Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਜਦੋਂ ਸਥਾਪਤੀ ਦਾ ਤੋਤਾ ਮੇਰੇ ਸਿਰ ਤੇ ਅਚਾਣਕ ਆ ਬੈਠਾ

 

- ਅਜਮੇਰ ਸਿੰਘ ਔਲਖ

ਨੌਂ ਬਾਰਾਂ ਦਸ

 

- ਵਰਿਆਮ ਸਿੰਘ ਸੰਧੂ

ਮੇਰੀ ਫਿਲਮੀ ਆਤਮਕਥਾ

 

- ਬਲਰਾਜ ਸਾਹਨੀ

ਦੇਖ ਕਬੀਰਾ

 

- ਕਿਰਪਾਲ ਕਜ਼ਾਕ

ਲੋਕ-ਸੰਗੀਤ ਦੀ ਸੁਰੀਲੀ ਤੰਦ-ਅਮਰਜੀਤ ਗੁਰਦਾਸਪੁਰੀ

 

- ਗੁਰਭਜਨ ਗਿੱਲ

ਆਪਣੀ ਪੀੜ

 

-  ਹਰਪ੍ਰੀਤ ਸੇਖਾ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਨਾਵਲ ਅੰਸ਼ / ਅਰੂੜ ਸਿੰਘ ਹਿੰਦੁਸਤਾਨ ਵਿਚ

 

- ਹਰਜੀਤ ਅਟਵਾਲ

ਬਾਗੀ ਹੋ ਜਾਣ ਦੇ ਮਾਣਯੋਗ ਰਾਹੀਂ ਤੁਰਦਿਆਂ

 

- ਡਾ.ਸੁਰਿੰਦਰ ਮੰਡ

ਸੁਰ ਦੀ ਚੋਟ

 

- ਇਕਬਾਲ ਮਾਹਲ

ਝੂਠ ਸਭ ਝੂਠ

 

- ਚਰਨਜੀਤ ਸਿੰਘ ਪੰਨੂ

 'ਸ਼ਹਿਣਸ਼ੀਲਤਾ'

 

- ਹਰਜਿੰਦਰ ਗੁਲਪੁਰ

ਗਜ਼ਲ

 

- ਹਰਚੰਦ ਸਿੰਘ ਬਾਸੀ

ਫਰੈਡਰਿਕ ਏਂਗਲਜ ਨੂੰ ਯਾਦ ਕਰਦਿਆਂ.......

 

- ਪਰਮ ਪੜਤੇਵਾਲਾ

ਛੰਦ ਪਰਾਗੇ ਤੇ ਕਵਿਤਾ

 

- ਗੁਰਨਾਮ ਢਿੱਲੋਂ

ਗੁਰੂ ਨਾਲ਼ ਸੰਵਾਦ

 

- ਗੁਰਲਾਲ ਸਿੰਘ ਬਰਾੜ

ਕਹਾਣੀ / ਅਸਲ ਰੋਸ

 

- ਗੁਰਬਾਜ ਸਿੰਘ

 
Online Punjabi Magazine Seerat


ਨਾਵਲ ਅੰਸ਼
ਅਰੂੜ ਸਿੰਘ ਹਿੰਦੁਸਤਾਨ ਵਿਚ
- ਹਰਜੀਤ ਅਟਵਾਲ
 

 

ਇਕ ਲੰਮੇ ਉਚੇ ਤੇ ਸਿਹਤਵੰਦ ਸਿੱਖ ਨੇ ਜੇ. ਸੀ. ਮਿੱਤਰ ਦਾ ਸ਼ਾਮ ਵੇਲੇ ਦਰਵਾਜ਼ਾ ਜਾ ਖੜਕਾਇਆ। ਨੌਕਰ ਨੇ ਦਰਵਾਜ਼ਾ ਖੋਹਲਿਆ ਤੇ ਕੁਝ ਕਹੇ ਬਿਨਾਂ ਹੀ ਉਹ ਅੰਦਰ ਵਲ ਦੌੜ ਗਿਆ ਕਿ ਜਿਵੇਂ ਮੇਜ਼ਬਾਨ ਇਸ ਮਹਿਮਾਨ ਦੀ ਉਡੀਕ ਹੀ ਕਰ ਰਿਹਾ ਹੋਵੇ। ਫਿਰ ਅੰਦਰੋਂ ਇਕ ਹਲਕੀ ਜਿਹੀ ਵਿੱਤ ਦਾ ਬੰਗਾਲੀ ਬਾਬੂ ਆਇਆ ਤੇ ਇਕ ਸ਼ੀਸ਼ੇ ਵਾਲੀ ਐਨਕ ਰਾਹੀਂ ਪੱਛਾਨਣ ਦੀ ਕੋਸਿ਼ਸ਼ ਕਰਨ ਲਗਿਆ। ਆਉਣ ਵਾਲਾ ਮਹਿਮਾਨ ਸੋਚ ਰਿਹਾ ਸੀ ਕਿ ਇਸ ਬੰਦੇ ਦੀ ਉਮਰ ਏਨੀ ਤਾਂ ਨਹੀਂ ਲਗਦੀ। ਕਿਤੇ ਇਹ ਐਨਕ ਲਾਉਣ ਦਾ ਕਾਰਨ ਕੋਈ ਬਹਾਨਾ ਜਾਂ ਝੂਠ ਹੀ ਨਾ ਹੋਵੇ ਪਰ ਉਸ ਨੇ ਇਸ ਬਾਰੇ ਸੋਚਣਾ ਬੰਦ ਕਰ ਦਿਤਾ ਤੇ ਮੇਜ਼ਬਾਨ ਵਲ ਹੱਥ ਵਧਾਉਂਦਾ ਅੰਗਰੇਜ਼ੀ ਵਿਚ ਬੋਲਿਆ,
ਮੈਂ ਅਰੂੜ ਸਿੰਘ।
ਓ, ਬਾਬੂ ਮੋਸ਼ਾਏ, ਮੈਂ ਤੁਹਾਡੀ ਈ ਉਡੀਕ ਕਰ ਰਿਹਾ ਸੀ। ਮੈਂ ਜੇ. ਸੀ. ਮਿੱਤਰ ਹਾਂ, ਅੰਦਰ ਲੰਘ ਆਓ।
ਰਲੀ-ਮਿਲੀ ਹਿੰਦੀ ਤੇ ਬੰਗਾਲੀ ਵਿਚ ਕਹਿੰਦਿਆਂ ਉਸ ਨੇ ਅਰੂੜ ਸਿੰਘ ਨਾਲ ਹੱਥ ਮਿਲਾਇਆ ਤੇ ਫਿਰ ਨੌਕਰ ਨੂੰ ਉਸ ਦਾ ਸਮਾਨ ਅੰਦਰ ਲੈ ਆਉਣ ਲਈ ਕਿਹਾ। ਸਮਾਨ ਵੀ ਵਾਹਵਾ ਸਾਰਾ ਸੀ। ਜੇ. ਸੀ. ਮਿੱਤਰ ਅਰੂੜ ਸਿੰਘ ਦੇ ਮੁਹਰੇ ਤੁਰਦਾ ਉਸ ਨੂੰ ਸਫਰ ਵਿਚ ਹੁੰਦੀ ਬੇਅਰਾਮੀ ਬਾਰੇ ਗੱਲਾਂ ਕਰਦਾ ਗਿਆ। ਉਹ ਦੋਵੇਂ ਇਕ ਵੱਡੇ ਕਮਰੇ ਵਿਚ ਪੁੱਜ ਗਏ ਤੇ ਮੇਜ਼ਬਾਨ ਨੇ ਮਹਿਮਾਨ ਨੂੰ ਇਕ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਉਸ ਦੇ ਸਾਹਮਣੇ ਆਪ ਵੀ ਬੈਠ ਗਿਆ। ਜਦ ਤਕ ਇਕ ਨੌਕਰਾਣੀ ਪੀਣ ਲਈ ਠੰਡਾ ਸ਼ਰਬਤ ਲੈ ਆਈ। ਕੁਝ ਪਲ ਹੋਰ ਗੱਲਾਂ ਹੋਈਆਂ ਤੇ ਫਿਰ ਜੇ. ਸੀ. ਮਿੱਤਰ ਨੇ ਕਿਹਾ,
ਕੋਈ ਸਬੂਤ ਦਿਓ ਕਿ ਤੁਸੀਂ ਅਰੂੜ ਸਿੰਘ ਈ ਓ।
ਅਰੂੜ ਸਿੰਘ ਨੇ ਉਸ ਨੂੰ ਕੁਝ ਖਤ ਦਿਖਾਏ ਜਿਸ ਉਪਰ ਸ਼ੇਰ ਤੇ ਤਾਜ ਦੀ ਮੋਹਰ ਲਗੀ ਹੋਈ ਸੀ ਜੋ ਕਿ ਦਲੀਪ ਸਿੰਘ ਮਹਾਂਰਾਜਾ ਦੀ ਹੀ ਸੀ। ਜੇ. ਸੀ. ਮਿੱਤਰ ਨੂੰ ਵੀ ਮਹਾਂਰਾਜੇ ਦੀਆਂ ਚਿੱਠੀਆਂ ਆਈਆਂ ਪਈਆਂ ਸਨ ਉਸ ਨੇ ਵੀ ਸਬੂਤ ਵਜੋਂ ਉਹ ਅਰੂੜ ਸਿੰਘ ਸਾਹਮਣੇ ਪੇਸ਼ ਕਰ ਦਿਤੀਆਂ ਤੇ ਕਿਹਾ,
ਸਰਦਾਰ ਜੀ, ਵੈਸੇ ਤੁਹਾਨੂੰ ਤਾਂ ਮੈਂ ਤੁਹਾਡੇ ਅੰਗਰੇਜ਼ਾਂ ਵਾਲੀ ਅੰਗਰੇਜ਼ੀ ਦੇ ਲਹਿਜ਼ੇ ਤੋਂ ਹੀ ਪੱਛਾਣ ਗਿਆ ਸੀ ਪਰ ਤੁਹਾਨੂੰ ਪਤਾ ਏ ਕਿ ਅਜਕਲ ਗੁਪਤਚਰ ਥਾਂ ਥਾਂ ਘੁੰਮ ਰਹੇ ਨੇ ਤੇ ਅਸੀਂ ਠਹਿਰੇ ਪੁਲੀਸ ਵਾਲੇ ਤੇ ਸਾਡੇ ਉਪਰ ਸਖਤ ਨਜ਼ਰ ਰੱਖਦੇ ਨੇ ਇਸ ਲਈ ਹਰ ਗੱਲ ਦਾ ਬਹੁਤ ਹੀ ਧਿਆਨ ਰੱਖਣਾ ਪੈਂਦਾ ਏ।
ਜੇ. ਸੀ. ਮਿੱਤਰ ਨੇ ਮਹਾਂਰਾਜੇ ਨੂੰ ਇਕ ਚਿੱਠੀ ਲਿਖੀ ਸੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਉਸ ਬੰਗਾਲ ਦੀ ਪੁਲੀਸ ਵਿਚ ਕੰਮ ਕਰਦਾ ਹੈ ਪਰ ਆਪਣੇ ਦੇਸ਼ ਲਈ ਪੂਰੀ ਤਰ੍ਹਾਂ ਵਫਾਦਾਰ ਹੈ ਤੇ ਇਸ ਨੂੰ ਅਜ਼ਾਦ ਕਰਾਉਣਾ ਚਾਹੁੰਦਾ ਹੈ, ਉਸ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਬੰਗਾਲੀ ਪੁਲੀਸ ਵਿਚ ਸ਼ਾਮਲ ਹਨ ਪਰ ਸਾਰੇ ਚੁੱਪ ਹਨ, ਹੁਣ ਦਲੀਪ ਸਿੰਘ ਦੀ ਰਹਿਨੁਮਾਈ ਵਿਚ ਇਕੱਠੇ ਹੋਣ ਲਈ ਤਿਆਰ ਹਨ ਤੇ ਹਰ ਤਰ੍ਹਾਂ ਦੀ ਆਰਥਿਕ ਮੱਦਦ ਵਾਸਤੇ ਖੜੇ ਹਨ। ਮਹਾਂਰਾਜੇ ਨੇ ਉਸ ਨੂੰ ਅਰੂੜ ਸਿੰਘ ਦੇ ਹਿੁੰਦਸਤਾਨ ਆਉਣ ਬਾਰੇ ਸਾਰੀ ਤਫਸੀਲ ਲਿਖ ਦਿਤੀ ਹੋਈ ਸੀ ਤੇ ਅਰੂੜ ਸਿੰਘ ਨੂੰ ਵੀ ਜਾ ਕੇ ਉਸ ਨੂੰ ਮਿਲਣ ਦੀ ਹਿਦਾਇਤ ਸੀ। ਆਰਥਿਕ ਮੱਦਦ ਦੀ ਤਾਂ ਇਸ ਵੇਲੇ ਸਖਤ ਜ਼ਰੂਰਤ ਸੀ। ਹੁਣ ਤਕ ਉਹ ਦੋਵੇਂ ਇਕ ਦੂਜੇ ਤੇ ਪੂਰਾ ਯਕੀਨ ਕਰਦੇ ਹੋਏ ਦੇਸ਼ ਨੂੰ ਅਜ਼ਾਦ ਕਰਾਉਣ ਦੀਆਂ ਸਕੀਮਾਂ ਵਿਚ ਖੁੱਭ ਚੁੱਕੇ ਸਨ। ਅਰੂੜ ਸਿੰਘ ਸਾਰੀ ਗੱਲ ਉਸ ਨੂੰ ਨਹੀਂ ਸੀ ਦੱਸ ਰਿਹਾ ਤੇ ਸਾਰੀ ਗੱਲ ਪੁੱਛ ਵੀ ਨਹੀਂ ਸੀ ਰਿਹਾ। ਜੇ. ਸੀ. ਮਿੱਤਰ ਨੇ ਸ਼ਾਮ ਨੂੰ ਉਸ ਦੇ ਸਾਹਮਣੇ ਬਰਾਂਡੀ ਦੀ ਬੋਤਲ ਲਿਆ ਰੱਖੀ ਤੇ ਬੋਲਿਆ,
ਲੰਡਨ ਤੋਂ ਈ ਆਈ ਏ, ਅਸਲ ਵਿਚ ਕਈ ਵਾਰ ਮੇਰੀ ਡਿਉਟੀ ਕਸਟਮ ਵਿਚ ਹੁੰਦੀ ਏ ਤਾਂ ਲੋਕ ਦੇ ਜਾਂਦੇ ਨੇ, ਉਹਨਾਂ ਕੋਈ ਛੋਟੀ ਮੋਟੀ ਚੀਜ਼ ਲੰਘਾਉਣੀ ਹੁੰਦੀ ਏ ਤੇ ਬੋਤਲ ਫੜਾ ਜਾਂਦੇ ਨੇ, ਮੈਂ ਤੁਹਾਡੇ ਲਈ ਹੀ ਸੰਭਾਲ ਕੇ ਰੱਖੀ ਸੀ।
ਅਰੂੜ ਸਿੰਘ ਉਸ ਦਾ ਸ਼ੁਕਰੀਆ ਅਦਾ ਕਰਦਿਆਂ ਬਰਾਂਡੀ ਦੇ ਘੁੱਟ ਭਰਨ ਲਗਿਆ। ਥਕਾਵਟ ਹੋਈ ਹੋਣ ਕਰਕੇ ਉਸ ਨੇ ਦੋ ਪੈੱਗ ਕਾਹਲੀ ਨਾਲ ਹੀ ਪੀ ਲਏ। ਜੇ. ਸੀ. ਮਿੱਤਰ ਦੇ ਘਰ ਦੇ ਨਜ਼ਦੀਕ ਹੀ ਸਮੁੰਦਰ ਸੀ ਤੇ ਉਸ ਪਾਸਿਓਂ ਸਲੂਣੀ ਜਿਹੀ ਹਵਾ ਆ ਰਹੀ ਸੀ ਜੋ ਕਿ ਅਰੂੜ ਸਿੰਘ ਨੂੰ ਭੁੱਖ ਵੀ ਲਾ ਰਹੀ ਸੀ। ਗੱਲ ਨੂੰ ਸਮਝਦਿਆਂ ਮੇਜ਼ਬਾਨ ਨੇ ਜਲਦੀ ਹੀ ਖਾਣਾ ਲਗਵਾ ਦਿਤਾ। ਅਰੂੜ ਸਿੰਘ ਸਿੰਘ ਏਨੇ ਸਵਾਦੀ ਮੱਛ-ਚੌਲ ਪਹਿਲੀ ਵਾਰ ਖਾ ਰਿਹਾ ਸੀ। ਅਰੂੜ ਸਿੰਘ ਪੀ ਵੀ ਕੁਝ ਜਿ਼ਆਦਾ ਗਿਆ ਤੇ ਖਾ ਵੀ ਲੋੜ ਤੋਂ ਵਧ ਹੋ ਗਿਆ। ਉਸ ਨੂੰ ਜਲਦੀ ਹੀ ਨੀਂਦ ਆਉਣ ਲਗ ਪਈ। ਮੇਜ਼ਬਾਨ ਨੇ ਉਸ ਨੂੰ ਉਸ ਦਾ ਕਮਰਾ ਦਿਖਾ ਦਿਤਾ ਤੇ ਰਾਤ ਲਈ ਪਾਣੀ ਆਦਿ ਦਾ ਪੂਰਾ ਇੰਤਜ਼ਾਮ ਵੀ ਕਰ ਦਿਤਾ ਗਿਆ। ਅਰੂੜ ਸਿੰਘ ਜਲਦੀ ਹੀ ਘੁਰਾਟੇ ਭਰਨ ਲਗਿਆ। ਜੇ. ਸੀ. ਮਿੱਤਰ ਉਠ ਕੇ ਦੋ ਵਾਰ ਸੁੱਤੇ ਪਏ ਮਹਿਮਾਨ ਨੂੰ ਦੇਖ ਚੁੱਕਿਆ ਸੀ ਤੇ ਤਸੱਲੀ ਵਿਚ ਸੀ ਕਿ ਮਹਿਮਾਨ ਅਰਾਮ ਫਰਮਾ ਰਿਹਾ ਹੈ।
ਅੱਧੀ ਰਾਤ ਤੋਂ ਬਾਅਦ ਉਹ ਉਠਿਆ ਤੇ ਹੌਲੀ ਦੇਣੀਂ ਦਰਵਾਜ਼ੇ ਖੋਹਲਦਾ ਤੇ ਬੰਦ ਕਰਦਾ ਬਾਹਰ ਨਿਕਲ ਆਇਆ। ਬਾਹਰ ਸੜਕ ਤੇ ਆ ਕੇ ਉਹ ਤੇਜ਼ ਤੇਜ਼ ਤੁਰਨ ਲਗਿਆ। ਆਦਤਨ ਸੋਟੀ ਉਸ ਦੇ ਹੱਥ ਵਿਚ ਸੀ ਤੇ ਆਪਣੀ ਧੋਤੀ ਸੰਭਾਲਦਾ ਉਹ ਨੱਕ ਦੀ ਸੇਧੇ ਜਾ ਰਿਹਾ ਸੀ। ਕਾਫੀ ਦੇਰ ਤਕ ਤੁਰਨ ਤੋਂ ਬਾਅਦ ਉਹ ਇਕ ਇਮਾਰਤ ਹੇਠ ਆ ਕੇ ਖੜ ਗਿਆ, ਇਕ ਪਲ ਲਈ ਇਮਾਰਤ ਦੇ ਵੱਡੇ ਦਰਵਾਜ਼ੇ ਵਲ ਦੇਖਿਆ ਤੇ ਫੇਰ ਅੰਦਰ ਜਾ ਵੜਿਆ। ਅੰਦਰ ਅੱਧ-ਸੁੱਤੇ ਵਰਦੀਧਾਰੀ ਸਿਪਾਹੀ ਨੇ ਉਸ ਨੂੰ ਸਲੂਟ ਮਾਰਿਆ ਤੇ ਅੰਦਰ ਦਾ ਦਰਵਾਜ਼ਾ ਖੋਹਲ ਦਿਤਾ। ਐਚ. ਐਸ. ਓ. ਸ਼ਾਮੂ ਬੈਨਰਜੀ ਵੀ ਅਦਬ ਨਾਲ ਉਠ ਕੇ ਖੜਾ ਹੋ ਗਿਆ। ਜੇ. ਸੀ. ਮਿੱਤਰ ਕਾਹਲੀ ਵਿਚ ਕਹਿਣ ਲਗਿਆ,
ਕਰਨਲ ਹੈਂਡਰਸਨ ਨੂੰ ਤਾਰ ਦਿਓ ਕਿ ਮੈਂ ਅਰੂੜ ਸਿੰਘ ਫੜ ਲਿਆ ਏ।
ਕਿਥੇ ਵੇ?
ਮੇਰੇ ਘਰ ਸੁੱਤਾ ਪਿਆ ਏ।
ਪਰ ਸਰ ਜੀ, ਘਰ ਸੁੱਤਾ ਪਿਆ ਵੇ ਤਾਂ ਏਹਦਾ ਮਤਲਵ ਇਹ ਨਹੀਂ ਕਿ ਤੁਸੀਂ ਫੜ ਲਿਆ ਏ, ਫੜਿਆ ਤਾਂ ਉਹ ਤਦ ਹੀ ਜਾਏਗਾ ਜਦ ਪੁਲੀਸ ਸਟੇਸ਼ਨ ਦੀ ਕੋਠੜੀ ਵਿਚ ਸੁਟਿਆ ਹੋਵੇਗਾ, ਇਵੇਂ ਸਾਹਿਬ ਨੂੰ ਤਾਰ ਦੇ ਕੇ ਨੌਕਰੀ ਗਵਾਉਣੀ ਏਂ? ਤੇ ਸਰ ਜੀ, ਨਾਲੇ ਇਹ ਵੀ ਹਿਦਾਇਤਾਂ ਨੇ ਕਿ ਇਸ ਪਕੜ ਨੂੰ ਹੰਗਾਮੇ ਵਿਚ ਤਬਦੀਲ ਨਹੀਂ ਕਰਨਾ, ਸਭ ਚੁੱਪ ਚਾਪ ਹੋਣਾ ਚਾਹੀਦਾ ਏ, ਲੋਕਾਂ ਨੂੰ ਪਤਾ ਤਕ ਨਹੀਂ ਲਗਣਾ ਚਾਹੀਦਾ।
ਜੇ. ਸੀ. ਮਿੱਤਰ ਆਪਣੀ ਕਾਹਲ ਬਾਰੇ ਸਮਝ ਗਿਆ। ਠਾਣੇਦਾਰ ਠੀਕ ਕਹਿ ਰਿਹਾ ਸੀ। ਉਹ ਸੋਚਦਾ ਹੋਇਆ ਬੋਲਿਆ,
ਠੀਕ ਏ, ਕੱਲ ਸ਼ਾਮ ਮੈਂ ਉਸ ਨੂੰ ਘੁੰਮਾਉਣ ਦੇ ਬਹਾਨੇ ਲੈ ਆਵਾਂਗਾ ਤੇ ਤੁਸੀਂ ਆਪਣੇ ਬੰਦੇ ਤਿਆਰ ਰੱਖਣੇ, ਜਿ਼ਆਦਾ ਬੰਦੇ ਚਾਹੀਦੇ ਨੇ ਉਸ ਸਰਦਾਰ ਬਹੁਤਾ ਹੀ ਮੋਟਾ ਡਾਹਢਾ ਏ।
ਤੁਸੀਂ ਫਿਕਰ ਨਾ ਕਰੋ ਇਨਸਪੈਕਟਰ ਸਾਹਿਬ, ਕੱਲ ਦੁਪਿਹਰ ਤੋਂ ਬਾਅਦ ਮੇਰੇ ਬੰਦੇ ਤੁਹਾਡੀ ਤੇ ਤੁਹਾਡੇ ਮਹਿਮਾਨ ਦੀ ਉਡੀਕ ਕਰਨਗੇ।
ਜੇ. ਸੀ. ਉਹਨੀਂ ਪੈਰੀਂ ਤੇ ਉਸੇ ਚਾਲ ਵਿਚ ਵਾਪਸ ਘਰ ਆ ਗਿਆ। ਉਸ ਨੇ ਇਕ ਵਾਰ ਫਿਰ ਦੇਖਿਆ ਅਰੂੜ ਸਿੰਘ ਘੂਕ ਸੁੱਤਾ ਪਿਆ ਸੀ। ਜੇ. ਸੀ. ਮਿੱਤਰ ਨੂੰ ਨੀਂਦ ਨਹੀਂ ਸੀ ਆ ਰਹੀ। ਉਹ ਉਠ ਕੇ ਟਹਿਲਣ ਲਗਿਆ। ਉਹ ਬਹੁਤ ਖੁਸ਼ ਸੀ। ਉਸ ਨੂੰ ਤਰੱਕੀ ਦੀ ਤੇ ਕਾਫੀ ਸਾਰੇ ਇਨਾਮ ਦੀ ਆਸ ਸੀ। ਉਸ ਦਾ ਤਜਰੁਬਾ ਸੀ ਕਿ ਅੰਗਰੇਜ਼ਾਂ ਨਾਲ ਵਫਾਦਾਰੀ ਬਹੁਤ ਕੁਝ ਦਿੰਦੀ ਹੈ। ਅੰਗਰੇਜ਼ਾਂ ਦੀ ਹੀ ਚਾਲ ਸੀ ਕਿ ਉਸ ਨੇ ਮਹਾਂਰਾਜੇ ਨੂੰ ਚਿੱਠੀ ਲਿਖੀ ਸੀ। ਉਸ ਦਾ ਮਕਸਦ ਤਾਂ ਮਹਾਂਰਾਜੇ ਦੀਆਂ ਸਕੀਮਾਂ ਬਾਰੇ ਹੋਰ ਜਾਨਣਾ ਸੀ ਪਰ ਅਰੂੜ ਸਿੰਘ ਇਵੇਂ ਜਾਲ ਵਿਚ ਆ ਫਸੇਗਾ ਇਸ ਦਾ ਪਤਾ ਨਹੀਂ ਸੀ। ਸਾਰੇ ਮਹਿਕਮੇ ਨੂੰ ਅਰੂੜ ਸਿੰਘ ਦਾ ਪਤਾ ਸੀ ਤੇ ਇਹ ਵੀ ਪਤਾ ਸੀ ਕਿ ਹੁਣ ਉਹ ਹਿੰਦੁਸਤਾਨ ਦੇ ਟੂਰ ਤੇ ਸੀ ਪਰ ਇਹ ਨਹੀਂ ਸੀ ਪਤਾ ਕਿ ਉਸ ਨੂੰ ਕੈਦੀ ਬਣਾਉਣਾ ਵੀ ਉਸ ਦੇ ਭਾਗਾਂ ਵਿਚ ਹੀ ਸੀ।
ਅਰੂੜ ਸਿੰਘ ਮਾਸਕੋ ਤੋਂ ਤੁਰਿਆ ਤੇ ਬਚਦਾ ਬਚਾਉਂਦਾ ਉਹ ਧੁਰ ਪਾਂਡੀਚਰੀ ਪੁੱਜ ਗਿਆ ਸੀ। ਮਾਸਕੋ ਤੋਂ ਉਡੇਸਾ, ਉਡੇਸੇ ਤੋਂ ਕੌਂਸਟੈਟਿਨਪੋਲ ਤੇ ਉਥੋਂ ਫਰਾਂਸ ਤੇ ਫਿਰ ਸੁਏਜ਼ ਰਾਹੀਂ ਲੰਕਾ ਤੇ ਲੰਕਾ ਤੋਂ ਪਾਂਡੀਚਰੀ। ਪਾਂਡੀਚਰੀ ਉਹ ਠਾਕੁਰ ਸਿੰਘ ਸੰਧਾਂਵਾਲੀਆ ਨੂੰ ਮਿਲਿਆ ਸੀ ਤੇ ਕੁਝ ਦਿਨ ਉਸ ਕੋਲ ਰਿਹਾ ਸੀ। ਮਹਾਂਰਾਜੇ ਦੇ ਸੁਨੇਹੇ ਉਸ ਨੂੰ ਪੁੱਜਦੇ ਕੀਤੇ ਸਨ ਤੇ ਹੋਰ ਵੀ ਸਲਾਹਾਂ-ਵਿਚਾਰਾਂ ਕੀਤੀਆਂ। ਠਾਕੁਰ ਸਿੰਘ ਉਸ ਦੇ ਹਿੰਦੁਸਤਾਨ ਆਉਣ ਤੇ ਬਹੁਤਾ ਖੁਸ਼ ਨਹੀਂ ਸੀ। ਪਿਛਲੀ ਵਾਰ ਵੀ ਜਦ ਮਹਾਂਰਾਜੇ ਨੇ ਅਰੂੜ ਸਿੰਘ ਨੂੰ ਹਿੰਦੁਸਤਾਨ ਭੇਜਿਆ ਸੀ ਤਾਂ ਠਾਕੁਰ ਸਿੰਘ ਨੇ ਉਸ ਨੂੰ ਜਲਦੀ ਹੀ ਵਾਪਸ ਭੇਜ ਦਿਤਾ ਸੀ ਕਿਉਂਕਿ ਉਸ ਦੀ ਮਹਾਂਰਾਜੇ ਨੂੰ ਵਧੇਰੇ ਜ਼ਰੂਰਤ ਸੀ। ਹੁਣ ਵੀ ਠਾਕੁਰ ਸਿੰਘ ਇਹੋ ਸੋਚਦਾ ਜਾ ਰਿਹਾ ਸੀ ਕਿ ਅਰੂੜ ਸਿੰਘ ਨੂੰ ਮਹਾਂਰਾਜੇ ਦੇ ਨਾਲ ਹੋਣਾ ਚਾਹੀਦਾ ਸੀ ਪਰ ਅਰੂੜ ਸਿੰਘ ਨੂੰ ਮਹਾਂਰਾਜੇ ਦਾ ਹੁਕਮ ਵੀ ਮੰਨਣਾ ਪੈਣਾ ਸੀ। ਪਾਂਡੀਚਰੀ ਤੋਂ ਬਾਅਦ ਉਹ ਰੇਲ ਰਾਹੀਂ ਹੈਦਰਾਬਾਦ ਵੀ ਗਿਆ ਤੇ ਫਿਰ ਚੰਦਰਨਗਰ ਆ ਗਿਆ ਤੇ ਦ ਬੀਵਰ ਦੇ ਸੰਪਾਦਕ ਸ਼ਸ਼ੀ ਭੂਸ਼ਨ ਮੁਕਰਜੀ ਨੂੰ ਮਿਲਿਆ। ਫਿਰ ਉਸ ਤੋਂ ਬਾਅਦ ਜੇ. ਸੀ. ਮਿੱਤਰ ਨਾਲ ਮੁਲਾਕਾਤ ਤਹਿ ਹੋਈ ਸੀ। ਇਥੋਂ ਉਸ ਨੇ ਅਵਧ ਨੂੰ ਜਾਣਾ ਸੀ ਜਿਥੋਂ ਦੇ ਰਾਜੇ ਦੇ ਨਾਂ ਮਹਾਂਰਾਜੇ ਨੇ ਖਤ ਦਿਤਾ ਹੋਇਆ ਸੀ। ਪੈਰਿਸ ਵਿਚ ਬੈਠੇ ਟੈਵਿਸ ਨੇ ਇਹ ਲੰਡਨ ਦੇ ਵਿਦੇਸ਼ ਵਿਭਾਗ ਨੂੰ ਚੇਤਾਵਨੀ ਦਿਤੀ ਹੋਈ ਸੀ ਕਿ ਅਰੂੜ ਸਿੰਘ ਮਹਾਂਰਾਜੇ ਦੀ ਤਾਕਤ ਹੈ। ਜੇ ਅਰੂੜ ਸਿੰਘ ਉਸ ਦੇ ਨਾਲ ਨਾ ਹੋਵੇ ਤਾਂ ਉਹ ਅੱਧਾ ਰਹਿ ਜਾਵੇਗਾ ਇਸ ਲਈ ਕਿਸੇ ਨਾ ਕਿਸੇ ਤਰ੍ਹਾਂ ਅਰੂੜ ਸਿੰਘ ਨੂੰ ਉਸ ਤੋਂ ਦੂਰ ਕੀਤਾ ਜਾਣਾ ਚਾਹੀਦਾ ਸੀ ਤੇ ਹੁਣ ਤਾਂ ਅਰੂੜ ਸਿੰਘ ਖੁਦ ਹੀ ਹਿੰਦੁਸਤਾਨ ਲਈ ਤੁਰ ਪਿਆ ਹੋਇਆ ਸੀ, ਉਸ ਨੂੰ ਗ੍ਰਿਫਤ ਵਿਚ ਲੈਣਾ ਸੌਖਾ ਸੀ। ਸੋ ਸਾਰੀ ਸਕੀਮ ਉਪਰ ਠੀਕ ਢੰਗ ਨਾਲ ਅਮਲ ਹੋ ਰਿਹਾ ਸੀ।
ਸਵੇਰੇ ਅਰੂੜ ਸਿੰਘ ਉਠਿਆ। ਜੇ. ਸੀ. ਮਿੱਤਰ ਉਸ ਦੀ ਸੇਵਾ ਵਿਚ ਲਗ ਗਿਆ। ਦੁਪਿਹਰ ਤਕ ਇਕ ਹੋਰ ਦੋਸਤ ਵੀ ਆ ਗਿਆ ਜੋ ਕਿ ਜੇ. ਸੀ. ਮਿੱਤਰ ਦਾ ਹਮਖਿਆਲੀ ਸੀ ਤੇ ਮਹਾਂਰਾਜੇ ਦੀ ਉਸ ਵਾਂਗ ਹੀ ਮੱਦਦ ਕਰਨੀ ਚਾਹੁੰਦਾ ਸੀ। ਦੁਪਿਹਰ ਦੀ ਧੁੱਪ ਕੁਝ ਘਟ ਹੋਈ ਤਾਂ ਅਰੂੜ ਸਿੰਘ ਨੂੰ ਕਲਕੱਤਾ ਦਿਖਾਉਣ ਤੇ ਕੁਝ ਹੋਰ ਲੋਕਾਂ ਨਾਲ ਮਿਲਾਉਣ ਦੀਆਂ ਗੱਲਾਂ ਹੋਣ ਲਗੀਆਂ। ਉਹ ਤਿੰਨੇ ਬਾਹਰ ਆਈ ਖੜੀ ਟਮਟਮ ਵਿਚ ਬੈਠ ਗਏ। ਪਹਿਲਾਂ ਮਿਥੇ ਹੋਏ ਮਨਸੂਬੇ ਅਨੁਸਾਰ ਉਹ ਪੁਲੀਸ ਸਟੇਸ਼ਨ ਵਲ ਤੁਰ ਪਏ। ਪੁਲੀਸ ਸਟੇਸ਼ਨ ਦੇ ਵਿਹੜੇ ਵਿਚ ਜਾ ਕੇ ਟਮਟਮ ਰੁਕ ਗਈ। ਕੁਝ ਸਿਪਾਹੀਆਂ ਨੇ ਭੱਜ ਕੇ ਗੇਟ ਬੰਦ ਕਰ ਦਿਤਾ। ਅਰੂੜ ਸਿੰਘ ਇਕ ਦਮ ਸਮਝ ਗਿਆ ਕਿ ਇਹ ਕੀ ਹੋ ਰਿਹਾ ਸੀ। ਉਸ ਨੇ ਇਹ ਵੀ ਸਮਝ ਲਿਆ ਕਿ ਭੱਜਣ ਦੀ ਕੋਸਿ਼ਸ਼ ਕਰਨਾ ਬੇਕਾਰ ਸੀ। ਉਸ ਉਪਰ ਇਸ ਮੁਲਕ ਵਿਚ ਕੋਈ ਜ਼ੁਰਮ ਤਾਂ ਸਿਧ ਹੋ ਨਹੀਂ ਸੀ ਸਕਣਾ ਫਿਰ ਡਰਨ ਦੀ ਕੀ ਲੋੜ ਸੀ। ਸਿਪਾਹੀ ਆਏ ਤੇ ਅਰੂੜ ਸਿੰਘ ਨੂੰ ਠਾਣੇ ਦੇ ਅੰਦਰ ਲੈ ਗਏ। ਇਕ ਕਮਰੇ ਵਿਚ ਬੰਦ ਕਰ ਦਿਤਾ ਗਿਆ। ਕਰਨਲ ਹੈਂਡਰਸਨ ਨੂੰ ਤਾਰ ਦੇ ਦਿਤੀ ਗਈ। ਉਹ ਉਸ ਵੇਲੇ ਸਿ਼ਮਲੇ ਵਿਚ ਸੀ। ਉਹ ਉਥੋਂ ਉਸੇ ਵੇਲੇ ਹੀ ਤੁਰ ਪਿਆ। ਅਰੂੜ ਸਿੰਘ ਨੂੰ ਫੜਨ ਦੀ ਕੋਈ ਕਾਰਵਾਈ ਨਾ ਪਾਈ ਗਈ ਤੇ ਨਾ ਹੀ ਇਸ ਦੀ ਖ਼ਬਰ ਬਾਹਰ ਨਿਕਲਣ ਦਿਤੀ ਗਈ। ਵੈਸੇ ਪੁਲੀਸ ਦੇ ਡਾਕਟਰ ਮੈਕਨਜ਼ੀ ਨੇ ਆ ਕੇ ਉਸ ਦਾ ਮੁਆਇਨਾ ਕਰ ਲਿਆ। ਉਹ ਬਿਲਕੁਲ ਸਿਹਤਵੰਦ ਸੀ। ਜੇ. ਸੀ. ਮਿੱਤਰ ਦੇ ਘਰੋਂ ਉਸ ਦਾ ਸਮਾਨ ਮੰਗਵਾ ਲਿਆ ਗਿਆ ਤੇ ਤਲਾਸ਼ੀ ਸ਼ੁਰੂ ਹੋ ਗਈ। ਉਸ ਦੀ ਜੇਬ੍ਹ ਵਿਚੋਂ ਇਕ ਡਾਇਰੀ ਮਿਲੀ। ਬੈਂਕ ਔਫ ਬੰਗਾਲ ਦਾ ਖਤ ਵੀ ਸੀ ਤੇ ਇਕ ਪੰਜ ਸੌ ਰੁਪਏ ਦਾ ਚੈਕ ਵੀ। ਇਕ ਲਫਾਫੇ ਵਿਚ ਸੌ ਸੌ ਦੇ ਚਾਰ ਫਰੈਂਕਸ ਵੀ ਸਨ। ਤਿੰਨ ਚਿੱਠੀਆਂ ਕੌਂਸਟੈਟਿਨਪੋਲ ਦੇ ਕਿਸੇ ਮੁਸਤਫਾ ਇਫੈਂਡੀ ਦੇ ਨਾਂ ਤੇ ਲਿਖੀਆਂ ਹੋਈਆਂ ਸਨ। ਇਕ ਚਿੱਠੀ ਮੈਡਮ ਵੈਲੀਅਰ ਦੇ ਨਾਂ ਦੀ ਕਿਸੇ ਪੈਰਿਸ ਦੇ ਸਿਰਨਾਵੇਂ ਦੀ ਸੀ, ਇਕ ਲਿਫਾਫਾ ਮਾਸਕੋ ਦੇ ਬੈਂਕ ਦੇ ਨਾਂ ਜਿਸ ਨੂੰ ਮਹਾਂਰਾਜਾ ਆਪਣੇ ਸਿਰਨਾਵੇਂ ਵਜੋਂ ਵਰਤ ਰਿਹਾ ਸੀ। ਹੋਰ ਵੀ ਕੁਝ ਚਿੱਠੀਆਂ-ਪੱਤਰ ਸਨ ਜੋ ਪੁਲੀਸ ਵਾਲਿਆਂ ਆਪਣੇ ਕਬਜ਼ੇ ਵਿਚ ਲੈ ਲਏ ਤੇ ਪੜਤਾਲ ਕਰਨ ਲਗੇ।
ਉਸ ਦੇ ਬਾਕੀ ਦੇ ਸਮਾਨ ਵਿਚੋਂ ਵੀ ਕੰਮ ਦੀਆਂ ਚੀਜ਼ਾਂ ਸਿਰਫ ਚਿੱਠੀਆਂ ਹੀ ਸਨ ਜਾਂ ਕੁਝ ਕਪੜੇ ਜਿਹਨਾਂ ਉਪਰ ਮਾਸਕੋ, ਪੈਰਿਸ ਜਾਂ ਪਾਂਡੀਚਰੀ ਦੇ ਦਰਜੀਆਂ ਦੇ ਟੈਗ ਲੱਗੇ ਸਨ। ਚਿੱਠੀਆਂ ਵਿਚ ਇਕ ਚਿੱਠੀ ਅਵਧ ਦੇ ਰਾਜੇ ਦੇ ਨਾਂ ਸੀ ਤੇ ਕੁਝ ਹੋਰ ਰਾਜਿਆਂ ਦੇ ਨਾਵੇਂ ਸਾਂਝੀ ਜਿਹੀ ਚਿੱਠੀ। ਇਹਨਾਂ ਵਿਚ ਉਹੀ ਗੱਲਾਂ ਸਨ ਜੋ ਮਹਾਂਰਾਜਾ ਵਾਰ ਵਾਰ ਹਿੰਦੁਸਤਾਨ ਉਪਰ ਆ ਕੇ ਰਾਜ ਕਰਨ ਵਾਲੀ ਗੱਲ ਕਰਿਆ ਕਰਦਾ ਸੀ ਤੇ ਹਿੰਦੁਸਤਾਨ ਦੇ ਸਾਰੇ ਰਾਜਿਆਂ ਤੋਂ ਮੱਦਦ ਮੰਗਿਆ ਕਰਦਾ ਸੀ। ਅਜਿਹੀਆਂ ਚਿੱਠੀਆਂ ਪਹਿਲਾਂ ਵੀ ਹਿੰਦੁਸਤਾਨ ਦੀ ਸਰਕਾਰ ਪਾਸ ਪੈਰਿਸ ਬੈਠੇ ਏਜੰਟ ਟੈਵਿਸ ਰਾਹੀਂ ਪਹੁੰਚ ਚੁੱਕੀਆਂ ਸਨ। ਕੋਈ ਬਹੁਤੀ ਨਵੀ ਗੱਲ ਨਹੀਂ ਸੀ ਜਿਹੜੀ ਪੁਲੀਸ ਦੇ ਹੱਥ ਲਗੀ ਹੋਵੇ। ਕਰਨਲ ਹੈਂਡਰਸਨ ਦੇ ਪੁੱਜਣ ਤਕ ਅਰੂੜ ਸਿੰਘ ਤੋਂ ਕੋਈ ਖਾਸ ਪੁੱਛਗਿਛ ਨਹੀਂ ਸੀ ਕੀਤੀ ਗਈ। 26 ਅਗਸਤ ਨੂੰ ਹੈਂਡਰਸਨ ਕਲਕੱਤੇ ਪੁਜਿਆ। ਹੁਣ ਅਰੂੜ ਸਿੰਘ ਲਈ ਔਖਾ ਸਮਾਂ ਆਉਣ ਵਾਲਾ ਸੀ। ਹੈਂਡਰਸਨ ਨੇ ਉਸ ਦੀ ਕੋਠੜੀ ਵਿਚ ਪੁਜਦਿਆਂ ਹੀ ਆਪਣੀ ਵਾਕਫੀ ਕਰਾਈ ਤੇ ਉਸ ਦੇ ਅੰਗਰੇਜ਼ੀ ਬੋਲਣ ਦੇ ਲਹਿਜ਼ੇ ਦੀ ਤਰੀਫ ਕਰਦਿਆਂ ਕਿਹਾ,
ਅਰੂੜ ਸਿੰਘ, ਤੂੰ ਇਥੇ ਕਿਥੇ ਇਸ ਮੁਲਕ ਦੀ ਗਰਮੀ ਵਿਚ ਤੇ ਗੰਦਗੀ ਵਿਚ ਆ ਫਸਿਆ ਏਂ, ਅਸੀਂ ਤਾਂ ਨੌਕਰੀਆਂ ਕਰਕੇ ਬੈਠੇ ਹਾਂ ਨਹੀਂ ਤਾਂ ਇਹ ਵੀ ਕੋਈ ਮੁਲਕ ਏ ਰਹਿਣ ਵਾਲਾ?
ਹਾਂ ਸਰ ਪਰ ਇਹ ਮੇਰਾ ਮੁਲਕ ਏ, ਚੰਗਾ ਮਾੜਾ ਫਿਰ ਮੁਲਕ, ਮਾਂਪੇ ਤੇ ਬੱਚੇ ਬਦਲੇ ਵੀ ਨਹੀਂ ਜਾ ਸਕਦੇ।
ਮੈਂ ਤਾਂ ਤੇਰੇ ਰੁਤਬੇ ਦੀ, ਤੇਰੀ ਸ਼ਖਸੀਅਤ ਵਲ ਦੇਖ ਕੇ ਕਹਿ ਰਿਹਾਂ ਕਿ ਤੂੰ ਏਡਾ ਵੱਡਾ ਇਨਸਾਨ ਏਂ ਤੇ ਪਿਆ ਏਂ ਕਾਲ ਕੋਠੜੀ ਵਿਚ।
ਸਰ, ਇਹ ਵੀ ਤੁਸੀਂ ਈ ਪਾਇਆ ਹੋਇਆ ਏ, ਕਿਸੇ ਜ਼ੁਰਮ ਤੋਂ ਬਿਨਾਂ ਅੰਦਰ ਡੱਕ ਰਖਿਆ ਏ।
ਤੂੰ ਉਸ ਗੱਦਾਰ ਮਹਾਂਰਾਜੇ ਦਾ ਸਾਥ ਦੇ ਰਿਹਾ ਏਂ, ਏਸ ਤੋਂ ਵੱਡਾ ਜ਼ੁਰਮ ਹੋਰ ਕੀ ਹੋ ਸਕਦਾ ਏ, ਤੂੰ ਕੀ ਸਮਝਦਾ ਏਂ ਕਿ ਉਹ ਕਾਮਯਾਬ ਹੋ ਜਾਵੇਗਾ?
ਇਹ ਤਾਂ ਮਹਾਂਰਾਜਾ ਜਾਣੇ।
ਅਰੂੜ ਸਿੰਘ, ਆਪਾਂ ਸਿਧੀ ਕੰਮ ਦੀ ਗੱਲ ਕਰੀਏ, ਮੈਂ ਨਹੀਂ ਚਾਹੁੰਦਾ ਕਿ ਤੇਰੇ ਵਰਗੇ ਇਨਸਾਨ ਨਾਲ ਕੋਈ ਜਬਰਦਸਤੀ ਜਾਂ ਜਿ਼ਆਦਤੀ ਹੋਵੇ ਸੋ ਆਪਣੇ ਆਪ ਦਸ ਦੇ ਕਿ ਤੇਰਾ ਮਿਸ਼ਨ ਕੀ ਏ? ਤੂੰ ਹਿੰਦੁਸਤਾਨ ਕਿਸ ਲਈ ਆਇਆ ਏਂ? ਜੇ ਨਹੀਂ ਦੱਸੇਂਗਾ ਤਾਂ ਤੇਰੇ ਨਾਲ ਜੋ ਹੋਏਗੀ ਉਸ ਦਾ ਜਿ਼ੰਮੇਵਾਰ ਮੈਂ ਨਹੀਂ ਹੋਵਾਂਗਾ। ਤੂੰ ਸਾਡੇ ਮੁਲਕ ਵਿਚ ਰਿਹਾ ਏਂ, ਤੂੰ ਉਥੋਂ ਦਾ ਪਾਣੀ ਪੀਤਾ ਏ, ਮੈਨੂੰ ਤੇਰੇ ਨਾਲ ਹਮਦਰਦੀ ਏ, ਇਸੇ ਲਈ ਇਵੇਂ ਪੇਸ਼ ਆ ਰਿਹਾ ਵਾਂ।
ਸਰ, ਤੁਸੀਂ ਮੇਰੇ ਮੁਲਕ ਦਾ ਪਾਣੀ ਪੀ ਰਹੇ ਹੋ, ਸਭ ਕੁਝ ਖਾ ਰਹੇ ਓ, ਇਹ ਵੀ ਤਾਂ ਹਮਦਰਦੀ ਦਾ ਹੀ ਇਕ ਕਾਰਨ ਬਣਦਾ ਏ ਨਾ।
ਬਹੁਤੀ ਗੱਲ ਨਹੀਂ ਕਰਨੀ, ਸਿਰਫ ਕੰਮ ਦੀ ਗੱਲ, ਆਪਣਾ ਮਿਸ਼ਨ ਦੱਸ, ਆਹ ਦੇਖ ਪੇਪਰ, ਮੇਰੇ ਕੋਲ ਤੇਰੀ ਸਾਰੀ ਰਿਪ੍ਰੋਟ ਏ।
ਸਰ ਫਿਰ ਤੁਸੀਂ ਕਿਉਂ ਪੁੱਛਦੇ ਹੋ?
ਮੈਂ ਤੇਰੇ ਮੂੰਹੋਂ ਜਾਨਣਾ ਚਾਹੁੰਨਾਂ, ਤੂੰ ਪਾਂਡੀਚਰੀ ਕੀ ਕਰਨ ਗਿਆ ਸੈਂ? ਇਥੇ ਕੀ ਕਰਨ ਆਇਆ ਸੈਂ?
ਪਾਂਡੀਚਰੀ ਮੈਂ ਠਾਕੁਰ ਸਿੰਘ ਹੋਰਾਂ ਨੂੰ ਮਿਲਣ ਗਿਆ ਸਾਂ, ਮੈਂ ਉਹਨਾਂ ਨੂੰ ਜਾਣਦਾ ਹਾਂ, ਉਹ ਇੰਗਲੈਂਡ ਗਏ ਤਾਂ ਮੈਨੂੰ ਮਿਲੇ ਸਨ, ਉਹਨਾਂ ਦੇ ਪਰਿਵਾਰ ਨੂੰ ਵੀ, ਮੈਂ ਮਹਾਂਰਾਜੇ ਦੀ ਰਾਜ਼ੀ ਖੁਸ਼ੀ ਵੀ ਦੱਸਣੀ ਸੀ।
ਮਹਾਂਰਾਜੇ ਦੇ ਮਨਸੂਬੇ ਕੀ ਨੇ?
ਉਹੀ ਜੋ ਤੁਸੀਂ ਜਾਣਦੇ ਹੋ, ਰੂਸ ਨਾਲ ਮਿਲ ਕੇ ਅਫਗਾਨਿਸਤਾਨ ਵਲੋਂ ਹਮਲਾ ਕਰਨਾ ਚਾਹੁੰਦਾ ਏ ਤੇ ਇਹ ਜੋ ਚਿੱਠੀਆਂ ਤੁਸੀਂ ਦੇਖ ਰਹੇ ਹੋ ਇਥੋਂ ਦੇ ਰਾਜਕੁਮਾਰਾਂ ਜਾਂ ਰਾਜਿਆਂ ਦੇ ਨਾਂ, ਉਹਨਾਂ ਤੋਂ ਮੱਦਦ ਚਾਹੁੰਦਾ ਏ ਤੇ ਇਹੋ ਉਸ ਦਾ ਸੁਨੇਹਾ ਲੈ ਕੇ ਮੈਂ ਅਇਆਂ ਇਸ ਵਿਚ ਹੋਰ ਕੁਝ ਵੀ ਨਵਾਂ ਨਹੀਂ ਏ।
ਉਹਨਾਂ ਦੀ ਸਾਰੀ ਗੱਲਬਾਤ ਅੰਗਰੇਜ਼ੀ ਵਿਚ ਹੀ ਚਲ ਰਹੀ ਸੀ। ਅਰੂੜ ਸਿੰਘ ਨੂੰ ਹਿੰਦੁਸਤਾਨ ਆ ਕੇ ਪਤਾ ਚਲ ਚੁਕਿਆ ਸੀ ਕਿ ਮਹਾਂਰਾਜੇ ਦੀ ਹਰ ਖ਼ਬਰ ਇਥੋਂ ਦੀ ਸਰਕਾਰ ਨੂੰ ਪੁੱਜ ਰਹੀ ਸੀ ਇਸ ਲਈ ਕਿਸੇ ਗੱਲ ਨੂੰ ਛਪਾਉਣ ਦੀ ਲੋੜ ਨਹੀਂ ਸੀ ਪਰ ਕਰਨਲ ਹੈਂਡਰਸਨ ਖੁਸ਼ ਨਹੀਂ ਸੀ। ਉਸ ਨੇ ਘੰਟਾ ਭਰ ਉਸ ਨਾਲ ਮੁਲਕਾਤ ਕੀਤੀ ਤੇ ਖਾਲੀ ਹੱਥ ਉਠ ਆਇਆ।
ਉਸੇ ਸ਼ਾਮ ਪੁਲੀਸ ਦੇ ਸਿਪਾਹੀਆਂ ਨੇ ਅਰੂੜ ਸਿੰਘ ਨੂੰ ਉਸ ਦੀ ਕੋਠੜੀ ਵਿਚੋਂ ਕੱਢਿਆ ਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇਣ ਲਗ ਪਏ। ਅਰੂੜ ਸਿੰਘ ਸਹਿੰਦਾ ਗਿਆ। ਉਸ ਨੂੰ ਮਾਰਿਆ ਕੁਟਿਆ ਗਿਆ। ਗਰਮ ਸੀਖਾਂ ਵੀ ਉਸ ਦੀ ਪਿੱਠ ਤੇ ਲਾਈਆਂ ਗਈਆਂ ਪਰ ਉਹ ਝੱਲਦਾ ਗਿਆ। ਦੋ ਦਿਨ ਦੇ ਅਰਾਮ ਤੋਂ ਬਾਅਦ ਹੈਂਡਰਸਨ ਫਿਰ ਆਇਆ। ਉਸ ਨੇ ਅਰੂੜ ਸਿੰਘ ਦੀ ਖਸਤਾ ਹਾਲਤ ਦੇਖ ਕੇ ਉਸੇ ਵੇਲੇ ਠਾਣੇਦਾਰ ਸ਼ਾਮੂ ਮੁਖਰਜੀ ਨੂੰ ਬੁਲਾਇਆ ਤੇ ਝਾੜਾਂ ਪਾਉਂਦਾ ਕਹਿਣ ਲਗਿਆ,
ਤੁਸੀਂ ਬੇਵਕੂਫ ਲੋਕ ਬੰਦਾ-ਕੁਬੰਦਾ ਨਹੀਂ ਪਛਾਣਦੇ, ਤੁਹਾਨੂੰ ਕਿਸੇ ਨੇ ਹੱਕ ਦਿਤਾ ਅਰੂੜ ਸਿੰਘ ਦੇ ਰੁਤਬੇ ਵਾਲੇ ਵਿਅਕਤੀ ਨੂੰ ਹੱਥ ਲਾਉਣ ਦਾ, ਮੈਂ ਤੁਹਾਨੂੰ ਨੌਕਰੀ ਤੋਂ ਕਢਵਾ ਦੇਵਾਂਗਾ!
ਠਾਣੇਦਾਰ ਉਸੇ ਵੇਲੇ ਮੁਆਫੀਆਂ ਮੰਗਣ ਲਗਿਆ। ਉਸ ਨੇ ਅਰੂੜ ਸਿੰਘ ਤੋਂ ਵੀ ਮੁਆਫੀ ਮੰਗੀ ਤੇ ਮੁੜ ਕੇ ਅਜਿਹਾ ਕੁਝ ਨਾ ਕਰਨ ਦਾ ਵਾਅਦਾ ਕੀਤਾ। ਕਰਨਲ ਹੈਂਸਰਸਨ ਫਿਰ ਸਵਾਲ ਜਵਾਬ ਕਰਨ ਲਗਿਆ। ਅਰੂੜ ਸਿੰਘ ਉਸੇ ਦਿਨ ਵਾਲੇ ਜਵਾਬ ਦਿੰਦਾ ਗਿਆ। ਘੰਟਾ ਭਰ ਬੈਠ ਉਹ ਚਲੇ ਗਿਆ। ਅਗਲੇ ਦਿਨ ਕੁਝ ਸਿਪਾਹੀਆਂ ਨੇ ਅਰੂੜ ਸਿੰਘ ਨੂੰ ਇਕ ਵਾਰ ਫਿਰ ਢਾਹ ਲਿਆ ਤੇ ਤਸ਼ੱਦਦ ਕਰਨ ਲਗੇ। ਉਸ ਤੋਂ ਅਗਲੇ ਦਿਨ ਹੈਂਡਰਸਨ ਦੀ ਉਹੋ ਹਮਦਰਦੀ। ਆਖਰ ਹੈਂਡਰਸਨ ਹਾਰ ਗਿਆ। ਉਹ ਮਾਯੂਸ ਹੋ ਗਿਆ। ਮਾਯੂਸੀ ਦੇ ਮਾਰੇ ਨੇ ਯੂ. ਐਸ. ਕਲੱਬ ਵਿਚ ਬੈਠ ਕੇ ਰੱਜ ਕੇ ਬੀਅਰ ਪੀਤੀ। ਸ਼ਰਾਬੀ ਹਾਲਤ ਵਿਚ ਹੀ ਉਹ ਰਾਜਧਾਨੀ ਸਿ਼ਮਲੇ ਨੂੰ ਤਾਰ ਦੇਣ ਲਗਿਆ;
...ਉਹ ਉਹੋ ਗੱਲ ਹੀ ਕਹਿੰਦਾ ਜਾ ਰਿਹਾ ਹੈ ਕਿ ਮਹਾਂਰਾਜੇ ਨੇ ਉਸ ਨੂੰ ਹੁਕਮ ਦਿਤਾ ਹੈ ਕਿ ਹਿੰਦੁਸਤਾਨ ਜਾ ਕੇ ਪੈਸੇ ਇਕੱਠੇ ਕਰ ਕੇ ਲਿਆਵੇ ਨਹੀਂ ਤਾਂ ਉਸ ਨੂੰ ਮੂੰਹ ਨਾ ਦਿਖਾਵੇ, ...ਚੰਦਰਨਗਰ ਦੇ ਸ਼ਸ਼ੀ ਭੂਸ਼ਨ ਮੁਖਰਜੀ ਨੂੰ ਵੀ ਇਸੇ ਕਰਕੇ ਮਿਲਣਾ ਸੀ। ...ਠਾਕੁਰ ਸਿੰਘ ਨੂੰ ਮਿਲਣ ਬਾਰੇ ਵੀ ਉਹ ਉਹੋ ਗੱਲ ਹੀ ਕਹਿ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਦਾ ਰੌਂਅ ਦੇਖਣਾ ਚਾਹੁੰਦਾ ਸੀ ਜਿਸ ਤੋਂ ਬਿਨਾਂ ਉਹ ਵਾਪਸ ਨਹੀਂ ਸੀ ਜਾ ਸਕਦਾ, ...ਜਦ ਉਸ ਨੂੰ ਇਹ ਪੁੱਛਿਆ ਕਿ ਹਮਲਾ ਕਦ ਹੋ ਰਿਹਾ ਹੈ ਤਾਂ ਉਸ ਨੇ ਮੇਰੀ ਗੱਲ ਨੂੰ ਬਿਲਕੁਲ ਅਣਗੌਲ ਦਿਤਾ। ...ਮੈਨੂੰ ਯਕੀਨ ਹੈ ਕਿ ਇਸ ਤੋਂ ਹੋਰ ਕੁਝ ਨਹੀਂ ਮਿਲਣਾ, ਕੋਈ ਹੋਰ ਤਰੀਕਾ ਲੱਭਣਾ ਪਵੇਗਾ। ...ਅਰੂੜ ਸਿੰਘ ਲੰਮਾ ਚੌੜਾ ਆਦਮੀ ਹੈ, ਮਜ਼ਬੂਤ ਵੀ ਹੈ ਤੇ ਦਲੀਪ ਸਿੰਘ ਪ੍ਰਤੀ ਵਫਾਦਾਰ ਵੀ ਇਸ ਲਈ ਹੋਰ ਕੁਝ ਨਹੀਂ ਦਸੇਗਾ ਤੇ ਵਕਤ ਖਰਾਬ ਕਰਨ ਵਾਲੀ ਗੱਲ ਹੋਵੇਗੀ। ਇਕ ਵਾਰ ਹੋਰ ਕੋਸਿ਼ਸ਼ ਕਰ ਕੇ ਦੇਖਦਾ ਹਾਂ ਨਹੀਂ ਤਾਂ ਸੋਚਦਾ ਹਾਂ ਕਿ ਉਸ ਨੂੰ ਖਤਮ ਹੀ ਕਰ ਦਿਤਾ ਜਾਵੇ, ਬਹੁਤੀ ਦੇਰ ਬਿਨਾਂ ਕੇਸ ਦਰਜ ਕੀਤੇ ਕੈਦ ਵਿਚ ਰੱਖਣਾ ਠੀਕ ਨਹੀਂ ਹੋਵੇਗਾ।...
ਅਰੂੜ ਸਿੰਘ ਉਡੀਕ ਰਿਹਾ ਸੀ ਕਿ ਹਾਲੇ ਉਸ ਉਪਰ ਹੋਰ ਤਸ਼ੱਦਦ ਹੋਵੇਗਾ ਤੇ ਹਾਲੇ ਹੋਰ ਸਵਾਲ ਜਵਾਬ ਹੋਣਗੇ ਪਰ ਇਹ ਸਭ ਰੁਕ ਗਿਆ। ਹੁਣ ਉਹ ਉਡੀਕਣ ਲਗਿਆ ਕਿ ਉਸ ਦੇ ਖਿਲਾਫ ਕੋਈ ਕੇਸ ਦਰਜ ਕਰ ਦਿਤਾ ਜਾਵੇਗਾ ਪਰ ਅਜਿਹਾ ਵੀ ਨਾ ਕੀਤਾ ਗਿਆ। ਇਕ ਦਿਨ ਉਹ ਆਪਣੀ ਕੋਠੜੀ ਵਿਚ ਬੈਠਾ ਸੀ। ਗਰਮੀ ਕਾਰਨ ਉਸ ਨੇ ਬਹੁਤੇ ਕਪੜੇ ਉਤਾਰੇ ਹੋਏ ਸਨ ਕਿ ਅਚਾਨਕ ਕੁਝ ਅਵਾਜ਼ਾਂ ਸੁਣਾਈ ਦਿਤੀਆਂ। ਕੋਈ ਪੰਜਾਬੀ ਵਿਚ ਗਾਲ੍ਹਾਂ ਕੱਢਦਾ ਆ ਰਿਹਾ ਸੀ। ਕੁਝ ਸਿਪਾਹੀ ਇਕ ਆਦਮੀ ਨੂੰ ਫੜੀ ਲਿਆ ਰਹੇ ਸਨ ਪਰ ਉਹ ਆਦਮੀ ਉਹਨਾਂ ਨੂੰ ਗਾਲ੍ਹਾਂ ਤੇ ਗਾਲ੍ਹਾਂ ਦੇਈ ਜਾ ਰਿਹਾ ਸੀ। ਫਿਰ ਸਿਪਾਹੀਆਂ ਨੇ ਅਰੂੜ ਸਿੰਘ ਵਾਲੀ ਕੋਠੜੀ ਖੋਹਲੀ ਤੇ ਧੱਕਾ ਮਾਰ ਕੇ ਅੰਦਰ ਸੁਟ ਦਿਤਾ। ਆਦਮੀ ਹਾਲੇ ਵੀ ਗਾਲ੍ਹਾਂ ਕੱਢੀ ਜਾ ਰਿਹਾ ਸੀ ਤੇ ਫਿਰ ਅਚਾਨਕ ਉਸ ਨੇ ਨਾਹਰੇ ਲਾਉਣੇ ਸ਼ੁਰੂ ਕਰ ਦਿਤੇ; ਅੰਗਰੇਜ਼ ਸਰਕਾਰ, ਮੁਰਦਾਬਾਦ, ਭਾਰਤਮਾਤਾ ਦੀ ਜੈ। ਕੁਝ ਦੇਰ ਨਾਹਰੇ ਲਾ ਕੇ ਥੱਕ ਕੇ ਬੈਠ ਗਿਆ ਤੇ ਅਰੂੜ ਸਿੰਘ ਵਲ ਦੇਖਣ ਲਗਿਆ। ਅਰੂੜ ਸਿੰਘ ਦੇ ਸਰੀਰ ਦੇ ਕੁਟ ਦੇ ਨਿਸ਼ਾਨ ਦੇਖਦਾ ਉਸ ਕੋਲ ਆ ਉਸ ਦੇ ਜ਼ਖਮਾਂ ਤੇ ਹੱਥ ਫੇਰਦਾ ਪੁੱਛਣ ਲਗਿਆ,
ਸਰਦਾਰਾ, ਕਤਲ ਕਰਕੇ ਆਇਆਂ?
ਨਹੀਂ।
ਆਪਣੇ ਮੁਲਕ ਪੰਜਾਬ ਤੋਂ ਐਡੀ ਦੂਰ ਬੈਠਾ ਸਰਦਾਰ ਕਤਲ ਤੋਂ ਬਿਨਾਂ ਕਿਸ ਗੱਲੋਂ ਅੰਦਰ ਹੋ ਸਕਦਾ, ਕੋਈ ਡਾਕਾ ਮਾਰਿਆ ਹੋਏਗਾ?
ਅਰੂੜ ਸਿੰਘ ਨੇ ਕੋਈ ਜਵਾਬ ਨਾ ਦਿਤਾ। ਉਹ ਆਦਮੀ ਫਿਰ ਕਹਿਣ ਲਗਿਆ,
ਮੇਰਾ ਨਾਂ ਭਗੀਰਥ ਰਾਮ ਏ, ਇਹ ਬੰਗਾਲੀ ਮੈਨੂੰ ਮੁਫਤ ਵਿਚ ਹੀ ਫੜੀ ਫਿਰਦੇ ਨੇ, ਬੰਗਾਲੀ ਆਪਣੇ ਆਪ ਨੂੰ ਗੋਰਿਆਂ ਦੀ ਮਾਸੀ ਦੇ ਪੁੱਤ ਸਮਝਦੇ ਨੇ ਤੇ ਇਹ ਗੋਰੇ ਸਾਲ਼ੇ ਕਿਸੇ ਦੇ ਸਕੇ ਨਹੀਂ, ...ਦੇਖ ਸਰਦਾਰਾ, ਤੁਸੀਂ ਸਤਵੰਜਾ ਵੇਲੇ ਤੁਸੀਂ ਬਾਕੀ ਹਿੰਦੁਸਤਾਨ ਦਾ ਸਾਥ ਨਹੀਂ ਦਿਤਾ ਪਰ ਹੁਣ ਜ਼ਰੂਰ ਦਿਓ, ਅਸੀਂ ਇਹ ਗੋਰੇ ਇਥੋਂ ਕੱਢਣੇ ਨੇ, ਇਹ ਸਾਡਾ ਖੂਨ ਚੂਸ ਰਹੇ ਨੇ, ...ਪਰ ਸਰਦਾਰਾ ਤੇਰੇ ਮੋਟੇ ਦਿਮਾਗ ਵਿਚ ਏਹ ਗੱਲ ਨਹੀਂ ਪੈਣੀ, ਤੂੰ ਦੱਸ ਕਿੰਨੇ ਬੰਦੇ ਮਾਰੇ ਆ?
ਅਰੂੜ ਸਿੰਘ ਨੇ ਉਸ ਦੀ ਕਿਸੇ ਵੀ ਗੱਲ ਦਾ ਜਵਾਬ ਨਾ ਦਿਤਾ। ਇੰਨੇ ਚਿਰ ਵੀ ਇਕ ਪੁਲੀਸ ਵਾਲਾ ਆਇਆ ਤੇ ਕੋਠੜੀ ਦੀਆਂ ਸਲਾਖਾਂ ਵਿਚ ਡੰਡਾ ਮਾਰਦਾ ਉਸ ਨੂੰ ਚੁੱਪ ਰਹਿਣ ਲਈ ਕਹਿ ਕੇ ਚਲੇ ਗਿਆ। ਭਗੀਰਥ ਰਾਮ ਨੇ ਦੋਨੋਂ ਪੈਰ ਬਾਹਰ ਕੱਢਦਿਆਂ ਚੌਂਕੜੀ ਮਾਰ ਲਈ ਤੇ ਮੂੰਹੋਂ ਉਚਾਰਨ ਲਗਿਆ, ਹੇ ਸਤਿਗੁਰੂ, ਤੂੰ ਹੀ ਤੂੰ! ਅਰੂੜ ਸਿੰਘ ਜ਼ਰਾ ਕੁ ਹੈਰਾਨ ਹੁੰਦਾ ਉਸ ਵਲ ਦੇਖਦਾ ਜਾ ਰਿਹਾ ਸੀ। ਇਵੇਂ ਤਾਂ ਠਾਕੁਰ ਸਿੰਘ ਸੰਧਾਵਾਲੀਏ ਦੇ ਪਰਿਵਾਰ ਦੇ ਲੋਕ ਤੇ ਨੌਕਰ-ਚਾਕਰ ਸਵੇਰ-ਸਾਰ ਇਕੱਠੇ ਹੋ ਕੇ ਬੈਠਦੇ ਤੇ ਇਹ ਬੋਲ ਉਚਾਰਦੇ ਹੁੰਦੇ ਸਨ। ਅਰੂੜ ਸਿੰਘ ਵੀ ਜਿੰਨੇ ਦਿਨ ਉਥੇ ਰਿਹਾ ਉਹਨਾਂ ਵਿਚ ਸ਼ਾਮਲ ਹੁੰਦਾ ਰਿਹਾ ਸੀ। ਅਰੂੜ ਸਿੰਘ ਧਿਆਨ ਨਾਲ ਉਸ ਵਿਅਕਤੀ ਵਲ ਦੇਖਣ ਲਗਿਆ। ਉਹ ਅਠਾਈ ਤੀਹ ਸਾਲ ਦਾ ਭਰ ਨੌਜਵਾਨ ਸੀ, ਸਰੀਰ ਦਾ ਹਲਕਾ ਹੀ ਸੀ, ਜ਼ਰਾ ਕੁ ਅਟਕ ਕੇ ਵੀ ਬੋਲਦਾ ਸੀ ਪਰ ਬਹੁਤ ਤੇਜ਼ ਲਗਦਾ ਸੀ। ਜਦ ਭਗੀਰਥ ਰਾਮ ਵਿਹਲਾ ਹੋਇਆ ਤਾਂ ਅਰੂੜ ਸਿੰਘ ਨੇ ਪੁੱਛਿਆ,
ਕੀ ਕੰਮ ਕਰਦੇ ਹੋ?
ਕੋਈ ਖਾਸ ਨਹੀਂ ਸਰਦਾਰਾ, ਤੇਰੇ ਵਰਗੇ ਕਿਸੇ ਵੱਡੇ ਸਰਦਾਰ ਦੇ ਘਰ ਨੌਕਰ ਸਾਂ ਬਸ ਹੁਣ ਕੰਮ ਛੱਡ ਕੇ ਵਾਪਸ ਪੰਜਾਬ ਜਾ ਰਿਹਾ ਸਾਂ ਕਿ ਇਹਨਾਂ ਨੇ ਫੜ ਲਿਆ ਕਿ ਮੈਂ ਮਹਾਂਰਾਜਾ ਦਲੀਪ ਸਿੰਘ ਦਾ ਕੋਈ ਸੁਨੇਹਾ ਪੰਜਾਬ ਲੈ ਕੇ ਜਾ ਰਿਹਾਂ, ਪਤਾ ਨਹੀਂ ਤੂੰ ਮਹਾਂਰਾਜਾ ਦਲੀਪ ਸਿੰਘ ਨੂੰ ਜਾਣਦਾਂ ਕਿ ਨਹੀਂ?
ਅਰੂੜ ਸਿੰਘ ਨੇ ਕੋਈ ਜਵਾਬ ਨਾ ਦਿਤਾ। ਭਗੀਰਥ ਰਾਮ ਦੀ ਜਿਵੇਂ ਬੋਲਦੇ ਰਹਿਣ ਦੀ ਆਦਤ ਸੀ। ਉਹ ਬੋਲਦਾ ਗਿਆ,
ਮੈਂ ਠਾਣੇਦਾਰ ਨੂੰ ਕਿਹਾ ਕਿ ਮੈਂ ਸਧਾਰਨ ਬੰਦਾਂ, ਮੈਂ ਆਪਣੇ ਸਰਦਾਰ ਦਾ, ਆਪਣੇ ਮਾਲਕ ਦਾ ਸਧਾਰਣ ਨੌਕਰ ਆਂ ਪਰ ਜੇ ਸਰਦਾਰ ਨੇ ਮੈਨੂੰ ਕੋਈ ਡਿਊਟੀ ਦਿਤੀ ਹੁੰਦੀ ਤਾਂ ਮੈਂ ਖੁਸ਼ੀ ਖੁਸ਼ੀ ਪੂਰੀ ਕਰਦਾ, ਬਸ ਇਸੇ ਗੱਲੋਂ ਇਹਨਾਂ ਮੈਨੂੰ ਫੜ ਲਿਆ ਤੇ ਮੇਰੇ ਕੁਟਾਪਾ ਚਾੜ੍ਹ ਦਿਤਾ।
ਭਗੀਰਥ ਰਾਮ ਜੀ, ਕਿਹੜੇ ਸਰਦਾਰ ਦੀ ਗੱਲ ਕਰਦੇ ਓ, ਕਿਸ ਦੇ ਨੌਕਰੀ ਕੀਤੀ ਤੁਸੀਂ?
ਓ ਸਰਦਾਰਾ, ਤੂੰ ਕਾਤਲ ਹੋਣੈਂ ਜਾਂ ਡਾਕੂ, ਤੂੰ ਕੀ ਜਾਣੇ! ...ਕਦੇ ਨਾਂ ਸੁਣਿਆਂ ਏਂ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਜੀ ਦਾ? ਪਤਾ ਏ ਪਾਂਡੀਚਰੀ ਕਿਥੇ ਵੇ? ਤੈਨੂੰ ਤਲਵਾਰ-ਬੰਦੂਕ ਚਲਾਉਣ ਤੋਂ ਬਿਨਾਂ ਕਿਸੇ ਗੱਲ ਦਾ ਪਤਾ ਵੇ?
ਤੂੰ ਓਥੇ ਕੀ ਕਰਦਾ ਸੈਂ?
ਮ.. ਮੈਂ ਨੌਕਰ ਸਾਂ।
ਹੁਣ ਭਗੀਰਥ ਰਾਮ ਕੁਝ ਸੰਭਲ ਕੇ ਬੋਲਿਆ। ਅਰੂੜ ਸਿੰਘ ਦੇ ਗੱਲ ਕਰਨ ਦੇ ਲਹਿਜ਼ੇ ਤੋਂ ਲਗਦਾ ਸੀ ਕਿ ਉਹ ਠਾਕੁਰ ਸਿੰਘ ਨੂੰ ਜਾਣਦਾ ਸੀ। ਭਗੀਰਥ ਰਾਮ ਨੇ ਫਿਰ ਕਿਹਾ,
ਮੈਂ ਆਪਣੇ ਸਰਦਾਰ ਸਾਹਿਬ ਦਾ ਘਰ ਸੰਭਾਲਦਾਂ, ਕੁਝ ਦੇਰ ਪੰਜਾਬ ਰਹਿ ਕੇ ਫਿਰ ਵਾਪਸ ਜਾਵਾਂਗਾ ਪਰ ਇਹ ਬੁੱਚੜ ਜੇ ਹੁਣ ਛੱਡਣਗੇ ਤਾਂ।
ਪਰ ਤੈਨੂੰ ਕਦੇ ਉਥੇ ਦੇਖਿਆ ਤਾਂ ਹੈ ਨਹੀਂ।
ਅਰੂੜ ਸਿੰਘ ਨੇ ਦੂਰ ਬੈਠੇ ਪੁਲੀਸ ਵਾਲੇ ਵੱਲ ਦੇਖ ਕੇ ਹੌਲੇ ਜਿਹੇ ਕਿਹਾ। ਭਗੀਰਥ ਰਾਮ ਵੀ ਅਹਿਸਤਾ ਅਵਾਜ਼ ਵਿਚ ਬੋਲਿਆ,
ਤੁਸੀਂ ਕਦੇ ਗਏ ਓ ਓਥੇ, ਮੈਂ ਦਿਆਲ ਦਾ ਛੋਟਾ ਭਰਾ ਵਾਂ, ਦਿਆਲ, ਚਿਹਰੇ ਦੇ ਦਾਗ ਵਾਲ਼ਾ ਜਿਹੜਾ ਬਾਵਰਚੀ ਏ।
ਅਰੂੜ ਸਿੰਘ ਨੂੰ ਦਿਆਲ ਦਾ ਪੂਰਾ ਚੇਤਾ ਸੀ। ਦਿਆਲ ਹੀ ਤਾਂ ਰੋਜ਼ ਤਰ੍ਹਾਂ ਤਰ੍ਹਾਂ ਦੇ ਖਾਣੇ ਬਣਾਉਂਦਾ ਸੀ। ਅਰੂੜ ਸਿੰਘ ਨੂੰ ਲਗਿਆ ਜਿਵੇਂ ਕੋਈ ਆਪਣਾ ਮਿਲ ਗਿਆ ਹੋਵੇ। ਉਸ ਨੇ ਫਿਰ ਪੁੱਛਿਆ,
ਤੂੰ ਪੰਜਾਬ ਕੀ ਕਰਨ ਜਾ ਰਿਹਾ ਸੈਂ?
ਸਰਦਾਰ ਸਾਹਿਬ ਦੀਆਂ ਕੁਝ ਚਿੱਠੀਆਂ ਸਨ ਜੋ ਅੰਮ੍ਰਿਤਸਰ ਲੈ ਕੇ ਜਾਣੀਆਂ ਸਨ ਪਰ ਪੁਲੀਸ ਦੇਖ ਕੇ ਮੈਂ ਦਰਿਆ ਵਿਚ ਸੁੱਟ ਦਿਤੀਆਂ ਸਨ, ਪਰ ਮੈਨੂੰ ਸਾਰੇ ਸੁਨੇਹੇ ਤਾਂ ਯਾਦ ਨੇ, ਕੋਈ ਸਰਦਾਰ ਅਰੂੜ ਸਿੰਘ ਇੰਗਲੈਂਡ ਤੋਂ ਆਇਆ ਏ ਉਸ ਬਾਰੇ ਹੀ ਕੁਝ ਗੱਲਾਂ ਦਸਣੀਆਂ ਨੇ ਅੰਮ੍ਰਿਤਸਰ ਜਾ ਕੇ।
ਭਗੀਰਥ ਰਾਮ, ਮੈਂ ਹੀ ਅਰੂੜ ਸਿੰਘ ਹਾਂ।
ਭਗੀਰਥ ਰਾਮ ਹੈਰਾਨ ਹੋਇਆ ਅਰੂੜ ਸਿੰਘ ਵਲ ਦੇਖਦਾ ਜਾ ਰਿਹਾ ਸੀ। ਫਿਰ ਉਹ ਉਸ ਦੇ ਜ਼ਖਮਾਂ ਨੂੰ ਸਹਿਲਾਉਣ ਲਗਿਆ ਤੇ ਬੋਲਿਆ,
ਸਰਦਾਰ ਜੀ ਤਾਂ ਤੁਹਾਡੇ ਬਾਰੇ ਬਹੁਤ ਸਾਰੀਆਂ ਗੱਲਾਂ ਕਰਦੇ ਰਹਿੰਦੇ ਨੇ, ਮਹਾਂਰਾਜੇ ਵਲ ਤੁਹਾਡੀ ਸ਼ਰਧਾ ਤੇ ਵਫਾਦਾਰੀ ਦੇ ਕਿੱਸੇ ਮਸ਼ਹੂਰ ਨੇ, ਤੁਸੀਂ ਆਪਣੀ ਸਾਰੀ ਜਿ਼ੰਦਗੀ ਹੀ ਮਹਾਂਰਾਜੇ ਦੀ ਸੇਵਾ ਵਿਚ ਅਰਪਿਤ ਕੀਤੀ ਹੋਈ ਏ। ਸਰਦਾਰ ਜੀ, ਮੇਰਾ ਤਾਂ ਸਿਰ ਤੁਹਾਡੇ ਸਾਹਮਣੇ ਝੁਕਦਾ ਏ।
ਕਹਿੰਦਾ ਹੋਇਆ ਭਗੀਰਥ ਰਾਮ ਉਸ ਮੁਹਰੇ ਸਿਰ ਝੁਕਾ ਕੇ ਖੜਾ ਹੋ ਗਿਆ। ਇਕ ਪੁਲੀਸ ਵਾਲਾ ਆਇਆ ਤੇ ਭਗੀਰਥ ਰਾਮ ਨੂੰ ਕਹਿਣ ਲਗਿਆ,
ਅਜ ਸ਼ਾਮ ਤੇਰੀ ਸ਼ਾਮਤ ਆਵੇਗੀ, ਉਪਰੋਂ ਹੁਕਮ ਆ ਗਏ ਨੇ ਮਾਰ ਖਾਣ ਲਈ ਤਿਆਰ ਹੋ ਜਾ।
ਪਰ ਸਿਪਾਹੀ ਮੋਸ਼ਾਏ, ਮੇਰੇ ਕੋਲ ਹੈ ਹੀ ਕੀ ਜਿਹੜਾ ਤੁਸੀਂ ਮੈਨੂੰ ਮਾਰੋਂਗੇ?
ਇਹ ਠਾਣਾ ਏ, ਮਾਰ ਤਾਂ ਪੈਣੀ ਈ ਹੋਈ।
ਹਸਦਾ ਹੋਇਆ ਪੁਲੀਸ ਵਾਲਾ ਚਲੇ ਗਿਆ। ਭਗੀਰਥ ਰਾਮ ਮਾਣ ਨਾਲ ਬੋਲਦਾ ਦਸਣ ਲਗਿਆ,
ਦੇਸ਼ ਤੋਂ ਕੁਰਬਾਨ ਹੋਣ ਵਾਲਿਆਂ ਨੂੰ ਮਾਰਾਂ ਕੁਝ ਨਹੀਂ ਕਹਿੰਦੀਆਂ।
ਫਿਰ ਉਹ ਅਰੂੜ ਸਿੰਘ ਤੋਂ ਮਹਾਂਰਾਜੇ ਬਾਰੇ ਗੱਲਾਂ ਪੁੱਛਣ ਲਗਿਆ ਤੇ ਹੱਥ ਮਿਲਾਉਂਦਿਆਂ ਆਖਰੀ ਦਮ ਤਕ ਅਰੂੜ ਸਿੰਘ ਦਾ ਸਾਥ ਦੇਣ ਦਾ ਵਾਅਦਾ ਵੀ ਕੀਤਾ। ਸ਼ਾਮ ਨੂੰ ਪੁਲੀਸ ਵਾਲੇ ਆਏ ਤੇ ਉਸ ਨੂੰ ਲੈ ਗਏ। ਕੁਝ ਦੇਰ ਦੂਜੇ ਪਾਸੇ ਲੈ ਜਾਕੇ ਉਸ ਦੀ ਕੁਟ ਮਾਰ ਕੀਤੀ, ਉਹ ਰੌਲ਼ਾ ਪਾਉਂਦਾ ਰਿਹਾ ਤੇ ਪੁਲੀਸ ਵਾਲਿਆਂ ਨੂੰ ਗਾਲ੍ਹਾਂ ਵੀ ਕੱਢਦਾ ਰਿਹਾ ਤੇ ਫਿਰ ਵਾਪਸ ਅਰੂੜ ਸਿੰਘ ਕੋਲ ਆ ਬੈਠਾ। ਉਹ ਇਵੇਂ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਅਰੂੜ ਸਿੰਘ ਉਸ ਦੀ ਬਹਾਦਰੀ ਦੀ ਦਾਦ ਦੇਣ ਲਗਿਆ ਤੇ ਉਸ ਨੂੰ ਆਪਣਾ ਹਮਰਾਜ਼ ਬਣਾਉਂਦਿਆਂ ਸਾਰੀ ਗੱਲ ਦੱਸ ਦਿਤੀ।
ਇਥੋਂ ਅਰੂੜ ਸਿੰਘ ਨੇ ਸਾਰੇ ਰਾਜਿਆਂ ਤੇ ਰਾਜ ਕੁਮਾਰਾਂ ਨੂੰ ਜ਼ਾਤੀ ਤੌਰ ਤੇ ਮਿਲਣਾ ਸੀ ਤੇ ਦਲੀਪ ਸਿੰਘ ਦੇ ਤੇ ਰੂਸ ਦੇ ਹਿੰਦੁਸਤਾਨ ਆਉਣ ਲਈ ਜ਼ਮੀਨ ਤਿਆਰ ਕਰਨੀ ਸੀ। ਰਾਜਕੁਮਾਰਾਂ ਤੋਂ ਪੈਸੇ ਦੀ ਮੱਦਦ ਵੀ ਲੈਣੀ ਸੀ, ਨਹੀਂ ਤਾਂ ਲਿਖਤੀ ਜਾਮਨੀ ਤਾਂ ਜੋ ਰੂਸੀ ਸਰਕਾਰ ਨੂੰ ਦਿਖਾਇਆ ਜਾ ਸਕੇ ਕਿ ਏਨੇ ਰਾਜਕੁਮਾਰ ਮਹਾਂਰਾਜੇ ਨਾਲ ਖੜੇ ਹਨ। ਕੁਝ ਮਹੀਨਿਆਂ ਬਾਅਦ ਕੁਝ ਰੂਸੀ ਭੇਸ ਬਦਲ ਕੇ ਹਿੰਦੁਸਤਾਨ ਪੁੱਜ ਰਹੇ ਸਨ ਤੇ ਉਹਨਾਂ ਨੂੰ ਇਹਨਾਂ ਰਾਜਕੁਮਾਰਾਂ ਨਾਲ ਮਿਲਾੳਣਾ ਸੀ ਤਾਂ ਜੋ ਉਹਨਾਂ ਲਈ ਹਮਲਾ ਕਰਨਾ ਅਸਾਨ ਹੋ ਸਕੇ। ਉਸ ਨੇ ਰੂਸੀਆਂ ਨੂੰ ਰਿਸ਼ਵਤ ਦੇਣ ਲਈ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਤੋਂ ਪੈਸੇ ਵੀ ਇਕੱਠੇ ਕਰਨੇ ਸਨ। ਉਥੇ ਜਾ ਕੇ ਹੀ ਉਸ ਨੇ ਅਜਿਹੇ ਲੋਕਾਂ ਦੇ ਦਸਤੇ ਤਿਆਰ ਵੀ ਕਰਨੇ ਸਨ ਜਿਹੜੇ ਵਿਸ਼ੇਸ਼ ਪੁੱਲ ਤੇ ਰੇਲਵੇ ਲਾਈਨਾਂ ਤੋੜ ਦੇਣਗੇ ਤੇ ਤਾਰਾਂ ਕੱਟਣ ਦਾ ਕੰਮ ਵੀ ਕਰਨਗੇ। ਜਦ ਫੌਜ ਲੜਾਈ ਲਈ ਸਰਹੱਦ ਤੇ ਜਾਵੇਗੀ ਤਾਂ ਪਿਛਲੇ ਫੌਜੀ ਟਿਕਾਣਿਆਂ ਤੇ ਹਮਲੇ ਕਰਨ ਲਈ ਵਿਸ਼ੇਸ਼ ਫੌਜ ਵੀ ਭਰਤੀ ਕਰਨੀ ਸੀ। ਮਹਾਂਰਾਜੇ ਦੀ ਜਿਹੜੀ ਜਾਣਕਾਰੀ ਬ੍ਰਤਾਨਵੀ ਸਰਕਾਰ ਨੂੰ ਨਹੀਂ ਸੀ ਪੁਜਦੀ ਉਸ ਦਾ ਸੋਮਾ ਕੌਂਸਟੈਂਟਿਨਪੋਲ ਵਿਚ ਬੈਠਾ ਉਸ ਦਾ ਏਜੰਟ ਮੁਸਤਫਾ ਇਫੈਂਡੀ ਸੀ।
ਕਰਨਲ ਹੈਂਡਰਸਨ ਜੋ ਕੁਝ ਪ੍ਰਾਪਤ ਨਹੀਂ ਸੀ ਕਰ ਸਕਿਆ ਇਹ ਬੰਦਾ ਕਰ ਗਿਆ ਸੀ। ਅਸਲ ਵਿਚ ਇਹ ਪੁਲੀਸ ਦਾ ਹੀ ਆਦਮੀ ਸੀ ਜੋ ਭੇਸ ਬਦਲ ਕੇ ਆਇਆ ਸੀ। ਇਹ ਉਹੀ ਅਲੀ ਮਹੁੰਮਦ ਸੀ ਜਿਸ ਨੂੰ ਐਲ. ਐਮ. ਵੀ ਕਹਿੰਦੇ ਸਨ। ਐਲ. ਐਮ. ਤੋਂ ਭਾਵ ਸੀ ਲੈਂਬਟਰਸ ਮੈਨ। ਇਸ ਨੂੰ ਫੌਜ ਦੇ ਅਧਿਕਾਰੀ ਮਿਸਟਰ ਲੈਂਬਰਟ ਨੇ ਇਸੇ ਵਿਸ਼ੇਸ਼ ਕੰਮ ਲਈ ਤਿਆਰ ਕੀਤਾ ਹੋਇਆ ਸੀ। ਹੈਂਡਰਸਨ ਦੀ ਇਸ ਗੱਲ ਨਾਲ ਚੜ ਮਚੀ ਪਈ ਸੀ।
ਅਰੂੜ ਸਿੰਘ ਨੂੰ ਇਸ ਗੱਲ ਦਾ ਇਹ ਫਾਇਦਾ ਹੋਇਆ ਕਿ ਉਸ ਦੀ ਜਾਨ ਦੀ ਖੁਲਾਸੀ ਹੋ ਗਈ। 6 ਸਤੰਬਰ ਨੂੰ ਉਸ ਨੂੰ ਕਲਕੱਤੇ ਦੀ ਜੇਲ ਵਿਚੋਂ ਕੱਢ ਕੇ ਚੁਨਾਰ ਦੇ ਕਿਲ੍ਹੇ ਵਿਚ ਭੇਜ ਦਿਤਾ ਗਿਆ। ਚੁਨਾਰ ਦਾ ਇਹ ਉਹੋ ਕਿਲ੍ਹਾ ਸੀ ਜਿਥੇ ਕਿਸੇ ਵੇਲੇ ਮਹਾਂਰਾਜੇ ਦੀ ਮਾਂ ਰਾਣੀ ਜਿੰਦ ਕੋਰ ਨੂੰ ਕੈਦ ਰਖਿਆ ਗਿਆ ਸੀ। ਅਰੂੜ ਸਿੰਘ ਨੂੰ ਇਥੇ ਇਕ ਉੱਚ ਦਰਜੇ ਵਾਲੇ ਕੈਦੀ ਵਾਲੀਆਂ ਸਹੂਲਤਾਂ ਮਿਲ ਗਈਆਂ ਪਰ ਉਸ ਉਪਰ ਹਰ ਵੇਲੇ ਸਖਤ ਪਹਿਰਾ ਰਹਿੰਦਾ ਸੀ। ਇਕ ਵਾਰ ਰਾਣੀ ਜਿੰਦ ਕੋਰ ਇਸ ਜੇਲ੍ਹ ਵਿਚੋਂ ਭੱਜ ਚੁੱਕੀ ਸੀ ਤੇ ਸਰਕਾਰ ਉਸ ਕਹਾਣੀ ਨੂੰ ਮੁੜ ਕੇ ਦੁਹਰਾਅ ਨਹੀਂ ਸੀ ਦੇਖਣਾ ਚਾਹੁੰਦੀ।
ਇਸ ਜੇਲ੍ਹ ਵਿਚ ਆ ਕੇ ਅਰੂੜ ਸਿੰਘ ਨੂੰ ਜਾਪਣ ਲਗਿਆ ਕਿ ਹੁਣ ਮੁੜ ਕੇ ਕਦੇ ਵੀ ਬਾਹਰ ਨਹੀਂ ਨਿਕਲ ਸਕੇਗਾ। ਇਸ ਕਿਲ੍ਹੇ ਬਾਰੇ ਇਹੋ ਮਸ਼ਹੂਰ ਸੀ ਕਿ ਇਕ ਵਾਰ ਕੋਈ ਕੈਦੀ ਇਥੇ ਆ ਗਿਆ ਤਾਂ ਉਮਰ ਭਰ ਇਥੇ ਹੀ ਰਹਿਣਾ ਪੈਂਦਾ ਸੀ। ਉਸ ਨੂੰ ਆਪਣੇ ਬਾਰੇ ਕੋਈ ਫਿਕਰ ਨਹੀਂ ਸੀ, ਉਸ ਨੂੰ ਤਾਂ ਹਰ ਵੇਲੇ ਮਹਾਂਰਾਜੇ ਦੀ ਚਿੰਤਾ ਖਾਈ ਜਾਂਦੀ ਸੀ।
(ਨਵੇਂ ਨਾਵਲ ਆਪਣਾ ਵਿਚੋਂ)

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346