ਫੱਗਣ ਦਾ ਮਹੀਨਾ ਤੇ ਜ਼ੁਮੇ ਦਾ ਦਿਨ।ਸ਼ਾਮ ਦੇ ਤਕਰੀਬਨ ਚਾਰ ਕੁ ਵੱਜੇ
ਹੋਏ।ਸਾਹਮਣੇ ਰੋਸ਼ਨਦਾਨ ਵਿੱਚੋਂ ਛਿਪਣ ਛਿਪਣ ਕਰਦੇ ਸੂਰਜ ਦੀ ਲੰਬੀ
ਧੁੱਪ,ਪਿਛਲੇ ਅੰਦਰ ਤੱਕ ਜਾਂਦੀ ਹੋਈ। ਮਹਿਤਾਬ ਕੌਰ ਨੇ ਅਟੇਰਨਾ ਛੱਡ ਕੇ
ਪੀੜੀ ਓਟੇ ਨਾਲ ਖੜੀ ਕਰ ਦਿੱਤੀ। ਪਿਛਲੇ ਅੰਦਰ ਪਈ ਧੀ ਬਚਨੋਂ ਦੀ ਹੂੰਗਰ
ਅਜੇ ਵੀ ਜਾਰੀ ਸੀ।ਦਾਈ ਜਿਊਣੀ ਸੁਨੇਹਾ ਮਿਲਣ ਸਾਰ ਆ ਗਈ ਤੇ ਅਹੁੜ ਪਹੁੜ
ਵਿੱਚ ਜੁਟ ਗਈ।ਘਰ ਦੇ ਮਰਦ,ਹਾਲਾਤ ਨੂੰ ਸਮਝਦੇ,ਹੋਏ ਬਾਹਰਲੇ ਘਰ ਚਲੇ
ਗਏ।ਕੁੜੀਆਂ ਕੱਤਰੀਆਂ ਵੀ ਆਨੀ ਬਹਾਨੀ ਨਿੱਕਲ ਗਈਆਂ ਇਹ ਭਾਵੇ ਸਿ਼ਸ਼ਟਾਚਾਰ
ਵਜੋਂ ਹੀ ਸੀ।ਮਹਿਤਾਬ ਕੌਰ ਦੀਵੇ ਬੱਤੀ ਦਾ ਪ੍ਰਬੰਧ ਕਰਦੀ ਹੋਈ ਬੋਲੀ ਵੀ
ਜਾ ਰਹੀ ਸੀ, “ਹੇ ਰੱਬ ਸੱਚਿਆ ਸੁੱਖ ਰੱਖੀਂ”।ਉਸ ਨੇ ਔਖੇ ਵੇਲੇ ਲਈ ਦੋ
ਦੀਵਿਆਂ ਵਿੱਚ ਨਵੀਆਂ ਬੱਤੀਆਂ ਪਾਕੇ ਤੇਲ ਨਾਲ ਭਰ ਲਏ ਅਤੇ ੱਿੲਕ ਲਾਲਟਣ
ਦੀ ਚਿਮਨੀ ਸਾਫ ਕਰ ਕੇ ਉਸ ਨੂੰ ਟਾਂਡ ਤੇ ਟਿਕਾ ਦਿੱਤਾ।ਬਾਹਰ ਵੀਹੀ
ਵਿੱਚੋਂ ਵਾਗੀਆਂ ਦੇ ਹੋਕਰੇ ਅਤੇ ਪਸ਼ੂਆਂ ਦੇ ਵੱਗ ਮੁੜ ਆਉਣ ਕਰਕੇ ਖੜਾਕ
ਸੁਣਾਈ ਦੇ ਰਿਹਾ ਸੀ।ਨਾਲ ਦੇ ਘਰ ਵਾਲਾ ਛੜਾ ਮੇਹਰੂ ਸੋਟੀ ਖੜਕਾਉਂਦਾ ਆਖ
ਰਿਹਾ ਸੀ, “ਤੁਰ ਪਾ ਜੀਣ ਜੋਗੀਏ ਨਹੀਂ ਤਾਂ ਪੁੜੇ ਸੇਕ ਕੇ ਰੱਖ ਦਊ,ਏਧਰ
ਮੁੜ...ਮਾੜਾ ਰਬਾ…;”ਪਸ਼ੂ ਰੰਭਦੇ ਦੌੜਦੇ।ਧੂੜ ਉੱਡਦੀ,ਨਿਆਣੇ ਕਿਲਕਾਰੀਆਂ
ਮਾਰਦੇ।ਕਿਲਕਾਰੀ ਤਾਂ ਉਨ੍ਹਾਂ ਦੇ ਘਰ ਵਿੱਚ ਵੀ ਵੱਜਣ ਵਾਲੀ ਸੀ।
ਸਿਆਲ਼ ਆਪਣੇ ਆਖਰੀ ਸਾਹਾਂ ਤੇ ਸੀ।ਵਾਤਾਵਰਨ ਵਿੱਚ ਜਿਵੇਂ ਮਹਿਕ ਘੁਲ਼ੀ ਪਈ
ਹੋਵੇ।ਮਹਿਤਾਬ ਕੌਰ ਦੀ ਵੱਡੀ ਨੂੰਹ ਹਰਦੇਵ ਕੁਰ ਆਪਣੀਆਂ ਦੋਨੋਂ ਕੁਆਰੀਆਂ
ਨਣਾਨਾ ਨੂੰ ਲੈ ਕੇ ਸਾਗ ਤੋੜਨ ਚਲੀ ਗਈ ਸੀ।ਨਿੱਸਰ ਰਹੀਆਂ ਕਣਕਾਂ ਦੀ
ਮਹਿਕ,ਸਰੋਂ ਦੇ ਪੀਲੇ ਪੀਲੇ ਫੁੱਲ ਜਿਵੇਂ ਝੂਮ ਝੂਮ ਕਹਿ ਰਹੇ ਹੋਣ ਨਹੀਂ
ਰੀਸਾਂ ਦੇਸ਼ ਪੰਜਾਬ ਦੀਆਂ।ਮਹਿਤਾਬ ਕੌਰ ਨੇ ਬਾਰੀ ਵਿੱਚੋਂ ਬਾਹਰ ਦੇਖਿਆ
ਹੋਰ ਕਈ ਔਰਤਾਂ ਸਾਗ ਤੋੜੀਂ ਆ ਰਹੀਆਂ ਸਨ।ਕਈ ਮੂਲੀਆਂ ਤੇ ਸ਼ਲਗਮਾਂ ਵੀ
ਲਈਂ ਆਉਦੀਆ।ਪਰ ਹਰਦੇਵ ਕੁਰ ਨੇ ਨਾਲ ਸਿਮਰੋ ਅਤੇ ਸਰਨੋ ਕਿਤੇ ਦਿਖਾਈ ਨਾ
ਦਿੱਤੀਆਂ।
ਬਾਰੀ ਖੁੱਲਣ ਨਾਲ ਲਾਲੋ ਝਿਊਰੀ ਦੀ ਭੱਠੀ ਤੇ ਭੁੱਜ ਰਹੇ ਮੁਰਮਰਿਆਂ ਅਤੇ
ਮੂੰਗਫਲੀ ਦੀ ਖੁਸ਼ਬੂ ਅੰਦਰ ਲੰਘ ਆਈ।ਉਸਦੀ ਭੱਠੀ ਤੇ ਏਸ ਵੇਲੇ ਦਾਣੇ
ਭੁਣਾਉਣ ਵਾਲਿਆਂ ਦੀ ਵਾਹਵਾ ਰੌਣਕ ਹੋ ਜਾਂਦੀ।ਹੱਟੀ ਭੱਠੀ ਉੱਤੇ ਕਈ ਮਨਚਲੇ
ਤਾਂ ਉਦਾਂ ਹੀ ਖੜੇ ਰਹਿੰਦੇ।ਏਥੋਂ ਹੀ ਪਿੰਡ ਦੀ ਗਲਾਂ ਦੇ ਭੇਤ ਅੱਗੇ
ਤੁਰਦੇ।ਬਾਤ ਦਾ ਬਤੰਗੜ ਬਣ ਜਾਂਦਾ।ਲਾਲੋ ਆਪਣੀ ਮਨ ਪਸੰਦ ਦੀ ਚੁੰਗ
ਕੱਢਦੀ।ਤਪਦੀ ਰੇਤ ਤੇ ਦਾਣਿਆ ਦਾ ਪਰਾਗ ਸੁੱਟਦੀ,ਛਾਣਦੀ ਤੇ ਬੋਹੀਏ ਭਰੀ
ਜਾਂਦੀ।ਸੰਤਾਂ ਸਿਉਂ ਦੇ ਟੱਬਰ ਵਲੋਂ ਬਹੂਆਂ ਕੁੜੀਆਂ ਨੂੰ ਇਸ ਵੇਲੇ ਭੱਠੀ
ਕੋਲੋ ਲੰਘਣ ਦੀ ਮਨਾਹੀ ਸੀ।ਪਰ ਕਈ ਔਰਤਾਂ ਘੁੰਡ ਕੱਢਕੇ ਲੰਘ ਵੀ
ਜਾਂਦੀਆ।ਫੇਰ ਵੀ ‘ਧੀਏ ਗੱਲ ਸੁਣ ਨੂੰਹੇਂ ਕੰਨ ਕਰ’ਕਹਾਵਤ ਵਾਂਗੂੰ ਕੋਈ
ਨਾਂ ਕੋਈ ਟੋਟਕਾ ਸੁਣਾ ਹੀ ਜਾਂਦਾ।ਆਸ਼ਕਾਂ ਮਸ਼ੂਕਾਂ ਦੀ ਹੱਠੀ ਭੱਠੀ ਦੀ
ਫੇਰੀ ਨੂੰ ਕੌਣ ਨਹੀਂ ਸੀ ਜਾਣਦਾ।ਕਈ ਤਾਂ ਇਹ ਵੀ ਕਹਿੰਦੇ ਸਨ ਕਿ ‘ਲਾਲੋ
ਇਕੱਲੇ ਦਾਣੇ ਹੀ ਨਹੀਂ ਭੁੰਨਦੀ ਕਈਆਂ ਦੀ ਵਿਚੋਲਗੀ ਵੀ ਕਰਦੀ ਹੈ’
ਮਹਿਤਾਬ ਕੁਰ ਨੇ ਛੋਟੀ ਬਹੂ ਸਿ਼ੰਦਰੋ ਨੂੰ ਕਿਹਾ, “ਕੁੜੇ ਉਹ ਤਾਂ ਮੁੜੀਆਂ
ਈ ਨੀ,ਬੜਾ ਟੈਮ ਲਾਤਾ..ਖੇਤ ਕਿਤੇ ਕਲਾਖਰ ਆ…ਭਾਈ ਮਾੜੀ ਸਮੋਂ ਆ”
ਮਟਰਾਂ ਦੇ ਦਾਣੇ ਕੱਢਦੀ ਸਿ਼ੰਦਰੋ ਬੋਲੀ “ਬੇਬੇ ਮੈਂ ਕਿਹਾ ਸੀ ਚਾਰ ਡਾਲ
ਧਣੀਏ ਦੇ ਵੀ ਤੋੜ ਲਿਆਇਉ,ਨਾਲੇ ਸਾਗ ‘ਚ ਪਾਉਣ ਨੂੰ ਬਾਥੂ ਵੀ ਤੋੜਨਾ
ਸੀ।ਸੁਆਦ ਬਣ ਜੂ…।ਬੱਸ ਆ ਜਾਂਦੀਆ ਨੇ”ਉਹ ਆਪਣੀ ਗੱਲ ਨਿਬੇੜ ਕੇ ਚੁੱਲੇ ‘ਚ
ਮਘਦੀਆਂ ਅੰਗਿਆਰੀਆਂ ਨੂੰ ਚਿਮਟੇ ਨਾਲ ਠੀਕ ਕਰਨ ਲੱਗ ਪਈ।ਘਰ ਦੇ ਸਾਰੇ
ਮੈਂਬਰ ਕੰਮ ਤੋਂ ਆ ਕੇ,ਗਰਮ ਪਾਣੀ ਹੱਥ ਪੈਰ ਧੋ ਕੇ,ਫੇਰ ਰੋਟੀ ਖਾਦੇ।ਪਾਣੀ
ਦਾ ਪਤੀਲਾ ਉਬਲਣ ਵਿੱਚ ਹੀ ਨਹੀਂ ਸੀ ਆ ਰਿਹਾ।ਸਲਾਬੀਆਂ ਪਾਥੀਆਂ ਨੂੰ
ਪੰਜਾਹ ਵਾਰੀ ਭੂਕਨੇ ਨਾਲ ਫੂਕਾਂ ਮਾਰਦਿਆਂ ਉਸ ਦਾ ਮੱਥਾ ਦੁਖਣ ਲੱਗ ਪਿਆ।
ਜਿਉਂ ਜਿਉਂ ਸ਼ਾਮ ਢਲ ਰਹੀ ਸੀ ਬਚਨੋਂ ਦੀ ਹੂੰਗਰ ਹੋਰ ਤਿੱਖੀ ਹੁੰਦੀ ਜਾ
ਰਹੀ ਸੀ।ਮਹਿਤਾਬ ਕੌਰ ਨੇ ਤਾਂ ਤੁਰਦੇ ਫਿਰਦਿਆਂ ਹੀ ਅੱਜ ਦਾ ਨਿੱਤ ਨੇਮ ਕਰ
ਲਿਆ ਸੀ।ਧੁੂਫ ਦੇ ਕੇ ਉਸ ਨੇ ਦੇਸੀ ਘਿਉ ਦਾ ਦੀਵਾ ਪਿਛਲੇ ਅੰਦਰ ਜਗਾ ਕੇ
ਧਰ ਦਿੱਤਾ।ਨਹੀਂ ਤਾਂ ਅੱਗੇ ਉਹ ਗੁਰਦੁਵਾਰੇ ਘੜਿਆਲ ਵੱਜਣ ਤੋਂ ਬਾਅਦ ਹੀ
ਚੌਂਤਰੇ ਤੇ ਬੋਰੀ ਵਿਛਾ ਕੇ ਪਾਠ ਸੁਰੂ ਕਰਦੀ।ਉਸ ਦੇ ਨਿੱਤਨੇਮ ਵਿੱਚ ਪੰਜ
ਜਪੁਜੀ ਸਾਹਿਬ ਦੀਆਂ ਪੌੜੀਆਂ,ਚੌਪਈ ਅਤੇ ਊਠਕ ਸੁਖੀਆ,ਬੈਠਕ ਸੁਖੀਆ ਵਾਲਾ
ਇੱਕ ਸ਼ਬਦ ਹੁੰਦਾ।ਬਾਕੀ ਸਮਾਂ ਉਹ ਮਾਲ਼ਾ ਫੇਰਦੀ ਬਾਖਰੂ ਬਾਖਰੂ ਕਰੀ
ਜਾਂਦੀ।ਜੇ ਕਦੇ ਜਿਆਦਾ ਸਮਾਂ ਹੁੰਦਾ ਤਾਂ ਉਹ ‘ਧੰਨ ਉਂ ਆਂ,ਧੰਨ ਉਂ
ਆਂ,ਧੰਨ ਉਂ ਆਂ’ ਵਾਲਾ ਸ਼ਬਦ ਵੀ ਪੜ੍ਹ ਲੈਂਦੀ ਜਿਸ ਵਿੱਚ ਦਸਾਂ ਗੁਰੂਆਂ
ਨੇ ਨਾਂ ਆਉਦੇ ਸਨ।ਉਹ ਕਹਿੰਦੀ “ਭਾਈ ਸਾਨੂੰ ਅਨਪੜ੍ਹਾਂ ਨੂੰ ਤਾਂ ਏਨਾ ਈ
ਔਂਦਾ ਐ”।ਪਰ ਅੱਜ ਉਸਦਾ ਮਨ ਪਾਠ ਵਿੱਚ ਨਹੀ ਸੀ ਲੱਗ ਰਿਹਾ।
ਬਚਨੋਂ ਦੀ ਹੂੰਗਰ ਵਧਦੀ ਵਧਦੀ ਚੀਕਾਂ ਵਿੱਚ ਹੀ ਤਬਦੀਲ ਹੋ ਗਈ।ਉਧਰ
ਗੁਰਦੁਵਾਰੇ ਘੜਿਆਲ ਵੱਜੀ ਤੇ ਏਧਰ ਲੰਬੜਦਾਰ ਸੰਤਾ ਸਿੰਘ ਦੇ ਘਰ ਬੱਚੇ ਦੀ
ਚੀਕ।ਦਾਈ ਜੀਊਣੀ ਨੇ ਬੱਚਾ ਦੇਖਣ ਸਾਰ ਕਿਹਾ “ਵਧਾਈਆਂ ਮ੍ਹਤਾਬ ਕੁਰੇ ਤੂੰ
ਚੰਦ ਵਰਗੇ ਦੋਤੇ ਦੀ ਨਾਨੀ ਬਣ ਗੀ,ਸੁੱਖ ਨਾਲ ਲੰਮੀਆਂ ਉਮਰਾਂ ਵਾਲਾ ਹੋਵੇ”
“ਤੇਰੇ ਮੂੰਹ ਘਿਉ ਸ਼ੱਕਰ ਜੀਣੀਏ…।ਕਰਮਾਂ ਵਾਲਾ ਲੱਗਦੈ ਜਿਸ ਦੇ ਜਨਮ ਸਮੇਂ
ਘੜਿਆਲ ਵੱਜੀ ਏ ਤੇ ਸਭ ਨੇ ਵਾਖਰੂ ਵਾਖਰੂ ਕਿਹਾ।ਕੁੜੇ ਦੇਣ ਆਲਾ ਤਾਂ
ਪ੍ਰਮਾਤਮਾ ਏਂ।ਸਭ ਦੀ ਝੋਲੀ ਭਰੇ।ਤੈਨੂੰ ਖੁਸ਼ ਕਰ ਕੇ ਤੋਰੂੰ।ਦੁੱਗਣੀ
ਸੇਪੀ ਤੇ ਸਿਰੇ ਦਾ ਸੂਟ” ਮਹਿਤਾਬ ਕੌਰ ਮੁਸਕਰਾਈ।ਜੋਗਿੰਦਰੋ,ਦਾਈ ਜੀਊਣੀ
ਦੀ ਮੱਦਦ ਕਰ ਰਹੀ ਸੀ।ਨਾੜੂਆ ਕੱਟਣ ਤੋਂ ਲੈ ਕੇ ਬੱਚਾ ਨੁਹਾਉਣ ਤੱਕ ਉਹ
ਉਹਦੇ ਨਾਲ ਮੱਦਦ ਕਰਦੀ ਰਹੀ।ਅਜਿਹਾ ਉਸਦਾ ਪਹਿਲਾ ਤਜ਼ੁਰਬਾ ਸੀ।ਉਹ ਬੇਹੱਦ
ਹੈਰਾਨ ਵੀ ਸੀ ਤੇ ਘਬਰਾਈ ਹੋਈ ਵੀ।ਉਸ ਨੂੰ ਤਾਂ ਚੁੱਲੇ ਚੌਂਕੇ ਦਾ ਕੰਮ ਵੀ
ਭੁੱਲ ਗਿਆ।ਪਾਣੀ ਰਿੱਝ ਰਿੱਝ ਅੱਧਾ ਰਹਿ ਗਿਆ ਸੀ।ਚੁੱਲੇ ਵਿੱਚ ਅੱਗ ਬਲਦੀ
ਦੇਖਣ ਜਦੋਂ ਉਹ ਚੌਂਤੇ ਤੇ ਆਈ ਤਾਂ ਉਨੇ ਨੂੰ ਹਰਦੇਵ ਕੁਰ ਨਾਲ ਸਿਮਰੋ ਤੇ
ਸਰਨੋ ਵੀ ਸਾਗ ਤੋੜ ਕੇ ਆ ਗਈਆਂ।ਸਿ਼ੰਦਰੋ ਨੇ ਉਨ੍ਹਾਂ ਨੂੰ ਭੱਜ,ਬੂਹੇ
ਵਿੱਚ ਹੀ ਰੋਕ ਕੇ ਹੀ ਖੁਸ਼ਖਬਰੀ ਦਿੰਦਿਆਂ ਕਿਹਾ “ਵਧਾਈਆਂ ਭੈਣੇ ਮਾਮੀ ਬਣ
ਗੀ।ਕੁੜੇ ਤੁਸੀਂ ਵੀ ਮਾਸੀਆਂ ਬਣਗੀਆਂ।ਹੁਣ ਹੱਥ ਸੁੱਚੇ ਕਰਕੇ,ਪਾਣੀ ਦਾ
ਛਿੱਟਾ ਮਾਰ ਕੇ ਅੰਦਰ ਜਾਇਉ।ਸਾਰਿਆ ਦੇ ਚਿਹਰੇ ਮੁਸਕਰਾਹਟ ਦੌੜ ਗਈ।ਤੇ ਉਹ
ਹੱਥ ਸੁੱਚੇ ਕਰਨ ਲੱਗੀਆਂ।ਸਿਮਰੋ ਅਤੇ ਸਰਨੋ ਨੂੰ ਸੰਗ ਆ ਰਹੀ ਸੀ।ਉਹ
ਬਚਨੋਂ ਕੋਲ ਜਾਣ ਤੋਂ ਕਤਰਾਉਂਦੀਆਂ ਸਨ।ਪਰ ਹਰਦੇਵ ਕੁਰ ਬੱਚੇ ਨੂੰ ਦੇਖਣ
ਸਾਰ ਬੋਲੀ “ਲੋਗੜ ਜਿਹਾ...ਕਿਤੇ ਨਜ਼ਰ ਵੀ ਨਾਂ ਲੱਗ ਜਾਵੇ…ਜੀਂਦਾ ਵੱਸਦਾ
ਰਹੇ”ਉਸ ਨੇ ਕੁੱਬੀ ਕੁੱਬੀ ਫਿਰਦੀ ਬੇਬੇ ਮਹਿਤਾਬ ਕੁਰ ਨੂੰ ਵੀ ਵਧਾਈਆਂ
ਦਿੱਤੀਆਂ। ਤੇ ਫੇਰ ਬੇਬੇ ਦੇ ਕਹਿਣ ਤੇ ਹੀ ਵਧਾਈਆਂ ਦਾ ਗੁੜ ਭੰਨਣ ਲੱਗ
ਪਈ।
ਮਹਿਤਾਬ ਕੌਰ ਜਿਸ ਨੂੰ ਸਾਰੇ ਬੇਬੇ ਕਹਿੰਦੇ ਸਨ।ਆਪਣੇ ਜ਼ਮਾਨੇ ਵਿੱਚ ਬਹੁਤ
ਹੀ ਖੁਬਸੂਰਤ ਅਤੇ ਜੁਆਨ ਔਰਤ ਸੀ ।ਕੰਮ ਕਰਨ ਨੂੰ ਵੀ ਬੇਹੱਦ ਤਕੜੀ।ਗੋਹਾ
ਕੂੜਾ ਕਰਨਾ,ਸੰਨੀਆਂ ਰਲਾਉਣੀਆਂ,ਧਾਰਾਂ ਕੱਢਣੀਆਂ ਅਤੇ ਰੋਟੀ ਟੁੱਕ ਕਰਨਾ
ਉਸਦੇ ਜਿੰਮੇ ਸੀ।ਕੰਮ ਜਿਵੇਂ ਉਸਦੇ ਅੱਗੇ ਦੌੜਦਾ ਸੀ।ਉਹ ਚੱਕੀ
ਝੋਂਹਦੀ,ਲੱਸੀ ਰਿੜਕਦੀ,ਚਰਖਾ ਕੱਤਦੀ ਪਰ ਕਦੇ ਨਾਂ ਥੱਕਦੀ।ਨਿੱਤ ਨੇਮ ਵਿੱਚ
ਨਾਗਾ ਨਾ ਪੈਣ ਦਿੰਦੀ।ਉਸਦਾ ਵੱਡਾ ਪਰਿਵਾਰ ਸੀ।ਚਾਰ ਮੁੰਡੇ ਤੇ ਚਾਰ
ਕੁੜੀਆਂ।ਛੋਟੇ ਮੁੰਡੇ ਦੇ ਜਨਮ ਤੋਂ ਬਾਅਦ ਜਦੋਂ ਉਸ ਨੇ ਦੁਬਾਰਾ ਘਰ ਦਾ
ਕੰਮ ਸ਼ੁਰੂ ਕੀਤਾ ਤਾਂ ਇੱਕ ਦਿਨ ਗੋਹੇ ਦਾ ਭਰਿਆ ਟੋਕਰਾ ਆਪ ਹੀ ਚੁੱਕਣ
ਲੱਗੀ ਦਾ ਰੀੜ ਦੀ ਹੱਡੀ ਦਾ ਮਣਕਾ ਤਿੜਕ ਗਿਆ ਸੀ।ਉਦੋਂ ਤੋਂ ਹੀ ਉਹ ਕੁੱਬੀ
ਕੁੱਬੀ ਤੁਰਨ ਲੱਗੀ।ਜੋ ਮੁੜਕੇ ਕਦੀ ਵੀ ਠੀਕ ਨਾ ਹੋਇਆ।ਹੁਣ ਤਾਂ ਇਹ
ਜਿ਼ੰਦਗੀ ਦਾ ਰੋਗ ਅਤੇ ਉਸਦੀ ਸਖਸ਼ੀਅਤ ਦਾ ਇੱਕ ਹਿੱਸਾ ਬਣ ਗਿਆ ਸੀ।ਪਰ
ਕੰਮ ਕਰਨ ਦੀ ਆਦਤ ਅਜੇ ੳੋੁਹੋ ਹੀ ਸੀ।ਅੱਜ ਵੀ ਉਹ ਕੁੱਬੀ ਕੁੱਬੀ ਭੱਜੀ
ਫਿਰ ਰਹੀ ਸੀ।
ਫਿਰਦੀ ਵੀ ਕਿਵੇਂ ਨਾਂ ਪਰਿਵਾਰ ਦੀ ਵੇਲ ਨੂੰ ਇੱਕ ਹੋਰ ਲਗਰ ਫੁੱਟੀ ਸੀ।ਉਸ
ਨੂੰ ਯਾਦ ਆਏ ਉਹ ਦਿਨ,ਜਦੋਂ ਉਸ ਦੇ ਫੌਜੀ ਬਾਪ ਨੇ ਆਪਣੀ ਧੀ ਦਾ ਰਿਸ਼ਤਾ
ਚੋਖੀ ਜ਼ਮੀਨ ਦੇਖ ਕੇ ਸੰਤਾ ਸਿਉਂ ਨੂੰ ਕਰ ਦਿੱਤਾ ਸੀ।ਖੰਨੇ ਕੋਲ ਪੈਂਦੇ
ਪਿੰਡ ਹਰਗਣਾ ਦੀ ਔਰਤ,ਜੋ ਸੰਤਾ ਸੰਤਾ ਸਿੰਘ ਦੀ ਤਾਈ ਸੀ,ਇਹ ਰਿਸ਼ਤਾ ਲੈ
ਕੇ ਆਈ ਸੀ।ਮਹਿਤਾਬ ਕੌਰ ਨੇ ਜਦੋਂ ਵਿਆਹ ਤੋਂ ਬਾਅਦ ਜਦੋਂ ਇਹ ਰੇਤਲ਼ੇ
ਇਲਾਕੇ ਅਤੇ ਟੱਬਰ ਰਹਿਤ ਘਰ ਵਿੱਚ ਪ੍ਰਵੇਸ਼ ਕੀਤਾ,ਤਾਂ ਉਸਦਾ ਦਿਲ
ਵਲੂੰਧਰਿਆ ਗਿਆ।
“ਉਹ ਸੋਚਦੀ,ਏਥੇ ਮੇਰੇ ਜੀ ਕਿਵੇਂ ਲੱਗੂ”।ਮੁਕਲਾਵੇ ਤੋਂ ਪਹਿਲਾਂ ਉਹ ਆਪਣੀ
ਮਾਂ ਦੇ ਗਲ਼ ਲੱਗ ਧਾਹੀਂ ਰੋਈ ਸੀ “ਮਾਏ ਮੇਰੀਏ ਕਿਹੜੇ ਜਨਮਾਂ ਦਾ ਬਦਲਾ
ਲਿਐ?ਜੈ ਖਾਣਾਂ ਮਾਰੂਥਲ ਹੀ ਮਾਰੂਥਲ।ਦਰਿਆਵਾਂ ਤੋਂ ਪਾਰ ਲਜਾ ਸਿੱਟਿਆ
ਮੈਨੂੰ…।ਮੈਂ ਬਾਪੂ ਦਾ ਕੀ ਮਾੜਾ ਕੀਤਾ ਤੀ?ਹੁਣ ਮੈਨੂੰ ਮਿਲਣ ਓਥੇ ਕੀਹਨੇ
ਜਾਣੈ?ਕੋਈ ਟੱਬਰ ਟੀਹਰ ਵੀ ਨੀ,ਜਿੱਥੇ ਜੀ ਲੱਗ ਜਾਵੇ”।ਉਹ ਤਾਂ ਅਪਣੇ ਭਰਾ
ਹਕੀਮ ਅਤੇ ਹਰਨਾਮ ਦੇ ਗਲ ਲੱਗ ਕੇ ਵੀ ਭੁੱਬੀ ਰੋਈ ਸੀ।ਮੁੜਦੀ ਗੱਡੀ ਤੋਂ
ਬਾਅਦ ਉਹ ਨੂੰ ਕੋਈ ਘੱਟ ਹੀ ਮਿਲਣ ਆਇਆ ਸੀ।ਐਡੀ ਦੂਰ ਤੁਰ ਕੇ ਔਂਦਾ ਵੀ
ਕੌਣ?ਫੇਰ ਉਸਦੇ ਬੱਚੇ ਹੋਏ।ਚਾਰ ਮੁੰਡੇ ਤੇ ਚਾਰ ਕੁੜੀਆਂ।ਉਸਦਾ ਦਿਲ ਲੱਗ
ਗਿਆ।ਘਰ ‘ਚ ਰੌਣਕ ਹੋ ਗਈ।ਤੇ ਹੁਣ ਇਹ ਵੇਲ ਅੱਗੇ ਵਧ ਰਹੀ ਸੀ।ਉਸ ਨੇ ਗੁੜ
ਭੰਨ ਕੇ ਛੰਨੇ ਵਿੱਚ ਪਾਇਆ ਤੇ ਦੁੱਧ ਚਿੱਟੇ ਪੋਣੇ ਨਾਲ ਢਕ ਦਿੱਤਾ।
ਹਰਦੇਵ ਕੌਰ ਨੇ ਫੇਰ ਸਿਮਰੋ ਤੇ ਸਰਨੋਂ ਨੂੰ ਕਿਹਾ “ਚਲੋ ਕੁੜੇ ਚੱਕੋ ਗੁੜ
ਦਾ ਛੰਨਾ,ਤੇਰੇ ਵੀਰ ਉਨੀ ਤਾਂ ਖੁਸ਼ਖਬਰੀ ‘ਡੀਕਦੇ ਹੋਣੇ ਨੇ।ਨਾਲੇ ਸੰਨੀਆਂ
ਕਰ ਕੇ ਧਾਰਾਂ ਕੱਢ ਲਿਆਈਏ” ਦੋਨੋਂ ਬੀਬੀਆਂ ਨਣਦਾਂ ਉਸ ਨਾਲ ਤੁਰ
ਪਈਆਂ।ਰਸਤੇ ਦੇ ਵਿੱਚ ਉਸਨੇ ਚਾਚੀ ਸੀਬੋ ਤੇ ਇੱਕ ਦੋ ਹੋਰਾਂ ਦੇ ਹੱਥ ਤੇ
ਗੁੜ ਦੀ ਰੋੜੀ ਧਰ ਕੇ ਖੁਸ਼ੀ ਦੀ ਖਬਰ ਸਾਂਝੀ ਕੀਤੀ।
ਜਦੋਂ ਉਹ ਬਾਹਰਲੇ ਘਰ ਗਈ ਤਾਂ ਟੋਕਾ ਕੁਤਰਨੀ ਮਸ਼ੀਨ ਚੱਲ ਰਹੀ ਸੀ।ਗਾਧੀ
ਨੂੰ ਜੁੜਿਆ ਬੋਤਾ ਆਪਣੀ ਮਸਤ ਚਾਲ ਚੱਲ ਰਿਹਾ ਸੀ।ਹਰਦੇਵ ਕੁਰ ਦੇ ਘਰ ਵਾਲਾ
ਗੁਰਜੀਤ ਸਿਉਂ ਮਸ਼ੀਨ ਤੇ ਬਰਸੀਮ ਦਾ ਰੁੱਗ ਲਾ ਰਿਹਾ ਸੀ।ਦਿਉਰ ਬਲਕਾਰ
ਸਿੰਘ ਬਲਦਾ ਨੂੰ ਪੇੜੇ ਕਰ ਰਿਹਾ ਸੀ।ਬਲਦਾ ਦੀ ਸੇਵਾ ਕਰਕੇ ਉਨ੍ਹਾ ਨੂੰ
ਹਾੜੀ ਦੀ ਗਹਾਈ ਲਈ ਤਿਆਰ ਕੀਤਾ ਜਾ ਰਿਹਾ ਸੀ।ਦੇਬੂ ਚਮਾਰ ਜੋ ਉਨ੍ਹਾਂ ਨਾਲ
ਸਾਂਝੀ ਰਲਿਆ ਹੋਇਆ ਸੀ,ਫੌੜਾ ਲੈਕੇ ਪਸ਼ੂਆਂ ਦਾ ਗੋਹਾ ਹਟਾਉਣ ਦੇ ਨਾਲ ਨਾਲ
ਬੋਤੇ ਨੂੰ ਵੀ ਹੱਕੀ ਜਾਂਦਾ ਸੀ।
ਹਰਦੇਵ ਕੌਰ ਨੇ ਨਾਲ਼ ਲਿਆਂਦੀ,ਭਿੱਜੀ,ਖਲ਼ ਵੜੇਵਿਆਂ ਦੀ ਬਾਲਟੀ ਸਰਨੋ ਨੂੰ
ਫਵਾਉਂਦਿਆਂ ਕਿਹਾ“ਤੁਸੀਂ ਸੰਨੀ ਕਰੋ,ਮੈਂ ਆਈ”ਉਸ ਨੂੰ ਸਾਹਮਣੇ ਛੱਪਰ
ਮੂਹਰੇ ਸੰਤਾ ਸਿੰਘ ਰੱਸਾ ਵੱਟਦਾ ਦਿਖਿਆ।ਉਸ ਨੇ ਆਪਣਾ ਘੁੰਡ ਲੰਮਾ ਕਰ ਲਿਆ
ਤੇ ਖੁਸ਼ੀ ਵਿੱਚ ਖੀਵੀ ਹੋਈ ਉਧਰ ਤੁਰ ਪਈ “ਵਧਾਈਆਂ ਬਾਪੂ ਜੀ ਮਖਾਂ ਤੂੰ
ਨਾਨਾ ਬਣ ਗਿਆ।ਆਪਣੀ ਬਚਨੋਂ ਕੋਲ ਸੁੱਖ ਨਾਲ ਮੁੰਡਾ ਐ”ਉਸ ਨੇ ਗੁੜ ਦੀ
ਰੋੜੀ ਵੀ ਅੱਗੇ ਵਧਾ ਦਿੱਤੀ।ਲੰਬੜਦਾਰ ਸੰਤਾ ਸਿਉਂ ਦੇ ਚੇਹਰੇ ਤੇ ਖੁਸ਼ੀ
ਦਾ ਖਿੜਾ ਆਇਆ।ਉਸ ਨੇ ਧਰਤੀ ਨਮਸਕਾਰੀ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ
ਕੀਤਾ।ਪਰ ਫੇਰ ਹਰਦੇਵ ਕੁਰ ਆਪਣੇ ਘਰਵਾਲੇ ਅਤੇ ਦਿਉਰ ਕੋਲ,ਇਹ ਖਬਰ ਲੈ
ਕੇ,ਮੂੰਹ ਮਿੱਠਾ ਕਰਾਉਣ ਚਲੀ ਗਈ।ਸਾਰਿਆਂ ਨੂੰ ਇੱਕ ਚਾਅ ਜਿਹਾ ਚੜ ਗਿਆ
ਸੀ।
ਦੇਬੂ ਚਮਾਰ ਨੇ ਪਰਨੇ ਦੇ ਲੜ ਨਾਲ ਫੜ ਕੇ ਗੁੜ ਦੀ ਰੋੜੀ ਮੂੰਹ ‘ਚ
ਪਾਈ।ਤਸਲੇ ਵਿੱਚ ਪਏ ਪਾਣੀ ਨਾਲ ਹੱਥ ਸੁੱਚੇ ਕਰ ਕੇ ਉਹ ਪਿਛਲੇ ਵਿਹੜੇ
ਵਿੱਚੋਂ ਖੱਬਲ ਦੀਆਂ ਤਿੜਾਂ ਪੁੱਟ ਲਿਆਇਆ ਅਤੇ ਸੰਤਾਂ ਸਿੰਘ ਦੀ ਪੱਗ ‘ਚ
ਟੁੰਗਿਦਿਆਂ ਉਸ ਨੇ ਵਧਾਈਆਂ ਦਿੱਤੀਆਂ “ਵਧਾਈਆਂ ਲੰਬੜਦਾਰ ਜੀ ਪ੍ਰਮਾਤਮਾਂ
ਏਸੇ ਤਰਾਂ ਵੇਲ ਵਧਾਵੇ”।ਸੰਤਾ ਸਿੰਘ ਨੇ ਖੀਸੇ ‘ਚ ਹੱਥ ਮਾਰ ਕੇ ਇੱਕ
ਪੋਟਲੀ ਖੋਹਲੀ ਤੇ ਉਸ ਵਿੱਚੋਂ ਚਾਂਦੀ ਦਾ ਰੁਪਈਆ ਕੱਡ ਕੇ ਦੇਬੂ ਦੀ ਤਲੀ
ਤੇ ਧਰ ਦਿੱਤਾ।ਅੱਗੋਂ ਉਸ ਨੇ ਵੀ ਅਸੀਸਾਂ ਦੀ ਝੜੀ ਲਾ ਦਿੱਤੀ ‘ਸੱਚੇ
ਪਾਸ਼ਾ ਵੇਲ ਵਧਾਵੇ,ਭਾਗ ਲੱਗੇ ਰਹਿਣ,ਜੀਂਦੇ ਵਸਦੇ ਰਹੋ,ਪ੍ਰਮਾਤਮਾਂ ਬਹੁਤਾ
ਦੇਵੇ”।
ਅੱਜ ਦਾ ਸੂਰਜ ਕਾਢੀ ਥੱਲੇ ਜਾ ਚੁੱਕਾ ਸੀ।ਡੁੱਬ ਰਹੇ ਸੂਰਜ ਦੀ ਲਾਲੀ ਘਰ
ਦੇ ਬਨੇਰਿਆਂ ਤੇ ਲਾਲ ਭਾਅ ਮਾਰ ਰਹੀ ਸੀ।ਅੱਜ ਪਿੰਡ ਵਿੱਚ ਤਾਂ ਸਵੇਰ ਤੋਂ
ਹੀ ਰੌਣਕ ਤੇ ਖੁਸ਼ੀ ਵਾਲਾ ਮਹੌਲ ਸੀ।ਕਿਉਂਕਿ ਊਧੇ ਦੀ ਧੀ,ਪਾਸ਼ੋ ਦਾ ਵਿਆਹ
ਸੀ।ਤਿੰਨ ਦਿਨਾਂ ਤੋਂ ਠਹਿਰੀ ਬਰਾਤ ਦੇ ਵਿਦਾ ਹੋਣ ਨਾਲ ਪਿੰਡ ਵਿੱਚ ਜਿਵੇਂ
ਸੁੰਨ ਜਿਹੀ ਪਸਰ ਗਈ ਸੀ।ਤੇ ਏਸ ਸੁੰਨ ਵਿੱਚ ਗੁਰਦੁਵਾਰੇ ਦਾ ਘੜਿਆਲ ਵੀ
ਬਹੁਤ ਦੂਰ ਤੱਕ ਸੁਣਿਆ ਸੀ।ਗਿਆਨੀ ਗੁਰਮੁੱਖ ਸਿੰਘ ਵਲੋਂ ਕੀਤਾ ਜਾ ਰਿਹਾ
‘ਰਹਿਰਾਸ’ਦਾ ਪਾਠ ਅੱਜ ਦੂਰ ਤੱਕ ਸੁਣਾਈ ਦੇ ਰਿਹਾ ਸੀ।ਸੰਤਾਂ ਸਿੰਘ ਨੇ ਵੀ
ਹੱਥ ਮੂੰਹ ਧੋ ਕੇ ਦੋ ਵੇਲੇ ਮਿਲਦਿਆਂ ਹੀ ‘ਰਹਿਰਾਸ’ ਦਾ ਪਾਠ ਸ਼ੁਰੂ ਕਰ
ਲਿਆ।
ਏਨੇ ਨੂੰ ਹਰਦੇਵ ਕੁਰ ਨੇ ਧਾਰਾਂ ਕੱਢ ਲਈਆਂ।ਛੱਪਰ ਅੰਦਰ ਦੇਬੂ ਨੇ
ਖੁਰਲੀਆਂ ਵਿੱਚ ਪੱਠੇ ਪਾਕੇ ਡੰਗਰ ਅੰਦਰ ਕਰ ਦਿੱਤੇ।ਗੁਰਜੀਤ ਤੇ ਬਲਕਾਰ ਨੇ
ਸਮਾਨ ਸੰਭਾਲਿਆ ਤੇ ਹੋਰ ਨਿੱਕਾ ਮੋਟਾ ਕੰਮ ਕੀਤਾ।ਉਹ ਚੋਏ ਦੁੱਦ ਦੀਆਂ
ਭਰੀਆਂ ਬਾਲਟੀਆਂ ਚੁੱਕ ਕੇ ਅੰਦਰਲੇ ਘਰ ਨੂੰ ਤੁਰ ਪਈਆਂ।ਅੱਗੇ ਹਰਦੇਵ ਕੁਰ
ਦੀ ਦਰਾਣੀ ਜੋਗਿੰਦਰੋ ਆਟਾ ਗੁੰਨ ਰਹੀ ਸੀ। ਪਾਣੀ ਦਾ ਪਤੀਲਾ ਗਰਮ ਹੋਇਆ
ਪਿਆ ਸੀ।ਘਰ ਅੰਦਰ ਨਵ ਜਨਮੇ ਬੱਚੇ ਦੀ ਅਨੂਠੀ ਖੁਸ਼ੀ ਜਿਵੇਂ ਸਭ ਦਾ
ਇੰਤਜ਼ਾਰ ਕਰ ਰਹੀ ਸੀ।
|