲਿਨ ਤੋਂ ਬਾਅਦ ਏਂਗਲਜ ਸੁਪਨੀਲੇ ਬਾਰਮੇਨ ਵਾਪਸ ਪਰਤ ਆਇਆ ਪਰ ਉਹ ਬਹੁਤਾ ਸਮਾਂ ਆਪਣੇ ਮਾਪਿਆਂ ਨਾਲ ਨਾ ਰਹਿ ਸਕਿਆ ਤੇ ਅਖੀਰ ਇੰਗਲੈਂਡ ਜਾਂਦਿਆਂ ਕਲੋਗਨ ਰੁਕਿਆ, ਜਿਥੇ ਉਹ ਰ੍ਹੀਨਸ਼ੇ ਜੈਤੁੰਗ ਦੇ ਮੁੱਖ ਸੰਪਾਦਕ ਮਾਰਕਸ ਨੂੰ ਮਿਲਿਆ। ਇਸ ਮੁਲਾਕਾਤ ਚ ਵਿਚਾਰ ਸਾਂਝੇ ਕਰਨ ਤੋਂ ਬਾਅਦ ਇਸ ਦੋਸਤੀ ਨੇ ਇਤਿਹਾਸ ਲਿਖਣ ਦੇ ਰਾਹ ਪੈਣਾ ਸੀ। ਫਿਰ ਉਹ ਕੋਈ ਦੋ ਵਰਿਆਂ ਲਈ ਇੰਗਲੈਂਡ ਆ ਗਿਆ। ਇਥੇ ਉਸਨੇ ਸਮਾਜਿਕ, ਰਾਜਨੀਤਿਕ ਅਤੇ ਦਾਰਸ਼ਨਿਕ ਵਿਚਾਰਾਂ, ਉਸਦੀ ਵਿਚਾਰਧਾਰਾ ਨੇ ਪਦਾਰਥਵਾਦ ਤੇ ਸਾਮਵਾਦ ਵੱਲ ਪਲਟਾ ਮਾਰਿਆ। ਏਂਗਲਜ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੀ ਜੱਦੋਜਹਿਦ ਪਿੱਛੇ ਸ਼੍ਰੇਣੀਆਂ ਦੀ ਜੱਦੋਜਹਿਦ ਹੈ। ਲੈਨਿਨ ਲਿਖਦਾ ਹੈ, ਇੰਗਲੈਂਡ ਆ ਕੇ ਹੀ ਏਂਗਲਜ ਸਮਾਜਵਾਦੀ ਬਣਿਆ ਸੀ। ਏਂਗਲਜ ਨੇ ਬੁਰਜੂਆਜੀ ਸਮਾਜ ਦਾ ਤਰਕਸੰਗਤ ਢੰਗ ਨਾਲ ਵਿਸ਼ਲੇਸ਼ਣ ਕੀਤਾ ਤੇ ਅਜਿਹਾ ਕਰਨ ਵਾਲਾ ਸ਼ਾਇਦ ਉਹ ਪਹਿਲਾ ਸਮਾਜਵਾਦੀ ਸੀ। ਉਸ ਅਨੁਸਾਰ, ਸਮਾਜ ਅਚਾਨਕ ਘਟਨਾਵਾਂ ਦਾ ਬੇ-ਤਰਤੀਬ ਖਿਲਾਰਾ ਨਹੀਂ। ਏਂਗਲਜ ਦਾ ਆਰਥਿਕ ਸਿਧਾਂਤਾਂ ਦਾ ਪਦਾਰਥਕ ਵਿਸ਼ਲੇਸ਼ਣ, ਯਥਾਰਥ ਵੱਲ ਹੀ ਇਸ਼ਾਰਾ ਕਰਦਾ ਹੈ। ਉਸ ਨੇ ਲਿਖਿਆ, ਇਤਿਹਾਸਿਕ ਅਮਲ ਦੇ ਪਿਛੋਕੜ ਵਿੱਚ ਕਿਸੇ ਕਿਸਮ ਦਾ ਕੋਈ ਤੱਤ ਨਹੀਂ ਸੀ, ਸਗੋਂ ਲੋਕਾਂ ਦੀ ਨਿਘਰ ਸਰਗਰਮੀ, ਉਨ੍ਹਾਂ ਦੀ ਸਖ਼ਤ ਪਰ ਕਾਮਯਾਬ ਜੰਗ ਜੋ ਕੁਦਰਤ ਦੇ ਖਿਲਾਫ ਸੀ।
1843 ਦੇ ਅੱਧ ਤੱਕ ਏਂਗਲਜ ਨੇ ਪ੍ਰੈਸ ਚ ਕੁੱਝ ਵੀ ਨਾ ਛਪਵਾਇਆ। ਉਸ ਸਮੇਂ ਤੱਕ ਏਂਗਲਜ ਨੇ ਆਪਣਾ ਸਾਰਾ ਵਿਹਲਾ ਸਮਾਂ ਅੰਗ੍ਰੇਜੀ ਪ੍ਰੋਲਤਾਰੀ ਦੇ ਅਧਿਐਨ ਕਰਨ ਚ ਲਾਇਆ। ਉਹ ਕਾਮਾ ਸ਼੍ਰੇਣੀਆਂ ਦੇ ਜ਼ਿਲਿਆਂ ਚ ਸ਼ਾਮੀ ਜਾਂ ਐਤਵਾਰ ਨੂੰ ਜਾਂਦਾ, ਕਾਮਿਆਂ ਨੂੰ ਉਨ੍ਹਾਂ ਦੇ ਗੰਦੇ ਕੁਆਟਰਾਂ ਵਿੱਚ ਮਿਲਦਾ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਿਦਗੀ ਬਾਰੇ ਸੁਆਲ ਕਰਦਾ। ਇਸ ਪੜਾਅ ਚ ਮੈਰੀ ਬਰਨਜ਼ ਅਕਸਰ ਉਸਦੇ ਨਾਲ ਹੁੰਦੀ ਸੀ। ਉਸ ਨੂੰ ਏਂਗਲਜ 1843 ਚ ਹੀ ਮਿਲਿਆ ਸੀ। ਉਹ ਜ਼ਿੰਦਾਦਿਲ, ਹਸਮੁੱਖ ਸੁਭਾਅ ਦੀ ਮਾਲਕਣ ਸੀ। ਇਹ ਸਾਥ, ਇਸ ਪੜਾਅ ਤੱਕ ਇੱਕ ਦੋਸਤੀ ਦਾ ਸਾਥ ਸੀ। ਜਿਸਨੇ ਏਂਗਲਜ ਨੂੰ ਮਾਨਚੈਸਟਰ ਸ਼ਹਿਰ ਦਾ ਤੰਗ ਵਿੰਗੀਆਂ ਗਲੀਆਂ, ਗੁਰਬਤ ਦੇ ਬੁਰੇ ਪ੍ਰਭਾਵਾਂ ਦਾ ਅਹਿਸਾਸ ਕਰਵਾਇਆ। ਹਰ ਕਦਮ ਤੇ ਮੈਰੀ ਨੇ ਏਂਗਲਜ ਨੂੰ ਸਹਿਯੋਗ ਦਿੱਤਾ ਤੇ ਅੱਗੇ ਚੱਲ ਕੇ ਇਹ ਦੋਸਤੀ ਪਿਆਰ-ਮੁਹੱਬਤ ਚ ਵੱਟ ਗਈ। ਮੈਰੀ ਏਂਗਲਜ ਦੀ ਹਮਸਫਰ, ਪਤਨੀ ਬਣ ਗਈ.
ਅਗਸਤ 1844 ਦੇ ਅੰਤ ਚ ਮਾਨਚੈਸਟਰ ਤੋਂ ਘਰ ਪਰਤਦਿਆਂ, ਪੈਰਿਸ ਚ ਮਾਰਕਸ-ਏਂਗਲਜ ਦੀ ਮੁਲਾਕਾਤ ਹੁੰਦੀ ਹੈ। ਇਥੇ ਦੋਵੇਂ ਕਾਫੀ ਗੰਭੀਰ ਤੇ ਵੱਡੇ ਭਵਿੱਖ ਚ ਕਰਨ ਵਾਲੇ ਕੰਮਾਂ ਦੇ ਨਤੀਜਿਆਂ ਤੇ ਪਹੁੰਚੇ। ਦੋਨਾਂ ਨੇ ਸਾਂਝੇ ਕੰਮਾਂ ਨੂੰ ਕਰਨ ਦਾ ਨਿਰਣੇ ਲਿਆ। ਵਿਚਾਰਾਂ ਦੀ ਪਰਿਪੱਕਤਤਾ ਹੌਲੀ-ਹੌਲੀ ਹਰ ਕਰਮ ਚ ਝਲਕਣ ਲੱਗ ਗਈ। ਏਂਗਲਜ ਅਨੁਸਾਰ, ਸਮਾਜ ਘਟਨਾਵਾਂ ਦਾ ਬੇ-ਤਰਤੀਬ ਖਿਲਾਰਾ ਨਹੀ। ਏਂਗਲਜ ਸ਼ਾਨਦਾਰ ਖਿਆਲ ਪੇਸ਼ ਕਰਦਾ ਹੈ। ਉਹ ਨਿੱਜੀ ਪੂੰਜੀਵਾਦੀ ਸੰਪਤੀ ਨੂੰ ਸਮਝਦਿਆਂ ਬਿਆਨਦਾ ਹੈ, ਉਸ ਵਾਸਤੇ ਮੁਕਾਬਲਾ ਸਰਵਉਤੱਮ ਪੜਾਅ ਹੈ। ਸਖਤ ਮੁਕਾਬਲਾ ਜੰਗਲੀ ਕਾਨੂੰਨ ਦਾ ਪਦਾਰਥੀਕਰਨ ਸੀ। ਇਸ ਚ ਮਜਬੂਤ ਜੇਤੂ ਹੋ ਜਾਂਦਾ ਹੈ ਤੇ ਕਮਜੋਰ ਹਾਰ ਜਾਂਦਾ ਹੈ। ਜਦ ਤੱਕ ਸਰਮਾਏ ਦੀ ਪੂੰਜੀਵਾਦੀ ਕਿਸਮ ਰਹੇਗੀ, ਤਦ ਤੱਕ ਅਜਾਰੇਦਾਰੀਆਂ ਮੁਕਾਬਮੇ ਨੂੰ ਖਤਮ ਨਹੀਂ ਕਰ ਸਕਦੀਆਂ। ਇਹ ਵੱਧਦਾ ਹੀ ਜਾਂਦਾ ਹੈ- ਛੋਟੇ ਤੋਂ ਵੱਡੇ ਉਤਪਾਦਨ ਦਰਮਿਆਨ, ਜਿਨਸਾਂ ਦੇ ਖਪਤਕਾਰਾਂ ਦਰਮਿਆਨ ਤੇ ਤਨਖਾਹਦਾਰ ਮਜ਼ਦੂਰਾਂ ਦਰਮਿਆਨ। ਹਰ ਇੱਕ ਵਿੱਚ। ਨਿੱਜੀ ਸੰਪਤੀ ਅਤੇ ਮੁਕਾਬਲੇ ਨੇ ਪੂੰਜੀ ਦਾ ਕੇਂਦਰੀਕਰਨ ਕੀਤਾ ਤੇ ਮੁਕਾਬਲੇ ਦੇ ਖਾਤਮੇ ਲਈ ਨਿੱਜੀ ਜਾਇਦਾਦ ਦਾ ਖਾਤਮਾ ਜਰੂਰੀ ਹੈ।
ਇਸ ਸਮੇਂ ਹੀ 2 ਜੂਨ 1847 ਚ ਮਾਰਕਸ ਤੇ ਏਂਗਲਜ ਸਾਮਵਾਦੀ ਲੀਗ (ਲੀਗ ਆਫ ਜਸਟ) ਚ ਸ਼ਾਮਲ ਹੋਏ। ਇਸ ਦੇ ਮਾਟੋ, ਜੋ ਪਹਿਲਾਂ ਸਭ ਮਨੁੱਖ ਭਰਾ ਸੀ, ਨੂੰ ਸਮਾਜਵਾਦੀ ਵਿਗਿਆਨਿਕ ਸਮਝ ਨਾਲ ਸਾਰਿਆਂ ਦੀ ਸਹਿਮਤੀ ਨਾਲ ਬਦਲ ਕੇ ਸਭ ਦੇਸ਼ਾਂ ਦੇ ਮਜਦੂਰੋ, ਇੱਕ ਹੋ ਜਾਓ, ਏਂਗਲਜ ਦੀ ਹੀ ਅਗਵਾਈ ਚ ਹੀ ਰੱਖਿਆ ਗਿਆ। ਇਸ ਸਮੇਂ ਹੀ ਜਨਵਰੀ 1848 ਚ ਮਾਰਕਸ ਵੱਲੋਂ ਕਮਿਊਨਿਸਟ ਮੈਨੀਫੈਸਟੋ ਦਾ ਖਰੜਾ ਤਿਆਰ ਕੀਤਾ ਗਿਆ, ਜਿਸ ਨੂੰ ਕਮਿਊਨਿਸਟ ਦੀ ਕੇਂਦਰੀ ਕਮੇਟੀ, ਲੰਡਨ ਨੇ ਸਰਬ ਸੰਮਤੀ ਨਾਲ ਪਾਸ ਕੀਤਾ। ਕਮਿਊਨਿਸਟ ਮੈਨੀਫੈਸਟ ਦੇ ਨਿਚੋੜ ਬਾਰੇ ਏਂਗਲਜ ਲਿਖਦਾ ਹੈ, ਹਰ ਇਤਿਹਾਸਕ ਯੁੱਗ ਦਾ ਸਮਾਜਿਕ ਢਾਂਚਾ ਅਤੇ ਆਰਥਿਕ ਉਤਪਾਦਨ ਉਸ ਯੁੱਗ ਦੇ ਰਾਜਨੀਤਿਕ ਅਤੇ ਬੌਧਿਕ ਇਤਿਹਾਸ ਦੀ ਬੁਨਿਆਦ ਬਣਾਉਂਦਾ ਹੈ, ਇਸ ਕਾਰਣ ਸਾਰਾ ਇਤਿਹਾਸ ਜਮਾਤੀ ਸੰਘਰਸ਼ਾਂ ਦਾ ਇਤਿਹਾਸ ਹੈ..... ਅਤੇ ਹੁਣ ਇਹ ਸੰਘਰਸ਼ ਐਸੇ ਪੜਾਅ ਤੇ ਪਹੁੰਚ ਗਿਆ ਹੈ, ਜਿੱਥੇ ਸ਼ੋਸ਼ਿਤ ਅਤੇ ਕੁਚਲੀ ਹੋਈ ਜਮਾਤ (ਪ੍ਰੋਲਤਾਰੀ) ਅਪਣੇ ਆਪ ਨੂੰ ਸ਼ੋਸ਼ਕ ਜਮਾਤ (ਬੁਰਜੂਆਜ਼ੀ) ਤੋਂ ਛੁਟਕਾਰਾ ਹਾਸਿਲ ਨਹੀਂ ਕਰ ਸਕਦੀ। ਜਦੋਂ ਤੱਕ ਸਾਰੇ ਸਮਾਜ ਨੂੰ ਸ਼ੋਸ਼ਣ, ਜਬਰ ਅਤੇ ਜਮਾਤੀ ਸੰਘਰਸ਼ਾਂ ਤੋਂ ਹਮੇਸ਼ਾ ਲਈ ਆਜ਼ਾਦ ਨਹੀਂ ਕੀਤਾ ਜਾਂਦਾ।
ਹੁਣ ਏਂਗਲਜ ਤੇ ਮਾਰਕਸ ਇੱਕ ਹੀ ਸਿੱਕੇ ਦੇ ਦੋ ਪਹਿਲੂ ਬਣ ਗਏ। ਦੋਵੇਂ ਇੱਕ ਦੂਜੇ ਤੋਂ ਬਿਨ੍ਹਾਂ ਅਧੂਰੇ ਸਨ ਤੇ ਦੋਨਾਂ ਬਿਨ੍ਹਾਂ ਸਮਾਜਵਾਦ ਦੇ ਸਿਧਾਂਤਾਂ ਦੀ ਖੋਜ ਵਾਲਾ ਕੰਮ ਅਧੂਰਾ ਸੀ। ਦੋਵਾਂ ਦੇ ਸਾਂਝੇ ਕੰਮ ਲਈ ਵਿਗਿਆਨਿਕ ਸਮਾਜਵਾਦ ਦੇ ਉਸਰੀਆਂ ਦੀ ਸਮਾਜੀ-ਰਾਜਸੀ ਦ੍ਰਿਸ਼ਟੀ ਅਤੇ ਦਾਰਸ਼ਨਿਕ ਵਿਚਾਰਧਾਰਾ ਦੇ ਰੂਪ ਚ ਹਿੱਸਾ ਪਾਉਣਾ ਤੇ ਵਿਗਿਆਨਿਕ ਸੇਧ ਦੇਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿਰੋਧਵਾਦ ਦੇ ਸਿਧਾਂਤ ਨੂੰ ਵਿਕਸਿਤ ਕੀਤਾ। ਇਤਿਹਾਸਿਕ ਪਦਾਰਥਵਾਦ ਦੇ ਆਧਾਰ ਪੇਸ਼ ਕੀਤੇ। ਰਚਨਾਵਾਂ ਲਿਖਣ ਦਾ ਕੰਮ ਦੋਨਾਂ ਦੀ ਯੋਜਨਾਬੰਦੀ, ਵਿਗਿਆਨਿਕ ਸਮਝ ਨਾਲ ਸ਼ੁਰੂ ਹੋਇਆ। ਚਿੱਠੀ ਪੱਤਰਾਂ ਦਾ ਹੜ੍ਹ ਜਿਹਾ ਦੋਨਾਂ ਵੱਲੋਂ ਇੱਕ ਦੂਜੇ ਦੇ ਵੱਲ ਵਹਿ ਤੁਰਿਆ। ਚਿੱਠੀਆਂ, ਸਿਧਾਂਤ ਦੀ ਲੱਭਤਾਂ ਦੇ ਨਾਲ ਨਾਲ ਘਰ ਦੇ ਹਾਲਾਤਾਂ ਦਾ ਵੀ ਜਿਕਰ ਕਰਦੀਆਂ ਹਨ। ਲੈਨਿਨ ਇਨ੍ਹਾਂ ਦੋਹਾਂ ਦੇ 1848-49 ਦੇ ਇਨਕਲਾਬ ਚ ਕੀਤੇ ਕੰਮਾਂ ਬਾਰੇ ਲਿਖਦਾ ਹੈ, ਮਾਰਕਸ ਤੇ ਏਂਗਲਜ ਦੀਆਂ ਆਪਸੀ ਸਰਗਰਮੀਆਂ ਤੇ 1848-49 ਦੀ ਜਨਤਕ ਕ੍ਰਾਂਤੀਕਾਰੀ ਜਦੋਜਹਿਦ ਵਿੱਚ ਉਨ੍ਹਾਂ ਦੀ ਸ਼ਮਹੂਲੀਅਤ ਦਾ ਦੌਰ ਇੱਕ ਕੇਂਦਰੀ ਨੁਕਤੇ ਵਜੋਂ ਪ੍ਰਗਟ ਹੁੰਦਾ ਹੈ।
ਏਂਗਲਜ ਨੇ ਕ੍ਰਾਂਤੀ ਦੀ ਜੱਦੋ-ਜਹਿਦ ਲਈ ਵਿਸ਼ੇਸ਼ ਉਪਰਾਲੇ ਘੜੇ। ਕ੍ਰਾਂਤੀ ਵਿੱਚ ਨਿਸ਼ਚਿਤ ਜਿੱਤ ਦੀ ਗਿਣਤੀ ਕਰਦਿਆਂ ਉਹ ਲਿਖਦਾ ਹੈ, ਜੰਗ ਵਾਂਗ ਕ੍ਰਾਂਤੀ ਵਿੱਚ ਵੀ ਇਹ ਹਮੇਸ਼ਾ ਜਰੂਰੀ ਹੁੰਦਾ ਹੈ ਕਿ ਇੱਕ ਮਜਬੂਤ ਮੁਹਾਜ ਪ੍ਰਗਟ ਕੀਤਾ ਜਾਵੇ ਤੇ ਜੋ ਹਮਲਾ ਕਰਦਾ ਹੈ, ਉਹ ਲਾਹੇਵੰਦ ਰਹਿੰਦਾ ਹੈ। ਜੰਗ ਵਾਂਗ ਕ੍ਰਾਂਤੀ ਵਿੱਚ ਵੀ ਇਸ ਗੱਲ ਦੀ ਅਤਿ ਲੋੜ ਹੁੰਦੀ ਹੈ ਕਿ ਫੈਸਲੇ ਦੀ ਘੜੀ ਸਮੇਂ, ਕੁਝ ਵੀ ਵਾਪਰ ਜਾਵੇ, ਸਭ ਕੁਝ ਦਾਅ ਤੇ ਲਾ ਦੇਣਾ ਚਾਹੀਦਾ ਹੈ। ਇਤਿਹਾਸ ਵਿੱਚ ਕੋਈ ਵੀ ਕਾਮਯਾਬ ਕ੍ਰਾਂਤੀ ਐਸੀ ਨਹੀਂ ਜੋ ਇਨ੍ਹਾਂ ਕਥਨਾਂ ਨੂੰ ਸੱਚ ਨਾ ਸਾਬਿਤ ਕਰਦੀ ਹੋਵੇ। ਏਂਗਲਜ ਅਨੁਸਾਰ, ਵਿਦਰੋਹ ਇੱਕ ਕਲਾ ਹੈ ਜਿਵੇਂ ਜੰਗ ਜਾਂ ਕੋਈ ਹੋਰ ਤੇ ਇਹ ਕੁਝ ਖਾਸ ਸਿਧਾਂਤਾਂ ਅਨੁਸਾਰ ਤੁਰਦੀ ਹੈ, ਜਿੰਨ੍ਹਾਂ ਨੂੰ ਕਿ ਜੇ ਅਣਗੋਲਿਆਂ ਕਰ ਦਿੱਤਾ ਜਾਵੇ ਤਾਂ ਉਹ ਪਾਰਟੀ ਨੂੰ ਅਣਗੋਲਿਆਂ ਕਰਕੇ ਤਬਾਹ ਕਰ ਦੇਣਗੇ।
1850 ਚ ਏਂਗਲਜ ਨੇ ਪ੍ਰਗਤੀਸ਼ੀਲ ਬੁਰਜੂਆ ਪ੍ਰੈਸ ਨਿਊਯਾਰਕ ਡੇਲੀ ਟ੍ਰਿਬਯੂਨ ਵਾਸਤੇ ਅਤੀ ਭਰਪੂਰਤਾ ਨਾਲ ਲਿਖਿਆ। ਮਾਰਕਸ ਨਾਲ ਮਿਲਕੇ ਉਨ੍ਹਾਂ ਪ੍ਰੈਸ ਨੂੰ ਵਿਚਾਰਾਂ ਦੇ ਖਿਲਾਰ, ਅੰਤਰਰਾਸ਼ਟਰੀ ਮਸਲਿਆਂ ਨੂੰ ਸਮਾਜਵਾਦੀ ਢੰਗ ਨਾਲ ਪ੍ਰਗਟ ਕਰਨ ਲਈ ਵਰਤਿਆ । ਜਿੰਦਗੀ ਦੇ ਰਾਹਾਂ ਚ ਏਂਗਲਜ ਨੇ ਹਮੇਸ਼ਾ ਹੀ ਚੜਦੀ ਕਲਾ ਦਿਖਾਈ। ਉਸ ਨੇ ਕਦੇ ਵੀ ਮੁਸੀਬਤਾਂ ਤੇ ਹਾਲਾਤਾਂ ਅੱਗੇ ਸਿਰ ਨੀਵਾਂ ਨਹੀਂ ਕੀਤਾ ਤੇ ਹਰ ਸਮੇਂ ਸਿਦਕ ਨਾਲ ਜਿਊਣ ਦਾ ਹੌਂਸਲਾ ਰੱਖਿਆ। ਇਨ੍ਹਾਂ ਤੋਂ ਬਿਨ੍ਹਾਂ ਪੀਟਰ ਇਮਾਂਟਰ, ਵਿਮਹੈਂਮ ਸਟ੍ਰੋਹਨ, ਹੇਨਰਿਚ ਹੇਜ, ਵਿਲਹੈਂਮ ਸਟੇਫੈਨਅਰਨਸਟ ਡਰੋਂਕ ਆਦਿ ਸਾਥੀਆਂ ਦਾ ਸਾਥ, 1848-49 ਫਰਾਂਸ ਕ੍ਰਾਂਤੀ ਦੇ ਦੌਰ ਚੋਂ ਮਿਲਿਆ। ਉਹ ਮਾਨਚੈਸਟਰ ਚ 1853 ਚ ਵਿਮਹੈਮ ਵੋਮਫ, ਗਿਓਗਰ ਵੀਰਥ ਨਾਲ ਅਕਸਰ ਵਿਚਾਰ ਵਟਾਂਦਰਾ ਕਰਦਾ ਸੀ। ਇਥੇ ਉਸ ਨੇ ਕਈ ਵਾਰੀ ਕ੍ਰਾਂਤੀਕਾਰੀ ਗਤੀਵਿਧੀਆਂ ਕਰਕੇ ਆਪਣਾ ਸਥਾਨ ਬਦਲਿਆ। ਫਿਰ ਲੋੜ ਪੈਣ ਤੇ ਉਹ ਵੱਖ-ਵੱਖ ਦੇਸ਼ਾਂ ਚ ਵੀ ਗਿਆ।
ਮਾਨਚੈਸਟਰ ਚ ਕੁਝ ਵਰ੍ਹੇ ਏਂਗਲਜ ਨੇ ਤੰਗੀਆਂ ਦਾ ਸਾਹਮਣਾ ਵੀ ਕੀਤਾ। ਪਰ ਮਾਰਕਸ ਤੇ ਉਸ ਦੇ ਪਰਿਵਾਰ ਨੂੰ ਇਸ ਦਾ ਕਦੇ ਅਹਿਸਾਸ ਨਾ ਹੋਣ ਦਿੱਤਾ। ਏਂਗਲਜ ਧਨ ਇਕੱਠਾ ਕਰਨ ਦੇ ਵੱਖ-ਵੱਖ ਵਸੀਲੇ ਵਰਤਦਾ ਪਰ ਆਪਣੇ ਦੋਸਤ ਨੂੰ ਕਦੇ ਤੋਟ ਨਾ ਆਉਣ ਦਿੰਦਾ। ਇਸ ਬਾਰੇ ਉਨ੍ਹਾਂ ਦੀਆਂ ਚਿੱਠੀਆਂ ਗਵਾਹੀ ਭਰਦੀਆਂ ਹਨ। 6 ਅਪ੍ਰੈਲ 1855 ਨੂੰ ਮਾਰਕਸ ਨੇ ਆਪਣੇ ਪਿਆਰੇ ਪੁੱਤਰ ਐਡਮਰ ਦੀ ਮੌਤ ਵਾਲੇ ਦਿਨ ਏਂਗਲਜ ਨੂੰ ਲਿਖਿਆ, ਮੈਂ ਇਹ ਗੱਲ ਕਦੇ ਵੀ ਭੁੱਲਣ ਨਹੀਂ ਲੱਗਾ ਕਿ ਤੇਰੀ ਦੋਸਤੀ ਨੇ ਮੈਨੂੰ ਇਸ ਭਿਆਨਕ ਸਮੇਂ ਸਾਨੂੰ ਕਿੰਨਾ ਸੁੱਖ ਦਿੱਤਾ ਹੈ। ਤੂੰ ਮੇਰੇ ਬੱਚੇ ਦੀ ਪੀੜ੍ਹ ਨੂੰ ਸਮਝਦਾ ਹੈ। ਮਈ 1858 ਚ ਏਂਗਲਜ ਸਖਤ ਬਿਮਾਰ ਪੈ ਗਿਆ। ਜਿਸ ਦੀ ਚਿੰਤਾ ਤੇ ਸਹੀ ਇਲਾਜ ਵਾਸਤੇ ਮਾਰਕਸ ਨੇ ਕਈ ਡਾਕਟਰੀ ਦੀਆਂ ਪੁਸਤਕਾਂ ਪੜੀਆਂ।
ਏਂਗਲਜ ਦੀਆਂ ਰੁਚੀਆਂ ਬਹੁ-ਪੱਖੀ ਸਨ। ਉਹ ਆਮ ਤੌਰ ਤੇ ਸਾਹਿਤ, ਪੁਰਾਣੀਆਂ ਜਰਮਨ ਲੋਕ ਕਥਾਵਾਂ, ਪ੍ਰਾਚੀਨ ਕਬੀਲਾ ਯੁੱਧ, ਪੁਰਾਨੀ ਅੰਗਰੇਜੀ, ਇਤਿਹਾਸ, ਬਹੁ ਬੋਲੀਆਂ, ਭੌਤਿਕ ਵਿਗਿਆਨ, ਰਸਾਇਣਿਕ ਵਿਗਿਆਨ, ਜੀਵ ਵਿਗਿਆਨ, ਸ਼ਰੀਰਕ ਵਿਗਿਆਨ, ਭੂ- ਵਿਗਿਆਨ, ਆਰਥਿਕਤਾ ਦਾ ਇਤਿਹਾਸ ਨੂੰ ਚੰਗੀ ਤਰ੍ਹਾਂ ਘੋਖਿਆ।
ਏਂਗਲਜ ਨੇ ਮਾਰਕਸ ਨਾਲ ਮਿਲਕੇ 1857-59 ਦੀ ਭਾਰਤੀ ਕੌਮੀ ਲਹਿਰ ਵਾਸਤੇ ਡੂੰਘੀ ਹਮਦਰਦੀ ਰੱਖੀ। ਨਵੰਬਰ 1857 ਤੋਂ ਸਤੰਬਰ 1858 ਦੇ ਦਰਮਿਆਨ ਏਂਗਲਜ ਨੇ ਭਾਰਤ ਦੇ ਫੌਜੀ ਯਤਨਾਂ ਬਾਰੇ ਇੱਕ ਲੇਖ ਲੜੀ ਲਿਖੀ, ਜਿਸ ਵਿੱਚ ਉਸ ਨੇ ਭਾਰਤ ਦੇ ਵਿਦਰੋਹੀਆਂ ਦੀਆਂ ਕਮਜੋਰੀਆਂ ਦੇ ਕਾਰਣ ਬਿਆਨ ਕੀਤੇ। ਲੇਖ ਲੜੀ ਚ ਦਿੱਲੀ ਫਤਹਿ, ਲਖਨਊ ਦੀ ਸ਼ਾਂਤੀ, ਵਿਧੰਮ ਦੀ ਹਾਰ, ਹਿੰਦੋਸਤਾਨੀ ਬਗਾਵਤ ਤੇ ਕੁਝ ਅਜਿਹ ਹੋਰ ਲੇਖ ਸਨ। ਇੱਕ ਜਰਮਨ ਲੇਖਕ ਨੇ ਮਾਰਕਸ ਨੂੰ ਗਰੀਬ ਮਾਰਕਸ ਨਾਲ ਸੰਬੋਧਿਤ ਕੀਤਾ ਤਾਂ ਏਂਗਲਜ ਨੇ ਮੋੜਵੇਂ ਜਵਾਬ ਚ ਲਿਖਿਆ, ਜਦ ਕਦੇ ਮੈਂ ਆਪਣੇ ਚੰਗੇ ਰੌਂਅ ਚ ਹੁੰਦਾ ਤਾਂ ਮੈਂ ਉਸ ਦੀ ਮੱਤ ਖਿੱਚ ਦਿੰਦਾ। ਜੇ ਇਹ ਅਬੋਧ ਵਿਅਕਤੀ ਮੇਰੇ ਤੇ ਮੇਰੇ ਮੂਰ (ਮਾਰਕਸ) ਦੇ ਦਰਮਿਆਂਨ ਹੋਏ ਕੇਵਲ ਖਤ ਪੱਤਰ ਹੀ ਪੜ੍ਹ ਲੈਂਦੇ ਤਾਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਤੇ ਹੈਰਾਨੀ ਹੋਣੀ ਸੀ। ਭਾਵੇਂ ਮੂਰ ਗੁੱਸੇ ਹੀ ਹੋਵੇ ਪਰ ਨਿਗੱਸ਼ ਪੁਰਸ਼ੋ ਜਦ ਵੀ ਮੈਂ ਪੁਰਾਣੇ ਖੱਤ ਪੜਦਾ ਹਾਂ ਤਾਂ ਹਾਸੇ ਨਾਲ ਛਮਕ ਉਠਦਾ ਹਾਂ।
ਏਂਗਲਜ ਨੇ ਵਧਦੀ ਉਮਰ ਨਾਲ ਵਧੇਰੇ ਦ੍ਰਿੜਤਾ ਨਾਲ ਲੋਕਾਈ ਲਈ ਕੰਮ ਕਰਨਾ ਜਾਰੀ ਰੱਖਿਆ। 30 ਜੂਨ 1869 ਨੂੰ ਉਸ ਨੇ ਵਪਾਰ ਦੇ ਕੰਮ ਦੇ ਠੇਕੇ ਨੂੰ ਹਮੇਸ਼ਾ ਲਈ ਅਲਵਿਦਾ ਕਿਹਾ ਤੇ 1 ਜੁਲਾਈ 1869 ਨੂੰ ਮਾਰਕਸ ਨੂੰ ਲਿਖਿਆ, ਪਿਆਰੇ ਮੂਰ ਅੱਜ ਖੁਸ਼ੀ ਮਨਾਂ! ਵਪਾਰ ਨੂੰ ਮੈਂ ਅਲਵਿਦਾ ਕਹਿ ਦਿੱਤੀ ਹੈ ਤੇ ਹੁਣ ਮੈਂ ਸੁਤੰਤਰ ਵਿਅਕਤੀ ਹਾਂ। ਇਹ ਜਜਬਾਤ ਮਨੁੱਖਤਾ ਦੇ ਭਲੇ ਲਈ ਹੋਰ ਵਧੇਰੇ ਰਫਤਾਰ ਨਾਲ ਕੰਮ ਕਰਨ ਦੀ ਇੱਛਾ ਤੇ ਦ੍ਰਿੜ ਇਰਾਦਾ ਦਿਖਾਉਂਦੇ ਹਨ। ਮਾਨਚੈਸਟਰ ਚ ਆਪਣੇ ਸਾਰੇ ਮਸਲੇ ਨਬੇੜ ਕੇ ਏਂਗਲਜ 20 ਸਤੰਬਰ 1870 ਨੂੰ ਇੰਗਲੈਂਡ ਚਲਾ ਗਿਆ। ਜਿੱਥੇ ਉਸ ਨੇ 22 ਰੀਜੈਂਟਸ ਚ ਘਰ ਲਿਆ। ਮਾਰਕਸ ਦੇ ਘਰ ਤੋਂ 10 ਮਿੰਟ ਦਾ ਪੈਦਲ ਰਾਹ ਹੋਣ ਕਰਕੇ ਦੋਨੋਂ ਹੁਣ ਹਰ ਰੋਜ ਮਿਲਦੇ, ਵਿਗਿਆਨਕ ਤੇ ਰਾਜਨੀਤਕ ਉਸਾਰੂ ਬਹਿਸ ਕਰਦੇ। ਏਂਗਲਜ ਨੇ 19 ਮਾਰਚ 1871 ਚ ਸ਼ੁਰੂ ਹੋਏ ਪੈਰਿਸ ਕਮਿਊਨ ਤੇ ਖਾਸ ਨਿਗਾਹ ਰੱਖੀ। ਵਿਸ਼ਵ ਦੀ ਹਰ ਇੱਕ ਪਰਸਥਿਤੀ ਦਾ ਵਿਸ਼ਮੇਸ਼ਣ ਕਰਨਾ, 1871 ਦਾ ਲੰਡਨ ਸੰਮੇਲਨ, 15 ਦੇਸ਼ਾਂ ਦੇ 65 ਨੁਮਾਇੰਦਿਆਂ ਨਾਲ 2 ਸਤੰਬਰ 1871 ਚ ਕਰਿਆ ਹੇਗ ਸੰਮੇਲਨ ਆਦਿ ਕਈ ਮਹੱਤਵਪੂਰਨ ਕੰਮਾਂ ਨਾਲ ਪ੍ਰੋਲੇਤਾਰੀ ਪਾਰਟੀ ਦੀ ਸਿਧਾਂਤਕ ਬੁਨਿਆਦ ਲਈ ਕੰਮ ਕੀਤੇ।
ਨਿੱਤ ਮਜਬੂਤ ਹੁੰਦੀਆਂ ਇਨਕਲਾਬੀਆਂ ਦੀਆਂ ਗਤੀਵਿਧੀਆਂ ਏਂਗਲਜ ਨੂੰ ਸਿਧਾਂਤਕ ਪੱਖ ਮਜਬੂਤ ਕਰਨ ਲਈ ਹੱਲਾਸ਼ੇਰੀ ਦਿੰਦੀਆਂ। ਉਹ ਲਿਖਦਾ ਹੈ, ਸਾਨੂੰ ਦੋਹਾਂ ਨੂੰ, ਮਾਰਕਸ ਤੇ ਮੈਨੂੰ ਹਰ ਹੀਲੇ ਅਤਿ ਨਿਸ਼ਚਿਤ ਵਿਗਿਆਨਿਕ ਕੰਮ ਕਰਨਾ ਚਾਹੀਦਾ ਹੈ। ਜੋ ਕਿ ਸਾਡੇ ਵਿਚਾਰ ਵਿੱਚ ਹੋਰ ਨੇ ਕੀਤਾ ਕੀ, ਇੱਛਾ ਵੀ ਨਾ ਕੀਤੀ ਹੋਵੇ। ਸਾਨੂੰ ਅਜੋਕੇ ਸ਼ਾਂਤ ਦੌਰ ਤੋਂ ਸੰਸਾਰ ਇਤਿਹਾਸ ਪੂਰਿਆਂ ਕਰਨ ਵਾਸਤੇ ਵੱਧ ਤੋਂ ਵੱਧ ਕੰਮ ਲੈਣਾ ਚਾਹੀਦਾ ਹੈ। ਕੌਣ ਜਾਣਦਾ ਹੈ ਕਿ ਕਦੋਂ ਕੋਈ ਘਟਨਾ ਨੇ ਮੁੜ ਸਾਨੂੰ ਅਮਲੀ ਲਹਿਰ ਦੇ ਰੁਝੇਵੇਂ ਚ ਪਾ ਦੇਣਾ ਹੈ, ਇਸ ਤੋਂ ਵੀ ਵੱਧ ਕੇ ਸਾਨੂੰ ਸੰਖੇਪ ਵਿਸ਼ਰਾਮ ਘੱਟ ਤੋਂ ਘੱਟ ਸਹਿਯੋਗ ਮਹੱਤਵਪੂਰਨ ਸਿਧਾਂਤਕ ਪੱਖ ਹੈ। ਉਨ੍ਹਾਂ ਪ੍ਰੈਸ ਚ ਵਿਚਾਰਾਂ ਦੇ ਖਿਲਾਰ ਲਈ ਲਿਖਣਾ ਹੋਰ ਤੇਜ ਕੀਤਾ।
1873 ਚ ਏਂਗਲਜ ਨੇ ਆਪਣੀ ਪ੍ਰਸਿੱਧ ਪੁਸਤਕ ਡਾਇਲੈਕਟਿਕਸ ਆਫ ਨੇਚਰ ਤੇ ਕੰਮ ਆਰੰਭਿਆ। ਇਸ ਤੇ ਕੰਮ ਦੋ ਪੜਾਵਾਂ ਚ ਹੋਇਆ। ਮਈ 1873 ਚ ਉਸ ਨੇ ਕਿਤਾਬ ਲਈ ਸਮੱਗਰੀ ਇਕੱਠੀ ਕਰਨੀ ਸ਼ੁਰੂ ਕੀਤੀ ਤੇ ਤਿੰਨ ਸਾਲ ਇਸ ਤੇ ਕਰੜੀ ਮਿਹਨਤ ਕੀਤੀ। 1875-76 ਚ ਉਸ ਨੇ ਕਿਤਾਬ ਲਿਖਣਾ ਸ਼ੁਰੂ ਕੀਤਾ। ਉਸ ਨੇ ਭੌਤਿਕ ਵਿਗਿਆਨ ਦੇ ਮੁੱਖ ਪੜਾਵਾਂ ਬਾਰੇ ਤੇ ਦੁਨੀਆ ਦੇ ਨਾਲ-ਨਾਲ ਮਨੁੱਖੀ ਸਮਾਜ ਦੇ ਮੁੱਢ ਤੇ ਵਿਕਾਸ ਬਾਰੇ ਵਿਚਾਰ ਦਿੱਤੇ। ਫਿਰ ਬਾਂਦਰ ਤੋਂ ਮਨੁੱਖ ਤੱਕ ਦਾ ਵਿਕਾਸ ਵਿੱਚ ਕਿਰਤ ਵੱਲੋਂ ਪਾਇਆ ਯੋਗਦਾਨ ਇਸ ਕਿਤਾਬ ਚ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਗੋਥਾ ਪ੍ਰੋਗਰਾਮ ਦੇ ਖਰੜੇ ਤੇ ਏਂਗਲਜ ਦਾ ਕੰਮ ਉਸ ਦੀ ਪ੍ਰਤਿਬਾ ਨੂੰ ਹੋਰ ਰੋਸ਼ਨਾਉਂਦਾ ਹੈ। ਇਸ ਤੋਂ ਬਾਅਦ ਐਂਟੀ-ਡੂਹਰਿੰਗ ਤੇ ਸਭ ਤੋਂ ਮਹਾਨ ਕੰਮ ਵਿਰੋਧਵਿਕਾਸ (ਦਵੰਦਾਤਮਕ) ਪਦਾਰਥਵਾਦ ਤੇ ਕੰਮ ਸੀ। ਹੁਣ ਤੱਕ ਏਂਗਲਜ ਨੂੰ ਪਤਾ ਲੱਗ ਗਿਆ ਸੀ ਕਿ ਚੇਤਨਾ ਮਨੁੱਖੀ ਦਿਮਾਗ ਦੀ ਪੈਦਾਵਾਰ ਹੁੰਦੀ ਹੈ ਅਤੇ ਮਨੁੱਖ ਕੁਦਰਤ ਦੀ ਪੈਦਾਵਾਰ ਹੈ ਤੇ ਵਿਚਾਰ ਪਦਾਰਥਵਾਦੀ ਸੰਸਾਰ ਦਾ ਅਕਸ ਹੈ। ਏਂਗਲਜ ਨੇ ਡੂਹਰਿੰਗ ਦੇ ਕੱਚੇ ਪਿੱਲੇ ਵਿਚਾਰਾਂ ਦਾ ਦਵੰਦਾਤਮਕ ਪਦਾਰਥਵਾਦ ਦੇ ਬੁਨਿਆਦੀ ਸਿਧਾਤਾਂ ਨਾਲ ਖੰਡਨ ਕੀਤਾ। ਏਂਗਲਜ ਲਿਖਦਾ ਹੈ, ਦਾਰਸ਼ਨਿਕ ਸਿੱਟੇ ਆਰੰਭਿਕ ਬਿੰਦੂ ਨਹੀਂ ਸਗੋਂ ਕਿਸੇ ਵੀ ਖੋਜ ਦਾ ਫਲ ਹੁੰਦੇ ਹਨ। ਕੁਦਰਤ ਅਤੇ ਇਤਿਹਾਸ ਇੰਨਾਂ ਸਿਧਾਤਾਂ ਦੇ ਅਨੁਕੂਲ ਨਹੀਂ ਹੁੰਦੇ, ਸਗੋਂ ਸਿਧਾਂਤ ਉਦੋਂ ਤੱਕ ਹੀ ਸਹੀ ਹੁੰਦੇ ਹਨ, ਜਦ ਤੱਕ ਉਹ ਕੁਦਰਤ ਤੇ ਇਤਿਹਾਸ ਦੇ ਅਨੁਕੂਲ ਹੁੰਦੇ ਹਨ।
ਏਂਗਲਜ ਲਿਖਦਾ ਹੈ, ਸਥੂਲ ਵਿਗਿਆਨਾਂ ਦੇ ਵਧਣ ਫੁੱਲਣ ਅਤੇ ਦਵੰਦਾਤਮਕ ਪਦਾਰਥਵਾਦ ਦੇ ਜਨਮ ਨਾਲ ਦਰਸ਼ਨ, ਜੋ ਹਮੇਸ਼ਾ ਦੂਜੇ ਵਿਗਿਆਨਾਂ ਦੇ ਉੱਪਰ ਖੜੋਂਦਾ ਹੈ, ਬੇਲੋੜਾ ਹੋ ਜਾਂਦਾ ਹੈ। ਏਂਗਲਜ ਡੂਹਰਿੰਗ ਦੀ ਪਦਾਰਥ ਨੂੰ ਗਤੀ ਨਾਲੋਂ ਵੱਖ ਕਰਨ ਦੇ ਜਵਾਬ ਤੇ ਸੋਧ ਚ ਗਤੀ ਦੀ ਮਹਾਨਤਾ ਦੱਸਦਾ ਕਹਿੰਦਾ ਹੈ, ਗਤੀ ਪਦਾਰਥ ਦੀ ਹੋਂਦ ਵਿਧੀ ਹੈ। ਉਸ ਨੇ ਦਰਸ਼ਨ ਚ ਹੁੰਦੇ ਵਿਗਾੜਾਂ ਨੂੰ ਠੀਕ ਕਰਨ ਦਾ ਜਿੰਮਾਂ ਚੁੱਕਿਆ। ਉਹ ਪੁਲਾੜ ਤੇ ਸਮੇਂ ਬਾਰੇ ਡੂਹਰਿੰਗ ਨੂੰ ਜਵਾਬ ਦਿੰਦਾ ਹੈ, ਸਮਾਂ ਤੇ ਪੁਲਾੜ ਪਦਾਰਥ ਦੀ ਹੋਂਦ ਦੇ ਮੁੱਖ ਰੂਪ ਹਨ ਅਤੇ ਸਮੇਂ ਵਿਹੂਣਾ ਹੋਣਾ ਓਨੀ ਹੀ ਘੋਰ ਨਿਰਾਰਥਕਤਾ ਹੈ, ਜਿੰਨਾਂ ਕਿ ਪੁਲਾੜ ਵਿਹੂਣਾ ਹੋਣਾ। ਏਂਗਲਜ ਵਿਰੋਧਤਾਈਆਂ ਨੂੰ ਗਤੀ ਤੇ ਵਿਕਾਸ ਦਾ ਲੱਛਣ ਮੰਨਦਾ ਹੈ। ਉਹ ਲਿਖਦਾ ਹੈ, ਜਿੰਨ੍ਹਾਂ ਚਿਰ ਅਸੀਂ ਚੀਜ਼ਾਂ ਨੂੰ ਅਹਿਲ ਤੇ ਬੇਜਾਨ ਇਕੱਲੀਆਂ-ਇਕੱਲੀਆਂ ਸਮਝਾਂਗੇ, ਇੱਕ ਦੂਜੀ ਦੇ ਨਾਲ ਨਾਲ ਤੇ ਬੇਜਾਨ ਸਮਝਾਂਗੇ, ਉਨ੍ਹਾਂ ਚਿਰ ਸਾਨੂੰ ਉਨ੍ਹਾਂ ਚ ਕੋਈ ਵੀ ਵਿਰੋਧਤਾ ਨਜਰ ਨਜ਼ਰ ਨਹੀਂ ਆਉਂਦੀ.......... ਪਰ ਸਥਿਤੀ ਉਸ ਵੇਲੇ ਬਿਲਕੁਲ ਵੱਖਰੀ ਹੁੰਦੀ ਹੈ ਜਦੋਂ ਅਸੀਂ ਚੀਜ਼ਾਂ ਨੂੰ ਉਨ੍ਹਾਂ ਦੀ ਗਤੀ ਵਿੱਚ, ਪਰਿਵਰਤਨ ਵਿੱਚ, ਜੀਵਨ ਵਿੱਚ ਤੇ ਇੱਕ ਦੂਜੀ ਤੇ ਪ੍ਰਭਾਵ ਪਾਉਂਦੀਆਂ ਵੇਖਦੇ ਹਾਂ। ਫਿਰ ਅਸੀਂ ਤੁਰੰਤ ਵਿਰੋਧਤਾਈਆਂ ਚ ਫਸ ਜਾਂਦੇ ਹਾਂ ਤੇ ਇਹ ਗਤੀ ਦੀ ਵਿਰੋਧਤਾਈ ਦਾ ਹੀ ਨਤੀਜਾ ਹੁੰਦਾ ਹੈ।
ਏਂਗਲਜ ਮਾਤਰਾਤਮਕ ਤੋਂ ਗੁਣਾਤਮਕ ਤਬਦੀਲੀ ਦੇ ਵਿਕਾਸ ਨੂੰ ਕੁੱਦਣ ਵਾਲਾ ਅਮਲ ਦੱਸਦਾ ਹੈ। ਇਸ ਤਰ੍ਹਾਂ ਪੁਰਾਣਾ ਗੁਣ ਨਵਾਂ ਬਣ ਜਾਂਦਾ ਹੈ, ਮੱਦਮਤਾ ਵਿੱਚ ਰੁਕਾਵਟ ਆ ਜਾਂਦੀ ਹੈ ਤੇ ਵਿਕਾਸ ਚ ਮੋੜ ਬਿੰਦੂ ਬਣ ਜਾਂਦਾ ਹੈ। ਫਿਰ ਉਹ ਨਿਖੇਧੀ ਦੇ ਨਿਖੇਧ ਨਿਯਮ ਨੂੰ ਕੁਦਰਤ ਅਤੇ ਸਮਾਜ ਚ ਪੂਰਨ ਲਾਗੂ ਕਰਦਾ ਹੈ। ਉਹ ਦੱਸਦਾ ਹੈ ਕਿ ਹਰ ਵੱਖਰੇ ਮੁਆਂਮਲੇ ਅਤੇ ਹਰ ਖਾਸ ਅਮਲ ਦਾ ਉਸ ਦੇ ਖਾਸ ਦੁਆਰਾ ਬਣਾਇਆ ਨਿਖੇਧ ਦਾ ਖਾਸ ਰੂਪ ਹੁੰਦਾ ਹੈ। ਫਿਰ ਉਹ ਖਾਸ ਰੂਪ ਅੱਗੇ ਨਵੇਂ ਨਿਖੇਧ ਨੂੰ ਜਨਮ ਦਿੰਦਾ ਹੈ, ਤੇ ਉਹ ਫਿਰ ਅਗਲੇ ਨੂੰ। ਉਹ ਕਹਿੰਦਾ ਹੈ, ਨਿਖੇਧੀ ਦੀ ਨਿਖੇਧੀ ਦਾ ਅਰਥ ਨਾ ਸਿਰਫ ਰੂਪ ਵਿੱਚ ਵਿਕਾਸ ਅਤੇ ਨਿਸ਼ਚਿਤ ਤਬਦੀਲੀ, ਸਗੋਂ ਨਵੇਨ ਗੁਣਾਤਮਕ ਢਾਂਚੇ ਦੇ ਪੈਦਾ ਹੋਣ ਨਾਲ ਵਿਸ਼ੇ ਦਾ ਵਿਕਾਸ ਅਤੇ ਨਿਸ਼ਚਿਤ ਤਬਦੀਲੀ ਵੀ ਹੁੰਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਪੌਦਾ ਪਰਿਵਰਤਨ ਚੱਕਰ ਚ ਉੱਗਣ ਤੋਂ ਲੈ ਕੇ ਪੌਦੇ ਦੀ ਮੌਤ ਤੱਕ ਇਸੇ ਸਿਧਾਂਤ ਨੂੰ ਦਰਸਾਉਂਦਾ ਹੈ।
ਏਂਗਲਜ ਦਵੰਦਾਤਮਕ ਪਦਾਰਥਵਾਦ ਤੇ ਕੁਦਰਤੀ ਸਾਇੰਸ ਤੇ ਚਾਨਣਾ ਪਾਉਂਦਾ ਲਿਖਦਾ ਹੈ, ਕੁਦਰਤ ਤਰਕ ਵਿਗਿਆਨ ਦਾ ਸਬੂਤ ਹੈ ਤੇ ਆਧੁਨਿਕ ਵਿਗਿਆਨ ਦਿਨ ਪ੍ਰਤੀ ਦਿਨ ਇਸ ਦੇ ਸਬੂਤਾਂ ਨੂੰ ਵੱਡਾ ਕਰਨ ਦਾ ਕੰਮ ਕਰ ਰਹੀ ਹੈ ਤੇ ਆਖਰ ਚ ਇਹ ਦੱਸਦਾ ਹੈ ਕਿ ਕੁਦਰਤ ਅਧਿਆਤਮਤਾ ਅਨੁਸਾਰ ਨਹੀਂ ਚਲਦੀ, ਸਗੋਂ ਤਰਕਸ਼ੀਲਤਾ, ਪਦਾਰਥਕ ਕਾਰਨਾਂ ਕਰ ਕੇ ਚਲਦੀ ਹੈ। ਗੱਲ੍ਹ ਨੂੰ ਅੱਗੇ ਤੋਰਦਿਆਂ ਉਹ ਲਿਖਦਾ ਹੈ, ਦੁਨੀਆਂ ਦੀ ਤਰ੍ਹਾਂ ਜਿਸ ਤਰ੍ਹਾਂ ਇਹ ਨਜ਼ਰ ਆਉਂਦੀ ਹੈ, ਮਨੁੱਖੀ ਚੇਤਨਾ ਅਮੁੱਕ ਵਿਕਾਸ ਦੀ ਹਾਲਤ ਚ ਹੈ। ਉਹ ਜ਼ੋਰ ਦਿੰਦਾ ਹੈ ਕਿ ਅੰਦਰੂਨੀ ਤਰਕਸ਼ੀਲ ਵਿਰੋਧਤਾਈ ਸਾਰੇ ਗਿਆਨ ਦੀ ਜੜ੍ਹ ਹੈ। ਗਿਆਨ ਜੋ ਇਸ ਦੀ ਅੰਤਹੀਣ ਗਤੀ ਦੇ ਸਾਧਨ ਵਜੋਂ ਕੰਮ ਕਰਦਾ ਹੈ।ਮਨੁੱਖੀ ਸੋਚਣੀ ਦਾ ਇਹ ਲੱਛਣੀ ਪੱਖ ਹੈ ਇਹ ਦੁਨੀਆਂ ਦੇ ਪੂਰੇ ਅਤੇ ਵਿਸਤ੍ਰਿਤ ਗਿਆਨ ਲਈ ਅਤੇ ਪੂਰਨ ਸੱਚਾਈ ਪ੍ਰਾਪਤ ਕਰਨ ਲਈ ਯਤਨਸ਼ੀਲ ਹੋਵੇ। ਫਿਰ ਵੀ ਕਿਉਂਕਿ ਦੁਨੀਆ ਲਗਾਤਾਰ ਵਿਕਾਸ ਕਰਦੀ ਹੈ ਅਤੇ ਸਾਡੀ ਬੌਧਿਕ ਯੋਗਤਾ ਵੀ ਲਗਾਤਾਰ ਵੱਧਦੀ ਹੈ, ਇਸ ਲਈ ਪੂਰਨ ਤੇ ਮੁਕੰਮਲ ਸੱਚ ਦੀ ਜਾਣਕਾਰੀ ਅਸਲ ਚ ਅਨਿਸ਼ਚਿਤ ਹੈ। ਪੂਰਨ ਸੱਚ ਆਂਸ਼ਿਕ ਤੌਰ ਤੇ ਸੰਬੰਧਤ ਸੱਚਾਂ ਦਾ ਇਕੱਠ ਹੈ। ਉਹ ਸੱਚਾਈਆਂ ਪੌੜੀ ਦੇ ਡੰਡੇ ਹਨ, ਜਿੰਨ੍ਹਾਂ ਰਾਂਹੀ ਆਦਮੀ ਪੂਰਨ ਸੱਚ ਤੱਕ ਅਪੜ੍ਹਨ ਦੀ ਕੋਸ਼ਿਸ਼ ਕਰਦਾ ਹੈ।
ਹੁਣ ਹਰ ਰੋਜ਼ ਏਂਗਲਜ, ਮਾਰਕਸ ਤੇ ਦੂਜੇ ਸਾਥੀਆਂ ਨਾਲ ਮਿਲਕੇ ਵਿਗਿਆਨਿਕ ਸਮਾਜਵਾਦ ਵੱਲ ਤੇਜੀ ਨਾਲ ਵਧਦੇ। ਇਸ ਸਮੇਂ ਹੀ 12 ਸਤੰਬਰ 1878 ਨੂੰ ਏਂਗਲਜ ਦੀ ਪਤਨੀ ਲਿਜ਼ੀ ਦੀ ਮੌਤ ਹੋ ਗਈ। ਕਈ ਸਮੇਂ ਬਾਅਦ ਏਂਗਲਜ ਲਿਖਦਾ ਹੈ, ਮੇਰੀ ਪਤਨੀ ਸੱਚੀ ਆਈਰਸ਼ ਪ੍ਰੋਲਤਾਈ ਸੀ ਅਤੇ ਉਸ ਦੀ ਆਪਣੀ ਜਮਾਤ ਪ੍ਰਤੀ ਤੀਬਰ ਜਮਾਂਦਰੂ ਭਾਵਨਾ ਮੇਰੇ ਲਈ ਵੱਡਮੁੱਲੀ ਸੀ। ਉਸ ਨੇ ਮੇਰੀ ਬੁਰਜੂਆਜ਼ੀ ਦੀਆਂ ਪੜ੍ਹੀਆਂ ਅਤੇ ਸਮਝਦਾਰ ਪਤਰੀਆਂ ਦੀ ਨਜ਼ਾਕਤ ਅਤੇ ਪੋਚਿਆਂ ਦੀ ਤੁਲਨਾ ਨਾਲ ਬਹੁਤ ਚੰਗੇ ਢੰਗ ਨਾਲ ਸਹਾਇਤਾ ਕੀਤੀ।
ਉਮਰ ਦੇ ਵਧਣ ਨਾਲ ਕੰਮ ਵਧਦੇ ਗਏ। ਏਂਗਲਜ ਨੇ ਵੱਡਾ ਵਿਗਿਅਨਿਕ ਕਾਰਨਾਮਾ ਡਾਈਲੈਕਟਿਕਸ ਆਫ਼ ਦੀ ਨੇਚਰ ਚ ਪਦਾਰਥ ਦੀ ਗਤੀ ਦੇ ਮੁਢਲੇ ਰੂਪਾਂ ਅਤੇ ਵਿਗਿਆਨਾਂ ਦਾ ਵਰਗੀਕਰਨ ਸੀ। ਪਦਾਰਥ ਦੀ ਗਤੀ ਦੋ ਰੂਪਾਂ ਨੀਵੀਂ ਮਕਾਨਕੀ ਗਤੀ ਤੋਂ ਲੈ ਕੇ ਉੱਚੀ ਸੋਚਣੀ ਗਤੀ । ਮਾਰਕਸ ਦੀ ਬਿਮਾਰੀ ਕਾਰਣ ਸਾਰਾ ਭਾਰ ਹੁਣ ਏਂਗਲਜ ਦੇ ਮੋਢਿਆਂ ਤੇ ਸੀ। ਏਂਗਲਜ ਨੇ ਵੱਖ-ਵੱਖ ਦੇਸ਼ਾਂ ਦੇ ਸ਼ੋਸ਼ਲਿਸਟਾਂ ਨਾਲ ਸੰਪਰਕ ਬਣਾਈ ਰੱਖੇ। ਚਿੱਠੀ ਪੱਤਰ ਚਲਦਾ ਰਹਿੰਦਾ ਤੇ ਅਖਬਾਰਾਂ ਨੂੰ ਲਿਖਣ ਦਾ ਕੰਮ ਵੀ ਏਂਗਲਜ ਬਾਖੂਬੀ ਨਿਭਾ ਰਿਹਾ ਸੀ।
1880 ਚ ਜੈਨੀ ਮਾਰਕਸ ਬਿਮਾਰ ਪੈ ਗਈ। ਉਸ ਨੂੰ ਜਿਗਰ ਦਾ ਕੈਂਸਰ ਸੀ। ਪਤਚੜ ਦੀ ਰੁੱਤ ਚ ਜੈਨੀ ਦੀ ਸਿਹਤ ਹੋਰ ਵਿਗੜ ਗਈ ਤੇ ਮਾਰਕਸ ਵੀ ਬਿਮਾਰ ਹੋ ਗਿਆ। ਇੱਕ ਮਹੀਨੇ ਚ ਹੀ ਜੈਨੀ ਨੇ ਸਵਾਸ ਤਿਆਗ ਦਿੱਤੇ ਅਤੇ ਮਾਰਕਸ ਵੀ ਬਿਸਤਰਾ ਮੱਲ ਕੇ ਬੈਠ ਗਿਆ ਤੇ ਜੈਨੀ ਦੇ ਜਨਾਜੇ ਚ ਵੀ ਨਾ ਜਾ ਸਕਿਆ। ਏਂਗਲਜ ਨੂੰ ਜੈਨੀ ਦੀ ਮੌਤ ਦਾ ਬੜਾ ਗਮ ਲਗਾ। ਜਿਸ ਬਾਰੇ ਉਹ ਲਿਖਦਾ ਹੈ, ਮੈਨੂੰ ਉਸਦੀਆਂ ਨੇਕੀਆਂ ਬਾਰੇ ਗੱਲ ਕਰਨ ਦੀ ਕੋਈ ਲੋੜ ਨਹੀਂ, ਉਸ ਦੇ ਮਿੱਤਰ ਉਨ੍ਹਾਂ ਤੋਂ ਜਾਣੂ ਹਨ ਤੇ ਕਦੇ ਭੁਲਾ ਨਹੀਂ ਸਕਦੇ। ਜੇ ਕੋਈ ਅਜਿਹੀ ਔਰਤ ਹੋਈ ਹੈ ਜੋ ਦੂਜਿਆਂ ਦੀ ਖੁਸ਼ੀ ਚ ਅਤਿ ਖੁਸ਼ੀ ਪ੍ਰਾਪਤ ਕਰਦੀ ਸੀ ਤਾਂ ਉਹ ਇਹੋ ਔਰਤ ਸੀ। ਫਿਰ 14 ਮਾਰਚ ਨੂੰ ਜਦ ਏਂਗਲਜ ਆਮ ਵਾਂਗ ਮਾਰਕਸ ਨੂੰ ਦੇਖਣ ਉਸ ਦੇ ਘਰ, ਉਸ ਦੇ ਅਧਿਐਨ ਕਮਰੇ ਚ ਗਿਆ ਤਾਂ ਉਸ ਨੇ ਮਾਰਕਸ ਨੂੰ ਸਾਰੀ ਦੁਨੀਆਂ ਦੇ ਕਾਮਾ ਵਰਗ ਤੋਂ ਹਮੇਸ਼ਾ ਲਈ ਵਿਛੜਿਆ ਪਾਇਆ। ਅਗਲੇ ਦਿਨ ਉਸ ਨੇ ਜਾਨ ਬੈਂਕਰ ਨੂੰ ਚਿੱਠੀ ਲਿਖੀ, ਕੱਲ੍ਹ ਦੁਪਹਿਰ 2:45 ਮਿੰਟ ਤੇ ਉਹ ਦੋ ਮਿੰਟਾਂ ਚ ਹੀ ਇਕੱਲਾ ਤੁਰ ਗਿਆ, ਅਸਾਂ ਉਸ ਨੂੰ ਬਾਂਹਾਂ ਵਾਲੀ ਕੁਰਸੀ ਚ ਖ਼ਾਮੋਸ਼ੀ ਨਾਲ ਸੁੱਤਿਆਂ ਦੇਖਿਆ ਪਰ ਉਹ ਮੁੜ ਨਹੀਂ ਸੀ ਜਾਗਣਾ। ਸਾਡੀ ਪਾਰਟੀ ਦੇ ਅਤਿ ਸ਼ਕਤੀਸ਼ਾਲੀ ਮਨ ਨੇ ਸੋਚਣਾ ਛੱਡ ਦਿੱਤਾ ਸੀ, ਮੇਰੀ ਜਾਣਕਾਰੀ ਦੇ ਸਭ ਤੋਂ ਪੱਕੇ ਦਿਲ ਨੇ ਧੜਕਣਾ ਛੱਡ ਦਿੱਤਾ ਸੀ। ਏਂਗਲਜ ਨੇ ਹੀ ਸਾਰੇ ਪੁਰਾਣੇ ਦੋਸਤਾਂ ਨੂੰ ਮਾਰਕਸ ਦੀ ਮੌਤ ਦੀ ਸੂਚਨਾ ਦਿੱਤੀ। ਤਿੰਨ ਦਿਨ ਬਾਅਦ 17 ਮਾਰਚ 1883 ਨੂੰ ਮਾਰਕਸ ਨੂੰ ਲੰਡਨ ਦੇ ਹਾਈਗੇਟ ਕਬਰਸਤਾਨ ਚ ਆਪਣੀ ਪਤਨੀ ਦੀ ਕਬਰ ਨਾਲ ਦਫਨਾ ਦਿੱਤਾ ਗਿਆ। ਹੁਣ ਮਾਰਕਸ ਦੇ ਅਧੂਰੇ ਪਏ ਕੰਮ ਨੂੰ ਪੂਰਾ ਕਰਨਾ ਏਂਗਲਜ ਲਈ ਵੱਡੀ ਚੁਣੌਤੀ ਸੀ। ਖਾਸ ਤੌਰ ਤੇ ਅਧੂਰੇ ਪਏ ਸਰਮਾਇਆ ਦੀਆਂ ਦੂਜੀ ਤੇ ਤੀਜੀ ਜਿਲਦਾਂ ਨੂੰ, ਮਾਰਕਸ ਦੇ ਨੋਟਾਂ ਚੋਂ ਲਭ ਕੇ ਪੂਰਾ ਕਰਨਾ। ਮਾਰਕਸ ਤੇ ਏਂਗਲਜ ਦੀ ਦੋਸਤੀ ਸਰਮਾਇਆ ਦੇ ਲੰਬੇ ਇਤਿਹਾਸ ਦਾ ਤੱਤ ਪੇਸ਼ ਕਰਦੀ ਹੈ। ਨਾਲ ਹੀ ਮਾਰਚ 1884 ਚ ਏਂਗਲਜ ਨੇ ਇਤਿਹਾਸਿਕ ਕਿਤਾਬ ਪਰਿਵਾਰ, ਨਿੱਜੀ ਸੰਪਤੀ ਤੇ ਰਾਜ ਦਾ ਮੁੱਢ ਦੁਨੀਆ ਦੇ ਕਿਰਤੀਆਂ ਨੂੰ ਦਿੱਤੀ।
ਜਿੰਦਗੀ ਦੇ ਅੰਤਲੇ ਸਮੇਂ ਵੀ ਏਂਗਲਜ ਕਿਰਤੀਆਂ ਦੀ ਜਿੰਦਗੀ ਸੌਖੀ ਕਰਨ ਲਈ ਹੀ ਕੰਮ ਕਰਦਾ ਰਿਹਾ। ਉਹ ਲਿਖਦਾ ਹੈ, ਜਿੰਨੇ ਸਾਲ ਮੈਂ ਹੁਣ ਜੀ ਸਕਦਾ ਹਾਂ ਅਤੇ ਜਿੰਨੀ ਕੁ ਸ਼ਕਤੀ ਮੈਂ ਹੁਣ ਬਟੋਰ ਸਕਦਾ ਹਾਂ, ਹਮੇਸ਼ਾ ਉਸ ਮਹਾਨ ਕਾਰਜ ਦੇ ਅਰਪਣ ਹੋਵਗੀ ਜਿਸ ਦੀ ਮੈਂ ਲਗਭਗ ਪੰਜਾਹ ਸਾਮ ਸੇਵਾ ਕੀਤੀ- ਅੰਤਰਰਾਸ਼ਟਰੀ ਪ੍ਰੋਲੇਤਾਰੀ ਦਾ ਕਾਰਜ। ਏਂਗਲਜ ਨੇ ਆਖਰ ਤੱਕ ਇਹ ਜ਼ਜ਼ਬਾ ਕਾਇਮ ਰੱਖਿਆ।ਏਂਗਲਜ ਨੂੰ ਹਮੇਸ਼ਾ ਹੀ ਸਲਾਹ ਲਈ ਮਿਲਿਆ ਜਾ ਸਕਦਾ ਸੀ। ਅਕਤੂਬਰ 1894 ਦੇ ਸ਼ੁਰੂ ਚ ਏਂਗਲਜ 122 ਰੀਜੈਂਟ ਸਟਰੀਟ ਪਾਰਕ ਰੋਡ ਤੋਂ ਮਕਾਨ ਨੰਬਰ 41 ਚ ਆ ਗਿਆ। ਮਾਰਚ 1895 ਤੋਂ ਉਸ ਦੀ ਸਿਹਤ ਵਿਗੜਨ ਲਗੀ। ਉਸ ਨੂੰ ਕੈਂਸਰ ਸੀ। ਫਿਰ ਵੀ ਉਸ ਨੇ ਪੁਰਾਣੇ ਰੌਂਅ ਚ ਹੀ ਕੰਮ ਜਾਰੀ ਰੱਖਿਆ ਤੇ ਅੰਤ 5 ਅਗਸਤ 1895 ਨੂੰ ਰਾਤ 10 ਵੱਜ ਕੇ 30 ਮਿੰਟ ਤੇ ਉਸ ਦੀ ਮੌਤ ਹੋ ਗਈ। ਉਸ ਨੇ ਇੱਕ ਲੰਬਾ, ਘਟਨਾ ਭਰਪੂਰ ਅਤੇ ਪੂਰਨ ਜੀਵਨ ਜੀਵਿਆ। ਉਸ ਦੀ ਇੱਛਾ ਮੁਤਾਬਿਕ ਜੋ ਉਸ ਦੀ ਵਸੀਅਤ ਚ ਵੀ ਦਰਜ ਹੈ, ਉਸ ਦੇ ਸ਼ਰੀਰ ਨੂੰ ਜਲਾਇਆ ਗਿਆ ਤੇ ਅਸਥੀਆਂ ਨੂੰ ਬੋਰਨ ਚ ਸਮੁੰਦਰ ਚ ਪ੍ਰਵਾਹਿਤ ਕੀਤਾ ਗਿਆ। ਏਂਗਲਜ ਸਾਡੇ ਸਾਹਮਣੇ ਇੱਕ ਸਿਧਾਂਤਕਾਰ ਤੇ ਵਿਧੀਕਾਰ ਵਜੋਂ ਖੜਾ ਹੈ। ਉਸ ਨੇ ਹਰ ਖੇਤਰ ਚ ਉਸ ਨੇ ਆਮ ਸੰਕਲਪਾਂ, ਸਿਧਾਂਤਾਂ ਅਤੇ ਖਿਆਲੀ ਮਨੌਤਾਂ ਦਾ ਤਜਰਬੇ ਅਤੇ ਹਿਸਾਬੀ ਗਿਣਤੀ ਨਾਲ ਵਿਰੋਧਵਿਕਾਸ ਕੀਤਾ। ਸਾਨੂੰ ਲੋੜ ਹੈ ਉਸ ਤੋਂ ਸਿਖਿਆ ਲੈਣ ਦੀ ਤਾਂ ਜੋ ਕਰਤੀਆਂ ਦਾ ਰਾਜ ਸਥਾਪਿਤ ਕੀਤਾ ਜਾ ਸਕੇ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346