ਸ਼੍ਰੋਮਣੀ ਕਵੀਸ਼ਰ 'ਕਰਨੈਲ
ਸਿੰਘ ਪਾਰਸ ਰਾਮੂਵਾਲੀਆ' ਬਹੁਤ ਖ਼ਰੀਆਂ ਅਤੇ ਸੱਚੀਆਂ ਗੱਲਾਂ ਕਰਨ ਵਾਲੇ ਸਾਡੇ ਬਜੁਰਗ ਚਿੰਤਕ
ਸਨ। ਉਹਨਾਂ ਦੀ ਸੰਗਤ ਵਿੱਚ ਬੈਠ ਕੇ ਉਹਨਾਂ ਦੇ ਵਿਚਾਰ ਸੁਣਨ ਦਾ ਕਈ ਵਾਰ ਮੌਕਾ ਮਿਲਦਾ
ਰਹਿੰਦਾ ਸੀ। ਇੱਕ ਗੱਲ ਉਹ ਬੜੀ ਠੋਕ ਵਜਾ ਕੇ ਆਖਦੇ ਸਨ ਕਿ ਉਹ ਤਰਕਸ਼ੀਲ ਹਨ। ਉਹਨਾਂ ਨੂੰ
ਧਰਮ ਦੇ ਨਾਮ ਉੱਤੇ ਫੇਲਾਇਆ ਜਾਂਦਾ ਅੰਧਵਿਸ਼ਵਾਸ ਕਦੀ 'ਹਜ਼ਮ' ਨਹੀਂ ਹੋਇਆ। ਉਹ ਉਮਰ, ਰੁਤਬੇ
ਅਤੇ ਸਿਆਣਪ ਦੇ ਉਸ ਪੜਾਅ ਉੱਤੇ ਪੁੱਜੇ ਹੋਏ ਸਨ ਕਿ ਉਹਨਾਂ ਕੋਲ ਆਪਣੀ ਗੱਲ ਕਹਿਣ ਦਾ ਜੇਰਾ
ਵੀ ਸੀ ਅਤੇ ਸਲੀਕਾ ਵੀ। ਉਹਨਾਂ ਦੇ ਬੋਲਾਂ ਪਿੱਛੇ ਉਹਨਾਂ ਦਾ ਉਮਰ ਭਰ ਦਾ ਤਜਰਬਾ ਅਤੇ
ਅਧਿਅਨ ਬੋਲਦਾ ਸੀ। ਇੱਕ ਵਾਰ ਗੱਲਾਂ ਕਰਦਿਆਂ ਕਹਿਣ ਲੱਗੇ।
"ਜਦੋਂ ਕੋਈ ਬੰਦਾ ਮਰ ਜਾਂਦਾ ਹੈ ਤਾਂ ਅਸੀਂ ਉਸਦੇ ਭੋਗ ਉੱਤੇ, ਅੰਤਿਮ ਅਰਦਾਸ ਕਰਦੇ ਸਮੇਂ
ਅਤੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਅਕਸਰ ਆਖਦੇ ਹਾਂ ਕਿ ਪ੍ਰਮਾਤਮਾ ਵਿਛੜੀ ਹੋਈ ਰੂਹ ਨੂੰ
ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ"। ਇਹ ਗੱਲ ਸੁਣਾ ਕੇ ਉਹਨਾਂ ਆਖਿਆ "ਇੱਕ ਪਾਸੇ ਤਾਂ ਅਸੀਂ
ਇਹ ਵੀ ਆਖਦੇ ਹਾਂ ਕਿ ਪ੍ਰਮਾਤਮਾ 'ਨਿਰੰਕਾਰ' ਹੈ। ਭਾਵ 'ਨਿਰ-ਆਕਾਰ' ਹੈ। ਆਕਾਰ ਤੋਂ ਬਿਨਾਂ
ਹੈ। ਉਸਦਾ ਕੋਈ ਸਰੀਰ ਨਹੀਂ। ਉਸਦੀ ਕੋਈ ਸ਼ਕਲ ਨਹੀਂ। ਮੇਰਾ ਸਵਾਲ ਇਹ ਹੈ ਕਿ ਜੇ ਪ੍ਰਮਾਤਮਾ
ਦਾ ਕੋਈ ਆਕਾਰ ਨਹੀਂ, ਉਸਦਾ ਕੋਈ ਸਰੀਰ ਨਹੀਂ ਤਾਂ ਉਸਦੇ 'ਚਰਨ' ਕਿੱਥੇ ਹਨ, ਜਿਨ੍ਹਾਂ ਵਿੱਚ
ਵਿਛੜੀ ਆਤਮਾ ਨੂੰ 'ਨਿਵਾਸ' ਮਿਲਣਾ ਹੈ।"
ਮੈਂ ਉਹਨਾਂ ਦੀ ਗੱਲ ਸੁਣ ਕੇ ਹੱਸ ਪਿਆ ਸਾਂ ਪਰ ਮੇਰੇ ਅੰਦਰ ਉਹਨਾਂ ਦੇ ਬੋਲ ਸੱਚਮੁੱਚ ਤਰਕ
ਦੀ ਇੱਕ ਲਿਸ਼ਕੋਰ ਸੁੱਟ ਗਏ ਸਨ। ਪਰ ਏਨੀ ਦਲੇਰੀ ਨਾਲ ਤਾਂ ਬਾਪੂ ਪਾਰਸ ਹੀ ਇਹ ਗੱਲ ਕਹਿ
ਸਕਦੇ ਸੀ। ਮੈਂ ਆਖਾਂਗਾ ਤਾਂ 'ਕੱਲ੍ਹ ਦਾ ਛੋਕਰਾ' ਕਹਿ ਕੇ ਧਾਰਮਿਕ ਬਿਰਤੀ ਵਾਲੇ ਲੋਕ ਆਪਣੇ
ਰੋਹ ਅਤੇ ਆਲੋਚਨਾ ਦਾ ਨਿਸ਼ਾਨਾ ਬਣਾ ਲੈਣਗੇ।
ਮੰੈਂ ਕੋਈ 'ਧਾਰਮਿਕ ਖੇਤਰ' ਦਾ ਜਾਣਕਾਰ ਨਹੀਂ ਕਿ ਭਰੋਸੇ ਨਾਲ ਧਰਮ ਦੀ ਵਿਆਖਿਆ ਕਰ ਸਕਾਂ।
ਸ਼ਬਦਾਂ ਪਿੱਛੇ ਲੁਕੇ ਡੂੰਘੇ ਅਰਥਾਂ ਦੇ ਵਿਸਥਾਰ ਸਿਰਜ ਸਕਾਂ। ਮੈਂ ਤਾਂ ਕੇਵਲ ਜਗਿਆਸੂ ਹਾਂ,
ਜੋ ਜਦੋਂ ਪਾਰਸ ਜਿਹੇ ਚਿੰਤਕਾਂ, ਤਰਕਸ਼ੀਲਾਂ ਅਤੇ ਸਿਆਣਿਆਂ ਨੂੰ ਪੜ੍ਹਦਾ ਸੁਣਦਾ ਹਾਂ ਤਾਂ
ਮਨ ਵਿੱਚ ਕਈ ਸਵਾਲ ਅਕਸਰ ਹੀ ਉੱਠਦੇ ਰਹਿੰਦੇ ਹਨ। ਮੈਂ ਉਹਨਾਂ ਦੇ ਜੁਆਬ ਪ੍ਰਾਪਤ ਕਰਨਾ
ਚਾਹੁੰਦਾ ਹਾਂ ਪਰ ਡਰਦਾ ਹਾਂ ਕਿ ਕਿਤੇ ਕਿਸੇ ਦੇ ਵਿਸ਼ਵਾਸ ਨੂੰ 'ਠੇਸ' ਨਾ ਲੱਗ ਜਾਵੇ। ਛੋਟਾ
ਹੁੰਦਾ ਸਾਂ ਤਾਂ ਆਪਣੇ ਪਿਤਾ ਨੂੰ ਵੀ ਇਹੋ ਜਿਹੇ ਸਵਾਲ ਅਕਸਰ ਕਰਦਾ ਰਹਿੰਦਾ ਸਾਂ। ਬੱਚੇ
ਵਾਸਤੇ ਤਾਂ ਸਾਰਾ ਸੰਸਾਰ ਅਜੇ ਰਹੱਸ ਜਾਂ ਭੇਦ ਭਰਿਆ ਹੁੰਦਾ ਹੈ। ਇਸੇ ਕਰਕੇ ਉਸ ਕੋਲ
ਸਵਾਲਾਂ ਦੀ ਬੜੀ ਭੀੜ ਹੁੰਦੀ ਹੈ। ਉਹ 'ਇਹ' ਵੀ ਜਾਣਨਾ ਚਾਹੁੰਦਾ ਹੈ, ਉਹ 'ਉਹ' ਵੀ ਜਾਣਨਾ
ਚਾਹੁੰਦਾ ਹੈ। ਧਾਰਮਿਕ ਖੇਤਰ ਨਾਲ ਜੁੜੇ ਮੇਰੇ ਵੀ ਕੁਝ ਬੱਚਿਆਂ ਵਾਲੇ ਹੀ ਜੁਗਿਆਸੂ ਸਵਾਲ
ਹਨ।
ਮੈਂ ਸਿੱਖ ਭਾਈਚਾਰੇ ਵਿੱਚ ਜੰਮਿਆ ਪਲਿਆ ਹਾਂ। ਮੈਨੂੰ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਦੇ
ਮਹਾਨ ਸ਼ਹੀਦਾਂ/ਯੋਧਿਆਂ ਦੀ ਕੁਰਬਾਨੀ ਉੱਤੇ ਬੜਾ ਮਾਣ ਹੈ। ਪਰ ਕਈ ਵਾਰ ਮੇਰੇ ਮਨ ਵਿੱਚ 'ਹੁਣ
ਦੇ ਸਿੱਖ ਧਰਮ' ਅਤੇ ਇਸ ਦੇ ਪੈਰੋਕਾਰਾਂ ਬਾਰੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਰਹਿੰਦੇ
ਹਨ। 'ਹੁਣ ਦਾ ਸਿੱਖ ਧਰਮ' ਮੈਂ ਇਸ ਕਰ ਕੇ ਆਖਦਾ ਹਾਂ ਕਿਉਂਕਿ ਮੈਨੂੰ 'ਗੁਰੂ ਸਾਹਿਬਾਨ ਦੀ
ਸਿੱਖੀ' ਅਤੇ 'ਹੁਣ ਦੀ ਸਿੱਖੀ' ਵਿੱਚ ਬੜਾ ਫਰਕ ਨਜ਼ਰ ਆਉਂਦਾ ਹੈ। ਜਦੋਂ ਕਦੀ ਮੈਂ ਗੁਰੂ
ਨਾਨਕ ਦੇਵ ਜੀ ਬਾਰੇ ਸੋਚਦਾ ਹਾਂ ਤਾਂ ਮੈਨੂੰ ਉਹ ਆਪਣੇ ਸਮੇਂ ਦੇ ਸਭ ਤੋਂ ਵੱਡੇ ਤਰਕਸ਼ੀਲ
ਨਜ਼ਰ ਆਉਂਦੇ ਹਨ। ਉਹਨਾਂ ਕੋਲ ਏਨੀ ਸਿਆਣਪ ਅਤੇ ਇੰਨਾ ਜਿਗਰਾ ਸੀ ਕਿ ਜਿੱਥੇ ਵੀ ਜਾਂਦੇ ਸਨ,
ਅਗਲੇ ਨੂੰ ਆਪਣੇ ਨਾਲ 'ਸੰਵਾਦ' ਕਰਨ ਦਾ ਜਾਂ 'ਗੋਸ਼ਟਿ' ਕਰਨ ਦਾ ਸੱਦਾ ਦਿੰਦੇ ਸਨ। ਦੋਵੇਂ
ਧਿਰਾਂ ਵਿਚਾਰਾਂ ਦਾ ਭੇੜ ਭਿੜਦੀਆਂ ਸਨ ਅਤੇ ਆਪਣੀ ਬੁੱਧ-ਵਿਵੇਕ ਅਤੇ ਤਰਕ ਨਾਲ ਗੁਰੂ ਜੀ
ਦੂਜੀ ਧਿਰ ਨੂੰ ਪ੍ਰਭਾਵਿਤ ਕਰਦੇ ਸਨ ਅਤੇ ਉਹਨਾਂ ਨੂੰ ਗੁਰੂ ਸਾਹਬ ਦੀ ਲਾਸਾਨੀ ਸਿਆਣਪ ਅੱਗੇ
ਸਿਰ ਝੁਕਾਉਣਾ ਪੈਂਦਾ ਸੀ। ਇਹ ਗੁਰੂ ਜੀ ਹੀ ਸਨ ਕਿ ਹਿੰਦੂ ਧਰਮ ਦੇ ਗੜ੍ਹ 'ਹਰਿਦੁਆਰ' ਜਾ
ਕੇ, ਉਹਨਾਂ ਨੂੰ ਸੂਰਜ ਵੱਲ ਪਾਣੀ ਦਿੰਦਿਆਂ ਵੇਖ ਕੇ ਉਲਟੇ ਰੁਖ ਪਾਣੀ ਸੁੱਟਣ ਲੱਗਦੇ ਹਨ
ਤਾਂ ਪਾਂਡੇ ਗੁੱਸੇ ਨਾਲ ਸਵਾਲ ਕਰਦੇ ਹਨ, "ਤੈਨੂੰ ਪਤਾ ਨਹੀਂ ਪਾਣੀ ਚੜ੍ਹਦੇ ਵੱਲ ਮੂੰਹ
ਕਰਕੇ ਦੇਈਦਾ ਹੈ ਤੇ ਤੂੰ ਪੱਛਮ ਵੱਲ ਪਾਣੀ ਸੁੱਟ ਰਿਹਾ ਹੈਂ!" ਕਹਿਣ ਲੱਗੇ, "ਮੈਂ ਤਾਂ
ਕਰਤਾਰਪੁਰ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾਂ। ਜੇ ਤੁਹਾਡਾ ਪਾਣੀ ਸੂਰਜ ਤੱਕ ਪਹੁੰਚ ਸਕਦਾ
ਏ ਤਾਂ ਮੇਰਾ ਪਾਣੀ ਕਰਤਾਰਪੁਰ ਕਿਉਂ ਨਹੀਂ ਪਹੁੰਚ ਸਕਦਾ।"
ਉਹਨਾਂ ਦੇ ਤਰਕ ਵਿੱਚ ਜਾਨ ਸੀ। ਫ਼ਿਰ ਸੰਵਾਦ ਸ਼ੁਰੂ ਹੋਇਆ ਤੇ ਸੂਰਜ ਜਾਂ ਪਿੱਤਰਾਂ ਨੂੰ ਪਾਣੀ
ਪਹੁੰਚਾਉਣ ਦੀ ਅਸਲੀਅਤ ਅਗਲਿਆਂ ਦੇ ਦਿਲ-ਦਿਮਾਗ਼ ਵਿੱਚ ਬਿਠਾ ਦਿੱਤੀ। ਮੁਸਲਮਾਨਾਂ ਦੇ
ਧਾਰਮਿਕ ਅਸਥਾਨ ਮੱਕੇ ਜਾਂਦੇ ਹਨ ਤਾਂ ਓਥੇ ਵੀ ਤਰਕ ਨਾਲ ਹੀ ਸਾਬਤ ਕਰਦੇ ਹਨ ਕਿ ਰੱਬ ਸਾਡੇ
ਮਨੁੱਖਾਂ ਵੱਲੋਂ ਬਣਾਈ ਕਿਸੇ 'ਇੱਕੋ ਇਮਾਰਤ' ਵਿੱਚ ਨਹੀਂ ਰਹਿੰਦਾ, ਉਹ ਤਾਂ ਘਟ-ਘਟ ਵਿੱਚ,
ਕਣ-ਕਣ ਵਿੱਚ ਵੱਸਿਆ ਹੈ।
ਗੁਰੁ ਜੀ ਜਿੱਥੇ ਵੀ ਗਏ ਆਪਣੇ ਚਿੰਤਨ, ਸਿਆਣਪ ਅਤੇ ਤਰਕ ਨਾਲ ਵਿਰੋਧੀ ਨੂੰ ਆਪਣੀ ਗੱਲ
ਮੰਨਵਾ ਲੈਂਦੇ ਸਨ। ਭਾਵੇਂ ਸੱਜਣ ਠੱਗ ਨੂੰ 'ਸੱਜਣਤਾਈ' ਦੇ ਅਰਥ ਸਮਝਾ ਰਹੇ ਹੋਣ ਜਾਂ
ਸਿੱਧਾਂ ਨਾਲ 'ਗੋਸ਼ਟਿ' ਕਰ ਰਹੇ ਹੋਣ ਜਾਂ 'ਵਲੀ ਕੰਧਾਰੀ' ਨਾਲ ਚਰਚਾ ਕਰ ਰਹੇ ਹੋਣ।
ਮੇਰੇ ਆਪਣੇ ਗੁਰੂ ਨਾਨਕ ਦੇਵ ਜੀ ਮੈਨੂੰ ਇਹ ਸਵਾਲ ਪੁੱਛਣ ਲਈ ਉਤਸ਼ਾਹਿਤ ਕਰ ਰਹੇ ਹਨ ਕਿ
ਜਿਵੇਂ ਗੁਰੂ ਸਾਹਬ ਵੱਖ-ਵੱਖ ਥਾਵਾਂ 'ਤੇ ਹੁੰਦੇ ਧਾਰਮਿਕ ਅਨਾਚਾਰ ਦੇ ਖ਼ਿਲਾਫ਼ ਆਪਣੇ ਸੁੱਚੇ
ਬੋਲ ਬੁਲੰਦ ਕਰ ਸਕਦੇ ਹਨ, ਅੱਜ ਕੋਈ ਉਹਨਾਂ ਤੋਂ ਹੌਂਸਲਾ ਲੈ ਕੇ, ਉਹਨਾਂ ਦੇ ਨਾਂ ਤੇ ਚੱਲ
ਰਹੇ 'ਧਰਮ' ਬਾਰੇ ਕੋਈ ਸਵਾਲ ਖੜ੍ਹਾ ਕਰ ਸਕਦਾ ਹੈ? ਗੁਰੁ ਨਾਨਕ ਸਾਹਿਬ ਸਾਰੀ ਉਮਰ ਆਪਣੇ
ਸਾਥੀ ਮਰਦਾਨੇ ਨਾਲ ਸਾਲਾਂ ਬੱਧੀ, ਹਜ਼ਾਰਾਂ ਮੀਲ ਤੁਰੇ। ਜਿੱਥੇ ਵੀ ਜਾਂਦੇ, ਦੂਜੀ ਧਿਰ ਨਾਲ
'ਸੰਵਾਦ' ਸ਼ੁਰੂ ਕਰਨ ਤੋਂ ਪਹਿਲਾਂ ਮਰਦਾਨੇ ਨੂੰ ਆਖਦੇ, "ਮਰਦਾਨਿਆ ਰਬਾਬ ਵਜਾ।" ਫ਼ਿਰ ਉਹ
ਸ਼ਬਦ ਗਾਉਂਦੇ ਤੇ ਵਿਆਖਿਆ ਕਰਦੇ। ਪਿਛਲੇ ਸਾਲਾਂ ਵਿੱਚ ਉਸੇ ਮਰਦਾਨੇ ਦੀ ਅੰਸ-ਬੰਸ ਦੇ
ਕੀਰਤਨੀਏ ਤਰਲੇ ਲੈ ਰਹੇ ਸਨ ਕਿ ਉਹਨਾਂ ਦੀ ਰੂਹ ਨੂੰ ਤਦ ਹੀ ਤਸੱਲੀ ਮਿਲੇਗੀ ਜੇ ਉਹਨਾਂ ਨੂੰ
ਗੁਰੁ ਘਰ 'ਦਰਬਾਰ ਸਾਹਿਬ ਅੰਮ੍ਰਿਤਸਰ' ਵਿੱਚ ਕੀਰਤਨ ਕਰਨ ਦਾ ਸੁਭਾਗ ਮਿਲ ਜਾਵੇ। ਪਰ ਸਾਡੇ
ਧਾਰਮਿਕ ਆਗੂਆਂ ਵੱਲੋਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਤਰਾਜ਼ ਹੈ ਕਿ ਉਹਨਾਂ ਨੇ
'ਅੰਮ੍ਰਿਤ' ਨਹੀਂ ਛਕਿਆ ਹੋਇਆ। ਦਰਬਾਰ ਸਾਹਿਬ ਵਿੱਚ ਉਹੋ ਹੀ ਕੀਰਤਨ ਕਰ ਸਕਦਾ ਹੈ, ਜਿਸ ਨੇ
ਅੰਮ੍ਰਿਤ ਛਕਿਆ ਹੋਵੇ। ਮੇਰਾ ਮਾਸੂਮ ਜਿਹਾ ਸਵਾਲ ਹੈ ਕਿ ਅੰਮਿਤ ਤਾਂ ਸਾਡੇ ਪਹਿਲੇ ਨੌ
ਗੁਰੂਆਂ ਨੇ ਵੀ ਨਹੀਂ ਸੀ ਛਕਿਆ। ਪਰ ਜੇ ਅੱਜ ਕਿਧਰੇ ਗੁਰੁ ਨਾਨਕ ਦੇਵ ਜੀ ਮਰਦਾਨੇ ਨੂੰ ਨਾਲ
ਲੈ ਕੇ ਸ੍ਰੀ ਦਰਬਾਰ ਸਾਹਿਬ ਪਹੁੰਚ ਜਾਣ ਅਤੇ ਪ੍ਰਬੰਧਕਾਂ ਨੂੰ ਆਖਣ ਕਿ ਇਹ ਮੇਰਾ ਆਪਣਾ ਹੀ
'ਘਰ' ਹੈ। ਮੇਰੀ ਚੌਥੀ ਜੋਤ ਇੱਥੇ ਹੀ ਜਗਦੀ ਹੈ, ਮੈਂ ਆਪਣੇ ਇਸ 'ਘਰ' ਵਿੱਚ ਆਪਣੇ ਸਾਥੀ
ਮਰਦਾਨੇ ਨਾਲ ਕੀਰਤਨ ਕਰਨਾ ਚਾਹੁੰਦਾ ਹਾਂ ਤਾਂ ਗੁਰੂ ਜੀ ਦਾ ਇਹ ਸਵਾਲ ਸੁਣ ਕੇ ਸਾਡੇ
ਵਰਤਮਾਨ ਧਾਰਮਿਕ ਆਗੂ ਉਹਨਾਂ ਨੂੰ ਕੀਰਤਨ ਕਰਨ ਦੀ ਆਗਿਆ ਦੇ ਦੇਣਗੇ ਜਾਂ ਨਹੀਂ। ਕਿਉਂਕਿ
'ਅੰਮ੍ਰਿਤ' ਤਾਂ ਦੋਵਾਂ ਨੇ ਨਹੀਂ ਛਕਿਆ ਹੋਇਆ।
ਸਵਾਲ ਤਾਂ ਇਸ ਤਰ੍ਹਾਂ ਦੇ ਮੇਰੇ ਮਨ ਵਿੱਚ ਮੇਰੇ ਗੁਰੁ ਨਾਨਕ ਦੇਵ ਜੀ ਨੇ ਕਈ ਜਗਾਏ ਹੋਏ
ਹਨ, ਜਿਨ੍ਹਾਂ ਦਾ ਜਵਾਬ ਧਾਰਮਿਕ ਸਿਆਣਿਆਂ ਤੋਂ ਚਾਹੁੰਦਾ ਰਹਿੰਦਾ ਹਾਂ। ਗੁਰੁ ਜੀ ਜਨੇਊ
ਪਾਉਣ ਲੱਗਿਆਂ ਪਾਂਧੇ ਕੋਲੋਂ ਇਹ ਮੰਗ ਕਰਦੇ ਹਨ ਕਿ ਮੈਂ ਇਹ ਦਿਖਾਵੇ ਦਾ ਚਹੁੰ ਕੌਡੀਆਂ ਦਾ
ਮੁੱਲ ਆਉਣ ਵਾਲਾ ਤੇ ਮੈਲਾ ਹੋ ਜਾਣ ਵਾਲਾ ਤੇ ਸੜ-ਝੜ ਜਾਣ ਵਾਲਾ ਜਨੇਊ ਨਹੀਂ ਪਾਉਣਾ; ਮੈਨੂੰ
ਤਾਂ 'ਦਇਆ' ਦੀ ਕਪਾਹ ਵਾਲਾ, 'ਸੰਤੋਖ' ਦੇ ਸੂਤ ਵਾਲਾ, 'ਜਤ' ਦੀ ਗੰਢ ਵਾਲਾ ਤੇ 'ਸਤਿ' ਦੇ
ਵੱਟ ਵਾਲਾ ਜਨੇਊ ਪਹਿਨਾ ਸਕਦਾ ਏਂ ਤਾਂ ਪਹਿਨਾ।
ਸਾਫ਼ ਜ਼ਾਹਿਰ ਹੈ ਕਿ ਗੁਰੁ ਜੀ ਬਾਹਰੀ ਭੇਖ ਤੇ ਦਿਖਾਵੇ ਦੇ ਚਿੰਨਾਂ੍ਹ ਨਾਲੋਂ ਬੰਦੇ ਦੇ
ਅੰਦਰਲੀ ਰੂਹ ਦੀ ਸੁੱਚੀ ਆਤਮਾ ਦੀ ਗੱਲ ਕਰਦੇ ਸਨ। ਉਹ ਬਾਹਰੀ ਭੇਖ ਨਾਲੋਂ ਬੰਦੇ ਦੇ ਅੰਦਰਲੇ
ਗੁਣਾਂ ਵਿਚਲੇ ਤੱਤ ਤੇ ਜ਼ੋਰ ਦਿੰਦੇ ਸਨ। ਪਰ ਮੇਰੇ ਵਿੱਚ ਇਹ ਹਿੰਮਤ ਕਿੱਥੇ ਹੈ ਕਿ ਸਵਾਲ ਕਰ
ਸਕਾਂ ਗੁਰੁ ਦੇ ਉਹਨਾਂ ਅਜੋਕੇ 'ਪੈਰੋਕਾਰਾਂ' ਨੂੰ ਜਿਨ੍ਹਾਂ ਦਾ ਸਾਰਾ ਜ਼ੋਰ ਬਾਹਰੀ ਦਿੱਖ
ਨੂੰ ਸਥਾਪਤ ਕਰਨ ਵੱਲ ਅਤੇ ਕੇਵਲ ਇਸੇ ਪ੍ਰਕਾਰ ਹੀ 'ਗੁਰੂ ਵਾਲੇ' ਬਣਨ ਉੱਤੇ ਲੱਗਾ ਰਹਿੰਦਾ
ਹੈ।
ਇਹੋ ਜਿਹੇ 'ਹਿੰਮਤੀ' ਸਵਾਲ ਤਾਂ ਗੁਰੂ ਜੀ ਆਪ ਹੀ ਕਰ ਸਕਦੇ ਸਨ। ਅੱਜ ਕੱਲ੍ਹ ਤਾਂ ਜੇ ਕੋਈ
ਭੁੱਲਾ ਭਟਕਿਆ ਬੰਦਾ ਕੋਈ ਸਵਾਲ ਕਰ ਬੈਠੇ ਤਾਂ ਸ੍ਰੀ ਅਕਾਲ ਸਾਹਬ 'ਤੇ ਤਲਬ ਕਰ ਲਿਆ ਜਾਂਦਾ
ਹੈ। ਕਿਹਾ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਭ ਤੋਂ ਉੱਤਮ ਹੈ। ਉਸਦਾ ਹੁਕਮ ਸਭ ਨੂੰ ਮੰਨਣਾ
ਪਵੇਗਾ। ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਰ ਝੁਕਾਉਂਦਾ ਹਾਂ ਪਰ ਮੇਰੇ ਮਨ ਵਿੱਚ ਸਵਾਲ
ਜਾਗਦਾ ਹੈ ਕਿ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਉਸਦੇ 'ਜਥੇਦਾਰ' ਦਾ ਹੀ ਹੁਕਮ ਹੁੰਦਾ
ਹੈ? ਜੇ 'ਜਥੇਦਾਰ' ਦਾ ਹੁਕਮ ਹੀ ਹੈ ਤਾਂ ਕੀ ਉਹ 'ਉਸਦਾ' ਹੁਕਮ ਨਹੀਂ, ਜਿਸਨੇ ਉਸਨੂੰ
'ਜਥੇਦਾਰ' ਬਣਾਇਆ ਹੈ। 'ਜਥੇਦਾਰ' ਤਾਂ ਸ਼੍ਰੋਮਣੀ ਕਮੇਟੀ ਨਿਯੁਕਤ ਕਰਦੀ ਹੈ। ਤੇ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਦੀ ਪਰਚੀ 'ਸ਼੍ਰੋਮਣੀ ਅਕਾਲੀ ਦਲ' ਦੇ ਪ੍ਰਧਾਨ ਦੀ ਜੇਬ੍ਹ ਵਿੱਚੋਂ
ਨਿਕਲਦੀ ਹੈ। ਫ਼ਿਰ ਹੋਣ ਵਾਲਾ ਹੁਕਮ 'ਅਕਾਲ ਤਖ਼ਤ' ਦਾ ਹੁਕਮ ਹੋਇਆ ਜਾਂ ਸ਼੍ਰੋਮਣੀ ਕਮੇਟੀ ਜਾਂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਹੁਕਮ ਹੋਇਆ। ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ
ਜਦੋਂ ਚਾਹੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ
ਗੱਦੀਓਂ ਲਾਹ ਸਕਦਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸ਼੍ਰੋਮਣੀ ਅਕਾਲੀ ਦਲ ਦਾ
ਪ੍ਰਧਾਨ ਜਦੋਂ ਚਾਹੇ ਬਣਾ, ਲਾਹ ਜਾਂ ਬਦਲ ਸਕਦਾ ਹੈ। ਫਿਰ 'ਅਕਾਲ ਤਖ਼ਤ' ਦਾ ਹੁਕਮ 'ਅਕਾਲ
ਪੁਰਖ਼' ਦਾ ਹੁਕਮ ਹੋਇਆ ਜਾਂ ਅਸਿੱਧੇ ਰੂਪ ਵਿਚ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਅਕਾਲੀ ਦਲ ਦੇ
ਪ੍ਰਧਾਨ ਦਾ!
ਇਸ ਤਰ੍ਹਾਂ ਦੇ ਅਨੇਕਾਂ ਸਵਾਲ ਹਨ ਜੋ ਅਕਸਰ ਮੇਰੇ ਜ਼ਿਹਨ ਅੰਦਰ ਖ਼ਲਬਲੀ ਮਚਾਉਂਦੇ ਰਹਿੰਦੇ
ਹਨ। ਮੇਰਾ ਅਕਾਲ ਤਖ਼ਤ ਦੀ ਸੱਤਾ ਤੋਂ ਇਨਕਾਰੀ ਹੋਣ ਦਾ ਕੋਈ ਮਕਸਦ ਨਹੀਂ। ਸਮੂਹ ਸਿੱਖ ਸੰਗਤ
ਦੀ ਰਾਇ ਨੂੰ ਬਿਨਾਂ ਕੋਈ ਨਿੱਜੀ ਜਾਂ ਸਿਆਸੀ ਮਕਸਦ ਤੋਂ ਪੂਰੇ ਸਿੱਖ ਜਗਤ ਵਿਚ ਲਾਗੂ ਕਰਨ
ਵਾਲੀ ਪ੍ਰੰਪਰਾ ਦੇ ਮਹਾਨ ਚਿੰਨ੍ਹ ਸ਼੍ਰੀ ਅਕਾਲ ਤਖ਼ਤ ਦਾ ਮੇਰੇ ਮਨ ਵਿਚ ਪੂਰਾ ਸਤਿਕਾਰ ਹੈ।
ਮੇਰਾ ਜਗਿਆਸੂ ਮਨ ਤਾਂ ਸਿੱਖ ਧਰਮ ਦੇ ਸਿਆਣਿਆਂ ਤੋਂ ਅਜਿਹੇ ਸਵਾਲਾਂ ਦੇ ਜਵਾਬ ਮੰਗਦਾ ਹੋਇਆ
ਪੁੱਛਣਾ ਚਾਹੁੰਦਾ ਹੈ ਕਿ ਅੱਜ ਕੱਲ੍ਹ ਕਿਤੇ ਇਸ ਦੀ ਵਰਤੋਂ ਨਿੱਜੀ ਜਾਂ ਸਿਆਸੀ ਮਕਸਦ ਲਈ
ਤਾਂ ਨਹੀਂ ਹੋ ਰਹੀ। ਮੈਂ ਤਾਂ ਆਪਣੀ ਜਗਿਆਸਾ ਤ੍ਰਿਪਤ ਕਰਨੀ ਚਾਹੁੰਦਾ ਹਾਂ। ਕਿਸੇ ਦਾ ਦਿਲ
ਦੁਖਾਉਣਾ ਜਾਂ ਕਿਸੇ ਮਰਿਆਦਾ ਦਾ ਭੰਜਨ ਕਰਨਾ ਮੇਰਾ ਮਕਸਦ ਨਹੀਂ। ਕੋਈ ਹੋਵੇ ਤਾਂ ਮੈਨੂੰ
'ਸੱਚੇ ਮਾਰਗ' ਤੇ ਪਾਵੇ।
-0- |