Welcome to Seerat.ca

ਈਰਖ਼ਾ-2

 

- ਇਕਬਾਲ ਰਾਮੂਵਾਲੀਆ

ਅੱਲਾ ਤੇ ਜੱਲਾ

 

- ਹਰਜੀਤ ਅਟਵਾਲ

ਬੇਵਤਨੀ

 

- ਅਮਰਜੀਤ ਚੰਦਨ

ਵਿਥਿਆ
ਮਾਰਚ 1929

ਨੰਗਾ ਧੜ, ਕਾਠ ਦੀ ਤਲਵਾਰ ਤੇ ਚੱਪਾ ਚੱਪਾ ਕਰਕੇ ਜਿੱਤ ਹੁੰਦੀ ਜ਼ਮੀਨ

 

- ਬਲਵਿੰਦਰ ਗਰੇਵਾਲ

ਸੁਰਗਾਂ ਨੂੰ ਜਾਣ ਹੱਡੀਆਂ...

 

- ਨਿੰਦਰ ਘੁਗਿਆਣਵੀ

ਮੇਰੀ ਧਰਤੀ

 

- ਸੁਪਨ ਸੰਧੂ

Èbd aMbI

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸਾਂਝ ਦੇ ਕਿੰਨੇ ਆਧਾਰ ਪਰ ਮੌਕਿਆਂ ਦੀ ਕਮੀ

 

- ਵਰਿਆਮ ਸਿੰਘ ਸੰਧੂ

ਯਾਦਗ਼ਾਰੀ ਕਹਾਣੀ:
ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਪੋਲ-ਵਾਲਟ ਦਾ ਏਸ਼ੀਅਨ ਚੈਂਪੀਅਨ-ਸਤਨਾਮ ਸਿੰਘ ਰੰਧਾਵਾ

 

- ਗੌਰਵ ਢਿਲੋਂ

ਨਵੇਂ ਸਾਲ ‘ਤੇ ਸੱਚੀਆਂ ਸੁਣਾਵੇ ਭੀਰੀ......!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਮੇਰੇ ਚੇਤੇ ਦੀ ਚੰਗੇਰ

 

- ਮੇਜਰ ਮਾਂਗਟ

ਮਿੱਤਰਾਂ ਦੀ ਯਾਦ ਪਿਆਰੀ

 

- ਅਮਰਦੀਪ ਗਿੱਲ

rMg rMgIlf bMdf KusLvMq isMG

 

- blvMq gfrgI

ਵਾਗੀ

 

- ਸੁਖਦੇਵ ਸਿੱਧੂ

 

ਨੰਗਾ ਧੜ, ਕਾਠ ਦੀ ਤਲਵਾਰ ਤੇ ਚੱਪਾ ਚੱਪਾ ਕਰਕੇ ਜਿੱਤ ਹੁੰਦੀ ਜ਼ਮੀਨ
- ਬਲਵਿੰਦਰ ਗਰੇਵਾਲ

 

ਦ੍ਰਿਸ਼ ਨੇ ਮੈਨੂੰ ਹੈਰਾਨ ਨਾਲੋਂ, ਪਰੇਸ਼ਾਨ ਵੱਧ ਕੀਤਾ। ਪਿਛਲੇ ਕਿੰਨੇ ਦਿਨਾਂ ਤੋਂ ਜਿਹੜਾ ਚਾਅ ਮੈਨੂੰ ਚੁੱਕੀ ਫਿਰਦਾ ਸੀ, ਜਿਹੜੀ ਚਿੰਤਾ ਹਰੇਕ ਰਾਤ ਮੇਰੀ ਨੀਂਦ ਨੂੰ ਡੱਕਾਰ ਜਾਂਦੀ ਸੀ, ਜਿਹੜੇ ਫਿਕਰ ਮੈਨੂੰ ਪਰਬਤੋਂ ਭਾਰੇ ਲਗਦੇ ਰਹੇ ਸਨ, ਅਚਾਨਕ ਕਿਧਰੇ ਛਾਈਂ ਮਾਈਂ ਹੋ ਗਏ। ਵਰਿਆਮ ਸੰਧੂ ਅਤੇ ਨਾਹਰ ਸਿੰਘ ਵਰਗੇ ਪੰਜਾਬੀ ਦੇ ਵੱਡੇ ਨਾਵਾਂ ਦੀ ਹਾਜ਼ਰੀ ਦੇ ਮਾਣ ਦੇ ਪਰਾਂ ਤੇ ਉਡੇ ਆਉਂਦੇ ਮੇਰੇ ਪੈਰ ਥਾਂਏਂ ਜੰਮ ਗਏ। ਸਾਹਮਣੇ ਮੇਰੀ ਬੇਟੀ ਖੜ੍ਹੀ ਸੀ। ਵੱਡੀ ਤੋਂ ਛੋਟੀ, ਹਰਪ੍ਰੀਤ। ਅੱਖਾਂ ਭਰੀ। ਸਿਲਮੇ ਸਿਤਾਰਿਆਂ ਨਾਲ ਜੜੇ ਹੋਏ ਲਹਿੰਗੇ ‘ਚ, ਸੌ ਤਰ੍ਹਾਂ ਦੇ ਆਭੂਸ਼ਣਾ ‘ਚ ਸ਼ਿੰਗਾਰੀ ਹੋਈ, ਪਰੀ ਬਣੀ। ਪੋਲੇ ਪੈਰੀਂ ਤੁਰਦਾ ਸਮਾਂ ਇਕੋ ਵੇਲੇ, ਜੀਵਨ ਦੇ ਦੋ ਆਸ਼ਰਮ ਇਕੱਠੇ ਤੈਅ ਕਰਦਾ ਆਇਆ ਸੀ: ਬਾਪ ਦਾ ਗ੍ਰਹਿਸਥ ਆਸ਼ਰਮ ਮੁਕੰਮਲ ਹੋ ਰਿਹਾ ਸੀ ਤੇ ਬੇਟੀ ਦਾ ਬ੍ਰਹਮਚਾਰੀਆ। ਮੈਂ ਉਹਦੀਆਂ ਡਬਡਬਾਉਂਦੀਆਂ ਅੱਖਾਂ ਵੱਲ ਵੇਖਿਆ। ਅਜੇ ਕੱਲ੍ਹ ਦੀ ਗੱਲ ਐ ਜਦੋਂ ਮੇਰੇ ਸਹੁਰਿਆਂ ਨੇ ਇਹਦੇ ਜੰਮਣ ਦੀ ਸਾਨੂੰ ਖਬਰ ਵੀ ਨਹੀਂ ਸੀ ਕੀਤੀ। ਆਪਣੇ ਨਾਨਕੀਂ ਗਏ ਨੂੰ ਮੈਨੂੰ ਮੇਰੇ ਮਾਮੇ ਦੀ ਨੂੰਹ, ਭਰਜਾਈ, ਨੇ ਦੱਸਿਆ ਸੀ:
-ਚੰਗੀ ਚੀਜ਼ ਦਿੰਦਾ ਰੱਬ ਤਾਂ ਦੱਸਦੇ ਵੀ-ਉਹ ਰਿਸ਼ਤੇ ‘ਚੋਂ ਮੇਰੀ ਪਤਨੀ ਦੀ ਭੂਆ ਵੀ ਸੀ।
ਮੈਂ ਜਿਸ ਦਿਨ ਇਹਨੂੰ ਪਹਿਲੀ ਵਾਰ ਵੇਖਿਆ, ਇਹ ਅੱਠਾਂ ਦਿਨਾਂ ਦੀ ਸੀ ਤੇ ਇਹਨੂੰ ਗੋਦੀ ‘ਚ ਲਈਂ ਬੈਠੀ ਮੇਰੀ ਪਤਨੀ ਮੈਨੂੰ ਦੇਖਦੀ ਸਾਰ ਰੋਣ ਲੱਗ ਪਈ ਸੀ।
ਹੁਣ ਉਹਦੀ ਵਿਦਾਇਗੀ ਲਈ ਮੈਨੂੰ ਬੁਲਾਇਆ ਗਿਆ ਸੀ। ਪ੍ਰਾਹੁਣੇ ਦਾ ਲੜ ਫੜੀ ਉਹ ਭੋਰਾ ਕੁ ਪਿੱਛੇ ਹੋਕੇ ਝੁਕੀ ਖੜ੍ਹੀ ਸੀ। ਹਾਲਾਂ ਕਿ ਇਸ ਰਿਸ਼ਤੇ ‘ਚ ਉਹਦੀ ਪੂਰੀ ਰਜ਼ਾਮੰਦੀ ਸ਼ਾਮਿਲ ਸੀ ਫਿਰ ਵੀ ਪਤਾ ਨੀ ਕਿਓਂ ਉਹਦੇ ਮੋਢੇ ਤੇ ਸਹਿਯੋਗੀ ਹੱਥ ਰੱਖਣ ਵੇਲੇ ਮੇਰੇ ਕਵੀ ਸਦਾ ਰਾਮ ਯਾਦ ਆਇਆ:
ਧੀਆਂ, ਗਊਆਂ ਕਾਮਿਆਂ ਦਾ ਜ਼ੋਰ ਕੀ ਐ ਸਦਾ ਰਾਮਾ
ਜਿੱਥੇ ਚਿੱਤ ਕਰੇ ਦਈਏ ਤੋਰ ਜੀ
ਦਿਲ ਡੁਬਿਆ। ਮਨ ਉਛਲਿਆ। ਅੱਖਾਂ ਭਰ ਆਈਆਂ। ਆਸਰੇ ਲਈ ਮੈਂ ਉਹਦਾ ਮੋਢਾ ਘੁਟਿਆ। ਵਿਦਾ ਹੋਣ ਲਈ ਚੁੱਕਿਆ ਉਹਦਾ ਪਹਿਲਾ ਕਦਮ ਮੇਰੇ ਦਿਲ ਤੇ ਧਰ ਹੋਇਆ। ਮੈਰਿਜ ਪੈਲਿਸ ਦੀਆਂ ਪੌੜੀਆਂ ਉਤਰਦੇ ਉਹਦੇ ਬੇ-ਆਵਾਜ਼, ਸਮੇਂ ਦੀ ਤੋਰ ਵਾਂਗ ਬੇ-ਬਿੜਕ ਕਦਮਾਂ ਨਾਲ ਹੇਠ, ਹੋਰ ਹੇਠ ਬਹਿੰਦਾ ਮੇਰਾ ਦਿਲ ਵਕਤ ਦੀ ਉਸ ਖੱਡ ‘ਚ ਲਹਿ ਗਿਆ ਜਿੱਥੇ ਕਿਤੇ ਕਦੇ ਸ਼ਿਕਾਰੀ ਬਾਪ ਖਾਲੀ ਹੱਥ ਮੁੜ ਆਇਆ ਸੀ ਤੇ ਕਿੰਨੇ ਦਿਨ ਲਗਾਤਾਰ ਥੁੜ੍ਹਦੀ ਖੁਰਾਕ ਟੱਬਰ ਲਈ ਮਾਰੂ ਰੁਖ ਅਖਤਿਆਰ ਕਰ ਗਈ ਸੀ। ਭਰੇ ਜਾਣ ਲਈ ਉਡੀਕ ਕਰਦੇ ਢਿੱਡਾਂ ‘ਚੋਂ ਜਿਊਂਦੇ ਰਹਿਣ ਦਾ ਹੱਕ ਰੱਖਣ ਵਾਲਿਆਂ ਦੀ ਚੋਣ ਦਾ ਅਮਲ ਸ਼ੁਰੂ ਹੋਇਆ। ਜਿਊਂਦੇ ਰਹਿਣ ਲਈ ਸ਼ਿਕਾਰ ਕਰਨਾ ਤੇ ਸ਼ਿਕਾਰ ਕਰਨ ਲਈ ਜ਼ੋਰਾਵਰ ਮਰਦ ਦਾ ਹੋਣਾ ਜ਼ਰੂਰੀ ਸੀ। ਕੁਦਰਤ ਨੇ ਮਨੁੱਖ ਨੂੰ ਜਨਮ ਦੇਣ ਤੋਂ ਬਾਅਦ ਔਖੀਆਂ ਘੜੀਆਂ ‘ਚ ਜਿਊਂਦੇ ਰੱਖਣ ਦੀ ਜਿੰਮੇਵਾਰੀ ਵੀ ਔਰਤ ਦੇ ਮੋਢਿਆਂ ਤੇ ਸੁੱਟ ਦਿੱਤੀ ਸੀ। ਖੁਰਾਕ ਮੰਗਦਾ ਇੱਕ ਮੂੰਹ ਘੱਟ ਕਰਨ ਲਈ ਸਭ ਤੋਂ ਛੋਟੀ ਤੇ ਕਮਜ਼ੋਰ ਧੀ ਨੂੰ ਚੁਣ ਲਿਆ ਗਿਆ। ਨਾਲੇ ਇੱਕ ਜੀਅ ਘਟ ਗਿਆ ਤੇ ਨਾਲੇ ਮੌਤ ਦੇ ਮੂੰਹ ‘ਚ ਜਾਂਦੇ ਟੱਬਰ ਲਈ ਦਾਣਾ ਪਾਣੀ ਜੁੜ ਗਿਆ।
ਇੱਕ ਵੱਡੀ ਹੋ ਗਈ ਕੁੜੀ ਨੂੰ ਮਾਰ ਕੇ ਦੱਬਣ ਜਾਣ ਵਾਲੇ ਇੱਕ 'ਯੋਧੇ ਪੁਰਸ਼' ਦੀ ਕਥਾ ਤਾਂ ਸਾਡੇ ਮਿਥਿਹਾਸ ਵਿੱਚ ਵੀ ਆਉਂਦੀ ਹੈ। ਆਪਣੇ ਪੁਰਖਿਆਂ ਦੇ ਅਜਿਹੇ ਕਰਨਾਮਿਆਂ ਨੂੰ ਉਹਲਾ ਕਰਨ ਲਈ ਹੀ ਤਾਂ ਅਸੀਂ ਇਤਿਹਾਸ ਨੂੰ ਮਿਥਿਹਾਸ ਦੇ ਪਲਸਤਰ ਦਾ ਢੱਕਣ ਦਿੱਤਾ ਹੈ।
ਔਹ ਧੁਰ ਉਤਰ ‘ਚ ਬਰਫ ਨਾਲ ਲੜਦੇ ਐਸਕੀਮੋ, ਕਹਿੰਦੇ ਜਦੋਂ ਭੁਖ ਹੱਥੋਂ ਹਾਰਨ ਤੇ ਆਉਂਦੇ ਨੇ, ਅੱਜ ਵੀ ਏਵੇਂ ਕਰਦੇ ਨੇ। ਫਰਕ ਸਿਰਫ ਇਹ ਹੈ ਕਿ ਉਹ ਸਭ ਤੋਂ ਕਮਜ਼ੋਰ ਬੱਚੀ ਨੂੰ ਆਪਣੇ ਬਰਫ ਦੇ ਘਰ 'ਗਜ਼ੀਬੋ' ਤੋਂ ਬਾਹਰ ਕੱਢ ਦਿੰਦੇ ਹਨ ਤੇ ਉਹਦੇ ਠੰਡ ਨਾਲ ਮਰਨ ਦਾ ਇੰਤਜ਼ਾਰ ਕਰਦੇ ਹਨ।
ਜਦੋਂ ਮੇਰੀ ਬੇਟੀ ਨੂੰ ਆਪਣੇ ਹੱਥੀਂ ਆਪਣੇ ਸਿਰ ਤੋਂ ਪਿੱਛੇ ਸੁੱਟਣ ਲਈ ਚੌਲ਼ ਦਿੱਤੇ ਗਏ, ਉਹਦੇ ਚੂੜੇ ਵਾਲੇ ਕੰਬਦੇ ਹੱਥ ਨੇ ਦੂਰ ਤੱਕ ਲਹਿਰਾ ਕੇ ਉਹ ਚੌਲ਼ ਪਿੱਛੇ ਸੁੱਟੇ, ਸਾਡੇ ਘਰ ‘ਚੋਂ ਆਪਣੇ ਹਿੱਸੇ ਦਾ ਦਾਣਾ ਪਾਣੀ ਮੁੱਕਣ ਦਾ ਐਲਾਨ ਕੀਤਾ, ਸਾਡੇ ਘਰ ਲਈ 'ਭਰੇ ਭੰਡਾਰਾਂ' ਲਈ ਦੁਆ ਕੀਤੀ; ਮੇਰੇ ਚੇਤੇ ‘ਚ ਭੋਰਾ 2 ਪੈਰਾਂ ਨਾਲ, ਨਿੱਕੇ 2 ਕਦਮ ਪੁੱਟਦੀ ਉਹ ਐਸਕੀਮੋ ਕੁੜੀ ਆ ਖੜ੍ਹੀ ਜਿਹਨੂੰ ਪਰਿਵਾਰ ਨੇ 'ਆਪਣੇ ਲਈ' ਚੁਣ ਲਿਆ ਸੀ। ਰੋਂਦੇ ਤਾਂ ਉਹ ਵੀ ਸਾਡੇ ਵਾਂਗ ਬੜਾ ਚਿਰ ਰਹੇ ਹੋਣਗੇ। ਸਤਿਕਾਰ ਨਾਲ ਯਾਦ ਕਰਦੇ ਰਹੇ ਹੋਣਗੇ।
ਅਸੀਂ ਵੀ ਤਾਂ ਸ਼ਹੀਦਾਂ ਨੂੰ ਐਨੇ ਹੀ ਸਤਿਕਾਰ ਨਾਲ ਯਾਦ ਕਰਦੇ ਹਾਂ। ਭੁੱਲ ਜਾਂਦੇ ਹਾਂ ਕਿ ਸ਼ਹੀਦੀ ਵੀ ਇੱਕ ਮੌਤ ਹੁੰਦੀ ਹੈ। ਬਸ ਬਚ ਗਏ ਇਹਨੂੰ ਜਸ਼ਨ ਬਣਾ ਲੈਂਦੇ ਹਨ। ਆਜ਼ਾਦ ਤੇ ਜਿਊਂਦੇ ਹੋਣ ਦਾ ਦੰਭ ਰਚ ਸਕਦੇ ਹਨ। ਹੋ ਸਕਦੈ ਸਾਡਾ ਰੋਣਾ 'ਭਾਰ ਮੁਕਤ' ਹੋਣ ਦੀ ਖੁਸ਼ੀ ‘ਚ ਹੋਵੇ।
ਆਪ ਮੁਹਾਰੇ ਤੁਰੇ ਜਾ ਰਹੇ ਕਦਮਾ ਤੋਂ ਬਿਨਾ ਹੋਰ ਵੀ ਬੜਾ ਕੁਸ਼ ਸੀ ਜੋ ਅਚੇਤ ਹੋ ਰਿਹਾ ਸੀ। ਜਾਹਰਾ ਤੌਰ ਤੇ ਪੂਰੀ ਗਤੀਵਿਧੀ ਨੂੰ ਮੂਵੀ ਵਾਲਾ ਤੇ ਫੋਟੋਗਰਾਫਰ ਕੰਟਰੋਲ ਕਰਦਾ ਨਜ਼ਰ ਆ ਰਿਹਾ ਸੀ। ਤਰਲ ਹੋਏ ਮੇਰੇ ਮਨ ਦੇ ਇੱਕ ਹਿੱਸੇ ਨੂੰ ਬੜੀ ਅਜੀਬ ਤਰ੍ਹਾਂ ਨਾਲ, ਇਸ ਹੋ ਵਰਤ ਰਹੇ ਵਿਚੋਂ ਔਰਤ ਨਾਲ ਸਦੀਆਂ ਤੋਂ ਵਾਪਰ ਰਹੇ ਵਰਤਾਰਿਆਂ ਅਤੇ ਉਹਨਾ ਦੇ ਵਿਚੋਂ ਆਪਣੀ ਮਰਜ਼ੀ ਦੀ ਜ਼ਿੰਦਗੀ ਲਈ ਸੰਘਰਸ਼ ਕਰਦੀ ਔਰਤ ਦੀ ਨਾਬਰੀ ਦੇ ਚਿੰਨ੍ਹ ਨਜ਼ਰ ਆ ਰਹੇ ਸਨ। ਗੱਲ ਬੜੀ ਸਧਾਰਨ ਵਾਪਰੀ ਸੀ। ਤੁਰਨ ਤੋਂ ਲੈ ਕੇ ਹੀ ਮੈਂ ਆਪਣੀ ਬੇਟੀ ਦੇ ਸੱਜੇ ਅਤੇ ਮੇਰੇ ਸੱਜੇ ਪ੍ਰਾਹੁਣਾ ਸੀ। ਮੈਂ ਇੱਕ ਅਹਿਮ ਤਬਦੀਲੀ ਨੂੰ ਮਹਿਸੂਸ ਕਰ ਰਿਹਾ ਸਾਂ। ਅਜੇ ਆਹ ਹੁਣ ਪਿੱਛੇ ਜਿਹੇ ਤੱਕ ਅਸੀਂ ਕੁੜੀਆਂ ਨੂੰ ਚੁੱਕ ਕੇ ਕਾਰ (ਜਿਹਨੂੰ ਅਜੇ ਵੀ ਅਸੀਂ ਡੋਲ਼ੀ ਹੀ ਕਹਿੰਦੇ ਹਾਂ) ਤੱਕ ਲੈਕੇ ਆਉਂਦੇ ਰਹੇ ਹਾਂ। ਅਨੰਦ ਕਾਰਜਾਂ ਮੌਕੇ, ਲਾਵਾਂ ਦੀ ਰਸਮ ਸਮੇ ਪ੍ਰਕਰਮਾ ਕਰਦੇ ਹੋਏ 'ਲੜਕੀ ਦੇ ਭਰਾ' ਉਹਨੂੰ ਆਸਰਾ ਦੇਣ ਲਈ ਚਾਰੇ ਪਾਸੇ ਖੜ੍ਹਦੇ ਰਹੇ ਹਨ। ਹੁਣ ਅਚਾਨਕ ਇਹ 'ਗੁਰ ਮਰਿਆਦਾ' ਦੇ ਵਿਰੁਧ ਹੋ ਗਿਆ ਹੈ। ਵਕਤ ਦਾ ਇਹ ਐਲਾਨ ਮੰਨਣ ਦੀ ਥਾਂ ਕਿ ਔਰਤ ਨੇ ਉਹਤੋਂ ਆਪਣੇ ਹਿੱਸੇ ਦੀ ਚੱਪਾ ਕੁ ਜ਼ਮੀਨ ਹੋਰ ਛੁਡਾ ਲਈ ਹੈ, ਮਰਦ ਨੇ ਆਪਣੀ ਅਪ੍ਰਸੰਗਕਤਾ ਅਤੇ ਬੇ-ਲੋੜੇ ਹੋਣ ਨੂੰ ਧਰਮ ਦੇ ਉਹਲੇ ਕਰ ਲਿਆ ਹੈ। ਮੁੰਡੇ ਲਈ 'ਸਿਹਰਾ' ਤੇ ਕੁੜੀਆਂ ਲਈ 'ਸਿੱਖਿਆ' ਪੜ੍ਹਨ ਵਾਲਿਆਂ ਨੇ ਕੁੜੀਆਂ ਨੂੰ ਪੈਰਾਂ ਸਿਰ ਕਰਨ ਦਾ ਹੋਕਰਾ ਮਾਰ ਕੇ ਆਪਣਾ ਮੋਢਾ ਥਾਪੜ ਲਿਆ ਹੈ…
…ਖੈਰ ਅਸੀਂ ਤੁਰੇ ਜਾ ਰਹੇ ਸਾਂ ਕਿ ਫੋਟੋਗਰਾਫਰ ਨੇ ਦਖਲ ਦਿੱਤਾ। ਸਾਨੂੰ ਰੋਕਿਆ ਤੇ ਪ੍ਰਾਹੁਣੇ ਨੂੰ ਬੇਟੀ ਦੇ ਨਾਲ ਕਰਕੇ ਮੈਨੂੰ ਧੁਰ ਸੱਜੇ ਕਰ ਦਿੱਤਾ। ਮੇਰੇ ਮਨ ‘ਚ ਸੀ ਅਜਿਹਾ ਹੋਣ ਨਾਲ ਉਹ ਕੁਸ਼ ਭਾਵੁਕ ਤੇ ਅਸੁਰੱਖਿਅਤ ਮਹਿਸੂਸ ਕਰੇਗੀ। ਮੈਂ ਓੜਕ ਕੇ ਉਹਦੇ ਵੱਲ ਵੇਖਿਆ। ਉਹ ਦੋਵੇਂ ਜਣੇ ਆਪਣੇ ਸਾਂਝੇ ਭਵਿੱਖ ਦਾ ਹੱਥ ਫੜੀ ਸਹਿਜ ਤੇ ਪ੍ਰਸੰਨ ਚਿੱਤ ਦਿਸ ਰਹੇ ਸਨ। ਮੇਰੇ ਅੰਦਰ ਇੱਕ ਚੀਸ ਜਿਹੀ ਪਈ। ਘੜੀ ਦੀ ਘੜੀ ਅਪਮਾਨ ਮਹਿਸੂਸ ਹੋਇਆ। ਇੱਕ ਅਧਿਕਾਰ ਦੇ ਖੁੱਸ ਜਾਣ ਵਰਗਾ। ਅਜੇ ਤੱਕ ਬਾਪ ਦੇ ਅੰਦਰ ਬੈਠੇ ਚੂਚਕ ਨੇ ਵਿਸ ਘੋਲ਼ੀ ਹੋਵੇਗੀ। ਭਰਾਵਾਂ ਤੇ ਚਾਵਾਂ ਦੇ ਵਿਚਕਾਰ ਦੁਬਿਧਾ ਦਾ ਸ਼ਿਕਾਰ ਹੋ ਕੇ, ਇੱਕ ਦੀ ਰਾਖੀ ਕਰਕੇ ਦੂਜੇ ਦੇ ਨਾਲ ਮਰਦੀ ਔਰਤ ਪਿੱਛੇ ਰਹਿ ਗਈ ਸੀ। ਫੈਸਲਾ ਹੋ ਗਿਆ ਸੀ। ਇਹ ਅਹਿਸਾਸ ਤਾਂ ਮਰਦ ਬਾਪ ਦੇ ਪੈਰਾਂ ਹੇਠੋਂ ਖਿਸਕਦੀ ਜ਼ਮੀਨ ਦੀ ਹਰਕਤ ਸੀ। ਮੇਰੇ ਅੰਦਰ ਕਦੋਂ ਦੀ ਆਪਣੇ ਹਿੱਸੇ ਦੀ ਲੜਾਈ ਅਤੇ ਜਿੱਤ ਦਾ ਨਿਆਂ ਮੰਗਦੀ ਪਾਰਵਤੀ ਨੇ ਹੁੰਕਾਰ ਭਰੀ-
-ਤੂੰ ਅੰਦਰ ਕਿਵੇਂ ਲੰਘ ਆਇਆ? - ਆਪਣੇ ਇਸ਼ਨਾਨ ਘਰ ‘ਚੋਂ ਨਿਕਲਦੀ ਪਾਰਵਤੀ ਆਪਣੇ ਪਤੀ ਸ਼ਿਵ ਨੂੰ ਦੇਖ ਕੇ ਹੈਰਾਨ ਹੋ ਗਈ ਸੀ-
-ਕਿਓਂ! ਸ਼ਿਵ ਲਈ ਸਵਾਲ ਓਪਰਾ ਸੀ-
-ਮੈਂ ਨੰਦੀ ਨੂੰ ਪਹਿਰੇ ਤੇ ਖੜ੍ਹਾਇਆ ਸੀ-ਪਾਰਵਤੀ ਨੇ ਸਾਰੀ ਗੱਲ ਸਾਫ ਕੀਤੀ।
ਪਤੀ, ਸ਼ਿਵ ਹਸਿਆ। ਹਾਸੇ ‘ਚੋਂ ਝਰਿਆ ਅਧਿਕਾਰ ਦਾ ਹੰਕਾਰ ਪਾਰਵਤੀ ਦੀਆਂ ਠੰਡੀਆਂ ਹੱਡੀਆਂ ਨੂੰ ਧੁਰ ਤੱਕ ਠਾਰ ਗਿਆ। ਸਿਵ ਦੇ ਹਾਸੇ ‘ਚ ਮਰਦਾਵਾਂ ਵਿਅੰਗ ਰਲ਼ਿਆ ਹੋਇਆ ਸੀ-
-ਹੁੰ! ਭੋਲੀ ਪਾਰਵਤੀ! ! ਨੰਦੀ ਮੇਰਾ ਗਣ ਐ! ਮੈਨੂੰ ਕਿਵੇਂ ਰੋਕ ਸਕਦੈ-ਪਾਰਵਤੀ ਦੇ ਉਬਲਦੇ ਅੰਦਰ ਉੱਪਰ ਹੰਕਾਰ ਅਤੇ ਸੱਚਾਈ ਦਾ ਮਣਾ-ਮੂੰਹੀਂ ਰਿੱਝਦਾ ਪਾਣੀ ਪੈ ਗਿਆ। ਸਵੈਮਾਣ ਛਾਲੇ 2 ਹੋ ਗਿਆ। ਨਿਵੀ ਹੋਈ ਧੌਣ ਨੇ ਹਕੀਕਤ ਦੀ ਜ਼ਮੀਨ ਦੇਖੀ-
-ਭੋਲੇ ਨਾਥ ਠੀਕ ਕਹਿੰਦੇ ਨੇ। ਮੈਂ ਲੱਖ ਉਹਨੂੰ ਆਪਣਾ ਪੁੱਤਰ ਮੰਨਾਂ, ਹੈ ਤਾਂ ਆਖਿਰ ਉਹ ਸ਼ਿਵ-ਗਣ ਹੀ ਨਾਂ! -ਟਹਿਲਦੀ ਪਾਰਵਤੀ ਨੇ ਨੀਵੀਂ ਚੁੱਕੀ ਤਾਂ ਪਤੀ ਦੇਵ ਮੁਸਕਰਾ ਰਹੇ ਸਨ। ਕੁੱਝ ਸੀ ਜੋ ਉਸ ਮੁਸਕਰਾਹਟ ‘ਚੋਂ ਸੂਲਾਂ ਵਾਂਗ ਚੁਭ ਰਿਹਾ ਸੀ। ਇੱਕ ਚੁਣੌਤੀ ਵਾਂਗ ਪਾਰਵਤੀ ਦੀ ਅਤਿ ਲੋੜੀਂਦੀ ਤੇ ਇਛਿੱਤ ਸਪੇਸ ਤੇ ਕਬਜ਼ੇ ਦੀ ਸ਼ੇਖੀ ਮਾਰ ਰਿਹਾ ਸੀ-
-ਮੇਰੇ ਆਪਣੇ ਗਣ ਹੋਣੇ ਚਾਹੀਦੇ ਨੇ-ਪਾਰਵਤੀ ਨੇ ਜ਼ਿੰਦਗੀ ਵਿੱਚ ਆਪਣੀ ਬਣਦੀ ਜ਼ਮੀਨ ਲਈ ਲੜਾਈ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਸੀ। ਪਤੀ ਨੂੰ ਜੇਤੂ ਮੁਸਕਰਾਹਟ ਨਾਲ ਖੜ੍ਹਾ ਛੱਡ ਕੇ ਉਹ ਪਤੀ ਵੱਲੋਂ ਬਖਸ਼ੇ 'ਆਪਣੇ' ਕਖਸ਼ ਵਿੱਚ ਚਲੀ ਗਈ।
ਪਿੰਡੇ ਦੀ ਮੈਲ਼ ‘ਚੋਂ ਬਣਿਆ ਬੱਚਾ ਸ਼ਾਇਦ ਉਸ ਦਿਨ ਦੀ ਨੁਮਾਇੰਦਗੀ ਵੀ ਕਰਦਾ ਹੋਵੇ ਜਿਸ ਦਿਨ ਔਰਤ ਨੂੰ ਆਪਣੀ ਦੇਹ ‘ਚੋਂ ਜਨਮਦੇ ਬੱਚੇ ਦੇ ਪੈਦਾ ਹੋਣ ਜਾਂ ਨਾ ਹੋਣ ਵਿੱਚ ਆਪਣੀ ਮਰਜ਼ੀ ਦੀ ਸੋਝੀ ਹੋਈ ਹੋਵੇ। ਇੱਥੇ ਹੀ, ਲੜਾਈ ਦੇ ਪਹਿਲੇ ਮੈਦਾਨ ਵਿੱਚ ਹੀ ਇਹ ਆਦਿ- ਔਰਤ ਆਪਣੀ ਸਿਆਸਤ ਵੀ ਸਪਸ਼ਟ ਕਰਦੀ ਹੈ। ਸ਼ਿਵ-ਗਣਾਂ ਦੇ ਮੁਕਾਬਲੇ ਉਹ ਆਪਣਾ 'ਗਣੇਸ਼' ਉਤਾਰਦੀ ਹੈ: ਜਾਣੀ 'ਗਣਾਂ ਦਾ ਈਸ਼ਵਰ'।
ਬਾਕੀ ਤਾਂ ਇਤਿਹਾਸ ਦੇ ਆਲੇ ਦੁਆਲੇ ਮਿਥਿਹਾਸ ਦਾ ਕੋਟ ਹੈ। ਆਪਣੀ ਮਾਂ ਦੇ ਨਿੱਜਤਵ ਦੇ ਪਹਿਰੇ ਤੇ ਖੜ੍ਹੇ ਬਾਲ ਗਣੇਸ਼ ਨੇ ਸ਼ਿਵ ਦੀ ਮਦਦ ਤੇ ਆਈ, ਬ੍ਰਹਮਾਂ ਤੋਂ ਲੈ ਕੇ ਸ਼ਨੀ ਤੱਕ ਪੂਰੀ ਦੀ ਪੂਰੀ ਦੇਵਤਿਆਂ ਦੀ ਫੌਜ ਨੂੰ ਨਹੁੰ ਭਰ ਵੀ ਅੱਗੇ ਨੀ ਸੀ ਵਧਣ ਦਿੱਤਾ। ਮਿਥਿਹਾਸ ਦਾ ਉਹਲਾ ਤਾਂ ਓਸ ਛਲ ਦੀ ਕਹਾਣੀ ਹੈ ਜੋ ਦੇਵਤਿਆਂ ਨੇ ਉਸ ਭੋਰਾ ਭਰ ਬਾਲ ਤੋਂ ਸ਼ਿਵ ਨੂੰ ਬਚਾਉਣ ਲਈ ਕੀਤਾ।
ਇਹ ਗੱਲ ਤਾਂ ਸਾਡੇ ‘ਚੋਂ ਬਹੁਤਿਆਂ ਨੂੰ ਪਤਾ ਹੈ ਕਿ ਦਰੋਪਦੀ ਦੇ ਚੀਰ ਹਰਨ ਦੁਆਲੇ ਬੁਣੀ ਮਹਾਂਭਾਰਤ ਦੀ ਕਥਾ ਲਿਖਣ ਵਾਲੀ ਕਾਨੀ ਇਸੇ ਗਣੇਸ਼ ਦੇ ਹੱਥ ‘ਚ ਸੀ। ਔਰਤ ਦੀ ਨਿੱਜੀ ਹੋਂਦ ਲੰਘਣ ਦੀ ਸਜਾ ਧਰਮ-ਪੁੱਤਰ ਯੁਧਿਅਟਰ ਤੋਂ ਲੈ ਕੇ ਦੁਰਯੋਦਨ ਤੱਕ ਹਰ ਇੱਕ ਨੂੰ ਭੁਗਤਣੀ ਪਈ, ਜਿਹੜਾ ਕੋਈ ਵੀ ਇਹਦੇ ਲਈ ਜਿਮੇਵਾਰ ਸੀ।
ਯੁਗਾਂ ਤੋਂ ਚਲੀ ਆ ਰਹੀ ਇਸ ਲੜਾਈ ਵਿੱਚ ਔਰਤ ਨੇ ਬਿਨਾ ਕਿਸੇ ਢਾਲ ਤੋਂ ਲੜਾਈ ਲੜੀ ਹੈ। ਨੰਗੇ ਧੜ। ਬੱਸ ਕਦੇ ਕਦਾਈਂ ਸਮਝੌਤੇ ਢਾਲ ਬਣਦੇ ਰਹੇ ਹਨ। ਗਣੇਸ਼ ਦੇ ਸਿਰ ਤੇ ਰੱਖਿਆ ਗਿਆ ਹਾਥੀ ਦਾ ਸਿਰ 'ਪਰਿਆਵਰਣਵਾਦੀਆਂ' ਨੂੰ ਕੁੱਝ ਵੀ ਲਗਦਾ ਹੋਵੇ, ਮੈਨੂੰ ਮਰਦ ਦੀ ਚਾਲ ਅੱਗੇ ਕੀਤਾ ਗਿਆ ਔਰਤ ਦਾ ਸਮਝੌਤਾ ਹੀ ਲਗਦਾ ਹੈ। ਇਹ ਤਾਂ ਪਾਰਵਤੀ ਹੀ ਜਾਣਦੀ ਹੈ ਕਿ ਉਹਨੇ ਇਹ ਮਿਹਣਾ ਕਿਵੇਂ ਬਰਦਾਸ਼ਤ ਕੀਤਾ ਹੋਵੇਗਾ ਕਿ ਇੱਕ ਮਾਂ ਹੀ ਆਪਣੇ ਪੁੱਤਰ ਵੱਲ ਪਿੱਠ ਕਰੀ ਪਈ ਸੀ। ਮਰਦ ਪਿੱਠ ਪਿੱਛੋਂ ਹੀ ਤਾਂ ਵਾਰ ਕਰਦਾ ਰਿਹਾ ਹੈ। ਔਰਤ ਨੇ ਬਿਨਾਂ ਸਾਧਨਾ ਤੋਂ ਹੀ, ਧਾਰਦਾਰ ਤਲਵਾਰਾਂ ਵਾਲੇ ਯੋਧਿਆਂ ਅੱਗੇ ਕਾਠ ਦੀ ਤਲਵਾਰ ਨਾਲ ਆਪਣੀ ਲੜਾਈ ਲੜੀ ਹੈ। ਸਾਡੇ ਵਰਗੇ ਸਮਾਜਾਂ ਵਿੱਚ ਦਹੇਜ ਦੇ ਚਾਰ ਛਿੱਲੜ ਵੀ ਭਰਾਵਾਂ ਦੀ ਸਲਤਨਤ ਉੱਤੇ ਭੈਣਾਂ ਦਾ ਹਮਲਾ ਨਜ਼ਰ ਆਉਂਦੇ ਹਨ। ਬਾਪ ਦੀ ਜਾਇਦਾਦ ਵਿੱਚ ਧੀਆਂ ਆਪਣੇ ਹਿੱਸੇ ਦਾ ਸਿਰਫ ਜ਼ਿਕਰ ਹੀ ਕਰਕੇ ਦੇਖ ਲੈਣ! ਮੇਰੇ ਯਾਦ ਐ, ਮੈਂ ਛੋਟਾ ਜਿਹਾ ਸਾਂ ਜਦੋਂ ਪਰਿਵਾਰ ਦੀ ਜੱਦੀ ਜਾਇਦਾਦ ਵਿੱਚ ਧੀਆਂ ਨੂੰ ਬਰਾਬਰ ਦਾ ਹਿੱਸਾ ਦੇਣ ਵਾਲਾ ਕਾਨੂੰਨ ਪਾਸ ਹੋਇਆ। ਗੁਰਦਵਾਰਿਆਂ ਵਿੱਚ ਸਜੀਆਂ ਧਾਰਮਿਕ ਸਟੇਜਾਂ ਤੇ ਵਿਦਵਾਨ ਪ੍ਰਚਾਰਕ ਇੱਕ ਚੁਟਕਲਾ ਆਮ ਸੁਣਾਇਆ ਕਰਦੇ ਸਨ:
ਦੋ ਨੌਜੁਆਨ ਇੱਕ ਔਰਤ ਦਾ ਸਿਰ ਰੇਲਵੇ ਲਾਈਨ ਤੇ ਰੱਖੀਂ ਬੈਠੇ ਸਨ। ਰਾਹਗੀਰ ਰੁਕਿਆ-
-ਆਹ ਕੀ ਕਰਨ ਲੱਗੇ ਓਂ ਬਈ-
-ਭੂਆ ਦੇ ਨਾਂ ਬਾਬੇ ਦੀ ਜ਼ਮੀਨ ਦਾ ਇੰਤਕਾਲ ਕਰਵਾਉਣ ਲੱਗੇ ਹੋਏ ਆਂ ਬਾਈ-ਅਗਲਾ ਜਣਾ ਹਸ ਕੇ ਤੁਰ ਗਿਆ। ਢਾਡੀ ਦੀ ਸੁਣਾਈ ਇਹ ਵਾਰਤਾ ਸੁਣ ਕੇ ਪੰਡਾਲਾਂ ‘ਚ ਗੂੰਜਦਾ ਹਾਸਾ ਹੁਣ ਵੀ ਕਈ ਵਾਰ ਯਾਦ ਆਉਂਦਾ ਹੈ ਤਾਂ ਆਪਣੇ ਆਪ ਤੇ ਸ਼ਰਮ ਆਉਂਦੀ ਹੈ। ਹੱਦ ਇਹ ਕਿ ਔਰਤਾਂ ਵੀ ਬਰਾਬਰ ਹਸਦੀਆਂ। ਜ਼ਿਹਨੀ ਗੁਲਾਮੀ ਦੀ ਸ਼ਿਖਰ ਇਸ ਤੋਂ ਕੀ ਅਗਾਂਹ ਹੋਵੇਗੀ ਕਿ ਗੁਲਾਮ ਉਹਦੇ ਹੱਕ ‘ਚ ਡਟੇ ਹੋਏ ਨਜ਼ਰ ਆਉਣ। ਹਸਣ ਵਾਲਿਆਂ ਵਿੱਚ ਮੈਂ ਵੀ ਹੁੰਦਾ ਸੀ। ਉਂਜ ਬਾਪ ਦੀ ਵਸੀਅਤ ‘ਚੋਂ ਭੈਣਾਂ ਨੂੰ ਬੇ-ਦਖਲ ਦੇਖ ਕੇ ਸਾਡਾ ਅੰਦਰ ਅੱਜ ਵੀ ਓਨਾ ਹੀ ਹਸਦਾ ਹੈ। ਮਿਥਿਹਾਸ ਦਾ ਯੁੱਗ ਬੀਤ ਗਿਆ ਹੈ ਇਸ ਲਈ ਅਸੀਂ ਆਪਣੀ ਏਸ ਚਾਲ ਉਹਲੇ 'ਐਗਰੇਰੀਅਨ ਸੋਸਾਇਟੀ' ਦੀਆਂ ਜ਼ਮੀਨੀ ਮਜਬੂਰੀਆਂ ਦੀ ਵਾੜ ਕਰ ਲਈ ਹੋਈ ਹੈ।
ਉਂਜ ਉਹਲੇ ‘ਚ ਹੋਰ ਵੀ ਬਹੁਤ ਕੁੱਝ ਸਾਡੇ ਨਾਲ ਅਚੇਤ ਹੀ ਵਾਪਰ ਰਿਹਾ। ਸਮਝੌਤੇ ਦੇ ਰੂਪ ‘ਚ ਕੀਤੇ ਸਾਡੇ ਛਲ ਦੇ ਦੁਜੇ ਬੰਨੇ ਵੀ ਜ਼ਿੰਦਗੀ ਆਪਣੀ ਬਿਹਤਰੀ ਲਈ ਲੜਦੀ ਰਹੀ ਹੈ। ਅਛੋਪਲੇ। ਬਿਨਾ ਖਹਿ ਮਹਿਸੂਸ ਹੋਣ ਦਿੱਤੇ। ਇਹ ਗੱਲ ਮੈਂ ਡਾ. ਬਲਦੇਵ ਧਾਲੀਵਾਲ ਦੇ ਪਿੰਡ ਕੁਰਾਈਵਾਲੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪਹਿਲੀ ਵਾਰ ਚਿਤਾਰੀ ਸੀ। ਭਰੂਣ ਹੱਤਿਆ ਤੇ ਗੱਲ ਕੀਤੀ ਜਾ ਰਹੀ ਸੀ। ਸਾਰੇ ਬੁਲਾਰੇ ਮਰਦ। ਫਿਕਰਮੰਦ ਦਿਸਣ ਦੀ ਲਾ-ਜਵਾਬ ਅਦਾਕਾਰੀ। ਮੈਂ ਸਵਾਲ ਪੁੱਛਿਆ:
-ਧੀਆਂ ਬਾਰੇ ਫਿਕਰ ਆਪਣੀ ਥਾਂ ਠੀਕ ਐ ਪਰ ਪੰਜਾਬੀਓ! ਤੁਹਾਡਾ ਨੌਜੁਆਨ ਪੁੱਤਰ ਕਿੱਥੇ ਐ? ਕੀ ਕਰ ਰਿਹੈ? -
ਪੁੱਠੇ ਪਾਸਿਓਂ ਖੜ੍ਹਕੇ ਕੀਤੇ ਗਏ ਸਵਾਲ ਨਾਲ ਖਾਮੋਸ਼ੀ ਛਾ ਗਈ। ਮੈਂ ਗੱਲ ਹੋਰ ਸਪਸ਼ਟ ਕੀਤੀ-
-ਹਰ ਥਾਂ, ਖਾਸ ਤੌਰ ਤੇ ਵਿਦਅਕ ਖੇਤਰ ‘ਚ ਕੁੜੀਆਂ ਨੇ ਮੁਕੰਮਲ ਮੈਦਾਨ ਮਾਰ ਲਿਆ ਹੈ। ਨਿਸ਼ਚਤ ਹੀ ਬਹੁਤਿਆਂ ਦੇ ਅਖਬਾਰੀ ਮੈਟਰੀਮੋਨੀਅਲ ਯਾਦ ਆਏ ਹੋਣਗੇ:
'ਆਲਿਟਸ' ਛੇ ਬੈਂਡ ਲੜਕੀ ਚਾਹੀਏ। ਖਰਚ ਮੁੰਡੇ ਵਾਲੇ ਕਰਨਗੇ'
ਇਹ ਇਸ਼ਤਿਹਾਰ ਐਲਾਨੀਆਂ ਮੰਨੀ ਹੋਈ ਹਾਰ ਹੈ। ਪੰਜਾਬ ਕੁੜੀਆਂ ਦੇ ਮੋਢਿਆਂ ਤੇ ਚੜ੍ਹਕੇ ਅਪਣੀ ਇਸ ਬਰਬਾਦ ਕਰਕੇ ਰੱਖ ਦਿੱਤੀ ਭੋਇੰ ਤੋਂ ਉਡਾਰੀ ਮਾਰਨ ਦੀ ਕਾਹਲ ਵਿੱਚ ਹੈ-ਮੈਂ ਆਪਣੀ ਗੱਲ ਦਾ ਪ੍ਰਭਾਵ ਜਾਚਿਆ। ਪੰਡਾਲ ਦੇ ਸੱਜੇ ਹੱਥ ਦਿਸਦੀ ਬੇ-ਚੈਨੀ ਦੱਸਦੀ ਸੀ ਕਿ ਸੱਟ ਟਿਕਾਣੇ ਪੈ ਰਹੀ ਸੀ। ਮੈਂ ਆਪਣੀ ਆਖਰੀ ਗੱਲ ਕੀਤੀ-
-ਜਿਨ੍ਹਾਂ ਦੀ ਲੜਾਈ ਸੀ ਉਹਨਾ ਨੇ ਲੜੀ ਹੈ ਅਤੇ ਉਹ ਜਿੱਤ ਵੱਲ ਵਧ ਗਈਆਂ ਹਨ। ਤੁਸੀਂ 'ਕੁਆਲਿਟੀ ਮੇਲ' ਦੀ ਲਗਭਗ ਖਤਮ ਹੋਣ ਤੇ ਆਈ ਗਿਣਤੀ ਦਾ ਫਿਕਰ ਕਰੋ। ਧੀਆਂ ਵਾਲਿਆਂ ਦਾ ਫਿਕਰ ਸੁਣੋ:
-ਕੁੜੀਆਂ ਪੜਨ ਲੱਗ ਪਈਆਂ ਬਹੁਤਾ, ਬਰਾਬਰ ਦੇ ਮੁੰਡੇ ਨੀ ਮਿਲਦੇ-
ਕੁੜੀਆਂ ਨੇ ਲਲਕਾਰੇ ਨੀ ਮਾਰੇ। ਸਹਿਜ ਭਾਅ ਆਪਣੀ ਬਣਦੀ ਥਾਂ ਹਾਸਿਲ ਕਰਨ ਲਈ ਹੰਭਲਾ ਮਾਰਿਆ ਹੈ। ਬਿਲਕੁਲ ਓਵੇਂ, ਜਿਵੇਂ ਮੈਨੂੰ ਡੋਲ਼ੇ ਵਾਲੀ ਕਾਰ ਤੱਕ ਜਾਂਦਿਆਂ ਮਹਿਸੂਸ ਹੋਇਆ ਸੀ। ਕਿਸੇ ਨੇ ਵੀ ਜਾਣ ਬੁੱਝ ਕੇ ਕਿਸੇ ਨੂੰ ਕੁਸ਼ ਨਹੀਂ ਕਿਹਾ। ਪਰ ਮੈਂ ਦੇਖਿਆ ਕਿ ਕਾਰ ਤੱਕ ਪਹੁੰਚਦਿਆਂ 2 ਅਸੀਂ, ਕੁੜੀ ਵਾਲੇ, ਪਾਸੇ ਹੁੰਦੇ ਹੁੰਦੇ, ਕਿਨਾਰਿਆਂ ਤੇ ਜਾ ਲੱਗੇ। ਸਾਹਮਣੇ ਸਿਰਫ ਕਾਰ ਦਾ ਖੁਲ੍ਹੀ ਖਿੜਕੀ ਸੀ। ਬਾਹਰ ਚਾਨਣ ਵੱਧ ਹੋਣ ਕਰਕੇ ਮੈਨੂੰ ਕਾਰ ਇੱਕ ਨ੍ਹੇਰੀ ਗੁਫਾ ਵਰਗੀ ਲੱਗੀ। ਜ਼ਾਰੋ ਜ਼ਾਰ ਰੋਂਦੀ ਮੇਰੀ ਧੀ ਨੂੰ, ਜਿਹਨੇ ਇਸ ਗੁਫਾ ਵਿੱਚ ਦਾਖਿਲ ਹੋਣਾ ਸੀ, ਪਤਾ ਨਹੀਂ ਕਿਵੇਂ ਲੱਗੀ ਹੋਵੇਗੀ। ਉਹ ਜਿਸ ਕਿਸਮ ਦੀ ਅਸੁਰੱਖਿਅਤਾ, ਅਨਿਸ਼ਸ਼ਚਤਤਾ ਜਾਂ ਭੈਅ ਵਰਗੀਆਂ ਭਿਆਨਕ ਭਾਵਨਾਵਾਂ ਵਿੱਚ ਘਿਰੀ ਹੋਵੇਗੀ, ਵਿਆਹ ਦਾ ਚਾਅ ਜਿਹੜਾ ਰਾਤ ਨੱਚਦੀ ਦੇ ਅੰਗ 2 ‘ਚੋਂ ਡੁੱਲ੍ਹ 2 ਪੈਂਦਾ ਸੀ ਕਿੰਨਾਂ ਕੁ ਬਚਿਆ ਹੋਵੇਗਾ, ਅੰਦਾਜਾ ਨਹੀਂ ਲਾਇਆ ਜਾ ਸਕਦਾ। ਇੱਕ ਮਰਦ ਵੱਲੋਂ ਤਾਂ ਬਿਲਕੁਲ ਹੀ ਨਹੀਂ। ਮੇਰਾ ਦਿਲ ਬੈਠਿਆ। ਘਬਰਾਹਟ ਵਿੱਚ ਬੁਲ੍ਹਾਂ ਤੱਕ ਆ ਗਈ ਭੁੱਬ ਨੂੰ ਮੈਂ ਅੰਦਰੇ ਡੱਕ ਕੇ ਆਪਣੀ ਬੇਟੀ ਦੀ ਕੰਬਦੀ ਦੇਹ ਨੂੰ ਕਾਰ ‘ਚ ਸਮਾਉਂਦੀ ਦੇਖਦਾ ਰਿਹਾ। ਸਾਰੇ ਰਿਸ਼ਤੇਦਾਰ, ਖਾਸ ਤੌਰ ਤੇ ਔਰਤਾਂ ਆਪ ਰੋਂਦੀਆਂ, ਉਹਨੂੰ ਵਰਾਈ ਜਾ ਰਹੀਆਂ ਸਨ। ਸ਼ਗਨ ਦੇ ਪੈਸੇ ਉਹਦੀ ਝੋਲੀ ‘ਚ ਪਾ ਕੇ ਮੁੜਦੇ ਹਰ ਚਿਹਰੇ ਨਾਲ ਹਮਦਰਦੀ ਜਾਗਦੀ ਜਦੋਂ ਉਹ ਅੱਖਾਂ, ਨੱਕ ਚੁੰਨੀਆਂ ਦੇ ਪੱਲਿਆਂ ਨਾਲ ਪੂੰਝਦੀਆਂ। ਪਰ ਪੈਸੇ ਜਾਂ ਮਿੱਠੇ ਲੱਡੂ ਉਦੋਂ ਦੀਆਂ ਵਿਆਹੁਲੀਆਂ ਨੂੰ ਵਰਚਾ ਲੈਂਦੇ ਹੋਣਗੇ ਜਦੋਂ ਪੰਜਾਂ, ਚਾਰਾਂ ਸਾਲਾਂ ਦੀਆਂ ਭੋਰਾ ਭਰ ਕੁੜੀਆਂ ਨੂੰ ਵਿਆਹ ਕੇ ਤੋਰ ਦਿੱਤਾ ਜਾਂਦਾ ਸੀ। ਗੋਦੀ ‘ਚ ਲਈ ਬੈਠੀ ਨਾਇਣ ਉਹਨੂੰ 'ਆਹ ਲੱਡੂ ਖਾ ਲੈ! ਆਹ ਲੈ ਪੈਸੇ, ਹੁਣ ਇਹ ਤੇਰੇ ਨੇ', ਕਹਿ 2 ਵਰਚਾਉਂਦੀ। ਉਹ ਮਾਸੂਮ ਵਰਚ ਵੀ ਜਾਂਦੀ ਹੋਵੇਗੀ। ਉਸ ਭੋਲੀ ਭਾਲੀ ਬੱਚੀ ਦੀਆਂ ਓਪਰੇ ਤੇ ਸਸਤੇ ਪਾਊਡਰ ਨਾਲ ਲਾਲ ਹੋਈਆਂ ਗੱਲ੍ਹਾਂ ਤੇ ਹੰਝੂਆਂ ਦੀਆਂ ਘਰਾਲ਼ਾਂ ਵਗਦੀਆਂ ਕਿਆਸ ਕਰਕੇ ਮੇਰੇ ਇੱਕ ਚੁਟਕਲਾ ਯਾਦ ਆਇਆ। ਪੰਜਾਬੀ ਗਾਇਕ ਮੁਹੰਮਦ ਸਦੀਕ ਅਕਸਰ ਸਟੇਜਾਂ ਤੇ ਸੁਣਾਉਂਦਾ ਹੁੰਦਾ ਸੀ:
ਵਿਆਹ ਵਾਲੀ ਇੱਕ ਭੋਲ਼ੀ ਭਾਲ਼ੀ ਬੱਚੀ ਦਿਨ ‘ਚ ਵਿਆਹ ਦੀਆਂ ਰੌਣਕਾਂ ਦੇਖਦੀ ਰਹੀ ਤੇ ਰਾਤ ਨੂੰ ਥੱਕੀ ਹਾਰੀ ਬਿਸਤਰਿਆਂ ‘ਚ ਘੁਸੜ ਕੇ ਸੌਂ ਗਈ। ਅੱਧੀ ਰਾਤ, ਪਾਧੇ ਤੋਂ ਕਢਾਏ ਵਕਤ ਤੇ ਕੁੜੀ ਨਾ ਥਿਆਵੇ! ਪੰਡਿਤ ਕਹੇ ਲਗਨ ਲੰਘਿਆ ਜਾਂਦੈ। ਬਹੁਤ ਦੇਖ ਭਾਲ ਤੋਂ ਬਾਅਦ ਕੁੜੀ ਥਿਆਈ। ਧੀ ਸੁਤ ਅਣੀਂਦੇ ਮੂੰਹ ਤੇ ਹੱਥ ਫੇਰਦਿਆਂ ਮਾਂ ਨੇ ਕਿਹਾ-
-ਉਠ ਧੀਏ ਫੇਰੇ ਲੈ ਲੈ-ਕੁੜੀ ਦੇ ਭਾਅ ਦਾ ਫੇਰੇ ਖਾਣ ਵਾਲੀ ਚੀਜ਼ ਨੇ। ਨੀਂਦ ਪਿਆਰੀ ਹੋ ਗਈ। ਮਾਸੂਮ ਤਰਲਾ ਸੁਣਿਆ-
-ਬੇਬੇ ਹੁਣ ਤੂੰ ਲੈ ਲੈ, ਮੈਂ ਸਵੇਰੇ ਲੈ ਲੂੰ-
ਬੜਾ ਹਸਦੇ ਹੁੰਦੇ ਸਾਂ। ਹੁਣ ਬੜਾ ਰੋਣ ਆਇਆ। ਉਸ ਬੱਚੀ ਦੇ ਨਾਂ ਦੇ ਹੰਝੂ ਅਜੇ ਵਗ ਹੀ ਰਹੇ ਸਨ ਕਿ ਲਾਗਣ ਨੇ ਦੋ ਲੱਡੂ ਤੇ ਖੰਮ੍ਹਣੀ ਫੜਾ ਕੇ 'ਵਿਦਾ ਹੁੰਦੀ ਧੀ' ਨੂੰ ਸ਼ਗਨ ਦੇਣ ਲਈ ਕਿਹਾ। ਬਹੁਤ ਹਿੰਮਤ ਕਰਕੇ ਮੈਂ ਕਾਰ ਦੀ ਖਿੜਕੀ ਦੇ ਨੇੜੇ ਹੋਇਆ। ਇੱਕ ਪਲ ਲਈ ਆਪਣੀ ਲਾਡੋ ਦਾ ਉਤਰਿਆ ਚਿਹਰਾ ਦੇਖਿਆ। ਬੜਾ ਕੁਸ਼ ਯਾਦ ਆਇਆ। ਮੇਰੀਆਂ ਭੈਣਾ ਵੱਲੋਂ ਕੇਸਮੈਂਟ ‘ਚ ਰੰਗ ਬਰੰਗੇ ਧਾਗਿਆਂ ਨਾਲ ਕੱਢਕੇ, ਫੁਲਕਾਰੀ ਕੱਢਦੀ ਕੁੜੀ ਦੀਆਂ ਜੜਾਈਆਂ, ਕੰਸਾਂ ਤੇ ਪਈਆ ਤਸਵੀਰਾਂ ਤੇ ਬੁਣੇ ਟੇਢੇ ਅੱਖਰ ਯਾਦ ਆਏ-
ਬਾਬਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ।

ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ
ਸਭ ਕੁੱਝ ਦੇ ਅਰਥ ਬਦਲ ਰਹੇ ਸਨ। ਸ਼ਬਦ ਕਲੇਜੇ ਦੇ ਪਾਰ ਨਿਕਲ ਜਾਣ ਵਾਲੀ ਸਾਂਗ ਵਿੱਚ ਵਟ ਰਹੇ ਸਨ। ਉਸ ਭਾਵਨਾ ਨੂੰ ਸ਼ਾਇਦ ਹੀ ਕੋਈ ਨਾਮ ਦਿੱਤਾ ਜਾ ਸਕੇ ਜਿਹੜੀ ਉਸ ਵੇਲੇ ਉਮੜ੍ਹ ਰਹੀ ਸੀ। ਕਾਰ ਦੀ ਪਿਛਲੀ ਸੀਟ ਤੇ ਇੱਕ ਦੂਜੇ ਨਾਲ ਸਟੇ ਬੈਠੇ ਇਸ ਜੋੜੇ ਤੋਂ ਆਪਾ ਵਾਰਿਆ ਜਾ ਸਕਦਾ ਸੀ। ਹਾਂ! ਉਸ ਘੜੀ ਮੈਂ ਉਹਨਾ ਲਈ ਜਾਨ ਦੇ ਸਕਦਾ ਸਾਂ…
…ਪਰ ਉਦੋਂ ਵੀ, ਮੈਂ ਹੈਰਾਨ ਹਾਂ, ਵਿਦਾ ਹੁੰਦੀ ਧੀ ਦੀ ਝੋਲੀ ‘ਚ ਮਿੱਠੇ ਲੱਡੂ ਪਾਉਣ ਵੇਲੇ ਮੇਰੇ ਅੰਦਰ ਬੈਠਾ ਕੋਈ ਮੈਨੂੰ ਕਹਿ ਰਿਹਾ ਸੀ ਕਿ ਉਹਨੂੰ ਕਹਾਂ…
… 'ਉਸ ਆਦਿ-ਔਰਤ ਦੇ ਆਰੰਭੇ ਸੰਘਰਸ਼ ਨੂੰ ਤੁਸੀਂ ਹੀ ਅਗਾਂਹ ਤੋਰਨਾ ਹੈ। ਸਮਝੌਤਿਆਂ ਦੀ ਭਾਸ਼ਾ ਬਦਲਣੀ ਹੈ। ਆਪਣੀਆਂ ਰੀਝਾਂ ਦੇ ਧੜ ਤੇ 'ਕਿਸੇ ਹੋਰ' ਦੇ ਚੁਣੇ ਸਿਰ ਨੂੰ ਅਸਵੀਕਾਰ ਕਰਨਾ ਹੈ। ਯਾਦ ਰਹੇ ਇਹ 'ਕੋਈ ਹੋਰ' ਇੱਕ ਅਜਿਹਾ ਛਲੇਡਾ ਹੈ ਜਿਹੜਾ ਮਰਦ, ਬਾਪ, ਪਤੀ, ਸਮਾਜ ਜਾਂ ਬਾਜ਼ਾਰ ਦਾ ਰੂਪ ਵਟਾਉਂਦਾ ਰਹਿੰਦਾ ਹੈ। ਇਸ ਨੂੰ ਪਛਾਨਣਾ ਹੈ। ਮੇਰੇ ਵਰਗੇ ਅਦਨਿਆਂ ਨੂੰ ਆਪਣੇ ਅੰਦਰਲੇ ਸੰਵੇਦਨਸ਼ੀਲ ਬੰਦੇ ਦੀ ਲੜਾਈ ਵਿੱਚ ਆਪਣਾ ਬਣਦਾ ਹਿੱਸਾ ਪਾਉਣ ਦੀ ਸੋਝੀ ਕਰਵਾਉਣੀ ਹੈ। ਦੱਸਣਾ ਹੈ ਕਿ ਨਹੀਂ ਤਾਂ ਧੀਆਂ ਜਦੋਂ ਬੇ-ਕਿਰਕ ਲੜਾਈ ਲੜਨਗੀਆਂ ਮੇਰੇ ਵਰਗੇ, ਚੰਗੇ ਹੋਣ ਦੀ ਥਾਂ ਚੰਗੇ ਹੋਣ ਦੀ 'ਅਦਾਕਾਰੀ' ਕਰਨ ਵਾਲੇ, ਬੱਸ ਮਿਥਿਹਾਸ ਦੇ ਉਹਲੇ ‘ਚ ਹੋਣ ਜੋਗੇ ਰਹਿ ਜਾਣਗੇ। ਤੇ ਮਿਥਿਹਾਸ ਕੋਈ ਵੱਡਾ ਉਹਲਾ ਨਹੀਂ ਹੁੰਦਾ। ਇਹਦੀਆਂ ਵਿਰਲਾਂ ਵਿਚੋਂ ਇਤਿਹਾਸ ਦੇ ਜ਼ਖਮ ਰਿਸਦੇ ਰਹਿੰਦੇ ਨੇ'…
…ਕੁਝ ਨਹੀਂ ਕਹਿ ਪਾਉਂਦਾ। ਆਪਣੇ ਮੋਢੇ ਤੇ ਕਿਸੇ ਦਾ ਕੰਬਦਾ ਹੱਥ ਮਹਿਸੂਸ ਹੁੰਦਾ ਹੈ। ਮੇਰੀ ਵੱਡੀ ਭੈਣ ਹੈ। ਰੋ ਰਹੀ ਹੈ। ਮੈਨੂੰ ਹੌਸਲਾ ਦੇ ਰਹੀ ਹੈ। ਕਾਰ ਦੇ ਉਪਰੋਂ ਸੂਰਜ ਛਿਪ ਰਿਹਾ ਹੈ ਜਿਹਦੇ ਬਾਰੇ ਮੈਂ ਕਦੇ ਲਿਖਿਆ ਸੀ ਕਿ ਇਹਦੀ ਕੋਈ ਪਿੱਠ ਨਹੀਂ ਹੁੰਦੀ। ਹੁਣ ਵੀ ਮੈਨੂੰ ਵਿਯੋਗ ਦਾ ਸੱਚ ਸਾਖਸ਼ਾਤ ਦਿਸ ਰਿਹਾ ਹੈ।
ਮੈਂ ਇੱਕ ਪਾਸੇ ਖੜ੍ਹ ਕੇ ਆਪਣੀ ਧੀ ਦੇ ਚਾਚਿਆਂ, ਤਾਇਆਂ, ਭਰਾਵਾਂ ਨੂੰ ਉਹਦੀ ਕਾਰ ਨੂੰ 'ਧੱਕਾ' ਲਾਉਂਦਿਆਂ ਦੇਖਦਾ ਹਾਂ। ਇਹਨਾ ਨੂੰ ਅਜੇ ਵੀ ਭਰਮ ਹੈ ਕਿ ਸੰਸਾਰ ਉਹਨਾ ਦਾ ਧੱਕਿਆ ਤੁਰਦਾ ਹੈ।
ਹੌਲੀ 2 ਤੁਰਦੀ ਕਾਰ ਧੂੜ ਵਿੱਚ ਗੁਆਚ ਰਹੀ ਹੈ। ਲਾਗੀ ਛੋਟੀ ਲਾਚੀ ਤੇ ਲਾਚੀਦਾਣੇ ਦੀ ਸਾਂਝੀ ਮਿਠਾਸ ਪਹਿਲਾਂ ਮੇਰੇ ਕੁੜਮਾਂ ਨੂੰ ਤੇ ਫੇਰ ਮੈਨੂੰ ਦਿੰਦਾ ਹੈ ਪਰ ਮੈਨੂੰ ਤਾਂ ਉਹ ਸੁੰਨ ਘੇਰੀ ਖੜ੍ਹੀ ਹੈ ਜੋ ਅੱਜ ਸਾਡੇ ਘਰ ਪਸਰੇਗੀ। ਰੂਹ ਤੋਂ ਬਿਨਾ ਰਹਿ ਗਏ ਕਲਬੂਤ ਖਾਮੋਸ਼ੀ ਵਿੱਚ ਸਿਸਕੀਆਂ ਭਰਨਗੇ ਪਰ…ਉਸੇ ਵਕਤ ਇੱਕ ਘਰ ‘ਚ ਇਸ ਲਈ ਗਿੱਧੇ ਭੰਗੜੇ ਪੈਣਗੇ, ਢੋਲ ਵੱਜਣਗੇ ਕਿ ਉਥੇ ਮੇਰੀ ਧੀ ਨੇ ਪੈਰ ਪਾਇਆ ਹੈ। ਉਹਦੇ ਮਹਿੰਦੀ ਰੰਗੇ ਪੈਰ ਦੀ ਠੋਕਰ ਨਾਲ ਅੰਦਰ ਵੱਲ ਉਲਰ ਗਈ ਚੌਲ਼ਾਂ ਦੀ ਭਰੀ ਗੜਬੀ ‘ਚੋਂ ਉਸ ਘਰ ‘ਚ ਡਿਗ ਰਹੇ ਚੌਲ ਦਿਸਦੇ ਹਨ ਤੇ ਉਹਦੇ ਸਿਰ ਤੋਂ ਪਾਣੀ ਵਾਰਦੀ ਉਹਦੀ ਸੱਸ-ਮਾਂ ਦੇ ਖਿੜੇ ਚਿਹਰੇ ‘ਚੋਂ ਝਲਕਦੀ ਖੁਸ਼ਆਮਦੀਦ ਮੇਰਾ ਮੋਢਾ ਥਾਪੜਦੀ ਹੈ। ਹਰਿਭਜਨ ਸਿੰਘ ਮੇਰੇ ਬਰਾਬਰ ਖੜ੍ਹਾ ਹੌਕਾ ਭਰਦਾ ਹੈ:
ਧਰਤੀ ਹੇਠ
ਧੌਲ ਸੀ, ਧਰਮ ਸੀ
ਹੁਣ ਮੇਰੀ ਧੀ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346