Welcome to Seerat.ca
Welcome to Seerat.ca

ਕੀ ਸਰਾਭੇ ਦੀ ਕੋਈ ਪ੍ਰੇਮਿਕਾ ਵੀ ਸੀ?

 

- ਵਰਿਆਮ ਸਿੰਘ ਸੰਧੂ

ਭੁੱਬਲ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਸ੍ਵੈ-ਕਥਨ

 

- ਸੁਰਜੀਤ ਪਾਤਰ

ਸ਼ਹੀਦ ਭਗਤ ਸਿੰਘ ਬਾਰੇ ਕੁਝ ਰੌਚਿਕ ਤੱਥ

 

- ਯਸ਼ਪਾਲ

ਤਾ ਕਿ ਸਨਦ ਰਹੇ-ਅੰਮ੍ਰਿਤਾ ਪ੍ਰੀਤਮ

 

- ਸਾਧੂ ਸਿੰਘ

ਕੁਦਰਤ ਦਾ ਕੌਤਕ ਬਾਬਾ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਿਖੜੇ ਪੈਂਡੇ

 

-  ਹਰਜੀਤ ਅਟਵਾਲ

ਸ਼ਮਸ਼ੇਰ ਸੰਧੂ, ਮੈ ਆਪ ਤੇ ਯਾਦਾਂ ‘ਪੰਜਾਬੀ ਟ੍ਰਿਬਿਊਨ‘ ਦੀਆਂ

 

- ਗੁਰਦਿਆਲ ਸਿੰਘ ਬੱਲ

ਰਾਮ ਗਊ

 

- ਹਰਪ੍ਰੀਤ ਸੇਖਾ

ਆਜ਼ਾਦੀ ਦੇ ‘ਲਾਲਾਂ ਚੋਂ ਲਾਲ’– ਭਗਤ ਸਿੰਘ

 

- ਉਂਕਾਰਪ੍ਰੀਤ

ਦੋ ਕਵਿਤਾਵਾਂ

 

- ਸੁਰਜੀਤ

ਇਕ ਗ਼ਜ਼ਲ ਅਤੇ ਇਕ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਰੇਤ ਨਿਗਲ ਗਈ ਹੀਰਾ

 

- ਬੂਟਾ ਸਿੰਘ ਚੌਹਾਨ

ਐੱਮਪੀਜ਼ ਦੀਆਂ ਪੈਨਸ਼ਨਾਂ ਨੇ ਕਿ ਰਾਜਿਆਂ, ਮਹਾਂਰਾਜਿਆਂ ਵਾਲੇ ਵਜ਼ੀਫੇ ਨੇ!

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸੱਚੇ ਮਾਰਗ ਦੀ ਤਲਾਸ਼

 

- ਸੁਪਨ ਸੰਧੂ

ਇੱਕੀਵੀ ਸਦੀ ਦੇ ਵੱਡੇ ਮਨੁਖੀ ਦੁਖਾਂਤ ਚੋਂ ਗੁਜਰ ਰਿਹਾ ਸੀਰੀਆ

 

- ਹਰਜਿੰਦਰ ਸਿੰਘ ਗੁਲਪੁਰ

ਸਾਡੇ ਪੁਰਖਿਆਂ ਦੀ ਵਿਰਾਸਤ ਸਾਡਾ ਪਹਿਰਾਵਾ

 

- ਕਰਨ ਬਰਾੜ

ਚੱਟ ਲਿਆ ਚਿੱਟੇ ਨੇ ਪੰਜਾਬ ਮੇਰਾ ਸਾਰਾ ?

 

- ਗੁਰਬਾਜ ਸਿੰਘ

ਮੇਰੀ ਆਤਮ-ਕਥਾ / ਅਸੀਂ ਵੀ ਜੀਵਣ ਆਏ

 

- ਕੁਲਵਿੰਦਰ ਖਹਿਰਾ

ਹੁੰਗਾਰੇ

 
Online Punjabi Magazine Seerat


ਸ਼ਹੀਦ ਭਗਤ ਸਿੰਘ ਬਾਰੇ ਕੁਝ ਰੌਚਿਕ ਤੱਥ
- ਯਸ਼ਪਾਲ
 

 

(ਇਤਿਹਾਸ ਦੇ ਮਹਾਂ ਨਾਇਕਾਂ ਬਾਰੇ ਸੋਚਦਿਆਂ, ਅਸੀਂ ਉਹਨਾਂ ਨੂੰ ਅਪਹੁੰਚ, ਅਲੌਕਿਕ ਤੇ ਅਸਧਾਰਨ ਸ਼ਕਤੀਆਂ ਤੇ ਵਿਸ਼ੇਸ਼ਤਾਵਾਂ ਦੇ ਇਸ ਕਦਰ ਧਾਰਨੀ ਸਮਝਦੇ ਹਾਂ ਕਿ ਅਸੀਂ ਉਹਨਾਂ ਦੀ ਸਾਧਾਰਨ ਇਨਸਾਨੀ ਪਛਾਣ ਨੂੰ ਅਸਲੋਂ ਹੀ ਅੱਖੋਂ ਉਹਲੇ ਕਰ ਦਿੰਦੇ ਹਾਂ। ਸੱਚੀ ਗੱਲ ਤਾਂ ਇਹ ਹੈ ਕਿ ਉਹਨਾਂ ਵਿੱਚ ਵੀ ਸਾਧਾਰਨ ਮਨੁੱਖੀ ਹਸਰਤਾਂ ‘ਤੇ ਰੀਝਾਂ ਹੁੰਦੀਆਂ ਹਨ ਪਰ ਸਮਾਂ ਆਉਣ ‘ਤੇ ਉਹ ਆਪਣੀਆਂ ਨਿੱਜੀ ਹਸਰਤਾਂ ਤਿਆਗ ਕੇ ਕਿਸੇ ਵੱਡੇ ਸਮਾਜਕ, ਰਾਜਨੀਤਕ ਇਨਕਲਾਬ ਲਈ ਆਪਾ ਸਮਰਪਤ ਕਰਕੇ ਸਾਧਾਰਨ ਸਤਹ ਤੋਂ ਉੱਪਰ ਉਠ ਜਾਂਦੇ ਸਨ ਤੇ ਸਾਡੇ ਮਹਾਂ ਨਾਇਕ ਬਣ ਜਾਂਦੇ ਹਨ। ਇਸ ਲੇਖ ਵਿੱਚ ਸ਼ਹੀਦ ਭਗਤ ਸਿੰਘ ਦੇ ਸਾਥੀ ਪ੍ਰਸਿੱਧ ਲੇਖਕ ਯਸ਼ਪਾਲ ਨੇ ਭਗਤ ਸਿੰਘ ਦੀਆਂ ਸਾਧਾਰਨ ਮਨੁੱਖੀ ਵਿਸ਼ੇਸ਼ਤਾਵਾਂ ਦਾ ਦਿਲਚਸਪ ਬਿਆਨ ਕੀਤਾ ਹੈ। ਇਸ ਵਿੱਚ ਭਗਤ ਸਿੰਘ ਦਾ ਇੱਕ ਸਧਾਰਨ ਵਿਅਕਤੀ ਦਾ ਬਿੰਬ ਉਭਰਦਾ ਹੈ ਜੋ ਤਿਆਗ ਤੇ ਕੁਰਬਾਨੀ ਦੇ ਰਾਹ ਚੱਲਦਿਆਂ ਵਡੇਰੀਆਂ ਮੰਜਿ਼ਲਾਂ ਮਾਰਨ ਲਈ ਯਤਨਸ਼ੀਲ ਹੈ।) -ਸੰਪਾਦਕ

ਹਥਿਆਰਬੰਦ ਇਨਕਲਾਬੀ ਅੰਦਲੋਨ ਦੇ ਜਿਸ ਦੌਰ ਨਾਲ ਮੇਰਾ ਨਿੱਜੀ ਸੰਬੰਧ ਰਿਹਾ ਹੈ, ਉਸ ਵਿੱਚ ਭਗਤ ਸਿੰਘ ਦਾ ਸਥਾਨ ਬਹੁਤ ਮਹੱਤਵਪੂਰਨ ਸੀ। ਇਨਕਲਾਬੀ ਭਾਵਨਾ ਜਾਂ ਰਾਜਨੀਤਿਕ ਗੱਲਾਂ ਤੋਂ ਇਲਾਵਾ ਵੀ ਜਮਾਤੀ ਅਤੇ ਮਿੱਤਰ ਦੇ ਰੂਪ ਵਿੱਚ ਭਗਤ ਸਿੰਘ ਦੇ ਸਾਥ ਦਾ ਬਹੁਤ ਵੱਡਾ ਆਕਰਸ਼ਣ ਸੀ। ਉਹ ਖੁਦ ਹਸਮੁੱਖ ਅਤੇ ਖ਼ੁਸ਼ਦਿਲ ਹੋਣ ਦੇ ਨਾਲ ਨਾਲ ਦੂਜਿਆਂ ਦੇ ਹਾਸੇ ਦਾ ਵੀ ਅੱਛਾ ਖਾਸਾ ਸਾਧਨ ਬਣ ਸਕਦਾ ਸੀ। ਭਗਤ ਸਿੰਘ ਦੇ ਉਸ ਸਮੇਂ ਦੇ ਰੂਪ ਅਤੇ ਉਸ ਦੇ ਵਰਤਮਾਨ ਇਤਿਹਾਸਕ ਮਹੱਤਵ ਅਤੇ ਸਥਾਨ ਵਿੱਚ ਬਹੁਤ ਵੱਡਾ ਅੰਤਰ ਹੈ।
ਭਗਤ ਸਿੰਘ ਦੇ ਜੋ ਸੁੱਘੜ ਅਤੇ ਚੁਸਤ ਚਿੱਤਰ, ਹੈਟ ਪਹਿਨੇ ਅਤੇ ਮੁੱਛ ਨੂੰ ਮਰੋੜਾ ਦਿੱਤੇ ਹੋਏ ਅੱਜ ਥਾਂ-ਥਾਂ ਵਿਖਾਈ ਦਿੰਦੇ ਹਨ, ਉਹਨਾਂ ਤੋਂ ਭਗਤ ਸਿੰਘ ਦੇ ਉਸ ਪਹਿਲੇ ਸਮੇਂ ਦੇ ਰੂਪ ਅਤੇ ਵਿਵਹਾਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਕੱਦ ਲੰਮਾ, ਚਿਹਰੇ ਦਾ ਰੰਗ ਸਾਫ਼, ਹਲਕੀ-ਹਲਕੀ ਦਾੜ੍ਹੀ-ਮੁੱਛਾਂ ਨਾਲ ਘਿਰਿਆ ਚਿਹਰਾ, ਉਭਰੇ ਹੋਏ ਪਰ ਹਲਕੇ ਭਰਵੱਟੇ ਤੇ ਕੁਝ ਛੋਟੀਆਂ ਅੱਖਾਂ। ਸਿਰ ਉੱਤੇ ਢਿੱਲੇ-ਢਿੱਲੇ ਬੰਨੇ ਕੇਸ, ਪਰ ਦੋਹੀਂ ਪਾਸੇ ਲੜ ਛੱਡ ਕੇ ਬੰਨੀ ਛੋਟੀ ਜਿਹੀ ਪੱਗ। ਖੱਦਰ ਦੇ ਮੈਲੇ ਅਤੇ ਅਕਸਰ ਸਰੀਰ ਦੇ ਬੇਮੇਚ ਕੱਪੜੇ। ਤੇੜ ਅਕਸਰ ਪਜਾਮੇ ਦੀ ਜਗ੍ਹਾ ਲੁੰਗੀ ਪਹਿਨ ਕੇ ਹੀ ਉਹ ਕਾਲਜ ਆ ਜਾਂਦਾ। ਸਾਡਾ ਜਮਾਤੀ ਝੰਡਾ ਸਿੰਘ ਉਸਦੀਆਂ ਅੱਖਾਂ ਦੀ ਉਪਮਾ ਲੱਡੂ ਵਿੱਚ ਚਿਪਕੇ ਬਦਾਮਾਂ ਨਾਲ ਅਤੇ ਉਸਦੇ ਕੱਦ ਦੀ ਉਪਮਾ ਜਵਾਨ ਅਲੜ੍ਹ ਬੋਤੇ ਨਾਲ ਕਰਦਾ ਹੁੰਦਾ ਸੀ।
ਦੂਜੇ ਪਾਸੇ, ਵਕਤ ਆਉਣ ‘ਤੇ ਉਸੇ ਭਗਤ ਸਿੰਘ ਦਾ ਰੂਪ ਅਤੇ ਕਰਨੀ ਦੋਵੇਂ ਹੀ ਏਨੇ ਨਿਖਰੇ ਕਿ ਉਸਨੂੰ ਫਾਂਸੀ ਦਿੱਤੇ ਜਾਣ ਦੀ ਖ਼ਬਰ ਦਾ ਸਦਮਾ ਜਦੋਂ ਥੋੜ੍ਹਾ ਜਿਹਾ ਹਲਕਾ ਪਿਆ ਤਾਂ ਇਸ ਸਦਮੇ ਦੀ ਡੂੰਘੀ ਸੱਟ ਨੂੰ ਸਹਿਜ ਮਜ਼ਾਕ ਵਿੱਚ ਢਾਲਦਿਆਂ ਪੰਜਾਬ ਦੀ ਇੱਕ ਪ੍ਰਮੁੱਖ ਕਾਂਗਰਸੀ ਆਗੂ ਕਹਿ ਬੈਠੀ, “ਇਸ ਖਬਰ ਨਾਲ ਪਤਾ ਨਹੀਂ ਦੇਸ਼ ਦੀਆਂ ਕਿੰਨੀਆਂ ਕੁਆਰੀਆਂ ਕੁੜੀਆਂ ਦੇ ਦਿਲ ਵਿਧਵਾ ਹੋ ਗਏ ਹੋਣਗੇ।”
ਭਗਤ ਸਿੰਘ ਦੇਸ਼ ਦੇ ਨੌਜਵਾਨਾਂ ਅਤੇ ਮੁਟਿਆਰਾਂ ਦੇ ਸੁਪਨਿਆਂ ਦਾ ਆਦਰਸ਼ ਬਣ ਗਿਆ ਤੇ ਲੋਕ ਉਸ ਦੇ ਰੂਪ ਨੂੰ ਵੀ ਉਹਦੀ ਵਡਿਆਈ ਦੇ ਪ੍ਰਛਾਵੇਂ ਵਿੱਚ ਵੇਖਣ ਲੱਗੇ।
ਕਾਲਜ ਦੇ ਦਿਨਾਂ ਵਿੱਚ ਭਗਤ ਸਿੰਘ ਨੂੰ ਬੁੱਧੂ ਬਣਾਉਣ ਵਿੱਚ ਮਜ਼ਾ ਆਉਂਦਾ ਸੀ । ਮੈਂ ਆਪ ਵੀ ਕਾਫੀ ਬੁੱਧੂ ਬਣਦਾ ਰਿਹਾ ਹਾਂ। ਅਸੀਂ ਸਾਰੇ ਹੀ ਕਦੀ ਨਾ ਕਦੀ ਬੁੱਧੂ ਬਣਦੇ ਰਹੇ। ਕਿਸੇ ਸਮੇਂ ਹਾਸੇ ਮਜ਼ਾਕ ਦਾ ਪਾਤਰ ਬਣਨ ਵਾਲਾ ਭਗਤ ਸਿੰਘ ਆਪਣੀ ਕੁਰਬਾਨੀ ਅਤੇ ਨਿਸ਼ਠਾ ਕਾਰਨ ਅੱਜ ਗੌਰਵ ਦਾ ਪ੍ਰਤੀਕ ਬਣ ਗਿਆ ਹੈ। ਇਸ ਤੋਂ ਇਲਾਵਾ ਕਿੰਨੀਆਂ ਹੀ ਰਹੱਸਮਈ ਦੰਦ-ਕਥਾਵਾਂ ਵੀ ਭਗਤ ਸਿੰਘ ਦੀ ਯਾਦ ਨਾਲ ਜੁੜ ਗਈਆਂ ਹਨ। ਇਹਨਾਂ ਦੰਦ-ਕਥਾਵਾਂ ਦੀ ਤੁਲਨਾ ਵਿੱਚ ਉਹਨਾਂ ਵੇਲਿਆਂ ਦੀ ਵਾਸਤਵਿਕਤਾ ਬਿਆਨ ਕਰਨ ਵਿੱਚ ਸੰਕੋਚ ਹੁੰਦਾ ਹੈ ਕਿ ਕੁਝ ਪਾਠਕ ਕਿਤੇ ਇਹ ਨਾ ਸਮਝ ਲੈਣ ਕਿ ਮੈਂ ਭਗਤ ਸਿੰਘ ਦੇ ਮਹਾਨ ਵਿਅਕਤੀਤਵ ਨੂੰ ਆਪਣੇ ਬਰਾਬਰ ਖਿੱਚ ਕੇ ਆਪਣੀ ਮਹੱਤਤਾ ਵਧਾਉਣ ਲਈ ਉਸਨੂੰ ਛੋਟਾ ਕਰ ਰਿਹਾ ਹਾਂ।
ਇਹੋ ਜਿਹੀ ਇੱਕ ਦੰਦ-ਕਥਾ ਮੈਂ 1939 ਵਿੱਚ ਫਤਿਹਗੜ੍ਹ ਸੈਂਟਰਲ ਜੇਲ ਵਿੱਚ ਕਾਨ੍ਹਪੁਰ ਦੇ ਸ਼੍ਰੀ ਸਿ਼ਵਰਾਮ ਪਾਂਡੇ (ਜੋ ਪਿੱਛੋਂ ਵਿਧਾਨ ਸਭਾ ਦੇ ਮੈਂਬਰ ਵੀ ਬਣੇ) ਤੋਂ ਵੀ ਸੁਣੀ ਸੀ। ਪਾਂਡੇ ਜੀ ਉਸ ਸਮੇਂ ਪ੍ਰਮੁੱਖ ਕਾਂਗਰਸ ਕਾਰਜਕਰਤਾ ਸਨ ਅਤੇ ਅਸਹਿਯੋਗ ਅੰਦੋਲਨ ਵਿੱਚ 6 ਮਹੀਨੇ ਲਈ ਜੇਲ੍ਹ ਆਏ ਹੋਏ ਸਨ। ਪਾਂਡੇ ਜੀ ਉਸ ਕਹਾਣੀ ਦੀ ਪ੍ਰਮਾਣਿਕਤਾ ਲਈ ਮੇਰਾ ਸਮਰਥਨ ਚਾਹੁੰਦੇ ਸਨ। ਕਹਾਣੀ ਇਹ ਸੀ-”ਸਰਦਾਰ ਭਗਤ ਸਿੰਘ ਜੀ ਅਤੇ ਬਟੂਕੇਸ਼ਵਰ ਦੱਤ ਜੀ ਜਦੋਂ ਵਲੈਤ ਤੋਂ ਵਾਪਸ ਪਰਤ ਰਹੇ ਸਨ ਤਾਂ ਜਹਾਜ਼ ਵਿੱਚ ਕੁਝ ਅੰਗਰੇਜ਼ਾਂ ਨੇ ਭਾਰਤ ਮਾਤਾ ਦੀ ਸ਼ਾਨ ਦੇ ਵਿਰੁੱਧ ਕੁਝ ਅਪਸ਼ਬਦ ਕਹੇ। ਭਗਤ ਸਿੰਘ ਜੀ ਅਤੇ ਦੱਤ ਜੀ ਨੇ ਉਹਨਾਂ ਲੋਕਾਂ ਨੂੰ ਕੰਨਾਂ ਤੋਂ ਫੜ ਕੇ ਸਮੁੰਦਰ ਵਿੱਚ ਸੁੱਟ ਦਿੱਤਾ।”
ਮੈਂ ਇਹ ਕਹਾਣੀ ਸੁਣ ਕੇ ਜ਼ੋਰ ਦੀ ਹੱਸ ਪਿਆ। ਖ਼ਾਸ ਕਰ ਇਸ ਲਈ ਕਿ ਪਾਂਡੇ ਜੀ ਪ੍ਰਮੁੱਖ ਰਾਜਨੀਤਿਕ ਕਾਰਜਕਰਤਾ ਹੋਣ ਦੇ ਨਾਲ ਯੂਨੀਵਰਸਿਟੀ ਦੇ ਗਰੈਜੂਏਟ ਵੀ ਸਨ। ਭਗਤ ਸਿੰਘ ਨੂੰ ਸ਼ਹੀਦ ਹੋਇਆਂ ਉਸ ਵੇਲੇ ਸਿਰਫ ਕੁਝ ਸਾਲ ਹੀ ਹੋਏ ਸਨ। ਏਨੇ ਥੋੜ੍ਹੇ ਸਮੇਂ ਵਿੱਚ ਹੀ ਏਨੀਆਂ ਕਾਲਪਨਿਕ ਕਹਾਣੀਆਂ ਪ੍ਰਚਲਿਤ ਹੋ ਗਈਆਂ ਸਨ। ਸੋਚੋ, ਕੰਨਾਂ ਤੋਂ ਫੜ੍ਹ ਕੇ ਤੁਸੀਂ ਕਤੂਰੇ ਤੋਂ ਵੱਡੇ ਕਿਸ ਜਾਨਵਰ ਨੂੰ ਪਾਣੀ ‘ਚ ਸੁੱਟ ਸਕਦੇ ਹੋ। ਇਹ ਕਹਾਣੀ ਸੁਣ ਕੇ ਵਿਸ਼ਵਾਸ ਕਰ ਲੈਣ ਵਾਲੇ ਦੀ ਕਲਪਨਾ ਵਿੱਚ ਕਿਸੇ ਆਦਮੀ ਨੂੰ ਕੰਨਾਂ ਤੋਂ ਫੜ੍ਹ ਕੇ ਅਤੇ ਚੁੱਕ ਕੇ ਸੁੱਟਣ ਲਈ, ਭਗਤ ਸਿੰਘ ਜਾਂ ਦੱਤ ਦੇ ਸਰੀਰ ਵਿੱਚ ਭੀਮ ਵਾਂਗੂੰ ਦੋ ਚਾਰ ਹਾਥੀਆਂ ਦਾ ਜ਼ੋਰ ਤਾਂ ਚਾਹੀਦਾ ਹੀ ਹੈ। ਫਿਰ ਦੋ-ਢਾਈ ਹਜ਼ਾਰ ਸਾਲ ਪਹਿਲਾਂ ਦੇ ਯੋਧਿਆਂ ਭੀਮ, ਅਰਜਨ ਦੇ ਸਰੀਰ ਵਿੱਚ ਸੌ-ਸੌ ਹਾਥੀਆਂ ਦੇ ਜ਼ੋਰ ਦੀ ਕਲਪਨਾ ਕਰ ਲੈਣਾ ਕੋਈ ਹੈਰਾਨੀ ਦੀ ਗੱਲ ਨਹੀਂ।
ਭਗਤ ਸਿੰਘ ਦੇ ਵਲੈਤ ਜਾਣ ਦੀ ਗੱਲ ਨਿਰੀ ਕਪੋਲ ਕਲਪਨਾ ਹੈ। ਉਸ ਦੇ ਚਾਚਾ ਸਵਰਗੀ ਅਜੀਤ ਸਿੰਘ ਜੋ ਫਰਾਰ ਹੋ ਕੇ ਵਿਦੇਸ਼ ਚਲੇ ਗਏ ਸਨ, ਉਹਨਾਂ ਤੋਂ ਇਲਾਵਾ ਉਹਨਾਂ ਦੇ ਖ਼ਾਨਦਾਨ ਵਿੱਚੋਂ ਕਦੀ ਕੋਈ ਵਿਦੇਸ਼ ਨਹੀਂ ਗਿਆ ਸੀ। ਪਾਂਡੇ ਜੀ ਨੇ ਇਹ ਵੀ ਦੱਸਿਆ ਸੀ ਕਿ ਉਹ ਖ਼ੁਦ ਨੌਜਵਾਨਾਂ ਨੂੰ ਸੁਤੰਤਰਤਾ ਦੇ ਸੰਘਰਸ਼ ਵਿੱਚ ਦੁੱਖਾਂ ਤੋਂ ਨਾ ਡਰਨ ਦੀ ਉਦਾਹਰਣ ਦੇਣ ਲਈ ਇਹ ਉਪਦੇਸ਼ ਦਿੰਦੇ ਫਿਰਦੇ ਸਨ ਕਿ ਭਗਤ ਸਿੰਘ ਅਤੇ ਦੱਤ ਕੋਲੋਂ ਉਹਨਾਂ ਦਾ ਅਪਰਾਧ ਕਬੂਲ ਕਰਵਾਉਣ ਲਈ ਉਹਨਾਂ ਦੇ ਸਰੀਰ ਦੇ ਪੁਰਜ਼ੇ-ਪੁਰਜ਼ੇ ਨੂੰ ਹਥੌੜੀਆਂ ਨਾਲ ਕੁਚਲਿਆ ਗਿਆ, ਪਰ ਉਹਨਾਂ ਸੂਰਬੀਰਾਂ ਨੇ ਸੀ ਤੱਕ ਨਾ ਕੀਤੀ। ਪਾਂਡੇ ਜੀ ਇਹਨਾਂ ਕਥਾਵਾਂ ਲਈ ਮੇਰਾ ਸਮਰਥਨ ਚਾਹੁੰਦੇ ਸਨ। ਜਦੋਂ ਮੈਂ ਇਹਨਾਂ ਨੂੰ ਨਿਰਆਧਾਰ ਦੱਸਿਆ ਤਾਂ ਪਾਂਡੇ ਜੀ ਨੂੰ ਦੁੱਖ ਹੋਇਆ। ਉਹਨਾਂ ਨੂੰ ਜਾਪਿਆ ਜਿਵੇਂ ਮੈਂ ਭਗਤ ਸਿੰਘ ਪ੍ਰਤੀ ਉਹਨਾਂ ਦੀ ਅਪਾਰ ਸ਼ਰਧਾ ਨਾਲ ਈਰਖਾ ਕਰ ਰਿਹਾ ਹੋਵਾਂ। ਉਹ ਭਗਤ ਸਿੰਘ ਨੂੰ ਆਮ ਆਦਮੀਆਂ ਵਰਗਾ ਆਦਮੀ ਮੰਨਣ ਲਈ ਹਰਗਿਜ਼ ਤਿਆਰ ਨਹੀਂ ਸਨ। ਉਹ ਉਹਨਾਂ ਨੂੰ ਅਲੌਕਿਕ ਅਤੇ ਚਮਤਕਾਰੀ ਮੰਨਦੇ ਆਏ ਸਨ ਅਤੇ ਇਸ ਧਾਰਨਾ ਨੂੰ ਤਿਆਗਣ ਲਈ ਉਹਨਾਂ ਨੂੰ ਦੁੱਖ ਮਹਿਸੂਸ ਹੋ ਰਿਹਾ ਸੀ।
ਇਹੋ ਜਿਹੀਆਂ ਗੱਲਾਂ ਸਿਰਫ਼ ਅਣਜਾਣ ਲੋਕਾਂ ਵਿੱਚ ਹੀ ਨਹੀਂ ਸਨ ਫੈਲਦੀਆਂ, ਸਗੋਂ ਕੁਝ ਲੋਕਾਂ ਨੇ ਪੁਸਤਕਾਂ ਵਿੱਚ ਵੀ ਲਿਖੀਆਂ ਹੋਈਆਂ ਹਨ। ਮਕਸਦ ਕੁਝ ਬੁਰਾ ਨਾ ਹੋਣ ਦੇ ਬਾਵਜੂਦ ਵਧੇਰੇ ਉਤਸ਼ਾਹ ਸਦਕਾ ਹੀ ਇਹ ਗੱਲਾਂ ਲਿਖੀਆਂ ਜਾਂਦੀਆਂ ਰਹੀਆਂ ਹਨ। ਮਿਸਾਲ ਵਜੋਂ ਭਗਤ ਸਿੰਘ ਬਾਰੇ ਲਿਖੀ ਇੱਕ ਕਿਤਾਬ ‘ਚ ਮੈਂ ਪੜ੍ਹਿਆ ਹੈ ਕਿ ਭਗਤ ਸਿੰਘ ਅਤੇ ਭਗਵਤੀ ਚਰਨ ਦੋਵੇਂ ਲੱਖਪਤੀ ਘਰਾਣਿਆਂ ‘ਚੋਂ ਸਨ। ਲੱਖਪਤੀਆਂ ਦੇ ਪ੍ਰਤੀ ਆਦਰ ਤੇ ਸ਼ਰਧਾ ਦਾ ਸੰਸਕਾਰ ਪੀੜ੍ਹੀਆਂ ਤੋਂ ਸਾਡੇ ਮਨ ਵਿੱਚ ਬੈਠਾ ਹੈ। ਉਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਅਸੀਂ ਜਿੰਨ੍ਹਾਂ ਲੋਕਾਂ ਦਾ ਆਦਰ ਕਰਨਾ ਚਾਹੁੰਦੇ ਹਾਂ, ਉਨ੍ਹਾਂ ਨੂੰ ਲੱਖ਼ਪਤੀ ਵੀ ਬਣਾ ਦਿੰਦੇ ਹਾਂ। ਲਾਹੌਰ ਸਾਜਿ਼ਸ਼ ਕੇਸ ਨਾਲ ਸੰਬੰਧਿਤ ਭਗਤ ਸਿੰਘ ਅਤੇ ਭਗਵਤੀ ਚਰਨ ਦੋਹਾਂ ਵਿੱਚੋਂ ਹੀ ਕੋਈ ਲਖਪਤੀ ਘਰਾਣੇ ਦਾ ਨਹੀਂ ਸੀ। ਹਾਂ, ਉਹਨਾਂ ਦੇ ਪਰਿਵਾਰ ਔਸਤ ਖਾਂਦੇ-ਪੀਂਦੇ ਮੱਧਵਰਗ ਦੇ ਸਨ। ਭਗਵਤੀ ਚਰਨ ਦੀ ਆਰਥਿਕ ਹਾਲਤ ਜ਼ਰੂਰ ਕੁਝ ਚੰਗੀ ਸੀ। ਭਗਤ ਸਿੰਘ ਦਾ ਪਰਿਵਾਰ ਤਾਂ ਆਰਥਿਕ ਕਠਿਨਾਈ ਕਾਰਨ ਸਦਾ ਹੀ ਨਵੇਂ-ਨਵੇਂ ਉਦਯੋਗਾਂ ਅਤੇ ਯਤਨਾਂ ਵਿੱਚ ਲੱਗਾ ਰਹਿੰਦਾ ਸੀ।
ਭਾਵੇਂ ਸ. ਕਿਸ਼ਨ ਸਿੰਘ ਦਾ ਸਾਰਾ ਪਰਿਵਾਰ ਦੇਸ਼ ਦੇ ਆਜ਼ਾਦੀ ਸੰਗਰਾਮ ਤੇ ਸਮਾਜਕ ਤਬਦੀਲੀ ਨਾਲ ਜੁੜਿਆ ਹੋਇਆ ਸੀ ਪਰ ਜਦੋਂ ਭਗਤ ਸਿੰਘ ਉਸੇ ਰਾਹ ‘ਤੇ ਚੱਲਣ ਲੱਗਾ ਤਾਂ ਸਰਦਾਰ ਜੀ ਨੂੰ ਇਹ ਗੱਲ ਚੰਗੀ ਨਾ ਲੱਗੀ ਤੇ ਉਹ ਇਸ ਗੱਲ ਤੋਂ ਨਰਾਜ਼ ਰਹਿਣ ਲੱਗੇ। ਸ. ਕਿਸ਼ਨ ਸਿੰਘ ਨੇ ਇਹ ਤਾਂ ਕਦੀ ਨਾ ਕਿਹਾ ਕਿ ਉਹਨਾਂ ਦਾ ਪੁੱਤਰ ਦੇਸ਼ ਦੇ ਅਜ਼ਾਦੀ ਸੰਗਰਾਮ ਵਿੱਚ ਹਿੱਸਾ ਨਾ ਲਵੇ ਪਰ ਉਹਨਾਂ ਦੀ ਇੱਛਾ ਸੀ ਕਿ ਘਰ-ਬਾਰ ਦੀ ਚਿੰਤਾ ਕੀਤੇ ਬਿਨਾਂ ਕੇਵਲ ਦੇਸ਼ ਦੀ ਮੁਕਤੀ ਦੇ ਸੰਘਰਸ਼ ਵਿੱਚ ਕੁੱਦ ਪੈਣਾ ਮੂਰਖ਼ਤਾ ਪੂਰਨ ਅਤੇ ਅਵਿਵਹਾਰਕ ਹੈ। ਭਗਤ ਸਿੰਘ ਦਾ ਨਿਸਚਾ ਸੀ ਕਿ ਬੰਦਾ ਦੋ ਬੇੜੀਆਂ ਵਿੱਚ ਪੈਰ ਰੱਖ ਕੇ ਨਹੀਂ ਚੱਲ ਸਕਦਾ। ਪਿਤਾ ਪੁੱਤਰ ਦੇ ਇਸ ਮਤਭੇਦ ਕਾਰਨ ਕਈ ਝਗੜੇ ਵੀ ਹੋਏ। ਕਈ ਵਾਰ ਮੈਂ ਵੀ ਉਹਨਾਂ ਝਗੜਿਆਂ ਵਿੱਚ ਥੋੜ੍ਹਾ ਬਹੁਤ ਫਸ ਗਿਆ।
1922 ਵਿੱਚ ਰਾਸ਼ਟਰੀ ਅੰਦੋਲਨ ਮੁਲਤਵੀ ਹੋਣ ਕਾਰਨ ਭਗਤ ਸਿੰਘ ਗੁਰਦਵਾਰਾ ਅੰਦੋਲਨ ਵਿੱਚ ਭਾਗ ਲੈਣ ਲੱਗਾ। ਉਸਨੇ ਸਿਰ ਦੇ ਵਾਲ ਵਧਾ ਲਏ। ਉਹ ਅਕਾਲੀ ਬਣ ਕੇ ਕਾਲੀ ਪੱਗ ਬੰਨਣ ਲੱਗਾ ਤੇ ਕਿਰਪਾਨ ਰੱਖਣ ਲੱਗਾ। ਇਸ ਵਿੱਚ ਧਾਰਮਿਕ ਆਸਥਾ ਨਹੀਂ ਸੀ ਸਗੋਂ ਰਾਜਨੀਤਕ ਕਾਰਨਾਂ ਕਰਕੇ ਤੇ ਸਰਕਾਰ ਵਿਰੋਧੀ ਭਾਵਨਾਵਾਂ ਕਰਕੇ ਉਸਨੇ ਅਜਿਹਾ ਕੀਤਾ। ਇਹਨਾਂ ਦਿਨਾਂ ਵਿੱਚ ਕਈ ਹਿੰਦੂ ਨੌਜਵਾਨ ਵੀ ਸਿੱਖ ਅਤੇ ਅਕਾਲੀ ਸੱਜ ਗਏ ਸਨ। ਕਿਰਪਾਨ ਦੇ ਪ੍ਰਤੀ ਭਗਤ ਸਿੰਘ ਦੀ ਦਿਲਚਸਪੀ ਇਸ ਕਰਕੇ ਸੀ ਕਿ ਕਿਰਪਾਨ ਦੇ ਆਕਾਰ ਉਤੇ ਸਰਕਾਰ ਨੇ ਪਾਬੰਦੀ ਲਾਈ ਹੋਈ ਸੀ ਤੇ ਸਿੱਖਾਂ ਨੇ ਇਸ ਪਾਬੰਦੀ ਦਾ ਵਿਰੋਧ ਕਰਨ ਲਈ ਕਿਰਪਾਨ ਅੰਦੋਲਨ ਚਲਾਇਆ ਸੀ ਤੇ ਸਿੱਖ ਹੱਥ ਵਿੱਚ ਤਿੰਨ ਫੁੱਟੀ ਕਿਰਪਾਨ ਲੈ ਕੇ ਕਾਨੂੰਨ ਭੰਗ ਕਰਦੇ ਸਨ।
ਜਦੋਂ ਭਗਤ ਸਿੰਘ ਨੈਸ਼ਨਲ ਕਾਲਜ ਵਿੱਚ ਪੁੱਜਾ ਉਦੋਂ ਵੀ ਉਹ ਕਾਲੀ ਪੱਗ ਬੰਨ੍ਹਦਾ ਹੁੰਦਾ ਸੀ। ਗੁਰਦਵਾਰਾ ਅੰਦੋਲਨ ਸਮਾਪਤ ਹੋ ਚੁੱਕਾ ਸੀ। ਹੁਣ ਕਾਲੀ ਪੱਗ ਸੰਪਰਦਾਇਕਤਾ ਦਾ ਹੀ ਚਿੰਨ੍ਹ ਰਹਿ ਗਈ ਸੀ। ਭਗਤ ਸਿੰਘ ਦਾ ਕਾਲੀ ਪੱਗ ਬੰਨ੍ਹਣ ਤੇ ਕਿਰਪਾਨ ਰੱਖਣ ਦਾ ਸ਼ੌਕ ਹੌਲੀ ਹੌਲੀ ਘਟਦਾ ਗਿਆ।
ਜਦੋਂ ਭਗਤ ਸਿੰਘ ਨੇ ਪੰਜਾਬ ਤੋਂ ਦਿੱਲੀ ਅਤੇ ਕਾਨਪੁਰ ਜਾ ਕੇ ਦੂਜੇ ਪ੍ਰਾਂਤਾਂ ਦੇ ਲੋਕਾਂ ਨਾਲ ਸੰਪਰਕ ਕਰਨ ਦਾ ਨਿਸਚਾ ਕੀਤਾ ਤਾਂ ਲਾਹੌਰ ਤੋਂ ਬਾਹਰ ਜਾਣ ਪਿੱਛੇ ਇੱਕ ਕਾਰਨ ਸ. ਕਿਸ਼ਨ ਸਿੰਘ ਦੀ ਨਰਾਜ਼ਗੀ ਵੀ ਸੀ। ਭਗਤ ਸਿੰਘ ਘਰ ਦੇ ਕੰਮ ਕਾਜ ਦੀ ਪ੍ਰਵਾਹ ਕੀਤੇ ਬਿਨਾ ਕੇਵਲ ਰਾਜਨੀਤਕ ਕੰਮਾਂ ਵਿੱਚ ਲੱਗਾ ਰਿਹਾ। ਇਸ ਕਾਰਨ ਉਸਦੇ ਪਿਤਾ ਉਸਤੋਂ ਚਿੜੇ ਰਹਿੰਦੇ ਅਤੇ ਉਸ ਉਤੇ ਆਪਣਾ ਅੰਕੁਸ਼ ਵਧਾ ਰਹੇ ਸਨ।
ਭਗਤ ਸਿੰਘ ਪਿਤਾ ਨੂੰ ਕੋਈ ਸੂਚਨਾ ਦਿੱਤੇ ਬਿਨਾਂ ਲਾਹੌਰ ਤੋਂ ਦਿੱਲੀ ਪਹੁੰਚ ਗਿਆ। ਦਿੱਲੀ ਤੋਂ ਪਰਕਾਸ਼ਤ ਅਖ਼ਬਾਰ ‘ਅਰਜੁਨ’ ਵਿੱਚ ਕੰਮ ਕਰਨ ਲੱਗਾ। ‘ਅਰਜੁਨ’ ਵਿੱਚ ਕੰਮ ਕਰਦਿਆਂ ਇੱਕ ਦਿਨ ਭਗਤ ਸਿੰਘ ਨੂੰ ਅਨੁਵਾਦ ਕਰਨ ਲਈ ਇੱਕ ਤਾਰ ਦਿੱਤਾ ਗਿਆ। ਤਾਰ ਸੀ, “ਚਮਨ ਲਾਲ, ਐਡੀਟਰ ਡੀਫੰਕਟ ਨੇਸ਼ਨ, ਅਰਾਈਵਡ ਐਟ ਲਾਹੌਰ” ਭਗਤ ਸਿੰਘ ਨੇ ਉਸਦਾ ਅਨੁਵਾਦ ਕੀਤਾ, “ਡੀਫੰਕਟ ਨੇਸ਼ਨ ਦੇ ਸੰਪਾਦਕ ਮਿਸਟਰ ਚਮਨ ਲਾਲ ਲਾਹੌਰ ਪਹੁੰਚ ਗਏ।”
ਅਖ਼ਬਾਰ ਦੇ ਸੰਪਾਦਕ ਨੇ ਅਨੁਵਾਦ ਵੱਲ ਭਗਤ ਸਿੰਘ ਦਾ ਧਿਆਨ ਦਿਵਾਇਆ ਪਰ ਭਗਤ ਸਿੰਘ ਨੂੰ ਇਸ ਵਿੱਚ ਕੋਈ ਗਲਤੀ ਨਾ ਲੱਗੀ। ਉਸਦਾ ਖਿ਼ਆਲ ਸੀ ਕਿ ਚਮਨ ਲਾਲ ‘ਡਿਫੰਕਟ ਨੇਸ਼ਨ’ ਨਾਮੀ ਪੱਤਰ ਦੇ ਸੰਪਾਦਕ ਹਨ। ਜਦੋਂ ਭਗਤ ਸਿੰਘ ਨੂੰ ‘ਡਿਫੰਕਟ’ ਸ਼ਬਦ ਦੇ ਅਰਥ ਡਿਕਸ਼ਨਰੀ ਵਿੱਚੋਂ ਵੇਖਣ ਦਾ ਸੁਝਾਉ ਦਿੱਤਾ ਗਿਆ ਤਾਂ ਭਗਤ ਸਿੰਘ ਨੂੰ ਪਤਾ ਲੱਗਾ ਕਿ ‘ਡਿਫੰਕਟ’ ਦਾ ਅਰਥ ‘ਬੰਦ ਹੋ ਚੁੱਕਿਆ’ ਪੱਤਰ ਹੈ।
ਇਹੋ ਜਿਹੀ ਇੱਕ ਹੋਰ ਮਜ਼ੇਦਾਰ ਗੱਲ ਭਗਤ ਸਿੰਘ ਦੇ ਉਸ ਸਮੇਂ ਦੇ ਅੰਗਰੇਜ਼ੀ ਗਿਆਨ ਦੇ ਬਾਰੇ ਯਾਦ ਹੈ। ਸਿਨੇਮਾ ਦੇਖਣ ਦਾ ਸ਼ੌਕ ਭਗਤ ਸਿੰਘ ਨੂੰ ਬਹੁਤ ਸੀ ਪਰ ਟਿਕਟ ਖਰੀਦਣ ਲਈ ਪੈਸਿਆਂ ਦੀ ਸਦਾ ਤੰਗੀ ਰਹਿੰਦੀ ਸੀ। ਪਿਤਾ ਤੋਂ ਸਿਨਮੇ ਦੇ ਲਈ ਤਾਂ ਕਿਤੇ ਰਿਹਾ, ਜੁੱਤੀਆਂ ਦਾ ਜੋੜਾ ਖ਼ਰੀਦਣ ਲਈ ਵੀ ਪੈਸੇ ਮੰਗਣੇ ਮਨਜ਼ੂਰ ਨਹੀਂ ਸਨ। ਘਰ ਦੇ ਕੰਮ ਕਾਜ ਬਾਰੇ ਜਦੋਂ ਉਹ ਪਿਤਾ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਤਾਂ ਖ਼ਰਚ ਲਈ ਪੈਸੇ ਕਿਵੇਂ ਮੰਗਦਾ! ਸਮੱਸਿਆ ਦਾ ਇੱਕ ਹੱਲ ਸੀ ਕਿ ਜ਼ਰੂਰਤਾਂ ਦੀ ਪਰਵਾਹ ਨਾ ਕੀਤੀ ਜਾਵੇ ਅਤੇ ਕਦੀ ਸਾਥੀਆਂ ਦੀ ਜੇਬ ਵਿੱਚ ਪੈਸਾ ਦਿਸ ਜਾਵੇ ਤਾਂ ਉਸ ਨੂੰ ਵਰਤ ਲਵੇ। ਇੱਕ ਦਿਨ ਜੈ ਦੇਵ ਗੁਪਤ ਨੇ ਉਸ ਨੂੰ ਸਿਨੇਮਾ ਵਿਖਾਉਣ ਦਾ ਵਚਨ ਦਿੱਤਾ। ਉਦੋਂ ਅਸੀਂ ਲੋਕ ਸਿਨੇਮਾ ਚਵਾਨੀ ਦੇ ਟਿਕਟ ਵਿੱਚ ਹੀ ਵੇਖਦੇ ਸਾਂ ਪਰ ਚਵਾਨੀ ਦਾ ਹੀ ਉਦੋਂ ਬੜਾ ਮੁੱਲ ਸੀ। ਦੋ ਆਨਿਆਂ ਵਿੱਚ ਤਾਂ ਘਿਉ ਦੀਆਂ ਚੋਪੜੀਆਂ ਦੋ ਵੱਡੀਆਂ ਵੱਡੀਆਂ ਰੋਟੀਆਂ ਤੇ ਤੜਕੀ ਹੋਈ ਦਾਲ ਸਬਜ਼ੀ ਦਾ ਭੋਜਨ ਹੋ ਜਾਂਦਾ ਸੀ।
ਭਗਤ ਸਿੰਘ ਨੂੰ ਦੁਧ ਘਿਉ ਦਾ ਸ਼ੌਕ ਵੀ ਘੱਟ ਨਹੀਂ ਸੀ। ਅਨਾਰਕਲੀ ਵਿੱਚ ਕਾਲੂ ਦੁੱਧ-ਦਹੀਂ ਵਾਲੇ ਕੋਲ ਸ. ਕਿਸ਼ਨ ਸਿੰਘ ਦਾ ਉਧਾਰ ਚੱਲਦਾ ਸੀ। ਭਗਤ ਸਿੰਘ ਜਦੋਂ ਚਾਹੁੰਦਾ ਉਥੋਂ ਦੁੱਧ ਦਹੀਂ ਖਾ ਪੀ ਸਕਦਾ ਸੀ ਅਤੇ ਉਹਦੇ ਨਾਲ ਜੋ ਵੀ ਕੋਈ ਹੁੰਦਾ, ਉਸਨੂੰ ਵੀ ਖੁਆ-ਪਿਆ ਸਕਦਾ ਸੀ ਪਰ ਕਿਸੇ ਤੰਦੂਰ ਜਾਂ ਤਵੇ ਉਤੇ ਉਸਦਾ ਉਧਾਰ ਨਹੀਂ ਸੀ ਚੱਲਦਾ। ਭਗਤ ਸਿੰਘ ਲਾਹੌਰ ਦੇ ਨੇੜੇ ਘਰ ਵਿੱਚ ਜਾਣ ਤੋਂ ਝਿਜਕਦਾ ਸੀ। ਰਾਮ ਕਿਸ਼ਨ ਨੇ ਗ੍ਰੈਜੂਏਟ ਹੋਕੇ ਮੋਹਨ ਲਾਲ ਰੋਡ ਉੱਤੇ ਇੱਕ ਸਾਫ਼ ਸੁਥਰਾ ਹੋਟਲ ਖੋਲ੍ਹ ਲਿਆ ਸੀ। ਅਸੀਂ ਸਾਰੇ ਜਣੇ ਖਾਣਾ ਖਾਣ ਲਈ ਉਥੇ ਜਾਣ ਲੱਗੇ, ਸਾਡੇ ਵਿੱਚੋਂ ਕੋਈ ਕਿਸੇ ਵੇਲੇ ਖਾਣਾ ਖਾ ਰਿਹਾ ਹੁੰਦਾ ਤਾਂ ਭਗਤ ਸਿੰਘ ਪੱਗੜੀ ਦੇ ਦੋਵੇਂ ਪੱਲੇ ਮੋਢਿਆਂ ‘ਤੇ ਲਟਕਾਈ ਹੋਟਲ ਵਿੱਚ ਆ ਵੜਦਾ। ਬਿਨਾਂ ਕਿਸੇ ਭੂਮਿਕਾ ਤੋਂ ਇੱਕ ਕੁਰਸੀ ਚੁੱਕ ਕੇ ਉਹ ਰੋਟੀ ਖਾਣ ਵਾਲੇ ਕੋਲ ਆ ਬੈਠਦਾ ਅਤੇ ਰੋਟੀ ਦੀ ਵੱਡੀ ਸਾਰੀ ਬੁਰਕੀ ਦਾ ਡੋਨਾ ਬਣਾ ਕੇ ਦਾਲ ਉੱਤੇ ਤਰਦਾ ਘਿਉ ਇਕੋ ਵਾਰ ਸਮੇਟ ਕੇ ਮੂੰਹ ਵਿੱਚ ਪਾ ਲੈਂਦਾ। ਜੇ ਰਾਜਾ ਰਾਮ ਸ਼ਾਸ਼ਤਰੀ ਹੋਟਲ ਵਿੱਚ ਦਿਸ ਪੈਂਦਾ ਤਾਂ ਭਗਤ ਸਿੰਘ ਜ਼ਰੂਰੀ ਕੰਮ ਛੱਡ ਕੇ ਵੀ, ਭੁੱਖ ਨਾ ਹੋਣ ਤੇ ਵੀ, ਉਹਦੇ ਕੌਲ ਵਿੱਚੋਂ ਸਾਰਾ ਘਿਉ ਪੀ ਜਾਂਦਾ।
“ਵੇਖ ਉਏ ਵੇਖ! ਕੀ ਕਰਦਾ ਏਂ! ਵੇਖੋ ਯਾਰੋ! ਇਸ ਜੱਟ ਨੂੰ।” ਸ਼ਾਸ਼ਤਰੀ ਜੀ ਬਾਹਵਾਂ ਖੋਲ੍ਹ ਕੇ ਸਹਾਇਤਾ ਲਈ ਦੁਹਾਈ ਦਿੰਦੇ ਰਹਿ ਜਾਂਦੇ।
ਪੰਜਾਬ ਵਿੱਚ ਘਿਉ ਕੁਝ ਵੱਧ ਮਾਤਰਾ ਵਿੱਚ ਖਾਣ ਦਾ ਰਿਵਾਜ ਸੀ। ਉਹਨਾਂ ਲੋਕਾਂ ਨੂੰ ਇਹ ਪਚ ਵੀ ਜਾਂਦਾ ਸੀ। ਇੱਕ ਦਿਨ ਭਗਤ ਸਿੰਘ ਨਾਲ ਕੁਝ ਜ਼ਰੂਰੀ ਗੱਲ ਬਾਤ ਕਰਦੇ ਕਰਦੇ ਮੈਂ ਲਾਹੌਰ ਨਜ਼ਦੀਕ ਉਹਨਾਂ ਦੇ ਪਿੱਛੇ ‘ਸਾਂਡਾ’ ਪਹੁੰਚ ਗਿਆ। ਰੋਟੀ ਦਾ ਵੇਲਾ ਸੀ। ਉਸਦੀ ਮਾਂ ਨੇ ਕਿਹਾ, “ਪਹਿਲਾਂ ਰੋਟੀ ਖਾ ਲਵੋ।” ਇੱਕ ਵੱਡੇ ਸਾਰੇ ਕੌਲ ਵਿੱਚ ਘੀਆ ਕੱਦੂ ਦੀ ਸਬਜ਼ੀ ਸੀ ਅਤੇ ਥਾਲੀ ਵਿੱਚ ਬਹੁਤ ਵੱਡੀਆਂ ਵੱਡੀਆਂ ਰੋਟੀਆਂ ਉਹਨਾਂ ਰੱਖ ਦਿੱਤੀਆਂ। ਸਬਜ਼ੀ ਵਿੱਚ ਘਿਉ ਏਨਾ ਸੀ ਕਿ ਭਗਤ ਸਿੰਘ ਘਬਰਾ ਗਿਆ। ਉਹ ਝੁੰਜਲਾ ਉਠਿਆ, “ਮਾਂ! ਏਨਾ ਘਿਉ ਕੋਈ ਖਾ ਸਕਦਾ ਹੈ। ਤੂੰ ਸਬਜ਼ੀ ਖ਼ਰਾਬ ਕਰ ਦੇਂਦੀ ਏ, ਏਨਾ ਘਿਉ ਪਾ ਕੇ।”
ਭਗਤ ਸਿੰਘ ਦੀ ਮਾਂ ਨੇ ਗੱਲ੍ਹ ਤੇ ਉਂਗਲੀ ਰੱਖਦਿਆਂ ਮੇਰੇ ਕੋਲ ਸਿ਼ਕਾਇਤ ਲਾਈ’ “ਲੈ ਵੇਖ ਖਾਂ! ਇਸ ਮੁੰਡੇ ਵੱਲ! ਕੁਝ ਖਾਂਦਾ ਈ ਨਹੀਂ। ਕੌਡੀ ਜਿਨਾਂ ਘਿਉ ਵੀ ਇਹਨੂੰ ਬੁਰਾ ਲੱਗਦੈ। ਤਦੇ ਤਾਂ ਸੁੱਕ ਕੇ ਕੰਡਾ ਹੋ ਗਿਐ।”
ਭਗਤ ਸਿੰਘ ਦੇ ਲੰਮੇ-ਝੰਮੇ ਰਿਸ਼ਟ-ਪੁਸ਼ਟ ਸਰੀਰ ਵੱਲ ਇਸ਼ਾਰਾ ਕਰਕੇ ਮੈਂ ਆਖਿਆ, “ਜੇ ਇਹ ਕੰਡਾ ਹੈ ਤਾਂ ਫਿਰ ਮੈਂ ਤਾਂ ਹੈ ਹੀ ਨਹੀਂ।”
ਮਾਂ ਹੱਸ ਪਈ ਪਰ ਪਿਆਰ ਦੀ ਗਾਲ੍ਹ ਕੱਢ ਕੇ ਮੈਨੂੰ ਡਾਂਟ ਦਿੱਤਾ, “ਹੱਤ ਨਲਾਇਕ! ਗੱਲ ਕਰਨੀ ਵੀ ਨਹੀਂ ਆਉਂਦੀ। ਬੱਚਿਆਂ ਨੂੰ ਇਸ ਤਰ੍ਹਾਂ ਨਜ਼ਰ ਲੱਗ ਜਾਂਦੀ ਹੈ।
ਮੈਂ ਭਗਤ ਸਿੰਘ ਦੇ ਉਸ ਵੇਲੇ ਦੇ ਅੰਗਰੇਜ਼ੀ ਦੇ ਗਿਆਨ ਦਾ ਉਦਾਹਰਣ ਦੇ ਰਿਹਾ ਸਾਂ। ਜੈ ਦੇਵ ਗੁਪਤ ਨੇ ਸ਼ਾਮ ਨੂੰ ਭਗਤ ਸਿੰਘ ਨਾਲ ਸਿਨੇਮਾ ਜਾਣ ਦਾ ਵਾਅਦਾ ਕੀਤਾ ਹੋਇਆ ਸੀ। ਭਗਤ ਸਿੰਘ ਜਿੱਥੇ ਵੀ ਸੀ, ਸਿਨੇਮੇ ਤੋਂ ਲੇਟ ਨਾ ਹੋਣ ਕਰਕੇ ਭੱਜਿਆ ਹੋਇਆ ਆਇਆ। ਵੇਖਿਆ ਕਿ ਜੈ ਦੇਵ ਨਿਸਚਿੰਤ ਲੇਟਿਆ ਹੋਇਆ ਕੋਈ ਨਾਵਲ ਪੜ੍ਹ ਰਿਹਾ ਹੈ। ਭਗਤ ਸਿੰਘ ਨੇ ਆਪਣੇ ਪੈਰ ਨਾਲ ਜੈ ਦੇਵ ਦੇ ਪੈਰ ਨੂੰ ਠੋਕਰ ਮਾਰ ਕੇ ਚਿਤਾਵਨੀ ਦਿੱਤੀ, “ਉਏ ਉਠ! ਸਿਨੇਮੇ ਜਾਣ ਦਾ ਵਾਅਦਾ ਭੁੱਲ ਗਿਐ?”
ਜੈ ਦੇਵ ਨੇ ਲੇਟਿਆਂ ਲੇਟਿਆਂ ਚਿੜ ਕੇ ਕੌੜੇ ਹੋ ਕੇ ਡਾਂਟ ਦਿੱਤਾ, “ਅਜੀਬ ਜਾਹਿਲ ਆਦਮੀ ਹੈ, ਮੇਰੀ ਤਬੀਅਤ ਖ਼ਰਾਬ ਹੈ ਤੇ ਇਹਨੂੰ ਸਿਨਮੇਂ ਦੀ ਪਈ ਹੈ। ਹੁਣੇ ਡਾਕਟਰ ਕੋਲੋਂ ਹੋ ਕੇ ਆਇਆਂ। ਔਹ ਵੇਖ ਦਵਾਈ!” ਉਸਨੇ ਮੇਜ਼ ਉੱਤੇ ਪਈ ਬੋਤਲ ਵੱਲ ਇਸ਼ਾਰਾ ਕੀਤਾ।
ਭਗਤ ਸਿੰਘ ਨੇ ਨਰਮੀ ਨਾਲ ਪੁੱਛਿਆ, “ਕੀ ਹੋ ਗਿਆ ਤੈਨੂੰ?”
ਜੈ ਦੇਵ ਨੇ ਗੰਭੀਰ ਮੁਦਰਾ ‘ਚ ਉੱਤਰ ਦਿੱਤਾ “ਡਾਕਟਰ ਨੇ ਡਿਸਪੇਪਸੀਆ ਦੱਸਿਆ ਹੈ।”
ਅੰਗਰੇਜ਼ੀ ਦਾ ਇਹ ਸ਼ਬਦ ਸੁਣ ਕੇ ਭਗਤ ਸਿੰਘ ਚੁੱਪ ਹੋ ਗਿਆ। ਸਿਨੇਮੇਂ ਨਾ ਜਾ ਸਕਣ ਦਾ ਰੰਜ ਮਨ ਵਿੱਚ ਹੀ ਸੀ। ਚੁੱਪ ਚਾਪ ਡਿਕਸ਼ਨਰੀ ਚੁੱਕ ਕੇ ਇੱਕ ਕੁਰਸੀ ਉੱਤੇ ਬੈਠ ਗਿਆ ਅਤੇ ‘ਡਿਸਪੇਪਸੀਆ’ ਸ਼ਬਦ ਦਾ ਅਰਥ ਲੱਭਣ ਲੱਗਾ। ਅਰਥ ਵੇਖ ਕੇ ਉਸਨੇ ਡਿਕਸ਼ਨਰੀ ਮੇਜ਼ ਤੇ ਪਟਕਾ ਮਾਰੀ। ਉਠ ਕੇ ਇੱਕ ਲੱਤ ਜੈ ਦੇਵ ਦੇ ਲੱਕ ‘ਤੇ ਮਾਰੀ ਤੇ ਬਾਂਹ ਤੋਂ ਖਿੱਚ ਕੇ ਉਸਨੂੰ ਖੜਾ ਕਰ ਲਿਆ।
“ਬਦਮਾਸ਼ਾ! ਖਾ ਖਾ ਕੇ ਬਦਹਜ਼ਮੀ ਕਰ ਲਈ ਹੈ। ਲੇਹੜ ਕੇ ਸੁੱਤਾ ਪਿਐਂ ਅਤੇ ਉਪਰੋਂ ਦਵਾਈ ਡੱਫੂਗਾ? ਡਿਸਪੇਪਸੀਆ ਆਖ ਕੇ ਡਰਾਉਣਾ ਚਾਹੁੰਦਾ ਏਂ?”
ਜੈ ਦੇਵ ਉਲਝਦਾ ਰਿਹਾ ਕਿ ਉਹਦਾ ਮਨ ਠੀਕ ਨਹੀਂ ਹੈ ਪਰ ਭਗਤ ਦੀ ਦਲੀਲ ਸੀ, “ਤੈਨੂੰ ਬਦਹਜ਼ਮੀ ਹੈ। ਸ਼ਾਮ ਨੂੰ ਤੈਨੂੰ ਰੋਟੀ ਨਹੀਂ ਖਾਣੀ ਚਾਹੀਦੀ। ਤੇਰੇ ਕੋਲ ਜਿਹੜੇ ਪੈਸੇ ਹਨ ਮੈਨੂੰ ਸਿਨੇਮਾ ਵੇਖਣ ਨੂੰ ਦੇ ਦੇ। ਤੂੰ ਨਹੀਂ ਜਾਣਾ ਤਾਂ ਨਾ ਜਾਹ।”
ਭਗਤ ਸਿੰਘ ਦੇ ਉਸ ਵੇਲੇ ਦੇ ਅੰਗਰੇਜ਼ੀ ਗਿਆਨ ਦੀ ਚਰਚਾ ਇਸ ਲਈ ਕੀਤੀ ਹੈ ਕਿ ਹੌਲੀ ਹੌਲੀ ਆਪਣੇ ਸਵੈ ਅਧਿਅਨ ਰਾਹੀਂ ਉਸਨੇ ਅੰਗਰੇਜ਼ੀ ਉਤੇ ਏੇਨਾ ਅਧਿਕਾਰ ਕਰ ਲਿਆ ਸੀ ਕਿ ਅਸੈਂਬਲੀ ਬੰਬ ਕਾਂਡ ਵੇਲੇ ਉਸਨੇ ਜੋ ਪਰਚੇ ਸੁੱਟੇ ਅਤੇ ਟ੍ਰਿਬਿਊਨਲ ਸਾਹਮਣੇ ਅੰਗਰੇਜ਼ੀ ਵਿੱਚ ਜੋ ਲਿਖਤੀ ਬਿਆਨ ਉਸਨੇ ਦਿੱਤੇ ਸਨ ਉਹਨਾਂ ਦੀ ਭਾਸ਼ਾ ਦੀ ਪਰਸੰਸਾ ਸਭ ਲੋਕਾਂ ਨੇ ਕੀਤੀ ਸੀ।
ਕੁਝ ਲੋਕਾਂ ਨੇ ਕਲਪਨਾ ਕਰ ਲਈ ਸੀ ਕਿ ਉਹ ਬਿਆਨ ਭਗਤ ਸਿੰਘ ਨੇ ਨਹੀਂ, ਵਕੀਲਾਂ ਦੇ ਲਿਖੇ ਹੋਏ ਸਨ। ਇਸ ਕਲਪਨਾ ਵਿੱਚ ਕੋਈ ਤੱਥ ਨਹੀਂ ਹੈ। ਅਧਿਅਨ ਕਰਨਾ ਭਗਤ ਸਿੰਘ ਦੇ ਸੁਭਾ ਦਾ ਇਕ ਹਿੱਸਾ ਸੀ। ਜਦੋਂ ਵੀ ਵੇਖੋ, ਉਸਦੇ ਲੰਬੇ, ਬੇਡੌਲ ਕੋਟ ਦੀ ਜੇਬ ਵਿੱਚ ਕੋਈ ਨਾ ਕੋਈ ਪੁਸਤਕ ਰਹਿੰਦੀ ਹੀ ਸੀ। ਸੜਕ ਤੇ ਤੁਰਦਿਆਂ ਵੀ ਉਹ ਪੜ੍ਹਦਾ ਰਹਿੰਦਾ ਸੀ।
ਦਿੱਲੀ ਅਤੇ ਕਾਨਪੁਰ ਵਿੱਚ ਭਗਤ ਸਿੰਘ ਨੇ ਕਿਵੇਂ ਦਿਨ ਗੁਜ਼ਾਰੇ ਇਹ ਅਨੁਮਾਨ ਲਾਹੌਰ ਪਰਤਣ ਸਮੇਂ ਉਹਦੀ ਸੂਰਤ ਵੇਖਿਆਂ ਹੀ ਹੋ ਜਾਂਦਾ ਸੀ। ਸਿਰ ਦੇ ਵਾਲ ਪਗੜੀ ਦੀ ਥਾਂ ਇੱਕ ਮਾਮੂਲੀ ਜਿਹੇ ਪਰਨੇ ਵਿੱਚ ਲਪੇਟੇ ਹੋਏ ਸਨ। ਸਰੀਰ ਉੱਤੇ ਕੇਵਲ ਬੰਦ ਗਲੇ ਦਾ ਕੋਟ। ਉਹੋ ਕੋਟ ਜੋ ਲਾਹੌਰ ਤੋਂ ਜਾਂਦੇ ਸਮੇਂ ਉਹਨੇ ਕਮੀਜ਼ ਉੱਤੇ ਪਹਿਨਿਆ ਸੀ। ਹੁਣ ਕਮੀਜ਼ ਨਦਾਰਦ ਸੀ। ਪਜਾਮੇ ਦੀ ਜਗ੍ਹਾ ਲੁੰਗੀ ਸੀ। ਪਜਾਮੇ ਦਾ ਆਸਣ ਤੇ ਕੋਟ ਦੀਆਂ ਆਸਤੀਨਾਂ ਫਟ ਜਾਣ ‘ਤੇ ਪਜਾਮੇ ਦੀਆਂ ਟੰਗਾਂ ਕੋਟ ਦੀਆਂ ਆਸਤੀਨਾਂ ਦੀ ਥਾਂ ਜੋੜ ਲਈਆਂ ਸਨ। ਕਿਸੇ ਤਰ੍ਹਾਂ ਸਰੀਰ ਢੱਕਿਆ ਹੋਇਆ ਸੀ ਪਰ ਕੋਟ ਦੀ ਜੇਬ ਵਿੱਚ ਕੋਈ ਪੁਸਤਕ ਜ਼ਰੂਰ ਸੀ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346