Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਜਦੋਂ ਸਥਾਪਤੀ ਦਾ ਤੋਤਾ ਮੇਰੇ ਸਿਰ ਤੇ ਅਚਾਣਕ ਆ ਬੈਠਾ

 

- ਅਜਮੇਰ ਸਿੰਘ ਔਲਖ

ਨੌਂ ਬਾਰਾਂ ਦਸ

 

- ਵਰਿਆਮ ਸਿੰਘ ਸੰਧੂ

ਮੇਰੀ ਫਿਲਮੀ ਆਤਮਕਥਾ

 

- ਬਲਰਾਜ ਸਾਹਨੀ

ਦੇਖ ਕਬੀਰਾ

 

- ਕਿਰਪਾਲ ਕਜ਼ਾਕ

ਲੋਕ-ਸੰਗੀਤ ਦੀ ਸੁਰੀਲੀ ਤੰਦ-ਅਮਰਜੀਤ ਗੁਰਦਾਸਪੁਰੀ

 

- ਗੁਰਭਜਨ ਗਿੱਲ

ਆਪਣੀ ਪੀੜ

 

-  ਹਰਪ੍ਰੀਤ ਸੇਖਾ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਨਾਵਲ ਅੰਸ਼ / ਅਰੂੜ ਸਿੰਘ ਹਿੰਦੁਸਤਾਨ ਵਿਚ

 

- ਹਰਜੀਤ ਅਟਵਾਲ

ਬਾਗੀ ਹੋ ਜਾਣ ਦੇ ਮਾਣਯੋਗ ਰਾਹੀਂ ਤੁਰਦਿਆਂ

 

- ਡਾ.ਸੁਰਿੰਦਰ ਮੰਡ

ਸੁਰ ਦੀ ਚੋਟ

 

- ਇਕਬਾਲ ਮਾਹਲ

ਝੂਠ ਸਭ ਝੂਠ

 

- ਚਰਨਜੀਤ ਸਿੰਘ ਪੰਨੂ

 'ਸ਼ਹਿਣਸ਼ੀਲਤਾ'

 

- ਹਰਜਿੰਦਰ ਗੁਲਪੁਰ

ਗਜ਼ਲ

 

- ਹਰਚੰਦ ਸਿੰਘ ਬਾਸੀ

ਫਰੈਡਰਿਕ ਏਂਗਲਜ ਨੂੰ ਯਾਦ ਕਰਦਿਆਂ.......

 

- ਪਰਮ ਪੜਤੇਵਾਲਾ

ਛੰਦ ਪਰਾਗੇ ਤੇ ਕਵਿਤਾ

 

- ਗੁਰਨਾਮ ਢਿੱਲੋਂ

ਗੁਰੂ ਨਾਲ਼ ਸੰਵਾਦ

 

- ਗੁਰਲਾਲ ਸਿੰਘ ਬਰਾੜ

ਕਹਾਣੀ / ਅਸਲ ਰੋਸ

 

- ਗੁਰਬਾਜ ਸਿੰਘ

 

Online Punjabi Magazine Seerat

ਸੰਤ ਫ਼ਤਿਹ ਸਿੰਘ ਜੀ
- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

 

ਗੱਲ ਇਹ 1959 ਦੇ ਅਖੀਰਲੇ ਮਹੀਨਿਆਂ ਦੀ ਹੈ ਜਦੋਂ ਸ਼੍ਰੋਮਣੀ ਗੁ.ਪ੍ਰ.ਕਮੇਟੀ ਦੀ 1960 ਵਾਲ਼ੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੀਆਂ ਟਿਕਟਾਂ ਵੰਡਣ ਲਈ ਸਰਗਰਮੀਆਂ ਚੱਲ ਰਹੀਆਂ ਸਨ। ਇਹਨਾਂ ਸਰਗਰਮੀਆਂ ਦਾ ਕੇਂਦਰ ਉਸ ਵੇਲ਼ੇ ਦੇ ਅਕਾਲੀ ਦੇ ਪ੍ਰਧਾਨ, ਮਾਸਟਰ ਤਾਰਾ ਸਿੰਘ ਜੀ ਦੀ ਰਿਹਾਇਸ਼ ਸੀ। ਇਸ ਰਿਹਾਇਸ਼ ਦੀ ਕੰਧ ਸ਼ਹੀਦ ਸਿੱਖ ਮਿਸਨਰੀ ਕਾਲਜ ਦੇ ਨਾਲ਼ ਸਾਂਝੀ ਹੋਣ ਕਰਕੇ, ਸਾਰੇ ਆਗੂ ਮਿਸਨਰੀ ਕਾਲਜ ਦੀ ਗਰਾਊਂਡ ਵਿੱਚ ਹੀ ਖਲੋਤੇ ਹੋਏ ਏਧਰ ਓਧਰ ਫਿਰਦੇ ਤੇ ਆਪਣੀ ਆਪਣੀ ਕਿਸਮਤ ਦੀ ਉਡੀਕ ਕਰ ਰਹੇ ਸਨ। ਇਸ ਸਮੇ ਸਾਡੇ ਹਲਕੇ ਬਿਆਸ ਤੋਂ ਸਿਟਿੰਗ ਮੈਬਰ ਸ.ਦਲੀਪ ਸਿੰਘ ਮਹਿਤਾ, ਆਪਣੀ ਇੱਕ ਲੰਙੀ ਲੱਤ ਨਾਲ਼ ਸਪੈਸ਼ਲ ਤੋਰ ਤੁਰਦੇ ਹੋਏ, ਵਧ ਸਰਗਰਮ ਦਿਸਦੇ ਸਨ ਜੋ ਕਿ ਮਾਸਟਰ ਜੀ ਦੇ ਘਰ ਕਾਲਜ ਦੀ ਸਾਂਝੀ ਕੰਧ ਵਿਚਲੇ ਛੋਟੇ ਜਿਹੇ ਬੂਹੇ ਥਾਣੀ, ਕਦੇ ਮਾਸਟਰ ਜੀ ਦੇ ਘਰੋਂ ਨਿਕਲਦੇ ਤੇ ਕਦੇ ਵੜਦੇ ਸਨ। ਉਹਨਾਂ ਦੀ ਖ਼ੁਸ਼ੀ ਦਾ ਕਾਰਨ ਇਹ ਸੀ ਕਿ ਇਸ ਵਾਰੀਂ ਉਹ ਆਪ ਚੋਣ ਨਹੀ ਸਨ ਲੜ ਰਹੇ ਤੇ ਇਸ ਤਰ੍ਹਾਂ ਖ਼ੁਦ ਨੂੰ ਉਹ ਕਿੰਗ ਮੇਕਰਾਂ ਵਿੱਚ ਸ਼ਾਮਲ ਸਮਝ ਰਹੇ ਸਨ। ਏਸੇ ਸਮੇ ਮੇਰੀ ਨਿਗਾਹ ਜ.ਜੀਵਨ ਸਿੰਘ ਉਮਰਾਨੰਗਲ ਉਪਰ ਪਈ ਜੋ ਆਪਣੇ ਸਭ ਤੋਂ ਲੰਮੇ ਕੱਦ, ਸੁੰਦਰ ਵਿਸ਼ਾਲ ਵਧ ਕਾਲ਼ੇ ਤੇ ਘੱਟ ਚਿੱਟੇ ਦਾਹੜੇ ਕਰਕੇ, ਸਭ ਤੋਂ ਵਧ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਰੂਪ ਵਿੱਚ ਜਲਵਾਗਰ ਹੋ ਰਹੇ ਸਨ। ਓਦੋਂ ਤੋਂ ਹੀ ਉਹਨਾਂ ਦੀ ਦਰਸ਼ਨੀ ਸ਼ਖ਼ਸੀਅਤ ਦਾ ਮੇਰੇ ਮਨ ਉਪਰ ਉਹਨਾਂ ਦੇ ਅਖੀਰ ਤੱਕ ਬੜਾ ਚੰਗਾ ਪ੍ਰਭਾਵ ਰਿਹਾ।
ਇਸ ਸਮੇ ਹੀ ਮੇਰੇ ਇੱਕ ਜਮਾਤੀ ਅਮਰ ਸਿੰਘ ਜੰਮੂ ਨੇ ਆਖਿਆ, ਅਹੁ ਸੰਤ ਫ਼ਤਿਹ ਸਿੰਘ ਵਾ! ਮੈ ਉਸ ਪਾਸੇ ਵੱਲ ਵੇਖਿਆ। ਇੱਕ ਕੱਦੋਂ ਕੁੱਝ ਮਧਰੇ ਪਰ ਗੋਲਾਈ ਵਿੱਚ ਕੁੱਝ ਵਧੇਰੇ ਕੱਦ ਵਾਲ਼ੇ ਵਿਅਕਤੀ ਉਪਰ ਮੇਰੀ ਨਿਗਾਹ ਪਈ ਜਿਸ ਦੇ ਹੱਥ ਵਿੱਚ ਵੱਡੀ ਕ੍ਰਿਪਾਨ ਸੀ ਤੇ ਗੱਲ ਵਿੱਚ ਚਿੱਟਾ ਪਰਨਾ। ਗਾਤਰੇ ਛੋਟੀ ਕ੍ਰਿਪਾਨ ਵੀ ਸੋਭਾਇਮਾਨ ਸੀ। ਤੇੜ ਗੋਡਿਆਂ ਤੱਕ ਕਛਹਿਰਾ ਅਤੇ ਚੇਹਰੇ ਦੇ ਮੁਤਾਬਿਕ ਹੀ ਸੁੰਦਰ ਦਾਹੜਾ।
ਗੱਲ ਆਈ ਗਈ ਹੋ ਗਈ। 1960 ਦੀਆਂ ਗੁਰਦੁਅਰਾ ਚੋਣਾਂ, ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਹੇਠ, ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਲਈਆਂ। ਨਹਿਰੂ ਦੇ ਥਾਪੜੇ ਤੇ ਸਰਦਾਰ ਕੈਰੋਂ ਦੀ ਸਾਰੀ ਤਾਕਤ ਨਾਲ਼, ਅਕਾਲੀ ਦਲ ਦੇ ਵਿਰੋਧੀ ਸਾਰੇ ਦਲਾਂ ਦਾ ਦਲ਼ੀਆ ਕਰਕੇ ਬਣਾਏ ਗਏ, ਸਾਧ ਸੰਗਤ ਬੋਰਡ ਦੇ ਹੱਥ ਕੇਵਲ ਤਿੰਨ ਕਾਣੇ ਹੀ ਆਏ; ਅਰਥਾਤ 140 ਵਿਚੋਂ ਸਾਧ ਸੰਗਤ ਬੋਰਡ ਦੇ ਸਿਰਫ ਤਿੰਨ ਉਮੀਦਵਾਰ ਹੀ ਜਿੱਤੇ।
ਇਹ ਚੋਣਾਂ ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਇਸ਼ੂ ਤੇ ਲੜੀਆਂ ਤੇ ਜਿੱਤੀਆਂ ਸਨ; ਇਸ ਲਈ ਜਿੱਤ ਉਪ੍ਰੰਤ ਇਸ ਦੀ ਪਰਾਪਤੀ ਲਈ ਉਦਮ ਵੀ ਕਰਨਾ ਸੀ। ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਰਾਮਸਰ ਦੀ ਸਾਹਮਣੀ ਗਰਾਊਂਡ ਵਿਚ, ਪੰਡਿਤ ਸੁੰਦਰ ਦਾਸ ਦੀ ਪ੍ਰਧਾਨਗੀ ਹੇਠ, ਬੜੀ ਭਾਰੀ ਕਾਨਫ਼੍ਰੰਸ ਰੱਖੀ। ਇਸ ਵਿੱਚ ਡਾ.ਕਿਚਲੂ ਸਮੇਤ ਕਈ ਵਿਰੋਧੀ ਧਿਰ ਦੇ ਹੋਰ ਆਗੂ ਵੀ ਆਏ ਤੇ ਸਾਰਿਆਂ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਜਾਇਜ਼ ਮੰਨ ਕੇ ਸਰਕਾਰ ਨੂੰ ਇਹ ਪੂਰੀ ਕਰਨ ਲਈ ਆਪਣੇ ਭਾਸ਼ਨਾਂ ਵਿੱਚ ਆਖਿਆ। ਉਸ ਕਾਨਫ਼੍ਰੰਸ ਵਿੱਚ ਪਹਿਲੀ ਤੇ ਅਖੀਰਲੀ ਵਾਰ ਮੈ ਸ.ਜਗਦੇਵ ਸਿੰਘ ਤਲਵੰਡੀ ਦੇ ਪਿਤਾ, ਜ.ਛਾਂਗਾ ਸਿੰਘ ਨੂੰ ਵੇਖਿਆ, ਜੋ ਕਾਨਫ਼੍ਰੰਸ ਦੇ ਸ਼ੁਰੂ ਹੋਣ ਤੋਂ ਪਹਿਲਾਂ, ਹਾਜਰੀਨਾਂ ਨੂੰ ਸਟੇਜ ਤੋਂ ਆਪਣੇ ਭਾਸ਼ਨ ਰਾਹੀੇਂ ਹਸਾ ਹਸਾ ਸਰੋਤਿਆ ਦੇ ਢਿਡੀਂ ਪੀੜਾਂ ਪਾ ਰਹੇ ਸਨ। ਕਹਿ ਕੀ ਰਹੇ ਸਨ, ਇਸ ਬਾਰੇ ਹੁਣ ਕੁੱਝ ਵੀ ਯਾਦ ਨਹੀ। ਉਸ ਕਾਨਫ਼੍ਰੰਸ ਵਿੱਚ ਫੈਸਲਾ ਹੋਇਆ ਕਿ ਮਾਸਟਰ ਜੀ ਦੀ ਅਗਵਾਈ ਹੇਠ ਦਿੱਲੀ ਨੂੰ ਜਥਾ ਭੇਜਿਆ ਜਾਵੇ। ਸਰਕਾਰ ਨੇ ਇਸ ਕਾਰਜ ਲਈ ਨਿਸਚਿਤ ਦਿਨ ਤੋਂ ਕੁੱਝ ਦਿਨ ਪਹਿਲਾਂ ਹੀ ਇੱਕ ਦਿਨ ਦੀ ਅੱਧੀ ਰਾਤ ਨੂੰ ਛਾਪਾ ਮਾਰ ਕੇ, ਸਾਰੇ ਅਕਾਲੀ ਆਗੂ ਫੜ ਕੇ ਜੇਹਲੀਂ ਤੁੰਨ ਦਿਤੇ। ਅਧੀ ਰਾਤ ਨੂੰ ਮਾਸਟਰ ਜੀ ਦੇ ਘਰ ਮੂਹਰੇ ਭਾਰੀ ਗਿਣਤੀ ਵਿੱਚ ਪੁਲਸ ਨੇ ਆ ਕੇ ਮਾਸਟਰ ਜੀ ਨੂੰ ਫੜ ਕੇ ਗੱਡੀ ਵਿੱਚ ਬੈਠਾ ਲਿਆ ਤੇ ਚੱਲਦੀ ਬਣੀ। ਅਸੀਂ ਜ਼ਿੰਦਾਬਾਦ ਮੁਰਦਾਬਾਦ ਹੀ ਕਰਦੇ ਰਹਿ ਗਏ। ਅਗਲੇ ਦਿਨ ਦੀ ਅਖ਼ਬਾਰ ਤੋਂ ਪਤਾ ਲੱਗਾ ਕਿ ਇਕੱਲਾ ਪੰਜਾਬ ਹੀ ਨਹੀ ਸਗੋਂ ਦਿੱਲੀ ਸਮੇਤ ਹੋਰ ਥਾਂਵਾਂ ਤੋਂ ਵੀ ਅਕਾਲੀ ਵਰਕਰਾਂ ਨੂੰ ਉਹਨਾਂ ਦੇ ਘਰਾਂ ਵਿਚੋਂ ਫੜ ਕੇ ਜੇਹਲਾਂ ਵਿੱਚ ਬੰਦ ਕਰ ਦਿਤਾ ਗਿਆ ਹੈ ਤਾਂ ਕਿ ਉਹ ਪੰਜਾਬੀ ਸੂਬੇ ਦੀ ਪਰਾਪਤੀ ਲਈ ਕੋਈ ਰੌਲ਼ਾ ਰੱਪਾ ਨਾ ਪਾਉਣ।
ਇਹਨਾਂ ਗ੍ਰਿਫ਼ਤਾਰੀਆਂ ਨਾਲ਼ 1960 ਵਾਲ਼ਾ ਪੰਜਾਬੀ ਸੂਬੇ ਦਾ ਮੋਰਚਾ ਸ਼ੂਰੂ ਹੋ ਗਿਆ ਤੇ ਇਸ ਦੀ ਅਗਵਾਈ ਦੀ ਜੁੰਮੇਵਾਰੀ ਸੰਤ ਫ਼ਤਿਹ ਸਿੰਘ ਜੀ ਦੇ ਮੋਢਿਆਂ ਤੇ ਆ ਪਈ। ਮੈ ਓਹਨੀਂ ਦਿਨੀਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਗੁਰਮਤਿ ਸੰਗੀਤ ਦੀ ਸਿੱਖਿਆ ਪਰਾਪਤ ਕਰਦਾ ਸਾਂ ਤੇ ਕਦੀ ਕਦੀ ਸੱਤਿਆਗ੍ਰਹੀ ਜਥਾ ਤੋਰਨ ਤੋਂ ਪਹਿਲਾਂ ਤੇ ਪਿੱਛੋਂ ਦੇਰ ਰਾਤ ਤੱਕ ਜਾਰੀ ਰਹਿਣ ਵਾਲ਼ੇ, ਗੁਰਦੁਆਰਾ ਮੰਜੀ ਸਾਹਿਬ ਵਿਖੇ, ਸ਼ਾਮ ਦੇ ਦੀਵਾਨਾਂ ਵਿੱਚ ਹੋਣ ਵਾਲ਼ੀਆਂ ਤਕਰੀਰਾਂ ਸੁਣਨ ਚਲਿਆ ਜਾਂਦਾ ਸਾਂ। ਕਦੀ ਕਦੀ ਸੰਤ ਜੀ ਵੀ ਓਥੇ ਤਕਰੀਰ ਕਰਿਆ ਕਰਦੇ ਸਨ; ਰੋਜ ਨਹੀ। ਮਾਸਟਰ ਜੀ ਦੀ ਪੰਜਾਬੀ ਸੂਬੇ ਦੀ ਵਿਆਖਿਆ ਤੋਂ ਉਲ਼ਟ ਸੰਤ ਜੀ ਬੜਾ ਸਪੱਸ਼ਟ ਆਖਿਆ ਕਰਦੇ ਸਨ ਕਿ ਸਾਨੂੰ ਫ਼ੀ ਸਦੀਆਂ ਦੀ ਕੋਈ ਪਕੜ ਨਹੀ; ਸਰਕਾਰ ਸਿਰਫ਼ ਇਹ ਐਲਾਨ ਕਰ ਦੇਵੇ ਕਿ ਫਲਾਨੇ ਥਾਂ ਦੀ ਬੋਲੀ ਪੰਜਾਬੀ ਤੇ ਉਸ ਦੀ ਲਿੱਪੀ ਗੁਰਮੁਖੀ ਹੈ। ਉਸ ਥਾਂ ਤੇ ਗਿਣਤੀ ਭਾਵੇਂ ਕਿਸੇ ਫਿਰਕੇ ਦੀ ਹੋਵੇ ਇਸ ਨਾਲ਼ ਸਾਡਾ ਕੋਈ ਵਾਸਤਾ ਨਹੀ। ਇਸ ਦੇ ਉਲ਼ਟ ਮਾਸਟਰ ਜੀ ਦੀ ਪੰਜਾਬੀ ਸੂਬੇ ਦੀ ਬਣਤਰ ਵਿੱਚ ਫ਼ੀ ਸਦੀਆਂ ਦਾ ਰੋਲ਼ਘਚੋਲ਼ਾ ਹੁੰਦਾ ਸੀ। ਇੱਕ ਦਿਨ ਸੰਤ ਜੀ ਨੇ ਆਪਣੇ ਭਾਸ਼ਨ ਵਿੱਚ ਇਊਂ ਵੀ ਆਖਿਆ:
ਸਾਡੀ ਸਰਕਾਰ ਨਾਲ਼ ਲੜਾਈ ਕੋਈ ਲੰਮੀ ਚੌੜੀ ਨਹੀ; ਸਿਰਫ਼ ਚਾਰ ਉਂਗਲ਼ਾਂ ਦੀ ਹੀ ਹੈ। ਇਉਂ ਆਖਣ ਸਮੇ ਉਹਨਾਂ ਨੇ ਆਪਣਾ ਸਿਰ ਥੋਹੜਾ ਕੁ ਅੱਗੇ ਨੂੰ ਝੁਕਾ ਕੇ ਆਖਿਆ ਕਿ ਸਰਕਾਰ ਆਖਦੀ ਹੈ ਕਿ ਅਸੀਂ ਇਸ ਤਰ੍ਹਾਂ ਰਹੀਏ ਤੇ ਫਿਰ ਥੋਹੜਾ ਕੁ ਸਿਰ ਨੂੰ ਉਤਾਹ ਚੁੱਕ ਕੇ ਆਖਿਆ ਕਿ ਅਸੀਂ ਇਸ ਤਰ੍ਹਾਂ ਰਹਿਣਾ ਚਾਹੁੰਦੇ ਹਾਂ।
ਇਸ ਮੋਰਚੇ ਵਿੱਚ ਸੰਤ ਜੀ ਦੀ ਅਗਵਾਈ ਹੇਠ 57129 ਵਿਅਕਤੀ ਜੇਹਲਾਂ ਵਿੱਚ ਗਏ। ਫਿਰ ਸਰਕਾਰ ਤੇ ਇਖ਼ਲਾਕੀ ਦਬਾ ਪਾਉਣ ਲਈ ਸੰਤ ਜੀ ਨੇ ਮਰਨ ਵਰਤ ਵੀ ਰੱਖਿਆ ਪਰ ਓਹਨੀਂ ਦਿਨੀਂ, ਪੰਡਿਤ ਨਹਿਰੂ ਦੇ ਥਾਪੜੇ ਨਾਲ਼, ਮੁਖ ਮੰਤਰੀ ਸਰਦਾਰ ਪਰਤਾਪ ਸਿੰਘ ਕੈਰੋਂ ਦੀ ਤੂਤੀ ਬੋਲਦੀ ਸੀ। ਉਸ ਨੇ ਮਾਸਟਰ ਜੀ ਨੂੰ ਜੇਹਲੋਂ ਚੁੱਕ ਕੇ ਸੰਤ ਜੀ ਦੀ ਵਰਤ ਵਾਲ਼ੀ ਕੁਟੀਆ ਵਿੱਚ ਲਿਆ ਛੱਡਿਆ ਤੇ ਫਿਰ ਜੋ ਕੁੱਝ ਹੋਇਆ ਉਸ ਦਾ ਵੀ ਆਪਣਾ ਇੱਕ ਵਿਸਥਾਰਤ ਇਤਿਹਾਸ ਹੈ।
ਸੰਤ ਜੀ ਦੇ ਵਰਤ ਛੱਡਣ ਕਾਰਨ ਮੋਰਚੇ ਦੀ ਮੁਲਤਵੀ ਉਪ੍ਰੰਤ ਸੰਤ ਜੀ ਦੀਆਂ, ਪਹਿਲਾਂ ਪੰਡਿਤ ਨਹਿਰੂ ਨਾਲ਼ ਤੇ ਫਿਰ ਸ਼ਾਸਤਰੀ ਜੀ ਨਾਲ ਮੁਲਾਕਾਤਾਂ ਹੁੰਦੀਆਂ ਰਹੀਆਂ ਜਿਨ੍ਹਾਂ ਦਾ ਵਰਨਣ ਸੰਤ ਜੀ ਨੇ ਆਪਣੀ ਇੱਕ ਕਿਤਾਬ ਵਿੱਚ ਵਿਸਥਾਰ ਸਹਿਤ ਕੀਤਾ ਹੈ। ਇਹਨਾਂ ਮੁਲਾਕਾਤਾਂ ਦਾ ਨਤੀਜਾ, ਪੰਚਾਂ ਦਾ ਕਿਹਾ ਸਿਰ ਪੱਥੇ ਪਰ ਪਰਨਾਲ਼ਾ ਓਥੇ ਦਾ ਓਥੇ। ਜੈਸੇ ਥੇ ਵਾਲ਼ੀ ਗੱਲ ਹੀ ਰਹੀ। ਇਹਨਾਂ ਮੁਲਾਕਾਤਾਂ ਤੋਂ ਸੰਤ ਜੀ ਦਾ ਵਿਚਾਰ ਬਣਿਆ ਸੀ ਕਿ ਜਿਥੇ ਪੰਡਿਤ ਨਹਿਰੂ ਜਜ਼ਬਾਤੀ ਤੇ ਬੜਬੋਲਾ ਸੀ ਓਥੇ ਸ਼ਾਸਤਰੀ ਮਿਠਬੋਲੜਾ ਤੇ ਸਿਆਸੀ ਤੌਰ ਤੇ ਬੜਾ ਡੂੰਘਾ ਬੰਦਾ ਸੀ।
ਇਸ ਗੱਲ ਬਾਤ ਦੀ ਅਸਫ਼ਲਤਾ ਪਿੱਛੋਂ, ਕੀਤੇ ਇਕਰਾਰ ਮੁਤਾਬਿਕ ਮਾਸਟਰ ਜੀ ਨੇ ਵਰਤ ਰੱਖਿਆ ਜੋ ਭਰੋਸਿਆਂ ਤੋਂ ਵਧ ਕੁੱਝ ਨਾ ਪਰਾਪਤ ਕਰ ਸਕਿਆ ਤੇ ਇਸ ਵਰਤ ਦੇ ਛੱਡਣ ਕਾਰਨ ਮਾਸਟਰ ਜੀ ਦੀ ਸਾਖ ਸਿੱਖ ਪੰਥ ਵਿਚੋਂ ਡਿਗ ਪਈ। ਏਸੇ ਦੌਰਾਨ ਪੰਜਾਬ ਸਮੇਤ ਸਾਰੇ ਦੇਸ ਵਿੱਚ ਆਮ ਚੋਣਾਂ ਵੀ ਹੋਈਆਂ ਤੇ ਸੈਂਟਰ ਤੇ ਸਾਰੇ ਸੂਬਿਆਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਬਣੀਆਂ। ਕੈਰੋਂ ਨਹਿਰੂ ਦੇ ਥਾਪੜੇ ਨਾਲ਼ ਹਾਰ ਕੇ ਵੀ ਜਿੱਤ ਗਿਆ ਤੇ ਪੰਜਾਬ ਦਾ ਮੁਖ ਮੰਤਰੀ ਬਣਿਆ ਰਿਹਾ। ਜਿੱਤਣ ਵਾਲ਼ਾ ਜਥੇਦਾਰ ਮੋਹਨ ਸਿੰਘ ਤੁੜ ਜਿੱਤ ਕੇ ਵੀ ਜੇਹਲ ਵਿੱਚ ਹੀ ਬੰਦ ਰਿਹਾ। ਸਰਹਾਲੀ ਤੇ ਪੱਟੀ, ਦੋਹਾਂ ਸੀਟਾਂ ਦੇ ਚੋਣ ਇਨਚਾਰਜ ਸੰਤ ਜੀ ਸਨ। ਪੱਟੀ ਤੋਂ ਸਰਦਾਰ ਕੈਰੋਂ ਦਾ ਭਣਵਈਆ ਸ.ਹਰਦੀਪ ਸਿੰਘ ਇਲੈਕਸ਼ਨ ਅਕਾਲੀ ਦਲ ਦੇ ਸ.ਹਜਾਰਾ ਸਿੰਘ ਗਿੱਲ ਤੋਂ ਹਾਰਿਆ ਸੀ। ਗਿੱਲ ਨੂੰ ਜੇਹਲ ਵਿਚੋਂ ਹੀ ਨਾ ਨਿਕਲਣ ਦਿਤਾ। ਇਸ ਦਾ ਵਿਸਥਾਰ ਮੈ ਇੱਕ ਹੋਰ ਲੇਖ ਵਿੱਚ ਦੱਸ ਚੁੱਕਾ ਹਾਂ। ਨਾ ਉਸ ਸਹੁੰ ਚੁੱਕੀ ਤੇ ਨਾ ਮੈਬਰ ਬਣਿਆ। ਫਿਰ 1967 ਵੇਲ਼ੇ ਉਹ ਦੋਬਾਰਾ ਮੈਬਰ ਬਣਿਆ ਪਰ ਸ.ਗੁਰਨਾਮ ਸਿੰਘ ਦੇ ਮੁਕਾਬਲੇ, ਜ.ਹਰਚਰਨ ਸਿੰਘ ਹੁਡਿਆਰਾ ਦਾ ਸਾਥ ਦੇਣ ਕਰਕੇ ਸਰਕਾਰੀ ਲਾਭਾਂ ਤੋਂ ਵਾਂਝਾ ਹੀ ਰਿਹਾ।
ਇਸ ਵਾਤਾਵਰਣ ਵਿਚ, 1962 ਵਿੱਚ ਜਥੇਦਾਰ ਜੀਵਨ ਸਿੰਘ ਉਮਰਨੰਗਲ ਨੇ ਬੀਂਡੀ ਜੁੱਪ ਕੇ ਮਾਸਟਰ ਜੀ ਨੂੰ ਘੇਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਲਈ ਮਜਬੂਰ ਕਰ ਦਿਤਾ। ਸ.ਲਛਮਣ ਸਿੰਘ ਗਿੱਲ ਨੇ ਉਸ ਦਾ ਮੁਢ ਵਿੱਚ ਹੀ ਸਾਥ ਦਿਤਾ ਤੇ ਫਿਰ ਸੰਤ ਜੀ ਵੀ ਬਾਕੀ ਸਾਥੀਆਂ ਸਮੇਤ ਉਸ ਗਰੁਪ ਨਾਲ਼ ਸ਼ਾਮਲ ਹੋ ਗਏ। ਤਖ਼ਤ ਵੱਲੋਂ ਮਾਸਟਰ ਜੀ ਨੂੰ, ਸਮੇਤ ਉਸ ਸਮੇ ਵਰਤ ਛੱਡਣ ਦਾ ਫ਼ੈਸਲਾ ਕਰਨ ਵਾਲੀ ਕਮੇਟੀ ਦੇ ਮੈਬਰਾਂ ਦੇ, ਤਨਖਾਹ ਲਾਈ ਗਈ। ਇਸ ਤਨਖਾਹ ਨੂੰ ਆਧਾਰ ਬਣਾ ਕੇ ਮਾਸਟਰ ਜੀ ਦੇ ਖ਼ਿਲਾਫ਼ ਪ੍ਰਚਾਰ ਸ਼ੂਰੂ ਹੋ ਗਿਆ। ਇਸ ਘਟਨਾ ਤੋਂ ਅਕਾਲੀ ਦਲ ਦੇ ਦੁਫਾੜ ਹੋਣ ਦਾ ਮੁਢ ਬੱਝਿਆ। ਵਧਦੀ ਵਧਦੀ ਗੱਲ ਏਥੋਂ ਤੱਕ ਪੁੱਜ ਗਈ ਕਿ ਇੱਕ ਧੜੇ ਨੇ ਵੱਖ ਹੋ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਮੀਟਿੰਗ ਕਰਕੇ, ਸੰਤ ਜੀ ਨੂੰ ਦਲ ਦਾ ਪ੍ਰਧਾਨ ਬਣਾ ਲਿਆ ਤੇ ਸ਼੍ਰੋਮਣੀ ਕਮੇਟੀ ਉਪਰ ਕਬਜੇ ਦੇ ਯੁਧ ਦਾ ਬਿਗਲ ਵਜਾ ਦਿਤਾ। ਅਖ਼ਬਾਰ ਵੀ ਕੌਮੀ ਦਰਦ ਮਾਸਟਰ ਜੀ ਦੇ ਜਥੇਦਾਰ ਦੇ ਮੁਕਾਬਲੇ ਤੇ ਸ਼ੂਰੂ ਕਰ ਦਿਤਾ। 2 ਅਕਤੂਬਰ, 1962 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ.ਕ੍ਰਿਪਾਲ ਸਿੰਘ ਚੱਕ ਸ਼ੇਰਾ ਦੇ ਮੁਕਾਬਲੇ, ਸੰਤ ਗਰੁਪ ਦੇ ਉਮੀਦਵਾਰ ਸੰਤ ਚੰਨਣ ਸਿੰਘ ਜੀ, ਦੋ ਵੋਟਾਂ ਦੇ ਵਾਧੇ ਨਾਲ਼ ਪ੍ਰਧਾਨ ਚੁਣੇ ਗਏ।
ਫਿਰ 1965 ਦੀ ਸ਼੍ਰੋਮਣੀ ਕਮੇਟੀ ਦੀ ਜਨਰਲ ਚੋਣ ਵਿੱਚ ਮਾਸਟਰ ਜੀ ਦੇ ਮੁਕਾਬਲੇ ਸੰਤ ਜੀ ਦੇ ਗਰੁਪ ਨੂੰ ਸਪੱਸ਼ਟ ਬਹੁਮੱਤ ਮਿਲ਼ ਗਿਆ; ਅਰਥਾਤ ਸੰਤ ਗਰੁਪ ਨੇ 140 ਵਿਚੋਂ 95 ਸੀਟਾਂ ਜਿੱਤ ਲਈਆਂ ਤੇ ਮਾਸਟਰ ਜੀ ਨੇ ਸੰਤ ਜੀ ਦੇ ਸਿਆਸੀ ਰਾਹ ਤੋਂ ਹਟਣ ਦਾ ਐਲਾਨ ਕਰ ਦਿਤਾ ਤੇ ਛੇ ਮਹੀਨੇ ਲਈ ਅਗਿਆਤਵਾਸ ਵਿੱਚ ਚਲੇ ਗਏ।
ਹੁਣ ਪੰਜਾਬੀ ਸੂਬੇ ਬਾਰੇ ਜਦੋ ਜਹਿਦ ਸ਼ੂਰੂ ਹੋਈ ਸਿੱਖਾਂ ਦੇ ਆਗੂ ਸੰਤ ਫ਼ਤਿਹ ਸਿੰਘ ਜੀ ਅਤੇ ਸਰਕਾਰ ਦਰਮਿਆਨ। ਇਸ ਲੰਮੀ ਜਦੋ ਜਹਿਦ ਤੋਂ ਪਿਛੋਂ ਅੱਧਾ ਅਧੂਰਾ ਜਿਹਾ ਸੂਬਾ, ਸਾਢੇ ਯਾਰਾਂ ਜ਼ਿਲ੍ਹਿਆਂ ਦਾ, 1 ਨਵੰਬਰ 1966 ਨੂੰ ਵਜੂਦ ਵਿੱਚ ਆ ਗਿਆ।
ਮੇਰਾ ਸੰਤ ਜੀ ਦੇ ਸੰਪਰਕ ਵਿੱਚ ਆਉਣਾ:
ਸਫ਼ਲਤਾ ਸਹਿਤ ਮੋਰਚਾ ਚਲਾਉਣ ਤੇ ਫਿਰ ਵਰਤ ਰੱਖਣ ਕਰਕੇ ਸੰਤ ਜੀ ਦੀ ਪ੍ਰਸਿਧੀ ਬਹੁਤ ਹੋ ਚੁੱਕੀ ਸੀ। ਮਾਸਟਰ ਜੀ ਅਤੇ ਸੰਤ ਜੀ, ਦੋਹਾਂ ਆਗੂਆਂ ਦੀਆਂ ਫ਼ੋਟੋ ਸਾਡੇ ਘਰ ਵਿੱਚ ਲੱਗੀਆਂ ਹੋਈਆਂ ਸਨ। ਇਹ ਮੇਰੇ ਛੋਟੇ ਭਰਾ ਸ.ਦਲਬੀਰ ਸਿੰਘ ਦਾ ਉਦਮ ਸੀ। ਮੈ ਤਾਂ ਜ਼ਿਹਨੀ ਅਯਾਸ਼ੀ ਦਾ ਹੀ ਅਕਾਲੀ ਸਾਂ; ਅਰਥਾਤ ਮਨੋ ਮਨੀ ਅਤੇ ਗੱਲਾਂ ਨਾਲ਼ ਹੀ, ਪਰ ਉਹ ਹਰੇਕ ਫ਼ੀਲਡ ਵਿੱਚ ਸ਼ੂਰੂ ਤੋਂ ਹੀ ਪ੍ਰੈਕਟੀਕਲ ਅਤੇ ਬਾਕੀਆਂ ਨਾਲ਼ੋਂ ਮੋਹਰੇ ਰਿਹਾ ਹੈ। ਸ਼ਹਿਰ ਅੰਮ੍ਰਿਤਸਰ ਦੇ ਆਪਣੇ ਸਰਕਲ ਦੇ ਅਕਾਲੀ ਜਥੇ ਦਾ ਉਹ ਬਹੁਤ ਹੀ ਛੋਟੀ ਉਮਰ ਵਿੱਚ ਸਕੱਤਰ ਵੀ ਬਣ ਗਿਆ ਸੀ। ਸੰਤ/ਮਾਸਟਰ ਯੁੱਧ ਸਮੇ ਉਹ ਮਾਸਟਰ ਧੜੇ ਵਿੱਚ ਰਿਹਾ ਤੇ ਆਪਣੀ ਉਮਰ ਅਤੇ ਹੈਸੀਅਤ ਦੇ ਵਰਕਰਾਂ ਵਿਚਲੇ ਮੋਹਰੀਆਂ ਵਿੱਚ ਸੀ।
ਗੱਲ ਇਹ 1961 ਦੀਆਂ ਗਰਮੀਆਂ ਦੀ ਹੈ। ਇੱਕ ਦਿਨ ਸੰਤ ਜੀ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਕਮੇਟੀ ਦੇ ਦਫ਼ਤਰੋਂ ਬਾਹਰ ਵੱਲ ਆ ਰਹੇ ਸਨ ਤੇ ਮੈ ਮੋਹਰਲੇ ਗੇਟ ਤੋਂ ਅੰਦਰ ਦਾਖਲ ਹੋ ਰਿਹਾ ਸਾਂ। ਉਹਨੀ ਦਿਨੀਂ ਮੈ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਵਿੱਚ ਕੰਮ ਕਰਦਾ ਸਾਂ। ਮੈ ਦੂਰੋਂ ਹੀ ਸੰਤ ਜੀ ਨੂੰ ਹੱਥ ਜੋੜ ਕੇ ਫ਼ਤਿਹ ਬੁਲਾਈ ਪਰ ਜਵਾਬ ਵਿੱਚ ਉਹਨਾਂ ਨੇ ਆਪਣਾ ਸਿਰ ਵੀ ਨਾ ਹਿਲਾਇਆ। ਮੇਰੇ ਮਨ ਵਿੱਚ ਉਹਨਾਂ ਦੀ ਜੋ ਭੱਲ ਬਣੀ ਹੋਈ ਸੀ ਉਹ ਜਾਂਦੀ ਰਹੀ ਤੇ ਉਸ ਤੋਂ ਬਾਅਦ ਮੈ ਉਹਨਾਂ ਨੂੰ ਸਾਹਮਣਾ ਹੋ ਜਾਣ ਤੇ ਵੀ ਫ਼ਤਿਹ ਨਾ ਬੁਲਾਉਣੀ।
1963 ਵਿੱਚ ਇੱਕ ਦਿਨ ਉਹ ਆਪਣੇ ਸਾਥੀਆਂ ਸਣੇ ਦਿੱਲੀ ਨੂੰ ਜਾਂਦੇ ਸਮੇ, ਗੁਰਦੁਆਰਾ ਸਾਹਿਬ ਜੀਂਦ ਵਿੱਚ ਰੁਕੇ। ਮੈ ਓਥੇ ਕੀਰਤਨ ਦੀ ਸੇਵਾ ਕਰ ਰਿਹਾ ਸਾਂ। ਮੈਨੇਜਰ ਆਦਿ ਦਫ਼ਤਰੀ ਸਟਾਫ਼ ਓਥੇ ਉਸ ਸਮੇ ਹਾਜਰ ਨਾ ਹੋਣ ਕਰਕੇ ਪ੍ਰਸ਼ਾਦੇ ਪਾਣੀ ਦਾ ਕਾਰਜ ਮੋਹਰੇ ਹੋ ਕੇ ਛਕਾਉਣ ਦਾ ਮੈ ਕੀਤਾ। ਗੁਰਦੁਆਰੇ ਦੀ ਆਪਣੀ ਜ਼ਮੀਨ ਦੀ ਕਣਕ ਭਿੱਜਣ ਕਰਕੇ ਖ਼ਰਾਬ ਸੀ ਇਸ ਕਰਕੇ ਉਸ ਦੇ ਆਟੇ ਦੀਆਂ ਰੋਟੀਆਂ ਵਿੰਗੀਆਂ ਟੇਢੀਆਂ ਜਿਹੀਆਂ ਹੀ ਪੱਕਦੀਆਂ ਸਨ; ਗੋਲ਼ ਨਹੀ; ਤੇ ਖਾਣ ਵਿੱਚ ਵੀ ਆਮ ਨਾਲ਼ੋਂ ਖਾਸਾ ਫਰਕ ਸੀ। ਸੰਤ ਜੀ ਆਪਣੇ ਹੱਥ ਵਿੱਚ ਰੋਟੀ ਫੜ ਕੇ ਆਪਣੇ ਮਖੌਲੀ ਸੁਭਾ ਨਾਲ਼ ਆਖਣ ਲੱਗੇ, ਇਹ ਭਾਰਤ ਦਾ ਨਕਸ਼ਾ ਹੈ। ਮੇਰੇ ਕ੍ਰਿਪਾਨ ਕੁਰਤੇ ਦੇ ਥੱਲਿਉਂ ਦੀ ਪਾਈ ਹੋਈ ਸੀ। ਹਰੀਆਂ ਮਿਰਚਾਂ ਉਹ ਬੜੇ ਸ਼ੌਕ ਨਾਲ਼ ਛਕਿਆ ਕਰਦੇ ਸਨ। ਥਾਲੀ ਤੋਂ ਇੱਕ ਮਿਰਚ ਚੁੱਕ ਕੇ ਆਖਣ ਲੱਗੇ, ਇਹ ਮਿਰਚ ਵੀ ਕਾਂਗਰਸੀ ਸਿਖਾਂ ਵਾਂਗ ਆਪਣੇ ਧਰਮ ਵਿੱਚ ਪੱਕੀ ਨਹੀ। ਅਰਥਾਤ ਘੱਟ ਕੌੜੀ ਹੈ। ਉਹ ਪੰਥਕ ਘੱਟ ਦਿਸਣਾ ਚਾਹੁੰਦੇ ਹਨ। ਮੇਰੀ ਵੱਲ ਵੇਖ ਕੇ ਆਖਿਆ, ਕ੍ਰਿਪਾਨ ਵੀ ਝੱਗੇ ਦੇ ਥੱਲਿਉਂ ਦੀ ਪਾਉਣਗੇ ਤਾਂ ਕਿ ਉਹਨਾਂ ਨੂੰ ਕੋਈ ਪੱਕਾ ਸਿੱਖ ਨਾ ਸਮਝ ਲਵੇ। ਗੱਲ ਆਈ ਗਈ ਹੋ ਗਈ।
ਅਕਤੂਬਰ 1966 ਵਿੱਚ ਮੈਨੂੰ ਪਟਿਆਲਿਉਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ ਨੇ, ਆਪਣੇ ਨਿਜੀ ਪ੍ਰਬੰਦ ਵਿੱਚ ਚੱਲ ਰਹੇ ਗੁਰਮਤਿ ਵਿਦਿਆਲੇ, ਗੁਰਦੁਆਰਾ ਬੁਢਾ ਜੌਹੜ (ਗੰਗਾਨਗਰ) ਵਿਖੇ, ਗੁਰਮਤਿ ਸੰਗੀਤ ਦੇ ਅਧਿਆਪਕ ਨੂੰ ਕਲਾਸੀਕਲ ਸੰਗੀਤ ਦੀ ਅਗਲੇਰੀ ਸਿੱਖਿਆ ਦੇਣ ਵਾਸਤੇ ਭੇਜ ਦਿਤਾ। ਇਸ ਬਾਰੇ ਮੇਰੇ ਨਾਲ਼ ਗੱਲ ਕਰਨ ਦੀ ਲੋੜ ਨਾ ਸਮਝੀ ਗਈ ਕਿਉਂਕਿ ਮੈ ਤਾਂ ਹਜਾਰਾਂ ਹੀ ਨੌਕਰਾਂ ਤੋਂ ਇੱਕ ਮਾਮੂਲੀ ਜਿਹਾ ਨੌਕਰ ਹੀ ਸਾਂ। ਇਸ ਦਾ ਮੇਰੇ ਮਨ ਤੇ ਚੰਗਾ ਅਸਰ ਨਾ ਪਿਆ। ਇਸ ਦਾ ਇੱਕ ਇਹ ਵੀ ਕਾਰਨ ਸੀ ਕਿ ਮੈ ਢਾਈ ਸਾਲਾਂ ਵਿੱਚ ਪਟਿਆਲੇ ਵਿਚਲੀ ਰਿਹਾਇਸ਼ ਦੌਰਾਨ ਆਪਣੇ ਮਿੱਤਰ ਚਾਰੇ ਦਾ ਘੇਰਾ ਵਾਹਵਾ ਵਲ਼ ਲਿਆ ਹੋਇਆ ਸੀ ਤੇ ਸਾਹਿਤਕ ਵਿਦਿਆ ਵੀ ਪਰਾਪਤ ਕਰ ਰਿਹਾ ਸਾਂ। 1965 ਵਿੱਚ ਵਿਦਵਾਨੀ, 1966 ਵਿੱਚ ਗਿਆਨੀ ਮੈ ਏਥੇ ਹੀ ਪੜ੍ਹੀ ਸੀ ਤੇ ਉਸ ਸਮੇ ਮੈ ਦੁਨੀਆ ਵੇਖਣ ਦੀ ਲਲ੍ਹਕ ਕਾਰਨ ਅੰਗ੍ਰੇਜ਼ੀ ਵੀ ਸਿੱਖ ਰਿਹਾ ਸਾਂ।
ਖੈਰ, ਉਪਜੀਵਕਾ ਲਈ ਨੌਕਰੀ ਦੀ ਲੋੜ ਸੀ ਤੇ ਮੈ ਅਕਤੂਬਰ ਦੇ ਅੱਧ ਜਿਹੇ ਵਿਚ, ਡਾਂਡੇ ਮੀਂਡੇ ਜਿਹੇ ਹੁੰਦਾ ਹੋਇਆ ਗੁਰਦੁਆਰਾ ਬੁਢਾ ਜੌਹੜ ਪੁੱਜ ਗਿਆ। ਕੁਦਰਤੀਂ ਹੀ ਪ੍ਰਧਾਨ ਸੰਤ ਚੰਨਣ ਸਿੰਘ ਜੀ ਵੀ ਉਸ ਸਮੇ ਓਥੇ ਹੀ ਸਨ। ਉਹਨਾਂ ਨੇ ਮੇਰੇ ਨਾਲ਼ ਚੰਗਾ ਵਰਤਾ ਕੀਤਾ ਤੇ ਕੁੱਝ ਗੱਲਾਂ ਓਥੇ ਰਹਿਣ ਸਮੇ ਕਰਨ ਵਾਲੀਆਂ ਤੇ ਕੁੱਝ ਨਾ ਕਰਨ ਵਾਲੀਆਂ ਮੈਨੂੰ ਦੱਸੀਆਂ। ਉਹਨਾਂ ਵਿਚੋਂ ਸਭ ਤੋਂ ਜ਼ਰੂਰੀ ਇਹ ਸੀ ਕਿ ਏਥੇ ਦੇ ਕਿਸੇ ਵੀ ਕੰਮ ਵਿੱਚ ਦਖ਼ਲ ਨਹੀ ਦੇਣਾ। ਪ੍ਰਸ਼ਾਦਾ ਲੰਗਰ ਵਿਚੋਂ ਪੰਗਤ ਵਿੱਚ ਬੈਠ ਕੇ ਛਕ ਲਿਆ ਕਰਨਾ; ਇਸ ਦੀ ਤਨਖਾਹ ਵਿਚੋਂ ਕਾਟ ਨਹੀ ਕੱਟੀ ਜਾਵੇਗੀ। ਯਾਦ ਰਹੇ ਕਿ ਸ਼੍ਰੋਮਣੀ ਕਮੇਟੀ ਦੇ ਜੇਕਰ ਕਿਸੇ ਤਨਖਾਹਦਾਰ ਸੇਵਕ ਨੇ ਲੰਗਰ ਵਿਚੋਂ ਰੋਟੀ ਖਾਣੀ ਹੁੰਦੀ ਸੀ ਤਾਂ ਉਸ ਨੂੰ ਲਿਖਤੀ ਮਨਜ਼ੂਰੀ ਲੈਣੀ ਪੈਂਦੀ ਸੀ ਹਰ ਮਹੀਨੇ ਆਪਣੀ ਤਨਖਾਹ ਵਿਚੋਂ ਨਿਸਚਤ ਰਕਮ ਕਟਾਉਣੀ ਪੈਂਦੀ ਸੀ। ਪ੍ਰਧਾਨ ਜੀ ਨੇ ਸਟੋਰ ਕੀਪਰ, ਭਾਈ ਕੇਹਰ ਸਿੰਘ ਬੱਬਰ ਨੂੰ ਆਖਿਆ, ਸੰਤੋਖ ਸਿੰਘ ਨੂੰ ਸਾਬਣ ਤੇ ਤੇਲ ਦੇ ਦੇਹ। ਉਹਨਾਂ ਦਾ ਇਉਂ ਆਖਣ ਦਾ ਢੰਗ ਮੈਨੂੰ ਜਚਿਆ ਨਾ ਤੇ ਮੈ ਇਹ ਲੈਣੋ ਨਾਂਹ ਕਰ ਦਿਤੀ।
ਸੰਤ ਚੰਨਣ ਸਿੰਘ ਜੀ ਦੇ ਰਹਿ ਚੁੱਕੇ ਗੜਵਈ ਉਸ ਸਮੇ ਵਿਦਿਆਲੇ ਵਿੱਚ ਬੱਚਿਆਂ ਨੂੰ ਗੁਰਬਾਣੀ ਪੜ੍ਹਾ ਰਹੇ, ਸੰਤ ਅਜਾਇਬ ਸਿੰਘ ਜੀ ਨੇ ਮੇਰੇ ਨਾਲ਼ ਬੜਾ ਚੰਗਾ ਵਰਤਾ ਕੀਤਾ ਤੇ ਆਪਣੇ ਕਮਰੇ ਵਿੱਚ ਹੀ ਮੇਰਾ ਮੰਜਾ ਲਗਵਾ ਲਿਆ। ਇਸ ਸਮੇ ਦੌਰਾਨ ਸਾਡੀਆਂ ਆਪਸ ਵਿੱਚ ਬੜੀਆਂ ਵਿਚਾਰਾਂ ਹੁੰਦੀਆਂ ਰਹਿਣੀਆਂ। ਦੇਰ ਰਾਤ ਤੱਕ ਅਸੀਂ ਦੇਸ, ਪੰਥ, ਸਿੱਖੀ, ਮਨੁਖਤਾ ਤੇ ਮੇਰੇ ਨਿਜ ਬਾਰੇ ਵਿਚਾਰ ਕਰਦੇ ਰਹਿਣਾ। ਮੇਰੇ ਮਨ ਉਪਰ ਉਹਨਾਂ ਦੇ ਦੁਨਿਆਵੀ ਤੇ ਅਧਿਆਮਿਕ ਗਿਆਨ, ਉਹਨਾਂ ਦੀ ਆਤਮਿਕ ਉਚਤਾ, ਮਨੋਵਿਗਿਆਨਤਾ ਆਦਿ ਦਾ ਬੜਾ ਚੰਗਾ ਪ੍ਰਭਾਵ ਪਿਆ। ਪਹਿਲਾਂ ਮੈ ਦੋਹਾਂ ਸੰਤਾਂ ਨੂੰ ਆਮ ਲੀਡਰਾਂ ਵਾਂਗ ਹੀ ਸਮਝਦਾ ਹੁੰਦਾ ਸਾਂ ਤੇ ਟਾਕਰਾ ਹੋਣ ਤੇ ਬਰਾਬਰ ਹੋ ਕੇ ਫ਼ਤਿਹ ਹੀ ਬੁਲਾਇਆ ਕਰਦਾ ਸਾਂ ਤੇ ਉਹਨਾਂ ਨੂੰ ਕੋਈ ਉਚੇਚਾ ਆਦਰ ਨਹੀ ਸਾਂ ਦਿਆ ਕਰਦਾ। ਸੰਤ ਅਜਾਇਬ ਸਿੰਘ ਜੀ ਨਾਲ਼ ਸੰਗਤ ਹੋਣ ਤੇ ਵਿਚਾਰ ਆਇਆ ਕਿ ਜਿਨ੍ਹਾਂ ਦਾ ਗੜਵਈ ਅਜਿਹੀ ਉਚੀ ਸੋਚ ਦਾ ਮਾਲਕ ਹੈ ਉਹ ਆਪ ਕਿਹੋ ਜਿਹੇ ਹੋਣਗੇ! ਇਸ ਲਈ ਮੇਰੇ ਮਨ ਉਪਰ ਉਹਨਾਂ ਦੀ ਵਡਿਆਈ ਦਾ ਪ੍ਰਭਾਵ ਬਣ ਗਿਆ। ਸੰਤ ਅਜਾਇਬ ਸਿੰਘ ਜੀ ਨੇ ਮੇਰਾ ਗਿਆਨ ਤੇ ਰੁਚੀ ਵੇਖ ਕੇ ਮੈਨੂੰ ਸੰਗੀਤ ਵਾਲ਼ੇ ਪਾਸੇ ਤੋਂ ਹਟਾ ਕੇ, ਪ੍ਰਚਾਰਕ ਬਣਨ ਦੀ ਭਰਪੂਰ ਪ੍ਰੇਰਨਾ ਕੀਤੀ। ਮੈਨੂੰ ਇਸ ਪਾਸੇ ਦੀ ਕੋਈ ਵੀ ਸੂਝ ਨਹੀ ਸੀ। ਮੇਰੇ ਵੱਲੋਂ ਇਸ ਪਾਸੇ ਆਪਣੀ ਅਯੋਗਤਾ ਦਾ ਸੰਸਾ ਪਰਗਟ ਕਰਨ ਤੇ ਉਹਨਾਂ ਨੇ ਆਖਿਆ, ਤੁਸੀਂ ਗਿਅਨੀ ਜੀ, ਕੁਦਰਤੀ ਹੀ ਪ੍ਰਚਾਰਕ ਹੋ। ਜਿਸ ਥਾਂ ਵੀ ਤੁਸੀਂ ਬੋਲੋਗੇ, ਭਾਵੇਂ ਤੁਹਾਡਾ ਜੀ ਕਰੇ ਭਾਵੇਂ ਨਾ, ਤੁਸੀਂ ਤਿਆਰੀ ਕੀਤੀ ਹੋਵੇ ਭਾਵੇਂ ਨਾ, ਤੁਸੀਂ ਸਰੀਰਕ ਪੱਖੋਂ ਉਸ ਸਮੇ ਭਾਵੇਂ ਨਾ ਵੀ ਵੱਲ ਹੋਵੋ, ਫਿਰ ਵੀ ਤੁਸੀਂ ਬਾਕੀ ਬੁਲਾਰਿਆਂ ਨਾਲ਼ੋਂ, ਸਰੋਤਿਆਂ ਨੂੰ ਚੰਗੇਰਾ ਪ੍ਰਭਾਵ ਦੇਵੋਗੇ। ਆਉਣ ਵਾਲ਼ੇ ਸਮੇ ਵਿੱਚ ਮੇਰੇ ਵਾਸਤੇ ਅਜਿਹੇ ਹੌਸਲਾ ਵਧਾਊ ਸ਼ਬਦ ਜੀਵਨ ਬੂਟੀ ਸਾਬਤ ਹੋਏ।
ਇਹਨੀਂ ਦਿਨੀਂ ਹੀ ਪੰਜਾਬ ਅਸੈਂਬਲੀ ਦੀਆਂ ਚੋਣਾਂ ਆ ਗਈਆਂ। ਸੰਤ ਜੀ ਚੋਣ ਪ੍ਰਚਾਰ ਦੀ ਸਮਾਪਤੀ ਤੇ ਗੁਰਦੁਅਰਾ ਬੁਢਾ ਜੌਹੜ ਵਿਖੇ ਆ ਗਏ। ਉਹ ਅਕਾਲੀਆਂ ਦੀ ਟਿਕਟਾਂ ਦੀ ਵੰਡ ਵਾਸਤੇ ਹੋਈ ਕੁੱਕੜ ਖੋਹ ਤੋਂ ਬੜੇ ਮਾਯੂਸ ਸਨ ਤੇ ਅਕਾਲੀ ਆਗੂਆਂ ਨਾਲ਼ ਰੁੱਸ ਕੇ ਪੰਜਾਬੋਂ ਆ ਗਏ ਸਨ।
ਇਸ ਸਮੇ ਮੈ ਵੀ ਓਥੇ ਹੀ ਸਾਂ ਤੇ ਮੇਰੇ ਬਾਰੇ ਸੰਤ ਅਜਾਇਬ ਸਿੰਘ ਜੀ ਨੇ ਉਹਨਾਂ ਨੂੰ ਪਤਾ ਨਹੀ ਕੀ ਕੀ ਚੰਗਾ ਆਖ ਦਿਤਾ ਕਿ ਉਹ ਪ੍ਰਸੰਨ ਹੋ ਗਏ। ਏਸੇ ਸਮੇ ਮੈ ਵੀ ਆਪਣਾ ਸਾਰਾ ਲਿਖਤੀ ਸੰਗੀਤਕ ਮਸੌਦਾ ਸੰਗੀਤ ਟੀਚਰ ਨੂੰ ਦੇ ਕੇ ਉਸ ਪਾਸੋਂ ਅਖਵਾ ਦਿਤਾ ਹੋਇਆ ਸੀ ਕਿ ਮੈ ਸਾਰਾ ਕੁੱਝ ਸਿੱਖ ਲਿਆ ਹੈ, ਹੁਣ ਹੋਰ ਸਿੱਖਣ ਦੀ ਲੋੜ ਨਹੀ ਤਾਂ ਕਿ ਮੈਨੂੰ ਉਸ ਰੇਗਿਸਤਾਨ ਤੋਂ ਛੁਟਕਾਰਾ ਪਰਾਪਤ ਹੋ ਜਾਵੇ।
ਉਹਨਾਂ ਨੇ ਮੈਨੂੰ ਆਪਣੇ ਨਾਲ਼ ਕਾਰ ਵਿੱਚ ਬੈਠਾ ਕੇ ਤੋਰਨ ਦਾ ਮਨ ਬਣਾ ਲਿਆ। ਕਾਰ ਛੋਟੀ ਜਿਹੀ ਐਂਬੈਸਡਰ ਸੀ ਤੇ ਮੇਰੇ ਪਾਸ ਕਿਤਾਬਾਂ ਦਾ ਭਰਿਆ ਹੋਇਆ ਇੱਕ ਟ੍ਰੰਕ ਸੀ ਜੋ ਉਹਨਾਂ ਦੇ ਬੁਢੇ ਸੇਵਾਦਾਰ ਦੇ ਬੁੜ ਬੁੜ ਕਰਦਿਆਂ ਵੀ ਮੈ ਡਿੱਘੀ ਵਿੱਚ ਰੱਖ ਲਿਆ। ਮੈਨੂੰ ਕਾਰ ਵਿੱਚ ਬਿਠਾਉਣ ਸਮੇ ਆਖਣ ਲੱਗੇ, ਇਕ ਤਾਂ ਅਸੀਂ ਉਸ ਬੰਦੇ ਨੂੰ ਨਾਲ਼ ਲੈਂਦੇ ਹਾਂ ਜੋ ਕਾਰ ਵਿੱਚ ਥਾਂ ਅੱਧੇ ਬੰਦੇ ਦੀ ਮੱਲੇ ਪਰ ਕੰਮ ਦੋ ਬੰਦਿਆਂ ਜਿੰਨਾ ਕਰੇ। ਇਹ ਤਾਂ ਦੋਵੇਂ ਪੱਖ ਠੀਕ ਹੀ ਲੱਗਦੇ ਹਨ। ਤੀਜੀ ਸ਼ਰਤ ਹੁੰਦੀ ਹੈ ਕਿ ਉਹ ਪਿੱਛੇ ਰਹੀਆਂ ਸ਼ਰੇਣੀਆਂ ਦਾ ਹੋਵੇ। ਤੂੰ ਉਹਨਾਂ ਵਿਚੋਂ ਤਾਂ ਭਾਵੇਂ ਨਹੀ ਪਰ ਤੇਰਾ ਰੰਗ ਉਹਨਾਂ ਨਾਲ਼ ਮਿਲਦਾ ਜੁਲਦਾ ਹੋਣ ਕਰਕੇ ਡੰਗ ਸਰਜੂਗਾ। ਮੈ ਕਿਤਾਬਾਂ ਦਾ ਟਰੰਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੰਗਾਨਗਰ ਦੇ ਸੇਵਾਦਾਰ ਪਾਸ ਰੱਖ ਦਿਤਾ ਤਾਂ ਕਿ ਮੁੜ ਬੱਸ ਰਾਹੀਂ ਉਸ ਨੂੰ ਅੰਮ੍ਰਿਤਸਰ ਲਿਆਂਦਾ ਜਾ ਸਕੇ। ਸੰਤ ਜੀ ਪਛੜੀਆਂ ਗਰੀਬ ਸ਼ਰੇਣੀਆਂ ਦੇ ਤੇ ਖਾਸ ਕਰਕੇ ਅਪਾਹਜ ਬੱਚਿਆਂ ਨੂੰ ਦੂਜਿਆਂ ਤੋਂ ਵਧ ਤਰਜੀਹ ਦਿਆ ਕਰਦੇ ਸਨ। ਬੁਢੇ ਜੌਹੜ ਵਿੱਚ ਰਹਿਣ ਤੇ ਸੇਵਾ ਕਰਨ ਵਾਲੇ ਬਹੁਤੇ ਵਿਦਿਆਰਥੀ ਤੇ ਹੋਰ ਵਿਅਕਤੀ ਜ਼ਿਆਦਾ ਅੰਗ ਭੰਗ ਹੀ ਸਨ। ਅਸੀਂ ਸੈਂਟਰਲ ਗੁਰਦੁਆਰਾ 19 ਜ਼ੈਡ ਵਿੱਚ ਆ ਡੇਰੇ ਲਾਏ।
19 ਜ਼ੈਡ ਗੁਰਦੁਆਰੇ ਵਿਖੇ ਹੀ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੇ ਪ੍ਰਾਦੇਸ਼ਕ ਸਮਾਚਾਰ ਜਲੰਧਰ ਤੋਂ ਨਤੀਜੇ ਸੁਣੇ ਗਏ। ਇਹ ਨਤੀਜੇ ਸੰਤ ਜੀ ਨੂੰ ਖ਼ੁਸ਼ ਕਰਨ ਦੀ ਬਜਾਇ ਨਿਰਾਸ ਕਰਨ ਵਾਲ਼ੇ ਹੀ ਸਨ। ਜਦੋਂ ਹਲਕਾ ਬਿਆਸ ਦੀ ਖ਼ਬਰ ਆਈ ਕਿ ਓਥੋਂ ਕਾਂਗਰਸੀ ਉਮੀਦਵਾਰ, ਜਥੇਦਾਰ ਸੋਹਨ ਸਿੰਘ ਜਲਾਲ ਉਸਮਾ, ਆਪਣੇ ਨਿਕਟ ਵਿਰੋਧੀ, ਆਜ਼ਾਦ ਉਮੀਦਵਾਰ, ਡਾ.ਕਰਤਾਰ ਸਿੰਘ ਦੌਲੋ ਨੰਗਲ ਨੂੰ ਹਰਾ ਕੇ, ਜੇਤੂ ਰਹੇ ਤਾਂ ਸੰਤ ਜੀ ਕੁੱਝ ਉਦਾਸੀ ਭਰੇ ਹਾਸੇ ਵਿੱਚ ਆਖਣ ਲੱਗੇ, ਸਾਡਾ ਜਥੇਦਾਰ ਨਿਕਟ ਵਿਰੋਧੀ ਵੀ ਨਹੀ ਬਣ ਸਕਿਆ! ਯਾਦ ਰਹੇ ਕਿ ਸੰਤ ਅਕਲੀ ਦਲ ਦੀ ਟਿਕਟ ਤੇ ਏਥੋਂ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਖੜ੍ਹੇ ਸਨ ਜੋ ਕਿ ਸੰਤ ਜੀ ਦੇ ਖਾਸੁਲਖਾਸ ਨਿਕਟਵਰਤੀਆਂ ਵਿਚੋਂ ਸਨ ਤੇ ਜਿਨ੍ਹਾਂ ਨੇ ਸੰਤ ਜੀ ਤੋਂ ਪਹਿਲਾਂ ਸੜ ਮਰਨ ਦਾ ਐਲਾਨ ਕਰਕੇ ਸ਼ਹੀਦੀ ਚੋਲ਼ਾ ਪਾਈ ਰੱਖਿਆ ਸੀ।
ਪ੍ਰਾਦੇਸ਼ਕ ਸਮਾਚਾਰ ਸੁਣਾਉਣ ਵਾਲ਼ੀ ਬੀਬੀ ਨੇ ਜਦੋਂ ਇਹ ਆਖਿਆ ਕਿ ਅਸੈਂਬਲੀ ਵਿੱਚ ਬਹੁਸੰਮਤੀ ਲੈਣ ਲਈ ਹੁਣ ਕਾਂਗਰਸ ਨੂੰ ਏਨੀਆਂ ਸੀਟਾਂ ਹੋਰ ਲੈਣ ਦੀ ਲੋੜ ਹੈ। ਯਾਦ ਰਹੇ ਕਿ ਉਸ ਸਮੇ ਅਸੈਂਬਲੀ ਦੀਆਂ ਕੁੱਲ ਸੀਟਾਂ 104 ਸਨ ਤੇ ਬਹੁਸੰਮਤੀ ਕਿਸੇ ਪਾਰਟੀ ਨੂੰ ਸਰਕਾਰ ਬਣਾਉਣ ਵਾਸਤੇ ਲੈਣ ਲਈ 53 ਸੀਟਾਂ ਚਾਹੀਦੀਆਂ ਸਨ। ਉਸ ਵੇਲ਼ੇ ਸੰਤ ਜੀ ਨੇ ਆਖਿਆ, ਕਾਂਗਰਸ ਨੂੰ ਪੂਰਨ ਬਹੁਸੰਮਤੀ ਵਿੱਚ ਆਉਣ ਤੋਂ ਰੋਕਣ ਲਈ ਹੁਣ ਸਾਰੀਆਂ ਸੀਟਾਂ ਸਾਨੂੰ ਹੀ ਜਿੱਤਣੀਆਂ ਪੈਣਗੀਆਂ। ਇਸ ਨੂੰ ਮੌਕਾ ਮੇਲ ਸਮਝੋ ਜਾਂ ਕੁੱਝ ਵੀ; ਉਸ ਤੋਂ ਪਿੱਛੋਂ ਕਾਂਗਰਸ ਹੋਰ ਕੋਈ ਸੀਟ ਨਾ ਜਿੱਤ ਸਕੀ। ਕੁੱਲ 104 ਵਿਚੋਂ 48 ਕਾਂਗਰਸ ਦੀਆਂ ਸਨ ਤੇ ਸੰਤ ਅਕਾਲੀ ਦਲ ਦੀਆਂ ਕੇਵਲ 24 ਹੀ। ਦੋ ਮਾਸਟਰ ਦਲ ਦੀਆਂ ਮਿਲਾ ਕੇ ਵੀ ਦੋਹਾਂ ਦਲਾਂ ਦੀਆਂ ਕੁੱਲ 26 ਸੀਟਾਂ ਹੀ ਬਣਦੀਆਂ ਸਨ ਜਦੋਂ ਕਿ ਸਰਕਾਰ ਬਣਾਉਣ ਲਈ 53 ਦੀ ਲੋੜ ਸੀ।
ਸੰਤ ਜੀ ਦੇ ਕੋਲ਼ ਉਸ ਸਮੇ ਕੇਵਲ ਮੈ ਹੀ ਸਾਂ; ਤੀਜਾ ਹੋਰ ਕੋਈ ਵੀ ਹਾਜਰ ਨਹੀ ਸੀ। ਪੂਰੇ ਨਤੀਜੇ ਨਿਕਲਣ ਪਿੱਛੋਂ ਸੰਤ ਜੀ ਨੇ ਆਖਿਆ, ਜੇ ਅੱਜ ਗਿਆਨੀ ਕਰਤਾਰ ਸਿੰਘ ਸਾਡੇ ਵਿੱਚ ਹੁੰਦਾ ਤਾਂ ਅਸੀਂ ਸਰਕਾਰ ਬਣਾ ਸਕਦੇ ਸੀ। ਇਹ ਗੱਲ ਮੇਰੇ ਖਾਨੇ ਵਿੱਚ ਨਾ ਪਵੇ। ਕੁੱਝ ਪਲ ਰੁਕ ਕੇ ਫਿਰ ਆਖਿਆ, ਜੇ ਮੈ ਓਥੇ ਹੁੰਦਾ ਤਾਂ ਵੀ ਅਸੀਂ ਸਰਕਾਰ ਬਣਾ ਸਕਦੇ ਸੀ। ਮੇਰਾ ਤਾਂ ਸਰਕਾਰ ਦੀ ਬਣਤਰ ਬਾਰੇ ਕੇਵਲ ਕਿਤਾਬੀ ਤੇ ਅਖ਼ਬਾਰੀ ਗਿਆਨ ਹੀ ਸੀ। ਉਸ ਹਿਸਾਬ ਤਾਂ ਇਹ ਗੱਲ ਮੰਨਣ ਵਿੱਚ ਆਉਣੀ ਮੁਸ਼ਕਲ ਸੀ ਕਿ 48 ਵਾਲ਼ੇ ਫਾਡੀ ਰਹਿ ਜਾਣ ਤੇ 24 ਵਾਲ਼ੇ ਸਰਕਾਰ ਬਣਾ ਲੈਣ। ਫਿਰ ਪਿੰਡ ਦੀ ਪੰਚਾਇਤ ਤੋਂ ਲੈ ਕੇ ਦੇਸ ਦੀ ਪਾਰਲੀਮੈਂਟ ਤੱਕ ਤਾਂ ਕਾਂਗਰਸ ਦਾ ਕਬਜ਼ਾ ਸੀ। ਉਪਰਲੇ ਸਦਨ ਅਰਥਾਤ ਕੌਂਸਲ ਵਿੱਚ ਇੱਕ ਵੀ ਅਕਾਲੀ ਮੈਬਰ ਨਹੀ ਸੀ। ਫਿਰ ਓਦੋਂ ਤੱਕ ਤਾਂ ਏਹੀ ਹੁੰਦਾ ਆਇਆ ਸੀ ਕਿ ਹਮੇਸ਼ਾਂ ਅਕਾਲੀ, ਆਜ਼ਾਦ ਅਤੇ ਦੂਜੀਆਂ ਪਾਰਟੀਆਂ ਦੇ ਮੈਬਰ ਹੀ ਕਾਂਗਰਸ ਵਿੱਚ ਸ਼ਾਮਲ ਹੁੰਦੇ ਰਹੇ ਸਨ। ਕਦੀ ਵੀ ਕਾਂਗਰਸੀ ਕੋਈ ਵਿਰੋਧੀ ਪਾਰਟੀ ਵਿੱਚ ਸ਼ਾਮਲ ਨਹੀ ਸੀ ਹੋਇਆ। ਸੰਤ ਜੀ ਕਿਵੇਂ ਆਖਦੇ ਨੇ ਕਿ ਇਹ ਸਰਕਾਰ ਬਣਾ ਸਕਦੇ ਨੇ! ਫਿਰ ਇਸ ਜਕੋ ਤੱਕੇ ਵਿੱਚ ਹੀ ਇੱਕ ਖਰੜ ਤੋਂ ਅਕਾਲੀ, ਮਾਸਟਰ ਬਲਦੇਵ ਸਿੰਘ ਤੇ ਦੂਜਾ ਸਮਾਣੇ ਤੋਂ ਆਜ਼ਾਦ ਭਜਨ ਲਾਲ ਕਾਂਗਰਸ ਵਿੱਚ ਸ਼ਾਮਲ ਵੀ ਹੋ ਗਏ। ਉਹ 48 ਤੋਂ ਪੰਜਾਹ ਹੋ ਗਏ ਤੇ ਇਹ 24 ਤੋਂ ਇੱਕ ਹੋਰ ਘਟ ਕੇ 23 ਰਹਿ ਗਏ। ਉਸ ਸਮੇ ਉਹਨਾਂ ਨੇ ਇਹ ਵੀ ਵਿਚਾਰ ਪਰਗਟ ਕੀਤਾ ਕਿ ਪੰਜਾਬ ਦਾ ਭਲਾ ਕਾਂਗਰਸ ਤੇ ਅਕਾਲੀ ਕੁਲੀਸ਼ਨ ਸਰਕਾਰ ਬਣਨ ਵਿੱਚ ਹੈ। ਮੈ ਆਖਿਆ ਫਿਰ ਇਉਂ ਕਰ ਲੈਣਾ ਚਾਹੀਦਾ ਹੈ। ਅਜਿਹਾ ਨਾ ਕਰਨ ਦਾ ਮੈਨੂੰ ਉਹਨਾਂ ਨੇ ਕਾਰਨ ਦੱਸ ਦਿਤਾ।
ਨਤੀਜਿਆਂ ਤੋਂ ਅਗਲੇ ਦਿਨ ਹੀ ਪੰਜਾਬ ਤੋਂ ਸਾਰੇ ਅਕਾਲੀ ਸੰਤ, ਸਮੇਤ ਜਿੱਤੇ ਤੇ ਹਾਰੇ ਹੋਇਆਂ ਦੇ, ਵਹੀਰਾਂ ਘੱਤੀ ਭੱਜੇ ਆ ਰਹੇ ਸਨ। ਜੇਹੜਾ ਵੀ ਆਏ ਸੰਤ ਜੀ ਦੀਆਂ ਲੱਤਾਂ ਨੂੰ ਚੰਬੜ ਜਾਏ। ਆਖਣ ਕਿ ਚੱਲੋ ਤੇ ਚੱਲ ਕੇ ਸਰਕਾਰ ਬਣਾਓ। ਇੱਕ ਦਿਨ ਤਾਂ ਸੰਤ ਜੀ ਅੜੇ ਰਹੇ ਕਿਉਂਕਿ ਉਹ ਇਹਨਾਂ ਲੀਡਰਾਂ ਦੇ ਹੱਦੋਂ ਵਧੇ ਹੋਏ ਲਾਲਚ ਕਾਰਨ ਹੀ ਰੁੱਸ ਕੇ ਆਏ ਸਨ। ਅਖੀਰ ਉਹਨਾਂ ਨੇ ਸੰਤ ਜੀ ਨੂੰ ਮਨਾ ਹੀ ਲਿਆ ਤੇ ਅੱਗੇ ਅੱਗੇ ਸੰਤ ਜੀ ਤੇ ਮਗਰ ਮਗਰ ਸਾਰੇ ਲੀਡਰਾਂ ਦਾ ਕਾਫ਼ਲਾ, 19 ਜ਼ੈਡ ਵਾਲ਼ੇ ਗੁਰਦੁਆਰਿਉਂ ਨਿਕਲ਼ ਕੇ ਪੰਜਾਬ ਨੂੰ ਤੁਰ ਪਿਆ ਤੇ ਖੰਨੇ ਸ.ਮਹਿੰਦਰ ਸਿੰਘ ਦੇ ਕਾਰਖਾਨੇ ਵਿੱਚ ਆ ਰੁਕਿਆ। ਇਹ ਸੱਜਣ ਏਸੇ ਚੋਣ ਵਿੱਚ ਲੁਧਿਆਣੇ ਦੀ ਪਾਰਲੀਮੈਂਟ ਦੀ ਸੀਟ ਕਾਂਗਰਸ ਦੇ ਸ.ਦਵਿੰਦਰ ਸਿੰਘ ਗਰਚੇ ਤੋਂ ਹਾਰੇ ਸਨ ਤੇ ਨਾਲ਼ ਹੀ ਪ੍ਰਸਿਧ ਸਿੱਖ ਵਿਦਵਾਨ ਸ.ਕਪੂਰ ਸਿੰਘ, ਜੋ ਕਿ ਉਸ ਸਮੇ ਓਥੋਂ ਐਮ.ਪੀ.ਸਨ, ਲੈ ਬੈਠੇ। ਏਥੇ ਫਿਰ ਜਿੱਤੇ ਹੋਏ ਕਾਂਗਰਸ ਦੇ ਵਿਰੋਧੀ ਐਮ.ਐਲ.ਏ.ਇਕੱਠੇ ਕੀਤੇ ਗਏ। 53 ਮੈਬਰਾਂ ਦੇ ਦਸਤਖ਼ਤ ਕਰਵਾ ਲਏ ਗਏ। ਸੰਤ ਚੰਨਣ ਸਿੰਘ ਜੀ ਦੀ ਪ੍ਰਧਾਨਗੀ ਹੇਠ 53 ਮੈਬਰਾਂ ਦੀ ਮੀਟਿੰਗ ਕਰਕੇ, ਯੂਨਾਈਟਡ ਫ਼ਰੰਟ ਪਾਰਟੀ ਬਣਾ ਕੇ, ਜਸਟਿਸ ਗੁਰਨਾਮ ਸਿੰਘ ਨੂੰ ਲੀਡਰ ਤੇ ਜਨਸੰਘੀ ਡਾ.ਬਲਦੇਵ ਪ੍ਰਕਾਸ਼ ਨੂੰ ਡਿਪਟੀ ਲੀਡਰ ਬਣਾ ਕੇ, 53 ਮੈਬਰਾਂ ਦੇ ਦਸਖ਼ਤਾਂ ਵਾਲੀ ਚਿਠੀ 8 ਮਾਰਚ ਨੂੰ ਗਵਰਨਰ ਨੂੰ ਦੇ ਦਿਤੀ ਤੇ ਉਸ ਨੇ 9 ਮਾਰਚ ਨੂੰ ਨਵੀ ਵਜ਼ਾਰਤ ਨੂੰ ਸਹੁੰ ਚੁਕਾ ਦਿਤੀ। ਇਸ ਨਾਲ਼ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਵਾਲੀ ਕਾਂਗਰਸ ਸਰਕਾਰ ਦਾ, ਪੂਰੇ ਚਾਰ ਮਹੀਨੇ ਤੇ ਅੱਠ ਦਿਨਾਂ ਪਿੱਛੋਂ ਕੀਰਤਨ ਸੋਹਿਲਾ ਪੜ੍ਹਿਆ ਗਿਆ।
ਸਰਕਾਰ ਬਣਾ ਕੇ ਅਕਾਲੀ ਦਲ ਨੇ ਦੋ ਦਹਾਕਿਆਂ ਦੀ ਕੁਰਬਾਨੀ ਪਿਛੋਂ ਬਣਾਈ ਸਰਕਾਰ ਦੀ ਜੁੰਮੇਵਾਰੀ, ਪੜ੍ਹਿਆ ਲਿਖਿਆ ਤੇ ਯੋਗ ਸਮਝ ਕੇ, ਜਸਟਿਸ ਗੁਰਨਾਮ ਸਿੰਘ ਦੇ ਹਵਾਲੇ ਕਰ ਦਿਤੀ। ਉਹ ਹਕੂਮਤ ਚਲਾਉਣ ਲੱਗ ਪਿਆ ਤੇ ਉਸ ਦੇ ਆਲ਼ੇ ਦੁਆਲ਼ੇ ਵਾਲ਼ੇ ਸੱਜਣ ਸੱਤਾ ਸੁਖ ਮਾਨਣ; ਅਤੇ ਜੇਹਲਾਂ ਤੇ ਡਾਗਾਂ ਖਾਣ ਵਾਲੇ ਅਕਾਲੀ ਵਰਕਰ ਸੜਕਾਂ ਤੇ ਫਿਰਨ।
ਇਸ ਸਮੇ ਸੰਤ ਜੀ ਨੇ ਮੋਰਚਿਆਂ, ਵਰਤਾਂ, ਚੋਣਾਂ ਆਦਿ ਦੇ ਝਮੇਲਿਆ ਤੋਂ ਵੇਹਲੇ ਹੋ ਕੇ ਧਾਰਮਿਕ ਤੇ ਸਿਆਸੀ ਲੇਖ ਲਿਖਣੇ ਸ਼ੂਰੂ ਕਰ ਦਿਤੇ। ਇਸ ਦੌਰਾਨ ਲਿਖੇ ਜਾਣ ਵਾਲ਼ੇ ਲੇਖਾਂ ਵਿਚੋਂ ਦੋ ਮੈਨੂੰ ਵੀ ਯਾਦ ਹਨ: ਇੱਕ ਲੇਖ ਵਿੱਚ ਤਾਂ ਉਹਨਾਂ ਨੇ ਆਪਣੀ ਸਰਕਾਰ ਦੀ ਤੁੱਲਨਾ ਮਹਾਂ ਭੋਲ਼ੇ (ਸ਼ਿਵ ਜੀ) ਦੇ ਟੱਬਰ ਨਾਲ਼ ਕੀਤੀ। ਦੂਜਾ ਲੇਖ ਕਦੀ ਨਾ ਜਿੱਤ ਸੱਕਣ ਵਾਲ਼ੇ ਆਗੂਆਂ ਨੂੰ ਇਸ ਚੋਣ ਵਿੱਚ ਜਿਤਾ ਦੇਣ ਬਾਰੇ ਸੀ।
ਮਹਾਂ ਭੋਲ਼ੇ ਦੇ ਟੱਬਰ ਦੀ ਵਾਰਤਾ ਸੰਤ ਜੀ ਇਉਂ ਸੁਣਾਉਂਦੇ ਸਨ:
ਸ਼ਿਵ ਜੀ ਦੀ ਪਤਨੀ ਪਾਰਬਤੀ, ਜੋ ਸ਼ਿਵ ਜੀ ਦੀਆਂ ਜਟਾਂ ਵਿੱਚ ਨਿਵਾਸ ਰੱਖਣ ਵਾਲ਼ੀ ਗੰਗਾ ਨੂੰ ਆਪਣੀ ਸੌਂਕਣ ਸਮਝਦੀ ਹੈ, ਵੇਖ ਨਹੀ ਸੁਖਾਂਦੀ। ਪਾਰਬਤੀ ਦੀ ਸਵਾਰੀ ਸ਼ੇਰ ਅਤੇ ਸ਼ਿਵ ਜੀ ਦੀ ਸਵਾਰੀ ਬੌਲ਼ਦ, ਜੋ ਕਿ ਸ਼ੇਰ ਦਾ ਖਾਜਾ ਹੈ। ਪੁੱਤਰ ਗਣੇਸ਼ ਦੀ ਸਵਾਰੀ ਚੂਹਾ ਜੋ ਸ਼ਿਵ ਦੇ ਗਲ਼ ਵਿਚਲੇ ਸੱਪ ਦੀ ਖ਼ੁਰਾਕ ਹੈ। ਦੂਜੇ ਪੁੱਤਰ ਕਾਰਤਿਕ ਦੀ ਸਵਾਰੀ ਮੋਰ ਹੈ ਜੋ ਸੱਪ ਦਾ ਵੈਰੀ ਹੈ। ਅਜਿਹੇ ਪਰਵਾਰ ਨੂੰ ਇਕੱਠਾ ਰੱਖਣਾ ਕੋਈ ਖਾਲਾ ਜੀ ਦਾ ਵਾੜਾ ਨਹੀ। ਇਹ ਮਿਸਾਲ ਦੇ ਕੇ ਹਾਸੇ ਦੇ ਰਉਂ ਵਿੱਚ ਸੰਤ ਜੀ ਆਖਦੇ ਸਨ:
ਜਨਸੰਘੀਆਂ ਤੇ ਅਕਾਲੀਆਂ ਦੀ ਦਹਾਕਿਆ ਤੋਂ, ਪੰਜਾਬੀ ਸੂਬੇ ਤੇ ਪੰਜਾਬੀ ਬੋਲੀ ਦੇ ਮਸਲੇ ਤੇ ਚੱਲੀ ਆ ਰਹੀ ਇੱਕ ਦੂਜੇ ਦੀ ਵਿਰੋਧਤਾ, ਪਰਗਟ ਹੈ। ਫਿਰ ਦੋਹਾਂ ਅਕਾਲੀ ਦਲਾਂ ਦਾ ਸੌਂਕੜ ਸਾੜਾ ਵੀ ਕੋਈ ਛੁਪੀ ਕਹਾਣੀ ਨਹੀ। ਦੋਵੇਂ ਕਮਿਊਨਿਸਟ ਪਾਰਟੀਆਂ, ਜਨਸੰਘ ਤੇ ਅਕਾਲੀ ਦਲ ਦੇ ਵਿਰੁਧ ਹੋਣ ਦੇ ਨਾਲ਼ ਆਪਸ ਵਿੱਚ ਵੀ ਸ਼ਰੀਕਾ ਕਰਦੀਆਂ ਸਨ। ਰੀਪਲਕਿਨ ਕਿਸੇ ਨਾਲ਼ ਵੀ ਨਾ ਸਾਂਝੇ। ਨੌਂ ਆਜ਼ਾਦਾਂ ਦੀਆਂ ਨੌਂ ਪਾਰਟੀਆਂ। ਇਸ ਸਾਰੇ ਸਤਨਾਜੇ ਨੂੰ ਇੱਕ ਪਾਰਟੀ ਵਿੱਚ ਇੱਕਠੇ ਕਰਕੇ, ਤੋਰ ਦਿਤਾ। ਫਿਰ ਦੂਜੀ ਗੱਲ ਉਹ ਕਰਿਆ ਕਰਦੇ ਸਨ ਕਿ ਕਦੀ ਨਾ ਜਿੱਤਣ ਵਾਲਿਆਂ ਨੂੰ ਵੀ ਜਿਤਾ ਦਿਤਾ। ਮਿਸਾਲ ਵਜੋਂ ਸੰਤ ਜੀ ਸ.ਹਰਚਰਨ ਸਿੰਘ ਹੁਡਿਆਰਾ ਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਨਾਂ ਲਿਆ ਕਰਦੇ ਸਨ।
ਮਾਸਟਰ ਅਕਾਲੀ ਦਲ ਦੇ ਪ੍ਰਧਾਨ ਗਿ.ਭੂਪਿੰਦਰ ਸਿੰਘ ਜੀ ਅਕਸਰ ਆਪਣੇ ਭਾਸ਼ਨਾਂ ਵਿੱਚ ਆਖਿਆ ਕਰਦੇ ਸਨ ਕਿ ਉਹਨਾਂ ਨੇ ਵੀਹ ਸਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦਾ ਚੋਰ ਪਕੜੀ ਰੱਖਿਆ ਅਰਥਾਤ ਉਹ ਮੁਖ ਗ੍ਰੰਥੀ ਦੀ ਸੇਵਾ ਤਿਆਗ ਕੇ ਸਿਆਸਤ ਵਿੱਚ ਆਏ। ਯਾਦ ਰਹੇ ਕਿ ਗਿਆਨੀ ਜੀ ਦਾ ਪਿਛੋਕੜ ਕਸ਼ਮੀਰ ਦਾ ਹੋਣ ਕਰਕੇ ਉਹ ਕਨੌੜਾ ਨਹੀ ਸਨ ਉਚਾਰ ਸਕਦੇ ਤੇ ਇਸ ਦੀ ਥਾਂ ਹੋੜਾ ਹੀ ਬੋਲਦੇ ਸਨ। ਮੁਖ ਗ੍ਰੰਥੀ ਦੀ ਸੇਵਾ ਛੱਡਣ ਨੂੰ ਉਹ ਪੰਥ ਲਈ ਕੀਤੀ ਗਈ ਬੜੀ ਵੱਡੀ ਕੁਰਬਾਨੀ ਦਰਸਾਇਆ ਕਰਦੇ ਸਨ। ਸੰਤ ਜੀ ਨੇ ਉਹਨਾਂ ਦੇ ਚੌਰ ਨੂੰ ਚੋਰ ਉਚਾਰਨ ਦਾ ਮੌਜੂ ਉਡਾਉਂਦਿਆਂ ਆਖਿਆ, ਭਾਈ ਫਿਰ ਛੱਡ ਕਾਹਨੂੰ ਦਿਤਾ; ਪੁਲਸ ਨੂੰ ਫੜਾਉਣਾ ਸੀ। ਇੱਕ ਵਾਰੀਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੌਰਾਨ ਗਿਆਨੀ ਜੀ ਨੇ ਬਿਆਨ ਦਿਤਾ, ਬਹੂਮੱਤ ਅਸਾਡੇ ਨਾਲ਼ ਹੈ। ਗਿਆਨੀ ਜੀ ਬਹੁਮੱਤ ਨੂੰ ਬਹੂਮੱਤ ਉਚਾਰਦੇ ਸਨ। ਇਸ ਦੇ ਜਵਾਬ ਵਿੱਚ ਸੰਤ ਜੀ ਨੇ ਆਖਿਆ, ਗਿਆਨੀ ਜੀ ਠੀਕ ਆਖ ਰਹੇ ਹਨ। ਉਹਨਾਂ ਦੀ ਬਹੂ ਦਾ ਮੱਤ ਉਹਨਾਂ ਦੇ ਨਾਲ਼ ਹੀ ਹੈ। ਜਿਥੋਂ ਤੱਕ ਮੈਬਰਾਂ ਦਾ ਸਵਾਲ ਹੈ, ਉਹ ਸਾਡੇ ਨਾਲ਼ ਹਨ।
ਉਹਨਾਂ ਦਿਨਾਂ ਵਿੱਚ ਸੰਤ ਜੀ ਦੀ ਗੁੱਡੀ ਆਸਮਾਨੇ ਚੜ੍ਹੀ ਹੋਈ ਸੀ ਤੇ ਉਹਨਾਂ ਦੀਆਂ ਕੁੱਤੀਆਂ ਆਕਾਸ਼ ਵਿੱਚ ਭੌਂਕਦੀਆਂ ਸਨ।
ਇਹ ਤਾਂ ਸੀ ਮੇਰੇ ਸਮੇ ਤੇ ਸਾਹਮਣੇ ਵਾਪਰੇ ਕੁੱਝ ਹਾਲਾਤ ਦਾ ਅਤੀ ਸੰਖੇਪ ਵਰਨਣ।
ਹੁਣ ਉਹਨਾਂ ਦੇ ਜੀਵਨ ਬਾਰੇ ਕੁੱਝ ਗੱਲ ਕਰ ਲਈਏ:
ਸੰਤ ਜੀ ਦਾ ਜਨਮ 27 ਅਕਤੂਬਰ 1911 ਨੂੰ, ਜ਼ਿਲ੍ਹਾ ਬਠਿੰਡਾ ਦੀ ਤਸੀਲ ਰਾਮਪੁਰਾ ਫੂਲ਼ ਦੇ ਪਿੰਡ ਬਦਿਆਲਾ ਵਿਚ, ਸ.ਚੰਨਣ ਸਿੰਘ ਕਿਸਾਨ ਦੇ ਘਰ ਹੋਇਆ। ਉਹਨਾਂ ਦੇ ਛੋਟੇ ਭਰਾ ਦਾ ਨਾਂ ਸ.ਮੁਖਤਿਆਰ ਸਿੰਘ ਤੇ ਉਨ੍ਹਾਂ ਦੀਆਂ ਭੈਣਾਂ ਵੀ ਸਨ। ਉਹਨਾਂ ਨੇ ਕਦੀ ਆਪਣੇ ਪਰਵਾਰਕ ਮੈਬਰਾਂ ਦਾ ਜ਼ਿਕਰ ਨਹੀ ਸੀ ਕੀਤਾ। ਬਚਪਨ ਵਿੱਚ ਪਿਤਾ ਦੀ ਰਜ਼ਾਮੰਦੀ ਨਾਲ਼ ਸਿੱਖ ਵਿਦਵਾਨ ਸੰਤ ਈਸ਼ਰ ਸਿੰਘ ਜੀ ਪਾਸੋਂ ਗੁਰਮਤਿ ਦੀ ਵਿੱਦਿਆ ਪੜ੍ਹਨੀ ਸ਼ੂਰੂ ਕੀਤੀ ਤੇ ਫਿਰ ਘਰੋਂ ਬਾਹਰ ਰਮਤੇ ਸਾਧੂਆਂ ਨਾਲ਼ ਹੀ ਵਿਚਰਦੇ, ਗੁਰਮਤਿ ਦੀ ਵਿੱਦਿਆ ਪੜ੍ਹਦੇ ਤੇ ਮਨੁਖਤਾ ਦੀ ਸੇਵਾ ਕਰਦੇ ਰਹੇ। ਪੰਜਾਬ ਦੇ ਪਿੰਡਾਂ ਧਾਲੀਆਂ, ਢੋਲਣ ਆਦਿ ਵਿੱਚ ਗੁਰਦੁਆਰੇ ਅਤੇ ਸਕੂਲ ਬਣਾਏ। ਬਾਅਦ ਵਿੱਚ ਜ਼ਿਆਦਾ ਸਮਾ ਸੰਤ ਜੀ ਦੀ ਸੇਵਾ ਦਾ ਦਾਇਰਾ ਗੰਗਾਨਗਰ ਦਾ ਇਲਾਕਾ ਹੀ ਰਿਹਾ। ਇਸ ਕਰਕੇ ਇਹਨਾਂ ਦੇ ਨਾਂ ਨਾਲ਼, ਉਸ ਸਮੇ ਦੇ ਰਿਵਾਜ ਅਨੁਸਾਰ, ਤਖੱਲਸ ਵਜੋਂ ਗੰਗਾਨਗਰ ਜੁੜ ਗਿਆ। ਸੰਤ ਜੀ ਦਾ ਸਾਰਾ ਜੀਵਨ ਹੀ 1960 ਤੱਕ ਸੇਵਾ ਸਿਮਰਨ, ਵਿੱਦਿਆ ਪੜ੍ਹਨੀ ਤੇ ਪੜ੍ਹਾਉਣੀ, ਅਪਾਹਜ, ਯਤੀਮ, ਗ਼ਰੀਬ ਬੱਚਿਆਂ ਦੀ ਹਰ ਪ੍ਰਕਾਰ ਪਾਲਣਾ ਕਰਨੀ। ਗੁਰਦੁਆਰੇ, ਸਕੂਲ, ਕਾਲਜ, ਸੜਕਾਂ ਆਦਿ ਉਸਾਰਨੇ ਰਿਹਾ। ਚਾਰ ਚੌਫੇਰੇ ਰੇਗਿਸਤਾਨ ਵਿੱਚ ਘਿਰੇ, ਬੁੱਢਾ ਜੌਹੜ ਗੁਰਦੁਆਰੇ ਦੀ ਸਥਾਪਨਾ ਕੀਤੀ। ਇਹ ਉਹ ਇਤਿਹਾਸਕ ਸਥਾਨ ਹੈ ਜਿਥੇ ਸ੍ਰੀ ਹਰਿਮੰਦਰ ਸਾਹਿਬ ਵਿਚੋਂ ਮੱਸੇ ਰੰਘੜ ਦਾ ਸਿਰ ਵਢ ਕੇ, ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ, ਜਥੇਦਾਰ ਬੁੱਢਾ ਸਿੰਘ ਜੀ ਦੇ ਚਰਨਾਂ ਵਿੱਚ ਜਾ ਕੇ ਸੁੱਟਿਆ ਸੀ। ਏਥੇ ਨਿਹੰਗ ਸਿੰਘਾਂ ਦਾ ਕਬਜ਼ਾ ਹੁੰਦਾ ਸੀ ਤੇ ਉਹ ਕਦੀ ਕਦੀ ਦਲ ਸਮੇਤ ਏਥੇ ਆਇਆ ਕਰਦੇ ਸਨ ਤੇ ਇੱਕ ਉਹਨਾਂ ਦਾ ਸਿੰਘ ਏਥੇ ਰਿਹਾ ਕਰਦਾ ਸੀ। ਜਦੋਂ ਸੰਤ ਜੀ ਨੇ ਇਸ ਸਥਾਨ ਦੀ ਸੇਵਾ ਆਰੰਭੀ ਤਾਂ ਉਸ ਵੱਲੋਂ ਵੀ ਵਿਰੋਧਤਾ ਹੋਈ; ਬਾਕੀ ਆਲ਼ੇ ਦੁਆਲ਼ੇ ਦੀ ਬਿਸ਼ਨੋਈ ਜਨਤਾ ਵੱਲੋਂ ਤਾਂ ਹੋਣੀ ਹੀ ਸੀ। ਗੁਰਦੁਆਰਾ ਸਾਹਿਬ ਦਾ ਵਿਸ਼ਾਲ ਹਾਲ ਉਸ ਸਥਾਨ ਤੇ ਉਸਾਰ ਦਿਤਾ ਜਿਥੇ ਨਾ ਕੋਈ ਰੇਲ, ਨਾ ਸੜਕ ਤੇ ਨਾ ਹੀ ਕੋਈ ਹੋਰ ਵਸੀਲਾ ਜਾਣ ਲਈ ਸੀ। ਏਨਾ ਮੈਟੀਰੀਅਲ ਏਥੇ ਗੱਡਿਆਂ, ਰੇਹੜਿਆਂ ਆਦਿ ਤੇ ਹੀ ਢੋਇਆ ਗਿਆ। ਇਸ ਵੱਡੇ ਕਾਰਜ ਦੀ ਗੂੰਜ ਰਾਜਿਸਥਾਨ ਅਸੈਂਬਲੀ ਵਿੱਚ ਵੀ ਪਈ। ਅਪੋਜ਼ੀਸ਼ਨ ਨੇ ਰੌਲ਼ਾ ਪਾਇਆ ਕਿ ਜੇ ਇੱਕ ਸਾਧ ਏਡਾ ਵੱਡਾ ਕਾਰਜ ਕਰ ਸਕਦਾ ਹੈ ਤਾਂ ਸਰਕਾਰ ਕਿਉਂ ਨਹੀ ਕੋਈ ਚੰਗਾ ਕੰਮ ਕਰ ਸਕਦੀ! ਸਾਰਾ ਸਥਾਨ ਸੰਤ ਜੀ ਨੇ ਮੁੱਲ ਲੈ ਕੇ ਸਰੋਵਰ, ਵਿਸ਼ਾਲ ਗੁਰਦੁਆਰਾ, ਬਾਗ ਬਗੀਚਾ ਲਾਇਆ ਤੇ ਖ਼ਰੀਦੀ ਜ਼ਮੀਨ ਵਿੱਚ ਖੇਤੀ ਦਾ ਕਾਰਜ ਸ਼ੂਰੂ ਕੀਤਾ। ਓਥੇ ਗੁਰਮਤਿ ਵਿਦਿਆਲਾ ਵੀ ਆਰੰਭਿਆ ਜਿਥੇ ਗ਼ਰੀਬ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਪਰਾਪਤ ਕਰਵਾਈ ਜਾਂਦੀ ਸੀ। 1960 ਤੱਕ ਪੰਜਾਬ ਤੇ ਪੈਪਸੂ ਦੀਆਂ ਅਕਾਲੀ ਦਲ ਦੀਆਂ ਸਿਆਸੀ ਸਰਗਰਮੀਆਂ ਵਿੱਚ ਸੰਤ ਜੀ ਅਤੇ ਰਾਜਿਸਥਾਨ ਦੇ ਸਿੱਖਾਂ ਦੀ ਨੁਮਾਇੰਦਗੀ, ਸੰਤ ਜੀ ਦੇ ਸਾਥੀ ਸੰਤ ਚੰਨਣ ਸਿੰਘ ਜੀ ਹੀ ਕਰਿਆ ਕਰਦੇ ਸਨ। ਵੈਸੇ ਹਰੇਕ ਪੰਥਕ ਮੋਰਚੇ ਵਿੱਚ ਆਪ ਜੀ ਜਥੇ ਸਮੇਤ ਗ੍ਰਿਫ਼ਤਾਰੀ ਦੇ ਕੇ ਜੇਹਲ ਯਾਤਰਾ ਲਈ ਹਮੇਸ਼ਾਂ ਜਾਂਦੇ ਰਹਿੰਦੇ ਸਨ। ਪੈਪਸੂ ਵਿੱਚ ਮਾਮਾ ਭਾਣਜਾ ਵਜ਼ਾਰਤ ਦੇ ਖ਼ਿਲਾਫ਼ ਪਟਿਆਲੇ ਵਿੱਚ ਜੇਹਲ ਕੱਟੀ। ਫਿਰ ਪਚਵੰਜਾ ਦੇ ਮੋਰਚੇ ਸਮੇ, ਅਸ਼ਵਨੀ ਕੁਮਾਰ ਦੀ ਅਗਵਾਈ ਹੇਠ, ਚਾਰ ਜੁਲਾਈ ਦੀ ਰਾਤ ਨੂੰ ਜਦੋਂ ਪੁਲਸ ਨੇ ਹਮਲਾ ਕੀਤਾ ਤਾਂ ਉਸ ਸਮੇ ਵੀ ਸੰਤ ਜੀ ਆਪਣੇ ਸਾਥੀਆਂ ਸਮੇਤ, ਗੁਰੂ ਰਾਮਦਾਸ ਸਰਾਂ ਵਿੱਚ ਠਹਿਰੇ, ਗ੍ਰਿਫ਼ਤਾਰੀ ਦੇਣ ਲਈ ਆਪਣੀ ਵਾਰੀ ਦੀ ਉਡੀਕ ਵਿੱਚ ਸਨ ਕਿ ਬਾਕੀ ਯਾਤਰੂਆਂ ਤੇ ਵਰਕਰਾਂ ਨਾਲ ਇਹਨਾਂ ਨੂੰ ਵੀ ਅੜੁੰਬ ਲਿਆ ਗਿਆ ਤੇ ਜੇਹਲ ਲਿਜਾ ਸੁੱਟਿਆ।
ਸੰਤ ਜੀ ਜਦੋਂ ਵੀ ਕੋਈ ਵਿੱਦਿਆ ਮੰਦਰ, ਧਰਮ ਮੰਦਰ ਜਾਂ ਕਿਸੇ ਹੋਰ ਇਮਾਰਤ ਦੀ ਉਸਾਰੀ ਕਰਦੇ ਸਨ ਤਾਂ ਉਸ ਦਾ ਮਜ਼ਦੂਰ ਤੋਂ ਲੈ ਕੇ ਆਰਟੀਕੈਕਟ ਦੇ ਕਾਰਜ ਵਿੱਚ ਖ਼ੁਦ ਹੱਥੀਂ ਹਿੱਸਾ ਪਾਉਂਦੇ ਸਨ। ਨਕਸ਼ਾ ਨਵੀਸਾਂ ਨੂੰ ਆਪ ਦੱਸ ਕੇ ਕਾਰਜ ਕਰਵਾਉਂਦੇ ਸਨ। ਚੂਨਾ ਪੀਹਣ, ਸੀਮੈਂਟ ਰਲਾਉਣ ਆਦਿ ਸਾਰੇ ਕਾਰਜ ਹੀ ਬਾਕੀਆਂ ਨਾਲ਼ ਰਲ਼ ਕੇ ਖ਼ੁਦ ਕਰਦੇ ਸਨ।
ਸਰੀਰਕ ਤੌਰ ਤੇ ਸੰਤ ਜੀ ਏਨੇ ਤਕੜੇ ਸਨ ਕਿ ਉਹਨਾਂ ਦੇ ਸਾਥੀਆਂ ਵਿਚੋਂ ਸਭ ਤੋਂ ਵਧ ਸਰੀਰਕ ਸ਼ਕਤੀ ਦੇ ਮਾਲਕ, ਭਾਈ ਬੱਗਾ ਸਿੰਘ ਜੀ ਵੀ, ਸੰਤ ਜੀ ਦੀ ਉਪਰ ਚੁੱਕੀ ਹੋਈ ਬਾਂਹ ਨੂੰ ਨਿਵਾ ਨਹੀ ਸਨ ਸਕਦੇ। ਅਖੀਰਲੇ ਸਮੇ ਸੰਤ ਜੀ ਮੁਟਾਪੇ ਸਮੇਤ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਸਨ। ਮੁਖ ਕਾਰਨ ਇਸ ਦਾ ਇਹ ਸੀ ਕਿ ਖ਼ੁਰਾਕ ਤਾਂ ਸੰਤ ਜੀ ਦੀ ਭਲਵਾਨਾਂ ਵਾਲ਼ੀ ਰਹੀ, ਜਿਹਾ ਕਿ ਦੁਧ, ਦਹੀ, ਘਿਓ, ਲੱਸੀ ਆਦਿ ਪਰ 1960 ਦੇ ਮੋਰਚੇ ਨੂੰ ਚਲਾਉਣ ਲਈ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ਼ ਜੁੜਵੇਂ ਮਕਾਨ ਵਿਚ, ਲੰਮੇ ਸਮੇ ਲਈ ਇੱਕ ਥਾਂ ਬੰਦ ਹੋ ਕੇ ਰਹਿਣਾ ਪਿਆ। ਸਰੀਰਕ ਸ਼ਕਤੀ ਵਰਤਣ ਲਈ ਸਮਾ ਨਾ ਰਹਿ ਗਿਆ ਤੇ ਸਗੋਂ ਸਾਰੀ ਕੌਮ ਦੀ ਸਰਕਾਰ ਨਾਲ ਸ਼ਾਂਤਮਈ ਲੜਾਈ ਦਾ ਫਿਕਰ ਵੱਖਰਾ ਪਿਆ ਰਿਹਾ। ਭੁੱਖ ਹੜਤਾਲਾਂ ਦਾ ਵੀ ਸਰੀਰ ਉਪਰ ਬਹੁਤ ਮਾਰੂ ਅਸਰ ਹੋਇਆ। ਫਿਰ ਮੁੜ ਉਹਨਾਂ ਦਾ ਸਰੀਰ ਉਸ ਤਾਬ ਤੇ ਨਾ ਆ ਸਕਿਆ। ਪਿਛਲੀ ਉਮਰ ਵਿੱਚ ਹੋਰ ਰੋਗਾਂ ਦੇ ਨਾਲ਼ ਨਾਲ਼ ਸ਼ੂਗਰ ਦੀ ਬਿਮਾਰੀ ਨੇ ਵੀ ਘੇਰ ਲਿਆ।
ਦਲੇਰ ਵੀ ਬਹੁਤ ਸਨ ਸੰਤ ਜੀ। ਉਹਨਾਂ ਨੇ ਮੈਨੂੰ ਆਪ ਦੱਸਿਆ ਸੀ ਕਿ ਜਵਾਨੀ ਦੇ ਦਿਨੀਂ ਜਦੋਂ ਉਹ ਰਾਤ ਸਮੇ ਬਾਹਰ ਝਾੜਾਂ, ਜੰਗਲਾਂ, ਉਜਾੜਾਂ ਵਿੱਚ ਭਗਤੀ ਕਰਿਆ ਕਰਦੇ ਸਨ ਤਾਂ ਕਦੀ ਕਦੀ ਦਰੱਖ਼ਤਾਂ, ਟਿੱਬਿਆਂ ਆਦਿ ਨੂੰ ਵੇਖ ਕੇ, ਭੂਤ ਸਮਝ ਕੇ ਡਰ ਜਾਣਾ ਤਾਂ ਸਿੱਧੇ ਉਸ ਡਰ ਵਾਲੇ ਥਾਂ ਨੂੰ ਹੀ ਜਾਣਾ ਓਥੇ ਪਹੁੰਚ ਕੇ ਵੇਖਣਾ ਕਿ ਜਿਸ ਨੂੰ ਭੂਤ ਸਮਝ ਕੇ ਮਨ ਡਰ ਮੰਨਦਾ ਸੀ ਉਹ ਤਾਂ ਕੇਵਲ ਝਾੜੀ ਹੀ ਸੀ। ਜਾਨਣਾ ਕਿ ਡਰ ਕੇਵਲ ਮਨ ਦਾ ਭੁਲੇਖਾ ਹੀ ਹੁੰਦਾ ਹੈ। ਇਸ ਤਰ੍ਹਾਂ ਖ਼ਤਰੇ ਨੂੰ ਸਿੱਧੇ ਮੱਥੇ ਮਿਲਣ ਕਰਕੇ ਹੌਲ਼ੀ ਹੌਲ਼ੀ ਮਨ ਦੇ ਡਰ ਉਪਰ ਕਾਬੂ ਪਾ ਲਿਆ।
ਆਪਣਾ ਹਰੇਕ ਵਿਖਿਆਨ ਉਹ ਕੀਰਤਨ ਦੁਆਰਾ ਹੀ ਸ਼ੂਰੂ ਕਰਿਆ ਕਰਦੇ ਸਨ। ਉਹਨਾਂ ਦੁਆਰਾ ਉਹਨੀਂ ਦਿਨੀਂ ਗਾਇਆ ਗਿਆ ਸ਼ਬਦ, ਜਿਸ ਦਾ ਸਾਹਿਬ ਡਾਢਾ ਹੋਇ॥ ਤਿਸ ਨੋ ਮਾਰ ਨ ਸਾਕੈ ਕੋਇ॥ ਬਹੁਤ ਹੀ ਪ੍ਰਸਿਧ ਹੋਇਆ। ਪਹਿਲਾਂ ਇੱਕ ਸ਼ਬਦ ਦਾ ਕੀਰਤਨ ਕਰਨਾ ਫਿਰ ਹੌਲ਼ੀ ਹੌਲ਼ੀ, ਪੋਲੀ ਪੋਲੀ ਆਵਾਜ਼ ਵਿੱਚ ਭਾਸ਼ਨ ਸ਼ੁਰੂ ਕਰਨਾ। ਜਿਵੇਂ ਜਿਵੇਂ ਸਮਾ ਬੀਤਣਾ ਉਹਨਾਂ ਦੇ ਸਰੀਰ ਦੇ ਨਾਲ਼ ਨਾਲ਼ ਆਵਾਜ਼ ਵੀ ਉਚੀ ਹੁੰਦੀ ਜਾਣੀ। ਆਪਣੇ ਭਾਸ਼ਨ ਵਿੱਚ ਉਹ ਹਮੇਸ਼ਾਂ ਹੀ ਹਾਸੇ ਦੀ ਚਾਸ਼ਣੀ ਦਾ ਖ਼ੂਬਸੂਰਤ ਰਲੇਵਾਂ ਕਰਿਆ ਕਰਦੇ ਸਨ। ਵਿਰੋਧੀ ਦੀ ਦਲੀਲ ਨੂੰ ਹੀ ਉਲਟ ਕੇ ਉਸ ਉਪਰ ਵਰਤ ਲਿਆ ਕਰਦੇ ਸਨ। ਇਸ ਨੂੰ ਆਪਣੀ ਆਮ ਗੱਲ ਬਾਤ ਸਮੇ ਸੰਤ ਜੀ ਊਸ਼ਟਲਸ਼ਟਿਕ ਨਿਆਇ ਅਲੰਕਾਰ ਆਖਿਆ ਕਰਦੇ ਸਨ। ਮਿਸਾਲ ਵਜੋਂ, ਊਠ ਉਪਰ ਲੱਦੀਆਂ ਲਾਠੀਆਂ ਵਿਚੋਂ ਹੀ ਇੱਕ ਲਾਠੀ ਧੂਹ ਕੇ, ਊਠ ਨੂੰ ਤੇਜ ਕਰਨ ਲਈ, ਉਸ ਦੇ ਢੂੰਗੇ ਤੇ ਮਾਰ ਕੇ ਫਿਰ ਲਾਠੀ ਊਠ ਉਪਰ ਹੀ ਸੁੱਟ ਦੇਣੀ। ਇਸ ਤਰ੍ਹਾਂ ਵਿਰੋਧੀ ਦੀ ਦਲੀਲ ਉਸ ਦੇ ਹੀ ਵਿਰੁਧ ਵਰਤ ਲੈਣੀ। ਸੰਤ ਜੀ ਦੀ ਹਰ ਗੱਲ ਵਿੱਚ ਹਾਸ ਰਸ ਮਿਲ਼ਿਆ ਹੋਇਆ ਹੁੰਦਾ ਸੀ। ਹਾਸ ਰਸ ਏਨਾ ਸੂਖਮ ਹੁੰਦਾ ਸੀ ਕਿ ਉਹ ਹਾਸ ਰਸ ਨਾ ਰਹਿ ਕੇ ਵਿਅੰਗ ਦਾ ਰੂਪ ਹੋ ਨਿੱਬੜਦਾ ਸੀ। ਕਦੀ ਵੀ ਉਹ ਨਾ ਆਪ ਢਹਿੰਦੀਕਲਾ ਵਿੱਚ ਹੁੰਦੇ ਸਨ ਤੇ ਨਾ ਹੀ ਸਾਥੀਆਂ ਨੂੰ ਇਸ ਅਵਸਥਾ ਵਿੱਚ ਜਾਣ ਦਿੰਦੇ ਸਨ।
ਆਪਣੀ ਇਲੈਕਸ਼ਨ ਸਟ੍ਰੈਟਜੀ ਬਾਰੇ ਸੰਤ ਜੀ ਨੇ ਇੱਕ ਦਿਨ ਮੈਨੂੰ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੀ ਇੱਕ ਸੀਟ ਤੋਂ ਸਿਟਿੰਗ ਕਮਿਊਨਿਸਟ ਐਮ.ਐਲ.ਏ.ਸ.ਸੰਪੂਰਨ ਸਿੰਘ ਧਨੌਲਾ ਦੀ ਮੌਤ ਕਾਰਨ ਖਾਲੀ ਹੋਈ ਸੀ। ਉਸ ਸੀਟ ਦੀ ਜ਼ਿਮਨੀ ਚੋਣ ਸੀ। ਸਦਾ ਦੀ ਤਰ੍ਹਾਂ ਇਹਨਾਂ ਚੋਣ ਜਲਸਿਆਂ ਵਿੱਚ ਸਰਦਾਰ ਕੈਰੋਂ ਨੇ ਸਰਕਾਰੀ ਵਸੀਲੇ ਵਰਤ ਕੇ ਲੋਕਾਂ ਦਾ ਭਾਰੀ ਇਕੱਠ ਕਰਨਾ ਤੇ ਆਪਣੀ ਪਾਰਟੀ ਦਾ ਪ੍ਰਾਪੇਗੰਡਾ ਕਰਨਾ। ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਦਾ ਫੈਸਲਾ ਸੀ ਕਿ ਜਿਸ ਸੀਟ ਤੇ ਜੇਹੜੀ ਪਾਰਟੀ ਦਾ ਬੰਦਾ ਜਿੱਤਿਆ ਹੋਵੇ ਜਾਂ ਵਧ ਵੋਟਾਂ ਲਈਆਂ ਹੋਣ ਓਥੇ ਉਸ ਪਾਰਟੀ ਦਾ ਉਮੀਦਵਾਰ ਹੀ ਖੜ੍ਹਾ ਕੀਤਾ ਜਾਵੇ ਤੇ ਬਾਕੀ ਸਾਰੀਆਂ ਪਾਰਟੀਆਂ ਉਸ ਉਮੀਦਾਰ ਦੀ ਹੀ ਸਹਾਇਤਾ ਕਰਨ ਤਾਂ ਕਿ ਕਾਂਗਰਸ ਦਾ ਰਾਜ ਤੋਂ ਏਕਾਧਿਕਾਰ ਤੋੜਿਆ ਜਾ ਸਕੇ। ਇਸ ਫੈਸਲੇ ਅਨੁਸਾਰ ਏਥੇ ਕਮਿਊਨਿਸਟ ਪਾਰਟੀ ਦਾ ਉਮੀਦਵਾਰ ਚੋਣ ਲੜ ਰਿਹਾ ਸੀ ਤੇ ਬਾਕੀ ਸਾਰੀਆਂ ਪਾਰਟੀਆਂ ਉਸ ਦੀ ਸਹਾਇਤਾ ਕਰ ਰਹੀਆਂ ਸਨ। ਆਪਣੀ ਭਾਰੂ ਹੈਸੀਅਤ ਕਾਰਨ ਇਸ ਚੋਣ ਮੁਹਿੰਮ ਵਿੱਚ ਸਭ ਤੋਂ ਵਧ ਹਿੱਸਾ ਸੰਤ ਜੀ ਹੀ ਪਾ ਰਹੇ ਸਨ। ਸੰਤ ਜੀ ਨੇ ਇੱਕ ਦਿਨ ਦੱਸਿਆ ਕਿ ਜਦੋਂ ਕਾਂਗਰਸ ਦੇ ਜਲਸੇ ਵਿੱਚ ਕੈਰੋਂ ਦਾ ਭਾਸ਼ਨ ਹੋ ਰਿਹਾ ਹੋਣਾ ਤਾਂ ਅਸੀਂ ਆਪਣੀ ਕਾਰ ਹੌਲ਼ੀ ਹੌਲ਼ੀ ਸਟੇਜ ਦੇ ਪਿੱਛੇ ਲੈ ਜਾਣੀ। ਜਦੋਂ ਸਰਦਾਰ ਕੈਰੋਂ ਨੇ ਜੈ ਹਿੰਦ ਆਖ ਕੇ ਆਪਣੀ ਸਪੀਚ ਖ਼ਤਮ ਕਰਨੀ ਤਾਂ ਮੈ ਸਟੇਜ ਤੇ ਚੜ੍ਹ ਜਾਣਾ ਤੇ ਆਖਣਾ, ਭਰਾਓ ਤੁਸੀਂ ਸਰਕਾਰ ਦਾ ਪੱਖ ਸੁਣ ਲਿਆ ਹੈ। ਹੁਣ ਮੇਰੀ ਵੀ ਗੱਲ ਸੁਣ ਕੇ ਜਾਣਾ। ਲੋਕਾਂ ਨੇ ਸੁਣਨ ਲਈ ਬੈਠੇ ਰਹਿਣਾ ਤੇ ਮੈ ਆਪਣਾ ਪੱਖ ਦੱਸ ਕੇ ਲੋਕਾਂ ਦੇ ਵਿਚਾਰ ਬਦਲ ਦੇਣੇ।
ਸੀਟ ਤਾਂ ਸਰਕਾਰੀ ਸ਼ਕਤੀ ਨਾਲ਼ ਸਰਦਾਰ ਕੈਰੋਂ ਨੇ ਜਿੱਤ ਲਈ ਪਰ ਉਹ ਸੰਤ ਜੀ ਦੇ ਅਜਿਹੇ ਵਤੀਰੇ ਕਰਕੇ ਏਨਾ ਖਿਝ ਗਿਆ ਕਿ ਉਸ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਆਖ ਕੇ, ਸ਼੍ਰੋਮਣੀ ਕਮੇਟੀ ਵਿੱਚ ਪ੍ਰਧਾਨ ਦੇ ਖ਼ਿਲਾਫ਼ ਬੇਪਰਤੀਤੀ ਦਾ ਨੋਟਿਸ ਦਿਵਾ ਦਿਤਾ ਤੇ ਆਪਣਾ ਸਾਰਾ ਹੀ ਧੱਕੜ ਜੋਰ ਸੰਤ ਜੀ ਨੂੰ ਹਰਾਉਣ ਤੇ ਲਾ ਦਿਤਾ। ਕੋਈ ਵੀ ਕਸਰ ਨਾ ਛੱਡੀ ਪਰ ਸੰਤ ਜੀ ਦਾ ਸਿਤਾਰਾ ਅਜੇ ਦਸ ਕੁ ਸਾਲ ਹੋਣ ਚਮਕਣਾ ਸੀ। 2 ਜੂਨ ਨੂੰ ਬੇਪਰਤੀਤੀ ਦੇ ਨੋਟਿਸ ਦਾ ਫੈਸਲਾ ਹੋਣਾ ਸੀ ਤੇ 27 ਮਈ ਨੂੰ ਪੰਡਿਤ ਨਹਿਰੂ ਦੀ ਮੌਤ ਹੋ ਗਈ। ਸਰਦਾਰ ਕੈਰੋਂ ਦੀ ਸ਼ਕਤੀ ਦਾ ਸੰਪੂਰਨ ਸੋਮਾ ਪੰਡਿਤ ਨਹਿਰੂ ਹੀ ਸੀ। ਉਸ ਦੀ ਮੌਤ ਕਾਰਨ ਉਸ ਨੂੰ ਖ਼ੁਦ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਸ਼੍ਰੋਮਣੀ ਕਮੇਟੀ ਬਾਰੇ ਆਪਣਾ ਧੱਕਾ ਵਰਤ ਸੱਕਣ ਦੀ ਜੁਰਅਤ ਨਾ ਕਰ ਸਕਿਆ। ਨਤੀਜੇ ਵਜੋਂ ਬੇਪਰਤੀਤੀ ਦਾ ਮਤਾ ਰੱਦ ਹੋ ਗਿਆ ਤੇ ਸੰਤ ਜੀ ਹੀ ਅਕਾਲੀਆਂ ਦੇ ਆਗੂ ਵਜੋਂ ਆਪਣੀ ਮੌਤ ਤੱਕ ਵਿਚਰਦੇ ਰਹੇ।
ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੋਣ ਕਰਕੇ, ਅੰਮ੍ਰਿਤਸਰ ਰਿਹਾਇਸ਼ ਸਮੇ ਉਹਨਾਂ ਦੀ ਰੋਟੀ ਦੋਵੇਂ ਵੇਲ਼ੇ ਡਾ.ਭਗਤ ਸਿੰਘ ਦੇ ਘਰੋਂ ਬਣ ਕੇ ਆਇਆ ਕਰਦੀ ਸੀ ਤੇ ਉਹਨਾਂ ਦੇ ਸਾਥੀ ਤੇ ਸੇਵਾਦਾਰ ਲੰਗਰ ਵਿਚੋਂ ਰੋਟੀ ਖਾਇਆ ਕਰਦੇ ਸਨ। ਇੱਕ ਦਿਨ ਮੈਨੂੰ ਆਖਣ ਲੱਗੇ ਕਿ ਸਾਡੇ ਸਾਥੀ ਲੰਗਰ ਵਿਚੋਂ ਪ੍ਰਸ਼ਾਦਾ ਛਕਦੇ ਨੇ। ਇਹ ਸ਼ਾਇਦ ਕਮੇਟੀ ਦੇ ਤਨਖਾਹਦਾਰ ਮੁਲਾਜ਼ਮਾਂ ਵਾਸਤੇ ਚੰਗੀ ਮਿਸਾਲ ਨਾ ਹੋਵੇ। ਯਾਦ ਰਹੇ ਕਿ ਸੰਤ ਫ਼ਤਿਹ ਸਿੰਘ ਜੀ ਨਾਲ਼ ਸਾਰੇ ਸਾਥੀ ਬਿਨਾ ਤਨਖਾਹ ਹੀ ਸੇਵਾ ਕਰਦੇ ਸਨ। ਮੈ ਭਾਵੇਂ ਸ਼੍ਰੋਮਣੀ ਕਮੇਟੀ ਦਾ ਤਨਖਾਹਦਾਰ ਮੁਲਾਜ਼ਮ ਸਾਂ ਪਰ ਜਿੰਨਾ ਚਿਰ ਸੰਤ ਜੀ ਦੀ ਸੇਵਾ ਵਿੱਚ ਰਿਹਾ ਸ਼੍ਰੋਮਣੀ ਕਮੇਟੀ ਤੋਂ ਮੈ ਛੁੱਟੀ ਲੈ ਰੱਖੀ ਸੀ। ਮੈ ਆਖਿਆ ਕਿ ਤੁਸੀਂ ਆਪਣੀ ਅਗਵਾਈ ਤੇ ਕੁਰਬਾਨੀ ਨਾਲ਼ ਵਾਹਗੇ ਤੋਂ ਸ਼ੰਭੂ ਤੱਕ ਪੰਜਾਬੀ ਸੂਬੇ ਦੇ ਰੂਪ ਵਿੱਚ ਵਿਸ਼ਾਲ ਗੁਰਦੁਆਰਾ ਬਣਾ ਦਿਤਾ ਹੈ। ਕੀ ਤੁਹਾਡੇ ਸੇਵਾਦਾਰ ਲੰਗਰ ਵਿਚੋਂ ਰੋਟੀ ਵੀ ਨਹੀ ਖਾ ਸਕਦੇ! ਸੰਤ ਜੀ ਨੇ ਮੇਰੇ ਵਿਚਾਰ ਨਾਲ਼ ਸੰਮਤੀ ਪਰਗਟ ਕੀਤੀ।
ਕਦੀ ਵੀ ਸੰਤ ਜੀ ਆਪਣੀ ਵਿਰੋਧਤਾ ਜਾਂ ਵਿਰੋਧੀ ਹਾਲਾਤ ਦਾ ਆਪਣੇ ਉਪਰ ਮਾੜਾ ਅਸਰ ਨਹੀ ਸਨ ਪੈਣ ਦਿੰਦੇ। ਮਿਸਾਲ ਵਜੋਂ ਮੈ ਦੋ ਗੱਲਾਂ ਦਾ ਏਥੇ ਜ਼ਿਕਰ ਕਰਦਾ ਹਾਂ: ਇੱਕ ਵਾਰੀ ਜਦੋਂ ਪੰਜਾਬ ਅਸੈਂਬਲੀ ਦੀ ਗਵਰਨਰ ਵਾਲ਼ੀ ਗੈਲਰੀ ਵਿੱਚ ਸੰਤ ਜੀ ਆਪਣੇ ਕੁੱਝ ਸਾਥੀਆਂ ਨਾਲ਼ ਬੈਠੇ ਸਭਾ ਦੀ ਕਾਰਵਾਈ ਵੇਖ ਰਹੇ ਸਨ ਤਾਂ ਆਪ ਜੀ ਦੇ ਹੱਥ ਵਿੱਚ ਵਡੀ ਕ੍ਰਿਪਾਨ ਵੇਖ ਕੇ, ਇੱਕ ਜਵਾਨ ਕਾਂਗਰਸੀ ਮੈਂਬਰ ਬਲਬੀਰ ਸੈਣੀ ਨੇ ਇਤਰਾਜ਼ ਉਠਾਇਆ। ਇਸ ਦਾ ਵਿਸਥਾਰ ਮੈ ਇੱਕ ਹੋਰ ਲੇਖ ਵਿੱਚ ਦੇ ਚੁੱਕਾ ਹਾਂ ਪਰ ਸੰਤ ਜੀ ਉਸ ਨੌਜਵਾਨ ਮੈਂਬਰ ਦੇ ਇਤਰਾਜ਼ ਉਪਰ ਗੁੱਸਾ ਕਰਨ ਦੀ ਬਜਾਇ ਬੈਠੇ ਮੁਸਕ੍ਰਾਉਂਦੇ ਰਹੇ। ਭਾਵੇਂ ਅਗਲੇ ਦਿਨ ਉਹਨਾਂ ਨੇ ਵਿਸਥਾਰ ਸਹਿਤ ਇੱਕ ਲੇਖ ਅਖ਼ਬਾਰਾਂ ਵਿੱਚ ਛਪਵਾ ਦਿਤਾ।
ਇਕ ਹੋਰ ਵਾਕਿਆ 1967 ਦੇ ਨਵੰਬਰ ਮਹੀਨੇ ਦੇ ਚੌਥੇ ਹਫ਼ਤੇ ਦਾ ਹੈ। 22 ਨਵੰਬਰ ਨੂੰ ਸ.ਲਛਮਣ ਸਿੰਘ ਗਿੱਲ ਸਾਂਝੀ ਸਰਕਾਰ ਨੂੰ ਠਿੱਬੀ ਮਾਰ ਕੇ ਖ਼ੁਦ ਮੁਖ ਮੰਤਰੀ ਬਣ ਗਿਆ। ਇਸ ਦਿਨ ਸਰਾਂ ਨੂੰ ਆਉਣ ਸਮੇ ਬ੍ਰਹਮ ਬੂਟਾ ਮਾਰਕੀਟ ਵਿੱਚ ਟ੍ਰੈਫ਼ਿਕ ਪੁਲੀਸਮੈਨ ਨੇ ਸੰਤ ਜੀ ਦੀ ਕਾਰ ਨੂੰ ਹੱਥ ਦੇ ਕੇ ਰੋਕ ਲਿਆ। ਨੌਜਵਾਨ ਡਰਾਈਵਰ ਸਾਢੇ ਕੁ ਅੱਠ ਮਹੀਨੇ ਦੀ ਅਕਾਲੀ ਸਰਕਾਰ ਸਮੇ ਪੁਲਿਸ ਵੱਲੋਂ ਮਿਲ਼ਨ ਵਾਲ਼ੇ ਸਤਿਕਾਰ ਦਾ ਆਦੀ ਬਣ ਚੁੱਕਿਆ ਹੋਇਆ ਸੀ। ਸਰਾਂ ਵਿੱਚ ਪਹੁੰਚਣ ਉਪ੍ਰੰਤ ਮੈ ਵੇਖਿਆ ਕਿ ਡਰਾਈਵਰ ਲੋਹਾ ਲਾਖਾ ਹੋਇਆ ਲਾਲ ਅੱਖਾਂ ਨਾਲ਼ ਪੁਲਿਸ ਵਾਲ਼ੇ ਨੂੰ ਬੁਰਾ ਭਲਾ ਬੋਲ ਰਿਹਾ ਸੀ। ਉਸ ਦੇ ਗੁੱਸੇ ਭਰੇ ਬੋਲ਼ ਸੁਣ ਕੇ ਸੰਤ ਜੀ ਮੁਸਕ੍ਰਾਈ ਜਾ ਰਹੇ ਸਨ ਤੇ ਕੋਈ ਗੁੱਸੇ ਵਾਲਾ ਪ੍ਰਤੀਕਰਮ ਪਰਗਟ ਨਹੀ ਸਨ ਕਰ ਰਹੇ। ਇਹ ਡਰਾਈਵਰ ਮੇਰੇ ਮਿੱਤਰ ਸ.ਗੁਰਬਚਨ ਸਿੰਘ ਜੀ ਸਨ ਜੋ ਕਿ ਸੰਤ ਜੀ ਦੀ ਕਾਰ ਚਲਾਉਣ ਦੀ ਬਿਨ ਤਨਖਾਹੋਂ ਸੇਵਾ ਕਰਨ ਦੇ ਨਾਲ਼ ਨਾਲ਼ ਉਹਨਾਂ ਨਾਲ਼ ਕੀਰਤਨ ਸਮੇ ਕਦੇ ਜੋੜੀ ਤੇ ਕਦੇ ਬੈਂਜੋ ਤੇ ਸਾਥ ਦਿਆ ਕਰਦੇ ਸਨ। ਕੱਦ ਭਾਵੇਂ ਉਹਨਾਂ ਦਾ ਪਤਲਾ ਤੇ ਨਿੱਕਾ ਹੀ ਸੀ ਪਰ 38 ਬੋਰ ਦਾ ਪਿਸਤੌਲ ਵੀ ਹਰ ਸਮੇ ਗਲ਼ ਵਿੱਚ ਪਾ ਕੇ ਰਖਦੇ ਸਨ। ਗੁਰਬਚਨ ਸਿੰਘ ਬੜਾ ਸੁਰੀਲਾ ਕੀਰਤਨ ਕਰਦੇ ਹਨ ਤੇ ਪ੍ਰਸਿਧ ਕੀਰਤਨੀਏ ਭਾਈ ਸਾਹਿਬ ਗੁਰਮੇਲ ਸਿੰਘ ਬੌਡਾ ਜੀ ਦੇ ਸਾਥੀ ਵਜੋਂ ਲੰਮਾ ਸਮਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਨਿਭਾਉਣ ਉਪ੍ਰੰਤ, ਅੱਜ ਕਲ ਨਿਊ ਯਾਰਕ ਵਿੱਚ ਨਿਵਾਸ ਰੱਖਦੇ ਹਨ ਤੇ ਭਾਈ ਗੁਰਮੇਲ ਸਿੰਘ ਜੀ ਦੇ ਨਾਲ਼ ਹੀ ਸਾਰੇ ਸੰਸਾਰ ਵਿੱਚ ਵੱਸਦੀਆਂ ਗੁਰੂ ਕੀਆਂ ਸੰਗਤਾਂ ਨੂੰ ਮਨੋਹਰ ਕੀਰਤਨ ਸੁਣਾ ਕੇ ਨਿਹਾਲ ਕਰਦੇ ਹਨ। ਇਹਨਾਂ ਨਾਲ਼ ਜੋੜੀ ਉਪਰ ਸਾਥ ਭਾਈ ਕੁਲਦੀਪ ਸਿੰਘ ਜੀ ਦਿੰਦੇ ਹਨ। ਕੁੱਝ ਸਮਾ ਉਹ ਵੀ ਸੰਤ ਜੀ ਦੇ ਡਾਈਵਰ ਵਜੋਂ ਸੇਵਾ ਨਿਭਾਉਂਦੇ ਰਹੇ ਹਨ। ਮੇਰੇ ਤਿੰਨੋ ਹੀ ਮਿੱਤਰ ਹਨ ਤੇ ਮੈਨੂੰ ਵੱਡੇ ਭਰਾਵਾਂ ਵਾਂਗ ਮਾਣ ਦਿੰਦੇ ਹਨ।
1969 ਵਿੱਚ ਡਾ.ਜਗਜੀਤ ਸਿੰਘ ਦੀ ਚੁੱਕ ਵਿੱਚ ਆ ਕੇ ਜ.ਦਰਸ਼ਨ ਸਿੰਘ ਫੇਰੂਮਾਨ ਦੇ ਲੰਮੇ ਸਮੇ ਲਈ ਰੱਖੇ ਗਏ ਵਰਤ ਤੇ ਉਪ੍ਰੰਤ ਸ਼ਹੀਦੀ ਕਾਰਨ ਸੰਤ ਜੀ ਦੇ ਵਕਾਰ ਨੂੰ ਖਾਸੀ ਢਾਹ ਲੱਗੀ।
1971 ਵਿੱਚ ਸੰਤ ਜੀ ਦੀ ਅਗਵਾਈ ਵਿੱਚ ਦਿੱਲੀ ਦੇ ਗੁਰਦੁਆਰਿਆਂ ਨੂੰ ਸਰਕਾਰੀ ਕਬਜੇ ਤੋਂ ਮੁਕਤ ਕਰਵਾਉਣ ਲਈ ਮੋਰਚਾ ਲਾਇਆ ਹੋਇਆ ਸੀ। ਸੰਤ ਜੀ ਨੂੰ ਦਿੱਲੀ ਜਾਂਦਿਆਂ ਨਰੇਲੇ ਸਟੇਸ਼ਨ ਤੋਂ ਫੜ ਕੇ, ਦਿੱਲੀ ਵਿੱਚ ਜੇਹਲ ਅੰਦਰ ਬੰਦ ਕੀਤਾ ਹੋਇਆ ਸੀ ਤਾਂ ਕੇਂਦਰ ਨੇ ਪੰਜਾਬ ਸਰਕਾਰ ਤੋੜ ਕੇ ਗਵਰਨਰੀ ਰਾਜ ਲਾਗੂ ਕਰ ਦਿਤਾ। ਛੇ ਮਹੀਨੇ ਪਿੱਛੋਂ ਪੰਜਾਬ ਦੀਆਂ ਚੋਣਾਂ ਹੋਈਆਂ। ਅਕਾਲੀ ਦਲ ਦੇ 24 ਹੀ ਜਿੱਤੇ ਤੇ ਇੱਕ ਸ.ਸੁਖਦੇਵ ਸਿੰਘ ਢੀਂਡਸਾ ਆਜ਼ਾਦ ਜਿੱਤ ਕੇ ਦਲ ਵਿੱਚ ਸ਼ਾਮਲ ਹੋ ਗਿਆ। ਇਸ ਤਰ੍ਹਾਂ 104 ਵਿਚੋਂ ਦਲ ਦੇ ਪੰਝੀ ਹੋਏ।
ਬਾਦਲ ਨੂੰ ਸੰਤ ਜੀ ਨੇ ਦਲ ਦੀ ਅਸੈਂਬਲੀ ਪਾਰਟੀ ਦਾ ਆਗੂ ਬਣਾਉਣ ਦੀ ਬਜਾਇ, ਸ.ਜਸਵਿੰਦਰ ਸਿੰਘ ਬਰਾੜ ਨੂੰ ਬਣਾ ਦਿਤਾ। ਇਸ ਨਾਲ਼ ਦਲ ਦੇ ਖਾਸੇ ਹਿੱਸੇ ਵਿੱਚ ਨਾਰਾਜ਼ਗੀ ਜਿਹੀ ਪੈਦਾ ਹੋ ਗਈ। ਏਸੇ ਦੌਰਾਨ ਸੰਤ ਜੀ ਨੇ ਆਪਣੇ ਥਾਂ ਜ.ਮੋਹਨ ਸਿੰਘ ਤੁੜ ਨੂੰ ਸ਼੍ਰੋਮਣੀ ਅਕਾਲੀ ਦਾ ਵਰਕਿੰਗ ਪ੍ਰਧਾਨ ਬਣਾ ਦਿਤਾ। ਸਰਦਾਰ ਤੇ ਬਾਦਲ ਤੇ ਸਰਦਾਰ ਟੌਹੜਾ ਅੰਦਰੋ ਅੰਦਰੀ ਸੰਤ ਜੀ ਦੇ ਵਿਰੁਧ ਹੋ ਚੁੱਕੇ ਹੋਏ ਸਨ; ਬਾਹਰੋਂ ਭਾਵੇਂ ਅਜੇ ਏਕਤਾ ਦਾ ਹੀ ਵਿਖਾਲ਼ਾ ਕੀਤਾ ਜਾਂਦਾ ਸੀ। ਸ.ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਤਾਕਤ ਨਾਲ਼ ਸੰਤ ਜੀ ਨੂੰ ਮਜਬੂਰ ਕਰ ਦਿਤਾ ਕਿ ਉਸ ਨੂੰ ਹੀ ਅਸੈਂਬਲੀ ਪਾਰਟੀ ਦਾ ਲੀਡਰ ਬਣਾਇਆ ਜਾਵੇ। ਇਸ ਵਾਸਤੇ ਪਾਰਟੀ ਮੈਬਰਾਂ ਦੀ ਮੀਟਿੰਗ, ਅੰਮ੍ਰਿਤਸਰ ਵਿੱਚ ਗੁਰੂ ਨਾਨਕ ਨਿਵਾਸ ਦੀ ਜ਼ਮੀਨੀ ਮਨਜ਼ਲ ਤੇ ਕੀਤੀ ਗਈ। ਇੱਕ ਛੋਟੇ ਕਮਰੇ ਵਿੱਚ ਦੋਵੇਂ ਸੰਤ ਜੀ, ਸ.ਜਗਦੇਵ ਸਿੰਘ ਤਲਵੰਡੀ, ਸ.ਗੁਰਬਚਨ ਸਿੰਘ ਲਖਮੀਰਵਾਲਾ ਸੰਤ ਹਰਚੰਦ ਸਿੰਘ ਲੌਂਗੋਵਾਲ, ਸ.ਜਸਵਿੰਦਰ ਸਿੰਘ ਬਰਾੜ ਆਦਿ ਸਨ। ਮੇਰੇ ਖਿਆਲ ਵਿੱਚ ਉਸ ਕਮਰੇ ਅੰਦਰ ਪੰਜ ਚਾਰ ਹੀ ਐਮ.ਐਲ.ਏ.ਸਨ। ਦੂਜੇ ਪਾਸੇ ਵੱਡੇ ਕਮਰੇ ਵਿੱਚ ਸਰਦਾਰ ਬਾਦਲ ਨਾਲ ਭਾਰੀ ਬਹੁਸੰਮਤੀ ਮੈਬਰਾਂ ਦੀ ਸੀ। ਟੌਹੜਾ ਜੀ ਦੋਹਾਂ ਕਮਰਿਆਂ ਦਰਮਿਆਨ ਸ਼ਟਲ ਦਾ ਕੰਮ ਕਰ ਰਹੇ ਸਨ। ਸਰਦਾਰ ਬਾਦਲ ਨਾਲ ਪ੍ਰਤੱਖ ਬਹੁਸੰਮਤੀ ਹੋਣ ਕਰਕੇ, ਉਸ ਨੂੰ ਪਾਰਟੀ ਦਾ ਆਗੂ ਬਣਾਉਣ ਬਿਨਾ ਹੋਰ ਕੋਈ ਚਾਰਾ ਨਹੀ ਸੀ ਰਿਹਾ। ਇਸ ਲਈ ਬਾਹਰੋਂ ਪੋਚਾ ਪਾਚੀ ਕਰੀ ਰੱਖਣ ਲਈ ਪਾਰਟੀ ਆਗੂ ਥਾਪਣ ਦੇ ਅਧਿਕਾਰ ਸੰਤ ਜੀ ਨੂੰ ਦੇ ਦਿਤੇ ਗਏ ਤੇ ਅਗਲੇ ਦਿਨ ਉਹਨਾਂ ਨੇ ਸਰਦਾਰ ਬਾਦਲ ਨੂੰ ਲੀਡਰ ਤੇ ਸਰਦਾਰ ਬਰਾੜ ਨੂੰ ਡਿਪਟੀ ਲੀਡਰ ਥਾਪਣ ਦਾ ਐਲਾਨ ਕਰ ਦਿਤਾ।
ਬਾਹਰੋਂ ਭਾਵੇਂ ਸੰਤ ਜੀ ਹੀ ਦਲ ਦੇ ਆਗੂ ਸਨ ਤੇ ਸ਼੍ਰੋਮਣੀ ਕਮੇਟੀ ਉਪਰ ਵੀ, ਸੰਤ ਚੰਨਣ ਸਿੰਘ ਜੀ ਦੇ ਪ੍ਰਧਾਨ ਹੋਣ ਕਰਕੇ, ਉਹਨਾਂ ਦਾ ਮੁਕੰਮਲ ਕੰਟਰੋਲ ਸੀ, ਪਰ ਇਸ ਸਮੇ ਅੰਦਰਖਾਤੇ ਤਾਕਤ ਉਪਰੋਂ ਉਹਨਾਂ ਦੀ ਪਕੜ ਕੁੱਝ ਢਿੱਲੀ ਜਿਹੀ ਪੈਂਦੀ ਅਨੁਭਵ ਕਰਕੇ ਉਹ ਕੁੱਝ ਵਿਚਲਤ ਜਿਹੇ ਹੋ ਗਏ ਸਨ। ਇਸ ਹਾਲਤ ਵਿੱਚ ਹੀ ਇੱਕ ਲੇਖ ਉਹਨਾਂ ਦੇ ਨਾਂ ਥੱਲੇ ਉਹਨਾਂ ਦੇ ਆਪਣੇ ਅਖ਼ਬਾਰ ਕੌਮੀ ਦਰਦ ਵਿੱਚ ਛਪ ਗਿਆ। ਉਹ ਜਦੋਂ ਮੈ ਪੜ੍ਹਿਆ ਤਾਂ ਮੈਨੂੰ ਯਕੀਨ ਨਾ ਆਇਆ ਕਿ ਅਜਿਹਾ ਲੇਖ ਸੰਤ ਜੀ ਖ਼ੁਦ ਲਿਖ ਸਕਦੇ ਹਨ। ਮੈ ਏਹੋ ਸਮਝਿਆ ਕਿ ਕਿਸੇ ਸ਼ਰਾਰਤੀ ਨੇ ਇਹ ਸੰਤ ਜੀ ਦੇ ਨਾਂ ਉਪਰ ਲਿਖ ਕੇ ਛਪਵਾ ਦਿਤਾ ਹੈ। ਮੈਨੂੰ ਕੌਮੀ ਦਰਦ ਤੇ ਪ੍ਰਬੰਧਕਾਂ ਤੇ ਬੜਾ ਗੁੱਸਾ ਆਇਆ ਕਿ ਉਹਨਾਂ ਨੇ ਇਹ ਲੇਖ ਆਪਣੀ ਅਖ਼ਬਾਰ ਵਿੱਚ ਕਿਉਂ ਛਪਣ ਦਿਤਾ! ਓਸੇ ਵੇਲ਼ੇ ਉਹ ਲੇਖ ਲੈ ਕੇ ਮੈ ਅੰਮ੍ਰਿਤਸਰੋਂ ਬੱਸ ਰਾਹੀਂ ਬੁਢਾ ਜੌਹੜ ਪਹੁੰਚ ਕੇ, ਸੰਤ ਚੰਨਣ ਸਿੰਘ ਜੀ ਨੂੰ ਉਹ ਲੇਖ ਪੜ੍ਹ ਕੇ ਸੁਣਾਇਆ ਤੇ ਕੌਮੀ ਦਰਦ ਦੇ ਪ੍ਰਬੰਧਕਾਂ ਦੇ ਕੰਨ ਖਿੱਚਣ ਲਈ ਆਖਿਆ ਤੇ ਆਪਣੇ ਵਿਚਾਰ ਵੀ ਜੋਰਦਾਰ ਸ਼ਬਦਾਂ ਵਿੱਚ ਪਰਗਟ ਕਰ ਦਿਤੇ ਕਿ ਇਹ ਲੇਖ ਸੰਤ ਜੀ ਦਾ ਨਹੀ ਹੋ ਸਕਦਾ। ਕਿਸੇ ਸ਼ਰਾਰਤੀ ਦਾ, ਸੰਤ ਜੀ ਦੀ ਨਾਂ ਤੇ ਲਿਖਿਆ ਹੋਇਆ ਹੈ। ਸੰਤ ਚੰਨਣ ਸਿੰਘ ਜੀ ਮੇਰੇ ਵਿਚਾਰਾਂ ਨਾਲ਼ ਸਹਿਮਤ ਸਨ ਪਰ ਇਸ ਲੇਖ ਬਾਰੇ ਮੁੜ ਕੋਈ ਹਿੱਲ ਜੁੱਲ ਨਾ ਹੋਈ। ਇਸ ਤੋਂ ਮੈ ਅੰਦਾਜ਼ਾ ਜਿਹਾ ਲਾ ਲਿਆ ਕਿ ਸ਼ਾਇਦ ਇਹ ਲੇਖ ਸੰਤ ਜੀ ਨੇ ਆਪ ਹੀ ਲਿਖਿਆ ਹੋਵੇ। ਉਸ ਵਿੱਚ ਸ.ਬਾਦਲ ਤੇ ਸ.ਟੌਹੜਾ ਜੀ ਬਾਰੇ ਵੀ ਕੋਈ ਚੰਗੇ ਸ਼ਬਦ ਨਹੀ ਸਨ ਬਲਕਿ ਅਸਿਧੇ ਤੌਰ ਤੇ ਵਿਅੰਗਮਈ ਸ਼ਬਦਾਂ ਵਿੱਚ ਉਹਨਾਂ ਦੀ ਨਿਖੇਧੀ ਜਿਹੀ ਹੀ ਸੀ।
ਇਸ ਤਰ੍ਹਾਂ ਸੰਤ ਜੀ ਪੰਜਾਬ, ਅਕਾਲੀ ਦਲ ਅਤੇ ਸਿੱਖ ਪੰਥ ਦੀ ਮੋਹਰਲੀ ਕਤਾਰ ਵਿੱਚ ਵਿਚਰਦੇ ਹੋਏ, ਧਾਰਮਿਕ, ਵਿਦਿਅਕ, ਸਮਾਜਕ, ਆਦਿ ਵੱਖ ਵੱਖ ਖੇਤਰਾਂ ਵਿੱਚ ਆਪਣਾ ਭਰਪੂਰ ਹਿੱਸਾ ਪਾਕੇ, 61 ਕੁ ਸਾਲ ਦੀ ਉਮਰ ਵਿਚ, 1972 ਦੇ ਅਕਤੂਬਰ ਮਹੀਨੇ ਦੀ 30 ਤਰੀਕ ਨੂੰ, ਇਸ ਅਸਾਰ ਸੰਸਾਰ ਤੋਂ ਸਰੀਰ ਕਰਕੇ ਅਲੋਪ ਹੋ ਗਏ। ਮਹੀਨੇ ਕੁ ਪਿੱਛੋਂ ਹੀ ਉਹਨਾਂ ਦੇ ਸਾਰੇ ਕਾਰਜਾਂ ਦੇ ਅਮਲੀ ਪ੍ਰਬੰਧਕ, ਸੰਤ ਚੰਨਣ ਸਿੰਘ ਜੀ ਵੀ ਸੰਸਾਰ ਛੱਡ ਗਏ। ਇਸ ਤਰ੍ਹਾਂ ਸਿੱਖ ਪੰਥ ਦੀ ਅਗਵਾਈ ਸੰਤ ਯੁੱਗ ਤੋਂ ਸਰਦਾਰ ਤੁੜ, ਸਰਦਾਰ ਟੌਹੜਾ, ਸਰਦਾਰ ਤਲਵੰਡੀ, ਸਰਦਾਰ ਬਾਦਲ ਆਦਿ ਦੇ ਹੱਥ ਆਉਣ ਕਰਕੇ ਸਰਦਾਰ ਯੁੱਗ ਦੇ ਰੂਪ ਵਿੱਚ ਬਦਲ ਗਈ।

-0-