Welcome to Seerat.ca

ਈਰਖ਼ਾ-2

 

- ਇਕਬਾਲ ਰਾਮੂਵਾਲੀਆ

ਅੱਲਾ ਤੇ ਜੱਲਾ

 

- ਹਰਜੀਤ ਅਟਵਾਲ

ਬੇਵਤਨੀ

 

- ਅਮਰਜੀਤ ਚੰਦਨ

ਵਿਥਿਆ
ਮਾਰਚ 1929

ਨੰਗਾ ਧੜ, ਕਾਠ ਦੀ ਤਲਵਾਰ ਤੇ ਚੱਪਾ ਚੱਪਾ ਕਰਕੇ ਜਿੱਤ ਹੁੰਦੀ ਜ਼ਮੀਨ

 

- ਬਲਵਿੰਦਰ ਗਰੇਵਾਲ

ਸੁਰਗਾਂ ਨੂੰ ਜਾਣ ਹੱਡੀਆਂ...

 

- ਨਿੰਦਰ ਘੁਗਿਆਣਵੀ

ਮੇਰੀ ਧਰਤੀ

 

- ਸੁਪਨ ਸੰਧੂ

Èbd aMbI

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸਾਂਝ ਦੇ ਕਿੰਨੇ ਆਧਾਰ ਪਰ ਮੌਕਿਆਂ ਦੀ ਕਮੀ

 

- ਵਰਿਆਮ ਸਿੰਘ ਸੰਧੂ

ਯਾਦਗ਼ਾਰੀ ਕਹਾਣੀ:
ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਪੋਲ-ਵਾਲਟ ਦਾ ਏਸ਼ੀਅਨ ਚੈਂਪੀਅਨ-ਸਤਨਾਮ ਸਿੰਘ ਰੰਧਾਵਾ

 

- ਗੌਰਵ ਢਿਲੋਂ

ਨਵੇਂ ਸਾਲ ‘ਤੇ ਸੱਚੀਆਂ ਸੁਣਾਵੇ ਭੀਰੀ......!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਮੇਰੇ ਚੇਤੇ ਦੀ ਚੰਗੇਰ

 

- ਮੇਜਰ ਮਾਂਗਟ

ਮਿੱਤਰਾਂ ਦੀ ਯਾਦ ਪਿਆਰੀ

 

- ਅਮਰਦੀਪ ਗਿੱਲ

rMg rMgIlf bMdf KusLvMq isMG

 

- blvMq gfrgI

ਵਾਗੀ

 

- ਸੁਖਦੇਵ ਸਿੱਧੂ

 

ਸਾਂਝ ਦੇ ਕਿੰਨੇ ਆਧਾਰ ਪਰ ਮੌਕਿਆਂ ਦੀ ਕਮੀ
- ਵਰਿਆਮ ਸਿੰਘ ਸੰਧੂ

 

ਐਤਵਾਰ, ਪੰਦਰਾਂ ਅਪਰੈਲ, ਕਾਨਫ਼ਰੰਸ ਦਾ ਤੀਸਰਾ ਦਿਨ ਸੀ। ਅਸੀਂ ਕਾਨਫ਼ਰੰਸ ‘ਚੋਂ ਘੁਸਾਈ ਮਾਰਨ ਦਾ ਫ਼ੈਸਲਾ ਕਰ ਲਿਆ।
ਡਾ. ਜਗਤਾਰ ਦੇ ਮਿੱਤਰ ਉਮਰ ਗਨੀ ਦੀ ਜਹਾਜ਼ ਜਿੱਡੀ ਕਾਰ ਸੀ। ਪੇਂਡੂ ਪਹਿਰਾਵੇ ਵਾਲੇ ਡਰਾਈਵਰ ਨਾਲ ਅਗਲੀ ਸੀਟ ਉਤੇ ਡਾ. ਜਗਤਾਰ ਬੈਠਾ ਸੀ, ਪਿੱਛੇ ਉਮਰ ਗਨੀ, ‘ਰਵੇਲ’ ਦਾ ਨੌਜਵਾਨ ਐਡੀਟਰ ਰਿਜ਼ਵਾਨ ਅਹਿਮਦ ਤੇ ਮੈਂ। ਕਿਸੇ ਬੈਂਕਿੰਗ ਅਦਾਰੇ ਵਿਚੋਂ ਬਹੁਤ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਉਮਰ ਗਨੀ ਪਾਕਪਟਨ ਤੋਂ ਜਗਤਾਰ ਦੇ ਬੁਲਾਵੇ ਉਤੇ ਉਚੇਚਾ ਇਥੇ ਆਇਆ ਸੀ ਸਾਨੂੰ ਲਾਹੌਰ ਦੀ ਸੈਰ ਕਰਾਉਣ। ਸਾਡੇ ਪਾਸਪੋਰਟ ਉੱਤੇ ‘ਸਿਰਫ ਲਾਹੌਰ’ ਲਿਖਿਆ ਹੋਣ ਕਰਕੇ ਸਰਕਾਰੀ ਤੌਰ ‘ਤੇ ਸਾਨੂੰ ਲਾਹੌਰ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ। ਫੌਜੀ ਹਕੂਮਤ ਸੀ ਤੇ ਦੋਵਾਂ ਦੇਸ਼ਾਂ ਦੇ ਸਬੰਧ ਵੀ ਅਣਸੁਖਾਵੇਂ ਸਨ, ਇਸ ਲਈ ਚਾਹ ਕੇ ਵੀ ਪਾਕਪਟਨ ਨਾ ਜਾ ਸਕਣ ‘ਤੇ ਪੰਜਾਬੀ ਦੇ ਪਹਿਲੇ ਮਹਾਨ ਸ਼ਾਇਰ ਬਾਬਾ ਫ਼ਰੀਦ ਦੇ ਨਤਮਸਤਕ ਨਾ ਹੋ ਸਕਣ ਦਾ ਵਿਗੋਚਾ ਸਾਨੂੰ ਦੁਖੀ ਕਰ ਰਿਹਾ ਸੀ।
‘‘ਅੱਛਾ, ਜਦੋਂ ਮੇਰੇ ਬਾਬੇ ਦੀ ਮਰਜ਼ੀ ਹੋਈ ਉਹਨੇ ਆਪੇ ਬੁਲਾ ਲੈਣੈ ਆਪਣੇ ਕੋਲ,’’ ਡਾ. ਜਗਤਾਰ ਨੇ ਇਕ ਤਰ੍ਹਾਂ ਹਉਕਾ ਲਿਆ।
‘‘ਚਲੋ ਵਰਿਆਮ ਨੂੰ ਇਥੇ ਵਾਲੇ ਬਾਬੇ ਨੂੰ ਤਾਂ ਮਿਲਾਈਏ।’’
ਕਾਰ ਦਾ ਰੁਖ਼ ਉਸ ਇਲਾਕੇ ਵੱਲ ਹੋ ਗਿਆ ਜਿਥੇ ਮਹਾਨ ਸੂਫੀ ਸ਼ਾਇਰ ਸ਼ਾਹ ਹੁਸੈਨ ਦਾ ਮਜ਼ਾਰ ਹੈ। ਡਾ. ਜਗਤਾਰ ਨੇ ਤਾਂ ਲਾਹੌਰ ਅਨੇਕਾਂ ਵਾਰ ਵੇਖਿਆ ਸੀ ਤੇ ਸਾਰੀਆਂ ਦਰਸ਼ਨੀ ਥਾਵਾਂ ਵੀ। ਉਹ ਮੇਰੀ ਅਗਵਾਈ ਕਰਕੇ ਮੈਨੂੰ ਇਮਾਰਤਾਂ ਤੋਂ ਪਾਰ ਜਾ ਕੇ ਇਤਿਹਾਸ ਵਿਚ ਲੁਕਿਆ ਲਾਹੌਰ ਵੀ ਦਿਖਾਉਣਾ ਚਾਹੁੰਦਾ ਸੀ।
‘‘ਪਹਿਲਾ ਸ਼ਾਲਾਮਾਰ ਬਾਗ਼ ਵੀ ਵਿਖਾ ਲਈਏ ਇਹਨੂੰ, ਨਾਲ ਹੀ ਪੈਂਦਾ ਏਥੇ।’’
ਸਬੰਧਿਤ ਇਲਾਕੇ ਵਿਚ ਵੜਦਿਆਂ ਹੀ ਜਗਤਾਰ ਦੀ ਹਦਾਇਤ ਦੀ ਪਾਲਣਾ ਕਰਦਿਆਂ ਡਰਾਈਵਰ ਨੇ ਗੱਡੀ ਸ਼ਾਲਾਮਾਰ ਬਾਗ਼ ਦੇ ਬਾਹਰਵਾਰ ਖੜ੍ਹੀ ਕਰ ਦਿੱਤੀ।
ਅੰਦਰ ਦਾਖ਼ਲ ਹੁੰਦਿਆਂ ਹੀ ਉਸ ਵਿਸ਼ਾਲ ਬਾਗ਼ ਵਿਚ ਦੂਰ ਤਕ ਝਾਤੀ ਮਾਰ ਕੇ ਪੁਰ-ਸਕੂਨ ਸਾਹ ਲਿਆ। ਇਮਾਰਤਾਂ ਤੇ ਬਾਗ਼ਾਂ ਦਾ ਸਿਰਜਣਹਾਰ ਸ਼ਹਿਨਸ਼ਾਹ ਸ਼ਾਹਜਹਾਨ ਚੇਤੇ ਆਇਆ। ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦਾ ਲੇਖ ‘ਸ਼ਾਲਾਮਾਰ ਬਾਗ਼ ਵਿਚ ਡੇਲੀਆ’ ਤੇ ਇਸ ਬਾਗ਼ ਨਾਲ ਜੁੜਿਆ ਹੋਰ ਬਹੁਤ ਕੁਝ ਚੇਤੇ ‘ਚੋਂ ਲੰਘਿਆ। ਲਾਹੌਰ ਟੀ.ਵੀ. ਤੋਂ ਕਈ ਵਾਰ ਇਸ ਬਾਗ਼ ਬਾਰੇ ਵੇਖੀ ਹੋਈ ਦਸਤਾਵੇਜ਼ੀ ਫਿਲਮ ਯਾਦ ਆਈ ਤੇ ਡਰਾਮਿਆਂ ਵਿਚ ਲਏ ਇਸ ਬਾਗ਼ ਦੇ ਦ੍ਰਿਸ਼ ਵੀ ਯਾਦ ਆਏ ; ਆਪਣੇ ਪਿੰਡ ਦੇ ਗ਼ਦਰੀ ਪ੍ਰੇਮ ਸਿੰਘ ਦਾ ਸ਼ਾਲਾਮਾਰ ਬਾਗ਼ ਵਿਚ ਲੱਗੇ ਮੇਲੇ ਸਮੇਂ ਗ਼ਦਰੀਆਂ ਦੇ ਦੁਸ਼ਮਣ ਇਕ ਥਾਣੇਦਾਰ ਉਤੇ ਬੰਬ ਸੁੱਟਣਾ ਵੀ ਚੇਤੇ ‘ਚੋਂ ਲੰਘਿਆ।
ਤਾਂ ਇਹ ਹੈ ਲਾਹੌਰ ਦਾ ਸ਼ਾਲਾਮਾਰ ਬਾਗ਼। ਅਸੀਂ ਬਾਗ਼ ਦਾ ਚੱਕਰ ਲਾਉਣ ਲੱਗੇ। ਸਾਡੀਆਂ ਪੱਗਾਂ ਦੇਖ ਕੇ ਦੋ ਲੜਕੇ ਦੂਰੋਂ ਉਚੇਚੇ ਚਲ ਕੇ ਸਾਡੇ ਵੱਲ ਆਏ। ਦਸ ਗਿਆਰਾਂ ਸਾਲ ਦੀ ਉਮਰ ਹੋਵੇਗੀ। ਸ਼ਾਇਦ ਐਤਵਾਰ ਦੀ ਛੁੱਟੀ ਮਾਨਣ ਤੇ ਮਟਰਗਸ਼ਤੀ ਕਰਨ ਲਈ ਬਾਗ਼ ਵਿਚ ਚਲੇ ਆਏ ਹੋਣਗੇ। ਜਗਤਾਰ ਤੇ ਮੈਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਮੁਸਕਰਾ ਕੇ, ‘‘ਠੀਕ ਹੈ, ਬਹੁਤ ਵਧੀਆ ਹੈ,’’ ਆਖਿਆ ਤੇ ਸਾਡੇ ਨਾਲ ਨਾਲ ਹੀ ਤੁਰ ਪਏ।
ਅਸੀਂ ਆਪਣੀਆਂ ਗੱਲਾਂ ਵਿਚ ਰੁੱਝ ਗਏ। ਪਰ ਉਹ ਛੋਟੇ ਬੱਚੇ ਧੌਣਾਂ ਟੇਢੀਆਂ ਤੇ ਉਚੀਆਂ ਕਰਕੇ ਸਾਡੇ ਮੂੰਹਾਂ ਵੱਲ ਵੇਖਦੇ ਜਿਵੇਂ ਸਾਡੇ ਮੂੰਹੋਂ ਕਿਰ ਰਹੇ ਬੋਲਾਂ ਨੂੰ ਬੋਚ ਲੈਣਾ ਚਾਹੁੰਦੇ ਹੋਣ। ਉਹ ਮੇਰੇ ਸੱਜੇ ਹੱਥ ਮੇਰੇ ਨਾਲ ਨਾਲ ਸਨ ਤੇ ਮੈਂ ਉਨ੍ਹਾਂ ਦੇ ਚਿਹਰਿਆਂ ਦੇ ਹਾਵ-ਭਾਵ ਜਾਨਣ ਦੀ ਕੋਸਿ਼ਸ਼ ਕਰ ਰਿਹਾ ਸੀ।
‘‘ਬੇਲੀਓ! ਤੁਹਾਡਾ ਨਾਂ ਕੀ ਹੈ?’’ ਮੈਂ ਰੁਕ ਕੇ ਉਨ੍ਹਾਂ ਨੂੰ ਪੁੱਛਿਆ। ਇਕ ਨੇ ਬੜੇ ਉਤਸ਼ਾਹ ਨਾਲ ਦੱਸਿਆ, ‘‘ਮੇਰਾ ਨਾਂ ਆਮਿਰ ਹੈ ਤੇ ਇਹਦਾ ਅਦਨਾਨ।’’
ਉਨ੍ਹਾਂ ਦੇ ਚਿਹਰਿਆਂ ਉਤੇ ਚਮਕ ਸੀ। ਮੈਂ ਆਪਣੇ ਸਾਥੀਆਂ ਤੋਂ ਪਿੱਛੇ ਰਹਿ ਕੇ ਉਨ੍ਹਾਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ‘ਚ ਰੁੱਝ ਗਿਆ। ਉਨ੍ਹਾਂ ਦੱਸਿਆ ਕਿ ਉਹ ਪੰਜਵੀਂ ਜਮਾਤ ਦੇ ਵਿਦਿਆਰਥੀ ਹਨ। ਦਰਮਿਆਨੇ ਦਰਜੇ ਦੇ ਕਿਸੇ ਪਬਲਿਕ ਸਕੂਲ ਦੇ ਵਿਦਿਆਰਥੀ। ਮੈਂ ਨਵੀਂ ਸਿੱਖੀ ਸ਼ਾਹਮੁਖੀ ਲਿਪੀ ਦੇ ਮਾਧਿਅਮ ਰਾਹੀਂ ਉਨ੍ਹਾਂ ਨਾਲ ਜੁੜਨਾ ਚਾਹਿਆ ਤੇ ਆਪਣੀ ਕਲਮ ਨਾਲ ਉਨ੍ਹਾਂ ਦੇ ਹੱਥਾਂ ਦੀਆਂ ਤਲੀਆਂ ਉਤੇ ਉਨ੍ਹਾਂ ਦੇ ਨਾਂ ਲਿਖੇ। ਇਹ ਉਨ੍ਹਾਂ ਲਈ ਅਲੋਕਾਰੀ ਗੱਲ ਸੀ। ਉਹ ਖ਼ੁਸ਼ੀ ਨਾਲ ਆਪਣੀਆਂ ਖੁੱਲ੍ਹੀਆਂ ਤਲੀਆਂ ‘ਤੇ ਲਿਖੇ ਮੇਰੇ ਅੱਖਰ ਦੇਖ ਰਹੇ ਸਨ ਤੇ ਮੇਰੇ ਵੱਲ ਵੇਖ ਕੇ ਮੁਸਕਰਾ ਰਹੇ ਸਨ।
‘‘ਅੱਛਾ ਆਮਿਰ ਮੀਆਂ! ਦੱਸੋ ਭਾਰਤੀ ਫਿ਼ਲਮਾਂ ਦੇਖਦੇ ਹੁੰਦੇ ਓ।’’
‘‘ਵੇਖਦੇ ਹੁੰਦੇ ਆਂ...‘‘ ਉਨ੍ਹਾਂ ਦਾ ਸਾਂਝਾ ਉਤਸ਼ਾਹੀ ਜੁਆਬ ਸੀ।
‘‘ਕਿਹੜੀ ਹੀਰੋਇਨ ਚੰਗੀ ਲੱਗਦੀ ਹੈ ਸਭ ਤੋਂ ਵੱਧ।’’
‘‘ਸਾਰੀਆਂ ਹੀ।’’
ਮੈਂ ਹੱਸ ਕੇ ਕਿਹਾ, ‘‘ਸਾਰੀਆਂ ਨਹੀਂ, ਜੇ ਕਿਸੇ ਇਕ ਅੱਧੀ ਦਾ ਨਾਂ ਲਵੋ ਤਾਂ ਤੇਰੇ ਕੋਲ ਭੇਜ ਦਿਆਂਗੇ। ਸਾਰੀਆਂ ਤਾਂ ਨਹੀਂ ਅਸੀਂ ਦੇਣ ਲੱਗੇ।’’
ਉਹ ਖਿੜ-ਖਿੜਾ ਕੇ ਹੱਸੇ ਤੇ ਅਦਨਾਨ ਨੇ ਫਿਰ ਕਿਹਾ, ‘‘ਨਹੀਂ ਸਾਰੀਆਂ ਹੀ ਚੰਗੀਆਂ ਨੇ।’’
ਉਨ੍ਹਾਂ ਨਾਲ ਤੁਰਿਆਂ ਜਾਂਦਿਆਂ ਮੈਂ ਬਾਗ਼ ਦੇ ਆਸੇ-ਪਾਸੇ ਝਾਤੀ ਵੀ ਮਾਰ ਰਿਹਾ ਸੀ। ਹਰੇ ਮੈਦਾਨ ਤੇ ਹਰੇ ਭਰੇ ਰੁੱਖ ਤਾਂ ਸਨ ਪਰ ਬਾਗ਼ ਵਿਚਲੀਆਂ ਨਿੱਕੀਆਂ ਨਹਿਰਾਂ ‘ਤੇ ਫੁਹਾਰਿਆਂ ਵਿਚ ਪਾਣੀ ਨਹੀਂ ਸੀ। ਸ਼ਾਇਦ ਗਰਮੀਆਂ ਦੇ ਮੌਸਮ ਦਾ ਅਸਰ ਸੀ, ਦਿਲ ਨੂੰ ਧੂਹ ਪਾਉਣ ਵਾਲੇ ਫੁੱਲਾਂ ਦੀ ਖ਼ੂਬਸੂਰਤੀ ਵੀ ਗ਼ੈਰ-ਹਾਜ਼ਰ ਸੀ। ਫਿਰ ਵੀ ਮਨ ਨੂੰ ਅਥਾਹ ਖ਼ੁਸ਼ੀ ਸੀ ਇਸ ਇਤਿਹਾਸਕ ਬਾਗ਼ ਵਿਚ ਇਨ੍ਹਾਂ ਛੋਟੇ ਬੱਚਿਆਂ ਦੇ ਅੰਗ-ਸੰਗ ਤੁਰਦਿਆਂ।
ਮੈਂ ਰੁਕ ਕੇ ਉਨ੍ਹਾਂ ਦੋਹਾਂ ਨੂੰ ਸਾਂਝਾ ਸੁਆਲ ਕੀਤਾ, ‘‘ਅੱਛਾ! ਇਹ ਦੱਸੋ ਪਹਿਲਾਂ ਕਦੀ ਸਾਡੇ ਵਰਗੇ ਪੱਗਾਂ ਤੇ ਦਾੜ੍ਹੀਆਂ ਵਾਲੇ ਸਿੱਖ ਵੇਖੇ ਜੇ?’’
‘‘ਐਸ ਤਰ੍ਹਾਂ ਨਹੀਂ ; ਟੀ.ਵੀ. ਉਤੇ ਵੇਖੇ ਹੋਏ ਨੇ,’’ ਅਦਨਾਨ ਨੇ ਆਖਿਆ।
‘‘ਐਸ ਤਰ੍ਹਾਂ ਪਹਿਲੀ ਵਾਰ ਆਹਮੋ ਸਾਹਮਣੇ ਵੇਖ ਕੇ ਤੁਹਾਨੂੰ ਸਿੱਖ ਕਿਹੋ ਜਿਹੇ ਲੱਗੇ ਨੇ?’’ ਮੈਂ ਔਖਾ ਜਿਹਾ ਸੁਆਲ ਪਾ ਦਿੱਤਾ।
‘‘ਅੰਗਰੇਜ਼ਾਂ ਤੋਂ ਕਈ ਗੁਣਾਂ ਵਧ ਕੇ ਚੰਗੇ,’’ ਆਮਿਰ ਦਾ ਜੁਆਬ ਵੀ ਔਖਾ ਸੀ ਤੇ ਮੈਂ ਇਸ ਦੇ ਅਰਥ ਸਮਝਣ ਦੀ ਕੋਸਿ਼ਸ਼ ਵਿਚ ਹੀ ਸਾਂ ਕਿ ਉਸ ਨੇ ਆਪ ਹੀ ਇਸ ਦੀ ਵਿਆਖਿਆ ਕਰ ਦਿੱਤੀ, ‘‘ਅੰਗਰੇਜ਼ ਤਾਂ ਬੋਲਦੇ ਹੀ ਗਿਟਮਿਟ ਗਿਟਮਿਟ ਨੇ। ਉਨ੍ਹਾਂ ਦੀ ਬੋਲੀ ਹੀ ਸਮਝ ਨਹੀਂ ਆਉਂਦੀ। ਤੁਸੀਂ ਤਾਂ ਬਿਲਕੁਲ ਸਾਡੇ ਵਾਂਗ ਹੀ ਬੋਲਦੇ ਹੋ।’’
ਅਸਲ ਵਿਚ ਅਸੀਂ ਪਹਿਲੇ ਸਿੱਖ ਹਾਂ ਜੋ ਉਨ੍ਹਾਂ ਦੇ ਸੰਪਰਕ ਵਿਚ ਆਏ ਸਾਂ। ਉਨ੍ਹਾਂ ਲਈ ਤਾਂ ਸਿੱਖ ‘ਵਿਦੇਸ਼ੀ’ ਸਨ। ਜਿਵੇਂ ਅੰਗਰੇਜ਼ ‘ਵਿਦੇਸ਼ੀ’ ਸਨ। ਤੇ ਅੰਗਰੇਜ਼ ਵਿਦੇਸ਼ੀਆਂ ਦੀ ‘ਗਿਟ ਮਿਟ’ ਉਨ੍ਹਾਂ ਨੂੰ ਆਮ ਪੰਜਾਬੀ ਵਿਦਿਆਰਥੀਆਂ ਵਾਂਗ ਸਮਝਣੀ ਮੁਸ਼ਕਲ ਸੀ ਪਰ ਉਨ੍ਹਾਂ ਲਈ ਇਹ ਹੈਰਾਨੀ ਭਰੀ ਖ਼ੁਸ਼ੀ ਦੀ ਗੱਲ ਸੀ ਕਿ ਸਾਡੇ ਰੂਪ ਵਿਚ ਵਿਦੇਸ਼ੀ ਲੋਕ ਉਨ੍ਹਾਂ ਦੀ ਆਪਣੀ ਬੋਲੀ ਪੰਜਾਬੀ ਵਿਚ ਹੀ ਗੱਲਾਂ ਕਰ ਰਹੇ ਸਨ, ਬਿਲਕੁਲ ਉਨ੍ਹਾਂ ਵਾਂਗ ਹੀ। ਉਨ੍ਹਾਂ ਨੂੰ ਸ਼ਾਇਦ ਪਹਿਲਾਂ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਸਾਡੇ ਲੋਕਾਂ ਦੀ ਜ਼ਬਾਨ ਵੀ ਪੰਜਾਬੀ ਹੀ ਹੈ। ਉਨ੍ਹਾਂ ਬੱਚਿਆਂ ਦੇ ਮਿਲਾਪ ਨੇ ਦੱਸ ਦਿੱਤਾ ਸੀ ਕਿ ਜ਼ਬਾਨ ਦੀ ਸਾਂਝ ਕਿਵੇਂ ਤੁਰਤ ਇਕ ਦੂਜੇ ਨੂੰ ਦੇਸ਼ਾਂ ਤੇ ਧਰਮਾਂ ਦੇ ਹੱਦਾਂ ਬੰਨੇ ਤੋੜ ਕੇ ਨੇੜੇ ਕਰ ਸਕਦੀ ਹੈ। ਮੈਨੂੰ ਹੁਣ ਖਿ਼ਆਲ ਆਇਆ ਕਿ ਉਹ ਸਾਡੀ ਜ਼ਬਾਨ ਸੁਣਨ ਲਈ ਹੀ ਸਾਡੇ ਨਾਲ ਨਾਲ ਤੁਰੇ ਸਨ। ਅਸੀਂ ਓਪਰੇ ਤੇ ਪਰਾਏ ਹੋ ਕੇ ਵੀ ਉਨ੍ਹਾਂ ਨੂੰ ਆਪਣੇ ਆਪਣੇ ਲੱਗੇ ਹੋਵਾਂਗੇ।
ਮੈਂ ਸਾਂਝੀ ਜ਼ਬਾਨ ਦੀ ਕਰਾਮਾਤ ਬਾਰੇ ਸੋਚਦਾ ਹੋਇਆ ਉਨ੍ਹਾਂ ਨਾਲ ਤੁਰਿਆ ਜਾ ਰਿਹਾ ਸਾਂ ਕਿ ਅਚਨਚੇਤ ਅਦਨਾਨ ਨੇ ਮੇਰੀ ਉਂਗਲ ਫੜ ਲਈ। ਮੈਂ ਰੁਕ ਕੇ ਉਹਦੇ ਚਿਹਰੇ ਵੱਲ ਵੇਖਿਆ।
‘‘ਅੰਕਲ! ਇਕ ਗੱਲ ਦੱਸੋਗੇ?’’ ਉਹ ਸ਼ਾਇਦ ਪੁੱਛਣ ਲਈ ਆਪਣੇ ਮਨ ਨਾਲ ਘੋਲ ਕਰ ਰਿਹਾ ਸੀ।
‘‘ਪੁੱਛੋ ਬੇਟਾ! ਜ਼ਰੂਰ ਪੁੱਛੋ,’’
ਤੇ ਅਟਕ ਅਟਕ ਕੇ ਉਸ ਨੇ ਸੁਆਲ ਪੁੱਛ ਹੀ ਲਿਆ।
‘‘ਤੁਸੀਂ ਭਲਾ ਅੱਲ੍ਹਾ ਨੂੰ ਮੰਨਦੇ ਹੋ?’’
ਪਹਿਲਾਂ ਤਾਂ ਮੈਂ ਉਸ ਦੇ ਸੁਆਲ ਉਤੇ ਹੈਰਾਨ ਹੋਇਆ ਤੇ ਫਿਰ ਖ਼ੁਸ਼ ਹੋ ਕੇ ਦੱਸਿਆ, ‘‘ਕਿਉਂ ਨਹੀਂ ਪੁੱਤਰ! ਅੱਲ੍ਹਾਪਾਕ ਪਰਵਰਦਗਾਰ ਤਾਂ ਸਾਡਾ ਸਾਂਝਾ ਹੈ ਸਭ ਦਾ। ਅਸੀਂ ਭਲਾ ਕਿਉਂ ਨਾ ਮੰਨਣਾ ਹੋਇਆ! ਅਸੀਂ ਮੰਨਦੇ ਹਾਂ। ਬੜੇ ਅਦਬ ਨਾਲ ਮੰਨਦੇ ਹਾਂ।’’
ਮੇਰਾ ਜੁਆਬ ਸੁਣਦੇ ਸਾਰ ਹੀ ਉਸ ਨੇ ਮੈਨੂੰ ਚਕਾਚੌਂਧ ਕਰ ਦੇਣ ਵਾਲਾ ਜੁਆਬ ਦਿੱਤਾ, ‘‘ਅੰਕਲ! ਜੇ ਤੁਸੀਂ ਅੱਲ੍ਹਾ ਨੂੰ ਮੰਨਦੇ ਜੇ ਤਾਂ ਫਿਰ ਅਸੀਂ ਵੀ ਭਗਵਾਨ ਨੂੰ ਮੰਨਦੇ ਆਂ।’’
ਮੈਂ ਤਾਂ ਉਸ ਨੂੰ ਛੋਟਾ ਜਿਹਾ ਭੋਲਾ-ਭਾਲਾ ਬੱਚਾ ਸਮਝ ਰਿਹਾ ਸਾਂ। ਮਾਸੂਮ ਤੇ ਨਿੱਕਚੂ ਜਿਹਾ। ਉਸ ਨੇ ਤਾਂ ਬਹੁਤ ਵੱਡੀ ਗੱਲ ਕੀਤੀ ਸੀ। ਸਿਆਣਿਆਂ ਤੋਂ ਵੀ ਸਿਆਣੀ। ਮੈਂ ਉਸ ਦਾ ਸਿਰ ਆਪਣੀ ਵੱਖੀ ਨਾਲ ਘੁੱਟ ਲਿਆ।
ਮਾਂ ਬੋਲੀ ਦੀ ਆਪਸੀ ਅਪਣੱਤ ‘ਚੋਂ ਪੈਦਾ ਹੋ ਸਕਣ ਵਾਲੇ ਅਤੇ ਅੱਲ੍ਹਾ ਤੇ ਭਗਵਾਨ ਨੂੰ ਆਪਣੇ ਸਮਝ ਕੇ ਇਨ੍ਹਾਂ ਦੇ ਨਾਂ ਉਤੇ ਲੜਨ ਦੀ ਥਾਂ ਆਪਸੀ ਸਹਿਹੋਂਦ ਤੇ ਸਤਿਕਾਰ ਵਾਲੇ ਰਾਹ ਦਾ ਪਤਾ ਸਾਨੂੰ ਇਨ੍ਹਾਂ ਛੋਟੇ ਬੱਚਿਆਂ ਨੇ ਕਿੰਨੀ ਸਾਦਗੀ ਨਾਲ ਸਮਝਾ ਦਿੱਤਾ ਸੀ।
ਮੈਂ ਉਤਸ਼ਾਹ ਵਿਚ ਭਰ ਕੇ ਅੱਗੇ ਜਾਂਦੇ ਆਪਣੇ ਸਾਥੀਆਂ ਨੂੰ ਆਵਾਜ਼ ਦੇ ਕੇ ਰੋਕਿਆ, ‘‘ਜ਼ਰਾ ਖਲੋ ਕੇ ਮੇਰੇ ਨਾਲ ਤੁਰੇ ਆਉਂਦੇ ਇਨ੍ਹਾਂ ‘ਬਾਬੇ ਬੁੱਢਿਆਂ’ ਦੀ ਤਾਂ ਸੁਣੋ। ਇਹ ਬੱਚੇ ਨਹੀਂ ਜੇ, ਇਹ ਤਾਂ ਪੰਜਾਬ ਦੀ ਸਿਆਣਪ ਨੇ, ਸਿਆਸਤਾਂ ਤੋਂ ਪਾਰ ਜਾ ਕੇ ਸਮੁੱਚੇ ਪੰਜਾਬੀਆਂ ਨੂੰ ਜੋੜਨ ਵਾਲੀ।’’
ਖ਼ੁਸ਼ੀ ਭਰੀ ਹੈਰਾਨੀ ਨਾਲ ਜਗਤਾਰ ਤੇ ਉਮਰ ਗਨੀ ਨੇ ਉਨ੍ਹਾਂ ਛੋਟੇ ਬੱਚਿਆਂ ਨੂੰ ਲਾਡ ਲਡਾਇਆ।
ਮੈਂ ਆਪਣੇ ਆਪ ਨੂੰ ਆਖਿਆ, ‘‘ਇਹ ਗਲਤ ਗੱਲ ਹੈ ਕਿ ਸ਼ਾਲਾਮਾਰ ਬਾਗ਼ ਵਿਚ ਫੁੱਲ ਨਹੀਂ ਦਿਸਦੇ। ਅਸਲੀ ਫੁੱਲ ਤਾਂ ਮੇਰੇ ਸਾਹਮਣੇ ਖਲੋਤੇ ਸਨ। ਆਮਿਰ ਤੇ ਅਦਨਾਨ! ਹਰੇ-ਭਰੇ ਰੰਗ ਬਰੰਗੇ ਮਹਿਕਾਂ ਵੰਡਦੇ। ਸਾਡੇ ਸੁਪਨਿਆਂ ਦੇ ਪੰਜਾਬ ਨੂੰ ਠੰਡੀਆਂ ਛਾਵਾਂ ਦੇਣ ਵਾਲੇ ਪੌਦਿਆਂ ਦੀ ਨੰਨ੍ਹੀ ਪਨੀਰੀ।... ਰੱਬ ਕਰੇ! ਇਹ ਵੱਡੇ ਹੋਣ, ਵਧਣ ਫੁੱਲਣ, ਛਾਵਾਂ ਵਾਲੇ ਬੂਟੇ ਬਣਨ।
ਅਚਨਚੇਤ ਮੈਨੂੰ ਡਰਾਉਣਾ ਖਿ਼ਆਲ ਆਇਆ, ‘‘ਇਨ੍ਹਾਂ ਪੌਦਿਆਂ ਨੂੰ ਹਰਾ-ਭਰਾ ਰੱਖਣ ਲਈ ‘‘ਨਹਿਰਾਂ’’ ਵਿਚ ਪਾਣੀ ਕਿਉਂ ਨਹੀਂ?’’
ਕਿੱਥੇ ਲੱਗਾ ਹੋਇਆ ਸੀ ਮੁਹੱਬਤ ਦੇ ਪਾਣੀ ਨੂੰ ਬੰਨ੍ਹ?
ਸ਼ਾਹ ਹੁਸੈਨ ਦੇ ਮਜ਼ਾਰ ਵੱਲ ਜਾਂਦਿਆਂ ਅਸੀਂ ਇਕ ਭੀੜੇ ਜਿਹੇ ਬਾਜ਼ਾਰ ਵਿਚੋਂ ਲੰਘਦੇ ਪਏ ਸਾਂ। ਉਮਰ ਗਨੀ ਕੱਲ੍ਹ ਪਾਕਪਟਨ ਤੋਂ ਆਇਆ ਸੀ। ‘ਘਰ ਦੇ ਫਿ਼ਕਰ ਨਾ ਕਰਦੇ ਹੋਣ,’ ਇਸ ਲਈ ਉਹ ਉਨ੍ਹਾਂ ਨੂੰ ਫ਼ੋਨ ਕਰਨਾ ਚਾਹੁੰਦਾ ਸੀ। ਐਤਵਾਰ ਹੋਣ ਦੇ ਬਾਵਜੂਦ ਇਹ ਬਾਜ਼ਾਰ ਖੁੱਲ੍ਹਾ ਹੋਇਆ ਸੀ। ਦਰਮਿਆਨੇ ਲੋਕਾਂ ਦਾ ਇਲਾਕਾ ਸੀ। ਪੇਂਡੂ ਲੱਗਦੇ ਲੋਕ ਸੌਦਾ-ਸੁਲਫ ਖ਼ਰੀਦ ਰਹੇ ਸਨ। ਇਕ ਪੀ.ਸੀ.ਓ ਵੇਖ ਕੇ ਅਸੀਂ ਕਾਰ ਖੜ੍ਹੀ ਕਰ ਲਈ। ਉਮਰ ਗਨੀ ਤੇ ਰਿਜ਼ਵਾਨ ਫ਼ੋਨ ਕਰਨ ਲਈ ਅੰਦਰ ਗਏ। ਜਗਤਾਰ ਵੀ ਉਨ੍ਹਾਂ ਦੇ ਨਾਲ ਸੀ। ਮੈਂ ਜਾਣਬੁੱਝ ਕੇ ਬਾਹਰ ਖੜੋਤਾ ਰਿਹਾ। ਲੋਕਾਂ ਦਾ ਪ੍ਰਤੀਕਰਮ ਜਾਨਣ ਅਤੇ ਵੇਖਣ ਵਾਸਤੇ। ਇਕ ਦੋ ਵਡੇਰੀ ਉਮਰ ਦੇ ਬਜ਼ੁਰਗ ਆਏ। ਸਲਾਮ ਕੀਤੀ। ਹਾਲ ਚਾਲ ਪੁੱਛਿਆ।
ਹੌਲੀ ਹੌਲੀ ਨੌਜੁਆਨਾਂ ਦੀ ਭੀੜ ਮੇਰੇ ਦੁਆਲੇ ਇੱਕਠੀ ਹੋ ਗਈ।
‘‘ਅੰਕਲ ਚਾਹ ਪਾਣੀ ਪੀਵੋ! ਬੋਤਲਾਂ ਮੰਗਵਾਈਏ?’’ ਉਹ ਜ਼ੋਰ ਦੇ ਰਹੇ ਸਨ।
‘‘ਨਹੀਂ ਬੇਟੇ! ਅਸੀਂ ਹੁਣੇ ਚਲੇ ਜਾਣੈ। ਤੁਹਾਡਾ ਸ਼ੁਕਰੀਆ! ਹੋਰ ਸੁਣਾਓ! ਕੀ ਹਾਲ ਚਾਲ ਨੇ?’’
‘‘ਅੰਕਲ ਬਹੁਤ ਵਧੀਆ। ਆਪਣੀ ਸੁਣਾਓ!’’
ਉਹ ਇਕੱਠੇ ਬੋਲੇ।
ਏਨੇ ਚਿਰ ਨੂੰ ਉਨ੍ਹਾਂ ਦਾ ਇਕ ਨੌਜਵਾਨ ਸਾਥੀ ਪਰਿਓਂ ਤੇਜ਼ ਤੇਜ਼ ਆਇਆ ਤੇ ਆਉਂਦਿਆਂ ਹੀ ਸੁਆਲ ਦਾਗ ਦਿੱਤਾ, ‘‘ਕੀ ਗੱਲ ਸਿੱਖ ਜੀ!... ਸਾਡੇ ਨਾਲ ਕ੍ਰਿਕਟ ਨਹੀਂ ਜੇ ਖੇਡੀ! ਹੁਣ ਡਰ ਗਏ ਜੇ? ਪਤਾ ਸੀ ਨਾ ਹਾਰ ਜਾਣੈ! ਹੁਣ ਆਖਦੇ ਨੇ ਅਸੀਂ ਪਾਕਿਸਤਾਨ ਨਾਲ ਕ੍ਰਿਕਟ ਨਹੀਂ ਖੇਡਣ।’’ ਉਹਦੀ ਆਵਾਜ਼ ਵਿਚ ਪਰਾਇਆਪਣ ਸੀ।
‘‘ਪਹਿਲਾਂ ਆਪਣੀ ਜ਼ਬਾਨ ਦਰੁਸਤ ਕਰ ਉਏ!’’ ਉਹਦੇ ਹੀ ਕਿਸੇ ਲੰਗੋਟੀਏ ਨੇ ਉਹਨੂੰ ਝਿੜਕਿਆ, ‘‘ਸਿੱਖ ਜੀ ਨਹੀਂ, ਸਰਦਾਰ ਜੀ ਆਖੀਦਾ ਏ।’’
ਮੈ ਆਖਿਆ, ‘‘ਪੁੱਤਰ! ਇਹ ਕਿਹੜੇ ਸਾਡੇ ਤੁਹਾਡੇ ਫੈਸਲੇ ਨੇ। ਭਾਵੇਂ ਖੇਡਣਾ ਹੋਵੇ ਤੇ ਭਾਵੇਂ ਨਾ ਖੇਡਣਾ ਹੋਵੇ; ਭਾਵੇਂ ਲੜਨਾ ਹੋਵੇ ਤੇ ਭਾਵੇਂ ਸੁਲ੍ਹਾ-ਸਫਾਈ ਕਰਨੀ ਹੋਵੇ, ਇਹ ਉਤਲਿਆਂ ਲੋਕਾਂ ਦਾ ਕੰਮ ਹੈ। ਵੱਡੇ ਲੋਕਾਂ ਦਾਂ। ਸਾਡਾ ਤੁਹਾਡਾ ਇਹਦੇ ਵਿਚ ਕੀ ਵੱਸ ਚੱਲਦਾ ਏ।’’
ਸਾਥੀ ਦੀ ਝਿੜਕ ਤੇ ਮੇਰੇ ਜੁਆਬ ਨਾਲ ਉਹ ਥੋੜ੍ਹਾ ਢਿਲਾ ਜਿਹਾ ਹੋ ਗਿਆ। ਐਤਕੀਂ ਉਹਦੀ ਆਵਾਜ਼ ਵਿਚ ਅਪਣੱਤ ਸੀ। ‘‘ਸਰਦਾਰ ਜੀ! ਤੁਸੀਂ ਪੰਜਾਬੀ ਕਾਨਫ਼ਰੰਸ ‘ਤੇ ਆਏ ਓ? ਕੀ ਆਂਹਦੀ ਏ ਇਹ ਪੰਜਾਬੀ ਕਾਨਫ਼ਰੰਸ? ਬੜਾ ਰੌਲਾ ਗੌਲਾ ਏ ਏਹਦਾ?’’
ਪੰਜਾਬੀ ਕਾਨਫ਼ਰੰਸ ਦਾ ਜਿ਼ਕਰ ਉਨ੍ਹਾਂ ਤੱਕ ਵੀ ਪੁੱਜ ਚੁੱਕਾ ਸੀ। ਅਖ਼ਬਾਰਾਂ ਤੇ ਟੀ.ਵੀ. ਵਾਲਿਆਂ ਨੇ ਇਸ ਕਾਨਫ਼ਰੰਸ ਨੂੰ ਬਹੁਤ ਮਹੱਤਵ ਦਿੱਤਾ ਸੀ। ਇਹਦੇ ਹੱਕ ਵਿਚ ਵੀ ਲਿਖਿਆ ਜਾ ਰਿਹਾ ਸੀ ਤੇ ਵਿਰੋਧ ਵਿਚ ਵੀ ਪਰ ਇਸ ਨੇ ਖਲੋਤੇ ਪਾਣੀਆਂ ਵਿਚ ਭਾਰੀ ਪੱਥਰ ਸੁੱਟ ਕੇ ਹਲਚਲ ਵੀ ਪੈਦਾ ਕਰ ਦਿੱਤੀ ਸੀ।
‘‘ਕਾਨਫ਼ਰੰਸ ਇਹੋ ਹੀ ਆਖਦੀ ਏ, ਆਪਸ ਵਿਚ ਲੜੀਏ ਭਿੜੀਏ ਨਾ, ਪਿਆਰ ਮੁਹੱਬਤ ਨਾਲ ਸਾਰੇ ਮਸਲੇ ਹੱਲ ਕਰੀਏ। ਇਕ ਦੂਜੇ ਨੂੰ ਮਿਲੀਏ ਗਿਲੀਏ। ਦੁੱਖ-ਸੁੱਖ ਸੁਣੀਏ, ਨੇੜੇ ਹੋਈਏ।’’
ਉਹ ਮੁੰਡਾ ਦੂਜਿਆਂ ਦਾ ਆਗੂ ਲਗਦਾ ਸੀ। ਗੱਲਬਾਤ ਦੀ ਵਾਗਡੋਰ ਉਸ ਨੇ ਸੰਭਾਲ ਲਈ ਸੀ, ‘‘ਅੰਕਲ! ਕਰੋ ਨਾ ਫਿਰ ਕੋਸਿ਼ਸ਼। ਅਸੀਂ ਵੀ ਇੰਡੀਆ ਵੇਖ ਸਕੀਏ।’’
‘‘ਸਿੱਖ ਜੀ, ‘ਸਰਦਾਰ ਜੀ’ ਤੇ ‘ਅੰਕਲ ਜੀ’ ਤਕ ਪੁੱਜਦਿਆਂ ਉਹ ਮੇਰੇ ਨਾਲ ਜੁੜ ਗਿਆ ਸੀ।
‘‘ਅੰਕਲ! ਮੈਂ ਹਿੰਦੀ ਸਿੱਖਣੀ ਚਾਹੁੰਦਾਂ!’’
ਉਸ ਨੇ ਆਖਿਆ ਤਾਂ ਮੈਂ ਉਹਦਾ ਹੱਥ ਫੜ ਕੇ ਉਸ ਦੀ ਤਲੀ ਉਤੇ ਉਸ ਦਾ ਨਾਂ ਲਿਖ ਦਿੱਤਾ ਤੇ ਨਾਲ ਹੀ ਉਰਦੂ ਵਿਚ, ‘‘ਮੈਂ ਹਿੰਦੀ ਸੀਖਨਾ ਚਾਹਤਾ ਹੁੰ’’
ਉਸ ਨੇ ਤਲੀ ਫੈਲਾ ਕੇ ਆਮਿਰ ਤੇ ਅਦਨਾਨ ਵਾਂਗ ਮੇਰੀ ਹੱਥ ਲਿਖਤ ਪੜ੍ਹੀ ਅਤੇ ਉਤਸ਼ਾਹ ਨਾਲ ਬੋਲਿਆ। ‘‘ਅੰਕਲ! ਚਾਹ ਪੀਤੇ ਬਿਨਾਂ ਨਹੀਂ ਜਾਣ ਦੇਣਾ!’’
ਮੇਰੇ ਸਾਥੀ ਬਾਹਰ ਆ ਕੇ ਕਾਰ ਵੱਲ ਵਧ ਚੁੱਕੇ ਸਨ। ਮੈਂ ਉਹਦੀ ਪਿੱਠ ਥਾਪੜਦਿਆਂ ਕਲਾਵੇ ਵਿਚ ਲਿਆ, ‘‘ਨਹੀਂ ਪੁੱਤਰੋ! ਹੁਣ ਟਾਈਮ ਨਹੀਂ! ਬੱਸ ਜਿਉਂਦੇ ਵੱਸਦੇ ਰਹੋ! ਅਸਲਾਮਾ ਲੇਕਿਮ।’’
‘‘ਵਾ ਲੇਕਮ ਅਸਲਾਮ।’’ ਸਭ ਦੀ ਸਾਂਝੀ ਆਵਾਜ਼ ਗੂੰਜੀ। ਮੈਂ ਕਾਰ ਵਿਚ ਬੈਠ ਗਿਆ ਤਾਂ ਪਿਛੋਂ ਉਸ ਨੌਜੁਆਨ ਦੀ ਮੋਹ ਭਿੱਜੀ ਅਵਾਜ਼ ਆਈ। ‘‘ਅੰਕਲ! ਸਾਨੂੰ ਯਾਦ ਰੱਖਿਓ! ਭੁੱਲਿਓ ਨਾ!’’
ਆਪਣੀ ਸੀਟ ਉਤੇ ਬੈਠਾ ਮੈਂ ਸੋਚ ਰਿਹਾ ਸੀ ਆਪਸ ਵਿਚ ਮਿਲਣ ਨਾਲ ਕਿੰਨੀਆਂ ਗ਼ਲਤਫ਼ਹਿਮੀਆਂ ਤੇ ਦੂਰੀਆਂ ਦੂਰ ਹੁੰਦੀਆਂ ਹਨ। ਇਸ ਨੌਜਵਾਨ ਨੂੰ ਮਿਲਦਿਆਂ ਮੈਂ ਭਾਰਤ ਦੀ ਸਰਕਾਰ ਦਾ ਪ੍ਰਤੀਨਿਧ ਉਹਦਾ ਦੁਸ਼ਮਣ ਸਾਂ ਪਰ ਕੁਝ ਪਲਾਂ ਦੀ ਗੱਲਬਾਤ ਤੋਂ ਪਿੱਛੋਂ ਮੈਂ ਉਹਦਾ ‘ਅੰਕਲ’ ਹੋ ਗਿਆ ਸਾਂ। ਉਹ ਇੰਡੀਆ ਵੀ ਆਉਣਾ ਚਾਹੁੰਦਾ ਸੀ। ਹਿੰਦੀ ਵੀ ਸਿੱਖਣੀ ਚਾਹੁੰਦਾ ਸੀ। ਸਾਂਝ ਦੇ ਕਿੰਨੇ ਆਧਾਰ ਸਨ ਜਿਨ੍ਹਾਂ ਉਤੇ ਉਸਾਰੀ ਕਰਨ ਲਈ ਸਭ ਦੇ ਮਨ ਵਿਚ ਕਿੰਨੀ ਜਗਿਆਸਾ ਸੀ ਪਰ ਮੌਕਾ ਤਾਂ ਮਿਲੇ, ਮਿਲਣ ਗਿਲਣ ਦਾ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346