Welcome to Seerat.ca
Welcome to Seerat.ca

ਕੀ ਸਰਾਭੇ ਦੀ ਕੋਈ ਪ੍ਰੇਮਿਕਾ ਵੀ ਸੀ?

 

- ਵਰਿਆਮ ਸਿੰਘ ਸੰਧੂ

ਭੁੱਬਲ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਸ੍ਵੈ-ਕਥਨ

 

- ਸੁਰਜੀਤ ਪਾਤਰ

ਸ਼ਹੀਦ ਭਗਤ ਸਿੰਘ ਬਾਰੇ ਕੁਝ ਰੌਚਿਕ ਤੱਥ

 

- ਯਸ਼ਪਾਲ

ਤਾ ਕਿ ਸਨਦ ਰਹੇ-ਅੰਮ੍ਰਿਤਾ ਪ੍ਰੀਤਮ

 

- ਸਾਧੂ ਸਿੰਘ

ਕੁਦਰਤ ਦਾ ਕੌਤਕ ਬਾਬਾ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਿਖੜੇ ਪੈਂਡੇ

 

-  ਹਰਜੀਤ ਅਟਵਾਲ

ਸ਼ਮਸ਼ੇਰ ਸੰਧੂ, ਮੈ ਆਪ ਤੇ ਯਾਦਾਂ ‘ਪੰਜਾਬੀ ਟ੍ਰਿਬਿਊਨ‘ ਦੀਆਂ

 

- ਗੁਰਦਿਆਲ ਸਿੰਘ ਬੱਲ

ਰਾਮ ਗਊ

 

- ਹਰਪ੍ਰੀਤ ਸੇਖਾ

ਆਜ਼ਾਦੀ ਦੇ ‘ਲਾਲਾਂ ਚੋਂ ਲਾਲ’– ਭਗਤ ਸਿੰਘ

 

- ਉਂਕਾਰਪ੍ਰੀਤ

ਦੋ ਕਵਿਤਾਵਾਂ

 

- ਸੁਰਜੀਤ

ਇਕ ਗ਼ਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਰੇਤ ਨਿਗਲ ਗਈ ਹੀਰਾ

 

- ਬੂਟਾ ਸਿੰਘ ਚੌਹਾਨ

ਐੱਮਪੀਜ਼ ਦੀਆਂ ਪੈਨਸ਼ਨਾਂ ਨੇ ਕਿ ਰਾਜਿਆਂ, ਮਹਾਂਰਾਜਿਆਂ ਵਾਲੇ ਵਜ਼ੀਫੇ ਨੇ!

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸੱਚੇ ਮਾਰਗ ਦੀ ਤਲਾਸ਼

 

- ਸੁਪਨ ਸੰਧੂ

ਇੱਕੀਵੀ ਸਦੀ ਦੇ ਵੱਡੇ ਮਨੁਖੀ ਦੁਖਾਂਤ ਚੋਂ ਗੁਜਰ ਰਿਹਾ ਸੀਰੀਆ

 

- ਹਰਜਿੰਦਰ ਸਿੰਘ ਗੁਲਪੁਰ

ਸਾਡੇ ਪੁਰਖਿਆਂ ਦੀ ਵਿਰਾਸਤ ਸਾਡਾ ਪਹਿਰਾਵਾ

 

- ਕਰਨ ਬਰਾੜ

ਚੱਟ ਲਿਆ ਚਿੱਟੇ ਨੇ ਪੰਜਾਬ ਮੇਰਾ ਸਾਰਾ ?

 

- ਗੁਰਬਾਜ ਸਿੰਘ

ਮੇਰੀ ਆਤਮ-ਕਥਾ / ਅਸੀਂ ਵੀ ਜੀਵਣ ਆਏ

 

- ਕੁਲਵਿੰਦਰ ਖਹਿਰਾ

ਹੁੰਗਾਰੇ

 

Online Punjabi Magazine Seerat

ਸ੍ਵੈ-ਕਥਨ
- ਸੁਰਜੀਤ ਪਾਤਰ

 

(ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਚ ਕਈ ਸਾਲ ਪਹਿਲਾਂ ਇਕ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ। ਉਸ ਵਿਚ ਸਟੇਜ ਉੱਤੇ ਸੁਰਜੀਤ ਪਾਤਰ ਨਾਲ ਵਰਿਆਮ ਸਿੰਘ ਸੰਧੂ ਤੇ ਗਾਇਕ ਦੇਵ ਦਿਲਦਾਰ ਹਾਜ਼ਰ ਸਨ। ਵਰਿਆਮ ਸਿੰਘ ਸੰਧੂ ਸੁਰਜੀਤ ਪਾਤਰ ਨੂੰ ਉਹਨਾਂ ਦੇ ਜੀਵਨ ਤੇ ਸ਼ਾਇਰੀ ਬਾਰੇ ਸਵਾਲ ਵੀ ਪੁੱਛ ਰਹੇ ਸਨ ਤੇ ਨਾਲ ਆਪ ਵੀ ਦਿਲਚਸਪ ਟਿੱਪਣੀਆਂ ਕਰ ਰਹੇ ਸਨ। ਸੁਰਜੀਤ ਪਾਤਰ ਦੇ ਜਵਾਬ ਤੋਂ ਬਾਅਦ ਉਹਨਾਂ ਦੇ ਜੀਵਨ ਵੇਰਵਿਆਂ ਨਾਲ ਸੰਬੰਧਤ ਗ਼ਜ਼ਲ ਦਾ ਗਾਇਨ ਦੇਵ ਦਿਲਦਾਰ ਕਰ ਰਿਹਾ ਸੀ। ਇਸ ਤਿਕੜੀ ਵੱਲੋਂ ਪੇਸ਼ ਕੀਤਾ ਇਹ ਪ੍ਰੋਗਰਾਮ ਏਨਾ ਮਕਬੂਲ ਤੇ ਯਾਦਗਾਰੀ ਬਣ ਗਿਆ ਕਿ ਜਲੰਧਰ ਵਿਚ ਹੀ ਇਸ ਪ੍ਰੋਗਰਾਮ ਨੂੰ , ਵੱਖ ਵੱਖ ਅਦਾਰਿਆਂ ਦੀ ਬੇਨਤੀ ‘ਤੇ, ਦੋ ਵਾਰ ਕਰਨਾ ਪਿਆ। ਫਿਰ ਜੰਮੂ ਵਿਚ ਖ਼ਾਲਿਦ ਹੁਸੈਨ ਨੇ ਇਹ ਪ੍ਰੋਗਰਾਮ ਕਰਵਾਇਆ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰੋਗਰਾਮ ਵਿਚ ਕੁਝ ਸੱਜਣ ਕਨੇਡਾ ਦੇ ਸ਼ਹਿਰ ਐਡਮਿੰਟਨ ਤੋਂ ਆਏ ਸਨ। ਉਹ ਇਸਦੀ ਕੈਸਟ ਕਨੇਡਾ ਲੈ ਗਏ। ਪਾਤਰ ਦੀ ਸ਼ਾਇਰੀ ਦੇ ਮਦਾਹ ਹਰਦੇਵ ਵਿਰਕ ਤੇ ਹੋਰ ਸਾਥੀ ਇਸਨੂੰ ਵੇਖ-ਸੁਣ ਕੇ ਬਹੁਤ ਖੁਸ਼ ਹੋਏ। ਫ਼ਲਸਰੂਪ ਪਾਤਰ, ਸੰਧੂ ਤੇ ਦੇਵ ਨੇ ਐਡਮਿੰਟਨ ਵਿਚ ਵੀ ਇਕ ਯਾਦਗਾਰੀ ਪ੍ਰੋਗਰਾਮ ਪੇਸ਼ ਕੀਤਾ। ਉਸਤੋਂ ਬਾਅਦ ਪਾਤਰ ਦਾ ਉਤਰੀ ਅਮਰੀਕਾ ਵਿਚ ਅਜਿਹਾ ਆਧਾਰ ਤਿਆਰ ਹੋ ਗਿਆ ਕਿ ਹੁਣ ਪਾਤਰ ਹੁਰੀਂ ਇਕੱਲ੍ਹੇ ਹੀ ਵੱਡੇ ਗਾਇਕਾਂ ਵਾਂਗ ‘ਬੁੱਕ’ ਕੀਤੇ ਪ੍ਰੋਗਰਾਮ ਭੁਗਤਾ ਕੇ, ਦੇਸ-ਵਿਦੇਸ਼ ਵਿਚ ਲੋਕਾਂ ਦਾ ਪਿਆਰ ਜਿੱਤ ਰਹੇ ਹਨ।
ਹੇਠਲੀ ਲਿਖਤ ਪਹਿਲੇ ਪ੍ਰੋਗਰਾਮ ਵਿਚ ਹੋਈ ਗੱਲ-ਬਾਤ ਦਾ ਸਾਰ-ਸੰਖੇਪ ਹੈ-ਸੰਪਾਦਕ)


ਇੱਕ ਸ਼ਾਇਰ ਸਿ਼ਵ ਕੁਮਾਰ ਨੇ ਆਪਣਾ ਹਾਲ ਚਾਲ ਦੱਸਦਿਆਂ ਇਹ ਕਿਹਾ ਸੀ-
“ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ,
ਸਾਡਾ ਨਦੀਓਂ ਵਿਛੜੇ ਨੀਰਾਂ ਦਾ।”
ਆਪਣੇ ਹਾਲ ਚਾਲ ਬਾਰੇ ਮੈਂ ਇਹ ਕਹਿਣਾ ਚਾਹਵਾਂਗਾ-
“ਦੁੱਖ ਮੁਲਤਵੀ ਤੁਹਾਡੇ ਜਾਣ ਤੀਕ ਹੋ ਗਿਆ,
ਤੁਸੀਂ ਪੁੱਛਿਆ ਤੇ ਹਾਲ ਸਾਡਾ ਠੀਕ ਹੋ ਗਿਆ।”
ਮੇਰੇ ਕੋਲੋਂ ਮੇਰੇ ਦਿਲ ਦਾ ਹਾਲ ਚਾਲ ਵੀ ਪੁੱਛਿਆ ਗਿਆ ਹੈ, ਜਿਹੜਾ ਕੁਝ ਸਾਲ ਪਹਿਲਾਂ ਅਖ਼ਬਾਰਾਂ ਦੀ ਖ਼ਬਰ ਬਣ ਗਿਆ ਸੀ। (ਦਿਲ ਦਾ ਆਪ੍ਰੇਸ਼ਨ ਹੋਣ ਕਰਕੇ) ਉਦੋਂ ਮੈਂ ਹਾਸੇ ਨਾਲ ਕਿਹਾ ਸੀ,
“ਖੋਲ ਦਿੰਦਾ ਦਿਲ ਜੇ ਤੂੰ ਸ਼ਬਦਾਂ ਦੇ ਵਿੱਚ ਯਾਰਾਂ ਦੇ ਨਾਲ,
ਅੱਜ ਇਉਂ ਨਾ ਖੋਲ੍ਹਣਾ ਪੈਂਦਾ ਇਹ ਔਜ਼ਾਰਾਂ ਦੇ ਨਾਲ।”
ਬੇਸ਼ੱਕ ਮੈਂ ਦਿਲ ਖੋਲ੍ਹਦਾ ਹੀ ਰਿਹਾਂ, ਜਿਹੜੀਆਂ ਕੁਝ ਗੱਲਾਂ ਰਹਿ ਗਈਆਂ, ਜੋ ਮੈਂ ਸ਼ਾਇਦ ਨਹੀਂ ਖੋਲ੍ਹੀਆਂ ਸਨ, ਉਹ ਸ਼ਾਇਦ ਫਿ਼ਰ ਔਜ਼ਾਰਾਂ ਨਾਲ ਖੋਲ੍ਹਣੀਆਂ ਪਈਆਂ। ਸ਼ਾਇਰ ਦਾ ਹਾਲ, ਉਹਦੀ ਸੁੱਖ-ਸਾਂਦ, ਅਸਲ ‘ਚ ਉਹਦੀ ਕਵਿਤਾ ਵਿੱਚ ਹੀ ਲੁਕੀ ਹੁੰਦੀ ਹੈ। ਮੇਰੀ ਸਭ ਤੋਂ ਵੱਡੀ ਰਾਜ਼ਦਾਨ ਮੇਰੀ ਕਵਿਤਾ ਹੀ ਹੈ। ਇੱਕ ਵਾਰ ਟੈਲੀਵਿਜ਼ਨ ਵਾਲੇ ਘਰ ਆਏ ਹੋਏ ਸੀ ਤਾਂ ਉਹਨਾਂ ਨੂੰ ਮੈਂ ਜਦੋਂ ਕਿਹਾ ਕਿ ਮੇਰੀ ਸਭ ਤੋਂ ਵੱਡੀ ਰਾਜ਼ਦਾਨ ਮੇਰੀ ਕਵਿਤਾ ਹੈ ਤਾਂ ਇੰਟਰਵਿਊ ਕਰਨ ਵਾਲੇ ਸ਼ਾਇਰ ਜਸਵੰਤ ਦੀਦ ਨੇ ਮੇਰੀ ਪਤਨੀ ਨੂੰ ਪੁੱਛਿਆ, “ਕੀ ਤੁਸੀਂ ਇਨ੍ਹਾਂ ਦੇ ਰਾਜ਼ਦਾਨ ਨਹੀਂ?” ਤਾਂ ਉਹਨੇ ਕਿਹਾ, “ਮੈਂ ਵੀ ਇਹਨਾਂ ਦਾ ਰਾਜ਼ ਬੁੱਝਣ ਲਈ ਇਨ੍ਹਾਂ ਦੀ ਕਵਿਤਾ ਹੀ ਪੜ੍ਹਦੀ ਹੁੰਦੀ ਹਾਂ।”
ਮੇਰਾ ਪਿੰਡ ਪੱਤੜ ਕਲਾਂ ਹੈ, ਜਿਹੜਾ ਆਪਣਾ ਭੇਸ ਬਦਲ ਕੇ ਮੇਰੇ ਨਾਮ ਵਿੱਚ ਵੀ ਛੁਪਿਆ ਹੋਇਆ ਹੈ। ਮੈਂ ਦੂਸਰੀ ਜਮਾਤ ਵਿੱਚ ਪੜ੍ਹਦਾ ਸੀ, ਜਦੋਂ ਮੇਰੇ ਪਿਤਾ ਪਹਿਲੀ ਵਾਰ ਪਰਦੇਸ ਗਏ। ਮੈਂ ਬਚਪਨ ‘ਚ ਉਹਨਾਂ ਨੂੰ ਘਰੋਂ ਪਰਦੇਸ ਤੁਰਦਿਆਂ ਵੇਖਿਆ। ਇਹ ਯਾਦ ਮੇਰੇ ਮਨ ਵਿੱਚ ਵੱਸੀ ਰਹੀ। ਉਹ ਪਹਿਲੀ ਮੁਸਾਫਿ਼ਰੀ ਤੇ ਅਫ਼ਰੀਕਾ ਨੂੰ ਗਏ ਸਨ। ਐਮ. ਏ. ਵਿੱਚ ਪੜ੍ਹਦਿਆਂ ਮੈਂ ਇਹ ਕੋਸਿ਼ਸ਼ ਕੀਤੀ ਕਿ ਮੈਂ ਆਪਣੀ ਜੀਵਨ ਕਥਾ ਇੱਕ ਗੀਤ ਵਿੱਚ ਹੀ ਲਿਖਾਂ। ਉਸ ਗੀਤ ਦੀਆਂ ਪਹਿਲੀਆਂ ਸਤਰਾਂ ਸਨ,
“ਸੁੰਨੇ-ਸੁੰਨੇ ਰਾਹਾਂ ਵਿੱਚ ਕੋਈ-ਕੋਈ ਪੈੜ ਏ,
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ।
------------
ਕਿੱਥੋਂ ਦਿਆਂ ਪੰਛੀਆਂ ਨੂੰ ਕਿੱਥੇ ਚੋਗਾ ਲੱਭਿਆ,
ਧੀਆਂ ਦੇ ਵਸੇਬੇ ਲਈ ਬਾਪੂ ਦੇਸ ਛੱਡਿਆ।
------
ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ,
ਸੂਰਜ ਦੇ ਚੜ੍ਹਣ ਵਿੱਚ ਹਾਲੇ ਬੜੀ ਦੇਰ ਸੀ
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ,
ਮੇਰੀ ਮਾਂ ਦੇ ਨੈਣਾਂ ਵਿੱਚ ਹੰਝੂ ਤੇ ਹਨੇਰ ਸੀ,
ਹਾਲੇ ਤੀਕ ਨੈਣਾਂ ਵਿੱਚ ਮਾੜੀ ਮਾੜੀ ਗਹਿਰ ਏ।
ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰ ਏ।”
ਬਚਪਨ ਵਿੱਚ ਮੇਰੇ ਮਨ ਵਿੱਚ ਦੋ ਇਛਾਵਾਂ ਸਨ ਜਾਂ ਮੈਂ ਸ਼ਾਇਰ ਬਣਾਂ ਜਾਂ ਸੰਗੀਤਕਾਰ ਬਣਾਂ। ਸੰਗੀਤਕਾਰ ਮੈਂ ਨਹੀਂ ਬਣ ਸਕਿਆ ਕਿਉਂਕਿ ਸੰਗੀਤ ਸਿੱਖਣ ਲਈ ਅਧਿਆਪਕ ਜਾਂ ਸਾਧਨ ਚਾਹੀਦੇ ਹਨ, ਜੋ ਮੇਰੇ ਲਈ ਪ੍ਰਾਪਤ ਕਰਨੇ ਸੰਭਵ ਨਹੀਂ ਸਨ। ਸਕੂਲ ਕਾਲਜ ‘ਚ ਵੀ ਵਿਦਿਆਰਥਣਾਂ ਵਾਸਤੇ ਤਾਂ ਸੰਗੀਤ ਦਾ ਵਿਸ਼ਾ ਹੁੰਦਾ ਸੀ ਪਰ ਵਿਦਿਆਰਥੀਆਂ ਵਾਸਤੇ ਨਹੀਂ। ਉੱਥੇ ਵੀ ਮੈਂ ਸੰਗੀਤ ਤੋਂ ਟੁੱਟਿਆ ਰਿਹਾ। ਸਾਜ਼ਾਂ ਅਤੇ ਗਾਉਂਦੀ ਆਵਾਜ਼ ਨਾਲ ਮੈਨੂੰ ਸ਼ੁਰੂ ਤੋਂ ਹੀ ਇਸ਼ਕ ਰਿਹਾ ਹੈ। ਮੈਂ ਲਾਹੌਰ ਤੋਂ ਇੱਕ ਲੋਕ ਗੀਤ ਸੁਣਿਆ ਸੀ ‘ਮੇਰੀ ਦੋ ਗਿੱਠਾਂ ਦੀ ਵੰਝਲੀ ਤੇ ਇਹਦੀ ਕੋਹ-ਕੋਹ ਕੂਕ ਸੁਣੇ।’ ਸਾਜ਼ ਹਮੇਸ਼ਾਂ ਮੈਨੂੰ ਬਹੁਤ ਖਿੱਚ ਪਾਉਂਦੇ। ਮੇਰੇ ਤਾਇਆ ਜੀ ਅਤੇ ਸਾਡੇ ਘਰ ਦੀਆਂ ਛੱਤਾਂ ਆਪਸ ‘ਚ ਜੁੜੀਆਂ ਹੋਈਆਂ ਸਨ। ਉਹਨਾਂ ਦੇ ਚੁਬਾਰੇ ਵਿੱਚ ਇੱਕ ਹਰਮੋਨੀਅਮ ਸੀ। ਮੈਂ ਚੋਰੀ-ਚੋਰੀ ਜਾ ਕੇ ਪੌੜੀਆਂ ਚੜ੍ਹ ਕੇ ਉਸ ਹਾਰਮੋਨੀਅਮ ਨੂੰ ਖੋਲ੍ਹਣਾ ਤੇ ਵਜਾਉਣ ਦੀ ਕੋਸਿ਼ਸ਼ ਕਰਨੀ। ਮੈਂ ਘਰਦਿਆਂ ਨੂੰ ਵੀ ਕਹਿਣਾ ਕਿ ਮੈਨੂੰ ਹਾਰਮੋਨੀਅਮ ਲੈ ਦਿਓ। ਮੇਰੀ ਇਹ ਰੀਝ ਤਾਂ ਪੂਰੀ ਨਾ ਹੋਈ ਪਰ ਸਾਜ਼ ਮੇਰੀ ਕਵਿਤਾ ਵਿੱਚ ਕਿਤੇ ਪ੍ਰਤੀਕ ਬਣਕੇ, ਕਿਤੇ ਚਿੰਨ੍ਹ ਬਣ ਕੇ ਪ੍ਰਗਟ ਹੋਏ। ਕਿਤੇ ਮੈਂ ਕਹਿੰਦਾ ਹਾਂ,
“ਕੂਹੂ-ਕੂਹੂ ਦੇ ਸਮਝੇ ਅਰਥ ਅਰੇ,
ਬੰਸਰੀ ਨਾਲ ਬਹਿਸ ਕੌਣ ਕਰੇ।”
“ਕੁਝ ਲੋਕ ਬੱਸ ਸਮਝਦੇ ਨੇ ਏਨਾ ਕੁ ਰਾਗ ਨੂੰ,
ਸੋਨੇ ਦੀ ਜੇ ਹੈ ਬੰਸਰੀ ਤਾਂ ਬੇਸੁਰੀ ਨਹੀਂ।”
ਸੋ, ਸਾਜ਼ ਅਤੇ ਸੰਗੀਤ ਹਮੇਸ਼ਾਂ ਮੇਰੇ ਨਾਲ ਰਹੇ ਨੇ।
ਸਾਹਿਰ ਲੁਧਿਆਣਵੀ ਬਹੁਤ ਵੱਡੇ ਸ਼ਾਇਰ ਸਨ, ਜਿਨ੍ਹਾਂ ਨੇ ਕਿਹਾ ਸੀ “ਦੁਨੀਆਂ ਨੇ ਤਜਰਬਾਤ-ਓ-ਹਵਾਦਸ ਕੀ ਸ਼ਕਲ ਮੇਂ ਜੋ ਕੁਛ ਮੁਝੇ ਦੀਆ ਥਾ, ਲੌਟਾ ਰਹਾ ਹੂੰ ਮੈਂ।” ਪਰ ਮੈਂ ਥੋੜਾ ਜਿਹਾ ਉਹਨਾਂ ਨਾਲ ਅਸਹਿਮਤ ਹਾਂ। ਕਵੀ ਜਾਂ ਸ਼ਾਇਰ ਉਹੋ ਕੁਝ ਵਾਪਸ ਨਹੀਂ ਮੋੜਦਾ, ਜੋ ਕੁਝ ਦੁਨੀਆਂ ਤੋਂ ਲੈਂਦਾ ਹੈ। ਕਵੀ ਜਾਂ ਕਲਾਕਾਰ ਤਾਂ ਇੱਕ ਬਿਰਖ਼ ਵਾਂਗ ਹੁੰਦਾ ਹੈ ਜੋ ਲੈਂਦਾ ਤਾਂ ਕਾਰਬਨ ਡਾਈਆਕਸਾਈਡ ਹੈ, ਪਰ ਦਿੰਦਾ ਆਕਸੀਜਨ ਹੈ। ਉਹ ਦੁੱਖ ਲੈ ਕੇ ਵੀ ਦੁੱਖ ਨਹੀਂ ਪਰਤਾਉਂਦਾ, ਉਸ ਦੁੱਖ ਨੂੰ ਵੀ ਬੜੀ ਕਿਸੇ ਖ਼ੂਬਸੂਰਤ ਪਿਆਰੀ ਚੀਜ਼ ਵਿੱਚ ਬਦਲ ਦੇਵੇਗਾ, ਜੋ ਦੁੱਖ ‘ਚੋਂ ਪੈਦਾ ਹੁੰਦੀ ਹੈ। ਜਿਵੇਂ ਫੁੱਲ ਮਿੱਟੀ ਵਿਚੋਂ ਪੈਦਾ ਹੁੰਦੇ ਹਨ ਪਰ ਮਿੱਟੀ ਰੰਗੇ ਨਹੀਂ ਹੁੰਦੇ ਉਹਨਾਂ ਦੇ ਹੋਰ ਵੀ ਬਹੁਤ ਰੰਗ ਹੁੰਦੇ ਹਨ। ਬਿਰਖ਼ ਮੇਰੇ ਬਾਰ-ਬਾਰ ਕੰਮ ਆਉਂਦਾ ਹੈ। ਕਿਸੇ ਨੇ ਮੈਨੂੰ ਕਿਹਾ ਕਿ ਦੁਨੀਆਂ ‘ਚ ਆ ਕੇ ਏਨੇ ਪੈਗੰਬਰ ਚਲੇ ਗਏ, ਏਨੇ ਨੇਕ ਬੰਦੇ ਆਏ, ਪਰ ਕੀ ਫ਼ਰਕ ਪਿਆ? ਦੁਨੀਆਂ ਓਨੀ ਹੀ ਬੁਰੀ ਹੈ, ਓਨੇ ਹੀ ਚੋਰ, ਓਨੇ ਹੀ ਠੱਗ ਤੇ ਓਨੇ ਹੀ ਬੇਈਮਾਨ ਨੇ। ਦੁਨੀਆਂ ‘ਚ ਕਿੰਨਾ ਪ੍ਰਦੂਸ਼ਣ ਵਧ ਗਿਆ, ਪਰ ਬਿਰਖ਼ ਆਪਣੇ ਕੰਮ ਲੱਗੇ ਹੋਏ ਨੇ। ਉਹ ਜ਼ਹਿਰ ਨੂੰ ਅੰਮ੍ਰਿਤ ਵਿੱਚ ਬਦਲੀ ਜਾਂਦੇ ਨੇ। ਕਲਪਨਾ ਕਰੋ ਜੇ ਦਰਖ਼ਤ ਆਪਣਾ ਕੰਮ ਕਰਨਾ ਛੱਡ ਦੇਣ ਤਾਂ ਦੁਨੀਆਂ ਦਾ ਕੀ ਹਾਲ ਹੋਵੇ। ਸੋ, ਵੱਡੇ ਲੋਕਾਂ ਜਾਂ ਮਹਾਨ ਲੋਕਾਂ ਦਾ ਆਉਣਾ ਅਜਾਈਂ ਨਹੀਂ ਜਾਂਦਾ, ਬਿਰਖਾਂ ਵਾਂਗੂੰ। ਸੋ, ਬਿਰਖ਼ ਪਤਾ ਨਹੀਂ ਆਇਆ ਕਿੱਥੋਂ ਮੇਰੇ ਵਿੱਚ। ਪਰ ਮੈਂ ਸਮਝਦਾਂ ਕਿ ਸਾਡੇ ਲੋਕ ਗੀਤਾਂ ਵਿੱਚ ਵੀ ਆਉਂਦਾ ਹੈ-
“ਰੁੱਖ ਬੋਲ ਨਾ ਸਕਦੇ ਭਾਵੇਂ,
ਬੰਦਿਆਂ ਦਾ ਦੁੱਖ ਜਾਣਦੇ।”
ਸਾਡੇ ਪ੍ਰਥਮ ਕਵੀ ‘ਸ਼ੇਖ ਫਰੀਦ’ ਨੇ ਵੀ ਕਿਹਾ,
“ਦਰਵੇਸ਼ਾਂ ਨੂੰ ਲੋੜੀਐ,
ਰੁੱਖਾਂ ਦੀ ਜੀਰਾਂਦ।”
ਸੋ, ਮੇਰਾ ਖਿ਼ਆਲ ਹੈ ਇਹ ਰੁੱਖ ਜਾਂ ਬਿਰਖ ਮੇਰੀ ਕਵਿਤਾ ਵਿੱਚ ਇਸ ਪੂਰੀ ਪ੍ਰੰਪਰਾ ਵਿੱਚੋਂ ਹੀ ਆਇਆ ਹੈ। ਸਾਡੀ ਪ੍ਰੰਪਰਾ ‘ਚ ਵੀ ਬਿਰਖ਼ ਦੀ ਬਹੁਤ ਉੱਚੀ ਜਗ੍ਹਾ ਹੈ। ਬਲਕਿ ਮੈਂ ਇਹ ਵੀ ਸੁਣਿਆ ਸੀ ਕਿ ਪਿੰਡ ‘ਚ ਜੇ ਕਿਸੇ ਜੋਤਿਸ਼ੀ ਨੇ ਇਹ ਕਹਿਣਾ ਕਿ ਇਸ ਕੁੜੀ ਦੇ ਪਤੀ ਨੇ ਜਿਊਂਦਾ ਨਹੀਂ ਰਹਿਣਾ ਤਾਂ ਉਸਦਾ ਪਹਿਲਾ ਵਿਆਹ ਬਿਰਖ਼ ਨਾਲ ਕਰ ਦਿੱਤਾ ਜਾਂਦਾ। ਬਿਰਖ਼ ਦੇ ਆਲੇ ਦੁਆਲੇ ਸੂਤ ਲਪੇਟ ਕੇ ਉਸ ਨੂੰ ਫ਼ੇਰੇ ਦੇ ਦੇਣੇ। ਵਿਸ਼ਵਾਸ ਸੀ ਕਿ ਉਹ ਬਿਰਖ਼ ਸੁੱਕਣਾ ਸ਼ੁਰੂ ਹੋ ਜਾਂਦਾ ਸੀ। ਰੁੱਖ ਨੂੰ ਮਨੁੱਖ ਨਾਲ ਅਭੇਦ ਕਰਨ ਦੀ ਗੱਲ ਸਾਡੀ ਕਵਿਤਾ ਵਿੱਚ ਵੀ ਅਤੇ ਸਾਡੀ ਲੋਕਧਾਰਾ ਵਿੱਚ ਵੀ ਪਈ ਹੋਈ ਹੈ। ਆਪਣੀਆਂ ਗ਼ਜ਼ਲਾਂ ਵਿੱਚ ਮੈਂ ਬਾਰ-ਬਾਰ ਬਿਰਖ਼ ਬਣਦਾ ਹਾਂ। ਜਿਵੇਂ,
“ਬਲਦਾ ਬਿਰਖ਼ ਹਾਂ, ਖ਼ਤਮ ਹਾਂ, ਬੱਸ ਸ਼ਾਮ ਤੀਕ ਹਾਂ।
ਫਿ਼ਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ।
ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ,
ਵੰਝਲੀ ਦੇ ਰੂਪ ਵਿੱਚ ਉਸ ਜੰਗਲ ਦੀ ਚੀਕ ਹਾਂ।”
ਜਦੋਂ ਮੇਰੇ ਦੋਸਤ ਮੇਰੀ ਬੇਓੜਕ ਪ੍ਰਸੰਸਾ ਕਰਦੇ ਹਨ, ਤਾਂ ਮੇਰਾ ਕਹਿਣ ਨੂੰ ਜੀ ਕਰਦਾ ਹੈ ਕਿ ਦੋਸਤਾਂ ਦਾ ਫ਼ਰਜ਼ ਹੁੰਦਾ ਹੈ, ਦੋਸਤਾਂ ਦੇ ਵਹਿਮ ਜਿ਼ੰਦਾ ਰੱਖਣੇ। ਸ਼ਾਇਰ ਇੱਕ ਐਸੀ ਚੀਜ਼ ਹੈ ਜਿਹੜਾ ਕਦੀ ਤਾਂ ਬਕੌਲ ਮੀਰ ਤਕੀ ਮੀਰ ਕਹਿੰਦਾ ਹੈ-”ਸਾਰੇ ਆਲਮ ਪੇ ਮੈਂ ਹੂੰ ਛਾਯਾ ਹੂਆ, ਮੁਸਤਨਿਦ ਹੈ ਮੇਰਾ ਫ਼ਰਮਾਯਾ ਹੂਆ।” ਦੂਜੀ ਥਾਂ ਮੀਰ ਤਕੀ ਮੀਰ ਸਾਹਬ ਕਹਿੰਦੇ ਹਨ,”ਮੁਝਕੋ ਸ਼ਾਇਰ ਨ ਕਹੋ ਮੀਰ ਕਿ ਸਾਹਿਬ ਮੈਨੇ ਦਰਦੋ ਗ਼ਮ ਕਿਤਨੇ ਕੀਏ ਜਮ੍ਹਾਂ, ਸੋਜ਼-ਏ-ਦੀਵਾਨ ਕੀਆ।” ਸ਼ਾਇਰ ਇਨ੍ਹਾਂ ਦੋਹਾਂ ਅੱਤ ਦੇ ਕਿਨਾਰਿਆਂ ਵਿੱਚ ਜਿਊਂਦਾ ਹੈ। ਕਦੀ ਰੇਤ ਵਾਂਗ ਪੈਰਾਂ ਵਿੱਚ ਵਿਛਿਆ ਹੁੰਦਾ ਤੇ ਕਦੀ ਤਾਰਿਆਂ ਵਾਂਗ ਅਸਮਾਨ ਉੱਤੇ ਛਾਇਆ ਹੁੰਦਾ। ਇਸੇ ਲਈ ਉਹ ਆਪਣਾ ਅਸਲੀ ਨਾਮ ਦੱਸਣ ਤੋਂ ਹਮੇਸ਼ਾਂ ਡਰਦਾ ਰਹਿੰਦਾ। ਆਪਣੀ ਜ਼ਾਤ ਦੱਸਦਿਆਂ ਉਹਦੇ ਹੋਂਠ ਹਮੇਸ਼ਾਂ ਥਿਰਕ ਜਾਂਦੇ ਹਨ।
ਇੱਕ ਵਾਰ ਮੈਂ ਗੁਰੂਸਰ ਸਧਾਰ ਕਾਲਜ ‘ਚ ਜਾਣਾ ਸੀ ਤੇ ਕੋਈ ਗਿੱਧਿਆਂ ਭੰਗੜਿਆਂ ਦਾ ਸਮਾਗਮ ਸੀ। ਮੈਂ ਉਸ ਪ੍ਰੋਗਰਾਮ ਦੀ ਸਦਾਰਤ ਕਰਨੀ ਸੀ। ਮੈਂ ਸੋਚਿਆ ਕਿ ਮੈਂ ਪ੍ਰਧਾਨਗੀ ਭਾਸ਼ਨ ਦੇਣਾ ਹੈ ਤੇ ਮੈਂ ਕੁਝ ਨੁਕਤੇ ਨੋਟ ਕਰ ਲਵਾਂ ਕਿ ਮੈਂ ਉਥੇ ਕੀ ਕਹਿਣਾ ਹੈ। ਜਦੋਂ ਇਸ ਤਰ੍ਹਾਂ ਜਾਈਦਾ ਹੈ ਤਾਂ ਇਹ ਸੋਚ ਕੇ ਕਿ ਮੈਂ ਜਿੱਥੇ ਜਾ ਰਿਹਾ ਹਾਂ ਉੱਥੇ ਕਿਹੋ ਜਿਹਾ ਦ੍ਰਿਸ਼ ਹੋਵੇਗਾ, ਕੌਣ ਲੋਕ ਹੋਣਗੇ ਜੋ ਮੈਨੂੰ ਸੁਣਨਗੇ? ਕਿਉਂਕਿ ਉਹ ਲੋਕ-ਗੀਤਾਂ, ਗਿੱਧੇ ਤੇ ਭੰਗੜੇ ਦਾ ਮੁਕਾਬਲਾ ਸੀ ਤੇ ਪਤਾ ਨਹੀਂ ਕਿਉਂ ਮੇਰੇ ਮਨ ਵਿੱਚ ਇੱਕ ਕੁੜੀਆਂ ਦਾ ਝੁਰਮਟ ਆਉਂਦਾ ਹੈ, ਉਹ ਬੋਲੀ ਪਾ ਰਹੀਆਂ ਨੇ,
“ਕਾਲੀ ਪੱਗ ਨਾ ਬੰਨ ਵੇ,
ਕਿਤੇ ਨਜ਼ਰਾਂ ਨਾ ਲੱਗ ਜਾਣ ਮੇਰੀਆਂ।”
ਅੱਗੋਂ ਮੁੰਡਾ ਕਹਿੰਦਾ ਹੈ,
“ਕਾਲੀ ਪੱਗ ਬੰਨ ਲੈਣ ਦੇ,
ਸਾਡੇ ਖ਼ੇਤਾਂ ਵਿੱਚ ਮਿਰਚਾਂ ਬਥੇਰੀਆਂ।”
ਏਨਾ ਖਿ਼ਆਲ ਆਉਣ ਤੇ ਮੇਰਾ ਧਿਆਨ ਹੋਰ ਪਾਸੇ ਚਲਾ ਗਿਆ। ਉਹ ਪੰਜਾਬ ਉੱਤੇ ਬੜੇ ਸੰਤਾਪ ਦੇ ਦਿਨ ਸਨ। ਮੇਰੇ ਮਨ ‘ਚ ਆਇਆ ਕਿ ਅੱਜ ਨਜ਼ਰ ਕਿਸੇ ਗੱਭਰੂ ਨੂੰ ਨਹੀਂ ਲੱਗੀ, ਸਗੋਂ ਪੂਰੇ ਦੇ ਪੂਰੇ ਪੰਜਾਬ ਨੂੰ ਲੱਗ ਚੁੱਕੀ ਹੈ। ਤੇ ਮੈਂ ਪ੍ਰਧਾਨਗੀ ਭਾਸ਼ਨ ਭੁੱਲ ਗਿਆ, ਕਾਲਜ ਵੀ ਭੁੱਲ ਗਿਆ, ਉਹ ਗੱਭਰੂ ਤੇ ਮੁਟਿਆਰਾਂ ਵੀ ਭੁੱਲ ਗਏ ਤੇ ਮੇਰੇ ਮਨ ਵਿੱਚ ਉਹ ਨਜ਼ਮ ਆਉਣ ਲੱਗੀ,
“ਲੱਗੀ ਨਜ਼ਰ ਪੰਜਾਬ ਨੂੰ,
ਇਹਦੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ,
ਇਹਦੇ ਸਿਰ ਤੋਂ ਵਾਰੋ।”
ਇੰਜ ਹੀ ਇੱਕ ਵਾਰ ਮੈਂ ਲੁਧਿਆਣੇ ਦੀਆਂ ਪੁਰਾਣੀਆਂ ਕਚਹਿਰੀਆਂ ਦੇ ਅਹਾਤੇ ਵਿੱਚੋਂ ਦੀ ਗੁਜ਼ਰ ਰਿਹਾ ਸਾਂ। ਸ਼ਾਮ ਦਾ ਵੇਲਾ ਸੀ, ਕਚਹਿਰੀਆਂ ਬੰਦ ਹੋ ਚੁੱਕੀਆਂ ਸਨ, ਜੱਜ ਤੇ ਵਕੀਲ ਘਰੀਂ ਜਾ ਚੁੱਕੇ ਸਨ, ਮੁਅਕਲ ਘਰਾਂ ਨੂੰ ਜਾ ਚੁੱਕੇ ਸਨ। ਸਿਰਫ਼ ਉਸ ਅਹਾਤੇ ਵਿੱਚ ਵਕੀਲਾਂ ਦੇ ਬੰਦ ਖੋਖੇ ਸਨ ਤੇ ਕੁਝ ਉੱਚੇ ਲੰਮੇ ਦਰਖ਼ਤ, ਕੁਝ ਟਾਲ੍ਹੀਆਂ, ਕੁਝ ਨਿੰਮਾਂ, ਕੁਝ ਰੁੱਖ ਹਰੇ ਤੇ ਕੁਝ ਵਿੱਚੋਂ ਸੁੱਕੇ ਹੋਏ। ਉਹਨਾਂ ਸੁੱਕੇ ਦਰੱਖ਼ਤਾਂ ਵੱਲ ਵੇਖ ਕੇ ਮੈਨੂੰ ਲੱਗਾ ਅਚਾਨਕ ਲੱਗਾ ਕਿ ਇਹ ਦਰਖ਼ਤ ਨਹੀਂ, ਇਹ ਤਾਂ ਉਹ ਲੋਕ ਨੇ ਜੋ ਇੱਥੇ ਇਨਸਾਫ਼ ਲੈਣ ਆਏ ਸੀ ਪਰ ਇਨਸਾਫ਼ ਦੀ ਉਡੀਕ ਕਰਦੇ-ਕਰਦੇ, ਕਰਦੇ-ਕਰਦੇ ਇੱਥੇ ਬਿਰਖ਼ ਬਣ ਗਏ ਤੇ ਏੇਦਾਂ ਹੀ ਇਹ ਸਿ਼ਅਰ ਮੇਰੇ ਮਨ ‘ਚ ਆਉਂਦਾ ਹੈ,
“ਇਸ ਅਦਾਲਤ ‘ਚ ਬੰਦੇ ਬਿਰਖ਼ ਹੋ ਗਏ,
ਫ਼ੈਸਲੇ ਸੁਣਦਿਆਂ-ਸੁਣਦਿਆਂ ਸੁੱਕ ਗਏ।
ਆਖੋ ਇਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ,
ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ।”
ਇਹ ਗਜ਼ਲ ਫਿ਼ਰ ਅੱਗੇ ਚੱਲਦੀ ਹੈ,
“ਕੀ ਇਹ ਇਨਸਾਫ਼ ਹਉਮੈ ਦੇ ਪੁੱਤ ਕਰਨਗੇ।
ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ?
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ,
ਰਾਜ ਬਦਲਣਗੇ, ਸੂਰਜ ਚੜ੍ਹਨ ਲਹਿਣਗੇ।”
ਇੰਜ ਹੀ ਮੇਰੀ ਇੱਕ ਹੋਰ ਗ਼ਜ਼ਲ ਹੈ। ਮੈਂ ਉਦੋਂ ਐਮ. ਏ. ਕਰ ਚੁੱਕਾ ਸੀ, ਰਿਸਰਚ ਕਰ ਰਿਹਾ ਸੀ। ਪੰਜਾਬੀ ਯੂਨੀਵਰਸਿਟੀ ਦੀ ਕੈਨਟੀਨ ਸੀ। ਉੱਥੇ ਅਸੀਂ ਬੈਠੇ ਸਾਂ। ਸਾਹਮਣੇ ਪਾਪਲਰ ਦੇ ਦਰੱਖ਼ਤ ਸਨ, ਜਦੋਂ ਹਵਾ ਚੱਲਦੀ ਤਾਂ ਉਹਨਾਂ ਦੇ ਪੱਤਿਆਂ ‘ਚ ਬਹੁਤ ਥਰਥਰਾਹਟ ਹੁੰਦੀ। ਇੱਦਾਂ ਦੀ ਥਰਥਰਾਹਟ ਜਾਂ ਪਿੱਪਲ ਤੇ ਜਾਂ ਪਾਪਲਰ ‘ਚ ਹੁੰਦੀ ਹੈ। ਪਾਪਲਰ ਵੀ ਸ਼ਾਇਦ ਉਸੇ ਹੀ ਪਰਿਵਾਰ ਚੋਂ ਹੋਣਾ। ਪਾਪਲਰ ਦੇ ਦਰੱਖ਼ਤਾਂ ਦੇ ਪੱਤਿਆਂ ਚੋਂ ਹਵਾ ਲੰਘ ਰਹੀ ਸੀ ਤੇ ਉਸ ਸਮੇਂ ਹੀ ਜਿਵੇਂ ਸਿ਼ਵ ਕੁਮਾਰ ਨੇ ਲਿਖਿਆ,”ਝੁੰਡ ਲੰਘ ਗਿਆ ਇੰਜ ਹੀਰਾਂ ਦਾ।” ਇਸ ਤਰ੍ਹਾਂ ਦਾ ਇੱਕ ਝੁੰਡ ਉੱਥੋਂ ਦੀ ਲੰਘਿਆ। ਮੈਨੂੰ ਲੱਗਾ ਕਿ ਦਰੱਖ਼ਤ ਮੈਂ ਹਾਂ ਤੇ ਹਵਾ ਉਹ ਝੁੰਡ ਹੈ ਤੇ ਮੈਂ ਕਹਿਨਾਂ,
“ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣਕੇ,
ਅਸੀਂ ਰਹਿ ਗਏ ਬਿਰਖ਼ ਵਾਲੀ ਹਾਅ ਬਣਕੇ।”
ਇਹਨਾਂ ਦੋਹਾਂ ਗ਼ਜ਼ਲਾਂ ਦੇ ਲਿਖੇ ਜਾਣ ਤੋਂ ਦੋ ਪਲ ਪਹਿਲਾਂ ਮੈਨੂੰ ਕੋਈ ਪਤਾ ਨਹੀਂ ਸੀ ਕਿ ਮੈਂ ਕੋਈ ਕਵਿਤਾ ਲਿਖਣੀ ਹੈ। ਗੱਲਾਂ ਤੁਹਾਡੇ ਦਿਲ ਵਿੱਚ ਹੀ ਹੁੰਦੀਆਂ ਨੇ ਪਰ ਪਤਾ ਨਹੀਂ ਕਿਹੜੇ ਵੇਲੇ ਕੋਈ ਡੋਰ ਜਾਂ ਸੂਈ ਧਾਗਾ ਤੁਹਾਨੂੰ ਮਿਲ ਜਾਏ, ਇਹ ਤੁਹਾਨੂੰ ਪਤਾ ਨਹੀਂ ਹੁੰਦਾ। ਇਹ ਨਹੀਂ ਕਿ ਕੋਈ ਗੱਲ ਗਾਇਬ ‘ਚੋਂ ਮਿਲਦੀ ਹੈ, ਸਾਰਾ ਕੁਝ ਤੁਹਾਡੇ ਅੰਦਰ ਹੀ ਹੁੰਦਾ ਹੈ। ਜਿਵੇਂ ਪਿੰਡ ‘ਚ ਖੂਹ ਵਿੱਚ ਕੋਈ ਕੁੰਡਾ ਪਾਈਦਾ ਸੀ, ਕੋਈ ਡੋਲ, ਕੋਈ ਬਾਲਟੀ ਡਿੱਗੀ ਪੁਰਾਣੀ, ਹੋਰ ਕਈ ਕੁਝ ਨਿਕਲੀ ਆਉਂਦਾ।
ਨ ਆਪਣੇ ਤਿੱਖੇ ਨਿੰਦਕਾਂ ਨਾਲ ਕੋਈ ਲੜਾਈ ਲੜਨ ਦੀ ਥਾਂ ਮੈਂ ਇਸ ਗੱਲ ‘ਚ ਯਕੀਨ ਰੱਖਦਾ ਹਾਂ,
“ਹੋਰਾਂ ਨਾਲ ਤੂੰ ਨਿੱਤ-ਨਿੱਤ ਲੜਦੈਂ,
ਕਦੀ ਆਪਣੇ ਆਪ ਨਾਲ ਲੜਿਆ ਕਰ।”
ਮੇਰੀ ਬਹੁਤੀ ਪੋਇਟਰੀ ਆਪਣੇ ਆਪ ਨਾਲ ਲੜਾਈ ਹੈ। ਜਿਵੇਂ,
“ਦੂਰ ਜੇਕਰ ਅਜੇ ਸਵੇਰਾ ਹੈ,
ਇਸ ‘ਚ ਕਾਫ਼ੀ ਕਸੂਰ ਮੇਰਾ ਹੈ।”
ਇੱਕ ਵਾਰ ਮੈਂ ਕੋਲੰਬੀਆ ‘ਵਰਲਡ ਪੋਇਟਰੀ ਫੈਸਟੀਵਲ’ ਵਿੱਚ ਗਿਆ। ਉਹ ਸਪੈਨਿਸ਼ ਬੋਲੀ ਵਾਲਾ ਦੇਸ਼ ਹੈ। ਉਥੇ ਮੈਂ ਆਪਣੀ ਕਵਿਤਾ ਆਪਣੀ ਜ਼ਬਾਨ ‘ਚ ਪੜ੍ਹਦਾ ਸਾਂ ਤੇ ਅਨੁਵਾਦਕ ਉਸਨੂੰ ਸਪੈਨਿਸ਼ ਵਿੱਚ ਅਨੁਵਾਦ ਕਰਕੇ ਸੁਣਾਉਂਦਾ ਸੀ। ਮੈਂ ਉਸ ਮਾਹੌਲ ਦੇ ਪ੍ਰਭਾਵ ਹੇਠਾਂ ਨਸਿ਼ਆਇਆ ਹੋਇਆ ਸੀ। ਮੈਂ ਜਦੋਂ ਮਿਆਮੀ ਹਵਾਈ ਅੱਡੇ ਉੱਤੇ ਬੈਠਾ ਸਾਂ, ਮੈਂ ਉਸ ਸ਼ਹਿਰ ਨੂੰ ਯਾਦ ਕਰ ਰਿਹਾ ਸਾਂ ਤੇ ਰੋ ਰਿਹਾ ਸਾਂ। ਜਿੰਨਾ ਪਿਆਰ ਮੈਨੂੰ ਮਿਆਮੀ ਤੋਂ ਮਿਲਿਆ, ਉਸ ਤੋਂ ਮੈਨੂੰ ਲੱਗ ਰਿਹਾ ਸੀ ਕਿ ਮਿਆਮੀ ਮੈਨੂੰ ਮੇਰੇ ਲੁਧਿਆਣੇ ਤੋਂ ਵੱਧ ਜਾਣਦਾ ਹੈ। ਪਰ ਮੈਂ ਜਦ ਯੂ. ਕੇ. ‘ਚ ਪੁੱਜਾ ਤਾਂ ਕਿਸੇ ਬੰਦੇ ਨੇ ਮੈਨੂੰ ਦੱਸਿਆ ਕਿ ਅੱਜ ਤੇਰੇ ਬਾਰੇ ਪੰਜਾਬੀ ਦੇ ਇੱਕ ਅਖ਼ਬਾਰ ‘ਚ ਆਰਟੀਕਲ ਛਪਿਆ ਹੈ। ਮੈਨੂੰ ਨਸਿ਼ਆਏ ਹੋਏ ਨੂੰ ਉਹ ਆਰਟੀਕਲ ਤੀਰ ਵਾਂਗ ਮੇਰੇ ਕਲੇਜੇ ਵਿੱਚ ਆ ਕੇ ਲੱਗਾ। ਮੈਂ ਕਦੀ ਲਿਖਿਆ ਸੀ,
“ਸੱਜਣ ਨਾ ਯਾਰ ਆਉਂਦੇ,
ਭੈਣਾਂ ਨਾ ਵੀਰ ਆਉਂਦੇ।
ਹੁਣ ਤਾਂ ਕਲੇਜੇ ਲੱਗਣ ਨੂੰ ਸਿਰਫ਼ ਤੀਰ ਆਉਂਦੇ।”
ਤੇ ਉਹ ਆਰਟੀਕਲ ਤੀਰ ਵਾਂਗ ਮੇਰੇ ਕਾਲਜੇ ‘ਚ ਲੱਗਾ। ਉਸ ਤੀਰ ਦੇ ਜ਼ਖਮ ਅਤੇ ਪੀੜ ਦੇ ਸਦਮੇ ਤੋਂ ਸੰਭਲਣ ਲਈ ਮੈਨੂੰ ਕੁਝ ਵਕਤ ਲੱਗਾ, ਪਰ ਸੰਭਲ ਗਿਆ।
ਕਈ ਵਾਰ ਮੈਨੂੰ ਇਹੋ ਜਿਹੇ ਮੌਕਿਆਂ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਮੈਂ ਜ਼ਖਮੀ ਜਾਂ ਆਹਤ ਮਹਿਸੂਸ ਕੀਤਾ, ਜਿਵੇਂ ਪੂਰਨ ਨੂੰ ਟੁੱਕ ਕੇ ਖੂਹ ਵਿੱਚ ਸੁੱਟ ਦਿੱਤਾ ਸੀ ਤੇ ਫਿਰ ਗੋਰਖ ਆਇਆ, ਉਹਨੇ ਉਹਨੂੰ ਕੱਢਿਆ। ਇੰਜ ਹੀ ਮੈਨੂੰ ਕੋਈ ਨਾ ਕੋਈ ਸ਼ਬਦ, ਕੋਈ ਵਾਰ ਮੁੜਕੇ ਖੂਹ ਵਿੱਚੋਂ ਸਾਬਤ ਬਾਹਰ ਕੱਢ ਲੈਂਦਾ ਹੈ। ਮੈਂ ਕਿਤੇ ਕਿਹਾ ਸੀ,
“ਜੋ ਤੂੰ ਮੈਨੂੰ ਪੱਥਰ ਮਾਰੇ ਸੀ,
ਜੋ ਤੂੰ ਮੈਨੂੰ ਕੰਢੇ ਚੋਭੇ ਸੀ,
ਮੈਂ ਤਾਂ ਉਹ ਹਜ਼ਮ ਵੀ ਕਰ ਲਏ,
ਉਹ ਤਾਂ ਹੁਣ ਰਹੇ ਹੀ ਨਹੀਂ,
ਮੈਂ ਤਾਂ ਉਹ ਨਜ਼ਮ ਵੀ ਕਰ ਲਏ।”
ਇੰਜ ਮੈਂ ਪੱਥਰਾਂ ਅਤੇ ਕੰਡਿਆਂ ਨੂੰ ਵੀ ਨਜ਼ਮਾਂ ‘ਚ ਬਦਲ ਲਿਆ। ਸੋ ਉਹਨਾਂ ਬੰਦਿਆਂ ਨੇ, ਉਹਨਾਂ ਦੀ ਨਿੰਦਿਆ ਨੇ ਵੀ ਮੇਰੀ ਕਿਸੇ ਨਾ ਕਿਸੇ ਰੂਪ ‘ਚ ਮਦਦ ਹੀ ਕੀਤੀ। ਨਹੀਂ ਤਾਂ ਮੈਂ ਸੌਂ ਜਾਂਦਾ ਜਾਂ ਢੈਲਾ ਪੈ ਜਾਂਦਾ। ਸੋ, ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦੀ ਹਾਂ ਜਿੰਨਾਂ ਕਿ ਆਪਣੇ ਉਹਨਾਂ ਦੋਸਤਾਂ ਦਾ, ਜਿਨ੍ਹਾਂ ਨੇ ਮੇਰੇ ਦੁਆਲੇ ਇੱਕ ਤਰ੍ਹਾਂ ਦੀ ਰਾਮਕਾਰ ਰੱਖੀ ਤੇ ਮੈਨੂੰ ਤੱਤੀ ਵਾ ਤੱਕ ਨਹੀਂ ਲੱਗਣ ਦਿੱਤੀ। ਜਦ ਕਿ ਦੂਜਿਆਂ ਨੇ ਮੈਨੂੰ ਦੱਸਿਆ ਕਿ ਬਾਹਰ ਤੱਤੀ ਹਵਾ ਵਗ ਰਹੀ ਹੈ। ਇੰਜ ਉਹ ਲੋਕ ਜੋ ਦੂਜਿਆਂ ਦੇ ਪ੍ਰਛਾਵੇਂ ਵੱਢਣ ‘ਚ ਯਕੀਨ ਰੱਖਦੇ ਨੇ, ਜਿਨ੍ਹਾਂ ਬਾਰੇ ਮੈਂ ਕਦੀ ਲਿਖਿਆ ਸੀ,
“ਜਿੱਥੇ ਵੀ ਦੋ ਬੰਦੇ ਰਲ ਕੇ ਬਹਿੰਦੇ ਨੇ,
ਤੀਜੇ ਦਾ ਪ੍ਰਛਾਵਾਂ ਵੱਢਦੇ ਰਹਿੰਦੇ ਨੇ।”
ਇਹ ਵੱਢਣ ਤੇ ਟੁੱਕਣ ਵਾਲੇ ਵੀ ਇੱਕ ਰੋਲ ਨਿਭਾਉਂਦੇ ਹਨ ਤੇ ਵੱਢੇ-ਟੁੱਕਿਆਂ ਨੂੰ ਜੋੜਨ ਵਾਲੇ ਵੀ ਇੱਕ ਰੋਲ ਨਿਭਾਉਂਦੇ ਹਨ। ਇਨ੍ਹਾਂ ਦੋਹਾਂ ਦੇ ਕੰਮ ਅਤੇ ਪ੍ਰਭਾਵ ਬੰਦੇ ਦੀ ਸ਼ਖਸ਼ੀਅਤ ਦੀ ਉਸਾਰੀ ‘ਚ ਆਪਣਾ ਯੋਗਦਾਨ ਪਾਉਂਦੇ ਹਨ। ਸੋ, ਮੇਰਾ ਨਜ਼ਰੀਆ ਹੈ,
“ਹੋਇਆ ਕੀ ਜੇ ਆਈ,
ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ।
ਮੈਂ ਲੱਭ ਕੇ ਕਿਤੋਂ ਲਿਆਉਂਦਾ ਕਲਮਾਂ,
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।”
ਨ ਮੇਰੀ ਜਿ਼ੰਦਗੀ ਦੀਆਂ ਦਿਲਚਸਪ ਅਤੇ ਅਭੁੱਲ ਯਾਦਾਂ ਵਿੱਚ ਕੋਲੰਬੀਆਂ ‘ਚ ਹੋਏ ਕਵਿਤਾ ਉਤਸਵ ਦੀਆਂ ਯਾਦਾਂ ਮਹੱਤਵਪੂਰਨ ਹਨ। ਮੈਂ ਉਥੇ ਆਪਣੀਆਂ ਕਵਿਤਾਵਾਂ ਸੁਣਾਉਣ ਤੋਂ ਬਾਅਦ ਇੱਕ ਪਾਰਕ ‘ਚ ਬੈਠਾ ਸਾਂ। ਇੱਕ ਬੰਦਾ ਤੇ ਉਹਦੀ ਧਰਮ ਪਤਨੀ ਮੇਰੇ ਕੋਲ ਦੀ ਗੁਜ਼ਰੇ। ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਸੀ, ਜਿਸਨੇ ਮੇਰੀ ਪੱਗ-ਦਾੜ੍ਹੀ ਵੇਖਕੇ ਕੁਝ ਕਿਹਾ। ਉਹ ਦੋਵੇਂ ਹੱਸ ਪਏ। ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਬੱਚਾ ਕੀ ਕਹਿੰਦਾ ਹੈ? ਤਾਂ ਉਹਨਾਂ ਨੇ ਕਿਹਾ ਕਿ ਇਹ ਪੁੱਛਦਾ ਹੈ ਕਿ ਕੀ ਇਹ ਭਾਈ ਕੋਈ ਜਾਦੂਗਰ ਹੈ? ਮੈਂ ਇਸ ਅਨੁਭਵ ਬਾਰੇ ਬਾਅਦ ‘ਚ ਇੱਕ ਛੋਟੀ ਜਿਹੀ ਨਜ਼ਮ ਲਿਖੀ,
“ਅਬਰੇਰੂ ਪਾਰਕ ‘ਚ ਕਵਿਤਾ ਉਤਸਵ ਦੇ ਦਿਨੀਂ ਇੱਕ
ਛੋਟਾ ਜਿਹਾ ਬੱਚਾ ਸਾਈਕਲ ਚਲਾਉਂਦਾ ਮੇਰੇ ਕੋਲ ਆਇਆ,
ਤੇ ਆ ਕੇ ਪੁੱਛਣ ਲੱਗਾ,” ਤੂੰ ਜਾਦੂਗਰ ਏਂ?”
ਮੈਂ ਪਹਿਲਾਂ ਕਹਿਣ ਲੱਗਾ ਸਾਂ,ਨਹੀਂ।
ਫਿ਼ਰ ਮੈਂ ਕਿਹਾ,”ਹਾਂ ਮੈਂ ਅੰਬਰ ਤੋਂ ਤਾਰੇ ਤੋੜ ਕੇ ਕੁੜੀਆਂ ਲਈ ਹਾਰ ਬਣਾ ਸਕਦਾ ਹਾਂ
ਹਾਂ, ਮੈਂ ਦਰਖ਼ਤਾਂ ਦੇ ਪੱਤਿਆਂ ਨੂੰ ਸਾਜ਼ਾਂ ‘ਚ ਬਦਲ ਸਕਦਾ ਹਾਂ,
ਹਾਂ, ਮੈਂ ਹਵਾ ਨੂੰ ਸਾਜਿ਼ੰਦਾ ਬਣਾ ਸਕਦਾ ਹਾਂ,
ਹਾਂ ਮੈਂ ਜਾਨਵਰ ਹਾਂ।
ਤਾਂ ਫਿ਼ਰ ਬੱਚੇ ਨੇ ਕਿਹਾ, “ਮੇਰੇ ਸਾਈਕਲ ਨੂੰ ਘੋੜਾ ਈ ਬਣਾ ਦੇ।”
ਤਾਂ ਮੈਂ ਉਸਨੂੰ ਕਿਹਾ, ,”ਅਸਲ ‘ਚ ਮੈਂ ਬੱਚਿਆਂ ਦਾ ਜਾਦੂਗਰ ਨਹੀਂ।”
“ਮੈਂ ਵੱਡਿਆਂ ਦਾ ਜਾਦੂਗਰ ਹਾਂ।”
ਤਾਂ ਉਹ ਕਹਿਣ ਲੱਗਾ-
“ਅੱਛਾਂ ਤਾਂ ਫਿਰ ਮੇਰੇ ਮਾਂ-ਬਾਪ ਦੇ ਘਰ ਨੂੰ ਮਹਿਲ ਬਣਾ ਦੇ।”
ਮੈਂ ਅਖ਼ੀਰ ਛਿੱਥਾ ਜਿਹਾ ਪੈ ਕੇ ਆਖਿਆ-
“ਮੈਂ ਅਸਲ ‘ਚ ਚੀਜ਼ਾਂ ਦਾ ਜਾਦੂਗਰ ਨਹੀਂ,”
“ਮੈਂ ਸ਼ਬਦਾਂ ਦਾ ਜਾਦੂਗਰ ਆਂ।”
ਤਾਂ ਉਹ ਬੱਚਾ ਕਹਿਣ ਲੱਗਾ,
“ਅੱਛਾ! ਤਾਂ ਤੂੰ ਪੋਇਟਾ ਏਂ ਪੋਇਟਾ!”
ਤਾਂ ਇਹ ਕਹਿੰਦਾ ਉਹ ਬੱਚਾ ਸਾਈਕਲ ਚਲਾਉਂਦਾ,
ਹੱਥ ਹਿਲਾਉਂਦਾ, ਮੁਸਕਰਾਉਂਦਾ ਪਾਰਕ ਚੋਂ ਬਾਹਰ ਚਲਾ ਗਿਆ
ਤੇ ਦਾਖ਼ਲ ਹੋ ਗਿਆ ਮੇਰੀ ਕਵਿਤਾ ‘ਚ।”
ਨ ਕਈ ਵਾਰ ਮੈਂ ਸੋਚਦਾਂ ਕਿ ਮੇਰੀ ਕਵਿਤਾ ਤੇ ਮੇਰੇ ਪਰਿਵਾਰ ਦਾ ਕੀ ਸੰਬੰਧ ਹੈ? ਤਾਂ ਮੈਂ ਕਈ ਵਾਰ ਬਹੁਤ ਖੁਸ਼ ਹੁੰਨਾਂ ਕਿ ਸ਼ੁਕਰ ਹੈ ਮੇਰੀ ਕਵਿਤਾ ਮੇਰੇ ਪਰਿਵਾਰ ਨੂੰ ਸਮਝ ਨਹੀਂ ਆਈ। ਮੈਂ ਇਹ ਸੋਚ ਕੇ ਕਿ ਮੇਰੀ ਮਾਂ ਜੇ ਕਵਿਤਾ ਸੁਣਦੀ ਤਾਂ ਉਹ ਕਿੰਜ ਮਹਿਸੂਸ ਕਰਦੀ ਇਹ ਕਵਿਤਾ ਲਿਖੀ:
“ ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ,
ਭਾਵੇਂ ਮੇਰੀ ਮਾਂ ਬੋਲੀ ‘ਚ ਲਿਖੀ ਹੋਈ ਸੀ।
ਉਹ ਤਾਂ ਕੇਵਲ ਏਨਾ ਸਮਝੀ,
ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ।
ਪਰ ਇਸਦਾ ਦੁੱਖ ਮੇਰੇ ਹੁੰਦਿਆਂ ਆਇਆ ਕਿੱਥੋਂ?
ਨੀਝ ਲਗਾ ਕੇ ਦੇਖੀ ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ,
ਦੇਖੋ ਲੋਕੋ, ਕੁੱਖੋਂ ਜਾਏ ਮਾਂ ਨੂੰ ਛੱਡ ਕੇ ਦੁੱਖ ਕਾਗਤਾਂ ਨੂੰ ਦੱਸਦੇ ਨੇ।
ਮੇਰੀ ਮਾਂ ਨੇ ਕਾਗਜ਼ ਚੁੱਕ ਸੀਨੇ ਨੂੰ ਲਾਇਆ,
ਏਦਾਂ ਹੀ ਕੁਝ ਮੇਰੇ ਨੇੜੇ ਹੋਵੇ ਮੇਰਾ ਜਾਇਆ।
ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346